ਬੇਵਫ਼ਾ
March 2016
ਨੀ ਤੂੰ ਕਿੱਥੋਂ ਸਿੱਖੀ ਇਹੋ ਜਿਹੀ ਦਿੱਲਗੀ
ਤੈਨੂੰ ਠੱਠੇ ਲੱਗੇ ਸਾਡੇ ਦਿਲ ਤੇ ਲੱਗੀ
ਚੇਤੇ ਕਰ ਲਈਂ ਤੂੰ ਸਾਨੂੰ ਜੇ ਫੁਰਸਤ ਮਿਲੀ
ਤੈਨੂੰ ਵੱਢ ਵੱਢ ਕੇ ਖਾਧਾ ਜਦੋਂ ਬੇਕਲੀ ਮੈਂ ਵੀ ਤਾਂ ਸੀ ਤੇਰਾ ਪਾਗਲ ਜਿਹਾ
ਪਿਆਰ ਤੈਨੂੰ ਭਲਾ ਮੈਂ ਕਿਓਂ ਕਰਦਾ ਰਿਹਾ
ਤੇਰੀ ਸੂਰਤ ਨੂੰ ਇੱਕ ਪਲ ਵੀ ਦੇਖੇ ਬਿਨਾ
ਕਿਓਂ ਸੀ ਲੱਗਦਾ ਕਿ ਸਾਡਾ ਹੀ ਸਰਨਾ ਨਹੀਂ ਜੇ ਤੂੰ ਪਹਿਲਾਂ ਹੀ ਦੱਸ ਦਿੰਦੀ ਸਾਨੂੰ ਕਦੀ
ਪਿਆਰ ਤੈਨੂੰ ਸਾਡੇ ਨਾਲ਼ ਹੋਣਾ ਨਹੀ
ਰੱਖਦੇ ਸਾਂਭ ਕੇ ਏਸ ਦਿਲ ਨੂੰ ਅਸੀਂ
ਕਾਹ ਤੋਂ ਤੈਥੋਂ ਅਸੀਂ ਇਹ ਤੁੜਵਾਉਣਾ ਸੀ
ਸਾਨੂੰ ਛੱਡਿਆ ਤੂੰ ਜਿਸ ਦੀ ਵੀ ਖ਼ਾਤਰ ਲਈ
ਸ਼ਾਲਾ ਓਹ ਵੀ ਤੈਨੂੰ ਧੋਖਾ ਦੇਵੇ ਕਦੀ
ਸਾਡਾ ਕੀ ਏ ਸਾਡਾ ਐਵੇਂ ਸਰ ਜਾਣਾ ਨੀ
ਤੈਨੂੰ ਹੀ ਫਿਰ ਮੁਹੱਬਤ ਨੇ ਲੱਭਣਾ ਨਹੀਂ
ਚਿੱਤ ਮੇਰੇ ਇਹ ਕਿਹੀ ਜਿਹੀ ਵੱਟ ਪਾ ਗਈ
ਦਾਬ ਦਿੱਤੀ ਬਥੇਰੀ ਪਰ ਇਹ ਨਾ ਮਿਟੀ
ਵੇਖਣੇ ਨੂੰ ਤਾਂ ਲੱਗਦੀ ਸੀ ਭੋਲ਼ੀ ਜਿਹੀ
ਖਾ ਗਈ ਸਾਡੀ ਰੂਹ ਨੂੰ ਤੇਰੀ ਤੰਗ ਦਿਲੀ
ਤੇਰੇ ਰੁੱਖੇ ਦਿਲਾਂ ਦੀ ਇਹ ਬੰਜਰ ਜਮੀਨ
ਕਿਓਂ ਲਗਾਈ ਅਸੀਂ ਪਿਆਰ ਦੀ ਇਹ ਝੜੀ
ਬੇਵਕੂਫੀ ਸੀ ਸਾਡੀ ਤੇਰੇ ਬਾਗ ਵਿੱਚ
ਸੀ ਸਜਾਈ ਅਸੀਂ ਪਿਆਰ ਦੀ ਇਹ ਕਲੀ
ਕੀ ਪਤਾ ਸੀ ਸਾਨੂੰ ਤੂੰ ਅਮਰ ਬੇਲ ਸੀ
ਮੌਤ ਦਾ ਲਾ ਸ਼ਿਕੰਜਾ ਸੀ ਦਿਲ ਵਿੱਚ ਵੜੀ
ਫੁੱਲ ਤਾਂ ਕੀ ਪੱਤਾ ਵੀ ਪਵੇ ਨਾ ਕਦੀ
ਮੁੱਕ ਜਵੇ ਛੂਹ ਲੇਂ ਜੀਹ ਨੂੰ ਉਹ ਦੀ ਜਿੰਦਗੀ
ਨੀ ਤੂੰ ਕਿੱਥੋਂ ਸਿੱਖੀ …
*************************
ਬਸੰਤ
March 2016
ਉੱਡਦੀ ਪੌਣ ਬਸੰਤਰੀਏ ਸਾਡਾ ਦਿਲ ਬਹਿਲਾ ਜਾ
ਮੱਲਕ ਦੇਣੇ ਆ ਕੇ ਨੀ ਸਾਨੂੰ ਘੇਰਾ ਪਾ ਲਾ
ਘੁੱਟ ਕਲ਼ਾਵੇ ਲੈ ਲਾ ਨੀ ਸਾਨੂੰ ਹਿੱਕ ਨਾਲ ਲਾ
ਲਾ ਖੁਸ਼ਬੋ ਭਰਿਆ ਜੁੱਸਾ ਨੀ ਸਾਨੂੰ ਸੁੰਘਵਾ ਜਾ
ਉੱਡਦੀ ਪੌਣ ਬਸੰਤਰੀਏ ਧੁੱਪਾਂ ਚਮਕਾ ਜਾ
ਧਰਤ ਦਾ ਪਿੰਡਾ ਦੇਖਾਂ ਨੀ ਬਰਫਾਂ ਪਿਘਲ਼ਾ ਜਾ
ਰੁੰਡ ਮਰੁੰਡੇ ਰੁੱਖਾਂ ਤੇ ਨੀ ਪੱਤੇ ਲਾ ਜਾ
ਕੁਦਰਤ ਭੰਨੇ ਅੰਗੜਾਈ ਘਾਹ ਦੀ ਸੇਜ ਵਿਛਾ ਜਾ
ਉੱਡਦੀ ਪੌਣ ਬਸੰਤਰੀਏ ਸਾਡਾ ਜੁੱਲਾ ਲਾਹ ਜਾ
ਧੋ ਜਾ ਸਾਡਾ ਮੂੰਹ ਮੱਥਾ ਪਾਣੀ ਵਰਸਾ ਜਾ
ਕੁੱਖ ਧਰਤੀ ਵਿੱਚ ਬੈਠੇ ਬੀਜ ਚ ਜਾਨ ਨੂੰ ਪਾ ਜਾ
ਸਰਦੀ ਸੁੱਤੇ ਜੀਵਾਂ ਦੀ ਨੀਂਦਰ ਨੂੰ ਲਾਹ ਜਾ
ਉੱਡਦੀ ਪੌਣ ਬਸੰਤਰੀਏ ਇੱਕ ਗਾਣਾ ਗਾ ਜਾ
ਤਰਸੇ ਸਾਡੇ ਕੰਨਾਂ ਵਿੱਚ ਚਿੜੀਆਂ ਚਹਿਕਾ ਜਾ
ਦਿਣ ਖਿੱਚ ਕੇ ਲੰਮੇ ਕਰ ਦੇ ਸਾਡਾ ਆਲਸ ਲਾਹ ਜਾ
ਨੱਢੀਆਂ ਨਿਕਲਣ ਘੁੰਮਣ ਨੂੰ ਨਿੱਘਾਂ ਵਰਤਾ ਜਾ
ਉੱਡਦੀ ਪੌਣ ਬਸੰਤਰੀਏ ਕਲੀਆਂ ਚਟਕਾ ਜਾ
ਕੀਟ ਪਤੰਗੇ ਝਾਕਣ ਨੀ ਓਨ੍ਹੀ ਕੰਮ ਚ ਲਾ ਜਾ
ਗਾਲ੍ਹੜ ਮੁੱਕੀਆਂ ਗਿਰੀਆਂ ਨੀ ਹੁਣ ਫੁੱਲ ਫਲ਼ ਪਾ ਜਾ
ਕਾਇਨਾਤ ਇੱਕ ਵੇਰੀ ਫਿਰ ਸੁਰਜੀਤ ਕਰਾ ਜਾ
ਉੱਡਦੀ ਪੌਣ ਬਸੰਤਰੀਏ ਸਾਡਾ ਦਿਲ ਬਹਿਲਾ ਜਾ
ਮੱਲਕ ਦੇਣੇ ਆ ਕੇ ਨੀ ਸਾਨੂੰ ਘੇਰਾ ਪਾ ਲਾ
ਘੁੱਟ ਕਲ਼ਾਵੇ ਲੈ ਲਾ ਨੀ ਸਾਨੂੰ ਹਿੱਕ ਨਾਲ ਲਾ ਲਾ
ਖੁਸ਼ਬੋ ਭਰਿਆ ਜੁੱਸਾ ਨੀ ਸਾਨੂੰ ਸੁੰਘਵਾ ਜਾ
*******************************
ਪਰ-ਵੱਸ
March 2016
ਅੱਜ ਫੇਰ ਚਿੜੀ ਤੇਰੇ ਬਾਗਾਂ
ਖਾਧੀ ਚੂੰਡ ਕੇ ਚੀਲ ਉਕਾਬਾਂ
ਇੱਕ ਘੜੀ ਦੇ ਵਿੱਚ ਲੱਖਾਂ ਖਾਬਾਂ
ਡਸ ਲਿਆ ਹਵਸ ਦੇ ਨਾਗਾਂ
ਮਾਲੀ ਨੂੰ ਅਸੀਂ ਜਦ ਇਹ ਪੁੱਛਿਆ
ਕਿਓਂ ਉਸ ਦੀ ਹਾਏ ਨਾ ਸੁਣਿਆ
ਹੋਇਆ ਹੈ ਇਹ ਸਭ ਤੇਰੇ ਸਾਹਵੇਂ
ਦੋਸ਼ ਚਿੜੀ ਤੇ ਹੁਣ ਕਿੰਜ ਲਾਵੇਂ
ਮਾਲੀ ਨੇ ਕਿਹਾ ਸੁਣ ਓਏ ਵੱਡਿਆ
ਮੇਰਾ ਕੰਮ ਨਹੀਂ ਚਿੜੀ ਦੀ ਰੱਖਿਆ
ਚਿੜੀ ਕਿਓਂ ਐਡਾ ਜੇਰਾ ਕਰਿਆ
ਕਦਮ ਬਾਗ ਇਕੱਲੀ ਕਿਓਂ ਧਰਿਆ
ਚਿੜੀ ਚੰਚਲ ਸੀ ਮਤਾਬੀ ਡੱਬੀ
ਖੰਭ ਵੀ ਸੀ ਉਸ ਦੇ ਸੁਰਖਾਬੀ
ਇਹੋ ਜਿਹੀ ਚਿੜੀਆਂ ਦੇ ਤਾਂ ਕਹਿਣੇ ਕੀ
ਬਿਨ ਪਰ ਕੱਟਿਆਂ ਕੋਈ ਇਲਾਜ ਨਹੀਂ
ਇਹ ਚੀਲ ਉਕਾਬ ਤਾਂ ਬੇਚਾਰੇ
ਦਿੱਤੇ ਹੋਣੇ ਉਸ ਨੇ ਹੀ ਇਸ਼ਾਰੇ
ਜੇ ਉਸ ਵੇਲ਼ੇ ਓਥੇ ਨਾ ਹੁੰਦੀ ਨਾ ਹੁੰਦੇ
ਉਸ ਨਾਲ਼ ਇਹ ਕਾਰੇ
ਨਾ ਹੱਕ ਜਤਾ ਜਿਰ੍ਹਾ ਕਰਦੀ
ਹੁੰਦੀ ਜੇ ਓਹ ਭੋਰਾ ਵੀ ਡਰਦੀ
ਮਾਫੀ ਮੰਗ ਸਿਰ ਪੈਰਾਂ ਤੇ ਧਰਦੀ
ਫੇਰ ਇੰਜ ਭਲਾ ਓਹ ਕਿਓਂ ਮਰਦੀ
ਤੁਸੀਂ ਚਿੜੀ ਨੂੰ ਪਹਿਲਾਂ ਇਹ ਪੁੱਛੋ
ਇਸ ਵੇਲ਼ੇ ਬਾਗ ਸੀ ਕੀ ਕਰਦੀ
ਇਹ ਚੀਲ ਉਕਾਬਾਂ ਦੇ ਦਰ ਥੀਂ
ਆਪਣੀ ਪਰਵਾਜ ਸੀ ਕਿਓਂ ਭਰਦੀ
ਨਾਲੇ ਪੁੱਛੋ ਏਸ ਚਿੜੀ ਨੂੰ
ਇਹ ਕਿਸ ਨਾਲ਼ ਸੀ ਇਹ ਸੈਰਾਂ ਕਰਦੀ
ਇਹ ਚੀਲ ਉਕਾਬਾਂ ਦੇ ਸਾਹਵੇਂ
ਇਤਰਾ ਇਤਰਾ ਸੀ ਕਿਓਂ ਤੁਰਦੀ
ਦੱਸੇ ਤਾਂ ਸਹੀ ਭਲਾ ਸਾਨੂੰ ਇਹ
ਆਲ੍ਹਣੇ ਤੋਂ ਦੂਰ ਸੀ ਕੀ ਕਰਦੀ
ਇਹ ਬਾਕੀ ਚਿੜੀਆਂ ਦੇ ਵਾਂਗਰ
ਕਿਓਂ ਚੀਲ ਉਕਾਬਾਂ ਨਾ ਡਰਦੀ
ਇਹ ਚਿੜੀਆਂ ਨੂੰ ਸਮਝਾ ਦੇਵੋ
ਇਹ ਬਾਗ ਹੈ ਚੀਲ ਉਕਾਬਾਂ ਦਾ
ਸਮਝਣ ਨਾ ਬਰਾਬਰ ਓਨ੍ਹਾ ਦੇ
ਵੱਡਾ ਹੈ ਭੁਲੇਖਾ ਇਨ੍ਹਾ ਦਾ
ਨਾ ਚੀਲ ਉਕਾਬ ਕਰਨ ਈਕਣ
ਚਿੜੀਆਂ ਨੇ ਕਿਸੇ ਤੋਂ ਡਰਨਾ ਨਹੀਂ
ਚਿੜੀਆਂ ਕਰਨ ਜੀ ਕਰੇ ਜੀਕਣ
ਫਿਰ ਕਾਇਦਾ ਬਾਗ ਚੱਲੂ ਕੀਕਣ
ਦੁਨੀਆਂ ਪੈਰ ਇੱਕ੍ਹੀਵੀਂ ਚ ਧਰਿਆ
ਅਸੀਂ ਲੜ ਸੋਲ਼੍ਹਵੀਂ ਦਾ ਫੜਿਆ
ਦੋਸ਼ ਲੱਭਦੇ ਮਜ਼ਲੂਮ ਚ ਨੇ ਸਾਰੇ
ਚੌੜੇ ਹੋ ਕੇ ਫਿਰਦੇ ਹਤਿਆਰੇ
ਸੰਦਲੀ ਸਾਡੇ ਬਾਗਾਂ ਦੇ ਅੰਦਰ
ਜੇ ਫਲ਼ਦੀ ਰਹੂਗੀ ਇਹੋ ਜਿਹੀ ਮੱਤ
ਨਿਰਭੈ ਜਿਹੀ ਚਿੜੀ ਵਿਚਾਰੀ ਕੋਈ
ਬਲੀ ਕਾਮ ਦੀ ਵੇਦੀ ਚੜ੍ਹੂ ਤਦ ਤੱਕ
*************************
ਪੀੜ
March 2016
ਕਿੰਜ ਕਹਾਂ ਮੈਂ ਪੀੜ ਮਨਾਂ ਦੀ
ਲਫ਼ਜ਼ ਨੂੰ ਮੂੰਹ ਨਾ ਲਾਓਂਦੀ
ਬੇਤਰਤੀਬੀ ਦੇ ਨਾਲ਼ ਰਹਿੰਦੀ
ਕਲਮ ਹੇਠ ਨਾ ਆਓਂਦੀ
ਚਿੱਤ ਪੈਂਦੀ ਜਦ ਪੀੜ ਜਣੇਪੇ
ਰੰਜ ਤੋਂ ਗੁੜ੍ਹਤੀ ਮੰਗਦੀ
ਪੀੜਾਂ ਬੀਜੇ ਪੀੜਾਂ ਵੱਢੇ
ਪੀੜ ਭੜੋਲੇ ਭਰਦੀ
ਖੁਸ਼ੀਆਂ ਖੇਡੇ ਲੁਕਣ ਮੀਟੀ
ਸੋਚ ਪਤਾਲੀਂ ਛੁਪਦੀ
ਸੁੱਕ ਗਏ ਅੱਥਰੂ ਇਸ ਨੂੰ ਤੱਕਦੇ
ਹਓਂਕੇ ਨੂੰ ਨਹੀਂ ਲੱਭਦੀ
ਅੱਭੜਵਾਹੇ ਉੱਠ ਉੱਠ ਬਹਿੰਦੀ
ਸੁਪਨੇ ਬੁੜ ਬੁੜ ਕਰਦੀ
ਤਨਹਾਈ ਵਿਚ ਨੰਗੀ ਹੋ ਕੇ
ਰੋਹੀਆਂ ਵੱਲ ਨੂੰ ਭੱਜਦੀ
ਮੂਕ ਛੰਦ ਦੇ ਨਾਲ਼ ਵਿਆਹੀ
ਮੌਨ ਕਲੀਰੇ ਪਾਓਂਦੀ
ਝੂਠਾਂ ਦੀ ਫੁਲਕਾਰੀ ਸਿਮਟੀ
ਚੁੱਪ ਦੀ ਸੇਜ ਸਜਾਓਂਦੀ
ਰਾਤ ਦੇ ਪੰਨੇ ਸਿਆਹੀ ਦੇ ਨਾਲ
ਸੁੰਞ ਸੁਨੇਹੇ ਲਿਖਦੀ
ਪਾ ਕੇ ਵਿਚ ਬੇਰੰਗ ਲਫਾਫੇ
**********************
ਰੋਜ਼ਆਰਜ਼ੂ
February 2016
ਆਜਾ ਵਟਾ ਕੇ ਭੇਸ ਤੂੰ, ਫੁੱਲਾਂ ਦਾ ਵੇ ਕਦੇ
ਅਪਣੇ ਡੰਗਾਂ ਦੀ ਚੋਭ ਤੇ, ਮੱਲ੍ਹਮ ਤਾਂ ਲਾ ਕਦੇ
ਦਿੱਤੇ ਨੇ ਜ਼ਖਮ ਦਿਲ ਤੇ ਜੋ, ਰਿਸਦੇ ਨੇ ਜਦ ਕਦੇ
ਤਾਂਘਾਂ ਦੀ ਵਾਦੀਆਂ ਚੋਂ ਉਹ, ਅੱਥਰੂ ਨੇ ਬਣ ਵਗੇ
ਆਜਾ ਵਟਾ ਕੇ ਭੇਸ ਤੂੰ…
ਚੰਦਰੇ ਇਹ ਬੂਟੇ ਇਸ਼ਕ ਦੇ, ਦਰਦਾਂ ਨੂੰ ਟੋਲ਼ਦੇ
ਡਾਹ ਜਾ ਤੂੰ ਸੇਜ ਸੂਲ਼ ਦੀ, ਥੱਕੇ ਅਸੀਂ ਖੜ੍ਹੇ
ਤੇਰੇ ਮਿਲਨ ਦੀ ਆਸ ਚ, ਪੱਲਰੀ ਇਹ ਜਾਂਦੇ ਨੇ
ਪੁੱਟ ਕੇ ਏਨ੍ਹਾ ਨੂੰ ਆਪ ਹੀ, ਮਾਰੂ ਚ ਲਾ ਜਾ ਵੇ
ਆਜਾ ਵਟਾ ਕੇ ਭੇਸ ਤੂੰ…
ਆਤਿਸ਼ ਦੇ ਵਾਂਗ ਆ ਕੇ ਤੂੰ, ਸਾਡੇ ਬਾਗ ਸਾੜ ਦੇ
ਸੱਖਣੀ ਸਾਡੀ ਇਹ ਟਾਹਣ ਤੇ, ਫੁੱਲ ਨਾ ਖਿੜੇ ਕਦੇ
ਇਸ ਤੋਂ ਪਹਿਲਾਂ ਕਿ ਖਾਰ ਇਹ, ਦੀਦਾਂ ਚ ਜੰਮ ਜੇ
ਮਾਯੂਸੀਆਂ ਦੇ ਬੂਹਿਆਂ, ਨੂੰ ਆ ਕੇ ਢੋ ਜਾ ਵੇ
ਆਜਾ ਵਟਾ ਕੇ ਭੇਸ ਤੂੰ…
ਬਣ ਕੇ ਹਨੇਰੀ ਝੁੱਲ ਜਾ, ਰਸਤੇ ਉਜਾੜ ਦੇ
ਫਿਰ ਤੋਂ ਕਿਤੇ ਕੋਈ ਪਤਾ, ਮੇਰਾ ਨਾ ਪੁੱਛ ਲਵੇ
ਕਾਲ਼ੀ ਸਿਆਹ ਰਾਤ ਮੈਂ, ਰੰਗ ਹੋਰ ਨਾ ਚੜ੍ਹੇ
ਚੰਨ ਤਾਂ ਕੀ ਚਾਨਣੀ ਵੀ ਨਾ, ਵਿਹੜੇ ਸਾਡੇ ਵੜੇ
ਆਜਾ ਵਟਾ ਕੇ ਭੇਸ ਤੂੰ…
ਮਨ ਦਾ ਪਪੀਹਾ ਸਹਿਕਦਾ, ਬਣ ਬੂੰਦ ਡਿੱਗ ਕਦੇ
ਸੁੱਕੇ ਸਾਡੇ ਵੀ ਪੱਤਣੀਂ, ਪਾਣੀ ਕਦੇ ਚੜ੍ਹੇ
ਅਟਕੀ ਬਰੇਤੇ ਕਿਸ਼ਤੀਆਂ, ਸਾਹਿਲ ਕਦੇ ਮਿਲ਼ੇ
ਸਾਡੀ ਵੀ ਖੁਸ਼ਕ ਵਾਦੀਆਂ, ਦਰਿਆ ਕਦੇ ਵਗੇ
ਆਜਾ ਵਟਾ ਕੇ ਭੇਸ ਤੂੰ…
ਠੰਡੇ ਥਲਾਂ ਨੂੰ ਸੇਕ ਜਾ, ਇੱਕ ਵਾਰ ਆਣ ਕੇ
ਸਾਡੇ ਪੈਰਾਂ ਦਾ ਸਾਥ ਹੁਣ, ਛਾਲੇ ਵੀ ਛੱਡ ਗਏ
ਇਸ ਤੋਂ ਪਹਿਲਾਂ ਕਿ ਸਾਹ ਮੇਰਾ, ਮੁੜੇ ਨਾ ਆਣ ਕੇ
ਲੈ ਜਾ ਤੂੰ ਦਿਲ ਇਹ ਆਪਣਾ, ਸਾਥੋਂ ਪਛਾਣ ਕੇ
ਆਜਾ ਵਟਾ ਕੇ ਭੇਸ ਤੂੰ…
ਲੈ ਜਾ ਸੌਗਾਤ ਆਖਰੀ, ਸਾਹਾਂ ਦੀ ਆ ਕੇ ਵੇ
ਦੁਨੀਆਂ ਕਿਤੇ ਮੇਰੇ ਪਿਆਰ ਨੂੰ, ਇਲਜ਼ਾਮ ਨਾ ਦਵੇ
ਆ ਜਾ ਤੂੰ ਦੇ ਜਾ ਦਾਗ਼ ਜੋ, ਰੂਹਾਂ ਤੋਂ ਨਾ ਮਿਟੇ
ਤੇਰੇ ਬਗੈਰ ਨਾ ਕੋਈ, ਮੇਰਾ ਨਾਮ ਵੀ ਲਵੇ
ਆਜਾ ਵਟਾ ਕੇ ਭੇਸ ਤੂੰ…
***********************
ਸਨਮ
February 2016
ਜਦ ਵੀ ਵਿਹਲ ਮਿਲ਼ੇ ਮਨ ਮੇਰਾ, ਓਸੇ ਤਾਕੀ ਜਾ ਬਹਿੰਦਾ ਏ
ਜਿਥੇ ਸੂਰਜ ਲੰਮੀਆਂ ਛਾਵਾਂ, ਗਲ਼ ਤੋਂ ਲਾਹ ਕੇ ਸਾਹ ਲੈਂਦਾ ਹੈ
ਤੇਰੇ ਮੇਰੇ ਵਰਗਾ ਵੀ ਕੋਈ, ਹੋਣਾ ਨਹੀਂਓਂ ਮੇਲ ਮਨਾਂ ਦਾ
ਜਿੱਥੇ ਮਿਲ਼ੀ ਸੀ ਸੋਹਣੀ ਮੇਰੀ, ਪੱਤਣ ਸਿਮਰਾਂ ਓਸ ਝਨਾ ਦਾ
ਜੀ ਕਰਦੈ ਇਕ ਵਾਰੀ ਤੈਨੂੰ, ਫੇਰ ਮੈਂ ਓਸੇ ਥਾਂ ਲੈ ਜਾਵਾਂ
ਜਿਸ ਥਾਂ ਦੀ ਤੇਰੇ ਮੇਰੇ ਬਾਝੋਂ, ਹੋਰ ਕਿਸੇ ਨਾ ਮਿਲ਼ੀਆਂ ਰਾਹਵਾਂ
ਘੰਟੇ ਬੱਧੀ ਬੇਮਤਲਬ ਦੇ, ਬਹਿ ਕੇ ਤੈਨੂੰ ਵੇਖੀ ਜਾਵਾਂ
ਇਕ ਘੜੀ ਵੀ ਦੂਰ ਜੇ ਹੋਵਾਂ, ਫੇਰ ਨਾ ਆਵਣ ਮੈਨੂੰ ਸਾਹਾਂ
ਘੜੀ ਮੁੜੀ ਮੈਂ ਮਾਰ ਬਹਾਨੇ, ਤੇਰੇ ਦੁਆਲ਼ੇ ਹੀ ਮੰਡਲਾਵਾਂ
ਓਸੇ ਅਲ੍ਹੜ ਨੂੰ ਫੇਰ ਮੋਹ ਕੇ, ਨਿਹੁੰ ਆਪਣੇ ਦੀ ਬਾਤ ਸੁਣਾਵਾਂ
ਵਿੰਗੀ ਟੇਢੀ ਗੱਲ ਮੈਂ ਉਣ ਕੇ, ਫੇਰ ਬੁਝਾਰਤ ਓਹੀ ਪਾਵਾਂ
ਫੇਰ ਓਹੀ ਕੰਜਕ ਹਾਂ ਕਹਿ ਕੇ, ਪਾ ਦੇਵੇ ਮੇਰੇ ਗਲ਼ ਵਿਚ ਬਾਹਵਾਂ
ਅਪਣੇ ਕੋਲ ਬਿਠਾ ਕੇ ਤੈਨੂੰ, ਤੇਰੀ ਇਕ ਤਸਵੀਰ ਬਣਾਵਾਂ
ਅੱਖਾਂ ਦੇ ਵਿਚ ਅੱਖਾਂ ਪਾ ਕੇ, ਟਕਟਕੀਆਂ ਲਾ ਵੇਖੀ ਜਾਵਾਂ
ਹਰ ਕੋਨੇ ਤੋਂ ਝੁਕ ਝੁਕ ਤੱਕਾਂ, ਮਾਰ ਬਹਾਨੇ ਛੋਹੀ ਜਾਵਾਂ
ਤੇਰੇ ਹਰ ਇਕ ਨਕਸ਼ ਨੂੰ ਮੁੜ ਮੁੜ, ਪੈਨਸਿਲ ਨਾਲ ਪਲ਼ੋਸੀ ਜਾਵਾਂ
ਬਣੇ ਸਬੱਬ ਕੋਈ ਕਿਸੇ ਬਹਾਨੇ, ਮੋਟਰ ਸਾਈਕਲ ਤੇ ਨਾਲ਼ ਬਠਾਵਾਂ
ਉਚੇ ਨੀਵੇਂ ਰਾਹਾਂ ਤੇ ਮੈਂ, ਸਰਪਟ ਓਸ ਨੂੰ ਤੇਜ ਦੌੜਾਵਾਂ
ਮਾਰੇ ਡਰ ਦੇ ਮੇਰੇ ਦੁਅਲ਼ੇ, ਵਲ਼ ਦੇਵੇਂ ਤੂੰ ਦੋਵੇਂ ਬਾਹਵਾਂ
ਦਿਲ ਦੀ ਧੜਕਣ ਮਾਰੇ ਠਾਠਾਂ, ਸਾਹ ਆਵੇ ਨਾ ਫੇਰ ਸੁਖਾਵਾਂ
ਉਮਰਾਂ ਜਿੱਡੀਆਂ ਲੰਮੀਆਂ ਰਾਤਾਂ, ਇੱਕਣ ਜਿੱਕਣ ਮਿਲਣ ਸਜ਼ਾਵਾਂ
ਤੇਰੇ ਹੀ ਮਨ ਭਾਓਂਦੇ ਨਗਮੇ, ਵਾਰੀ ਵਾਰੀ ਸੁਣਦਾ ਜਾਵਾਂ
ਤੈਨੂੰ ਹੀ ਮੈਂ ਯਾਦ ਕਰਾਂ ਤੇ, ਫਿਰ ਮਿਲਣੀ ਦੀਆਂ ਆਸਾਂ ਲਾਵਾਂ
ਨਿੱਕੀਆਂ ਨਿੱਕੀਆਂ ਗੱਲਾਂ ਲਿਖ ਲਿਖ, ਲੰਮੀਆਂ ਲੰਮੀਆਂ ਚਿੱਠੀਆਂ ਪਾਵਾਂ
ਜਿੰਨਾ ਮਰਜੀ ਆਪਾ ਛੱਡ ਕੇ, ਤੇਰੇ ਨਾਲ਼ ਮੈਂ ਪਿਆਰ ਜਤਾਵਾਂ
ਤੈਥੋਂ ਫਿਰ ਵੀ ਘੱਟ ਪੈ ਜਾਣਾ, ਅੱਧਨਾ ਸਾਡਾ ਇਸ਼ਕ ਨਿਮਾਣਾ
ਅੱਧੀ ਉਮਰਾਂ ਦੇ ਦਰ ਤੇ ਖੜ੍ਹ, ਸੋਚਾਂ ਮੈਂ ਇਹ ਯਾਦਾਂ ਨੂੰ ਕਰ
ਤੇਰੇ ਵਰਗਾ ਸਾਥ ਨਿਭਾਓਣਾ, ਸਾਨੂੰ ਸੌ ਜਨਮਾਂ ਨਹੀਂ ਆਓਣਾ
ਸਾਰੇ ਰਿਸ਼ਤੇ ਨਾਤੇ ਛੱਡ ਕੇ, ਇੱਕੋ ਮੇਰਾ ਸਾਕ ਨਿਭਾਇਆ
ਬਿਨ ਬੋਲੇ ਜਾਂ ਦੱਸੇ ਮੇਰੇ, ਮਨ ਦੀ ਹਰ ਉਲਝਣ ਸੁਲ਼ਝਾਇਆ
ਜ਼ਬਾਨਮੇਰੇ ਮਹਿਰਮ ਮੇਰੇ ਰਹਿਬਰ, ਮੇਰੇ ਹਮਦਮ ਮੇਰੇ ਮਿਤਵਾ
ਸਾਥ ਤੇਰਾ ਹੈ ਜਦ ਦਾ ਮਿਲਿਆ, ਮਿਟਿਆ ਹਰ ਇੱਕ ਮੇਰਾ ਸ਼ਿਕਵਾ
ਲੋਕੀ ਰੱਬ ਨੂੰ ਲੱਭ ਲੱਭ ਥੱਕ ਗਏ, ਸਾਡਾ ਸਾਨੂੰ ਦਿਲ ਵਿਚ ਰੱਖਦਾ
ਸਾਡੀ ਹਰ ਖਾਹਿਸ਼ ਨੂੰ ਓਹੋ, ਬਿਨ ਮੰਗੇ ਹੀ ਪੂਰੀ ਕਰਦਾ
ਸੌਖਾ ਨਹੀਂ ਕਿਸੇ ਦੇ ਰੰਗ ਵਿੱਚ, ਰੰਗ ਜਾਣਾ ਇਓਂ ਇੱਕ ਮਿੱਕ ਹੋ ਕੇ
ਬਣਦਾ ਹੋਣਾ ਪਰੀਤ ਦਾ ਪਾਰਸ, ਤੇਰੇ ਵਰਗੇ ਦਿਲ ਨੂੰ ਛੋਹ ਕੇ
ਹੁਣ ਤਾਂ ਸਾਨੂੰ ਲੱਤ ਜਿਹੀ ਲੱਗ ਗਈ, ਤੇਰੀ ਹਰ ਇੱਕ ਸ਼ੋਖ਼ ਅਦਾ ਦੀ
ਜੇ ਤੇਰਾ ਦਿਦਾਰ ਨਾ ਹੋਵੇ, ਵਾਂਗ ਨਸ਼ੇੜੀ ਤੋੜ ਹੈ ਲੱਗਦੀ
ਇੱਕੋ ਖਾਹਸ਼ ਹੈ ਜਿੰਦੜੀ ਤੋਂ, ਕਰੇ ਗ਼ਨੀਮਤ ਐਨੀ ਸਾਰੀ
ਇੱਕ ਵੀ ਸਾਹ ਵਾਧੂ ਨਾ ਆਵੇ, ਜਿੱਦਣ ਜਾਵੇਂ ਮਾਰ ਉਡਾਰੀ ਨੂੰ ਘੱਲਦੀ
************************************************
ਅਨੰਤ
February 2016
ਮਾਂ ਫੇਰ ਗਟਾਰਾਂ ਨੇ ਆ ਕੇ, ਰੋਸ਼ਨਦਾਨਾ ਨੂੰ ਹੈ ਸਾਂਭ ਲਿਆ
ਹਰ ਸਾਲ ਦੇ ਵਾਂਗਰ ਏਸ ਵਰ੍ਹੇ, ਚਾਰ ਬੋਟਾਂ ਨੇ ਹੈ ਜਨਮ ਲਿਆ
ਵਾਰੋ ਵਾਰੀ ਲੱਗ ਦੋਵੇਂ ਮਾਪੇ, ਭਰ ਭਰ ਚੁੰਝਾਂ ਨੂੰ ਲਿਆਓਂਦੇ ਨੇ
ਮੈਨੂੰ ਸਮਝ ਨਹੀਂ ਕਿਸ ਵਿਓਂਤ ਦੇ ਨਾਲ, ਉਹ ਚੋਗੇ ਨੂੰ ਵਰਤਾਓਂਦੇ ਨੇ
ਇੱਕ ਵਰ੍ਹੇ ਤਾਂ ਸੀ ਆਪਾਂ ਸੋਚ ਲਿਆ, ਇਹ ਆਲ੍ਹਣਾ ਕੱਢ ਕੇ ਸੁੱਟ ਦੇਣਾ
ਇਨ੍ਹਾ ਹੋਰ ਕੋਈ ਥਾਂ ਲੱਭ ਲੈਣੀ, ਐਵੇਂ ਫੇਰ ਵਰਾਂਡੇ ਗੰਦ ਪੈਣਾ
ਇਸ ਤੋਂ ਪਹਿਲਾਂ ਕਿ ਵਿਹਲ ਮਿਲ਼ੇ, ਓਸ ਵਾਰ ਵੀ ਸੀ ਮੈਂ ਖੁੰਝ ਗਿਆ
ਲੱਗਦਾ ਇਨ੍ਹਾ ਨੂੰ ਪਹਿਲਾਂ ਤੋਂ, ਸੂੰਹ ਵਿਓਂਤ ਮੇਰੀ ਸੀ ਲੱਗ ਗਿਆ
ਮੈਨੂੰ ਯਾਦ ਹੈ ਕਿ ਮੈਂ ਤੂੰ ਬਹਿ ਕੇ, ਕਈ ਵਾਰ ਸੀ ਇਨ੍ਹਾ ਨੂੰ ਵੇਂਹਦੇ
ਕਦੇ ਇੱਕ ਮਾਪਾ ਤੇ ਕਦੇ ਦੂਜਾ, ਵਾਰੋ ਵਾਰ ਉਡਾਰੀ ਸੀ ਭਰਦੇ
ਇੱਕ ਦੂਜੇ ਤੋਂ ਹੋ ਕੇ ਉੱਚਾ, ਚਾਰ ਚੁੰਝਾਂ ਚੋਗਾ ਮੰਗਦੀਆਂ ਸੀ
ਮੀਂਹ ਕਣੀ ਤੇ ਸਿਖਰ ਦੁਪਹਿਰੇ ਵੀ, ਉਹ ਫ਼ਰਜ਼ ਕਦੇ ਨਾ ਛੱਡਦੇ ਸੀ
ਕੁਝ ਸਾਲ ਪਹਿਲਾਂ ਮੈਨੂੰ ਲੱਗਦਾ ਏ, ਹੋਣਾ ਭਾਣਾ ਕੋਈ ਵਰਤ ਗਿਆ
ਦੋਵਾਂ ਚੋਂ ਇੱਕੋ ਹੀ ਦਿਸਦਾ ਸੀ, ਇੱਕ ਦਿਨ ਸੀ ਅਚਾਨਕ ਇੰਜ ਹੋਇਆ
ਸਾਰੇ ਸਾਉਣ ਇਕੱਲੇ ਹੀ ਲੱਗ ਕੇ, ਦੂਣਾ ਚੋਗਾ ਸੀ ਉਸ ਨੇ ਢੋਇਆ
ਇੱਕਣ ਲੱਗਦਾ ਸੀ ਜਿਕਣ, ਮਰੇ ਸਾਥ ਦਾ ਗਮ ਹੀ ਨਾ ਹੋਇਆ
ਕੁਝ ਦਿਨਾ ਚ ਹੀ ਫਿਰ ਕੁਦਰਤ ਨੇ, ਪਿੰਡਾ ਫੰਘਾਂ ਨਾਲ਼ ਸੀ ਭਰ ਦਿੱਤਾ
ਚਾਰੋ ਬੱਚੇ ਜਦ ਪੰਛੀ ਬਣ ਗਏ, ਇੱਕ ਇੱਕ ਕਰ ਕੇ ਰੁਖ਼ਸਤ ਕੀਤਾ
ਕਿਤੇ ਦੂਰ ਦੁਰਾਡੇ ਜਾ ਓਨ੍ਹਾ, ਆਬਾਦ ਗੁਲਿਸਤਾਨ ਨੇ ਕੀਤੇ
ਹੁਣ ਤੱਕ ਤਾਂ ਓਨ੍ਹਾ ਦੇ ਆਪਣੇ, ਵੀ ਹੋ ਗਏ ਹੋਣੇ ਧੀ ਪੋਤੇ
ਕਈ ਪੰਛੀ ਵੀ ਹੈ ਮੈਂ ਸੁਣਿਆ, ਉਮਰਾਂ ਦਾ ਸਾਥ ਨਿਭਾਓਂਦੇ ਨੇ
ਇੱਕ ਵਾਰ ਜਿਹਦੇ ਨਾਲ ਚੁੰਝ ਲੜੇ, ਓਹਦੇ ਨਾਲ ਹੀ ਚੁੰਝ ਲੜਾਓਂਦੇ ਨੇ
ਇੱਕੋ ਸਾਥੀ ਦੇ ਬਣ ਜਾਂਦੇ ਨੇ, ਉਹਦੇ ਨਾਲ਼ ਹੀ ਆਲ੍ਹਣਾ ਪਾਓਂਦੇ ਨੇ
ਜਦ ਸਾਥ ਓਨ੍ਹਾ ਦਾ ਛੁੱਟ ਜਾਵੇ, ਬਿਰਹਾ ਦੇ ਗੀਤ ਵੀ ਗਾਓਂਦੇ ਨੇ
ਕਈ ਸਾਲ ਇਕੱਲਾ ਹੀ ਬਹਿ ਕੇ, ਰਾਹ ਓਹਦਾ ਸੀ ਉਹ ਰਿਹਾ ਤੱਕਦਾ
ਹਰ ਹਾੜ ਬੜੀ ਹੀ ਰੀਝਾਂ ਨਾਲ਼, ਨਵੇਂ ਤਿਣਕੇ ਸੀ ਚੁਗਿਆ ਕਰਦਾ
ਫੇਰ ਸਾਉਣ ਝੜੀ ਉਹ ਬਹਿ ਕੱਲਾ, ਰਹਿੰਦਾ ਸੀ ਸੋਚਾਂ ਵਿਚ ਡੁੱਬਿਆ
ਕਦੇ ਯਾਦ ਕਰੇ ਉਹ ਬੋਟਾਂ ਨੂੰ, ਕਦੇ ਯਾਰ ਜਿਹੜਾ ਨਾ ਮੁੜ ਮਿਲ਼ਿਆ
ਇੱਕ ਦਿਨ ਫਿਰ ਉਹ ਐਸਾ ਉਡਿਆ, ਨਾ ਮੁੜ ਕੇ ਫੇਰ ਕਦੇ ਦਿਸਿਆ
ਮੈਂ ਵੀ ਕਰ ਕੇ ਇੱਕ ਦਿਨ ਜੇਰਾ, ਕੱਢ ਆਲ੍ਹਣਾ ਸਾਫ ਜਗ੍ਹਾ ਕਰਿਆ
ਫਿਰ ਮੈਨੂੰ ਇਹ ਨਾ ਯਾਦ ਰਿਹਾ, ਜਿਵੇਂ ਤੈਨੂੰ ਵੀ ਮੈਂ ਭੁੱਲ ਗਿਆ
ਇਸ ਦੁਨੀਆਂ ਦੀ ਭੱਜ ਦੌੜ ਦੇ ਵਿਚ, ਹਰ ਕੋਈ ਹੈ ਫਿਰਦਾ ਖੁਭਿਆ
ਕਈ ਸਾਉਣ ਰਿਹਾ ਫਿਰ ਰੋਸ਼ਨਦਾਨ, ਸੁੰਨਾ ਮੁੰਨਾ ਤੇ ਸੱਖਣਾ ਜਿਹਾ
ਪਰ ਏਸ ਵਰ੍ਹੇ ਇਹ ਫਿਰ ਇੱਕ ਵਾਰ, ਇੱਕ ਨਵੇਂ ਜੋੜੇ ਨੇ ਮੱਲ ਲਿਆ
ਇਨ੍ਹਾ ਨੇ ਵੀ ਓਵੇਂ ਲਾ ਰੀਝਾਂ, ਨਾਲ਼ ਡੱਕਿਆਂ ਦੇ ਹੈ ਇਸ ਭਰਿਆ
ਨਾਲ਼ ਲੱਗਦੇ ਹੱਥ ਤੇਰੀ ਯਾਦਾਂ ਨੂੰ, ਵੀ ਫਿਰ ਤੋਂ ਤਾਜ਼ਾ ਹੈ ਕਰਿਆ
ਅੱਜ ਫੇਰ ਸਵੇਰੇ ਬਹਿ ਕੇ ਜਦ, ਅਖਬਾਰ ਦੇ ਨਾਲ਼ ਸੀ ਚਾਹ ਪੀਂਦਾ
ਰੋਸ਼ਨਦਾਨ ਦੇ ਸ਼ੀਸ਼ੇ ਦੇ ਵਿੱਚ ਦੀਂ, ਕੁਦਰਤ ਦਾ ਕਰਿਸ਼ਮਾ ਸੀ ਦੀਂਹਦਾ
ਇਸ ਵਾਰ ਵੀ ਪਿਛਲੇ ਸਾਲਾਂ ਵਾਂਗ, ਹੈ ਚੀਖ਼ ਚਿਹਾੜਾ ਜਿਹਾ ਰਹਿੰਦਾ
ਘਰ ਇਨ੍ਹਾ ਦਾ ਮੈਂ ਢਾਹ ਦੇਵਾਂ, ਹੀਆ ਏਸ ਕਰਮ ਦਾ ਨਹੀਂ ਪੈਂਦਾ
ਕਈ ਹਾੜ ਸਾਉਣ ਫਿਰ ਆਵਣਗੇ, ਕਈ ਜੋੜੇ ਚੋਗ ਚੁਗਾਵਣਗੇ
ਮੇਰੇ ਬੱਚੇ ਬਹਿ ਕੇ ਫਿਰ ਇੱਕ ਦਿਨ, ਇਸ ਰੋਸ਼ਨਦਾਨ ਨੂੰ ਤੱਕਣਗੇ
ਤੇਰੀਆਂ ਮੇਰੀਆਂ ਫਿਰ ਯਾਦਾਂ ਵਿਚ, ਨਾਲ਼ੇ ਗਮ ਨਾਲ਼ੇ ਖੁਸ਼ੀ ਚ ਹੱਸਣਗੇ
ਆਪਣੇ ਬੱਚਿਆਂ ਨੂੰ ਫਿਰ ਉਹ ਬਹਿ, ਕੁਦਰਤ ਦੇ ਕਰਿਸ਼ਮੇ ਦੱਸਣਗੇ
ਇਹ ਦੁਨੀਆਂ ਆਵਣ ਜਾਵਣ ਹੈ, ਚੱਲਦਾ ਇਸ ਤੇ ਕੋਈ ਜ਼ੋਰ ਨਹੀਂ
ਆਪਾਂ ਸਾਰੇ ਇਸ ਦੇ ਨਾਇਕ ਹਾਂ, ਕਰਤਾ ਧਰਤਾ ਕੋਈ ਹੋਰ ਨਹੀ
ਅੱਜ ਹੈ ਜੋ ਕੱਲ੍ਹ ਨਹੀਂ ਹੋਣਾ, ਜਿਹੜਾ ਲੰਘ ਗਿਆ ਫੇਰ ਨਹੀਂ ਆਓਣਾ
ਜਿਹੜਾ ਪਿਆਰ ਕਰੇ ਘੁੱਟ ਗਲ਼ ਲਾ ਲਓ, ਕੱਲ੍ਹ ਹੋਣਾ ਪਤਾ ਨਹੀਂ ਹੋਣਾ
**********************************************
ਇਸ਼ਕ ਹਕੀਕੀ
January 2016
ਕਿਓਂ ਕਿਹਾ ਤੂੰ ਪਿਆਰ ਨੂੰ ਹੈ ਬੇਵਫ਼ਾ
ਕਿਓਂ ਤੂੰ ਲਾਏ ਦੋਸ਼ ਕਿਓਂ ਤੂੰ ਕੋਸਿਆ
ਮਨ ਦਾ ਮਿਲਨ ਤਾਂ ਸੀਗਾ ਪੂਰਾ ਹੋ ਗਿਆ
ਦਸਤੂਰ-ਏ-ਇਸ਼ਕ ਇਹ ਕਦੋਂ ਤੋਂ ਹੋ ਗਿਆ
ਪਿਆਰ ਨੇ ਸੀ ਕਿੰਨੇ ਪਾਏ ਤੈਨੂੰ ਵਾਸਤੇ
ਦੋਖੀ ਯਾਰ ਦੇ ਨਾ ਗਾਹੁੰਦੇ ਇਹ ਰਾਸਤੇ
ਖੁਦਗਰਜ਼ ਬਣ ਗਿਆ ਤੂੰ ਖੁਦ ਦਾ ਸੋਚਿਆ
ਅੱਜ ਵਣਜ ਵਾਂਗ ਇਸ਼ਕ ਨੂੰ ਹੈ ਤੋਲਿਆ
ਕੀ ਪਤਾ ਕੀ ਬੀਤੀ ਹੋਣੀ ਹੈਗੀ ਓਸਤੇ
ਅਪਣੇ ਵੀ ਗੈਰ ਬਣ ਕੇ ਹੁਣ ਨੇ ਕੋਸਦੇ
ਵਸਲਾਂ ਦੀ ਭੁੱਖ ਨੇ ਹੈ ਤੈਨੂੰ ਮਾਰਿਆ
ਨਹੀਂ ਤਾਂ ਕੱਚ ਪਿਆਰ ਸੀ ਕੀ ਰਹਿ ਗਿਆ
ਹੋਣੀਆਂ ਨੇ ਓਸ ਦੀਆਂ ਵੀ ਮਜਬੂਰੀਆਂ
ਕਿਓਂ ਕਰੇ ਨਾ ਕਿਸੇ ਲਾ ਕੇ ਕੋਈ ਪੂਰੀਆਂ
ਹੋਣਾ ਵਿਛੋੜਾ ਓਸ ਨੂੰ ਵੀ ਖਾ ਗਿਆ
ਤੇਰੇ ਵਾਂਗ ਇਸ਼ਕ ਸੂਲ਼ੀ ਨਹੀਂ ਚੜ੍ਹਾ ਲਿਆ
ਤੈਨੂੰ ਪਤਾ ਹੈ ਓਸ ਨੂੰ ਤੂੰ ਜਾਣਦਾ
ਰਿਹੈਂ ਤੂੰ ਨਿੱਘ ਓਸ ਦੇ ਨੂੰ ਮਾਣਦਾ
ਜਿਸ ਘੜੀ ਤੂੰ ਓਸ ਨੂੰ ਕਿਹਾ ਸੀ ਬੇਵਫ਼ਾ
ਪਿਆਰ ਸੀ ਵਫ਼ਾਤ ਓਸੇ ਦਮ ਪਾ ਗਿਆ
ਇਕ ਵਾਰ ਓਹਦੇ ਪੈਰ ਚੱਲ ਵੇਖ ਤੂੰ
ਸਮੇਂ ਨੇ ਕੀ ਹੈ ਜ਼ੁਲਮ ਉਸ ਤੇ ਢਾ ਲਿਆ
ਜੀਹਦਾ ਨਾਮ ਓਹਨੇ ਦਿਲ ਤੇ ਸੀ ਲਿਖਾ ਲਿਆ
ਓਹਨੇ ਹੀ ਕਲ਼ੇਜਾ ਕੱਢ ਓਹਦਾ ਖਾ ਲਿਆ
ਪਿਆਰ ਵਿਚ ਕਿੰਨਾ ਪਾਇਆ ਇਹਦਾ ਜੋਖ ਨਹੀਂ
ਕਿੰਨਾ ਹੈ ਗਵਾਇਆ ਉਹਦੀ ਹੁੰਦੀ ਘੋਖ ਨਹੀਂ
ਕਿੰਨੀ ਵਾਰ ਜਿੱਤਿਆ ਨਾ ਕੋਈ ਦੱਸਦਾ
ਫੱਟ ਕਿੰਨੇ ਖਾਦੇ ਇਹ ਗਿਣਾ ਕੇ ਹੱਸਦਾ
ਹਵਸ ਹੀ ਹੋਣੀ ਆ ਜਿਸ ਨੂੰ ਤੂੰ ਕਿਹਾ ਪਿਆਰ
ਛੱਡ ਗਈ ਨਾ ਕਹੇ ਕਦੇ ਰੂਹਾਂ ਦਾ ਯਾਰ
ਤੇਰੀ ਦੋਸਤੀ ਸਮਾ ਸੀ ਜੋ ਗਵਾ ਲਿਆ
ਆਹ ਮੁਹੱਬਤਾਂ ਦਾ ਦੇਨਾ ਤੂੰ ਓਹਨੂੰ ਸਿਲਾ
ਤਿਆਗ ਕਹਿ ਕਹਿ ਫੜ੍ਹਾਂ ਤੂੰ ਫਿਰੇ ਮਾਰਦਾ
ਯਾਰ ਦੋਖ ਕੇ ਫਿਰੇ ਤੂੰ ਕਿਹ ਨੂੰ ਚਾਰਦਾ
ਜਿਹੜਾ ਇਸ਼ਕ ਹਕੀਕੀ ਕਰੇ ਘਾਲਣਾ
ਕਰੇ ਦੁਖਾਂ ਦੀ ਟਕੋਰ ਪਾ ਕੇ ਪਾਲਣਾ
ਤੂੰ ਕੀ ਜਾਣੇ ਕਿਹੜੀ ਸ਼ੈ ਨੂੰ ਕਹਿੰਦੇ ਨੇ ਵਫ਼ਾ
ਹਰ ਸਾਹ ਨੇ ਸੀ ਆਹਾਂ ਚ ਤੇਰਾ ਨਾਂ ਲਿਆ
ਨੀਰ ਦੀਦਾਂ ਨੇ ਸੀ ਬੰਨ੍ਹ ਤੋੜ ਡੋਲ੍ਹਿਆ
ਸਿਵਾ ਸਧਰਾਂ ਦਾ ਗੈਰ ਨੇ ਫਰੋਲ਼ਿਆ
ਜਾ ਤੂੰ ਫੇਰ ਜਾ ਕੇ ਪਿਆਰ ਸਿੱਖ ਭੋਲ਼ਿਆ
ਦੁਖਾਂ ਦੇ ਬਜ਼ਾਰ ਜਾ ਕੇ ਦੁਖ ਮੋਹ ਲਿਆ
ਬੰਦ ਬੰਦ ਕਟੇ, ਸੀ ਨਾ ਜਦ ਤੂੰ ਬੋਲਿਆ
ਗੋਝ ਇਸ਼ਕ ਦਾ ਤੂੰ ਓਸ ਦਿਨ ਖੋਲ੍ਹਿਆ
*****************************
ਇਲਤਿਜਾ
January 2016
ਕਦੇ ਤਾਂ ਮਨਾ ਸਾਨੂੰ, ਲੱਲੇ-ਭੱਬੇ ਕਹਿ ਕੇ ਵੇ
ਮੁੱਕ ਜਾਣਾ ਸਾਹ ਸਾਡਾ, ਵੇਖੇਂਗਾ ਤੂੰ ਬਹਿ ਕੇ ਵੇ
ਜ਼ਿੰਦਗੀ ਫਜ਼ੂਲ ਹੋਈ, ਤੇਰੇ ਨਾਲ਼ ਰਹਿ ਕੇ ਵੇ
ਪੁੱਠਾ ਸਿੱਧਾ ਬੋਲਦਾ ਏਂ, ਪੈਨਾ ਝਈ ਲੈ ਕੇ ਵੇ
ਕਦੇ ਤਾਂ ਮਨਾ ਸਾਨੂੰ…
ਨਿੱਕੀ ਨਿੱਕੀ ਗੱਲ ਪਿੱਛੇ, ਛੱਡ ਜਾਣਾ ਕਹਿਨਾ ਏਂ
ਘੜੀ ਮੁੜੀ ਸਾਂਭ ਚੀਜਾਂ, ਬਨ੍ਹ ਬਨ੍ਹ ਬਹਿਨਾ ਏਂ
ਅੱਗਾ ਪਿੱਛਾ ਵਾਰ ਦਿੱਤਾ, ਤੈਨੂੰ ਹਾਂ ਕਹਿ ਕੇ ਵੇ
ਅਸੀਂ ਦੱਸ ਕਿੱਥੇ ਜਾਣਾ, ਤੈਥੋਂ ਵੱਖ ਹੋ ਕੇ ਵੇ
ਕਦੇ ਤਾਂ ਮਨਾ ਸਾਨੂੰ…
ਹਰ ਵੇਲ਼ੇ ਰਵੇ ਮੈਨੂੰ, ਤੇਰਾ ਹੀ ਖਿਆਲ ਵੇ
ਮਤੇ ਕਿਤੇ ਹੋ ਨਾ ਜਾਵੇ, ਭੁੱਲ ਤੇਰੇ ਨਾਲ਼ ਵੇ
ਫੂਕ ਫੂਕ ਪੈਰ ਧਰਾਂ, ਵੇਖਾਂ ਸਹਿਕ ਸਹਿਕ ਵੇ
ਅਸੀਂ ਕੀ ਜ਼ੁਲਮ ਕੀਤਾ, ਭੈੜਿਆ ਇਹ ਲੇਖਾਂ ਤੇ
ਕਦੇ ਤਾਂ ਮਨਾ ਸਾਨੂੰ…
ਕਦੇ ਤਾਂ ਸਬਰ ਕਰ, ਵੇਖ ਸਾਡੀ ਸਹਿ ਕੇ ਵੇ
ਅਸੀਂ ਵੀ ਕੀ ਲੁੱਟ ਲੈਣਾ, ਤੇਰੇ ਕੋਲ਼ੋਂ ਲੈ ਕੇ ਵੇ
ਜਦ ਵੀ ਕਦੇ ਥੱਕਾਂ, ਤੇਰੀਆਂ ਮੈਂ ਸਹਿ ਕੇ ਵੇ
ਸਾਨੂੰ ਤਾਂ ਮਨਾਓਣਾ ਕੀ ਏ, ਆਪ ਰੁੱਸੇਂ ਬਹਿ ਕੇ ਵੇ
ਕਦੇ ਤਾਂ ਮਨਾ ਸਾਨੂੰ…
ਤੂੰ ਹੀ ਮੇਰਾ ਸੌਹਰਾ ਪਿੰਡ, ਤੂੰ ਹੀ ਮੇਰੇ ਪੇਕੇ ਵੇ
ਆਪਾ ਤੈਨੂੰ ਸੌਂਪ ਦਿੱਤਾ, ਅਸੀਂ ਦਿਲ ਦੇ ਕੇ ਵੇ
ਇਕ ਵਾਰ ਬਹਿ ਕੇ ਕਦੇ, ਗਲ਼ ਸਾਨੂੰ ਲਾ ਲਾ ਵੇ
ਦਈਏ ਤੈਨੂੰ ਜਾਨ ਕੱਢ, ਭਾਂਵੇ ਆਜਮਾ ਲਾ ਵੇ
ਕਦੇ ਤਾਂ ਮਨਾ ਸਾਨੂੰ…
ਤੂੰ ਹੀ ਮੇਰੀ ਜਿੰਦ ਅਤੇ, ਤੂੰ ਹੀ ਮੇਰੀ ਜਾਨ ਵੇ
ਤੇਰੇ ਉੱਤੋਂ ਵਾਰ ਦੇਵਾਂ, ਦੋਨੋ ਜਹਾਨ ਵੇ
ਦਿਲ ਨੂੰ ਨਾ ਲਾ ਲਈਂ ਕਿਤੇ, ਹੋ ਜਾਈਂ ਪਰੇਸ਼ਾਨ ਵੇ
ਤੂੰ ਹੀ ਮੇਰਾ ਦੀਨ ਤੂੰ ਹੀ, ਮੇਰਾ ਇਮਾਨ ਵੇ
ਕਦੇ ਤਾਂ ਮਨਾ ਸਾਨੂੰ…
ਸਾਨੂੰ ਹੀ ਜੇ ਦੇਵੇਂ ਹੱਕ, ਰੁੱਸੇ ਨੂੰ ਮਨਾਣ ਦਾ ਵੇ
ਸਾਡੇ ਭਾ ਕੀ ਢੱਠੇ ਖੂਹੇ, ਪਵੇ ਫਿਰ ਜਹਾਨ ਏਹ
ਰੱਜ ਰੱਜ ਰੁੱਸ ਸਾਡਾ, ਬਣ ਮਹਿਮਾਨ ਵੇ
ਪਰ ਸਾਡਾ ਵੀ ਮੰਨ, ਕਦੇ ਇਹਸਾਨ ਵੇ
ਕਦੇ ਤਾਂ ਮਨਾ ਸਾਨੂੰ…
****************************
ਮਲ੍ਹਾਰ
January 2016
ਪੌਣ ਮਦਹੋਸ਼, ਵਗੇ ਪੁਰਜੋਸ਼
ਇਹ ਬੱਦਲ਼ ਕਾਲ਼ਾ, ਉਮੰਗਾਂ ਵਾਲ਼ਾ
ਕਿੱਥੋਂ ਆਓਂਦਾ ਨਸ਼ਿਆਇਆ
ਕਿਸੇ ਕੋਈ ਨਾਰ, ਕੱਚੀ ਕਚਨਾਰ
ਮਜਾਜਾਂ ਪੱਟੀ, ਨੇ ਸਿਰ ਦਾ ਪੱਲਾ
ਰਾਹ ਵਿਚ ਹੋਣਾ ਲਹਿਰਾਇਆ
ਕਣੀ ਮਗਰੂਰ, ਨਸ਼ੇ ਵਿਚ ਚੂਰ
ਘਟਾ ਘਣਘੋਰ, ਵਰ੍ਹੇ ਪੁਰਜ਼ੋਰ
ਨੇ ਏਨੀ ਰੌਲ਼ੀ ਹੈ ਕਿਓਂ ਪਾਈ
ਕਿਸੇ ਮੁਟਿਆਰ, ਹੋ ਪੱਬਾਂ ਭਾਰ
ਨੇ ਵਹੁੰਦੀ ਵਾਲ਼, ਨਜ਼ਾਕਤ ਨਾਲ਼
ਲੈ ਲਈ ਹੋਣੀ ਅੰਗੜਾਈ
ਪੁਰੇ ਦੀ ਵਾ, ਚਾੜ੍ਹ ਦਿਲ ਚਾ
ਵਰੋਲ਼ੇ ਵੱਟ, ਚੱਕਰੀਆਂ ਕੱਟ
ਕਿਓਂ ਫਿਰਦੀ ਕਿੱਕਲ਼ੀ ਪਓਂਦੀ
ਕੋਈ ਗੁਲਨਾਰ, ਹੁਸਨ ਸਰਕਾਰ
ਯਾਰ ਦੇ ਗਲ਼, ਬਾਂਹ ਨੂੰ ਵਲ਼
ਹੋਣੀ ਮੀਂਹੀਂ ਪੈਲਾਂ ਪਓਂਦੀ
ਸੌਣ ਦੀ ਝੜੀ, ਫਿਰੇ ਜਿੱਦ ਫੜੀ
ਛਹਿਬਰਾਂ ਲਾ, ਹਨੇਰਾ ਪਾ
ਕਿਓਂ ਰਾਗ ਮਲ੍ਹਾਰੀ ਗਾਇਆ
ਕਿਸੇ ਦਿਲਦਾਰ, ਦਾ ਰੁੱਸਿਆ ਯਾਰ
ਘਰੋਂ ਕਿਤੇ ਬਾਹਰ, ਨਾ ਜਾਵੇ ਪਿਆਰ
ਹੋਣਾ ਰੱਬ ਨੂੰ ਵਾਸਤਾ ਪਾਇਆ
ਸੂਰਜੇ ਆ, ਆਥਣ ਰੋਸ਼ਨਾ
ਨੀਵੀਆਂ ਪਾ, ਕਹਿਕਸ਼ਾਂ ਲਾ
ਕਿਓਂ ਫਿਰਦਾ ਏ ਪਛਤਾਓਂਦਾ
ਕਿਸੇ ਗੁਲਫਾਮ, ਨੇ ਕਰ ਤੀ ਸ਼ਾਮ
ਕਿ ਜੋਬਨ ਰੁੱਤੇ, ਛੱਤ ਦੇ ਉੱਤੇ
ਰਹਿ ਗਿਆ ਹੁਸਨ ਸੈਨਤਾਂ ਲਾਓਂਦਾ
****************************
ਨਖਰੋ
January 2016
ਜਿੰਨੇ ਮਰਜੀ ਨਖਰੇ ਆਪਣੇ ਮੈਥੋਂ ਤੂੰ ਚੁਕਵਾ ਲੈ
ਪਰ ਜੋ ਬੈਠਾ ਤਿਲ਼ ਗੱਲ੍ਹ ਤੇਰੇ ਉਸ ਨੂੰ ਤੂੰ ਸਮਝਾ ਲੈ
ਵੇਹਨੇ ਆਂ ਜਦ ਵੱਲੇ ਤੇਰੇ ਵੇਖੇ ਘੂਰੀ ਪਾ ਕੇ
ਐਵੇਂ ਇਸਦਾ ਮੁੱਲ ਵਧਾਇਆ ਹੁਸਨ ਨੇ ਮੂੰਹ ਤੇ ਲਾ ਕੇ
ਆਹ ਜੋ ਕੰਨੀਂ ਝੂਟੀ ਜਾਂਦੇ ਪੀਂਘਾਂ ਜਿਹੀਆਂ ਪਾ ਕੇ
ਗੱਲ੍ਹਾਂ ਤੇਰੀਆਂ ਚੁੰਮੀ ਜਾਵਣ ਸਾਨੂੰ ਜੀਭ ਵਿਖਾ ਕੇ
ਝੂਮ ਝੂਮ ਕੇ ਖਾਣ ਹਲੋਰੇ ਬੋਲੇਂ ਸਿਰ ਮਟਕਾ ਕੇ
ਕੰਨੀਂ ਲੱਗਣ ਹਥ ਜੇ ਵੇਖਣ ਰੁਠੜਾ ਯਾਰ ਮਨਾ ਕੇ
ਮੱਥੇ ਦੁਆਲ਼ੇ ਕੁੰਡਲ਼ ਬਹਿੰਦੇ ਠੀਕਰੀ ਪਹਿਰਾ ਲਾ ਕੇ
ਮਾਰ ਟਪੂਸੀ ਨੱਚਦੇ ਰਹਿੰਦੇ ਰੱਖੇ ਤੂੰ ਚਮਲ੍ਹਾ ਕੇ
ਤੇਰੇ ਨਾਲ਼ ਕਲੋਲਾਂ ਕਰਦੇ ਦੀਦ ਸ਼ਰਮ ਨੂੰ ਲਾਹ ਕੇ
ਵੱਟ ਇਹਨਾਂ ਦੇ ਨਿਕਲਣ ਜੇ ਕੋਈ ਲੰਘ ਜੇ ਪਾਸਾ ਪਾ ਕੇ
ਅੱਖੀਂ ਜਿਹੜਾ ਕੱਜਲ਼ ਪਾਇਆ ਲੰਮੀ ਪੂਛ ਬਣਾ ਕੇ
ਜਣੇ ਖਣੇ ਵਰਤਾਈ ਜਾਵੇ ਦੇਸੀ ਦਾਰੂ ਪਾ ਕੇ
ਵੇਖ ਲਵੇਂ ਜੇ ਘੜੀ ਵਿਚਾਰੀ ਅੱਖ ਵਿਚ ਅੱਖ ਨੂੰ ਪਾ ਕੇ
ਅੱਠੀਂ ਪਹਿਰੀਂ ਰੁਕ ਕੇ ਤੱਕੇ ਵਕਤ ਨੂੰ ਵਕਤ ਪੈ ਜਾਵੇ
ਹਿੱਕ ਤੇਰੀ ਜਿਹੜੇ ਭੰਗੜੇ ਪਾਓਂਦੇ ਮਣਕੇ ਲਾਈਨਾਂ ਲਾ ਕੇ
ਨਾਲ਼ ਮਜਾਜਾਂ ਰਹਿਣ ਚਿੜਾਓਂਦੇ ਦੰਦੀਆਂ ਸਾਨੂੰ ਝਕਾ ਕੇ
ਹਰ ਦਮ ਲੱਗੇ ਗਲ਼ ਨੂੰ ਤੇਰੇ ਮਾਰਨ ਸਾਨੂੰ ਤਾਨ੍ਹੇ
ਸ਼ੁਕਰ ਕਰੀ ਦਾ ਜ਼ਿਕਰ ਤਾਂ ਹੁੰਦਾ ਸਾਡਾ ਆਨੇ ਬਹਾਨੇ
ਗੁੱਤ ਤੇਰੀ ਦਾ ਲਾਲ ਪਰਾਂਦਾ ਟੁਰਦਾ ਲੱਕ ਵਲ਼ ਪਾ ਕੇ
ਆਓਂਦਾ ਜਾਂਦਾ ਵੇਂਹਦਾ ਰਹਿ ਜੇ ਡਿੱਗ ਜੇ ਗਸ਼ੀਆਂ ਖਾ ਕੇ
ਹੁਸਨ ਸਵਾਰੀ ਕੱਢਣੀ ਪੈ ਜੇ ਗਲ਼ੀ ਚ ਕਰਫਿਊ ਲਾ ਕੇ
ਏਨਾ ਵੀ ਨਹੀਂ ਜ਼ੁਲਮ ਕਰੀ ਦਾ ਬੇਵੱਸ ਨੂੰ ਤੜਪਾ ਕੇ
ਵੰਗਾਂ ਤੇਰੀਆਂ ਕਰਨ ਮਜ਼ਾਕਾਂ ਇਕ ਦੂਜੀ ਟੁਣਕਾ ਕੇ
ਵੀਣੀ ਤੇਰੀ ਸਾਂਭੀ ਇਹਨਾ ਪੱਕੀ ਬੈ ਕਰਵਾ ਕੇ
ਅਸੀਂ ਵੀ ਬਦਲਾ ਲੈਣਾ ਇਕ ਦਿਣ ਚੂੜਾ ਬਾਂਹੀਂ ਪਾ ਕੇ
ਸ਼ਗਨ ਦਿਹਾੜਾ ਦਰ ਤੇਰੇ ਬੈਠਾ ਕਦੋਂ ਦਾ ਗੋਡੇ ਲਾ ਕੇ
ਪੈਰੀਂ ਤੇਰੀ ਝਾਂਜਰ ਲੁੱਟੇ ਆਓਂਦਾ ਜਾਂਦਾ ਫਾਹ ਕੇ
ਦਿਲ ਮਸਤੀ ਵਿਚ ਲੋਟਣ ਹੋਵੇ ਟੁਰੇਂ ਜੋ ਠੁਮਕਾ ਲਾ ਕੇ
ਧੰਨ ਧੰਨ ਕਰਦੇ ਮਸਤ ਕਲੰਦਰ ਠੋਕਰ ਤੇਰੀ ਖਾ ਕੇ
ਰੱਬ ਦਵਾਰੇ ਜੰਦਰੇ ਲੱਗਦੇ ਲੋਕੀ ਵੇਖਣ ਆ ਕੇ
ਆਸ਼ਕ ਧੱਕੇ ਖਾਣ ਵਿਚਾਰੇ ਜੀਭਾਂ ਨੂੰ ਲਮਕਾ ਕੇ
ਮੰਗੇਂ ਤਾਂ ਅਸੀਂ ਦਿਲ ਤੈਨੂੰ ਦਈਏ ਸ਼ੀਸ਼ੇ ਚ ਜੜਵਾ ਕੇ
ਚਾਰ ਚੰਨ ਤੇਰੇ ਰੂਪ ਨੂੰ ਲੱਗਣ ਫਿਰੇਂ ਜੇ ਗਲ਼ ਵਿਚ ਪਾ ਕੇ
ਅਸੀਂ ਵੀ ਤੇਰੇ ਬਣ ਲਿਹਾਜ਼ੀ ਹੱਸੀਏ ਦੰਦ ਦਿਖਾ ਕੇ
************************************
ਤਰਿੰਞਣ
January 2016
ਮੈਂ ਵਕਤ ਦਾ ਚਰਖਾ ਡਾਹ ਬੈਠੀ
ਇਹ ਝਾਂਬ ਦੁਖਾਂ ਦੀ ਕੱਤਦਾ ਨਹੀ
ਇਹਦੇ ਮਾਲ੍ਹ ਚੜ੍ਹੀ ਤੇਰੀ ਯਾਦਾਂ ਦੀ
ਇਹ ਘੂਕ ਜੁਦਾਈ ਦੀ ਛੱਡਦਾ ਨਹੀ
ਸਾਡੇ ਪੈਂਦਾ ਫੁੱਲ ਕਪਾਹੇ ਨਾ
ਸਾਡੇ ਟੀਂਡੇ ਲੱਗੇ ਸੁੰਡ ਗ਼ਮਾਂ
ਸਾਨੂੰ ਲੁੱਟ ਕੇ ਲੈ ਗਏ ਪ੍ਰੀਤ ਦੇ ਠੱਗ
ਸਾਡੇ ਹਉਕੇ ਰੋਣ ਵਫ਼ਾ ਗਲ਼ ਲੱਗ
ਅਸਾਂ ਪਿਆਰ ਦੇ ਕੁਝ ਫੁੱਟ ਚੁਗਵਾ ਕੇ
ਸਾਂਭੇ ਦਿਲ ਵਿਚ ਪੂਣੀਆਂ ਵਟਵਾ ਕੇ
ਸਾਡੇ ਤੱਕਲ਼ੇ ਪਿਆ ਹਿਜਰ ਦਾ ਵਿੰਗ
ਹਰ ਤੰਦ ਜਾਵੇ ਸਾਡੀ ਟੁੱਟ ਤੜਿੰਗ
ਲੋਕਾਂ ਕੱਤ ਢੇਰੀਆਂ ਲਾਈਆਂ ਨੇ
ਸਾਥੋਂ ਜਾਵਣ ਤੰਦਾ ਪਾਈਆਂ ਨਾ
ਸਾਡਾ ਪੂਣ ਸਲਾਈ ਚੜ੍ਹਦਾ ਹੀ ਨਾ
ਸਾਨੂੰ ਰਿਹਾ ਕੱਤਣੇ ਦਾ ਚੱਜ ਵੀ ਨਾ
ਸਾਡਾ ਭਿੱਜ ਭਿੱਜ ਦਿਲ ਲੋਗੜ ਹੋਇਆ
ਇਹ ਨੂੰ ਪਿੰਜੇ ਨਾ ਪੇਂਜਾ ਮੋਇਆ
ਇਹ ਨੂੰ ਲੱਗਦੀ ਵੀ ਨਹੀਓਂ ਹੁਣ ਅੱਗ
ਘੁਣ ਲੱਗੀ ਦਾ ਇਹੋ ਜਿਹਾ ਗਿਆ ਲੱਗ
ਅਸਾਂ ਮੋਹ ਤੇਰੇ ਦੀਆਂ ਟੇਰ ਅੱਟੀਆਂ
ਖੁਸ਼ੀਆਂ ਨੂੰ ਪਾਈਆਂ ਨੇ ਕੱਟੀਆਂ
ਸਾਡੀ ਸੁੱਕੀ ਪਈ ਹੁਣ ਅੱਖ ਰੋਵੇ
ਸਾਡੀ ਜਿੰਦ ਦਾ ਤੂੰਬਾ ਤੂੰਬਾ ਹੋਵੇ
ਸਾਡੇ ਸੂਤ ਨਾ ਪੂਰਾ ਵੱਟ ਚੜ੍ਹੇ
ਹਰ ਵਾਰ ਬਜਾਜ ਇਹਨੂੰ ਮੋੜ ਦਵੇ
ਸਾਡੇ ਨਾਲ਼ ਦੇ ਕੱਤ ਕੇ ਸੌਂ ਵੀ ਗਏ
ਅਸੀਂ ਸੂਤ ਤੇਰੇ ਨੂੰ ਕੱਤਦੇ ਰਹੇ
ਸਾਡੇ ਸੱਧਰਾਂ ਦੇ ਵੇੜ੍ਹੇ ਬਹਿ ਜਾਲਮਾ
ਕਾਲ਼ੀ ਰਾਤ ਤਰਿੰਞਣਾਂ ਲਾਈਆਂ ਨੇ
ਮੇਰੀ ਕੱਤਣੀ ਦੀ ਰੂੰ ਹੁਣ ਨਹੀਓਂ ਮੁੱਕਣੀ
ਹਨੇਰੇ ਦੀਵੇ ਨਾਲ਼ ਸ਼ਰਤਾਂ ਲਾਈਆਂ ਨੇ
**********************************
ਰੁਖੜੇ
January 2016
ਸ਼ਿਵ ਰੋਂਦਾ ਹੈ ਤਾਂ ਰੋਣ ਦਿਓ
ਜੋ ਕਹਿੰਦਾ ਹੈ ਇਹ ਕਹਿਣ ਦਿਓ
ਥੋਹਰਾਂ ਨਾਲ ਇਸ ਨੂੰ ਖਹਿਣ ਦਿਓ
ਸਿਰ ਫੜ ਕੇ ਇਸ ਨੂੰ ਬਹਿਣ ਦਿਓ
ਇਹ ਕਿਹੋ ਜਿਹੀਆਂ ਇਸ ਦੀਆਂ ਪੀੜਾਂ ਨੇ
ਜੋ ਇਕ ਪਰਾਗੇ ਪਈਆਂ ਨੇ
ਹੰਝੂਆਂ ਦਾ ਇਸ ਦੇ ਕੇ ਭਾੜਾ
ਭੱਠੀ ਤੋਂ ਭੁੰਨਵਾਈਆਂ ਨੇ
ਸਾਡੀਆਂ ਸਾਨੂੰ ਤਾਂ ਛੱਡਦੀਆਂ ਨਹੀਂ
ਅੱਖਾਂ ਵੀ ਅੱਥਰੂ ਕੱਢਦੀਆਂ ਨਹੀਂ
ਦਿਲ ਹੀ ਬੱਸ ਭੁੱਬਾਂ ਮਾਰਦਾ ਏ
ਹੰਝੂਆਂ ਬਿਨ ਪੀੜਾਂ ਪਾਲ਼ਦਾ ਏ
ਇਸ ਦਾ ਮੁਜਰਿਮ ਇਹ ਨੂੰ ਛੱਡ ਗਿਆ
ਇਹ ਦੀ ਕਲਮ ਨੇ ਬੂਥਾ ਅੱਡ ਲਿਆ
ਇਹ ਨੇ ਲਿਖ ਲਿਖ ਗੁੱਸਾ ਕੱਢ ਲਿਆ
ਫਿਰ ਛੋਟੀ ਉਮਰੇ ਹੀ ਭੱਜ ਗਿਆ
ਸਾਡਾ ਸਾਡੇ ਕੋਲ਼ੇ ਰਹਿੰਦਾ ਏ
ਨਿੱਤ ਨਵੇ ਤਸੀਹੇ ਦੇਂਦਾ ਏ
ਅਸੀਂ ਇਹੋ ਜਿਹਾ ਸ਼ਿਕਰਾ ਪਾਇਆ ਏ
ਉਮਰਾਂ ਦਾ ਮਾਸ ਖਵਾਇਆ ਏ
ਇਹ ਮਿਲ਼ੇ ਤਾਂ ਇਸ ਤੋਂ ਪੁੱਛ ਲਿਓ
ਸਿਰਨਾਵਾਂ ਇਸ ਦੇ ਗੀਤਾਂ ਦਾ
ਬਿਰਹਾ ਦੀ ਸੁਆਹ ਚੋਂ ਚੁਣ ਚਿਣਗਾਂ
ਦੁਖੜਾ ਮੈਂ ਸੁਣਾਵਾਂ ਪਰੀਤਾਂ ਦਾ
ਹਿਜਰਾਂ ਦੀ ਮੱਠੀ ਚੀਸਾਂ ਤੋਂ
ਇਹ ਮਿਲ਼ਨ ਦਾ ਪੈਂਡਾ ਔਖਾ ਏ
ਬੇਕੱਦਰੇ ਯਾਰ ਦੇ ਨਾਲ਼ੋ ਤਾਂ
ਹੋਵੇ ਜੇ ਪਰਾਇਆ ਸੌਖਾ ਏ
ਇਹ ਨੂੰ ਜਾ ਕੇ ਕੋਈ ਦੱਸ ਦਿਓ
ਹੁਣ ਫੁੱਲ ਸ਼ਰੀਂਹੀਂ ਆਓਂਦੇ ਹੀ ਨਹੀਂ
ਦੁਨੀਆਂ ਦੀ ਹਫੜਾ ਦਫੜੀ ਵਿਚ
ਆਸ਼ਿਕ ਦਿਲ ਨੂੰ ਵਟਵਾਓਂਦੇ ਹੀ ਨਹੀਂ
ਆਪਾ ਇਹਨਾ ਤੇ ਵਾਰ ਦਿਓ
ਇਹ ਗੀਤ ਗਮਾ ਦੇ ਗਾਓਂਦੇ ਹੀ ਨਹੀਂ
ਇਹ ਖੁਦਗਰਜੀ ਦੇ ਜਾਏ ਨੇ
ਅਪਣੇ ਹੋ ਕੇ ਵੀ ਪਰਾਏ ਨੇ
*******************************
ਉਦਰੇਵਾਂ
January 2016
ਵਕਤ ਦੀ ਕਰਵਟ ਦਰੜੇ ਕੁਝ ਪਲ
ਚਿੱਤ ਚਾਦਰੀਂ ਯਾਦਾਂ ਦੇ ਵਲ਼
ਉਦਰੇ ਦਿਲ ਜਦ ਲਗਦੇ ਨੇ ਗਲ਼
ਕੀਕਣ ਕੱਢਾਂ ਮੱਥੇ ਨੂੰ ਮਲ਼
ਜੁੱਤੀ ਖੱਲ ਦੀ ਗੁੱਤ ਪਰਾਂਦੀ
ਬੁੱਲ੍ਹਾਂ ਉੱਤੇ ਸੁਰਖੀ ਸੱਕ ਦੀ
ਅੱਖ ਕਿਨਾਰੇ ਦੀਵੇ ਦੀ ਲੋਅ
ਘਰ ਦੇ ਤੇਲ ਦੀ ਸਿਰ ਖੁਸ਼ਬੋ
ਹਾਰੇ ਵਿਚ ਪਈ ਰਿੱਝਦੀ ਦਾਲ਼
ਭਖਦੇ ਚੁਲ੍ਹੇ ਛਿਟੀਆਂ ਬਾਲ਼
ਸਿਖਰ ਦੁਪਹਿਰਾ ਨਿੰਮ ਦੀਆਂ ਛਾਵਾਂ
ਤਵੀ ਤੋਂ ਰੋਟੀ ਲਾਹੁੰਦੀਆਂ ਮਾਵਾਂ
ਬਰਫ ਦੀ ਕੁਲਫ਼ੀ ਵੱਟੇ ਦਾਣੇ
ਬੋਕਾਟਾ ਕਹਿ ਭੱਜਦੇ ਨਿਆਣੇ
ਹੱਟੀ ਤੋਂ ਰੂੰਗੇ ਦੀ ਮੰਗ
ਨੰਗੇ ਪੈਰੀਂ ਮਸਤ ਮਲੰਗ
ਪਿੱਠੂ ਪੀਚੋ ਖੇਡ ਦਾ ਮਘਣਾ
ਗੁਰ ਦਵਾਰੇ ਗੁਰਬਾਣੀ ਦਾ ਲੱਗਣਾ
ਨਾਥ ਦੇ ਮੰਦਰ ਸ਼ੰਖ ਦਾ ਵੱਜਣਾ
ਘਰ ਆਵਣ ਲਈ ਮਾਂ ਦਾ ਸੱਦਣਾ
ਭੱਠੀ ਵਾਲ਼ੀ ਭੱਠੀ ਤਾਉਣਾ
ਖੇਡ ਹਾਰ ਕੇ ਰੌਂਢੀ ਪਾਉਣਾ
ਬਾਪੂ ਨੇ ਜਦ ਘਰ ਨੂੰ ਆਓਣਾ
ਸਾਈਕਲ ਤੋਂ ਭੱਜ ਝੋਲ਼ਾ ਲਾਹੁਣਾ
ਢਲ਼ਦਾ ਸੂਰਜ ਲਮੀਆਂ ਛਾਵਾਂ
ਸੰਨ੍ਹੀ ਖਾਂਦੀਆਂ ਮੱਝੀਆਂ ਗਾਂਵਾਂ
ਧਾਰਾਂ ਵੇਲ਼ੇ ਕੱਟਰੂ ਦੀਆਂ ਧਾਹਾਂ
ਭਰਿਆ ਛੰਨਾ ਦੁੱਧ ਚੁਆਵਾਂ
ਹਾੜ ਮਹੀਨਾ ਕਿੱਕਰੀਂ ਟਟਹਿਣੇ
ਆਦਮ ਬੋ ਵਾਲ਼ੇ ਕਿੱਸੇ ਕਹਾਣੇ
ਕੱਚੇ ਬਨੇਰੇ ਪਾਂਡੂ ਫੇਰੇ
ਬੇਪਰਵਾਹੀ ਚਾਰ ਚੁਫੇਰੇ
ਧੁੱਦਲ ਵਾਂਗ ਆਕਾਸ਼ ਚ ਗੰਗਾ
ਕੱਚੇ ਕੋਠੇ ਵਾਣ ਦਾ ਮੰਜਾ
ਘਰ ਦੀਆਂ ਦਰੀਆਂ ਤ੍ਰੇਲੇ ਖੇਸ
ਸੌਣਾ ਦੇਰ ਤੱਕ ਵੱਟ ਕੇ ਘੇਸ
ਜੇਠ ਹਾੜ ਦੇ ਕਹਿਰ ਦੇ ਸੋਕੇ
ਮੀਂਹ ਨੂੰ ਮੰਗਣਾ ਗੁੱਡੀ ਲੂਹ ਕੇ
ਧੂੜ ਨ੍ਹਾਓਂਦੀਆਂ ਚਿੜੀਆਂ ਦੀ ਚਹਿਕ
ਪਹਿਲੀ ਕਣੀ ਮਿੱਟੀ ਦੀ ਮਹਿਕ
ਸੌਣ ਮਹੀਨਾ ਬੱਦਲ਼ ਕਾਲ਼ੇ
ਚੋਵਣ ਛੱਤਾਂ ਵਗਣ ਪਨਾਲ਼ੇ
ਗੁਲਗੁਲਿਆਂ ਦੀ ਪਾ ਕੇ ਮੰਗ
ਮੀਂਹ ਵਿਚ ਨ੍ਹਾਉਣ ਨੰਗ ਧੜੰਗ
ਹੂੰਝਣ ਪਿੜ ਦੀ ਛੰਡਾਂ ਮੈਂ ਬਹਿ
ਮਨ ਆਪਣੇ ਸਮਝਾਵਾਂ ਇਹ ਕਹਿ
ਥਹੁ ਦੀਆਂ ਘੁੰਡੀਆਂ ਨੂੰ ਫਿਰ ਗਾਹ ਕੇ
ਵਕਤ ਨਾ ਪਰਤੇ ਗੇੜਾ ਪਾ ਕੇ
***************************
ਹਿਜਰ
December 2015
ਢਲ ਪਈਆਂ ਨੇ ਤਰਕਾਲ਼ਾਂ
ਹੁਣ ਛੱਡ ਕੇ ਪੈਣਾ ਜਾਣਾ
ਜਾਣ ਤੋਂ ਪਹਿਲਾਂ ਵੇ ਇਕ ਵਾਰ
ਕੋਈ ਲਾਡਲੀ ਜਿਹੀ ਗੱਲ ਮਾਰ
ਕਿ ਤੇਰੇ ਬਿਨਾ ਅੱਖ ਲੱਗਣੀ ਨਹੀ
ਕੇ ਤੇਰੇ ਬਿਨਾ ਰਾਤ ਲੰਘਣੀ ਨਹੀ
ਫੇਰ ਮਿਲਣ ਦਾ ਹੀ ਰਹਿਣਾ ਇੰਤਜ਼ਾਰ
ਜਾਣ ਦੀ ਕਿਓਂ ਤੂੰ ਕਾਹਲ਼ ਕਰੇਂ
ਚਿੱਤ ਕਰਦਾ ਏ ਬੈਠੀ ਰਵੇਂ
ਚੁੱਪ-ਚੁਪੀਤੇ ਹੀ ਬਹਿ ਕੇ ਮੇਰੇ ਯਾਰ
ਵੇਖੀ ਜਾਵਾਂ ਮੈਂ ਸਦੀਆਂ ਹਜ਼ਾਰ
ਕਿ ਤੇਰੇ ਬਿਨਾ ਝੱਟ ਲੰਘਣਾ ਨਹੀ
ਕਿ ਤੇਰੇ ਬਿਨਾ ਰਹਿਣੀ ਤਾਂਘਣਾ ਜਿਹੀ
ਕੀ ਪਤਾ ਕੱਲ੍ਹ ਦਾ ਹੋਵੇ ਨਾ ਦੀਦਾਰ
ਦਿਲ ਤਾਂ ਕਰਦੈ ਤੈਨੂੰ ਲੈ ਜਾਂ ਨਾਲ਼
ਵੈਰੀ ਦੁਨੀਆਂ ਨੇ ਕਰਨਾ ਸਵਾਲ
ਜਦ ਤਲਕ ਇਹ ਕਰੇ ਪੜਤਾਲ
ਹੋਣਾ ਪੈਂਦਾ ਏ ਰੋਜ਼ ਹਲਾਲ
ਇਨ੍ਹਾ ਦਾ ਜ਼ੋਰ ਨਿੱਤ ਚੱਲਣਾ ਨਹੀ
ਇਨ੍ਹਾ ਦਾ ਨਿੱਤ ਈਨ ਮੰਨਣਾ ਨਹੀ
ਕੁਝ ਸਮਾਂ ਹੋਰ ਖੁਦ ਨੂੰ ਸੰਭਾਲ਼
ਹਰ ਰਾਤ ਬਣ ਜਾਵੇ ਸੱਯਾਦ
ਕੀ ਕਰੇ ਪੰਛੀ ਬਿਨ ਪਰਵਾਜ਼
ਸੌਣ ਤੋਂ ਪਹਿਲਾਂ ਕਰਨਾ ਏ ਯਾਦ
ਤਾਂ ਕੇ ਸੁਪਨੇ ਕਰੇਂ ਤੂੰ ਆਬਾਦ
ਕਿ ਤੇਰੇ ਬਿਨਾ ਅੱਖ ਲੱਗਣੀ ਨਹੀ
ਕਿ ਤੇਰੇ ਬਿਨਾ ਰਾਤ ਲੰਘਣੀ ਨਹੀ
ਬੱਸ ਤੇਰਾ ਹੀ ਹੁਣ ਰਹਿੰਦਾ ਏ ਖਿਆਲ
*****************************
ਫਰਿਆਦ
December 2015
ਰੋਜ਼ ਲਿਖਾਂ ਮੈਂ ਬਹਿ ਇੱਕ ਕਵਿਤਾ
ਪਾੜ ਦੇਵਾਂ ਸੁੱਟ ਦੇਵਾਂ ਵਰਜਿਤ ਸਭ ਛੁਪਿਆ ਮੇਰੇ ਅੰਦਰ
ਸੱਚ ਨੂੰ ਕਿੰਜ ਛੁਪਾਵਾਂ ਮਾਰ ਬੁਲਾਵੇ ਵਾਜਾਂ ਹਰ ਦਿਨ
ਵਹਿਸ਼ੀ ਦਰਦ ਅਵੱਲਾ ਕਿਹੋ ਜਿਹਾ ਝੂਠ ਮੜ੍ਹਾਂ ਮੈਂ ਇਸ ਤੇ
ਨਾ ਉਹ ਰਾਮ ਹੋਵੇ ਨਾ ਅੱਲਾ
ਫੋਲ ਦਿਲਾਂ ਦੇ ਖੱਲਾਂ ਖੂੰਜੇ
ਡਲਕੇ ਮਨ ਕੁਰਲਾਵੇ
ਸੋਚ ਮੇਰੀ ਨੂੰ ਵੀ ਕੋਈ ਉਣ ਕੇ
ਕਾਵ ਦੁਹਾਈ ਪਾਵੇ
ਮੇਰੇ ਜਿਹਨ ਦੀਆਂ ਪਰਤਾਂ ਵਿਚ
ਦਫਨ ਨਾਜਾਇਜ਼ ਅਰਮਾਨਾ ਨੂੰ
ਚਾੜ੍ਹ ਲਬਾਦਾ ਸ਼ਾਇਸਤਾ ਦਾ
ਤਰਕਵਾਦ ਪਰਵਾਨ ਕਰਾਵੇ
ਫਾੜ ਮੁਖੋਟਾ ਮੇਰੇ ਦੰਭ ਦਾ
ਰੂਹ ਮੇਰੀ ਨੂੰ ਨੰਗਾ ਕਰ ਕੇ
ਮੇਰੇ ਵੀ ਅਹਿਸਾਸਾਂ ਦਾ
ਕੋਈ ਲੰਮਾ ਕਿੱਸਾ ਗਾਵੇ
*************************
ਨਾਮਨਜ਼ੂਰ
December 2015
ਪੱਥਰ ਹੋ ਗਿਆ ਪੱਥਰ ਘੜ ਕੇ
ਪੱਥਰਾਂ ਦੇ ਇਸ ਮੰਦਰ ਵੜ ਕੇ
ਬੁੱਤਾਂ ਨੇ ਵੀ ਮੈਨੂ ਤੱਕ ਕੇ
ਪੱਥਰ ਦਿਲ ਦਾ ਰੁਤਬਾ ਪਾਇਆ
ਘਰ ਆਪਣੇ ਨੂੰ ਭਾਂਬੜ ਲਾ ਕੇ
ਵਿਚ ਕਫਨ ਦੇ ਪਿਆਰ ਸਜਾ ਕੇ
ਅਰਮਾਨਾ ਦੀ ਬਲੀ ਚੜ੍ਹਾ ਕੇ
ਰਾਸ ਮੇਰੇ ਨਹੀ ਕੁਝ ਵੀ ਆਇਆ
ਲਾਸ਼ ਮੇਰੀ ਨੁੰ ਮੋਢਾ ਲਾ ਕੇ
ਵੈਣ ਜਦੋਂ ਤੂੰ ਐਸਾ ਪਾਇਆ
ਲੋਕੀ ਆਖਣ ਬੇਦਰਦੀ ਨੂੰ
ਤਰਸ ਤੇਰੇ ਤੇ ਕਿਓਂ ਨਹੀ ਆਇਆ
ਓਹ ਕੀ ਜਾਣਨ
ਬੇਖੂਦ ਹੋ ਕੇ ਵੀ ਮੈਂ
ਬੇਰਹਿਮੀ ਦਾ ਸਿਹਰਾ ਬਨ੍ਹ ਕੇ
ਬੇਤਰਸੇ ਦਾ ਨਾਮ ਕਮਾਇਆ
ਜਿਸ ਪੈੜੀਂ ਤੂੰ ਮੁੜ ਪਰਤੀ
ਉਸ ਪੈੜਾਂ ਦੇ ਥੱਲੇ ਆ ਕੇ
ਦਿਲ ਮੇਰੇ ਦੇ ਹਰ ਟੁਕੜੇ ਨੇ
ਬਰਬਾਦੀ ਦਾ ਜਸ਼ਨ ਮਨਾਇਆ
ਬੇਅਦਬ ਬੇਦਰਦ ਬੇਰਹਿਮ
ਤੈਨੂ ਸਚ ਵਿਚ ਤਰਸ ਨਾ ਆਇਆ
ਚੀਰ ਕੇ ਮੇਰੀ ਰੂਹ ਦਾ ਪਿੰਡਾ
ਕੁਝ ਸਤਰਾਂ ਦਾ ਜਾਲ ਬਣਾਇਆ
ਹੌਲੀ ਹੌਲੀ ਕਰਕੇ ਮੈਂ ਵੀ
ਫੁੱਲਾਂ ਦਾ ਸੀ ਬਾਗ ਲਗਾਇਆ
ਫੁੱਲ ਵੀ ਆਖਰ ਢਲ ਜਾਂਦੇ ਨੇ
ਪਿਛੇ ਕੰਡੇ ਛੱਡ ਜਾਂਦੇ ਨੇ
ਕੰਡਿਆਂ ਦੀ ਮੈਂ ਪਹਿਨ ਕੇ ਚਾਦਰ
ਮਰਨ ਤੱਕ ਕਈ ਕੌਲ ਨਿਭਾਓਣੇ
ਕਲਮ ਤੇਰੀ ਦੀਆਂ ਛਮਕਾਂ ਦੇ ਲਈ
ਹੰਝੂ ਡੱਕ ਕੇ ਹਾਸੇ ਪਾਓਣੇ
ਜਿਸ ਘਰ ਨੂੰ ਤੂੰ ਭਾਂਬੜ ਲਾਵੇਂ
ਉਸ ਘਰ ਅਂਦਰ ਵੀ ਇਕ ਬੁੱਤ ਹੈ
ਮੈਂ ਓਸ ਦਿਲ ਦੇ ਟੁਕੜੇ ਕਰ ਕੇ
ਅਪਣੇ ਪੈਰੀਂ ਕਿਵੇਂ ਲਤਾੜਾਂ
ਇਕ ਰੱਬ ਦੀ ਮੈਂ ਸਿਰਜਣ ਕੀਤੀ
ਪਲਕਾਂ ਉਤੇ ਓਸ ਬਿਠਾਇਆ
ਪਰ ਉਹ ਵੀ ਮਾਨਸ ਦੇ ਵਾਂਗਰ
ਡਿਗ ਕੇ ਥੱਲੇ ਨਾਮ ਗਵਾਇਆ
ਅਜੇ ਵੀ ਮੈਂ ਤਾਂ ਓਹੀ ਹਾਂ
ਅਜੇ ਵੀ ਤੇਰੇ ਦਰ ਆਵਾਂਗੀ
ਆਪਣੇ ਅਣਭੋਲ ਮਿਜਾਜਾਂ ਦੇ ਨਾਲ
ਘਰ ਤੇਰੇ ਨੂੰ ਰੋਸ਼ਨਾਵਾਂਗੀ
ਦੋ ਟੂਕਾਂ ਦੇ ਭੁਖੇ, ਛਮਕਾਂ ਦੇ ਵਿਓਪਰੀ
ਦੱਸ ਮੈਂ ਤੈਨੂੰ ਕਿੰਝ ਸਮਝਾਵਾਂ
ਮਨ ਮੰਦਿਰ ਦੀ ਵੇਦੀ ਉੱਤੇ
ਹੱਡ ਮਾਸ ਨੂੰ ਕਿਵੇਂ ਚੜ੍ਹਾਵਾਂ
ਵਰਿਆਮ ਸਿੰਘ ਸੰਧੂ
ਸੰਦੀਪ ਧਨੋਆ
ਪ੍ਰਿੰਸੀਪਲ ਸਰਵਣ ਸਿੰਘ
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
ਸ਼ਮਸ਼ੇਰ ਸਿੰਘ ਸੰਧੂ
ਗੁਰਦਿਆਲ ਸਿੰਘ
ਸੁਰਜੀਤ ਪਾਤਰ
ਹਰਪ੍ਰੀਤ ਸੇਖਾ
ਇਕਬਾਲ ਰਾਮੂਵਾਲੀਆ
ਕੁਲਜੀਤ ਮਾਨ
ਰਾਜਪਾਲ ਬੋਪਾਰਾਏ
ਸੁਖਮਿੰਦਰ ਰਾਮਪੁਰੀ
ਵਰਿੰਦਰ ਪਾਲ
ਮੇਜਰ ਮਾਂਗਟ
ਦਲਜੀਤ ਸਿੰਘ
ਬਲਦੇਵ ਸਿੰਘ ਧਾਲੀਵਾਲ
ਡਾ਼ ਗੁਰਬਖਸ਼ ਸਿੰਘ ਭੰਡਾਲ
ਸੁਰਜੀਤ ਸਿੰਘ
ਕਿਰਪਾਲ ਸਿੰਘ ਪੰਨੂੰ
ਮਿੱਤਰ ਸੈਨ ਮੀਤ
ਡਾ. ਕੁਲਬੀਰ ਸਿੰਘ ਥਿੰਦ
ਬਲਜਿੰਦਰ ਸਿੰਘ (ਰਾੜਾ ਸਾਹਿਬ)
ਨਵਤੇਜ ਭਾਰਤੀ
ਜਰਨੈਲ ਸਿੰਘ ਕਹਾਣੀਕਾਰ
ਜਤਿੰਦਰ ਪੰਨੂੰ
ਇੰਜ. ਈਸ਼ਰ ਸਿੰਘ
ਹਰਜੋਗਿੰਦਰ ਤੂਰ
ਡਾ. ਗੁਰਦਿਆਲ ਸਿੰਘ ਰਾਏ
ਮਿੰਟੂ ਬਰਾੜ
ਇੰਜ. ਜਸਵੰਤ ਸਿੰਘ ਜ਼ਫਰ
ਪ੍ਰੋਫੈਸਰ ਪੂਰਨ ਸਿੰਘ
ਡਾ. ਕਰਮਜੀਤ ਸਿੰਘ
ਪ੍ਰਿੰ. ਵਿਜੈ ਕੁਮਾਰ
ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਕੁਲਵੰਤ ਸਿੰਘ ਵਿਰਕ
ਡਾ. ਅਮਨਦੀਪ ਸਿੰਘ ਟੱਲੇਵਾਲ਼ੀਆ
ਡਾ. ਰਣਜੀਤ ਸਿੰਘ
ਡਾ. ਤੇਜਿੰਦਰ ਵਿਰਲੀ
ਅਜੀਤ ਖੰਨਾ ਲੈਕਚਰਾਰ
ਡਾ. ਸੁਰਿੰਦਰਜੀਤ ਕੌਰ
ਸੁਰਜੀਤ ਕੌਰ ਬਰੈਂਪਟਨ
ਨੇਤਰ ਸਿੰਘ ਮੁਤਿਓਂ
ਗੁਰਚਰਨ ਸਿੰਘ ਨੂਰਪੁਰ
ਇੰਜ. ਹਰਜੀਤ ਸਿੰਘ ਗਿੱਲ
ਉਜਾਗਰ ਸਿੰਘ
ਮੋਹਨ ਸ਼ਰਮਾ
ਅੰਮ੍ਰਿਤ ਕੌਰ ਬਡਰੁੱਖਾਂ
ਮਹਿੰਦਰ ਸਿੰਘ ਰੰਧਾਵਾ
ਪ੍ਰਿੰ. ਕੁਸੁਮ ਟਾਕ
ਡਾ. ਕਵਿਤਾ ਸ਼ਰਮਾ
ਗੁਰਜੀਤ ਗਿੱਲ
ਸੁਖਜੀਤ ਸਿੰਘ ਚਹਿਲ
ਰਾਜ ਕੌਰ ਕਮਾਲਪੁਰ