You are here:ਮੁਖ ਪੰਨਾ»ਸਫ਼ਰਨਾਮਾ»ਖੂਨ ਦੀ ਸਾਂਝ
Coming soon: A new and improved Global Punjabi site!!!

ਲੇਖ਼ਕ

Monday, 24 August 2026 13:59

ਖੂਨ ਦੀ ਸਾਂਝ

Written by
Rate this item
(0 votes)

ਉਂਝ ਤਾਂ ਲੋਕ ਆਪਣੇ ਆਪਣੇ ਤੌਰ ’ਤੇ ਬਹੁਤ ਦਾਨ-ਪੁੰਨ ਕਰਦੇ ਹਨ ਪਰ ਮੇਰੇ ਖਿਆਲ ਮੁਤਾਬਿਕ ਜੇ ਕਿਸੇ ਨੂੰ ਖੂਨ ਦਾਨ ਦੇ ਕੇ ਕਿਸੇ ਦਾ ਜੀਵਨ ਬਚਾਇਆ ਜਾ ਸਕੇ ਤਾਂ ਉਸ ਤੋਂ ਵੱਡਾ ਕੋਈ ਦਾਨ-ਪੁੰਨ ਨਹੀਂ ਹੋ ਸਕਦਾ। ਇੱਕ ਜ਼ਮਾਨਾ ਸੀ ਜਦੋਂ ਪਿੰਡਾਂ ਵਿੱਚ ਬਹੁਤੀਆਂ ਬੁੱਢੀਆਂ ਔਰਤਾਂ ਆਪਣੇ ਮੁੰਡਿਆਂ ਨੂੰ ਲੁਕੋ ਲੈਂਦੀਆਂ ਸੀ, ਹਸਪਤਾਲ ਨਾ ਜਾਣ ਦਿੰਦੀਆਂ। ਅਗਿਆਨਤਾ ਵੱਸ ਉਹ ਕਹਿੰਦੀਆਂ ਸੁਣੀਆਂ ਨੇ, “ਨਾ ਭਾਈ, ਜੁਆਕ ਮਾਰਨਾ ਏ ਖੂਨ ਕਢਵਾ ਕੇ।” ਭਲੇ ਹੀ ਖੂਨ ਦੀ ਲੋੜ ਮੁੰਡੇ ਦੀ ਪਤਨੀ ਨੂੰ ਹੀ ਕਿਉਂ ਨਾ ਹੁੰਦੀ। ਇਸੇ ਤਰ੍ਹਾਂ ਪਤਨੀਆਂ ਵੀ ਪਤੀਆਂ ਨੂੰ ਪਰੇ ਟਾਲ ਦਿੰਦੀਆਂ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਸਾਡਾ ਖੂਨ ਕੁਛ ਸਮੇਂ ਬਾਅਦ ਪੂਰਾ ਹੋ ਜਾਂਦਾ ਹੈ।

ਖੂਨ ਦਾਨ ਕਰਨ ਪਿੱਛੋਂ ਮਨੁੱਖ ਪਹਿਲਾਂ ਦੀ ਤਰ੍ਹਾਂ ਨੌ ਬਰ ਨੌ ਹੋ ਜਾਂਦਾ ਹੈ। ਕੋਈ ਤਿੰਨ ਕੁ ਮਹੀਨੇ ਦੇ ਵਕਫ਼ੇ ਪਿੱਛੋਂ ਉਹ ਫਿਰ ਖੂਨ ਦਾਨ ਕਰਨ ਦੇ ਯੋਗ ਹੋ ਜਾਂਦਾ ਹੈ। ਖੂਨ ਦਾਨ ਕਰਨ ਵਾਲਾ ਕਿਸੇ ਨੂੰ ਜੀਵਨ ਦਾਨ ਦੇ ਸਕਦਾ ਏ। ਭਲਾ! ਇਸ ਤੋਂ ਵੱਡਾ ਪਰਉਪਕਾਰ ਹੋਰ ਕੀ ਹੋ ਸਕਦਾ ਏ?

ਹੋਇਆ ਇਉਂ, ਮੇਰੇ ਪਤੀ ਨੇ ਸੋਸ਼ਲ ਮੀਡੀਏ ’ਤੇ ਪੜ੍ਹ ਲਿਆ ਕਿ ਕਿਸੇ ਨੂੰ ਬੀ ਨੈਗੇਟਿਵ ਖੂਨ ਦੀ ਬਹੁਤ ਐਮਰਜਜੈਂਸੀ ਵਿੱਚ ਜ਼ਰੂਰਤ ਸੀ। ਖੂਨ ਦਾ ਇਹ ਗਰੁੱਪ ਕਾਫ਼ੀ ਘੱਟ ਮਿਲਦਾ ਹੈ। ਉਹ ਔਰਤ ਜਿਸ ਨੂੰ ਖੂਨ ਦੀ ਤੁਰੰਤ ਲੋੜ ਸੀ, ਉਹ ਗਰਭਵਤੀ ਸੀ। ਉਸ ਨੂੰ ਇੱਕ-ਦੋ ਦਿਨਾਂ ਬਾਅਦ ਬੱਚਾ ਹੋਣ ਵਾਲਾ ਸੀ ਅਤੇ ਉਹ ਇਸ ਸਮੇਂ ਪੀ. ਜੀ. ਆਈ ਚੰਡੀਗੜ੍ਹ ਵਿੱਚ ਐਮਰਜੈਂਸੀ ਵਿੱਚ ਦਾਖਲ ਸੀ। ਮੇਰੇ ਪਤੀ ਦਾ ਬਲੱਡ ਗਰੁੱਪ ਬੀ ਨੈਗੇਟਿਵ ਹੈ। ਇਹ ਲੈਕਚਰਾਰ ਹੋਣ ਕਾਰਨ ਸਕੂਲ ਆਪਣੀ ਡਿਊਟੀ ’ਤੇ ਗਏ ਹੋਏ ਸਨ। ਜਦੋਂ ਇਨ੍ਹਾਂ ਨੂੰ ਪਤਾ ਲੱਗਾ, ਉਸੇ ਵੇਲੇ ਪਟਿਆਲ਼ਾ ਵੱਲ ਤੁਰ ਪਏ। ਮੈਨੂੰ ਜਦੋਂ ਪਤਾ ਲੱਗਾ, ਮੈਂ ਵੀ ਇਨ੍ਹਾਂ ਦੇ ਨਾਲ ਚੱਲ ਪਈ, ਕਿਉਂਕਿ ਪਟਿਆਲ਼ਾ ਤੋਂ ਚੰਡੀਗੜ੍ਹ ਦੋ ਘੰਟਿਆਂ ਦਾ ਸਫਰ ਸੀ। ਵਾਪਸੀ ਸਮੇਂ ਮੇਰਾ ਇਨ੍ਹਾਂ ਨਾਲ ਹੋਣਾ ਮੈਨੂੰ ਜ਼ਰੂਰੀ ਲੱਗਿਆ।

ਦੋ ਘੰਟਿਆਂ ਦੇ ਸਫਰ ਤੋਂ ਬਾਅਦ ਜਦੋਂ ਅਸੀਂ ਚੰਡੀਗੜ੍ਹ ਪੀ. ਜੀ. ਆਈ. ਹਸਪਤਾਲ ਵਿੱਚ ਪਹੁੰਚੇ ਤਾਂ ਉਸ ਔਰਤ ਦਾ ਪਤੀ ਸਾਡੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਕਿਉਂਕਿ ਉਸਦੀ ਪਤਨੀ ਦਾ ਅਪਰੇਸ਼ਨ ਬਲੱਡ ਦੇਣ ਤੋਂ ਬਾਅਦ ਹੀ ਹੋ ਸਕਦਾ ਸੀ। ਕੋਈ ਪੌਣੇ ਕੁ ਘੰਟੇ ਬਾਅਦ ਮੇਰੇ ਪਤੀ ਖੂਨ ਦਾਨ ਕਰਕੇ ਬਾਹਰ ਆ ਗਏ। ਮੈਂ ਕਮਰੇ ਦੇ ਬਾਹਰ ਬੈਠੀ ਇਨ੍ਹਾਂ ਦੀ ਉਡੀਕ ਕਰਦੀ ਰਹੀ। ਇੱਕ-ਦੋ ਵਾਰੀ ਕੋਲ ਜਾ ਕੇ ਇਨ੍ਹਾਂ ਦਾ ਹਾਲ-ਚਾਲ ਪੁੱਛ ਆਈ ਸੀ। ਉਸ ਔਰਤ ਦਾ ਪਤੀ ਵੀ ਬਾਹਰ ਬੈਠਾ ਮੇਰੇ ਪਤੀ ਦਾ ਇੰਤਜ਼ਾਰ ਕਰਦਾ ਰਿਹਾ। ਬਲੱਡ ਦੇਣ ਤੋਂ ਬਾਅਦ 15 ਕੁ ਮਿੰਟ ਹਸਪਤਾਲ ਵਾਲਿਆਂ ਨੇ ਬਿਠਾ ਕੇ ਰੱਖਿਆ। ਉਹ ਚੈੱਕ ਕਰ ਰਹੇ ਸਨ ਕਿ ਖੂਨ ਦੇਣ ਤੋਂ ਬਾਅਦ ਕੋਈ ਸਮੱਸਿਆ ਤਾਂ ਨਹੀਂ ਆਈ। ਕਮਰੇ ਤੋਂ ਬਾਹਰ ਆਉਂਦਿਆਂ ਨੂੰ ਉਸ ਔਰਤ ਦਾ ਪਤੀ ਭੱਜ ਕੇ ਮਿਲਿਆ। ਉਸਨੇ ਮੇਰੇ ਪਤੀ ਨੂੰ ਕੁਰਸੀ ’ਤੇ ਬਿਠਾਇਆ। ਸਾਡੇ ਲੱਖ ਮਨ੍ਹਾ ਕਰਨ ਦੇ ਬਾਵਜੂਦ ਵੀ ਸਾਡੇ ਲਈ ਜੂਸ ਲੈਕੇ ਆਇਆ। ਧੰਨਵਾਦ ਕਰਨ ਲਈ ਉਸ ਕੋਲ ਸ਼ਬਦ ਨਹੀਂ ਸਨ।

ਮੇਰੇ ਪੁੱਛਣ ਤੇ ਉਸਨੇ ਦੱਸਿਆ, “ਕਿਸੇ ਬਿਮਾਰੀ ਦੀ ਵਜਾਹ ਕਾਰਨ ਉਸਦੀ ਪਤਨੀ ਦਾ ਤੇ ਬੱਚੇ ਦਾ ਖੂਨ ਨਹੀਂ ਬਣ ਰਿਹਾ, ਇਸੇ ਕਰਕੇ ਉਨ੍ਹਾਂ ਨੂੰ ਖੂਨ ਦੀ ਤੁਰੰਤ ਲੋੜ ਸੀ। ‘ਬੀ ਨੈਗੇਟਿਵ’ ਬਲੱਡ ਗਰੁੱਪ ਘੱਟ ਮਿਲਦਾ ਹੈ। ਉੱਧਰ ਮੇਰੀ ਪਤਨੀ ਦਾ ਅਪਰੇਸ਼ਨ ਘੱਟ ਬਲੱਡ ਹੋਣ ਕਾਰਨ ਨਹੀਂ ਹੋ ਸਕਦਾ ਸੀ। ਹੁਣ ਤੁਹਾਡੇ ਬਲੱਡ ਦੇਣ ਕਾਰਨ ਮੇਰੀ ਪਤਨੀ ਦਾ ਅਪਰੇਸ਼ਨ ਹੋ ਸਕੇਗਾ। ਹੁਣ ਉਹ ਬੱਚੇ ਨੂੰ ਜਨਮ ਦੇ ਸਕੇਗੀ।”

ਸੁਣਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਅਸੀਂ ਕਿਸੇ ਨੂੰ ਜੀਵਨ ਦਾਨ ਦੇਣ ਦੇ ਯੋਗ ਹੋਏ ਹਾਂ। ਇੱਕ ਗੱਲ ਦੀ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਕਿ ਨਾ ਹੀ ਅਸੀਂ ਉਹਨਾਂ ਨੂੰ, ਨਾ ਹੀ ਉਨ੍ਹਾਂ ਨੇ ਸਾਨੂੰ ਇੱਕ-ਦੂਜੇ ਦੀ ਜਾਤ, ਧਰਮ, ਮਜ਼ਹਬ ਬਾਰੇ ਪੁੱਛਿਆ, ਦੱਸਿਆ। ਫਿਰ ਮਹਿਸੂਸ ਕੀਤਾ ਕਿ ਸਿਰਫ ਇਨਸਾਨੀਅਤ ਸਭ ਤੋਂ ਉੱਪਰ ਹੈ। ਇਨਸਾਨੀਅਤ ਦਾ ਕੋਈ ਮਜ਼ਹਬ, ਧਰਮ, ਜਾਤ ਨਹੀਂ ਹੁੰਦੀ। ਹਾਂ ਇੰਨਾ ਜ਼ਰੂਰ ਪਤਾ ਲੱਗਾ ਕਿ ਉਹ ਪਤੀ-ਪਤਨੀ ਵੀ ਸਾਡੇ ਵਾਂਗ ਅੰਮ੍ਰਿਤਸਰ (ਗੁਰੂ ਕੀ ਨਗਰੀ) ਵਿੱਚ ਅਧਿਆਪਕ ਸਨ। ਵਾਪਸੀ ’ਤੇ ਉਸਨੇ ਸਾਨੂੰ ਫਿਰ ਪੁੱਛਿਆ, “ਮੈਨੂੰ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?”

ਮੈਂ ਉਸਦੇ ਮੋਢੇ ’ਤੇ ਹੱਥ ਰੱਖਕੇ ਇੰਨਾ ਕਿਹਾ, “ਛੋਟੇ ਵੀਰ! ਜਦੋਂ ਤੁਸੀਂ ਖੁਸ਼ੀ-ਖੁਸ਼ੀ ਆਪਣੀ ਪਤਨੀ ਨੂੰ, ਆਪਣੇ ਬੱਚੇ ਨੂੰ ਇੱਥੋਂ ਘਰ ਲੈਕੇ ਜਾਵੋਗੇ ਤਾਂ ਸਾਨੂੰ ਬੱਚੇ ਤੇ ਮਾਂ ਦੀ ਸੁੱਖ-ਸਾਂਦ ਦਾ ਸੁਨੇਹਾ ਦਿੰਦੇ ਰਹਿਣਾ ਤੇ ਜਦੋਂ ਤੁਹਾਡਾ ਬੱਚਾ ਥੋੜ੍ਹਾ ਵੱਡਾ ਹੋ ਗਿਆ ਤਾਂ ਉਸ ਨੂੰ ਲੈ ਕੇ ਸਾਡੇ ਘਰ ਪਟਿਆਲ਼ਾ ਜ਼ਰੂਰ ਫੇਰਾ ਪਾਉਣਾ। ਇਸ ਤੋਂ ਵੱਡੀ ਸੇਵਾ ਤੇ ਖੁਸ਼ੀ ਸਾਡੇ ਲਈ ਹੋਰ ਕੋਈ ਨਹੀਂ ਹੈ।”

ਉਸਨੂੰ ਉਸਦੇ ਪਰਿਵਾਰ ਸਮੇਤ ਖੁਸ਼ ਰਹਿਣ ਦੀਆਂ ਅਸੀਸਾਂ ਦੇ ਕੇ ਅਸੀਂ ਵਾਪਸੀ ਵੱਲ ਚਾਲੇ ਪਾ ਦਿੱਤੇ। ਸੱਚਮੁੱਚ! ਨਵੇਂ ਬਣੇ ਇਸ ਖੂਨ ਦੀ ਸਾਂਝ ਵਾਲੇ ਰਿਸ਼ਤੇ ਨੇ ਮਨ ਨੂੰ ਸਕੂਨ ਤੇ ਮਾਣ ਨਾਲ ਭਰ ਦਿੱਤਾ। ਮੈਨੂੰ ਮੇਰੇ ਪਤੀ ’ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ।

* * * * *

Read 284 times
ਰਾਜ ਕੌਰ ਕਮਾਲਪੁਰ

Patiala, Punjab, India.

WhatsApp: 91-94642-24314

Email: rajkaurkamalpur@gmail.com