You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - ਕਾਂਡ 1-9

ਲੇਖ਼ਕ

Sunday, 08 April 2018 01:48

ਕੌਰਵ ਸਭਾ - ਕਾਂਡ 1-9

Written by
Rate this item
(0 votes)

-1-

ਪਾਰਕ ਦਾ ਦੂਸਰਾ ਚੱਕਰ ਸ਼ੁਰੂ ਕਰਦਿਆਂ ਹੀ ਰਾਮ ਨਾਥ ਨੂੰ ਘਰੋਂ ਸੁਨੇਹਾ ਆ ਗਿਆ। ਮਾਇਆ ਨਗਰ ਤੋਂ ਫ਼ੋਨ ਆਇਆ ਸੀ। ਨੀਲਮ ਭੈਣ ਦੇ ਘਰ ਡਾਕਾ ਪਿਆ ਸੀ। ਸਾਰਾ ਟੱਬਰ ਜ਼ਖ਼ਮੀ ਸੀ। ਸੈਰ ਵਿਚੇ ਛੱਡੋ। ਘਰੇ ਆਓ, ਤੁਰੰਤ ਮਾਇਆ ਨਗਰ ਜਾਣਾ ਸੀ।

ਤੇਜ਼ ਤੁਰਨ ਕਾਰਨ ਰਾਮ ਨਾਥ ਦਾ ਸਾਹ ਪਹਿਲਾਂ ਹੀ ਚੜ੍ਹਿਆ ਹੋਇਆ ਸੀ। ਡਾਕੇ ਦੀ ਖ਼ਬਰ ਸੁਣਕੇ ਦਿਲ ਦੀ ਧੜਕਨ ਵੀ ਤੇਜ਼ ਹੋ ਗਈ। ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ।

ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਦਾ ਰਾਮ ਨਾਥ ਘਾਹ ਉਪਰ ਬੈਠ ਗਿਆ। ਬੂਟ ਲਾਹੇ। ਪਸੀਨੇ ਦੀਆਂ ਬੂੰਦਾਂ ਪੂੰਝੀਆਂ। ਪਾਣੀ ਪੀਤਾ। ਅੱਖਾਂ ਤੇ ਛਿੱਟੇ ਮਾਰੇ। ਮਨ ਕੁੱਝ ਠਿਕਾਣੇ ਆਇਆ। ਘਰ ਜਾਣ ਲਈ ਉਹ ਬੇਟੀ ਦੇ ਮੋਪਡ ਪਿੱਛੇ ਬੈਠ ਗਿਆ।

ਘਰ ਗਏ ਨੂੰ ਪਤਨੀ ਸੰਗੀਤਾ ਨੇ ਹੋਈ ਘਟਨਾ ਦਾ ਵਿਸਤਾਰ ਦੱਸਿਆ।

ਡਾਕੇ ਨਾਲੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਸੀ ਕਿ ਫ਼ੋਨ ਨੀਲਮ ਦੇ ਕਿਸੇ ਗੁਆਂਢੀ ਦੇ ਘਰੋਂ ਆਇਆ ਸੀ। ਨੀਲਮ ਦੇ ਜੇਠ ਮੋਹਨ ਲਾਲ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਉਨ੍ਹਾਂ ਨੂੰ ਸੂਚਿਤ ਕਿਉਂ ਨਹੀਂ ਕੀਤਾ?

ਮੋਹਨ ਦਾ ਪਰਿਵਾਰ ਸਾਧਾਰਨ ਪਰਿਵਾਰ ਨਹੀਂ ਸੀ। ਉਹ ਮਾਇਆ ਨਗਰ ਦੇ ਚੁਣਵੇਂ ਘਰਾਂ ਵਿਚੋਂ ਇੱਕ ਗਿਣਿਆ ਜਾਂਦਾ ਸੀ। ਉਨ੍ਹਾਂ ਦਾ ਚੰਗਾ ਕਾਰੋਬਾਰ ਸੀ। ਸਰਕਾਰੇ ਦਰਬਾਰੇ ਪਹੁੰਚ ਸੀ। ਸਾਰੇ ਸ਼ਹਿਰ ਵਿੱਚ ਜਾਣ ਪਹਿਚਾਣ ਸੀ। ਕੀ ਉਨ੍ਹਾਂ ਵਿਚੋਂ ਕੋਈ ਮੌਕੇ ਵਾਲੀ ਥਾਂ ਤੇ ਨਹੀਂ ਸੀ ਪੁੱਜਾ? ਜੇ ਹਾਂ ਤਾਂ ਕਿਉਂ ਨਹੀਂ?

ਸ਼ਹਿਰ ਜਾਣ ਦੀ ਤਿਆਰੀ ਵਿੱਚ ਰੁੱਝੀ ਪਤਨੀ ਦੀ ਸਹਾਇਤਾ ਕਰਦਾ ਰਾਮ ਨਾਥ ਇਸ ਗੁੱਥੀ ਨੂੰ ਸੁਲਝਾਉਣ ਦਾ ਯਤਨ ਕਰਨ ਲੱਗਾ।

ਇਹ ਪ੍ਰਸ਼ਨ ਰਾਮ ਨਾਥ ਦੇ ਮਨ ਵਿੱਚ ਬਿਨਾਂ ਵਜ੍ਹਾ ਨਹੀਂ ਸੀ ਉੱਠ ਰਿਹਾ। ਇਸ ਦੇ ਪਿੱਛੇ ਵੱਡਾ ਪਿਛੋਕੜ ਸੀ।

ਕੁੱਝ ਦੇਰ ਤੋਂ ਦੋਹਾਂ ਪਰਿਵਾਰਾਂ ਵਿਚਕਾਰ ਖਿੱਚੋਤਾਣ ਚੱਲ ਰਹੀ ਸੀ। ਜਾਇਦਾਦ ਦਾ ਝਗੜਾ ਪਰਿਵਾਰਕ ਸਾਲਸਾਂ ਦੇ ਹੱਥੋਂ ਨਿਕਲ ਕੇ ਕਚਹਿਰੀ ਤਕ ਅੱਪੜ ਗਿਆ ਸੀ।

ਆਪਸ ਵਿੱਚ ਮੂੰਹ ਮੋਟੇ ਸਨ ਅਤੇ ਬੋਲਚਾਲ ਬੰਦ ਸੀ।

ਰਾਮ ਨਾਥ ਦਾ ਮੱਥਾ ਠਨਕ ਰਿਹਾ ਸੀ। ਕਿਧਰੇ ਇਹ ਵਾਰਦਾਤ ਉਸੇ ਪਰਿਵਾਰ ਨੇ ਨਾ ਕਰਾਈ ਹੋਵੇ?

ਉਸ ਪਰਿਵਾਰ ਉਪਰ ਵੀ ਰਾਮ ਨਾਥ ਬੇ ਵਜ੍ਹਾ ਸ਼ੱਕ ਨਹੀਂ ਸੀ ਕਰ ਰਿਹਾ।

ਕਿਸੇ ਹੋਰ ਵੱਲੋਂ ਨਹੀਂ, ਅਜਿਹੀ ਵਾਰਦਾਤ ਦੀ ਚਿਤਾਵਨੀ ਖੁਦ ਨੀਲਮ ਦੀ ਜਠਾਨੀ ਕੋਲੋਂ ਮਿਲੀ ਸੀ। ਚਾਚੇ ਭਤੀਜਿਆਂ ਵਿਚਕਾਰ ਸੌ ਮਨ ਮੁਟਾਵ ਹੋਇਆ ਹੋਵੇ। ਮਾਇਆ ਦੇਵੀ ਲਈ ਵੇਦ ਅਤੇ ਉਸਦਾ ਪਰਿਵਾਰ ਪਹਿਲਾਂ ਵਾਂਗ ਆਪਣਾ ਸੀ। ਮੋਹਨ ਦੇ ਜਿਊਂਦੇ ਹੋਰ ਗੱਲ ਸੀ। ਹੁਣ ਮੁੰਡੇ ਆਪ ਹੁਦਰੇ ਹੋਏ ਫਿਰਦੇ ਸਨ। ਉਨ੍ਹਾਂ ਦੇ ਚਾਲੇ ਠੀਕ ਨਹੀਂ ਸਨ। ਦਾਰੂ ਪੀਂਦੇ ਮੁੰਡਿਆਂ ਨੂੰ ਕਈ ਵਾਰ ਮਾਇਆ ਦੇਵੀ ਨੇ ਭੈੜੇ ਮਨਸੂਬੇ ਘੜਦੇ ਸੁਣਿਆ ਸੀ। ਕਦੇ ਉਹ ਆਖਦੇ ਸਨ ਚਾਚੇ ਵੇਦ ਨੂੰ ਆਪਣੇ ਡਉਲਿਆਂ ’ਤੇ ਮਾਣ ਹੈ। ਜਵਾਨੀ ਵਿੱਚ ਪਹਿਲਵਾਨੀ ਕਰਦੇ ਨੇ ਉਸ ਨੇ ਡਉਲੇ ਬਣਾਏ ਸਨ। ਉਹ ਵੇਦ ਦੇ ਡਉਲਿਆਂ ਦਾ ਚੂਰਮਾ ਬਣਾ ਦੇਣਗੇ। ਨੀਲਮ ਨੂੰ ਆਪਣੀ ਅਕਲ ਉਪਰ ਹੰਕਾਰ ਸੀ। ਉਹ ਉਸਦੇ ਦਿਮਾਗ਼ ਦੀ ਖੱਖੜੀ ਖੱਖੜੀ ਕਰ ਦੇਣਗੇ। ਨੇਹਾ ਵਿਚਾਰੀ ਨੇ ਕਦੇ ਕਿਸੇ ਦਾ ਕੁੱਝ ਨਹੀਂ ਸੀ ਵਿਗਾੜਿਆ। ਉਹ ਆਪਣੀ ਛੋਟੀ ਭੈਣ ਨੂੰ ਭਰੇ ਬਜ਼ਾਰ ਨੰਗਾ ਕਰਨ ਦੀ ਸੋਚ ਰਹੇ ਸਨ। ਵੇਦ ਦਾ ਇਕੋ ਇੱਕ ਵਾਰਿਸ ਕਮਲ ਉਨ੍ਹਾਂ ਦੀਆਂ ਅੱਖਾਂ ਵਿੱਚ ਵੱਧ ਰੜਕਦਾ ਸੀ।

ਕਦੇ ਕਦੇ ਉਹ ਉਸ ਦਾ ਕੰਡਾ ਕੱਢਣ ਦੀ ਬਕ ਬਕ ਕਰਿਆ ਕਰਦੇ ਸਨ।

ਹਮਦਰਦੀ ਵਜੋਂ ਮਾਇਆ ਦੇਵੀ ਨੇ ਵੇਦ ਨੂੰ ਸੁਝਾਅ ਦਿੱਤਾ ਸੀ। ਲੈ ਦੇ ਕਰਕੇ ਮੁੰਡਿਆਂ ਨਾਲ ਸਮਝੌਤਾ ਕਰ ਲਓ। ਕੱਲ੍ਹ ਨੂੰ ਕੋਈ ਭਾਣਾ ਵਰਤ ਗਿਆ ਤਾਂ ਉਸ ਨੂੰ ਉਲਾਂਭਾ ਨਾ ਦਿਓ।

ਰਾਮ ਨਾਥ ਨੂੰ ਇਸ ਤਾੜਨਾ ਦੀ ਖ਼ਬਰ ਮਿਲੀ ਸੀ, ਪਰ ਉਸਨੇ ਇਸ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ। ਕਾਨੂੰਨ ਦੀ ਪੜ੍ਹਾਈ ਕਰਦੇ ਸਮੇਂ ਉਨ੍ਹਾਂ ਨੂੰ ਅਪਰਾਧ ਵਿਗਿਆਨ ਪੜ੍ਹਾਇਆ ਜਾਂਦਾ ਸੀ। ਇਸ ਵਿਗਿਆਨ ਦੇ ਇੱਕ ਪਾਠ ਦਾ ਅਧਿਐਨ ਕਰਦੇ ਉਸ ਨੇ ਪੜ੍ਹਿਆ ਸੀ ਕਿ ਸਭਿਅਕ ਜਮਾਤਾਂ ਸਰੀਰਕ ਹਿੰਸਾ ਦਾ ਸਹਾਰਾ ਨਹੀਂ ਲੈਂਦੀਆਂ। ਖ਼ੂਨ ਖਰਾਬੇ ਦੀ ਥਾਂ ਉਹ ਕਾਨੂੰਨੀ ਲੜਾਈ ਲੜਨ ਵਿੱਚ ਵਿਸ਼ਵਾਸ ਰੱਖਦੀਆਂ ਹਨ। ਇਹ ਕੇਵਲ ਸਿਧਾਂਤ ਹੀ ਨਹੀਂ ਸੀ। ਇਸ ਸਿਧਾਂਤ ਨੂੰ ਸੱਚ ਦੀ ਕਸਵੱਟੀ ’ਤੇ ਪੂਰਾ ਉਤਰਦੇ ਰਾਮ ਨਾਥ ਨਿਤ ਦੇਖਦਾ ਸੀ। ਇੱਕ ਭਈਆ ਦੂਸਰੇ ਭਈਏ ਦਾ ਪੰਜਾਹ ਰੁਪਏ ਦੇ ਝਗੜੇ ਕਾਰਨ ਗਲ਼ ਵੱਢ ਦਿੰਦਾ ਸੀ। ਪਰ ਮਾਇਆ ਨਗਰ ਵਿੱਚ ਲੋਕਾਂ ਦੇ ਮੁਕੱਦਮੇ ਵੀ ਚੱਲਦੇ ਸਨ ਅਤੇ ਸਾਂਝੇ ਕਾਰੋਬਾਰ ਵੀ। ਪਤੀ ਪਤਨੀ ਤਲਾਕ ਲੈ ਕੇ ਵੀ ਇੱਕ ਦੂਜੇ ਦੇ ਘਰ ਰਾਤ ਕੱਟ ਜਾਂਦੇ ਸਨ।

ਇਸੇ ਸਿਧਾਂਤ ’ਤੇ ਅਮਲ ਕਰਦਿਆਂ ਰਾਮ ਨਾਥ ਨੇ ਵੇਦ ਨੂੰ ਇਸ ਚਿਤਾਵਨੀ ਉਪਰ ਧਿਆਨ ਨਾ ਦੇਣ ਦੀ ਸਲਾਹ ਦਿੱਤੀ ਸੀ। ਹੁਣ ਉਸ ਨੂੰ ਆਪਣੀ ਇਸ ਸਲਾਹ ’ਤੇ ਪਛਤਾਵਾ ਹੋ ਰਿਹਾ ਸੀ।

ਮਾਇਆ ਨਗਰ ਵਿੱਚ ਜਾਣ ਲਈ ਰਾਮ ਨਾਥ ਨੇ ਟੈਕਸੀ ਮੰਗਵਾ ਲਈ। ਟਰੈਕਸੂਟ ਲਾਹ ਕੇ ਕੁੜਤਾ ਪਜਾਮਾ ਪਾ ਲਿਆ। ਅਲਮਾਰੀ ਵਿੱਚ ਹੱਥ ਮਾਰਿਆ। ਦਸ ਹਜ਼ਾਰ ਰੁਪਿਆ ਪਿਆ ਸੀ। ਚੁੱਕ ਕੇ ਬੋਝੇ ਪਾ ਲਿਆ।

ਛੋਟੇ ਭਰਾ ਮੰਗਤ ਨੂੰ ਬੁਲਾ ਕੇ ਸਾਰੀ ਸਥਿਤੀ ਤੋਂ ਜਾਣੂ ਕਰਾਇਆ। ਬੱਚਿਆਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਲਾਈ। ਵੀਹ ਹਜ਼ਾਰ ਦਾ ਚੈੱਕ ਕੱਟ ਕੇ ਉਸਨੂੰ ਫੜਾਇਆ।

ਦਿਨੇ ਉਹ ਬੈਂਕ ਵਿਚੋਂ ਪੈਸੇ ਕਢਵਾ ਲਏ। ਮਾਇਆ ਨਗਰ ਜਾਂਦਿਆਂ ਹੀ ਉਹ ਫ਼ੋਨ ਕਰੇਗਾ।

ਮਸਲਾ ਗੰਭੀਰ ਨਾ ਹੋਇਆ ਤਾਂ ਸ਼ਾਮ ਤਕ ਵਾਪਸ ਆ ਜਾਏਗਾ। ਲੋੜ ਪਈ ਤਾਂ ਮੰਗਤ ਨੂੰ ਬੁਲਾ ਲਏਗਾ।

ਰਾਮ ਨਾਥ ਦੇ ਸ਼ਹਿਰ ਤੋਂ ਮਾਇਆ ਨਗਰ ਦਾ ਰਸਤਾ ਇੱਕ ਘੰਟੇ ਦਾ ਸੀ। ਅੱਗੇ ਇਹ ਪੈਂਡਾ ਅੱਖ ਝਪਕਦਿਆਂ ਨਿਕਲ ਜਾਂਦਾ ਸੀ। ਅੱਜ ਹਰ ਪਲ ਜਿਵੇਂ ਜੁਗਾਂ ਜਿੱਡਾ ਲੰਬਾ ਹੋ ਗਿਆ ਸੀ। ਉਸਦਾ ਮਨ ਕਾਹਲਾ ਪੈ ਰਿਹਾ ਸੀ। ਉਸਨੂੰ ਨੀਲਮ ਦੇ ਪਰਿਵਾਰ ਦੀ ਚਿੰਤਾ ਖਾ ਰਹੀ ਸੀ। ਫ਼ੋਨ ’ਤੇ ਕਦੇ ਸੱਚ ਨਹੀਂ ਦੱਸਿਆ ਜਾਂਦਾ। ਬਹੁਤ ਕੁੱਝ ਛੁਪਾ ਲਿਆ ਲਗਦਾ ਸੀ। ਰੱਬ ਖੈਰ ਕਰੇ। ਮਨ ਹੀ ਮਨ ਉਹ ਪ੍ਰਾਰਥਨਾ ਕਰ ਰਿਹਾ ਸੀ।

ਇਹ ਵਾਰਦਾਤ ਕਿਸ ਨੇ ਕੀਤੀ ਹੋਏਗੀ?

ਕਾਰ ਦੇ ਮਾਇਆ ਨਗਰ ਦੇ ਰਾਹ ਪੈਂਦਿਆਂ ਹੀ ਰਾਮ ਨਾਥ ਦਾ ਜ਼ਿਹਨ ਪ੍ਰਸ਼ਨਾਂ ਨਾਲ ਭਰਨ ਲੱਗਾ।

ਅੱਜ ਕੱਲ੍ਹ ਕਾਲੇ ਕੱਛਿਆਂ ਵਾਲੇ ਅਜਿਹੀਆਂ ਵਾਰਦਾਤਾਂ ਵਿੱਚ ਰੁੱਝੇ ਹੋਏ ਹਨ।

ਹੋ ਸਕਦਾ ਹੈ ਇਹ ਵਾਰਦਾਤ ਅਜਿਹੇ ਕਿਸੇ ਗਰੋਹ ਨੇ ਕੀਤੀ ਹੋਵੇ?

ਦੂਸਰੇ ਹੀ ਪਲ ਉਸਨੇ ਕਾਲੇ ਕੱਛਿਆਂ ਵਾਲਿਆਂ ਦੇ ਇਸ ਵਾਰਦਾਤ ਵਿੱਚ ਸ਼ਾਮਲ ਹੋਣ ਨੂੰ ਨਕਾਰ ਦਿੱਤਾ। ਇਹ ਗਰੋਹ ਅਜਿਹੀ ਵਾਰਦਾਤ ਸ਼ਹਿਰਾਂ ਜਾਂ ਪਿੰਡਾਂ ਦੇ ਬਾਹਰਵਾਰ ਵੱਸੇ ਘਰਾਂ ਵਿੱਚ ਕਰਦਾ ਸੀ। ਨੀਲਮ ਦਾ ਘਰ ਸ਼ਹਿਰ ਦੇ ਪਚੱਗ ਵਿੱਚ ਸੀ। ਗਲੀ ਦੇ ਦੋਹੀਂ ਪਾਸੀਂ ਲੋਹੇ ਦੇ ਵੱਡੇ ਗੇਟ ਸਨ। ਪਹਿਰੇਦਾਰ ਸਾਰੀ ਰਾਤ ਪਹਿਰਾ ਦਿੰਦਾ ਸੀ।

ਇਹ ਵਾਰਦਾਤ ਕਿਸੇ ਗਿਣੀ ਮਿਥੀ ਸਾਜ਼ਿਸ਼ ਤਹਿਤ ਹੋਈ ਜਾਪਦੀ ਸੀ।

ਰਾਮ ਨਾਥ ਦੀ ਹਦਾਇਤ ਉਪਰ ਡਰਾਈਵਰ ਨੇ ਗੱਡੀ ਸੌ ਦੀ ਸਪੀਡ ਉਪਰ ਛੱਡ ਦਿੱਤੀ। ਉਸੇ ਰਫ਼ਤਾਰ ਨਾਲ ਰਾਮ ਨਾਥ ਖਿਆਲੀ ਘੋੜੇ ਦੌੜਾ ਦੌੜਾ ਅਤੇ ਟੁੱਟੀਆਂ ਤੰਦਾਂ ਜੋੜ ਜੋੜ ਘਟਨਾ ਦੀ ਤਹਿ ਤਕ ਜਾਣ ਦਾ ਯਤਨ ਕਰਨ ਲੱਗਾ।

ਰਾਮ ਨਾਥ ਨੂੰ ਮੋਹਨ ਦੇ ਮੁੰਡਿਆਂ ’ਤੇ ਸ਼ੱਕ ਹੋ ਰਿਹਾ ਸੀ। ਪਰ ਉਹ ਵੇਦ ਦੇ ਪਰਿਵਾਰ ਦੇ ਖੂਨ ਦੇ ਪਿਆਸੇ ਬਣ ਜਾਣਗੇ, ਇਹ ਸੱਚਾਈ ਉਸ ਤੋਂ ਨਿਗਲੀ ਨਹੀਂ ਸੀ ਜਾ ਰਹੀ।

ਮੋਹਨ ਵੱਡਾ ਭਰਾ ਸੀ। ਵੇਦ ਛੋਟਾ ਸੀ। ਪਰ ਦੋਹਾਂ ਵਿਚਕਾਰ ਰਿਸ਼ਤਾ ਪਿਓ ਪੁੱਤਰਾਂ ਵਰਗਾ ਸੀ। ਮੋਹਨ ਉਮਰ ਵਿੱਚ ਵੇਦ ਨਾਲੋਂ ਕੇਵਲ ਦਸ ਸਾਲ ਵੱਡਾ ਸੀ, ਪਰ ਰੁਤਬੇ ਵਿੱਚ ਸੌ ਗੁਣਾ ਵੱਡਾ ਸੀ।

ਵੇਦ ਹਾਲੇ ਤੀਸਰੀ ਵਿੱਚ ਪੜ੍ਹਦਾ ਸੀ, ਜਦੋਂ ਮੋਹਨ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਮਾਇਆ ਨਗਰ ਦੇ ਮਸ਼ਹੂਰ ਇੰਜੀਨੀਅਰਿੰਗ ਕਾਲਜ ਵਿੱਚ ਦਾਖ਼ਲ ਹੋਇਆ ਸੀ। ਉਸ ਸਮੇਂ ਇਸ ਕਾਲਜ ਵਿੱਚ ਦਾਖ਼ਲਾ ਚੁਣਵੇਂ ਵਿਦਿਆਰਥੀਆਂ ਨੂੰ ਮਿਲਦਾ ਸੀ।

ਡਿਗਰੀ ਹਾਸਲ ਕਰਦਿਆਂ ਹੀ ਉਸਨੂੰ ਨੌਕਰੀ ਮਿਲ ਗਈ। ਪੀ.ਡਬਲਯੂ.ਡੀ.ਵਰਗਾ ਮਹਿਕਮਾ ਮਿਲ ਗਿਆ ਅਤੇ ਐਸ.ਡੀ.ਓ.ਦਾ ਰੁਤਬਾ। ਬਠਿੰਡੇ ਵਰਗੇ ਸ਼ਹਿਰ ਵਿੱਚ ਨਿਯੁਕਤੀ ਹੋ ਗਈ, ਜਿਹੜਾ ਓਹਨੀਂ ਦਿਨੀਂ ਤਰੱਕੀ ਦੀਆਂ ਮੰਜ਼ਲਾਂ ਛਾਲੀਂ ਤੈਅ ਕਰ ਰਿਹਾ ਸੀ। ਕਿਧਰੇ ਥਰਮਲ ਪਲਾਂਟ ਉਸਰ ਰਿਹਾ ਸੀ, ਕਿਧਰੇ ਖਾਦ ਫੈਕਟਰੀ। ਕਿਧਰੇ ਫੌਜੀ ਛਾਉਣੀ ਦਾ ਵਿਸਥਾਰ ਹੋ ਰਿਹਾ ਸੀ, ਕਿਧਰੇ ਹੋਟਲ ਸਿਨਮੇ ਉਸਰ ਰਹੇ ਸਨ।

ਆਵਾਜਾਈ ਨੂੰ ਸੌਖਾ ਬਨਾਉਣ ਲਈ ਸਰਕਾਰ ਸੜਕਾਂ ਦਾ ਜਾਲ ਵਿਛਾ ਰਹੀ ਸੀ।

ਸਰਕਾਰੀ ਇਮਾਰਤਾਂ ਧਰਤੀ ਦੀ ਹਿੱਕ ’ਤੇ ਖੁੰਭਾਂ ਵਾਂਗ ਉੱਗ ਰਹੀਆਂ ਸਨ।

ਮੋਹਨ ਲਾਲ ਹੱਥੀਂ ਕੰਮ ਕਰਕੇ ਖਾਣ ਵਾਲੇ ਪਰਿਵਾਰ ਵਿਚੋਂ ਆਇਆ ਸੀ। ਸਰੀਰਕ ਮਿਹਨਤ ਕਰਨ ਦੀ ਉਸ ਦੀ ਪਹਿਲੇ ਦਿਨੋਂ ਆਦਤ ਸੀ। ਦਿਮਾਗ਼ ਦੇਣ ਵਿੱਚ ਕੁਦਰਤ ਨੇ ਖੁੱਲ੍ਹ ਵਰਤੀ ਸੀ। ਦੋਹਾਂ ਦੇ ਸੁਮੇਲ ਨਾਲ ਮੋਹਨ ਦੇ ਕੰਮ ਦੀਆਂ ਚਾਰੇ ਪਾਸੇ ਧੁੰਮਾਂ ਪੈ ਗਈਆਂ। ਹਰ ਸੜਕ, ਹਰ ਇਮਾਰਤ ਮਿਥੇ ਟੀਚੇ ਤੋਂ ਪਹਿਲਾਂ ਤਿਆਰ ਕਰਾਉਣ ਲਈ ਉਹ ਮਸ਼ਹੂਰ ਹੋ ਗਿਆ।

ਨਾਂ ਦੇ ਨਾਲ ਨਾਲ ਮੋਹਨ ਨੇ ਰੱਜਵਾਂ ਧਨ ਵੀ ਕਮਾਇਆ। ਲੇਬਰ ਦੇ ਠੇਕੇਦਾਰ ਤੋਂ ਲੈ ਕੇ ਲੁੱਕ ਸੀਮਿੰਟ ਦੇ ਠੇਕੇਦਾਰ ਤਕ ਉਸਨੂੰ ਕਮਿਸ਼ਨ ਦੇਣਾ ਪੈਂਦਾ ਸੀ। ਹੌਲੀ ਹੌਲੀ ਉਸ ਨੇ ਠੇਕੇਦਾਰਾਂ ਨਾਲ ਦੋਸਤੀ ਪਾ ਲਈ। ਕਮਿਸ਼ਨ ਦੀ ਥਾਂ ਉਨ੍ਹਾਂ ਨਾਲ ਹਿੱਸੇਦਾਰੀ ਕਰ ਲਈ।

ਸ਼ਹਿਰ ਦੇ ਇੱਕ ਸਿਰਕੱਢ ਠੇਕੇਦਾਰ ਨੇ ਉਸ ਦੀ ਪ੍ਰਤਿਭਾ ਨੂੰ ਪਹਿਚਾਣ ਕੇ ਉਸਨੂੰ ਆਪਣਾ ਜਵਾਈ ਬਣਾ ਲਿਆ। ਬਠਿੰਡੇ ਸ਼ਹਿਰ ਵਿੱਚ ਉਸਦੇ ਪੈਰ ਹੋਰ ਪੱਕੇ ਹੋ ਗਏ।

ਮੋਹਨ ਲਾਲ ਨੇ ਆਪਣੀ ਸਥਿਤੀ ਮਜ਼ਬੂਤ ਕਰਕੇ ਘਰ ਦੇ ਸੁਧਾਰ ਵੱਲ ਧਿਆਨ ਦਿੱਤਾ। ਕੱਚੇ ਪੱਕੇ ਮਕਾਨ ਦੀ ਥਾਂ ਦੋ ਮੰਜ਼ਲੀ ਇਮਾਰਤ ਉਸਾਰ ਦਿੱਤੀ। ਬਾਪ ਨੂੰ ਕਰਿਆਨੇ ਦੀ ਦੁਕਾਨ ਤੋਂ ਉਠਾ ਕੇ ਕੱਪੜੇ ਦੇ ਆਲੀਸ਼ਾਨ ਸ਼ੋਅ ਰੂਮ ਉਪਰ ਬੈਠਾ ਦਿੱਤਾ।

ਮੋਹਨ ਨੇ ਬਹੁਤ ਕੋਸ਼ਿਸ਼ ਕੀਤੀ। ਵੇਦ ਦੋ ਅੱਖਰ ਪੜ੍ਹਕੇ ਕੋਈ ਚੰਗੀ ਲਾਈਨ ਅਖ਼ਤਿਆਰ ਕਰ ਲਏ। ਡਾਕਟਰ ਬਣੇ ਜਾਂ ਇੰਜੀਨੀਅਰ। ਪਰ ਵੇਦ ਦਾ ਧਿਆਨ ਪੜ੍ਹਾਈ ਵੱਲ ਘੱਟ, ਖੇਡਾਂ ਵੱਲ ਜ਼ਿਆਦਾ ਸੀ। ਪਹਿਲਵਾਨੀ ਉਸਦਾ ਪਹਲਿਾ ਸ਼ੌਕ ਸੀ। ਉਹ ਸਾਰਾ ਦਿਨ ਡੰਡ ਬੈਠਕਾਂ ਕੱਢਣ ਵਿੱਚ ਬਿਤਾ ਦਿੰਦਾ ਸੀ।

ਅੱਜ ਕੱਲ੍ਹ ਦੇ ਦਿਨ ਹੁੰਦੇ ਤਾਂ ਮੋਹਨ ਉਸ ਨੂੰ ਡੋਨੇਸ਼ਨ ਦੇ ਕੇ ਕਿਧਰੇ ਦਾਖ਼ਲਾ ਲੈ ਦਿੰਦਾ। ਓਹਨੀਂ ਦਿਨੀਂ ਨੰਬਰਾਂ ਦੀ ਪੁੱਛ ਪੈਂਦੀ ਸੀ ਅਤੇ ਨੰਬਰ ਵੇਦ ਦੇ ਪੱਲੇ ਨਹੀਂ ਸਨ ਪੈਂਦੇ।

ਡਿਗਦੇ ਢਹਿੰਦੇ ਵੇਦ ਨੇ ਜਿਉਂ ਹੀ ਬੀ.ਏ.ਪਾਸ ਕੀਤੀ ਮੋਹਨ ਲਾਲ ਨੇ ਮਿਉਂਸੀਪਲ ਕਮੇਟੀ ਦੇ ਪ੍ਰਧਾਨ ਨਾਲ ਗੰਢ ਤੁੱਪ ਕਰਕੇ ਉਸਨੂੰ ਕਲਰਕ ਭਰਤੀ ਕਰਵਾ ਦਿੱਤਾ। ਨਾਲ ਪ੍ਰਧਾਨ ਤੋਂ ਵਾਅਦਾ ਲਿਆ, ਜਿਉਂ ਹੀ ਚੁੰਗੀ ਜਾਂ ਟੈਕਸ ਇੰਸਪੈਕਟਰ ਦੀ ਆਸਾਮੀ ਖਾਲੀ ਹੋਈ ਉਹ ਝੱਟ ਵੇਦ ਨੂੰ ਉੱਥੇ ਅੜਾ ਦੇਵੇਗਾ।

ਮੋਹਨ ਲਾਲ ਦੇ ਰੁਤਬੇ ਨੂੰ ਧਿਆਨ ਵਿੱਚ ਰੱਖਦਿਆਂ ਰਾਮ ਨਾਥ ਦੇ ਬਾਪ ਨੇ ਆਪਣੀ ਸਭ ਤੋਂ ਸੋਹਣੀ ਅਤੇ ਬੀ.ਏ.ਪਾਸ ਧੀ ਨੂੰ ਉਸ ਦੇ ਲੜ ਲਾ ਦਿੱਤਾ।

ਸਭ ਪਾਸਿਉਂ ਸੰਤੁਸ਼ਟ ਵੇਦ ਢੋਲੇ ਗਾਉਣ ਲੱਗਾ।

ਪੰਜ ਸਾਲ ਦੀ ਮਿਆਦ ਪੂਰੀ ਹੋਣ ਤੇ ਜਦੋਂ ਮੋਹਨ ਲਾਲ ਦੇ ਅਫ਼ਸਰ ਦੀ ਬਦਲੀ ਪਟਿਆਲੇ ਦੀ ਹੋਈ, ਉਹ ਮੋਹਨ ਲਾਲ ਨੂੰ ਬਦਲਵਾ ਕੇ ਪਟਿਆਲੇ ਲੈ ਗਿਆ। ਮੋਹਨ ਨੇ ਪਟਿਆਲੇ ਦਾ ਮੂੰਹ ਮੱਥਾ ਸੰਵਾਰ ਦਿੱਤਾ। ਨਾਲ ਆਪਣੀ ਤਜੌਰੀ ਭਰ ਲਈ।

ਤਰੱਕੀ ਲੈ ਕੇ ਅਫ਼ਸਰ ਮਾਇਆ ਨਗਰ ਚਲਾ ਗਿਆ। ਮੋਹਨ ਲਾਲ ਦੀ ਤਰੱਕੀ ਹੋਣ ਵਾਲੀ ਸੀ। ਤਰੱਕੀ ਵਿੱਚ ਕੋਈ ਵਿਘਨ ਨਾ ਪਏ ਇਸ ਲਈ ਮੋਹਨ ਲਾਲ ਨੂੰ ਅਫ਼ਸਰ ਦੇ ਖੰਭਾਂ ਦੀ ਜ਼ਰੂਰਤ ਸੀ।

ਅਫ਼ਸਰ ਨੇ ਮੋਹਨ ਲਾਲ ਦੀ ਬੇਨਤੀ ਝੱਟ ਪਰਵਾਨ ਕਰ ਲਈ। ਅੱਜ ਕੱਲ੍ਹ ਮਿਹਨਤੀ ਅਤੇ ਵਫ਼ਾਦਾਰ ਅਫ਼ਸਰਾਂ ਦੀ ਕਮੀ ਹੁੰਦੀ ਜਾ ਰਹੀ ਸੀ। ਮੋਹਨ ਵਿੱਚ ਇਹ ਦੋਵੇਂ ਗੁਣ ਸਨ। ਉਹ ਝੱਟ ਉਸਨੂੰ ਮਾਇਆ ਨਗਰ ਲੈ ਗਿਆ।

ਮਾਇਆ ਨਗਰ ਵਿੱਚ ਮੋਹਨ ਵਰਗੇ ਕਈ ਮਿਹਨਤੀ ਅਫ਼ਸਰ ਬੈਠੇ ਸਨ। ਉਹ ਵਫ਼ਾਦਾਰ ਭਾਵੇਂ ਘੱਟ ਸਨ ਪਰ ਜੁਗਾੜੀਏ ਵੱਧ ਸਨ।

ਮੋਹਨ ਲਾਲ ਅਫ਼ਸਰਾਂ ਦੀ ਭੀੜ ਵਿੱਚ ਗੁਆਚ ਗਿਆ।

ਪਰ ਦਰਿਆਵਾਂ ਦੇ ਵਹਾਅ ਠੱਲ੍ਹੇ ਨਹੀਂ ਰਹਿੰਦੇ। ਮੋਹਨ ਲਾਲ ਨੇ ਮਹਿਕਮੇ ਦਾ ਖਹਿੜਾ ਛੱਡ ਕੇ ਮਾਇਆ ਨਗਰ ਦੀਆਂ ਵਿਉਪਾਰਕ ਸੰਭਾਵਨਾਵਾਂ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ।

ਸੜਕਾਂ ’ਤੇ ਲੁੱਕ ਵਿਛਾਉਣ ਦਾ ਰਵਾਇਤੀ ਤਰੀਕਾ ਮਹਿੰਗਾ ਵੀ ਪੈ ਰਿਹਾ ਸੀ ਅਤੇ ਕੰਮ ਵੀ ਵਧੀਆ ਨਹੀਂ ਸੀ ਹੋ ਰਿਹਾ। ਸਰਕਾਰ ਨੇ ਸਾਰੇ ਫਾਇਦੇ ਨੁਕਸਾਨ ਵਿਚਾਰ ਕੇ ਮਿਕਸ ਪਲਾਂਟਾਂ ਵਿੱਚ ਤਿਆਰ ਕੀਤੇ ਮਾਲ ਨੂੰ ਸੜਕਾਂ ’ਤੇ ਵਿਛਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਝੱਟ ਮੋਹਨ ਲਾਲ ਨੇ ਆਪਣੇ ਤਜਰਬੇ ਤੋਂ ਫ਼ਾਇਦਾ ਉਠਾਉਣ ਦਾ ਮਨ ਬਣਾ ਲਿਆ।

ਜਿਸ ਜਿਸ ਅਫ਼ਸਰ ਨੇ ਮਿਕਸ ਪਲਾਂਟ ਚੱਲਣ ਵਿੱਚ ਮਦਦਗਾਰ ਸਾਬਤ ਹੋਣਾ ਸੀ, ਉਨ੍ਹਾਂ ਦੇ ਹਿੱਸੇ ਪੱਤੀਆਂ ਰੱਖ ਕੇ ਦਿਨਾਂ ਵਿੱਚ ਮਿਕਸ ਪਲਾਂਟ ਗੱਡ ਦਿੱਤਾ।

ਓਨਾ ਮਾਲ ਸੜਕਾਂ ’ਤੇ ਨਹੀਂ ਸੀ ਪੈਂਦਾ ਜਿੰਨਾ ਬਚ ਰਹਿੰਦਾ ਸੀ। ਓਨੀ ਕਮਾਈ ਸੜਕਾਂ ਤੇ ਮਾਲ ਵਿਛਾਅ ਕੇ ਨਹੀਂ ਸੀ ਹੁੰਦੀ, ਜਿੰਨੀ ਬਚੇ ਮਾਲ ਨੂੰ ਵੇਚ ਕੇ ਹੁੰਦੀ ਸੀ।

ਪਲਾਂਟ ਦਾ ਖਰਚਾ ਦੋ ਸਾਲ ਵਿੱਚ ਨਿਕਲ ਗਿਆ। ਜਦੋਂ ਤਕ ਮਿਕਸ ਪਲਾਂਟ ਵਿਚੋਂ ਹੁੰਦੀ ਕਮਾਈ ਦੀ ਸਮਝ ਹੋਰ ਵਿਉਪਾਰੀਆਂ ਨੂੰ ਲਗਦੀ, ਉਦੋਂ ਤਕ ਮੋਹਨ ਲਾਲ ਕਈ ਕਰੋੜ ਰੁਪਿਆ ਕਮਾ ਚੁੱਕਾ ਸੀ।

ਇਸ ਕਮਾਈ ਵਿਚੋਂ ਉਹ ਸ਼ਹਿਰ ਦੀ ਹੱਦ ’ਤੇ ਚਲਦੇ ਦੋ ਭੱਠੇ ਅਤੇ ਇੱਕ ਸ਼ੈਲਰ ਖਰੀਦ ਚੁੱਕਾ ਸੀ। ਕੋਇਲੇ ਦੀ ਦਲਾਲੀ ਵਿਚੋਂ ਚੰਗਾ ਪੈਸਾ ਬਣ ਰਿਹਾ ਸੀ। ਵਿਚੇ ਇਸ ਵਿਉਪਾਰ ਵਿੱਚ ਨਹੁੰ ਅਟਕਾ ਲਿਆ।

ਵਧੀਆ ਇੱਟ ਮਾਇਆ ਨਗਰ ਦੇ ਵਿਉਪਾਰੀ ਲੈ ਜਾਂਦੇ। ਪਿੱਲੀ ਇੱਟ ਵਧੀਆ ਇੱਟ ਦੇ ਭਾਅ ਸਰਕਾਰ ਦੀਆਂ ਸੜਕਾਂ ਅਤੇ ਇਮਾਰਤਾਂ ਵਿੱਚ ਖਪ ਜਾਂਦੀ। ਕੋਇਲੇ ਦੇ ਨਾਲ ਨਾਲ ਮੋਹਨ ਲਾਲ ਨੇ ਸਰਕਾਰ ਨੂੰ ਲੁੱਕ ਸਪਲਾਈ ਕਰਨ ਦੇ ਠੇਕੇ ਲੈ ਲਏ। ਚੌਥਾ ਹਿੱਸਾ ਕੋਲਤਾਰ ਮਾਇਆ ਨਗਰ ਪੁੱਜਦੀ। ਤਿੰਨ ਚੌਥਾਈ ਮਥੁਰਾ ਵਿੱਚ ਹੀ ਵਿਕ ਜਾਂਦੀ ਸੀ।

ਮੀਂਹ ਵਾਂਗ ਬਰਸਦੇ ਪੈਸੇ ਨੂੰ ਮੋਹਨ ਲਾਲ ਕਿਥੇ ਸੰਭਾਲੇ?

ਦੋਸਤਾਂ ਮਿੱਤਰਾਂ ਨੇ ਸਲਾਹ ਦਿੱਤੀ। ਬਲੈਕ ਮਨੀ ਨੂੰ ਜਾਇਦਾਦ ਵਿੱਚ ਖਪਾਓ।

ਮਾਇਆ ਨਗਰ ਵਿੱਚ ਪਲਾਟਾਂ ਦੀ ਕੀਮਤ ਪੰਜਾਹ ਪੰਜਾਹ ਲੱਖ ਰੁਪਏ ਤਕ ਸੀ। ਇੱਕ ਨੰਬਰ ਦੇ ਲੱਖ ਨਾਲ ਵੀਹ ਲੱਖ ਛਪ ਜਾਂਦਾ ਸੀ।

ਇਸ ਧੰਦੇ ਵਿੱਚ ਸਭ ਤੋਂ ਵੱਧ ਲੁੱਟ ਸੀ। ਪਲਾਟਾਂ ਦੀ ਖ਼ਰੀਦੋ ਫਰੋਖ਼ਤ ਛੱਡ ਕੇ ਉਸ ਨੇ ਕਾਲੋਨੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ।

ਮਰਿਆਂ ਖਪਿਆਂ ਅਤੇ ਲਵਾਰਸਾਂ ਦੀ ਜ਼ਮੀਨ ਮਿੱਟੀ ਦੇ ਮੁੱਲ ਮਿਲਦੀ ਸੀ। ਮਾਲ ਮਹਿਕਮੇ ਅਤੇ ਪੁਲਿਸ ਦੇ ਅਫ਼ਸਰਾਂ ਨਾਲ ਮਿਲ ਕੇ ਮਿੱਟੀ ਸੋਨੇ ਵਿੱਚ ਬਦਲ ਜਾਂਦੀ ਸੀ।

ਕਾਲੋਨੀ ਦੇ ਧੰਦੇ ਨੇ ਇੱਕ ਹੋਰ ਫ਼ਾਇਦਾ ਕੀਤਾ। ਅਫ਼ਸਰਾਂ, ਸ਼ਾਹੂਕਾਰਾਂ ਅਤੇ ਵਿਉਪਾਰੀਆਂ ਨਾਲ ਵਾਹ ਪੈਣ ਲੱਗਾ। ਸਿਆਸੀ ਬੰਦਿਆਂ ਦਾ ਕਾਲਾ ਧਨ ਖਪਾਉਣ ਦਾ ਮੌਕਾ ਮਿਲਣ ਲੱਗਾ। ਉਸਦੀ ਜਾਣ ਪਹਿਚਾਣ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ।

ਸਾਰੇ ਅੜੇ ਕੰਮ ਚੁਟਕੀ ਚ ਹੋਣ ਲੱਗੇ।

ਦੋਸਤਾਂ ਦੇ ਨਾਲ ਨਾਲ ਦੁਸ਼ਮਣਾਂ ਦੀ ਗਿਣਤੀ ਵੀ ਵਧਣ ਲੱਗੀ। ਕਦੇ ਇਨਕਮਟੈਕਸ ਵਾਲਿਆਂ ਨੇ ਛਾਪੇ ਮਾਰੇ ਅਤੇ ਕਦੇ ਵਿਜੀਲੈਂਸ ਵਾਲਿਆਂ ਨੇ। ਉਸਦੀ ਜਾਇਦਾਦ ਦੀ ਪੜਤਾਲ ਹੋਈ, ਪਰਚੇ ਦਰਜ ਹੋਏ ਅਤੇ ਮੁਕੱਦਮੇ ਚੱਲਣ ਲੱਗੇ।

ਸਰਕਾਰੀ ਨੌਕਰੀ ਉਹ ਛੱਡਣੀ ਨਹੀਂ ਸੀ ਚਾਹੁੰਦਾ। ਉਸਦਾ ਰੁਤਬਾ ਵੱਡਾ ਸੀ।

ਸਰਕਾਰ ਵਿੱਚ ਪੁੱਛ ਬਣੀ ਹੋਈ ਸੀ। ਆਪਣੇ ਰੁਤਬੇ ਦੇ ਆਧਾਰ ’ਤੇ ਉਹ ਅਫਸਰਾਂ ਨੂੰ ਆਸਾਨੀ ਨਾਲ ਮਿਲ ਸਕਦਾ ਸੀ। ਕਲੱਬਾਂ ਹੋਟਲਾਂ ਵਿੱਚ ਜਾ ਸਕਦਾ ਸੀ।

ਅਫ਼ਸਰੀ ਦੇ ਨਾਲੋ ਨਾਲ ਵਿਉਪਾਰ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਬੱਚੇ ਹਾਲੇ ਛੋਟੇ ਸਨ। ਪਤਨੀ ਬਹੁਤੀ ਹੁਸ਼ਿਆਰ ਨਹੀਂ ਸੀ। ਮਾਇਆ ਨਗਰ ਵਿੱਚ ਹੋਰ ਸਭ ਕੁੱਝ ਸੀ, ਪਰ ਵਫ਼ਾਦਾਰੀ ਦਾ ਨਾਂ ਨਿਸ਼ਾਨ ਨਹੀਂ ਸੀ। ਕਿਹੜਾ ਕਦੋਂ ਠੱਗੀ ਮਾਰ ਜਾਏ, ਕੋਈ ਭਰੋਸਾ ਨਹੀਂ ਸੀ। ਜਿਹੜੇ ਬੰਦਿਆਂ ਨੂੰ ਮੋਹਨ ਨੇ ਦਿਹਾੜੀਦਾਰਾਂ ਤੋਂ ਠੇਕੇਦਾਰ ਬਣਾਇਆ ਸੀ, ਲੋੜ ਪੈਣ ’ਤੇ ਉਹੋ ਉਸ ਨੂੰ ਠਿੱਬੀ ਪਾ ਰਹੇ ਸਨ।

ਮੋਹਨ ਲਾਲ ਭਰੋਸਾ ਕਰੇ ਤਾਂ ਕਿਸ ’ਤੇ? ਇਸ ਸਮੱਸਿਆ ਦਾ ਹੱਲ ਉਸਦੀ ਪਤਨੀ ਮਾਇਆ ਨੇ ਸੁਝਾਇਆ ਸੀ।

"ਸਾਡੇ ਨੌਕਰ ਚਾਕਰ ਕੋਠੀਆਂ ਫੈਕਟਰੀਆਂ ਦੇ ਮਾਲਕ ਬਣ ਗਏ। ਵੇਦ ਨੂੰ ਸ਼ਹਿਰ ਕਿਉਂ ਨਹੀਂ ਬੁਲਾ ਲੈਂਦੇ! ਉਹ ਚਾਰ ਪੈਸੇ ਬਣਾ ਲਏਗਾ ਤਾਂ ਘਰ ਵਿੱਚ ਤਾਂ ਰਹਿਣਗੇ।

ਭਰਾ ਭਰਾ ਦੀ ਬਾਂਹ ਹੁੰਦਾ ਹੈ। ਅੜੇ ਥੁੜੇ ਬਰਾਬਰ ਖੜੇਗਾ।”

ਪਹਿਲਾਂ ਵੇਦ ਨੇ ਜਕੋ ਤੱਕੀ ਕੀਤੀ। ਵੇਦ ਦਾ ਆਪਣੇ ਸ਼ਹਿਰ ਵਿੱਚ ਵਧੀਆ ਗੁਜ਼ਾਰਾ ਹੋ ਰਿਹਾ ਸੀ। ਉਸਦਾ ਦਿਲ ਲੱਗਾ ਹੋਇਆ ਸੀ। ਉਸਨੂੰ ਮਾਇਆ ਦੀ ਬਹੁਤੀ ਭੁੱਖ ਨਹੀਂ ਸੀ।

ਪਰ ਨੀਲਮ ਨੂੰ ਜਦੋਂ ਇਸ ਪੇਸ਼ਕਸ਼ ਦਾ ਪਤਾ ਲੱਗਾ ਉਸਦੇ ਮੂੰਹ ਵਿੱਚ ਪਾਣੀ ਆ ਗਿਆ। ਮਾਇਆ ਨਗਰ ਨੂੰ ਭਾਰਤ ਦਾ ਮਾਨਚੈਸਟਰ ਆਖਿਆ ਜਾਂਦਾ ਸੀ। ਬੱਚੇ ਕਾਰੋਬਾਰ ਚਲਾਉਣ ਵਾਲੇ ਹੋਣ ਤਾਂ ਭਾਵੇਂ ਕਰੋੜਪਤੀ ਬਣ ਜਾਣ। ਪੜ੍ਹਨਾ ਹੋਵੇ ਤਾਂ ਘਰ ਬੈਠੇ ਡਾਕਟਰ ਬਣ ਸਕਦੇ ਸਨ, ਇੰਜੀਨੀਅਰ ਬਣ ਸਕਦੇ ਸਨ। ਉੱਚ ਕੋਟੀ ਦੇ ਹੋਰ ਕੋਰਸਾਂ ਲਈ ਯੂਨੀਵਰਸਿਟੀ ਸੀ। ਉੱਤਰੀ ਭਾਰਤ ਦੇ ਸਭ ਤੋਂ ਵੱਧ ਮਾਹਿਰ ਡਾਕਟਰ ਇਸੇ ਸ਼ਹਿਰ ਵਿੱਚ ਰਹਿੰਦੇ ਸਨ। ਮਨੋਰੰਜਨ ਲਈ ਹੋਟਲ ਸਨ, ਕਲੱਬ ਸਨ। ਖ਼ਰੀਦੋ ਫ਼ਰੋਖਤ ਲਈ ਦੁਨੀਆਂ ਭਰ ਦੇ ਸ਼ੋਅ ਰੂਮ।

ਨੀਲ਼ਮ ਦੀ ਆਰ ਤੋਂ ਤੰਗ ਆ ਕੇ ਵੇਦ ਨੇ ਆਪਣਾ ਮਨ ਬਦਲ ਲਿਆ। ਬੱਚਿਆਂ ਦੇ ਭਵਿੱਖ ਲਈ ਉਹ ਕੁੱਝ ਵੀ ਕਰਨ ਨੂੰ ਤਿਆਰ ਸੀ।

ਰਾਮ ਨਾਥ ਦੀ ਟੈਕਸੀ ਮਾਇਆ ਨਗਰ ਵੱਲ ਦੌੜ ਰਹੀ ਸੀ, ਪਰ ਰਾਮ ਨਾਥ ਸਮੇਂ ਨੂੰ ਪਿਛਾਂਹ ਵੱਲ ਮੋੜਨਾ ਚਾਹੁੰਦਾ ਸੀ।

ਚੰਗਾ ਹੁੰਦਾ ਜੇ ਵੇਦ ਆਪਣਾ ਸ਼ਹਿਰ ਨਾ ਛੱਡਦਾ। ਚੰਗਾ ਹੁੰਦਾ ਜੇ ਉਸ ਨੇ ਮੋਹਨ ਦੀ ਤਜਵੀਜ਼ ਠੁਕਰਾ ਦਿੱਤੀ ਹੁੰਦੀ। ਅੱਜ ਇਹ ਦਿਨ ਨਾ ਵੇਖਣਾ ਪੈਂਦਾ।

ਉਸ ਸਮੇਂ ਕਿਸੇ ਨੂੰ ਕੀ ਪਤਾ ਸੀ ਰਾਮ ਲਕਸ਼ਮਨ ਵਾਲਾ ਪਿਆਰ ਸੁਗਰੀਵ ਬਾਲੀ ਵਿੱਚ ਬਦਲ ਜਾਏਗਾ।

ਜਦੋਂ ਤਕ ਵਿਉਪਾਰਕ ਸਾਂਝ ਮੋਹਨ ਅਤੇ ਵੇਦ ਵਿਚਕਾਰ ਰਹੀ ਸਭ ਅੱਛਾ ਹੁੰਦਾ ਰਿਹਾ। ਮੋਹਨ ਵੇਦ ਨੂੰ ਜੋ ਜ਼ਿੰਮੇਵਾਰੀ ਸੌਂਪਦਾ ਉਹ ਉਸ ਨੂੰ ਪੂਰੀ ਈਮਾਨਦਾਰੀ ਨਾਲ ਸਿਰੇ ਚੜ੍ਹਾਉਂਦਾ ਰਿਹਾ। ਮੋਹਨ ਜਿਥੇ ਆਖਦਾ, ਵੇਦ ਅੱਖਾਂ ਮੀਚ ਕੇ ਦਸਤਖ਼ਤ ਕਰ ਦਿੰਦਾ ਰਿਹਾ। ਬਦਲੇ ਵਿੱਚ ਮੋਹਨ ਉਸ ਨੂੰ ਹਿੱਸੇ ਆਉਂਦਾ ਮੁਨਾਫ਼ਾ ਬਿਨਾਂ ਕਿਸੇ ਘਾਟ ਵਾਧ ਦੇ ਦਿੰਦਾ ਰਿਹਾ।

ਜਦੋਂ ਵੇਦ ਮਾਇਆ ਨਗਰ ਆਇਆ ਸੀ ਉਸ ਦਾ ਸਾਰਾ ਸਮਾਨ ਇਕੋ ਫੋਰ ਵੀਲਰ ਵਿੱਚ ਆ ਗਿਆ ਸੀ।

ਹੁਣ ਵੇਦ ਕੋਲ ਸਭ ਕੁੱਝ ਸੀ। ਪੋਸ਼ ਕਾਲੋਨੀ ਵਿੱਚ ਪੰਜ ਸੌ ਗਜ਼ ਦੀ ਕੋਠੀ ਸੀ।

ਦੋ ਹੋਰ ਪਲਾਟ ਉਸ ਦੇ ਨਾਂ ਸਨ। ਮੋਹਨ ਦੀਆਂ ਕਈ ਫਰਮਾਂ ਵਿੱਚ ਉਹ ਹਿੱਸੇਦਾਰ ਸੀ।

ਪ੍ਰਾਪਰਟੀ ਡੀਲਰ ਦਾ ਉਸਦਾ ਆਪਣਾ ਵੱਖਰਾ ਕੰਮ ਸੀ। ਉਸਦਾ ਦਫ਼ਤਰ ਏਅਰ ਕੰਡੀਸ਼ਨ ਸੀ। ਉਸ ਕੋਲ ਏਅਰ ਕੰਡੀਸ਼ਨ ਕਾਰ ਸੀ। ਪਤਨੀ ਕੋਲ ਕਿਲੋ ਦੇ ਲਗਪਗ ਸੋਨਾ ਸੀ।

ਦੋਹਾਂ ਬੱਚਿਆਂ ਦੇ ਨਾਂ ਵੱਡੇ ਵੱਡੇ ਫਿਕਸ ਡਿਪਾਜ਼ਿਟ ਸਨ। ਵੇਦ ਦੀ ਸ਼ਰਾਫ਼ਤ ਕਾਰਨ ਆਪਣੇ ਕਾਰੋਬਾਰਾ ਵਿੱਚ ਉਸ ਦਾ ਨਾਂ ਇੱਜ਼ਤ ਨਾਲ ਲਿਆ ਜਾਂਦਾ ਸੀ।

ਨੀਲਮ ਚੰਗੇ ਖਿਆਲਾਂ ਦੀ ਧਾਰਨੀ ਸੀ। ਆਂਢ ਗੁਆਂਢ ਵਿੱਚ ਉਸਦੀ ਚੰਗੀ ਪੁੱਛਗਿੱਛ ਸੀ।

ਦੋਵੇਂ ਪਰਿਵਾਰ ਰੰਗਾਂ ਵਿੱਚ ਵੱਸਦੇ ਸਨ।

ਰਾਮ ਨਾਥ ਦੀ ਕਾਰ ਸਿਵਲ ਲਾਈਨ ਵਿੱਚ ਪ੍ਰਵੇਸ਼ ਕਰ ਗਈ। ਜਿਉਂ ਜਿਉਂ ਘਰ ਨੇੜੇ ਆ ਰਿਹਾ ਸੀ, ਉਸ ਦੇ ਦਿਲ ਦੀ ਧੜਕਨ ਤੇਜ਼ ਹੁੰਦੀ ਜਾ ਰਹੀ ਸੀ। ਪਤਾ ਨਹੀਂ ਅੱਗੋਂ ਕੀ ਸੁਨੇਹਾ ਮਿਲਣ ਵਾਲਾ ਹੈ? ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਕੋਈ ਮੈਂਬਰ ਦਮ ਵੀ ਤੋੜ ਸਕਦਾ ਸੀ।

ਮੌਤ ਦਾ ਖ਼ਿਆਲ ਆਉਂਦੇ ਹੀ ਰਾਮ ਨਾਥ ਦੇ ਮੱਥੇ ’ਤੇ ਤਰੇਲੀ ਆ ਗਈ। ਦਿਮਾਗ਼ ਨੂੰ ਘੁਮੇਰ ਚੜ੍ਹੀ। ਖੱਬੀ ਬਾਂਹ ਵਿੱਚ ਦਰਦ ਹੋਇਆ।

ਰਾਮ ਨਾਥ ਦੀ ਘਬਰਾਹਟ ਹੋਰ ਵਧ ਗਈ। ਇਹ ਸਭ ਹਾਰਟ ਅਟੈਕ ਦੀਆਂ ਨਿਸ਼ਾਨੀਆਂ ਸਨ।

ਹਾਰਟ ਅਟੈਕ ਦਾ ਖਿਆਲ ਆਉਂਦੇ ਹੀ ਰਾਮ ਨਾਥ ਨੂੰ ਫੇਰ ਮੋਹਨ ਲਾਲ ਦੀ ਯਾਦ ਆ ਗਈ।

ਇਹ ਮੋਹਨ ਨੂੰ ਹੋਈ ਹਾਰਟ ਅਟੈਕ ਦੀ ਬਿਮਾਰੀ ਹੀ ਸੀ ਜਿਸ ਨੇ ਦੋਹਾਂ ਪਰਿਵਾਰਾਂ ਦੀ ਸਾਂਝੀ ਕੰਧ ਵਿੱਚ ਤਰੇੜ ਪਾਈ ਸੀ।

ਪਹਿਲਾ ਅਟੈਕ ਉਸ ਨੂੰ ਦਸ ਸਾਲ ਪਹਿਲਾਂ ਹੋਇਆ ਸੀ। ਉਦੋਂ ਮੋਹਨ ਦੀ ਉਮਰ ਪੰਜਾਹ ਸਾਲ ਸੀ। ਬਾਈਪਾਸ ਸਰਜਰੀ ਕਰਵਾ ਕੇ ਉਹ ਨੌ ਬਰ ਨੌ ਹੋ ਗਿਆ ਸੀ। ਸਗੋਂ ਪਹਿਲਾਂ ਨਾਲੋਂ ਵੱਧ ਜਵਾਨ ਮਹਿਸੂਸ ਕਰਨ ਲੱਗਾ ਸੀ।

ਸਾਲ ਭਰ ਮੋਹਨ ਲਾਲ ਡਾਕਟਰਾਂ ਦੀਆਂ ਹਦਾਇਤਾਂ ’ਤੇ ਅਮਲ ਕਰਦਾ ਰਿਹਾ।

ਲੰਬੀਆਂ ਸੈਰਾਂ ਅਤੇ ਖਾਣ ਪੀਣ ਦਾ ਪਰਹੇਜ਼ ਕਰਦਾ ਰਿਹਾ।

ਵਧਦੇ ਕਾਰੋਬਾਰ ਨਾਲ ਦੋਸਤਾਂ ਦਾ ਘੇਰਾ ਵਿਸ਼ਾਲ ਹੁੰਦਾ ਗਿਆ। ਵਿਉਪਾਰਕ ਗੰਢਾਂ ਨੂੰ ਪੀਡਾ ਕਰਨ ਲਈ ਮਜਬੂਰਨ ਹੋਟਲਾਂ ਕਲੱਬਾਂ ਵਿੱਚ ਜਾਣਾ ਪਿਆ।

ਮੋਹਨ ਇਕੱਲਾ ਨਹੀਂ ਸੀ ਜਿਸ ਦੀ ਬਾਈਪਾਸ ਸਰਜਰੀ ਹੋਈ ਸੀ। ਇਥੇ ਅੱਧਿਆਂ ਨਾਲੋਂ ਵੱਧ ਵਿਉਪਾਰੀ ਸੀਨਾ ਚਿਰਵਾਈ ਫਿਰਦੇ ਸਨ। ਕੋਈ ਡਾਕਟਰਾਂ ਦੀ ਸਲਾਹ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ। ਖਾਧੇ ਪੀਤੇ ਬਿਨਾਂ ਮਾਨਸਿਕ ਤਨਾਅ ਦੂਰ ਹੋਣ ਵਾਲਾ ਨਹੀਂ ਸੀ। ਉਹ ਭੁੱਖੇ ਰਹਿਣ ਨਾਲੋਂ ਖਾਂਦੇ ਪੀਂਦੇ ਮਰਨ ਨੂੰ ਤਰਜੀਹ ਦਿੰਦੇ ਸਨ।

ਰੀਸੋ ਰੀਸ ਮੋਹਨ ਨੇ ਪਹਿਲਾਂ ਇੱਕ ਪੈੱਗ ਲੈਣਾ ਸ਼ੁਰੂ ਕੀਤਾ, ਫੇਰ ਦੋ ਅਤੇ ਅਖ਼ੀਰ ਤਿੰਨ।

ਜੇ ਵਿਉਪਾਰ ਵਧ ਰਿਹਾ ਸੀ ਤਾਂ ਉਮਰ ਵੀ ਵਧ ਰਹੀ ਸੀ।

ਉਧਰ ਉਸਦੇ ਸਾਥੀਆਂ ਵੱਲੋਂ ਘੁਟਾਲੇ ਕਰਨ ਦੀ ਗਿਣਤੀ ਵੱਧ ਰਹੀ ਸੀ। ਕਈ ਵਾਰ ਨੇੜਲਾ ਦੋਸਤ ਹੀ ਹੱਥ ’ਤੇ ਹੱਥ ਮਾਰ ਜਾਂਦਾ ਸੀ। ਗਿਲਾ ਕਰਨ ਤੇ ਆਖਦਾ ਸੀ “ਵਿਉਪਾਰ ਵਿੱਚ ਸਭ ਚਲਦਾ ਹੈ।”

ਘਾਟਿਆਂ ਵਾਧਿਆਂ ਅਤੇ ਖਿੱਚੋਤਾਣ ਕਾਰਨ ਮੋਹਨ ਲਾਲ ਦਾ ਮਾਨਸਿਕ ਤਨਾਉ ਵਧਣ ਲੱਗਾ। ਪਹਿਲਾਂ ਸ਼ੂਗਰ ਹੋਈ, ਫੇਰ ਖ਼ੂਨ ਦਾ ਦਬਾਅ ਹੇਠ ਉੱਤੇ ਹੋਣ ਲੱਗਾ।

ਡਾਕਟਰਾਂ ਨੇ ਖ਼ਤਰੇ ਦੀ ਘੰਟੀ ਖੜਕਾਈ। ਪਰਹੇਜ ਰੱਖੋ। ਖ਼ੂਨ ਗਾੜ੍ਹਾ ਹੁੰਦਾ ਜਾ ਰਿਹਾ ਸੀ। ਗਾੜ੍ਹਾ ਖ਼ੂਨ ਦਿਲ ’ਤੇ ਅਸਰ ਕਰ ਰਿਹਾ ਸੀ। ਦੋਬਾਰਾ ਸਰਜਰੀ ਨਹੀਂ ਹੋਣੀ।

ਦੋਬਾਰਾ ਹੋਇਆ ਅਟੈਕ ਜਾਨ ਲੇਵਾ ਸਾਬਤ ਹੋਣਾ ਹੈ।

ਡਾਕਟਰਾਂ ਦੀ ਚਿਤਾਵਨੀ ਦੇ ਬਾਵਜੂਦ ਦੂਸਰਾ ਅਟੈਕ ਹੋ ਗਿਆ।

ਫੌਰੀ ਤੌਰ ’ਤੇ ਉਸ ਅਟੈਕ ਦਾ ਅਸਰ ਮੋਹਨ ਲਾਲ ’ਤੇ ਨਹੀਂ ਸੀ ਹੋਇਆ। ਪਰ ਰਾਮ ਨਾਥ ਨੂੰ ਲਗਦਾ ਸੀ ਉਸ ਅਟੈਕ ਦਾ ਅਸਰ ਹੁਣ ਵੇਦ ਪਰਿਵਾਰ ਉਪਰ ਹੋਇਆ ਸੀ।

ਦੂਸਰੇ ਅਟੈਕ ਬਾਅਦ ਡਾਕਟਰਾਂ ਨੇ ਮੋਹਨ ਲਾਲ ਨੂੰ ਪੂਰੀ ਤਰ੍ਹਾਂ ਬਿਸਤਰ ਉਪਰ ਲਿਟਾ ਦਿੱਤਾ। ਹੁਣ ਸਮਾਂ ਮਾਨਸਿਕ ਤਨਾਅ ਤੋਂ ਦੂਰ ਰਹਿਣ ਦਾ ਸੀ। ਮਾਨਸਿਕ ਤਨਾਅ ਤੋਂ ਖਹਿੜਾ ਛੁਡਾਉਣ ਲਈ ਵਿਉਪਾਰ ਤੋਂ ਖਹਿੜਾ ਛੁਡਾਉਣਾ ਜ਼ਰੂਰੀ ਸੀ।

ਮੋਹਨ ਲਾਲ ਨੇ ਆਪਣੀ ਸਥਿਤੀ ਭਾਂਪ ਲਈ। ਉਸਦਾ ਕੋਈ ਵੀ ਦਿਨ ਆਖ਼ਰੀ ਦਿਨ ਹੋ ਸਕਦਾ ਸੀ।

ਲਾਲਚ ਵੱਸ ਪਹਿਲਾਂ ਉਹ ਗ਼ਲਤੀ ਕਰ ਬੈਠਾ ਸੀ। ਉਸਨੇ ਸਿਹਤ ਦੀ ਪਰਵਾਹ ਨਹੀਂ ਸੀ ਕੀਤੀ। ਉਹ ਦੋਬਾਰਾ ਗ਼ਲਤੀ ਕਰਨ ਵਾਲਾ ਨਹੀਂ ਸੀ। ਹੁਣ ਹਾਲਾਤ ਬਦਲੇ ਹੋਏ ਸਨ। ਹੁਣ ਕੋਠੀਆਂ, ਕਾਰਾਂ, ਕਾਰਖ਼ਾਨੇ, ਸੋਨਾ, ਚਾਂਦੀ ਸਭ ਵਾਧੂ ਹੋਇਆ ਪਿਆ ਸੀ। ਇਹ ਸੰਭਲ ਜਾਏ ਉਹੋ ਬਹੁਤ ਸੀ।

ਮੁੰਡੇ ਕਾਰੋਬਾਰ ਸੰਭਾਲਣ ਯੋਗ ਹੋ ਗਏ ਸਨ।

ਵੱਡਾ ਪੰਕਜ ਅਮਰੀਕਾ ਤੋਂ ਐਮ.ਬੀ.ਏ.ਕਰ ਆਇਆ ਸੀ। ਛੋਟੇ ਨੀਰਜ ਨੇ ਮਕੈਨੀਕਲ ਇੰਜੀਨੀਅਰਿੰਗ ਰੁੜਕੀ ਤੋਂ ਕੀਤੀ ਸੀ। ਦੋਹਾਂ ਵਿੱਚ ਲੋੜੀਂਦੀ ਕਾਬਲੀਅਤ ਹੈ ਸੀ।

ਮੋਹਨ ਨੇ ਪੈਸਾ ਬਥੇਰਾ ਕਮਾਇਆ ਸੀ ਪਰ ਰੁਲ ਖੁਲ ਕੇ। ਕਦੇ ਸੜਕਾਂ ’ਤੇ ਖੜੋ ਕੇ ਧੂੜਾਂ ਫੱਕ ਕੇ, ਅਤੇ ਕਦੇ ਸੜਦੀ ਲੁੱਕ ਦੇ ਧੂੰਏ ਨਾਲ ਫੇਫੜੇ ਗਾਲ ਕੇ। ਕਦੇ ਦਫ਼ਤਰਾਂ ਦੀ ਖਾਕ ਛਾਣੀ, ਕਦੇ ਅਫ਼ਸਰਾਂ ਦੇ ਹੁੱਕੇ ਭਰੇ।

ਮੋਹਨ ਚਾਹੁੰਦਾ ਸੀ ਉਸਦੇ ਬੱਚੇ ਇਸ ਇਤਿਹਾਸ ਨੂੰ ਨਾ ਦੁਹਰਾਉਣ। ਉਹ ਉਨ੍ਹਾਂ ਲਈ ਕੋਈ ਵੱਡਾ ਉਦਯੋਗ ਸਥਾਪਤ ਕਰਨਾ ਚਾਹੁੰਦਾ ਸੀ।

ਮੋਹਨ ਦੇ ਦੋਸਤਾਂ ਮਿੱਤਰਾਂ ਨੇ ਰਾਏ ਦਿੱਤੀ। ਇਨ੍ਹੀ ਦਿਨੀਂ ਲੋਹੇ ਦੇ ਵਿਉਪਾਰ ਦੀ ਚੜ੍ਹਤ ਸੀ। ਲੋਹੇ ਦੀਆਂ ਮਿੱਲਾਂ ਸੋਨੇ ਦੀਆਂ ਸਿੱਲਾਂ ਢਾਲ ਰਹੀਆਂ ਸਨ।

ਇਹ ਰਾਏ ਮੋਹਨ ਦੇ ਮਨ ਲੱਗ ਗਈ। ਉਹ ਲੋਹੇ ਦੀ ਮਿੱਲ ਦੇ ਸੁਪਨੇ ਦੇਖਣ ਲੱਗਾ।

ਦੋ ਏਕੜ ਦਾ ਪਲਾਟ। ਚਾਰੇ ਪਾਸੇ ਉੱਚੀ ਉੱਚੀ ਦੀਵਾਰ। ਪਲਾਟ ਦੇ ਵਿਚਕਾਰ ਵੱਡਾ ਸਾਰਾ ਪਲਾਂਟ। ਇੱਕ ਪਾਸੇ ਵੱਡਾ ਸਾਰਾ ਏਅਰ ਕੰਡੀਸ਼ਨ ਦਫ਼ਤਰ। ਦੂਜੇ ਪਾਸੇ ਨੌਕਰਾਂ ਦੇ ਕੁਆਟਰਾਂ ਦੀ ਕਤਾਰ। ਚਾਰ ਚਾਰ ਗੇਟ। ਹਰ ਗੇਟ ’ਤੇ ਪਹਿਰਾ। ਵੱਡੀਆਂ ਵੱਡੀਆਂ ਕਾਰਾਂ, ਨੋਟ, ਮਾਲਕ, ਸਲੂਟ।

ਕੁੱਝ ਦਿਨ ਸੋਚ ਵਿਚਾਰ ਕੇ ਮੋਹਨ ਨੇ ਲੋਹੇ ਦੀ ਮਿੱਲ ਲਾਉਣ ਦਾ ਐਲਾਨ ਕਰ ਦਿੱਤਾ। ਹੈਵੀ ਇੰਡਸਟਰੀ। ਸਾਰਾ ਕਾਲਾ ਧਨ ਇੱਕ ਥਾਂ ਖਪਾ ਦਿਓ।

ਕਰੋੜਾਂ ਰੁਪਏ ਦੇ ਇਸ ਖਲਜਗਣ ਵਿੱਚ ਵੇਦ ਪੈਣਾ ਨਹੀਂ ਸੀ ਚਾਹੁੰਦਾ। ਮਿੱਲ ਦੇ ਪਲਾਂਟ ਦੀ ਕੀਮਤ ਪੰਜਾਹ ਲੱਖ ਸੀ। ਮਸ਼ੀਨ ਦੀ ਕੀਮਤ ਦੋ ਕਰੋੜ। ਕਰੋੜ ਰੁਪਿਆ ਕੋਲੋਂ ਲਗਣਾ ਸੀ। ਕਈ ਕਰੋੜ ਦਾ ਸਰਕਾਰ ਕੋਲੋਂ ਕਰਜ਼ਾ ਲੈਣਾ ਸੀ। ਵੇਦ ਸੀ ਅਨਪੜ੍ਹ ਗਵਾਰ।

ਇਹ ਪੇਚੀਦਾ ਕੰਮ ਉਸਦੇ ਵੱਸ ਦਾ ਨਹੀਂ ਸੀ।

ਨੀਲਮ ਇੱਕ ਵਾਰ ਫੇਰ ਵੇਦ ਨੂੰ ਝੁਕਾਉਣ ਵਿੱਚ ਕਾਮਯਾਬ ਹੋ ਗਈ ਸੀ।

ਵੇਦ ਸਹਿਮਤ ਜ਼ਰੂਰ ਹੋ ਗਿਆ ਸੀ ਪਰ ਆਪਣੇ ਅੰਦਰੋਂ ਉਸ ਨੂੰ ਖ਼ਤਰੇ ਦੀਆਂ ਘੰਟੀਆਂ ਸੁਣਾਈ ਦੇਣ ਲੱਗੀਆਂ ਸਨ। ਮੋਹਨ ਨਾਲ ਸਾਂਝੇਦਾਰੀ ਕਰਨ ਵਿੱਚ ਹੋਰ ਗੱਲ ਸੀ। ਭਤੀਜਿਆਂ ਨਾਲ ਸਾਂਝੇਦਾਰੀ ਨਿਭੇਗੀ ਜਾਂ ਨਹੀਂ? ਇਸ ਬਾਰੇ ਵੇਦ ਨੂੰ ਯਕੀਨ ਨਹੀਂ ਸੀ। ਉਹ ਪੜ੍ਹੇ ਲਿਖੇ ਸਨ। ਕਾਰੋਬਾਰ ਨਵੇਂ ਢੰਗ ਦਾ ਸੀ। ਵੇਦ ਉਨ੍ਹਾਂ ਨਾਲ ਕਿਸ ਤਰ੍ਹਾਂ ਭਿੜੇਗਾ? ਉਸ ਦੀ ਸਮਝੋਂ ਬਾਹਰ ਸੀ।

ਦੀਪ ਨਗਰ ਮੁਹੱਲੇ ਵੱਲ ਜਾਂਦੇ ਰਾਮ ਨਾਥ ਨੂੰ ਅੱਜ ਵੇਦ ਦੀ ਅਕਲ ਦੀ ਸਮਝ ਆਈ ਸੀ। ਵੇਦ ਦੀ ਸੋਚ ਠੀਕ ਸੀ। ਨੀਲਮ ਗਲਤ ਸੀ। ਚੰਗਾ ਹੁੰਦਾ ਜੇ ਵੇਦ ਨੀਲਮ ਦੀ ਸਲਾਹ ਨੂੰ ਨਕਾਰਣ ਦਾ ਦਮ ਰੱਖਦਾ ਹੁੰਦਾ। ਅੱਜ ਉਨ੍ਹਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ।

ਵੇਦ ਨੂੰ ਇਸ ਕਾਰੋਬਾਰ ਦੀ ਕਦੇ ਸਮਝ ਨਹੀਂ ਸੀ ਆਈ। ਮੋਹਨ ਨੇ ਆਪਣੀ ਸਾਰੀ ਪੂੰਜੀ ਇਸ ਕਾਰੋਬਾਰ ਵਿੱਚ ਲਾ ਦਿੱਤੀ ਸੀ। ਉਸ ਦੇ ਪਿੱਛੇ ਲੱਗ ਕੇ ਵੇਦ ਨੇ ਆਪਣਾ ਸਾਰਾ ਨਿੱਕ ਸੁੱਕ ਮੋਹਨ ਨੂੰ ਫੜਾ ਦਿੱਤਾ। ਹੋਰ ਵੇਦ ਨੂੰ ਕੁੱਝ ਪਤਾ ਨਹੀਂ ਸੀ। ਪੈਸਾ ਕਿਥੋਂ ਆਇਆ, ਕਿੱਥੇ ਗਿਆ? ਲੋਨ ਕਿਥੋਂ ਲਿਆ ਗਿਆ? ਕਿਹੜੀ ਜਾਇਦਾਦ ਗਹਿਣੇ ਟਿਕੀ?

ਵਫ਼ਾਦਾਰ ਸਿਪਾਹੀ ਵਾਂਗ ਉਹ ਜਿੱਥੇ ਆਖਦੇ ਦਸਤਖ਼ਤ ਕਰਦਾ ਰਿਹਾ।

ਸਿਰ ਮੁਨਾਉਂਦੇ ਹੀ ਔਲੇ ਪੈਣ ਵਾਲੀ ਕਹਾਵਤ ਮੋਹਨ ਲਾਲ ਦੇ ਇਸ ਕਾਰੋਬਾਰ ਉਪਰ ਸਹੀ ਸਿੱਧ ਹੋਈ ਸੀ।

ਕੇਂਦਰ ਵਿੱਚ ਸਰਕਾਰ ਬਦਲ ਗਈ। ਨਵੀਂ ਸਰਕਾਰ ਨੇ ਸਖ਼ਤੀ ਕਰ ਦਿੱਤੀ। ਨਵੇਂ ਕਰਜ਼ਿਆਂ ਦੀਆਂ ਸ਼ਰਤਾਂ ਸਖ਼ਤ ਹੋ ਗਈਆਂ। ਸਬ ਸਿਡੀਆਂ ਘਟ ਗਈਆਂ। ਟੈਕਸਾਂ ਵਿੱਚ ਮਿਲਦੀਆਂ ਛੋਟਾਂ ਬੰਦ ਹੋ ਗਈਆਂ। ਆਮਦ ਦਰਾਮਦ ਦੀਆਂ ਸ਼ਰਤਾਂ ਢਿੱਲੀਆਂ ਹੋ ਗਈਆਂ। ਬਾਹਰੋਂ ਆਉਂਦਾ ਮਾਲ ਸਸਤਾ ਪੈਣ ਲੱਗਾ। ਕੱਚੇ ਮਾਲ ਅਤੇ ਬਿਜਲੀ ਦੀਆਂ ਦਰਾਂ ਵਧ ਗਈਆਂ। ਹੇਰਾ ਫੇਰੀਆਂ ਦੇ ਰਸਤੇ ਬੰਦ ਹੋ ਗਏ।

ਮਿੱਲ ਨੂੰ ਮਿਲਣ ਵਾਲੀ ਮਨਜ਼ੂਰੀ ਵਿੱਚ ਦੇਰ ਹੋਣ ਲੱਗੀ। ਖਰਚੇ ਵਧਣ ਲੱਗੇ।

ਬਜਟ ਹਿਚਕੋਲੇ ਖਾਣ ਲੱਗਾ।

ਦੂਜੇ ਪਾਸੇ ਮੋਹਨ ਦੀ ਬਿਮਾਰੀ ਵਧ ਗਈ। ਪੰਕਜ ਹੋਰਾਂ ਦੀ ਇੱਕ ਟੰਗ ਫੈਕਟਰੀ ਹੁੰਦੀ, ਦੂਜੀ ਦਿੱਲੀ।

ਵੇਦ ਨੂੰ ਕੁੱਝ ਪਤਾ ਨਹੀਂ ਸੀ। ਸਾਰਾ ਕਾਰੋਬਾਰ ਮੁਲਾਜ਼ਮ ਦੇਖ ਰਹੇ ਸਨ।

ਕਈ ਲੱਖ ਰੁਪਏ ਕਾਗਜ਼ ਪੱਤਰ ਤਿਆਰ ਕਰਨ ਅਤੇ ਰਿਸ਼ਵਤ ਦੇਣ ਵਿੱਚ ਖਰਚ ਹੋ ਚੁੱਕੇ ਸਨ। ਪਲਾਟ ਦੀਆਂ ਕਿਸ਼ਤਾਂ ਭਰੀਆਂ ਜਾ ਚੁੱਕੀਆਂ ਸਨ। ਮਸ਼ੀਨਰੀ ਲਈ ਐਡਵਾਂਸ ਭੇਜਿਆ ਜਾ ਚੁੱਕਿਆ ਸੀ। ਇਸ ਪੜਾਅ ’ਤੇ ਪੁੱਜ ਕੇ ਪਿੱਛੇ ਨਹੀਂ ਸੀ ਹਟਿਆ ਜਾ ਸਕਦਾ।

ਮਾਹਿਰਾਂ ਨੇ ਸਲਾਹ ਦਿੱਤੀ। ਔਖੇ ਸੌਖੇ ਮਿੱਲ ਚਾਲੂ ਕਰੋ। ਕਦੇ ਵੀ ਹਾਲਾਤ ਸੁਖਾਵੇਂ ਹੋ ਸਕਦੇ ਸਨ। ਮੁਕਾਬਲਾ ਸਖ਼ਤ ਹੋ ਚਲਿਆ ਸੀ। ਮੁਕਾਬਲੇ ਕਾਰਨ ਮਾੜੀਆਂ ਇਕਾਈਆਂ ਨੇ ਫੇਲ੍ਹ ਹੋ ਜਾਣਾ ਸੀ। ਪਿੱਛੇ ਬਚੀਆਂ ਇਕਾਈਆਂ ਨੇ ਫੇਰ ਕਾਰੋਬਾਰ ’ਤੇ ਭਾਰੂ ਹੋ ਜਾਣਾ ਸੀ।

ਇਸੇ ਖਿੱਚੋਤਾਣ ਵਿੱਚ ਮਿੱਲ ਦਾ ਸ਼ੁਰੂ ਹੋਣਾ ਦੋ ਸਾਲ ਪੱਛੜ ਗਿਆ।

ਇੱਕ ਪਾਸੇ ਮਸ਼ੀਨਰੀ ਦੀ ਕੀਮਤ ਵਧ ਗਈ। ਦੂਜੇ ਪਾਸੇ ਕਰਜ਼ੇ ਦੀਆਂ ਬਾਕੀ ਰਹਿੰਦੀਆਂ ਕਿਸ਼ਤਾਂ ਰੁਕ ਗਈਆਂ। ਕਰਜ਼ਾ ਮਿੱਲ ਦੀ ਉਸਾਰੀ ਦੇ ਹਿਸਾਬ ਨਾਲ ਮਿਲਣਾ ਸੀ। ਮੁਲਾਜ਼ਮਾਂ ਦਾ ਖਰਚਾ ਬੋਝ ਨੂੰ ਹੋਰ ਬੋਝਲ ਕਰਨ ਲੱਗਾ।

ਮੋਹਨ ਲਾਲ ਦਾ ਤੁਰਨਾ ਫਿਰਨਾ ਬੰਦ ਹੋ ਗਿਆ। ਉਸ ਦੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਕਟਰੀ ਵਿੱਚ ਪੈਣ ਵਾਲੇ ਘਾਟੇ ਦੀ ਗੱਲ ਉਸ ਤੋਂ ਛੁਪਾਈ ਗਈ ਸੀ।

ਪਰ ਬਿੱਲੀ ਨੂੰ ਕਿੰਨਾ ਚਿਰ ਬੋਰੇ ਵਿੱਚ ਛੁਪਾ ਕੇ ਰੱਖਿਆ ਜਾ ਸਕਦਾ ਹੈ? ਮੁੱਛਾਂ ਦਾੜ੍ਹੀ ਨਾਲੋਂ ਵੱਧ ਚੱਲੀਆਂ ਸਨ। ਮਿੱਲ ਦੈਂਤ ਦਾ ਰੂਪ ਧਾਰ ਗਈ ਸੀ। ਉਹ ਸਾਰੇ ਪੈਸੇ ਖਾ ਗਈ ਸੀ ਪਰ ਢਿੱਡ ਹਾਲੇ ਵੀ ਨਹੀਂ ਸੀ ਭਰਿਆ।

ਅਖ਼ੀਰ ਕੌੜਾ ਘੁੱਟ ਭਰਿਆ ਗਿਆ। ਮਿੱਲ ਦੀ ਉਸਾਰੀ ਰੋਕ ਕੇ ਉਸ ਨੂੰ ਵਿਕਰੀ ਤੇ ਲਗਾ ਦਿੱਤਾ ਗਿਆ।

ਦੋਹਾਂ ਪਰਿਵਾਰਾਂ ਦਾ ਬਹੁਤ ਕੁੱਝ ਇਸ ਮਿੱਲ ਨੇ ਨਿਗਲ ਲਿਆ ਸੀ। ਨੀਰਜ ਅਤੇ ਪੰਕਜ ਦੇ ਹੱਥੀਂ ਸਭ ਕੁੱਝ ਵਾਪਰਿਆ ਸੀ। ਇਸ ਲਈ ਉਨ੍ਹਾਂ ਨੂੰ ਪਏ ਘਾਟੇ ਦੀਆਂ ਬਾਰੀਕੀਆਂ ਦਾ ਪਤਾ ਸੀ। ਵੇਦ ਨੂੰ ਆਪਣੇ ਭਤੀਜਿਆਂ ਤੇ ਵਿਸ਼ਵਾਸ ਸੀ, ਉਸਨੇ ਸਬਰ ਕਰ ਲਿਆ ਸੀ।

ਪਰ ਨੀਲਮ ਨੂੰ ਇੰਨਾ ਘਾਟਾ ਕਿਵੇਂ ਪਿਆ? ਇਹ ਸਮਝ ਨਹੀਂ ਸੀ ਆ ਰਹੀ। ਮੋਹਨ ਲਾਲ ’ਤੇ ਭਰੋਸਾ ਕੀਤਾ ਜਾ ਸਕਦਾ ਸੀ। ਪਰ ਮਾਇਆ ਨਗਰ ਦੀ ਆਬੋ ਹਵਾ ਵਿੱਚ ਪਲੇ ਭਤੀਜਿਆਂ ਉੱਪਰ ਅੰਨ੍ਹੀ ਸ਼ਰਧਾ ਨਹੀਂ ਸੀ ਰੱਖੀ ਜਾ ਸਕਦੀ।

ਨੀਲਮ ਦੇ ਦੂਰ ਦੇ ਰਿਸ਼ਤੇ ਵਿਚੋਂ ਲਗਦੇ ਇੱਕ ਭਾਣਜੇ ਦੀ ਮਿੱਲ ਗੋਬਿੰਦਗੜ੍ਹ ਚਲਦੀ ਸੀ। ਉਹ ਪਿੱਛੇ ਜਿਹੇ ਉਸ ਨੂੰ ਇੱਕ ਵਿਆਹ ਵਿੱਚ ਮਿਲਿਆ ਸੀ। ਉਹ ਮਿੱਲ ਮੁਨਾਫ਼ਾ ਕਮਾ ਰਹੀ ਸੀ।

ਵੇਦ ਨੇ ਨੀਲਮ ਨੂੰ ਸਮਝਾਇਆ। ਉਹ ਮਿੱਲ ਪੁਰਾਣੀ ਸੀ। ਪਲਾਟ ਅਤੇ ਮਸ਼ੀਨਰੀ ਪੁਰਾਣੇ ਭਾਅ ਵਿੱਚ ਖਰੀਦੇ ਹੋਏ ਸਨ। ‘ਗੁਡ ਵਿੱਲ’ ਬਣੀ ਹੋਈ ਸੀ। ਆਈ ਚਲਾਈ ਚੱਲ ਰਹੀ ਹੋਏਗੀ।

ਪਰ ਨੀਲਮ ਉਸ ਨਾਲ ਸਹਿਮਤ ਨਹੀਂ ਸੀ। ਉਹ ਸਵੇਰੇ ਸ਼ਾਮ ਵੇਦ ਨੂੰ ਤੁੰਨਣ ਲਗਦੀ। ਉਹ ਭਤੀਜਿਆਂ ਕੋਲੋਂ ਹਿਸਾਬ ਤਾਂ ਲਵੇ। ਪਤਾ ਤਾਂ ਲਗੇ ਘਾਟਾ ਕਿੱਥੇ ਪਿਆ ਸੀ? ਮਨ ਨੂੰ ਤਸੱਲੀ ਤਾਂ ਹੋਵੇ।

ਪਰ ਵੇਦ ਦੀ ਨਾ ਹਿਸਾਬ ਮੰਗਣ ਦੀ ਹਿੰਮਤ ਸੀ, ਨਾ ਉਸ ਨੇ ਹਿਸਾਬ ਮੰਗਿਆ।

ਪਏ ਘਾਟੇ ਅਤੇ ਵੇਦ ਦੀ ਜ਼ਿੱਦ ਤੋਂ ਤੰਗ ਆਈ ਨੀਲਮ ਨੇ ਗੁੱਸੇ ਦਾ ਇਜ਼ਹਾਰ ਆਪਣੇ ਢੰਗ ਨਾਲ ਕਰਨਾ ਸ਼ੁਰੂ ਕਰ ਦਿੱਤਾ।

ਭਤੀਜਿਆਂ ਦੀ ਹੇਰਾ ਫੇਰੀ ਦੀ ਸ਼ਿਕਾਇਤ ਪਹਿਲਾਂ ਉਸਨੇ ਦੂਰ ਦੇ ਰਿਸ਼ਤੇਦਾਰਾਂ ਕੋਲ ਕੀਤੀ। ਫੇਰ ਨੇੜੇ ਦੇ ਦੋਸਤਾਂ ਮਿੱਤਰਾਂ ਕੋਲ। ਇਸ਼ਕ ਮੁਸ਼ਕ ਵਾਂਗ ਉੱਡਦੀ ਉੱਡਦੀ ਗੱਲ ਮੋਹਨ ਤਕ ਅੱਪੜਦੀ ਰਹੀ। ਭਰਾ ਦੀ ਗਲਤੀ ’ਤੇ ਪਰਦਾ ਪਾਉਣ ਲਈ ਉਹ ਗੱਲ ਆਈ ਗਈ ਕਰਦਾ ਰਿਹਾ। “ਚੁਗਲੀ ਹੋਈ ਹੈ” ਆਖ ਕੇ ਗੱਲ ਟਾਲਦਾ ਰਿਹਾ।

ਪਰ ਜਦੋਂ ਇਹ ਗੱਲ ਪੰਕਜ ਦੇ ਸਹੁਰਿਆਂ ਤਕ ਅੱਪੜੀ ਅਤੇ ਫੇਰ ਸਹੁਰਿਆਂ ਰਾਹੀਂ ਪੰਕਜ ਕੋਲ ਤਾਂ ਮਸਲਾ ਮੋਹਨ ਲਾਲ ਦੇ ਹੱਥੋਂ ਨਿਕਲ ਗਿਆ।

ਕੁੱਝ ਦਿਨ ਘਰ ਵਿੱਚ ਘੁਸਰ ਮੁਸਰ ਹੋਈ। ਮੋਹਨ ਲਾਲ ਨੇ ਗੱਲ ਆਈ ਗਈ ਕਰਨ ਦਾ ਯਤਨ ਕੀਤਾ। ਪਰ ਮੁੰਡੇ ਇਕੋ ਜ਼ਿੱਦ ਫੜ ਕੇ ਬੈਠ ਗਏ। ਇਕੱਠ ਕਰੋ। ਹਿਸਾਬ ਕਿਤਾਬ ਮੂੰਹ ’ਤੇ ਮਾਰੋ। ਸਾਂਝੇ ਕਾਰੋਬਾਰ ਬੰਦ ਕਰੋ।

ਨੀਲਮ ਦੀ ਗਲਤੀ ਅਤੇ ਮੁੰਡਿਆਂ ਦੇ ਫੈਸਲੇ ਨੇ ਮੋਹਨ ਲਾਲ ਦੇ ਮਾਨਸਿਕ ਤਨਾਅ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਪਹਿਲਾਂ ਉਸਦਾ ਸ਼ੂਗਰ ਵਧਿਆ। ਫੇਰ ਦਿਲ ਦੀ ਧੜਕਣ।

ਫੇਰ ਉਸਨੂੰ ਤੀਸਰਾ ਅਟੈਕ ਹੋਇਆ ਅਤੇ ਦਿਲ ਦੀ ਧੜਕਣ ਬੰਦ ਹੋ ਗਈ।

“ਬੱਚਿਓ, ਮੌਤ ਦਾ ਸਮਾਂ ਅਤੇ ਸਥਾਨ ਪਹਿਲਾਂ ਤੋਂ ਨਿਸ਼ਚਿਤ ਹੈ। ਮੌਤ ਦਾ ਕੋਈ ਬਹਾਨਾ ਬਨਣਾ ਹੁੰਦਾ ਹੈ। ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੈ।”

ਘਰ ਦੇ ਬਜ਼ੁਰਗਾਂ, ਪੰਡਤਾਂ ਅਤੇ ਸਾਧ ਸੰਤਾਂ ਨੇ ਪੰਕਜ ਹੋਰਾਂ ਨੂੰ ਬਹੁਤ ਸਮਝਾਇਆ।

ਪਰ ਉਹ ਆਪਣੇ ਬਾਪ ਦੀ ਬੇਵਕਤੀ ਮੌਤ ਦਾ ਜ਼ਿੰਮੇਵਾਰ ਵੇਦ ਪਰਿਵਾਰ ਨੂੰ ਠਹਿਰਾਉਣ ਤੋਂ ਬਾਜ ਨਾ ਆਏ।

ਮਿੱਲ ਵਿੱਚ ਪਏ ਘਾਟੇ, ਲੱਗੀ ਤੁਹਮਤ ਅਤੇ ਬਾਪ ਦੀ ਬੇਵਕਤੀ ਮੌਤ ਨੇ ਦੋਹਾਂ ਭਰਾਵਾਂ ਦੇ ਮਨਾਂ ਨੂੰ ਜ਼ਹਿਰ ਨਾਲ ਭਰ ਦਿੱਤਾ। ਸਾਰਾ ਦਿਨ ਉਹ ਇਕੋ ਨੁਕਤੇ ’ਤੇ ਸੋਚਦੇ ਰਹਿੰਦੇ। ਵੇਦ ਪਰਿਵਾਰ ਨੂੰ ਨੀਵਾਂ ਕਿਸ ਤਰ੍ਹਾਂ ਦਿਖਾਇਆ ਜਾਵੇ?

ਮੋਹਨ ਲਾਲ ਦੇ ਭੋਗ ਤੇ ਹੋਏ ਰਿਸ਼ਤੇਦਾਰਾਂ ਦੇ ਇਕੱਠ ਵਿੱਚ ਹਿਸਾਬ ਕਿਤਾਬ ਪੇਸ਼ ਕੀਤਾ ਗਿਆ। ਪਹਿਲਾਂ ਪੰਕਜ ਹੋਰਾਂ ਨੇ ਕੋਈ ਹੇਰਾ ਫੇਰੀ ਨਹੀਂ ਸੀ ਕੀਤੀ। ਫੇਰ ਵਾਧਾ ਘਾਟਾ ਕਰਕੇ ਪਿਆ ਘਾਟਾ ਦੁਗਣਾ ਦਿਖਾਇਆ ਗਿਆ। ਪਹਿਲਾਂ ਪਏ ਘਾਟੇ ਦੀ ਵੰਡ ਨਹੀਂ ਸੀ ਹੋਈ। ਹੁਣ ਪਾਈ ਪਾਈ ਦਾ ਭੁਗਤਾਨ ਮੰਗਿਆ ਗਿਆ। ਮਿੱਲ ਵਿੱਚ ਵੇਦ ਦਾ ਵੀਹ ਲੱਖ ਚਲਦਾ ਸੀ। ਉਸ ਵੱਲ ਪੰਜ ਲੱਖ ਹੋਰ ਨਿਕਲਦਾ ਸੀ। ਉਸ ਦਾ ਭੁਗਤਾਨ ਤਿੰਨ ਮਹੀਨੇ ਦੇ ਅੰਦਰ ਅੰਦਰ ਮੰਗਿਆ ਗਿਆ।

ਬਿਮਾਰੀ ਦੇ ਦਿਨਾਂ ਵਿੱਚ ਮੋਹਨ ਨੇ ਆਪਣੇ ਕਾਰੋਬਾਰ ਅਤੇ ਜਾਇਦਾਦ ਦਾ ਵੇਰਵਾ ਆਪਣੇ ਦੋਹਾਂ ਬੇਟਿਆਂ ਨੂੰ ਸਮਝਾ ਦਿੱਤਾ ਸੀ। ਅਜਿਹੀਆਂ ਬੇ ਨਾਮੀ ਜਾਇਦਾਦਾਂ ਦੀ ਲਿਸਟ ਲੰਬੀ ਸੀ ਜਿਨ੍ਹਾਂ ਦਾ ਅਸਲੀ ਮਾਲਕ ਮੋਹਨ ਸੀ ਪਰ ਕਾਗਜ਼ੀਂ ਪੱਤਰੀਂ ਵੇਦ ਦਾ ਨਾਂ ਬੋਲਦਾ ਸੀ।

ਅਜਿਹੇ ਕੁੱਝ ਲੈਣ ਦੇਣ ਅਮਨ ਅਮਾਨ ਨਾਲ ਨਿਬੜ ਗਏ। ਕੁੱਝ ਵਿੱਚ ਥੋੜ੍ਹਾ ਵਾਧਾ ਘਾਟਾ ਹੋਇਆ। ਕਿਤੇ ਕਿਤੇ ਤਕਰਾਰ ਹੋਇਆ। ਇੱਕ ਦੋ ਥਾਈਂ ਗੁੱਥੀ ਸਾਲਸਾਂ ਨੇ ਸੁਲਝਾਈ।

ਨਗਰ ਸੁਧਾਰ ਟਰੱਸਟ ਵੱਲੋਂ ਗੁਰਦੇਵ ਨਗਰ ਵਰਗੀ ਪੌਸ਼ ਕਲੋਨੀ ਵਿੱਚ ਅਲਾਟ ਹੋਏ ਇੱਕ ਹਜ਼ਾਰ ਗਜ਼ ਦੇ ਪਲਾਟ ਦਾ ਨਬੇੜਾ ਜਦੋਂ ਕਿਸੇ ਤਰ੍ਹਾਂ ਵੀ ਨਾ ਹੋਇਆ ਤਾਂ ਦੋਹਾਂ ਧਿਰਾਂ ਵਿਚਕਾਰ ਗਾਲੀ ਗਲੋਚ ਹੋਇਆ, ਜਾਨੋਂ ਮਾਰਨ ਅਤੇ ਘਰੋਂ ਉਜਾੜਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਵੇਦ ਆਖਦਾ ਸੀ ਉਸਨੇ ਇਹ ਪਲਾਟ ਆਪਣੇ ਬਲਬੂਤੇ ਉਪਰ ਅਲਾਟ ਕਰਵਾਇਆ ਸੀ। ਸਾਰੀ ਕੀਮਤ ਉਸਨੇ ਆਪਣੇ ਖਾਤੇ ਵਿਚੋਂ ਚੁਕਤਾ ਕੀਤੀ ਸੀ। ਟਰੱਸਟ ਦਾ ਚੇਅਰਮੈਨ ਮੋਹਨ ਲਾਲ ਦਾ ਵਾਕਿਫ਼ ਸੀ। ਯਾਰੀ ਨਿਭਾਉਣ ਲਈ ਪਲਾਟ ਦੀ ਲਾਟਰੀ ਵੇਦ ਦੇ ਨਾਂ, ਹੇਰਾ ਫੇਰੀ ਨਾਲ ਕੱਢੀ ਗਈ ਸੀ, ਇਹ ਗੱਲ ਦਰੁਸਤ ਸੀ। ਪਰ ਮੋਹਨ ਦੀ ਇਸ ਪਲਾਟ ਵਿੱਚ ਹਿੱਸਾ ਰੱਖਣ ਦੀ ਕੋਈ ਨੀਅਤ ਨਹੀਂ ਸੀ।

ਪੰਕਜ ਦਾ ਅਖਾਣ ਸੀ ਕਿ ਉਸ ਸਮੇਂ ਇਸ ਕਾਲੋਨੀ ਵਿੱਚ ਜ਼ਮੀਨ ਦਾ ਭਾਅ ਸੱਤ ਹਜ਼ਾਰ ਰੁਪਏ ਗਜ਼ ਸੀ। ਪਲਾਟ ਸੱਤ ਸੌ ਰੁਪਏ ਗਜ਼ ਦੇ ਹਿਸਾਬ ਨਾਲ ਅਲਾਟ ਹੋਇਆ ਸੀ। ਵੇਦ ਉਨ੍ਹੀਂ ਦਿਨੀਂ ਮੋਹਨ ਦੇ ਮੁਨਸ਼ੀ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਚੇਅਰਮੈਨ ਦਾ ਸਿਰ ਨਹੀਂ ਸੀ ਭਵਿਆਂ ਕਿ ਉਹ ਸੱਤਰ ਲੱਖ ਦਾ ਪਲਾਟ ਸੱਤਰ ਹਜ਼ਾਰ ਵਿੱਚ ਕਿਸੇ ਕਰਿੰਦੇ ਦੇ ਨਾਂ ਅਲਾਟ ਕਰਦਾ। ਇਹ ਪਲਾਟ ਉਨ੍ਹਾਂ ਦੇ ਬਾਪ ਦਾ ਸੀ। ਇਸ ਉਪਰ ਉਨ੍ਹਾਂ ਦਾ ਹੱਕ ਸੀ।

ਵੇਦ ਮੋਹਨ ਦੇ ਅਹਿਸਾਨ ਕਾਰਨ ਅੱਧਾ ਪਲਾਟ ਛੱਡਣ ਨੂੰ ਤਿਆਰ ਹੋ ਗਿਆ।

ਪੂਰਾ ਪਲਾਟ ਛੱਡ ਕੇ ਉਸਦੇ ਆਪਣੇ ਸੁਪਨੇ ਖੇਰੂੰ ਖੇਰੂੰ ਹੋ ਜਾਣੇ ਸਨ। ਇਹੋ ਪਲਾਟ ਉਸਦੀ ਧਰੋਹਰ ਸੀ। ਅੱਧੇ ਪਲਾਟ ਵਿੱਚ ਉਸ ਨੇ ਕਮਲ ਦੀ ਕੋਠੀ ਉਸਾਰਨ ਦਾ ਸੁਪਨਾ ਲਿਆ ਸੀ ਅਤੇ ਅੱਧਾ ਵੇਚ ਕੇ ਨੇਹਾ ਦਾ ਸ਼ਾਨਦਾਰ ਵਿਆਹ ਕਰਨ ਦਾ।

ਰਾਮ ਨਾਥ ਨੂੰ ਬੁਲਾ ਕੇ ਵੇਦ ਨੇ ਪਲਾਟ ਦੇ ਕਾਗਜ਼ ਪੱਤਰ ਦਿਖਾਏ। ਉਸ ਤੋਂ ਕਾਨੂੰਨੀ ਰਾਏ ਲਈ।

ਕਾਨੂੰਨੀ ਨੁਕਤੇ ਵੇਦ ਦੇ ਹੱਕ ਵਿੱਚ ਸਨ। ਅਲਾਟਮੈਂਟ ਹੋਈ ਨੂੰ ਅੱਠ ਸਾਲ ਹੋ ਗਏ ਸਨ। ਅਲਾਟਮੈਂਟ ਲਈ ਦਿੱਤੀ ਦਰਖ਼ਾਸਤ ਤੋਂ ਲੈ ਕੇ ਰਜਿਸਟਰੀ ਤਕ ਵੇਦ ਦਾ ਨਾਂ ਬੋਲਦਾ ਸੀ। ਸਾਰੀਆਂ ਕਿਸ਼ਤਾਂ ਵੇਦ ਨੇ ਚੈਕਾਂ ਰਾਹੀਂ ਭੁਗਤਾਈਆਂ ਸਨ। ਦੇਸ਼ ਦੀ ਕੋਈ ਅਦਾਲਤ ਪਲਾਟ ਵਿੱਚ ਮੋਹਨ ਦਾ ਹਿੱਸਾ ਬਹਾਲ ਨਹੀਂ ਸੀ ਕਰ ਸਕਦੀ।

ਰਾਮ ਨਾਥ ਨੂੰ ਆਪਣੀ ਇਸ ਕਾਨੂੰਨੀ ਰਾਏ ਤੇ ਅੱਜ ਪਛਤਾਵਾ ਹੋ ਰਿਹਾ ਸੀ। ਚੰਗਾ ਹੁੰਦਾ ਜੇ ਉਹ ਵਿੱਚ ਪੈ ਕੇ, ਲੈ ਦੇ ਕਰ ਕੇ ਝਗੜਾ ਨਿਪਟਾ ਦਿੰਦਾ। ਬਾਕੀ ਸਭ ਝਗੜੇ ਨਿਬੜ ਗਏ ਸਨ। ਅੱਡ ਵਿੱਡ ਹੋ ਕੇ ਕੋਈ ਰੁੱਖੀ ਖਾਂਦਾ ਕੋਈ ਚੋਪੜੀ ਖਾਂਦਾ, ਕਿਸੇ ਨੂੰ ਕਿਸੇ ਨਾਲ ਵਾਸਤਾ ਨਹੀਂ ਸੀ ਰਹਿਣਾ।

ਖਿਝੇ ਪੰਕਜ ਨੇ ਅਦਾਲਤ ਵਿੱਚ ਮੁਕੱਦਮਾ ਠੋਕ ਦਿੱਤਾ। ਗਾਹੇ ਬਗਾਹੇ ਧਮਕੀਆਂ ਦਿੰਦਾ ਰਹਿੰਦਾ।

“ਪਲਾਟ ਮੈਂ ਲੈ ਕੇ ਰਹਿਣਾ ਹੈ। ਅਦਾਲਤ ਰਾਹੀਂ ਨਾ ਮਿਲਿਆ ਉਂਝ ਲੈ ਲੈਣਾ ਹੈ।”

ਰਾਮ ਨਾਥ ਦਾ ਤਜਰਬਾ ਆਖ ਰਿਹਾ ਸੀ ਪੰਕਜ ਨੇ ਇਹ ਚੰਨ ‘ਉਂਝ’ ਪਲਾਟ ਲੈਣ ਲਈ ਚਾੜ੍ਹਿਆ ਸੀ।

 

-2-

 

ਨੀਲਮ ਦੀ ਕੋਠੀ ਦੀਪ ਨਗਰ ਦੀ ਗਲੀ ਨੰਬਰ ਚਾਰ ਵਿੱਚ ਪੈਂਦੀ ਸੀ।

ਜਿਉਂ ਹੀ ਰਾਮ ਨਾਥ ਦੀ ਕਾਰ ਗਲੀ ਦੇ ਮੋੜ ਕੋਲ ਪੁੱਜੀ ਲਾਲ ਬੱਤੀ ਵਾਲੀ ਪੁਲਿਸ ਦੀ ਇੱਕ ਜਿਪਸੀ ਹੂਟਰ ਮਾਰਦੀ ਉਨ੍ਹਾਂ ਦੇ ਕੋਲ ਦੀ ਲੰਘੀ।

ਇਹ ਜਿਪਸੀ ਕਿਸੇ ਸੀਨੀਅਰ ਪੁਲਿਸ ਅਫ਼ਸਰ ਦੀ ਸੀ। ਇਹ ਪੁਲਿਸ ਕਪਤਾਨ ਦੀ ਵੀ ਹੋ ਸਕਦੀ ਸੀ ਅਤੇ ਡੀ.ਆਈ.ਜੀ.ਦੀ ਵੀ। ਏਡਾ ਸੀਨੀਅਰ ਅਫ਼ਸਰ ਕੇਵਲ ਹੋਏ ਕਤਲ ਦਾ ਮੌਕਾ ਦੇਖਣ ਆਉਂਦਾ ਹੈ।

ਰਾਮ ਨਾਥ ਦਾ ਮੱਥਾ ਠਣਕਿਆ। ਕੋਈ ਭਾਣਾ ਵਰਤ ਗਿਆ ਲਗਦਾ ਸੀ। ਉਸਨੇ ਨਿਕਲਣ ਵਾਲੀ ਭੁੱਬ ਨੂੰ ਤਾਂ ਕਾਬੂ ਕਰ ਲਿਆ ਪਰ ਹਉਕੇ ਨੂੰ ਨਾ ਠੱਲ੍ਹ ਸਕਿਆ।

‘ਰੱਬਾ ਸੁੱਖ ਰੱਖੀਂ!’ ਮਨ ਵਿੱਚ ਦੁਆਵਾਂ ਕਰਦਾ ਰਾਮ ਨਾਥ ਵਾਰਦਾਤ ਵਾਲੀ ਥਾਂ ‘ਤੇ ਪੁੱਜਣ ਲਈ ਕਾਹਲਾ ਪੈਣ ਲੱਗਾ।

ਨੀਲਮ ਦੀ ਕੋਠੀ ਗਲੀ ਦੇ ਅੱਧ ਵਿਚਕਾਰ ਸੀ। ਸਾਰੀ ਗਲੀ ਲੋਕਾਂ ਨਾਲ ਭਰੀ ਪਈ ਸੀ। ਕੁੱਝ ਲੋਕ ਇਧਰ ਉਧਰ ਭੱਜ ਨੱਠ ਰਹੇ ਸਨ। ਕੁੱਝ ਛੋਟੀਆਂ ਛੋਟੀਆਂ ਟੋਲੀਆਂ ਬਣਾਈ ਗੱਲੀਂ ਰੁਝੇ ਹੋਏ ਸਨ।

ਪੁਲਿਸ ਦੀਆਂ ਦੋ ਤਿੰਨ ਗੱਡੀਆਂ ਨੇ ਕੋਠੀ ਦੇ ਗੇਟ ਅਤੇ ਉਸਦੇ ਅੱਗੇ ਪਿੱਛੇ ਵਾਲੀ ਜਗ੍ਹਾ ਘੇਰੀ ਹੋਈ ਸੀ।

ਰਾਮ ਨਾਥ ਨੇ ਆਪਣੀ ਗੱਡੀ ਪਿੱਛੇ ਹੀ ਰੁਕਵਾ ਲਈ। ਉਹ ਅਤੇ ਸੰਗੀਤਾ ਭੈੜੀ ਤੋਂ ਭੈੜੀ ਖ਼ਬਰ ਸੁਣਨ ਲਈ ਆਪਣੇ ਆਪ ਨੂੰ ਤਿਆਰ ਕਰਦੇ, ਤੇਜ਼ੀ ਨਾਲ ਕੋਠੀ ਵੱਲ ਵਧਣ ਲੱਗੇ।

ਕੁੱਝ ਗੁਆਂਢੀ ਰਾਮ ਨਾਥ ਨੂੰ ਜਾਣਦੇ ਸਨ। ਰਾਮ ਨਾਥ ਨੂੰ ਆਇਆ ਦੇਖ ਕੇ ਉਹ ਉਸ ਵੱਲ ਹੋ ਲਏ।

“ਵਕੀਲ ਸਾਹਿਬ ਬਹੁਤ ਮਾੜਾ ਹੋਇਆ।” ਜਿਸ ਗੁਆਂਢੀ ਨੇ ਰਾਮ ਨਾਥ ਦੇ ਘਰ ਫ਼ੋਨ ਕੀਤਾ ਸੀ ਸਭ ਤੋਂ ਪਹਿਲਾਂ ਉਸ ਨੇ ਹਾਅ ਦਾ ਨਾਅਰਾ ਮਾਰਿਆ।

“ਸੁੱਖ ਤਾਂ ਹੈ?” ਰਾਮ ਨਾਥ ਨੂੰ ਲੁੱਟੇ ਗਏ ਸਮਾਨ ਨਾਲੋਂ ਰਿਸ਼ਤੇਦਾਰਾਂ ਦਾ ਵੱਧ ਫਿਕਰ ਸੀ। ਉਹ ਉਨ੍ਹਾਂ ਦੀ ਤੰਦਰੁਸਤੀ ਦੀ ਖ਼ਬਰ ਝੱਟਪੱਟ ਸੁਨਣਾ ਚਾਹੁੰਦਾ ਸੀ।

“ਬਾਕੀ ਸਭ ਠੀਕ ਹਨ, ਪਰ ਕਮਲ … ।” ਰਾਮ ਨਾਥ ਦੇ ਗਲ ਲੱਗ ਕੇ ਗੁਆਂਢੀ ਇਉਂ ਭੁੱਬਾਂ ਮਾਰਨ ਲੱਗਾ ਜਿਵੇਂ ਕਮਲ ਆਪਣਾ ਪੁੱਤਰ ਹੋਵੇ।

“ਬਾਕੀ ਤਾਂ ਜ਼ਿੰਦਾ ਹਨ?” ਬੜੇ ਨਰਦਈਆਂ ਵਾਂਗ ਰਾਮ ਨਾਥ ਨੇ ਗੁਆਂਢੀਆਂ ਕੋਲੋਂ ਪੁੱਛਿਆ।

“ਹਾਂ। ਉਂਝ ਠੀਕ ਨੇ। ਪਰ ਹਸਪਤਾਲ ਵਿੱਚ ਨੇ।” ਇੱਕ ਹੋਰ ਗੁਆਂਢੀ ਨੇ ਰਾਮ ਨਾਥ ਦਾ ਹੱਥ ਫੜ ਕੇ ਢਾਰਸ ਬੰਨ੍ਹਾਉਂਦਿਆਂ ਆਖਿਆ।

ਪੁਲਿਸ ਮੌਕੇ ਦਾ ਮੁਆਇਨਾ ਕਰ ਰਹੀ ਸੀ। ਕੋਈ ਸਬੂਤ ਨਾ ਮਿਟ ਜਾਏ ਇਸ ਲਈ ਬਾਹਰਲੇ ਬੰਦੇ ਨੂੰ ਕੋਠੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।

ਰਾਮ ਨਾਥ ਆਮ ਲੋਕਾਂ ਵਾਂਗ ਕੋਠੀ ਦੇ ਗੇਟ ਕੋਲ ਜਾ ਕੇ ਰੁਕ ਗਿਆ।

ਗੇਟ ਤੇ ਪਹਿਰਾ ਦੇ ਰਹੇ ਇੱਕ ਸਿਪਾਹੀ ਨੂੰ ਇੱਕ ਗੁਆਂਢੀ ਨੇ ਸੂਚਿਤ ਕੀਤਾ। “ਇਹ ਵਕੀਲ ਸਾਹਿਬ ਹਨ ਅਤੇ ਵੇਦ ਦੇ ਸਾਲਾ ਸਾਹਿਬ ਹਨ।” ਥਾਣੇਦਾਰ ਨੂੰ ਇਨ੍ਹਾਂ ਦੀ ਉਡੀਕ ਸੀ।

ਥਾਣੇਦਾਰ ਦੀ ਇਜਾਜ਼ਤ ਦੀ ਕੋਈ ਲੋੜ ਨਹੀਂ ਸੀ। ਸਿਪਾਹੀ ਰਾਮ ਨਾਥ ਨੂੰ ਕੋਠੀ ਅੰਦਰ ਲੈ ਗਿਆ।

ਸੰਗੀਤਾ ਨੂੰ ਬਾਹਰ ਰੋਕ ਦਿੱਤਾ ਗਿਆ। ਅੰਦਰਲਾ ਦ੍ਰਿਸ਼ ਭਿਆਨਕ ਸੀ। ਔਰਤਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।

ਖ਼ੂਨ ਦੇ ਧੱਬੇ ਕੋਠੀ ਦੇ ਗੇਟ ਤਕ ਪਹੁੰਚੇ ਹੋਏ ਸਨ। ਜਿਉਂ ਜਿਉਂ ਰਾਮ ਨਾਥ ਅੱਗੇ ਵੱਧ ਰਿਹਾ ਸੀ ਤਿਉਂ ਤਿਉਂ ਧੱਬਿਆਂ ਦੇ ਅਕਾਰ ਅਤੇ ਗਿਣਤੀ ਵਧਦੀ ਜਾ ਰਹੀ ਸੀ।

ਲਾਬੀ ਵਾਲੇ ਦਰਵਾਜ਼ੇ ਕੋਲ ਖ਼ੂਨ ਇੰਝ ਡੁਲ੍ਹਿਆ ਪਿਆ ਸੀ, ਜਿਵੇਂ ਕੋਈ ਖ਼ੂਨ ਦੀ ਹੋਲੀ ਖੇਡ ਕੇ ਹਟਿਆ ਹੋਵੇ।

ਲਾਬੀ ਅੰਦਰਲਾ ਦ੍ਰਿਸ਼ ਹੋਰ ਵੀ ਭਿਆਨਕ ਸੀ।

ਲਾਬੀ ਵਿਚਲਾ ਸਾਰਾ ਫਰਨੀਚਰ ਬਿਖਰਿਆ ਪਿਆ ਸੀ। ਟੁਕੜੇ ਟੁਕੜੇ ਹੋਏ ਸ਼ੋਅਪੀਸ ਆਪਣੀ ਹੱਡ ਬੀਤੀ ਸੁਣਾ ਰਹੇ ਸਨ। ਸੈਂਟਰਲ ਟੇਬਲ ਦੇ ਸ਼ੀਸ਼ੇ ਦੇ ਹਜ਼ਾਰ ਟੁਕੜੇ ਹੋਏ ਪਏ ਸਨ। ਅਲਮਾਰੀਆਂ ਅਤੇ ਪੇਟੀਆਂ ਦਾ ਸਮਾਨ ਇਧਰ ਉਧਰ ਖਿਲਰਿਆ ਪਿਆ ਸੀ। ਸਮਾਨ ਦੀ ਲੁੱਟ ਖਸੁੱਟ ਹੀ ਨਹੀਂ, ਤੋੜ ਭੰਨ ਵੀ ਰੱਜ ਕੇ ਹੋਈ ਸੀ।

ਸਭ ਤੋਂ ਭਿਆਨਕ ਦ੍ਰਿਸ਼ ਸੀ ਨੇਹਾ ਦੇ ਬੈਡਰੂਮ ਦੇ ਦਰਵਾਜ਼ੇ ਕੋਲ ਦਾ, ਜਿਥੇ ਕਮਲ ਦੀ ਖ਼ੂਨ ਵਿੱਚ ਲੱਥ ਪੱਥ ਲਾਸ਼ ਪਈ ਸੀ।

ਕਮਲ ਦਾ ਚਿਹਰਾ ਕੱਦੂ ਵਾਂਗ ਫਿਸਿਆ ਪਿਆ ਸੀ। ਅੱਖਾਂ ਬਾਹਰ ਨਿਕਲੀਆਂ ਹੋਈਆਂ ਸਨ। ਮੂੰਹ ਅੱਡਿਆ ਹੋਇਆ ਸੀ। ਵਾਲਾਂ ਦਾ ਰੰਗ ਕਾਲੇ ਦੀ ਥਾਂ ਲਾਲ ਹੋਇਆ ਹੋਇਆ ਸੀ। ਉਸਦੇ ਢਿੱਡ ਚ ਵੱਜੇ ਚਾਕੂਆਂ ਨੇ ਉਸ ਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ ਸਨ। ਉਹ ਹਾਲੇ ਤਕ ਉਸੇ ਤਰ੍ਹਾਂ ਧਰਤੀ ’ਤੇ ਵਿਛੀਆਂ ਪਈਆਂ ਸਨ। ਉਸਦੀ ਬਨੈਣ ਫਟੀ ਹੋਈ ਸੀ। ਕੁੜਤੇ ਪਜਾਮੇ ਦਾ ਰੰਗ ਸੂਹਾ ਹੋਇਆ ਹੋਇਆ ਸੀ।

ਪੁਲਿਸ ਹੁਣੇ ਪੁੱਜੀ ਸੀ। ਸਭ ਤੋਂ ਪਹਿਲਾਂ ਮੌਕਾ ਪੁਲਿਸ ਕਪਤਾਨ ਨੇ ਦੇਖਿਆ ਸੀ।

ਉਸਦਾ ਹੁਕਮ ਸੀ ਵਾਰਦਾਤ ਵਾਲੇ ਦ੍ਰਿਸ਼ ਵਿੱਚ ਇੰਚ ਭਰ ਵੀ ਤਬਦੀਲੀ ਨਾ ਕੀਤੀ ਜਾਵੇ। ਕਪਤਾਨ ਨੇ ਆਪਣੀ ਹਾਜ਼ਰੀ ਵਿੱਚ ਫੋਟੋਆਂ ਖਿਚਵਾਈਆਂ ਸਨ ਅਤੇ ਵੀਡੀਓ ਫ਼ਿਲਮ ਤਿਆਰ ਕਰਵਾਈ ਸੀ। ਹਾਲੇ ਹੋਰ ਮਾਹਿਰਾਂ ਨੇ ਆਉਣਾ ਸੀ। ਸਬੂਤ ਇਕੱਠੇ ਕਰਨੇ ਸਨ। ਕਪਤਾਨ ਹੁਣੇ ਹੁਣੇ ਗਿਆ ਸੀ। ਬਾਕੀ ਦੀ ਕਾਰਵਾਈ ਮੁੱਖ ਅਫ਼ਸਰ ਨੇ ਕਰਨੀ ਸੀ।

ਕਮਲ ਦੀ ਲਾਸ਼ ਢੱਕਣ ਲਈ ਉਸਨੇ ਗੁਆਂਢੀਆਂ ਕੋਲੋਂ ਕੱਪੜਾ ਮੰਗਿਆ ਸੀ।

ਪਰ ਕਿਸੇ ਗੁਆਂਢੀ ਨੇ ਪਹਿਲ ਨਹੀਂ ਸੀ ਕੀਤੀ। ਇਸ ਲਈ ਲਾਸ਼ ਮਜਬੂਰਨ ਨੰਗੀ ਰੱਖਣੀ ਪਈ ਸੀ।

ਰਾਮ ਨਾਥ ਦੇ ਆ ਜਾਣ ’ਤੇ ਥਾਣੇਦਾਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ।

ਉਸਨੇ ਕਮਲ ਦੇ ਬੈਡਰੂਮ ਵਿੱਚ ਪਈ ਇੱਕ ਚਾਦਰ ਚੁੱਕੀ ਅਤੇ ਖ਼ੁਦ ਹੀ ਕਮਲ ਉਪਰ ਓੜ ਦਿੱਤੀ।

ਰਾਮ ਨਾਥ ਸਭ ਕੁੱਝ ਚੁੱਪਚਾਪ ਦੇਖ ਰਿਹਾ ਸੀ। ਉਸ ਦੀਆਂ ਗਿਆਨ ਇੰਦਰੀਆਂ ਜਿਵੇਂ ਸੁੰਨ ਹੋ ਗਈਆਂ ਸਨ। ਜਿਵੇਂ ਉਨ੍ਹਾਂ ਦਾ ਦਿਮਾਗ਼ ਨਾਲੋਂ ਸੰਪਰਕ ਟੁੱਟ ਗਿਆ ਸੀ।

ਇਸੇ ਲਈ ਇੰਨੇ ਭਿਆਨਕ ਦ੍ਰਿਸ਼ ਨੂੰ ਉਹ ਆਸਾਨੀ ਨਾਲ ਦੇਖ ਰਿਹਾ ਸੀ। ਕੋਈ ਪ੍ਰਤੀਕਰਮ ਨਹੀਂ ਸੀ ਹੋ ਰਿਹਾ। ਰਾਮ ਨਾਥ ਨੂੰ ਆਪਣੇ ਇਸ ਵਰਤਾਰੇ ਦਾ ਅਹਿਸਾਸ ਵੀ ਹੋ ਰਿਹਾ ਸੀ ਪਰ ਪਤਾ ਨਹੀਂ ਫੇਰ ਵੀ ਕਿਉਂ ਉਹ ਪੱਥਰ ਦਾ ਬੁੱਤ ਬਣਿਆ ਖੜ੍ਹਾ ਸੀ।

ਪੁਲਿਸ ਮੁਲਾਜ਼ਮ ਦੋਸ਼ੀਆਂ ਵੱਲੋਂ ਛੱਡੇ ਸਬੂਤ ਇਕੱਠੇ ਕਰਨ ਦਾ ਯਤਨ ਕਰ ਰਹੇ ਸਨ। ਕੋਈ ਉਂਗਲਾਂ ਦੇ ਨਿਸ਼ਾਨ ਲੱਭ ਰਿਹਾ ਸੀ। ਕੋਈ ਹਥਿਆਰਾਂ ਦੀ ਖੋਜ ਕਰ ਰਿਹਾ ਸੀ। ਇੱਕ ਟੀਮ ਕੁੱਤਿਆਂ ਦੀ ਮਦਦ ਨਾਲ ਦੋਸ਼ੀਆਂ ਦਾ ਪਿੱਛਾ ਕਰਨ ਦਾ ਯਤਨ ਕਰ ਰਹੀ ਸੀ।

“ਬਵਾ ਮਾੜਾ ਹੋਇਆ ਵਕੀਲ ਸਾਹਿਬ!” ਹੱਥਲੇ ਕੰਮ ਨੂੰ ਸਹਾਇਕ ਦੇ ਹਵਾਲੇ ਕਰਕੇ ਮੁੱਖ ਅਫ਼ਸਰ ਨੇ ਰਾਮ ਨਾਥ ਕੋਲ ਆ ਕੇ ਹਮਦਰਦੀ ਜਿਤਾਈ।

“ਇਹ ਕਿਸ ਤਰ੍ਹਾਂ ਹੋਇਆ ਹੈ?” ਇਹ ਪਹਿਲੀ ਵਾਰ ਸੀ ਜਦੋਂ ਰਾਮ ਨਾਥ ਦੇ ਗਲੇ ਵਿਚੋਂ ਕੁੱਝ ਸ਼ਬਦ ਅਤੇ ਅੱਖਾਂ ਵਿਚੋਂ ਕੁੱਝ ਅੱਥਰੂ ਨਿਕਲੇ ਸਨ।

“ਸਾਨੂੰ ਇਹ ਕਾਲੇ ਕੱਛਿਆਂ ਵਾਲੇ ਗਰੋਹ ਦੀ ਕੀਤੀ ਵਾਰਦਾਤ ਲਗਦੀ ਹੈ। ਇਨ੍ਹੀਂ ਦਿਨੀਂ ਉਹ ਇਸ ਇਲਾਕੇ ਵਿੱਚ ਸਰਗਰਮ ਹਨ। ਤਰੀਕਾ ਵਾਰਦਾਤ ਉਹੋ ਹੈ। ਤੁਹਾਨੂੰ ਕਿਸੇ ’ਤੇ ਸ਼ੱਕ ਹੈ ਤਾਂ ਦੱਸੋ?”

ਹਮਦਰਦੀ ਜਿਤਾਉਣ ਦਾ ਫਰਜ਼ ਨਿਭਾਅ ਕੇ ਮੁੱਖ ਅਫ਼ਸਰ ਅਸਲ ਮੁੱਦੇ ’ਤੇ ਆਇਆ।

ਵਾਰਦਾਤ ਭਿਆਨਕ ਸੀ। ਇੱਕ ਕਤਲ ਹੋਇਆ ਸੀ। ਦੋ ਬੰਦਿਆਂ ਦੇ ਗੰਭੀਰ ਚੋਟਾਂ ਲੱਗੀਆਂ ਸਨ। ਲੜਕੀ ਦੀ ਇੱਜ਼ਤ ਲੁੱਟੀ ਗਈ ਸੀ। ਲੁੱਟੇ ਸਮਾਨ ਦੀ ਲਿਸਟ ਬਹੁਤ ਲੰਬੀ ਸੀ। ਮੁਲਜ਼ਮਾਂ ਬਾਰੇ ਕੋਈ ਸੁਰਾਗ਼ ਨਹੀਂ ਸੀ ਲੱਭ ਰਿਹਾ। ਬਲਾਈਂਡ ਕੇਸ ਸੀ।

ਮੁਕੱਦਮਾ ਦਰਜ ਕਰਨ ਵਿੱਚ ਮੁੱਖ ਅਫ਼ਸਰ ਨੂੰ ਦਿੱਕਤ ਪੇਸ਼ ਆਉਣੀ ਸੀ। ਪੱਤਰਕਾਰ ਇੱਲਾਂ ਵਾਂਗ ਮੰਡਰਾ ਰਹੇ ਸਨ। ਅਫ਼ਸਰ ਅਲੱਗ ਕੰਨ ਖਾ ਰਹੇ ਸਨ। ਮੁੱਖ ਮੰਤਰੀ ਤਕ ਨੂੰ ਸੂਚਨਾ ਜਾਣੀ ਸੀ।

ਲਾਸ਼ ਦਾ ਪੋਸਟ ਮਾਰਟਮ ਕਰਾਉਣਾ ਸੀ। ਮਜ਼ਰੂਬਾਂ ਦੀਆਂ ਸੱਟਾਂ ਬਾਰੇ ਡਾਕਟਰਾਂ ਤੋਂ ਰਿਪੋਰਟਾਂ ਹਾਸਲ ਕਰਨੀਆਂ ਸਨ। ਕੁੜੀ ਜੇ ਹੋਸ਼ ਵਿੱਚ ਹੋਈ ਉਸਦਾ ਬਿਆਨ ਕਲਮਬੰਦ ਕਰਨਾ ਸੀ। ਅੱਗੇ ਕੰਮ ਹੀ ਕੰਮ ਸਨ। ਥਾਣੇਦਾਰ ਕੋਲ ਬਹੁਤੀਆਂ ਹਮਦਰਦੀਆਂ ਜਿਤਾਉਣ ਦਾ ਵਕਤ ਨਹੀਂ ਸੀ।

“ਮੇਰੇ ਭੈਣ ਭਣੋਈਏ ਤੋਂ ਪੁੱਛਣਾ ਸੀ, ਉਹੋ ਕੁੱਝ ਦੱਸ ਸਕਦੇ ਹਨ।”

ਰਾਮ ਨਾਥ ਨੂੰ ਪੰਕਜ ਹੋਰਾਂ ਉਪਰ ਪੱਕਾ ਸ਼ੱਕ ਸੀ। ਪਰ ਭੈਣ ਭਣੋਈਏ ਦੀ ਰਾਏ ਬਿਨਾਂ ਉਹ ਕਿਸੇ ਦਾ ਨਾਂ ਨਹੀਂ ਸੀ ਲੈ ਸਕਦਾ।

“ਉਹ ਹਸਪਤਾਲ ਵਿੱਚ ਪਏ ਹਨ। ਸੱਟਾਂ ਕਾਫ਼ੀ ਹਨ। ਡਾਕਟਰ ਨੇ ਬੇਹੋਸ਼ੀ ਦਾ ਟੀਕਾ ਲਾ ਦਿੱਤਾ ਹੋਏਗਾ। ਸਾਨੂੰ ਹਾਲੇ ਕੁੱਝ ਸਮਾਂ ਮੁਆਇਨਾ ਕਰਨ ’ਤੇ ਲੱਗੇਗਾ। ਤੁਸੀਂ ਹਸਪਤਾਲ ਜਾ ਕੇ ਉਨ੍ਹਾਂ ਨਾਲ ਰਾਏ ਕਰ ਲਓ। ਜਿਸ ਤਰ੍ਹਾਂ ਕਹੋਗੇ ਪਰਚਾ ਦਰਜ ਕਰ ਲਵਾਂਗੇ।”

ਵੈਸੇ ਥਾਣੇਦਾਰ ਦੀ ਮੁੱਢਲੀ ਤਫ਼ਤੀਸ਼ ਤੋਂ ਵਾਰਦਾਤ ਕਾਲੇ ਕੱਛਿਆਂ ਵਾਲੇ ਗਰੋਹ ਵੱਲੋਂ ਕੀਤੀ ਪਾਈ ਗਈ ਸੀ। ਦੋਸ਼ੀਆਂ ਉਪਰ ਡਕੈਤੀ ਅਤੇ ਡਕੈਤੀ ਦੌਰਾਨ ਹੋਏ ਕਤਲ ਦੀ ਦਫ਼ਾ ਲੱਗਣੀ ਸੀ।

ਰਾਮ ਨਾਥ ਕਾਨੂੰਨ ਜਾਣਦਾ ਸੀ। ਇਸ ਲਈ ਥਾਣੇਦਾਰ ਨੇ ਦਰਜ ਹੋਣ ਵਾਲੇ ਪਰਚੇ ਦਾ ਮਜ਼ਮੂਨ ਅਤੇ ਲਗਦੀਆਂ ਧਾਰਾਵਾਂ ਵੱਲ ਇਸ਼ਾਰਾ ਕਰ ਦਿੱਤਾ ਸੀ। ਅੱਗੇ ਉਹ ਖ਼ੁਦ ਸਿਆਣਾ ਸੀ।

ਪਰਿਵਾਰ ਦੇ ਜੀਆਂ ਨੂੰ ਮਿਲੇ ਬਿਨਾਂ ਰਾਮ ਨਾਥ ਕੁੱਝ ਨਹੀਂ ਸੀ ਆਖ ਸਕਦਾ।

ਵੈਸੇ ਵੀ ਮੁਕੱਦਮੇ ਨਾਲੋਂ ਵੱਧ ਜ਼ਰੂਰੀ ਜ਼ਖ਼ਮੀਆਂ ਦੀ ਸਾਂਭ ਸੰਭਾਲ ਸੀ। ਇਥੇ ਸੰਗੀਤਾ ਦੇ ਕਰਨ ਵਾਲਾ ਕੁੱਝ ਨਹੀਂ ਸੀ।

ਸੰਗੀਤਾ ਅਤੇ ਇੱਕ ਗੁਆਂਢੀ ਨੂੰ ਨਾਲ ਲੈ ਕੇ ਰਾਮ ਨਾਥ ਹਸਪਤਾਲ ਲਈ ਰਵਾਨਾ ਹੋ ਗਿਆ।

ਰਸਤੇ ਵਿੱਚ ਗੁਆਂਢੀ ਰਾਮ ਨਾਥ ਨੂੰ ਹੋਈ ਵਾਰਦਾਤ ਦਾ ਵੇਰਵਾ ਦੇਣ ਲੱਗਾ।

ਉਹ ਅਤੇ ਵੇਦ ਸਵੇਰੇ ਚਾਰ ਵਜੇ ਸੈਰ ਕਰਨ ਜਾਇਆ ਕਰਦੇ ਸਨ। ਜੇ ਵੇਦ ਪਹਿਲਾਂ ਜਾਗ ਪਏ ਉਹ ਜੈ ਨਰਾਇਣ ਦੀ ਬੈੱਲ ਖੜਕਾ ਦਿੰਦਾ ਸੀ। ਨਹੀਂ ਤਾਂ ਜੈ ਨਰਾਇਣ ਵੇਦ ਨੂੰ ਉਠਾ ਲੈਂਦਾ ਸੀ।

ਅੱਜ ਸਵੇਰੇ ਜਦੋਂ ਸਾਢੇ ਚਾਰ ਵਜੇ ਤਕ ਵੇਦ ਦੀ ਉੱਘ ਸੁੱਘ ਨਾ ਨਿਕਲੀ ਤਾਂ ਨਿਯਮ ਅਨੁਸਾਰ ਉਸ ਨੇ ਵੇਦ ਦੀ ਬੈੱਲ ਖੜਕਾਈ। ਜਦੋਂ ਬੈੱਲ ਨਾ ਖੜਕੀ, ਉਸਨੂੰ ਹੈਰਾਨੀ ਹੋਈ। ਬਿਜਲੀ ਹੈ ਸੀ। ਫੇਰ ਬੈੱਲ ਕਿਉਂ ਨਹੀਂ ਖੜਕੀ? ਸੋਚਿਆ ਖ਼ਰਾਬ ਹੋ ਗਈ ਹੋਵੇਗੀ।

ਰਾਤ ਦਸ ਵਜੇ ਤਕ ਉਹ ਇਕੱਠੇ ਸਨ। ਵੇਦ ਦੇ ਬਾਹਰ ਜਾਣ ਦੀ ਕੋਈ ਸੰਭਾਵਨਾ ਨਹੀਂ ਸੀ। ਗੇਟ ਦੇ ਹੋੜੇ ਵੱਲ ਨਜ਼ਰ ਮਾਰੀ ਤਾਂ ਲੱਗਾ, ਜਿਵੇਂ ਗੇਟ ਖੁੱਲ੍ਹਾ ਪਿਆ ਸੀ।

ਗੇਟ ਖੋਲ੍ਹ ਕੇ ਉਹ ਅੰਦਰ ਚਲਾ ਗਿਆ। ਹੋ ਸਕਦਾ ਹੈ ਵੇਦ ਬਾਥਰੂਮ ਵਿੱਚ ਹੋਵੇ। ਇਸੇ ਲਈ ਜਵਾਬ ਨਾ ਦੇ ਰਿਹਾ ਹੋਵੇ। ਚਾਰ ਕਦਮ ਅੱਗੇ ਜਾ ਕੇ ਜੈ ਨਰਾਇਣ ਨੂੰ ਖ਼ੂਨ ਦੇ ਧੱਬੇ ਨਜ਼ਰ ਆਏ। ਇੱਡਾ ਵਾਕਿਆ ਹੋ ਗਿਆ ਸੀ, ਇਹ ਫੇਰ ਵੀ ਜੈ ਨਰਾਇਣ ਦੇ ਜ਼ਿਹਨ ਵਿੱਚ ਨਹੀਂ ਸੀ ਆਇਆ। ਜਦੋਂ ਅਗਾਂਹ ਪੋਰਚ ਵਿੱਚ ਖ਼ੂਨ ਹੀ ਖ਼ੂਨ ਨਜ਼ਰ ਆਇਆ ਤਾਂ ਉਸਨੂੰ ਕਾਂਬਾ ਛਿੜ ਗਿਆ। ਉਹ ਓਹਨੀਂ ਪੈਰੀਂ ਵਾਪਸ ਮੁੜ ਆਇਆ। ਗਲੀ ਵਿੱਚ ਖੜ੍ਹ ਕੇ ਸ਼ੋਰ ਮਚਾਇਆ।

ਗੁਆਂਢ ਵਿੱਚ ਭਗਦੜ ਪੈ ਗਈ।

ਸੌ ਨੰਬਰ ’ਤੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ।

ਅੱਧਾ ਘੰਟਾ ਬੀਤ ਜਾਣ ’ਤੇ ਵੀ ਜਦੋਂ ਪੁਲਿਸ ਦਾ ਸਿਪਾਹੀ ਤਕ ਮੌਕੇ ’ਤੇ ਨਾ ਪੁੱਜਾ ਤਾਂ ਕੁੱਝ ਗੁਆਂਢੀ ਭੱਜ ਕੇ ਥਾਣੇ ਗਏ।

ਸਵੇਰ ਦਾ ਸਮਾਂ ਸੀ। ਸੰਤਰੀ ਅਤੇ ਮੁਨਸ਼ੀ ਤੋਂ ਸਿਵਾ ਥਾਣੇ ਕੋਈ ਨਹੀਂ ਸੀ। ਕੋਈ ਜੰਗਲ ਪਾਣੀ ਗਿਆ ਸੀ, ਕੋਈ ਦਾਤਣ ਕੁਰਲਾ ਕਰ ਰਿਹਾ ਸੀ। ਭਾਜੜ ਗੁਆਂਢੀਆਂ ਨੂੰ ਪਈ ਸੀ ਪੁਲਿਸ ਨੂੰ ਨਹੀਂ। ਕੁਆਟਰਾਂ ਵਿੱਚ ਜਾ ਜਾ ਮਸਾਂ ਸਿਪਾਹੀ ਖੜ੍ਹੇ ਕੀਤੇ। ਫ਼ੋਨ ਕਰ ਕਰ ਥਾਣੇਦਾਰ ਬੁਲਾਏ। ਚਾਰ ਪੁਲਿਸ ਵਾਲਿਆਂ ਨੂੰ ਇਕੱਠੇ ਹੁੰਦਿਆਂ ਨੂੰ ਘੰਟਾ ਲਗ ਗਿਆ।

ਦੋ ਘੰਟਿਆਂ ਬਾਅਦ ਪੁਲਿਸ ਮੌਕੇ ’ਤੇ ਪੁੱਜੀ। ਡਰਦਾ ਗੁਆਂਢੀ ਕੋਈ ਅੰਦਰ ਨਹੀਂ ਸੀ ਵੜਿਆ। ਪੁਲਿਸ ਦੇ ਨਾਲ ਉਹ ਕੋਠੀ ਅੰਦਰ ਗਏ। ਕਮਲ ਦਾ ਸਰੀਰ ਠੰਢਾ ਹੋਇਆ ਪਿਆ ਸੀ। ਬਾਕੀ ਤਿੰਨੇ ਬੇਹੋਸ਼ ਸਨ। ਕਮਲ ਦੇ ਸਰੀਰ ਵਿਚੋਂ ਬਹੁਤ ਖ਼ੂਨ ਵਹਿ ਚੁੱਕਾ ਸੀ। ਵਾਰਦਾਤ ਪਤਾ ਨਹੀਂ ਕਿਸ ਵਕਤ ਹੋਈ ਸੀ। ਜੇ ਪੁਲਿਸ ਸਮੇਂ ਸਿਰ ਪੁੱਜ ਜਾਂਦੀ, ਸ਼ਾਇਦ ਉਹ ਬਚ ਜਾਂਦਾ।

ਪੁਲਿਸ ਨੇ ਆਪਣੀ ਐਂਬੂਲੈਂਸ ਬੁਲਾਈ। ਮਜ਼ਰੂਬਾਂ ਨੂੰ ਹਸਪਤਾਲ ਪਹੁੰਚਾਇਆ।

ਚਾਰ ਗੁਆਂਢੀ ਦੇਖਭਾਲ ਲਈ ਨਾਲ ਗਏ।

ਜੈ ਨਰਾਇਣ ਨੇ ਮੋਹਨ ਲਾਲ ਦੇ ਘਰ ਫ਼ੋਨ ਕੀਤਾ। ਪਤਾ ਲੱਗਾ ਮੁੰਡੇ ਬਾਹਰ ਗਏ ਹੋਏ ਸਨ।

ਪਰਿਵਾਰ ਦੇ ਸਾਰੇ ਜੀਅ ਫੱਟੜ ਹੋ ਗਏ ਸਨ। ਬਹੁਤ ਸਾਰੇ ਅਹਿਮ ਫੈਸਲੇ ਕਰਨੇ ਸਨ। ਪਰਚਾ ਕਟਵਾਉਣਾ ਸੀ। ਜ਼ਖ਼ਮੀਆਂ ਨੂੰ ਕਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਏ? ਇਹ ਸੋਚਣਾ ਸੀ। ਇਹ ਫੈਸਲੇ ਘਰ ਦੇ ਕਿਸੇ ਮੈਂਬਰ ਦੁਆਰਾ ਕੀਤੇ ਜਾਣੇ ਸਨ।

ਕੁਦਰਤੀ ਜੈ ਨਰਾਇਣ ਨੂੰ ਰਾਮ ਨਾਥ ਦੇ ਨਾਂ ਪਤੇ ਵਾਲਾ ਕਾਰਡ ਲੱਭ ਗਿਆ।

ਉਸਨੇ ਝੱਟ ਰਾਮ ਨਾਥ ਨੂੰ ਫ਼ੋਨ ਖੜਕਾ ਦਿੱਤਾ।

ਵੈਸੇ ਮੋਹਨ ਲਾਲ ਦਾ ਮੈਨੇਜਰ ਆਇਆ ਸੀ। ਮਾਇਆ ਦੇਵੀ ਨਾਲ ਆਈ ਸੀ।

ਉਹ ਥਾਣੇਦਾਰ ਨੂੰ ਮਿਲ ਗਿਆ ਸੀ। ਸ਼ਾਇਦ ਚਾਹ ਪਾਣੀ ਦੇ ਗਿਆ ਸੀ।

ਮਾਇਆ ਦੇਵੀ ਤੋਂ ਇਹ ਦ੍ਰਿਸ਼ ਦੇਖਿਆ ਨਹੀਂ ਸੀ ਗਿਆ। ਉਸ ਨੂੰ ਖੋਹ ਪੈਣ ਲੱਗੀ ਸੀ। ਗੁਆਂਢੀਆਂ ਨੇ ਤੁਰੰਤ ਉਸਨੂੰ ਘਰ ਮੋੜ ਦਿੱਤਾ।

ਚੰਗਾ ਸੀ ਰਾਮ ਨਾਥ ਆ ਗਿਆ ਸੀ। ਉਹ ਵਕੀਲ ਸੀ। ਉਸਨੇ ਸਭ ਸੰਭਾਲ ਲੈਣਾ ਸੀ।

 

-3-

 

ਮਾਇਆ ਨਗਰ ਦੇ ਕੁੱਝ ਹਸਪਤਾਲ ਆਧੁਨਿਕ ਡਾਕਟਰੀ ਸਹੂਲਤਾਂ ਕਾਰਨ ਉੱਤਰੀ ਭਾਰਤ ਦੇ ਚੁਣੇ ਹਸਪਤਾਲਾਂ ਵਿਚੋਂ ਗਿਣੇ ਜਾਂਦੇ ਸਨ। ਇਨ੍ਹਾਂ ਹਸਪਤਾਲਾਂ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਖ਼ਬਰ ਲੈਣ ਰਾਮ ਨਾਥ ਕਈ ਵਾਰ ਮਾਇਆ ਨਗਰ ਆਇਆ ਸੀ।

ਇਥੋਂ ਦੇ ਸਿਵਲ ਹਸਪਤਾਲ ਆਉਣ ਦਾ ਇਹ ਉਸਦਾ ਪਹਿਲਾ ਮੌਕਾ ਸੀ।

ਕਾਨੂੰਨ, ਸਰਕਾਰੀ ਡਾਕਟਰਾਂ ਦੀ ਰਾਏ ਨੂੰ, ਪ੍ਰਾਈਵੇਟ ਡਾਕਟਰਾਂ ਨਾਲੋਂ ਵੱਧ ਤਰਜੀਹ ਦਿੰਦਾ ਸੀ। ਤਰਕ ਇਹ ਸੀ ਕਿ ਸਰਕਾਰੀ ਮੁਲਾਜ਼ਮ ਝੂਠ ਨਹੀਂ ਬੋਲਦੇ। ਇਸੇ ਮਜਬੂਰੀਵੱ ਸ ਲੜਾਈ ਝਗੜਿਆਂ ਜਾਂ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਹੋਣਾ ਪੈਂਦਾ ਸੀ। ਸਰਕਾਰੀ ਡਾਕਟਰ, ਫੱਟੜ ਦੀਆਂ ਸੱਟਾਂ ਦਾ ਮੁਆਇਨਾ ਕਰਦੇ ਸਨ। ਲੱਗੀਆਂ ਸੱਟਾਂ ਦੀ ਰਿਪੋਰਟ ਤਿਆਰ ਕਰਕੇ ਪੁਲਿਸ ਨੂੰ ਦਿਦੇ ਸਨ। ਪੁਲਿਸ ਉਸ ਰਿਪੋਰਟ ਦੇ ਆਧਾਰ ’ਤੇ ਮੁਕੱਦਮੇ ਦਾ ਮੂੰਹ ਮੱਥਾ ਘੜਦੀ ਸੀ।

ਕਾਨੂੰਨ ਦੀ ਇਸੇ ਲੋੜ ਦਾ ਢਿੱਡ ਭਰਨ ਲਈ ਵੇਦ ਹੋਰਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ।

ਰਾਮ ਨਾਥ ਨੂੰ ਜਿੰਨੀ ਉਤਸੁਕਤਾ ਆਪਣੇ ਸਾਕ ਸੰਬੰਧੀਆਂ ਦੀ ਸਿਹਤ ਦੀ ਜਾਣਕਾਰੀ ਲੈਣ ਦੀ ਸੀ ਓਨੀ ਕਾਹਲ ਉਸਨੂੰ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਚੋਂ ਕੱਢ ਲਿਜਾਣ ਦੀ ਸੀ।

ਹਸਪਤਾਲ ਦੇ ਆਮ ਵਾਰਡਾਂ ਦੇ ਖੁਲ੍ਹਣ ਦਾ ਸਮਾਂ ਸਵੇਰੇ ਅੱਠ ਵਜੇ ਦਾ ਸੀ।

ਐਮਰਜੈਂਸੀ ਵਾਰਡ ਚੌਵੀ ਘੰਟੇ ਖੁਲ੍ਹਾ ਰਹਿੰਦਾ ਸੀ। ਵੇਦ ਹੋਰਾਂ ਨੂੰ ਸੱਤ ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ ਸੀ। ਸਮਾਂ ਜੇ ਅੱਠ ਵਜੇ ਦੇ ਬਾਅਦ ਦਾ ਵੀ ਹੁੰਦਾ ਤਾਂ ਵੀ ਅਜਿਹੇ ਮਰੀਜ਼ਾਂ ਨੂੰ ਪਹਿਲਾਂ ਐਮਰਜੈਂਸੀ ਵਾਰਡ ਵਿੱਚ ਹੀ ਦਾਖ਼ਲ ਕਰਵਾਇਆ ਜਾਣਾ ਸੀ। ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਨੇ ਉਨ੍ਹਾਂ ਦੀਆਂ ਸੱਟਾਂ ਦਾ ਮੁਆਇਨਾ ਕਰਨਾ ਸੀ। ਰਿਪੋਰਟ ਤਿਆਰ ਕਰਨੀ ਸੀ। ਫੇਰ ਸੰਬੰਧਿਤ ਵਾਰਡਾਂ ਵਿੱਚ ਇਲਾਜ ਲਈ ਭੇਜਣਾ ਸੀ।

ਸਿਵਲ ਹਸਪਤਾਲ ਦੇ ਕੰਮ ਕਾਜ ਦਾ ਤਜਰਬਾ ਹੋਣ ਕਾਰਨ ਰਾਮ ਨਾਥ ਨੇ ਡਰਾਈਵਰ ਨੂੰ ਇਸ਼ਾਰਾ ਕੀਤਾ। ਉਹ ਗੱਡੀ ਸਿੱਧੀ ਐਮਰਜੈਂਸੀ ਵਾਰਡ ਅੱਗੇ ਲਾ ਦੇਵੇ।

ਵੇਦ ਹੋਰਾਂ ਦੇ ਕੁੱਝ ਪੜੋਸੀ ਐਮਰਜੈਂਸੀ ਵਾਰਡ ਦੇ ਬਾਹਰ ਖੜ੍ਹੇ ਸਨ। ਉਨ੍ਹਾਂ ਵਿਚੋਂ ਇੱਕ ਰਾਮ ਨਾਥ ਨੂੰ ਜਾਣਦਾ ਸੀ। ਦੂਜੇ ਗੁਆਂਢੀਆਂ ਨੂੰ ਨਾਲ ਲੈ ਕੇ ਉਹ ਰਾਮ ਨਾਥ ਵੱਲ ਦੌੜਿਆ।

ਅੱਖ ਝਪਕਦੇ ਹੀ ਰਾਮ ਨਾਥ ਅਤੇ ਸੰਗੀਤਾ ਨੂੰ ਪੜੋਸੀਆਂ ਨੇ ਘੇਰ ਲਿਆ।

“ਕੀ ਹਾਲ ਹੈ ਮੇਰੇ ਭੈਣ ਭਣੋਈਏ ਦਾ? ਨੇਹਾ ਦਾ?” ਇਥੇ ਵੀ ਕੋਈ ਭਾਣਾ ਨਾ ਵਰਤ ਗਿਆ ਹੋਵੇ? ਤੌਖਲਾ ਦੂਰ ਕਰਨ ਲਈ ਰਾਮ ਨਾਥ ਨੇ ਸਭ ਤੋਂ ਪਹਿਲਾਂ ਇਹੋ ਪ੍ਰਸ਼ਨ ਪੁੱਛਿਆ।

“ਸਭ ਠੀਕ ਹਨ। ਬਹੁਤੀ ਚਿੰਤਾ ਵਾਲੀ ਗੱਲ ਨਹੀਂ ਹੈ।” ਇੱਕ ਪੜੋਸੀ ਨੇ ਢਾਰਸ ਬੰਨ੍ਹਾਈ।

“ਭੈਣ ਜੀ ਨੂੰ ਕਿਸੇ ਹੋਰ ਹਸਪਤਾਲ ਵਿੱਚ ਲਿਜਾਣਾ ਚਾਹੀਦਾ ਹੈ। ਉਸ ਦੇ ਸਿਰ ਵਿੱਚ ਸੱਟ ਹੈ। ਦਿਮਾਗ਼ ਦੀਆਂ ਬਿਮਾਰੀਆਂ ਦਾ ਮਾਹਿਰ ਡਾਕਟਰ ਇਸ ਹਸਪਤਾਲ ਵਿੱਚ ਹੈ ਨਹੀਂ।” ਇੱਕ ਪੜੋਸਣ ਨੇ, ਜਿਹੜੀ ਹੁਣ ਤਕ ਨੀਲਮ ਕੋਲ ਬੈਠੀ ਰਹੀ ਸੀ ਸਥਿਤੀ ਸਪੱਸ਼ਟ ਕੀਤੀ।

“ਕਿਧਰ ਨੇ ਸਾਰੇ?”

“ਨੇਹਾ ਠੀਕ ਹੈ। ਉਸਨੂੰ ਜਨਾਨਾ ਵਾਰਡ ਵਿੱਚ ਭੇਜ ਦਿੱਤਾ ਹੈ। ਵੇਦ ਦੀਆਂ ਲੱਤਾਂ ਬਾਹਾਂ ’ਤੇ ਸੱਟਾਂ ਹਨ। ਉਸ ਨੂੰ ਹੱਡੀਆਂ ਵਾਲੇ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ।

ਭੈਣ ਜੀ ਇਧਰ ਹਨ।”

ਪੜੋਸਣ ਨੇ ਐਮਰਜੈਂਸੀ ਵਾਰਡ ਦੇ ਬੰਦ ਦਰਵਾਜ਼ੇ ਵੱਲ ਇਸ਼ਾਰਾ ਕਰਕੇ, ਉਸ ਅੰਦਰ ਨੀਲਮ ਦੇ ਪਏ ਹੋਣ ਬਾਰੇ ਦੱਸਿਆ।

“ਠਹਿਰੋ ਬਾਬੂ ਜੀ। ਤੁਸੀਂ ਕੌਣ ਹੋ?” ਦਰਵਾਜ਼ਾ ਖੋਲ੍ਹ ਕੇ ਅੰਦਰ ਵੜਦੇ ਰਾਮ ਨਾਥ ਨੂੰ, ਕਿਧਰੋਂ ਅਚਾਨਕ ਆ ਟਪਕੇ ਹਸਪਤਾਲ ਦੇ ਸੇਵਾਦਾਰ ਨੇ ਰੋਕਿਆ।

“ਮੈਂ ਮਰੀਜ਼ ਦਾ ਭਰਾ ਹਾਂ। ਰਾਮ ਨਾਥ ਐਡਵੋਕੇਟ।”

‘ਐਡਵੋਕੇਟ’ ਸ਼ਬਦ ਸੁਣ ਕੇ ਸੇਵਾਦਾਰ ਦੇ ਤੇਵਰ ਕੁੱਝ ਢਿੱਲੇ ਤਾਂ ਪਏ ਪਰ ਸੜੀ ਰੱਸੀ ਵਾਂਗ ਉਹ ਵਲ ਛੱਡਣ ਨੂੰ ਤਿਆਰ ਨਹੀਂ ਸੀ।

“ਬਿਨਾਂ ਇਜਾਜ਼ਤ ਅੰਦਰ ਜਾਣਾ ਮਨ੍ਹਾਂ ਹੈ। ਤੁਸੀਂ ਪਹਿਲਾਂ ਡਾਕਟਰ ਸਾਹਿਬ ਨੂੰ ਮਿਲੋ।”

ਸੇਵਾਦਾਰ ਨੇ ‘ਮਿਲੋ’ ਸ਼ਬਦ ’ਤੇ ਜ਼ਿਆਦਾ ਜ਼ੋਰ ਦਿੰਦਿਆਂ ਰਾਮ ਨਾਥ ਨੂੰ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ।

ਰਾਮ ਨਾਥ ਸੇਵਾਦਾਰ ਦਾ ਇਸ਼ਾਰਾ ਸਮਝ ਗਿਆ। ਉਹ ਫੌਜਦਾਰੀ ਵਕੀਲ ਸੀ।

ਆਪਣੇ ਸਾਇਲਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਉਸਨੂੰ ਆਪਣੇ ਸ਼ਹਿਰ ਦੇ ਸਿਵਲ ਹਸਪਤਾਲ ਜਾਣਾ ਪੈਂਦਾ ਸੀ। ਡਾਕਟਰਾਂ ਨੂੰ ‘ਮਿਲ’ ਕੇ ਮਰਜ਼ੀ ਦੀ ਇੰਜਰੀ ਰਿਪੋਰਟ ਤਿਆਰ ਕਰਵਾਈ ਜਾ ਸਕਦੀ ਸੀ। ਰਾਮ ਨਾਥ ਉਹੋ ਕਰਨ ਜਾਂਦਾ ਸੀ। ਜੇ ਉਹ ਦੋਸ਼ੀਆਂ ਦਾ ਵਕੀਲ ਹੁੰਦਾ ਤਾਂ ਸੱਟਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਗੰਭੀਰਤਾ ਘਟਵਾ ਲੈਂਦਾ। ਜੇ ਮੁਦਈ ਦਾ ਵਕੀਲ ਹੁੰਦਾ ਤਾਂ ਸਬੂਤੀਆਂ ਹੱਡੀਆਂ ਨੂੰ ਟੁੱਟੀਆਂ ਬਣਵਾ ਲੈਂਦਾ। ਸੋਟੀਆਂ ਨਾਲ ਵੱਜੀਆਂ ਸੱਟਾਂ ਨੂੰ ਗੰਡਾਸਿਆਂ ਨਾਲ ਮਾਰੀਆਂ ਲਿਖਾ ਲੈਂਦਾ। ਇਸੇ ਮਕਸਦ ਦਾ ਇਸ਼ਾਰਾ ਸੇਵਾਦਾਰ ਰਾਮ ਨਾਥ ਨੂੰ ਕਰ ਰਿਹਾ ਸੀ।

“ਮਿਲਦਾਂ ਡਾਕਟਰ ਨੂੰ ਵੀ। ਪਹਿਲਾਂ ਮਰੀਜ਼ ਨੂੰ ਮਿਲ ਲਵਾਂ।”

ਪਿੱਛੇ ਖੜ੍ਹੀ ਸੰਗੀਤਾ ਦੀ ਬਾਂਹ ਫੜ ਕੇ ਰਾਮ ਨਾਥ ਨੇ ਉਸਨੂੰ ਨਾਲ ਰਲਾ ਲਿਆ।

ਬਿਨਾਂ ਸੇਵਾਦਾਰ ਦੀ ਪਰਵਾਹ ਕਰੇ, ਉਸਨੇ ਦਰਵਾਜ਼ਾ ਖੋਲ੍ਹਿਆ ਅਤੇ ਉਹ ਕਮਰੇ ਅੰਦਰ ਵੜ ਗਏ।

ਕਮਰੇ ਵਿੱਚ ਕਰੀਬ ਚਾਰ ਫੁੱਟ ਉੱਚਾ, ਆਦਮੀ ਦੇ ਕੱਦ ਜਿੰਨਾ ਲੰਬਾ ਤਖ਼ਤਪੋਸ਼ਨੁਮਾ ਇੱਕ ਮੇਜ ਪਿਆ ਸੀ। ਮੇਜ਼ ਉਪਰ ਘਸੀ ਪਿਟੀ ਇੱਕ ਪਲਾਸਟਕ ਦੀ ਚਾਦਰ ਵਿਛੀ ਹੋਈ ਸੀ। ਉਸ ਉਪਰ ਖ਼ੂਨ ਦੇ ਨਵੇਂ ਪੁਰਾਣੇ ਸੈਂਕੜੇ ਧੱਬੇ ਸਨ। ਉਸ ਮੇਜ਼ ਉੱਪਰ ਪਈ ਨੀਲਮ ਤੜਪ ਰਹੀ ਸੀ।

ਨੀਲਮ ਦੇ ਸਿਰ ਉਪਰ ਪੱਟੀ ਬੱਝੀ ਹੋਈ ਸੀ। ਪੱਟੀ ਹੇਠ ਰੱਖੀ ਰੂੰ ਵਿਚੋਂ ਖ਼ੂਨ ਸਿਮਸਿਮ ਪੱਟੀ ਤਕ ਆ ਚੁੱਕਾ ਸੀ। ਉਸਦੀ ਠੋਡੀ, ਗਰਦਨ ਅਤੇ ਕੰਨਾਂ ਕੋਲ ਖ਼ੂਨ ਜੰਮਿਆ ਹੋਇਆ ਸੀ। ਉਸਦੇ ਸਾਰੇ ਕੱਪੜੇ ਖ਼ੂਨ ਨਾਲ ਲੱਥ ਪੱਥ ਸਨ। ਸਿਰ ਦੀ ਸੱਟ ਕਾਰਨ ਉਸਦਾ ਸਾਰਾ ਸਰੀਰ ਕੰਬ ਰਿਹਾ ਸੀ। ਇੱਕ ਅੱਧ ਮਿੰਟ ਦੇ ਵਕਫ਼ੇ ਬਾਅਦ ਉਸ ਨੂੰ ਮਿਰਗੀ ਦੇ ਦੌਰੇ ਵਰਗਾ ਦੌਰਾ ਪੈਂਦਾ ਸੀ। ਉਸਦੇ ਮੂੰਹ ਵਿਚੋਂ ਝੱਗ ਨਿਕਲਣ ਲਗਦੀ ਸੀ, ਉਸਦੇ ਹੱਥ ਪੈਰ ਮੁੜ ਜਾਂਦੇ ਸਨ ਅਤੇ ਅੱਖਾਂ ਬਾਹਰ ਨੂੰ ਨਿਕਲ ਆਉਂਦੀਆਂ ਸਨ। ਇੱਕ ਵੱਡੇ ਜਿਗਰੇ ਵਾਲੀ ਪੜੋਸਣ ਉਸਦੇ ਤੜਪਦੇ ਸਰੀਰ ਨੂੰ ਕਾਬੂ ਕਰਨ ਦਾ ਯਤਨ ਕਰ ਰਹੀ ਸੀ।

“ਮੈਂ ਨੀਲਮ ਦਾ ਭਰਾ ਹਾਂ। ਕੀ ਕਹਿੰਦੇ ਨੇ ਡਾਕਟਰ?” ਆਪਣੀ ਜਾਣ ਪਹਿਚਾਣ ਕਰਾ ਕੇ ਰਾਮ ਨਾਥ ਨੇ ਪੜੋਸਣ ਤੋਂ ਨੀਲਮ ਦਾ ਹਾਲ ਪੁੱਛਿਆ।

ਸੰਗੀਤਾ ਨੀਲਮ ਨੂੰ ਸੰਭਾਲਣ ਲੱਗੀ।

ਸੰਗੀਤਾ ਦੀ ਹਾਜ਼ਰੀ ’ਤੇ ਕੁੱਝ ਰਾਹਤ ਮਹਿਸੂਸ ਕਰਦੀ ਪੜੋਸਣ ਰਾਮ ਨਾਥ ਦੇ ਕੰਨ ਕੋਲ ਮੂੰਹ ਕਰਕੇ ਕਹਿਣ ਲੱਗੀ:

“ਕਿਸੇ ਨੇ ਕੁੱਝ ਨਹੀਂ ਕੀਤਾ। ਇੱਕ ਜਮਾਂਦਾਰ ਜਿਹਾ ਆਇਆ ਸੀ। ਵਾਲ ਕੱਟ ਕੇ, ਖ਼ੂਨ ਪੂੰਝ ਕੇ ਪੱਟੀ ਕਰ ਗਿਆ। ਕਹਿੰਦਾ ਪਹਿਲਾਂ ਡਾਕਟਰ ਸੱਟਾਂ ਦੀ ਗਿਣਤੀ ਅਤੇ ਮਿਣਤੀ ਕਰੇਗਾ। ਫੇਰ ਇਲਾਜ ਸ਼ੁਰੂ ਹੋਊ। ਭਾਈ ਕੁੱਝ ਕਰੋ। ਇਥੇ ਇਹ ਮਰਜੂ ਵਿਚਾਰੀ।”

ਸ਼ਾਇਦ ਬਾਹਰ ਡਾਕਟਰ ਨੂੰ ਸੇਵਾਦਾਰ ਨੇ ਵਕੀਲ ਦੇ ਆਉਣ ਦੀ ਸੂਚਨਾ ਦੇ ਦਿੱਤੀ ਸੀ। ਆਪਣਾ ‘ਫਸਟ ਏਡ’ ਵਾਲਾ ਬਕਸਾ ਲੈ ਕੇ ਡਾਕਟਰ ਉਥੇ ਆ ਧਮਕਿਆ।

ਸਿਰ ’ਤੇ ਲਪੇਟੀ ਪੱਟੀ ਖੋਲ੍ਹਦਾ ਉਹ ਰਾਮ ਨਾਥ ਨੂੰ ਮਰੀਜ਼ ਦੀ ਹਾਲਤ ਬਾਰੇ ਦੱਸਣ ਲੱਗਾ: “ਇਨ੍ਹਾਂ ਦੇ ਸਿਰ ਵਿੱਚ ਸੱਟ ਹੈ। ਜ਼ਖ਼ਮ ਗਹਿਰਾ ਹੈ। ਮੈਂ ਕੇਸ ਰੈਫ਼ਰ ਕਰ ਦਿੰਦਾ ਹਾਂ। ਤੁਸੀਂ ਕਿਸੇ ਚੰਗੇ ਹਸਪਤਾਲ ਵਿੱਚ ਲੈ ਜਾਓ।”

“ਹੁਣ ਤਕ ਤੁਸੀਂ ਇਸਨੂੰ ਇਥੇ ਕੀ ਦਵਾਈ ਬੂਟੀ ਦਿੱਤੀ ਹੈ?” ਰਾਮ ਨਾਥ ਨੇ ਘੜੀ ਵੱਲ ਵੇਖਦਿਆਂ ਡਾਕਟਰ ਕੋਲੋਂ ਪੁੱਛਿਆ।

ਘੜੀ ਤੇ ਨੌ ਵੱਜ ਚੁੱਕੇ ਸਨ। ਘੜੀ ਵੱਲ ਦੇਖ ਕੇ ਉਹ ਡਾਕਟਰ ਨੂੰ ਅਹਿਸਾਸ ਕਰਾਉਣਾ ਚਾਹੁੰਦਾ ਸੀ ਕਿ ਦੋ ਘੰਟੇ ਦਾ ਕੀਮਤੀ ਸਮਾਂ ਲੰਘ ਜਾਣ ਉਪਰ ਵੀ ਉਨ੍ਹਾਂ ਕੁੱਝ ਨਹੀਂ ਕੀਤਾ।

“ਮੁੱਢਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਰੇਲ ਹੇਠ ਆ ਕੇ ਇੱਕ ਕੁਲੀ ਦੀ ਬਾਂਹ ਕੱਟੀ ਗਈ। ਉਸਨੂੰ ਸੰਭਾਲਦੇ ਕੁੱਝ ਦੇਰ ਲਗ ਗਈ। ਕੋਈ ਗੱਲ ਨਹੀਂ। ਤੁਸੀਂ ਮਰੀਜ਼ ਨੂੰ ਲਿਜਾਣਾ ਚਾਹੁੰਦੇ ਹੋ ਲੈ ਜਾਓ। ਲਿਖਾ ਪੜ੍ਹੀ ਕਰ ਲਵਾਂਗੇ। ਤੁਸੀਂ ਵਕੀਲ ਹੋ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ।”

ਰਾਮ ਨਾਥ ਸਮਝ ਰਿਹਾ ਸੀ। ਹਮਦਰਦੀ ਨਾ ਉਸਨੂੰ ਵਕੀਲ ਨਾਲ ਸੀ ਨਾ ਮਰੀਜ਼ ਨਾਲ। ਹਮਦਰਦੀ ਉਸ ਨੂੰ ਆਪਣੀ ਨੌਕਰੀ ਨਾਲ ਸੀ। ਉਸ ਨੇ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਮਰੀਜ਼ ਨੂੰ ਪੂਰੇ ਦੋ ਘੰਟੇ ਤੋਂ ਰੱਬ ਦੇ ਰਹਿਮੋ ਕਰਮ ’ਤੇ ਛੱਡ ਰੱਖਿਆ ਸੀ। ਰਾਮ ਨਾਥ ਦੇ ਆਉਣ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ। ਉਹ ਇੱਕ ਵਕੀਲ ਨਾਲ ਉਲਝਣ ਤੋਂ ਡਰਦਾ ਮਿੱਠੀਆਂ ਗੱਲਾਂ ਨਾਲ ਉਸਨੂੰ ਭਰਮਾ ਰਿਹਾ ਸੀ।

ਰਾਮ ਨਾਥ ਸਬਰ ਦਾ ਘੁੱਟ ਪੀਣ ਤੋਂ ਸਿਵਾ ਕੁੱਝ ਨਹੀਂ ਸੀ ਕਰ ਸਕਦਾ।

“ਕਿਰਪਾ ਕਰਕੇ ਇਨ੍ਹਾਂ ਨੂੰ ਦਯਾਨੰਦ ਹਸਪਤਾਲ ਪੁੱਜਣ ਤਕ ਦੀ ਡਾਕਟਰੀ ਸਹਾਇਤਾ ਦੇ ਦਿਓ। ਬਾਕੀ ਦੇਖੀ ਜਾਏਗੀ।”

ਭਰੇ ਗਲੇ ਨਾਲ ਰਾਮ ਨਾਥ ਨੇ ਡਾਕਟਰ ਅੱਗੇ ਤਰਲਾ ਲਿਆ।

ਰਾਮ ਨਾਥ ਦੇ ਗੁੱਸੇ ਨੂੰ ਠੰਢਾ ਕਰਨ ਲਈ ਡਾਕਟਰ ਸਰਿੰਜਾਂ ਵਿੱਚ ਦਵਾਈ ਭਰਨ ਲੱਗਾ।

ਸੰਗੀਤਾ ਨੂੰ ਨੀਲਮ ਕੋਲ ਛੱਡ ਕੇ ਰਾਮ ਨਾਥ ਦੂਜੇ ਮਰੀਜ਼ਾਂ ਵੱਲ ਦੌੜਿਆ।

ਹੱਡੀਆਂ ਦੇ ਵਾਰਡ ਤੋਂ ਪਹਿਲਾਂ ਜਨਾਨਾ ਵਾਰਡ ਪੈਂਦਾ ਸੀ। ਉਹ ਉਧਰ ਨੂੰ ਹੋ ਗਿਆ।

ਜਨਾਨਾ ਵਾਰਡ ਭਾਂ ਭਾਂ ਕਰ ਰਿਹਾ ਸੀ। ਵਾਰਡ ਦੇ ਵੀਹ ਬਿਸਤਰਿਆਂ ਵਿਚੋਂ ਅਠਾਰਾਂ ਖਾਲੀ ਪਏ ਸਨ। ਇੱਕ ਬਿਸਤਰੇ ਉਪਰ ਨੇਹਾ ਪਈ ਸੀ ਅਤੇ ਦੂਸਰੇ ਉਪਰ ਕੋਈ ਬਿਹਾਰਨ। ਬਿਹਾਰਨ ਦੀ ਦੇਖਭਾਲ ਲਈ ਇੱਕ ਭਈਆ ਬੈਠਾ ਸੀ ਜਿਸਨੇ ਬੀੜੀ ਸੁਲਘਾਈ ਹੋਈ ਸੀ। ਧੂੰਏਂ ਦੀ ਕੁੜੱਤਣ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਨੇਹਾ ਦੇ ਬਿਸਤਰੇ ਕੋਲ ਪਏ ਸਟੂਲ ਉਪਰ ਨੇਹਾ ਦੀ ਸਹੇਲੀ ਪਲਵੀ ਬੈਠੀ ਸੀ।

ਦੋ ਤਿੰਨ ਬੰਦਿਆਂ ਨੂੰ ਨੇਹਾ ਵੱਲ ਵੱਦੇ ਦੇਖਕੇ ਉਹ ਸਮਝ ਗਈ ਉਹ ਨੇਹਾ ਦੇ ਵਾਕਿਫ ਸਨ। ਉਹ ਉੱਠ ਕੇ ਖੜੋ ਗਈ।

“ਕੀ ਹਾਲ ਏ ਨੇਹਾ ਬੇਟੀ ਦਾ?”

ਘੱਟੋ ਘੱਟ ਸਮੇਂ ਵਿੱਚ ਵੱਧੋ ਵੱਧ ਜਾਣਕਾਰੀ ਲੈਣ ਦੀ ਨੀਅਤ ਨਾਲ ਇੱਕ ਪਾਸੇ ਰਾਮ ਨਾਥ ਨੇ ਨੇਹਾ ਦੀ ਸਹੇਲੀ ਤੋਂ ਪੁੱਛਿਆ ਅਤੇ ਦੂਜੇ ਪਾਸੇ ਨੇਹਾ ਦੇ ਨੰਗੇ ਚਿਹਰੇ ਤੋਂ ਹਾਲਾਤ ਭਾਂਪਣ ਲੱਗਾ।

ਚਿਹਰੇ ਤੋਂ ਇਲਾਵਾ ਨੇਹਾ ਦਾ ਸਾਰਾ ਸਰੀਰ ਇੱਕ ਹਰੇ ਰੰਗ ਦੀ ਚਾਦਰ ਨਾਲ ਢੱਕਿਆ ਹੋਇਆ ਸੀ। ਬੇਹੋਸ਼ੀ ਦੇ ਟੀਕੇ ਕਾਰਨ ਸਰੀਰ ਭਾਵੇਂ ਸਿਥਲ ਸੀ, ਪਰ ਚਿਹਰੇ ਦੇ ਹਾਵ ਭਾਵ ਤੋਂ ਉਸਦੀ ਪੀੜ ਦਾ ਅੰਦਾਜ਼ਾ ਲੱਗ ਰਿਹਾ ਸੀ। ਉਸਦੇ ਮੱਥੇ ’ਤੇ ਗੁੱਸੇ ਅਤੇ ਨਫ਼ਰਤ ਦੀ ਝਲਕ ਸੀ। ਦੋਹਾਂ ਗੱਲ੍ਹਾਂ ਉਪਰ ਦੰਦੀਆਂ ਦੇ ਨਿਸ਼ਾਨ ਸਨ, ਜਿਨ੍ਹਾਂ ਵਿਚੋਂ ਖ਼ੂਨ ਸਿੰਮ ਰਿਹਾ ਸੀ। ਗਰਦਨ ਅਤੇ ਠੋਡੀ ਉਪਰਲੇ ਨਹੁੰਦਰਾਂ ਦੇ ਨਿਸ਼ਾਨਾਂ ਵਿਚੋਂ ਵੀ ਲਾਲ ਭਾਹ ਮਾਰ ਰਹੀ ਸੀ। ਅੱਖਾਂ ਬਹਿ ਚੁੱਕੇ ਹੰਝੂਆਂ ਕਾਰਨ ਸੁੱਜੀਆਂ ਹੋਈਆਂ ਸਨ।

ਨੱਕ ਵਗੇ ਪਾਣੀ ਕਾਰਨ ਡੱਬਖੜੱਬਾ ਹੋਇਆ ਪਿਆ ਸੀ। ਕੰਨਾਂ ਵਿਚੋਂ ਵਾਲੀਆਂ ਧੂਹ ਕੇ ਖਿੱਚੀਆਂ ਗਈਆਂ ਸਨ। ਇਸੇ ਕਾਰਨ ਕੰਨਾਂ ਦੀਆਂ ਗਲੀਆਂ ਉਚੜੀਆਂ ਹੋਈਆਂ ਸਨ।

“ਅੰਕਲ ਖ਼ਤਰੇ ਵਾਲੀ ਕੋਈ ਗੱਲ ਨਹੀਂ। ਬੇਹੋਸ਼ੀ ਦਾ ਟੀਕਾ ਲੱਗਿਆ ਹੋਇਆ ਹੈ। ਪਰ ਡਾਕਟਰ ਕੋਈ ਨਹੀਂ ਆਈ। ਨੇਹਾ ਦੇ ਪੇਟ ਅਤੇ … ਵਿੱਚ ਦਰਦ ਹੈ। ਖ਼ੂਨ ਸਿਮ ਰਿਹਾ ਹੈ। ਸਾਰੇ ਕੱਪੜੇ ਖਰਾਬ ਹੋਏ ਪਏ ਹਨ। ਮੈਂ ਘਰੋਂ ਆਪਣਾ ਸੂਟ ਮੰਗਵਾਇਆ ਸੀ।

ਨਰਸ ਕਪੜੇ ਬਦਲਣ ਨਹੀਂ ਦਿੰਦੀ। ਕਹਿੰਦੀ ਹੈ ਡਾਕਟਰ ਨੇ ਇਹ ਕੱਪੜੇ ਕਬਜ਼ੇ ਵਿੱਚ ਲੈਣੇ ਹਨ। ਜ਼ਖ਼ਮਾਂ ਉੱਪਰ ਪੱਟੀ ਨਹੀਂ ਕੀਤੀ, ਕਹਿੰਦੀ ਪਹਿਲਾਂ ਡਾਕਟਰ ਦੇਖ ਲਏ।”

ਪਲਵੀ ਨੂੰ ਜਿੰਨਾ ਕੁ ਪਤਾ ਸੀ ਓਨਾ ਕੁ ਉਸਨੇ ਸਪੱਸ਼ਟ ਅਤੇ ਇਸ਼ਾਰੇ ਨਾਲ ਸਮਝਾ ਦਿੱਤਾ।

ਰਾਮ ਨਾਥ ਸਭ ਕੁੱਝ ਸਮਝ ਗਿਆ। ਨੇਹਾ ਨਾਲ ਬਲਾਤਕਾਰ ਹੋਇਆ ਸੀ। ਉਸਨੇ ਖਿਝ ਕੇ ਮੱਥੇ ’ਤੇ ਹੱਥ ਮਾਰਿਆ।

“ਬੋਲਦੀ ਚਾਲਦੀ ਤਾਂ ਹੈ?”

“ਹਾਂ ਠੀਕ ਹੈ। ਮੈਂ ਘੰਟੇ ਤੋਂ ਇਥੇ ਬੈਠੀ ਹਾਂ। ਪਹਿਲਾਂ ਉਹ ਕਦੇ ਕਦੇ ਬੜਾਉਣ ਲਗਦੀ ਸੀ। ਕਹਿੰਦੀ ਸੀ ਉਨ੍ਹਾਂ ਨੇ ਕਮਲ ਨੂੰ ਮਾਰ ਦਿੱਤਾ। ਮੇਰੀ ਇੱਜ਼ਤ ਬਚਾਉਂਦਾ ਉਹ ਸ਼ਹੀਦ ਹੋ ਗਿਆ। ਮੇਰੀ ਇੱਜ਼ਤ ਲੁੱਟੀ ਗਈ। ਮੈਨੂੰ ਜ਼ਹਿਰ ਦੇ ਕੇ ਮਾਰ ਦਿਓ!”

“ਕਿਸ ਨੇ ਕੀਤਾ ਇਹ ਸਭ ਕੁੱਝ? ਕੁੱਝ ਦੱਸਦੀ ਸੀ?”

“ਨਹੀਂ! ਮੈਂ ਪੁੱਛਿਆ ਸੀ। ਕੁੱਝ ਨਹੀਂ ਦੱਸਿਆ। ਸ਼ਾਇਦ ਉਸ ਨੂੰ ਉਨ੍ਹਾਂ ਬਾਰੇ ਪਤਾ ਨਹੀਂ।”

“ਲੇਡੀ ਡਾਕਟਰ ਕਿਉਂ ਨਹੀਂ ਆਈ?”

“ਇਥੇ ਇੱਕ ਬਾਬੂ ਜਿਹਾ ਫਿਰਦਾ ਸੀ। ਕਹਿੰਦਾ ਸੀ ਉਹ ਸਾਈਕਲ ਸਟੈਂਡ ਦਾ ਠੇਕੇਦਾਰ ਹੈ। ਕਹਿੰਦਾ ਸੀ ਡਾਕਟਰ ਦਸ ਵਜੇ ਰਾਊਂਡ ’ਤੇ ਆਏਗੀ। ਕਹਿੰਦਾ ਸੀ ਪਹਿਲਾਂ ਬੁਲਾਉਣੀ ਹੈ ਤਾਂ ਦੱਸੋ? ਪੁੱਛਦਾ ਸੀ ਕੋਈ ਨੇਹਾ ਦਾ ਵਾਰਿਸ ਨਹੀਂ? ਆਇਆ ਹੈ ਤਾਂ ਮਿਲਾਓ। ਇਸ ਲੜਕੀ ਦੀ ਕਹਿੰਦਾ ਰਿਪੋਰਟ ਬਨਣੀ ਹੈ। ਕਿਸ ਤਰ੍ਹਾਂ ਬਨਾਉਣੀ ਹੈ? ਮੈਂ ਆਖ ਦਿੱਤਾ ਸੀ, ਜਦੋਂ ਕੋਈ ਆਇਆ ਭੇਜ ਦਿਆਂਗੀ। ਭਰਾ ਜੀ ਉਸ ਬੰਦੇ ਨੂੰ ਮਿਲ ਕੇ ਡਾਕਟਰ ਨੂੰ ਬੁਲਾਓ। ਮੱਥਾ ਡਮ੍ਹੋ ਭੈੜੀ ਡਾਕਟਰਨੀ ਦਾ। ਫੁੱਲ ਵਰਗੀ ਕੁੜੀ ਮੁਰਝਾਈ ਪਈ ਹੈ।”

ਇੱਕ ਪੜੋਸਣ ਨੇ ਜਿਹੜੀ ਕੁੱਝ ਦੇਰ ਪਹਿਲਾਂ ਨੇਹਾ ਕੋਲੋਂ ਉਠ ਕੇ ਗਈ ਸੀ ਡਾਕਟਰ ਦੀ ਗ਼ੈਰ ਹਾਜ਼ਰੀ ਦਾ ਕਾਰਨ ਦੱਸਿਆ।

“ਅੰਕਲ ਮੈਂ ਨਰਸ ਨੂੰ ਪੁੱਛਿਆ ਸੀ ਕਿ ਡਾਕਟਰ ਕਿਉਂ ਨਹੀਂ ਆਉਂਦੀ। ਉਹ ਕਹਿੰਦੀ ਡਾਕਟਰ ਕਿਸੇ ਮੰਤਰੀ ਦੀ ਨੂੰਹ ਹੈ। ਉਸਨੂੰ ਕਿਸੇ ਦਾ ਡਰ ਨਹੀਂ। ਜਦੋਂ ਦਿਲ ਕੀਤਾ ਆਏਗੀ। ਪਲੀਜ਼ ਕੁੱਝ ਕਰੋ। ਮੇਰੀ ਸਹੇਲੀ ਮਰ ਜਾਏਗੀ।”

ਅੱਖਾਂ ਵਿੱਚ ਹੰਝੂ ਭਰ ਕੇ ਪਲਵੀ ਨੇ ਆਪਣਾ ਤਜਰਬਾ ਰਾਮ ਨਾਥ ਨਾਲ ਸਾਂਝਾ ਕੀਤਾ।

“ਇਸੇ ਲਈ ਵਾਰਡ ਖਾਲੀ ਪਿਆ ਹੈ,” ਮਨ ਹੀ ਮਨ ਸੋਚਦੇ ਰਾਮ ਨਾਥ ਨੂੰ ਸਮਝ ਨਹੀਂ ਸੀ ਆ ਰਹੀ ਉਹ ਡਾਕਟਰ ਨੂੰ ਕਿਸ ਤਰ੍ਹਾਂ ਡਿਊਟੀ ’ਤੇ ਹਾਜ਼ਰ ਕਰਾਏ? ਹਾਲਾਤ ਅਜਿਹੇ ਸਨ ਕਿ ਕਿਸੇ ਦੀ ਸ਼ਿਕਾਇਤ ਨਹੀਂ ਸੀ ਕੀਤੀ ਜਾ ਸਕਦੀ, ਕਿਸੇ ਨਾਲ ਲੜਿਆ ਨਹੀਂ ਸੀ ਜਾ ਸਕਦਾ। ਕਾਨੂੰਨ ਦੇ ਅਸਲ ਮਕਸਦ ਦਾ ਮਜ਼ਾਕ ਉਡਾਇਆ ਜਾ ਰਿਹਾ ਸੀ। ਕਾਨੂੰਨ ਦੇ ਨਾਂ ਤੇ ਮਰੀਜ਼ ਨੂੰ ਡਾਕਟਰੀ ਸਹਾਇਤਾ ਤੋਂ ਵਾਂਝਾ ਰੱਖਿਆ ਜਾ ਰਿਹਾ ਸੀ।

ਮਰੀਜ਼ ਦੇ ਜ਼ਖਮ ਸੜਦੇ ਜਾ ਰਹੇ ਸਨ, ਖ਼ੂਨ ਵਹਿ ਰਿਹਾ ਸੀ, ਕੱਪੜੇ ਗੰਦੇ ਸਨ, ਜ਼ਖਮਾਂ ਵਿੱਚ ਮਿੱਟੀ ਘੱਟਾ ਪੈ ਜਾਣ ਕਾਰਨ ‘ਇਨਫੈਕਸ਼ਨ’ ਦਾ ਡਰ ਸੀ। ਇੰਜਰੀ ਰਿਪੋਰਟ ਦੇ ਬਹਾਨੇ ਮਰੀਜ਼ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਸੀ।

ਰਾਮ ਨਾਥ ਨੇ ਆਲੇ ਦੁਆਲੇ ਦਾ ਜਾਇਜ਼ਾ ਲਿਆ। ਨਜ਼ਦੀਕੀ ਰਿਸ਼ਤੇਦਾਰਾਂ ਵਿਚੋਂ ਕੋਈ ਉਸ ਨੂੰ ਨਜ਼ਰ ਨਹੀਂ ਸੀ ਆ ਰਿਹਾ। ਫ਼ੋਨ ਉਹ ਬਹੁਤ ਥਾਈਂ ਕਰਵਾ ਚੁੱਕਾ ਸੀ।

ਕੋਈ ਆਏ ਅਤੇ ਰਾਮ ਨਾਥ ਦੀ ਜ਼ਿੰਮੇਵਾਰੀ ਵੰਡਾਏ। ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਸੀ।

ਰਾਮ ਨਾਥ ਦੇ ਆ ਜਾਣ ਨਾਲ ਪੜੋਸੀ ਆਪਣੇ ਆਪ ਨੂੰ ਭਾਰ ਮੁਕਤ ਸਮਝਣ ਲਗ ਪਏ। ਇੱਕ ਇੱਕ ਕਰ ਕੇ ਉਹ ਘਰ ਨੂੰ ਮੁੜਨ ਲੱਗੇ। ਕਿਸੇ ਨੇ ਦਫ਼ਤਰ ਜਾਣਾ ਸੀ, ਕਿਸੇ ਦੇ ਬੱਚੇ ਸਕੂਲੋਂ ਲੇਟ ਹੋ ਰਹੇ ਸਨ। ਕਿਸੇ ਨੇ ਦੁਕਾਨ ਖੋਲ੍ਹਣੀ ਸੀ, ਕਿਸੇ ਨੇ ਬੱਸ ਚੜ੍ਹਨਾ ਸੀ।

ਰਾਮ ਨਾਮ ਨੂੰ ਨੇਹਾ ਦੀ ਅਸਲੀ ਹਾਲਤ ਦਾ ਪੂਰਾ ਜਾਇਜ਼ਾ ਨਹੀਂ ਸੀ ਹੋ ਰਿਹਾ।

ਮਾਮੇ ਭਾਣਜੀ ਵਾਲੀ ਅੱਖਾਂ ਦੀ ਸ਼ਰਮ ਦੀ ਕੋਈ ਮਹੱਤਤਾ ਨਹੀਂ ਸੀ ਰਹਿ ਗਈ। ਸਾਰੇ ਸਮਾਜਕ ਰਿਸ਼ਤੇ ਛਿੱਕੇ ਟੰਗ ਕੇ ਰਾਮ ਨਾਥ ਨੇ ਨੇਹਾ ਦੇ ਸਰੀਰ ’ਤੇ ਪਈ ਚਾਦਰ ਉਪਰ ਚੁੱਕਣੀ ਸ਼ੁਰੂ ਕੀਤੀ। ਉਹ ਕੁੜੀ ਦੇ ਸਰੀਰ ਦੀ ਹਾਲਤ ਅੱਖੀਂ ਦੇਖਣਾ ਚਾਹੁੰਦਾ ਸੀ।

ਨੇਹਾ ਦੇ ਸਾਰੇ ਕੱਪੜੇ ਲੀਰੋ ਲੀਰ ਅਤੇ ਖ਼ੂਨ ਨਾਲ ਲੱਥ ਪੱਥ ਸਨ। ਬਾਹਾਂ, ਹਿੱਕ ਅਤੇ ਢਿੱਡ ਉਪਰ ਨੇਹਾ ਅਤੇ ਬਲਾਤਕਾਰੀ ਵਿਚਕਾਰ ਹੋਈ ਜੱਦੋ-ਜਹਿਦ ਦੇ ਨਿਸ਼ਾਨ ਸਨ।

ਇਹੋ ਹਾਲ ਪੱਟਾਂ ਅਤੇ ਲੱਤਾਂ ਦਾ ਸੀ।

ਰਾਮ ਨਾਥ ਨੇ ਇੱਕ ਇੱਕ ਅੰਗ ਹਿਲਾ ਕੇ, ਟੋਹ ਕੇ ਦੇਖਿਆ। ਸ਼ੁਕਰ ਸੀ ਸਭ ਅੰਗ ਸਬੂਤੇ ਸਨ।

ਨੇਹਾ ਨੂੰ ਸਰੀਰਕ ਨਾਲੋਂ ਮਾਨਸਿਕ ਨੁਕਸਾਨ ਵੱਧ ਹੋਇਆ ਸੀ। ਕੁੱਝ ਕੁ ਰਾਹਤ ਮਹਿਸੂਸ ਕਰਕੇ ਰਾਮ ਨਾਥ ਨੂੰ ਵੇਦ ਦੀ ਚਿੰਤਾ ਖਾਣ ਲੱਗੀ।

“ਮੈਂ ਕਰਦਾਂ ਕੋਈ ਇੰਤਜ਼ਾਮ, ਬੱਸ ਪੰਜਾਂ ਮਿੰਟਾਂ ਵਿੱਚ ਮੈਂ ਆਇਆ” ਪਲਵੀ ਦੇ ਸਿਰ ’ਤੇ ਹੱਥ ਰੱਖ ਕੇ ਉਸ ਨੂੰ ਵਿਸ਼ਵਾਸ ਦਿਵਾਉਂਦਾ ਰਾਮ ਨਾਥ ਹੱਡੀਆਂ ਦੇ ਵਾਰਡ ਵੱਲ ਹੋ ਲਿਆ।

ਸੱਟਾਂ ਵੱਜੀਆਂ ਨੂੰ ਪੰਜ ਛੇ ਘੰਟੇ ਹੋ ਗਏ ਸਨ। ਮਰੀਜ਼ਾਂ ਨੂੰ ਹਾਲੇ ਤਕ ਡਾਕਟਰਾਂ ਨੇ ਛੂਹਿਆ ਤਕ ਨਹੀਂ ਸੀ। ਡਾਕਟਰਾਂ ਦੀ ਇਹ ਅਣਗਹਿਲੀ ਮਰੀਜ਼ਾਂ ਲਈ ਮੁਲਜ਼ਮਾਂ ਨਾਲੋਂ ਵੱਧ ਘਾਤਕ ਸਿੱਧ ਹੋ ਰਹੀ ਸੀ।

ਪਰ ਰਾਮ ਨਾਥ ਕਿਸ ਨਾਲ ਟੱਕਰ ਮਾਰੇ?

ਇੱਕ ਮਿੰਟ ਲਈ ਉਸਦੇ ਜ਼ਿਹਨ ਵਿੱਚ ਸਾਈਕਲ ਸਟੈਂਡ ਦੇ ਠੇਕੇਦਾਰ ਦਾ ਨਾਂ ਘੁੰਮਿਆ। ਰਾਮ ਨਾਥ ਉਸਦੇ ਮੁਹਾਂਦਰੇ ਦੀ ਕਲਪਨਾ ਕਰਨ ਲੱਗਾ। ਕੋਈ ਮੋਟੇ ਢਿੱਡ ਵਾਲਾ, ਖਰਬੜੀ ਦਾੜ੍ਹੀ ਵਾਲਾ, ਕਾਲਾ ਕਲੋਟਾ ਜਿਹਾ। ਕੁੜਤੇ ਪਜਾਮੇ ਅਤੇ ਮੋਢੇ ਤੇ ਰੱਖੇ ਪਰਨੇ ਵਾਲਾ। ਸਿਵਲ ਹਸਪਤਾਲਾਂ ਵਿੱਚ ਮਿਲਦੇ ਆਮ ਟਾਊਟਾਂ ਵਰਗਾ ਉਹ ਟਾਊਟ ਹੋਏਗਾ।

ਨੇਹਾ ਵਾਲਾ ਕੇਸ ਉਸਨੂੰ ਆਮ ਬਲਾਤਕਾਰ ਵਰਗਾ ਕੇਸ ਲੱਗਾ ਹੋਏਗਾ। ਦਲਾਲ ਡਾਕਟਰ ਦੀ ਫ਼ੀਸ ਦਾ ਜੁਗਾੜ ਕਰਨ ਵਿੱਚ ਰੁੱਝਾ ਹੋਏਗਾ।

ਪਰ ਇਹ ਮੁਕੱਦਮਾ ਆਪਣੀ ਕਿਸਮ ਦਾ ਸੀ। ਅਸਲ ਮਾਮਲਾ ਚੋਰੀ ਡਕੈਤੀ ਦਾ ਸੀ। ਅਜਿਹੇ ਕੇਸਾਂ ਵਿੱਚ ਅਕਸਰ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਆਉਂਦੇ। ਆਉਣ ਤਾਂ ਸਾਲ ਛੇ ਮਹੀਨੇ ਪਿਛੋਂ ਆਉਂਦੇ ਹਨ। ਉਦੋਂ ਤਕ ਇੰਨੀ ਦੇਰ ਹੋ ਚੁੱਕੀ ਹੁੰਦੀ ਹੈ ਕਿ ਸਾਰੇ ਸਬੂਤ ਮਿਟ ਚੁੱਕੇ ਹੁੰਦੇ ਹਨ। ਕਾਨੂੰਨ ਦੋਸ਼ੀਆਂ ਦੀ ਪਿੱਠ ਪਲੋਸਦਾ ਹੈ। ਸ਼ੱਕ ਦਾ ਫ਼ਾਇਦਾ ਦੇ ਕੇ ਬਰੀ ਕਰ ਦਿੰਦਾ ਹੈ।

ਇਸ ਕੇਸ ਦਾ ਇਹੋ ਹਸ਼ਰ ਹੋਣ ਵਾਲਾ ਸੀ। ਰਾਮ ਨਾਥ ਨੂੰ ਹੁਣੇ ਸੈਂਕੜੇ ਕਮਜ਼ੋਰੀਆਂ ਨਜ਼ਰ ਆ ਰਹੀਆਂ ਸਨ। ਥੋੜ੍ਹੀ ਦੇਰ ਬਾਅਦ ਪੁਲਿਸ ਨੇ ਭਾ ਦੀ ਮਚਾ ਦੇਣੀ ਸੀ। ਪਰਚਾ ਕਟਵਾਓ। ਕਾਨੂੰਨ ਕਹਿੰਦਾ ਸੀ, ਪਰਚੇ ਵਿੱਚ ਹੋਈ ਵਾਰਦਾਤ ਦੀ ਹਰ ਬਰੀਕੀ ਦਰਜ ਕਰਾਓ। ਦੋਸ਼ੀਆਂ ਦੇ ਨਾਂ, ਪਤੇ, ਹੁਲੀਏ। ਕਿਸ ਦੋਸ਼ੀ ਕੋਲ ਕਿਹੜਾ ਹਥਿਆਰ ਸੀ, ਉਸ ਹਥਿਆਰ ਨਾਲ ਉਸ ਨੇ ਕਿਸ ਕਿਸ ਬੰਦੇ ਦੇ ਕਿੱਥੇ ਕਿੱਥੇ ਸੱਟ ਮਾਰੀ। ਇਹ ਸਭ ਸਪੱਸ਼ਟ ਦੱਸਿਆ ਜਾਵੇ। ਕਿਧਰੇ ਕੋਤਾਹੀ ਰਹਿ ਗਈ ਤਾਂ ਕਹਾਣੀ ਨੂੰ ਸ਼ੱਕੀ ਗਿਣਿਆ ਜਾਣਾ ਸੀ। ਸ਼ੱਕ ਦਾ ਫ਼ਾਇਦਾ ਦੋਸ਼ੀਆਂ ਨੂੰ ਮਿਲਣਾ ਸੀ।

ਘਟਨਾ ਵਾਲੀ ਥਾਂ ’ਤੇ ਮੌਜੂਦ ਚਾਰ ਬੰਦਿਆਂ ਵਿਚੋਂ ਇੱਕ ਸਦਾ ਦੀ ਨੀਂਦ ਸੌਂ ਚੁੱਕਾ ਸੀ। ਬਾਕੀ ਦੇ ਤਿੰਨਾਂ ਨੂੰ ਆਪਣੀ ਹੋਸ਼ ਨਹੀਂ ਸੀ। ਦੋਸ਼ੀਆਂ ਦੀ ਗਿਣਤੀ, ਹੁਲੀਆ ਅਤੇ ਘਟਨਾਕ੍ਰਮ ਦਾ ਵੇਰਵਾ ਕੌਣ ਦੇਵੇਗਾ?

ਇਹ ਵਾਰਦਾਤ ਸਾਧਾਰਨ ਬੰਦਿਆਂ ਵੱਲੋਂ ਨਹੀਂ ਸੀ ਕੀਤੀ ਗਈ। ਦੋਸ਼ੀ ਆਦੀ ਮੁਜਰਮ ਜਾਪਦੇ ਸਨ। ਉਹ ਕਾਨੂੰਨੀ ਨੁਕਤਿਆਂ ਤੋਂ ਜਾਣੂ ਹੋਣਗੇ। ਉਹ ਹੱਥਾਂ ਉਪਰ ਦਸਤਾਨੇ ਚੜ੍ਹਾ ਕੇ, ਮੂੰਹ ਸਿਰ ਢੱਕ ਕੇ ਅਤੇ ਪਿੰਡੇ ਉਪਰ ਇਤਰ ਛਿੜਕ ਕੇ ਆਏ ਹੋਣਗੇ।

ਉਨ੍ਹਾਂ ਨੇ ਵੇਦ ਹੋਰਾਂ ਨੂੰ ਸੁੱਤਿਆਂ ਨੂੰ ਨੱਪ ਲਿਆ ਹੋਵੇਗਾ। ਕੀ ਹੋ ਰਿਹਾ ਹੈ? ਇਹ ਸਮਝਣ ਦਾ ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਹੋਣਾ। ਘਰ ਦੇ ਕਿਸੇ ਮੈਂਬਰ ਤੋਂ ਦੋਸ਼ੀਆਂ ਦੀ ਪਹਿਚਾਣ ਨਹੀਂ ਹੋਣੀ। ਸ਼ੱਕ ਦਾ ਲਾਭ ਫੇਰ ਦੋਸ਼ੀਆਂ ਨੂੰ ਮਿਲੇਗਾ।

ਫੇਰ ਡਾਕਟਰਾਂ ਦਾ ਘਰ ਕਿਉਂ ਭਰਿਆ ਜਾਵੇ?

ਇਸ ਮਸਲੇ ਤੇ ਵਿਚਾਰ ਕਰਦੇ ਰਾਮ ਨਾਥ ਨੂੰ ਪਤਾ ਨਹੀਂ ਸੀ ਲੱਗਾ ਕਦੋਂ ਉਹ ਹੱਡੀਆਂ ਦੇ ਵਾਰਡ ਪੁੱਜ ਗਿਆ।

ਹੱਡੀਆਂ ਵਾਲਾ ਵਾਰਡ ਖਾਲੀ ਪਿਆ ਸੀ, ਇਥੇ ਇੱਕ ਵੀ ਮਰੀਜ਼ ਨਹੀਂ ਸੀ।

ਵੇਦ ਨੂੰ ਵਾਰਡ ਵਿੱਚ ਨਾ ਦੇਖ ਕੇ ਰਾਮ ਨਾਥ ਦੇ ਦਿਲ ਦੀ ਧੜਕਣ ਤੇਜ਼ ਹੋ ਗਈ।

ਸ਼ਾਇਦ ਵੇਦ ਚੱਲ ਵੱਸਿਆ ਸੀ।

“ਵੇਦ ਜੀ ਨੂੰ ਮਿਲਣਾ ਹੈ? ਆਓ ਮੇਰੇ ਨਾਲ। ਉਹ ਐਕਸਰੇ ਵਿਭਾਗ ਵਿੱਚ ਹਨ।”

ਇਹ ਬਾਬੂ ਜੈ ਨਰਾਇਣ ਅਤੇ ਰਾਮ ਨਾਥ ਦੋਹਾਂ ਲਈ ਓਪਰਾ ਸੀ। ਨਾ ਉਹ ਵੇਦ ਦਾ ਪੜੋਸੀ ਸੀ ਨਾ ਰਿਸ਼ਤੇਦਾਰ।

“ਕੀ ਹਾਲ ਹੈ ਵੇਦ ਜੀ ਦਾ?” ਰਾਮ ਨਾਥ ਦਾ ਉਹੋ ਉਤਸੁਕਤਾ ਭਰਿਆ ਸਵਾਲ ਇਸ ਵਾਰ ਇਸ ਅਜਨਬੀ ਬਾਬੂ ਨੂੰ ਸੀ।

“ਖ਼ਤਰੇ ਤੋਂ ਪੂਰੀ ਤਰ੍ਹਾਂ ਬਾਹਰ ਨੇ। ਲੱਤਾਂ ਬਾਹਾਂ ਟੁੱਟੀਆਂ ਨੇ। ਐਕਸਰੇ ਹੋਣੇ ਨੇ,”

ਬਾਬੂ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਰਾਮ ਨਾਥ ਦੇ ਸਾਹ ਵਿੱਚ ਸਾਹ ਆਇਆ।

“ਤੁਸੀਂ?” ਜੈ ਨਰਾਇਣ ਨੇ ਬਾਬੂ ਤੋਂ ਉਸਦੀ ਪਹਿਚਾਣ ਪੁੱਛੀ।

“ਮੈਂ ਠੇਕੇਦਾਰ ਹਾਂ। ਸੋਹਣ ਲਾਲ ਮੇਰਾ ਨਾਂ ਹੈ।” ਸੋਨੇ ਦੀਆਂ ਤਿੰਨ ਮੁੰਦਰੀਆਂ ਵਾਲੇ ਸੱਜੇ ਹੱਥ ਨੂੰ ਹਿੱਕ ’ਤੇ ਰੱਖ ਕੇ ਬਾਬੂ ਨੇ ਆਪਣਾ ਨਾਂ ਅਤੇ ਕਿੱਤਾ ਦੱਸਿਆ।

ਜੈ ਨਰਾਇਣ ਅਤੇ ਰਾਮ ਨਾਥ ਬਾਕੀ ਦਾ ਕਿੱਸਾ ਆਪੇ ਸਮਝ ਗਏ।

“ਇਹ ਵਾਰਡ ਖਾਲੀ ਕਿਉਂ ਪਿਆ ਹੈ?” ਟਾਇਮ ਪਾਸ ਕਰਨ ਲਈ ਰਸਤੇ ਵਿੱਚ ਜੈ ਨਰਾਇਣ ਨੇ ਠੇਕੇਦਾਰ ਤੋਂ ਪੁੱਛਿਆ।

“ਇਸ ਵਾਰਡ ਦੇ ਡਾਕਟਰ ਦੀ ਤਰੱਕੀ ਹੋ ਗਈ ਹੈ। ਇਸ ਹਸਪਤਾਲ ਦਾ ਇਹ ਸਭ ਤੋਂ ਅਹਿਮ ਵਾਰਡ ਹੈ। ਲੜਾਈ ਝਗੜੇ ਵਿੱਚ ਹੱਡ ਤੁੜਾ ਕੇ ਲੋਕ ਇਸੇ ਵਾਰਡ ਵਿੱਚ ਆਉਂਦੇ ਹਨ। ਡਾਕਟਰ ਦੋਹਾਂ ਪਾਸਿਆਂ ਤੋਂ ਪੈਸੇ ਝਾੜਦੇ ਹਨ। ਕਈ ਡਾਕਟਰ ਇਥੇ ਆਉਣ ਲਈ ਭੱਜ ਨੱਠ ਕਰ ਰਹੇ ਹਨ। ਇੱਕ ਜਾਂਦਾ ਹੈ ਆਪਣੇ ਆਰਡਰ ਕਰਵਾ ਲੈਂਦਾ ਹੈ। ਦੂਜਾ ਉਸ ਤੋਂ ਵੱਡਾ ਬਰੀਫ਼ ਕੇਸ ਲੈ ਜਾਂਦਾ ਹੈ। ਉਹ ਪਹਿਲੇ ਆਰਡਰ ਕੈਂਸਲ ਕਰਵਾ ਕੇ ਆਪਣੇ ਆਰਡਰ ਕਰਵਾ ਲੈਂਦਾ ਹੈ। ਦੋ ਮਹੀਨੇ ਵਿੱਚ ਪੰਜ ਬਦਲੀਆਂ ਹੋ ਗਈਆਂ।

ਇਸੇ ਚੱਕਰ ਕਾਰਨ ਥਾਂ ਖਾਲੀ ਪਈ ਹੈ। ਬਿਨਾਂ ਡਾਕਟਰ ਤੋਂ ਮਰੀਜ਼ਾਂ ਨੇ ਇਥੇ ਆ ਕੇ ਕੀ ਕਰਨਾ ਹੈ?”

“ਫੇਰ ਸਾਡੇ ਮਰੀਜ਼ ਦਾ ਇਲਾਜ ਕੌਣ ਕਰੇਗਾ?”

“ਕਿਸੇ ਨੇ ਨਹੀਂ। ਐਕਸਰੇ ਕਰਾਓ। ਮਨਮਰਜ਼ੀ ਦੀ ਰਿਪੋਰਟ ਲਓ। ਫੇਰ ਜਿਹੜੇ ਮਰਜ਼ੀ ਚੰਗੇ ਹਸਪਤਾਲ ਵਿੱਚ ਚਲੇ ਜਾਓ।”

ਹਸਪਤਾਲ ਦੀ ਸਥਿਤੀ ਤੋਂ ਜਾਣੂ ਕਰਵਾਉਂਦਾ ਠੇਕੇਦਾਰ ਉਨ੍ਹਾਂ ਨੂੰ ਐਕਸਰੇ ਵਿਭਾਗ ਕੋਲ ਲੈ ਆਇਆ।

ਐਕਸਰੇ ਵਿਭਾਗ ਅੱਗੇ ਮਰੀਜ਼ਾਂ ਦੀ ਭੀੜ ਲੱਗੀ ਹੋਈ ਸੀ।

ਇੱਕ ਅੱਠ ਸਾਲ ਦੀ ਕੁੜੀ ਦੀ ਸਾਈਕਲ ਸਿੱਖਦਿਆਂ ਲੱਤ ਟੁੱਟ ਗਈ। ਉਹ ਦਰਦ ਨਾਲ ਕਰਾਹ ਰਹੀ ਸੀ। ਉਸਦੇ ਮਾਂ ਬਾਪ ਉਸਨੂੰ ਚੁੱਪ ਕਰਾਉਣ ਦਾ ਯਤਨ ਕਰ ਰਹੇ ਸਨ।

ਫੈਕਟਰੀ ਦੀ ਉਸਾਰੀ ਚਲਦੇ ਸਮੇਂ ਪੈੜ ਹਿੱਲ ਜਾਣ ਕਾਰਨ ਇੱਕ ਮਜ਼ਦੂਰ ਜ਼ਮੀਨ ਤੇ ਡਿੱਗ ਪਿਆ ਸੀ। ਉਸਦਾ ਮੋਢਾ ਟੁੱਟ ਗਿਆ ਸੀ। ਕੁੱਝ ਮਜ਼ਦੂਰ ਨੇਤਾ ਉਸ ਨੂੰ ਹਸਪਤਾਲ ਲੈ ਕੇ ਆਏ ਸਨ। ਰਿਪੋਰਟ ਲੈ ਕੇ ਉਨ੍ਹਾਂ ਨੇ ਮਾਲਕ ਤੇ ਕਲੇਮ ਦਾ ਮੁਕੱਦਮਾ ਠੋਕਣਾ ਸੀ।

ਸਭ ਤੋਂ ਪਹਿਲਾਂ ਨੰਬਰ ਵੇਦ ਦਾ ਸੀ। ਉਹ ਆਇਆ ਵੀ ਸਭ ਤੋਂ ਪਹਿਲਾਂ ਸੀ ਅਤੇ ਉਸ ਦੀਆਂ ਸੱਟਾਂ ਵੀ ਗੰਭੀਰ ਸਨ। ਉਸਦੇ ਨਾਲ ਇੱਕ ਹੌਲਦਾਰ ਖੜਾ ਸੀ, ਜਿਸ ਨੂੰ ਹੁਣੇ ਹੁਣੇ ਮਰੀਜ਼ਾਂ ਦਾ ਮੁਆਇਨਾ ਕਰਾਉਣ ਲਈ ਹਸਪਤਾਲ ਭੇਜਿਆ ਗਿਆ ਸੀ।

ਵੇਦ ਸਟਰੈਚਰ ਉਪਰ ਬੇਹੋਸ਼ ਪਿਆ ਸੀ। ਕੁੱਝ ਬੰਦੇ ਉਸਨੂੰ ਘੇਰਾ ਪਾਈ ਖੜੇ ਸਨ।

ਇਹ ਕੌਣ ਸਨ ਅਤੇ ਕੀ ਕਰ ਰਹੇ ਸਨ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਜਾਨਣ ਲਈ ਰਾਮ ਨਾਥ ਤੇਜ਼ੀ ਨਾਲ ਵੇਦ ਵੱਲ ਵਧਿਆ।

ਆਪਣੇ ਜੀਜੇ ਸਰਦਾਰੀ ਲਾਲ ਨੂੰ ਵੇਦ ਕੋਲ ਖੜ੍ਹਾ ਦੇਖ ਕੇ ਰਾਮ ਨਾਥ ਨੇ ਸੁੱਖ ਦਾ ਸਾਹ ਲਿਆ। ਹੁਣ ਉਹ ਇੱਕ ਅਤੇ ਇੱਕ ਗਿਆਰਾਂ ਹੋ ਗਏ ਸਨ।

ਸਰਦਾਰੀ ਲਾਲ ਨਾਲ ਉਸ ਦਾ ਦੋਸਤ ਡਾਕਟਰ ਦੇਵ ਵੀ ਸੀ। ਡਾਕਟਰ ਦੇਵ ਵੇਦ ਦਾ ਮੁਆਇਨਾ ਕਰ ਰਿਹਾ ਸੀ।

ਮੁਆਇਨਾ ਮੁਕੰਮਲ ਕਰਕੇ ਡਾਕਟਰ ਰਾਮ ਨਾਥ ਅਤੇ ਸਰਦਾਰੀ ਲਾਲ ਨੂੰ ਇੱਕ ਪਾਸੇ ਲੈ ਗਿਆ।

ਵੇਦ ਦੀਆਂ ਦੋਹੇਂ ਬਾਹਾਂ ਅਤੇ ਦੋਹੇਂ ਲੱਤਾਂ ਕਈ ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਸਨ। ਇਕੱਲੇ ਪਲੱਸਤਰ ਨਾਲ ਕੰਮ ਨਹੀਂ ਸੀ ਚੱਲਣਾ। ਰਾਡ ਪਾਉਣੇ ਪੈਣੇ ਸਨ। ਜੁਬਾੜੇ ਦੀ ਇੱਕ ਹੱਡੀ ਵੀ ਟੁੱਟੀ ਲਗਦੀ ਸੀ। ਉਹ ਹੱਡੀ ਦੀ ਸਹੀ ਹਾਲਤ ਸਕੈਨ ਬਾਅਦ ਪਤਾ ਚੱਲਣੀ ਸੀ। ਜਾਨ ਨੂੰ ਕੋਈ ਖਤਰਾ ਨਹੀਂ ਸੀ ਪਰ ਫੌਰੀ ਸੰਭਾਲ ਜ਼ਰੂਰੀ ਸੀ।

ਸਰਦਾਰੀ ਲਾਲ ਨੂੰ ਐਕਸਰੇ ਵਾਲੇ ਡਾਕਟਰ ਦੀ ਗ਼ੈਰ ਹਾਜ਼ਰੀ ਦਾ ਕਾਰਨ ਪਤਾ ਲਗ ਚੁੱਕਾ ਸੀ। ਇਸ ਡਾਕਟਰ ਦੀ ਦਯਾਨੰਦ ਹਸਪਤਾਲ ਦੇ ਬਾਹਰ ਆਪਣੀ ਐਕਸਰੇ ਕਰਨ ਦੀ ਕਲੀਨਿਕ ਸੀ, ਜਿਹੜੀ ਉਸਨੇ ਆਪਣੀ ਪਤਨੀ ਦੇ ਨਾਂ ਖੋਲ੍ਹੀ ਹੋਈ ਸੀ।

ਹਸਪਤਾਲ ਉਹ ਘੰਟੇ ਦੋ ਘੰਟੇ ਲਈ ਆਉਂਦਾ ਸੀ। ਬਾਰਾਂ ਇੱਕ ਵਜੇ ਦੇ ਕਰੀਬ ਜਦੋਂ ਸਾਰੇ ਮਰੀਜ਼ ਇਕੱਠੇ ਹੋ ਜਾਂਦੇ ਸਨ ਉਹ ਇੱਕ ਦੋ ਐਕਸਰੇ ਕਰਦਾ ਸੀ ਜਿਸ ਵਿੱਚ ਫ਼ੀਸ ਮਿਲਦੀ ਸੀ। ਬਾਕੀਆਂ ਲਈ ਇਕੋ ਬਹਾਨਾ ਸੀ, ਫਿਲਮਾਂ ਖ਼ਤਮ ਹਨ। ਰੋਂਦੇ ਕੁਰਲਾਂਦੇ ਮਰੀਜ਼ ਵਾਪਸ ਚਲੇ ਜਾਂਦੇ ਸਨ।

ਅੱਜ ਉਹ ਅਦਾਲਤ ਵਿੱਚ ਸ਼ਹਾਦਤ ਦੇਣ ਗਿਆ ਹੋਇਆ ਸੀ। ਪਤਾ ਨਹੀਂ ਕਦੋਂ ਸ਼ਹਾਦਤ ਹੋਵੇ ਅਤੇ ਕਦੋਂ ਉਹ ਮੁੜੇ। ਕਦੇ ਕਦੇ ਸ਼ਹਾਦਤ ਸ਼ਾਮ ਦੇ ਚਾਰ ਵਜੇ ਤਕ ਨਹੀਂ ਸੀ ਹੁੰਦੀ। ਅਜਿਹੀ ਸੂਰਤ ਵਿੱਚ ਫਰਮਾਸਿਸਟਾਂ ਨੂੰ ਮਰੀਜ਼ਾਂ ਕੋਲੋਂ ਮੁਆਫ਼ੀ ਮੰਗਣੀ ਪੈਂਦੀ ਸੀ।

ਰਾਮ ਨਾਥ ਨੂੰ ਡਾਕਟਰ ਦੇ ਇਸ ਬਹਾਨੇ ਤੇ ਗੁੱਸਾ ਆਇਆ। ਉਹ ਕੋਰਾ ਝੂਠ ਬੋਲ ਰਿਹਾ ਸੀ। ਡਾਕਟਰ ਗਿਆਰਾਂ ਸਾਢੇ ਗਿਆਰਾਂ ਵਜੇ ਅਦਾਲਤ ਆਉਂਦੇ ਹਨ। ਜੱਜ ਉਨ੍ਹਾਂ ਨੂੰ ਪਹਿਲ ਦਿੰਦੇ ਸਨ। ਸਾਰੇ ਕੰਮ ਰੋਕ ਕੇ ਉਨ੍ਹਾਂ ਦੀ ਗਵਾਹੀ ਹੁੰਦੀ ਹੈ। ਮਕਸਦ ਇਹੋ ਹੈ। ਮਰੀਜ਼ ਰੁਲਦੇ ਨਾ ਰਹਿਣ। ਇਹ ਸ਼ਹਾਦਤ ਦੇ ਬਹਾਨੇ ਆਪਣੀ ਕਲੀਨਿਕ ਚਲਾ ਰਿਹਾ ਸੀ।

“ਹੁਣ ਕੀ ਕਰੀਏ? ਡਾਕਟਰ ਨੂੰ ਉਡੀਕੀਏ ਜਾਂ ਕਿਧਰੇ ਹੋਰ ਚੱਲੀਏ? ਕਾਨੂੰਨੀ ਨਜ਼ਰੀਏ ਤੋਂ ਕੀ ਕਰਨਾ ਚਾਹੀਦਾ ਹੈ?”

ਸਰਦਾਰੀ ਲਾਲ ਨੇ ਸਾਰੀ ਜ਼ਿੰਮੇਵਾਰੀ ਰਾਮ ਨਾਥ ਦੇ ਮੋਢਿਆਂ ਉੱਪਰ ਸੁੱਟ ਦਿੱਤੀ।

“ਤੁਸੀਂ ਮੈਨੂੰ ਦੱਸੋ ਕੀ ਸਮੱਸਿਆ ਹੈ? ਆਖੋ ਤਾਂ ਡਾਕਟਰ ਨੂੰ ਹੁਣੇ ਬੁਲਾ ਦਿਆਂ?

ਮੇਰੇ ਕੋਲ ਉਸਦੇ ਮੋਬਾਇਲ ਫ਼ੋਨ ਦਾ ਨੰਬਰ ਹੈ।”

ਮਰੀਜ਼ ਦੇ ਵਾਰਿਸਾਂ ਨੂੰ ਸ਼ਸ਼ੋਪੰਜ ਵਿੱਚ ਪਿਆ ਦੇਖਕੇ ਠੇਕੇਦਾਰ ਨੇ ਆਪਣਾ ਉੱਲੂ ਸਿੱਧਾ ਕਰਨ ਦਾ ਇਹ ਠੀਕ ਮੌਕਾ ਸਮਝਿਆ।

“ਨਾਲੇ ਤੁਸੀਂ ਆਖਦੇ ਹੋ ਉਹ ਸ਼ਹਾਦਤ ਤੇ ਗਏ ਨੇ?”

“ਓ ਛੱਡੋ! ਅਦਾਲਤ ਨੂੰ ਬੇਨਤੀ ਕਰ ਦੇਣਗੇ। ਆਖ ਦੇਣਗੇ ਐਮਰਜੈਂਸੀ ਕੇਸ ਆ ਗਿਆ।”

ਜੇਬ ਵਿਚੋਂ ਮੋਬਾਇਲ ਫ਼ੋਨ ਕੱਢ ਕੇ ਠੇਕੇਦਾਰ ਉਨ੍ਹਾਂ ਦੇ ਹੁੰਗਾਰੇ ਦਾ ਇੰਤਜ਼ਾਰ ਕਰਨ ਲੱਗਾ।

“ਬੁਲਾ ਫੇਰ! ਦੇਰ ਕਿਉਂ ਕੀਤੀ ਹੈ?” ਡਾਕਟਰ ਦੇਵ ਨੇ ਠੇਕੇਦਾਰ ਦੀ ਹਾਂ ਵਿੱਚ ਹਾਂ ਭਰੀ।

“ਪਹਿਲਾਂ ਫ਼ੀਸ ਤੈਅ ਕਰੋ। ਕੁੱਝ ਅਡਵਾਂਸ ਦਿਓ। ਫੇਰ ਹੀ ਡਾਕਟਰ ਆਏਗਾ?”

ਦੱਸਦੇ ਹਾਂ ਤੈਨੂੰ, ਇੱਕ ਮਿੰਟ ਰੁਕ।” ਆਖ ਕੇ ਡਾਕਟਰ ਰਾਮ ਨਾਥ ਅਤੇ ਸਰਦਾਰੀ ਲਾਲ ਨੂੰ ਇੱਕ ਪਾਸੇ ਲੈ ਗਿਆ।

“ਇਥੇ ਜਿੰਨੀ ਦੇਰ ਹੋਏਗੀ ਮਰੀਜ਼ਾਂ ਦੀ ਜਾਨ ਨੂੰ ਉਨਾ ਖਤਰਾ ਵਧਦਾ ਜਾਏਗਾ।

ਮੇਰੇ ਵਿਚਾਰ ਵਿੱਚ ਸਾਨੂੰ ਇਨ੍ਹਾਂ ਨੂੰ ਇਥੋਂ ਫੌਰਨ ਸ਼ਿਫ਼ਟ ਕਰ ਦੇਣਾ ਚਾਹੀਦਾ ਹੈ। ਪਰ ਕਾਨੂੰਨ ਕੀ ਕਹਿੰਦਾ ਹੈ? ਇਹ ਤੁਸੀਂ ਦੇਖੋ।” ਡਾਕਟਰ ਦੇਵ ਨੇ ਡਾਕਟਰੀ ਨਜ਼ਰੀਏ ਤੋਂ ਰਾਏ ਦਿੱਤੀ।

“ਕੇਸ ਦੇ ਸਿਰੇ ਚੜ੍ਹਨ ਦੀ ਕੋਈ ਆਸ ਨਹੀਂ। ਭੱਠ ਪਏ ਕਾਨੂੰਨ ਅਤੇ ਮੁਲਜ਼ਮ।

ਸਾਨੂੰ ਮਰੀਜ਼ਾਂ ਨੂੰ ਬਚਾਉਣਾ ਚਾਹੀਦਾ ਹੈ।”

ਇਹ ਕਾਨੂੰਨੀ ਰਾਏ ਸੀ।

“ਫੇਰ ਠੀਕ ਹੈ। ਛੁੱਟੀ ਕਰਾਓ ਅਤੇ ਚੱਲੋ। ਬਹੁਤਾ ਸੋਚਣ ਦਾ ਵਕਤ ਨਹੀਂ ਹੈ।”

ਡਾਕਟਰ ਦੇਵ ਨੇ ਤੁਰੰਤ ਫੈਸਲਾ ਕਰ ਦਿੱਤਾ।

ਇਸੇ ਦੌਰਾਨ ਇੱਕ ਹੌਲਦਾਰ ਹੱਥੀਂ ਕੋਠੀਉਂ ਸੁਨੇਹਾ ਆ ਗਿਆ। ਪੁਲਿਸ ਕਪਤਾਨ ਦੋ ਵਾਰ ਕੋਠੀ ਦਾ ਚੱਕਰ ਲਾ ਚੁੱਕਾ ਸੀ। ਕਿਸੇ ਮੰਤਰੀ ਨੇ ਮੌਕਾ ਦੇਖਣ ਆਉਣਾ ਸੀ।

ਮੰਤਰੀ ਦੇ ਪੁੱਜਣ ਤੋਂ ਪਹਿਲਾਂ ਪਰਚਾ ਦਰਜ ਹੋਣਾ ਜ਼ਰੂਰੀ ਸੀ। ਪੱਤਰਕਾਰ ਅਤੇ ਟੀ.ਵੀ. ਚੈਨਲਾਂ ਦੇ ਕੈਮਰਾਮੈਨ ਕਾਹਲੇ ਪਏ ਹੋਏ ਸਨ। ਉਨ੍ਹਾਂ ਆਪਣੀਆਂ ਰਿਪੋਰਟਾਂ ਫਾਈਲ ਕਰਨੀਆਂ ਸਨ। ਮੰਤਰੀ ਜੀ ਨੇ ਪ੍ਰੈਸ ਕਾਨਫਰੰਸ ਬੁਲਾਈ ਸੀ। ਉਨ੍ਹਾਂ ਨੇ ਤੱਥਾਂ ਦੀ ਜਾਣਕਾਰੀ ਦੇ ਕੇ ਕੁੱਝ ਐਲਾਨ ਕਰਨੇ ਸਨ। ਇਹ ਸਭ ਕੁੱਝ ਪਰਚਾ ਦਰਜ ਨਾ ਹੋਣ ਕਾਰਨ ਰੁਕਿਆ ਹੋਇਆ ਸੀ। ਵਕੀਲ ਸਾਹਿਬ ਮੌਕੇ ’ਤੇ ਪੁੱਜਣ ਅਤੇ ਕਾਨੂੰਨੀ ਕਾਰਵਾਈ ਮੁਕੰਮਲ ਹੋਣ ਵਿੱਚ ਪੁਲਿਸ ਦੀ ਸਹਾਇਤਾ ਕਰਨ।

ਰਾਮ ਨਾਥ ਪੁਲਿਸ ਦੀ ਮਜਬੂਰੀ ਨੂੰ ਸਮਝ ਰਿਹਾ ਸੀ। ਪੱਤਰਕਾਰਾਂ ਜਾਂ ਮੰਤਰੀ ਦੀ ਉਸ ਨੂੰ ਪਰਵਾਹ ਨਹੀਂ ਸੀ। ਉਸ ਨੂੰ ਫਿਕਰ ਸੀ ਰੁਲ ਰਹੀ ਕਮਲ ਦੀ ਲਾਸ਼ ਦਾ। ਸਸਕਾਰ ਤੋਂ ਪਹਿਲਾਂ ਉਸਦਾ ਪੋਸਟ ਮਾਰਟਮ ਹੋਣਾ ਸੀ, ਪੋਸਟ ਮਾਰਟਮ ਤੋਂ ਪਹਿਲਾਂ ਪਰਚਾ ਦਰਜ ਹੋਣਾ ਸੀ।

ਪਰਚਾ ਦਰਜ ਤਾਂ ਹੋਣਾ ਸੀ, ਜੇ ਰਾਮ ਨਾਥ ਨੂੰ ਮੁਲਜ਼ਮਾਂ ਬਾਰੇ ਕੁੱਝ ਪਤਾ ਹੋਵੇ।

ਰਾਮ ਨਾਥ ਪਰਚੇ ਵਿੱਚ ਲਿਖਾਏ ਤਾਂ ਕੀ?

ਨੀਲਮ ਅਤੇ ਵੇਦ ਦੇ ਹੋਸ਼ ਵਿੱਚ ਆਉਣ ਵਿੱਚ ਕੁੱਝ ਦਿਨ ਲਗਣੇ ਸਨ। ਵਾਰਦਾਤ ਬਾਰੇ ਜਾਣਕਾਰੀ ਕੇਵਲ ਨੇਹਾ ਕੋਲੋਂ ਮਿਲ ਸਕਦੀ ਸੀ।

ਬੇਹੋਸ਼ੀ ਉਤਰਨੀ ਸ਼ੁਰੂ ਹੋ ਗਈ ਹੋਈ ਸੀ। ਘੰਟੇ ਅੱਧੇ ਘੰਟੇ ਬਾਅਦ ਉਹ ਬੋਲਣ ਦੇ ਯੋਗ ਹੋ ਸਕਦੀ ਸੀ।

“ਤੁਸੀਂ ਹਸਪਤਾਲ ਰਹੋ। ਨੇਹਾ ਦੀ ਮਲ੍ਹਮ ਪੱਟੀ ਕਰਵਾ ਕੇ ਘਰ ਲੈ ਜਾਓ। ਪੁਲਿਸ ਕਾਰਵਾਈ ਮੁਕੰਮਲ ਕਰਾਓ। ਪੋਸਟ ਮਾਰਟਮ ਅਤੇ ਸਸਕਾਰ ਦੀ ਤਿਆਰੀ ਕਰਾਓ। ਅਸੀਂ ਦੋਹਾਂ ਮਰੀਜ਼ਾਂ ਨੂੰ ਦਯਾਨੰਦ ਲੈ ਕੇ ਜਾਂਦੇ ਹਾਂ।” ਸਰਦਾਰੀ ਲਾਲ ਨੂੰ ਇਹੋ ਉਚਿਤ ਲੱਗਿਆ ਸੀ।

“ਠੀਕ ਹੈ।” ਆਖ ਕੇ ਰਾਮ ਨਾਥ ਆਪਣੇ ਪਜਾਮੇ ਦੀ ਚੋਰ ਜੇਬ ਟਟੋਲਣ ਲੱਗਾ।

ਇਸ ਜੇਬ ਵਿੱਚ ਰਾਮ ਨਾਥ ਨੇ ਰੁਪਏ ਪਾਏ ਸਨ।

ਨੀਲਮ ਉਸਦੀ ਭੈਣ ਸੀ ਅਤੇ ਵੇਦ ਭਨੋਈਆ। ਸਰਦਾਰੀ ਲਾਲ ਵੀ ਉਸਦਾ ਜੀਜਾ ਲਗਦਾ ਸੀ। ਸਮਾਜਿਕ ਕਾਨੂੰਨ ਮੁਤਾਬਕ ਬਿਮਾਰੀ ਦਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਰਾਮ ਨਾਥ ਦੀ ਸੀ। ਇਸੇ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਹ ਜੇਬ ਵਿਚੋਂ ਪੈਸੇ ਕੱਢ ਰਿਹਾ ਸੀ।

“ਜੀਜਾ ਜੀ! ਤੁਸੀਂ ਆਹ ਪੈਸੇ ਰੱਖ ਲਓ। ਦੋਹਾਂ ਦੀ ਅਡਮਿਸ਼ਨ ਕਰਵਾ ਦੇਣਾ।

ਇੰਨੇ ਵਿੱਚ ਮੰਗਤ ਆ ਜਾਏਗਾ। ਘਰ ਜੋ ਸੀ, ਮੈਂ ਚੁੱਕ ਲਿਆਇਆ।”

ਜੇਬ ਵਿਚੋਂ ਦਸ ਹਜ਼ਾਰ ਕੱਢ ਕੇ ਸਰਦਾਰੀ ਲਾਲ ਨੂੰ ਫੜਾਉਂਦਾ ਰਾਮ ਨਾਥ ਗੁਨਾਹਗਾਰਾਂ ਵਾਂਗ ਘੱਟ ਪੈਸਿਆਂ ਦੀ ਸਫ਼ਾਈ ਦੇਣ ਲੱਗਾ।

“ਮੈਂ ਬਥੇਰੇ ਪੈਸੇ ਲੈ ਕੇ ਆਇਆ ਹਾਂ। ਫਾਰਮੈਲਟੀ ਵਿੱਚ ਨਾ ਪੈ। ਮੌਕਾ ਸੰਭਾਲ।

ਬਾਅਦ ਵਿੱਚ ਦੇਖ ਲਵਾਂਗੇ।”

ਸਰਦਾਰੀ ਲਾਲ ਨੇ ਨੋਟਾਂ ਨਾਲ ਭਰਿਆ ਬੈਗ ਰਾਮ ਨਾਥ ਨੂੰ ਦਿਖਾਇਆ ਅਤੇ ਉਸਦੇ ਪੈਸੇ ਉਸ ਨੂੰ ਮੋੜ ਦਿੱਤੇ।

ਜਨਾਨਾ ਵਾਰਡ ਤਕ ਉਹ ਇਕੱਠੇ ਆਏ।

ਉਥੋਂ ਸਰਦਾਰੀ ਲਾਲ ਅਤੇ ਡਾਕਟਰ ਐਮਰਜੈਂਸੀ ਵਾਰਡ ਨੂੰ ਮੁੜ ਗਏ। ਰਾਮ ਨਾਥ ਜਨਾਨਾ ਵਾਰਡ ਵੱਲ ਹੋ ਗਿਆ।

 

-4-

 

ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਸਥਿਤੀ ਦੀ ਗੰਭੀਰਤਾ ਨੂੰ ਭਾਂਪ ਚੁੱਕਾ ਸੀ।

ਦਿਨ ਦੇ ਗਿਆਰਾਂ ਵੱਜ ਚੁੱਕੇ ਸਨ। ਹਾਲੇ ਤਕ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਤਕ ਨਹੀਂ ਸੀ ਦਿੱਤੀ ਗਈ।

ਮਰੀਜ਼ਾਂ ਦੇ ਵਾਰਿਸ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਵਿਚੋਂ ਇੱਕ ਵਕੀਲ ਸੀ ਅਤੇ ਇੱਕ ਡਾਕਟਰ। ਉਹ ਡਾਕਟਰਾਂ ਦੀ ਅਣਗਹਿਲੀ ’ਤੇ ਕਿੰਤੂ ਪ੍ਰੰਤੂ ਕਰ ਰਹੇ ਸਨ।

ਕਿਸੇ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ।

ਪੱਤਰਕਾਰ ਗੇੜੇ ਮਾਰ ਰਹੇ ਸਨ। ਕੁੱਝ ਮਜ਼ਰੂਬਾਂ ਦੀਆਂ ਫੋਟੋ ਉਤਾਰ ਕੇ ਲੈ ਗਏ ਸਨ।

ਬਾਕੀ ਦੇ ਡਾਕਟਰਾਂ ਤੋਂ ਜਾਨਣਾ ਚਾਹੁੰਦੇ ਸਨ ਕਿ ਮਜ਼ਰੂਬਾਂ ਦੀ ਹਾਲਤ ਕਿਹੋ ਜਿਹੀ ਹੈ?

ਖ਼ਤਰੇ ਵਿੱਚ ਹਨ ਜਾਂ ਖ਼ਤਰੇ ਤੋਂ ਬਾਹਰ?

ਭਾਈਚਾਰੇ ਦੇ ਨਾਤੇ ਪੁਲਿਸ ਵਾਲਿਆਂ ਨੇ ਡਾਕਟਰਾਂ ਨੂੰ ਸੁਚੇਤ ਕਰ ਦਿੱਤਾ ਸੀ।

ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਸੀ। ਸ਼ਹਿਰ ਵਿੱਚ ਇਸ ਵਾਰਦਾਤ ਕਾਰਨ ਗੁੱਸਾ ਅਤੇ ਘਬਰਾਹਟ ਫੈਲ ਰਹੀ ਸੀ। ਗ੍ਰਹਿ ਮੰਤਰੀ ਸ਼ਹਿਰ ਦਾ ਦੌਰਾ ਕਰਨ ਆ ਰਿਹਾ ਸੀ। ਉਹ ਮਜ਼ਰੂਬਾਂ ਦਾ ਹਾਲ ਚਾਲ ਪੁੱਛਣ ਹਸਪਤਾਲ ਵੀ ਆਏਗਾ। ਡਾਕਟਰਾਂ ਨੂੰ ਹਾਲਾਤ ਅਨੁਸਾਰ ਢਲ ਜਾਣਾ ਚਾਹੀਦਾ ਸੀ।

ਆਪਣਾ ਫਰਜ਼ ਸਮਝ ਕੇ ਐਮਰਜੈਂਸੀ ਡਾਕਟਰ ਨੇ ਫ਼ੋਨ ਕਰ ਕਰ ਸਾਰੇ ਡਾਕਟਰਾਂ ਨੂੰ ਸੂਚਿਤ ਕਰ ਦਿੱਤਾ ਸੀ। ਐਕਸਰੇ ਵਾਲੇ ਡਾਕਟਰ ਅਤੇ ਲੇਡੀ ਡਾਕਟਰ ਸ਼ਰਨਜੀਤ ਨੂੰ ਉਸਨੇ ਤਾੜਿਆ ਵੀ ਸੀ। ਨਜ਼ਲਾ ਉਨ੍ਹਾਂ ’ਤੇ ਝੜ ਸਕਦਾ ਸੀ।

ਠੇਕੇਦਾਰ ਆਪਣੀ ਰਿਪੋਰਟ ਦੇ ਚੁੱਕਾ ਸੀ। ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ ਸੀ।

ਮੁਫ਼ਤ ਵਿੱਚ ਮੁਆਇਨੇ ਕਰਨੇ ਪੈਣੇ ਸਨ। ਡਾ.ਨਸੀਬ ਮਿੱਤਲ ਨੂੰ ਕੋਈ ਪਰਵਾਹ ਨਹੀਂ ਸੀ। ਉਹ ਸ਼ਹਾਦਤ ਦੇਣ ਅਦਾਲਤ ਗਿਆ ਸੀ। ਅਦਾਲਤ ਨਾਲ ਸਹਿਯੋਗ ਕਰਨਾ ਹਰ ਸ਼ਹਿਰੀ ਦਾ ਪਹਿਲਾ ਫਰਜ਼ ਸੀ। ਉਸਨੇ ਅਦਾਲਤ ਕੋਲੋਂ ਆਪਣੇ ਹਾਜ਼ਰ ਹੋਣ ਬਾਰੇ ਸਰਟੀਫਿਕੇਟ ਲੈ ਲਿਆ ਸੀ। ਹੁਣ ਉਸਨੂੰ ਮੰਤਰੀ ਦਾ ਕੋਈ ਡਰ ਨਹੀਂ ਸੀ। ਉਸਨੇ ਆਪਣੇ ਫਾਰਮਾਸਿਸਟ ਨੂੰ ਆਖ ਦਿੱਤਾ ਸੀ। ਉਹ ਮਰੀਜ਼ਾਂ ਨੂੰ ਕੱਲ੍ਹ ਦਾ ਟਾਈਮ ਦੇ ਦੇਵੇ।

ਡਾ.ਸ਼ਰਨਜੀਤ ਕੋਲ ਅਜਿਹਾ ਕੋਈ ਬਹਾਨਾ ਨਹੀਂ ਸੀ। ਇਸ ਲਈ ਉਸਨੇ ਆਪਣੀ ਨਰਸ ਨੂੰ ਤਿਆਰ ਰਹਿਣ ਦਾ ਸੁਨੇਹਾ ਭੇਜ ਦਿੱਤਾ ਸੀ। ਆਉਂਦਿਆਂ ਹੀ ਉਸਨੇ ਪਹਿਲਾਂ ਨੇਹਾ ਦਾ ਡਾਕਟਰੀ ਮੁਲਾਹਜ਼ਾ ਕਰਨਾ ਸੀ। ਬਾਕੀ ਮਰੀਜ਼ਾਂ ਨੂੰ ਫੇਰ ਦੇਖਣਾ ਸੀ।

ਰਾਮ ਨਾਥ ਜਦੋਂ ਜਨਾਨਾ ਵਾਰਡ ਵਿੱਚ ਪੁੱਜਾ, ਉਸ ਸਮੇਂ ਨੇਹਾ ਦਾ ਡਾਕਟਰੀ ਮੁਲਾਹਜ਼ਾ ਹੋ ਰਿਹਾ ਸੀ।

ਉਸਦੇ ਜ਼ਖ਼ਮਾਂ ਤੇ ਮਲ੍ਹਮ ਪੱਟੀ ਹੋ ਚੁੱਕੀ ਸੀ। ਫਟੇ ਅਤੇ ਖ਼ੂਨ ਨਾਲ ਲਿਬੜੇ ਕੱਪੜੇ ਕਬਜ਼ੇ ਵਿੱਚ ਲਏ ਜਾ ਚੁੱਕੇ ਸਨ। ਨਰਸ ਉਨ੍ਹਾਂ ਨੂੰ ਸਫ਼ੈਦ ਥੈਲੀ ਵਿੱਚ ਪਾ ਕੇ ਉਨ੍ਹਾਂ ਦਾ ਪਾਰਸਲ ਬਣਾ ਰਹੀ ਸੀ।

ਸੰਗੀਤਾ ਆਪਣੀ ਨਣਦ ਸੀਮਾ ਨੂੰ ਨੀਲਮ ਕੋਲ ਬੈਠਾ ਕੇ ਨੇਹਾ ਕੋਲ ਆ ਗਈ ਸੀ। ਸੰਗੀਤਾ ਅਤੇ ਪਲਵੀ ਡਾਕਟਰ ਦੀ ਡਾਕਟਰੀ ਮੁਆਇਨੇ ਵਿੱਚ ਸਹਾਇਤਾ ਕਰ ਰਹੀਆਂ ਸਨ। ਨੇਹਾ ਨਿਢਾਲ ਪਈ ਸੀ। ਲਗਦਾ ਸੀ ਹਾਲੇ ਉਸ ਨੂੰ ਹੋਸ਼ ਨਹੀਂ ਸੀ ਆਈ।

ਰਾਮ ਨਾਥ ਨੂੰ ਵਾਰਡ ਵਿੱਚ ਆਇਆ ਦੇਖ ਕੇ ਸੰਗੀਤਾ ਵੇਦ ਦੀ ਹਾਲਤ ਜਾਨਣ ਲਈ ਉਸ ਕੋਲ ਆ ਗਈ।

ਰਾਮ ਨਾਥ ਸੰਗੀਤਾ ਨੂੰ ਇੱਕ ਪਾਸੇ ਲੈ ਗਿਆ। ਸੰਗੀਤਾ ਨੇ ਨੇਹਾ ਦਾ ਮੁਆਇਨਾ ਹੁੰਦਾ ਦੇਖਿਆ ਸੀ। ਉਸ ਨਾਲ ਕੀ ਬੀਤੀ ਸੀ? ਰਾਮ ਨਾਥ ਵਿਸਥਾਰ ਨਾਲ ਜਾਨਣਾ ਚਾਹੁੰਦਾ ਸੀ। ਇਹ ਜਾਣਕਾਰੀ ਉਸਨੂੰ ਪਰਚਾ ਦਰਜ ਕਰਾਉਣ ਲਈ ਚਾਹੀਦੀ ਸੀ।

ਕੁੜੀ ਦਾ ਭੈੜਾ ਹਾਲ ਸੀ। ਜਾਪਦਾ ਸੀ ਬਲਾਤਕਾਰੀ ਹੱਟਾ ਕੱਟਾ ਸੀ। ਕੁੜੀ ਨੂੰ ਭੇੜੀਏ ਵਾਂਗ ਪਿਆ ਸੀ। ਨਾਜ਼ੁਕ ਕੁੜੀ ਦਾ ਅੰਗ ਅੰਗ ਚੂੰਡਿਆ ਪਿਆ ਸੀ। ਕੁੜੀ ਨੂੰ ਸੰਭਲਣ ਲਈ ਕਈ ਦਿਨ ਲੱਗਣੇ ਸਨ।

ਨੇਹਾ ਗਹਿਰੇ ਸਦਮੇ ਵਿੱਚ ਸੀ। ਥੋੜ੍ਹੀ ਜਿਹੀ ਹੋਸ਼ ਪਰਤਦੇ ਹੀ ਖੂਹ ਖਾਤਾ ਗੰਦਾ ਕਰਨ ਲਈ ਆਖਣ ਲਗਦੀ ਸੀ।

“ਉਹ ਕੁੱਝ ਵਾਰਦਾਤ ਬਾਰੇ ਦੱਸ ਸਕਦੀ ਹੈ?”

ਰਾਮ ਨਾਥ ਦਾ ਧਿਆਨ ਇਕੋ ਨੁਕਤੇ ’ਤੇ ਅਟਕਿਆ ਹੋਇਆ ਸੀ।

“ਲੋਕ ਠੀਕ ਆਖਦੇ ਹਨ। ਵਕੀਲਾਂ ਦੇ ਸੀਨੇ ਵਿੱਚ ਦਿਲ ਨਹੀਂ ਹੁੰਦਾ। ਉਹ ਸ਼ਰਮ ਦੀ ਮਾਰੀ ਆਤਮ ਹੱਤਿਆ ਕਰਨ ਨੂੰ ਫਿਰਦੀ ਹੈ। ਤੁਸੀਂ ਉਸ ਤੋਂ ਵਾਰਦਾਤ ਦੇ ਵੇਰਵੇ ਪੁੱਛਦੇ ਹੋ? ਗੱਲ ਛੇੜ ਕੇ ਉਸ ਦੇ ਅੱਲੇ ਜ਼ਖ਼ਮਾਂ ’ਤੇ ਲੂਣ ਨਾ ਛਿੜਕ ਦੇਣਾ। ਮੇਰੀ ਫੁੱਲਾਂ ਵਰਗੀ ਬੇਟੀ ਨੂੰ ਬਖਸ਼ੋ!”

ਸੰਗੀਤਾ ਰਾਮ ਨਾਥ ਦੇ ਮੋਢੇ ’ਤੇ ਸਿਰ ਰੱਖ ਕੇ ਅੱਥਰੂਆਂ ਰਾਹੀਂ ਮਨ ਦੀ ਭੜਾਸ ਕੱਢਣ ਲੱਗੀ।

“ਪਰਚਾ ਦਰਜ ਕਰਾਉਣਾ ਜ਼ਰੂਰੀ ਹੈ। ਹੁਣ ਮੈਂ ਪਰਚੇ ਵਿੱਚ ਦੱਸ ਕੀ ਲਿਖਾਵਾਂ?”

ਸੰਗੀਤਾ ਨੂੰ ਰੋਂਦੇ ਦੇਖ ਕੇ ਰਾਮ ਨਾਥ ਦਾ ਮਨ ਭਰ ਆਇਆ। ਪਰ ਉਸਨੇ ਆਪਣੇ ਹੰਝੂ ਅੱਖਾਂ ਵਿੱਚ ਰੋਕੀ ਰੱਖੇ। ਕੁੱਝ ਦੇਰ ਖਾਮੋਸ਼ ਰਹਿ ਕੇ ਮਨ ਨੂੰ ਢਾਰਸ ਦਿੱਤੀ ਅਤੇ ਜਦੋਂ ਸੰਗੀਤਾ ਸੰਭਲੀ, ਉਸਨੇ ਆਪਣੀ ਚਿੰਤਾ ਉਸ ਨਾਲ ਸਾਂਝੀ ਕੀਤੀ।

“ਭੱਠ ਵਿੱਚ ਪਏ ਤੁਹਾਡਾ ਕੇਸ! ਪਤਾ ਨਹੀਂ ਕਿਹੋ ਜਿਹੇ ਖੂੰਖਾਰ ਮੁਲਜ਼ਮ ਹੋਣਗੇ?

ਕੌਣ ਦਿਊ ਉਨ੍ਹਾਂ ਵਿਰੁੱਧ ਗਵਾਹੀ? ਤੁਸੀਂ ਇਨ੍ਹਾਂ ਨੂੰ ਸੰਭਾਲੋ।”

“ਦੇਖਦੇ ਹਾਂ।”

“ਇਕ ਗੱਲ ਹੋਰ ਸੁਣੋ। ਕਿਧਰੇ ਪਰਚੇ ਵਿੱਚ ਨੇਹਾ ਨਾਲ ਹੋਏ ਬਲਾਤਕਾਰ ਦਾ ਜ਼ਿਕਰ ਨਾ ਕਰ ਦੇਣਾ। ਜੇ ਬਲਾਤਕਾਰ ਦੀ ਕਹਾਣੀ ਪਾ ਦਿੱਤੀ ਕੁੜੀ ਦਾ ਭਵਿੱਖ ਤਬਾਹ ਹੋ ਜਾਏਗਾ।”

ਇੱਕ ਔਰਤ ਦਾ ਦਰਦ ਇੱਕ ਔਰਤ ਸਮਝ ਸਕਦੀ ਸੀ। ਇਹ ਸਮਝ ਉਹ ਰਾਮ ਨਾਥ ਨੂੰ ਦੇਣਾ ਚਾਹੁੰਦੀ ਸੀ।

ਰਾਮ ਨਾਥ ਨੂੰ ਪਹਿਲੀ ਵਾਰ ਆਪਣੇ ਪੱਥਰ ਦਿਲ ਹੋਣ ਦਾ ਅਹਿਸਾਸ ਹੋਇਆ।

ਸਬੂਤਾਂ ਦੇ ਚੱਕਰ ਨੇ ਉਸ ਦੀ ਸੰਵੇਦਨਸ਼ੀਲਤਾ ਅਤੇ ਦੂਰਦਰਸ਼ਤਾ ਨੂੰ ਨਿਗਲ ਲਿਆ ਸੀ। ਉਸਨੂੰ ਅਫ਼ਸੋਸ ਹੋਇਆ। ਉਸ ਨੂੰ ਇਹ ਗੱਲ ਖ਼ੁਦ ਨੂੰ ਕਿਉਂ ਨਹੀਂ ਸੁੱਝੀ? ਇੱਕ ਵਕੀਲ ਹੋਣ ਦੇ ਨਾਤੇ ਉਸਨੂੰ ਬਲਾਤਕਾਰ ਦੇ ਭਵਿੱਖਮੁਖੀ ਪ੍ਰਭਾਵਾਂ ਦਾ ਪਤਾ ਹੋਣਾ ਚਾਹੀਦਾ ਸੀ।

ਹਾਲੇ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਸੀ ਵਿਗੜਿਆ। ਪਰਚੇ ਵਿੱਚ ਉਹ ਬਲਾਤਕਾਰ ਦਾ ਉੱਕਾ ਜ਼ਿਕਰ ਨਹੀਂ ਕਰੇਗਾ।

ਉਸ ਨੂੰ ਬਲਾਤਕਾਰ ਦੇ ਸਬੂਤ ਹੁਣ ਤੋਂ ਮਿਟਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ।

ਡਾ.ਸ਼ਰਨਜੀਤ ਇੰਜਰੀ ਰਿਪੋਰਟ ਤਿਆਰ ਕਰ ਰਹੀ ਸੀ। ਰਾਮ ਨਾਥ ਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਸੀ। ਉਸਨੂੰ ਬੇਨਤੀ ਕਰਨੀ ਚਾਹੀਦੀ ਸੀ। ਉਹ ਬਲਾਤਕਾਰ ਵਾਲੇ ਤੱਥ ਨੂੰ ਉੱਕਾ ਛੁਪਾ ਲਏ। ਕੇਵਲ ਸੱਟਾਂ ਦਾ ਜ਼ਿਕਰ ਕਰੇ।

ਰਾਮ ਨਾਥ ਨੂੰ ਆਸ ਸੀ ਕਿ ਔਰਤ ਹੋਣ ਦੇ ਨਾਤੇ ਡਾਕਟਰ ਨੇਹਾ ਦੀਆਂ ਮਜਬੂਰੀਆਂ ਨੂੰ ਸਮਝੇਗੀ। ਫੇਰ ਜਦੋਂ ਮੁਦਈ ਧਿਰ ਨੂੰ ਇਸ ਜੁਰਮ ਨੂੰ ਛਿਪਾਉਣ ਵਿੱਚ ਕੋਈ ਇਤਰਾਜ ਨਹੀਂ ਸੀ ਤਾਂ ਡਾਕਟਰ ਨੂੰ ਕੀ ਉਜਰ ਹੋ ਸਕਦਾ ਸੀ। ਇਹ ਮੰਗ ਜੇ ਮੁਲਜ਼ਮ ਕਰਦੇ ਫੇਰ ਹੋਰ ਗੱਲ ਸੀ।

“ਤੁਸੀਂ ਕਮਾਲ ਕਰਦੇ ਹੋ ਵਕੀਲ ਸਾਹਿਬ! ਇੱਡੀ ਵੱਡੀ ਗੱਲ ਨੂੰ ਮੈਂ ਕਿਵੇਂ ਛੁਪਾ ਲਵਾਂ? ਮੈਂ ਨੌਕਰੀ ਕਰਨੀ ਹੈ। ਕਿਸੇ ਨੇ ਇਸਦਾ ਮੈਡੀਕਲ ਕਿਧਰੋਂ ਹੋਰ ਕਰਾਉਣ ਦੀ ਦਰਖ਼ਾਸਤ ਦੇ ਦਿੱਤੀ ਮੇਰਾ ਕੀ ਬਣੂ?”

“ਹੋਰ ਕਿਸੇ ਨੂੰ ਡਾਕਟਰੀ ਕਰਾਉਣ ਵਿੱਚ ਕੀ ਦਿਲਚਸਪੀ ਹੈ? ਮੁਲਜ਼ਮ ਦਾ ਪਤਾ ਨਹੀਂ ਕੌਣ ਹਨ? ਮੈਂ ਲੜਕੀ ਦਾ ਮਾਮਾ ਹਾਂ। ਵਕੀਲ ਹਾਂ। ਉਸਦੇ ਬੁਰੇ ਭਲੇ ਦਾ ਮੈਨੂੰ ਅਹਿਸਾਸ ਹੈ। ਇਸਦੇ ਮਾਂ ਬਾਪ ਮਰਨ ਕਿਨਾਰੇ ਹਨ। ਬੱਚੀ ਦੇ ਭਵਿੱਖ ਦਾ ਸਵਾਲ ਹੈ।

ਮੈਂ ਜੋ ਆਖੋ, ਲਿਖ ਕੇ ਦੇਣ ਨੂੰ ਤਿਆਰ ਹਾਂ।”

ਰਾਮ ਨਾਥ ਨੇ ਉਹ ਸਭ ਤਰਲੇ ਲਏ, ਜੋ ਇੱਕ ਔਰਤ ਦਾ ਦਿਲ ਪਸੀਜਣ ਲਈ ਲਏ ਜਾ ਸਕਦੇ ਸਨ।

ਪਰ ਉਹ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹੋਈ ਸੀ। ਰਾਮ ਨਾਥ ਦੀਆਂ ਅੱਖਾਂ ਵਿੱਚ ਭਰੇ ਹੰਝੂ ਉਸਨੂੰ ਖਾਰੇ ਪਾਣੀ ਤੋਂ ਵੱਧ ਕੁੱਝ ਨਹੀਂ ਸਨ ਲੱਗ ਰਹੇ।

ਰਾਮ ਨਾਥ ਨੇ ਹੋਰ ਮਿੰਨਤ ਕੀਤੀ ਤਾਂ ਉਹ ਵੱਢ ਖਾਣਿਆਂ ਵਾਂਗ ਪਈ।

“ਪਲੀਜ਼! ਮੇਰਾ ਟਾਇਮ ਖਰਾਬ ਨਾ ਕਰੋ। ਮੈਨੂੰ ਆਪਣਾ ਕੰਮ ਕਰਨ ਦਿਉ।”

ਦਾਲ ਨਾ ਗਲਦੀ ਦੇਖਕੇ ਰਾਮ ਨਾਥ ਉਸ ਦੇ ਦਫ਼ਤਰੋਂ ਬਾਹਰ ਆ ਗਿਆ।

“ਅੰਕਲ ਤੁਸੀਂ ਉਸ ਠੇਕੇਦਾਰ ਨੂੰ ਮਿਲੋ। ਦੇਖਣਾ ਉਹ ਕੰਮ ਕਰਵਾ ਦੇਵੇਗਾ।” ਪਲਵੀ ਨੂੰ ਠੇਕੇਦਾਰ ਭੁੱਲਾ ਨਹੀਂ ਸੀ। ਉਸਨੇ ਰਾਮ ਨਾਥ ਨੂੰ ਉਸਦੀ ਯਾਦ ਦਿਵਾਈ।

ਰਾਮ ਨਾਥ ਨੂੰ ਇੱਕ ਵਾਰ ਫੇਰ ਆਪਣੀ ਅਕਲ ’ਤੇ ਗੁੱਸਾ ਆਇਆ। ਅੱਜ ਜਿਵੇਂ ਉਸ ਅੰਦਰਲਾ ਚੁਸਤ ਵਕੀਲ ਮਰ ਚੁੱਕਾ ਸੀ। ਉਸਨੂੰ ਨਵੇਂ ਵਿਚਾਰ ਕਿਥੋਂ ਸੁਝਣੇ ਸਨ।

ਉਸਦੀ ਪਕੜ ਵਿੱਚ ਸਾਧਾਰਨ ਵਿਚਾਰ ਨਹੀਂ ਸਨ ਆ ਰਹੇ। ਸ਼ਾਇਦ ਇਸ ਦਾ ਕਾਰਨ ਸਿਰ ’ਤੇ ਪਈ ਭੀੜ ਸੀ।

ਠੇਕੇਦਾਰ ਨੇ ਪਹਿਲਾਂ ਨਖਰਾ ਕੀਤਾ। ਸਵੇਰ ਦਾ ਉਹ ਮਿੰਨਤਾਂ ਕਰ ਰਿਹਾ ਸੀ, ਕਿਸੇ ਨੇ ਉਸਦੀ ਗੱਲ ਨਹੀਂ ਸੁਣੀ।

ਫੇਰ ਉਹ ਮੰਨ ਗਿਆ। ਸਾਧਾਰਨ ਕੇਸਾਂ ਵਿੱਚ ਡਾਕਟਰ ਦੀ ਫ਼ੀਸ ਪੰਜ ਹਜ਼ਾਰ ਰੁਪਏ ਸੀ। ਇਥੇ ਕੋਈ ਦੂਸਰੀ ਧਿਰ ਨਹੀਂ ਸੀ। ਫੇਰ ਕੁੜੀ ਦੀ ਇੱਜ਼ਤ ਦਾ ਮਾਮਲਾ ਸੀ। ਇਸ ਲਈ ਉਸਨੇ ਗੱਲ ਚਾਰ ਹਜ਼ਾਰ ਤੋਂ ਸ਼ੁਰੂ ਕਰ ਕੇ ਦੋ ’ਤੇ ਨਬੇੜ ਦਿੱਤੀ।

ਰਾਮ ਨਾਥ ਨੇ ਸ਼ੁਕਰ ਕੀਤਾ। ਕੁੜੀ ਜੱਗ ਵੱਸਦੀ ਰਹਿ ਗਈ।

ਇੱਕ ਸਮੱਸਿਆ ਹੱਲ ਹੋਈ ਤਾਂ ਦੂਜੀ ਅੱਗੇ ਆ ਖੜੀ।

ਕੁੱਝ ਘੰਟਿਆਂ ਬਾਅਦ ਨੇਹਾ ਨੂੰ ਹੋਸ਼ ਆ ਜਾਣੀ ਸੀ। ਫੇਰ ਉਸਨੂੰ ਛੁੱਟੀ ਹੋ ਜਾਣੀ ਸੀ। ਛੁੱਟੀ ਕਰਵਾ ਕੇ ਉਸਨੂੰ ਕਿੱਥੇ ਲਿਜਾਇਆ ਜਾਵੇ?

ਰਾਮ ਨਾਥ ਅਤੇ ਸੰਗੀਤਾ ਨੇ ਆਪਣੇ ਆਪਣੇ ਦਿਮਾਗ਼ਾਂ ਦੇ ਘੋੜੇ ਦੌੜਾਏ। ਦੋਹਾਂ ਦੇ ਘੋੜੇ ਪੱਚੀ ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਦੌੜ ਦੌੜ ਹੰਭ ਗਏ। ਉਨ੍ਹਾਂ ਨੂੰ ਇੱਕ ਘਰ ਵੀ ਅਜਿਹਾ ਨਹੀਂ ਸੀ ਲੱਭਾ ਜਿੱਥੇ ਕੁੜੀ ਨੂੰ ਕੁੱਝ ਦਿਨਾਂ ਲਈ ਠਹਿਰਾਇਆ ਜਾ ਸਕੇ।

ਇੱਕ ਵਾਰ ਫੇਰ ਪਲਵੀ ਉਨ੍ਹਾਂ ਲਈ ਸੋਨ ਪਰੀ ਬਣਕੇ ਬਹੁੜੀ।

ਇਹ ਸਮੱਸਿਆ ਉਹ ਪਹਿਲਾਂ ਹੀ ਭਾਂਪੀ ਖੜ੍ਹੀ ਸੀ।

ਨੇਹਾ ਨੂੰ ਲੈਣ ਉਸਦੇ ਮਾਂ ਬਾਪ ਹਸਪਤਾਲ ਆ ਰਹੇ ਸਨ। ਪੂਰੀ ਤਰ੍ਹਾਂ ਠੀਕ ਹੋ ਜਾਣ ਤਕ ਨੇਹਾ ਉਨ੍ਹਾਂ ਦੇ ਘਰ ਰਹੇਗੀ।

ਘਰੋਂ ਫੇਰ ਪੁਲਿਸ ਦਾ ਸੁਨੇਗਾ ਆਇਆ। ਪੁਲਿਸ ਹੋਰ ਇੰਤਜ਼ਾਰ ਨਹੀਂ ਸੀ ਕਰ ਸਕਦੀ।

ਹੁਣ ਦੇਰ ਕਰਨ ਦਾ ਕੋਈ ਕਾਰਨ ਵੀ ਨਹੀਂ ਸੀ।

ਰਾਮ ਨਾਥ ਨੇ ਸੰਗੀਤਾਂ ਨੂੰ ਹਦਾਇਤ ਕੀਤੀ। ਛੁੱਟੀ ਹੋਣ ਤਕ ਉਹ ਹਸਪਤਾਲ ਰਹੇ। ਫੇਰ ਦਯਾਨੰਦ ਹਸਪਤਾਲ ਪੁੱਜ ਜਾਵੇ।

ਖੁਦ ਉਹ ਪਰਚਾ ਦਰਜ ਕਰਾਉਣ ਘਰ ਜਾ ਰਿਹਾ ਸੀ।

 

-5-

 

ਵਾਰਦਾਤ ਦੀ ਖ਼ਬਰ ਤੇਜ਼ੀ ਨਾਲ ਫੈਲ ਰਹੀ ਸੀ। ਪਰਿਵਾਰਾਂ ਦੇ ਚਾਰਾਂ ਜੀਆਂ ਦੇ ਵਾਕਫਕਾਰਾਂ ਦਾ ਆਪਣਾ ਆਪਣਾ ਘੇਰਾ ਸੀ। ਜਿਸ ਨੂੰ ਜਿਉਂ ਹੀ ਪਤਾ ਚੱਲਦਾ ਉਹ ਹੱਥਲਾ ਕੰਮ ਵਿਚੇ ਛੱਡ ਕੇ ਉਨ੍ਹਾਂ ਦੀ ਕੋਠੀ ਵੱਲ ਦੌੜ ਪੈਂਦਾ।

ਹਸਪਤਾਲੋਂ ਵਿਹਲਾ ਹੋ ਕੇ ਰਾਮ ਨਾਥ ਦੇ ਘਰ ਮੁੜਨ ਤਕ ਕੋਠੀ ਅੱਗੇ ਬਹੁਤ ਵੱਡੀ ਭੀੜ ਜੁੜ ਚੁੱਕੀ ਸੀ।

ਮੌਕਾ ਮੁਲਾਹਜ਼ਾ ਕਰਨ ਦੀ ਕਾਰਵਾਈ ਪੁਲਿਸ ਮੁਕੰਮਲ ਕਰ ਚੁੱਕੀ ਸੀ। ਵਾਰਦਾਤ ਬਹੁਤ ਸੁਲਝੇ ਢੰਗ ਨਾਲ ਕੀਤੀ ਗਈ ਸੀ। ਦੋਸ਼ੀਆਂ ਨੇ ਬਹੁਤੇ ਸਬਤ ਪਿੱਛੇ ਨਹੀਂ ਸਨ ਛੱਡੇ। ਮੌਕੇ ਤੋਂ ਇੱਕ ਰਾਡ ਜਿਸ ਨਾਲ ਸੱਟਾਂ ਮਾਰੀਆਂ ਗਈਆਂ ਸਨ ਅਤੇ ਇੱਕ ਬੈਗ, ਜਿਸ ਵਿੱਚ ਦੋਸ਼ੀ ਪੇਚਕਸ, ਚਾਬੀਆਂ ਪਾ ਕੇ ਲਿਆਏ ਸਨ, ਮਿਲਿਆ ਸੀ। ਹੱਥਾਂ ਪੈਰਾਂ ਦੇ ਨਿਸ਼ਾਨ ਬਹੁਤ ਧੁੰਦਲੇ ਸਨ। ਹੋਰ ਸਬੂਤ ਇਕੱਠੇ ਕਰਨ ਲਈ ਹੋਰ ਮਾਹਿਰਾਂ ਨੇ ਆਉਣਾ ਸੀ। ਇਸ ਲਈ ਕੋਠੀ ਦੇ ਮੁੱਖ ਹਿੱਸੇ ਨੂੰ, ਜਿਸ ਸਥਿਤੀ ਵਿੱਚ ਉਹ ਸੀ, ਉਸੇ ਵਿੱਚ ਰੱਖ ਕੇ, ਸਰਬ ਮੋਹਰ ਕਰ ਦਿੱਤਾ ਗਿਆ ਸੀ।

ਪੱਤਰਕਾਰ ਪੁਲਿਸ ਦੀ ਚੁੱਪ ’ਤੇ ਖਿਝੇ ਹੋਏ ਸਨ। ਪੁਲਿਸ ਪਤਾ ਨਹੀਂ ਕਿਉਂ ਮੂੰਹ ਨਹੀਂ ਸੀ ਖੋਲ੍ਹਦੀ। ਉਹ ਆਪਣੇ ਸੂਤਰਾਂ ਰਾਹੀਂ ਲੀਰ ਲੀਰ ਜੋੜ ਕੇ ਪਜਾਮਾ ਸਿਉਣ ਦਾ ਯਤਨ ਕਰ ਰਹੇ ਸਨ। ਪੁਲਿਸ ਉਨ੍ਹਾਂ ਨੂੰ ਲੋਕਾਂ ਦੀਆਂ ਇੰਟਰਵਿਊ ਲੈਣ ਤੋਂ ਕਈ ਵਾਰ ਰੋਕ ਚੁੱਕੀ ਸੀ। ਗੁਆਂਢੀਆਂ ਨੂੰ ਕੁੱਝ ਪਤਾ ਨਹੀਂ ਸੀ। ਗਲਤ ਤੱਥ ਛਾਪ ਕੇ ਕੇਸ ਦਾ ਭੱਠਾ ਨਾ ਬਿਠਾ ਦੇਣਾ। ਜਿੰਨਾ ਚਿਰ ਪੁਲਿਸ, ਪ੍ਰੈਸ ਨੋਟ ਜਾਰੀ ਨਹੀਂ ਕਰਦੀ, ਓਨਾ ਚਿਰ ਉਹ ਸਬਰ ਦਾ ਘੁੱਟ ਭਰੀ ਰੱਖਣ।

ਰਾਮ ਨਾਥ ਦੇ ਕੋਠੀ ਪੁੱਜਦਿਆਂ ਹੀ ਸਾਰੀ ਪੁਲਿਸ ਉਸ ਦੁਆਲੇ ਹੋ ਗਈ। ਵੇਦ ਦੇ ਰਿਸ਼ਤੇਦਾਰਾਂ ਨੇ ਸਾਰੀ ਜ਼ਿੰਮੇਵਾਰੀ ਉਸੇ ਉਪਰ ਸੁੱਟੀ ਸੀ। ਉਹ ਵਕੀਲ ਸੀ। ਇੱਕ ਵਕੀਲ ਤੋਂ ਵੱਧ ਹੋਰ ਕਿਸੇ ਨੂੰ ਕੀ ਪਤਾ ਹੋ ਸਕਦਾ ਹੈ ਕਿ ਪਰਚਾ ਕਿਵੇਂ ਦਰਜ ਕਰਾਉਣਾ ਹੈ?

ਉਹ ਜੋ ਕਰੇਗਾ, ਸਭ ਨੂੰ ਮਨਜ਼ੂਰ ਹੋਏਗਾ।

ਰਾਮ ਨਾਥ ਪਰਚੇ ਦੀ ਅਹਿਮੀਅਤ ਨੂੰ ਜਾਣਦਾ ਸੀ। ਸਾਰੇ ਮੁਕੱਦਮੇ ਦਾ ਆਧਾਰ ਇਸੇ ਪਰਚੇ ਨੇ ਬਨਣਾ ਸੀ। ਪਰਚਾ ਸਹੀ ਘਟਨਾ ’ਤੇ ਆਧਾਰਤ ਹੋਣਾ ਚਾਹੀਦਾ ਸੀ।

ਰਾਮ ਨਾਥ ਨੂੰ ਹੋਈ ਵਾਰਦਾਤ ਬਾਰੇ ਕੱਖ ਨਹੀਂ ਸੀ ਪਤਾ। ਦੋਸ਼ੀ ਦੋ ਸਨ, ਚਾਰ, ਦਸ ਜਾਂ ਬਾਰਾਂ? ਉਹ ਛੋਟੀ ਉਮਰ ਦੇ ਸਨ, ਅੱਧਖੜ ਜਾਂ ਵਡੇਰੀ ਉਮਰ ਦੇ? ਉਹ ਕੰਧ ਟੱਪ ਕੇ ਅੰਦਰ ਆਏ ਸਨ ਜਾਂ ਬੈੱਲ ਖੜਕਾ ਕੇ? ਉਨ੍ਹਾਂ ਕੋਲ ਚਾਕੂ ਸਨ, ਰਾਡ ਸਨ, ਛੁਰੇ ਸਨ ਜਾਂ ਸੋਟੀਆਂ? ਉਨ੍ਹਾਂ ਨੇ ਕਿਹੋ ਜਿਹੇ ਕਪੜੇ ਪਾਏ ਹੋਏ ਸਨ? ਪਾਏ ਸਨ ਜਾਂ ਨੰਗੇ ਧੜ ਸਨ? ਉਹ ਕੇਸਾਧਾਰੀ ਸਨ, ਮੋਨੇ ਜਾਂ ਮੌਲਵੀ ਕੱਟ। ਪਹਿਲਾਂ ਹਮਲਾ ਕਿਸ ਉਪਰ ਹੋਇਆ?

ਕਮਲ ਦਾ ਕਤਲ ਕਰਨ ਵਾਲਾ ਕੌਣ ਸੀ? ਨੇਹਾ ਨਾਲ ਬਲਾਤਕਾਰ ਕਿਸ ਨੇ ਕੀਤਾ?

ਇੱਕ ਨੇ ਕੀਤਾ ਜਾਂ ਵੱਧ ਨੇ? ਨੀਲਮ ਅਤੇ ਵੇਦ ਨੂੰ ਸੱਟਾਂ ਕਿਸ ਕਿਸ ਨੇ ਮਾਰੀਆਂ?

ਇਨ੍ਹਾਂ ਵਿਚੋਂ ਇੱਕ ਵੀ ਸਵਾਲ ਦਾ ਜਵਾਬ ਰਾਮ ਨਾਥ ਕੋਲ ਨਹੀਂ ਸੀ। ਕੋਰੀ ਕਲਪਨਾ ਦੇ ਆਧਾਰ ’ਤੇ ਪਰਚਾ ਦਰਜ ਕਰਾਉਣਾ ਘਾਤਕ ਸਿੱਧ ਹੋ ਸਕਦਾ ਸੀ। ਕਦੇ ਨਾ ਕਦੇ ਦੋਸ਼ੀਆਂ ਨੇ ਫੜੇ ਜਾਣਾ ਸੀ। ਉਨ੍ਹਾਂ ਨੇ ਹੋਈ ਵਾਰਦਾਤ ਦਾ ਵੇਰਵਾ ਆਪਣੇ ਵਕੀਲਾਂ ਨੂੰ ਦੱਸ ਦੇਣਾ ਸੀ। ਮੁਦਈ ਧਿਰ ਅਤੇ ਸਫ਼ਾਈ ਧਿਰ ਦੇ ਕਥਨਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੋਣਾ ਸੀ। ਦੋਹਾਂ ਕਥਨਾਂ ਵਿੱਚ ਤਾਲਮੇਲ ਬੈਠਾਉਣਾ ਅਸੰਭਵ ਹੋਣਾ ਸੀ।

ਨਤੀਜਨ ਦੋਸ਼ੀਆਂ ਨੂੰ ਸ਼ੱਕ ਦਾ ਫ਼ਾਇਦਾ ਹੋਣਾ ਸੀ।

ਰਾਮ ਨਾਥ ਨੂੰ ਕੁੱਝ ਨਹੀਂ ਸੀ ਸੁੱਝ ਰਿਹਾ। ਭੱਜ ਨੱਠ, ਮਾਨਸਿਕ ਤਨਾਅ ਅਤੇ ਭੁੱਖ ਪਿਆਸ ਕਾਰਨ ਉਹ ਦਿਮਾਗ਼ੀ ਅਤੇ ਜਿਸਮਾਨੀ ਦੋਹਾਂ ਤਰ੍ਹਾਂ ਨਾਲ ਥੱਕ ਚੁੱਕਾ ਸੀ। ਅਜਿਹੇ ਮੌਕਿਆਂ ’ਤੇ ਉਹ ਵੱਧ ਪੱਤੀ ਵਾਲੀ ਚਾਹ ਪੀ ਕੇ ਤਾਜ਼ਾ ਦਮ ਹੋਇਆ ਕਰਦਾ ਸੀ। ਇਨ੍ਹਾਂ ਹਾਲਾਤਾਂ ਵਿੱਚ ਚਾਹ ਨਸੀਬ ਨਹੀਂ ਸੀ ਹੋ ਰਹੀ।

ਥਾਣੇਦਾਰ ਰਾਮ ਨਾਥ ਦੀ ਮਜਬੂਰੀ ਨੂੰ ਭਾਂਪ ਗਿਆ। ਰਾਏ ਮਸ਼ਵਰੇ ਲਈ ਉਹ ਰਾਮ ਨਾਥ ਨੂੰ ਇੱਕ ਪਾਸੇ ਲੈ ਗਿਆ।

“ਘਰ ਵਿੱਚ ਇੱਕ ਨੌਕਰ ਵੀ ਹੈ?” ਥਾਣੇਦਾਰ ਨੇ ਰਾਮ ਨਾਥ ਤੋਂ ਪੁੱਛਿਆ।

ਰਾਮ ਨਾਥ ਥਾਣੇਦਾਰ ਦਾ ਮਤਲਬ ਸਮਝ ਗਿਆ।

ਹੁਣ ਘਰੇਲੂ ਨੌਕਰ ਪਹਿਲਾਂ ਵਰਗੇ ਨਹੀਂ ਸਨ ਰਹੇ। ਪਿਛਲੇ ਇੱਕ ਸਾਲ ਵਿੱਚ ਮਾਇਆ ਨਗਰ ਵਿੱਚ ਲਗਾਤਾਰ ਕਈ ਘਟਨਾਵਾਂ ਘਟੀਆਂ ਸਨ, ਜਿਨ੍ਹਾਂ ਵਿੱਚ ਘਰੇਲੂ ਨੌਕਰਾਂ ਦਾ ਹੱਥ ਸੀ। ਥਾਣੇਦਾਰ ਨੇ ਆਪਣੀ ਗੱਲ ਸਮਝਾਉਣ ਲਈ ਇੱਕ ਤਾਜ਼ੀ ਉਦਾਹਰਣ ਦਿੱਤੀ।

ਪਿਛਲੇ ਹਫ਼ਤੇ ਇੱਕ ਬੈਂਕ ਮੈਨੇਜਰ ਦੇ ਨੌਕਰ ਨੇ ਰਾਤ ਦੇ ਖਾਣੇ ਵਿੱਚ ਬੇਹੋਸ਼ੀ ਵਾਲੀ ਦਵਾਈ ਮਿਲਾ ਦਿੱਤੀ। ਜਦੋਂ ਸਾਰਾ ਟੱਬਰ ਗੂੜ੍ਹੀ ਨੀਂਦ ਸੌਂ ਗਿਆ, ਨੌਕਰ ਨੇ ਕੋਠੀ ਦਾ ਗੇਟ ਸਾਥੀਆਂ ਲਈ ਖੋਲ੍ਹ ਦਿੱਤਾ। ਬੜੇ ਅਰਾਮ ਨਾਲ ਉਨ੍ਹਾਂ ਨੇ ਘਰ ਦਾ ਨਿੱਕ ਸੁੱਕ ਚੁੱਕਿਆ ਅਤੇ ਫਰਾਰ ਹੋ ਗਏ। ਅੱਜ ਤੱਕ ਨਾ ਨੌਕਰ ਦੀ ਉੱਘ ਸੁੱਘ ਮਿਲੀ ਸੀ, ਨਾ ਉਸਦੇ ਸਾਥੀਆਂ ਦੀ।

ਪਰ ਵੇਦ ਹੋਰਾਂ ਦਾ ਨੌਕਰ ਅਜਿਹਾ ਨਹੀਂ ਸੀ। ਸੱਤ ਸਾਲ ਦੇ ਨੂੰ ਉਸਦਾ ਚਾਚਾ ਉਸਨੂੰ ਪੰਜਾਬ ਲੈ ਆਇਆ ਸੀ। ਦੋ ਸਾਲ ਉਸਨੇ ਕਿਸੇ ਹੋਰ ਦੀ ਕੋਠੀ ਕੰਮ ਕੀਤਾ।

ਪੰਜ ਸਾਲ ਤੋਂ ਉਹ ਵੇਦ ਕੋਲ ਸੀ। ਨਾ ਕਦੇ ਉਹ ਪਿੰਡ ਜਾਂਦਾ ਸੀ, ਨਾ ਕੋਈ ਉਸਨੂੰ ਮਿਲਣ ਆਉਂਦਾ ਸੀ। ਸਾਲ ਬਾਅਦ ਉਸਦਾ ਚਾਚਾ ਆਉਂਦਾ ਸੀ। ਤਨਖ਼ਾਹ ਫੜ ਕੇ ਲੈ ਜਾਂਦਾ ਸੀ। ਵੇਦ ਨੇ ਨੌਕਰ ਨੂੰ ਪੁੱਤਰ ਵਾਂਗ ਰੱਖਿਆ ਹੋਇਆ ਸੀ।

ਰਾਮ ਨਾਥ ਉਸ ’ਤੇ ਅਜਿਹੀ ਵਾਰਦਾਤ ਦਾ ਸ਼ੱਕ ਨਹੀਂ ਸੀ ਕਰ ਸਕਦਾ।

ਨੌਕਰ ਦੀ ਪਰਿਵਾਰ ਨਾਲ ਨੇੜਤਾ ਥਾਣੇਦਾਰ ਦੇ ਸ਼ੱਕ ਨੂੰ ਹੋਰ ਪੱਕਾ ਕਰਨ ਲੱਗੀ।

ਪੈਸਾ ਧੇਲਾ ਕਿੱਥੇ ਹੈ? ਨੌਕਰ ਨੂੰ ਸਭ ਪਤਾ ਸੀ। ਹਾਲਾਤ ਬਦਲਦੇ ਦੇਰ ਨਹੀਂ ਲਗਦੀ।   ਬੰਦਾ ਕਦੋਂ ਭੈੜੀ ਸੁਹਬਤ ਵਿੱਚ ਪੈ ਜਾਵੇ ਕੁੱਝ ਨਹੀਂ ਆਖਿਆ ਜਾ ਸਕਦਾ। ਟੀ.ਵੀ. ਅਤੇ ਫ਼ਿਲਮਾਂ ਚੋਰੀ ਡਾਕੇ ਅਤੇ ਬਲਾਤਕਾਰ ਹੀ ਤਾਂ ਸਿਖਾਉਂਦੀਆਂ ਹਨ। ਵਿਹਲੇ ਨੌਕਰ ਸਾਰਾ ਦਿਨ ਟੀ.ਵੀ.ਅੱਗੇ ਬੈਠੇ ਰਹਿੰਦੇ ਹਨ। ਕਦੇ ਕਿਸੇ ਫ਼ਿਲਮ ਤੋਂ ਜਲਦੀ ਅਮੀਰ ਬਣਨ ਦੀ ਪ੍ਰੇਰਨਾ ਮਿਲ ਗਈ ਹੋਵੇ? ਇਸ ਬਾਰੇ ਕੁੱਝ ਨਹੀਂ ਸੀ ਆਖਿਆ ਜਾ ਸਕਦਾ।

ਰਾਮੂ ਨੂੰ ਟੀ.ਵੀ.ਦਾ ਸ਼ੌਕ ਸੀ। ਥਾਣੇਦਾਰ ਦੀ ਇਹ ਗੱਲ ਸੱਚੀ ਸੀ। ਦੋ ਮਹੀਨੇ ਪਹਿਲਾਂ ਹੀ ਵੇਦ ਨੇ ਆਪਣੇ ਦਫ਼ਤਰ ਦਾ ਟੀ.ਵੀ.ਬਦਲਿਆ ਸੀ। ਦਫ਼ਤਰ ਵਾਲਾ ਟੀ.ਵੀ.ਪੁਰਾਣੇ ਮਾਡਲ ਦਾ ਸੀ। ਵੇਚਣ ਦੀ ਗੱਲ ਚੱਲੀ ਤਾਂ ਕੋਈ ਦੋ ਹਜ਼ਾਰ ਤੋਂ ਵੱਧ ਦੇਣ ਨੂੰ ਤਿਆਰ ਨਾ ਹੋਇਆ। ਮਿੱਟੀ ਦੇ ਭਾਅ ਸੁੱਟਣ ਨਾਲੋਂ ਵੇਦ ਨੇ ਟੀ.ਵੀ.ਘਰ ਲਿਆ ਕੇ ਨੌਕਰ ਦੇ ਕਮਰੇ ਵਿੱਚ ਲਗਵਾ ਦਿੱਤਾ। ਨਾਲੇ ਨੌਕਰ ਦਾ ਮਨ ਪਰਚਿਆ ਰਹੂ, ਨਾਲ ਬੱਚਿਆਂ ਵਿੱਚ ਬੈਠ ਕੇ ਟੀ.ਵੀ.ਦੇਖਣ ਦੀ ਲੱਤ ਜਾਂਦੀ ਰਹੂ।

“ਨੌਕਰ ਹੈ ਕਿੱਥੇ?” ਰਾਮੂ ਦੇ ਹੱਕ ’ਚ ਜਾਂ ਵਿਰੁੱਧ ਬੋਲਣ ਤੋਂ ਪਹਿਲਾਂ ਰਾਮ ਨਾਥ ਨੇ ਮੁਖ ਅਫ਼ਸਰ ਤੋਂ ਨੌਕਰ ਬਾਰੇ ਪੁੱਛਿਆ।

“ਉਹ ਪੁਲਿਸ ਦੀ ਨਜ਼ਰ ਹੇਠ ਹੈ। ਪਰ ਉਸਦਾ ਵਰਤਾਰਾ ਅਜੀਬ ਹੈ।” ਮੁੱਖ ਅਫ਼ਸਰ ਰਾਮੂ ਕੋਲੋਂ ਘਟਨਾ ਸੰਬੰਧੀ ਮਿਲੇ ਵੇਰਵਿਆਂ ਬਾਰੇ ਰਾਮ ਨਾਥ ਨੂੰ ਦੱਸਣ ਲੱਗਾ।

ਪੁਲਿਸ ਦੇ ਪੁੱਜਣ ਤੱਕ ਉਹ ਆਪਣੇ ਕਮਰੇ ਵਿੱਚ ਘੂਕ ਸੁੱਤਾ ਹੋਇਆ ਸੀ। ਉਸਦਾ ਟੀ.ਵੀ.ਚੱਲ ਰਿਹਾ ਸੀ।

ਘਰ ਵਿੱਚ ਇਡੀ ਵਾਰਦਾਤ ਹੋ ਗਈ ਸੀ। ਘਰ ਦੇ ਸਾਰੇ ਮੈਂਬਰਾਂ ਦੀ ਮੁਲਜ਼ਮਾਂ ਨਾਲ ਹੱਥੋਪਾਈ ਹੋਈ ਸੀ। ਚੀਕ ਚਿਹਾੜਾ ਪਿਆ ਹੋਣਾ ਹੈ। ਸਮਾਨ ਦੀ ਟੁੱਟ ਭੱਜ ਹੋਈ ਸੀ।

ਬਹੁਤ ਸਾਰਾ ਸਮਾਨ ਬਾਹਰ ਗਿਆ ਸੀ। ਘਰ ਦੇ ਨੌਕਰ ਨੂੰ ਕੋਈ ਉੱਘ ਸੁੱਘ ਨਹੀਂ ਲੱਗੀ।

ਪੁਲਿਸ ਦੇ ਪੁੱਛਣ ਤੇ ਉਸਨੇ ਗੱਲ ਟਾਲ ਦਿੱਤੀ ਸੀ। ਰਾਤ ਦੇਰ ਤਕ ਉਹ ਘਰ ਦਾ ਕੰਮ ਕਰਦਾ ਰਿਹਾ ਸੀ। ਟੀ.ਵੀ.ਉਪਰ ਅਮਿਤਾਬ ਬਚਨ ਦੀ ਫ਼ਿਲਮ ਆਉਣ ਲੱਗੀ।

ਦੇਰ ਤਕ ਉਹ ਫ਼ਿਲਮ ਦੇਖਦਾ ਰਿਹਾ। ਫ਼ਿਲਮ ਦੇਖਦੇ ਦੇਖਦੇ ਪਤਾ ਨਹੀਂ ਕਦੋਂ ਉਸ ਨੂੰ ਨੀਂਦ ਆ ਗਈ। ਉਹ ਪੁਲਿਸ ਦੇ ਜਗਾਉਣ ਤੇ ਜਾਗਿਆ ਸੀ।

ਮੁੱਢਲੀ ਪੁੱਛ ਪੜਤਾਲ ’ਤੇ ਨੌਕਰ ਨੇ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦਿੱਤਾ। ਕਰੜੀ ਪੁੱਛ ਪੜਤਾਲ ਦੀ ਲੋੜ ਸੀ। ਹਾਲੇ ਸਮਾਂ ਸਖ਼ਤੀ ਕਰਨ ਦਾ ਨਹੀਂ ਸੀ। ਪਰ ਖੁਲ੍ਹੀ ਛੁੱਟੀ ਵੀ ਨਹੀਂ ਸੀ ਦਿੱਤੀ ਜਾ ਸਕਦੀ। ਉਸਨੂੰ ਪੁਚਕਾਰ ਕੇ ਰੱਖਣਾ ਸੀ ਅਤੇ ਭੱਜ ਜਾਣ ਦਾ ਮੌਕਾ ਨਹੀਂ ਸੀ ਦੇਣਾ।

ਇੱਕ ਹੌਲਦਾਰ ਨੌਕਰ ਉਪਰ ਨਜ਼ਰ ਰੱਖ ਰਿਹਾ ਸੀ। ਉਸਨੂੰ ਉਸਦੀ ਬਰਾਦਰੀ ਦਾ ਕੌਣ ਕੌਣ ਮਿਲਦਾ ਹੈ? ਮਿਲਦਾ ਹੈ ਤਾ ਕੀ ਗੱਲ ਕਰਦਾ ਹੈ? ਉਹ ਡਰਿਆ ਹੋਇਆ ਹੈ ਜਾਂ ਸਧਾਰਨ ਸਥਿਤੀ ਵਿੱਚ ਹੈ? ਤਫਤੀਸ਼ ਦੇ ਕਿਸੇ ਰਾਹ ਪੈਣ ਤਕ ਪੁਲਿਸ ਦੀ ਅੱਖ ਉਸ ਉਪਰ ਰਹਿਣੀ ਸੀ। ਪੁਲਿਸ ਨੂੰ ਰਾਮ ਨਾਥ ਦੇ ਸਹਿਯੋਗ ਦੀ ਜ਼ਰੂਰਤ ਸੀ।

ਰਾਮ ਨਾਥ ਨੂੰ ਨੌਕਰ ਨਾਲ ਕੋਈ ਹਮਦਰਦੀ ਨਹੀਂ ਸੀ। ਪਰ ਉਹ ਘਰ ਦੇ ਮੈਂਬਰਾਂ ਵਾਂਗ ਸੀ। ਪੱਕੇ ਸਬੂਤਾਂ ਬਿਨਾਂ ਉਸਦੇ ਕੁਟਾਪਾ ਨਾ ਚਾੜ੍ਹਿਆ ਜਾਵੇ। ਉਸਦੀ ਇਹੋ ਬੇਨਤੀ ਸੀ।

ਇਸ ਮਸਲੇ ਨੂੰ ਫੇਰ ਨਜਿੱਠ ਲਿਆ ਜਾਏਗਾ। ਹਾਲੇ ਸਮੱਸਿਆ ਇਹ ਸੀ ਕਿ ਪਰਚਾ ਕਿਸ ਦੇ ਖਿਲਾਫ ਅਤੇ ਕਿਸ ਦੇ ਬਿਆਨ ’ਤੇ ਦਰਜ ਕੀਤਾ ਜਾਵੇ?

ਜੇ ਨੌਕਰ ’ਤੇ ਸ਼ੱਕ ਨਾ ਹੁੰਦਾ ਤਾਂ ਪਰਚਾ ਉਸਦੇ ਬਿਆਨ ਦੇ ਆਧਾਰ ’ਤੇ ਦਰਜ ਹੋ ਸਕਦਾ ਸੀ। ਉਸਨੂੰ ਚਸ਼ਮਦੀਦ ਗਵਾਹ ਬਣਾਇਆ ਜਾ ਸਕਦਾ ਸੀ।

ਪਰ ਥਾਣੇਦਾਰ ਇਸ ਨਾਲ ਸਹਿਮਤ ਨਹੀਂ ਸੀ। ਨੌਕਰ ਦੇ ਹੱਥ ਮੁਕੱਦਮੇ ਦੀ ਵਾਗਡੋਰ ਨਹੀਂ ਸੀ ਫੜਾਈ ਜਾ ਸਕਦੀ। ਕੀ ਪਤਾ ਹੈ ਕਾਤਲ ਕੌਣ ਨਿਕਲ ਆਵੇ? ਅਜਿਹੇ ਗਵਾਹ ਨੇ ਕੌਡੀਆਂ ਦੇ ਭਾਅ ਵਿਕ ਜਾਣਾ ਸੀ।

ਘੱਟੋ ਘੱਟ ਪਰਚਾ ਕਟਾਉਣ ਵਾਲਾ ਗਵਾਹ ਘਰ ਦਾ ਹੋਣਾ ਚਾਹੀਦਾ ਹੈ।

ਫੇਰ ਪਰਚਾ ਕੇਵਲ ਨੇਹਾ ਦੇ ਬਿਆਨ ਦੇ ਆਧਾਰ ’ਤੇ ਦਰਜ ਹੋ ਸਕਦਾ ਸੀ। ਡਾਕਟਰ ਨੇ ਵੀ ਉਸਨੂੰ ਬਿਆਨ ਦੇਣ ਦੇ ਯੋਗ ਕਹਿ ਦਿੱਤਾ ਸੀ।

ਥਾਣੇਦਾਰ ਅਤੇ ਵਕੀਲ ਇਕੋ ਸਿੱਟੇ ’ਤੇ ਪੁੱਜੇ। ਨੇਹਾ ਦੇ ਬਿਆਨ ਦੇ ਆਧਾਰ ’ਤੇ ਪਰਚਾ ਦਰਜ ਕਰ ਦਿੱਤਾ ਜਾਵੇ। ਦਸਤਖ਼ਤਾਂ ਨੂੰ ਕੌਣ ਪੁੱਛਦਾ ਹੈ? ਉਸਦੇ ਦਸਤਖ਼ਤ ਰਾਮ ਨਾਥ ਝਰੀਟ ਦੇਵੇ। ਥਾਣੇਦਾਰ ਤਸਦੀਕ ਕਰ ਦੇਵੇਗਾ। ਸੱਪ ਵੀ ਮਰ ਜਾਏਗਾ ਅਤੇ ਲਾਠੀ ਵੀ ਨਹੀਂ ਟੁੱਟੇਗੀ। ਨੇਹਾ ਨੂੰ ਤਕਲੀਫ਼ ਦੇਣ ਦੀ ਜ਼ਰੂਰਤ ਨਹੀਂ ਪਏਗੀ। ਪਰਚਾ ਵੀ ਦਰਜ ਹੋ ਜਾਏਗਾ।

ਹੁਣ ਮਸਲਾ ਇਹ ਸੀ ਕਿ ਪਰਚਾ ਕਿਸ ਦੇ ਖ਼ਿਲਾਫ਼ ਦਰਜ ਕਰਵਾਇਆ ਜਾਵੇ।

ਮੁੱਖ ਅਫ਼ਸਰ ਦੀ ਤਫ਼ਤੀਸ਼ ਆਖਦੀ ਸੀ ਕਿ ਵਾਰਦਾਤ ਕਾਲੇ ਕੱਛਿਆਂ ਵਾਲੇ ਗਰੋਹ ਨੇ ਕੀਤੀ ਸੀ। ਰਾਮ ਨਾਥ ਨੂੰ ਕਿਸੇ ਹੋਰ ’ਤੇ ਸ਼ੱਕ ਹੋਵੇ ਉਸ ਬਾਰੇ ਸੋਚ ਵਿਚਾਰ ਹੋ ਸਕਦੀ ਸੀ।

ਜੇ ਮਾਇਆ ਦੇਵੀ ਵੱਲੋਂ ਮੁੰਡਿਆਂ ਦੇ ਦੱਸੇ ਗਏ ਮਨਸੂਬਿਆਂ ਨੂੰ ਮਜ਼ਰੂਬਾਂ ਦੇ ਲੱਗੀਆਂ ਸੱਟਾਂ ਨਾਲ ਮਿਲਾ ਕੇ ਦੇਖਿਆ ਜਾਵੇ ਤਾਂ ਵਾਰਦਾਤ ਕਰਾਉਣ ਵਾਲੇ ਬੰਦਿਆਂ ਦੀ ਪਹਿਚਾਣ ਸਪੱਸ਼ਟ ਸੀ। ਸਾਜ਼ਸ਼ੀਆਂ ਨੇ ਅਸਲ ਮੁਲਜ਼ਮਾਂ ਦੇ ਨਾਂ ਆਪੇ ਦੱਸ ਦੇਣੇ ਸਨ।

ਰਾਮ ਨਾਥ ਨੇ ਦੋਹਾਂ ਪਰਿਵਾਰਾਂ ਵਿਚਕਾਰ ਚੱਲਦੇ ਝਗੜੇ ਅਤੇ ਪੰਕਜ ਹੋਰਾਂ ਵੱਲੋਂ ਮਿਲਦੀਆਂ ਧਮਕੀਆਂ ਦਾ ਵੇਰਵਾ ਮੁੱਖ ਅਫ਼ਸਰ ਨਾਲ ਸਾਂਝਾ ਕੀਤਾ।

ਥਾਣੇਦਾਰ ਨੇ ਇਨ੍ਹਾਂ ਵੇਰਵਿਆਂ ਨੂੰ ਆਪਣੀ ਡੇਅਰੀ ਵਿੱਚ ਨੋਟ ਤਾਂ ਕੀਤਾ, ਪਰ ਅਜਿਹੇ ਮਾਮੂਲੀ ਝਗੜਿਆਂ ਉਪਰ ਕਤਲ ਵਰਗੀ ਵਾਰਦਾਤ ਉਸ ਦੇ ਮਨ ਨਾ ਲੱਗੀ।

ਸ਼ੱਕ ਦੇ ਆਧਾਰ ’ਤੇ ਭਾਈ ਭਤੀਜਿਆਂ ਨੂੰ ਘੜੀਸਣਾ ਵੀ ਉਸ ਨੂੰ ਠੀਕ ਨਹੀਂ ਸੀ ਲੱਗਾ।

ਕੋਈ ਸਬੂਤ ਮਿਲਣ ’ਤੇ ਉਨ੍ਹਾਂ ਨੂੰ ਪਿਛੋਂ ਮੁਲਜ਼ਮ ਬਣਾਇਆ ਜਾ ਸਕਦਾ ਸੀ। ਪਰਚੇ ਵਿੱਚ ਨਾਂ ਦੇਣੇ ਸਿਆਣਪ ਨਹੀਂ ਸੀ।

ਮੁੱਖ ਅਫ਼ਸਰ ਨੇ ਇਹ ਨੇਕ ਸਲਾਹ ਕਈ ਕਾਰਨਾਂ ਕਰਕੇ ਦਿੱਤੀ ਸੀ।

ਪਹਿਲਾ ਕਾਰਨ ਇਹ ਸੀ ਕਿ ਹੁਣ ਤਕ ਦੀ ਤਫਤੀਸ਼ ਤੋਂ ਜਾਪਦਾ ਸੀ ਇਹ ਸਾਧਾਰਨ ਚੋਰੀ ਡਕੈਤੀ ਦੀ ਘਟਨਾ ਸੀ। ਕਿਸੇ ਰੱਜੇ ਪੁੱਜੇ ਪਰਿਵਾਰ ਵੱਲੋਂ ਅਜਿਹੀਆਂ ਘਟੀਆ ਸਾਜ਼ਿਸ਼ਾਂ ਨਹੀਂ ਘੜੀਆਂ ਜਾਂਦੀਆਂ। ਅਮੀਰ ਅਤੇ ਪਹੁੰਚ ਵਾਲੇ ਬੰਦਿਆਂ ਦਾ ਨਾਂ ਪਰਚੇ ਵਿੱਚ ਪਾ ਕੇ ਥਾਣੇਦਾਰ ਨੇ ਭਰਿੰਡਾਂ ਦੇ ਛੱਤੇ ਵਿੱਚ ਹੱਥ ਪਾ ਲੈਣਾ ਸੀ। ਉਸਨੂੰ ਡੰਗਾਂ ਤੋਂ ਸਿਵਾ ਕੁੱਝ ਨਹੀਂ ਸੀ ਲੱਭਣਾ।

ਦੂਸਰਾ ਕਾਰਨ ਨਮਕ ਹਰਾਮੀ ਹੋਣ ਦਾ ਡਰ ਸੀ। ਪੰਕਜ ਦਾ ਮੈਨੇਜਰ ਹਾਲੇ ਹੁਣ ਉਸ ਨੂੰ ਦਸ ਹਜ਼ਰ ਰੁਪਏ ਦੇ ਕੇ ਗਿਆ ਸੀ। ਮੈਨੇਜਰ ਨੂੰ ਇਸ ਆਸ਼ੋ ਲਈ ਪੰਕਜ ਦਾ ਦਿੱਲੀਉਂ ਫ਼ੋਨ ਆਇਆ ਸੀ। ਭਰਾਵਾਂ ਦੇ ਝਗੜੇ ਕਚਹਿਰੀ ਤਕ ਸੀਮਤ ਸਨ। ਨੰਹੁਆਂ ਨਾਲੋਂ ਮਾਸ ਅਲੱਗ ਨਹੀਂ ਹੁੰਦੇ। ਥਾਣੇਦਾਰ ਪੂਰੀ ਤਨ ਦੇਹੀ ਨਾਲ ਤਫ਼ਤੀਸ਼ ਕਰੇ। ਦੋਸ਼ੀ ਹਰ ਹਾਲ ਵਿੱਚ ਫੜੇ ਜਾਣ। ਪੰਕਜ ਨੂੰ ਖਰਚੇ ਦੀ ਕੋਈ ਪਰਵਾਹ ਨਹੀਂ ਸੀ। ਜਿਹੜੀ ਪਾਰਟੀ ਵਧੀਆ ਤਫ਼ਤੀਸ਼ ਕਰਾਉਣ ਲਈ ਥਾਣੇਦਾਰ ਨੂੰ ਦਸ ਹਜ਼ਾਰ ਰੁਪਏ ਦੇ ਰਹੀ ਸੀ, ਉਹ ਖ਼ੁਦ ਕਾਤਲ ਕਿਵੇਂ ਹੋ ਸਕਦੀ ਸੀ? ਥਾਣੇਦਾਰ ਤੋਂ ਇਹ ਸੱਚ ਨਿਗਲਿਆ ਨਹੀਂ ਸੀ ਜਾ ਰਿਹਾ।

ਤੀਸਰਾ ਅਤੇ ਅਹਿਮ ਕਾਰਨ ਇਹ ਸੀ ਕਿ ਰਾਮ ਨਾਥ ਦੇ ਇਸ ਇਸ਼ਾਰੇ ਕਾਰਨ ਪੁਲਿਸ ਨੂੰ ਪੰਕਜ ਹੋਰਾਂ ਨੂੰ ਧਮਕਾਉਣ ਦਾ ਮੌਕਾ ਮਿਲ ਜਾਣਾ ਸੀ। ਮੁਦਈ ਧਿਰ ਤੋਂ ਥਾਣੇਦਾਰ ਨੂੰ ਕੁੱਝ ਪੱਲੇ ਪੈਂਦਾ ਨਜ਼ਰ ਨਹੀਂ ਸੀ ਆਉਂਦਾ। ਮੁਲਜ਼ਮਾਂ ਨੇ ਪਤਾ ਨਹੀਂ ਕਦੋਂ ਫੜੇ ਜਾਣਾ ਸੀ। ਮੁੱਖ ਅਫ਼ਸਰ ਦੀ ਜੇਬ ਪੰਕਜ ਕੋਲੋਂ ਗਰਮ ਹੋਣੀ ਸੀ।

ਰਾਮ ਨਾਥ ਨੂੰ ਥਾਣੇਦਾਰ ਦੀ ਰਾਏ ਨਾਲ ਸਹਿਮਤ ਹੋਣਾ ਪਿਆ। ਬਿਨਾਂ ਭੈਣ ਭਨੋਈਏ ਦੀ ਸਲਾਹ ਦੇ ਇਹ ਕਦਮ ਉਸ ਲਈ ਬਦਨਾਮੀ ਦਾ ਟਿੱਕਾ ਬਣ ਸਕਦਾ ਸੀ।

ਹੋਰ ਵਿਚਾਰਨ ਵਾਲਾ ਕੁੱਝ ਨਹੀਂ ਸੀ।

ਨੇਹਾ ਦਾ ਫਰਜ਼ੀ ਬਿਆਨ ਕਲਮਬੰਦ ਕੀਤਾ ਗਿਆ।

ਰਾਤ ਦੇ ਦੋ ਤਿੰਨ ਵਜੇ ਉਹ ਆਪਣੇ ਕਮਰੇ ਵਿੱਚ ਪੜ੍ਹ ਰਹੀ ਸੀ। ਕੋਠੀ ਦੀ ਬੈੱਲ ਖੜਕੀ। ਉਸਨੇ ਆਪਣੇ ਪਾਪਾ ਨੂੰ ਜਗਾਇਆ। ਪਾਪੇ ਦੇ ਨਾਲ ਹੀ ਮੰਮੀ ਜਾਗ ਪਈ।

ਪਾਪਾ ਗੇਟ ’ਤੇ ਗਏ। ਦੋ ਕਮਾਂਡੋ ਵਰਦੀ ਵਾਲੇ ਬੰਦੇ ਗੇਟ ਤੇ ਖੜ੍ਹੇ ਸਨ। ਪੁਲਿਸ ਵਾਲੇ ਸਮਝ ਕੇ ਵੇਦ ਨੇ ਗੇਟ ਖੋਲ੍ਹ ਦਿੱਤਾ। ਦੋਸ਼ੀਆਂ ਨੇ ਕਾਲੇ ਕੱਪੜੇ ਪਾਏ ਹੋਏ ਸਨ। ਮੂੰਹਾਂ 'ਤੇ ਕਾਲੇ ਮੜਾਸੇ ਬੰਨ੍ਹੇ ਸਨ। ਅੱਖਾਂ ’ਤੇ ਕਾਲੀਆਂ ਐਨਕਾਂ ਸਨ। ਉਨ੍ਹਾਂ ਨੇ ਆਖਿਆ, ਉਹ ਪੁਲਿਸ ਵਾਲੇ ਹਨ। ਉਨ੍ਹਾਂ ਦੀ ਕੋਠੀ ਵਿੱਚ ਇੱਕ ਚੋਰ ਛੁਪਿਆ ਹੈ। ਕੋਠੀ ਦੀ ਤਲਾਸ਼ੀ ਲੈਣੀ ਹੈ। ਇਸ ਬਹਾਨੇ ਉਹ ਕੋਠੀ ਅੰਦਰ ਆ ਗਏ। ਉਨ੍ਹਾਂ ਵਰਗੇ ਤਿੰਨ ਹੋਰ ਬੰਦੇ ਉਨ੍ਹਾਂ ਦੇ ਪਿੱਛੇ ਪਿੱਛੇ ਕੋਠੀ ਅੰਦਰ ਆ ਗਏ। ਕੁੱਝ ਲਾਬੀ ਵਿੱਚ ਆ ਗਏ ਕੁੱਝ ਬਾਹਰ ਖੜ੍ਹ ਗਏ। ਲਾਬੀ ਵਿੱਚ ਆ ਕੇ ਉਹ ਵੇਦ ਤੋਂ ਨਗਦੀ ਅਤੇ ਗਹਿਣਾ ਮੰਗਣ ਲੱਗੇ। ਅਲਮਾਰੀ ਦੀਆਂ ਚਾਬੀਆਂ ਮੰਗਣ ਲੱਗੇ। ਇਸ ਸ਼ੋਰ ਸ਼ਰਾਬੇ ਵਿੱਚ ਕਮਲ ਜਾਗ ਪਿਆ। ਉਹ ਲਾਬੀ ਵਿੱਚ ਆ ਗਿਆ। ਮੁਲਜ਼ਮਾਂ ਨਾਲ ਹੱਥੋਪਾਈ ਹੋ ਗਿਆ। ਹੁੰਦੀ ਲੜਾਈ ਦੇਖ ਕੇ ਬਾਹਰਲੇ ਦੋਸ਼ੀ ਅੰਦਰ ਆ ਗਏ। ਕਿਸੇ ਦੇ ਹੱਥ ਵਿੱਚ ਰਾਡ ਸੀ ਅਤੇ ਕਿਸੇ ਦੇ ਛੁਰਾ। ਹੱਥੋਪਾਈ ਵਿੱਚ ਉਨ੍ਹਾਂ ਦੇ ਮੂੰਹਾਂ ਉੱਤੋਂ ਕੱਪੜੇ ਲਹਿ ਗਏ। ਸਾਹਮਣੇ ਆਉਣ ’ਤੇ ਉਹ ਉਨ੍ਹਾਂ ਨੂੰ ਪਹਿਚਾਣ ਸਕਦੀ ਹੈ। ਇੱਕ ਨੇ ਕਮਲ ਦੇ ਢਿੱਡ ਵਿੱਚ ਛੁਰਾ ਮਾਰ ਦਿੱਤਾ। ਇੱਕ ਨੇ ਨੀਲਮ ਦੇ ਅਤੇ ਇੱਕ ਨੇ ਵੇਦ ਦੇ ਸੱਟਾਂ ਮਾਰ ਦਿੱਤੀਆਂ। ਨੇਹਾ ਨੂੰ ਧੂਹ ਕੇ ਉਨ੍ਹਾਂ ਨੇ ਕਮਰੇ ਵਿੱਚ ਬੰਦ ਕਰ ਦਿੱਤਾ। ਜਾਂਦੇ ਹੋਏ ਉਹ ਘਰ ਦਾ ਸਾਰਾ ਸਮਾਨ ਚੁੱਕ ਕੇ ਲੈ ਗਏ। ਘਰ ਦੇ ਸਾਰੇ ਮੈਂਬਰ ਬੇਹੋਸ਼ ਹੋ ਗਏ। ਪਿੱਛੋਂ ਕੀ ਹੋਇਆ, ਉਸਨੂੰ ਕੁੱਝ ਪਤਾ ਨਹੀਂ ਸੀ।

ਨੇਹਾ ਦੇ ਦਸਤਖ਼ਤ ਰਾਮ ਨਾਥ ਤੋਂ ਕਰਵਾ ਕੇ ਮੁੱਖ ਅਫ਼ਸਰ ਨੇ ਰਾਹਤ ਮਹਿਸੂਸ ਕੀਤੀ। ਬਲਾ ਟਲੀ।

ਪਰਚਾ ਦਰਜ ਹੁੰਦਿਆਂ ਹੀ ਇਕੱਠ ਖਿੰਡਣ ਲੱਗਾ।

ਦੋ ਸਿਪਾਹੀ ਕਮਲ ਦੀ ਲਾਸ਼ ਲੈ ਕੇ ਹਸਪਤਾਲ ਵੱਲ ਤੁਰ ਪਏ।

ਬਾਕੀ ਦੀ ਪੁਲਿਸ ਥਾਣੇ ਨੂੰ ਤੁਰ ਪਈ। ਬਹੁਤ ਲਿਖਤ ਪੜ੍ਹਤ ਕਰਨ ਵਾਲੀ ਪਈ ਸੀ।

ਪੱਤਰਕਾਰ ਆਪਣੇ ਦਫ਼ਤਰਾਂ ਵੱਲ ਦੌੜੇ।

ਤਮਾਸ਼ਬੀਨ ਘਰਾਂ ਨੂੰ ਮੁੜ ਗਏ।

ਗਮਗ਼ੀਨ ਰਿਸ਼ਤੇਦਾਰਾਂ ਨੇ ਗਲੀ ਵਿੱਚ ਦਰੀਆਂ ਵਿਛਾ ਲਈਆਂ।

ਬੇਸਬਰੀ ਨਾਲ ਉਹ ਕਮਲ ਦੀ ਲਾਸ਼ ਦਾ ਇੰਤਜ਼ਾਰ ਕਰਨ ਲੱਗੇ।

ਕਦੋਂ ਉਹ ਵਾਪਸ ਆਏ, ਕਦੋਂ ਉਹ ਸਸਕਾਰ ਕਰਕੇ ਉਸਦੀ ਮਿੱਟੀ ਸਮੇਟਣ। ਕਕਕਕ

 

-6-

 

ਸਰਦਾਰੀ ਲਾਲ ਅਤੇ ਸੰਗੀਤਾ ਤੋਂ ਇਲਾਵਾ ਮੰਗਤ ਰਾਏ ਵੀ ਕਮਲ ਦੇ ਸਸਕਾਰ ਵਿੱਚ ਸ਼ਾਮਲ ਹੋਣੋਂ ਰਹਿ ਗਿਆ।

ਉਹ ਵੇਦ ਅਤੇ ਨੀਲਮ ਦੀ ਦੇਖਭਾਲ ਲਈ ਦਯਾਨੰਦ ਹਸਪਤਾਲ ਫਸੇ ਬੈਠੇ ਸਨ।

ਦੋਵੇਂ ਮਰੀਜ਼ਾਂ ਦੀ ਜਾਨ ਖ਼ਤਰੇ ਵਿੱਚ ਸੀ। ਡਾਕਟਰ ਮਰੀਜ਼ਾਂ ਨੂੰ ਬਚਾਉਣ ਲਈ ਸਿਰਤੋੜ ਯਤਨ ਕਰ ਰਹੇ ਸਨ। ਪੈਰ ਪੈਰ ’ਤੇ ਡਾਕਟਰਾਂ ਨੂੰ ਵਾਰਿਸਾਂ ਦੀ ਲੋੜ ਪੈ ਰਹੀ ਸੀ।

ਨੀਲਮ ਨਿਉਰੋ ਵਾਰਡ ਦੀ ਐਮਰਜੈਂਸੀ ਵਿੱਚ ਦਾਖ਼ਲ ਸੀ। ਸਰਦਾਰੀ ਲਾਲ, ਸੰਗੀਤਾ ਅਤੇ ਸੀਮਾ ਇਸ ਵਾਰਡ ਦੇ ਬਾਹਰ ਖੜ੍ਹੇ ਹਨ। ਉਹ ਨੀਲਮ ਦੇ ਡਾਕਟਰਾਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਸਨ।

ਇਹ ਵਾਰਡ ਹਸਪਤਾਲ ਦੀ ਪੰਜਵੀਂ ਮੰਜ਼ਲ ਉਪਰ ਸੀ।

ਵੇਦ ਹੱਡੀਆਂ ਵਾਲੇ ਵਾਰਡ ਦੀ ਐਮਰਜੈਂਸੀ ਵਿੱਚ ਸੀ। ਮੰਗਤ ਰਾਏ, ਉਸਦੀ ਪਤਨੀ ਸੁਜਾਤਾ ਅਤੇ ਸੰਗੀਤਾ ਦਾ ਭਰਾ ਪਵਨ ਇਸ ਵਾਰਡ ਅੱਗੇ ਖੜੋਤੇ ਸਨ।

ਇਹ ਵਾਰਡ ਹਸਪਤਾਲ ਦੀ ਪਹਿਲੀ ਮੰਜ਼ਿਲ ਉਪਰ ਸੀ।

ਡਾਕਟਰ ਦੇਵ ਦੋਹਾਂ ਵਾਰਡਾਂ ਵਿਚਕਾਰ ਚੱਕਰ ਲਾ ਰਿਹਾ ਸੀ। ਹਸਪਤਾਲ ਦੇ ਡਾਕਟਰ ਵਾਰਿਸਾਂ ਦੇ ਕੁੱਝ ਪੱਲੇ ਨਹੀਂ ਸਨ ਪਾ ਰਹੇ। ਐਮਰਜੈਂਸੀ ਵਿੱਚ ਜਾਣ ਦੀ ਡਾਕਟਰ ਨੂੰ ਵੀ ਇਜਾਜ਼ਤ ਨਹੀਂ ਸੀ। ਪਰ ਉਹ ਮਰੀਜ਼ਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਮਰੀਜ਼ਾਂ ਦੀ ਹਾਲਤ ਦਾ ਅੰਦਾਜ਼ਾ ਲਾ ਰਿਹਾ ਸੀ।

ਜਿਉਂ ਹੀ ਉਸਨੂੰ ਕੁੱਝ ਪਤਾ ਲਗਦਾ ਉਹ ਝੱਟ ਬਾਹਰ ਆ ਕੇ ਵਾਰਿਸਾਂ ਨੂੰ ਮਰੀਜ਼ਾਂ ਦੀ ਤਾਜ਼ਾ ਸਥਿਤੀ ਬਾਰੇ ਦੱਸਦਾ। ਨੀਲਮ ਦੇ ਦਿਮਾਗ਼ ਦੀ ਸੱਟ ਖ਼ਤਰਨਾਕ ਸੀ। ਉਸਦੇ ਦਿਮਾਗ਼ ਵਿੱਚ ਕੁੱਝ ਥਾਈਂ ਖ਼ੂਨ ਜੰਮ ਗਿਆ ਸੀ। ਉਹ ‘ਕੋਮਾ’ ਵਿੱਚ ਸੀ। ਦਿਮਾਗ਼ ਸਰੀਰ ਦੇ ਕਿਸੇ ਵੀ ਅੰਗ ਨੂੰ ਕੰਟਰੋਲ ਨਹੀਂ ਸੀ ਕਰ ਰਿਹਾ। ਬਲੱਡ ਪ੍ਰੈਸ਼ਰ ਪ੍ਰੇਸ਼ਾਨ ਕਰ ਰਿਹਾ ਸੀ। ਕਦੇ ਚੜ੍ਹ ਜਾਂਦਾ ਸੀ ਅਤੇ ਕਦੇ ਗਿਰ ਜਾਂਦਾ ਸੀ। ਨਬਜ਼ ਧੀਮੀ ਚੱਲ ਰਹੀ ਸੀ।

ਦਿਲ ਦੀ ਹਾਲਤ ਵੀ ਸਥਿਰ ਨਹੀਂ ਸੀ। ਦਿਮਾਗ਼ ਦਾ ਫੌਰੀ ਅਪਰੇਸ਼ਨ ਹੋਣਾ ਚਾਹੀਦਾ ਸੀ। ਪਰ ਡਾਕਟਰ ਹਾਲੇ ਇਹ ਫੈਸਲਾ ਨਹੀਂ ਸੀ ਕਰ ਪਾ ਰਹੇ ਕਿ ਮਰੀਜ਼ ਅਪਰੇਸ਼ਨ ਕਰਾਉਣ ਦੇ ਯੋਗ ਸੀ ਜਾਂ ਨਹੀਂ। ਉਨ੍ਹਾਂ ਨੇ ਖ਼ੂਨ, ਸ਼ੂਗਰ, ਦਿਲ, ਗੁਰਦੇ ਅਤੇ ਪਿੱਤੇ ਦੇ ਟੈਸਟ ਲਏ ਸਨ। ਰਿਪੋਰਟਾਂ ਆਉਣ ਬਾਅਦ ਅੰਤਮ ਫੈਸਲਾ ਹੋਣਾ ਸੀ। ਕੁਲ ਮਿਲਾ ਕੇ ਸਥਿਤੀ ਚਿੰਤਾਜਨਕ ਸੀ।

ਵੇਦ ਦੀ ਹਾਲਤ ਨੀਲਮ ਨਾਲ ਮਿਲਦੀ ਜੁਲਦੀ ਸੀ। ਉਸ ਦੀਆਂ ਲੱਤਾਂ ਅਤੇ ਬਾਹਾਂ ਦਾ ਉਹੋ ਹਾਲ ਸੀ ਜੋ ਨੀਲਮ ਦੇ ਦਿਮਾਗ਼ ਦਾ। ਜਬਾੜੇ ਦੀ ਟੁੱਟੀ ਹੱਡੀ ਸਭ ਤੋਂ ਵੱਧ ਸਮੱਸਿਆ ਖੜ੍ਹੀ ਕਰ ਰਹੀ ਸੀ। ਨਾ ਇਥੇ ਪਲੇਟ ਪੈਣੀ ਸੀ, ਨਾ ਪਲੱਸਤਰ ਹੋਣਾ ਸੀ।

ਨੱਕ ਅਤੇ ਮੂੰਹ ਰਾਹੀਂ ਤਾਰਾਂ ਪਾ ਕੇ ਹੱਡੀਆਂ ਨੂੰ ਕੱਸਿਆ ਜਾਣਾ ਸੀ। ਤਾਰਾਂ ਦਾ ਕਸਾ ਬਹੁਤ ਦਰਦਨਾਕ ਸੀ। ਜਿੰਨਾ ਚਿਰ ਤਾਰਾਂ ਨੇ ਰਹਿਣਾ ਸੀ ਓਨਾ ਚਿਰ ਉਸਨੂੰ ਬੇਹੋਸ਼ ਰੱਖਿਆ ਜਾਣਾ ਸੀ। ਸੱਟਾਂ ਦੇ ਦਰਦ ਕਾਰਨ ਅਤੇ ਇਲਾਜ ਵਿੱਚ ਹੋਈ ਦੇਰੀ ਕਾਰਨ ਮਰੀਜ਼ ਦੇ ਦਿਲ ’ਤੇ ਅਸਰ ਹੋਇਆ ਸੀ। ਦਿਲ ਦੀ ਧੜਕਣ ਤੇਜ਼ੀ ਨਾਲ ਵੱਧ ਘੱਟ ਰਹੀ ਸੀ। ਬਲੱਡਪ੍ਰੈਸ਼ਰ ਵਧ ਗਿਆ ਸੀ ਅਤੇ ਸ਼ੂਗਰ ਘਟ ਗਈ ਸੀ। ਲੱਤਾਂ ਦੀਆਂ ਹੱਡੀਆਂ ਦੇ ਇੰਨੇ ਟੁਕੜੇ ਹੋ ਗਏ ਸਨ ਕਿ ਉਨ੍ਹਾਂ ਨੂੰ ਜੋੜਨ ਦੀ ਸੰਭਾਵਨਾ ਘੱਟ ਨਜ਼ਰ ਆਉਂਦੀ ਸੀ। ਮਰੀਜ਼ ਦੀ ਜਾਨ ਬਚਾਉਣ ਲਈ ਕਿਸੇ ਟੰਗ ਦੇ ਕੱਟੇ ਜਾਣ ਤਕ ਦੀ ਨੌਬਤ ਆ ਸਕਦੀ ਸੀ। ਜਾਨ ਨੂੰ ਵੀ ਖ਼ਤਰਾ ਹੋ ਸਕਦਾ ਸੀ।

ਵਾਰਿਸਾਂ ਲਈ ਮਰੀਜ਼ਾਂ ਦੀ ਹਾਲਤ ਦੇ ਨਾਲ ਨਾਲ ਅਪਰੇਸ਼ਨਾਂ ਉਪਰ ਹੋਣ ਵਾਲਾ ਖਰਚਾ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ।

ਦੋਹਾਂ ਮਰੀਜ਼ਾਂ ਨੂੰ ਸਰਦਾਰੀ ਲਾਲ ਨੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ।

ਇੱਕ ਮਰੀਜ਼ ਦੀ ਦਾਖ਼ਲਾ ਫ਼ੀਸ ਪੰਜ ਹਜ਼ਾਰ ਰੁਪਏ ਸੀ। ਦੋਹਾਂ ਉੱਪਰ ਦਸ ਹਜ਼ਾਰ ਲਗ ਗਿਆ ਸੀ। ਸਰਦਾਰੀ ਲਾਲ ਘਰੋਂ ਪੰਜਾਹ ਹਜ਼ਾਰ ਰੁਪਏ ਲੈ ਕੇ ਆਇਆ ਸੀ। ਬਾਕੀ ਬਚਦੇ ਚਾਲੀ ਹਜ਼ਾਰ ਨੀਲਮ ਦੀਆਂ ਦਵਾਈਆਂ, ਔਜ਼ਾਰਾਂ ਅਤੇ ਟੈਸਟਾਂ ਦੇ ਬਿੱਲਾਂ ਨੇ ਨਿਗਲ ਲਿਆ ਸੀ। ਉਸ ਕੋਲ ਮਸਾਂ ਦੋ ਤਿੰਨ ਹਜ਼ਾਰ ਬਚਦਾ ਸੀ।

ਮੰਗਤ ਰਾਏ ਨੇ ਵੀਹ ਹਜ਼ਾਰ ਰੁਪਏ ਰਾਮ ਨਾਥ ਦੇ ਖਾਤੇ ਵਿਚੋਂ ਕਢਵਾਇਆ ਸੀ।

ਤੀਹ ਹਜ਼ਾਰ ਉਹ ਆਪਣੇ ਕੋਲੋਂ ਲੈ ਕੇ ਆਇਆ ਸੀ। ਤੁਰਦੇ ਸਮੇਂ ਉਸ ਨੂੰ ਨਹੀਂ ਸੀ ਪਤਾ ਕਿ ਪੈਸਾ ਇਸ ਤਰ੍ਹਾਂ ਪਾਣੀ ਵਾਂਗ ਵਹੇਗਾ। ਪਤਾ ਲੱਗ ਵੀ ਜਾਂਦਾ ਤਾਂ ਵੀ ਉਹ ਇਸ ਤੋਂ ਵੱਧ ਰਕਮ ਤਿਆਰ ਨਹੀਂ ਸੀ ਕਰ ਸਕਦਾ। ਇਧਰੋਂ ਉਧਰੋਂ ਰਕਮ ਫੜਨ ’ਤੇ ਸਮਾਂ ਲੱਗਣਾ ਸੀ।

ਮੰਗਤ ਰਾਏ ਪੰਦਰਾਂ ਕੁ ਹਜ਼ਾਰ ਐਮ.ਆਰ.ਆਈ., ਸਕੈਨ ਅਤੇ ਐਕਸਰੇ ਉਪਰ ਖ਼ਰਚ ਕਰ ਚੁੱਕਾ ਸੀ। ਪੰਜ ਕੁ ਹਜ਼ਾਰ ਦੀਆਂ ਦਵਾਈਆਂ ਅਤੇ ਗਰਮ ਪੱਟੀਆਂ ਆ ਚੁੱਕੀਆਂ ਸਨ। ਉਸ ਕੋਲ ਤੀਹ ਹਜ਼ਾਰ ਬਾਕੀ ਸੀ। ਇਸ ਰਕਮ ਦੀਆਂ ਪਲੇਟਾਂ ਆਉਣੀਆਂ ਸਨ।

ਬਾਕੀ ਪੈਸਾ ਕਿਥੋਂ ਆਏਗਾ? ਮੰਗਤ ਰਾਏ ਨੂੰ ਇਹ ਚਿੰਤਾ ਲੱਗੀ ਹੋਈ ਸੀ।

ਪੰਜ ਛੇ ਘੰਟੇ ਹਸਪਤਾਲ ਰਹਿ ਕੇ ਵਾਰਿਸਾਂ ਨੇ ਭਾਂਪ ਲਿਆ ਸੀ। ਫ਼ੀਸ ਮਰੀਜ਼ਾਂ ਦੇ ਅਪਰੇਸ਼ਨ ਥੀਏਟਰ ਜਾਣ ਤੋਂ ਪਹਿਲਾਂ ਭਰਾਈ ਜਾਣੀ ਸੀ।

ਨੀਲਮ ਦੇ ਅਪਰੇਸ਼ਨ ਦੀ ਫ਼ੀਸ ਤੀਹ ਹਜ਼ਾਰ ਰੁਪਏ ਸੀ। ਵੀਹ ਹਜ਼ਾਰ ਦਵਾਈਆਂ ਅਤੇ ਟੀਕਿਆਂ ’ਤੇ ਲੱਗਣਾ ਸੀ।

ਵੇਦ ਦੇ ਅਪਰੇਸ਼ਨ ਦੀ ਫ਼ੀਸ ਵੀਹ ਹਜ਼ਾਰ ਰੁਪਏ ਸੀ। ਉਸ ਦੀਆਂ ਟੰਗਾਂ, ਬਾਹਾਂ ਵਿੱਚ ਚਾਰ ਪਲੇਟਾਂ ਪੈਣੀਆਂ ਸਨ। ਦੇਸੀ ਪਲੇਟਾਂ ਦੀ ਕੀਮਤ ਦਸ ਹਜ਼ਾਰ ਫੀ ਪਲੇਟ ਸੀ।

ਕੋਈ ਵਿਦੇਸ਼ੀ ਪਲੇਟ ਪਵਾਉਣੀ ਪਈ ਤਾਂ ਕੀਮਤ ਡੇਢੀ ਤੋਂ ਦੁਗਣੀ ਹੋ ਜਾਣੀ ਸੀ।

ਕੁੱਲ ਮਿਲਾ ਕੇ ਇੱਕ ਲੱਖ ਰੁਪਏ ਦੀ ਜ਼ਰੂਰਤ ਸੀ। ਇਧਰ ਵਾਰਿਸ ਰੁਪਏ ਇਕੱਠੇ ਕਰਨ ਦੀਆਂ ਯੋਜਨਾਵਾਂ ਸੋਚਣ ਲ ਗੇ। ਉਧਰ ਡਾਕਟਰ ਰਿਪੋਰਟਾਂ ਘੋਖਣ ਲੱਗੇ।

ਡਾਕਟਰਾਂ ਨੂੰ ਖੁਸ਼ੀ ਹੋਈ। ਛੇ ਘੰਟੇ ਦੀ ਸਖ਼ਤ ਮਿਹਨਤ ਬਾਅਦ ਉਹ ਮਰੀਜ਼ਾਂ ਦੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋ ਗਏ ਸਨ।

ਡਾਕਟਰਾਂ ਵੱਲੋਂ ਹਰੀ ਝੰਡੀ ਮਿਲਦਿਆਂ ਹੀ ਮਰੀਜ਼ਾਂ ਦੇ ਵਾਰਿਸਾਂ ਨੂੰ ਲਾਊਡ ਸਪੀਕਰ ਤੇ ਅਵਾਜ਼ਾਂ ਪੈਣ ਲੱਗੀਆਂ। ਵਾਰਿਸ ਕਾਊਂਟਰ ਤੇ ਆ ਕੇ ਫ਼ੀਸ ਜਮ੍ਹਾਂ ਕਰਾਉਣ ਅਤੇ ਕਾਗ਼ਜ਼ਾਂ ਪੱਤਰਾਂ ਉਪਰ ਦਸਤਖ਼ਤ ਕਰਨ।

ਕਾਊਂਟਰ ਉੱਪਰ ਜਾਣ ਦੀ ਥਾਂ ਸਾਰੇ ਰਿਸ਼ਤੇਦਾਰ ਇੱਕ ਥਾਂ ਇਕੱਠੇ ਹੋ ਗਏ।

ਸਰਦਾਰੀ ਲਾਲ ਨੇ ਆਪਣੀ ਸਥਿਤੀ ਸਪੱਸ਼ਟ ਕੀਤੀ। ਉਹ ਜੋ ਰਕਮ ਲੈ ਕੇ ਆਇਆ ਸੀ ਉਹ ਖ਼ਰਚ ਹੋ ਚੁੱਕੀ ਸੀ। ਸਬੂਤ ਵਜੋਂ ਉਸ ਨੇ ਸੰਭਾਲ ਕੇ ਰੱਖੀਆਂ ਰਸੀਦਾਂ ਮੰਗਤ ਨੂੰ ਫੜਾ ਦਿੱਤੀਆਂ। ਮਾਇਆ ਨਗਰ ਵਿੱਚ ਉਸਦੀ ਕੋਈ ਜਾਣ ਪਹਿਚਾਣ ਨਹੀਂ ਸੀ।

ਉਹ ਬੈਂਕ ਖੁਲ੍ਹਣ ਤੋਂ ਬਾਅਦ ਇੰਨੀ ਕੁ ਰਕਮ ਪਿੰਡੋਂ ਮੰਗਵਾ ਸਕਦਾ ਸੀ। ਹੋਰ ਲੋੜ ਪਈ ਤਾਂ ਉਸ ਨੂੰ ਕਿਧਰੋਂ ਉਧਾਰ ਮੰਗਣਾ ਪੈਣਾ ਸੀ।

ਮੰਗਤ ਰਾਏ ਨੇ ਵੀ ਆਪਣੀ ਜੇਬ ਵਿਚਲਾ ਤੀਹ ਹਜ਼ਾਰ ਰਿਸ਼ਤੇਦਾਰਾਂ ਅੱਗੇ ਰੱਖ ਦਿੱਤਾ। ਇਸ ਸਮੇਂ ਹੋਰ ਪੈਸੇ ਕਿਧਰੋਂ ਲੈ ਆਉਣ ਦਾ ਉਸ ਕੋਲ ਵੀ ਕੋਈ ਸਾਧਨ ਨਹੀਂ ਸੀ।

ਬਾਕੀ ਦੀ ਰਕਮ ਦਾ ਪ੍ਰਬੰਧ ਰਾਮ ਨਾਥ ਦੇ ਮਸ਼ਵਰੇ ਨਾਲ ਹੋ ਸਕਦਾ ਸੀ।

ਮਜਬੂਰੀ ਵਸ ਉਹ ਰਾਮ ਨਾਥ ਦਾ ਇੰਤਜ਼ਾਰ ਕਰਨ ਲੱਗੇ।

 

-7-

 

ਪੰਡਤ, ਰਿਸ਼ਤੇਦਾਰ ਅਤੇ ਆਂਢੀ ਗੁਆਂਢੀ ਰਾਮ ਨਾਥ ਉਪਰ ਜ਼ੋਰ ਪਾ ਰਹੇ ਸਨ।

ਪੋਸਟ ਮਾਰਟਮ ਜਲਦੀ ਕਰਾਓ। ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਸਸਕਾਰ ਹੋਣਾ ਜ਼ਰੂਰੀ ਸੀ। ਜੇ ਸੂਰਜ ਛਿਪ ਗਿਆ ਤਾਂ ਸਸਕਾਰ ਅਗਲੇ ਦਿਨ ’ਤੇ ਪੈ ਜਾਣਾ ਸੀ। ਲਾਸ਼ ਦੀ ਹਾਲਤ ਭੈੜੀ ਸੀ। ਲਾਸ਼ ਨੂੰ ਰਾਤ ਭਰ ਸੰਭਾਲ ਕੇ ਨਹੀਂ ਸੀ ਰੱਖਿਆ ਜਾ ਸਕਦਾ।

ਰਾਮ ਨਾਥ ਇਸ ਮਜਬੂਰੀ ਨੂੰ ਸਮਝ ਰਿਹਾ ਸੀ। ਉਹ ਸਮੇਂ ਸਿਰ ਲਾਸ਼ ਪ੍ਰਾਪਤ ਕਰਨ ਦਾ ਹਰ ਯਤਨ ਕਰ ਰਿਹਾ ਸੀ।

ਸੰਬੰਧਿਤ ਅਧਿਕਾਰੀ ਦੁਖੀ ਪਰਿਵਾਰ ਨਾਲ ਪੂਰੀ ਹਮਦਰਦੀ ਜਿਤਾ ਰਹੇ ਸਨ। ਕਿਸੇ ਪਾਸਿਉਂ ਕੋਈ ਅੜਚਨ ਨਹੀਂ ਸੀ ਪੈ ਰਹੀ। ਕਾਨੂੰਨੀ ਕਾਰਵਾਈਆਂ ਹੀ ਇੰਨੀਆਂ ਸਨ ਕਿ ਮੱਲੋ ਮੱਲੀ ਦੇਰ ਹੋ ਰਹੀ ਸੀ। ਪੁਲਿਸ ਨੇ ਆਪਣੀ ਲਿਖਾ ਪੜ੍ਹੀ ਪੋਸਟ ਮਾਰਟਮ ਤੋਂ ਪਹਿਲਾਂ ਮੁਕੰਮਲ ਕਰਨੀ ਸੀ। ਡਾਕਟਰਾਂ ਨੇ ਉਸ ਤੋਂ ਵੱਧ ਕਾਰਵਾਈ ਪੋਸਟ ਮਾਰਟਮ ਤੋਂ ਬਾਅਦ ਕਰਨੀ ਸੀ। ਕਤਲ ਦਾ ਮਾਮਲਾ ਸੀ। ਛੋਟੀ ਜਿਹੀ ਕੁਤਾਹੀ ਦੋਸ਼ੀਆਂ ਦੇ ਬਰੀ ਹੋਣ ਦਾ ਕਾਰਨ ਬਣ ਸਕਦੀ ਸੀ। ਰਾਮ ਨਾਥ ਇਨ੍ਹਾਂ ਪੇਚੀਦਗੀਆਂ ਨੂੰ ਸਮਝਦਾ ਸੀ।

ਇਸ ਲਈ ਉਹ ਕਾਰਵਾਈ ਅਧੂਰੀ ਛੱਡਣ ਲਈ ਵੀ ਨਹੀਂ ਸੀ ਆਖ ਸਕਦਾ।

ਮਰਨ ਵਾਲੇ ਦੇ ਬਾਹਰੋਂ ਆਏ ਸਾਕ ਸੰਬੰਧੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਅਤੇ ਡਾਕਟਰਾਂ ਨੇ ਮੋਟੀ ਮੋਟੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਰਿਸ਼ਤੇਦਾਰ ਆਪਣੀਆਂ ਰਸਮਾਂ ਅਦਾ ਕਰਨ। ਬਾਕੀ ਲਿਖਾ ਪੜ੍ਹੀ ਪਿਛੋਂ ਹੁੰਦੀ ਰਹੇਗੀ।

ਮੋਹਤਬਰ ਬੰਦਿਆਂ ਨੇ ਰਾਮ ਨਾਥ ਨੂੰ ਸਲਾਹ ਦਿੱਤੀ। ਲਾਸ਼ ਨੂੰ ਘਰ ਲਿਜਾਣ ਦਾ ਕੋਈ ਫ਼ਾਇਦਾ ਨਹੀਂ ਸੀ। ਕੋਠੀ ਭੂਤ ਬੰਗਲਾ ਬਣੀ ਹੋਈ ਸੀ। ਪਰਿਵਾਰ ਦੇ ਬਾਕੀ ਮੈਂਬਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ। ’ਤੇਰਾ ਭਾਣਾ ਮੀਠਾ ਲਾਗੇ’ ਦੇ ਵਾਕ ਅਨੁਸਾਰ ਸਬਰ ਕਰ ਲੈਣਾ ਚਾਹੀਦਾ ਸੀ। ਸਮੇਂ ਦੀ ਬਚਤ ਕਰਕੇ ਬਾਕੀ ਜੀਆਂ ਦੇ ਬਚਾਅ ਵੱਲ ਧਿਆਨ ਦੇਣਾ ਚਾਹੀਦਾ ਸੀ।

ਲਾਸ਼ ਨੂੰ ਸਿੱਧਾ ਸ਼ਮਸ਼ਾਨਘਾਟ ਲਿਜਾਇਆ ਗਿਆ।

ਸਸਕਾਰ ਦੀ ਰਸਮ ਚੁੱਪਚਾਪ ਹੁੰਦੀ ਰਹੀ। ਰਿਸ਼ਤੇਦਾਰ ਜਿਵੇਂ ਜਿਊਂਦੀਆਂ ਲਾਸ਼ਾਂ ਬਣ ਗਏ ਸਨ। ਕਿਸੇ ਵਿੱਚ ਰੋਣ ਧੋਣ ਜਾਂ ਬੋਲਣ ਦੀ ਹਿੰਮਤ ਨਹੀਂ ਸੀ।

ਜਿਨ੍ਹਾਂ ਬਾਹਰੋਂ ਆਏ ਰਿਸ਼ਤੇਦਾਰਾਂ ਨੂੰ ਵਹਿਮ ਸੀ, ਉਹ ਸ਼ਮਸ਼ਾਨਘਾਟੋਂ ਹੀ ਘਰਾਂ ਨੂੰ ਮੁੜ ਗਏ। ਜਿਨ੍ਹਾਂ ਨੂੰ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਨਹੀਂ ਸੀ ਜਾਂ ਜਿਨ੍ਹਾਂ ਨੂੰ ਵਹਿਮਾਂਭਰਮਾਂ ਦੀ ਉਲੰਘਣਾ ਕਰਨ ਨਾਲ ਹੋਣ ਵਾਲੇ ਨੁਕਸਾਨ ਨਾਲੋਂ ਆਪਣੇ ਰਿਸ਼ਤੇਦਾਰ ਪਿਆਰੇ ਸਨ ਉਹ ਸਿੱਧੇ ਹਸਪਤਾਲ ਨੂੰ ਹੋ ਲਏ।

ਕਮਲ ਦੀਆਂ ਆਖਰੀ ਰਸਮਾਂ ਪੂਰੀਆਂ ਕਰਦੇ ਰਾਮ ਨਾਥ ਨੂੰ ਸ਼ਮਸ਼ਾਨਘਾਟ ਵਿੱਚ ਕੁੱਝ ਦੇਰ ਲੱਗ ਗਈ।

ਰਾਮ ਨਾਥ ਨੂੰ ਹਸਪਤਾਲੋਂ ਸੁਨੇਹੇ ’ਤੇ ਸੁਨੇਹਾ ਆਉਣ ਲੱਗਾ। ਮਰੀਜ਼ਾਂ ਦੀ ਹਾਲਤ ਗੰਭੀਰ ਸੀ। ਡਾਕਟਰ ਫੌਰੀ ਤੌਰ ’ਤੇ ਅਪਰੇਸ਼ਨ ਕਰਨਾ ਚਾਹੁੰਦੇ ਸਨ। ਮਰੀਜ਼ਾਂ ਦੀ ਜਾਨ ਨੂੰ ਖਤਰਾ ਸੀ। ਖਤਰਾ ਮੁੱਲ ਲੈਣ ਤੋਂ ਪਹਿਲਾਂ ਡਾਕਟਰ ਵਾਰਿਸਾਂ ਤੋਂ ਸਹਿਮਤੀ ਲੈਣੀ ਚਾਹੰਦੇ ਸਨ। ਸਹਿਮਤੀ ਕਾਗਜ਼ਾਂ ਉਪਰ ਰਾਮ ਨਾਥ ਦੇ ਦਸਤਖ਼ਤ ਹੋਣੇ ਜ਼ਰੂਰੀ ਸਨ।

ਉਹ ਤੁਰੰਤ ਹਸਪਤਾਲ ਪੁੱਜੇ।

ਰਾਮ ਨਾਥ ਮਰੀਜ਼ਾਂ ਦਾ ਇਕੱਲਾ ਵਾਰਿਸ ਨਹੀਂ ਸੀ। ਉਸ ਵਰਗੇ ਬਥੇਰੇ ਰਿਸ਼ਤੇਦਾਰ ਹਸਪਤਾਲ ਵਿੱਚ ਮੌਜੂਦ ਸਨ। ਇਸ ਸੁਨੇਹੇ ਵਿਚੋਂ ਉਸਨੂੰ ਹੋਰ ਰਮਜ਼ਾਂ ਆਉਂਦੀਆਂ ਮਹਿਸੂਸ ਹੋਣ ਲੱਗੀਆਂ।

ਹੱਥਲੇ ਕੰਮ ਵਿਚੇ ਛੱਡ ਕੇ ਰਾਮ ਨਾਥ ਹਸਪਤਾਲ ਵੱਲ ਦੌੜ ਪਿਆ।

ਰਿਸ਼ਤੇਦਾਰ ਪਹਿਲੀ ਮੰਜ਼ਲ ਉਪਰ ਇਕੱਠੇ ਹੋਏ ਬੈਠੇ ਸਨ।

ਰਾਮ ਨਾਥ ਨੂੰ ਪੌੜੀਆਂ ਚੜ੍ਹਦੇ ਦਿੱਕਤ ਮਹਿਸੂਸ ਹੋਣ ਲੱਗੀ। ਉਸਨੂੰ ਆਪਣੀਆਂ ਟੰਗਾਂ ਹਜ਼ਾਰਾਂ ਮਣ ਭਾਰੀਆਂ ਲੱਗਣ ਲੱਗੀਆਂ। ਉਸ ਦਾ ਸਾਹ ਚੜ੍ਹ ਗਿਆ। ਅੱਖਾਂ ਫੁੱਲ ਗਈਆਂ। ਰਾਮ ਨਾਥ ਨੇ ਸਮਝ ਲਿਆ ਇਹ ਬਲੱਡ ਪ੍ਰੈਸ਼ਰ ਵਧਣ ਦੀ ਨਿਸ਼ਾਨੀ ਸੀ।

ਦੋ ਕਦਮ ਹੋਰ ਤੁਰ ਕੇ ਰਾਮ ਨਾਥ ਨੂੰ ਘੁਮੇਰ ਚੜ੍ਹਨ ਲੱਗੀ। ਸ਼ਰਾਬੀਆਂ ਵਾਂਗ ਉਸਦੇ ਕਦਮ ਇਥੇ ਦੀ ਥਾਂ ਉਥੇ ਟਿਕਣ ਲੱਗੇ। ਡਿੱਗਣ ਲਗੇ ਰਾਮ ਨਾਥ ਨੂੰ ਸੰਗੀਤਾ ਨੇ ਬਚਾ ਲਿਆ। ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਉਸਨੇ ਰਾਮ ਨਾਥ ਨੂੰ ਕੁਰਸੀ ਉਪਰ ਬਿਠਾ ਦਿੱਤਾ।

ਸਰਦਾਰੀ ਲਾਲ ਝੱਟ ਪਾਣੀ ਵਾਲੀ ਬੋਤਲ ਫੜ ਲਿਆਇਆ। ਪਾਣੀ ਦਾ ਗਲਾਸ ਭਰ ਕੇ ਉਸ ਨੇ ਰਾਮ ਨਾਥ ਦੇ ਮੂੰਹ ਨੂੰ ਲਾ ਦਿੱਤਾ। ਰਾਮ ਨਾਥ ਨੇ ਪਾਗਲਾਂ ਵਾਂਗ ਸਾਰਾ ਗਲਾਸ ਇਕੋ ਸਾਹ ਅੰਦਰ ਸੁੱਟ ਲਿਆ। ਸਰਦਾਰੀ ਲਾਲ ਨੇ ਇੱਕ ਹੋਰ ਗਲਾਸ ਉਸਨੂੰ ਫੜਾਇਆ। ਰਾਮ ਨਾਥ ਨੇ ਉਹ ਵੀ ਅੰਦਰ ਸੁੱਟ ਲਿਆ। ਪਿਛਲੇ ਪੰਦਰਾਂ ਸੋਲਾਂ ਘੰਟਿਆਂ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਰਾਮ ਨਾਥ ਨੂੰ ਪਾਣੀ ਦਾ ਘੁੱਟ ਨਸੀਬ ਹੋਇਆ ਸੀ।

ਠੰਡੇ ਪਾਣੀ ਨੇ ਅਸਰ ਵਿਖਾਇਆ। ਅੱਖਾਂ ਅੱਗੇ ਛਾਇਆ ਹਨ੍ਹੇਰਾ ਛਟਣ ਲੱਗਾ।

ਸਾਹ ਸਥਿਰ ਹੋਣ ਲੱਗਾ।

ਪਵਨ ਸਥਿਤੀ ਸਮਝ ਗਿਆ। ਰਾਮ ਨਾਥ ਦੀ ਇਹ ਦੁਰਦਸ਼ਾ ਭੁੱਖ ਪਿਆਸ ਕਾਰਨ ਹੋਈ ਸੀ। ਜਦੋਂ ਦਾ ਪਵਨ ਮਾਇਆ ਨਗਰ ਆਇਆ ਸੀ ਉਹ ਦੇਖ ਰਿਹਾ ਸੀ, ਰਾਮ ਨਾਥ ਦੇ ਅੰਦਰ ਖਿਲ ਤਕ ਨਹੀਂ ਸੀ ਗਈ। ਕਈ ਵਾਰ ਪਵਨ ਨੇ ਉਸਨੂੰ ਕੁੱਝ ਖਵਾਉਣ ਪਿਆਉਣ ਦਾ ਯਤਨ ਕੀਤਾ ਸੀ, ਪਰ ਹਰ ਵਾਰ ਉਸ ਨੇ ਉਸਦਾ ਹੱਥ ਝਟਕ ਦਿੱਤਾ ਸੀ।

ਸੰਗੀਤਾ ਦੀ ਹਾਲਤ ਵੀ ਰਾਮ ਨਾਥ ਵਰਗੀ ਸੀ। ਉਸਦਾ ਫਾਕਾ ਭਾਵੇਂ ਰਾਮ ਨਾਥ ਜਿੰਨਾ ਸਖ਼ਤ ਤੇ ਨਹੀਂ ਸੀ ਪਰ ਭੁੱਖ ਨਾਲ ਉਹ ਵੀ ਬੇਹਾਲ ਸੀ।

ਉਨ੍ਹਾਂ ਵਰਗੇ ਹੋਰ ਵੀ ਕਈ ਰਿਸ਼ਤੇਦਾਰ ਹੋਣਗੇ, ਜਿਹੜੇ ਸ਼ਰਮੋਂ ਸ਼ਰਮੀ ਭੁੱਖੇ ਤਿਹਾਏ ਬੈਠੇ ਹੋਣਗੇ।

ਜੋ ਭਾਣਾ ਵਰਤਣਾ ਸੀ ਵਰਤ ਚੁੱਕਾ ਸੀ। ਭੁੱਖਿਆਂ ਰਹਿ ਕੇ ਗਿਆਂ ਨੇ ਮੁੜ ਨਹੀਂ ਸੀ ਆਉਣਾ। ਜੋ ਬਚ ਗਏ ਸਨ ਉਨ੍ਹਾਂ ਨੂੰ ਸੰਭਾਲਣਾ ਜ਼ਰੂਰੀ ਸੀ। ਉਨ੍ਹਾਂ ਦੀ ਸੰਭਾਲ ਲਈ ਉਪਰਲਿਆਂ ਦਾ ਰਿਸ਼ਟ ਪੁਸ਼ਟ ਹੋਣਾ ਜ਼ਰੂਰੀ ਸੀ। ਰਾਮ ਨਾਥ ਸਾਰੀ ਕਾਰਵਾਈ ਦਾ ਧੁਰਾ ਸੀ। ਉਸ ਨੂੰ ਕੁੱਝ ਹੋ ਗਿਆ ਤਾਂ ਸਾਰੀ ਖੇਡ ਸਮਾਪਤ ਹੋ ਜਾਣੀ ਸੀ।

ਇਹ ਸੋਚ ਕੇ ਪਵਨ ਹਸਪਤਾਲ ਦੀ ਕੰਟੀਨ ਵਿੱਚ ਗਿਆ। ਚਾਹ ਦਾ ਜੱਗ ਅਤੇ ਪਲਾਸਟਕ ਦੇ ਗਲਾਸ ਚੁੱਕ ਲਿਆਇਆ।

ਇੱਕ ਗਲਾਸ ਭਰ ਕੇ ਉਸਨੇ ਰਾਮ ਨਾਥ ਨੂੰ ਫੜਾ ਦਿੱਤਾ।

ਰਾਮ ਨਾਥ ਦਾ ਸਰੀਰ ਮਿੱਟੀ ਹੋਇਆ ਪਿਆ ਸੀ। ਨਾਂਹ ਕਰਨ ਦੀ ਉਸਦੀ ਹਿੰਮਤ ਨਾ ਪਈ। ਮਾਣ ਵਜੋਂ ਪਹਿਲਾ ਗਲਾਸ ਫੜ ਕੇ ਉਸਨੇ ਆਪਣੇ ਜੀਜੇ ਸਰਦਾਰੀ ਲਾਲ ਨੂੰ ਫੜਾ ਦਿੱਤਾ। ਸਰਦਾਰੀ ਲਾਲ ਨੂੰ ਵੀ ਚਾਹ ਦੀ ਤਲਬ ਸੀ। ਪਰ ਉਸਨੇ ਸ਼ਿਸ਼ਟਾਚਾਰ ਵਜੋਂ ਗਲਾਸ ਸੰਗੀਤਾ ਨੂੰ ਫੜਾ ਦਿੱਤਾ। ਪਵਨ ਗਲਾਸ ਭਰਦਾ ਰਿਹਾ ਅਤੇ ਰਿਸ਼ਤੇਦਾਰ ਉਸ ਤੋਂ ਫੜ ਫੜ ਇੱਕ ਤੋਂ ਅੱਗੇ ਦੂਜੇ ਨੂੰ ਫੜਾਉਂਦੇ ਰਹੇ।

ਜਦੋਂ ਸਾਰੇ ਚਾਹ ਪੀਣ ਲਗ ਪਏ ਪਵਨ ਦੀ ਹਿੰਮਤ ਵਧ ਗਈ। ਉਹ ਚੁਪਕੇ ਜਿਹੇ ਚਾਰ ਪੰਜ ਪੈਕਟ ਬਰੈਡ ਫੜ ਲਿਆਇਆ। ਚਾਹ ਦੇ ਨਾਲ ਨਾਲ ਉਹ ਪੀਸ ਵਰਤਾਉਣ ਲੱਗਾ।

ਭੁੱਖ ਸਭ ਨੂੰ ਤੜਪਾ ਰਹੀ ਸੀ। ਦੇਖੋ ਦੇਖੀ ਸਭ ਨੇ ਚਾਹ ਅਤੇ ਬਰੈਡ ਫੜ ਲਈ।

ਭੁੱਖ ਮਿਟਦਿਆਂ ਹੀ ਰਾਮ ਨਾਥ ਦੀ ਬਿਮਾਰੀ ਖੰਭ ਲਾ ਕੇ ਉੱਡ ਗਈ। ਉਹ ਤਾਜ਼ਾ ਦਮ ਮਹਿਸੂਸ ਕਰਨ ਲੱਗਾ।

ਮੌਕਾ ਤਾੜ ਕੇ ਡਾਕਟਰ ਦੇਵ ਨੇ ਦੋਹਾਂ ਮਰੀਜ਼ਾਂ ਦੀ ਤਾਜ਼ਾ ਸਥਿਤੀ ਰਾਮ ਨਾਥ ਅਤੇ ਪਿੱਛੋਂ ਆਏ ਹੋਰ ਰਿਸ਼ਤੇਦਾਰਾਂ ਨੂੰ ਸਮਝਾ ਦਿੱਤੀ। ਇਹ ਵੀ ਸਮਝਾ ਦਿੱਤਾ ਕਿ ਅਪਰੇਸ਼ਨਾਂ ਵਿੱਚ ਦੇਰ ਖ਼ਤਰਨਾਕ ਸਿੱਧ ਹੋ ਸਕਦੀ ਸੀ। ਝੱਟਪੱਟ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਡਾਕਟਰਾਂ ਨੂੰ ਅਪਰੇਸ਼ਨ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਸੀ।

ਰਾਮ ਨਾਥ ਨੂੰ ਸਮਝ ਨਹੀਂ ਸੀ ਆ ਰਹੀ। ਜੇ ਅਪਰੇਸ਼ਨ ਇੰਨੇ ਜ਼ਰੂਰੀ ਸਨ ਤਾਂ ਹੁਣ ਤਕ ਮੰਗਤ ਰਾਏ ਨੇ ਕਾਗਜ਼ਾਂ ਉਪਰ ਦਸਤਖਤ ਕਿਉਂ ਨਾ ਕੀਤੇ? ਮੰਗਤ ਅਤੇ ਰਾਮ ਨਾਥ ਵਿੱਚ ਕੋਈ ਫ਼ਰਕ ਨਹੀਂ ਸੀ।

ਕਾਰਨ ਸਮਝਾਉਣ ਲਈ ਮੰਗਤ ਰਾਮ ਨਾਥ ਨੂੰ ਇੱਕ ਪਾਸੇ ਲੈ ਗਿਆ। ਹੋ ਚੁੱਕੇ ਖਰਚੇ ਦਾ ਵੇਰਵਾ ਦਿੱਤਾ। ਮੰਗੀ ਜਾ ਰਹੀ ਰਕਮ ਦਾ ਜ਼ਿਕਰ ਕੀਤਾ।

ਪੈਸਿਆਂ ਦੀ ਕਮੀ ਦੀ ਭਿਣਕ ਪਵਨ ਦੇ ਕੰਨੀਂ ਪੈ ਗਈ। ਉਹ ਧਨਾਢ ਤਾਂ ਨਹੀਂ ਸੀ। ਇੱਕ ਸਕੂਟਰ ਮਕੈਨਿਕ ਸੀ। ਵਾਰਦਾਤ ਦੀ ਖ਼ਬਰ ਸੁਣ ਕੇ ਉਹ ਆਪਣੀ ਦੁਕਾਨ ਨੂੰ ਜਿੰਦਾ ਲਾ ਕੇ ਇਧਰ ਨੂੰ ਭੱਜ ਪਿਆ ਸੀ। ਪਤਾ ਸੀ ਪੈਸੇ ਦੀ ਲੋੜ ਪਏਗੀ। ਆਪਣੇ ਅਤੇ ਆਪਣੇ ਗੁਆਂਢੀਆਂ ਦੇ ਗੱਲਿਆਂ ਵਿੱਚ ਜੋ ਪਿਆ ਸੀ ਉਹ ਚੁੱਕ ਲਿਆਇਆ ਸੀ। ਹਜ਼ਾਰ ਪੰਦਰਾਂ ਸੌ ਖਰਚ ਹੋ ਚੁੱਕਾ ਸੀ। ਅੱਠ ਨੌਂ ਹਜ਼ਾਰ ਬਚਦਾ ਸੀ।

ਉਹ ਰਕਮ ਉਸਨੇ ਸੰਗੀਤਾ ਨੂੰ ਫੜਾ ਦਿੱਤੀ।

ਪਵਨ ਦੀ ਇਸ ਹੱਲਾਸ਼ੇਰੀ ਨੇ ਬਾਕੀਆਂ ਲਈ ਰਾਹ ਖੋਲ੍ਹ ਦਿੱਤਾ। ਅਜਿਹੇ ਮੌਕਿਆਂ ਤੇ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ, ਇਹ ਅਹਿਸਾਸ ਹਰ ਰਿਸ਼ਤੇਦਾਰ ਨੂੰ ਸੀ। ਹਰ ਕੋਈ ਆਪਣੀ ਹੈਸੀਅਤ ਅਨੁਸਾਰ ਕੁੱਝ ਨਾ ਕੁੱਝ ਲੈ ਕੇ ਆਇਆ ਸੀ।

ਰਿਸ਼ਤੇਦਾਰਾਂ ਨੇ ਆਪਣੇ ਤਿਲ ਫੁੱਲ ਭੇਂਟ ਕਰਨੇ ਸ਼ੁਰੂ ਕਰ ਦਿੱਤੇ।

ਰਾਮ ਨਾਥ ਨੇ ਮੰਗਤ ਰਾਏ ਨੂੰ ਇਸ਼ਾਰਾ ਕੀਤਾ। ਉਹ ਦਿਆਲੂ ਰਿਸ਼ਤੇਦਾਰਾਂ ਦੇ ਨਾਂ ਅਤੇ ਆਈ ਰਕਮ ਨੋਟ ਕਰ ਲਏ। ਨਾ ਰਾਮ ਨਾਥ ਕੋਲ ਪੈਸੇ ਦੀ ਘਾਟ ਸੀ ਨਾ ਉਸਦੇ ਭੈਣ ਭਣਵਈਏ ਕੋਲ। ਸਭ ਦੇ ਪੈਸੇ ਧੰਨਵਾਦ ਸਹਿਤ ਵਾਪਿਸ ਕੀਤੇ ਜਾਣਗੇ।

ਨਾਂ ਅਤੇ ਰਕਮ ਨੋਟ ਹੁੰਦੀ ਦੇਖ ਕੇ ਸਹਾਇਤਾ ਦੀ ਰਾਸ਼ੀ ਅਤੇ ਸਹਾਇਤਾ ਕਰਨ ਵਾਲਿਆਂ ਦੀ ਗਿਣਤੀ ਕਈ ਗੁਣਾ ਵਧ ਗਈ।

ਇਕੱਠੀ ਹੋਈ ਰਕਮ ਦੋਹਾਂ ਮਰੀਜ਼ਾਂ ਦਾ ਖਰਚਾ ਭਰਨ ਲਈ ਕਾਫ਼ੀ ਸੀ।

ਮੰਗਤ ਵਾਧੂ ਰਕਮ ਵਾਪਸ ਕਰਨਾ ਚਾਹੁੰਦਾ ਸੀ। ਡਾਕਟਰ ਦੇਵ ਨੇ ਉਸਨੂੰ ਰੋਕ ਦਿੱਤਾ। ਖਰਚੇ ਖਤਮ ਥੋੜ੍ਹਾ ਹੋ ਗਏ ਸਨ। ਪਤਾ ਨਹੀਂ ਕਦੋਂ ਕਿਸ ਦਵਾਈ ਵਾਲੀ ਪਰਚੀ ਅੰਦਰੋਂ ਆ ਜਾਵੇ? ਕਦੋਂ ਕਿਸੇ ਮਹਿੰਗੇ ਟੈਸਟ ਦੀ ਜ਼ਰੂਰਤ ਪੈ ਜਾਵੇ। ਹਾਲ ਦੀ ਘੜੀ ਰਕਮ ਸੰਭਾਲ ਲੈਣੀ ਚਾਹੀਦੀ ਸੀ।

ਮਰੀਜ਼ਾਂ ਦੇ ਅਪਰੇਸ਼ਨ ਥੀਏਟਰ ਜਾਣ ਬਾਅਦ ਬਾਕੀ ਰਿਸ਼ਤੇਦਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਗਈ।

ਹੁਣ ਉਹ ਘਰੋ ਘਰੀਂ ਜਾ ਕੇ ਆਰਾਮ ਕਰਨ।

ਨਜ਼ਦੀਕੀ ਰਿਸ਼ਤੇਦਾਰ ਹਸਪਤਾਲ ਦੀ ਇੱਕ ਨੁੱਕਰੇ ਬੈਠ ਕੇ ਮਰੀਜ਼ਾਂ ਦੇ ਸਹੀ ਸਲਾਮਤ ਅਪਰੇਸ਼ਨ ਥੀਏਟਰ ਵਿਚੋਂ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗੇ।

 

-8-

 

ਸਾਰੀ ਰਾਤ ਪੁਲਿਸ ਅਫ਼ਸਰਾਂ ਵਿਚਕਾਰ ਬੈਠਕਾਂ ਹੁੰਦੀਆਂ ਰਹੀਆਂ।

ਅਜਿਹੀਆਂ ਇੱਕੜ ਦੁੱਕੜ ਘਟਨਾਵਾਂ ਪਹਿਲਾਂ ਹੋਈਆਂ ਜ਼ਰੂਰ ਸਨ, ਪਰ ਉਹ ਇੰਨੀਆਂ ਭਿਆਨਕ ਨਹੀਂ ਸਨ। ਬਲਾਤਕਾਰ ਪਹਿਲੀ ਵਾਰ ਹੋਇਆ ਸੀ। ਪਹਿਲਾਂ ਲੋੜ ਪੈਣ ’ਤੇ ਘਰ ਦੇ ਮੈਂਬਰਾਂ ਨੂੰ ਸੱਟਾਂ ਮਾਰੀਆਂ ਜਾਂਦੀਆਂ ਸਨ। ਇਸ ਵਾਰ ਲਗਦਾ ਸੀ ਸੱਟਾਂ ਜਾਣ ਬੁੱਝ ਕੇ ਮਾਰੀਆਂ ਜਾਂਦੀਆਂ ਸਨ।

ਕਮਲ ਯੂਨੀਵਰਸਿਟੀ ਵਿੱਚ ਐਮ.ਬੀ.ਏ.ਦਾ ਵਿਦਿਆਰਥੀ ਸੀ। ਯੂਨੀਅਨ ਦਾ ਸਰਗਰਮ ਮੈਂਬਰ ਸੀ। ਵਿਦਿਆਰਥੀ ਆਗੂਆਂ ਨੇ ਕੱਲ੍ਹ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਸੀ। ਵਿਦਿਆਰਥੀ ਕਾਤਲਾਂ ਨੂੰ ਤੁਰੰਤ ਫੜੇ ਜਾਣ ਦੀ ਮੰਗ ਕਰ ਰਹੇ ਸਨ।

ਨੇਹਾ ਨੇ ਪੱਤਰਕਾਰੀ ਦਾ ਡਿਪਲੋਮਾ ਕੀਤਾ ਹੋਇਆ ਸੀ। ਹੁਣ ਉਹ ਇੰਗਲਿਸ਼ ਦੀ ਐਮ.ਏ.ਕਰ ਰਹੀ ਸੀ। ਸ਼ੌਕ ਦੇ ਤੌਰ ’ਤੇ ਉਹ ‘ਪ੍ਰੈਸ ਟਰੱਸਟ ਆਫ਼ ਇੰਡੀਆ’ ਲਈ ਬਤੌਰ ‘ਫਰੀ ਲਾਂਸਰ’ ਕੰਮ ਕਰ ਰਹੀ ਸੀ। ਸਾਗਰ ਨਾਂ ਦੇ ਪ੍ਰਸਿੱਧ ਪੱਤਰਕਾਰ ਨਾਲ ਉਸਦੇ ਪ੍ਰੇਮਸੰਬੰਧ ਸਨ। ਦੋਹਾਂ ਦੀ ਸਗਾਈ ਹੋਣ ਵਾਲੀ ਸੀ। ਸਾਗਰ ਕਾਰਨ ਸ਼ਹਿਰ ਦੇ ਪੱਤਰਕਾਰਾਂ ਲਈ ਇਹ ਵਕਾਰੀ ਕੇਸ ਬਣ ਗਿਆ ਸੀ। ਕੱਲ੍ਹ ਤੋਂ ਹਰ ਨੁਕਤੇ ਨੇ ਅਖ਼ਬਾਰਾਂ ਵਿੱਚ ਉਛਲਣਾ ਸੀ।

ਖੁਫ਼ੀਆ ਵਿਭਾਗ ਦੇ ਦੋਹਾਂ ਫ਼ੈਸਲਿਆਂ ਦੀ ਸੂਚਨਾ ਉੱਚ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਤਕ ਅੱਪੜਦੀ ਕਰ ਦਿੱਤੀ ਸੀ। ਮੁੜਵੀਂ ਕਾਰਵਾਈ ਦੇ ਤੌਰ ’ਤੇ ਹਰ ਅਧਿਕਾਰੀ ਪੁਲਿਸ ਕਪਤਾਨ ਦੀ ਖਿਚਾਈ ਕਰ ਰਿਹਾ ਸੀ। ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਬੁਲਾ ਕੇ ਐਲਾਨ ਕਰ ਦਿੱਤਾ ਸੀ। “ਤਫ਼ਤੀਸ਼ ਕਪਤਾਨ ਨੂੰ ਦੇ ਦਿੱਤੀ ਗਈ ਸੀ। ਪੰਦਰਾਂ ਦਿਨਾਂ ਦੇ ਅੰਦਰ ਅੰਦਰ ਜੇ ਕਪਤਾਨ ਨੇ ਕਾਤਲ ਨਾ ਫੜੇ ਤਾਂ ਉਸਨੂੰ ਬਦਲ ਦਿੱਤਾ ਜਾਏਗਾ।”

ਵਿਰੋਧੀ ਧਿਰ ਮੁੱਖ ਮੰਤਰੀ ਨੂੰ ਕਈ ਫਰੰਟਾਂ ’ਤੇ ਘੇਰੀ ਬੈਠੀ ਸੀ। ਵਿਗੜ ਰਹੀ ਕਾਨੂੰਨ ਵਿਵਸਥਾ ਦੇ ਨਾਜ਼ੁਕ ਮਸਲੇ ਉਪਰ ਵਿਰੋਧੀ ਧਿਰ ਨੂੰ ਉਸ ਵਿਰੁੱਧ ਢੰਡੋਰਾ ਪਿੱਟਣ ਦਾ ਮੌਕਾ ਮਿਲ ਜਾਣਾ ਸੀ। ਮੁੱਖ ਮੰਤਰੀ ਆਪਣੀ ਦਾੜ੍ਹੀ ਵਿਰੋਧੀ ਧਿਰ ਨੂੰ ਨਹੀਂ ਸੀ ਫੜਾ ਸਕਦਾ।

ਪੁਲਿਸ ਕਪਤਾਨ ਨੂੰ ਇਸ ਐਲਾਨ ਕਾਰਨ ਹੱਥਾਂ ਪੈਰਾਂ ਦੀ ਪਈ ਹੋਈ ਸੀ। ਜੇ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਮੁਲਜ਼ਮ ਨਾ ਫੜੇ ਗਏ ਤਾਂ ਕਪਤਾਨ ਨੇ ਬਲੀ ਦਾ ਬੱਕਰਾ ਬਣ ਜਾਣਾ ਸੀ।

ਮੁੱਖ ਮੰਤਰੀ ਦੇ ਹੁਕਮ ’ਤੇ ਫੁੱਲ ਚੜ੍ਹਾਉਣ ਦੇ ਯਤਨ ਹੋਣ ਲੱਗੇ। ਕਪਤਾਨ ਨੇ ਆਪਣੇ ਹੇਠ ਕੰਮ ਕਰਦੀਆਂ ਸਾਰੀਆਂ ਇਕਾਈਆਂ ਨੂੰ ਸੁਚੇਤ ਕਰ ਦਿੱਤਾ। ਥਾਂ ਥਾਂ ਛਾਪੇ ਪੈਣ ਲੱਗੇ। ਮੁਲਜ਼ਮਾਂ ਦੇ ਖੁਰੇ ਖੋਜੇ ਜਾਣ ਲੱਗੇ।

ਪੁਲਿਸ ਕਪਤਾਨ ਦੀਆਂ ਅੱਖਾਂ ਵਿੱਚ ਨੌਕਰ ਕਣ ਵਾਂਗ ਰੜਕ ਰਿਹਾ ਸੀ। ਉਸ ਦੀ ਪੁੱਛਗਿੱਛ ਬਿਨਾਂ ਤਫ਼ਤੀਸ਼ ਅੱਗੇ ਕਿਸ ਤਰ੍ਹਾਂ ਤੁਰ ਸਕਦੀ ਸੀ? ਉਹ ਨੌਕਰ ਨੂੰ ਖ਼ੁਦ ‘ਇਨਟੈਰੋਗੇਟ’ ਕਰਨਾ ਚਾਹੁੰਦਾ ਸੀ।

ਕੱਲ੍ਹ ਮੁੱਖ ਅਫ਼ਸਰ ਨੇ ਨੌਕਰ ਨੂੰ ਛੱਡ ਕੇ ਠੀਕ ਕੀਤਾ ਸੀ। ਮਾਹੌਲ ਗਰਮ ਸੀ।

ਲੋਕਾਂ ਨੂੰ ਨੌਕਰ ਦੀ ਵਫ਼ਾਦਾਰੀ ਤੇ ਯਕੀਨ ਸੀ।

ਹੁਣ ਹਾਲਾਤ ਬਦਲ ਚੁੱਕੇ ਸਨ। ਹੁਣ ਨੌਕਰ ਦੀ ਕਿਸੇ ਨੂੰ ਪਰਵਾਹ ਨਹੀਂ ਸੀ।

ਪਤਾ ਨਹੀਂ ਉਹ ਕਿੱਥੇ ਸੁੱਤਾ ਸੀ। ਕਿਧਰੇ ਖਿਸਕ ਗਿਆ ਤਾਂ ਕਪਤਾਨ ਦਾ ਮੂੰਹ ਕਾਲਾ ਹੋਣਾ ਸੀ।

ਸਾਰੀ ਰਾਤ ਕਪਤਾਨ ਨੌਕਰ ’ਤੇ ਕਚੀਚੀਆਂ ਵੱਟਦਾ ਰਿਹਾ।

ਸਵੇਰ ਹੁੰਦਿਆਂ ਹੀ ਕਪਤਾਨ ਨੇ ਇਕੱਲਿਆਂ ਮੌਕਾ ਦੋਬਾਰਾ ਦੇਖਣ ਦਾ ਐਲਾਨ ਕੀਤਾ। ਮੁਲਾਹਜ਼ੇ ਵਿੱਚ ਰਾਮ ਨਾਥ ਅਤੇ ਨੌਕਰ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ।

ਰਾਤ ਰਾਮੂ ਗੁਆਂਢੀਆਂ ਦੇ ਸੁੱਤਾ ਸੀ। ਗੁਆਂਢੀ ਨੇ ਦੱਸਿਆ ਸੀ ਉਹ ਬਹੁਤ ਡਰਿਆ ਹੋਇਆ ਸੀ। ਸਾਰੀ ਰਾਤ ਉਹ ਉਸਲਵੱਟੇ ਲੈਂਦਾ ਰਿਹਾ ਸੀ। ਉਸਨੇ ਇੱਕ ਰੋਟੀ ਮਸਾਂ ਅੰਦਰ ਲੰਘਾਈ ਸੀ। ਉਹ ਆਪਣੇ ਚਾਚੇ ਕੋਲ ਜਾਣ ਦੀ ਜ਼ਿੱਦ ਕਰ ਰਿਹਾ ਸੀ।

ਰਾਮੂ ਦੀ ਇਹ ਬੇਚੈਨੀ ਕਪਤਾਨ ਲਈ ਖੁਸ਼ੀ ਭਰਿਆ ਸੰਦੇਸ਼ ਸੀ। ਘਬਰਾਹਟ ਦੱਸਦੀ ਸੀ, ਉਹ ਕੁੱਝ ਛੁਪਾ ਰਿਹਾ ਸੀ।

ਖ਼ਾਕੀ ਵਰਦੀ ਵਿੱਚ ਕੱਸੇ ਕਪਤਾਨ ਨੇ ਜਦੋਂ ਅੱਖਾਂ ਸੂਹੀਆਂ ਕਰਕੇ ਰਾਮੂ ਦੀਆਂ ਅੱਖਾਂ ਵਿੱਚ ਤੱਕਿਆ ਰਾਮੂ ਧੁਰ ਅੰਦਰ ਤਕ ਹਿੱਲ ਗਿਆ। “ਦੇਖ ਬੇਟਾ! ਮੁਝੇ ਮੁਹੱਲੇ ਕੇ ਚੌਕੀਦਾਰ ਨੇ ਸਬ ਕੁੱਝ ਬਤਾ ਦੀਆ ਹੈ। ਚੋਰ ਦੀਵਾਰ ਕੂਦ ਕਰ ਕੋਠੀ ਮੇਂ ਆਏ ਥੇ!

ਤੁਮਨੇ ਉਨ ਕੋ ਕੋਠੀ ਮੇਂ ਘੁਸਤੇ ਦੇਖਾ ਥਾ।”

ਕਪਤਾਨ ਸ਼ਬਦ ਮਿੱਠੇ ਬੋਲ ਰਿਹਾ ਸੀ ਪਰ ਉਨ੍ਹਾਂ ਵਿਚੋਂ ਕੁੜੱਤਣ ਅਤੇ ਤਾੜਨਾ ਸਾਫ਼ ਝਲਕ ਰਹੀ ਸੀ।

“ਜੀ ਸਾਹਿਬ!”

“ਕਿਆ ਸਾਹਿਬ?” ਕਪਤਾਨ ਦਾ ਝੂਠ ਇੰਨੀ ਜਲਦੀ ਰੰਗ ਲਿਆਏਗਾ ਇਹ ਉਸਨੂੰ ਉਕਾ ਆਸ ਨਹੀਂ ਸੀ।

“ਸ਼ਾਬਾਸ਼! ਆਗੇ ਕਿਆ ਦੇਖਾ। ਸਭ ਕੁੱਝ ਬਤਾਓ। ਤੁਮੇਂ ਇਨਾਮ ਦੀਆ ਜਾਏਗਾ।

ਤੁਮ ਇੱਕ ਵਫ਼ਾਦਾਰ ਨੌਕਰ ਹੋ। ਮਾਲਕ ਤੁਮਾਰੀ ਬਹੁਤ ਤਾਰੀਫ਼ ਕਰਤੇ ਹੈਂ। ਤੇਰੇ ਛੋਟੇ ਮਾਲਕ ਕੋ ਮਾਰ ਦੀਆ ਗਿਆ ਹੈ। ਬੜੇ ਮਾਲਕ ਔਰ ਬੀਬੀ ਕੋ ਬੁਰੀ ਤਰ੍ਹਾਂ ਪੀਟਾ ਗਿਆ ਹੈ। ਸੱਚ ਬਤਾਓ ਕਿਆ ਹੂਆ? ਤੁਮ ਕਿਸ ਕਿਸ ਕੋ ਜਾਨਤੇ ਹੋ?”

“ਬਤਾ ਰਹਾ ਹੂੰ ਸਾਹਿਬ!” ਕੰਬਦਾ ਨੌਕਰ ਦੇਖੀ ਘਟਨਾ ਦਾ ਵੇਰਵਾ ਦੇਣ ਲੱਗਾ।

ਆਪਣੇ ਕਮਰੇ ਵਿੱਚ ਬੈਠਾ ਰਾਮੂ ਟੀ.ਵੀ.ਦੇਖ ਰਿਹਾ ਸੀ। ਕੋਠੀ ਦਾ ਗੇਟ ਟੱਪ ਕੇ ਅੰਦਰ ਆਉਂਦੇ ਇੱਕ ਚੋਰ ਤੋਂ ਗੇਟ ਹਿੱਲ ਗਿਆ। ਖੜਕਾ ਸੁਣ ਕੇ ਰਾਮੂ ਕਮਰੇ ਵਿਚੋਂ ਛੱਤ ’ਤੇ ਆਇਆ। ਛੱਤ ’ਤੇ ਖੜ੍ਹ ਕੇ ਗੇਟ ਵੱਲ ਝਾਤੀ ਮਾਰੀ। ਉਸ ਸਮੇਂ ਤਕ ਅੰਦਰ ਆ ਚੁੱਕੇ ਚੋਰ ਨੇ ਕੋਠੀ ਦਾ ਗੇਟ ਖੋਲ੍ਹ ਦਿੱਤਾ ਸੀ। ਉਸ ਦੇ ਤਿੰਨ ਚਾਰ ਸਾਥੀ ਕੋਠੀ ਅੰਦਰ ਪ੍ਰਵੇਸ਼ ਕਰ ਚੁੱਕੇ ਸਨ। ਉਨ੍ਹਾਂ ਦੀਆਂ ਕਾਲੀਆਂ ਵਰਦੀਆਂ ਅਤੇ ਡਰਾਉਣੀਆਂ ਸ਼ਕਲਾਂ ਦੇਖ ਕੇ ਰਾਮੂ ਡਰ ਗਿਆ ਸੀ। ਡਰਿਆ ਸਹਿਮਿਆ ਉਹ ਆਪਣੇ ਕਮਰੇ ਵਿੱਚ ਆ ਗਿਆ।

ਟੀ.ਵੀ.ਬੰਦ ਕਰਕੇ ਸੌਣ ਦਾ ਯਤਨ ਕਰਨ ਲੱਗਾ।

ਕੁੱਝ ਦੇਰ ਬਾਅਦ ਕੋਠੀ ਅੰਦਰ ਚੀਕ ਚਿਹਾੜਾ ਪੈ ਗਿਆ। ਕੀ ਹੋ ਗਿਆ? ਇਹ ਦੇਖਣ ਲਈ ਰਾਮੂ ਦਬਵੇਂ ਪੈਰੀਂ ਪੌੜੀਆਂ ਵਿੱਚ ਖੜੋ ਕੇ ਲਾਬੀ ਵੱਲ ਦੇਖਣ ਲੱਗਾ। ਉਸ ਸਮੇਂ ਇੱਕ ਚੋਰ ਕਮਲ ਦੇ ਢਿੱਡ ਵਿੱਚ ਛੁਰਾ ਖੋਭ ਰਿਹਾ ਸੀ। ਕਿਸੇ ਪਾਸਿਉਂ ਨੀਲਮ ਅਤੇ ਨੇਹਾ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਰਾਮੂ ਨੇ ਜਦੋਂ ਗਹੁ ਨਾਲ ਤੱਕਿਆ ਤਾਂ ਉਥੇ ਉਨ੍ਹਾਂ ਦੇ ਦੇਸ਼ ਦਾ ਠੇਕੇਦਾਰ ਰਾਮ ਲੁਭਾਇਆ ਵੀ ਖੜ੍ਹਾ ਸੀ। ਠੇਕੇਦਾਰ ਨੇ ਤਾਂ ਭਾਵੇਂ ਕਾਲੇ ਕੱਪੜੇ ਪਾਏ ਹੋਏ ਸਨ, ਪਰ ਰਾਮੂ ਨੇ ਉਸਨੂੰ ਪਹਿਚਾਣ ਲਿਆ ਸੀ।

ਰਾਮ ਲੁਭਾਇਆ ਬੜਾ ਖ਼ਤਰਨਾਕ ਆਦਮੀ ਸੀ। ਜੇ ਉਸਨੇ ਰਾਮੂ ਨੂੰ ਖੜ੍ਹਾ ਦੇਖ ਲਿਆ ਤਾਂ ਉਸਨੇ ਰਾਮੂ ਨੂੰ ਮਾਰ ਦੇਣਾ ਸੀ। ਡਰਦਾ ਉਹ ਆਪਣੇ ਕਮਰੇ ਵਿੱਚ ਮੁੜ ਆਇਆ ਸੀ।

ਹਿੰਮਤ ਬਟੋਰ ਕੇ ਕੁੱਝ ਦੇਰ ਬਾਅਦ ਜਦੋਂ ਉਸਨੇ ਫੇਰ ਲਾਬੀ ਵੱਲ ਤੱਕਿਆ ਤਾਂ ਸਾਰੀ ਲਾਬੀ ਖ਼ੂਨ ਨਾਲ ਲੱਥ ਪੱਥ ਹੋਈ ਪਈ ਸੀ। ਕਮਲ ਮਰ ਚੁੱਕਾ ਸੀ। ਬਾਕੀ ਦੇ ਮੈਂਬਰ ਸਹਿਕ ਰਹੇ ਸਨ।

ਮਾਲਕਾਂ ਦੀ ਇਹ ਹਾਲਤ ਦੇਖ ਕੇ ਉਹ ਹੋਰ ਘਬਰਾ ਗਿਆ। ਆਪਣੇ ਕਮਰੇ ਵਿੱਚ ਆ ਕੇ ਉਸਨੇ ਟੀ.ਵੀ.ਚਲਾ ਲਿਆ ਅਤੇ ਸੌਣ ਦਾ ਯਤਨ ਕਰਨ ਲੱਗਾ।

ਇੱਕ ਦੋਸ਼ੀ ਦੀ ਸ਼ਨਾਖਤ ਹੋ ਜਾਣ ’ਤੇ ਕਪਤਾਨ ਨੇ ਕੁੱਝ ਰਾਹਤ ਮਹਿਸੂਸ ਕੀਤੀ।

ਰਾਮ ਲੁਭਾਇਆ ਕੌਣ ਹੈ? ਕਪਤਾਨ ਦਾ ਮਨ ਉਸਦਾ ਪਿਛੋਕੜ ਜਾਨਣ ਲਈ ਕਾਹਲਾ ਪੈਣ ਲੱਗਾ।

ਉਹ ਰਾਮੂ ਦੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਰਾਮੂ ਦੇ ਜਨਮ ਤੋਂ ਪਹਿਲਾਂ ਦਾ ਮਾਇਆ ਨਗਰ ਆ ਕੇ ਵੱਸਿਆ ਹੋਇਆ ਸੀ। ਆਪਣੇ ਦੇਸ਼ ਦੇ ਬਹੁਤ ਬੰਦਿਆਂ ਨੂੰ ਉਹ ਇਧਰ ਲੈ ਕੇ ਆਇਆ ਸੀ। ਜਿਹੜੇ ਉਸਦੀ ਈਨ ਵਿੱਚ ਰਹਿੰਦੇ ਸਨ, ਉਨ੍ਹਾਂ ਨੂੰ ਉਹ ਮੌਜ ਕਰਾਉਂਦਾ ਸੀ। ਜਿਹੜੇ ਬਾਗੀ ਹੋਣ ਦਾ ਯਤਨ ਕਰਦੇ ਸਨ ਉਨ੍ਹਾਂ ’ਤੇ ਉਹ ਕੁਟਾਪਾ ਚਾੜ੍ਹਦਾ ਸੀ। ਪੁਲਿਸ ਨਾਲ ਮਿਲਕੇ ਝੂਠੇ ਮੁਕੱਦਮਿਆਂ ਵਿੱਚ ਫਸਾ ਦਿੰਦਾ ਸੀ। ਉਸਦੇ ਦੇਸ਼ ਵਿੱਚ ਇਹ ਗੱਲ ਫੈਲੀ ਹੋਈ ਸੀ ਕਿ ਰਾਮ ਲੁਭਾਏ ਨੇ ਕਈ ਜਿਊਂਦੇ ਮਜ਼ਦੂਰਾਂ ਨੂੰ ਕਾਰਖਾਨਿਆਂ ਦੀਆਂ ਭੱਠੀਆਂ ਵਿੱਚ ਸਾੜਿਆ ਸੀ। ਡਰਦਾ ਕੋਈ ਉਸ ਅੱਗੇ ਸਾਹ ਨਹੀਂ ਸੀ ਕੱਢਦਾ।

ਠੇਕੇਦਾਰ ਦੀਆਂ ਇਹ ਕਹਾਣੀਆਂ ਰਾਮੂ ਨੂੰ ਉਸਦੇ ਚਾਚੇ ਨੇ ਸੁਣਾਈਆਂ ਸਨ। ਹੋਲੀ ‘ਤੇ ਰਾਮੂ ਜਦੋਂ ਛੁੱਟੀ ਲੈ ਕੇ ਆਪਣੇ ਚਾਚੇ ਕੋਲ ਜਾਂਦਾ ਸੀ ਤਾਂ ਉਸਦੀ ਬਸਤੀ ਵਿੱਚ ਰਹਿੰਦਾ ਸੀ। ਰਾਮ ਲੁਭਾਇਆ ਰਾਮੂ ਦੇ ਚਾਚੇ ਨੂੰ ਪੰਜਾਬ ਲੈ ਕੇ ਆਇਆ ਸੀ। ਇਸ ਲਈ ਚਾਚਾ ਉਸਦਾ ਅਹਿਸਾਨਮੰਦ ਸੀ।

“ਸ਼ਾਬਾਸ਼ ਬੇਟਾ! ਤੂੰਨੇ ਬੜਾ ਨੇਕ ਕਾਮ ਕੀਆ ਹੈ?” ਉਪਰੋਂ ਕਪਤਾਨ ਨੇ ਰਾਮੂ ਦੀ ਪਿੱਠ ਥਾਪੜੀ। ਮਨ ਹੀ ਮਨ ਉਸ ਨੇ ਆਪਣੀ ਲਿਆਕਤ ਨਾਲ ਗੁੱਥੀ ਸੁਲਝਾ ਲਈ ਸੀ।

“ਵਕੀਲ ਸਾਹਿਬ ਆਪਣੇ ਬੁੱਲ੍ਹ ਸੀਤੀ ਰੱਖਣਾ। ਕਿਧਰੇ ਬਣੀ ਖੇਡ ਵਿਗਾੜ ਨਾ ਦੇਣਾ।” ਜਾਂਦਾ ਕਪਤਾਨ ਰਾਮ ਨਾਥ ਦਾ ਮੂੰਹ ਬੰਨ੍ਹ ਗਿਆ।

ਰਸਤੇ ਵਿੱਚ ਕਪਤਾਨ ਨੂੰ ਭੁਲੇਖਾ ਪੈਣ ਲੱਗਾ। ਰਾਮੂ ਨੂੰ ਰਾਮ ਲੁਭਾਇਆ ਪਛਾਨਣ ਵਿੱਚ ਟਪਲਾ ਨਾ ਲੱਗਾ ਹੋਵੇ। ਡਰਦਾ ਕਿਧਰੇ ਉਹ ਝੂਠ ਨਾ ਬੋਲ ਗਿਆ ਹੋਵੇ।

ਜਿੰਨਾ ਚਿਰ ਰਾਮ ਲੁਭਾਇਆ ਹੱਥ ਨਹੀਂ ਸੀ ਆਉਂਦਾ ਓਨਾ ਚਿਰ ਰਾਮੂ ਦੀ ਗੱਲ ‘ਤੇ ਇਤਬਾਰ ਨਹੀਂ ਸੀ ਕੀਤਾ ਜਾ ਸਕਦਾ।

ਰਾਮੂ ਨੂੰ ਰਾਮ ਲੁਭਾਇਆ ਦੀ ਬਸਤੀ ਦਾ ਪਤਾ ਨਹੀਂ ਸੀ। ਚਾਚਾ ਕਿੱਥੇ ਹੈ? ਉਸਦੇ ਪਤੇ ਠਿਕਾਣੇ ਦਾ ਵੀ ਉਸ ਨੂੰ ਪਤਾ ਨਹੀਂ ਸੀ।

ਠੇਕੇਦਾਰ ਦੇ ਫੜੇ ਜਾਣ ਤਕ ਰਾਮੂ ਦੀ ਸੁਰੱਖਿਆ ਜ਼ਰੂਰੀ ਸੀ। ਰਾਮੂ ਅਤੇ ਕਪਤਾਨ ਦੀ ਮਿਲਣੀ ਦੀ ਸੂਹ ਵੀ ਬਾਹਰ ਨਹੀਂ ਸੀ ਨਿਕਲਣੀ ਚਾਹੀਦੀ।

ਸੋਚ ਸਮਝ ਕੇ ਕਪਤਾਨ ਨੇ ਅਗਲਾ ਕਦਮ ਪੁੱਧਟਿਆ।

ਦਫ਼ਤਰ ਪੁੱਜਦਿਆਂ ਹੀ ਉਸਨੇ ਖੁਫ਼ੀਆ ਵਿਭਾਗ ਦੇ ਦੋ ਸਿਪਾਹੀ ਸਾਦੇ ਕੱਪੜਿਆਂ ਵਿੱਚ ਵੇਦ ਦੀ ਕੋਠੀ ਪਹੁੰਚਾ ਦਿੱਤੇ।

ਘੰਟਾ ਕੁ ਉਨ੍ਹਾਂ ਨੇ ਕੋਠੀ ਰਹਿਣਾ ਸੀ। ਫੇਰ ਨੌਕਰ ਨੂੰ ਰਿਕਸ਼ੇ ਵਿੱਚ ਬੈਠਾ ਕੇ ਕਪਤਾਨ ਦੀ ਦੱਸੀ ਥਾਂ ਉਪਰ ਲਿਜਾਣਾ ਸੀ।

 

-9-

 

ਪੱਚੀ ਲੱਖ ਦੀ ਅਬਾਦੀ ਵਾਲੇ ਇਸ ਮਾਇਆ ਨਗਰ ਵਿੱਚ ਪਰਵਾਸੀਆਂ ਦੀ ਗਿਣਤੀ ਛੇ ਤੋਂ ਸੱਤ ਲੱਖ ਵਿਚਕਾਰ ਅੰਦੀ ਜਾਂਦੀ ਸੀ। ਇਨ੍ਹਾਂ ਵਿਚੋਂ ਪੰਜ ਲੱਖ ਪਰਵਾਸੀ ਇਕੱਲੇ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆ ਕੇ ਵੱਸੇ ਸਨ। ਸ਼ਹਿਰ ਦੇ ਬਾਹਰ ਹਰ ਪਾਸੇ ਇਨ੍ਹਾਂ ਪਰਵਾਸੀਆਂ ਦੀਆਂ ਕਾਲੋਨੀਆਂ ਸਨ। ਫੋਕਲ ਪੁਆਇੰਟ ਵਾਲੀ ਦਿਸ਼ਾ ਮਿੰਨੀ ਬਿਹਾਰ ਜਾਪਦੀ ਸੀ। ਇਨ੍ਹਾਂ ਕਾਲੋਨੀਆਂ ਦੇ ਦੁਕਾਨਦਾਰ ਵੀ ਭਈਏ ਸਨ ਅਤੇ ਮੁਹੱਲਿਆਂ ਦੇ ਪ੍ਰਧਾਨ ਵੀ। ਕੁੱਝ ਹਿੰਮਤੀ ਅਤੇ ਪਹਿਲਾਂ ਆਏ ਭਈਏ ਮਜ਼ਦੂਰੀ ਛੱਡ ਕੇ ਠੇਕੇਦਾਰ ਬਣੇ ਬੈਠੇ ਸਨ।

ਰਾਮ ਲੁਭਾਇਆ ਵਰਗੇ ਸੈਂਕੜੇ ਠੇਕੇਦਾਰ ਇਸ ਨਗਰ ਵਿੱਚ ਵੱਸਦੇ ਸਨ। ਕਪਤਾਨ ਕਿਸ ਰਾਮ ਲੁਭਾਏ ਨੂੰ ਫੜੇ?

ਕਪਤਾਨ ਨੇ ਮਾਇਆ ਨਗਰ ਦੀ ਖੁਫ਼ੀਆ ਸ਼ਾਖ਼ਾ ਨੂੰ ‘ਰੈਡ ਅਲਰਟ’ ਜਾਰੀ ਕੀਤਾ।

ਰਾਮੂ ਦੇ ਚਾਚੇ ਦਾ ਖੁਰਾ ਖੋਜਿਆ ਜਾਵੇ। ਜਿਥੇ ਮਿਲੇ ਉਸ ਨੂੰ ਚੁੱਕ ਲਿਆ ਜਾਵੇ। ਉਸ ਤੋਂ ਰਾਮ ਲੁਭਾਇਆ ਦਾ ਥਾਂ ਠਿਕਾਣਾ ਉਗਲਾ ਕੇ ਕਪਤਾਨ ਨੂੰ ਸੂਚਿਤ ਕੀਤਾ ਜਾਵੇ।

ਠੀਕ ਇਤਲਾਹ ਦੇਣ ਵਾਲੇ ਨੂੰ ਨਕਦ ਇਨਾਮ ਅਤੇ ਤਰੱਕੀ ਦਿੱਤੀ ਜਾਵੇਗੀ।

ਹਨੇਰਾ ਪੈਣ ਤੋਂ ਪਹਿਲਾਂ ਪਹਿਲਾਂ ਖੁਫ਼ੀਆ ਵਿਭਾਗ ਨੇ ਪੂਰੀ ਜਾਣਕਾਰੀ ਹਾਸਲ ਕਰ ਲਈ। ਰਾਮ ਲੁਭਾਇਆ ਦੇ ਹੁਣ ਤਕ ਦੇ ਕਾਰਨਾਮਿਆਂ ਦੀ ਪੂਰੀ ਜਾਣਕਾਰੀ ਕਪਤਾਨ ਅੱਗੇ ਪੇਸ਼ ਕੀਤੀ ਗਈ।

ਰਾਮ ਲੁਭਾਇਆ ਵੀਹ ਸਾਲ ਪਹਿਲਾਂ ਪੰਜਾਬ ਆਇਆ ਸੀ। ਉਸਦੇ ਪਿੰਡ ਦਾ ਇੱਕ ਮਿਸਤਰੀ ਉਸ ਨੂੰ ਇਧਰ ਲੈ ਕੇ ਆਇਆ ਸੀ। ਪੰਜਾਬ ਵਿੱਚ ਓਨ੍ਹੀਂ ਦਿਨੀਂ ਮਿਸਤਰੀਆਂ ਦੀ ਦਿਹਾੜੀ ਅਸਮਾਨ ਛੋਂਹਦੀ ਸੀ। ਉਸਤਾਦ ਮਿਸਤਰੀ ਨੇ ਰਾਮ ਲੁਭਾਏ ਤੋਂ ਪਹਿਲਾਂ ਮਜ਼ਦੂਰੀ ਕਰਵਾਈ ਅਤੇ ਸਾਲ ਵਿੱਚ ਮਿਸਤਰੀਪੁਣਾ ਸਿਖਾ ਦਿੱਤਾ।

ਰਾਮ ਲੁਭਾਇਆ ਸਰੀਰ ਦਾ ਹੱਟਾ ਕੱਟਾ ਸੀ ਅਤੇ ਦਿਮਾਗ਼ ਦਾ ਤੇਜ਼। ਅੱਠ ਦੀ ਥਾਂ ਬਾਰਾਂ ਘੰਟੇ ਕੰਮ ਕਰਕੇ ਉਹ ਦੁਗਣੇ ਪੈਸੇ ਕਮਾਉਣ ਲੱਗਾ। ਦੋ ਸਾਲ ਬਾਅਦ ਪਿੰਡ ਜਾ ਕੇ ਆਪਣੇ ਚਾਚੇ ਦੇ ਦੋ ਮੁੰਡਿਆਂ ਨੂੰ ਇਧਰ ਲੈ ਆਇਆ। ਉਸਤਾਦ ਨੂੰ ਛੱਡ ਕੇ ਆਪਣੀ ਟੀਮ ਬਣਾ ਲਈ। ਸਾਲ ਵਿੱਚ ਉਹ ਮਿਸਤਰੀ ਬਣ ਗਏ। ਰਾਮ ਲੁਭਾਇਆ ਪਿੰਡ ਤੋਂ ਹੋਰ ਬੰਦੇ ਲੈ ਆਇਆ। ਛੇ ਸੱਤ ਸਾਲ ਵਿੱਚ ਉਸ ਦਾ ਬੜਾ ਵੱਡਾ ਜੁਗਾੜ ਖੜ੍ਹਾ ਹੋ ਗਿਆ।

ਉਸਤਾਦ ਤੋਂ ਪਹਿਲਾਂ ਇੱਕ ਕੋਠੀ ਦੇ ਪਲੱਸਤਰ ਦਾ ਠੇਕਾ ਲਿਆ। ਠੇਕੇਦਾਰੀ ਦੀ ਸਮਝ ਆਈ ਤਾਂ ਪੂਰੀ ਕੋਠੀ ਦੀ ਉਸਾਰੀ ਦਾ ਠੇਕਾ ਲੈ ਲਿਆ। ਚਾਰ ਪੈਸੇ ਬਣੇ ਤਾਂ ਤਿੰਨ ਤਿੰਨ ਚਾਰ ਚਾਰ ਕੋਠੀਆਂ ਇਕੱਠੀਆਂ ਫੜਨੀਆਂ ਸ਼ੁਰੂ ਕਰ ਦਿੱਤੀਆਂ।

ਮੋਟਰ ਸਾਈਕਲ ਸਿੱਖ ਲਿਆ। ਪਹਿਲਾਂ ਪੁਰਾਣਾ ਮੋਟਰ ਸਾਈਕਲ ਲਿਆ ਫੇਰ ਨਵਾਂ ਖਰੀਦ ਲਿਆ। ਪਿੰਡੋਂ ਬਾਲ ਬੱਚੇ ਲੈ ਆਇਆ। ਪਤਨੀ ਕੋਠੀਆਂ ਵਿੱਚ ਸਫ਼ਾਈ ਕਰਕੇ ਕਮਾਈ ਵਿੱਚ ਵਾਧਾ ਕਰਨ ਲੱਗੀ।

ਪਹਿਲਾਂ ਮਕਾਨ ਕਿਰਾਏ ’ਤੇ ਲਿਆ। ਫੇਰ ਛੋਟਾ ਜਿਹਾ ਬਣਿਆ ਬਣਾਇਆ ਘਰ ਖ਼ਰੀਦ ਲਿਆ।

ਚਾਰ ਪੈਸੇ ਵਾਧੂ ਹੋਏ ਤਾਂ ਉਸਨੇ ਦੋ ਸੌ ਗਜ਼ ਦਾ ਇੱਕ ਪਲਾਟ ਖੇਤਾਂ ਵਿੱਚ ਖ਼ਰੀਦ ਲਿਆ। ਪੁਰਾਣਾ ਮਲਬਾ ਲਿਆ ਕੇ ਚਾਰ ਕਮਰੇ ਖੜ੍ਹੇ ਕਰ ਲਏ। ਕਮਰਿਆਂ ਵਿੱਚ ਭਈਏ ਭਰ ਲਏ।

ਇਸ ਵਿਹੜੇ ਨੇ ਉਸਨੂੰ ਡਾਢਾ ਫ਼ਾਇਦਾ ਪਹੁੰਚਾਇਆ। ਲੇਬਰ ਹੱਥ ਹੇਠ ਰਹਿਣ ਲੱਗੀ। ਕਰਾਇਆ ਆਉਣ ਲੱਗਾ। ਵੱਡੇ ਮੁੰਡੇ ਨੂੰ ਉਸਨੇ ਕਰਿਆਨੇ ਦੀ ਦੁਕਾਨ ਖੋਲ੍ਹ ਦਿੱਤੀ। ਗੇੜਾ ਕੱਢ ਕੇ ਮਜ਼ਦੂਰਾਂ ਦੀ ਸਾਰੀ ਕਮਾਈ ਉਸੇ ਦੇ ਬੋਝੇ ਪੈਣ ਲੱਗੀ।

ਹੋਰ ਤਰੱਕੀ ਕਰਕੇ ਉਹ ਕੋਠੀਆਂ ਦੀ ਥਾਂ ਫੈਕਟਰੀਆਂ ਦੀ ਉਸਾਰੀ ਕਰਨ ਲੱਗਾ।

ਸਨਅਤਕਾਰਾਂ ਨਾਲ ਵਾਹ ਪਿਆ ਤਾਂ ਉਸਨੂੰ ਫੈਕਟਰੀਆਂ ਵਿੱਚ ਮਜ਼ਦੂਰ ਭਰਤੀ ਕਰਾਉਣ ਦਾ ਵੱਲ ਆ ਗਿਆ। ਉਸਾਰੀ ਦੀ ਠੇਕੇਦਾਰੀ ਦੇ ਨਾਲ ਨਾਲ ਉਹ ਫੈਕਟਰੀਆਂ ਨੂੰ ਲੇਬਰ ਸਪਲਾਈ ਕਰਨ ਲੱਗਾ।

ਨਾਲ ਦਾ ਪਲਾਟ ਲੈ ਕੇ ਹੋਰ ਕਮਰੇ ਉਸਾਰ ਲਏ। ਦੋ ਤਿੰਨ ਸੌ ਮਜ਼ਦੂਰਾਂ ਦੀ ਕਾਲੋਨੀ ਉਸਦੀ ਰਿਆਸਤ ਬਣ ਗਈ। ਇਸ ਕਾਲੋਨੀ ਦੇ ਬਹੁਤੇ ਵਸਨੀਕ ਉਸ ਨੇ ਬਿਹਾਰ ਤੋਂ ਲਿਆਂਦੇ ਸਨ। ਉਨ੍ਹਾਂ ਨੂੰ ਉਸਨੇ ਕੰਮ ਸਿਖਾਇਆ ਸੀ ਅਤੇ ਫੇਰ ਕੰਮ ’ਤੇ ਲਾਇਆ ਸੀ।

ਉਹ ਆਪਣੀ ਬਦਲੀ ਕਿਸਮਤ ਦਾ ਸਿਹਰਾ ਰਾਮ ਲੁਭਾਇਆ ਸਿਰ ਬੰਨ੍ਹਦੇ ਸਨ। ਉਸ ਦੇ ਇਸ਼ਾਰੇ ’ਤੇ ਜਾਨ ਦੇਣ ਤਕ ਜਾਂਦੇ ਸਨ।

ਵੋਟਾਂ ਵੇਲੇ ਰਾਮ ਲੁਭਾਇਆ ਦੀ ਕੀਮਤ ਕਈ ਗੁਣਾਂ ਵਧ ਜਾਂਦੀ ਸੀ। ਸਾਰੀਆਂ ਰਾਜਸੀ ਪਾਰਟੀਆਂ ਉਸਦੇ ਅੱਗੇ ਪਿੱਛੇ ਫਿਰਦੀਆਂ ਸਨ।

ਕਾਂਗਰਸ ਵਾਲਿਆਂ ਨੇ ਉਸ ਨੂੰ ਆਪਣਾ ਸਰਗਰਮ ਮੈਂਬਰ ਬਣਾ ਲਿਆ। ਕਾਲੋਨੀ ਦਾ ਪ੍ਰਧਾਨ ਥਾਪ ਕੇ ਉਸਨੂੰ ਆਪਣੀਆਂ ਵਿਸ਼ੇਸ਼ ਮੀਟਿੰਗਾਂ ਵਿੱਚ ਬੁਲਾਉਣ ਲੱਗੇ।

ਮਾਇਆ ਨਗਰ ਵਿੱਚ ਹੋਣ ਵਾਲੀਆਂ ਰੈਲੀਆਂ ਦਾ ਉਸ ਨੂੰ ਇੰਚਾਰਜ ਬਣਾ ਦਿੱਤਾ।

ਬੱਸਾਂ, ਟਰੱਕ, ਕਾਰਾਂ ਅਤੇ ਦਾਰੂ ਉਸਦੀ ਪਰਚੀ ’ਤੇ ਉਪਲਬਧ ਹੋਣ ਲੱਗੇ।

ਲੜਣ ਝਗੜਣ ਅਤੇ ਛੋਟੇ ਮੋਟੇ ਜੁਰਮ ਕਰਨ ਦੀ ਪੈਦਾਇਸ਼ੀ ਆਦਤ ਇਧਰ ਆਏ ਭਈਆ ਵਿੱਚ ਵੀ ਸੀ। ਆਏ ਦਿਨ ਪੁਲਿਸ ਉਸਦੀ ਕਾਲੋਨੀ ਵਿੱਚ ਚੱਕਰ ਮਾਰਦੀ ਸੀ।

ਲੈ ਦੇ ਕਰਕੇ ਉਹ ਆਪਣੀ ਕਾਲੋਨੀ ਦੇ ਬੰਦਿਆਂ ਨੂੰ ਛੁਡਾ ਦਿੰਦਾ। ਪੁਲਿਸ ਉਸ ਦੀ ਕਦਰ ਕਰਨ ਲੱਗੀ। ਪੁਲਿਸ ਉਸਦੀ ਸਿਫਾਰਸ਼ ’ਤੇ ਫੁੱਲ ਚੜ੍ਹਾਉਣ ਲੱਗੀ।

ਫੈਕਟਰੀਆਂ ਦੇ ਮਾਲਕ ਅਤੇ ਮਜ਼ਦੂਰ ਰਾਮ ਲੁਭਾਇਆ ਨੂੰ ਗੁੰਡਾ ਸਮਝਦੇ ਸਨ।

ਰਾਮ ਲੁਭਾਇਆ ਆਪਣੇ ਆਪ ਨੂੰ ਗੁੰਡਾ ਨਹੀਂ ਸੀ ਸਮਝਦਾ। ਛੋਟੀਆਂ ਮੋਟੀਆਂ ਲੜਾਈਆਂ ਝਗੜੇ, ਮਾਰਕੁਟਾਈ ਅਤੇ ਚੋਰੀ ਯਾਰੀ ਉਨ੍ਹਾਂ ਦੀ ਬਰਾਦਰੀ ਦਾ ਖਾਸਾ ਸੀ । ਸ਼ਹਿਰ ਦੇ ਪੱਕੇ ਬਸ਼ਿੰਦਿਆਂ ਨਾਲ ਉਸਨੇ ਕਦੇ ਪੰਗਾ ਨਹੀਂ ਸੀ ਲਿਆ। ਉਸਦੇ ਆਪਣੇ ਦੇਸ਼ ਵਾਸੀਆਂ ਦਾ ਕੀ ਸੀ( ਮਿੱਟੀ ਦੇ ਡਲਿਆਂ ਵਰਗੇ ਸਨ। ਜਦੋਂ ਮਰਜ਼ੀ ਕੱਟ ਲਓ । ਸਵੇਰ ਨੂੰ ਆ ਕੇ ਪੈਰ ਫੜ ਲੈਂਦੇ ਸਨ। ਜਚ ਉਹ ਛੋਟਾ ਮੋਟਾ ਲੀਡਰ ਸੀ ਤਾਂ ਆਪਣੀ ਬਰਾਦਰੀ ਦਾ ਸੀ।

ਉਸਦੀ ਬਸਤੀ ਵਿਚ ਚੋਰੀਆਂ, ਖੋਹਾਂ ਕਰਨ ਵਾਲੇ ਕੁਝ ਭਈਏ ਵੀ ਰਹਿੰਦੇ ਸਨ।

ਰਾਮ ਲੁਭਾਇਆ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਦਾ ਪਤਾ ਤਾਂ ਸੀ ਪਰ ਉਹ ਕਦੇ ਉਨ੍ਹਾਂ ਦਾ ਹਿੱਸੇਦਾਰ ਨਹੀਂ ਸੀ ਬਣਿਆ।

ਮੁਜਰਮਾਨਾ ਵਾਰਦਾਤ ਕਰਨ ਦਾ ਇਹ ਉਸ ਦਾ ਪਹਿਲਾ ਮੌਕਾ ਸੀ।

ਇਹ ਵਾਕਾ ਉਸ ਨੇ ਆਪਣੇ ਭਤੀਜੇ ਪੰਡਿਤ ਦੀਆਂ ਗੱਲਾਂ ਵਿਚ ਆ ਕੇ ਕੀਤਾ ਸੀ।

ਨਸ਼ੇ ਦੀ ਲੱਤ ਨੇ ਪੰਡਿਤ ਨੂੰ ਭੈੜੀ ਸੰਗਤ ਵਿਚ ਪਾ ਦਿੱਤਾ ਸੀ। ਨਸ਼ਾ ਖਰੀਦਣ ਲਈ ਪਹਿਲਾਂ ਉਸਨੇ ਛੋਟੀਆਂ ਮੋਟੀਆਂ ਚੋਰੀਆਂ ਕੀਤੀਆਂ। ਚੋਰੀਆਂ ਵਿਚ ਮਿਲੀ ਕਾਮਯਾਬੀ ਤੋਂ ਉਤਸ਼ਾਹਿਤ ਹੋ ਕੇ ਉਹ ਰਾਤ ਬਰਾਤੇ ਸੜਕਾਂ ‘ਤੇ ਖੜੋ ਕੇ ਖੋਹਾਂ ਕਰਨ ਲੱਗਾ। ਇਕ ਦੋ ਵਾਰ ਫੜਿਆ ਗਿਆ। ਠੇਕੇਦਾਰ ਦਾ ਨਾਂ ਲੈ ਕੇ ਛੁੱਟਦਾ ਰਿਹਾ। ਪਿਛਲੇ ਕੁਝ ਅਰਸੇ ਤੋਂ ਉਸਨੇ ਬਟੂਏ ਖੋਹਣ ਅਤੇ ਚੈਨੀਆਂ ਝਪਟਣ ਦਾ ਕੰਮ ਫੜਿਆ ਹੋਇਆ ਸੀ। ਸ਼ਹਿਰ ਵਿਚ ਦਹਿਸ਼ਤ ਫੈਲੀ ਹੋਈ ਸੀ। ਪੁਲਿਸ ਨੂੰ ਚਿੰਤਾ ਲੱਗੀ ਹੋਈ ਸੀ।

ਰਾਮ ਲੁਭਾਇਆ ਨੂੰ ਉਸਦੇ ਇਸ ਕਾਰਨਾਮੇ ਦਾ ਪਤਾ ਉਸ ਸਮੇਂ ਲੱਗਾ ਜਦੋਂ ਗੁੰਡਾ ਸਟਾਫ਼ ਵਾਲੇ ਉਸ ਨੂੰ ਚੁੱਕ ਕੇ ਲੈ ਗਏ। ਉਸਨੇ ਕਈ ਵਾਰਦਾਤਾਂ ਮੰਨੀਆਂ ਅਤੇ ਕਈ ਸੁਨਿਆਰੇ ਫੜਾਏ।

ਚਾਰ ਮਹੀਨੇ ਦੀ ਕੈਦ ਕੱਟ ਕੇ ਉਹ ਹੁਣੇ ਬਾਹਰ ਆਇਆ ਸੀ। ਸੁਧਰਨ ਦੀ ਥਾਂ ਜੇਲ੍ਹ ਜਾ ਕੇ ਵਿਗੜ ਗਿਆ ਸੀ। ਪੇਸ਼ੇਵਰ ਮੁਜਰਮਾਂ ਨਾਲ ਉਸਦਾ ਸੰਬੰਧ ਹੋ ਗਿਆ ਸੀ।

ਜੇਲ੍ਹ ਬੈਠੇ ਕਿਸੇ ਉਸਤਾਦ ਨੇ ਉਸ ਲਈ ਇਸ ਸੁਪਾਰੀ ਦਾ ਪ੍ਰਬੰਧ ਕੀਤਾ ਸੀ। ਰਾਮ ਲੁਭਾਇਆ ਨੂੰ ਇਸ ਠੇਕੇ ਦਾ ਕੋਈ ਪਤਾ ਨਹੀਂ ਸੀ ਲਗਣਾ ਜੇ ਮਾਲਿਕ ਕਿਸੇ ਠੋਸ ਵਿਚੋਲੇ ਦੀ ਮੰਗ ਨਾ ਕਰਦੇ। ਉਨ੍ਹਾਂ ਨੇ ਇਸ ਕੰਮ ਦਾ ਇਕ ਲੱਖ ਰੁਪਇਆ ਦੇਣਾ ਸੀ।

ਇੰਨੀ ਰਕਮ ਕਿਸੇ ਚੋਰ ਉਚੱਕੇ ਨੂੰ ਨਹੀਂ ਸੀ ਦਿੱਤੀ ਜਾ ਸਕਦੀ। ਪੈਸੇ ਉਨ੍ਹਾਂ ਨੇ ਕਿਸੇ ਭਰੋਸੇਯੋਗ ਬੰਦੇ ਨੂੰ ਦੇਣੇ ਸਨ। ਇਕ ਸ਼ਰਤ ਉਨ੍ਹਾਂ ਦੀ ਹੋਰ ਸੀ। ਉਨ੍ਹਾਂ ਨੇ ਮੁਲਜ਼ਮਾਂ ਨੂੰ ਨਾ ਆਪਣੀ ਸ਼ਕਲ ਦਿਖਾਉਣੀ ਸੀ ਨਾ ਨਾਂ ਪਤਾ ਦੱਸਣਾ ਸੀ। ਇਹ ਜਾਣਕਾਰੀ ਕੇਵਲ ਵਿਚੋਲੇ ਕੋਲ ਹੋਣੀ ਚਾਹੀਦੀ ਸੀ।

ਭਤੀਜੇ ਦੇ ਕਾਰਨਾਮਿਆਂ ਤੋਂ ਚਾਚਾ ਅਤੇ ਚਾਚੇ ਦੀ ਟੋਕ ਟਕਾਈ ਤੋਂ ਭਤੀਜਾ ਦੁਖੀ ਸੀ। ਭਤੀਜੇ ਨੇ ਚਾਚੇ ਨਾਲ ਵਾਅਦਾ ਕੀਤਾ। ਉਸਨੂੰ ਚੋਖੀ ਰਕਮ ਮਿਲਣ ਵਾਲੀ ਸੀ। ਰਕਮ ਲੈ ਕੇ ਉਸਨੇ ਬੰਬੇ ਵਾਲੀ ਗੱਡੀ ਚੜ੍ਹ ਜਾਣਾ ਸੀ। ਮੁੜ ਉਸਨੇ ਮਾਇਆ ਨਗਰ ਵੱਲ ਮੂੰਹ ਨਹੀਂ ਸੀ ਕਰਨਾ।

ਚਾਚਾ ਕਈ ਦਿਨ ਸੋਚਦਾ ਰਿਹਾ। ਫਾਇਦੇ ਨੁਕਸਾਨ ਵਿਚਾਰਦਾ ਰਿਹਾ। ਠੇਕੇਦਾਰ ਨੂੰ ਇੱਕ ਫ਼ਾਇਦਾ ਇਹ ਹੋਣਾ ਸੀ ਕਿ ਉਸਦਾ ਨਿੱਤ ਦੇ ਕਲੇਸ਼ ਤੋਂ ਖਹਿੜਾ ਛੁੱਟ ਜਾਣਾ ਸੀ।

ਦੂਸਰਾ ਫ਼ਾਇਦਾ ਭਤੀਜੇ ਦਾ ਹੋਣਾ ਸੀ। ਸ਼ਾਇਦ ਉਹ ਸੁਧਰ ਜਾਵੇ। ਇੱਕ ਵਾਰ ਜੇ ਉਹ ਸੁੱਖ ਸਾਂਦ ਨਾਲ ਸ਼ਹਿਰੋਂ ਬਾਹਰ ਨਿਕਲ ਗਿਆ ਤਾਂ ਮੁੜ ਕੇ ਪੁਲਿਸ ਨੂੰ ਉਸਦਾ ਸੁਰਾਗ਼ ਨਹੀਂ ਸੀ ਲੱਭਣਾ। ਹਜ਼ਾਰਾਂ ਨਵੇਂ ਮਜ਼ਦੂਰ ਇਥੇ ਆਉਂਦੇ ਸਨ ਅਤੇ ਹਜ਼ਾਰਾਂ ਜਾਂਦੇ ਸਨ। ਕਿਸੇ ਦਾ ਪੱਕਾ ਠਿਕਾਣਾ ਨਹੀਂ ਸੀ। ਜਿਥੇ ਕੰਮ ਮਿਲ ਗਿਆ ਉਹੋ ਉਸਦਾ ਦੇਸ਼। ਇੱਕ ਵਾਰ ਘਰ ਛੱਡ ਕੇ ਗਏ ਮਜ਼ਦੂਰ ਦਾ ਥਾਂ ਠਿਕਾਣਾ ਸਕੇ ਸੰਬੰਧੀਆਂ ਨੂੰ ਪਤਾ ਨਹੀਂ ਚੱਲਦਾ। ਪੁਲਿਸ ਨੂੰ ਕਿਥੋਂ ਪਤਾ ਲੱਗਣਾ ਸੀ। ਅਜਿਹੇ ਬਥੇਰੇ ਭਈਆਂ ਬਾਰੇ ਠੇਕੇਦਾਰ ਨੂੰ ਪਤਾ ਸੀ, ਜਿਹੜੇ ਲੁੱਟਾਂ ਖੋਹਾਂ ਕਰਕੇ ਅਤੇ ਕੁੜੀਆਂ ਭਜਾ ਕੇ ਦੇਸ਼ ਮੁੜ ਗਏ ਸਨ। ਪੁਲਿਸ ਨੇ ਕਦੇ ਉਨ੍ਹਾਂ ਦੇ ਪਿੰਡਾਂ ਵੱਲ ਮੂੰਹ ਨਹੀਂ ਸੀ ਕੀਤਾ। ਇਥੇ ਡੰਡਾ ਖੜਕਾ ਕੇ ਮੁੜ ਜਾਇਆ ਕਰਦੇ ਸਨ। ਕੁੱਝ ਦੇਰ ਲਟਕ ਕੇ ਮਾਮਲਾ ਰਫ਼ਾ ਦਫ਼ਾ ਹੋ ਜਾਂਦਾ ਸੀ।

ਹਾਂ ਕਰਨ ਤੋਂ ਪਹਿਲਾਂ ਠੇਕੇਦਾਰ ਨੇ ਪੰਡਿਤ ਨੂੰ ਸ਼ਿਵ ਦਵਾਲੇ ਲਿਜਾ ਕੇ ਸਹੁੰ ਚੁਕਾਈ। ਮੁੜ ਕੇ ਨਾ ਉਹ ਕੋਈ ਜੁਰਮ ਕਰੇਗਾ ਅਤੇ ਨਾ ਮੁੜ ਮਾਇਆ ਨਗਰ ਵੱਲ ਮੂੰਹ ਕਰੇਗਾ।

ਪੱਕੇ ਪੈਰੀਂ ਹੋ ਕੇ ਠੇਕੇਦਾਰ ਨੇ ਮਾਲਕਾਂ ਨਾਲ ਗੱਲ ਕੀਤੀ।

ਮਾਲਕਾਂ ਨੇ ਕੀਤੇ ਜਾਣ ਵਾਲੇ ਜੁਰਮਾਂ ਅਤੇ ਉਸ ਬਦਲੇ ਦਿੱਤੀ ਜਾਣ ਵਾਲੀ ਰਕਮ ਦਾ ਵੇਰਵਾ ਦਿੱਤਾ। ਮੁਲਜ਼ਮਾਂ ਨੂੰ ਇੱਕ ਲੱਖ ਰੁਪਿਆ ਮਿਹਨਤਾਨਾ ਅਤੇ ਪੰਜ ਹਜ਼ਾਰ ਰੁਪਿਆ ਵਾਰਦਾਤ ਸਮੇਂ ਵਰਤੇ ਜਾਣ ਵਾਲੇ ਸਮਾਨ ਨੂੰ ਖਰੀਦਣ ਲਈ ਮਿਲਣਾ ਸੀ।

ਫੇਰ ਚਾਚੇ ਭਤੀਜੇ ਨੇ ਆਪਸ ਵਿੱਚ ਸ਼ਰਤਾਂ ਤੈਅ ਕੀਤੀਆਂ।

ਬਾਕੀ ਦੇ ਸਾਥੀਆਂ ਦਾ ਪ੍ਰਬੰਧ ਭਤੀਜੇ ਨੇ ਕਰਨਾ ਸੀ।

ਭਤੀਜੇ ਦੇ ਦੋ ਸਾਥੀਆਂ ਨੂੰ ਸੁਪਾਰੀ ਵਾਲੀ ਰਕਮ ਵਿਚੋਂ ਵੀਹ ਵੀਹ ਹਜ਼ਾਰ ਮਿਲਣਾ ਸੀ। ਕੋਠੀ ਵਿਚੋਂ ਮਿਲਣ ਵਾਲੀ ਨਕਦੀ ਅਤੇ ਸੋਨੇ ਵਿਚੋਂ ਤੀਜਾ ਹਿੱਸਾ। ਬਾਕੀ ਬਚਦੇ ਸੱਠ ਹਜ਼ਾਰ ਵਿਚੋਂ ਤੀਹ ਚਾਚੇ ਦਾ ਅਤੇ ਤੀਹ ਭਤੀਜੇ ਦਾ। ਲੁੱਟ ਦੇ ਬਾਕੀ ਬਚੇ ਸਮਾਨ ਵਿਚੋਂ ਅੱਧਾ ਚਾਚੇ ਦਾ ਅਤੇ ਅੱਧਾ ਭਤੀਜੇ ਦਾ।

ਅਸਲ ਯੋਜਨਾ ਤਹਿਤ ਠੇਕੇਦਾਰ ਦਾ ਕੰਮ ਮਾਲਕਾਂ ਅਤੇ ਮੁਲਜ਼ਮਾਂ ਵਿਚਕਾਰ ਕੜੀ ਬਨਣਾ ਸੀ। ਨਾ ਉਸਦੇ ਮੌਕੇ ਵਾਲੀ ਥਾਂ ’ਤੇ ਜਾਣਾ ਸੀ, ਨਾ ਵਾਰਦਾਤ ਵਿੱਚ ਹਿੱਸਾ ਲੈਣਾ ਸੀ।

ਠੇਕੇਦਾਰ ਦੀ ਮਾਇਆ ਨਗਰ ਵਿੱਚ ਚੰਗੀ ਸਰਦਾਰੀ ਸੀ। ਹੁਣ ਉਹ ਇਸ ਸ਼ਹਿਰ ਦਾ ਬਾਸ਼ਿੰਦਾ ਬਣ ਗਿਆ ਸੀ। ਬੱਚੇ ਸਕੂਲ ਪੜ੍ਹਨ ਪੈ ਗਏ ਸਨ। ਘਰ, ਪਲਾਟ, ਮੋਟਰ ਸਾਈਕਲ ਅਤੇ ਫ਼ੋਨ ਸਭ ਸਹੂਲਤਾਂ ਉਸ ਕੋਲ ਸਨ। ਪਿੱਛੇ ਪਿੰਡ ਉਹ ਚੌਧਰੀ ਅਤੇ ਸ਼ਾਹੂਕਾਰ ਅਖਵਾਉਣ ਲੱਗਾ ਸੀ। ਕੋਲਿਆਂ ਦੀ ਦਲਾਲੀ ਤੋਂ ਉਸਨੇ ਕੀ ਲੈਣਾ ਸੀ।

ਪਰ ਭਤੀਜੇ ਦੇ ਜ਼ੋਰ ਦੇਣ ’ਤੇ ਜਦੋਂ ਉਸ ਨੇ ਵਾਰਦਾਤ ਵਾਲੀ ਕੋਠੀ ਦਾ ਜਾਇਜ਼ਾ ਲਿਆ ਤਾਂ ਉਸਦੇ ਮੂੰਹ ਵਿੱਚ ਪਾਣੀ ਆ ਗਿਆ। ਕੋਠੀ ਚੰਗੇ ਸੇਠ ਦੀ ਸੀ। ਚੰਗਾ ਮਾਲ ਹੱਥ ਲੱਗਣ ਦੀ ਸੰਭਾਵਨਾ ਸੀ। ਜੁਰਮ ਬਹੁਤੇ ਸੰਗੀਨ ਨਹੀਂ ਸਨ ਕੀਤੇ ਜਾਣੇ। ਘਰ ਦੇ ਮੈਂਬਰਾਂ ਨੂੰ ਥੋੜ੍ਹੀ ਕੁੱਟ ਚਾੜ੍ਹਨੀ ਸੀ। ਕੁੜੀ ਦੀ ਬੇਇਜ਼ਤੀ ਕਰਨੀ ਸੀ।

ਠੇਕੇਦਾਰ ਬਹੁਤ ਅਜਿਹੇ ਭਈਆਂ ਨੂੰ ਜਾਣਦਾ ਸੀ ਜਿਹੜੇ ਕਾਲੇ ਕੱਛਿਆਂ ਵਾਲੇ ਬਣ ਕੇ ਲੁੱਟਾਂ ਖੋਹਾਂ ਕਰਦੇ ਸਨ। ਸੌ ਚੋਂ ਮਸਾਂ ਪੰਜ ਚਾਰ ਫੜੇ ਜਾਂਦੇ ਸਨ। ਬਾਕੀ ਕੇਸ ਰਫ਼ਾ ਦਫ਼ਾ ਹੋ ਜਾਂਦੇ ਸਨ।

ਡੋਲਦੇ ਮਨ ਨਾਲ ਚਾਚੇ ਨੇ ਭਤੀਜੇ ਦੀ ਇਹ ਜ਼ਿੱਦ ਵੀ ਪੁਗਾ ਦਿੱਤੀ।

ਆਖ਼ਰੀ ਵਕਤ ਤਕ ਠੇਕੇਦਾਰ ਦਾ ਕੋਠੀ ਅੰਦਰ ਜਾਣ ਦਾ ਕੋਈ ਇਰਾਦਾ ਨਹੀਂ ਸੀ। ਉਸਨੇ ਬਾਹਰ ਰਹਿ ਕੇ ਖ਼ਤਰਿਆਂ ਨੂੰ ਭਾਂਪਨਾ ਸੀ ਅਤੇ ਲੋੜ ਪੈਣ ’ਤੇ ਅੰਦਰਲਿਆਂ ਨੂੰ ਸੂਚਿਤ ਕਰਨਾ ਸੀ।

ਉਸਦਾ ਦੂਸਰਾ ਕੰਮ ਵਾਰਦਾਤ ਤੋਂ ਬਾਅਦ ਮਾਲ ਅਤੇ ਬੰਦਿਆਂ ਨੂੰ ਸਹੀ ਥਾਂ ਪੁੱਜਦੇ ਕਰਨਾ ਸੀ।

ਰਾਮ ਲੁਭਾਇਆ ਨੂੰ ਹਥਿਆਰ, ਬੈਗ, ਦਸਤਾਨੇ, ਕਾਲੇ ਕੱਪੜੇ ਅਤੇ ਕਾਲੀਆਂ ਐਨਕਾਂ ਖਰੀਦਣ ਲਈ ਪੰਜ ਹਜ਼ਾਰ ਰੁਪਏ ਮਿਲੇ ਸਨ। ਕੱਪੜੇ ਵਾਰਦਾਤ ਬਾਅਦ ਸਾੜ ਦਿੱਤੇ ਜਾਣੇ ਸਨ। ਫੇਰ ਨਵੇਂ ਕਿਉਂ ਖਰੀਦੇ ਜਾਣ? ਉਸਨੇ ਕਬਾੜੀ ਦੀ ਦੁਕਾਨ ਤੋਂ ਪੁਰਾਣੇ ਕੱਪੜੇ ਖਰੀਦ ਲਏ। ਚਾਕੂ, ਛੁਟੇ ਖਰੀਦਣ ਦੀ ਜ਼ਰੂਰਤ ਨਹੀਂ ਸੀ। ਕਿਸੇ ਦਾ ਕਤਲ ਥੋੜ੍ਹਾ ਕਰਨਾ ਸੀ। ਭੰਨ ਤੋੜ ਲਈ ਦੋ ਲੋਹੇ ਦੇ ਰਾਡ ਬਥੇਰੇ ਸਨ। ਰਾਡ ਅਤੇ ਬੈਗ ਉਹ ਮਾਲਕਾਂ ਦੀ ਫੈਕਟਰੀਉਂ ਚੁੱਕ ਲਿਆਇਆ। ਪੰਜ ਹਜ਼ਾਰ ਵਿਚੋਂ ਪੰਜ ਸੌ ਖਰਚ ਹੋਇਆ। ਪੰਤਾਲੀ ਸੌ ਬਚ ਗਿਆ। ਇਸ ਸ਼ੁਭ ਮਹੂਰਤ ’ਤੇ ਰਾਮ ਲੁਭਾਇਆ ਡਾਢਾ ਖੁਸ਼ ਹੋਇਆ ਸੀ।

ਭਤੀਜੇ ਦੇ ਸਾਥੀਆਂ ਨੂੰ ਮਿਲ ਕੇ ਚਾਚੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ।

ਇਹ ਤੇ ਖੂੰਖਾਰ ਮੁਲਜ਼ਮ ਸਨ। ਆਉਣਾ ਦੋ ਨੇ ਸੀ, ਆਏ ਤਿੰਨ ਸਨ। ਇੱਕ ਛੋਟੀ ਉਮਰ ਦਾ ਸੀ। ਕਹਿੰਦੇ ਉਹ ਨਵਾਂ ਚੇਲਾ ਮੁੰਨਿਆ ਸੀ। ਪਹਿਲੀ ਵਾਰ ਕੰਮ ’ਤੇ ਆਇਆ ਸੀ।

ਠੇਕੇਦਾਰ ਦਾ ਮੱਥਾ ਠਣਕਿਆ। ਭਤੀਜਾ ਆਪਣੇ ਉਸਤਾਦ ਦੀ ਚਾਲ ਵਿੱਚ ਫਸ ਗਿਆ ਸੀ। ਭਤੀਜੇ ਨੇ ਉਨ੍ਹਾਂ ਨੂੰ ਨਾਲ ਨਹੀਂ ਸੀ ਰਲਾਇਆ। ਉਨ੍ਹਾਂ ਨੇ ਭਤੀਜੇ ਨੂੰ ਨਾਲ ਰਲਾਇਆ ਸੀ। ਸੁਪਾਰੀ ਦੀਆਂ ਸ਼ਰਤਾਂ ਮੁਤਾਬਕ ਘਰ ਵਾਲਿਆਂ ਨੂੰ ਮਾਮੂਲੀ ਸੱਟਾਂ ਮਾਰੀਆਂ ਜਾਣੀਆਂ ਸਨ। ਪਰ ਪੰਡਿਤ ਦੇ ਸਾਥੀ ਕਤਲ ਦੀ ਤਿਆਰੀ ਕਰਕੇ ਆਏ ਸਨ।

ਉਨ੍ਹਾਂ ਕੋਲ ਦੋ ਹੱਥ ਲੰਬੇ ਛੁਰੇ ਅਤੇ ਤੇਜ਼ਧਾਰ ਚਾਕੂ ਸਨ। ਪਲਾਸ, ਪੇਚਕਸ ਅਤੇ ਹੋਰ ਨਿਕ ਸੁਕ ਤੋਂ ਇਲਾਵਾ ਉਨ੍ਹਾਂ ਕੋਲ ਸੇਫ਼ ਅਤੇ ਅਲਮਾਰੀਆਂ ਦੇ ਜਿੰਦੇ ਖੋਲ੍ਹਣ ਵਾਲੀ ਮਾਸਟਰ ਕੀ ਵੀ ਸੀ।

ਰਾਮ ਲੁਭਾਇਆ ਦਾ ਮਨ ਉਸਨੂੰ ਲਾਹਨਤਾਂ ਪਾਉਣ ਲੱਗਾ। ਉਸਨੂੰ ਲੱਗਾ ਉਹ ਅਤੇ ਉਸਦਾ ਭਤੀਜਾ ਕਿਸੇ ਗਹਿਰੀ ਸਾਜ਼ਸ਼ ਦਾ ਸ਼ਿਕਾਰ ਹੋ ਗਏ ਹਨ। ਹੱਥਕੜੀਆਂ ਲੱਗਣ ਹੀ ਵਾਲੀਆਂ ਸਨ। ਪਰ ਹੁਣ ਪਿੱਛੇ ਵੀ ਨਹੀਂ ਸੀ ਹਟਿਆ ਜਾ ਸਕਦਾ।

ਮਜਬੂਰੀ ਵੱਸ ਉਸਨੂੰ ਵੀ ਕੋਠੀ ਦੀ ਕੰਧ ਟੱਪਣੀ ਪੈ ਗਈ।

ਅੰਦਰ ਉਹੋ ਹੋਇਆ ਜਿਸਦਾ ਰਾਮ ਲੁਭਾਇਆ ਨੂੰ ਡਰ ਸੀ।

ਅਲਮਾਰੀ ਦੀਆਂ ਚਾਬੀਆਂ ਦੇਣ ਤੋਂ ਥੋੜ੍ਹੀ ਜਿਹੀ ਨਾਂਹ ਨੁਕਰ ਕਰਨ ਉਪਰ ਹੀ ਪੰਡਿਤ ਨੇ ਮਾਲਕਣ ਦੇ ਸਿਰ ਵਿੱਚ ਰਾਡ ਜੜ ਦਿੱਤੀ। ਉਹ ਭੁਆਟਣੀ ਖਾ ਕੇ ਜ਼ਮੀਨ ‘ਤੇ ਡਿੱਗ ਪਈ।

ਘਰਵਾਲੀ ਦੀ ਦੁਰਦਸ਼ਾ ਦੇਖ ਕੇ ਜਦੋਂ ਮਾਲਕ ਸਭ ਕੁੱਝ ਹਵਾਲੇ ਕਰਨ ਲਈ ਸਹਿਮਤ ਹੋ ਗਿਆ ਸੀ ਫੇਰ ਉਸ ਦੀਆਂ ਟੰਗਾਂ ਬਾਹਾਂ ਤੋੜਨ ਦੀ ਕੀ ਜ਼ਰੂਰਤ ਸੀ?

ਸਮਾਨ ਲੁੱਟਣ ਦੀ ਥਾਂ ਦੀਨਾ ਕੁੜੀ ਦੇ ਬੈਡਰੂਮ ਵਿੱਚ ਘੁਸ ਗਿਆ। ਛੋਟੇ ਕੱਪੜਿਆਂ ਵਿੱਚ ਅੱਧਨੰਗੀ ਪਈ ਕੁੜੀ ਦੇਖ ਕੇ ਉਸਦਾ ਮਨ ਮਚਲ ਗਿਆ। ਉਹ ਉਸ ਉਪਰ ਕੁੱਤਿਆਂ ਵਾਂਗ ਝੱਪਟ ਪਿਆ।

ਭੈਣ ਦਾ ਚੀਕ ਚਿਹਾੜਾ ਸੁਣ ਕੇ ਭਰਾ ਦੀ ਅੱਖ ਖੁੱਲ੍ਹ ਗਈ। ਉਹ ਕੁੜੀ ਦੇ ਬੈਡਰੂਮ ਵਿੱਚ ਜਾ ਕੇ ਦੀਨੇ ਨੂੰ ਧੂਹਣ ਲੱਗਾ।

ਪੰਚਮ ਨੇ ਉਸ ਨੂੰ ਘੜੀਸ ਕੇ ਲਾਬੀ ਵਿੱਚ ਲੈ ਆਂਦਾ। ਠੇਕੇਦਾਰ ਦੇ ਰੋਕਦੇ ਰੋਕਦੇ ਛੁਰਾ ਉਸਦੇ ਢਿੱਡ ਵਿੱਚ ਖੋਭ ਦਿੱਤਾ।

ਰਾਮ ਲੁਭਾਇਆ ਉਨ੍ਹਾਂ ਦੀਆਂ ਮਿੰਨਤਾਂ ਕਰਦਾ ਰਿਹਾ। ਪਹਿਲਾਂ ਮਾਲਕਾਂ ਨੂੰ ਨਾਲ ਲੈ ਕੇ ਸੋਨਾ ਚਾਂਦੀ ਲੈ ਲਵੋ। ਕਿਸੇ ਨੇ ਉਸਦੀ ਇੱਕ ਨਾ ਸੁਣੀ। ਲਗਦਾ ਸੀ ਉਨ੍ਹਾਂ ਨੂੰ ਪੈਸੇ ਧੇਲੇ ਵਿੱਚ ਘੱਟ ਅਤੇ ਕੁੱਟਮਾਰ ਵਿੱਚ ਜ਼ਿਆਦਾ ਦਿਲਚਸਪੀ ਸੀ।

ਜਦੋਂ ਸਾਰੇ ਮੈਂਬਰ ਬੇਹੋਸ਼ ਹੋ ਗਏ ਤਾਂ ਬਹੁਤ ਕੁੱਝ ਪੱਲੇ ਵੀ ਨਾ ਪਿਆ। ਜੋ ਜਿਸ ਦੇ ਹੱਥ ਆਇਆ ਲੈ ਕੇ ਦੌੜ ਪਿਆ।

ਕਾਲੀਏ ਨੇ ਇੱਕ ਰੰਗਦਾਰ ਟੀ.ਵੀ.ਚਾਦਰ ਵਿੱਚ ਲਪੇਟ ਲਿਆ। ਦੀਨੇ ਨੇ ਟੇਪਰਿਕਾਰਡਰ ਅਤੇ ਵੀ.ਸੀ.ਆਰ.ਸਮੇਟ ਲਿਆ। ਪੰਡਿਤ ਨੇ ਇੱਕ ਅਲਮਾਰੀ ਵਿੱਚ ਪਈਆਂ ਸਾੜ੍ਹੀਆਂ, ਸੂਟ ਅਤੇ ਹੋਰ ਨਿੱਕ ਸੁੱਕ ਨੂੰ ਇਕੱਠਾ ਕੀਤਾ ਅਤੇ ਗਠੜੀ ਵਿੱਚ ਬੰਨ੍ਹ ਲਿਆ। ਕੁੱਝ ਨਕਦੀ ਅਤੇ ਗਹਿਣੇ ਰਾਮ ਲੁਭਾਇਆ ਦੇ ਹੱਥ ਲਗ ਗਏ।

ਆਪਣੇ ਹਿੱਸੇ ਦਾ ਸਮਾਨ ਲੈ ਕੇ ਪੰਡਿਤ ਦੇ ਸਾਥੀ ਮੌਕੇ ਵਾਲੀ ਥਾਂ ਤੋਂ ਹੀ ਆਪਣੇ ਰਾਹ ਪੈ ਗਏ। ਪੰਡਿਤ ਆਪਣੇ ਕੁਆਟਰ ਚਲਾ ਗਿਆ।

ਸਾਰਾ ਦਿਨ ਰਾਮ ਲੁਭਾਇਆ ਆਪਣੇ ਘਰ ਛੁਪਿਆ ਰਿਹਾ। ਕਦੇ ਉਸ ਨੂੰ ਗ੍ਰਿਫ਼ਤਾਰ ਹੋਣ ਦਾ ਡਰ ਲਗਦਾ। ਕਦੇ ਹੱਥ ਲੱਗੇ ਮਾਲ ਨੂੰ ਦੇਖ ਕੇ ਖੁਸ਼ੀ ਹੁੰਦੀ।

ਠੇਕੇਦਾਰ ਸੋਚ ਰਿਹਾ ਸੀ। ਭਤੀਜੇ ਦੇ ਸਾਥੀ ਮੌਕੇ ’ਤੇ ਹੀ ਛਾਈਂ ਮਾਈਂ ਹੋ ਗਏ ਸਨ। ਭਤੀਜਾ ਕਦੋਂ ਦਾ ਬੰਬੇ ਵਾਲੀ ਗੱਡੀ ਚੜ੍ਹ ਚੁੱਕਾ ਹੋਣਾ ਹੈ। ਰਾਮ ਲੁਭਾਇਆ ਦਾ ਨਾਂ ਕਿਸ ਨੇ ਲੈਣਾ ਹੈ?

ਡਰ ਅਤੇ ਖੁਸ਼ੀ ਦੀ ਖਿਚੋਤਾਣ ਵਿੱਚ ਫਸਿਆ ਰਾਮ ਲੁਭਾਇਆ ਸਵੇਰ ਤੋਂ ਅੰਗਰੇਜ਼ੀ ਸ਼ਰਾਬ ਪੀ ਰਿਹਾ ਸੀ। ਉਹ ਸ਼ਰਾਬ ਗਮ ਗਲਤ ਕਰਨ ਲਈ ਪੀ ਰਿਹਾ ਸੀ ਜਾਂ ਖੁਸ਼ੀ ਮਨਾਉਣ ਲਈ, ਇਸਦੀ ਸੂਹ ਸੂਹੀਆਂ ਨੂੰ ਨਹੀਂ ਸੀ ਮਿਲ ਸਕੀ।

ਸਾਦੇ ਕੱਪੜਿਆਂ ਵਿੱਚ ਖੁਫ਼ੀਆ ਵਿਭਾਗ ਦੇ ਕਰਮਚਾਰੀਆਂ ਨੇ ਉਸਦੇ ਘਰ ਨੂੰ ਘੇਰਾ ਪਾਇਆ ਹੋਇਆ ਸੀ। ਉਨ੍ਹਾਂ ਨੂੰ ਪੁਲਿਸ ਕਪਤਾਨ ਦੇ ਅਗਲੇ ਹੁਕਮਾਂ ਦੀ ਉਡੀਕ ਸੀ।

ਖੁਫ਼ੀਆ ਵਿਭਾਗ ਦੀ ਕਾਰਗੁਜ਼ਾਰੀ ’ਤੇ ਕਪਤਾਨ ਦਾ ਮਨ ਗਦਗਦ ਹੋ ਗਿਆ।

ਮਨ ਹੀ ਮਨ ਖੁਫ਼ੀਆ ਵਿਭਾਗ ਦੇ ਜਵਾਨਾਂ ਨੂੰ ਸਲੂਟ ਮਾਰਕੇ ਕਪਤਾਨ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ।

“ਹੁਣ ਉਡੀਕ ਕਿਸਦੀ ਹੈ? ਤੁਰੰਤ ਕਾਰਵਾਈ ਕਰੋ।”

ਖੁਸ਼ੀ ਚ ਝੂਮਦੇ ਕਪਤਾਨ ਨੇ ਜਵਾਨਾਂ ਨੂੰ ਹੁਕਮ ਸੁਣਾਇਆ।

ਇੱਕ ਤਾੜਨਾ ਵੀ ਕੀਤੀ। ਰਾਮ ਲੁਭਾਇਆ ਦੀ ਗ੍ਰਿਫ਼ਤਾਰੀ ਦਾ ਅਸਲ ਕਾਰਨ ਗੁਪਤ ਰੱਖਿਆ ਜਾਵੇ।

Additional Info

  • Writings Type:: A single wirting
Read 3163 times Last modified on Friday, 27 April 2018 01:39