ਵੱਡਾ ਸਾਰਾ ਘਰ। ਪਾਰਕਿੰਗ ਵਿਚ ਨਵੀਨਤਮ ਮਾਡਲ ਦੀਆਂ ਕਾਰਾਂ। ਹਰ ਸੁੱਖ-ਸਹੂਲਤਾਂ ਨਾਲ ਭਰਿਆ ਹੋਇਆ ਘਰ। ਮੀਆਂ-ਬੀਵੀ ਦੋਵੇਂ ਦੋਹਰੀਆਂ-ਤੀਹਰੀਆਂ ਸ਼ਿਫਟਾਂ ਲਾਉਂਦੇ। ਪੈਸੇ ਇਕੱਠੇ ਕਰਨ ਦੀ ਦੌੜ `ਚ ਇੰਨੇ ਮਸਰੂਫ ਕਿ ਬੱਚਿਆਂ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਤੋਂ ਬੇਖਬਰ। ਦਾਦੇ-ਦਾਦੀ ਕੋਲ ਰਹਿੰਦੇ ਬੱਚੇ, ਕੰਪਿਊਟਰ ਤੇ ਟੀ਼ ਵੀ ਦੁਆਲੇ ਆਪਣੀ ਹੀ ਦੁਨੀਆਂ ਵਿਚ ਗੁੰਮ-ਸੁੰਮ। ਸਕੂਲ ਕਦੋਂ ਜਾਂਦੇ, ਕਿਸ ਕਲਾਸ ਵਿਚ ਪੜ੍ਹਦੇ, ਕਿਹੜੇ ਉਹਨਾਂ ਦੇ ਦੋਸਤ, ਕਿਸ ਤਰ੍ਹਾਂ ਦੀ ਸੰਗਤ ਵਿਚ ਉਹ ਵਿਚਰਦੇ, ਕੀ ਖਾਂਦੇ, ਕੀ ਪੀਂਦੇ, ਕਿਸ ਤਰਾਂ ਦੇ ਮਾਨਸਿਕ ਉਤਰਾਅ ਚੜਾਅ `ਚੋਂ ਗੁਜਰਦੇ, ਮਾਪਿਆਂ ਨੂੰ ਕੋਈ ਸਰੋਕਾਰ ਨਹੀਂ। ਉਹਨਾਂ ਲਈ ਪੈਸਾ ਹੀ ਸਭ ਕੁਝ।
ਇਹਨਾਂ ਬੱਚਿਆਂ ਵਿਚੋਂ ਜਦ ਕੋਈ ਕੰਪਿਊਟਰ `ਤੇ ਗੰਨ, ਅਪਰਾਧ, ਨਸ਼ੇ, ਅਤੇ ਕਾਰਾਂ ਦੀ ਦੁਨੀਆਂ ਵਿਚ ਵਿਚਰਦਾ, ਗੰਨ ਹੱਥ `ਚ ਲੈ ਕੇ ਘਰੋਂ ਨਿਕਲਦਾ ਏ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਏ। ਜਦ ਉਹ ਬੱਚਾ ਕਈ ਘਰਾਂ `ਚ ਸੋਗ ਦੀ ਸਫ ਵਿਛਾਂਦਾ ਏ ਤਾਂ ਸਾਡਾ ਘਰ ਵੀ ਉਸ ਅੱਗ ਦੀ ਲਪੇਟ ਵਿਚ ਆ ਜਾਂਦਾ ਏ। ਅਸੀਂ ਉਸ ਰਾਖ ਨੂੰ ਫਰੋਲਦੇ, ਆਪਣੇ ਦੀਦਿਆਂ ਦੇ ਨਾਵੇਂ ਪਛਤਾਵਾ ਤੇ ਰੋਣਾ ਕਰਦੇ, ਆਖਰੀ ਸਾਹ ਉਡੀਕਦੇ ਹਾਂ।
ਜਰਾ ਸੋਚਿੳ! ਅਸੀਂ ਕਿਸ ਲਈ ਕਮਾਈ ਕਰਦੇ ਹਾਂ? ਅਸੀਂ ਬੱਚਿਆਂ ਦੀ ਮਾਸੂਮੀਅਤ ਦੀ ਕੀਮਤ `ਤੇ ਇਸ ਅੰਨ੍ਹੀ ਦੌੜ `ਚ ਕਿਉਂ ਸ਼ਾਮਲ ਹਾਂ? ਸਾਡੀ ਸੱਭ ਤੋਂ ਵੱਡੀ ਅਮੀਰੀ ਸਾਡੇ ਬੱਚੇ ਹਨ। ਜੇ ਅਸੀਂ ਉਹਨਾਂ ਦੀਆਂ ਭਾਵੁਕ ਤੇ ਮਾਨਸਿਕ ਲੋੜਾਂ ਦਾ ਖਿਆਲ ਰੱਖਦਿਆਂ, ਉਹਨਾਂ ਨਾਲ ਸਮਾਂ ਬਿਤਾਵਾਂਗੇ, ਉਹਨਾਂ ਦੇ ਮਿੱਤਰਾਂ ਤੇ ਆਲੇ ਦੁਆਲੇ ਦੀ ਸਮੁੱਚੀ ਜਾਣਕਾਰੀ ਹੋਵੇਗੀ ਤਾਂ ਅਸੀਂ ਆਪਣੇ ਬੱਚਿਆਂ ਨੂੰ ਗਲਤ/ਠੀਕ ਸਮਝਾ ਕੇ, ਉਸਦੇ ਜੀਵਨ ਮਾਰਗ ਨੂੰ ਰੁੱਸ਼ਨਾ ਸਕਦੇ ਹਾਂ। ਉਸਦੇ ਮਾਨਸਿਕ ਉਲਾਰ ਨੂੰ ਸਹੀ ਦਿਸ਼ਾ ਦੇ ਕੇ, ਨਵੀਆਂ ਪ੍ਰਾਪਤੀਆਂ ਤੇ ਨਰੋਈਆਂ ਕਦਰਾਂ ਕੀਮਤਾਂ ਦੇ ਧਾਰਨੀ ਬਣਾ ਸਕਦੇ ਹਾਂ। ਬੱਚੇ ਸਾਡਾ ਭਵਿੱਖ ਨੇ। ਜੇ ਅਸੀਂ ਰੌਸ਼ਨ ਭਵਿੱਖ ਦੀ ਕਾਮਨਾ ਕਰਦੇ ਹਾਂ ਤਾਂ ਕੁਝ ਕੁ ਸਮਾਂ ਤਾਂ ਬੱਚਿਆਂ ਲਈ ਕੱਢਣਾ ਹੀ ਪਵੇਗਾ। ਕੰਮ ਤੇ ਘਰ `ਚ ਸੂਖਮ ਸੰਤੁਲਨ, ਨਿੱਜੀ ਜਿੰਦਗੀ ਤੇ ਸੁੱਖ ਸਹੂਲਤਾਂ ਦਾ ਸੁਖਾਵਾਂ ਤਾਲ ਮੇਲ ਅਤੇ ਪ੍ਰੀਵਾਰਕ ਤੇ ਸਮਜਿਕ ਰਿਸ਼ਤਿਆਂ ਦਾ ਪੀਡਾ ਸੰਬੰਧ, ਸਾਡੀ ਸੁਖਾਵੀਂ ਜਿੰਦਗੀ ਦੇ ਸੁੱਚੇ ਸਰੋਕਾਰ ਨੇ, ਜਿਹੜੇ ਗੁੰਮ ਹੁੰਦੇ ਜਾ ਰਹੇ ਹਨ। ਲੋੜ ਹੈ ਇਹਨਾਂ ਸਰੋਕਾਰਾਂ ਨੂੰ ਚਿਰੰਜੀਵ ਕਰਨ ਦੀ। ਬੱਚੇ ਤੁਹਾਨੂੰ ਘਰ ਵਿਚ ਉਡੀਕਦੇ ਹਨ। ਘਰਾਂ ਨੂੰ ਪਰਤ ਆਵੋ। ਉਹਨਾਂ ਨੂੰ ਤੁਹਾਡੀ ਨਿੱਘੀ ਗੋਦ ਦੀ ਲੋੜ ਹੈ। ਤੁਹਾਡੀਆਂ ਬਾਤਾਂ ਤੇ ਹੁੰਗਾਰੇ ਦੀ ਤਮੰਨਾ ਹੈ। ਉਹਨਾਂ ਦੀਆਂ ਸ਼ਰਾਰਤਾਂ ਨੂੰ ਤੁਹਾਡੀ ਘੂਰੀ ਤੇ ਝਿੜਕ ਦੀ ਉਡੀਕ ਹੈ। ਤੁਹਾਡੇ ਪਿਆਰ ਤੇ ਲਾਡ ਦੇ ਪਰਾਂ `ਤੇ ਉਹਨਾਂ ਨੇ ਉਚੇਰੀ ਪ੍ਰਵਾਜ ਭਰਨੀ ਹੈ। ਦੇਖਿਓ! ਕਿਤੇ ਬੱਚਿਆਂ ਲਈ ਆਪਣੇ ਹੀ ਮਾਂ/ਬਾਪ, ਕਦੇ ਕਦੇ ਆਉਣ ਵਾਲੇ ਅੰਕਲ/ਆਂਟੀ ਨਾ ਬਣ ਜਾਣ।