ਦਫਤਰ ਵਿੱਚ ਨਿੱਤ ਪ੍ਰਤੀ ਦੀਆਂ ਗੱਲਾਂ। ਕੰਮ ਦੀਆਂ। ਪ੍ਰੀਵਾਰ ਦੀਆਂ। ਪ੍ਰਵਾਸੀ ਜਿੰਦਗੀ ਤੇ ਇਸ ਨਾਲ ਜੁੱੜੇ ਸਰੋਕਾਰਾਂ ਸੰਗ ਸੰਵਾਦ। ਅਚਾਨਕ ਮੈਂਨੂੰ ਮੇਰਾ ਸਾਥੀ ਕਹਿਣ ਲੱਗਾ ਕਿ ਤੁਹਾਨੂੰ ਇੰਨਾ ਚਿਰ ਹੋ ਗਿਆ ਹੈ ਇਥੇ ਆਇਆਂ, ਤੁਸੀਂ ਕਿਸੇ ਨੂੰ ਹੱਸਦਾ ਦੇਖਿਆ ਏ? ਤੇ ਮੈਂ ਚੁੱਪ ਹੋ ਗਿਆ।
ਪ੍ਰੀਵਾਰਕ ਮਾਹੌਲ `ਚ ਕਿਸੇ ਦੇ ਘਰ ਬੈਠਿਆਂ ਮੈਂ ਆਪਣੇ ਮਿੱਤਰ ਨੂੰ ਪਰਵਾਸੀ ਅਵਾਰਡਜ ਨਾਇਟ ਬਾਰੇ ਪੁੱਛਿਆ ਕਿ ਤੁਹਾਨੂੰ ਸੱਭ ਤੋਂ ਚੰਗਾ ਕੀ ਲਗਾ? ਉਹ ਕਹਿਣ ਲੱਗਾ ਕਿ ਆਪਾਂ ਨੂੰ ਤਾਂ ਰਮਤਾ ਸੱਭ ਤੋਂ ਚੰਗਾ ਲੱਗਾ। ਇਸ ਬਹਾਨੇ ਘੜੀ ਹੱਸ ਤਾਂ ਲਿਆ।
ਮੇਰਾ ਵਿਦਿਆਰਥੀ ਮਿਲਿਆ। ਕਹਿੰਦਾ,’ ਸਰ ਕਾਹਦਾ ਕੈਨੇਡਾ ਆਏ ਹਾਂ। ਕਲੈਸਟਰੋਲ ਵੱਧ ਗਿਆ ਏ। ਬੀ਼ ਪੀ਼ ਦੀ ਗੋਲੀ ਰੋਜ ਖਾਈਦੀ ਹੈ। ਪਿਛਲੇ ਮਹੀਨੇ ਮੇਰੀ ਬੀਬੀ ਇੰਡੀਆ ਤੋਂ ਆਈ ਸੀ। ਕੱਲ ਇੱਕ ਦਮ ਸ਼ੂਗਰ ਘੱਟ ਗਈ। ਐਂਬੂਲਸ ਸੱਦ ਕੇ ਹਸਪਤਾਲ ਪਹੁੰਚਾਣਾ ਪਿਆ’। ਪੰਜਾਬ ਦੇ ਸਰਦੇ-ਪੁੱਜਦੇ ਪ੍ਰੀਵਾਰ ਦੇ ਕੈਨੇਡਾ ਵਿੱਚ ਰਹਿੰਦੇ ਬਜੁਰਗ ਨੂੰ ਮੈਂ ਪੁੱਛਿਆ ਕਿ ਤੁਹਾਡਾ ਸਾਰਾ ਪ੍ਰੀਵਾਰ ਇਥੇ ਹੈ। ਵੱਡਾ ਸਾਰਾ ਘਰ। ਕਾਰਾਂ, ਸਹੂਲਤਾਂ ਹਨ। ਕੀ ਤੁਸੀਂ ਸੱਚ-ਮੁੱਚ ਖੁਸ਼ ਹੋ? ਉਸਦਾ ਨਾਂ-ਮੁੱਖੀ ਜਵਾਬ, ਉਸਦੇ ਪ੍ਰੀਵਾਰ ਨੂੰ ਸੋਚਣ ਲਈ ਮਜਬੂਰ ਕਰ ਗਿਆ। ਕਿਸ ਤਰ੍ਹਾਂ ਦੀ ਜਿੰਦਗੀ ਜਿਊ ਰਹੇ ਹਾਂ ਅਸੀਂ? ਕਿਹੜੇ ਨੇ ਸਾਡੇ ਸਰੋਕਾਰ? ਕਿੱਧਰ ਏ ਸਾਡਾ ਪ੍ਰੀਵਾਰ? ਘਰਾਂ ਦੇ ਅਰਥਾਂ ਦੇ ਅਨਰਥ ਕਿਉਂ ਹੋ ਰਹੇ ਹਨ? ਕੌਣ ਭੁੱਗਤ ਰਿਹਾ ਏ, ਘਰ, ਬੱਚੇ ਤੇ ਪ੍ਰੀਵਾਰ ਵਿੱਚ ਤਣਾਅ ਦੀ ਸਜ਼ਾ? ਹਰ ਥਾਂ, ਹਰ ਸਮੇਂ, ਹਰ ਉਮਰ ਦਾ, ਹਰ ਬੰਦਾ ਫਿਕਰਮੰਦ। ਚਿੰਤਾ ਵਿੱਚ ਆਪ ਵੀ ਝੁੱਲਸਦਾ ਏ ਤੇ ਘਰ ਤੀਕ ਵੀ ਉਸ ਸੇਕ ਦੀ ਜਲਣ ਮਹਿਸੂਸ ਹੁੰਦੀ ਏ। ਕਿੱਧਰ ਤੁੱਰ ਗਈ ਏ ਖੁਸ਼ੀ? ਕਿਉਂ ਰੁੱਸ ਗਿਆ ਏ ਸਾਡਿਆਂ ਚਿਹਰਿਆਂ ਤੋਂ ਖੇੜਾ? ਕਿੱਧਰ ਪ੍ਰਵਾਸ ਕਰ ਗਈ ਏ ਸਾਡੇ ਚਿਹਰੇ ਦੀ ਮੁਸਕਰਾਹਟ? ਕੌਣ ਉਧਾਲ ਕੇ ਲੈ ਗਿਆ ਏ ਬੇਫਿਕਰੀ ਦੇ ਆਲਮ ਵਿੱਚ ਜਿੰਦਗੀ ਨਾਲ ਰਚਾਇਆ ਜਾਂਦਾ ਸੰਦਲਾ ਸੰਵਾਦ? ਕਿਸਨੇ ਲਾ ਦਿਤੀ ਏ ਠਹਾਕਿਆਂ ਦੀ ਰੁੱਤ ਨੂੰ ਨਜਰ? ਕੌਣ ਚੁਰਾ ਕੇ ਲੈ ਗਿਆ ਏ ਸਾਰੇ ਪ੍ਰੀਵਾਰ ਦਾ ਮਿਲ ਬੈਠਣਾ ਅਤੇ ਨਿੱਕੀਆਂ ਨਿੱਕੀਆਂ ਟਕੋਰਾਂ ਤੇ ਨਸੀਹਤਾਂ ਵਿੱਚ ਸਮੇਂ ਦੇ ਬੀਤਣ ਦੀ ਲਾਪ੍ਰਵਾਹੀ। ਬੜੇ ਹੈਰਾਨੀਜਨਕ ਤੇ ਚਿੰਤਾਜਨਕ ਨੇ ਐਮ਼ ਟੀ਼ ਵੀ਼ ਨੈੱਟਵਰਕ ਵਲੋਂ 16-34 ਸਾਲ ਦੇ ਨੌਜਵਾਨਾਂ ਉਪਰ ਕਰਵਾਏ ਗਏ ਸਰਵੇਖਣ ਦੇ ਨਤੀਜੇ। ਬੜਾ ਫਿਕਰਮੰਦ ਕਰਦੇ ਨੇ ਸਾਨੂੰ ਤੇ ਇਸ ਉਦਾਸਮਈ ਤਸਵੀਰ ਚੋਂ ਉਭਰਨ ਲਈ, ਕੁੱਝ ਨਾ ਕੁੱਝ ਸੋਚਣ ਲਈ ਮਜਬੂਰ ਕਰਦੇ ਨੇ। ਐਮ਼ ਟੀ਼ ਵੀ਼ ਨੈੱਟਵਰਕ ਨੇ 14 ਦੇਸ਼ਾਂ (ਅਰਜਨਟਾਇਨਾ, ਬ੍ਰਾਜੀਲ਼, ਚੀਨ, ਡੈਨਮਾਰਕ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਜਾਪਾਨ, ਮੈਕਸੀਕੋ, ਦੱਖਣੀ ਅਫਰੀਕਾ, ਸਵੀਡਨ, ਇੰਗਲੈਂਡ ਤੇ ਅਮਰੀਕਾ) ਦੇ 5400 ਨੌਜਵਾਨਾਂ ਉਪਰ 6 ਮਹੀਨੇ ਤੀਕ ਸਰਵੇਖਣ ਕੀਤਾ ਗਿਆ। ਔਸਤਨ 43% ਨੌਜਵਾਨ ਆਪਣੀ ਜਿੰਦਗੀ ਤੋਂ ਖੁਸ਼ ਹਨ ਤੇ ਇਹ ਅਨੁਪਾਤ ਵਿਕਾਸਸ਼ੀਲ ਤੇ ਵਿਕਸਤ ਦੇਸ਼ਾਂ ਲਈ ਵੱਖੋ-ਵੱਖਰੀ ਹੈ। ਵਿਕਸਤ ਦੇਸ਼ਾਂ ਜਿਵੇਂ ਜਾਪਾਨ ਵਿੱਚ ਸਿਰਫ 8% ਨੌਜਵਾਨ ਖੁਸ਼ ਹਨ ਅਤੇ ਅਮਰੀਕਾ ਬਰਤਾਨੀਆ ਵਿੱਚ ਆਪਣੀ ਜਿੰਦਗੀ ਤੋਂ ਖੁਸ਼ ਨੌਜਵਾਨਾਂ ਦੀ ਅਨੁਪਾਤ 30% ਤੋਂ ਵੀ ਘੱਟ ਹੈ। ਇਸਦਾ ਕਾਰਨ ਹਨ, ਨੌਜਵਾਨਾਂ ਵਿੱਚ ਨਿਰਾਸ਼ਾਵਾਦ, ਨੌਕਰੀ ਦੀ ਚਿੰਤਾ ਤੇ ਕਾਮਯਾਬ ਹੋਣ ਦਾ ਫਿਕਰ। ਵਿਕਾਸਸ਼ੀਲ ਦੇਸ਼ਾਂ ਵਿੱਚ ਨੌਜਵਾਨ ਜਿਆਦਾ ਖੁਸ਼ ਹਨ ਇਸਦਾ ਕਾਰਨ ਹਨ, ਵਿਸ਼ਵੀਕਰਨ ਬਾਰੇ ਆਸ਼ਾਵਾਦੀ ਸੋਚ ਤੇ ਧਾਰਮਿਕ ਬਿਰਤੀ। ਜਰਮਨ ਦੇ 95% ਨੌਜਵਾਨਾਂ ਨੂੰ ਇਹ ਫਿਕਰ ਲੱਗਾ ਹੋਇਆ ਹੈ ਕਿ ਉਹਨਾਂ ਦਾ ਕਲਚਰ ਤਬਾਹ ਹੋ ਰਿਹਾ ਹੈ ਜਦ ਕਿ ਇੰਗਲੈਂਡ ਦੇ 80% ਨੌਜਵਾਨਾਂ ਦੇ ਮਨਾਂ ਵਿੱਚ ਅੱਤਵਾਦ ਦਾ ਡਰ ਬੈਠਾ ਹੋਇਆ ਹੈ। ਖੁਸ਼ੀ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਨੌਜਵਾਨ ਸਭ ਤੋਂ ਵੱਧ ਖੁਸ਼ ਹਨ। ਦਰਅਸਲ ਖੁਸ਼ੀ ਬਾਹਰੋਂ ਨਹੀਂ ਲੱਭਣੀ ਤੇ ਨਾ ਹੀ ਮੁੱਲ ਮਿਲਣੀ ਏ। ਇਹ ਤੁਹਾਡੇ ਅੰਤਰੀਵ ਮਨ `ਚ ਪਈ ਹੈ। ਤੁਸੀਂ ਤਲਾਸ਼ਣੀ ਹੈ ਤੇ ਫਿਰ ਉਸ ਨਾਲ ਜੀਵਨ ਵਿੱਚ ਖੂਬਸੂਰਤੀ ਭਰਨੀ ਏ। ਮਿਹਨਤ ਤੇ ਮਿਹਨਤਾਨਾ, ਆਸ ਤੇ ਪ੍ਰਾਪਤੀ, ਵਿਸ਼ਵਾਸ਼ ਤੇ ਮੰਜ਼ਲ, ਸਿਦਕ ਤੇ ਸਫਲਤਾ, ਸਹੂਲਤਾਂ ਤੇ ਸਿਹਤ ਅਤੇ ਕਾਰੋਬਾਰ ਤੇ ਪ੍ਰੀਵਾਰ ਵਿੱਚ ਸੁਖਾਵਾਂ ਸਮਤੋਲ, ਤੁਹਾਨੂੰ ਜਿਉਂਣ ਜਾਚ ਪ੍ਰਦਾਨ ਕਰਦਾ ਹੈ। ਹਾਉਕਿਆਂ ਦੀ ਤਲੀ `ਤੇ ਹਾਸੇ ਬੀਜਣ ਵਾਲੇ, ਉਦਾਸ ਚਿਹਰੇ `ਤੇ ਮੁਸਕਰਾਹਟ ਬਖੇਰਨ ਵਾਲੇ ਅਤੇ ਫਿਕਰਮੰਦ ਸਮਿਆਂ ਦੀ ਜੂਹੇ, ਬੇਫਿਕਰੀ ਦੀ ਸੱਦ ਲਾਉਣ ਵਾਲੇ ਹੀ ਤਪਦੇ ਮਾਰੂਥਲਾਂ ਦੀ ਹਿੱਕ `ਤੇ ਪੈਂਦੀ ਮਿੰਨੀ ਮਿੰਨੀ ਭੂਰ ਹੁੰਦੇ ਹਨ। ਆਉ ਇਸ ਤਣਾਅ ਗ੍ਰਸਤ ਤੇ ਫਿਕਰਮੰਦ ਸਮਿਆਂ ਦੇ ਬੰਨੇਰੇ `ਤੇ ਖੁਸ਼ੀਆਂ ਖੇੜਿਆਂ ਦੇ ਚਿਰਾਗ ਜਗਾਈਏ ਤਾਂ ਕਿ ਇਸਦੀ ਰੌਸ਼ਨੀ ਸਾਡੇ ਅੰਦਰਲੇ ਆਪੇ ਨੂੰ ਰੁਸ਼ਨਾ, ਘਰ ਦੇ ਸੁੱਖਨ ਤੇ ਸਰੂਰਮਈ ਮੁਹਾਂਦਰੇ ਨੂੰ ਨਿਖਾਰ ਸਕੇ।