ਹਰਪ੍ਰੀਤ ਸੇਖਾ ਦੀ ਥੋੜ੍ਹਾ ਚਿਰ ਪਹਿਲੋਂ ਰੀਲੀਜ਼ ਹੋਈ ਪੁਸਤਕ ‘ਬੀ ਜੀ ਮੁਸਕਰਾ ਪਏ’ ਵਿੱਚੋਂ ਇਹ ਖ਼ੁਬਸੂਰਤ ਕਹਾਣੀ ਗਲੋਬਲ ਪੰਜਾਬੀ ਦੇ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ:
ਖਾਲੀ ਘਰ ਡਿੰਪਲ ਨੂੰ ਭਾਂਅ-ਭਾਂਅ ਕਰਦਾ ਲੱਗਾ। ਬੱਚਿਆਂ ਦੇ ਸਕੂਲ ਵਿੱਚ ਛੁੱਟੀਆਂ ਹੋਣ ਕਰਕੇ ਉਸਦੇ ਮਾਸੜ ਜਗਜੀਤ ਨੇ ਉਸ ਦੀ ਮਾਸੀ ਮਨਜੀਤ ਤੋਂ ਵੀ ਕੰਮ `ਤੇ ਦੋ ਦਿਨਾਂ ਦੀ ਛੁੱਟੀ ਕਰਵਾ ਕੇ ਕੱਲ੍ਹ ਬੱਚਿਆਂ ਦੇ ਨਾਲ ਆਪਣੇ ਮਾਂ-ਪਿਓ ਕੋਲ ਵਿਕਟੋਰੀਆ ਭੇਜ ਦਿੱਤਾ ਸੀ। ਡਿੰਪਲ ਨੇ ਵੀਕਐਂਡ `ਤੇ ਆਪਣੇ ਮਾਸੜ ਜੀ ਦੇ ਨਾਲ ਜਾ ਕੇ ਉਨ੍ਹਾਂ ਨੂੰ ਲੈ ਆਉਣਾ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਇਸ ਬਹਾਨੇ ਡਿੰਪਲ ਵੀ ਵਿਕਟੋਰੀਆ `ਚ ਵੈਕਸ ਮਿਊਜ਼ੀਅਮ ਵੇਖ ਲਵੇਗੀ। ਪੰਜ ਮਹੀਨੇ ਹੋ ਚੱਲੇ ਸਨ ਉਸ ਨੂੰ ਸਰੀ ਆਇਆਂ ਪਰ ਹਾਲੇ ਤੱਕ ਉਸ ਨੇ ਇੱਥੋਂ ਦਾ ਕੁੱਝ ਵੀ ਨਹੀਂ ਸੀ ਵੇਖਿਆ ਸਵਾਏ ਉਸ ਕਾਲਜ ਦੇ ਜਿੱਥੇ ਉਹ ਬਿਜ਼ਨਿਸ ਐਡਮਨਿਸਟਰੇਸ਼ਨ ਦਾ ਕੋਰਸ ਕਰਦੀ ਸੀ ਅਤੇ ਉਸ ਲਾਂਡਰੀ ਦੇ ਜਿੱਥੇ ਉਹ ਵੀਕਐਂਡ `ਤੇ ਕੰਮ ਕਰਦੀ ਸੀ।
ਡਿੰਪਲ ਨੇ ਪਿਛਲੀ ਰਾਤ ਆਪਣੀ ਮਸੇਰੀ ਭੈਣ ਸਿਮਰਤ ਦੇ ਬਿਨਾਂ ਮਸਾਂ ਕੱਟੀ ਸੀ ਉੱਸਲ-ਵੱਟੇ ਲੈਂਦਿਆਂ। ਉਹ ਡਿੰਪਲ ਦੇ ਨਾਲ ਸੌਂਦੀ ਸੀ। ਮਨਜੀਤ ਬਥੇਰਾ ਕਹਿੰਦੀ ਕਿ ਹੁਣ ਉਹ ਅੱਠਾਂ ਸਾਲਾਂ ਦੀ ਹੈ ਆਪਣੇ ਬੈੱਡ `ਤੇ ਸੌ ਜਾਇਆ ਕਰੇ। ਪਰ ਜਦ ਵੀ ਡਿੰਪਲ ਆਪਣੀ ਮੈਟਰੈੱਸ ਸਿਮਰਤ ਦੇ ਬੈੱਡ ਕੋਲ ਵਿਛਾਉਂਦੀ ਸਿਮਰਤ ਧੱਕ ਕੇ ਮੈਟਰੈੱਸ ਆਪਣੇ ਬੈੱਡ ਦੇ ਹੇਠ ਕਰ ਦਿੰਦੀ ਅਤੇ ਡਿੰਪਲ ਨੂੰ ਆਪਣੇ ਨਾਲ ਪਾ ਲੈਂਦੀ। ਮਨਜੀਤ ਕੁੜ੍ਹਦੀ, “ਪਤਾ ਨ੍ਹੀਂ ਕਦੋਂ ਅੱਡ ਪੈਣ ਲੱਗੂ ਗੀ ਐਡੀ ਬੋਡਲ ਕੱਟੀ ਹੋਈ ਵੀ ਐ।” ਫੇਰ ਉਹ ਡਿੰਪਲ ਨੂੰ ਕਹਿੰਦੀ, “ਤੂੰ ਤਾਂ ਨੀ ਜਵਾਕੜੀ ਵੀਹਾਂ ਸਾਲਾਂ ਦੀ ਹੋਈ ਵੀ ਐਂ, ਆਖ ਦਿਆ ਕਰ ਬਈ ਮੈਂ ਨੀ ਪੈਣਾ ਤੇਰੇ ਨਾਲ।” ਡਿੰਪਲ ਚੁੱਪ ਰਹਿੰਦੀ ਪਰ ਜਗਜੀਤ ਆਖਦਾ, “ਕਿਓਂ ਏਵੈਂ ਮਗਰ ਪੈ ਜਾਨੀ ਐਂ ਬੱਚੀਆਂ ਦੇ?”
ਜਗਜੀਤ ਦਾ ਖਿਆਲ ਆਉਂਦੇ ਹੀ ਡਿੰਪਲ ਨੇ ਘੜੀ ਵੱਲ ਵੇਖਿਆ, ਉਹ ਨੌਂ ਵਜਾ ਰਹੀ ਸੀ। ‘ਢਾਈ-ਤਿੰਨ ਘੰਟੇ ਪਏ ਆ ਡੈਡੀ ਦੇ ਆਉਣ `ਚ, ਹਾਏ! ਕਦੇ-ਕਦੇ ਮਾਸੜ ਜੀ ਨੂੰ ‘ਡੈਡੀ’ ਹੀ ਮੂੰਹੋਂ ਨਿਕਲ ਜਾਂਦੈ। … ਹੁਣ ਤਾਂ ਇਹੀ ਡੈਡੀ ਐ। ਮੈਂ ‘ਡੈਡੀ’ ਹੀ ਆਖ ਦਿਆਂ ਕਰਨੈਂ। ਕਿੰਨੇ ਚੰਗੇ ਆ ਡੈਡੀ। ਕਿੰਨਾ ਪਿਆਰ ਕਰਦੇ ਆ। ਜਵਾਂ ਨੀ ਉੱਚਾ ਬੋਲਦੇ, ਨਾ ਹੀ ਮਾਸੀ ਜੀ ਨੂੰ ਬੋਲਣ ਦਿੰਦੇ ਐ। ਮਾਸੀ ਜੀ ਕੁਛ ਜ਼ਿਆਦਾ ਈ ਸਖਤਾਈ ਵਰਤਦੇ ਆ,’ ਮਾਸੀ ਦਾ ਖਿਆਲ ਆਉਂਦਿਆਂ ਹੀ ਡਿੰਪਲ ਨੂੰ ਉਹ ਦਿਨ ਯਾਦ ਆ ਗਿਆ ਜਿਸ ਦਿਨ ਉਸ ਨੇ ਕਾਲਜ ਜਾਣ ਲੱਗੀ ਨੇ ਸਕਰਟ ਪਾ ਲਈ ਸੀ। “ਕੁੜੇ ਇਹ ਕੀ ਪਾਈ ਫਿਰਦੀ ਐਂ।” ਮਾਸੀ ਨੇ ਕੌੜ ਕੇ ਪੁੱਛਿਆ। ਉਸ ਨੇ ਮਾਸੀ ਵੱਲ ਵੇਖਿਆ ਪਰ ਮੂੰਹੋਂ ਕੁੱਝ ਨਾ ਬੋਲੀ। “ਕਿੱਥੋਂ ਲਏ ਆ ਐਹੋ ਜੇ ਕੱਪੜੇ।” ਮਾਸੀ ਨੇ ਫਿਰ ਪੁੱਛਿਆ। “ਇੰਡੀਆ ਤੋਂ ਲਿਆਈ ਸੀ, ਓਥੇ ਵੀ ਪਾ ਲੈਂਦੀ ਹੁੰਦੀ ਸੀ,” ਉਸ ਨੇ ਸਹਿਮੀ ਜਿਹੀ ਆਵਾਜ਼ `ਚ ਜਵਾਬ ਦਿੱਤਾ। “ਏਦੂੰ ਮੁੜਕੇ ਨਾ ਪਾਈਂ, ਤੇਰੇ ਵੱਲ ਵੇਖ ਸਿਮਰਤ ਵੀ ਮੰਗਣ ਲੱਗੂ ਗੀ ਐਹੋ ਜੇ। ਮੈਨੂੰ ਨੀ ਚੰਗਾ ਲੱਗਦਾ ਬਈ ਲੱਤਾਂ ਨੰਗੀਆਂ ਕਰੀ ਫਿਰੋ,” ਕੌੜ-ਕੌੜ ਝਾਕਦੀ ਮਾਸੀ ਤੁਰ ਗਈ। ਉਸ ਤੁਰ ਗਈ ਮਾਸੀ ਦੀ ਪਿੱਠ ਵੱਲ ਵੇਖਦੀ ਨੇ ਅੱਖਾਂ ਭਰ ਲਈਆਂ। ਫਿਰ ਉਸ ਹਾਉਕਾ ਲਿਆ ਅਤੇ ਆਪਣੇ ਕਮਰੇ ਵਿੱਚ ਜਾ ਕੇ ਜੀਨ ਨਾਲ ਪੂਰੀਆਂ ਬਾਹਾਂ ਵਾਲੀ ਸ਼ਰਟ ਪਾ ਲਈ। ‘ਮਾਸੀ ਐਨੀ ਸਖਤ ਕਿਓਂ ਐ? ਐਨਾ ਤਾਂ ਮੰਮੀ ਹੋਰੀਂ ਵੀ ਨਹੀਂ ਸੀ ਟੋਕਦੇ। ਜਿੱਦਣ ਦਾ ਰਾਣੇ ਨੇ ਘਰ ਫੋਨ ਕੀਤੈ ਉਸ ਦਿਨ ਦੀ ਤਾਂ ਜ਼ਿਆਦਾ ਹੀ ਸਖਤਾਈ ਵਰਤਦੀ ਐ। ਕਿਵੇਂ ਸਮਝਾਵਾਂ ਮਾਸੀ ਨੂੰ ਕਿ ਰਾਣੇ ਤੇ ਮੇਰੇ `ਚ ਐਸਾ–ਵੈਸਾ ਹੈ ਨੀ ਕੁਛ। ਤੇ ਰਾਣੇ ਨੂੰ ਕੀ ਲੋੜ ਪੈ ਗਈ ਸੀ ਘਰ ਫੋਨ ਕਰਨ ਦੀ? ਬੇਸ਼ਰਮ ਜਿਹਾ। ਅਗਲੇ ਦਿਨ ਮੇਰੇ ਤੋਂ ਝਾੜ ਖਾ ਕੇ ਵੀ ਮੂਹਰੋਂ ਹੀਂ-ਹੀਂ ਕਰਦਾ ਰਿਹਾ ਸੀ। ਕਿੰਨਾਂ ਭੋਲਾ ਜਿਹਾ ਮੂੰਹ ਬਣਾ ਕੇ ਗੱਲ ਕਰੂ, ਮੱਲੋ-ਮੋਲੀ ਹਾਸਾ ਆ ਜਾਂਦੈ’ ਸੋਚਦੀ ਡਿੰਪਲ ਦੇ ਦਿਮਾਗ ਵਿੱਚ ਰਾਣੇ ਦਾ ਚੇਹਰਾ ਆ ਗਿਆ। ਉਸ ਦੇ ਬੋਲ ਡਿੰਪਲ ਨੂੰ ਜਿਓਂ ਦੀ ਤਿਓਂ ਚੇਤੇ ਸਨ। ਉਸ ਕਿਹਾ ਸੀ, “ਹਫ਼ਤਾ ਉਡੀਕਦਿਆਂ ਮਸਾਂ ਵੀਕਐਂਡ ਆਉਂਦੈ ਬਈ ਦੋ ਦਿਨ ਕੰਮ `ਤੇ ਆਉਂਣਗੀਆਂ ਸਰਕਾਰਾਂ ਤੇ ਟੋਇਆਂ ਦੇ ਦਰਸ਼ਨ ਕਰਦਿਆਂ ਸਾਡੀਆਂ ਵਧੀਆ ਦਿਹਾੜੀਆਂ ਨਿਕਲਣਗੀਆਂ। ਤੇ ਤੁਸੀਂ ਜਦੋਂ ਕੰਮ `ਤੇ ਨਾ ਆਏ ਤਾਂ ਸਿੰਘ ਫਿਕਰਮੰਦ ਹੋ ਗਏ ਬਈ ਟੋਇਆਂ ਆਲੀਆਂ ਸਰਕਾਰਾਂ ਕਿਤੇ ਬੀਮਾਰ-ਠਮਾਰ ਨਾ ਹੋ ਗਈਆਂ ਹੋਣ। ਅਸੀਂ ਤਾਂ ਹਾਲ ਪੁੱਛਣ ਲਈ ਫੋਨ ਮਾਰਿਆ ਸੀ ਤੇ ਸਰਕਾਰਾਂ ਸਾਡਾ ਕੋਰਟ-ਮਾਰਸ਼ਲ ਕਰਨ ਨੂੰ ਫਿਰਦੀਐਂ।” ਯਾਦ ਕਰਕੇ ਮੁਸਕਰਾਉਂਦੀ ਡਿੰਪਲ ਦਾ ਹੱਥ ਆਪਣੀ ਖੱਬੀ ਗੱਲ `ਤੇ ਚਲਾ ਗਿਆ ਜਿਸ ਦਾ ਡੂੰਘ ਸੱਜੀ ਨਾਲੋਂ ਡੂੰਘੇਰਾ ਸੀ। ‘ਲੱਗਦੈ ਫਲੱਰਟ ਕਰਦੈ? …ਨਹੀਂ ਨਹੀਂ, ਬੱਸ ਹਾਸੇ-ਮਜ਼ਾਕ ਵਾਲੈ …’ ਇਨ੍ਹਾਂ ਸੋਚਾਂ `ਚ ਗਲਤਾਨ ਡਿੰਪਲ ਨੂੰ ਲੱਗਾ ਜਿਵੇਂ ਗੈਰਾਜ ਦਾ ਡੋਰ ਖੁੱਲ੍ਹਿਆ ਹੋਵੇ। ਉਸ ਘੜੀ ਵੱਲ ਵੇਖਿਆ। ਹਾਲੇ ਸਾਢੇ ਨੌਂ ਹੋਏ ਸਨ। ‘ਕੀ ਗੱਲ ਹੋ ਗਈ ਅੱਜ ਮਾਸੜ ਜੀ ਸਦੇਹਾਂ ਆ ਗਏ? ਮਾਸੜ ਜੀ ਦਾ ਕਿਹੜਾ ਜੀਅ ਲੱਗਦੈ ਸਿਮਰਤ ਹੁਰਾਂ ਬਗੈਰ’ ਸੋਚਦੀ ਡਿੰਪਲ ਨੂੰ ਪਿਛਲੀ ਰਾਤ ਚੇਤੇ ਆ ਗਈ ਜਦ ਜਗਜੀਤ ਨੂੰ ਦੋ ਵਾਰ ਉਸ ਵਾਸ਼ਰੂਮ ਗਏ ਸੁਣਿਆ ਸੀ। ਜਦ ਉਹ ਕੰਮ ਤੋਂ ਵਾਪਸ ਆਇਆ ਸੀ ਉਦੋਂ ਹੀ ਡਿੰਪਲ ਦੀ ਅੱਖ ਖੁੱਲ੍ਹ ਗਈ ਸੀ। ਪਹਿਲਾਂ ਉਹ ਆਮ ਵਾਂਗ ਸਿੱਧਾ ਉਸ ਕਮਰੇ ਵਿੱਚ ਹੀ ਆਇਆ ਸੀ ਜਿੱਥੇ ਉਹ ਪਈ ਸੀ। ਡਿੰਪਲ ਨੇ ਸੋਚਿਆ ਕਿ ਅੱਜ ਸਿਮਰਤ ਹੈ ਨਹੀਂ, ਇਸ ਕਰਕੇ ਸ਼ਾਇਦ ਅੱਜ ਉਹ ਇਸ ਕਮਰੇ ਵਿੱਚ ਨਾ ਆਵੇ। ਅੱਗੇ ਸੁੱਤੀ ਪਈ ਸਿਮਰਤ ਦਾ ਮੱਥਾ ਚੁੰਮ ਕੇ ਉਹ ਉਸ ਦਾ ਮੱਥਾ ਵੀ ਚੁੰਮਦਾ ਸੀ। ਉਸ ਦੇ ਕਮਰੇ ਅੰਦਰ ਆਏ ਦੀ ਪੈੜ-ਚਾਲ ਡਿੰਪਲ ਨੇ ਸੁਣ ਲਈ ਸੀ। ਡਿੰਪਲ ਨੇ ਦੋ ਕੁ ਮਿੰਟ ਉਡੀਕ ਕੇ ਜਦ ਅੱਖਾਂ ਖੋਹਲਦਿਆਂ ਕਿਹਾ, “ਡੈਡੀ, ਤੁਸੀਂ ਆ ਗੇ।” ਤਾਂ ਉਸ ਉੱਪਰ ਝੁਕਿਆ ਜਗਜੀਤ ਇੱਕ ਦਮ ਸਿੱਧਾ ਖੜ੍ਹਦਾ ਬੋਲਿਆ, “ਸਿਮਰਤ ਬਿਨ੍ਹਾਂ ਤਾਂ ਘਰ ਖਾਲ੍ਹੀ-ਖਾਲ੍ਹੀ ਲੱਗਦੈ।” ‘ਕਿੰਨਾਂ ਕਰਦੇ ਆ ਮਾਸੜ ਜੀ ਬੱਚਿਆਂ ਦਾ! ਉੱਠ ਕੇ ਵੇਖਾਂ ਤਾਂ ਸਹੀ ਕਿ ਸੱਚੀਓਂ ਮਾਸੜ ਜੀ ਐ। ਕਿਤੇ ਕੋਈ ਹੋਰ ਈ ਨਾ ਆ ਵੜਿਆ ਹੋਵੇ,’ ਸੋਚਦੀ ਡਿੰਪਲ ਡਰਦੀ-ਡਰਦੀ ਜਿਹੀ ਉੱਠੀ। ਪੌੜੀਆਂ ਚੜ੍ਹਦੇ ਜਗਜੀਤ ਨੂੰ ਵੇਖ ਡਿੰਪਲ ਦੇ ਸਾਹ `ਚ ਸਾਹ ਆਇਆ। “ਕੀ ਗੱਲ ਹੋ ਗੀ ਮਾਸੜ ਜੀ ਤੁਸੀਂ ਅੱਜ ਆ ਵੀ ਗਏ।” ਡਿੰਪਲ ਨੇ ਪੁੱਛਿਆ। “ਮੇਰਾ ਚਿੱਤ ਜਿਆ ਨੀ ਸੀ ਠੀਕ, ਸਿਰ ਦੁੱਖਦਾ ਸੀ,” ਜਗਜੀਤ ਨੇ ਆਪਣੀ ਲੰਚ-ਕਿੱਟ ਉਸ ਨੂੰ ਫੜਾਉਂਦਿਆਂ ਕਿਹਾ। ਡਿੰਪਲ ਨੇ ਫਿਕਰਮੰਦ ਆਵਾਜ਼ `ਚ ਪੁੱਛਿਆ, “ਕੋਈ ਦਵਾਈ ਵਗੈਰਾ ਲਈ ਐ?” “ਦਵਾਈ ਵੀ ਲਈ ਐ। ਜੇ ਤੇਰੀ ਮਾਸੀ ਘਰ ਹੁੰਦੀ ਤਾਂ ਉਹ ਸਿਰ ਘੁੱਟ ਦਿੰਦੀ,” ਆਖਦਾ ਜਗਜੀਤ ਸੋਫੇ ਉੱਪਰ ਬੈਠ ਗਿਆ। “ਲਿਆਓ, ਮੈਂ ਘੁੱਟ ਦਿੰਨੀ ਆਂ,” ਆਖ ਡਿੰਪਲ ਸੋਫੇ ਦੇ ਪਿੱਛੇ ਖੜ੍ਹ ਉਸ ਦੀਆਂ ਪੁੜ-ਪੁੜੀਆਂ ਕੋਲੋਂ ਦਬਾਉਣ ਲੱਗੀ। ਡਿੰਪਲ ਨੂੰ ਸ਼ਰਾਬ ਦੀ ਹਵਾੜ ਜਿਹੀ ਆਈ। ਉਸ ਸੋਚਿਆ ਸ਼ਾਇਦ ਚਿੱਤ ਠੀਕ ਨਾ ਹੋਣ ਕਰਕੇ ਕੰਮ ਤੋਂ ਆਉਂਦੇ ਹੋਏ ਪੀ ਆਏ ਹੋਣ। “ਡਿੰਪਲ ਕਿੰਨੀ ਚੰਗੀ ਐਂ ਤੂੰ, ਮਿੰਟਾਂ `ਚ ਮੇਰਾ ਸਿਰ ਦਰਦ ਦੂਰ ਕਰ ਦਿੱਤਾ। ਤੇਰੀ ਮਾਸੀ ਤੈਨੂੰ ਐਵੇਂ ਝਿੜਕਦੀ ਰਹਿੰਦੀ ਐ। ਤੇਰੀ ਮਰਜੀ ਦੇ ਕੱਪੜੇ ਨਹੀਂ ਪਾਉਣ ਦਿੰਦੀ। ਤੈਨੂੰ ਮੈਂ ਲੈ ਕੇ ਚੱਲੂੰ ਸਟੋਰਾਂ ਨੂੰ ਕਿਸੇ ਦਿਨ, ਜਿਹੋ-ਜਿਹੇ ਮਰਜ਼ੀ ਹੋਈ ਖਰੀਦ ਲਵੀਂ। ਓਪਰਾ ਨਾ ਮੰਨਿਆ ਕਰ। ਮਾਸੀ ਨੂੰ ਭੌਂਕਦੀ ਰਹਿਣ ਦਿਆ ਕਰ। ਓਹਦੀ ਤਾਂ ਆਦਤ ਐ। ਮੈਨੂੰ ਦੱਸਿਆ ਕਰ ਜਿਹੜਾ ਕੁੱਝ ਚਾਹੀਦਾ ਹੁੰਦੈ”, ਜਗਜੀਤ ਨੂੰ ਇਸ ਤਰ੍ਹਾਂ ਗੱਲਾਂ ਕਰਦਾ ਸੁਣ ਡਿੰਪਲ ਦੇ ਬੁੱਲ੍ਹਾਂ `ਤੇ ਮੁਸਕਾਣ ਆ ਗਈ। ਉਸ ਨੂੰ ਆਪਣੇ ਡੈਡੀ ਦੀ ਯਾਦ ਆ ਗਈ ਜਿਹੜੇ ਕਈ ਵਾਰ ਸ਼ਰਾਬੀ ਹੋ ਕੇ ਇਸੇ ਤਰ੍ਹਾਂ ਗੱਲਾਂ ਕਰਦੇ ਹੁੰਦੇ ਸਨ। ਡਿੰਪਲ ਦਾ ਜੀਅ ਕੀਤਾ ਕਿ ਉਹ ਮਾਸੜ ਜੀ ਨਾਲ ਵੀ ਉਵੇਂ ਹੀ ਸ਼ਰਾਰਤਾਂ ਕਰੇ ਜਿਵੇਂ ਉਹ ਸ਼ਰਾਬੀ ਹੋਏ ਆਪਣੇ ਡੈਡੀ ਨਾਲ ਕਰਦੀ ਸੀ। ਪਰ ਉਸ ਦਾ ਹੌਂਸਲਾ ਨਾ ਪਿਆ। ਜਗਜੀਤ ਨੇ ਸਿਰ ਘੁੱਟ ਰਹੀ ਡਿੰਪਲ ਦੀ ਬਾਂਹ ਫੜ ਆਪਣੇ ਨਾਲ ਸੋਫੇ ਉੱਪਰ ਬੈਠਾ ਲਿਆ ਅਤੇ ਉਸ ਨੂੰ ਆਪਣੇ ਨਾਲ ਘੁੱਟਦਿਆਂ ਬੋਲਿਆ, “ਡਿੰਪਲ ਤੈਨੂੰ ਕਿਸੇ ਚੀਜ਼ ਦੀ ਜਰੂਰਤ ਹੈ ਤਾਂ ਦੱਸ?” ਡਿੰਪਲ ਨੂੰ ਜਗਜੀਤ ਦਾ ਬੇਮੁਹਾਰਾ ਹੋਇਆ ਹੱਥ ਠੀਕ ਨਾ ਲੱਗਾ ਅਤੇ ਉਹ ਉੱਠਣ ਦੀ ਕੋਸ਼ਿਸ਼ ਕਰਦੀ ਬੋਲੀ, “ਲਿਆਓ ਮਾਸੜ ਜੀ ਮੈਂ ਤੁਹਾਡੇ ਵਾਸਤੇ ਖਾਣਾ ਗਰਮ ਕਰ ਦਿਆਂ।” ਜਗਜੀਤ ਨੇ ਉੱਠਦੀ ਡਿੰਪਲ ਨੂੰ ਲੱਕ ਤੋਂ ਫੜ ਕੇ ਵਾਪਸ ਬੈਠਾਉਂਦਿਆਂ ਕਿਹਾ, “ਖਾਣੇ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਬੱਸ ਤੂੰ ਮੇਰੇ ਕੋਲ ਬੈਠ ਜਾ।” ਉਹ ਡਿੰਪਲ ਨੂੰ ਚੁੰਮਣ ਦੀ ਕੋਸ਼ਿਸ਼ ਕਰਨ ਲੱਗਾ। ਆਪਣੇ ਹੱਥ ਨਾਲ ਜਗਜੀਤ ਦਾ ਮੂੰਹ ਪਰ੍ਹਾਂ ਨੂੰ ਧੱਕਦੀ ਡਿੰਪਲ ਰੁਆਂਸੀ ਆਵਾਜ਼ ਵਿੱਚ ਬੋਲੀ, “ਹੋਸ਼ ਕਰੋ ਮਾਸੜ ਜੀ।” “ਕਿਸੇ ਨੂੰ ਨੀ ਪਤਾ ਲੱਗਦਾ, ਬੱਸ ਐਂ ਕਦੇ ਕਦੇ, … ਰਾਣੀ ਬਣਾ ਕੇ ਰੱਖੂੰ,” ਆਖਦਾ ਜਗਜੀਤ ਡਿੰਪਲ ਉੱਪਰ ਝੁਕਿਆ। ਡਿੰਪਲ ਨੇ ਉਸ ਦੇ ਲੱਤ ਮਾਰੀ ਅਤੇ ਉੱਠ ਕੇ ਬਾਹਰ ਵੱਲ ਭੱਜਣ ਲੱਗੀ ਪਰ ਜਗਜੀਤ ਨੇ ਉਸ ਨੂੰ ਦੋ ਕਦਮ ਵੀ ਨਾ ਪੁੱਟਣ ਦਿੱਤੇ। “ਭੱਜ ਕੇ ਕਿੱਧਰ ਜਾਏਂਗੀ? ਹੈ ਕੋਈ ਟਿਕਾਣਾ? ਤੈਨੂੰ ਕਿਹੈ ਬਈ ਰਾਜ ਕਰੇਂਗੀ,” ਆਖ ਜਗਜੀਤ ਨੇ ਡਿੰਪਲ ਨੂੰ ਬਾਹਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਪਰ ਇਸ ਵਾਰ ਡਿੰਪਲ ਦੀ ਲੱਤ ਉਸ ਦੇ ਅਜੇਹੇ ਥਾਂ ਵੱਜੀ ਕਿ ਉਹ ਪੀੜ ਨਾਲ ਇੱਕਠਾ ਹੋ ਕੇ ਥਾਏਂ ਬੈਠ ਗਿਆ। ਡਿੰਪਲ ਵਾਹੋ-ਧਾਹੀ ਪੌੜੀਆਂ ਉੱਤਰ ਕੇ ਘਰੋਂ ਬਾਹਰ ਹੋ ਗਈ। ਸੜਕ ਉੱਪਰ ਭੱਜਦੀ ਉਹ ਮੁੜ-ਮੁੜ ਪਿੱਛੇ ਵੱਲ ਵੇਖਦੀ ਠੇਡਾ ਖਾ ਕੇ ਡਿੱਗ ਪਈ। ‘ਭੱਜ ਕਿੱਧਰ ਭੱਜਦੀ ਐਂ?’ ਜਗਜੀਤ ਦਾ ਬੋਲ ਉਸ ਦੇ ਦਿਮਾਗ ਵਿੱਚ ਗੂੰਜਿਆ। ਉਹ ਤੇਜ਼ੀ ਨਾਲ ਉੱਠੀ, ਪਿੱਛੇ ਵੱਲ ਵੇਖਿਆ, ਉਸ ਨੂੰ ਜਗਜੀਤ ਨਾ ਦਿਸਿਆ ਪਰ ਉਹ ਤੇਜ਼-ਤੇਜ਼ ਤੁਰਦੀ ਰਹੀ। ਕਦੇ ਭੱਜ ਪੈਂਦੀ। ‘ਹਾਏ ਨੀ ਮਾਂ ਕਿੱਧਰ ਜਾਵਾਂ?’ ਸੋਚਦੀ ਨੇ ਉਸ ਹਉਕਾ ਲਿਆ ਅਤੇ ਆਸੇ-ਪਾਸੇ ਵੇਖਦੀ ਨੇ ਪਛਾਨਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਹੜੀ ਸੜਕ ਉੱਪਰ ਜਾ ਰਹੀ ਹੈ। ਸੁੰਨਮ-ਸੁੰਨੀ ਸੜਕ ਉਸ ਨੂੰ ਓਪਰੀ ਜਿਹੀ ਲੱਗੀ। ਜਦੋਂ ਉਸ ਦੀ ਨਜ਼ਰ ਸਾਹਮਣੇ ਚੌਰਸਤੇ ਵਿੱਚ ਲੱਗੇ ਮੈਕਸ ਅਤੇ ਲਾਂਡਰੋਮੈਟ ਦੇ ਸਾਈਨ `ਤੇ ਪਈ ਤਾਂ ਉਸ ਨੂੰ ਤਸੱਲੀ ਜਿਹੀ ਹੋਈ ਕਿ ‘ਇਹ ਤਾਂ ਉਸ ਦਾ ਜਾਣਿਆ-ਪਹਿਚਾਣਿਆ ਰਾਹ ਹੈ। ਇਸੇ ਰਸਤੇ ਤਾਂ ਉਹ ਵੀਕਐਂਡ `ਤੇ ਕੰਮ ਕਰਨ ਆਉਂਦੀ ਹੈ।’ ਮੈਕਸ ਦਾ ਸਾਈਨ ਵੇਖ ਉਸ ਦੇ ਖਿਆਲ ਵਿੱਚ ਰਾਣਾ ਆ ਗਿਆ। ‘ਉਹ ਇੱਥੇ ਹੀ ਹੋਵੇਗਾ, ਵੀਕਡੇਜ਼ ਵਿੱਚ ਉਹ ਰਾਤ ਦੀ ਸ਼ਿਫਟ ਕਰਦਾ ਹੈ’ ਸੋਚ ਕੇ ਉਸ ਦੇ ਕਦਮ ਹੋਰ ਤੇਜ਼ ਹੋ ਗਏ। ਮੈਕਸ ਸਟੋਰ ਵਿੱਚ ਵੜਦਿਆਂ ਉਸ ਇੱਕ ਵਾਰ ਫਿਰ ਪਿੱਛੇ ਮੁੜ ਕੇ ਵੇਖਿਆ, ਉਸ ਨੂੰ ਲੱਗਾ ਜਿਵੇਂ ਆ ਰਹੀ ਕਾਰ ਜਗਜੀਤ ਦੀ ਹੋਵੇ। ਸਟੋਰ ਵਿੱਚ ਦਾਖਿਲ ਹੋ ਉਹ ਸਿੱਧੀ ਰਾਣੇ ਦੇ ਗਲ ਜਾ ਚਿੰਬੜੀ ਜਿਸ ਕੋਲੋਂ ਉਹ ਇੱਕ ਵਿੱਥ `ਤੇ ਰਹਿ ਕੇ ਗੱਲ ਕਰਦੀ ਸੀ। ਭੁੱਬੀਂ ਰੋਂਦੀ ਨੂੰ ਇਹ ਵੀ ਖਿਆਲ ਨਾ ਰਿਹਾ ਕਿ ਉਹ ਇੱਕ ਸਟੋਰ ਵਿੱਚ ਖੜ੍ਹੀ ਹੈ ਜਿਹੜਾ ਉਸ ਸਮੇਂ ਭਾਵੇਂ ਖਾਲੀ ਸੀ ਪਰ ਉੱਥੇ ਕਿਸੇ ਵੀ ਪਲ ਕੋਈ ਗਾਹਕ ਆ ਸਕਦਾ ਸੀ। ਇਸ ਦਾ ਖਿਆਲ ਰਾਣੇ ਨੂੰ ਆਇਆ ਅਤੇ ਉਹ ਡਿੰਪਲ ਨੂੰ ਪਿਛਲੇ ਕਮਰੇ ਵਿੱਚ ਲੈ ਗਿਆ। ਬਾਹਰ ਆਪਣੀ ਕਾਰ ਵਿੱਚ ਬੈਠੇ ਜਗਜੀਤ ਨੇ ਮੈਕਸ ਸਟੋਰ ਦੀਆਂ ਪਾਰਦਰਸ਼ੀ ਕੰਧਾਂ ਵਿੱਚੋਂ ਜਦ ਇਹ ਦ੍ਰਿਸ਼ ਵੇਖਿਆ, ਉਸ ਅੰਦਰ ਧੂਹ ਜਿਹੀ ਪਈ। ਉਸ ਦਾ ਜੀਅ ਕੀਤਾ ਕਿ ਸਟੋਰ ਅੰਦਰ ਜਾ ਕੇ ਉਹ ਦੋ ਘਸੁੰਨ ਉਸ ਮੁੰਡੇ ਦੇ ਮਾਰੇ ਅਤੇ ਬਾਹੋਂ ਫੜ ਕੇ ਡਿੰਪਲ ਨੂੰ ਕਾਰ ਵਿੱਚ ਸੁੱਟ ਲਵੇ। ਪਰ ਥੋੜ੍ਹੀ ਦੇਰ ਪਹਿਲਾਂ ਜਾਗੇ ਪੁਲੀਸ ਦੇ ਡਰ ਨੇ ਉਸ ਨੂੰ ਰੋਕ ਲਿਆ। ਇਸੇ ਡਰ ਕਰਕੇ ਹੀ ਤਾਂ ਉਹ ਡਿੰਪਲ ਦੇ ਪਿੱਛੇ ਆਇਆ ਸੀ। ਨਹੀਂ ਤਾਂ ਲੱਤ ਵੱਜਣ ਦੀ ਪੀੜ ਤੋਂ ਥੋੜ੍ਹੀ ਰਾਹਤ ਮਿਲਣ ਨਾਲ ਉਸ ਸੋਚਿਆ ਸੀ ਕਿ ‘ਆਪੇ ਮੁੜ ਆਵੇਗੀ, ਹੋਰ ਓਹਦਾ ਹੈ ਵੀ ਕੌਣ ਇੱਥੇ ਜਿਸ ਕੋਲ ਚਲੀ ਜਾਵੇਗੀ।’ ਪਰ ਝੱਟ ਪਿੱਛੋਂ ਹੀ ਖਿਆਲ ਆਇਆ ਕਿ ‘ਜੇ ਕਿਸੇ ਨੇ ਡਿੰਪਲ ਨੂੰ ਐਸ ਵੇਲੇ ਇਸ ਹਾਲਤ `ਚ ਭੱਜੀ ਜਾਂਦੀ ਵੇਖ ਕੇ ਪੁਲੀਸ ਨੂੰ ਫੋਨ ਕਰ ਦਿੱਤਾ ਜਾਂ ਕਿਸੇ ਲੰਘਦੇ-ਵੜਦੇ ਪੁਲੀਸ ਵਾਲੇ ਦੀ ਉਸ ਉੱਪਰ ਨਿਗ੍ਹਾ ਪੈ ਗਈ, ਤਾਂ?’ ਸਕਿੰਟਾਂ ਵਿੱਚ ਹੀ ਪੁਲੀਸ, ਉਸ ਦੇ ਸਾਹਮਣੇ ਖੜ੍ਹੀ ਉਸ ਦੀ ਘਰਵਾਲੀ ਤੇ ਸਿਮਰਤ ਦੇ ਖਿਆਲ ਨੇ ਉਸ ਉੱਪਰ ਸਵਾਰ ਕਾਮ ਦੇ ਭੂਤ ਨੂੰ ਕੁਚਲ ਕੇ ਰੱਖ ਦਿੱਤਾ। ‘ਇਹ ਕੀ ਪੰਗਾ ਪਾ ਲਿਐ? ਬੈਠੇ-ਬੈਠੇ ਬਦਨਾਮੀ ਨੂੰ ਹਾਕ ਮਾਰ ਲਈ?’ ‘ਪਤਾ ਈ ਨੀ ਲੱਗਾ ਕਿ ਕੀ ਕਰੀ ਜਾਨਾਂ, ਜਦ ਵੀ ਸਾਲੀ ਦਾ ਖਿਆਲ ਆਉਂਦੈ ਤਾਂ ਜੀਅ ਮਚਲਣ ਲੱਗ ਜਾਂਦੈ।’ ‘ਆਪਣੇ `ਤੇ ਕਾਬੂ ਰੱਖਣਾ ਸੀ ਜਿਵੇਂ ਰਾਤ ਜ਼ਾਬਤਾ ਰੱਖਿਆ ਸੀ।’ ‘ਰਾਤ ਤਾਂ ਓਹਦੇ ਮੂੰਹੋਂ ‘ਡੈਡੀ’ ਸੁਣ ਕੇ ਸਰੀਰ ਝੂਠਾ ਪੈ ਗਿਆ ਸੀ।’ ‘ਅੱਜ ਹਿੰਮਤ ਕਰਨ ਲਈ ਸ਼ਰਾਬ ਪੀਣ ਆਲੀ ਗਲਤੀ ਕਰ ਬੈਠਾ।’ ‘ਉੱਠ ਹੁਣ, ਮਿੰਨਤ-ਤਰਲਾ ਕਰਕੇ ਮੋੜ ਲਿਆ।’ ‘ਪਰ ਉਹ ਗਈ ਕਿੱਧਰ ਹੋਈ?’ ਇਨ੍ਹਾਂ ਸੋਚਾਂ `ਚ ਪ੍ਰੇਸ਼ਾਨ ਹੋਇਆ ਉਹ ਡਿੰਪਲ ਨੂੰ ਮੋੜ ਲਿਆਉਣ ਲਈ ਉੱਠ ਖੜ੍ਹੋਤਾ। ‘ਹੋ ਸਕਦੈ ਕਿ ਉਸ ਮੁੰਡੇ ਕੋਲ ਗਈ ਹੋਵੇ ਜੀਹਦਾ ਮਨਜੀਤ ਕਹਿੰਦੀ ਸੀ ਕਿ ਫੋਨ ਆਉਂਦੈ,’ ਸੋਚ ਉਸ ਆਪਣੀ ਕਾਰ ਮੈਕਸ ਸਟੋਰ ਵੱਲ ਮੋੜ ਲਈ। ਮੁੰਡੇ ਨਾਲ ਸਟੋਰ ਦੇ ਪਿਛਲੇ ਕਮਰੇ ਵੱਲ ਜਾਂਦੀ ਡਿੰਪਲ ਵੱਲ ਵੇਖ ਉਸ ਨੇ ਪਛਤਾਵੇ `ਚ ਸਿਰ ਮਾਰਿਆ, ‘ਜੇ ਕਿਤੇ ਪੰਜ-ਸੱਤ ਮਿੰਟ ਪਹਿਲਾਂ ਤੁਰ ਪੈਂਦਾ ਤਾਂ ਉਹਨੂੰ ਸਟੋਰ `ਚ ਵੜਨ ਤੋਂ ਪਹਿਲਾਂ ਮੋੜ ਲੈਣਾ ਸੀ।’ ‘ਪਰ ਹਾਲੇ ਤਾਂ ਹੁਣੇ ਹੀ ਅੰਦਰ ਗਈ ਐ, ਮੁੰਡੇ ਨੂੰ ਵੀ ਕੁਛ ਨਹੀਂ ਦੱਸਿਆ ਹੋਣਾ, ਅੰਦਰ ਜਾਣਾ ਚਾਹੀਦੈ। …ਪਰ ਜੇ ਉਹ ਮੁੰਡੇ ਦੇ ਸਾਹਮਣੇ ਹੀ ਬੋਲ ਪਈ, ਫੇਰ ਕੀ ਰਹੂ? … ਕਿਓਂ ਨਾ ਫੋਨ ਕਰਾਂ? ਹਾਂ, ਇਹ ਠੀਕ ਐ,’ ਸੋਚ ਕੇ ਉਸ ਨੇ ਆਪਣੇ ਸੈੱਲ ਫੋਨ ਤੋਂ ਸਟੋਰ ਦਾ ਨੰਬਰ ਮਿਲਾਇਆ। “ਆਹ ਡਿੰਪਲ ਨੂੰ ਫੋਨ ਫੜਾਈਂ,” ਫੋਨ ਮਿਲਣ ਸਾਰ ਹੀ ਜਗਜੀਤ ਨੇ ਕਿਹਾ। “ਤੁਸੀਂ ਕੌਣ?” “ਮੈਂ ਕੋਈ ਹੋਵਾਂ, ਤੂੰ ਫੋਨ ਫੜਾ ਓਹਨੂੰ,” ਜਗਜੀਤ ਨੇ ਝੁੰਜਲਾਈ ਆਵਾਜ਼ `ਚ ਕਿਹਾ। ਜਦ ਡਿੰਪਲ ਨੇ ‘ਹੈਲੋ’ ਕਿਹਾ ਜਗਜੀਤ ਨੇ ਆਪਣੀ ਆਵਾਜ਼ ਨੂੰ ਨਰਮ ਕਰਦਿਆਂ ਕਿਹਾ, “ਡਿੰਪਲ ਮੈਨੂੰ ਪਤਾ ਈ ਨੀ ਲੱਗਾ ਕਿ ਮੈਂ ਕੀ ਕਰ… ਪਰ ਡਿੰਪਲ ਨੇ ਪੂਰਾ ਵਾਕ ਸੁਣਨ ਤੋਂ ਪਹਿਲਾਂ ਹੀ ਫੋਨ ਕੱਟ ਦਿੱਤਾ। ਉਸ ਦਾ ਰੋਣ ਹੀ ਨਹੀਂ ਸੀ ਬੰਦ ਹੋ ਰਿਹਾ। ਜਗਜੀਤ ਨੇ ਦੋ ਵਾਰ ਫਿਰ ਫੋਨ ਕੀਤਾ ਪਰ ਡਿੰਪਲ ਨੇ ਗੱਲ ਨਾ ਕੀਤੀ। ਪਰ ਰਾਣੇ ਨੇ ਤਾੜਨਾ ਭਰੇ ਲਹਿਜ਼ੇ `ਚ ਕਿਹਾ, “ਜੇ ਉਹ ਗੱਲ ਨਹੀਂ ਕਰਨਾ ਚਾਹੁੰਦੀ ਤਾਂ ਵਾਰ ਵਾਰ ਪ੍ਰੇਸ਼ਾਨ ਨਾ ਕਰ।” ਜਗਜੀਤ ਨੇ ਗਾਲ੍ਹ ਕੱਢੀ ਜਿਹੜੀ ਕਾਰ ਦੇ ਸ਼ੀਸ਼ਆਂ ਨਾਲ ਟਕਰਾ ਕੇ ਦਮ ਤੋੜ ਗਈ। ‘ਹੁਣ ਕੀ ਕੀਤਾ ਜਾਵੇ?’ ਸੋਚਦੇ ਨੇ ਉਸ ਕਾਰ ਘਰ ਵੱਲ ਮੋੜ ਲਈ। ਘਰ ਪਹੁੰਚਦੇ ਤੱਕ ਉਸ ਦੇ ਦਿਮਾਗ ਵਿੱਚ ਇੱਕ ਸਕੀਮ ਤਿਆਰ ਹੋ ਗਈ ਸੀ। ਉਸ ਨੇ ਆਪਣੀ ਪਤਨੀ ਮਨਜੀਤ ਨੂੰ ਵਿਕਟੋਰੀਆ ਫੋਨ ਮਿਲਾ ਕੇ ਕਿਹਾ, “ਭਾਣਾ ਵਰਤ ਗਿਐ, ਜਿਹੜੀ ਗੱਲੋਂ ਤੂੰ ਡਰਦੀ ਹੁੰਦੀ ਸੀ, ਓਹੀ ਹੋਈ।” “ਕੀ ਹੋ ਗਿਐ।” ਮਨਜੀਤ ਨੇ ਘਬਰਾਈ ਆਵਾਜ਼ `ਚ ਪੁੱਛਿਆ। “ਹੋਣਾ ਕੀ ਸੀ ਮੇਰਾ ਚਿੱਤ ਨੀ ਸੀ ਠੀਕ ਏਸ ਕਰਕੇ ਮੈਂ ਕੰਮ ਤੋਂ ਪਹਿਲਾਂ ਘਰ ਆ ਗਿਆ। ਡਿੰਪਲ ਇੱਕ ਮੁੰਡੇ ਨੂੰ ਚਿੰਬੜੀ ਬੈਠੀ ਸੀ। ਮੈਂ ਗਰਮੀ `ਚ ਮੁੰਡੇ ਦੇ ਮਾਰਨ ਅਹੁਲਿਆ ਤਾਂ ਮੂਹਰੇ ਹੋ ਗਈ। ਮੈਂ ਗੁੱਸੇ `ਚ ਆਖ ਬੈਠਾ ਬਈ ਨਿਕਲ ਜਾ ਘਰੋਂ। ਉਹ ਜਿਵੇਂ ਪਹਿਲਾਂ ਈ ਤਿਆਰ ਸੀ। ਓਹਨਾਂ ਕੱਪੜਿਆਂ `ਚ ਈ ਤੁਰਗੀ।” “ਹਾਏ, ਹਾਏ, ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ। ਕੁੜੀ ਦੇ ਚਾਲੇ ਨੀ ਸੀ ਠੀਕ ਲੱਗਦੇ ਜਿਹੜਾ ਬਣ-ਠਣ ਕੇ ਘਰੋਂ ਨਿਕਲਦੀ ਸੀ।” “ਤੂੰ ਐਂ ਕਰ ਸਵੇਰੇ ਪਹਿਲੀ ਫੈਰੀ ਲੈ ਕੇ ਵਾਪਸ ਆ ਜਾ। ਮਿੰਨਤ-ਤਰਲਾ ਕਰਕੇ ਮੋੜ ਲਿਆਵਾਂਗੇ। ਨਹੀਂ ਤਾਂ ਆਪਣੀ ਹੀ ਬਦਨਾਮੀ ਹੋਊ ਜਦੋਂ ਉਹ ਬਿਗਾਨੇ ਮੁੰਡੇ ਨਾਲ ਤੁਰੀ–ਫਿਰੂ। ਓਹਦੇ ਮਾਂ-ਪਿਓ ਵੱਲੋਂ ਅੱਡ ਉਲਾਂਭਾ ਆਊ।” “ਮਿੰਨਤ ਕਿਓਂ ਕਰਨੀ ਐਂ। ਮੈਂ ਨੀ ਘਰੇ ਰੱਖਦੀ ਐਹੋ ਜੀ ਨੂੰ ਹੁਣ। ਮੇਰੀ ਨੂੰ ਵੀ ਏਹੋ ਕੁੱਝ ਸਿਖਾਊ। ਕੱਲ੍ਹ ਨੂੰ ਹੀ ਜਹਾਜ਼ੇ ਚੜਾਉਨੀ ਐਂ ਓਹਨੂੰ।” “ਤੂੰ ਬਹੁਤਾ ਫਿਕਰ ਨਾ ਕਰੀਂ, ਠੀਕ ਹੋ ਜੂ ਸਭ ਕੁਝ,” ਆਖ ਜਗਜੀਤ ਨੇ ਫੋਨ ਰੱਖ ਦਿੱਤਾ। ਮਨਜੀਤ ਦੇ ਬੋਲਾਂ ਵਿੱਚ ਕੁੜੱਤਣ ਸੁਣ ਕੇ ਉਸ ਨੇ ਤਸੱਲੀ ਮਹਿਸੂਸ ਕਰਦਿਆਂ ਸ਼ਰਾਬ ਦਾ ਗਲਾਸ ਭਰ ਲਿਆ। ‘ਇਹ ਕੀ ਕੀਤਾ ਕਮਜਾਤ ਨੇ? ਭੋਰਾ ਵੀ ਨੀ ਸੋਚਿਆ ਕਿ ਕੀ ਕਰਨ ਲੱਗੀ ਐ। ਐਡੀ ਜ਼ਿੰਮੇਵਾਰੀ ਲੈ ਕੇ ਸੱਦੀ ਐ। ਇਹਦਾ ਪਿਓ ਕੰਜਰ ਨਿੱਤ ਭੈਣ ਨੂੰ ਮੇਹਣੇ ਮਾਰਦਾ ਸੀ ਕਿ ਤੇਰੇ ਰਿਸ਼ਤੇਦਾਰ ਕਨੇਡੇ ਐ, ਸਾਡਾ ਨੀ ਸੋਚਦੇ। ਜੇ ਬਾਹਰ ਭੇਜਣ ਦਾ ਐਡਾ ਈ ਸ਼ੌਂਕ ਸੀ ਤਾਂ ਕੁੱਝ ਸਮਝਾ-ਬੁਝਾ ਕੇ ਭੇਜਦਾ। ਕੱਲ੍ਹ ਨੂੰ ਕਹੂਗਾ ਥੋਡੇ ਭਰੋਸੇ ਛੱਡੀ ਸੀ ਤੁਸੀਂ ਖਿਆਲ ਨੀ ਰੱਖਿਆ। ਕੀ ਪਤਾ ਕੰਜਰੀ ਕੀ ਕਹੂਗੀ ਬਈ ਕਿਓਂ ਘਰੋਂ ਭੱਜੀ ਸੀ। ਓਹਦੇ ਪਿਓ ਕੰਜਰ ਨਾਲ ਈ ਕਰਦੀਂ ਆਂ ਗੱਲ’ ਸੋਚ ਕੇ ਭਰੀ-ਪੀਤੀ ਮਨਜੀਤ ਨੇ ਡਿੰਪਲ ਦੇ ਮਾਂ-ਪਿਓ ਨੂੰ ਇੰਡੀਆ ਫੋਨ ਕਰ ਦਿੱਤਾ ਕਿ ਡਿੰਪਲ ਘਰੋਂ ਭੱਜ ਗਈ। ਘਰੋਂ ਭੱਜੀ ਡਿੰਪਲ ਮੈਕਸ ਕਨਵੀਨੀਐਂਸ ਸਟੋਰ ਦੇ ਪਿਛਲੇ ਕਮਰੇ `ਚ ਬੈਠੀ ਜ਼ਾਰੋ-ਜ਼ਾਰ ਰੋ ਰਹੀ ਸੀ। ਜਿਹੜਾ ਕੁੱਝ ਹੋਇਆ ਸੀ ਉਸ ਦਾ ਡਿੰਪਲ ਨੂੰ ਸੱਚ ਨਹੀਂ ਸੀ ਆ ਰਿਹਾ। ‘ਓਹਨੇ ਮੇਰੇ ਨਾਲ ਇਸ ਤਰ੍ਹਾਂ ਕਿਓਂ ਕੀਤਾ, …ਮੈਂ ਤਾਂ ਓਹਨੂੰ ਪਿਓ ਸਮਝਦੀ ਸੀ। … ਕੀ ਕਰਾਂ ਮੈਂ? … ਕਿੱਥੇ ਜਾਵਾਂ?’ ਕਦੇ ਉਹ ਸੋਚਦੀ ਕਿ ਇੰਡੀਆ ਫੋਨ ਕਰਕੇ ਮੰਮੀ-ਡੈਡੀ ਨੂੰ ਦੱਸੇ। ਫੇਰ ਸੋਚਦੀ, ‘ਉਹ ਉੱਥੇ ਬੈਠੇ ਕੀ ਕਰ ਲੈਣਗੇ? ਵਾਧੂ ਦਾ ਫਿਕਰ ਕਰਨਗੇ। … ਹੋਰ ਫਿਰ ਮੈਂ ਕੀ ਕਰਾਂ?’ ਸੋਚ ਕੇ ਉਸ ਦੀ ਭੁੱਬ ਨਿਕਲ ਜਾਂਦੀ। ਰਾਣਾ ਗਾਹਕ ਭੁਗਤਾ ਕੇ ਗੇੜਾ ਮਾਰ ਜਾਂਦਾ ਅਤੇ ਪੁੱਛਦਾ, “ਕੀ ਹੋਇਐ? ਕੋਈ ਗੱਲ ਵੀ ਦੱਸ।” ਡਿੰਪਲ “ਕੁਝ ਨਹੀਂ” ਆਖ ਕੇ ਸਿਰ ਮਾਰਦੀ ਅਤੇ ਉਸ ਦਾ ਰੋਣ ਉੱਚਾ ਹੋ ਜਾਂਦਾ। “ਘੱਟੋ-ਘੱਟ ਪਤਾ ਤਾਂ ਲੱਗੇ ਕਿ ਹੋਇਆ ਕੀ ਐ।” ਰਾਣੇ ਨੇ ਜ਼ੋਰ ਦੇ ਕੇ ਪੁੱਛਿਆ। “ਮਾਸੜ ਨੇ…” ਤੋਂ ਬਾਅਦ ਡਿੰਪਲ ਤੋਂ ਕੁੱਝ ਨਾ ਬੋਲਿਆ ਗਿਆ। “ਹੈ ਕੰਜਰ! ਤੈਨੂੰ ਹੱਥ ਪਾ ਲਿਆ।” ਰਾਣੇ ਨੇ ਆਪ ਹੀ ਅੰਦਾਜ਼ਾ ਲਾਉਂਦਿਆਂ ਪੁੱਛਿਆ। ਡਿੰਪਲ ਦੀ ਭੁੱਬ ਨਿਕਲ ਗਈ।”ਤੈਨੂੰ ਕੋਈ ਨੁਕਸਾਨ ਤਾਂ ਨਹੀਂ ਪੁਚਾਇਆ।” ਰਾਣੇ ਨੇ ਪੁੱਛਿਆ। ਡਿੰਪਲ ਨੇ ਨੀਵੀਂ ਚੁੱਕ ਕੇ ਹੰਝੂ ਭਰੀਆਂ ਅੱਖਾਂ ਨਾਲ ਰਾਣੇ ਵੱਲ ਵੇਖਿਆ ਅਤੇ ‘ਨਹੀਂ’ ਵਿੱਚ ਸਿਰ ਮਾਰਿਆ। ਰਾਣਾ ਉਸ ਨੂੰ ਧੀਰਜ ਬਨਾਉਂਦਾ ਆਖਣ ਲੱਗਾ, “ਕੁਝ ਨਹੀਂ ਵਿਗੜਿਆ, ਸਭ ਕੁੱਝ ਠੀਕ ਹੋ ਜੂ, ਫਿਕਰ ਨਾ ਕਰ, ਜਿੰਨੀ ਹੋ ਸਕਿਆ ਤੇਰੀ ਮੱਦਦ ਕਰੂੰ।” ਡਿੰਪਲ ਦੀ ਬਾਕੀ ਰਾਤ ਰੋਂਦਿਆਂ, ਸਿਸਕਦਿਆਂ, ਹਾਉਕੇ ਲੈਂਦਿਆਂ ਨਿਕਲ ਗਈ। ਸਵੇਰੇ ਛੇ ਵਜੇ ਆਪਣੇ ਕੰਮ ਦੀ ਸ਼ਿਫਟ ਮੁਕਾ ਕੇ ਰਾਣੇ ਨੇ ਕਿਹਾ, “ਆ ਚੱਲੀਏ।” “ਕਿੱਥੇ।” ਡਿੰਪਲ ਨੇ ਹੈਰਾਨੀ ਜਿਹੀ ਨਾਲ ਪੁੱਛਿਆ। “ਮੇਰੀ ਬੇਸਮੈਂਟ `ਚ। ਹੋਰ ਕਿੱਥੇ?” “ਪਰ…,” ਕੁੱਝ ਆਖਦੀ-ਆਖਦੀ ਡਿੰਪਲ ਚੁੱਪ ਕਰ ਗਈ। ਉਸ ਨੂੰ ਇਸ ਤਰ੍ਹਾਂ ਜੱਕੋ-ਤੱਕੀ ਜਿਹੀ `ਚ ਪਈ ਵੇਖ ਰਾਣਾ ਬੋਲਿਆ, “ਜੇ ਕੋਈ ਹੋਰ ਥਾਂ ਜਿੱਥੇ ਤੂੰ ਜਾਣਾਂ ਚਾਹੁੰਨੀ ਐਂ ਤਾਂ ਮੈਂ ਉੱਥੇ ਛੱਡ ਆਉਨੈ?” “ਨਹੀਂ, ਹੋਰ ਤਾਂ ਕਿਤੇ ਨੀ,” ਆਖਦੀ ਡਿੰਪਲ ਉੱਠ ਖੜੋਤੀ ਅਤੇ ਹੌਲੀ-ਹੌਲੀ ਤੁਰਦੀ ਇੱਧਰ-ਉੱਧਰ ਵੇਖਦੀ ਉਹ ਕਾਰ ਦੀ ਪਿਛਲੀ ਸੀਟ `ਤੇ ਬੈਠ ਗਈ। ਬੇਸਮੈਂਟ `ਚ ਪਹੁੰਚ ਜਦ ਰਾਣਾ ਅੰਦਰੋਂ ਕੁੰਡੀ ਲਾਉਣ ਲੱਗਾ ਤਾਂ ਡਿੰਪਲ ਝੱਟ ਬੋਲੀ, “ਲੌਕ ਨੂੰ ਕੀ ਐ।” ਉਸ ਦੇ ਚੇਹਰੇ `ਤੇ ਘਬਰਾਹਟ ਵੇਖ ਰਾਣਾ ਬੋਲਿਆ, “ਮੈਂ ਤੇਰਾ ਦੋਸਤ ਬਣਨਾ ਚਾਹੁੰਨੈ, ਦੁਸ਼ਮਣ ਨਹੀਂ। ਮੈਥੋਂ ਨਾ ਡਰ।” “ਨਹੀਂ-ਨਹੀਂ ਮੈਂ ਤਾਂ ਓਦਾਂ ਹੀ ਕਿਹਾ ਸੀ,” ਆਖਦੀ ਡਿੰਪਲ ਇੱਧਰ-ਉੱਧਰ ਵੇਖਣ ਲੱਗੀ। “ਬੈਠ ਕੇ ਆਪਣੇ ਮੰਮੀ-ਡੈਡੀ ਨੂੰ ਫੋਨ ਕਰਕੇ ਦੱਸ ਸਾਰਾ ਕੁੱਝ ਕਿ ਤੂੰ ਕਿੱਥੇ ਹੈਂ। ਉਨ੍ਹਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਹੈ ਕਿ ਤੇਰੇ ਨਾਲ ਕੀ ਬੀਤਆ ਹੈ।” ਰਾਣੇ ਨੇ ਉਸ ਨੂੰ ਫੋਨ ਫੜਾਉਂਦੇ ਹੋਏ ਆਖਿਆ। ਜੱਕਾਂ-ਤੱਕਾਂ `ਚ ਜਦ ਡਿੰਪਲ ਨੇ ਫੋਨ ਮਿਲਾਇਆ ਤਾਂ ਉਸ ਦੀ ਮੰਮੀ ਨੇ ਕਿਹਾ, “ਕਿੱਥੇ ਐਂ ਕੁੜੇ ਤੂੰ? ਅਸੀਂ ਤਾਂ ਸਾਰਾ ਟੱਬਰ ਸੁੱਕਣੇ ਪਏ ਵੇ ਆਂ ਜਦੋਂ ਦਾ ਤੇਰੀ ਮਾਸੀ ਦਾ ਫੋਨ ਆਇਐ। ਕੀਹਦੇ ਨਾਲ ਐਂ ਤੂੰ? ਤੇਰੀ ਮਾਸੀ ਤਾਂ ਹੋਰ ਈ ਗੱਲਾਂ ਕਰਦੀ ਐ।” ਡਿੰਪਲ ਦਾ ਗੱਚ ਭਰ ਆਇਆ ਅਤੇ ਉਸ ਕੋਲੋਂ ਕੁੱਝ ਨਾ ਬੋਲਿਆ ਗਿਆ। ਉਸ ਫੋਨ ਕੱਟ ਦਿੱਤਾ। ਆਪਣਾ ਚਿੱਤ ਕਰੜਾ ਕਰਕੇ ਉਸ ਫੇਰ ਫੋਨ ਕਰਕੇ ਆਪਣੀ ਮੰਮੀ ਨੂੰ ਹੋਈ ਬੀਤੀ ਸੁਣਾ ਦਿੱਤੀ। “ਸਾਨੂੰ ਕਿਹੜਾ ਤੇਰੀ ਮਾਸੀ ਦੀਆਂ ਗੱਲਾਂ ਦਾ ਸੱਚ ਆਉਂਦਾ ਸੀ। ਅਸੀਂ ਵੀ ਕਹੀਏ ਬਈ ਭੱਜਣਾ ਤਾਂ ਇੱਕ ਪਾਸੇ ਸਾਡੀ ਡਿੰਪਲ ਤਾਂ ਕਿਸੇ ਵੱਲ ਅੱਖ ਪੁੱਟ ਕੇ ਨੀ ਵੇਖਦੀ।” ਫੇਰ ਉਸ ਰਤਾ ਰੁਕ ਕੇ ਪੁੱਛਿਆ, “ਤੇਰੇ ਸਰੀਰ ਨੂੰ ਤਾਂ ਕੋਈ ਜ਼ਰਬ ਨੀਂ ਪਹੁੰਚੀ?” ਡਿੰਪਲ ਦੀ ‘ਨਹੀਂ’ ਸੁਣ ਕੇ ਉਸ ਕਿਹਾ, “ਸ਼ੁਕਰ ਐ, ਸ਼ੁਕਰ ਐ।” ਸੁਣ ਕੇ ਡਿੰਪਲ ਅੰਦਰ ਇੱਕ ਚੀਸ ਜਿਹੀ ਉੱਠੀ। ਉਸ ਸੋਚਿਆ, ‘ਜਿਹੜੀ ਹੁਣ ਜ਼ਰਬ ਪਹੁੰਚੀ ਐ ਉਹ ਥੋੜ੍ਹੀ ਐ?’ “ਲੱਤ ਨਾਲ ਕੀ ਬਣਿਐ ਹੋਣਾ ਕੰਜਰ ਦਾ ਕੁਛ ਹੋਰ ਹੈ ਨੀ ਸੀ ਮਾਰਨ ਨੂੰ? ਚੀਰ ਕੇ ਰੱਖ ਦਿੰਦੀ,” ਇਹ ਆਵਾਜ਼ ਉਸ ਦੇ ਡੈਡੀ ਦੀ ਸੀ। ਫਿਰ ਉਹ ਥੋੜ੍ਹੀ ਦੇਰ ਚੁੱਪ ਰਹਿ ਕੇ ਬੋਲੇ, “ਤੂੰ ਚੰਗਾ ਕੀਤਾ ਭੱਜ ਆਈ ਉੱਥੋਂ, ਓਸ ਕੰਜਰ ਨਾਲ ਵੀ ਮੈਂ ਕਰਦੈਂ ਗੱਲ। ਤੂੰ ਫਿਕਰ ਨਾ ਕਰ ਮੈਂ ਕਿਸੇ ਏਜੰਟ ਨਾਲ ਸਲਾਹ ਕਰਕੇ ਕਰੂੰ ਕੋਈ ਇੰਤਜ਼ਾਮ।” ਆਪਣੇ ਡੈਡੀ ਤੋਂ ਦਿਲਾਸਾ ਲੈ ਡਿੰਪਲ ਨੇ ਇੱਕ ਲੰਮਾ ਸਾਹ ਲਿਆ ਅਤੇ ਸੋਫੇ ਉੱਪਰ ਬੈਠ ਗਈ। ਕੁੱਝ ਦੇਰ ਬਾਅਦ ਜਦ ਬੇਸਮੈਂਟ ਦਾ ਦਰਵਾਜ਼ਾ ਖੜਕਿਆ ਤਾਂ ਰਾਣੇ ਨੇ ਆਪਣੇ ਕਮਰੇ ਵਿੱਚੋਂ ਆ ਕੇ ਦਰਵਾਜ਼ਾ ਖੋਹਲਿਆ।”ਡਿੰਪਲ”, ਆਪਣੀ ਮਾਸੀ ਦੀ ਆਵਾਜ਼ ਸੁਣ ਸੋਫੇ ਉੱਪਰੋਂ ਉੱਠ ਡਿੰਪਲ ਦਰਵਾਜ਼ੇ `ਚ ਖੜ੍ਹੇ ਰਾਣੇ ਨਾਲ ਜਾ ਖੜੋਤੀ। ਮਨਜੀਤ ਨੇ ਖਾ ਜਾਣ ਵਾਲੀਆਂ ਨਿਗਾਹਾਂ ਨਾਲ ਵੇਖਦੇ ਕਿਹਾ, “ਕਲੱਛਣੀਏਂ ਭੋਰਾ ਸ਼ਰਮ ਨਹੀਂ ਆਈ ਖੇਹ ਖਾਣ ਲੱਗੀ ਨੂੰ। ਆਵਦੇ ਪਿਓ ਵਰਗੇ ਮਾਸੜ `ਤੇ ਤੋਹਮਤ ਲਾਉਂਦਿਆਂ ਤੇਰੇ ਅੰਦਰ ਭੋਰਾ ਵੀ ਰਹਿਮ ਨੀ ਆਇਆ? … ਜਿਹੜੀ ਖੇਹ ਖਿੰਡਾਉਣੀ ਸੀ ਖਿੰਡਾ ਦਿੱਤੀ ਹੁਣ ਤਿਆਰ ਹੋ ਜਾ ਜਾਣ ਲਈ। ਘਰੇ ਰੱਖਣਾ ਤਾਂ ਇੱਕ ਪਾਸੇ ਕਨੇਡੇ `ਚ ਵੀ ਨੀ ਰਹਿਣ ਦਿੰਦੀ ਤੈਨੂੰ।” “ਮਾਸੀ ਜੀ ਗੱਲ ਤਾਂ ਸੁਣੋ ਮੇਰੀ,” ਡਿੰਪਲ ਨੇ ਕਿਹਾ। “ਗੱਲ ਸੁਣਨ ਦੀ ਹਾਲੇ ਕਸਰ ਰਹਿ ਗਈ? ,” ਮਨਜੀਤ ਨੇ ਡਿੰਪਲ ਦੇ ਖਿੱਲਰੇ ਕੇਸਾਂ ਵੱਲ ਇਸ਼ਾਰਾ ਕੀਤਾ ਅਤੇ ਫਿਰ ਨਾਈਟ ਗਾਊਨ `ਚ ਖੜ੍ਹੇ ਰਾਣੇ ਵੱਲ ਹੱਥ ਕਰਕੇ ਬੜੇ ਘਿਰਣਾਮਈ ਅੰਦਾਜ਼ `ਚ ਵੇਖਿਆ। “ਜੇ ਤੁਸੀਂ ਮਾਸੜ ਦੀਆਂ ਗੱਲਾਂ ਦਾ ਈ ਇਤਬਾਰ ਕਰਨੈ ਤਾਂ ਆਖੋ ਓਹਨੂੰ ਗੁਰਦੁਆਰੇ ਜਾ ਕੇ ਖਾਵੇ ਸੌਂਹ ਦੋਹਾਂ ਬੱਚਿਆਂ ਦੀ,” ਡਿੰਪਲ ਨੇ ਰੁਆਂਸੀ ਆਵਾਜ਼ `ਚ ਕਿਹਾ। “ਹਾਏ, ਹਾਏ ਕੰਜਰੀਏ ਜਵਾਕ ਤਾਂ ਤੇਰੇ ਸਾਹਾਂ `ਚ ਸਾਹ ਲੈਂਦੇ ਆ, ਤੂੰ ਓਨ੍ਹਾਂ ਨੂੰ ਵੀ ਨੀ ਬਖ਼ਸ਼ਦੀ,” ਮਨਜੀਤ ਉਸ ਨੂੰ ਝਈ ਲੈ ਕੇ ਪਈ। “ਤੂੰ ਇਹਦੀ ਗੱਲ ਤਾਂ ਸੁਣ ਲੈ ਆਵਦੀਆਂ ਈ ਮਾਰੀ ਜਾਨੀ ਐਂ,” ਰਾਣੇ ਨੇ ਖਰ੍ਹਵੀ ਆਵਾਜ਼ `ਚ ਕਿਹਾ। “ਤੂੰ ਆਵਦਾ ਕੰਮ ਕਰ, ਤੇਰਾ ਕੋਈ ਕੰਮ ਨਹੀਂ ਵਿੱਚ ਟੰਗ ਅੜਾਉਣ ਦਾ,” ਮਨਜੀਤ ਨੇ ਰਾਣੇ ਨੂੰ ਅੱਖਾਂ ਵਿਖਾਈਆਂ। “ਟੰਗ ਅੜਾਉਣ ਨੂੰ ਮੈਂ ਕੀ … ,” ਆਖਦਾ ਰਾਣਾ ਚੁੱਪ ਕਰ ਗਿਆ। ਉਸ ਦੀਆਂ ਮੁੱਠੀਆਂ ਮਿਚ ਗਈਆਂ। “ਕਮਜਾਤ ਨੇ ਕੱਖੋਂ ਹੌਲੇ ਕਰਕੇ ਰੱਖਤਾ। ਹੁਣ ਐਹੋ ਜਿਆਂ ਤੋਂ ਅੱਖਾਂ ਕਢਵਾਉਂਦੀ ਐ। ਨਾਲੇ ਵੇਖਲਾਂ ਗੇ ਤੈਨੂੰ ਵੀ ਵੱਡੇ ਨੂੰ,” ਆਖਦੀ ਮਨਜੀਤ ਵਾਪਸ ਚਲੀ ਗਈ। “ਵੇਖ ਲੀਂ ਜਿਹੜਾ ਵੇਖਣੈ,” ਆਖਦੇ ਰਾਣੇ ਨੇ ਦਰਵਾਜ਼ਾ ਬੰਦ ਕਰ ਦਿੱਤਾ। ਮਾਸੀ ਦੇ ਤੁਰ ਜਾਣ ਪਿੱਛੋਂ ਡਿੰਪਲ ਸਿਸਕਣ ਲੱਗੀ, ‘ਮਾਸੀ ਕਿਤੇ ਮੇਰੀਆਂ ਰੋ-ਰੋ ਸੁੱਜੀਆਂ ਅੱਖਾਂ ਵੱਲ ਵੀ ਵੇਖਦੀ। ਮੈਂ ਤਾਂ ਸੋਚਦੀ ਸੀ ਬਈ ਮਾਸੀ ਆ ਕੇ ਸੰਭਾਲ ਲਵੇਗੀ ਮੈਨੂੰ, ਪਰ ਤੂੰ ਤਾਂ ਜਮਾਂ ਈ ਧੱਕਾ ਦੇ ਗਈ ਐਂ’ ਉਹ ਉਦੋਂ ਤੱਕ ਸਿਸਕਦੀ ਰਹੀ ਜਦ ਤੱਕ ਉਸ ਦੀੇ ਮੰਮੀ ਦਾ ਫੋਨ ਨਾ ਆ ਗਿਆ। ਉਸ ਪੁੱਛਿਆ, “ਜਿਹੜੇ ਮੁੰਡੇ ਕੋਲ ਐਂ ਤੂੰ ਉਹ ਘਰ-ਪ੍ਰੀਵਾਰ ਵਾਲੈ?” “ਨਹੀਂ, ਇਕੱਲਾ ਰਹਿੰਦੈ, ਰਫਿਊਜੀ ਐ” । ਥੋੜ੍ਹੀ ਦੇਰ ਚੁੱਪ ਰਹਿ ਕੇ ਉਸ ਦੀ ਮੰਮੀ ਨੇ ਕਿਹਾ, “ਤੂੰ ਕਿਤੇ ਹੋਰ ਚਲੀ ਜਾਣਾ ਸੀ?” “ਤੁਸੀਂ ਹੀ ਦੱਸੋ ਕਿੱਥੇ ਜਾਵਾਂ?” ਉਸ ਦੀ ਮੰਮੀ ਚੁੱਪ ਕਰ ਗਈ। ਡਿੰਪਲ ਨੇ ਫਿਰ ਕਿਹਾ, “ਤੁਹਾਨੂੰ ਮੇਰੇ `ਤੇ ਇਤਬਾਰ ਨਹੀਂ?” “ਤੇਰੇ `ਤੇ ਇਤਬਾਰ ਕੀਤਾ ਕੀ ਕਰ ਲਊ। ਲੋਕਾਂ ਦੀ ਜ਼ੁਬਾਨ ਨਹੀਂ ਫੜੀ ਜਾਂਦੀ ਹੁੰਦੀ। ਹਾਲੇ ਤਾਂ ਤੇਰੀ ਮਾਸੀ ਈ ਗੱਲਾਂ ਬਣਾਉਣੋ ਨੀਂ ਹਟਦੀ। ਤੂੰ ਕਿਸੇ ਕੁੜੀ-ਕੱਤਰੀ ਨਾਲ ਭਾਲ ਕਰ ਕਮਰੇ ਦੀ। ਨਾਲੇ ਕਿਸੇ ਕੋਲ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਬਈ ਕੀ ਹੋਇਐ, ਆਖ ਦੇਈਂ ਬਈ ਮਾਸੜ ਆਵਦੇ ਲੰਗੜੇ ਭਤੀਜੇ ਦਾ ਰਿਸ਼ਤਾ ਲੈਣ ਨੂੰ ਕਹਿੰਦਾ ਸੀ, ਜਦੋਂ ਨਹੀਂ ਮੰਨੇ ਤਾਂ ਘਰੋਂ ਕੱਢਤਾ। ਸੰਭਲ-ਸੰਭਲ ਤੁਰਨਾ ਪਊ ਕੁੜੀਏ,” ਮੰਮੀ ਨੇ ਕਿਹਾ। ਫਿਰ ਉਸ ਦੇ ਡੈਡੀ ਉਸਨੂੰ ਹੌਂਸਲਾ ਦਿੰਦੇ ਆਖਣ ਲੱਗੇ, “ਵਾਪਸ ਮੁੜਨ ਬਾਰੇ ਸੋਚਣਾ ਵੀ ਨਹੀਂ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨਗੇ। …ਬੇਟੇ, ਇਹ ਤਾਂ ਇੱਕ ਲੜਾਈ ਹੈ, ਜਿਹੜੀ ਤੈਨੂੰ ਘਰ ਦੇ ਬਾਕੀ ਜੀਆਂ ਖਾਤਰ ਹੌਸਲੇ ਨਾਲ ਲੜਨੀ ਪੈਣੀ ਹੈ… ।” ਉਨ੍ਹਾਂ ਹੋਰ ਵੀ ਸਮਝਾਉਤੀਆਂ ਦਿੱਤੀਆ। ਡਿੰਪਲ ਖਾਲੀ-ਖਾਲੀ ਨਜ਼ਰਾਂ ਨਾਲ ਕੰਧ ਨੂੰ ਘੂਰਦੀ ਸੋਚਣ ਲੱਗੀ ਕਿ ਉਹ ਕਿਵੇਂ ਲੜੇਗੀ ਇਹ ਲੜਾਈ? “ਇਓਂ ਬੈਠਣ ਨਾਲ ਕੁੱਝ ਨਹੀਂ ਬਣਨਾ ਕੁੜੀਏ। ਜੇ ਘਰਦੇ ਕੋਈ ਹੋਰ ਟਿਕਾਣਾ ਲੱਭਣ ਲਈ ਕਹਿੰਦੇ ਆ ਤਾਂ ਤਿਆਰ ਹੋ ਕੇ ਕਾਲਜ ਜਾ ਕੇ ਪੁੱਛ, ਕਈ ਵਾਰੀ ਕਿਸੇ ਕੁੜੀ ਨੂੰ ਰੂਮ-ਮੇਟ ਚਾਹੀਦੀ ਹੁੰਦੀ ਐ,” ਰਾਣੇ ਨੇ ਕਹਿੰਦਆਂ ਉਸ ਨੂੰ ਵਾਸ਼ਰੂਮ ਦਾ ਰਾਹ ਵਿਖਾਇਆ। “ਕੀ ਬਣੂਗਾ ਮੇਰਾ? ਮੈਂ ਤਾਂ ਕਿਸੇ ਹੋਰ ਨੂੰ ਜਾਣਦੀ ਵੀ ਨਹੀਂ ਇੱਥੇ,” ਆਖਦੀ ਡਿੰਪਲ ਨੇ ਹਾਉਕਾ ਲਿਆ। “ਜਾਣਦੀ ਕਿਓਂ ਨਹੀਂ? ਮੈਂ ਹੈਗਾ ਆਂ ਇੱਥੇ। ਜਦੋਂ ਕਦੇ ਵੀ ਲੋੜ ਹੋਈ ਮੈਂ ਕਿਤੇ ਨੀ ਭੱਜਿਆ। ਹੁਣ ਉੱਠ ਕੇ ਤਿਆਰ ਹੋ,” ਰਾਣੇ ਨੇ ਕਿਹਾ। ਡਿੰਪਲ ਤਿਆਰ ਹੋ ਕੇ ਰਾਣੇ ਦੇ ਨਾਲ ਕਾਲਜ ਵੱਲ ਚੱਲ ਪਈ। ਕਾਰ ਵਿੱਚ ਬੈਠੀ ਡਿੰਪਲ ਨੂੰ ਆਪਣੀ ਜਮਾਤਣ ਪੈਟੀ ਦਾ ਖਿਆਲ ਆਇਆ, ‘ਕਿੰਨਾਂ ਨੇੜੇ ਹੋ ਹੋ ਬਹਿੰਦੀ ਹੁੰਦੀ ਐ, ਰਹਿੰਦੀ ਵੀ ਇਕੱਲੀ ਐ, ਹੋ ਸਕਦੈ ਆਪਣੇ ਨਾਲ ਰੱਖ ਹੀ ਲਵੇ? ਪਰ ਕੀ ਪਤਾ ਹੁੰਦੈ ਇਨ੍ਹਾਂ ਗੋਰੀਆਂ ਦਾ?’ ਉਹ ਸੋਚ ਕੇ ਮੁਰਝਾ ਜਿਹਾ ਗਈ। ਫਿਰ ਉਸ ਨੇ ਸੋਚਿਆ, ‘ਨਹੀਂ, ਪੈਟੀ ਨੀ ਐਹੋ ਜੀ, ਉਹ ਤਾਂ ਦੂਜੀ ਪੱਲਵੀ ਲੱਗਦੀ ਹੁੰਦੀ ਐ ਕਦੇ-ਕਦੇ,’ ਸੋਚਦੀ ਡਿੰਪਲ ਨੁੰ ਉਹ ਦਿਨ ਯਾਦ ਅਇਆ ਜਿਸ ਦਿਨ ਪੈਟੀ ਨੇ ਪੱਲਵੀ ਵਾਂਗ ਹੀ ਉਸ ਦੀ ਗੱਲ੍ਹ ਵਿੱਚ ਪੈਂਦੇ ਟੋਏ ਨੂੰ ਛੇੜਦਿਆਂ ਕਿਹਾ ਸੀ, “ਤੂੰ ਬਹੁਤ ਸੋਹਣੀ ਐਂ!” ਉਸ ਦਿਨ ਡਿੰਪਲ ਦਾ ਜੀਅ ਕੀਤਾ ਸੀ ਕਿ ਉਹ ਆਪਣੀ ਹੋਸਟਲ ਵੇਲੇ ਦੀ ਰੂਮ-ਮੇਟ ਪੱਲਵੀ ਵਾਂਗ ਪੈਟੀ ਨੂੰ ਵੀ ਉਸ ਦੀ ਨੱਕ ਦੀ ਕਰੂੰਬਲ ਮਰੋੜਦੇ ਹੋਏ ਕਹੇ, `ਚੱਲ-ਚੱਲ ਫਲੱਰਟ ਨਾ ਕਰ’ ਪਰ ਉਹ ਜਕ ਗਈ ਸੀ। ਪੈਟੀ ਨੂੰ ਪੱਲਵੀ ਨਾਲ ਮੇਲਦਿਆਂ ਉਸ ਨੂੰ ਆਸ ਜਿਹੀ ਬੱਝੀ ਕਿ ਪੈਟੀ ਉਸ ਨੂੰ ਆਪਣੇ ਨਾਲ ਰੱਖ ਲਵੇਗੀ। ਕਾਲਜ ਪਹੁੰਚ ਡਿੰਪਲ ਨੇ ਪੈਟੀ ਨੂੰ ਪਾਸੇ ਲਿਜਾ ਕੇ ਕੰਬਦੀ ਆਵਾਜ਼ `ਚ ਆਪਣੇ ਰਹਿਣ ਲਈ ਥਾਂ ਬਾਰੇ ਪੁੱਛਿਆ। ਪੈਟੀ ਨੇ ਡਿੰਪਲ ਦੀਆਂ ਰੋ-ਰੋ ਕੇ ਸੁੱਜੀਆਂ ਅੱਖਾਂ ਵੱਲ ਵੇਖਿਆ, ਫਿਰ ਉਸ ਦੇ ਫਰਕਦੇ ਬੁੱਲ੍ਹਾਂ ਵੱਲ ਜਿਹਨਾ ਨੂੰ ਡਿੰਪਲ ਰੋਣਾ ਰੋਕਣ ਲਈ ਘੁੱਟਣ ਦੀ ਕੋਸ਼ਿਸ਼ ਕਰ ਰਹੀ ਸੀ। ਪੈਟੀ ਨੇ ਉਸ ਨੂੰ ਆਪਣੇ ਨਾਲ ਘੁੱਟਦਿਆਂ ਕਿਹਾ, “ਮੈਨੂੰ ਤਾਂ ਸਗੋਂ ਤੇਰੇ ਵਰਗੀ ਰੂਮ-ਮੇਟ ਚਾਹੀਦੀ ਹੈ।” “ਪਰ ਮੇਰੇ ਕੋਲ ਐਸ ਵੇਲੇ ਕੋਈ ਸਮਾਨ ਨਹੀਂ ਹੈ,” ਡਿੰਪਲ ਨੇ ਮਰੀ ਜਿਹੀ ਆਵਾਜ਼ `ਚ ਕਿਹਾ। “ਫ਼ਿਕਰ ਨਾ ਕਰ, ਮੈਨੂੰ ਖੁਸ਼ੀ ਹੈ ਕਿ ਤੂੰ ਮੈਨੂੰ ਆਪਣੀ ਸਹਾਇਤਾ ਲਈ ਚੁਣਿਆ,” ਆਖਦੀ ਪੈਟੀ ਨੇ ਡਿੰਪਲ ਦੇ ਹੱਥ ਆਪਣੇ ਹੱਥਾਂ ਵਿੱਚ ਘੁੱਟ ਲਏ। ਡਿੰਪਲ ਨੇ ਧੰਨਵਾਦੀ ਤੱਕਣੀ ਨਾਲ ਪੈਟੀ ਵੱਲ ਵੇਖਿਆ ਅਤੇ ਕਾਰ ਵਿੱਚ ਬੈਠੇ ਰਾਣੇ ਨੂੰ ਦੱਸਣ ਤੁਰ ਪਈ। ਰਾਣੇ ਨੇ ਦੋ ਸੌ ਡਾਲਰ ਅਤੇ ਫੋਨ ਕਾਰਡ ਫੜਾਉਂਦਿਆਂ ਕਿਹਾ, “ਆਹ ਫੜ, ਤੈਨੂੰ ਲੋੜ ਪਵੇਗੀ।” ਡਿੰਪਲ ਨੂੰ ਝਿਜਕਦੀ ਵੇਖ ਉਸ ਕਿਹਾ, “ਜਦੋਂ ਤੇਰੇ ਕੋਲ ਹੋਏ ਮੋੜ ਦੇਵੀਂ। ਪਰ ਖੁਸ਼ ਰਿਹਾ ਕਰ। ਟੋਇਆਂ ਵਾਲੀਆਂ ਸਰਕਾਰਾਂ ਟੋਇਆਂ ਨਾਲ ਹੀ ਸੋਹਣੀਆਂ ਲੱਗਦੀਐ। ਡਿੰਪਲ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਉਸ ਦੀ ਗੱਲ੍ਹ ਵਿੱਚ ਪਏ ਟੋਏ ਵੇਖ ਰਾਣਾ ਬੋਲਿਆ, “ਜਿਉਂਦੀ ਰਹਿ ਕੁੜੀਏ! ਕੱਲ੍ਹ ਨੂੰ ਕੰਮ `ਤੇ ਤਾਂ ਆਏਂਗੀ ਹੀ?” ਜਦ ਡਿੰਪਲ ਦੂਜੇ ਦਿਨ ਸ਼ਨਿੱਚਰਵਾਰ ਕੰਮ `ਤੇ ਮੈਕਸ ਕਨਵੀਨੀਐਂਸ ਸਟੋਰ ਦੇ ਨਾਲ ਲੱਗਵੇਂ ਲਾਂਡਰੋਮੇਟ ਪਹੁੰਚੀ ਤਾਂ ਮਾਲਕਣ ਦਾ ਜਵਾਬ ਸੁਣ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਲਕਣ ਨੇ ਕਿਹਾ, “ਸੌਰੀ, ਅਸੀਂ ਤੇਰੀ ਹੋਰ ਹੈਲਪ ਨਹੀਂ ਕਰ ਸਕਦੇ। ਇਲੀਗਲ ਤੌਰ `ਤੇ ਕੰਮ ਦੇਣ ਕਰਕੇ ਸਾਡੀ ਸ਼ਿਕਾਇਤ ਹੋ ਸਕਦੀ ਐ।” ਸੁੰਨ ਹੋਈ ਖੜੋਤੀ ਡਿੰਪਲ ਸੋਚਣ ਲੱਗੀ, ‘ਇਹ ਕਿਹੜੇ ਜਨਮਾਂ ਦੇ ਬਦਲੇ ਲੈ ਰਹੀ ਐਂ ਮਾਸੀ?’ ਭਰੀ-ਪੀਤੀ ਉਹ ਵਿਚਕਾਰਲੇ ਦਰਵਾਜ਼ੇ ਰਾਹੀਂ ਮੈਕਸ ਸਟੋਰ `ਚ ਕੰਮ ਕਰਦੇ ਰਾਣੇ ਕੋਲ ਜਾ ਖੜ੍ਹੀ। “ਕੋਈ ਨਾ ਆਪਾਂ ਕਿਤੇ ਹੋਰ ਕੰਮ ਲੱਭ ਲਵਾਂਗੇ,” ਰਾਣੇ ਨੇ ਉਸ ਨੂੰ ਭਰੋਸਾ ਦਵਾਇਆ। ਪਰ ਮਾਸੀ ਦੀਆਂ ਗੱਲਾਂ ਸੁਣ ਕੇ ਉਸ ਨੂੰ ਇਹ ਭਰੋਸਾ ਬੇਅਰਥਾ ਲੱਗਾ। ਜਦ ਆਪਣਾ ਸਮਾਨ ਲੈਣ ਲਈ ਉਸ ਨੇ ਆਪਣੀ ਮਾਸੀ ਦੇ ਘਰ ਫੋਨ ਕੀਤਾ, ਉਸ ਦੀ ਮਾਸੀ ਬੋਲੀ, “ਸਾਡੀ ਮਿੱਟੀ ਨਾ ਪਲੀਤ ਕਰਦੀ ਫਿਰ। ਭਲੀ ਮਾਣਸ ਬਣ ਕੇ ਵਾਪਸ ਮੁੜ ਜਾ, ਟਿਕਟ ਤੇਰੀ ਮੈਂ ਲੈ ਦਿੰਨੀ ਆਂ।” “ਵਾਪਸ ਤਾਂ ਨੀ ਹੁਣ ਮੈਂ ਮੁੜਦੀ।” “ਵੇਹਨੀਂ ਆਂ ਤੈਨੂੰ ਫਿਰ ਕਿਵੇਂ ਨੀ ਮੁੜਦੀ। ਅਗਾਂਹ ਦੀ ਫੀਸ ਅਸੀਂ ਨੀ ਤੇਰੀ ਭਰਦੇ। ਕੰਮ ਕਿਤੇ ਤੂੰ ਨੀ ਕਰ ਸਕਦੀ। ਜੇ ਕਰੇਂਗੀ, ਮੈਂ ਸ਼ਿਕਾਇਤ ਕਰੂੰ। ਹੁਣ ਤਾਂ ਟਿਕਟ ਮੈਂ ਕਟਾਉਣੀ ਐਂ, ਫੇਰ ਜਬਕਦੀ ਫਿਰੀਂ।” “ਮੈਨੂੰ ਨੀ ਚਾਹੀਦੀ ਥੋਡੀ ਟਿਕਟ,” ਡਿੰਪਲ ਨੇ ਜਵਾਬ ਦਿੱਤਾ। “ਨਹੀਂ ਚਾਹੀਦੀ ਤਾਂ ਭੌਂਕਦੀ ਫਿਰ, ਹੈਨੀ ਤੇਰਾ ਕੋਈ ਸਮਾਨ ਐਥੇ,” ਆਖ ਕੇ ਮਨਜੀਤ ਨੇ ਫੋਨ ਕੱਟ ਦਿੱਤਾ। ਕੁਝ ਦੇਰ ਡਿੰਪਲ ਅੰਦਰੇ-ਅੰਦਰ ਆਪਣੀ ਮਾਸੀ ਪ੍ਰਤੀ ਜ਼ਹਿਰ ਘੋਲਦੀ ਰਹੀ। ਫਿਰ ਇਹ ਜ਼ਹਿਰ ਹੰਝੂਆਂ ਰਾਹੀਂ ਵਹਿ ਤੁਰੀ। ਮਨਜੀਤ ਦਾ ਦਿੱਤਾ ਡਰਾਵਾ ਕਿ ‘ਅਗਲੇ ਸਾਲ ਦੀ ਫੀਸ ਅਸੀਂ ਨੀ ਭਰਦੇ’ ਉਸ ਦੇ ਦਿਮਾਗ ਵਿੱਚ ਘੁੰਮਣ ਲੱਗਾ। ਡਿੰਪਲ ਨੇ ਫੀਸ ਬਾਰੇ ਆਪਣੇ ਮੰਮੀ-ਡੈਡੀ ਨੂੰ ਗੱਲਾਂ ਕਰਦੇ ਸੁਣਿਆ ਸੀ। ਉਸ ਦੇ ਡੈਡੀ ਨੇ ਕਿਹਾ ਸੀ, “ਪਹਿਲੇ ਸਾਲ ਦੀ ਫੀਸ ਆਪਾਂ ਮੋਗੇ ਵਾਲਾ ਪਲਾਟ ਵੇਚ ਕੇ ਭਰ ਦੇਵਾਂਗੇ। ਦੂਜੇ ਸਾਲ ਦੀ ਫੀਸ ਜਗਜੀਤ ਸਿਓਂ ਕਹਿੰਦਾ ਸੀ ਮੈਂ ਆਪੇ ਭਰ ਦੇਓੂਂ, ਜਦੋਂ ਆਪਾਂ ਉੱਥੇ ਚਲੇ ਗਏ ਉਸ ਦੇ ਪੈਸੈ ਮੋੜ ਦਿਆਂਗੇ।” ਯਾਦ ਕਰਕੇ ਡਿੰਪਲ ਦੀ ਚਿੰਤਾ ਹੋਰ ਵਧ ਗਈ। ‘ਕਾਲਜ ਦੇ ਅਗਲੇ ਸਾਲ ਦੀ ਫੀਸ ਕਿੱਥੋਂ ਭਰੂੰ? ਜੇ ਡੈਡੀ ਔਖੇ-ਸੌਖੇ ਫੀਸ ਭਰ ਵੀ ਦੇਣਗੇ ਤਾਂ ਖਰਚਾ ਕਿੱਥੋਂ ਤੋਰੂੰ। ਬੇਸਮੈਂਟ ਦਾ ਰੈਂਟ ਤੇ ਹੋਰ ਖਰਚੇ ਕਿਵੇਂ ਚੱਲਣਗੇ? ਲੀਗਲੀ ਕੰਮ ਕਿਤੇ ਮੈਂ ਨੀ ਕਰ ਸਕਦੀ। ਕੀ ਬਣੂੰਗਾ? ਪੈਟੀ ਤੇ ਰਾਣਾ ਕਿੰਨੀ ਕੁ ਹੈਲਪ ਕਰ ਦੇਣਗੇ?’ ਸੋਚਦੀ ਉਹ ਹੁਬਕੋ-ਹੁਬਕੀ ਰੋ ਪਈ। ਪੈਟੀ ਨੇ ਉਸ ਨੂੰ ਆਪਣੀ ਬਾਹਾਂ `ਚ ਲੈ ਲਿਆ। ਡਿੰਪਲ ਨੇ ਹੋਈ-ਬੀਤੀ ਪੈਟੀ ਨੂੰ ਦੱਸ ਦਿੱਤੀ। “ਤੂੰ ਪੁਲੀਸ ਨੂੰ ਸ਼ਿਕਾਇਤ ਕਿਓਂ ਨੀ ਕਰਦੀ।” ਪੈਟੀ ਨੇ ਕਿਹਾ। “ਨਹੀਂ, ਮੇਰੇ ਮਾਂ-ਬਾਪ ਨਹੀਂ ਚਾਹੁੰਦੇ ਕਿ ਮੈਂ ਇਸ ਤਰ੍ਹਾਂ ਕਰਾਂ,” ਡਿੰਪਲ ਨੇ ਜਵਾਬ ਦਿੱਤਾ। “ਇਸ ਤਰ੍ਹਾਂ ਤਾਂ ਉਸ ਸੂਰ ਨੂੰ ਹੋਰ ਸ਼ਹਿ ਮਿਲੇਗੀ। ਉਹ ਕਿਸੇ ਹੋਰ ਨਾਲ ਵੀ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੇਗਾ,” ਪੈਟੀ ਦਾ ਜਿਵੇਂ ਆਪਣਾ ਕੋਈ ਜ਼ਖ਼ਮ ਉੱਚੜ ਗਿਆ ਹੋਵੇ। “ਮੈਨੂੰ ਇਸ ਨਾਲੋਂ ਆਪਣੇ ਭਵਿੱਖ ਦੀ ਜ਼ਿਆਦਾ ਚਿੰਤਾ ਹੈ,” ਸੁਣ ਕੇ ਪੈਟੀ ਚੁੱਪ ਕਰ ਗਈ। ਫਿਰ ਬੋਲੀ, “ਹਰੇਕ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਤੂੰ ਫ਼ਿਕਰ ਨਾ ਕਰ।” ਡਿੰਪਲ ਨੂੰ ਲੱਗਿਆ ਸੀ ਜਿਵੇਂ ਉਸ ਦੀ ਸਮੱਸਿਆ ਦਾ ਹੱਲ ਉਸ ਦੀ ਕਲਾਸ-ਮੇਟ ਕਿੰਮਬਰਲੀ ਨੇ ਕੱਢ ਦੇਣਾ ਸੀ। ਕਾਲਜ ਵਿੱਚ ਉਸ ਨੂੰ ਕਿੰਮਬਰਲੀ ਨੇ ਕਿਹਾ ਸੀ, “ਤੂੰ ਘਬਰਾ ਨਾ, ਤੈਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਹੀਂ। ਤੂੰ ਖੁਦ ਆਪਣੀ ਦੇਖ-ਭਾਲ ਕਰ ਸਕਦੀ ਹੈਂ। ਮੈਂ ਕਲਾਸ ਤੋਂ ਬਾਅਦ ਤੈਨੂੰ ਦੱਸੂੰਗੀ ਕਿ ਕਿਵੇਂ ਕਮਾਈ ਕਰਨੀ ਹੈ।” “ਪਰ ਮੈਂ ਤਾਂ ਸਟੂਡੈਂਟ ਵੀਜ਼ੇ `ਤੇ ਆਈ ਹੋਈ ਹਾਂ। ਆਪਣਾ ਕਾਲਜ ਪ੍ਰਾਈਵੇਟ ਹੈ ਇਸ ਕਰਕੇ ਮੈਂ ਕਿਤੇ ਕੰਮ ਨਹੀਂ ਕਰ ਸਕਦੀ,” ਡਿੰਪਲ ਨੇ ਮਾਯੂਸੀ ਨਾਲ ਕਿਹਾ। “ਤੂੰ ਫਿਕਰ ਨਾ ਕਰ। ਮੈਂ ਆਪੇ ਪ੍ਰਬੰਧ ਕਰ ਲਵਾਂਗੀ। ਤੂੰ ਸਾਰਾ ਕੁੱਝ ਮੇਰੇ ਉੱਪਰ ਛੱਡ ਦੇ,” ਆਖ ਕਿੰਮਬਰਲੀ ਨੇ ਉਸ ਦਾ ਮੋਢਾ ਥਪਥਪਾਇਆ। ਡਿੰਪਲ ਲਈ ਕਲਾਸ ਜਿਵੇਂ ਮੁੱਕਣ ਵਿੱਚ ਹੀ ਨਹੀਂ ਸੀ ਆ ਰਹੀ। ਕਲਾਸ ਖਤਮ ਹੁੰਦੇ ਸਾਰ ਹੀ ਉਹ ਕਿੰਮਬਰਲੀ ਕੋਲ ਗਈ, “ਮੇਰੀ ਬੱਸ ਦਾ ਟਾਈਮ ਹੋਣ ਵਾਲਾ ਹੈ। ਤੂੰ ਕ੍ਰਿਪਾ ਕਰਕੇ ਆਪਣੀ ਸਲਾਹ ਦੱਸੇਂਗੀ?” “ਫਿਕਰ ਨਾ ਕਰ। ਮੈਂ ਤੈਨੂੰ ਛੱਡ ਦੇਵਾਂਗੀ। ਮੈਂ ਆਰਾਮ ਨਾਲ ਦੱਸਾਂਗੀ। ਜੇ ਚਾਹੇਂ ਤਾਂ ਮੇਰੇ ਨਾਲ ਚੱਲ ਮੇਰੀ ਅਪਾਰਟਮੈਂਟ `ਚ,” ਆਖਦਿਆਂ ਕਿੰਮਬਰਲੀ ਨੇ ਆਪਣੀਆਂ ਅੱਖਾਂ ਡਿੰਪਲ ਦੇ ਚੇਹਰੇ ਉੱਪਰ ਗੱਡ ਦਿੱਤੀਆਂ। “ਨਹੀਂ, ਧੰਨਵਾਦ ਮੈਂ ਪੈਟੀ ਨਾਲ ਹੀ ਠੀਕ ਹਾਂ,” ਡਿੰਪਲ ਨੇ ਧੰਨਵਾਦੀ ਨਜ਼ਰਾਂ ਨਾਲ ਪੈਟੀ ਵੱਲ ਵੇਖ ਕੇ ਕਿਹਾ। “ਤੇਰੀ ਮਰਜ਼ੀ,” ਆਖ ਕਿੰਮਬਰਲੀ ਉਨ੍ਹਾਂ ਨੂੰ ਆਪਣੀ ਕਾਰ ਵੱਲ ਲੈ ਤੁਰੀ। ਪੈਟੀ ਦੀ ਬੇਸਮੈਂਟ ਵਿੱਚ ਪਹੁੰਚ ਕਿੰਮਬਰਲੀ ਨੇ ਆਸੇ-ਪਾਸੇ ਕੰਧਾਂ ਵੱਲ ਨਿਗ੍ਹਾ ਘੁਮਾ ਕੇ ਕਿਹਾ, “ਤੂੰ ਇਸ ਤੋਂ ਕਿਤੇ ਵਧੀਆ ਅਪਾਰਟਮੈਂਟ ਰੈਂਟ ਕਰ ਸਕੇਂਗੀ।” ਡਿੰਪਲ ਨੇ ਉਸ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਕਿੰਮਬਰਲੀ ਕੋਈ ਜਾਦੂਗਰ ਹੋਵੇ। “ਮੈਂ ਹਫਤੇ ਵਿੱਚ ਦੋ ਦਿਨ ਕੰਮ ਕਰਦੀ ਹਾਂ। ਕੋਈ ਸਟੂਡੈਂਟ ਲੋਨ ਨਹੀਂ ਲਿਆ। ਆਪਣੀ ਅਪਾਰਟਮੈਂਟ ਹੈ। ਤੈਨੂੰ ਵੀ ਇਹ ਸਾਰਾ ਕੁੱਝ ਮਿਲ ਸਕਦਾ ਹੈ,” ਆਖਦੀ ਕਿੰਮਬਰਲੀ ਰਹੱਸਮਈ ਨਜ਼ਰਾਂ ਨਾਲ ਡਿੰਪਲ ਵੱਲ ਵੇਖਣ ਲੱਗੀ। ਫਿਰ ਬੋਲੀ, “ਜਿੰਨੀ ਦੇਰ ਮੈਂ ਇਹ ਕੋਰਸ ਮੁਕਾ ਕੇ ਕੋਈ ਜੌਬ ਨਹੀਂ ਲੱਭ ਲੈਂਦੀ ਓਨੀ ਦੇਰ ਇਹ ਕੰਮ ਕਰਾਂਗੀ।” “ਪਰ ਇਹ ਕੰਮ ਹੈ ਕੀ।” ਡਿੰਪਲ ਨੇ ਹੈਰਾਨੀ ਨਾਲ ਪੁੱਛਿਆ। “ਮਸਾਜ-ਪਾਰਲਰ `ਚ ਕੰਮ ਕਰੇਂਗੀ? ਕੋਈ ਖਤਰਾ ਨਹੀਂ ਹੈ, ਕੋਈ ਡਰ ਨਹੀਂ, ਤੂੰ ਤਾਂ ਮੇਰੇ ਨਾਲੋਂ ਵੀ ਵੱਧ ਕਮਾ ਲਿਆ ਕਰੇਂਗੀ, ਤੇਰੇ ਵਰਗੀਆਂ ਭੂਰੀ ਚਮੜੀ ਦੀਆਂ ਕੁੜੀਆਂ ਇਸ ਕਿੱਤੇ ਵਿੱਚ ਬਹੁਤ ਥੋੜ੍ਹੀਆਂ ਹਨ,” ਆਖਦੀ ਕਿੰਮਬਰਲੀ ਨੇ ਡਿੰਪਲ ਦੇ ਚੇਹਰੇ ਵੱਲ ਵੇਖਿਆ। ਡਿੰਪਲ ਉਸ ਵੱਲ ਡੌਰ-ਭੌਰੀਆਂ ਅੱਖਾਂ ਨਾਲ ਵੇਖਦੀ ਰਹੀ। ਪਰ ਪੈਟੀ ਬੇਸਮੈਂਟ ਦੇ ਬਾਹਰ ਵਾਲੇ ਦਰਵਾਜ਼ੇ ਨੂੰ ਖੋਹਲ ਕੇ ਬੋਲੀ, “ਏਹਨੂੰ ਸੋਚਣ ਦਾ ਮੌਕਾ ਦੇ, ਤੈਨੂੰ ਇਹ ਛੇਤੀ ਹੀ ਦੱਸ ਦੇਵੇਗੀ।” ਪੈਟੀ ਦਾ ਇਸ਼ਾਰਾ ਸਮਝਦਿਆਂ ਕਿੰਮਬਰਲੀ ਉੱਠ ਕੇ ਬਾਹਰ ਨਿਕਲਦੀ ਬੋਲੀ, “ਯਕੀਨਣ, ਮੈਂ ਇਸ ਦੇ ਜਵਾਬ ਦੀ ਉਡੀਕ ਕਰਾਂਗੀ।” ਕਿੰਮਬਰਲੀ ਦੇ ਪਿੱਛੇ ਬੇਸਮੈਂਟ ਦਾ ਦਰਵਾਜ਼ਾ ਠਾਹ ਦੇਣੇ ਮਾਰਦਿਆਂ ਪੈਟੀ ਨੇ ਭਰਵੀਂ ਗਾਲ੍ਹ ਕੱਢੀ ਅਤੇ ਡਿੰਪਲ ਦੇ ਕੋਲ ਆ ਕੇ ਬੈਠ ਗਈ। “ਇਹ ਮਸਾਜ-ਪਾਰਲਰ `ਚ ਕੀ ਕੰਮ ਹੁੰਦਾ ਹੈ।” ਡਿੰਪਲ ਨੇ ਪੁੱਛਿਆ। “ਵੇਸਵਾਗਿਰੀ ਦਾ ਨਵਾਂ ਤਰੀਕਾ ਹੈ ਇਹ।” ਡਿੰਪਲ ਉਸ ਵੱਲ ਬਿੱਟ-ਬਿੱਟ ਵੇਖਦੀ ਰਹੀ ਫਿਰ ਪੈਟੀ ਦੇ ਗਲ ਲੱਗ ਕੇ ਰੋ ਪਈ। ਪੈਟੀ ਉਸ ਦੇ ਵਾਲ ਸਹਿਲਾਉਂਦੀ ਉਸ ਨੂੰ ਦਿਲਾਸਾ ਦਿੰਦੀ ਰਹੀ। ਪਰ ਡਿੰਪਲ ਦਾ ਰੋਣ ਠੱਲ੍ਹਣ `ਚ ਨਹੀਂ ਸੀ ਆ ਰਿਹਾ। ਪੈਟੀ ਨੇ ਉਸ ਨੂੰ ਆਪਣੇ ਨਾਲ ਘੁੱਟ ਲਿਆ। ਮੱਲੋ-ਜ਼ੋਰੀ ਡਿੰਪਲ ਨੂੰ ਖਾਣਾ ਖਵਾ ਕੇ ਪੈਟੀ ਨੇ ਉਸ ਨੂੰ ਸਾਰਾ ਕੁੱਝ ਭੁੱਲ ਕੇ ਸੌਣ ਦੀ ਤਾਕੀਦ ਕੀਤੀ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਪਰ ਡਿੰਪਲ ਦੀਆਂ ਅੱਖਾਂ ਵਿੱਚੋਂ ਤਾਂ ਨੀਂਦ ਜਿਵੇਂ ਉੱਡ-ਪੁੱਡ ਹੀ ਗਈ ਸੀ। ਕਦੇ ਉਸ ਦੇ ਦਿਮਾਗ ਵਿੱਚ ਕਿੰਮਬਰਲੀ ਦਾ ਕਿਹਾ ਕਿ, ‘ਮਸਾਜ਼ ਪਾਰਲਰ `ਚ ਕੰਮ ਕਰੇਂਗੀ?’ ਆਉਂਦਾ ਕਦੇ ਜਗਜੀਤ ਦਾ ਕਿਹਾ ਕਿ ‘ਰਾਣੀ ਬਣਾ ਕੇ ਰੱਖੂੰ’ ਆਉਂਦਾ। ‘ਕੁੱਤੇ ਨੇ ਕੰਜਰੀ ਸਮਝ ਲਿਆ ਮੈਨੂੰ’ ਸੋਚ ਕੇ ਉਸ ਦਾ ਅੰਦਰ ਪੀੜ ਨਾਲ ਵਲੂੰਧਰਿਆ ਗਿਆ। ਉਸ ਦਾ ਜੀਅ ਕੀਤਾ ਕਿ ਉੱਚੀ ਆਵਾਜ਼ ਵਿੱਚ ਕਹੇ ਕਿ `ਚੁੱਕ ਲੈ ਰੱਬਾ ਜੇ ਕਿਤੇ ਹੈਗੇਂ ਤਾਂ’ । ਉਸ ਨੇ ਆਪਣੇ ਬੁੱਲ੍ਹਾਂ ਨੂੰ ਘੁੱਟ ਲਿਆ। ਉਸ ਦਾ ਇਹ ਉਬਾਲ ਪਰਲ-ਪਰਲ ਕਰਕੇ ਅੱਖਾਂ ਰਾਹੀਂ ਵਹਿ ਤੁਰਿਆ। ਫਿਰ ਉਸ ਦੇ ਡੈਡੀ ਦੇ ਬੋਲ ਚੇਤੇ `ਚ ਗੂੰਜਣ ਲੱਗੇ, ‘ਬੇਟੇ ਤੇਰੇ ਨਾਲ ਤੇਰੇ ਛੋਟੇ ਭੈਣ-ਭਰਾ ਦਾ ਵੀ ਭਵਿੱਖ ਬੱਝਾ ਹੋਇਐ’ , ‘ਬੇਟੇ ਕੋਈ ਉਲਾਂਭਾ ਨਹੀਂ ਆਉਣਾ ਚਾਹੀਦਾ’ ।’ ‘ਬੇਟੇ… ‘ਕੀ ਕਰਾਂ ਮੈਂ ਡੈਡੀ?’ ਉਸ ਦਾ ਲੇਰ ਮਾਰਨ ਨੂੰ ਚਿੱਤ ਉੱਛਲਿਆ। ਉਹ ਉੱਠ ਕੇ ਆਪਣੀ ਮੰਮੀ ਨੂੰ ਫੋਨ ਮਿਲਾਉਣ ਲੱਗੀ। ਫੋਨ ਮਿਲਦੇ ਹੀ ਉਸ ਲੇਰ ਮਾਰਨ ਵਾਂਗ “ਮੰਅਮਾਂਅ” ਕਿਹਾ। “ਕੀ ਗੱਲ ਐ ਬੱਚੇ।” ਉਸ ਦੀ ਮੰਮੀ ਨੇ ਘਬਰਾਈ ਆਵਾਜ਼ `ਚ ਪੁੱਛਿਆ। “ਮੰਅਮਾਂ, ਮੇਰਾ- ਜੀਅ--ਨੀ ਲੱਗਦਾ, ਮੈਨੂੰ—ਆਪਣੇ ਕੋਲ ਸੱਦਲੈ,” ਆਖਦੀ ਡਿੰਪਲ ਦਾ ਕੜ ਪਾਟ ਗਿਆ। “ਬੱਸ ਮੇਰੀ ਧੀ, ਮੇਰਾ ਕਿਹੜਾ ਤੈਨੂੰ ਆਪਣੇ ਕੋਲੋਂ ਵੱਖ ਰੱਖਣ ਨੂੰ ਜੀਅ ਕਰਦੈ,” ਆਖਦੀ ਉਸ ਦੀ ਮੰਮੀ ਦੀ ਆਵਾਜ਼ ਭਰੜਾਅ ਗਈ। ਥੋੜੀ ਦੇਰ ਰੁੱਕ ਕੇ ਉਹ ਫਿਰ ਬੋਲੀ, “ਹੌਂਸਲਾ ਕਰ ਮੇਰੀ ਧੀ।” “ਮੰਅਮਾਂ …ਮਾਸੜ ਨੇ… ਮੇਰੇ ਨਾਲ …ਇਓਂ ਕਿਓਂ ਕੀਤਾ ਮੰਮਾ, “ “ਡਰਾਉਣਾ ਸੁਪਨਾ ਸਮਝ ਕੇ ਭੁੱਲ ਜਾ, ਮੇਰੇ ਬੱਚੇ” “ਕਿਵੇਂ ਭ਼ੁੱਲਾਂ ਮੰਅਮਾਂ।” ਆਖ ਰਹੀ ਡਿੰਪਲ ਦੇ ਮੋਢੇ ਉੱਪਰ ਪੈਟੀ ਨੇ ਆਪਣਾ ਹੱਥ ਆ ਰੱਖਿਆ। “ਆਪਣਾ ਕੁੱਝ ਨਹੀਂ ਵਿਗੜਿਆ। ਤੈਨੂੰ ਤਾਂ ਸਗੋਂ ਮਾਣ ਹੋਣਾ ਚਾਹੀਦੈ, ਤੂੰ ਸਹੀ ਸਲਾਮਤ ਓਹਦੇ ਚੁੰਗਲ `ਚੋਂ ਬਚ ਕੇ ਆ ਗੀ। ਓਹਨੇ ਤਾਂ ਅੱਧ ਵਿਚਾਲੇ ਡੋਬਾ ਦੇਣ ਦੀ ਕਸਰ ਨੀ ਛੱਡੀ ਹੁਣ ਓਹਨੂੰ ਸਿਰੇ ਲੱਗ ਕੇ ਵਿਖਾਵਾਂਗੇ। ਤੂੰ ਬੱਸ ਹੌਂਸਲੇ ਤੋਂ ਕੰਮ ਲੈ। ਤੇਰੇ ਡੈਡੀ ਭੱਜ-ਨੱਸ ਕਰੀ ਜਾਂਦੇ ਆ। ਕੋਈ ਹੱਲ ਲੱਭਣਗੇ ਹੀ, ਬੱਸ ਤੂੰ ਤਕੜੀ ਹੋ। ਜੇ ਤੂੰ ਹੀ ਢੇਰੀ ਢਾਅ ਲਈ ਫਿਰ ਕਿਵੇਂ ਪੂਰੀਆਂ ਪੈਣਗੀਆਂ। ਚੁੱਪ ਮੇਰੀ ਧੀ… … ਤੂੰ ਆਵਦੇ ਚਿੱਤ `ਚ ਧਾਰ ਲੈ ਬਈ ਹੁਣ ਪੱਕੇ ਹੋ ਕੇ ਦਖਾਉਣੈ ਕਨੇਡੇ `ਚ, … … -” ਉਸ ਦੀ ਮੰਮੀ ਕਾਫੀ ਦੇਰ ਉਸ ਨੂੰ ਹੌਸਲਾ ਦਿੰਦੀ ਰਹੀ। “ਕੋਸ਼ਿਸ਼ ਕਰੂੰਗੀ ਮੰਮਾਂ,” ਆਖ ਕੇ ਡਿੰਪਲ ਨੇ ਫੋਨ ਬੰਦ ਕਰ ਦਿੱਤਾ ਅਤੇ ਪੈਟੀ ਦੀਆਂ ਬਾਹਾਂ `ਚ ਸਮਾਅ ਗਈ। ਪੈਟੀ ਉਸ ਨੂੰ ਦਿਲਾਸਾ ਦੇ ਕੇ ਸਵਾਉਣ ਲੱਗੀ।ਡਿੰਪਲ ਦੇ ਸੌਂਦਿਆਂ ਹੀ ਪੈਟੀ ਆਪਣੇ ਕਮਰੇ ਵਿੱਚ ਜਾ ਪਈ। ਸੁੱਤੀ ਪਈ ਡਿੰਪਲ ਨੂੰ ਲੱਗਾ ਜਿਵੇਂ ‘ਉਹ ਇੱਕ ਹਨੇਰੇ ਵਿੱਚ ਗੁਆਚ ਗਈ ਹੋਵੇ। ਹੱਥ … ਪੈਰ ਮਾਰਦੀ ਨੂੰ ਇੱਕ ਕਿਰਨ ਦਿਸੀ ਅਤੇ ਉਹ ਉਸ ਕਿਰਨ ਵੱਲ ਵਧਣ ਲੱਗੀ। ਪਰ ਇਹ ਤਾਂ ਕਿੰਮਬਰਲੀ ਸੀ। ਫੇਰ ਉਸ ਨੂੰ ਜਗਜੀਤ ਕਿਸੇ ਹਿੰਦੀ ਫਿਲਮਾਂ ਦੇ ਖਲਨਾਇਕ ਵਾਂਗ ਹੱਸਦਾ ਲੱਗਾ। ਉਹ ਡਰ ਨਾਲ ਸੁੰਗੜਨ ਲੱਗੀ। ਹੱਸਦੇ … ਹੱਸਦੇ ਜਗਜੀਤ ਨੇ ਨਾਗ ਦਾ ਰੂਪ ਧਾਰ ਲਿਆ ਅਤੇ ਉਸ ਵੱਲ ਵਧਣ ਲੱਗਾ।’ ਉਹ ਝਟਕੇ ਨਾਲ ਉੱਠੀ ਅਤੇ ਬੱਤੀ ਜਗਾ ਕੇ ਇੱਧਰ … ਉੱਧਰ ਵੇਖਣ ਲੱਗੀ। ਆਸੇ … ਪਾਸੇ ਕੁੱਝ ਵੀ ਨਹੀਂ ਸੀ ਪਰ ਉਸ ਨੂੰ ਲੱਗਾ ਜਿਵੇਂ ਨਾਗ ਸ਼ਹਿ ਲਾ ਕੇ ਬੈਠਾ ਹੋਵੇ ਅਤੇ ਉਸ ਦੇ ਪੈਣ ਸਾਰ ਹੀ ਉਸ ਦੀ ਹਿੱਕ ਉੱਪਰ ਆ ਚੜ੍ਹੇਗਾ। ਡਰਦੀ … ਕੰਬਦੀ ਉਹ ਪੈਟੀ ਦੇ ਨਾਲ ਜਾ ਪਈ।
“ਕੀ ਹੋਇਆ ਹੈ ਮਿੱਠੋ?” ਪੈਟੀ ਨੇ ਪਾਸਾ ਪਰਤਦੇ ਪੁੱਛਿਆ।
“ਡਰ ਲੱਗਦਾ ਹੈ,” ਆਖ ਡਿੰਪਲ ਪੈਟੀ ਦੇ ਨਾਲ ਚੁੰਬੜ ਗਈ। ਪੈਟੀ ਨੇ ਉਸ ਦੇ ਕੇਸਾਂ `ਚ ਉਂਗਲਾਂ ਫੇਰਦੇ ਪੁੱਛਿਆ, “ਕੋਈ ਡਰਾਉਣਾ ਸੁਪਨਾ ਵੇਖਿਆ ਸੀ?”
“ਹਾਂ, ਮੈਨੂੰ ਅੰਕਲ (ਮਾਸੜ) ਦਿਸਿਆ।”
“ਇਹ ਡਰਾਉਣੇ ਸੁਪਨੇ ਬਹੁਤ ਚਿਰ ਪਿੱਛਾ ਨਹੀਂ ਛੱਡਦੇ ਹੁੰਦੇ, ਪਰ ਤੂੰ ਚਿੰਤਾ ਨਾ ਕਰ। ਇੱਥੇ ਨਹੀਂ ਆ ਸਕਦਾ ਉਹ ਹਰਾਮਜ਼ਾਦਾ, ਇਹ ਸਾਰੇ ਮਰਦ ਹਰਾਮ਼ਜਾਦੇ ਹੁੰਦੇ ਆ, ਮੈਂ ਨਫ਼ਰਤ ਕਰਦੀ ਹਾਂ ਇਨ੍ਹਾਂ ਨੂੰ।” ਪਰ ਡਿੰਪਲ ਨੂੰ ਕੁੱਝ ਨਹੀਂ ਸੀ ਸੁਣ ਰਿਹਾ। ਉਹ ਜਿਵੇਂ ਪੈਟੀ ਦੇ ਅੰਦਰ ਵੜ ਜਾਣਾ ਚਾਹੁੰਦੀ ਹੋਵੇ। ਪੈਟੀ ਦਾ ਉਸ ਦੇ ਕੇਸਾਂ ਵਿੱਚ ਫਿਰ ਰਿਹਾ ਹੱਥ ਉਸ ਨੂੰ ਆਪਣੀ ਮਾਂ ਦਾ ਹੱਥ ਲੱਗਾ। ਪੈਟੀ ਉਦੋਂ ਤੱਕ ਉਸ ਨੂੰ ਸਹਿਲਾਉਂਦੀ ਰਹੀ ਜਦ ਤੱਕ ਡਿੰਪਲ ਸੌਂ ਨਾ ਗਈ।
ਸਵੇਰੇ ਉੱਠ ਪੈਟੀ ਨੇ ਕੌਫੀ ਦਾ ਕੱਪ ਫੜਾਉਂਦਿਆਂ ਡਿੰਪਲ ਨੂੰ ਕਿਹਾ, “ਮੇਰੀ ਇੱਕ ਵੱਡੀ ਭੈਣ ਸੀ। ਕ੍ਰਿਸਟਲ ਸੀ ਉਹਦਾ ਨਾਂ। ਉਸ ਨੂੰ ਨਵੀਆਂ … ਨਵੀਆਂ ਚੀਜ਼ਾਂ ਲੈਣ ਦਾ ਸ਼ੌਕ ਸੀ। ਬਹੁਤ ਚੰਚਲ ਸੀ। ਤੇ ਮੇਰੇ ਮਤਰੇਏ ਪਿਓ ਨੇ ਉਸ ਦੀ ਇਸ ਚੰਚਲਤਾ ਦਾ ਲਾਹਾ ਲਿਆ। ਉਹ ਕ੍ਰਿਸਟਲ ਦੀਆਂ ਲੋੜਾਂ ਪੂਰੀਆਂ ਕਰ ਦਿੰਦਾ ਅਤੇ ਬਦਲੇ ਵਿੱਚ ਉਸ ਦੇ ਜਵਾਨ ਹੋ ਰਹੇ ਸਰੀਰ ਨੂੰ ਭੋਗਦਾ। ਫੇਰ ਕ੍ਰਿਸਟਲ ਹੋਰ ਮਰਦਾਂ ਨਾਲ ਵੀ ਇਸੇ ਤਰ੍ਹਾਂ ਕਰਨ ਲੱਗੀ। ਡਰੱਗ ਲੈਣ ਲੱਗ ਗਈ। ਤੇ ਅਖੀਰ ਸੜਕਾਂ ਉੱਪਰ ਵੇਸਵਾਗਿਰੀ ਕਰਨ ਲੱਗੀ।” ਪੈਟੀ ਨੇ ਹਾਉਕਾ ਲਿਆ ਅਤੇ ਬੋਲੀ, “ਤੇ ਜਦ ਕ੍ਰਿਸਟਲ ਘਰੋਂ ਨਿਕਲ ਗਈ ਤਾਂ ਮੇਰਾ ਮਤਰੇਆ ਪਿਓ ਮੇਰੇ ਉੱਪਰ ਡੋਰੇ ਸੁੱਟਣ ਲੱਗਾ ਪਰ ਮੈਂ ਉਸ ਦੇ ਚੁੰਗਲ ਵਿੱਚ ਨਾ ਫਸੀ। ਇੱਕ ਦਿਨ ਉਸ ਗੰਦੇ ਸੂਰ ਨੇ ਮੇਰੇ ਨਾਲ ਬਲਾਤਕਾਰ ਕਰ ਦਿੱਤਾ। ਮੈਨੂੰ ਹੁਣ ਤੱਕ ਉਸ ਦੇ ਡਰਾਉਣੇ ਸੁਪਨੇ ਆਉਂਦੇ ਆ”।
ਡਿੰਪਲ ਪ੍ਰਸ਼ਨ … ਸੂਚਕ ਨਿਗ੍ਹਾ ਨਾਲ ਪੈਟੀ ਵੱਲ ਵੇਖਣ ਲੱਗੀ।
ਪੈਟੀ ਨੇ ਫਿਰ ਕਿਹਾ, “ਹੁਣ ਮੈਂ ਸੋਚਦੀ ਹਾਂ ਕਿ ਜੇ ਮੈਂ ਵੀ ਲਾਲਚ ਵਿੱਚ ਆ ਕੇ ਆਪਣੀ ਭੈਣ ਦੇ ਰਾਹ ਤੁਰ ਪੈਂਦੀ ਤਾਂ ਮੇਰਾ ਵੀ ਅੰਤ ਉਸ ਵਾਂਗ ਹੀ ਹੋਣਾ ਸੀ।” ਉਹ ਥੋੜ੍ਹਾ ਰੁਕ ਕੇ ਫਿਰ ਬੋਲੀ, “ਮੈਨੂੰ ਗਲਤ ਨਾ ਸਮਝੀਂ, ਤੇਰੇ ਹਾਲਾਤ ਹੀ ਅਜੇਹੇ ਹਨ ਕਿ ਹੋ ਸਕਦਾ ਹੈ ਕਿ ਤੈਨੂੰ ਕਿੰਮਬਰਲੀ ਦੀ ਸਲਾਹ ਠੀਕ ਲੱਗੇ। ਪਰ ਤੂੰ ਸੋਚ ਸਮਝ ਕੇ ਉਸ ਨੂੰ ਜਵਾਬ ਦੇਵੀਂ।”
ਪੈਟੀ ਵੱਲ ਬਿੱਟ … ਬਿੱਟ ਵੇਖਦੀ ਡਿੰਪਲ ਨੇ ਇੱਕ ਦਮ ਉੱਠ ਕੇ “ਧੰਨਵਾਦ, ਪੈਟੀ” ਆਖਦਿਆਂ ਉਸ ਦੇ ਗਲ ਬਾਂਹਾਂ ਪਾ ਕੇ ਉਸ ਨੂੰ ਆਪਣੇ ਨਾਲ ਘੁੱਟ ਲਿਆ।
“ਮੇਰੀ ਚੰਗੀ ਕੁੜੀ,” ਆਖਦਿਆਂ ਪੈਟੀ ਨੇ ਉਸ ਦੀ ਪਿੱਠ ਥਾਪੜੀ ਅਤੇ ਬੋਲੀ, “ਇੱਕ ਗੱਲ ਹੋਰ, ਤੈਨੂੰ ਇਸ ਸਦਮੇ `ਚੋਂ ਨਿਕਲਣ ਲਈ ਆਪਣੀ ਸਹਾਇਤਾ ਆਪ ਕਰਨੀ ਪਵੇਗੀ। ਜਿੰਨੀ ਛੇਤੀ ਸਾਰਾ ਕੁੱਝ ਭੁਲਾਏਂਗੀ, ਉਨ੍ਹਾ ਹੀ ਤੇਰੇ ਲਈ ਚੰਗਾ ਹੋਵੇਗਾ।”
“ਮੈਨੂੰ ਜਦ ਵੀ ਉਹ ਸਮਾਂ ਯਾਦ ਆਉਂਦਾ ਹੈ ਮੈਨੂੰ ਆਪਣਾ … ਆਪ ਬੇਇੱਜਤ ਹੋਇਆ ਮਹਿਸੂਸ ਹੁੰਦਾ ਹੈ। ਉਸ ਬੇਇੱਜ਼ਤੀ ਦੀ ਪੀੜ ਮੇਰੇ ਲਈ ਅਸਹਿ ਹੁੰਦੀ ਹੈ,” ਡਿੰਪਲ ਨੇ ਉਸ ਦੇ ਮੋਢੇ ਲੱਗੀ ਨੇ ਹੀ ਕਿਹਾ।
“ਜਦ ਵੀ ਤੈਨੂੰ ਯਾਦ ਆਉਣ ਲੱਗੇ, ਤੂੰ ਆਪਣੇ … ਆਪ ਨੂੰ ਕਿਸੇ ਹੋਰ ਕੰਮ ਵਿੱਚ ਰੁਝਾ ਲਿਆ ਕਰ ਜਾਂ ਆਪਣੀ ਪੀੜ ਮੇਰੇ ਨਾਲ ਸਾਂਝੀ ਕਰ ਲਿਆ ਕਰ,” ਆਖਦੀ ਪੈਟੀ ਨੇ ਉਸ ਨੂੰ ਆਪਣੇ ਨਾਲ ਘੁੱਟ ਲਿਆ।
ਫੋਨ ਦੀ ਘੰਟੀ ਨੇ ਉਨ੍ਹਾਂ ਨੂੰ ਅਲੱਗ ਕੀਤਾ। ਡਿੰਪਲ ਦੇ ਡੈਡੀ ਦਾ ਫੋਨ ਸੀ। ਉਸ ਨੇ ਡਿੰਪਲ ਨੂੰ ਕੋਈ ਫਿਕਰ ਨਾ ਕਰਨ ਦੀ ਤਾਕੀਦ ਕੀਤੀ ਅਤੇ ਇਮੀਗਰੇਸ਼ਨ ਕਾਊਂਸਲਰ ਦਾ ਫੋਨ ਪਤਾ ਲਿਖਵਾਉਂਦਿਆਂ ਹੌਸਲਾ ਦਿੱਤਾ ਕਿ ਉਸ ਨਾਲ ਗੱਲ ਹੋ ਗਈ ਹੈ। ਜਿਵੇਂ ਉਹ ਸਲਾਹ ਦੇਵੇ ਕਰ ਲਵੇ।
ਪੈਟੀ ਨੂੰ ਨਾਲ ਲੈ ਕੇ ਜਦ ਡਿੰਪਲ ਇੰਮੀਗਰੇਸ਼ਨ ਕਾਊਂਸਲਰ ਕੋਲ ਗਈ ਤਾਂ ਉਸ ਨੇ ਕੁੱਝ ਰਾਹਤ ਮਹਿਸੂਸ ਕੀਤੀ। ਕਾਊਂਸਲਰ ਨੇ ਕਿਹਾ, “ਬੀਬਾ ਪੜ੍ਹਾਈ ਜਾਰੀ ਰੱਖਣੀ ਤਾਂ ਤੇਰੇ ਲਈ ਮੁਸ਼ਕਲ ਐ ਕਿਉਂ ਕਿ ਅਗਲੇ ਸਾਲ ਦੀ ਫੀਸ ਦਸ ਹਜ਼ਾਰ ਡਾਲਰ ਹੈ। ਖੈਰ ਓਹਦੇ `ਚ ਤਾਂ ਹਾਲੇ ਪੰਜ … ਛੇ ਮਹੀਨੇ ਪਏ ਆ। ਨਾਲੇ ਪੜ੍ਹਾਈ ਤਾਂ ਸਾਰੀ ਉਮਰ ਪਈ ਐ ਜਦੋਂ ਮਰਜ਼ੀ ਸ਼ੁਰੂ ਕਰ ਲਵੀਂ। ਮੁੱਖ ਮਸਲਾ ਤੇਰਾ ਐਥੇ ਪੱਕੇ ਹੋਣ ਦਾ ਹੈ। ਤੇਰੇ ਰਿਸ਼ਤੇਦਾਰ ਕਹਿੰਦੇ ਆ ਪਈ ਜੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਤੂੰ ਇਲੀਗਲ ਕੰਮ ਕਰਦੀ ਐਂ ਤਾਂ ਓਹਨਾਂ ਸ਼ਿਕਾਇਤ ਕਰ ਦੇਣੀ ਆ ਇਸ ਕਰਕੇ ਤੇਰੇ ਰਹਿਣ … ਸਹਿਣ ਦਾ ਖਰਚਾ ਵੀ ਇੰਡੀਆ ਤੋਂ ਮੰਗਵਾਉਣਾ ਪਊ ਪਰ ਜਿਵੇਂ ਤੇਰੇ ਫਾਦਰ ਦੱਸਦੇ ਸੀ ਕਿ ਤੁਹਾਡੇ ਲਈ ਇਹ ਅਫੋਰਡ ਕਰਨਾ ਮੁਸ਼ਕਲ ਹੈ। ਸੋ ਤੁਹਾਡੇ ਕੋਲ ਔਪਸ਼ਨ ਹੈ ਕਿ ਵਿਆਹ ਦੇ ਬੇਸ `ਤੇ ਇੰਮੀਗਰੇਸ਼ਨ ਲੈ ਲਈ ਜਾਵੇ। ਓਸ ਵਾਸਤੇ ਮੈਂ ਕੋਸ਼ਿਸ ਕਰੂੰਗਾ। ਓਨੀ ਦੇਰ ਤੁਸੀਂ ਕੋਈ ਐਸਾ ਕੰਮ ਲੱਭੋ ਜਿਹੜਾ ਘਰ ਬੈਠੇ ਕਿਸੇ ਹੋਰ ਦੇ ਨਾਂ ਹੇਠ ਕਰ ਸਕੋ ਪਰ ਸਾਵਧਾਨੀ ਨਾਲ।”
ਕਾਊਂਸਲਰ ਕੋਲੋਂ ਵਾਪਸ ਮੁੜਦੀ ਡਿੰਪਲ ਦੇ ਦਿਮਾਗ ਵਿੱਚ ਆਇਆ ਕਿ ਉਹ ਰਾਣੇ ਨੂੰ ਦੱਸੇ ਕਿ ਜੇ ਉਸ ਦਾ ਕਿਸੇ ਨਾਲ ਇੱਥੇ ਵਿਆਹ ਹੋ ਜਾਵੇ ਤਾਂ ਉਹ ਪੱਕੀ ਹੋ ਸਕਦੀ ਹੈ। ਪਲ ਦੀ ਪਲ ਉਸ ਨੂੰ ਲੱਗਾ ਕਿ ਰਾਣਾ ਕਹੇਗਾ, ‘ਅਸੀਂ ਹਾਜ਼ਰ ਆਂ ਸਾਡੀ ਟੋਇਆਂ ਵਾਲੀ ਸਰਕਾਰ’ ਪਰ ਦੂਸਰੇ ਹੀ ਪਲ ਉਸ ਨੂੰ ਰਾਣੇ ਦਾ ਕਿਹਾ ਯਾਦ ਆ ਗਿਆ। ਉਸ ਨੇ ਕਿਹਾ ਸੀ, “ਸਾਨੂੰ ਤਾਂ ਤੇਰੇ ਵਰਗੀ ਕੁੜੀ ਦੀ ਬੱਸ ਦੋਸਤੀ ਚਾਹੀਦੀ ਐ। ਵਿਆਹ ਤਾਂ ਪੱਕੇ ਹੋਣ ਲਈ ਪਤਾ ਨੀਂ ਕਿਹੋ ਜੀ ਨਾਲ ਕਰਵਾਉਣਾ ਪਵੇ।” ‘ਮੈਨੂੰ ਵੀ ਪਤਾ ਨੀ ਕਿਹੋ ਜੇ ਦੇ ਲੜ ਲੱਗਣਾ ਪਊ ਪੱਕੀ ਹੋਣ ਲਈ’ ਸੋਚ ਕੇ ਉਹ ਉਦਾਸ ਹੋ ਗਈ। ਪਰ ਪੈਟੀ ਨੇ ਉਸ ਦੀ ਕੰਮ ਵਾਲੀ ਸਮੱਸਿਆ ਦਾ ਹੱਲ ਲੱਭ ਕੇ ਉਸ ਦੀ ਉਦਾਸੀ ਦੂਰ ਕਰ ਦਿੱਤੀ। ਪੈਟੀ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਨਾਂ `ਤੇ ਉਸ ਨੂੰ ਕੋਟੀਆਂ ਲਿਆ ਦਿਆ ਕਰੇਗੀ। ਇਸ ਨਾਲ ਕਮਾਈ ਤਾਂ ਬਹੁਤੀ ਨਹੀਂ ਸੀ ਹੋਣੀ ਪਰ ਰੋਟੀ … ਪਾਣੀ ਦਾ ਖਰਚ ਨਿਕਲ ਜਾਇਆ ਕਰਨਾ ਸੀ।
ਘਰ ਆ ਕੇ ਡਿੰਪਲ ਨੇ ਪੈਟੀ ਦਾ ਮਨ … ਭਾਉਂਦਾ ਖਾਣਾ ਬਟਰ ਚਿਕਨ ਬਣਾਇਆ। ਖਾਣਾ ਖਾ ਕੇ ਟੀ. ਵੀ. ਵੇਖਦਿਆਂ ਡਿੰਪਲ ਨੁੰ ਲੱਗਾ ਜਿਵੇਂ ਪੈਟੀ ਇੱਕ ਟੱਕ ਉਸੇ ਵੱਲ ਹੀ ਵੇਖ ਰਹੀ ਹੋਵੇ। ਜਦ ਡਿੰਪਲ ਨੇ ਆਪਣਾ ਸ਼ੱਕ ਨਿਵਰਤ ਕਰਨ ਲਈ ਉੱਧਰ ਵੇਖਿਆ ਪੈਟੀ ਨੇ ਉਸ ਦਾ ਚੇਹਰਾ ਆਪਣੇ ਹੱਥਾਂ `ਚ ਫੜ ਗੱਲ੍ਹਾਂ `ਚ ਪੈਂਦੇ ਟੋਏ ਵਾਲੀ ਥਾਂ ਤੋਂ ਚੁੰਮ ਲਿਆ। “ਪਰ੍ਹੇ ਮਰ ਲੁੱਚੀਏ,” ਡਿੰਪਲ ਨੇ ਪੰਜਾਬੀ `ਚ ਕਿਹਾ ਅਤੇ ਹੱਸ ਪਈ। ਉਸ ਨੂੰ ਲੱਗਾ ਜਿਵੇਂ ਪੈਟੀ ਦੀ ਥਾਂ ਪੱਲਵੀ ਹੋਵੇ। ਉਹ ਵੀ ਕਦੇ … ਕਦੇ ਮਸਤੀ `ਚ ਆਈ ਇਸ ਤਰ੍ਹਾਂ ਕਰ ਜਾਂਦੀ ਸੀ।
“ਕੀ ਕਿਹਾ ਹੈ?” ਪੈਟੀ ਨੇ ਹੈਰਾਨੀ ਜਿਹੀ `ਚ ਪੁੱਛਿਆ।
“ਕੁਝ ਨਹੀਂ।”
“ਦੱਸ … ਦੱਸ,” ਆਖਦੀ ਪੈਟੀ ਉਸ ਦੇ ਕੁਤਕਤਾਰੀਆਂ ਕੱਢਣ ਲੱਗੀ। ਉਹ ਇਸ ਤਰ੍ਹਾਂ ਕਰਦੀ ਡਿੰਪਲ ਨੂੰ ਪੱਲਵੀ ਹੀ ਲੱਗੀ। ਫਿਰ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹ ਪੱਲਵੀ ਨਾਲ ਅਣਕਹੀਆਂ ਹੱਦਾਂ ਪੈਟੀ ਨਾਲ ਪਾਰ ਕਰ ਗਈ। ਜਦ ਉਸ ਨੂੰ ਸੁਰਤ ਆਈ ਪੈਟੀ ਦੀ ‘ਆਈ ਲਵ ਯੂ’, ‘ਆਈ ਲਵ ਯੂ’ ਕਰਦੀ ਆਵਾਜ਼ ਡਿੰਪਲ ਦੇ ਕੰਨਾਂ ਵਿੱਚ ਸਾਂ … ਸਾਂ ਕਰਨ ਲੱਗੀ। ਪੈਟੀ ਦੀਆਂ ਬਾਹਾਂ ਵਿੱਚ ਹੀ ਸੁੱਤੀ ਡਿੰਪਲ ਦੀ ਜਦ ਸਵੇਰੇ ਜਾਗ ਖੁੱਲ੍ਹੀ ਉਸ ਦਾ ਉੱਠਣ ਲਈ ਦਿਲ ਨਾ ਕੀਤਾ। ‘ਇਹ ਕੀ ਕਰ ਬੈਠੀ ਮੈਂ?’ ਸੋਚਦੀ ਡਿੰਪਲ ਉੱਪਰ ਗੁਨਾਹ ਦੀ ਭਾਵਨਾ ਭਾਰੂ ਹੋਣ ਲੱਗੀ।
“ਉੱਠ, ਕੰਮ ਲੈਣ ਨਹੀਂ ਜਾਣਾ?” ਪੈਟੀ ਦੀ ਆਵਾਜ਼ ਸੁਣ ਉਹ ਇੱਕ ਦਮ ਬਿਸਤਰੇ ਵਿੱਚੋਂ ਨਿਕਲੀ। `ਚੱਲ ਜਿਹੜਾ ਕੁੱਝ ਹੋਣਾ ਸੀ ਹੋ ਗਿਆ। ਅਗਾਂਹ ਨੂੰ ਨਹੀਂ ਹੋਣ ਦਿੰਦੀ’ ਸੋਚਦੀ ਡਿੰਪਲ ਤਿਆਰ ਹੋਣ ਲੱਗੀ।
ਪੈਟੀ ਨੂੰ ਕਾਲਜ ਤੋਰ ਡਿੰਪਲ ਦਰਵਾਜ਼ਾ ਬੰਦ ਕਰਕੇ ਕੋਟੀ ਬੁਣਨ ਬੈਠ ਗਈ। ਕੁੱਝ ਦੇਰ ਬਾਅਦ ਭੁੱਖ ਨਾਲ ਉਸ ਅੰਦਰ ਖੋਹ ਜਿਹੀ ਪਈ। ‘ਜੇ ਮੰਮੀ ਇੱਥੇ ਹੁੰਦੀ ਤਾਂ ਬੈਠੀ ਨੂੰ ਉਸ ਨੇ ਖਾਣ ਲਈ ਕੁੱਝ ਫੜਾ ਦੇਣਾ ਸੀ’ ਉਸ ਨੇ ਸੋਚਿਆ। ‘ਮੰਮੀ ਦੇ ਸਿਰ ਮੌਜਾਂ ਕਰਦੀ ਸੀ, ਰਜਾਈ `ਚ ਬੈਠੀ ਨੂੰ ਚਾਹ ਫੜਾ ਜਾਂਦੀ ਸੀ’ ਸੋਚ ਕੇ ਉਸ ਹਾਉਕਾ ਲਿਆ। ਉਸ ਦੇ ਚਿੱਤ `ਚ ਆਈ ਕਿ ਉੱਡ ਕੇ ਇੰਡੀਆ ਪਹੁੰਚ ਜਾਵੇ। ਬੇਸਮੈਂਟ ਉਸ ਨੂੰ ਜੇਲ੍ਹ ਵਾਂਗ ਲੱਗੀ। ਉਸ ਦਾ ਚਿੱਤ ਕਾਹਲਾ ਪੈਣ ਲੱਗਾ। ਉਸ ਨੇ ਆਪਣੀ ਨਿਗ੍ਹਾ ਸਿਲਾਈਆਂ ਤੋਂ ਹਟਾ ਲਈ। ਡੈਡੀ ਦਾ ਕਿਹਾ ਕਿ ‘ਮੁੜਨ ਬਾਰੇ ਸੋਚਣਾ ਵੀ ਨਹੀਂ’ ਸੋਚ ਕੇ ਉਸ ਨੂੰ ਆਪਣੇ ਡੈਡੀ ਉੱਪਰ ਖਿੱਝ ਆਉਣ ਲੱਗੀ। ‘ਜੇ ਇੱਥੇ ਆ ਕੇ ਵੇਖਣ ਕਿ ਕਿਵੇਂ ਅੰਦਰ ਤੜੀ ਬੈਠੀ ਹਾਂ, ਫੇਰ ਪਤਾ ਲੱਗੇ। … ਮੈਂ ਵੀ ਐਵੇਂ ਬੀਬੀ ਧੀ ਬਣ ਕੇ ਹਰ ਗੱਲ ਸਿਰ ਮੱਥੇ ਮੰਨ ਲੈਨੀ ਆਂ। ਹੁਣ ਜਦੋਂ ਫੋਨ ਆਇਆ ਮੈਂ ਆਖ ਦੇਣੈ ਬਈ ਮੈਥੋਂ ਨੀਂ ਜੇਲ੍ਹ ਕੱਟੀ ਜਾਂਦੀ। … ਪਰ ਮੈਥੋਂ ਕਿੱਥੇ ਆਖ ਹੋਣੈ?’ ਉਸ ਨੂੰ ਆਪਣੇ … ਆਪ `ਤੇ ਖਿੱਝ ਆਉਣ ਲੱਗੀ। ਫਿਰ ਉਸ ਨੇ ਸੋਚਿਆ, ‘ਡੈਡੀ ਹੋਰਾਂ ਵਿਚਾਰਿਆਂ ਦਾ ਵੀ ਕੀ ਕਸੂਰ। ਐਨਾ ਖਰਚ ਕਰਕੇ ਭੇਜਿਐ ਐਥੇ। ਉਨ੍ਹਾਂ ਨੂੰ ਕਿਹੜਾ ਪਤਾ ਸੀ ਬਈ ਮੇਰੇ ਨਾਲ ਇਸ ਤਰ੍ਹਾਂ ਹੋਣੀ ਐ? ਇਹ ਤਾਂ ਕੰਜਰ ਮਾਸੜ … । ਮਾਸੜ ਦਾ ਖਿਆਲ ਆਉਂਦੇ ਹੀ ਉਸ ਦੀ ਪਕੜ ਸਿਲਾਈਆਂ ਉੱਪਰ ਕਸੀ ਗਈ। ਉਸ ਦਾ ਸਾਹ ਤੇਜ ਹੋ ਗਿਆ। “ਜਿਵੇਂ ਤੂੰ ਮੇਰੇ ਨਾਲ ਕੀਤੀ ਐ, ਕੀੜੇ ਪੈਣ ਐਹੋ ਜੇ ਦੇ,” ਉਹ ਬੁੜਬੜਾਈ। ਜਗਜੀਤ ਨੂੰ ਕੀੜਿਆਂ ਨਾਲ ਤੜਫਦਾ ਚਿਤਵ ਕੇ ਡਿੰਪਲ ਦੇ ਬੁੱਲ੍ਹਾਂ ਉੱਪਰ ਮੁਸਕਾਨ ਆ ਗਈ। ‘ਇਹ ਮੈਂ ਕੀ ਐਵੇਂ ਵਾਧੂ … ਘਾਟੂ ਸੋਚਣ ਲੱਗ ਪਈ,’ ਸੋਚ ਕੇ ਡਿੰਪਲ ਨੇ ਸਿਲਾਈਆਂ ਪਾਸੇ ਰੱਖ ਦਿੱਤੀਆਂ। ਉਸ ਦਾ ਜੀਅ ਕੀਤਾ ਕਿ ਉੱਠ ਕੇ ਬਾਹਰ ਤੁਰ … ਫਿਰ ਆਵੇ। ‘ਜੇ ਕੋਈ ਬਾਹਰ ਮਾਸੜ ਵਰਗਾ ਹੋਇਆ’ ਸੋਚ ਕੇ ਉਹ ਬਾਹਰ ਜਾਣੋਂ ਡਰ ਗਈ। ਆਪਣੇ … ਆਪ ਨੂੰ ਸੋਚਾਂ ਤੋਂ ਬਚਾਉਣ ਲਈ ਉਹ ਬੇਸਮੈਂਟ ਦੀ ਸਫਾਈ ਕਰਨ ਲੱਗੀ। ਫਿਰ ਆਪਣੇ ਅਤੇ ਪੈਟੀ ਦੇ ਕੱਪੜੇ ਧੋਣ ਲੱਗੀ। ਪੈਟੀ ਦੇ ਕੱਪੜੇ ਮਲਦਿਆਂ ਉਸ ਨੂੰ ਪੈਟੀ ਦੇ ਖਿਆਲ ਨੇ ਹੁਲਾਰਾ ਜਿਹਾ ਦਿੱਤਾ। ‘ਕਿੰਨੀ ਚੰਗੀ ਐ ਪੈਟੀ, … ਉਹਦੇ ਬਿਨਾਂ ਘਰ ਸੁੰਨਾ … ਸੁੰਨਾ ਜਿਹਾ ਲੱਗਦੈ, … ਹਾਲੇ ਤਾਂ ਓਹਦੇ ਆਉਣ `ਚ ਦੋ … ਤਿੰਨ ਘੰਟੇ ਪਏ ਆ, … ਅੱਜ ਓਹਦੀ ਪਸੰਦ ਦਾ ਕਿਹੜਾ ਖਾਣਾ ਬਣਾਵਾਂ?’ ਅਤੇ ਉਹ ਪੈਟੀ ਦੇ ਖਾਣੇ ਦੀ ਪਸੰਦ ਬਾਰੇ ਸੋਚਣ ਲੱਗੀ। ਖਾਣਾ ਤਿਆਰ ਕਰ ਕੇ ਉਹ ਪੈਟੀ ਦੀ ਉਡੀਕ ਕਰਨ ਲੱਗੀ। ਇਸ ਤਰ੍ਹਾਂ ਪੈਟੀ ਦੀ ਉਡੀਕ ਕਰਨਾ ਉਸ ਨੂੰ ਚੰਗਾ … ਚੰਗਾ ਲੱਗਾ।
ਜਦ ਪੈਟੀ ਘਰ ਪਹੁੰਚੀ ਡਿੰਪਲ ਨੇ ਉੱਠ ਕੇ ਉਸ ਨੂੰ ਜੱਫ਼ੀ ਪਾ ਲਈ ਜਿਵੇਂ ਬਹੁਤ ਚਿਰਾਂ ਦੀ ਵਿਛੜੀ ਮਿਲੀ ਹੋਵੇ। “ਮੈਨੂੰ ਸਾਰਾ ਦਿਨ ਤੇਰੀ ਯਾਦ ਸਤਾਉਂਦੀ ਰਹੀ,” ਪੈਟੀ ਨੇ ਕਿਹਾ।
“ਮੈਨੂੰ ਵੀ,” ਆਖ ਡਿੰਪਲ ਨੇ ਜੱਫ਼ੀ ਹੋਰ ਪੀਡੀ ਕਰ ਲਈ। ਫਿਰ ਉਸ ਤੋਂ ਅਲੱਗ ਹੁੰਦੀ ਬੋਲੀ, “ਤੂੰ ਪਹਿਲਾਂ ਨਹਾ ਲੈ। ਮੈਂ ਤੇਰੇ ਮਨ … ਭਾਉਂਦੇ ਡੋਸੇ ਤਿਆਰ ਕੀਤੇ ਹਨ।”
“ਓ, ਸੱਚੀਂ? ਤੂੰ ਕਿੰਨੀ ਚੰਗੀ ਹੈਂ! ਮੈਂ ਤੈਨੂੰ ਪਿਆਰ ਕਰਦੀ ਹਾਂ।”
“ਚੰਗਾ ਚੰਗਾ ਛੇਤੀ ਕਰ, ਮੈਂ ਖਾਣਾ ਗਰਮ ਕਰਦੀ ਹਾਂ,” ਆਖ ਕੇ ਡਿੰਪਲ ਸਟੋਵ ਦੇ ਕੋਲ ਜਾ ਖੜ੍ਹੀ। ਉਸ ਨੂੰ ਆਪਣੇ ਅੰਦਰ ਤਰੰਗਾਂ ਜਿਹੀਆਂ ਉੱਠਦੀਆਂ ਮਹਿਸੂਸ ਹੋਈਆਂ। ‘ਇਹ ਕੀ ਹੋਣ ਲੱਗ ਪਿਐ ਮੇਰੇ ਅੰਦਰ? … ਨਹੀਂ ਨਹੀਂ, ਮੈਨੂੰ ਆਪਣੇ … ਆਪ `ਤੇ ਕਾਬੂ ਰੱਖਣਾ ਚਾਹੀਦੈ,’ ਸੋਚ ਕੇ ਉਹ ਖਾਣੇ ਤੋਂ ਬਾਅਦ ਕੋਟੀ ਬੁਣਨ ਲੱਗ ਪਈ। ਫਿਰ ਸੋਫੇ ਉੱਪਰ ਹੀ ਸੌਣ ਲਈ ਟੇਡੀ ਹੋ ਗਈ। ਅੱਖਾਂ ਮੀਚਦਿਆਂ ਹੀ ਪੈਟੀ ਦਾ ਚੇਹਰਾ ਉਸ ਦੇ ਸਾਹਮਣੇ ਸੀ। ਉਸ ਦੀ ਪਿਆਰ ਭਰੀ ਤੱਕਣੀ ਡਿੰਪਲ ਨੂੰ ਬੁਲਾਵਾ ਦਿੰਦੀ ਲੱਗੀ। ਉਸ ਦਾ ਜੀਅ ਕੀਤਾ ਕਿ ਜਾ ਕੇ ਪੈਟੀ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਵੇ। ਬਾਹਾਂ ਦੀ ਕਲਿੰਗੜੀ ਪਾਉਂਦਿਆਂ ਡਿੰਪਲ ਨੇ ਆਪਣੇ ਆਪ ਨੂੰ ਰੋਕ ਲਿਆ ਅਤੇ ਪਾਸਾ ਪਰਤ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਪੈਟੀ ਦੀ ਸ਼ਕਲ ਵਾਰ … ਵਾਰ ਉਸ ਦੇ ਸਾਹਮਣੇ ਆ ਜਾਂਦੀ। ਕੁੱਝ ਦੇਰ ਉਸੱਲ … ਵੱਟੇ ਲੈਣ ਤੋਂ ਬਾਅਦ ਉਹ ਉੱਠ ਕੇ ਪੈਟੀ ਨਾਲ ਜਾ ਪਈ।
ਇਸ ਤਰ੍ਹਾਂ ਕਈ ਵਾਰ ਹੁੰਦਾ ਕਿ ਉਸ ਤੋਂ ਰਿਹਾ ਨਾ ਜਾਂਦਾ ਤੇ ਉਹ ਪੈਟੀ ਨਾਲ ਉਸ ਦੇ ਬਿਸਤਰੇ `ਚ ਜਾ ਪੈਂਦੀ ਜਾਂ ਪੈਟੀ ਉਸ ਨੂੰ ਖਿੱਚ ਲਿਜਾਂਦੀ। ਪਿੱਛੋਂ ਡਿੰਪਲ ਆਪਣੇ ਆਪ ਨੂੰ ਕੋਸਦੀ ‘ਇਹ ਕਿਹੜੇ ਰਾਹੀਂ ਮੈਂ ਤੁਰ ਪਈ?’ ਅਤੇ ਅਗਾਂਹ ਤੋਂ ਪੈਟੀ ਨਾਲ ਇੱਕ ਵਿੱਥ ਰੱਖਣ ਦਾ ਮਨ ਬਣਾਉਂਦੀ। ਕਦੇ … ਕਦੇ ਉਸ ਨੂੰ ਪੈਟੀ ਦੀਆਂ ਗੱਲਾਂ ਬਾਰੇ ਸੋਚ ਡਰ ਲੱਗਣ ਲੱਗਦਾ। ਪੈਟੀ ਨੇ ਇੱਕ ਦਿਨ ਆਪਣੇ ਕੱਪੜੇ (ਜਿਹੜੇ ਡਿੰਪਲ ਨੇ ਧੋ … ਸਵਾਰ ਕੇ ਰੱਖੇ ਸਨ) ਵੇਖਦਿਆਂ ਕਿਹਾ ਸੀ, “ਡਿੰਪਲ ਤੂੰ ਕਿੰਨੀ ਚੰਗੀ ਹੈਂ, ਮੇਰੀ ਕਿੰਨੀ ਦੇਖ … ਭਾਲ ਕਰਦੀ ਹੈਂ!”
“ਤੂੰ ਕਿਹੜਾ ਮੇਰਾ ਘੱਟ ਖਿਆਲ ਰੱਖਦੀ ਹੈਂ। ਮੇਰੇ ਔਖੇ ਵੇਲੇ ਤੂੰ ਹੀ ਕੰਮ ਆਉਂਦੀ ਹੈਂ,” ਡਿੰਪਲ ਨੇ ਉਸ ਨੂੰ ਯਾਦ ਕਰਵਾਇਆ।
“ਮੈਂ ਬਹੁਤ ਕਿਸਮਤ ਵਾਲੀ ਹਾਂ ਕਿ ਮੈਨੂੰ ਤੇਰੇ ਵਰਗੀ ਪਿਆਰੀ ਕੁੜੀ ਮਿਲੀ। ਨਹੀਂ ਤਾਂ ਮੈਂ ਮਰ ਹੀ ਚੱਲੀ ਸੀ ਜਦ ਮੇਰੀ ਪਹਿਲੀ ਪਾਰਟਨਰ ਨੇ ਮੈਨੂੰ ਧੋਖਾ ਦਿੱਤਾ,” ਆਖਦੀ ਪੈਟੀ ਨੇ ਮੂੰਹ ਕੁਸੈਲਾ ਜਿਹਾ ਕਰ ਲਿਆ।
“ਕੀ ਹੋਇਆ ਸੀ?” ਡਿੰਪਲ ਨੇ ਪੁੱਛਿਆ।
“ਉਹ ਧੋਖੇਬਾਜ਼ ਸੀ। ਮੇਰੀ ਵੀ ਪਾਰਟਨਰ ਸੀ ਤੇ ਬਾਹਰ ਵੀ ਸੌਂਦੀ ਫਿਰਦੀ ਸੀ। ਮੈਨੂੰ ਧੋਖੇਬਾਜ਼ ਲੋਕਾਂ ਨਾਲ ਨਫ਼ਰਤ ਹੈ। ਕਦੇ … ਕਦੇ ਮੈਨੂੰ ਲੱਗਦਾ ਹੈ ਕਿ ਉਹ ਮੇਰੇ ਮਤਰੇਏ ਪਿਓ ਦਾ ਹੀ ਦੂਜਾ ਰੂਪ ਸੀ ਜਿਹੜੀ ਸਾਲ ਭਰ ਮੇਰੇ ਨਾਲ ਬਲਾਤਕਰ ਕਰਦੀ ਰਹੀ,” ਆਖਦੀ ਪੈਟੀ ਦਾ ਸਾਹ ਤੇਜ਼ … ਤੇਜ਼ ਚੱਲਣ ਲੱਗਾ। ਡਿੰਪਲ ਨੇ ਆਪਣੇ ਮੋਢੇ ਨਾਲ ਲਾ ਉਸ ਨੂੰ ਸ਼ਾਂਤ ਕੀਤਾ ਪਰ ਉਸ ਦੇ ਆਪਣੇ ਅੰਦਰ ਇੱਕ ਡਰ ਜਿਹਾ ਪੈਦਾ ਹੋ ਗਿਆ।
ਇਹ ਡਰ ਕੁੱਝ ਦਿਨ ਬਾਅਦ ਹੋਰ ਵੀ ਵਧ ਗਿਆ ਜਦ ਪੈਟੀ ਨੇ ਕਿਹਾ ਸੀ, “ਡਿੰਪਲ, ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ।” ਡਿੰਪਲ ਨੂੰ ਲੱਗਾ ਜਿਵੇਂ ਪੈਟੀ ਵੀ ਪੱਲਵੀ ਵਾਂਗ ਹੀ ਮਜ਼ਾਕ ਕਰ ਰਹੀ ਹੈ। ਉਹ ਵੀ ਆਖਦੀ ਹੁੰਦੀ ਸੀ, “ਜੇ ਮੈਂ ਮੁੰਡਾ ਹੁੰਦੀ ਤਾਂ ਤੇਰੇ ਨਾਲ ਹੀ ਵਿਆਹ ਕਰਵਾਉਂਦੀ।”
“ਮੇਰੇ ਘਰਦੇ ਕਿੱਥੋਂ ਮੰਨਦੇ ਪੰਡਤਾਂ ਦੇ ਮੁੰਡੇ ਨਾਲ ਵਿਆਹ ਕਰਨ ਨੂੰ,” ਡਿੰਪਲ ਲਾਚੜ ਕੇ ਜਵਾਬ ਦਿੰਦੀ।
“ਜੇ ਨਾ ਮੰਨਦੇ ਤਾਂ ਮੈਂ ਤੈਨੂੰ ਕੱਢ ਕੇ ਲੈ ਜਾਣਾ ਸੀ,” ਪੱਲਵੀ ਚੁਸਕੀ ਲੈਂਦੀ।
ਡਿੰਪਲ ਨੂੰ ਪੈਟੀ ਵੀ ਉਸੇ ਤਰਜ਼ `ਚ ਗੱਲ ਕਰਦੀ ਲੱਗੀ। ਉਸ ਨੇ ਹੱਸ ਕੇ ਜਵਾਬ ਦਿੱਤਾ, “ਮੇਰੇ ਮਾਪੇ ਤੇਰੇ ਨਾਲ ਕਿੱਥੋਂ ਵਿਆਹ ਕਰਨ ਦੇਣਗੇ?” ਉਸ ਨੇ ਸੋਚਿਆ ਕਿ ਪੈਟੀ ਵੀ ਪੱਲਵੀ ਵਾਂਗ ਹੀ ਕੋਈ ਜਵਾਬ ਦੇਵੇਗੀ ਪਰ ਪੈਟੀ ਨੇ ਕਿਹਾ, “ਇਹ ਤੇਰੀ ਜ਼ਿੰਦਗੀ ਹੈ। ਇਹਦੇ ਫੈਸਲੇ ਤੂੰ ਕਰਨੇ ਹਨ, ਤੇਰੇ ਮਾਪਿਆਂ ਨੇ ਨਹੀਂ।” ਸੁਣ ਕੇ ਡਿੰਪਲ ਡਰ ਨਾਲ ਹਿੱਲ ਗਈ। ਉਸ ਨੇ ਆਪਣੇ … ਆਪ ਨੂੰ ਸੰਭਾਲਦਿਆਂ ਕਿਹਾ, “ਆਪਾਂ ਸਿਰਫ਼ ਚੰਗੀਆਂ ਦੋਸਤ ਹਾਂ। ਇਸ ਤੋਂ ਜ਼ਿਆਦਾ ਕੁੱਝ ਨਹੀਂ।”
“ਜੇ ਆਪਾਂ ਹੋਰ ਕੁੱਝ ਨਹੀਂ ਤਾਂ ਮੇਰੇ ਨਾਲ ਕਿਓਂ ਸੌਂਦੀ ਹੈਂ?” ਸੁਣ ਕੇ ਡਿੰਪਲ ਨੂੰ ਕੋਈ ਜਵਾਬ ਨਾ ਅਹੁੜਿਆ। ਉਸ ਕਿਹਾ, “ਮੈਨੂੰ ਨੀ ਪਤਾ। ਮੈਂ ਕਦੇ ਸੋਚਿਆ ਨਹੀਂ।”
“ਤੂੰ ਕਿਸੇ ਹੋਰ ਨੂੰ ਪਿਆਰ ਕਰਦੀ ਐਂ?
“ਨਹੀਂ।”
“ਫੇਰ?” ਪੈਟੀ ਨੇ ਪ੍ਰਸ਼ਨ … ਪੂਰਵਕ ਡਿੰਪਲ ਵੱਲ ਵੇਖਿਆ। ਫੇਰ ਬੋਲੀ, “ਮੈਨੂੰ ਪੂਰਾ ਯਕੀਨ ਹੈ ਕਿ ਤੂੰ ਮੈਨੂੰ ਹੀ ਪਿਆਰ ਕਰਦੀ ਹੈਂ ਪਰ ਆਪਣੇ ਕਲਚਰ ਕਰਕੇ ਤੇਰੀ ਹਿੰਮਤ ਨਹੀਂ ਪੈਂਦੀ। ਪਰ ਮਿੱਠੋ ਇਹ ਤੇਰੀ ਜ਼ਿੰਦਗੀ ਹੈ। ਤੈਨੂੰ ਆਪਣੀ ਮਰਜ਼ੀ ਨਾਲ ਜਿਓਣੀ ਚਾਹੀਦੀ ਹੈ। ਮੈਂ ਤੇਰੀ ਉਡੀਕ ਕਰਾਂਗੀ,” ਪੈਟੀ ਨੇ ਕਿਹਾ।
ਪਰ ਡਿੰਪਲ ਦੇ ਦਿਮਾਗ ਵਿੱਚ ਤਾਂ ਪੈਟੀ ਦਾ ਕਿਹਾ, ‘ਮੇਰੇ ਨਾਲ ਕਿਓਂ ਸੌਂਦੀ ਹੈਂ?’ ਘੁੰਮ ਰਿਹਾ ਸੀ। ਗੁੰਮ … ਸੁੰਮ ਹੋਈ ਉਹ ਸੋਚਣ ਲੱਗੀ। ਫਿਰ ਉਹ ਬੈਠੀ … ਬੈਠੀ ਇਕਦਮ ਬੋਲੀ, “ਮੈਨੂੰ ਚੰਗਾ ਲੱਗਦਾ ਹੈ।”
“ਕੀ ਚੰਗਾ ਲੱਗਦਾ ਹੈ?” ਪੈਟੀ ਨੇ ਹੈਰਾਨੀ ਨਾਲ ਪੁੱਛਿਆ।
“ਤੇਰੇ ਨਾਲ।”
“ਓ, ਵਿਆਹ ਕਿਓਂ ਨਹੀਂ ਕਰਵਾਉਂਦੀ ਫਿਰ?” ਪੈਟੀ ਨੇ ਸਵਾਲ ਕੀਤਾ।
“ਕੀ ਵਿਆਹ ਕਰਵਾਉਣਾ ਜ਼ਰੂਰੀ ਹੈ?” ਡਿੰਪਲ ਨੇ ਜਿਵੇਂ ਤਰਲਾ ਕੀਤਾ ਹੋਵੇ।
“ਸਰੀਰਕ ਸਬੰਧਾਂ ਵਾਲੇ ਰਿਸ਼ਤੇ ਦਾ ਕੋਈ ਨਾਂ ਤਾਂ ਹੋਣਾ ਚਾਹੀਦਾ ਹੈ ਜਿਹੜਾ ਆਪਣੇ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਲਈ ਯਾਦ ਕਰਵਾਉਂਦਾ ਰਹੇ,” ਪੈਟੀ ਦੀ ਇਸ ਗੱਲ ਦਾ ਡਿੰਪਲ ਨੇ ਕੋਈ ਜਵਾਬ ਨਾ ਦਿੱਤਾ। ਉਹ ਫਿਰ ਆਪਣੇ … ਆਪ `ਚ ਸਿਮਟ ਗਈ। ਪੈਟੀ ਆਪਣੇ ਕਮਰੇ ਵਿੱਚ ਚਲੀ ਗਈ।
ਡਿੰਪਲ ਦੇ ਦਿਮਾਗ ਵਿੱਚ ਸ਼ੋਰ ਮੱਚਣ ਲੱਗਾ। ਉਸ ਨੂੰ ਲੱਗਾ ਜਿਵੇਂ ਕੋਈ ਆਖ ਰਿਹਾ ਹੋਵੇ, ‘ਕੁੜੀਆਂ ਦੇ ਵੀ ਕਦੇ ਕੁੜੀਆਂ ਨਾਲ ਵਿਆਹ ਹੋਏ ਐ?’ ਫੇਰ ਉਸ ਨੂੰ ਲੱਗਾ ਜਿਵੇਂ ਬਹੁਤ ਸਾਰੀਆਂ ਆਵਾਜ਼ਾਂ ਉਸ ਕੋਲੋਂ ਪੁੱਛ ਰਹੀਆਂ ਹੋਣ, ‘ਪੈਟੀ ਤੇਰੀ ਕੀ ਲੱਗਦੀ ਹੈ?’ ਫੇਰ ਉਸ ਨੂੰ ਲੱਗਾ ਜਿਵੇਂ ਉਸ ਦੇ ਮੰਮੀ … ਡੈਡੀ ਅਤੇ ਛੋਟੇ ਭੈਣ … ਭਰਾ ਉਨ੍ਹਾਂ ਦਾ ਮਖੌਲ ਉਡਾ ਰਹੇ ਲੋਕਾਂ ਦੇ ਵਿਚਕਾਰ ਘਿਰੇ ਉਸ ਕੋਲੋਂ ਪੁੱਛ ਰਹੇ ਹੋਣ, ‘ਤੂੰ ਇਸ ਤਰ੍ਹਾਂ ਸਾਡੇ ਨਾਲ ਕਿਓਂ ਕੀਤਾ?’ ਡਿੰਪਲ ਉਨ੍ਹਾਂ ਨਾਲ ਅੱਖ ਨਾ ਮਿਲਾ ਸਕੀ। ਉਸ ਨੇ ਆਪਣਾ ਸਿਰ ਝਟਕਿਆ, ‘ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਹੋਵੇਗਾ, ਇਹ ਮੈਂ ਕੀ ਕਰ ਬੈਠੀ?’ ਪਛਤਾਵੇ `ਚ ਸਿਰ ਮਾਰਦੀ ਉਹ ਬੁੜਬੜਾਈ, “ਬੱਸ ਹੋਰ ਨਹੀਂ। ਬੱਸ ਹੋਰ ਨਹੀਂ”।
‘ਜਿਹੜਾ ਕੁੱਝ ਹੋਣਾ ਸੀ ਹੋ ਗਿਆ, ਹੁਣ ਪੈਟੀ ਨੂੰ ਵੀ ਆਖ ਦੇਣੈ ਕਿ ਸਿਰਫ਼ ਸਹੇਲੀਆਂ ਬਣ ਕੇ ਰਹਿਣੈ। ਹੋਰ ਨੀ ਕੁਛ ਕਰਿਆ ਕਰਨਾ ਭਾਵੇਂ ਜਿੰਨਾਂ ਮਰਜ਼ੀ ਜੀਅ ਕਰੇ’ ਸੋਚਦੀ ਉਹ ਉੱਠ ਕੇ ਵਾਸ਼ਰੂਮ ਵਿੱਚ ਵੜ ਗਈ। ਸ਼ਾਵਰ ਥੱਲੇ ਖੜ੍ਹ ਉਹ ਆਪਣੇ ਪਿੰਡੇ ਨੂੰ ਪੱਫ ਨਾਲ ਰਗੜਨ ਲੱਗੀ। ਪਰ ਉਸ ਦੇ ਅੰਦਰ ਡਰ ਅਤੇ ਅਪਰਾਧ ਦਾ ਰਲਵਾਂ … ਮਿਲਵਾਂ ਜਿਹਾ ਕੁੱਝ ਸੀ ਜਿਹੜਾ ਉਸ ਦੇ ਪਿੰਡੇ ਨੂੰ ਰਗੜਿਆਂ ਵੀ ਉਸ ਦੇ ਸਰੀਰ ਨਾਲੋਂ ਲਹਿ ਕੇ ਪਾਣੀ ਦੇ ਵਹਾਅ ਵਿੱਚ ਨਹੀਂ ਸੀ ਰੁੜ੍ਹ ਰਿਹਾ।
ਇਸ ਡਰ ਅਤੇ ਗੁਨਾਹ ਦੀ ਭਾਵਨਾ ਕਾਰਣ ਹੀ, ਜਿਸ ਦਿਨ ਉਸ ਦਾ ਇੰਮੀਗਰੇਸ਼ਨ ਕਾਊਂਸਲਰ ਘਰ ਆਇਆ ਉਸ ਦਾ ਜੀਅ ਕਰੇ ਕਿ ਧਰਤੀ ਪਾਟ ਕੇ ਉਸ ਨੂੰ ਆਪਣੇ ਵਿੱਚ ਸਮਾਅ ਲਵੇ। ਕਾਊਂਸਲਰ ਨੇ ਕਿਹਾ, “ਮੈਂ ਕਈ ਥਾਈਂ ਟਰਾਈ ਕੀਤੀ ਆ ਬਈ ਕੋਈ ਰਿਸ਼ਤਾ ਮਿਲ ਜਾਵੇ ਪਰ ਬਹੁਤੇ ਮੁੰਡਿਆਂ ਦੇ ਪਹਿਲਾਂ ਹੀ ਰਿਸ਼ਤੇਦਾਰੀਆਂ `ਚ ਆਂਢੇ … ਸਾਂਢੇ ਲਾਏ ਹੁੰਦੇ ਆ। ਮੈਂ ਕੋਸ਼ਿਸ਼ ਕਰ ਰਿਹਾਂ ਕਿ ਕੋਈ ਕਾਗਜ਼ਾਂ `ਚ ਹੀ ਵਿਆਹ ਕਰਨਾ ਮੰਨ ਜਾਵੇ।” ਫਿਰ ਉਸ ਨੇ ਪੈਟੀ ਦੀ ਫੋਟੋ ਵੱਲ ਹੱਥ ਕਰਕੇ ਪੁੱਛਿਆ, “ਇਹ ਕੁੜੀ ਤੇਰੀ ਰੂਮ … ਮੇਟ ਈ ਐ ਜਾਂ ਫਰੈਂਡ ਵੀ ਹੈ?”
ਪਰ ਡਿੰਪਲ ਨੂੰ ਲੱਗਾ ਜਿਵੇਂ ਉਸ ‘ਫਰੈਂਡ’ ਸ਼ਬਦ ਦੀ ਥਾਂ ‘ਕੁਝ ਹੋਰ ਵੀ’ ਕਿਹਾ ਹੋਵੇ। ਉਸ ਨੇ ਆਪਣੀਆਂ ਅੱਖਾਂ ਧਰਤੀ `ਤੇ ਗੱਡ ਲਈਆਂ ਜਿਵੇਂ ਉਸ ਤੋਂ ਵੇਹਲ ਭਾਲਦੀ ਹੋਵੇ।
“ਮੈਂ ਸੋਚਦਾ ਸੀ ਕਿ ਜੇ ਇਹ ਤੇਰੇ ਆਖੇ ਲੱਗ ਕੇ ਕਾਗਜ਼ਾਂ ਵਿੱਚ ਤੇਰੀ ਸੇਮ … ਸੈਕਸ ਪਾਰਟਨਰ ਬਣ ਕੇ ਅਪਲਾਈ ਕਰ ਦੇਵੇ ਤਾਂ ਤੈਨੂੰ ਇੰਮੀਗ੍ਰੇਸ਼ਨ ਮਿਲ ਜਾਵੇਗੀ,” ਆਖ ਕਾਊਂਸਲਰ ਨੇ ਡਿੰਪਲ ਦੇ ਚੇਹਰੇ ਵੱਲ ਵੇਖਿਆ। ਉਸ ਦਾ ਚੇਹਰਾ ਸ਼ਰਮ ਨਾਲ ਲਾਲ ਸੁਰਖ ਹੋ ਗਿਆ ਸੀ।
“ਤੂੰ ਪਤਾ ਕਰਕੇ ਵੇਖੀਂ ਇਸ ਕੁੜੀ ਨੂੰ। ਮੈਂ ਤੇਰੇ ਡੈਡੀ ਹੋਰਾਂ ਨਾਲ ਵੀ ਗੱਲ ਕੀਤੀ ਸੀ। ਉਹ ਕਹਿੰਦੇ ਆ ਕਿ ਜਿਵੇਂ ਮਰਜ਼ੀ ਕਰਾਂ ਕੁੜੀ ਪੱਕੀ ਹੋਣੀ ਚਾਹੀਦੀ ਐ,” ਆਖ ਕੇ ਕਾਊਂਸਲਰ ਚਲਾ ਗਿਆ। ਡਿੰਪਲ ਦੇ ਅੰਗ … ਪੈਰ ਜਿਵੇਂ ਝੂਠੇ ਪੈ ਗਏ ਹੋਣ। ਉਸ ਨੇ ਖੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਲੱਤਾਂ ਨੇ ਉਸ ਦਾ ਸਾਥ ਨਾ ਦਿੱਤਾ ਅਤੇ ਉਹ ਥਾਏਂ ਬੈਠ ਗਈ। ‘ਏਹਨੂੰ ਕਿਵੇਂ ਪਤਾ ਲੱਗ ਗਿਆ?’ ਸੋਚਦੀ ਉਹ ਗੁੰਮ … ਸੁੰਮ ਜਿਹੀ ਹੋ ਗਈ। ਹੌਲੀ … ਹੌਲੀ ਆਪਣੇ … ਆਪ `ਚ ਆਉਂਦੀ ਨੇ ਸੋਚਿਆ, ‘ਹੋ ਸਕਦੈ ਕਿ ਉਸ ਨੇ ਸਭੈਕੀ ਕਿਹਾ ਹੋਵੇ? ਮੈਨੂੰ ਪੱਕੀ ਕਰਵਾਉਣ ਲਈ’। ਇਸ ਵਿਚਾਰ ਨੇ ਉਸ ਨੂੰ ਤਸੱਲੀ ਦਿੱਤੀ। ‘ਪਰ ਜ਼ਰੂਰੀ ਤਾਂ ਨਹੀਂ ਕਿ ਪੈਟੀ ਨਾਲ ਹੀ ਪੇਪਰ ਭਰੇ ਜਾਣ। ਜੇ ਕਾਗਜੀ ਕਾਰਵਾਈ ਹੀ ਕਰਨੀ ਹੈ ਤਾਂ ਕਿਸੇ ਮੁੰਡੇ ਨਾਲ ਵੀ ਭਰੇ ਜਾ ਸਕਦੇ ਹਨ? … ਪਰ ਇਓਂ ਕੌਣ ਮੰਨਦਾ ਹੈ? ਕੀ ਪਤਾ ਅਗਲਾ ਮੂਹਰੋਂ ਕੀ ਸ਼ਰਤ ਰੱਖੇ?’ ਸੋਚਦਿਆਂ ਉਦਾਸੀ ਨੇ ਉਸ ਨੂੰ ਘੇਰ ਲਿਆ। ਇਹ ਉਦਾਸੀ ਹੋਰ ਵੀ ਗਹਿਰੀ ਹੋ ਗਈ ਜਦ ਸ਼ਾਮ ਵੇਲੇ ਉਸ ਦੀ ਮੰਮੀ ਦਾ ਫੋਨ ਆ ਗਿਆ। ਉਸ ਨੇ ਕਿਹਾ, “ਨਾਲ ਵਾਲੀ ਗੋਰੀ ਕੁੜੀ ਨੂੰ ਪੁੱਛ ਕੇ ਵੇਖ ਜੇ ਮੰਨ ਜਾਵੇ। ਕਾਗਜਾਂ `ਚ ਈ ਕਰਨੈ, ਕਿਸੇ ਨੂੰ ਕੋਈ ਸ਼ੱਕ–ਸ਼ੁਬਾ ਨੀ ਹੁੰਦਾ। ਸਾਨੂੰ ਤਾਂ ਸਾਰਾ ਦਿਨ ਤੇਰਾ ਈ ਫਿਕਰ ਖਾਂਦਾ ਰਹਿੰਦੈ ਬਈ ਕੰਮ ਕਿਸੇ ਪਾਸੇ ਲੱਗੇ।”
ਡਿੰਪਲ ਦੇ ਚਿੱਤ `ਚ ਆਈ ਕਿ ਆਖੇ, ‘ਗੋਰੀ ਤਾਂ ਸੱਚੀ … ਮੁੱਚੀਂ ਦਾ ਵਿਆਹ ਕਰਵਾਉਣਾ ਚਾਹੁੰਦੀ ਹੈ, ਤੂੰ ਦੱਸ ਹਾਂ ਕਰੇਂਗੀ?’ ਪਰ ਉਸ ਨੂੰ ਮਾਂ ਨਾਲ ਅਜੇਹੀ ਗੱਲ ਕਰਨ ਲਈ ਆਪਣੇ ਆਪ `ਤੇ ਗਿਲਾਨੀ ਜਿਹੀ ਹੋਈ ਅਤੇ ਉਸ “ਚੰਗਾ, ਪੁੱਛ ਲਊਂ,” ਆਖ ਫੋਨ ਰੱਖ ਦਿੱਤਾ।
ਫੋਨ ਰੱਖ ਉਹ ਸੋਚੀਂ ਪੈ ਗਈ, ‘ਜੇ ਮੈਂ ਛੇਤੀ … ਛੇਤੀ ਪੱਕੀ ਹੋ ਜਾਵਾਂ ਤਾਂ ਡੈਡੀ ਹੋਰੀਂ ਆਪੇ ਆ ਕੇ ਸੰਭਾਲ ਲੈਣ ਜ਼ਿੰਮੇਵਾਰੀਆਂ, ਮੈਂ ਪੜ੍ਹਾਂ ਆਵਦਾ। ਸਾਰਾ ਦਿਨ ਫਿਕਰਾਂ `ਚ ਪਈ ਰਹਿੰਦੀ ਆਂ। ਜੇ ਮੈਂ ਪੈਟੀ ਨਾਲ ਵਿਆਹ ਕੋਰਟ `ਚ ਜਾ ਕੇ ਸਿਰਫ ਰਜਿਸਟਰ ਹੀ ਕਰਵਾਉਣਾ ਹੈ। ਪੈਟੀ ਨੂੰ ਕਹੂੰਗੀ ਕਿ ਕਿਸੇ ਨੂੰ ਦੱਸੇ ਨਾ … ਹਾਏ … ਹਾਏ ਮੈਨੂੰ ਕੀ ਹੋਈ ਜਾਂਦੈ। ਮੈਂ ਕਿੰਨੀ ਗਿਰ ਗਈ ਹਾਂ।’ ਫਿਰ ਉਸ ਦੇ ਅੰਦਰ ਡੈਡੀ ਦੇ ਬੋਲ ਗੂੰਜੇ, `ਤੇਰੇ ਨਾਲ ਤੇਰੇ ਛੋਟੇ ਭੈਣ … ਭਰਾ ਦਾ ਵੀ ਭਵਿੱਖ ਬੱਝਿਆ ਹੋਇਐ।’ ਅਗਲੇ ਹੀ ਪਲ ਉਸ ਦੇ ਦਿਮਾਗ ਵਿੱਚ ਆਇਆ, ‘ਮੇਰਾ ਕੀ ਘਸ ਜਾਊ, ਜਦ ਮੰਮੀ … ਡੈਡੀ ਆ ਗਏ ਤੋੜ … ਵਿਛੋੜਾ ਕਰ ਲਊਂ।’ ਉਸ ਦੇ ਅੰਦਰ ਖੋਹ ਜਿਹੀ ਪਈ। ‘ਪੈਟੀ ਬਿਨ੍ਹਾਂ ਮੈਂ ਕਿਵੇਂ ਰਹਿ ਲਊਂ?’ ਸੋਚਦਿਆਂ ਉਸ ਨੇ ਹਾਉਕਾ ਲਿਆ। ਉਸ ਦੇ ਅੰਦਰ ਉਛਾਲ ਜਿਹਾ ਉੱਠਿਆ ਕਿ ਜਾ ਕੇ ਪੈਟੀ ਦੀਆਂ ਬਾਹਾਂ ਵਿੱਚ ਸਮਾਅ ਜਾਵੇ। ਅਗਲੇ ਹੀ ਪਲ ਉਸ ਦੇ ਕੰਨਾਂ ਵਿੱਚ ਸਾਂਅ … ਸਾਂਅ ਹੋਣ ਲੱਗੀ। ਉਸ ਨੂੰ ਲੱਗਾ ਜਿਵੇਂ ਬਹੁਤ ਸਾਰੀਆਂ ਆਵਾਜ਼ਾਂ ਉਸ ਕੋਲੋਂ ਪੈਟੀ ਨਾਲ ਉਸ ਦੇ ਰਿਸ਼ਤੇ ਬਾਰੇ ਪੁੱਛ ਰਹੀਆਂ ਹੋਣ। ਉਸ ਅੰਦਰ ਉੱਠਿਆ ਉਛਾਲ ਬੈਠ ਗਿਆ। ਉਸ ਨੇ ਦੰਦ ਕਿਰਚੇ। ਫੇਰ ਉਸ ਨੂੰ ਲੱਗਾ ਜਿਵੇਂ ਇੱਕ ਬਹੁਤ ਵੱਡੀ ਪਾਣੀ ਦੀ ਛੱਲ ਬਾਕੀ ਸਾਰਿਆਂ ਨੂੰ ਆਪਣੇ ਨਾਲ ਵਹਾਅ ਕੇ ਲੈ ਗਈ ਹੋਵੇ ਅਤੇ ਉਹ ਪੈਟੀ ਦੀਆਂ ਬਾਹਾਂ ਵਿੱਚ ਖੜ੍ਹੀ ਬਚ ਗਈ ਹੋਵੇ। ਇਹ ਸੋਚ ਆਉਂਦਿਆਂ ਹੀ ਉਸ ਦੇ ਬੁੱਲ੍ਹਾਂ ਉੱਪਰ ਮੁਸਕਾਨ ਫੈਲ ਗਈ।
ਡਿੰਪਲ ਨੇ ਆਪਣੇ ਸਿਰ ਨੂੰ ਝਟਕਿਆ। ‘ਇਹ ਮੈਂ ਕੀ ਊਲ … ਜਲੂਲ ਸੋਚੀ ਜਾਨੀ ਆਂ। ਜਿਹੜਾ ਕੁੱਝ ਹੋਊ ਵੇਖੀ ਜਾਊ। ਪਹਿਲਾਂ ਇੱਥੇ ਪੱਕੀ ਤਾਂ ਹੋਵਾਂ,’ ਸੋਚਦਿਆਂ ਉਸ ਸੌਣ ਲਈ ਅੱਖਾਂ ਮੀਚ ਲਈਆਂ। ਉਸ ਨੂੰ ਲੱਗਾ ਜਿਵੇਂ ਰੋਂਦੀ … ਵਿਲਕਦੀ ਪੈਟੀ ਉਸ ਨੂੰ ਆਖ ਰਹੀ ਹੋਵੇ, ‘ਤੂੰ ਮੈਨੂੰ ਧੋਖਾ ਕਿਓਂ ਦਿੱਤਾ? ਮੈਂ ਤਾਂ ਤੈਨੂੰ ਵਫਾਦਾਰ ਸਮਝ ਕੇ ਦਿਲ ਦਿੱਤਾ ਸੀ।’ ਡਿੰਪਲ ਨੇ ਝੱਟ ਅੱਖਾਂ ਖੋਹਲ ਦਿੱਤੀਆਂ। ਇਨ੍ਹਾਂ ਉਲਝਣਾਂ `ਚ ਡੁੱਬੀ ਹੀ ਉਹ ਸੌਂ ਗਈ। ਸੁਪਨੇ ਵਿੱਚ ਉਹ ਵੇਖਦੀ ਹੈ ਕਿ ਵੱਡੇ … ਵੱਡੇ ਨਹੁੰਆ ਵਾਲੇ ਹੱਥ ਪੈਟੀ ਵੱਲ ਵਧ ਰਹੇ ਹਨ, ਡਰਦੀ … ਕੰਬਦੀ … ਵਿਲਕਦੀ ਪੈਟੀ ਪਿੱਛੇ ਵੱਲ ਖਿਸਕ ਰਹੀ ਹੈ, ਹੱਥ ਹੋਰ ਅਗਾਂਹ ਵਧਣ ਲੱਗਦੇ ਹਨ ਫਿਰ ਪੈਟੀ ਦੀ ਸ਼ਕਲ ਉਸ ਦੀ ਆਪਣੀ ਸ਼ਕਲ ਵਿੱਚ ਤਬਦੀਲ ਹੋ ਜਾਂਦੀ ਹੈ। ਹੱਥ ਉਸ ਦੇ ਕੱਪੜਿਆਂ ਨੂੰ ਪਾੜਣ ਲਈ ਅਹੁਲਦੇ ਹਨ। ਉਹ ਉੱਠਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਕੋਲੋਂ ਉੱਠ ਨਹੀਂ ਹੁੰਦਾ। ਹੱਥ ਉਸ ਦੇ ਕੱਪੜਿਆਂ ਤੱਕ ਪਹੁੰਚ ਜਾਂਦੇ ਹਨ, ਉਹ ਚੀਕਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਦੀ ਚੀਕ ਨਹੀਂ ਨਿਕਲ ਰਹੀ। ਇਸੇ ਕਸ਼ਮਕਸ਼ `ਚ ਉਹ ਹੜਬੜਾ ਕੇ ਉੱਠ ਬੈਠੀ ਅਤੇ ਲੰਮੇ … ਲੰਮੇ ਸਾਹ ਲੈਣ ਲੱਗੀ।
“ਕੀ ਹੋਇਐ ਮਿੱਠੋ?” ਪੈਟੀ ਦੀ ਆਵਾਜ਼ ਆਈ। ਡਿੰਪਲ ਨੂੰ ਲੱਗਾ ਜਿਵੇਂ ਉਹ ਸੰਨ੍ਹ ਵਿੱਚ ਹੀ ਫੜੀ ਗਈ ਹੋਵੇ। ਉਸ ਮਰੀ ਜਿਹੀ ਆਵਾਜ਼ `ਚ ਕਿਹਾ, “ਕੁਝ ਨਹੀਂ, ਡਰਾਉਣਾ ਸੁਪਨਾ ਆਇਆ ਸੀ।”
“ਓਹ ਪਿਆਰੀ!” ਆਖਦੀ ਪੈਟੀ ਨੇ ਬੱਤੀ ਜਗਾਈ ਅਤੇ ਡਿੰਪਲ ਕੋਲ ਆ ਗਈ। ਡਿੰਪਲ ਉਸ ਨਾਲ ਅੱਖ ਨਾ ਮਿਲਾ ਸਕੀ ਅਤੇ ਉਸ ਦੀਆਂ ਬਾਹਾਂ ਵਿੱਚ ਹੁੱਬਕੀਂ … ਹੁੱਬਕੀਂ ਰੋਣ ਲੱਗੀ।