You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - ਕਾਂਡ 40-49

ਲੇਖ਼ਕ

Friday, 27 April 2018 01:53

ਕੌਰਵ ਸਭਾ - ਕਾਂਡ 40-49

Written by
Rate this item
(0 votes)

-40-

 

ਰਸਤੇ ਵਿੱਚ ਪ੍ਰਤਾਪ ਸਿੰਘ ਦਾ ਫ਼ੋਨ ਆ ਗਿਆ। ਉਹ ਵਾਸੂਦੇਵਾ ਵਕੀਲ ਦੀ ਕੋਠੀ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ।

ਵਾਸੂਦੇਵਾ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

ਪ੍ਰਤਾਪ ਸਿੰਘ ਦੂਜੀ ਮੰਜ਼ਲ ਉਪਰ ਬਣੇ ਗੈਸਟ ਹਾਊਸ ਵਿੱਚ ਬੈਠਾ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਪੰਕਜ ਨੂੰ ਸਾਹਿਬ ਕੋਲ ਪਹੁੰਚਾਇਆ ਗਿਆ।

ਸਭ ਕੋਲ ਸਮਾਂ ਘੱਟ ਸੀ। ਬਾਕੀ ਦੇ ਸਾਥੀਆਂ ਨੂੰ ਵਾਸੂਦੇਵਾ ਦੇ ਦਫ਼ਤਰ ਬੈਠਾਇਆ ਗਿਆ। ਜਿੰਨਾ ਚਿਰ ਸਾਹਿਬ ਅਤੇ ਪੰਕਜ ਵਿਚਕਾਰ ਗੱਲਬਾਤ ਹੋਵੇ ਉਨਾ ਚਿਰ ਸਿੰਗਲਾ ਵਾਸੂਦੇਵਾ ਨੂੰ ਕੇਸ ਸਮਝਾਵੇ। ਦਰਖ਼ਾਸਤ ਲਿਖਾਉਣ ਵਿੱਚ ਉਸਦੀ ਮਦਦ ਕਰੇ।

ਪ੍ਰਤਾਪ ਸਿੰਘ ਜਿਸ ਕਮਰੇ ਵਿੱਚ ਬੈਠਾ ਸੀ, ਉਥੇ ਕੇਵਲ ਛੇ ਬੰਦਿਆਂ ਦੇ ਬੈਠਣ ਦਾ ਇੰਤਜ਼ਾਮ ਸੀ। ਦੋ ਦੋ ਸੀਟਾਂ ਵਾਲੇ ਦੋ ਸੋਫ਼ੇ ਆਹਮਣੇ ਸਾਹਮਣੇ ਪਏ ਸਨ। ਵਿਚਕਾਰ ਇੱਕ ਟੇਬਲ ਸੀ। ਸਾਈਡਾਂ ਉਪਰ ਦੋ ਪੁਰਾਣੇ ਜ਼ਮਾਨੇ ਦੀਆਂ ਟਾਹਲੀ ਦੀਆਂ ਕੁਰਸੀਆਂ ਪਈਆਂ ਸਨ। ਕਮਰੇ ਵਿੱਚ ਇੰਨੀ ਕੁ ਰੋਸ਼ਨੀ ਸੀ ਕਿ ਮੁਸ਼ਕਲ ਨਾਲ ਇੱਕ ਦੂਜੇ ਦੇ ਚਿਹਰੇ ਪਹਿਚਾਣ ਵਿੱਚ ਆਉਂਦੇ ਸਨ।

ਸੈਂਟਰ ਟੇਬਲ ਉਪਰ ਪਏ ਨਿੱਕ ਸੁੱਕ ਤੋਂ ਲੱਗਦਾ ਸੀ ਜਿਵੇਂ ਵਿਸਕੀ ਦਾ ਦੌਰ ਚੱਲ ਰਿਹਾ ਸੀ।

ਪ੍ਰਤਾਪ ਸਿੰਘ ਨੇ ਖੜ੍ਹਾ ਹੋ ਕੇ ਪੰਕਜ ਦਾ ਸਵਾਗਤ ਕੀਤਾ। ਆਪਣੇ ਨਾਲ ਵਾਲੀ ਕੁਰਸੀ ’ਤੇ ਉਸਨੂੰ ਬੈਠਾਇਆ। ਖ਼ੁਦ ਪੈਗ ਬਣਾ ਕੇ ਉਸਨੂੰ ਪੇਸ਼ ਕੀਤਾ।

“ਮੈਨੂੰ ਅਫ਼ਸੋਸ ਹੈ ਆਪਾਂ ਸੈਸ਼ਨ ਕੋਰਟ ਵਿੱਚ ਕਾਮਯਾਬ ਨਹੀਂ ਹੋ ਸਕੇ। ਮੈਂ ਕੋਸ਼ਿਸ਼ ਕੀਤੀ ਸੀ ਪਰ ਕਿਸੇ ਨੇ ਪੈਰ ਨਾ ਲਾਏ।”

ਪ੍ਰਤਾਪ ਸਿੰਘ ਨੇ ਹੇਠਾਂ ਹੋਈ ਅਸਫ਼ਲਤਾ ’ਤੇ ਅਫ਼ਸੋਸ ਪ੍ਰਗਟ ਕੀਤਾ।

“ਬੱਸ ਹੁਣ ਤੁਹਾਡੇ ਰੱਖਣ ਦੇ ਹਾਂ,”

ਪੰਕਜ ਨੇ ਪ੍ਰਤਾਪ ਸਿੰਘ ਦੇ ਗੋਡੇ ਹੱਥ ਲਾ ਕੇ ਲੇਲ੍ਹੜੀ ਕੱਢੀ।

“ਤੂੰ ਪਰਵਾਹ ਨਾ ਕਰ ਪੁੱਤਰਾ। ਦੇਖੀਂ ਇਥੇ ਆਪਾਂ ਕਿਸ ਤਰ੍ਹਾਂ ਚੱਕਰੀ ਘੁਮਾਵਾਂਗੇ।

ਜ਼ਮਾਨਤਾਂ ਸੁਣਨ ਵਾਲੇ ਬੈਂਚ ਵਿੱਚ ਜਿਹੜੇ ਦੋ ਜੱਜ ਬੈਠੇ ਹਨ ਉਹ ਦੋਵੇਂ ਮੇਰੇ ਯਾਰ ਹਨ। ਆਪਾਂ ਦੋਹਾਂ ਨੂੰ ਇਥੇ ਬੁਲਾ ਸਕਦੇ ਹਾਂ। ਕੰਮ ਹੋ ਜਾਣ, ਦੇ ਫੇਰ ਤੇਰੇ ਨਾਲ ਪਿਆਵਾਂਗਾ।”

“ਸਾਡੀ ਡੋਰ ਹੁਣ ਤੁਹਾਡੇ ਹੱਥ ਹੈ।”

“ਇਹ ਦੱਸੋ ਕੋਈ ਵਕੀਲ ਤਾਂ ਨਹੀਂ ਕੀਤਾ?”

“ਨਹੀਂ ਸਰ! ਤੁਹਾਡੇ ਪੁੱਛੇ ਬਿਨਾਂ ਥੋੜ੍ਹਾ ਕਰਨਾ ਸੀ।”

“ਗੁੱਡ! ਵਕੀਲ ਆਪਾਂ ਵਾਸੂਦੇਵਾ ਨੂੰ ਕਰਾਂਗੇ। ਇਹ ਲਾਅ ਮਨਿਸਟਰ ਦਾ ਸਕਾ ਭਾਣਜਾ ਹੈ। ਇਸ ਦੀ ਭੂਆ ਦਾ ਦਿਉਰ ਸੁਪਰੀਮ ਕੋਰਟ ਦਾ ਜੱਜ ਹੈ। ਦੋਵੇਂ, ਮਹੀਨੇ ਦੋ ਮਹੀਨੇ ਬਾਅਦ ਇਥੇ ਚੱਕਰ ਮਾਰਦੇ ਹਨ। ਜੱਜ ਇਸ਼ਾਰਾ ਸਮਝ ਜਾਂਦੇ ਹਨ। ਕਿਸੇ ਦੀ ਇਸ ਤੋਂ ਬਾਹਰ ਜਾਣ ਦੀ ਜੁਅਰਤ ਨਹੀਂ ਪੈਂਦੀ। ਇਸ ਵਕੀਲ ਨਾਲ ਮੇਰੀ ਬੁੱਕਲ ਸਾਂਝੀ ਹੈ। ਹਰ ਵਕੀਲ ਨੂੰ ਅਸੀਂ ਅੰਦਰਲੀ ਗੱਲ ਨਹੀਂ ਦੱਸ ਸਕਦੇ। ਮੈਂ ਸਾਲ ਦੇ ਅੰਦਰ ਅੰਦਰ ਹਾਈ ਕੋਰਟ ਦਾ ਜੱਜ ਬਣ ਜਾਣਾ ਹੈ। ਬਹੁਤੇ ਵਕੀਲਾਂ ਨਾਲ ਬੁੱਕਲ ਸਾਂਝੀ ਹੋ ਜਾਵੇ, ਉਹ ਪਿਛੋਂ ਬਲੈਕ ਮੇਲ ਕਰਦੇ ਹਨ। ਇਹ ਵਕੀਲ ਹਰ ਪੱਖੋਂ ਠੀਕ ਰਹੇਗਾ।”

“ਜਿਵੇਂ ਤੁਹਾਡੀ ਮਰਜ਼ੀ।”

“ਆਪਾਂ ਇਥੇ ਬਹੁਤੀ ਦੇਰ ਨਹੀਂ ਬੈਠ ਸਕਦੇ। ਇਥੇ ਕਈ ਜੱਜ ਇਸਨੂੰ ਮਿਲਣ ਆਉਂਦੇ ਰਹਿੰਦੇ ਹਨ। ਅੱਠ ਵਜੇ ਮੈਂ ਕਲੱਬ ਜਾਣਾ ਹੈ। ਮੇਰਾ ਤੇਰੇ ਵਾਲੇ ਜੱਜਾਂ ਨਾਲ ਸਮਾਂ ਮਿਲਾਇਆ ਹੋਇਐ। ਆਪਾਂ ਉਨ੍ਹਾਂ ਨੂੰ ਬਹੁਤ ਇੰਤਜ਼ਾਰ ਨਹੀਂ ਕਰਾਉਣਾ। ਵਾਸੂਦੇਵਾ ਨੂੰ ਮੈਂ ਕੰਮ ਸਮਝਾ ਦਿੱਤਾ ਹੈ। ਕੰਮ ਹੋਣਾ ਹੈ ਮੇਰੀ ਸਿਫਾਰਸ਼ ਨਾਲ ਜਾਂ ਤੇਰੀ ਮਾਇਆ ਨਾਲ। ਫੇਰ ਆਪਾਂ ਬਹੁਤੇ ਵੱਡੇ ਵਕੀਲਾਂ ਦੇ ਘਰ ਕਿਉਂ ਭਰੀਏ?”

“ਠੀਕ ਕਹਿੰਦੇ ਹੋ ਸਰ!”

“ਕਿੰਨੇ ਪੈਸਿਆਂ ਦਾ ਇੰਤਜ਼ਾਮ ਕਰਕੇ ਲਿਆਂਦਾ ਹੈ?”

ਪਹਿਲਾ ਪੈੱਗ ਖ਼ਤਮ ਕਰਕੇ ਦੂਜਾ ਪੈੱਗ ਤਿਆਰ ਕਰਦੇ ਪ੍ਰਤਾਪ ਸਿੰਘ ਨੇ ਪੰਕਜ ਕੋਲੋਂ ਪੁੱਛਿਆ, “ਇਕ ਪੇਟੀ ਮੇਰੇ ਕੋਲ ਹੈ। ਪੈਸਿਆਂ ਦੀ ਕੋਈ ਸਮੱਸਿਆ ਨਹੀਂ। ਇਥੇ ਮੇਰੇ ਕਈ ਰਿਸ਼ਤੇਦਾਰ ਰਹਿੰਦੇ ਹਨ।”

“ਬਹੁਤ ਹਨ। ਅੱਜ ਦਾ ਕੰਮ ਸਰ ਜਾਏਗਾ। ਪਚਵੰਜਾ ਹਜ਼ਾਰ ਆਪਾਂ ਵਾਸੂਦੇਵਾ ਨੂੰ ਦੇਵਾਂਗੇ। ਸਭ ਕੁੱਝ ਮਿਲਾ ਕੇ। ਮੁਨਸ਼ੀਆਨਾ, ਟਾਇਪ ਸਭ ਮਿਲਾ ਕੇ। ਇੰਨੇ ਪੈਸੇ ਤੂੰ ਫੜਾ ਦੇਈਂ। ਵੱਧ ਮੰਗੇ ਆਖ ਦੇਈਂ ਸਾਹਿਬ ਦਾ ਇਹੋ ਹੁਕਮ ਹੈ।”

“ਜਿਵੇਂ ਤੁਹਾਡਾ ਹੁਕਮ।”

ਅੱਗੇ ਕੀ ਵਿਚਾਰ ਹੈ? ਜੱਜਾਂ ਨਾਲ ਗੱਲ ਕਰਨੀ ਹੈ?”

“ਜਿਵੇਂ ਤੁਸੀਂ ਠੀਕ ਸਮਝੋ। ਸਾਨੂੰ ਮਤਲਬ ਕੰਮ ਤਕ ਹੈ। ਜਿਸ ਤਰ੍ਹਾਂ ਹੁੰਦਾ ਹੈ ਉਸੇ ਤਰ੍ਹਾਂ ਕਰਾਓ।”

“ਦੇਖ! ਬੈਂਚ ਵਿੱਚ ਦੋ ਜੱਜ ਬੈਠਦੇ ਹਨ। ਜੂਨੀਅਰ ਜੱਜ ਨਾਲ ਮੇਰੀ ਬਹੁਤ ਬਣਦੀ ਹੈ। ਉਸਨੂੰ ਮੈਂ ਜੋ ਦੇ ਦੇਵਾਂਗਾ, ਲੈ ਲਏਗਾ। ਉਸਨੂੰ ਆਪਾਂ ਇੱਕ ਪੇਟੀ ਦੇਵਾਂਗੇ। ਸੀਨੀਅਰ ਨਾਲ ਉਹ ਆਪੇ ਗੱਲ ਕਰੇਗਾ। ਵੱਧੋ ਵੱਧ ਇੱਕ ਪੇਟੀ ਸੀਨੀਅਰ ਲੈ ਲਏਗਾ। ਇਹ ਘੱਟੋ ਘੱਟ ਫ਼ੀਸ ਹੈ।”

“ਕੋਈ ਨਹੀਂ ਸਰ! ਤੁਸੀਂ ਵੱਧ ਥੋੜ੍ਹਾ ਦਿਵਾਉਣੇ ਹਨ। ਕੰਮ ਤਾਂ ਹੋ ਜਾਏਗਾ ਨਾ ਸਰ?”

“ਇਹ ਕਿਹੜਾ ਕੰਮਾਂ ਵਿਚੋਂ ਕੰਮ ਹੈ! ਮੈਂ ਉਹ ਕੰਮ ਕਰਵਾ ਦਿੱਤੇ, ਜਿਨ੍ਹਾਂ ਬਾਰੇ ਕਦੇ ਕੋਈ ਸੋਚ ਨਹੀਂ ਸਕਦਾ। ਤਹਾਡੇ ਸ਼ਹਿਰ ਫਿਰੋਜ਼ਪੁਰ ਰੋਡ ’ਤੇ ਬਣੇ ਹਨ ਨਾ ਦਸ ਬਾਰਾਂ ਮੈਰਿਜ ਪੈਲਿਸ। ਉਨ੍ਹਾਂ ਦੇ ਨੇੜੇ ਮਿਲਟਰੀ ਦੀ ਛਾਉਣੀ ਹੈ। ਛਾਉਣੀ ਵਿੱਚ ਫ਼ੌਜ ਦਾ ਗੋਲੀ ਸਿੱਕੇ ਦਾ ਭੰਡਾਰ ਹੈ। ਅਰਬਾਂ ਰੁਪਏ ਉਸਦੀ ਕੀਮਤ ਹੈ। ਇੱਕ ਤੀਲੀ ਲਗ ਜਾਵੇ ਤਾਂ ਸਾਰਾ ਮਾਇਆ ਨਗਰ ਇੱਕ ਮਿੰਟ ਵਿੱਚ ਸੁਆਹ ਹੋ ਜਾਵੇ। ਕਰੋੜਾਂ ਅਰਬਾਂ ਦਾ ਨੁਕਸਾਨ ਵੱਖਰਾ। ਸਿਵਲ ਅਫ਼ਸਰਾਂ ਨੇ ਪੈਸੇ ਲੈ ਕੇ ਮੈਰਿਜ ਪੈਲਿਸ ਬਣਵਾ ਦਿੱਤੇ।

ਪੱਤਰਕਾਰਾਂ ਨੇ ਆਪਣੀ ਤੋਰੀ ਫੁਲਕਾ ਚਲਾਉਣ ਲਈ ਮਸਲਾ ਪ੍ਰੈੱਸ ਵਿੱਚ ਭਖਾ ਲਿਆ। ਕਹਿੰਦੇ ਮਿਲਟਰੀ ਨਿਯਮਾਂ ਦੀ ਉਲੰਘਣਾ ਹੋਈ ਹੈ। ਪੈਲਿਸ ਅਸਲਾ ਭੰਡਾਰ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਹਨ। ਮਾਲਕਾਂ ਨੂੰ ਫ਼ਿਕਰ ਪੈ ਗਿਆ। ਜੇ ਸਰਕਾਰ ਪਿੱਛੇ ਪੈ ਗਈ ਤਾਂ ਕਰੋੜਾਂ ਦਾ ਨੁਕਸਾਨ ਹੋ ਜਾਏਗਾ। ਪੈਲਿਸ ਵਾਲਿਆਂ ਨੇ ਸਿਵਲ ਅਫ਼ਸਰਾਂ ਤਕ ਪਹੁੰਚ ਕੀਤੀ। ਦਿੱਤੀ ਰਿਸ਼ਵਤ ਦੀ ਯਾਦ ਦਿਵਾਈ। ਪਰ ਅਫ਼ਸਰ ਕੀ ਕਰਨ? ਦੇਸ਼ ਦੀ ਰੱਖਿਆ ਦਾ ਸਵਾਲ ਸੀ। ਉਹ ਕੋਈ ਮਦਦ ਨਹੀਂ ਸਨ ਕਰ ਸਕਦੇ। ਪੈਲਿਸ ਮਾਲਕਾਂ ਦੀ ਮਾੜੀ ਕਿਸਮਤ ਰਾਜਸਥਾਨ ਦੇ ਇੱਕ ਇਹੋ ਜਿਹੇ ਭੰਡਾਰ ਨੂੰ ਅੱਗ ਲਗ ਗਈ। ਮਾਇਆ ਨਗਰ ਦੇ ਡੀਪੂ ਦੀ ਸੁਰੱਖਿਆ ਦਾ ਮਾਮਲਾ ਹੋਰ ਤੂਲ ਫੜ ਗਿਆ। ਅਫ਼ਸਰ ਪੈਲਿਸ ਢਾਹੁਣ ਦੀ ਤਿਆਰੀ ਕਰਨ ਲੱਗੇ। ਕਿਸੇ ਨੇ ਪੈਲਿਸ ਵਾਲਿਆਂ ਨੂੰ ਮੇਰੀ ਦੱਸ ਪਾ ਦਿੱਤੀ। ਮੈਂ ਗੱਠ ਤੁੱਪ ਕੀਤੀ। ਜੱਜਾਂ ਤੋਂ ਮੈਰਿਜ ਪੈਲਿਸ ਢਹਾਉਣ ਉਪਰ ਪਾਬੰਦੀ ਲਗਵਾ ਦਿੱਤੀ। ਬੰਦੀ ਲੈ ਕੇ ਮਾਲਕਾਂ ਦੇ ਹੱਥ ਫੜਾ ਦਿੱਤੀ। ਅੱਜ ਤਕ ਸਰਕਾਰ ਪੈਲਿਸਾਂ ਦੇ ਕੋਲ ਦੀ ਨਹੀਂ ਲੰਘ ਸਕੀ। ਦੋ ਤਿੰਨ ਸਾਲ ਮੈਂ ਸੁਣਵਾਈ ਨਹੀਂ ਹੋਣ ਦਿੰਦਾ। ਇੰਨੇ ਵਿੱਚ ਗੱਲ ਠੰਡੀ ਪੈ ਜਾਏਗੀ। ਮੈਂ ਮਿਲਟਰੀ ਬੰਨ੍ਹ ਦਿੱਤੀ। ਸਰਕਾਰ ਰੋਕ ਦਿੱਤੀ। ਤੁਹਾਡਾ ਕੰਮ ਵੀ ਕੋਈ ਕੰਮ ਹੈ?”

“ਫੇਰ ਠੀਕ ਹੈ ਸਰ! ਮੈਨੂੰ ਸਭ ਮਨਜ਼ੂਰ ਹੈ।”

“ਇਹ ਦੋ ਪੇਟੀਆਂ ਕਦੋਂ ਪੁੱਜ ਜਾਣਗੀਆਂ?”

“ਜਦੋਂ ਕਹੋ।”

“ਕੱਲ੍ਹ ਸ਼ਾਮ ਤਕ ਪਹੁੰਚਾ ਦੇਣਾ। ਪਰਸੋਂ ਨੂੰ ਸੁਣਵਾਈ ਹੋਏਗੀ। ਦੇਖਣਾ ਕਿਸ ਤਰ੍ਹਾਂ ਪੇਸ਼ਗੀ ਜ਼ਮਾਨਤ ਮਨਜ਼ੂਰ ਹੁੰਦੀ ਹੈ। ਬਿਨਾਂ ਦੂਜੀ ਧਿਰ ਨੂੰ ਸੁਣੇ।”

“ਪਹੁੰਚ ਜਾਏਗੀ ਸਰ! … ਹੁਣ ਤੁਸੀਂ ਕਿਹੜੇ ਕਲੱਬ ਚੱਲੇ ਹੋ?”

“ਪਹਿਲਾਂ ਆਪਾਂ ਮਤਲਬ ਕੱਢ ਲਈਏ। ਫੇਰ ਤੇਰੀ ਮੁਲਾਕਾਤ ਕਰਵਾ ਦੇਵਾਂਗਾ।

ਹਾਲੇ ਕਾਹਲਾ ਨਾ ਪੈ।”

“ਮੇਰਾ ਇਹ ਮਤਲਬ ਨਹੀਂ ਸਰ! ਮੈਂ ਤਾਂ ਪੁੱਛ ਰਿਹਾ ਸੀ ਕਿ ਮੈਂ ਬਿੱਲ ਅਦਾ ਕਰ ਦਿੰਦਾ!”

“ਕਿਉਂ ਸ਼ਰਮਿੰਦਾ ਕਰਦਾ ਹੈਂ? ਤੇਰਾ ਅੰਕਲ ਬਿੱਲ ਦੇਣ ਜੋਗਾ ਵੀ ਨਹੀਂ?”

“ਤੁਹਾਡਾ ਖ਼ਰਚਾ ਹੁੰਦਾ ਰਹਿੰਦਾ ਹੈ। ਤੁਸੀਂ ਇਹ ਰੱਖ ਲਓ।” ਪ੍ਰਤਾਪ ਸਿੰਘ ਦੇ ਅਹਿਸਾਨ ਦਾ ਬਦਲਾ ਚੁਕਾਉਣ ਲਈ ਪੰਕਜ ਨੇ ਇੱਕ ਪੰਜਾਹ ਹਜ਼ਾਰ ਵਾਲੀ ਗੁੱਟੀ ਉਸਦੇ ਅੱਗੇ ਰੱਖ ਦਿੱਤੀ।

“ਕੋਈ ਨੀ … ਕੋਈ ਨੀ … ਇਹ ਰਹਿਣ ਦਿੰਦਾ।” ਆਖਦੇ ਪ੍ਰਤਾਪ ਸਿੰਘ ਨੇ ਪਹਿਲਾਂ ਗੁੱਟੀ ਸੋਫ਼ੇ ਹੇਠ ਰੱਖ ਦਿੱਤੀ। ਫੇਰ ਕੁੱਝ ਦੇਰ ਬਾਅਦ ਜੇਬ ਵਿੱਚ ਪਾ ਲਈ।

ਨੋਟ ਸੰਭਾਲ ਕੇ ਪ੍ਰਤਾਪ ਸਿੰਘ ਨੇ ਇੱਕ ਇੱਕ ਵੱਡਾ ਪੈੱਗ ਬਣਾਇਆ।

“ਅੱਛਾ ਇਹ ਦੱਸ ਪੁਲਿਸ ਵੱਲੋਂ ਕੋਈ ਮਦਦ ਮਿਲ ਰਹੀ ਹੈ ਜਾਂ ਨਹੀਂ?

ਕੁੱਝ ਦੇਰ ਖ਼ਾਮੋਸ਼ ਰਹਿ ਕੇ ਪ੍ਰਤਾਪ ਸਿੰਘ ਨੇ ਅਗਲੀ ਗੱਲ ਤੋਰੀ।

“ਕੋਈ ਖ਼ਾਸ ਨਹੀਂ।”

“ਤੂੰ ਪਹਿਲਾਂ ਜ਼ਮਾਨਤ ਕਰਵਾ ਲੈ। ਫੇਰ ਮੈਂ ਤੇਰਾ ਇਹ ਇੰਤਜ਼ਾਮ ਵੀ ਕਰਦਾ ਹਾਂ।

ਕਰਾਈਮ ਬਰਾਂਚ ਦਾ ਆਈ.ਜੀ.ਮੇਰਾ ਯਾਰ ਹੈ। ਵਕੀਲ ਕੋਲੋਂ ਅੱਜ ਹੀ ਦਰਖ਼ਾਸਤ ਟਾਇਪ ਕਰਾਉਂਦੇ ਹਾਂ। ਉਹ ਅਰਜੀ ਮੈਂ ਪੁਲਿਸ ਮੁਖੀ ਕੋਲੋਂ ਉਸਦੇ ਨਾਂ ਮਾਰਕ ਕਰਵਾ ਲਵਾਂਗਾ।

ਉਸ ਕੋਲ ਪੜਤਾਲ ਕਰਵਾ ਕੇ ਤੁਹਾਨੂੰ ਕੇਸ ਵਿਚੋਂ ਕਢਵਾ ਦੇਵਾਂਗਾ।”

“ਇਸ ਤਰ੍ਹਾਂ ਵੀ ਹੋ ਜਾਂਦਾ ਹੈ?”

ਪ੍ਰਤਾਪ ਸਿੰਘ ਜੋ ਆਖ ਰਿਹਾ ਸੀ, ਉਸ ਉਪਰ ਪੰਕਜ ਨੂੰ ਯਕੀਨ ਨਹੀਂ ਸੀ ਆ ਰਿਹਾ।

“ਸਭ ਹੋ ਜਾਂਦਾ ਹੈ। ਪੈਸੇ ਵਿੱਚ ਬੜੀ ਤਾਕਤ ਹੈ। ਕਾਨੂੰਨ ਇਸਦਾ ਗ਼ੁਲਾਮ ਹੈ।

ਦੇਖ ਆਗੇ ਆਗੇ ਹੋਤਾ ਹੈ ਕਿਆ?”

ਸਰੂਰ ਵਿੱਚ ਆਇਆ ਪ੍ਰਤਾਪ ਸਿੰਘ ਵਾਅਦੇ ’ਤੇ ਵਾਅਦਾ ਕਰਨ ਲੱਗਾ।

“ਆਈ.ਜੀ.ਕਰਾਈਮ ਕੌਣ ਨੇ?”

“ਉਹ ਮੇਰਾ ਯਾਰ ਹੈ। ਜਦੋਂ ਮੈਂ ਅੰਮ੍ਰਿਤਸਰ ਮੈਜਿਸਟਰੇਟ ਸੀ ਉਦੋਂ ਉਹ ਨਵਾਂ ਭਰਤੀ ਹੋ ਕੇ ਏ.ਐਸ.ਪੀ.ਲੱਗਾ ਸੀ। ਅਸੀਂ ਦੋਵੇਂ ਛੜੇ ਸੀ। ਆਫੀਸਰ ਹੋਸਟਲ ਵਿੱਚ ਰਹਿੰਦੇ ਸੀ। ਫੇਰ ਅਸੀਂ ਪਟਿਆਲੇ ਇਕੱਠੇ ਹੋ ਗਏ। ਉਹ ਪੁਲਿਸ ਕਪਤਾਨ ਸੀ ਅਤੇ ਮੈਂ ਅਡੀਸ਼ਨਲ ਸੈਸ਼ਨ ਜੱਜ। ਅਸੀਂ ਫੇਰ ਇਕੱਠੇ ਮੌਜਾਂ ਮਾਰੀਆਂ। ਸਭ ਚੰਗੇ ਮਾੜੇ ਕੰਮ ਕੀਤੇ। ਮੈਂ ਬਥੇਰੇ ਬੰਦੇ ਉਸਦੇ ਆਖੇ ਸਜ਼ਾ ਤੋਂ ਬਰੀ ਕੀਤੇ। ਉਸਨੇ ਮੇਰੇ ਆਖੇ ਬਹੁਤ ਬੰਦੇ ਅੰਦਰ ਬਾਹਰ ਕੀਤੇ। ਅੱਜ ਤਕ ਯਾਰੀ ਕਾਇਮ ਹੈ। ਸੁਭਾਅ ਦਾ ਲਾਲਚੀ ਹੈ ਪਰ ਕਲਮ ਦਾ ਪੱਕਾ ਹੈ। ਜੋ ਜ਼ੁਬਾਨ ਕਰ ਲਏ ਪੂਰੀ ਕਰਕੇ ਹਟਦਾ ਹੈ। ਸੂਰਜ ਇਧਰ ਦੀ ਥਾਂ ਚਾਹੇ ਉਧਰ ਚੜ੍ਹਨ ਲੱਗ ਜਾਏ।”

ਪੰਕਜ ਦਾ ਦੂਜਾ ਬੋਝ ਵੀ ਹਲਕਾ ਹੋ ਗਿਆ। ਉਸ ਨੂੰ ਲੱਗਾ ਪ੍ਰਤਾਪ ਸਿੰਘ ਰਾਹੀਂ ਉਸ ਨੂੰ ਗਿੱਦੜਸਿੰਗੀ ਮਿਲ ਗਈ ਸੀ। ਉਸਦਾ ਸੰਕਟ ਟਲਣ ਵਾਲਾ ਸੀ।

ਤੀਸਰਾ ਪੈੱਗ ਖ਼ਤਮ ਹੁੰਦੇ ਹੀ ਹੇਠੋਂ ਵਾਸੂਦੇਵਾ ਦੀ ਬੈੱਲ ਆ ਗਈ। ਕਾਗਜ਼ ਪੱਤਰ ਤਿਆਰ ਹੋ ਚੁੱਕੇ ਸਨ। ਪੰਕਜ ਆਏ, ਦਸਤਖ਼ਤ ਕਰੇ ਅਤੇ ਫ਼ਾਰਗ ਹੋਏ।

“ਫੇਰ ਤੂੰ ਮੈਨੂੰ ਕਦੋਂ ਮਿਲਦੈਂ ਬਾਕੀ ਪੇਮੈਂਟ ਲੈ ਕੇ? ਇਸ ਸਹੁਰੇ ਰਿਸ਼ਵਤ ਦੇ ਧੰਦੇ ਵਿੱਚ ਉਧਾਰ ਨਹੀਂ ਚੱਲਦਾ। ਹਰ ਕੋਈ ਪੇਸ਼ਗੀ ਭਾਲਦਾ ਹੈ।”

ਹੇਠਾਂ ਜਾਣ ਲਈ ਪੰਕਜ ਉੱਠ ਖੜੋਤਾ ਸੀ। ਉਸਨੂੰ ਪੱਕਾ ਕਰਨ ਦੀ ਨੀਅਤ ਨਾਲ ਪ੍ਰਤਾਪ ਸਿੰਘ ਨੇ ਉਸਨੂੰ ਇੱਕ ਵਾਰ ਫੇਰ ਟੋਹਿਆ।

“ਸਵੇਰੇ ਦਸ ਵਜੇ ਤੋਂ ਪਹਿਲਾਂ।”

“ਵਧੀਆ ਗੱਲ ਹੈ। ਕੱਲ੍ਹ ਨੂੰ ਪੈਸੇ ਪਹੁੰਚਾ ਦਿਆਂਗੇ। ਪਰਸੋਂ ਹੁਕਮ ਲੈ ਲਵਾਂਗੇ।”

ਹੇਠਾਂ ਉਤਰਦੇ ਪੰਕਜ ਨੂੰ ਪ੍ਰਤਾਪ ਸਿੰਘ ਦੀਆਂ ਗੱਲਾਂ ਦਾ ਸ਼ਰਾਬ ਨਾਲੋਂ ਵੱਧ ਨਸ਼ਾ ਸੀ।

 

-41-

 

ਭੋਗ ਦੀਆਂ ਰਸਮਾਂ ਸਮਾਪਤ ਹੁੰਦੇ ਹੀ ਰਾਮ ਨਾਥ ਦੀਆਂ ਸਮੱਸਿਆਵਾਂ ਵਿੱਚ ਕਈ ਗੁਣਾ ਵਾਧਾ ਹੋ ਗਿਆ।

ਕਮਲ ਦੇ ਦੋਸਤ, ਨੇਹਾ ਦੀਆਂ ਸਹੇਲੀਆਂ, ਉਨ੍ਹਾਂ ਦੇ ਮਾਪੇ ਉੱਕਾ ਹੀ ਨਾਤਾ ਤੋੜ ਗਏ। ਪਹਿਲਾਂ ਦੋਹਾਂ ਬੱਚਿਆਂ ਦੇ ਦੋਸਤਾਂ ਦੀਆਂ ਡਾਰਾਂ ਹਸਪਤਾਲ ਆਉਂਦੀਆਂ ਸਨ।

ਘੰਟਿਆਂ ਬੱਧੀ ਉਹ ਬਿਮਾਰਾਂ ਦੇ ਬਿਸਤਰਿਆਂ ’ਤੇ ਬੈਠ ਕੇ ਉਨ੍ਹਾਂ ਦੀ ਮੁੱਠੀ ਚਾਪੀ ਕਰਦੇ ਸਨ। ਮਾਪੇ ਬਾਹਰਲੀ ਭੱਜ ਨੱਠ ਵਿੱਚ ਰਾਮ ਨਾਥ ਦੀ ਸਹਾਇਤਾ ਕਰਦੇ ਸਨ। ਕਿਸੇ ਦੀ ਡਾਕਟਰ ਤਕ ਪਹੁੰਚ ਸੀ ਅਤੇ ਕਿਸੇ ਦੀ ਪੁਲਿਸ ਕਪਤਾਨ ਤੱਕ। ਦਰ ਦਰ ਦੀਆਂ ਠੋਕਰਾਂ ਖਾਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਉਹ ਫ਼ੋਨ ਖੜਕਾ ਕੇ ਘਰ ਬੈਠੇ ਸੂਚਨਾ ਮੰਗਵਾ ਦਿੰਦੇ ਸਨ।

ਭੋਗ ਦੇ ਨਾਲ ਹੀ ਇਨ੍ਹਾਂ ਸਹੂਲਤਾਂ ਦਾ ਵੀ ਭੋਗ ਪੈ ਗਿਆ।

ਹੁਣ ਖ਼ਬਰ ਲੈਣ ਕੋਈ ਟਾਵਾਂ ਟੱਲਾ ਆਉਂਦਾ ਸੀ। ਬਹੁਤੇ ਲੋਕ ਛੁੱਟੀ ਵਾਲੇ ਦਿਨ ਆਉਂਦੇ ਸਨ। ਮਾਇਆ ਨਗਰ ਨਿਵਾਸੀ ਰਾਤ ਨੂੰ ਚੱਕਰ ਮਾਰਦੇ ਸਨ। ਸੋਚਦੇ ਸਨ, ਨਾਲੇ ਸੈਰ ਹੋ ਜਾਏਗੀ, ਨਾਲੇ ਹਾਲ ਚਾਲ ਪੁੱਛਣ ਦੀ ਰਸਮ ਪੂਰੀ ਹੋ ਜਾਏਗੀ।

ਭੋਗ ਦਾ ਮਤਲਬ ਹੀ ਤੁਰ ਗਏ ਨਾਲ ਸੰਬੰਧਾਂ ਦੀ ਸਮਾਪਤੀ ਸੀ। ਸ਼ਾਇਦ ਇਹੋ ਸੋਚ ਕੇ ਕਮਲ ਦੇ ਦੋਸਤਾਂ ਨੇ ਉਸਦੇ ਵਾਰਿਸਾਂ ਨਾਲੋਂ ਨਾਤਾ ਤੋੜ ਲਿਆ ਸੀ। ਨੇਹਾ ਦੀਆਂ ਸਹੇਲੀਆਂ ਦੇ ਹਾਊਸ ਟੈਸਟ ਸ਼ੁਰੂ ਹੋ ਗਏ ਸਨ। ਉਹ ਪੜ੍ਹਾਈ ਵਿੱਚ ਰੁੱਝ ਗਈਆਂ ਸਨ।

ਉਹ ਫ਼ੋਨ ’ਤੇ ਹਾਲ ਚਾਲ ਪੁੱਛ ਕੇ ਸਾਰ ਲੈਂਦੀਆਂ ਸਨ।

ਬਾਹਰਲੇ ਰਿਸ਼ਤੇਦਾਰਾਂ ਦਾ ਆਪਣੇ ਕੰਮੀਂ ਕਾਰੀਂ ਜੁੱਟ ਜਾਣਾ ਵਾਜਿਬ ਸੀ। ਮਰੀਜ਼ਾਂ ਦੀ ਹਾਲਤ ਸਥਿਰ ਹੁੰਦੀ ਜਾ ਰਹੀ ਸੀ। ਬਿਮਾਰੀਆਂ ਲੰਬੀਆਂ ਸਨ। ਉਨ੍ਹਾਂ ਦੇ ਹਰ ਰੋਜ਼ ਦੇ ਚੱਕਰਾਂ ਨਾਲ ਮਰੀਜ਼ਾਂ ਨੂੰ ਤਾਂ ਕੋਈ ਧਰਵਾਸ ਨਹੀਂ ਸੀ ਹੁੰਦਾ, ਪਰ ਉਪਰਲਿਆਂ ਨੂੰ ਵਾਧੂ ਦੀ ਖੇਚਲ ਹੋ ਜਾਂਦੀ ਸੀ। ਮਾਇਆ ਨਗਰ ਦੇ ਰਿਵਾਜ਼ ਵੀ ਪੁੱਠੇ ਸਨ। ਉਪਰਲਿਆਂ ਨੂੰ ਖ਼ਬਰ ਲੈਣ ਆਇਆਂ ਦੀ ਪ੍ਰਾਹੁਣਿਆਂ ਵਾਂਗ ਸੇਵਾ ਕਰਨੀ ਪੈਂਦੀ ਸੀ। ਚਾਹ ਜਾਂ ਕੌਫ਼ੀ ਵੱਧਡਿਆਂ ਲਈ। ਕੋਲਡ ਡਰਿੰਕ, ਚਿਪਸ ਜਾਂ ਚੌਕਲੇਟ ਬੱਚਿਆਂ ਲਈ। ਹੱਥ ਘੁੱਟ ਕੇ ਵੀ ਸੌ ਦਾ ਨੋਟ ਖੁੱਲ੍ਹ ਜਾਂਦਾ ਸੀ। ਇਹੋ ਜਿਹੇ ਤਰਕ ਦੇ ਦੇ ਉਹ ਮਾਇਆ ਨਗਰ ਆਉਣੋਂ ਹਟ ਗਏ ਸਨ।

ਇਹੋ ਜਿਹੀ ਸੋਚ ਮਾਇਆ ਨਗਰ ਰਹਿੰਦੇ ਹਮਦਰਦੀਆਂ ਦੀ ਸੀ। ਆਪਣੇ ਆਪਣੇ ਫ਼ੋਨ ਨੰਬਰ ਦੇ ਕੇ ਅਤੇ ਲੋੜ ਪੈਣ ਤੇ ਫੌਰੀ ਹਾਜ਼ਰ ਹੋਣ ਦਾ ਵਾਅਦਾ ਕਰਕੇ ਉਹ ਘਰੋ ਘਰੀ ਬੈਠ ਗਏ।

ਦਿਨ ਪੈਣ ਨਾਲ ਆਪਣਿਆਂ ਵਿੱਚ ਵੀ ਬੇਚੈਨੀ ਵਧਣ ਲੱਗੀ।

ਪਲਵੀ ਦੇ ਘਰ ਪੰਜ ਦਿਨਾਂ ਤੋਂ ਵਿਹਲੀ ਬੈਠੀ ਸੁਸ਼ਮਾ ਉਕਤਾਉਣ ਲੱਗੀ।

ਪਲਵੀ ਅਤੇ ਉਸਦੇ ਮਾਪੇ ਨੇਹਾ ’ਤੇ ਜਾਨ ਛਿੜਕ ਰਹੇ ਸਨ। ਜਿਹੋ ਜਿਹੇ ਤਰਕ ਦੇ ਕੇ ਉਹ ਨੇਹਾ ਨੂੰ ਸਮਝਾ ਰਹੇ ਸਨ, ਉਹੋ ਜਿਹੇ ਤਰਕ ਨਾ ਸੁਸ਼ਮਾ ਨੇ ਕਿਧਰੇ ਪੜ੍ਹੇ ਸਨ, ਨਾ ਸੁਣੇ ਸਨ। ਕੁਆਰ ਭੰਗ ਹੋਣ ’ਤੇ ਕੁੜ੍ਹਨ ਨੂੰ ਉਹ ਉਸ ਸਮੇਂ ਦੀ ਪੁਰਾਣੀ ਜਗੀਰੂ ਸੋਚ ਆਖ ਰਹੇ ਸਨ, ਜਦੋਂ ਔਰਤ ਪੂਰੀ ਤਰ੍ਹਾਂ ਗ਼ੁਲਾਮ ਸੀ। ਜੇ ਨੇਹਾ ਦੀ ਮਜਬੂਰੀ ਕਾਰਨ ਸਾਗਰ ਉਸਨੂੰ ਤਿਆਗ ਰਿਹਾ ਸੀ ਤਾਂ ਉਹ ਜੰਗਾਲੀ ਸੋਚ ਦਾ ਮਾਲਕ ਸੀ। ਅਜਿਹੀ ਸੋਚ ਦੇ ਮਾਲਕ ਨੂੰ ਨੇਹਾ ਨੂੰ ਖ਼ੁਦ ਹੀ ਤਿਆਗ ਦੇਣਾ ਚਾਹੀਦਾ ਸੀ। ਇੱਕ ਬੰਦੇ ਨਾਲ ਬੱਧਝੇ ਰਹਿਣ ਅਤੇ ਉਮਰ ਭਰ ਇਸ਼ਕ ਨਿਭਾਉਣ ਦਾ ਰਿਵਾਜ ਵੀ ਹੁਣ ਪੁਰਾਣਾ ਪੈ ਚੁੱਕਾ ਸੀ। ਅੱਜ ਕੱਲ੍ਹ ਦੀਆਂ ਕੁੜੀਆਂ ਇਸ਼ਕ ਇੱਕ ਨਾਲ ਕਰਦੀਆਂ ਹਨ, ਵਿਆਹ ਦੂਜੇ ਨਾਲ ਕਰਾਉਂਦੀਆਂ ਹਨ ਅਤੇ ਬੱਚੇ ਤੀਸਰੇ ਦੇ ਜਨਮਦੀਆਂ ਹਨ। ਨੇਹਾ ਪੜ੍ਹੀ ਲਿਖੀ ਕੁੜੀ ਸੀ।

ਆਪਣੇ ਪੈਰਾਂ ਸਿਰ ਖੜ੍ਹਨ ਦੇ ਯੋਗ ਸੀ। ਉਸ ਲਈ ਹੋਰ ਵਰ ਬਥੇਰੇ।

ਕਮਲ ਦੇ ਮਰਨ ਨਾਲ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਸੀ।

ਪਰ ਮਰਿਆਂ ਨਾਲ ਮਰਿਆ ਨਹੀਂ ਜਾਂਦਾ। ਨੇਹਾ ਆਪਣਾ ਮਨ ਤਕੜਾ ਕਰੇ। ਮਾਪਿਆਂ ਨੂੰ ਮਨ ਤਕੜਾ ਕਰਨ ਵਿੱਚ ਮਦਦ ਕਰੇ। ਨੇਹਾ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਸਮਝੇ ਅਤੇ ਉਨ੍ਹਾਂ ਨੂੰ ਨਿਭਾਉਣ ਲਈ ਤਿਆਰ ਹੋਵੇ।

ਕਾਤਲਾਂ ਤੋਂ ਬਦਲਾ ਲੈਣ ਲਈ ਹੁਣ ਖ਼ੁਦ ਨੂੰ ਹਥਿਆਰ ਚੁੱਕਣ ਦੀ ਜ਼ਰੂਰਤ ਨਹੀਂ ਸੀ। ਦੋਸ਼ੀਆਂ ਨੂੰ ਸਜ਼ਾ ਦੇਣ ਲਈ ਅਦਾਲਤਾਂ ਬੈਠੀਆਂ ਸਨ। ਮੁਕੱਦਮੇ ਦਾ ਸਾਰਾ ਦਾਰੋਮਦਾਰ ਨੇਹਾ ਉਪਰ ਸੀ। ਉਹ ਤਕੜੀ ਹੋ ਕੇ ਕਾਨੂੰਨੀ ਲੜਾਈ ਲੜੇ ਅਤੇ ਮੁਲਜ਼ਮਾਂ ਨੂੰ ਫਾਂਸੀ ਦੇ ਫੰਦੇ ਤਕ ਪਹੁੰਚਾਏ।

ਉਨ੍ਹਾਂ ਦੀਆਂ ਗੱਲਾਂ ਦਾ ਨੇਹਾ ’ਤੇ ਅਸਰ ਹੋ ਰਿਹਾ ਸੀ। ਦਿਨੋਂ ਦਿਨ ਉਹ ਸੰਭਲ ਰਹੀ ਸੀ।

ਇੱਕ ਪ੍ਰੋਫੈਸਰ ਅਤੇ ਇੰਜੀਨੀਅਰ ਦੇ ਹੁੰਦਿਆਂ ਨੇਹਾ ਨੂੰ ਸੁਸ਼ਮਾ ਵਰਗੀ ਪ੍ਰਾਇਮਰੀ ਅਧਿਆਪਕਾ ਦੀ ਕੋਈ ਜ਼ਰੂਰਤ ਨਹੀਂ ਸੀ।

ਕੰਮ ਕਰਨ ਲਈ ਘਰ ਵਿੱਚ ਦੋ ਨੌਕਰ ਸਨ। ਸੁਸ਼ਮਾ ਦੇ ਕਰਨ ਵਾਲਾ ਕੋਈ ਕੰਮ ਨਹੀਂ ਸੀ। ਨਾ ਪਲਵੀ ਘਰ ਆਏ ਮਹਿਮਾਨ ਨੂੰ ਕੰਮ ਲੱਗਣ ਦਿੰਦੀ ਸੀ।

ਵਿਹਲੀ ਬੈਠੀ ਸੁਸ਼ਮਾ ਨੂੰ ਮਹਿਸੂਸ ਹੋਣ ਲੱਗਾ, ਜਿਵੇਂ ਉਹ ਪਲਵੀ ਦੇ ਘਰਦਿਆਂ ਉਪਰ ਬੋਝ ਸੀ।

ਅੱਕੀ ਥੱਕੀ ਸੁਸ਼ਮਾ ਨੇ ਇੱਕ ਦਿਨ ਲਈ ਸਹੁਰੇ ਘਰ ਗੇੜਾ ਮਾਰ ਆਉਣ ਦੀ ਇਜਾਜ਼ਤ ਲੈ ਲਈ। ਉਸਨੂੰ ਨੀਲਮ ਦੇ ਘਰ ਪਏ ਡਾਕੇ ਦੀ ਖ਼ਬਰ ਚਾਣਚੱਕ ਮਿਲੀ ਸੀ।

ਘਰ ਦਾ ਸਮਾਨ ਜਿਥੇ ਪਿਆ ਸੀ, ਉਥੇ ਹੀ ਛੱਡ ਕੇ ਉਹ ਮਾਇਆ ਨਗਰ ਨੂੰ ਦੌੜ ਪਈ ਸੀ। ਉਸਦਾ ਪਤੀ ਬਾਲ ਕਿਸ਼ਨ ਮਸਤ ਮੌਲਾ ਸੀ। ਉਸਨੂੰ ਘਰ ਦੀ ਕੋਈ ਪਰਵਾਹ ਨਹੀਂ ਸੀ। ਬਾਲ ਕਿਸ਼ਨ ਦੀ ਬੇਪਰਵਾਹੀ ਕਾਰਨ ਘਰ ਦੀ ਸਥਿਤੀ ਹੋਰ ਵਿਗੜ ਗਈ ਹੋਵੇਗੀ।

ਉਹ ਆਪਣਾ ਘਰ ਥਾਂ ਸਿਰ ਕਰ ਆਏਗੀ। ਨਾਲੇ ਸਕੂਲ ਜਾ ਕੇ ਪਿਛਲੀ ਛੁੱਟੀ ਮਨਜ਼ੂਰ ਕਰਵਾ ਆਏਗੀ। ਭੋਗ ਤਕ ਦੀ ਛੁੱਟੀ ਲੈ ਆਏਗੀ।

ਹਸਪਤਾਲ ਵਿੱਚ ਬਹੁਤੇ ਬੰਦਿਆਂ ਦੀ ਜ਼ਰੂਰਤ ਨਹੀਂ ਸੀ। ਸੁਸ਼ਮਾ ਦੇ ਨਾਲ ਹੀ ਬਾਲ ਕਿਸ਼ਨ ਤਿਆਰ ਹੋ ਗਿਆ। ਜਦੋਂ ਕਿਸੇ ਬੰਦੇ ਨੇ ਡਿਊਟੀ ਬਦਲਣੀ ਹੋਵੇ, ਉਸਨੂੰ ਫ਼ੋਨ ਕਰ ਦਿੱਤਾ ਜਾਵੇ। ਉਹ ਉਪਰਲੇ ਬੰਦਿਆਂ ਨੂੰ ਦਮ ਦਿਵਾਉਣ ਲਈ ਆ ਜਾਵੇਗਾ।

ਇੱਕ ਦਿਨ ਆਖ ਕੇ ਗਈ ਸੁਸ਼ਮਾ ਜਦੋਂ ਕਈ ਦਿਨ ਵਾਪਸ ਨਾ ਮੁੜੀ ਤਾਂ ਸੀਮਾ ਦਾ ਮਨ ਵੀ ਖਹਿੜਾ ਛੁਡਾਉਣ ਲਈ ਕਾਹਲਾ ਪੈਣ ਲੱਗਾ।

ਸੀਮਾ ਅਤੇ ਸੁਜਾਤਾ ਨੀਲਮ ਨੂੰ ਸੰਭਾਲ ਰਹੀਆਂ ਹਨ। ਵੈਸੇ ਕਿਸੇ ਨੂੰ ਆਈ.ਸੀ.ਯੂ. ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਪਰ ਜਦੋਂ ਕਦੇ ਰਾਤ ਬਰਾਤੇ ਨੀਲਮ ਨੂੰ ਦੌਰਾ ਪੈਂਦਾ ਸੀ ਤਾਂ ਉਹ ਯੂਨਿਟ ਦੀਆਂ ਨਰਸਾਂ ਦੇ ਕਾਬੂ ਤੋਂ ਬਾਹਰ ਹੋ ਜਾਂਦੀ ਸੀ। ਨੀਲਮ ਦੇ ਕੰਬਦੇ ਸਰੀਰ ਨੂੰ ਕਾਬੂ ਕਰਨ ਲਈ ਦੋ ਤਿੰਨ ਔਰਤਾਂ ਦੀ ਸਹਾਇਤਾ ਦੀ ਜ਼ਰੂਰਤ ਪੈਂਦੀ ਸੀ। ਥੋੜ੍ਹੀ ਜਿਹੀ ਕੁਤਾਹੀ ਨਾਲ ਸਰੀਰ ਨੂੰ ਲੱਗੀਆਂ ਨਾਲੀਆਂ ਉੱਖੜ ਜਾਂਦੀਆਂ ਸਨ ਅਤੇ ਉਖੜੀਆਂ ਨਾਲੀਆਂ ਜਾਨ ਲੇਵਾ ਸਿੱਧ ਹੋ ਸਕਦੀਆਂ ਸਨ।

ਮਰੀਜ਼ ਦੀ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਨੇ ਜ਼ਰੂਰਤ ਪੈਣ ’ਤੇ ਦੋ ਔਰਤਾਂ ਨੂੰ ਯੂਨਿਟ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਰੱਖੀ ਸੀ।

ਜਿੰਨਾ ਚਿਰ ਨੀਲਮ ਆਈ.ਸੀ..ਯੂ.ਵਿੱਚ ਰਹੀ, ਉਨਾ ਚਿਰ ਉਸਨੂੰ ਸੀਮਾ ਅਤੇ ਸੁਜਾਤਾ ਦੀ ਜ਼ਰੂਰਤ ਪੈਂਦੀ ਰਹੀ।

ਹੁਣ ਜਦੋਂ ਤੋਂ ਉਸ ਨੂੰ ਜਨਰਲ ਵਾਰਡ ਵਿੱਚ ਤਬਦੀਲ ਕੀਤਾ ਗਿਆ ਸੀ, ਉਦੋਂ ਤੋਂ ਉਸ ਦੇ ਦੌਰੇ ਬੰਦ ਸਨ। ਨਾ ਉਸ ਨੂੰ ਕੋਈ ਅਵਾਜ਼ ਸੁਣਾਈ ਦਿੰਦੀ ਸੀ, ਨਾ ਕੋਈ ਇਸ਼ਾਰਾ ਸਮਝ ਪੈਂਦਾ ਸੀ। ਉਹ ਇੱਕ ਜ਼ਿੰਦਾ ਲਾਸ਼ ਵਾਂਗ ਸੀ।

ਦਸਾਂ ਦਿਨਾਂ ਤੋਂ ਸੀਮਾ ਹਸਪਤਾਲਾਂ ਦੇ ਫਰਸ਼ਾਂ ’ਤੇ ਸੌਂ ਰਹੀ ਸੀ। ਜਨਰਲ ਵਾਰਡ ਦੇ ਫਲੱਸ਼ ਗੰਦੇ ਸਨ। ਉਸਦਾ ਪੇਟ ਕਦੇ ਚੱਜ ਨਾਲ ਸਾਫ਼ ਨਹੀਂ ਸੀ ਹੋਇਆ। ਨਹਾਏ ਬਿਨਾਂ ਉਹ ਕਦੇ ਰਹੀ ਨਹੀਂ ਸੀ। ਇਥੇ ਨਹਾਤਿਆਂ ਦੋ ਦੋ ਦਿਨ ਲੰਘ ਜਾਂਦੇ ਸਨ। ਉਸਨੂੰ ਆਪਣੇ ਕਪੜਿਆਂ ਅਤੇ ਸਰੀਰ ਵਿਚੋਂ ਬੂ ਆਉਣ ਲਗਦੀ ਸੀ। ਸੀਮਾ ਨੂੰ ਨਿੰਮ ਦੀ ਦਾਤਣ ਕਰਨ ਦੀ ਆਦਤ ਸੀ। ਇਹ ਆਦਤ ਛੁੱਟ ਜਾਣ ਕਾਰਨ ਉਸਦਾ ਮੂੰਹ ਸਾਰਾ ਦਿਨ ਕੌੜਾਕੌੜਾ ਰਹਿੰਦਾ ਸੀ। ਕੋਈ ਚੀਜ਼ ਸਵਾਦ ਨਹੀਂ ਸੀ ਲਗਦੀ। ਉਸਦੇ ਸਾਹਾਂ ਵਿਚੋਂ ਦੁਰਗੰਧ ਆਉਣ ਲੱਗੀ ਸੀ। ਰਾਤ ਨੂੰ ਘੰਟਾ, ਦੋ ਘੰਟੇ ਨੀਂਦ ਮਸਾਂ ਆਉਂਦੀ ਸੀ। ਉਨੀਂਦਰੇ ਰਹਿਣ ਕਾਰਨ ਉਸਦਾ ਸਿਰ ਭਾਰਾ ਰਹਿਣ ਲੱਗਾ ਸੀ। ਭੁੱਖ ਘਟ ਗਈ ਸੀ। ਬਾਸੀਆਂ ਅਤੇ ਤੰਦੂਰ ਦੀਆਂ ਰੋਟੀਆਂ ਖਾ ਖਾ ਉਸਦੇ ਪੇਟ ਵਿੱਚ ਗੈਸ ਬਣਨ ਲੱਗੀ ਸੀ।

ਸੀਮਾ ਦਾ ਸਰੀਰ ਆਰਾਮ ਦੀ ਮੰਗ ਕਰਦਾ ਸੀ। ਘਰ ਜਾ ਕੇ ਜੇ ਉਸ ਨੇ ਆਰਾਮ ਨਾ ਕੀਤਾ ਤਾਂ ਉਸਨੇ ਵੀ ਮੰਜਾ ਮੱਲ ਲੈਣਾ ਸੀ।

ਉਪਰਲਿਆਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਇੱਕ ਵਾਰ ਰਾਮ ਨਾਥ ਨੇ ਮਨ ਬਣਾਇਆ।

ਨੀਲਮ ਲਈ ਸਪੈਸ਼ਲ ਕਮਰਾ ਲੈ ਲਿਆ ਜਾਵੇ। ਨਾਲੇ ਨੀਲਮ ਨੂੰ ਆਰਾਮ ਰਹੇਗਾ ਨਾਲੇ ਉਪਰਲਿਆਂ ਨੂੰ ਬੈਠਣ ਉੱਠਣ ਅਤੇ ਨਹਾਉਣ ਧੋਣ ਦੀ ਸਹੂਲਤ ਪ੍ਰਾਪਤ ਹੋ ਜਾਏਗੀ।

ਪਰ ਜਦੋਂ ਹਸਪਤਾਲ ਦੇ ਕੈਸ਼ੀਅਰ ਨੇ ਸਪੈਸ਼ਲ ਕਮਰੇ ਦੇ ਖਰਚਿਆਂ ਦੀ ਲਿਸਟ ਉਸਦੇ ਹੱਥ ਫੜਾਈ ਉਹ ਸਪੈਸ਼ਲ ਕਮਰੇ ਦੇ ਖ਼ਰਚੇ ਦੇਖ ਕੇ ਹੱਕਾ ਬੱਕਾ ਰਹਿ ਗਿਆ। ਜਨਰਲ ਵਾਰਡ ਵਿੱਚ ਇੱਕ ਬਿਸਤਰੇ ਦਾ ਕਰਾਇਆ ਸੌ ਰੁਪਏ ਸੀ। ਸਪੈਸ਼ਲ ਕਮਰੇ ਦਾ ਕਰਾਇਆ ਪੰਜ ਸੌ ਰੁਪਏ। ਇਥੇ ਡਾਕਟਰ ਦੇ ਇੱਕ ਗੇੜੇ ਦੀ ਫ਼ੀਸ ਸੌ ਰੁਪਏ ਸੀ ਉਥੇ ਬਾਰਾਂ ਸੌ ਰੁਪਏ।

ਕਿਸੇ ਦਾਨੀ ਨੇ ਮਰੀਜ਼ਾਂ ਦੀ ਸਹੂਲਤ ਲਈ ਜਨਰਲ ਵਾਰਡ ਵਿੱਚ ਇੱਕ ਟੈਲੀਫ਼ੋਨ ਲਗਵਾ ਦਿੱਤਾ ਸੀ। ਮਰੀਜ਼ਾਂ ਦੇ ਵਾਰਿਸ ਉਥੋਂ ਮੁਫ਼ਤ ਫ਼ੋਨ ਕਰ ਸਕਦੇ ਸਨ। ਸਪੈਸ਼ਲ ਕਮਰੇ ਵਿੱਚ ਇੱਕ ਫ਼ੋਨ ਦਾ ਖ਼ਰਚਾ ਪੰਜ ਰੁਪਏ ਪੈਂਦਾ ਸੀ।

ਉਸ ਸਮੇਂ ਸੀਮਾ ਨੇ ਰਾਮ ਨਾਥ ਨੂੰ ਸਪੈਸ਼ਲ ਕਮਰਾ ਲੈਣ ਤੋਂ ਰੋਕ ਦਿੱਤਾ ਸੀ। ਨੀਲਮ ਨੂੰ ਗਰਮੀ ਸਰਦੀ ਇੱਕ ਬਰਾਬਰ ਸੀ। ਉਹ ਜਨਰਲ ਵਾਰਡ ਵਿੱਚ ਹੋਵੇ ਜਾਂ ਸਪੈਸ਼ਲ ਵਾਰਡ ਵਿੱਚ ਉਸਨੂੰ ਕੋਈ ਫ਼ਰਕ ਨਹੀਂ ਸੀ।

ਉਪਰਲੇ ਔਖੇ ਸੌਖੇ ਦਿਨ ਕੱਟ ਰਹੇ ਸਨ। ਇੰਨਾ ਖ਼ਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ।

ਹੁਣ ਜਨਰਲ ਵਾਰਡ ਵਿੱਚ ਦਿਨ ਕੱਟਣੇ ਉਸੇ ਨੂੰ ਸਭ ਤੋਂ ਵੱਧ ਔਖੇ ਲੱਗ ਰਹੇ ਸਨ।

ਬਿਮਾਰੀ ਪਹਿਲਾਂ ਹੀ ਹੱਥ ਧੋ ਕੇ ਉਨ੍ਹਾਂ ਦੇ ਪਿੱਛੇ ਪਈ ਹੋਈ ਸੀ। ਨਵੀਂ ਮੁਸੀਬਤ ਤੋਂ ਬਚਣ ਲਈ ਉਨ੍ਹਾਂ ਨੇ ਸੀਮਾ ਨੂੰ ਸਲਾਹ ਦਿੱਤੀ। ਉਹ ਨੀਲਮ ਦੀ ਕੋਠੀ ਚਲੀ ਜਾਵੇ।

ਹੁਣ ਉਥੇ ਬਹੁਤ ਸਮਾਂ ਸੰਗੀਤਾ ਰਹਿੰਦੀ ਸੀ। ਕੋਠੀ ਕਰਨ ਲਈ ਕੋਈ ਕੰਮ ਨਹੀਂ ਸੀ।

ਸਫ਼ਾਈ ਅਤੇ ਰੋਟੀ ਟੁੱਕ ਲਈ ਮਾਈ ਲੱਗੀ ਹੋਈ ਸੀ। ਉਨ੍ਹਾਂ ਦਾ ਕੰਮ ਅਫ਼ਸੋਸ ਕਰਨ ਆਏ ਲੋਕਾਂ ਕੋਲ ਬੈਠਣਾ ਅਤੇ ਕਥਾ ਕਰਦੇ ਪੰਡਿਤ ਦੀਆਂ ਲੋੜਾਂ ਪੂਰੀਆਂ ਕਰਨਾ ਸੀ।

ਕੋਠੀ ਜਾਣ ਦੀ ਗੱਲ ਸੁਣਦਿਆਂ ਹੀ ਸੀਮਾ ਨੂੰ ਕੰਬਣੀ ਛਿੜ ਗਈ। ਕੋਠੀ ਬਾਰੇ ਸੋਚਦਿਆਂ ਹੀ ਇੱਕ ਭਿਆਨਕ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਉਜਾਗਰ ਹੋਣ ਲੱਗਦਾ ਸੀ। ਪਹਿਲਾਂ ਜਦੋਂ ਕਦੇ ਉਹ ਨੀਲਮ ਨੂੰ ਮਿਲਣ ਇਸ ਕੋਠੀ ਆਈ ਸੀ, ਸਾਰੇ ਟੱਬਰ ਨੇ ਉਸ ਉਪਰ ਹਰ ਖੁਸ਼ੀ ਨਿਸ਼ਾਵਰ ਕੀਤੀ ਸੀ। ਉਸਨੇ ਨੀਲਮ ਦਾ ਟੱਬਰ ਇਸ ਘਰ ਵਿੱਚ ਹੱਸਦਾ ਖੇਡਦਾ, ਨੱਚਦਾ ਟੱਪਦਾ ਅਤੇ ਸ਼ਰਾਰਤਾਂ ਕਰਦਾ ਦੇਖਿਆ ਸੀ। ਬਦਲੇ ਹਾਲਾਤ ਵਿੱਚ ਉਸਦਾ ਉਥੇ ਇੱਕ ਮਿੰਟ ਲਈ ਵੀ ਰਹਿਣਾ ਦੁੱਭਰ ਸੀ। ਕੋਠੀ ਨਾਲੋਂ ਉਹ ਹਸਪਤਾਲ ਚੰਗੀ ਸੀ।

ਨੀਲਮ ਲਈ ਉਪਰਲੇ ਬੰਦੇ ਦਾ ਹੋਣਾ ਨਾ ਹੋਣਾ ਇੱਕ ਬਰਾਬਰ ਸੀ। ਉਸਨੂੰ ਗੁਲੂਕੋਜ਼ ਲੱਗਾ ਹੋਇਆ ਸੀ। ਦਵਾਈਆਂ ਅਤੇ ਖ਼ੁਰਾਕ ਇਸੇ ਰਾਹੀਂ ਦਿੱਤਾ ਜਾਂਦਾ ਸੀ। ਇਹ ਕੰਮ ਨਰਸ ਦਾ ਸੀ। ਗੁਲੂਕੋਜ਼ ਖ਼ਤਮ ਹੋਣ ’ਤੇ ਨਵੀਂ ਬੋਤਲ ਲਗਵਾਉਣ ਦਾ ਕੰਮ ਨਾਲ ਦੇ ਮਰੀਜ਼ ਦੇ ਵਾਰਿਸ ਵੀ ਕਰ ਸਕਦੇ ਸਨ। ਬਿਮਾਰ ਧੀ ਨੂੰ ਹਸਪਤਾਲ ਬੈਠਾਉਣ ਦਾ ਕੋਈ ਫ਼ਾਇਦਾ ਨਹੀਂ ਸੀ। ਕੁੱਝ ਦਿਨ ਆਰਾਮ ਕਰਨ ਲਈ ਸੀਮਾ ਨੂੰ ਸਹੁਰੇ ਭੇਜਿਆ ਗਿਆ ਸੀ।

ਉਸ ਦਿਨ ਦੀ ਗਈ ਸੀਮਾ ਵੀ ਸੁਸ਼ਮਾ ਵਾਂਗ ਭੋਗ ’ਤੇ ਹੀ ਆਈ ਸੀ। ਭੋਗ ਉਪਰ ਵੀ ਕਿਸੇ ਨੇ ਦਿਨ ਕਟਾਉਣ ਦੀ ਗੱਲ ਨਹੀਂ ਸੀ ਤੋਰੀ। ਆਮ ਰਿਸ਼ਤੇਦਾਰਾਂ ਵਾਂਗ ਸਵੇਰੇ ਆਏ ਅਤੇ ਸ਼ਾਮ ਨੂੰ ਮੁੜ ਗਏ ਸਨ।

ਰਾਮ ਨਾਥ ਨੂੰ ਆਪਣੀਆਂ ਭੈਣਾਂ ਦੇ ਸਹੁਰੇ ਪਿੰਡ ਮੁੜ ਜਾਣ ’ਤੇ ਕੋਈ ਗਿਲਾ ਨਹੀਂ ਸੀ। ਉਹ ਪੜ੍ਹੀਆਂ ਲਿਖੀਆਂ ਹੋ ਕੇ ਵੀ ਸਹੁਰੇ ਪਰਿਵਾਰ ਦੀਆਂ ਕੱਠ ਪੁਤਲੀਆਂ ਸਨ।

ਉਨ੍ਹਾਂ ਨੂੰ ਸਹੁਰੇ ਤੰਗ ਕਰਦੇ ਹੋਣਗੇ। ਆਪਣੇ ਘਰ ਉਜਾੜ ਕੇ ਉਹ ਦੂਜਿਆਂ ਦੇ ਘਰ ਨਹੀਂ ਸਨ ਵਸਾ ਸਕਦੀਆਂ। ਜਿੰਨਾ ਸਮਾਂ ਉਹ ਕਟਾ ਸਕਦੀਆਂ ਸਨ, ਕਟਾ ਗਈਆਂ ਸਨ। ਉਨ੍ਹਾਂ ਸਿਰ ਕੋਈ ਉਲਾਂਭਾ ਨਹੀਂ ਸੀ।

ਪਰ ਜਦੋਂ ਸਕੇ ਭਰਾ ਮੂੰਹ ’ਤੇ ਮਿੱਟੀ ਮਲਣ ਲੱਗੇ, ਉਸ ਸਮੇਂ ਰਾਮ ਨਾਥ ਦਾ ਮਨ ਕੁਰਲਾ ਉੱਠਿਆ।

ਕਮਲ ਦੇ ਫੁੱਲ ਪਾਉਣ ਬਾਅਦ ਅਸ਼ਵਨੀ ਨੂੰ ਸ਼ਹਿਰ ਭੇਜ ਦਿੱਤਾ ਗਿਆ ਸੀ। ਉਸਦੀ ਪਤਨੀ ਅਨੀਤਾ ਗਰਭਵਤੀ ਸੀ। ਅੱਠਵਾਂ ਮਹੀਨਾ ਚੱਲ ਰਿਹਾ ਸੀ। ਉਸਨੂੰ ਤੁਰਨ ਫਿਰਨ ਵਿੱਚ ਦਿੱਕਤ ਆ ਰਹੀ ਸੀ। ਗਰਭ ਵਿਚਲੇ ਬੱਚੇ ਦੇ ਮਾਨਸਿਕ ਵਿਕਾਸ ਉਪਰ ਭੈੜਾ ਅਸਰ ਪੈ ਰਿਹਾ ਸੀ। ਰਾਮ ਨਾਥ ਅਤੇ ਮੰਗਤ ਰਾਏ ਮਾਇਆ ਨਗਰ ਬੈਠੇ ਸਨ। ਪਿਛੋਂ ਕੋਈ ਘਰ ਸੰਭਾਲਣ ਵਾਲਾ ਵੀ ਚਾਹੀਦਾ ਸੀ। ਅਨੀਤਾ ਸ਼ਹਿਰ ਰਹਿ ਕੇ ਸਭ ਕੰਮ ਦੇਖ ਰਹੀ ਸੀ। ਅਸ਼ਵਨੀ ਇੱਕ ਦਿਨ ਛੱਡ ਕੇ ਸ਼ਹਿਰ ਚੱਕਰ ਮਾਰ ਆਉਂਦਾ ਸੀ। ਤਿੰਨਾਂ ਘਰਾਂ ਦੀਆਂ ਲੋੜਾਂ ਪੂਰੀਆਂ ਕਰ ਆਉਂਦਾ ਸੀ।

ਅਨੀਤਾ ਪਹਿਲਾਂ ਹੀ ਸ਼ਹਿਰ ਰਹਿੰਦੀ ਸੀ। ਭੋਗ ਤੋਂ ਬਾਅਦ ਅਸ਼ਵਨੀ ਨੇ ਵੀ ਮਾਇਆ ਨਗਰ ਆਉਣਾ ਛੱਡ ਦਿੱਤਾ।

ਮੰਗਤ ਰਾਏ ਇੱਕ ਦੋ ਵਾਰ ਆ ਕੇ ਬਹਾਨੇ ਘੜਨ ਲੱਗਾ। ਉਸਦਾ ਮਹਿਕਮਾ ਜੰਗੀ ਪੱਧਰ ’ਤੇ ਮੁੱਖ ਮੰਤਰੀ ਦੀ ਸਾਲੀ ਦੇ ਪਿੰਡ ਨੂੰ ਬਿਜਲੀ ਦੀ ਨਵੀਂ ਲਾਈਨ ਪਾ ਰਿਹਾ ਸੀ। ਬਹਾਨਾ ਬਾਬੇ ਦੀ ਬਰਸੀ ’ਤੇ ਪਿੰਡ ਨੂੰ ਰੁਸ਼ਨਾਉਣ ਦਾ ਸੀ। ਬਰਸੀ ਨੇੜੇ ਆ ਰਹੀ ਸੀ ਅਤੇ ਖੰਭੇ ਅਜੇ ਦੂਰ ਸਨ। ਮਹਿਕਮੇ ਨੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਸਨ। ਜਿਹੜੇ ਪਹਿਲਾਂ ਛੁੱਟੀ ’ਤੇ ਚੱਲ ਰਹੇ ਸਨ, ਉਨ੍ਹਾਂ ਨੂੰ ਡਿਊਟੀ ’ਤੇ ਬੁਲਾ ਲਿਆ ਗਿਆ ਸੀ। ਮੰਗਤ ਦੀ ਪਹਿਲੀ ਲੰਬੀ ਛੁੱਟੀ ਕਾਰਨ ਜਵਾਬ ਤਲਬੀ ਤਾਂ ਨਹੀਂ ਸੀ ਹੋਈ, ਪਰ ਬੁੜ ਬੁੜ ਜ਼ਰੂਰ ਹੋਈ ਸੀ। ਕਈ ਵਾਰ ਉਸਨੂੰ ਰਾਤ ਨੂੰ ਡਿਊਟੀ ਦੇਣੀ ਪੈਂਦੀ ਸੀ। ਪਿਛੋਂ ਬੱਚੇ ਡਰ ਜਾਂਦੇ ਸਨ। ਇਸ ਬਹਾਨੇ ਉਸਨੇ ਸੁਜਾਤਾ ਨੂੰ ਵੀ ਸ਼ਹਿਰ ਬੁਲਾ ਲਿਆ।

ਅਸ਼ਵਨੀ ਕੋਲ ਘੜਨ ਲਈ ਅਜਿਹਾ ਕੋਈ ਬਹਾਨਾ ਨਹੀਂ ਸੀ। ਉਹ ਸਟੈਨੋ ਸੀ।

ਟਾਇਪ ਦਾ ਕੰਮ ਸਾਰੇ ਬਾਬੂ ਜਾਣਦੇ ਸਨ। ਪਹਿਲਾਂ ਕਦੇ ਉਸ ਨੇ ਲੰਬੀ ਛੁੱਟੀ ਨਹੀਂ ਸੀ ਲਈ। ਅਜਿਹੇ ਮੌਕੇ ਕੋਈ ਅਫ਼ਸਰ ਛੁੱਟੀ ਨੂੰ ਜਵਾਬ ਨਹੀਂ ਦਿੰਦਾ। ਰਾਮ ਨਾਥ ਕਈ ਪੰਚਾਇਤਾਂ ਦਾ ਵਕੀਲ ਸੀ। ਉਸਦੀ ਬੀ.ਡੀ.ਓ.ਨਾਲ ਚੰਗੀ ਜਾਣ ਪਹਿਚਾਣ ਸੀ। ਉਹ ਸਿਫਾਰਸ਼ ਕਰਕੇ ਉਸਦੀ ਛੁੱਟੀ ਮਨਜ਼ੂਰ ਕਰਵਾ ਸਕਦਾ ਸੀ।

ਰਾਮ ਨਾਥ ਨੇ ਜਦੋਂ ਮੂੰਹ ਫਾੜ ਕੇ ਅਸ਼ਵਨੀ ਨੂੰ ਮਾਇਆ ਨਗਰ ਰਹਿਣ ਲਈ ਆਖਿਆ ਤਾਂ ਉਹ ਖਹਿੜਾ ਛੁਡਾਉਣ ਲਈ ਕਹਿਣ ਲੱਗਾ: “ਤੁਸੀਂ ਇਥੇ ਹੋ ਤਾਂ ਸਹੀ। ਸਾਰੇ ਟੱਬਰ ਨੇ ਕੀ ਕਰਨੈ? ਜਦੋਂ ਤੁਸੀਂ ਸ਼ਹਿਰ ਜਾਣਾ ਹੋਇਆ, ਮੈਨੂੰ ਦੱਸ ਦੇਣਾ। ਮੈਂ ਇਥੇ ਆ ਜਾਵਾਂਗਾ।”

 

-42-

 

ਰਾਮ ਨਾਥ ਪੜ੍ਹੇ ਲਿਖੇ ਭਰਾਵਾਂ ਨੂੰ ਕਿਸ ਤਰ੍ਹਾਂ ਸਮਝਾਏ ਕਿ ਉਸਨੇ ਵੀ ਬੱਚੇ ਪਾਲਣੇ ਸਨ।

ਅਸ਼ਵਨੀ ਅਤੇ ਉਸਦੀ ਪਤਨੀ ਸਰਕਾਰੀ ਮੁਲਾਜ਼ਮ ਸਨ। ਉਨ੍ਹਾਂ ਦੀ ਤਨਖ਼ਾਹ ਪੱਕੀ ਸੀ। ਅਨੀਤਾ ਨੂੰ ਛੇ ਮਹੀਨੇ ਦੀ ਮੈਟਰਨਟੀ ਲੀਵ ਮਿਲ ਗਈ ਸੀ। ਇਹ ਛੁੱਟੀ ਵਧ ਕੇ ਇੱਕ ਸਾਲ ਹੋ ਜਾਣੀ ਸੀ। ਘਰ ਬੈਠੇ ਉਨ੍ਹਾਂ ਨੂੰ ਪੂਰੀ ਤਨਖ਼ਾਹ ਅਤੇ ਇਲਾਜ ਦਾ ਖ਼ਰਚਾ ਮਿਲ ਜਾਣਾ ਸੀ।

ਰਾਮ ਨਾਥ ਦੀ ਦੁਕਾਨਦਾਰੀ ਸੀ। ਵਕਾਲਤ ਦੇ ਧੰਦੇ ਵਿੱਚ ਸਖ਼ਤ ਮੁਕਾਬਲਾ ਸੀ।

ਵਕੀਲ ਦੀ ਇੱਕ ਦਿਨ ਦੀ ਗ਼ੈਰ ਹਾਜ਼ਰੀ ਉਸਦੇ ਖੇਡਣੇ ਖਿੰਡਾ ਦਿੰਦੀ ਸੀ। ਰਾਮ ਨਾਥ ਵੀਹ ਦਿਨ ਤੋਂ ਕੰਮ ਛੱਡੀ ਬੈਠਾ ਸੀ।

ਭੋਗ ਤਕ ਗੱਲ ਹੋਰ ਸੀ। ਉਸ ਦਿਨ ਤਕ ਉਸਨੂੰ ਸਭ ਪਾਸਿਉਂ ਸਹਿਯੋਗ ਮਿਲਿਆ ਸੀ।

ਸਾਇਲ ਚੁੱਪ ਸਨ। ਸੋਚਦੇ ਸਨ ਵਕੀਲ ’ਤੇ ਭੀੜ ਪਈ ਹੈ। ਦੋ ਚਾਰ ਦਿਨ ਕੇਸ ਇਧਰ ਉਧਰ ਹੋ ਗਿਆ, ਕੋਈ ਗੱਲ ਨਹੀਂ।

ਪਰ ਜਦੋਂ ਉਹ ਭੋਗ ਦੇ ਹਫ਼ਤਾ ਬਾਅਦ ਵੀ ਸ਼ਹਿਰ ਨਾ ਗਿਆ ਤਾਂ ਸਾਇਲਾਂ ਵਿੱਚ ਹਾਹਾਕਾਰ ਮੱਚ ਗਈ। ਲੋਕ ਆਪਣੇ ਦੁਖੜੇ ਲੈ ਕੇ ਮਾਇਆ ਨਗਰ ਆਉਣ ਲੱਗੇ।

ਕਿਸੇ ਦਾ ਰਿਸ਼ਤੇਦਾਰ ਜੇਲ੍ਹ ਵਿੱਚ ਸੜ ਰਿਹਾ ਸੀ। ਵਕੀਲ ਦੇ ਹਾਜ਼ਰ ਨਾ ਹੋਣ ਕਾਰਨ ਜ਼ਮਾਨਤ ਮਨਜ਼ੂਰ ਨਹੀਂ ਸੀ ਹੋ ਰਹੀ।

ਕਿਸੇ ਦੇ ਮਸਾਂ ਮਨਾ ਕੇ ਲਿਆਂਦੇ ਗਵਾਹ ਬਿਨਾਂ ਭੁਗਤੇ ਮੁੜ ਗਏ ਸਨ। ਗਵਾਹਾਂ ‘ਤੇ ਹੋਏ ਵੱਡੇ ਖ਼ਰਚੇ ਦੀ ਸਾਇਲ ਨੂੰ ਪਰਵਾਹ ਨਹੀਂ ਸੀ। ਦੁੱਖ ਇਸ ਗੱਲ ਦਾ ਸੀ ਕਿ ਅਗਲੀ ਪੇਸ਼ੀ ਤਕ ਦੂਜੀ ਧਿਰ ਨੇ ਗਵਾਹਾਂ ਨੂੰ ਮੁੱਕਰਾ ਦੇਣਾ ਸੀ।

ਕਈਆਂ ਨੂੰ ਜੱਜ ਝਈਆਂ ਲੈ ਲੈ ਪੈ ਰਹੇ ਸਨ। ਕੇਸ ਬਹਿਸ ’ਤੇ ਲੱਗ ਚੁੱਕਾ ਸੀ।

ਅਗਲੀ ਪੇਸ਼ੀ ਤੇ ਜੇ ਵਕੀਲ ਨੇ ਬਹਿਸ ਨਾ ਕੀਤੀ ਤਾਂ ਉਸਨੇ ਦੂਜੀ ਧਿਰ ਦੇ ਵਕੀਲ ਦੀ ਬਹਿਸ ਸੁਣਕੇ ਫ਼ੈਸਲਾ ਕਰ ਦੇਣਾ ਸੀ। ਬਹਿਸ ਕਰਨ ਰਾਮ ਨਾਥ ਆਏਗਾ ਜਾਂ ਨਹੀਂ?

ਸਾਇਲ ਪੁੱਛਣ ਆਉਂਦਾ ਸੀ।

ਸਾਇਲਾਂ ਦੇ ਸ਼ਿਕਵੇ ਜਾਇਜ਼ ਸਨ।

ਪਿਛਲੇ ਵੀਹ ਦਿਨਾਂ ਵਿੱਚ ਰਾਮ ਨਾਥ ਕੇਵਲ ਇੱਕ ਵਾਰ ਕਚਹਿਰੀ ਗਿਆ ਸੀ।

ਉਸਨੇ ਇਕੱਲੇ ਇਕੱਲੇ ਜੱਜ ਦੇ ਚੈਂਬਰ ਵਿੱਚ ਜਾ ਕੇ ਆਪਣੀ ਮਜਬੂਰੀ ਦੱਸੀ ਸੀ। ਹਰ ਜੱਜ ਨੇ ਹਮਦਰਦੀ ਪ੍ਰਗਟਾਉਣ ਦੇ ਨਾਲ ਨਾਲ ਉਸਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਸੀ।

ਰਾਮ ਨਾਥ ਦੇ ਕੇਸ ਭੁਗਤਾਉਣ ਦੀ ਜ਼ਿੰਮੇਵਾਰੀ ਕਿਹਰ ਸਿੰਘ ਨੇ ਆਪਣੇ ਜ਼ਿੰਮੇ ਲਈ ਸੀ। ਉਸਨੇ ਰਾਮ ਨਾਥ ਨੂੰ ਭਰੋਸਾ ਦਿਵਾਇਆ ਸੀ। ਜਿਥੇ ਮਿਲ ਸਕੀ, ਪੇਸ਼ੀ ਲਈ ਜਾਵੇਗੀ। ਜਿਥੇ ਨਾ ਸਰਿਆ, ਜ਼ਰੂਰੀ ਜ਼ਰੂਰੀ ਗਵਾਹ ਭੁਗਤਾ ਲਏ ਜਾਣਗੇ। ਛੋਟੀ ਮੋਟੀ ਬਹਿਸ ਕਰ ਦਿੱਤੀ ਜਾਵੇਗੀ। ਵੱਡੀ ਬਹਿਸ ਨੂੰ ਟਾਲਣ ਲਈ ਕੋਈ ਨਾ ਕੋਈ ਅਰਜ਼ੀਪੱ ਤਰ ਅੜਾ ਦਿੱਤਾ ਜਾਏਗਾ। ਰਾਮ ਨਾਥ ਦੇ ਸਾਇਲ ਨੂੰ ਗਿਲਾ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ।

ਬਦਲੇ ਵਿੱਚ ਰਾਮ ਨਾਥ ਨੇ ਕਿਹਰ ਸਿੰਘ ਨੂੰ ਖੁਲ੍ਹ ਦਿੱਤੀ ਸੀ। ਪਿੱਛੋਂ ਜੇ ਕੋਈ ਨਵਾਂ ਕੇਸ ਆਏਗਾ ਕਿਹਰ ਸਿੰਘ ਨੂੰ ਉਸ ਵਿਚੋਂ ਅੱਧ ਮਿਲੇਗਾ। ਮੁੱਢਲੀ ਕਾਰਵਾਈ ਕਿਹਰ ਸਿੰਘ ਕਰੇਗਾ। ਪਿੱਛੋਂ ਰਾਮ ਨਾਥ ਪੈਰਵਾਈ ਸੰਭਾਲ ਲਏਗਾ।

ਸ਼ਹਿਰ ਦਾ ਇੱਕ ਇੱਕ ਵਕੀਲ ਉਸਦੇ ਦੁੱਖ ਵਿੱਚ ਭਾਗੀਦਾਰ ਬਣਿਆ ਸੀ। ਬਾਰ ਵੱਲੋਂ ਕਮਲ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ। ਦੁਖੀ ਪਰਿਵਾਰ ਦੇ ਦੁੱਖ ਵਿੱਚ ਸਾਂਝ ਪਾਉਣ ਲਈ ਮਤਾ ਪਾਸ ਕੀਤਾ ਗਿਆ ਸੀ। ਮਤੇ ਦੀ ਨਕਲ ਉਸਨੂੰ ਮਾਇਆ ਨਗਰ ਪਹੁੰਚਾਈ ਗਈ ਸੀ। ਦੂਜੇ ਮਤੇ ਰਾਹੀਂ ਸਰਕਾਰ ਕੋਲੋਂ ਅਸਲ ਦੋਸ਼ੀ ਫੜ੍ਹੇ ਜਾਣ ਦੀ ਮੰਗ ਕੀਤੀ ਗਈ ਸੀ। ਮੰਗ ਦੇ ਸਮਰਥਣ ਵਿੱਚ ਇੱਕ ਦਿਨ ਦੀ ਹੜਤਾਲ ਕੀਤੀ ਗਈ ਸੀ। ਰਾਮ ਨਾਥ ਨੂੰ ਬਾਰ ਵੱਲੋਂ ਭਰੋਸਾ ਦਿਵਾਇਆ ਗਿਆ ਸੀ। ਬਾਰ ਦਾ ਹਰ ਮੈਂਬਰ ਮਾਇਆ ਨਗਰ ਜਾ ਕੇ ਮੁਕੱਦਮੇ ਦੀ ਪੈਰਵਾਈ ਕਰਨ ਲਈ ਤਿਆਰ ਸੀ।

ਲੱਗਦਾ ਸੀ ਕਮਲ ਦੇ ਭੋਗ ਦੇ ਨਾਲ ਹੀ ਇਨ੍ਹਾਂ ਵਾਅਦਿਆਂ ਦਾ ਭੋਗ ਪੈ ਗਿਆ ਸੀ।

ਜੱਜ ਸਾਇਲਾਂ ਨੂੰ ਧਮਕਾਉਣ ਲੱਗ ਪਏ ਸਨ। ਅਗਲੀ ਪੇਸ਼ੀ ’ਤੇ ਵਕੀਲ ਦੀ ਹਾਜ਼ਰੀ ਮੰਗ ਰਹੇ ਸਨ।

ਕਿਹਰ ਸਿੰਘ ਨੇ ਗਵਾਹ ਭੁਗਤਾਉਣ ਅਤੇ ਬਹਿਸ ਕਰਨ ਦੀ ਫ਼ੀਸ ਮੰਗਣੀ ਸ਼ੁਰੂ ਕਰ ਦਿੱਤੀ ਸੀ।

ਵਿਰੋਧੀ ਧਿਰ ਦੇ ਵਕੀਲ ਬਿਨਾਂ ਭੁਗਤੇ ਆਪਣੇ ਗਵਾਹਾਂ ਦਾ ਖ਼ਰਚਾ ਮੰਗਣ ਲੱਗ ਪਏ ਸਨ।

ਹੋਰ ਤਾਂ ਹੋਰ ਰਾਮ ਨਾਥ ਦਾ ਆਪਣਾ ਮੁਨਸ਼ੀ ਗ਼ਦਾਰੀ ਕਰਨ ਲੱਗ ਪਿਆ ਸੀ।

ਉਹ ਰਾਮ ਨਾਥ ਦੇ ਨਵੇਂ ਸਾਇਲਾਂ ਨੂੰ ਕਿਹਰ ਸਿੰਘ ਦੀ ਥਾਂ ਸੁਰਿੰਦਰ ਮੋਹਨ ਦੇ ਫੱਧਟੇ ਤੇ ਲਿਜਾਣ ਲੱਗਾ ਸੀ। ਕਿਹਰ ਸਿੰਘ ਕੋਲੋਂ ਉਸ ਨੂੰ ਕੇਵਲ ਮੁਨਸ਼ੀਆਨਾ ਮਿਲਦਾ ਸੀ। ਸੁਰਿੰਦਰ ਮੋਹਨ ਫ਼ੀਸ ਵਿਚੋਂ ਤੀਜਾ ਹਿੱਸਾ ਦਿੰਦਾ ਸੀ।

ਇਹ ਗਿਲਾ ਕਿਹਰ ਸਿੰਘ ਨੇ ਵੀ ਕੀਤਾ ਸੀ ਅਤੇ ਸੁਰਿੰਦਰ ਮੋਹਨ ਕੋਲ ਫਸੇ ਉਸਦੇ ਕੁੱਝ ਸਾਇਲਾਂ ਨੇ ਵੀ।

ਪਰ ਸਬਰ ਦਾ ਘੁੱਟ ਭਰਨ ਤੋਂ ਸਿਵਾ ਰਾਮ ਨਾਥ ਕੁੱਝ ਨਹੀਂ ਸੀ ਕਰ ਸਕਿਆ।

ਮੁਨਸ਼ੀ ਦਸ ਸਾਲ ਤੋਂ ਉਸ ਕੋਲ ਕੰਮ ਕਰ ਰਿਹਾ ਸੀ। ਉਹ ਸਾਰੇ ਸਾਇਲਾਂ ਦਾ ਭੇਤੀ ਸੀ। ਹਰ ਮੁਕੱਦਮੇ ਦੀ ਕਮਜ਼ੋਰੀ ਨੂੰ ਜਾਣਦਾ ਸੀ। ਝਾੜ ਝੰਬ ਕੀਤੀ ਉਸਨੇ ਸਾਰਾ ਕੰਮ ਕਿਸੇ ਹੋਰ ਵਕੀਲ ਦੇ ਫੱਟੇ ਤੇ ਲੈ ਜਾਣਾ ਸੀ।

ਵੀਹ ਦਿਨ ਬਾਹਰ ਰਹਿਣ ਕਾਰਨ ਰਾਮ ਨਾਥ ਦਾ ਕੰਮ ਅੱਧਾ ਰਹਿ ਗਿਆ ਸੀ।

ਨਵੇਂ ਕੇਸ ਆਉਣੇ ਬੰਦ ਹੋ ਗਏ ਸਨ। ਪੁਰਾਣੇ ਖਿੰਡ ਰਹੇ ਸਨ। ਇਸ ਧਦੇ ਵਿੱਚ ਖੜ੍ਹੇ ਦਾ ਨਾਂ ਖਾਲਸਾ ਵਾਲੀ ਗੱਲ ਸੀ।

ਕੁੱਝ ਵਕੀਲਾਂ ਨੇ ਰਾਮ ਨਾਥ ਦੀ ਛੱਤਰੀ ’ਤੇ ਬੈਠੇ ਕਬੂਤਰਾਂ ਨੂੰ ਉਥੋਂ ਉਡਾ ਕੇ ਆਪਣੀ ਛੱਤਰੀ ’ਤੇ ਬੈਠਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।

ਕੋਈ ਆਖਦਾ ਸੀ ਰਾਮ ਨਾਥ ਵਕਾਲਤ ਛੱਡ ਗਿਆ ਹੈ। ਉਹ ਮਾਇਆ ਨਗਰ ਰਹਿ ਕੇ ਆਪਣੀ ਭੈਣ ਦੀ ਜਾਇਦਾਦ ਸੰਭਾਲੇਗਾ। ਜੀਜੇ ਦਾ ਕਾਰੋਬਾਰ ਦੇਖੇਗਾ।

ਰਾਮ ਨਾਥ ਨੂੰ ਯਕੀਨ ਸੀ ਕਈਆਂ ਨੇ ਉਸਨੂੰ ‘ਮਰ ਗਿਆ’ ਤਕ ਆਖ ਦਿੱਤਾ ਹੋਣਾ ਹੈ।

ਰਾਮ ਨਾਥ ਦੇ ਆਪਣੇ ਕੰਮ ਦਾ ਭੱਠਾ ਤਾਂ ਬੈਠਾ ਹੀ ਸੀ, ਉਸ ਨੂੰ ਲਗਦਾ ਸੀ ਸੰਗੀਤਾ ਲਈ ਵੀ ਮੁਸੀਬਤ ਖੜ੍ਹੀ ਹੋਣ ਵਾਲੀ ਸੀ। ਉਸਦੇ ਸਕੂਲ ਵਿਚੋਂ ਵਾਰ ਵਾਰ ਫ਼ੋਨ ਆ ਰਹੇ ਸਨ। ਉਹ ਹਿਸਾਬ ਪੜ੍ਹਾਉਂਦੀ ਸੀ। ਉਸਦਾ ਵਿਸ਼ਾ ਬਹੁਤ ਅਹਿਮ ਸੀ। ਉਸਦੀਆਂ ਜਮਾਤਾਂ ਦਾ ਸਲੇਬਸ ਬਹੁਤ ਪਿੱਛੇ ਰਹਿ ਗਿਆ ਸੀ। ਕਈ ਪੜ੍ਹੇ ਲਿਖੇ ਮਾਪੇ ਪ੍ਰਿੰਸੀਪਲ ਕੋਲ ਸ਼ਿਕਾਇਤ ਕਰ ਰਹੇ ਸਨ। ਉਨ੍ਹਾਂ ਦੇ ਬੱਚਿਆਂ ਦਾ ਕੀ ਬਣੇਗਾ? ਲੰਬੀ ਗੈਰ ਹਾਜ਼ਰੀ ਸੰਗੀਤਾ ਦੇ ਸ਼ਹਿਰੋਂ ਤਬਾਦਲੇ ਦਾ ਕਾਰਨ ਬਣ ਸਕਦੀ ਸੀ।

ਪੰਦਰਾਂ ਸਾਲ ਪਿੰਡਾਂ ਦੇ ਸਕੂਲਾਂ ਵਿੱਚ ਧੱਕੇ ਖਾ ਕੇ ਮਸਾਂ ਸੰਗੀਤਾ ਨੂੰ ਸ਼ਹਿਰੀ ਸਕੂਲ ਮਿਲਿਆ ਸੀ। ਪਿੰਡਾਂ ਵਿੱਚ ਲੱਗੇ ਅਧਿਆਪਕ ਸ਼ਹਿਰ ਆਉਣ ਦੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਸਨ। ਕਈ ਅਧਿਆਪਕ ਪ੍ਰਿੰਸੀਪਲ ਤਕ ਪਹੁੰਚ ਕਰ ਚੁੱਕੇ ਸਨ। ਜੇ ਪ੍ਰਿੰਸੀਪਲ ਹਾਂ ਕਰੇ ਤਾਂ ਉਹ ਆਪਣਾ ਤਬਾਦਲਾ ਸੰਗੀਤਾ ਦੀ ਥਾਂ ਕਰਵਾ ਲੈਣ। ਹਾਲੇ ਤਕ ਪ੍ਰਿੰਸੀਪਲ ਮੌਕਾ ਸੰਭਾਲਦੀ ਆ ਰਹੀ ਸੀ। ਹੋਰ ਗੈਰ ਹਾਜ਼ਰੀ ਉਸਦੇ ਵਸੋਂ ਬਾਹਰ ਹੋ ਸਕਦੀ ਸੀ।

ਸੰਗੀਤਾ ਕੁੱਝ ਦਿਨ ਲਈ ਡਿਊਟੀ ’ਤੇ ਹਾਜ਼ਰ ਹੋ ਜਾਵੇ। ਮਸਲਾ ਠੰਡਾ ਹੁੰਦੇ ਹੀ ਫੇਰ ਛੁੱਟੀ ਲੈ ਜਾਵੇ।

ਰਾਮ ਨਾਥ ਦੇ ਬੱਚੇ ਗਿਲਾ ਕਰ ਰਹੇ ਸਨ। ਕੁੜੀਆਂ ਦਾ ਬਹੁਤਾ ਸਮਾਂ ਖਾਣਾ ਬਨਾਉਣ ਅਤੇ ਕਪੜੇ ਧੋਣ ਵਿੱਚ ਲੰਘ ਜਾਂਦਾ ਸੀ। ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ।

ਪਰ ਬਿਨਾਂ ਭਰਾਵਾਂ ਦੇ ਸਹਿਯੋਗ ਦੇ ਰਾਮ ਨਾਥ ਕੋਈ ਪ੍ਰਬੰਧ ਕਰੇ ਤਾਂ ਕਿਸ ਤਰ੍ਹਾਂ?

 

-43-

 

ਇਧਰ ਰਾਮ ਨਾਥ ਨੂੰ ਘਰ ਦੀਆਂ ਸਮੱਸਿਆਵਾਂ ਤੰਗ ਕਰ ਰਹੀਆਂ ਸਨ, ਉਧਰ ਪੁਲਿਸ ਸ਼ਿਕੰਜਾ ਕੱਸ ਰਹੀ ਸੀ।

ਕਈ ਦਿਨਾਂ ਤੋਂ ਮੁੱਖ ਅਫ਼ਸਰ ਦਾ ਰੀਡਰ ਉਸ ਦੇ ਖਹਿੜੇ ਪਿਆ ਹੋਇਆ ਸੀ।

ਕਿਸੇ ਹੋਰ ਪੁਲਿਸ ਅਫ਼ਸਰ ਨੂੰ ਫ਼ੀਸ ਨਹੀਂ ਦਿੱਤੀ ਨਾ ਸਹੀ, ਫੋਟੋ ਗ੍ਰਾਫ਼ਰ ਦਾ ਬਿਲ ਤਾਂ ਅਦਾ ਕਰੋ। ਪੈਸੇ ਨਾ ਮਿਲਣ ਕਾਰਨ ਉਹ ਫੋਟੋਆਂ ਰੋਕੀ ਬੈਠਾ ਸੀ। ਵਾਰਦਾਤ ਵਾਲੀ ਜਗ੍ਹਾ ਦਾ ਸਕੇਲੀ ਨਕਸ਼ਾ ਬਨਣਾ ਸੀ। ਨਕਸ਼ਾ ਨਵੀਸ ਦਾ ਪ੍ਰਬੰਧ ਕਰੋ।

ਇਹ ਸਭ ਜ਼ਿੰਮੇਵਾਰੀਆਂ ਪੁਲਿਸ ਦੀਆਂ ਸਨ। ਪੁਲਿਸ ਲਾਈਨ ਵਿੱਚ ਇਨ੍ਹਾਂ ਕੰਮਾਂ ਲਈ ਫੋਟੋ ਗ੍ਰਾਫਰ ਅਤੇ ਨਕਸ਼ਾ ਨਵੀਸ ਤਾਇਨਾਤ ਸਨ। ਪਰ ਇਨ੍ਹਾਂ ਨੂੰ ਅਫ਼ਸਰਾਂ ਦੀਆਂ ਬੀਵੀਆਂ ਦੀਆਂ ਫੋਟੋ ਖਿੱਚਣ ਅਤੇ ਅਫ਼ਸਰਾਂ ਦੀਆਂ ਕੋਠੀਆਂ ਦੇ ਨਕਸ਼ੇ ਬਨਾਉਣ ਤੋਂ ਵਿਹਲ ਮਿਲੇ ਤਾਂ ਉਹ ਆਪਣੇ ਫਰਜ਼ ਨਿਭਾਉਣ।

ਬਾਹਰਲੇ ਫੋਟੋ ਗ੍ਰਾਫ਼ਰ ਅਤੇ ਨਕਸ਼ਾ ਨਵੀਸ ਪੁਲਿਸ ਦੇ ਚਹੇਤੇ ਸਨ। ਮੂੰਹ ਮੰਗੀ ਫ਼ੀਸ ਲੈਂਦੇ ਸਨ। ਫਸੇ ਆਦਮੀ ਨੂੰ ਮਾਰ ਖਾਣੀ ਪੈਂਦੀ ਸੀ।

ਪੰਜ ਚਾਰ ਸੌ ਲਈ ਰਾਮ ਨਾਥ ਵੀ ਪੁਲਿਸ ਨੂੰ ਨਰਾਜ਼ ਨਹੀਂ ਸੀ ਕਰ ਸਕਦਾ। ਦਿਲ ‘ਤੇ ਪੱਥਰ ਰੱਖ ਕੇ ਉਸ ਨੇ ਬਿੱਲ ਤਾਰ ਦਿੱਤੇ।

ਮੁੱਖ ਅਫ਼ਸਰ ਦਾ ਰੀਡਰ ਪਿੱਛੋਂ ਲਿਹਾ ਤਾਂ ਡਿਪਟੀ ਦਾ ਰੀਡਰ ਆ ਚੰਬੜਿਆ।

ਡਿਪਟੀ ਰਾਮ ਨਾਥ ਨੂੰ ਦਫ਼ਤਰ ਬੁਲਾ ਰਿਹਾ ਸੀ।

ਰਾਮ ਨਾਥ ਦੋ ਵਾਰੀ ਡਿਪਟੀ ਦੇ ਦਫ਼ਤਰ ਗਿਆ। ਹਰ ਵਾਰ ਉਹ ਕਿਸੇ ਜ਼ਰੂਰੀ ਕੰਮ ਦੇ ਬਹਾਨੇ ਦਫ਼ਤਰੋਂ ਖਿਸਕਿਆ ਹੁੰਦਾ ਸੀ।

ਤੀਜੀ ਵਾਰ ਡਿਪਟੀ ਖ਼ੁਦ ਹਸਪਤਾਲ ਆ ਟਪਕਿਆ।

“ਸਾਨੂੰ ਮੁਖ਼ਬਰੀ ਮਿਲੀ ਹੈ। ਕੁੱਝ ਦੋਸ਼ੀ ਆਪਣੇ ਪਿੰਡਾਂ ਵਾਲੀ ਗੱਡੀ ਚੜ੍ਹੇ ਹਨ।

ਮਾਲ ਦੇ ਖ਼ੁਰਦ ਬੁਰਦ ਹੋਣ ਤੋਂ ਪਹਿਲਾਂ ਆਪਾਂ ਉਨ੍ਹਾਂ ਨੂੰ ਦਬੋਚਨਾ ਹੈ।”

ਮਜ਼ਰੂਬਾਂ ਦਾ ਹਾਲ ਚਾਲ ਪੁੱਛਣ ਦੀ ਉਪਚਾਰਕਤਾ ਨਿਭਾਅ ਕੇ ਡਿਪਟੀ ਨੇ ਅਸਲ ਮੁੱਦਾ ਛੋਹਿਆ।

ਝੱਟ ਰਾਮ ਨਾਥ ਡਿਪਟੀ ਦੇ ਹਸਪਤਾਲ ਆਉਣ ਦਾ ਕਾਰਨ ਸਮਝ ਗਿਆ। ਉਸਦਾ ਖ਼ੁਦ ਪੁਲਿਸ ਨਾਲ ਪਹਿਲੀ ਵਾਰ ਵਾਹ ਪਿਆ ਸੀ। ਪਰ ਫ਼ੌਜਦਾਰੀ ਵਕੀਲ ਹੋਣ ਕਾਰਨ ਉਸਨੂੰ ਪੁਲਿਸ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਦਾ ਪੂਰਾ ਗਿਆਨ ਸੀ।

ਹੁਣ ਡਿਪਟੀ ਉਸਨੂੰ ਬਿਹਾਰ ਜਾਣ ਲਈ ਆਖੇਗਾ। ਉਹ ਨਹੀਂ ਜਾ ਸਕਦਾ ਤਾਂ ਕਿਸੇ ਹੋਰ ਬੰਦੇ ਦੀ ਮੰਗ ਕਰੇਗਾ। ਬਹਾਨਾ ਦੋਸ਼ੀਆਂ ਦੀ ਸ਼ਨਾਖ਼ਤ ਅਤੇ ਉਨ੍ਹਾਂ ਕੋਲੋਂ ਫੜ੍ਹੇ ਮਾਲ ਦੀ ਪਹਿਚਾਣ ਕਰਾਉਣਾ ਹੋਏਗਾ।

ਅਸਲ ਮਕਸਦ ਸਫ਼ਰ ਦੌਰਾਨ ਪੁਲਿਸ ਦੀ ਸੇਵਾ ਕਰਾਉਣਾ ਹੋਏਗਾ।

ਰਾਮ ਨਾਥ ਨੇ ਪਿੱਛੇ ਜਿਹੇ ਅਖ਼ਬਾਰ ਵਿੱਚ ਪੜ੍ਹਿਆ ਸੀ। ਮਾਇਆ ਨਗਰ ਦੇ ਇੱਕ ਉਦਯੋਗਪਤੀ ਨੇ ਆਪਣੀ ਧੀ ਦਾ ਦਹੇਜ ਬਰਾਮਦ ਕਰਾਉਣ ਲਈ ਪੁਲਿਸ ਪਾਰਟੀ ਨੂੰ ਬੰਬੇ ਲਿਜਾਣ ਲਈ ਹਵਾਈ ਜਹਾਜ਼ ਰਾਹੀਂ ਸੈਰ ਕਰਾਈ ਸੀ।

ਆਪਣੇ ਸਵਾਲ ਦਾ ਜਵਾਬ ਪਤਾ ਹੁੰਦਿਆਂ ਵੀ ਰਾਮ ਨਾਥ ਨੇ ਡਿਪਟੀ ’ਤੇ ਸਵਾਲ ਕੀਤਾ: “ਦੱਸੋ ਮੈਂ ਕੀ ਮਦਦ ਕਰਾਂ?”

“ਸਾਡੇ ਨਾਲ ਚੱਲੋ। ਤੁਸੀਂ ਵਕੀਲ ਹੋ। ਤਫ਼ਤੀਸ਼ ਵਿੱਚ ਸਾਡੀ ਰਹਿਨੁਮਾਈ ਕਰਨਾ।

ਬਿਹਾਰ ਦੇ ਵਕੀਲਾਂ ਅਤੇ ਮੈਜਿਸਟਰੇਟਾਂ ਨਾਲ ਨਜਿੱਠਣਾ।”

“ਇਸ ਕੰਮ ਤੋਂ ਮੈਨੂੰ ਮੁਆਫ਼ੀ ਦਿਓ। ਦੋਹਾਂ ਮਰੀਜ਼ਾਂ ਦੀ ਹਾਲਤ ਖ਼ਰਾਬ ਹੈ। ਕੁੜੀ ਵੀ ਠੀਕ ਨਹੀਂ।”

“ਤੁਸੀਂ ਨਹੀਂ ਜਾ ਸਕਦੇ, ਕੋਈ ਹੋਰ ਬੰਦਾ ਭੇਜ ਦੇਵੋ।”

“ਮੈਂ ਕਿਸੇ ਨੂੰ ਮਨਾਉਣ ਦਾ ਯਤਨ ਕਰਦਾ ਹਾਂ।”

“ਹੋਰ ਕੁੱਝ ਨਹੀਂ ਕਰ ਸਕਦੇ ਤਾਂ ਇੱਕ ਗੱਡੀ ਦਾ ਪ੍ਰਬੰਧ ਹੀ ਕਰ ਦਿਉ। ਕਪਤਾਨ ਸਾਹਿਬ ਕਾਹਲ ਕਰ ਰਹੇ ਹਨ। ਪੁਲਿਸ ਪਾਰਟੀ ਜਲਦੀ ਭੇਜੋ। ਮਾਲ ਠਿਕਾਣੇ ਲੱਗਣ ਬਾਅਦ ਪੁਲਿਸ ਗਈ ਜਾਂ ਨਾ ਗਈ, ਇੱਕ ਬਰਾਬਰ ਹੈ।”

ਰਾਮ ਨਾਥ ਡਿਪਟੀ ਦੀ ਚਾਲ ਸਮਝ ਰਿਹਾ ਸੀ। ਉਹ ਮਾਲ ਬਰਾਮਦ ਕਰਨ ਦੇ ਬਹਾਨੇ ਗੱਡੀ ਦਾ ਖ਼ਰਚਾ ਬਟੋਰਨਾ ਚਾਹੁੰਦਾ ਸੀ।

ਮੁਲਜਮ ਇੰਨੇ ਕਮਲੇ ਨਹੀਂ ਸਨ ਕਿ ਵਾਰਦਾਤ ਕਰਕੇ ਪਿੰਡਾਂ ਵੱਲ ਨੂੰ ਦੌੜਨ।

ਕਮਲੇ ਤੋਂ ਕਮਲੇ ਮੁਲਜ਼ਮ ਨੂੰ ਵੀ ਪਤਾ ਹੁੰਦਾ ਹੈ ਪੁਲਿਸ ਸਭ ਤੋਂ ਪਹਿਲਾਂ ਉਨ੍ਹਾਂ ਦੇ ਘਰਾਂ ਤੇ ਛਾਪੇ ਮਾਰਦੀ ਹੈ।

ਮੁਲਜਮ ਬਿਹਾਰੀ ਸਨ। ਉਨ੍ਹਾਂ ਦੇ ਬਿਹਾਰ ਵੱਲ ਦੌੜਨ ਵਿੱਚ ਵੀ ਕੋਈ ਤੁਕ ਨਹੀਂ ਸੀ। ਉਥੇ ਕਿਹੜਾ ਉਨ੍ਹਾਂ ਦੀਆਂ ਕੋਠੀਆਂ ਬਣੀਆਂ ਹੋਈਆਂ ਸਨ। ਪਤਾ ਨਹੀਂ ਕੋਈ ਝੁੱਗੀ ਝੌਂਪੜੀ ਹੋਏਗੀ ਵੀ ਜਾਂ ਨਹੀਂ?

ਕਿਸੇ ਦੋਸ਼ੀ ਦੇ ਪਿੰਡੋਂ ਫੜ੍ਹੇ ਜਾਣ ਦੀ ਕੋਈ ਸੰਭਾਵਨਾ ਨਹੀਂ ਸੀ। ਨਾਲ ਗਏ ਬੰਦੇ ਨੂੰ ਕੀ ਪਤਾ ਲੱਗਣਾ ਸੀ ਕਿ ਫੜਿਆ ਗਿਆ ਬੰਦਾ ਅਸਲੀ ਸੀ ਜਾਂ ਕਿਸੇ ਬੇਕਸੂਰ ਨੂੰ ਅੜਾਇਆ ਜਾ ਰਿਹਾ ਸੀ। ਕੋਈ ਫੜਿਆ ਵੀ ਗਿਆ ਤਾਂ ਮਾਲ ਬਰਾਮਦ ਨਹੀਂ ਸੀ ਹੋਣਾ।

ਕੁੱਝ ਮਾਲ ਬਰਾਮਦ ਹੋ ਵੀ ਗਿਆ ਤਾਂ ਉਹ ਪੁਲਿਸ ਨੇ ਖ਼ੁਰਦ ਬੁਰਦ ਕਰ ਦੇਣਾ ਸੀ।

ਫ਼ੈਸਲੇ ਤਕ ਫੜੇ ਮਾਲ ਨੇ ਥਾਣੇ ਕਚਹਿਰੀ ਦੇ ਮਾਲਖ਼ਾਨੇ ਵਿੱਚ ਰੁਲਦੇ ਰਹਿਣਾ ਸੀ। ਕਪੜੇ ਲੀੜੇ ਨੇ ਗਲ ਸੜ ਜਾਣਾ ਸੀ। ਸੋਨੇ ਨੇ ਸੌ ਹੱਥਾਂ ਥਾਈਂ ਲੰਘਦੇ ਲੰਘਦੇ ਪਿੱਤਲ ਵਿੱਚ ਬਦਲ ਜਾਣਾ ਸੀ।

ਅਸਲ ਬੰਦੇ ਫੜੇ ਜਾਣ ਤਾਂ ਵੀ ਰਾਮ ਨਾਥ ਹੋਰਾਂ ਦੇ ਕਾਲਜੇ ਠੰਡ ਨਹੀਂ ਸੀ ਪੈਣੀ।

ਉਹ ਭਾੜੇ ਦੇ ਟੱਟੂ ਸਨ। ਉਨ੍ਹਾਂ ਦੇ ਅਸਲ ਦੋਸ਼ੀ ਪੰਕਜ ਅਤੇ ਨੀਰਜ ਸਨ। ਉਨ੍ਹਾਂ ਵੱਲ ਪੁਲਿਸ ਝਾਕ ਨਹੀਂ ਸੀ ਰਹੀ।

ਬਿਹਾਰ ਜਾਣ ਦੇ ਨਫ਼ੇ ਨੁਕਸਾਨ ਦੇ ਨਾਲ ਨਾਲ ਰਾਮ ਨਾਥ ਪੁਲਿਸ ਕੋਲੋਂ ਖਹਿੜਾ ਛੁਡਾਉਣ ਦੇ ਢੰਗ ਤਰੀਕੇ ਵੀ ਸੋਚ ਰਿਹਾ ਸੀ।

“ਕਿਹੜੀ ਗੱਡੀ ਠੀਕ ਰਹੂ?”

“ਉੱਧਰ ਮਾਰੂਤੀ ਥੋੜ੍ਹਾ ਚੱਲੂ। ਟਾਟਾ ਸੂਮੋ ਲਿਜਾਣੀ ਪਏਗੀ। ਨਾਲੇ ਗੱਡੀ ਮਜ਼ਬੂਤ ਹੈ। ਨਾਲੇ ਡੀਜ਼ਲ ਤੇ ਹੋਣ ਕਾਰਨ ਖਰਚਾ ਘੱਟ ਪਊ।”

ਡਿਪਟੀ ਟਾਟਾ ਸੂਮੋ ਦੇ ਫ਼ਾਇਦੇ ਸਮਝਾਉਣ ਲੱਗਾ।

ਮਨ ਹੀ ਮਨ ਰਾਮ ਨਾਥ ਟਾਟਾ ਸੂਮੋ ਦੇ ਖਰਚੇ ਦਾ ਅੰਦਾਜ਼ਾ ਲਾਉਣ ਲੱਗਾ।

ਸੂਮੋ ਵਾਲੇ ਨੇ ਜੇ ਇੱਕ ਹਜ਼ਾਰ ਰੁਪਿਆ ਦਿਹਾੜੀ ਦਾ ਲਿਆ ਤਾਂ ਸੱਤ ਅੱਠ ਦਿਹਾੜੀਆਂ ਦਾ ਸੱਤ ਅੱਠ ਹਜ਼ਾਰ ਬਣ ਜਾਣਾ ਸੀ। ਚਾਰ ਪੰਜ ਹਜ਼ਾਰ ਦਾ ਤੇਲ ਫ਼ੁਕਨਾ ਸੀ। ਪੁਲਿਸ ਵਾਲਿਆਂ ਦੀ ਟਹਿਲ ਸੇਵਾ ਅਲੱਗ। ਖ਼ਰਚਾ ਵੀਹ ਹਜ਼ਾਰ ਤਕ ਪੁੱਜਦਾ ਨਜ਼ਰ ਆਉਂਦਾ ਸੀ।

“ਮੈਂ ਸ਼ਾਮ ਨੂੰ ਆਉਨਾ ਤੁਹਾਡੇ ਦਫ਼ਤਰ। ਰਾਏ ਕਰਕੇ ਦੱਸਦਾਂ।” ਆਖਦੇ ਰਾਮ ਨਾਥ ਨੇ ਵਿਦਾਅ ਹੋਣ ਦੀ ਨੀਅਤ ਨਾਲ ਡਿਪਟੀ ਨਾਲ ਹੱਥ ਮਿਲਾਇਆ।

“ਵਕੀਲ ਸਾਹਿਬ ਬਹੁਤਾ ਸੋਚਣ ਦੀ ਲੋੜ ਨਹੀਂ। ਬੰਦੇ ਅਤੇ ਗੱਡੀ ਦੋਹਾਂ ਦਾ ਇੰਤਜ਼ਾਮ ਕਰੋ। ਪਸੰਜਰ ਗੱਡੀ ਵਿੱਚ ਜਾ ਕੇ ਮੁਲਜ਼ਮ ਨਹੀਂ ਫੜੇ ਜਾਣੇ।”

ਵਕੀਲ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ। ਰਾਮ ਨਾਥ ਦੀ ਚਲਾਕੀ ’ਤੇ ਖਿਝੇ ਡਿਪਟੀ ਨੇ ਗੱਲ ਸਪੱਸ਼ਟ ਕੀਤੀ।

ਪੁਲਿਸ ਵੱਲੋਂ ਵੇਦ ਪਰਿਵਾਰ ਲਈ ਖੜ੍ਹੀ ਕੀਤੀ ਇਹ ਨਵੀਂ ਸਮੱਸਿਆ ਸੀ। ਬਿਹਾਰ ਭੇਜਣ ਲਈ ਉਨ੍ਹਾਂ ਕੋਲ ਬੰਦਾ ਕਿਥੇ ਸੀ? ਬੰਦਾ ਤਾਂ ਉਨ੍ਹਾਂ ਕੋਲ ਰਾਮ ਨਾਥ ਦੀ ਥਾਂ ਹਸਪਤਾਲ ਵਿੱਚ ਖੜ੍ਹਾ ਕਰਨ ਲਈ ਨਹੀਂ ਸੀ। ਪੰਜਾਂ ਦਿਨਾਂ ਤੋਂ ਉਹ ਸ਼ਹਿਰ ਗੇੜਾ ਮਾਰਨ ਲਈ ਤਰਸ ਰਿਹਾ ਸੀ।

ਪੈਸਾ ਉਨ੍ਹਾਂ ਨੂੰ ਇਲਾਜ ਲਈ ਥੋੜ੍ਹਾ ਪੈ ਰਿਹਾ ਸੀ। ਹਸਪਤਾਲ ਦੇ ਕੈਸ਼ੀਅਰ ਦਾ ਮੂੰਹ ਹਰ ਸਮੇਂ ਦੈਂਤ ਵਾਂਗ ਖੁੱਲ੍ਹਾ ਰਹਿੰਦਾ ਸੀ। ਨੇਹਾ ਦੇ ਖ਼ਾਤਿਆਂ ਵਿਚਲਾ ਸਾਰਾ ਪੈਸਾ ਇਸ ਦੈਂਤ ਨੇ ਨਿਗਲ ਲਿਆ ਸੀ। ਉਹ ਸੂਮੋ ਗੱਡੀ ਭੇਜ ਕੇ ਪੁਲਿਸ ਦੇ ਮਨੋਰੰਜਨ ਦਾ ਪ੍ਰਬੰਧ ਕਰਨ ਦੀ ਸਥਿਤੀ ਵਿੱਚ ਨਹੀਂ ਸੀ।

ਰਾਮ ਨਾਥ ਨੇ ਵਿਚਕਾਰਲਾ ਰਾਹ ਅਪਣਾਇਆ।

ਨਾ ਉਹ ਬੰਦਾ ਭੇਜੇਗਾ, ਨਾ ਸੂਮੋ। ਉਹ ਪੁਲਿਸ ਨੂੰ ਥੋੜ੍ਹਾ ਬਹੁਤ ਖ਼ਰਚਾ ਦੇਵੇਗਾ।

ਇਹੋ ਪੁਲਿਸ ਭਾਲ ਰਹੀ ਸੀ।

ਜਦੋਂ ਰਾਮ ਨਾਥ ਸ਼ਾਮ ਦੇ ਵਾਅਦੇ ਤੇ ਪੂਰਾ ਨਾ ਉੱਤਰਿਆ ਤਾਂ ਰਾਤ ਨੂੰ ਡਿਪਟੀ ਦਾ ਰੀਡਰ ਹਸਪਤਾਲ ਆ ਧਮਕਿਆ।

ਰਾਮ ਨਾਥ ਨੇ ਦੋ ਹਜ਼ਾਰ ਰੁਪਏ ਰੀਡਰ ਦੇ ਹੱਥ ’ਤੇ ਰੱਖ ਦਿੱਤੇ।

ਇੰਨੀ ਥੋੜ੍ਹੀ ਰਕਮ ਦੇਖ ਕੇ ਰੀਡਰ ਅੱਗ ਬਗੂਲਾ ਹੋ ਗਿਆ। ਮੋੜ ਕੇ ਪੈਸੇ ਉਸ ਨੇ ਰਾਮ ਨਾਥ ਦੀ ਜੇਬ ਵਿੱਚ ਪਾ ਦਿੱਤੇ।

ਵਾਪਸ ਮੁੜਨ ਤੋਂ ਪਹਿਲਾਂ ਰੀਡਰ ਨੇ ਡਿਪਟੀ ਨਾਲ ਫ਼ੋਨ ’ਤੇ ਗੱਲ ਕੀਤੀ।

ਡਿਪਟੀ ਨੇ ਰੀਡਰ ਨੂੰ ਸਮਝਾਇਆ। ਅਫ਼ਸਰ ਦਾ ਹੁਕਮ ਸੀ। ਪੁਲਿਸ ਪਾਰਟੀ ਨੂੰ ਬਿਹਾਰ ਜਾਣਾ ਹੀ ਪੈਣਾ ਸੀ। ਜੋ ਮਿਲਦਾ ਹੈ, ਉਹ ਲੈ ਲਏ।

ਪੈਸੇ ਰੀਡਰ ਵਾਪਸ ਕਰ ਚੁੱਕਾ ਸੀ। ਹੁਣ ਵਾਪਸ ਕਿਹੜੇ ਮੂੰਹ ਮੰਗੇ?

ਡਿਪਟੀ ਨੇ ਇਹ ਮਸਲਾ ਸੁਲਝਾਇਆ।

ਰਾਮ ਨਾਥ ਨਾਲ ਫ਼ੋਨ ’ਤੇ ਗੱਲ ਕੀਤੀ। ਰੀਡਰ ਦੀ ਬੇਵਕੂਫ਼ੀ ’ਤੇ ਰੀਡਰ ਨੂੰ ਝਾੜਾਂ ਪਾਈਆਂ।

ਡਿਪਟੀ ਰਾਮ ਨਾਥ ਦੀ ਮਜਬੂਰੀ ਸਮਝ ਰਿਹਾ ਸੀ। ਰਾਮ ਨਾਥ ਪੁਲਿਸ ਦੀ ਮਜਬੂਰੀ ਸਮਝੇ।

ਉਹ ਜੋ ਖੁਸ਼ ਹੋ ਕੇ ਦੇਣਾ ਚਾਹੁੰਦਾ ਹੈ, ਦੇਵੇ। ਪੁਲਿਸ ਨੂੰ ਖਿੜੇ ਮੱਥੇ ਮਨਜ਼ੂਰ ਸੀ।

 

-44-

 

ਡਿਪਟੀ ਪਿਛੋਂ ਲੱਥਾ ਤਾਂ ਤਫ਼ਤੀਸ਼ੀ ਅਫ਼ਸਰ ਦੇ ਸੁਨੇਹੇ ਆਉਣ ਲੱਗੇ।

ਠੇਕੇਦਾਰ ਅਤੇ ਪੰਡਿਤ ਨੂੰ ਗ੍ਰਿਫ਼ਤਾਰ ਹੋਇਆਂ ਵੀਹ ਬਾਈ ਦਿਨ ਹੋ ਗਏ ਸਨ।

ਹਾਲੇ ਤਕ ਤਫ਼ਤੀਸ਼ੀ ਅਫ਼ਸਰ ਨੇ ਗਵਾਹਾਂ ਕੋਲੋਂ ਮੁਲਜ਼ਮਾਂ ਦੀ ਸ਼ਨਾਖ਼ਤ ਨਹੀਂ ਸੀ ਕਰਵਾਈ। ਕਾਨੂੰਨ ਮੁਤਾਬਕ ਇਹ ਸ਼ਨਾਖ਼ਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਫੌਰੀ ਬਾਅਦ ਹੋਣੀ ਚਾਹੀਦੀ ਸੀ। ਹੋ ਰਹੀ ਦੇਰੀ ਕਾਰਨ ਕੇਸ ਕਮਜ਼ੋਰ ਹੋ ਰਿਹਾ ਸੀ। ਇਸ ਕਮਜ਼ੋਰੀ ਲਈ ਤਫ਼ਤੀਸ਼ੀ ਅਫ਼ਸਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ। ਕਪਤਾਨ ਵੱਲੋਂ ਉਸਨੂੰ ਤਿੰਨ ਕਾਰਨ ਦੱਸੋ ਨੋਟਿਸ ਜਾਰੀ ਹੋ ਚੁੱਕੇ ਸਨ। ਤਫ਼ਤੀਸ਼ੀ ਅਫ਼ਸਰ ਮੁਫ਼ਤ ਵਿੱਚ ਆਪਣਾ ਰਿਕਾਰਡ ਖ਼ਰਾਬ ਕਰਾਉਣ ਲਈ ਤਿਆਰ ਨਹੀਂ ਸੀ।

ਤਫ਼ਤੀਸ਼ੀ ਅਫ਼ਸਰ ਆਖ ਰਿਹਾ ਸੀ। ਨੇਹਾ ਹੁਣ ਚੰਗੀ ਭਲੀ ਸੀ। ਉਹ ਪੁਲਿਸ ਨਾਲ ਜੇਲ੍ਹ ਵਿੱਚ ਜਾ ਕੇ ਸ਼ਨਾਖ਼ਤ ਪਰੇਡ ਵਿੱਚ ਹਿੱਸਾ ਲਏ। ਦਸ ਪੰਦਰਾਂ ਬੰਦਿਆਂ ਵਿੱਚ ਰਲੇ ਖੜ੍ਹੇ ਪੰਡਿਤ ਅਤੇ ਠੇਕੇਦਾਰ ਨੂੰ ਪਹਿਚਾਣੇ। ਫੇਰ ਦੱਸੇ ਪੁਲਿਸ ਵੱਲੋਂ ਫੜੇ ਦੋਸ਼ੀ ਸਹੀ ਸਨ ਜਾਂ ਗਲਤ। ਜੇ ਉਹ ਅਸਲ ਮੁਲਜ਼ਮ ਸਨ ਤਾਂ ਉਨ੍ਹਾਂ ਵਿਚੋਂ ਕਮਲ ਦਾ ਕਤਲ ਕਿਸ ਨੇ ਕੀਤਾ ਸੀ? ਵੇਦ ਦੇ ਸੱਟਾਂ ਕਿਸ ਨੇ ਮਾਰੀਆਂ ਸਨ? ਨੀਲਮ ਦਾ ਸਿਰ ਕਿਸ ਨੇ ਪਾੜਿਆ ਸੀ?

ਕਾਨੂੰਨੀ ਨਜ਼ਰੀਏ ਤੋਂ ਤਫ਼ਤੀਸ਼ੀ ਅਤੇ ਉਸਦੇ ਅਫ਼ਸਰ ਦਰੁਸਤ ਸਨ। ਸ਼ਨਾਖ਼ਤ ਪਰੇਡ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਸੀ। ਪਰ ਸ਼ਨਾਖ਼ਤ ਪਰੇਡ ਵਿੱਚ ਹਿੱਸਾ ਲੈਣ ਤੋਂ ਟਲਣ ਦੀ ਰਾਮ ਨਾਥ ਦੀ ਆਪਣੀ ਮਜਬੂਰੀ ਸੀ। ਨੇਹਾ ਦੇ ਅੱਲੇ ਜ਼ਖ਼ਮਾਂ ਨੂੰ ਉਹ ਨਮਕ ਵਾਲੇ ਚਾਕੂ ਨਾਲ ਖਰੋਚਨਾ ਨਹੀਂ ਸੀ ਚਾਹੁੰਦਾ।

ਨੇਹਾ ਦੇਖਣ ਨੂੰ ਚੰਗੀ ਭਲੀ ਲੱਗਦੀ ਸੀ, ਪਰ ਹਾਲੇ ਉਸਦਾ ਅੰਦਰ ਬੁਝਿਆ ਹੋਇਆ ਸੀ। ਰਾਮ ਨਾਥ ਉਸਨੂੰ ਕਈ ਵਾਰ ਕੋਠੀ ਗੇੜਾ ਮਾਰ ਆਉਣ ਲਈ ਆਖ ਚੁੱਕਾ ਸੀ।

ਕੋਠੀ ਦੀ ਸਫ਼ਾਈ ਹੋ ਚੁੱਕੀ ਸੀ। ਪਾਠ ਪੂਜਾ ਹੋ ਚੁੱਕੀ ਸੀ। ਸਮਾਨ ਥਾਂ ਸਿਰ ਟਿਕਾ ਦਿੱਤਾ ਗਿਆ ਸੀ। ਕਦੋਂ ਤਕ ਹਸਪਤਾਲ ਬੈਠੇ ਰਹਿਣਾ ਸੀ। ਮਨ ਤਕੜਾ ਕਰਕੇ ਇੱਕ ਦਿਨ ਕੋਠੀ ਜਾਣਾ ਹੀ ਪੈਣਾ ਸੀ।

ਕੋਠੀ ਦਾ ਜ਼ਿਕਰ ਛਿੜਦੇ ਹੀ ਨੇਹਾ ਧੁਰ ਅੰਦਰ ਤਕ ਹਿਲ ਜਾਂਦੀ ਸੀ। ਪਰਲਪਰਲ ਉਸਦੀਆਂ ਅੱਖਾਂ ਵਿਚੋਂ ਹੰਝੂ ਵਹਿਣ ਲੱਗਦੇ ਸਨ।

ਦਸਾਂ ਦਿਨਾਂ ਤੋਂ ਉਹ ਹਸਪਤਾਲ ਦੀ ਸਰਾਂ ਵਿੱਚ ਲਏ ਕਮਰੇ ਵਿੱਚ ਕਾਂ ਖਾਧੇ ਕੁੱਤੇ ਵਾਂਗ ਪਈ ਸੀ। ਕਦੇ ਕਦੇ ਪਲਵੀ ਜਾਂ ਉਸਦੀ ਮੰਮੀ ਉਸਨੂੰ ਆਪਣੇ ਘਰ ਲੈ ਜਾਂਦੀ ਸੀ। ਕੁੱਝ ਦੇਰ ਲਈ ਮਨ ਬਹਿਲ ਜਾਂਦਾ ਸੀ। ਹਸਪਤਾਲ ਆ ਕੇ ਮੁੜ ਉਹੋ ਬਾਹਾਂ ਉਹੋ ਕੁਹਾੜਾ ਹੋ ਜਾਂਦਾ ਸੀ। ਗੁੰਮ ਸੁੰਮ ਉਹ ਬਿਟਰ ਬਿਟਰ ਕੰਧਾਂ ਵੱਲ ਤੱਕਦੀ ਰਹਿੰਦੀ ਸੀ।

ਜਿਹੜੀ ਕੁੜੀ ਆਪਣੇ ਘਰ ਵੱਲ ਮੂੰਹ ਕਰਨ ਤੋਂ ਡਰਦੀ ਸੀ, ਉਸ ਕੁੜੀ ਨੂੰ ਕਾਤਲਾਂ ਅਤੇ ਬਲਾਤਕਾਰੀਆਂ ਅੱਗੇ ਕਿਸ ਤਰ੍ਹਾਂ ਖੜ੍ਹਾ ਕੀਤਾ ਜਾ ਸਕਦਾ ਸੀ? ਭੱਠ ਪਏ ਕਾਨੂੰਨ ਅਤੇ ਇਨਸਾਫ਼। ਕਾਨੂੰਨ ਦਾ ਢਿੱਡ ਭਰਨ ਲਈ ਉਹ ਅੱਲ੍ਹੜ ਕੁੜੀ ਦੇ ਜਜ਼ਬਾਤਾਂ ਦਾ ਘਾਣ ਨਹੀਂ ਸੀ ਕਰਵਾ ਸਕਦਾ।

ਸੋਚ ਵਿਚਾਰ ਕੇ ਰਾਮ ਨਾਥ ਨੇ ਤਫ਼ਤੀਸ਼ੀ ਅਫ਼ਸਰ ਨੂੰ ਗਲੋਂ ਲਾਹ ਦਿੱਤਾ। ਹਾਲੇ ਨੇਹਾ ਸ਼ਨਾਖ਼ਤ ਪਰੇਡ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਸੀ।

ਕੋਈ ਸਾਧਾਰਨ ਆਦਮੀ ਸ਼ਨਾਖ਼ਤ ਪਰੇਡ ਵਿੱਚ ਹਿੱਸਾ ਲੈਣ ਤੋਂ ਨਾਂਹ ਕਰਦਾ ਤਾਂ ਤਫ਼ਤੀਸ਼ੀ ਅਫ਼ਸਰ ਨੂੰ ਕਾਰਨ ਸਮਝ ਪੈ ਸਕਦਾ ਸੀ। ਇੱਕ ਫੌਜਦਾਰੀ ਵਕੀਲ ਸ਼ਨਾਖ਼ਤ ਪਰੇਡ ਵਿੱਚ ਹਿੱਸਾ ਲੈਣ ਤੋਂ ਨਾਂਹ ਕਰਕੇ ਕੇਸ ਨੂੰ ਕਮਜ਼ੋਰ ਕਰੇ, ਇਹ ਉਸਦੀ ਸਮਝੋਂ ਬਾਹਰ ਸੀ।

“ਮੈਂ ਮਿਸਲ ਵਿੱਚ ਨੋਟ ਦੇਣ ਲੱਗਾ ਹਾਂ। ਚਸ਼ਮਦੀਦ ਗਵਾਹ ਮੁਲਜ਼ਮਾਂ ਨੂੰ ਸ਼ਨਾਖ਼ਤ ਕਰਨ ਤੋਂ ਮੁਨਕਰ ਹੈ। ਇਸਦਾ ਕੀ ਨਤੀਜਾ ਨਿਕਲੇਗਾ ਤੁਹਾਨੂੰ ਪਤਾ ਹੈ? ਫੇਰ ਮੈਨੂੰ ਉਲਾਂਭਾ ਨਾ ਦੇਣਾ।”

ਖਿਝੇ ਤਫ਼ਤੀਸ਼ੀ ਨੇ ਮਨ ਦੀ ਭੜਾਸ ਕੱਢੀ।

“ਸ਼ਨਾਖ਼ਤ ਪਰੇਡ ਨਾਲ ਕਿਹੜਾ ਦੋਸ਼ੀਆਂ ਨੂੰ ਸਜ਼ਾ ਹੋ ਜਾਣੀ ਹੈ? ਕੇਸ ਖ਼ਾਮੀਆਂ ਨਾਲ ਭਰਿਆ ਪਿਆ ਹੈ। ਕਾਨੂੰਨ ਦੋਸ਼ੀਆਂ ਦੇ ਹੱਕ ਵਿੱਚ ਭੁਗਤਦਾ ਹੈ? ਮੈਂ ਮਾਸੂਮ ਕੁੜੀ ਨੂੰ ਬਲਦੀ ਅੱਗ ਵਿੱਚ ਨਹੀਂ ਸੁੱਟ ਸਕਦਾ।”

ਉਸੇ ਅੰਦਾਜ਼ ਵਿੱਚ ਰਾਮ ਨਾਥ ਨੇ ਆਪਣੇ ਮਨ ਦੀ ਭੜਾਸ ਕੱਢੀ।

ਚਿੜੇ ਹੋਏ ਤਫ਼ਤੀਸ਼ੀ ਨੇ ਮੂੰਹ ਸੁਜਾ ਲਿਆ। ਮੁੜ ਕਦੇ ਉਸਨੇ ਰਾਮ ਨਾਥ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕੀਤੀ।

 

-45-

 

ਪ੍ਰਤਾਪ ਸਿੰਘ ਦੇ ਇਸ਼ਾਰੇ ’ਤੇ ਕੰਮ ਪਲਕ ਝਪਕਦਿਆਂ ਹੋਣ ਲੱਗੇ।

ਹਾਈ ਕੋਰਟ ਵੱਲੋਂ ਦੋਹਾਂ ਭਰਾਵਾਂ ਦੀ ਗ੍ਰਿਫ਼ਤਾਰੀ ਉਪਰ ਪੰਦਰਾਂ ਦਿਨਾਂ ਲਈ ਰੋਕ ਲਗਾ ਦਿੱਤੀ ਗਈ।

ਪੰਕਜ ਹੋਰਾਂ ਦੀ ਦਰਖ਼ਾਸਤ ਉਪਰ ਪੁਲਿਸ ਮੁਖੀ ਨੇ ਆਪਣਾ ਕਲਮੀ ਹੁਕਮ ਜਾਰੀ ਕੀਤਾ। ਆਈ.ਜੀ.ਕਰਾਈਮ ਨੂੰ ਖ਼ੁਦ ਪੜਤਾਲ ਕਰਨ ਦਾ ਹੁਕਮ ਦਿੱਤਾ।

ਪ੍ਰਤਾਪ ਸਿੰਘ ਨੇ ਪੰਕਜ ਨੂੰ ਆਈ.ਜੀ.ਕੋਲ ਬਿਠਾ ਕੇ ਮੂੰਹ ’ਤੇ ਗੱਲ ਕਰਾਈ। ਲੈਣਦੇਣ ਪੰਕਜ ਦੇ ਹੱਥੀਂ ਹੋਇਆ।

ਆਈ.ਜੀ.ਨੇ ਹਿੱਕ ਠੋਕ ਕੇ ਭਰੋਸਾ ਦਿੱਤਾ। ਜਿੰਨੀ ਤਫ਼ਤੀਸ਼ ਹੋਣੀ ਸੀ, ਹੋ ਗਈ।

ਅੱਗੋਂ ਤੋਂ ਤਫ਼ਤੀਸ਼ ਠੱਪ। ਹੁਣ ਜੋ ਤਫ਼ਤੀਸ਼ ਹੋਏਗੀ, ਉਹ ਪੰਕਜ ਹੋਰਾਂ ਦੇ ਹੱਕ ਵਿੱਚ ਹੋਏਗੀ। ਹਾਈ ਕੋਰਟ ਦੀ ਅਗਲੀ ਪੇਸ਼ੀ ਤੋਂ ਪਹਿਲਾਂ ਪਹਿਲਾਂ ਉਨ੍ਹਾਂ ਨੂੰ ਬੇਕਸੂਰ ਘੋਸ਼ਿਤ ਕਰ ਦਿੱਤਾ ਜਾਏਗਾ। ਇਸੇ ਰਿਪੋਰਟ ਦੇ ਆਧਾਰ ’ਤੇ ਉਨ੍ਹਾਂ ਦੀ ਕੱਚੀ ਜ਼ਮਾਨਤ, ਪੱਕੀ ਹੋ ਜਾਏਗੀ।

ਆਈ.ਜੀ.ਨੇ ਪੁਲਿਸ ਮੁਖੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਿਸਲ ਜ਼ਿਲ੍ਹਾ ਪੁਲਿਸ ਕੋਲੋਂ ਆਪਣੇ ਦਫ਼ਤਰ ਮੰਗਵਾ ਲਈ।

ਪੜਤਾਲ ਦੇ ਪਹਿਲੇ ਦਿਨ, ਹੁਣ ਤਕ ਹੋਈ ਤਫ਼ਤੀਸ਼ ਵਿੱਚ ਸ਼ਾਮਲ ਹੋਏ ਗਵਾਹਾਂ ਨੂੰ ਦੁਬਾਰਾ ਬੁਲਾਇਆ ਗਿਆ। ਆਈ.ਜੀ.ਨੇ ਖ਼ੁਦ ਉਨ੍ਹਾਂ ਤੋਂ ਉਨ੍ਹਾਂ ਵੱਲੋਂ ਅੱਖੀਂ ਦੇਖੀ ਘਟਨਾ ਬਾਰੇ ਪੁੱਛ ਗਿੱਛ ਕੀਤੀ।

ਦੂਜੇ ਦਿਨ ਤਫ਼ਤੀਸ਼ੀ, ਮੁਨਸ਼ੀ ਅਤੇ ਮੁੱਖ ਅਫ਼ਸਰ ਨੂੰ ਬੁਲਾਇਆ ਗਿਆ। ਫੜੇ ਗਏ ਮਾਲ ਮੁਕੱਦਮੇ ਦੀ ਘੋਖ ਹੋਈ।

ਅਗਲੇ ਹਫ਼ਤੇ ਮੁਲਜ਼ਮਾਂ ਵੱਲੋਂ ਆਪਣੀ ਸਫ਼ਾਈ ਵਿੱਚ ਪੇਸ਼ ਕੀਤੇ ਜਾਣ ਵਾਲੇ ਗਵਾਹਾਂ ਦੇ ਬਿਆਨ ਕਲਮ ਬੰਦ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ।

ਵਿਚਕਾਰਲੇ ਦਿਨਾਂ ਵਿੱਚ ਆਈ.ਜੀ.ਸਾਹਿਬ ਨੇ ਮੌਕਾ ਦੇਖਣ ਦਾ ਐਲਾਨ ਕੀਤਾ।

ਉਸਦਾ ਮਕਸਦ ਮਾਇਆ ਨਗਰ ਜਾ ਕੇ ਮੁਦਈ ਧਿਰ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਮੂਡ ਦਾ ਜਾਇਜ਼ਾ ਲੈਣਾ ਸੀ। ਉਸਨੇ ਛੋਟੀ ਜਿਹੀ ਪ੍ਰੈੱਸ ਕਾਨਫ਼ਰੰਸ ਬੁਲਾ ਕੇ ਮੁਲਜ਼ਮਾਂ ਦੇ ਬੇ ਕਸੂਰ ਹੋਣ ਦਾ ਇਸ਼ਾਰਾ ਕਰਨਾ ਸੀ। ਅਗਲੇ ਦਿਨਾਂ ਵਿੱਚ ਲੋਕਾਂ ਵੱਲੋਂ ਇਸ ਬਿਆਨ ਉੱਪਰ ਕੀ ਪ੍ਰਤੀਕਰਮ ਹੁੰਦਾ ਹੈ? ਇਸਦਾ ਉਸਨੇ ਜਾਇਜ਼ਾ ਲੈਣਾ ਸੀ। ਪ੍ਰਤੀਕਰਮ ਅਨੁਸਾਰ ਅਗਲੀ ਕਾਰਵਾਈ ਹੋਣੀ ਸੀ।

ਪਰ ਗ੍ਰਿਫ਼ਤਾਰੀ ’ਤੇ ਲੱਗੀ ਪਾਬੰਦੀ ਅਤੇ ਆਈ.ਜੀ.ਵੱਲੋਂ ਆਰੰਭੀ ਪੜਤਾਲ ਦਾ ਸਵਾਦ ਜਲਦੀ ਹੀ ਕਿਰਕਰਾ ਹੋਣ ਲੱਗਾ। ਪੁਲਿਸ ਕਪਤਾਨ ਅਤੇ ਡੀ.ਆਈ.ਜੀ.ਦੇ ਉਲਾਂਭੇ ਆਉਣ ਲੱਗੇ। ਇੰਨੀ ਜਲਦੀ ਪੜਤਾਲ ਕਰਵਾ ਕੇ ਉਹ ਤੱਤਾ ਲੱਕ ਰਹੇ ਸਨ।

ਉਨ੍ਹਾਂ ਦੇ ਨਾਲ ਨਾਲ ਉਨ੍ਹਾਂ ਅਫ਼ਸਰਾਂ ਦਾ ਵੀ ਨੁਕਸਾਨ ਹੋਣਾ ਸੀ, ਜਿਨ੍ਹਾਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਮੱਠੀ ਪਈ ਅੱਗ ਮੁੜ ਭੜਕ ਸਕਦੀ ਸੀ।

ਅਫ਼ਸਰਾਂ ਦੇ ਤੌਖ਼ਲਿਆਂ ਬਾਰੇ ਪੰਕਜ ਨੇ ਪ੍ਰਤਾਪ ਸਿੰਘ ਨਾਲ ਗੱਲ ਕੀਤੀ।

“ਤੁਸੀਂ ਚੁੱਪ ਕਰਕੇ ਬੈਠੇ ਰਹੋ। ਆਈ.ਜੀ.ਦੀ ਰਿਪੋਰਟ ਆ ਲੈਣ ਦਿਓ। ਮੈਂ ਆਪੇ ਪੁਲਿਸ ਮੁਖੀ ਤੋਂ ਸਹਿਮਤੀ ਲੈ ਦੇਵਾਂਗਾ। ਰਿਪੋਰਟ ਹਾਈ ਕੋਰਟ ਵਿੱਚ ਪੇਸ਼ ਕਰਵਾ ਕੇ ਹਾਈ ਕੋਰਟ ਦੀ ਮੋਹਰ ਲਗਵਾ ਦੇਵਾਂਗਾ। ਫੇਰ ਕੋਈ ਕੀ ਕਰੂ?”

ਪ੍ਰਤਾਪ ਸਿੰਘ ਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ।

ਪ੍ਰਤਾਪ ਸਿੰਘ ਦੀ ਸਲਾਹ ਦੇ ਉਲਟ ਉਹ ਨਹੀਂ ਸਨ ਚੱਲ ਸਕਦੇ। ਹੁਣ ਤਕ ਪ੍ਰਤਾਪ ਸਿੰਘ ਨੇ ਜੋ ਆਖਿਆ ਸੀ, ਕਰ ਦਿਖਾਇਆ ਸੀ। ਉਸਦੀ ਪਹੁੰਚ ਦੀ ਕੋਈ ਸੀਮਾ ਨਹੀਂ ਸੀ। ਪੁਲਿਸ ਮੁਖੀ ਅਤੇ ਆਈ.ਜੀ.ਨਾਲ ਉਹ ਇਉਂ ਗੱਲਾਂ ਕਰਦਾ ਸੀ, ਜਿਵੇਂ ਉਹ ਕਲਰਕ ਹੋਣ। ਜੋ ਉਹ ਕਰੇਗਾ, ਠੀਕ ਕਰੇਗਾ। ਇਹ ਸੋਚ ਕੇ ਉਨ੍ਹਾਂ ਨੇ ਮਨ ਕਰੜਾ ਕਰ ਲਿਆ।

ਜਲਦੀ ਹੀ ਆਈ.ਜੀ.ਦੇ ਤੇਵਰ ਢਿੱਲੇ ਪੈਣ ਲੱਗੇ।

ਪਹਿਲਾਂ ਉਸਨੇ ਤਿੰਨ ਦਿਨਾਂ ਲਈ ਦੌਰਾ ਅੱਗੇ ਪਾਇਆ। ਫੇਰ ਦੌਰਾ ਰੱਦ ਕਰ ਦਿੱਤਾ।

ਸਫ਼ਾਈ ਦੇ ਗਵਾਹਾਂ ਦੇ ਬਿਆਨ ਅਣਮਿਥੇ ਸਮੇਂ ਲਈ ਅੱਗੇ ਪਾ ਦਿੱਤੇ ਗਏ।

ਹਫ਼ਤੇ ਬਾਅਦ ਮਿਸਲ ਥਾਣੇ ਵਾਪਸ ਆ ਗਈ। ਬਹਾਨਾ ਇਹ ਸੀ ਕਿ ਮੁਕਾਮੀ ਪੁਲਿਸ ਦੀ ਤਫ਼ਤੀਸ਼ ਵਿੱਚ ਵਿਘਨ ਪੈ ਰਿਹਾ ਸੀ। ਹਾਲੇ ਕੁੱਝ ਦੋਸ਼ੀ ਫੜਨੇ ਬਾਕੀ ਸਨ।

ਮਾਲ ਬਰਾਮਦ ਕਰਨ ਵਾਲਾ ਰਹਿੰਦਾ ਸੀ। ਫੜੇ ਜਾ ਚੁੱਕੇ ਮੁਲਜ਼ਮਾਂ ਦੇ ਰਿਮਾਂਡ ਵਿੱਚ ਵਾਧਾ ਕਰਾਉਣਾ ਸੀ। ਬਹੁਤੀ ਦੇਰ ਮਿਸਲ ਚੰਡੀਗੜ੍ਹ ਨਹੀਂ ਸੀ ਰੱਖੀ ਜਾ ਸਕਦੀ।

ਥਾਣੇ ਮਿਸਲ ਮੁੜ ਆਉਣ ਨਾਲ ਪੰਕਜ ਹੋਰਾਂ ਦਾ ਮੱਥਾ ਠਣਕਿਆ। ਜ਼ਰੂਰ ਦਾਲ ਵਿੱਚ ਕੁੱਝ ਕਾਲਾ ਸੀ।

ਸੱਚ ਜਾਨਣ ਲਈ ਪੰਕਜ ਨੇ ਆਈ.ਜੀ.ਨਾਲ ਰਾਬਤਾ ਕਾਇਮ ਕੀਤਾ। ਆਈ. ਜੀ.ਨੇ ਉਨ੍ਹਾਂ ਨੂੰ ਝਿੜਕਿਆ ਤਾਂ ਨਹੀਂ ਪਰ ਪਹਿਲਾਂ ਵਾਲੀ ਅਪਣੱਤ ਵੀ ਨਾ ਦਿਖਾਈ।

ਘਬਰਾਏ ਪੰਕਜ ਨੇ ਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ। ਰਕਮ ਚੋਖੀ ਖਰਚ ਹੋ ਚੁੱਕੀ ਸੀ। ਪਰ ਕੰਮ ਸਿਰੇ ਚੜ੍ਹਦਾ ਨਜ਼ਰ ਨਹੀਂ ਸੀ ਆ ਰਿਹਾ। ਘੱਟੋ ਘੱਟ ਉਨ੍ਹਾਂ ਨੂੰ ਪਤਾ ਤਾਂ ਲੱਗੇ, ਹੁਣ ਆਈ.ਜੀ.ਨੂੰ ਕਿਹੜਾ ਸੱਪ ਸੁੰਘ ਗਿਆ।

ਪ੍ਰਤਾਪ ਸਿੰਘ ਨੇ ਆਈ.ਜੀ.ਨਾਲ ਗੱਲ ਕੀਤੀ। ਕਿਥੇ ਅੜਚਨ ਆ ਰਹੀ ਸੀ?

ਪ੍ਰਤਾਪ ਸਿੰਘ ਤੋਂ ਕਿਸੇ ਨੂੰ ਫ਼ੋਨ ਕਰਾਉਣ ਦੀ ਲੋੜ ਸੀ, ਉਹ ਕਰਨ ਨੂੰ ਤਿਆਰ ਸੀ।

ਆਈ.ਜੀ.ਨੇ ਜਦੋਂ ਆਪਣੇ ਦੜ ਵੱਟਨ ਦਾ ਭੇਤ ਖੋਲ੍ਹਣਾ ਸ਼ੁਰੂ ਕੀਤਾ ਤਾਂ ਪ੍ਰਤਾਪ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ।

ਆਈ.ਜੀ.ਨੂੰ ਮੁੱਖ ਮੰਤਰੀ ਵੱਲੋਂ ਝਾੜਾਂ ਪਈਆਂ ਸਨ। ਕਿਸੇ ਘਰ ਦੇ ਭੇਤੀ ਨੇ ਲੰਕਾ ਨੂੰ ਅੱਗ ਲਾਈ ਸੀ। ਮੁੱਖ ਮੰਤਰੀ ਨੂੰ ਕਪਤਾਨ, ਡੀ.ਆਈ.ਜੀ.ਤੋਂ ਲੈ ਕੇ ਆਈ.ਜੀ.ਤਕ ਨੂੰ ਪੁੱਜੀਆਂ ਰਕਮਾਂ ਦੀ ਸੂਹ ਮਿਲ ਚੁੱਕੀ ਸੀ। ਮੁੱਖ ਮੰਤਰੀ ਨੇ ਧਮਕੀ ਦਿੱਤੀ ਸੀ, ਜੇ ਸੱਚ ਨਾ ਨਤਾਰਿਆ ਗਿਆ ਤਾਂ ਤਫ਼ਤੀਸ਼ ਸੀ.ਬੀ.ਆਈ.ਨੂੰ ਦੇ ਦਿੱਤੀ ਜਾਏਗੀ। ਪੁਲਿਸ ਅਤੇ ਮੁਲਜ਼ਮਾਂ ਦੀ ਮਿਲੀ ਭੁਗਤ ਦੀ ਘੋਖ ਵੀ ਸੀ.ਬੀ.ਆਈ.ਕਰੇਗੀ।

“ਕਿਧਰੇ ਮੇਰਾ ਜ਼ਿਕਰ ਤਾਂ ਨਹੀਂ ਆਇਆ?”

ਪ੍ਰਤਾਪ ਸਿੰਘ ਨੂੰ ਆਪਣਾ ਪਾਲਾ ਖਾਣ ਲੱਗਾ। ਜੇ ਆਈ.ਜੀ.ਤਕ ਪੁੱਜੀ ਰਿਸ਼ਵਤ ਉਜਾਗਰ ਹੋਈ ਸੀ ਤਾਂ ਰਿਸ਼ਵਤ ਦਿਵਾਉਣ ਵਾਲੇ ਦਾ ਨਾਂ ਵੀ ਉਜਾਗਰ ਹੋਇਆ ਹੋਏਗਾ।

“ਨਹੀਂ, ਮੇਰਾ ਖਿਆਲ ਹੈ ਤੁਹਾਡੇ ਵਿੱਚ ਆਉਣ ਬਾਰੇ ਕਿਸੇ ਨੂੰ ਪਤਾ ਨਹੀਂ। ਅੱਗੋਂ ਤੋਂ ਤੁਹਾਨੂੰ ਬਚ ਕੇ ਰਹਿਣਾ ਚਾਹੀਦਾ ਹੈ।”

ਆਈ.ਜੀ.ਦੇ ਵਿਸ਼ਵਾਸ ਦਿਵਾਉਣ ’ਤੇ ਪ੍ਰਤਾਪ ਸਿੰਘ ਨੂੰ ਕੁੱਝ ਰਾਹਤ ਮਹਿਸੂਸ ਹੋਈ।

ਪੂਰੀ ਤਸੱਲੀ ਕਰਨ ਲਈ ਉਹ ਹੋਰ ਡੂੰਘਾਈ ਵਿੱਚ ਜਾਣ ਲੱਗਾ।

“ਫ਼ੋਨ ਤੁਹਾਨੂੰ ਮੁੱਖ ਮੰਤਰੀ ਨੇ ਕੀਤਾ ਸੀ ਜਾਂ ਕਿਸੇ ਸਕੱਤਰ ਨੇ?”

“ਪਹਿਲਾਂ ਸੀ.ਐਮ.ਖ਼ੁਦ ਗੱਲ ਕਰਨਾ ਚਾਹੁੰਦੇ ਸਨ। ਜਦੋਂ ਮੈਂ ਫ਼ੋਨ ’ਤੇ ਆਇਆ, ਉਹ ਮੀਟਿੰਗ ’ਤੇ ਚਲੇ ਗਏ। ਮੇਰੀ ਗੱਲ ਪ੍ਰਿੰਸੀਪਲ ਸੈਕਟਰੀ ਨਾਲ ਹੋਈ ਸੀ। ਉਹ ਮੇਰਾ ਯਾਰ ਹੈ। ਅਸੀਂ ਦੋ ਵਾਰ ਇਕੱਠੇ ਰਹੇ ਹਾਂ। ਇੱਕ ਵਾਰ ਮੈਂ ਪਟਿਆਲੇ ਕਪਤਾਨ ਸੀ ਅਤੇ ਉਹ ਏ.ਡੀ.ਸੀ.। ਦੂਜੀ ਵਾਰ ਮੈਂ ਫ਼ਿਰੋਜ਼ਪੁਰ ਡੀ.ਆਈ.ਜੀ.ਸੀ ਅਤੇ ਉਹ ਡਿਪਟੀ ਕਮਿਸ਼ਨਰ।”

“ਹੋ ਸਕਦਾ ਹੈ ਪ੍ਰਿੰਸੀਪਲ ਸੈਕਟਰੀ ਨੇ ਆਪਣੇ ਕੋਲੋਂ ਦਬਕਾ ਮਾਰ ਦਿੱਤਾ ਹੋਵੇ?

ਅਸਾਮੀ ਦੇ ਮੋਟੀ ਹੋਣ ਦੀ ਭਿਣਕ ਕਿਸੇ ਪਾਸਿਉਂ ਉਸਦੇ ਕੰਨ ਵਿੱਚ ਪੈ ਗਈ ਹੋਵੇ? ਉਹ ਵੀ ਵਗਦੀ ਗੰਗਾ ਵਿੱਚ ਹੱਥ ਧੋਣਾ ਚਾਹੁੰਦਾ ਹੋਵੇ।”

“ਨਹੀਂ! ਉਹ ਮੇਰੇ ਨਾਲ ਇੰਝ ਨਹੀਂ ਕਰ ਸਕਦਾ। ਆਪਾਂ ਉਸੇ ਦੇ ਸਹਾਰੇ ਇਸ ਪੋਸਟ ਤੇ ਬੈਠੇ ਹਾਂ। ਬਥੇਰੀ ਵਾਰ ਲੋਕਾਂ ਨੇ ਇਸ ਪੋਸਟ ’ਤੇ ਲੱਗਣ ਦੀ ਕੋਸ਼ਿਸ਼ ਕੀਤੀ ਹੈ। ਹਰ ਵਾਰ ਉਹ ਬਚਾਉਂਦਾ ਰਿਹਾ ਹੈ। ਕੋਈ ਝਾਕ ਹੁੰਦੀ, ਉਹ ਸਿੱਧਾ ਆਖ ਦਿੰਦਾ।

ਕੋਈ ਗੜਬੜ ਜ਼ਰੂਰ ਹੈ।”

“ਫੇਰ, ਹੁਣ ਕੀ ਕਰ ਰਹੇ ਹੋ?”

“ਕਰਨਾ ਕੀ ਹੈ! ਚੁੱਪ ਬੈਠੇ ਹਾਂ। ਚੰਗੀ ਥਾਂ ’ਤੇ ਲੱਗੇ ਹਾਂ। ਛੋਟਾ ਜਿਹਾ ਸੂਬਾ ਹੈ।

ਮੇਰੇ ਵਰਗੇ ਅਠਾਰਾਂ ਆਈ.ਜੀ.ਨੇ। ਤਿੰਨ ਚਾਰ ਨੂੰ ਛੱਡ ਕੇ ਬਾਕੀ ਸਭ ਖੁੱਡੇ ਲਾਈਨ ਲੱਗੇ ਹੋਏ ਹਨ। ਹਰ ਕੋਈ ਫੀਲਡ ਵਿੱਚ ਆਉਣਾ ਚਾਹੁੰਦਾ ਹੈ। ਮੌਕਾ ਭਾਲਦੇ ਰਹਿੰਦੇ ਹਨ, ਕਦੋਂ ਕੋਈ ਗ਼ਲਤੀ ਕਰੇ ਅਤੇ ਉਹ ਉਸਦੀ ਕੁਰਸੀ ਹਥਿਆਏ। ਭਰਾਵਾ ਮੈਂ ਕੋਈ ਜੋਖ਼ਮ ਨਹੀਂ ਉਠਾਉਣਾ। ਜਾਣ ਬੁਝ ਕੇ ਗ਼ਲਤੀ ਨਹੀਂ ਕਰਨੀ। ਜੇ ਉਹ ਤੇਰੇ ਮਿੱਤਰ ਹਨ, ਆਪਾਂ ਰਕਮ ਵਾਪਸ ਕਰ ਦਿੰਦੇ ਹਾਂ। ਮੈਂ ਮੁੱਖ ਮੰਤਰੀ ਨੂੰ ਨਰਾਜ਼ ਨਹੀਂ ਕਰ ਸਕਦਾ।”

“ਇਡੀ ਘਬਰਾਹਟ ਵਾਲੀ ਕਿਹੜੀ ਗੱਲ ਹੈ। ਰਕਮ ਵਾਪਸ ਕਿਉਂ ਕਰਨੀ ਹੈ? ਆਪਣੇ ਕਿਹੜਾ ਉਹ ਸਾਲੇ ਲਗਦੇ ਹਨ। ਵਿਉਪਾਰੀ ਹਨ। ਚੀਜ਼ ਖਰੀਦ ਰਹੇ ਹਨ। ਲੋੜ ਪਈ ਤਾਂ ਆਏ ਹਨ। ਮੈਂ ਆਪੇ ਉਨ੍ਹਾਂ ਨੂੰ ਚੁੱਪ ਕਰਵਾ ਦੇਵਾਂਗਾ। ਕੋਈ ਰਿਸਕ ਲੈਣ ਦੀ ਜ਼ਰੂਰਤ ਨਹੀਂ।”

“ਮੇਰੀ ਤੁਹਾਨੂੰ ਇੱਕ ਨਿਜੀ ਰਾਏ ਹੈ। ਤੁਸੀਂ ਇਸ ਕੰਮ ਵਿਚੋਂ ਆਪਣਾ ਹੱਥ ਖਿੱਚ ਲਵੋ। ਬਹੁਤਾ ਜੱਗਰ ਹੋ ਕੇ ਕੰਮ ਨਾ ਕਰੋ। ਸਾਡੀ ਧੂਹ ਘੜੀਸ ਇਸੇ ਤਰ੍ਹਾਂ ਹੁੰਦੀ ਰਹਿੰਦੀ ਹੈ। ਤੁਹਾਡਾ ਜ਼ਿਆਦਾ ਨੁਕਸਾਨ ਹੋ ਜਾਣਾ ਹੈ। ਹਾਈ ਕੋਰਟ ਜਾਣ ਵਾਲੇ ਹੋ।”

ਆਈ.ਜੀ.ਦੇ ਇਸ ਸੁਝਾਅ ’ਤੇ ਪ੍ਰਤਾਪ ਸਿੰਘ ਨੂੰ ਲੱਗਾ, ਜਿਵੇਂ ਉਸਦਾ ਨਾਂ ਸ਼ਿਕਾਇਤ ਵਿੱਚ ਬੋਲ ਰਿਹਾ ਸੀ। ਆਈ.ਜੀ.ਜਾਣ ਬੁਝ ਕੇ ਪ੍ਰਤਾਪ ਸਿੰਘ ਤੋਂ ਲੁਕਾ ਰਿਹਾ ਸੀ।

“ਕਿਧਰੇ ਖੁਫ਼ੀਆ ਵਿਭਾਗ ਨੇ ਤਾਂ ਮੁੱਖ ਮੰਤਰੀ ਦੇ ਕੰਨ ਨਹੀਂ ਭਰੇ? ਉਸ ਬਰਾਂਚ ਤੋਂ ਚੈੱਕ ਕਰਨਾ ਸੀ?”

ਪ੍ਰਤਾਪ ਸਿੰਘ ਬਿਨਾਂ ਕਮਜ਼ੋਰੀ ਦਿਖਾਏ ਤੈਅ ਤਕ ਜਾਣਾ ਚਾਹੁੰਦਾ ਸੀ।

“ਉਹ ਸਭ ਮੈਂ ਦੇਖ ਚੁੱਕਾ ਹਾਂ। ਚੁਗਲੀ ਸਾਡੀ ਕਿਸੇ ਬਰਾਂਚ ਵੱਲੋਂ ਨਹੀਂ ਹੋਈ।

ਇਤਲਾਹ ਨਿਜੀ ਸੋਮੇ ਤੋਂ ਮਿਲੀ ਹੈ।”

“ਚਲੋ ਮੈਂ ਕੱਢਦਾ ਹਾਂ ਖੁਰਾ। ਤੁਸੀਂ ਧਿਆਨ ਰੱਖਣਾ। ਮੇਰਾ ਕਿਧਰੇ ਨਾਂ ਆਉਂਦਾ ਨਜ਼ਰ ਆਵੇ, ਮੈਨੂੰ ਦੱਸ ਦੇਣਾ। ਮੈਂ ਰੋਕ ਕਰਾਂਗਾ … ਮੈਂ ਪਾਰਟੀ ਨੂੰ ਸਮਝਾ ਦਿੰਦਾ ਹਾਂ।

ਉਹ ਮੁੱਖ ਮੰਤਰੀ ਨੂੰ ਸ਼ਾਂਤ ਕਰੇ।”

ਦੋਹਾਂ ਮਿੱਤਰਾਂ ਨੇ ਇੱਕ ਦੂਜੇ ਦੇ ਬਚਾਅ ਦਾ ਭਰੋਸਾ ਦਿਵਾਇਆ।

ਪ੍ਰਤਾਪ ਸਿੰਘ ਨੇ ਆਈ.ਜੀ.ਕੋਲੋਂ ਜੋ ਸਾਫ਼ ਸਾਫ਼ ਸੁਣਿਆ ਸੀ, ਉਸਨੂੰ ਇਸ਼ਾਰਿਆਂ ਦੀ ਪਾਨ ਚੜ੍ਹਾ ਕੇ ਪੰਕਜ ਨੂੰ ਸੁਣਾ ਦਿੱਤਾ।

“ਕਿਸੇ ਭੇਤੀ ਨੇ ਭੇਤ ਬਾਹਰ ਕੱਢ ਦਿੱਤਾ ਹੈ। ਹੁਣ ਸਿਆਸੀ ਪਹੁੰਚ ਦੀ ਜ਼ਰੂਰਤ ਹੈ। ਸੈਂਟਰ ਵਿਚੋਂ ਫ਼ੋਨ ਖੜਕ ਰਹੇ ਹਨ। ਮੁੱਖ ਮੰਤਰੀ ਉਪਰ ਸਿਆਸੀ ਦਬਾਅ ਪੈ ਰਿਹਾ ਹੈ। ਉਹ ਆਈ.ਜੀ.ਉਪਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰਨ ਦਾ ਦਬਾਅ ਪਾ ਰਿਹਾ ਹੈ। ਆਈ.ਜੀ.ਪਾਣੀ ਨੂੰ ਦੁੱਧ ਕਿਸ ਤਰ੍ਹਾਂ ਬਣਾ ਦੇਵੇ। ਆਪਣੀ ਲਿਹਾਜ਼ ਕਾਰਨ ਉਸਨੇ ਮਾਮਲਾ ਲਟਕਾ ਦਿੱਤਾ ਹੈ। ਤੁਸੀਂ ਮੁੱਖ ਮੰਤਰੀ ਨੂੰ ਠੰਡਾ ਕਰੋ। ਉਹ ਦੋਬਾਰਾ ਮਿਸਲ ਮੰਗਵਾ ਕੇ ਆਪਣਾ ਕੰਮ ਕਰ ਦੇਵੇਗਾ।”

ਆਈ.ਜੀ.ਦੀ ਮਜਬੂਰੀ ਦੱਸ ਕੇ ਪ੍ਰਤਾਪ ਸਿੰਘ ਉਨ੍ਹਾਂ ਨੂੰ ਆਪਣੇ ਬਾਰੇ ਚੌਕਸ ਕਰਨ ਲੱਗਾ: “ਦੋਹੇਂ ਧਿਰਾਂ ਇਕੋ ਪਰਿਵਾਰ ਦੀਆਂ ਮੈਂਬਰ ਹਨ। ਰਿਸ਼ਤੇਦਾਰ ਅਤੇ ਭਾਈਚਾਰਾ ਸਾਂਝਾ ਹੈ। ਆਈ.ਜੀ.ਦਾ ਅਨੁਮਾਨ ਹੈ ਕਿ ਤੁਹਾਡਾ ਹਮਦਰਦ ਬਣਿਆ ਫਿਰਦਾ ਕੋਈ ਬੰਦਾ ਦੂਜੀ ਧਿਰ ਨੂੰ ਸੂਹ ਦੇ ਰਿਹਾ ਹੈ। ਜਿਹੜੀ ਗੱਲ ਤੇਰੇ ਅਤੇ ਮੇਰੇ ਵਿਚਕਾਰ ਹੋਈ ਉਹ ਮੁੱਖ ਮੰਤਰੀ ਤਕ ਕਿਸ ਤਰ੍ਹਾਂ ਪੁੱਜ ਗਈ? ਇਸ ਗੱਲ ਨੂੰ ਗਹਿਰਾਈ ਨਾਲ ਸੋਚੋ।

ਕਿਧਰੇ ਮੇਰੀ ਪੱਗ ਨੂੰ ਹੱਥ ਨਾ ਪੈ ਜਾਏ। ਅੱਗੋਂ ਤੋਂ ਮੇਰੇ ਨਾਲ ਘੱਟੋ ਘੱਟ ਸੰਪਰਕ ਕਰੋ।

ਫ਼ੋਨ ਬਿਲਕੁਲ ਨਾ ਕਰੋ। ਪਤਾ ਨਹੀਂ ਕਦੋਂ ਕੋਈ ਗੱਲ ਬਾਤ ਟੇਪ ਕਰ ਲਏ। ਕੋਈ ਲੋੜ ਪਏ, ਵਾਸੂਦੇਵਾ ਨਾਲ ਫ਼ੋਨ ਕਰ ਲੈਣਾ। ਉਹ ਆਪੇ ਮੇਰੇ ਨਾਲ ਸੰਪਰਕ ਕਰ ਲਏਗਾ।

ਮੇਰਾ ਨਾਂ ਵਿੱਚ ਆ ਗਿਆ, ਥੋਡੇ ਹਾਈ ਕੋਰਟ ਦੇ ਸਾਰੇ ਕੰਮ ਵਿੱਚ ਰਹਿ ਜਾਣਗੇ। … ਘਰ ਦਾ ਭੇਤੀ ਲੱਧਭੋ। ਸਭ ਮਸਲੇ ਹੱਲ ਹੋ ਜਾਣਗੇ।”

“ਸਰ ਤੁਹਾਡੀ ਬਹੁਤ ਪਹੁੰਚ ਹੈ। ਕੋਈ ਮੁੱਖ ਮੰਤਰੀ ਦਾ ਠੋਸ ਬੰਦਾ ਲੱਭ ਦਿਓ।”

ਪੰਕਜ ਪ੍ਰਤਾਪ ਸਿੰਘ ਦੀ ਭਰਪੂਰ ਵਾਕਫ਼ੀਅਤ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ।

“ਮੇਰੀ ਜਾਣ ਪਹਿਚਾਣ ਅਫ਼ਸਰਾਂ ਨਾਲ ਹੈ। ਉਨ੍ਹਾਂ ਕੋਲੋਂ ਜੋ ਮਰਜ਼ੀ ਕਰਵਾ ਲਵਾਂ।

ਅਫ਼ਸਰ ਧੁਰ ਤਕ ਪੁੱਗਦੇ ਹਨ। ਸਿਆਸੀ ਬੰਦਿਆਂ ਦਾ ਕੋਈ ਭਰੋਸਾ ਨਹੀਂ। ਅੱਜ ਇੱਕ ਦੀ ਝੋਲੀ, ਕੱਲ੍ਹ ਨੂੰ ਦੂਜੇ ਦੀ। ਦੋਹਾਂ ਧਿਰਾਂ ਤੋਂ ਪੈਸੇ ਲੈ ਲੈਂਦੇ ਹਨ। ਆਪਣੇ ’ਤੇ ਬਣਦੀ ਨਜ਼ਰ ਆਵੇ, ਪਾਣੀ ਅਫ਼ਸਰਾਂ ਵੱਲ ਰੋੜ੍ਹ ਦਿੰਦੇ ਹਨ। ਜਦੋਂ ਇਹ ਗੱਦੀਉਂ ਲਹਿੰਦੇ ਹਨ, ਸੌ ਸੌ ਸਕੈਂਡਲਾਂ ਵਿੱਚ ਫਸਦੇ ਹਨ। ਸਿਆਸੀ ਲੋਕ ਆਪਸ ਵਿੱਚ ਇੱਕ ਮਿੱਕ ਹੋ ਜਾਂਦੇ ਹਨ। ਅਫ਼ਸਰ ਮੁਕੱਦਮੇ ਭੁਗਤਦੇ ਮਰ ਜਾਂਦੇ ਹਨ। ਤੁਹਾਡਾ ਮਸਲਾ ਟੇਢਾ ਹੈ। ਸਿਆਸੀ ਬੰਦਿਆਂ ਤੋਂ ਕੰਮ ਸਿਆਸੀ ਬੰਦਿਆਂ ਰਾਹੀਂ ਲਓ। ਕੋਈ ਮੇਰਾ ਦਾਅ ਲੱਧਗਿਆ, ਮੈਂ ਤੁਹਾਨੂੰ ਫ਼ੋਨ ਕਰਕੇ ਦੱਸ ਦਿਆਂਗਾ।”

ਪ੍ਰਤਾਪ ਸਿੰਘ ਪੰਕਜ ਹੋਰਾਂ ਦੀ ਪਹੁੰਚ ਮੁੱਖ ਮੰਤਰੀ ਤਕ ਕਰਵਾ ਸਕਦਾ ਸੀ, ਪਰ ਹੋਈ ਸ਼ਿਕਾਇਤ ਤੋਂ ਘਬਰਾ ਰਿਹਾ ਸੀ। ਆਪਣੇ ਮਨ ਅੰਦਰ ਉਹ ਸੁੱਖਾਂ ਸੁੱਖ ਰਿਹਾ ਸੀ।

ਇਸ ਵਾਰ ਬੇ ਦਾਗ਼ ਉਹ ਇਸ ਸਿਆਪੇ ਵਿਚੋਂ ਨਿਕਲ ਜਾਵੇ। ਅੱਗੋਂ ਤੋਂ ਉਹ ਤਰੱਕੀ ਹੋਣ ਤਕ ਕਿਸੇ ਗਿੱਲੇ ਗੋਹੇ ਉਪਰ ਪੈਰ ਨਹੀਂ ਰੱਖੇਗਾ। ਨਵੀਂ ਮੁਸੀਬਤ ਗਲ ਪਾਉਣ ਦਾ ਸਵਾਲ ਹੀ ਨਹੀਂ ਸੀ।

ਪੰਕਜ ਹੁਣ ਉਸ ਲਈ ਵੈਸੇ ਵੀ ਅੰਬ ਦੀ ਚੂਸੀ ਗਿਟਕ ਵਾਂਗ ਸੀ। ਪ੍ਰਤਾਪ ਸਿੰਘ ਆਪਣੀ ਪੱਗ ਬਚਾ ਕੇ ਉਸਦੀ ਜਿੰਨੀ ਮਦਦ ਕਰ ਸਕਦਾ ਸੀ, ਕਰ ਚੁੱਕਾ ਸੀ। ਚੰਗੇ ਪੈਸੇ ਹੱਥ ਲੱਗ ਚੁੱਕੇ ਸਨ। ਅਫ਼ਸਰਾਂ ਨਾਲ ਲੈਣ ਦੇਣ ਕਰਾਉਣ ਦਾ ਇਹੋ ਫ਼ਾਇਦਾ ਸੀ।

ਜੋ ਦਿੱਤਾ, ਫੜ ਕੇ ਰੱਖ ਲਿਆ। ਕੋਈ ਪੁੱਛ ਪੜਤਾਲ ਨਹੀਂ, ਕਿੰਨਾ ਲਿਆ, ਕਿਸ ਰਾਹੀਂ ਲਿਆ। ਕੰਮ ਹੋਇਆ, ਸਭ ਹਜ਼ਮ।

ਪ੍ਰਤਾਪ ਸਿੰਘ ਦੀ ਹਾਈ ਕੋਰਟ ਤਕ ਪਹੁੰਚ ਸੀ ਜਾਂ ਪੁਲਿਸ ਤੱਕ। ਉਹ ਦੋਹੀਂ ਥਾਈਂ ਹੱਥ ਪੈਰ ਮਾਰ ਚੁੱਕਾ ਸੀ। ਹੋਰ ਕਿਧਰੇ ਵਿਚੋਲਗੀ ਦੀ ਗੁੰਜਾਇਸ਼ ਨਹੀਂ ਸੀ।

ਕਿਧਰੇ ਹੋਵੇ ਵੀ ਉਸਨੇ ਤਾਂ ਵੀ ਨਹੀਂ ਸੀ ਕਰਨੀ। ਲਾਲਚ ਬੁਰੀ ਬਲਾ ਹੈ।

ਇਹੋ ਸੋਚ ਕੇ ਪ੍ਰਤਾਪ ਸਿੰਘ ਨੇ ਪੰਕਜ ਹੋਰਾਂ ਨਾਲ ਆਖ਼ਰੀ ਵਾਰ ਹੱਥ ਮਿਲਾਇਆ।

 

-46-

 

ਮੁੱਖ ਮੰਤਰੀ ਤਕ ਪਹੁੰਚ ਕਰਨੀ ਔਖੀ ਨਹੀਂ ਸੀ। ਸਮੱਸਿਆ ਸੀ, ਘਰ ਦੇ ਭੇਤ ਬਾਹਰ ਜਾਣ ਦੀ। ਲੰਕਾ ਢਾਹੁਣ ਵਾਲੇ ਭਵੀਸ਼ਣ ਦੀ।

ਇਹ ਸਮੱਸਿਆ ਨਵੀਂ ਨਹੀਂ ਸੀ। ਪਹਿਲੇ ਦਿਨ ਤੋਂ ਪੇਸ਼ ਆ ਰਹੀ ਸੀ। ਪਹਿਲਾਂ ਮੇਲੂ ਰਾਹੀਂ ਕਪਤਾਨ ਨਾਲ ਹੋਏ ਸੰਪਰਕ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਪੀਆਂ। ਹੁਣ ਆਈ.ਜੀ.ਨਾਲ ਪੱਕੀ ਖਿਚੜੀ ਜ਼ਾਹਰ ਹੋ ਗਈ। ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਉਨ੍ਹਾਂ ਦਾ ਖ਼ਰਚਾ ਵੀ ਕਰੋੜਾਂ ਤਕ ਪੁੱਜ ਜਾਣਾ ਸੀ ਅਤੇ ਉਨ੍ਹਾਂ ਨੂੰ ਕੈਦ ਵੀ ਕੱਟਣੀ ਪੈਣੀ ਸੀ।

ਸਭ ਤੋਂ ਪਹਿਲਾਂ ਘਰ ਦੇ ਭੇਤੀ ਦਾ ਖੁਰਾ ਖੋਜਣਾ ਜ਼ਰੂਰੀ ਸੀ।

ਪੰਕਜ ਨਾ ਕਿਸੇ ਸਾਂਝੇ ਦੋਸਤ ਦੀ ਮਦਦ ਲੈ ਰਿਹਾ ਸੀ, ਨਾ ਕਿਸੇ ਸਾਂਝੇ ਰਿਸ਼ਤੇਦਾਰ ਦੀ। ਸਾਰੀ ਕਾਰਵਾਈ ਦੌਰਾਨ ਉਸ ਨਾਲ ਅਜੇ ਰਿਹਾ ਸੀ ਜਾਂ ਵਿਨੇ। ਉਹ ਉਸਦੇ ਆਪਣੇ ਦੋਸਤ ਸਨ। ਵੇਦ ਜਾਂ ਕਮਲ ਦਾ ਉਹ ਪਹਿਲਾਂ ਨਾਂ ਤਕ ਨਹੀਂ ਸਨ ਜਾਣਦੇ। ਸਤੀਸ਼ ਉਸਦਾ ਸਕਾ ਸਾਲਾ ਸੀ। ਉਸਨੂੰ ਜੀਜਾ ਪਿਆਰਾ ਸੀ ਜਾਂ ਜੀਜੇ ਦੇ ਦੁਸ਼ਮਣ।

ਪੰਕਜ ਦੇ ਸਭ ਸਮਰਥਕ ਵਿਉਪਾਰੀ ਸਨ। ਵਿਉਪਾਰ ਵਿੱਚ ਕਰੋੜਾਂ ਦੇ ਕਾਰੋਬਾਰ ਦੋ ਨੰਬਰ ਵਿੱਚ ਹੁੰਦੇ ਹਨ। ਕਾਮਯਾਬ ਵਿਉਪਾਰੀ ਉਹੋ ਹੈ, ਜੋ ਕਰੋੜਾਂ ਦੀ ਕਾਂਪ ਤਾਂ ਝੱਲ ਜਾਵੇ, ਪਰ ਭੇਤ ਬਾਹਰ ਨਾ ਕੱਢੇ।

ਸ਼ੱਕ ਦੀ ਦੂਸਰੀ ਸੂਈ ਸਿੰਗਲੇ ਵੱਲ ਮੁੜਦੀ ਸੀ।

ਸਿੰਗਲਾ ਪੰਕਜ ਦੇ ਪਰਿਵਾਰਕ ਘੇਰੇ ਵਿਚੋਂ ਨਹੀਂ ਸੀ। ਨਾ ਉਹ ਘਾਟੇ ਵਾਧੇ ਹਜ਼ਮ ਕਰਨ ਵਾਲਾ ਵਿਉਪਾਰੀ ਸੀ।

ਪਰ ਉਹ ਵਕੀਲ ਸੀ। ਵਕੀਲਾਂ ਨੂੰ ਆਪਣੇ ਸਾਇਲਾਂ ਦੇ ਹਰ ਚੰਗੇ ਮਾੜੇ ਕੰਮ ਦਾ ਪਤਾ ਹੁੰਦਾ ਹੈ। ਵਕੀਲ ਨੂੰ ਸਾਇਲ ਦੇ ਸਾਰੇ ਭੇਤ ਆਪਣੀ ਹਿੱਕ ਵਿੱਚ ਦਫ਼ਨ ਰੱਖਣੇ ਪੈਂਦੇ ਹਨ। ਇੱਕ ਵਕੀਲ ਦਾ ਹਾਜ਼ਮਾ ਵੀ ਕਮਜ਼ੋਰ ਨਹੀਂ ਹੋ ਸਕਦਾ।

ਫੇਰ ਗੱਲ ਨਿਕਲੀ ਕਿਥੋਂ?

ਸਮੱਸਿਆ ਸਦਾ ਸਦਾ ਲਈ ਹੱਲ ਹੋਣੀ ਚਾਹੀਦੀ ਸੀ। ਜੇ ਸਿੰਗਲੇ ’ਤੇ ਸ਼ੱਕ ਸੀ ਤਾਂ ਦੂਰ ਕਰ ਲੈਣਾ ਚਾਹੀਦਾ ਸੀ। ਵਕੀਲ ਨਾਲ ਉਨ੍ਹਾਂ ਨੂੰ ਹਰ ਪੜਾਅ ’ਤੇ ਰਾਏ ਮਸ਼ਵਰਾ ਕਰਨਾ ਪੈਣਾ ਸੀ। ਵਕੀਲ ਕੋਲੋਂ ਭੇਤ ਛੁਪਾ ਕੇ ਮੁਕੱਦਮਾ ਨਹੀਂ ਜਿੱਧਤਿਆ ਜਾ ਸਕਦਾ।

ਜੇ ਕਸੂਰਵਾਰ ਹੋਇਆ ਆਪੇ ਪੈਰਵਾਈ ਛੱਡ ਜਾਏਗਾ। ਅਣਗਹਿਲੀ ਕਰਦਾ ਹੋਇਆ ਅੱਗੋਂ ਤੋਂ ਸਾਵਧਾਨ ਹੋ ਜਾਏਗਾ। ਬੇ ਕਸੂਰ ਹੋਇਆ ਸਪੱਸ਼ਟੀਕਰਨ ਦੇਵੇਗਾ।

“ਨਾ ਕਾਨੂੰਨ ਵਕੀਲ ਨੂੰ ਆਪਣੇ ਸਾਇਲ ਦੇ ਭੇਤ ਬਾਹਰ ਕੱਢਣ ਦੀ ਇਜਾਜ਼ਤ ਦਿੰਦਾ ਹੈ, ਨਾ ਇਖ਼ਲਾਕ। ਵਿਰੋਧੀ ਧਿਰ ਨਾਲ ਸਾਜ਼ ਬਾਜ਼ ਕਰਨ ਦੀ ਜੁਅਰਤ ਉਹੋ ਵਕੀਲ ਕਰ ਸਕਦਾ ਹੈ ਜਿਸਨੇ ਵਕਾਲਤ ਨੂੰ ਤਲਾਕ ਦੇਣਾ ਹੋਵੇ। ਵਕੀਲ ਦੇ ਹੋਰ ਸਭ ਕਸੂਰ ਮੁਆਫ਼ ਹੋ ਸਕਦੇ ਹਨ, ਪਰ ਵਿਰੋਧੀ ਧਿਰ ਨਾਲ ਮਿਲਣ ਵਾਲਾ ਕਾਲਾ ਟਿੱਕਾ ਹਮੇਸ਼ਾ ਉਸਦੇ ਮੱਥੇ ’ਤੇ ਚਮਕਦਾ ਰਹਿੰਦਾ ਹੈ। ਮੈਂ ਹਾਲੇ ਬਹੁਤ ਮੰਜ਼ਲਾਂ ਤੈਅ ਕਰਨੀਆਂ ਹਨ।”

ਇਸ ਜਵਾਬ ਦੇ ਨਾਲ ਨਾਲ ਸਿੰਗਲੇ ਨੇ ਇੱਕ ਸੁਝਾਅ ਵੀ ਦਿੱਤਾ।

“ਡਰਾਈਵਰਾਂ ਤੋਂ ਸਾਵਧਾਨ ਰਹੋ। ਰਸਤਿਆਂ ਵਿੱਚ ਉਹ ਸਾਰੀ ਗੱਲਬਾਤ ਸੁਣਦੇ ਰਹਿੰਦੇ ਹਨ। ਨਸ਼ੇ ਵਿੱਚ ਟੁਨ ਹੋ ਕੇ ਸਭ ਕੁੱਝ ਬਕ ਦਿੰਦੇ ਹਨ। ਮੈਂ ਕਈ ਵਾਰ ਅਜਿਹੇ ਭੇਤ ਡਰਾਈਵਰਾਂ ਕੋਲੋਂ ਕੱਢੇ ਹਨ।”

ਸਿੰਗਲੇ ਨੇ ਇੱਕ ਵਾਰ ਫੇਰ ਉਨ੍ਹਾਂ ਦਾ ਮਨ ਮੋਹ ਲਿਆ। ਉਸਦਾ ਸ਼ੱਕ ਕਾਫੀ ਹੱਦ ਤਕ ਠੀਕ ਜਾਪਦਾ ਸੀ।

ਪੰਕਜ ਹੋਰਾਂ ਨੇ ਮਤਾ ਪਕਾਇਆ। ਅੱਗੇ ਤੋਂ ਜਦੋਂ ਉਹ ਮੁਕੱਦਮੇ ਦੇ ਸਬੰਧ ਵਿੱਚ ਬਾਹਰ ਜਾਣਗੇ ਤਾਂ ਗੱਡੀ ਖ਼ੁਦ ਚਲਾਉਣਗੇ।

ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ।

 

-47-

 

ਬਲਾ ਡਰਾਈਵਰ ਗਲ ਪਾ ਕੇ ਸਿੰਗਲੇ ਨੇ ਆਪਣੀ ਧੌੜੀ ਜ਼ਰੂਰ ਬਚਾ ਲਈ ਪਰ ਇਸ ਵਾਰ ਭਾਂਬੜ ਸਿੰਗਲੇ ਦੀ ਲਾਈ ਤੀਲੀ ਕਾਰਨ ਨਿਕਲਿਆ ਸੀ। ਇਹ ਦੂਸਰੀ ਗੱਲ ਸੀ ਕਿ ਅੱਗ ਉਸਨੇ ਜਾਣ ਬੁੱਝ ਕੇ ਨਹੀਂ ਸੀ ਲਾਈ।

ਵਿਹਲੇ ਚਾਰ ਵਕੀਲ ਜਦੋਂ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਨਵੇਂ ਮੁਕੱਦਮਿਆਂ ਨਾਲ ਸਬੰਧਤ ਹੁੰਦਾ ਹੈ। ਕਿਸ ਕੇਸ ਵਿੱਚ ਕਿਸ ਵਕੀਲ ਨੇ ਕਿੰਨੀ ਠੱਗੀ ਮਾਰੀ? ਕਿਸ ਵਕੀਲ ਨੇ ਕਿਸ ਜੱਜ ਦੇ ਨਾਂ ’ਤੇ ਕਿੰਨੇ ਪੈਸੇ ਖਾਧੇ? ਕਿਸ ਜੱਜ ਨੇ ਕਿਸ ਪਾਰਟੀ ਤੋਂ, ਕਿਸ ਰਾਹੀਂ, ਕਿੰਨੇ ਪੈਸੇ ਲਏ? ਪੁਲਿਸ ਨੇ ਕਿਸ ਦੇ ਆਖੇ ਜ਼ਿਮਨੀਆਂ ਬਦਲੀਆਂ? ਗਵਾਹੀ ਮੁੱਕਰਣ ਦੇ ਕਿੰਨੇ ਪੈਸੇ ਲਏ।

ਇਹੋ ਜਿਹੀ ਇੱਕ ਗੱਪ ਸ਼ੱਪ ਦੇ ਦੌਰਾਨ ਪੁਲਿਸ ਕਪਤਾਨ ਦੀ ਈਮਾਨਦਾਰੀ ਦਾ ਕਿੱਸਾ ਛਿੜ ਪਿਆ। ਪੁਲਿਸ ਪੱਖੀ ਇੱਕ ਵਕੀਲ ਪੁਲਿਸ ਕਪਤਾਨ ਦੀ ਈਮਾਨਦਾਰੀ ਦੇ ਸੋਹਲੇ ਗਾਉਣ ਲੱਗਾ। ਦੂਜਾ ਵਕੀਲ ਕਪਤਾਨ ਵੱਲੋਂ ਮੁੱਖ ਮੰਤਰੀ ਪਰਿਵਾਰ ਨੂੰ ਜਾਂਦੀ ਮੰਥਲੀ ਦਾ ਵੇਰਵਾ ਦੇਣ ਲੱਗਾ। ਤੀਜਾ ਵਕੀਲ ਕਪਤਾਨ ਵੱਲੋਂ ਮੁਕੱਦਮੇ ਦਰਜ ਕਰਨ ਅਤੇ ਦਰਜ ਮੁਕੱਦਮਿਆਂ ਨੂੰ ਕੈਂਸਲ ਕਰਨ ਲਈ ਵਸੂਲੀ ਜਾਂਦੀ ਰਕਮ ਦੇ ਸਬੂਤ ਦੇਣ ਲੱਗਾ।

ਕਪਤਾਨ ਪੱਖੀ ਵਕੀਲ ਦੀ ਦਲੀਲ ਨੂੰ ਕਾਟ ਦੇਣ ਲਈ ਸਿੰਗਲੇ ਨੇ ਠੋਸ ਸਬੂਤ ਵਜੋਂ ਇਸ ਮੁਕੱਦਮੇ ਦੇ ਤੱਥ ਪੇਸ਼ ਕਰ ਦਿੱਤੇ।

ਕਪਤਾਨ ਪੱਖੀ ਵਕੀਲ ਕੰਨ ਝਾੜ ਕੇ ਤੁਰ ਗਿਆ।

ਪਰ ਬਘੇਲ ਸਿੰਘ ਪੱਖੀ ਇੱਕ ਵਕੀਲ ਨੇ ਇਹ ਗੱਲ ਆਪਣੇ ਕੰਨ ਵਿੱਚ ਪਾ ਲਈ।

ਵਕੀਲ ਅਤੇ ਵਿਧਾਇਕ ਕਈ ਦਿਨਾਂ ਤੋਂ ਕਿਸੇ ਠੋਸ ਸਬੂਤ ਦੀ ਤਲਾਸ਼ ਵਿੱਚ ਸਨ।

ਵਿਧਾਇਕ ਦੀ ਕਪਤਾਨ ਵਿਰੁਧ ਸ਼ਿਕਾਇਤ ਦੀ ਸੁਣਵਾਈ ਨਹੀਂ ਸੀ ਹੋ ਰਹੀ। ਮੁੱਖਮੰਤਰੀ ਵੱਲੋਂ ਠੋਸ ਸਬੂਤ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਕਪਤਾਨ ਅੜਿੱਕੇ ਆਇਆ ਸੀ।

ਵਕੀਲ ਤੁਰੰਤ ਵਿਧਾਇਕ ਦੀ ਕੋਠੀ ਜਾ ਵੱਜਾ। ਕਪਤਾਨ ਤੋਂ ਬਦਲਾ ਲੈਣ ਦਾ ਇਹ ਵਧੀਆ ਮੌਕਾ ਸੀ।

ਵਕੀਲ ਦਾ ਇੱਕ ਰਿਸ਼ਤੇਦਾਰ ਪੁਲਿਸ ਨੇ ਇੱਕ ਝੂਠੇ ਕੇਸ ਵਿੱਚ ਫ਼ਸਾ ਰੱਖਿਆ ਸੀ।

ਉਸਦੇ ਰਿਸ਼ਤੇਦਾਰ ਦਾ ਇਹ ਕਸੂਰ ਸੀ ਕਿ ਉਸਨੇ ਬੈਅ ਨਾਮੇ ਉਪਰ ਗਵਾਹੀ ਪਾਈ ਸੀ।

ਗਵਾਹੀ ਉਸਨੇ ਠੀਕ ਪਾਈ ਸੀ। ਪਲਾਟ ਵੇਚਣ ਵਾਲਾ ਉਸਦਾ ਦੋਸਤ ਸੀ। ਉਸਨੇ ਆਪਣੇ ਦੋਸਤ ਦੀ ਸ਼ਨਾਖ਼ਤ ਕੀਤੀ ਸੀ। ਦੋਸਤ ਕੋਲ ਮਾਲਕ ਵੱਲੋਂ ਉਸਦੇ ਹੱਕ ਵਿੱਚ ਦਿੱਤਾ ਮੁਖ਼ਤਿਆਰ ਨਾਮਾ ਸੀ। ਉਸ ਮੁਖਤਿਆਰ ਨਾਮੇ ਦੀ ਨਕਲ ਸਬੂਤ ਵਜੋਂ ਬੈਅ ਨਾਮੇ ਨਾਲ ਲਾਈ ਗਈ ਸੀ। ਪਿਛੋਂ ਪਤਾ ਲੱਗਾ ਉਹ ਮੁਖ਼ਤਿਆਰ ਨਾਮਾ ਜਾਅਲੀ ਸੀ। ਇਸ ਵਿੱਚ ਗਵਾਹ ਦਾ ਕੀ ਕਸੂਰ ਸੀ। ਨਾ ਕਾਨੂੰਨੀ ਤੌਰ ’ਤੇ ਉਹ ਮੁਲਜ਼ਮ ਬਣਦਾ ਸੀ। ਨਾ ਅਸਲ ਵਿੱਚ ਉਸਨੂੰ ਇਸ ਜਾਅਲ ਸਾਜ਼ੀ ਬਾਰੇ ਪਤਾ ਸੀ। ਵਕੀਲ ਵਿਧਾਇਕ ’ਤੇ ਜ਼ੋਰ ਪਾ ਰਿਹਾ ਸੀ। ਉਹ ਕਪਤਾਨ ਨੂੰ ਆਖ ਕੇ ਉਸਦੇ ਰਿਸ਼ਤੇਦਾਰ ਨੂੰ ਬੇ ਕਸੂਰ ਕਰਾਰ ਦਿਵਾਏ।

ਵਿਧਾਇਕ ਕਈ ਵਾਰ ਸਿਫ਼ਾਰਸ਼ ਕਰ ਚੁੱਕਾ ਸੀ ਪਰ ਕਪਤਾਨ ਟਾਲਮਟੋਲ ਕਰ ਰਿਹਾ ਸੀ।

ਵਕੀਲ ਨੂੰ ਕਪਤਾਨ ’ਤੇ ਵੱਧ ਗੁੱਸਾ ਇਸ ਲਈ ਸੀ ਕਿ ਪੁਲਿਸ ਬੈਅ ਨਾਮੇ ਦੇ ਦੂਜੇ ਗਵਾਹ ਨੂੰ ਬੇ ਕਸੂਰ ਕਰਾਰ ਦੇਈ ਬੈਠੀ ਸੀ। ਮੁਖਤਿਆਰ ਨਾਮੇ ਦੇ ਗਵਾਹਾਂ ਨੂੰ ਪੁਲਿਸ ਨੇ ਬੁਲਾਇਆ ਤਕ ਨਹੀਂ ਸੀ। ਹਾਲਾਂਕਿ ਗ਼ਲਤ ਬੰਦੇ ਨੂੰ ਤਸਦੀਕ ਕਰਕੇ ਜਾਅਲੀ ਮੁਖਤਿਆਰ ਨਾਮਾ ਤਿਆਰ ਕਰਾਉਣ ਵਿੱਚ ਉਨ੍ਹਾਂ ਦਾ ਹੱਥ ਸੀ।

ਵਕੀਲ ਨੂੰ ਬਘੇਲ ਸਿੰਘ ’ਤੇ ਗੁੱਸਾ ਸੀ। ਉਹ ਪੂਰਾ ਜ਼ੋਰ ਨਹੀਂ ਸੀ ਲਾਉਂਦਾ।

ਵਿਧਾਇਕ ਨੂੰ ਕਪਤਾਨ ’ਤੇ ਗੁੱਸਾ ਸੀ। ਉਹ ਉਸਦਾ ਜਾਇਜ਼ ਕੰਮ ਵੀ ਨਹੀਂ ਕਰਦਾ।

ਕਪਤਾਨ ਨਾਲ ਕਿੜ ਕੱਢਣ ਦਾ ਇਹ ਵਧੀਆ ਮੌਕਾ ਸੀ।

ਵੈਸੇ ਵੀ ਇਹ ਪਾਰਟੀ ਮੋਟੀ ਸੀ। ਅਫ਼ਸਰ ਝੋਲੀਆਂ ਭਰ ਰਹੇ ਸਨ। ਉਹ ਟੰਗ ਅੜਾਉਣਗੇ ਤਾਂ ਭੇਲੀ ਵਿਚੋਂ ਕੋਈ ਰੋੜੀ ਉਨ੍ਹਾਂ ਦੇ ਹੱਥ ਵੀ ਲਗ ਸਕਦੀ ਸੀ।

ਬਹਾਨਾ ਲੱਭਦੇ ਹੀ ਵਿਧਾਇਕ ਅਤੇ ਵਕੀਲ ਚੰਡੀਗੜ੍ਹ ਦੇ ਰਾਹ ਪੈ ਗਏ। ਜਾਂਦੇ ਹੋਏ ਉਨ੍ਹਾਂ ਖ਼ਬਰਾਂ ਦੀਆਂ ਕਾਤਰਾਂ ਵੀ ਨਾਲ ਲੈ ਲਈਆਂ ਜਿਨ੍ਹਾਂ ਵਿੱਚ ਸਰਕਾਰੀ ਵਕੀਲ ਅਤੇ ਥਾਣੇਦਾਰ ਦੇ ਮੁਲਜ਼ਮ ਧਿਰ ਨਾਲ ਸਾਜ਼ ਬਾਜ਼ ਹੋਣ ਦੀਆਂ ਖ਼ਬਰਾਂ ਛਪੀਆਂ ਸਨ।

ਮੁੱਖ ਮੰਤਰੀ ਕੁੱਝ ਮਿੰਟ ਪਹਿਲਾਂ ਕੋਠੀਉਂ ਨਿਕਲ ਚੁੱਕਾ ਸੀ। ਉਹ ਉਸਨੂੰ ਮਿਲਣੋ ਰਹਿ ਗਏ।

ਮੁੱਖ ਮੰਤਰੀ ਦਾ ਸਿਆਸੀ ਸਕੱਤਰ ਵਿਧਾਇਕ ਦਾ ਯਾਰ ਸੀ। ਵਿਧਾਇਕ ਨੇ ਸਕੱਤਰ ਨੂੰ ਸਾਰੀ ਕਹਾਣੀ ਸਮਝਾਈ। ਕਪਤਾਨ ਦੇ ਮੋਟੀ ਰਕਮ ਲੈਣ ਬਾਰੇ ਖ਼ਬਰ ਪੱਕੀ ਸੀ।

‘ਡੀ.ਆਈ.ਜੀ.ਨੇ ਦਸ ਲੱਖ ਲਿਆ ਹੈ’ ਇਹ ਚਰਚਾ ਆਮ ਸੀ। ਸਕੱਤਰ ਨੇ ਜੇ ਥੋੜ੍ਹਾ ਜਿਹਾ ਝਟਕਾ ਦੇ ਦਿੱਤਾ, ਪਾਰਟੀ ਨੇ ਚੰਗੀ ਰਕਮ ਦੇ ਦੇਣੀ ਸੀ।

ਸਕੱਤਰ ਨੇ ਬਘੇਲ ਸਿੰਘ ਦੇ ਸਾਹਮਣੇ ਹੀ ਕਪਤਾਨ ਤੋਂ ਕੇਸ ਦੀ ਤਾਜ਼ਾ ਸਥਿਤੀ ਬਾਰੇ ਪੁੱਛ ਲਿਆ। ਨਾਲ ਹੁੰਦੀ ਚਰਚਾ ਬਾਰੇ ਸੁਣਾ ਦਿੱਤਾ।

ਕਪਤਾਨ ਨੇ ਦੱਸਿਆ ਮਿਸਲ ਆਈ.ਜੀ.ਕਰਾਈਮ ਕੋਲ ਆਈ ਹੋਈ ਸੀ। ਇਹ ਵੀ ਪਤਾ ਲੱਗਾ ਦੋਸ਼ੀਆਂ ਨੇ ਆਪਣੇ ਬੇ ਕਸੂਰ ਹੋਣ ਬਾਰੇ ਦਰਖ਼ਾਸਤ ਦਿੱਤੀ ਸੀ। ਆਈ.ਜੀ. ਉਸੇ ਦੀ ਪੜਤਾਲ ਕਰ ਰਿਹਾ ਸੀ।

ਆਈ.ਜੀ.ਕੋਲ ਆਈ ਮਿਸਲ ਦਾ ਮਤਲਬ ਸੀ ਦੋਸ਼ੀਆਂ ਦਾ ਬੇ ਕਸੂਰ ਸਾਬਤ ਹੋਣਾ। ਸਕੱਤਰ ਨੂੰ ਆਈ.ਜੀ.ਦੀਆਂ ਸਾਰੀਆਂ ਕਾਰਵਾਈਆਂ ਦਾ ਪਤਾ ਸੀ। ਉਹ ਨੋਟਾਂ ਦੇ ਬੋਰੇ ਭਰ ਰਿਹਾ ਸੀ। ਪਹਿਲਾਂ ਉਹ ਕਦੇ ਸਕੱਤਰ ਦੇ ਲੋਟ ਨਹੀਂ ਸੀ ਆਇਆ। ਹੁਣ ਦਬਕਾ ਮਾਰਿਆ ਜਾ ਸਕਦਾ ਸੀ।

ਸਿਆਸੀ ਸਕੱਤਰ ਦੀ ਪ੍ਰਿੰਸੀਪਲ ਸੈਕਟਰੀ ਨਾਲ ਇਕੋ ਗੱਲ ਸੀ। ਆਈ.ਜੀ.ਦਾ ਰੈਂਕ ਵੱਡਾ ਸੀ। ਉਸਨੂੰ ਦਬਕਾ ਪ੍ਰਿੰਸੀਪਲ ਸੈਕਟਰੀ ਤੋਂ ਮਰਵਾਇਆ ਗਿਆ। ਦੋ ਲੱਖ ਲਈ ਰਿਸ਼ਵਤ ਦੀ ਕਹਾਣੀ ਕੋਲੋਂ ਘੜੀ ਗਈ।

ਆਈ.ਜੀ.ਕਿਧਰੇ ਸਿੱਧਾ ਮੁੱਖ ਮੰਤਰੀ ਨੂੰ ਸਪੱਸ਼ਟੀਕਰਨ ਨਾ ਦੇਣ ਲੱਗ ਜਾਏ ਇਸ ਲਈ ਪ੍ਰਿੰਸੀਪਲ ਸੈਕਟਰੀ ਨੇ ਬਘੇਲ ਸਿੰਘ ਦੀ ਸ਼ਿਕਾਇਤ ਮੁੱਖ ਮੰਤਰੀ ਦੇ ਕੰਨੀਂ ਕੱਢ ਦਿੱਤੀ।

ਬਘੇਲ ਸਿੰਘ ਪਾਰਟੀ ਦੇ ਨਰਾਜ਼ ਧੜੇ ਨਾਲ ਸਬੰਧ ਰੱਖਦਾ ਸੀ। ਇਹ ਧੜਾ ਦਿਨੋਦਿਨ ਭਾਰੂ ਹੁੰਦਾ ਜਾ ਰਿਹਾ ਸੀ। ਧੜੇ ਵਿੱਚ ਸੰਨ੍ਹ ਲਾਉਣੀ ਜ਼ਰੂਰੀ ਸੀ।

ਵਿਧਾਇਕ ਨੂੰ ਖ਼ੁਸ਼ ਕਰਨ ਲਈ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਨ ਦਾ ਹੁਕਮ ਝਾੜ ਦਿੱਤਾ। ਪ੍ਰਿੰਸੀਪਲ ਸੈਕਟਰੀ ਨੂੰ ਸਥਿਤੀ ’ਤੇ ਨਜ਼ਰ ਰੱਖਣ ਅਤੇ ਸਵੇਰੇ ਸ਼ਾਮ ਮੁੱਖਮੰਤਰੀ ਨੂੰ ਸੂਚਿਤ ਕਰਨ ਦੀ ਹਦਾਇਤ ਕਰ ਦਿੱਤੀ।

ਉਨ੍ਹਾਂ ਦੇ ਘੁੱਗੀ ਸੂਤ ਆ ਗਈ। ਆਈ.ਜੀ.ਮੋਕ ਮਾਰ ਗਿਆ।

ਸੀ.ਐਮ.ਹਾਊਸ ਆ ਕੇ ਨਾਲੇ ਸਕੱਤਰਾਂ ਕੋਲ ਹਾਜ਼ਰੀ ਲਗਵਾਈ, ਨਾਲੇ ਮਿੰਨਤ ਤਰਲਾ ਕੀਤਾ। ਅੱਗੋਂ ਤੋਂ ਅੱਧ ਬੋਲ ਕੰਮ ਕਰਨ ਦਾ ਵਾਅਦਾ ਕੀਤਾ।

ਸਿੰਗਲੇ ਦੀ ਇੱਕ ਫੜ ਕੇ ਰਾਈ ਦਾ ਪਹਾੜ ਬਣਾ ਦਿੱਤਾ।

ਕੇਸ ਪੁਲਿਸ ਦੇ ਹੱਥੋਂ ਨਿਕਲ ਕੇ ਮੁੱਖ ਮੰਤਰੀ ਦੀ ਕੋਠੀ ਪਹੁੰਚ ਗਿਆ।

 

-48-

 

ਪੰਕਜ ਦੇ ਡੈਡੀ ਠੀਕ ਆਖਿਆ ਕਰਦੇ ਸਨ: “ਅਫ਼ਸਰ ਅਤੇ ਨੇਤਾ ਚੰਗੇ ਸਮਿਆਂ ਵਿੱਚ ਸਾਥ ਦਿੰਦੇ ਹਨ। ਕਦੇ ਭੀੜ ਪੈ ਜਾਵੇ ਤਾਂ ਪੂਛ ਦਬਾ ਕੇ ਭੱਜ ਜਾਂਦੇ ਹਨ।”

ਪੰਕਜ ਹੋਰਾਂ ਨਾਲ ਇਸੇ ਤਰ੍ਹਾਂ ਹੋ ਰਿਹਾ ਸੀ। ਜਿੰਨ੍ਹਾਂ ਅਫ਼ਸਰਾਂ ਦੇ ਉਨ੍ਹਾਂ ਘਰ ਭਰੇ ਸਨ, ਦਿਲ ਖੋਲ੍ਹ ਕੇ ਤੋਹਫ਼ੇ ਦਿੱਤੇ ਸਨ, ਉਹ ਉਨ੍ਹਾਂ ਨੂੰ ਪਛਾਨਣ ਤੋਂ ਮੁਨਕਰ ਹੋ ਰਹੇ ਸਨ।

ਜਿਨ੍ਹਾਂ ਨੇਤਾਵਾਂ ਨੂੰ ਉਨ੍ਹਾਂ ਦਿਲ ਖੋਲ੍ਹ ਕੇ ਚੰਦੇ ਦਿੱਤੇ ਸਨ, ਵੇਲੇ ਕੁਵੇਲੇ ਜਿਨ੍ਹਾਂ ਦੇ ਨਾਲ ਖਲੋਤੇ ਸਨ, ਉਹ ਹੁਣ ਉਨ੍ਹਾਂ ਦੇ ਫ਼ੋਨ ਸੁਣਨ ਨੂੰ ਤਿਆਰ ਨਹੀਂ ਸਨ।

ਮੁੱਖ ਮੰਤਰੀ ਤਕ ਪਹੁੰਚ ਕਿਸ ਰਾਹੀਂ ਕੀਤੀ ਜਾਵੇ? ਇਹ ਸੋਚਣ ਲਈ ਰਿਸ਼ਤੇਦਾਰ ਇਕੱਠੇ ਹੋਏ ਬੈਠੇ ਸਨ। ਐਮ.ਪੀ.ਸਾਹਿਬ ਪਿੱਠ ਦਿਖਾ ਚੁੱਕੇ ਸਨ। ਡਰਦਾ ਵੀਹ ਦਿਨਾਂ ਤੋਂ ਉਹ ਮਾਇਆ ਨਗਰ ਨਹੀਂ ਸੀ ਵੜਿਆ। ਮਾਇਆ ਨਗਰ ਵਿਚੋਂ ਤਿੰਨ ਵਿਧਾਇਕ ਚੁਣੇ ਗਏ ਸਨ। ਦੋ ਵਿਰੋਧੀ ਧਿਰੇ ਦੇ ਸਨ। ਜਿਹੜਾ ਸੱਤਾਧਾਰੀ ਧਿਰ ਦਾ ਸੀ ਉਸ ਬਾਰੇ ਚਰਚਾ ਸੀ ਕਿ ਮੁੱਖ ਮੰਤਰੀ ਉਸ ਦੀ ਸੁਣਦਾ ਨਹੀਂ। ਉਹ ਪਾਰਟੀ ਦੇ ਨਰਾਜ਼ ਧੜੇ ਨਾਲ ਜੁੜਿਆ ਹੋਇਆ ਸੀ।

ਪੰਕਜ ਦੇ ਇੱਕ ਸਾਲੇ ਦੇ ਸਾਂਢੂ ਦਾ ਬਾਪ ਮੁੱਖ ਮੰਤਰੀ ਦੇ ਇਲਾਕੇ ਵਿੱਚ ਕਾਫ਼ੀ ਅਸਰ ਰਸੂਖ਼ ਰੱਖਦਾ ਸੀ। ਉਸਦਾ ਜੱਦੀ ਕੰਮ ਆੜ੍ਹਤ ਦਾ ਸੀ। ਦੋ ਸ਼ੈਲਰ ਅਤੇ ਤਿੰਨ ਭੱਠੇ ਵੀ ਸਨ। ਹੱਥ ਪਹਿਲੇ ਦਿਨੋਂ ਖੁਲ੍ਹਾ ਸੀ। ਸਮਾਜ ਸੇਵਕ ਅਖਵਾਉਣ ਦਾ ਉਸਨੂੰ ਸ਼ੌਕ ਸੀ। ਇਲਾਕੇ ਵਿੱਚ ਅੱਖਾਂ ਦਾ ਕੈਂਪ ਲੱਗਾ ਹੋਵੇ, ਗਰੀਬ ਕੁੜੀਆਂ ਦੇ ਵਿਆਹ ਹੁੰਦੇ ਹੋਣ, ਉਹ ਦਿਲ ਖੋਲ੍ਹ ਕੇ ਦਾਨ ਦਿੰਦਾ ਸੀ। ਉਸਦੇ ਦਾਨ ਨੂੰ ਮੁੱਖ ਰੱਖਦਿਆਂ ਲਗਭਗ ਹਰ ਸੰਸਥਾ ਨੇ ਉਸ ਨੂੰ ਕੋਈ ਨਾ ਕੋਈ ਅਹੁਦਾ ਦਿੱਤਾ ਹੋਇਆ ਸੀ। ਸਿਆਸਤ ਵਿੱਚ ਉਸਨੂੰ ਕੋਈ ਦਿਲਚਸਪੀ ਨਹੀਂ ਸੀ। ਪਰ ਜੇ ਕੋਈ ਸਿਆਸੀ ਪਾਰਟੀ ਕਿਸੇ ਰੈਲੀ ਜਾਂ ਜਲੂਸ ਲਈ ਟਰੱਕ ਜਾਂ ਲੇਬਰ ਮੰਗਣ ਆ ਜਾਂਦੀ ਤਾਂ ਉਹ ਕਿਸੇ ਨੂੰ ਜਵਾਬ ਨਹੀਂ ਸੀ ਦਿੰਦਾ। ਅਕਾਲੀ, ਕਾਂਗਰਸੀ ਸਭ ਉਸ ਲਈ ਬਰਾਬਰ ਸਨ।

ਉਸਦੀ ਇਸੇ ਸੇਵਾ ਕਾਰਨ ਉਸਦੀ ਇਲਾਕੇ ਦੇ ਹਰ ਸਿਰਕੱਢ ਨੇਤਾ ਨਾਲ ਜਾਣਪਹਿਚਾਣ ਸੀ। ਕਦੇ ਕਦੇ ਉਹ ਆਪਣੇ ਸ਼ੈਲਰ ’ਤੇ ਕੋਈ ਛੋਟਾ ਮੋਟਾ ਸਮਾਗਮ ਰੱਖ ਕੇ ਸਿਆਸੀ ਨੇਤਾਵਾਂ ਨੂੰ ਬੁਲਾਉਣ ਦਾ ਸ਼ੌਕ ਪੂਰਾ ਕਰ ਲੈਂਦਾ ਸੀ।

ਉਸਦੀ ਕਬੀਲਦਾਰੀ ਠੀਕ ਚੱਲ ਰਹੀ ਸੀ। ਆਪਣੇ ਨਿਜੀ ਕੰਮਾਂ ਲਈ ਉਸਨੂੰ ਸਿਆਸੀ ਬੰਦਿਆਂ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਕਿਸੇ ਸਾਂਝੇ ਕੰਮ ਲਈ ਜੇ ਉਹ ਕਿਸੇ ਮੰਤਰੀ ਕੋਲ ਜਾਂਦਾ ਤਾਂ ਕਦੇ ਖਾਲੀ ਹੱਥ ਨਹੀਂ ਸੀ ਮੁੜਦਾ।

ਇਹ ਮੁੱਖ ਮੰਤਰੀ ਪਹਿਲਾਂ ਚੌਧਰੀ ਦੇ ਪਿੰਡ ਦਾ ਸਰਪੰਚ ਰਿਹਾ ਸੀ। ਜਦੋਂ ਇਹ ਵਿਧਾਇਕ ਬਣਿਆ ਚੌਧਰੀ ਨੇ ਉਸ ਕੋਲ ਆਉਣ ਜਾਣ ਬਣਾਈ ਰੱਖਿਆ। ਮੰਤਰੀ ਬਣ ਕੇ ਉਹ ਚੌਧਰੀ ਦੀਆਂ ਵਿਆਹ ਸ਼ਾਦੀਆਂ ’ਤੇ ਆਉਂਦਾ ਰਿਹਾ। ਮੁੱਖ ਮੰਤਰੀ ਬਣ ਕੇ ਵੀ ਉਸਨੇ ਚੌਧਰੀ ਦੀ ਪਛਾਣ ਨਹੀਂ ਸੀ ਭੁੱਲੀ। ਭਰੇ ਇਕੱਠ ਵਿਚੋਂ ਉਹ ਚੌਧਰੀ ਨੂੰ ਨਾਂ ਲੈ ਕੇ ਬੁਲਾਉਂਦਾ ਸੀ ਅਤੇ ਸਭ ਤੋਂ ਪਹਿਲਾਂ ਉਸਦਾ ਕੰਮ ਕਰਦਾ ਸੀ।

ਸਤੀਸ਼ ਦਾ ਮੱਤ ਸੀ ਚੌਧਰੀ ਦੀ ਮਦਦ ਲੈਣੀ ਚਾਹੀਦੀ ਸੀ।

ਮਾਲਵੇ ਦੀ ਹਿੱਕ ’ਤੇ ਵੱਧਸਿਆ ਚੌਧਰੀ ਦਾ ਇਲਾਕਾ ਮਾਇਆ ਨਗਰ ਦੀ ਜ਼ਿਲਤ ਤੋਂ ਬਚਿਆ ਹੋਇਆ ਸੀ। ਉਥੋਂ ਦੇ ਲੋਕ ਹਾਲੇ ਵੀ ਸਿੱਧੇ ਸਾਦੇ ਸਨ ਅਤੇ ਹਰ ਕੰਮ ਵਿਚੋਂ ਸਿਆਸੀ ਲਾਹਾ ਨਹੀਂ ਸਨ ਲੈਂਦੇ।

ਕੰਮ ਹੋਵੇ ਜਾਂ ਨਾ, ਪਰ ਚੌਧਰੀ ਦੇ ਜਾਣ ਨਾਲ ਇਹ ਪਤਾ ਜ਼ਰੂਰ ਲੱਗ ਜਾਏਗਾ ਕਿ ਮੁੱਖ ਮੰਤਰੀ ਦੀ ਮੁਦਈ ਧਿਰ ਵਿੱਚ ਕਿੰਨੀ ਕੁ ਦਿਲਚਸਪੀ ਸੀ। ਉਸ ਨੂੰ ਚੁੱਪ ਕਰਾਉਣ ਲਈ ਕਿਸ ਪੱਧਰ ਦਾ ਰਸੂਖ਼ ਅਤੇ ਕਿੰਨੀ ਕੁ ਰਕਮ ਚਾਹੀਦੀ ਸੀ।

ਰਿਸ਼ਤੇਦਾਰਾਂ ਨੂੰ ਉਸਦੀ ਮਦਦ ਦੀ ਲੋੜ ਹੈ! ਇਹ ਸੁਣਕੇ ਚੌਧਰੀ ਫੁਲ ਕੇ ਕੁੱਪਾ ਹੋ ਗਿਆ। ਉਸਨੇ ਪੈਰ ਜੁੱਤੀ ਨਾ ਪਾਈ। ਝੱਟ ਮਾਇਆ ਨਗਰ ਵੱਲ ਦੌੜ ਪਿਆ।

ਮੁੱਖ ਮੰਤਰੀ ਦੇ ਅਮਲੇ ਫੈਲੇ ਕੋਲ ਚੌਧਰੀ ਦਾ ਨਾਂ ਉਸਦੇ ਖ਼ਾਸ ਬੰਦਿਆਂ ਵਿੱਚ ਦਰਜ ਸੀ। ਥੋੜ੍ਹੀ ਜਿਹੀ ਉਪਚਾਰਕਤਾ ਤੋਂ ਬਾਅਦ ਉਸਨੂੰ ਮੁੱਖ ਮੰਤਰੀ ਦੇ ਦਰਬਾਰ ਵਿੱਚ ਭੇਜ ਦਿੱਤਾ ਗਿਆ।

ਮੰਤਰੀਆਂ ਅਤੇ ਵਿਧਾਇਕਾਂ ਨੂੰ ਫ਼ਾਰਗ ਕਰਕੇ ਮੁੱਖ ਮੰਤਰੀ ਨੇ ਚੌਧਰੀ ਤੋਂ ਉਸਦੇ ਆਉਣ ਦਾ ਕਾਰਨ ਪੁੱਛਿਆ।

ਮੁੱਖ ਮੰਤਰੀ ਦਾ ਹੈਲੀਕਾਪਟਰ ਪੁੱਜ ਚੁੱਕਾ ਸੀ। ਉਹ ਉਡਣ ਲਈ ਤਿਆਰ ਸੀ।

ਚੌਧਰੀ ਗਾਗਰ ਵਿੱਚ ਸਾਗਰ ਭਰ ਕੇ ਆਪਣੀ ਗੱਲ ਆਖ ਦੇਵੇ।

ਚੌਧਰੀ ਨੇ ਜਦੋਂ ਪੰਕਜ ਹੋਰਾਂ ਦੇ ਬੇ ਕਸੂਰ ਹੋਣ ਦੀ ਗੱਲ ਆਖੀ ਤਾਂ ਮੁੱਖ ਮੰਤਰੀ ਦਾ ਚਿਹਰਾ ਗੁੱਸੇ ਨਾਲ ਸੂਹਾ ਹੋ ਗਿਆ। ਪਰ ਉਹ ਆਪਣਾ ਗੁੱਸਾ ਵਿਚੇ ਪੀ ਗਿਆ।

ਕੋਈ ਹੋਰ ਵਰਕਰ ਹੁੰਦਾ, ਮੁੱਖ ਮੰਤਰੀ ਭਰੀ ਮਹਿਫ਼ਲ ਵਿੱਚ ਉਸਦੀ ਬੇਇੱਜ਼ਤੀ ਕਰਕੇ ਆਪਣੇ ਇਨਸਾਫ਼ ਪਸੰਦ ਮੁੱਖ ਮੰਤਰੀ ਹੋਣ ਦਾ ਸਬੂਤ ਦਿੰਦਾ। ਪਰ ਚੌਧਰੀ ਭੋਲਾ ਪੰਛੀ ਸੀ। ਮਾਇਆ ਨਗਰ ਦੇ ਕੁਬੇਰ ਉਸਨੂੰ ਵਰਗਲਾ ਕੇ ਲੈ ਆਏ ਸਨ।

ਮੁੱਖ ਮੰਤਰੀ ਨੇ ਆਪਣੇ ਸਿਆਸੀ ਸਕੱਤਰ ਨੂੰ ਇਸ਼ਾਰਾ ਕੀਤਾ, ਉਹ ਚੌਧਰੀ ਨੂੰ ਨਾਲ ਦੇ ਕਮਰੇ ਵਿੱਚ ਲੈ ਜਾਏ। ਗੱਲ ਇਕਾਂਤ ਵਿੱਚ ਕਰਨ ਵਾਲੀ ਸੀ।

ਇੱਕ ਦੋ ਹੋਰ ਫਰਿਆਦਾਂ ਸੁਣਕੇ ਮੁੱਖ ਮੰਤਰੀ ਨੇ ਬਾਕੀ ਫਰਿਆਦੀਆਂ ਨੂੰ ਸਕੱਤਰਾਂ ਦੇ ਲੜ ਲਾ ਦਿੱਤਾ। ਆਪ ਚੌਧਰੀ ਨੂੰ ਨਾਲ ਲੈ ਕੇ ਆਪਣੇ ਨਿਜੀ ਕਮਰੇ ਵਿੱਚ ਚਲਾ ਗਿਆ।

“ਚੌਧਰੀ ਸਾਹਿਬ ਤੁਸੀਂ ਆਏ ਹੋ, ਧੰਨਭਾਗ! ਪਰ ਤੁਹਾਡੇ ਰਿਸ਼ਤੇਦਾਰਾਂ ਨੇ ਕੰਮ ਬਹੁਤ ਮਾੜਾ ਕੀਤਾ ਹੈ। ਸਾਰੇ ਤੱਥਾਂ ਦੀ ਮੈਂ ਖ਼ੁਦ ਤਹਿਕੀਕਾਤ ਕਰਾਈ ਹੈ। ਦੂਜਾ ਜੁਰਮ ਇਹ ਕੀਤੈ ਕਿ ਅਫ਼ਸਰਾਂ ਨੂੰ ਵੱਡੀਆਂ ਰਕਮਾਂ ਦੇ ਕੇ ਖ਼ਰੀਦ ਲਿਆ। ਆਪਣੀ ਸਰਕਾਰ ਦੀ ਬਦਨਾਮੀ ਹੋ ਰਹੀ ਹੈ। ਜੇ ਮੁੰਡੇ ਨਾਲ ਆਏ ਨੇ ਤਾਂ ਬੇਸ਼ੱਕ ਮੇਰੇ ਸਾਹਮਣੇ ਬੁਲਾ ਕੇ ਪੁੱਛ ਲਓ। ਜੇ ਕੇਸ ਝੂਠਾ ਹੋਇਆ, ਮੈਂ ਹੁਣੇ ਉਨ੍ਹਾਂ ਨੂੰ ਬਰੀ ਕਰ ਦੇਊਂਗਾ।”

“ਜੇ ਇਹ ਗੱਲ ਹੈ ਤਾਂ ਮੈਨੂੰ ਮੁਆਫ਼ੀ ਦਿਓ। ਮੈਨੂੰ ਕਹਿੰਦੇ ਅਸੀਂ ਬੇਕਸੂਰ ਹਾਂ। ਮੈਂ ਤਾਂ ਆ ਗਿਆ। ਜੇ ਉਹ ਕਸੂਰਵਾਰ ਨੇ ਬੇਸ਼ੱਕ ਫਾਹੇ ਲਾ ਦਿਓ। ਫੇਰ ਮੇਰੀ ਕੋਈ ਸਿਫਾਰਸ਼ ਨਹੀਂ।”

ਚੌਧਰੀ ਇਸ ਤਰ੍ਹਾਂ ਸਪੱਸ਼ਟੀਕਰਣ ਦੇਣ ਲੱਗਾ, ਜਿਵੇਂ ਉਹ ਖ਼ੁਦ ਮੁਲਜ਼ਮ ਹੋਵੇ।

“ਮੁਆਫ਼ੀ ਵਾਲੀ ਕਿਹੜੀ ਗੱਲ ਹੈ। ਤੁਸੀਂ ਆਏ ਹੋ ਤਾਂ ਖ਼ਾਲੀ ਹੱਥ ਥੋੜ੍ਹਾ ਮੋੜਾਂਗੇ।

ਕੁਛ ਕਰਾਂਗੇ। ਮੇਰੀ ਮੀਟਿੰਗ ਦਾ ਟਾਇਮ ਹੋ ਗਿਆ ਹੈ। ਮੈਂ ਜਾਣੈ। ਤੁਸੀਂ ਮੇਰੇ ਸਿਆਸੀ ਸਕੱਤਰ ਨੂੰ ਮਿਲ ਲਉ। ਉਹ ਥੋਨੂੰ ਸਿੱਧੇ ਰਾਹ ਪਾ ਦੇਵੇਗਾ। ਮੈਂ ਉਸਨੂੰ ਆਖ ਦਿੰਨੈ। ਮੇਰੇ ਵੱਲੋਂ ਜਿਥੇ ਆਖ਼ੋਗੇ, ਫ਼ੋਨ ਕਰ ਦੇਵੇਗਾ।”

ਚੌਧਰੀ ਦੀ ਬਾਂਹ ਸਿਆਸੀ ਸਕੱਤਰ ਦੇ ਹੱਥ ਫੜਾ ਕੇ ਮੁੱਖ ਮੰਤਰੀ ਜਹਾਜ਼ ਚੜ੍ਹ ਗਿਆ।

ਮੁੱਖ ਮੰਤਰੀ ਦੇ ਬਾਹਰ ਜਾਂਦਿਆਂ ਹੀ ਸਾਰੀ ਭੀੜ ਖਿੰਡ ਗਈ। ਵਿਹਲਾ ਹੋਇਆ ਸਿਆਸੀ ਸਕੱਤਰ ਚੌਧਰੀ ਨੂੰ ਆਪਣੇ ਦਫ਼ਤਰ ਲੈ ਗਿਆ। ਸਿਆਸੀ ਸਕੱਤਰ ਨੂੰ ਮੁਕੱਦਮੇ ਦੇ ਤੱਥਾਂ ਦਾ ਮੁੱਖ ਮੰਤਰੀ ਨਾਲੋਂ ਵੱਧ ਪਤਾ ਸੀ। ਉਹ ਇੱਕ ਇੱਕ ਘਟਨਾ ਦਾ ਵੇਰਵਾ ਦੇਣ ਲੱਗਾ।

“ਮੈਂ ਨੁਕਸ ਸੁਣਨ ਨਹੀਂ ਆਇਆ। ਇਹ ਦੱਸ ਸਾਡਾ ਖਹਿੜਾ ਕਿਸ ਤਰ੍ਹਾਂ ਛੁੱਟੂ।”

ਸਿਆਸੀ ਸਕੱਤਰ ਉਨ੍ਹਾਂ ਦੇ ਇਲਾਕੇ ਦਾ ਸੀ। ਚੌਧਰੀ ਦਾ ਵਾਕਿਫ਼ ਸੀ। ਇਸ ਲਈ ਬਿਨਾਂ ਭੂਮਿਕਾ ਬੰਨ੍ਹੇ ਉਹ ਸਿਆਸੀ ਸਕੱਤਰ ਤੋਂ ਹੱਲ ਪੁੱਛਣ ਲੱਗਾ।

“ਤੁਹਾਡਾ ਕੰਮ ਹੋਏਗਾ। ਮੁੱਖ ਮੰਤਰੀ ਜੀ ਇਸ਼ਾਰਾ ਕਰ ਗਏ ਹਨ। ਪਰ ਆਪਾਂ ਨੂੰ ਢੰਗ ਨਾਲ ਚਲਣਾ ਪਏਗਾ। ਪਾਰਟੀ ਨੇ ਨਵੀਂ ਨੀਤੀ ਘੜੀ ਹੈ। ਸਾਰੇ ਕੰਮ ਇਲਾਕੇ ਦੇ ਵਿਧਾਇਕ ਰਾਹੀਂ ਸਿਫਾਰਸ਼ ਹੋ ਕੇ ਆਉਣ। ਚੋਣਾਂ ਸਿਰ ’ਤੇ ਹਨ। ਵਿਧਾਇਕ ਸ਼ਿਕਾਇਤ ਕਰਦੇ ਹਨ, ਅਫ਼ਸਰ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ। ਉਹ ਲੋਕਾਂ ਨਾਲੋਂ ਟੁੱਟ ਰਹੇ ਸਨ।

ਉਨ੍ਹਾਂ ਦਾ ਗਿਲਾ ਸੀ, ਜੇ ਇਲੈਕਸ਼ਨ ਹਾਰ ਗਏ, ਫੇਰ ਨਾ ਆਖਣਾ ਸਰਕਾਰ ਡਿੱਗ ਗਈ।

ਤੁਸੀਂ ਬਘੇਲ ਸਿੰਘ ਨੂੰ ਮਿਲ ਲਓ। ਮੈਂ ਫ਼ੋਨ ਕਰ ਦਿੰਦਾ ਹਾਂ। ਉਹ ਆਪੇ ਵਿਗੜੀ ਸੰਭਾਲ ਲਏਗਾ। ਸਭ ਅਫ਼ਸਰਾਂ ਨੂੰ ਤਾੜ ਦੇਵੇਗਾ।”

ਸਿਆਸੀ ਸਕੱਤਰ ਨੇ ਵਿਧਾਇਕ ਨੂੰ ਫ਼ੋਨ ਕੀਤਾ। ਚੌਧਰੀ ਸਾਹਿਬ ਦੇ ਆਉਣ ਦੀ ਸੂਚਨਾ ਦਿੱਤੀ। ਜੋ ਕੰਮ ਉਹ ਲੈ ਕੇ ਆ ਰਹੇ ਹਨ, ਉਹ ਮੁੱਖ ਮੰਤਰੀ ਸਾਹਿਬ ਦਾ ਹੈ।

ਜਿਵੇਂ ਉਹ ਆਖਣ, ਉਹ ਕਰ ਦੇਵੇ।

ਗੇਟ ਤਕ ਛੱਡਣ ਆਏ ਚੌਧਰੀ ਨੂੰ ਸਕੱਤਰ ਨੇ ਇੱਕ ਹਦਾਇਤ ਕੀਤੀ: “ਮੁੰਡੇ ਨਵੇਂ ਨਵੇਂ ਫਸੇ ਹਨ। ਗ਼ਲਤ ਬੰਦਿਆਂ ਹੱਥ ਚੜ੍ਹੇ ਫਿਰਦੇ ਹਨ। ਆਖੋ ਹੁਣ ਹੱਥ ਘੁਟ ਲੈਣ। ਜਿਥੇ ਲੋੜ ਪਈ ਆਪੇ ਐਮ.ਐਲ.ਏ.ਸਾਹਿਬ ਦੱਸ ਦੇਣਗੇ।”

ਸੋਚੀ ਸਮਝੀ ਯੋਜਨਾ ਤਹਿਤ ਸਿਆਸੀ ਸਕੱਤਰ ਨੇ ਚੌਧਰੀ ਨੂੰ ਬਘੇਲ ਸਿੰਘ ਦੀ ਝੋਲੀ ਪਾ ਦਿੱਤਾ।

ਵਾਪਸ ਆਉਂਦੇ ਚੌਧਰੀ ਨੂੰ ਸਮਝ ਨਹੀਂ ਸੀ ਆ ਰਹੀ। ਉਸਦਾ ਕੰਮ ਹੋਇਆ ਹੈ ਜਾਂ ਉਸਨੂੰ ਜਵਾਬ ਮਿਲਿਆ ਹੈ।

 

-49-

 

ਚੌਧਰੀ ਨੇ ਜੋ ਰਿਪੋਰਟ ਲਿਆ ਕੇ ਦਿੱਤੀ, ਉਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਇਸ ਸਾਰੇ ਫ਼ਸਾਦ ਦੀ ਜੜ੍ਹ ਬਘੇਲ ਸਿੰਘ ਸੀ।

ਕੁੱਝ ਦਿਨਾਂ ਤੋਂ ਉਸਦੀਆਂ ਹਰਕਤਾਂ ਸ਼ੱਕੀ ਹੋ ਗਈਆਂ ਸਨ।

ਵਾਰਦਾਤ ਦੇ ਦਸ ਦਿਨਾਂ ਬਾਅਦ ਉਸਨੂੰ ਦੁਖੀ ਪਰਿਵਾਰ ਨਾਲ ਹਮਦਰਦੀ ਜਾਗੀ ਸੀ। ਉਹ ਦੋਹਾਂ ਜ਼ਖ਼ਮੀਆਂ ਦੀ ਹਸਪਤਾਲ ਜਾ ਕੇ ਖ਼ਬਰ ਲੈ ਕੇ ਆਇਆ ਸੀ। ਉਹ ਕਮਲ ਦੇ ਭੋਗ ਵਿੱਚ ਸ਼ਾਮਲ ਹੋਇਆ ਸੀ। ਪੱਤਰਕਾਰਾਂ ਨੂੰ ਬੁਲਾ ਬੁਲਾ ਉਹ ਭੜਕੀਲੇ ਭਾਸ਼ਣ ਦੇ ਰਿਹਾ ਸੀ। ਪੁਲਿਸ ਦੀ ਨਲਾਇਕੀ ਨੂੰ ਕੋਸ ਰਿਹਾ ਸੀ। ਕਪਤਾਨ ਨੂੰ ਉਹ ਤਾੜ ਰਿਹਾ ਸੀ। ਆਖ ਰਿਹਾ ਸੀ, ਜੇ ਅਸਲ ਮੁਲਜ਼ਮ ਸਾਹਮਣੇ ਨਾ ਲਿਆਂਦੇ ਗਏ ਤਾਂ ਮੁੱਖ ਮੰਤਰੀ ਤੇ ਜ਼ੋਰ ਪਾ ਕੇ ਉਹ ਤਫ਼ਤੀਸ਼ ਸੀ.ਬੀ.ਆਈ.ਦੇ ਹਵਾਲੇ ਕਰਵਾ ਦੇਵੇਗਾ। ਥਾਂ ਥਾਂ ਉਹ ਪੁਲਿਸ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਜ਼ਿਕਰ ਕਰ ਰਿਹਾ ਸੀ।

ਲੋਕਾਂ ਵਿੱਚ ਆਮ ਚਰਚਾ ਸੀ। ਬਘੇਲ ਸਿੰਘ ਮੁੱਖ ਮੰਤਰੀ ਦੇ ਸਮਰਥਕ ਵਿਧਾਇਕਾਂ ਵਿਚੋਂ ਇੱਕ ਨਹੀਂ ਸੀ। ਉਹ ਜਥੇਦਾਰ ਦੇ ਧੜੇ ਵਿੱਚ ਗਿਣਿਆ ਜਾਂਦਾ ਸੀ। ਇਸ ਲਈ ਉਸਦੀ ਚੜ੍ਹਤ ਮੁੱਖ ਮੰਤਰੀ ਨੂੰ ਪਸੰਦ ਨਹੀਂ ਸੀ। ਅੰਦਰਖ਼ਾਤੇ ਮੁੱਖ ਮੰਤਰੀ ਨੇ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਸਨ। ਉਸ ਨੂੰ ਮੂੰਹ ਨਾ ਲਾਇਆ ਜਾਵੇ।

ਹੁਣ ਮੁੱਖ ਮੰਤਰੀ ਨੂੰ ਉਸ ਨਾਲ ਪਤਾ ਨਹੀਂ ਕੀ ਹੇਜ ਜਾਗ ਪਿਆ ਸੀ। ਇਸ ਕੇਸ ਦੀ ਸਾਰੀ ਵਾਗਡੋਰ ਉਸ ਨੇ ਬਘੇਲ ਸਿੰਘ ਨੂੰ ਸੰਭਾਲ ਦਿੱਤੀ ਲੱਗਦੀ ਸੀ।

ਪੁਲਿਸ ਕਪਤਾਨ ਮੁੱਖ ਮੰਤਰੀ ਦਾ ਖਾਸ ਬੰਦਾ ਸੀ। ਲੋਕਾਂ ਵਿੱਚ ਆਮ ਚਰਚਾ ਸੀ।

ਉਹ ਕਾਕਾ ਜੀ ਦਾ ਜਮਾਤੀ ਸੀ। ਇਸ ਰਿਸ਼ਤੇ ਤੋਂ ਇਲਾਵਾ ਉਹ ਮੈਡਮ ਕੋਲ ਵੀ ਹਾਜ਼ਰੀ ਭਰਦਾ ਸੀ। ਬਘੇਲ ਸਿੰਘ ਇਨ੍ਹੀ ਦਿਨੀਂ ਉਸੇ ਕਪਤਾਨ ਦੀ ਭੌਂਡੀ ਪਿੱਟ ਰਿਹਾ ਸੀ। ਮੁੱਖਮੰਤਰੀ ਖ਼ਾਮੋਸ਼ ਸੀ। ਇਹ ਕੀ ਸਿਆਸਤ ਸੀ ਪੰਕਜ ਹੋਰਾਂ ਦੇ ਸਮਝ ਨਹੀਂ ਸੀ ਆ ਰਹੀ।

ਹੁਣ ਮੁੱਖ ਮੰਤਰੀ ਦੇ ਸਕੱਤਰ ਨੇ ਹੁਕਮ ਝਾੜਿਆ ਸੀ। ਉਸੇ ਵਿਧਾਇਕ ਨੂੰ ਮਿਲਣ ਲਈ ਆਖਿਆ ਸੀ, ਜਿਸਦੀ ਮੁੱਖ ਮੰਤਰੀ ਸ਼ਕਲ ਦੇਖਣ ਨੂੰ ਤਿਆਰ ਨਹੀਂ ਸੀ।

ਬਘੇਲ ਸਿੰਘ ਨੂੰ ਚੁੱਪ ਕਰਾਉਣਾ ਉਨ੍ਹਾਂ ਦੇ ਖੱਬੇ ਹੱਥ ਦੀ ਖੇਡ ਸੀ। ਉਹ ਉਨ੍ਹਾਂ ਦਾ ਆਪਣਾ ਵਾਕਿਫ਼ ਸੀ। ਵੀਹ ਵਾਰ ਉਨ੍ਹਾਂ ਦੇ ਦਫ਼ਤਰ ਆਇਆ ਸੀ। ਫੰਡ ਲੈ ਕੇ ਗਿਆ ਸੀ। ਇੱਟ ਚੁੱਕਣ ’ਤੇ ਉਸਦੀ ਸਿਫਾਰਸ਼ ਲੱਭ ਪੈਣੀ ਸੀ।

ਪਰ ਉਨ੍ਹਾਂ ਦੀਆਂ ਇਹ ਕਿਆਸ ਅਰਾਈਆਂ ਗ਼ਲਤ ਸਾਬਤ ਹੋਈਆਂ। ਵਿਧਾਇਕ ਸਾਨ੍ਹ ਵਾਂਗ ਭੂਸਰਿਆ ਬੈਠਾ ਸੀ। ਸਿੱਧੇ ਮੂੰਹ ਗੱਲ ਨਹੀਂ ਸੀ ਕਰਦਾ।

ਉਸਦਾ ਆਕੜਨਾ ਜਾਇਜ਼ ਸੀ। ਉਸਨੂੰ ਆਪਣੀ ਸਿਆਸੀ ਸਥਿਤੀ ਦਾ ਗਿਆਨ ਸੀ। ਉਹ ਆਪਣੇ ਸਿਆਸੀ ਗੁਰੂ ਨਾਲ ਵਫ਼ਾਦਾਰ ਸੀ। ਗੁਰੂ ਮੁੱਖ ਮੰਤਰੀ ਨਾਲ ਸਿੰਗ ਅੜਾਈ ਖੜ੍ਹਾ ਸੀ। ਕਿਸੇ ਵੀ ਸਮੇਂ ਪਾਰਟੀ ਦੋ ਧੜਿਆਂ ਵਿੱਚ ਵੰਡੀ ਜਾ ਸਕਦੀ ਸੀ।

ਮੁੱਖ ਮੰਤਰੀ ਨੇ ਵਿਰੋਧੀ ਧੜੇ ਦੇ ਵਿਧਾਇਕਾਂ ਦੇ ਖੰਭ ਕੁਤਰ ਰੱਖੇ ਸਨ। ਬਘੇਲ ਸਿੰਘ ਦੀ ਵੁੱਕਤ ਸਿਫ਼ਰ ਹੋਈ ਪਈ ਸੀ। ਉਹ ਲੋਕਾਂ ਨਾਲੋਂ ਟੁੱਟ ਰਿਹਾ ਸੀ। ਲੋਕ ਮੁੱਖ ਮੰਤਰੀ ਪੱਖੀ ਨੇਤਾਵਾਂ ਨਾਲ ਜੁੜ ਰਹੇ ਸਨ।

ਬਘੇਲ ਸਿੰਘ ਦਾ ਸਿਆਸੀ ਭਵਿੱਖ ਖ਼ਤਰੇ ਵਿੱਚ ਸੀ। ਜੇ ਪਾਰਟੀ ਦੋ ਫਾੜ ਨਾ ਹੋਈ ਤਾਂ ਮੁੱਖ ਮੰਤਰੀ ਨੇ ਉਸਦਾ ਟਿਕਟ ਵਾਲਾ ਪੱਤਾ ਕੱਟ ਦੇਣਾ ਸੀ। ਜੇ ਪਾਰਟੀ ਬਚੀ ਰਹੀ ਅਤੇ ਉਸਨੂੰ ਟਿਕਟ ਮਿਲ ਗਿਆ ਫੇਰ ਵੀ ਉਸਦੇ ਜਿੱਤਣ ਦੀ ਕੋਈ ਸੰਭਾਵਨਾ ਨਹੀਂ ਸੀ। ਅਸੁਰੱਖਿਅਤ ਮਹਿਸੂਸ ਕਰਦਾ ਬਘੇਲ ਸਿੰਘ ਅਸਰ ਰਸੂਖ਼ ਦੀ ਥਾਂ ਪੈਸਾ ਬਣਾਉਣ ਵੱਲ ਧਿਆਨ ਦੇ ਰਿਹਾ ਸੀ। ਦੋਹਾਂ ਸਥਿਤੀਆਂ ਵਿੱਚ ਪੈਸੇ ਦੀ ਜ਼ਰੂਰਤ ਸੀ। ਜੇ ਟਿਕਟ ਮਿਲ ਗਿਆ ਤਾਂ ਅਸਰ ਰਸੂਖ਼ ਦੀ ਘਾਟ ਕਾਰਨ ਪੈਸਾ ਪਾਣੀ ਵਾਂਗ ਵਹਾਉਣਾ ਪੈਣਾ ਸੀ। ਟਿਕਟ ਨਾ ਮਿਲਿਆ ਤਾਂ ਅਗਲੇ ਪੰਜ ਸਾਲ ਆਰਾਮ ਨਾਲ ਕੱਢਣ ਲਈ ਪੈਸਾ ਚਾਹੀਦਾ ਸੀ। ਫੇਰ ਪਤਾ ਨਹੀਂ ਕਦੇ ਹਕੂਮਤ ਵਿੱਚ ਆਉਣ ਦਾ ਮੌਕਾ ਮਿਲੇ ਜਾਂ ਨਾ।

ਇਹੋ ਜਿਹੀ ਸੋਚ ਤਹਿਤ ਬਘੇਲ ਸਿੰਘ ਨੇ ਇਹ ਤਕੜੀ ਮੱਛੀ ਆਪਣੇ ਜਾਲ ਵਿੱਚ ਫਸਾਈ ਸੀ।

ਜਦੋਂ ਤੋਂ ਇਸ ਕੇਸ ਦੀ ਗਿੱਦੜ ਸਿੰਗੀ ਬਘੇਲ ਸਿੰਘ ਦੇ ਹੱਥ ਆਈ ਸੀ, ਉਸਦੇ ਦਿਨ ਫਿਰਨ ਲੱਗੇ ਸਨ।

ਬਘੇਲ ਸਿੰਘ ਵੱਲੋਂ ਵਿੱਢੀ ਲੜਾਈ ਦਾ ਸਭ ਤੋਂ ਵੱਧ ਖ਼ਤਰਾ ਕਪਤਾਨ ਨੇ ਮੰਨਿਆ ਸੀ। ਉਸਨੇ ਝੱਟ ਉਸਦੇ ਲਟਕਦੇ ਸਾਰੇ ਕੰਮ ਸਿਰੇ ਚਾੜ੍ਹ ਦਿੱਤੇ। ਵਕੀਲ ਦੇ ਰਿਸ਼ਤੇਦਾਰ ਨੂੰ ਬੇਕਸੂਰ ਬਣਾ ਦਿੱਤਾ। ਉਸਦੇ ਹਲਕੇ ਵਿੱਚ ਉਸਦੀ ਮਰਜ਼ੀ ਦਾ ਮੁੱਖ ਅਫ਼ਸਰ ਲਾ ਦਿੱਤਾ।

ਡੀ.ਆਈ.ਜੀ.ਨਾਲ ਬਘੇਲ ਸਿੰਘ ਨੇ ਸਿੱਧਾ ਪੰਗਾ ਨਹੀਂ ਸੀ ਲਿਆ। ਪਰ ਡੀ.ਆਈ.ਜੀ.ਆਪਣੀ ਕਮਜ਼ੋਰੀ ਭਾਂਪ ਰਿਹਾ ਸੀ। ਉਹ ਬਘੇਲ ਸਿੰਘ ਨੂੰ ਅਦਬ ਨਾਲ ਕੁਰਸੀ ਦੇਣ ਲੱਗਾ ਸੀ।

ਮੁੱਖ ਮੰਤਰੀ ਦੀ ਕੋਠੀ ਰਿਸ਼ਤੇ ਸੁਧਰਣੇ ਸ਼ੁਰੂ ਹੋ ਗਏ। ਪ੍ਰਿੰਸੀਪਲ ਸੈਕਟਰੀ ਅਤੇ ਸਿਆਸੀ ਸਕੱਤਰ ਉਸ ਦੇ ਕੰਮਾਂ ਨੂੰ ਤਰਜੀਹ ਦੇਣ ਲਗੇ। ਦੋਹਾਂ ਅਫ਼ਸਰਾਂ ਨਾਲ ਉਸਨੇ ਬੁੱਕਲ ਸਾਂਝੀ ਕਰ ਲਈ। ਛੋਟੇ ਮੋਟੇ ਕੰਮ ਸਕੱਤਰ ਆਪਣੇ ਦਸਤਖ਼ਤਾਂ ਨਾਲ ਕਰਾ ਦਿੰਦੇ।

ਬਘੇਲ ਸਿੰਘ ਨੇ ਉਨ੍ਹਾਂ ਦੇ ਘਰੀਂ ਤੋਹਫ਼ੇ ਭੇਜਣੇ ਸ਼ੁਰੂ ਕਰ ਦਿੱਤੇ। ਸਾਂਝ ਪਰਿਵਾਰਕ ਬਣਾ ਲਈ।

ਇਸ ਅਸਾਮੀ ਕੋਲੋਂ ਸਭ ਨੂੰ ਚੰਗੀ ਰਕਮ ਮਿਲਣ ਦੀ ਆਸ ਸੀ। ਇਹੋ ਆਸ ਉਨ੍ਹਾਂ ਦੇ ਨਵੇਂ ਰਿਸ਼ਤੇ ਦੀ ਜੜ੍ਹ ਸੀ।

ਬਘੇਲ ਸਿੰਘ ਦੂਰ ਦੀ ਸੋਚ ਰਿਹਾ ਸੀ। ਇਸ ਪਾਰਟੀ ਰਾਹੀਂ ਉਹ ਮੁੱਖ ਮੰਤਰੀ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਬਸ ਥੋੜ੍ਹੀ ਜਿਹੀ ਸਖ਼ਤੀ ਅਤੇ ਥੋੜ੍ਹੇ ਸਬਰ ਦੀ ਜ਼ਰੂਰਤ ਸੀ।

ਏਸੇ ਨੀਤੀ ਤਹਿਤ ਉਹ ਪੰਕਜ ਦੀਆਂ ਸਿਫਾਰਸ਼ਾਂ ਠੁਕਰਾ ਰਿਹਾ ਸੀ।

ਕਈ ਦਿਨ ਦੀ ਭੱਜ ਨੱਠ ਅਤੇ ਮਿੰਨਤ ਤਰਲੇ ਬਾਅਦ ਮਸਾਂ ਬਘੇਲ ਸਿੰਘ ਨੇ ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ।

ਪਹਿਲੀ ਮੁਲਾਕਾਤ ਵਿੱਚ ਬਹੁਤ ਸਾਰੇ ਗਿਲੇ ਸ਼ਿਕਵੇ ਵਿਚਾਰੇ ਗਏ। ਦੋਹਾਂ ਧਿਰਾਂ ਵੱਲੋਂ ਉਨ੍ਹਾਂ ਸ਼ਿਕਵਿਆਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਗਿਆ।

ਤੀਜੀ ਮੁਲਾਕਾਤ ਵਿੱਚ ਅਸਲ ਮੁੱਦਾ ਵਿਚਾਰਿਆ ਗਿਆ।

“ਚੋਣਾਂ ਸਿਰ ’ਤੇ ਹੈ। ਅਜਿਹੀ ਖ਼ੌਫ਼ਨਾਕ ਵਾਰਦਾਤ ਕਾਰਨ ਮੁੱਖ ਮੰਤਰੀ ਦੀ ਇਸ ਸ਼ਹਿਰ ਤੋਂ ਲੈ ਕੇ ਵਿਦੇਸ਼ਾਂ ਤਕ ਭੰਡੀ ਹੋਈ ਪਈ ਹੈ। ਉਪਰੋਂ ਪੁਲਿਸ ਨੇ ਮੂੰਹ ਕਾਲਾ ਕਰ ਲਿਆ। ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਮੁੜ ਇਸ ਸ਼ਹਿਰ ਵਿੱਚ ਪੈਰ ਨਹੀਂ ਪਾਇਆ। ਸਾਰੇ ਪ੍ਰੋਗਰਾਮ ਕੈਂਸਲ ਕਰ ਦਿੱਤੇ। ਕਹਿੰਦੇ ਉਸ ਸਮੇਂ ਆਵਾਂਗਾ, ਜਦੋਂ ਅਸਲ ਮੁਲਜ਼ਮ ਫੜੇ ਗਏ। ਤੁਹਾਨੂੰ ਪਤਾ ਹੀ ਹੈ। ਅਸਲ ਮੁਲਜ਼ਮ ਉਹ ਕਿਨ੍ਹਾਂ ਨੂੰ ਕਹਿੰਦੇ ਹਨ।”

“ਮੁਲਜ਼ਮ ਕੌਣ ਹਨ, ਇਹ ਗੱਲ ਛੱਧਡੋ। ਇਹ ਦੱਸੋ ਖਹਿੜਾ ਕਿੰਨੇ ਵਿੱਚ ਛੁੱਟਦਾ ਹੈ। ਕਿੰਨਾ ਪਾਰਟੀ ਫੰਡ ਸਾਡੇ ਜਿੰਮੇ ਲੱਗੇਗਾ?”

ਅਜੇ ਨੂੰ ਬਘੇਲ ਸਿੰਘ ਦੀਆਂ ਮੋਮੋ ਠਗਣੀਆਂ ਗੱਲਾਂ ’ਤੇ ਚਿੜ ਚੜ੍ਹ ਰਹੀ ਸੀ।

ਮੂੰਹੋਂ ਕੁੱਝ ਹੋਰ ਨਾ ਨਿਕਲ ਜਾਏ, ਇਸ ਲਈ ਉਹ ਸਿੱਧਾ ਅਸਲ ਮੁੱਦੇ ਉਪਰ ਆ ਗਿਆ।

“ਪਾਰਟੀ ਫੰਡ ਦੇਣਾ ਪਊ! ਕਿੰਨਾ ਦੇਣਾ ਪਊ, ਇਹ ਪ੍ਰਧਾਨ ਜੀ ਦੱਸਣਗੇ!”

ਫੰਡ ਤੈਅ ਕਰਨ ਲਈ ਅਗਲੀ ਮੁਲਾਕਾਤ ਅਗਲੇ ਦਿਨ ਰੱਖੀ ਗਈ।

“ਕਿੰਨਾ ਫੰਡ ਲਿਆ ਜਾਵੇ?” ਇਸ ਮੁੱਦੇ ਉਪਰ ਵਿਧਾਇਕ ਅਤੇ ਸਕੱਤਰਾਂ ਵਿਚਕਾਰ ਮੱਤਭੇਦ ਸੀ।

ਵਿਧਾਇਕ ਨੂੰ ਪੰਕਜ ਹੋਰਾਂ ਦੀ ਮਾਇਕ ਹਾਲਤ ਦਾ ਪਤਾ ਸੀ। ਉਹ ਇੱਕ ਕਰੋੜ ਫੰਡ ਵਜੋਂ ਲੈਣਾ ਚਾਹੁੰਦਾ ਸੀ। ਇਹ ਰਕਮ ਉਨ੍ਹਾਂ ਨੇ ਅਰਾਮ ਨਾਲ ਦੇ ਦੇਣੀ ਸੀ। ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਕਰੋੜਪਤੀ ਸਨ। ਦਸ ਦਸ ਲੱਖ ਪਾਇਆ ਤਾਂ ਕਰੋੜ ਬਣ ਜਾਣਾ ਸੀ। ਫੇਰ ਉਹ ਕਾਤਲ ਸਨ। ਜੇਲ੍ਹ ਨਜ਼ਰ ਆ ਰਹੀ ਸੀ। ਵੀਹ ਪੱਚੀ ਲੱਖ ਉਹ ਪਹਿਲਾਂ ਖਰਚ ਚੁੱਕੇ ਸਨ, ਪਰ ਪਰਨਾਲਾ ਉੱਥੇ ਦਾ ਉੱਥੇ ਸੀ। ਇਹ ਪਾਰਟੀ ਫੰਡ ਦੇ ਕੇ ਉਨ੍ਹਾਂ ਦੇ ਹੱਥ ਥੋਕ ਦਾ ਸੌਦਾ ਲੱਗ ਰਿਹਾ ਸੀ। ਮੁੱਖ ਮੰਤਰੀ ਦੇ ਇਕੋ ਝਟਕੇ ਨਾਲ ਬਾਕੀ ਜੋਕਾਂ ਨੇ ਝੜ ਜਾਣਾ ਸੀ।

ਸੈਕਟਰੀ ਨੂੰ ਇਹ ਰਕਮ ਬਹੁਤ ਵੱਡੀ ਲੱਗ ਰਹੀ ਸੀ। ਲੋਕ ਕਰੋੜਾਂ ਵਿੱਚ ਫੰਡ ਦਿੰਦੇ ਸਨ, ਪਰ ਉਦੋਂ, ਜਦੋਂ ਉਨ੍ਹਾਂ ਕਈ ਕਰੋੜ ਪਾਰਟੀ ਕਾਰਨ ਕਮਾਇਆ ਹੁੰਦਾ ਸੀ। ਟੈਕਸ ਚੋਰੀ ਕਰਕੇ ਜਾਂ ਕੋਟਾ ਲਗਵਾ ਕੇ। ਇਥੇ ਮਸਲਾ ਦੂਸਰਾ ਸੀ। ਅੱਜ ਇਨ੍ਹਾਂ ਨੇ ਰਕਮ ਦੇ ਦੇਣੀ ਸੀ। ਚੋਣਾਂ ਸਮੇਂ ਦੂਜੀ ਧਿਰ ਨੂੰ ਦੱਸ ਕੇ ਚੋਣ ਮੁੱਦਾ ਬਣਾ ਦੇਣਾ ਸੀ। ਵੀਹ ਲੱਖ ਕਾਫ਼ੀ ਸੀ। ਪ੍ਰਿੰਸੀਪਲ ਸੈਕਟਰੀ ਦਾ ਇਹ ਮੱਤ ਸੀ।

ਵੀਹ ਲੱਖ ਲੈ ਕੇ ਕੀ ਗੰਜੀ ਨਹਾਏਗੀ ਅਤੇ ਕੀ ਨਿਚੋੜੇਗੀ? ਉਨ੍ਹਾਂ ਦੇ ਆਪਣੇ ਪੱਲੇ ਲੱਖ ਲੱਖ ਤੋਂ ਵੱਧ ਨਹੀਂ ਪੈਣਾ।

ਆਖ਼ਰ ਫ਼ੈਸਲਾ ਕਾਕਾ ਜੀ ’ਤੇ ਛੱਡ ਦਿੱਤਾ ਗਿਆ। ਉਹ ਕੇਂਦਰ ਵਿੱਚ ਸਨਅਤਮੰਤਰੀ ਰਹੇ ਸਨ। ਉਸ ਸਮੇਂ ਉਨ੍ਹਾਂ ਨੂੰ ਮਾਇਆ ਨਗਰ ਦੇ ਗਹਿਰੇ ਸਮੁੰਦਰ ਵਿੱਚ ਛੁਪੇ ਪਏ ਅਣਮੋਲ ਹੀਰਿਆਂ ਦਾ ਗਿਆਨ ਹੋਇਆ ਸੀ। ਮਾਇਆ ਨਗਰ ਦੀਆਂ ਅੱਧੀਆਂ ਪਾਰਟੀਆਂ ਹੁਣ ਉਨ੍ਹਾਂ ਨੂੰ ਨਿਜੀ ਤੌਰ ’ਤੇ ਜਾਣਦੀਆਂ ਸਨ। ਉਹ ਜੋ ਤੈਅ ਕਰਨਗੇ ਸਭ ਨੂੰ ਮਨਜ਼ੂਰ ਹੋਏਗਾ।

ਸਾਰੇ ਹਲਾਤ ਸੁਣ ਕੇ ਕਾਕਾ ਜੀ ਨੇ ਬਘੇਲ ਸਿੰਘ ਨਾਲ ਸਹਿਮਤੀ ਪ੍ਰਗਟਾਈ।

ਮਾਇਆ ਨਗਰ ਦੇ ਇੱਕ ਪਲਾਟ ਦੀ ਕੀਮਤ ਕਈ ਵਾਰ ਇੱਕ ਕਰੋੜ ਰੁਪਏ ਬਣ ਜਾਂਦੀ ਸੀ। ਇਥੋਂ ਦੀਆਂ ਕਈ ਪਾਰਟੀਆਂ ਕਰੋੜਾਂ ਰੁਪਏ ਇਨਕਮ ਟੈਕਸ ਦਿੰਦੀਆਂ ਸਨ। ਇਹ ਮੁਲਜ਼ਮ ਕਈ ਫਰਮਾਂ ਦੇ ਮਾਲਕ ਸਨ। ਕਈ ਕਲੋਨੀਆਂ ਉਸਾਰ ਚੁੱਕੇ ਸਨ। ਕਿਸੇ ਨੁੱਕਰੇ ਪਿਆ ਪਲਾਟ ਵੇਚ ਕੇ ਇਨ੍ਹਾਂ ਨੇ ਇੰਨੀ ਰਕਮ ਚੁਕਾ ਦੇਣੀ ਸੀ। ਵੱਟਾ ਰੱਖ ਕੇ ਦੇਖੋ, ਝੱਲ ਗਏ ਠੀਕ। ਨਹੀਂ ਤਾਂ ਨਿਹੰਗਾਂ ਵਾਲੀਆਂ ਰਿਆਇਤਾਂ ਦੇ ਦਿੱਤੀਆਂ ਜਾਣਗੀਆਂ।

ਬਘੇਲ ਸਿੰਘ ਨੇ ਪਾਰਟੀ ਵੱਲੋਂ ਲਿਆ ਗਿਆ ਫੈਸਲਾ ਪੰਕਜ ਹੋਰਾਂ ਨੂੰ ਸੁਣਾ ਦਿੱਤਾ।

ਸੋਚਣ ਅਤੇ ਪੈਸੇ ਦਾ ਪ੍ਰਬੰਧ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ।

ਇੱਕ ਕਰੋੜ ਦੀ ਮੰਗ ਪੰਕਜ ਹੋਰਾਂ ਉਪਰ ਪਹਾੜ ਵਾਂਗ ਡਿੱਗੀ। ਪੰਦਰਾਂ ਦਿਨਾਂ ਤੋਂ ਉਹ ਇਸ ਮੁਸੀਬਤ ਵਿੱਚ ਫਸੇ ਹੋਏ ਸਨ। ਸਾਰਾ ਕਾਰੋਬਾਰ ਠੱਪ ਸੀ। ਕੰਮ ਮੁਲਾਜ਼ਮਾਂ ਦੇ ਸਿਰ ’ਤੇ ਚੱਲ ਰਿਹਾ ਸੀ। ਪਤਾ ਨਹੀਂ ਘਾਟਾ ਪੈ ਰਿਹਾ ਸੀ ਜਾਂ ਵਾਧਾ ਹੋ ਰਿਹਾ ਸੀ।

ਵੀਹ ਲੱਖ ਉਹ ਹੁਣ ਤਕ ਦੇ ਚੁੱਕੇ ਸਨ। ਅੱਜ ਤਕ ਉਨ੍ਹਾਂ ਪੈਸਾ ਖ਼ੁਸ਼ੀ ਖ਼ੁਸ਼ੀ ਦਿੱਤਾ ਸੀ।

ਲੱਗਦਾ ਸੀ, ਬੱਸ ਇਹ ਆਖ਼ਰੀ ਪੜਾਅ ਸੀ। ਇੱਧਰ ਉੱਧਰ ਅਤੇ ਬੈਂਕਾਂ ਵਿੱਚ ਪਈ ਰਕਮ ਖ਼ਤਮ ਹੋ ਚੁੱਕੀ ਸੀ। ਅੱਗੋਂ ਤੋਂ ਭੁਗਤਣ ਲਈ ਪੈਸਾ ਕਿਸੇ ਕੋਲੋਂ ਫੜਨਾ ਪੈਣਾ ਸੀ। ਉਪਰੋਂ ਮਾਰ ਇਹ ਕਿ ਹੁਣ ਤਕ ਖਰਚਿਆ ਪੈਸਾ ਗੁੜ ਤੋਂ ਗੋਬਰ ਬਣ ਚੁੱਕਾ ਸੀ।

ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨਾਲ ਮੁੜ ਵਿਚਾਰਾਂ ਹੋਣ ਲੱਗੀਆਂ।

ਕੁੱਝ ਸਿਆਣੇ ਬੰਦਿਆਂ ਨੇ ਰਾਏ ਦਿੱਤੀ: “ਮੁਸੀਬਤ ਆਈ ਹੈ ਤਾਂ ਨੁਕਸਾਨ ਕਰਕੇ ਹੀ ਜਾਏਗੀ। ਪੈਸੇ ਦੇ ਕੇ ਖਹਿੜਾ ਛੁਡਾ ਲਓ। ਰੱਬ ਨੇ ਬਥੇਰਾ ਕੁੱਝ ਦਿੱਤਾ ਹੈ। ਪੈਸਾ ਇਹੋ ਜਿਹੀਆਂ ਮੁਸੀਬਤਾਂ ਨੂੰ ਨਜਿੱਠਣ ਲਈ ਹੁੰਦਾ ਹੈ। ਮਹੀਨੇ, ਦੋ ਮਹੀਨੇ ਲਈ ਅੰਦਰ ਰਹਿਣਾ ਪੈ ਗਿਆ ਤਾਂ ਕਾਰੋਬਾਰ ਠੱਪ ਹੋ ਜਾਏਗਾ। ਮਿੱਲਾਂ ਨੂੰ ਜਿੰਦੇ ਲਗ ਜਾਣਗੇ। ਕੰਮ ਦੋਹਾਂ ਦੇ ਹੱਥ ਹੈ। ਦੋਹੇਂ ਕੇਸ ਵਿੱਚ ਫਸੇ ਬੈਠੇ ਹੋ। ਜੇਲ੍ਹ ਜਾਣਾ ਪਿਆ ਤਾਂ ਸਾਰਾ ਸਰਕਲ ਟੁੱਟ ਜਾਏਗਾ। ਗੁਡਵਿਲ ਖ਼ਤਮ ਹੋ ਜਾਏਗੀ। ਕਈ ਵਾਰ ਟੁੱਧਟੇ ਸਰਕਲ ਫਰਮਾਂ ਨੂੰ ਦੀਵਾਲੀਏ ਬਣਾ ਦਿੰਦੇ ਹਨ। ਖਹਿੜਾ ਛੁਡਾ ਲੈਣ ਵਿੱਚ ਹੀ ਬਿਹਤਰੀ ਹੈ।”

ਗਰਮ ਧੜਾ ਇਸ ਰਾਏ ਨਾਲ ਸਹਿਮਤ ਨਹੀਂ ਸੀ। ਉਨ੍ਹਾਂ ਦਾ ਮੱਤ ਸੀ ਕਿ ਇਹ ਕੋਈ ਗਰੰਟੀ ਨਹੀਂ ਕਿ ਇਥੇ ਪੈਸੇ ਦੇਣ ਨਾਲ ਜਾਨ ਸਦਾ ਲਈ ਛੁੱਟ ਜਾਏਗੀ। ਕਿਸੇ ਹੋਰ ਸੱਪ ਨੇ ਫ਼ਨ ਚੁੱਕ ਲੈਣਾ ਸੀ। ਹਾਲੇ ਕੇਂਦਰ ਸਰਕਾਰ ਪਈ ਸੀ, ਅਦਾਲਤਾਂ ਪਈਆਂ ਸਨ।

ਚੋਣਾਂ ਹੋਣ ਵਾਲੀਆਂ ਸਨ। ਸਰਕਾਰ ਬਦਲ ਜਾਣੀ ਸੀ। ਨਵੇਂ ਮੁੱਖ ਮੰਤਰੀ ਨੇ ਕਹਿਣਾ ਸੀ, ਹੁਣ ਮੇਰੇ ਦਰਬਾਰ ਵਿੱਚ ਪੇਸ਼ ਹੋਵੋ। ਖ਼ਤਰਾ ਸਹੇ ਨਾਲੋਂ ਵੱਧ ਪਹੇ ਦਾ ਸੀ।

ਕਈਆਂ ਨੂੰ ਮੰਗੀ ਗਈ ਰਕਮ ਉਪਰ ਇਤਰਾਜ਼ ਸੀ। ਉਨ੍ਹਾਂ ਨੂੰ ਲੱਗਦਾ ਸੀ ਬਘੇਲ ਸਿੰਘ ਨੇ ਆਪੇ ਰਕਮ ਤੈਅ ਕਰ ਲਈ ਸੀ। ਜੇ ਇਹ ਰਕਮ ਮੁੱਖ ਮੰਤਰੀ ਮੰਗ ਰਿਹਾ ਸੀ, ਫੇਰ ਉਸ ਨਾਲ ਸਿੱਧੀ ਗੱਲ ਕਰਨੀ ਚਾਹੀਦੀ ਸੀ। ਉਸਦੇ ਬਥੇਰੇ ਵਿਚੋਲੇ ਮਾਇਆ ਨਗਰ ਵਿੱਚ ਬੈਠੇ ਸਨ। ਕਿਸੇ ਹੋਰ ਰਾਹੀਂ ਗੱਲ ਕਰਕੇ ਜਾਇਜ਼ ਰਕਮ ਦੇ ਦੇਣੀ ਚਾਹੀਦੀ ਸੀ।

ਕੇਂਦਰ ਤਕ ਪਹੁੰਚ ਕੀਤੀ ਜਾਵੇ। ਕੋਈ ਕੇਂਦਰੀ ਮੰਤਰੀ ਫੜ ਲਿਆ ਜਾਵੇ। ਕਿਸੇ ਨਾ ਕਿਸੇ ਢੰਗ ਨਾਲ ਬਘੇਲ ਸਿੰਘ ਤੋਂ ਖਹਿੜਾ ਛੁਡਾਇਆ ਜਾਵੇ।

ਜੋ ਵੀ ਕਰਨਾ ਸੀ, ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣਾ ਚਾਹੀਦਾ ਸੀ।

ਹਾਈ ਕੋਰਟ ਦੀ ਤਾਰੀਖ਼ ਨੇੜੇ ਆ ਰਹੀ ਸੀ। ਉਸ ਤੋਂ ਪਹਿਲਾਂ ਪਹਿਲਾਂ ਆਈ.ਜੀ.ਦੀ ਰਿਪੋਰਟ ਤਿਆਰ ਹੋਣੀ ਚਾਹੀਦੀ ਸੀ। ਇੰਝ ਨਾ ਹੋਇਆ ਤਾਂ ਗ੍ਰਿਫ਼ਤਾਰੀ ’ਤੇ ਲੱਗੀ ਪਾਬੰਦੀ ਵਾਲਾ ਹੁਕਮ ਰੱਦ ਹੋ ਜਾਣਾ ਸੀ ਅਤੇ ਗ੍ਰਿਫ਼ਤਾਰੀ ਵਾਲੀ ਤਲਵਾਰ ਮੁੜ ਸਿਰ ’ਤੇ ਆ ਲਟਕਣੀ ਸੀ।

ਸਭ ਨੂੰ ਪਤਾ ਸੀ ਮਾਇਆ ਨਗਰ ਵਿੱਚ ਕਈ ਅਜਿਹੇ ਪਰਿਵਾਰ ਸਨ, ਜਿਨ੍ਹਾਂ ਦੀ ਮੁੱਖ ਮੰਤਰੀ ਦੇ ਬੈਡ ਰੂਮ ਤਕ ਪਹੁੰਚ ਸੀ। ਜਦੋਂ ਕਦੇ ਮੁੱਖ ਮੰਤਰੀ ਮਾਇਆ ਨਗਰ ਆਉਂਦਾ ਸੀ, ਉਨ੍ਹਾਂ ਵਿਚੋਂ ਕਿਸੇ ਇੱਕ ਦੇ ਘਰ ਠਹਿਰਦਾ ਸੀ। ਕਿਸੇ ਅਜਿਹੇ ਘਰਾਣੇ ਦੀ ਮਦਦ ਲਈ ਜਾਣੀ ਚਾਹੀਦੀ ਸੀ।

ਅਜੇ ਮਾਇਆ ਨਗਰ ਦੇ ਚੈਂਬਰ ਆਫ਼ ਕਾਮਰਸ’ ਦਾ ਸਰਗਰਮ ਮੈਂਬਰ ਸੀ। ਚੈਂਬਰ ਦੇ ਪ੍ਰਧਾਨ ਦੀ ਮੁੱਖ ਮੰਤਰੀ ਨਾਲ ਸਿੱਧੀ ਗੱਲ ਸੀ। ਹੁਕਮਰਾਨ ਪਾਰਟੀ ਨੂੰ ਜਦੋਂ ਵੀ ਕਦੇ ਪੈਸੇ ਦੀ ਜ਼ਰੂਰਤ ਪੈਂਦੀ ਸੀ, ਸੁਨੇਹਾ ਸਿੱਧਾ ਪ੍ਰਧਾਨ ਕੋਲ ਪੁੱਜਦਾ ਸੀ। ਪ੍ਰਧਾਨ ਆਪਣੇ ਮੈਂਬਰਾਂ ਨੂੰ ਬੁਲਾਉਂਦਾ ਸੀ। ਵਿਤ ਅਨੁਸਾਰ ਭਾਰ ਪਾਉਂਦਾ ਸੀ। ਰਕਮ ਮੁੱਖ ਮੰਤਰੀ ਦੀ ਕੋਠੀ ਪੁੱਜ ਜਾਂਦੀ ਸੀ ਅਤੇ ਕਿਸੇ ਦੇ ਕੰਨ ’ਤੇ ਜੂੰ ਤਕ ਨਹੀਂ ਸੀ ਸਰਕਦੀ।

ਬਦਲੇ ਵਿੱਚ, ਅੱਧ ਬੋਲ ਪ੍ਰਧਾਨ ਦੇ ਕੰਮ ਹੁੰਦੇ ਸਨ।

ਪ੍ਰਧਾਨ ਨਾਲ ਗੱਲ ਹੋਈ। ਉਸਨੇ ਚੁਟਕੀ ਵਿੱਚ ਕੰਮ ਕਰਾਉਣ ਦਾ ਭਰੋਸਾ ਦਿਵਾ ਕੇ ਝੱਟ ਮੁੱਖ ਮੰਤਰੀ ਨਾਲ ਫ਼ੋਨ ਮਿਲਾ ਲਿਆ।

“ਪ੍ਰਧਾਨ ਜੀ ਇਹ ਕੋਈ ਲਾਈਸੈਂਸ, ਕੋਟੇ ਵਾਲਾ ਮਾਮਲਾ ਨਹੀਂ ਹੈ। ਕਤਲ ਵਰਗਾ ਸੰਗੀਨ ਮਾਮਲਾ ਹੈ।”

ਇਹ ਪਹਿਲੀ ਵਾਰੀ ਸੀ, ਜਦੋਂ ਮੁੱਖ ਮੰਤਰੀ ਪ੍ਰਧਾਨ ਨਾਲ ਰੁੱਖਾ ਬੋਲਿਆ ਸੀ। ਪ੍ਰਧਾਨ ਦੇ ਚਿਹਰੇ ’ਤੇ ਇੱਕ ਰੰਗ ਉਤਰਣ ਅਤੇ ਦੂਜਾ ਚੜ੍ਹਨ ਲੱਗਾ।

“ਮੈਨੂੰ ਟਾਇਮ ਦਿਓ। ਮੈਂ ਚੰਡੀਗੜ੍ਹ ਆ ਕੇ ਗੱਲ ਕਰਨੀ ਹੈ।”

“ਇਸ ਲਾਅ ਐਂਡ ਆਰਡਰ ਵਾਲੇ ਮਸਲੇ ’ਤੇ ਕੋਈ ਗੱਲ ਨਹੀਂ ਹੋ ਸਕਦੀ। ਵੈਸੇ ਹਰ ਸਮੇਂ ਤੁਹਾਡੇ ਲਈ ਦਰਵਾਜ਼ੇ ਖੁਲ੍ਹੇ ਨੇ।”

ਪ੍ਰਧਾਨ ਨੇ ਉਹੋ ਕੋਰਾ ਜਵਾਬ ਅਜੇ ਨੂੰ ਸੁਣਾ ਦਿੱਤਾ। ਮਾਮਲਾ ਗੰਭੀਰ ਹੋਣ ਕਾਰਨ ਮੁੱਖ ਮੰਤਰੀ ਦੇ ਵਸੋਂ ਬਾਹਰ ਸੀ।

ਧਾਲੀਵਾਲ ਟਿੰਬਰ ਸਟੋਰ ਵਾਲੇ ਨਾਲ ਗੱਲ ਤੋਰੀ। ਉਸਨੇ ਪਹਿਲਾਂ ਹੀ ਸਿਰ ਮਾਰ ਦਿੱਤਾ। ਉਹ ਮੁੱਖ ਮੰਤਰੀ ਨਾਲ ਆਪਣੇ ਸੰਬੰਧਾਂ ਦਾ ਫ਼ਾਇਦਾ ਚੰਗੇ ਕੰਮਾਂ ਲਈ ਉਠਾਉਂਦਾ ਸੀ। ਕਤਲ, ਡਾਕਿਆਂ ਵਰਗੇ ਇਖ਼ਲਾਕ ਤੋਂ ਗਿਰੇ ਕੰਮਾਂ ਲਈ ਨਹੀਂ।

ਸਭ ਪਾਸਿਉਂ ਮਿਲ ਰਹੇ ਕੋਰੇ ਜਵਾਬ ਤੋਂ ਲਗਦਾ ਸੀ ਬਘੇਲ ਸਿੰਘ ਨੇ ਮੁੱਖ ਮੰਤਰੀ ਦੇ ਸਿਰ ਵਿੱਚ ਕੋਈ ਟੂਣਾ ਝਾੜ ਦਿੱਤਾ ਸੀ। ਮੁੱਖ ਮੰਤਰੀ ਉਸੇ ਜਾਦੂ ਦੇ ਅਸਰ ਹੇਠ ਬੋਲ ਰਿਹਾ ਸੀ।

ਉਹ ਇੱਕ ਕਰੋੜ ਦੇਣ ਨੂੰ ਤਿਆਰ ਹੋਣ ਲੱਗੇ। ਪਰ ਇੱਕ ਤੌਖ਼ਲਾ ਉਨ੍ਹਾਂ ਨੂੰ ਡਰਾਉਣ ਲੱਗਾ। ਇੱਕ ਕਰੋੜ ਦਿੰਦਿਆਂ ਹੀ ਕਿਸੇ ਪਾਸਿਉਂ ਪੰਜ ਕਰੋੜ ਦੀ ਮੰਗ ਆ ਖੜ੍ਹੀ ਹੋਈ, ਫੇਰ ਕੀ ਕਰਨਗੇ?

ਅਗਲੇ ਖ਼ਤਰੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਯਾਰਾਂ ਦੋਸਤਾਂ ਨੇ ਸਲਾਹ ਬਣਾਈ। ਗੱਲ ਵੀਹ ਲੱਖ ਤੋਂ ਸ਼ੁਰੂ ਕੀਤੀ ਜਾਵੇ। ਔਖੇ ਸੌਖੇ ਹੋ ਕੇ ਪੰਕਜ ਤੀਹ ਦੇ ਸਕਦਾ ਸੀ। ਸਾਲਿਆਂ ਜੀਜਿਆਂ ਦੀ ਸਹਾਇਤਾ ਨਾਲ ਚਾਲੀ ਤਕ ਪੁੱਜਿਆ ਜਾ ਸਕਦਾ ਸੀ। ਹੱਦ ਪੰਜਾਹ ਲੱਖ ਸੀ।

ਬਘੇਲ ਸਿੰਘ ਦਸ ਲੱਖ ਤੋਂ ਵੱਧ ਰਿਆਇਤ ਕਰਨ ਨੂੰ ਤਿਆਰ ਨਹੀਂ ਸੀ। ਉਹ ਪੰਕਜ ਹੋਰਾਂ ਦੇ ਹੰਝੂਆਂ ਨੂੰ ਮਗਰਮੱਛ ਵਾਲੇ ਹੰਝੂ ਦੱਸ ਰਿਹਾ ਸੀ। ਉਨ੍ਹਾਂ ਨੇ ਕੀ ਭਾਣਾ ਵਰਤਾਇਆ ਸੀ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ। ਭਾਣਾ ਵਰਤਾਉਣ ਤੋਂ ਪਹਿਲਾਂ ਨਤੀਜਿਆਂ ਬਾਰੇ ਸੋਚਣਾ ਚਾਹੀਦਾ ਸੀ।

ਬਘੇਲ ਸਿੰਘ ਦੇ ਹੱਥ ਵੱਸ ਕੁੱਝ ਨਹੀਂ ਸੀ। ਰਕਮ ਹਾਈ ਕਮਾਂਡ ਨੇ ਤੈਅ ਕੀਤੀ ਸੀ। ਉਹ ਜੋ ਰਿਆਇਤ ਦੇ ਰਿਹਾ ਸੀ। ਉਹ ਬਿਨਾਂ ਹਾਈ ਕਮਾਂਡ ਤੋਂ ਪੁੱਛੇ ਦੇ ਰਿਹਾ ਸੀ। ਹੋ ਸਕਦਾ ਸੀ, ਇਸ ਬਦਲੇ ਉਸਨੂੰ ਝਾੜਾਂ ਖਾਣੀਆਂ ਪੈਣ।

ਉਹ ਪੰਕਜ ਹੋਰਾਂ ਨੂੰ ਸਲਾਹ ਦੇ ਰਿਹਾ ਸੀ। ਉਹ ਮਾਇਆ ਨਾਲ ਕੁੱਝ ਜ਼ਿਆਦਾ ਹੀ ਮੋਹ ਦਿਖਾ ਰਹੇ ਸਨ। ਉਨ੍ਹਾਂ ਦੀ ਕਿਸੇ ਇੱਕ ਫਰਮ ਦੇ ਇੱਕ ਸਾਲ ਦੇ ਮੁਨਾਫ਼ੇ ਨਾਲ ਉਨ੍ਹਾਂ ਦਾ ਖਹਿੜਾ ਛੁੱਟਣ ਲੱਗਾ ਸੀ।

ਬਘੇਲ ਸਿੰਘ ਟੱਸ ਤੋਂ ਮੱਸ ਨਹੀਂ ਸੀ ਹੋ ਰਿਹਾ। ਉਸਨੂੰ ਖ਼ਬਰਾਂ ਮਿਲ ਰਹੀਆਂ ਸਨ।

ਮੁੱਖ ਮੰਤਰੀ ਹਰ ਸਿਫਾਰਸ਼ੀ ਨੂੰ ਕੋਰਾ ਜਵਾਬ ਦੇ ਰਿਹਾ ਸੀ।

ਮੁੱਖ ਮੰਤਰੀ ਵੱਲੋਂ ਬਘੇਲ ਸਿੰਘ ਨੂੰ ਪੂਰੇ ਅਖ਼ਤਿਆਰ ਸਨ। ਉਹ ਜਿਥੇ ਚਾਹੇ, ਸੌਦਾ ਤੋੜ ਸਕਦਾ ਸੀ।

ਬਘੇਲ ਸਿੰਘ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਖੁੱਲ੍ਹ ਕੇ ਕਰ ਰਿਹਾ ਸੀ।

“ਲਗਾ ਲਓ ਪੁੱਤਰੋ ਜ਼ੋਰ! ਪਾਣੀ ਅਖ਼ੀਰ ਪੁਲਾਂ ਹੇਠ ਦੀ ਲੰਘਣਾ ਹੈ।” ਮਨ ਹੀ ਮਨ ਉਹ ਪੰਕਜ ਹੋਰਾਂ ’ਤੇ ਮੁਸਕਰਾ ਰਿਹਾ ਸੀ।

ਸੋਚ ਸੋਚ ਪੰਕਜ ਹੋਰੇ ਪਾਗ਼ਲ ਹੋ ਗਏ। ਮਸਲਾ ਕਿਸੇ ਬੰਨੇ ਨਹੀਂ ਸੀ ਲੱਗ ਰਿਹਾ।

ਉਧਰੋਂ ਹਾਈ ਕੋਰਟ ਦੀ ਪੇਸ਼ੀ ਨੇੜੇ ਆ ਰਹੀ ਸੀ। ਵਕੀਲ ਦਾ ਸੁਨੇਹੇ ’ਤੇ ਸੁਨੇਹਾ ਆ ਰਿਹਾ ਸੀ। ਉਹ ਐਡਵੋਕੇਟ ਜਨਰਲ ਨਾਲ ਗੱਲ ਕਰਨੀ ਚਾਹੁੰਦਾ ਸੀ।

ਕਿਸੇ ਫੈਸਲੇ ’ਤੇ ਪੁੱਜਣ ਤੋਂ ਪਹਿਲਾਂ ਉਨ੍ਹਾਂ ਨੇ ਵਾਸੂਦੇਵਾ ਨਾਲ ਰਾਏ ਕਰਨੀ ਠੀਕ ਸਮਝੀ। ਜੇ ਉਂਝ ਹੀ ਪੇਸ਼ਗੀ ਜ਼ਮਾਨਤ ਮਨਜ਼ੂਰ ਹੁੰਦੀ ਦਿਸੇ, ਫੇਰ ਇੰਨੀ ਰਕਮ ਉਤਾਰਣ ਦੀ ਕੀ ਜ਼ਰੂਰਤ ਸੀ।

ਪਾਰਟੀ ਫੰਡ ਦਾ ਰੇਟ ਸੁਣਕੇ ਵਾਸੂਦੇਵਾ ਹੱਕਾ ਬੱਕਾ ਰਹਿ ਗਿਆ।

“ਆਪਾਂ ਇਥੇ ਸਭ ਨੂੰ ਪੈਸੇ ਦੇਈ ਬੈਠੇ ਹਾਂ। ਸੌ ਫੀਸਦੀ ਆਪਣੀ ਜ਼ਮਾਨਤ ਮਨਜ਼ੂਰ ਹੋ ਜਾਏਗੀ। ਪੇਸ਼ਗੀ ਜ਼ਮਾਨਤ ਹੋਣ ਨਾਲ ਪੁਲਿਸ ਅਤੇ ਜੇਲ੍ਹ ਵਾਲੀ ਖੱਜਲ ਖੁਆਰੀ ਤੋਂ ਬਚਾਅ ਹੋ ਜਾਵੇਗਾ। ਮੁਕੱਦਮਾ ਚੱਲਦੇ ਚੱਲਦੇ ਕਈ ਸਾਲ ਲੰਘ ਜਾਣੇ ਹਨ। ਕਈ ਸਰਕਾਰਾਂ ਬਦਲ ਜਾਣਗੀਆਂ। ਪੰਜ ਦਸ ਲੱਖ ਦੀ ਗੱਲ ਹੁੰਦੀ ਤਾਂ ਮੈਂ ਹਾਂ ਕਰ ਦਿੰਦਾ। ਇਡੀ ਰਕਮ ਦੇਣ ਦੀ ਮੈਂ ਸਲਾਹ ਨਹੀਂ ਦੇ ਸਕਦਾ।”

“ਪਰ ਜੇ ਜ਼ਮਾਨਤ ਨਾ ਹੋਈ ਫੇਰ?”

“ਕਿਸ ਤਰ੍ਹਾਂ ਨਹੀਂ ਹੋਏਗੀ? ਪੈਸੇ ਨਹੀਂ ਦਿੱਤੇ। ਜੱਜ ਆਪਣੇ ਨਾਲ, ਸਰਕਾਰੀ ਵਕੀਲ ਆਪਣੇ ਨਾਲ। ਪੁਲਿਸ ਆਪਣੀ ਮੁੱਠੀ ਵਿੱਚ। ਜ਼ਮਾਨਤ ਨੂੰ ਰੋਕੂ ਕੌਣ!”

“ਬੁਰੇ ਦੇ ਘਰ ਤਕ ਸੋਚ ਲੈਣਾ ਚਾਹੀਦਾ ਹੈ। ਜੇ ਨਾ ਹੋਈ ਫੇਰ?”

“ਨਾ ਹੋਈ ਸੁਪਰੀਮ ਕੋਰਟ ਜਾਵਾਂਗੇ। ਉਥੇ ਆਪਣੀ ਇਥੋਂ ਨਾਲੋਂ ਵੱਧ ਚਲਦੀ ਹੈ।

ਉਹ ਅਦਾਲਤ ਮੁੱਖ ਮੰਤਰੀਆਂ ਨੂੰ ਅੰਦਰ ਦੇ ਦਿੰਦੀ ਹੈ। ਪ੍ਰਧਾਨ ਮੰਤਰੀ ਤਕ ਨੂੰ ਸੁੱਕਨੇ ਪਾ ਦਿੰਦੀ ਹੈ।”

“ਤੁਸੀਂ ਆਖ਼ਰੀ ਫੈਸਲਾ ਕਰੋ। ਸਾਨੂੰ ਕੁੱਝ ਨਹੀਂ ਸੁੱਝ ਰਿਹਾ। ਜੋ ਆਖੋਗੇ, ਉਹੋ ਕਰਾਂਗੇ।”

“ਮੇਰੀ ਰਾਏ ਸਪੱਸ਼ਟ ਹੈ। ਪਹਾੜ ਥੱਲੇ ਆਉਣ ਦੀ ਲੋੜ ਨਹੀਂ। ਸਹਿੰਦਾ ਸਹਿੰਦਾ ਦੇਣ ਵਿੱਚ ਕੋਈ ਹਰਜ ਨਹੀਂ। ਜ਼ਮਾਨਤ ਦੇ ਹੁਕਮ ਤਕ ਦੇਖ ਲਓ। ਲੋੜ ਪਈ ਫੇਰ ਸੋਚ ਲਵਾਂਗੇ।”

“ਅੰਕਲ ਪ੍ਰਤਾਪ ਸਿੰਘ ਮਿਲ ਸਕਦੇ ਹਨ?”

“ਉਹ ਬਾਹਰ ਹਨ। ਫ਼ਿਕਰ ਨਾ ਕਰੋ। ਉਨ੍ਹਾਂ ਵੀ ਇਹੋ ਰਾਏ ਦੇਣੀ ਹੈ।”

ਵਾਸੂਦੇਵਾ ਦੀਆਂ ਗੱਲਾਂ ਨਾਲ ਉਨ੍ਹਾਂ ਦਾ ਮਨ ਟਿਕ ਗਿਆ। ਉਨ੍ਹਾਂ ਫੈਸਲਾ ਕਰ ਲਿਆ। ਹਾਈ ਕੋਰਟ ਦੇ ਫੈਸਲੇ ਤਕ ਬਘੇਲ ਸਿੰਘ ਨੂੰ ਟਰਕਾਈ ਜਾਣਗੇ।

Additional Info

  • Writings Type:: A single wirting
Read 2296 times