2
ਕੈਨੇਡਾ ਵਰਗੇ ਦੇਸ਼ `ਚ ਪੰਜਾਬਣ ਮੁਟਿਆਰਾਂ ਦੇ ਉਪਰੋਥਲੀ ਹੋ ਰਹੇ ਕਤਲ। ਹਰ ਸੰਵੇਦਨਸ਼ੀਲ ਅੱਖ ਰੋਈ। ਹਰ ਭਾਵੁਕ ਮਨ ਕੁਰਲਾਅ ਉੱਠਿਆ। ਧੀਆਂ ਤੇ ਭੈਣਾਂ ਵਾਲੇ ਅੱਥਰੂਆਂ ਦੀ ਨਦੀ `ਚ ਡੁੱਬ ਮੋਏ। ਔਰਤ ਨੂੰ ਸਨਮਾਨ ਦੇਣ ਵਾਲੇ ਗੁਰੂਆਂ ਦੇ ਸਿੱਖ, ਆਪਣੀਆਂ ਪਤਨੀਆਂ ਤੇ ਧੀਆਂ ਦੇ ਕਾਤਲ ਬਣੇ ਕਿਹੜੀਂ ਰਾਹੀਂ ਤੁੱਰ ਪਏ ਨੇ? ਕਿਹੜੀ ਮਾਰੂ ਸੋਚ ਨੇ ਉਹਨਾਂ ਦੀ ਬੁੱਧੀ ਭ੍ਰਿਸ਼ਟ ਕਰ ਦਿਤੀ ਏ? ਕਿਉਂ ਉਹ ਗਰਕੀਆਂ ਕਦਰਾਂ ਕੀੰਮਤਾਂ ਦੇ ਰਾਹ ਤੁੱਰ ਪਏ ਨੇ?
ਲੜੀਵਾਰ - 2
ਕਤਲਾਂ ਤੋਂ ਉਠੇ ਕਈ ਸਵਾਲ, ਹਰ ਸੂਝਵਾਨ ਦੀ ਸੋਚ ਨੂੰ ਹਲੂਣਦੇ ਨੇ। ਕੀ ਦਾਜ ਦੇ ਲਾਲਚੀਆਂ ਦੀ ਭੁੱਖ ਨਾ ਪੂਰੀ ਹੋਣ `ਤੇ ਮਜਬੂਰ ਬਾਪ ਨੂੰ ਆਪਣੀ ਲਾਡਲੀ ਦੀ ਅਰਥੀ ਮੋਢੇ `ਤੇ ਢੋਣੀ ਪੈਂਦੀ ਏ? ਕੀ ਇਹ ਕੈਨੇਡਾ ਆਉਣ ਦੇ ਲਾਲਚ ਵੱਸ ਅਣਜੋੜ ਰਿਸ਼ਤਿਆਂ ਦੀ ਵਜ੍ਹਾ ਤਾਂ ਨਹੀਂ ਜਦ ਇੱਕ ਸ਼ਰਾਬੀ ਪਤੀ ਅਹਿਸਾਸਾਂ ਨਾਲ ਭਰੀ ਐਮ਼ ਏ਼ ਪਾਸ ਲੜਕੀ ਦੇ ਸੁਪਨਿਆਂ ਦੀ ਤੌਹੀਨ ਕਰਦਾ ਹੈ ਤੇ ਉਸਦੇ ਉਚੇਰੇ ਮਾਨਸਿਕ ਪੱਧਰ ਤੋਂ ਚਿੜ੍ਹ ਕੇ ਉਸਦਾ ਫਸਤਾ ਹੀ ਵੱਢ ਦਿੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਪਤਨੀ ਨੂੰ ਪਤੀ ਦੇ ਗੈਰ ਔਰਤਾਂ ਨਾਲ ਸੰਬੰਧਾਂ ਦੀ ਸੂਹ ਦੀ ਕੀਮਤ ਆਪਣੀ ਜਾਨ ਦੇ ਕੇ ਤਾਰਨੀ ਪੈਂਦੀ ਹੋਵੇ। ਕਾਰਨ ਤਾਂ ਮਰਦ ਦੀ ਹੈਂਕੜ ਵੀ ਹੋ ਸਕਦਾ ਹੈ ਜੋ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਹੈ ਤੇ ਉਸਦੀਆਂ ਕੁਤਾਹੀਆਂ ਦਾ ਮੁੱਲ ਔਰਤ ਨੂੰ ਬਹੁਤ ਮਹਿੰਗਾ ਪੈਂਦਾ ਹੋਵੇ।
ਕਾਰਨ ਕੋਈ ਵੀ ਹੋਣ। ਉਹਨਾਂ ਕਾਰਨਾਂ ਨੂੰ ਸਮਝਣ ਤੇ ਉਹਨੇ ਉਸਾਰੂ ਤੇ ਭਵਿਖਮੁੱਖੀਹੱਲ ਤਲਾਸ਼ਣਾ, ਸਮੇਂ ਦੀ ਮੁੱਖ ਲੋੜ ਹੈ। ਕੁੱਖ `ਚ ਕੁੜੀ-ਮਾਰਾਂ ਦੀ ਕੌਮ ਤੋਂ ਪਤਨੀ-ਮਾਰਾਂ ਦੀ ਕੌਮ ਤੀਕ ਪਹੁੰਚਣ ਦਾ ਕਿਹੜਾ ਰਾਹ, ਅਸੀਂ ਅਖਤਿਆਰ ਕਰ ਲਿਆ ਹੈ? ਸਮੁੱਚੇ ਭਾਈਚਾਰੇ ਦੀਆਂ ਸਰਬ ਵਿਆਪਕ ਸੁੱਚੀਆਂ ਕਦਰਾਂ ਕੀਮਤਾਂ ਦੇ ਧਾਰਨੀ, ਆਪਣੇ ਸਰਬਨਾਸ਼ ਦੇ ਰਾਹ ਤਾਂ ਨਹੀਂ ਤੁੱਰ ਪਏ? ਅੱਜ ਕੱਲ ਪੈਸੇ ਦੀ ਦੌੜ `ਚ ਉਲਝਿਆ ਹਰ ਵਿਅਕਤੀ, ਜਿੰਦਗੀ ਦੇ ਅਰਥਾਂ ਅਤੇ ਜਿਉਣ ਦੇ ਅਦਬ ਤੋਂ ਵਿਰਵਾ, ਮਕਾਨਕੀ ਜਿੰਦਗੀ ਜੀਅ ਰਿਹਾ ਹੈ। ਮਰ ਗਏ ਅਹਿਸਾਸਾਂ ਵਾਲਾ ਮਨੁੱਖ ਰੋਬੋਟ ਬਣ ਕੇ ਕਤਲ ਕਰਨ ਤੇ ਪਿਆਰ ਕਰਨ ਵਿੱਚ ਫਰਕ ਕਿੰਝ ਸਮਝੇਗਾ? ਜਿੰਦਗੀ ਦੇ ਸਮੁੱਚ ਦੀ ਨਾ ਸਮਝੀ ਸਾਨੂੰ ਬਹੁਤ ਮਹਿੰਗੀ ਪੈ ਰਹੀ ਹੈ। ਸਾਡੇ ਕੋਲ ਸਮਾਂ ਹੀ ਨਹੀਂ ਘਰ `ਚ ਬੈਠਣ ਦਾ, ਪ੍ਰੀਵਾਰ ਬਣਨ ਤੇ ਬਣਾਉਣ ਦਾ ਅਤੇ ਪ੍ਰੀਵਾਰਕ ਮਾਹੌਲ ਦੀ ਸੁਚੱਜਤਾ ਚੋਂ ਜੀਵਨ ਸੋਚ ਨੂੰ ਨਿਖਾਰਨ ਦਾ। ਕਦੇ ਬੱਚਿਆਂ ਨਾਲ ਗੱਲਾਂ ਤੇ ਪਿਆਰ ਤਾਂ ਕਰਿਉ। ਇੱਕ ਦੂਜੇ ਦੇ ਕੋਮਲ ਅਹਿਸਾਸਾਂ ਦੀ ਥਾਹ ਪਾਉਣ ਦੀ ਕੋਸ਼ਿਸ਼ ਤਾਂ ਕਰਿਉ। ਜਿੰਦਗੀ ਦੀ ਸਮਝ ਆਪੇ ਆ ਜਾਵੇਗੀ। ਸੁੱਘੜ ਤੇ ਸੰਤੁਲਤ ਸੋਚ ਵਾਲੇ ਸਮਾਜ ਦੇ ਪਹਿਰੇਦਾਰੋ ਤੇ ਬੁੱਧੀਜੀਵੀਓ! ਉਠੋ! ਕੁੱਝ ਠੋਸ ਉਪਰਾਲੇ ਕਰੀਏ। ਮਾਪਿਆਂ ਦੀ ਅੱਖ `ਚ ਦਰਦ ਦਾ ਸਿਵਾ ਬਲਣ ਤੋਂ ਰੋਕੀਏ। ਮਾਸੂਮਾਂ ਦੀ ਸੋਚ `ਚ ਉਮਰਾਂ ਲੰਮੇਰੀ ਪੀੜ ਦੀ ਵੇਦਨਾ ਨਾ ਉਕਰਨ ਦੇਈਏ। ਵਕਤ ਦੇ ਸਫੇ `ਤੇ ਕਤਲਾਂ ਦੀ ਕਰੁੱਣਾਮਈ ਕਹਾਣੀ ਨਾ ਲਿਖਣ ਦੇਈਏ। ਇਸ ਮਾਤਮੀ ਸੋਚ ਦੇ ਵਿਹੜੇ ਚਾਨਣ ਤਰੌਂਕੀਏ। ਪੰਜਾਬੀ ਸਮਾਜ ਤੁਹਾਡੇ ਤੋਂ ਨਰੋਏ ਤੇ ਸਾਰਥਿਕ ਸੇਧ ਦੀ ਉਡੀਕ ਕਰੇਗਾ।
3
ਰਿਸ਼ਤਿਆਂ ਦੀ ਜ਼ਰਜ਼ਰੀ ਹੋਂਦ ਦਾ ਵਾਸਤਾ
ਦਸ ਕੁ ਸਾਲ ਪਹਿਲਾਂ ਦੀ ਗੱਲ। ਭਾਰਤ ਵਿੱਚ ਇੱਕ ਅਧਿਆਪਕ ਦਾ ਘਰ ਸਾਰੇ ਰਿਸ਼ਤੇਦਾਰਾਂ ਦੇ ਨਿਆਣਿਆਂ ਦਾ ਹੋਸਟਲ। ਆਪਣੇ ਬੱਚਿਆਂ ਤੇ ਪ੍ਰੀਵਾਰ ਦੀ ਕੀਮਤ ਤੇ ਗਲਤ/ਠੀਕ ਤਰੀਕੇ ਨਾਲ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੀ ਤਰਜੀਹ। ਉਹਨਾਂ `ਚੋਂ ਕੋਈ ਇੰਜਨੀਅਰਿੰਗ ਕਾਲਜ, ਕੋਈ ਯੂਨੀਵਰਸਿਟੀ ਗਿਆ ਤੇ ਫਿਰ ਉਹ ਸਾਰੇ ਪ੍ਰੀਵਾਰਾਂ ਸਮੇਤ ਵਿਦੇਸ਼ `ਚ ਆ, ਮਲਟੀ ਮਿਲੀਅਨਰੀ ਬਣ ਗਏ।
ਉਹੀ ਟੀਚਰ ਰਿਸ਼ਤੇਦਾਰਾਂ ਦੇ ਨਾ ਚਾਹੁਣ `ਤੇ ਕੈਨੇਡਾ ਆਉਂਦਾ ਹੈ। ਬਦਲੇ ਹੋਏ ਸਮੇਂ ਤੇ ਹਾਲਾਤਾਂ ਵਿਚ, ਭਲਾ ਦਿਹਾੜੀਦਾਰ ਟੀਚਰ ਉਹਨਾਂ ਬੱਚਿਆਂ ਦਾ ਕੀ ਲਗਦਾ ਹੈ ਤੇ ਕੀ ਲਗਦੇ ਨੇ ਟੀਚਰ ਦੇ ਬੱਚੇ? ਉਹਨਾਂ ਦੀ ਸਾਂਝ ਤਾਂ ਮਿਲੀਅਨਰਜ਼ ਨਾਲ ਹੀ ਹੋ ਸਕਦੀ ਹੈ। ਰਿਸ਼ਤਿਆਂ ਦਾ ਇੱਕ ਸੱਚ। ਟੀਚਰ ਨੂੰ ਸਾਨਫਰਾਂਸਿਸਕੋ ਤੋਂ ਫੋਨ ਆਉਂਦਾ ਹੈ ਕਿ ਸਰ ਮੈਂ 25 ਸਾਲ ਪਹਿਲਾਂ ਤੁਹਾਡੇ ਕੋਲੋਂ ਪੜ੍ਹਦਾ ਸੀ। ਅਖਬਾਰ `ਚ ਤੁਹਾਡਾ ਨਾਮ ਪੜ੍ਹਿਆ ਤਾਂ ਮੈਂ ਕਾਲ ਕੀਤਾ ਹੈ। ਸ਼ਾਇਦ ਤੁਹਾਨੂੰ ਚੇਤਾ ਨਾ ਹੋਵੇ ਪਰ ਅੱਜ ਮੈਂ ਜੋ ਵੀ ਹਾਂ ਤੁਹਾਡੇ ਕਰਕੇ ਹਾਂ। ਮੈਂ ਤੁਹਾਨੂੰ ਮਿਲਣ ਜਰੂਰ ਆਵਾਂਗਾ। ਰਿਸ਼ਤਿਆਂ ਦਾ ਇੱਕ ਹੋਰ ਸੱਚ। ਰਿਸ਼ਤਿਆਂ ਦੇ ਦੋ ਸੱਚ। ਦੋ ਧਾਰਨਾਵਾਂ। ਜੀਵਨ ਨੂੰ ਪ੍ਰੀਭਾਸ਼ਿਤ ਕਰਨ ਦੇ ਦੋ ਨਜਰੀਏ। ਰਿਸ਼ਤੇ ਹੁਣ ਸਿਰਫ ਲੋੜਾਂ ਜਾਂ ਜਰੂਰਤਾਂ ਦੇ ਨੇ। ਰਿਸ਼ਤਾ ਉਨੀ ਦੇਰ ਹੀ ਜੋੜਿਆ ਜਾਂਦਾ ਹੈ ਤੇ ਨਿਭਾਇਆ ਜਾਂਦਾ ਹੈ ਜਦ ਤੀਕ ਇਸਦੀ ਲੋੜ ਹੈ। ਰਿਸ਼ਤੇ ਜਦ ਰੁੱਤਬਿਆਂ ਤੇ ਮਾਇਕ ਬਰਾਬਰੀ ਦੇ ਮੁਥਾਜ ਹੋ ਜਾਂਦੇ ਨੇ ਤਾਂ ਸਿੱਸਕ ਕੇ ਰਹਿ ਜਾਂਦਾ ਹੈ ਆਪਣਾਪਣ। ਵਾਸ਼ਪ ਹੋ ਜਾਂਦੀ ਹੈ ਪੁਰ-ਖਲੂਸ ਪਲ਼ਾਂ ਦੀ ਸਾਂਝ। ਫਿਰ ਅਸੀਂ ਫਾਇਦਿਆਂ `ਚੋਂ ਰਿਸ਼ਤੇ ਤਲਾਸ਼ਦੇ ਹਾਂ। ਰਿਸ਼ਤੇ ਸਮਾਜਿਕ ਤੰਦਾਂ ਦਾ ਨਰੋਇਆਪਣ ਹੁੰਦੇ ਨੇ। ਜੇ ਤੰਦਾਂ ਜ਼ਰਜ਼ਰੀ ਹੋ ਗਈਆਂ ਤਾਂ ਕਿਸ ਤਰਾਂ ਬਚੇਗਾ ਸਮਾਜਿਕ ਤਾਣਾ ਬਾਣਾ? ਅਸੀਂ ਢਹਿ ਢੇਰੀ ਹੋ ਰਹੇ ਸਮਾਜ ਦੇ ਚਸ਼ਮਦੀਦ ਪਰ ਮੂਕ ਦਰਸ਼ਕ ਹਾਂ। ‘ਕੇਰਾਂ ਆਪਣੇ ਰਿਸ਼ਤਿਆਂ ਦੀ ਚਿਖਾ ਸੇਕਣ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿੰਦਗੀ ਦੇ ਕਿਸੇ ਮੋੜ `ਤੇ, ਰਿਸ਼ਤਿਆਂ ਦਾ ਗੁੰਮਿਆ ਸੇਕ ਕਿਧਰੋਂ ਨਹੀਂ ਥਿਆਵੇਗਾ। ਜਦ ਰਿਸ਼ਤੇ ਸੁੰਗੜਨ ਲਗ ਪੈਣ ਤਾਂ ਕਦਰਾਂ-ਕੀਮਤਾਂ ਦੀ ਹਿੱਕ `ਚ ਦਰਦ ਸ਼ੁਰੂ ਹੋ ਜਾਂਦਾ ਹੈ। ਰਿਸ਼ਤਿਆਂ ਨੂੰ ਤਿੜਕਨ ਨਾ ਦਿਉ। ‘ਕੇਰਾਂ ਆਈ ਤਰੇੜ, ਮਨ ਦੇ ਚਿਤਰਪੱਟ ਤੋਂ ਕਦੇ ਵੀ ਮਿਟਦੀ ਨਹੀਂ। ਹਰ ਰਿਸ਼ਤੇ ਦਾ ਆਦਰ ਕਰੋ। ਰਿਸ਼ਤਿਆਂ ਦਾ ਨਿੱਘ ਤੇ ਖਲੂਸ ਸਾਡਾ ਵਿਰਸਾ। ਇਹਨਾਂ ਵਿਚਲੀ ਅਪਣੱਤ ਤੇ ਮੁਹੱਬਤ, ਸਾਡਾ ਸੁੱਖਨ। ਇਹਨਾਂ ਦੀ ਸੰਜੀਦਗੀ, ਸਦੀਵਤਾ ਤੇ ਸੁਹੱਪਣ, ਸਾਡੇ ਮੁਹਾਂਦਰੇ ਦੇ ਨਕਸ਼। ਰਿਸ਼ਤਿਆਂ ਨੂੰ ਨਿਭਾਉਣ ਦੀ ਤਾਂਘ ਮਨ `ਚ ਪਾਲਣ ਵਾਲੇ, ਹਰ ਰੂਪ ਤੇ ਹਰ ਸਮੇਂ ਵਿੱਚ ਰਿਸ਼ਤਿਆਂ ਨੂੰ ਚਿਰੰਜੀਵਤਾ ਬਖਸ਼ਦੇ ਨੇ। ਜੇ ਰਿਸ਼ਤੇ ਨਾ ਰਹੇ ਤਾਂ ਅਸੀਂ ਬਜੁਰਗਾਂ ਦੀ ਅਸੀਸ ਤੋਂ ਵਿਰਵੇ ਹੋ ਜਾਵਾਂਗੇ। ਸਿਰ ਪਲੋਸਦੀਆਂ ਮਾਵਾਂ ਦੇ ਦੀਦਆਂ `ਚ ਛਲਕਦੇ ਮੋਹ ਦੇ ਸਮੁੰਦਰ ਨੂੰ ਸਿੱਸਕ ਜਾਵਾਂਗੇ। ਵੀਰਾਂ ਦੀਆਂ ਬਾਹਾਂ ਗੁਆਚ ਜਾਣਗੀਆਂ। ਹੰਝੂ `ਚ ਡੁੱਬ ਮੋਏਗੀ ਰੱਖੜੀ। ਧੀਆਂ ਬਾਬਲ ਦੇ ਵਿਹੜੇ ਤੋਂ ਆਉਂਦੀ ਹਾਕ ਲਈ ਤਰਸ ਜਾਣਗੀਆਂ। ਯੱਖ ਹੋ ਜਾਵੇਗੀ ਬੋਟਾਂ ਦੀ ਨਿੱਘੀ ਗੋਦ। ਸਰਦ ਹੋ ਜਾਣਗੀਆਂ ਅੱਗ ਦੀ ਉਮਰ ਨੂੰ ਲੋਚਦੀਆਂ ਰੀਝਾਂ। ਰਿਸ਼ਤਿਆਂ ਨੂੰ ਰਿਸ਼ਤਿਆਂ ਦੇ ਸੱਚ `ਚ ਸਮਝਣ ਤੇ ਨਿਭਾਉਣ ਵਾਲੇ ਹੀ ਸੰਤੁਲਿਤ ਸਮਾਜ ਦੀ ਵਾਗਡੋਰ ਸੰਭਾਲਦੇ ਨੇ। ਕੌਣ ਸੰਭਾਲੇਗਾ ਇਹ ਵਾਗਡੋਰ?