You are here:ਮੁਖ ਪੰਨਾ»ਨਾਵਲ»ਤਫ਼ਤੀਸ਼»ਤਫ਼ਤੀਸ਼ - ਕਾਂਡ 26-33

ਲੇਖ਼ਕ

Thursday, 03 May 2018 16:15

ਤਫ਼ਤੀਸ਼ - ਕਾਂਡ 26-33

Written by
Rate this item
(0 votes)

26

ਸ਼ਹਿਰ ਵਿੱਚ ਅਜਿਹੇ ਨੇਤਾਵਾਂ ਦੀ ਬਹੁਤ ਕਮੀ ਸੀ, ਜਿਹੜੇ ਦੜਦੜਾਂਦੇ ਥਾਣੇ ਚਲੇ ਜਾਣ ਅਤੇ ਬਿਨਾਂ ਰੋਕ-ਟੋਕ ਬੇਕਸੂਰ ਬੰਦੇ ਨੂੰ ਛੁਡਾ ਲੈਣ।

ਕੁੱਝ ਗਿਣਵੇਂ-ਚੁਣਵੇਂ ਬੰਦਿਆਂ ਵਿੱਚ ਬਾਬੂ ਜੀ ਦਾ ਨੰਬਰ ਸਭ ਤੋਂ ਉਪਰ ਸੀ। ਕੋਈ ਥਾਣੇਦਾਰ ਆਵੇ ਕੋਈ ਜਾਵੇ, ਉਹਨਾਂ ਦੀ ਚੌਧਰ ਹਮੇਸ਼ਾ ਬਣੀ ਰਹਿੰਦੀ ਸੀ। ਬਾਬੂ ਜੀ ਨੂੰ ਤਾਂ ਲੋਕਾਂ ਵਿੱਚ ਆਪਣੀ ਸ਼ਾਖ਼ ਬਣਾਈ ਰੱਖਣ ਲਈ ਪੁਲਿਸ ਦੀ ਜ਼ਰੂਰਤ ਸੀ ਹੀ, ਪੁਲਿਸ ਨੂੰ ਵੀ ਉਹਨਾਂ ਦੀ ਜ਼ਰੂਰਤ ਸੀ।

ਪਾਰਟੀ ਵਿੱਚ ਬਾਬੂ ਜੀ ਦੀ ਪਹੁੰਚ ਕੇਂਦਰ ਤੱਕ ਸੀ। ਉਹ ਜ਼ਿਲ੍ਹੇ ਦੇ ਪ੍ਰਧਾਨ ਸਨ ਅਤੇ ਆਲ ਇੰਡੀਆ ਕਮੇਟੀ ਦੇ ਮੈਂਬਰ। ਪਾਰਟੀ ਵਿੱਚ ਏਡੇ ਅਹੁਦੇ ’ਤੇ ਪਹੁੰਚ ਕੇ ਵੀ ਉਹਨਾਂ ਨੇ ਲੋਕਾਂ ਨਾਲੋਂ ਨਾਤਾ ਨਹੀਂ ਸੀ ਤੋੜਿਆ। ਕਾਰ ਹੁੰਦੇ ਹੋਏ ਵੀ ਆਪਣਾ ਪੁਰਾਣਾ ਸਾਈਕਲ ਨਹੀਂ ਸੀ ਛੱਡਿਆ। ਸਾਰਾ ਦਿਨ ਆਪਣੇ ਸਾਈਕਲ ’ਤੇ ਸ਼ਹਿਰ ’ਚ ਘੁੰਮਦੇ ਰਹਿੰਦੇ। ਪੰਜੀਂ-ਸੱਤੀਂ ਦਿਨੀਂ ਦੋ-ਚਾਰ ਪਿੰਡਾਂ ਦਾ ਦੌਰਾ ਵੀ ਕਰ ਆਉਂਦੇ। ਦੌਰੇ ਦਾ ਉਹਨਾਂ ਨੂੰ ਦੁਹਰਾ ਫ਼ਾਇਦਾ ਹੁੰਦਾ। ਅਸਰ ਰਸੂਖ਼ ਤਾਂ ਵਧਦਾ ਹੀ ਸੀ, ਨਾਲ ਵਕਾਲਤ ਕਰਦੇ ਜਵਾਈ ਲਈ ਕੇਸ ਵੀ ਤਿਆਰ ਕਰ ਆਉਂਦੇ।

ਵੈਸੇ ਤਾਂ ਥਾਣੇ ਲਿਜਾਣ ਵਾਲਾ ਕੋਈ ਨਾ ਕੋਈ ਉਹਨਾਂ ਦੇ ਦਰਾਂ ’ਤੇ ਬੈਠਾ ਹੀ ਰਹਿੰਦਾ। ਉਸ ਨਾਲ ਥਾਣੇ ਜਾਣ ਦਾ ਮੌਕਾ ਮਿਲ ਜਾਂਦਾ। ਕਿਸੇ ਦਿਨ ਸੁਖ-ਸ਼ਾਂਤੀ ਹੁੰਦੀ ਤਾਂ ਉਹ ਆਪ ਗੇੜਾ ਮਾਰ ਆਉਂਦੇ। ਬਹਾਨਾ ਘੜਦੇ ਸੰਗਰੂਰ ਪੁਲਿਸ ਕਪਤਾਨ ਦੇ ਆਏ ਸੁਨੇਹੇ ਦਾ। ਉਸ ਨੇ ਕਪਤਾਨ ਨੂੰ ਮਿਲਣ ਜਾਣਾ ਹੈ, ਕਿਸੇ ਦਾ ਕੋਈ ਕੰਮ-ਕਾਰ ਅੜਿਆ ਹੁੰਦਾ, ਨੋਟ ਕਰ ਲੈਂਦੇ। ਕੋਈ ਹਵਾਲਾਤ ਵਿੱਚ ਬੰਦ ਕੀਤਾ ਮੁਜਰਮ ਦਿਖ ਜਾਂਦਾ, ਉਸ ਦੀ ਤਕਲੀਫ਼ ਪੁੱਛਦੇ। ਘਰਦਿਆਂ ਨੂੰ ਬੁਲਾ ਕੇ ਕੇਸ ਰਫ਼ਾ-ਰਫ਼ਾ ਕਰਦੇ ਜਾਂ ਜਵਾਈ ਬਾਬੂ ਨੂੰ ਆਖ ਕੇ ਕਚਹਿਰੀਉਂ ਜ਼ਮਾਨਤ ਕਰਵਾ ਦਿੰਦੇ।

ਪੁਲਿਸ ਵੱਲੋਂ ਫੜੇ ਬਹੁਤ ਬੰਦੇ ਬਾਬੂ ਜੀ ਰਾਹੀਂ ਹੀ ਰਿਹਾਅ ਹੁੰਦੇ। ਸ਼ਹਿਰ ਨਾਲੋਂ ਪੇਂਡੂ ਮਸਲਿਆਂ ਵੱਲ ਉਹ ਬਹੁਤਾ ਧਿਆਨ ਦਿੰਦੇ। ਪੇਂਡੂ ਪੈਸੇ ਵੀ ਖੁੱਲ੍ਹ ਕੇ ਖ਼ਰਚਦੇ, ਅਹਿਸਾਨ ਵੀ ਸਾਰੀ ਉਮਰ ਮੰਨਦੇ। ਸ਼ਹਿਰੀ ਨਾਲੇ ਕੰਮ ਕਰਾ ਲੈਂਦੇ ਨਾਲੇ ਉਲਾਂਭਾ ਦਿੰਦੇ, ਜ਼ਿਆਦਾ ਪੈਸੇ ਖ਼ਰਚਾ ਦਿੱਤੇ।

ਇਸ ਵਾਰ ਬਾਬੂ ਜੀ ਬੇਵੱਸ ਸਨ। ਨਵੇਂ ਸਟਾਫ਼ ਨੇ ਉਹਨਾਂ ਨੂੰ ਕੋਈ ਅਹਿਮੀਅਤ ਹੀ ਨਾ ਦਿੱਤੀ। ਇੱਕ ਵਾਰ ਥਾਣੇ ਗਏ ਤਾਂ ਕਿਸੇ ਨੇ ਕੁਰਸੀ ਤਕ ਨਾ ਪੁੱਛੀ। ਖੜੇ-ਖੜੇ ਹੀ ਮੁੜਨਾ ਪਿਆ। ਧਾਨਕਿਆਂ ਦੇ ਪੱਪੂ ਨੂੰ ਛੁਡਾਉਣ ਦੀ ਗੱਲ ਤੋਰੀ ਤਾਂ ਲਾਲ ਸਿੰਘ ਕੁੱਦ ਕੇ ਪਿਆ।

“ਲੀਡਰਾਂ ਦਾ ਫ਼ਰਜ਼ ਹੈ ਪੁਲਿਸ ਦੀ ਸਹਾਇਤਾ ਕਰਨਾ, ਨਾ ਕਿ ਪੁਲਿਸ ਦੇ ਕੰਮਾਂ ਵਿੱਚ ਦਖ਼ਲ ਦੇਣਾ। ਉਸ ਨੂੰ ਹਾਲੇ ਥਾਣੇ ਲਿਆਂਦਾ ਵੀ ਨਹੀਂ ਗਿਆ ਕਿ ਤੁਸੀਂ ਪਹਿਲਾਂ ਆ ਧਮਕੇ। ਇੱਕ ਪਾਸੇ ਤਾਂ ਤੁਸੀਂ ਸਿਫ਼ਾਰਸ਼ਾਂ ਕਰਦੇ ਨਹੀਂ ਥੱਕਦੇ, ਦੂਜੇ ਪਾਸੇ ਉਲਾਂਭੇ ਦਿੰਦੇ ਹੋ ਕਿ ਪੁਲਿਸ ਦੋਸ਼ੀਆਂ ਨੂੰ ਨਹੀਂ ਫੜਦੀ। ਇਸ ਤਰ੍ਹਾਂ ਪੁਲਿਸ ਕਿਵੇਂ ਕੰਮ ਕਰੇ?”

ਬਾਬੂ ਜੀ ਮੂੰਹ ਲਟਕਾ ਕੇ ਆ ਗਏ। ਸ਼ੁਕਰ ਸੀ ਉਸ ਸਮੇਂ ਕੋਈ ਬਾਹਰਲਾ ਬੰਦਾ ਥਾਣੇ ਹਾਜ਼ਰ ਨਹੀਂ ਸੀ, ਨਹੀਂ ਤਾਂ ਉਹਨਾਂ ਦੀ ਸਾਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਣੀ ਸੀ। ਪਹਿਲਾਂ ਹੀ ਅਕਾਲੀ ਪਾਰਟੀ ਦਾ ਜ਼ੋਰ ਇਕੋ ਗੱਲ ਤੇ ਲੱਗਾ ਹੋਇਆ ਸੀ ਕਿ ਕੇਂਦਰ ਪੰਜਾਬ ਵਿੱਚ ਅਕਾਲੀ ਸਰਕਾਰ ਨੂੰ ਗੇਰਨਾ ਚਾਹੁੰਦਾ ਸੀ। ਇਹ ਸਾਰੀ ਗੜਬੜ ਕਾਂਗਰਸ ਦੀ ਕਰਾਈ ਹੋਈ ਸੀ। ਕਿਸੇ ਵਿਰੋਧੀ ਨੂੰ ਪਤਾ ਲੱਗ ਗਿਆ ਕਿ ਬਾਬੂ ਜੀ ਕਿਸੇ ਨੂੰ ਛੁਡਾਉਣ ਆਏ ਸਨ ਤਾਂ ਉਸ ਨੇ ਸ਼ਹਿਰ ਵਿੱਚ ਢੰਡੋਰਾ ਪਿੱਟ ਦੇਣਾ ਸੀ। ਬਾਬੂ ਦਾ ਨਾਂ ਕਤਲ ਵਰਗੇ ਨਾਜ਼ੁਕ ਮਸਲੇ ਨਾਲ ਜੁੜ ਸਕਦਾ ਸੀ। ਆਪਣੀ ਪਾਰਟੀ ਦੇ ਬੰਦਿਆਂ ਨੇ ਹੀ ਉਸ ਦੀ ਸਿਆਸੀ ਜ਼ਿੰਦਗੀ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਦੇਣੀਆਂ ਸਨ।

ਘਰ ਅੱਗੇ ਜੁੜਦੀ ਭੀੜ ਨੂੰ ਥਾਣੇ ਜਾਣ ਤੋਂ ਅਸਮਰਥਤਾ ਪ੍ਰਗਟ ਕਰਨ ਲਈ ਬਾਬੂ ਜੀ ਕੋਲ ਕੋਈ ਬਹਾਨਾ ਨਹੀਂ ਸੀ। ਸਰਕਾਰੇ-ਦਰਬਾਰੇ ਕੋਈ ਸੁਣਦਾ ਨਹੀਂ ਸੀ। ਵਿਰੋਧੀ ਪਾਰਟੀ ਦਾ ਰਾਜ ਸੀ। ਉਂਝ ਵੀ ਇਹ ਮੁੱਖ ਮੰਤਰੀ ਦਾ ਇਲਾਕਾ ਸੀ। ਹਰ ਅਫ਼ਸਰ ਪੁੱਠੇ-ਸਿੱਧੇ ਢੰਗ ਨਾਲ ਉਸ ਦਾ ਰਿਸ਼ਤੇਦਾਰ ਬਣਿਆ ਬੈਠਾ ਸੀ। ਬਾਬੂ ਜੀ ਗ੍ਰਹਿ ਮੰਤਰੀ ਤਕ ਪਹੁੰਚ ਤਾਂ ਕਰ ਸਕਦੇ ਸਨ, ਪਰ ਇਸ ਨਾਜ਼ੁਕ ਮਸਲੇ ਵਿੱਚ ਕੇਂਦਰ ਵੀ ਮੁੱਖ ਮੰਤਰੀ ਤੋਂ ਉਪਰ ਦੀ ਨਹੀਂ ਸੀ ਚੱਲ ਸਕਦਾ।

ਲੋਕਾਂ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਨੂੰ ਇਕੋ ਰਾਹ ਲੱਭਿਆ। ਪੁਲਿਸ ਇਸ ਤਰ੍ਹਾਂ ਸਮਝਣ ਵਾਲੀ ਨਹੀਂ। ਇੱਕ-ਦੋ ਬੰਦੇ ਫੜੇ ਹੋਣ ਤਾਂ ਉਹ ਛੁਡਾ ਲੈਣ। ਉਹਨਾਂ ਨੇ ਤਾਂ ਸਾਰਾ ਇਲਾਕਾ ਹੀ ਬਗਲ ਲਿਆ ਹੈ। ਉਹ ਗ੍ਰਹਿ ਮੰਤਰੀ ਨੂੰ ਮਿਲਣ ਦਿੱਲੀ ਜਾ ਰਹੇ ਹਨ। ਥਾਣੇਦਾਰ ਦੇ ਤਬਾਦਲੇ ਲਈ ਉਹਨਾਂ ’ਤੇ ਜ਼ੋਰ ਪਾਉਣਗੇ। ਜਿੰਨਾ ਚਿਰ ਇਸ ਦਾ ਤਬਾਦਲਾ ਨਹੀਂ ਹੁੰਦਾ, ਉਹ ਸ਼ਹਿਰ ਨਹੀਂ ਵੜਨਗੇ।

ਦਿੱਲੀ ਕਿਸ ਭੜੂਏ ਨੇ ਜਾਣਾ ਸੀ। ਆਪਣੇ ਦੋਸਤਾਂ ਕੋਲ ਚੰਡੀਗੜ੍ਹ ਜਾ ਬੈਠੇ। ਜਦੋਂ ਟਿਕ-ਟਿਕਾ ਹੋ ਗਿਆ, ਮੁੜ ਆਉਣਗੇ।

ਬਾਬੂ ਪਿੱਛੋਂ ਵਾਰੀ ਆਉਂਦੀ ਸੀ ਭਾਰਤੀ ਜਨਤਾ ਪਾਰਟੀ ਦੇ ਪੰਡਤ ਦੀਨ ਦਿਆਲ ਜੀ ਦੀ। ਥਾਣੇ ਕਚਹਿਰੀ ਵਿੱਚ ਰਸੂਖ਼ ਰੱਖਣ ਲਈ ਉਹ ਵੀ ਮਸ਼ਹੂਰ ਸਨ। ਸ਼ਹਿਰ ਦੀਆਂ ਬਹੁਤੀਆਂ ਗੜਬੜਾਂ ਉਹੋ ਦਬਾਉਂਦਾ ਸੀ। ਬਾਬੂ ਜੀ ਗ਼ਾਇਬ ਹੋਏ ਤਾਂ ਲੋਕ ਉਧਰ ਨੂੰ ਝੁਕ ਗਏ।

ਦੀਨ ਦਿਆਲ ਜੀ ਦਾ ਮਨ ਕਾਤਲਾਂ ਨੂੰ ਗ੍ਰਿਫ਼ਤਾਰ ਕਰਾਉਣ ਵਿੱਚ ਸੀ। ਉਹ ਫੜ-ਫੜਾਈ ਨੂੰ ਜਾਇਜ਼ ਮੰਨਦੇ ਸਨ। ਪੁਲਿਸ ਕਿਸੇ ਤੋਂ ਪੁੱਛੇਗੀ ਨਹੀਂ ਤਾਂ ਕਾਤਲ ਕਿਥੋਂ ਫੜੇਗੀ? ਉਹ ਕਿਸੇ ਨੂੰ ਵੀ ਛੁਡਾਉਣ ਦੇ ਹੱਕ ਵਿੱਚ ਨਹੀਂ ਸਨ। ਨਾਲੇ ਫੜੇ ਵੀ ਤਾਂ ਛੋਟੀਆਂ-ਮੋਟੀਆਂ ਜਾਤਾਂ ਦੇ ਬੰਦੇ ਗਏ ਸਨ। ਉਹਨਾਂ ਨੂੰ ਛੁਡਾਏ ਕਾਂਗਰਸ ਜਾਂ ਕਮਿਊਨਿਸਟ ਪਾਰਟੀ। ਜੇ ਲਾਲੇ ਫੜੇ ਜਾਣ ਤਾਂ ਉਸ ਦਾ ਜਾਣਾ ਬਣਦਾ ਸੀ।

ਮਜਬੂਰ ਹੋ ਕੇ ਕਿਸੇ ਲਈ ਜਾਣਾ ਪਿਆ ਤਾਂ ਉਹੋ ਘੜਿਆ ਘੜਾਇਆ ਜਵਾਬ ਪੱਲੇ ਪਿਆ ।

“ਪ੍ਰਧਾਨ ਜੀ, ਸੋਥੋਂ ਤਾਂ ਇਹ ਉਮੀਦ ਨਹੀਂ ਸੀ। ਜੇ ਤੁਸੀਂ ਇਹੋ ਚਾਹੁੰਦੇ ਹੋ ਤਾਂ ਅਸੀਂ ਸਾਰੇ ਬੰਦੇ ਛੱਡ ਦਿੰਦੇ ਹਾਂ। ਹੱਥਾਂ ’ਤੇ ਹੱਥ ਧਰ ਕੇ ਬੈਠ ਜਾਂਦੇ ਹਾਂ। ਭੋਗ ਤਕ ਤਾਂ ਫੇਰ ਬੰਦੇ ਤੁਸੀਂ ਹੀ ਫੜ ਸਕਦੇ ਹੋ, ਪੁਲਿਸ ਤਾਂ ਨੀ ਫੜ ਸਕਦੀ।”

ਪ੍ਰਧਾਨ ਦਾ ਕੋਈ ਤਰਕ ਨਹੀਂ ਸੀ ਸੁਣਿਆ ਗਿਆ। ਇੱਕ ਦੀ ਸੌ-ਸੌ ਸੁਣਾ ਕੇ ਬੇਰੰਗ ਮੋੜ ਦਿੱਤਾ। ਬਹੁਤੀ ‘ਤੂੰ-ਤੂੰ ਮੈਂ-ਮੈਂ’ ਕਰਨੀ ਪ੍ਰਧਾਨ ਨੂੰ ਖ਼ਤਰਨਾਕ ਲੱਗੀ।

ਹਰਖ਼ੀ ਪੁਲਿਸ ਦਾ ਕੀ ਹੈ? ਵਿਚੇ ਉਲਝਾ ਲਏ। ਉਸ ਦੇ ਖ਼ਿਲਾਫ਼ ਉਲਟ-ਪੁਲਟ ਪ੍ਰਚਾਰ ਹੀ ਕਰ ਦੇਵੇ।

ਪ੍ਰਧਾਨ ਦੀ ਪੱਗ ਤਾਂ ਹੀ ਬਚੀ ਰਹਿ ਸਕਦੀ ਸੀ ਕਿ ਜੇ ਦੋ-ਚਾਰ ਦਿਨ ਇਧਰ-ਉਧਰ ਟਲੇ ਰਹਿਣ। ਕੱਪੜਾ ਖ਼ਰੀਦਣ ਦੇ ਬਹਾਨੇ ਉਹ ਰਾਤੋ-ਰਾਤ ਬੰਗਲੌਰ ਵਾਲੀ ਗੱਡੀ ਚੜ੍ਹ ਗਏ।

ਬੰਦੇ ਛੁਡਾਉਣ ਲਈ ਤਾਂ ਵਿਉਪਾਰ ਮੰਡਲ ਦਾ ਪ੍ਰਧਾਨ ਅਤੇ ਮਾਸਟਰ ਵੀ ਹਾਜ਼ਰ ਸਨ, ਪਰ ਉਹ ਪੈਸੇ ਤੋਂ ਬਿਨਾਂ ਗੱਲ ਨਹੀਂ ਸੀ ਕਰਦੇ। ਪੈਸੇ ਚੱਲਣ ਦੀ ਹਾਲੇ ਸੰਭਾਵਨਾ ਨਹੀਂ ਸੀ।

ਦੂਸਰੇ ਤੀਸਰੇ ਨੰਬਰ ਦੇ ਨੇਤਾਵਾਂ ਕੋਲ ਨਾ ਕੋਈ ਜਾਂਦਾ ਸੀ ਨਾ ਉਹ ਕਿਸੇ ਨੂੰ ਹੁੰਗਾਰਾ ਭਰਦੇ ਸਨ। ਉਹ ਸਾਫ਼ ਆਖ ਦਿੰਦੇ ਸਨ ਕਿ ਇਸ ਪੁਲਿਸ ਤੋਂ ਬੰਦਾ ਛੁਡਾਉਣਾ ਉਹਨਾਂ ਦੇ ਵੱਸ ਦਾ ਨਹੀਂ। ਸਾਫ਼ ਗੱਲ ਕਹਿਣ ਨਾਲ ਉਹਨਾਂ ਦਾ ਲੂਣ ਨਹੀਂ ਟਿਰਕਦਾ।

ਮਜਬੂਰ ਹੋਏ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਧਰ ਜਾਣ।

ਪੁਲਿਸ ਸੀ ਕਿ ਛੋਟੇ-ਛੋਟੇ ਬਹਾਨੇ ਲਾ ਕੇ ਬੰਦੇ ਚੁੱਕੀ ਜਾ ਰਹੀ ਸੀ।

ਡੰਗਰਾਂ ਵਾਲੇ ਹਸਪਤਾਲ ਦੇ ਆਲੇ-ਦੁਆਲੇ ਜਮਾਂਦਾਰਾਂ ਦੇ ਘਰ ਸਨ। ਉਹਨਾਂ ਨੂੰ ਇਸ ਬਹਾਨੇ ਚੁੱਕਿਆ ਗਿਆ ਸੀ ਕਿ ਬੰਟੀ ਦੇ ਕਾਤਲ ਜਾਂ ਤਾਂ ਇਹਨਾਂ ਵਿੱਚ ਹੀ ਲੁਕੇ ਰਹੇ ਜਾਂ ਫੇਰ ਉਹਨਾਂ ਨੇ ਕਾਤਲਾਂ ਨੂੰ ਜ਼ਰੂਰ ਇਥੇ ਘੁੰਮਦੇ-ਫਿਰਦੇ ਦੇਖਿਆ ਹੋਣਾ ਹੈ। ਪ੍ਰਦੇਸੋਂ ਆ ਕੇ ਵੱਸੇ ਇਹਨਾਂ ਜਮਾਂਦਾਰਾਂ ਦੀ ਆਪਣੀ ਵੱਖਰੀ ਭਾਸ਼ਾ ਹੈ, ਵੱਖਰਾ ਪਹਿਰਾਵਾ ਹੈ ਅਤੇ ਵੱਖਰੀ ਡੀਲ-ਡੌਲ। ਆਪਣੀ ਬਰਾਦਰੀ ਤੋਂ ਬਾਹਰਲੇ ਬੰਦੇ ਨੂੰ ਇਹ ਝਟ ਪਹਿਚਾਣ ਲੈਂਦੇ ਹਨ। ਦੱਸਣ ਕਾਤਲ ਕੌਣ ਸੀ?

ਜਮਾਂਦਾਰਾਂ ਦੇ ਚੌਧਰੀ ਨੇ ਬਥੇਰੀ ਹਾਲ-ਦੁਹਾਈ ਪਾਈ। ਉਹਨਾਂ ਕੋਲ ਅਜਿਹਾ ਕੁੱਝ ਸੋਚਣ ਦੀ ਵਿਹਲ ਕਿਥੇ? ਉਹਨਾਂ ਦੀ ਸਵੇਰ ਲੋਕਾਂ ਦੀਆਂ ਟੱਟੀਆਂ ਵਿੱਚ ਗੁਜ਼ਰਦੀ ਹੈ, ਦੁਪਹਿਰ ਘਰੋ-ਘਰੀ ਰੋਟੀਆਂ ਮੰਗਣ ਵਿੱਚ ਅਤੇ ਸ਼ਾਮ ਬੱਠਲ ਪੀਪੇ ਸਾਫ਼ ਕਰਨ ਵਿੱਚ।

ਕਿਸੇ ਨੇ ਚੌਧਰੀ ਦੀ ਇੱਕ ਨਾ ਸੁਣੀ। ਉਸ ਨੂੰ ਬਸਤੀ ਵਿੱਚ ਹੀ ਠੁੱਡੇ ਪੈਣੇ ਸ਼ੁਰੂ ਹੋ ਗਏ।

ਅਗਲੀ ਸਵੇਰ ਕਈ ਬੰਦਿਆਂ ਨੂੰ ਮੰਦਰ ਅੱਗੇ ਕੁੱਟ ਗਏ। ਕਿਸੇ ਦੇ ਢਿੱਡ ਵਿੱਚ ਠੁੱਡੇ ਮਾਰੇ ਗਏ ਸਨ। ਉਸ ਨੂੰ ਉਲਟੀਆਂ ਆ ਰਹੀਆਂ ਸਨ। ਕਿਸੇ ਦੇ ਪੈਰਾਂ ਦੀਆਂ ਤਲੀਆਂ ਸੁੱਜੀਆਂ ਹੋਈਆਂ ਸਨ ਅਤੇ ਕਿਸੇ ਦੇ ਚੱਡਿਆਂ ਵਿੱਚ ਦਰਦ ਸੀ।

ਵਾਣ ਵੱਟਣਿਆਂ ਨੂੰ ਇਸ ਲਈ ਘੇਰਿਆ ਗਿਆ ਸੀ, ਕਿਉਂਕਿ ਸਕੂਲ ਦਾ ਇੱਕ ਰਿਕਸ਼ਾ ਚਾਲਕ ਵਾਣ ਵੱਟਣਾ ਸੀ। ਕੋਈ ਵਸਾਹ ਨਹੀਂ, ਕਿਸੇ ਨੇ ਰਿਕਸ਼ੇ ਵਾਲੇ ਨੂੰ ਵਰਗਲਾ ਲਿਆ ਹੋਵੇ। ਰਿਕਸ਼ੇ ਵਾਲਾ ਵੀ ਫ਼ਰਾਰ ਸੀ। ਹੋ ਸਕਦੈ ਕੋਈ ਰਿਕਸ਼ੇ ਵਾਲੇ ਦਾ ਅਤਾ-ਪਤਾ ਦੱਸ ਸਕੇ। ਉਹਨਾਂ ਦਾ ਹਮਾਇਤੀ ਜਥੇਦਾਰ ਵੀ ਕਿਧਰੇ ਜਾ ਕੇ ਸੌਂ ਗਿਆ ਲੱਗਦਾ ਸੀ।

ਕਈ ਵਾਣ ਵੱਟਣਿਆਂ ਨੂੰ ਅਗਲੇ ਦਿਨ ਹਸਪਤਾਲ ਦਾਖ਼ਲ ਕਰਾਇਆ ਗਿਆ। ਤਾਰਾ ਗੁੰਮ ਪਿਆ ਸੀ। ਕਦੇ-ਕਦੇ ਹੀ ਪਾਗ਼ਲਾਂ ਵਾਂਗ ਦੋ-ਚਾਰ ਚੀਕਾਂ ਮਾਰ ਸਕਦਾ। ਫੇਰ ਲੰਬੀ ਚੁੱਪ ਧਾਰ ਲੈਂਦਾ। ਛੱਜੂ ਦਾ ਗਿੱਟਾ ਉੱਤਰ ਗਿਆ ਸੀ। ਉਸ ਨੂੰ ਪਲਸਤਰ ਲਾਇਆ ਗਿਆ ਸੀ। ਜੱਗੂ ਨੂੰ ਕੁੱਝ ਦਿਖਾਈ ਨਹੀਂ ਸੀ ਦੇ ਰਿਹਾ। ਉਸ ਦੀਆਂ ਅੱਖਾਂ ਵਿੱਚ ਜਲਨ ਸੀ।

ਲਾਲਾ ਜੀ ਦੇ ਗੁਆਂਢ ਵਿੱਚ ਵੀ ਭਲੀ ਨਹੀਂ ਸੀ ਗੁਜ਼ਾਰੀ ਗਈ। ਜਿਸ ਕਿਸੇ ਦਾ ਵੀ ਜੇ ਕਦੇ ਲਾਲਾ ਜੀ ਜਾਂ ਉਸ ਦੀ ਨੂੰਹ ਨਾਲ ਮੂੰਹ ਮੋਟਾ ਹੋਇਆ ਸੀ, ਉਸ ਨੂੰ ਵੀ ਬੁਲਾ ਲਿਆ ਗਿਆ ਸੀ। ਔਰਤਾਂ ਦਾ ਗ਼ੁੱਸਾ ਭੈੜਾ ਹੁੰਦਾ ਹੈ। ਕੁੱਝ ਬਾਂਝ ਔਰਤਾਂ ’ਤੇ ਵੀ ਪੁਲਿਸ ਦਾ ਨਜ਼ਲਾ ਝੜਿਆ। ਪੁੱਤਰ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਟੂਣੇ-ਟਾਮਣਾਂ ਲਈ ਵੀ ਕਈ ਵਾਰ ਬੱਚੇ ਚੁੱਕੇ ਜਾਂਦੇ ਹਨ। ਕਿਸੇ ਨੇ ਆਪਣਾ ਗ਼ੁੱਸਾ ਬੱਚੇ ’ਤੇ ਨਾ ਢਾਲ ਦਿੱਤਾ ਹੋਵੇ। ਇਸ ਤੱਥ ਦੀ ਖੋਜ ਲਈ ਪਹਿਲਾਂ ਘਰਾਂ ਦੇ ਨੌਕਰ-ਚਾਕਰ ਬੁਲਾਏ ਗਏ। ਨੌਕਰਾਂ ਬਿਨਾਂ ਅਜਿਹੇ ਕਾਰਜ ਸਿਰੇ ਨਹੀਂ ਚੜ੍ਹਦੇ।

ਲਾਲਾ ਜੀ ਦੇ ਵਿਰੋਧੀਆਂ ’ਤੇ ਵੀ ਪੁਲਿਸ ਦੀ ਅੱਖ ਸੀ। ਸਮਾਜ ਸੇਵੀ ਸੰਸਥਾਵਾਂ ਵਿੱਚ ਗੁੱਟਬੰਦੀ ਸੀ। ਚਾਰ ਵੋਟਾਂ ਵੱਧ ਲੈਣ ਦੀ ਝਾਕ ਨਾਲ ਸਿਆਸਤਦਾਨ ਇਹਨਾਂ ’ਤੇ ਕਾਬਜ਼ ਹੋਣ ਲਈ ਹਮੇਸ਼ਾ ਜੂਝਦੇ ਰਹਿੰਦੇ ਸਨ। ਪਿਛਲੀਆਂ ਚੋਣਾਂ ਵਿੱਚ ਇਹਨਾਂ ਸੰਸਥਾਵਾਂ ਨੇ ਖੁੱਲ੍ਹ ਕੇ ਹਿੱਸਾ ਲਿਆ ਸੀ। ਕਿਸੇ ਨੇ ਲਾਲਾ ਜੀ ਦਾ ਲੱਕ ਤੋੜਨ ਲਈ ਇਹ ਕਾਰਾ ਕੀਤਾ ਹੋਵੇ, ਇਹ ਵੀ ਅਤਿਕਥਨੀ ਨਹੀਂ ਸੀ। ਲਾਲਾ ਜੀ ਦੇ ਵਿਰੋਧੀਆਂ ਦੀ ਲਿਸਟ ਬਣਾ ਕੇ ਪੁਲਿਸ ਨੇ ਪਹਿਲਾਂ ਚੇਲੇ-ਚਪਟੇ ਬੁਲਾਏ।

ਜਿਹੜਾ ਵੀ ਇੱਕ ਵਾਰ ਥਾਣੇ ਬੁਲਾ ਲਿਆ, ਉਹ ਸੁੱਕਾ ਵਾਪਸ ਨਹੀਂ ਆਇਆ। ਕਿਸੇ ਦੀ ਬਾਂਹ ’ਤੇ ਪਲਸਤਰ ਸੀ ਤਾਂ ਕਿਸੇ ਦੇ ਗਿੱਟੇ ’ਤੇ ਪੱਟੀ।

ਲੋਕਾਂ ਨੂੰ ਇਕੋ ਫ਼ਿਕਰ ਖਾ ਰਿਹਾ ਸੀ। ਜੇ ਇਸੇ ਤਰ੍ਹਾਂ ਲੋਕਾਂ ਦੀਆਂ ਲੱਤਾਂ-ਬਾਹਾਂ ਟੁੱਟਦੀਆਂ ਰਹੀਆਂ ਤਾਂ ਸ਼ਹਿਰ ਦਿਨਾਂ ਵਿੱਚ ਲੂਲ੍ਹਾ-ਲੰਗੜਾ ਹੋ ਜਾਣਾ ਸੀ।

ਸਭ ਤੋਂ ਵੱਡੀ ਬੀਮਾਰੀ ਇਹ ਸੀ ਕਿ ਉਹਨਾਂ ਦੇ ਦੁੱਖੜੇ ਸੁਣਨ ਵਾਲਾ ਕੋਈ ਵੀ ਨਹੀਂ ਸੀ। ਨੇਤਾ ਲੋਕ ਕਿਧਰੇ ਛਾਈਂ-ਮਾਈਂ ਹੋ ਗਏ ਸਨ।

ਲੋਕ ਇੱਕ ਹੋਰ ਵੱਡੀ ਬੀਮਾਰੀ ਦਾ ਸ਼ਿਕਾਰ ਹੋ ਰਹੇ ਸਨ। ਬਾਹਰ-ਅੰਦਰ ਜਾਣਾ ਦੁੱਭਰ ਹੋਇਆ ਪਿਆ ਸੀ। ਕੋਈ ਇੱਕ-ਦੋ ਦਿਨ ਲਈ ਵੀ ਬਾਹਰ ਚਲਾ ਜਾਵੇ ਤਾਂ ਪੁਲਿਸ ਉਸ ਨੂੰ ਭਗੌੜਾ ਕਰਾਰ ਦੇ ਦਿੰਦੀ ਸੀ। ਆਉਂਦਿਆਂ ਹੀ ਉਸ ਨੂੰ ਢਾਅ ਲਿਆ ਜਾਂਦਾ ਸੀ ਜਾਂ ਪਿੱਛੋਂ ਵਾਰਿਸਾਂ ਨੂੰ ਬਗਲ ਲਿਆ ਜਾਂਦਾ ਸੀ। ਪੁਲਿਸ ਆਖਦੀ ਸੀ ਕਿ ਜੇ ਕਿਸੇ ਨੇ ਸ਼ਹਿਰ ਛੱਡਣਾ ਹੈ ਤਾਂ ਇਸ ਦੀ ਇਜਾਜ਼ਤ ਪੁਲਿਸ ਤੋਂ ਪਹਿਲਾਂ ਲਈ ਜਾਵੇ। ਇਜਾਜ਼ਤ ਲੈਣ ਗਏ ਬੰਦੇ ਨੂੰ ਉਹ ਬਿਠਾ ਲੈਂਦੇ ਸਨ। ਕਈ-ਕਈ ਦਿਨ ਬਿਠਾਈ ਰੱਖਦੇ। ਡਰਦਾ ਕੋਈ ਥਾਣੇ ਵੀ ਨਹੀਂ ਸੀ ਜਾ ਸਕਦਾ। ਕੋਈ ਕਰੇ ਤਾਂ ਕੀ ਕਰੇ?

ਜਦੋਂ ਭੈਣ ਨੂੰ ਪੰਜੀਰੀ ਦੇ ਕੇ ਮੁੜੇ ਅਸ਼ੋਕ ਨੂੰ ਇਸੇ ਜੁਰਮ ਵਿੱਚ ਫੜਿਆ ਗਿਆ ਤਾਂ ਸਥਿਤੀ ਨੇ ਇੱਕ ਨਵਾਂ ਮੋੜ ਕੱਟਿਆ।

ਬਾਬਾ ਗੁਰਦਿੱਤ ਸਿੰਘ ਆਪਣੇ ਘਰ ਦੇ ਵਿਹੜੇ ਵਿੱਚ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ, ਜਦੋਂ ਅਸ਼ੋਕ ਦੀ ਸਹਿਮੀ ਮਾਂ ਨੇ ਉਸ ਨੂੰ ਇਹ ਭੈੜੀ ਖ਼ਬਰ ਸੁਣਾਈ।

ਬਾਬੇ ਨੂੰ ਪਤਾ ਸੀ ਅਸ਼ੋਕ ਤਿੰਨ ਦਿਨਾਂ ਦਾ ਚੰਡੀਗੜ੍ਹ ਗਿਆ ਹੋਇਆ ਸੀ। ਮੁੜ ਤਾਂ ਉਸ ਨੇ ਸ਼ਾਮ ਨੂੰ ਹੀ ਆਉਣਾ ਸੀ, ਪਰ ਪ੍ਰਾਹੁਣੇ ਨੇ ਜ਼ਿਦ ਕਰ ਕੇ ਰੱਖ ਲਿਆ ਸੀ। ਉਸ ਦਾ ਹੁਣੇ-ਹੁਣੇ ਚੰਡੀਗੜ੍ਹ ਤਬਾਦਲਾ ਹੋਇਆ ਸੀ। ਉਹ ਅਸ਼ੋਕ ਨੂੰ ਚੰਡੀਗੜ੍ਹ ਘੁਮਾਉਣਾ ਚਾਹੁੰਦਾ ਸੀ।

ਬਾਬੇ ਲਈ ਇਹ ਖ਼ਬਰ ਅਸਹਿ ਸੀ। ਹੁਣ ਤਕ ਉਹ ਪੁਲਿਸ ਅੱਤਿਆਚਾਰ ਬਰਦਾਸ਼ਤ ਕਰਦਾ ਆ ਰਿਹਾ ਸੀ। ਉਸ ਦਾ ਖ਼ੂਨ ਤਾਂ ਖ਼ੌਲਦਾ ਰਿਹਾ ਸੀ, ਪਰ ਉਹ ਬਹੁਤਾ ਕੁੱਝ ਨਹੀਂ ਸੀ ਕਰ ਸਕਿਆ। ਪੁਲਿਸ ਨੇ ਅਜਿਹੀ ਦਹਿਸ਼ਤ ਪਾਈ ਸੀ ਕਿ ਡਰਦਾ ਕੋਈ ਬਾਬੇ ਕੋਲ ਖੜੋਨ ਨੂੰ ਤਿਆਰ ਨਹੀਂ ਸੀ। ਜਥੇਬੰਦ ਹੋ ਕੇ ਸੰਘਰਸ਼ ਦੀ ਤਾਂ ਗੱਲ ਹੀ ਦੂਰ ਸੀ।

ਬਾਬੇ ਨੇ ਲਾਲਾ ਜੀ ਨਾਲ ਵੀ ਗੱਲ ਕੀਤੀ ਸੀ। ਉਸ ਦਾ ਮਰਨ ਵਾਲਾ ਤਾਂ ਮਰ ਗਿਆ। ਗ਼ਰੀਬਾਂ ਦੇ ਪੁੱਤਾਂ ਨੂੰ ਤਾਂ ਨਾ ਕੁਟਾਵੇ। ਸਾਰਾ ਸ਼ਹਿਰ ਤ੍ਰਾਹ-ਤ੍ਰਾਹ ਕਰ ਰਿਹਾ ਸੀ। ਸਾਰੀ ਲੋਕਾਈ ਲਾਲਾ ਜੀ ਨੂੰ ਗਾਲ੍ਹਾਂ ਕੱਢ ਰਹੀ ਸੀ। ਪੁਲਿਸ ਅੱਤਿਆਚਾਰ ਲਈ ਉਹ ਲਾਲੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ।

ਲਾਲਾ ਭੁੱਬਾਂ ਮਾਰ ਕੇ ਰੋ ਪਿਆ। ਉਸ ਨੂੰ ਬੰਟੀ ਦੇ ਕਾਤਲਾਂ ਦੀ ਲੋੜ ਨਹੀਂ ਸੀ। ਉਹ ਤਾਂ ਖ਼ੁਦ ਪੁਲਿਸ ਨੂੰ ਕਈ ਵਾਰ ਬੇਨਤੀ ਕਰ ਚੁੱਕਾ ਸੀ। ਲੋਕਾਂ ਦੇ ਪੁੱਤਾਂ ਦੇ ਹੱਡ ਕੁੱਟ ਕੇ ਉਸ ਦੇ ਪੋਤੇ ਦੀ ਆਤਮਾ ਨੂੰ ਕਸ਼ਟ ਨਾ ਦਿਓ। ਲੋਕਾਂ ਦੀਆਂ ਦੁਰਸੀਸਾਂ ਪੋਤੇ ਨੂੰ ਸਵਰਗ ਵਿੱਚ ਵੀ ਚੈਨ ਨਹੀਂ ਲੈਣ ਦੇਣਗੀਆਂ।

ਪਰ ਉਹ ਕੀ ਕਰੇ? ਉਸ ਦੀ ਕੌਣ ਸੁਣਦਾ ਸੀ? ਪੁਲਿਸ ਇਹ ਆਖ ਕੇ ਟਾਲ ਦਿੰਦੀ ਹੈ ਕਿ ਇਸ ਤਰ੍ਹਾਂ ਆਖਣਾ ਲਾਲਾ ਜੀ ਦੀ ਵਡੱਤਣ ਦਾ ਸਬੂਤ ਹੈ। ਪੁਲਿਸ ਦਾ ਵੀ ਕੋਈ ਫ਼ਰਜ਼ ਹੈ। ਮੁੱਖ ਮੰਤਰੀ ਜੀ ਉਹਨਾਂ ਦੇ ਮੋਢਿਆਂ ’ਤੇ ਬਹੁਤ ਵੱਡੀ ਜ਼ਿੰਮੇਵਾਰੀ ਪਾ ਗਏ ਹਨ। ਪੁਲਿਸ ਨੇ ਬੰਟੀ ਦੇ ਭੋਗ ਤੋਂ ਪਹਿਲਾਂ-ਪਹਿਲਾਂ ਕਾਤਲਾਂ ਨੂੰ ਲੱਭਣਾ ਹੀ ਲੱਭਣਾ ਹੈ।

ਲਾਲਾ ਬਾਬੇ ਦਾ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਨੂੰ ਤਿਆਰ ਸੀ। ਪੁਲਿਸ ਅੱਤਿਆਚਾਰ ਹਰ ਹਾਲਤ ਵਿੱਚ ਬੰਦ ਹੋਣਾ ਚਾਹੀਦਾ ਸੀ।

ਇਕੱਲਾ ਬਾਬਾ ਕੀ ਕਰੇ? ਲੋਕ ਬਿਲਕੁਲ ਹੀ ਸਹਿਯੋਗ ਦੇਣ ਲਈ ਤਿਆਰ ਨਹੀਂ ਸਨ।

ਬਾਬੇ ਦੇ ਕਿਸੇ ਵੀ ਕਾਰਕੁਨ ਨੂੰ ਭੀੜ ਪਈ ਤਾਂ ਬਾਬਾ ਸ਼ੇਰ ਵਾਂਗ ਗਰਜਿਆ ਸੀ। ਜਦੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸ਼ਾਮੂ ’ਤੇ ਝੂਠਾ ਮੁਕੱਦਮਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਹਨਾਂ ਦੀਆਂ ਸਾਰੀਆਂ ਜਥੇਬੰਦੀਆਂ ਹਰਕਤ ਵਿੱਚ ਆ ਗਈਆਂ ਸਨ। ਸ਼ਾਮੂ ਦੇ ਨਾਲ-ਨਾਲ ਕਈ ਹੋਰਾਂ ਦਾ ਵੀ ਖਹਿੜਾ ਛੁੱਟ ਗਿਆ ਸੀ।

ਅਸ਼ੋਕ ਦੀ ਗ੍ਰਿਫ਼ਤਾਰੀ ਬਾਬੇ ਲਈ ਇੱਕ ਚੈਲਿੰਜ ਸੀ। ਹੁਣ ਚੁੱਪ ਬੈਠੇ ਰਹਿਣਾ ਅਸੰਭਵ ਸੀ। ਅਸ਼ੋਕ ਉਸ ਨੂੰ ਪੁੱਤਾਂ ਨਾਲੋਂ ਵੱਧ ਪਿਆਰਾ ਸੀ। ਪੁੱਤਰ ਇਕੱਲੇ ਉਹੋ ਨਹੀਂ ਹੁੰਦੇ, ਜਿਹੜੇ ਬੰਦੇ ਦੇ ਤੁਖ਼ਮ ਤੋਂ ਪੈਦਾ ਹੋਏ ਹੁੰਦੇ ਹਨ। ਅਸਲ ਪੁੱਤਰ ਉਹ ਹੁੰਦੇ ਹਨ, ਜਿਹੜੇ ਬੰਦੇ ਦੀ ਸੋਚ ਨੂੰ ਅੱਗੇ ਤੋਰਦੇ ਹਨ।

ਬਾਬੇ ਦੀ ਸੋਚ ਨੂੰ ਅੱਗੇ ਲਿਜਾਣ ਵਾਲੇ ਨੌਜਵਾਨਾਂ ਵਿੱਚ ਅਸ਼ੋਕ ਬੜੀ ਅਹਿਮ ਥਾਂ ਰੱਖਦਾ ਸੀ।

ਅਸ਼ੋਕ ਦੇ ਮੋਢਿਆਂ ’ਤੇ ਦੋ ਮਹੱਤਵਪੂਰਨ ਸੰਸਥਾਵਾਂ ਦਾ ਬੋਝ ਸੀ। ਲੈਨਿਨ ਨਾਟਕ ਕਲਾ ਕੇਂਦਰ ਦਾ ਉਹ ਸੰਚਾਲਕ ਸੀ ਅਤੇ ਭਗਤ ਸਿੰਘ ਨੌਜਵਾਨ ਸਭਾ ਦਾ ਸੂਬਾ ਸਕੱਤਰ।

ਅੱਜ ਦੇ ਕਾਲੇ ਦਿਨਾਂ ਵਿੱਚ ਜਦੋਂ ਕਿ ਵੱਡੇ-ਵੱਡੇ ਸਮਾਜ-ਸੁਧਾਰਕ ਅਤੇ ਲੀਡਰ ਦਹਿਸ਼ਤਗਰਦਾਂ ਦੇ ਖ਼ਿਲਾਫ਼ ਇੱਕ ਸ਼ਬਦ ਬੋਲਣ ਤੋਂ ਵੀ ਡਰਦੇ ਹਨ, ਇਹ ਦੋਵੇਂ ਸੰਸਥਾਵਾਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਸਨ। ਲੋਕਾਂ ਨੂੰ ਫ਼ਿਰਕਾਪ੍ਰਸਤੀ ਅਤੇ ਮੂਲਵਾਦੀ ਸ਼ਕਤੀਆਂ ਪਿੱਛੇ ਕੰਮ ਕਰਦੇ ਸਵਾਰਥਾਂ ਨੂੰ ਸਮਝਾਉਣ ਲਈ ਉਹ ਪਿੰਡ-ਪਿੰਡ ਜਾ ਕੇ ਡਰਾਮੇ ਕਰਦੇ ਅਤੇ ਗੀਤ ਗਾਉਂਦੇ ਹਨ। ਸਭਿਆਚਾਰਕ ਸਾਂਝ ਦਾ ਸੁਨੇਹਾ ਦੇਣ ਵਾਲੇ, ਲੋਕ-ਦੁਸ਼ਮਣਾਂ ’ਤੇ ਉਂਗਲ ਧਰਨ ਵਾਲੇ ਅਤੇ ਸਮੁੱਚੀ ਕੌਮ ਦੀ ਮੁਕਤੀ ਦੀ ਗੱਲ ਕਰਨ ਵਾਲੇ ਨੌਜਵਾਨ ਦਹਿਸ਼ਤਗਰਦ ਕਿਵੇਂ ਹੋ ਸਕਦੇ ਹਨ?

ਬਾਬੇ ਨੂੰ ਗ਼ੁੱਸਾ ਆ ਰਿਹਾ ਸੀ। ਕੀ ਸੀ.ਆਈ.ਡੀ.ਦੀਆਂ ਰਿਪੋਰਟਾਂ ਕਿਧਰੇ ਗੁਆਚ ਗਈਆਂ ਸਨ? ਕੀ ਉਹਨਾਂ ਨੂੰ ਨਹੀਂ ਪਤਾ ਕਿ ਭਗਤ ਸਿੰਘ ਨੌਜਵਾਨ ਸਭਾ ਜਾਂ ਲੈਨਿਨ ਨਾਟਕ ਕਲਾ ਕੇਂਦਰ ਨੇ ਹੀ ਨਹੀਂ, ਸਗੋਂ ਬਾਬੇ ਦੀ ਪਾਰਟੀ ਨਾਲ ਸੰਬੰਧਤ ਹਰ ਸੰਸਥਾ ਨੇ ਬੰਟੀ ਦੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ ਅਤੇ ਰੈਲੀਆਂ ਵੀ ਕੀਤੀਆਂ ਸਨ। ਇਕੱਲੇ ਬੰਟੀ ਦੇ ਕਤਲ ਦੀ ਹੀ ਨਹੀਂ, ਉਹ ਤਾਂ ਦਹਿਸ਼ਤਗਰਦੀ ਦੀ ਹਰ ਘਟਨਾ ਦੀ ਨਿੰਦਾ ਕਰਦੇ ਸਨ। ਉਹਨਾਂ ਦੇ ਕਈ ਵਰਕਰ ਸ਼ਹੀਦੀਆਂ ਵੀ ਪਾ ਚੁੱਕੇ ਸਨ।

ਇਸ ਤੋਂ ਪਹਿਲਾਂ ਕਿ ਅਸ਼ੋਕ ਦੀ ਹੱਡੀ-ਪੱਸਲੀ ਇੱਕ ਹੋ ਜਾਵੇ, ਬਾਬੇ ਦਾ ਥਾਣੇ ਜਾਣਾ ਬਹੁਤ ਜ਼ਰੂਰੀ ਸੀ।

ਪੁਰਾਣੇ ਦਿਨ ਹੁੰਦੇ ਤਾਂ ਬਾਬੇ ਨੇ ਤੁਫ਼ਾਨ ਵਾਂਗ ਝੁੱਲ ਜਾਣਾ ਸੀ। ਬੁਢਾਪੇ ਕਾਰਨ ਹੁਣ ਓਨੀ ਚੁਸਤੀ ਨਹੀਂ ਸੀ ਰਹੀ। ਹੱਡ-ਗੋਡੇ ਜਵਾਬ ਦੇ ਗਏ ਸਨ। ਜਵਾਨੀ ’ਚ ਪੁਲਿਸ ਹੱਥੋਂ ਖਾਧੀ ਮਾਰ ਹੁਣ ਰੰਗ ਦਿਖਾ ਰਹੀ ਸੀ। ਕੰਨ ਸਾਥ ਛੱਡਦੇ ਜਾ ਰਹੇ ਸਨ। ਅੱਖਾਂ ਵੀ ਪਹਿਲਾਂ ਵਾਲੇ ਜੌਹਰ ਨਹੀਂ ਸੀ ਦਿਖਾਉਂਦੀਆਂ। ਜੇ ਕੋਈ ਸਾਥ ਦੇ ਰਿਹਾ ਸੀ ਤਾਂ ਉਹ ਸੀ ਬਾਬੇ ਦਾ ਦਿਮਾਗ਼। ਉਹ ਤਾਂ ਸਗੋਂ ਹੋਰ ਵੀ ਦੂਰ ਦੀ ਸੋਚਣ ਲੱਗਾ ਸੀ। ਦਿਨੋ-ਦਿਨ ਸਿਆਣਾ ਹੁੰਦਾ ਜਾ ਰਿਹਾ ਸੀ।

ਇੱਕ ਉਹ ਵੀ ਸਮਾਂ ਸੀ, ਜਦੋਂ ਬਾਬੇ ਦੇ ਇਸੇ ਦਿਮਾਗ਼ ਨੂੰ ਇੱਕ ਛੋਟੀ ਜਿਹੀ ਪਹੇਲੀ ਸੁਲਝਾਉਣ ਲਈ ਕਈ ਵਰ੍ਹੇ ਲੱਗ ਗਏ ਸਨ।

ਗੱਲ ਉਹਨਾਂ ਦਿਨਾਂ ਦੀ ਸੀ ਜਦੋਂ ਬਾਬਾ ਰਈਸਾਂ ਵਰਗੀ ਜ਼ਿੰਦਗੀ ਜਿਊਂਦਾ ਸੀ। ਇੱਕ ਕਾਬਲ ਡਾਕਟਰ ਦੇ ਮੁੰਡੇ ਨੂੰ ਫ਼ਿਕਰ ਵੀ ਕਿਸ ਗੱਲ ਦਾ ਹੋ ਸਕਦਾ ਸੀ। ਜੋ ਮਰਜ਼ੀ ਖਾਏ, ਜੋ ਮਰਜ਼ੀ ਹੰਢਾਏ।

ਉਹਨਾਂ ਦਾ ਬੰਗਲਾ ਸਟੇਸ਼ਨ ਤੋਂ ਦੋ ਮੀਲ ਦੂਰ ਸੀ।

ਇੱਕ ਵਾਰ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਏ ਗੁਰਦਿੱਤ ਸਿੰਘ ਨੂੰ ਬਾਪੂ ਜੀ ਗੱਡੀ ਭੇਜਣਾ ਭੁੱਲ ਗਏ। ਬੰਗਲੇ ਪਹੁੰਚਣ ਲਈ ਉਸ ਨੂੰ ਰਿਕਸ਼ੇ ’ਚ ਚੜ੍ਹਨਾ ਪਿਆ।

ਰਿਕਸ਼ੇ ਵਾਲਾ ਗੱਲਾਂ ਤਾਂ ਬੜੇ ਚਾਅ ਨਾਲ ਕਰ ਰਿਹਾ ਸੀ, ਪਰ ਉਸ ਦੇ ਸਵਾਲ ਬਾਬੇ ਨੂੰ ਚਿੜਾ ਰਹੇ ਸਨ। ਉਸ ਨੇ ਕੀ ਲੈਣਾ ਸੀ ਕਿ ਬਾਬਾ ਕਿਥੋਂ ਆਇਆ ਹੈ ਅਤੇ ਕੀ ਕਰਦਾ ਹੈ? ਉਹ ਲਾਹੌਰ ਇੰਜੀਨੀਅਰੀ ਕਰਦਾ ਹੈ। ਪਹਿਲੇ ਸਵਾਲ ਦਾ ਜਵਾਬ ਤਾਂ ਉਸ ਨੇ ਦੇ ਦਿੱਤਾ। ਅਗਲੇ ਸਵਾਲ ’ਤੇ ਝਿੜਕ ਕੇ ਚੁੱਪ ਕਰਾ ਦਿੱਤਾ। ਉਸਨੂੰ ਗੁਰਦਿੱਤ ਸਿੰਘ ਦੀ ਨਿੱਜੀ ਜ਼ਿੰਦਗੀ ਵਿੱਚ ਝਾਕਣ ਦਾ ਕੋਈ ਹੱਕ ਨਹੀਂ ਸੀ।

ਬੰਗਲੇ ਪੁੱਜ ਕੇ ਜਦੋਂ ਰਿਕਸ਼ੇ ਵਾਲੇ ਨੇ ਮਜ਼ਦੂਰੀ ਲੈਣੋਂ ਨਾਂਹ ਕਰ ਦਿੱਤੀ ਤਾਂ ਗੁਰਦਿੱਤ ਦੀਆਂ ਅੱਖਾਂ ਖੁੱਲ੍ਹੀਆਂ। ਉਹ ਤਾਂ ਉਸ ਦਾ ਬਚਪਨ ਦਾ ਦੋਸਤ ਛਾਂਗਾ ਸੀ। ਉਹ ਅੰਗਰੇਜ਼ ਬਣੇ ਗੁਰਦਿੱਤ ਨੂੰ ਦੇਖ ਕੇ ਡਾਹਡਾ ਖ਼ੁਸ਼ ਹੋਇਆ ਸੀ। ਇਸੇ ਲਈ ਗੁਰਦਿੱਤ ਸਿੰਘ ਬਾਰੇ ਜਾਣਨ ਲਈ ਉਤਾਵਲਾ ਸੀ।

ਉਸੇ ਦਿਨ ਗੁਰਦਿੱਤ ਸਿੰਘ ਅੰਦਰ ਇੱਕ ਸਵਾਲ ਖੜਾ ਹੋ ਗਿਆ ਸੀ। ਆਖ਼ਰ ਛਾਂਗਾ ਇੰਨਾ ਕਿਉਂ ਪੱਛੜ ਗਿਆ?

ਛੋਟਾ ਹੁੰਦਾ ਛਾਂਗਾ ਜਮਾਤ ਦਾ ਮਨੀਟਰ ਸੀ। ਉਸਤਾਦ ਉਸ ਦੀ ਸਮਝ ਅਤੇ ਯਾਦਦਾਸ਼ਤ ’ਤੇ ਹੈਰਾਨ ਸਨ। ਇੱਕ ਵਾਰ ਇਸ਼ਾਰਾ ਵੀ ਕਰ ਦਿਓ, ਝੱਟ ਗੱਲ ਸਮਝ ਜਾਂਦਾ ਸੀ। ਉਸਤਾਦ ਤਾਂ ਆਖਦੇ ਸਨ, ਉਸ ਨੇ ਇੱਕ ਦਿਨ ਬਹੁਤ ਵੱਡਾ ਆਦਮੀ ਬਣਨਾ ਹੈ।

ਪਰ ਉਹ ਰਿਕਸ਼ਾ-ਚਾਲਕ ਹੀ ਮਸਾਂ ਬਣ ਸਕਿਆ ਸੀ, ਕਿਉਂਕਿ ਉਸ ਦਾ ਬਾਪ ਇੱਕ ਮਜ਼ਦੂਰ ਸੀ। ਗੁਰਦਿੱਤ ਦੇ ਬਾਪ ਵਾਂਗ ਡਾਕਟਰ ਨਹੀਂ ਸੀ। ਛਾਂਗੇ ਦਾ ਬਾਪ ਛਾਂਗੇ ਦੇ ਜਵਾਨ ਹੋਣ ਤੋਂ ਪਹਿਲਾਂ ਹੀ ਬੁੱਢਾ ਹੋ ਗਿਆ ਸੀ। ਮਾਂ ਦਾ ਗੋਹਾ-ਕੂੜਾ ਕਰਨਾ ਵੀ ਚੁੱਲ੍ਹਾ ਮਘਦਾ ਰੱਖਣ ਵਿੱਚ ਸਹਾਈ ਨਹੀਂ ਸੀ ਹੋ ਸਕਿਆ। ਪੜ੍ਹ ਕੇ ਕਿਹੜਾ ਛਾਂਗੇ ਨੇ ਡੀ.ਸੀ.ਬਣ ਜਾਣਾ ਸੀ। ਖ਼ਾਲੀ ਪੇਟ ਨੂੰ ਰੋਟੀ ਦੀ ਫੌਰੀ ਜ਼ਰੂਰਤ ਸੀ। ਉਹ ਸਾਲਾਂ-ਬੱਧੀ ਛਾਂਗੇ ਦੇ ਮੂੰਹ ਵੱਲ ਨਹੀਂ ਸੀ ਦੇਖ ਸਕਦੇ। ਪਹਿਲਾਂ ਛਾਂਗੇ ਨੇ ਹੋਟਲ ’ਤੇ ਭਾਂਡੇ ਮਾਂਜੇ। ਹੁਣ ਰਿਕਸ਼ਾ ਚਲਾ ਰਿਹਾ ਸੀ।

ਛਾਂਗਾ ਭੂਤ ਬਣ ਕੇ ਬਾਬੇ ਨੂੰ ਚੰਬੜ ਗਿਆ। ਆਖ਼ਿਰ ਛਾਂਗੇ ਨੂੰ ਉੱਨਤੀ ਕਰਨ ਦਾ ਮੌਕਾ ਕਿਉਂ ਨਾ ਮਿਲਿਆ? ਉਹ ਗੁਰਦਿੱਤ ਵਾਂਗ ਇੰਜੀਨੀਅਰ ਜਾਂ ਡਾਕਟਰ ਕਿਉਂ ਨਹੀਂ ਬਣ ਸਕਿਆ? ਮਜ਼ਦੂਰ ਦਾ ਪੁੱਤਰ ਮਜ਼ਦੂਰ ਕਿਉਂ? ਡਾਕਟਰ ਦਾ ਪੁੱਤਰ ਡਾਕਟਰ ਕਿਉਂ? ਰਾਜੇ ਦਾ ਪੁੱਤਰ ਰਾਜਾ ਕਿਉਂ?

ਇਸ ਸਵਾਲ ਦਾ ਜਵਾਬ ਲੱਭਣ ਲਈ ਬਾਬੇ ਨੇ ਢੇਰ ਕਿਤਾਬਾਂ ਦਾ ਪੜ੍ਹਿਆ।

ਜਦੋਂ ਦਾ ਜਵਾਬ ਲੱਭਾ ਹੈ, ਸਾਰੀ ਜ਼ਿੰਦਗੀ ਇਸੇ ਲੇਖੇ ਲਾ ਰੱਖੀ ਹੈ।

ਛਾਂਗੇ ਵਰਗੇ ਕਰੋੜਾਂ ਦੀ ਮੁਕਤੀ ਲਈ ਗੁਰਦਿੱਤ ਨੇ ਕਾਲਜ ਵਿੱਚ ਹੀ ਡਰਾਮੇ ਲਿਖਣੇ ਅਤੇ ਖੇਡਣੇ ਸ਼ੁਰੂ ਕਰ ਦਿੱਤੇ ਸਨ।

ਇੰਜੀਨੀਅਰ ਬਣਿਆ ਤਾਂ ਅਫ਼ਸਰਾਂ ਨੂੰ ਖ਼ੁਸ਼ ਰੱਖਣ ਦੀ ਥਾਂ ਉਹ ਲੇਬਰ ਨੂੰ ਖ਼ੁਸ਼ ਰੱਖਣ ਦੇ ਯਤਨ ਕਰਦਾ ਰਹਿੰਦਾ।

ਸਭ ਤੋਂ ਪਹਿਲੀ ਬਗ਼ਾਵਤ ਉਸ ਨੇ ਆਪਣੇ ਬਾਪ ਵਿਰੁੱਧ ਕੀਤੀ। ਉਹ ਗੁਰਦਿੱਤ ਸਿੰਘ ਨੂੰ ਜਗੀਰਦਾਰਾਂ ਦੇ ਵਿਆਹੁਣਾ ਚਾਹੁੰਦੇ ਸਨ। ਗੁਰਦਿੱਤ ਨੂੰ ਅਜਿਹੀ ਸਾਥਣ ਦੀ ਜ਼ਰੂਰਤ ਸੀ, ਜਿਹੜੀ ਮਾਲਦਾਰ ਨਹੀਂ, ਸਮਝਦਾਰ ਹੋਵੇ। ਅਜਿਹੀ ਸਾਥਣ ਉਹਨਾਂ ਆਪਣੀ ਨਾਟਕ-ਮੰਡਲੀ ਵਿਚੋਂ ਲੱਭੀ। ਘਰ ਵਿੱਚ ਹੰਗਾਮਾ ਹੋਇਆ ਸੀ। ਕੁੜੀ ਨੀਵੀਂ ਜਾਤ ਦੀ ਤਾਂ ਸੀ ਹੀ, ਅਪੰਗ ਵੀ ਸੀ। ਬਾਬੇ ਨੂੰ ਕੋਈ ਪਰਵਾਹ ਨਹੀਂ ਸੀ।

ਬਲਰਾਜ ਸਾਹਨੀ ਨੂੰ ਭਾਸ਼ਾ ਵਿਭਾਗ ਨੇ ਪੰਜ ਹਜ਼ਾਰ ਰੁਪਿਆ ਇਨਾਮ ’ਚ ਦਿੱਤਾ ਤਾਂ ਉਹ ਸਾਰੀ ਰਕਮ ਬਾਬੇ ਦੇ ਹਵਾਲੇ ਕਰ ਗਿਆ।

ਬਾਬੇ ਨੇ ਝੱਟ ਲੋਕ-ਪੱਖੀ ਅਤੇ ਜੁਝਾਰੂ ਸਾਹਿਤ ਛਾਪਣ ਦਾ ਪ੍ਰੋਜੈਕਟ ਬਣਾ ਲਿਆ। ਪੁੰਗਰਦੇ ਅਗਾਂਹਵਧੂ ਲੇਖਕਾਂ ਨੂੰ ਹੱਲਾਸ਼ੇਰੀ ਦੇਣ ਲਈ ਅਤੇ ਲੋਕਾਂ ਵਿੱਚ ਨਿੱਗਰ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਇੱਕ ਮਾਸਿਕ ਪੱਤਰ ਕੱਢਣਾ ਸ਼ੁਰੂ ਕਰ ਦਿੱਤਾ। ਹੁਣ ਤਕ ਉਹ ਸੈਂਕੜੇ ਪੁਸਤਕਾਂ ਵੀ ਛਾਪ ਚੁੱਕੇ ਹਨ ਅਤੇ ਵੀਸੀਆਂ ਲੇਖਕਾਂ ਨੂੰ ਪਹਿਲੀ ਕਤਾਰ ਵਿੱਚ ਖੜੇ ਹੋਣ ਵਿੱਚ ਸਹਾਈ ਹੋ ਚੁੱਕੇ ਹਨ।

ਇਨਕਲਾਬੀ ਦੌਰ ਆਇਆ ਤਾਂ ਬਾਬਾ ਨੌਜਵਾਨਾਂ ਵੱਲ ਝੁਕ ਗਿਆ। ਉਹ ਹਥਿਆਰਬੰਦ ਇਨਕਲਾਬ ਦਾ ਹਾਮੀ ਸੀ।

ਲਹਿਰ ਖੇਰੂੰ-ਖੇਰੂੰ ਹੋਈ ਤਾਂ ਉਹਨਾਂ ਦੀਆਂ ਆਸਾਂ ਵੀ ਢਹਿ-ਢੇਰੀ ਹੋ ਗਈਆਂ।

ਬਾਬਾ ਹਿੰਮਤ ਹਾਰਨ ਵਾਲਾ ਨਹੀਂ ਸੀ। ਲੋਕ-ਆਧਾਰ ਬਣਾਉਣ ਲਈ ਉਹਨਾਂ ਕਈ ਉਪਰਾਲੇ ਅਰੰਭੇ। ਨਾਟਕ ਮੰਡਲੀਆਂ ਬਣਾਈਆਂ। ਸਭਿਆਚਾਰਕ ਮੰਚ ਕਾਇਮ ਕੀਤੇ। *ਤੀਕਾਰੀ ਸਭਾ ਦੀ ਸਥਾਪਨਾ ਕੀਤੀ। ਤਰਕਸ਼ੀਲਾਂ ਨੂੰ ਅੱਗੇ ਲਿਆਂਦਾ।

ਸੂਬੇ ਵਿੱਚ ਕਾਲੀ ਹਨੇਰੀ ਝੁੱਲਣ ਲੱਗੀ ਤਾਂ ਹੋਰ ਦਲੇਰੀ ਨਾਲ ਲੜਨ ਲੱਗੇ। ਥਾਂ-ਥਾਂ ਨਾਟਕ ਖੇਡੇ, ਭਾਸ਼ਣ ਦਿੱਤੇ, ਰੈਲੀਆਂ ਕੀਤੀਆਂ ਅਤੇ ਮਾਰਚ ਕੀਤੇ।

ਥਾਣੇ ਜਾਂਦੇ ਬਾਬੇ ਨੂੰ ਲੱਗ ਰਿਹਾ ਸੀ, ਹੁਣ ਪੁਲਿਸ ਨਾਲ ਟੱਕਰਨ ਦਾ ਮੌਕਾ ਆ ਗਿਆ ਸੀ।

ਤੁਫ਼ਾਨ ਵਾਂਗ ਚੜ੍ਹ ਆਏ ਬਾਬੇ ਨੂੰ ਸੰਤਰੀ ਦੀ ਰੋਕਣ ਦੀ ਹਿੰਮਤ ਨਹੀਂ ਸੀ।

ਪੂਰੇ ਮਾਣ ਨਾਲ ਪਹਿਲਾਂ ਸੰਤਰੀ ਨੇ ਸਿਰ ਝੁਕਾਇਆ ਅਤੇ ਫੇਰ ਬੰਦੂਕ ਨੂੰ ਮੋਢੇ ’ਤੇ ਰੱਖ ਕੇ ਇਉਂ ਸਲਾਮੀ ਦਿੱਤੀ ਬਾਬਾ ਜਿਵੇਂ ਮੁੱਖ ਮੰਤਰੀ ਹੋਵੇ।

ਬਾਬੇ ਦੇ ਉਪਾਸ਼ਕਾਂ ਦੀ ਸ਼ਹਿਰ ਵਿੱਚ ਕੋਈ ਕਮੀ ਨਹੀਂ ਸੀ। ਉਹ ਕਿਹੜਾ ਬੰਦਾ ਸੀ, ਜਿਸ ਦੀ ਕਦੇ ਨਾ ਕਦੇ ਉਸ ਨੇ ਸਹਾਇਤਾ ਨਹੀਂ ਸੀ ਕੀਤੀ। ਕਿਸੇ ਅਪੰਗ ਨੂੰ ਉਹਨਾਂ ਟਰਾਈ-ਸਾਈਕਲ ਲੈ ਕੇ ਦਿੱਤਾ, ਕਿਸੇ ਨੂੰ ਬੁਢਾਪਾ ਪੈਨਸ਼ਨ ਲਗਵਾਈ ਅਤੇ ਕਿਸੇ ਹੋਣਹਾਰ ਬੱਚੇ ਨੂੰ ਵਜ਼ੀਫ਼ਾ ਲਗਵਾਇਆ। ਸਾਰਾ ਸ਼ਹਿਰ ਹੀ ਉਸ ਅੱਗੇ ਸਿਰ ਝੁਕਾਉਂਦਾ ਸੀ।

ਥਾਣੇ ਅੰਦਰ ਸਟਾਫ਼ ਨੂੰ ਬਾਬੇ ਦੀ ਅਹਿਮੀਅਤ ਦਰਸਾਉਣ ਲਈ ਸੰਤਰੀ ਦਾ ਸਲੂਟ ਹੀ ਕਾਫ਼ੀ ਸੀ।

ਭੈਅ-ਭੀਤ ਜਿਹੇ ਹੋਏ ਮੁਲਾਜ਼ਮ ਥਾਉਂ-ਥਾਈਂ ਖੜੇ ਹੋ ਗਏ। ਸਾਰੇ ਥਾਣੇ ਵਿੱਚ ਸੰਨਾਟਾ ਛਾ ਗਿਆ।

ਅਸ਼ੋਕ ਪਿੱਪਲ ਹੇਠਾਂ ਬੈਠਾ ਸੀ। ਉਸ ਨੂੰ ਹਾਲੇ ਲਾਲ ਸਿੰਘ ਦੇ ਪੇਸ਼ ਕਰਿਆ ਜਾਣਾ ਸੀ। ਐਸ.ਐਚ.ਓ.ਕਿਸੇ ਹੋਰ ਮੁਸਤਵੇ ਦੀ ਪੁੱਛ-ਗਿੱਛ ਵਿੱਚ ਰੁੱਝਾ ਹੋਇਆ ਸੀ।

ਬਾਬੇ ਨੂੰ ਥਾਣੇ ਆਇਆ ਦੇਖ ਕੇ ਅਸ਼ੋਕ ਖੜਾ ਹੋ ਗਿਆ।

ਬਾਬਾ ਬਿਨਾਂ ਕਿਸੇ ਦੀ ਇਜ਼ਾਜਤ ਲਏ ਥਾਣੇਦਾਰ ਦੇ ਦਫ਼ਤਰ ਵਿੱਚ ਜਾ ਵੜਿਆ। ਅਸ਼ੋਕ ਪਿੱਛੇ-ਪਿੱਛੇ ਤੁਰ ਪਿਆ।

ਦਫ਼ਤਰ ਵਿੱਚ ਬੈਠੇ ਸਾਰੇ ਸਿਪਾਹੀਆਂ ਨੇ ਖੜੇ ਹੋ ਕੇ ਬਾਬੇ ਦਾ ਸਵਾਗਤ ਕੀਤਾ। ਇੱਕ ਸਿਪਾਹੀ ਨੇ ਝੁਕ ਕੇ ਗੋਡੇ ਹੱਥ ਲਾਏ। ਪੂਰੇ ਮਾਣ-ਸਤਿਕਾਰ ਨਾਲ ਉਸ ਨੂੰ ਕੁਰਸੀ ’ਤੇ ਬਿਠਾਇਆ ਗਿਆ।

“ਹਾਂ ਜੀ … ਸਰਦਾਰ ਜੀ … । ਮੇਰੇ ਇਸ ਮੁੰਡੇ ਨੂੰ ਕਿਸ ਜੁਰਮ ਵਿੱਚ ਲਿਆਂਦਾ ਗਿਐ?” ਇਸ ਤੋਂ ਪਹਿਲਾਂ ਕਿ ਲਾਲ ਸਿੰਘ ਨੂੰ ਸਮਝ ਪੈਂਦੀ ਕਿ ਇਹ ਬੁੱਢਾ ਕੌਣ ਹੈ, ਮੁਲਾਜ਼ਮਾਂ ਨੇ ਝੁਕ-ਝੁਕ ਕੇ ਸਲਾਮ ਕਿਉਂ ਕੀਤਾ ਹੈ, ਬਾਬੇ ਦੀ ਗੜਕਵੀਂ ਆਵਾਜ਼ ਵਿੱਚ ਆਪਣੇ ਅੰਦਰ ਬਲਦੀ ਅੱਗ ਬਾਹਰ ਉਗਲੀ।

ਅਚਾਨਕ ਹੋਏ ਇਸ ਸਵਾਲ ਤੋਂ ਲਾਲ ਸਿੰਘ ਭਵੰਤਰ ਗਿਆ। ਪਹਿਲਾਂ ਉਸ ਨੇ ਅਸ਼ੋਕ ਵੱਲ ਤੱਕਿਆ ਅਤੇ ਫਿਰ ਕੋਲ ਖੜੇ ਹੌਲਦਾਰ ਵੱਲ।

“ਸਿਰ ਕਿਉਂ ਸੁੱਟ ਲਿਆ? ਦੱਸ ਇਹਨਾਂ ਨੂੰ ਕਿਉਂ ਬੁਲਾਇਐ?” ਲਾਲ ਸਿੰਘ ਨੂੰ ਖਹਿੜਾ ਛੁਡਾਉਣਾ ਮੁਸ਼ਕਿਲ ਹੋ ਰਿਹਾ ਸੀ। ਉਹ ਸਾਰਾ ਬੋਝ ਹੌਲਦਾਰ ਦੇ ਮੋਢਿਆਂ ’ਤੇ ਸੁੱਟਣ ਲੱਗਾ।

ਅੱਗੋਂ ਹੌਲਦਾਰ ਵੀ ਘੱਟ ਨਹੀਂ ਸੀ। ਆਪਣੇ ਮੋਢੇ ’ਤੇ ਰੱਖ ਕੇ ਬੰਦੂਕ ਚਲਵਾ ਦੇਣ ਵਾਲਾ ਉਹ ਵੀ ਨਹੀਂ ਸੀ। ਉਸ ਨੇ ਭਾਰ ਨਾਜ਼ਰ ਵੱਲ ਨੂੰ ਖਿਸਕਾ ਦਿੱਤਾ।

ਨਾਜ਼ਰ ਨੂੰ ਲੱਭਿਆ ਗਿਆ, ਉਹ ਕਿਧਰੇ ਨਹੀਂ ਸੀ।

ਬਾਬੇ ਨੂੰ ਉਡੀਕ ਕਰਨ ਦਾ ਹੁਕਮ ਹੋਇਆ। ਜੇ ਮੁੰਡਾ ‘ਸਾਫ਼’ ਹੋਇਆ ਤਾਂ ਉਸ ਨੂੰ ਬਾਬੇ ਦੇ ਪਿੱਛੇ-ਪਿੱਛੇ ਭੇਜਣ ਦਾ ਯਕੀਨ ਦਿਵਾਇਆ।

“ਇਸ ਦਾ ਬੱਸ ਇੰਨਾ ਕਸੂਰ ਹੈ ਕਿ ਤਿੰਨ ਦਿਨ ਘਰੋਂ ਬਾਹਰ ਰਿਹੈ … । ਮੇਰੀ ਗੱਲ ਧਿਆਨ ਨਾਲ ਸੁਣ ਲਓ … । ਕਤਲ ਨਾਲ ਇਸ ਦਾ ਕੋਈ ਲਾਗਾ-ਦੇਗਾ ਨਹੀਂ। ਅਸੀਂ ਤਾਂ ਇਸ ਜਬਰ ਦੇ ਵਿਰੁੱਧ ਲੜਨ ਵਾਲੇ ਹਾਂ। ਮੈਂ ਇਸ ਨੂੰ ਲੈ ਚੱਲਿਆ ਹਾਂ। ਜੇ ਇਸ ਦੇ ਖ਼ਿਲਾਫ਼ ਕੋਈ ਸਬੂਤ ਮਿਲਿਆ ਤਾਂ ਮੈਨੂੰ ਸੁਨੇਹਾ ਭੇਜ ਦੇਣਾ। ਮੈਂ ਮੁੰਡਾ ਹਾਜ਼ਰ ਕਰ ਦਿਆਂਗਾ।” ਆਖ ਕੇ ਬਾਬੇ ਨੇ ਅਸ਼ੋਕ ਦੀ ਬਾਂਹ ਫੜੀ ਅਤੇ ਉਸ ਨੂੰ ਲੈ ਕੇ ਬਾਹਰ ਨੂੰ ਤੁਰ ਪਿਆ।

ਬਾਬੇ ਨੂੰ ਰੋਕਣ ਦੀ ਕਿਸੇ ਦੀ ਹਿੰਮਤ ਨਾ ਪਈ। ਸਭ ਇੱਕ-ਦੂਜੇ ਵੱਲ ਤੱਕਦੇ ਹੀ ਰਹਿ ਗਏ। ਮੁਲਾਜ਼ਮਾਂ ਦੇ ਮੋਨ ਨੂੰ ਦੇਖ ਕੇ ਲਾਲ ਸਿੰਘ ਵੀ ਬੁੱਤ ਬਣ ਗਿਆ। ਲਾਲ ਸਿੰਘ ਤਾਂ ਸ਼ਹਿਰ ’ਚ ਨਵਾਂ ਆਇਆ ਸੀ, ਪਰ ਸਿਪਾਹੀ ਤਾਂ ਪੁਰਾਣੇ ਸਨ। ਬੁੱਢਾ ਮੁਸਤਵਾ ਛੁਡਾ ਕੇ ਲੈ ਗਿਆ, ਪਰ ਉਹ ਡਰਨੇ ਬਣੇ ਦੇਖਦੇ ਰਹੇ। ਬੁੱਢਾ ਜ਼ਰੂਰ ਕੋਈ ਸ਼ੈਅ ਹੋਵੇਗੀ। ਬਿਨਾਂ ਸੋਚੇ-ਸਮਝੇ ਮੁਸੀਬਤ ਸਹੇੜਨ ਵਾਲਾ ਲਾਲ ਸਿੰਘ ਵੀ ਨਹੀਂ ਸੀ। ਬਜ਼ਾਰ ਦੀ ਭੀੜ ਵਿੱਚ ਲੋਪ ਹੁੰਦੀ ਜੋੜੀ ਨੂੰ ਉਹ ਚੁੱਪ-ਚਾਪ ਦੇਖਦਾ ਰਿਹਾ।

ਬਾਬੇ ਦੀ ਕਾਰਵਾਈ ਜੰਗਲ ਦੀ ਅੱਗ ਵਾਂਗ ਸਾਰੇ ਸ਼ਹਿਰ ਵਿੱਚ ਫੈਲ ਗਈ।

ਲੋਕਾਂ ਨੂੰ ਜਿਵੇਂ ਨਵਾਂ ਰਾਹ ਲੱਭ ਗਿਆ। ਉਹ ਤਾਂ ਭੁੱਲੇ ਹੀ ਬੈਠੇ ਸਨ। ਬਾਕੀ ਲੀਡਰ ਤਾਂ ਪੱਤਰਾ ਵਾਚ ਗਏ। ਬਾਬਾ ਪਿੱਠ ਦਿਖਾਉਣ ਵਾਲਾ ਨਹੀਂ ਸੀ। ਨਾ ਬਾਬੇ ਦੇ ਸਾਥੀ-ਸੰਗੀ। ਉਹ ਤਾਂ ਲੜਨ-ਮਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ।

ਬਾਬੇ ਦੇ ਘਰ ਵੱਲ ਲੋਕ ਇਉਂ ਵਹੀਰਾਂ ਘੱਤ ਕੇ ਤੁਰ ਪਏ, ਜਿਵੇਂ ਉਥੇ ਕੋਈ ਅਜਿਹਾ ਅੰਮ੍ਰਿਤ-ਕੁੰਡ ਪ੍ਰਗਟ ਹੋ ਗਿਆ ਹੋਵੇ, ਜਿਸ ਨੇ ਲੋਕਾਂ ਦੀ ਮੁਰਦਾ ਰੂਹ ਵਿੱਚ ਨਵੀਂ ਤਾਕਤ ਫੂਕ ਦੇਣੀ ਹੋਵੇ।

ਬਾਬਾ ਕੋਈ ਮੈਦਾਨ ਛੱਡਣ ਵਾਲਾ ਸੀ? ਲੋਕ ਤਿਆਰ ਹਨ ਤਾਂ ਉਹ ਸਭ ਤੋਂ ਪਹਿਲਾਂ ਕੁਰਬਾਨੀ ਦੇਣ ਲਈ ਤਿਆਰ ਹੈ।

ਉਸੇ ਸ਼ਾਮ ਨਹਿਰੂ ਪਾਰਕ ਵਿੱਚ ਜਲਸਾ ਰੱਖਿਆ ਗਿਆ। ਉਹਨਾਂ ਸੈਂਕੜੇ ਮੁੰਡਿਆਂ ਨੂੰ ਮੰਚ ’ਤੇ ਪੇਸ਼ ਕੀਤਾ ਗਿਆ, ਜਿਨ੍ਹਾਂ ’ਤੇ ਪੁਲਿਸ ਨੇ ਜਬਰ ਢਾਹਿਆ ਸੀ।

ਲੋਕਾਂ ਨੇ ਤਾਂ ਆਪਣੇ ਦੁਖੜੇ ਰੋਣ ਲਈ ਜਲਸੇ ’ਚ ਪੁੱਜਣਾ ਹੀ ਸੀ, ਅੰਦਰਖ਼ਾਤੇ ਸਿਆਸੀ ਲੋਕਾਂ ਦੇ ਸੁਨੇਹੇ ਵੀ ਆਉਣ ਲੱਗੇ। ਜੇ ਕੋਈ ਸਾਂਝਾ ਫ਼ਰੰਟ ਬਣਾ ਲਿਆ ਜਾਵੇ ਤਾਂ ਉਹ ਵੀ ਪੁਲਿਸ ਵਿਰੁੱਧ ਆਵਾਜ਼ ਉਠਾਉਣ ਲਈ ਤਿਆਰ ਸਨ। ਵਿਰੋਧੀ ਪਾਰਟੀਆਂ ਨੇ ਤਾਂ ਆਉਣਾ ਹੀ ਸੀ, ਇੱਕ ਦੋ ਜਥੇਦਾਰ ਵੀ ਗਰਮ ਹੋਏ ਫਿਰਦੇ ਸਨ। ਬੇਸ਼ੱਕ ਮੁੱਖ ਮੰਤਰੀ ਨਰਾਜ਼ ਹੋ ਜਾਵੇ, ਉਹ ਹੋਰ ਅੱਤਿਆਚਾਰ ਬਰਦਾਸ਼ਤ ਨਹੀਂ ਕਰ ਸਕਦੇ। ਚੁੱਪ ਬੈਠੇ ਰਹੇ ਤਾਂ ਪਿੱਛੋਂ ਲੋਕਾਂ ਨੂੰ ਕੀ ਮੂੰਹ ਦਿਖਾਉਣਗੇ?

ਬਾਬੇ ਨੂੰ ਕੀ ਇਤਰਾਜ਼ ਸੀ? ਜਲਸੇ ਵਿੱਚ ‘ਲੋਕ ਸੰਘਰਸ਼ ਸੰਮਤੀ’ ਦੇ ਗਠਨ ਦਾ ਐਲਾਨ ਕਰ ਦਿੱਤਾ ਗਿਆ। ਉਹਨਾਂ ਸੰਮਤੀ ਵਿੱਚ ਕੁੱਝ ਸਿਆਸੀ ਬੰਦੇ ਸ਼ਾਮਲ ਤਾਂ ਕੀਤੇ, ਪਰ ਬਹੁਮੱਤ ਆਪਣੇ ਸਮਰਥਕਾਂ ਦਾ ਹੀ ਰੱਖਿਆ। ਪਤਾ ਸੀ, ਲੋੜ ਪੈਣ ’ਤੇ ਸਿਆਸੀ ਬੰਦਿਆਂ ਨੇ ਪੂਛ ਦਬਾ ਕੇ ਭੱਜ ਜਾਣਾ ਸੀ।

ਅਗਲੇ ਦਿਨ ਝੰਡਾ ਮਾਰਚ ਕਰਨ ਦਾ ਐਲਾਨ ਹੋਇਆ। ਓਨਾ ਚਿਰ ਸੰਘਰਸ਼ ਜਾਰੀ ਰਹੇਗਾ, ਜਿੰਨਾ ਚਿਰ ਥਾਣੇ ਬੈਠਾ ਇੱਕ-ਇੱਕ ਬੇਕਸੂਰ ਬੰਦਾ ਛੱਡ ਨਹੀਂ ਦਿੱਤਾ ਜਾਂਦਾ।

ਬਾਬੇ ਨੇ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਨਾਟਕ ਕੇਂਦਰ, ਸੰਗੀਤ ਮੰਡਲੀਆਂ ਅਤੇ ਤਰਕਸ਼ੀਲ ਹਾਲ ਦੀ ਘੜੀ ਆਪਣੇ ਪ੍ਰੋਗਰਾਮ ਠੱਪ ਕਰ ਦੇਣ। ਉਹ ਸਭ ਸ਼ਹਿਰ ਪੁੱਜਣ ਅਤੇ ਲੋਕ ਸੰਘਰਸ਼ ਨੂੰ ਸੰਭਾਲਣ। ਇਨਕਲਾਬੀ ਸਾਹਿਤ ਸਭਾ ਨੂੰ ਵੀ ਬੁਲਾਇਆ ਗਿਆ। ਸਾਹਿਤ ਫੇਰ ਰਚਿਆ ਜਾਵੇ, ਪਹਿਲਾਂ ਇਤਿਹਾਸ ਸਿਰਜਿਆ ਜਾਵੇ।

ਬਾਬੇ ਨੇ *ਤੀਕਾਰੀ ਫ਼ਰੰਟ ਦੇ ਕੁੱਝ ਅੰਡਰ-ਗਰਾਊਂਡ ਸਾਥੀਆਂ ਨੂੰ ਵੀ ਸੱਦਿਆ। ਕਿਸੇ ਸਮੇਂ ਹਥਿਆਰਬੰਦ ਸੰਘਰਸ਼ ਦੀ ਜ਼ਰੂਰਤ ਵੀ ਪੈ ਸਕਦੀ ਹੈ। ਪੇਂਡੂ ਇਕਾਈਆਂ ਅਤੇ ਭਗਤ ਸਿੰਘ ਨੌਜਵਾਨ ਸਭਾ ਪਹਿਲਾਂ ਹੀ ਚੌਕਸ ਸੀ। ਬਾਬੇ ਦੇ ਇਸ਼ਾਰੇ ’ਤੇ ਪਿੰਡਾਂ ’ਚੋਂ ਲੋਕ ਵਹੀਰਾਂ ਘੱਤ ਕੇ ਆਉਣ ਨੂੰ ਤਿਆਰ ਸਨ।

ਦੋ ਦਿਨਾਂ ’ਚ ਹੀ ਸੰਮਤੀ ਨੂੰ ਕਾਮਯਾਬੀ ਹਾਸਲ ਹੋ ਗਈ।

ਕੋਈ ਨਵਾਂ ਬੰਦਾ ਤਾਂ ਕੀ ਫੜਨਾ ਸੀ, ਇੱਕ-ਇੱਕ ਕਰ ਕੇ ਪੁਲਿਸ ਨੂੰ ਪਹਿਲੇ ਵੀ ਛੱਡਣੇ ਪਏ।

 

 

27

ਜਿਸ ਤਰ੍ਹਾਂ ਪੁਲਿਸ ਦੀ ਦੋ ਦਿਨਾਂ ਦੀ ਫੜ-ਫੜਾਈ ਨੇ ਲੋਕਾਂ ਵਿੱਚ ਸਹਿਮ ਪੈਦਾ ਕੀਤਾ ਸੀ, ਉਸੇ ਤਰ੍ਹਾਂ ਸੰਮਤੀ ਦੇ ਦੋ ਦਿਨਾਂ ਦੇ ਸੰਘਰਸ਼ ਨੇ ਪੁਲਿਸ ਦੀਆਂ ਲਗਾਮਾਂ ਕੱਸ ਦਿੱਤੀਆਂ।

ਡਰੀ ਪੁਲਿਸ ਨੇ ਖ਼ਾਸ-ਖ਼ਾਸ ਮੁਸਤਵੇ ਜਾਂ ਤਾਂ ਦੂਰ-ਦੁਰਾਡੇ ਵਾਲੇ ਥਾਣਿਆਂ ਵਿੱਚ ਭੇਜ ਦਿੱਤੇ ਜਾਂ ਆਪਣੇ ਮੁਖ਼ਬਰਾਂ ਦੇ ਘਰੀਂ ਛੁਪਾ ਦਿੱਤੇ।

ਜਿਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਸੀ ਜਾਂ ਜਿਨ੍ਹਾਂ ਦੇ ਮਾਮੂਲੀ ਸੱਟਾਂ ਸਨ, ਉਹਨਾਂ ਨੂੰ ਰਿਹਾਅ ਕਰਨ ਲਈ ਪੁਲਿਸ ਕਾਹਲੀ ਪੈਣ ਲੱਗੀ। ਪੁਲਿਸ ਨੂੰ ਡਰ ਸੀ ਕਿ ਜੇ ਸਾਰੇ ਹੀ ਮੁਸਤਵੇ ਇਕਦਮ ਛੱਡ ਦਿੱਤੇ ਗਏ ਤਾਂ ਉਹਨਾਂ ਨੂੰ ਸੰਮਤੀ ਨੇ ਸੰਭਾਲ ਲੈਣਾ ਸੀ ਅਤੇ ਉਹਨਾਂ ਦਾ ਡਾਕਟਰੀ ਮੁਆਇਨਾ ਕਰਾ-ਕਰਾ ਪੁਲਿਸ ਨੂੰ ਵਖਤ ਪਾ ਦੇਣਾ ਸੀ। ਅਖ਼ਬਾਰਾਂ ਪਹਿਲਾਂ ਹੀ ਜ਼ਹਿਰ ਉਗਲ ਰਹੀਆਂ ਸਨ। ਉਹਨਾਂ ਨੂੰ ਹੋਰ ਮਸਾਲਾ ਮਿਲ ਜਾਣਾ ਸੀ।

ਪੁਲਿਸ ਅਜਿਹੇ ਸਿਫ਼ਾਰਸ਼ੀ ਦੀ ਤਾਕ ਵਿੱਚ ਰਹਿੰਦੀ ਸੀ, ਜਿਹੜਾ ਇਹ ਯਕੀਨ ਦਿਵਾ ਦੇਵੇ ਕਿ ਮੁਸਤਵਾ ਨਾ ਸੰਘਰਸ਼ ਸੰਮਤੀ ਕੋਲ ਜਾਏਗਾ ਅਤੇ ਨਾ ਹੀ ਪੁਲਿਸ ਖ਼ਿਲਾਫ਼ ਕੋਈ ਕਾਰਵਾਈ ਕਰੇਗਾ। ਇਹ ਭਰੋਸਾ ਦਿਵਾ ਕੇ ਭਾਵੇਂ ਕੋਈ ਸਾਰੇ ਬੰਦੇ ਛੁਡਾ ਕੇ ਲੈ ਜਾਵੇ, ਪੁਲਿਸ ਨੂੰ ਕੋਈ ਇਤਰਾਜ਼ ਨਹੀਂ ਸੀ।

ਬੁੱਢਾ ਬਲਵੰਤ ਗ਼ੁੱਸੇ ਨਾਲ ਪਾਗ਼ਲ ਹੋਇਆ ਫਿਰਦਾ ਸੀ। ਪੈਸੇ ਕਮਾਉਣ ਦਾ ਇੰਨਾ ਵਧੀਆ ਮੌਕਾ ਸੀ, ਪਰ ਉਸ ਦੇ ਪੱਲੇ ਹਾਲੇ ਤਕ ਦੁਆਨੀ ਨਹੀਂ ਸੀ ਪਈ।

ਨਵੇਂ ਸਟਾਫ਼ ’ਤੇ ਬਲਵੰਤ ਨੂੰ ਲੋਕਾਂ ਜਿੰਨਾ ਹੀ ਗ਼ੁੱਸਾ ਸੀ।

ਪੈਂਤੀ ਸਾਲ ਹੋ ਗਏ ਸਨ ਬਲਵੰਤ ਨੂੰ ਭਰਤੀ ਹੋਇਆਂ। ਕੁੱਝ ਸਾਲ ਛੱਡ ਕੇ ਬਾਕੀ ਦੀ ਸਾਰੀ ਨੌਕਰੀ ਇਸੇ ਥਾਣੇ ਦੀ ਸੀ। ਜਿਸ ਤਰ੍ਹਾਂ ਦਾਈ ਤੋਂ ਪੇਟ ਨਹੀਂ ਲੁਕੋਇਆ ਜਾ ਸਕਦਾ, ਇਸੇ ਤਰ੍ਹਾਂ ਮੁਜਰਮ ਬਲਵੰਤ ਤੋਂ ਅੱਖ ਨਹੀਂ ਸੀ ਚੁਰਾ ਸਕਦਾ। ਮੁਜਰਮ ਹਾਲੇ ਪੇਟ ਵਿੱਚ ਹੀ ਹੁੰਦੇ ਸਨ ਕਿ ਬਲਵੰਤ ਨੂੰ ਖ਼ਬਰ ਪਹਿਲਾਂ ਪਹੁੰਚ ਜਾਂਦੀ ਸੀ।

ਸੀ ਤਾਂ ਬਲਵੰਤ ਭਾਵੇਂ ਅਨਪੜ੍ਹ ਹੀ, ਪਰ ਉਸ ਦੀ ਚੜ੍ਹਤ ਡਿਪਟੀ ਜਿੰਨੀ ਸੀ। ਵਰਦੀ ਤਾਂ ਉਹ ਕਦੇ-ਕਦਾਈਂ ਹੀ ਪਾਉਂਦਾ ਸੀ। ਕੁੱਝ ਲੋਕ ਉਸ ਨੂੰ ਥਾਣੇਦਾਰ ਸਮਝਦੇ ਸਨ ਅਤੇ ਕੁੱਝ ਹੌਲਦਾਰ। ਉਸ ਨੂੰ ਵਰਦੀ ਪਾਉਣ ਦੀ ਕੀ ਜ਼ਰੂਰਤ ਸੀ? ਜਿਹੜਾ ਕੰਮ ਵਰਦੀਆਂ ਵਾਲੇ ਦਸ ਸਿਪਾਹੀ ਨਹੀਂ ਸੀ ਕਰ ਸਕਦੇ, ਉਹ ਇਕੱਲਾ ਬਲਵੰਤ ਕਰ ਦਿੰਦਾ ਸੀ। ਉਸ ਦੇ ਇਲਾਕੇ ਵਿੱਚ ‘ਕਨਟੈਕਟ’ ਹੀ ਇੰਨੇ ਸਨ।

ਜਦੋਂ ਵੀ ਕੋਈ ਨਵਾਂ ਥਾਣੇਦਾਰ ਆਉਂਦਾ, ਬਲਵੰਤ ਦੇ ਖ਼ਿਲਾਫ਼ ਉਸ ਦੇ ਕੰਨ ਭਰੇ ਜਾਂਦੇ। ਥਾਣੇਦਾਰ ਬਲਵੰਤ ਨੂੰ ਦੂਰ-ਦੂਰ ਰੱਖਦਾ। ਉਸ ਨੂੰ ਬੰਬਈ, ਕਲਕੱਤੇ ਦੇ ਸੰਮਨ ਦੇ ਕੇ ਦਸ-ਵੀਹ ਦਿਨਾਂ ਲਈ ਖਹਿੜਾ ਛੁਡਾਉਣ ਦੇ ਯਤਨ ਕੀਤੇ ਜਾਂਦੇ। ਬਲਵੰਤ ਖ਼ੁਸ਼ੀ-ਖ਼ੁਸ਼ੀ ਤਮਾਸ਼ਾ ਦੇਖਦਾ ਰਹਿੰਦਾ। ਜਦੋਂ ਤਫ਼ਤੀਸ਼ ਦੇ ਪਹੀਏ ਜਾਮ ਹੋ ਜਾਂਦੇ ਤਾਂ ਧੱਕਾ ਲਾਉਣ ਲਈ ਬਲਵੰਤ ਨੂੰ ਬੁਲਾਉਣਾ ਹੀ ਪੈਂਦਾ।

ਬਲਵੰਤ ਅੱਜ-ਕੱਲ੍ਹ ਦੇ ਸਿਪਾਹੀਆਂ ਵਰਗਾ ਨਹੀਂ ਸੀ ਬਈ ਮੋਟਰ-ਸਾਈਕਲ ਬਿਨਾਂ ਕਦਮ ਨਹੀਂ ਪੁੱਟਣਾ। ਮੋਟਰ-ਸਾਈਕਲ ’ਤੇ ਤਾਂ ਘੰਟੇ ਵਿੱਚ ਸਾਰੇ ਇਲਾਕੇ ਦਾ ਗੇੜਾ ਲੱਗ ਜਾਂਦੈ। ਇਉਂ ਕੋਈ ਮੁਖ਼ਬਰੀ ਮਿਲਦੀ ਹੈ? ਬਲਵੰਤ ਸਾਈਕਲ ’ਤੇ ਨਿਕਲਦਾ ਹੈ। ਕਿਸੇ ਦੇ ਖੇਤੋਂ ਗੰਨੇ ਚੂਪ ਲਏ, ਕਿਸੇ ਦੇ ਰੋਟੀ ਖਾ ਲਈ ਅਤੇ ਕਿਸੇ ਦੇ ਘਰ ਰਾਤ ਕੱਟ ਲਈ। ਕਿਸੇ ਨਾਲ ਪੈੱਗ ਸਾਂਝਾ ਕਰ ਲਿਆ ਅਤੇ ਕਿਸੇ ਕੋਲ ਕਬੀਲਦਾਰੀ ਛੇੜ ਕੇ ਬੈਠ ਗਏ। ਗੱਲਾਂ-ਗੱਲਾਂ ਵਿੱਚ ਸਾਰੇ ਪਿੰਡ ਦੀ ਖ਼ਬਰ ਮਿਲ ਜਾਂਦੀ ਹੈ। ਆਪਣੀ ਇਸੇ ਚਲਾਕੀ ਦੇ ਆਧਾਰ ’ਤੇ ਬਲਵੰਤ ਨੇ ਕਈ ਵਾਰ ਬੜੀਆਂ ਗੁੰਝਲਦਾਰ ਤਫ਼ਤੀਸ਼ਾਂ ਨੂੰ ਚੁਟਕੀ ’ਚ ਸਿਰੇ ਲਾ ਦਿੱਤੈ। ਜਦੋਂ ਤਫ਼ਤੀਸ਼ੀ ਕਿਸੇ ਸਿੱਟੇ ’ਤੇ ਨਹੀਂ ਪੁੱਜ ਸਕਦੇ ਤਾਂ ਬਲਵੰਤ ਦੀ ਸ਼ਰਨ ਵਿੱਚ ਆਉਂਦੇ ਹਨ। ਉਹ ਪਹਿਲੇ ਹੱਲੇ ਹੀ ਦੁਖਦੀ ਰਗ ’ਤੇ ਹੱਥ ਰੱਖ ਦਿੰਦੈ।

ਨਵੇਂ ਸਟਾਫ਼ ਕੋਲ ਵੀ ਉਸ ਦੀ ਚੁਗਲੀ ਹੋਈ। ਇਸ ਵਾਰ ਦੋਸ਼ ਗੰਭੀਰ ਸਨ। ਉਹ ਚਾਰ ਪੈਸਿਆਂ ਬਦਲੇ ਪੁਲਿਸ ਦੀਆਂ ਯੋਜਨਾਵਾਂ ਲੀਕ ਕਰਨ ਦਾ ਆਦੀ ਹੈ। ਇਸ ਦੋਸ਼ ਨੂੰ ਸਾਬਤ ਕਰਨ ਲਈ ਕੁੱਝ ਸਬੂਤ ਵੀ ਦਿੱਤੇ ਗਏ। ਕੁੱਝ ਕਮਜ਼ੋਰ ਮੁਜਰਮ ਛਿੱਤਰਾਂ ਤੋਂ ਡਰਦੇ ਝੱਟ ਮੰਨ ਗਏ ਕਿ ਉਹ ਬਲਵੰਤ ਦੇ ਕਹਿਣ ’ਤੇ ਘਰੋਂ ਭੱਜੇ ਸਨ।

ਵਿਹਲਾ ਬੈਠਾ ਬਲਵੰਤ ਨਵੇਂ ਸਟਾਫ਼ ਦੀ ਬੇਵਕੂਫ਼ੀ ’ਤੇ ਝੂਰ ਰਿਹਾ ਸੀ। ਬੰਦੇ ਫਟਾਫਟ ਛੱਡੇ ਜਾ ਰਹੇ ਸਨ। ਉਹਨਾਂ ਮੂਰਖਾਂ ਨੂੰ ਕੋਈ ਪਤਾ ਨਹੀਂ ਸੀ ਕਿ ਕਿਹੜੀ ਅਸਾਮੀ ਕਿੰਨੇ ਪੈਸੇ ਦੇਣ ਵਾਲੀ ਹੈ? ਪੰਜ ਹਜ਼ਾਰ ਵਾਲੇ ਤੋਂ ਪੰਜ ਸੌ ਅਤੇ ਪੰਜ ਸੌ ਵਾਲੇ ਤੋਂ ਦਸ ਹਜ਼ਾਰ ਮੰਗਿਆ ਜਾ ਰਿਹਾ ਸੀ। ਹਰ ਵਾਰ ਰੱਟਾ ਪੈ ਜਾਂਦਾ ਸੀ। ਬਲਵੰਤ ਹੋਵੇ ਤਾਂ ਮਜਾਲ ਹੈ ਕੋਈ ਕੁਸਕ ਵੀ ਜਾਵੇ।

ਬਲਵੰਤ ਸਬਰ ਦੀ ਘੁੱਟ ਭਰੀ ਬੈਠਾ ਰਿਹਾ। ਉਸ ਨੂੰ ਇਸ ਵਿਚੋਂ ਵੀ ਭਲਾ ਹੀ ਨਜ਼ਰ ਆ ਰਿਹਾ ਸੀ। ਪੁਲਿਸ ਇਉਂ ਪੈਸੇ ਇਕੱਠੇ ਕਰ ਰਹੀ ਸੀ, ਜਿਵੇਂ ਦੋ-ਚਾਰ ਦਿਨਾਂ ਨੂੰ ਰਿਟਾਇਰ ਹੋ ਕੇ ਘਰ ਨੂੰ ਤੁਰ ਜਾਣਾ ਹੋਵੇ।

ਇਹ ਚੰਮ ਦੀਆਂ ਬਹੁਤੀ ਦੇਰ ਚੱਲਣ ਵਾਲੀਆਂ ਨਹੀਂ ਸਨ। ਲੋਕ ਭੜਕੇ ਪਏ ਸਨ। ਥਾਣੇ ਬੈਠ ਕੇ ਉਹ ਲੱਖ ਗਰੰਟੀਆਂ ਦਿੰਦੇ ਰਹਿਣ ਕਿ ਉਹ ਪੁਲਿਸ ਦੇ ਖ਼ਿਲਾਫ਼ ਇੱਕ ਸ਼ਬਦ ਨਹੀਂ ਬੋਲਦੇ, ਪਰ ਬਾਹਰ ਨਿਕਲਦਿਆਂ ਹੀ ਉਹਨਾਂ ਸੰਮਤੀ ਕੋਲ ਚਲੇ ਜਾਣਾ ਸੀ। ਕੌਣ ਬਿਨਾਂ ਕਸੂਰ ਨਾਲੇ ਹੱਡ ਤੁੜਾਏ, ਨਾਲੇ ਪੰਜ-ਪੰਜ ਹਜ਼ਾਰ ਰੁਪਿਆ ਦੇਵੇ।

ਅੱਗ ਸੁਲਗ ਰਹੀ ਸੀ। ਇਸ ਨੇ ਭਾਂਬੜ ਬਣਨਾ ਹੀ ਸੀ। ਬਲਵੰਤ ਪੈਸੇ ਦੇ ਚੱਕਰ ਵਿੱਚ ਪੈ ਗਿਆ ਤਾਂ ਸੇਕ ਉਸ ਨੂੰ ਵੀ ਲੱਗਣਾ ਸੀ।

ਦਿਹਾੜੀ ਤਾਂ ਉਸ ਦੀ ਫੇਰ ਵੀ ਬਣ ਰਹੀ ਸੀ। ਸਟਾਫ਼ ਦੀ ਸਖ਼ਤੀ ਦਾ ਥੋੜ੍ਹਾ ਜਿਹਾ ਫ਼ਾਇਦਾ ਤਾਂ ਹੋਇਆ ਹੀ ਸੀ। ਇਸ ਵਾਰ ਜਿਹੜਾ ਇੱਕ ਵਾਰ ਚੁੱਕਿਆ ਗਿਆ ਮੁੜ ਉਸ ਦੀ ਸੂਹ ਨਹੀਂ ਸੀ ਨਿਕਲਦੀ, ਉਹ ਕਿਥੇ ਹੈ? ਜਿਊਂਦਾ ਵੀ ਹੈ ਜਾਂ ਮਾਰ ਦਿੱਤਾ। ਜਿਊਂਦਾ ਹੈ ਤਾਂ ਕਿਥੇ ਅਤੇ ਕਿਸ ਹਾਲਤ ਵਿੱਚ ਹੈ? ਬਲਵੰਤ ਸੁੱਖ-ਸਾਂਦ ਦੱਸਣ ਦੀ ਫ਼ੀਸ ਲੈ ਰਿਹਾ ਸੀ।

ਪਰ ਇਸ ਤਰ੍ਹਾਂ ਮਿਲਦੀ ਥੋੜ੍ਹੀ ਜਿਹੀ ਫ਼ੀਸ ਨਾਲ ਉਸ ਨੂੰ ਸਬਰ ਨਹੀਂ ਆਉਂਦਾ। ਉਹ ਗੱਫੇ ਲਾਉਣ ਦਾ ਆਦੀ ਸੀ। ਹਿਸਾਬ-ਕਿਤਾਬ ’ਚ ਈਮਾਨਦਾਰ ਹੋਣ ਕਰਕੇ ਸਾਰੇ ਥਾਣੇਦਾਰ ਉਸ ’ਤੇ ਵਿਸ਼ਵਾਸ ਕਰਦੇ ਸਨ। ਮੁਜਰਮਾਂ ਦਾ ਤਾਂ ਉਹ ਮਸੀਹਾ ਸੀ। ਬਿਨਾਂ ਕਿਸੇ ਡਰ-ਡੁੱਕਰ ਦੇ ਪੈਸੇ ਫੜਾ ਦਿੰਦੇ ਸਨ। ਪਤਾ ਸੀ ਕੰਮ ਹੋ ਗਿਆ ਤਾਂ ਠੀਕ, ਨਹੀਂ ਪਾਈ-ਪਾਈ ਵਾਪਸ ਕਰ ਦੇਵੇਗਾ। ਬੋਤਲ ਤਕ ਦੇ ਪੈਸੇ ਵੀ ਨਹੀਂ ਰੱਖੇਗਾ। ਇਸੇ ਵਿਸ਼ਵਾਸ ਕਾਰਨ ਸਾਰੇ ਥਾਣੇ ਦੀਆਂ ‘ਮੰਥਲੀਆਂ’ ਉਹ ਇਕੱਠੀਆਂ ਕਰਦਾ ਸੀ। ਦਸਵੇਂ ਦਸੌਂਦ ਨਾਲ ਹੀ ਉਹ ਵੱਡੇ ਥਾਣੇਦਾਰ ਜਿੰਨੇ ਪੈਸੇ ਕਮਾ ਲੈਂਦਾ ਸੀ।

ਪੁਲਿਸ ਨੇ ਜਿਸ ਢੰਗ ਨਾਲ ਲੀਡਰਾਂ ਦੀ ਲਾਹ-ਪਾਹ ਕੀਤੀ ਸੀ, ਉਸ ਤੋਂ ਡਰਦੇ ਪੇਸ਼ੇਵਰ ਲੀਡਰ ਤਾਂ ਥਾਣੇ ਵੱਲ ਮੂੰਹ ਨਹੀਂ ਸੀ ਕਰਦੇ। ਅੱਗੇ ਕਦੇ ਕੋਈ ਕਾਂਗਰਸੀ ਆ ਰਿਹੈ, ਕਦੇ ਭਾਰਤੀ ਜਨਤਾ ਪਾਰਟੀ ਵਾਲਾ ਅਤੇ ਕਦੇ ਕੋਈ ਸੰਘੀ। ਚੁੱਪ ਕਰ ਕੇ ਥਾਣੇਦਾਰ ਨੂੰ ਕੁਆਰਟਰ ਲੈ ਗਏ, ਗਿਟਮਿਟ ਕੀਤੀ ਅਤੇ ਬੰਦਾ ਛੁਡਾ ਲਿਆ। ਮਰਜ਼ੀ ਹੋਈ ਕਿਸੇ ਹੋਰ ਨੂੰ ਦਸ ਰੁਪਏ ਦਿਵਾ ਦਿੱਤੇ, ਨਾ ਮਰਜ਼ੀ ਹੋਈ ਤਾਂ ਚੁੱਪ ਕਰ ਕੇ ਤੁਰ ਗਏ।

ਹੁਣ ਜਦੋਂ ਕਿ ਲੀਡਰਾਂ ਦੀ ਕਮੀ ਸੀ ਤਾਂ ਬਲਵੰਤ ਨੇ ਹੀ ਉਹਨਾਂ ਦੀ ਥਾਂ ਲੈਣੀ ਸੀ। ਨਾਲ ਦੇ ਸਿਪਾਹੀਆਂ ਨੇ ਲਾਲ ਸਿੰਘ ਨੂੰ ਅਜਿਹੀ ਗਿੱਦੜਸਿੰਗੀ ਸੁੰਘਾਈ ਕਿ ਉਹ ਬਲਵੰਤ ਨੂੰ ਕੋਲ ਖੜ੍ਹਾਉਣ ਤਕ ਤਿਆਰ ਨਹੀਂ। ‘ਗੱਲ’ ਕਰਨ ਦੀ ਗੱਲ ਤਾਂ ਦੂਰ ਰਹੀ।

ਲੋਕਾਂ ਨੇ ਬੰਦੇ ਤਾਂ ਛੁਡਾਉਣੇ ਹੀ ਸਨ। ਲੀਡਰ ਮੈਦਾਨ ਛੱਡ ਗਏ ਤਾਂ ਹੋਰ ਬਥੇਰੇ ਰਾਹ ਸੀ।

ਬਲਵੰਤ ਭਾਵੇਂ ਖੂੰਜੇ ਲੱਗਾ ਹੋਇਆ ਸੀ, ਫੇਰ ਵੀ ਉਸ ਨੂੰ ਸਭ ਪਤਾ ਲੱਗ ਰਿਹਾ ਸੀ, ਕਿਹੜਾ ਕਿਵੇਂ ਛੁੱਟ ਰਿਹਾ ਹੈ।

ਜੀਵਨ ਆੜ੍ਹਤੀਆ ਮੋਟੀ ਆਸਾਮੀ ਸੀ। ਵੀਹ-ਤੀਹ ਹਜ਼ਾਰ ਆਰਾਮ ਨਾਲ ਦੇ ਜਾਂਦਾ। ਉਹ ਸਾਰੇ ਅਫ਼ਸਰਾਂ ਨਾਲ ਬਣਾ ਕੇ ਰੱਖਦਾ ਸੀ। ਕਿਸੇ ਤੋਂ ਸਿਫ਼ਾਰਸ਼ ਕਰਵਾਉਣ ਨਾਲੋਂ ਪੈਸੇ ਖ਼ਰਚ ਦੇ ਕੰਮ ਕਰਵਾਉਣਾ ਚੰਗਾ ਸਮਝਦਾ ਸੀ।

ਉਸ ਦਾ ਮੁੰਡਾ ਟੀਟੂ ਫੜਿਆ ਗਿਆ ਸੀ। ਮਾਮੂਲੀ ਜਿਹਾ ਦੋਸ਼ ਸੀ। ਉਸ ਦੀ ਜੱਟਾਂ ਦੇ ਮੁੰਡਿਆਂ ਨਾਲ ਯਾਰੀ ਸੀ। ਉਸ ਦੇ ਯਾਰ ਘਰੋਂ ਫ਼ਰਾਰ ਸਨ। ਹੋ ਸਕਦੈ ਉਸ ਕੋਲ ਆਉਂਦੇ-ਜਾਂਦੇ ਹੋਣ।

ਪਹਿਲੀ ਪੁਲਿਸ ਨੇ ਤਾਂ ਜੀਵਨ ਦਾ ਮੁੰਡਾ ਫੜਨਾ ਹੀ ਨਹੀਂ ਸੀ। ਇਸ ਥਾਣੇਦਾਰ ਦੇ ਅੜੀਅਲ ਸੁਭਾਅ ਨੂੰ ਦੇਖ ਕੇ ਹੀ ਉਸ ਨੂੰ ਜੱਜ ਦੇ ਬੂਹੇ ’ਤੇ ਦਸਤਕ ਦੇਣ ਦੀ ਲੋੜ ਪਈ ਹੋਣੀ ਹੈ। ਬਲਵੰਤ ਨਾਲ ਐਸ.ਐਚ.ਓ.ਠੀਕ ਹੁੰਦਾ ਤਾਂ ਇਹ ਖਰੀ ਆਸਾਮੀ ਸੀ।

ਥਾਣੇਦਾਰ ਨੇ ਨਹੀਂ ਲਏ ਤਾਂ ਜੱਜ ਨੇ ਲੈ ਲਏ ਹੋਣਗੇ। ਜੱਜ ਐਵੇਂ ਤਾਂ ਥਾਣੇ ਚੱਲ ਕੇ ਆਇਆ ਨਹੀਂ ਹੋਣਾ। ਪੈਂਤੀ ਸਾਲਾਂ ਦੀ ਨੌਕਰੀ ਵਿੱਚ ਬਲਵੰਤ ਨੇ ਪਹਿਲੀ ਵਾਰ ਦੇਖਿਆ ਸੀ ਕਿ ਮਾਮੂਲੀ ਜਿਹੇ ਕੰਮ ਲਈ ਜੱਜ ਨੂੰ ਖ਼ੁਦ ਥਾਣੇ ਆਉਣਾ ਪਿਆ ਸੀ। ਅੱਜ ਤਕ ਤਾਂ ਪੁਲਿਸ ਜੱਜ ਦੇ ਇਸ਼ਾਰੇ ’ਤੇ ਹੀ ਬੰਦਾ ਛੱਡ ਦਿਆ ਕਰਦੀ ਸੀ।

ਜੱਜ ਸ਼ਾਇਦ ਡਰਦਾ ਹੋਵੇ। ਫ਼ੋਨ ’ਤੇ ਐਸ.ਐਚ.ਓ.ਨੇ ਰਾਹ ਨਹੀਂ ਦੇਣਾ। ਪਹਿਲਾਂ ਵੀ ਉਸ ਨੇ ਇੱਕ ਵਾਰ ਫ਼ੋਨ ਕੀਤਾ ਸੀ। ਉਲਟਾ ਸਿੱਧਾ ਜਵਾਬ ਦੇ ਕੇ ਲਾਲ ਸਿੰਘ ਨੇ ਜੱਜ ਨੂੰ ਟਰਕਾ ਦਿੱਤਾ ਸੀ।

ਆਪ ਥਾਣੇ ਆਇਆ ਹੈ ਤਾਂ ਜ਼ਰੂਰ ਮੋਟੀ ਫ਼ੀਸ ਲਈ ਹੋਏਗੀ। ਪਹਿਲੇ ਜਜ ਨਾਲ ਤਾਂ ਜੀਵਨ ਦੀ ਰਿਸ਼ਤੇਦਾਰੀ ਸੀ। ਉਹ ਤਾਂ ਜੀਵਨ ਦੇ ਆਖੇ ਫਾਹੇ ਲੱਗਣ ਨੂੰ ਵੀ ਤਿਆਰ ਸੀ। ਇਹ ਬਿਨਾਂ ਪੈਸੇ ਲਏ ਕੰਮ ਕਰਨ ਵਾਲਾ ਨਹੀਂ।

ਜੀਵਨ ਆਖਦਾ ਹੁੰਦਾ ਸੀ ਕਿ ਉਹ ਪਹਿਲੇ ਜੱਜ ਦੇ ਪਤਿਓਰੇ ਦੀ ਥਾਂ ਲੱਗਦਾ ਸੀ। ਖੋਜਾਂ ਕੱਢਣ ਵਾਲੇ ਕੁੱਝ ਹੋਰ ਹੀ ਦੱਸਦੇ ਸਨ। ਜੱਜ ਜੈਨ ਸੀ ਅਤੇ ਜੀਵਨ ਅਗਰਵਾਲ। ਉਹਨਾਂ ਦੀ ਰਿਸ਼ਤੇਦਾਰੀ ਕਿਵੇਂ ਪੈ ਸਕਦੀ ਸੀ? ਅਸਲ ਗੱਲ ਇਹ ਸੀ ਕਿ ਜੀਵਨ ਦੀ ਦੂਜੀ ਪਤਨੀ ਅਪੱਸ਼ਰਾ ਵਰਗੀ ਸੀ। ਜੱਜ ਵੀ ਅੰਗਰੇਜ਼ਾਂ ਵਰਗਾ ਸੀ। ਉਹਨਾਂ ਦਾ ਟਾਂਕਾ ਫਿੱਟ ਸੀ। ਬਲਵੰਤ ਨੂੰ ਟਾਂਕੇ ਵਾਲੀ ਗੱਲ ਸੱਚੀ ਲੱਗਦੀ ਸੀ। ਬਲਵੰਤ ਜਦੋਂ ਵੀ ਉਹਨਾਂ ਲਈ ਸਿਨੇਮੇ ਵਿੱਚ ਬਾਕਸ ਬੁੱਕ ਕਰਾ ਕੇ ਆਉਂਦਾ ਤਾਂ ਦੇਖਦਾ, ਫ਼ਿਲਮ ਦੇਖਣ ਵਾਲਿਆਂ ਵਿੱਚ ਜੀਵਨ ਦੀ ਵਹੁਟੀ ਜ਼ਰੂਰ ਹੁੰਦੀ।

ਜੱਜ ਹਫ਼ਤੇ ’ਚ ਘੱਟੋ-ਘੱਟ ਤਿੰਨ-ਚਾਰ ਵਾਰ ਜੀਵਨ ਦੇ ਘਰ ਖਾਣਾ ਵੀ ਖਾਂਦਾ। ਦੋਵੇਂ ਪਰਿਵਾਰ ਸੈਰ ਲਈ ਤੁਰੇ ਹੀ ਰਹਿੰਦੇ। ਜੀਵਨ ਦੀ ਮਾਰੂਤੀ ਹਰ ਸਮੇਂ ਜੱਜ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ।

ਜੈਨ ਤਾਂ ਦੋ ਸੌ ਕਿਲੋਮੀਟਰ ਦੂਰ ਲੱਗਾ ਹੋਇਆ ਸੀ। ਜਾਂਦਾ ਹੋਇਆ ਉਹ ਇਸ ਜੱਜ ਨਾਲ ਵਾਕਫ਼ੀਅਤ ਕਰਾ ਗਿਆ ਸੀ। ਇਹ ਜੱਜ ਜੈਨ ਵਾਂਗ ਤਾਂ ਜੀਵਨ ਨਾਲ ਨਹੀਂ ਸੀ ਘੁਲਿਆ ਮਿਲਿਆ, ਪਰ ਜੀਵਨ ਰਾਹੀਂ ਲੈਣ-ਦੇਣ ਕਰ ਲੈਂਦਾ ਸੀ। ਕਈ ਅਸਾਮੀਆਂ ਦੇ ਕੰਮ ਬਲਵੰਤ ਨੇ ਜੀਵਨ ਰਾਹੀਂ ਕਰਾਏ ਸਨ।

ਜੇ ਜੱਜ ਜੀਵਨ ਨਾਲ ਥਾਣੇ ਆਇਆ ਹੈ ਤਾਂ ਥਾਣੇਦਾਰ ਨੂੰ ਬੰਦਾ ਛੱਡਣਾ ਹੀ ਪੈਣਾ ਸੀ। ਬਦਲੇ ਹਾਲਾਤ ਵਿੱਚ ਟਾਲ-ਮਟੋਲ ਸੰਭਵ ਨਹੀਂ ਸੀ। ਜੱਜ ਤਾਂ ਪਹਿਲੀ ਟਾਲ-ਮਟੋਲ ’ਤੇ ਹੀ ਬਹੁਤ ਗ਼ੁੱਸੇ ਸੀ।

ਕੱਲ੍ਹ ਜਦੋਂ ਉਹ ਚਿਮਨੇ ਦਾ ਰਿਮਾਂਡ ਲੈਣ ਕੋਠੀ ਗਏ ਤਾਂ ਉਹ ਘੰਟਾ ਕੋਠੀਉਂ ਨਾ ਨਿਕਲਿਆ। ਸਾਰੀ ਪੁਲਿਸ ਬਾਹਰ ਖੜੀ ਬੇਇੱਜ਼ਤ ਹੁੰਦੀ ਰਹੀ। ਨਾ ਕਿਸੇ ਨੇ ਬੈਠਣ ਲਈ ਕੁਰਸੀ ਭੇਜੀ ਨਾ ਪਾਣੀ ਪਿਲਾਇਆ। ਪੁਲਿਸ ਮੁਜਰਮਾਂ ਵਾਂਗ ਖੜੀ ਰਹੀ।

ਘੰਟੇ ਬਾਅਦ ਸੁਨੇਹਾ ਆ ਗਿਆ। ਮੁਜਰਮ ਦਾ ਵਕੀਲ ਨਹੀਂ ਆਇਆ। ਇਸ ਲਈ ਮੁਜਰਮ ਨੂੰ ਕੱਲ੍ਹ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ।

ਚਿਮਨੇ ਨੂੰ ਕਚਹਿਰੀ ਵਿੱਚ ਪੇਸ਼ ਕਰਨੋਂ ਹੀ ਤਾਂ ਪੁਲਿਸ ਡਰਦੀ ਸੀ। ਉਸ ਦਾ ਪੱਟ ਟੁੱਟ ਚੁੱਕਾ ਸੀ। ਜੇ ਚੌਦਾਂ ਦਿਨਾਂ ਦਾ ਪੁਲਿਸ ਰਿਮਾਂਡ ਮਿਲੇ ਤਾਂ ਹੀ ਉਹ ਤੁਰਨ ਫਿਰਨ ਜੋਗਾ ਹੋ ਸਕਦਾ ਸੀ। ਜੇ ਰਿਮਾਂਡ ਨਾ ਲਿਆ ਤਾਂ ਸੰਮਤੀ ਨੇ ਇਸ ਦੀ ਜ਼ਮਾਨਤ ਕਰਾ ਕੇ ਇਸ ਨੂੰ ਪੁਲਿਸ ਖ਼ਿਲਾਫ਼ ਵਰਤਣਾ ਸੀ।

ਜੱਜ ਅੜਿਆ ਰਿਹਾ। ਜਿੰਨਾ ਚਿਰ ਲਾਲ ਸਿੰਘ ਖ਼ੁਦ ਹਾਜ਼ਰ ਹੋ ਕੇ ਮੁਆਫ਼ੀ ਨਹੀਂ ਮੰਗਦਾ, ਜੱਜ ਰਿਮਾਂਡ ਨਹੀਂ ਦੇਵੇਗਾ।

ਪੂਰੀਆਂ ਮਿੰਨਤਾਂ ਕਰਵਾ ਕੇ ਮਸਾਂ ਚਾਰ ਦਿਨਾਂ ਦਾ ਰਿਮਾਂਡ ਦਿੱਤਾ। ਹੋਰ ਰਿਮਾਂਡ ਵਧਾਉਣਾ ਹੈ ਤਾਂ ਜੱਜ ਦੀ ਮੰਨਣੀ ਹੀ ਪੈਣੀ ਸੀ।

ਇਥੇ ਹੀ ਬੱਸ ਥੋੜ੍ਹਾ ਸੀ। ਜਿਸ ਹਿਸਾਬ ਨਾਲ ਬੰਦੇ ਕੁੱਟੇ ਸਨ, ਉਸ ਹਿਸਾਬ ਨਾਲ ਤਾਂ ਜੱਜ ਦੀ ਪੈਰ-ਪੈਰ ’ਤੇ ਲੋੜ ਸੀ। ਸੰਮਤੀ ਨੇ ਪੰਜ-ਚਾਰ ਵਕੀਲ ਆਪਣੇ ’ਚ ਸ਼ਾਮਲ ਕਰ ਲਏ ਸਨ। ਜਿਸ ਮੁਜਰਮ ਨੂੰ ਵੀ ਪੇਸ਼ ਕਰੋ, ਉਹ ਪਹਿਲਾਂ ਹੀ ਡਾਕਟਰੀ ਮੁਆਇਨੇ ਦੀ ਦਰਖ਼ਾਸਤ ਦੇ ਦਿੰਦੇ ਸਨ। ਜੇ ਜੱਜ ਮੁਆਇਨੇ ਦੀ ਇਜਾਜ਼ਤ ਦਿੰਦਾ ਰਹੇ ਤਾਂ ਪੁਲਿਸ ਦੇ ਖ਼ਿਲਾਫ਼ ਇੰਨੇ ਇਸਤਗਾਸੇ ਦਾਇਰ ਹੋ ਜਾਣੇ ਸਨ ਕਿ ਸਾਰੀ ਉਮਰ ਪੇਸ਼ੀਆਂ ਭੁਗਤਦੇ ਫਿਰਨਾ ਸੀ।

ਇੱਕ ਵਾਰ ਤਾਂ ਜੱਜ ਡਾਕਟਰੀ ਦਾ ਹੁਕਮ ਕਰ ਦਿੰਦਾ ਸੀ। ਮੁਜਰਮ ਨੂੰ ਵਾਪਸ ਜੀਪ ’ਚ ਬਿਠਾਉਂਦਿਆਂ ਹੀ ਪੁਲਿਸ ਤਾੜ ਦਿੰਦੀ। ਜੇ ਮੁਆਇਨਾ ਕਰਾਇਆ ਤਾਂ ਖੱਲ ਲਾਹ ਦਿਆਂਗੇ। ਉਹ ਡਰਦਾ ਬਿਆਨ ਦੇ ਦਿੰਦਾ। ਮੁਆਇਨਾ ਨਹੀਂ ਕਰਾਉਣਾ। ਜੱਜ ਨਰਾਜ਼ ਹੋਵੇ ਤਾਂ ਬਿਆਨ ਲਿਖਣੋ ਨਾਂਹ ਕਰ ਕੇ ਪੁਲਿਸ ਨੂੰ ਵਖਤ ਪਾ ਸਕਦੈ।

ਟੀਟੂ ਨੂੰ ਜੱਜ ਨਾਲ ਤੋਰਨ ਤੋਂ ਸਿਵਾ ਪੁਲਿਸ ਕੋਲ ਕੋਈ ਚਾਰਾ ਨਹੀਂ ਸੀ। ਦੂਜੀ ਸਿਫ਼ਾਰਸ਼ ਡਾਕਰਟ ਦੀ ਸੀ।

ਪ੍ਰਿਤਪਾਲ ਉਹਨਾਂ ਦੀ ਨਰਸ ਦਾ ਮੁੰਡਾ ਸੀ। ਸਿਆਣੇ ਡਾਕਟਰ ਨੇ ਜੱਜ ਵਾਲੀ ਨਹੀਂ ਸੀ ਕੀਤੀ, ਪਰ ਜਿਹੜੇ ਪੈਸੇ ਭੇਜੇ ਸਨ, ਉਹ ਲਾਲ ਸਿੰਘ ਦੇ ਨੱਕ ਹੇਠ ਨਹੀਂ ਸੀ ਆਏ। ਸੱਪ ਦੇ ਮੂੰਹ ’ਚ ਆਈ ਕੋਹੜ ਕਿਰਲੀ ਵਾਂਗ ਨਾ ਹਜ਼ਾਰ ਰੁਪਿਆ ਉਹ ਰੱਖ ਸਕਦਾ ਸੀ ਨਾ ਵਾਪਸ ਹੀ ਕਰਨ ਨੂੰ ਦਿਲ ਕਰਦਾ ਸੀ।

ਬਲਵੰਤ ਨੂੰ ਪਤਾ ਸੀ ਪ੍ਰਿਤਪਾਲ ਦੀ ਮਾਂ ਭਾਵੇਂ ਨਰਸ ਸੀ, ਪਰ ਉਸ ਦਾ ਬਾਪ ਬੈਂਕ ਮੈਨੇਜਰ ਸੀ। ਉਹ ਵੱਡੇ-ਵੱਡੇ ਕਾਰਖ਼ਾਨੇਦਾਰਾਂ ਨੂੰ ਕਰੋੜਾਂ ਰੁਪਏ ਦੇ ਕਰਜ਼ੇ ਮਨਜ਼ੂਰ ਕਰਦਾ ਸੀ। ਲੱਖਾਂ ਰੁਪਏ ਦੀ ਆਮਦਨ ਸੀ। ਪੰਜ-ਸੱਤ ਹਜ਼ਾਰ ਨੂੰ ਉਹ ਕੀ ਸਮਝਦਾ ਸੀ।

ਪ੍ਰਿਤਪਾਲ ਭਲਾਮਾਣਸ ਵੀ ਨਹੀਂ ਸੀ। ਪਿੱਛੇ ਜਿਹੇ ਜਦੋਂ ਸਟੇਸ਼ਨ ਫੂਕਣ ਦੀਆਂ ਵਾਰਦਾਤਾਂ ਹੋਈਆਂ ਸਨ ਤਾਂ ਉਹ ਸਾੜ-ਫੂਕ ਕਰਨ ਵਾਲਿਆਂ ਦਾ ਮੋਹਰੀ ਸੀ। ਉਹ ਅਕਸਰ ਭੜਕਾਊ ਪੋਸਟਰ ਲਾਉਂਦਾ ਅਤੇ ਭਾਸ਼ਣ ਦਿੰਦਾ ਰਹਿੰਦਾ ਸੀ। ਅੱਜ-ਕੱਲ੍ਹ ਭਾਵੇਂ ਉਹ ਅਕਾਲੀ ਦਲ ਦੇ ਯੂਥ ਵਿੰਗ ਦਾ ਕਾਰਕੁੰਨ ਸੀ, ਪਰ ਪੁਰਾਣੇ ਕਾਰਨਾਮੇ ਤਾਂ ਨਹੀਂ ਭੁਲਾਏ ਜਾ ਸਕਦੇ। ਉਸ ਤੋਂ ਪੁੱਛ-ਗਿੱਛ ਕਰਨੀ ਬਹੁਤ ਜ਼ਰੂਰੀ ਸੀ। ਮੁੰਡੇ ਦਾ ਰਿਕਾਰਡ ਵੀ ਮਾੜਾ ਹੋਵੇ ਅਤੇ ਬਾਪ ਵੀ ਲੱਖਪਤੀ ਹੋਵੇ ਤਾਂ ਬਲਵੰਤ ਦਸ-ਪੰਦਰਾਂ ਹਜ਼ਾਰ ਲਾਹ ਸਕਦਾ ਸੀ। ਥਾਣੇਦਾਰ ਹੁਣ ਹਜ਼ਾਰ ਰੱਖੇ ਜਾਂ ਮੋੜੇ, ਉਸ ਦੀ ਮਰਜ਼ੀ।

ਡਾਕਟਰ ਸਰਕਾਰੀ ਸੀ, ਇਸ ਲਈ ਉਸ ਨੂੰ ਨਾਂਹ ਨਹੀਂ ਸੀ ਕੀਤੀ ਜਾ ਸਕਦੀ। ਇੱਕ ਵਾਰ ਉਹ ਡਾਕਟਰ ਨੂੰ ਨਾਂਹ ਕਰ ਵੀ ਚੁੱਕੇ ਸਨ। ਬਾਬੇ ਨੇ ਜਿਹੜਾ ਪੁਲਿਸ ਨੂੰ ਝਟਕਾ ਦਿੱਤਾ ਸੀ, ਉਸ ਨਾਲ ਪੁਲਿਸ ਦੀਆਂ ਜੜ੍ਹਾਂ ਪੋਲੀਆਂ ਹੋ ਗਈਆਂ ਸਨ। ਇਸ ਭੈੜੇ ਸਮੇਂ ਵਿੱਚ ਡਾਕਟਰ ਦੀ ਕਿਸੇ ਵੀ ਸਮੇਂ ਲੋੜ ਪੈ ਸਕਦੀ ਸੀ।

ਕਈ ਲਾਵਾਰਿਸ ਮੁਸਤਵਿਆਂ ਨੂੰ ਉਹਨਾਂ ਬੀਮਾਰ ਆਖ ਕੇ ਹਸਪਤਾਲ ਦਾਖ਼ਲ ਕਰਵਾਉਣਾ ਸੀ। ਕਈਆਂ ਵਿਰੁੱਧ ਮਨ-ਮਰਜ਼ੀ ਦਾ ਡਾਕਟਰੀ ਮੁਆਇਨਾ ਲੈਣਾ ਸੀ। ਕਿਸੇ ਬੀਮਾਰ ਨੂੰ ਤੰਦਰੁਸਤ ਬਣਾਉਣਾ ਸੀ ਅਤੇ ਕਿਸੇ ਤੰਦਰੁਸਤ ਨੂੰ ਬੀਮਾਰ। ਕੀ ਪਤੈ ਪੁੱਠਾ ਲਟਕਦਾ-ਲਟਕਦਾ ਕਦੋਂ ਕੋਈ ਦਮ ਤੋੜ ਜਾਏ। ਉਸ ਸਮੇਂ ਡਾਕਟਰ ਨੇ ਹੀ ਕੰਮ ਆਉਣਾ ਸੀ। ਡਾਕਟਰ ਨੇ ਹੀ ਲਿਖ ਕੇ ਦੇਣਾ ਸੀ ਕਿ ਮਰਨ ਵਾਲਾ ਦਿਲ ਦਾ ਮਰੀਜ਼ ਸੀ। ਉਹ ਸੱਟਾਂ ਕਾਰਨ ਨਹੀਂ, ਦਿਲ ਫ਼ੇਲ੍ਹ ਹੋਣ ਕਾਰਨ ਮਰਿਆ ਸੀ।

ਇੱਕ ਵਾਰ ਲਾਲਚ ’ਚ ਆ ਕੇ ਪੈਸੇ ਰੱਖ ਲਏ ਤਾਂ ਡਾਕਟਰ ਨੂੰ ਹਰ ਕੰਮ ਬਦਲੇ ਫ਼ੀਸ ਦੇਣੀ ਪਿਆ ਕਰੇਗੀ। ਕੌੜਾ ਘੁੱਟ ਭਰ ਕੇ ਲਾਲ ਸਿੰਘ ਨੂੰ ਨਾਲੇ ਪ੍ਰਿਤਪਾਲ ਨੂੰ ਛੱਡਣਾ ਪਿਆ, ਨਾਲੇ ਪੈਸੇ ਮੋੜਨੇ ਪਏ।

ਬਲਵੰਤ ਬੜਾ ਖ਼ੁਸ਼ ਹੋਇਆ। ਲੈ ਲਿਆ ਬਲਵੰਤ ਨੂੰ ਦੂਰ ਰੱਖਣ ਦਾ ਸੁਆਦ? ਪ੍ਰਿਤਪਾਲ ਦਾ ਬਾਪ ਬਲਵੰਤ ਦਾ ਵਾਕਿਫ਼ ਸੀ। ਉਸ ਕੋਲ ਆਇਆ ਵੀ ਸੀ। ਬਲਵੰਤ ਨੇ ਮੋੜ ਦਿੱਤਾ ਸੀ। ਥਾਣੇਦਾਰ ਦੀ ਖੁੱਸਦੀ ਫ਼ੀਸ ਦੇਖ-ਦੇਖ ਬਲਵੰਤ ਖ਼ੁਸ਼ ਹੋ ਰਿਹਾ ਸੀ।

ਸਰਕਾਰੀ ਵਕੀਲ ਵੀ ਵਗਦੀ ਗੰਗਾ ਵਿੱਚ ਗੋਤਾ ਲਾ ਗਏ। ਉਹਨਾਂ ਨਾਲ ਵੀ ਨਿੱਤ ਵਾਹ ਪੈਣਾ ਸੀ। ਉਹ ਭਾਵੇਂ ਪੁਲਿਸ ਦਾ ਕੁੱਝ ਨਹੀਂ ਵਿਗਾੜ ਸਕਦੇ, ਪਰ ਜਦੋਂ ਮਾਹੌਲ ਖ਼ਰਾਬ ਹੋਵੇ ਤਾਂ ਬਲਦੀ ’ਚ ਫੂਸ ਜ਼ਰੂਰ ਪਾ ਸਕਦੇ ਹਨ। ਮਿਸਲਾਂ ਤਿਆਰ ਕਰਦਿਆਂ ਵੀਹ ਨੁਕਸ ਰਹਿ ਜਾਂਦੇ ਹਨ। ਨਾ ਮੰਨੋ ਤਾਂ ਕਚਹਿਰੀ ਗਿਆਂ ਨੂੰ ਸੂਈ ਬਘਿਆੜੀ ਵਾਂਗ ਪੈਂਦੇ ਹਨ। ਬੰਦੇ ਤਾਂ ਪੁਲਿਸ ਨੇ ਛੱਡਣੇ ਹੀ ਸਨ। ਦੋ ਉਹਨਾਂ ਦੇ ਆਖੇ ਛੱਡ ਦਿੱਤੇ। ਫੇਰ ਕਿਹੜਾ ਪਹਾੜ ਗਿਰ ਗਿਆ। ਇੰਨੇ ’ਚ ਖ਼ੁਸ਼ ਹੋਏ ਕਚਹਿਰੀ ਗਿਆਂ ਦੀ ਇੱਜ਼ਤ ਤਾਂ ਕਰਨਗੇ ਹੀ, ਨਾਲੇ ਆਪੇ ਜੱਜ ਤੋਂ ਕੰਮ ਵੀ ਕਰਾ ਦੇਣਗੇ।

ਹੋਰ ਤਾਂ ਠੀਕ ਸੀ ਪਰ ਜਿਹੜਾ ਭਾਨੀ ਦਾਅ ਮਾਰ ਗਈ ਸੀ, ਇਸ ’ਤੇ ਬਲਵੰਤ ਹੈਰਾਨ ਸੀ। ਉਸ ਬਦਮਾਸ਼ ਨੂੰ ਕੌਣ ਨਹੀਂ ਜਾਣਦਾ? ਥਾਣੇ ਦਾ ਕਿਹੜਾ ਸਿਪਾਹੀ ਹੈ, ਜਿਸ ਦੀ ਲੱਤ ਹੇਠ ਦੀ ਉਹ ਨਹੀਂ ਲੰਘੀ? ਪੰਜਾਹਾਂ ਦੇ ਏੜ-ਗੇੜ ’ਚ ਸੀ। ਵਿਧਵਾ ਹੋ ਕੇ ਵੀ ਬਿੰਦੀ-ਸੁਰਖ਼ੀ ਲਾ ਕੇ ਰੱਖਦੀ ਸੀ। ਨਾਲੇ ਆਖਦੀ ਸੀ ਫੌਜੀ ਪੁੱਤਰ ਨੇ ਉਸ ਨੂੰ ਘਰੋਂ ਨਿਕਲਣਾ ਬੰਦ ਕਰ ਦਿੱਤਾ। ਹੁਣ ਉਹ ਨਵੀਆਂ ਕੁੜੀਆਂ ਫਸਾਉਣ ਦਾ ਕੰਮ ਛੱਡ ਗਈ ਸੀ।

ਸਿਆਣੇ ਅਫ਼ਸਰ ਉਸ ਦਾ ਉੱਲੂ ਬਣਾਉਂਦੇ ਰਹੇ। ਹਾੜੀ-ਸਾਉਣੀ ਉਸ ਦਾ ਕੋਈ ਕੰਮ ਮੁਫ਼ਤ ’ਚ ਕਰ ਦੇਣਾ। ਬਾਕੀ ਸਾਰਾ ਸਾਲ ਉਸ ਤੋਂ ਮੁਖ਼ਬਰੀ ਲੈਂਦੇ ਰਹਿਣਾ। ਉਹ ਚੰਗੇ-ਚੰਗੇ ਬਦਮਾਸ਼ਾਂ ਦੇ ਭੇਤ ਦੇ ਸਕਦੀ ਸੀ। ਕਈ ਵਾਰ ਅਫ਼ਸਰਾਂ ਨੂੰ ਖ਼ੁਸ਼ ਕਰਨ ਵਿੱਚ ਵੀ ਸਹਾਈ ਹੁੰਦੀ।

ਮੁੰਡੇ-ਖੁੰਡੇ ਸਿਪਾਹੀ ਉਸ ’ਤੇ ਲਾਲਾਂ ਸੁੱਟੀ ਰੱਖਦੇ ਹਨ। ਥਾਣੇ ਪਿੱਛੋਂ ਵੜਦੀ ਤੇ ਭੌਰਿਆਂ ਵਾਂਗ ਦੁਆਲੇ ਪਹਿਲਾਂ ਹੋ ਜਾਂਦੇ ਹਨ। ਬਲਵੰਤ ਨੂੰ ਪਤਾ ਨਹੀਂ ਸੀ ਲੱਗਾ, ਉਸ ਨੇ ਕਿਸ ਰਾਹੀਂ ਇੰਸਪੈਕਟਰ ਨਾਲ ਯਾਰੀ ਪਾਈ ਸੀ। ਉਦੋਂ ਹੀ ਪਤਾ ਲੱਗਾ ਸੀ ਕਿ ਜਦੋਂ ਹਿੱਕ ਤਾਣ ਕੇ ਬਰਾਬਰ ਆ ਬੈਠੀ ਸੀ।

ਜੈਲੇ ਨੂੰ ਛੁਡਾਉਣ ਲਈ ਉਸ ਨੇ ਮਿੰਟ ਲਾਇਆ। ਜੈਲੇ ਦੀ ਭੈਣ ਦਾ ਸੌਦਾ ਹੋਇਆ ਜਾਂ ਮਾਂ ਦਾ, ਇਹ ਵੀ ਪਤਾ ਨਾ ਲੱਗਾ। ਜੈਲੇ ਦੀ ਮਾਂ ਪੈਸੇ ਦੇਣ ਜੋਗੀ ਤਾਂ ਹੈ ਨਹੀਂ ਸੀ। ਬਿਨਾਂ ਕੁੱਝ ਦਿੱਤੇ-ਲਏ ਛੁੱਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦੋਂ ਭਾਨੀ ਆਵੇ ਤਾਂ ਕਿਸੇ ਦੀ ਧੀ-ਭੈਣ ਦਾ ਸੌਦਾ ਹੀ ਹੁੰਦਾ ਹੈ। ਉਹੋ ਹੋਇਆ ਹੋਏਗਾ।

ਮੁਫ਼ਤ ’ਚ ਬੰਦੇ ਛੱਡ-ਛੱਡ ਥਾਣੇਦਾਰ ਵੀ ਅੱਕ ਗਿਆ ਲੱਗਦਾ ਸੀ। ਜਿਸ ਰਫ਼ਤਾਰ ਨਾਲ ਸੰਘਰਸ਼ ਚੱਲ ਰਿਹਾ ਸੀ, ਉਸ ਹਿਸਾਬ ਨਾਲ ਤਾਂ ਇੰਸਪੈਕਟਰ ਨੂੰ ਘਰ ਵੀ ਬੈਠਣਾ ਪੈ ਸਕਦਾ ਸੀ। ਚਾਰ ਪੈਸੇ ਪੱਲੇ ਹੋਣ ਤਾਂ ਸਭ ਠੀਕ ਹੋ ਜਾਂਦਾ ਹੈ।

ਪੈਸੇ ਕਮਾਉਣ ਦਾ ਉਸ ਨੇ ਉਹੋ ਘਸਿਆ-ਪਿਟਿਆ ਰਾਹ ਲੱਭਿਆ।

ਥਾਣੇ ਦੀ ਜੀਪ ਦੇ ਨਵੇਂ ਟਾਇਰ ਲਾਹ ਕੇ ਅੰਦਰ ਰੱਖ ਲਏ। ਪੁਰਾਣੇ ਟਾਇਰ ਚੜ੍ਹਾ ਕੇ ਵਿਹੜੇ ’ਚ ਖੜੀ ਕਰ ਦਿੱਤੀ। ਜੀਪ ਦੇ ਨਵੇਂ ਟਾਇਰਾਂ ਲਈ ‘ਟਾਇਰ ਫੰਡ’ ਇਕੱਠਾ ਹੋਣਾ ਸ਼ੁਰੂ ਹੋਇਆ।

ਜਿਸ ਨਾਲ ਲੈਣ-ਦੇਣ ਦੀ ਗੱਲ ਸਿਰੇ ਚੜ੍ਹ ਗਈ, ਉਸ ਨੂੰ ‘ਟਾਇਰ ਫੰਡ’ ਮੁਆਫ਼। ਕਿਸੇ ਨੂੰ ਮੁਫ਼ਤ ’ਚ ਛੱਡਣਾ ਪਿਆ ਤਾਂ ਟਾਇਰ ਬਦਲਾਉਣ ਦੇ ਬਹਾਨੇ ਪੈਸੇ ਮੰਗ ਲਏ। ਅਜਿਹੇ ‘ਸਾਂਝੇ’ ਕੰਮ ਲਈ ਤਾਂ ਵੱਡੇ ਤੋਂ ਵੱਡਾ ਅਫ਼ਸਰ ਵੀ ਨਾਂਹ ਨਹੀਂ ਕਰਦਾ, ਸਗੋਂ ਉਸ ਨੂੰ ਪੈਸੇ ਖ਼ਰਚਾਉਣ ਦਾ ਬਹਾਨਾ ਮਿਲ ਜਾਂਦਾ ਹੈ।

ਪਿਛਲੇ ਐਸ.ਐਚ.ਓ.ਨੇ ਥਮਲਾ ਫੰਡ ਸ਼ੁਰੂ ਕੀਤਾ ਸੀ। ਮੀਂਹਾਂ ਵਿੱਚ ਥਾਣੇ ਦਾ ਥਮਲਾ ਕਾਹਦਾ ਗਿਰ ਗਿਆ, ਪੁਲਿਸ ਨੂੰ ਮੌਜਾਂ ਲੱਗ ਗਈਆਂ। ਪੁਰਾਣਾ ਥਾਣੇਦਾਰ ਸੀ। ਪਹਿਲਾਂ ਰੱਜਵੀਂ ਫ਼ੀਸ ਲੈਂਦਾ। ਜਾਂਦੇ ਮੁਸਤਵੇ ਨੂੰ ਵਗਾਰ ਵੀ ਪਾ ਦਿੰਦਾ। ਅਮਨ-ਅਮਾਨ ਦੇ ਦਿਨ ਸਨ ਤਾਂ ਵੀ ਸ਼ਾਮ ਤਕ ਚਾਰ-ਪੰਜ ਸੌ ਬਣ ਜਾਂਦਾ ਸੀ। ਜਦੋਂ ਥੋਕ ਦੇ ਭਾਅ ਬੰਦੇ ਫੜੇ ਹੋਣ ਤਾਂ ਪੈਸੇ ਵੀ ਥੋਕ ਦੇ ਭਾਅ ਇਕੱਠੇ ਹੋਣੇ ਚਾਹੀਦੇ ਸਨ। ਬਲਵੰਤ ਦਾ ਅੰਦਾਜ਼ਾ ਸੀ ਕਿ ਇਸ ਬਹਾਨੇ ਹੁਣ ਤਕ ਲਾਲ ਸਿੰਘ ਦਸ-ਬਾਰਾਂ ਹਜ਼ਾਰ ਤਾਂ ਇਕੱਠਾ ਕਰ ਹੀ ਚੁੱਕਾ ਹੋਣਾ ਹੈ। ਬਹਾਨੇ ਨਾਲ ਜੀਵਨ ਆੜ੍ਹਤੀਏ ਨੂੰ ਥਾਣੇ ਬੁਲਾ ਕੇ ਉਹਨੂੰ ਵੀ ਵਗਾਰ ਪਾ ਚੁੱਕਾ ਸੀ।

ਲਾਲ ਸਿੰਘ ਦੀ ਚੁਸਤੀ ’ਤੇ ਬਲਵੰਤ ਹੈਰਾਨ ਸੀ। ਹਾੜੀ ਦੇ ਦਿਨਾਂ ’ਚ ਥਾਣੇ ਵਾਲੇ ਲੰਗਰ ਦੇ ਨਾਂ ’ਤੇ ਕਣਕ ਇਕੱਠੀ ਕਰਦੇ ਤਾਂ ਦੇਖੇ ਸਨ। ਮੈਸ ਦੇ ਬਹਾਨੇ ਹਰ ਪਿੰਡ ਵਿਚੋਂ ਘੱਟੋ-ਘੱਟ ਪੰਜ ਬੋਰੀਆਂ ਇਕੱਠੀਆਂ ਕਰਨ ਦਾ ਟੀਚਾ ਹੁੰਦਾ ਸੀ। ਕਈ-ਕਈ ਟਰੱਕ ਕਣਕ ਇਕੱਠੀ ਹੋ ਜਾਂਦੀ। ਇੰਨੀਆਂ ਕੁ ਬੋਰੀਆਂ ਤਾਂ ਪੰਚ-ਸਰਪੰਚ ਹੀ ਦੇ ਜਾਂਦੇ। ਬਾਕੀ ਦੇ ਚੌਧਰੀ ਜਗੀਰਦਾਰਾਂ ਤੋਂ ਅਲੱਗ।

ਨਾ ਥਮਲਾ ਡਿੱਗਾ ਸੀ ਨਾ ਹਾੜੀ ਦੇ ਦਿਨ ਸਨ, ਫੇਰ ਵੀ ਪੈਸੇ ਇਕੱਠੇ ਹੋ ਰਹੇ ਸਨ।

ਇਸ ਫੰਡ ਦਾ ਖਾਤਾ ਵੇਦੂ ਸੱਟੇ ਵਾਲੇ ਤੋਂ ਖੁੱਲ੍ਹਿਆ। ਥਾਣੇਦਾਰ ਨੂੰ ਤਾਂ ਪਤਾ ਨਹੀਂ ਕੀ ਦਿੱਤਾ, ਪਰ ਆਪਣੇ ਤਿੰਨਾਂ ਬੰਦਿਆਂ ਵੱਲੋਂ ਦੋ-ਦੋ ਸੌ ਫੰਡ ਜ਼ਰੂਰ ਜਮ੍ਹਾਂ ਕਰਾਇਆ।

ਵੇਦੂ ਦੀ ਇੱਕ ਵਾਰ ਅਜਿਹੀ ਬੁੱਕਲ ਸਾਂਝੀ ਹੋਈ ਕਿ ਉਹ ਮਿੰਟ-ਮਿੰਟ ਬਾਅਦ ਥਾਣੇ ਆਉਣ ਲੱਗਾ।

ਬਲਵੰਤ ਨੂੰ ਉਸ ’ਤੇ ਡਾਹਡਾ ਗ਼ੁੱਸਾ ਸੀ। ਉਹੋ ਵੇਦੂ, ਜਿਸ ਨੂੰ ਕਦੇ ਜ਼ਮਾਨਤ ਦੇਣ ਲਈ ਜ਼ਾਮਨ ਲਹੀਂ ਸੀ ਲੱਭਦੇ ਹੁੰਦੇ, ਹੁਣ ਚੌਧਰੀ ਬਣਿਆ ਫਿਰਦਾ ਸੀ। ਟਾਇਰ ਫੰਡ ਵਿਚੋਂ ਸਿਪਾਹੀਆਂ ਨੂੰ ਕੁੱਝ ਮਿਲਣਾ ਸੀ ਜਾਂ ਨਹੀਂ, ਇਸ ਦਾ ਹਾਲੇ ਕੋਈ ਪਤਾ ਨਹੀਂ ਸੀ। ਪਹਿਲਾ ਥਾਣੇਦਾਰ ਤਾਂ ਦਰਜਾ-ਬ-ਦਰਜਾ ਹਿੱਸੇ ਪਾਉਂਦਾ ਸੀ। ਲਾਲ ਸਿੰਘ ਦੇ ਰਵੱਈਏ ਤੋਂ ਤਾਂ ਲੱਗਦਾ ਸੀ, ਉਹ ਇਕੱਲਾ ਹੀ ਪੈਸੇ ਖਾਵੇਗਾ।

ਇਹ ਦਿਨ ਸਦਾ ਤਾਂ ਰਹਿਣੇ ਨਹੀਂ ਸਨ। ਮੁੜ ਜਦੋਂ ਬਲਵੰਤ ਦੀ ਵਾਰੀ ਆਈ, ਉਸ ਨੇ ਵੇਦੂ ਨੂੰ ਜ਼ਰੂਰ ਸਬਕ ਸਿਖਾਉਣਾ ਸੀ।

ਸਾਥੀ, ਨਿੰਦਰ ਅਤੇ ਮੁਰਲੀ ਲਈ ਠੇਕੇਦਾਰ ਆ ਧਮਕੇ। ਪਹਿਲਾਂ ਇਹ ਸ਼ਰਾਬ ਜ਼ਰੂਰ ਕਸ਼ੀਦ ਕਰਦੇ ਸਨ। ਜਦੋਂ ਦੇ ਗੁੜ ਦੇ ਭਾਅ ਅਸਮਾਨੀ ਚੜ੍ਹੇ ਹਨ, ਨਾਜਾਇਜ਼ ਸ਼ਰਾਬ ਦੇ ਧੰਦੇ ਵਿਚੋਂ ਕੱਖ ਨਹੀਂ ਬਚਦਾ। ਇਹ ਹੁਣ ਠੇਕੇਦਾਰਾਂ ਦੀ ਸ਼ਰਾਬ ਵੇਚਦੇ ਹਨ। ਐਕਸਾਈਜ਼ ਮਹਿਕਮੇ ਨਾਲ ਮਿਲ ਕੇ ਠੇਕੇਦਾਰ ਕਈ ਪਿੰਡਾਂ ਵਿੱਚ ਠੇਕੇ ਨਹੀਂ ਖੁੱਲ੍ਹਣ ਦਿੰਦੇ। ਉਥੇ ਆਪਣੇ ਬੰਦੇ ਬਹਾ ਕੇ ਸ਼ਰਾਬ ਵੇਚਦੇ ਰਹਿੰਦੇ ਹਨ। ਜ਼ਰੂਰੀ ਤਾਂ ਨਹੀਂ ਸਰਕਾਰ ਦੇ ਖ਼ਜ਼ਾਨੇ ਭਰੇ ਜਾਣ। ਉਹਨਾਂ ਵਿਚੋਂ ਕੁੱਝ ਐਕਸਾਈਜ਼ ਵਾਲਿਆਂ ਨੂੰ ਦੇਵੋ, ਕੁੱਝ ਪੁਲਿਸ ਨੂੰ ਅਤੇ ਬਾਕੀ ਆਪ ਖਾਵੋ। ਆਪਣੇ ਕਰਿੰਦਿਆਂ ਲਈ ਉਹ ਕੋਈ ਵੀ ਜੁਰਮਾਨਾ ਭਰਨ ਲਈ ਤਿਆਰ ਸਨ।

ਠੇਕੇਦਾਰ ਕੋਈ ਛੋਟੀ ਅਸਾਮੀ ਸੀ? ਜਿੰਨੀ ਮਰਜ਼ੀ ਵਗਾਰ ਪਾ ਦਿੰਦੇ, ਫਸੇ ਹੋਏ ਹਨ। ਵਜ਼ੀਰ ਦਾ ਨਾਂ ਵੀ ਨਹੀਂ ਲੈ ਸਕਦੇ। ਬਲਵੰਤ ਸਿਪਾਹੀ ਠੇਕੇਦਾਰ ਨਾਲ ਖਾਰ ਖਾਂਦਾ ਸੀ। ਵੱਡੇ ਅਫ਼ਸਰਾਂ ਦੀਆਂ ਵਗਾਰਾਂ ਤਾਂ ਕਰਦੇ ਸਨ, ਪਰ ਸਿਪਾਹੀਆਂ ਨੂੰ ਟਿੱਚ ਸਮਝਦੇ ਸਨ। ਮਹੀਨੇ ਬਾਅਦ ਮਿਲਣ ਵਾਲੀ ਇੱਕ ਬੋਤਲ ਵੀ ਤੜੀ ਝੱਲ ਕੇ ਲੈਣੀ ਪੈਂਦੀ ਸੀ। ਅੱਗੋਂ-ਪਿੱਛੋਂ ਲੋੜ ਪੈ ਜਾਏ ਤਾਂ ਦੋ ਰੁਪਏ ਦੀ ਵੀ ਰਿਆਇਤ ਨਹੀਂ ਕਰਦੇ।

ਬਲਵੰਤ ਨੂੰ ਉਦੋਂ ਮੌਜਾਂ ਲੱਗੀਆਂ ਸਨ ਜਦੋਂ ‘ਡਰਾਈ-ਡੇ’ ਚੱਲਦੇ ਸਨ। ਹਫ਼ਤੇ ’ਚ ਦੋ ਦਿਨ ਠੇਕੇ ਬੰਦ ਕਰਨੇ ਪੈਂਦੇ। ਠੇਕੇਦਾਰਾਂ ਨੇ ਨਖ਼ਰਾ ਕੀਤਾ ਨਹੀਂ ਕਿ ਉਹਨਾਂ ਦੇ ਠੇਕੇ ਅੱਗੇ ਡੇਰੇ ਲਾਏ ਨਹੀਂ। ਉਹਨਾਂ ਦੇ ਖੜੇ ਮਜਾਲ ਹੈ ਕੋਈ ਪਊਆ ਵੀ ਖ਼ਰੀਦ ਜਾਏ। ਗਾਹਕ ਦੇਖ ਕੇ ਸਿਪਾਹੀ ਪਹਿਲਾਂ ਹੀ ਖੰਘੂਰਾ ਮਾਰ ਦਿੰਦੇ।

ਹੁਣ ਉਲਟਾ ਜ਼ਮਾਨਾ ਹੈ। ਪੁਲਿਸ ਠੇਕਿਆਂ ’ਤੇ ਖੜੋ ਕੇ ਖ਼ੁਦ ਸ਼ਰਾਬ ਵਿਕਾਉਂਦੀ ਹੈ। ਸਰਕਾਰੀ ਹੁਕਮ ਹਨ। ਠੇਕੇਦਾਰਾਂ ਦੀ ਦਹਿਸ਼ਤਗਰਦਾਂ ਤੋਂ ਹਿਫ਼ਾਜ਼ਤ ਕੀਤੀ ਜਾਵੇ। ਠੇਕੇਦਾਰਾਂ ਨੂੰ ਕੀ ਲੋੜ ਹੈ, ਸਿਪਾਹੀਆਂ ਦਾ ਮਾਣ-ਤਾਣ ਕਰਨ ਦੀ?

ਲਾਲ ਸਿੰਘ ਨੇ ਚੰਗਾ ਕੀਤਾ। ਪੂਰੇ ਟਾਇਰ ਦੀ ਹੀ ਵਗਾਰ ਪਾ ਦਿੱਤੀ। ਠੇਕੇਦਾਰਾਂ ਨੇ ਬਥੇਰੇ ਹਾੜ੍ਹੇ ਕੱਢੇ। ਕਰਿੰਦੇ ਗ਼ਰੀਬ ਹਨ। ਥਾਣੇਦਾਰ ਅੜਿਆ ਰਿਹਾ। ਹਾਰ ਕੇ ਦੇ ਗਏ।

ਦਰਸ਼ਨ ਭੁੱਕੀ ਵਾਲਾ, ਬੰਤੂ ਅਤੇ ਜੱਸੇ ਲਈ ਆਇਆ। ਦਰਸ਼ਨ ਨੇ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਲਈ। ਉਹ ਹੋਰ ਚਾਹੇ ਕੁੱਝ ਵੀ ਸਨ, ਪਰ ਅਤਿਵਾਦੀ ਨਹੀਂ ਸਨ। ਉਹਨਾਂ ਦਾ ਬਹੁਤ ਕੁਟਾਪਾ ਹੋ ਚੁੱਕਾ ਸੀ। ਥਾਣੇ ਪਏ ਰਹੇ ਤਾਂ ਕੋਈ ਅੰਗ ਨਕਾਰਾ ਹੋ ਜਾਣਾ ਸੀ। ਇਲਾਜ ਕਰਵਾਉਣ ਲਈ ਉਹਨਾਂ ਨੂੰ ਹਸਪਤਾਲ ਲੈ ਜਾਣਾ ਜ਼ਰੂਰੀ ਸੀ। ਇੱਕ ਟਾਇਰ ਦਾ ਖ਼ਰਚਾ ਦਰਸ਼ਨ ਨੇ ਖ਼ੁਸ਼ੀ-ਖ਼ੁਸ਼ੀ ਦੇ ਦਿੱਤਾ।

ਮਜ਼ਾਰ ’ਤੇ ਸਹੁੰ ਖੁਆ ਕੇ ਥਾਣੇਦਾਰ ਨੇ ਉਹਨਾਂ ਦਾ ਰੱਸਾ ਵੀ ਖੋਲ੍ਹ ਦਿੱਤਾ।

ਸਾਧੂ ਨੂੰ ਸਬਜ਼ੀ ਵਾਲਾ ਭਾਪਾ ਛੁਡਾ ਕੇ ਲੈ ਗਿਆ।

ਭਾਪੇ ਨੇ ਦੋ ਦਿਨਾਂ ਵਿੱਚ ਹੀ ਇੰਸਪੈਕਟਰ ਦਾ ਮਨ ਮੋਹ ਲਿਆ ਸੀ। ਥਾਣੇਦਾਰ ਨੂੰ ਨਵੇਂ ਤੋਂ ਨਵੇਂ ਅਜਿਹੇ ਫ਼ਰੂਟ ਖੁਆਏ ਕਿ ਉਹ ਟਾਇਰ ਫ਼ੰਡ ਮੰਗਣਾ ਵੀ ਭੁੱਲ ਗਿਆ।

ਭਾਪੇ ਵਿੱਚ ਕਰਾਮਾਤ ਹੀ ਅਜਿਹੀ ਸੀ। ਸ਼ਹਿਰ ਦੀ ਸਬਜ਼ੀ ਮੰਡੀ ਦਾ ਉਹ ਮਾਲਕ ਸੀ। ਸਾਰੀਆਂ ਤਿੰਨ ਦੁਕਾਨਾਂ ਸਨ। ਮਨ-ਮਰਜ਼ੀ ਦੀ ਉਹ ਆੜ੍ਹਤ ਤਾਂ ਲੈਂਦੇ ਹੀ ਸਨ, ਹਰ ਢੇਰੀ ਵਿਚੋਂ ਕਾਟ ਵੀ ਕੱਟਦੇ ਸਨ। ਇੱਕ-ਇੱਕ ਦਾਣਾ ਵੀ ਜੇ ਫ਼ਰੂਟ ਵਾਲੀ ਪੇਟੀ ਵਿਚੋਂ ਕੱਢਿਆ ਜਾਵੇ ਤਾਂ ਵੀ ਟੋਕਰਾ ਭਰ ਜਾਂਦਾ ਸੀ। ਦੂਜੇ ਆੜ੍ਹਤੀਏ ਤਾਂ ਵਾਧੂ ਸਬਜ਼ੀ ਨੂੰ ਟੋਕਰਿਆਂ ’ਚ ਪਾ ਕੇ ਵੇਚ ਦਿੰਦੇ, ਪਰ ਭਾਪਾ ਇੰਝ ਨਹੀਂ ਸੀ ਕਰਦਾ। ਭਾਪਾ ਸਬਜ਼ੀ ਦੇ ਝੋਲੇ ਭਰਦਾ, ਅਫ਼ਸਰ ਦੇ ਰੁਤਬੇ ਮੁਤਾਬਕ ਫ਼ਰੂਟ ਅਤੇ ਸਬਜ਼ੀ ਨਾਲ ਭਰਿਆ ਝੋਲਾ ਕੋਠੀ ਪਹੁੰਚਦਾ। ਡਿਪਟੀ ਤੋਂ ਲੈ ਕੇ ਹੌਲਦਾਰ ਤਕ। ਜੱਜ ਤੋਂ ਲੈ ਕੇ ਨਾਜ਼ਰ ਤਕ। ਈ.ਟੀ.ਓ.ਤੋਂ ਲੈ ਕੇ ਕਲਰਕ ਤਕ। ਸਭ ਦੇ ਘਰੀਂ ਉਸ ਦੀ ਸਬਜ਼ੀ ਜਾਂਦੀ। ਛੋਟੇ ਮੁਲਾਜ਼ਮ ਨੂੰ ਲੋੜ ਹੁੰਦੀ ਤਾਂ ਮੰਡੀ ਜਾ ਕੇ ਲੈ ਆਉਂਦਾ।

ਜਿਸ ਬੰਦੇ ਦਾ ਹਰ ਰੋਜ਼ ਮੁਫ਼ਤ ਹੀ ਖਾਈਏ ਜੇ ਉਸ ਨੂੰ ਕਦੇ ਕੰਮ ਪੈ ਜਾਏ ਤਾਂ ਵਗਾਰ ਕਿਹੜੇ ਮੂੰਹ ਪਾਈਏ? ਲਾਲ ਸਿੰਘ ਨੇ ਇਸੇ ਝੇਪ ਵਿੱਚ ਖੁੱਲ੍ਹਦਿਲੀ ਦਿਖਾਈ। ਸਾਧੂ ਜੇ ਉਸ ਦੀ ਸਬਜ਼ੀ-ਮੰਡੀ ਵਿੱਚ ਕੰਮ ਕਰਦਾ ਹੈ ਅਤੇ ਬੰਟੀ ਦੇ ਕਾਤਲਾਂ ਨਾਲ ਉਸ ਦਾ ਕੋਈ ਸੰਬੰਧ ਨਹੀਂ ਤਾਂ ਉਹ ਸਾਧੂ ਨੂੰ ਲਿਜਾ ਸਕਦਾ ਹੈ।

ਇੱਕ-ਇੱਕ ਕਰਕੇ ਲਗਭਗ ਸਾਰੇ ਹੀ ਮੁਸਤਵੇ ਜਾ ਚੁੱਕੇ ਸਨ। ਥਾਣੇ ਵਿੱਚ ਇਕੋ-ਇੱਕ ਬੰਦਾ ਕੰਮ ਦਾ ਬਚਿਆ ਸੀ। ਉਹ ਵੀ ਬਲਵੰਤ ਦੀ ਨਾਲਾਇਕੀ ਕਰਕੇ। ਉਹ ਬਲਵੰਤ ਦੇ ਮਾਮੇ ਦੇ ਸਾਂਢੂ ਦਾ ਪੁੱਤ ਸੀ। ਬੱਸ ਨਿਕਲ ਜਾਣ ਕਰਕੇ ਸਟੇਸ਼ਨ ’ਤੇ ਸੌਂ ਗਿਆ ਸੀ। ਗਸ਼ਤੀ ਪਾਰਟੀ ਉਸ ਨੂੰ ਫੜ ਲਿਆਈ ਸੀ।

ਮਿੱਠੂ ਦੇ ਮਾਪਿਆਂ ਨੂੰ ਕੱਲ੍ਹ ਹੀ ਪਤਾ ਲੱਗਾ ਸੀ। ਪੈਸਿਆਂ ਦਾ ਝੋਲਾ ਭਰ ਕੇ ਉਹ ਰਾਤ ਹੀ ਬਲਵੰਤ ਕੋਲ ਆ ਗਏ ਸਨ।

ਸਾਰੀ ਰਾਤ ਮਾਮਾ ਬਲਵੰਤ ਦੇ ਹਾੜ੍ਹੇ ਕੱਢਦਾ ਰਿਹਾ। ਗਊ ਵਰਗਾ ਮੁੰਡਾ ਹੈ। ਜਿੰਨੇ ਮਰਜ਼ੀ ਪੈਸੇ ਲੱਗ ਜਾਣ, ਉਹ ਛੁੱਟਣਾ ਚਾਹੀਦਾ ਹੈ।

ਅੰਦਰੋਂ ਬਲਵੰਤ ਡਰਦਾ ਸੀ। ਉਸ ਦੀ ਨਵੇਂ ਥਾਣੇਦਾਰ ਨਾਲ ਬੁੱਕਲ ਨਹੀਂ ਸੀ ਖੁੱਲ੍ਹੀ। ਸਿੱਧੀ ਗੱਲ ਕਰਨ ਦੀ ਉਹ ਹਿੰਮਤ ਨਹੀਂ ਸੀ ਕਰ ਰਿਹਾ।

ਉਹ ਮਾਮੇ ਨੂੰ ਮੋੜਨਾ ਵੀ ਨਹੀਂ ਚਾਹੁੰਦਾ। ਟਾਲੀ ਰੱਖਣ ਲਈ ਇੱਕ-ਦੋ ਬਹਾਨੇ ਘੜੇ। ਥਾਣੇਦਾਰ ਅੜੀਅਲ ਹੈ, ਕਿਸੇ ਦੀ ਨਹੀਂ ਮੰਨਦਾ। ਜੇ ਮੰਨ ਵੀ ਗਿਆ ਤਾਂ ਥੱਬਾ ਨੋਟਾਂ ਦਾ ਲਏਗਾ।

ਪੰਜ ਹਜ਼ਾਰ ਤਾਂ ਉਹਨਾਂ ਬਲਵੰਤ ਨੂੰ ਫੜਾ ਹੀ ਦਿੱਤੇ। ਪੰਜ ਹਜ਼ਾਰ ਹੋਰ ਖ਼ਰਚਣ ਲਈ ਹਰੀ ਝੰਡੀ ਦੇ ਦਿੱਤੀ।

ਰਿਸ਼ਵਤ ਦੇ ਧੰਦੇ ਵਿੱਚ ਉਧਾਰ ਨਹੀਂ ਚੱਲਦਾ। ਇਹ ਸੋਚ ਕੇ ਬਲਵੰਤ ਨੇ ਮਿੱਠੀਆਂ- ਮਿੱਠੀਆਂ ਗੱਲਾਂ ਰਾਹੀਂ ਮਾਮੇ ਨੂੰ ਸਮਝਾਇਆ। ਦਸ ਹਜ਼ਾਰ ਵਾਲੀ ਗੁੱਟੀ ਦੇ ਕੇ ਥਾਣੇਦਾਰ ਤੋਂ ਨਾਂਹ ਨਹੀਂ ਹੋਣੀ। ਪੰਜ ਹਜ਼ਾਰ ਥੋੜ੍ਹਾ ਸੀ।

ਆੜ੍ਹਤੀਆਂ ਕੋਲ ਜਾਂਦੇ ਮਾਮੇ ਨੂੰ ਉਸ ਨੇ ਛੋਟਾ ਜਿਹਾ ਸਵਾਲ ਹੋਰ ਪਾ ਦਿੱਤਾ। ਮੁਨਸ਼ੀ ਮੁਸੱਦੀ ਵੀ ਮਾਣ ਨਹੀਂ ਹੁੰਦੇ। ਥੋੜ੍ਹਾ ਬਹੁਤ ਹੱਥ ਉਹਨਾਂ ਨੂੰ ਵੀ ਝਾੜਨਾ ਪਏਗਾ। ਹਜ਼ਾਰ ਦੋ ਹਜ਼ਾਰ ਹੋਰ ਫੜੀ ਆਵੇ।

ਥਾਣੇਦਾਰ ਨਾਲ ਮਿੱਠੂ ਬਾਰੇ ਗੱਲ ਕਰਨ ਦਾ ਇਹ ਵਧੀਆ ਮੌਕਾ ਸੀ। ਲਾਲ ਸਿੰਘ ਘਬਰਾਇਆ ਹੋਇਆ ਸੀ। ਲੱਗਦੇ ਵਾਹ ਕਿਸੇ ਮੁਲਾਜ਼ਮ ਨੂੰ ਤੰਗ ਨਹੀਂ ਸੀ ਕਰਦਾ। ਨਾ ਪਹਿਲਾਂ ਵਾਂਗ ਪੁੱਠਾ ਬੋਲਦਾ ਸੀ।

ਥਾਣਾ ਲਗਭਗ ਵਿਹਲਾ ਹੋ ਚੁੱਕਾ ਸੀ। ਪਾਲੇ ਅਤੇ ਮੀਤੇ ਵਰਗਿਆਂ ਨੂੰ ਕਿਸ ਨੇ ਛੁਡਾਉਣ ਆਉਣਾ ਸੀ? ਪਾਲੇ ਲਈ ਜੀਵਨ ਆ ਸਕਦਾ ਸੀ। ਜੀਵਨ ਦਾ ਆਪਣਾ ਮੁੰਡਾ ਮਸਾਂ ਛੁੱਟਿਆ ਸੀ। ਅਗਾਂਹ ਟਾਇਰ ਫੰਡ ਵੀ ਸ਼ੁਰੂ ਹੋ ਚੁੱਕਾ ਸੀ। ਕਈ ਵਾਰ ਇਹ ਟਾਇਰ ਸਿਫ਼ਾਰਸ਼ੀਆਂ ਦੇ ਗਲ ਵੀ ਪੈ ਸਕਦਾ ਸੀ। ਸਿਆਣੇ ਸੇਠਾਂ ਨੇ ਦੜ ਵੱਟ ਲਈ ਹੋਣੀ ਹੈ।

ਬਲਵੰਤ ਨੇ ਹਾਲੇ ਤਕ ਮਿੱਠੂ ਦਾ ਕੋਈ ਸਿਫ਼ਾਰਸ਼ੀ ਵੀ ਥਾਣੇ ਨਹੀਂ ਸੀ ਆਉਣ ਦਿੱਤਾ। ਥਾਣੇਦਾਰ ਨੂੰ ਲੱਗਦਾ ਹੋਣਾ ਹੈ, ਜਿਵੇਂ ਉਹ ਵੀ ਲਾਵਾਰਿਸ ਹੀ ਸੀ।

“ਸਰਦਾਰ ਜੀ ਮਿੱਠੂ ਮੇਰੀ ਰਿਸ਼ਤੇਦਾਰੀ ’ਚੋਂ ਹੈ … ਆਹ ਪੰਜ ਸੌ ਟਾਇਰ ਲਈ ਅਤੇ ਪੰਜ ਸੌ … ।” ਵਿਹਲੇ ਬੈਠੇ ਥਾਣੇਦਾਰ ਅੱਗੇ ਪੰਜ ਸੌ ਧਰ ਕੇ ਬਲਵੰਤ ਨੇ ਗੱਲ ਛੇੜੀ।

“ਜੇ ਤੇਰਾ ਬੰਦਾ ਸੀ ਤਾਂ ਪਹਿਲਾਂ ਹੀ ਦੱਸ ਦਿੰਦਾ … ਆਹ ਕੀ ਕਰੀ ਜਾਨੈਂ? ਰਹਿਣ ਦੇ … ।” ਬਲਵੰਤ ਜਦੋਂ ਪੰਜ ਸੌ ਉਸ ਦੀ ਜੇਬ ’ਚ ਪਾਉਣ ਲੱਗਾ ਤਾਂ ਲਾਲ ਸਿੰਘ ਨੇ ਉਪਰਲੇ ਮਨੋਂ ਪੋਚਾ ਮਾਰਿਆ। ਮਿੱਠੂ ਨੂੰ ਛੱਡਣਾ ਹੀ ਸੀ, ਛੱਡ ਦਿੱਤਾ।

ਮਿੱਠੂ ਨੂੰ ਬਲਵੰਤ ਨਾਲ ਜਾਂਦਾ ਦੇਖ ਕੇ ਮੁਨਸ਼ੀ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ।

“ਓਏ ਬਈ ਮੈਸ ਦਾ ਖ਼ਰਚਾ ਤਾਂ ਦਿਵਾ ਦੇ … ।” ਮਿੱਠੂ ਨੂੰ ਗੇਟ ਕੋਲ ਘੇਰ ਕੇ ਮੁਨਸ਼ੀ ਨੇ ਬਲਵੰਤ ਨੂੰ ਤਾੜਿਆ।

“ਇਹ ਮੇਰਾ ਰਿਸ਼ਤੇਦਾਰ ਹੈ। ਪੰਜ ਸੌ ਟਾਇਰ ਫੰਡ ਦੇ ‘ਤਾ। ਹੋਰ ਕਿੰਨੇ ਬਣਦੇ ਨੇ? ‘

“ਤਿੰਨ ਦਿਨ ਹੋ ਗਏ ਥਾਣੇ ਬੈਠੇ ਨੂੰ। ਤਿੰਨ ਸੌ ਬਣਦੈ।” ਮੁਨਸ਼ੀ ਨੇ ਅੱਖ ਮਾਰ ਕੇ ਬਲਵੰਤ ਨੂੰ ਸਮਝਾਇਆ। ਉਹ ਬਲਵੰਤ ਨਾਲ ਅੱਧੋ-ਅੱਧ ਕਰਨ ਨੂੰ ਤਿਆਰ ਸੀ।

“ਸੌ ਰੁਪਏ ਦਿਹਾੜੀ ਨੂੰ ਅਗਾਂਹ ਇਹ ਗਰੀਨ ਹੋਟਲ ਹੈ? ਨਾਲੇ ਜਿਵੇਂ ਅਗਲੇ ਨੂੰ ਮੁਰਗ਼ਾ ਪਰੋਸਦੇ ਸੀ? ਭੁੱਖ ਤਾਂ ਅਗਲੇ ਦੀ ਉਂਝ ਹੀ ਮਰ ਜਾਂਦੀ ਹੈ, ਡੰਡਾ ਪਰੇਡ ਹੁੰਦੀ ਦੇਖ ਕੇ। ਤੈਨੂੰ ਆਖਤਾ ਇਹ ਮੇਰਾ ਰਿਸ਼ਤੇਦਾਰ ਹੈ। ਜਿੰਨੀਆਂ ਹਾਜ਼ਰੀਆਂ ਬਣਨ ਮੇਰੇ ਖਾਤੇ ਲਿਖ ਦੇਈਂ।” ਹੈਂਕੜ ਦਿਖਾਉਂਦਾ ਬਲਵੰਤ ਮਿੱਠੂ ਨੂੰ ਥਾਣੇ ’ਚੋਂ ਬਾਹਰ ਲੈ ਗਿਆ।

ਮੁਨਸ਼ੀ ਨਾਲ ਬਲਵੰਤ ਨੂੰ ਕੋਈ ਹਮਦਰਦੀ ਨਹੀਂ ਸੀ। ਬਥੇਰੀ ਲੁੱਟ ਪਾ ਰੱਖੀ ਸੀ। ਪੰਜ ਸੌ ਰੁਪਏ ਮੈਸ ਦੇ ਬਣਦੇ ਨਹੀਂ ਹੁੰਦੇ, ਪੰਜ ਸੌ ਮੰਗ ਕੇ ਖੜੋ ਜਾਂਦਾ ਸੀ। ਲੋਕਾਂ ਦੀਆਂ ਜਾਮਾ- ਤਲਾਸ਼ੀਆਂ ਹੀ ਨਹੀਂ ਮਾਣ। ਕਿਸੇ ਬਟੂਏ ’ਚ ਪੰਜਾਹ ਹੋਣ ਜਾਂ ਪੰਜ ਹਜ਼ਾਰ। ਇਹ ਸਭ ਹੜੱਪ ਕਰ ਜਾਂਦੈ। ਆਖ ਹੀ ਦੇਣੈ। ਇੰਨੇ ਹੀ ਨਿਕਲੇ ਸਨ। ਕਈ ਤਾਂ ਡਰਦੇ ਘੜੀਆਂ ਛਾਪਾਂ ਵੀ ਲੈਣ ਨਹੀਂ ਆਉਂਦੇ।

ਪਹਿਲਾਂ ਉਹ ਬਲਵੰਤ ਨੂੰ ਭੁੱਲਿਆ ਬੈਠਾ ਸੀ? ਕਦੇ ਇੱਕ ਧੇਲਾ ਨਹੀਂ ਦਿਵਾਇਆ। ਕੋਈ ਅਸਾਮੀ ਬਲਵੰਤ ਦੇ ਅੜਿੱਕੇ ਆ ਗਈ ਤਾਂ ਮੂੰਹ ’ਚ ਪਾਣੀ ਆ ਗਿਆ।

ਮਿੱਠੂ ਨੂੰ ਮਾਮੇ ਹਵਾਲੇ ਕਰ ਕੇ ਬਲਵੰਤ ਦੀ ਹਿੱਕ ਚੌੜੀ ਹੋ ਗਈ। ਰਿਸ਼ਤੇਦਾਰਾਂ ਵਿੱਚ ਉਸ ਦੀ ਧਾਂਕ ਤਾਂ ਜੰਮੀ ਹੀ ਸੀ ਨਾਲੇ ਗਿਆਰਾਂ ਹਜ਼ਾਰ ਦੇ ਕੜ-ਕੜ ਕਰਦੇ ਨੋਟ ਵੀ ਬੋਝੇ ਪੈ ਗਏ ਸਨ।

ਨਵੇਂ ਸਟਾਫ਼ ’ਤੇ ਹੁਣ ਉਸ ਨੂੰ ਕੋਈ ਗਿਲਾ ਨਹੀਂ ਸੀ।

 

 

28

ਕਿਸੇ ਹੱਥੋਂ ਹੋਈ ਬੇਇੱਜ਼ਤੀ ਤਾਂ ਮਾੜੇ ਤੋਂ ਮਾੜੇ ਬੰਦੇ ਨੂੰ ਵੀ ਚੁੱਭਦੀ ਰਹਿੰਦੀ ਹੈ। ਪੁਲਿਸ ਦੀ ਡਿਕਸ਼ਨਰੀ ਵਿੱਚ ਤਾਂ ਇਸ ਨਾਂ ਦੇ ਸ਼ਬਦ ਦਾ ਨਾਂ ਨਿਸ਼ਾਨ ਹੀ ਨਹੀਂ। ਹਰ ਸਮੇਂ ‘ਜੀ ਹਜ਼ੂਰ, ਜੀ ਹਜ਼ੂਰ’ ਅਖਵਾਉਣ ਵਾਲੇ ਨੂੰ ਕੋਈ ਖਰੀਆਂ-ਖਰੀਆਂ ਵੀ ਸੁਣਾ ਜਾਵੇ ਅਤੇ ਬੰਦਾ ਵੀ ਛੁਡਾ ਲਏ, ਇਹ ਉਸ ਲਈ ਮਰਨ ਵਾਲੀ ਗੱਲ ਸੀ।

ਗੱਲ ਸਹੇ ਦੀ ਨਹੀਂ, ਪਹੇ ਦੀ ਵੀ ਸੀ। ਅੱਜ ਬਾਬਾ ਛੁਡਾ ਕੇ ਲੈ ਗਿਆ, ਕੱਲ੍ਹ ਨੂੰ ਕਿਸੇ ਜਥੇਦਾਰ ਨੇ ਆ ਜਾਣਾ ਸੀ ਅਤੇ ਪਰਸੋਂ ਨੂੰ ਕਿਸੇ ਜਨਸੰਘੀ ਨੇ। ਇਸ ਤਰ੍ਹਾਂ ਵਾਪਰਦਾ ਰਿਹਾ ਤਾਂ ਪੁਲਿਸ ਦੀ ਦਹਿਸ਼ਤ ਤਾਂ ਦਿਨਾਂ ਵਿੱਚ ਹੀ ਖ਼ਤਮ ਹੋ ਜਾਣੀ ਸੀ।

ਬਗ਼ਾਵਤ ਦੇ ਰੌਂ ਵਿੱਚ ਹੋਏ ਲਾਲ ਸਿੰਘ ਨੇ ਸਾਰੇ ਸ਼ੱਕੀ ਬੰਦਿਆਂ ਦੇ ਰੱਸੇ ਖੋਲ੍ਹ ਦਿੱਤੇ। ਉਹ ਪਾਲੇ ਅਤੇ ਮੀਤੇ ਨੂੰ ਵੀ ਨਹੀਂ ਸੀ ਰੱਖਣਾ ਚਾਹੁੰਦਾ। ਪੁਰਾਣਾ ਮੁਨਸ਼ੀ ਗਲ ਪੈ ਗਿਆ। ਉਸ ਨੇ ਨਵੇਂ ਮੁਨਸ਼ੀ ਨੂੰ ਚਾਰਜ ਦੇਣਾ ਸੀ। ਬਹੁਤ ਸਾਰਾ ਮਾਲ ਤਿਆਰ ਕਰਨ ਵਾਲਾ ਰਹਿੰਦਾ ਸੀ। ਪਾਲਾ ਅਤੇ ਮੀਤਾ ਥਾਣੇ ਦੇ ਕੰਮਾਂ-ਕਾਰਾਂ ਦੇ ਭੇਤੀ ਸੀ। ਪਹਿਲਾਂ ਵੀ ਜਦੋਂ ਫੜੇ ਜਾਂਦੇ, ਮੁਨਸ਼ੀ ਨਾਲ ਕੰਮ ਕਰਾਉਂਦੇ ਰਹਿੰਦੇ। ਨਾ ਹੀ ਉਹਨਾਂ ਦਾ ਕੋਈ ਪਿੱਛਾ ਕਰਨ ਵਾਲਾ ਸੀ। ਭਾਵੇਂ ਮਹੀਨਾ ਥਾਣੇ ਬੈਠੇ ਰਹਿਣ, ਕਿਸੇ ਨੇ ਨਹੀਂ ਸੀ ਪੁੱਛਣਾ। ਮੁਨਸ਼ੀ ਦੀਆਂ ਮਿੰਨਤਾਂ ਅੱਗੇ ਲਾਲ ਸਿੰਘ ਨੂੰ ਝੁਕਣਾ ਪਿਆ।

ਪਿਛਲੇ ਦੋ ਦਿਨਾਂ ’ਚ ਮੇਜ਼ ’ਤੇ ਲੱਤਾਂ ਰੱਖ ਕੇ ਅਖ਼ਬਾਰ ਪੜ੍ਹਨ ਤੋਂ ਸਿਵਾ ਲਾਲ ਸਿੰਘ ਨੇ ਕੋਈ ਕੰਮ ਨਹੀਂ ਸੀ ਕੀਤਾ।

ਜੇ ਸਰਕਾਰ ਨੂੰ ਕਾਤਲ ਫੜਨ ਦੀ ਕੋਈ ਕਾਹਲ ਨਹੀਂ ਤਾਂ ਲਾਲ ਸਿੰਘ ਨੂੰ ਆਪਣੀ ਨੌਕਰੀ ਖ਼ਤਰੇ ’ਚ ਪਾਉਣ ਦੀ ਕੀ ਚੱਟੀ ਪਈ ਹੈ? ਸਿਆਸਤਦਾਨਾਂ ਦਾ ਕੀ ਹੈ? ਜਦੋਂ ਆਪਣਾ ਸਿੰਘਾਸਣ ਡੋਲਣ ਲੱਗਦਾ ਹੈ ਤਾਂ ਕਿਸੇ ਨਾ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਜਾਂਦਾ ਹੈ। ਇੱਕ ਪਾਸੇ ਉਸ ’ਤੇ ਜ਼ੋਰ ਪੈ ਰਿਹਾ ਹੈ ਕਿ ਕਾਤਲਾਂ ਨੂੰ ਹਰ ਹਾਲਤ ਵਿੱਚ ਭੋਗ ਤੋਂ ਪਹਿਲਾਂ-ਪਹਿਲਾਂ ਫੜਿਆ ਜਾਵੇ। ਦੂਜੇ ਪਾਸੇ ਉਸ ਦੀ ਤਫ਼ਤੀਸ਼ ਵਿੱਚ ਰੋੜਾ ਹੀ ਨਹੀਂ, ਚੱਟਾਨ ਬਣੇ ਖੜੇ ਬਾਬੇ ਦਾ ਕੋਈ ਹੀਲਾ ਨਹੀਂ ਕੀਤਾ ਜਾ ਰਿਹਾ।

ਜਿਹੋ ਜਿਹਾ ਰੁਖ਼ ਉੱਚ ਅਧਿਕਾਰੀਆਂ ਨੇ ਅਪਣਾ ਰੱਖਿਆ ਸੀ, ਉਹੋ ਜਿਹਾ ਲਾਲ ਸਿੰਘ ਨੇ ਅਪਣਾ ਲਿਆ। ਬੰਟੀ ਵਾਲੀ ਤਫ਼ਤੀਸ਼ ਬੰਦ ਕਰ ਕੇ ਉਸ ਨੇ ਆਮ ਜੁਰਮਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਪੁਲਿਸ ਦਾ ਸਾਰਾ ਧਿਆਨ ਕਾਤਲਾਂ ਵੱਲ ਹੋਣ ਕਾਰਨ ਬਾਕੀ ਜੁਰਮਾਂ ਦੀ ਰਫ਼ਤਾਰ ਤੇਜ਼ ਹੋ ਗਈ ਸੀ। ਭੁੱਕੀ ਦੇ ਸ਼ਰੇਆਮ ਵਿਕਣ ਦੀਆਂ ਮੁਖ਼ਬਰੀਆਂ ਆ ਰਹੀਆਂ ਸਨ। ਠੇਕੇਦਾਰ ਚੀਕ ਰਹੇ ਸਨ। ਘਰ-ਘਰ ਨਾਜਾਇਜ਼ ਸ਼ਰਾਬ ਕਸ਼ੀਦ ਹੋ ਰਹੀ ਹੈ। ਸੱਟੇ ਵਾਲੇ ਨੇ ਆਪਣੇ ਕਰਿੰਦਿਆਂ ਦੀ ਗਿਣਤੀ ਦੁਗਣੀ ਕਰ ਦਿੱਤੀ ਹੈ। ਇੱਕ-ਦੋ ਲੜਾਈਆਂ ਹੋ ਚੁੱਕੀਆਂ ਸਨ।

ਲਾਲ ਸਿੰਘ ਚੁੱਪ ਹੋਇਆ ਤਾਂ ਸਾਰੇ ਪਾਸੇ ਸ਼ਾਂਤੀ ਵਰਤ ਗਈ। ਨਾ ਫੜ-ਫੜਾਈ, ਨਾ ਪੁੱਛ-ਗਿੱਛ, ਨਾ ਕੋਈ ਜਲਸਾ ਜਲੂਸ। ਸ਼ਹਿਰ ਜਿਵੇਂ ਸੁਖੀ ਵੱਸਣ ਲੱਗਾ ਸੀ।

ਨਵੇਂ ਕਪਤਾਨ ਨੂੰ ਜਿਵੇਂ ਹੋਰ ਕੋਈ ਕੰਮ ਹੀ ਨਹੀਂ ਸੀ। ਵਾਰ-ਵਾਰ ਰਿਪੋਰਟ ਮੰਗ ਰਿਹਾ ਸੀ। ਉਸ ਨੂੰ ਫ਼ਿਕਰ ਸੀ ਕਿ ਭੋਗ ਵਿੱਚ ਕੁੱਝ ਦਿਨ ਬਾਕੀ ਸਨ। ਮੁੱਖ ਮੰਤਰੀ ਭੋਗ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ। ਉਹ ਭੋਗ ਵਿੱਚ ਤਾਂ ਹੀ ਸ਼ਾਮਲ ਹੋ ਸਕਦਾ ਸੀ ਜੇ ਕਾਤਲਾਂ ਨੂੰ ਭੋਗ ਤੋਂ ਪਹਿਲਾਂ ਫੜਿਆ ਜਾਵੇ।

ਪੁਲਿਸ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਨੇ ਕਾਤਲਾਂ ਦੇ ਸਿਰ ’ਤੇ ਪੰਜਾਹ-ਪੰਜਾਹ ਹਜ਼ਾਰ ਦੇ ਇਨਾਮ ਵੀ ਰੱਖ ਦਿੱਤੇ। ਪੁਲਿਸ ਮੁਲਾਜ਼ਮਾਂ ਨੂੰ ਇੱਕ-ਇੱਕ ਤਰੱਕੀ ਦੇਣ ਦਾ ਐਲਾਨ ਵੀ ਕੀਤਾ। ਇਹ ਮੁੱਖ ਮੰਤਰੀ ਦੇ ਵਾਅਦੇ ਸਨ, ਕਿਸੇ ਅਫ਼ਸਰ ਦੇ ਨਹੀਂ। ਮੁੱਖ ਮੰਤਰੀ ਨੇ ਰੈਂਕ ਵਧਾਉਣ ਲੱਗਿਆਂ ਕਿਸੇ ਤੋਂ ਪੁੱਛਣ ਨਹੀਂ ਜਾਣਾ। ਆਪ ਹੀ ਘੁੱਗੀ ਮਾਰਨੀ ਸੀ।

ਲਾਲ ਸਿੰਘ ਚੁੱਪ ਕੀਤਾ ਸਭ ਕੁੱਝ ਦੇਖ ਰਿਹਾ ਸੀ। ਪੁਲਿਸ ਕੋਲ ਕਿਹੜਾ ਅਲਾਦੀਨ ਦਾ ਚਿਰਾਗ਼ ਸੀ ਬਈ ਫੂਕ ਮਾਰ ਕੇ ਜਿੰਨ ਨੂੰ ਹਾਜ਼ਰ ਕਰੋ ਅਤੇ ਮੁਜਰਮਾਂ ਨੂੰ ਫੜ ਲਿਆਉਣ ਦਾ ਹੁਕਮ ਸੁਣਾ ਦਿਓ। ਕਿਸੇ ਨਤੀਜੇ ’ਤੇ ਪੁੱਜਣ ਲਈ ਸ਼ੱਕੀ ਬੰਦਿਆਂ ਦੀ ਪੁੱਛ-ਗਿੱਛ ਜ਼ਰੂਰੀ ਸੀ। ਕਿਸੇ ਦੇ ਮੂੰਹ ’ਤੇ ਤਾਂ ਲਿਖਿਆ ਨਹੀਂ ਹੁੰਦਾ ਕਿ ਉਹ ਕਸੂਰਵਾਰ ਹੈ ਜਾਂ ਬੇਕਸੂਰ। ਤਫ਼ਤੀਸ਼ ਕਰਨ ਲੱਗਿਆਂ ਥੋੜ੍ਹਾ-ਬਹੁਤਾ ਧੱਕਾ ਵੀ ਹੋ ਜਾਂਦਾ ਹੈ। ਜਿੰਨਾ ਚਿਰ ਬਾਬੇ ਵਾਲਾ ਕੰਡਾ ਕੱਢ ਕੇ ਲਾਲ ਸਿੰਘ ਨੂੰ ਤਫ਼ਤੀਸ਼ ਕਰਨ ਦੀਆਂ ਖੁੱਲ੍ਹਾਂ ਨਹੀਂ ਦਿੱਤੀਆਂ ਜਾਂਦੀਆਂ, ਲਾਲ ਸਿੰਘ ਕਿਸੇ ਵੀ ਸ਼ੱਕੀ ਬੰਦੇ ਨੂੰ ਥਾਣੇ ਨਹੀਂ ਬੁਲਾਏਗਾ। ਇਹ ਉਸ ਦਾ ਆਖ਼ਰੀ ਤੇ ਪੱਕਾ ਫ਼ੈਸਲਾ ਸੀ।

ਕਪਤਾਨ ਨੂੰ ਲਾਲ ਸਿੰਘ ਸਾਰੀ ਰਿਪੋਰਟ ਦੇ ਆਇਆ ਸੀ। ਬਾਬਾ ਕੋਈ ਮਾੜੀ-ਮੋਟੀ ਹਸਤੀ ਨਹੀਂ। ਉਹ ਤਾਂ ਅੰਤਰ-ਰਾਸ਼ਟਰੀ ਪੱਧਰ ਦਾ ਬੰਦਾ ਹੈ। ਲਾਲ ਸਿੰਘ ਨੇ ਆਪਣੀ ਪੱਧਰ ’ਤੇ ਉਸ ਨੂੰ ਹੱਥ ਪਾ ਲਿਆ ਤਾਂ ਸਾਰੇ ਦੇਸ਼ ਵਿੱਚ ਵਾ-ਵਰੋਲਾ ਖੜਾ ਹੋ ਜਾਣਾ ਸੀ। ਬਾਬੇ ਦੀ ਗ੍ਰਿਫ਼ਤਾਰੀ ਲਈ ਘੱਟੋ-ਘੱਟ ਮੁੱਖ ਮੰਤਰੀ ਦਾ ਇਸ਼ਾਰਾ ਹੋਣਾ ਜ਼ਰੂਰੀ ਸੀ।

ਲਾਲੇ ਵਾਂਗ ਬਾਬੇ ਦੇ ਹਮਾਇਤੀਆਂ ਦੀ ਗਿਣਤੀ ਸ਼ਹਿਰ ਤਕ ਹੀ ਸੀਮਤ ਨਹੀਂ ਸੀ। ਉਸ ਨੇ ਤਾਂ ਆਪਣੀਆਂ ਟੰਗਾਂ ਸਾਰੇ ਸੂਬੇ ਵਿੱਚ ਪਸਾਰ ਰੱਖੀਆਂ ਸਨ। ਲਾਲੇ ਵਾਂਗ ਉਸ ਦੇ ਸਮਰਥਕਾਂ ਵਿੱਚ ਧਨਾਢ, ਕਾਰਖ਼ਾਨੇਦਾਰ, ਵਿਉਪਾਰੀ ਜਾਂ ਖੱਸੀ ਹੋਏ ਧਾਰਮਿਕ ਨੇਤਾ ਨਹੀਂ ਹਨ। ਉਸ ਦੇ ਸਮਰਥਕ ਤਾਂ ਸਿਰਾਂ ’ਤੇ ਕਫ਼ਨ ਬੰਨ੍ਹੀ ਫਿਰਦੇ ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀ, ਫ਼ੌਲਾਦੀ ਡੌਲਿਆਂ ਵਾਲੇ ਕਿਰਤੀ, ਭੋਲੇ-ਭਾਲੇ ਕਿਸਾਨ ਅਤੇ ਸਾਰੀ ਉਮਰ ਲੋਕਾਂ ਦੇ ਪੈਰਾਂ ’ਚ ਰੁਲਣ ਵਾਲੇ ਦਲਿਤ ਸਨ।

ਜੇ ਬਾਬੇ ਨੇ ਆਪਣੀ ਸਾਰੀ ਜ਼ਿੰਦਗੀ ਉਹਨਾਂ ਦੇ ਲੇਖੇ ਲਾਈ ਸੀ ਤਾਂ ਉਹ ਵੀ ਬਾਬੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਸਨ।

ਲਾਲ ਸਿੰਘ ਨੇ ਤਾਂ ਬਾਬੇ ਦੀ ਸਾਰੀ ਹਿਸਟਰੀ ਇਸ ਲਈ ਦੱਸੀ ਸੀ ਤਾਂ ਜੋ ਕਪਤਾਨ ਲਾਲ ਸਿੰਘ ਦੀ ਮਜਬੂਰੀ ਨੂੰ ਸਮਝੇ, ਪਰ ਲਾਲ ਸਿੰਘ ਨੂੰ ਲੱਗਾ ਜਿਵੇਂ ਕਪਤਾਨ ਨੂੰ ਆਪਣਾ ਫ਼ਿਕਰ ਪੈ ਗਿਆ ਹੋਵੇ। ਉਹ ਗ੍ਰਿਫ਼ਤਾਰੀ ਦੇ ਆਰਡਰ ਦਿੰਦਾ-ਦਿੰਦਾ ਗੱਲ ਟਾਲ ਗਿਆ ਸੀ।

ਲਾਲ ਸਿੰਘ ਨੂੰ ਹੁਕਮ ਹੋਇਆ ਸੀ ਕਿ ਉਹ ਪਹਿਲਾਂ ਬਾਬੇ ਦੇ ਖ਼ਿਲਾਫ਼ ਕੋਈ ਕੇਸ ਦਰਜ ਕਰੇ। ਫਿਰ ਅਦਾਲਤ ਵਿਚੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕਰੇ। ਇੰਨੇ ਵਿੱਚ ਉਹ ਮੁੱਖ ਮੰਤਰੀ ਤੋਂ ਹੁਕਮ ਪ੍ਰਾਪਤ ਕਰ ਲਏਗਾ।

ਮੁਕੱਦਮਾ ਦਰਜ ਕਰਨਾ ਕਿਹੜਾ ਔਖੀ ਗੱਲ ਸੀ? ਥਾਣੇ ਪੁੱਜਦਿਆਂ ਹੀ ਲਾਲ ਸਿੰਘ ਨੇ ਝੱਟ ਵੱਡੀ ਸਾਰੀ ਐਫ਼.ਆਈ.ਆਰ.ਕੱਟ ਦਿੱਤੀ। ਦੋਸ਼ ਵੀ ਸੱਚੇ। ਪੁਲਿਸ ਮੁਲਾਜ਼ਮਾਂ ਨੂੰ ਸਰਕਾਰੀ ਡਿਊਟੀ ਕਰਨ ਤੋਂ ਰੋਕਿਆ। ਪੁਲਿਸ ਹਿਰਾਸਤ ਵਿਚੋਂ ਬੰਦਾ ਛੁਡਾਇਆ। ਸਰਕਾਰੀ ਮੁਲਾਜ਼ਮਾਂ ਦੀ ਤੌਹੀਨ। ਬਿਨਾਂ ਆਗਿਆ ਤੋਂ ਥਾਣੇ ’ਚ ਪ੍ਰਵੇਸ਼। ਵੀਹ ਦਫ਼ਾਵਾਂ ਲਾਈਆਂ ਲਾਲ ਸਿੰਘ ਨੇ।

ਪਰਚੇ ’ਤੇ ਸਾਹਿਬ ਦੀ ਤਸੱਲੀ ਨਾ ਹੋਈ। ਕਹਾਣੀ ਮਨ-ਘੜਤ ਜਿਹੀ ਲੱਗਦੀ ਸੀ। ਇਸ ਤੋਂ ਪੁਲਿਸ ਦੀ ਕਮਜ਼ੋਰੀ ਵੀ ਸਾਬਤ ਹੁੰਦੀ ਸੀ। ਉਹ ਪੁਲਿਸ ਟੱਟੂ ਦੀ ਹੋਈ ਜਿਹੜੀ ਇੱਕ ਬੁੱਢੇ ਬੰਦੇ ਤੋਂ ਵੀ ਆਪਣੀ ਹਿਫ਼ਾਜ਼ਤ ਨਾ ਕਰ ਸਕੀ। ਇਸ ਪਰਚੇ ਨੇ ਤਾਂ ਸਗੋਂ ਬਾਬੇ ਨੂੰ ਹੀਰੋ ਬਣਾ ਦੇਣਾ ਸੀ। ਉਹ ਇਸ ਉਮਰ ਵਿੱਚ ਵੀ ਥਾਣਿਉਂ ਬੰਦਾ ਛੁਡਾਉਣ ਦੀ ਹਿੰਮਤ ਰੱਖਦਾ ਸੀ।

ਕੋਈ ਹੋਰ ਪਰਚਾ ਦਰਜ ਕੀਤਾ ਜਾਵੇ। ਕਿਸੇ ਸੱਚੀ ਘਟਨਾ ’ਤੇ ਆਧਾਰਿਤ ਕੀਤਾ ਜਾ ਸਕੇ ਤਾਂ ਬਹੁਤ ਬਿਹਤਰ। ਘਟਨਾ ਵੀ ਇਸ ਤਰ੍ਹਾਂ ਦੀ ਰਚੀ ਜਾਵੇ, ਜਿਸ ਨਾਲ ਲੋਕਾਂ ’ਚ ਬਾਬੇ ਦਾ ਵਕਾਰ ਵੀ ਘਟੇ ਅਤੇ ਉਸ ਨਾਲੋਂ ਲੋਕ ਟੁੱਟ ਵੀ ਸਕਣ।

ਕਿਸੇ ਬੰਦੇ ਨੂੰ ਬਦਨਾਮ ਕਰਨ ਦੇ ਦੋ ਹੀ ਤਰੀਕੇ ਹੁੰਦੇ ਹਨ। ਜ਼ਨਾਨੀਬਾਜ਼ੀ ਜਾਂ ਫੰਡਾਂ ਵਿੱਚ ਹੇਰਾ-ਫੇਰੀ। ਬਾਬੇ ਦੀ ਉਮਰ ਜ਼ਨਾਨੀਬਾਜ਼ੀ ਵਾਲੀ ਤਾਂ ਰਹੀ ਨਹੀਂ। ਸੰਮਤੀ ਨੇ ਕੋਈ ਫੰਡ ਵੀ ਇਕੱਠਾ ਨਹੀਂ ਕੀਤਾ ਕਿ ਉਸ ’ਤੇ ਹੇਰਾ-ਫੇਰੀ ਦੀ ਗੱਲ ਉਡਾਈ ਜਾ ਸਕੇ। ਨਾਲੇ ਜਿਸ ਬੰਦੇ ਨੇ ਸਾਰੀ ਉਮਰ ’ਚ ਧੇਲਾ ਪੱਲੇ ਨਾ ਰੱਖਿਆ ਹੋਵੇ, ਸਗੋਂ ਆਪਣੀ ਸਾਰੀ ਜਾਇਦਾਦ ਅਤੇ ਕਮਾਈ ਲੋਕਾਂ ਦੇ ਲੇਖੇ ਲਾ ਦਿੱਤੀ ਹੋਵੇ, ਉਸ ਖ਼ਿਲਾਫ਼ ਹੇਰਾ-ਫੇਰੀ ਦਾ ਇਲਜ਼ਾਮ ਕਿਸ ਨੇ ਮੰਨਣਾ ਸੀ। ਉਲਟਾ ਦੋਸ਼ ਲਾਉਣ ਵਾਲੇ ਦੀ ਖਿੱਲੀ ਉੱਡਣੀ ਸੀ।

ਲਾਲ ਸਿੰਘ ਨੂੰ ਇਕੋ ਹੱਲ ਸੁੱਝ ਰਿਹਾ ਸੀ। ਕਿਵੇਂ ਨਾ ਕਿਵੇਂ ਬਾਬੇ ਦੇ ਖ਼ਿਲਾਫ਼ ਜਲੂਸ ਕੱਢਿਆ ਜਾਵੇ। ਜਲੂਸ ’ਚ ਗੜਬੜ ਕਰਾਈ ਜਾਵੇ। ਗੜਬੜ ਦੇ ਸਾਰੇ ਦੋਸ਼ ਬਾਬੇ ਸਿਰ ਮੜ੍ਹੇ ਜਾਣ। ਫੇਰ ਬਾਬੇ ਨੂੰ ਗ੍ਰਿਫ਼ਤਾਰ ਕਰਨਾ ਆਸਾਨ ਸੀ, ਪਰ ਜਲੂਸ ਕੱਢੇ ਕੌਣ? ਇਹ ਸਮਝ ਨਹੀਂ ਸੀ ਆ ਰਿਹਾ।

ਸੁਸਤ ਹੋਈ ਪੁਲਿਸ ’ਤੇ ਸੰਘ ਬਹੁਤ ਦੁਖੀ ਸੀ। ਸਵੇਰੇ ਸ਼ਾਮ ਜਦੋਂ ਵੀ ਉਹ ਤਫ਼ਤੀਸ਼ ਦੀ ਪ੍ਰੋਗਰੈਸ ਪੁੱਛਣ ਆਉਂਦੇ, ਲਾਲ ਸਿੰਘ ਘੜਿਆ-ਘੜਾਇਆ ਇਕੋ ਜਵਾਬ ਦਿੰਦਾ ।

“ਅਸੀਂ ਆਪਣੇ ਸਟਾਰ ਨਹੀਂ ਲੁਹਾਉਣੇ। ਤੁਹਾਡਾ ਬਾਬਾ ਤਫ਼ਤੀਸ਼ ਅੱਗੇ ਨਹੀਂ ਤੁਰਨ ਦਿੰਦਾ। ਜਿਸ ਸ਼ੱਕੀ ਬੰਦੇ ਨੂੰ ਵੀ ਫੜਦੇ ਹਾਂ, ਉਸੇ ਨੂੰ ਛੁਡਾ ਕੇ ਲੈ ਜਾਂਦਾ ਹੈ। ਸਰਦਾਰ ਵੀ ਚੁੱਪ ਬੈਠਾ ਹੈ। ਲੱਗਦੈ ਬਾਬੇ ਤੋਂ ਡਰਦੇ ਦੀ ਮੋਕ ਨਿਕਲਦੀ ਹੈ।”

ਫੇਰ ਸੰਘ ਕੋਲ ਇਸ ਦਾ ਕੀ ਹੱਲ ਸੀ? ਜੇ ਬਾਬਾ ਕਿਸੇ ਨੂੰ ਛੁਡਾ ਕੇ ਲੈ ਗਿਆ ਤਾਂ ਉਹ ਜ਼ਰੂਰ ਨਿਰਦੋਸ਼ ਹੋਏਗਾ। ਬਾਬਾ ਦਹਿਤਸ਼ਗਰਦਾਂ ਦੀ ਹਮਾਇਤ ਕਰਨ ਵਾਲਾ ਥੋੜ੍ਹਾ ਹੈ।

ਲਾਲ ਸਿੰਘ ਨੇ ਸੰਘ ਨੂੰ ਅੰਦਰ ਵੜ ਕੇ ਸਮਝਾਇਆ।

ਬਾਬੇ ਦਾ ਰਿਕਾਰਡ ਠੀਕ ਨਹੀਂ। ਕਿਸੇ ਸਮੇਂ ਉਹ ਮਾਰ-ਧਾੜ ਕਰਨ ਵਾਲੇ ਗਰਮ-ਖ਼ਿਆਲਾਂ ਵਾਲੇ ਮੁੰਡਿਆਂ ਦਾ ਮੋਹਰੀ ਹੁੰਦਾ ਸੀ। ਉਹੋ ਮੁੰਡੇ ਹਾਲੇ ਵੀ ਬਾਬੇ ਦੀਆਂ ਜਥੇਬੰਦੀਆਂ ਵਿੱਚ ਮੋਹਰੀ ਹਨ। ਇਹ ਕਾਰਾ ਬਾਬੇ ਦੀ ਕਿਸੇ ਸਮਰਥਕ ਜਥੇਬੰਦੀ ਦਾ ਵੀ ਹੋ ਸਕਦਾ ਹੈ। ਤਰਕਸ਼ੀਲ ਸਾਧਾਂ ਸੰਤਾਂ ਦੇ ਪਿੱਛੇ ਪਏ ਹੋਏ ਹਨ। ਟੂਣੇ-ਟਾਮਣਾਂ ਜਾਂ ਪੁੱਛਾਂ ਦੇਣ ਵਾਲਿਆਂ ਨੂੰ ਵੰਗਾਰਦੇ ਹਨ। ਇਹ ਸਾਰਾ ਟੋਲਾ ਹੀ ਨਾਸਤਕਾਂ ਦਾ ਹੈ। ਕੀ ਪਤੈ ਲਾਲਾ ਜੀ ਦੇ ਧਰਮ ਪਰਚਾਰ ’ਤੇ ਚਿੜਦੇ ਹੋਣ? ਬਾਬੇ ਦਾ ਮੱਕੂ ਠੱਪਿਆ ਹੀ ਜਾਣਾ ਚਾਹੀਦਾ ਹੈ।

ਸੰਘ ਨੂੰ ਲਾਲ ਸਿੰਘ ਦੀ ਗੱਲ ਜਚ ਗਈ। ਨਹੀਂ ਤਾਂ ਬਾਬੇ ਨੂੰ ਇੱਡਾ ਵੱਡਾ ਜਹਾਦ ਖੜਾ ਕਰਨ ਦੀ ਕੀ ਲੋੜ ਸੀ?

“ਜੇ ਗੱਲ ਸੰਘ ਦੀ ਸਮਝ ਆ ਗਈ ਤਾਂ ਪੁਲਿਸ ਦੀ ਮਦਦ ਕਰੋ।” ਜਲੂਸ ਕੱਢਣ ਲਈ ਲਾਲ ਸਿੰਘ ਨੂੰ ਸੰਘ ਹੀ ਸਹੀ ਧਿਰ ਲੱਗੀ।

ਸੰਘ ਪੁਲਿਸ ਦੀ ਮਦਦ ਤੋਂ ਕਦੋਂ ਇਨਕਾਰੀ ਹੈ। ਉਹਨਾਂ ਨੂੰ ਕਾਤਲ ਚਾਹੀਦੇ ਸਨ। ਸੰਘ ਹਰ ਕੁਰਬਾਨੀ ਲਈ ਤਿਆਰ ਸੀ।

ਕੁਰਬਾਨੀ ਤਾਂ ਪੁਲਸ ਹੀ ਦੇਵੇਗੀ। ਸੰਘ ਕੇਵਲ ਮਦਦ ਦੇਵੇ।

ਬਾਬੇ ਦਾ ਮਨੋਬਲ ਗੇਰਨ ਲਈ ਜ਼ਰੂਰੀ ਸੀ ਕਿ ਉਸ ਦੇ ਖ਼ਿਲਾਫ਼ ਇੱਕ ਭਰਵਾਂ ਜਲੂਸ ਕੱਢਿਆ ਜਾਵੇ । ਲੋਕਾਂ ਨੂੰ ਬਾਬੇ ਦੀਆਂ ਕਾਰਵਾਈਆਂ ਬਾਰੇ ਦੱਸਿਆ ਜਾਵੇ। ਲੋਕਾਂ ਦਾ ਗ਼ੁੱਸਾ ਹੀ ਬਾਬੇ ਨੂੰ ਪੁਲਿਸ ਨਾਲ ਪੰਗਾ ਲੈਣੋਂ ਰੋਕ ਸਕਦਾ ਹੈ।

ਬਾਬੇ ਦੇ ਖ਼ਿਲਾਫ਼ ਜਲੂਸ ਕੱਢਣਾ ਸੰਘ ਦੇ ਵੱਸ ਦਾ ਰੋਗ ਨਹੀਂ ਸੀ। ਬਾਬੇ ਦੇ ਉਪਾਸ਼ਕਾਂ ਦੀ ਗਿਣਤੀ ਸੰਘ ਨਾਲੋਂ ਕਈ ਸੌ ਗੁਣਾ ਜ਼ਿਆਦਾ ਸੀ। ਅੱਧਿਆਂ ਨਾਲੋਂ ਵੱਧ ਸੰਘ ਦੇ ਵਰਕਰ ਬਾਬੇ ਦੇ ਸਮਰਥਕ ਸਨ। ਨਾਲੇ ਬਾਬੇ ਦੇ ਕੁੱਝ ਸਾਥੀ ਅੰਡਰ-ਗਰਾਊਂਡ ਹਨ, ਕਿਸੇ ਵੀ ਸਮੇਂ ਸੰਘ ਦੇ ਵਰਕਰਾਂ ਨੂੰ ਗੋਲੀ ਮਾਰ ਸਕਦੇ ਹਨ।

ਲਾਲ ਸਿੰਘ ਨੇ ਬਹੁਤੇ ਵਰਕਰਾਂ ਤੋਂ ਕੀ ਕਰਾਉਣੈ? ਜਿੰਨੇ ਆ ਸਕਣ, ਉਨੇ ਹੀ ਠੀਕ ਹਨ। ਜਲੂਸ ਵਿੱਚ ਬੰਦੇ ਇਕੱਠੇ ਕਰਨਾ ਲਾਲ ਸਿੰਘ ਦੀ ਜ਼ਿੰਮੇਵਾਰੀ ਸੀ। ਪੁਲਿਸ ਨੂੰ ਕੇਵਲ ਨਾਹਰੇ ਮਾਰਨ ਵਾਲੇ ਬੰਦਿਆਂ ਦੀ ਜ਼ਰੂਰਤ ਸੀ।

ਉਹ ਅੰਡਰ-ਗਰਾਊਂਡ ਸਾਥੀਆਂ ਤੋਂ ਵੀ ਨਾ ਡਰਨ। ਪੁਲਿਸ ਜਲੂਸ ਦੇ ਨਾਲ ਹੋਏਗੀ। ਪੁਲਿਸ ਦੀ ਅਗਵਾਈ ਲਾਲ ਸਿੰਘ ਖ਼ੁਦ ਕਰੇਗਾ। ਮਜਾਲ ਹੈ ਕੋਈ ਸੰਘ ਵੱਲ ਝਾਕ ਵੀ ਜਾਵੇ।

ਪਰ ਇਹ ਕੰਮ ਫੌਰੀ ਹੋਣਾ ਚਾਹੀਦਾ ਸੀ। ਇਸ ਤੋਂ ਪਹਿਲਾਂ ਕਿ ਬਾਬੇ ਦੇ ਸਮਰਥਕਾਂ ਨੂੰ ਇਸ ਦੀ ਸੂਹ ਲੱਗੇ, । ਜਲੂਸ ਨਿਕਲ ਜਾਣਾ ਚਾਹੀਦਾ ਸੀ।

ਜੇ ਸੰਘ ਦੇ ਨੇਤਾਵਾਂ ਨੇ ਇਕੱਲੇ ਨਾਹਰੇ ਹੀ ਮਾਰਨੇ ਹਨ ਤਾਂ ਜਲੂਸ ਕਿਸੇ ਵਕਤ ਵੀ ਕੱਢਿਆ ਜਾ ਸਕਦਾ ਸੀ।

ਉਹਨਾਂ ਸ਼ਾਮ ਨੂੰ ਚਾਰ ਵਜੇ ਹੀ ਜਲੂਸ ਕੱਢਣ ਦਾ ਪ੍ਰੋਗਰਾਮ ਬਣਾ ਲਿਆ।

ਜਲੂਸ ਭਗਤ ਸਿੰਘ ਦੇ ਬੁੱਤ ਤੋਂ ਸ਼ੁਰੂ ਹੋਣਾ ਸੀ ਅਤੇ ਬਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਬਾਬੇ ਦੇ ਘਰ ਪੁੱਜਣਾ ਸੀ।

ਸੰਘ ਨੇ ਬੜਾ ਨਰਮ ਪ੍ਰੋਗਰਾਮ ਰੱਖਿਆ ਸੀ। ਸੀਮਿਤ ਜਿਹੇ ਨਾਹਰੇ ਮਾਰਨੇ ਸਨ।

ਘਰ ਪੁੱਜ ਕੇ ਬਾਬੇ ਨੂੰ ਬੇਨਤੀ ਕੀਤੀ ਜਾਣੀ ਸੀ। ਉਹ ਪੁਲਿਸ ਦੇ ਕੰਮਾਂ ਵਿੱਚ ਦਖ਼ਲ ਨਾ ਦੇਵੇ। ਪੁਲਿਸ ਨੂੰ ਕਾਤਲ ਫੜਨ ਦੇਵੇ। ਸੰਘ ਨੂੰ ਯਕੀਨ ਸੀ, ਬਾਬੇ ਨੇ ਇਸ ਜਾਇਜ਼ ਮੰਗ ਨੂੰ ਹਰ ਹਾਲਤ ਵਿੱਚ ਮੰਨ ਲੈਣਾ ਸੀ।

ਜਦੋਂ ਜਲੂਸ ਬੁੱਤ ਤੋਂ ਰਵਾਨਾ ਹੋਇਆ ਤਾਂ ਗਿਣਤੀ ਪੰਝੀ-ਤੀਹ ਤੋਂ ਵੱਧ ਸੀ। ਪੁਲਿਸ ਦੀ ਗਿਣਤੀ ਵਰਕਰਾਂ ਨਾਲੋਂ ਕਈ ਗੁਣਾ ਜ਼ਿਆਦਾ ਸੀ।

ਦਰਸ਼ਨ ਨੂੰ ਫ਼ਿਕਰ ਲੱਗਾ ਹੋਇਆ ਸੀ। ਬਾਬੇ ਦੇ ਘਰ ਤਕ ਪਹੁੰਚਦੇ-ਪਹੁੰਚਦੇ ਤਾਂ ਉਹ ਦੋ-ਚਾਰ ਹੀ ਰਹਿ ਜਾਣੇ ਸਨ।

ਜਲੂਸ ਜਿਉਂ-ਜਿਉਂ ਅੱਗੇ ਵਧਦਾ ਗਿਆ, ਸਮਰਥਕਾਂ ਦੀ ਗਿਣਤੀ ਵੀ ਵਧਦੀ ਗਈ। ਗਲੀ ਦੇ ਹਰ ਮੋੜ ਤੋਂ ਦਸ-ਵੀਹ ਬੰਦੇ ਜਲੂਸ ਵਿੱਚ ਰਲ ਜਾਂਦੇ। ਵਧ ਰਹੀ ਭੀੜ ਨੂੰ ਦੇਖ ਕੇ ਦਰਸ਼ਨ ਦਾ ਜੋਸ਼ ਵੀ ਵਧਦਾ ਗਿਆ। ਉਸ ਦੇ ਨਾਅਰਿਆਂ ਦੀ ਆਵਾਜ਼ ਉੱਚੀ ਹੁੰਦੀ ਗਈ। ਨਾਅਰਿਆਂ ਦੇ ਹੁੰਗਾਰੇ ਤੋਂ ਦਰਸ਼ਨ ਨੂੰ ਲੱਗਦਾ ਸੀ, ਜਿਵੇਂ ਸਾਰਾ ਸ਼ਹਿਰ ਬਾਬੇ ਦੇ ਖ਼ਿਲਾਫ਼ ਸੀ, ਕਾਤਲਾਂ ਨੂੰ ਫੜਨ ਲਈ ਇੱਕ-ਮੁੱਠ ਸੀ।

ਹੌਲੀ-ਹੌਲੀ ਜਲੂਸ ਦੇ ਤੇਵਰ ਬਦਲਣ ਲੱਗੇ। ਦਰਸ਼ਨ ਦੇ ਨਾਅਰਿਆਂ ਵੱਲ ਕੋਈ ਧਿਆਨ ਨਹੀਂ ਸੀ ਦੇ ਰਿਹਾ। ਭੀੜ ਵਿਚੋਂ ਹੀ ਕੋਈ ਨਾਅਰੇ ਲਾਉਣ ਲੱਗਾ ਸੀ। ਨਾਅਰੇ ਵੀ ਉਹ ਨਹੀਂ ਸਨ, ਜਿਹੜੇ ਸੰਘ ਨੇ ਚੁਣੇ ਸਨ। ਇਹ ਨਵੀਂ ਹੀ ਤਰ੍ਹਾਂ ਦੇ ਸਨ ।

“ਬੰਟੀ ਦਾ ਕਾਤਲ … ਕੁੱਤਾ ਬਾਬਾ … “

“ਬਾਬੇ ਨੂੰ … ਫਾਹੇ ਲਾਓ … “

“ਕਾਤਲਾਂ ਦੇ ਰਾਖੇ ਬਾਬੇ ਨੂੰ … ਗ੍ਰਿਫ਼ਤਾਰ ਕਰੋ … ਗ੍ਰਿਫ਼ਤਾਰ ਕਰੋ … “

“ਫੂਕ ਦਿਆਂਗੇ … ਫੂਕ ਦਿਆਂਗੇ। ਕਾਤਲ ਬਾਬੇ ਨੂੰ ਫੂਕ ਦਿਆਂਗੇ … “

ਬਜ਼ਾਰ ਦੇ ਆਖ਼ਰੀ ਮੋੜ ’ਤੇ ਅਜੀਬ-ਅਜੀਬ ਕਿਸਮ ਦੇ ਬੰਦੇ ਜਲੂਸ ਵਿੱਚ ਸ਼ਾਮਲ ਹੋ ਗਏ। ਕਿਸੇ ਕੋਲ ਡਾਂਗ ਸੀ, ਕਿਸੇ ਕੋਲ ਗੰਡਾਸਾ ਅਤੇ ਕਿਸੇ ਕੋਲ ਨੰਗੀ ਤਲਵਾਰ। ਕਈਆਂ ਦੇ ਹੱਥਾਂ ਵਿੱਚ ਇੱਟਾਂ ਰੋੜੇ ਸਨ। ਇੱਕ ਦੇ ਕੋਲ ਤੇਲ ਵਾਲੀਆਂ ਪੀਪੀਆਂ ਵੀ ਦਿਖਾਈ ਦਿੰਦੀਆਂ ਸਨ।

“ਚੱਕ ਦਿਓ … ਫੂਕ ਦਿਓ … ਮਾਰ ਦਿਓ … ਬਾਬੇ ਗ਼ਦਾਰ ਨੂੰ … ਕਾਤਲ ਨੂੰ …”  ਅਜੀਬ- ਅਜੀਬ ਜਿਹੇ ਆਵਾਜ਼ੇ ਕੱਸੇ ਜਾ ਰਹੇ ਸਨ।

ਘਬਰਾਏ ਦਰਸ਼ਨ ਦੇ ਪੈਰ ਤਾਂ ਪਿਛਾਂਹ ਵੱਲ ਜਾ ਰਹੇ ਸਨ ਪਰ ਲਾਲ ਸਿੰਘ ਕਾਹਲ ਕਰ ਰਿਹਾ ਸੀ।

ਦਰਸ਼ਨ ਨੂੰ ਕੁੱਝ ਵੀ ਸਮਝ ਨਹੀਂ ਸੀ ਆ ਰਹੀ ਕਿ ਜਲੂਸ ਵਿੱਚ ਸ਼ਾਮਲ ਲੋਕ ਕੌਣ ਸਨ? ਨਾ ਉਹ ਸੰਘ ਦੇ ਵਰਕਰ ਸਨ, ਨਾ ਹੀ ਸ਼ਹਿਰ ਦੇ ਨਿਵਾਸੀ। ਫੇਰ ਵੀ ਚਿਹਰੇ ਦੇਖੇ-ਭਾਲੇ ਜਿਹੇ ਜ਼ਰੂਰ ਸਨ।

ਦਰਸ਼ਨ ਦੀ ਖ਼ਾਮੋਸ਼ੀ ਨੂੰ ਦੇਖ ਕੇ ਇੱਕ ਨਵਾਂ ਨੇਤਾ ਰਿਕਸ਼ੇ ’ਤੇ ਚੜ੍ਹ ਗਿਆ। ਉਸ ਨੇ ਮਾਈਕ ਦਰਸ਼ਨ ਹੱਥੋਂ ਫੜ ਲਿਆ। ਨਵਾਂ ਨੇਤਾ ਉੱਚੀ-ਉੱਚੀ ਨਾਅਰੇ ਲਾਉਣ ਲੱਗਾ। ਯੁਵਾ ਸੰਘ ਦੇ ਹੱਕ ਵਿੱਚ, ਲਾਲਾ ਜੀ ਦੇ ਹੱਕ ਵਿੱਚ ਅਤੇ ਪੁਲਿਸ ਦੇ ਹੱਕ ਵਿੱਚ।

ਰਿਕਸ਼ੇ ’ਚੋਂ ਉਤਰ ਕੇ ਦਰਸ਼ਨ ਨੇ ਸੁਖ ਦਾ ਸਾਹ ਲਿਆ। ਕਿਸੇ ਹੋਰ ਨੇ ਰਾਮ ਸਰੂਪ ਨੂੰ ਵੀ ਰਿਕਸ਼ੇ ’ਚੋਂ ਲਾਹ ਦਿੱਤਾ ਸੀ। ਉਹ ਵੀ ਦਰਸ਼ਨ ਨਾਲ ਆ ਰਲਿਆ।

ਉਹ ਬਿਟਰ-ਬਿਟਰ ਤਕ ਰਹੇ ਸਨ। ਜਲੂਸ ਉਹਨਾਂ ਹੱਥੋਂ ਨਿਕਲ ਚੁੱਕਾ ਸੀ। ਅੱਗੋਂ ਕੀ ਹੋਣ ਵਾਲਾ ਹੈ, ਕਿਸੇ ਨੂੰ ਕੁੱਝ ਨਹੀਂ ਸੀ ਪਤਾ।

ਲਾਲ ਸਿੰਘ ਨੇ ਨਵੇਂ ਨੇਤਾਵਾਂ ਦੇ ਕੰਨ ਵਿੱਚ ਫੂਕ ਮਾਰੀ। ਉਹ ਜਲੂਸ ਤੇਜ਼ੀ ਨਾਲ ਬਾਬਾ ਜੀ ਦੇ ਘਰ ਵੱਲ ਲਿਜਾਣ ਲੱਗੇ।

ਲਾਲ ਸਿੰਘ ਨੂੰ ਮੁਖ਼ਬਰੀ ਮਿਲੀ ਸੀ ਕਿ ਬਾਬੇ ਦੇ ਖ਼ਿਲਾਫ਼ ਨਿਕਲ ਰਹੇ ਜਲੂਸ ਦੀ ਖ਼ਬਰ ਸ਼ਹਿਰ ਦੀ ਗਲੀ-ਗਲੀ ਵਿੱਚ ਤਾਂ ਫੈਲ ਹੀ ਗਈ ਸੀ ਤੇ ਇਹ ਪਿੰਡਾਂ ਵਿੱਚ ਵੀ ਪਹੁੰਚ ਗਈ ਸੀ।

ਕਈ ਜਥੇਬੰਦੀਆਂ ਬਾਬੇ ਦੇ ਹੱਕ ਵਿੱਚ ਜਲੂਸ ਕੱਢਣ ਦੀਆਂ ਤਿਆਰੀਆਂ ਕਰ ਰਹੀਆਂ ਸਨ।

ਸਾਂਸੀਆਂ ਦੀਆਂ ਕੁੱਲੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸ਼ਾਮੂ ਦੀ ਅਗਵਾਈ ਵਿੱਚ ਔਰਤਾਂ-ਮਰਦਾਂ ਦਾ ਇੱਕ ਟੋਲਾ ਚੱਲ ਵੀ ਚੁੱਕਾ ਸੀ। ਉਹਨਾਂ ਦੇ ਹੱਥਾਂ ਵਿੱਚ ਤਕਲੇ, ਦਾਤੀਆਂ ਅਤੇ ਖੁਰਪੇ ਸਨ।

ਉਹਨਾਂ ਨੂੰ ਰਸਤੇ ਵਿੱਚ ਹੀ ਕਾਬੂ ਕਰਨ ਲਈ ਇੱਕ ਪੁਲਿਸ ਦਾ ਦਸਤਾ ਭੇਜਿਆ ਜਾ ਚੁੱਕਿਆ ਸੀ।

ਧਾਗਾ ਮਿੱਲ ਵਿੱਚ ਹੜਤਾਲ ਹੋ ਗਈ ਸੀ। ਮਜ਼ਦੂਰਾਂ ਨੂੰ ਅਸ਼ੋਕ ਲੀਡ ਕਰ ਰਿਹਾ ਸੀ। ਉਹ ਕੁਹਰਾਮ ਮਚਾਉਂਦੇ ਆ ਰਹੇ ਸਨ।

*ਤੀਕਾਰੀ ਫਰੰਟ ਦੇ ਕੁੱਝ ਕਾਰਕੁਨ ਹਥਿਆਰਾਂ ਸਮੇਤ ਬਾਬੇ ਦੇ ਘਰ ਪਹੁੰਚ ਚੁੱਕੇ ਸਨ।

ਤਰਕਸ਼ੀਲ ਅਗਵਾੜ ਵਾਲੀ ਧਰਮਸ਼ਾਲਾ ਵਿੱਚ ਇਕੱਠੇ ਹੋ ਰਹੇ ਸਨ। ਉਥੋਂ ਬਾਬੇ ਦਾ ਘਰ ਨੇੜੇ ਹੀ ਸੀ। ਕਿਸੇ ਵੀ ਸਮੇਂ ਉਹ ਜਲੂਸ ਨਾਲ ਟਕਰਾ ਸਕਦੇ ਸਨ।

ਕਈ ਪਿੰਡਾਂ ਵਿੱਚ ਲਾਊਡ-ਸਪੀਕਰਾਂ ’ਤੇ ਲੋਕਾਂ ਨੂੰ ਟਰਾਲੀਆਂ ਵਿੱਚ ਬੈਠ ਕੇ ਸ਼ਹਿਰ ਪੁੱਜਣ ਦੇ ਸੱਦੇ ਦਿੱਤੇ ਜਾ ਚੁੱਕੇ ਸਨ। ਨਾਲ ਦੇ ਪਿੰਡਾਂ ’ਚੋਂ ਲੋਕਾਂ ਦੀਆਂ ਭਰੀਆਂ ਕੁੱਝ ਟਰਾਲੀਆਂ ਸ਼ਹਿਰ ਵੱਲ ਕੂਚ ਕਰ ਚੁੱਕੀਆਂ ਸਨ।

ਗੜਬੜ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਸਾਰਾ ਬਜ਼ਾਰ ਬੰਦ ਹੋ ਚੁੱਕਾ ਸੀ।

ਲਾਲ ਸਿੰਘ ਨੂੰ ਖ਼ਤਰਾ ਸੀ। ਸੱਚਮੁੱਚ ਟਕਰਾ ਹੋ ਸਕਦਾ ਸੀ। ਇਸ ਤਰ੍ਹਾਂ ਹੋ ਗਿਆ ਤਾਂ ਲਾਲ ਸਿੰਘ ਨੂੰ ਲੈਣੇ ਦੇ ਦੇਣੇ ਪੈ ਸਕਦੇ ਸਨ।

ਉਹ ਜਲੂਸ ਵਿੱਚ ਤੇਜ਼ੀ ਨਾਲ ਘੁੰਮ ਰਿਹਾ ਸੀ। ਜਲੂਸ ਵਿੱਚ ਸ਼ਾਮਲ ਬੰਦਿਆਂ ਨੂੰ ਉਹ ਕੁੱਝ ਸਮਝਾ ਰਿਹਾ ਸੀ।

ਬਾਕੀ ਦਾ ਪੈਂਡਾ ਜਲੂਸ ਨੇ ਕੁੱਝ ਮਿੰਟਾਂ ਵਿੱਚ ਹੀ ਮੁਕਾ ਲਿਆ।

ਬਾਬੇ ਦੇ ਘਰ ਅੱਗੇ ਪੁੱਜਦਿਆਂ ਹੀ ਇੱਟਾਂ-ਰੋੜਿਆਂ ਦੀ ਬਾਰਿਸ਼ ਸ਼ੁਰੂ ਹੋ ਗਈ। ਡਾਂਗਾਂ- ਗੰਡਾਸਿਆਂ ਨਾਲ ਦਰਵਾਜ਼ੇ ਤੋੜਨ ਦੇ ਯਤਨ ਹੋਣ ਲੱਗੇ।

“ਵੱਡਿਆ ਇਨਕਲਾਬੀਆ ਹਿੰਮਤ ਹੈ ਤਾਂ ਬਾਹਰ ਆ … “

“ਦੇਖਦੇ ਹਾਂ ਤੂੰ ਕਾਤਲਾਂ ਨੂੰ ਘਰੇ ਬਹਾ ਕੇ ਕਿਵੇਂ ਬਚਾਉਨੈਂ?”

“ਭੁੰਨ ਦਿਓ ਗ਼ਦਾਰ ਨੂੰ … ਫੂਕ ਦਿਓ ਸਾਰੇ ਪਰਿਵਾਰ ਨੂੰ … ।” ਇੱਟਾਂ ਰੋੜਿਆਂ ਦੇ ਨਾਲ-ਨਾਲ ਨਾਅਰੇ ਵੀ ਉੱਚੇ ਹੁੰਦੇ ਗਏ।

ਤੇਲ ਦੀਆਂ ਪੀਪੀਆਂ ਵਾਲਿਆਂ ਨੇ ਫੁਰਤੀ ਨਾਲ ਤੇਲ ਦਰਵਾਜ਼ਿਆਂ ’ਤੇ ਛਿੜਕ ਦਿੱਤਾ। ਕੋਈ ਤੇਲ ਨੂੰ ਤੀਲੀ ਦਿਖਾਉਣ ਹੀ ਲੱਗਾ ਸੀ ਕਿ ਕੋਠੇ ਤੋਂ ਬਾਬਾ ਗੜਕਿਆ ।

“ਬੇਵਕੂਫ਼ ਸੰਘ ਵਾਲਿਓ ਤੁਸੀਂ ਕਿਥੇ ਹੋ? … ਤੁਹਾਨੂੰ ਦਿੱਸਦਾ ਨਹੀਂ ਇਹ ਸਾਰੇ ਬੰਦੇ ਪੁਲਿਸ ਦੇ ਕਰਮਚਾਰੀ ਹਨ ਜਾਂ ਭਾੜੇ ’ਤੇ ਖ਼ਰੀਦੇ ਟੱਟੂ … ਤੁਹਾਡੀ ਅਕਲ ਕਿਥੇ ਗਈ? … ਇਹ ਪੁਲਿਸ ਦੀ ਸਾਨੂੰ ਆਪਸ ਵਿੱਚ ਟਕਰਾਉਣ ਦੀ ਸਾਜ਼ਿਸ਼ ਹੈ … ।”

ਬਾਬੇ ਦੀ ਗੜ੍ਹਕ ਨਾਲ ਸਾਰਾ ਜਲੂਸ ਸਹਿਮ ਗਿਆ। ਡਾਂਗਾਂ ਅਤੇ ਗੰਡਾਸੇ ਉਥੇ ਹੀ ਰੁਕ ਗਏ। ਕੁੱਝ ਕੁ ਮੂੰਹ ਲੁਕਾਉਣ ਦਾ ਯਤਨ ਕਰਨ ਲੱਗੇ।

ਬਾਬਾ ਕੋਠੇ ’ਤੇ ਚੜ੍ਹਿਆ ਖੜਾ ਸੀ। ਪੰਜ-ਛੇ ਹਥਿਆਰਬੰਦ ਨੌਜਵਾਨ ਉਸ ਦੇ ਆਲੇ-ਦੁਆਲੇ ਖੜੇ ਸਨ। ਉਹਨਾਂ ਆਪਣੇ ਨਿਸ਼ਾਨੇ ਭੀੜ ਦੇ ਚੁਣਵੇਂ ਬੰਦਿਆਂ ’ਤੇ ਸਿੰਨ੍ਹੇ ਹੋਏ ਸਨ।

“ਕਿਸੇ ਨੇ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ‘ਕੱਲੇ-’ਕੱਲੇ ਨੂੰ ਭੁੰਨ ਦਿਆਂਗੇ।” ਬੰਦੂਕਾਂ ਤਾਣੀ ਜਦੋਂ ਇੱਕ ਨੌਜਵਾਨ ਕੜਕਿਆ ਤਾਂ ਤੇਲ ਵਾਲੇ ਹੱਥੋਂ ਪੀਪੀ ਛੁੱਟ ਗਈ। ਅੱਧਾ ਤੇਲ ਉਸ ਦੇ ਕੱਪੜਿਆਂ ’ਤੇ ਪੈ ਗਿਆ।

ਜਲੂਸ ਦੇ ਸਾਹਮਣੇ ਵਾਲੇ ਪਾਸਿਉਂ ਅੱਗੇ ਵਧ ਰਹੇ ਤਰਕਸ਼ੀਲਾਂ ਦੇ ਜਲੂਸ ਦੇ ਨਾਅਰੇ ਸੁਣਾਈ ਦੇਣ ਲੱਗੇ।

ਇਸ ਤੋਂ ਪਹਿਲਾਂ ਕਿ ਤਰਕਸ਼ੀਲ ਸਾਹਮਣੇ ਆਉਂਦੇ, ਭੀੜ ਵਿਚੋਂ ਕਿਸੇ ਨੇ ਹਵਾਈ ਫ਼ਾਇਰ ਕਰ ਦਿੱਤਾ।

ਕੋਠੇ ਤੋਂ ਵੀ ਧੜਾ-ਧੜ ਹਵਾਈ ਫ਼ਾਇਰ ਹੋਣ ਲੱਗੇ।

ਦੇਖਦੇ-ਦੇਖਦੇ ਸਾਰੀ ਭੀੜ ਛਾਈਂ-ਮਾਈਂ ਹੋ ਗਈ। ਪਿੱਛੇ ਕਿਸੇ ਦੀ ਜੁੱਤੀ ਰਹਿ ਗਈ, ਕਿਸੇ ਦੀ ਪੱਗ ਅਤੇ ਕਿਸੇ ਦਾ ਚਾਦਰਾ।

ਪੰਜ-ਚਾਰ ਫ਼ਾਇਰ ਕਰ ਕੇ ਦੋਵੇਂ ਧਿਰਾਂ ਸ਼ਾਂਤ ਹੋ ਗਈਆਂ।

ਇੰਨੇ ’ਚ ਹੀ ਲਾਲ ਸਿੰਘ ਦਾ ਮਸਲਾ ਹੱਲ ਹੋ ਗਿਆ। ਉਸ ਨੇ ਇੱਕ ਵਾਰ ਫਿਰ ਢੇਰ ਸਾਰੀਆਂ ਦਫ਼ਾਵਾਂ ਲਾ ਕੇ ਬਾਬੇ ਅਤੇ ਉਸ ਦੇ ਸਮਰਥਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ। ਨਾਜਾਇਜ਼ ਹਥਿਆਰ ਰੱਖਣ ਦੀ ਦਫ਼ਾ, ਦੋਹਾਂ ਫ਼ਿਰਕਿਆਂ ਵਿੱਚ ਨਫ਼ਰਤ ਫੈਲਾਉਣ ਦੀ ਦਫ਼ਾ, ਮੁਜਰਮਾਂ ਨੂੰ ਪਨਾਹ ਅਤੇ ਹੱਲਾਸ਼ੇਰੀ ਦੇਣ ਦੀ ਦਫ਼ਾ, ਭੀੜ ’ਤੇ ਗੋਲੀ ਚਲਾ ਕੇ ਕਾਤਲਾਨਾ ਹਮਲਾ ਕਰਨ ਦੀ ਦਫ਼ਾ। ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਤੋਂ ਰੋਕਣ ਦੀ ਦਫ਼ਾ ਅਤੇ ਸਰਕਾਰ ਵਿਰੁੱਧ ਬਗ਼ਾਵਤ ਦੀ ਦਫ਼ਾ।

ਇਸ ਮੁਕੱਦਮੇ ’ਤੇ ਵੀ ਸਾਹਿਬ ਖ਼ੁਸ਼ ਨਹੀਂ ਸੀ ਹੋਇਆ। ਇਹ ਤਾਂ ਕੋਈ ਮਨਘੜਤ ਕਹਾਣੀ ਨਹੀਂ ਸੀ। ਸਾਰੇ ਸ਼ਹਿਰ ਨੇ ਵਾਕਾ ਅੱਖੀਂ ਦੇਖਿਆ ਸੀ। ਫ਼ੋਟੋਗ੍ਰਾਫ਼ਰਾਂ ਨੇ ਫ਼ੋਟੋਆਂ ਲਈਆਂ ਸਨ ਅਤੇ ਪੱਤਰਕਾਰਾਂ ਨੇ ਰਿਪੋਰਟਾਂ ਲਿਖੀਆਂ ਸਨ। ਲੋਕ ਵੀ ਬਾਬੇ ਨਾਲ ਨਾਰਾਜ਼ ਸਨ। ਉਸ ਨੂੰ ਨਿਹੱਥੀ ਭੀੜ ’ਤੇ ਗੋਲੀ ਨਹੀਂ ਸੀ ਚਲਾਉਣੀ ਚਾਹੀਦੀ।

ਸਾਹਿਬ ਨੇ ਲਾਲ ਸਿੰਘ ਨੂੰ ਕੇਵਲ ਯਕੀਨ ਹੀ ਦਿਵਾਇਆ। ਅਜਿਹੇ ਮੁਕੱਦਮੇ ਗ੍ਰਿਫ਼ਤਾਰੀ ਦਾ ਹੁਕਮ ਦਿੰਦਿਆਂ ਸਰਕਾਰ ਨੂੰ ਕੀ ਇਤਰਾਜ਼ ਹੋ ਸਕਦਾ ਸੀ?

ਇਸ ਵਾਕੇ ਨੂੰ ਵੀ ਦੂਜਾ ਦਿਨ ਸੀ। ਬਾਬੇ ਦੇ ਸਮਰਥਕਾਂ ਦਾ ਪ੍ਰਾਪੇਗੰਡਾ ਬੜਾ ਤੇਜ਼ ਸੀ। ਦੋ ਦਿਨਾਂ ਵਿੱਚ ਹੀ ਉਹਨਾਂ ਲੋਕਾਂ ਨੂੰ ਸਮਝਾ ਦਿੱਤਾ ਕਿ ਇਸ ਜਲੂਸ ਦਾ ਪ੍ਰਬੰਧ ਪੁਲਿਸ ਨੇ ਕੀਤਾ ਸੀ। ਬੰਦੇ ਵੀ ਪੁਲਿਸ ਦੇ ਸਨ ਅਤੇ ਯੋਜਨਾ ਵੀ। ਉਹਨਾਂ ਫ਼ੋਟੋਆਂ ਵੱਡੀਆਂ ਕਰਾ-ਕਰਾ ਕੇ ਲੋਕਾਂ ਵਿੱਚ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਨ੍ਹਾਂ ਵਿਚੋਂ ਪੁਲਿਸ ਮੁਲਾਜ਼ਮਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਸਨ।

ਸੰਮਤੀ ਨੇ ਦਰਸ਼ਨ ਅਤੇ ਰਾਮ ਸਰੂਪ ਨੂੰ ਵੀ ਭਰਮਾ ਲਿਆ। ਉਹਨਾਂ ਭਰੀ ਮਹਿਫ਼ਲ ਵਿੱਚ ਗ਼ਲਤੀ ਮੰਨ ਲਈ। ਇਹ ਵੀ ਇਕਬਾਲ ਕੀਤਾ ਕਿ ਉਹਨਾਂ ਇਹ ਕਰਤੂਤ ਪੁਲਿਸ ਦੇ ਕਹਿਣ ’ਤੇ ਕੀਤੀ ਸੀ।

ਸਰਕਾਰ ਦੀ ਖ਼ਮੋਸ਼ੀ ਤੋਂ ਲਾਲ ਸਿੰਘ ਨੂੰ ਲੱਗਦਾ ਸੀ, ਜਿਵੇਂ ਪਾਸਾ ਪੁੱਠਾ ਪੈਣ ਵਾਲਾ ਸੀ।

ਲਾਲ ਸਿੰਘ ਨੇ ਕੰਨਾਂ ਨੂੰ ਹੱਥ ਲਾਏ। ਖੂਹ ’ਚ ਪਏ ਇਹੋ ਜਿਹੀ ਤਫ਼ਤੀਸ਼। ਭੱਠ ’ਚ ਪਏ ਮੁੱਖ ਮੰਤਰੀ ਦਾ ਵਾਅਦਾ। ਜਦੋਂ ਮੁੱਖ ਮੰਤਰੀ ਨੂੰ ਹੀ ਕੋਈ ਫ਼ਿਕਰ ਨਹੀਂ ਤਾਂ ਪੁਲਿਸ ਨੂੰ ਕੀ?

ਲੋਕਾਂ ਵਿੱਚ ਵਧ ਰਹੇ ਰੋਹ ਨੂੰ ਦੇਖਦਿਆਂ ਲਾਲ ਸਿੰਘ ਨੇ ਦਸ ਦਿਨਾਂ ਦੀ ਛੁੱਟੀ ਭੇਜ ਦਿੱਤੀ। ਭੋਗ ਪਿੱਛੋਂ ਦੇਖੀ ਜਾਏਗੀ।

ਛੁੱਟੀ ਦੀ ਥਾਂ ਜਦੋਂ ਬਾਬੇ ਦੀ ਗ੍ਰਿਫ਼ਤਾਰੀ ਦੀ ਪ੍ਰਵਾਨਗੀ ਆਈ ਤਾਂ ਲਾਲ ਸਿੰਘ ਦੀ ਜਾਨ ਵਿੱਚ ਜਾਨ ਆਈ।

ਮੁੱਖ ਮੰਤਰੀ ਵੱਲੋਂ ਲਾਲ ਸਿੰਘ ਨੂੰ ਖੁੱਲ੍ਹੀ ਛੁੱਟੀ ਸੀ। ਉਹ ਬਾਬੇ ਨੂੰ ਵੀ ਗ੍ਰਿਫ਼ਤਾਰ ਕਰ ਸਕਦਾ ਸੀ ਅਤੇ ਉਸ ਦੇ ਸਮਰਥਕਾਂ ਨੂੰ ਵੀ। ਜੇ ਜ਼ਮਾਨਤ ਹੁੰਦੀ ਦਿਸੇ ਤਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਸੀ।

ਲਾਲ ਸਿੰਘ ਖ਼ੁਸ਼ ਸੀ। ਹੁਣ ਉਸ ਨੂੰ ਆਪਣੇ ਜੌਹਰ ਦਿਖਾਉਣ ਦਾ ਮੌਕਾ ਮਿਲਿਆ ਸੀ।

 

 

29

ਜੇ ਬਾਬੇ ਦੀ ਗ੍ਰਿਫ਼ਤਾਰੀ ਦੇ ਹੁਕਮ ਨਾ ਆਉਂਦੇ ਤਾਂ ਪਾਲੇ ਅਤੇ ਮੀਤੇ ਨੂੰ ਉਸ ਸ਼ਾਮ ਰਿਹਾਅ ਕਰ ਦਿੱਤਾ ਜਾਣਾ ਸੀ।

ਉਹਨਾਂ ਨਾਲ ਫੜੇ ਸਾਰੇ ਬੰਦੇ ਘਰੋ-ਘਰੀ ਜਾ ਚੁੱਕੇ ਸਨ। ਉਹਨਾਂ ਨੂੰ ਥਾਣੇ ਬਿਠਾਈ ਰੱਖਣ ਦੇ ਦੋ ਹੀ ਕਾਰਨ ਸਨ। ਪਹਿਲਾ ਇਹ ਕਿ ਉਹਨਾਂ ਦਾ ਕੋਈ ਵਾਰਿਸ ਉਹਨਾਂ ਨੂੰ ਛੁਡਾਉਣ ਨਹੀਂ ਸੀ ਆਇਆ। ਮੀਤੇ ਦਾ ਤਾਂ ਕੋਈ ਹੈ ਹੀ ਨਹੀਂ ਸੀ। ਪਾਲੇ ਦੀ ਮਾਂ ਥਾਣੇ ਬਾਹਰ ਬੈਠ-ਬੈਠ ਮੁੜ ਗਈ, ਉਸ ਦੀ ਕਿਸੇ ਨੇ ਸੁਣੀ ਹੀ ਨਾ। ਦੂਜਾ ਕਾਰਨ ਇਹ ਸੀ ਕਿ ਤਫ਼ਤੀਸ਼ ਸਮੇਂ ਉਹ ਨਾਜ਼ਰ ਦੀ ਮਦਦ ਤਾਂ ਕਰਦੇ ਹੀ ਸਨ, ਵਿਹਲੇ ਸਮੇਂ ਮਾਲ-ਮੁਕੱਦਮਾ ਤਿਆਰ ਕਰਨ ਵਿੱਚ ਮੁਨਸ਼ੀ ਦਾ ਹੱਥ ਵੀ ਵਟਾਉਂਦੇ ਸਨ।

ਤਫ਼ਤੀਸ਼ ਲਈ ਤਾਂ ਕੋਈ ਮੁਸਤਵਾ ਥਾਣੇ ’ਚ ਨਹੀਂ ਸੀ ਰਿਹਾ, ਪਰ ਮੁਨਸ਼ੀ ਦਾ ਕੰਮ ਬਹੁਤ ਰਹਿੰਦਾ ਸੀ। ਨਵਾਂ ਮੁਨਸ਼ੀ ਕਈ ਦਿਨਾਂ ਦਾ ਆਇਆ ਬੈਠਾ ਸੀ। ਚਾਰਜ ਦੇਣ ਲਈ ਪੁਰਾਣੇ ਮੁਨਸ਼ੀ ਨੂੰ ਇੱਕ-ਇੱਕ ਮੱਦ ਤਿਆਰ ਕਰਨੀ ਪੈ ਰਹੀ ਸੀ।

ਲਾਲ ਸਿੰਘ ਨੂੰ ਤਾਂ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਸੀ। ਉਹਨਾਂ ਦੀ ਰਿਹਾਈ ਦੇ ਅਧਿਕਾਰ ਮੁਨਸ਼ੀ ਕੋਲ ਸਨ। ਜਦੋਂ ਮੁਨਾਸਬ ਸਮਝੇ, ਮੁਨਸ਼ੀ ਉਹਨਾਂ ਨੂੰ ਛੱਡ ਦੇਵੇ।

ਮੁਨਸ਼ੀ ਰਿਹਾਈ ਨੂੰ ਟਾਲਦਾ ਆ ਰਿਹਾ ਸੀ। ਲੱਗਦਾ ਸੀ ਜਿਵੇਂ ਸਾਰਾ ਮਾਲ-ਮੁਕੱਦਮਾ ਹੀ ਤਿਆਰ ਕਰਨ ਵਾਲਾ ਰਹਿੰਦਾ ਸੀ। ਉਹ ਇੱਕ ਕੰਮ ਮੁਕਾ ਕੇ ਹੱਟਦੇ ਤਾਂ ਮੁਨਸ਼ੀ ਦੂਜਾ ਅੱਗੇ ਕਰ ਦਿੰਦਾ।

“ਇਹੋ ਕੰਮ ਬਾਕੀ ਰਹਿੰਦੈ। ਕਰੋ ਤੇ ਭੱਜ ਜਾਓ।”

ਚਾਈਂ-ਚਾਈਂ ਉਹ ਕੰਮ ’ਚ ਜੁੱਟ ਜਾਂਦੇ।

ਪਹਿਲੇ ਦਿਨ ਉਹਨਾਂ ਸੈਂਕੜੇ ਬੋਤਲਾਂ ਅਤੇ ਬੀਸੀਆਂ ਵੱਡੀਆਂ ਕੇਨੀਆਂ ਪਾਣੀ ਨਾਲ ਭਰੀਆਂ। ਉਹਨਾਂ ਦੇ ਮੂੰਹ ’ਤੇ ਕੱਪੜੇ ਬੰਨ੍ਹ ਕੇ ਧਾਗਾ ਲਪੇਟਿਆ ਗਿਆ। ਧਾਗੇ ਦੀਆਂ ਗੰਢਾਂ ’ਤੇ ਲਾਖ ਲਾ ਕੇ ਮੋਹਰਾਂ ਦੇ ਨਿਸ਼ਾਨ ਲਾਏ। ਫੇਰ ਮਾਲ ਨੂੰ ਕਿਸੇ ਮੁਜਰਮ ਨਾਲ ਸਬੰਧਤ ਕਰਨ ਲਈ ਉਸ ਦਾ ਨਾਂ ਪਤਾ ਅਤੇ ਮੁਕੱਦਮਾ ਨੰਬਰ ਲਿਖਿਆ ਗਿਆ। ਬੋਤਲਾਂ ਤੇ ਕੇਨੀਆਂ ਦੇ ਬਾਹਰ ਲਿਖਿਆ ਗਿਆ ‘ਨਾਜਾਇਜ਼ ਸ਼ਰਾਬ’।

ਬੋਤਲਾਂ ਦਾ ਕੰਮ ਮੁੱਕਾ ਤਾਂ ਬੋਰੀਆਂ ਭਰਨ ਦਾ ਕੰਮ ਸ਼ੁਰੂ ਹੋ ਗਿਆ। ਲੱਕੜ ਦੇ ਬੂਰ ਦਾ ਟਰੱਕ ਆਰੇ ਤੋਂ ਆਇਆ। ਬੋਰੀਆਂ ਜੀਵਨ ਆੜ੍ਹਤੀਏ ਨੇ ਭੇਜੀਆਂ। ਬੋਰੀਆਂ ਵਿੱਚ ਬੂਰ ਇਉਂ ਤੋਲ-ਤੋਲ ਭਰਿਆ ਗਿਆ, ਜਿਵੇਂ ਉਹ ਬੂਰ ਨਾ ਹੋ ਕੇ ਪਿਸਤਾ ਹੋਵੇ। ਮਜਾਲ ਹੈ ਅੱਧ ਪਾ ਵੀ ਘੱਟ-ਵੱਧ ਹੋ ਜਾਵੇ। ਬੋਰੀਆਂ ਦੇ ਬਾਹਰ ਲਿਖਿਆ ਗਿਆ ’ਚੂਰਾ ਪੋਸਤ’।

ਬੋਰੀਆਂ ਨਾਲ ਮਾਲ-ਖ਼ਾਨਾ ਨੱਕੋ-ਨੱਕ ਭਰ ਗਿਆ। ਤਿਲ ਸੁੱਟਣ ਦੀ ਥਾਂ ਵੀ ਨਾ ਰਹੀ। ਹੁਣ ਤਾਂ ਮੁਨਸ਼ੀ ਰਿਹਾਅ ਕਰੇਗਾ ਹੀ। ਇਹ ਸੋਚ ਕੇ ਉਹ ਹੱਡ-ਤੋੜਵੀਂ ਮਿਹਨਤ ਕਰਦੇ ਰਹੇ। ਦੁਪਹਿਰ ਨੂੰ ਥੋੜ੍ਹਾ ਜਿਹਾ ਥਕੇਵਾਂ ਮਹਿਸੂਸ ਹੋਇਆ ਤਾਂ ਮੁਨਸ਼ੀ ਨੇ ਭੋਰਾ-ਭੋਰਾ ਅਫ਼ੀਮ ਖੁਆ ਦਿੱਤੀ। ਮੁੜ ਸਾਰਾ ਦਿਨ ਉਹ ਢੱਗੇ ਵਾਂਗ ਬੜ੍ਹਕਾਂ ਮਾਰਦੇ ਰਹੇ।

ਜਦੋਂ ਘਰ ਜਾਣ ਦੀ ਛੁੱਟੀ ਲੈਣ ਲਈ ਮੁਨਸ਼ੀ ਦੇ ਪੇਸ਼ ਹੋਏ ਤਾਂ ਪੀਲੇ ਜਿਹੇ ਦੰਦਾਂ ਨੂੰ ਬਾਹਰ ਕੱਢ ਕੇ ਉਹ ਭੈੜੀ ਜਿਹੀ ਹਾਸੀ ਹੱਸਿਆ ।

“ਕਿਉਂ ਘਰੇ ਜਾ ਕੇ ਤਹਿਸੀਲਦਾਰੀ ਕਰਨੀ ਐ? ਖਾਓ ਪੀਓ ਮੌਜ ਕਰੋ।”

ਇਹ ਠੀਕ ਸੀ ਕਿ ਹੁਣ ਥਾਣੇ ਵਿੱਚ ਉਹਨਾਂ ਨੂੰ ਕੋਈ ਤਕਲੀਫ਼ ਨਹੀਂ ਸੀ। ਜਿਹੜੀ ਝਾੜ-ਝੰਬ ਹੋਣੀ ਸੀ, ਹੋ ਚੁੱਕੀ ਸੀ। ਹੁਣ ਉਹ ਸਟਾਫ਼ ਮੈਂਬਰਾਂ ਵਾਂਗ ਹੀ ਥਾਣੇ ਵਿੱਚ ਵਿਚਰਦੇ ਸਨ। ਘੁੰਮਣ-ਫਿਰਨ ’ਤੇ ਕੋਈ ਪਾਬੰਦੀ ਨਹੀਂ ਸੀ। ਖਾਣ-ਪੀਣ ਦੀ ਖੁੱਲ੍ਹ ਸੀ। ਮੈਸ ’ਚ ਜਾ ਕੇ ਜਿਸ ਮਰਜ਼ੀ ਚੀਜ਼ ਨੂੰ ਮੂੰਹ ਮਾਰ ਲੈਣ, ਕੋਈ ਨਹੀਂ ਸੀ ਟੋਕਦਾ।

ਰਾਤ ਨੂੰ ਉਹਨਾਂ ਦੀ ਡਿਊਟੀ ਕੁਆਰਟਰਾਂ ਵਿੱਚ ਹੁੰਦੀ। ਉਹ ਥਾਣੇਦਾਰਾਂ ਨੂੰ ਵਿਸਕੀ ਵਰਤਾਉਂਦੇ। ਬਚੀ-ਖੁਚੀ ਆਪ ਪੀਂਦੇ।

ਇੰਨੀਆਂ ਮੌਜਾਂ ਬਾਹਰ ਨਹੀਂ ਸਨ। ਫੇਰ ਵੀ ਪਿੰਜਰੇ ’ਚ ਤਾੜੇ ਪੰਛੀ ਵਾਂਗ ਥਾਣੇ ਦੀ ਘੁਟਣ ਉਹਨਾਂ ਨੂੰ ਚੁਭਦੀ ਰਹਿੰਦੀ ਸੀ। ਉਹ ਆਪਣੀਆਂ ਝੌਂਪੜੀਆਂ ਵਿੱਚ ਜਾਣ ਲਈ ਕਾਹਲੇ ਸਨ।

ਬੱਸ ਮੁਨਸ਼ੀ ਦਾ ਇੱਕ ਕੰਮ ਹੋਰ ਰਹਿੰਦਾ ਸੀ। ਰਾਤੋ-ਰਾਤ ਅਫ਼ੀਮ ਤਿਆਰ ਕਰ ਕੇ ਡੱਬੇ ਭਰਨੇ ਸਨ। ਕੱਲ੍ਹ ਤਾਂ ਮੁਨਸ਼ੀ ਨੇ ਵੀ ਚਾਰਜ ਛੱਡ ਦੇਣਾ ਸੀ। ਉਹ ਦੱਬ ਕੇ ਮਿਹਨਤ ਕਰਨ ਅਤੇ ਸਵੇਰ ਹੁੰਦਿਆਂ ਹੀ ਘਰ ਦਾ ਰਸਤਾ ਫੜਨ।

ਉਹਨਾਂ ਦੇ ਚਿਹਰਿਆਂ ’ਤੇ ਥਕੇਵੇਂ ਅਤੇ ਨਿਰਾਸ਼ਾ ਦੇ ਚਿੰਨ੍ਹ ਪੜ੍ਹ ਕੇ ਮੁਨਸ਼ੀ ਨੇ ਇੱਕ ਵਾਰ ਫੇਰ ਰਹਿਮ ਕੀਤਾ। ਦੋ ਪੁੜੀਆਂ ਅਫ਼ੀਮ ਦੀਆਂ ਉਹਨਾਂ ਦੇ ਹਵਾਲੇ ਕੀਤੀਆਂ। ਤਕੜੀ ਜਿਹੀ ਚਾਹ ਬਣਾ ਕੇ ਛਕ ਆਉਣ। ਨਾ ਥਕੇਵਾਂ ਹੋਏਗਾ, ਨਾ ਘਰ ਦੀ ਯਾਦ ਸਤਾਏਗੀ।

ਅਫ਼ੀਮ ਦਾ ਕੰਮ ਮੁੱਕਿਆ ਤਾਂ ਚਾਕੂਆਂ, ਪਸਤੌਲਾਂ ਦਾ ਢੇਰ ਲੱਗ ਗਿਆ। ਹਰ ਇੱਕ ’ਤੇ ਪਰਚੀ ਚਿਪਕਾਓ। ਝਾੜ-ਝੰਬ ਕੇ ਖ਼ਾਨਿਆਂ ’ਚ ਸਜਾਓ … ।

ਮੁਨਸ਼ੀ ਨੇ ਖਹਿੜਾ ਛੱਡਿਆ ਤਾਂ ਥਾਣੇਦਾਰਾਂ ਨੇ ਘੇਰ ਲਏ। ਕਿਸੇ ਦੇ ਬੂਟ ਪਾਲਿਸ਼ ਕਰਨ ਵਾਲੇ ਰਹਿੰਦੇ ਸਨ ਅਤੇ ਕਿਸੇ ਦੇ ਕੱਪੜੇ ਮੈਲੇ ਸਨ।

ਪਾਲੇ ਅਤੇ ਮੀਤੇ ਨੂੰ ਕੱਪੜੇ ਧੋਂਦੇ ਦੇਖ ਕੇ ਸਿਪਾਹੀਆਂ ਨੇ ਵੀ ਆਪਣੇ ਕੱਛੇ-ਬੁਨੈਣਾਂ ਉਹਨਾਂ ਅੱਗੇ ਲਿਆ ਸੁੱਟੇ।

ਸਰਕਾਰੀ ਵਕੀਲ ਗੁਰਮੀਤ ਦੇ ਥਾਣੇ ਆਉਣ ਤਕ ਉਹ ਇਸ ਚੁਰਾਸੀ ਦੇ ਚੱਕਰ ’ਚੋਂ ਨਿਕਲਣ ਦੀਆਂ ਸਾਰੀਆਂ ਆਸਾਂ ਛੱਡ ਚੁੱਕੇ ਸਨ। ਸਵੇਰ ਤੋਂ ਉਹਨਾਂ ਘਰ ਜਾਣ ਦੀ ਗੱਲ ਹੀ ਨਹੀਂ ਸੀ ਛੇੜੀ। ਉਹਨਾਂ ਨੂੰ ਮਹਿਸੂਸ ਹੋਇਆ ਸੀ, ਜਿਵੇਂ ਪੁਲਿਸ ਵਾਲੇ ਉਹਨਾਂ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਉਠਾ ਰਹੇ ਸਨ। ਜਿਉਂ ਹੀ ਉਹ ਘਰ ਜਾਣ ਦੀ ਮੰਗ ਲੈ ਕੇ ਉਹਨਾਂ ਅੱਗੇ ਪੇਸ਼ ਹੁੰਦੇ, ਉਹ ਕੋਈ ਨਾ ਕੋਈ ਕੰਮ ਉਹਨਾਂ ਹਵਾਲੇ ਕਰ ਦਿੰਦੇ। ਉਹ ਫਟਾ-ਫਟ ਕੰਮ ਨਬੇੜਦੇ। ਇੱਕ ਨਿਬੜਦਾ ਤਾਂ ਦੂਜਾ ਤਿਆਰ ਹੋ ਜਾਂਦਾ। ਕੋਈ ਮੁਫ਼ਤ ਦੇ ਨੌਕਰਾਂ ਨੂੰ ਹੱਥੋਂ ਗਵਾਉਣਾ ਨਹੀਂ ਸੀ ਚਾਹੁੰਦਾ।

ਚਾਹਾਂ ਵਾਲੇ ਖ਼ਾਲੀ ਗਲਾਸ ਚੁੱਕਦੇ ਮੀਤੇ ਨੂੰ ਗੁਰਮੀਤ ਨੇ ਪਛਾਣ ਲਿਆ।

ਉਹ ਇਥੇ ਕਿਵੇਂ? ਮੀਤੇ ਨੂੰ ਤਾਂ ਕਦੋਂ ਦਾ ਉਹ ਇਸ ਚੱਕਰਵਿਊ ਵਿਚੋਂ ਕਢਵਾ ਚੁੱਕਾ ਸੀ।

ਮੀਤੇ ਨੂੰ ਇੰਨੇ ਦਿਨ ਥਾਣੇ ਬਿਠਾਈ ਰੱਖਣ ਦਾ ਮੁਨਸ਼ੀ ਕੋਲ ਕੋਈ ਜਵਾਬ ਨਹੀਂ ਸੀ।

ਵਾਪਸ ਜਾਂਦੇ ਗੁਰਮੀਤ ਨੇ ਮੁਨਸ਼ੀ ਨੂੰ ਹੁਕਮ ਦਿੱਤਾ, ਸ਼ਾਮ ਤਕ ਦੋਹਾਂ ਨੂੰ ਹਰ ਹਾਲਤ ਵਿੱਚ ਛੱਡ ਦਿੱਤਾ ਜਾਏ।

ਸ਼ਾਮ ਹੋਈ ਤਾਂ ਪੁਲਿਸ ਬਾਬੇ ਦੀ ਗ੍ਰਿਫ਼ਤਾਰੀ ਵਿੱਚ ਉਲਝ ਗਈ।

ਬਾਬੇ ਦੀ ਗ੍ਰਿਫ਼ਤਾਰੀ ਨਾਲ ਇੱਕ ਵਾਰ ਫੇਰ ਥਾਣੇ ਵਿੱਚ ਗਹਿਮਾ-ਗਹਿਮੀ ਹੋ ਗਈ।

ਬਾਬੇ ਤੋਂ ਪੁੱਛ-ਗਿੱਛ ਤਾਂ ਬਹੁਤ ਹੋਈ ਪਰ ਉਸ ਨੇ ਕੋਈ ਰਾਹ ਨਾ ਦਿੱਤਾ। ਉਸ ਨੂੰ ਥਾਣੇ ਵਿੱਚ ਰੱਖਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਇਸ ਲਈ ਰਾਤੋ-ਰਾਤ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਪੁਲਿਸ ਕੋਲ ਸਮਾਂ ਘੱਟ ਸੀ। ਉਹ ਸ਼ੱਕੀ ਬੰਦਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨਾ ਚਾਹੁੰਦੇ ਸਨ।

ਸਾਰੀ ਰਾਤ ਯੋਜਨਾਵਾਂ ਬਣਦੀਆਂ ਅਤੇ ਫੜ-ਫੜਾਈ ਹੁੰਦੀ ਰਹੀ।

ਲਾਲ ਸਿੰਘ ਦਾ ਵਿਚਾਰ ਸੀ ਕਿ ਦਹਿਸ਼ਤਗਰਦੀ ਵਿੱਚ ਦੋ ਤਰ੍ਹਾਂ ਦੇ ਲੋਕ ਹਿੱਸਾ ਲੈ ਰਹੇ ਸਨ। ਜ਼ਿਆਦਾ ਗਿਣਤੀ ਪੇਸ਼ੇਵਰ ਮੁਜਰਮਾਂ ਦੀ ਸੀ। ਉਹਨਾਂ ਸਾਧਾਰਨ ਪੇਸ਼ੇ ਛੱਡ ਕੇ ਇਹ ਧੰਦਾ ਅਪਣਾ ਲਿਆ ਸੀ। ਪੈਸਾ ਸੌਖੀ ਤਰ੍ਹਾਂ ਬਣ ਰਿਹਾ ਸੀ, ਸਿਆਸੀ ਸ਼ਰਨ ਸੀ ਅਤੇ ਕੁੱਝ ਲੋਕਾਂ ਦੀ ਹਮਦਰਦੀ ਵੀ। ਭਾਈਚਾਰੇ ਦਾ ਖੇਤਰ ਵਿਸ਼ਾਲ ਹੋ ਗਿਆ ਸੀ। ਹਥਿਆਰ ਵੀ ਆਸਾਨੀ ਨਾਲ ਮਿਲ ਰਹੇ ਸਨ। ਡਰਦੀ ਪੁਲਿਸ ਜਲਦੀ-ਜਲਦੀ ਹੱਥ ਵੀ ਨਹੀਂ ਸੀ ਪਾਉਂਦੀ। ਲੋਕਾਂ ਵਿੱਚ ਦਹਿਸ਼ਤ ਸੀ। ਸਭ ਕੁੱਝ ਜਾਣਦੇ-ਬੁਝਦੇ ਵੀ ਉਹ ਮੁਖ਼ਬਰੀ ਨਹੀਂ ਸੀ ਕਰਦੇ। ਇਸ ਤਰ੍ਹਾਂ ਦੇ ਦਹਿਸ਼ਤਗਰਦਾਂ ਨੂੰ ਪੁਲਿਸ ਪਹਿਲੇ ਦੌਰ ਵਿੱਚ ਫੈਂਟਾ ਚਾੜ੍ਹ ਚੁੱਕੀ ਸੀ।

ਦੂਜਾ ਇੱਕ ਅਜਿਹਾ ਗਰੁੱਪ ਉਹਨਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ਪੈਸੇ ਦੀ ਥਾਂ ਚੌਧਰ ਦੀ ਜ਼ਿਆਦਾ ਭੁੱਖ ਸੀ। ਜ਼ਿਮੀਂਦਾਰਾਂ ਅਤੇ ਸਰਦਾਰਾਂ ਦੇ ਕਾਕੇ ਇਸੇ ਗਰੁੱਪ ਵਿੱਚ ਆਉਂਦੇ ਸਨ।

ਪਹਿਲੇ ਤਬਕੇ ਤੋਂ ਤਾਂ ਕੁੱਝ ਹਾਸਲ ਨਹੀਂ ਸੀ ਹੋਇਆ। ਇਸ ਸਮੇਂ ਪੁਲਿਸ ਦੀ ਅੱਖ ਦੂਜੇ ਤਬਕੇ ’ਤੇ ਸੀ।

ਬਾਬੇ ਨੂੰ ਜੇਲ੍ਹ ਭੇਜ ਕੇ ਜਿਥੇ ਪੁਲਿਸ ਦੇ ਹੌਸਲੇ ਬੁਲੰਦ ਹੋਏ ਸਨ, ਉਥੇ ਪੁਲਿਸ ਦਾ ਵਿਰੋਧ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ ਸਨ। ਇਸ ਦਾ ਸਭ ਤੋਂ ਵੱਡਾ ਸਬੂਤ ਕਾਲਜ ਦਾ ਪ੍ਰਿੰਸੀਪਲ ਸੀ। ਪੁਲਿਸ ਨੂੰ ਸ਼ੱਕ ਸੀ, ਦਹਿਸ਼ਤਗਰਦਾਂ ਦਾ ਵੱਡਾ ਅੱਡਾ ਕਾਲਜ ਸੀ। ਹੋਸਟਲਾਂ ਵਿੱਚ ਦਹਿਸ਼ਤਗਰਦਾਂ ਦੇ ਲੁਕੇ ਰਹਿਣ ਦੀ ਸੰਭਾਵਨਾ ਨੂੰ ਰੱਦ ਨਹੀਂ ਸੀ ਕੀਤਾ ਜਾ ਸਕਦਾ। ਪ੍ਰਿੰਸੀਪਲ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦਿੰਦਾ। ਪੁਲਿਸ ਨੂੰ ਕਾਲਜ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ। ਉਸ ਨੂੰ ਮੁੱਖ ਮੰਤਰੀ ਦਾ ਜਮਾਤੀ ਹੋਣ ਦਾ ਹੰਕਾਰ ਸੀ। ਉਸ ਵਰਗੇ ਅੜੀਅਲ ਟੱਟੂਆਂ ਦਾ ਹੰਕਾਰ ਦੂਰ ਕਰਨ ਲਈ ਪੁਲਿਸ ਨੇ ਮੁੱਖ ਮੰਤਰੀ ਦੇ ਉਸ ਹੁਕਮ ਦਾ ਦੱਬ ਕੇ ਪ੍ਰਚਾਰ ਕੀਤਾ ਸੀ, ਜਿਸ ਵਿੱਚ ਉਹਨਾਂ ਆਖਿਆ ਸੀ, ਇਸ ਗੰਭੀਰ ਮਸਲੇ ਵਿੱਚ ਜੇ ਉਸ ਦਾ ਕੋਈ ਖ਼ਾਸ ਹਮਾਇਤੀ ਵੀ ਟੰਗ ਅੜਾਵੇ ਤਾਂ ਉਸ ਨੂੰ ਵੀ ਨਾ ਬਖ਼ਸ਼ਿਆ ਜਾਵੇ। ਬਾਬੇ ਨੂੰ ਉਹ ਸਬਕ ਸਿਖਾ ਚੁੱਕੇ ਸਨ। ਹੁਣ ਵਾਰੀ ਪ੍ਰਿੰਸੀਪਲ ਦੀ ਸੀ।

ਕਾਲਜ ’ਚ ਮੁੰਡਿਆਂ ਵੱਲੋਂ ਕੀਤੀਆਂ ਜਾਂਦੀਆਂ ਸਰਗਰਮੀਆਂ ਦੀ ਪੁਲਿਸ ਕੋਲ ਕੋਈ ਠੋਸ ਰਿਪੋਰਟ ਨਹੀਂ ਸੀ। ਬੱਸ ਏਨਾ ਕੁ ਪਤਾ ਸੀ ਕਿ ਕਾਲਜ ਵਿੱਚ ਕਈ ਯੂਨੀਅਨਾਂ ਬਣੀਆਂ ਹੋਈਆਂ ਸਨ। ਕਾਂਗਰਸ ਪੱਖੀ ਵੀ, ਭਾਰਤੀ ਜਨਤਾ ਪਾਰਟੀ ਪੱਖੀ ਵੀ ਅਤੇ ਅਕਾਲੀ ਪੱਖੀ ਵੀ, ਪਰ ਇਹ ਫ਼ਸਲੀ ਬਟੇਰਿਆਂ ਵਾਂਗ ਖ਼ਾਸ-ਖ਼ਾਸ ਮੌਕਿਆਂ ’ਤੇ ਹੀ ਦਿਖਾਈ ਦਿੰਦੀਆਂ ਸਨ। ਅਖ਼ਬਾਰਾਂ ’ਚ ਖ਼ਬਰਾਂ ਛਪਵਾ ਕੇ ਜਾਂ ਕਿਸੇ ਨੇਤਾ ਨੂੰ ਖ਼ੁਸ਼ ਕਰ ਕੇ ਖ਼ਾਮੋਸ਼ ਹੋ ਜਾਂਦੀਆਂ ਸਨ।

ਮੁੱਖ ਜਥੇਬੰਦੀਆਂ ਦੋ ਹੀ ਸਨ। ਇੱਕ ਖਾੜਕੂ ਜਥੇਬੰਦੀ ਅਖਵਾਉਂਦੀ ਸੀ। ਇਹ ਉਹਨਾਂ ਯੋਧਿਆਂ ਦੀ ਸਮਰਥਕ ਸੀ, ਜਿਹੜੇ ਸਿੱਖ ਕੌਮ ਦੀ ਆਜ਼ਾਦੀ ਲਈ ਜੂਝ ਰਹੇ ਸਨ। ਇਹ ਖਾੜਕੂਆਂ ਵੱਲੋਂ ਦਿੱਤੇ ਜਾਂਦੇ ਹਰ ਪ੍ਰੋਗਰਾਮ ’ਤੇ ਅਮਲ ਕਰਦੀ ਸੀ।

ਦੂਜੀ ਪੰਜਾਬ ਸਟੂਡੈਂਟਸ ਯੂਨੀਅਨ ਸੀ। ਉਹ ਮਾਰਕਸੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੀ ਸੀ। ਖਾੜਕੂ ਜਥੇਬੰਦੀ ਨੂੰ ਉਹ ਫ਼ਿਰਕੂ ਦੱਸਦੇ ਸਨ ਅਤੇ ਉਹਨਾਂ ਦੇ ਹਰ ਧਰਮ ਪ੍ਰਚਾਰ ਦੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਦੇ ਯਤਨ ਕਰਦੇ ਸਨ। ਉਹ ਆਪਣੀ ਸੇਧ ਬਾਬੇ ਤੋਂ ਲੈਂਦੇ ਸਨ।

ਦੋਹਾਂ ਜਥੇਬੰਦੀਆਂ ਦਾ ਕਈ ਵਾਰ ਟਕਰਾ ਹੋ ਚੁੱਕਾ ਸੀ। ਇਸ ਵਾਰ ਗੋਲੀ ਵੀ ਚੱਲੀ ਸੀ। ਕਈ ਮੁਕੱਦਮੇ ਪੁਲਿਸ ਕੋਲ ਦਰਜ ਸਨ। ਦੋਹਾਂ ਧਿਰਾਂ ਦਾ ਇੱਟ-ਕੁੱਤੇ ਵਾਲਾ ਵੈਰ ਸੀ।

ਪੁਲਿਸ ਕੋਲ ਉਹਨਾਂ ਮੁੰਡਿਆਂ ਦੀ ਸੂਚੀ ਵੀ ਸੀ, ਜਿਹੜੇ ਪੁਲਿਸ ਨੂੰ ਇਹਨਾਂ ਕੇਸਾਂ ਵਿੱਚ ਲੋੜੀਂਦੇ ਸਨ। ਪ੍ਰਿੰਸੀਪਲ ਹੋਰ ਸੂਚਨਾ ਦੇਣ ਨੂੰ ਤਿਆਰ ਨਹੀਂ ਸੀ।

ਕਿਹੜਾ ਮੁੰਡਾ ਕਿਸ ਜਥੇਬੰਦੀ ਵਿੱਚ ਸ਼ਾਮਲ ਸੀ, ਕਿੰਨਾ ਕੁ ਖ਼ਤਰਨਾਕ ਸੀ ਅਤੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕਰ ਚੁੱਕਾ ਸੀ, ਹੈੱਡ ਕਲਰਕ ਕੋਲ ਇਸ ਦੀ ਪੂਰੀ ਸੂਚੀ ਸੀ।

ਇਸੇ ਇਤਲਾਹ ਦੇ ਆਧਾਰ ’ਤੇ ਪੁਲਿਸ ਗ੍ਰਿਫ਼ਤਾਰੀ ਕਰ ਰਹੀ ਸੀ।

ਬੰਟੀ ਦੇ ਕਤਲ ਵਰਗੀਆਂ ਕਾਰਵਾਈਆਂ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਦਾ ਕੋਈ ਸੰਬੰਧ ਨਹੀਂ ਸੀ। ਫੇਰ ਵੀ ਪੁਲਿਸ ਲਈ ਉਹਨਾਂ ਦੀ ਗ੍ਰਿਫ਼ਤਾਰੀ ਬਹੁਤ ਜ਼ਰੂਰੀ ਸੀ। ਉਹ ਬਾਹਰ ਰਹਿ ਗਏ ਤਾਂ ਬਾਬੇ ਦੀ ਰਿਹਾਈ ਲਈ ਜੱਹਾਦ ਖੜਾ ਕਰ ਸਕਦੇ ਸਨ। ਪੁਲਿਸ ਨੂੰ ਤਾਂ ਤਰਕਸ਼ੀਲਾਂ, *ਤੀਕਾਰੀ ਫ਼ਰੰਟ ਦੇ ਕਾਰਕੁਨਾਂ ਅਤੇ ਨੌਜਵਾਨ ਸਭਾ ਦੇ ਨੇਤਾਵਾਂ ਦੀ ਵੀ ਭਾਲ ਸੀ। ਉਹ ਲੋਕ ਸੰਘਰਸ਼ ਸੰਮਤੀ ਦਾ ਨਾਂ ਨਿਸ਼ਾਨ ਹੀ ਮਿਟਾ ਦੇਣਾ ਚਾਹੁੰਦੇ ਸਨ।

ਖਾੜਕੂਆਂ ਦੀ ਗ੍ਰਿਫ਼ਤਾਰੀ ਉਸ ਤੋਂ ਵੀ ਅਹਿਮ ਸੀ। ਦੋ ਦਿਨਾਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਕਾਤਲਾਂ ਦਾ ਗ੍ਰਿਫ਼ਤਾਰ ਹੋਣਾ ਜ਼ਰੂਰੀ ਸੀ। ਮੁੱਖ ਮੰਤਰੀ ਗ੍ਰਿਫ਼ਤਾਰੀ ਲਈ ਕਾਹਲ ਕਰ ਰਿਹਾ ਸੀ।

ਦੋਹਾਂ ਜਥੇਬੰਦੀਆਂ ਦੇ ਪ੍ਰਮੁੱਖ ਨੇਤਾ ਪਹਿਲਾਂ ਹੀ ਫ਼ਰਾਰ ਹੋ ਚੁੱਕੇ ਸਨ।

ਦੂਜੇ ਦਰਜੇ ਦੇ ਕਾਰਕੁਨਾਂ ਤੋਂ ਹੀ ਪੁਲਿਸ ਨੂੰ ਕੰਮ ਚਲਾਉਣਾ ਪੈ ਰਿਹਾ ਸੀ।

ਪੋਜ਼ੀਸ਼ਨ ਪਹਿਲਾਂ ਵਾਲੀ ਹੀ ਸੀ। ਫ਼ੋਰਸ ਘੱਟ ਅਤੇ ਬੰਦੇ ਜ਼ਿਆਦਾ।

ਅਜਿਹੇ ਹਾਲਾਤ ਵਿੱਚ ਪਾਲੇ ਅਤੇ ਮੀਤੇ ਦੀ ਰਿਹਾਈ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹ ਇੱਕ ਆਮ ਸਿਪਾਹੀ ਜਿੰਨਾ ਕੰਮ ਦੇ ਰਹੇ ਸਨ।

ਨਾਜ਼ਰ ਦੀ ਸਿਫ਼ਾਰਸ਼ ’ਤੇ ਲਾਲ ਸਿੰਘ ਨੇ ਦੋਹਾਂ ਦੀ ਰਿਹਾਈ ’ਤੇ ਪਾਬੰਦੀ ਲਾ ਦਿੱਤੀ ਸੀ। ਇੱਕ-ਦੋ ਦਿਨਾਂ ਦਾ ਮਸਲਾ ਸੀ। ਕਾਤਲਾਂ ਦੀ ਗ੍ਰਿਫ਼ਤਾਰੀ ਪਿੱਛੋਂ ਪੁਲਿਸ ਨੇ ਉਹਨਾਂ ਤੋਂ ਕੀ ਕਰਾਉਣਾ ਸੀ?

ਵੈਸੇ ਵੀ ਥਾਣੇ ਵਿੱਚ ਰੌਣਕ ਨੂੰ ਦੇਖ ਕੇ ਉਹਨਾਂ ਦੋਹਾਂ ਦਾ ਮਨ ਲੱਗ ਗਿਆ ਸੀ। ਹੁਣ ਉਹ ਪਹਿਲਾਂ ਵਾਂਗ ਵਿਹਲੇ ਨਹੀਂ ਸਨ।

 

 

30

ਐਸ.ਐਚ.ਓ.ਨੇ ਬੁੱਢੇ ਬਲਵੰਤ ਸਿਪਾਹੀ ਦੀ ਸਿਆਣਪ ਨੂੰ ਮਾਨਤਾ ਦੇ ਦਿੱਤੀ। ਸੱਚਮੁੱਚ ਉਸ ਤੋਂ ਵੱਧ ਕਾਬਲ ਸਿਪਾਹੀ ਕੋਈ ਸਾਰੇ ਜ਼ਿਲ੍ਹੇ ਵਿੱਚ ਨਹੀਂ ਸੀ। ਇਹ ਗੱਲ ਪੱਕੀ ਸੀ ਕਿ ਨਾ ਉਸ ਤੋਂ ਵੱਧ ਕੋਈ ਮੁਖ਼ਬਰੀ ਹਾਸਲ ਕਰ ਸਕਦਾ ਸੀ ਅਤੇ ਨਾ ਹੀ ਉਸ ਤੋਂ ਵੱਧ ਕੋਈ ਪੈਸੇ ਬਟੋਰ ਸਕਦਾ ਸੀ।

ਲਾਲ ਸਿੰਘ ਨੇ ਜੇ ਭੋਗ ਤੋਂ ਪਹਿਲਾਂ ਕਾਤਲ ਲੱਭਣੇ ਹਨ ਤਾਂ ਉਸ ਨੂੰ ਬਲਵੰਤ ਦੀ ਸਹਾਇਤਾ ਲੈਣੀ ਹੀ ਪੈਣੀ ਸੀ। ਇਸ ਲਈ ਉਸ ਨੇ ਬਲਵੰਤ ਨੂੰ ਪੁਚਕਾਰ ਲਿਆ ਸੀ ਅਤੇ ਆਪਣੇ ਸਭ ਤੋਂ ਨੇੜਲੇ ਬੰਦਿਆਂ ਦਾ ਖ਼ਿਤਾਬ ਬਖ਼ਸ਼ ਦਿੱਤਾ ਸੀ।

ਬਲਵੰਤ ਦੀ ਮਰਜ਼ੀ ਅਨੁਸਾਰ ਪੁੱਛ-ਗਿੱਛ ਲਈ ਉਸ ਨੂੰ ਸਰਦਾਰਾਂ ਅਤੇ ਸੇਠਾਂ ਦੇ ਦਸ-ਬਾਰਾਂ ਮੁੰਡਿਆਂ ਦੀ ਉਹ ਟੋਲੀ ਮਿਲੀ ਸੀ, ਜਿਨ੍ਹਾਂ ਦਾ ਕਿਸੇ ਧੜੇ ਨਾਲ ਕੋਈ ਵਾਸਤਾ ਨਹੀਂ ਸੀ। ਉਹਨਾਂ ਦਾ ਇਕੋ-ਇੱਕ ਕੰਮ ਕੰਟੀਨ ਵਿੱਚ ਬੈਠ ਕੇ ਕਾਫ਼ੀ ਪੀਣਾ ਅਤੇ ਕੁੜੀਆਂ ਛੇੜਨਾ ਸੀ।

ਅਜਿਹੇ ਮੁੰਡਿਆਂ ਨੂੰ ਦੋ ਕਾਰਨਾਂ ਕਰਕੇ ਫੜਿਆ ਗਿਆ ਸੀ। ਪਹਿਲਾ । ਉਹਨਾਂ ਦੇ ਮਾਪਿਆਂ ਤੋਂ ਪੈਸੇ ਇਕੱਠੇ ਕਰਨਾ। ਦੂਜਾ। ਪੁਲਿਸ ਨੂੰ ਨਿਰਪੱਖ ਸਾਬਤ ਕਰਨ ਲਈ ਉਹਨਾਂ ਨੂੰ ਕੁੱਝ ਹੀ ਘੰਟਿਆਂ ਬਾਅਦ ਛੱਡ ਦਿੱਤਾ ਜਾਣਾ ਸੀ। ਉਹ ਵੀ ਪ੍ਰੈਸ ਰਿਪੋਰਟਰਾਂ ਦੀ ਹਾਜ਼ਰੀ ਵਿੱਚ।

ਮੁੰਡਿਆਂ ਦੇ ਸੋਹਲ ਸਰੀਰਾਂ ਅਤੇ ਮਾਪਿਆਂ ਦੇ ਰੁਤਬਿਆਂ ਨੂੰ ਧਿਆਨ ਵਿੱਚ ਰੱਖਦਿਆਂ ਬਲਵੰਤ ਨੇ ਤਫ਼ਤੀਸ਼ ਦੇ ਹਲਕੇ-ਫੁਲਕੇ ਤਰੀਕੇ ਹੀ ਵਰਤਣੇ ਸ਼ੁਰੂ ਕੀਤੇ ਸਨ।

ਭਲੇਮਾਣਸ ਬਲਵੰਤ ਨੇ ਪਹਿਲਾਂ ਉਹਨਾਂ ਨੂੰ ਇੱਕ ਲਾਈਨ ਵਿੱਚ ਬਿਠਾ ਕੇ ‘ਸੱਚ ਬੋਲਣ’ ਦਾ ਮੌਕਾ ਦਿੱਤਾ। ਜੇ ਉਹ ਸਹੀ-ਸਹੀ ਗੱਲ ਦੱਸ ਦੇਣ ਤਾਂ ਬਲਵੰਤ ਕੁੱਝ ਨਹੀਂ ਆਖੇਗਾ। ਸਰਕਾਰ ਵੱਲੋਂ ਮਿਲਣ ਵਾਲਾ ਸਾਰਾ ਇਨਾਮ ਵੀ ਮੁਖ਼ਬਰ ਨੂੰ ਮਿਲੇਗਾ ਅਤੇ ਥਾਣੇਦਾਰੀ ਵੀ।

ਜਦੋਂ ਸਾਰਿਆਂ ਨੇ ਹੀ ਸਿਰ ਫੇਰ ਦਿੱਤੇ ਤਾਂ ਬਲਵੰਤ ਨੂੰ ਗ਼ੁੱਸਾ ਚੜ੍ਹਨ ਲੱਗਾ।

“ਨਹੀਂ ਪਤਾ ਤਾਂ ਕੋਈ ਨਹੀਂ। ਦੇਖਦੇ ਜਾਓ ਕਿਵੇਂ ਯਾਦ ਆਉਣਗੇ ਬਾਪਾਂ ਦੇ ਨਾਂ ਫਟਾਫਟ ਹਰਾਮਜ਼ਾਦਿਓ ਜੇ ਥੋਡੀ ਰੇਲ ਗੱਡੀ ਨਾ ਬਣਾ ਦਿੱਤੀ ਤਾਂ ਮੇਰਾ ਨਾਂ ਵੀ ਬਲਵੰਤ ਨਹੀਂ।”

ਆਖਦੇ ਬਲਵੰਤ ਨੇ ਪਹਿਲਾਂ ਬਾਣੀਆਂ ਦੇ ਯਸ਼ ਨੂੰ ਬੋਦੀਆਂ ਤੋਂ ਫੜ ਕੇ ਬਾਹਰ ਧੂਹਿਆ।

“ਉਹ ਦੋ ਦਿਨ ਥੋਡੇ ਕਾਰਖ਼ਾਨੇ ਵਿੱਚ ਰਹੇ … ਤੂੰ ਰੋਟੀ ਟੁੱਕ ਪਹੁੰਚਾਂਦਾ ਰਿਹਾ … ਹੁਣ ਆਖਦੈ ਕੁੱਝ ਨੀ ਪਤਾ … ਦੱਸ ਕਿਥੇ ਛੱਡ ਕੇ ਆਇਐ ਆਪਣੇ ਬਾਪਾਂ ਨੂੰ?” ਬਿਨਾਂ ਜਵਾਬ ਉਡੀਕੇ ਬਲਵੰਤ ਨੇ ਅੱਠ-ਦਸ ਥੱਪੜ ਉਸ ਦੀਆਂ ਗੱਲ੍ਹਾਂ ’ਤੇ ਜੜ ਦਿੱਤੇ।

ਯਸ਼ ਦੀਆਂ ਲੱਤਾਂ ਕੰਬਣ ਲੱਗੀਆਂ। ਚੀਕਾਂ ਮਾਰਦਾ ਜਦੋਂ ਉਹ ਬਲਵੰਤ ਦੇ ਪੈਰੀਂ ਪੈਣ ਲੱਗਦਾ ਤਾਂ ਬਲਵੰਤ ਮੁੜ ਬੋਦੀਆਂ ਤੋਂ ਫੜ ਕੇ ਉਸ ਨੂੰ ਉਪਰ ਨੂੰ ਧੂਹ ਲੈਂਦਾ। ਧੌਲ-ਧੱਫਾ ਕਰਦਾ ਮੁੜ ਉਹੋ ਪ੍ਰਸ਼ਨ ਦੁਹਰਾਉਂਦਾ।

“ਦੇਵੀ ਦੀ ਸਹੁੰ ਮੈਨੂੰ ਕੁੱਝ ਨਹੀਂ ਪਤਾ … ।” ਭੁੱਬਾਂ ਮਾਰ-ਮਾਰ ਸਪੱਸ਼ਟੀਕਰਨ ਦਿੰਦੇ ਯਸ਼ ਦਾ ਗਲਾ ਬੈਠ ਗਿਆ। ਗੱਲ੍ਹਾਂ ਲਾਲ ਹੋ ਗਈਆਂ, ਕੰਨ ਸੁੱਜ ਗਏ। ਪਿਸ਼ਾਬ ਨਿਕਲਣ ਕਾਰਨ ਪੈਂਟ ਗਿੱਲੀ ਹੋ ਗਈ। ਟੱਟੀ ਦੀ ਹਾਜ਼ਤ ਹੋਣ ਲੱਗੀ।

ਹੋਰ ਪਏ ਦੋ ਥੱਪੜਾਂ ਨੇ ਉਸ ਦਾ ਸਿਰ ਚਕਰਾ ਦਿੱਤਾ। ਸਿਰ ਨੂੰ ਚੜ੍ਹਦੀਆਂ ਘੁੰਮਣ-ਘੇਰੀਆਂ ਯਸ਼ ਨੂੰ ਧਰਤੀ ’ਤੇ ਡਿੱਗਣ ਲਈ ਮਜਬੂਰ ਕਰਨ ਲੱਗੀਆਂ।

ਯਸ਼ ਦੀ ਪੈਂਟ ਲੁਹਾ ਕੇ ਮੀਤੇ ਨੂੰ ਫੜਾਈ ਗਈ। ਉਹ ਪੈਂਟ ਦੀਆਂ ਮੂਰੀਆਂ ਨੂੰ ਆਪਸ ਵਿੱਚ ਬੰਨ੍ਹ ਕੇ ਪਹਿਲਾਂ ਇਸ ਦਾ ਹਾਰ ਬਣਾਏ ਅਤੇ ਫੇਰ ਉਸ ਵਿੱਚ ਰੇਤ ਭਰ ਲਏ। ਉਹ ਹਾਰ ਯਸ਼ ਦੇ ਗਲ ਵਿੱਚ ਪਾ ਕੇ ਡੰਡ ਕਢਾਏਗਾ। ਜਿੰਨੀ ਦੇਰ ’ਚ ਹਾਰ ਤਿਆਰ ਹੁੰਦਾ ਹੈ, ਓਨੀ ਦੇਰ ’ਚ ਪਾਲਾ ਉਸ ਨੂੰ ਟੱਟੀਆਂ ’ਚ ਲਿਜਾ ਕੇ ਹਾਜਤ ਮਿਟਾ ਲਿਆਏ।

ਯਸ਼ ਤੋਂ ਵਿਹਲਾ ਹੋ ਕੇ ਬਲਵੰਤ ਜੀਤੀ ਅਤੇ ਨੀਨੂ ਵੱਲ ਹੋਇਆ।

ਉਹਨਾਂ ਦਾ ਰੰਗ ਤਾਂ ਪਹਿਲਾਂ ਹੀ ਪੀਲਾ ਭੂਕ ਹੋਇਆ ਹੋਇਆ ਸੀ। ਬਲਵੰਤ ਦੇ ਨੇੜੇ ਪੁੱਜਦਿਆਂ ਹੀ ਉਹਨਾਂ ਨੂੰ ਪਸੀਨੇ ਛੁੱਟ ਪਏ।

ਉਹਨਾਂ ਦੀਆਂ ਪੈਂਟਾਂ ਲੁਹਾ ਕੇ ਖੁੱਲ੍ਹੇ-ਖੁੱਲ੍ਹੇ ਪਜਾਮੇ ਪਾਏ ਗਏ। ਪਜਾਮਿਆਂ ਵਿੱਚ ਚੂਹੇ ਛੱਡੇ ਗਏ। ਚੂਹਿਆਂ ਦੀਆਂ ਨਹੁੰਦਰਾਂ ਅਤੇ ਦੰਦੀਆਂ ਉਹਨਾਂ ਨੂੰ ਹਾਲੋਂ-ਬੇਹਾਲ ਕਰਨ ਲੱਗੀਆਂ। ਇੱਕ-ਦੋ ਵਾਰ ਉਹਨਾਂ ਚੂਹੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਲਵੰਤ ਦੇ ਡੰਡਿਆਂ ਨੇ ਉਂਗਲਾਂ ਸੁਜਾ ਦਿੱਤੀਆਂ।

ਯਸ਼ ਵਾਂਗ ਉਹ ਵੀ ਚੀਕ-ਚਿਹਾੜਾ ਪਾਉਣ ਲੱਗੇ।

ਸੇਠਾਂ ਦੇ ਮੁੰਡਿਆਂ ਦੀਆਂ ਪਈਆਂ ਪਦੀੜਾਂ ਦੇਖ-ਦੇਖ ਪਾਲਾ ਅਤੇ ਮੀਤਾ ਮੁਸਕੜੀਏ ਹੱਸ ਰਹੇ ਸਨ। ਨੌਕਰਾਂ ਨੂੰ ਗਾਲ੍ਹਾਂ ਕੱਢ ਕੇ ਬੁਲਾਉਣ ਵਾਲੇ ਅਤੇ ਸ਼ੁਗਲ-ਸ਼ੁਗਲ ਵਿੱਚ ਹੀ ਠੁੱਡੇ ਮਾਰ ਦੇਣ ਵਾਲੇ ਨਵਾਬਾਂ ਨੂੰ ਹੁਣ ਪਤਾ ਲੱਗਾ ਹੋਣਾ ਹੈ ਕਿ ਠੁੱਡਾ ਕਿਵੇਂ ਧੁਰ ਅੰਦਰ ਤਕ ਮਾਰ ਕਰਦਾ ਹੈ? ਉਹ ਮੁੰਡਿਆਂ ਦਾ ਤਮਾਸ਼ਾ ਬੜੇ ਸੁਆਦ ਨਾਲ ਦੇਖ ਰਹੇ ਸਨ।

ਜੀਤੀ ਅਤੇ ਨੀਨੂ ਨੂੰ ਕੁੱਝ ਦੇਰ ਸੁਸਤਾਉਣ ਦਾ ਵਕਤ ਦੇ ਕੇ ਬਲਵੰਤ ਥਰ-ਥਰ ਕੰਬਦੀ ਬਾਕੀ ਢਾਣੀ ਵੱਲ ਹੋਇਆ।

ਮੁੰਡਿਆਂ ਨੂੰ ਆਪਣੀ-ਆਪਣੀ ਥਾਂ ਮੂਧੇ ਪੈਣ ਦੀ ਹਦਾਇਤ ਹੋਈ। ਪਹਿਲਾਂ ਪੋਲੇ-ਪੋਲੇ ਚਿੱਤੜਾਂ ’ਤੇ ਚਾਰ-ਚਾਰ ਛਿੱਤਰਾਂ ਦਾ ਪ੍ਰਸ਼ਾਦ ਵਰਤਾਇਆ ਗਿਆ। ਫੇਰ ਉਹਨਾਂ ਨੂੰ ਪੁੱਠਿਓਂ-ਸਿੱਧੇ ਅਤੇ ਸਿੱਧਿਓਂ-ਪੁੱਠੇ ਹੋ ਕੇ ਲੋਟਨੀਆਂ ਖਾਣ ਦਾ ਹੁਕਮ ਹੋਇਆ। ਇਸ ਤਰ੍ਹਾਂ ਲਿਟਦੇ-ਲਿਟਦੇ ਉਹਨਾਂ ਵਿਹੜੇ ਦੇ ਇੱਕ ਖੂੰਜੇ ਤੋਂ ਦੂਜੇ ਖੂੰਜੇ ਤਕ ਜਾਣਾ ਸੀ। ਫੇਰ ਉਧਰੋਂ ਪਹਿਲੇ ਖੂੰਜੇ ਵੱਲ ਆਉਣਾ ਸੀ।

ਮਹਿੰਗੇ-ਮਹਿੰਗੇ ਕੱਪੜੇ ਅਤੇ ਬਣਾ-ਸੰਵਾਰ ਕੇ ਰੱਖੇ ਪਟੇ ਮਿੰਟਾਂ ਵਿੱਚ ਮਿੱਟੀ ’ਚ ਮਿੱਟੀ ਵਰਗੇ ਹੋ ਗਏ। ਗੋਡਿਆਂ ਅਤੇ ਕੂਹਣੀਆਂ ’ਚੋਂ ਖ਼ੂਨ ਸਿੰਮਣ ਲੱਗਾ। ਮਿੱਟੀ ਨਾਲ ਮੂੰਹ ਭਰ ਜਾਣ ਕਾਰਨ ਕਈਆਂ ਨੂੰ ਉਥੂ ਛਿੜ ਪਏ।

ਰਫ਼ਤਾਰ ਮੱਠੀ ਕਰਨ ਵਾਲਿਆਂ ਲਈ ਬਲਵੰਤ ਦਾ ਡੰਡਾ ਹਾਜ਼ਰ ਸੀ। ਜਿਉਂ ਹੀ ਡੰਡਾ ਗਿੱਟਿਆਂ ’ਤੇ ਵੱਜਦਾ, ਝੱਟ ਉਹਨਾਂ ਦੀ ਰਫ਼ਤਾਰ ਤੇਜ਼ ਹੋ ਜਾਂਦੀ।

ਉਹਨਾਂ ਵਿਚੋਂ ਕੋਈ-ਕੋਈ ਬੇਹੋਸ਼ ਹੋਣ ਲੱਗਾ।

ਉਂਜ ਤਾਂ ਉਹਨਾਂ ਦੀ ਸੁਰਤ ਟਿਕਾਣੇ ਲਿਆ ਕੇ ਬਲਵੰਤ ਦੀ ਤਫ਼ਤੀਸ਼ ਮੁਕੰਮਲ ਹੋ ਚੁੱਕੀ ਸੀ। ਫੇਰ ਵੀ ਮੁੰਡਿਆਂ ਨੂੰ ਮਾਨਸਕ ਤਣਾਓ ਵਿੱਚ ਰੱਖਣ ਲਈ ਉਹਨਾਂ ਨੂੰ ਕੱਪੜੇ ਝਾੜ ਕੇ ਦੁਬਾਰਾ ਤਿਆਰ ਰਹਿਣ ਦਾ ਹੁਕਮ ਹੋਇਆ।

ਬਲਵੰਤ ਦਾ ਅਗਲਾ ਕੰਮ ਮੁੰਡਿਆਂ ਦੇ ਸਿਫ਼ਾਰਸ਼ੀਆਂ ਨੂੰ ਮਿਲਣਾ ਸੀ। ਸੰਤਰੀ ਦੱਸ ਰਿਹਾ ਸੀ ਕਿ ਪਹਿਲਵਾਨ ਦੇ ਢਾਬੇ ਤੋਂ ਲੈ ਕੇ ਪਾਂਧੇ ਅਰਜ਼ੀ ਨਵੀਸ ਤਕ ਸਭ ਦੁਕਾਨਾਂ ਸਿਫ਼ਾਰਸ਼ੀਆਂ ਨਾਲ ਭਰੀਆਂ ਪਈਆਂ ਸਨ। ਉਹ ਜਾਏ ਅਤੇ ਉਹਨਾਂ ਨਾਲ ਸੰਪਰਕ ਕਾਇਮ ਕਰੇ।

ਥਾਣਿਉਂ ਬਾਹਰ ਜਾਂਦਾ ਬਲਵੰਤ ਮੁੰਡਿਆਂ ਨੂੰ ਇੱਕ ਵਾਰ ਫੇਰ ਤਾੜਨ ਲੱਗਾ।

“ਤੁਸੀਂ ਦਮ ਮਾਰ ਲਓ। ਕਾਤਲਾਂ ਬਾਰੇ ਸੋਚ ਲਓ। ਕੁੱਝ ਦੱਸਣਾ ਹੋਵੇ ਤਾਂ ਦੱਸ ਦੇਣਾ। ਨਹੀਂ ਅਗਲੇ ਦੌਰ ਦੀ ਤਫ਼ਤੀਸ਼ ਲਈ ਤਿਆਰ ਰਹਿਣਾ।”

ਅਗਲਾ ਦੌਰ ਕੀ ਹੋਵੇਗਾ, ਇਸ ਦੀ ਝਲਕ ਉਹਨਾਂ ਨੂੰ ਨਾਜ਼ਰ ਕੋਲੋਂ ਮਿਲ ਸਕਦੀ ਸੀ, ਜਿਹੜਾ ਖਾੜਕੂਆਂ ਨਾਲ ਨਜਿੱਠ ਰਿਹਾ ਸੀ।

ਖਾੜਕੂਆਂ ਵਿਚੋਂ ਨਾਜ਼ਰ ਨੂੰ ਕੇਵਲ ਉਹੀ ਗਰੁੱਪ ਦਿੱਤਾ ਗਿਆ ਸੀ, ਜਿਹੜੇ ਜਥੇਬੰਦੀ ਦੇ ਅਹੁਦੇਦਾਰ ਸਨ ਜਾਂ ਫੇਰ ਆਪਣੇ ਆਪ ਨੂੰ ਕਾਰਵਾਈਆਂ ਲਈ ਸਹੀ ਠਹਿਰਾ ਰਹੇ ਸਨ।

ਉਹ ਸਾਰੇ ਮੁੰਡੇ ਜਿਹੜੇ ਪੁਲਿਸ ਦੇ ਪਹਿਲੇ ਦਬਕੇ ਨਾਲ ਹੀ ਆਪਣਾ ਸੰਤੁਲਨ ਗਵਾ ਬੈਠੇ ਸਨ ਅਤੇ ਜਥੇਬੰਦੀ ਵਿੱਚ ਸ਼ਾਮਲ ਹੋਣ ਦੇ ਆਪਣੇ ਉਦੇਸ਼ ਨੂੰ ਫਟਾ-ਫਟ ਦੱਸ ਚੁੱਕੇ ਸਨ, ਉਹਨਾਂ ਨੂੰ ਇੱਕ ਪਾਸੇ ਕਰ ਲਿਆ ਗਿਆ ਸੀ।

ਪਾਸ ਕੀਤੇ ਗਏ ਮੁੰਡਿਆਂ ਵਿਚੋਂ ਇੱਕ ਨੇ ਦੱਸਿਆ ਕਿ ਉਸ ਦਾ ਕੱਪੜੇ ਵਾਲੇ ਭਾਪੇ ਦੀ ਕੁੜੀ ਨਾਲ ਇਸਕ ਸੀ। ਬਲਬੀਰੋ ਪਰੀਆਂ ਵਰਗੀ ਕੁੜੀ ਸੀ। ਹੱਥ ਲਾਇਆਂ ਮੈਲੀ ਹੁੰਦੀ ਸੀ। ਬਲਬੀਰੋ ਨੂੰ ਹੀਰੋ ਮਾਰਕਾ ਮੁੰਡੇ ਪਸੰਦ ਸਨ। ਮੁੰਡਾ ਕੋਈ ਹੋਰ ਮਾਰਕਾ ਮਾਰਨ ਦੇ ਤਾਂ ਕਾਬਲ ਨਹੀਂ ਸੀ, ਉਹ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ। ਬਲਬੀਰੋ ਨੂੰ ਦਿਖਾਉਣ ਲਈ ਉਹ ਜਥੇਬੰਦੀ ਦੇ ਉਹਨਾਂ ਸਾਰੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦਾ ਸੀ, ਜਿਥੇ ਬਲਬੀਰੋ ਹਾਜ਼ਰ ਹੁੰਦੀ ਸੀ। ਜਥੇਬੰਦੀ ਦੇ ਗੁਪਤ ਪ੍ਰੋਗਰਾਮਾਂ ਵਿੱਚ ਉਸ ਨੇ ਕਦੇ ਹਿੱਸਾ ਨਹੀਂ ਲਿਆ। ਜਦੋਂ ਦੀ ਬਲਬੀਰੋ ਬੀ.ਏ.ਕਰ ਕੇ ਯੂਨੀਵਰਸਿਟੀ ਚਲੀ ਗਈ ਸੀ, ਉਸ ਨੇ ਵੀ ਜਥੇਬੰਦੀ ਛੱਡ ਦਿੱਤੀ ਸੀ।

ਦੂਜੇ ਦੇ ਹਿਸਾਬ ਦੇ ਲੈਕਚਰ ਘੱਟ ਸਨ। ਹਿਸਾਬ ਵਾਲਾ ਪ੍ਰੋਫ਼ੈਸਰ ਕਿਸੇ ਤਰ੍ਹਾਂ ਵੀ ਹਾਜ਼ਰੀਆਂ ਪੂਰੀਆਂ ਕਰਨ ਨੂੰ ਤਿਆਰ ਨਹੀਂ ਸੀ। ਕਿਧਰੇ ਇਮਤਿਹਾਨ ਵਿੱਚ ਹੀ ਬੈਠਣ ਤੋਂ ਨਾ ਰਹਿ ਜਾਏ, ਇਸ ਲਈ ਉਹ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ। ਡਰਦੇ ਪ੍ਰੋਫ਼ੈਸਰ ਨੇ ਲੈਕਚਰ ਪੂਰੇ ਕਰ ਦਿੱਤੇ। ਹੁਣ ਉਹ ਜਥੇਬੰਦੀ ਨੂੰ ਭੁਲਾ ਕੇ ਪੜ੍ਹਾਈ ਵਿੱਚ ਮਸਰੂਫ਼ ਸੀ। ਉਹ ਸਾਇੰਸ ਦਾ ਵਿਦਿਆਰਥੀ ਸੀ। ਪਹਿਲਾਂ ਹੀ ਬਥੇਰਾ ਨੁਕਸਾਨ ਹੋ ਗਿਆ ਸੀ।

ਨਾਜ਼ਰ ਹਵਾਲੇ ਹੋਏ ਮੁੰਡੇ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ ਸਨ। ਉਹ ਅਡੋਲ ਅਤੇ ਸ਼ਾਂਤ-ਚਿੱਤ ਖੜੇ ਸਨ।

ਨਾਜ਼ਰ ਦੀ ਡਿਊਟੀ ਉਹਨਾਂ ਦੇ ਮੂੰਹ ਖੁਲ੍ਹਾਉਣ ਦੀ ਸੀ।

“ਮੈਂ ਚਾਹੁੰਦਾ ਸਾਂ ਕਿ ਤੁਸੀਂ ਬਿਨਾਂ ਨਾਜ਼ਰ ਦੇ ਹੱਥ ਦੇਖੇ ਹੀ ਸਭ ਕੁੱਝ ਬਕ ਦੇਵੋ। ਮੈਂ ਹਿਸਾਬ ਦਾ ਪ੍ਰੋਫ਼ੈਸਰ ਤਾਂ ਹਾਂ ਨਹੀਂ ਬਈ ਸੋਥੋਂ ਡਰ ਜਾਊਂਗਾ। ਮੈਂ ਤਾਂ ਥੋਡੇ ਅੰਦਰਲੇ ਭੂਤ ਬੁਲਾ ਕੇ ਹੀ ਛੱਡੂੰ।”

ਸੋਚਣ ਦਾ ਕੁੱਝ ਵਕਤ ਦੇ ਕੇ ਨਾਜ਼ੁਰ ਕੁਆਰਟਰ ਚਲਾ ਗਿਆ। ਖ਼ਤਰਨਾਕ ਜਥੇਬੰਦੀ ਦੇ ਕਾਰਕੁਨਾਂ ਦੀ ਤਫ਼ਤੀਸ਼ ਲਈ ਹੌਸਲੇ ਦੀ ਜ਼ਰੂਰਤ ਸੀ। ਹੌਸਲੇ ਲਈ ਵਿਸਕੀ ਦਾ ਸਹਾਰਾ ਲੈਣਾ ਪੈਣਾ ਸੀ। ਉਸ ਨੇ ਦੋ ਵੱਡੇ ਸਾਰੇ ਪੈੱਗ ਅੰਦਰ ਸੁੱਟੇ ਅਤੇ ਨਮਕੀਨ ਪਕੌੜੀਆਂ ਚਬਾਉਂਦਾ ਉਹਨੀਂ ਪੈਰੀਂ ਵਾਪਸ ਮੁੜ ਆਇਆ।

“ਲੈ ਬਈ ਪ੍ਰਧਾਨ, ਪਹਿਲਾਂ ਫੇਰ ਤੂੰ ਹੀ ਤਿਆਰ ਹੋ।” ਡੰਡੇ ਦੇ ਇਸ਼ਾਰੇ ਨਾਲ ਉਸ ਨੇ ਇੱਕ ਸੋਹਣੇ-ਸੁਨੱਖੇ ਅਤੇ ਸਰੂ ਦੇ ਕੱਦ ਵਰਗੇ ਉੱਚੇ-ਲੰਬੇ ਮੁੰਡੇ ਨੂੰ ਅੱਗੇ ਬੁਲਾਇਆ।

ਮੁੰਡਾ ਬਿਨਾਂ ਝਿਜਕ ਨਾਜ਼ਰ ਵੱਲ ਵਧਿਆ।

“ਕੱਪੜੇ ਲਾਹ ਤੇ ਕੰਬਲ ਵੱਲ ਹੋ … ।”

“ਤੂੰ ਮੀਤਿਆ, ਉਹ ਕਿੱਲੋਮੀਟਰ ਲਿਆ …”  ਰੁਕ-ਰੁਕ ਕੇ ਨਾਜ਼ਰ ਨੇ ਦੋਹਾਂ ਨੂੰ ਹੁਕਮ ਸੁਣਾਏ।

ਮੁੰਡਾ ਕੱਪੜੇ ਲਾਹੁਣ ਨੂੰ ਤਿਆਰ ਨਹੀਂ ਸੀ। ਮੀਤਾ ਕਿੱਲੋਮੀਟਰ ਨਾਂ ਦਾ ਇੱਕ ਫੱਟਾ ਚੁੱਕ ਲਿਆਇਆ ਸੀ। ਪਾਲੇ ਨੇ ਕੰਬਲ ਵਿਛਾ ਦਿੱਤਾ ਸੀ। ਦੋ-ਤਿੰਨ ਸਿਪਾਹੀ ਕੰਬਲ ਦੁਆਲੇ ਆ ਖੜੋਤੇ ਸਨ।

“ਅੰਡਰ-ਵੀਅਰ ਅਤੇ ਬਨੈਣ ਵੀ ਲਾਹ ਦੇ …”  ਨਾਜ਼ਰ ਦੇ ਇਸ ਹੁਕਮ ਦੀ ਪ੍ਰਧਾਨ ਨੇ ਕੋਈ ਪ੍ਰਵਾਹ ਨਾ ਕੀਤੀ।

ਪ੍ਰਧਾਨ ਦਾ ਸ਼ਰਮਾਕਲ ਸੁਭਾਅ ਸਾਰੇ ਕਾਲਜ ਵਿੱਚ ਮਸ਼ਹੂਰ ਸੀ। ਪੰਜਾਂ ਭੈਣਾਂ ਦੇ ਇਕੋ-ਇੱਕ ਭਰਾ ਵਿੱਚ ਬਹੁਤੀਆਂ ਆਦਤਾਂ ਕੁੜੀਆਂ ਵਾਲੀਆਂ ਹੀ ਸਨ। ਕਦੇ ਪਿੰਜਣੀ ਵੀ ਨੰਗੀ ਹੋ ਜਾਵੇ ਤਾਂ ਉਹ ਪਾਣੀ-ਪਾਣੀ ਹੋ ਜਾਂਦਾ। ਆਪਣੇ ਜਮਾਤੀਆਂ ਸਾਹਮਣੇ ਅਲਫ਼-ਨੰਗਾ ਹੋਣ ਨਾਲੋਂ ਉਸ ਲਈ ਮਰਨਾ ਚੰਗਾ ਸੀ।

“ਅਸੀਂ ਫੇਰ ਦੂਜੇ ਲੋਟ ਵੀ ਲਾਹ ਦਿਆਂਗੇ … ।” ਆਪਣੇ ਹੱਥ ’ਚ ਫੜੇ ਡੰਡੇ ਨੂੰ ਪ੍ਰਧਾਨ ਦੇ ਅੰਡਰ-ਵੀਅਰ ਵਿੱਚ ਅੜਾਉਂਦੇ ਨਾਜ਼ਰ ਨੇ ਸਖ਼ਤੀ ਵਰਤਣੀ ਸ਼ੁਰੂ ਕੀਤੀ। ਵਿਸਕੀ ਆਪਣਾ ਰੰਗ ਦਿਖਾਉਣ ਲੱਗੀ ਸੀ। ਉਸ ਦੇ ਹੌਸਲੇ ਬੁਲੰਦ ਸਨ।

“ਜਿਹੜੀ-ਜਿਹੜੀ ਕਾਰਵਾਈ ਸਾਡੀ ਜਥੇਬੰਦੀ ਨੇ ਕੀਤੀ ਹੈ, ਉਹ ਸਾਰੀ ਮੈਂ ਦੱਸ ਚੁੱਕਾ ਹਾਂ। ਸਾਡਾ ਬੰਟੀ ਦੇ ਕਤਲ ਨਾਲ ਕੋਈ ਸੰਬੰਧ ਨਹੀਂ। ਨਾ ਹੀ ਕੋਈ ਸੱਚਾ ਸਿੱਖ ਮਾਸੂਮਾਂ ਦਾ ਕਤਲ ਕਰ ਸਕਦੈ … । ਇਹ ਕਿਸੇ ਮੁਜਰਮ ਦਾ ਕੰਮ ਹੈ … ।” ਆਪਣੇ ਪਹਿਲੇ ਬਿਆਨ ਨੂੰ ਪ੍ਰਧਾਨ ਨੇ ਫੇਰ ਦੁਹਰਾਇਆ।

ਉਹ ਪਹਿਲਾਂ ਹੀ ਦੱਸ ਚੁੱਕਾ ਸੀ ਕਿ ਉਹਨਾਂ ਦੀ ਜਥੇਬੰਦੀ ਨੇ ਸਿਗਰਟਾਂ ਦੀਆਂ ਦੁਕਾਨਾਂ ਬੰਦ ਕਰਵਾਉਣ, ਮੀਟ ਵਾਲਿਆਂ ਨੂੰ ਕਿੱਤਾ ਬਦਲਣ ਅਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਸ਼ਰਾਬ ਵੇਚਣੋਂ ਹਟਣ ਦੀਆਂ ਧਮਕੀਆਂ ਜ਼ਰੂਰ ਦਿੱਤੀਆਂ ਹਨ। ਉਹ ਬਰਾਤ ਦੀ ਗਿਣਤੀ ਦਸਾਂ ਬੰਦਿਆਂ ਤੋਂ ਵਧਾਉਣ ਦੇ ਹੱਕ ਵਿੱਚ ਹੀ ਨਹੀਂ ਸਨ।

ਜਿਹੜੇ ਦੁਕਾਨਦਾਰਾਂ ਨੇ ਉਹਨਾਂ ਦੀ ਧਮਕੀ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੂੰ ਜਥੇਬੰਦੀ ਨੇ ਜ਼ਰੂਰ ਸੋਧਿਆ ਸੀ। ਠੇਕੇ ਲੁੱਟੇ ਸਨ, ਖੋਖੇ ਸਾੜੇ ਸਨ ਅਤੇ ਸਿਗਰਟਾਂ ਵਾਲਿਆਂ ਨੂੰ ਸ਼ਹਿਰੋਂ ਭਜਾਇਆ ਸੀ। ਇੱਕ-ਦੋ ਬਰਾਤਾਂ ਨੂੰ ਬਰੰਗ ਭਿਜਵਾਇਆ ਸੀ।

ਖਾੜਕੂਆਂ ਦੀ ਹੋਰ ਕਿਸੇ ਯੋਜਨਾਂ ’ਤੇ ਉਹਨਾਂ ਨੇ ਧਿਆਨ ਨਹੀਂ ਸੀ ਦਿੱਤਾ। ਨਾ ਕਿਸੇ ਤੋਂ ਫਰੌਤੀ ਮੰਗੀ ਸੀ, ਨਾ ਕਿਸੇ ਨੂੰ ਇਸ ਲਈ ਤੰਗ ਕੀਤਾ ਸੀ ਕਿ ਉਹ ਕਿਸੇ ਇੱਕ ਖ਼ਾਸ ਤਬਕੇ ਨਾਲ ਸੰਬੰਧ ਰੱਖਦਾ ਸੀ।

ਇਸੇ ਲਈ ਸ਼ਹਿਰ ਵਿੱਚ ਅਮਨ ਸੀ।

ਇਸ ਬਿਆਨ ’ਤੇ ਨਾ ਐਸ.ਐਚ.ਓ.ਦੀ ਤਸੱਲੀ ਹੋਈ, ਨਾ ਨਾਜ਼ਰ ਦੀ ਹੋਈ। ਉਹਨਾਂ ਨੂੰ ਇਕੋ ਤਸੱਲੀ ਸੀ ਕਿ ਮੁੰਡੇ ਇਕਬਾਲ ਕਰਨ ਲੱਗੇ ਸਨ। ਥੋੜ੍ਹੀ ਜਿਹੀ ਸਖ਼ਤੀ ਨਾਲ ਬੰਟੀ ਦਾ ਕਤਲ ਵੀ ਨਿਕਲ ਆਉਣਾ ਸੀ।

‘ਕਿੱਲੋਮੀਟਰ’ ਲਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਸਨ। ਇਹ ਦੇਖ ਕੇ ਨਾਜ਼ਰ ਨੇ ਪਾਲੇ ਨੂੰ ਪ੍ਰਧਾਨ ਦਾ ਅੰਡਰ-ਵੀਅਰ ਲਾਹੁਣ ਦਾ ਹੁਕਮ ਦਿੱਤਾ।

ਜਿਉਂ ਹੀ ਅੱਗੇ ਵਧ ਕੇ ਪਾਲਾ ਪ੍ਰਧਾਨ ਦੇ ਅੰਡਰ-ਵੀਅਰ ਨੂੰ ਹੱਥ ਪਾਉਣ ਲੱਗਾ, ਇੱਕ ਕਰਾਰਾ ਜਿਹਾ ਥੱਪੜ ਉਸ ਦੀ ਸੱਜੀ ਗੱਲ੍ਹ ’ਤੇ ਪਿਆ

ਟੀਂ-ਟੀਂ ਕਰਦੇ ਕੰਨ ਨਾਲ ਪਾਲਾ ਪਿਛਾਂਹ ਹਟ ਗਿਆ।

ਨਾਜ਼ਰ ਨੂੰ ਲੱਗਾ ਜਿਵੇਂ ਇਹ ਥੱਪੜ ਪਾਲੇ ਦੇ ਨਹੀਂ, ਉਸ ਦੀ ਆਪਣੀ ਗੱਲ੍ਹ ’ਤੇ ਪਿਆ ਸੀ। ਕੋਈ ਸਾਧਾਰਨ ਮੁਜਰਮ ਹੁੰਦਾ ਤਾਂ ਨਾਜ਼ਰ ਨੇ ਹੁਣ ਤਾਈਂ ਉਸ ਨੂੰ ਬੋਕ ਵਾਂਗ ਢਾਹਿਆ ਹੁੰਦਾ। ਖਾੜਕੂ ਜਥੇਬੰਦੀ ਦੇ ਪ੍ਰਧਾਨ ਨਾਲ ਵਾਹ ਪੈਣ ਕਰਕੇ ਉਸ ਨੂੰ ਗ਼ੁੱਸਾ ਪੀਣਾ ਪਿਆ।

“ਨਹੀਂ ਲਾਹੁੰਦਾ ਨਾ ਸਹੀ।” ਮਨ ਨਾਲ ਸਮਝੌਤਾ ਕਰ ਕੇ ਨਾਜ਼ਰ ਨੇ ਪ੍ਰਧਾਨ ਨੂੰ ਕੰਬਲ ’ਤੇ ਬੈਠ ਕੇ ਟੰਗਾਂ ਸਿਧੀਆਂ ਕਰਨ ਦਾ ਹੁਕਮ ਦਿੱਤਾ।

ਪ੍ਰਧਾਨ ਹਰ ਤਰ੍ਹਾਂ ਦੇ ਤਸੀਹੇ ਸਹਿਣ ਲਈ ਤਿਆਰ ਸੀ।

ਆਮ ਤੌਰ ’ਤੇ ਕਿੱਲੋਮੀਟਰ ਲਾਉਣ ਲੱਗਿਆਂ ਕੇਸ ਖੁਲ੍ਹਾ ਲਏ ਜਾਂਦੇ ਹਨ। ਜੂੜਾ ਖੋਲ ਕੇ ਕੇਸਾਂ ਨੂੰ ਇੱਕ ਸਿਪਾਹੀ ਆਪਣੇ ਹੱਥਾਂ ਵਿੱਚ ਫੜ ਲੈਂਦਾ ਹੈ ਤਾਂ ਜੋ ਤਕਲੀਫ਼ ਹੋਣ ’ਤੇ ਛਟਪਟਾਉਂਦੇ ਬੰਦੇ ਨੂੰ ਕਾਬੂ ਰੱਖਿਆ ਜਾ ਸਕੇ। ਅੰਡਰ-ਵੀਅਰ ਦੇ ਤਜਰਬੇ ਤੋਂ ਘਬਰਾਏ ਨਾਜ਼ਰ ਦੀ ਹਿੰਮਤ ਨਹੀਂ ਸੀ ਪਈ ਕਿ ਉਹ ਪ੍ਰਧਾਨ ਦੇ ਕੇਸਾਂ ਨੂੰ ਹੱਥ ਲਾ ਜਾਏ। ਉਹ ਪ੍ਰਧਾਨ ਦੀ ਪੱਗ ਲੁਹਾਉਣ ਤੋਂ ਵੀ ਝਿਜਕਿਆ।

ਪ੍ਰਧਾਨ ਦੇ ਹੱਥਾਂ ਨੂੰ ਢੂਹੀ ’ਤੇ ਲਿਜਾ ਕੇ ਬੰਨ੍ਹ ਦਿੱਤਾ ਗਿਆ। ਗੁੱਟਾਂ ’ਤੇ ਬੰਨ੍ਹੇ ਪਰਨੇ ਨੂੰ ਇੱਕ ਸਿਪਾਹੀ ਨੇ ਚੰਗੀ ਤਰ੍ਹਾਂ ਫੜ ਲਿਆ।

ਕਿੱਲੋਮੀਟਰ ਪ੍ਰਧਾਨ ਦੇ ਪੱਟਾਂ ’ਤੇ ਰੱਖਿਆ ਗਿਆ।

ਫੱਟੇ ਦੇ ਦੋਹਾਂ ਸਿਰਿਆਂ ’ਤੇ ਪਹਿਲਾਂ ਦੋ ਮੋਟੇ ਸਿਪਾਹੀਆਂ ਨੇ ਚੜ੍ਹਨਾ ਸੀ। ਜੇ ਬਹੁਤਾ ਨਹੀਂ ਤਾਂ ਉਹਨਾਂ ਦਾ ਭਾਰ ਕੁਇੰਟਲ-ਕੁਇੰਟਲ ਜ਼ਰੂਰ ਹੋਏਗਾ। ਜਿਵੇਂ ਉਹਨਾਂ ਨੂੰ ਇਸੇ ਕੰਮ ਲਈ ਪਾਲਿਆ ਗਿਆ ਸੀ।

ਪ੍ਰਧਾਨ ਦੇ ਖੱਬੇ-ਸੱਜੇ ਖੜੇ ਸਿਪਾਹੀਆਂ ਨੇ ਪਹਿਲਾਂ ਇੱਕ-ਇੱਕ ਪੈਰ ਫੱਟੇ ’ਤੇ ਧਰਿਆ। ਇੱਕ-ਇੱਕ ਦੋ-ਦੋ ਜੰਪ ਮਾਰ ਕੇ ਉਹ ਇਕਦਮ ਫੱਟੇ ’ਤੇ ਚੜ੍ਹ ਗਏ।

ਦਰਦ ਨਾ ਸਹਾਰਦੇ ਹੋਏ ਪ੍ਰਧਾਨ ਦੀਆਂ ਸਾਰੀਆਂ ਨਸਾਂ ਕੱਸੀਆਂ ਗਈਆਂ। ਸਾਰਾ ਸਰੀਰ ਸੂਹਾ ਹੋ ਗਿਆ। ਅੱਖਾਂ ਵਿੱਚ ਪਾਣੀ ਸਿੰਮ ਪਿਆ। ਦਿਲ ਦੀ ਧੜਕਣ ਸਾਫ਼ ਸੁਣਾਈ ਦੇਣ ਲੱਗੀ।

ਪ੍ਰਧਾਨ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਕਿ ਮੂੰਹ ਵਿਚੋਂ ਕੋਈ ਚੀਕ ਨਾ ਨਿਕਲ ਸਕੇ। ਉਹ ਦੰਦਾਂ ਹੇਠ ਜੀਭ ਲਈ ਪਾਠ ਕਰਦਾ ਰਿਹਾ। ਉਹ ਕਾਫ਼ੀ ਹੱਦ ਤਕ ਕਾਮਯਾਬ ਸੀ। ਫੇਰ ਵੀ ਕਦੇ-ਕਦੇ ਕਰਾਹੁਣ ਦੀ ਆਵਾਜ਼ ਨਿਕਲ ਹੀ ਜਾਂਦੀ।

“ਕੁਝ ਬਕਦੈਂ … ਜਾਂ ਹੋਰ ਨਜ਼ਾਰਾ ਦੇਖਣੈ …”  ਪ੍ਰਧਾਨ ਨੂੰ ਕੇਸਾਂ ਦੀ ਥਾਂ ਗਲੇ ਤੋਂ ਫੜ ਕੇ ਨਾਜ਼ਰ ਨੇ ਆਪਣਾ ਪ੍ਰਸ਼ਨ ਦੁਹਰਾਇਆ।

“ਜੋ ਸੀ ਦੱਸ ਦਿੱਤਾ … ਹੋਰ ਕੁੱਝ ਨਹੀਂ ਪਤਾ …”

“ਚਲੋ ਬਈ ਤੁਸੀਂ ਵੀ …”  ਪਾਲੇ ਅਤੇ ਮੀਤੇ ਨੂੰ ਬਾਹੋਂ ਫੜ-ਫੜ ਫੱਟੇ ’ਤੇ ਚੜ੍ਹਾਉਂਦੇ ਨਾਜ਼ਰ ਨੇ ਸਖ਼ਤੀ ਵਧਾਈ।

ਫੱਟੇ ਹੇਠ ਕਿੜ-ਕਿੜ ਹੋਣ ਲੱਗੀ। ਮੀਤੇ ਨੂੰ ਲੱਗਾ, ਪ੍ਰਧਾਨ ਦੀਆਂ ਹੱਡੀਆਂ ਟੁੱਟ ਰਹੀਆਂ ਸਨ। ਉਹ ਡਰਦਾ ਹੇਠਾਂ ਉਤਰ ਗਿਆ। ਪਿੱਛੇ ਹੀ ਸਿਪਾਹੀ ਵੀ ਉਤਰ ਗਏ। ਪ੍ਰਧਾਨ ਬੇਹੋਸ਼ ਹੋਣ ਵਾਲਾ ਹੀ ਸੀ।

ਮੁੜ ਉਹੋ ਕਾਰਵਾਈ ਦੁਹਰਾਈ ਗਈ। ਪੱਟਾਂ ’ਤੇ ਤੇਲ ਦੀਆਂ ਮਾਲਿਸ਼ਾਂ, ਦੁੱਧ ਦਾ ਗਲਾਸ ਅਤੇ ਸਿਪਾਹੀਆਂ ਦੇ ਮੋਢਿਆਂ ਦੇ ਸਹਾਰੇ ਥਾਣੇ ਦੇ ਚੱਕਰ।

ਦੂਜੇ ਕਾਰਕੁਨਾਂ ’ਤੇ ਹੋਏ ਤਸ਼ੱਦਦ ਵੀ ਵਿਅਰਥ ਗਏ।

ਹੰਭ ਕੇ ਨਾਜ਼ਰ ਬੈਠ ਗਿਆ। ਉਸ ਨੂੰ ਘਬਰਾਹਟ ਹੋਣ ਲੱਗੀ। ਲੱਗਦਾ ਸੀ ਬਲੱਡ ਪ੍ਰੈਸ਼ਰ ਜ਼ਿਆਦਾ ਹੀ ਹਾਈ ਹੋ ਗਿਆ ਸੀ। ਕਹਾਣੀ ਤਾਂ ਅੱਗੇ ਤੁਰ ਹੀ ਨਹੀਂ ਸੀ ਰਹੀ। ਕੁੱਝ ਘੜੀਆਂ ਸੁਸਤਾਉਣ ਲਈ ਉਹ ਆਪਣੇ ਕੁਆਰਟਰ ਚਲਿਆ ਗਿਆ।

ਪ੍ਰਗਤੀਵਾਦੀਆਂ ਦੁਆਲੇ ਲਾਲ ਸਿੰਘ ਖ਼ੁਦ ਹੋਇਆ ਹੋਇਆ ਸੀ।

ਉਹ ਮੁੰਡਿਆਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਕਿ ਮੁੰਡੇ ਤਾਂ ਵੀ, ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਵੀ ਪੁਲਿਸ ਨਾਲ ਪੰਗਾ ਲੈਣ ਦੀ ਜੁਰਅਤ ਨਾ ਕਰਨ।

ਇਸ ਜਥੇਬੰਦੀ ਦੇ ਅੱਠ ਮੁੰਡੇ ਪੁਲਿਸ ਦੇ ਹੱਥ ਆਏ ਸਨ। ਨਾਂ ਪਤਾ ਪੁੱਛਣ ’ਤੇ ਪਤਾ ਲੱਗਾ, ਕੋਈ ਸਾਂਸੀਆਂ ਦਾ ਮੁੰਡਾ ਸੀ, ਕੋਈ ਮਿਸਤਰੀਆਂ ਦਾ, ਕੋਈ ਪੰਡਤਾਂ ਦਾ ਅਤੇ ਕੋਈ ਸਿੱਖਾਂ ਦਾ। ਲਾਲ ਸਿੰਘ ਨੂੰ ਯਕੀਨ ਨਹੀਂ ਸੀ ਆਇਆ। ਦੇਖਣ ਨੂੰ ਸਭ ਇਕੋ ਜਿਹੇ ਲੱਗਦੇ ਸਨ। ਸਭ ਦੇ ਕੇਸ ਕੱਟੇ ਹੋਏ ਅਤੇ ਦਾੜ੍ਹੀ ਥੋੜ੍ਹੀ-ਥੋੜ੍ਹੀ ਵਧਾਈ ਹੋਈ ਸੀ। ਕੇਸ ਦਾੜ੍ਹੀ ਦਾ ਸਟਾਈਲ ਉਹਨਾਂ ਬੰਦਿਆਂ ਨਾਲ ਹੂ-ਬ-ਹੂ ਮਿਲਦਾ ਸੀ, ਜਿਹੜੇ ਉਸ ਦਿਨ ਬਾਬੇ ਦੁਆਲੇ ਬੰਦੂਕਾਂ ਤਾਣੀ ਖੜੇ ਸਨ। ਫ਼ਰਕ ਸੀ ਤਾਂ ਕੇਵਲ ਉਮਰ ਵਿੱਚ। ਇਹ ਅੱਲ੍ਹੜ ਸਨ, ਪਰ ਉਹ ਪੱਕੀ ਉਮਰ ਦੇ ਸਨ।

ਲਾਲ ਸਿੰਘ ਨੂੰ ਗੋਲੀ ਚਲਾਉਣ ਵਾਲਿਆਂ ’ਤੇ ਬਹੁਤ ਗ਼ੁੱਸਾ ਸੀ, ਪਰ ਉਹ ਸਨ ਕੌਣ, ਇਸ ਦਾ ਥਹੁ ਪਤਾ ਨਹੀਂ ਸੀ ਲੱਗ ਰਿਹਾ। ਨਾ ਬਾਬੇ ਨੇ ਜ਼ੁਬਾਨ ਖੋਲ੍ਹੀ ਸੀ, ਨਾ ਇਹਨਾਂ ਮੁੰਡਿਆਂ ਨੇ ਕੋਈ ਰਾਹ ਦਿੱਤਾ ਸੀ। ਇੱਕ ਵਾਰ ਉਹ ਮਿਲ ਜਾਂਦੇ ਤਾਂ ਲਾਲ ਸਿੰਘ ਮਾਰ-ਮਾਰ ਕੇ ਉਹਨਾਂ ਨੂੰ ਨਹਿਰਾਂ ’ਚ ਕਿਹੜਾ ਨਾ ਸੁੱਟ ਆਉਂਦਾ। ਉਹਨਾਂ ਨੇ ਪੁਲਿਸ ਦੀ ਸਾਰੀ ਯੋਜਨਾ ਮਿੱਟੀ ਵਿੱਚ ਮਿਲਾ ਦਿੱਤੀ ਸੀ। ਮੁੜ ਬਾਬਾ ਹੀਰੋ ਬਣਦਾ ਜਾ ਰਿਹਾ ਸੀ।

ਲਾਲ ਸਿੰਘ ਨੂੰ ਬੰਟੀ ਦੇ ਕਾਤਲਾਂ ਸੰਬੰਧੀ ਤਾਂ ਇਹਨਾਂ ਤੋਂ ਪੁੱਛ-ਗਿੱਛ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਉਹ ਬਾਬੇ ਦੇ ਸਮਰਥਕਾਂ ਦੇ ਨਾਂ ਪਤੇ ਪੁੱਛਣ ਅਤੇ ਪੁਲਿਸ ਦਾ ਵਿਰੋਧ ਕਰਨ ਦਾ ਸੁਆਦ ਹੀ ਉਹਨਾਂ ਨੂੰ ਚਖਾਉਣਾ ਚਾਹੁੰਦਾ ਸੀ।

ਸ਼ਰਾਫ਼ਤ ਨਾਲ ਕੋਈ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ ਸੀ। ਜਿਸ ਨੂੰ ਵੀ ਲਾਲ ਸਿੰਘ ਨੇ ਪੁੱਛਿਆ, ਉਹ ਪਾਰਟੀ ਦਾ ਸੰਵਿਧਾਨ ਸੁਣਾਉਣ ਲੱਗਾ।

ਉਹਨਾਂ ਦੀ ਜਥੇਬੰਦੀ ਜਾਤ ਦੇ ਆਧਾਰ ’ਤੇ ਨਹੀਂ, ਸਮਾਜ ਦੇ ਆਧਾਰ ’ਤੇ ਸਮਾਜ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ। ਉਹ ਉਪਰਲੀ ਜਮਾਤ ਵੱਲੋਂ ਹੇਠਲੀ ਜਮਾਤ ਦੀ ਲੁੱਟ ਦੇ ਖ਼ਿਲਾਫ਼ ਸਨ। ਉਹ ਮਿਹਨਤਕਸ਼ਾਂ ਨੂੰ ਆਪਣਾ ਹੱਕ ਦਿਵਾਉਣ ਲਈ ਜੂਝ ਰਹੇ ਸਨ। ਇਸ ਲਕਸ਼ ਦੀ ਪ੍ਰਾਪਤੀ ਲਈ ਉਹ ਲੋਕ-ਪੱਖੀ ਸਾਹਿਤ ਦਾ ਪ੍ਰਚਾਰ ਕਰਦੇ ਸਨ। ਉਹਨਾਂ ਆਪਣੇ ਦਫ਼ਤਰ ਵਿੱਚ ਇੱਕ ਛੋਟੀ ਜਿਹੀ ਲਾਇਬਰੇਰੀ ਖੋਲ੍ਹੀ ਹੋਈ ਹੈ। ਉਥੇ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਤੋਂ ਇਲਾਵਾ ਗੋਰਕੀ ਅਤੇ ਚੈਖੋਵ ਵਰਗੇ ਮਹਾਨ ਸਾਹਿਤਕਾਰਾਂ ਦੀਆਂ ਪੁਸਤਕਾਂ ਰੱਖੀਆਂ ਹੋਈਆਂ ਹਨ। ਉਹ ਲੱਚਰ ਅਤੇ ਗੰਦੇ ਗੀਤਾਂ ਦੀ ਥਾਂ ਪਲਸ ਮੰਚ ਦੀਆਂ ਭਰੀਆਂ ਟੇਪਾਂ ਲੋਕਾਂ ’ਚ ਵੰਡਦੇ ਹਨ।

ਉਹਨਾਂ ਤਰਕਸ਼ੀਲ ਸੋਸਾਇਟੀ ਵੀ ਬਣਾਈ ਹੋਈ ਹੈ। ਲੋਕਾਂ ਨੂੰ ਟੂਣੇ-ਟਾਮਣਾਂ ਅਤੇ ਵਹਿਮਾਂ- ਭਰਮਾਂ ਤੋਂ ਸੁਚੇਤ ਕਰਨ ਲਈ ਉਹ ਸਾਧਾਂ-ਸੰਤਾਂ ਨੂੰ ਵੰਗਾਰਦੇ ਹਨ। ਬਹੁਤ ਲੋਕਾਂ ਨੂੰ ਉਹ ਸਿੱਧੇ ਰਾਹ ਪਾ ਚੁੱਕੇ ਹਨ। ਦੋ ਮਹੀਨੇ ਪਹਿਲਾਂ ਹੀ ਉਹਨਾਂ ਉਹ ਟਾਹਲੀਆਂ ਪੁੱਟ ਕੇ ਸੁੱਟੀਆਂ ਹਨ,’ ਜਿਨ੍ਹਾਂ ਬਾਰੇ ਮਸ਼ਹੂਰ ਸੀ ਕਿ ਉਥੇ ਪੰਜ ਪੀਰ ਰਹਿੰਦੇ ਸਨ। ਜਿਹੜਾ ਵੀ ਟਾਹਲੀ ਨੂੰ ਪੁੱਟੂ, ਉਸ ਨੂੰ ਉਥੇ ਹੀ ਚਿੱਤ ਕਰ ਦੇਣਗੇ। ਕਰਾਮਾਤ ਦਿਖਾ ਕੇ ਕੋਈ ਵੀ ਸੋਸਾਇਟੀ ਤੋਂ ਦਸ ਹਜ਼ਾਰ ਹਾਸਲ ਕਰ ਸਕਦਾ ਹੈ।

ਉਹ ਖਾੜਕੂ ਜਥੇਬੰਦੀਆਂ ਵਾਂਗ ਧਰਮ-ਪ੍ਰਚਾਰ ਨਹੀਂ ਕਰਦੇ। ਉਹ ਤਾਂ ਗੁਰਸ਼ਰਨ ਭਾਅ ਦੇ ਡਰਾਮੇ ਕਰਾ ਕੇ ਲੋਕਾਂ ਨੂੰ ਲੋਕ-ਮੁਕਤੀ ਦਾ ਰਾਹ ਦੱਸਦੇ ਹਨ।

ਲਾਲ ਸਿੰਘ ਉਹਨਾਂ ਦੀਆਂ ਸਪੀਚਾਂ ਸੁਣ-ਸੁਣ ਅੱਕ ਗਿਆ ਸੀ। ਉਸ ਨੂੰ ਬੰਟੀ ਦੇ ਕਾਤਲਾਂ ਬਾਰੇ ਦੱਸਿਆ ਜਾਵੇ ਜਾਂ ਫੇਰ ਉਹਨਾਂ ਬੰਦਿਆਂ ਬਾਰੇ ਜਿਨ੍ਹਾਂ ਨੇ ਜਲੂਸ ਨੂੰ ਤਿਤਰ-ਬਿਤਰ ਕਰਨ ਲਈ ਪੁਲਿਸ ਅਤੇ ਜਲੂਸ ’ਤੇ ਗੋਲੀ ਚਲਾਈ ਸੀ।

ਤਰਕਸ਼ੀਲਾਂ ਦਾ ਪ੍ਰਧਾਨ ਮੇਘ ਰਾਜ ਇਸ ਦਾ ਉੱਤਰ ਉਸੇ ਭਾਸ਼ਾ ਵਿੱਚ ਦੇ ਰਿਹਾ ਸੀ। ਸੀ.ਆਈ.ਡੀ.ਦੀਆਂ ਰਿਪੋਰਟਾਂ ਦੇਖੀਆਂ ਜਾਣ। ਉਹਨਾਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਕਤਲ ਦੀ ਵਿਰੋਧਤਾ ਕੀਤੀ ਹੈ। ਖਾੜਕੂ ਜਥੇਬੰਦੀ ਦੀ ਹਰ ਫ਼ਿਰਕੂ ਮੰਗ ਦੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਵਿਰੋਧਤਾ ਕੀਤਾ ਹੈ। ਵਰਸਦੀਆਂ ਡਾਂਗਾਂ ਵਿੱਚ ਉਹਨਾਂ ਹੜਤਾਲਾਂ ਦਾ ਬਾਈਕਾਟ ਕਰ ਕੇ ਕਲਾਸਾਂ ਲਾਈਆਂ ਹਨ।

ਪੁਲਿਸ ਕਿਸ ਆਧਾਰ ’ਤੇ ਇਹ ਆਖ ਰਹੀ ਹੈ ਕਿ ਬੰਟੀ ਦੇ ਕਤਲ ਨਾਲ ਉਹਨਾਂ ਦਾ ਕੋਈ ਸੰਬੰਧ ਹੈ?

ਪਿਆਰ ਮੁਹੱਬਤ ਨਾਲ ਇਹ ਮੰਨਣ ਵਾਲੇ ਨਹੀਂ ਸਨ। ਲਾਲ ਸਿੰਘ ਨੇ ਕਦੇ ਵੀ ਇਸ ਦਲੀਲ ਵਿੱਚ ਵਿਸ਼ਵਾਸ ਨਹੀਂ ਸੀ ਕੀਤਾ ਕਿ ਮੁਜਰਮਾਂ ਤੋਂ ਸਖ਼ਤੀ ਤੋਂ ਬਿਨਾਂ ਵੀ ਇਕਬਾਲ ਕਰਾਇਆ ਜਾ ਸਕਦਾ ਹੈ। ਇਹਨਾਂ ਦਾ ਮੂੰਹ ਖੁਲ੍ਹਾਉਣ ਲਈ ਡੰਡਾ ਪਰੇਡ ਜ਼ਰੂਰੀ ਸੀ।

ਇਸ ਸਮੇਂ ਇਹ ਗੱਲ ਮਹੱਤਵਪੂਰਨ ਨਹੀਂ ਸੀ ਕਿ ਉਹ ਸੱਚੇ ਸਨ ਜਾਂ ਝੂਠੇ। ਇਸ ਸਮੇਂ ਇਕੋ ਗੱਲ ਮਹੱਤਵਪੂਰਨ ਸੀ। ਉਹ ਸੀ ਲਾਲ ਸਿੰਘ ਦੇ ਸੀਨੇ ਅੰਦਰ ਜਲਦੀ ਉਸ ਅੱਗ ਨੂੰ ਸ਼ਾਂਤ ਕਰਨਾ, ਜਿਹੜੀ ਬਾਬੇ ਨੇ ਪੁਲਿਸ ਦੀ ਤੌਹੀਨ ਕਰ ਕੇ ਬਾਲੀ ਸੀ। ਇਹ ਤਾਂ ਹੀ ਹੋ ਸਕਦਾ ਸੀ, ਜੇ ਬਾਬੇ ਦੇ ਹੱਡ-ਗੋਡੇ ਤੋੜੇ ਜਾਣ।

ਲਾਲ ਸਿੰਘ ਜਥੇਬੰਦੀ ਦੇ ਕਾਰਕੁਨਾਂ ’ਤੇ ਲੱਗੇ ਦੋਸ਼ ਦੱਸਣ ਲੱਗਾ।

ਕਾਤਲਾਂ ਨੇ ਜਿਹੜੇ ਸੰਦ ਹਸਪਤਾਲ ਦੀ ਤਾਕੀ ਦੇ ਸਰੀਏ ਕੱਟਣ ਲਈ ਵਰਤੇ ਸਨ, ਉਹ ਅਜੀਤ ਸਿੰਘ ਦੀ ਵਰਕਸ਼ਾਪ ਦੇ ਸਨ। ਪੁਲਿਸ ਨੂੰ ਇਹ ਸੰਦ ਹਸਪਤਾਲ ਦੇ ਲਾਗਲੇ ਖੇਤਾਂ ਵਿਚੋਂ ਮਿਲੇ ਸਨ। ਅਜੀਤ ਸਿੰਘ ਦੇ ਬਾਪ ਨੇ ਉਹਨਾਂ ਨੂੰ ਆਪਣਾ ਹੋਣਾ ਸ਼ਨਾਖ਼ਤ ਕਰ ਲਿਆ ਸੀ। ਬੁੱਢਾ ਆਪ ਤਾਂ ਗਿਆਨੀ ਧਿਆਨੀ ਬੰਦਾ ਹੈ। ਰੱਬ ਤੋਂ ਡਰਨ ਵਾਲਾ। ਉਸ ਦੇ ਬਾਪ ਦਾ ਬਿਆਨ ਹੈ ਕਿ ਉਸ ਦਾ ਮੁੰਡਾ ਰੱਬ ਨੂੰ ਨਹੀਂ ਮੰਨਦਾ। ਉਸ ਦੇ ਵੱਸੋਂ ਬਾਹਰ ਹੈ। ਇਹ ਸੰਦ ਅਜੀਤ ਸਿੰਘ ਨੇ ਵਰਤੇ ਸਨ ਜਾਂ ਕਿਸੇ ਨੂੰ ਵਰਤਣ ਲਈ ਦਿੱਤੇ ਸਨ। ਅਜੀਤ ਸਿੰਘ ਦੱਸੇ ਉਹ ਸੰਦ ਉਥੇ ਕਿਵੇਂ ਪੁੱਜੇ?

ਅਜੀਤ ਸਿੰਘ ਨੇ ਜੋ ਬੋਲਣਾ ਸੀ, ਉਹ ਬੋਲ ਚੁੱਕਾ ਸੀ। ਇਹਨਾਂ ਝੂਠੇ ਦੋਸ਼ਾਂ ਲਈ ਉਸ ਕੋਲ ਕੋਈ ਸਫ਼ਾਈ ਨਹੀਂ ਸੀ।

ਲਾਲ ਸਿੰਘ ਕੋਲ ਵੀ ਹੋਰ ਕੋਈ ਰਸਤਾ ਨਹੀਂ ਸੀ। ‘ਸੰਦਾਂ’ ਦਾ ਭੇਤ ਖੋਲ੍ਹਣ ਲਈ ਉਸ ਨੂੰ ਅਜੀਤ ਸਿੰਘ ਦੇ ਕੁਰਸੀ ਲਾਉਣੀ ਹੀ ਪੈਣੀ ਸੀ।

ਅਜੀਤ ਸਿੰਘ ਨੂੰ ਬਿਨਾਂ ਬਾਹਾਂ ਵਾਲੀ ਕੁਰਸੀ ’ਤੇ ਬਿਠਾਇਆ ਗਿਆ। ਅਜੀਤ ਸਿੰਘ ਦੀ ਢੂਹੀ ਨੂੰ ਕੁਰਸੀ ਦੀ ਢੋਅ ਨਾਲ ਲਾ ਕੇ ਬਾਹਾਂ ਪਿੱਛੇ ਕਰਾਈਆਂ ਗਈਆਂ। ਦੋਹਾਂ ਗੁੱਟਾਂ ਨਾਲ ਪਰਨਾ ਬੰਨ੍ਹਦੇ ਸਿਪਾਹੀ ਦੇ ਹੱਥ ਕੰਬਣ ਲੱਗੇ। ਕਈ ਵਾਰ ਪਰਨਾ ਹੇਠਾਂ ਗਿਰਿਆ, ਕਈ ਵਾਰ ਗੰਢ ਢਿੱਲੀ ਪਈ।

ਉਸ ਨੂੰ ਪਿਛਾਂਹ ਹਟਾ ਕੇ ਦੂਜੇ ਸਿਪਾਹੀ ਨੂੰ ਅੱਗੇ ਕੀਤਾ ਗਿਆ। ਨਵੇਂ ਸਿਪਾਹੀ ਨੇ ਗੰਢਾਂ ਨੂੰ ਮਜ਼ਬੂਤ ਕੀਤਾ। ਦੋਹਾਂ ਗੁੱਟਾਂ ਵਿਚਕਾਰ ਰਹਿ ਗਏ ਫ਼ਾਸਲੇ ਵਾਲੇ ਪਰਨੇ ਵਿੱਚ ਇੱਕ ਰੂਲ ਪਾ ਕੇ ਹੌਲੀ-ਹੌਲੀ ਰੂਲ ਘੁਮਾਉਣ ਲੱਗਾ। ਜਿਉਂ-ਜਿਉਂ ਰੂਲ ਗੇੜੇ ਖਾਂਦਾ ਗਿਆ, ਤਿਉਂ-ਤਿਉਂ ਪਰਨਾ ਸੁੰਘੜਦਾ ਗਿਆ ਅਤੇ ਗੁਟ ਇੱਕ ਦੂਜੇ ਦੇ ਨੇੜੇ ਹੋਣ ਲੱਗੇ।

“ਮੈਂ ਇੱਕ ਵਾਰ ਫੇਰ ਆਖਦਾ ਹਾਂ। ਸਾਡਾ ਬੰਟੀ ਦੇ ਕਾਤਲਾਂ ਨਾਲ ਕੋਈ ਸੰਬੰਧ ਨਹੀਂ। ਅਸੀਂ ਤਾਂ ਇਸ ਸਮੁੱਚੀ ਲੜਾਈ ਦੇ ਖ਼ਿਲਾਫ਼ ਹਾਂ।”

ਪਰ ਅਜੀਤ ਸਿੰਘ ਦੇ ਤਰਕ ਦਾ ਕਿਸੇ ’ਤੇ ਕੋਈ ਅਸਰ ਨਹੀਂ ਸੀ। ਉਸ ਨੂੰ ਕੁਰਸੀ ਲਾਈ ਹੀ ਜਾਣੀ ਸੀ।

ਸਿਪਾਹੀ ਡੰਡਾ ਘੁਮਾਈ ਜਾ ਰਿਹਾ ਸੀ। ਅਜੀਤ ਸਿੰਘ ਦੇ ਮੌਰ ਕੁਰਸੀ ਨਾਲ ਚਿਪਕ ਚੁੱਕੇ ਸਨ। ਜੋੜਾਂ ’ਤੇ ਪੈਂਦੀ ਖਿੱਚ ਕਾਰਨ ਮੌਰਾਂ ਦੇ ਕੜਾਕੇ ਪੈਣ ਲੱਗੇ। ਲੱਗਦਾ ਸੀ ਹੱਡ ਮਾਸ ਨੂੰ ਚੀਰ ਕੇ ਬਾਹਰ ਆ ਜਾਣਗੇ।

ਅਜੀਤ ਸਿੰਘ ਨੇ ਅੱਖਾਂ ਮੀਚ ਲਈਆਂ। ਚਿਹਰੇ ਤੋਂ ਵਹਿ ਤੁਰੇ ਪਸੀਨੇ ਦੀ ਉਸ ਨੂੰ ਕੋਈ ਪਰਵਾਹ ਨਹੀਂ ਸੀ।

ਜਦੋਂ ਅਜੀਤ ਸਿੰਘ ਕੁੱਝ ਨਾ ਬੋਲਿਆ ਤਾਂ ਉਸ ਦੀਆਂ ਬਾਹਾਂ ਢਿੱਲੀਆਂ ਕਰਾਈਆਂ ਗਈਆਂ। ਕੁੱਝ ਘੜੀ ਆਰਾਮ ਦਿਵਾ ਕੇ ਉਹੋ ਕਾਰਵਾਈ ਗਿੱਟਿਆਂ ’ਤੇ ਪਰਨਾ ਬੰਨ੍ਹ ਕੇ ਚੱਡੇ ਪਾੜਨ ਲਈ ਦੁਹਰਾਈ ਗਈ।

ਅਜੀਤ ਅਜਿੱਤ ਰਿਹਾ। ਉਸ ਦੇ ਹੋਸ਼ੋ-ਹਵਾਸ ਗੁੰਮ ਜ਼ਰੂਰ ਹੋਏ, ਪਰ ਉਸ ਨੇ ਹਜ਼ਾਰ ਵਾਰ ਆਖਣ ’ਤੇ ਵੀ ਲਾਲ ਸਿੰਘ ਤੋਂ ਮੁਆਫ਼ੀ ਨਹੀਂ ਸੀ ਮੰਗੀ।

ਤਰਕਸ਼ੀਲਾਂ ਦੇ ਪ੍ਰਧਾਨ ਮੇਘ ਰਾਜ ’ਤੇ ਇਲਜ਼ਾਮ ਸੀ ਕਿ ਕੁੱਝ ਦੇਰ ਪਹਿਲਾਂ ਉਹਨਾਂ ਨੇ ਗੀਤਾ ਭਵਨ ਵਿੱਚ ਠਹਿਰੇ ਇੱਕ ਜੋਤਸ਼ੀ ਦੇ ਖ਼ਿਲਾਫ਼ ਸ਼ਹਿਰ ਵਿੱਚ ਇਸ਼ਤਿਹਾਰ ਲਾਏ ਸਨ। ਉਹਨਾਂ ਜੋਤਸ਼ੀ ਨੂੰ ‘ਉਪਾਅ’ ਕਰ ਕੇ ਸਟਾਰਾਂ ਦੀ ਗਤੀ ਬਦਲਣ ਦੀ ਵਿਧੀ ਨੂੰ ਚੁਣੌਤੀ ਦਿੱਤੀ ਸੀ। ਜੋਤਸ਼ੀ ਦੇ ਨਾਲ-ਨਾਲ ਗੀਤਾ ਭਵਨ ਦੇ ਪ੍ਰਬੰਧਕਾਂ ਨੂੰ ਵੀ ਧਮਕੀ ਦਿੱਤੀ ਗਈ ਸੀ ਕਿ ਅਜਿਹੇ ਪਖੰਡੀਆਂ ਨੂੰ ਸ਼ਰਨ ਨਾ ਦੇਣ। ਗੀਤਾ ਭਵਨ ਦੇ ਪ੍ਰਬੰਧ ਦਾ ਸਿੱਧਾ ਸੰਬੰਧ ਲਾਲਾ ਜੀ ਨਾਲ ਸੀ। ਪੁਲਿਸ ਨੂੰ ਪੂਰਾ ਯਕੀਨ ਸੀ, ਇਹ ਕੰਮ ਤਰਕਸ਼ੀਲਾਂ ਦਾ ਹੀ ਸੀ।

ਮੇਘ ਰਾਜ ਨੇ ਕੋਈ ਦਲੀਲ ਨਹੀਂ ਸੀ ਦਿੱਤੀ। ਉਹਨਾਂ ਨੂੰ ਲੋਕ ਸੰਘਰਸ਼ ਸੰਮਤੀ ਦਾ ਮੈਂਬਰ ਹੋਣ ਬਦਲੇ ਸਜ਼ਾ ਮਿਲਣੀ ਹੀ ਮਿਲਣੀ ਸੀ। ਇਸ ਲਈ ਉਹ ਚੁੱਪ ਕਰ ਕੇ ਅਗਨੀ-ਪ੍ਰੀਖਿਆ ਵਿੱਚ ਬੈਠਣ ਲਈ ਤਿਆਰ ਸੀ।

ਮੇਘ ਰਾਜ ’ਤੇ ਝੁਰਲੂ ਫੇਰਿਆ ਗਿਆ। ਮਿਰਚਾਂ ਨਾਲ ਲਿੱਬੜੀ ਇੱਕ ਡਾਂਗ ਉਸ ਦੇ ਅੰਦਰ ਘਸੋੜੀ ਗਈ। ਅੰਦਰ ਜਾਂਦੀ ਡਾਂਗ ਦਾ ਦਰਦ ਸੈਂਕੜੇ ਚਾਕੂਆਂ ਨਾਲ ਕੱਟੇ ਜਾ ਰਹੇ ਮਾਸ ਨਾਲੋਂ ਵੀ ਭਿਆਨਕ ਸੀ।

ਸ਼ਾਮੂ ਸਾਂਸੀ ’ਤੇ ਦੋਸ਼ ਸੀ ਕਿ ਉਸ ਦੀ ਪ੍ਰੇਰਨਾ ’ਤੇ ਬੰਟੀ ਦਾ ਕਤਲ ਸਾਂਸੀਆਂ ਦੇ ਇੱਕ ਟੋਲੇ ਨੇ ਕੀਤਾ ਸੀ। ਉਹਨਾਂ ਸਾਂਸੀਆਂ ਦਾ ਪਤਾ ਸ਼ਾਮੂ ਹੀ ਦੱਸ ਸਕਦਾ ਸੀ। ਨਾਲੇ ੳਹ ਤਕਲੇ ਅਤੇ ਖੁਰਪੇ ਬਰਾਮਦ ਕਰਾਏ, ਜਿਹੜੇ ਉਹਨਾਂ ਬਾਬੇ ਦੇ ਹੱਕ ਵਿੱਚ ਜਲੂਸ ਕੱਢਦਿਆਂ ਹੱਥਾਂ ਵਿੱਚ ਫੜੇ ਹੋਏ ਸਨ।

ਸ਼ਾਮੂ ’ਤੇ ਗ਼ੁੱਸਾ ਕੱਢਣ ਲਈ ਉਸ ਨੂੰ ਰੱਸਾ ਲਾਇਆ ਗਿਆ।

ਸਾਰੇ ਪ੍ਰਗਤੀਵਾਦੀਆਂ ਨੂੰ ਅੱਧ-ਮੋਇਆਂ ਕਰ ਕੇ ਹੀ ਲਾਲ ਸਿੰਘ ਨੂੰ ਵੀ ਰੋਟੀ ਸੁਆਦ ਲੱਗੀ।

 

 

31

ਜਦੋਂ ਵਰੰਟ ਅਫ਼ਸਰ ਥਾਣੇ ਆਇਆ, ਉਸ ਸਮੇਂ ਇਕੱਲਾ ਲਾਲ ਸਿੰਘ ਹੀ ਹਾਜ਼ਰ ਸੀ।

ਘੁਸਮੁਸਾ ਹੋ ਚੁੱਕਾ ਸੀ। ਸਾਰਾ ਦਿਨ ਮਾਰ-ਕੁਟਾਈ ਹੁੰਦੀ ਰਹੀ ਸੀ। ਰਾਤ ਨੂੰ ਫੇਰ ਝੁੱਟ ਲਾਈ ਜਾਣੀ ਸੀ। ਤਾਜ਼ਾ ਦਮ ਅਤੇ ਇੱਕ-ਇੱਕ ਪੈੱਗ ਲਾ ਕੇ ਰੋਟੀ ਖਾਣ ਜੋਗੇ ਹੋਣ ਲਈ ਸਾਰੇ ਹੌਲਦਾਰ, ਸਿਪਾਹੀ ਆਪਣੇ-ਆਪਣੇ ਕੁਆਰਟਰਾਂ ਨੂੰ ਚਲੇ ਗਏ ਸਨ।

ਤਰਕਸ਼ੀਲਾਂ ਅਤੇ *ਤੀਕਾਰੀ ਫ਼ਰੰਟ ਦੇ ਬੰਦਿਆਂ ਨੂੰ ਅੱਧੀ ਰਾਤ ਤੋਂ ਬਾਅਦ ਫੜਿਆ ਗਿਆ ਸੀ। ਹੋਸਟਲ ’ਤੇ ਰੇਡ ਸਵੇਰੇ ਕੀਤਾ ਗਿਆ ਸੀ।

ਲਾਲ ਸਿੰਘ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਸੰਮਤੀ ਵਾਲੇ ਇੰਨੀ ਫੁਰਤੀ ਨਾਲ ਹਰਕਤ ਵਿੱਚ ਆ ਜਾਣਗੇ। ਗ੍ਰਿਫ਼ਤਾਰ ਬੰਦਿਆਂ ਦੀ ਸੂਚੀ ਤਿਆਰ ਕਰਨੀ, ਚੰਡੀਗੜ੍ਹ ਪੁੱਜ ਕੇ ਰਿੱਟ ਦਾਇਰ ਕਰਨੀ ਅਤੇ ਵਰੰਟ ਅਫ਼ਸਰ ਤਾਇਨਾਤ ਕਰਾ ਕੇ ਇਥੇ ਪੁੱਜ ਵੀ ਜਾਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਸੀ। ਇਹ ਕੰਮ ਦੋ-ਚਾਰ ਬੰਦਿਆਂ ਦੇ ਵੱਸ ਦਾ ਨਹੀਂ ਸੀ। ਲੱਗਦਾ ਸੀ, ਸੰਮਤੀ ਦੀਆਂ ਜੜ੍ਹਾਂ ਚੰਡੀਗੜ੍ਹ ਤਕ ਫੈਲੀਆਂ ਹੋਈਆਂ ਸਨ। ਸਾਰੇ ਕੰਮ ਫ਼ੋਨ ਰਾਹੀਂ ਹੋਏ ਹੋਣਗੇ।

ਹਾਈ ਕੋਰਟ ਦੇ ਰੇਡ ਲਾਲ ਸਿੰਘ ਲਈ ਕੋਈ ਨਵੇਂ ਨਹੀਂ ਸੀ। ਅਜਿਹੇ ਵੀਹ ਰੇਡ ਉਹ ਭੁਗਤ ਚੁੱਕਾ ਸੀ, ਪਰ ਇਹ ਕੁੱਝ ਆਪਣੀ ਤਰ੍ਹਾਂ ਦਾ ਰੇਡ ਸੀ। ਅੱਗੇ ਰੇਡ ਬਉਰੀਏ ਕਰਾਉਂਦੇ ਜਾਂ ਕੋਈ ਨਾਮੀ ਸਮੱਗਲਰ। ਰੇਡ ਕਰਵਾਉਣ ਵਾਲਿਆਂ ਦਾ ਇਕੋ ਮਕਸਦ ਹੁੰਦਾ, ਆਪਦਾ ਬੰਦਾ ਛੁਡਾਉਣਾ। ਬੰਦਾ ਛੁੱਟਦੇ ਹੀ ਉਹ ਪੱਤਰਾ ਵਾਚ ਜਾਂਦੇ। ਕਿਸੇ ਨੂੰ ਇਹ ਵੀ ਖ਼ਿਆਲ ਨਾ ਰਹਿੰਦਾ ਕਿ ਵਰੰਟ ਅਫ਼ਸਰ ਨੂੰ ਚੰਡੀਗੜ੍ਹ ਵਾਲੀ ਬੱਸ ਵੀ ਚੜ੍ਹਾਉਣਾ ਹੈ।

ਬੰਦਾ ਵਾਰਿਸਾਂ ਦੇ ਹਵਾਲੇ ਕਰ ਕੇ ਵਰੰਟ ਅਫ਼ਸਰ ਥਾਣੇ ਹੀ ਟਿਕ ਜਾਂਦੇ। ਚਾਰ ਪੈਸੇ ਲੈ ਕੇ ਉਵੇਂ ਰਿਪੋਰਟ ਕਰ ਦਿੰਦੇ, ਜਿਵੇਂ ਥਾਣੇਦਾਰ ਆਖਦਾ। ਇਹ ਲਿਖਣ ਨਾਲ ਕਿ ਬੰਦਾ ਥਾਣੇ ਹਾਜ਼ਰ ਨਹੀਂ ਸੀ, ਥਾਣੇਦਾਰ ਹਾਈਕੋਰਟ ’ਚ ਪੈਣ ਵਾਲੀਆਂ ਪੇਸ਼ੀਆਂ ਤੋਂ ਬਚ ਜਾਂਦੇ। ਦੋਹਾਂ ਪਾਸਿਆਂ ਤੋਂ ਫ਼ੀਸ ਲੈ ਕੇ ਵਰੰਟ ਅਫ਼ਸਰ ਵੀ ਖ਼ੁਸ਼ ਤੇ ਪਾਰਟੀਆਂ ਵੀ।

ਕੋਈ ਪਾਰਟੀ ਬਹੁਤ ਅੜੀਅਲ ਹੁੰਦੀ ਤਾਂ ਵੀ ਅਫ਼ਸਰ ਰੋਜ਼ਨਾਮਚਾ ਪੂਰਾ ਕਰਨ ਦਾ ਵਕਤ ਦੇ ਦਿੰਦੇ। ਪੁਲਿਸ ਬੰਦੇ ਨੂੰ ਕਿਸੇ ਛੋਟੇ-ਮੋਟੇ ਕੇਸ ਵਿੱਚ ਗ੍ਰਿਫ਼ਤਾਰ ਦਿਖਾ ਕੇ ਆਪਣੀ ਜਾਨ ਬਚਾ ਲੈਂਦੀ। ਆਪਣੇ ਰੋਜ਼ਨਾਮਚੇ ਨਾਲ ਕੰਮ ਚਲਾ ਲੈਂਦੇ।

ਥਾਣੇਦਾਰ ਦੇ ਬਚਾਅ ਦਾ ਇੰਤਜ਼ਾਮ ਵਰੰਟ ਅਫ਼ਸਰ ਆਪ ਹੀ ਕਰਦੇ। ਜਾਂਦੇ ਹੋਏ ਆਪਣੇ ਪਤੇ ਵਾਲਾ ਕਾਰਡ ਫੜਾ ਜਾਂਦੇ। ਪੁੱਠੀ-ਸਿੱਧੀ ਰਿਪੋਰਟ ਕਰ ਕੇ ਪਹਿਲੀ ਪੇਸ਼ੀ ਬਰੀ ਕਰਾ ਦਿੰਦੇ।

ਇੰਨੀ ਨੌਕਰੀ ਵਿੱਚ ਕੇਵਲ ਇੱਕ ਅੜੀਅਲ ਅਫ਼ਸਰ ਨਾਲ ਹੀ ਵਾਹ ਪਿਆ ਸੀ। ਉਹ ਆਖਦਾ ਸੀ, ਸਜ਼ਾ ਕਰਾ ਕੇ ਛੱਡੂੰ। ਲਾਲ ਸਿੰਘ ਨੂੰ ਤਾਂ ਜਦੋਂ ਸਜ਼ਾ ਹੋਣੀ ਸੀ, ਉਦੋਂ ਹੋਣੀ ਸੀ। ਲਾਲ ਸਿੰਘ ਨੇ ਪਹਿਲਾਂ ਉਸੇ ਨੂੰ ਝੋਟੀਆਂ ਚੁੰਘਾਈਆਂ।

ਪਹਿਚਾਣ ਪੱਤਰ ਅਤੇ ਵਰੰਟ ਫੜ ਕੇ ਦਰਾਜ਼ ’ਚ ਰੱਖ ਲਏ। ਵਰੰਟ ਅਫ਼ਸਰ ਕੋਲ ਕੀ ਸਬੂਤ ਸੀ ਕਿ ਉਹ ਸੱਚ-ਮੁੱਚ ਵਰੰਟ ਅਫ਼ਸਰ ਸੀ। ਇਹਨਾਂ ਦਿਨਾਂ ਵਿੱਚ ਦਹਿਸ਼ਤਗਰਦ ਵੀਹ ਤਰ੍ਹਾਂ ਦੀਆਂ ਚਾਲਾਂ ਚੱਲਦੇ ਹਨ। ਕੀ ਪਤੈ ਮੁਜਰਮਾਂ ਨੂੰ ਛੁਡਾਉਣ ਦੀ ਇਹ ਕੋਈ ਨਵੀਂ ਚਾਲ ਹੋਵੇ।

ਜਿੰਨੀ ਦੇਰ ’ਚ ਵਰੰਟ ਅਫ਼ਸਰ ਨੇ ਲਾਲ ਸਿੰਘ ਨੂੰ ਯਕੀਨ ਦਿਵਾਇਆ, ਉਨੀ ਦੇਰ ’ਚ ਉਸ ਦੇ ਚੁਸਤ ਸਿਪਾਹੀਆਂ ਨੇ ਮੁਸਤਵਿਆਂ ਨੂੰ ਕਾਰ ’ਚ ਬਿਠਾ ਕੇ ਥਾਣਿਉਂ ਬਾਹਰ ਲਿਜਾ ਸੁੱਟਿਆ। ਮੁਦੱਈ ਅਤੇ ਵਰੰਟ ਅਫ਼ਸਰ ਚੀਕਦੇ ਹੀ ਰਹਿ ਗਏ।

ਇਸ ਵਰੰਟ ਅਫ਼ਸਰ ਅੱਗੇ ਲਾਲ ਸਿੰਘ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ।

ਲਾਲ ਸਿੰਘ ਨੇ ਵਾਰੰਟ ਅਫ਼ਸਰ ਨੂੰ ਇੱਕ ਪਾਸੇ ਲਿਜਾ ਕੇ ਇਕੱਲੇ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਸੀ। ਉਸ ਨਾਲ ਆਏ ਬੰਦੇ ਦਾਲ ਗਲਣ ਨਹੀਂ ਸੀ ਦਿੰਦੇ। ਉਹਨਾਂ ਨਾਲ ਜਿਹੜਾ ਇੱਕ ਪੱਤਰਕਾਰ ਸੀ, ਉਹ ਬਹੁਤ ਹੀ ਚੁਸਤ ਸੀ। ਝੱਟ ਵਰੰਟ ਅਫ਼ਸਰ ਨੂੰ ਕੋਲ ਬਿਠਾ ਲੈਂਦਾ।

ਬੇਵੱਸ ਹੋਇਆ ਲਾਲ ਸਿੰਘ ਸੰਤਰੀ ’ਤੇ ਖਿਝ ਰਿਹਾ ਸੀ।

ਰਾਤ ਦਾ ਸਮਾਂ ਸੀ। ਅਜਿਹੇ ਸਮੇਂ ਉਸ ਨੂੰ ਕੀ ਜ਼ਰੂਰਤ ਸੀ, ਓਪਰੇ ਬੰਦਿਆਂ ਨੂੰ ਅੰਦਰ ਭੇਜਣ ਦੀ? ਅਜਿਹੇ ਸਮੇਂ ਤਾਂ ਥਾਣੇ ਨੂੰ ਜਿੰਦਰਾ ਮਾਰ ਕੇ ਅੰਦਰ ਬੈਠੇ ਰਹਿਣ ਦਾ ਸਰਕਾਰੀ ਹੁਕਮ ਹੈ। ਦਹਿਸ਼ਤਗਰਦ ਕਈ ਵਾਰ ਪੁਲਿਸ ਨੂੰ ਧੋਖਾ ਦੇ ਚੁੱਕੇ ਹਨ। ਉਹ ਛੋਟੀ-ਮੋਟੀ ਵਾਰਦਾਤ ਕਰਦੇ ਹਨ ਤਾਂ ਜੋ ਪੁਲਿਸ ਫਟਾ-ਫਟ ਮੌਕੇ ’ਤੇ ਪੁੱਜੇ। ਆਪ ਰਸਤੇ ਵਿੱਚ ਮੋਰਚਾ ਲਾ ਕੇ ਬੈਠ ਜਾਂਦੇ ਹਨ। ਪੁਲਿਸ ਦੇ ਕਈ ਅਫ਼ਸਰ ਭੰਗ ਦੇ ਭਾੜੇ ਜਾਨ ਗਵਾ ਬੈਠੇ ਸਨ।

ਲਾਲ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਹਦਾਇਤ ਕੀਤੀ ਹੋਈ ਹੈ, ਕੋਈ ਵੀ ਬੰਦਾ ਅੰਦਰ ਆਉਣਾ ਚਾਹੇ ਤਾਂ ਪਹਿਲਾਂ ਸੰਤਰੀ ਉਸ ਦਾ ਪੂਰਾ ਨਾਂ ਪਤਾ ਦਰਿਆਫ਼ਤ ਕਰੇ। ਪੂਰੀ ਤਸੱਲੀ ਹੋਣ ’ਤੇ ਹੀ ਬੰਦੇ ਅੰਦਰ ਭੇਜੇ ਜਾਣ। ਜੇ ਥੋੜ੍ਹਾ ਜਿਹਾ ਵੀ ਸ਼ੱਕ ਪਏ ਤਾਂ ਉਸ ਨੂੰ ਸਵੇਰੇ ਆਉਣ ਲਈ ਆਖਿਆ ਜਾਵੇ।

ਮੌਕੇ ’ਤੇ ਫੌਰੀ ਤੌਰ ਤੇ ਪਹੁੰਚ ਕੇ ਪੁਲਿਸ ਨੇ ਕਿਹੜਾ ਕਿਸੇ ਦਾ ਫੰਨ੍ਹ ਖੋਹ ਲੈਣਾ ਹੁੰਦਾ ਹੈ। ਪੁਲਿਸ ਕੋਲ ਉਸ ਸਮੇਂ ਇਤਲਾਹ ਪੁੱਜਦੀ ਹੈ, ਜਦੋਂ ਸਾਰਾ ਵਾਕਾ ਹੋ ਚੁੱਕਾ ਹੁੰਦਾ ਹੈ। ਲੜਾਈ ਹੋਈ ਹੋਵੇ ਤਾਂ ਮੁਜਰਮ ਹਥਿਆਰਾਂ ਨੂੰ ਧੋ-ਸੰਵਾਰ ਕੇ ਰਿਸ਼ਤੇਦਾਰੀਆਂ ਨੂੰ ਤੁਰ ਚੁੱਕੇ ਹੁੰਦੇ ਹਨ। ਚੋਰੀ ਹੋਈ ਹੋਵੇ ਤਾਂ ਚੋਰ ਮਾਲ ਵੇਚ ਵੱਟ ਕੇ ਪੈਸੇ ਡਕਾਰ ਚੁੱਕੇ ਹੁੰਦੇ ਹਨ। ਕਤਲ ਹੋਇਆ ਹੋਵੇ ਤਾਂ ਜ਼ਖ਼ਮੀ ਰੱਬ ਨੂੰ ਪਿਆਰਾ ਹੋ ਚੁੱਕਾ ਹੁੰਦਾ ਹੈ। ਪੋਸਟ-ਮਾਰਟਮ ਹੀ ਕਰਾਉਣਾ ਹੁੰਦਾ ਹੈ। ਦੋ ਘੰਟੇ ਪਹਿਲਾਂ ਹੋ ਗਿਆ ਕਿ ਪਿੱਛੋਂ? ਕੀ ਫ਼ਰਕ ਪੈਂਦਾ ਹੈ? ਕੋਈ ਸ਼ਰਾਬ ਕੱਢਦਾ ਹੋਵੇ ਤਾਂ ਵੀ ਕੀ ਹੈ? ਸਵੇਰੇ ਜਾ ਕੇ ਜਦੋਂ ਦੋ ਧੌਣ ’ਚ ਧਰੀਆਂ, ਅਗਲਾ ਆਪੇ ਭਾਂਡਾ ਠੀਕ ਅੱਗੇ ਲਿਆ ਰੱਖਦੈ।

ਪਰ ਸੰਤਰੀ ਨੇ ਪੰਜਾਹ ਦਾ ਨੋਟ ਜੇਬ ’ਚ ਪੈਂਦਿਆਂ ਹੀ ਸਾਰੀਆਂ ਹਦਾਇਤਾਂ ਇੱਕ ਪਾਸੇ ਰੱਖ ਦਿੱਤੀਆਂ। ਉਲਟਾ ਬੂਥੜ ਚੁੱਕ ਕੇ ਨਾਲ ਆ ਗਿਆ। ਅਖੇ ਇਹ ਸ਼ਰੀਫ਼ ਬੰਦੇ ਹਨ। ਇਹਨਾਂ ਦਾ ਸਕੂਟਰ ਕਿਸੇ ਨੇ ਖੋਹ ਲਿਆ। ਰਿਪੋਰਟ ਲਿਖ ਲਓ।

ਇਹ ਨਹੀਂ ਸੀ ਪਤਾ ਕਿ ਉਹ ਲਾਲ ਸਿੰਘ ਦੇ ਖ਼ਿਲਾਫ਼ ਹੀ ਰਿਪੋਰਟ ਦਰਜ ਕਰਾਉਣ ਆਏ ਹਨ।

ਲਾਲ ਸਿੰਘ ਦਾ ਮੱਥਾ ਤਾਂ ਉਸ ਸਮੇਂ ਹੀ ਠਣਕ ਗਿਆ ਸੀ, ਜਦੋਂ ਉਸ ਨੇ ਇਹਨਾਂ ਨੂੰ ਥਾਣੇ ਅੰਦਰ ਵੜਦੇ ਦੇਖਿਆ ਸੀ। ਉਹਨਾਂ ਵਿਚੋਂ ਬਹੁਤਿਆਂ ਦੇ ਹੁਲੀਏ ਜਾਣੇ-ਪਹਿਚਾਣੇ ਸਨ। ਭਾਵੇਂ ਕੁੱਝ ਨੇ ਪੱਗਾਂ ਬੰਨ੍ਹ ਰੱਖੀਆਂ ਸਨ, ਪਰ ਲਾਲ ਸਿੰਘ ਦੀ ਯਾਦਦਾਸ਼ਤ ਇੰਨੀ ਕਮਜ਼ੋਰ ਨਹੀਂ ਸੀ ਕਿ ਉਹ ਉਹਨਾਂ ਨੂੰ ਪਹਿਚਾਣ ਨਾ ਸਕੇ। ਉਹ ਉਹੋ ਸਨ, ਜਿਹੜੇ ਜਲੂਸ ਵਾਲੇ ਦਿਨ ਬਾਬੇ ਦੁਆਲੇ ਬੰਦੂਕਾਂ ਤਾਣੀ ਖੜੇ ਸਨ।

ਲਾਲ ਸਿੰਘ ਦਾ ਅੰਦਾਜ਼ਾ ਗ਼ਲਤ ਨਹੀਂ ਸੀ। ਰਿਪੋਰਟ ਦਰਜ ਕਰਾਉਣ ਦੀ ਥਾਂ ਜਦੋਂ ਵਰੰਟ ਅਫ਼ਸਰ ਨੇ ਆਪਣਾ ਪਹਿਚਾਣ-ਪੱਤਰ ਅਤੇ ਸਰਚ ਵਰੰਟ ਦਿਖਾਏ ਤਾਂ ਲਾਲ ਸਿੰਘ ਦਾ ਸਿਰ ਚਕਰਾ ਗਿਆ। ਉਹਨਾਂ ਵਿਚੋਂ ਇੱਕ ਕਿਸੇ ਅੰਗਰੇਜ਼ੀ ਅਖ਼ਬਾਰ ਦਾ ਪੱਤਰਕਾਰ ਵੀ ਸੀ। ਬਾਕੀਆਂ ਨੇ ਨਾਜਾਇਜ਼ ਤੌਰ ’ਤੇ ਹਿਰਾਸਤ ਵਿੱਚ ਰੱਖੇ ਮੁੰਡਿਆਂ ਦੀ ਪਹਿਚਾਣ ਕਰਨੀ ਸੀ।

ਬਚਣ ਦਾ ਕੋਈ ਰਸਤਾ ਨਹੀਂ ਸੀ। ਰੋਜ਼ਨਾਮਚਾ ਸੱਤ ਦਿਨਾਂ ਤੋਂ ਬੰਦ ਸੀ। ਮੁਨਸ਼ੀ ਕੱਲ੍ਹ ਦਾ ਫਰਲੋ ’ਤੇ ਸੀ। ਉਹ ਹਾਜ਼ਰ ਹੁੰਦਾ ਤਾਂ ਸ਼ਾਇਦ ਕੁੱਝ ਬਣ ਹੀ ਜਾਂਦਾ।

ਪੱਤਰਕਾਰ ਕਾਹਲਾ ਪਿਆ ਹੋਇਆ ਸੀ। ਸਮਾਂ ਬਹੁਤ ਹੋ ਗਿਆ ਸੀ। ਉਸ ਨੇ ਆਪਣੀ ਰਿਪੋਰਟ ਭੇਜਣੀ ਸੀ। ਹੋਰ ਲੇਟ ਹੋ ਗਈ ਤਾਂ ਅਖ਼ਬਾਰ ਛਪ ਜਾਣਾ ਸੀ। ਬੇਹੀ ਖ਼ਬਰ ਦਾ ਉਸ ਨੂੰ ਕੋਈ ਲਾਭ ਨਹੀਂ ਸੀ ਹੋਣਾ।

ਵਰੰਟ ਅਫ਼ਸਰ ਰੋਜ਼ਨਾਮਚੇ ਦੇ ਵਰਕੇ ਪਲਟਣ ਲੱਗਾ। ਇਹ ਦੇਖ ਕੇ ਲਾਲ ਸਿੰਘ ਨੂੰ ਨਾਜ਼ਰ ’ਤੇ ਗ਼ੁੱਸਾ ਚੜ੍ਹਿਆ। ਉਸ ਨੇ ਨਾਜ਼ਰ ਨੂੰ ਕਈ ਵਾਰ ਸਮਝਾਇਆ ਸੀ ਕਿ ਦੋਵੇਂ ਧਿਰਾਂ ਖ਼ਤਰਨਾਕ ਹਨ। ਕਿਸੇ ਪੁਰਾਣੇ ਕੇਸ ਵਿੱਚ ਉਹਨਾਂ ਦੀ ਗ੍ਰਿਫ਼ਤਾਰੀ ਪਾ ਲਈ ਜਾਵੇ। ਸੰਮਤੀ ਦੇ ਬੰਦਿਆਂ ਦੀ ਗ੍ਰਿਫ਼ਤਾਰੀ ਵਿੱਚ ਤਾਂ ਕੋਈ ਦਿੱਕਤ ਨਹੀਂ ਸੀ। ਲਾਲ ਸਿੰਘ ਨੇ ਬਾਬੇ ਵਾਲਾ ਪਰਚਾ ਬੜੇ ਢੰਗ ਨਾਲ ਕੱਟਿਆ ਸੀ। ਬਾਬੇ ਤੋਂ ਸਿਵਾ ਕਿਸੇ ਦਾ ਨਾਂ ਰਿਪੋਰਟ ਵਿੱਚ ਦਰਜ ਨਹੀਂ ਸੀ। ਇਕੱਲੇ ਹੁਲੀਏ ਦਿੱਤੇ ਗਏ ਸਨ। ਸੰਮਤੀ ਦੇ ਹਰ ਵਰਕਰ ਦਾ ਹੁਲੀਆ ਉਸ ਹੁਲੀਏ ਨਾਲ ਮਿਲਦਾ-ਜੁਲਦਾ ਸੀ। ਨਾਜ਼ਰ ਬਿਨਾਂ ਮਤਲਬ ਟਲਦਾ ਰਿਹਾ। ਉਸ ਨੂੰ ਯਕੀਨ ਸੀ ਕਿ ਮੁੰਡੇ ਬਾਬੇ ਦੇ ਬਾਡੀਗਾਰਡਾਂ ਦਾ ਨਾਂ ਦਸ ਦੇਣਗੇ। ਉਹ ਅਸਲੀ ਬੰਦਿਆਂ ਦੀ ਗ੍ਰਿਫ਼ਤਾਰੀ ਪਾਉਣਾ ਚਾਹੁੰਦਾ ਸੀ। ਹੁਣ ਕਰ ਲਏ ਘਿਓ ਨੂੰ ਭਾਂਡਾ। ਆਪ ਤਾਂ ਸਭ ਟਲ ਗਏ, ਫਸੇਗਾ ਤਾਂ ਲਾਲ ਸਿੰਘ। ਉਹ ਐਸ.ਐਚ.ਓ.ਵੀ ਸੀ ਅਤੇ ਇਸ ਸਮੇਂ ਥਾਣੇ ਵਿੱਚ ਹਾਜ਼ਰ ਵੀ।

ਕੋਈ ਹੋਰ ਪਾਰਟੀ ਹੁੰਦੀ, ਲਾਲ ਸਿੰਘ ਵਰੰਟ ਅਫ਼ਸਰ ਨੂੰ ਵਿੱਚ ਪਾ ਕੇ ਸਮਝੌਤਾ ਕਰ ਲੈਂਦਾ। ਇਹਨਾਂ ਭੜੂਆਂ ਨੇ ਕਿਥੇ ਮੰਨਣਾ ਸੀ? ਉਹ ਤਾਂ ਪਹਿਲਾਂ ਹੀ ਲਾਲ ਸਿੰਘ ਨੂੰ ਹਵਾਲਾਤ ਦਿਖਾਉਣ ਦੀਆਂ ਧਮਕੀਆਂ ਦੇ ਰਹੇ ਸਨ। ਹਿਰਾਸਤ ਵਿੱਚ ਲਏ ਕਈ ਮੁੰਡਿਆਂ ਦੇ ਸੱਟਾਂ ਵੀ ਲੱਗੀਆਂ ਹੋਈਆਂ ਸਨ। ਉਹਨਾਂ ਦੇ ਮੁਆਇਨੇ ਵੀ ਕਰਾਉਣਗੇ ਅਤੇ ਹਾਈਕੋਰਟ ’ਚ ਪੈਰਵਾਈ ਵੀ ਕਰਨਗੇ। ਆਮ ਲੋਕਾਂ ਵਾਂਗ ਨਾ ਇਹਨਾਂ ਨੂੰ ਵਕੀਲਾਂ ਦੀਆਂ ਫ਼ੀਸਾਂ ਦਾ ਡਰ ਸੀ, ਨਾ ਪੁਲਿਸ ਦਾ।

ਲਾਲ ਸਿੰਘ ਨੂੰ ਲੱਗ ਰਿਹਾ ਸੀ ਹੁਣ ਖ਼ੈਰ ਨਹੀਂ ਸੀ।

ਬਾਬੇ ਹੱਥੋਂ ਇਹ ਲਾਲ ਸਿੰਘ ਦੀ ਤੀਜੀ ਹਾਰ ਸੀ।

ਹਾਰ ਕੇ ਲਾਲ ਸਿੰਘ ਨੇ ਉਹਨਾਂ ਮੁੰਡਿਆਂ ਦੇ ਨਾਂ ਪੁੱਛੇ, ਜਿਨ੍ਹਾਂ ਦੀ ਵਰੰਟ ਅਫ਼ਸਰ ਨੂੰ ਜ਼ਰੂਰਤ ਸੀ।

ਅੱਠਾਂ ਮੁੰਡਿਆਂ ਦੇ ਨਾਂ ਸੁਣ ਕੇ ਲਾਲ ਸਿੰਘ ਦਾ ਗ਼ੁੱਸਾ ਪਾਗ਼ਲਪਨ ਦੀ ਹੱਦ ਤਕ ਜਾ ਪੁੱਜਾ। ਇਸ ਦਾ ਮਤਲਬ ਸੀ ਕੋਈ ਥਾਣੇ ਵਿਚੋਂ ਹੀ ਬਾਹਰ ਇਤਲਾਹ ਦੇ ਰਿਹਾ ਸੀ। ਵਰੰਟ ਵਿੱਚ ਨਾ ਕਿਸੇ ਦਾ ਨਾਂ ਵੱਧ ਸੀ, ਨਾ ਘੱਟ। ਕਿਸੇ ਸਿਪਾਹੀ ਨੇ ਜੇ ਇਹਨਾਂ ਨੂੰ ਮੁੰਡਿਆਂ ਦੇ ਨਾਵਾਂ ਦੀ ਸੂਚੀ ਦਿੱਤੀ ਸੀ ਤਾਂ ਬਾਕੀ ਗੱਲਾਂ ਵੀ ਦੱਸੀਆਂ ਹੋਣਗੀਆਂ।

“ਇਹਨਾਂ ਵਿਚੋਂ ਇੱਕ ਵੀ ਮੁੰਡਾ ਸਾਡੇ ਕੋਲ ਨਹੀਂ ਹੈ। ਉਹ ਬੁਲਾਏ ਜ਼ਰੂਰ ਸੀ, ਪਰ ਕਦੋਂ ਦੇ ਛੱਡ ਦਿੱਤੇ। ਆਓ ਹਵਾਲਾਤ ਦਿਖਾਵਾਂ।”

“ਖ਼ਾਲੀ ਹਵਾਲਾਤ ਅਸੀਂ ਦੇਖ ਆਏ ਹਾਂ।” ਪ੍ਰੈਸ ਰਿਪੋਰਟਰ ਨੇ ਆਪਣੀ ਪੜਤਾਲੀਆ ਸੂਝ ਦਾ ਸਬੂਤ ਦਿੱਤਾ।

“ਫੇਰ ਤਾਂ ਠੀਕ ਹੈ। ਕੋਈ ਹੋਰ ਸ਼ੱਕ?” ਕੁੱਝ ਪਲਾਂ ਲਈ ਲਾਲ ਸਿੰਘ ਦੀ ਬੇਚੈਨੀ ਘਟੀ।

“ਕੀ ਤੁਸੀਂ ਉਹ ਕਮਰਾ ਖੋਲ੍ਹ ਸਕਦੇ ਹੋ?” ਮੁਨਸ਼ੀ ਦੇ ਦਫ਼ਤਰ ਦੇ ਨਾਲ ਵਾਲੇ ਕਮਰੇ, ਜਿਥੇ ‘ਤਫ਼ਤੀਸ਼ੀ ਕਮਰਾ’ ਲਿਖਿਆ ਹੋਇਆ ਸੀ, ਵੱਲ ਇਸ਼ਾਰਾ ਕਰਦੇ ਹੋਏ ਪ੍ਰੈਸ ਰਿਪੋਰਟਰ ਨੇ ਵਿਅੰਗ-ਮਈ ਬੇਨਤੀ ਕੀਤੀ।

“ਨਹੀਂ, ਉਹ ਥਾਣੇਦਾਰ ਦਾ ਦਫ਼ਤਰ ਹੈ। ਉਹ ਜਿੰਦਾ ਲਾ ਕੇ ਬਾਹਰ ਗਿਆ ਹੋਇਆ ਹੈ। ਮੈਂ ਉਸ ਦੀ ਗ਼ੈਰ-ਹਾਜ਼ਰੀ ਵਿੱਚ ਕਮਰਾ ਨਹੀਂ ਖੋਲ੍ਹ ਸਕਦਾ।” ਨਿਮਰਤਾ ਨਾਲ ਲਾਲ ਸਿੰਘ ਨੇ ਮਜਬੂਰੀ ਦੱਸੀ।

“ਇਹ ਝੂਠ ਹੈ। ਸਾਡੇ ਬੰਦੇ ਉਸੇ ਕਮਰੇ ਵਿੱਚ ਬੰਦ ਹਨ। ਤੁਸੀਂ ਆਵਾਜ਼ ਮਾਰ ਕੇ ਦੇਖ ਸਕਦੇ ਹੋ।” ਹੁਣ ਤਕ ਖ਼ਾਮੋਸ਼ ਰਹੇ ਚਾਰਾਂ ਵਿਚੋਂ ਇੱਕ ਨੇ ਚੁੱਪ ਤੋੜੀ।

“ਮੇਘ ਰਾਜ ਪੁੱਤਰ ਰਾਮਜੀ ਦਾਸ, ਅਜੀਤ ਸਿੰਘ ਪੁੱਤਰ ਨੱਥਾ ਸਿੰਘ, ਸ਼ਾਮੂ ਪੁੱਤਰ ਬੂਆ ਜੀ, ਬਲਕਾਰ ਸਿੰਘ ਪੁੱਤਰ ਦਿਆ ਸਿੰਘ, ਕਿਤੇ ਹੋਣ ਤਾਂ ਆਵਾਜ਼ ਦੇਣ … “

ਵਰੰਟ ਅਫ਼ਸਰ ਨੇ ਆਵਾਜ਼ ਤਾਂ ਮਾਰੀ ਪਰ ਉਸ ਵਿੱਚ ਜਾਨ ਨਹੀਂ ਸੀ।

ਪ੍ਰੈਸ ਰਿਪੋਰਟਰ ਦੀ ਤਸੱਲੀ ਨਹੀਂ ਸੀ ਹੋਈ। ਉਸ ਨੇ ਸ਼ਨਾਖ਼ਤ ਲਈ ਆਏ ਬੰਦਿਆਂ ਨੂੰ ਉੱਚੀ ਆਵਾਜ਼ਾਂ ਮਾਰਨ ਲਈ ਆਖਿਆ

“ਨਛੱਤਰ, ਅਮਰਪਾਲ, ਸੁਖਦੇਵ, ਕਿਸ਼ਨ … ਬੋਲੋ ਕਿਥੇ ਹੋ?” ਚਾਰਾਂ ਦੀਆਂ ਆਵਾਜ਼ਾਂ ਨਾਲ ਸਾਰਾ ਥਾਣਾ ਗੂੰਜਣ ਲੱਗਾ।

ਵਰੰਟ ਅਫ਼ਸਰ ਨੇ ਦਰਵਾਜ਼ੇ ਨੂੰ ਕੰਨ ਲਾ ਕੇ ਸੁਣਿਆ। ਅੰਦਰੋਂ ਕੋਈ ਕਰਾਹ ਰਿਹਾ ਸੀ।

ਮਜਬੂਰ ਹੋਏ ਲਾਲ ਸਿੰਘ ਨੂੰ ਕਮਰਾ ਖੋਲ੍ਹਣਾ ਪਿਆ। ਜਿਨ੍ਹਾਂ ਨੂੰ ਸੰਮਤੀ ਦੇ ਬੰਦਿਆਂ ਨੇ ਆਵਾਜ਼ਾਂ ਮਾਰੀਆਂ ਸਨ, ਉਹ ਚਾਰੇ ਇਸੇ ਕਮਰੇ ਵਿੱਚ ਬੰਦ ਸਨ।

ਬਾਕੀ ਦੇ ਚਾਰਾਂ ਬਾਰੇ ਨਛੱਤਰ ਨੇ ਦੱਸਿਆ। ਉਹ ਲਾਲ ਸਿੰਘ ਦੇ ਕੁਆਰਟਰ ਵਿੱਚ ਰੱਖੇ ਗਏ ਹਨ।

ਸੰਮਤੀ ਦੇ ਸਾਰੇ ਕਾਰਕੁਨਾਂ ਨੂੰ ਰਿਹਾਅ ਕਰਦਾ ਲਾਲ ਸਿੰਘ ਸਾਰੀ ਪੁਲਿਸ ਨੂੰ ਗਾਲ੍ਹਾਂ ਕੱਢਣ ਲੱਗਾ। ਮੁੰਡਿਆਂ ਨੂੰ ਤਫ਼ਤੀਸ਼ੀ ਕਮਰੇ ਵਿੱਚ ਬੰਦ ਕਰਿਆਂ ਘੰਟਾ ਵੀ ਨਹੀਂ ਸੀ ਹੋਇਆ। ਇਤਲਾਹ ਬਾਹਰ ਪੁੱਜ ਵੀ ਗਈ ਸੀ।

ਲਾਲ ਸਿੰਘ ਪੂਰੀ ਤਰ੍ਹਾਂ ਮਾਯੂਸ ਹੋ ਚੁੱਕਾ ਸੀ। ਜਦੋਂ ਘਰ ਦਾ ਭੇਤੀ ਹੀ ਲੰਕਾ ਢਾਹੁਣ ਲੱਗੇ ਤਾਂ ਜਿੱਤ ਕਿਵੇਂ ਹਾਸਲ ਹੋ ਸਕਦੀ ਸੀ?

ਲਾਲ ਸਿੰਘ ਨੂੰ ਯਕੀਨ ਹੋ ਗਿਆ ਕਿ ਵਰੰਟ ਅਫ਼ਸਰ ਨੂੰ ਥਾਣੇ ਦੀ ਹਰ ਛੋਟੀ-ਵੱਡੀ ਕਾਰਵਾਈ ਦਾ ਇਲਮ ਸੀ। ਹੋਰ ਲੁਕਾ-ਛੁਪੀ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ।

ਚੁੱਪ ਕਰ ਕੇ ਉਸ ਨੇ ਮੁੰਡੇ ਵਾਰਿਸਾਂ ਦੇ ਹਵਾਲੇ ਕੀਤੇ ਅਤੇ ਹਾਈਕੋਰਟ ਦੇ ਸੰਮਨ ਲੈ ਲਏ। ਜੋ ਹੋਏਗਾ, ਸੋ ਦੇਖੀ ਜਾਏਗੀ।

 

 

32

ਭੋਗ ਵਿੱਚ ਕੱਲ੍ਹ ਦਾ ਦਿਨ ਬਾਕੀ ਸੀ।

ਅੱਧੇ ਨਾਲੋਂ ਵੱਧ ਸ਼ਹਿਰ ਕੁੱਟਿਆ ਜਾ ਚੁੱਕਾ ਸੀ। ਇਲਾਕੇ ਦਾ ਹਰ ਬਦਮਾਸ਼ ਲੋੜੋਂ ਵੱਧ ਇੰਟੈਰੋਗੇਟ ਹੋ ਚੁੱਕਾ ਸੀ। ਜਿਸ ’ਤੇ ਮਾਮੂਲੀ ਜਿਹਾ ਸ਼ੱਕ ਵੀ ਕੀਤਾ ਜਾ ਸਕਦਾ ਸੀ, ਉਸ ਨੂੰ ਵੀ ਨਹੀਂ ਸੀ ਬਖ਼ਸ਼ਿਆ ਗਿਆ। ਇੰਝ ਲੱਗਦਾ ਸੀ, ਮੁਜਰਮ ਜਿਵੇਂ ਭੂਤਾਂ-ਪ੍ਰੇਤਾਂ ਵਾਂਗ ਅਸਮਾਨੋ ਉਤਰੇ ਹੋਣ ਅਤੇ ਕਾਰਾ ਕਰ ਕੇ ਮੁੜ ਕਿਧਰੇ ਛਾਈਂ-ਮਾਈਂ ਹੋ ਗਏ ਹੋਣ।

ਕਾਤਲਾਂ ਬਾਰੇ ਤਾਂ ਕੀ ਪਤਾ ਲੱਗਣਾ ਸੀ, ਇਹ ਵੀ ਪਤਾ ਨਹੀਂ ਸੀ ਲੱਗ ਸਕਿਆ ਕਿ ਕਾਤਲ ਕਿਥੋਂ ਆਏ, ਬੰਟੀ ਨੂੰ ਕਿਥੋਂ ਚੁੱਕਿਆ ਅਤੇ ਕਿਥੇ ਰੱਖਿਆ ਗਿਆ? ਚਿੱਠੀਆਂ ਕੌਣ ਲਿਖਦਾ ਅਤੇ ਪੋਸਟ ਕਰਦਾ ਰਿਹਾ? ਬੰਟੀ ਨੂੰ ਕਿਥੇ ਰੱਖਿਆ ਅਤੇ ਕਿਥੇ ਮਾਰਿਆ ਗਿਆ?

ਜਦੋਂ ਦਸਾਂ ਦਿਨਾਂ ਵਿੱਚ ਕੁੱਝ ਪੱਲੇ ਨਹੀਂ ਸੀ ਪਿਆ ਤਾਂ ਚੌਵੀ ਘੰਟਿਆਂ ਵਿੱਚ ਕਿਹੜਾ ਜਾਦੂ ਵੱਜ ਜਾਣਾ ਸੀ? ਕਿਸੇ ਤੋਂ ਪੁੱਛ-ਪੜਤਾਲ ਕਰਨੀ ਵੀ ਬਾਕੀ ਨਹੀਂ ਸੀ। ਕਾਤਲਾਂ ਬਾਰੇ ਅਕਾਸ਼ਬਾਣੀ ਤਾਂ ਹੋਣੋਂ ਰਹੀ।

ਪੁਲਿਸ ਕਪਤਾਨ ਬਿਆਨ ’ਤੇ ਬਿਆਨ ਦਾਗ਼ ਰਿਹਾ ਸੀ। ਮੁਜਰਮਾਂ ਦੀ ਸ਼ਨਾਖ਼ਤ ਹੋਣ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਰਵਾਨਾ ਹੋਈਆਂ ਪੁਲਿਸ ਪਾਰਟੀਆਂ ਦੀ ਖ਼ਬਰ ਅੱਜ ਦੇ ਅਖ਼ਬਾਰ ਵਿੱਚ ਛਪੀ ਸੀ।

ਉਸੇ ਰਿਪੋਰਟਾਂ ਦੇ ਆਧਾਰ ’ਤੇ ਮੁੱਖ ਮੰਤਰੀ ਵੀ ਹਿੱਕ ਠੋਕ ਕੇ ਆਖ ਰਿਹਾ ਸੀ ਕਿ ਮੁਜਰਮ ਹਰ ਹਾਲਤ ਵਿੱਚ ਭੋਗ ਤੋਂ ਪਹਿਲਾਂ-ਪਹਿਲਾਂ ਫੜੇ ਜਾਣਗੇ।

ਇਥੇ ਕਾਤਲਾਂ ਦੀ ਵਾਈ-ਧਾਈ ਵੀ ਨਹੀਂ ਸੀ।

ਥਾਣਾ ਖ਼ਾਲੀ ਪਿਆ ਸੀ। ਕੁੱਝ ਵਰੰਟ ਅਫ਼ਸਰ ਛੁਡਾ ਕੇ ਲੈ ਗਿਆ, ਬਾਕੀ ਉਹਨਾਂ ਆਪ ਛੱਡ ਦਿੱਤੇ।

ਜੁਝਾਰੂ ਜਥੇਬੰਦੀ ਤੋਂ ਲਾਲ ਸਿੰਘ ਨੂੰ ਡਰ ਲੱਗਣ ਲੱਗਾ। ਹਾਈ ਕੋਰਟ ਦੇ ਮੁਕੱਦਮੇ ਨੂੰ ਉਹ ਭੁਗਤ ਲਏਗਾ। ਜੇ ਜੁਝਾਰੂਆਂ ਦੀ ‘ਹਾਈ ਕੋਰਟ’ ਦੇ ਵਰੰਟ ਆ ਗਏ ਤਾਂ ਜਾਨ ਲੁਕਾਣੀ ਮੁਸ਼ਕਿਲ ਹੋ ਜਾਏਗੀ। ਜੋਸ਼-ਜੋਸ਼ ਵਿੱਚ ਉਸ ਤੋਂ ਜ਼ਿਆਦਤੀ ਵੀ ਜ਼ਿਆਦਾ ਹੀ ਹੋ ਗਈ ਸੀ। ਉਹ ਤਾਂ ਸਾਰਾ ਕੁਨਬਾ ਹੀ ਤਬਾਹ ਕਰਨਗੇ।

ਸਿਰ ਸੁੱਟੀ ਬੈਠਾ ਲਾਲ ਸਿੰਘ ਇਸ ਮੁਸੀਬਤ ’ਚੋਂ ਨਿਕਲਣ ਦਾ ਰਾਹ ਸੋਚਦਾ ਰਿਹਾ।

ਉਸ ਨੂੰ ਇਕੋ ਰਾਹ ਨਜ਼ਰ ਆ ਰਿਹਾ ਸੀ। ਨਾਲੇ ਸੱਪ ਵੀ ਮਰ ਜਾਣਾ ਸੀ, ਨਾਲੇ ਲਾਠੀ ਵੀ ਬਚ ਰਹਿਣੀ ਸੀ। ਮੁੱਖ ਮੰਤਰੀ ਦੇ ਵਚਨ ਵੀ ਪੂਰੇ ਹੋ ਜਾਣੇ ਸਨ ਅਤੇ ਪੁਲਿਸ ਦੀ ਵੀ ਵਾਹਵਾ- ਵਾਹਵਾ ਹੋ ਜਾਣੀ ਸੀ।

ਆਪਣੇ ਮਨ ਨਾਲ ਪੱਕਾ ਫ਼ੈਸਲਾ ਕਰ ਕੇ ਲਾਲ ਸਿੰਘ ਨੇ ਹਮਾਇਤੀ ਪੁਲਿਸ ਅਫ਼ਸਰਾਂ ਦੀ ਮੀਟਿੰਗ ਬੁਲਾਈ। ਸਾਰੇ ਉਸ ਨਾਲ ਇੱਕ ਦਮ ਸਹਿਮਤ ਹੋ ਗਏ। ਆਪਣੀ ਨੌਕਰੀ ਬਚਾਉਣ ਦਾ ਇਹੋ ਇੱਕ ਹੱਲ ਸੀ।

ਕਿਸੇ ਨੂੰ ਸ਼ੱਕ ਵੀ ਨਹੀਂ ਹੋ ਸਕਦਾ। ਦੋਵੇਂ ਪੁਰਾਣੇ ਬੀ.ਸੀ.ਸਨ।

ਖ਼ੁਸ਼ ਹੋਇਆ ਲਾਲ ਸਿੰਘ ਪੁਲਿਸ ਅਫ਼ਸਰਾਂ ਨੂੰ ਡਿਊਟੀਆਂ ਲਾਉਣ ਲੱਗਾ।

ਹੌਲਦਾਰ ਰਾਤੋ-ਰਾਤ ਪਾਲੇ ਅਤੇ ਮੀਤੇ ਲਈ ਚਿੱਟੇ ਦੁੱਧ ਵਰਗੇ ਕੁੜਤਿਆਂ ਪਜਾਮਿਆਂ ਦਾ ਇੰਤਜ਼ਾਮ ਕਰੇ। ਨਵੀਆਂ ਤਿੱਲੇਦਾਰ ਜੁੱਤੀਆਂ, ਕਾਲੀਆਂ ਪੱਗਾਂ ਅਤੇ ਲਾਲ ਫਿਫਟੀਆਂ ਵੀ ਖ਼ਰੀਦੀਆਂ ਜਾਣ।

ਬਲਵੰਤ ਨੇ ਉਹਨਾਂ ਦੀਆਂ ਉਂਗਲਾਂ ਦੇ ਨਿਸ਼ਾਨ ਸਰੀਏ, ਸ਼ੀਸ਼ੀਆਂ ਅਤੇ ਬੋਤਲਾਂ ’ਤੇ ਲੈ ਲਏ। ਫੇਰ ਇਹਨਾਂ ਚੀਜ਼ਾਂ ਨੂੰ ਸੂਏ ਲਾਗਲੇ ਖੇਤ ਵਿੱਚ ਬੜੀ ਸਾਵਧਾਨੀ ਨਾਲ ਦਬਾ ਦਿੱਤਾ ਜਾਵੇ। ਪਿੱਛੋਂ ਪਬਲਿਕ ਦੇ ਸਾਹਮਣੇ ਇਹ ਚੀਜ਼ਾਂ ਬਰਾਮਦ ਕਰਾਈਆਂ ਜਾਣਗੀਆਂ।

ਉਹਨਾਂ ਦੇ ਹੱਥਾਂ ਪੈਰਾਂ ਦੇ ਨਿਸ਼ਾਨ ਉਹਨਾਂ ਚੀਜ਼ਾਂ ’ਤੇ ਵੀ ਲਏ ਜਾਣ, ਜਿਨ੍ਹਾਂ ’ਤੇ ਮੌਕਾ ਦੇਖਣ ਲਾਏ ਮਾਹਿਰਾਂ ਨੇ ਲਏ ਸਨ।

ਰੇਤਾ ਮੰਗਵਾ ਕੇ ਉਸ ਉਪਰ ਪਾਲੇ ਅਤੇ ਮੀਤੇ ਨੂੰ ਤੋਰਿਆ ਜਾਵੇ। ਫੇਰ ਪਹਿਲਾਂ ਦੀ ਤਰ੍ਹਾਂ ਮੋਲਡ ਤਿਆਰ ਕੀਤੇ ਜਾਣ।

ਨਾਜ਼ਰ ਨੂੰ ਹੁਕਮ ਸੀ ਕਿ ਉਹ ਹੁਣੇ ਉਂਗਲਾਂ ਦੇ ਨਿਸ਼ਾਨ ਵਾਲੀਆਂ ਚੀਜ਼ਾਂ ਦੀ ਥਾਂ ਇਹ ਰੱਖ ਆਵੇ। ਲਬਾਰਟਰੀ ਵਾਲੇ ਇਸ ਗੱਲ ਤੋਂ ਢਿੱਲ-ਮੱਠ ਕਰਨ ਤਾਂ ਉਹਨਾਂ ਦੀ ਸਾਹਿਬ ਨਾਲ ਗੱਲ ਕਰਾ ਦਿੱਤੀ ਜਾਵੇ। ਸਾਹਿਬ ਆਪੇ ਉਹਨਾਂ ਨੂੰ ਸਮਝਾ ਦੇਵੇਗਾ। ਸਾਹਿਬ ਲਾਲ ਸਿੰਘ ਦੀ ਯੋਜਨਾ ਨਾਲ ਸਹਿਮਤੀ ਪ੍ਰਗਟਾ ਚੁੱਕਾ ਸੀ।

ਮੀਤੇ ਨੂੰ ਤਾਂ ਕਾਲਾ ਅੱਖਰ ਮੱਝ ਬਰਾਬਰ ਸੀ। ਪਾਲਾ ਮਾੜੀ-ਮੋਟੀ ਪੰਜਾਬੀ ਲਿਖ ਸਕਦਾ ਸੀ। ਉਸ ਤੋਂ ਉਹੋ ਜਿਹੀਆਂ ਚਿੱਠੀਆਂ ਲਿਖਵਾਈਆਂ ਗਈਆਂ, ਜਿਹੋ ਜਿਹੀਆਂ ਬੰਟੀ ਦੇ ਕਾਤਲਾਂ ਨੇ ਭੇਜੀਆਂ ਸਨ। ਅਸਲ ਚਿੱਠੀਆਂ ਨੂੰ ਮਿਸਲ ਨਾਲੋਂ ਲਾਹ ਕੇ ਫੂਕ ਦਿੱਤਾ ਗਿਆ ਅਤੇ ਇਹ ਚਿੱਠੀਆਂ ਮਿਸਲ ਨਾਲ ਨੱਥੀ ਕਰ ਦਿੱਤੀਆਂ ਗਈਆਂ।

ਪਿਛਲੀਆਂ ਤਰੀਕਾਂ ਵਿੱਚ ਸਬੂਤ ਇਕੱਠੇ ਕਰ ਕੇ ਉਹਨਾਂ ਮੁਕਾਬਲੇ ਦੀ ਤਿਆਰੀ ਸ਼ੁਰੂ ਕੀਤੀ।

ਸਵੇਰੇ ਚਾਰ ਕੁ ਵਜੇ ਸੀਟੀਆਂ ਮਾਰਦੀ ਪੁਲਿਸ ਅਤੇ ਹਾਰਨ ਮਾਰਦੀਆਂ ਗੱਡੀਆਂ ਸਾਰੇ ਸ਼ਹਿਰ ਵਿੱਚ ਭਜਾਈਆਂ ਗਈਆਂ।

ਪੁੱਛਣ ਵਾਲਿਆਂ ਨੂੰ ਦੱਸਿਆ ਗਿਆ ਕਿ ਸੇਮ ਨਾਲੇ ’ਤੇ ਕਾਤਲਾਂ ਨਾਲ ਪੁਲਿਸ ਦਾ ਮੁਕਾਬਲਾ ਹੋ ਰਿਹਾ ਹੈ।

ਫੇਰ ਖ਼ਬਰ ਆਈ ਕਿ ਮੁਕਾਬਲੇ ਵਿੱਚ ਭਾਰੀ ਫ਼ਾਇਰਿੰਗ ਹੋ ਰਹੀ ਹੈ। ਸਾਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਉਧਰ ਜਾਣ ਵਾਲੀਆਂ ਬੱਸਾਂ-ਕਾਰਾਂ ਨੂੰ ਦੂਜੇ ਰਸਤੇ ਜਾਣ ਦਾ ਹੁਕਮ ਹੋਇਆ।

ਫੇਰ ਖ਼ਬਰ ਆਈ ਕਿ ਕੁੱਝ ਸਿਪਾਹੀ ਅਤੇ ਇੱਕ ਹੌਲਦਾਰ ਫੱਟੜ ਹੋ ਗਏ ਹਨ। ਕਾਤਲਾਂ ਕੋਲ ਪਤਾ ਨਹੀਂ ਕਿੰਨਾ ਕੁ ਅਸਲਾ ਹੈ। ਖ਼ਤਮ ਹੋਣ ਵਿੱਚ ਹੀ ਨਹੀਂ ਆਉਂਦਾ।

ਜਦੋਂ ਡਿਪਟੀ ਆਪਣੀ ਫ਼ੋਰਸ ਲੈ ਕੇ ਮੌਕੇ ’ਤੇ ਪੁੱਜਾ ਤਾਂ ਕਿਤੇ ਜਾ ਕੇ ਘੇਰਾ ਮਜ਼ਬੂਤ ਹੋਇਆ।

ਉਹਨਾਂ ਨੂੰ ਕਾਬੂ ਕਰਨ ਲਈ ਘੰਟਾ ਡਿਪਟੀ ਨੂੰ ਵੀ ਜੂਝਣਾ ਪਿਆ।

ਸ਼ੁਕਰ ਸੀ ਕਿ ਮੁਜਰਮ ਜਿੰਦਾ ਹੱਥ ਲੱਗ ਗਏ ਸਨ। ਨਹੀਂ ਤਾਂ ਪੁੱਛ-ਗਿੱਛ ਨਹੀਂ ਸੀ ਹੋ ਸਕਣੀ।

ਪੁਲਿਸ ਦੇ ਯੋਧਿਆਂ ਨੂੰ ਥਾਣੇ ਮੁੜਦਿਆਂ ਦੁਪਹਿਰ ਹੋ ਗਈ। ਸ਼ੇਰਾਂ ਵਰਗੇ ਦੋ ਕਾਤਲ ਉਹਨਾਂ ਦੀਆਂ ਬੁਲੇਟ ਪਰੂਫ਼ ਕਾਰਾਂ ਵਿੱਚ ਬੰਦ ਸਨ।

ਸਾਰੇ ਥਾਣੇ ਦੇ ਆਲੇ-ਦੁਆਲੇ ਅਤੇ ਛੱਤ ’ਤੇ ਬੀ.ਐਸ.ਐਫ਼.ਦਾ ਪਹਿਰਾ ਲਾ ਦਿੱਤਾ ਗਿਆ। ਉਹਨਾਂ ਨੂੰ ਛੁਡਾਉਣ ਲਈ ਕਿਸੇ ਵੀ ਸਮੇਂ ਥਾਣੇ ’ਤੇ ਹਮਲਾ ਹੋ ਸਕਦਾ ਸੀ।

ਕਿਸੇ ਨੂੰ ਵੀ ਥਾਣੇ ਦੇ ਨੇੜੇ ਨਹੀਂ ਸੀ ਢੁਕਣ ਦਿੱਤਾ ਜਾ ਰਿਹਾ। ਕਿਸੇ ਵੀ ਤਰ੍ਹਾਂ ਦੀ ਮਾੜੀ ਘਟਨਾ ਵਾਪਰ ਸਕਦੀ ਸੀ।

ਪ੍ਰੈਸ ਰਿਪੋਰਟਰ ਖਹਿੜਾ ਨਹੀਂ ਸੀ ਛੱਡ ਰਹੇ। ਕਈ ਅੰਗਰੇਜ਼ੀ ਅਖ਼ਬਾਰਾਂ ਨੇ ਆਪਣੇ ਵਿਸ਼ੇਸ਼ ਪ੍ਰਤੀਨਿਧ ਭੇਜੇ ਸਨ। ਪੁਲਿਸ ਕਿਸੇ ਦੇ ਪੱਲੇ ਕੁੱਝ ਨਹੀਂ ਸੀ ਪਾ ਰਹੀ। ਪੁਲਿਸ ਦੇ ਵੀ ਹਾਲੇ ਕੁੱਝ ਪੱਲੇ ਨਹੀਂ ਸੀ ਪਿਆ। ਮੁਜਰਮ ਨਾਂ ਨਹੀਂ ਸੀ ਦੱਸ ਰਹੇ।

ਫ਼ੋਟੋਆਂ ਲੈਣ ਦੀ ਵੀ ਇਜਾਜ਼ਤ ਨਹੀਂ ਸੀ। ਮੁਜਰਮਾਂ ਦੇ ਮੂੰਹ ਢਕਾਏ ਗਏ ਸਨ। ਉਹਨਾਂ ਨੂੰ ਕਚਹਿਰੀ ਵਿੱਚ ਇਸ ਤਰ੍ਹਾਂ ਹੀ ਪੇਸ਼ ਕੀਤਾ ਜਾਣਾ ਸੀ ਤਾਂ ਜੋ ਗਵਾਹਾਂ ਤੋਂ ਉਹਨਾਂ ਦੀ ਸ਼ਨਾਖ਼ਤ ਕਰਾਈ ਜਾ ਸਕੇ। ਕਾਨੂੰਨ ਉਹਨਾਂ ਦੇ ਮੂੰਹ ਸ਼ਨਾਖ਼ਤੀ ਪਰੇਡ ਤੋਂ ਪਹਿਲਾਂ ਨੰਗੇ ਕਰਨ ਦੀ ਇਜਾਜ਼ਤ ਨਹੀਂ ਸੀ ਦਿੰਦਾ। ਹੁਣੇ ਫ਼ੋਟੋਆਂ ਖਿੱਚ ਲਈਆਂ ਗਈਆਂ ਤਾਂ ਮੁਜਰਮ ਇਸ ਗੱਲ ਤੋਂ ਬਰੀ ਹੋ ਜਾਣੇ ਸਨ। ਹਾਂ, ਉਹਨਾਂ ਨੇ ਗਵਾਹਾਂ ਕੋਲੋਂ ਆਪਣੀ ਸ਼ਨਾਖ਼ਤ ਕਰਾਉਣ ਤੋਂ ਨਾਂਹ ਕਰ ਦਿੱਤੀ ਤਾਂ ਫ਼ੋਟੋਗ੍ਰਾਫ਼ਰ ਜੀ ਸਦਕੇ ਫ਼ੋਟੋਆਂ ਖਿੱਚ ਲੈਣ।

ਇਸ ਲਈ ਪ੍ਰੈਸ ਵਾਲਿਆਂ ਨੂੰ ਓਨਾ ਚਿਰ ਸਬਰ ਕਰਨਾ ਪੈਣਾ ਸੀ, ਜਿੰਨਾ ਚਿਰ ਮੁਜਰਮਾਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਸੀ ਕੀਤਾ ਜਾਂਦਾ।

ਮੁਜਰਮਾਂ ਨੂੰ ਕਦੋਂ ਅਦਾਲਤ ਵਿੱਚ ਪੇਸ਼ ਕਰਨਾ ਸੀ, ਇਸ ਬਾਰੇ ਕੋਈ ਕੁੱਝ ਨਹੀਂ ਸੀ ਦੱਸ ਰਿਹਾ।

 

 

33

ਮੁੱਖ ਮੰਤਰੀ ਦੇ ਰੁਝੇਵਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੰਟੀ ਦੇ ਭੋਗ ਦੀਆਂ ਰਸਮਾਂ ਇੱਕ ਘੰਟੇ ਲਈ ਲੇਟ ਕਰ ਦਿੱਤੀਆਂ ਗਈਆਂ।

ਮੁੱਖ ਮੰਤਰੀ ਨੇ ਬਾਅਦ ਦੁਪਹਿਰ ਆਉਣਾ ਸੀ। ਆਉਣਾ ਸੀ ਜਾਂ ਨਹੀਂ, ਇਹ ਵੀ ਪੱਕਾ ਪਤਾ ਨਹੀਂ ਸੀ। ਉਹਨਾਂ ਦੇ ਸ਼ਹਿਰ ਆਉਣ ਦੇ ਪ੍ਰੋਗਰਾਮ ਤਾਂ ਵੀਹ ਵਾਰ ਬਣਦੇ ਹਨ। ਆਪ ਕਦੇ ਹੀ ਪਹੁੰਚਦੇ ਹਨ। ਐਨ ਵਕਤ ਸਿਰ ਉਹਨਾਂ ਦੀ ਥਾਂ ਉਹਨਾਂ ਦਾ ਕੋਈ ਖ਼ਾਸ ਵਜ਼ੀਰ ਜਾਂ ਜ਼ਿਲ੍ਹੇ ਦਾ ਕੋਈ ਉੱਚ-ਅਧਿਕਾਰੀ ਮੌਕੇ ’ਤੇ ਪਹੁੰਚਦਾ ਹੈ। ਮੁੱਖ ਮੰਤਰੀ ਦੇ ਰੁਝੇਵਿਆਂ ਦਾ ਕਿੱਸਾ ਸੁਣਾ ਕੇ ਉਹਨਾਂ ਕੋਲੋਂ ਮੁਆਫ਼ੀ ਮੰਗਦਾ ਹੈ। ਮੁੱਖ ਮੰਤਰੀ ਦੇ ਫ਼ਰਜ਼ ਨਿਭਾ ਕੇ ਤੁਰਦਾ ਬਣਦਾ ਹੈ।

ਜਿਸ ਹਿਸਾਬ ਨਾਲ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਉਸ ਤੋਂ ਲੱਗਦਾ ਸੀ, ਮੁੱਖ ਮੰਤਰੀ ਜ਼ਰੂਰ ਪਹੁੰਚਣਗੇ।

ਸਾਰੇ ਸ਼ਹਿਰ ਵਿੱਚ ਗਸ਼ਤ ਤੇਜ਼ ਹੋ ਗਈ ਸੀ। ਸ਼ਹਿਰ ਦੇ ਬਾਹਰਲੇ ਚੌਕਾਂ ਵਿੱਚ ਟ੍ਰੈਫ਼ਿਕ ਪੁਲਿਸ ਤੋਂ ਇਲਾਵਾ ਇੱਕ-ਇੱਕ ਹੌਲਦਾਰ ਅਤੇ ਚਾਰ-ਚਾਰ ਸਿਪਾਹੀ ਵੀ ਤਾਇਨਾਤ ਕੀਤੇ ਗਏ ਸਨ। ਸਾਈਕਲ ਅਤੇ ਸਕੂਟਰ ਤੋਂ ਬਿਨਾਂ ਕਿਸੇ ਵੀ ਗੱਡੀ ਨੂੰ ਸ਼ਹਿਰ ’ਚ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਸੀ। ਸਕੂਟਰਾਂ ਦੇ ਵੀ ਨੰਬਰ ਨੋਟ ਕੀਤੇ ਜਾ ਰਹੇ ਸਨ। ਉਹਨਾਂ ਦੀਆਂ ਡਿੱਗੀਆਂ ਦੀ ਵੀ ਚੰਗੀ ਤਰ੍ਹਾਂ ਤਲਾਸ਼ੀ ਹੋ ਰਹੀ ਸੀ।

ਥਾਣੇ ਤੋਂ ਕਚਹਿਰੀ ਤਕ ਦੇ ਦੋ ਮੀਲ ਦੇ ਰਸਤੇ ’ਤੇ ਖ਼ਾਸ ਤਵੱਜੋ ਦਿੱਤੀ ਗਈ ਸੀ। ਇਸ ਰਸਤੇ ’ਤੇ ਪੈਂਦੀ ਹਰ ਗਲੀ ਦੇ ਮੋੜ ’ਤੇ ਇੱਕ-ਇੱਕ ਸਿਪਾਹੀ ਖੜਾ ਕੀਤਾ ਗਿਆ ਸੀ। ਉਹ ਬੜੀ ਹੁਸ਼ਿਆਰੀ ਨਾਲ ਆਲਾ-ਦੁਆਲਾ ਘੋਖ ਰਿਹਾ ਸੀ।

ਸ਼ਹਿਰ ਵਾਸੀਆਂ ਦੇ ਦਿਲ ਧੜਕ ਰਹੇ ਸਨ। ਸ਼ਹਿਰ ਵਿੱਚ ਏਨੀ ਪੁਲਿਸ ਪਹਿਲਾਂ ਕਦੇ ਨਹੀਂ ਦੇਖੀ ਗਈ। ਪੁਲਿਸ ਨੂੰ ਕਿਸੇ ਮੰਦੀ ਘਟਨਾ ਵਾਪਰਨ ਦੀ ਸੂਹ ਲੱਗੀ ਹੋਏਗੀ। ਕਈਆਂ ਨੇ ਰਾਸ਼ਨ ਖ਼ਰੀਦ ਕੇ ਅੰਦਰ ਰੱਖ ਲਏ। ਦੂਰ ਪੜ੍ਹਾਉਣ ਜਾਂਦੀਆਂ ਅਧਿਆਪਕਾਵਾਂ ਨੇ ਛੁੱਟੀਆਂ ਭੇਜ ਦਿੱਤੀਆਂ। ਵਾਪਸ ਮੁੜਦੀਆਂ ਨੂੰ ਕਰਫ਼ਿਊ ਲੱਗ ਗਿਆ ਤਾਂ ਬੱਚਿਆਂ ਦਾ ਕੀ ਬਣੇਗਾ? ਕਰਫ਼ਿਊ ਦਾ ਸੁਆਦ ਉਹ ਕਈ ਵਾਰ ਚੱਖ ਚੁੱਕੀਆਂ ਸਨ।

ਸ਼ਹਿਰ ਵਿਚਲੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਤਾਂ ਲੋਕਾਂ ਨੂੰ ਸਮਝ ਆ ਰਹੀ ਸੀ ਪਰ ਕਚਹਿਰੀ ਨੂੰ ਕਿਉਂ ਘੇਰਿਆ ਗਿਆ ਹੈ, ਇਹ ਸਮਝੋਂ ਬਾਹਰ ਸੀ। ਗੇਟ ਤੋਂ ਕੋਰਟ-ਰੂਮ ਤਕ ਕਦਮ-ਕਦਮ ’ਤੇ ਸਿਪਾਹੀ ਖੜਾ ਸੀ। ਵਕੀਲਾਂ ਦੇ ਖੋਖਿਆਂ, ਸਾਈਕਲ ਸ਼ੈਡਾਂ, ਅਰਜ਼ੀ ਨਵੀਸਾਂ ਦੇ ਤਖ਼ਤਪੋਸ਼ਾਂ ਅਤੇ ਹਰ ਉਸ ਜਗ੍ਹਾ ’ਤੇ ਜਿਥੇ ਚਾਰ ਬੰਦੇ ਇਕੱਠੇ ਖੜੇ ਹੋਏ ਸਨ, ਕੋਲ ਚਿੱਟੇ ਕੱਪੜਿਆਂ ਵਾਲੇ ਸੂਹੀਏ ਕੰਨ ਲਾਈ ਖੜੇ ਸਨ।

ਵਕੀਲਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਸੀ। ਜ਼ਰੂਰ ਕੋਈ ਖ਼ਤਰਾ ਸੀ। ਨਹੀਂ ਤਾਂ ਅੱਗੇ ਕਦੇ ਕਚਹਿਰੀਆਂ ਦੀਆਂ ਛੱਤਾਂ ’ਤੇ ਬੀ.ਐਸ.ਐਫ਼.ਦੇ ਜਵਾਨਾਂ ਨੇ ਪੁਜ਼ੀਸ਼ਨਾਂ ਨਹੀਂ ਸੀ ਲਈਆਂ। ਉਹ ਮੋਰਚੇ ਬਣਾ ਕੇ ਸਟੇਨਗੰਨਾਂ ਅਤੇ ਐਲ.ਐਮ.ਜੀ.ਇਉਂ ਤਾਣੀ ਖੜੇ ਸਨ, ਜਿਵੇਂ ਕਿਸੇ ਵੀ ਸਮੇਂ ਜੰਗ ਦਾ ਬਿਗਲ ਵੱਜਣ ਵਾਲਾ ਹੋਵੇ।

ਕਦੇ-ਕਦੇ ਮੁੱਖ ਮੰਤਰੀ ਵਕੀਲਾਂ ਨੂੰ ਮਿਲਣ ਆਉਂਦਾ ਸੀ। ਉਸ ਸਮੇਂ ਕਚਹਿਰੀਆਂ ਵਿੱਚ ਕੁੱਝ ਸੁਰੱਖਿਆ ਪ੍ਰਬੰਧ ਜ਼ਰੂਰ ਕੀਤੇ ਜਾਂਦੇ ਸਨ। ਪ੍ਰਧਾਨ ਨੂੰ ਉਹਨਾਂ ਦੇ ਇਥੇ ਆਉਣ ਦੀ ਕੋਈ ਸੂਚਨਾ ਨਹੀਂ ਸੀ। ਮੁੱਖ ਮੰਤਰੀ ਦੇ ਨਜ਼ਦੀਕੀ ਵਕੀਲ ਵੀ ਕਚਹਿਰੀਉਂ ਗ਼ਾਇਬ ਸਨ। ਉਹਨਾਂ ਨੇ ਉਥੇ ਡੇਰਾ ਜਾ ਲਾਇਆ ਹੋਣਾ ਹੈ, ਜਿਥੇ ਮੁੱਖ ਮੰਤਰੀ ਨੇ ਠਹਿਰ ਕਰਨੀ ਹੋਏਗੀ। ਨਹੀਂ ਤਾਂ ਉਹ ਇਥੇ ਮੇਲੇ ’ਚ ਗੁਆਚੀ ਗਾਂ ਵਾਂਗ ਹਰਲ-ਹਰਲ ਕਰਦੇ ਫਿਰਦੇ ਰਹਿੰਦੇ।

ਇਸ ਸੁਰੱਖਿਆ ਦਾ ਇਕੋ-ਇੱਕ ਕਾਰਨ ਕਿਸੇ ਬਹੁਤ ਹੀ ਖ਼ਤਰਨਾਕ ਦਹਿਸ਼ਤਗਰਦ ਦਾ ਅਦਾਲਤ ਵਿੱਚ ਪੇਸ਼ ਹੋਣਾ ਹੋ ਸਕਦਾ ਸੀ। ਮੁਜਰਮਾਂ ਨੂੰ ਪੁਲਿਸ ਕੋਲੋਂ ਛੁਡਾ ਲੈਣ ਦੀਆਂ ਵਾਰਦਾਤਾਂ ਆਮ ਹੋ ਰਹੀਆਂ ਸਨ। ਭੀੜ-ਭੜੱਕਿਆਂ ਵਾਲੀਆਂ ਕਚਹਿਰੀਆਂ ਵਿੱਚ ਅਜਿਹੇ ਮੌਕੇ ਅਸਾਨੀ ਨਾਲ ਮਿਲ ਜਾਂਦੇ ਹਨ

ਜੱਜਾਂ ਦੇ ਚਿਹਰੇ ਵੀ ਪੀਲੇ ਭੂਕ ਹੋਏ-ਹੋਏ ਸਨ। ਹਰ ਇੱਕ ਨੂੰ ਲੱਗਦਾ ਸੀ ਜਿਵੇਂ ਬੰਬ ਉਸੇ ਦੀ ਕਚਹਿਰੀ ਵਿੱਚ ਫਟਣਾ ਸੀ। ਕੋਰਟ-ਰੂਮ ਵਿੱਚ ਦਾਖ਼ਲ ਹੁੰਦੇ ਸਾਇਲਾਂ ਦੀ ਤਲਾਸ਼ੀ ਤਾਂ ਜਾਇਜ਼ ਸੀ। ਕਿਸੇ ਹੱਦ ਤਕ ਮੁਨਸ਼ੀਆਂ ਦੀ ਤਲਾਸ਼ੀ ’ਤੇ ਵੀ ਇਤਰਾਜ਼ ਨਹੀਂ ਸੀ ਕੀਤਾ ਜਾ ਸਕਦਾ, ਪਰ ਅੱਜ ਤਾਂ ਵਕੀਲਾਂ ਨੂੰ ਵੀ ਨਹੀਂ ਸੀ ਬਖ਼ਸ਼ਿਆ ਜਾ ਰਿਹਾ। ਤਲਾਸ਼ੀ ਵੀ ਸਰਸਰੀ ਨਹੀਂ ਸੀ ਹੋ ਰਹੀ। ਚੰਗੀ ਤਰ੍ਹਾਂ ਘੋਖ-ਪੜਤਾਲ ਹੁੰਦੀ ਸੀ।

ਪੁਲਿਸ ਦੇ ਇਸ ਰਵੱਈਏ ’ਤੇ ਵਕੀਲ ਹੜਤਾਲ ਕਰਨਾ ਚਾਹੁੰਦੇ ਸਨ, ਪਰ ਆਲਾ-ਦੁਆਲਾ ਇੰਨਾ ਰਹੱਸਮਈ ਹੋ ਗਿਆ ਸੀ ਕਿ ਕਿਸੇ ਦੀ ਮੀਟਿੰਗ ਬੁਲਾਉਣ ਦੀ ਹਿੰਮਤ ਨਹੀਂ ਸੀ ਪੈ ਰਹੀ। ਏੁਹ ਕੰਮ-ਕਾਰ ਕਰ ਕੇ ਖੋਖਿਆਂ ਵਿੱਚ ਜਾ ਬੈਠੇ।

ਜੱਜ ਵੀ ਆਉਣ ਵਾਲੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਕਚਹਿਰੀਆਂ ਛੱਡ ਕੇ ਰਿਟਾਇਰਿੰਗ ਰੂਮ ਵਿੱਚ ਚਲੇ ਗਏ। ਮੁਕੱਦਮਿਆਂ ਦੀ ਕਾਰਵਾਈ ਸ਼ਾਂਤ-ਚਿੱਤ ਹੀ ਹੋ ਸਕਦੀ ਸੀ। ਜਦੋਂ ਸਾਇਲ ਹੀ ਨਹੀਂ, ਵਕੀਲ ਹੀ ਨਹੀਂ, ਜੱਜ ਵੀ ਡਰੇ ਹੋਏ ਹੋਣ ਤਾਂ ਇਨਸਾਫ਼ ਕਿਵੇਂ ਹੋ ਸਕਦਾ ਹੈ?

ਵਕੀਲ ਸਰਕਾਰੀ ਵਕੀਲਾਂ ਦੇ ਦਫ਼ਤਰਾਂ ਦੇ ਚੱਕਰ ਕੱਟਣ ਲੱਗੇ। ਸ਼ਾਇਦ ਉਹਨਾਂ ਨੂੰ ਕੁੱਝ ਪਤਾ ਹੋਵੇ ਪਰ ਉਹ ਵੀ ਲੋਕਾਂ ਵਾਂਗ ਕੋਰੇ ਹੀ ਸਨ। ਬੱਸ ਇੰਨਾ ਕੁ ਪਤਾ ਸੀ ਕਿ ਇੱਕ ਮਾੜਚੂ ਜਿਹਾ ਸਿਪਾਹੀ ਉਹਨਾਂ ਦੇ ਦਫ਼ਤਰ ਅੱਗੇ ਪਹਿਰਾ ਦੇਣ ਲਈ ਆ ਗਿਆ ਸੀ।

ਗੁਰਮੀਤ ਸਿੰਘ ਨੂੰ ਥਾਣੇ ਵਿਚੋਂ ਸੁਨੇਹਾ ਆਇਆ ਸੀ ਕਿ ਉਹ ਕਿਧਰੇ ਨਾ ਜਾਏ। ਪੁਲਿਸ ਬਹੁਤ ਹੀ ਖ਼ੌਫ਼ਨਾਕ ਮੁਜਰਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਵਾਲੀ ਹੈ। ਪੂਰੇ ਚੌਦਾਂ ਦਿਨਾਂ ਦਾ ਰਿਮਾਂਡ ਚਾਹੀਦਾ ਹੈ। ਤਿਆਰੀ ਕਰ ਲੈਣ।

ਇਸ ਖ਼ਬਰ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲੀ।

ਇਹ ਖ਼ੌਫ਼ਨਾਕ ਮੁਜਰਮ ਕਿਹੜੇ ਸਨ, ਇਹ ਹਾਲੇ ਵੀ ਪਹੇਲੀ ਹੀ ਸੀ। ਮੁਜਰਮਾਂ ਦਾ ਥਹੁ-ਪਤਾ ਕੱਢਣ ਲਈ ਵਕੀਲ ਇੱਕ ਵਾਰ ਫੇਰ ਸਰਕਾਰੀ ਵਕੀਲਾਂ ਵੱਲ ਆਉਣ ਲੱਗੇ।

ਇਸ ਸਵਾਲ ਦਾ ਵੀ ਸਰਕਾਰੀ ਵਕੀਲਾਂ ਕੋਲ ਕੋਈ ਜਵਾਬ ਨਹੀਂ ਸੀ। ਮੁਜਰਮਾਂ ਦੇ ਨਾਂ-ਪਤੇ ਗੁਪਤ ਰੱਖੇ ਗਏ ਸਨ। ਸੁਰੱਖਿਆ ਪ੍ਰਬੰਧ ਇੰਨੇ ਸਖ਼ਤ ਹਨ ਤਾਂ ਉਹ ਜ਼ਰੂਰ ਖ਼ਤਰਨਾਕ ਹੋਣਗੇ। ਪੂਰਾ ਇਲਮ ਮਿਸਲ ਆਉਣ ’ਤੇ ਹੀ ਹੋਏਗਾ।

ਕਚਹਿਰੀ ਵਿੱਚ ਯੁਵਾ ਸੰਘ ਦੇ ਵਰਕਰਾਂ ਦੀ ਭੀੜ ਵਧਦੀ ਜਾ ਰਹੀ ਸੀ। ਇਸ ਤੋਂ ਵਕੀਲਾਂ ਨੇ ਅਨੁਮਾਨ ਲਾ ਲਿਆ ਕਿ ਬੰਟੀ ਦੇ ਕਾਤਲ ਹੀ ਖ਼ੌਫ਼ਨਾਕ ਮੁਜਰਮ ਸਨ। ਕੱਲ੍ਹ ਉਹਨਾਂ ਨੂੰ ਫੜ ਤਾਂ ਲਿਆ ਗਿਆ ਸੀ ਪਰ ਨਾਂ-ਪਤਾ ਤਸਦੀਕ ਨਹੀਂ ਸੀ ਹੋ ਰਿਹਾ।

ਪ੍ਰੈਸ ਵਾਲੇ ਵੀ ਮੁਜਰਮਾਂ ਦੀ ਸੂਹ ਨਹੀਂ ਸੀ ਕੱਢ ਸਕੇ। ਉਹ ਪੁਲਿਸ ਅਫ਼ਸਰਾਂ ਦੀ ਇੰਟਰਵਿਊ ਕਰ-ਕਰ ਹੰਭ ਗਏ ਸਨ, ਜਿਨ੍ਹਾਂ ਨੇ ਮੁਜਰਮਾਂ ਨੂੰ ਫੜਿਆ ਸੀ ਪਰ ਕਿਸੇ ਦੇ ਪੱਲੇ ਕੁੱਝ ਨਹੀਂ ਸੀ ਪਾਇਆ।

ਸਾਰਾ ਬਜ਼ਾਰ ਪੁਲਿਸ ਦੇ ਗੁਣ ਗਾ ਰਿਹਾ ਸੀ। ਵਿਉਪਾਰ ਮੰਡਲ ਦੇ ਪ੍ਰਧਾਨ ਨੇ ਰਾਤ ਹੀ ਮੀਟਿੰਗ ਬੁਲਾ ਲਈ ਸੀ। ਬਜ਼ਾਰ ਵਾਲੇ ਆਪਣੇ ਵਾਅਦੇ ਅਨੁਸਾਰ ਪੁਲਿਸ ਦਾ ਸਨਮਾਨ ਕਰਨ ਦੀ ਤਿਆਰੀ ਕਰਨ। ਸੇਠਾਂ ਨੇ ਦਿਲ ਖੋਲ੍ਹ ਕੇ ਐਲਾਨ ਕੀਤੇ। ਬਜਾਜੀ ਵਾਲੇ ਸਿੰਗਲੇ ਨੇ ਟੈਰੀਕਾਟ ਦੀ ਇੱਕ-ਇੱਕ ਵਰਦੀ, ਭਾਂਡਿਆਂ ਵਾਲੇ ਭਾਪੇ ਨੇ ਇੱਕ-ਇੱਕ ਟਿਫ਼ਨ, ਬਸਾਤੀ ਵਾਲੇ ਬਾਬੂ ਰਾਮ ਨੇ ਇੱਕ-ਇੱਕ ਬਰੀਫ਼ਕੇਸ ਅਤੇ ਕਰਿਆਨੇ ਵਾਲੇ ਸਰਦਾਰ ਨੇ ਚਾਰ-ਚਾਰ ਕਿੱਲੋ ਵਾਲੀ ਦੇਸੀ ਘਿਓ ਦੀ ਇੱਕ-ਇੱਕ ਪੀਪੀ ਦੇਣ ਦਾ ਐਲਾਨ ਕੀਤਾ।

ਸਵੇਰ ਨੂੰ ਜਦੋਂ ਪੁਲਿਸ ਦੇ ਸਨਮਾਨ ਦੀ ਗੱਲ ਸ਼ਹਿਰ ਵਿੱਚ ਫੈਲੀ ਤਾਂ ਸਨਮਾਨ ਕਰਨ ਵਾਲਿਆਂ ਦੀ ਲਿਸਟ ਹੋਰ ਲੰਬੀ ਹੋ ਗਈ। ਧਾਗਾ ਮਿੱਲ ਵਾਲੇ, ਪੋਲਟਰੀ ਫ਼ਾਰਮ ਵਾਲੇ ਅਤੇ ਸ਼ੈਲਰਾਂ ਵਾਲੇ ਇੱਕ-ਦੂਜੇ ਤੋਂ ਚੜ੍ਹ-ਚੜ੍ਹ ਕੇ ਐਲਾਨ ਕਰਨ ਲੱਗੇ।

ਯੁਵਾ ਸੰਘ ਨੇ ਸਨਮਾਨ ਕਰਨ ਲਈ ਸ਼ਾਮ ਨੂੰ ਹੀ ਨਹਿਰੂ ਪਾਰਕ ਵਿੱਚ ਰੈਲੀ ਰੱਖ ਲਹੀ। ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਹੀ ਸਨਮਾਨ ਹੋਏਗਾ। ਉਹਨਾਂ ਇਨਾਮ ਦੇਣ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ-ਆਪਣੀਆਂ ਚੀਜ਼ਾਂ ਲੈ ਕੇ ਸਮੇਂ ਸਿਰ ਨਹਿਰੂ ਪਾਰਕ ਪੁੱਜ ਜਾਣ।

ਸੰਘ ਮੁੱਖ ਮੰਤਰੀ ’ਤੇ ਵੀ ਜ਼ੋਰ ਪਾਏਗਾ ਕਿ ਉਹ ਪੁਲਿਸ ਮੁਲਾਜ਼ਮਾਂ ਨੂੰ ਤਰੱਕੀ ਦੇਣ ਦਾ ਵਾਅਦਾ ਤੁਰੰਤ ਪੂਰਾ ਕਰ ਕੇ ਜਾਣ। ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਦਾ ਵਾਅਦਾ ਨਿਭਾ ਕੇ ਤਾਂ ਉਹ ਸ਼ਹਿਰ ’ਤੇ ਅਹਿਸਾਨ ਕਰ ਹੀ ਚੁੱਕੇ ਸਨ।

ਯੁਵਾ ਸੰਘ ਚਾਹੁੰਦਾ ਸੀ ਕਿ ਕਾਤਲਾਂ ਦਾ ਮੂੰਹ ਕਾਲਾ ਕਰ ਕੇ ਉਹਨਾਂ ਦਾ ਜਲੂਸ ਕੱਢਿਆ ਜਾਵੇ।

ਇੰਸਪੈਕਟਰ ਨੇ ਇਸ ਦੀ ਇਜਾਜ਼ਤ ਨਾ ਦਿੱਤੀ। ਨਾ ਕਾਨੂੰਨੀ ਪੱਖੋਂ ਅਤੇ ਨਾ ਹੀ ਸੁਰੱਖਿਆ ਪੱਖੋਂ ਇਹ ਸੰਭਵ ਸੀ।

ਸੰਘ ਦੀ ਦੂਜੀ ਮੰਗ ਵੀ ਉਹ ਪਰਵਾਨ ਨਹੀਂ ਸੀ ਕਰ ਸਕਦਾ। ਮੁਜਰਮਾਂ ਨੂੰ ਖੁੱਲ੍ਹੀ ਜੀਪ ਵਿੱਚ ਬਿਠਾ ਕੇ ਵੀ ਕਚਹਿਰੀ ਨਹੀਂ ਸੀ ਲਿਜਾਇਆ ਜਾ ਸਕਦਾ। ਮੁਜਰਮਾਂ ਦੇ ਸਮਰਥਕ ਕਿਸੇ ਵੀ ਸਮੇਂ ਕੋਈ ਵੀ ਕਾਰਵਾਈ ਕਰਨ ਦੇ ਸਮਰੱਥ ਸਨ। ਪੁਲਿਸ ਕੋਈ ਖ਼ਤਰਾ ਮੁੱਲ ਨਹੀਂ ਲੈ ਸਕਦੀ।

ਪੁਲਿਸ ਦਾ ਭਗਤ ਬਣਿਆ ਸੰਘ ਸਿਰ ਝੁਕਾ ਕੇ ਪੁਲਿਸ ਦੀ ਹਰ ਗੱਲ ਮੰਨਦਾ ਰਿਹਾ। ਕਾਤਲਾਂ ਨੂੰ ਫੜ ਕੇ ਉਹਨਾਂ ਸੰਘ ਦਾ ਮਨ ਜੋ ਮੋਹ ਲਿਆ ਸੀ।

ਮੁਜਰਮਾਂ ਨੂੰ ਲੈ ਕੇ ਥਾਣਿਓਂ ਨਿਕਲੀ ਜੀਪ ਦੇਖ ਕੇ ਸੰਘ ਦੇ ਵਰਕਰਾਂ ਦਾ ਜੋਸ਼ ਠਾਠਾਂ ਮਾਰਨ ਲੱਗਾ। ਉਹ ਪੂਰੇ ਜੋਸ਼ ਨਾਲ ਪੁਲਿਸ ਦੇ ਹੱਕ ਵਿੱਚ ਨਾਅਰੇ ਮਾਰਨ ਲੱਗੇ।

ਬਜ਼ਾਰ ਵਿੱਚ ਇੰਨੀ ਭੀੜ ਹੋ ਗਈ ਸੀ ਕਿ ਪੁਲਿਸ ਨੂੰ ਜੀਪਾਂ ਤੋਰਨੀਆਂ ਮੁਸ਼ਕਿਲ ਹੋ ਗਈਆਂ। ਧੱਕੇ ਮਾਰ-ਮਾਰ ਲੋਕ ਇੱਕ-ਦੂਜੇ ਤੋਂ ਅੱਗੇ ਹੋਣ ਦਾ ਯਤਨ ਕਰ ਰਹੇ ਸਨ। ਹਰ ਕੋਈ ਅੱਡੀਆਂ ਚੁੱਕ-ਚੁੱਕ ਕੇ ਕਾਤਲਾਂ ਦੀ ਮਨਹੂਸ ਸ਼ਕਲ ਦੇਖਣਾ ਚਾਹੁੰਦਾ ਸੀ।

ਪਤਲੇ-ਦੁਬਲੇ ਸਰੀਰਾਂ, ਚਿੱਟੇ ਕੁੜਤੇ-ਪਜਾਮਿਆਂ, ਕਾਲੀਆਂ ਪੱਗਾਂ ਅਤੇ ਤਿੱਲੇਦਾਰ ਜੁੱਤੀਆਂ ਤੋਂ ਬਿਨਾਂ ਕੁੱਝ ਵੀ ਨਜ਼ਰ ਨਹੀਂ ਸੀ ਆ ਰਿਹਾ। ਮੁਜਰਮਾਂ ਦੇ ਪੁੱਠੀਆਂ ਹੱਥਕੜੀਆਂ ਲਾਈਆਂ ਗਈਆਂ ਸਨ। ਪੈਰਾਂ ਵਿੱਚ ਭਾਰੀਆਂ-ਭਾਰੀਆਂ ਬੇੜੀਆਂ ਸਨ। ਚਿਹਰੇ ਪੱਗਾਂ ਨਾਲ ਢੱਕੇ ਹੋਏ ਸਨ। ਬੱਸ ਖ਼ੌਫ਼ਨਾਕ ਅੱਖਾਂ ਹੀ ਦਿਖਾਈ ਦੇ ਰਹੀਆਂ ਸਨ, ਜਿਹੜੀਆਂ ਵਾਰ-ਵਾਰ ਲੋਕਾਂ ਨੂੰ ਘੂਰ ਰਹੀਆਂ ਸਨ।

ਕਚਹਿਰੀ ਤਕ ਅੱਪੜਦਿਆਂ ਪੁਲਿਸ ਨੂੰ ਤਿੰਨ ਘੰਟੇ ਲੱਗ ਗਏ। ਜੀਪਾਂ ਦੇ ਪਿੱਛੇ ਬਹੁਤ ਵੱਡੀ ਭੀੜ ਤੁਰ ਰਹੀ ਸੀ।

ਲੋਕਾਂ ਨੂੰ ਕਚਹਿਰੀ ਵਿੱਚ ਦਾਖ਼ਲ ਹੋਣ ਦੀ ਮਨਾਹੀ ਸੀ। ਭੀੜ ਨੂੰ ਗੇਟ ਉੱਤੇ ਰੋਕ ਦਿੱਤਾ ਗਿਆ।

ਸੰਘ ਲਈ ਇਹ ਵਧੀਆ ਮੌਕਾ ਸੀ। ਜਿੰਨਾ ਚਿਰ ਪੁਲਿਸ ਰਿਮਾਂਡ ਹਾਸਲ ਕਰ ਕੇ ਵਾਪਸ ਨਹੀਂ ਆਉਂਦੀ, ਉਹ ਲੋਕਾਂ ਨੂੰ ਆਪਣੇ ਸੰਘਰਸ਼ ਦੀ ਕਹਾਣੀ ਸੁਣਾ ਸਕਦੇ ਸਨ।

ਕੁੱਝ ਜੋਸ਼ੀਲੇ ਨੌਜਵਾਨਾਂ ਨੇ ਅਰਜ਼ੀ-ਨਵੀਸਾਂ ਦੇ ਤਖ਼ਤਪੋਸ਼ ਚੁੱਕ ਲਏ। ਇੱਕ-ਦੂਜੇ ’ਤੇ ਰੱਖ ਕੇ ਤਖ਼ਤਪੋਸ਼ਾਂ ਦੀ ਉੱਚੀ ਸਾਰੀ ਸਟੇਜ ਬਣਾ ਲਈ। ਸੰਘ ਦੇ ਨੇਤਾ ਵਾਰੋ-ਵਾਰੀ ਲੋਕਾਂ ਦੇ ਰੌਂਗਟੇ ਖੜੇ ਕਰਨ ਲੱਗੇ।

ਅੰਦਰ ਆਪਣੇ ਕਮਰੇ ਵਿੱਚ ਕੈਦ ਹੋਇਆ ਗੁਰਮੀਤ ਬੇਸਬਰੀ ਨਾਲ ਮਿਸਲ ਉਡੀਕ ਰਿਹਾ ਸੀ, ਮਸਲਾ ਗੰਭੀਰ ਸੀ। ਕਚਹਿਰੀ ਵਿੱਚ ਹੋਣ ਵਾਲੀ ਕਾਰਵਾਈ ਸੁਣਨ ਅਤੇ ਉਸ ਕਾਰਵਾਈ ਨੂੰ ਆਪਣੇ-ਆਪਣੇ ਅਖ਼ਬਾਰਾਂ ਨੂੰ ਭੇਜਣ ਲਈ ਪ੍ਰੈਸ ਰਿਪੋਰਟਰ ਕਚਹਿਰੀ ਵਿੱਚ ਕੁਰਸੀਆਂ ਮੱਲੀ ਬੈਠੇ ਸਨ। ਸਰਕਾਰੀ ਵਕੀਲ ਦੀ ਲਿਆਕਤ ਦੀ ਪਰਖ ਦੀ ਘੜੀ ਸੀ।

ਖ਼ਤਰਨਾਕ ਮੁਜਰਮ ਵਕੀਲ ਵੀ ਤਕੜਾ ਕਰਦੇ ਹਨ। ਘੱਟ ਤਾਂ ਗੁਰਮੀਤ ਵੀ ਨਹੀਂ। ਫੇਰ ਵੀ ਮੁਜਰਮਾਂ ਦੇ ਖ਼ਿਲਾਫ਼ ਬੋਲਣ ਲਈ ਪੁਲਿਸ ਦੀ ਮਿਸਲ ਪੜ੍ਹਨੀ ਜ਼ਰੂਰੀ ਸੀ। ਤਫ਼ਤੀਸ਼ ਦਾ ਹਰ ਤੱਥ ਉਸ ਨੂੰ ਜ਼ਬਾਨੀ ਯਾਦ ਹੋਣਾ ਚਾਹੀਦਾ ਸੀ। ਸਫ਼ਾਈ ਦੇ ਵਕੀਲ ਨੂੰ ਮਾਲ ਪਾਉਣ ਲਈ ਕਿਸੇ ਕਿਤਾਬ ਦੀ ਜ਼ਰੂਰਤ ਵੀ ਪੈ ਸਕਦੀ ਸੀ।

ਮਿਸਲ ਮੰਗਵਾਉਣ ਲਈ ਗੁਰਮੀਤ ਕਈ ਵਾਰ ਥਾਣੇ ਫ਼ੋਨ ਕਰ ਚੁੱਕਾ ਸੀ। ਹਰ ਵਾਰ ਇਕੋ ਜਵਾਬ ਆਉਂਦਾ, ਮਿਸਲ ਇੰਸਪੈਕਟਰ ਦੇ ਬੈਗ ਵਿੱਚ ਹੈ। ਇੰਸਪੈਕਟਰ ਮੁਜਰਮਾਂ ਦੇ ਨਾਲ ਹੈ। ਮੁਜਰਮ ਆਏ ਵੀ ਤਾਂ ਸਿੱਧੇ ਕਚਹਿਰੀ ਲਿਜਾ ਖੜੇ ਕੀਤੇ। ਇੱਕ ਟੁੱਟਿਆ ਜਿਹਾ ਸਿਪਾਹੀ ਗੁਰਮੀਤ ਨੂੰ ਬੁਲਾਉਣ ਆ ਗਿਆ।

ਬਿਨਾਂ ਮਿਸਲ ਪੜ੍ਹੇ ਉਹ ਅੰਦਰ ਜਾ ਕੇ ਕੀ ਬਹਿਸ ਕਰੇਗਾ? ਗੁਰਮੀਤ ਦਾ ਪਾਰਾ ਚੜ੍ਹਨ ਲੱਗਾ।

“ਖ਼ਾਲੀ ਹੱਥ ਮੈਂ ਕਚਹਿਰੀ ’ਚ ਡੁਗਡੁਗੀ ਵਜਾਊਂ।” ਬੁਲਾਉਣ ਆਏ ਸਿਪਾਹੀ ਨੂੰ ਗੁਰਮੀਤ ਨੇ ਉਹਨੀਂ ਪੈਰੀਂ ਵਾਪਸ ਭੇਜ ਦਿੱਤਾ। ਪੁਲਿਸ ਨੂੰ ਜੇ ਸਰਕਾਰੀ ਵਕੀਲ ਦੀ ਜ਼ਰੂਰਤ ਹੈ ਤਾਂ ਪਹਿਲਾਂ ਇੰਸਪੈਕਟਰ ਇਥੇ ਆ ਕੇ ਨਾਲੇ ਸਾਰੇ ਹਾਲਾਤ ਸਮਝਾਏ, ਨਾਲੇ ਮਿਸਲ ਪੜ੍ਹਾਏ।

ਬਾਹਰ ਹੁੰਦੀ ਨਾਅਰੇਬਾਜ਼ੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਹੋ ਰਹੀ ਦੇਰੀ ਤੋਂ ਡਰਦਿਆਂ ਇੰਸਪੈਕਟਰ ਨੂੰ ਦਫ਼ਤਰ ਆਉਣਾ ਪਿਆ।

ਮਿਸਲ ਹਾਲੇ ਵੀ ਉਸ ਕੋਲ ਨਹੀਂ ਸੀ।

ਇੰਸਪੈਕਟਰ ਤੋਂ ਖ਼ੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਪੁਲਿਸ ਹਿਸਟਰੀ ਵਿੱਚ ਸ਼ਾਇਦ ਇਹ ਪਹਿਲੀ ਵਾਰ ਸੀ ਕਿ ਸਾਰਾ ਸ਼ਹਿਰ ਪੁਲਿਸ ਦੇ ਹੱਕ ਵਿੱਚ ਨਾਅਰੇ ਮਾਰ ਰਿਹਾ ਸੀ। ਨਹੀਂ ਤਾਂ ਨਾਅਰੇ ਪੁਲਿਸ ਦੇ ਖ਼ਿਲਾਫ਼ ਹੀ ਲੱਗਦੇ ਹਨ। ਖ਼ੁਸ਼ੀ ’ਚ ਕਮਲਾ ਹੋਇਆ ਉਹ ਮਿਸਲ ਲਿਆਉਣਾ ਹੀ ਭੁੱਲ ਗਿਆ।

“ਤੁਸੀਂ ਅੰਦਰ ਚੱਲੋ, ਤੁਸੀਂ ਖੜੇ ਹੀ ਰਹਿਣਾ ਹੈ। ਅਸੀਂ ਫ਼ੋਨ ’ਤੇ ਜੱਜ ਨਾਲ ਗੱਲ ਕਰ ਲਈ ਸੀ। ਪੂਰੇ ਚੌਦਾਂ ਦਿਨਾਂ ਦਾ ਰਿਮਾਂਡ ਮਿਲ ਜਾਏਗਾ। ਮੁਜਰਮਾਂ ਨੂੰ ਵਕੀਲ ਨਹੀਂ ਕਰਨ ਦਿੱਤਾ ਗਿਆ। ਸ਼ਨਾਖ਼ਤ ਕਰਾਉਣ ਤੋਂ ਵੀ ਉਹ ਨਾਂਹ ਕਰਨਗੇ। ਮੁਜਰਮਾਂ ਨੂੰ ਸਭ ਕੁੱਝ ਸਮਝਾ ਦਿੱਤੈ। ਤੁਸੀਂ ਫ਼ਿਕਰ ਨਾ ਕਰੋ।”

“ਜੇ ਇਹੋ ਗੱਲ ਹੈ ਤਾਂ ਮੈਥੋਂ ਕੀ ਕਰਾਉਣਾ ਹੈ? ਆਪੇ ਪੇਸ਼ ਕਰ ਦਿਓ। ਅੱਗੇ ਕਿਹੜਾ ਕਰਦੇ ਨਹੀਂ। ਮੈਨੂੰ ਨਾਲ ਲਿਜਾਣਾ ਹੈ ਤਾਂ ਮਿਸਲ ਦਿਖਾਉਣੀ ਹੀ ਪਏਗੀ।” ਮਹਿਜ਼ ਰਬੜ ਦੀ ਮੋਹਰ ਬਣਨਾ ਗੁਰਮੀਤ ਦੀ ਆਦਤ ਨਹੀਂ ਸੀ।

ਇਹ ਤਾਂ ਅਜਿਹਾ ਮੁਕੱਦਮਾ ਸੀ, ਜਿਸ ਵਿੱਚ ਗੁਰਮੀਤ ਦੀ ਲਿਆਕਤ ਦੀ ਪਰਖ ਹੋਣੀ ਸੀ। ਉਹ ਤਾਂ ਛੋਟੀ ਤੋਂ ਛੋਟੀ ਗੱਲ ਨੂੰ ਵੀ ਗੰਭੀਰਤਾ ਨਾਲ ਲੈਂਦਾ ਸੀ। ਇਹ ਉਸ ਦੀ ਸੁਹਿਰਦਤਾ ਹੀ ਸੀ, ਜਿਹੜੀ ਉਸ ਨੂੰ ਇਥੇ ਤਕ ਲੈ ਆਈ ਸੀ। ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤਾਂ ਕੋਈ ਚੰਗੀ ਨਹੀਂ ਸੀ ਹੋਈ।

ਬਾਪ ਪਟਵਾਰੀ ਜ਼ਰੂਰ ਸੀ, ਪਰ ਲੋਕਾਂ ਦੀ ਛਿੱਲ ਨਾ ਲਾਹ ਸਕਿਆ। ਪਟਵਾਰੀ ਤੋਂ ਜਮਾਂ- ਬੰਦੀਆਂ ਅਤੇ ਗਰਦਾਵਰੀਆਂ ਵਿੱਚ ਹੇਰਾ-ਫੇਰੀਆਂ ਕਰ ਕੇ ਨਾ ਜ਼ਮੀਨ ਆਪਣੇ ਨਾਂ ਲਗਾ ਹੋਈ ਨਾ ਕੋਠੀਆਂ ਬਣੀਆਂ। ਉਸ ਦੀ ਸਾਰੀ ਉਮਰ ਦੀ ਕਮਾਈ ਸੀ, ਇੱਕ ਕੱਚਾ-ਪਿੱਲਾ ਘਰ। ਉਹ ਵੀ ਸ਼ਹਿਰ ਦੀ ਸਭ ਤੋਂ ਘਟੀਆ ਸਮਝੀ ਜਾਂਦੀ ਬਸਤੀ ਵਿੱਚ। ਸ਼ਮਸ਼ਾਨ ਘਾਟ ਦੇ ਸਾਹਮਣੇ ਅਤੇ ਚੂਹੜਿਆਂ ਦੇ ਵਿਹੜੇ। ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਬਥੇਰਾ ਵਰਜਿਆ। ਥਾਂ ਲੈਣੀ ਹੈ ਤਾਂ ਕਿਸੇ ਚੰਗੇ ਗਲੀ-ਮੁਹੱਲੇ ਵਿੱਚ ਲਏ। ਇਥੇ ਭੈੜੀ ਸੰਗਤ ’ਚ ਪੈ ਕੇ ਬੱਚਿਆਂ ਨੇ ਵਿਗੜ ਜਾਣਾ ਸੀ। ਬਾਪ ਕੋਲ ਸੁਝਾਵਾਂ ਨੂੰ ਇੱਕ ਕੰਨ ਪਾ ਕੇ ਦੂਜੇ ਕੰਨ ਕੱਢਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਸ਼ਹਿਰ ਰਹਿ ਕੇ ਬੱਚਿਆਂ ਨੂੰ ਪੜ੍ਹਾਉਣਾ ਉਸ ਦੇ ਬਾਪ ਦਾ ਸੁਫ਼ਨਾ ਸੀ। ਘੱਟ ਪੂੰਜੀ ਨਾਲ ਅਜਿਹੀ ਬਸਤੀ ਵਿੱਚ ਹੀ ਮਕਾਨ ਖ਼ਰੀਦਿਆ ਜਾ ਸਕਦਾ ਸੀ।

ਲੋਕਾਂ ਦੀਆਂ ਗੱਲਾਂ ਸੱਚੀਆਂ ਹੋਣ ਲੱਗੀਆਂ। ਗੁਰਮੀਤ ਵਿਗੜਨ ਲੱਗਾ। ਉਸ ਦੇ ਹਾਣ ਦਾ ਕੋਈ ਵੀ ਤਾਂ ਸਕੂਲ ਨਹੀਂ ਸੀ ਜਾਂਦਾ। ਕੋਈ ਮੌਜਾਂ ਨਾਲ ਕੁੱਛੜ ’ਚ ਝਾੜੂ ਦੇਈ ਸੜਕਾਂ ਸੁੰਭਰਨ ਜਾ ਰਿਹੈ। ਕੋਈ ਟੱਟੀਆਂ ਸਾਫ਼ ਕਰਨ ਜਾ ਰਹੀ ਮਾਂ ਨਾਲ ਹੱਥ ਵਟਾਉਣ ਤੁਰ ਗਿਐ। ਰਹਿੰਦੇ-ਖੂੰਹਦੇ ਮੋਢਿਆਂ ’ਤੇ ਪੀਪੇ ਧਰ ਗਲੀਆਂ ਬਜ਼ਾਰਾਂ ’ਚੋਂ ਡੱਕੇ-ਡਉਲੇ ਚੁੱਕਣ ਤੁਰ ਜਾਂਦੇ। ਦੁਪਹਿਰ ਤੱਕ ਵਿਹਲੇ ਹੋ ਕੇ ਸਾਰਾ ਦਿਨ ਖੇਡਦੇ ਰਹਿੰਦੇ। ਇਕੱਲਾ ਗੁਰਮੀਤ ਹੀ ਸੀ, ਜਿਸ ਨੂੰ ਭਾਰੀ ਬਸਤਾ ਚੁੱਕ ਕੇ ਸਕੂਲ ਜਾਣਾ ਪੈਂਦਾ ਸੀ। ਘਰ ਆ ਕੇ ਵੀ ਢੇਰ ਸਾਰੀ ਪੜ੍ਹਾਈ ਕਰਨੀ ਪੈਂਦੀ। ਉਸ ਦਾ ਬਾਪ ਖ਼ੁਦ ਉਸ ਨੂੰ ਪੜ੍ਹਾਉਂਦਾ ਸੀ। ਉਹ ਵੀ ਸਖ਼ਤੀ ਨਾਲ। ਪੜ੍ਹਾਈ ਤੋਂ ਟਾਲਾ ਮਾਰਨ ਦੀ ਕੋਈ ਗੁੰਜਾਇਸ਼ ਨਹੀਂ ਸੀ ਹੁੰਦੀ।

ਸਾਥੀਆਂ ਦੀ ਪੰਛੀਆਂ ਵਰਗੀ ਆਜ਼ਾਦ ਜ਼ਿੰਦਗੀ ਗੁਰਮੀਤ ਨੂੰ ਆਪਣੇ ਵੱਲ ਧੂਹਣ ਲੱਗਦੀ। ਪਹਿਲਾਂ ਉਹ ਛੁੱਟੀ ਵਾਲੇ ਦਿਨ ਉਹਨਾਂ ਨਾਲ ਜਾਣ ਲੱਗਾ। ਫੇਰ ਸਕੂਲੋਂ ਟਲ ਕੇ। ਦੋਸਤ ਕੰਮੀਂ ਕਾਰੀਂ ਰੁੱਝੇ ਰਹਿੰਦੇ, ਗੁਰਮੀਤ ਨਾਲ-ਨਾਲ ਫਿਰਦਾ ਰਹਿੰਦਾ। ਕਦੇ-ਕਦੇ ਕੰਮ ਵਿੱਚ ਹੱਥ ਵੀ ਵਟਾਉਂਦਾ। ਸਾਥੀ ਹੱਕ ਨਹੀਂ ਸੀ ਰੱਖਦੇ। ਕਿਸੇ ਘਰੋਂ ਜੇ ਕੋਈ ਚੀਜ਼ ਖਾਣ ਨੂੰ ਮਿਲਦੀ, ਗੁਰਮੀਤ ਨਾਲ ਵੰਡ ਕੇ ਖਾਂਦੇ।

ਗੁਰਮੀਤ ਨੂੰ ਜੇ ਦੋਸਤਾਂ ਵਾਲੇ ਕੰਮ ਕਾਰਨ ਦੀ ਇਜਾਜ਼ਤ ਹੁੰਦੀ ਤਾਂ ਉਹ ਵੀ ਬਸਤੇ ਨੂੰ ਸਲੂਟ ਮਾਰ ਦਿੰਦਾ। ਉਹ ਜੱਟਾਂ ਦਾ ਮੁੰਡਾ ਸੀ। ਸਕੂਲ ਜਾਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਸਕੂਲ ਜਾਂਦਾ ਰਿਹਾ, ਪੜ੍ਹਦਾ ਰਿਹਾ।

ਘਰ ਅੱਗੋਂ ਪੱਕੀ ਸੜਕ ਨਿਕਲਦੇ ਹੀ ਵਿਹੜਾ ਖੇਰੂੰ-ਖੇਰੂੰ ਹੋ ਗਿਆ। ਇੱਕ ਖ਼ਾਨਦਾਨੀ ਵੈਦ ਨੂੰ ਯਾਦ ਆਇਆ, ਜਮਾਂਦਾਰਾਂ ਦੇ ਅੱਧੇ ਘਰ ਤਾਂ ਉਸ ਦੀ ਜ਼ਮੀਨ ’ਤੇ ਉਸਰੇ ਹੋਏ ਸਨ। ਜਦੋਂ ਜ਼ਮੀਨ ਦਾ ਕੋਈ ਮੁੱਲ ਨਹੀਂ ਸੀ, ਉਸ ਨੇ ਇਸ ਦੀ ਪਰਵਾਹ ਨਹੀਂ ਸੀ ਕੀਤੀ। ਕੀਮਤਾਂ ਵਧਣ ਲੱਗੀਆਂ ਤਾਂ ਉਸ ਦਾ ਦਿਲ ਵੀ ਧੜਕਣ ਲੱਗਾ। ਇਹਨਾਂ ਦਾ ਕੀ ਵਸਾਹ ਹੈ? ਕਬਜ਼ਾ ਕਰ ਕੇ ਹੀ ਬੈਠ ਜਾਣ। ਕਈਆਂ ਨੂੰ ਡਰਾ ਕੇ, ਕਈਆਂ ਨੂੰ ਪੁਚਕਾਰ ਕੇ ਅਤੇ ਬਾਕੀਆਂ ਨੂੰ ਥੋੜ੍ਹੇ-ਬਹੁਤ ਪੈਸੇ ਦੇ ਕੇ ਉਸ ਨੇ ਸਾਰਾ ਅਹਾਤਾ ਖ਼ਾਲੀ ਕਰਾ ਲਿਆ। ਸੜਕ ਦੇ ਨਾਲ-ਨਾਲ ਪਲਾਟ ਕੱਟੇ ਦਿਨਾਂ ਵਿੱਚ ਇੱਕ ਨਵੀਂ ਬਸਤੀ ਉਸਰ ਗਈ।

ਜਗ੍ਹਾ ਦੀ ਕੀਮਤ ਇੰਨੀ ਵਧ ਗਈ ਕਿ ਚੂਹੜਿਆਂ ਦੇ ਜੱਦੀ ਘਰ ਵੀ ਲਾਲਚ ’ਚ ਆ ਗਏ। ਮੂੰਹ-ਮੰਗੇ ਪੈਸੇ ਲੈ ਕੇ ਉਹ ਸ਼ਹਿਰ ਦੇ ਬਾਹਰ ਬਣੀ ਅਨਾਜ ਮੰਡ ਦੇ ਪਰਲੇ ਪਾਸੇ ਵਗਦੇ ਗੰਦੇ ਨਾਲੇ ਕੋਲ ਜਾ ਵੱਸੇ। ਉਂਝ ਵੀ ਇਸ ਬਸਤੀ ਵਿੱਚ ਉਹਨਾਂ ਦਾ ਦਮ ਘੁਟਣ ਲੱਗਾ ਸੀ। ਆਪਣੀ ਹੀ ਜਗ੍ਹਾ ’ਤੇ ਉਹ ਦੁਰਕਾਰੇ ਜਾਣ ਲੱਗੇ ਸਨ।

ਬਦਲੇ ਮਾਹੌਲ ਵਿੱਚ ਗੁਰਮੀਤ ਵੀ ਬਦਲ ਗਿਆ। ਉਸ ਦੇ ਸਾਥੀ ਬਦਲ ਗਏ। ਨਵੇਂ ਸਾਥੀ ਸਕੂਲ ਜਾਂਦੇ ਸਨ। ਦਿਲ ਲਾ ਕੇ ਪੜ੍ਹਦੇ ਸਨ। ਵਧੀਆ-ਵਧੀਆ ਖੇਡਾਂ ਖੇਡਦੇ ਸਨ।

ਮਾਂ-ਬਾਪ ਖ਼ੁਸ਼ ਰਹਿਣ ਲੱਗੇ। ਮੁੰਡਾ ਸੁਧਰ ਰਿਹਾ ਸੀ।

ਗੁਰਮੀਤ ਬਦਲਿਆ ਤਾਂ ਸਹੀ ਪਰ ਬਚਪਨ ਦੇ ਦੋਸਤਾਂ ਨੇ ਉਸ ਦਾ ਸਾਥ ਨਾ ਛੱਡਿਆ। ਅੱਜ ਤਕ ਉਹ ਉਸ ਦੀ ਸੋਚ ਦਾ ਅੰਗ ਬਣੇ ਹੋਏ ਸਨ। ਉਸ ਨੂੰ ਹੁਣ ਪਤਾ ਲੱਗਾ ਸੀ ਕਿ ਜਿਸ ਜ਼ਿੰਦਗੀ ਨੂੰ ਉਹ ਸਵਰਗ ਸਮਝਦਾ ਸੀ, ਅਸਲ ਵਿੱਚ ਉਹ ਨਰਕਾਂ ਨਾਲੋਂ ਵੀ ਭੈੜੀ ਸੀ। ਸਮੇਂ ਨੇ ਉਹਨਾਂ ਆਜ਼ਾਦ ਪੰਛੀਆਂ ਦੇ ਖੰਭ ਕਦੋਂ ਦੇ ਕੱਟ ਸੁੱਟੇ ਸਨ। ਕਈਆਂ ਨੂੰ ਬੀਮਾਰੀਆਂ ਨੇ ਨਿਗਲ ਲਿਆ ਸੀ। ਕਈਆਂ ਨੂੰ ਕਾਰਖ਼ਾਨਿਆਂ ਦੀਆਂ ਮਸ਼ੀਨਾਂ ਨੇ। ਜਿਹੜੇ ਬਚ ਗਏ ਸਨ, ਉਹ ਮਰਿਆਂ ਨਾਲੋਂ ਵੀ ਔਖੇ ਸਨ। ਕੋਈ ਟੀ.ਬੀ.ਦਾ ਸ਼ਿਕਾਰ, ਕੋਈ ਦਮੇ ਦਾ ਅਤੇ ਕੋਈ ਮਿਰਗੀ ਦਾ। ਕਿਸੇ ਦੀ ਲੱਤ-ਬਾਂਹ ਕੱਟੀ ਜਾ ਚੁੱਕੀ ਸੀ ਅਤੇ ਕੋਈ ਅੰਨ੍ਹਾ ਹੋ ਗਿਆ ਸੀ। ਉਹੋ ਖ਼ਾਨਦਾਨੀ ਪੇਸ਼ੇ ਅਪਣਾਉਣ ਲਈ ਮਜਬੂਰ। ਦਾੜ੍ਹੀ-ਕੇਸ ਚਿੱਟੇ, ਜਾਬ੍ਹਾਂ ਅੰਦਰ ਨੂੰ ਧਸੀਆਂ ਹੋਈਆਂ। ਹੱਡੀਆਂ ਦੇ ਢਾਂਚੇ। ਗੁਰਮੀਤ ਆਪਣੇ ਦੋਸਤਾਂ ਨੂੰ ਪਛਾਣਨ ਵਿੱਚ ਅਕਸਰ ਧੋਖਾ ਖਾ ਜਾਂਦਾ ਸੀ।

ਅਜਿਹਾ ਕਿਉਂ ਹੁੰਦਾ ਹੈ, ਇਸ ਦੀ ਸਮਝ ਉਸ ਨੂੰ ਕਾਲਜ ਜਾ ਕੇ ਆਉਣ ਲੱਗੀ। ਉਹਨੀਂ ਦਿਨੀਂ ਪ੍ਰਗਤੀਵਾਦੀ ਲਹਿਰ ਜ਼ੋਰਾਂ ’ਤੇ ਸੀ। ਨੌਜਵਾਨਾਂ ਦਾ ਖ਼ੂਨ ਉਬਲ ਰਿਹਾ ਸੀ। ਉਹ ਹਥਿਆਰਬੰਦ *ਤੀ ਲਈ ਤਿਆਰੀ ਕਰ ਰਹੇ ਸਨ। ਹੋਸਟਲ ਵਿੱਚ ਮੀਟਿੰਗਾਂ ਹੁੰਦੀਆਂ, ਸਾਹਿਤ ਵੰਡਿਆ ਜਾਂਦਾ। ਗੁਰਮੀਤ ਵੀ ਉਧਰ ਨੂੰ ਝੁਕ ਗਿਆ।

ਕੋਰਸ ਦੀਆਂ ਕਿਤਾਬਾਂ ਛੱਡ ਕੇ ਉਹ ਵਿਗਿਆਨਕ ਸੋਚ ਵਾਲੀਆਂ ਕਿਤਾਬਾਂ ਪੜ੍ਹਨ ਲੱਗਾ। ਗੁਰਮੀਤ ਅੰਦਰ ਪੈਦਾ ਹੁੰਦੇ ਹਰ ਪ੍ਰਸ਼ਨ ਦਾ ਜਵਾਬ ਉਹਨਾਂ ਕਿਤਾਬਾਂ ਵਿੱਚ ਦਰਜ ਸੀ। ਬਚਪਨ ਦੇ ਦੋਸਤਾਂ ਦੀ ਲੁੱਟ ਦੇ ਕਾਰਨ ਅਤੇ ਉਸ ਦਾ ਹੱਲ ਗੁਰਮੀਤ ਨੂੰ ਸਮਝ ਆ ਗਿਆ ਸੀ।

ਇਸ ਤੋਂ ਪਹਿਲਾਂ ਕਿ ਗੁਰਮੀਤ ਵੀ ਘਰੋਂ ਨਿਕਲ ਜਾਂਦਾ, ਸਾਰੀ ਲਹਿਰ ਖੇਰੂੰ-ਖੇਰੂੰ ਹੋ ਗਈ। ਕਈ ਦੋਸਤ ਮਾਰੇ ਗਏ, ਬਾਕੀਆਂ ਨੂੰ ਜੇਲ੍ਹ ਵਿੱਚ ਤੁੰਨ ਦਿੱਤਾ ਗਿਆ।

ਲਹਿਰ ਨਹੀਂ ਰਹੀ ਤਾਂ ਕੀ? ਗੁਰਮੀਤ ਅੰਦਰ ਜਗੀ ਜੋਤ ਉਸੇ ਤਰ੍ਹਾਂ ਕਾਇਮ ਸੀ। ਜ਼ਿੰਦਗੀ ਦੇ ਹਰ ਮੋੜ ’ਤੇ ਉਹ ਵਿਗਿਆਨਕ ਸੋਚ ਲਾਗੂ ਕਰਨ ਦੇ ਯਤਨ ਕਰਦਾ ਸੀ।

ਨੌਕਰੀ ਉਹ ਕਰ ਤਾਂ ਰਿਹਾ ਸੀ, ਪਰ ਰਾਸ ਨਹੀਂ ਸੀ ਆ ਰਹੀ। ਪੁਲਿਸ ਵਾਲੇ ਉਸ ਨੂੰ ਪੁਲਿਸ ਵਿਰੋਧੀ ਆਖਦੇ ਸਨ। ਸਰਕਾਰੀ ਵਕੀਲ ਦਾ ਫ਼ਰਜ਼ ਹੁੰਦਾ ਹੈ, ਪੁਲਿਸ ਦਾ ਪੱਖ ਪੂਰਨਾ। ਕਈ ਕੇਸਾਂ ਵਿੱਚ ਉਹ ਪੁਲਿਸ ਦੇ ਖ਼ਿਲਾਫ਼ ਹੀ ਬੋਲ ਜਾਂਦਾ ਸੀ।

ਜੱਜ ਵੀ ਔਖੇ ਸਨ। ਉਹ ਉਹਨਾਂ ਨਾਲ ਘੁਲ-ਮਿਲ ਕੇ ਨਹੀਂ ਰਹਿੰਦਾ। ਨਾ ਆਪ ਕੁੱਝ ਕਰਦਾ ਨਾ ਉਹਨਾਂ ਨੂੰ ਕਰਨ ਦਿੰਦਾ। ਜਿਹੜੇ ਮਾੜੇ ਮੰਗਤਿਆਂ ਦੀ ਗੁਰਮੀਤ ਮਦਦ ਕਰਦਾ ਸੀ, ਉਹਨਾਂ ਤੋਂ ਜੱਜਾਂ ਨੂੰ ਕੀ ਮਿਲਣਾ ਸੀ? ਜਿਨ੍ਹਾਂ ਦੀ ਜੱਜ ਮਦਦ ਕਰਨਾ ਚਾਹੁੰਦੇ ਸਨ, ਉਹਨਾਂ ਪਿੱਛੇ ਹੱਥ ਧੋ ਕੇ ਪੈ ਜਾਂਦਾ। ਕਾਨੂੰਨ ਦੀਆਂ ਅਜੀਬ-ਅਜੀਬ ਪਰਿਭਾਸ਼ਾਵਾਂ ਦੇਣ ਲੱਗਦਾ।

ਆਪਣਾ ਮਹਿਕਮਾ ਵੀ ਔਖਾ ਸੀ। ਗੁਰਮੀਤ ਮਰਜ਼ੀ ਦਾ ਮਾਲਕ ਸੀ। ਡਰਦੇ ਕੋਈ ਕਾਰਵਾਈ ਨਹੀਂ ਸੀ ਕਰਦੇ। ਮਾੜੇ ਬੰਦਿਆਂ ਨਾਲ ਸੰਬੰਧ ਰੱਖਦਾ ਹੈ। ਜਿਥੇ ਵੀ ਜਾਂਦਾ ਹੈ, ਪਹਿਲਾਂ ਵਰਗਿਆਂ ਨਾਲ ਦੋਸਤੀ ਗੰਢਦਾ ਹੈ।

ਇਹੋ ਕੁੱਝ ਹੁਣ ਵਾਪਰ ਰਿਹਾ ਸੀ।

ਇੰਸਪੈਕਟਰ ਦੇ ਰਵੱਈਏ ਤੋਂ ਗੁਰਮੀਤ ਨੂੰ ਲੱਗ ਰਿਹਾ ਸੀ ਜਿਵੇਂ ਉਹ ਗੁਰਮੀਤ ਦੀ ਹੋਂਦ ਤੋਂ ਮੁਨਕਰ ਹੋ ਰਿਹਾ ਸੀ।

ਗੁਰਮੀਤ ਦੀ ਅੜੀ ਅੱਗੇ ਇੰਸਪੈਕਟਰ ਨੂੰ ਝੁਕਣਾ ਪਿਆ। ਰਿਮਾਂਡ ਸਰਕਾਰੀ ਵਕੀਲ ਤੋਂ ਬਿਨਾਂ ਵੀ ਮਿਲ ਜਾਣਾ ਸੀ, ਪਰ ਉਹ ਬਿਨਾਂ ਮਤਲਬ ਜੋਖ਼ਮ ਲੈਣਾ ਠੀਕ ਨਹੀਂ ਸੀ ਸਮਝਦਾ। ਕੱਲ੍ਹ ਨੂੰ ਇਹੋ ਛੋਟੀ ਜਿਹੀ ਗੱਲ ਪਹਾੜ ਬਣ ਸਕਦੀ ਸੀ।

ਮਿਸਲ ਲੈ ਕੇ ਗੁਰਮੀਤ ਜ਼ਿਮਨੀਆਂ ਫੋਲਣ ਲੱਗਾ।

“ਇਹ ਹਾਲੇ ਲਿਖਣੀਆਂ ਹਨ?”

“ਵਕਤ ਹੀ ਨਹੀਂ ਲੱਗਾ … ।” ਗੁਰਮੀਤ ਵੱਲੋਂ ਫੜੀ ਗ਼ਲਤੀ ’ਤੇ ਇੰਸਪੈਕਟਰ ਘਬਰਾਇਆ।

“ਜੇ ਜੱਜ ਨੇ ਜ਼ਿਮਨੀਆਂ ’ਤੇ ਦਸਤਖ਼ਤ ਕਰਨੇ ਹੋਏ ਤਾਂ?” ਗੁਰਮੀਤ ਦਾ ਗ਼ੁੱਸਾ ਹਾਲੇ ਠੰਢਾ ਨਹੀਂ ਸੀ ਹੋਇਆ। ਉਹ ਇੰਸਪੈਕਟਰ ਨੂੰ ਜ਼ਲੀਲ ਕਰਨ ’ਤੇ ਤੁਲਿਆ ਹੋਇਆ ਸੀ।

‘ਮੈਂ ਆਖਿਆ ਤਾਂ ਹੈ ਕਿ ਜੱਜ ਨਾਲ ਗੱਲ ਹੋ ਚੁੱਕੀ ਹੈ। ਕੋਈ ਹੋਰ ਨਹੀਂ ਦੇਖਣ ਲੱਗਾ ਜ਼ਿਮਨੀਆਂ। ਜਦੋਂ ਮੁਜਰਮਾਂ ਦਾ ਕੋਈ ਵਕੀਲ ਹੀ ਨਹੀਂ, ਇਤਰਾਜ਼ ਕਿਸ ਨੇ ਕਰਨਾ ਹੈ?” ਗੁਰਮੀਤ ਦੀ ਨੁਕਤਾਚੀਨੀ ਇੰਸਪੈਕਟਰ ਨੂੰ ਚੁੱਭਣ ਲੱਗੀ। ਉਸ ਦੇ ਬੋਲ ਕੁਰੱਖ਼ਤ ਹੋਣ ਲੱਗੇ।

ਮਿਸਲ ਦਾ ਜਾਇਜ਼ਾ ਲੈ ਕੇ ਗੁਰਮੀਤ ਨੇ ਰਿਮਾਂਡ ਪੇਪਰਾਂ ’ਤੇ ਨਜ਼ਰ ਮਾਰੀ। ਮੁਜਰਮਾਂ ਦੇ ਨਾਂ ਪੜ੍ਹ ਕੇ ਉਸ ਦੇ ਹਥ ਕੰਬ ਗਏ। ਪੈੱਨ ਉਂਗਲਾਂ ਵਿਚੋਂ ਖਿਸਕ ਕੇ ਹੇਠਾਂ ਗਿਰ ਗਿਆ।

“ਪਾਲਾ ਸਿੰਘ … ਮੀਤਾ ਸਿੰਘ … ਉਹੋ ਜੇਬ-ਕਤਰਾ … ਚੋਰ … ਜਿਹੜਾ ਆਪਣੇ ਥਾਣੇ ਦੇ ਬੀ.ਸੀ.ਰਹੇ ਹਨ?” ਧੜਕਦੇ ਦਿਲ ਨਾਲ ਹੇਠੋਂ ਪੈੱਨ ਚੁੱਕਦੇ ਗੁਰਮੀਤ ਨੇ ਮੁਜਰਮਾਂ ਬਾਰੇ ਤਸੱਲੀ ਕਰਨ ਲਈ ਇੰਸਪੈਕਟਰ ਤੋਂ ਪੁੱਛਿਆ।

“ਜੀ … ਜੀ … ਉਹੋ ਨੇ ਹਰਾਮਜ਼ਾਦੇ … ਦੇਖ ਲੌ ਕਿੱਡਾ ਲੋਹੜਾ ਮਾਰਿਆ ਸਾਲਿਆਂ ਨੇ … ।” ਇੰਸਪੈਕਟਰ ਦੀ ਆਵਾਜ਼ ਵਿੱਚ ਪਹਿਲਾਂ ਵਾਲਾ ਜੋਸ਼ ਨਹੀਂ ਸੀ ਰਿਹਾ। ਉਸ ਨੂੰ ਇਉਂ ਮਹਿਸੂਸ ਹੋਣ ਲੱਗਾ ਸੀ ਜਿਵੇਂ ਚੋਰ ਰੰਗੇ ਹੱਥੀਂ ਫੜਿਆ ਗਿਆ ਸੀ।

“ਇਹ ਤਾਂ ਦਸਾਂ ਦਿਨਾਂ ਤੋਂ ਥਾਣੇ ਬੈਠੇ ਸੀ … ਮੈਂ ਆਪ ਦੇਖੇ ਨੇ … । ਇੱਕ ਨੂੰ ਤਾਂ ਮੈਂ ਆਪ ਪੇਸ਼ ਕੀਤਾ ਸੀ।”

“ਨਹੀਂ, ਨਹੀਂ, ਤੁਹਾਨੂੰ ਭੁਲੇਖਾ ਲੱਗਾ ਹੋਣਾ ਹੈ।” ਇੰਸਪੈਕਟਰ ਗੁਰਮੀਤ ਦੇ ਸਵਾਲਾਂ ਤੋਂ ਉਵੇਂ ਘਬਰਾ ਰਿਹਾ ਸੀ ਜਿਵੇਂ ਮੁਜਰਮ ਪੁਲਿਸ ਦੇ ਸਵਾਲਾਂ ਤੋਂ ਘਬਰਾਉਂਦਾ ਹੈ। ਉਹ ਕਾਹਲਾ ਪੈ ਰਿਹਾ ਸੀ ਕਿ ਗੁਰਮੀਤ ਜਲਦੀ ਦੇਣੇ ਕਾਗ਼ਜ਼ਾਂ ’ਤੇ ਦਸਤਖ਼ਤ ਕਰੇ ਅਤੇ ਉਸ ਦਾ ਖਹਿੜਾ ਛੱਡੇ।

“ਇਹਨਾਂ ਗ਼ਰੀਬਾਂ ਲਈ ਏਡਾ ਅਡੰਬਰ ਰਚਣ ਦੀ ਕੀ ਲੋੜ ਸੀ? ਘੜਿਆਂ ਦੀਆਂ ਇਹਨਾਂ ਮੱਛੀਆਂ ਨੇ ਕਿਥੇ ਭੱਜ ਜਾਣਾ ਸੀ? ਨਾ ਇਹਨਾਂ ਨੂੰ ਕੋਈ ਛੁਡਾਉਣ ਵਾਲੇ … ।” ਬਿਨਾਂ ਦਸਤਖ਼ਤ ਕਰੇ ਪੈੱਨ ਜੇਬ ’ਚ ਪਾਉਂਦੇ ਗੁਰਮੀਤ ਦਾ ਗ਼ੁੱਸਾ ਕਾਬੂ ਤੋਂ ਬਾਹਰ ਹੋ ਰਿਹਾ ਸੀ।

“ਤੁਸੀਂ ਹੁਣ ਉਠੋ ਵੀ … ਬਾਕੀ ਸਵਾਲ ਫੇਰ ਕਰ ਲਿਓ … ।” ਖਿਝਿਆ ਇੰਸਪੈਕਟਰ ਮਿਸਲ ਸਮੇਟਦਾ ਕੁਰਸੀ ਤੋਂ ਉੱਠ ਖਲੋਤਾ।

ਗੁਰਮੀਤ ਦੀਆਂ ਨਜ਼ਰਾਂ ਇੰਸਪੈਕਟਰ ਦੇ ਝੁਰੜੀਆਂ ਵਾਲੇ ਮੱਥੇ ’ਤੇ ਟਿਕ ਗਈਆਂ। ਹਰ ਝੁਰੜੀ ਵਿਚੋਂ ਉਸ ਨੂੰ ਬੀਸੀਆਂ ਮਾਸੂਮਾਂ ਦੇ ਫਾਂਸੀ ਲਟਕਣ ਦੇ ਅਕਸਾਂ ਦੇ ਝਉਲੇ ਪੈਣ ਲੱਗੇ।

ਕਾਗ਼ਜ਼ਾਂ ਵਿਚੋਂ ਆਉਂਦੀ ਇੱਕ ਅਜੀਬ ਜਿਹੀ ਬੂ ਗੁਰਮੀਤ ਦੇ ਨੱਕ ਨੂੰ ਚੜ੍ਹਨ ਲੱਗੀ। ਸੜ ਰਹੇ ਮਾਸ ਜਿਹੀ, ਗੰਦਗੀ ਦੇ ਢੇਰ ਜਿਹੀ ਅਤੇ ਤਾਜ਼ੇ ਵਹੇ ਖ਼ੂਨ ਜਿਹੀ।

ਬਾਹਰ ਯੁਵਾ ਸੰਘ ਦੇ ਨਾਅਰੇ ਉੱਚੀ ਹੁੰਦੇ ਜਾ ਰਹੇ ਸਨ। ਬੰਟੀ ਦੇ ਕਾਤਲਾਂ ਨੂੰ ਫਾਹੇ ਲਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਸੀ।

ਭੀੜ ਦੇ ਨਾਅਰਿਆਂ ਨੇ ਇੰਸਪੈਕਟਰ ਨੂੰ ਰਾਹਤ ਬਖ਼ਸ਼ੀ। ਉਹ ਗੁਰਮੀਤ ਦਾ ਧਿਆਨ ਭੀੜ ਦੇ ਗ਼ੁੱਸੇ ਵੱਲ ਦਿਵਾਉਣਾ ਚਾਹੁੰਦਾ ਸੀ।

ਗੁਰਮੀਤ ਇਸ ਤਰ੍ਹਾਂ ਦੀ ਭੀੜ ਤੋਂ ਡਰਨ ਵਾਲਾ ਨਹੀਂ ਸੀ।

ਗੁਰਮੀਤ ਦੇ ਜ਼ਿਹਨ ਵਿੱਚ ਇਸ ਮੁਕੱਦਮੇ ਦਾ ਭੂਤ, ਵਰਤਮਾਨ ਅਤੇ ਭਵਿੱਖ ਘੁੰਮਣ ਲੱਗਾ। ਅੱਗੋਂ ਕੀ ਹੋਏਗਾ, ਉਸ ਨੂੰ ਸਾਫ਼ ਦਿਖਾਈ ਦੇ ਰਿਹਾ ਸੀ।

ਬੰਟੀ ਦਾ ਕਤਲ … ਪੁਲਿਸ ਦੀ ਹਰਕਤ … ਮੁੱਖ ਮੰਤਰੀ ਦਾ ਐਲਾਨ … ਪਾਲੇ ਅਤੇ ਮੀਤੇ ’ਤੇ ਚੜ੍ਹੀ ਸਾੜ੍ਹਸਤੀ … ਗੁਰਮੀਤ ਦੇ ਸਾਥੀਆਂ ਦੇ ਦੋ ਨਵੇਂ ਰੂਪ … ਪੁਲਿਸ ਰਿਮਾਂਡ ਅਤੇ ਤਸ਼ੱਦਦ। ਇਹ ਸੀ ਇਸ ਕਤਲ ਦਾ ਭੂਤਕਾਲ। ਵਰਤਮਾਨ ਵਿੱਚ ਨਾਅਰੇ ਵੱਜ ਰਹੇ ਸਨ। ਜੱਜਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਸੀ। ਖ਼ਬਰਾਂ ਛਪ ਰਹੀਆਂ ਸਨ। ਪੁਲਿਸ ਦੀ ਬਹਾਦਰੀ ਦੇ ਗੁਣ ਗਾਣ ਹੋ ਰਹੇ ਸਨ। ਭਵਿੱਖ ਵਿੱਚ ਇਸ ਭਿਆਨਕ ਕਾਂਡ ਸੰਬੰਧੀ ਅਸੈਂਬਲੀ ਅਤੇ ਪਾਰਲੀਮੈਂਟ ਵਿੱਚ ਬਹਿਸਾਂ ਹੋਣਗੀਆਂ। ਸੈਸ਼ਨ ਜੱਜ ਦੀ ਕਚਹਿਰੀ ਵਿੱਚ ਬਾਹਰ ਕਾਤਲਾਂ ਨੂੰ ਫਾਹੇ ਲਾਉਣ ਦੇ ਨਾਅਰੇ ਲੱਗਣਗੇ। ਝੂਠੇ ਗਵਾਹ ਭੁਗਤਣਗੇ। ਵਕੀਲਾਂ ਦੀ ਧੂਆਂ-ਧਾਰ ਬਹਿਸ ਹੋਏਗੀ। ਡਰਦਾ ਜੱਜ ਫਾਂਸੀ ਦਾ ਹੁਕਮ ਸੁਣਾਏਗਾ। ਇਸ ਸਾਰੇ ਡਰਾਮੇ ਦਾ ਇੱਕ ਪਾਤਰ ਗੁਰਮੀਤ ਵੀ ਹੋਏਗਾ।

ਨਹੀਂ। ਗੁਰਮੀਤ ਪਾਲੇ ਅਤੇ ਮੀਤੇ ਨਾਲ ਗ਼ਦਾਰੀ ਨਹੀਂ ਕਰੇਗਾ। ਗ਼ਦਾਰੀ ਕਰ-ਕਰ ਉਹ ਹੰਭ ਚੁੱਕਾ ਸੀ। ਝੂਠੀਆਂ ਤਫ਼ਤੀਸ਼ਾਂ ’ਤੇ ਉਹ ਹੋਰ ਦਸਤਖ਼ਤ ਨਹੀਂ ਕਰੇਗਾ।

“ਮੈਂ ਇਸ ਝੂਠ ਕੇ ਪੁਲੰਦੇ ’ਤੇ ਦਸਤਖ਼ਤ ਨਹੀਂ ਕਰਨੇ। ਕਿਸੇ ਹੋਰ ਸਰਕਾਰੀ ਵਕੀਲ ਤੋਂ ਦਸਤਖ਼ਤ ਕਰਾ ਲੈ।” ਇੰਸਪੈਕਟਰ ਨੂੰ ਕੋਰਾ ਜਵਾਬ ਦੇ ਕੇ ਗੁਰਮੀਤ ਹਲਕਾ-ਫੁਲਕਾ ਮਹਿਸੂਸ ਕਰਨ ਲੱਗਾ।

ਕਾਫ਼ੀ ਦੇਰ ਤੋਂ ਕੋਈ ਨਾਅਰਾ ਸੁਣਾਈ ਨਹੀਂ ਦਿੱਤਾ। ਲੱਗਦਾ ਸੀ ਭੀੜ ਦਾ ਜੋਸ਼ ਮੱਠਾ ਪੈ ਗਿਆ ਸੀ।

ਕਾਰਨ ਜਾਣਨ ਲਈ ਗੁਰਮੀਤ ਤਾਕੀ ਕੋਲ ਜਾ ਖੜੋਤਾ।

ਯੁਵਾ ਸੰਘ ਦੇ ਖੱਬੇ ਪਾਸੇ ਸੰਘਰਸ਼ ਸੰਮਤੀ ਨੇ ਵੀ ਆਪਣੀ ਸਟੇਜ ਲਾ ਲਈ ਸੀ। ਭਾਵੇਂ ਹਾਲੇ ਸੰਮਤੀ ਵਾਲਿਆਂ ਨੂੰ ਸੁਣਨ ਵਾਲਿਆਂ ਦੀ ਗਿਣਤੀ ਮੁੱਠੀ ਭਰ ਹੀ ਸੀ, ਫੇਰ ਵੀ ਉਹਨਾਂ ਦੇ ਕਰਾਰੇ-ਕਰਾਰੇ ਭਾਸ਼ਣ ਸੰਘ ਦੇ ਨੇਤਾਵਾਂ ਦੇ ਹੌਸਲੇ ਪਸਤ ਕਰ ਰਹੇ ਸਨ। ਸੰਮਤੀ ਵਾਲਿਆਂ ਨੂੰ ਬੰਟੀ ਦੇ ਅਖੌਤੀ ਕਾਤਲਾਂ ਦਾ ਨਾਂ ਪਤਾ ਲੱਗ ਚੁੱਕਾ ਸੀ। ਇਹ ਵੀ ਕਿ ਉਹ ਦਸਾਂ ਦਿਨਾਂ ਤੋਂ ਥਾਣੇ ਬੈਠੇ ਸਨ। ਥਾਣਿਉਂ ਛੁੱਟ ਕੇ ਆਏ ਸੰਮਤੀ ਦੇ ਕਾਰਕੁਨ ਇਸ ਦੀ ਤਸਦੀਕ ਕਰ ਰਹੇ ਸਨ।

ਸੱਚਾਈ ਜਾਣਨ ਲਈ ਭੀੜ ਸੰਘ ਨਾਲੋਂ ਟੁੱਟ-ਟੁੱਟ ਕੇ ਸੰਮਤੀ ਵੱਲ ਆ ਰਹੀ ਸੀ। ਇਸ ਲਈ ਪੁਲਿਸ ਦੇ ਹੱਕ ਵਿੱਚ ਲੱਗਦੇ ਨਾਅਰੇ ਮੱਠੇ ਪੈ ਰਹੇ ਸਨ।

ਸੰਮਤੀ ਦੇ ਕਾਮਿਆਂ ਦੀਆਂ ਤਕਰੀਰਾਂ ਗੁਰਮੀਤ ਦੇ ਡੋਲਦੇ ਮਨ ਨੂੰ ਬਲ ਬਖ਼ਸ਼ਣ ਲੱਗੀਆਂ। ਉਹਨਾਂ ਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਗੁਰਮੀਤ ਨੇ ਕਾਗ਼ਜ਼ਾਂ ’ਤੇ ਦਸਤਖ਼ਤ ਕਰਨੋਂ ਨਾਂਹ ਕਰ ਦਿੱਤੀ ਸੀ। ਉਹ ਗੁਰਮੀਤ ਦੀ ਇਸ ਦਲੇਰੀ ਦੀ ਤਾਰੀਫ਼ ਕਰ ਰਹੇ ਸਨ। ਲੋਕਾਂ ਨੂੰ ਇਸ ਨਾਂਹ ਦਾ ਕਾਰਨ ਸਮਝਾ ਰਹੇ ਸਨ।

ਗੁਰਮੀਤ ਅੰਦਰ ਪੈਦਾ ਹੋਇਆ ਜੋਸ਼ ਠਾਠਾਂ ਮਾਰਨ ਲੱਗਾ। ਉਸ ਨੂੰ ਆਪਣੇ ਫ਼ੈਸਲੇ ’ਤੇ ਫ਼ਖ਼ਰ ਹੋਣ ਲੱਗਾ। ਗ਼ਲਤ ਫ਼ੈਸਲੇ ਲੈਣ ਵਾਲਾ ਉਹ ਕਿਹੜਾ ਕੋਈ ਲੱਲੂ-ਪੰਜੂ ਵਕੀਲ ਸੀ। ਉਹ ਦੇਸ਼ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਦਾ ਲਾਅ ਗ੍ਰੈਜੂਏਟ ਸੀ। ਸਾਰੇ ਸਰਕਾਰੀ ਵਕੀਲਾਂ ਵਿਚੋਂ ਇਕੋ-ਇੱਕ ਗੋਲਡ ਮੈਡਲਿਸਟ ਸੀ। ਨੌਕਰ ਭਰਤੀ ਨਾ ਹੋਇਆ ਹੁੰਦਾ ਤਾਂ ਚੋਣਵੇਂ ਵਕੀਲਾਂ ਵਿਚੋਂ ਹੋਣਾ ਸੀ।

ਤਾਕੀ ’ਚ ਖੜਾ ਗੁਰਮੀਤ ਆਪਣੀ ਦਸ ਸਾਲਾਂ ਦੀ ਨੌਕਰੀ ਦਾ ਲੇਖਾ-ਜੋਖਾ ਕਰਨ ਲੱਗਾ। ਆਖ਼ਿਰ ਉਸ ਦੀ ਲਿਆਕਤ ਕਿਸ ਦੇ ਕੰਮ ਆ ਰਹੀ ਸੀ?

ਗੁਰਮੀਤ ਨੇ ਤਾਂ ਸੋਚਿਆ ਸੀ, ਸਰਕਾਰੀ ਵਕੀਲ ਬਣ ਕੇ ਉਹ ਪਾਲੇ ਵਰਗਿਆਂ ਨੂੰ ਬਚਾ ਲਿਆ ਕਰੇਗਾ। ਵੱਡੇ-ਵੱਡੇ ਸਮੱਗਲਰਾਂ ਨੂੰ ਜੇਲ੍ਹਾਂ ’ਚ ਸੜਨ ਲਈ ਮਜਬੂਰ ਕਰੇਗਾ, ਪਰ ਅਜਿਹਾ ਕੁੱਝ ਵੀ ਨਹੀਂ ਸੀ ਹੋ ਰਿਹਾ। ਉਸ ਦੇ ਜ਼ਿਹਨ ਵਿੱਚ ਇੱਕ ਵੀ ਅਜਿਹਾ ਕੇਸ ਨਹੀਂ ਸੀ ਆ ਰਿਹਾ, ਜਿਸ ਵਿੱਚ ਉਹ ਆਪਣੀ ਪੁਗਾ ਸਕਿਆ ਹੋਵੇ।

ਫੇਰ ਚੰਦ ਛਿੱਲੜਾਂ ਲਈ ਹਰ ਸਮਾਂ ਬਰਬਾਦ ਕਰਨ ਦਾ ਕੀ ਲਾਭ ਸੀ?

ਸਰਕਾਰ ਨੂੰ ਤਾਂ ਉਸ ਦੀ ਲਿਆਕਤ ਤੋਂ ਚਿੜ ਸੀ। ਉਸ ਦੀ ਲੋੜ ਤਾਂ ਪਾਲੇ ਅਤੇ ਮੀਤੇ ਵਰਗੇ ਹਜ਼ਾਰਾਂ ਮਾਸੂਮਾਂ ਨੂੰ ਸੀ। ਗੁਰਮੀਤ ਨੂੰ ਤਾਂ ਉਹਨਾਂ ਦਾ ਵਕੀਲ ਬਣਨਾ ਚਾਹੀਦਾ ਸੀ।

ਸੰਮਤੀ ਦੁਆਲੇ ਜੁੜ ਰਹੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ। ਸੰਘ ਵਾਲੇ ਕਿਧਰੇ ਨਜ਼ਰ ਨਹੀਂ ਸੀ ਆ ਰਹੇ। ਉਹ ਬੋਰੀਆ-ਬਿਸਤਰਾ ਗੋਲ ਕਰ ਕੇ ਜਾ ਚੁੱਕੇ ਸਨ।

ਉਤਸ਼ਾਹ ਨਾਲ ਭਰੇ ਗੁਰਮੀਤ ਨੇ ਕਾਗ਼ਜ਼ ਚੁੱਕਿਆ, ਅਸਤੀਫ਼ਾ ਲਿਖਿਆ ਅਤੇ ਲਿਫ਼ਾਫ਼ਾ ਪੋਸਟ ਕਰਨ ਲਈ ਨਾਇਬ ਕੋਰਟ ਨੂੰ ਡਾਕਖ਼ਾਨੇ ਭੇਜ ਕੇ ਉਹ ਛੋਟੇ-ਛੋਟੇ ਕਦਮ ਪੁੱਟਦਾ ਸੰਮਤੀ ਦੇ ਜਲਸੇ ਵੱਲ ਵਧਣ ਲੱਗਾ।

ਗੁਰਮੀਤ ਖ਼ੁਸ਼ ਸੀ। ਆਖ਼ਿਰ ਉਹ ਲੋਕ ਸੰਘਰਸ਼ ਵਾਲੇ ਉਸ ਅੰਮ੍ਰਿਤ-ਕੁੰਡ ਦੇ ਰਾਹ ਪੈ ਹੀ ਗਿਆ ਸੀ, ਜਿਸ ਨੇ ਲੋਕਾਂ ਨੂੰ ਇਸ ਭੈੜੇ ਨਿਜ਼ਾਮ ਤੋਂ ਮੁਕਤੀ ਦਿਵਾਉਣੀ ਸੀ।

Additional Info

  • Writings Type:: A single wirting
Read 5616 times