ਮੇਰੀ ਆਪਣੀ ਲਿਖਤ
ਮੇਰੀ ਆਪਣੀ ਅਣਜੰਮੀ ਧੀ… ਮੇਰੀ ਆਪਣੀ ਕੁੱਖ ਵਿੱਚ ਸਹਿਕ ਰਹੀ ਹੈ ਮੱਛੀ ਵਾਂਗ ਤੜਫ ਰਹੀ ਹੈ ਆਪਣੇ ਤੁਰ ਜਾਣ ਦੀਆਂ ਰਸਮਾਂ ਉਸ ਨੇ ਆਪਣੀ ਮੁੱਠ ਵਿੱਚ ਘੁੱਟੀਆਂ ਹੋਈਆਂ ਨੇ… ਮੇਰੇ ਸਰ੍ਹਾਣੇ, ਜੋ ਦਿਨ ਰਾਤ ਹੁਬਕਾਂ ਦਾ ਰੌਲ਼ਾ ਹੈ ਮੈਨੂੰ ਹੁਣ ਇਸ ਤੋਂ ਡਰ ਲਗਦਾ ਹੈ ਕਿਉਂ ਕਿ, ਮੈਂ ਜਾਣਦੀ ਹਾਂ ਮੈਂ ਇਸ ਦੀ ਕਸੂਰਵਾਰ ਹਾਂ… ਮੈਂ ਅੱਜ ਉਸ ਦੇ ਤਰਲੇ ਪਾ ਕੇ ਵੀ ਉਸ ਨੂੰ ਝੋਲੀ ਨਹੀਂ ਪਾ ਸਕਦੀ ਹੁਣ ਉਸ ਨੂੰ ਮੇਰੇ `ਤੇ ਗਿਲਾ ਹੈ… ਬਹੁਤ…ਬਹੁਤ ਤੇ ਬਹੁਤ ਗਿਲਾ ਮੇਰੀ 'ਲਿਖਤ' ਮੇਰੀ 'ਅਣਜੰਮੀ ਧੀ' ਪੀਲੇ ਰੰਗੇ ਵਿਦਾਈ ਦੇ ਤੰਦਾ ਦੇ ਉਲਝੇ ਤਾਣੇ-ਬਾਣੇ ਵਿੱਚ ਮੁੰਹ ਲੁਕਾ ਰਹੀ ਹੈ ਉਸ ਦੇ ਕਦਮਾਂ ਦੀ ਕਾਹਲ ਮੇਰੀ ਧੜਕਣ ਵਧਾ ਰਹੀ ਹੈ ਹੁਣ ਮੈਂ ਉਸ ਨੂੰ ਰੋਕ ਕੇ ਪਲ ਭਰ ਤੱਕਣ ਦਾ ਮੁੱਠ ਭਰ ਨਿੱਘ ਲੈਣ ਦਾ ਹੱਕ ਗੁਆ ਬੈਠੀ ਹਾਂ… ਮੇਰੇ ਦੋਸ਼, ਮੇਰੀ ਧੀ ਦੇ ਰੋਸ ਮੇਰੇ ਚੁਗਿਰਦੇ ਚੀਕਦੇ ਹਰ ਰੋਜ਼ ਮੇਰੀ ਰੂਹ ਦੇ ਵਿਹੜੇ ਚਾਦਰ ਵਿਛਾ ਬਹਿ ਜਾਂਦੇ ਨੇ ਤੇ ਮੈਨੂੰ ਮੁਜ਼ਰਮ ਕਰਾਰਦੇ ਨੇ ਮੈਨੂੰ ਕੱਲੀ ਛੱਡ ਤੁਰ ਜਾਂਦੇ ਨੇ… ਤੇ ਹੁਣ ਮੇਰਾ ਨੀਂਦ ਵਿੱਚ ਤਭਕਣਾ ਹਰ ਰੋਜ਼ ਦੀ ਘਟਨਾ ਬਣ ਗਈ ਹੈ… ਮੇਰਾ ਦੋਸ਼ ਹੈ ਕਿ ਮੈਂ ਆਪਣੀ ਲਿਖਤ ਆਪਣੀ ਅਣਜੰਮੀ ਧੀ ਦੇ ਅੰਤਹਕਰਣ ਨੂੰ ਗੰਧਲਾ ਤੇ ਜ਼ਹਿਰੀਲਾ ਕਰ ਦਿੱਤਾ ਹੈ… ਉਸ ਨੂੰ ਜੰਮਣ ਤੋਂ ਪਹਿਲਾਂ ਹੀ ਤਬਾਹ ਕਰ ਦਿੱਤਾ ਹੈ ਉਸ ਦੀ ਅਜਾਤ, ਅਛੋਹ ਤੇ ਬਿਨਾ ਰੰਗ, ਰੇਖਾ ਤੇ ਰੂਪ ਦੀ ਰੂਹ ਨੂੰ ਆਪਣੇ ਕਮਜ਼ੋਰ ਜਿਹੇ ਨਾਰੀਤਵ ਵਾਲੇ ਜਿਸਮ ਵਿੱਚ ਕੈਦ ਕਰ ਦਿੱਤਾ ਹੈ… ਆਪਣੀ ਸੋਚ ਵਿੱਚ ਪਈ ਸੰਸਾਰਕ, ਸੱਭਿਆਚਾਰਕ, ਸੰਸਕਾਰਕ ਪਰਿਵਾਰਕ ਤੇ ਧਾਰਮਿਕ ਪ੍ਰਭਾਸ਼ਾਵਾਂ, ਕਨੂੰਨਾਂ, ਦੋਸਾਂ਼ ਤੇ ਸਜ਼ਾਵਾਂ ਦੀ ਮਿਲਾਵਟ ਉਸ ਦੇ ਜ਼ਿਹਨ ਵਿੱਚ ਭਰ ਦਿੱਤੀ ਹੈ… ਹੁਣ, ਉਸ ਦੀ ਆਪਣੀ ਕੋਈ ਹੋਂਦ, ਕੋਈ ਪ੍ਰਭਾਸ਼ਾ ਨਹੀ ਰਹੀ… ਤੇ ਹੁਣ, ਉਹ ਇੱਕ ਖਲਾਅ ਵਿੱਚ ਭਟਕ ਰਹੀ ਹੈ, ਅਰਥਹੀਣ ਤੇ ਅਨਾਥ ਜਿਹੀ… ਤੇ ਹੁਣ, ਉਸ ਦੀ ਸੂਰਤ, ਸੀਰਤ ਤੇ ਸੁਤੰਤਰ ਸੋਚ ਸਭ ਵਿੱਚ ਮਿਲਾਵਟ ਹੈ… ਤੇ ਹੁਣ ਉਸਨੂੰ ਮੇਰੇ `ਤੇ ਬਹੁਤ…ਬਹੁਤ ਤੇ ਬਹੁਤ ਗਿਲਾ ਹੈ… ਤੇ ਅੱਜ ਉਹ ਮੇਰੇ ਤੇ ਹੂੰਗਰ ਮਾਰਦੀ ਹੈ ਤੇ ਕਹਿੰਦੀ ਹੈ ਕਿ, “ਤੈਨੂੰ ਧੀ ਜੰਮਣ ਦਾ ਕੋਈ ਹੱਕ ਨਹੀਂ, ਤੂੰ ਕੀ ਜਾਣੇ…! ਕੀ ਹੁੰਦੀ ਹੈ 'ਧੀ' ਕੀ ਹੁੰਦੀ ਹੈ 'ਲਿਖਤ' ਤੇ ਕਿਸ ਨੂੰ ਕਹਿੰਦੇ ਨੇ 'ਸਿਰਜਣਾ'…”