ਕਾਫ਼ੀ ਦਾ ਮੱਗ ਅਤੇ ਸੈਂਡਵਿੱਚ
ਮੇਜ਼ ਤੇ ਰੱਖਦਿਆਂ
ਧੀ ਨੇ ਆਖਿਆ
ਸਵੇਰ ਦੀ ਪਰੇਡ ਹੀ ਵੇਖੀ ਜਾ ਰਹੇ ਹੋ ਪਾਪਾ
ਅੱਜ ਕੰਮ ਤੇ ਨਹੀਂ ਜਾਣਾ
ਥੋੜੀ ਦੇਰ ਲਈ ਭੁਲ ਗਿਆ ਸਾਂ
ਕਿ 26 ਜਨਵਰੀ ਦੀ ਛੁੱਟੀ
ਇੰਡੀਆ ਵਿੱਚ ਹੁੰਦੀ ਹੈ।
ਮੈਂ ਝੱਟ ਦੇਣੀ ਟ਼ੀ ਵ਼ੀ ਬੰਦ ਕਰਦਾ ਹਾਂ
ਘੜੀ ਵੱਲ ਵੇਖਦਾ ਹਾਂ
ਤੇ ਆਜ਼ਾਦੀ ਦਿਵਸ ਦੇ
ਚੱਲ ਰਹੇ ਜਸ਼ਨਾਂ ਬਾਰੇ ਸੋਚਦਾ ਹਾਂ
ਕਿ 15 ਅਗਸਤ 1947 ਨੂੰ ਤੁਰੀ ਆਜ਼ਾਦੀ ਨੇ
26 ਜਨਵਰੀ 1950 ਤੱਕ ਪਹੁੰਚਦਿਆਂ
ਕਿਉਂ ਵਿਸਾਰ ਦਿੱਤੇ ਬਲੀਦਾਨ
ਭੁਲਾ ਦਿੱਤੇ ਸਕੰਲਪ
ਪੀ ਲਏ ਸਾਡੇ ਅਰਮਾਨ …
ਸੰਨ `47 ਦੇ ਤਿਆਗ, ਮਾਣ, ਹਾਸੇ, ਸੁਪਨੇ, ਖੁਸ਼ੀਆਂ
ਤੇ ਕਿੰਨੇ ਕੁਝ ਹੋਰ ਦੇ ਉਪਰ
ਸੰਨ `50 ਦੇ ਸੁਆਰਥ ਅਤੇ ਵਾਅਦਿਆਂ ਦਾ ਪਲੇਥਨ ਲਾ ਕੇ
ਵਕਤ ਦੇ ਹਾਕਮਾਂ
ਆਜ਼ਾਦੀ ਦਾ ਸੈਂਡਵਿੱਚ ਇਸ ਢੰਗ ਨਾਲ ਪਰੋਸਿਆ
ਕਿ ਪਤਾ ਹੀ ਨਾ ਲੱਗਾ
ਕਦੋਂ ਆਜ਼ਾਦੀ
ਸਾਨੂੰ ਖਾ ਗਈ
ਜਾਂ ਕਾਹਲੀ ਵਿੱਚ
ਇਸ ਨੂੰ ਅਸੀਂ ਖਾ ਗਏ…
ਵਿਗਿਆਨ ਦੇ ਪਸਾਰੇ ਤੋਂ
ਪੁਲਾੜ `ਚ ਤੁਰਨਾ ਤਾਂ ਸਿੱਖ ਲਿਆ ਹੈ
ਪਰ ਆਪਣੇ ਮਨ ਦੀਆਂ ਗੁਫ਼ਾਂਵਾਂ `ਚੋਂ ਬਾਹਰ ਨਿਕਲਨ ਲਈ
ਅੱਜ ਵੀ ਆਜ਼ਾਦ ਹਵਾ ਭਾਲਦੇ ਹਾਂ
ਦੇਸ ਬਦੇਸ਼ ਦੀ ਖ਼ਾਕ ਛਾਣਦੇ ਹਾਂ
ਆਪਣਿਆਂ ਦਾ ਮੋਹ ਤਿਆਗਦੇ ਹਾਂ …