-80-
ਪੱਤਰੀ ਦੇਖ ਕੇ ਪੰਡਤਾਂ ਨੇ ਦੱਸਿਆ ਸੀ। ਵੇਦ ਪਰਵਾਰ ਉਪਰ ਸਾੜ੍ਹਸਤੀ ਚੱਲ ਰਹੀ ਸੀ। ਭੈੜੇ ਦਿਨ ਸੱਤ ਸਾਲ ਚਲਣੇ ਸਨ। ਢਾਈ ਮਹੀਨੇ ਜਾਨ ਮਾਲ ਹਰ ਤਰ੍ਹਾਂ ਦਾ ਨੁਕਸਾਨ ਹੋਣਾ ਸੀ। ‘ਢਾਈਆ’ ਬੜੀ ਕਹਿਰੀ ਅੱਖ ਨਾਲ ਪਰਿਵਾਰ ਵੱਲ ਤੱਕ ਰਿਹਾ ਸੀ। ਢਾਈ ਮਹੀਨਿਆਂ ਬਾਅਦ ਹਾਲਾਤ ਸੁਧਰਨੇ ਸ਼ੁਰੂ ਹੋਣੇ ਸਨ।
ਪੰਡਤਾਂ ਦਾ ਆਖਾ ਸੱਚ ਸਾਬਤ ਹੋਣ ਲੱਗਾ ਸੀ।
ਗਿਆਰਾਂ ਹਫ਼ਤਿਆਂ ਬਾਅਦ ਵੇਦ ਦੀਆਂ ਲੱਤਾਂ ਬਾਹਾਂ ਦਾ ਮੁੜ ਐਕਸਰੇ ਹੋਇਆ।
ਡਾਕਟਰਾਂ ਨੇ ਵੇਦ ਨੂੰ ਵਧਾਈ ਦਿੱਤੀ। ਹੱਡੀਆਂ ਜੁੜ ਚੁੱਕੀਆਂ ਸਨ। ਇੱਕ ਦੋ ਦਿਨਾਂ ਵਿੱਚ ਇੱਕ ਇੱਕ ਕਰਕੇ ਸਾਰੇ ਪਲੱਸਤਰ ਉਤਰ ਗਏ। ਕੁੱਝ ਦਿਨਾਂ ਦੀ ਮਾਲਸ਼ ਬਾਅਦ ਸੁਸਤ ਪਏ ਪੱਠੇ ਹਰਕਤ ਵਿੱਚ ਆ ਜਾਣੇ ਸਨ। ਫੇਰ ਵੇਦ ਨੂੰ ‘ਵਾਕਰ’ ਦੇ ਸਹਾਰੇ ਬਾਹਰ ਅੰਦਰ ਜਾਣ ਦੀ ਇਜਾਜ਼ਤ ਮਿਲ ਜਾਣੀ ਸੀ।
ਨੀਲਮ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਸੀ। ਸਹਾਰਾ ਦੇ ਕੇ ਬੈਠਾਉਣ ਨਾਲ ਉਹ ਕੁੱਝ ਦੇਰ ਬੈਠਣ ਲੱਗੀ ਸੀ। ਗੱਲਬਾਤ ਸਮਝਣ ਅਤੇ ਇਸ਼ਾਰਾ ਕਰਕੇ ਜਵਾਬ ਦੇਣ ਲੱਗੀ ਸੀ। ‘ਕਮਲ’ ਅਤੇ ‘ਨੇਹਾ’ ਵਰਗੇ ਕੁੱਝ ਸ਼ਬਦ ਉਹ ਬੋਲ ਲੈਂਦੀ ਸੀ। ਹੱਥਾਂ ਪੈਰਾਂ ਵਿੱਚ ਕੁੱਝ ਜਾਨ ਆ ਗਈ ਸੀ। ਕੌਲੀ ਅਤੇ ਗਲਾਸ ਉਹ ਹੱਥਾਂ ਵਿੱਚ ਫੜ ਸਕਦੀ ਸੀ।
ਕੱਲ੍ਹ ਉਸਨੂੰ ਸਹਾਰਾ ਦੇ ਕੇ ਤੋਰਿਆ ਗਿਆ ਸੀ। ਅੱਜ ਕੁੱਝ ਕਦਮ ਉਸਨੇ ਆਪ ਪੁੱਟ ਲਏ ਸਨ। ਡਾਕਟਰਾਂ ਨੇ ਭਵਿਖਬਾਣੀ ਕੀਤੀ ਸੀ। ਕੁੱਝ ਦਿਨਾਂ ਬਾਅਦ ਉਹ ਆਪਣਾ ਆਪ ਸੰਭਾਲਣ ਜੋਗੀ ਹੋ ਜਾਣੀ ਸੀ।
ਨੀਲਮ ਦੇ ਹਰਕਤ ਵਿੱਚ ਆਉਣ ਨਾਲ ਵੇਦ ਪਰਿਵਾਰ ਉਪਰ ਛਾਈਆਂ ਕਾਲੀਆਂ ਘਟਾਵਾਂ ਛੱਟਣ ਲੱਗੀਆਂ।
ਇੱਕ ਬੈਂਕ ਮੈਨੇਜਰ ਨੇ ਵੇਦ ਦੇ ਅਹਿਸਾਨਾਂ ਦਾ ਬਦਲਾ ਚੁਕਾਇਆ। ਨੀਲਮ ਨੂੰ ਆਪਣਾ ਬੁਰਾ ਭਲਾ ਸੋਚਣ ਦੇ ਕਾਬਲ ਘੋਸ਼ਿਤ ਕਰਕੇ ਉਸਨੇ ਨੀਲਮ ਨੂੰ ਆਪਣਾ ਲਾਕਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ। ਲਾਕਰ ਵਿਚੋਂ ਤੀਹ ਤੋਲੇ ਸੋਨਾ, ਅੱਧਾ ਕਿਲੋ ਦੇ ਕਰੀਬ ਚਾਂਦੀ ਅਤੇ ਪੰਜਾਹ ਹਜ਼ਾਰ ਨਕਦ ਨਿਕਲ ਆਇਆ। ਨੀਲਮ ਨਵੇਂ ਨੋਟਾਂ ਦੀ ਸ਼ੌਕੀਨ ਸੀ। ਉਸਨੇ ਵੇਦ ਕੋਲੋਂ ਵਾਅਦਾ ਲਿਆ ਹੋਇਆ ਸੀ। ਨਵੇਂ ਨੋਟਾਂ ਦੀ ਕੋਈ ਗੁੱਟੀ ਜੇ ਵੇਦ ਕੋਲ ਆਏਗੀ ਉਹ ਨੀਲਮ ਨੂੰ ਮਿਲੇਗੀ। ਨੀਲਮ ਉਸ ਗੁੱਟੀ ਨੂੰ ਨੇਹਾ ਦੇ ਵਿਆਹ ਲਈ ਸੰਭਾਲ ਕੇ ਰੱਖੇਗੀ। ਵੇਦ ਨੇ ਆਪਣੇ ਇਸ ਵਾਅਦੇ ’ਤੇ ਹਮੇਸ਼ਾ ਫੁੱਲ ਚੜ੍ਹਾਏ ਸਨ।
ਸੋਚਦਾ ਸੀ ਇਸ ਬਹਾਨੇ ਕੁੜੀ ਦੇ ਵਿਆਹ ਲਈ ਬੱਚਤ ਹੋ ਰਹੀ ਸੀ।
ਵਿਆਹ ਦੀ ਥਾਂ ਭੈੜੇ ਦਿਨਾਂ ਵਿੱਚ ਉਹ ਬੱਚਤ ਕੰਮ ਆਉਣ ਲੱਗੀ ਸੀ।
ਵੇਦ ਪਰਿਵਾਰ ਲਈ ਇਹ ਗਹਿਣੇ ਅਤੇ ਨਕਦੀ ਰੱਬੀ ਵਰਦਾਨ ਸੀ।
ਸੋਨਾ ਚਾਂਦੀ ਵੇਦ ਨੇ ਰਾਮ ਨਾਥ ਦੇ ਹਵਾਲੇ ਕਰ ਦਿੱਤਾ। ਇਸਨੂੰ ਵੇਚ ਕੇ ਉਹ ਆਪਣਾ ਕਰਜ਼ਾ ਲਾਹੇ।
ਬਾਕੀ ਬਚਦੇ ਪੰਜਾਹ ਹਜ਼ਾਰ ਨਾਲ ਮਹੀਨਾ ਵੀਹ ਦਿਨ ਲੰਘ ਜਾਣੇ ਸਨ। ਇੰਨੇ ਤਕ ਬਾਕੀ ਦੇ ਲਾਕਰ ਖੁੱਲ੍ਹ ਜਾਣੇ ਸਨ। ਵੇਦ ਨੂੰ ਆਸ ਸੀ ਇੰਨਾ ਕੁ ਖਜ਼ਾਨਾ ਉਨ੍ਹਾਂ ਲਾਕਰਾਂ ਵਿਚੋਂ ਵੀ ਮਿਲ ਜਾਣਾ ਸੀ। ਨੀਲਮ ਇਨਕਮ ਟੈਕਸ ਵਾਲਿਆਂ ਤੋਂ ਬਹੁਤ ਡਰਦੀ ਸੀ। ਇਸੇ ਲਈ ਉਸਨੇ ਚਾਰ ਬੈਂਕਾਂ ਵਿੱਚ ਲਾਕਰ ਲਏ ਸਨ। ਥੋੜ੍ਹਾ ਥੋੜ੍ਹਾ ਸਮਾਨ ਸਭ ਵਿੱਚ ਰੱਖਿਆ ਸੀ।
ਲਕਸ਼ਮੀ ਦੇ ਨਾਲ ਹੀ ਘਰ ਵਿੱਚ ਰੌਣਕ ਮੁੜਨ ਲੱਗੀ। ਗੰਦਗੀ ਤੋਂ ਡਰ ਕੇ ਭੱਜੀਆਂ ਨੌਕਰਾਣੀਆਂ ਕੰਮ ’ਤੇ ਵਾਪਸ ਆ ਗਈਆਂ। ਨੇਹਾ ਦੇ ਮੋਢਿਆਂ ਤੋਂ ਸਫ਼ਾਈ ਅਤੇ ਸੰਗੀਤਾ ਦੇ ਸਿਰੋਂ ਰਸੋਈ ਦਾ ਭਾਰ ਲਹਿ ਗਿਆ। ਉਨ੍ਹਾਂ ਨੂੰ ਘੜੀ ਦੋ ਘੜੀ ਲਈ ਢੂਹੀ ਸਿੱਧੀ ਕਰਨ ਦਾ ਮੌਕਾ ਮਿਲਣ ਲੱਗਾ।
ਸੰਗੀਤਾ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ। ਕਦੇ ਰਾਮ ਨਾਥ ਦੋ ਰਾਤਾਂ ਸ਼ਹਿਰ ਲਾ ਆਉਂਦਾ। ਕਦੇ ਉਹ ਮਾਇਆ ਨਗਰ ਰਹਿ ਪੈਂਦਾ। ਸੰਗੀਤਾ ਬੱਚਿਆਂ ਨੂੰ ਮਿਲ ਆਉਂਦੀ। ਸਿਰ ਚੜ੍ਹਿਆ ਕਰਜ਼ਾ ਲਹਿਣ ਲੱਗਾ।
ਮਾਂ ਬਾਪ ਦੇ ਸਿਹਤਮੰਦ ਹੋਣ ਨਾਲ ਨੇਹਾ ਦਾ ਮਨ ਟਿਕਣ ਲੱਗਾ। ਮੁੜ ਉਸਨੇ ਆਪਣਾ ਪੂਜਾ ਸਥਾਨ ਝਾੜ ਝੰਬ ਲਿਆ। ਅੱਗੋਂ ਤੋਂ ਉਹ ਫੇਰ ਧਿਆਨ ਲਾਇਆ ਕਰੇਗੀ।
ਮਾਤਾ ਜੀ ਨੇ ਕਿਰਪਾ ਕੀਤੀ ਸੀ। ਹੋਰ ਕਿਰਪਾ ਹੋਏਗੀ।
ਪਰ ਵੇਦ ਪਰਿਵਾਰ ਦੀਆਂ ਖੁਸ਼ੀਆਂ ਦੀ ਉਮਰ ਬਹੁਤੀ ਲੰਬੀ ਨਹੀਂ ਸੀ।
ਦੋ ਕੁ ਦਿਨਾਂ ਬਾਅਦ ਉਨ੍ਹਾਂ ਨੂੰ ਮੁਹੱਲੇ ਵਿੱਚ ਹੁੰਦੀ ਘੁਸਰ ਮੁਸਰ ਦੀ ਭਿਣਕ ਪੈਣ ਲੱਗੀ। ਲੋਕਾਂ ਵਿੱਚ ਚਰਚਾ ਸੀ। ਪੁਲਿਸ ਨੇ ਪੰਕਜ ਹੋਰਾਂ ਨੂੰ ਬੇ ਕਸੂਰ ਕਰਾਰ ਦੇ ਦਿੱਤਾ ਸੀ। ਉਨ੍ਹਾਂ ਦੇ ਬਾਹਰ ਆਉਣ ਦਾ ਰਾਹ ਪੱਧਰਾ ਹੋ ਗਿਆ ਸੀ।
ਪੰਕਜ ਦੇ ਇੱਕ ਗੁਆਂਢੀ ਨੇ ਇਸ ਅਫ਼ਵਾਹ ਦੀ ਪੁਸ਼ਟੀ ਕੀਤੀ।
ਪੁਲਿਸ ਨੇ ਖ਼ੁਦ ਉਨ੍ਹਾਂ ਨੂੰ ਜੇਲ੍ਹ ਵਿਚੋਂ ਰਿਹਾਅ ਕਰਾਉਣ ਦੀ ਦਰਖ਼ਾਸਤ ਦਿੱਤੀ ਸੀ। ਜਦੋਂ ਪੁਲਿਸ ਉਨ੍ਹਾਂ ਨੂੰ ਬਾਹਰ ਲਿਆਉਣਾ ਚਾਹੁੰਦੀ ਸੀ ਤਾਂ ਜੱਜ ਉਨ੍ਹਾਂ ਨੂੰ ਜੇਲ੍ਹ ਵਿੱਚ ਕਿਸ ਤਰ੍ਹਾਂ ਡੱਕੀ ਰੱਖ ਸਕਦਾ ਸੀ। ਉਹ ਬਾਹਰ ਆਏ ਕਿ ਆਏ।
ਗੁਆਂਢੀ ਨੇ ਵੇਦ ਨੂੰ ਸਲਾਹ ਦਿੱਤੀ — “ਬਿਨਾਂ ਸਜ਼ਾ ਭੁਗਤੇ ਬਾਹਰ ਆਉਣ ਨਾਲ ਮੁੰਡਿਆਂ ਦੇ ਹੌਸਲੇ ਬੁਲੰਦ ਹੋ ਜਾਣੇ ਹਨ। ਮੁੰਡੇ ਦੋਬਾਰਾ ਕਾਰਾ ਕਰ ਸਕਦੇ ਹਨ। ਮੇਰੀ ਸਲਾਹ ਹੈ ਨਬੇੜਾ ਕਰ ਲਉ।”
ਪੰਕਜ ਦੇ ਗੁਆਂਢੀ ਦੀ ਖ਼ਬਰ ਅਤੇ ਚਿਤਾਵਨੀ ਨੇ ਵੇਦ ਪਰਿਵਾਰ ਦੇ ਜ਼ਖ਼ਮਾਂ ਨੂੰ ਉਚੇੜ ਦਿੱਤਾ।
ਗੱਲ ਸੁਣਦੇ ਹੀ ਵੇਦ ਮੁੜ ਮੰਜੇ ਉਪਰ ਡਿੱਗ ਪਿਆ। ਉਸਦੇ ਜੋੜਾਂ ਵਿਚੋਂ ਸੇਕ ਨਿਕਲਣ ਲੱਗਾ। ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ। ਸਾਰੀ ਘਟਨਾ ਇੱਕ ਵਾਰ ਫੇਰ ਵਾਪਰਦੀ ਨਜ਼ਰ ਆਉਣ ਲੱਗੀ।
ਨੀਲਮ ਨੂੰ ਜਿਵੇਂ ਸਭ ਕੁੱਝ ਸਮਝ ਆ ਗਿਆ ਸੀ। ਉਸ ਦੀਆਂ ਖ਼ਾਮੋਸ਼ ਅੱਖਾਂ ਵਿਚੋਂ ਗੰਗਾ ਜਮਨਾ ਵਹਿ ਤੁਰੀ।
ਨੇਹਾ ਆਪਣੇ ਪੂਜਾ ਸਥਾਨ ਵਿੱਚ ਆ ਬੈਠੀ। ਮੁੜ ਮਾਤਾ ਜੀ ਨਾਲ ਗਿਲੇ ਸ਼ਿਕਵੇ ਕਰਨ ਲੱਗੀ।
-81-
ਹਰੀਸ਼ ਦੇ ਮੁਦਈ ਧਿਰ ਦਾ ਵਕੀਲ ਬਣ ਜਾਣ ਨਾਲ ਪੰਕਜ ਹੋਰਾਂ ਨੂੰ ਲੱਗਾ ਸੀ ਜਿਵੇਂ ਸ਼ਕਤੀਸ਼ਾਲੀ ਸ਼ਨੀ ਉਨ੍ਹਾਂ ਦੇ ਗ੍ਰਹਿ ਵਿੱਚ ਘੁਸ ਗਿਆ ਸੀ ਅਤੇ ਉਸਨੇ ਉਨ੍ਹਾਂ ਦੇ ਸੁੱਖ ਦੇਣ ਵਾਲੇ ਗ੍ਰਹਿਆਂ ਨੂੰ ਭਾਜੜਾਂ ਪਾ ਦਿੱਤੀਆਂ ਸਨ।
ਕਿਸੇ ਵੀ ਸਮੇਂ ਹਰੀਸ਼ ਤੋਂ ਡਰਦੇ ਡਾਕਟਰ ਉਨ੍ਹਾਂ ਨੂੰ ਰਿਸ਼ਟ ਪੁਸ਼ਟ ਆਖ ਕੇ ਉਨ੍ਹਾਂ ਦੀ ਹਸਪਤਾਲੋਂ ਛੁੱਟੀ ਕਰ ਸਕਦੇ ਸਨ। ਆਪਣੀਆਂ ਕੋਠੀਆਂ ਵਿੱਚ ਮੁੜਨ ਦੀ ਥਾਂ ਉਨ੍ਹਾਂ ਤੋਂ ਹਸਪਤਾਲ ਦੇ ਇਹ ਕਮਰੇ ਵੀ ਛੁੱਟ ਸਕਦੇ ਸਨ।
ਹਰੀਸ਼ ਰਾਏ ਜਿਸ ਧਿਰ ਦਾ ਵਕੀਲ ਬਣਦਾ ਸੀ ਉਸਦੀ ਤਨੋਂ ਮਨੋਂ ਮਦਦ ਕਰਦਾ ਸੀ। ਘਰੋਂ ਉਹ ਰੱਜਿਆ ਪੁੱਜਿਆ ਸੀ। ਕਰੋੜਾਂ ਦੀ ਜਾਇਦਾਦ ਦਾ ਮਾਲਕ ਸੀ। ਉਸਨੂੰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਸੀ।
ਸ਼ੁਕਰ ਸੀ ਹਾਲੇ ਉਹ ਨਿੱਜੀ ਰੂਪ ਵਿੱਚ ਮੁਦਈ ਧਿਰ ਵੱਲੋਂ ਪੇਸ਼ ਹੋਇਆ ਸੀ। ਜਦੋਂ ਉਹ ਨਿੱਜੀ ਰੂਪ ਵਿੱਚ ਪੇਸ਼ ਹੁੰਦਾ ਸੀ ਤਾਂ ਆਪਣੀਆਂ ਗਤੀਵਿਧੀਆਂ ਅਦਾਲਤੀ ਕਾਰਵਾਈ ਤਕ ਸੀਮਤ ਰੱਖਦਾ ਸੀ।
ਜਦੋਂ ਸੋਸਾਇਟੀ ਕੇਸ ਆਪਣੇ ਹੱਥ ਵਿੱਚ ਲੈ ਲੈਂਦੀ ਸੀ ਤਾਂ ਕੇਸ ਦੀ ਤੈਅ ਤਕ ਜਾਣ ਲਈ ਖ਼ੁਦ ਤਫ਼ਤੀਸ਼ ਕਰਦੀ ਸੀ। ਸੋਸਾਇਟੀ ਦੇ ਸੈਂਕੜੇ ਮੈਂਬਰ ਕੇਸ ਦੇ ਹਰ ਪਹਿਲੂ ‘ਤੇ ਨਜ਼ਰ ਰੱਖਦੇ ਸਨ। ਸੋਸਾਇਟੀ ਵੱਲੋਂ ਲੜੇ ਜਾ ਰਹੇ ਮੁਕੱਦਮੇ ਵਿੱਚ ਕਿਸੇ ਅਫ਼ਸਰ ਨੂੰ ਮੁਲਜ਼ਮਾਂ ਦੀ ਮਦਦ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਪੈਂਦਾ ਸੀ।
ਇਸ ਤੋਂ ਪਹਿਲਾਂ ਕਿ ਸੋਸਾਇਟੀ ਮੁਕੱਦਮਾ ਆਪਣੇ ਹੱਥ ਵਿੱਚ ਲਏ ਅਤੇ ਆਈ.ਜੀ. ਨੂੰ ਉਨ੍ਹਾਂ ਨੂੰ ਬੇ ਕਸੂਰ ਕਰਾਰ ਦੇਣ ਵਿੱਚ ਕੋਈ ਅੜਿਚਨ ਆਏ ਉਨ੍ਹਾਂ ਨੂੰ ਫੌਰੀ ਤੌਰ ’ਤੇ ਆਈ.ਜੀ.ਵੱਲੋਂ ਰਿਪੋਰਟ ਤਿਆਰ ਕਰਵਾ ਲੈਣੀ ਚਾਹੀਦੀ ਸੀ।
ਆਈ.ਜੀ.ਉਪਰ ਬਘੇਲ ਸਿੰਘ ਦੇ ਨਾਲ ਨਾਲ ਪ੍ਰਤਾਪ ਸਿੰਘ ਅੰਕਲ ਕੋਲੋਂ ਜ਼ੋਰ ਪਵਾਉਣਾ ਚਾਹੀਦਾ ਸੀ। ਸਾਰਾ ਕੰਮ ਹੱਥੋਂ ਹੱਥ ਕਰਵਾ ਲੈਣਾ ਚਾਹੀਦਾ ਸੀ।
ਤੁਰੰਤ ਸਰਦਾਰੀ ਲਾਲ ਨੂੰ ਮਾਇਆ ਨਗਰ ਬੁਲਾਇਆ ਗਿਆ। ਉਸ ਤੋਂ ਬਿਨਾਂ ਕੰਮ ਨੇਪਰੇ ਚੜ੍ਹਨ ਵਾਲਾ ਨਹੀਂ ਸੀ।
ਬਘੇਲ ਸਿੰਘ ਨੂੰ ਬਣਦੀ ਕਿਸ਼ਤ ਫੜਾਈ ਗਈ। ਗੱਡੀ ਵਿੱਚ ਬਿਠਾ ਕੇ ਉਸਨੂੰ ਚੰਡੀਗੜ੍ਹ ਲਿਜਾਇਆ ਗਿਆ। ਮੁੱਖ ਮੰਤਰੀ ਕੋਲੋਂ ਆਈ.ਜੀ.ਨੂੰ ਫ਼ੋਨ ਕਰਵਾਇਆ ਗਿਆ।
ਫੇਰ ਪੁਲਿਸ ਕਪਤਾਨ ਉਪਰ ਜ਼ੋਰ ਪਾਇਆ ਗਿਆ। ਦੋਹਾਂ ਦੋਸ਼ੀਆਂ ਦੇ ਬੇ ਕਸੂਰ ਹੋਣ ਦੀ ਰਿਪੋਰਟ ਉਹ ਮੈਜਿਸਟਰੇਟ ਕੋਲ ਭੇਜੇ। ਮੈਜਿਸਟਰੇਟ ਕੋਲੋਂ ਦੋਹਾਂ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਕਰਵਾਏ।
ਉਪਰੋਂ ਖੜਕਦੇ ਫ਼ੋਨਾਂ ਅਤੇ ਜੇਬ ਵਿੱਚ ਪੈਂਦੇ ਨੋਟਾਂ ਨੇ ਮਿਸਲ ਨੂੰ ਚਕਰੀ ਵਾਂਗ ਘੁੰਮਾਈ ਰੱਖਿਆ। ਚੌਵੀ ਘੰਟੇ ਦੇ ਅੰਦਰ ਅੰਦਰ ਮਿਸਲ ਆਈ.ਜੀ.ਕੋਲੋਂ ਚੱਲ ਕੇ, ਡੀ.ਆਈ.ਜੀ., ਪੁਲਿਸ ਕਪਤਾਨ, ਉੱਪ ਪੁਲਿਸ ਕਪਤਾਨ ਰਾਹੀਂ ਹੁੰਦੀ ਹੋਈ ਮੁੱਖ ਅਫ਼ਸਰ ਤਕ ਪੁੱਜ ਗਈ।
ਮੁੱਖ ਅਫ਼ਸਰ ਨੂੰ ਫ਼ੋਨ ’ਤੇ ਫ਼ੋਨ ਆਉਣ ਲੱਗੇ। ਉਹ ਰਿਹਾਈ ਕਰਵਾ ਕੇ ਰਿਪੋਰਟ ਕਰੇ।
ਹੁਣ ਮੁੱਖ ਅਫ਼ਸਰ ਕੀ ਕਰੇ? ਮਿਸਲ ਉਸ ਕੋਲ ਸ਼ਾਮ ਦੇ ਸੱਤ ਵਜੇ ਪੁੱਜੀ ਸੀ।
ਲਿਖਾਪੜ੍ਹੀ ਕਰਨ ਨੂੰ ਘੰਟਾ ਹੋਰ ਲਗ ਗਿਆ। ਅਦਾਲਤਾਂ ਕਦੋਂ ਦੀਆਂ ਉੱਠ ਚੁੱਕੀਆਂ ਸਨ। ਜੱਜ ਅਤੇ ਸਰਕਾਰੀ ਵਕੀਲ ਘਰਾਂ ਨੂੰ ਜਾ ਚੁੱਕੇ ਸਨ। ਹੁਣ ਤਕ ਕੋਈ ਸੈਰ ਲਈ ਨਿਕਲ ਗਿਆ ਹੋਣਾ ਸੀ ਅਤੇ ਕੋਈ ਕਲੱਬ ਲਈ। ਸਭ ਨੂੰ ਇਸ ਵਕਤ ਇਕੱਠੇ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ।
ਮੁੱਖ ਅਫ਼ਸਰ ਲਈ ਦੋਸ਼ੀਆਂ ਦੀ ਰਿਹਾਈ ਫ਼ੌਰੀ ਮਸਲਾ ਹੋ ਸਕਦੀ ਸੀ। ਮੈਜਿਸਟਰੇਟ ਲਈ ਇਹ ਸਾਧਾਰਨ ਕਾਰਵਾਈ ਸੀ। ਜੁਰਮ ਸੰਗੀਨ ਸਨ। ਰਾਤੋ ਰਾਤ ਮੁਲਜ਼ਮਾਂ ਨੂੰ ਬੇਕਸੂਰ ਕਰਾਰ ਦੇ ਕੇ ਕਿਸੇ ਮੈਜਿਸਟਰੇਟ ਨੇ ਮਰਿਆ ਸੱਪ ਆਪਣੇ ਗਲ ਨਹੀਂ ਸੀ ਪਾਉਣਾ।
ਮੁੱਖ ਅਫ਼ਸਰ ਦੀ ਦਲੀਲ ਨਾਲ ਕੋਈ ਸਹਿਮਤ ਨਹੀਂ ਸੀ ਹੋ ਰਿਹਾ। ਉਲਟਾ ਅਫ਼ਸਰ ਝਈਆਂ ਲੈ ਲੈ ਪੈ ਰਹੇ ਸਨ। ਮੁੱਖ ਅਫ਼ਸਰ ਆਪਣੇ ਮੈਜਿਸਟਰੇਟ ਨੂੰ ਖ਼ੁਸ਼ ਨਹੀਂ ਰੱਖਦਾ।
ਆਪਣੇ ਗਲ ਪਈ ਬਲਾ ਟਾਲਣ ਲਈ ਅਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਮੁੱਖ ਅਫ਼ਸਰ ਨੇ ਡਿਸਚਾਰਜ ਰਿਪੋਰਟ ਤਿਆਰ ਕੀਤੀ, ਮੁਲਜ਼ਮਾਂ ’ਤੇ ਸਮਰਥਕਾਂ ਤੋਂ ਦੋ ਪੇਟੀਆਂ ਪੀਟਰ ਸਕਾਟ ਵਿਸਕੀ ਦੀਆਂ ਮੰਗਵਾਈਆਂ ਅਤੇ ਗੱਡੀ ਆਫ਼ੀਸਰ ਕਾਲੋਨੀ ਵੱਲ ਤੋਰ ਲਈ।
ਅੱਧੀ ਪੇਟੀ ਉਸਨੇ ਸਰਕਾਰੀ ਵਕੀਲ ਦੀ ਕੋਠੀ ਲਾਹ ਦਿੱਤੀ।
ਵਿਸਕੀ ਅੰਦਰ ਰਖਵਾਉਂਦਾ ਸਰਕਾਰੀ ਵਕੀਲ ਡਰ ਰਿਹਾ ਸੀ। ਉਸਨੂੰ ਆਪਣੇ ਅਫ਼ਸਰਾਂ ਵੱਲੋਂ ਦੋਸ਼ੀਆਂ ਨੂੰ ਤੁਰੰਤ ਡਿਸਚਾਰਜ ਕਰਾਉਣ ਦਾ ਹੁਕਮ ਹੋਇਆ ਸੀ। ਵਿਸਕੀ ਲੈਣ ਦੀ ਖ਼ਬਰ ਜੇ ਅਫ਼ਸਰਾਂ ਤਕ ਪੁੱਜ ਗਈ ਤਾਂ ਝੱਟ ਉਸਨੂੰ ਉਨ੍ਹਾਂ ਨੇ ਦਰਿਆਉਂ ਪਾਰ ਬਦਲ ਦੇਣਾ ਸੀ।
“ਇਹ ਮੈਂ ਆਪਣੇ ਕੋਲੋਂ ਲੈ ਕੇ ਆਇਆ ਹਾਂ ਜਨਾਬ! ਮੁਲਜ਼ਮ ਆਪਣੇ ਵਰਗੇ ਛੋਟੇ ਅਫ਼ਸਰਾਂ ਨਾਲ ਕਿਥੇ ਗੱਲ ਕਰਦੇ ਨੇ। ਉਪਰ ਉਪਰ ਭੱਜੇ ਫਿਰਦੇ ਨੇ।”
ਸਰਕਾਰੀ ਵਕੀਲ ਦਾ ਦਿਲ ਖੜ੍ਹਾਉਣ ਲਈ ਮੁੱਖ ਅਫ਼ਸਰ ਨੇ ਬਹਾਨਾ ਘੜਿਆ।
ਸਰਕਾਰੀ ਵਕੀਲ ਨੇ ਡਿਸਚਾਰਜ ਰਿਪੋਰਟ ਨਾਲ ਆਪਣੀ ਸਹਿਮਤੀ ਪ੍ਰਗਟਾਈ।
ਲਿਖਾਪੜ੍ਹੀ ਮੁਕੰਮਲ ਕਰਕੇ ਉਹ ਮੈਜਿਸਟਰੇਟ ਦੀ ਕੋਠੀ ਜਾਣ ਲਈ ਮੁੱਖ ਅਫ਼ਸਰ ਦੀ ਗੱਡੀ ਵਿੱਚ ਬੈਠ ਗਿਆ।
ਮੈਜਿਸਟਰੇਟ ਨੂੰ ਵੀ ਸਿਫਾਰਸ਼ੀ ਫ਼ੋਨ ਆਇਆ ਸੀ। ਪਰ ਉਸ ਉਪਰ ਜਿਵੇਂ ਉਲਟਾ ਅਸਰ ਹੋਇਆ ਸੀ। ਨਾ ਉਹ ਖ਼ੁਦ ਕੋਠੀ ਹਾਜ਼ਰ ਸੀ ਨਾ ਬੱਚੇ। ਪਤਾ ਨਹੀਂ ਕਿਧਰ ਤੁਰ ਗਿਆ ਸੀ।
ਮੈਜਿਸਟਰੇਟ ਸਾਹਿਬ ਕਿਥੇ ਗਏ ਹਨ? ਕਦੋਂ ਵਾਪਸ ਆਉਣਗੇ? ਇਸਦਾ ਨਾ ਗੰਨਮੈਨ ਨੂੰ ਪਤਾ ਸੀ ਨਾ ਨੌਕਰ ਨੂੰ।
ਮੁੱਖ ਅਫ਼ਸਰ ਨੇ ਕਪਤਾਨ ਨੂੰ ਸੂਚਿਤ ਕੀਤਾ।
“ਇੰਤਜ਼ਾਰ ਕਰੋ। ਕੰਮ ਕਰਵਾ ਕੇ ਮੁੜੋ।” ਅਗੋਂ ਇਹ ਹੁਕਮ ਹੋਇਆ।
ਗਿਆਰਾਂ ਕੁ ਵਜੇ ਮੈਜਿਸਟਰੇਟ ਮੁੜਿਆ। ਉਹ ਦਾਰੂ ਨਾਲ ਰੱਜਿਆ ਹੋਇਆ ਸੀ।
ਮੈਜਿਸਟਰੇਟ ਮੁੱਖ ਅਫ਼ਸਰ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਸਰਕਾਰੀ ਵਕੀਲ ਕੀ ਆਖ ਰਿਹਾ ਹੈ? ਉਸਨੂੰ ਸਮਝ ਨਹੀਂ ਸੀ ਆ ਰਹੀ।
ਧੱਕੇ ਨਾਲ ਡਿਸਚਾਰਜ ਰਿਪੋਰਟ ਉਪਰ ਦਸਤਖ਼ਤ ਕਰਾਉਂਦੇ ਮੁੱਖ ਅਫ਼ਸਰ ਨੂੰ ਮੈਜਿਸਟਰੇਟ ਦੀ ਪਤਨੀ ਨੇ ਰੋਕ ਲਿਆ।
“ਦਰਖ਼ਾਸਤ ਮੈਨੂੰ ਫੜਾਓ। ਇਉਂ ਧੱਕਾ ਕਿਉਂ ਕਰਦੇ ਹੋ? ਤੁਸੀਂ ਸਵੇਰੇ ਆਉਣਾ।
ਮੈਂ ਹੁਕਮ ਕਰਵਾ ਕੇ ਰੱਖਾਂਗੀ। ਤੁਸੀਂ ਲੈ ਜਾਣਾ। ਹੁਣ ਨਾ ਇਨ੍ਹਾਂ ਤੋਂ ਕੁੱਝ ਲਿਖ ਹੋਣੈ ਨਾ ਮੈਂ ਲਿਖਣ ਦੇਣੈ।”
ਦਰਖ਼ਾਸਤ ਮੁੱਖ ਅਫ਼ਸਰ ਤੋਂ ਫੜਕੇ ਉਸਨੇ ਆਪਣੇ ਪਰਸ ਵਿੱਚ ਪਾ ਲਈ ਅਤੇ ਸਹਾਰਾ ਦੇ ਕੇ ਮੈਜਿਸਟਰੇਟ ਨੂੰ ਕੋਠੀ ਦੇ ਅੰਦਰ ਲੈ ਗਈ।
ਵਿਸਕੀ ਵਾਲੀ ਪੇਟੀ ਅੰਦਰ ਰਖਵਾ ਕੇ ਰੋਣ ਹੱਕੇ ਹੋਏ ਦੋਵੇਂ ਅਫ਼ਸਰਾਂ ਨੇ ਆਪਣੇ ਆਪਣੇ ਅਫ਼ਸਰਾਂ ਨੂੰ ਤਾਜ਼ਾ ਸਥਿਤੀ ਤੋਂ ਜਾਣੂ ਕਰਾਇਆ।
ਅਫ਼ਸਰਾਂ ਦੇ ਹੁਕਮ ਮੁਤਾਬਕ ਉਹ ਸਵੇਰ ਹੁੰਦਿਆਂ ਹੀ ਮੈਜਿਸਟਰੇਟ ਦੀ ਕੋਠੀ ਆ ਧਮਕੇ।
ਰਾਤ ਦਾ ਭੰਨਿਆ ਮੈਜਿਸਟਰੇਟ ਹਾਲੇ ਸੁੱਤਾ ਪਿਆ ਸੀ।
ਪੀਟਰ ਸਕਾਟ ਦੀ ਪੇਟੀ ਨੇ ਮੈਜਿਸਟਰੇਟ ਦੀ ਪਤਨੀ ’ਤੇ ਅਸਰ ਕੀਤਾ ਹੋਇਆ ਸੀ। ਉਸਨੇ ਮਜਿਸਟਰੇਟ ਨੂੰ ਉਠਾ ਦਿੱਤਾ।
ਨੀਂਦ ਪੂਰੀ ਕਰਕੇ ਉੱਠਿਆ ਮੈਜਿਸਟਰੇਟ ਪੂਰੀ ਹੋਸ਼ ਵਿੱਚ ਸੀ।
“ਮੈਨੂੰ ਬੁੱਧੂ ਨਾ ਬਣਾਓ। ਥੋੜ੍ਹਾ ਬਹੁਤ ਕਾਨੂੰਨ ਮੈਨੂੰ ਆਉਂਦਾ ਹੈ। ਕਤਲ ਦੇ ਮੁਕੱਦਮੇ ਵਿੱਚ ਮੁਲਜ਼ਮਾਂ ਨੂੰ ਡਿਸਚਾਰਜ ਕਰਨ ਦਾ ਮੈਜਿਸਟਰੇਟ ਨੂੰ ਕੋਈ ਅਧਿਕਾਰ ਨਹੀਂ। ਤੂੰ ਸਿਆਣਾ ਸਰਕਾਰੀ ਵਕੀਲ ਹੈਂ। ਤੈਨੂੰ ਸੁਪਰੀਮ ਕੋਰਟ ਦੇ ਨਵੇਂ ਫੈਸਲੇ ਦਾ ਪਤਾ ਨਹੀਂ?”
ਰਾਤ ਨੂੰ ਧੱਕੇ ਨਾਲ ਦਸਤਖ਼ਤ ਕਰਾਉਣ ਦੀ ਗੱਲ ’ਤੇ ਖਿਝੇ ਮੈਜਿਸਟਰੇਟ ਨੇ ਪਹਿਲਾਂ ਆਪਣਾ ਗੁੱਸਾ ਲਾਹਿਆ।
“ਪਤਾ ਤਾਂ ਹੈ ਜਨਾਬ! ਸਾਡੇ ਅਫ਼ਸਰ ਵੀ ਮੰਨਣ। ਉਨ੍ਹਾਂ ਨੇ ਕੜਾਕਾ ਚਾੜ੍ਹ ਰੱਖਿਆ ਹੈ। ਜਿਵੇਂ ਮਰਜ਼ੀ ਕਰੋ। ਰਿਪੋਰਟ ਮਨਜ਼ੂਰ ਕਰਵਾ ਕੇ ਲਿਆਓ।”
ਇਕੋ ਸੁਰ ਦੋਵਾਂ ਅਫ਼ਸਰਾਂ ਨੇ ਸਪਸ਼ਟੀਕਰਨ ਦਿੱਤਾ।
“ਮੈਨੂੰ ਵੀ ਬਥੇਰੇ ਫ਼ੋਨ ਆ ਚੁੱਕੇ ਹਨ। ਪੁਲਿਸ ਕਪਤਾਨ ਦਾ ਵੀ ਅਤੇ ਜ਼ਿਲ੍ਹਾ ਅਟਾਰਨੀ ਦਾ ਵੀ। ਮੈਂ ਸਭ ਨੂੰ ਸਮਝਾ ਦਿੱਤੈ। ਹੁਣ ਤੁਸੀਂ ਆਰਾਮ ਨਾਲ ਜਾਓ। ਤੁਹਾਨੂੰ ਕੋਈ ਕੁੱਝ ਨਹੀਂ ਆਖੇਗਾ।”
ਮੈਜਿਸਟਰੇਟ ਨੂੰ ਤਾਜ਼ੀ ਆਈ ਪੇਟੀ ਦੀ ਝੇਪ ਸੀ। ਉਹ ਨਰਮੀ ਨਾਲ ਪੇਸ਼ ਆਉਣ ਲੱਗਾ।
“ਕੋਈ ਹੋਰ ਰਾਹ ਦੱਸੋ। ਤੁਸੀਂ ਕਾਨੂੰਨ ਪੜ੍ਹਦੇ ਰਹਿੰਦੇ ਹੋ।”
ਸਰਕਾਰੀ ਵਕੀਲ ਨੇ ਮੈਜਿਸਟਰੇਟ ਕੋਲੋਂ ਰਹਿਨੁਮਾਈ ਮੰਗੀ।
“ਰਾਹ ਸਿੱਧਾ ਹੈ। ਡਿਸਚਾਰਜ ਕਰਾਉਣ ਵਾਲਾ ਪੰਗਾ ਨਾ ਲਓ। ਸੈਸ਼ਨ ਜੱਜ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਮੁਦਈ ਧਿਰ ਨੂੰ ਬੁਲਾਉਣਾ ਪਊ। ਮੁਦਈ ਨੂੰ ਸੰਮਨ ਜਾਣ ਨਾਲ ਰੌਲਾ ਪੈ ਜਾਊ। ਕੰਮ ਲਟਕ ਜਾਊ। ਚੁੱਪ ਕਰਕੇ ਦੋਸ਼ੀਆਂ ਕੋਲੋਂ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਗਵਾਓ। ਜਵਾਬ ਵਿੱਚ ਉਨ੍ਹਾਂ ਨੂੰ ਬੇ ਕਸੂਰ ਮੰਨੋ। ਫੇਰ ਦਸੋ ਕਿਹੜਾ ਜੱਜ ਜ਼ਮਾਨਤ ਮਨਜ਼ੂਰ ਕਰਨ ਤੋਂ ਨਾਂਹ ਕਰ ਸਕਦਾ ਹੈ। ਇੱਕ ਵਾਰ ਜ਼ਮਾਨਤ ਕਰਵਾ ਕੇ ਬਾਹਰ ਆ ਜਾਣ। ਡਿਸਚਾਰਜ ਰਿਪੋਰਟ ਫੇਰ ਮਨਜ਼ੂਰ ਹੁੰਦੀ ਰਹੂ।”
ਜੱਜ ਦਾ ਮਸ਼ਵਰਾ ਦੋਹਾਂ ਦੇ ਦਿਲ ਲਗ ਗਿਆ।
ਘੜੀ ਯੋਜਨਾ ਅਨੁਸਾਰ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਦਰਖ਼ਾਸਤ ਲਾਈ ਗਈ।
ਜ਼ਮਾਨਤ ਦਾ ਆਧਾਰ ਆਈ.ਜੀ.ਵੱਲੋਂ ਉਨ੍ਹਾਂ ਨੂੰ ਬੇ ਕਸੂਰ ਪਾਇਆ ਜਾਣਾ ਬਣਾਇਆ ਗਿਆ।
ਬਿਨਾਂ ਕਸੂਰ ਤੋਂ ਦੋਸ਼ੀਆਂ ਨੂੰ ਜੇਲ੍ਹ ਵਿੱਚ ਰੱਖਣਾ ਜੁਰਮ ਸੀ।
ਸੈਸ਼ਨ ਜੱਜ ਵੱਲੋਂ ਦੁਪਹਿਰ ਤਕ ਪੁਲਿਸ ਨੂੰ ਸਥਿਤੀ ਸਪੱਸ਼ਟ ਕਰਨ ਦਾ ਹੁਕਮ ਸੁਣਾਇਆ ਗਿਆ।
ਦੁਪਿਹਰ ਬਾਅਦ ਮੁੱਖ ਅਫ਼ਸਰ ਦੇ ਨਾਲ ਨਾਲ ਉਪ ਕਪਤਾਨ ਹਾਜ਼ਰ ਹੋਇਆ।
ਗਜ਼ਟਡ ਅਫ਼ਸਰ ਨੇ ਦੋਹਾਂ ਦੋਸ਼ੀਆਂ ਦੇ ਬੇ ਕਸੂਰ ਹੋਣ ਦੀ ਤਾਈਦ ਕੀਤੀ।
ਝੱਟ ਦਰਖ਼ਾਸਤ ਮਨਜ਼ੂਰ ਹੋ ਗਈ।
ਘੰਟੇ ਦੇ ਅੰਦਰ ਅੰਦਰ ਦੋਵੇਂ ਦੋਸ਼ੀ ਆਪਣੇ ਘਰ ਪੁੱਜ ਗਏ।
-82-
ਵੇਦ ਪਰਿਵਾਰ ਵੱਲੋਂ ਕੁੱਝ ਸੁਰਖ਼ਰੂ ਹੋ ਕੇ ਰਾਮ ਨਾਥ ਨੇ ਪਹਿਲਾਂ ਤਿਣਕਾ ਤਿਣਕਾ ਹੋਇਆ ਆਪਣਾ ਘਰ ਸੰਭਾਲਿਆ। ਫੇਰ ਪਿਛੜੇ ਕੰਮ ਨੂੰ ਲੀਹਾਂ ’ਤੇ ਲਿਆਉਣ ਦਾ ਯਤਨ ਕਰਨ ਲੱਗਾ।
ਉਸ ਦੀਆਂ ਬਹੁਤ ਸਾਰੀਆਂ ਮਿਸਲਾਂ ਅਧੂਰੀਆਂ ਪਈਆਂ ਸਨ। ਆਮ ਸਮੇਂ ਵਿੱਚ ਮਿਸਲਾਂ ਮੁਕੰਮਲ ਨਹੀਂ ਸਨ ਹੋ ਸਕਦੀਆਂ। ਮਿੰਨਤ ਤਰਲਾ ਕਰਕੇ ਉਸਨੇ ਅਦਾਲਤ ਦੇ ਕਲਰਕ ਨੂੰ ਦੇਰ ਤਕ ਬੈਠਣ ਲਈ ਮਨਾਇਆ।
ਕਲਰਕ ਦਾਰੂ ਪੀਂਦਾ ਰਿਹਾ। ਰਾਮ ਨਾਥ ਮਿਸਲਾਂ ਦੇ ਮੁਆਇਨੇ ਕਰਦਾ ਰਿਹਾ।
ਕੰਮ ਨਬੇੜਨ ਦੇ ਲਾਲਚ ਕਾਰਨ ਉਸ ਨੂੰ ਘੜੀ ਦੇਖਣ ਦਾ ਚੇਤਾ ਨਾ ਰਿਹਾ। ਘਰ ਮੁੜਦੇ ਰਾਮ ਨਾਥ ਨੂੰ ਅੱਠ ਵੱਜ ਗਏ।
ਅੱਗੇ ਰੋਣ ਹੱਕੇ ਹੋਏ ਬੱਚੇ ਦਰਵਾਜ਼ਾ ਮੱਲੀ ਖੜ੍ਹੇ ਸਨ। ਰਾਮ ਨਾਥ ਦੇ ਅੰਦਰ ਵੜਦੇ ਹੀ ਉਹ ਉਸ ਨਾਲ ਚੰਬੜ ਕੇ ਉੱਚੀ ਉੱਚੀ ਰੋਣ ਲੱਗੇ।
ਰਾਮ ਨਾਥ ਦਾ ਮੱਥਾ ਠਣਕਿਆ। ਲਗਦਾ ਸੀ ਉਨ੍ਹਾਂ ਨੇ ਕੋਈ ਬੁਰੀ ਖ਼ਬਰ ਸੁਣੀ ਸੀ। ਹੁਣ ਉਹ ਖ਼ਬਰ ਰਾਮ ਨਾਥ ਦੇ ਸੁਣਨ ਦੀ ਵਾਰੀ ਸੀ।
ਝੱਟ ਹੀ ਉਸਨੇ ਆਪਣਾ ਖ਼ਿਆਲ ਦਰੁਸਤ ਕੀਤਾ। ਇਹ ਉਸਦਾ ਵਹਿਮ ਸੀ। ਪਿੱਛੇ ਵੇਦ, ਨੀਲਮ ਅਤੇ ਨੇਹਾ ਸਭ ਠੀਕ ਸਨ। ਫੌਰੀ ਤੌਰ ’ਤੇ ਕਿਸੇ ਦੀ ਸਿਹਤ ਨੂੰ ਕੋਈ ਖ਼ਤਰਾ ਨਹੀਂ ਸੀ।
“ਬੱਚਿਓ ਦੇਰ ਨਾਲ ਆਉਣ ਲਈ ਮੈਨੂੰ ਮੁਆਫ਼ ਕਰੋ। ਪਰ ਇਹ ਮੇਰੀ ਮਜਬੂਰੀ ਸੀ। ਜੇ ਮੈਂ ਫ਼ੋਨ ਕਰਨ ਦੂਰ ਨਿਕਲ ਜਾਂਦਾ ਤਾਂ ਕਲਰਕ ਅਲਮਾਰੀ ਨੂੰ ਜਿੰਦਾ ਲਾ ਕੇ ਘਰ ਨੂੰ ਨਿਕਲ ਜਾਂਦਾ। ਮੇਰਾ ਕੰਮ ਅਧੂਰਾ ਰਹਿ ਜਾਂਦਾ।”
ਰਾਮ ਨਾਥ ਨੇ ਆਪਣੀ ਗ਼ਲਤੀ ਵੀ ਮੰਨੀ ਅਤੇ ਆਪਣੀ ਮਜਬੂਰੀ ਵੀ ਦੱਸੀ।
ਰਾਮ ਨਾਥ ਨੂੰ ਲੱਗਾ ਮਾਪਿਆਂ ਦੀ ਲੰਬੀ ਗ਼ੈਰ ਹਾਜ਼ਰੀ ਕਾਰਨ ਬੱਚਿਆਂ ਦੇ ਦਿਲ ਪਤਲੇ ਹੋ ਗਏ ਸਨ। ਉਨ੍ਹਾਂ ਨੂੰ ਰਾਈ ਵੀ ਪਹਾੜ ਨਜ਼ਰ ਆਉਣ ਲੱਗੀ ਸੀ।
ਰਾਮ ਨਾਥ ਸਮੇਂ ਸਿਰ ਘਰ ਆਉਣ ਦਾ ਆਦੀ ਸੀ। ਲੇਟ ਹੋਣਾ ਹੁੰਦਾ ਉਹ ਸਮੇਂ ਸਿਰ ਫ਼ੋਨ ਕਰ ਦਿੰਦਾ ਸੀ। ਅੱਜ ਉਸ ਤੋਂ ਗ਼ਲਤੀ ਹੋਈ ਸੀ। ਇਸੇ ਲਈ ਬੱਚੇ ਪ੍ਰੇਸ਼ਾਨ ਸਨ।
ਰਾਮ ਨਾਥ ਦੀ ਗ਼ੈਰ ਹਾਜ਼ਰੀ ਕਾਰਨ ਬੱਚਿਆਂ ਨਾਲੋਂ ਵੱਧ ਉਨ੍ਹਾਂ ਦੀ ਮੰਮੀ ਪ੍ਰੇਸ਼ਾਨ ਸੀ। ਤਿੰਨ ਘੰਟਿਆਂ ਤੋਂ ਉਸਦੇ ਵਾਰ ਵਾਰ ਫ਼ੋਨ ਆ ਰਹੇ ਸਨ। ਰਾਮ ਨਾਥ ਦੇ ਘਰ ਨਾ ਪੁਜਣ ਕਾਰਨ ਸੰਗੀਤਾ ਨੂੰ ਲਗਦਾ ਸੀ ਦੁਸ਼ਮਣਾਂ ਨੇ ਉਸਨੂੰ ਘਰ ਮੁੜਨ ਜੋਗਾ ਨਹੀਂ ਸੀ ਛੱਡਿਆ। ਬੱਚੇ ਮਾਂ ਦੇ ਕਹਿਣ ’ਤੇ ਥਾਂ ਥਾਂ ਫ਼ੋਨ ਘੁਮਾ ਕੇ ਥੱਕ ਚੁੱਕੇ ਸਨ। ਉਨ੍ਹਾਂ ਦਾ ਪਾਪਾ ਕਿਸੇ ਦੇ ਘਰ ਨਹੀਂ ਸੀ। ਬੱਚਿਆਂ ਨੇ ਸ਼ਹਿਰ ਦਾ ਚੱਪਾ ਚੱਪਾ ਛਾਣ ਦਿੱਤਾ। ਉਨ੍ਹਾਂ ਦੇ ਪਿਉ ਨੂੰ ਕਿਸੇ ਨੇ ਨਹੀਂ ਸੀ ਦੇਖਿਆ। ਹਰ ਫ਼ੋਨ ਬਾਅਦ ਸੰਗੀਤਾ ਹੋਰ ਪ੍ਰੇਸ਼ਾਨ ਹੋ ਜਾਂਦੀ ਸੀ।
ਕੁੱਝ ਦੇਰ ਤੋਂ ਫ਼ੋਨ ਬੰਦ ਸੀ। ਬੱਚੇ ਮੰਮੀ ਅਤੇ ਪਾਪਾ ਦੋਹਾਂ ਲਈ ਪ੍ਰੇਸ਼ਾਨ ਸਨ।
ਸੰਗੀਤਾ ਦੀ ਚਿੰਤਾ ਜਾਇਜ਼ ਸੀ। ਭੈੜੇ ਦਿਨਾਂ ਵਿੱਚ ਭੈੜੇ ਖ਼ਿਆਲ ਆਉਣੇ ਸੁਭਾਵਕ ਸਨ।
ਪਤਨੀ ਦੀ ਚਿੰਤਾ ਦੂਰ ਕਰਨ ਲਈ ਰਾਮ ਨਾਥ ਨੇ ਸੰਗੀਤਾ ਨੂੰ ਫ਼ੋਨ ਕੀਤਾ।
ਬੱਚਿਆਂ ਵਾਂਗ ਸੰਗੀਤਾ ਵੀ ਉੱਚੀ ਉੱਚੀ ਰੋਣ ਲੱਗੀ।
ਸੰਗੀਤਾ ਨੇ ਜੋ ਖ਼ਬਰ ਸੁਣਾਈ ਉਹ ਸੱਚਮੁੱਚ ਸੁੰਨ ਕਰਨ ਵਾਲੀ ਸੀ।
ਪੁਲਿਸ ਨੇ ਦੋਵਾਂ ਭਰਾਵਾਂ ਨੂੰ ਬੇ ਕਸੂਰ ਸਾਬਤ ਕਰਕੇ ਰਿਪੋਰਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਸੀ। ਅਦਾਲਤ ਨੇ ਦਰਖ਼ਾਸਤ ਮਨਜ਼ੂਰ ਕਰਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ।
ਦੋਸ਼ੀਆਂ ਦੇ ਘਰ ਵਿਆਹ ਵਰਗਾ ਜਸ਼ਨ ਚੱਲ ਰਿਹਾ ਸੀ।
ਕੋਈ ਸ਼ਰਾਬੀ ਸੰਗੀਤਾ ਨੂੰ ਵਾਰ ਵਾਰ ਫ਼ੋਨ ਕਰ ਰਿਹਾ ਸੀ। ਉਹ ਆਖ ਰਿਹਾ ਸੀ — “ਕਿਉਂ ਕਰਵਾ ਲਈ ਭਣੋਈਆਂ ਨੂੰ ਸਜ਼ਾ?”
ਫੇਰ ਆਖਦਾ ਸੀ — “ਆਪਣੇ ਵਕੀਲ ਨੂੰ ਸੰਭਾਲ ਕੇ ਰੱਖੀਂ।”
ਸੰਗੀਤਾ ਡਰ ਰਹੀ ਸੀ। ਦੁਸ਼ਮਣਾਂ ਦੇ ਹੱਥ ਲੰਬੇ ਸਨ। ਕਿਧਰੇ ਉਨ੍ਹਾਂ ਦੇ ਬੰਦਿਆਂ ਨੇ ਰਾਮ ਨਾਥ ਦੇ ਸ਼ਹਿਰ ਵਿੱਚ ਹੀ ਕੋਈ ਭਾਣਾ ਨਾ ਵਰਤਾ ਦਿੱਤਾ ਹੋਵੇ?
ਸੰਗੀਤਾ ਨੂੰ ਹਮਦਰਦਾਂ ਰਾਹੀਂ ਸੂਹਾਂ ਮਿਲ ਰਹੀਆਂ ਸਨ। ਪੰਕਜ ਹੋਰਾਂ ਦੀਆਂ ਅੱਖਾਂ ਵਿੱਚ ਰਾਮ ਨਾਥ ਸਭ ਤੋਂ ਵੱਧ ਰੜਕਦਾ ਸੀ। ਰਾਮ ਨਾਥ ਜੇ ਮੁਕੱਦਮੇ ਦੀ ਪੈਰਵਾਈ ਨਾ ਕਰਦਾ ਪੁਲਿਸ ਨੂੰ ਉਨ੍ਹਾਂ ਤੇ ਸ਼ੱਕ ਨਹੀਂ ਸੀ ਹੋਣਾ। ਜੇ ਸ਼ੱਕ ਦੀ ਕੋਈ ਛੋਟੀ ਮੋਟੀ ਬੱਦਲੀ ਉੱਠਦੀ ਵੀ ਉਨ੍ਹਾਂ ਨੇ ਪੈਸੇ ਦੇ ਸੇਕ ਨਾਲ ਉਸਨੂੰ ਖਿੰਡਾ ਦੇਣਾ ਸੀ। ਉਨ੍ਹਾਂ ਦੀ ਬਰਬਾਦੀ ਦੀ ਜੜ੍ਹ ਰਾਮ ਨਾਥ ਸੀ।
ਪੰਕਜ ਦੇ ਸਮਰਥਕਾਂ ਨੂੰ ਪੂਰਾ ਭਰੋਸਾ ਸੀ ਜੇ ਰਾਮ ਨਾਥ ਟੰਗ ਨਾ ਅੜਾਉਂਦਾ ਤਾਂ ਹੁਣ ਤਕ ਵੇਦ ਨੇ ਕਦੋਂ ਦਾ ਸਮਝੌਤੇ ਲਈ ਮੰਨ ਜਾਣਾ ਸੀ।
ਪੰਕਜ ਦੇ ਦੋਸਤ ਰਾਮ ਨਾਥ ਨੂੰ ਸਿੱਧੇ ਸੁਨੇਹੇ ਭੇਜ ਰਹੇ ਸਨ। ਪੰਕਜ ਨੂੰ ਹੋਰ ਨੁਕਸਾਨ ਹੋਇਆ ਤਾਂ ਰਾਮ ਨਾਥ ਨੂੰ ਸਬਕ ਸਿਖਾਇਆ ਜਾ ਸਕਦਾ ਸੀ।
ਸੰਗੀਤਾ ਡਰ ਰਹੀ ਸੀ ਜੇਲ੍ਹੋਂ ਛੁੱਟ ਕੇ ਦੁਸ਼ਮਨਾਂ ਦੇ ਹੌਸਲੇ ਬੁਲੰਦ ਹੋ ਗਏ ਸਨ।
ਉਹ ਕੋਈ ਵੀ ਕਾਰਾ ਕਰ ਸਕਦੇ ਸਨ।
ਸੰਗੀਤਾ ਦੀਆਂ ਗੱਲਾਂ ਸੁਣ ਕੇ ਇੱਕ ਵਾਰ ਰਾਮ ਨਾਥ ਧੁਰ ਅੰਦਰ ਤਕ ਕੰਬ ਗਿਆ।
ਉਸਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇਣ ਲੱਗੀ। ਪਹਿਲਾਂ ਭਾੜੇ ਦੇ ਟੱਟੂਆਂ ਰਾਹੀਂ ਵੇਦ ਪਰਿਵਾਰ ਉਪਰ ਹਮਲਾ ਹੋ ਚੁੱਕਾ ਸੀ। ਸਾਰਾ ਦਸ ਲੱਖ ਦਾ ਮਾਮਲਾ ਸੀ। ਰਾਮ ਨਾਥ ਉਨ੍ਹਾਂ ਲਈ ਮਹਿੰਗਾ ਸਾਬਤ ਹੋ ਰਿਹਾ ਸੀ। ਰਾਮ ਨਾਥ ਨੂੰ ਪਰ੍ਹੇ ਹਟਾਉਣ ਲਈ ਉਹ ਉਸਨੂੰ ਕਿਸੇ ਬੱਸ ਜਾਂ ਟਰੱਕ ਹੇਠ ਦੇ ਕੇ ਕੁਚਲ ਸਕਦੇ ਸਨ।
ਪੰਕਜ ਦੇ ਵਕੀਲਾਂ ਨੇ ਪੰਕਜ ਨੂੰ ਸਮਝਾਇਆ ਹੋਏਗਾ। ਇਹ ਨਾ ਸਮਝੋ ਤੁਸੀਂ ਪੱਕੇ ਬਰੀ ਹੋ ਗਏ। ਹਾਲੇ ਤਲਵਾਰ ਸਿਰ ’ਤੇ ਲਟਕਦੀ ਸੀ। ਅਦਾਲਤ ਉਨ੍ਹਾਂ ਨੂੰ ਤਲਬ ਕਰਕੇ ਉਨ੍ਹਾਂ ’ਤੇ ਮੁਕੱਦਮਾ ਚਲਾ ਸਕਦੀ ਸੀ। ਸਬੂਤ ਜੇ ਮਿਸਲ ’ਤੇ ਆ ਗਏ ਤਾਂ ਸਜ਼ਾ ਵੀ ਹੋ ਸਕਦੀ ਸੀ। ਜੇ ਪੂਰੀ ਤਰ੍ਹਾਂ ਸੁਰਖ਼ਰੂ ਹੋਣਾ ਹੈ ਤਾਂ ਇੱਕ ਹੂਲਾ ਹੋਰ ਫ਼ੱਕੋ। ਮਿਸਲ ’ਤੇ ਸਬੂਤ ਲਿਆਉਣ ਵਾਲੇ ਦਾ ਖੁਰਾ ਮਿਟਾ ਦੇਵੋ।
ਰਾਮ ਨਾਥ ਖ਼ੁਦ ਆਪਣੇ ਸਾਇਲਾਂ ਨੂੰ ਕਈ ਵਾਰ ਅਜਿਹੀ ਰਾਏ ਦੇ ਚੁੱਕਾ ਸੀ। ਮੁਦਈ ਨਾਲੋਂ ਪੈਰਵਾਈ ਕਰਨ ਵਾਲਾ ਵੱਧ ਖ਼ਤਰਨਾਕ ਹੁੰਦਾ ਹੈ। ਪੈਰਵਾਈ ਕਰਨ ਵਾਲੇ ਨੂੰ ਦੋਸ਼ੀ ਬਣਾ ਕੇ ਪਰਚੇ ਵਿੱਚ ਉਲਝਾ ਦੇਵੋ। ਆਪਣਾ ਖਹਿੜਾ ਛੁਡਾਉਂਦਾ ਛੁਡਾਉਂਦਾ ਉਹ ਆਪੇ ਮੁਦਈ ਨੂੰ ਭੁੱਲ ਜਾਏਗਾ।
ਇਹ ਫਾਰਮੂਲਾ ਰਾਮ ਨਾਥ ਉਪਰ ਵੀ ਵਰਤਿਆ ਜਾ ਸਕਦਾ ਸੀ।
ਰਾਮ ਨਾਥ ਨੂੰ ਪਹਿਲੀ ਵਾਰ ਆਪਣੀ ਜਾਨ ਨੂੰ ਖ਼ਤਰਾ ਮਹਿਸੂਸ ਹੋਇਆ। ਜੇ ਬੰਦੇ ਇੰਨੇ ਖ਼ਤਰਨਾਕ ਕੇਸ ਅਤੇ ਇੰਨੇ ਠੋਸ ਸਬੂਤਾਂ ਦੇ ਹੁੰਦੇ ਹੋਏ ਆਪਣੇ ਆਪ ਨੂੰ ਬੇ ਕਸੂਰ ਸਾਬਤ ਕਰਵਾ ਸਕਦੇ ਹਨ ਤਾਂ ਉਹ ਰਾਮ ਨਾਥ ਵਰਗਾ ਜ਼ਹਿਰੀਲਾ ਕੰਡਾ ਕੱਢਣ ਲਈ ਕੁੱਝ ਵੀ ਕਰ ਸਕਦੇ ਸਨ।
ਰਾਮ ਨਾਥ ਅੱਗੇ ਸੰਗੀਤਾ ਪਹਿਲਾਂ ਵੀ ਕਈ ਵਾਰ ਵਾਸਤੇ ਪਾ ਚੁੱਕੀ ਸੀ। ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਉਹ ਲੜਾਈ ਵਿਚੋਂ ਇੱਕ ਪਾਸੇ ਹਟ ਜਾਵੇ।
ਹੋਰ ਕਿਹੜਾ ਰਿਸ਼ਤੇਦਾਰ ਨਹੀਂ। ਹੋਰ ਕੋਈ ਦੁਸ਼ਮਨਾਂ ਦੀ ਅੱਖ ਵਿੱਚ ਨਹੀਂ ਸੀ ਰੜਕਦਾ।
ਰਾਮ ਨਾਥ ਨੂੰ ਕੀ ਚੱਟੀ ਪਈ ਸੀ?
ਹੋਰਾਂ ਨੇ ਮੂੰਹ ’ਤੇ ਮਿੱਟੀ ਮਲ ਲਈ ਤਾਂ ਮਲ ਲੈਣ। ਰਾਮ ਨਾਥ ਆਪਣੀ ਜ਼ਮੀਰ ਨਹੀਂ ਸੀ ਵੇਚ ਸਕਦਾ। ਸਮਝੌਤਾ ਕਰਨਾ ਹੈ ਜਾਂ ਨਹੀਂ। ਇਸ ਦਾ ਫੈਸਲਾ ਵੇਦ ਅਤੇ ਨੀਲਮ ਨੇ ਕਰਨਾ ਸੀ। ਹਾਲੇ ਬਿਮਾਰੀ ਅਤੇ ਦੁੱਖ ਨੇ ਉਨ੍ਹਾਂ ਦੀ ਮੱਤ ਮਾਰੀ ਹੋਈ ਸੀ।
ਉਹ ਆਜ਼ਾਦ ਮਰਜ਼ੀ ਨਾਲ ਗੱਲ ਕਰਨ ਦੇ ਯੋਗ ਨਹੀਂ ਸਨ। ਜਦੋਂ ਉਹ ਇਸ ਯੋਗ ਹੋ ਗਏ ਰਾਮ ਨਾਥ ਪਾਸੇ ਹਟ ਜਾਏਗਾ। ਓਨਾ ਚਿਰ ਉਹ ਆਪਣਾ ਫਰਜ਼ ਨਿਭਾਉਂਦਾ ਰਹੇਗਾ।
ਰਾਮ ਨਾਥ ਨੂੰ ਪਤਾ ਸੀ ਦੁਸ਼ਮਨਾਂ ਦਾ ਪੱਲੜਾ ਭਾਰੀ ਸੀ। ਉਨ੍ਹਾਂ ਨੇ ਸੋਨੇ ਦੇ ਵੱਟੇ ਪਾ ਪਾ ਸੂਈ ਆਪਣੇ ਵੱਲ ਝੋਕ ਲਈ ਸੀ। ਪਰ ਰਾਮ ਨਾਥ ਸੱਚ ਹੱਕ ਦੀ ਲੜਾਈ ਲੜ ਰਿਹਾ ਸੀ। ਉਹ ਕਾਇਰਾਂ ਵਾਂਗ ਪਿੱਛੇ ਹੱਟ ਕੇ ਦੋਸ਼ੀਆਂ ਨੂੰ ਬਰੀ ਹੋਣ ਵਿੱਚ ਸਹਾਈ ਨਹੀਂ ਸੀ ਹੋ ਸਕਦਾ। ਕੱਲ੍ਹ ਨੂੰ ਰਾਮ ਨਾਥ ਜਾਂ ਉਸਦੀ ਭੈਣ ਨੂੰ ਪਛਤਾਵਾ ਤੇ ਨਹੀਂ ਹੋਏਗਾ ਕਿ ਉਹ ਆਪਣੇ ਮਾਸੂਮ ਬੱਚੇ ਦੇ ਕਤਲ ਜਾਂ ਅਨਭੋਲ ਬੇਟੀ ਦੀ ਲੜਾਈ ਨਹੀਂ ਲੜੇ।
ਰਾਮ ਨਾਥ ਨੇ ਦੂਜਿਆਂ ਦੀ ਇਜ਼ਤ ਰੋਲਣ ਵਾਲੇ ਪੰਕਜ ਹੋਰਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ। ਉਨ੍ਹਾਂ ਨੂੰ ਹਵਾਲਾਤ ਦੀ ਹਵਾ ਖਵਾ ਦਿੱਤੀ ਸੀ। ਰਾਮ ਨਾਥ ਮਨ ਦੀ ਤਸੱਲੀ ਲਈ ਲੜ ਰਿਹਾ ਸੀ। ਲੜ ਕੇ ਹਾਰਨਾ ਹਾਰ ਨਹੀਂ ਸੀ। ਇਨਸਾਫ਼ ਲਈ ਲੜਦਾ ਜੇ ਉਹ ਮਰ ਜਾਵੇ ਇਸਦੀ ਉਸਨੂੰ ਪਰਵਾਹ ਨਹੀਂ ਸੀ।
ਰਾਮ ਨਾਥ ਨੇ ਆਪਣਾ ਮਨ ਸੰਗੀਤਾ ਅੱਗੇ ਖੋਲ੍ਹ ਕੇ ਰੱਖ ਦਿੱਤਾ। ਉਸਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ। ਅੱਗੇ ਤੋਂ ਉਹ ਉਸਦੇ ਰਾਹ ਦਾ ਰੋੜਾ ਨਾ ਬਣੇ। ਉਹ ਪਿੱਛੇ ਹਟਣ ਵਾਲਾ ਨਹੀਂ ਸੀ।
ਸੰਗੀਤਾ ਨੇ ਫੇਰ ਉਸਨੂੰ ਤਾੜਿਆ। ਉਹ ਇਕੱਲਾ ਨਾ ਆਵੇ। ਆਪਣੀ ਬੰਦੂਕ ਨਾਲ ਲਿਆਵੇ। ਦੋ ਤਿੰਨ ਦੋਸਤ ਨਾਲ ਲੈ ਆਵੇ। ਭੂਤਰੇ ਗੁੰਡਿਆਂ ਦਾ ਕੋਈ ਭਰੋਸਾ ਨਹੀਂ ਸੀ। ਰਾਤ ਨੂੰ ਨੀਲਮ ਦੇ ਘਰ ’ਤੇ ਹਮਲਾ ਕਰ ਦੇਣ।
ਸੰਗੀਤਾ ਦੀ ਇਹ ਤਜਵੀਜ਼ ਰਾਮ ਨਾਥ ਨੇ ਸਿਰ ਮੱਥੇ ਮੰਨ ਲਈ। ਉਸਨੇ ਆਪਣੀ ਬੰਦੂਕ ਕੱਢੀ। ਰੌਂਦ ਭਰੇ। ਨਾਲੇ ਦੋਸਤਾਂ ਨੂੰ ਫ਼ੋਨ ਕੀਤੇ। ਆਪਣਾ ਆਪਣਾ ਅਸਲਾ ਲੈ ਕੇ ਆ ਜਾਓ!
-83-
ਰਸਤੇ ਵਿੱਚ ਦੋਸਤ ਹਰ ਪਹਿਲੂ ਨੂੰ ਵਿਚਾਰਣ ਲੱਗੇ।
ਪੰਕਜ ਹੋਰਾਂ ਤੋਂ ਬਹੁਤਾ ਡਰਨ ਦੀ ਜ਼ਰੂਰਤ ਨਹੀਂ ਸੀ। ਉਹ ਪੇਸ਼ਾਵਰ ਮੁਲਜ਼ਮ ਨਹੀਂ ਸਨ। ਪਹਿਲਾਂ ਹੀ ਉਨ੍ਹਾਂ ਦੀ ਘੀਸੀ ਹੋ ਚੁੱਕੀ ਸੀ। ਮਸਾਂ ਉਹ ਬਾਹਰ ਆਏ ਸਨ। ਦੋਬਾਰਾ ਪੰਗਾ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਗੇ। ਉਨ੍ਹਾਂ ਦੇ ਰਿਸ਼ਤੇਦਾਰ ਅਮੀਰ ਜ਼ਰੂਰ ਸਨ।
ਪਰ ਉਹ ਉਨ੍ਹਾਂ ਨੂੰ ਦੋਬਾਰਾ ਅਜਿਹੇ ਸੰਗੀਨ ਜੁਰਮ ਵਿੱਚ ਫਸਣ ਦੀ ਸਲਾਹ ਨਹੀਂ ਦੇਣਗੇ।
ਹੁਣ ਵੇਦ ਪਰਿਵਾਰ ਦਾ ਮਾਇਆ ਨਗਰ ਵਿੱਚ ਰਹਿਣਾ ਠੀਕ ਨਹੀਂ ਸੀ। ਮੁਕੱਦਮਾ ਲਟਕ ਗਿਆ ਸੀ। ਪਹਿਲਾਂ ਨੀਰਜ ਹੋਰਾਂ ਨੂੰ ਤਲਬ ਕਰਾਉਣ ਦੀ ਕਾਰਵਾਈ ਹੋਣੀ ਸੀ।
ਪੰਕਜ ਹੋਰਾਂ ਨੇ ਹਰ ਹੀਲੇ ਕਟਹਿਰੇ ਵਿੱਚ ਖੜੋਨੋਂ ਬਚਣਾ ਸੀ। ਅਪੀਲਾਂ ਉਪਰ ਤਕ ਹੋਣੀਆਂ ਸਨ।
ਮਾਇਆ ਨਗਰ ਵਿੱਚ ਚਲਦੀ ਦਾ ਨਾਂ ਗੱਡੀ ਸੀ। ਹਫ਼ਤਾ ਹਫ਼ਤਾ ਗੁਆਂਢੀ ਉਨ੍ਹਾਂ ਦੇ ਘਰ ਪੈਰ ਨਹੀਂ ਸਨ ਪਾਉਂਦੇ। ਇਥੇ ਇਕੱਲੇ ਬੈਠੇ ਪਰਿਵਾਰ ਨੇ ਪਾਗ਼ਲ ਹੋ ਜਾਣਾ ਸੀ।
ਕਿਉਂ ਨਾ ਵੇਦ ਪਰਿਵਾਰ ਨੂੰ ਸ਼ਹਿਰ ਲੈ ਆਂਦਾ ਜਾਵੇ? ਦੋਹਾਂ ਪਰਿਵਾਰਾਂ ਵਿੱਚ ਤਨਾਅ ਖੜ੍ਹਾ ਨਾ ਹੋਵੇ, ਇਸ ਲਈ ਮਕਾਨ ਵੱਖਰਾ ਲੈ ਲਿਆ ਜਾਵੇ।
ਵੇਦ ਅਤੇ ਨੇਹਾ ਪਹਿਲਾਂ ਹੀ ਮਾਇਆ ਨਗਰ ਤੋਂ ਉਪਰਾਮ ਹੋਏ ਬੈਠੇ ਸਨ। ਇਹ ਤਜਵੀਜ਼ ਉਨ੍ਹਾਂ ਨੂੰ ਬਹੁਤ ਰਾਸ ਆਏਗੀ।
ਪਰ ਵੇਦ ਰਾਮ ਨਾਥ ਦੇ ਸ਼ਹਿਰ ਦੀ ਥਾਂ ਆਪਣੀ ਮਾਤ ਭੂਮੀ ਜਾਣਾ ਚਾਹੁੰਦਾ ਸੀ।
ਉੱਥੇ ਪੁਰਾਣਾ ਘਰ ਵੀ ਸੀ ਅਤੇ ਯਾਰ ਦੋਸਤ ਵੀ। ਉਥੇ ਸਮੇਂ ਨੂੰ ਧੱਕੇ ਆਸਾਨੀ ਨਾਲ ਦਿੱਤੇ ਜਾ ਸਕਦੇ ਸਨ।
ਵੇਦ ਦਾ ਆਪਣੇ ਸ਼ਹਿਰ ਰਹਿਣਾ ਇੰਨਾ ਸੁਖਾਲਾ ਨਹੀਂ ਸੀ। ਸਾਰੇ ਜੀਆਂ ਨੂੰ ਡਾਕਟਰੀ ਸਹਾਇਤਾ ਦੀ ਜ਼ਰੂਰਤ ਸੀ। ਨੇਹਾ ਨੂੰ ਆਪਣੇ ਹਾਣ ਦਾ ਸਾਥ ਚਾਹੀਦਾ ਸੀ।
ਵੇਦ ਦੇ ਸ਼ਹਿਰ ਵਿੱਚ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਯਾਰਾਂ ਦੋਸਤਾਂ ਦਾ ਮਹੀਨੇ ਵੀਹ ਦਿਨ ਬਾਅਦ ਹਸਪਤਾਲ ਜਾਂ ਘਰ ਗੇੜਾ ਮਾਰ ਜਾਣਾ ਹੋਰ ਗੱਲ ਸੀ।
ਹਰ ਰੋਜ਼ ਮੋਢਿਆਂ ’ਤੇ ਚੁੱਕ ਕੇ ਹਸਪਤਾਲ ਲਿਜਾਣਾ ਹੋਰ ਗੱਲ।
ਸਿਰ ’ਤੇ ਮੁਕੱਦਮਾ ਖੜ੍ਹਾ ਸੀ। ਆਪਣਿਆਂ ਤੋਂ ਖ਼ਤਰਾ ਸੀ।
ਵੇਦ ਦੀ ਫੈਸਲੇ ਕਰਨ ਦੀ ਸ਼ਕਤੀ ਜਿਵੇਂ ਨਸ਼ਟ ਹੋ ਚੁੱਕੀ ਸੀ। ਰਾਮ ਨਾਥ ਜੋ ਸੋਚ ਰਿਹਾ ਸੀ ਉਹ ਠੀਕ ਹੋਏਗਾ। ਸੋਚਦੇ ਅਤੇ ਇਹ ਆਖਦੇ ਵੇਦ ਨੇ ਹਾਂ ਕਰ ਦਿੱਤੀ।
“ਬਸ ਮਾਇਆ ਨਗਰ ਤੋਂ ਖਹਿੜਾ ਛੁਡਾ ਦਿਓ। ਫੇਰ ਭਾਵੇਂ ਨਰਕ ਵਿੱਚ ਸੁੱਟ ਦਿਓ।”
ਰਾਤ ਨੂੰ ਉਨ੍ਹਾਂ ਨੇ ਚੁਣਵਾਂ ਚੁਣਵਾਂ ਸਮਾਨ ਬੰਨ੍ਹਿਆ।
ਸਵੇਰ ਨੂੰ ਮਾਇਆ ਨਗਰ ਨੂੰ ਮੱਥਾ ਟੇਕ ਦਿੱਤਾ। ਭਾਗ ਤੀਜਾ ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿੱਚ, ਸੱਚ ਨੂੰ ਕੋਈ ਫਰਕ ਨਹੀਂ ਪੈਂਦਾ, ਇਨ੍ਹਾਂ ਦੁਖਦੇ ਅੰਗਾਂ ’ਤੇ ਸੱਚ ਨੇ ਇੱਕ ਜੂਨ ਭੋਗੀ ਹੈ।
(ਪਾਸ਼)
-84-
ਥਾਣੇ ਵੱਲੋਂ ਰਾਮ ਨਾਥ ਨੂੰ ਸੁਨੇਹੇ ’ਤੇ ਸੁਨੇਹਾ ਆ ਰਿਹਾ ਸੀ।
ਪਹਿਲੇ ਦੋਸ਼ੀ ਨੂੰ ਗ੍ਰਿਫ਼ਤਾਰ ਹੋਇਆਂ ਨੱਬੇ ਦਿਨ ਹੋਣ ਵਾਲੇ ਸਨ। ਨੱਬੇ ਦਿਨ ਪੂਰੇ ਹੁੰਦਿਆਂ ਹੀ ਉਸਦੀ ਜ਼ਮਾਨਤ ਹੋ ਜਾਣੀ ਸੀ। ਮੁਦਈ ਧਿਰ ਦਾ ਕੋਈ ਨੁਮਾਇੰਦਾ ਮਾਇਆ ਨਗਰ ਆਵੇ। ਤਫ਼ਤੀਸ਼ੀ ਅਤੇ ਸਰਕਾਰੀ ਵਕੀਲ ਨੂੰ ਮਿਲ ਕੇ ਮੁਕੱਦਮੇ ਦੀਆਂ ਕਮੀਆਂ ਪੇਸ਼ੀਆਂ ਦੂਰ ਕਰਵਾਵੇ।
ਪਹਿਲਾ ਸੁਨੇਹਾ ਫ਼ੋਨ ’ਤੇ ਆਇਆ ਸੀ।
ਰਾਮ ਨਾਥ ਘੇਸਲ ਵੱਟ ਗਿਆ।
ਚਲਾਨ ਪਾਸ ਕਰਾਉਣ ਦਾ ਮਤਲਬ ਸੀ ਸਰਕਾਰੀ ਵਕੀਲਾਂ ਦੀਆਂ ਜੇਬਾਂ ਭਰਨਾ।
ਪੁਲਿਸ ਮੁੱਖ ਦੋਸ਼ੀਆਂ ਨੂੰ ਮੁਕੱਦਮੇ ਵਿਚੋਂ ਕੱਢ ਚੁੱਕੀ ਸੀ। ਇਸ ਕਾਰਨ ਉਸਦੇ ਮਨ ਵਿੱਚ ਗੁੱਸਾ ਸੀ। ਬਾਕੀ ਦੋਸ਼ੀਆਂ ਵਿਰੁਧ ਜਿੰਨੇ ਕੁ ਸਬੂਤ ਮਿਸਲ ’ਤੇ ਆ ਸਕਦੇ ਸਨ ਆ ਚੁੱਕੇ ਸਨ। ਸਰਕਾਰੀ ਵਕੀਲਾਂ ਕੋਲੋਂ ਟੋਟਣੀ ਗੰਜੀ ਕਰਵਾ ਕੇ ਰਾਮ ਨਾਥ ਨੂੰ ਕੁੱਝ ਪੱਲੇ ਪੈਂਦਾ ਨਜ਼ਰ ਨਹੀਂ ਸੀ ਆ ਰਿਹਾ।
ਰਾਮ ਨਾਥ ਦਾ ਘੇਸਲ ਵੱਟਣ ਦਾ ਇੱਕ ਕਾਰਨ ਹੋਰ ਵੀ ਸੀ। ਨੱਬੇ ਦਿਨਾਂ ਦੇ ਅੰਦਰ ਅੰਦਰ ਪੁਲਿਸ ਨੂੰ ਚਲਾਨ ਪੇਸ਼ ਕਰਨਾ ਹੀ ਪੈਣਾ ਸੀ। ਅਣਗਹਿਲੀ ਦੀ ਸੂਰਤ ਵਿੱਚ ਸੰਬੰਧਤ ਪੁਲਿਸ ਅਫ਼ਸਰ ਦੀ ਜਵਾਬ ਤਲਬੀ ਹੋਣੀ ਸੀ। ਆਪਣੀ ਖੱਜਲ ਖੁਆਰੀ ਤੋਂ ਬਚਣ ਲਈ ਥਾਣੇਦਾਰ ਮੁਦਈ ਧਿਰ ਕੋਲੋਂ ਸਰਕਾਰੀ ਵਕੀਲ ਦੀ ਸੇਵਾ ਕਰਾਉਣੀ ਚਾਹੁੰਦਾ ਸੀ।
ਥਾਣੇਦਾਰ ਆਪਣੀ ਬਣੀ ਆਪ ਨਬੇੜੇ। ਰਾਮ ਨਾਥ ਨੂੰ ਕੀ?
ਦੂਜੀ ਵਾਰ ਸੁਨੇਹਾ ਸਿਪਾਹੀ ਹੱਥ ਆਇਆ। ਪਹਿਲਾ ਮੁੱਖ ਅਫ਼ਸਰ ਬਦਲ ਚੁੱਕਾ ਸੀ। ਜਾਣ ਬੁਝ ਕੇ ਉਹ ਮੁਕੱਦਮੇ ਵਿੱਚ ਬਹੁਤ ਕਮੀਆਂ ਛੱਡ ਗਿਆ ਸੀ। ਸਮੇਂ ਸਿਰ ਖ਼ਾਮੀਆਂ ਦੂਰ ਨਾ ਹੋਈਆਂ ਤਾਂ ਦੋਸ਼ੀਆਂ ਨੇ ਬਰੀ ਹੋ ਜਾਣਾ ਸੀ। ਸਮਾਂ ਹੱਥੋਂ ਨਿਕਲ ਜਾਣ ‘ਤੇ ਮੁੱਖ ਅਫ਼ਸਰ ਨੂੰ ਦੋਸ਼ ਨਾ ਦਿੱਤਾ ਜਾਵੇ।
ਸਹੀ ਚਲਾਨ ਪੇਸ਼ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਸੀ। ਰਹਿ ਗਈਆਂ ਕਮੀਆਂ ਨੂੰ ਫੜਨਾ ਸਰਕਾਰੀ ਵਕੀਲ ਦਾ ਫਰਜ਼ ਸੀ। ਸਰਕਾਰੀ ਵਕੀਲ ਇਸ ਫਰਜ਼ ਨੂੰ ਨਿਭਾਉਣ ਦੇ ਪੈਸੇ ਲੈਂਦਾ ਸੀ। ਰਾਮ ਨਾਥ ਜਦੋਂ ਕਿਸੇ ਮੁਦਈ ਧਿਰ ਦੀ ਪੈਰਵਾਈ ਲਈ ਵਕੀਲ ਨਿਯੁਕਤ ਹੁੰਦਾ ਸੀ ਤਾਂ ਉਹ ਆਪਣੇ ਸਾਇਲ ਨੂੰ ਸਰਕਾਰੀ ਵਕੀਲ ਨੂੰ ਮਿਲਣ ਦੀ ਸਲਾਹ ਦਿੰਦਾ ਸੀ। ਆਪਣੀ ਫ਼ੀਸ ਲੈ ਕੇ ਸਰਕਾਰੀ ਵਕੀਲ ਮਿਸਲ ਰਾਮ ਨਾਥ ਦੇ ਅੱਗੇ ਰੱਖ ਦਿੰਦਾ ਸੀ। ਰਾਮ ਨਾਥ ਮਿਸਲ ਨੂੰ ਘੋਖਦਾ ਸੀ। ਜੋ ਜੋ ਖ਼ਾਮੀਆਂ ਰਾਮ ਨਾਥ ਫੜਦਾ ਸੀ ਸਰਕਾਰੀ ਵਕੀਲ ਉਨ੍ਹਾਂ ਨੂੰ ਪੂਰਾ ਕਰਵਾ ਦਿੰਦਾ ਸੀ। ਸਾਇਲ ਦੇ ਖ਼ਰਚੇ ਪੈਸੇ ਅਜਾਈਂ ਨਹੀਂ ਸਨ ਜਾਂਦੇ। ਬਹੁਤ ਸਾਰੀਆਂ ਕਮੀਆਂ ਦੂਰ ਹੋਣ ਨਾਲ ਮੁਕੱਦਮੇ ਦਾ ਮੂੰਹ ਮੁਹਾਂਦਰਾ ਬਣ ਜਾਂਦਾ ਸੀ।
ਦੂਸਰਿਆਂ ਨੂੰ ਸਲਾਹ ਦੇਣ ਵਾਲਾ ਇੱਕ ਵਕੀਲ ਖ਼ੁਦ ਸਰਕਾਰੀ ਵਕੀਲ ਨੂੰ ਮਿਲਣ ਤੋਂ ਕਤਰਾ ਰਿਹਾ ਸੀ।
ਸੁਨੇਹਾ ਲੈ ਕੇ ਆਉਣ ਵਾਲੇ ਸਿਪਾਹੀ ਤੋਂ ਰਾਮ ਨਾਥ ਨੇ ਹੋਣ ਵਾਲੇ ਖ਼ਰਚੇ ਦਾ ਜਾਇਜ਼ਾ ਲਿਆ ਸੀ। ਉਸਨੇ ਮੈਜਿਸਟਰੇਟ ਦੇ ਸਰਕਾਰੀ ਵਕੀਲ ਲਈ ਦੋ ਹਜ਼ਾਰ, ਐਡੀਸ਼ਨ ਸੈਸ਼ਨ ਜੱਜ ਦੇ ਸਰਕਾਰੀ ਵਕੀਲ ਲਈ ਤਿੰਨ ਹਜ਼ਾਰ ਅਤੇ ਜ਼ਿਲ੍ਹਾ ਅਟਾਰਨੀ ਲਈ ਪੰਜ ਹਜ਼ਾਰ ਮੰਗਿਆ ਸੀ। ਦੋ ਤਿੰਨ ਹਜ਼ਾਰ ਹੋਰ ਲੱਗਣਾ ਸੀ।
ਦਸ ਪੰਦਰਾਂ ਹਜ਼ਾਰ ਦੇ ਇਸ ਖ਼ਰਚੇ ਤੋਂ ਡਰਦਾ ਰਾਮ ਨਾਥ ਮਾਇਆ ਨਗਰ ਵੱਲ ਮੂੰਹ ਨਹੀਂ ਸੀ ਕਰ ਸਕਦਾ। ਉਸਦੇ ਆਪਣੇ ਸ਼ਹਿਰ ਇਸ ਕੰਮ ’ਤੇ ਦੋ ਹਜ਼ਾਰ ਤੋਂ ਵੱਧ ਖ਼ਰਚਾ ਨਹੀਂ ਸੀ ਹੋਣਾ। ਤਿੰਨ ਸੌ ਛੋਟੇ ਸਰਕਾਰੀ ਵਕੀਲ ਦਾ, ਪੰਜ ਸੌ ਅਡੀਸ਼ਨਲ ਦੇ ਸਰਕਾਰੀ ਵਕੀਲ ਦਾ ਅਤੇ ਇੱਕ ਹਜ਼ਾਰ ਜ਼ਿਲ੍ਹਾ ਅਟਾਰਨੀ ਦਾ।
ਰਾਮ ਨਾਥ ਇੰਨੀ ਰਕਮ ਖ਼ਰਚ ਕਰਨ ਦੀ ਨਾ ਸਥਿਤੀ ਵਿੱਚ ਸੀ ਅਤੇ ਨਾ ਮੂਡ ਵਿੱਚ। ਮਾਇਆ ਨਗਰ ਜਾਣ ਦੀ ਥਾਂ ਉਸਨੇ ਹਰੀਸ਼ ਰਾਏ ਦੇ ਮੁਨਸ਼ੀ ਦੀ ਡਿਊਟੀ ਲਗਾ ਦਿੱਤੀ। ਮੁਨਸ਼ੀ ਅਦਾਲਤ ਦੇ ਅਹਿਲਕਾਰਾਂ ਨਾਲ ਸੰਪਰਕ ਰੱਖੇ। ਨੱਬੇ ਦਿਨ ਪੂਰੇ ਹੋਣ ‘ਤੇ ਜੇ ਚਲਾਨ ਪੇਸ਼ ਨਾ ਕੀਤਾ ਗਿਆ ਤਾਂ ਰਾਮ ਨਾਥ ਨੂੰ ਸੂਚਿਤ ਕਰੇ।
ਮੁਨਸ਼ੀ ਹਰ ਸ਼ਾਮ ਰਾਮ ਨਾਥ ਨੂੰ ਸੂਚਿਤ ਕਰਦਾ ਸੀ। ਚਲਾਨ ਪਾਸ ਤਕ ਨਹੀਂ ਸੀ ਕਰਵਾਇਆ ਗਿਆ। ਪੇਸ਼ ਕਰਨਾ ਦੂਰ ਦੀ ਗੱਲ ਸੀ।
ਫੇਰ ਮੁਨਸ਼ੀ ਨੇ ਸੂਚਨਾ ਦਿੱਤੀ। ਨੱਬੇ ਦਿਨ ਲੰਘਦਿਆਂ ਹੀ ਦੋਸ਼ੀਆਂ ਨੇ ਜ਼ਮਾਨਤਾਂ ਮਨਜ਼ੂਰ ਕਰਾਉਣ ਲਈ ਦਰਖ਼ਾਸਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਠੇਕੇਦਾਰ ਨੂੰ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸਦਾ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਸੀ। ਉਹ ਜੇਲ੍ਹ ਸੱਤ ਦਿਨਾਂ ਬਾਅਦ ਗਿਆ ਸੀ।
ਨੱਬੇ ਦਿਨਾਂ ਦੀ ਗਿਣਤੀ ਜੇਲ੍ਹ ਜਾਣ ਵਾਲੇ ਦਿਨ ਤੋਂ ਹੋਣੀ ਸੀ। ਇਸ ਲਈ ਉਸਦੀ ਦਰਖ਼ਾਸਤ ਉਪਰ ਛੇ ਦਿਨਾਂ ਦੀ ਤਾਰੀਖ਼ ਪਾਈ ਗਈ ਸੀ।
ਪੰਡਤ ਨੂੰ ਫੜਿਆ ਪਿੱਛੋਂ ਗਿਆ ਸੀ ਪਰ ਜੇਲ੍ਹ ਪਹਿਲਾਂ ਭੇਜ ਦਿੱਤਾ ਗਿਆ ਸੀ।
ਬਾਕੀ ਦੇ ਤਿੰਨ ਦੋਸ਼ੀਆਂ ਨਾਲ ਉਸਨੇ ਸੰਪਰਕ ਕੀਤਾ ਸੀ। ਉਹ ਆਪਣੇ ਸਾਥੀ ਦੋਸ਼ੀਆਂ ਦੇ ਜੋ ਪਤੇ ਠਿਕਾਣੇ ਦੱਸ ਰਿਹਾ ਸੀ ਉਥੋਂ ਉਹ ਫੜੇ ਨਹੀਂ ਸਨ ਜਾ ਰਹੇ। ਸੱਚ ਉਗਲਾਉਣ ਲਈ ਪੁਲਿਸ ਉਸ ਉਪਰ ਜ਼ਿਆਦਾ ਤਸ਼ੱਦਦ ਕਰ ਬੈਠੀ ਸੀ। ਪਈ ਮਾਰ ਕਾਰਨ ਉਹ ਮਰਨ ਕਿਨਾਰੇ ਹੋ ਗਿਆ ਸੀ। ਡਰਦੇ ਮੈਜਿਸਟਰੇਟ ਨੇ ਉਸਦਾ ਹੋਰ ਪੁਲਿਸ ਰਿਮਾਂਡ ਨਹੀਂ ਸੀ ਦਿੱਤਾ। ਉਸਨੂੰ ਸਿੱਧਾ ਜੇਲ੍ਹ ਭੇਜ ਦਿੱਤਾ ਗਿਆ ਸੀ।
ਉਸਦੀ ਜੇਲ੍ਹ ਹਿਰਾਸਤ ਦੇ ਨੱਬੇ ਦਿਨ ਪੂਰੇ ਹੁੰਦਿਆਂ ਹੀ ਉਸਦੀ ਜ਼ਮਾਨਤ ਹੋ ਗਈ।
ਵੇਦ ਪਰਿਵਾਰ ਨਾਲ ਪੁਲਿਸ ਦਾ ਇਹ ਦੂਸਰਾ ਧੱਕਾ ਸੀ।
ਪਹਿਲਾ ਧੱਕਾ ਉਸ ਸਮੇਂ ਹੋਇਆ ਸੀ ਜਦੋਂ ਬਿਨਾਂ ਮੁਦਈ ਧਿਰ ਨੂੰ ਸੁਣਿਆਂ ਦੋ ਮੁੱਖ ਦੋਸ਼ੀਆਂ ਨੂੰ ਬੇ ਕਸੂਰ ਆਖ ਦਿੱਤਾ ਗਿਆ ਸੀ।
ਮਿਥੀ ਮਿਆਦ ਅੰਦਰ ਚਲਾਨ ਪੇਸ਼ ਨਾ ਕਰਕੇ ਪੁਲਿਸ ਹੁਣ ਦੋਸ਼ੀਆਂ ਦੀ ਜ਼ਮਾਨਤ ਲਈ ਰਾਹ ਪੱਧਰਾ ਕਰ ਰਹੀ ਸੀ। ਪੰਕਜ ਹੋਰੇ ਪੈਸੇ ਵਾਲੇ ਸਨ, ਜ਼ੋਰ ਵਾਲੇ ਸਨ। ਉਹ ਸਿੱਧੇ ਤੌਰ ’ਤੇ ਜੁਰਮ ਕਰਨ ਵਿੱਚ ਸ਼ਾਮਲ ਨਹੀਂ ਸਨ। ਉਨ੍ਹਾਂ ਨਾਲ ਪੁਲਿਸ ਦੀ ਹਮਦਰਦੀ ਸਮਝ ਆਉਂਦੀ ਸੀ। ਇਨ੍ਹਾਂ ਜਰਾਇਮ ਪੇਸ਼ਾ ਲੋਕਾਂ ਨਾਲ ਪੁਲਿਸ ਨਰਮੀ ਨਾਲ ਕਿਉਂ ਪੇਸ਼ ਆ ਰਹੀ ਸੀ? ਇਸਦੀ ਰਾਮ ਨਾਥ ਨੂੰ ਸਮਝ ਨਹੀਂ ਸੀ ਆਈ।
ਰਾਮ ਨਾਥ ਨੂੰ ਆਪਣੀ ਅਣਗਹਿਲੀ ਉਪਰ ਅਫ਼ਸੋਸ ਹੋਇਆ। ਜਦੋਂ ਉੱਖਲੀ ਵਿੱਚ ਸਿਰ ਆ ਚੁੱਕਾ ਸੀ ਤਾਂ ਸੱਟਾਂ ਤੋਂ ਨਹੀਂ ਸੀ ਡਰਨਾ ਚਾਹੀਦਾ। ਉਸ ਨੂੰ ਸਰਕਾਰੀ ਵਕੀਲਾਂ ਦਾ ਮੂੰਹ ਭਰਨਾ ਚਾਹੀਦਾ ਸੀ।
ਡੁੱਲ੍ਹੇ ਬੇਰਾਂ ਦਾ ਹਾਲੇ ਕੁੱਝ ਨਹੀਂ ਸੀ ਵਿਗੜਿਆ।
ਉਹ ਝੱਟ ਮਾਇਆ ਨਗਰ ਵਾਲੀ ਬੱਸ ਚੜ੍ਹ ਗਿਆ।
ਭਰਿਆ ਪੀਤਾ ਸਭ ਤੋਂ ਪਹਿਲਾਂ ਉਹ ਪ੍ਰਧਾਨ ਨੂੰ ਮਿਲਿਆ।
ਪੁਲਿਸ ਦੇ ਧੱਕੇ ਵਿੱਚ ਹੁਣ ਕੋਈ ਕਸਰ ਬਾਕੀ ਨਹੀਂ ਸੀ। ਦੋ ਦੋਸ਼ੀ ਮੁਕੱਦਮੇ ਵਿਚੋਂ ਕੱਢ ਦਿੱਤੇ ਗਏ ਸਨ। ਬਾਕੀਆਂ ਦੀ ਜ਼ਮਾਨਤ ਕਰਵਾਈ ਜਾ ਰਹੀ ਸੀ। ਬਾਹਰ ਆ ਕੇ ਉਨ੍ਹਾਂ ਨੇ ਫਰਾਰ ਹੋ ਜਾਣਾ ਸੀ। ਮੁਕੱਦਮਾ ਖੁਰਦ ਬੁਰਦ ਹੋ ਜਾਣਾ ਸੀ।
ਸੋਸਾਇਟੀ ਵੱਲੋਂ ਪਹਿਲਾਂ ਹੀ ਫੈਸਲਾ ਲਿਆ ਜਾ ਚੁੱਕਿਆ ਸੀ। ਇਸ ਮੁਕੱਦਮੇ ਦੇ ਪੀੜਤਾਂ ਨੂੰ ਹੋਰ ਪੀੜਤ ਨਹੀਂ ਹੋਣ ਦਿੱਤਾ ਜਾਏਗਾ।
ਸੋਸਾਇਟੀ ਵੱਲੋਂ ਪੈਰਵਾਈ ਮਨਜ਼ੂਰ ਕਰ ਲੈਣ ਨਾਲ ਰਾਮ ਨਾਥ ਦੇ ਮਨੋਂ ਬੋਝ ਲਹਿ ਗਿਆ।
“ਹੁਣ ਇਨਸਾਫ਼ ਮਿਲੇਗਾ।” ਉਸਦੇ ਅੰਦਰੋਂ ਅਵਾਜ਼ ਆਉਣ ਲੱਗੀ।
ਅਗਲੀ ਸਾਰੀ ਕਾਰਵਾਈ ਸੋਸਾਇਟੀ ਨੇ ਕਰਨੀ ਸੀ। ਪੁਲਿਸ ਨੂੰ ਸਹੀ ਅਤੇ ਸਮੇਂ ਸਿਰ ਚਲਾਨ ਪੇਸ਼ ਕਰਨ ਲਈ ਸੋਸਾਇਟੀ ਨੇ ਮਜਬੂਰ ਕਰਨਾ ਸੀ। ਇਹ ਦਬਾਅ ਅਦਾਲਤ ਰਾਹੀਂ ਪਾਇਆ ਜਾਵੇ, ਪ੍ਰੈਸ ਰਾਹੀਂ ਜਾਂ ਕਿਸੇ ਹੋਰ ਤਰੀਕੇ, ਇਸ ਦਾ ਫੈਸਲਾ ਪ੍ਰਧਾਨ ਨੇ ਕਰਨਾ ਸੀ।
ਇਸ ਦਾ ਮਤਲਬ ਰਾਮ ਨਾਥ ਦਾ ਬੇ ਫ਼ਿਕਰ ਹੋ ਕੇ ਘਰ ਬੈਠ ਜਾਣਾ ਨਹੀਂ ਸੀ।
ਉਸਨੂੰ ਆਪਣੇ ਵੱਲੋਂ ਯਤਨ ਕਰਦੇ ਰਹਿਣਾ ਚਾਹੀਦਾ ਸੀ।
ਘਰੋਂ ਉਹ ਸਰਕਾਰੀ ਵਕੀਲਾਂ ਨੂੰ ਮਿਲਣ ਦਾ ਮਨ ਬਣਾ ਕੇ ਆਇਆ ਸੀ।
ਰਾਮ ਨਾਥ ਨੇ ਸਿਵਲ ਲਾਈਨ ਥਾਣੇ ਨਾਲ ਸੰਬੰਧਤ ਸਰਕਾਰੀ ਵਕੀਲਾਂ ਬਾਰੇ ਜਿਸ ਨਾਲ ਵੀ ਗੱਲ ਕੀਤੀ ਸਭ ਨੇ ਇਕੋ ਰਾਏ ਦਿੱਤੀ। ਮੈਜਿਸਟਰੇਟ ਦਾ ਸਰਕਾਰੀ ਵਕੀਲ ਪਤਾ ਨਹੀਂ ਕਿਸ ਸਕੂਲ ਦਾ ਪੜ੍ਹਿਆ ਸੀ। ਉਸਨੂੰ ਕਾਨੂੰਨ ਦਾ ‘ੳ ਅ’ ਨਹੀਂ ਸੀ ਆਉਂਦਾ।
ਇਹੋ ਜਿਹੇ ਪੇਚੀਦਾ ਕੇਸ ਦੀਆਂ ਘੁੰਡੀਆਂ ਫੜਨ ਦੀ ਉਸਦੀ ਸਮਰੱਥਾ ਨਹੀਂ ਸੀ। ਉਹ ਜੀ ਹਜ਼ੂਰੀ ਅਤੇ ਸ਼ਰਾਬ ਪੀਣ ਪਿਆਉਣ ਦਾ ਮਾਹਿਰ ਸੀ। ਆਪਣੀ ਇਸੇ ਕਾਬਲੀਅਤ ਦੇ ਆਧਾਰ ’ਤੇ ਉਹ ਮਾਇਆ ਨਗਰ ਟਿਕਿਆ ਹੋਇਆ ਸੀ। ਉਸਨੇ ਨਾ ਮੁਕੱਦਮੇ ਦਾ ਕੁੱਝ ਸੰਵਾਰਨਾ ਸੀ ਨਾ ਵਿਗਾੜਨਾ ਸੀ। ਉਸ ਉਪਰ ਪੈਸੇ ਖਰਚਣ ਦਾ ਕੋਈ ਲਾਭ ਨਹੀਂ ਸੀ।
ਜ਼ਿਲ੍ਹਾ ਅਟਾਰਨੀ ਉਸਦਾ ਦੂਸਰਾ ਪਾਸਾ ਸੀ। ਉਹ ਆਪਣੇ ਕੰਮ ਦਾ ਜਾਣੂ ਸੀ।
ਪਰ ਉਸਨੂੰ ਆਪਣੇ ਇਲਮ ’ਤੇ ਹੰਕਾਰ ਸੀ। ਉਹ ਮੁੱਖ ਮੰਤਰੀ ਦੇ ਪਰਿਵਾਰ ਅਤੇ ਆਪਣੇ ਮਹਿਕਮੇ ਦੇ ਮੰਤਰੀ ਦਾ ਆਪਣੇ ਆਪ ਨੂੰ ਚਹੇਤਾ ਆਖਦਾ ਸੀ। ਵਿਆਹ ਸ਼ਾਦੀਆਂ ਅਤੇ ਜ਼ਿਮਨੀ ਚੋਣਾਂ ਉਪਰ ਉਨ੍ਹਾਂ ਨੂੰ ਬਰੀਫ਼ ਕੇਸ ਭੇਜਣਾ ਉਹ ਆਪਣਾ ਫਰਜ਼ ਸਮਝਦਾ ਸੀ।
ਮੰਤਰੀ ਦੇ ਆਪਣੇ ਕੀਲੇ ਕਾਰਨ ਉਹ ਭੂਤਰਿਆ ਰਹਿੰਦਾ ਸੀ। ਲੋਕਾਂ ਤੋਂ ਅੜ ਕੇ ਪੈਸੇ ਲੈਂਦਾ ਸੀ। ਮਾੜੇ ਤੋਂ ਮਾੜੇ ਕੰਮ ਦੀ ਉਸਦੀ ਫ਼ੀਸ ਪੰਜਾਹ ਹਜ਼ਾਰ ਤੋਂ ਸ਼ੁਰੂ ਹੁੰਦੀ ਸੀ।
ਇਸ ਕੇਸ ਵਿੱਚ ਉਹ ਮੁਲਜ਼ਮਾਂ ਦੀ ਖੁਲ੍ਹ ਕੇ ਮਦਦ ਕਰ ਰਿਹਾ ਸੀ। ਫ਼ੀਸ ਉਹ ਮੁਦਈਆਂ ਤੋਂ ਲਏਗਾ। ਮਦਦ ਫੇਰ ਵੀ ਮੁਲਜ਼ਮਾਂ ਦੀ ਕਰੇਗਾ। ਘੱਟ ਫ਼ੀਸ ਮਿਲਣ ਕਾਰਨ ਮੂੰਹ ਵੀ ਸੁਜਾ ਕੇ ਰੱਖੇਗਾ। ਇਸ ਕੋਲੋਂ ਵੀ ਛਿੱਲ ਲੁਹਾਉਣ ਦਾ ਕੋਈ ਫ਼ਾਇਦਾ ਨਹੀਂ ਸੀ।
ਰਾਮ ਨਾਥ ਦੀ ਕਿਸਮਤ ਚੰਗੀ ਸੀ। ਸਿਵਲ ਲਾਈਨ ਥਾਣੇ ਦਾ ਉੱਪ ਜ਼ਿਲ੍ਹਾ ਅਟਾਰਨੀ ਭਲਾਮਾਨਸ ਸੀ। ਉਹ ਹਰ ਪੱਖੋਂ ਠੀਕ ਸੀ। ਕੰਮ ਦਾ ਮਾਹਿਰ ਸੀ। ਡੱਕਾ ਹਮੇਸ਼ਾ ਮੁਦਈ ਧਿਰ ਵੱਲ ਸੁੱਟਦਾ ਸੀ।
ਉਸਨੂੰ ਮਿਲਣ ਨਾਲ ਸਾਰੇ ਮਸਲੇ ਹੱਲ ਹੋ ਜਾਣੇ ਸਨ। ਛੋਟੇ ਸਰਕਾਰੀ ਵਕੀਲ ਕੋਲੋਂ ਰਹੀਆਂ ਖ਼ਾਮੀਆਂ ਉਸਨੇ ਫੜ ਲੈਣੀਆਂ ਸਨ। ਉਸ ਵੱਲੋਂ ਫੜੀਆਂ ਖ਼ਾਮੀਆਂ ਜ਼ਿਲ੍ਹਾ ਅਟਾਰਨੀ ਰੱਦ ਨਹੀਂ ਕਰ ਸਕਦਾ। ਇੱਕ ਤੀਰ ਨਾਲ ਕਈ ਸ਼ਿਕਾਰ ਫੁੰਡੇ ਜਾਣੇ ਸਨ।
ਲੋਕਾਂ ਦੀ ਰਾਏ ਮੰਨ ਕੇ ਰਾਮ ਨਾਥ ਨੇ ਧਰਮ ਸਿੰਘ ਨਾਲ ਸੰਪਰਕ ਕੀਤਾ।
ਮੱਲੋ ਮੱਲ੍ਹੀ ਦੋ ਹਜ਼ਾਰ ਰੁਪਏ ਉਸਦੀ ਜੇਬ ਵਿੱਚ ਪਾਉਣ ਦਾ ਯਤਨ ਕੀਤਾ।
ਧਰਮ ਸਿੰਘ ਨੇ ਪੈਸੇ ਫੜਨ ਤੋਂ ਪਹਿਲਾਂ ਆਪਣੀ ਸਥਿਤੀ ਸਪੱਸ਼ਟ ਕੀਤੀ।
“ਮੈਂ ਇੱਕ ਗੱਲ ਪਹਿਲਾਂ ਦੱਸ ਦਿਆਂ। ਸਾਡਾ ਜ਼ਿਲ੍ਹਾ ਅਟਾਰਨੀ ਬੜਾ ਮਾੜਾ ਹੈ।
ਕੰਮ ਨਾਲੋਂ ਉਸਨੂੰ ਪੈਸਾ ਪਿਆਰਾ ਹੈ। ਜਦੋਂ ਚਾਰ ਪੈਸੇ ਮਿਲ ਜਾਣ ਚਲਾਨ ਸਿੱਧਾ ਪਾਸ ਕਰ ਦਿੰਦਾ ਹੈ। ਮੇਰੇ ਵਰਗੇ ਨੂੰ ਵਿਚੋਂ ਕੱਢ ਦਿੰਦਾ ਹੈ। ਏ.ਪੀ.ਪੀ.ਉਸ ਤੋਂ ਡਰਦੇ ਹਨ।
ਥਾਣੇਦਾਰ ਜਾਂ ਅਸਾਮੀ ਨੂੰ ਨਾਲ ਲੈ ਕੇ ਉਸ ਕੋਲ ਪੁੱਜ ਜਾਂਦੇ ਹਨ। ਸੌਦਾ ਤੈਅ ਕਰਕੇ ਉਹ ਝੱਟ ਘੁੱਗੀ ਮਾਰ ਦਿੰਦਾ ਹੈ। ਇਸ ਲਈ ਜ਼ਰੂਰੀ ਨਹੀਂ ਕਿ ਚਲਾਨ ਮੇਰੇ ਕੋਲ ਆਏ।
ਪੈਸੇ ਹਾਲੇ ਆਪਣੇ ਕੋਲ ਰੱਖੋ। ਕੰਮ ਕਰਕੇ ਲੈ ਲਵਾਂਗਾ।”
“ਠੇਕੇਦਾਰ ਦੇ ਰਿਹਾਅ ਹੋਣ ਵਿੱਚ ਪੰਜ ਦਿਨ ਰਹਿੰਦੇ ਹਨ। ਮੇਰਾ ਖ਼ਿਆਲ ਹੈ ਪੁਲਿਸ ਨੇ ਹਾਲੇ ਕੁੱਝ ਨਹੀਂ ਕੀਤਾ ਹੋਣਾ। ਜੋ ਗਵਾਹ ਚਾਹੀਦੇ ਹਨ ਉਹ ਖੜੇ ਕਰਵਾਓ। ਆਪਾਂ ਨੇ ਪੰਕਜ ਹੋਰਾਂ ਨੂੰ ਤਲਬ ਕਰਨਾ ਹੈ। ਉਹ ਤਾਂ ਹੀ ਤਲਬ ਹੋਣਗੇ ਜੇ ਸਫ਼ਾ ਮਿਸਲ ’ਤੇ ਕੁੱਝ ਹੋਏਗਾ।”
“ਮੇਰੇ ਵੱਲੋਂ ਬੇਫ਼ਿਕਰ ਰਹੋ। ਜਦੋਂ ਮਿਸਲ ਮੇਰੇ ਕੋਲ ਆਈ ਮੈਂ ਫ਼ੋਨ ਕਰ ਦਿਆਂਗਾ।
ਪ੍ਰਧਾਨ ਜੀ ਨੂੰ ਬੁਲਾ ਲਵਾਂਗਾ। ਅਸੀਂ ਮਿਲਕੇ ਦੇਖ ਲਵਾਂਗੇ ਕੀ ਕੁੱਝ ਕਰਨਾ ਬਾਕੀ ਹੈ।”
ਵਾਪਸ ਮੁੜਦੇ ਰਾਮ ਨਾਥ ਨੂੰ ਧਰਮ ਸਿੰਘ ਨੇ ਇੱਕ ਵਾਰ ਫੇਰ ਪੈਸੇ ਮੋੜਨ ਦਾ ਯਤਨ ਕੀਤਾ — “ਤੁਸੀਂ ਵਕੀਲ ਭਰਾ ਹੋ। ਕੇਸ ਦੇ ਮੁਦਈ ਹੋ। ਤੁਹਾਡੀ ਮਦਦ ਕਰਨਾ ਮੇਰਾ ਹਰ ਪੱਖੋਂ ਫਰਜ਼ ਹੈ।”
“ਨਹੀਂ ਰੱਖੋ! ਤੁਸੀਂ ਕਿਹੜਾ ਮੰਗੇ ਹਨ। ਮੈਂ ਖ਼ੁਸ਼ੀ ਨਾਲ ਦਿੱਤੇ ਹਨ। ਬਸ ਮਿਸਲ ਚੰਗੀ ਤਰ੍ਹਾਂ ਬੰਨ੍ਹ ਦਿਓ।”
ਰਾਮ ਨਾਥ ਸਰਕਾਰੀ ਵਕੀਲ ਅੱਗੇ ਇਉਂ ਗਿੜ ਗੜਾਇਆ ਜਿਵੇਂ ਉਹ ਕੋਈ ਅਣਪੜ੍ਹ ਗੰਵਾਰ ਹੋਵੇ।
-85-
ਪਹਿਲੇ ਮੁੱਖ ਅਫ਼ਸਰ ਨੂੰ ਮੁੱਖ ਮੰਤਰੀ ਦੀ ਸੁਰੱਖਿਆ ਲਈ ਬਣੀ ਵਿਸ਼ੇਸ਼ ਬਟਾਲੀਅਨ ਵਿੱਚ ਬਦਲ ਦਿੱਤਾ ਗਿਆ ਸੀ। ਉਸ ਦੀ ਥਾਂ ਬੰਤ ਸਿੰਘ ਨੂੰ ਥਾਣੇ ਦਾ ਮੁੱਖ ਅਫ਼ਸਰ ਲਾਇਆ ਗਿਆ ਸੀ।
ਬੰਤ ਸਿੰਘ ਨੂੰ ਚਾਰਜ ਵਿੱਚ ਮਿਲੀਆਂ ਮਿਸਲਾਂ ਵਿਚੋਂ ਕਮਲ ਕਤਲ ਕੇਸ ਸਭ ਤੋਂ ਅਹਿਮ ਸੀ। ਇਸ ਕੇਸ ਬਾਰੇ ਅਫ਼ਸਰਾਂ ਵੱਲੋਂ ਵਾਰ ਵਾਰ ਪੁੱਛ ਪੜਤਾਲ ਹੁੰਦੀ ਸੀ। ਸਿਆਣਾ ਅਫ਼ਸਰ ਉਹੋ ਹੁੰਦਾ ਹੈ ਜਿਹੜਾ ਅਜਿਹੇ ਕੇਸਾਂ ਦੇ ਤੱਥ ਜ਼ੁਬਾਨੀ ਯਾਦ ਕਰ ਲਏ। ਉੱਪਰੋਂ ਕਿੰਤੂ ਪ੍ਰੰਤੂ ਹੁੰਦਿਆਂ ਹੀ ਘੜਿਆ ਘੜਾਇਆ ਜਵਾਬ ਸੁਣਾ ਦੇਵੇ। ਉਸਤਾਦਾਂ ਵੱਲੋਂ ਸਿਖਾਏ ਗਏ ਇਸ ਗੁਰ ਦੀ ਪਾਲਣਾ ਕਰਦੇ ਹੋਏ ਬੰਤ ਸਿੰਘ ਨੇ ਜਦੋਂ ਮੁਕੱਦਮੇ ਦੇ ਤੱਥਾਂ ਦੀ ਛਾਣਬੀਣ ਕੀਤੀ ਤਾਂ ਉਸਦੇ ਖ਼ਾਨਿਉਂ ਗਈ। ਨੱਬੇ ਦਿਨਾਂ ਦੇ ਅੰਦਰ ਚਲਾਨ ਪੇਸ਼ ਨਾ ਹੋਣ ਕਾਰਨ ਇੱਕ ਦੋਸ਼ੀ ਦੀ ਜ਼ਮਾਨਤ ਹੋ ਚੁੱਕੀ ਸੀ। ਦੂਜਿਆਂ ਦੀ ਦੋ ਚਾਰ ਦਿਨਾਂ ਵਿੱਚ ਹੋ ਜਾਣੀ ਸੀ। ਇਸ ਅਣਗਹਿਲੀ ਦੀ ਜ਼ਿੰਮੇਵਾਰੀ ਮੌਜੂਦਾ ਮੁੱਖ ਅਫ਼ਸਰ ਦੀ ਠਹਿਰਾਈ ਜਾਣੀ ਸੀ।
ਬੰਤ ਸਿੰਘ ਨੂੰ ਚਾਰਜ ਸੰਭਾਲਿਆਂ ਤਿੰਨ ਦਿਨ ਹੋ ਗਏ ਸਨ। ਉਹ ਆਪਣੇ ਰੀਡਰ ‘ਤੇ ਹੈਰਾਨ ਸੀ। ਰੀਡਰ ਨੇ ਹਾਲੇ ਤਕ ਇਹ ਨੁਕਤਾ ਉਸਦੇ ਧਿਆਨ ਵਿੱਚ ਨਹੀਂ ਸੀ ਲਿਆਂਦਾ।
ਮੁਨਸ਼ੀ ਵੀ ਖ਼ਾਮੋਸ਼ ਸੀ। ਉਸਦੇ ਗੋਸ਼ਵਾਰੇ ਨੂੰ ਚੀਕ ਚੀਕ ਕੇ ਦੱਸਣਾ ਚਾਹੀਦਾ ਸੀ ਕਿ ਚਲਾਨ ਲੇਟ ਹੋ ਰਿਹਾ ਸੀ।
ਇਸ ਮੁਕੱਦਮੇ ਦੀ ਤਫ਼ਤੀਸ਼ ਮੁੱਖ ਅਫ਼ਸਰ ਦੇ ਹੱਥ ਵਿੱਚ ਸੀ। ਹਰ ਲਿਖਤ ਪੜ੍ਹਤ ਉਪਰ ਉਸਦੇ ਦਸਤਖ਼ਤ ਹੁੰਦੇ ਸਨ। ਲਿਖਤ ਪੜ੍ਹਤ ਰੀਡਰ ਕਰਦਾ ਸੀ। ਮੁੱਖ ਅਫ਼ਸਰ ਕੇਵਲ ਦਸਤਖ਼ਤ ਕਰਦਾ ਸੀ। ਬੰਤ ਸਿੰਘ ਨੇ ਕੁੱਝ ਦਿਨਾਂ ਲਈ ਪਹਿਲੇ ਮੁੱਖ ਅਫ਼ਸਰ ਦੇ ਰੀਡਰ ਨੂੰ ਆਪਣੇ ਨਾਲ ਲਾ ਲਿਆ ਸੀ। ਬੰਤ ਸਿੰਘ ਨੂੰ ਪਤਾ ਸੀ ਕਿ ਉਹ ਲਿਖਤ ਪੜ੍ਹਤ ਦਾ ਮਾਹਿਰ ਸੀ। ਰੀਡਰ ਦੀ ਇਸੇ ਮੁਹਾਰਤ ਕਾਰਨ ਪਹਿਲਾ ਮੁੱਖ ਅਫ਼ਸਰ ਉਸ ਨੂੰ ਆਪਣੇ ਨਾਲ ਰੱਖਦਾ ਸੀ। ਜਿਥੇ ਬਦਲ ਕੇ ਜਾਂਦਾ ਸੀ ਨਾਲ ਹੀ ਰੀਡਰ ਨੂੰ ਬਦਲਵਾ ਕੇ ਲੈ ਜਾਂਦਾ ਸੀ। ਪਹਿਲਾ ਮੁੱਖ ਅਫ਼ਸਰ ਚੰਗੀ ਡਾਂਗ ਫੇਰਦਾ ਸੀ। ਪੈਸਾ ਚੰਗਾ ਬਟੋਰਦਾ ਸੀ। ਉਸਨੇ ਮੁਖਬਰਾਂ ਦਾ ਜਾਲ ਸਾਰੇ ਮਾਇਆ ਨਗਰ ਵਿੱਚ ਵਿਛਾਇਆ ਹੋਇਆ ਸੀ। ਦਿੱਲੀ ਦੱਖਣ ਵਿੱਚ ਜਾ ਛੁਪੇ ਮੁਲਜ਼ਮ ਦੀ ਸੂਹ ਕੱਢ ਲੈਂਦਾ ਸੀ। ਪਰ ਉਹ ਲਿਖਤ ਪੜ੍ਹਤ ਵਿੱਚ ਅਨਾੜੀ ਸੀ। ਸ਼ਹਾਦਤ ਦੇਣ ਗਏ ਨੂੰ ਜੱਜ ਅਤੇ ਸਰਕਾਰੀ ਵਕੀਲ ਝੱਈਆਂ ਲੈ ਲੈ ਪੈਂਦੇ ਸਨ।
ਲਿਖਾ ਪੜ੍ਹੀ ਦੇ ਝੰਜਟ ਤੋਂ ਬਚਣ ਲਈ ਉਹ ਇਸ ਹਵਾਲਦਾਰ ਨੂੰ ਹਮੇਸ਼ਾ ਆਪਣੇ ਨਾਲ ਰੱਖਦਾ ਸੀ।
ਹੁਣ ਮੁੱਖ ਅਫ਼ਸਰ ਦਾ ਤਬਾਦਲਾ ਮੁੱਖ ਮੰਤਰੀ ਦੀ ਸੁਰੱਖਿਆ ਲਈ ਬਣੀ ਬਟਾਲੀਅਨ ਵਿੱਚ ਹੋਇਆ ਸੀ। ਉਥੇ ਕਿਸੇ ਅਫ਼ਸਰ ਨੂੰ ਸਹਾਇਕ ਰੱਖਣ ਦੀ ਇਜਾਜ਼ਤ ਨਹੀਂ ਸੀ।
ਇਸ ਲਈ ਉਸਦਾ ਰੀਡਰ ਪਿੱਛੇ ਰਹਿ ਗਿਆ ਸੀ।
ਪਿੱਛੇ ਰਹਿਣ ਵਿੱਚ ਇੱਕ ਫ਼ਾਇਦਾ ਸੀ। ਅਧੂਰੀਆਂ ਮਿਸਲਾਂ ਰੀਡਰ ਨੇ ਪੂਰੀਆਂ ਕਰ ਲੈਣੀਆਂ ਸਨ। ਪਾਜ ਢੱਕੇ ਰਹਿ ਜਾਣੇ ਸਨ।
ਬੰਤ ਸਿੰਘ ਵੀ ਉਸ ਤੋਂ ਮਿਸਲਾਂ ਮੁਕੰਮਲ ਕਰਵਾ ਰਿਹਾ ਸੀ। ਨਵੇਂ ਰੀਡਰ ਤੋਂ ਇੱਕ ਦਮ ਕੰਮ ਕਾਬੂ ਨਹੀਂ ਸੀ ਹੋਣਾ।
ਬੰਤ ਸਿੰਘ ਨੂੰ ਰੀਡਰ ਦੀ ਇਸ ਅਣਗਹਿਲੀ ’ਤੇ ਗੁੱਸਾ ਆਇਆ। ਉਸਨੂੰ ਲੱਗਾ ਰੀਡਰ ਉਸਨੂੰ ਬੇਵਕੂਫ਼ ਬਣਾ ਰਿਹਾ ਸੀ। ਉਹ ਜਾਣ ਬੁਝ ਕੇ ਬੰਤ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੰਤ ਸਿੰਘ ਨੇ ਸੁਣ ਰੱਖਿਆ ਸੀ ਪਹਿਲੇ ਦੋ ਮੁੱਖ ਅਫ਼ਸਰਾਂ ਨੇ ਇਸ ਕੇਸ ਵਿੱਚ ਰੱਜਵਾਂ ਪੈਸਾ ਲਿਆ ਸੀ। ਰੀਡਰ ਨੂੰ ਮੁਲਜ਼ਮਾਂ ਨਾਲ ਰਿਆਇਤ ਮਨਜ਼ੂਰ ਸੀ। ਉਹ ਪਹਿਲੇ ਮੁੱਖ ਅਫ਼ਸਰ ਨਾਲ ਵਫਾਦਾਰੀ ਨਿਭਾਅ ਰਿਹਾ ਸੀ।
ਬੰਤ ਸਿੰਘ ਪਹਿਲੇ ਮੁੱਖ ਅਫ਼ਸਰ ਵਾਂਗ ਰੀਡਰ ’ਤੇ ਨਿਰਭਰ ਰਹਿਣ ਵਾਲਾ ਨਹੀਂ ਸੀ। ਇਹ ਜਤਾਉਣ ਲਈ ਉਸਨੇ ਰੀਡਰ ਨੂੰ ਭਰੀ ਮਹਿਫ਼ਲ ਵਿੱਚ ਬੁਲਾ ਕੇ ਉਸਦੀ ਲਾਹਪਾਹ ਕੀਤੀ।
ਅੱਗੋਂ ਰੀਡਰ ਵੀ ਘੱਟ ਨਹੀਂ ਸੀ। ਉਸਨੇ ਨਹਿਲੇ ’ਤੇ ਦਹਿਲਾ ਟਿਕਾ ਦਿੱਤਾ: “ਜਨਾਬ ਮੈਂ ਦੋ ਵਾਰ ਮੁਦਈਆ ਨੂੰ ਸੁਨੇਹਾ ਭੇਜ ਚੁੱਕਾ ਹਾਂ ਕਿ ਆ ਕੇ ਚਲਾਨ ਪਾਸ ਕਰਵਾ ਲਓ। ਇੱਕ ਵਾਰ ਮੈਂ ਫ਼ੋਨ ਕੀਤਾ। ਇੱਕ ਵਾਰ ਸਿਪਾਹੀ ਭੇਜਿਆ। ਜੇ ਕੋਈ ਨਹੀਂ ਆਇਆ ਤਾਂ ਮੈਂ ਕੀ ਕਰਾਂ? ਤਿੰਨ ਸਰਕਾਰੀ ਵਕੀਲਾਂ ਨੇ ਚਲਾਨ ਚੈਕ ਕਰਨਾ ਹੈ। ਜ਼ਿਲ੍ਹਾ ਅਟਾਰਨੀ ਸ.ਸੰਤੋਖ ਸਿੰਘ ਦੇ ਸੁਭਾਅ ਦਾ ਥੋਨੂੰ ਪਤਾ ਹੈ। ਜੇ ਮਰਜ਼ੀ ਦੀ ਫ਼ੀਸ ਨਾ ਮਿਲੇ ਤਾਂ ਉਸਦਾ ਬਲੱਡ ਪ੍ਰੈਸ਼ਰ ਚੜ੍ਹ ਜਾਂਦਾ ਹੈ। ਨਾਲੇ ਗਾਲ੍ਹਾਂ ਕੱਢਦਾ ਹੈ ਨਾਲੇ ਕਪਤਾਨ ਨੂੰ ਚਿੱਠੀ ਲਿਖਣ ਦੀ ਧਮਕੀ ਦਿੰਦਾ ਹੈ। ਚੱਕਰ ਮੁਫ਼ਤ ਦੇ। ਮੁਦਈ ਧਿਰ ਦੀ ਪੈਰਵਾਈ ਇੱਕ ਵਕੀਲ ਕਰ ਰਿਹਾ ਹੈ। ਵਕੀਲ ਸਰਕਾਰੀ ਵਕੀਲਾਂ ਨੂੰ ਉੱਨੀ ਦੇਵੇ, ਇੱਕੀ ਦੇਵੇ, ਸਾਨੂੰ ਕੀ। ਇਹੋ ਸੋਚ ਕੇ ਮੈਂ ਸੁਨੇਹਾ ਭੇਜਿਆ ਸੀ।”
ਰੀਡਰ ਦਾ ਖ਼ਿਆਲ ਸੀ ਉਸਦੀ ਇਸ ਹੁਸ਼ਿਆਰੀ ’ਤੇ ਮੁੱਖ ਅਫ਼ਸਰ ਉਸਦੀ ਤਾਰੀਫ਼ ਕਰੇਗਾ। ਪਰ ਪਾਸਾ ਪੁੱਠਾ ਪੈ ਗਿਆ: “ਮੇਰਿਆ ਖਸਮਾ! ਇਹ ਦੱਸ ਬਈ ਮੁਦਈ ਕਿਸ ਗੱਲ ਦੇ ਪੈਸੇ ਦੇਵੇ। ਉਨ੍ਹਾਂ ਦੇ ਅਸਲ ਮੁਲਜ਼ਮ, ਜਿਹੜੇ ਲੜਾਈ ਦੀ ਜੜ੍ਹ ਸਨ, ਉਹ ਅਸੀਂ ਬੇ ਕਸੂਰ ਕਰ ਦਿੱਤੇ। ਮੁਦਈ ਉਨ੍ਹਾਂ ਬੇ ਕਸੂਰ ਬਣੇ ਰਹਿਣ ਦੀ ਫ਼ੀਸ ਦੇਵੇ? ਫ਼ੀਸ ਬੇ ਕਸੂਰ ਕਰਾਰ ਦਿੱਤੇ ਮੁਲਜ਼ਮਾਂ ਤੋਂ ਦਿਵਾਉਂਦੀ ਸੀ। ਤੂੰ ਕਿਹੜੀ ਗੱਲੋਂ ਸਿਆਣਾ ਬਣਿਆ ਫਿਰਦਾ ਹੈਂ? ਮੈਨੂੰ ਸਮਝ ਨਹੀਂ ਆਉਂਦੀ।”
“ਮੁਲਜ਼ਮਾਂ ਨੂੰ ਬੁਲਾ ਕੇ ਮਰਨਾ ਹੈ ਜਨਾਬ! ਅਫ਼ਸਰਾਂ ਦਾ ਹੁਕਮ ਹੈ ਉਨ੍ਹਾਂ ਵੱਲ ਕਿਸੇ ਨੇ ਝਾਕਣਾ ਨਹੀਂ। ਉਨ੍ਹਾਂ ਦੇ ਘਰ ਦੇ ਕੋਲ ਦੀ ਜੇ ਲੰਘ ਜਾਈਏ ਉਹ ਝੱਟ ਅਫ਼ਸਰਾਂ ਨੂੰ ਫ਼ੋਨ ਕਰ ਦਿੰਦੇ ਹਨ। ਮੇਰੇ ਵਰਗਿਆਂ ਦੀ ਏਹੀ ਤੇਹੀ ਫਿਰ ਜਾਂਦੀ ਹੈ। ਚਲਾਨ ਤਾਂ ਮੈਂ ਘੰਟੇ ਵਿੱਚ ਪਾਸ ਕਰਵਾ ਲਿਆਊਂ। ਤੁਸੀਂ ਰਸਤਾ ਦੱਸੋ।”
“ਜੇ ਇਹ ਗੱਲ ਸੀ ਫੇਰ ਵੀ ਮੈਨੂੰ ਦੱਸਣਾ ਸੀ। ਮੈਂ ਅਫ਼ਸਰਾਂ ਨਾਲ ਗੱਲ ਕਰਦਾ।
ਉਹ ਪੰਕਜ ਨਾਲ ਗੱਲ ਕਰਦੇ। ਜਾਂ ਜ਼ਿਲ੍ਹਾ ਅਟਾਰਨੀ ਨਾਲ ਗੱਲ ਕਰਦੇ। ਅਫ਼ਸਰਾਂ ਨੇ ਉਨ੍ਹਾਂ ਨੂੰ ਕੱਢਿਆ ਹੈ ਉਹ ਆਪੇ ਚਲਾਨ ਪਾਸ ਕਰਵਾਉਂਦੇ। ਇਸ ਵਾਰੀ ਮੈਂ ਤੈਨੂੰ ਛੱਡ ਦਿੱਤਾ। ਫੇਰ ਕੁਤਾਹੀ ਕੀਤੀ ਤਾਂ ਰਪਟ ਪਾ ਕੇ ਲਾਇਨ ਹਾਜ਼ਰ ਕਰ ਦੇਊਂ!”
“ਬੇਹਤਰ ਜਨਾਬ!” ਆਖ ਕੇ ਰੀਡਰ ਨੇ ਖਹਿੜਾ ਛੁਡਾਇਆ।
“ਤੂੰ ਮੁਲਜ਼ਮਾਂ ਨੂੰ ਸੁਨੇਹਾ ਭੇਜ! ਮੈਂ ਆਪਣੇ ਅਫ਼ਸਰਾਂ ਨਾਲ ਗੱਲ ਕਰ ਲਵਾਂਗਾ।
ਉਨ੍ਹਾਂ ਨੂੰ ਸਮਝਾ ਦੇਵਾਂਗਾ। ਹਾਥੀ ਲੰਘ ਗਿਆ। ਹੁਣ ਪੁਛ ਪਿੱਛੇ ਹੱਥ ਕਿਉਂ ਖਿਚਦੇ ਹੋ? ਉਹ ਨਾ ਮੰਨੇ ਤਾਂ ਕੋਈ ਹੋਰ ਹੂਲਾ ਫੱਕਾਂਗੇ। ਆਪਾਂ ਆਪਣੀ ਪੜਤਾਲ ਸ਼ੁਰੂ ਨਹੀਂ ਕਰਾਉਣੀ।”
ਮੁਲਜ਼ਮਾਂ ਨੇ ਬੇ ਕਸੂਰ ਸਾਬਤ ਹੋਣ ਲਈ ਖੁਲ੍ਹ ਕੇ ਪੈਸਾ ਖਰਚਿਆ ਸੀ। ਇਸ ਦੀ ਸੂਹ ਥਾਣੇ ਦੇ ਮੁਲਾਜ਼ਮਾਂ ਨੇ ਬੰਤ ਸਿੰਘ ਨੂੰ ਦਿੱਤੀ ਸੀ। ਬੰਤ ਸਿੰਘ ਪਹਿਲੇ ਅਫ਼ਸਰਾਂ ’ਤੇ ਜਲ ਰਿਹਾ ਸੀ। ਨੋਟ ਉਹ ਬਣਾ ਗਏ। ਵਗਾਰ ਬੰਤ ਸਿੰਘ ਦੇ ਗਲ ਪਾ ਗਏ। ਮਨ ਹੀ ਮਨ ਬੰਤ ਸਿੰਘ ਨੇ ਫੈਸਲਾ ਕੀਤਾ। ਜੋ ਹੋਣਾ ਹੈ ਹੋਵੇ। ਉਹ ਆਪਣੀ ਜੇਬ ਵਿਚੋਂ ਪੈਸੇ ਖਰਚ ਕੇ ਚਲਾਨ ਪਾਸ ਨਹੀਂ ਕਰਾਏਗਾ।
ਰੀਡਰ ਦੇ ਦਖ਼ਲ ਦੇਣ ਤੇ ਪੰਕਜ ਅਤੇ ਬੰਤ ਸਿੰਘ ਵਿਚਕਾਰ ਗੁਪਤ ਥਾਂ ਮੀਟਿੰਗ ਹੋਈ।
ਮੀਟਿੰਗ ਵਿੱਚ ਕੁੱਝ ਸ਼ਰਤਾਂ ਤੈਅ ਹੋਈਆਂ।
ਮੁਲਜ਼ਮਾਂ ਵੱਲੋਂ ਮੁੱਖ ਅਫ਼ਸਰ ਨੂੰ ਤੀਹ ਹਜ਼ਾਰ ਰੁਪਿਆ ਦਿੱਤਾ ਗਿਆ। ਸ਼ਰਤ ਸੀ ਚਲਾਨ ਨੂੰ ਦਸ ਦਿਨਾਂ ਲਈ ਅਦਾਲਤ ਜਾਣੋਂ ਰੋਕਿਆ ਜਾਵੇ। ਇੰਨੇ ਵਿੱਚ ਠੇਕੇਦਾਰ ਦੀ ਜ਼ਮਾਨਤ ਹੋ ਜਾਣੀ ਸੀ। ਉਸਦੇ ਬਾਹਰ ਆਉਣ ਨਾਲ ਮੁਕੱਦਮੇ ਦੀ ਸਮਾਇਤ ਪੰਕਜ ਦੀ ਮਰਜ਼ੀ ਅਨੁਸਾਰ ਹੋਣੀ ਸੀ।
ਮੁੱਖ ਅਫ਼ਸਰ ਦੀ ਵੀ ਇੱਕ ਸ਼ਰਤ ਸੀ। ਇਹ ਕੰਮ ਉਸਦੇ ਇਕੱਲੇ ਦੇ ਵੱਸ ਦਾ ਨਹੀਂ ਸੀ। ਦੇਰ ਕਰਨ ਲਈ ਅਫ਼ਸਰਾਂ ਦੀ ਸਹਿਮਤੀ ਜ਼ਰੂਰੀ ਸੀ। ਇਹ ਪੰਕਜ ਦੀ ਜ਼ਿੰਮੇਵਾਰੀ ਸੀ।
ਪੰਕਜ ਦੀ ਇੱਕ ਹੋਰ ਸ਼ਰਤ ਸੀ। ਪਹਿਲੇ ਮੁੱਖ ਅਫ਼ਸਰਾਂ ਨੇ ਮਿਸਲ ’ਤੇ ਬਹੁਤੇ ਸਬੂਤ ਨਹੀਂ ਸਨ ਲਿਆਂਦੇ। ਮਿਸਲ ਕੋਰੀ ਸੀ ਅਤੇ ਕੋਰੀ ਰਹਿਣੀ ਚਾਹੀਦੀ ਸੀ।
ਬੰਤ ਸਿੰਘ ਨੂੰ ਇਹ ਮਨਜ਼ੂਰ ਸੀ। ਮੀਨ ਮੇਖ ਸਰਕਾਰੀ ਵਕੀਲਾਂ ਨੇ ਕਰਨੀ ਸੀ।
ਉਹ ਚੁਪ ਕਰ ਜਾਣ ਤਾਂ ਮੁੱਖ ਅਫ਼ਸਰ ਦੀ ਸਬੂਤ ਇਕੱਠੇ ਕਰਨ ਦੀ ਜਿਹਮਤ ਟਲਣੀ ਸੀ। ਸਰਕਾਰੀ ਵਕੀਲਾਂ ਦੀ ਕਲਮ ਨੂੰ ਠੱਲ੍ਹ ਪਾਉਣ ਲਈ ਮੁੱਖ ਅਫ਼ਸਰ ਨੂੰ ਪੰਕਜ ਦੀ ਸਹਾਇਤਾ ਦੀ ਜ਼ਰੂਰਤ ਸੀ।
ਪੰਕਜ ਚਾਹੇ ਤਾਂ ਸਰਕਾਰੀ ਵਕੀਲਾਂ ਨਾਲ ਸਿੱਧੀ ਗੱਲ ਕਰ ਲਏ। ਪਰ ਇਸ ਤਰ੍ਹਾਂ ਉਨ੍ਹਾਂ ਦਾ ਖਰਚ ਵੱਧ ਹੋਣਾ ਸੀ। ਪੁਲਿਸ ਰਾਹੀਂ ਪੈਸੇ ਘੱਟ ਲਗਣੇ ਸਨ। ਇਹ ਪੰਕਜ ਲਈ ਬੰਤ ਸਿੰਘ ਦਾ ਸੁਝਾਅ ਸੀ।
ਪੰਕਜ ਖਰਚ ਕਰਨ ਲਈ ਤਿਆਰ ਸੀ। ਜਦੋਂ ਕੋਠੇ ਤੋਂ ਡਿੱਗ ਪਈ ਤਾਂ ਨੱਤੀਆਂ ਪਵਾਉਣ ਤੋਂ ਸੀਅ ਵੱਟਣ ਦਾ ਕੀ ਮਤਲਬ! ਨੱਤੀਆਂ ਵੀ ਪੈਣ ਦਿਓ!
ਇਸ ਸੌਦੇ ਤਹਿਤ ਕਪਤਾਨ ਨੇ ਮਿਸਲ ਆਪਣੇ ਦਫ਼ਤਰ ਬੁਲਾ ਲਈ। ਕਾਰਨ ਸੀ ਕਪਤਾਨ ਵੱਲੋਂ ਮਿਸਲ ਮੁਆਇਨਾ। ਚਲਾਨ ਤਿਆਰ ਹੋਣ ਵਾਲਾ ਸੀ। ਤਫ਼ਤੀਸ਼ ’ਤੇ ਨਜ਼ਰ ਮਾਰਨਾ ਉਸਦਾ ਫਰਜ਼ ਸੀ।
ਬੰਤ ਸਿੰਘ ਸੱਤਾਂ ਪੱਤਣਾਂ ਦਾ ਤਾਰੂ ਸੀ। ਪੁਲਿਸ ਕਪਤਾਨ ਦੇ ਇਸ ਹੁਕਮ ਦੀ ਰੋਜ਼ਨਾਮਚੇ ਵਿੱਚ ਰਪਟ ਦਰਜ ਕੀਤੀ। ਰਪਟ ਦੀ ਨਕਲ ਤਿਆਰ ਕਰਕੇ ਬੋਝੇ ਪਾ ਲਈ।
ਹੁਣ ਚਲਾਨ ਪੇਸ਼ ਹੋਣ ਵਿੱਚ ਦੇਰੀ ਦੀ ਜ਼ਿੰਮੇਵਾਰੀ ਕਪਤਾਨ ਦੀ ਸੀ।
ਹੱਥਾਂ ’ਤੇ ਹੱਥ ਰੱਖ ਕੇ ਬੰਤ ਸਿੰਘ ਅਗਲੀ ਕਾਰਵਾਈ ਦਾ ਇੰਤਜ਼ਾਰ ਕਰਨ ਲੱਗਾ।
-86-
ਬੰਤ ਸਿੰਘ ਦੇ ਸੁਖ ਦੇ ਦਿਨ ਬਹੁਤ ਥੋੜ੍ਹੇ ਨਿਕਲੇ।
ਪਹਿਲੇ ਦੋਸ਼ੀ ਦੀ ਜ਼ਮਾਨਤ ਮਨਜ਼ੂਰ ਹੁੰਦੇ ਹੀ ਮੁੱਖ ਅਫ਼ਸਰ ਦੀ ਪੱਗ ਨੂੰ ਹੱਥ ਪੈਣ ਲੱਗਾ।
ਮੁਦਈ ਵੱਲੋਂ ਚੀਫ਼ ਜਸਟਿਸ ਤੋਂ ਲੈ ਕੇ ਪ੍ਰਧਾਨ ਮੰਤਰੀ ਤਕ ਨੂੰ ਇਸ ਬੇ ਇਨਸਾਫ਼ੀ ਵਿਰੁਧ ਤਾਰਾਂ ਦਿੱਤੀਆਂ ਗਈਆਂ। ਰਾਮ ਨਾਥ ਦੇ ਸ਼ਹਿਰੋਂ ਇੱਕ ਛੋਟੀ ਜਿਹੀ ਖ਼ਬਰ ਹਿੰਦੀ ਅਤੇ ਪੰਜਾਬੀ ਦੇ ਅਖ਼ਬਾਰਾਂ ਵਿੱਚ ਛਪੀ।
ਇਸ ਛੋਟੇ ਜਿਹੇ ਵਾਵਰੋਲੇ ਦੀ ਕਿਸੇ ਨੇ ਪਰਵਾਹ ਨਾ ਕੀਤੀ। ਪੜਤਾਲ ਲਈ ਇਨ੍ਹਾਂ ਤਾਰਾਂ ਨੇ ਘੁੰਮ ਘੁਮਾ ਕੇ ਕਪਤਾਨ ਕੋਲ ਆ ਜਾਣਾ ਸੀ। ਸਾਰੀ ਕਾਰਵਾਈ ਕਪਤਾਨ ਦੇ ਹੁਕਮਾਂ ਨਾਲ ਹੋ ਰਹੀ ਸੀ। ਰਸਮੀ ਪੜਤਾਲ ਹੋ ਕੇ ਸ਼ਿਕਾਇਤ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਜਾਣਾ ਸੀ।
ਖ਼ਤਰੇ ਦੀ ਘੰਟੀ ਉਸ ਸਮੇਂ ਵੱਜੀ ਜਦੋਂ ਹਰੀਸ਼ ਰਾਏ ਦਾ ਬਿਆਨ ਅੰਗਰੇਜ਼ੀ ਅਖ਼ਬਾਰਾਂ ਨੇ ਵੱਡੀਆਂ ਸੁਰਖ਼ੀਆਂ ਵਿੱਚ ਛਾਪਿਆ। ਪ੍ਰਧਾਨ ਨੇ ਪੰਕਜ ਹੋਰਾਂ ਵਿਰੁਧ ਮਿਸਲ ’ਤੇ ਠੋਸ ਸਬੂਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਬੇ ਕਸੂਰ ਕਰਾਰ ਦੇਣ ਅਤੇ ਮਿਆਦ ਤਹਿਤ ਚਲਾਨ ਪੇਸ਼ ਨਾ ਕਰਕੇ ਸੰਗੀਨ ਜੁਰਮਾਂ ਦੇ ਦੋਸ਼ੀਆਂ ਦੀ ਜ਼ਮਾਨਤ ਕਰਾਉਣ ਵਿੱਚ ਪੁਲਿਸ ਦੀ ਮਿਲੀ ਭੁਗਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਕੇਸ ਦੀ ਪੜਤਾਲ ਸੀ.ਬੀ.ਆਈ. ਤੋਂ ਕਰਾਉਣ ਦੀ ਮੰਗ ਕੀਤੀ। ਨਾਲ ਹੀ ਉਸਨੇ ਇਸ ਧੱਕੇ ਕਾਰਨ ਕੇਸ ਦੀ ਪੈਰਵਾਈ ਸੋਸਾਇਟੀ ਵੱਲੋਂ ਕੀਤੇ ਜਾਣ ਦਾ ਐਲਾਨ ਕੀਤਾ।
ਪ੍ਰਧਾਨ ਦੇ ਇਸ ਬਿਆਨ ਨੇ ਪੰਕਜ ਹੋਰਾਂ ਦੇ ਨਾਲ ਨਾਲ ਮਿਸਲ ਨਾਲ ਦੂਰੋਂ ਨੇੜਿਉਂ ਜੁੜੇ ਹਰ ਅਫ਼ਸਰ ਨੂੰ ਫਿਕਰ ਵਿੱਚ ਪਾ ਦਿੱਤਾ।
ਪੰਕਜ ਹੋਰਾਂ ਨੂੰ ਆਪਣੀਆਂ ਜ਼ਮਾਨਤਾਂ ਰੱਦ ਹੁੰਦੀਆਂ ਨਜ਼ਰ ਆਈਆਂ। ਉਨ੍ਹਾਂ ਦੇ ਵਕੀਲਾਂ ਨੇ ਸਲਾਹ ਦਿੱਤੀ। ਠੇਕੇਦਾਰ ਪਏ ਢੱਠੇ ਖੂਹ ਵਿੱਚ। ਆਪਣੀ ਜਾਨ ਬਚਾਓ।
ਸੋਸਾਇਟੀ ਦਾ ਸਾਰੇ ਪੰਜਾਬ ਵਿੱਚ ਦਬਦਬਾ ਸੀ। ਤਹਿਸੀਲ ਪੱਧਰ ਤੋਂ ਲੈ ਕੇ ਹਾਈ ਕੋਰਟ ਤਕ ਇਸ ਦੀਆਂ ਇਕਾਈਆਂ ਸਨ। ਸੋਸਾਇਟੀ ਦੀਆਂ ਦਲੀਲਾਂ ਨੂੰ ਅਦਾਲਤ ਧਿਆਨ ਨਾਲ ਸੁਣਦੀ ਸੀ। ਸਭ ਨੂੰ ਪਤਾ ਸੀ ਪੰਕਜ ਹੋਰੇ ਕਿਸ ਤਰ੍ਹਾਂ ਬਾਹਰ ਆਏ ਸਨ।
ਸੋਸਾਇਟੀ ਨੇ ਰਿੱਟ ਦਾਇਰ ਕਰਕੇ ਜੇ ਤਫ਼ਤੀਸ਼ ਸੀ.ਬੀ.ਆਈ.ਦੇ ਹਵਾਲੇ ਕਰਵਾ ਦਿੱਤੀ ਤਾਂ ਇਸ ਮੁਕੱਦਮੇ ਦੇ ਨਾਲ ਨਾਲ ਉਨ੍ਹਾਂ ਵਿਰੁਧ ਕਈ ਹੋਰ ਮੁਕੱਦਮੇ ਦਰਜ ਹੋ ਜਾਣੇ ਸਨ।
ਪੁਲਿਸ ਅਫ਼ਸਰਾਂ ਅਤੇ ਸਿਆਸੀ ਨੇਤਾਵਾਂ ਦਾ ਭਵਿੱਖ ਦਾਅ ਤੇ ਲੱਗ ਜਾਣਾ ਸੀ।
ਜੇ ਚਲਾਨ ਲੇਟ ਹੋ ਗਿਆ ਤਾਂ ਸੋਸਾਇਟੀ ਮੁੜ ਪੜਤਾਲ ਕਰਵਾ ਸਕਦੀ ਸੀ।
ਸੋਸਾਇਟੀ ਨੇ ਪੜਤਾਲੀਆ ਅਫ਼ਸਰ ਦੇ ਕੋਲ ਖੜੋ ਕੇ ਆਪਣੇ ਹੱਕ ਵਿੱਚ ਸਬੂਤ ਭੁਗਤਾਉਣੇ ਸਨ। ਪਹਿਲੀ ਪੜਤਾਲ ਰੱਦ ਹੋ ਕੇ ਨਵੀਂ ਪੜਤਾਲ ਵਿੱਚ ਉਨ੍ਹਾਂ ਨੂੰ ਦੋਬਾਰਾ ਦੋਸ਼ੀ ਠਹਿਰਾਇਆ ਜਾ ਸਕਦਾ ਸੀ।
ਪੰਕਜ ਦੇ ਵਕੀਲਾਂ ਦੀ ਰਾਏ ਸੀ ਚਲਾਨ ਤੁਰੰਤ ਅਦਾਲਤ ਵਿੱਚ ਪੇਸ਼ ਕਰਵਾਇਆ ਜਾਵੇ। ਮਾਮਲਾ ਜ਼ੇਰ ਸਮਾਇਤ ਹੋਣ ਨਾਲ ਕੁੱਝ ਬਚਾਅ ਹੋ ਸਕਦਾ ਸੀ।
ਤਾਰਾਂ ਅਤੇ ਖ਼ਬਰਾਂ ਤੋਂ ਡਰੇ ਕਪਤਾਨ ਨੇ ਝੱਟ ਮਿਸਲ ਥਾਣੇ ਭਿਜਵਾ ਦਿੱਤੀ। ਨਾਲੇ ਆਪਣੇ ਰੀਡਰ ਨੂੰ ਹਦਾਇਤ ਕੀਤੀ। ਮਿਸਲ ਕਪਤਾਨ ਦੇ ਦਫ਼ਤਰ ਤਲਬ ਕਰਨ ਦਾ ਕੋਈ ਰਿਕਾਰਡ ਉਪਰ ਨਾ ਰਹੇ।
ਇਸ ਤੋਂ ਪਹਿਲਾਂ ਕਿ ਕੋਈ ਉਪਰਲਾ ਅਫ਼ਸਰ ਚਲਾਨ ਸਮੇਂ ਸਿਰ ਪੇਸ਼ ਨਾ ਹੋਣ ਕਾਰਨ ਕਪਤਾਨ ਤੋਂ ਪੁੱਛ ਪੜਤਾਲ ਕਰੇ, ਕਪਤਾਨ ਨੇ ਪਹਿਲਾਂ ਹੀ ਮੁੱਖ ਅਫ਼ਸਰ ਨੂੰ ਇਸ ਅਣਗਹਿਲੀ ਕਾਰਨ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ।
“ਬੰਤ ਸਿੰਘ ਤੇਰੀ ਪਹਿਲੀ ਗਲਤੀ ਮੈਂ ਸੰਭਾਲ ਲਵਾਂਗਾ। ਹੋਰ ਕੋਈ ਦੋਸ਼ੀ ਬਾਹਰ ਨਾ ਆਵੇ। ਚਲਾਨ ਤੁਰੰਤ ਪੇਸ਼ ਕਰਕੇ ਖਹਿੜਾ ਛੁਡਾ।”
ਨੋਟਿਸ ਜਾਰੀ ਕਰਨ ਬਾਅਦ ਕਪਤਾਨ ਨੇ ਬੰਤ ਸਿੰਘ ਦੀ ਪਿੱਠ ਵੀ ਥਾਪੜੀ।
-87-
ਠੇਕੇਦਾਰ ਨੂੰ ਜੇਲ੍ਹ ਗਿਆਂ ਅੱਜ ਅਨੰਨਵਾਂ ਦਿਨ ਸੀ।
ਜੇ ਚੌਵੀ ਘੰਟੇ ਦੇ ਅੰਦਰ ਅੰਦਰ ਚਲਾਨ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋ ਜਾਵੇ ਤਾਂ ਉਸਦੀ ਜ਼ਮਾਨਤ ਦੀ ਦਰਖ਼ਾਸਤ ਰੱਦ ਹੋ ਸਕਦੀ ਸੀ।
ਬਦਲੇ ਹਾਲਾਤ ਮੁਤਾਬਕ ਬੰਤ ਸਿੰਘ ਨੇ ਇੱਕ ਵਾਰ ਫੇਰ ਮਿਸਲ ਦਾ ਮੁਆਇਨਾ ਕੀਤਾ।
ਸਾਰੀ ਤਫ਼ਤੀਸ਼ ਪਹਿਲੇ ਅਫ਼ਸਰਾਂ ਵੱਲੋਂ ਹੋਈ ਸੀ। ਪਰ ਚਲਾਨ ਉਪਰ ਦਸਤਖ਼ਤ ਮੌਜੂਦਾ ਅਫ਼ਸਰ ਦੇ ਹੋਣੇ ਸਨ। ਭਾਵ ਰਿਪੋਰਟ ਪਹਿਲਾਂ ਹੋਈ ਤਫ਼ਤੀਸ਼ ਦੇ ਆਧਾਰ ’ਤੇ ਤਿਆਰ ਹੋਣੀ ਸੀ ਪਰ ਦਸਤਖ਼ਤ ਕਰਨ ਵਾਲੇ ਅਫ਼ਸਰ ਦੀ ਜ਼ਿੰਮੇਵਾਰੀ ਬਰਾਬਰ ਦੀ ਬਣਦੀ ਸੀ।
ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਬੰਤ ਸਿੰਘ ਨੇ ਸਾਰੇ ਸਬੂਤਾਂ ਨੂੰ ਘੋਖਿਆ। ਗਵਾਹਾਂ ਦੇ ਬਿਆਨਾਂ, ਫਰਦਾਂ ਅਤੇ ਜਿੰਮਨੀਆਂ ’ਤੇ ਨਜ਼ਰ ਮਾਰੀ। ਮਿਸਲ ਵਿੱਚ ਕੱਖ ਨਹੀਂ ਸੀ।
ਇਸ ਤਰ੍ਹਾਂ ਜੇ ਚਲਾਨ ਤਿਆਰ ਕਰ ਦਿੱਤਾ ਜਾਵੇ ਤਾਂ ਦੋਸ਼ੀਆਂ ਵਿਰੁੱਧ ਚੋਰੀ ਦਾ ਮਾਲ ਬਰਾਮਦ ਹੋਣ ਦਾ ਮਾਮੂਲੀ ਜਿਹਾ ਜੁਰਮ ਸਾਬਤ ਹੋਣਾ ਸੀ। ਕਤਲ ਦੀ ਸਾਜ਼ਿਸ਼ ਘੜਨ ਜਾਂ ਕਤਲ ਕਰਨ ਦਾ ਕੋਈ ਸਬੂਤ ਮਿਸਲ ’ਤੇ ਨਹੀਂ ਸੀ ਲਿਆਂਦਾ ਗਿਆ। ਮੌਜੂਦਾ ਸਬੂਤਾਂ ਦੇ ਆਧਾਰ ’ਤੇ ਕਤਲ ਅਤੇ ਡਕੈਤੀ ਦਾ ਚਲਾਨ ਤਿਆਰ ਕਰਕੇ ਬੰਤ ਸਿੰਘ ਵੱਲੋਂ ਦਸਤਖ਼ਤ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਸੀ।
ਸਾਰੀ ਮਿਸਲ ਦੋਬਾਰਾ ਲਿਖਣ ਦਾ ਨਾ ਬੰਤ ਸਿੰਘ ਕੋਲ ਵਕਤ ਸੀ ਨਾ ਅਧਿਕਾਰ।
ਸਾਰੀ ਮਿਸਲ ਉਪਰ ਪਹਿਲੇ ਮੁੱਖ ਅਫ਼ਸਰਾਂ ਦੇ ਦਸਤਖ਼ਤ ਹੋਏ ਸਨ। ਦੋਬਾਰਾ ਦਸਤਖ਼ਤ ਕਰਾਉਣ ਲਈ ਉਨ੍ਹਾਂ ਨੂੰ ਬੁਲਾਉਣਾ ਪੈਣਾ ਸੀ। ਪਤਾ ਕਰਨ ’ਤੇ ਪਤਾ ਲੱਗਾ ਪਹਿਲਾਂ ਮੁੱਖ਼ ਅਫ਼ਸਰ ਮੁੱਖ ਮੰਤਰੀ ਦੇ ਨਾਲ ਕਲਕੱਤੇ ਘੁੰਮ ਰਿਹਾ ਸੀ। ਹਵਾਈ ਜਹਾਜ਼ ਰਾਹੀਂ ਵੀ ਉਹ ਸਮੇਂ ਸਿਰ ਮਾਇਆ ਨਗਰ ਨਹੀਂ ਸੀ ਆ ਸਕਦਾ। ਨਾਲੇ ਇਸ ਨਾਲ ਬੰਤ ਸਿੰਘ ਨੂੰ ਕੀ ਸੀ। ਆਪਣੀ ਮਾੜੀ ਤਫ਼ਤੀਸ਼ ਲਈ ਪਹਿਲਾ ਅਫ਼ਸਰ ਖ਼ੁਦ ਜ਼ਿੰਮੇਵਾਰ ਸੀ। ਜੋ ਕੁੱਝ ਬੰਤ ਸਿੰਘ ਕਰ ਸਕਦਾ ਸੀ ਉਹ ਕਰਨ ਲਈ ਤਿਆਰ ਸੀ।
ਬੰਤ ਸਿੰਘ ਦਾ ਭਲਾ ਇਸੇ ਵਿੱਚ ਸੀ ਕਿ ਕਬਰ ਪੁੱਟ ਕੇ ਮੁਰਦਾ ਕੱਢਣ ਦੀ ਥਾਂ, ਚਲਾਨ ਤੁੱਥ ਮੁੱਥ ਕਰਕੇ ਪੇਸ਼ ਕਰ ਦਿੱਤਾ ਜਾਵੇ।
ਪੰਕਜ ਮੁੱਖ ਅਫ਼ਸਰ ਨੂੰ ਲੱਭ ਰਿਹਾ ਸੀ ਅਤੇ ਮੁੱਖ ਅਫ਼ਸਰ ਪੰਕਜ ਨੂੰ। ਦੋਹਾਂ ਨੂੰ ਚਲਾਨ ਪੇਸ਼ ਕਰਾਉਣ ਦੀ ਕਾਹਲ ਸੀ।
ਪਹਿਲੀਆਂ ਸ਼ਰਤਾਂ ਰੱਦ ਕੀਤੀਆਂ ਗਈਆਂ। ਨਵੀਆਂ ਸ਼ਰਤਾਂ ਤਹਿਤ ਹੇਠਲੇ ਦੋ ਸਰਕਾਰੀ ਵਕੀਲਾਂ ਨੂੰ ਬੰਤ ਸਿੰਘ ਨੇ ਸੰਭਾਲਣਾ ਸੀ। ਜ਼ਿਲ੍ਹਾ ਅਟਾਰਨੀ ਦੀ ਤਸੱਲੀ ਪੰਕਜ ਨੇ ਕਰਾਉਣੀ ਸੀ। ਉਸਨੂੰ ਸੰਭਾਲਣਾ ਬੰਤ ਸਿੰਘ ਦੇ ਵਸ ਵਿੱਚ ਨਹੀਂ ਸੀ। ਉਹ ਮੂੰਹ ਵੀ ਵੱਡਾ ਅੱਡਦਾ ਸੀ ਅਤੇ ਜ਼ੁਬਾਨ ਵੀ ਉਸਦੀ ਕੌੜੀ ਸੀ।
ਛੋਟੇ ਸਰਕਾਰੀ ਵਕੀਲਾਂ ਉਪਰ ਬੰਤ ਸਿੰਘ ਨੂੰ ਤੀਹ ਹਜ਼ਾਰ ਖ਼ਰਚ ਹੁੰਦਾ ਨਜ਼ਰ ਆ ਰਿਹਾ ਸੀ।
ਸਿੰਗਲੇ ਨੇ ਪੰਕਜ ਨੂੰ ਏ.ਪੀ.ਪੀ.ਦੀ ਫ਼ੀਸ ਇੱਕ ਹਜ਼ਾਰ ਅਤੇ ਧਰਮ ਸਿੰਘ ਦੀ ਫ਼ੀਸ ਦੋ ਹਜ਼ਾਰ ਦੱਸੀ ਸੀ। ਬੰਤ ਸਿੰਘ ਨੇ ਏ.ਪੀ.ਪੀ.ਲਈ ਪੰਜ ਅਤੇ ਧਰਮ ਸਿੰਘ ਲਈ ਪੰਦਰਾਂ ਮੰਗਿਆ ਸੀ।
ਇਹ ਸਮਾਂ ਨਾ ਕਿਰਸ ਕਰਨ ਦਾ ਸੀ ਨਾ ਬਹਿਸ। ਨਵੀਂ ਗਲ ਪਈ ਬਲਾ ਨੂੰ ਲਾਹੁਣ ਦਾ ਸੀ।
ਪੰਕਜ ਝੱਟ ਬੰਤ ਸਿੰਘ ਨਾਲ ਸਹਿਮਤ ਹੋ ਗਿਆ।
ਬੰਤ ਸਿੰਘ ਨੇ ਪੰਕਜ ਨੂੰ ਸੰਤੋਖ ਸਿੰਘ ਨਾਲ ਸੰਪਰਕ ਕਰਨ ਲਈ ਦੌੜਾਇਆ। ਉਹ ਪੈਸੇ ਦੇਵੇ, ਵਿਧਾਇਕ ਤੋਂ ਫ਼ੋਨ ਕਰਵਾਏ ਜਾਂ ਮੁੱਖ ਮੰਤਰੀ ਤੋਂ। ਇਸ ਨਾਲ ਬੰਤ ਸਿੰਘ ਨੂੰ ਕੋਈ ਮਤਲਬ ਨਹੀਂ ਸੀ।
ਵੀਹ ਹਜ਼ਾਰ ਬੋਝੇ ਪਾ ਕੇ ਉਹ ਖ਼ੁਦ ਛੋਟੇ ਸਰਕਾਰੀ ਵਕੀਲਾਂ ਦਾ ਪ੍ਰਬੰਧ ਕਰਨ ਲੱਗਾ।
ਬੰਤ ਸਿੰਘ ਨੇ ਠੇਕੇ ਤੋਂ ਦੋ ਵਿਸਕੀ ਦੀਆਂ ਬੋਤਲਾਂ ਵਗਾਰ ਵਿੱਚ ਮੰਗਵਾਈਆਂ।
ਸ਼ੇਰੇ ਪੰਜਾਬ ਢਾਬੇ ਦੇ ਮਾਲਕ ਨੂੰ ਫ਼ੋਨ ਕੀਤਾ। ਉਸਦਾ ਰੀਡਰ ਇੱਕ ਦੋ ਅਫ਼ਸਰਾਂ ਨੂੰ ਨਾਲ ਲੈ ਕੇ ਖਾਣਾ ਖਾਣ ਆ ਰਿਹਾ ਸੀ। ਉਪਰਲਾ ਕਮਰਾ ਸਾਫ਼ ਕਰਵਾ ਦਿੱਤਾ ਜਾਵੇ। ਅਫ਼ਸਰਾਂ ਦੀ ਖ਼ਾਤਰ ਵਿੱਚ ਕੋਈ ਕਮੀ ਨਾ ਰਹੇ।
ਦਾਰੂ ਸਿੱਕੇ ਦਾ ਪ੍ਰਬੰਧ ਕਰਕੇ ਉਸ ਨੇ ਆਪਣੇ ਰੀਡਰ ਨੂੰ ਕੋਲ ਬੁਲਾਇਆ। ਨਵੇਂ ਮਿਲੇ ਵੀਹ ਹਜ਼ਾਰ ਵਿਚੋਂ ਦੋ ਹਜ਼ਾਰ ਉਸ ਨੂੰ ਫੜਾਇਆ। ਫੇਰ ਹਦਾਇਤਾਂ ਜਾਰੀ ਕੀਤੀਆਂ: “ਪੀ.ਪੀ.ਸਾਹਿਬ ਨੂੰ ਪਹਿਲਾਂ ਢਾਬੇ ਲਿਜਾਈਂ। ਜਦੋਂ ਉਹ ਚਾਰ ਪੈੱਗ ਲਾ ਲਏ ਤਾਂ ਪੰਜ ਪੰਜ ਸੌ ਦੇ ਦੋ ਨੋਟ ਉਸਦੇ ਬੋਝੇ ਪਾਈਂ। ਤੂੰ ਆਪ ਪੀਣ ਨਾ ਬੈਠ ਜਾਈਂ। ਜਦੋਂ ਤਕ ਉਹ ਸ਼ਰਾਬੀ ਹੋਵੇ ਤਾਂ ਉਸ ਵੱਲੋਂ ਮੀਮੋ ਲਿਖ ਲਈਂ। ਨੋਟ ਦੇਣ ਸਾਰ ਮੀਮੋ ’ਤੇ ਦਸਤਖ਼ਤ ਕਰਵਾ ਲਈਂ। ਸਾਰਾ ਕੰਮ ਮੁਕੰਮਲ ਕਰਕੇ ਉਠਣ ਦੇਈਂ। ਹਜ਼ਾਰ ਚ ਨਾ ਮੰਨੇ ਸੌ ਦੋ ਸੌ ਹੋਰ ਦੇ ਦੇਈਂ। ਦੋ ਹਜ਼ਾਰ ਤੈਨੂੰ ਦੇ ਦਿੱਤਾ। ਜੋ ਬਚਿਆ ਤੇਰਾ।”
“ਬਿਹਤਰ ਜਨਾਬ!” ਬੋਤਲਾਂ ਅਤੇ ਨੋਟ ਸੰਭਾਲਦਾ ਲਾਲੀ ਬਾਗੋ ਬਾਗ ਹੋ ਗਿਆ।
“ਪਰ ਜਨਾਬ ਉਪ ਜ਼ਿਲ੍ਹਾ ਅਟਾਰਨੀ ਦਾ ਕੀ ਕਰੋਗੇ? ਉਸਨੂੰ ਮੁਦਈ ਧਿਰ ਮਿਲ ਕੇ ਗਈ ਹੈ। ਉਸਦੇ ਕਈ ਫ਼ੋਨ ਆ ਚੁੱਕੇ ਹਨ। ਪੁੱਛਦਾ ਹੈ ਚਲਾਨ ਤਿਆਰ ਕੀਤਾ ਕਿ ਨਹੀਂ? ਉਸਨੇ ਅਸਾਨੀ ਨਾਲ ਚਲਾਨ ਪਾਸ ਨਹੀਂ ਕਰਨਾ। ਉਹ ਸ਼ਰਾਬ ਦੇ ਚਲਾਨ ਵਿਚੋਂ ਸੌ ਨੁਕਸ ਕੱਢ ਦਿੰਦਾ ਹੈ। ਇਹ ਕਤਲ ਕੇਸ ਹੈ। ਇਹ ਚਲਾਨ ਉਸਨੇ ਵੀਹ ਵਾਰੀ ਪੜ੍ਹਨੈ।
ਉਸ ਕੋਲ ਤੁਸੀਂ ਜਾਣਾ।”
ਧਰਮ ਸਿੰਘ ਦਾ ਡਰ ਲਾਲੀ ਨੂੰ ਵੱਢ ਵੱਢ ਖਾ ਰਿਹਾ ਸੀ। ਧਰਮ ਸਿੰਘ ਲਾਲਚ ਵਿੱਚ ਆਉਣ ਵਾਲਾ ਨਹੀਂ ਸੀ। ਆਪਣਾ ਕੰਮ ਉਹ ਸਹੀ ਰੱਖਦਾ ਸੀ। ਇਸ ਲਈ ਉਸਨੂੰ ਕਿਸੇ ਅਫ਼ਸਰ ਦਾ ਬਹੁਤਾ ਡਰ ਨਹੀਂ ਸੀ। ਅਫ਼ਸਰ ਨਾਲ ਹਿੱਕ ਤਾਣ ਕੇ ਗੱਲ ਕਰ ਸਕਦਾ ਸੀ।
ਸਾਰੀ ਮਿਸਲ ਲਾਲੀ ਦੇ ਹੱਥੀਂ ਤਿਆਰਾ ਹੋਈ ਸੀ। ਅਫ਼ਸਰ ਨੇ ਜਿਸ ਤਰ੍ਹਾਂ ਆਖਿਆ ਉਸਨੇ ਉਸੇ ਤਰ੍ਹਾਂ ਲਿਖਿਆ। ਜੱਜ ਭਾਵੇਂ ਮੁਦਈ ਦਾ ਬਾਪ ਲਗਦਾ ਹੋਵੇ ਦੋਸ਼ੀਆਂ ਨੂੰ ਚੋਰੀ ਦੇ ਜੁਰਮ ਤੋਂ ਵੱਧ ਸਜ਼ਾ ਨਹੀਂ ਕਰ ਸਕਦਾ।
ਪੁਲਿਸ ਦਾ ਇਸ ਤਰੁੱਟੀ ਨੂੰ ਧਰਮ ਸਿੰਘ ਨੇ ਆਪਣੀ ਟਿਪਣੀ ਵਿੱਚ ਲਿਖ ਦੇਣਾ ਸੀ। ਪਿਛੋਂ ਇਸੇ ਟਿਪਣੀ ਨੇ ਅਫ਼ਸਰਾਂ ਦੇ ਜੋੜਾਂ ਵਿੱਚ ਬੈਠਣਾ ਸੀ। ਜਦੋਂ ਦੋਸ਼ੀ ਬਰੀ ਹੋ ਗਏ, ਇਸ ਟਿਪਣੀ ਨੇ ਅਫ਼ਸਰਾਂ ਦੀ ਅਣਗਹਿਲੀ ਅਤੇ ਨਲਾਇਕੀ ਦਾ ਆਧਾਰ ਬਨਣਾ ਸੀ।
“ਤੂੰ ਪਹਿਲੀ ਪੌੜੀ ਤਾਂ ਚੜ੍ਹ। ਧਰਮ ਸਿੰਘ ਬਾਰੇ ਮੈਂ ਸੋਚਦਾ ਹਾਂ।”
“ਵੈਸੇ ਇਸਦਾ ਇੱਕ ਹੱਲ ਹੈ। ਜ਼ਿਲ੍ਹਾ ਅਟਾਰਨੀ ਦੇ ਨਵੇਂ ਹੁਕਮਾਂ ਮੁਤਾਬਕ ਚਲਾਨ ਉਸ ਕੋਲ ਲਿਜਾਣਾ ਜ਼ਰੂਰੀ ਨਹੀਂ। ਥੋੜ੍ਹੀ ਜਿਹੀ ਬੁਰਕੀ ਵੱਧ ਪੈ ਜਾਵੇ ਤਾਂ ਉਹ ਚਲਾਨ ਸਿੱਧਾ ਪਾਸ ਕਰ ਦਿੰਦਾ ਹੈ। ਧਰਮ ਸਿੰਘ ਵਾਲੀ ਫ਼ੀਸ ਉਸਨੂੰ ਦਿਓ। ਧਰਮ ਸਿੰਘ ਦੇ ਝੰਜਟ ਤੋਂ ਬਚੋ।”
ਆਪਣਾ ਸਮਾਨ ਸੰਭਾਲਦੇ ਰੀਡਰ ਨੇ ਆਪਣਾ ਤਜਰਬਾ ਮੁੱਖ ਅਫ਼ਸਰ ਨਾਲ ਸਾਂਝਾ ਕੀਤਾ।
“ਪੰਕਜ ਨੂੰ ਭੇਜਿਆ ਹੈ ਡੀ.ਏ.ਵੱਲ। ਦੇਖਦੇ ਹਾਂ ਕੀ ਰਿਪੋਰਟ ਲਿਆਉਂਦਾ ਹੈ। ਉਸ ਮੁਤਾਬਕ ਸੋਚਾਂਗੇ। ਤੂੰ ਜਲਦੀ ਜਾਹ। ਫੇਰ ਮੈਂ ਡੀ.ਏ.ਵੱਲ ਵੀ ਜਾਣਾ ਹੈ।”
ਬੰਤ ਸਿੰਘ ਨੂੰ ਰੀਡਰ ਦਾ ਮਸ਼ਵਰਾ ਜਚਿਆ। ਧਰਮ ਸਿੰਘ ਵਾਲਾ ਦੋ ਹਜ਼ਾਰ ਡੀ.ਏ. ਨੂੰ ਦੇ ਦਿੱਤਾ ਜਾਵੇ। ਨਾਲੇ ਧਰਮ ਸਿੰਘ ਦੀ ਟਿਪਣੀ ਤੋਂ ਬਚਿਆ ਜਾਵੇ, ਨਾਲੇ ਉਸ ਪਿਛੇ ਫਿਰਨ ਦੀ ਖੱਜਲ ਖੁਆਰੀ ਤੋਂ।
ਪੰਕਜ ਕੋਲੋਂ ਮਿਲੀ ਰਕਮ ਵਿਚੋਂ ਉਸਨੇ ਦੋ ਹਜ਼ਾਰ ਹੋਰ ਕੱਢਿਆ। ਇੱਕ ਲਿਫ਼ਾਫ਼ੇ ਵਿੱਚ ਪਾ ਕੇ ਪੈਕਟ ਤਿਆਰ ਕੀਤਾ।
ਪੰਕਜ ਆਪਣੇ ਵੱਲੋਂ ਡੀ.ਏ.ਨੂੰ ਜੋ ਮਰਜ਼ੀ ਦੇਵੇ। ਇਹ ਪੈਕਟ ਬੰਤ ਸਿੰਘ ਵੱਲੋਂ ਉਸਨੂੰ ਨਜ਼ਰਾਨਾ ਹੋਏਗਾ।
-88-
ਪਿਛਲੇ ਤਿੰਨ ਮਹੀਨੇ ਤੋਂ ਪੰਕਜ ਦਾ ਸੰਤੋਖ ਨਾਲ ਵਾਹ ਪੈ ਰਿਹਾ ਸੀ। ਉਸਦੀ ਰਗਰਗ ਤੋਂ ਉਹ ਵਾਕਿਫ਼ ਹੋ ਚੁੱਕਾ ਸੀ।
ਸੰਤੋਖ ਸਿੰਘ ਕਈ ਵਾਰ ਉਨ੍ਹਾਂ ਦੇ ਘਰ ਅਤੇ ਫੈਕਟਰੀ ਆ ਚੁੱਕਾ ਸੀ। ਕੋਟੀਆਂ, ਸਵਾਟਰ, ਕੰਬਲ ਅਤੇ ਹੋਰ ਨਿੱਕ ਸੁੱਕ ਆਪਣੇ ਅਤੇ ਆਪਣੇ ਅਫ਼ਸਰਾਂ ਲਈ ਲਿਜਾ ਚੁੱਕਾ ਸੀ। ਉਹ ਵੱਡੀ ਗੱਡੀ ਦਾ ਸ਼ੌਕੀਨ ਸੀ। ਕਈ ਵਾਰ ਵੱਡੀ ਗੱਡੀ ਉਸਨੂੰ ਸ਼ਿਮਲੇ ਘੁਮਾ ਲਿਆਈ ਸੀ।
ਸੰਤੋਖ ਸਿੰਘ ਹਜ਼ਾਰ ਵਾਰ ਪੰਕਜ ਨੂੰ ਆਖ ਚੁੱਕਾ ਸੀ। ਉਹ ਹੁਣ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ। ਪਰ ਪੰਕਜ ਨੂੰ ਲਗਦਾ ਸੀ ਬਿਨਾਂ ਪੈਸੇ ਲਏ ਉਹ ਉਨ੍ਹਾਂ ਦਾ ਕੰਮ ਕਰਨ ਵਾਲਾ ਨਹੀਂ ਸੀ।
ਪੰਕਜ ਨੇ ਆਪਣੀ ਕਈ ਦੋਸਤਾਂ ਦੇ ਕੰਮ ਉਸ ਤੋਂ ਕਰਵਾਏ ਸਨ। ਉਸਨੇ ਸੰਤੋਖ ਸਿੰਘ ਨੂੰ ਰੱਜਵੀਂ ਫ਼ੀਸ ਦਿਵਾਈ ਸੀ। ਕਦੇ ਉਸਨੂੰ ਫ਼ੀਸ ਘੱਟ ਲਗਦੀ ਤਾਂ ਪੰਜ ਚਾਰ ਦਿਨਾਂ ਬਾਅਦ ਕੋਈ ਵਗਾਰ ਪਾ ਦਿੰਦਾ। ਦੋਸਤਾਂ ਲਈ ਪੰਕਜ ਬਹਾਨੇ ਘੜ ਲੈਂਦਾ ਸੀ।
‘ਗਰੀਬ ਹੈ, ਮੰਦਾ ਚੱਲ ਰਿਹਾ ਹੈ, ਫੈਕਟਰੀ ਬੰਦ ਹੈ।’ ਆਪਣੇ ਬਾਰੇ ਉਹ ਕੀ ਆਖੇਗਾ?
ਪੰਕਜ ਦੇ ਪੋਤੜਿਆਂ ਤਕ ਦਾ ਸੰਤੋਖ ਸਿੰਘ ਵਾਕਿਫ਼ ਹੋ ਚੁੱਕਾ ਸੀ। ਨਕਦ ਨਾ ਲਏ ਤਾਂ ਕੋਈ ਵੱਡੀ ਵਗਾਰ ਪੈ ਸਕਦੀ ਸੀ। ਕਿਧਰੇ ਮੁੱਛਾਂ ਦਾੜ੍ਹੀ ਨਾਲੋਂ ਵੱਡੀਆਂ ਨਾ ਹੋ ਜਾਣ।
ਇਹੋ ਸੋਚ ਕੇ ਪੰਕਜ ਨੇ ਨਕਦ ਫ਼ੀਸ ਦੇਣ ਦਾ ਫੈਸਲਾ ਕੀਤਾ ਸੀ।
ਪੰਕਜ ਕੋਲੋਂ ਫ਼ੀਸ ਤੈਅ ਕਰਦੇ ਸਮੇਂ ਦਲਾਲਾਂ ਵਾਂਗ ਵਾਧੇ ਘਾਟੇ ਨਹੀਂ ਸਨ ਹੋਣੇ।
ਨਾਈ ਕੋਲੋਂ ਆਪਣਾ ਸਿਰ ਨਹੀਂ ਮੁੰਨਿਆ ਜਾਂਦਾ।
ਸਿਆਣਪ ਵਰਤਦਿਆਂ ਉਨ੍ਹਾਂ ਨੇ ਸਿੰਗਲਾ ਵਿੱਚ ਪਾ ਲਿਆ। ਹੁਣ ਤਕ ਸਿੰਗਲਾ ਕਈ ਵਾਰ ਪਰਖਿਆ ਜਾ ਚੁੱਕਾ ਸੀ। ਹਰ ਵਾਰ ਉਸਨੇ ਪੰਕਜ ਦਾ ਫ਼ਾਇਦਾ ਕੀਤਾ ਸੀ।
ਉਹੋ ਗੱਲ ਹੋਈ। ਸੰਤੋਖ ਸਿੰਘ ਨੇ ਪੁਲਿਸ ਦੀ ਰਿਪੋਰਟ ਉਪਰ ਆਪਣੀ ਸਹਿਮਤੀ ਪ੍ਰਗਟਾਉਣ ਦੀ ਕੀਮਤ ਪੰਜਾਹ ਹਜ਼ਾਰ ਪਾਈ।
ਸਿੰਗਲੇ ਨੂੰ ਸੰਤੋਖ ਸਿੰਘ ਦੇ ਇਸ ਤਰ੍ਹਾਂ ਮੂੰਹ ਅੱਡਣ ’ਤੇ ਹੈਰਾਨੀ ਹੋਈ। ਉਸਨੇ ਉਸਦੇ ਪੰਕਜ ਨਾਲ ਸੰਬੰਧਾਂ ਦੀ ਯਾਦ ਤਾਜ਼ਾ ਕਰਵਾਈ। ਪਹਿਲਾਂ ਕਈ ਵਾਰ ਉਹ ਉਸਨੂੰ ਫੀਸ ਦੇ ਚੁੱਕੇ ਸਨ। ਕਦੇ ਉਨ੍ਹਾਂ ਦਾ ਕੰਮ ਨਹੀਂ ਸੀ ਹੋਇਆ। ਫੇਰ ਵੀ ਉਨ੍ਹਾਂ ਨੇ ਫ਼ੀਸ ਵਾਪਸ ਕਰਨ ਦੀ ਕਦੇ ਗੱਲ ਛੇੜੀ ਤਕ ਨਹੀਂ ਸੀ। ਉਹ ਦਿਨ ਰਾਤ ਉਸ ਦੀਆਂ ਵਗਾਰਾਂ ਕਰਦੇ ਸਨ। ਉਨ੍ਹਾਂ ਦੇ ਨਮਕ ਦਾ ਮੁੱਲ ਪਾਇਆ ਜਾਣਾ ਚਾਹੀਦਾ ਸੀ।
“ਬਹੁਤਾ ਆਖਦਾ ਹੈਂ ਤਾਂ ਦਸ ਹਜ਼ਾਰ ਘੱਟ ਦਿਵਾ ਦੇ।” ਸੰਤੋਖ ਸਿੰਘ ਨੇ ਪੰਕਜ ਹੋਰਾਂ ਦੀ ਸੇਵਾ ਦਾ ਮੁੱਲ ਦਸ ਹਜ਼ਾਰ ਮੰਗਿਆ।
ਜਦੋਂ ਸਿੰਗਲੇ ਨੇ ਹੋਰ ਥੱਲੇ ਆਉਣ ਲਈ ਜ਼ੋਰ ਪਾਇਆ ਤਾਂ ਸੰਤੋਖ ਸਿੰਘ ਨੇ ਆਪਣੀਆਂ ਮਜਬੂਰੀਆਂ ਉਪਰ ਲੰਬਾ ਲੈਕਚਰ ਝਾੜਿਆ: “ਮੈਨੂੰ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਤੋਂ ਲੈ ਕੇ ਆਪਣੇ ਮਹਿਕਮੇ ਦੇ ਚਪੜਾਸੀ ਤਕ ਦੀਆਂ ਵਗਾਰਾਂ ਕਰਨੀਆਂ ਪੈਂਦੀਆਂ ਹਨ। ਮਾਇਆ ਨਗਰ ਹੌਜ਼ਰੀ ਦਾ ਘਰ ਹੈ। ਕਿਸੇ ਨਾ ਕਿਸੇ ਅਫ਼ਸਰ ਦਾ ਟੱਬਰ ਖ਼ਰੀਦੋ ਫ਼ਰੋਖ਼ਤ ਲਈ ਤੁਰਿਆ ਰਹਿੰਦਾ ਹੈ। ਓਸਵਾਲ ਵਰਗੇ ਵੱਡੇ ਘਰਾਣੇ ਮੇਰੇ ਵਰਗੇ ਅਫ਼ਸਰ ਦੀ ਪਰਵਾਹ ਨਹੀਂ ਕਰਦੇ। ਕਰਨ ਵੀ ਕਿਉਂ? ਮਾਇਆ ਨਗਰ ਵਿੱਚ ਹਜ਼ਾਰ ਤਰ੍ਹਾਂ ਦੇ ਅਫ਼ਸਰ ਹਨ। ਇਨਕਮ ਟੈਕਸ, ਸੇਲ ਟੈਕਸ! ਅਫ਼ਸਰਾਂ ਨੂੰ ਮੁਫ਼ਤ ਮਾਲ ਚੁਕਾਉਣ ਲੱਗਣ ਤਾਂ ਸ਼ਾਮ ਤਕ ਲੁੱਟੇ ਜਾਣ। ਉਹ ਅਫ਼ਸਰਾਂ ਦਾ ਮਾਣ ਕਰਦੇ ਹਨ। ਵੀਹ ਫੀਸਦੀ ਰਿਆਇਤ ਕਰਦੇ ਹਨ। ਬਾਕੀ ਦਾ ਬਿੱਲ ਅਫ਼ਸਰ ਪੱਲਿਉਂ ਥੋੜ੍ਹਾ ਭਰਦੇ ਹਨ? ਸੰਤੋਖ ਸਿੰਘ ਨੂੰ ਫੜਾ ਦਿੰਦੇ ਹਨ। ਦੋ ਕੋਟੀਆਂ ਖਰੀਦਣ ਆਇਆ ਅਫ਼ਸਰ ਕਾਰ ਭਰ ਕੇ ਲੈ ਜਾਂਦਾ ਹੈ। ਉਪਰਲਾ ਅਮਲਾ ਫੈਲਾ ਨਹੀਂ ਮਾਣ। ਕੋਈ ਬੀਬੀ ਨੂੰ ਆਖ ਕੇ ਕੋਟੀ ਮੰਗ ਲੈਂਦਾ ਹੈ, ਕੋਈ ਲੋਈ। ਵਗਾਰ ਪਾਉਣਾ ਅਫ਼ਸਰਾਂ ਦਾ ਜਨਮਸਿੱ ਧ ਅਧਿਕਾਰ ਹੈ। ਮੇਰੇ ਪੱਲੇ ਤਾਂ ਬਦਨਾਮੀ ਪੈਂਦੀ ਹੈ। ਮਲਾਈ ਉਪਰਲੇ ਲਾਹ ਕੇ ਲੈ ਜਾਂਦੇ ਹਨ।”
“ਤੁਹਾਡੀ ਗੱਲ ਠੀਕ ਹੈ। ਪਰ ਇਹ ਆਪਣੇ ਬੰਦੇ ਹਨ। ਨਿਤ ਕੰਮ ਆਉਂਦੇ ਹਨ।
ਹੁਣ ਇਨ੍ਹਾਂ ਦੀ ਛਿੱਲ ਤਾਂ ਨਹੀਂ ਲਾਹੁਣੀ?”
“ਸਿੰਗਲਾ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੂੰ ਕੀ ਕਰ ਰਿਹਾ ਹੈਂ? ਅਖੇ ਦਾਨੀ ਦਾਨ ਕਰੇ ਭੰਡਾਰੀ ਦਾ ਢਿੱਡ ਦੁਖੇ। ਪਾਰਟੀ ਪੈਸੇ ਖ਼ਰਚਣ ਨੂੰ ਤਿਆਰ ਹੈ, ਤੂੰ ਟੰਗ ਅੜਾਈ ਜਾਨੈਂ।”
ਸੰਤੋਖ ਸਿੰਘ ਸਿੰਗਲੇ ਦੀ ਜਿੱਤ ’ਤੇ ਖਿਝਣ ਲੱਗਾ।
“ਮੈਂ ਵਕੀਲ ਹਾਂ। ਮੇਰਾ ਪਹਿਲਾ ਫਰਜ਼ ਆਪਣੇ ਸਾਇਲ ਦੇ ਹਿੱਤਾਂ ਦਾ ਧਿਆਨ ਰੱਖਣਾ ਹੈ।”
“ਇਸ ਵਿੱਚ ਤੇਰਾ ਹਿੱਤ ਹੈ। ਜਿੰਨੇ ਵੱਧ ਦਿਵਾਏਂਗਾ ਉਨੇ ਵੱਧ ਲਏਂਗਾ।”
“ਮੇਰਾ ਆਪਣਾ ਸਵਾਰਥ ਦੂਜੇ ਨੰਬਰ ਉਪਰ ਹੈ।”
ਸਿੰਗਲਾ ਸੰਤੋਖ ਸਿੰਘ ਨੂੰ ਬਿਨਾਂ ਮਤਲਬ ਫ਼ੀਸ ਦਿਵਾਉਣ ਦੇ ਹੱਕ ਵਿੱਚ ਨਹੀਂ ਸੀ। ਉਸਨੂੰ ਪਤਾ ਸੀ ਦੋਸ਼ੀਆਂ ਨੂੰ ਇੱਕ ਆਈ.ਜੀ.ਰੈਂਕ ਦੇ ਅਫ਼ਸਰ ਨੇ ਮੁਕੱਦਮੇ ਵਿਚੋਂ ਕੱਢਿਆ ਸੀ। ਉਨ੍ਹਾਂ ਨੂੰ ਦੋਬਾਰਾ ਆਈ.ਜੀ.ਜਾਂ ਉਸ ਤੋਂ ਉਪਰ ਦੇ ਰੈਂਕ ਦਾ ਅਫ਼ਸਰ ਮੁਲਜ਼ਮ ਬਣਾ ਸਕਦਾ ਸੀ। ਸੰਤੋਖ ਸਿੰਘ ਉਨ੍ਹਾਂ ਦੇ ਵਿਰੁਧ ਜੋ ਮਰਜ਼ੀ ਲਿਖ ਦੇਵੇ। ਕੋਈ ਮੰਨਣ ਵਾਲਾ ਨਹੀਂ ਸੀ।
“ਪੈਸੇ ਮੈਂ ਵੱਧ ਦਿਵਾ ਦਿੰਦਾ ਹਾਂ। ਪਰ ਇਹ ਤਾਂ ਦੱਸੋ ਆਪਾਂ ਉਨ੍ਹਾਂ ਦਾ ਫ਼ਾਇਦਾ ਕੀ ਕਰ ਰਹੇ ਹਾਂ?”
“ਤੂੰ ਮੈਨੂੰ ਬਹੁਤਾ ਕਾਨੂੰਨ ਨਾ ਪੜ੍ਹਾ। ਦੱਸ ਕਿੰਨਾ ਵੱਟਾ ਝੱਲਣਗੇ?”
ਸੰਤੋਖ ਸਿੰਘ ਨੂੰ ਆਪਣੀ ਹੈਸੀਅਤ ਦਾ ਪਤਾ ਸੀ। ਇਸੇ ਲਈ ਉਹ ਦੜ ਵੱਟਣ ਵਿੱਚ ਭਲਾ ਸਮਝ ਰਿਹਾ ਸੀ।
“ਪੰਜ ਹਜ਼ਾਰ!”
“ਇੰਨੇ ਮੇਰਾ ਏ.ਪੀ.ਪੀ.ਨਹੀਂ ਲੈਂਦਾ। ਵਿਚੋਂ ਦੋ ਤੇਰਾ। ਮੇਰੇ ਪੱਲੇ ਪਿਆ ਤਿੰਨ।”
“ਮੈਂ ਤੁਹਾਡਾ ਫ਼ਾਇਦਾ ਕਰਵਾ ਰਿਹਾ ਹਾਂ। ਪੰਕਜ ਤਾਂ ਕਹਿੰਦਾ ਹੈ ਉਪਰੋਂ ਫ਼ੋਨ ਕਰਵਾ ਦਿੰਦੇ ਹਾਂ। ਮੈਂ ਆਖਿਆ ਕਮਲਾ ਨਾ ਹੋ। ਹਰ ਥਾਂ ਫ਼ੋਨ ਨਹੀਂ ਖੜਕਾਈਦਾ। ਤਾਂ ਪੰਜ ਦੇਣ ਲਈ ਮੰਨਿਆ ਹੈ।”
ਸਿੰਗਲੇ ਨੇ ਸੰਤੋਖ ਸਿੰਘ ਦੇ ਚੜ੍ਹੇ ਪਾਰੇ ਨੂੰ ਹੇਠ ਲਿਆਉਣ ਲਈ ਪਹਿਲਾ ਤੀਰ ਛੱਡਿਆ।
ਸੰਤੋਖ ਸਿੰਘ ਸਮਝ ਗਿਆ। ਅੱਜ ਸਿੰਗਲਾ ਫ਼ੀਸ ਦਿਵਾਉਣ ਦੇ ਮੂਡ ਵਿੱਚ ਨਹੀਂ ਸੀ। ਉਹ ਸੰਤੋਖ ਸਿੰਘ ਦੀ ਦੁਖਦੀ ਰਗ ’ਤੇ ਹੱਥ ਰੱਖ ਰਿਹਾ ਸੀ। ਸਭ ਨੂੰ ਪਤਾ ਸੀ ਪੰਕਜ ਹੋਰਾਂ ਦਾ ਮੁੱਖ ਮੰਤਰੀ ਨਾਲ ਚਲਾਨ ਪੇਸ਼ ਕਰਨ ਤਕ ਦਾ ਸੌਦਾ ਹੋਇਆ ਸੀ। ਉਸ ਸ਼ਰਤ ਤਹਿਤ ਸੰਤੋਖ ਸਿੰਘ ਨੂੰ ਝੱਟਪੱਟ ਚਲਾਨ ਪਾਸ ਕਰਨ ਲਈ ਕਿਸੇ ਪਾਸਿਉਂ ਵੀ ਫ਼ੋਨ ਆ ਸਕਦਾ ਸੀ।
“ਉੱਪਰਲੇ ਫ਼ੋਨਾਂ ਤੋਂ ਮੈਂ ਨਹੀਂ ਡਰਦਾ। ਸਭ ਅਫ਼ਸਰਾਂ ਦੀਆਂ ਵਗਾਰਾਂ ਕਰੀਦੀਆਂ ਹਨ। ਉਨ੍ਹਾਂ ਨੂੰ ਪਤਾ ਹੈ ਵਗਾਰਾਂ ਤਨਖ਼ਾਹ ਵਿਚੋਂ ਨਹੀਂ ਹੁੰਦੀਆਂ। ਉਂਝ ਮੈਂ ਤੇਰੀ ਮੰਨ ਲੈਂਦਾ ਹਾਂ। ਪੰਕਜ ਨੂੰ ਵੀਹ ਤਕ ਮਨਾ। ਦਸ ਤੂੰ ਰਖ ਲਈਂ।”
“ਕੋਸ਼ਿਸ਼ ਕਰਕੇ ਦੇਖ ਲੈਂਦਾ ਹਾਂ। ਪਰ ਕਿਧਰੇ ਬਟੇਰਾ ਪੈਰ ਹੇਠੋਂ ਨਿਕਲ ਨਾ ਜਾਵੇ।”
ਸਿੰਗਲੇ ਨੇ ਦੂਸਰਾ ਤੀਰ ਛੱਡਿਆ।
“ਫੇਰ ਮੁਫ਼ਤ ਕਰ ਦਿੰਦਾ ਹਾਂ।”
“ਮੁਫ਼ਤ ਕਿਉਂ ਕਰਨਾ ਹੈ। ਪਾਰਟੀ ਦਾ ਜਿਗਰਾ ਦੇਖੋ। ਬਿਨਾਂ ਮਤਲਬ ਪੰਜ ਹਜ਼ਾਰ ਦੇ ਰਹੀ ਹੈ।”
“ਚੱਲ ਜਿਵੇਂ ਤੇਰੀ ਮਰਜ਼ੀ ਹੈ ਕਰ ਲੈ। … ਹਾਂ ਪੰਕਜ ਨੂੰ ਮੇਰਾ ਇੱਕ ਸੁਨੇਹਾ ਦੇਈਂ।
ਆਖੀਂ ਮੈਨੂੰ ਜਲਦੀ ਮਿਲੇ।”
“ਜਨਾਬ ਜੀ ਸਿਆਣੇ ਬਣੋ। ਸੋਸਾਇਟੀ ਨੇ ਕੇਸ ਆਪਣੇ ਹੱਥ ਲੈ ਲਿਆ ਹੈ। ਪੰਕਜ ਨਾਲ ਤੁਹਾਨੂੰ ਕਿਸੇ ਨੇ ਦੇਖ ਲਿਆ ਤਾਂ ਮੇਰੇ ਅਤੇ ਸਤਿੰਦਰ ਸਿੰਘ ਵਾਲੀ ਤੁਹਾਡੇ ਨਾਲ ਬਣੂ। ਛਪ ਗਈਆਂ ਸਨ ਨਾ ਸਾਡੀਆਂ ਫੋਟੋਆਂ ਅਖ਼ਬਾਰਾਂ ਵਿੱਚ।”
ਸੰਤੋਖ ਸਿੰਘ ਨੂੰ ਪੰਕਜ ਪਿਛੋਂ ਲਾਹੁਣ ਲਈ ਸਿੰਗਲੇ ਨੇ ਆਖ਼ਰੀ ਤੀਰ ਛੱਡਿਆ।
ਜਦੋਂ ਦਾ ਸੰਤੋਖ ਸਿੰਘ ਪੰਕਜ ਹੋਰਾਂ ਦਾ ਵਾਕਿਫ਼ ਬਣਿਆ ਸੀ ਸਿੰਗਲੇ ਦਾ ਤੋਰੀ ਫੁਲਕਾ ਬੰਦ ਹੋ ਗਿਆ ਸੀ। ਮੁਲਜ਼ਮਾਂ ਦੇ ਸਾਰੇ ਕੰਮ ਕਰਾਉਣ ਦਾ ਠੇਕਾ ਸੰਤੋਖ ਸਿੰਘ ਨੇ ਲੈ ਲਿਆ ਸੀ। ਜਿਵੇਂ ਉਹ ਸਰਕਾਰੀ ਵਕੀਲ ਨਾ ਹੋ ਕੇ ਮੁਲਜ਼ਮਾਂ ਦਾ ਦਲਾਲ ਹੋਵੇ।
“ਲੋਕ ਸੱਚ ਆਖਦੇ ਹਨ। ਬਾਣੀਆਂ ਦੀ ਕੌਮ ਬੜੀ ਸਿਆਣੀ ਕੌਮ ਹੈ। ਇਹ ਗੱਲ ਮੇਰੇ ਦਿਮਾਗ਼ ਵਿੱਚ ਨਹੀਂ ਆਈ। ਉਲਟਾ ਤੂੰ ਉਨ੍ਹਾਂ ਨੂੰ ਤਾੜ। ਨਾ ਮੈਨੂੰ ਮਿਲਣ ਨਾ ਫ਼ੋਨ ਕਰਨ।”
ਸਿੰਗਲੇ ਦੇ ਸਾਰੇ ਤੀਰ ਨਿਸ਼ਨੇ ’ਤੇ ਲੱਗੇ।
ਸੌਦਾ ਤੈਅ ਕਰਕੇ ਸਿੰਗਲੇ ਨੇ ਪੰਕਜ ਨੂੰ ਫ਼ੋਨ ਕੀਤਾ। ਪੰਕਜ ਨੇ ਬੰਤ ਸਿੰਘ ਨੂੰ।
ਬੰਤ ਸਿੰਘ ਨੇ ਝੱਟ ਸੰਤੋਖ ਸਿੰਘ ਤੋਂ ਮਿਲਣ ਦਾ ਟਾਈਮ ਲੈ ਲਿਆ।
-89-
ਜ਼ਿਲ੍ਹਾ ਅਟਾਰਨੀ ਨੇ ਬੰਤ ਸਿੰਘ ਨੂੰ ਪੰਜ ਵਜੇ ਤੋਂ ਬਾਅਦ ਬੁਲਾਇਆ।
ਲੈਣ ਦੇਣ ਵਾਲੇ ਬੰਦਿਆਂ ਨੂੰ ਬੰਤ ਸਿੰਘ ਇਸੇ ਸਮੇਂ ਬੁਲਾਉਂਦਾ ਸੀ। ਉਸ ਸਮੇਂ ਤਕ ਦਫ਼ਤਰ ਦੇ ਕਲਰਕ ਅਤੇ ਸਟੈਨੋ ਛੁੱਟੀ ਕਰਕੇ ਘਰ ਨੂੰ ਮੁੜ ਗਏ ਹੁੰਦੇ ਸਨ। ਅਦਾਲਤੋਂ ਸੁਨੇਹਾ ਆਉਣ ਦਾ ਧੁੜਕੂ ਮੁੱਕ ਜਾਂਦਾ ਸੀ। ਖੁਲ੍ਹ ਕੇ ਗੱਲ ਕਰਨ ਲਈ ਉਸ ਕੋਲ ਵਿਹਲ ਹੀ ਵਿਹਲ ਹੁੰਦੀ ਸੀ।
ਇਸੇ ਨੀਤੀ ਤਹਿਤ ਬੰਤ ਸਿੰਘ ਨੂੰ ਪੰਜ ਵਜੇ ਤੋਂ ਬਾਅਦ ਬੁਲਾਇਆ ਗਿਆ ਸੀ।
ਆਖ਼ਰੀ ਬੰਦੇ ਦੇ ਦਫ਼ਤਰੋਂ ਬਾਹਰ ਨਿਕਲਦਿਆਂ ਹੀ ਬੰਤ ਸਿੰਘ ਨੇ ਸਲੂਟ ਮਾਰ ਦਿੱਤਾ।
“ਆ ਬਈ ਸੰਤ ਸਿਆਂ। ਕਿਥੇ ਰਹਿੰਦਾ ਹੈਂ? ਕਦੇ ਦਰਸ਼ਨ ਨਹੀਂ ਹੁੰਦੇ।”
ਸਹੀ ਵਕਤ ’ਤੇ ਆਏ ਬੰਤ ਸਿੰਘ ਦਾ ਸੰਤੋਖ ਸਿੰਘ ਨੇ ਖਿੜੇ ਮੱਥੇ ਸਵਾਗਤ ਕੀਤਾ।
“ਪਹਿਲਾਂ ਜਨਾਬ ਪੁਲਿਸ ਲਾਈਨ ਵਿੱਚ ਧੱਕੇ ਖਾਂਦੇ ਸਾਂ। ਮੱਥੇ ਲੱਗਣ ਜੋਗੇ ਨਹੀਂ ਸੀ। ਹੁਣ ਮਿਲਿਆ ਕਰਾਂਗੇ।”
“ਮਿਲਦਾ ਰਿਹਾ ਕਰ! ਯਾਦ ਹੈ ਆਪਾਂ ਰੋਪੜ ਇਕੱਠੇ ਹੁੰਦੇ ਸੀ। ਉਹੋ ਜਿਹੇ ਦਿਨ ਆਪਾਂ ਇਥੇ ਕੱਟਣੋ ਨੇ। ਦੱਸ ਕਿਸ ਤਰ੍ਹਾਂ ਆਇਐਂ?”
“ਇਕ ਮਰਿਆ ਸੱਪ ਗਲ ਪੈ ਗਿਆ। ਤੁਹਾਡੇ ਕੋਲੋਂ ਗਲੋਂ ਲਾਹੁਣੈ।”
ਕਮਲ ਕਤਲ ਕੇਸ ਜ਼ਿਲ੍ਹਾ ਅਟਾਰਨੀ ਅੱਗੇ ਰੱਖ ਕੇ ਬੰਤ ਸਿੰਘ ਨੇ ਬਨਾਉਟੀ ਲੇਲੜੀ ਕੱਢੀ।
“ਜੇ ਤੂੰ ਇਸ ਕੇਸ ਨੂੰ ਮਰਿਆ ਸੱਪ ਆਖਦਾ ਹੈਂ ਤਾਂ ਜਿਊਂਦਾ ਸੱਪ ਕਿਹੜਾ ਹੋਊ!
ਸਾਰੀ ਪੁਲਿਸ ਨੇ ਹੱਥ ਰੰਗ ਲਏ।”
“ਰੰਗ ਲਏ ਹੋਣਗੇ ਜਨਾਬ! ਮੈਨੂੰ ਵਾਹਿਗੁਰੂ ਦੀ ਸਹੁੰ। ਮੈਨੂੰ ਕਿਸੇ ਨੇ ਦੁਆਨੀ ਨਹੀਂ ਦਿੱਤੀ।”
“ਇਸ ਤਰ੍ਹਾਂ ਤੁਸੀਂ ਪੁਲਿਸ ਵਾਲੇ ਹਰ ਕੇਸ ਵਿੱਚ ਆਖਦੇ ਹੋ। ਚੱਲ ਰੋ ਨਾ। ਇਹ ਦੱਸ ਹੇਠਲੇ ਅਫ਼ਸਰਾਂ ਤੋਂ ਚਲਾਨ ਪਾਸ ਕਰਵਾ ਲਿਆ?”
ਬੰਤ ਸਿੰਘ ਦੇ ਇਸ ਘਸੇ ਪਿਟੇ ਬਹਾਨੇ ਉਪਰ ਸੰਤੋਖ ਸਿੰਘ ਨੂੰ ਖਿਝ ਆਈ।
“ਏ.ਪੀ.ਪੀ.ਸਾਹਿਬ ਤੋਂ ਕਰਵਾ ਲਿਆ।”
“ਕਿਹੜਾ ਏ.ਪੀ.ਪੀ.ਏ ਤੁਹਾਡਾ?”
“ਮਹਿੰਦਰ ਸਿੰਘ।”
“ਉਸਨੇ ਸਵਾਹ ਚਲਾਨ ਚੈੱਕ ਕੀਤਾ ਹੋਣੈ। ਜਿਸ ਤਰ੍ਹਾਂ ਲੈ ਕੇ ਗਏ ਹੋਵੋਗੇ ਉਸੇ ਤਰ੍ਹਾਂ ਦਸਤਖ਼ਤ ਕਰਕੇ ਮੋੜ ਦਿੱਤਾ ਹੋਣੈ।”
ਸੰਤੋਖ ਸਿੰਘ ਨੂੰ ਮਹਿੰਦਰ ਸਿੰਘ ਦਾ ਨਾਂ ਸੁਣਕੇ ਹੋਰ ਗੁੱਸਾ ਚੜ੍ਹ ਗਿਆ। ਹੁਣ ਸਾਰੀ ਮਗਜ਼ ਖਪਾਈ ਸੰਤੋਖ ਸਿੰਘ ਨੂੰ ਕਰਨੀ ਪੈਣੀ ਸੀ।
“ਉੱਪ ਜ਼ਿਲ੍ਹਾ ਅਟਾਰਨੀ ਕਿਹੜਾ ਹੈ?”
“ਧਰਮ ਸਿੰਘ! ਉਸਨੂੰ ਬਹੁਤ ਲੱਭਿਆ, ਉਹ ਮਿਲਿਆ ਨਹੀਂ। ਕੱਲ੍ਹ ਨੂੰ ਨੱਬੇ ਦਿਨ ਪੂਰੇ ਹੁੰਦੇ ਹਨ। ਪਹਿਲਾਂ ਸਾਡੇ ਅਫ਼ਸਰ ਕਹਿੰਦੇ ਚਲਾਨ ਪੇਸ਼ ਨਹੀਂ ਕਰਨਾ। ਹੁਣ ਕਹਿੰਦੇ ਹੁਣੇ ਪੇਸ਼ ਕਰੋ। ਤੁਸੀਂ ਉਸਨੂੰ ਛੱਡੋ। ਸਿੱਧੇ ਕਿਰਪਾ ਕਰੋ।”
ਧਰਮ ਸਿੰਘ ਦਾ ਨਾਂ ਸੁਣਕੇ ਸੰਤੋਖ ਸਿੰਘ ਨੂੰ ਕੁੱਝ ਰਾਹਤ ਮਹਿਸੂਸ ਹੋਈ। ਧਰਮ ਸਿੰਘ ਨੇ ਚਲਾਨ ਦਾ ਅੱਖਰ ਅੱਖਰ ਪੜ੍ਹਨਾ ਸੀ। ਸਾਰੀਆਂ ਕਮੀਆਂ ਪੇਸ਼ੀਆਂ ਨੂੰ ਉਸਨੇ ਆਪਣੀ ਟਿਪਣੀ ਵਿੱਚ ਦਰਜ ਕਰਨਾ ਸੀ। ਇਸ ਨਾਲ ਸੰਤੋਖ ਸਿੰਘ ਨੂੰ ਦੂਹਰਾ ਫ਼ਾਇਦਾ ਹੋਣਾ ਸੀ। ਧਰਮ ਸਿੰਘ ਦੀ ਘੋਖ ਪੜਤਾਲ ਤੋਂ ਬਾਅਦ ਸੰਤੋਖ ਸਿੰਘ ਨੂੰ ਬਹੁਤੀ ਮਿਹਨਤ ਨਹੀਂ ਸੀ ਕਰਨੀ ਪੈਣੀ। ਦੂਜਾ ਉਸਨੇ ਬੰਤ ਸਿੰਘ ਨੂੰ ਗੇੜੇ ਮਰਵਾ ਮਰਵਾ ਥਕਾ ਦੇਣਾ ਸੀ।
“ਸਰਕਾਰ ਦੀਆਂ ਨਵੀਆਂ ਹਦਾਇਤਾਂ ਆਈਆਂ ਹਨ। ਕਤਲ ਕੇਸ ਉੱਪਜ਼ਿਲ੍ਹਾ ਅਟਾਰਟਨੀ ਕੋਲੋਂ ਪਾਸ ਹੋਣਾ ਜ਼ਰੂਰੀ ਹੈ। ਇਸ ਮੁਕੱਦਮੇ ਦੇ ਬਹੁਤ ਚਰਚੇ ਹਨ। ਕੋਈ ਕਮੀ ਪੇਸ਼ੀ ਰਹਿ ਗਈ ਮੈਨੂੰ ਜਵਾਬ ਦੇਣਾ ਔਖਾ ਹੋ ਜਾਏਗਾ। ਮੈਂ ਕੋਈ ਪੰਗਾ ਨਹੀਂ ਲੈਣਾ।
ਮੈਂ ਸਿੱਧਾ ਚਲਾਨ ਪਾਸ ਨਹੀਂ ਕਰਨਾ। ਹਦਾਇਤਾਂ ਦੀ ਪਾਲਨਾ ਕਰੋ।”
“ਤੁਸੀਂ ਉਸ ਉਪਰ ਖਰਚ ਕਿਉਂ ਕਰਾਉਂਦੇ ਹੋ? ਉਸ ਵਾਲੀ ਫ਼ੀਸ ਤੁਸੀਂ ਲੈ ਲਓ।”
ਬੰਤ ਸਿੰਘ ਨੇ ਪਹਿਲਾਂ ਤੋਂ ਤਿਆਰ ਕੀਤਾ ਪੈਕਟ ਜ਼ਿਲ੍ਹਾ ਅਟਾਰਨੀ ਦੇ ਮੇਜ਼ ਉੱਪਰ ਰੱਖ ਦਿੱਤਾ।
“ਕੀ ਹੈ ਇਸ ਵਿੱਚ?” ਸੰਤੋਖ ਸਿੰਘ ਪੁਲਿਸ ਦੀਆਂ ਚਾਲਾਂ ਦਾ ਭੇਤੀ ਸੀ। ਬੰਦ ਲਿਫ਼ਾਫ਼ੇ, ਦੇਖਣ ਨੂੰ ਵੱਡੇ ਲਗਦੇ ਸਨ। ਅੰਦਰੋਂ ਦਸ ਦਸ ਦੇ ਨੋਟ ਨਿਕਲਦੇ ਸਨ।
“ਪੂਰੇ ਦੋ ਹਜ਼ਾਰ ਹੈ। ਇਹ ਮੈਂ ਆਪਣੇ ਕੋਲੋਂ ਦੇ ਰਿਹਾਂ।”
“ਹੂੰ! ਆਪਣੇ ਕੋਲੋਂ ਦੇਣ ਵਾਲਾ।” ਸੰਤੋਖ ਸਿੰਘ ਨੂੰ ਬੰਤ ਸਿੰਘ ਦੀ ਇਸ ਫੜ੍ਹ ਉਪਰ ਖਿਝ ਆਈ। ਪਰ ਇਹ ਸ਼ਬਦ ਉਸਨੇ ਆਪਣੇ ਮੂਹੋਂ ਬਾਹਰ ਨਹੀਂ ਕੱਢੇ।
“ਬਸ? ਏਡਾ ਵੱਡਾ ਕੇਸ ਹੈ! ਤਕੜੀ ਅਸਾਮੀ ਹੈ! ਫ਼ੀਸ ਕੇਵਲ ਦੋ ਹਜ਼ਾਰ!”
“ਤੁਹਾਨੂੰ ਉਹ ਮਿਲਕੇ ਨਹੀਂ ਗਏ ਜਨਾਬ? ਮੈਨੂੰ ਕਹਿੰਦੇ ਅਸੀਂ ਮੱਥੇ ਲਗ ਆਏ।”
“ਕੀ ਸਵਾਹ ਮਿਲ ਗਏ। ਵਿੱਚ ਵਕੀਲ ਪਾ ਲਿਆ। ਉਹ ਆਪਣਾ ਹਿੱਸਾ ਮੰਗ ਰਿਹੈ।”
ਭਰਿਆ ਪੀਤਾ ਸੰਤੋਖ ਸਿੰਘ ਗੁੱਸਾ ਕੱਢਣ ਲੱਗਾ।
“ਜਨਾਬ ਸਾਨੂੰ ਅਸਲੀਅਤ ਦਾ ਕੀ ਪਤੈ? ਮੈਨੂੰ ਕਹਿੰਦੇ ਸਾਡੀ ਸਾਹਿਬ ਨਾਲ ਇਕੋ ਗੱਲ ਹੈ। ਘਰ ਆਉਣ ਜਾਣ ਹੈ। ਬੁੱਕਲ ਸਾਂਝੀ ਹੈ। ਮੈਨੂੰ ਕੀ ਪਤਾ ਸੀ ਵਿੱਚ ਵਕੀਲ ਪਾ ਲੈਣਗੇ। ਨਹੀਂ ਤਾਂ ਮੈਂ ਸਿੱਧੀ ਗੱਲ ਕਰਾਉਂਦਾ।”
“ਹੁਣ ਕਿਹੜਾ ਬਿੱਲੀ ਨਿੱਛ ਗਈ! ਹੁਣ ਕਰ ਲੈ ਗੱਲ! ਡਰਾ ਦੇ ਸਾਲਿਆਂ ਨੂੰ।
ਆਖਦੇ ਉਨ੍ਹਾਂ ਨੇ ਵਕੀਲ ਦੀ ਨਹੀਂ ਮੰਨੀ।”
“ਦੇਖ ਲਉ। ਥੁੱਕ ਕੇ ਚੱਟਣਾ ਚੰਗਾ ਨਹੀਂ ਲਗਦਾ। ਨਾਲੇ ਵਕੀਲ ਨਰਾਜ਼ ਹੋਊ।”
ਬੰਤ ਸਿੰਘ ਕਟਾਕਸ਼ ਕਰਨ ਲੱਗਾ।
“ਤੂੰ ਆਹ ਚੱਕ ਆਪਣਾ ਦੋ ਹਜ਼ਾਰ। ਧਰਮ ਸਿੰਘ ਕੋਲ ਜਾ। ਇਹ ਫ਼ੀਸ ਉਸਨੂੰ ਦੇ। ਚਲਾਨ ਚੈੱਕ ਕਰਵਾ। ਮੈਂ ਹੁਕਮ ਕਰ ਦਿੰਦਾ ਹਾਂ। ਉਹ ਹੁਣੇ ਚਲਾਨ ਚੈੱਕ ਕਰਕੇ ਵਾਪਸ ਕਰੇਗਾ। ਮੈਂ ਸਾਰਾ ਬੋਝ ਆਪਣੇ ਸਿਰ ਕਿਉਂ ਲਵਾਂ? ਕੰਮ ਕਾਇਦੇ ਅਨੁਸਾਰ ਕਿਉਂ ਨਾ ਹੋਵੇ?”
ਦੋਹਾਂ ਪਾਸਿਆਂ ਤੋਂ ਚੰਗੀ ਫ਼ੀਸ ਨਾ ਮਿਲਣ ’ਤੇ ਉਦਾਸ ਹੋਇਆ ਸੰਤੋਖ ਸਿੰਘ ਕੰਮ ਵਿੱਚ ਟੰਗ ਅੜਾਉਣ ਲੱਗਾ।
“ਉਸਨੂੰ ਵਿਚੋਂ ਕੱਢੋ। ਮੈਨੂੰ ਕਪਤਾਨ ਸਾਹਿਬ ਨੇ ਆਖ ਕੇ ਭੇਜਿਆ ਹੈ। ਉਨ੍ਹਾਂ ਵੱਲੋਂ ਵੀ ਬੇਨਤੀ ਹੈ। ਆਖੋ ਤਾਂ ਫ਼ੋਨ ’ਤੇ ਗੱਲ ਕਰਵਾ ਦਿੰਦਾ ਹਾਂ।”
ਨੱਬੇ ਦਿਨ ਪੂਰੇ ਹੋਣ ਦੀ ਮਜਬੂਰੀ। ਕਪਤਾਨ ਦੀ ਦਖ਼ਲ ਅੰਦਾਜ਼ੀ। ਸੰਤੋਖ ਸਿੰਘ ਕੋਲ ਹਥਿਆਰ ਸੁੱਟਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ।
ਲਿਫ਼ਾਫ਼ੇ ਨੂੰ ਜੇਬ ਵਿੱਚ ਪਾ ਕੇ ਸੰਤੋਖ ਸਿੰਘ ਮਿਸਲ ਪੜ੍ਹਨ ਲੱਗਾ।
“ਕਮਾਲ ਹੈ ਬਈ! ਹਾਲੇ ਤਕ ਮਜ਼ਰੂਬਾਂ ਦੇ ਬਿਆਨ ਨਹੀਂ ਲਿਖੇ? ਕਿਸ ਗਵਾਹ ਦੇ ਬਿਆਨ ਵਿੱਚ ਆਇਐ ਕਿ ਕਤਲ ਉਸਦੇ ਸਾਹਮਣੇ ਹੋਇਐ? ਕੁੜੀ ਕਿੱਥੇ ਕਹਿੰਦੀ ਹੈ ਕਿ ਕਿਸ ਮੁਲਜ਼ਮ ਨੇ ਉਸ ਨਾਲ ਬਲਾਤਕਾਰ ਕੀਤੈ? ਵੇਦ ਵੀ ਖ਼ਾਮੋਸ਼ ਹੈ। ਕਿਸ ਮੁਲਜ਼ਮ ਨੇ ਉਸਨੂੰ ਸੱਟ ਮਾਰੀ? ਉਸਦੇ ਬਿਆਨ ਵਿੱਚ ਕਿਧਰੇ ਜ਼ਿਕਰ ਨਹੀਂ?”
“ਤੁੱਥ ਮੱਥ ਕੀਤਾ ਹੈ। ਪਹਿਲੇ ਤਫ਼ਤੀਸ਼ੀ ਨੇ ਕੱਖ ਨਹੀਂ ਕੀਤਾ। ਤਿੰਨ ਮਹੀਨੇ ਬਾਅਦ ਜੇ ਮੈਂ ਬਿਆਨ ਲਿਖਾਂ ਉਸਦੀ ਕੋਈ ਅਹਿਮੀਅਤ ਨਹੀਂ। ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਰਹਿਣ ਦਿਓ।”
ਮੈਂ ਦੇਖ ਲਿਆ। ਬਿਨਾਂ ਪੜ੍ਹੇ ਇਹ ਚਲਾਨ ਪਾਸ ਕਰਨ ਵਾਲਾ ਨਹੀਂ। ਰੱਖ ਜਾ।
ਮੈਂ ਪੜ੍ਹ ਲਵਾਂ।”
ਸੰਤੋਖ ਸਿੰਘ ਹਰ ਹੀਲੇ ਕੇਸ ਨੂੰ ਲਟਕਾਉਣ ਦਾ ਯਤਨ ਕਰ ਰਿਹਾ ਸੀ।
“ਮੈਂ ਬਾਹਰ ਬੈਠਦਾ ਹਾਂ। ਤੁਸੀਂ ਪੜ੍ਹ ਲਓ।” ਉਸੇ ਹੁਸ਼ਿਆਰੀ ਨਾਲ ਬੰਤ ਸਿੰਘ ਉਸਨੂੰ ਕੱਟਣ ਦਾ ਯਤਨ ਕਰ ਰਿਹਾ ਸੀ।
“ਮੈਂ ਕੋਈ ਕੰਪਿਊਟਰ ਹਾਂ। ਮਿਸਲ ਪੜ੍ਹਾਂਗਾ। ਸਮਝਾਂਗਾ। ਫੇਰ ਕੁੱਝ ਪੱਲੇ ਪਏਗਾ।
ਫੇਰ ਤੇਰੇ ਪੱਲੇ ਪਾਵਾਂਗਾ।”
“ਤੁਸੀਂ ਬਹੁਤੀ ਮੀਨ ਮੇਖ ਛੱਡੋ। ਤੁਸੀਂ ਮਿਸਲ ਪੜ੍ਹ ਲਓ। ਸ਼ਾਮ ਨੂੰ ਮੈਂ ਕੋਠੀ ਆਵਾਂਗਾ। ਮਹਾਰਾਜਾ ਹੋਟਲ ਚੱਲਾਂਗੇ। ਬਹੁਤ ਦੇਰ ਹੋ ਗਈ ਇਕੱਠੇ ਬੈਠਿਆਂ ਨੂੰ। ਜਸ਼ਨ ਮਨਾਵਾਂਗੇ।”
“ਸ਼ਾਮ ਦਾ ਪ੍ਰੋਗਰਾਮ ਕਿਸੇ ਹੋਰ ਨਾਲ ਹੈ। ਤੂੰ ਸਵੇਰੇ ਮਿਸਲ ਲੈ ਜਾਈਂ।”
ਸੰਤੋਖ ਸਿੰਘ ਦੋ ਘੁੱਟ ਦਾਰੂ ’ਤੇ ਧਿਜਨ ਵਾਲਾ ਨਹੀਂ।
ਬੰਤ ਸਿੰਘ ਸੰਤੋਖ ਸਿੰਘ ਨੂੰ ਕਾਬੂ ਕਰਨ ਵਿੱਚ ਅਸਫ਼ਲ ਰਿਹਾ ਸੀ। ਹਾਰ ਕੇ ਉਸਨੇ ਤੇਵਰ ਢਿੱਲੇ ਕਰਨੇ ਸ਼ੁਰੂ ਕੀਤੇ।
“ਜਨਾਬ ਮੇਰੇ ਨਾਲ ਖੁੱਲ੍ਹ ਕੇ ਗੱਲ ਕਰੋ। ਮੈਂ ਮੁਲਜ਼ਮਾਂ ਨੂੰ ਤਾੜ ਦਿੰਦਾ ਹਾਂ। ਦਸੋ ਕਿੰਨੇ ਦੇ ਗਏ? ਕਿੰਨੇ ਹੋਰ ਚਾਹੀਦੇ ਹਨ?”
“ਪੰਜ ਆਇਆ ਹੈ। ਘੱਟੋ ਘੱਟ ਪੰਦਰਾਂ ਤਾਂ ਹੋਰ ਮਿਲੇ!”
“ਮੈਂ ਕਰਦਾ ਹਾਂ ਗੱਲ! ਕੁੱਝ ਨਾ ਕੁੱਝ ਹੋਰ ਕਢਾਉਂਦਾ ਹਾਂ। ਪਰ ਮੈਂ ਚਲਾਨ ਅੱਜ ਪਾਸ ਜ਼ਰੂਰ ਕਰਾਉਣਾ ਹੈ।”
“ਗੱਲ ਕਰਕੇ ਦੱਸ ਕੀ ਕਹਿੰਦੇ ਹਨ? ਜੇ ਉਹ ਪੰਦਰਾਂ ਦਿੰਦੇ ਹਨ ਆਪਾਂ ਹੁਣੇ ਬੈਠ ਜਾਂਦੇ ਹਾਂ।”
ਸੰਤੋਖ ਸਿੰਘ ਕਾਹਲਾ ਪੈਣ ਲੱਗਾ।
ਬੰਤ ਸਿੰਘ ਨੇ ਫ਼ੋਨ ਘੁਮਾਇਆ। ਮੁਲਜ਼ਮਾਂ ਨੂੰ ਥਾਣੇ ਬੁਲਾਇਆ।
“ਤੁਸੀਂ ਕਮੀਆਂ ਨੋਟ ਕਰੋ। ਮੈਂ ਇੰਨੇ ਵਿੱਚ ਉਨ੍ਹਾਂ ਤੋਂ ਫ਼ੀਸ ਫੜ ਲਿਆਵਾਂ। ਉਨ੍ਹਾਂ ਨੂੰ ਤੁਹਾਡੇ ਦਫ਼ਤਰ ਬੁਲਾਉਣਾ ਖ਼ਤਰਨਾਕ ਹੈ।”
ਦਸਾਂ ਮਿੰਟਾਂ ਬਾਅਦ ਬੰਤ ਸਿੰਘ ਦਾ ਫ਼ੋਨ ਆ ਗਿਆ।
“ਫ਼ੀਸ ਮਿਲ ਗਈ। ਮੈਂ ਮਹਾਰਾਜਾ ਵਿਚੋਂ ਬੋਲ ਰਿਹਾ ਹਾਂ। ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ।”
ਪੰਦਰਾਂ ਹਜ਼ਾਰ ਦੇ ਨੋਟ। ਨਾਲੇ ਤਿੰਨ ਤਾਰਾ ਹੋਟਲ ਵਿੱਚ ਬੈਠਣ ਦਾ ਸੱਦਾ।
ਸੰਤੋਖ ਸਿੰਘ ਦੀਆਂ ਬਾਗਾਂ ਖਿੜ ਗਈਆਂ।