ਬਾਪੂ ਦਸਦਾ ਕਿ ਉਹ ਤਾਂ ਆਪਣੀ ਕਿਸ਼ੋਰ ਅਵਸਥਾ ਤੋਂ ਹੀ ਕਵੀਸ਼ਰੀ ਵਿੱਚ ਭਿੱਜਿਆ ਹੋਇਆ ਸੀ। ਜਿੱਥੋਂ ਤੀਕ ਮੇਰੀ ਸੁਰਤ ਜਾਂਦੀ ਹੈ ਉਥੋਂ ਤੋਂ ਹੀ ਉਹ ਮੈਨੂੰ ਕਵੀਸ਼ਰੀ ਲਿਖਦਾ, ਕਵੀਸ਼ਰੀ ਗੁਣਗਣਾਉਂਦਾ, ਕਵੀਸ਼ਰੀ ਦੇ ਸਾਹ ਲੈਂਦਾ, ਤੇ ਕਵੀਸ਼ਰੀ ਵਰਗੀ ਲੈਅਦਾਰ ਤੇ ਪ੍ਰਵਾਹਦਾਰ ਜ਼ਿੰਦਗੀ ਜੀਂਦਾ ਦਿਸਦਾ ਹੈ। ਆਮ ਤੌਰ `ਤੇ ਉਸ ਦੀ ਕਵੀਸ਼ਰੀ ਉਸ ਨੂੰ ਚੱਕਰਵਰਤੀ ਬਣਾਈ ਰਖਦੀ: ਕਦੇ ਕਿਸੇ ਪਿੰਡ `ਚ, ਕਦੇ ਕਿਸੇ ਮੇਲੇ `ਤੇ, ਕਦੇ ਕਿਸੇ ਧਾਰਮਿਕ ਦੀਵਾਨ `ਚ, ਤੇ ਕਦੇ ਕਿਸੇ ਕਾਨਫੰਰੰਸ `ਤੇ, ਪਰ ਜਿਸ ਦਿਨ ਵੀ ਉਹ ਕਿਤੇ ਬਾਹਰ ਨਾ ਗਿਆ ਹੁੰਦਾ, ਸਾਰੀ ਦਿਹਾੜੀ ਉਸ ਦੇ ਹੱਥਾਂ `ਚ ਜਾਂ ਤਾਂ ਸਾਧੂ ਦਯਾ ਸਿੰਘ ਆਰਿਫ਼ ਦੇ ਗ੍ਰੰਥ ਅਤੇ ਪੁਰਾਤਨ ਸ਼ਾਇਰਾਂ ਦੇ ਲਿਖੇ ਹੋਏ ਕਿੱਸੇ ਹੁੰਦੇ, ਜਾਂ ਹਿੰਦੀ, ਪੰਜਾਬੀ, ਉਰਦੂ ਦੇ ਅਖ਼ਬਾਰ, ਤੇ ਜਾਂ ਫ਼ਿਰ ਸਿਆਹੀ ਨਾਲ ਰੱਜਿਆ ਹੋਇਆ ਪੈੱਨ। ਲਾਖੇ ਰੰਗ ਦੇ ਕਾਗਜ਼ਾਂ ਉੱਤੇ ਉਸ ਦਾ ਪੈੱਨ ਸਾਰੀ ਦਿਹਾੜੀ ਕਵੀਸ਼ਰੀ ਦਾ ਕਸੀਦਾ ਕੱਢਦਾ ਰਹਿੰਦਾ। ਵਿੱਚ ਵਿੱਚ ਜਦ ਉਹ ਲਿਖਣ ਤੋਂ ਰੁਕਦਾ, ਤਾਂ ਉਸ ਦੇ ਖੱਬੇ ਹੱਥ ਦੀਆਂ ਉਂਗਲਾਂ ਉਸ ਦੀ ਦਾਹੜੀ ਨਾਲ਼ ਪ੍ਰੇਮ-ਲੀਲ੍ਹਾ ਕਰਨ ਲਗਦੀਆਂ ਅਤੇ ਉਸ ਦੀਆਂ ਸੇਹਲੀਆਂ ਉੱਪਰ ਵੱਲ ਨੂੰ ਖਿੱਚੀਆਂ ਜਾਂਦੀਆਂ। ਅਰਧ-ਮੀਟੀਆਂ ਅੱਖਾਂ ਨਾਲ਼, ਇੰਝ ਕਰਦਿਆਂ ਉਹ ਆਪਣੇ ਮੂੰਹ `ਚ ਹੀ ਕੁੱਝ ਬੁੜਬੁੜਾਉਂਦਾ। ਏਸ ਗੱਲ ਦੀ ਸਮਝ ਮੈਨੂੰ ਕਈ ਵਰ੍ਹੇ ਬਾਅਦ, ਖ਼ੁਦ ਸ਼ਾਇਰੀ ਨਾਲ਼ ਪਲ਼ੋਸਾ-ਪਲ਼ਾਸੀ ਕਰਦਿਆਂ, ਆਈ ਕਿ ਮੂੰਹ ਵਿੱਚ ਤਾਂ ਉਹ ਕਵੀਸ਼ਰੀ ਦੇ ਕਾਫ਼ੀਏ ਮੇਲ ਮੇਲ ਕੇ ਗੁਣਗੁਣਾਉਂਦਾ ਸੀ ਅਤੇ ਕਾਫ਼ੀਆਂ ਨੂੰ ਸ਼ਾਇਰੀ `ਚ ਰੰਗਣ ਲਈ ਜਦੋਂ ਉਹ ਆਪਣੇ ਮੱਥੇ `ਚ ਉਡਾਰੀਆਂ ਲਾਉਂਦਾ, ਤਾਂ ਉਸ ਦੀਆਂ ਭਵਾਂ ਦਾ ਉੱਪਰ ਵੱਲ ਨੂੰ ਉੱਠ ਜਾਣਾ ਸਹਿਜ-ਸੁਭਵਿਕ ਹੀ ਸੀ।
ਪੰਦਰੀਂ-ਵੀਹੀਂ ਦਿਨੀਂ, ਬਾਪੂ ਦੇ ਦੋ ਸਾਥੀ, ਇੱਕ ਅਕਹਿਰੇ ਸਰੀਰ ਵਾਲ਼ਾ ਰਣਜੀਤ ਸਿੱਧਵਾਂ ਤੇ ਦੂਸਰਾ ਗੋਗੜੀ ਪੇਟ ਵਾਲ਼ਾ ਚੰਦ ਜੰਡੀ, ਪੱਚੀ ਤੀਹ ਮੀਲ ਦਾ ਸਾਈਕਲੀ ਸਫ਼ਰ ਤੈਅ ਕਰ ਕੇ ਆ ਧਮਕਦੇ। ਉਹ ਸਾਈਕਲਾਂ ਨੂੰ ਕੰਧਾਂ ਦੇ ਲੜ ਲਾ ਦਿੰਦੇ ਅਤੇ ਸਾਨੂੰ ਬੱਚਿਆਂ ਨੂੰ ਜੱਫ਼ੀਆਂ `ਚ ਲੈ ਕੇ ਪਿਆਰ ਕਰਦੇ। ਉਨ੍ਹਾਂ ਦੇ ਪਸੀਨੇ ਨਾਲ ਭਿੱਜੇ ਕੱਪੜਿਆਂ ਦੀ ਗੰਧ ਹੁਣ ਵੀ ਮੇਰੀਆਂ ਨਾਸਾਂ `ਚ ਉਭਰ ਆਉਂਦੀ ਹੈ।
ਸਾਰੀ ਦਿਹਾੜੀ ਸਾਡੇ ਵੱਡੇ ਦਲਾਨ `ਚ ਕਵੀਸ਼ਰੀ-ਗਾਇਨ ਦਾ ਅਭਿਆਸ ਛਲਕਦਾ ਰਹਿੰਦਾ। ਰਣਜੀਤ ਦੀ ਬੁਲੰਦ ਆਵਾਜ਼ ਸੁਣਦਿਆਂ ਮੈਨੂੰ ਇੰਝ ਜਾਪਦਾ ਜਿਵੇਂ ਹੜ੍ਹਿਆਏ ਦਰਿਆ ਦਾ ਪਾਣੀ ਕਿਸੇ ਬੰਨ੍ਹ ਨੂੰ ਤੋੜ ਕੇ ਕੱਖ-ਕਾਨਿਆਂ ਨੂੰ ਰੋੜ੍ਹੀ ਜਾ ਰਿਹਾ ਹੋਵੇ। ਬਾਪੂ, ਕਵੀਸ਼ਰੀ ਗਾਇਨ ਦਾ ਅਭਿਆਸ ਕਰ ਰਹੇ ਆਪਣੇ ਸਾਥੀਆਂ ਨੂੰ ਰੋਕ ਕੇ ਲਫ਼ਜ਼ਾਂ ਦਾ ਸ਼ੁੱਧ ਉਚਾਰਣ ਸਿਖਾਉਂਦਾ ਅਤੇ ਆਵਾਜ਼ `ਚ ਉੱਚਾਣ-ਨੀਵਾਣ ਤੇ ਮੋੜੇ ਲਿਆਉਣ ਦਾ ਹਿਸਾਬ-ਕਿਤਾਬ ਸਮਝਾਅ ਕੇ ਹਦਾਇਤਕਾਰ ਹੋਣ ਦਾ ਰੋਲ ਕਰਦਾ।
ਗਰਮੀਆਂ ਦੇ ਭਖ਼ਦੇ ਦੁਪਹਿਰੀਂ ਕਵੀਸ਼ਰੀ ਗਾਇਨ ਦੇ ਅਭਿਆਸ ਦੇ ਨਾਲ਼ ਨਾਲ਼ ਕੂੰਡੇ `ਚ ਖ਼ਸ-ਖ਼ਾਸ, ਬਦਾਮ, ਮਿਸ਼ਰੀ, ਕਾਲ਼ੀਆਂ ਮਿਰਚਾਂ, ਤੇ ਚਾਰੇ ਮਗਜ਼ਾਂ ਦਾ ਰਗੜਾਅ ਹੋ ਕੇ ਸ਼ਰਦਈ ਤਿਆਰ ਹੁੰਦੀ ਜਿਹੜੀ ਸਰੋਤਿਆਂ ਨੂੰ ਵੀ ਵਰਤਾਈ ਜਾਂਦੀ।
ਅਭਿਆਸ ਖ਼ਤਮ ਹੁੰਦਾ ਤਾਂ ਰਣਜੀਤ ਹੋਰੀਂ ਸੌਂ ਜਾਂਦੇ। ਮੈਂ ਉਦੋਂ ਚੌਥੀ, ਪੰਜਵੀਂ ਦੀਆਂ ਕਿਤਾਬਾਂ ਨਾਲ਼ ਅੱਖ-ਮਟੱਕੇ ਮਾਰ ਰਿਹਾ ਸਾਂ। ਮੈਂ ਸੁੱਤੇ ਪਏ ਰਣਜੀਤ ਦੇ ਚਿਹਰੇ ਨੂੰ ਹੈਰਤ ਨਾਲ਼ ਦੇਖਦਾ ਤੇ ਸੋਚਦਾ ਕਿ ਆਵਾਜ਼ ਦਾ ਏਨਾ ਪ੍ਰਬਲ ਵਹਿਣ ਉਸ ਦੇ ਗਲ਼ੇ `ਚੋਂ ਕਿੰਝ ਉੱਛਲ਼ਦਾ ਹੈ। ਰਣਜੀਤ ਦੀ ਸੁਰੀਲੀ ਤੇ ਪੁਖ਼ਤਾ ਆਵਾਜ਼ ਸੁਣ ਕੇ ਮੇਰਾ ਮਨ ਕਰਦਾ ਸੀ ਮੈਂ ਉਸ ਦੀ ਬੁੱਕਲ਼ `ਚ ਬੈਠ ਜਾਵਾਂ। ਮੈਨੂੰ ਜਾਪਦਾ ਕਿ ਰਣਜੀਤ ਦੀ ਭਰਵੀਂ ਅਵਾਜ਼ ਸ਼ਾਇਦ ਉਸ ਦੀ ਗੋਲਾਈਦਾਰ ਤੇ ਚੁੰਝਦਾਰ ਦਸਤਾਰ ਕਾਰਨ ਉਪਜਦੀ ਹੈ। ਮੇਰਾ ਜੀਅ ਕਰਦਾ ਮੈਂ ਵੀ ਰਣਜੀਤ ਵਰਗੀ ਚੁੰਝਦਾਰ ਦਸਤਾਰ ਸਜਾਉਣੀ ਸਿੱਖ ਜਾਵਾਂ। ਰਣਜੀਤ ਵਾਂਗ ਉੱਚੀ ਸੁਰ `ਚ ਗਾਉਣ ਦੀ ਤਮੰਨਾ ਮੇਰੇ ਜ਼ਿਹਨ `ਚ ਵੀ ਬੇਚੈਨੀ ਬੀਜਣ ਲੱਗਦੀ।
ਸ਼ਾਮ ਨੂੰ ਅਲਮਾਰੀ `ਚ ਪਈ ਬੋਤਲ ਪਿਆਕੜਾਂ ਦੀ ਉਡੀਕ `ਚ ਬਿਹਬਲ ਹੋ ਉੱਠਦੀ। ਦਿਨ ਛਿਪਦਿਆਂ ਹੀ, ਲਾਲਟੈਣ ਦੀ ਚਿਮਨੀ `ਚ ਅੱਗ ਦਾ, ਅੰਗੂਠੇ ਕੁ ਜੇਡਾ, ਫੁੱਲ ਖਿੜਦਾ, ਤੇ ਉਸ ਦੀ ਫਿੱਕੀ ਫਿੱਕੀ ਰੌਸ਼ਨੀ ਕਮਰੇ ਨੂੰ ਜਗਾਅ ਦੇਂਦੀ। ਮੇਜ਼ ਉੱਪਰ ਪੁਰਾਣੇ ਅਖ਼ਬਾਰ ਵਿਛਣ ਲਗਦੇ। ਸਾਹਮਣੀ ਕੰਧੋਲੀ ਦੇ ਅੰਦਰਲੇ ਪਾਸੇ, ਚੁਲ੍ਹੇ `ਤੇ ਧਰੇ ਪਤੀਲੇ `ਚ ਬੱਕਰੇ ਦਾ ਮਾਸ ਗੁੜ-ਗੁੜਾਉਂਦਾ ਜਿਸ ਦੀ ਮਸਾਲੇਦਾਰ ਗੰਧ ਆਂਢ-ਗੁਆਂਢ ਦੇ ਦਰਜਣਾਂ ਘਰਾਂ ਤੀਕਰ ਮਾਰ ਕਰਦੀ। ਮੈਂ, ਮੈਥੋਂ ਛੋਟਾ ਰਛਪਾਲ, ਤੇ ਵੱਡਾ ਬਲਵੰਤ ਸੇਵਾਦਾਰਾਂ ਦਾ ਰੂਪ ਧਾਰ ਲੈਂਦੇ। ਅਸੀਂ ਮੇਜ਼ ਸਾਫ਼ ਕਰਦੇ, ਗਲਾਸ ਧੋਂਦੇ, ਪਿਆਜ਼ ਕਟਦੇ, ਪਿਆਜ਼ ਦੀਆਂ ਫਾੜੀਆਂ ਉੱਪਰ ਨਿੰਬੂ ਨਿਚੋੜਦੇ, ਬੋਤਲ `ਚ ਟਿਕਿਆ ਸਿਰਕਾ ਛਲਕਾਉਂਦੇ, ਅਤੇ ਆਤਮਾ ਰਾਮ ਦੀ ਹੱਟੀ ਤੋਂ ਬਰਫ਼ ਦੇ ਘੇਪੇ ਤੇ ਸੋਢੇ ਦੀਆਂ ਬੋਤਲਾਂ ਲੈਣ ਤੁਰ ਜਾਂਦੇ। ਦਸਾਂ-ਪੰਦਰਾਂ ਮਿੰਟਾਂ `ਚ ਹੀ ਬਾਪੂ ਦੀਆਂ ਅੱਖਾਂ `ਚ ਤਾਰੇ ਖਿੜਨ ਲਗਦੇ। ਉਹ ਸਾਨੂੰ ਬਗ਼ਲ `ਚ ਲੈ ਕੇ ਘੁਟਦਾ, ਚੁੰਮਦਾ ਤੇ ਸਾਡੀਆਂ ਗੱਲ੍ਹਾਂ `ਤੇ ਪੋਲੇ ਪੋਲੇ ਥਪੇੜੇ ਮਾਰ ਕੇ ਸਰੂਰ `ਚ ਮੁਸਕਰਾਉਂਦਾ।
ਸੰਨ ਸੱਵਤੰਜਾ ਦੀਆਂ ਗਰਮੀਆਂ ਬਹੁਤੇ ਲੋਕਾਂ ਲਈ ਆਮ ਵਰਗੀਆਂ ਹੀ ਹੋਣਗੀਆਂ ਪਰ ਅਸਾਂ ਤਿੰਨਾਂ ਭਰਾਵਾਂ ਦੇ ਭਵਿਖ਼ਤ ਦੀਆਂ ਇਨ੍ਹਾਂ ਗਰਮੀਆ ਨੇ ਤਾਸੀਰਾਂ, ਤਸਵੀਰਾਂ ਅਤੇ ਮੁਹਾਣ ਹੀ ਬਦਲ ਸੁੱਟੇ। ਮੈਂ ਛੇਵੀਂ `ਚ ਸਾਂ, ਛੋਟਾ ਰਛਪਾਲ ਚੌਥੀ `ਚ ਤੇ ਬਲਵੰਤ ਗਿਆਰਵੀਂ `ਚ। ਉਸ ਸਮੇਂ ਘਰ ਦੀ ਖਸਤਾ ਆਰਥਿਕ ਹਾਲਤ, ਪਿੰਡ ਵਿੱਚ ਹਾਈ ਸਕੂਲ ਦੀ ਅਣਹੋਂਦ, ਤੇ ਸ਼ਹਿਰ ਤੋਂ ਦਸ ਕਿਲੋਮੀਟਰ ਦੀ ਬੇਸੜਕ, ਰੇਤਲੀ ਦੂਰੀ ਨੇ ਕੁੱਝ ਕੁ ਮਹੀਨਿਆਂ ਤੀਕਰ ਸਾਡੇ ਹੱਥਾਂ `ਚੋਂ ਕਿਤਾਬਾਂ ਲਾਜ਼ਮੀ ਤੌਰ ਕੇਰ ਲੈਣੀਆਂ ਸਨ। ਸਾਡੀ ਅੱਧ ਤੋਂ ਵੱਧ ਗਹਿਣੇ ਟਿਕੀ ਜ਼ਮੀਨ ਸਾਨੂੰ ਸਾਡੇ ਹਾਣੀਆਂ ਵਾਂਗਣ ਹੀ ਘਾਹ ਖੋਤਣ, ਫ਼ਸਲਾਂ ਉਗਾਉਣ ਤੇ ਮੱਝਾਂ ਦੇ ਚਰੇਵੇਂ `ਚ ਉਲਝਾਉਣ ਲਈ ਉਡੀਕ ਰਹੀ ਸੀ। ਜਾਂ ਫ਼ਿਰ ਹਾਲਾਤ ਦੇ ਤਾਣੇ-ਬਾਣੇ ਨੇ ਸਾਨੂੰ ਕਿਸੇ ਨਹਿਰ ਦੇ ਪੁਲ਼ `ਤੇ ਜਾ ਬਿਠਾਉਣਾ ਜਿੱਥੇ ਸਾਈਕਲਾਂ ਨੂੰ ਪੰਕਚਰ ਲਾਉਣੇ ਅਤੇ ਖੋਖਾ ਉਸਾਰ ਕੇ ਆਉਂਦੇ-ਜਾਂਦੇ ਰਾਹੀਆਂ ਨੂੰ ਚਾਹ ਪਿਆਉਣੀ ਸਾਡੀ ਮੰਨਜ਼ਿਲ ਹੋ ਨਿੱਬੜਣੀ ਸੀ।
ਬਾਪੂ ਕਿਉਂਕਿ ਉੱਦਮੀ ਅਤੇ ਨਵੀਆਂ ਲਕੀਰਾਂ ਖਿੱਚਣ ਦਾ ਸ਼ੌਕੀ ਸੀ, ਇਸ ਲਈ ਉਹ ਸਧਾਰਨ ਤੁਕਬੰਦੀ ਵਾਲੀ ਰਵਾਇਤੀ ਕਵੀਸ਼ਰੀ ਨੂੰ ਅਣਛੋਹ ਅਤੇ ਤਾਜ਼ੀਆਂ ਤਸ਼ਬੀਹਾਂ `ਚ ਰੰਗ ਕੇ ਉਸ ਦਾ ਮੁਹਾਂਦਰਾ ਬਦਲਣ `ਚ ਜੁਟਿਆ ਹੋਇਆ ਸੀ। ਫ਼ਿਰ ਉਸ ਨੇ ਕਵੀਸ਼ਰੀ ਦੀ ਇੱਕੋ ਰਹਾਅ ਵਾਲੀ ਅਕਾਊ ਜਿਹੀ ਗਾਇਨ ਸ਼ੈਲੀ ਨੂੰ ਰੱਦ ਕੇ, ਨਵੀਆਂ ਨਵੇਕਲ਼ੀਆਂ ਤਰਜ਼ਾਂ `ਚ ਢਾਲਣਾ ਸ਼ੁਰੂ ਕਰ ਦਿੱਤਾ, ਤਾਂ ਉਸ ਦੇ ਕਵੀਸ਼ਰੀ ਜੱਥੇ ਦੀ ਧਾਂਕ ਆਲ਼ੇ-ਦੁਅਲ਼ੇ ਦੇ ਪਿੰਡਾਂ ਤੋਂ ਪਾਰ ਤੀਕ ਵਗਣ ਲੱਗੀ। ਇੱਕ ਦਿਨ ਆਪਣੇ ਜੱਥੇ ਸਮੇਤ ਉਹ ਜਲੰਧਰ ਰੇਡੀਓ ਵਾਲਿਆਂ ਕੋਲ਼ ਜਾ ਧਮਕਿਆ: ਅਖੇ ਮੇਰੇ ਜੱਥੇ ਦੀ ਕਵੀਸ਼ਰੀ ਰੇਡੀਓ ਤੋਂ ਬਰਾਡਕਾਸਟ ਕਰੋ। ਰੇਡੀਓ ਵਾਲੇ ਕਹਿਣ: ਪਹਿਲਾਂ ਆਪਣੇ ਸਾਜ਼ ਦਿਖਾਓ। ਬਾਪੂ ਸਮਝਾਵੇ ਕਿ ਕਵੀਸ਼ਰੀ, ਸਾਜ਼ ਤੋਂ ਬਿਨਾ ਗਾਈ ਜਾਣ ਵਾਲੀ, ਮਾਲਵੇ ਦੇ ਵਿਸ਼ਾਲ ਇਲਾਕੇ ਦੀ ਮਕਬੂਲ ਲੋਕ-ਗਾਇਕੀ ਹੈ ਜਿਸ ਨੂੰ ਪਿੰਡਾਂ ਦੇ ਹਜ਼ਾਰਾਂ ਸ੍ਰੋਤੇ ਕਈ ਕਈ ਘੰਟੇ ਸਾਹ ਰੋਕ ਕੇ ਸੁਣਦੇ ਨੇ। ਪਰ, ਰੇਡੀਓ ਤੋਂ ਪਿੰਡਾਂ ਲਈ ਕੀਤੇ ਜਾਂਦੇ ਇੱਕ ਘੰਟੇ ਦੇ ‘ਦਿਹਾਤੀ ਪ੍ਰੋਗਰਾਮ’ ਦੇ ਸ਼ਹਿਰੀ ‘ਬਾਬੂਆ-ਤਬੀਅਤ’ ਪ੍ਰਬੰਧਕ, ਬਰਾਡਕਾਸਟਿੰਗ ਤਾਂ ਕੀ, ਬਾਪੂ ਪਾਰਸ ਨੂੰ ਰੇਡੀਓ ਦੇ ਸਟੂਡੀਓ ਦਾ ਦਰਵਾਜ਼ਾ ਦਿਖਾਉਣ ਤੋਂ ਵੀ ਇਨਕਾਰੀ ਹੋ ਗਏ। ਪਰ ਮਾਯੂਸ ਹੋਏ ਬਾਪੂ ਨੇ ਹਿੰਮਤ ਨੂੰ ਹੱਥਾਂ `ਚੋਂ ਖਿਸਕਣ ਨਹੀਂ ਦਿੱਤਾ। ਅਖ਼ੀਰ, ਮੋਗੇ ਇਲਾਕੇ `ਚ ਜੰਮਿਆਂ-ਪਲ਼ਿਆ, ਇੱਕ ‘ਦਿਹਾਤੀ’ ਬਾਬੂ, ਸ਼ੰਭੂ ਨਾਥ ਸ਼ੇਸ਼, ਪ੍ਰਗਟ ਹੋ ਗਿਆ ਜਿਹੜਾ ਜਲੰਧਰ ਰੇਡੀਓ ਦੇ ਸਟਾਫ਼ `ਚ ਕਿਸੇ ਚੰਗੇ ਅਹੁਦੇ `ਤੇ ਬਿਰਾਜਮਾਨ ਸੀ। ਉਸ ਦੀ ਅਤੇ ਨਾਮਵਰ ਹਾਸਰਸ ਲੇਖਕ ਗੁਰਨਾਮ ਸਿੰਘ ਤੀਰ ਦੀ ਜ਼ਿਦੀ ਸਿਫ਼ਾਰਿਸ਼ ਸਦਕਾ ਜਲੰਧਰ ਰੇਡੀਓ ਵਾਲਿਆਂ ਨੇ ਜਕਦਿਆਂ-ਜਕਦਿਆਂ ਬਾਪੂ ਦੇ ਜੱਥੇ ਨੂੰ ਰੇਡੀਓ ਤੋਂ ਦਸ ਕੁ ਮਿੰਟ ਲਈ ਕਵੀਸ਼ਰੀ ਗਾਇਨ ਕਰਨ ਦਾ ਮੌਕਾ ‘ਬਖ਼ਸ਼’ ਦਿੱਤਾ ਤਾਂ ਸਾਜ਼ਾਂ ਤੋਂ ਬਿਨਾ, ਬੁਲੰਦ ਆਵਾਜ਼ਾਂ `ਚ ਕਵੀਸ਼ਰੀ ਦਾ ਗਾਇਨ, ਪਹਿਲੀ ਵਾਰ, ਸੰਨ ਛਪੰਜਾ `ਚ ਰੇਡੀਓ ਦੀਆਂ ਲਹਿਰਾਂ `ਤੇ ਅਸਵਾਰ ਹੋਇਆ। ਰੇਡੀਓ ਤੋਂ ਕਵੀਸ਼ਰੀ ਦਾ ਗਾਇਨ ਹੁੰਦਿਆਂ ਹੀ ਬਾਪੂ ਦੀ ਕਵੀਸ਼ਰੀ ਦੀ ਧੁੰਮ ਪੂਰੇ ਪੰਜਾਬ ਦੇ ਪਿੰਡਾਂ `ਚ ਲਟ-ਲਟ ਮੱਚ ਉੱਠੀ। ਰੇਡੀਓ ਸਟੇਸ਼ਨ ਵਾਲਿਆਂ ਦੀ ਮੇਜ਼ `ਤੇ, ਬਾਪੂ ਦੀ ਕਵੀਸ਼ਰੀ ਦੀ ਫ਼ਰਮਾਇਸ਼ `ਚ ਆਈਆਂ ਚਿੱਠੀਆਂ ਦੀਆਂ ਢੇਰੀਆਂ ਲੱਗਣ ਲੱਗੀਆਂ। ਇੱਕ-ਦੂਜੇ ਤੋਂ ਅੰਦਰੋ-ਅੰਦਰੀ ਤ੍ਰਭਕਦੇ ਰੇਡੀਓ ਅਧਿਕਾਰੀਆਂ ਨੇ ਸੁੱਖ ਦਾ ਸਾਹ ਹੀ ਨਹੀਂ ਲਿਆ ਸਗੋਂ ਬਾਪੂ ਦੇ ਜੱਥੇ ਦੀ ਕਵੀਸ਼ਰੀ ਹੁਣ ਹਰ ਮਹੀਨੇ ਹੀ ਰੇਡੀਓ `ਤੇ ਗੂੰਜਣ ਲੱਗੀ, ਦਸ ਕੁ ਮਿੰਟ ਨਹੀਂ, ਅੱਧਾ ਅੱਧਾ ਘੰਟਾ। ਉਧਰ ਗ੍ਰਾਮੋਫ਼ੋਨ ਕੰਪਨੀਆਂ ਵਾਲਿਆਂ ਦੇ ਕੰਨਾਂ `ਚ ਕਵੀਸ਼ਰੀ ਦੀ, ਹਨੇਰੀ ਵਾਂਗ ਉੱਠੀ ਮਕਬੂਲੀਅਤ ਦੀ ਫ਼ੂਕ, ਪਤਾ ਨਹੀਂ ਕਿਸ ਨੇ ਮਾਰ ਦਿੱਤੀ। ਪਿੰਡਾਂ ਦੀਆਂ ਸੱਥਾਂ `ਚ ਕਲੋਲਦੀ ਕਵੀਸ਼ਰੀ ਨੂੰ, ਰੇਡੀਓਈ ਲਹਿਰਾਂ `ਤੇ ਅਸਵਾਰ ਕਰਨ ਤੋਂ ਬਾਅਦ, ਬਾਪੂ ਨੇ ਲੁਧਿਆਣਾ ਸਥਿਤ ਐਚ ਐਮ ਵੀ ਗ੍ਰਾਮੋਫ਼ੋਨ ਕੰਪਨੀ ਦੇ ਅਧਿਕਾਰਤ ਵਿਕਰੇਤਾ, ‘ਖ਼ਾਲਸਾ ਟਰੇਡਿੰਗ ਕੰਪਨੀ’ ਰਾਹੀਂ, ਹੁਣ ਗ੍ਰਾਮੋਫ਼ੋਨ ਰੀਕਾਰਡਾਂ ਦੇ ਸਿਆੜਾਂ `ਚ ਬੀਜ ਕੇ, ਉਸ ਨੂੰ ‘ਜੱਟੀ ਤੋਂ ਹੀਰ’ ਬਣਾਉਣ ਦਾ ਮਾਅਰਕਾ ਕਰ ਮਾਰਿਆ। ਬਾਪੂ ਦੀ ਕਵੀਸ਼ਰੀ ਦਾ ਪਹਿਲਾ ਰੀਕਾਰਡ ਮਾਰਕਿਟ `ਚ ਆਉਂਦਿਆਂ ਹੀ ਉਹ ਗ੍ਰਾਮੋਫ਼ੋਨ ਕੰਪਨੀ ਦੇ ਦਸਤਾਵੇਜ਼ਾਂ `ਚ ‘ਸਟਾਰ ਆਰਟਿਸਟ’ ਦੇ ਤੌਰ `ਤੇ ਉੱਭਰ ਆਇਆ। ਹਰ ਪਿੰਡ, ਹਰ ਕਸਬੇ, ਹਰ ਸ਼ਹਿਰ ਤੇ ਹਰ ਮੇਲੇ-ਮਸਾਵੇ `ਚ ਬਾਪੂ ਦਾ ਪਲੇਠਾ ਕਵੀਸ਼ਰੀ ਰੀਕਾਰਡ, `ਚਹੁੰ ਕੁ ਦਿਨਾਂ ਦਾ ਮੇਲਾ’ ਅਤੇ ‘ਕਿਓਂ ਫ਼ੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ’ ਗੂੰਜਣ ਲੱਗਾ। ਸ਼ਹਿਰਾਂ `ਚ ਰਿਕਸ਼ਿਆਂ ਉੱਪਰ ਸਪੀਕਰ ਲਗਾ ਕੇ ਦਵਾਈਆਂ ਦੀ ਮਸ਼ਹੂਰੀ ਕਰਨ ਵਾਲੇ ਮਨਾਦੀਆਂ ਨੂੰ ਤਾਂ ਕਵੀਸ਼ਰੀ ਦਾ ਇਹ ਰੀਕਾਰਡ ਇੱਕ ਖ਼ਜ਼ਾਨੇ ਦੇ ਰੂਪ `ਚ ਟੱਕਰਿਆ।
ਰੀਕਾਰਡ ਆਉਣ ਤੋਂ ਬਾਅਦ, ਬਾਪੂ ਦੀ ਧੁੰਮ ਹੁਣ ਮਾਲਵੇ, ਮਾਝੇ ਅਤੇ ਦੁਆਬੇ ਦੀਆਂ ਹੱਦਾਂ ਤੋਂ ਤੇਜ਼ੀ ਨਾਲ਼ ਨਿਕਲ਼ ਕੇ, ਪੂਰੇ ਭਾਰਤ ਦੇ ਪੰਜਾਬੀਆਂ ਤੀਕਰ ਫੈਲ ਗਈ। ਸੰਨ ਸਤਵੰਜਾ ਦੇ ਮਾਰਚ `ਚ, ਕਲਕੱਤੇ ਦੇ ਕਿਸੇ ਗੁਰਦਵਾਰੇ ਤੋਂ, ਹਰ ਸਾਲ 13 ਅਪਰੈਲ ਨੂੰ ਮਨਾਈ ਜਾਂਦੀ ਵਿਸਾਖੀ ਦੇ ਧਾਰਮਿਕ ਜਸ਼ਨਾਂ `ਚ ਕਵੀਸ਼ਰੀ ਕਰਨ ਲਈ ਸੱਦਾ-ਪੱਤਰ ਆ ਗਿਆ। ਜਕੋ-ਤਕੀ ਕਰਦੇ ਪਾਰਸ ਨੇ ਆਪਣੇ ਜੱਥੇ ਸਮੇਤ ਕਲਕੱਤੇ ਨੂੰ ਚਾਲੇ ਪਾ ਦਿੱਤੇ।
ਅੱਜ-ਕੱਲ੍ਹ ਪੰਜਾਬ ਦੀ ਸਿਆਸਤ `ਚ ਹਨੇਰੀ ਵਾਂਗ ਵਗ ਰਿਹਾ, ਮੈਥੋਂ ਵੱਡਾ ਭਰਾ ਬਲਵੰਤ, ਬਚਪਨ ਤੋਂ ਹੀ ਜੁਗਾੜੀ ਅਤੇ ਜੋੜ-ਤੋੜੀਆ ਸੀ। ਉਸ ਨੇ ਜਿਓਂ ਹੀ ਦਸਵੀਂ ਦਾ ਸਰਟੀਫ਼ਕੇਟ ਹਾਸਲ ਕੀਤਾ, ਬਾਪੂ ਉਸ ਨੂੰ ਫ਼ੀਰੋਜ਼ਪੁਰ ਸ਼ਹਿਰ `ਚ ਟੀਨ ਦੇ ਟਰੰਕ-ਪੇਟੀਆਂ ਬਣਾਉਣ ਵਾਲ਼ੇ ਇੱਕ ਕਾਰਖਾਨੇ `ਚ ਛੱਡ ਆਇਆ ਜਿੱਥੋਂ ਅੱਥਰਾ ਬਲਵੰਤ ਹਫ਼ਤੇ ਕੁ ਬਾਅਦ ਹੀ ਦੌੜ ਆਇਆ। ਘਰ ਆਉਂਦੇ ਨੂੰ ਬੇਬੇ ਦੀਆਂ ਤਿਊੜੀਆਂ ਵੱਲੋਂ ਕੀਤੇ ਭਰਵੇਂ ਸਵਾਗਤ ਅਤੇ ਭਰਪੂਰ ਲਾਹ-ਪਾਹ ਤੋਂ ਵਿਹਲਾ ਹੁੰਦਿਆਂ ਹੀ, ਬਲਵੰਤ ਨੇ ਸਾਡੇ ਘਰ `ਚ ਪਈ, ਇੱਕ ਅਰਧ-ਜ਼ੰਗਾਲੀ ਟਰੰਕੀ ਦੀ ਫ਼ਰੋਲ਼ਾ-ਫ਼ਰਾਲੀ ਸ਼ੁਰੂ ਕਰ ਦਿੱਤੀ ਜਿੱਥੋਂ ਲੱਭੀ, ਵੱਡ-ਅਕਾਰੀ ਕਾਗਜ਼ਾਂ ਨੂੰ ਚਮਿਅਕੰਧੂਈ ਨਾਲ਼ ਸੀਅ ਕੇ ਬਣਾਈ, ਇੱਕ ਮੋਟੀ ਕਾਪੀ `ਚ ਸੁੱਤਾ, ਬਾਪੂ ਪਾਰਸ ਦਾ ਛੰਦਾ-ਬੰਦੀ `ਚ ਲਿਖਿਆ, ਕੌਲਾਂ ਭਗਤਣੀ ਦਾ ਕਿੱਸਾ, ਉਸ ਦੀ ਸੁਰਤ `ਚ ਲਹਿ ਗਿਆ। ਉਨ੍ਹੇ ਚੌਥੀ `ਚ ਪੜ੍ਹਦੇ, ਮੈਥੋਂ ਛੋਟੇ ਭਰਾ ਰਛਪਾਲ ਨੂੰ ਤੇ ਮੈਨੂੰ ਆਪਣੇ ਸਾਹਮਣੇ ਬਿਠਾਅ ਲਿਆ ਤੇ ਬਾਪੂ ਦਾ ਕਿੱਸਾ ਤਰੰਨਮ `ਚ ਪੜ੍ਹਨਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਮੁੱਖ ਪਾਤਰ ਰਾਜਾ ਰਸਾਲੂ, ਆਪਣੇ ਵਜ਼ੀਰ ਬੀਜਾ ਮੱਲ ਦੀ ਬੀਵੀ, ਕੌਲਾਂ, ਦੀ ਸੁੰਦਰਤਾ `ਤੇ ਮੋਹਿਤ ਹੋ ਕੇ ਆਪਣੇ ਇੱਕ ਵਜ਼ੀਰ, ਤੋਤੇ ਸੁੰਦਰ, ਨਾਲ਼ ਮਿਲ਼ ਕੇ, ਕੌਲਾਂ ਨੂੰ ਭੋਗਣ ਦੀ ਸਾਜ਼ਸ਼ ਰਚਣ ਲੱਗਾ। ਧਨ ਨਾਲ਼ ਭਰੀਆਂ ਖੁਰਜੀਆਂ ਖੱਚਰਾਂ `ਤੇ ਲੱਦ ਕੇ, ਬੀਜੇ ਨੂੰ ਘੋੜੇ ਖ਼ਰੀਦਣ ਲਈ ਅਰਬ ਦੇ ਰਸਤੇ ਤੋਰ ਦਿੱਤਾ ਗਿਆ। ਉਸੇ ਰਾਤ ਰਾਜੇ ਨੇ ਕੌਲਾਂ ਦਾ ਕੁੰਡਾ ਜਾ ਖੜਕਾਇਆ: ਅਖੇ ਮੈਂ ਬੀਜਾ ਆਂ। ਬਾਪੂ ਦੇ ਇੱਕ ਛੰਦ `ਚ ਉਹ ਤਰਲੇ ਕਰਨ ਲੱਗਾ: ‘ਬੀਜਾ ਬਾਹਰ ਖਲੋਤਾ ਭਿੱਜਿਆ ਬਾਰਸ਼ ਦਾ, ਬਾਰ ਖੋਲ੍ਹ ਦੇ ਕੌਲਾਂ ਮੇਰੀਏ! ’ ਡਰੀ ਹੋਈ ਕੌਲਾਂ ਅੱਗੋਂ ਕਹਿਣ ਲੱਗੀ: ‘ਬਾਰ ਕਿਸ ਤਰ੍ਹਾਂ ਖੋਲ੍ਹਾਂ ਓਭੜ ਬੰਦੇ ਨੂੰ, ਤੂੰ ਕੋਈ ਠੱਗ, ਚੋਰ, ਯਾਰ ਹੈਂ!’ ਰਸਾਲੂ ਜ਼ਿਦ ਕਰੇ ਕਿ ਮੈਂ ਬੀਜਾ ਈ ਆਂ, ਤੂੰ ਮੈਨੂੰ ਪਛਾਣਦੀ ਨਹੀਂ। ਕੌਲਾਂ ਨੇ ਸ਼ਰਤ ਰੱਖ ਦਿੱਤੀ ਕਿ ਅਗਰ ਤੂੰ ਸੱਚ ਮੁੱਚ ਈ ਬੀਜਾ ਐਂ ਤਾਂ ਉਹ ਛਾਪ ਝੀਥ ਰਾਹੀਂ ਅੰਦਰ ਸੁੱਟ ਜਿਹੜੀ ਮੈਂ ਤੈਨੂੰ ਸ਼ਾਦੀ ਸਮੇਂ ਪਾਈ ਸੀ! ਰਸਾਲੂ ਨੇ, ਚਾਲਾਕ ਤੋਤੇ ਸੁੰਦਰ ਦੀ ਸਲਾਹ `ਤੇ, ਉਹ ਛਾਪ ਬੀਜੇ ਤੋਂ ਇਹ ਕਹਿ ਕੇ ਪਹਿਲਾਂ ਹੀ ਰੱਖ ਲਈ ਸੀ ਕਿ ਤੇਰੇ ਬਾਅਦ ਤੇਰੀ ਯਾਦ ਵਿੱਚ ਇਸ ਛਾਪ ਨਾਲ ਹੀ ਦਿਲ ਲਾ ਲਿਆ ਕਰਾਂਗਾ। ਉਧਰ ਬੀਜਾ ਇੱਕ ਆਜੜੀ ਤੋਂ ਅਰਬ ਦਾ ਰਾਹ ਪੁੱਛਦਾ ਹੈ ਤਾਂ ਆਜੜੀ ਬੀਜੇ ਦੀ ਭੋਲ਼-ਭੰਡਾਰੀ ਡੀਲ-ਡੌਲ ਦੇਖ ਕੇ ਉਸ ਨੂੰ ਇਹ ਸਮਝਾਅ ਦਿੰਦਾ ਹੈ ਕਿ ਕੌਲਾਂ ਅਤੇ ਰਸਾਲੂ ਨੇ ਸਾਜ਼ਸ਼ ਰਚ ਕੇ ਉਸ ਨਾਲ਼ ਧੋਖਾ ਕੀਤਾ ਹੈ। ਆਜੜੀ ਖੁਰਜੀਆਂ `ਤੇ ਦਾਤੀ ਫ਼ੇਰਦਾ ਹੈ ਤਾਂ ਉਨ੍ਹਾਂ `ਚੋਂ ਸੋਨੇ ਦੀਆਂ ਮੋਹਰਾਂ ਦੀ ਥਾਂ ਰੋੜ ਤੇ ਠੀਕਰੀਆਂ ਧਰਤੀ `ਤੇ ਢੇਰੀ ਹੋ ਜਾਂਦੀਆਂ ਨੇ। ਇਸ ਤੋਂ ਬਾਅਦ ਗੁੱਸੇ `ਚ ਖੌਲਦਾ ਬੀਜਾ ਘਰ ਪਰਤਦਾ ਹੈ ਤੇ ਆਪਣੀ ਵਫ਼ਦਾਰ ਬੀਵੀ ਨੂੰ ਸਾਜ਼ਸ਼ੀ ਗਰਦਾਨ ਕੇ ਘਰੋਂ ਕੱਢ ਦੇਂਦਾ ਹੈ। ਘੋਰ ਤਕਲੀਫ਼ਾਂ `ਚੋਂ ਗੁਜ਼ਰਦੀ ਕੌਲਾਂ ਆਖ਼ਿਰ ਆਪਣਾ ਸੱਚ ਉਜਾਗਰ ਕਰਨ ਵਿੱਚ ਸਫ਼ਲ ਹੋ ਜਾਂਦੀ ਹੈ।
ਅਸੀਂ ਦੋਵੇਂ ਭਰਾ ਤਕਰੀਬਨ ਹਰ ਰੋਜ਼ ਬਲਵੰਤ ਤੋਂ ਇਹ ਕਿੱਸਾ ਸੁਣਦੇ। ਹੌਲ਼ੀ ਹੌਲੀ ਬਲਵੰਤ ਦੇ ਸ੍ਰੋਤਿਆਂ `ਚ ਉਸ ਦੇ ਹਾਣੀ ਮੁੰਡੇ ਵੀ ਸ਼ਾਮਲ ਹੋਣ ਲੱਗੇ। ਹਾਣੀਆਂ `ਚੋਂ ਇੱਕ ਦੀ ਭੈਣ ਦੀ ਸ਼ਾਦੀ ਮਹੀਨੇ ਕੁ ਤੀਕਰ ਹੋਣ ਵਾਲੀ ਸੀ। ਪਤਾ ਨਹੀਂ ਕਿਸ ਦੀ ਸਿਫ਼ਾਰਿਸ਼ `ਤੇ ਇਹ ਇਤਿਹਾਸਿਕ ਫ਼ੈਸਲਾ ਲੈ ਲਿਆ ਗਿਆ ਕਿ ਬਾਪੂ ਦੇ ਜੱਥੇ ਦੀ ਤਰਜ਼ `ਤੇ ਹੀ ਕੌਲਾਂ ਦਾ ਕਿੱਸਾ ਗਾਅ ਕੇ ਬਰਾਤੀਆਂ ਦਾ ਮਨੋਰੰਜਨ ਕੀਤਾ ਜਾਵੇਗਾ। ਮੇਰਾ ਰੋਲ ਸੀ ਰਣਜੀਤ ਸਿੱਧਵਾਂ ਵਾਂਗ ਉੱਚੀ ਆਵਾਜ਼ ਵਿੱਚ ਆਗੂ ਬਣ ਕੇ ਹਰੇਕ ਛੰਦ ਦੀ ਅੱਧੀ ਪੰਗਤੀ ਗਾਉਣੀ, ਤੇ ਰਛਪਾਲ ਅਤੇ ਬਲਵੰਤ ਬਾਕੀ ਅੱਧੀ ਨੂੰ ਰਲ਼ ਕੇ ਗਾਉਣ ਲੱਗੇ। ਹਰੇਕ ਛੰਦ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਵਿਆਖਿਆ ਦਾ ਜ਼ਿੰਮਾ, ਗਿਆਰਵੀਂ `ਚ ਪੜ੍ਹਦੇ ਅਣਦਾੜ੍ਹੀਏ ਬਲਵੰਤ ਨੇ ਚੁੱਕ ਲਿਆ। ਆਉਣ ਵਾਲ਼ੇ ਮਹਾਂ ਸਮਾਗਮ ਲਈ ਹਰ ਰੋਜ਼ ਰਿਆਜ਼ ਸ਼ੁਰੂ ਹੋ ਗਿਆ।
ਸਾਡੇ ਪਹਿਲ-ਪਲੇਠੇ ਗਾਇਕੀ ‘ਸ਼ੋਅ’ ਦੇ ਦਿਨ ਅਸੀਂ ਬਰਾਤੀਆਂ ਦੇ ਉਤਾਰੇ ਵਾਲੀ ਧਰਮਸ਼ਾਲਾ `ਚ ਅੱਪੜੇ। ਪੈਰੀਂ ਕੁਰਮ ਦੀਆਂ ਜੁੱਤੀਆਂ ਤੇ ਤੇੜ ਫਾਂਟਾਂ ਵਾਲ਼ੇ ਪਜਾਮੇ।
ਇੱਕ ਛੋਟਾ ਜਿਹਾ ਮੇਜ਼ ਹਾਜ਼ਰ ਹੋਇਆ। ਉਸ ਦੀ ਇੱਕ ਲੱਤ ਨੂੰ ਇੱਕ ਡਾਂਗ ਬੰਨ੍ਹ ਕੇ, ਮਾਈਕਰੋਫ਼ੋਨ ਲਈ ਸਟੈਂਡ ਤਿਆਰ ਕਰ ਲਿਆ ਗਿਆ। ਮੰਜਿਆਂ ਉੱਪਰ ਬੈਠੇ ਬਰਾਤੀ ਮੰਜਿਆਂ ਹੇਠ ਟਿਕਾਈਆਂ ਬੋਤਲਾਂ ਚੁੱਕਦੇ ਤੇ ਪਿੱਤਲ਼ ਦੇ ਇੱਕੋ ਗਲਾਸ `ਚ ਉਲੱਦ ਕੇ, ਉਸ ਨੂੰ ਅੱਧਾ ਪੌਣਾ ਕਰ ਲੈਂਦੇ। ਨਾਲ਼ ਹੀ ਖਲੋਤੇ ਪਿੱਤਲ ਦੇ ਜੱਗ `ਚ ਪਿਆ ਪਾਣੀ ਗਲਾਸ ਨੂੰ ਕਿਨਾਰਿਆਂ ਤੀਕ ਭਰ ਦੇਂਦਾ। ਭਰਿਆ ਗਲਾਸ ਪਿਆਕੜ ਦੇ ਬੁੱਲ੍ਹਾਂ ਤੋਂ ਉਦੋਂ ਹੀ ਟੁੱਟਦਾ ਜਦੋਂ ਉਹ ਥੱਲੇ ਤੀਕ ਖਾਲੀ ਹੋ ਜਾਂਦਾ। ਉਹੀ ਗਲਾਸ ਫ਼ਿਰ ਬਿਨਾ ਧੋਤਿਆਂ ਅਗਲੇ ਪਿਆਕੜ ਦੇ ਹੱਥਾਂ ਦੀ ਚੌਕੀ ਭਰਨ ਲਗਦਾ, ਤੇ ਪਹਿਲੇ ਪਿਆਕੜ ਵਾਲਾ ਡਰਾਮਾ ਦੁਹਰਾਅ ਕੇ ਅਗਲੇਰੇ ਪਿਆਕੜ ਕੋਲ਼ ਹਾਜ਼ਰ ਜੋ ਜਾਂਦਾ।
ਹੁਣ ਅਸੀਂ ਮਾਈਕਰੋਫ਼ੋਨ ਦੇ ਸਾਹਮਣੇ ਸਾਂ। ਬਲਵੰਤ ਨੇ ਅਰਥਾਕਾਰੀ ਸ਼ੁਰੂ ਕੀਤੀ: ਉਹ ਕੀ ਬੋਲਿਆ, ਮੈਨੂੰ ਕੁੱਝ ਵੀ ਯਾਦ ਨਹੀ। ਮੈਨੂੰ ਤਾਂ ਸਿਰਫ਼ ਇਹੀ ਯਾਦ ਹੈ ਕਿ ਜਦੋਂ ਮੈਂ ਕੌਲਾਂ ਦੇ ਕਿੱਸੇ ਦੇ ਪਹਿਲੇ ਛੰਦ ਦੀ ਪਹਿਲੀ ਹੀ ਪੰਗਤੀ ਤਿੱਖੀ ਅਵਾਜ਼ ਵਿੱਚ ਉਚਾਰੀ, ਤਾਂ ਬਰਾਤੀਆਂ ਦੇ ਹੱਥਾਂ ਫੜੇ ਗਲਾਸ ਅਹਿੱਲ ਹੋ ਗਏ। ਬੋਤਲਾਂ ਫ਼ਰੀਜ਼ ਹੋ ਗਈਆਂ। ਸ੍ਰੋਤਿਆਂ ਦੀਆਂ ਧੌਣਾਂ ਕੂੰਜਾਂ ਦੀਆਂ ਧੌਣਾਂ ਵਾਂਗ ਸਾਡੇ ਵੱਲੀਂ ਖਿੱਚੀਆਂ ਗਈਆਂ। ਅਣਗਿਣਤ ਬੁੱਲ੍ਹਾਂ ਦੇ ਜੋੜੇ ਇੱਕ-ਦੂਜੇ ਨੂੰ ਤਿਆਗ ਕੇ ਲਮਕਣ ਲੱਗੇ। ਸੈਆਂ ਅੱਖਾਂ ਸਾਡੇ ਵੱਲ ਉੱਲਰ ਕੇ ਬਰਫ਼ ਵਾਂਗ ਜੰਮ ਗਈਆਂ। ਛੰਦ ਖ਼ਤਮ ਹੋਇਆ, ਤਾਂ ਵਾਹ ਵਾਹ ਦੇ ਨਾਲ਼ ਹੀ ਬਰਾਤੀਆਂ ਦੀਆਂ ਉਂਗਲਾਂ ਉਨ੍ਹਾਂ ਦੇ ਖੀਸਿਆਂ `ਚ ਉੱਤਰਨ ਲੱਗੀਆਂ। ਬਰਾਤੀ ਮੰਜੇ ਛੱਡ ਕੇ ਮਾਈਕਰੋਫ਼ੋਨ ਵੱਲ ਵਧਣ ਲੱਗੇ। ਨੋਟਾਂ ਨੂੰ ਮੇਜ਼ `ਤੇ ਟਿਕਾਉਣ ਤੋਂ ਪਹਿਲਾਂ, ਕੋਈ ਸਾਡੇ ਮੋਢਿਆਂ ਦੇ ਥਾਪੜੇ ਦੇਵੇ, ਕੋਈ ਸਿਰ ਪਲੋਸੇ, ਤੇ ਕੋਈ ਸਾਨੂੰ ਜੱਫੀਆਂ ਪਾਈ ਜਾਵੇ। ਚਾਰ ਪੰਜ ਮਿੰਟਾਂ ਦੇ ‘ਧੱਕ-ਮੁਧੱਕੇ’ ਤੋਂ ਬਾਅਦ ਬਰਾਤੀਆਂ ਦੀ ਭੀੜ ਪਿਘਲ਼ ਕੇ ਆਪਣੇ ਆਪਣੇ ਮੰਜਿਆਂ ਵੱਲ ਵਗ ਗਈ।
ਮੈਂ ਤਾਂ ਛੇਵੀਂ `ਚ ਹੁੰਦਿਆਂ ਹੀ ਵਾਹਵਾ ਕੱਦਾਵਰ ਹੋ ਗਿਆ ਸਾਂ, ਪਰ ਰਛਪਾਲ ਉਮਰੋਂ ਨਿਆਣਾ ਹੋਣ ਕਰ ਕੇ ਮਾਈਕਰੋਫ਼ੋਨ ਤੋਂ ਨੀਵਾਂ ਰਹਿ ਗਿਆ। ਕਿਸੇ ਨੂੰ ਪਤਾ ਨਹੀਂ ਕੀ ਸੁੱਝੀ ਕਿ ਅਗਲੇ ਛੰਦ ਦਾ ਗਾਇਨ ਸ਼ੁਰੂ ਹੋਣ ਤੋਂ ਪਹਿਲਾਂ ਦੋ ਪੱਕੀਆਂ ਇੱਟਾਂ ਚੁੱਕ ਲਿਆਇਆ ਤੇ ਰਛਪਾਲ ਦੇ ਪੈਰਾਂ ਹੇਠ ਟਿਕਾਅ ਗਿਆ। ਪੰਦਰਾਂ ਕੁ ਮਿੰਟਾਂ `ਚ ਹੀ ਸਾਰਾ ਪਿੰਡ ਧਰਮਸ਼ਾਲਾ `ਚ ਆ ਢੁੱਕਿਆ। ਡੇਢ ਕੁ ਘੰਟੇ `ਚ ਨੋਟਾਂ ਦੀ ਬਰਸਾਤ ਦੇ ਆਲਮ `ਚ ਕੌਲਾਂ ਦਾ ਪ੍ਰਸੰਗ ਖ਼ਤਮ ਹੋਇਆ ਤਾਂ ਸਾਡੇ ਉਦਾਲ਼ੇ ਪ੍ਰਸੰਸਕਾਂ ਦਾ ਝੁਰਮਟ ਸੀ ਤੇ ਮੇਜ਼ ਉੱਤੇ ਰੁਪਿਆਂ ਦਾ ਮੇਲਾ।
ਘਰ ਪਹੁੰਚੇ ਤਾਂ ਬਲਵੰਤ ਨੇ ਰੁਪਿਆਂ ਨਾਲ਼ ਭੁਕਾਨੇ ਵਾਂਗ ਫੁੱਲਿਆ ਖੀਸਾ ਬੇਬੇ ਦੇ ਮੂਹਰੇ ਢੇਰੀ ਕਰ ਦਿੱਤਾ। ਉਦੋਂ ਦਾ ਇੱਕ ਰੁਪਿਆ ਅੱਜ ਦੇ ਤੀਹਾਂ-ਚਾਲ੍ਹੀਆਂ ਦੀ ਪਿੱਠ ਲਵਾਉਂਦਾ ਸੀ। ਬੇਬੇ ਕਦੇ ਰੁਪਿਆਂ ਵੱਲ ਝਾਕੇ, ਤੇ ਕਦੇ ਸਾਡੇ ਵੱਲੀਂ। ਕੁੱਝ ਪਲਾਂ ਬਾਅਦ ਉਸ ਨੇ ਬੁਲ੍ਹ ਸੰਗੋੜੇ ਤੇ ਉਸ ਦੇ ਮੱਥੇ `ਤੇ ਖੱਖਰ ਉੱਭਰਨ ਲੱਗੀ: ਰੁਪਿਆਂ ਦੀ ਢੇਰੀ ਨੂੰ ਗੁਸੈਲੇ ਅੰਦਾਜ਼ `ਚ ਪਰ੍ਹੇ ਧਕਦਿਆਂ ਉਹ ਕੜਕੀ: ਇਹ ਕੀ ਕੀਤੈ, ਹਰਾਮੀਓਂ? ਕੀਹਤੋਂ ਪੁੱਛ ਕੇ ਇਸ ਕੁੱਤੇ ਕੰਮ `ਚ ਪੈਗੇ ਐਂ? ਆ ਜਾਣ ਦਿਓ ਪਤੰਦਰ ਨੂੰ ਕਲਕੱਤਿਓਂ; ਕਰੂ ਥੋਡੀਆਂ ਬੂਥੀਆਂ ਲਾਲ। ਖ਼ਬਰਦਾਰ ਜੇ ਅੱਜ ਤੋਂ ਬਾਅਦ ਟਰੰਕੀ ਨੂੰ ਹੱਥ ਲਾਇਐ।
ਸਾਡੇ ਤਿੰਨਾਂ ਦੇ ਮੋਢੇ ਢਿਲ਼ਕ ਗਏ। ਅੱਧਾ ਘੰਟਾ ਪਹਿਲਾਂ ਸ੍ਰੋਤਿਆਂ ਤੋਂ ਖੱਟੀ ਵਾਹ-ਵਾਹ ਨਾਲ ਦਗ਼ਣ ਲੱਗੇ ਚਿਹਰੇ ਬਾਪੂ ਵੱਲੋਂ ਕੀਤੀ ਜਾਣ ਵਾਲ਼ੀ ਸਂਭਾਵੀ ਛਿਤਰੌਲ਼ ਦੇ ਡਰੋਂ ਪੀਲ਼ੇ ਪੈਣ ਲੱਗੇ। ਅਗਲੇ ਹੀ ਪਲ ਕੌਲਾਂ ਦੇ ਕਿੱਸੇ ਵਾਲ਼ੀ ਕਾਪੀ ਟਰੰਕੀ `ਚ ਜਾ ਬਿਰਾਜੀ। ਬੇਬੇ ਨੇ ਟਰੰਕੀ ਨੂੰ ਸੰਦੂਕ ਦੇ ਹਵਾਲੇ ਕਰ ਕੇ ਸੰਦੂਕ ਦੇ ਦਰਵਾਜ਼ੇ `ਤੇ ਜਿੰਦਰਾ ਠੋਕ ਦਿੱਤਾ। ਬਾਪੂ ਦੇ ਕਲਕੱਤਿਓਂ ਪਰਤਣ ਤੀਕ ਸਾਡੀ ਕਵੀਸ਼ਰੀ ਸਹਿਮੀ ਰਹੀ।