You are here:ਮੁਖ ਪੰਨਾ»ਲੇਖ਼»ਭਗਤ ਸਿੰਘ ਅਤੇ ਇਨਕਲਾਬ - 23 ਮਾਰਚ’ਤੇ ਵਿਸ਼ੇਸ਼

ਲੇਖ਼ਕ

Wednesday, 28 October 2009 15:17

ਭਗਤ ਸਿੰਘ ਅਤੇ ਇਨਕਲਾਬ - 23 ਮਾਰਚ’ਤੇ ਵਿਸ਼ੇਸ਼

Written by
Rate this item
(13 votes)
ਭਗਤ ਸਿੰਘ ਅਤੇ ਇਨਕਲਾਬ ਭਗਤ ਸਿੰਘ ਅਤੇ ਇਨਕਲਾਬ

ਇਨਕਲਾਬ ਜਿੰਦਾਬਾਦ ਦਾ ਨਾਅਰਾ ਦੱਬੇ ਕੁਚਲੇ ਲੋਕਾਂ ਨੂੰ ਆਤਮਿਕ ਸ਼ਕਤੀ ਤੇ ਹੌਸਲਾ ਦਿੰਦਾ ਹੈ ਅਤੇ ਸਰਮਾਏਦਾਰ ਹਾਕਮ ਜਮਾਤਾਂ ਨੂੰ ਕੰਬਣੀ। ਭਗਤ ਸਿੰਘ ਕਿਹਾ ਕਰਦਾ ਸੀ ਕਿ ਇਹ ਇੱਕ ਪਵਿੱਤਰ ਨਾਅਰਾ ਹੈ ਅਤੇ ਇਸਦੀ ਵਰਤੋਂ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਭਗਤ ਸਿੰਘ‎,‎ ਰਾਜਗੁਰੂ ਅਤੇ ਸੁਖਦੇਵ ਵੱਲੋ‎,‎ ਫਾਂਸੀ ਦੇ ਤਖ਼ਤੇ `ਤੇ ਖਲੋ ਕੇ ਇਹ ਨਾਅਰਾ ਲਾਉਣ ਨਾਲ‎,‎ ਹਿੰਦੋਸਤਾਨ ਦੀ ਅਜ਼ਾਦੀ ਦੇ ਜੂਝਾਰੂਆਂ ਲਈ ਇਸਦਾ ਮਹੱਤਵ ਹੋਰ ਵੀ ਵੱਧ ਗਿਆ।

ਲਫਜ਼ੀ ਅਰਥਾਂ ਵਿੱਚ ਇਨਕਲਾਬ ਦਾ ਮਤਲਬ ਤਬਦੀਲੀ ਹੈ। ਟ੍ਰੇਡ ਤੇ ਪਬਲਿਕ ਸੇਫਟੀ ਐਕਟ ਦੇ ਖ਼ਿਲਾਫ਼‎,‎ ਅਸੰਬਲੀ ਵਿੱਚ ਸੁੱਟੇ ਬੰਬ ਕੇਸ ਸਬੰਧੀ‎,‎ 6 ਜੂਨ 1929 ਨੂੰ ਅਦਾਲਤ ਦੇ ਸਾਹਮਣੇ ਬਿਆਨ ਦਿੰਦਿਆਂ ਸ਼ਹੀਦ ਭਗਤ ਸਿੰਘ ਨੇ ਸਪਸ਼ਟ ਕੀਤਾ ਕਿ ਇਨਕਲਾਬ ਤੋਂ ਸਾਡਾ ਮਤਲਬ ਸਿਰਫ ਇਹ ਹੈ ਕਿ ਮੌਜੂਦਾ ਨਿਜ਼ਾਮ‎,‎ ਜਿਹੜਾ ਕਿ ਸਰਾਸਰ ਬੇ-ਇਨਸਾਫ਼ੀ `ਤੇ ਅਧਾਰਿਤ ਹੈ‎,‎ ਨੂੰ ਤਬਦੀਲ ਕਰ ਦਿੱਤਾ ਜਾਵੇ। ਕਾਸ਼ਤਕਾਰ ਅਤੇ ਮਜ਼ਦੂਰ ਭੁੱਖੇ ਨਾ ਮਰਨ। ਇਮਾਰਤਾਂ ਬਣਾਉਣ ਵਾਲਿਆਂ ਨੂੰ ਸੌਣ ਲਈ ਜਗਾਹ ਅਤੇ ਸਾਰੀ ਦੁਨੀਆ ਲਈ ਆਨਾਜ਼ ਪੇਦਾ ਕਰਨ ਵਾਲੇ ਕਿਸਾਨ ਨੂੰ ਰਜ਼ਵੀਂ ਰੋਟੀ ਮਿਲੇ। ਇਥੇ ਹੀ ਭਗਤ ਸਿੰਘ ਨੇ ਅੱਗੇ ਚਲਦਿਆਂ ਕਿਹਾ ਕਿ ਭਾਂਵੇ ਤਾਕਤ ਦੀ ਅੰਨ੍ਹੀ ਵਰਤੋਂ ਦਾ ਨਾਂ ਤਸ਼ੱਦਦ ਹੈ ਅਤੇ ਇਖ਼ਲਾਕਣ ਇਹ ਜਾਇਜ਼ ਨਹੀਂ ਪਰ ਜਦੋਂ ਇਸਨੂੰ ਜਾਇਜ਼ ਮੰਤਵ ਲਈ ਵਰਤਿਆ ਜਾਵੇ ਤਾਂ ਇਹ ਜਾਇਜ਼ ਵੀ ਹੈ। ਇਨਕਲਾਬੀਆਂ ਨੂੰ ਆਪਣੇ ਪ੍ਰੋਗਰਾਮ ਦੀ ਜਰੂਰੀ ਮੱਦ ਵਜੋਂ ਹਿੰਸਾ ਅਪਨਾਉਣੀ ਹੀ ਪਵੇਗੀ। ਹਿੰਸਾ ਦੇ ਸੁਆਲ ਨੂੰ ਸਪਸ਼ਟ ਕਰਦਿਆਂ ਭਗਤ ਸਿੰਘ ਲਿਖਦਾ ਹੈ ਕਿ ਇਨਕਲਾਬੀਆਂ ਨੂੰ ਹਿੰਸਕ ਤਰੀਕੇ ਇਸ ਲਈ ਅਪਨਾਉਣੇ ਪੈਣਗੇ ਕਿਉਂਕਿ ਇਹਨਾਂ ਬਗੈਰ ਰਿਹਾ ਨਹੀਂ ਜਾ ਸਕਦਾ। ਸਮਾਜਵਾਦੀ ਵਿਵਸਥਾ ਕਾਇਮ ਹੋਣ ਮਗਰੋ ਇਸਦੀ ਵਰਤੋਂ ਸਿਰਫ਼ ਰੁਕਾਵਟਾਂ ਨੂੰ ਹਟਾਉਣ ਲਈ ਹੀ ਕੀਤੀ ਜਾਵੇਗੀ ਪਰ ਨਾਲ ਦੀ ਨਾਲ ਉਸਨੇ ਕਿਹਾ ਕਿ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਨਕਲਾਬ ਲਈ ਇਹ ਜਰੂਰੀ ਨਹੀਂ ਕਿ ਇਸਨੂੰ ਖ਼ੂਨ ਨਾਲ ਰੰਗਿਆ ਜਾਵੇ ਅਤੇ ਨਾ ਹੀ ਇਸ ਵਿੱਚ ਵਿਅਕਤੀਗਤ ਕਤਲ ਦੀ ਗੁੰਜਾਇਸ਼ ਹੈ। ਭਗਤ ਸਿੰਘ ਨੂੰ ਵਿਸ਼ਵਾਸ ਸੀ ਕਿ ਬੰਬਾਂ ਅਤੇ ਪਸਤੌਲਾ ਨਾਲ‎,‎ ਉਹ ਜ਼ਿਆਦਾ ਲਾਭ ਪ੍ਰਾਪਤ ਨਹੀਂ ਕਰ ਸਕਣਗੇ। ਇਹ ਗੱਲ ਉਹਨਾਂ ਦੇ ਦਲ ਹਿੰਦੋਸਤਾਨ ਸੋਸਲਿਸਟ ਆਰਮੀ ਦੇ ਇਤਹਾਸ ਤੋਂ ਸਪੱਸ਼ਟ ਹੁੰਦੀ ਹੈ।

ਭਗਤ ਸਿੰਘ ਅਨੁਸਾਰ ਆਲੋਚਨਾਂ ਅਤੇ ਸੁਤੰਤਰ ਸੋਚਣੀ ਇਨਕਲਾਬੀ ਦੇ ਦੋ ਵਿਸ਼ੇਸ਼ ਗੁਣ ਹੁੰਦੇ ਹਨ। ਜੇਲ ਵਿੱਚੋਂ ਆਪਣੇ ਸਾਥੀ ਸੁਖਦੇਵ ਦੇ ਨਾਂ ਲਿਖੇ ਖ਼ਤ ਵਿੱਚ ਭਗਤ ਸਿੰਘ ਨੌਜੁਆਨਾਂ ਨੂੰ ਕਹਿੰਦਾ ਹੈ ਕਿ ਇਨਕਲਾਬ ਤਾਂ ਲਗਾਤਾਰ ਕੰਮ ਕਰਣ‎,‎ ਕੁਰਬਾਨੀਆਂ ਕਰਣ ਅਤੇ ਲਗਾਤਾਰ ਮੁਸੀਬਤਾਂ ਝੱਲਣ ਨਾਲ ਹੀ ਪੈਦਾ ਕੀਤਾ ਜਾ ਸਕਦਾ ਹੈ ਅਤੇ ਪੈਦਾ ਕੀਤਾ ਜਾਵੇਗਾ। ਕੌਮਾਂ ਦੀ ਕਿਸਮਤ ਵਿਚਾਰਣ ਵੇਲੇ ਵਿਅਕਤੀ ਦੀ ਕਿਸਮਤ ਨੂੰ ਬਿਲਕੁਲ ਨਜ਼ਰ-ਅੰਦਾਜ਼ ਕਰ ਦਿੱਤਾ ਜਾਣਾ ਚਾਹੀਦਾ ਹੈ। ਭਗਤ ਸਿੰਘ ਨੂੰ ਪੂਰੀ ਆਸ ਸੀ ਕਿ ਇਨਕਲਾਬ ਆਪਣਾ ਰਾਹ ਪੱਧਰਾ ਕਰੇਗਾ। ਆਪਣੇ ਆਪ ਨੂੰ ਹਰ ਕੁਰਬਾਨੀ ਵਾਸਤੇ ਤਿਆਰ ਕਰਕੇ‎,‎ ਉਹ ਬੜੀ ਤਸੱਲੀ ਨਾਲ ਇਨਕਲਾਬ ਲਈ ਯਤਨ ਕਰਦੇ ਰਹੇ।

ਕੁਝ ਲੋਕ ਭਗਤ ਸਿੰਘ ਨੂੰ ਤਾਨਾਸ਼ਾਹ‎,‎ ਹੈਂਕੜਬਾਜ਼‎,‎ ਘੁਮੰਡੀ‎,‎ ਦੂਸਰਿਆਂ `ਤੇ ਆਪਣੀ ਰਾਏ ਥੋਪਣ ਵਾਲਾ‎,‎ ਕੁੱਝ ਦੋਸਤਾਂ ਨੇ ਤਾਂ ਇਥੋਂ ਤੱਕ ਵੀ ਕਿਹਾ ਕਿ ਦਿੱਲੀ ਬੰਬ ਕੇਸ ਅਤੇ ਲਾਹੌਰ ਸਾਜ਼ਿਸ਼ ਕੇਸ ਦੌਰਾਨ‎,‎ ਭਗਤ ਸਿੰਘ ਨੂੰ ਜੋ ਬੇਲੋੜੀ ਸ਼ੁਹਰਤ ਮਿਲੀ‎,‎ ਉਸ ਕਾਰਣ ਉਸ ਵਿੱਚ ਫੋਕੀ ਸ਼ਾਨ ਆ ਗਈ ਹੈ। ਪਰ ਅਜਿਹਾ ਨਹੀਂ ਹੈ। ਭਗਤ ਸਿੰਘ ਬੜਾ ਹੀ ਨਿਮਰ‎,‎ ਦੂਰ-ਅੰਦੇਸ਼ੀ ਅਤੇ ਸੁਲਝਿਆ ਹੋਇਆ ਇਨਸਾਨ ਸੀ। ਆਪਣੇ ਵਿਰੁਧ ਲੱਗੇ ਇਹਨਾਂ ਇਲਜ਼ਾਮਾਂ ਦਾ ਜੁਆਬ ਉਸਨੇ ਆਪਣੇ ਮਸ਼ਹੂਰ ਲੇਖ ‘ਮੈਂ ਨਾਸਤਿਕ ਕਿਉਂ ਹਾਂ?’ ਵਿੱਚ ਦਿੱਤਾ ਹੈ। ਉਹ ਲਿਖਦਾ ਹੈ ਕਿ ਜਿਥੋਂ ਤੱਕ ਸਮਾਜ ਦੀਆਂ ਰੂੜੀਵਾਦੀ ਰਵਾਇਤਾਂ ਦੇ ਵਿਰੋਧ ਦਾ ਸੁਆਲ ਹੈ‎,‎ ਮੈਂ ਹੰਕਾਰੀ ਹਾਂ। ਨਾਸਤਿਕਤਾ ਦੇ ਸਿਧਾਂਤ ਨੂੰ ਮੰਨਣ ਲਈ ਬੜਾ ਉਚਾ ਤੇ ਬੁਲੰਦ ਹੌਸਲਾ ਚਾਹੀਦਾ ਹੈ। ਆਪਣੀ ਅੰਦਰਲੀ ਤਾਕਤ ਦੇ ਸਹਾਰੇ ਰਹਿਣਾ ਕੋਈ ਸੌਖੀ ਗੱਲ ਨਹੀਂ। ਉਸਨੇ ਲਿਖਿਆ ਹੈ ਕਿ ਝੱਖੜ ਝਾਂਜਿਆਂ ਦੌਰਾਨ ਆਪਣੇ ਪੈਰਾਂ `ਤੇ ਖੜ੍ਹੇ ਰਹਿਣਾ ਬੱਚਿਆਂ ਦੀ ਖੇਡ ਨਹੀਂ ਹੁੰਦੀ। ਸਾਬਤ ਕਦਮੀਂ ਰਹਿਣ ਲਈ ਬੇਅੰਤ ਇਖ਼ਲਾਕੀ ਤਾਕਤ ਦੀ ਲੋੜ ਪੈਂਦੀ ਹੈ। ਵਿਸ਼ਵਾਸ਼ ਮੁਕਸ਼ਲਾਂ ਨੂੰ ਘੱਟ ਕਰ ਦਿੰਦਾ ਹੈ। ਬੰਦਾ ਰੱਬ ਵਿੱਚ‎,‎ ਧਰਵਾਸ ਦੇ ਆਸਰੇ ਦਾ‎,‎ ਬਹੁਤ ਜ਼ੋਰਦਾਰ ਅਹਿਸਾਸ ਲੱਭ ਸਕਦਾ ਹੈ। ਰੱਬ ਆਦਿ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਗਤ ਸਿੰਘ ਲਿਖਦਾ ਹੈ ਕਿ ਜਦ ਮਨੁੱਖ ਨੂੰ ਆਪਣੀਆਂ ਸੀਮਾਵਾਂ‎,‎ ਕਮਜ਼ੋਰੀਆਂ ਅਤੇ ਕਮੀਆਂ ਦਾ ਅਹਿਸਾਸ ਹੋ ਗਿਆ ਤਾਂ ਉਸਨੇ ਰੱਬ ਦੀ ਕਾਲਪਨਿਕ ਹੋਂਦ ਬਣਾ ਲਈ ਤਾਂ ਕਿ ਇਮਤਿਹਾਨੀਂ ਹਾਲਤਾਂ ਦਾ ਦ੍ਰਿੜਤਾ ਨਾਲ ਸਾਹਮਣਾ ਕਰਨ ਲਈ ਉਸਨੂੰ ਹੌਸਲਾ ਮਿਲੇ ਤੇ ਉਹ ਸਾਰੇ ਖ਼ਤਰਿਆਂ ਦਾ ਜਵਾਂ ਮਰਦਾਨਗੀ ਨਾਲ ਮੁਕਾਬਲਾ ਕਰ ਸਕੇ। ਨਾਲ ਦੀ ਨਾਲ ਸੁਚੇਤ ਕਰਦਿਆਂ ਭਗਤ ਸਿੰਘ ਲਿਖਦਾ ਹੈ ਕਿ ਨਿਰਾ ਅਤੇ ਅੰਨ੍ਹਾਂ ਵਿਸ਼ਵਾਸ਼ ਖ਼ਤਰਨਾਕ ਹੁੰਦਾ ਹੈ‎,‎ ਇਹ ਦਿਮਾਗ ਨੂੰ ਕੁੰਦ ਬਣਾਉਦਾ ਹੈ ਅਤੇ ਬੰਦੇ ਨੂੰ ਪਿਛਾਂਹ ਖਿਚੂ ਬਣਾ ਦਿੰਦਾ ਹੈ। ਜਿਹੜਾ ਬੰਦਾ ਯਥਾਰਥਵਾਦੀ ਹੋਣ ਦਾ ਦਾਹਵਾ ਕਰਦਾ ਹੈ‎,‎ ਉਸਨੂੰ ਸਮੁੱਚੇ ਪੁਰਾਤਨ ਵਿਸ਼ਵਾਸ਼ ਨੂੰ ਚੈਲਿੰਜ ਕਰਨਾ ਪਵੇਗਾ। ਕਿਸੇ ਅੰਨ੍ਹੇ ਵਿਸ਼ਵਾਸ਼ ਵਿੱਚ ਹੌਸਲਾ ਅਤੇ ਰਾਹਤ ਲੱਭ ਲੈਣੀ ਸੌਖੀ ਗੱਲ ਹੁੰਦੀ ਹੈ ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਤਰਕਸ਼ੀਲ ਜੀਵਨ ਜਿਊਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੀਏ।

ਸ਼ਹੀਦ ਭਗਤ ਸਿੰਘ 27 ਜਨਵਰੀ 1907 ਨੂੰ ਪਿੰਡ ਬੁੰਗਾਂ ਜਿਲਾ ਲਾਇਲਪੁਰ ਵਿਖੇ ਸਰਦਾਰ ਕਿਸ਼ਨ ਸਿੰਘ ਦੇ ਘਰ ਪੈਦਾ ਹੋਇਆ। ਇਹ ਉਹ ਸਮਾਂ ਸੀ ਜਦੋਂ ਸੰਸਾਰ ਵਿੱਚ ਇਨਕੁਲਾਬੀ ਲਹਿਰਾਂ ਪੂਰੇ ਜੋਬਨ `ਤੇ ਸਨ ਖਾਸ ਕਰਕੇ ਰੂਸ ਵਿੱਚ ਇਹ ਲਹਿਰ ਸਿਖ਼ਰ ਤੇ ਸੀ। ਮੁਢਲੀ ਸਿਖਿਆ ਪਿੰਡ ਦੇ ਸਕੂਲ ਵਿੱਚ ਪ੍ਰਾਪਤ ਕਰਨ ਪਿਛੋਂ ਲਾਹੌਰ ਦੇ ਡੀ ਏ ਵੀ ਸਕੂਲ ਵਿਖੇ ਪੜ੍ਹਿਆ। ਦਸਵੀਂ ਦੀ ਪੜ੍ਹਾਈ ਖਤਮ ਕਰਨ ਪਿਛੋਂ ਭਗਤ ਸਿੰਘ ਨੇ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖ਼ਲਾ ਲੈ ਲਿਆ ਜਿਥੇ ਉਸਦਾ ਮੇਲ ਸੁਖਦੇਵ ਅਤੇ ਹੋਰ ਕ੍ਰਾਂਤੀਕਾਰੀਆਂ ਨਾਲ ਹੋਇਆ।

ਇਨਕਲਾਬੀ ਵਿਰਸਾ ਹੋਣ ਕਰਕੇ ਭਗਤ ਸਿੰਘ ਨੇ ਵਕਤੀ ਦਿਲ ਪ੍ਰਚਾਵਿਆਂ ਅਤੇ ਐਸ਼ੋ-ਇਸ਼ਰਤ ਨਾਲੋ ਸੰਘਰਸ਼ ਦੇ ਰਾਹ ਨੂੰ ਪਹਿਲ ਦਿੱਤੀ। 1926 ਵਿੱਚ ਨੌਜੁਆਨ ਭਾਰਤ ਸਭਾ ਨਾਂ ਦੀ ਸਭਾ ਕਾਇਮ ਕੀਤੀ। ਇਹ ਸਭਾ ਨੌਜੁਆਨਾਂ ਨੂੰ ਸੰਗਠਨ ਅਤੇ ਰਾਜਨੀਤਕ ਸਿਖਿਆ ਦੇਣ ਲਈ ਇਨਕਲਾਬੀ ਕੇਂਦਰ ਬਣ ਗਈ ਜਿਸਨੇ ਕਾਨਪੁਰ ਅਤੇ ਦਿੱਲੀ ਦੇ ਇਨਕਲਾਬੀਆਂ ਨੂੰ ਆਪਸ ਵਿੱਚ ਜੋੜਿਆ। ਇਸ ਸੰਘਰਸ਼ ਨੂੰ ਪੱਕਿਆਂ ਕਰਨ ਲਈ ਭਗਤ ਸਿੰਘ ਹਿੰਦੋਸਤਾਨ ਰੀਪਬਲਿਕ ਐਸ਼ੋਸੀਏਸ਼ਨ ਵਿੱਚ ਸ਼ਾਮਲ ਹੋ ਗਿਆ। ਬਾਅਦ ਵਿੱਚ ਭਗਤ ਸਿੰਘ ਦੇ ਜੋਰ ਦੇਣ ਤੇ ਇਸ ਸੰਸਥਾ ਦਾ ਨਾਂ ਹਿੰਦੋਸਤਾਨ ਸੋਸਲਿਸਟ ਰੀਪਬਲਿਕਨ ਐਸ਼ੋਸੀਏਸ਼ਨ ਰੱਖਿਆ ਗਿਆ।

17 ਦਸੰਬਰ 1928 ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਲਾਹੌਰ ਵਿਖ਼ੇ ਦਿਨ ਦਿਹਾੜੇ ਸਾਂਡਰਸ ਦਾ ਕਤਲ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ। 8 ਅਪ੍ਰੈਲ 1929 ਨੂੰ ਟ੍ਰੇਡ ਡਿਸਪਿਊਟ ਅਤੇ ਪਬਲਿਕ ਸੇਫਟੀ ਐਕਟ ਦੇ ਖ਼ਿਲਾਫ ਰੋਸ ਵਜੋਂ‎,‎ ਅਸੰਬਲੀ ਵਿੱਚ ਬੰਬ ਸੁੱਟੇ। ਇਸ ਕੇਸ ਵਿੱਚ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਅਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ। ਲਾਹੌਰ ਸਾਜਿਸ਼ ਕੇਸ ਵਿੱਚ 7 ਅਕਤੂਬਰ 1930 ਨੂੰ ਭਗਤ ਸਿੰਘ‎,‎ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਹੋਈ। ਸਫ਼ਾਈ ਲਈ ਪਿਤਾ ਵੱਲੋਂ ਦਿੱਤੀ ਦਰਖ਼ਾਸਤ ਦੀ ਸਖ਼ਤ ਲਫ਼ਜ਼ਾਂ ਵਿੱਚ ਨਿਖੇਧੀ ਕਰਦਿਆਂ‎,‎ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਇੱਕ ਕਮਜ਼ੋਰ ਵਿਅਕਤੀ ਕਿਹਾ ਜੋ ਇਮਤਿਹਾਨ ਵੇਲੇ ਪਾਸ ਨਹੀਂ ਹੋਇਆ। ਉਸਨੇ ਆਪਣੇ ਪਿਤਾ ਨੂੰ ਲਿਖਿਆ ਕਿ ਉਹ ਇੱਕ ਇਨਕਲਾਬੀ ਹੈ ਜਿਸ ਦੇ ਆਪਣੇ ਅਸੂਲ ਹਨ ਜੋ ਉਸਨੂੰ ਜਾਨ ਤੋਂ ਵੀ ਵੱਧ ਪਿਆਰੇ ਹਨ।

ਆਖ਼ੀਰ 23 ਮਾਰਚ 1931 ਨੂੰ ਭਾਰਤ ਨੂੰ ਸੋਸਲਿਸਟ ਰੀਪਬਲਿਕ ਬਨਾਉਣ ਲਈ ਭਗਤ ਸਿੰਘ‎,‎ ਰਾਜਗੁਰੂ ਅਤੇ ਸੁਖ਼ਦੇਵ ਹੱਸ ਹੱਸ ਕੇ ਫਾਂਸੀ ਦੇ ਤਖ਼ਤੇ `ਤੇ ਝੂਲ ਗਏ। ਡਰਪੋਕ ਹਾਕਮ ਜਮਾਤਾਂ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਰਾਤੋ ਰਾਤ ਸਤਲੁਜ ਦੇ ਕੰਢੇ ਲਿਜਾ ਕੇ ਮਿੱਟੀ ਦਾ ਤੇਲ ਪਾ ਕੇ ਬੜੀ ਬੇ-ਅਦਬੀ ਨਾਲ ਸਾੜ ਦਿੱਤਾ।

ਭਗਤ ਸਿੰਘ ਦੀ ਸਿਆਸੀ ਸੂਝਬੂਝ ਬੜੀ ਗੰਭੀਰ ਸੀ। ਮਾਰਕਸਵਾਦ ਦੇ ਡੂੰਘੇ ਅਧਿਅਨ ਅਤੇ ਹਰ ਵਕਤ ਕੁੱਝ ਨਾ ਕੁੱਝ ਜਾਨਣ ਦੀ ਇੱਛਾ ਸਦਕਾ‎,‎ ਉਹ ਪਰਪੱਕ ਵਿਅਕਤੀ ਬਣ ਗਿਆ ਸੀ। ਜੇਲ ਵਿੱਚੋਂ ਨੌਜੁਆਨਾਂ ਦੇ ਨਾਂ ਆਪਣੇ ਅੰਤਮ ਸ਼ੰਦੇਸ਼ ਵਿੱਚ ਭਗਤ ਸਿੰਘ ਨੇ ਖ਼ਬਰਦਾਰ ਕੀਤਾ ਸੀ‎,‎ ਕਿ ਕਾਂਗਰਸ ਦਾ ਮੌਜੂਦਾ ਘੋਲ ਦਰਮਿਆਨੇ ਤਬਕੇ ਦੇ ਸਿਰ `ਤੇ ਲੜਿਆ ਜਾ ਰਿਹਾ ਹੈ। ਕਾਂਗਰਸ ਸਰਮਾਏਦਾਰਾਂ ਅਤੇ ਦੁਕਾਨਦਾਰਾਂ ਰਾਂਹੀ ਸਰਕਾਰ ਉੱਤੇ ਦਬਾਅ ਪਾ ਕੇ ਕੁੱਝ ਅਧਿਕਾਰ ਲੈਣਾ ਚਾਹੁੰਦੀ ਹੈ ਪਰ ਜਿਥੋਂ ਤੱਕ ਦੇਸ਼ ਦੇ ਕਰੋੜਾਂ ਮਜ਼ਦੂਰਾਂ ਤੇ ਕਿਸਾਨਾਂ ਦਾ ਸਬੰਧ ਹੈ‎,‎ ਉਹਨਾਂ ਦੀ ਇਸ ਨਾਲ ਬਿਹਤਰੀ ਨਹੀਂ ਹੋ ਸਕਣੀ। ਕਾਂਗਰਸੀ ਲੀਡਰ ਪੂਰਨ ਇਨਕਲਾਬ ਨਹੀਂ ਚਾਹੁੰਦੇ ਸਗੋਂ ਸਰਕਾਰ ਉਪਰ ਦਬਾਅ ਪਾ ਕੇ‎,‎ ਭਾਰਤ ਦੇ ਸਰਮਾਏਦਾਰਾਂ ਲਈ ਕੁੱਝ ਰਿਆਇਤਾਂ ਚਾਹੁੰਦੇ ਹਨ। ਸੋ ਕਾਂਗਰਸ ਲਹਿਰ ਕਿਸੇ ਨਾ ਕਿਸੇ ਸਮਝੌਤੇ ਜਾਂ ਅਸਫਲਤਾ ਦੀ ਸ਼ਕਲ ਵਿੱਚ ਖ਼ਤਮ ਹੋਵੇਗੀ …

ਭਾਰਤ ਦੇ ਭਵਿਖ਼ ਬਾਰੇ ਭਗਤ ਸਿੰਘ ਦਾ ਬਹੁਤ ਚਿਰ ਪਹਿਲਾਂ ਪ੍ਰਗਟਾਇਆ ਹੋਇਆ ਡਰ‎,‎ ਅੱਖ਼ਰ ਅੱਖ਼ਰ ਸੱਚ ਸਾਬਿਤ ਹੋਇਆ ਹੈ। ਭਗਤ ਸਿੰਘ ਹੋਰੀਂ ਸਮਾਜ ਵਿੱਚ ਏਹੋ ਜਿਹੀ ਤਬਦੀਲੀ ਨਹੀਂ ਚਾਹੁੰਦੇ ਸਨ ਜੇਹੋ ਜਿਹੀ ਅੱਜ ਅਸੀਂ ਵੇਖ ਰਹੇ ਹਾਂ। ਸਮੇਂ ਦੀ ਘਟੀਆ ਸਿਆਸਤ‎,‎ ਧਰਮ ਦੇ ਠੇਕੇਦਾਰਾਂ ਅਤੇ ਟੁਟੀਆਂ ਭੱਜੀਆਂ ਰਾਜਨੀਤਕ ਪਾਰਟੀਆਂ ਨੇ‎,‎ ਭਗਤ ਸਿੰਘ ਦਾ ਸਮਾਜਵਾਦੀ ਪ੍ਰਬੰਧ ਲਈ ਇਨਕੁਲਾਬ ਦਾ ਸੁਪਨਾ‎,‎ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ। 23 ਮਾਰਚ ਨੂੰ ਗਰਮਾ ਗਰਮ ਬਿਆਨ‎,‎ ਸਮਾਧੀਆਂ ਦੀ ਸਫ਼ਾਈ‎,‎ ਬੁੱਤਾਂ `ਤੇ ਹਾਰ – ਭਗਤ ਸਿੰਘ ਤੇ ਉਸਦੇ ਸਾਥੀਆਂ ਦੇ‎,‎ ਆਜ਼ਾਦੀ ਦੇ ਸਕੰਲਪ ਅਤੇ ਕੁਰਬਾਨੀ ਸਾਹਮਣੇ ਬੜੇ ਹਲਕੇ ਹਨ।

Read 4575 times