ਕਦ ਟਲਣ ਵਾਲ਼ੇ ਹਾਂ ਅਸੀਂ, ਚੱਲੇ ਹੋ ਟਾਲ਼ ਕੇ।
ਚੱਲੇ ਕਿਧਰ ਨੂੰ ਹੋ ਤੁਸੀਂ, ਸੁਪਨੇ ਦਿਖਾਲ਼ ਕੇ।
ਬਖਸ਼ੀ ਨਾ ਦਾਤ ਰੱਬ ਨੇ, ਗਾ ਗਾ ਕੇ ਲਿਖਣ ਦੀ,
ਮੈਂ ਪਾਲ਼ਿਆ ਹੁਨਰ ਮਸਾਂ, ਸੌ ਜਫਰ ਜਾਲ਼ ਕੇ।
ਪੜ੍ਹਕੇ ਪਛਾਣ ਲੈਣ ਗੇ, ਤੇਰਾ ਮੁਹਾਂਦਰਾ,
ਗਜ਼ਲਾਂ `ਚ ਨਾਕਸ਼ ਮੈਂ ਤਿਰੇ, ਚੱਲਿਆਂ ਸੰਭਾਲ ਕੇ।
ਢਹਿੰਦੀ ਕਲਾ ਨੂੰ ਛੱਡ, ਬਲ ਧਾਰ ਲੈ ਮਨਾ,
ਪਾਇੰਗਾ ਮੰਜ਼ਲਾਂ ਕਿਵੇਂ, ਲੱਤਾਂ ਨਿਸਾਲ ਕੇ।
ਧਰਤੀ `ਤੇ ਡਿਗਣ ਨਾ ਦਵੇ, ਸਾਗਰ ਕਮਾਲ ਹੈ,
ਸੂਰਜ ਦੀ ਗੇਂਦ ਬੋਚਦਾ, ਹੈ ਇਓਂ ਉਛਾਲ ਕੇ।
ਢੇਰੀ ਢਾਹ ਕੇ ਬਹਿਣ ਦਾ, ਜੋ ਆਦੀ ਹੈ ਓਸ ਨੂੰ,
ਤੇਰੀ ਸੁਗੰਦ ਦਮ ਲਵਾਂਗਾ, ਮੈਂ ਉਠਾਲ ਕੇ।
ਪੂਨਮ ਦਾ ਚੰਨ ਅਪਣੇ, ਕੇਸਾਂ `ਚ ਟੁੰਗ ਕੇ,
ਇਤਰਾ ਰਹੀ ਏ ਰਾਤਰੀ, ਮੈਨੂੰ ਦਿਖਾਲ ਕੇ।
ਸੁਖਮਿੰਦਰਾ ਉਹ ਲੋਕਤਾ ਦੇ, ਬਣਨ ਗੇ ਚਿਰਾਗ;
ਸੂਰਜ ਦੀ ਸੋਚ ਰੱਖਦੇ ਜੋ, ਮਸਤਕ ਵਿੱਚ ਪਾਲ਼ ਕੇ।
ਕਦ ਟਲਣ ਵਾਲ਼ੇ ਹਾਂ ਅਸੀਂ, ਚੱਲੇ ਹੋ ਟਾਲ਼ ਕੇ।
ਚੱਲੇ ਕਿਧਰ ਨੂੰ ਹੋ ਤੁਸੀਂ, ਸੁਪਨੇ ਦਿਖਾਲ਼ ਕੇ।