You are here:ਮੁਖ ਪੰਨਾ»ਨਾਵਲ»ਕਟਹਿਰਾ»ਕਟਹਿਰਾ - ਕਾਂਡ 09-16

ਲੇਖ਼ਕ

Thursday, 03 May 2018 17:52

ਕਟਹਿਰਾ - ਕਾਂਡ 09-16

Written by
Rate this item
(0 votes)

9

ਸੰਮਤੀ ਦੀਆਂ ਠੱਪ ਹੋਈਆਂ ਸਰਗਰਮੀਆਂ ’ਤੇ ਗੁਰਮੀਤ ਡਾਹਡਾ ਦੁਖੀ ਸੀ।

ਪਾਲੇ ਅਤੇ ਮੀਤੇ ਦਾ ਚਲਾਨ ਪੇਸ਼ ਹੋ ਚੁੱਕਾ ਸੀ। ਕੁਝ ਦਿਨਾਂ ਬਾਅਦ ਸੁਣਵਾਈ ਸ਼ੁਰੂ ਹੋਣ ਵਾਲੀ ਸੀ। ਦੋਸ਼ੀਆਂ ਦੀ ਅਗਾਂਹ ਪੈਰਵਾਈ ਕੀਤੀ ਜਾਵੇ ਜਾਂ ਨਾ, ਸੰਮਤੀ ਤੋਂ ਇਹ ਫ਼ੈਸਲਾ ਨਹੀਂ ਸੀ ਹੋ ਰਿਹਾ।

ਸੰਮਤੀ ਵਿਚਲੀਆਂ ਕੁਝ ਧਿਰਾਂ ਦਾ ਵਿਚਾਰ ਸੀ ਕਿ ਸੰਮਤੀ ਦਾ ਗਠਨ ਪੁਲਿਸ ਅੱਤਿਆਚਾਰਾਂ ਨੂੰ ਠੱਲ੍ਹ ਪਾਉਣ ਲਈ ਕੀਤਾ ਗਿਆ ਸੀ। ਪਾਲੇ ਅਤੇ ਮੀਤੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਅੱਤਿਆਚਾਰ ਬੰਦ ਹੋ ਚੁੱਕਾ ਸੀ। ਹੁਣ ਸੰਮਤੀ ਦੀ ਕੋਈ ਜ਼ਰੂਰਤ ਨਹੀਂ ਸੀ। ਇਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ।

ਸੰਮਤੀ ਦਾ ਇਕ ਸ਼ਕਤੀਸ਼ਾਲੀ ਧੜਾ ਇਸ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਿਹਾ ਸੀ। ਇਹ ਧੜਾ ਸੰਘਰਸ਼ ਜਾਰੀ ਰੱਖਣਾ ਚਾਹੁੰਦਾ ਸੀ। ਇਸ ਧੜੇ ਵਿਚ ਉਹ ਲੋਕ ਸ਼ਾਮਲ ਸਨ, ਜਿਨ੍ਹਾਂ ਨੇ ਪਾਲੇ ਅਤੇ ਮੀਤੇ ਨੂੰ ਆਪਣੇ ਹੱਥੀਂ ਪੁਲਿਸ ਕੋਲ ਪੇਸ਼ ਕੀਤਾ ਸੀ ਜਾਂ ਜਿਨ੍ਹਾਂ ਨੇ ਉਹਨਾਂ ਦੀ ਗ੍ਰਿਫ਼ਤਾਰੀ ਤੋਂ ਕਈ ਦਿਨ ਪਹਿਲਾਂ ਥਾਣੇ ਬੈਠਿਆਂ ਦੇਖਿਆ ਸੀ।

 

ਜੀਵਨ, ਗੁਰਮੀਤ ਅਤੇ ਸਰਦਾਰੀ ਦੀ ਮੰਗ ਸੀ ਕਿ ਇਹਨਾਂ ਦੀ ਰਿਹਾਈ ਤਕ ਸੰਘਰਸ਼ ਜਾਰੀ ਰੱਖਿਆ ਜਾਵੇ।

ਉਹਨਾਂ ਦੀ ਇਸ ਮੰਗ ਦੀ ਤਾਈਦ ਸ਼ਾਮੂ, ਅਜੀਤ ਸਿੰਘ ਅਤੇ ਹੇਮ ਰਾਜ ਦੇ ਨਾਲ-ਨਾਲ ਬਾਬਾ ਗੁਰਦਿੱਤ ਸਿੰਘ ਵੀ ਕਰ ਰਿਹਾ ਸੀ।

“ਜੇ ਇਹ ਦੋਸ਼ੀ ਹੁੰਦੇ ਤਾਂ ਪਹਿਲੇ ਦਿਨ ਹੀ ਨਾ ਫੜ ਲਏ ਜਾਂਦੇ?” ਸੰਘਰਸ਼ ਜਾਰੀ ਰੱਖਣ ਵਾਲਾ ਧੜਾ ਦੂਜੇ ਤੋਂ ਪੁੱਛ ਰਿਹਾ ਸੀ।

ਇਸ ਖਿੱਚੋਤਾਣ ਦੀ ਸਭ ਤੋਂ ਵੱਧ ਮਾਨਸਿਕ ਪੀੜਾ ਗੁਰਮੀਤ ਨੂੰ ਹੋ ਰਹੀ ਸੀ।

ਉਸ ਨੇ ਪਾਲੇ ਅਤੇ ਮੀਤੇ ਦਾ ਮੁਕੱਦਮਾ ਲੜਨ ਲਈ ਨੌਕਰੀ ਛੱਡੀ ਸੀ। ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਉਸ ਨੂੰ ਸੰਮਤੀ ’ਤੇ ਟੇਕ ਰੱਖਣੀ ਪੈਣੀ ਸੀ। ਜੇ ਸੰਮਤੀ ਹੀ ਖਿੰਡ-ਪੁੰਡ ਗਈ ਤਾਂ ਉਸ ਦੇ ਮਿਸ਼ਨ ਦਾ ਕੀ ਬਣੇਗਾ? ਇਹੋ ਫ਼ਿਕਰ ਉਸ ਨੂੰ ਖਾਈ ਜਾ ਰਿਹਾ ਸੀ।

ਸੰਮਤੀ ਦੀਆਂ ਰੁੱਸੀਆਂ ਧਿਰਾਂ ਨੂੰ ਉਹ ਵੀਹ-ਵੀਹ ਵਾਰ ਮਿਲ ਚੁੱਕਾ ਸੀ। ਉਹਨਾਂ ਨੂੰ ਪਾਲੇ ਅਤੇ ਮੀਤੇ ਦੇ ਨਿਰਦੋਸ਼ ਹੋਣ ਬਾਰੇ ਵਾਰ-ਵਾਰ ਸਮਝਾ ਚੁੱਕਾ ਸੀ। ਸੌੜੇ ਸਿਆਸੀ ਹਿੱਤਾਂ ਤੋਂ ਉਪਰ  ਉੱਠ ਕੇ, ਇਨਸਾਫ਼ ਵਰਗੇ ਸਾਂਝੇ ਮੁੱਦੇ ’ਤੇ ਇਕ-ਮੁੱਠ ਹੋ ਕੇ ਲੜਨ ਲਈ ਪ੍ਰੇਰ ਚੁੱਕਾ ਸੀ ਪਰ ਕਿਸੇ ਵੀ ਧਿਰ ਨੇ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦਿੱਤਾ।

ਕਈ ਵਾਰ ਉਸ ਨੂੰ ਬਾਬੇ ’ਤੇ ਵੀ ਗ਼ੁੱਸਾ ਆਉਂਦਾ ਸੀ। ਸਾਰੇ ਪਾਸਿਉਂ ਨਿਰਾਸ਼ ਹੋ ਕੇ ਜਦੋਂ ਉਹ ਬਾਬੇ ਕੋਲ ਕਿਸੇ ਜਲਦੀ ਫ਼ੈਸਲੇ ਦੀ ਮੰਗ ਲੈ ਕੇ ਜਾਂਦਾ ਸੀ ਤਾਂ ਉਹ ‘ਥੋੜ੍ਹਾ ਜਿਹਾ ਹੋਰ ਉਡੀਕ’ ਦਾ ਮੰਤਰ ਸੁਣਾ ਦਿੰਦਾ ਸੀ।

ਇਹ ਮੰਤਰ ਸੁਣਾਉਣ ਪਿੱਛੇ ਬਾਬੇ ਦੀ ਆਪਣੀ ਮਜਬੂਰੀ ਸੀ।

“ਭਵਿੱਖ ਵਿਚ ਕੀ ਹੋਣ ਵਾਲਾ ਹੈ?” ਬਾਬੇ ਤੋਂ ਲੁਕਿਆ ਨਹੀਂ ਸੀ। ਨਾ ਉਹਨਾਂ ਦਾ ਸਾਥ ਅਕਾਲੀਆਂ ਨੇ ਦੇਣਾ ਸੀ, ਨਾ ਕਾਂਗਰਸੀਆਂ ਨੇ ਅਤੇ ਨਾ ਜਨਸੰਘੀਆਂ ਨੇ। ਇਹ ਲੜਾਈ ਉਹਨਾਂ ਨੂੰ ਆਪਣੀ ਹਿੱਕ ਦੇ ਜ਼ੋਰ ’ਤੇ ਲੜਨੀ ਪੈਣੀ ਸੀ। ਬਾਬਾ ਨਹੀਂ ਸੀ ਚਾਹੁੰਦਾ ਕਿ ਉਹਨਾਂ ਨੂੰ ਵੱਖ ਕਰਨ ਦਾ ਦੋਸ਼ ਸੰਮਤੀ ਸਿਰ ਲੱਗੇ। ਉਹ ਉਹਨਾਂ ਨੂੰ ਖ਼ੁਦ ਹੀ ਸੰਮਤੀ ਛੱਡ ਜਾਣ ਦਾ ਮੌਕਾ ਦੇ ਰਿਹਾ ਸੀ।

ਹਾਲੇ ਕਿਸੇ ਫੌਰੀ ਸੰਘਰਸ਼ ਦੀ ਵੀ ਲੋੜ ਨਹੀਂ ਸੀ। ਮੁਕੱਦਮਾ ਮੁੱਢਲੇ ਪੜਾਅ ਉੱਤੇ ਸੀ। ਦੋਸ਼ੀਆਂ ਵੱਲੋਂ ਵਕੀਲ ਪੇਸ਼ ਹੋਣਾ ਕੋਈ ਜ਼ਰੂਰੀ ਨਹੀਂ ਸੀ।

ਉਂਝ ਗੁਪਤ ਰੂਪ ਵਿਚ ਗੁਰਮੀਤ ਕੇਸ ਦੀ ਪੈਰਵਾਈ ਕਰ ਹੀ ਰਿਹਾ ਸੀ।

ਕੇਸ ਨੂੰ ਮਜ਼ਬੂਤ ਕਰਨ ਲਈ ਪੁਲਿਸ ਪੈਰ-ਪੈਰ ’ਤੇ ਬਿਆਨ ਬਦਲ ਰਹੀ ਸੀ। ਜ਼ਿਮਨੀਆਂ ਤਬਦੀਲ ਹੋ ਰਹੀਆਂ ਸਨ। ਹਰ ਬਦਲੇ ਜਾ ਰਹੇ ਕਾਗ਼ਜ਼ ਦੀ ਫ਼ੋਟੋ ਗੁਰਮੀਤ ਕੋਲ ਪਹੁੰਚ ਰਹੀ ਸੀ। ਕੀ ਇਹ ਪੈਰਵਾਈ ਘੱਟ ਸੀ।

ਗੁਰਮੀਤ ਦੇ ਬਹੁਤਾ ਜ਼ੋਰ ਦੇਣ ’ਤੇ ਬਾਬੇ ਨੇ ਇਕ ਗੱਲ ਸਪੱਸ਼ਟ ਕੀਤੀ। ਸੰਮਤੀ ਪਾਲੇ ਅਤੇ ਮੀਤੇ ਦਾ ਕੇਸ ਹਰ ਹਾਲਤ ਵਿਚ ਲੜੇਗੀ। ਢੁਕਵਾਂ ਸਮਾਂ ਆਉਣ ਤਕ ਗੁਰਮੀਤ ਨਿੱਜੀ ਰੂਪ ਵਿਚ ਮੁਕੱਦਮਾ ਲੜਦਾ ਰਹੇ ਜਾਂ ਕਿਸੇ ਮਿੱਤਰ ਵਕੀਲ ਤੋਂ ਲੜਾਉਂਦਾ ਰਹੇ। ਪਿੱਛੋਂ ਸੰਮਤੀ ਆਪੇ ਸਥਿਤੀ ਸੰਭਾਲ ਲਏਗੀ।

ਜਲਦੀ ਫ਼ੈਸਲਾ ਕਰਾਉਣ ਦੇ ਉਦੇਸ਼ ਨਾਲ ਸੰਮਤੀ ਦੀਆਂ ਮੀਟਿੰਗਾਂ ਜਲਦੀ-ਜਲਦੀ ਰੱਖੀਆਂ ਗਈਆਂ। ਹਰ ਵਾਰ ਨਿਰਾਸ਼ਾ ਪੱਲੇ ਪੈਣ ਲੱਗੀ।

ਪਹਿਲੀ ਮੀਟਿੰਗ ਵਿਚ ਅਕਾਲੀ ਤੋੜ-ਵਿਛੋੜਾ ਕਰ ਗਏ।

ਦਲੀਲ ਉਹੋ ਘਸੀ-ਪਿਟੀ ਸੀ। ਪੁਲਿਸ ਅੱਤਿਆਚਾਰ ਬੰਦ ਹੋ ਚੁੱਕਾ ਹੈ। ਜੇ ਦੋਸ਼ੀ ਕਸੂਰਵਾਰ ਹੋਏ ਤਾਂ ਸਜ਼ਾ ਹੋ ਜਾਣਗੇ। ਬੇ-ਕਸੂਰ ਹੋਏ ਤਾਂ ਬਰੀ। ਅਕਾਲੀ ਦਲ ਨਿਆਂ-ਪਾਲਿਕਾ ਦੇ ਕੰਮ ਵਿਚ ਦਖ਼ਲ ਦੇਣ ਦੇ ਹੱਕ ਵਿਚ ਨਹੀਂ ਸੀ।

ਸਭ ਨੂੰ ਪਤਾ ਸੀ ਅਕਾਲੀਆਂ ਦਾ ਸੰਮਤੀ ਨਾਲੋਂ ਵੱਖ ਹੋਣ ਦਾ ਅਸਲ ਕਾਰਨ ਇਹ ਨਹੀਂ ਸੀ।

ਪਿਛਲੀ ਵਾਰ ਮੱਖ ਮੰਤਰੀ ਜਦੋਂ ਸੰਗਰੂਰ ਆਇਆ ਸੀ ਤਾਂ ਪਾਰਟੀ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ। ਮੁੱਖ ਮੰਤਰੀ ਨੇ ਜਥੇਦਾਰ ਨੂੰ ਮਿੱਠੀਆਂ-ਮਿੱਠੀਆਂ ਝਾੜਾਂ ਪਾਈਆਂ ਸਨ। ਜੇ ਹੁਕਮਰਾਨ ਪਾਰਟੀ ਹੀ ਪੁਲਿਸ ਦਾ ਵਿਰੋਧ ਕਰਨ ਲੱਗੇ ਤਾਂ ਪੁਲਿਸ  ਨਾਲੋਂ ਜ਼ਿਆਦਾ ਨੁਕਸਾਨ ਪਾਰਟੀ ਦਾ ਹੁੰਦੈ। ਲੋਕ ਪੁਲਿਸ ਵਧੀਕੀਆਂ ਲਈ ਹੁਕਮਰਾਨ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ।

ਮੁੱਖ ਮੰਤਰੀ ਨੇ ਜਥੇਦਾਰ ਨੂੰ ਅਹਿਸਾਸ ਕਰਾਇਆ। ਭੋਲੇਪਣ ਕਾਰਨ ਉਹ ਕਾਮਰੇਡਾਂ ਦੇ ਹੱਥ ਚੜ੍ਹ ਗਿਐ। ਜਥੇਦਾਰ ਦਾ ਅਸਲ ਫ਼ਰਜ਼ ਇਹ ਸੀ ਕਿ ਉਹ ਕਾਮਰੇਡਾਂ ਦੀ ਚਾਲ ਨੂੰ ਸਮਝਦਾ। ਕਾਮਰੇਡਾਂ ਦੀ ਥਾਂ ਪੁਲਿਸ ਦੀ ਮਦਦ ਕਰਦਾ। ਪਾਲੇ ਅਤੇ ਮੀਤੇ ਦੇ ਸਜ਼ਾ ਹੋਣ ਨਾਲ ਸਿੱਖ ਭਾਈਚਾਰੇ ਦੇ ਵਕਾਰ ਵਿਚ ਵਾਧਾ ਹੋਣਾ ਸੀ। ਅਕਾਲੀਆਂ ਨੂੰ ਥਾਂ-ਥਾਂ ਇਹ ਪ੍ਰਚਾਰ ਕਰਨਾ ਚਾਹੀਦਾ ਸੀ ਕਿ ਸਿੱਖਾਂ ਨੂੰ ਤਾਂ ਵਾਧੂ ਵਿਚ ਹੀ ਅਤਿਵਾਦੀ ਜਾਂ ਵੱਖਵਾਦੀ ਆਖ ਕੇ ਬਦਨਾਮ ਕੀਤਾ ਜਾ ਰਿਹੈ। ਸਿੱਖੀ ਮਾਸੂਮਾਂ ਦਾ ਕਤਲ ਕਰਨਾ ਨਹੀਂ ਸਿਖਾਉਂਦੀ। ਇਹ ਤਾਂ ਪਾਲੇ ਵਰਗੇ ਜਰਾਇਮ-ਪੇਸ਼ਾ ਲੋਕ ਹਨ ਜਿਹੜੇ ਸਿੱਖੀ ਦੀ ਪਨਾਹ ਲੈ ਕੇ ਕੌਮ ਨੂੰ ਬਦਨਾਮ ਕਰ ਰਹੇ ਹਨ। ਇਸ ਤਰ੍ਹਾਂ ਦੇ ਪ੍ਰਚਾਰ ਨਾਲ ਸਰਕਾਰ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ। ਸਰਕਾਰ ਮਜ਼ਬੂਤ ਹੋਏਗੀ ਤਾਂ ਜਥੇਦਾਰਾਂ ਦੀ ਸਰਕਾਰੇ-ਦਰਬਾਰੇ ਚੜ੍ਹਤ ਹੋਏਗੀ। ਸਰਕਾਰ ਦੀ ਛੁੱਟੀ ਹੋ ਗਈ ਤਾਂ ਜਥੇਦਾਰਾਂ ਨੂੰ ਧਰਮ-ਯੁੱਧ ਲਾ ਕੇ ਮੁੜ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ।

“ਹੁਣ ਕਿਹੜਾ ਸਾਨੂੰ ਕੋਈ ਪੁੱਛਦੈ? ਸਰਕਾਰ-ਸਰਕੂਰ ਦਾ ਕੋਈ ਫ਼ਾਇਦਾ ਨੀ।”

ਜਥੇਦਾਰ ਦੇ ਇਸ ਸ਼ਿਕਵੇ ਦਾ ਤੁਰੰਤ ਨਿਪਟਾਰਾ ਕੀਤਾ ਗਿਆ। ਪੁਲਿਸ ਕਪਤਾਨ ਅਤੇ ਡਿਪਟੀ ਕਮਿਸ਼ਨਰ ਨੂੰ ਮੱਥੇ ਲਾਇਆ ਗਿਆ ਸੀ। “ਅੱਗੋਂ ਤੋਂ ਜਥੇਦਾਰ ਦੇ ਸਭ ਕੰਮ ਹੋਇਆ ਕਰਨ।” ਉਹਨਾਂ ਨੂੰ ਹੁਕਮ ਸੁਣਾਇਆ ਗਿਆ ਸੀ।

ਉਸ ਦਿਨ ਤੋਂ ਜਥੇਦਾਰ ਨੂੰ ਥਾਣੇ ਕੁਰਸੀ ਮਿਲਣ ਲੱਗੀ ਸੀ। ਪੁਲਿਸ ਦਾ ਨਮਕ ਖਾ ਕੇ ਉਹ ਸਰਕਾਰੀ ਬੋਲੀ ਬੋਲਣ ਲੱਗਾ ਸੀ। ਉਸ ਨੂੰ ਪਾਲਾ ਅਤੇ ਮੀਤਾ ਕਾਤਲ ਨਜ਼ਰ ਆਉਣ ਲੱਗੇ ਸਨ। ਫੇਰ ਉਸ ਦੀ ਪਾਰਟੀ ਦਾ ਸੰਮਤੀ ਵਿਚ ਕੀ ਕੰਮ?

ਅਗਲੀ ਮੀਟਿੰਗ ਵਿਚ ਕਾਂਗਰਸੀਆਂ ਨੇ ਪਿੱਠ ਭੁਆ ਲਈ।

ਕਾਂਗਰਸ ਨੂੰ ਆਪਣੇ ਸੌ-ਸਾਲਾ ਇਤਿਹਾਸ ’ਤੇ ਮਾਣ ਸੀ। ਕਾਂਗਰਸ ਨੇ ਦੇਸ਼ ਨੂੰ ਜਿਸ ਨਿਆਂ-ਪ੍ਰਣਾਲੀ  ਨਾਲ ਨਿਵਾਜਿਆ ਸੀ, ਉਸ ਦੀ ਮਿਸਾਲ ਸਾਰੀ ਦੁਨੀਆਂ ਵਿਚ ਨਹੀਂ ਮਿਲਦੀ। ਕਾਨੂੰਨ ਦੀ ਇਕ ਇਕ ਸਤਰ ਲਿਖ ਦਿੱਤੀ ਗਈ ਸੀ। ਉਹੋ ਕਾਨੂੰਨ ਰਾਸ਼ਟਰਪਤੀ ’ਤੇ ਲਾਗੂ ਹੁੰਦੈ,   ਉਹੋ ਉਸ ਦੇ ਸਫ਼ਾਈ ਸੇਵਕ ‘ਤੇ। ਅਦਾਲਤਾਂ ਨਿਰਪੱਖ ਰਹਿਣ ਇਸ ਲਈ ਇਹਨਾਂ ਨੂੰ ਸਰਕਾਰੀ ਦਖ਼ਲ ਤੋਂ ਮੁਕਤ ਰੱਖਿਆ ਗਿਐ। ਪ੍ਰਧਾਨ ਮੰਤਰੀ ਤਕ ਤਾਂ ਦਖ਼ਲ ਨਹੀਂ ਦੇ ਸਕਦਾ। ਅਜਿਹੀ ਪਵਿੱਤਰ ਸੰਸਥਾ ’ਤੇ ਸ਼ੱਕ ਕਰਨਾ ਚੰਨ ’ਤੇ ਥੁੱਕਣ ਬਰਾਬਰ ਸੀ।

ਸੰਮਤੀ ਨੂੰ ਜੇ ਕਾਤਲਾਂ ਨਾਲ ਬਹੁਤੀ ਹਮਦਰਦੀ ਸੀ ਤਾਂ ਸੰਮਤੀ ਦੇ ਖ਼ਰਚੇ ’ਤੇ ਦੋਸ਼ੀਆਂ ਲਈ ਕੋਈ ਚੰਗਾ ਵਕੀਲ ਕਰ ਦਿੱਤਾ ਜਾਵੇ। ਇਸ ਤੋਂ ਵੱਧ ਉਹ ਕਿਸੇ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਨਹੀਂ ਸਨ।

ਕਾਂਗਰਸੀ ਵਰਕਰਾਂ ਨੂੰ ਆਪਣੇ ਨੇਤਾਵਾਂ ਨਾਲ ਗਿਲਾ ਸੀ। ਇਸ ਲੜਾਈ ਦਾ ਅਸਲ ਸਿਹਰਾ ਬਾਬੇ ਅਤੇ ਉਸ ਦੀਆਂ ਸਮਰਥਕ ਜਥੇਬੰਦੀਆਂ ਨੂੰ ਗਿਆ ਸੀ।

ਇਹ ਠੀਕ ਸੀ ਕਿ ਪਾਰਟੀ ਨੇ ਜਲਸੇ-ਜਲੂਸਾਂ ਵਿਚ ਖੁੱਲ੍ਹ ਕੇ ਹਿੱਸਾ ਨਹੀਂ ਸੀ ਲਿਆ ਪਰ ਭਾਸ਼ਣ ਤਾਂ ਕਰਾਰੇ-ਕਰਾਰੇ ਦਿੱਤੇ ਸਨ। ਇਹ ਵੀ ਠੀਕ ਸੀ ਕਿ ਪਾਰਟੀ ਦੇ ਕਿਸੇ ਵਰਕਰ ਨੇ ਕਦੇ ਕੋਈ ਗ੍ਰਿਫ਼ਤਾਰੀ ਨਹੀਂ ਦਿੱਤੀ ਪਰ ਅਫ਼ਸਰਾਂ ਨੂੰ ਮਿਲਣ ਵਾਲੇ ਵਫ਼ਦਾਂ ਵਿਚ ਤਾਂ ਉਹਨਾਂ ਦੀ ਗਿਣਤੀ ਸਭ ਤੋਂ ਵੱਧ ਹੋਇਆ ਕਰਦੀ ਸੀ। ਜੇ ਉਹ ਸੰਮਤੀ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੇ ਤਾਂ ਬਾਬਾ ਉਹਨਾਂ ਦੇ ਸਿਰ ’ਤੇ ਪੈਰ ਰੱਖ ਕੇ ਆਪ ਕੋਠੇ ਜਾ ਚੜ੍ਹੇਗਾ।

ਅਗਲੀ ਲੜਾਈ ਵਿਚ ਉਹਨਾਂ ਨੂੰ ਕੋਈ ਸਿਆਸੀ ਲਾਭ ਹੋਣ ਵਾਲਾ ਨਹੀਂ ਸੀ। ਲੜਾਈ ਅਦਾਲਤ ਤਕ ਸੀਮਤ ਰਹਿਣੀ ਸੀ। ਬਹੁਤਾ ਜ਼ੋਰ ਗਵਾਹਾਂ ਨੂੰ ਮੁਕਰਾਉਣ ਜਾਂ ਸਫ਼ਾਈ ਵਿਚ ਭੁਗਤਾਉਣ ’ਤੇ ਲੱਗਣਾ ਸੀ। ਅਜਿਹੇ ਮੁਕੱਦਮਿਆਂ ਦੇ ਫ਼ੈਸਲੇ ਕਈ ਵਾਰ ਵੀਹ-ਵੀਹ ਸਾਲ ਨਹੀਂ ਹੋਇਆ ਕਰਦੇ। ਇੰਨੀ ਦੇਰ ਤਕ ਕਾਂਗਰਸ ਖੱਬੇ-ਪੱਖੀਆਂ ਨਾਲ ਮੋਢਾ ਜੋੜ ਕੇ ਨਹੀਂ ਖੜੋ ਸਕਦੀ।

ਪਾਰਟੀ ਨੂੰ ਕੇਂਦਰ ਵੱਲੋਂ ਵੀ ਸੰਕੇਤ ਆਇਆ ਸੀ। ਮੌਜੂਦਾ ਸਰਕਾਰ ਕੇਂਦਰ ਦੇ ਸਹਾਰੇ ਚੱਲਦੀ ਸੀ। ਕੇਂਦਰ ਨੂੰ ਸਰਕਾਰ ਤੋੜਨ ਵਿਚ ਕੋਈ ਦਿਲਚਸਪੀ ਨਹੀਂ ਸੀ। ਸਰਕਾਰ ਦਾ ਓਨਾ ਕੁ ਵਿਰੋਧ ਕੀਤਾ ਜਾਏ ਜਿਸ ਨਾਲ ਪਾਰਟੀ ਦਾ ਆਧਾਰ ਬਣਿਆ ਰਹੇ।

ਕੇਂਦਰ ਨੇ ਮੁੱਖ ਮੰਤਰੀ ਨੂੰ ਸਾਫ਼-ਸਾਫ਼ ਸ਼ਬਦਾਂ ਵਿਚ ਆਖ ਦਿੱਤਾ ਸੀ ਕਿ  ਉਸ ਦੀ ਪਾਰਟੀ ਦੇ ਵਰਕਰਾਂ ਦੇ ਕੰਮ ਅਕਾਲੀਆਂ ਨਾਲੋਂ ਪਹਿਲਾਂ ਹੋਣੇ ਚਾਹੀਦੇ ਹਨ। ਮੁੱਖ ਮੰਤਰੀ ਝੱਟ ਮੰਨ ਗਿਆ ਸੀ।

ਕਾਂਗਰਸ ਆਪਣੇ-ਆਪ ਨੂੰ ਅਨੁਸ਼ਾਸਨ ਪਸੰਦ ਪਾਰਟੀ ਆਖਦੀ ਸੀ। ਕੇਂਦਰ ਦੇ ਹੁਕਮ ’ਤੇ ਉਹਨਾਂ ਝੱਟ ਫੁੱਲ ਚੜ੍ਹਾ ਦਿੱਤੇ।

ਭਾਰਤੀ ਜਨਤਾ ਪਾਰਟੀ ਦਾ ਤਾਂ ਸੰਮਤੀ ਨਾਲ ਪਹਿਲਾਂ ਹੀ ਬਹੁਤਾ ਸਹਿਯੋਗ ਨਹੀਂ ਸੀ। ਜਦੋਂ ਲਾਲਾ ਜੀ ਨੇ ਖ਼ੁਦ ਹੀ ਪੁਲਿਸ ਅੱਤਿਆਚਾਰ ਦੇ ਖ਼ਿਲਾਫ਼ ਹਾਅ ਦਾ ਨਾਅਰਾ ਮਾਰਿਆ ਸੀ ਤਾਂ ਪਾਰਟੀ ਦੇ ਕੁਝ ਵਰਕਰ ਸੰਮਤੀ ਵਿਚ ਸ਼ਾਮਲ ਹੋ ਗਏ ਸਨ। ਪਾਰਟੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਪਾਲਾ ਅਤੇ ਮੀਤਾ ਨਿਰਦੋਸ਼ ਸਨ। ਉਹਨਾਂ ਦਾ ਤਰਕ ਸੀ ਕਿ ਇਹ ਦੋਵੇਂ ਪੇਸ਼ੇਵਰ ਮੁਜਰਮ ਸਨ। ਕਿਸੇ ਵਿਸ਼ੇਸ਼ ਕਾਰਨ ਕਰਕੇ ਜੇ ਉਹ ਕੁਝ ਸਮੇਂ ਲਈ ਜੁਰਮ ਨਹੀਂ ਕਰ ਸਕੇ ਜਾਂ ਪੁਲਿਸ ਦੁਆਰਾ ਫੜੇ ਨਹੀਂ ਗਏ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਦੁੱਧ-ਧੋਤੇ ਬਣ ਗਏ। ਜੁਰਮ ਕਰਨ ਦਾ ਦੌਰਾ ਇਹਨਾਂ ਨੂੰ ਕਦੇ ਵੀ ਪੈ ਸਕਦੈ। ਅਜਿਹੇ ਹੱਡ-ਹਰਾਮੀਆਂ ਤੋਂ ਮਿਹਨਤ ਦੀ ਆਸ ਨਹੀਂ ਰੱਖਣੀ ਚਾਹੀਦੀ।

ਹੋ ਸਕਦੈ ਉਹਨਾਂ ਨੂੰ ਪੁਲਿਸ ਕੋਲ ਪੇਸ਼ ਕੀਤਾ ਗਿਆ ਹੋਵੇ। ਇਹ ਵੀ ਹੋ ਸਕਦੈ ਕਿ ਬਾਬੇ ਅਤੇ ਹੋਰ ਬੰਦਿਆਂ ਨੇ ਉਹਨਾਂ ਨੂੰ ਥਾਣੇ ਬੈਠੇ ਦੇਖਿਆ ਹੋਵੇ। ਹੋ ਸਕਦੈ ਪਹਿਲਾਂ ਪੁਲਿਸ ਨੇ ਉਹਨਾਂ ਤੋਂ ਪੁੱਛ-ਗਿੱਛ ਕੀਤੀ ਹੋਵੇ। ਹੋ ਸਕਦੈ ਪੁੱਛ-ਗਿੱਛ ਹੋਣ ’ਤੇ ਕੋਈ ਸੁਰਾਗ ਮਿਲ ਗਿਆ ਹੋਵੇ।

ਪਾਰਟੀ ਆਪਣੀ ਦਲੀਲ ਦੀ ਪੁਸ਼ਟੀ ਲਈ ਇਸੇ ਸ਼ਹਿਰ ਵਿਚ ਹੋਏ ਖ਼ਰੈਤੀ ਲਾਲ ਦੀ ਪਤਨੀ ਦੇ ਕਤਲ ਦੀ ਉਦਾਹਰਣ ਦਿੰਦੀ ਸੀ।

ਬਲਵੰਤ ਪੰਦਰਾਂ ਸਾਲ ਖ਼ਰੈਤੀ ਲਾਲ ਦੀ ਦੁਕਾਨ ’ਤੇ ਨੌਕਰ ਰਿਹਾ ਸੀ। ਖ਼ਰੈਤੀ ਨੂੰ ਉਸ ’ਤੇ ਧੀਆਂ- ਪੁੱਤਾਂ ਵਰਗਾ ਭਰੋਸਾ ਸੀ। ਸਾਰਾ ਲੈਣ-ਦੇਣ ਉਸੇ ਰਾਹੀਂ ਹੰਦਾ ਸੀ। ਦਿਨ ਵਿਚ ਵੀਹ-ਵੀਹ ਵਾਰ ਉਹ ਘਰ ਚੱਕਰ ਮਾਰਦਾ ਸੀ। ਕਦੇ ਰੁਪਏ ਲੈ ਗਿਆ, ਕਦੇ ਦੇ ਗਿਆ।

ਇਕ ਦਿਨ ਵੀਹ ਹਜ਼ਾਰ ਰੁਪਏ ਫੜਾਉਣ ਆਏ ਬਲਵੰਤ ਦੀ ਨੀਅਤ ਫਿੱਟ ਗਈ। ਦਰਵਾਜ਼ੇ ਵਿਚ ਖੜੋ ਕੇ ਉਹ ਬੰਤੀ ਨੂੰ ਅਲਮਾਰੀ ਵਿਚ ਪੈਸੇ ਰੱਖਦੀ ਨੂੰ ਤਾੜਦਾ ਰਿਹਾ।

ਘੰਟੇ ਕੁ ਬਾਅਦ ਮੂੰਹ ਢੱਕ ਕੇ, ਡਾਕੂਆਂ ਵਾਲਾ ਭੇਸ ਬਣਾ ਕੇ ਉਹ ਚੁਬਾਰੇ ਜਾ ਚੜ੍ਹਿਆ। ਡਰਾ-ਧਮਕਾ ਕੇ ਪੈਸੇ ਲੈ ਲਏ। ਮਾੜੀ ਕਿਸਮਤ ਬੰਤੀ ਦੀ। ਮੁੜੇ ਜਾਂਦੇ ਬਲਵੰਤ ਦੀ ਉਸ ਨੇ ਪਿੱਠ ਪਛਾਣ ਲਈ।

“ਹੈਂ ਵੇ ਬਲਵੰਤ) ਤੂੰ?” ਬੰਤੀ ਦੇ ਮੂੰਹੋਂ ਨਿਕਲਿਆ ਹਉਕਾ ਉਸ ਦੀ ਮੌਤ ਦਾ ਬੁਲਾਵਾ ਬਣ ਗਿਆ।

ਘਬਰਾਏ ਬਲਵੰਤ ਨੇ ਉਸ ਦਾ ਗਲਾ ਘੁੱਟ ਦਿੱਤਾ। ਮੱਚ ਕੇ ਮਰੀ ਹੈ, ਇਹ ਭੁਲੇਖਾ ਪਾਉਣ ਲਈ ਉਸ ਨੂੰ ਅੱਗ ਲਾ ਦਿੱਤੀ।

ਅਧੀਆ ਅੰਦਰ ਸੁੱਟ ਕੇ ਸ਼ਾਮ ਨੂੰ ਉਹ ਅਫ਼ਸੋਸ ਕਰਨ ਲਈ ਜੁੜੀ ਭੀੜ ਵਿਚ ਆ ਬੈਠਾ। ਉੱਚੀ-ਉੱਚੀ ਬੰਤੀ ਦੇ ਵੈਣ ਪਾਉਣ ਲੱਗਾ। ਖ਼ਰੈਤੀ ਦੇ ਗਲ ਲੱਗ-ਲੱਗ ਕੇ ਧਾਹਾਂ ਮਾਰਨ ਲੱਗਾ।

ਪੂਰੇ ਚੌਵੀ ਘੰਟੇ ਕਿਸੇ ਨੂੰ ਬਲਵੰਤ ’ਤੇ ਸ਼ੱਕ ਨਹੀਂ ਸੀ ਹੋਇਆ।

ਫੇਰ ਪੁਲਿਸ ਨੂੰ ਮੁਖ਼ਬਰੀ ਹੋਈ। ਲੋਕਾਂ ਨੂੰ ਉਸ ਸਮੇਂ ਹੀ ਪਤਾ ਲੱਗਾ ਜਦੋਂ ਬਲਵੰਤ  ਨੇ ਬਿਜਲੀ ਦੇ ਮੀਟਰ ਹੇਠੋਂ ਰਕਮ ਵੀ ਵਸੂਲ ਕਰਵਾ ਦਿੱਤੀ ਅਤੇ ਖ਼ੂਨ ਨਾਲ ਲਿੱਬੜੇ ਆਪਣੇ ਕੱਪੜੇ ਵੀ।

ਜੇ ਕੋਈ ਆਖੇ। ਬਲਵੰਤ ਨੂੰ ਉਸ ਨੇ ਬੰਤੀ ਲਈ ਧਾਹਾਂ ਮਾਰਦੇ ਦੇਖਿਆ ਸੀ ਤਾਂ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਉਹ ਬੇ-ਕਸੂਰ ਸੀ।

ਸੰਮਤੀ ਦੀ ਹਮਾਇਤ ਦੀ ਥਾਂ ਭਾਰਤੀ ਜਨਤਾ ਪਾਰਟੀ ਪਾਲੇ ਅਤੇ ਮੀਤੇ ਨੂੰ ਸਜ਼ਾ ਕਰਾਉਣ ’ਤੇ ਤੁਲ ਗਈ। ਸੰਮਤੀ ਨਾਲੋਂ ਵੱਖ ਹੋਣ ਦਾ ਐਲਾਨ ਉਸ ਭਰੇ ਇਕੱਠ ਵਿਚ ਕੀਤਾ। ਪਾਰਟੀ ਦੀ ਦਲੀਲ ਸਪੱਸ਼ਟ ਸੀ। ਪੁਲਿਸ ਦਾ ਮਨੋਬਲ ਪਹਿਲਾਂ ਹੀ ਡਿੱਗਿਆ ਹੋਇਆ ਸੀ। ਜੇ ਪਾਰਟੀ ਨੇ ਉਸ ਦਾ ਵਿਰੋਧ ਕੀਤਾ ਤਾਂ ਦਹਿਸ਼ਤਗਰਦੀ ਨੂੰ ਉਤਸ਼ਾਹ ਮਿਲੇਗਾ। ਨਿਆਂ-ਪਾਲਕਾ ਵੀ ਡਰੀ ਹੋਈ ਸੀ। ਪਾਰਟੀ ਨੇ ਉਸ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਤਾਂ ਉਸ ਨੇ ਰਹਿੰਦਾ-ਖੂੰਹਦਾ ਹੌਸਲਾ ਵੀ ਛੱਡ ਜਾਣੈ।

ਪਾਲੇ ਅਤੇ ਮੀਤੇ ਨੂੰ ਸਜ਼ਾ ਹੋਣ ਵਿਚ ਹੀ ਸਭ ਦਾ ਭਲਾ ਸੀ। ਦੋ ਨਿਰਦੋਸ਼ ਬੰਦਿਆਂ ਨੂੰ ਫਾਹਾ ਲੱਗ ਗਿਆ, ਫੇਰ ਕਿਹੜਾ ਪਹਾੜ ਟੁੱਟ ਪੈਣਾ ਸੀ। ਅੱਗੇ ਵੀ ਹਜ਼ਾਰਾਂ ਨਿਰਦੋਸ਼ ਕਤਲ ਹੋਏ ਸਨ। ਦੋ ਹੋਰ ਹੋ ਗਏ ਤਾਂ ਕਿਹੜਾ ਸੰਸਾਰ ਸੁੰਨਾ ਹੋ ਜਾਣਾ ਸੀ। ਇਹਨਾਂ ਨੂੰ ਸਜ਼ਾ ਹੋਣ ਨਾਲ ਹੋਰਾਂ ਨੂੰ ਕੰਨ ਹੋ ਜਾਣਗੇ।

ਪਾਰਟੀ ਦੀ ਨਵੀ ਨੀਤੀ ਸਪੱਸ਼ਟ ਸੀ। ਉਹ ਪਾਲੇ ਅਤੇ ਮੀਤੇ ਨੂੰ ਹੀ ਬੰਟੀ ਦੇ ਕਾਤਲ ਸਮਝਦੀ ਸੀ। ਉਹਨਾਂ ਨੂੰ ਸਜ਼ਾ ਕਰਾਉਣ ਲਈ ਪਾਰਟੀ ਹਰ ਹੀਲਾ ਵਰਤੇਗੀ।

ਦੇਖਦੇ ਹੀ ਦੇਖਦੇ ਸਾਰੀ ਬੱਦਲਵਾਈ ਛਟ ਗਈ।

ਪਿੱਛੇ ਰਹਿ ਗਿਆ ਬਾਬਾ, ਉਸ ਦੀਆਂ ਸਮਰਥੱਕ ਕੁਝ ਜਥੇਬੰਦੀਆਂ ਜਾਂ ਸੱਚ ਦਾ ਪੱਲਾ ਫੜੀ ਰੱਖਣ ਵਾਲੇ ਜੀਵਨ ਆੜ੍ਹਤੀਏ ਵਰਗੇ ਕੁਝ ਸਮਾਜ ਸੇਵਕ।

ਨਵੀਂ ਗਠਿਤ ਹੋਈ ਸੰਮਤੀ ਦਾ ਨਿਸ਼ਾਨਾ ਵੀ ਸਪੱਸ਼ਟ ਸੀ। ਲੋਕਾਂ ਨੇ ਸੰਮਤੀ ਵਿਚ ਵਿਸ਼ਵਾਸ ਪ੍ਰਗਟ ਕੀਤਾ ਸੀ। ਸੰਮਤੀ ਨੇ ਇਸ ਵਿਸ਼ਵਾਸ ਨੂੰ ਬਹਾਲ ਰੱਖਣਾ  ਸੀ।

ਸੰਮਤੀ ਵੱਲੋਂ ਮੁਕੱਦਮਾ ਲੜਨ ਲਈ ਲੀਗਲ ਸੈੱਲ ਸਥਾਪਿਤ ਕੀਤਾ ਗਿਆ। ਗੁਰਮੀਤ ਨੂੰ ਉਸ ਦਾ ਮੁਖੀ ਥਾਪਿਆ ਗਿਆ। ਸੈੱਲ ਵਿਚ ਹੋਰ ਕਿਹੜੇ ਵਕੀਲ ਸ਼ਾਮਲ ਕਰਨੇ ਸਨ, ਇਸ ਦੀ ਉਸ ਨੂੰ ਖੁੱਲ੍ਹ ਦਿੱਤੀ ਗਈ।

ਗੁਰਮੀਤ ਵੱਲੋਂ ਪਹਿਲਾ ਸੱਦਾ ਪਿਆਰੇ ਲਾਲ ਨੂੰ ਗਿਆ ਸੀ। ਲੋਕ ਲੱਖ ਉਸ ਨੂੰ ਵਿਹਲੜ ਅਤੇ ਨਿਕੰਮਾ ਸਮਝਦੇ ਰਹਿਣ, ਗੁਰਮੀਤ ਨੂੰ ਉਹ ਗੁਦੜੀ ਵਿਚ ਛੁਪਿਆ ਲਾਲ ਜਾਪਦਾ ਸੀ। ਉਸ ਨੂੰ ਆਪਣੀ ਲਿਆਕਤ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਸੀ।

ਮੋਹਨ ਜੀ ਵੱਲੋਂ ਪੇਸ਼ਕਸ਼ ਆਪੇ ਆਈ ਸੀ। ਮੁੱਢ ਤੋਂ ਹੀ ਉਹ ਮੀਤੇ ਅਤੇ ਪਾਲੇ ਦਾ ਵਕੀਲ ਰਿਹਾ ਸੀ। ਇਹ ਕੇਸ ਉਹ ਬਿਨਾਂ ਫ਼ੀਸ ਲਏ ਝਗੜਨ ਨੂੰ ਤਿਆਰ ਸੀ।

ਅੰਨ੍ਹਾ ਕੀ ਭਾਲੇ ਦੋ ਅੱਖਾਂ? ਸੈੱਲ ਨੂੰ ਉਸ ਦੀਆਂ ਸੇਵਾਵਾਂ ਦੀ ਸਖ਼ਤ ਜ਼ਰੂਰਤ ਸੀ। ਇਸ ਕੇਸ ਵਿਚਲੇ ਬਹੁਤੇ ਗਵਾਹ ਪੁਲਿਸ ਟਾਊਟ ਸਨ। ਪੁਲਿਸ ਵੱਲੋਂ ਉਹ ਸੈਂਕੜੇ ਕੇਸਾਂ ਵਿਚ ਗਵਾਹੀ ਭੁਗਤ ਚੁੱਕੇ ਸਨ। ਉਹਨਾਂ ਨੂੰ ਪੁਲਿਸ ਪੱਖੀ ਸਾਬਤ ਕਰਨ ਲਈ ਸੈੱਲ ਨੂੰ ਉਹਨਾਂ ਸਾਰੇ ਕੇਸਾਂ ਦਾ ਰਿਕਾਰਡ ਚਾਹੀਦਾ ਸੀ। ਮੋਹਨ ਜੀ ਕੋਲ ਇਕ-ਇਕ ਗਵਾਹ ਦੀ ਜਨਮ-ਕੁੰਡਲੀ ਮੌਜੂਦ ਸੀ।

ਲੀਗਲ ਸੈੱਲ ਦੀ ਇਸ ਟੀਮ ਦੀ ਕਾਮਯਾਬੀ ਦੀ ਕਾਮਨਾ ਕਰਦਿਆਂ ਸੰਮਤੀ ਦੀਆਂ ਬਾਕੀ ਇਕਾਈਆਂ ਨੇ ਵੀ ਆਪਣੇ-ਆਪਣੇ ਮੋਰਚੇ ਸੰਭਾਲ ਲਏ।

ਸੈੱਲ ਦਾ ਪਹਿਲਾ ਕੰਮ ਦੋਸ਼ੀਆਂ ਦੀ ਜ਼ਮਾਨਤ ਕਰਾਉਣਾ ਮਿਥਿਆ ਗਿਆ।

 

 

10

ਪਾਲੇ ਅਤੇ ਮੀਤੇ ਨੂੰ ਗ੍ਰਿਫ਼ਤਾਰ ਹੋਇਆਂ ਨੱਬੇ ਦਿਨ ਹੋ ਗਏ ਸਨ। ਹਾਲੇ ਤਕ ਪੁਲਿਸ ਉਹਨਾਂ ਦੇ ਖ਼ਿਲਾਫ਼ ਚਲਾਨ ਪੇਸ਼ ਨਹੀਂ ਸੀ ਕਰ ਸਕੀ। ਇਸ ਆਧਾਰ ’ਤੇ ਉਹਨਾਂ ਦੀ ਜ਼ਮਾਨਤ ਹੋਣੀ ਸੀ।

ਸ਼ਾਇਦ ਜੇਲ੍ਹ ਵਿਚ ਇਹ ਉਹਨਾਂ ਦਾ ਆਖ਼ਰੀ ਦਿਨ ਸੀ।

ਪਾਲਾ ਅਤੇ ਮੀਤਾ ਆਪਣਾ ਸਮਾਨ ਸਮੇਟਣ ਅਤੇ ਘਰ ਜਾਣ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ।

ਸਾਥੀ ਕੈਦੀ ਵਧਾਈਆਂ ਦੇ ਰਹੇ ਸਨ। ਕਤਲ-ਕੇਸ ’ਚ ਤਾਂ ਸਾਲ-ਸਾਲ ਜ਼ਮਾਨਤ ਨਹੀਂ ਹੁੰਦੀ। ਉਹਨਾਂ ਦੇ ਗਲੋਂ ਤਿੰਨ ਮਹੀਨਿਆਂ ਬਾਅਦ ਹੀ ਪੰਜਾਲੀ ਲਹਿ ਚੱਲੀ ਸੀ।

ਭਦੌੜੀਏ ਵੈਲੀ ਨੇ ਉਹਨਾਂ ਨੂੰ ਵਧਾਈ ਨਹੀਂ ਸੀ ਦਿੱਤੀ। ਉਸ ਦਾ ਮਨ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਪੁਲਿਸ ਨੱਬੇ ਦਿਨਾਂ ਦੇ ਅੰਦਰ-ਅੰਦਰ ਚਲਾਨ ਪੇਸ਼ ਨਹੀਂ ਕਰ ਸਕੀ। ਕੋਈ ਮਾੜਾ-ਧੀੜਾ ਕੇਸ ਹੁੰਦਾ ਤਾਂ ਉਹ ਮੰਨ ਵੀ ਲੈਂਦਾ। ਇਸ ਕੇਸ ਦੀ ਮਸ਼ਹੂਰੀ ਤਾਂ ਦਿੱਲੀ-ਦੱਖਣ ਤਕ ਹੋਈ-ਹੋਈ ਸੀ। ਕੇਸ ਨੂੰ ਸਿਆਸੀ ਰੰਗ ਚੜ੍ਹ ਚੁੱਕਾ ਸੀ। ਜੇ ਦੋਸ਼ੀਆਂ ਦੀ ਜ਼ਮਾਨਤ ਹੋ ਗਈ ਤਾਂ ਥਾਣੇਦਾਰ ਦੇ ਮੋਢਿਉਂ ਸਟਾਰ ਲਹਿ ਜਾਣਗੇ। ਪੁਲਿਸ ਮੈਜਸਿਟ੍ਰੇਟ ਨੂੰ ਗੱਠ ਕੇ ਚਲਾਨ ਪਿਛਲੀਆਂ ਤਾਰੀਖ਼ਾਂ ਵਿਚ ਪੇਸ਼ ਕਰਿਆ ਦਿਖਾਵੇ ਜਾਂ ਕੋਈ ਹੋਰ ਖੂਹ ਪੁੱਟੇ, ਉਹ ਚਲਾਨ ਸਮੇਂ ਸਿਰ ਪੇਸ਼ ਕਰ ਕੇ ਛੱਡੂ। ਭਦੌੜੀਏ ਦਾ ਤਜਰਬਾ ਇਹੋ ਆਖਦਾ ਸੀ।

ਥਾਣਾ, ਕਚਹਿਰੀ ਜਾਂ ਜੇਲ੍ਹ ਭਦੌੜੀਏ ਲਈ ਨਵਾਂ ਨਹੀਂ ਸੀ। ਉਸ ਦਾ ਵੀਹ-ਸਾਲਾ ਤਜਰਬਾ ਸੀ। ਕਮਾਨੀਦਾਰ ਚਾਕੂ ਤੋਂ ਲੈ ਕੇ ਕਤਲ ਕੇਸ ਤਕ ਉਸ ’ਤੇ ਪੈ ਚੁੱਕੇ ਸਨ। ਉਹ ਹੁਣ ਵੀ ਕਤਲ ਕੇਸ ’ਚ ਅੰਦਰ ਸੀ। ਉਸ ਦੇ ਵਾਰਿਸ ਅੱਡੀ-ਚੋਟੀ ਦਾ ਜ਼ੋਰ ਲਾ ਚੁੱਕੇ ਸਨ। ਸੁਪਰੀਮ ਕੋਰਟ ਤਕ ਜਾ ਆਏ ਸਨ, ਜ਼ਮਾਨਤ ਨਹੀਂ ਸੀ ਹੋਈ। ਇਹ ਸਮਝਦੇ ਹਨ ਬਿਨਾਂ ਹਿੰਗ ਫਟਕੜੀ ਲਾਏ ਹੀ ਚੋਖਾ ਰੰਗ ਚੜ੍ਹ ਜਾਏਗਾ।

ਭੋਲੇ ਪੰਛੀ ਆਪਣੀ ਤੁਲਨਾ ਧਨੌਲੇ ਵਾਲੇ ਭਿੰਦੇ ਨਾਲ ਕਰ ਰਹੇ ਸਨ। ਉਸ ਦੀ ਜ਼ਮਾਨਤ ਵੀ ਇਸੇ ਤਰ੍ਹਾਂ ਹੋਈ ਸੀ, ਪਰ ਕਿਥੇ ਰਾਜਾ ਭੋਜ, ਕਿਥੇ ਗੰਗੂ ਤੇਲੀ। ਉਹ ਸ਼ੇਰੇ ਬਦਮਾਸ਼ ਦੀ ਪਾਰਟੀ ਦਾ ਬੰਦਾ ਸੀ। ਸ਼ੇਰਾ ਆਪਣੇ ਬੰਦਿਆਂ ਲਈ ਪੈਸਾ ਪਾਣੀ ਵਾਂਗ ਵਹਾਉਂਦੈ। ਭਿੰਦਾ ਉਸ ਦੀ ਸੱਜੀ ਬਾਂਹ ਸੀ। ਸ਼ੇਰੇ ਦਾ ਸਾਰਾ ਜ਼ੋਰ ਉਸ ਦੀ ਰਿਹਾਈ ’ਤੇ ਲੱਗਾ ਹੋਇਆ ਸੀ।

ਭਿੰਦੇ ਦੀ ਜ਼ਮਾਨਤ ਹੋਣ ਦਾ ਇਕ ਕਾਰਨ ਹੋਰ ਵੀ ਸੀ। ਜਿਸ ਬੁੱਢੇ ਦਾ ਉਸ ਨੇ ਕਤਲ ਕੀਤਾ ਸੀ, ਉਹ ਲਾਵਾਰਿਸ ਸੀ। ਬੁੱਢੇ ਦੇ ਨਾਂ ਬਹੁਤੀ ਜ਼ਮੀਨ ਜਾਇਦਾਦ ਵੀ ਨਹੀਂ ਸੀ। ਚਾਰ ਵਿਘੇ ਦਾ ਇਕ ਟੱਕ ਸੀ ਅਤੇ ਡੇਢ ਦਾ ਇਕ। ਸ਼ਰੀਕਾਂ ਨੂੰ ਪਤਾ ਸੀ। ਓਨੇ ਦੀ ਜ਼ਮੀਨ ਹੱਥ ਨਹੀਂ ਆਉਣੀ, ਜਿੰਨੇ ਉੱਤੇ ਲੱਗ ਜਾਣਗੇ। ਬਦਮਾਸ਼ਾਂ ਨਾਲ ਦੁਸ਼ਮਣੀ ਵਾਧੂ ਵਿਚ। ਲੋਕ ਲਾਜ ਰੱਖਣ ਲਈ ਉਹਨਾਂ ਪਰਚਾ ਤਾਂ ਦਰਜ ਕਰਵਾ ਦਿੱਤਾ ਪਰ ਪੈਰਵਾਈ ਲਈ ਇਕ ਦਿਨ ਵੀ ਥਾਣੇ ਨਾ ਗਏ। ਪੈਰਵਾਈ ਬਿਨਾਂ ਤਿੰਨ ਸੌ ਤੇਈ ਦਾ ਮੁਕੱਦਮਾ ਵੀ ਸਿਰੇ ਨਹੀਂ ਚੜ੍ਹਦਾ, ਇਹ ਤਾਂ ਕਤਲ ਕੇਸ ਸੀ। ਪੁਲਿਸ ਪਹਿਲਾਂ ਹੀ ਭਿੰਦੇ ਵੱਲ ਡੱਕਾ ਸੁੱਟਦੀ ਸੀ। ਵੱਸ ਚੱਲਦਾ ਤਾਂ ਗ੍ਰਿਫ਼ਤਾਰੀ ਬਿਨਾਂ ਹੀ ਸਾਰ ਦਿੰਦੀ ਪਰ ਅਫ਼ਸਰਾਂ ਤੋਂ ਡਰਦੀ ਪੁਲਿਸ ਨੂੰ ਜ਼ਾਬਤਾ ਪੂਰਾ ਕਰਨਾ ਪਿਆ।

“ਕਿਉਂ ਵਕੀਲਾਂ ਦਾ ਘਰ ਭਰਦੇ ਹੋ? ਵਕੀਲ ਵਾਲੀ ਫ਼ੀਸ ਮੈਨੂੰ ਦਿਓ। ਜ਼ਮਾਨਤ ਤਾਂ ਹੋਏਗੀ ਹੀ, ਪਰਚਾ ਵੀ ਖਾਰਜ ਹੋ ਜੂ।” ਗ੍ਰਿਫ਼ਤਾਰੀ ਸਮੇਂ ਹੀ ਥਾਣੇਦਾਰ ਨੇ ਉਹਨਾਂ ਨੂੰ ਸਿੱਧੇ ਰਾਹ ਪਾ ਦਿੱਤਾ ਸੀ।

ਸ਼ੇਰੇ ਨੇ ਥਾਣੇਦਾਰ ਦੇ ਬੋਲਾਂ ’ਤੇ ਫੁੱਲ ਚੜ੍ਹਾਏ। ਥਾਣੇਦਾਰ ਨੇ ਵਾਅਦਾ ਨਿਭਾਇਆ। ਤਾਂ ਨੱਬੇ ਦਿਨ ਲੰਘੇ, ਤਾਂ ਜ਼ਮਾਨਤ ਹੋਈ।

“ਇਹਨਾਂ ਮੂਰਖਾਂ ਨੂੰ ਕੋਈ ਪੁੱਛੇ ਬਈ ਤੁਸੀਂ ਕਿਸ ਭੜੂਏ ਨੂੰ ਬੰਨ੍ਹਿਐ? ਐਵੇਂ ਹਵਾ ’ਚ ਡਾਂਗਾਂ ਮਾਰਦੇ ਨੇ। ਧੱਕੇ-ਧੁੱਕੇ ਖਾ ਕੇ ਸ਼ਾਮ ਨੂੰ ਆਪੇ ਖੁੱਡੇ ’ਚ ਮੁੜ ਆਉਣਗੇ। ਵਧਾਈ ਦਿੱਤੀ ਐਵੇਂ ਜਾਏਗੀ”, ਸੋਚਦਾ ਭਦੌੜੀਆ ਦੜ ਵੱਟ ਗਿਆ।

ਭਦੌੜੀਏ ਦੀ ਬੇਰੁਖ਼ੀ ਪਾਲੇ ਅਤੇ ਮੀਤੇ ਦੇ ਚਿੱਤ-ਚੇਤੇ ਵੀ ਨਹੀਂ ਸੀ। ਇਕ ਘਾਟ ਜ਼ਰੂਰ ਉਹਨਾਂ ਨੂੰ ਰੜਕ ਰਹੀ ਸੀ। ਰਿਹਾਈ ਦੀ ਖ਼ਬਰ ਸੁਣਦਿਆਂ ਹੀ ਕੁਝ ਮਿੱਤਰ ਉਹਨਾਂ ਦੁਆਲੇ ਮੰਡਰਾਉਣ ਲੱਗੇ ਸਨ। ਜੇਲ੍ਹ ਦੀ ਰੀਤ ਅਨੁਸਾਰ ਪਾਲੇ ਅਤੇ ਮੀਤੇ ਨੇ ਆਪਣਾ ਵਾਧੂ-ਘਾਟੂ ਸਾਮਾਨ ਉਹਨਾਂ ਦੇ ਹਵਾਲੇ ਕਰਨਾ ਸੀ। ਭਾਵੇਂ ਉਹਨਾਂ ਦੇ ਪ੍ਰਸੰਸਕਾਂ ਦੀ ਗਿਣਤੀ ਬਹੁਤੀ ਨਹੀਂ ਸੀ ਪਰ ਉਹਨਾਂ ਕੋਲ ਦੇਣ ਲਈ ਕੱਖ ਵੀ ਨਹੀਂ ਸੀ।

ਜੇ ਉਹਨਾਂ ਵਿਚੋਂ ਵੀ ਕੋਈ ਭਦੌੜੀਆ ਵੈਲੀ, ਸੇਠ ਹਜ਼ਾਰੀ ਲਾਲ ਜਾਂ ਭਿੰਦਾ ਬਦਮਾਸ਼ ਹੁੰਦਾ ਤਾਂ ਉਹਨਾਂ ਕੋਲ ਵੀ ਵੰਡਣ ਲਈ ਢੇਰ ਸਾਰਾ ਸਾਮਾਨ ਹੁੰਦਾ। ਇਹਨਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਮੁਲਾਕਾਤ ਲਈ ਆਇਆ ਹੀ ਰਹਿੰਦਾ ਸੀ। ਆਇਆ ਰਿਸ਼ਤੇਦਾਰ ਢੇਰ ਸਾਰਾ ਸਾਮਾਨ ਵੀ ਲਿਆਉਂਦਾ ਸੀ। ਕੁਝ ਚੀਜ਼ਾਂ ਇਹ ਖਾ-ਪੀ ਲੈਂਦੇ, ਕੁਝ ਬਚ ਰਹਿੰਦੀਆਂ ਸਨ, ਤੇਲ, ਸਾਬਣ, ਘਿਉ, ਅਚਾਰ, ਬਿਸਕੁਟ ਜਾਂ ਬੀੜੀ ਸਿਗਰਟ ਵੀ ਭਲਾ ਨਾਲ ਲੈ ਕੇ ਜਾਣ ਵਾਲੀ ਚੀਜ਼ ਹੈ? ਕੋਈ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਜੇਲ੍ਹ ਅਧਿਕਾਰੀ ਇੱਲਾਂ ਵਾਂਗ ਝਪਟ ਪੈਣਗੇ। ਇਹ ਚੀਜ਼ਾਂ ਬਖ਼ਸ਼ੀਸ਼ ਦੇ ਬਹਾਨੇ ਧੱਕੇ ਨਾਲ ਹੀ ਜ਼ਬਤ ਕਰ ਲੈਣਗੇ। ਜੇਲ੍ਹ ਅਧਿਕਾਰੀਆਂ ਦੀ ਥਾਂ ਫੇਰ ਕਿਉਂ ਨਾ ਮਿੱਤਰਾਂ ਨੂੰ ਹੀ ਖ਼ੁਸ਼ ਕੀਤਾ ਜਾਵੇ? ਭਿੰਦਾ ਤਾਂ ਆਪਣੇ ਚਾਪਲੂਸਾਂ ਨੂੰ ਪੀਪੇ, ਪਰਨੇ ਅਤੇ ਰਜ਼ਾਈ, ਕੰਬਲ ਵੀ ਦੇ ਗਿਆ ਸੀ।

ਪਾਲਾ ਅਤੇ ਮੀਤਾ ਖ਼ੁਦ ਬਖ਼ਸ਼ੀਸ਼ ’ਤੇ ਦਿਨ ਕੱਟਦੇ ਸਨ। ਉਹਨਾਂ ਨੂੰ ਤਾਂ ਕਦੇ ਬਾਹਰੋਂ ਬਹੁਤਾ ਸਾਮਾਨ ਆਇਆ ਹੀ ਨਹੀਂ ਸੀ।

ਪੰਦਰਾਂ ਦਿਨਾਂ ਬਾਅਦ ਪਾਲੇ ਅਤੇ ਮੀਤੇ ਦੀ ਰੂਹ-ਨੁਮਾਈ ਦੀ ਪੇਸ਼ੀ ਪੈਂਦੀ ਸੀ। ਪੇਸ਼ੀ ਵਾਲੇ ਦਿਨ ਉਹਨਾਂ ਨੂੰ ਅਦਾਲਤ ਵਿਚ ਲਿਜਾਇਆ ਜਾਂਦਾ ਸੀ।

ਹਵਾਲਾਤੀਆਂ ਨਾਲ ਭਰੀ ਬੱਸ ਸਵੇਰੇ ਦਸ ਵਜੇ ਕਚਹਿਰੀ ਪੁੱਜ ਜਾਂਦੀ ਸੀ। ਪੇਸ਼ੀ ਬਾਅਦ ਦੁਪਹਿਰ ਨੂੰ ਪੈਂਦੀ ਸੀ। ਛੋਟੇ-ਮੋਟੇ ਜੁਰਮਾਂ ਵਾਲਿਆਂ ਨੂੰ ਦਰੱਖ਼ਤ ਹੇਠ ਬਿਠਾ ਦਿੱਤਾ ਜਾਂਦਾ। ਉਹਨਾਂ ਨੂੰ ਕਚਹਿਰੀ ਵਿਚ ਬਣੇ ਹਵਾਲਾਤ ਵਿਚ ਬੰਦ ਕੀਤਾ ਜਾਂਦਾ। ਹਵਾਲਾਤੀ ਕਿਸੇ ਤਰ੍ਹਾਂ ਦਾ ਵੀ ਹੁੰਦਾ, ਮੁਲਾਕਾਤੀ ਨੂੰ ਪਰੇਸ਼ਾਨੀ ਨਹੀਂ ਸੀ ਹੁੰਦੀ। ਸਿਪਾਹੀਆਂ ਨੂੰ ਚਾਹ ਦਾ ਕੱਪ ਪਿਆ ਕੇ ਜਾਂ ਚਾਰ ਕੇਲੇ ਖਵਾ ਕੇ ਹੀ ਸਰ ਜਾਂਦਾ ਸੀ।

ਪਾਲੇ ਦੇ ਘਰ ਦੇ ਉਸ ਨੂੰ ਕਚਹਿਰੀ ਹੀ ਮਿਲਦੇ ਸਨ।

ਇਕ ਪਾਸੇ ਮਾਪੇ ਗ਼ਰੀਬ, ਦੂਜੇ ਪਾਸੇ ਮਿਲਣ ਵਾਲੇ ਸਾਮਾਨ ਦੇ ਹਿੱਸੇ ਪਾਉਣ ਵਾਲੇ ਦੋ। ਘਰੋਂ ਆਇਆ ਸਾਮਾਨ ਦੋ ਦਿਨਾਂ ਵਿਚ ਹੀ ਮੁੱਕ ਜਾਂਦਾ। ਬਾਕੀ ਦੇ ਦਿਨ ਫਾਕਿਆਂ ਦੇ ਹੁੰਦੇ।

ਜਿਹੋ ਜਿਹੇ ਉਹ, ਉਹੋ ਜਿਹੇ ਉਹਨਾਂ ਦੇ ਝੋਲੀ-ਚੁੱਕ। ਦੇਬੂ ਭਈਏ, ਬਹਾਦਰ ਪਹਾੜੀਏ ਜਾਂ ਸੋਨੂੰ ਸੁਨਿਆਰ ਨੂੰ ਉਹਨਾਂ ਤੋਂ ਬਹੁਤੀਆਂ ਆਸਾਂ ਨਹੀਂ ਸਨ। ਪਰ ਉਹਨਾਂ ਨੂੰ ਰੌਸ਼ਨੀ ਦੀ ਕਿਸੇ ਕਿਰਨ ਦੀ ਆਸ ਰੱਖਣਾ ਵੀ ਗੁਨਾਹ ਨਹੀਂ ਸੀ ਲੱਗਦਾ।

ਪਾਲਾ ਅਤੇ ਮੀਤਾ ਜੇ ਘਿਓ, ਪਿੰਨੀਆਂ ਜਾਂ ਰਜ਼ਾਈ ਕੰਬਲ ਦੇਣ ਜੋਗੇ ਨਹੀਂ ਤਾਂ ਇਸ ਦਾ ਇਹ ਮਤਲਬ ਵੀ ਨਹੀਂ ਕਿ ਉਹ ਬਿਨਾਂ ਹੱਥ ਝਾੜੇ ਹੀ ਤੁਰ ਜਾਣਗੇ। ਉਹ ਵੀ ਜੇਲ੍ਹ ਦੀ ਰੀਤ ਨਿਭਾਉਣਗੇ ਤੇ ਮਿੱਤਰਾਂ ਨੂੰ ਕੋਈ ਨਾ ਕੋਈ ਨਿਸ਼ਾਨੀ ਦੇ ਕੇ ਜਾਣਗੇ। ਉਹਨਾਂ ਦੇ ਦੋਸਤਾਂ ਵਿਚ ਦੇਬੂ ਭਈਏ ਦੀ ਹਾਲਤ ਸਭ ਤੋਂ ਭੈੜੀ ਸੀ। ਉਹ ਤਿੰਨ ਸਾਲ ਤੋਂ ਜੇਲ੍ਹ ਵਿਚ ਸੀ। ਉਸ ਦੇ ਕੱਪੜੇ ਕਦੋਂ ਦੇ ਲੀਰੋ-ਲੀਰ ਹੋ ਕੇ ਉਸ ਦੇ ਸਰੀਰ ਦਾ ਸਾਥ ਛੱਡ ਗਏ ਸਨ। ਨੰਗੇਜ਼ ਢੱਕਣ ਲਈ ਉਸ ਦੇ ਸਰੀਰ ’ਤੇ ਇਕ ਕੱਛਾ ਬਾਕੀ ਸੀ। ਉਹ ਵੀ ਘਸ ਚੁੱਕਾ ਸੀ ਤੇ ਕਿਸੇ ਵੀ ਸਮੇਂ ਆਪਣਾ ਫ਼ਰਜ਼ ਨਿਭਾਉਣ ਤੋਂ ਨਾਂਹ ਕਰ ਸਕਦਾ ਸੀ। ਸ਼ੇਵ ਕਰਿਆਂ ਸਾਲ ਹੋ ਗਿਆ ਸੀ। ਵਾਲਾਂ ਨੂੰ ਤੇਲ ਨਸੀਬ ਨਹੀਂ ਸੀ ਹੋਇਆ। ਉਸ ਦੇ ਕਾਲੇ ਘੁੰਗਰਾਲੇ ਵਾਲ ਭੂਰੇ ਚਿੱਟੇ ਹੋ ਗਏ ਸਨ। ਰੰਗ ਉਸ ਦਾ ਪਹਿਲਾਂ ਹੀ ਕਾਲਾ ਸੀ। ਨੰਗੇ ਪਿੰਡੇ ’ਤੇ ਪੈਂਦੀ ਧੁਪ ਨੇ ਉਸ ਨੂੰ ਹੋਰ ਗੂੜ੍ਹਾ ਕਰ ਦਿੱਤਾ ਸੀ। ਦੇਬੂ ਨੂੰ ਕਦੇ ਰੱਜਵੀਂ ਰੋਟੀ ਨਹੀਂ ਸੀ ਮਿਲੀ। ਉਪਰੋਂ ਹੱਡ-ਭੰਨਵੀਂ ਮੁਸ਼ੱਕਤ। ਉਸ ਦਾ ਗਠਵਾਂ ਸਰੀਰ ਹੱਡੀਆਂ ਦਾ ਢਾਂਚਾ ਬਣ ਚੁੱਕਾ ਸੀ। ਭੂਤ-ਪ੍ਰੇਤ ਲੱਗਦੇ ਇਸ ਦੇਬੂ ਨੂੰ ਉਹਨਾਂ ਦੇ ਰਹਿਮ ਦੀ ਸਭ ਤੋਂ ਵੱਧ ਜ਼ਰੂਰਤ ਸੀ।

ਗ੍ਰਿਫ਼ਤਾਰੀ ਸਮੇਂ ਪੁਲਿਸ ਨੇ ਪਾਲੇ ਅਤੇ ਮੀਤੇ ਨੂੰ ਨਵੇਂ ਕੱਪੜੇ ਸਿਲਾ ਕੇ ਦਿੱਤੇ ਸਨ। ਇਕ-ਇਕ ਜੁੱਤੀ ਅਤੇ ਪੱਗ ਵੀ ਲੈ ਕੇ ਦਿੱਤੀ ਸੀ। ਪਾਲੇ ਅਤੇ ਮੀਤੇ ਨੂੰ ਸਾਰੀ ਉਮਰ ਅਜਿਹੇ ਕੱਪੜੇ ਨਸੀਬ ਨਹੀਂ ਸਨ ਹੋਏ। ਜੇਲ੍ਹ ਵੜਦਿਆਂ ਹੀ ਉਹਨਾਂ ਇਹ ਸੰਭਾਲ ਕੇ ਰੱਖ ਲਏ ਸਨ। ਇਕ ਵਾਰ ਵੀ ਨਹੀਂ ਸੀ ਪਾਏ। ਅੱਜ ਖ਼ੁਸ਼ੀ ਦਾ ਮੌਕਾ ਸੀ, ਉਹਨਾਂ ਇਹੋ ਕੱਪੜੇ ਪਹਿਨੇ ਸਨ। ਪੁਰਾਣੇ ਕੱਪੜੇ ਉਹ ਦੇਬੂ ਨੂੰ ਦੇਣਗੇ। ਮੀਤੇ ਨੇ ਆਪਣੀ ਪੁਰਾਣੀ ਪੈਂਟ ਦੇਬੂ ਦੇ ਹਵਾਲੇ ਕਰ ਦਿੱਤੀ, ਨਾਲ ਹਵਾਈ ਚੱਪਲਾਂ ਦਾ ਜੋੜਾ ਵੀ। ਪਾਲੇ ਨੇ ਸਾਬਣ ਦੀ ਅੱਧੀ ਟਿੱਕੀ ਅਤੇ ਤੇਲ ਵਾਲੀ ਸ਼ੀਸ਼ੀ ਉਸ ਦੇ ਹਵਾਲੇ ਕੀਤੀ। ਯਾਰਾਂ ਦੇ ਰਿਹਾਅ ਹੋਣ ਦੀ ਖ਼ੁਸ਼ੀ ਵਿਚ ਉਹ ਵੀ ਮਾਲਸ਼ਾਂ ਕਰੇ, ਮਲ-ਮਲ ਨਹਾਏ ਤੇ ਬੋਦਿਆਂ ਨੂੰ ਤੇਲ ਨਾਲ ਲਿਸ਼ਕਾਏ।

ਬਹਾਦਰ ਦੋ ਸਾਲ ਤੋਂ ਅੰਦਰ ਸੀ। ਉਹ ਨਿਪਾਲੀ ਪਹਾੜੀਆ ਸੀ। ਸਾਰੀ ਉਮਰ ਉਸ ਨੇ ਅਫ਼ਸਰਾਂ ਦੇ ਘਰਾਂ ਵਿਚ ਨੌਕਰੀ ਕੀਤੀ ਸੀ। ਬਣ-ਸੰਵਰ ਕੇ ਰਹਿਣ ਦਾ ਸ਼ੌਕੀਨ ਸੀ। ਜਦੋਂ ਜੇਲ੍ਹ ਆਇਆ ਸੀ ਤਾਂ ਰੰਗ ਗੋਰਾ-ਨਿਛੋਹ ਅਤੇ ਸਰੀਰ ਗਠਵਾਂ ਸੀ। ਹੁਣ ਉਸ ਦੀ ਅਤੇ ਦੇਬੂ ਦੀ ਹਾਲਤ ਵਿਚ ਉੱਨੀ-ਇੱਕੀ ਦਾ ਫ਼ਰਕ ਸੀ। ਜਦੋਂ ਜੇਲ੍ਹ ਸੁਪਰਡੈਂਟ ਦਾ ਨੌਕਰ ਛੁੱਟੀ ਗਿਆ ਹੁੰਦਾ ਤਾਂ ਉਸ ਨੂੰ ਉਸ ਦੀ ਕੋਠੀ ਜਾਣ ਦਾ ਮੌਕਾ ਮਿਲਦਾ। ਇਸ ਸੁਨਹਿਰੀ ਮੌਕੇ ਦਾ ਉਹ ਭਰਪੂਰ ਫ਼ਾਇਦਾ ਉਠਾਉਂਦਾ। ਸ਼ੈਂਪੂ ਨਾਲ ਨਹਾਉਂਦਾ ਤੇ ਨਾਰੀਅਲ ਦੇ ਤੇਲ ਝੱਸਦਾ। ਰੱਜ ਕੇ ਖਾਂਦਾ। ਕਈ-ਕਈ ਦਿਨ ਬਾਬੂ ਬਣਿਆ ਰਹਿੰਦਾ। ਪਾਲੇ ਨੂੰ ਮਹਿਸੂਸ ਹੋਇਆ ਜਿਵੇਂ ਇਸ ਸ਼ੌਕੀਨ ਪੁੱਤ ਨੂੰ ਕੰਘੇ-ਸ਼ੀਸ਼ੇ ਦੀ ਸਭ ਤੋਂ ਵੱਧ ਜ਼ਰੂਰਤ ਸੀ। ਉਸ ਨੇ ਆਪਣਾ ਛੋਟਾ ਕੰਘਾ ਅਤੇ ਜੇਬੀ ਸ਼ੀਸ਼ਾ ਉਸ ਨੂੰ ਸੰਭਾਲ ਦਿੱਤਾ।

ਸੋਨੂੰ ਨੂੰ ਜੇਲ੍ਹ ਆਇਆਂ ਚਾਰ ਮਹੀਨੇ ਹੋਏ ਸਨ। ਅਲੂਆਂ ਜਿਹਾ ਇਹ ਮੁੰਡਾ ਕੁੜੀਆਂ ਵਰਗਾ ਸੀ। ਉਸ ਨਾਲ ਛੇੜ-ਛਾੜ ਕਰਨਾ ਅਤੇ ਉਸ ਨੂੰ ਚੁੰਮਣਾ-ਚੱਟਣਾ ਹਰ ਕੋਈ ਆਪਣਾ ਹੱਕ ਸਮਝਦਾ ਸੀ। ਕੈਦੀ ਬਿਨ ਮੰਗਿਆਂ ਹੀ ਉਸ ਅੱਗੇ ਚੀਜ਼ਾਂ ਦਾ ਢੇਰ ਲਾ ਦਿੰਦੇ ਸਨ। ਖਾਣ-ਪੀਣ ਜਾਂ ਪਹਿਨਣ-ਪੱਚਰਨ ਦੀ ਉਸ ਨੂੰ ਕੋਈ ਘਾਟ ਨਹੀਂ ਸੀ।

ਉਸ ਨੂੰ ਇਕ ਵਾਅਦਾ ਚਾਹੀਦਾ ਸੀ। ਦਿਲੋਂ ਕੀਤਾ ਵਾਅਦਾ।

“ਬਾਈ, ਕਿਵੇਂ ਨਾ ਕਿਵੇਂ ਮੈਨੂੰ ਇਸ ਨਰਕ ‘ਚੋਂ ਬਾਹਰ ਕੱਢੋ। ਜਿਹੜਾ ਵੀ ਖ਼ਰਚ ਹੋਊ, ਉਸ ਤੋਂ ਦੁੱਗਣਾ ਮੈਂ ਬਾਹਰ ਆ ਕੇ ਦੇ ਦੰ।” ਰੋ-ਰੋ ਹੰਭ ਚੁੱਕਾ ਸੋਨੂੰ ਮੀਤੇ ਦਾ ਹੱਥ ਫੜ ਕੇ ਵਾਰ-ਵਾਰ ਡਡਿਆਉਣ ਲੱਗਦਾ।

“ਤੂੰ ਫ਼ਿਕਰ ਨਾ ਕਰ। ਬਾਹਰ ਜਾਂਦਾ ਹੀ ਪਹਿਲਾਂ ਮੈਂ ਆਪਣੇ ਵਕੀਲ ਨੂੰ ਆਖ ਕੇ ਤੇਰੀ ਜ਼ਮਾਨਤ ਦੀ ਦਰਖ਼ਾਸਤ ਦਿਵਾਊਂ। ਦੋ-ਚਾਰ ਦਿਨਾਂ ਤਕ ਤੂੰ ਵੀ ਬਾਹਰ ਹੋਏਂਗਾ।” ਸੋਨੂੰ ਦਾ ਹੱਥ ਘੁੱਟਦਾ, ਉਸ ਦੇ ਹੰਝੂ ਪੂੰਝਦਾ ਮੀਤਾ ਉਸ ਨੂੰ ਵਿਸ਼ਵਾਸ ਦਿਵਾਉਂਦਾ।

ਸੋਨੂੰ ਉਸ ਦੀਆਂ ਗੱਲਾਂ ’ਤੇ ਵਿਸ਼ਵਾਸ ਕਰੇ ਜਾਂ ਨਾ, ਉਸ ਨੂੰ ਸਮਝ ਨਾ ਆਉਂਦੀ। ਜੇਲ੍ਹੋਂ ਜਾਂਦਾ ਹਰ ਕੈਦੀ ਉਸ ਨਾਲ ਇਹੋ ਵਾਅਦਾ ਕਰਦਾ ਸੀ। ਸੋਨੂੰ ਵਾਅਦੇ ’ਤੇ ਵਿਸ਼ਵਾਸ ਕਰਦਾਸੀ। ਸਾਰਾ ਦਿਨ ਡਿਉੜੀ ਵੱਲ ਤੱਕਦਾ ਸੀ। ਰਿਹਾਈ ਲਈ ਪੈਣ ਵਾਲੀ ਆਵਾਜ਼ ਨੂੰ ਉਡੀਕਦਾ ਸੀ।

ਉਸ ਨੂੰ ਜਾਗਦੇ ਨੂੰ ਹੀ ਸੁਪਨੇ ਆਉਣ ਲੱਗਦੇ। ਕਦੇ ਲੱਗਦਾ, ਉਸ ਲਈ ਚੋਟੀ ਦਾ ਵਕੀਲ ਕੀਤਾ ਗਿਐ। ਵਕੀਲ ਉਸ ਲਈ ਧੂੰਆਂਧਾਰ ਬਹਿਸ ਕਰ ਰਿਹੈ। ਜੱਜ ਨੇ ਸੋਨੂੰ ਨੂੰ ਬਰੀ ਕਰ ਦਿੱਤੈ। ਦੇਵ-ਪੁਰਸ਼ ਬਣਿਆ ਕੈਦੀ ਉਸ ਨੂੰ ਕਾਲ-ਕੋਠੜੀ ਵਿਚੋਂ ਬਾਹਰ ਲੈ ਕੇ ਜਾ ਰਿਹੈ। ਉਹ ਆਪਣੇ ਜਮਾਤੀਆਂ ’ਚ ਖੇਡ ਰਿਹੈ, ਪੜ੍ਹ ਰਿਹੈ, ਗਲੀਆਂ-ਬਜ਼ਾਰਾਂ ਵਿਚ ਘੁੰਮ ਰਿਹੈ, ਗੋਲ-ਗੱਪੇ ਖਾ ਰਿਹੈ, ਦੁਪਹਿਰ ਤਕ ਘੂਕ ਸੁੱਤਾ ਪਿਐ।

ਉਸ ਨੂੰ ਕੀ ਪਤਾ ਹੁੰਦਾ, ਬਾਹਰ ਗਿਆ ਕੈਦੀ ਉਸ ਨੂੰ ਭੁੱਲ ਗਿਐ। ਵਕੀਲਾਂ ਦੀਆਂ ਫ਼ੀਸਾਂ, ਜ਼ਾਮਨਾਂ ਦੀ ਵਗਾਰਾਂ ਤੋਂ ਉਹ ਡਰ ਗਿਐ। ਉਸ ਦਾ ਖ਼ੁਦ ਦਾ ਹੀ ਖਹਿੜਾ ਮਸਾਂ ਛੁੱਟੈ। ਉਸ ਨੇ ਕਿਸੇ ਤੋਂ ਕੀ ਲੈਣੈ?

ਜਿਉਂ-ਜਿਉਂ ਦਿਨ ਲੰਘਦੇ ਜਾਂਦੇ, ਤਿਉਂ-ਤਿਉਂ ਉਸ ਦੇ ਸੁਪਨੇ ਖੇਰੂੰ-ਖੇਰੂੰ ਹੁੰਦੇ ਜਾਂਦੇ।

ਇੰਨੇ ਵਿਚ ਕਿਸੇ ਹੋਰ ਦੀ ਰਿਹਾਈ ਆ ਜਾਂਦੀ। ਪਹਿਲੇ ਕੈਦੀ ਦੀ ਆਸ ਛੱਡ ਕੇ ਉਹ ਨਵੇਂ ਕੈਦੀ ’ਤੇ ਆਸ ਲਾ ਲੈਂਦਾ।

ਇਹ ਆਸ ਉਹ ਹੁਣ ਪਾਲੇ ਅਤੇ ਮੀਤੇ ’ਤੇ ਲਾਉਣਾ ਚਾਹੁੰਦਾ ਸੀ।

ਜਿਸ ਗਰਮ-ਜੋਸ਼ੀ ਨਾਲ ਉਹ ਸੋਨੂੰ ਨੂੰ ਯਕੀਨ ਦਿਵਾ ਰਹੇ ਸਨ, ਉਸ ਤੋਂ ਦੇਬੂ ਅਤੇ ਬਹਾਦਰ ਦੇ ਮੂੰਹ ਵਿਚ ਲਾਲਾਂ ਟਪਕ ਪਈਆਂ। ਕਿਉਂ ਨਾ ਇਹੋ ਸਵਾਲ ਉਹ ਵੀ ਪਾ ਦੇਣ।

ਪਾਲੇ ਅਤੇ ਮੀਤੇ ਨੂੰ ਤਿੰਨਾਂ ਨਾਲ ਹਮਦਰਦੀ ਸੀ। ਉਹਨਾਂ ਵਾਂਗ ਤਿੰਨਾਂ ਨਾਲ ਧੱਕਾ ਹੋਇਆ ਸੀ। ਉਹਨਾਂ ਲਈ ਪਾਲਾ ਅਤੇ ਮੀਤਾ ਜੋ ਕੁਝ ਵੀ ਕਰ ਸਕੇ, ਉਹ ਜ਼ਰੂਰ ਕਰਨਗੇ।

ਸੋਨੂੰ, ਦੇਬੂ ਅਤੇ ਬਹਾਦਰ ਨੇ ਪਾਲੇ ਅਤੇ ਮੀਤੇ ਦੀ ਰਿਹਾਈ ਲਈ ਸੁੱਖਾਂ ਸੁੱਖੀਆਂ। ਉਹ ਉਹਨਾਂ ਨੂੰ ਡਿਉੜੀ ਤਕ ਵਿਦਾ ਕਰਨ ਆਏ। ਵਾਰ-ਵਾਰ ਉਨਾਂ ਵਧਾਈ ਦਿੱਤੀ ਅਤੇ ਮੁੜ-ਮੁੜ ਵਾਅਦੇ ਯਾਦ ਕਰਾਏ।

ਪਰ ਸ਼ਾਮ ਨੂੰ ਉਹ ਮੂੰਹ ਲਟਕਾਈ ਵਾਪਸ ਆ ਗਏ।

ਸਾਰੀ ਬੈਰਕ ਵਿਚ ਸੰਨਾਟਾ ਛਾ ਗਿਆ। ਦੇਬੂ, ਸੋਨੂੰ ਅਤੇ ਬਹਾਦਰ ਪੀਲੇ ਭੂਕ ਹੋ ਗਏ।

“ਚਾਚਾ ਭਦੌੜੀਆ ਸੱਚ ਆਖਦਾ ਸੀ.....ਕਹਿੰਦੇ ਪੁਲਿਸ ਨੇ ਕੱਲ੍ਹ ਚਲਾਨ ਪੇਸ਼ ਕਰਤਾ।” ਸਾਥੀਆਂ ਦੇ ਚਿਹਰਿਆਂ ’ਤੇ ਉਕਰੇ ਪ੍ਰਸ਼ਨ ਦਾ ਉੱਤਰ ਮੀਤੇ ਨੇ ਦਿੱਤਾ।

“ਮਾਰੇ ਗਏ.....।” ਦੇਬੂ ਅਤੇ ਬਹਾਦਰ ਦੇ ਮੂੰਹੋਂ ਇਕੋ ਸਮੇਂ ਨਿਕਲਿਆ।

“ਘਬਰਾਓ ਨਾ। ਬਾਹਰ ਸੰਘਰਸ਼ ਸੰਮਤੀ ਬਣ ਗਈ ਹੈ.....ਉਸ ਨੇ ਸਾਡੇ ਕੇਸ ਲੜਨ ਲਈ ਤਿੰਨ ਵਕੀਲਾਂ ਦੀ ਕਮੇਟੀ ਬਣਾਈ ਹੈ.....ਵਕੀਲਾਂ ਨੇ ਸਾਨੂੰ ਆਖਿਐ ਉਹ ਸਾਡਾ ਹੀ ਨਹੀਂ, ਉਹਨਾਂ ਸਭਨਾਂ ਦਾ ਕੇਸ ਲੜਨਗੇ ਜਿਨ੍ਹਾਂ ਨਾਲ ਧੱਕਾ ਹੋਇਆ.....ਮੈਂ ਦੇਬੂ, ਸੋਨੂੰ ਅਤੇ ਬਹਾਦਰ ਦਾ ਨਾਂ ਲਿਖਾ ਆਇਆਂ.....ਉਹ ਇਹਨਾਂ ਦੀ ਪੈਰਵਾਈ ਵੀ ਕਰਨਗੇ.....ਸਾਰਾ ਖ਼ਰਚਾ ਸੰਮਤੀ ਕਰੇਗੀ.....ਕਿਸੇ ਹੋਰ ਨੂੰ ਸੰਮਤੀ ਦੀ ਜ਼ਰੂਰਤ ਹੋਵੇ ਤਾਂ ਨਾਮ ਲਿਖਾ ਸਕਦੈ.....।”

ਸਾਥੀਆਂ ਦਾ ਦਿਲ ਰੱਖਣ ਅਤੇ ਭਦੌੜੀਏ ਦੀਆਂ ਟਿੱਚਰਾਂ ਤੋਂ ਬਚਣ ਲਈ ਪਾਲੇ ਨੇ ਛੋਟਾ ਜਿਹਾ ਲੈਕਚਰ ਝਾੜਿਆ।

ਭਦੌੜੀਆ ਟਿੱਚਰਾਂ ਦੇ ਮੂਡ ਵਿਚ ਨਹੀਂ ਸੀ। ਉਹ ਤਾਂ ਮੁੰਡਿਆਂ ਦੇ ਭੋਲੇਪਣ ’ਤੇ ਸਭ ਤੋਂ ਵੱਧ ਉਦਾਸ ਸੀ।

 

 

11

ਐਡੀਸ਼ਨਲ ਸੈਸ਼ਨ ਜੱਜ ਸਤਿੰਦਰ ਨਾਥ ਸਮੇਂ ਦਾ ਬੜਾ ਪਾਬੰਦ ਸੀ। ਦਸ ਵੱਜਣ ਤੋਂ ਪੰਜ ਮਿੰਟ ਪਹਿਲਾਂ ਹੀ ਉਹ ਕੁਰਸੀ ਸੰਭਾਲ ਲੈਂਦਾ।

ਪਹਿਲਾਂ ਜ਼ਮਾਨਤ ਦੀਆਂ ਦਰਖ਼ਾਸਤਾਂ ਦੀ ਸੁਣਵਾਈ ਹੁੰਦੀ। ਇਹ ਸੁਣਵਾਈ ਦੋਸ਼ੀਆਂ ਲਈ ਬੜੀ ਅਹਿਮ ਸੀ। ਇਸੇ ਸੁਣਵਾਈ ਦੌਰਾਨ ਇਹ ਫ਼ੈਸਲਾ ਹੁੰਦਾ ਸੀ ਕਿ ਮਹੀਨਿਆਂ ਤੋਂ ਜੇਲ੍ਹ ’ਚ ਸੜ ਰਹੇ ਦੋਸ਼ੀ ਨੇ ਬਾਹਰ ਆਉਣਾ ਹੈ ਜਾਂ ਜੇਲ੍ਹ ਦੀਆਂ ਹੋਰ ਰੋਟੀਆਂ ਖਾਣੀਆਂ ਸਨ। ਦੋਸ਼ੀ ਨੇ ਪੇਸ਼ਗੀ ਜ਼ਮਾਨਤ ਕਰਵਾ ਕੇ ਸੁਰਖ਼ਰੂ ਹੋਣਾ ਸੀ ਜਾਂ ਪੁਲਿਸ ਹੱਥੋਂ ਹੋਰ ਜ਼ਲੀਲ ਹੋਣਾ ਸੀ।

ਨਾਥ ਦੀ ਅਦਾਲਤ ਵਿਚ ਸੁਣਵਾਈ ਲਈ ਇਕੋ ਆਵਾਜ਼ ਪੈਂਦੀ ਸੀ। ਜਿਹੜਾ ਵਕੀਲ ਹਾਜ਼ਰ, ਉਸ ਦੀ ਦਰਖ਼ਾਸਤ ’ਤੇ ਫ਼ੈਸਲਾ ਵੀ ਝੱਟਪਟ। ਜਿਹੜਾ ਵਕਤੋਂ ਖੁੰਝ ਗਿਆ, ਉਸ ਦੀ ਸੁਣਵਾਈ ਅਗਲੇ ਮਹੀਨੇ।

ਜਿਹਾ ਰਾਜਾ ਤਿਹੀ ਪਰਜਾ। ਨਾਥ ਜੇ ਪੰਜ ਮਿੰਟ ਪਹਿਲਾ ਆਉਂਦਾ ਸੀ ਤਾਂ ਵਕੀਲਾਂ ਨੂੰ ਪੰਦਰਾਂ ਮਿੰਟ ਪਹਿਲਾਂ ਆਉਣਾ ਪੈਂਦਾ ਸੀ। ਡਰੇ ਸਾਇਲ ਨੂੰ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਅਦਾਲਤ ਅੱਗੇ ਧਰਨਾ ਦੇਣਾ ਪੈਂਦਾ ਸੀ।

ਆਮ ਦਿਨਾਂ ਨਾਲੋਂ ਉਲਟ ਨਾਥ ਅੱਜ ਇਕ ਘੰਟਾ ਲੇਟ ਸੀ। ਸੁਣਵਾਈ ਲਈ ਲੱਗੀਆਂ ਦਰਖ਼ਾਸਤਾਂ ਵੀ ਢੇਰ ਸਾਰੀਆਂ ਸਨ। ਇਕ-ਇਕ ਕਰਕੇ ਫ਼ੌਜਦਾਰੀ ਦੇ ਬਹੁਤੇ ਵਕੀਲ ਕੋਰਟ-ਰੂਮ ਵਿਚ ਪੁੱਜ ਚੁੱਕੇ ਸਨ।

ਹੇਠਲੀਆਂ ਅਦਾਲਤਾਂ ਵਿਚ ਕੰਮ ਸ਼ੁਰੂ ਹੋ ਚੁੱਕਾ ਸੀ। ਵਕੀਲਾਂ ਨੂੰ ਆਵਾਜ਼ਾਂ ’ਤੇ ਆਵਾਜ਼ਾਂ ਪੈ ਰਹੀਆਂ ਸਨ। ਕਈ ਵਕੀਲਾਂ ਨੂੰ ਕਈ-ਕਈ ਬੁਲਾਵੇ ਆ ਚੱਕੇ ਸਨ।

ਇਕ ਪਾਸੇ ਮੈਜਿਸਟ੍ਰੇਟ ਸਾਇਲਾਂ ਨੂੰ ਝਈਆਂ ਲੈ-ਲੈ ਪੈਂਦਾ। ਦੂਜੇ ਪਾਸੇ ਵਕੀਲ ਸੈਸ਼ਨ ਕੋਰਟ ਵਿਚੋਂ ਨਿਕਲਣ ਦਾ ਨਾਂ ਨਾ ਲੈਂਦੇ। ਹੇਠਲੀ ਅਦਾਲਤ ਦਾ ਕੀ ਸੀ? ਸੁਣਵਾਈ ਘੰਟਾ ਠਹਿਰ ਕੇ ਵੀ ਸ਼ੁਰੂ ਹੋ ਸਕਦੀ ਸੀ। ਵਕੀਲ ਜੇ ਇਕ ਵਾਰ ਸੈਸ਼ਨ ਕੋਰਟ ਵਿਚੋਂ ਨਿਕਲ ਗਿਆ ਤਾਂ ਪਿੱਛੋਂ ਜੱਜ ਆ ਗਿਆ ਤਾਂ ਉਸ ਦੇ ਸਾਇਲ ਦਾ ਕੂੰਡਾ ਹੋ ਜਾਣਾ ਸੀ। ਵਕੀਲ ਦੇ ਮੁੜਨ ਤਕ ਦਰਖ਼ਾਸਤ ਖ਼ਾਰਜ ਹੋ ਚੁੱਕੀ ਹੋਣੀ ਸੀ ਅਤੇ ਸਾਇਲ ਕਿਸੇ ਹੋਰ ਵਕੀਲ ਦੇ ਫੱਟੇ ’ਤੇ ਬੈਠ ਚੱਕਾ ਹੋਣਾ ਸੀ। ਕੋਈ ਵੀ ਵਕੀਲ ਕਿਸੇ ਕਿਸਮ ਦਾ ਜ਼ੋਖ਼ਮ ਉਠਾਉਣ ਨੂੰ ਤਿਆਰ ਨਹੀਂ ਸੀ।

ਕੜਿੱਕੀ ’ਚ ਫਸਿਆ ਸਾਇਲ ਬਾਹਰ ਹੀ ਖੜੋ ਜਾਂਦਾ। ਜੋ ਹੋਏਗੀ, ਦੇਖੀ ਜਾਏਗੀ। ਵਕੀਲ ਬਿਨਾਂ ਉਹ ਵਾਪਸ ਨਹੀਂ ਜਾਏਗਾ। ਸਾਇਲ ਫੈਸਲਾ ਕਰੇਗ਼ਾ।

ਕੋਰਟ ਰੂਮ ਵਿਚ ਵਕੀਲਾਂ ਅਤੇ ਬਾਹਰ ਸਾਇਲਾਂ ਦਾ ਇਕੱਠ ਬੱਝਣ ਲੱਗਾ।

ਵਕੀਲਾਂ ਦੇ ਬੈਠਣ ਲਈ ਕੁਰਸੀਆਂ ਅੱਠ ਸਨ ਅਤੇ ਬੈਠਣ ਵਾਲੇ ਵੀਹ।

ਜਿਹੜੇ ਪਹਿਲਾਂ ਆ ਗਏ, ਉਹਨਾਂ ਕੁਰਸੀਆਂ ਮੱਲ ਲਈਆਂ।

ਪਿੱਛੋਂ ਆਉਣ ਵਾਲਿਆਂ ਵਿਚੋਂ ਕੋਈ ਸਟੈਨੋ ਕੋਲ ਜਾ ਖੜੋਤਾ, ਕੋਈ ਰੀਡਰ ਕੋਲ ਅਤੇ ਕੋਈ ਅਰਦਲੀ ਕੋਲ।

ਜਿਹੜੇ ਫੇਰ ਵੀ ਬਚ ਗਏ ਉਹ ਛੋਟੀਆਂ-ਛੋਟੀਆਂ ਟੋਲੀਆਂ ਬਣਾ ਕੇ ਜੱਜ ਦੇ ਲੇਟ ਆਉਣ ਦੇ ਕਾਰਨਾਂ ਦਾ ਕਿਆਸ ਲਾਉਣ ਲੱਗੇ।

ਗੁਰਮੀਤ ਜਿਸ ਟੋਲੀ ਵਿਚ ਖੜਾ ਸੀ, ਉਸ ਦੀਆਂ ਗੱਲਾਂ ਦਾ ਵਿਸ਼ਾ ਵੀ ਇਹੋ ਸੀ।

ਭੰਡਾਰੀ ਵਕੀਲ ਦਾ ਖ਼ਿਆਲ ਸੀ ਕਿ ਰਾਤ ਉਹ ਜ਼ਿਆਦਾ ਪੀ ਗਿਆ ਹੋਣੈ। ਹੁਣ ਬੈਠਾ ਨਸ਼ਾ ਉਤਾਰ ਰਿਹਾ ਹੋਣੈ।

ਸਰਦਾਰੀ ਲਾਲ ਦਾ ਖ਼ਿਆਲ ਸੀ ਕਿ ਕਿਸੇ ਅਸਾਮੀ ਕੋਲ ਪੈਸੇ ਘੱਟ ਗਏ ਹੋਣਗੇ। ਜਿੰਨਾ ਚਿਰ ਪੈਸੇ ਪੂਰੇ ਨਹੀਂ ਹੁੰਦੇ, ਉਹ ਕਚਹਿਰੀ ਨਹੀਂ ਵੜਦਾ।

ਗੁਰਮੀਤ ਨੂੰ ਇਹਨਾਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਉਸ ਦੀ ਨਜ਼ਰ ਰੀਡਰ ’ਤੇ ਟਿਕੀ ਹੋਈ ਸੀ।

ਰੀਡਰ ਨੂੰ ਮੁਨਸ਼ੀਆਂ ਮੁਸੱਦੀਆਂ ਨੇ ਘੇਰ ਰੱਖਿਆ ਸੀ। ਕੋਈ ਉਸ ਨੂੰ ਵੀਹ ਦਾ ਨੋਟ ਫੜਾ ਰਿਹਾ ਸੀ ਅਤੇ ਕੋਈ ਸੌ ਦਾ। ਕਦੇ ਕੋਈ ਸਾਇਲ ਉਸ ਦਾ ਝੱਗਾ ਖਿੱਚ ਲੈਂਦਾ ਅਤੇ ਕਦੇ ਅਰਦਲੀ।

ਗੁਰਮੀਤ ਉਸ ਨਾਲ ਇਕਾਂਤ ਵਿਚ ਗੱਲ ਕਰਨਾ ਚਾਹੁੰਦਾ ਸੀ। ਪਰ ਮੌਕਾ ਨਹੀ ਸੀ ਮਿਲ ਰਿਹਾ।

ਗੁਰਮੀਤ ਨੂੰ ਪਲ-ਪਲ ਸਹਾਈ ਸੀ। ਜੱਜ ਕਿਸੇ ਵੀ ਸਮੇਂ ਟਪਕ ਸਕਦਾ ਸੀ। ਜੱਜਾਂ ਦੇ ਆਉਣ ਤੋਂ ਪਹਿਲਾਂ-ਪਹਿਲਾਂ ਉਸ ਦੀ ਰੀਡਰ ਨਾਲ ਗੱਲ ਹੋਣੀ ਚਾਹੀਦੀ ਸੀ।

ਪਾਲੇ ਅਤੇ ਮੀਤੇ ਦੀ ਦਰਖ਼ਾਸਤ ਮਨਜ਼ੂਰ ਕਰਾਉਣੀ ਜ਼ਰੂਰੀ ਸੀ। ਦੋਸ਼ੀ ਨਾ ਜੱਜ ਤਕ ਪਹੁੰਚ ਕਰ ਸਕਦੇ ਸਨ, ਨਾ ਸਰਕਾਰੀ ਵਕੀਲ ਤਕ। ਮੁੱਲਾਂ ਦੀ ਦੌੜ ਮਸੀਤ ਤਕ ਹੀ ਸੀ।

ਰੀਡਰ ਨੇ ਕੱਲ੍ਹ ਮੋਹਨ ਜੀ ਦਾ ਇਕ ਅੜਿਆ ਗੱਡਾ ਕੱਢਿਆ ਸੀ।

ਮੋਹਨ ਜੀ ਦੇ ਇਕ ਸਾਇਲ ’ਤੇ ਪੰਝੀ ਬੋਰੇ ਡੋਡਿਆਂ ਦਾ ਕੇਸ ਸੀ। ਸਾਇਲ ਅਮਲੀ ਸੀ।

ਅਮਲ ਬਿਨਾਂ ਅਮਲੀ ਜੇਲ੍ਹ ’ਚ ਮਰਨ ਵਾਲਾ ਹੋਇਆ ਪਿਆ ਸੀ। ਇਧਰ ਨਾਥ ਸਾਹਿਬ ਆਪਣੇ ਅਸੂਲਾਂ ’ਤੇ ਅੜੇ ਬੈਠੇ ਸਨ। ਵੀਹ ਬੋਰਿਆਂ ਤੋਂ ਵੱਧ ਵਾਲੇ ਕੇਸ ਵਿਚ ਉਹ ਜ਼ਮਾਨਤ ਨਹੀਂ ਸਨ ਲੈਂਦੇ। ਹਾਈ ਕੋਰਟ ਜਾ ਕੇ ਜ਼ਮਾਨਤ ਕਰਾਉਣ ਦੀ ਅਮਲੀ ਦੀ ਪਰੋਖੋਂ ਨਹੀਂਸੀ।

ਡੁੱਬਦੀ ਬੇੜੀ ਨੂੰ ਰੀਡਰ ਨੇ ਬੰਨੇ ਲਾਇਆ ਸੀ।

ਕੱਲ੍ਹ ਡੋਡਿਆਂ ਵਾਲੇ ਤਿੰਨ ਕੇਸਾਂ ਵਿਚ ਦੋਸ਼ੀਆਂ ਦੀਆਂ ਜ਼ਮਾਨਤਾਂ ਦੀਆਂ ਦਰਖ਼ਾਸਤਾਂ ਦੀ ਸੁਣਵਾਈ ਹੋਣੀ ਸੀ। ਪਹਿਲੇ ਕੋਲੋਂ ਵੀਹ ਬੋਰੇ ਫੜੇ ਸਨ, ਦੂਜੇ ਕੋਲੋਂ ਬਾਈ ਅਤੇ ਤੀਜਾ ਮੋਹਨ ਜੀ ਦਾ ਸਾਇਲ ਸੀ।

ਰੀਡਰ ਨੇ ਪਹਿਲਾਂ ਵੀਹ ਬੋਰਿਆਂ ਵਾਲੀ ਅਰਜ਼ੀ ਪੇਸ਼ ਕੀਤੀ। ਜੱਜ ਨੇ ਝੱਟ ਜ਼ਮਾਨਤ ਮਨਜ਼ੂਰ ਕਰ ਲਈ।

ਫੇਰ ਰੀਡਰ ਨੇ ਬਾਈ ਬੋਰਿਆਂ ਵਾਲੀ ਦਰਖ਼ਾਸਤ ਰੱਖ ਦਿੱਤੀ। ਉਸ ਦੋਸ਼ੀ ਦਾ ਵਕੀਲ ਭੰਡਾਰੀ ਸੀ। ਭੰਡਾਰੀ ਲੇਲੜ੍ਹੀਆਂ ਕੱਢਣ ਲੱਗਾ। ਵੀਹ ਅਤੇ ਬਾਈ ਵਿਚ ਕੀ ਫ਼ਰਕ ਹੈ?

ਇਕ ਤਾਂ ਵੀਹ ਅਤੇ ਬਾਈ ਬੋਰਿਆਂ ਵਿਚ ਸੱਚਮੁੱਚ ਬਹੁਤਾ ਫ਼ਰਕ ਨਹੀਂ ਸੀ। ਦੂਜੇ ਉਸ ਨੂੰ ਭੰਡਾਰੀ ਦੀ ਸ਼ਰਮ ਮਾਰ ਗਈ। ਹਾਲੇ ਕੱਲ੍ਹ ਹੀ ਉਹ ਉਸ ਦੇ ਫ਼ਾਰਮ ’ਤੇ ਇਕੱਠੇ ਹੋਏ ਸਨ। ਪਾਰਟੀ ’ਤੇ ਬਹੁਤਾ ਨਹੀਂ ਤਾਂ ਭੰਡਾਰੀ ਨੇ ਦੋ-ਤਿੰਨ ਹਜ਼ਾਰ ਤਾਂ ਖ਼ਰਚਿਆ ਹੀ ਹੋਏਗਾ।

ਕੁਝ ਦੇਰ ਕਿੜ-ਕਿੜ ਕਰ ਕੇ ਨਾਥ ਨੇ ਉਹ ਦਰਖ਼ਾਸਤ ਵੀ ਮਨਜ਼ੂਰ ਕਰ ਲਈ।

ਦੂਜੀ ਦਰਖ਼ਾਸਤ ਦੇ ਮਨਜ਼ੂਰ ਹੁੰਦਿਆਂ ਹੀ ਮੋਹਨ ਜੀ ਸ਼ੇਰ ਬਣ ਗਿਆ।

ਨਾਥ ਰੀਡਰ ਦੀ ਹੁਸ਼ਿਆਰੀ ਸਮਝ ਗਿਆ। ਉਸ ਨੇ ਰੀਡਰ ਨੂੰ ਲਾਲ-ਪੀਲੀਆਂ ਅੱਖਾਂ ਤਾਂ ਦਿਖਾਈਆਂ ਪਰ ਦਰਖ਼ਾਸਤ ਨਾ-ਮਨਜ਼ੂਰ ਨਾ ਕਰ ਸਕਿਆ।

ਗੁਰਮੀਤ ਨੂੰ ਅੱਜ ਰੀਡਰ ਦੀ ਇਸੇ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਸੀ, ਪਰ ਰੀਡਰ ਸੀ ਕਿ ਵਿਹਲਾ ਹੀ ਨਹੀਂ ਸੀ ਹੋ ਰਿਹਾ।

ਥੋੜ੍ਹੀ ਜਿਹੀ ਸੀੜ ਹੁੰਦਿਆਂ ਹੀ ਗੁਰਮੀਤ ਨੇ ਰੀਡਰ ਨੂੰ ਇਸ਼ਾਰੇ ਨਾਲ ਉਠਾਇਆ ਅਤੇ ਬਾਹਰ ਲੈ ਗਿਆ।

ਬਿਨਾਂ ਕੋਈ ਭੂਮਿਕਾ ਬੰਨ੍ਹੇ ਗੁਰਮੀਤ ਨੇ ਆਪਣਾ ਉਦੇਸ਼ ਸਪੱਸ਼ਟ ਕੀਤਾ। ਮੋਹਨ ਜੀ ਵਾਲੇ ਕੇਸ ਵਾਂਗ ਉਹ ਪਾਲੇ ਅਤੇ ਮੀਤੇ ਦੀ ਅਰਜ਼ੀ ਅਜਿਹੀ ਥਾਂ ਫਿੱਟ ਕਰੇ, ਜਿਥੇ ਉਹ ਨਾ-ਮਨਜ਼ੂਰ ਨਾ ਹੋ ਸਕੇ।

ਇਕ-ਇਕ ਕਰਕੇ ਗੁਰਮੀਤ ਨੇ ਸੁਣਵਾਈ ਵਿਚ ਲੱਗੀਆਂ ਸਾਰੀਆਂ ਦਰਖ਼ਾਸਤਾਂ ਦਾ ਜਾਇਜ਼ਾ ਲਿਆ। ਬਿੱਲੂ ਨੂੰ ਦੋ ਦਰਖ਼ਾਸਤਾਂ ਦਾ ਪਤਾ ਸੀ, ਜਿਨ੍ਹਾਂ ਨੂੰ ਨਾਥ ਨੇ ਮਨਜ਼ੂਰ ਕਰਨਾ ਸੀ।

ਪਹਿਲੀ ਖੰਨੇ ਵਾਲੇ ਵਿਉਪਾਰੀਆਂ ਦੀ ਸੀ।

ਉਹਨਾਂ ਦੀ ਕੈਟਲ ਫੀਡ ਦਾ ਸੈਂਪਲ ਭਰਿਆ ਗਿਆ ਸੀ। ਸੈਂਪਲ ਵਿਚ ਮਿਲਾਵਟ ਪਾਈ ਗਈ ਸੀ। ਪੁਲਿਸ ਉਹਨਾਂ ਨੂੰ ਗ੍ਰਿਫ਼ਤਾਰ ਕਰਨ ’ਤੇ ਤੁਲੀ ਹੋਈ ਸੀ। ਵਕੀਲ ਰਾਹੀਂ ਉਹਨਾਂ ਦਾ ਨਾਥ ਨਾਲ ਸੌਦਾ ਹੋ ਚੁੱਕਾ ਸੀ।

“ਪਰ ਭਾਈ, ਲਾਲਿਆਂ ਦੇ ਕੇਸ ਨਾਲ ਆਪਣੇ ਕੇਸ ਦਾ ਕੀ ਸੰਬੰਧ? ਕਿਥੇ ਨਮੂਨਿਆਂ ਦਾ ਕੇਸ ਅਤੇ ਕਿਤੇ ਕਤਲ ਕੇਸ। ਹੋ ਸਕੇ ਤਾਂ ਇਸ ਨੂੰ ਕਿਸੇ ਕਤਲ ਕੇਸ ਨਾਲ ਲਿੰਕ ਕਰ।”

ਲਾਲਿਆਂ ਦੀਆਂ ਜ਼ਮਾਨਤਾਂ ਨਾਲ ਪਾਲੇ ਅਤੇ ਮੀਤੇ ਨੂੰ ਕੋਈ ਫ਼ਾਇਦਾ ਨਹੀਂ ਸੀ ਪੁੱਜਣਾ। ਗੁਰਮੀਤ ਦਰਖ਼ਾਸਤ ਨੂੰ ਕਿਸੇ ਢੁਕਵੀਂ ਥਾਂ ਪਹੁੰਚਾਉਣ ਦੇ ਯਤਨ ਕਰਨ ਲੱਗਾ।

“ਇਕ ਕਤਲ ਕੇਸ ਵੀ ਹੈਗਾ।” ਰੀਡਰ ਗੁਰਮੀਤ ਨੂੰ ਦੂਜੀ ਦਰਖ਼ਾਸਤ ਦਾ ਵੇਰਵਾ ਸਮਝਾਉਣ ਲੱਗਾ।

ਉਸ ਕੇਸ ਵਿਚ ਦਿਨ-ਦਿਹਾੜੇ ਇਕ ਬੈਂਕ ਲੁੱਟਿਆ ਗਿਆ ਸੀ। ਬੈਂਕ ਲੁੱਟਦੇ ਸਮੇਂ ਦਹਿਸ਼ਤਗਰਦਾਂ ਦੀ ਬੈਂਕ-ਮੈਨੇਜਰ ਨਾਲ ਝੜਪ ਹੋ ਗਈ ਸੀ। ਮੈਨੇਜਰ ਥਾਏਂ ਮਾਰਿਆ ਗਿਆ ਸੀ। ਸੰਤਰੀ ਨੇ ਗੋਲੀ ਚਲਾਈ ਤਾਂ ਇਕ ਦਹਿਸ਼ਤਗਰਦ ਦੀ ਲੱਤ ਉੱਡ ਗਈ। ਦਹਿਸ਼ਤਗਰਦ ਨੇ ਬਾਕੀ ਸਾਥੀ ਵੀ ਫੜਵਾ ਦਿੱਤੇ। ਲੁੱਟਿਆ ਕੈਸ਼ ਬਰਾਮਦ ਹੋ ਗਿਆ। ਇਹਨਾਂ ਦਹਿਸ਼ਤਗਰਦਾਂ ’ਤੇ ਦੂਹਰੇ ਕਤਲ, ਬੈਂਕ ਡਕੈਤੀ ਅਤੇ ਨਜਾਇਜ਼ ਅਸਲਾ ਰੱਖਣ ਵਰਗੇ ਸੰਗੀਨ ਜੁਰਮ ਸਨ।

ਦਹਿਸ਼ਤਗਰਦਾਂ ਵੱਲੋਂ ਵੀ ਜ਼ਮਾਨਤ ਦੀ ਦਰਖ਼ਾਸਤ ਦਿੱਤੀ ਗਈ ਸੀ। ਉਸ ਦਰਖ਼ਾਸਤ ਦੀ ਸੁਣਵਾਈ ਵੀ ਅੱਜ ਹੋਣੀ ਸੀ।

ਗੁਰਮੀਤ ਸਮਝਦਾ ਸੀ, ਜੇ ਦਹਿਸ਼ਤਗਰਦਾਂ ਦੀ ਜ਼ਮਾਨਤ ਹੋ ਗਈ ਤਾਂ ਪਾਲੇ ਅਤੇ ਮੀਤੇ ਦੀ ਜ਼ਮਾਨਤ ਵੀ ਹੋ ਜਾਏਗੀ। ਬਹਿਸ ਤਿਆਰ ਕਰਦੇ ਸਮੇਂ ਉਸ ਨੇ ਦੋਹਾਂ ਦੇ ਕੇਸਾਂ ਦਾ ਮੁਕਾਬਲਾ ਕਰ ਕੇ ਦੇਖਿਆ ਸੀ।

ਦਹਿਸ਼ਤਗਰਦਾਂ ਉਪਰ ਦੂਹਰੇ ਕਤਲ ਦਾ ਦੋਸ਼ ਸੀ ਜਦੋਂ ਕਿ ਪਾਲੇ ਅਤੇ ਮੀਤੇ ਉਪਰ ਇਕੱਲੇ ਬੰਟੀ ਦਾ। ਦਹਿਸ਼ਤਗਰਦਾਂ ਵਿਚੋਂ ਇਕ ਮੌਕੇ ’ਤੇ ਹੀ ਫੜਿਆ ਗਿਆ ਸੀ। ਬੰਟੀ ਕਤਲ ਕੇਸ ਵਿਚ ਪੁਲਿਸ ਨੂੰ ਡੇਢ ਮਹੀਨੇ ਤਕ ਕਾਤਲਾਂ ਦਾ ਸੁਰਾਗ ਨਹੀਂ ਸੀ ਮਿਲਿਆ। ਦਹਿਸ਼ਤਗਰਦਾਂ ਦਾ ਕੇਸ ਚਸ਼ਮਦੀਦ ਗਵਾਹਾਂ ਦੀ ਗਵਾਹੀ ’ਤੇ ਆਧਾਰਤ ਸੀ। ਪਾਲੇ ਅਤੇ ਮੀਤੇ ਖ਼ਿਲਾਫ਼ ਪੁਲਿਸ ਕੋਲ ਇਕ ਵੀ ਚਸ਼ਮਦੀਦ ਗਵਾਹ ਨਹੀਂ ਸੀ। ਦਹਿਸ਼ਤਗਰਦਾਂ ਵਿਰੁੱਧ ਗਵਾਹੀ ਦੇਣ ਵਾਲੇ ਗਵਾਹ ਬੈਂਕ ਮੁਲਾਜ਼ਮ ਸਨ ਜਾਂ ਬੈਂਕ ਵਿਚ ਲੈਣ-ਦੇਣ ਕਰਨ ਆਏ ਗਾਹਕ। ਉਹਨਾਂ ਦੀ ਗਵਾਹੀ ਨੂੰ ਸੱਚ ਮੰਨਣਾ ਅਦਾਲਤ ਦਾ ਫ਼ਰਜ਼ ਸੀ। ਇਧਰ ਮਾਮਲਾ ਉਲਟ ਸੀ। ਪਾਲੇ ਅਤੇ ਮੀਤੇ ਵਾਲੇ ਕੇਸ ਦੇ ਸੱਠ ਫ਼ੀਸਦੀ ਗਵਾਹ ਪੁਲਿਸ ਟਾਊਟ ਸਨ। ਉਹਨਾਂ ਦੀ ਗਵਾਹੀ ’ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਅਦਾਲਤ ਨੂੰ ਸੌ ਵਾਰ ਸੋਚਣਾ ਪੈਣਾ ਸੀ। ਸਭ ਤੋਂ ਵੱਡਾ ਵਾਧਾ ਇਹ ਸੀ ਕਿ ਦਹਿਸ਼ਤਗਰਦਾਂ ਨੇ ਜ਼ਮਾਨਤ ਹੁੰਦਿਆਂ ਹੀ ਫ਼ਰਾਰ ਹੋ ਜਾਣਾ ਸੀ। ਪਿੱਛੋਂ ਨਾ ਦਹਿਸ਼ਤਗਰਦ ਲੱਭਣੇ ਸਨ, ਨਾ ਉਹਨਾਂ ਦੇ ਜ਼ਾਮਨ। ਪਾਲਾ ਅਤੇ ਮੀਤਾ ਨਾ ਪਹਿਲਾਂ ਭੱਜੇ ਸਨ, ਨਾ ਉਹਨਾਂ ਫੇਰ ਭੱਜਣਾ ਸੀ। ਉਹਨਾਂ ਦਾ ਜ਼ਾਮਨ ਜੀਵਨ ਆੜ੍ਹਤੀਏ ਅਤੇ ਬਾਬਾ ਗੁਰਦਿੱਤ ਸਿੰਘ ਨੇ ਬਣਨਾ ਸੀ।

ਜੇ ਦਹਿਸ਼ਤਗਰਦਾਂ ਦੀ ਜ਼ਮਾਨਤ ਹੋ ਗਈ ਤਾਂ ਪਾਲੇ ਅਤੇ ਮੀਤੇ ਦੀ ਕਿਉਂ ਨਹੀਂ ਹੋਏਗੀ?

“ਜੱਜ ਨਾਲ ਕੋਈ ਲੈਣ-ਦੇਣ ਹੋਇਆ ਹੋਵੇ, ਇਸ ਦਾ ਮੈਨੂੰ ਪਤਾ ਨਹੀਂ। ਇਹ ਜ਼ਰੂਰ ਪਤੈ ਬਈ ਜ਼ਮਾਨਤ ਹੋ ਜੂ।” ਸਮੁੱਚੇ ਹਾਲਾਤ ਦਾ ਜਾਇਜ਼ਾ ਲੈ ਕੇ ਰੀਡਰ ਨੇ ਗੁਰਮੀਤ ਨਾਲ ਸਹਿਮਤੀ ਪ੍ਰਗਟਾਈ।

“ਬੱਸ ਠੀਕ ਹੈ। ਤੂੰ ਸਾਡੀ ਦਰਖ਼ਾਸਤ ਇਹਨਾਂ ਦੇ ਪਿੱਛੇ ਲਾ ਦੇ। ਫੇਰ ਦੇਖੀ ਜਾਊ।”

ਰੀਡਰ ਨਾਲ ਸੀਟੀ ਮਿਲਾ ਕੇ ਗੁਰਮੀਤ ਸਿੰਘ ਨਿਸਰ ਫ਼ੰਡ ਹੋ ਗਿਆ। ਹੁਣ ਜੱਜ ਜਦੋਂ ਮਰਜ਼ੀ ਆਏ, ਉਸ ਨੂੰ ਕੋਈ ਫ਼ਿਕਰ ਨਹੀਂ ਸੀ।

ਜੱਜ ਨੇ ਕੁਰਸੀ ’ਤੇ ਬੈਠਦਿਆਂ ਹੀ ਪਹਿਲਾਂ ਆਪਣੇ ਲੇਟ ਹੋਣ ’ਤੇ ਸਭ ਤੋਂ ਮੁਆਫ਼ੀ ਮੰਗੀ। ਫੇਰ ਲੇਟ ਕੱਢਣ ਲਈ ਉਹ ਫ਼ੁਰਤੀ ਨਾਲ ਅਰਜ਼ੀਆਂ ਨਿਪਟਾਉਣ ਲੱਗਾ।

ਰੀਡਰ ਠੀਕ ਆਖਦਾ ਸੀ। ਸਭ ਤੋਂ ਪਹਿਲਾਂ ਖੰਨੇ ਵਾਲਿਆਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ ਗਈ। ਫੇਰ ਕੁਝ ਹੋਰ ਦੋਸ਼ੀਆਂ ਦੀ ਸਾੜ ਸਤੀ ਕ<ਟੀ ਗਈ।

ਦਹਿਸ਼ਤਗਰਦਾਂ ਦੀ ਸੁਣਵਾਈ ਤਕ ਲਗਭਗ ਸਭ ਕੰਮ ਨਿਪਟ ਚੁੱਕਾ ਸੀ।

ਅਦਾਲਤ ਵਿਚ ਗੁਰਮੀਤ, ਪਿਆਰੇ ਲਾਲ ਅਤੇ ਸਰਕਾਰੀ ਵਕੀਲ ਤੋਂ ਸਿਵਾ ਕੋਈ ਨਹੀਂ ਸੀ।

ਦਹਿਸ਼ਤਗਰਦਾਂ ਦੇ ਵਕੀਲ ਨੂੰ ਹਾਜ਼ਰ ਹੋਣ ਲਈ ਕਈ ਆਵਾਜ਼ਾਂ ਪੈ ਚੁੱਕੀਆਂ ਸਨ। ਇਕ ਵਾਰ ਅਰਦਲੀ ਵੀ ਉਸ ਦੇ ਫੱਟੇ ’ਤੇ ਜਾ ਆਇਆ ਸੀ, ਪਰ ਵਕੀਲ ਕਿਧਰੇ ਨਹੀਂ ਸੀ ਲੱਭਾ।

ਸਾਧਾਰਨ ਕੇਸ ਹੁੰਦਾ ਤਾਂ ਦਰਖ਼ਾਸਤ ਇਸੇ ਆਧਾਰ ਤੇ ਰੱਦ ਹੋ ਗਈ ਹੁੰਦੀ। ਪਰ ਇਹ ਮੁਲਜ਼ਮ ਖ਼ਤਰਨਾਕ ਸਨ। ਥੋੜ੍ਹੀ ਜਿਹੀ ਭੜਕਾਹਟ ’ਤੇ ਹੀ ਇਹ ਜੱਜ ਦੇ ਗਲ ਪੈ ਸਕਦੇ ਸਨ। ਬਾਹਰਲੇ ਆਪਣੇ ਸਾਥੀਆਂ ਤੋਂ ਧਮਕੀ-ਪੱਤਰ ਜਾਰੀ ਕਰਵਾ ਸਕਦੇ ਸਨ। ਲੋੜ ਪੈਣ ’ਤੇ ਕੋਈ ਨੁਕਸਾਨ ਵੀ ਕਰਵਾ ਸਕਦੇ ਸਨ।

ਦਹਿਸ਼ਤਗਰਦਾਂ ਦੇ ਵਕੀਲ ਨੂੰ ਬੁਲਾਉਣ ਲਈ ਇਕ ਵਾਰ ਫੇਰ ਅਰਦਲੀ ਨੂੰ ਭੇਜਿਆ ਗਿਆ।

ਜਿੰਨਾ ਚਿਰ ਤਕ ਵਕੀਲ ਨਹੀਂ ਆਉਂਦਾ, ਓਨਾ ਚਿਰ ਤਕ ਸਰਕਾਰੀ ਵਕੀਲ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ।

ਸਰਕਾਰੀ ਵਕੀਲ ਨੇ ਇਕ ਵਾਰ ਦਹਿਸ਼ਤਗਰਦਾਂ ਦੇ ਕੇਸਰੀ ਪੱਗਾਂ ਵਾਲੇ ਮਿੱਤਰਾਂ ਵੱਲ ਤੱਕਿਆ ਅਤੇ ਫੇਰ ਮਿਲਵੀਂ ਜਿਹੀ ਜੀਭ ਨਾਲ ਬਹਿਸ ਕਰਨ ਲੱਗਾ।

“ਤੁਸੀਂ ਆਪੇ ਦੇਖ ਲਓ ਜਨਾਬ) ਮੈਂ ਕੀ ਆਖਣੈ?”

ਜਦੋਂ ਸਰਕਾਰੀ ਵਕੀਲ ਹੀ ਟਲ ਗਿਆ ਤਾਂ ਜੱਜ ਨੂੰ ਆਪਣੇ ਗਲ ਬਲਾ ਪਾਉਣ ਦੀ ਕੀ ਲੋੜ ਸੀ। ਸਫ਼ਾਈ ਧਿਰ ਦੇ ਵਕੀਲ ਦੇ ਆਉਣ ਤੋਂ ਪਹਿਲਾਂ ਹੀ ਉਹ ਸਟੈਨੋ ਨੂੰ ਜ਼ਮਾਨਤ ਦਾ ਹੁਕਮ ਡਿਕਟੇਟ ਕਰਾਉਣ ਲੱਗਾ।

ਦਹਿਸ਼ਤਗਰਦਾਂ ਦੀ ਜ਼ਮਾਨਤ ਦਾ ਹੁਕਮ ਸੁਣ ਕੇ ਗੁਰਮੀਤ ਹੁਰਾਂ ਨੂੰ ਕੁਝ ਰਾਹਤ ਮਹਿਸੂਸ ਹੋਈ। ਹੁਣ ਪਾਲੇ ਅਤੇ ਮੀਤੇ ਲਈ ਰਾਹ ਪੱਧਰਾ ਸੀ।

ਪਾਲੇ ਅਤੇ ਮੀਤੇ ਦੀ ਦਰਖ਼ਾਸਤ ’ਤੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਭੰਡਾਰੀ ਵਕੀਲ  ਅਦਾਲਤ ਵਿਚ ਆ ਧਮਕਿਆ। ਉਸ ਨਾਲ ਚਾਰ-ਪੰਜ ਵਕੀਲ, ਸੰਘ ਦੇ ਅੱਠ-ਦਸ ਵਰਕਰ ਅਤੇ ਕਿਤਾਬਾਂ ਵਾਲੀ ਪੇਟੀ ਸੀ। ਬਹਿਸ ਦੌਰਾਨ ਉਸ ਨੇ ਸਰਕਾਰੀ ਵਕੀਲ ਦੀ ਮਦਦ ਕਰਨੀ ਸੀ।

ਭੰਡਾਰੀ ਦੇ ਅਦਾਲਤ ਵਿਚ ਦਾਖ਼ਲ ਹੁੰਦਿਆਂ ਹੀ ਬਾਹਰ ਨਾਅਰੇਬਾਜ਼ੀ ਸ਼ੁਰੂ ਹੋ ਗਈ।

“ਬੰਟੀ ਦੇ ਕਾਤਲਾਂ ਨੂੰ.....ਫਾਹੇ ਲਾਓ।”

“ਕਾਤਲਾਂ ਦੇ ਸਮਰਥਕ.....ਮੁਰਦਾਬਾਦ।”

ਅਦਾਲਤ ਦੀ ਕਾਰਵਾਈ ਇਕਦਮ ਰੁਕ ਗਈ। ਚਾਰੇ ਪਾਸੇ ਖ਼ਾਮੋਸ਼ੀ ਛਾ ਗਈ। ਸਭ ਇਕ-ਦੂਜੇ ਦੇ ਮੂੰਹ ਵੱਲ ਤੱਕਣ ਲੱਗੇ।

ਅਦਾਲਤ ਅੰਦਰ ਖੜੇ ਸੰਘ ਦੇ ਵਰਕਰਾਂ ਵਿਚ ਵੀ ਘੁਸਰ-ਮੁਸਰ ਸ਼ੁਰੂ ਹੋ ਗਈ। ਉਹ ਨਾਅਰਾ ਲਾਉਣ ਦੀ ਹਿੰਮਤ ਤਾਂ ਨਾ ਜੁਟਾ ਸਕੇ ਪਰ ਅਜਿਹੀ ਹੀ ਅਰਥ ਰੱਖਦੀਆਂ ਟਿੱਪਣੀਆਂ ਕਰਨ ਲੱਗੇ।

ਗੁਰਮੀਤ ਨੂੰ ਇਸ ਨਾਅਰੇਬਾਜ਼ੀ ’ਤੇ ਸਖ਼ਤ ਇਤਰਾਜ਼ ਸੀ। ਇਹ ਅਦਾਲਤ ਦੇ ਕੰਮ ਵਿਚ ਦਖ਼ਲ ਅੰਦਾਜ਼ੀ ਸੀ। ਸੰਘ ਦਾ ਉਦੇਸ਼ ਸਪੱਸ਼ਟ ਸੀ। ਉਹ ਅਦਾਲਤ ’ਤੇ ਦਬਾਅ ਪਾਉਣਾ ਚਾਹੁੰਦਾ ਸੀ। ਇਹ ਅਦਾਲਤ ਦੀ ਤੌਹੀਨ ਵੀ ਸੀ। ਜੱਜ ਨੂੰ ਅਦਾਲਤ ਦੀ ਮਾਨਹਾਨੀ ਦੇ ਜੁਰਮ ਵਿਚ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਨਾ ਚਾਹੀਦਾ ਸੀ।

ਨਾਥ ਨੂੰ ਵੀ ਇਸ ਨਾਅਰੇਬਾਜ਼ੀ ’ਤੇ ਸਖ਼ਤ ਇਤਰਾਜ਼ ਸੀ। ਉਸ ਨੇ ਧਮਕੀ ਦਿੱਤੀ, ਜੇ ਦੋਸ਼ੀਆਂ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਨੋਟਿਸ ਜਾਰੀ ਕਰੇਗਾ।

ਭੰਡਾਰੀ ਨੇ ਤੁਰੰਤ ਮੌਕਾ ਸੰਭਾਲ ਲਿਆ। ਉਸ ਨੇ ਆਪਣੀ ਗ਼ਲਤੀ ਦੀ ਵੀ ਮੁਆਫ਼ੀ ਮੰਗੀ ਅਤੇ ਵਰਕਰਾਂ ਵੱਲੋਂ ਵੀ।

ਇਸ ਮੁਆਫ਼ੀ ਨਾਲ ਗੁਰਮੀਤ ਦੀ ਤਸੱਲੀ ਨਹੀਂ ਸੀ ਹੋਈ। ਉਹ ਸੰਘ ਦੇ ਵਰਕਰਾਂ ਵਿਰੁੱਧ ਕਾਰਵਾਈ ਕਰਾਉਣਾ ਚਾਹੁੰਦਾ ਸੀ।

ਮੁਆਫ਼ੀ ’ਤੇ ਜੱਜ ਦੀ ਤਸੱਲੀ ਹੋ ਗਈ। ਉਹ ਵਾਧੂ ਦੇ ਝੰਜਟਾਂ ਵਿਚ ਪੈਣ ਨੂੰ ਤਿਆਰ ਨਹੀਂ ਸੀ।

ਗੁਰਮੀਤ ਨੂੰ ਹਦਾਇਤ ਹੋਈ। ਉਹ ਆਪਣਾ ਪੱਖ ਪੇਸ਼ ਕਰੇ। ਜੱਜ ਨੇ ਫ਼ੈਸਲਾ ਮੈਰਿਟ ਦੇ ਆਧਾਰ ’ਤੇ ਕਰਨਾ ਸੀ, ਸੰਘ ਦੀ ਮਰਜ਼ੀ ਅਨੁਸਾਰ ਨਹੀਂ।

ਭੰਡਾਰੀ ਆਪਣੀ ਚਾਲ ਚੱਲ ਚੁੱਕਾ ਸੀ। ਹੁਣ ਕੀ ਫ਼ੈਸਲਾ ਹੋਏਗਾ? ਕਿਸੇ ਤੋਂ ਲੁਕਾ ਨਹੀਂ ਸੀ।

ਗੁਰਮੀਤ ਨੂੰ ਖ਼ੁਸ਼ ਕਰਨ ਲਈ ਜੱਜ ਨੇ ਉਸ ਨੂੰ ਆਪਣਾ ਪੱਖ ਪੇਸ਼ ਕਰਨ ਦਾ ਖੁੱਲ੍ਹਾ ਸਮਾਂ ਦਿੱਤਾਸੀ।

ਗੁਰਮੀਤ ਤਾੜ ਰਿਹਾ ਸੀ ਕਿ ਜੱਜ ਬਹਿਸ ਵਿਚ ਉੱਕਾ ਦਿਲਚਸਪੀ ਨਹੀਂ ਸੀ ਲੈ ਰਿਹਾ। ਸਮਾਂ ਬਿਤਾਉਣ ਲਈ ਕਦੇ ਉਹ ਕਿਸੇ ਮਿਸਲ ਦੇ ਵਰਕੇ ਪਲਟਣ ਲੱਗਦਾ, ਕਦੇ ਕਿਸੇ ਕਾਗ਼ਜ਼ ’ਤੇ ਦਸਤਖ਼ਤ ਕਰਨ ਲੱਗਦਾ ਅਤੇ ਜੇ ਕਰਨ ਨੂੰ ਕੁਝ ਵੀ ਨਾ ਹੁੰਦਾ ਤਾਂ ਉਬਾਸੀਆਂ ਲੈਣ ਲੱਗਦਾ।

ਜਦੋਂ ਗੁਰਮੀਤ ਮੱਝ ਅੱਗੇ ਬੀਨ ਵਜਾ ਚੁੱਕਾ ਤਾਂ ਸਾਹਿਬ ਨੇ ਫ਼ੈਸਲਾ ਸੁਣਾ ਦਿਤਾ।

“ਸਾਰੀ ਸਰ) ਹਾਈ ਕੋਰਟ ਜਾ ਕੇ ਕੋਸ਼ਿਸ਼ ਕਰੋ।”

ਜੱਜ ਦੇ ਇਹ ਕੌੜੇ ਬੋਲ ਗੁਰਮੀਤ ਅਤੇ ਮੋਹਨ ਜੀ ਦੀਆਂ ਛਾਤੀਆਂ ਵਿਚ ਤੀਰ ਵਾਂਗ ਖੁੱਭ ਗਏ।

ਪਰ ਅੱਖਾਂ ਸੂਹੀਆਂ ਕਰਨ ਤੋਂ ਸਿਵਾ ਉਹ ਕੁਝ ਨਾ ਕਰ ਸਕੇ।

 

 

12

ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿਚੋਂ ਦਰਖ਼ਾਸਤ ਦੇ ਰੱਦ ਹੋਣ ਨੂੰ ਸੰਮਤੀ ਨੇ ਬਹੁਤੀ ਅਹਿਮੀਅਤ ਨਹੀਂ ਸੀ ਦਿੱਤੀ। ਕਤਲ ਕੇਸ ਸੈਸ਼ਨ ਕੋਰਟ ਲਈ ਬਹੁਤ ਅਹਿਮ ਹੁੰਦੇ ਹਨ। ਇਸ ਹੇਠਲੀ ਅਦਾਲਤੋਂ ਕਤਲ ਦੇ ਦੋਸ਼ੀਆਂ ਦੀਆਂ ਜ਼ਮਾਨਤਾਂ ਘੱਟ-ਵੱਧ ਹੀ ਮਨਜ਼ੂਰ ਹੁੰਦੀਆਂ ਹਨ। ਸ਼ਹਿਰ ਵਿਚਲੇ ਅਸਾਧਾਰਨ ਹਾਲਾਤ ਕਾਰਨ ਜੱਜ ਦਾ ਸਹਿਮ ਜਾਣਾ ਅਤੇ ਦੋਸ਼ੀਆਂ ਦੀ ਜ਼ਮਾਨਤ ਨਾ ਲੈਣਾ ਕੋਈ ਅਨਹੋਣੀ ਗੱਲ ਨਹੀਂ ਸੀ।

ਪਰ ਹਾਈ ਕੋਰਟ ਵੱਲੋਂ ਦਰਖ਼ਾਸਤ ਦੇ ਰੱਦ ਹੋਣ ਨੂੰ ਸੰਮਤੀ ਨੇ ਗੰਭੀਰਤਾ ਨਾਲ ਲਿਆਸੀ।

ਆਮ ਕੇਸਾਂ ਵਿਚ ਅਜਿਹੀ ਦਰਖ਼ਾਸਤ ਦਾ ਵਿਰੋਧ ਕਰਨ ਲਈ ਸਹਾਇਕ ਐਡਵੋਕੇਟ ਜਨਰਲ ਪੇਸ਼ ਹੁੰਦਾ ਸੀ। ਕੋਈ ਵਿਸ਼ੇਸ਼ ਕੇਸ ਹੋਵੇ ਤਾਂ ਡਿਪਟੀ ਚਲਾ ਜਾਂਦਾ ਸੀ। ਇਸ ਕੇਸ ਵਿਚ ਐਡਵੋਕੇਟ ਜਨਰਲ ਖ਼ੁਦ ਪੇਸ਼ ਹੋਇਆ ਸੀ। ਉਸ ਦੇ ਪੇਸ਼ ਹੋਣ ਦਾ ਮਤਲਬ ਸੀ ਕਿ ਮਾਮਲਾ ਗੰਭੀਰ ਸੀ ਅਤੇ ਸਰਕਾਰ ਉਹੋ ਚਾਹੁੰਦੀ ਸੀ ਜੋ ਉਹ ਬੋਲ ਰਿਹਾ ਸੀ।

ਜੱਜਾਂ ’ਤੇ ਮਨੋਵਿਗਿਆਨਕ ਦਬਾਅ ਪਾਉਣ ਲਈ ਸਰਕਾਰ ਨੇ ਆਪਣੇ ਮੀਡੀਏ ਦੀ ਭਰਪੂਰ ਵਰਤੋਂ ਕੀਤੀ ਸੀ। ਇਕ-ਦੋ ਨਹੀਂ, ਪੂਰੇ ਦਰਜਨ ਪੱਤਰਕਾਰਾਂ ਨੂੰ ਕੈਮਰੇ ਅਤੇ ਟੇਪ-ਰਿਕਾਰਡਰ ਦੇ ਕੇ ਕੋਰਟ ਰੂਮ ਵਿਚ ਭੇਜਿਆ ਗਿਆ ਸੀ। ਉਹਨਾਂ ਦੀ ਅਗਵਾਈ ਲੋਕ-ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਕੀਤੀ ਸੀ।

ਸਰਕਾਰ ਦੀਆਂ ਚਾਲਾਂ ਸਫ਼ਲ ਰਹੀਆਂ ਸਨ।

ਹਾਈ ਕੋਰਟ ਨੂੰ ਝੱਟ ਮਸਲੇ ਦੀ ਗੰਭੀਰਤਾ ਦੀ ਸਮਝ ਆ ਗਈ।

ਸੁਣਵਾਈ ਕਰ ਰਹੇ ਜੱਜਾਂ ਨੂੰ ਇਨਸਾਫ਼ ਨਾਲੋਂ ਇਸ ਗੱਲ ਦੀ ਚਿੰਤਾ ਲੱਗ ਗਈ ਕਿ ਉਹਨਾਂ ਦੇ ਫ਼ੈਸਲੇ ਦਾ ਲੋਕਾਂ ਅਤੇ ਸਰਕਾਰ ’ਤੇ ਕੀ ਪ੍ਰਤੀਕਰਮ ਹੋਏਗਾ? ਜੇ ਉਹਨਾਂ ਦਰਖ਼ਾਸਤ ਮਨਜ਼ੁਰ ਕਰ ਲਈ ਤਾਂ ਕੱਲ੍ਹ ਨੂੰ ਅਖ਼ਬਾਰਾਂ ਵਿਚ ਛਪਣ ਵਾਲੀਆਂ ਰਿਪੋਰਟਾਂ ਦਾ ਰੁਖ਼ ਕਿਧਰ ਨੂੰ ਹੋਏਗਾ? ਰਿਪੋਰਟਾਂ ਲੋਕਾਂ ਦੇ ਮੂਡ ਨੂੰ ਪ੍ਰਭਾਵਿਤ ਕਰਨਗੀਆਂ ਅਤੇ ਲੋਕਾਂ ਦਾ ਮੂਡ ਸਰਕਾਰ ਨੂੰ? ਅਗਾਂਹ ਸਰਕਾਰ ਦੇ ਮੂਡ ’ਤੇ ਜੱਜਾਂ ਦਾ ਭਵਿੱਖ ਨਿਰਭਰ ਕਰੇਗਾ।

ਸਾਰੀ ਸੋਚ-ਵਿਚਾਰ ਦੇ ਬਾਅਦ ਜੱਜ ਇਸ ਸਿੱਟੇ ’ਤੇ ਪੁੱਜੇ ਸਨ ਕਿ ਸਰਕਾਰ ਸੰਕਟ ਵਿਚ ਸੀ। ਸੰਕਟ ਦੀ ਇਸ ਘੜੀ ਵਿਚ ਹਾਈ ਕੋਰਟ ਦਾ ਫ਼ਰਜ਼ ਸਰਕਾਰ ਨਾਲ ਖੜੋਨ ਦਾ ਬਣਦਾ ਸੀ ਅਤੇ ਹਾਈ ਕੋਰਟ ਸਰਕਾਰ ਨਾਲ ਖੜੋ ਗਈ।

ਇਸ ਫ਼ੈਸਲੇ ਨੇ ਸਰਕਾਰ ਦੀ ਡਗਮਗਾਉਂਦੀ ਕਿਸ਼ਤੀ ਸੰਭਾਲ ਲਈ।

ਜੇ ਦੋਸ਼ੀਆਂ ਦੀ ਜ਼ਮਾਨਤ ਹੋ ਜਾਂਦੀ ਤਾਂ ਉਹ ਗਲੀਆਂ-ਬਜ਼ਾਰਾਂ ਵਿਚ ਸ਼ਰੇਆਮ ਘੁੰਮਣ ਲੱਗਦੇ। ਕਾਤਲਾਂ ਨੂੰ ਇੰਝ ਫਿਰਦੇ ਦੇਖ ਲੋਕਾਂ ਦਾ ਗ਼ੁੱਸਾ ਭੜਕਦਾ। ਇਹ ਗ਼ੁੱਸਾ ਸਰਕਾਰ ਲਈ ਖ਼ਤਰਨਾਕ ਸਾਬਤ ਹੁੰਦਾ।

ਹੁਣ ਕੇਸ ਦੇ ਅੰਤਿਮ ਫ਼ੈਸਲੇ ਤਕ ਦੋਸ਼ੀਆਂ ਨੇ ਲੋਕਾਂ ਦੀਆਂ ਅੱਖਾਂ ਤੋਂ ਓਝਲ ਰਹਿਣਾ ਸੀ। ਅਗਾਂਹ ਸਰਕਾਰ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਕਰਾਉਣ ਦਾ ਯਤਨ ਕਰਨਾ ਸੀ। ਜੇ ਸਜ਼ਾ ਦੇ ਆਸਾਰ ਨਾ ਬਣੇ ਤਾਂ ਫ਼ੈਸਲੇ ਨੂੰ ਲਟਕਾ ਦੇਣਾ ਸੀ। ਸਰਕਾਰ ਨੇ ਓਨੀ ਦੇਰ ਫ਼ੈਸਲਾ ਨਹੀਂ ਸੀ ਹੋਣ ਦੇਣਾ, ਜਿੰਨੀ ਦੇਰ ਲੋਕ ਹੋਰ ਭਖਦੇ ਮਸਲਿਆਂ ਵਿਚ ਨਾ ਉਲਝ ਜਾਣ, ਜਿੰਨੀ ਦੇਰ ਤਕ ਬੰਟੀ ਦੇ ਕਤਲ ਦੀ ਯਾਦ ਧੁੰਦਲੀ ਨਾ ਪੈ ਜਾਵੇ।

ਹਾਲ ਦੀ ਘੜੀ ਇਸ ਸੰਕਟ ਨੂੰ ਟਾਲ ਕੇ ਸਰਕਾਰ ਤਾਂ ਸੁਖ ਦੀ ਨੀਂਦ ਸੌਂ ਗਈ ਪਰ ਸੰਮਤੀ ਦੀ ਨੀਂਦ ਹਰਾਮ ਹੋ ਗਈ।

ਸਰਕਾਰ ਵੱਲੋਂ ਅਪਣਾਈ ਇਹ ਰਣਨੀਤੀ ਸੰਮਤੀ ਲਈ ਚਿੰਤਾ ਦਾ ਵਿਸ਼ਾ ਸੀ।

ਦਰਖ਼ਾਸਤ ਦੇ ਰੱਦ ਹੋਣ ਦਾ ਸੈੱਲ ਦੇ ਤਿੰਨਾਂ ਵਕੀਲਾਂ ’ਤੇ ਵੱਖ-ਵੱਖ ਪ੍ਰਤੀਕਰਮ ਹੋਇਆਸੀ।

ਮੋਹਨ ਜੀ ਇਕ ਪੇਸ਼ੇਵਾਰ ਵਕੀਲ ਸੀ। ਪੈਰਵਾਈ ਲਈ ਉਸ ਕੋਲ ਬੀਸੀਆਂ ਕੇਸ ਆਉਂਦੇ- ਜਾਂਦੇ ਰਹਿੰਦੇ ਸਨ। ਕਿਸੇ ਇਕ ਕੇਸ ਦੀ ਜਿੱਤ-ਹਾਰ ਦਾ ਨਾ ਉਸ ਦੇ ਮਨ ’ਤੇ ਅਸਰ ਹੁੰਦਾ ਸੀ ਨਾ ਧੰਦੇ ‘ਤੇ, ਪਰ ਕਤਲ ਕੇਸ ਵਿਚ ਉਹ ਪਹਿਲੀ ਵਾਰ ਪੇਸ਼ ਹੋ ਰਿਹਾ ਸੀ। ਇਸ ਕੇਸ ਦੀ ਜਿੱਤ-ਹਾਰ ਉਸ ਦੇ ਵਕਾਰ ਦਾ ਸਵਾਲ ਸੀ। ਜ਼ਮਾਨਤ ਦੇ ਨਾ ਹੋਣ ਨੂੰ ਉਹ ਅਸਫਲਤਾ ਦੀ ਸ਼ੁਰੂਆਤ ਗਿਣਦਾ ਸੀ। ਇਸ ਲਈ ਘਬਰਾਹਟ ਵਿਚ ਸੀ।

ਪਿਆਰੇ ਲਾਲ ਨੂੰ ਘਬਰਾਹਟ ਨਾਲੋਂ ਵੱਧ ਮਾਨਸਿਕ ਪੀੜਾ ਸੀ। ਇਹ ਪੀੜਾ ਇਸ ਲਈ ਸੀ ਕਿ ਨਿਆਂ-ਪਾਲਿਕਾ ਦਾ ਜਿਹੜਾ ਸਰੂਪ ਉਸ ਨੇ ਆਪਣੇ ਜ਼ਿਹਨ ਵਿਚ ਚਿੱਤਰ ਰੱਖਿਆ ਸੀ, ਇਸ ਫ਼ੈਸਲੇ ਨਾਲ ਉਸ ਦਾ ਹੁਲੀਆ ਵਿਗੜ ਗਿਆ ਸੀ। ਭਾਰਤੀ ਨਿਆਂ-ਪਾਲਿਕਾ ਦੀ ਆਜ਼ਾਦੀ, ਨਿਡਰਤਾ ਅਤੇ ਨਿਰਪੱਖਤਾ ’ਤੇ ਉਸ ਨੂੰ ਸ਼ੱਕ ਹੋਣ ਲੱਗਾ ਸੀ। ਕੀ ਇਸੇ ਦਾ ਨਾਂ ਇਨਸਾਫ਼ ਹੈ? ਇਸ ਤਰ੍ਹਾਂ ਦੇ ਸੈਂਕੜੇ ਪ੍ਰਸ਼ਨ ਉਸ ਦੇ ਜ਼ਿਹਨ ਵਿਚ ਉੱਠ ਖੜੋਤੇ ਸਨ।

ਗੁਰਮੀਤ ਨੂੰ ਨਾ ਘਬਰਾਹਟ ਸੀ, ਨਾ ਮਾਨਸਿਕ ਪੀੜਾ। ਉਸ ਦੀ ਤੀਸਰੀ ਅੱਖ ਨੇ ਪਹਿਲਾਂ ਹੀ ਭਾਂਪ ਲਿਆ ਸੀ ਕਿ ਇਸ ਕੇਸ ਦੀ ਜਿੱਤ ਕੋਈ ਸਵਾਦੀ ਕੇਕ ਨਹੀਂ ਸੀ, ਜਿਹੜਾ ਸਰਕਾਰ ਨੇ ਪਲੇਟ ਵਿਚ ਪਰੋਸ ਕੇ ਉਹਨਾਂ ਅੱਗੇ ਰੱਖ ਦੇਣਾ ਸੀ। ਇਸ ਕੇਸ ਨੂੰ ਜਿੱਤਣ ਲਈ ਸੰਮਤੀ ਨੂੰ ਲੰਬਾ ਸੰਘਰਸ਼ ਕਰਨਾ ਪੈਣਾ ਸੀ।

ਗੁਰਮੀਤ ਇਸ ਫ਼ੈਸਲੇ ਨੂੰ ਇਕ ਵੰਗਾਰ ਦੇ ਰੂਪ ਵਿਚ ਲੈ ਰਿਹਾ ਸੀ। ਸੰਮਤੀ ਲਈ ਇਹ ਇਕ ਸਬਕ ਸੀ। ਸਰਕਾਰ ਦੇ ਇਰਾਦਿਆਂ ਨੂੰ ਪੜ੍ਹਨ ਅਤੇ ਆਪਣੀ ਰਣਨੀਤੀ ਘੜਨ ਦਾ।

ਉਹ ਸਾਥੀ ਵਕੀਲਾਂ ਦੇ ਗਿਰੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਮੁਹਿੰਮ ਨੂੰ ਲਾਮਬੰਦ ਕਰਨ ਦੇ ਉਪਰਾਲੇ ਸੋਚਣ ਲੱਗਾ।

ਸੰਮਤੀ ਦੀਆਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ। ਅੱਗੋਂ ਤੋਂ ਕੀ ਰਣਨੀਤੀ ਅਪਣਾਈ ਜਾਏ? ਇਸ ਵਿਸ਼ੇ ਨੂੰ ਲੈ ਕੇ ਰਾਏ-ਮਸ਼ਵਰੇ ਹੋਣ ਲੱਗੇ। ਕਾਨੂੰਨੀ ਦਾਅ-ਪੇਚਾਂ ਦਾ ਗਿਆਨ ਲੀਗਲ- ਸੈੱਲ ਵਾਲਿਆਂ ਨੂੰ ਸੀ। ਗੁਰਮੀਤ ਅਤੇ ਮੋਹਨ ਜੀ ਦੇ ਨਾਲ-ਨਾਲ ਪਿਆਰੇ ਲਾਲ ਦੀ ਰਾਏ ਵੀ ਲਈ ਜਾਣ ਲੱਗੀ।

ਪਿਆਰੇ ਲਾਲ ਜਦੋਂ ਵੀ ਕਿਸੇ ਮੀਟਿੰਗ ਵਿਚ ਜਾਂਦਾ ਤਾਂ ਉਸ ਦਾ ਧਿਆਨ ਸੁਝਾਅ ਦੇਣ ਵੱਲ ਘੱਟ ਅਤੇ ਆਪਣੀ ਦੁਬਿਧਾ ਹੱਲ ਕਰਨ ਵੱਲ ਵਧੇਰੇ ਹੁੰਦਾ।

ਪਿਆਰੇ ਲਾਲ ਦੇ ਪ੍ਰਸ਼ਨ ਬਾਬਾ ਜੀ ਨੂੰ ਪ੍ਰਭਾਵਤ ਕਰਦੇ ਅਤੇ ਬਾਬਾ ਜੀ ਦੇ ਤਰਕ-ਭਰਪੂਰ ਉੱਤਰ ਪਿਆਰੇ ਲਾਲ ਦੀ ਜਗਿਆਸਾ ਸ਼ਾਂਤ ਕਰਦੇ, ਉਸ ਦੇ ਜ਼ਖ਼ਮਾਂ ’ਤੇ ਮਲ੍ਹਮ ਧਰਦੇ। ਕੁਝ ਹੀ ਮੀਟਿੰਗਾਂ ਵਿਚ ਬਾਬੇ ਨੇ ਪਿਆਰੇ ਲਾਲ ਨੂੰ ਪਛਾਣ ਲਿਆ। ਉਹ ਇਕ ਅਣ-ਘੜਿਆ ਹੀਰਾ ਸੀ। ਥੋੜ੍ਹਾ ਜਿਹਾ ਤਰਾਸ਼ੇ ਜਾਣ ’ਤੇ ਹੀ ਉਸ ਨੇ ਲੋਕ-ਸੰਘਰਸ਼ ਲਈ ਬਹੁਮੱਲਾ ਬਣ ਜਾਣਾ ਸੀ। ਉਹ ਪਿਆਰੇ ਲਾਲ ਵੱਲ ਜ਼ਿਆਦਾ ਧਿਆਨ ਦੇਣ ਲੱਗੇ।

ਪਿਆਰੇ ਲਾਲ ਵੀ ਸੰਮਤੀ ਦੇ ਹਰ ਕੰਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲੱਗਾ। ਹੌਲੀ-ਹੌਲੀ ਉਸ ਨੂੰ ਵੀ ਸੱਚ ਦੀ ਪਛਾਣ ਹੋਣ ਲੱਗੀ।

ਇਕ ਗੱਲ ਸਭ ਲਈ ਸਪੱਸ਼ਟ ਸੀ। ਇਹ ਲੜਾਈ ਇਕੱਲੇ ਲੀਗਲ ਸੈੱਲ ਦੇ ਵੱਸਦੀ ਨਹੀਂ ਸੀ। ਸਰਕਾਰ ਦੇ ਹੱਥਕੰਡਿਆਂ ਦਾ ਮੁਕਾਬਲਾ ਅਦਾਲਤਾਂ ਦੇ ਨਾਲ-ਨਾਲ ਸੜਕਾਂ ’ਤੇ ਵੀ ਕਰਨਾ ਪੈਣਾ ਸੀ।

ਕੌਣ ਆਖਦਾ ਸੀ ਕਿ ਲੜਾਈ ਇਕੱਲੇ ਲੀਗਲ ਸੈੱਲ ਨੇ ਲੜਨੀ ਸੀ? ਸਾਰੀ ਸੰਘਰਸ਼ ਸੰਮਤੀ ਸੈੱਲ ਦੇ ਨਾਲ ਸੀ। ਸਰਕਾਰ ਦੀ ਹਰ ਚਾਲ ਦਾ ਮੂੰਹ-ਤੋੜਵਾਂ ਜਵਾਬ ਦਿੱਤਾ ਜਾਣਾ ਸੀ। ਸੰਮਤੀ ਦਾ ਹਰ ਕਾਰਕੁਨ ਜਾਨ ਦੀ ਬਾਜ਼ੀ ਤਕ ਲਾਉਣ ਨੂੰ ਤਿਆਰ ਸੀ।

ਬਾਬੇ ਦੇ ਇਸ ਐਲਾਨ ਨੇ ਲੀਗਲ ਸੈੱਲ ਵਿਚ ਨਵੀਂ ਰੂਹ ਫੂਕ ਦਿੱਤੀ।

ਸੈੱਲ ਦੇ ਸੁਝਾਅ ’ਤੇ ਸੰਮਤੀ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਹਰ ਮੈਂਬਰ ਨੂੰ ਹਾਜ਼ਰ ਹੋਣ ਅਤੇ ਠੋਸ ਸੁਝਾਅ ਲੈ ਕੇ ਆਉਣ ਦਾ ਆਦੇਸ਼ ਜਾਰੀ ਕੀਤਾ ਗਿਆ।

ਹੁਕਮ ਦੀ ਤਾਮੀਲ ਹੋਈ। ਹਾਜ਼ਰੀ ਭਰਵੀਂ ਰਹੀ। ਮੈਂਬਰਾਂ ਵਿਚ ਅਥਾਹ ਉਤਸ਼ਾਹ ਸੀ।

ਨਵੀਂ ਰਣਨੀਤੀ ਘੜਨ ਵਿਚ ਸੈੱਲ ਨੇ ਅਹਿਮ ਰੋਲ ਅਦਾ ਕਰਨਾ ਸੀ। ਪਹਿਲਾਂ ਉਸੇ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ।

ਸੈੱਲ ਵਾਲੇ ਆਪਣੇ ਫ਼ਰਜ਼ਾਂ ਤੋਂ ਸੁਚੇਤ ਸਨ। ਹਰ ਕੋਈ ਨਵੇਂ ਤੋਂ ਨਵੇਂ ਸੁਝਾਵਾਂ ਨਾਲ ਲੈਸ ਸੀ।

ਮੋਹਨ ਜੀ ਦਾ ਵਿਚਾਰ ਸੀ ਕਿ ਇਸ ਮੁਕੱਦਮੇ ਨੂੰ ਜਿੰਨਾ ਹੋ ਸਕੇ ਲਟਕਾਇਆ ਜਾਵੇ।

ਮੁਕੱਦਮੇ ਨੂੰ ਲਟਕਾਉਣ ਦੇ ਬਹੁਤ ਫ਼ਾਇਦੇ ਹੋਣੇ ਸਨ। ਪਹਿਲਾ ਇਹ ਕਿ ਸਮਾਂ ਬੀਤਣ ਨਾਲ ਗਵਾਹਾਂ ਨੇ ਖਿੰਡ-ਪੁੰਡ ਜਾਣਾ ਸੀ। ਕਿਸੇ ਪੁਲਿਸ ਵਾਲੇ ਨੇ ਬਦਲ ਕੇ ਰੋਪੜ ਚਲੇ ਜਾਣਾ ਸੀ ਅਤੇ ਕਿਸੇ ਨੇ ਪਟਿਆਲੇ। ਕਦੇ ਇਕ ਗਵਾਹ ਗਵਾਹੀ ਦੇਣ ਆ ਗਿਆ ਕਦੇ ਦੂਜਾ। ਨਾ ਸਾਰੇ ਗਵਾਹ ਇਕੱਠੇ ਹੋਣ, ਨਾ ਗਵਾਹੀ ਹੋਵੇ, ਨਾ ਕੇਸ ਅਗਾਂਹ ਤੁਰੇ।

ਕਿਸੇ ਗਵਾਹ ਨੇ ਵਿਦੇਸ਼ ਤੁਰ ਜਾਣਾ ਸੀ, ਕਿਸੇ ਨੇ ਮਰ ਜਾਂ ਰਿਟਾਇਰ ਹੋ ਜਾਣਾ ਸੀ। ਕੋਈ ਪੁਲਸੀਆ ਡਿਸਮਿਸ ਹੋ ਗਿਆ ਤਾਂ ਵੀ ਦੋਸ਼ੀਆਂ ਦੀਆਂ ਪੌਂ ਬਾਰਾਂ ਹੋ ਜਾਣੀਆਂ ਸਨ। ਪੁਲਿਸ ਦੀ ਵਰਦੀ ਉਤਰਦਿਆਂ ਹੀ ਤਾਕਤ ਦਾ ਨਸ਼ਾ ਵੀ ਉਤਰ ਜਾਣਾ ਸੀ। ਕੁਝ ਗਵਾਹਾਂ ਦੀ ਜ਼ਮੀਰ ਜਾਗਣ ਲੱਗਣੀ ਸੀ। ਕਿਸੇ ਦੀ ਜ਼ਮੀਰ ਨਾ ਵੀ ਜਾਗੇ, ਵਿਕਣ ਜ਼ਰੂਰ ਲੱਗਣੀ ਸੀ। ਰਿਟਾਇਰ ਹੋਏ ਗਵਾਹ ਦਾ ਰੇਟ ਵੀ ਸਸਤਾ ਹੋ ਜਾਣਾ ਸੀ। ਮੋਹਨ ਜੀ ਨੇ ਕਈ ਵਾਰ ਚਾਹ ਦੇ ਕੱਪ ਜਾਂ ਦੁਪਹਿਰ ਦੇ ਖਾਣੇ ਨਾਲ ਵੀ ਕੰਮ ਸਾਰਿਆ ਸੀ। ਨੌਕਰੀਉਂ ਵੱਖ ਹੋਏ ਗਵਾਹ ਨੂੰ ਕਿਸੇ ਦਾ ਡਰ  ਨਹੀਂ ਰਹਿੰਦਾ। ਉਹ ਮਨ-ਮਰਜ਼ੀ ਦੀ ਬੋਲੀ ਬੋਲ ਸਕਣ ਲਈ ਆਜ਼ਾਦ ਹੋਣਾ ਸੀ।

ਇਸ ਹਫੜਾ-ਦਫੜੀ ਦਾ ਫਾਇਦਾ ਉਠਾ ਕੇ ਦੋਸ਼ੀਆਂ ਨੇ ਬਰੀ ਹੋ ਜਾਣਾ ਸੀ।

ਮੋਹਨ ਜੀ ਆਪਣੇ ਬਹੁਤੇ ਕੇਸ ਇਸੇ ਤਰ੍ਹਾਂ ਬਰੀ ਕਰਾਉਂਦਾ ਸੀ।

ਇਕ ਵਾਰ ਉਸ ਕੋਲ ਅਜਿਹਾ ਕੇਸ ਆਇਆ, ਜਿਸ ਵਿਚ ਦੋਸ਼ੀਆਂ ਕੋਲੋਂ ਭੱਕੀ ਦਾ ਭਰਿਆ ਟਰੱਕ ਫੜਿਆ ਗਿਆ ਸੀ। ਦੋਸ਼ੀ ਪੰਜ ਸਨ। ਡਰਾਈਵਰ, ਕੰਡਕਟਰ ਅਤੇ ਮਜ਼ਦੂਰ। ਮਾਲਕ ਲੈ-ਦੇ ਕਰ ਕੇ ਪਹਿਲਾਂ ਹੀ ਖੰਭ ਛੁਡਾ ਗਿਆ ਸੀ।

ਸਾਰੇ ਪੱਖ ਵਿਚਾਰ ਕੇ ਮੋਹਨ ਜੀ ਨੇ ਇਹੋ ਢੰਗ ਅਪਣਾਇਆ। ਉਸ ਨੇ ਆਪਣੇ ਸਾਇਲਾਂ ਨੂੰ ਸਮਝਾਇਆ। ਜੇ ਸਾਰੇ ਗਵਾਹ ਭੁਗਤ ਗਏ ਤਾਂ ਤਿੰਨ-ਤਿੰਨ ਸਾਲ ਦੀ ਕੈਦ ਹੋਏਗੀ। ਭਲਾ ਇਸੇ ਵਿਚ ਸੀ ਜੇ ਮਰਜ਼ੀ ਨਾਲ ਮਹੀਨਾ-ਮਹੀਨਾ ਕੱਟ ਲਈ ਜਾਵੇ।

ਮੁਕੱਦਮੇ ਦੇ ਗਵਾਹ ਅਤੇ ਮਾਲ-ਮੁਕੱਦਮਾ ਕਦੇ-ਕਦਾਈਂ ਹੀ ਇਕੱਠੇ ਹੁੰਦੇ ਹਨ। ਭੁੱਲ-ਭੁਲੇਖੇ ਕਦੇ ਇਕੱਠੇ ਹੋ ਵੀ ਜਾਂਦੇ ਤਾਂ ਮੋਹਨ ਜੀ ਆਪਣੀ ਯੋਜਨਾ ਅਨੁਸਾਰ ਕਿਸੇ ਇਕ ਦੋਸ਼ੀ ਨੂੰ ਗ਼ੈਰ-ਹਾਜ਼ਰ ਕਰ ਦਿੰਦਾ। ਦੋਸ਼ੀ ਦੇ ਗ਼ੈਰ-ਹਾਜ਼ਰ ਹੋਣ ਕਾਰਨ ਸਾਰੀ ਕਾਰਵਾਈ ਰੁਕ ਜਾਂਦੀ। ਗਵਾਹ ਬੇਰੰਗ ਮੁੜ ਜਾਂਦੇ। ਭੁੱਕੀ ਵਾਲੀਆਂ ਬੋਰੀਆਂ ਫਟ ਜਾਂਦੀਆਂ। ਅੱਧਾ ਮਾਲ ਸੜਕਾਂ ’ਤੇ ਬਿਖਰ ਜਾਂਦਾ।

ਦਸਾਂ-ਪੰਦਰਾਂ ਦਿਨਾਂ ਬਾਅਦ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਂਦਾ। ਨਾਲ ਪੰਜਾਂ ਰੁਪਿਆਂ ਵਾਲਾ ਮੈਡੀਕਲ ਸਰਟੀਫ਼ਿਕੇਟ ਨੱਥੀ ਕਰ ਦਿੱਤਾ ਜਾਂਦਾ। ਜੱਜ ਭਲਾਮਾਣਸ ਹੁੰਦਾ ਤਾਂ ਦੋਸ਼ੀ ਦੀ ਝਿੜਕ-ਝੰਭ ਕਰ ਕੇ ਨਵੀਂ ਜ਼ਮਾਨਤ ਲੈ ਲੈਂਦਾ। ਕੱਬਾ ਹੁੰਦਾ ਤਾਂ ਹਫ਼ਤੇ-ਦਸ ਦਿਨਾਂ ਲਈ ਜੇਲ੍ਹ ਭੇਜ ਦਿੰਦਾ।

ਚਾਰ ਦੋਸ਼ੀਆਂ ਦੇ ਗ਼ੈਰ-ਹਾਜ਼ਰ ਹੁੰਦਿਆਂ ਹੀ ਕੇਸ ਅੱਠ ਸਾਲ ਪੁਰਾਣਾ ਹੋ ਗਿਆ। ਕੇਸ ਦੀ ਹਿਸਟਰੀ-ਸ਼ੀਟ ਬਣ ਗਈ। ਜੱਜ ਦੀ ਖਿਚਾਈ ਹੋਣ ਲੱਗੀ। ਫ਼ੈਸਲਾ ਕਿਉਂ ਨਹੀਂ ਹੁੰਦਾ?

ਪਹਿਲਾਂ ਮੁਲਜ਼ਮ ਹੋਰ ਤਾਰੀਖ਼ ਲੈਣ ਲਈ ਹਾੜੇ ਕੱਢਦੇ ਸਨ, ਫੇਰ ਸਰਕਾਰੀ ਵਕੀਲ ਕੱਢਣ ਲੱਗਾ। ਕਦੇ ਗਵਾਹ ਪੂਰੇ ਨਾ ਹੁੰਦੇ। ਗਵਾਹ ਆ ਜਾਂਦੇ ਤਾਂ ਟਰੱਕ ਨਾ ਆਉਂਦਾ। ਟਰੱਕ ਆ ਜਾਂਦਾ ਤਾਂ ਮਾਲ-ਮੁਕੱਦਮਾ ਨਾ ਆਉਂਦਾ।

ਜੱਜ ਪੇਸ਼ੀਆਂ ਪਾ-ਪਾ ਦੁਖੀ ਹੋ ਗਿਆ।

ਕੇਸ ਵੱਡਾ ਸੀ। ਉਸ ਨੂੰ ਦੋਸ਼ੀਆਂ ਨੂੰ ਬਰੀ ਕਰਨ ਤੋਂ ਵੀ ਡਰ ਲੱਗਦਾ ਸੀ। ਅੱਕ-ਥੱਕ ਕੇ ਉਸ ਨੇ ਸੈਸ਼ਨ ਜੱਜ ਨਾਲ ਗੱਲ ਕੀਤੀ।

ਸੈਸ਼ਨ ਜੱਜ ਵੀ ਹਾਈ ਕੋਰਟ ਨੂੰ ਆਪਣੇ ਸਪੱਸ਼ਟੀਕਰਨ ਦੇ-ਦੇ ਹੰਭ ਚੁੱਕਾ ਸੀ। ਸੈਸ਼ਨ ਜੱਜ ਨੇ ਹਰੀ ਝੰਡੀ ਦੇ ਦਿੱਤੀ। ਗਵਾਹ ਨਹੀਂ ਆਉਂਦੇ, ਨਾ ਆਉਣ। ਗਵਾਹ ਪੇਸ਼ ਕਰਨ ਲਈ ਆਖ਼ਰੀ ਮੌਕਾ ਦਿਉ। ਫੇਰ ਫ਼ੈਸਲਾ ਕਰ ਦਿਉ।

ਜਦੋਂ ਪਨਾਲਾ ਫੇਰ ਵੀ ਉਥੇ ਦਾ ਉਥੇ ਹੀ ਰਿਹਾ ਤਾਂ ਜੱਜ ਨੇ ਦੋਸ਼ੀਆਂ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ।

ਪਿਆਰੇ ਲਾਲ ਇਸ ਸੁਝਾਅ ਨਾਲ ਸਹਿਮਤ ਨਹੀਂ ਸੀ। ਇਹ ਢੰਗ ਇਸ ਕੇਸ ਵਿਚ ਨਹੀਂ ਸੀ ਅਪਣਾਇਆ ਜਾ ਸਕਦਾ।

ਇਸ ਦਾ ਪਹਿਲਾ ਕਾਰਨ ਇਹ ਸੀ ਕਿ ਇਹ ਸੈਸ਼ਨ ਕੇਸ ਸੀ। ਸੈਸ਼ਨ ਕੇਸਾਂ ਦੇ ਸੰਮਨਾਂ ਦੀ ਤਾਮੀਲ ਵੱਲ ਪੁਲਿਸ ਵਿਸ਼ੇਸ਼ ਧਿਆਨ ਦਿੰਦੀ ਸੀ। ਸੈਸ਼ਨ ਕੋਰਟ ਵਿਚ ਗਵਾਹਾਂ ਨੂੰ ਬਹੁਤੀ ਦੇਰ ਟਾਲਣਾ ਅਸੰਭਵ ਸੀ।

ਦੂਜਾ, ਇਸ ਕੇਸ ਦੇ ਦੋਵੇਂ ਦੋਸ਼ੀ ਪਹਿਲਾਂ ਹੀ ਜੇਲ੍ਹ ਵਿਚ ਸਨ। ਜਿੰਨਾ ਕੇਸ ਵੱਧ ਲਟਕੇਗਾ, ਓਨੀ ਵੱਧ ਸਜ਼ਾ ਉਹਨਾਂ ਨੂੰ ਮੁਫ਼ਤ ਵਿਚ ਕੱਟਣੀ ਪਵੇਗੀ।

ਤੀਜਾ, ਜਿਸ ਹਿਸਾਬ ਨਾਲ ਅਦਾਲਤਾਂ ਇਸ ਕੇਸ ਦੀ ਕਾਰਵਾਈ ਨੂੰ ਨਿਪਟਾ ਰਹੀਆਂ ਸਨ, ਉਸ ਤੋਂ ਪ੍ਰਤੱਖ ਸੀ ਕਿ ਸਰਕਾਰ ਇਸ ਕੇਸ ਨੂੰ ਜਲਦੀ ਤੋਂ ਜਲਦੀ ਨਿਪਟਾਉਣਾ ਚਾਹੁੰਦੀਸੀ।

ਮੈਜਿਸਟ੍ਰੇਟ ਨੇ ਮਹੀਨਿਆਂ ਵਿਚ ਮੁਕੰਮਲ ਹੋਣ ਵਾਲੀ ਕਾਰਵਾਈ ਦਿਨਾਂ ਵਿਚ ਨਬੇੜੀਸੀ।

ਚਲਾਨ ਪੇਸ਼ ਹੋਣ ਪਿੱਛੋਂ ਪੇਸ਼ੀ ਲਈ ਮਿਸਲ ਮੁਆਇਨੇ ਲਈ ਪੈਣੀ ਸੀ। ਨਕਲਾਂ ਦੇਣ ਵਿਚ ਰਹੀ ਕਮੀ ਪੇਸ਼ੀ ਅਗਲੀ ਤਾਰੀਖ਼ ’ਤੇ ਪੂਰੀ ਹੋਣੀ ਸੀ। ਇਹ ਸਾਰੀ ਕਾਰਵਾਈ ਇਕੋ  ਦਿਨ ਚ ਹੋ ਗਈ। ਤੀਜੇ ਦਿਨ ਕੇਸ ਸੈਸ਼ਨ ਸਪੁਰਦ ਹੋ ਗਿਆ।

ਅਗਾਂਹ ਸੈਸ਼ਨ ਨੇ ਵੀ ਕੋਈ ਢਿੱਲ ਨਹੀਂ ਸੀ ਦਿਖਾਈ। ਪਹਿਲੀ ਪੇਸ਼ੀ ਹੀ ਚਾਰਜ ਲਾ ਕੇ ਕੇਸ ਗਵਾਹੀਆਂ ’ਤੇ ਪਾ ਦਿੱਤਾ ਸੀ।

ਗਵਾਹੀਆਂ ਲਈ ਵੀ ਤਾਰੀਖ਼ ਲੰਬੀ ਨਹੀਂ ਸੀ ਪਈ। ਸਰਕਾਰ ਨੂੰ ਗਵਾਹ ਪੇਸ਼ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਗਵਾਹੀਆਂ ਦੋ ਦਿਨ ਲਗਾਤਾਰ ਹੋਣੀਆਂ ਸਨ।

ਜੇ ਅਦਾਲਤਾਂ ਨੂੰ ਉਪਰੋਂ ਕੋਈ ਹਦਾਇਤ ਨਾ ਹੋਈ ਹੰਦੀ ਤਾਂ ਚਲਾਨ ਪੇਸ਼ ਹੋਣ ਪਿੱਛੋਂ ਦੋ-ਤਿੰਨ ਪੇਸ਼ੀਆਂ ਕਾਗ਼ਜ਼ਾਂ ਦੀ ਜਾਂਚ-ਪੜਤਾਲ ਲਈ ਪੈਣੀਆਂ ਸਨ। ਹਰ ਪੇਸ਼ੀ ਪੰਦਰਾਂ-ਦਿਨਾਂ ਦੀ ਹੋਣੀ ਸੀ। ਜੇ ਵਕੀਲ ਨਕਲਾਂ ਘੱਟ ਮਿਲਣ ਦਾ ਇਤਰਾਜ਼ ਕਰਦੇ ਤਾਂ ਕਈ ਮਹੀਨੇ ਨਕਲਾਂ ਤਿਆਰ ਕਰਨ ਨੂੰ ਲੱਗ ਜਾਂਦੇ। ਫੇਰ ਬਹਿਸ ਹੁੰਦੀ। ਕਿਹੜੀ ਧਾਰਾ ਬਣਦੀ ਹੈ, ਕਿਹੜੀ ਨਹੀਂ। ਫੇਰ ਕਿਧਰੇ ਜਾ ਕੇ ਕੇਸ ਸੈਸ਼ਨ ਸਪੁਰਦ ਹੁੰਦਾ।

ਕਈ ਪੇਸ਼ੀਆਂ ਸੈਸ਼ਨ ਜੱਜ ਚਾਰਜ ਨਾ ਲਾਉਂਦਾ। ਚਾਰਜ ਬਣਦਾ ਵੀ ਹੈ? ਜੇ ਹਾਂ ਤਾਂ ਕਿਸ ਧਾਰਾ ਅਧੀਨ? ਇਸ ਨੁਕਤੇ ’ਤੇ ਵਕੀਲਾਂ ਵਿਚਕਾਰ ਬਹਿਸ ਹੁੰਦੀ। ਬਹਿਸ ਲਈ ਕਈ ਪੇਸ਼ੀਆਂ ਪੈਂਦੀਆਂ। ਕਦੇ ਜੱਜ ਕੋਲ ਵਕਤ ਨਾ ਹੁੰਦਾ, ਕਦੇ ਇਕ ਧਿਰ ਦੇ ਵਕੀਲ ਕੋਲ ਅਤੇ ਕਦੇ ਦੂਜੀ ਧਿਰ ਦੇ ਵਕੀਲ ਕੋਲ।

ਫੇਰ ਚਾਰਜ ਲੱਗਦਾ।

ਗਵਾਹੀਆਂ ਲਈ ਘੱਟੋ-ਘੱਟ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ।

ਪਿਆਰੇ ਲਾਲ ਦਾ ਵਿਚਾਰ ਸੀ ਕਿ ਜਦੋਂ ਅਦਾਲਤ ਕੇਸ ਨਿਪਟਾਉਣ ਲਈ ਤਤਪਰ ਹੋਏ ਤਾਂ ਵਕੀਲ ਨੂੰ ਟੰਗ ਨਹੀਂ ਅੜਾਉਣੀ ਚਾਹੀਦੀ। ਦੋਸ਼ੀਆਂ ਨੂੰ ਬਰੀ ਕਰਾਉਣ ਲਈ ਕੋਈ ਹੋਰ ਤਰੀਕਾ ਵਰਤਿਆ ਜਾਣਾ ਚਾਹੀਦਾ ਸੀ।

ਫੇਰ ਦੂਸਰਾ ਤਰੀਕਾ ਸੀ, ਜੱਜ ਤੋਂ ਲੈ ਕੇ ਗਵਾਹਾਂ ਤੱਕ ਨੂੰ ਗੰਢਣ ਦਾ।

ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਜੱਜ ਅਤੇ ਸਰਕਾਰੀ ਵਕੀਲ ਦੋਵੇਂ ਪੈਸੇ ਦੇ ਪੁੱਤ ਸਨ। ਰਿਸ਼ਵਤ ਬਿਨਾਂ ਸਕੇ ਬਾਪ ਦਾ ਕੰਮ ਨਹੀਂ ਕਰਦੇ ਪਰ ਗੁਰਮੀਤ ਅਨੁਸਾਰ ਉਹ ਇੰਨੇ ਅਨਾੜੀ ਵੀ ਨਹੀਂ ਸਨ ਕਿ ਸਮੇਂ ਦੀ ਨਜ਼ਾਕਤ ਨਾ ਪਹਿਚਾਨਣ। ਬਲਦੀ ਅੱਗ ਵਿਚ ਹੱਥ ਪਾ ਕੇ ਉਹ ਆਪਣੀ ਨੌਕਰੀ ਨੂੰ ਖ਼ਤਰਾ ਖੜਾ ਨਹੀਂ ਕਰਨ ਲੱਗੇ।

ਕਿਉਂ ਨਾ ਬੁਰਾਈ ਦੀ ਜੜ੍ਹ ਨੂੰ ਹੱਥ ਪਾਇਆ ਜਾਵੇ?

“ਕਿਵੇਂ ਨਾ ਕਿਵੇਂ ਗਵਾਹਾਂ ਨੂੰ ਕਾਬੂ ਕੀਤਾ ਜਾਵੇ। ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ।” ਫ਼ੌਜਦਾਰੀ ਕੇਸਾਂ ਵਿਚ ਗਵਾਹਾਂ ਦੀ ਅਹਿਮੀਅਤ ਸਮਝਾਉਂਦੇ ਗੁਰਮੀਤ ਨੇ ਆਪਣਾ ਸੁਝਾਅ ਪੇਸ਼ ਕੀਤਾ।

ਬੰਟੀ ਕਤਲ ਕੇਸ ਵਿਚ ਇਕ ਵੀ ਚਸ਼ਮਦੀਦ ਗਵਾਹ ਨਹੀਂ ਸੀ। ਸਾਰਾ ਕੇਸ ਹਾਲਾਤ ’ਤੇ ਆਧਾਰਤ ਗਵਾਹੀ ’ਤੇ ਖੜਾ ਸੀ। ਕਹਾਣੀ ਵੱਖ-ਵੱਖ ਕੜੀਆਂ ਰਾਹੀਂ ਸਿਰਜੀ ਗਈ ਸੀ। ਇਕ ਕੜੀ ਦੇ ਟੁੱਟ ਜਾਣ ’ਤੇ ਹੀ ਰੇਤ ਦਾ ਇਹ ਮਹੱਲ, ਢਹਿ-ਢੇਰੀ ਹੋ ਜਾਣਾ ਸੀ।

ਇਸ ਕੇਸ ਦਾ ਇਕ ਵੀ ਗਵਾਹ ਸੱਚਾ ਨਹੀਂ ਸੀ। ਪੁਲਿਸ ਨੇ ਸਭ ਤੋਂ ਝੂਠ ਬੁਲਾਉਣਾ ਸੀ। ਗਵਾਹਾਂ ਨੂੰ ਝੂਠ ਬੋਲਣ ਤੋਂ ਰੋਕਣ ਅਤੇ ਸੱਚ ਬੋਲਣ ਲਈ ਮਜਬੂਰ ਕਰ ਕੇ ਸੰਮਤੀ ਨੇ ਨਾ ਕੋਈ ਸਿਧਾਂਤਕ ਉਕਾਈ ਕਰਨੀ ਸੀ, ਨਾ ਇਖ਼ਲਾਕੀ।

ਸਮੁੱਚੀ ਬਹਿਸ ਤੋਂ ਬਾਅਦ ਜੋ ਰਣਨੀਤੀ ਘੜੀ ਗਈ, ਉਹ ਇਹ ਸੀ ਕਿ ਹੁਣ ਸੰਮਤੀ ਨੂੰ ਹਰ ਫ਼ਰੰਟ ’ਤੇ ਲੜਾਈ ਆਰੰਭ ਦੇਣੀ ਚਾਹੀਦੀ ਸੀ। ਕਾਨੂੰਨੀ ਨੁਕਤੇ-ਨਜ਼ਰ ਤੋਂ ਜ਼ਿਆਦਾ  ਧਿਆਨ ਗਵਾਹਾਂ ਨਾਲ ਸੰਪਰਕ ਕਰਨ ਵੱਲ ਦਿੱਤਾ ਜਾਣਾ ਚਾਹੀਦਾ ਸੀ।

ਇਸੇ ਪੈਂਤੜੇ ਅਨੁਸਾਰ ਵੱਖ-ਵੱਖ ਇਕਾਈਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲੀਆਂ ਗਈਆਂ।

ਪਿਆਰੇ ਲਾਲ ਐਲ.ਐਲ.ਐਮ. ਪਾਸ ਸੀ। ਉਹ ਨਵੇਂ ਤੋਂ ਨਵੇਂ ਕਾਨੂੰਨ ਲੱਭਣ ਵਿਚ ਮਾਹਿਰ ਸੀ। ਉਹ ਇਸ ਕੇਸ ਵਿਚ ਲੋੜ ਪੈਣ ਵਾਲੇ ਹਰ ਕਾਨੂੰਨ ਦੀ ਖੋਜ ਕਰੇਗਾ। ਅੱਗੇ ਤੋਂ ਬਹੁਤਾ ਸਮਾਂ ਉਹ ਲਾਇਬ੍ਰੇਰੀ ਵਿਚ ਬਿਤਾਏਗਾ।

ਮੋਹਨ ਜੀ ਇਸ ਕੇਸ ਦੇ ਹਰ ਗਵਾਹ ਦੀ ਰਗ-ਰਗ ਤੋਂ ਵਾਕਿਫ਼ ਸੀ। ਹਰਿਦੁਆਰ ਦੇ ਪਾਡਿਆਂ ਵਾਂਗ, ਉਸ ਕੋਲ ਹਰ ਗਵਾਹ ਦੀ ਹਿਸਟਰੀ-ਸ਼ੀਟ ਸੀ। ਕਿਸ ਗਵਾਹ ਦੀ ਕਿਥੇ ਰਿਸ਼ਤੇਦਾਰੀ ਹੈ? ਕਿਸ ਰਿਸ਼ਤੇਦਾਰ ਦੀ ਉਹ ਮੰਨਦਾ ਹੈ ਅਤੇ ਕਿਸ ਦੀ ਨਹੀਂ। ਪੈਸੇ ਦਾ ਪੁੱਤ ਹੈ ਜਾਂ ਸਿਫ਼ਾਰਸ਼ ਮੰਨਦਾ ਹੈ। ਜੇ ਪੈਸੇ ਲੈਂਦਾ ਹੈ ਤਾਂ ਕਿੰਨੇ? ਉਸ ਦੀ ਵਹੀ ਵਿਚ ਸਭ ਦਰਜਸੀ।

ਕਿਸ ਗਵਾਹ ਨਾਲ ਕਿਵੇਂ ਪੇਸ਼ ਆਇਆ ਜਾਵੇ? ਇਸ ਬਾਰੇ ਮੋਹਨ ਜੀ ਸੰਮਤੀ ਦੀ ਅਗਵਾਈ ਕਰੇਗਾ।

ਗੁਰਮੀਤ ਪਹਿਲਾਂ ਹੀ ਅਹਿਮ ਜ਼ਿੰਮੇਵਾਰੀ ਨਿਭਾ ਰਿਹਾ ਸੀ। ਆਪਣੇ ਪੁਲਿਸ ਸੂਤਰਾਂ ਰਾਹੀਂ ਉਹ ਮਿਸਲ ਵਿਚ ਹੋ ਰਹੀਆਂ ਹੇਰਾ-ਫੇਰੀਆਂ ਦੀ ਸੂਚਨਾ ਹਾਸਲ ਕਰ ਰਿਹਾ ਸੀ। ਇਹਨਾਂ ਹੇਰਾ- ਫੇਰੀਆਂ ਨੇ ਦੋਸ਼ੀਆਂ ਦੇ ਬਰੀ ਹੋਣ ਦਾ ਆਧਾਰ ਬਣਨਾ ਸੀ। ਗੁਰਮੀਤ ਨੇ ਇਹ ਕੰਮ ਜਾਰੀ ਰੱਖਿਆਸੀ।

ਗਵਾਹਾਂ ਨਾਲ ਸੰਪਰਕ ਕਾਇਮ ਕਰਨ ਦੀ ਜ਼ਿੰਮੇਵਾਰੀ *ਤੀਕਾਰੀ ਫ਼ਰੰਟ ਨੂੰ ਸੌਂਪੀ ਗਈ। ਇਹ ਜ਼ੋਖ਼ਮ ਭਰਿਆ ਕੰਮ ਸੀ। ਹੁਸ਼ਿਆਰੀ ਦੀ ਮੰਗ ਕਰਦਾ ਸੀ। ਮੋਹਨ ਜੀ ਨੇ ਫ਼ਰੰਟ ਨੂੰ ਪਹਿਲਾਂ ਹੀ ਸੁਚੇਤ ਕੀਤਾ।

ਪਹਿਲਾਂ ਗਵਾਹ ਨੂੰ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਗਵਾਹ ਢਿੱਲ-ਮਿੱਸ ਕਰੇ ਤਾਂ ਕਿਸੇ ਰਿਸ਼ਤੇਦਾਰ ਜਾਂ ਸਿਆਸੀ ਦਬਾਅ ਦਾ ਇਸਤੇਮਾਲ ਕੀਤਾ ਜਾਵੇ। ਜੇ ਪਾਣੀ ਸਿਰੋਂ ਲੰਘਦਾ ਦਿਸੇ ਤਾਂ ਡਰਾਉਣ-ਧਮਕਾਉਣ ਤੋਂ ਵੀ ਗੁਰੇਜ਼ ਨਾ ਕੀਤਾ ਜਾਵੇ।

ਫੌਰੀ ਤੌਰ ’ਤੇ ਗਵਾਹ ’ਤੇ ਯਕੀਨ ਨਾ ਕੀਤਾ ਜਾਵੇ। ਪਹਿਲੀ ਹੀ ਮੁਲਾਕਾਤ ਵਿਚ ਗਵਾਹ ਨੂੰ ਮੁਕਰਨ ਦਾ ਮਸ਼ਵਰਾ ਨਾ ਦਿੱਤਾ ਜਾਵੇ। ਪਹਿਲਾਂ ਇਹ ਤਸੱਲੀ ਕਰ ਲਈ ਜਾਵੇ ਕਿ ਗਵਾਹ ਜੇ ਸੰਮਤੀ ਦੀ ਮਦਦ ਨਹੀਂ ਕਰੇਗਾ ਤਾਂ ਘੱਟੋ-ਘੱਟ ਵਿਰੋਧ ਵੀ ਨਹੀਂ ਕਰੇਗਾ। ਜੇ ਇਕ ਵੀ ਗਵਾਹ ਨੇ ਪੁਲਿਸ ਕੋਲ ਮੁਖ਼ਬਰੀ ਕਰ ਦਿੱਤੀ ਤਾਂ ਸੰਮਤੀ ਦੀ ਯੋਜਨਾ ਧਰੀ-ਧਰਾਈ ਰਹਿ ਜਾਏਗੀ।

ਵਿਦਿਆਰਥੀ ਵਿੰਗ ਨੇ ਸੰਘ ਦੇ ਜਲੂਸਾਂ ਦਾ ਜਵਾਬ ਦੇਣਾ ਸੀ। ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਣਾ ਸੀ।

ਸਾਹਿਤਕਾਰ ਸਰਕਾਰ ਦੇ ਭੰਡੀ ਪ੍ਰਚਾਰ ਨੂੰ ਠੱਲ੍ਹ ਪਾਉਣਗੇ। ਨਵੇਂ-ਨਵੇਂ ਤੱਥ ਇਕੱਠੇ ਕਰ ਕੇ ਅਖ਼ਬਾਰਾਂ ਰਸਾਲਿਆਂ ਵਿਚ ਲੇਖ ਲਿਖਣਗੇ। ਪੋਸਟਰ ਕੱਢਣਗੇ ਅਤੇ ਪਰਚੇ ਵੰਡਣਗੇ।

ਤਰਕਸ਼ੀਲ ਰਿਜ਼ਰਵ ਫ਼ੋਰਸ ਦਾ ਕੰਮ ਕਰਨਗੇ। ਸਾਰੀਆਂ ਜਥੇਬੰਦੀਆਂ ਵਿਚ ਤਾਲਮੇਲ ਰੱਖਣਾ, ਉਹਨਾਂ ਦੀ ਜ਼ਿੰਮੇਵਾਰੀ ਹੋਏਗੀ। ਜਿਸ ਜਥੇਬੰਦੀ ਨੂੰ ਵੀ ਲੋੜ ਪਏ, ਉਹ ਉਹਨਾਂ ਨੂੰ ਹਾਕ ਮਾਰ ਲਏ।

ਮਾਲੀ ਸਹਾਇਤਾ ਲਈ ਜੀਵਨ ਆੜ੍ਹਤੀਆ ਹਾਜ਼ਰ ਸੀ। ਉਸ ਦੀ ਦੁਕਾਨ ਨੂੰ ਸੰਮਤੀ ਦੇ ਦਫ਼ਤਰ ਵਜੋਂ ਵਰਤਿਆ ਜਾਣਾ ਸੀ।

ਸੰਮਤੀ ਦੀਆਂ ਇਹਨਾਂ ਯੋਜਨਾਵਾਂ ਨਾਲ ਲੀਗਲ ਸੈੱਲ ਦੇ ਹੌਸਲੇ ਬੁਲੰਦ ਹੋ ਗਏ।

ਜਦੋਂ ਕੇਸ ਵਿਚ ਹੀ ਕੱਖ ਨਾ ਰਿਹਾ ਤਾਂ ਦੋਸ਼ੀਆਂ ਦਾ ਕੋਈ ਕੀ ਵਿਗਾੜ ਲਏਗਾ? ਸੈੱਲ ਵਾਲੇ ਸੋਚਣ ਲੱਗੇ।

 

 

13

ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦਾ ਪਹਿਲਾ ਘੰਟਾ ਜ਼ਮਾਨਤਾਂ ਦੀਆਂ ਦਰਖ਼ਾਸਤਾਂ ਦੀ ਸੁਣਵਾਈ ਲਈ ਰਾਖਵਾਂ ਸੀ ਪਰ ਬੰਟੀ ਕਤਲ ਕੇਸ ਨੂੰ ਕਿੰਨੀ ਅਹਿਮੀਅਤ ਦਿੱਤੀ ਜਾ ਰਹੀ ਸੀ, ਉਹ ਇਸ ਤੱਥ ਤੋਂ ਪ੍ਰਤੱਖ ਸੀ ਕਿ  ਉਸ ਦਿਨ ਹੋਰ ਕਿਸੇ ਕੇਸ ਦੀ ਸਮਾਇਤ ਤਾਂ ਕੀ ਕੀਤੀ ਜਾਣੀ ਸੀ, ਜ਼ਮਾਨਤਾਂ ਵਰਗੇ ਅਹਿਮ ਮਸਲੇ ਦੀ ਸੁਣਵਾਈ ਵੀ ਅੱਗੇ ਪਾ ਦਿੱਤੀ ਗਈ ਸੀ।

ਆਪਣੇ ਇਸ ਆਸ਼ੇ ਨੂੰ ਜੱਜ ਨੇ ਲੁਕਾ ਕੇ ਨਹੀਂ ਸੀ ਰੱਖਿਆ। ਸਾਰੀਆਂ ਸੰਬੰਧਤ ਧਿਰਾਂ ਨੂੰ ਇਕ ਦਿਨ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ।

ਪਹਿਲਾਂ ਅਹਿਲਮੱਦ ਦੀ ਪੇਸ਼ੀ ਹੋਈ ਸੀ। ਮਿਸਲ ਨੂੰ ਤਰਤੀਬਵਾਰ ਕਰ ਕੇ ਕੋਠੀ ਭੇਜ ਦਿੱਤਾ ਜਾਵੇ। ਜੱਜ ਸਾਹਿਬ ਕੇਸ ਦੇ ਤੱਥਾਂ ਤੋਂ ਵਾਕਿਫ਼ ਹੋਣਾ ਚਾਹੁੰਦੇ ਹਨ। ਜੇ ਜੱਜ ਦੀ ਮਿਸਲ ਪੜ੍ਹੀ ਹੋਵੇ ਤਾਂ ਅਦਾਲਤ ਦਾ ਸਮਾਂ ਬਰਬਾਦ ਨਹੀਂ ਹੁੰਦਾ। ਕਾਰਵਾਈ ਤੇਜ਼ੀ ਨਾਲ ਚੱਲਦੀ ਰਹਿੰਦੀਹੈ।

ਸਟੈਨੋ ਨੂੰ ਵੀ ਤਾੜਿਆ ਗਿਆ। ਟਾਈਪ-ਰਾਈਟਰ, ਨਵਾਂ ਰਿਬਨ ਅਤੇ ਕਾਗ਼ਜ਼ ਪੱਤਰ ਟਿੱਚ ਹੋਣ। ਇਹ ਨਾ ਹੋਵੇ ਕਿ ਇਧਰ ਗਵਾਹੀ ਸ਼ੁਰੂ ਹੋ ਜਾਵੇ ਤੇ ਉਧਰ ਸਟੈਨੋ ਕਿਸੇ ਥਾਣੇਦਾਰ ਨੂੰ ਰਿਬਨ ਲਿਆਉਣ ਲਈ ਆਖ ਰਿਹਾ ਹੋਵੇ ਤੇ ਕਿਸੇ ਵਕੀਲ ਨੂੰ ਕਾਗ਼ਜ਼ਾਂ ਦੇ ਰਿਮ ਲਈ।

ਜਿਹੜੇ ਚਾਰ-ਪੰਜ ਕੇਸ ਕੱਲ੍ਹ ਸੁਣਵਾਈ ’ਤੇ ਲੱਗੇ ਸਨ, ਰੀਡਰ ਉਹਨਾਂ ਵਿਚ ਅੱਜ ਹੀ ਤਾਰੀਖ਼ਾਂ ਪਾ ਦੇਵੇ। ਇਹ ਨਾ ਹੋਵੇ ਕਿ ਇਧਰ ਬੰਟੀ ਕਤਲ ਕੇਸ ਦੀ ਸੁਣਵਾਈ ਸ਼ੁਰੂ ਹੋ ਜਾਵੇ ਅਤੇ ਉਧਰ ਵਕੀਲ ਤਾਰੀਖ਼ਾਂ ਲੈਣ ਲਈ ਅਦਾਲਤ ਵਿਚ ਮੇਲਾ ਲਾ ਲੈਣ।

ਜੇਲ੍ਹ ਸੁਪ੍ਰਿਟੈਂਡੈਂਟ ਨੂੰ ਵੀ ਸੁਨੇਹਾ ਭੇਜਿਆ ਗਿਆ। ਮੁਲਜ਼ਮ ਸਹੀ ਸਾਢੇ ਨੌਂ ਵਜੇ ਅਦਾਲਤ ਵਿਚ ਹਾਜ਼ਰ ਹੋਣ। ਇਹ ਨਾ ਹੋਵੇ ਕਿ ਇਧਰ ਗਵਾਹ ਅਤੇ ਵਕੀਲਾਂ ਦੀ ਬਰਾਤ ਖੁਰੇ ਵੱਢਣ ਲੱਗੇ ਤੇ ਉਧਰ ਲਾੜ੍ਹਾ ਸਾਹਿਬ ਪਧਾਰ ਨਾ ਰਹੇ ਹੋਣ। ਫ਼ੋਰਸ ਦੇ ਘੱਟ ਹੋਣ ਜਾਂ ਗੱਡੀ ਦੇ ਖ਼ਰਾਬ ਹੋਣ ਦਾ ਬਹਾਨਾ ਨਹੀਂ ਚੱਲੇਗਾ। ਸਭ ਕਾਸੇ ਦਾ ਪ੍ਰਬੰਧ ਅੱਜ ਹੀ ਕਰ ਲਿਆ ਜਾਵੇ।

ਸਰਕਾਰੀ ਵਕੀਲ ਬਚਨ ਸਿੰਘ ਨੂੰ ਰਿਟਾਇਰਿੰਗ ਰੂਮ ਵਿਚ ਬੁਲਾਇਆ ਗਿਆ। ਉਸ ਨੂੰ ਸਮਝਾਇਆ ਗਿਆ। ਆਮ ਦਿਨਾਂ ਵਾਂਗ ਉਹ ਮਸਤੀ ਨਾ ਮਾਰੇ। ਆਪ ਵੀ ਸਮੇਂ ਸਿਰ ਆਵੇ ਅਤੇ ਗਵਾਹ ਵੀ। ਆਮ ਕੇਸਾਂ ਵਾਂਗ ਉਹ ਮੁਦੱਈ ਦੇ ਵਕੀਲ ’ਤੇ ਨਿਰਭਰ ਨਾ ਰਹੇ। ਖ਼ੁਦ ਮਿਸਲ ਪੜ੍ਹ ਕੇ ਆਵੇ ਅਤੇ ਗਵਾਹਾਂ ਨੂੰ ਬਿਆਨ ਆਪ ਪੜ੍ਹਾਵੇ। ਸਾਧਾਰਨ ਕੇਸਾਂ ਵਿਚ ਜੱਜ ਸਰਕਾਰੀ ਵਕੀਲ ਦਾ ਫ਼ਰਜ਼ ਵੀ ਖ਼ੁਦ ਹੀ ਨਿਭਾਅ ਦਿਆ ਕਰਦਾ ਸੀ। ਇਸ ਕੇਸ ਵਿਚ ਬਚਨ ਸਿੰਘ ਜੱਜ ਤੋਂ ਕੋਈ ਆਸ ਨਾ ਰੱਖੇ।

ਫੇਰ ਸਫ਼ਾਈ ਧਿਰ ਦੇ ਵਕੀਲਾਂ ਨੂੰ ਬੁਲਾਇਆ ਗਿਆ। ਹੇਠਲੀਆਂ ਅਦਾਲਤਾਂ ਵਿਚ ਲੱਗੇ ਕੇਸਾਂ ਦਾ ਉਹ ਇੰਤਜ਼ਾਮ ਕਰ ਲੈਣ। ਹੋ ਸਕੇ ਤਾਂ ਜੂਨੀਅਰ ਵਕੀਲਾਂ ਨੂੰ ਕੇਸ ਤਿਆਰ ਕਰਵਾ ਦਿੱਤੇ ਜਾਣ। ਜੇ ਆਪ ਪੇਸ਼ ਹੋਏ ਬਿਨਾਂ ਨਾ ਹੀ ਸਰਦਾ ਹੋਵੇ ਤਾਂ ਮੈਜਿਸਟ੍ਰੇਟ ਤੋਂ ਪੇਸ਼ੀ ਲੈ ਲਈ ਜਾਵੇ। ਹੇਠਲੀਆਂ ਅਦਾਲਤਾਂ ਨੂੰ ਪਹਿਲਾਂ ਹੀ ਹੁਕਮ ਭੇਜਿਆ ਜਾ ਚੁੱਕਾ ਸੀ। ਉਹ ਬੰਟੀ ਕਤਲ ਕੇਸ ਵਿਚ ਪੇਸ਼ ਹੋਣ ਵਾਲੇ ਕਿਸੇ ਵੀ ਵਕੀਲ ਨੂੰ ਆਪਣੀ ਅਦਾਲਤ ਵਿਚ ਪੇਸ਼ ਹੋਣ ਲਈ ਮਜਬੂਰ ਨਾ ਕਰਨ।

ਪੇਸ਼ੀ ਵਾਲੇ ਦਿਨ ਇੰਝ ਹੀ ਹੋਣ ਲੱਗਾ।

ਜੇਲ੍ਹ ਸੁਪ੍ਰਿਟੈਂਡੈਂਟ ਨੇ ਸਾਫ਼-ਸੁਥਰੇ ਕੱਪੜੇ ਪਵਾ ਕੇ ਦੋਸ਼ੀਆਂ ਨੂੰ ਨੌਂ ਵਜੇ ਅਦਾਲਤ ਅੱਗੇ ਲਿਆ ਬਿਠਾਇਆ। ਇਕ ਜੀਪ ਅਤੇ ਚਾਰ ਸਿਪਾਹੀਆਂ ਦੀ ਗਾਰਦ, ਇਹਨਾਂ ਦੋਸ਼ੀਆਂ ਲਈ ਰਾਖਵੀਂ ਰੱਖੀ ਗਈ।

ਥਾਣੇ ਵਾਲੇ ਵੀ ਚੁਕੰਨੇ ਹੋ ਗਏ। ਕੋਈ ਗੜਬੜ ਨਾ ਹੋਵੇ, ਇਸ ਲਈ ਭਾਰੀ ਗਿਣਤੀ ਵਿਚ ਹਥਿਆਰਬੰਦ ਸਿਪਾਹੀ ਅਦਾਲਤ ਵਿਚ ਤਾਇਨਾਤ ਕੀਤੇ ਗਏ। ਕੇਸ ਦੀ ਪੈਰਵਾਈ ਲਈ ਨਾਜ਼ਰ ਸਿੰਘ ਥਾਣੇਦਾਰ ਨੂੰ ਭੇਜਿਆ ਗਿਆ। ਇਹ ਕੇਸ ਉਸੇ ਦਾ ਤਿਆਰ ਕੀਤਾ ਹੋਇਆ ਸੀ। ਉਸ ਨੂੰ ਗਵਾਹ ਪਛਾਨਣ, ਉਹਨਾਂ ਨੂੰ ਬਿਆਨ ਸਮਝਾਉਣ ਅਤੇ ਸਰਕਾਰੀ ਵਕੀਲ ਅੱਗੇ ਪੇਸ਼ ਕਰਨ ਵਿਚ ਅਸਾਨੀ ਰਹੇਗੀ।

ਆਦਤ ਤੋਂ ਉਲਟ ਸਰਕਾਰੀ ਵਕੀਲ ਵੀ ਅੱਧਾ ਘੰਟਾ ਪਹਿਲਾਂ ਹਾਜ਼ਰ ਸੀ।

ਗਵਾਹ ਉਸ ਤੋਂ ਵੀ ਕਾਹਲੇ ਸਨ। ਸਭ ਤੋਂ ਪਹਿਲਾਂ ਬੰਟੀ ਦਾ ਪੋਸਟ-ਮਾਰਟਮ ਕਰਨ ਵਾਲੇ ਡਾਕਟਰ ਦੀ ਗਵਾਹੀ ਹੋਣੀ ਸੀ। ਉਹ ਬਚਨ ਸਿੰਘ ਤੋਂ ਵੀ ਪਹਿਲਾਂ ਪੁੱਜਾ ਹੋਇਆ ਸੀ। ਪਿੱਛੇ ਹੀ ਹੱਥਾਂ-ਪੈਰਾਂ ਦੇ ਨਿਸ਼ਾਨਾਂ ਦਾ ਮਾਹਿਰ ਆ ਧਮਕਿਆ। ਹੱਥ-ਲਿਖਤਾਂ ਦਾ ਮਾਹਿਰ ਚੰਡੀਗੜ੍ਹੋਂ ਆਇਆ ਸੀ। ਇਸ ਲਈ ਉਹ ਕੁਝ ਪੱਛੜ ਗਿਆ ਸੀ।

ਸਰਕਾਰੀ ਮੁਲਾਜ਼ਮ ਸਰਕਾਰੀ ਵਕੀਲ ਦੇ ਦਫ਼ਤਰ ਜਾ ਬੈਠੇ। ਬਾਕੀ ਗਵਾਹ ਬਾਹਰ ਖੜੇ ਨਾਜ਼ਰ ਸਿੰਘ ਦੁਆਲੇ ਹੋ ਗਏ।

ਬਚਨ ਸਿੰਘ ਨੂੰ ਡਾਕਟਰ ਜਾਂ ਮਾਹਿਰਾਂ ਤੋਂ ਕੋਈ ਖ਼ਤਰਾ ਨਹੀਂ ਸੀ। ਉਹ ਉਹਨਾਂ ਨੂੰ ਸਮਝਾ ਵੀ ਕੀ ਸਕਦਾ ਸੀ? ਉਹ ਬਚਨ ਸਿੰਘ ਨਾਲੋਂ ਕਿਤੇ ਵੱਧ ਜਾਣਦੇ ਸਨ। ਵੈਸੇ ਵੀ ਇਹ ਸਰਕਾਰੀ ਮੁਲਾਜ਼ਮ ਸਨ। ਇਹਨਾਂ ਉਸੇ ਤਰ੍ਹਾਂ ਗਵਾਹੀ ਦੇਣੀ ਸੀ, ਜਿਵੇਂ ਸਰਕਾਰ ਚਾਹੰਦੀ ਸੀ। ਗਵਾਹੀ ਤੋਂ ਇਧਰ-ਉਧਰ ਹੋਣ ’ਤੇ ਨੌਕਰੀ ਖੁੱਸ ਸਕਦੀ ਸੀ। ਇਹ ਗਵਾਹੀਆਂ ਦੇਣ ਵਿਚ ਵੀ ਮਾਹਿਰ ਸਨ। ਇਹਨਾਂ ਵਿਚੋਂ ਇਕ ਵੀ ਗਵਾਹ ਅਜਿਹਾ ਨਹੀਂ ਸੀ, ਜਿਸ ਨੇ ਘੱਟੋ-ਘੱਟ ਪੰਜਾਹ ਕੇਸਾਂ ਵਿਚ ਗਵਾਹੀ ਨਾ ਦਿੱਤੀ ਹੋਵੇ। ਉਹੋ ਘਸੇ-ਪਿਟੇ ਸਵਾਲ ਅਤੇ ਉਹੋ ਘਸੇ-ਪਿਟੇ ਜਵਾਬ। ਜੇ ਇਹਨਾਂ ਦੀ ਨੀਅਤ ਠੀਕ ਹੋਵੇ ਤਾਂ ਵਕੀਲ ਭਾਵੇਂ ਅੱਡੀ-ਚੋਟੀ ਦਾ ਜ਼ੋਰ ਲਾ ਲਵੇ, ਇਹ ਵਾਲ ਜਿੰਨਾ ਵੀ ਰਾਹ ਨਹੀਂ ਦੇਣਗੇ। ਇਸ ਲਈ ਬਚਨ ਸਿੰਘ ਇਹਨਾਂ ਵੱਲੋਂ ਬੇਫ਼ਿਕਰ ਸੀ।

ਬਚਨ ਸਿੰਘ ਦੀ ਬੇਫ਼ਿਕਰੀ ਦਾ ਇਕ ਕਾਰਨ ਹੋਰ ਵੀ ਸੀ। ਸਫ਼ਾਈ ਧਿਰ ਦੇ ਸਾਰੇ ਵਕੀਲ ਅਨਾੜੀ ਸਨ। ਇਹਨਾਂ ਗਵਾਹਾਂ ’ਤੇ ਜਿਰਾਹ ਪਿਆਰੇ ਲਾਲ ਨੇ ਕਰਨੀ ਸੀ। ਉਸ ਸ਼ਰਾਬੀ, ਕਬਾਬੀ ਵਕੀਲ ਨੂੰ ਕੀ ਪਤੈ, ਕਾਨੂੰਨ ਕੀ ਹੁੰਦੈ? ਨਾ ਉਸ ਨੂੰ ਮੈਡੀਕਲ ਜੁਰਸਪੂਰਡੈਂਸ ਦਾ ਪਤੈ, ਨਾ ਹੱਥ-ਲਿਖਤਾਂ ਪਰਖਣ ਦਾ। ਆਪੇ ਪੰਜ-ਚਾਰ ਊਟ-ਪਟਾਂਗ ਸਵਾਲ ਪੁੱਛ ਕੇ ਹਟ ਜਾਏਗਾ।

ਮੋਹਨ ਜੀ ਨੂੰ ਕੇਸ ਦੀ ਸਮਝ ਤਾਂ ਸੀ ਪਰ ਉਹ ਹੇਠਲੀਆਂ ਅਦਾਲਤਾਂ ਦਾ ਵਕੀਲ ਸੀ। ਇਹ ਉਸ ਦਾ ਪਹਿਲਾ ਸੈਸ਼ਨ ਕੇਸ ਸੀ। ਸੈਸ਼ਨ ਕੋਰਟ ਵਿਚ ਪੇਸ਼ ਹੁੰਦਿਆਂ ਤਾਂ ਵੱਡੇ-ਵੱਡੇ ਵਕੀਲਾਂ ਦੇ ਪਸੀਨੇ ਛੁੱਟ ਜਾਂਦੇ ਸਨ। ਇਹ ਕੇਸ ਉਸ ਵਿਚਾਰੇ ਦੇ ਵੱਸ ਦਾ ਨਹੀਂ ਸੀ।

ਗੁਰਮੀਤ ਸਰਕਾਰੀ ਵਕੀਲ ਜ਼ਰੂਰ ਰਿਹੈ। ਮਿਹਨਤੀ ਵੀ ਸੀ ਪਰ ਸਰਕਾਰੀ ਵਕਾਲਤ ਅਤੇ ਪ੍ਰਾਈਵੇਟ ਵਕਾਲਤ ਦਾ ਜ਼ਮੀਨ ਅਸਮਾਨ ਦਾ ਫ਼ਰਕ ਸੀ। ਸਰਕਾਰੀ ਵਕੀਲ ਅੱਗੇ ਬਣੀ-ਬਣਾਈ ਖੀਰ ਆ ਜਾਂਦੀ ਹੈ। ‘ਅੱਗੇ ਕੀ ਹੋਇਆ’, ‘ਫੇਰ ਕੀ ਹੋਇਆ?‘ ਹੀ ਆਖਣਾ ਸੀ। ਕਾਨੂੰਨ ਦੀ ਲੋੜ ਪਏ ਤਾਂ ਮੁਦੱਈ ਦਾ ਵਕੀਲ ਲਿਆ ਦਿੰਦਾ ਸੀ। ਪ੍ਰਾਈਵੇਟ ਵਕੀਲ ਨੂੰ ਸਾਰਾ ਤਾਣਾ-ਬਾਣਾ ਆਪ ਬੁਣਨਾ ਪੈਂਦਾ ਸੀ। ਆਪਣੇ ਦਿਮਾਗ਼ ਦੀ ਵਰਤੋਂ ਕਰ ਕੇ ਪੁਲਿਸ ਦੇ ਕਿਲ੍ਹੇ ਵਰਗੇ ਕੇਸ ਵਿਚ ਮਘੋਰਾ ਕਰ ਕੇ ਰਾਹ ਬਣਾਉਣਾ ਪੈਂਦਾ ਸੀ। ਇਹ ਮੁਹਾਰਤ ਸਮੇਂ ਨਾਲ ਹੀ ਆਉਂਦੀ ਸੀ।

ਇਸ ਤਰ੍ਹਾਂ ਦੇ ਹਵਾਈ ਕਿਲ੍ਹੇ ਉਸਾਰ ਕੇ ਬਚਨ ਸਿੰਘ ਕੇਸ ਦੀ ਅਹਿਮੀਅਤ ਨੂੰ ਸਮਝਣ ਅਤੇ ਜੱਜ ਦੀ ਤਾੜਨਾ ਦੇ ਬਾਵਜੂਦ ਵੀ ਕੇਸ ਵੱਲ ਧਿਆਨ ਨਹੀਂ ਸੀ ਦੇ ਰਿਹਾ। ਉਹ ਗਵਾਹਾਂ  ਨਾਲ ਗੱਪ-ਸ਼ੱਪ ਕਰਨ ਅਤੇ ਜਾਣ-ਪਹਿਚਾਣ ਵਧਾਉਣ ਵਿਚ ਮਸਰੂਫ਼ ਸੀ।

ਡਾਕਟਰ ਤੋਂ ਉਸ ਨੂੰ ਦਵਾਈਆਂ ਦੀ ਜ਼ਰੂਰਤ ਸੀ। ਉਸ ਦੀ ਬੇਟੀ ਮਿਰਗੀ ਦੀ ਬੀਮਾਰੀ ਦੀ ਸ਼ਿਕਾਰ ਸੀ। ਹਰ ਰੋਜ਼ ਗਾਰਡੀਨਲ ਦੀਆਂ ਕਈ ਗੋਲੀਆਂ ਖਾਣੀਆਂ ਪੈਂਦੀਆਂ ਸਨ। ਪਹਿਲਾਂ ਇਹ ਸੇਵਾ ਡਾਕਟਰ ਗੁਪਤਾ ਨਿਭਾਉਂਦਾ ਸੀ। ਉਹ ਬਦਲ ਚੁੱਕਾ ਸੀ। ਹੁਣ ਡਾਕਟਰ ਭਾਗ ਮੱਲ ਇਹ ਜ਼ਿੰਮੇਵਾਰੀ ਸੰਭਾਲੇ। ਬਚਨ ਸਿੰਘ ਆਪ ਵੀ ਕਈ ਦਿਨਾਂ ਤੋਂ ਕਮਜ਼ੋਰੀ ਮਹਿਸੂਸ ਕਰ ਰਿਹਾ ਸੀ। ਇਕ ਸ਼ੀਸ਼ੀ ਬੀਕਾਸੂਲ ਦੇ ਕੈਪਸੂਲਾਂ ਦੀ ਮਿਲ ਜਾਵੇ ਤਾਂ ਕਿਆ ਕਹਿਣੇ। ਸੋਫ਼ਰਾਮਾਈਸਨ ਦੀਆਂ ਦੋ ਟਿਊਬਾਂ ਵੀ ਚਾਹੀਦੀਆਂ ਸਨ। ਬੱਚੇ ਸੱਟਾਂ ਖਾਈ ਹੀ ਰੱਖਦੇ ਹਨ। ਕਾਟਨ ਤਾਂ ਹਸਪਤਾਲ ਵਿਚ ਆਮ ਹੁੰਦੀ ਹੈ, ਦੋ ਪੈਕਟ ਉਸ ਦੇ ਵੀ।

ਗੋਲੀ ਕੀਹਦੀ ਤੇ ਗਹਿਣੇ ਕੀਹਦੇ। ਹਸਪਤਾਲ ਦੀਆਂ ਦਵਾਈਆਂ ਵੀ ਕੋਈ ਦਵਾਈਆਂ  ਹੁੰਦੀਆਂ ਹਨ। ਖਾ ਕੇ ਚੰਗਾ-ਭਲਾ ਬੰਦਾ ਬੀਮਾਰ ਹੋ ਜਾਂਦੈ। ਡਾਕਟਰ ਨੇ ਝੱਟ ਰਮੇਸ਼ ਮੈਡੀਕਲ  ਹਾਲ ਦੇ ਨਾਂ ਪਰਚੀ ਲਿਖ ਦਿੱਤੀ। ਬਚਨ ਸਿੰਘ ਪਰਚੀ ਦਿਖਾ ਕੇ  ਦਵਾਈ ਲੈ ਲਵੇ।

ਡਾਕਟਰ ਨੂੰ ਖਾਣ-ਪੀਣ ਦੇ ਆਹਰ ਲਾ ਕੇ ਬਚਨ ਸਿੰਘ ਧਿਆਨ ਚੰਦ ਦੇ ਦੁਆਲੇ ਹੋ ਗਿਆ। ਉਸ ਨੂੰ ਉਸ ਤਕ ਵੀ ਕੰਮ ਸੀ।

ਸਮਾਂ ਥੋੜ੍ਹਾ ਸੀ। ਬਚਨ ਸਿੰਘ ਨੇ ਸੰਖੇਪ ਸ਼ਬਦਾਂ ਵਿਚ ਗੱਲ ਮੁਕਾਈ। ਧਿਆਨ ਚੰਦ ਨੂੰ ਇਕ ਚਿੱਟ ਫੜਾਈ। ਚਿੱਟ ’ਤੇ ਕੇਸ ਦਾ ਅਨੁਵਾਨ ਲਿਖਿਆ ਗਿਆ ਸੀ। ਇਸ ਕੇਸ ਵਿਚ ਬਚਨ ਸਿੰਘ ਨੂੰ ਧਿਆਨ ਚੰਦ ਦੀ ਮਦਦ ਦੀ ਜ਼ਰੂਰਤ ਸੀ। ਦੋਸ਼ੀਆਂ ’ਤੇ ਦੋਸ਼ ਸੀ ਕਿ ਉਹਨਾਂ ਨੇ ਫ਼ਰਜ਼ੀ ਬੰਦਾ ਖੜਾ ਕਰ ਕੇ ਵੀਹ ਕਿੱਲੇ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਸੀ। ਪੁਲਿਸ ਇਸ ਰਜਿਸਟਰੀ ’ਤੇ ਲੱਗੇ ਅੰਗੂਠੇ ਦਾ ਮੁਲਾਹਜ਼ਾ, ਇਕ ਹੋਰ ਰਜਿਸਟਰੀ ’ਤੇ ਲੱਗੇ ਅੰਗੂਠੇ ਨਾਲ ਕਰਵਾਉਣਾ ਚਾਹੰਦੀ ਸੀ। ਇਹ ਰਜਿਸਟਰੀ ਪੁਲਿਸ ਨੂੰ ਮੁਦੱਈ ਧਿਰ ਨੇ ਦਿੱਤੀ ਸੀ ਅਤੇ ਇਸ ਰਜਿਸਟਰੀ ’ਤੇ ਮਾਲਕ ਦਾ ਸਹੀ ਅੰਗੂਠਾ ਲੱਗਾ ਹੋਇਆ ਸੀ। ਪੁਲਿਸ ਨੇ ਦੋਵੇਂ ਰਜਿਸਟਰੀਆਂ ਮੁਆਇਨੇ ਤੇ ਰਿਪੋਰਟ ਲਈ ਫ਼ਿਲੌਰ ਭੇਜੀਆਂ ਸਨ।

ਅਸਲੀਅਤ ਵੀ ਇਹੋ ਸੀ। ਦੋਵੇਂ ਅੰਗੂਠੇ ਵੱਖ-ਵੱਖ ਸਨ। ਹੁਣ ਦੋਸ਼ੀਆਂ ਦਾ ਬਚਾਅ ਤਾਂ ਹੀ ਹੋ ਸਕਦਾ ਸੀ, ਜੇ ਫ਼ਿਲੌਰੋਂ ਇਹ ਰਿਪੋਰਟ ਆਵੇ ਕਿ ਦੋਹਾਂ ਦਸਤਾਵੇਜ਼ਾਂ ’ਤੇ ਇਕੋ ਵਿਅਕਤੀ ਦੇ ਅੰਗੂਠੇ ਸਨ। ਦੋਸ਼ੀ ਬਚਨ ਸਿੰਘ ਦੇ ਨੇੜੇ ਦੇ ਰਿਸ਼ਤੇਦਾਰ ਸਨ। ਇੱਜ਼ਤ ਦਾ ਸਵਾਲ ਸੀ। ਇਹ ਇੱਜ਼ਤ ਧਿਆਨ ਚੰਦ ਦੇ ਹੱਥ ਸੀ।

“ਤੁਸੀਂ ਖ਼ੁਦ ਸਿਆਣੇ ਹੋ ਵਕੀਲ ਸਾਹਿਬ) ਇਹ ਕਿਹੜਾ ਦਸਖ਼ਤ ਜਾਂ ਲਿਖਤ ਹੈ ਬਈ ਜਿਹੜੀ ਮਰਜ਼ੀ ਰਿਪੋਰਟ ਕਰ ਦੇਈਏ। ਹੱਥ-ਲਿਖਤ ਤਾਂ ਸਮੇਂ-ਸਮੇਂ ਬਦਲਦੀ ਰਹਿੰਦੀ ਹੈ। ਅੰਗੂਠੇ ਦਾ ਨਿਸ਼ਾਨ ਉਮਰ ਭਰ ਉਹੋ ਰਹਿੰਦਾ ਹੈ। ਵੱਖ-ਵੱਖ ਅੰਗੂਠਿਆਂ ਨੂੰ ਇਕੋ ਕਿਵੇਂ ਲਿਖਿਆ ਜਾ ਸਕਦੈ?”

ਧਿਆਨ ਚੰਦ ਲਈ ਇਹ ਕੰਮ ਜ਼ੋਖ਼ਮ ਭਰਿਆ ਸੀ। ਸਖੀ ਨਾਲੋਂ ਸੂਮ ਭਲਾ ਜੋ ਤੁਰਤ ਦੇਵੇ ਜਵਾਬ ਵਾਂਗ ਧਿਆਨ ਚੰਦ ਨੇ ਪਹਿਲਾਂ ਹੀ ਕਿਨਾਰਾ ਕਰਨਾ ਠੀਕ ਸਮਝਿਆ।

“ਤੂੰ ਫ਼ਿਕਰ ਨਾ ਕਰ। ਰਿਸ਼ਤੇਦਾਰੀ ਰਿਸ਼ਤੇਦਾਰੀ ਦੀ ਥਾਂ। ਆਪਾਂ ਤੈਨੂੰ ਠੋਕ ਕੇ ਫ਼ੀਸ ਦਿਖਾਵਾਂਗੇ। ਪੂਰੇ ਦਸ ਹਜ਼ਾਰ, ਪੰਜ ਮੈਂ ਲੈ ਰੱਖਿਐ। ਬਾਕੀ ਰਿਪੋਰਟ ਤੋਂ ਪਿੱਛੋਂ ਲੈ ਜਾਈਂ। ਮੇਰੀ ਜ਼ਿੰਮੇਵਾਰੀ ਹੈ।” ਮੱਛੀ ਹੱਥੋਂ ਨਿਕਲਦੀ ਦੇਖ ਕੇ ਬਚਨ ਸਿੰਘ ਨੇ ਪੈਂਤੜਾ ਬਦਲਿਆ।

“ਬੱਸ ਤੂੰ ਅੰਗੂਠੇ ’ਤੇ ਅੰਗੂਠਾ ਲਾ ਕੇ ਅਸਲ ਅੰਗੂਠੇ ਨੂੰ ਬੇਪਛਾਣ ਕਰ ਦੇ। ਫੇਰ ਮੈਂ ਆਪੇ ਸਾਂਭ ਲਊਂ। ਤਹਿਸੀਲਦਾਰ ਦੇ ਦਫ਼ਤਰ ਵਿਚਲਾ ਰਿਕਾਰਡ ਮੈਂ ਬਦਲਵਾ ਦਿੱਤੈ। ਅੰਗੂਠੇ ਲਾਉਣ ਵਾਲਾ ਪਹਿਲਾਂ ਹੀ ਮਰ ਚੁੱਕੈ। ਬਸ ਇਹੋ ਸਬੂਤ ਬਾਕੀ ਹੈ। ਇਕ ਵਾਰ ਅੰਗੂਠਾ ਬੇਪਛਾਣ ਹੋ ਗਿਆ ਤਾਂ ਸਾਡਾ ਕੰਮ ਬਣ ਜਾਊ।

ਪੰਜ ਹਜ਼ਾਰ ਦੇ ਨੋਟ ਧਿਆਨ ਚੰਦ ਤੋਂ ਮੋੜੇ ਨਾ ਗਏ।

“ਫ਼ਲੌਰ ਆਉਣ ਤਕ ਬਥੇਰੇ ਹੱਥਾਂ ਤਾਈਂ ਨਿਕਲੇ ਹੋਣਗੇ ਇਹ ਕਾਗ਼ਜ਼। ਕੋਈ ਪੁੱਛੂ ਤਾਂ ਆਖ ਦੇਵਾਂਗੇ ਖ਼ਬਰੇ ਕਿਸ ਨੇ ਸ਼ਰਾਰਤ ਕੀਤੀ ਹੈ।” ਸੋਚਦੇ ਧਿਆਨ ਚੰਦ ਨੇ ਕੰਮ ਹੋ ਜਾਣ ਦਾ ਬਚਨ ਦੇ ਦਿੱਤਾ।

ਇਹ ਜ਼ਿੰਮੇਵਾਰੀ ਨਿਭਾ ਕੇ ਬਚਨ ਸਿੰਘ ਹਲਕਾ-ਫੱਲ ਮਹਿਸੂਸ ਕਰਨ ਲੱਗਾ। ਨਿਸ਼ਚਿੰਤ ਹੋ ਕੇ ਉਹ ਦਫ਼ਤਰ ਆ ਬੈਠਾ। ਹੁਣ ਜੱਜ ਜਦੋਂ ਮਰਜ਼ੀ ਕੇਸ ਸ਼ੁਰੂ ਕਰ ਲਏ।

 

 

14

ਦਸ ਵਜੇ ਤੋਂ ਪਹਿਲਾਂ ਹੀ ਕੋਰਟ ਰੂਮ ਦਰਸ਼ਕਾਂ ਨਾਲ ਭਰ ਗਿਆ।

ਕੋਰਟ ਰੂਮ ਦੇ ਬਾਹਰ ਉਸ ਤੋਂ ਵੱਧ ਭੀੜ ਸੀ। ਸੰਘ ਦੇ ਬਹੁਤ ਸਾਰੇ ਵਰਕਰ ਪਿੱਪਲ ਹੇਠਾਂ ਜੁੜੇ ਖੜੋਤੇ ਸਨ। ਉਹ ਨਾਅਰੇਬਾਜ਼ੀ ਦੇ ਮੌਕੇ ਦੀ ਤਲਾਸ਼ ਵਿਚ ਸਨ।

ਸੰਮਤੀ ਦੇ ਬਹੁਤ ਸਾਰੇ ਕਾਰਕੁਨ ਵੀ ਕਚਹਿਰੀ ਦੇ ਅਹਾਤੇ ਵਿਚ ਮੌਜੂਦ ਸਨ। ਬਾਬਾ ਜੀ ਵੀ ਹਾਜ਼ਰ ਸਨ ਪਰ ਸੰਮਤੀ ਦੀ ਹਾਜ਼ਰੀ ਮਹਿਸੂਸ ਨਹੀਂ ਸੀ ਹੋ ਰਹੀ। ਉਹ ਇਧਰ-ਉਧਰ ਖਿੰਡੇ ਹੋਏ ਸਨ। ਫੇਰ ਵੀ ਉਹਨਾਂ ਵਿਚ ਗੁਪਤ ਤਾਲਮੇਲ ਕਾਇਮ ਸੀ। ਸੰਘ ਦੇ ਪਹਿਲੇ ਨਾਅਰੇ ਦੇ ਜਵਾਬ ਵਿਚ ਉਹਨਾਂ ਅਸਮਾਨ ਗੂੰਜਣ ਲਾ ਦੇਣਾ ਸੀ।

ਅਦਾਲਤ ਨੇ ਗਵਾਹਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਸੀ। ਮਾਹਿਰ ਗਵਾਹ ਅਤੇ ਸਾਧਾਰਨ ਗਵਾਹ। ਦੁਪਹਿਰ ਤੋਂ ਪਹਿਲਾਂ ਮਾਹਿਰ ਗਵਾਹਾਂ ਦੇ ਬਿਆਨ ਲਿਖੇ ਜਾਣੇ ਸਨ। ਬਾਅਦ ਦੁਪਹਿਰ ਮੋਦਨ ਰੇੜ੍ਹੀ ਵਾਲੇ, ਬਾਬੂ ਰਿਕਸ਼ੇ ਵਾਲੇ, ਸਕੂਲ ਦੇ ਚਪੜਾਸੀ, ਮੀਤੇ ਦੀ ਗੁਆਂਢਣ ਭਾਗੋ ਅਤੇ ਬਸਤੀ ਦੇ ਦੁਕਾਨਦਾਰ ਗ਼ਫ਼ੂਰ ਦੀ ਵਾਰੀ ਆਉਣੀ ਸੀ।

ਇਸੇ ਹੀ ਢੰਗ ਨਾਲ ਵਕੀਲਾਂ ਨੇ ਆਪਣੀ ਡਿਊਟੀ ਵੰਡੀ ਸੀ

ਮਾਹਿਰਾਂ ਦੇ ਬਿਆਨ ਸਰਕਾਰੀ ਵਕੀਲ ਨੇ ਕਰਾਉਣੇ ਸਨ। ਬਾਕੀ ਦੇ ਭੰਡਾਰੀ ਨੇ।

ਮਾਹਿਰਾਂ ’ਤੇ ਜਿਰਾਹ ਪਿਆਰੇ ਲਾਲ ਨੇ ਕਰਨੀ ਸੀ ਅਤੇ ਬਾਕੀ ਗਵਾਹਾਂ ’ਤੇ ਮੋਹਨ ਜੀਨੇ।

ਸਫ਼ਾਈ ਦੇ ਵਕੀਲ ਪੌਣੇ ਦਸ ਵਜੇ ਹੀ ਕੋਰਟ ਰੂਮ ਵਿਚ ਆ ਬਿਰਾਜੇ।

ਦਸ ਵੱਜਣ ਤੋਂ ਪੰਜ ਮਿੰਟ ਪਹਿਲਾਂ ਸਰਕਾਰੀ ਵਕੀਲ ਨੇ ਵੀ ਆਪਣੀ ਕੁਰਸੀ ਆ ਮੱਲੀ।

ਅਦਾਲਤ ਦੇ ਕਲਾਕ ਨੇ ਜਿਉਂ ਹੀ ਦਸ ਵਜਾਏ, ਪਿਛਲੇ ਦਰਵਾਜ਼ਿਉਂ ਨਾਥ ਸਾਹਿਬ ਵੀ ਅਦਾਲਤ ਵਿਚ ਪ੍ਰਵੇਸ਼ ਕਰ ਗਏ।

ਕੋਰਟ ਰੂਮ ਵਿਚ ਹਾਜ਼ਰ ਹਰ ਛੋਟਾ-ਵੱਡਾ ਸ਼ਹਿਰੀ ਅਦਾਲਤ ਦੀ ਵਡਿਆਈ ਲਈ ਖੜਾ ਹੋ ਗਿਆ। ਸਭ ਓਨਾ ਚਿਰ ਖੜੇ ਰਹੇ ਜਿੰਨਾ ਚਿਰ ਮਾਨਯੋਗ ਜੱਜ ਸਾਹਿਬ ਨੇ ਕੁਰਸੀ ਨਾ ਸੰਭਾਲ ਲਈ।

ਜੱਜ ਦੇ ਬੈਠਦਿਆਂ ਹੀ ਬਾਕੀ ਅਹਿਲਕਾਰਾਂ, ਵਕੀਲਾਂ ਅਤੇ ਦਰਸ਼ਕਾਂ ਨੇ ਵੀ ਆਪਣੇ- ਆਪਣੇ ਸਥਾਨ ਗ੍ਰਹਿਣ ਕਰ ਲਏ।

ਜੱਜ ਦੇ ਸੱਜੇ ਹੱਥ ਬੈਠੇ ਰੀਡਰ ਨੇ ਸੁਣਵਾਈ ਲਈ ਰੱਖੇ ਕੇਸਾਂ ਦੀ ਸੂਚੀ ’ਤੇ ਝਾਤ ਮਾਰੀ। ਸੂਚੀ ਵਿਚ ਕੇਵਲ ਇਕੋ ਕੇਸ ਸੀ। ਸਰਕਾਰ ਬਨਾਮ ਪਾਲਾ ਸਿੰਘ ਵਗ਼ੈਰਾ।

ਰੀਡਰ ਨੇ ਮੇਜ਼ ’ਤੇ ਪਈ ਮਿਸਲ ਚੁੱਕੀ, ਅਰਦਲੀ ਨੂੰ ਮਿਸਲ ਦਾ ਅਨੁਵਾਨ ਪੜ੍ਹ ਕੇ ਸਣਾਇਆ ਅਤੇ ਮੁੜ ਮਿਸਲ ਜੱਜ ਸਾਹਿਬ ਦੇ ਅੱਗੇ ਰੱਖ ਦਿੱਤੀ।

ਰੀਡਰ ਦੇ ਮੂੰਹੋਂ ਮੁਕੱਦਮੇ ਦਾ ਨਾਂ ਨਿਕਲਦਿਆਂ ਹੀ ਦੋਹਾਂ ਧਿਰਾਂ ਦੇ ਵਕੀਲਾਂ ਨੇ ਆਪਣੀਆਂ- ਆਪਣੀਆਂ ਕੁਰਸੀਆਂ ਛੱਡੀਆਂ ਅਤੇ ਲੈਕਚਰ ਸਟੈਂਡ ਮੱਲ ਲਏ।

ਮੁਕੱਦਮੇ ਦੇ ਅਨੁਵਾਨ ਨੂੰ ਕਈ-ਕਈ ਵਾਰ ਦੁਹਰਾਉਂਦੇ ਅਰਦਲੀ ਅਦਾਲਤ ਦੇ ਦਰਵਾਜ਼ੇ ਕੋਲ ਪੁੱਜਾ ਅਤੇ ਆਵਾਜ਼ਾਂ ਮਾਰਨ ਲੱਗਾ।

“ਸਰਕਾਰ ਬਨਾਮ ਪਾਲਾ ਸਿੰਘ ਵਗ਼ੈਰਾ.....ਹਾਜ਼ਰ ਹੋ.....।”

ਪਾਲੇ ਅਤੇ ਮੀਤੇ ਨੂੰ ਹੱਥਕੜੀਆਂ ਵਿਚ ਜਕੜੀ ਖੜੇ ਸਿਪਾਹੀ ਪਹਿਲਾਂ ਹੀ ਆਵਾਜ਼ ਦੀ ਉਡੀਕ ਵਿਚ ਸਨ। ਝੱਟ ਉਹ ਉਹਨਾਂ ਨੂੰ ਅਦਾਲਤ ਅੰਦਰ ਲੈ ਗਏ।

ਦੋਸ਼ੀਆਂ ਨੇ ਝੁਕ ਕੇ ਸਲਾਮ ਬੁਲਾਈ। ਸਿਪਾਹੀਆਂ ਨੇ ਜ਼ੋਰ ਨਾਲ ਬੂਟ ਖੜਕਾ ਕੇ ਸਲੂਟ ਮਾਰੇ। ਫੇਰ ਉਹ ਸਾਰੇ ਦੋਸ਼ੀਆਂ ਦੇ ਕਟਹਿਰੇ ਕੋਲ ਆ ਗਏ।

ਗਵਾਹੀ ਲਈ ਪਹਿਲਾਂ ਡਾਕਟਰ ਸ਼ਰਮਾ ਨੂੰ ਬੁਲਾਇਆ ਗਿਆ। ਪੋਸਟ ਮਾਰਟਮ ਵਾਲਾ ਰਜਿਸਟਰ ਲੈ ਕੇ ਉਹ ਸਿੱਧਾ ਗਵਾਹਾਂ ਦੇ ਕਟਹਿਰੇ ਵਿਚ ਜਾ ਖੜੋਤਾ।

ਸੁਣਵਾਈ ਸ਼ੁਰੂ ਹੋਈ। ਆਪਣਾ ਨਾਂ-ਪਤਾ ਲਿਖਾਉਣ ਤੋਂ ਪਹਿਲਾਂ ਡਾਕਟਰ ਨੇ ਸਹੁੰ ਖਾਧੀ, “ਜੋ ਕੁਝ ਆਖਾਂਗਾ, ਧਰਮ ਨੂੰ ਜਾਣ ਕੇ ਸੱਚ ਆਖਾਂਗਾ।”

ਵੀਹ ਅਕਤੂਬਰ ਦੀ ਸ਼ਾਮ ਨੂੰ ਡਾਕਟਰ ਨੇ ਬੰਟੀ ਨਾਂ ਦੇ ਇਕ ਬੱਚੇ ਦਾ ਪੋਸਟ ਮਾਰਟਮ ਕੀਤਾ ਸੀ। ਲਾਸ਼ ਦਾ ਮੁਆਇਨਾ ਕਰਨ ’ਤੇ  ਉਸ ਨੂੰ ਪਤਾ ਲੱਗਾ ਸੀ ਕਿ ਪਹਿਲਾਂ ਕਤਲ ਦੇ ਇਰਾਦੇ ਨਾਲ ਬੱਚੇ ਦੇ ਸਿਰ ਵਿਚ ਰਾਡ ਮਾਰੀ ਗਈ ਸੀ। ਕਿਸੇ ਕਾਰਨ ਬੱਚਾ ਬਚ ਗਿਆ। ਫੇਰ ਉਹੋ ਰਾਡ ਬੱਚੇ ਦੀ ਗਰਦਨ ’ਤੇ ਰੱਖ ਕੇ ਦਬਾ ਦਿੱਤੀ ਗਈ। ਮੁਆਇਨੇ ਸਮੇਂ ਬੱਚੇ ਦੀਆਂ ਗੱਲ੍ਹਾਂ ’ਤੇ ਹੰਝੂਆਂ ਦੇ ਨਿਸ਼ਾਨ ਸਨ। ਅੱਖਾਂ ਬਾਹਰ ਨੂੰ ਆਈਆਂ ਹੋਈਆਂ ਸਨ। ਉਹ ਸੁੱਕ ਕੇ ਤੀਲਾ ਹੋਇਆ-ਹੋਇਆ ਸੀ। ਬਦਨ ’ਤੇ ਕੋਈ ਕੱਪੜਾ ਮੌਜੂਦ ਨਹੀਂ ਸੀ।

ਜੇ ਪਿਆਰੇ ਲਾਲ ਦਾ ਉਦੇਸ਼ ਆਪਣੀ ਵਕਾਲਤ ਚਮਕਾਉਣਾ ਹੁੰਦਾ ਤਾਂ ਉਹ ਆਪਣੀ ਲਿਆਕਤ ਦਾ ਸਿੱਕਾ ਜਮਾਉਣ ਲਈ ਡਾਕਟਰ ਤੋਂ ਔਖੇ-ਔਖੇ ਸਵਾਲ ਪੁੱਛਦਾ। ਡਾਕਟਰ ਦੇ ਹਰ ਜਵਾਬ ’ਤੇ ਕਾਨੂੰਨੀ ਨੁਕਤਾਚੀਨੀ ਕਰਦਾ। ਨਿੱਕੇ-ਨਿੱਕੇ ਨੁਕਤੇ ਉਠਾ ਕੇ ਜੱਜ ਨਾਲ ਬਹਿਸਦਾ। ਆਪਣੀ ਦਲੀਲ ਦੀ ਪੁਸ਼ਟੀ ਲਈ ਕਾਨੂੰਨ ਦੀਆਂ ਕਿਤਾਬਾਂ ਪੇਸ਼ ਕਰਦਾ।

ਊਟ-ਪਟਾਂਗ ਸਵਾਲ ਦੀ ਥਾਂ ਉਸ ਨੇ ਡਾਕਟਰ ਤੋਂ ਦੋ ਹੀ ਸਪੱਸ਼ਟੀਕਰਣ ਮੰਗੇ।

ਡਾਕਟਰ ਦੀ ਰਿਪੋਰਟ ਅਨੁਸਾਰ ਮਰਨ ਸਮੇਂ ਬੱਚੇ ਦਾ ਪੇਟ ਖ਼ਾਲੀ ਸੀ। ਡਾਕਟਰ ਦੇ ਅੰਦਾਜ਼ੇ ਅਨੁਸਾਰ ਪੇਟ ਕਿੰਨੇ ਕੁ ਦਿਨ ਖ਼ਾਲੀ ਰਿਹਾ ਹੋਏਗਾ।

ਸਵਾਲ ਸੁਣ ਕੇ ਡਾਕਟਰ ਠਠੰਬਰ ਗਿਆ। ਅਸਲੀਅਤ ਇਹ ਸੀ ਕਿ ਉਸ ਨੇ ਪੋਸਟ ਮਾਰਟਮ ਧਿਆਨ ਨਾਲ ਕੀਤਾ ਹੀ ਨਹੀਂ ਸੀ। ਡਾਕਟਰ ਨੂੰ ਦੱਸਿਆ ਗਿਆ ਸੀ ਕਿ ਇਹ ਅਤਿਵਾਦੀ ਕੇਸ ਹੈ। ਕਿਹੜਾ ਦੋਸ਼ੀ ਫੜੇ ਜਾਣੇ ਹਨ? ਫੜੇ ਵੀ ਗਏ ਤਾਂ ਕਿਸੇ ਨੇ ਗਵਾਹੀ ਨਹੀਂ ਦੇਣੀ। ਡਾਕਟਰ ਨੇ ਬੱਸ ਰਿਪੋਰਟ ਦੇਣ ਦਾ ਜ਼ਾਬਤਾ ਹੀ ਪੂਰਾ ਕਰਨਾ ਹੈ। ਪੁਲਿਸ ਦੇ ਇਸ ਮਸ਼ਵਰੇ ਨੂੰ ਧਿਆਨ ਵਿਚ ਰੱਖਦਿਆਂ ਹੀ ਡਾਕਟਰ ਨੇ ਮੌਤ ਸਮੇਂ ਬੱਚੇ ਦਾ ਪੇਟ ਖ਼ਾਲੀ ਹੋਣਾ ਲਿਖਿਆ ਸੀ। ਜੇ ਪੇਟ ਵਿਚੋਂ ਕੁਝ ਮਿਲਿਆ ਦਿਖਾਇਆ ਹੁੰਦਾ ਤਾਂ ਪੇਟ ਵਿਚੋਂ ਮਿਲੀ ਵਸਤੂ ਨੂੰ ਟੈਸਟ ਲਈ ਕੈਮੀਕਲ ਐਗਜ਼ਾਮੀਨਰ ਕੋਲ ਭੇਜਣਾ ਪੈਣਾ ਸੀ। ਵਿਸਰੇ ਨੂੰ ਉੇਥੇ ਤਕ ਪਹੁੰਚਾਉਣ ਲਈ ਪੰਜਾਹ ਝੰਜਟਾਂ ਵਿਚ ਪੈਣਾ ਪੈਣਾ ਸੀ। ਇਹਨਾਂ ਝੰਜਟਾਂ ਤੋਂ ਬਚਣ ਲਈ ਹੀ ਡਾਕਟਰ ਨੇ ਇਹ ਸੌਖਾ ਰਾਹ ਅਪਣਾਇਆ ਸੀ, ਪਰ ਵਕੀਲ ਦੇ ਸਵਾਲ ਨੇ ਉਹੋ ਝੰਜਟ ਫੇਰ ਖੜਾ ਕਰ ਦਿੱਤਾ।

“ਇੰਜ ਲੱਗਦਾ ਸੀ ਜਿਵੇਂ ਹਫ਼ਤਾ ਭਰ ਬੱਚੇ ਦੇ ਪੇਟ ਵਿਚ ਖਿੱਲ ਤਕ ਨਾ ਗਈ ਹੋਵੇ।” ਖਹਿੜਾ ਛੁਡਾਉਣ ਲਈ ਡਾਕਟਰ ਨੇ ਅੰਦਾਜ਼ੇ ਨਾਲ ਤੀਰ ਛੱਡਿਆ।

ਬੱਚੇ ਦੇ ਅਗਵਾ ਹੋਣ ਤੋਂ ਦੋ ਦਿਨ ਪਹਿਲਾਂ ਸਕੂਲ ਵਿਚ ਬੱਚਿਆਂ ਦਾ ਡਾਕਟਰੀ ਮੁਆਇਆ ਹੋਇਆ ਸੀ। ਉਸ ਅਨੁਸਾਰ ਬੱਚੇ ਦਾ ਭਾਰ ਤੀਹ ਕਿੱਲੋ ਸੀ। ਪੋਸਟ ਮਾਰਟਮ ਸਮੇਂ ਇਹ ਭਾਰ ਵੀਹ ਕਿੱਲੋ ਸੀ।

“ਵੀਹ ਦਿਨਾਂ ਵਿਚ ਦਸ ਕਿੱਲੋ ਭਾਰ ਘਟਣ ਦਾ ਭਲਾ ਕੀ ਕਾਰਨ ਹੋ ਸਕਦਾ ਹੈ?”

“ਭੁੱਖ ਅਤੇ ਦਹਿਸ਼ਤ।” ਇਸ ਸਵਾਲ ਦਾ ਜਵਾਬ ਦੇਣ ਵਿਚ ਡਾਕਟਰ ਨੂੰ ਕੋਈ ਦਿੱਕਤ ਪੇਸ਼ ਨਹੀਂ ਸੀ ਆਈ। ਇਥੇ ਮਹਿਜ਼ ਉਸ ਦੀ ਰਾਏ ਜਾਣੀ ਗਈ ਸੀ।

“ਦਹਿਸ਼ਤ ਹੁੰਦਿਆਂ ਵੀ ਜੇ ਰੱਜਵਾਂ ਖਾਣਾ ਮਿਲਦਾ ਰਹੇ ਤਾਂ ਕੀ ਇੰਨਾ ਭਾਰ ਘੱਟ ਸਕਦਾ ਹੈ?” ਪਿਆਰੇ ਲਾਲ ਦਾ ਅਗਲਾ ਸਵਾਲ ਸੀ।

“ਨਹੀਂ।”

“ਤਾਂ ਇਸ ਦਾ ਮਤਲਬ ਹੈ ਕਿ ਭਾਰ ਘਟਣ ਦਾ ਵੱਡਾ ਕਾਰਨ ਭੁੱਖ ਸੀ।”

“ਜੀ ਹਾਂ।”

ਪਹਿਲਾ ਨੁਕਤਾ ਸਪੱਸ਼ਟ ਕਰਵਾ ਕੇ ਪਿਆਰੇ ਲਾਲ ਨੇ ਦੂਜਾ ਨੁਕਤਾ ਛੋਹਿਆ। ਇਹ ਨੁਕਤਾ ਬੱਚੇ ਨੂੰ ਕਤਲ ਕਰਨ ਲਈ ਵਰਤੀ ਗਈ ਰਾਡ ਦੇ ਡਾਇਆਮੀਟਰ ਸੰਬੰਧੀ ਸੀ।

“ਬੱਚੇ ਦਾ ਸਿਰ ਛੋਟੀ ਵੀ ਹੁੰਦਾ ਹੈ ਅਤੇ ਨਾਜ਼ੁਕ ਵੀ। ਫੁੱਲ ਵਰਗੇ ਸਿਰ ਨੂੰ ਖੱਖੜੀ-ਖੱਖੜੀ ਕਰਨ ਲਈ ਅਸਫਲ ਹੋਈ ਰਾਡ ਦਾ ਡਾਇਆਮੀਟਰ ਭਲਾ ਕਿੰਨਾ ਕੁ ਹੋਵੇਗਾ?”

ਜਵਾਬ ਸਪੱਸ਼ਟ ਸੀ। ਜ਼ਖ਼ਮ ਦੀ ਲੰਬਾਈ, ਚੌੜਾਈ ਅਤੇ ਡੂੰਘਾਈ ਡਾਕਟਰ ਨੇ ਆਪਣੀ ਰਿਪੋਰਟ ਵਿਚ ਦਰਜ ਕੀਤੀ ਹੋਈ ਸੀ। ਜ਼ਖ਼ਮ ਮੁਤਾਬਕ ਰਾਡ ਦੀ ਗੋਲਾਈ ਡੇਢ-ਦੋ ਇੰਚ ਦੇ ਵਿਚਕਾਰ ਹੋਣੀ ਚਾਹੀਦੀ ਸੀ।

“ਭਾਵ ਇਹ ਕਿ ਬੱਚੇ ਨੂੰ ਸੱਟ ਮਾਰਨ ਲਈ ਖਿੜਕੀਆਂ, ਰੌਸ਼ਨਦਾਨਾਂ ਵਿਚ ਵਰਤੇ ਜਾਂਦੇ ਕਿਸੇ ਸਾਧਾਰਨ ਜਿਹੇ ਸਰੀਏ ਦੀ ਵਰਤੋਂ ਕੀਤੀ ਗਈ ਹੋਵੇਗੀ?”

“ਇੰਜ ਹੀ ਜਾਪਦਾ ਹੈ”

“ਕੀ ਇਹ ਜ਼ਖ਼ਮ ਅਜਿਹੀ ਸੱਬਲ ਨਾਲ ਸੰਭਵ ਹੈ, ਜਿਸ ਦਾ ਡਾਇਆਮੀਟਰ ਚਾਰ ਇੰਚ ਹੋਵੇ?”

“ਨਹੀਂ। ਅਜਿਹੀ ਸੱਬਲ ਤਾਂ ਬੱਚੇ ਦੀ ਚਟਨੀ ਬਣਾ ਦਿੰਦੀ ਹੈ।”

“ਬਹੁਤ-ਬਹੁਤ ਧੰਨਵਾਦ। ਤੁਸੀਂ ਜਾ ਸਕਦੇ ਹੋ।” ਮਤਲਬ ਦਾ ਜਵਾਬ ਹਾਸਲ ਕਰ ਕੇ ਪਿਆਰੇ ਲਾਲ ਨੇ ਡਾਕਟਰ ਨੂੰ ਫ਼ਾਰਗ ਕੀਤਾ।

ਡਾਕਟਰ ਦੇ ਤੁਰ ਜਾਣ ’ਤੇ ਸਰਕਾਰੀ ਵਕੀਲ ਨੇ ਅਗਲੇ ਗਵਾਹ ਦਾ ਨਾਂ-ਪਤਾ ਦੱਸਣਾ ਸੀ। ਅਰਦਲੀ ਨੇ ਉਸ ਗਵਾਹ ਨੂੰ ਆਵਾਜ਼ ਮਾਰਨੀ ਸੀ। ਫੇਰ ਉਸ ਗਵਾਹ ਦੀ ਗਵਾਹੀ ਸ਼ੁਰੂ ਹੋਣੀ ਸੀ।

ਪਰ ਬਚਨ ਸਿੰਘ ਨੂੰ ਅਗਲੇ ਗਵਾਹ ਦਾ ਨਾਂ-ਪਤਾ ਦੱਸਣ ਦੀ ਸੁੱਧ ਨਹੀਂ ਸੀ। ਸਫ਼ਾਈ ਧਿਰ ਨੇ ਇਹ ਸਵਾਲ ਕਿਸ ਆਸ਼ੇ ਨਾਲ ਪੁੱਛੇ ਸਨ? ਉਹ ਇਹ ਗੁੱਥੀ ਸੁਲਝਾਉਣ ਵਿਚ ਰੁੱਝਾ ਹੋਇਆ ਸੀ। ਬੱਚੇ ਦੇ ਭੁੱਖੇ ਰਹਿਣ ਜਾਂ ਵਜ਼ਨ ਦੇ ਘਟਣ ਬਾਰੇ ਸਵਾਲ ਕਿਉਂ ਪੁੱਛੇ ਗਏ, ਇਹ ਤਾਂ ਉਸ ਨੂੰ ਸਮਝ ਨਾ ਆਈ ਪਰ ਰਾਡ ਦੇ ਡਾਇਆਮੀਟਰ ਵਾਲੀ ਪਹੇਲੀ ਸਪੱਸ਼ਟ ਸੀ। ਪੋਸਟ ਮਾਰਟਮ ਰਿਪੋਰਟ ਅਨੁਸਾਰ ਰਾਡ ਦੀ ਗੋਲਾਈ ਓਨੀ ਹੀ ਬਣਦੀ ਸੀ, ਜਿੰਨੀ ਡਾਕਟਰ ਨੇ ਦੱਸੀ ਪਰ ਬੇਵਕੂਫ਼ ਥਾਣੇਦਾਰ ਨੇ ਦੋਸ਼ੀਆਂ ਕੋਲੋਂ ਜਿਹੜੀ ਸੱਬਲ ਬਰਾਮਦ ਕੀਤੀ ਸੀ, ਉਸ ਦਾ ਡਾਇਆਮੀਟਰ ਇਸ ਤੋਂ ਕਈ ਗੁਣਾਂ ਵੱਧ ਸੀ। ਬਰਾਮਦ ਹੋਈ ਸੱਬਲ ਦੀ ਸੱਟ ਨਾਲ ਤਾਂ ਦਾਰਾ ਸਿੰਘ ਵਰਗਾ ਪਹਿਲਵਾਨ ਵੀ ਪਾਣੀ ਨਾ ਮੰਗ ਸਕਦਾ।

ਸਫ਼ਾਈ ਧਿਰ ਨੂੰ ਪਹਿਲੇ ਹੀ ਹੱਲੇ ਮਿਲੀ ਕਾਮਯਾਬੀ ’ਤੇ ਬਚਨ ਸਿੰਘ ਖਿਝ ਰਿਹਾ ਸੀ।

“ਚਲੋ ਦੇਖੀ ਜਾਏਗੀ। ਅਜਿਹੀਆਂ ਛੋਟੀਆਂ-ਮੋਟੀਆਂ ਊਣਤਾਈਆਂ ਦੇ ਆਧਾਰ ’ਤੇ ਦੋਸ਼ੀ ਬਰੀ ਥੋੜ੍ਹਾ ਹੋ ਜਾਣੇ ਨੇ।” ਸੋਚਦੇ ਬਚਨ ਸਿੰਘ ਨੇ ਮਨ ਨਾਲ ਸਮਝੌਤਾ ਕੀਤਾ ਅਤੇ ਅਗਲੇ ਗਵਾਹ ਦਾ ਨਾਂ-ਪਤਾ ਦੱਸਿਆ।

ਧਿਆਨ ਚੰਦ ਵੀ ਗਵਾਹੀ ਦੇਣ ਦੇ ਕਾਇਦੇ-ਕਾਨੂੰਨ ਤੋਂ ਵਾਕਿਫ਼ ਸੀ। ਉਸ ਨਾਂ-ਪਤਾ ਲਿਖਾਇਆ, ਸਹੁੰ ਖਾਧੀ ਅਤੇ ਆਪਣਾ ਬਿਆਨ ਦਰਜ ਕਰਾਉਣ ਲੱਗਾ।

ਇਸ ਸਾਇੰਟਿਫ਼ਿਕ ਅਫ਼ਸਰ ਨੇ ਇਸ ਮੁਕੱਦਮੇ ਨਾਲ ਸੰਬੰਧਤ ਉਂਗਲਾਂ ਦੇ ਨਿਸ਼ਾਨਾਂ ਦਾ ਮਿਲਾਨ ਕੀਤਾ ਸੀ।

ਬੰਟੀ ਦੀ ਲਾਸ਼ ਖੁਰਦ-ਬੁਰਦ ਕਰਦੇ ਸਮੇਂ ਦੋਸ਼ੀਆਂ ਤੋਂ ਇਕ ਕੁਤਾਹੀ ਹੋਈ ਸੀ। ਲਾਸ਼ ਨੂੰ ਹਸਪਤਾਲ ਦੇ ਵੀਰਾਨ ਕਮਰੇ ਵਿਚ ਸੁੱਟਦੇ ਸਮੇਂ ਉਹ ਹੱਥਾਂ ’ਤੇ ਦਸਤਾਨੇ ਚੜ੍ਹਾਉਣਾ ਭੁੱਲ ਗਏ ਸਨ। ਨਤੀਜੇ ਵਜੋਂ ਉਂਗਲਾਂ ਦੇ ਕੁਝ ਨਿਸ਼ਾਨ ਮੌਕੇ ’ਤੇ ਰਹਿ ਗਏ। ਉਸ ਥਾਂ ਦੀ ਪੜਤਾਲ ਸਮੇਂ ਮਾਹਿਰਾਂ ਨੇ ਇਹ ਨਿਸ਼ਾਨ ਲੱਭ ਲਏ ਸਨ। ਕਾਇਦੇ ਅਨੁਸਾਰ ਇਹਨਾਂ ਨੂੰ ਲਿਫ਼ਾਫ਼ੇ ਵਿਚ ਬੰਦ ਕਰ ਕੇ ਲਿਫ਼ਾਫ਼ੇ ਨੂੰ ਸਰਬ-ਮੋਹਰ ਕਰ ਕੇ ਫਿੰਗਰ-ਪ੍ਰਿੰਟ ਬਿਓਰੋ ਫ਼ਿਲੌਰ ਕੋਲ ਜਮ੍ਹਾਂ ਕਰਾਇਆ ਗਿਆ ਸੀ।

ਪੰਦਰਾਂ ਦਿਨਾਂ ਬਾਅਦ ਦੋਸ਼ੀਆਂ ਨੂੰ ਫੜ ਲਿਆ ਗਿਆ ਸੀ। ਉਹਨਾਂ ਦੀਆਂ ਉਂਗਲਾਂ ਦੇ ਨਿਸ਼ਾਨ ਤਹਿਸੀਲਦਾਰ ਸਾਹਮਣੇ ਲਏ ਗਏ ਸਨ। ਅਗਲੇ ਦਿਨ ਵਿਸ਼ੇਸ਼ ਦੂਤ ਰਾਹੀਂ ਉਹ ਨਿਸ਼ਾਨ ਵੀ ਫ਼ਿਲੌਰ ਭੇਜ ਦਿੱਤੇ ਗਏ ਸਨ।

ਫ਼ਿਲੌਰ ਵਾਲਿਆਂ ਨੇ ਸੁਰੱਖਿਅਤ ਰੱਖੇ ਨਿਸ਼ਾਨਾਂ ਨੂੰ ਦੋਸ਼ੀਆਂ ਦੇ ਨਿਸ਼ਾਨਾਂ ਨਾਲ ਮਿਲਾਉਣਾ ਸੀ ਅਤੇ ਦੱਸਣਾ ਸੀ ਕਿ ਉਹਨਾਂ ਵਿਚੋਂ ਕੋਈ ਇਹਨਾਂ ਦੋਸ਼ੀਆਂ ਦੇ ਸਨ ਜਾਂ ਨਹੀਂ।

ਇਹ ਫ਼ਰਜ਼ ਧਿਆਨ ਚੰਦ ਨੇ ਨਿਭਾਏ ਸਨ। ਸਾਰੇ ਵਿਗਿਆਨਕ ਢੰਗ ਤਰੀਕੇ ਅਪਣਾ ਕੇ ਉਹ ਇਸ ਸਿੱਟੇ ’ਤੇ ਪੁੱਜਾ ਸੀ ਕਿ ਵਕੂਏ ਵਾਲੀ ਥਾਂ ਤੋਂ ਮਿਲੇ ਨਿਸ਼ਾਨ ਮੀਤੇ ਦੋਸ਼ੀ ਦੇ ਸਨ। ਇਸ ਤਰ੍ਹਾਂ ਉਸ ਦੀ ਰਿਪੋਰਟ ਇਹ ਸਾਬਤ ਕਰਦੀ ਸੀ ਕਿ ਮੀਤਾ ਜੁਰਮ ਵਿਚ ਭਾਗੀਦਾਰ ਸੀ।

ਜਿਰਾਹ ਸ਼ੁਰੂ ਕਰਨ ਤੋਂ ਪਹਿਲਾਂ ਪਿਆਰੇ ਲਾਲ ਨੇ ਧਿਆਨ ਚੰਦ ਨੂੰ ਇਕ ਵਾਰ ਫੇਰ ਉਸਦੀ ਰਿਪੋਰਟ ਦਿਖਾਈ।

ਇਥੇ ਸਪੱਸ਼ਟ ਸ਼ਬਦਾਂ ਵਿਚ ਇਹ ਲਿਖਿਆ ਹੋਇਆ ਸੀ ਕਿ ਇਕ ਪਾਰਸਲ ਮੁਖ਼ਤਿਆਰ ਸਿੰਘ ਸਿਪਾਹੀ ਨੇ ਉਸ ਕੋਲ ਵੀਹ ਅਕਤੂਬਰ ਨੂੰ ਜਮ੍ਹਾਂ ਕਰਾਇਆ ਸੀ। ਇਸ ਪਾਰਸਲ ’ਤੇ ਨਾਜ਼ਰ ਸਿੰਘ ਥਾਣੇਦਾਰ ਨੇ ਆਪਣੀਆਂ ਮੋਹਰਾਂ ਲਾਈਆਂ ਸਨ। ਇਸ ਪਾਰਸਲ ਵਿਚ ਉਹ ਨਿਸ਼ਾਨ ਸਨ, ਜਿਹੜੇ ਮੌਕੇ ਤੋਂ ਮਿਲੇ ਸਨ।

ਰਿਪੋਰਟ ਅਨੁਸਾਰ ਇਹ ਵੀ ਦਰੁਸਤ ਸੀ ਕਿ ਦੂਸਰਾ ਪਾਰਸਲ ਪੰਜ ਨਵੰਬਰ ਨੂੰ ਪ੍ਰਾਪਤ ਹੋਇਆ ਸੀ। ਇਸ ਨੂੰ ਸਿਪਾਹੀ ਸੁਰਜੀਤ ਸਿੰਘ ਲੈ ਕੇ ਆਇਆ ਸੀ। ਇਸ ਨੂੰ ਵੀ ਨਾਜ਼ਰ ਸਿੰਘ ਥਾਣੇਦਾਰ ਨੇ ਹੀ ਸਰਬ-ਮੋਹਰ ਕੀਤਾ। ਇਸ ਪਾਰਸਲ ਵਿਚ ਉਹ ਨਿਸ਼ਾਨ ਸਨ, ਜਿਹੜੇ ਤਹਿਸੀਲਦਾਰ ਸਾਹਮਣੇ ਦੋਸ਼ੀਆਂ ਕੋਲੋਂ ਲਏ ਗਏ ਸਨ।

ਧਿਆਨ ਚੰਦ  ਨੇ ਇਹਨਾਂ ਦੋਹਾਂ ਪਾਰਸਲਾਂ ਵਿਚੋਂ ਨਿਕਲੇ ਨਿਸ਼ਾਨਾਂ ਦਾ ਹੀ ਮਿਲਾਨ ਕੀਤਾ ਸੀ ਅਤੇ ਆਪਣੀ ਰਾਏ ਪ੍ਰਗਟਾਈ ਸੀ।

ਇਥੋਂ ਤਕ ਸਾਰੀ ਜਿਰਾਹ ਸੁਖ-ਸ਼ਾਂਤੀ ਨਾਲ ਹੁੰਦੀ ਰਹੀ। ਸਟੈਨੋ ਤੋਂ ਲੈ ਕੇ ਜੱਜ ਤਕ ਨੂੰ ਪਿਆਰੇ ਲਾਲ ਦੇ ਇਹ ਸਵਾਲ ਮੂਰਖਤਾ ਭਰੇ ਲੱਗੇ ਸਨ। ਇਹ ਸਭ ਕੁਝ ਰਿਪੋਰਟ ਵਿਚ ਲਿਖਿਆ ਹੋਇਆ ਸੀ। ਇਹਨਾਂ ਬਾਰੇ ਗਵਾਹ ਨੂੰ ਪੱਕਿਆਂ ਕਰਨ ਦੀ ਕੀ ਜ਼ਰੂਰਤ ਸੀ?

ਧਿਆਨ ਚੰਦ ਨੂੰ ਜਿਹੜੀ ਥੋੜ੍ਹੀ-ਬਹੁਤ ਘਬਰਾਹਟ ਸੀ, ਇਹਨਾਂ ਅਨਾੜੀ ਸਵਾਲਾਂ ਨਾਲ ਉਹ ਵੀ ਜਾਂਦੀ ਰਹੀ।

ਗਵਾਹ ਨੂੰ ਪੂਰੇ ਜਲੌ ਵਿਚ ਆਇਆ ਦੇਖ ਕੇ ਪਿਆਰੇ ਲਾਲ ਨੇ ਪ੍ਰਸ਼ਨਾਂ ਦਾ ਅਗਲਾ ਦੌਰ ਸ਼ੁਰੂ ਕੀਤਾ।

ਧਿਆਨ ਚੰਦ ਕੋਲੋਂ ਉਹ ਰਜਿਸਟਰ ਖੁਲ੍ਹਵਾਇਆ ਗਿਆ, ਜਿਸ ਵਿਚ ਬਿਓਰੋ ਵਿਚ ਪ੍ਰਾਪਤ ਹੁੰਦੇ ਪਾਰਸਲਾਂ ਦਾ ਇੰਦਰਾਜ ਕੀਤਾ ਜਾਂਦਾ ਸੀ।

“ਰਜਿਸਟਰ ਦੇਖ ਕੇ ਇਹ ਦੱਸੋ ਕਿ ਵੀਹ ਅਕਤੂਬਰ ਨੂੰ ਇਹ ਪਾਰਸਲ ਕਿਸ ਨੇ ਜਮ੍ਹਾਂ ਕਰਵਾਇਆ ਸੀ ਅਤੇ ਉਹ ਪਾਰਸਲ ਕਿਸ ਵੱਲੋਂ ਸਰਬ-ਮੋਹਰ ਕੀਤਾ ਗਿਆ ਸੀ?”

ਉੱਤਰ ਦੇਣ ਲਈ ਜਿਉਂ ਹੀ ਧਿਆਨ ਚੰਦ ਨੇ ਸੰਬੰਧਤ ਪੰਨਾ ਪੜ੍ਹਨਾ ਸ਼ੁਰੂ ਕੀਤਾ, ਤਿਉਂ ਹੀ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ।

ਇਥੇ ਤਾਂ ਪਾਰਸਲ ਜਮ੍ਹਾਂ ਕਰਾਉਣ ਵਾਲੇ ਦਾ ਨਾਂ ਸੁਰਜੀਤ ਸਿੰਘ ਲਿਖਿਆ ਹੋਇਆ ਸੀ। ਅਗਾਂਹ ਇਕ ਘਪਲਾ ਹੋਰ ਸੀ। ਰਜਿਸਟਰ ਅਨੁਸਾਰ ਜਮ੍ਹਾਂ ਹੋਏ ਪਾਰਸਲ ਨੂੰ ਦੇਵ ਰਾਜ ਏ.ਐਸ.ਆਈ. ਨੇ ਸਰਬ-ਮੋਹਰ ਕੀਤਾ ਸੀ। ਇਹ ਦੋਨੋਂ ਤੱਥ ਰਿਪੋਰਟ ਨਾਲ ਮੇਲ ਨਹੀਂ ਸੀ ਖਾਂਦੇ। ਇਸ ਫ਼ਰਕ ਤੋਂ ਇਹ ਸਾਬਤ ਹੁੰਦਾ ਸੀ ਕਿ ਧਿਆਨ ਚੰਦ ਵੀਹ ਅਕਤੂਬਰ ਨੂੰ ਜਮ੍ਹਾਂ ਹੋਏ ਪਾਰਸਲ ਦੀ ਥਾਂ ਕੋਈ ਹੋਰ ਪਾਰਸਲ ਵਰਤ ਗਿਆ ਸੀ। ਇਹ ਕੀ ਮਾਜਰਾ ਸੀ? ਇਕ ਦਮ ਧਿਆਨ ਚੰਦ ਨੂੰ ਸਮਝ ਨਹੀਂ ਸੀ ਆ ਰਿਹਾ।

ਧਿਆਨ ਚੰਦ ਨੂੰ ਟਪਲਾ ਨਾ ਲੱਗਾ ਹੋਵੇ, ਇਸ ਲਈ ਉਸ ਨੇ ਇਕ ਵਾਰ ਫੇਰ ਪਹਿਲਾਂ ਆਪਣੀ ਰਿਪੋਰਟ ਘੋਖੀ ਅਤੇ ਫੇਰ ਰਜਿਸਟਰ। ਦੋਵੇਂ ਆਪਣੀ-ਆਪਣੀ ਥਾਂ ਠੀਕ ਸਨ। ਫੇਰ ਇਹ ਫ਼ਰਕ ਕਿਉਂ? ਭਵੰਤਰਿਆ, ਕਦੇ ਉਹ ਪਿਆਰੇ ਲਾਲ ਵੱਲ ਤੱਕਦਾ, ਕਦੇ ਜੱਜ ਵੱਲ ਅਤੇ ਕਦੇ  ਬਚਨ ਸਿੰਘ ਵੱਲ।

“ਬੋਲ ਬਈ)” ਜਦੋਂ ਕਈ-ਕਈ ਵਾਰ ਪੰਨੇ ਪਲਟ ਕੇ ਵੀ ਧਿਆਨ ਚੰਦ ਕੋਈ ਸਪੱਸ਼ਟੀਕਰਨ ਨਾ ਦੇ ਸਕਿਆ ਤਾਂ ਜੱਜ ਨੂੰ ਹੁਕਮ ਸੁਣਾਉਣਾ ਪਿਆ।

“ਰਜਿਸਟਰ ਵਿਚ ਪਾਰਸਲ ਜਮ੍ਹਾਂ ਕਰਾਉਣ ਵਾਲੇ ਦਾ ਨਾਂ ਸੁਰਜੀਤ ਸਿੰਘ ਤੇ ਮੋਹਰਾਂ ਲਾਉਣ ਵਾਲੇ ਦਾ ਨਾਂ ਦੇਵ ਰਾਜ ਦਰਜ ਹੈ ਜਨਾਬ।”

ਜਵਾਬ ਦਿੰਦੇ ਧਿਆਨ ਚੰਦ ਨੂੰ ਪਸੀਨਾ ਵੀ ਆਇਆ ਅਤੇ ਉਸ ਦੀ ਜ਼ਬਾਨ ਵੀ ਥਥਲਾਈ।

ਚਾਰੇ ਪਾਸੇ ਸੰਨਾਟਾ ਛਾ ਗਿਆ। ਰਿਪੋਰਟ ਅਤੇ ਰਜਿਸਟਰ ਵਿਚਲੇ ਇਸ ਜ਼ਮੀਨ ਅਸਮਾਨ ਦੇ ਫ਼ਰਕ ’ਤੇ ਸਭ ਹੈਰਾਨ ਸਨ। ਇਸ ਤਰ੍ਹਾਂ ਤਾਂ ਦੋਸ਼ੀ ਸਿੱਧੇ ਬਰੀ ਹੋ ਜਾਣੇ ਸਨ।

“ਇਹ ਕਲੈਰੀਕਲ ਮਿਸਟੇਕ ਹੈ ਜਨਾਬ) ਨਾਂ ਲਿਖਣ ਸਮੇਂ ਗ਼ਲਤੀ ਲੱਗ ਗਈ।” ਘਬਰਾਏ ਬਚਨ ਸਿੰਘ ਨੇ ਸਪੱਸ਼ਟੀਕਰਨ ਦੇਣਾ ਚਾਹਿਆ।

ਜੱਜ ਨੇ ਬਚਨ ਸਿੰਘ ਦੇ ਤਰਕ ਵੱਲ ਕੋਈ ਧਿਆਨ ਨਾ ਦਿੱਤਾ। ਉਸ ਨੂੰ ਚੁੱਪ ਰਹਿਣ ਦੀ ਹਦਾਇਤ ਹੋਈ।

ਜੱਜ ਖ਼ੁਦ ਰਜਿਸਟਰ ਅਤੇ ਰਿਪੋਰਟ ਦੀ ਘੋਖ ਕਰਨ ਲੱਗਾ।

“ਹੁਣ ਇਹ ਦੱਸੋ ਕਿ ਉਹ ਪਾਰਸਲ ਕਿਥੇ ਹੈ ਜਿਹੜਾ ਸੁਰਜੀਤ ਸਿੰਘ ਨੇ ਵੀਹ ਤਾਰੀਖ਼ ਨੂੰ ਜਮ੍ਹਾਂ ਕਰਾਇਆ ਸੀ?” ਜਦੋਂ ਜੱਜ ਦੀ ਪੜਤਾਲ ਖ਼ਤਮ ਹੋ ਗਈ ਤਾਂ ਪਿਆਰੇ ਲਾਲ ਨੇ ਮੁੜ ਜਿਰਾਹ ਸ਼ੁਰੂ ਕੀਤੀ।

ਧਿਆਨ ਚੰਦ ਨੂੰ ਉਸ ਪਾਰਸਲ ਬਾਰੇ ਕੋਈ ਇਲਮ ਨਹੀਂ ਸੀ। ਖਹਿੜਾ ਛੁਡਾਉਣ ਲਈ ਉਹ ਬਹਾਨੇ ਘੜਨ ਲੱਗਾ।

“ਇਹ ਵੀਹ ਅਕਤੂਬਰ ਵਾਲਾ ਪਾਰਸਲ ਹੀ ਤਾਂ ਸੀ। ਗ਼ਲਤੀ ਨਾਲ ਹੋਰ ਨਾਂ ਪਤੇ ਲਿਖੇ ਗਏ ਹੋਣਗੇ। ਵੀਹ ਅਕਤੂਬਰ ਨੂੰ ਤਾਂ ਕੋਈ ਮੁਖ਼ਤਿਆਰ ਸਿੰਘ ਫ਼ਿਲੌਰ ਆਇਆ ਹੀ ਨਹੀਂ ਸੀ। ਉਸ ਦਿਨ ਉਸ ਵੱਲੋਂ ਪਾਰਸਲ ਕਿਵੇਂ ਜਮ੍ਹਾਂ ਹੋ ਗਏ?”

“ਇਹ ਕਿਵੇਂ ਜਮ੍ਹਾਂ ਹੋਏ ਇਸ ਦਾ ਜਵਾਬ ਤੁਹਾਡਾ ਰਜਿਸਟਰ ਹੀ ਦੇਵੇਗਾ। ਕੱਢੋ ਦੋ ਨਵੰਬਰ ਵਾਲਾ ਪੰਨਾ ਅਤੇ ਪੜ੍ਹੋ ਇੰਦਰਾਜ ਨੰਬਰ ਬਾਰਾਂ।”

ਇਹ ਇੰਦਰਾਜ ਦੱਸਦਾ ਸੀ ਕਿ ਉਸ ਦਿਨ ਮੁਖ਼ਤਿਆਰ ਸਿੰਘ ਨੇ ਇਸ ਕੇਸ ਨਾਲ ਸੰਬੰਧਤ ਇਕ ਪਾਰਸਲ ਦਫ਼ਤਰ ਜਮ੍ਹਾਂ ਕਰਾਇਆ ਸੀ। ਉਹ ਪਾਰਸਲ ਨਾਜ਼ਰ ਸਿੰਘ ਦੀਆਂ ਮੋਹਰਾਂ ਨਾਲ ਸਰਬ-ਮੋਹਰ ਸੀ।

“ਹੁਣ ਆਪਣੀ ਰਿਪੋਰਟ ਦੇਖ ਕੇ ਦੱਸੋ ਕਿ ਕੀ ਉਸ ਵਿਚ ਇਸ ਪਾਰਸਲ ਦਾ ਕਿਧਰੇ ਜ਼ਿਕਰ ਹੈ?”

ਧਿਆਨ ਚੰਦ ਨੂੰ ਅਜਿਹਾ ਕੋਈ ਜ਼ਿਕਰ ਆਪਣੀ ਰਿਪੋਰਟ ਵਿਚ ਨਾ ਲੱਭਾ। ਇਹ ਕੀ ਹੋ ਗਿਆ? ਸਭ ਕੁਝ ਉਥਲ-ਪੁਥਲ ਕਿਵੇਂ ਹੋ ਗਿਆ? ਧਿਆਨ ਚੰਦ ਦੀ ਸਮਝੋਂ ਬਾਹਰ ਸੀ। ਵਾੜ ਵਿਚ ਫਸੇ ਬਿੱਲੇ ਵਾਂਗ ਉਹ ਬਿਟਰ-ਬਿਟਰ ਤੱਕਣ ਲੱਗਾ।

ਸਫ਼ਾਈ ਧਿਰ ਵੱਲੋਂ ਧਿਆਨ ਚੰਦ ਨੂੰ ਖੁੱਲ੍ਹਾ ਸਮਾਂ ਦਿੱਤਾ ਗਿਆ। ਠੰਢੇ ਦਿਮਾਗ਼ ਨਾਲ ਸੋਚ ਕੇ ਉਹ ਸਾਰੀ ਸਥਿਤੀ ਸਪੱਸ਼ਟ ਕਰੇ।

ਧਿਆਨ ਚੰਦ ਤਾਂ ਹੀ ਦੱਸੇ, ਜੇ ਉਸ ਨੂੰ ਕੁਝ ਪਤਾ ਹੋਵੇ। ਉਹ ਡੁੰਨ-ਵੱਟਾ ਬਣ ਕੇ ਖੜਾ ਰਿਹਾ।

ਧਿਆਨ ਚੰਦ ਦੀ ਰਿਪੋਰਟ ’ਤੇ ਪਾਣੀ ਫਿਰ ਗਿਆ। ਉਹ ਸ਼ੱਕੀ ਤਾਂ ਬਣੀ ਹੀ, ਨਾਲ ਇਹ ਵੀ ਸਾਬਤ ਕਰਨ ਲੱਗੀ ਕਿ ਇਹ ਕਿਸੇ ਸਾਜ਼ਿਸ਼ ਅਧੀਨ ਤਿਆਰ ਕੀਤੀ ਗਈ ਸੀ।

“ਅਸਲ ਮਾਜਰਾ ਕੀ ਹੈ?” ਸੱਚ ਜਾਣਨ ਦੀ ਜਗਿਆਸਾ ਜੱਜ ਅੰਦਰ ਵੀ ਜਾਗ ਪਈ। ਮਿਸਲ ਇਕ ਪਾਸੇ ਰੱਖ ਕੇ ਉਹ ਸੱਚ ਜਾਣਨ ਲਈ ਬੇਚੈਨ ਹੋਣ ਲੱਗਾ।

ਅਸਲੀਅਤ ਇਹ ਸੀ ਕਿ ਵੀਹ ਅਕਤੂਬਰ ਵਾਲਾ ਇੰਦਰਾਜ ਦਰੁਸਤ ਸੀ। ਉਹ ਪਾਰਸਲ ਦੇਵ ਰਾਜ ਨੇ ਤਿਆਰ ਕੀਤਾ ਸੀ ਅਤੇ ਜਮ੍ਹਾਂ ਸੁਰਜੀਤ ਸਿੰਘ ਨੇ ਕਰਵਾਇਆ ਸੀ। ਚੁਸਤੀ ਇਹ ਸੀ ਕਿ ਉਸ ਪਾਰਸਲ ਵਿਚ ਖ਼ਾਲੀ ਕਾਗ਼ਜ਼ ਰੱਖੇ ਗਏ ਸਨ, ਮਹਿਜ਼ ਜ਼ਾਬਤਾ ਪੂਰਾ ਕਰਨ ਲਈ। ਪੁਲਿਸ ਦੀ ਪਹਿਲਾਂ ਹੀ ਇਹ ਨੀਯਤ ਸੀ ਕਿ ਅਸਲ ਦੋਸ਼ੀਆਂ ਦੇ ਫੜੇ ਜਾਣ ’ਤੇ ਇਹ ਕਾਗ਼ਜ਼ ਉਹਨਾਂ ਨਿਸ਼ਾਨਾਂ ਨਾਲ ਤਬਦੀਲ ਕਰ ਲਏ ਜਾਣਗੇ।

ਇਹਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਪ੍ਰੋਗਰਾਮ ਇਕ-ਦੋ ਨਵੰਬਰ ਨੂੰ ਬਣਿਆ ਸੀ। ਸਭ ਤੋਂ ਪਹਿਲਾਂ ਇਹੋ ਕਾਰਵਾਈ ਹੋਈ। ਮੀਤੇ ਦੀਆਂ ਉਂਗਲਾਂ ਦੇ ਨਿਸ਼ਾਨ ਲੈ ਕੇ ਫ਼ਿਲੌਰ ਭੇਜੇ ਗਏ।

ਇਹਨਾਂ ਨਿਸ਼ਾਨਾਂ ਨੂੰ ਥਾਂ ਸਿਰ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਧੂ ਸਿੰਘ ਸਬ-ਇੰਸਪੈਕਟਰ ਦੀ ਲਾਈ ਗਈ। ਕਈ ਸਾਲ ਉਹ ਪੁਲਿਸ ਟ੍ਰੇਨਿੰਗ ਕਾਲਜ ਵਿਚ ਰਿਹਾ ਸੀ। ਉਥੋਂ ਦੇ ਬੱਚੇ-ਬੱਚੇ ਤੋਂ ਵਾਕਿਫ਼ ਸੀ।

ਸਾਧੂ ਸਿੰਘ ਨਾਲ ਮੁਖ਼ਤਿਆਰ ਸਿੰਘ ਨੂੰ ਭੇਜਿਆ ਗਿਆ ਸੀ। ਇਹ ਸਾਰਾ ਮਾਮਲਾ ਮੁਖ਼ਤਿਆਰ ਸਿੰਘ ਤੋਂ ਗੁਪਤ ਰੱਖਿਆ ਗਿਆ। ਉਸ ਨੂੰ ਸ਼ੱਕ ਨਾ ਹੋਵੇ, ਇਸ ਲਈ ਦੋ ਹੋਰ ਕੇਸਾਂ ਦੇ ਪਾਰਸਲ ਉਸ ਨੂੰ ਜਮ੍ਹਾਂ ਕਰਾਉਣ ਲਈ ਦਿੱਤੇ ਗਏ।

ਸਾਧੂ ਨੂੰ ਪਿੰਡ ਗਏ ਨੂੰ ਮਹੀਨਾ ਹੋ ਗਿਆ ਸੀ। ਉਸ ਦੀ ਕਿਹੜਾ ਫ਼ਿਲੌਰ ਵਾਲਿਆਂ ਨਾਲ ਪੱਗ ਵੱਟੀ ਹੋਈ ਸੀ? ਕੰਮ ਪੈਸੇ ਨਾਲ ਹੋਣਾ ਸੀ। ਪੈਸਾ ਖ਼ਰਚ ਕੇ ਇਹ ਕੰਮ ਮੁਖ਼ਤਿਆਰ ਸਿੰਘ ਵੀ ਕਰ ਸਕਦਾ ਸੀ। ਕਲਰਕ ਨੂੰ ਦਿੱਤੀ ਜਾਣ ਵਾਲੀ ਆਮ ਫ਼ੀਸ ਨਾਲੋਂ ਪੰਜਾਹ ਰੁਪਏ ਵਾਧੂ ਦੇ ਕੇ ਸਾਧੂ ਸਿੰਘ ਨੇ ਇਕੱਲੇ ਮੁਖ਼ਤਿਆਰ ਨੂੰ ਫ਼ਿਲੌਰ ਭੇਜ ਦਿੱਤਾ। ਨਾਲ ਕਲਰਕ ਦੇ ਨਾਂ ਇਕ ਚਿੱਠੀ ਲਿਖ ਦਿੱਤੀ। ਕਲਰਕ ਨੇ ਕੀ ਕਰਨਾ ਹੈ? ਇਹ ਚਿੱਠੀ ਵਿਚ ਲਿਖ ਦਿੱਤਾ। ਫ਼ੀਸ ਅਤੇ ਚਿੱਠੀ ਮੁਖ਼ਤਿਆਰ ਨੂੰ ਫੜਾ ਕੇ ਸਾਧੂ ਪਿੰਡ ਵਾਲੀ ਬੱਸ ਚੜ੍ਹ ਗਿਆ।

ਜੇ ਮੁਖ਼ਤਿਆਰ ਨੂੰ ਪਤਾ ਹੁੰਦਾ ਤਾਂ ਉਹ ਕਾਗ਼ਜ਼ਾਂ ਦੀ ਰੱਦੋ-ਬਦਲ ਕੋਲ ਬੈਠ ਕੇ ਕਰਵਾ ਦਿੰਦਾ। ਕਲਰਕ ਜਦੋਂ ਆਮ ਫ਼ੀਸ ਵਿਚ ਹੀ ਪਾਰਸਲ ਜਮ੍ਹਾਂ ਕਰਨੇ ਮੰਨ ਗਿਆ ਤਾਂ ਉਸ ਨੂੰ ਵਾਧੂ ਦੇ ਪੰਜਾਹ ਰੁਪਏ ਦੇਣੇ ਔਖੇ ਹੋ ਗਏ। ਜਦੋਂ ਕਲਰਕ ਨੇ ਅੱਧ ਕੋਲ ਹੀ ਕੰਮ ਕਰ ਦਿੱਤਾ ਤਾਂ ਸਿਫ਼ਾਰਸ਼ੀ ਚਿੱਠੀ ਤੋਂ ਕੀ ਕਰਾਉਣਾ ਸੀ। ਮੁਖ਼ਤਿਆਰ ਨੇ ਪੰਜਾਹ ਰੁਪਏ ਬੋਝੇ ਵਿਚ ਪਾ ਲਏ ਅਤੇ ਚਿੱਠੀ ਪਾੜ ਕੇ ਔਹ ਮਾਰੀ।

ਕਲਰਕ ਨੇ ਤਿੰਨੇ ਲਿਫ਼ਾਫ਼ੇ ਫੜੇ, ਰਜਿਸਟਰ ਵਿਚ ਦਰਜ ਕੀਤੇ ਅਤੇ ਰਸੀਦ ਮੁਖ਼ਤਿਆਰ ਸਿੰਘ ਦੇ ਹੱਥ ਫੜਾ ਦਿੱਤੀ।

ਬੱਸ, ਇਥੇ ਹੀ ਗੜਬੜ ਹੋਈ ਸੀ। ਧਿਆਨ ਚੰਦ ਨੇ ਦੋ ਨਵੰਬਰ ਵਾਲੇ ਨਿਸ਼ਾਨਾਂ ਨਾਲ ਨਿਸ਼ਾਨ ਮਿਲਾ ਲਏ ਅਤੇ ਆਪਣਾ ਸਿੱਟਾ ਕੱਢ ਲਿਆ ਸੀ। ਵੀਹ ਅਕਤੂਬਰ ਵਾਲਾ ਅਸਲ ਪਾਰਸਲ ਉਸ ਅੱਗੇ ਪੇਸ਼ ਹੀ ਨਹੀਂ ਸੀ ਕੀਤਾ ਗਿਆ।

“ਪਰ ਰਿਪੋਰਟ ਵਿਚ ਤਾਂ ਇਹੋ ਲਿਖਿਐ ਕਿ ਇਹ ਪਾਰਸਲ ਵੀਹ ਅਕਤੂਬਰ ਨੂੰ ਜਮ੍ਹਾਂ ਹੋਇਆ ਸੀ?” ਜੱਜ ਨੇ ਸਪੱਸ਼ਟੀਕਰਨ ਮੰਗਿਆ।

ਧਿਆਨ ਚੰਦ ਨੇ ਜਾਣ-ਬੁੱਝ ਕੇ ਹੇਰਾਫੇਰੀ ਕੀਤੀ ਸੀ। ਚਲਾਨ ਚੈੱਕ ਕਰਦੇ ਸਮੇ ਜ਼ਿਲ੍ਹਾ ਅਟਾਰਨੀ ਨੇ ਜਦੋਂ ਸਾਇੰਟਿਫ਼ਿਕ ਅਫ਼ਸਰ ਦੀ ਰਿਪੋਰਟ ਘੋਖੀ ਉਸ ਨੇ ਇਹ ਗ਼ਲਤੀ ਫੜ ਲਈ। ਪੁਲਿਸ ਰਿਕਾਰਡ ਅਨੁਸਾਰ ਪਹਿਲਾ ਪਾਰਸਲ ਵੀਹ ਅਕਤੂਬਰ ਨੂੰ ਜਮ੍ਹਾਂ ਹੋਇਆ ਸੀ। ਰਿਪੋਰਟ ਵਿਚ ਇਹ ਦੋ ਨਵੰਬਰ ਨੂੰ ਜਮ੍ਹਾਂ ਹੋਣਾ ਦਰਸਾਇਆ ਸੀ। ਇਹ ਫ਼ਰਕ ਕਿਉਂ?

ਦਰੁਸਤੀ ਲਈ ਨਾਜ਼ਰ ਸਿੰਘ ਭੱਜਾ-ਭੱਜਾ ਫਿਲੌਰ ਗਿਆ ਸੀ। ਧਿਆਨ ਚੰਦ ਨੇ ਮਿੰਨਤ- ਤਰਲਾ ਕਰਵਾ ਕੇ ਨਵੀਂ ਰਿਪੋਰਟ ਤਿਆਰ ਕਰ ਦਿੱਤੀ। ਤਾਰੀਖ਼ ਤਾਂ ਦੋ ਨਵੰਬਰ ਦੀ ਵੀਹ ਅਕਤੂਬਰ ਕਰ ਦਿੱਤੀ ਪਰ ਪਾਰਸਲ ਜਮ੍ਹਾਂ ਕਰਾਉਣ ਅਤੇ ਪਾਰਸਲ ਨੂੰ ਸਰਬ-ਮੋਹਰ ਕਰਨ ਵਾਲੇ ਦੇ ਨਾਂ-ਪਤੇ ਨਾ ਬਦਲੇ। ਬਦਲਦਾ ਵੀ ਕਿਵੇਂ? ਉਸ ਨੂੰ ਕਿਹੜਾ ਇਸ ਬਾਰੇ ਦੱਸਿਆ ਗਿਆ ਸੀ। ਧਿਆਨ ਚੰਦ ਨੇ ਸੋਚਿਆ ਸੀ, ਉਸ ਤੋਂ ਗ਼ਲਤੀ ਹੋ ਗਈ। ਉਸ ਨੇ ਆਪਣੀ ਜਾਣ ਵਿਚ ਆਪਣੀ ਗ਼ਲਤੀ ਸੁਧਾਰੀ ਸੀ।

“ਇਹ ਮਨ-ਘੜਤ ਕਹਾਣੀ ਹੈ ਜਨਾਬ)” ਸਰਕਾਰੀ ਵਕੀਲ ਨੂੰ ਪਿਆਰੇ ਲਾਲ ਦੇ ਇਸ ਬਿਆਨ ’ਤੇ ਸਖ਼ਤ ਇਤਰਾਜ਼ ਸੀ।

“ਮਨ-ਘੜਤ ਕਹਾਣੀ ਘੜਨ ਦੀ ਆਦਤ ਤੁਹਾਨੂੰ ਹੈ ਜਨਾਬ) ਇਸੇ ਲਈ ਕਹਾਣੀ ਪੈਰਾਂ ਸਿਰ ਖੜੋ ਨਹੀਂ ਰਹੀ। ਮੇਰੇ ਕੋਲ ਆਪਣੀ ਕਹਾਣੀ ਨੂੰ ਸਾਬਤ ਕਰਨ ਲਈ ਢੇਰ ਸਾਰੇ ਸਬੂਤ ਮੌਜੂਦ ਹਨ।” ਬਚਨ ਸਿੰਘ ਨੂੰ ਚੁੱਪ ਕਰਵਾ ਕੇ ਪਿਆਰੇ ਲਾਲ ਆਪਣੇ ਸਬੂਤ ਪੇਸ਼ ਕਰਨ ਲੱਗਾ।

ਜੇ ਤਾਰੀਖ਼ ਵਿਚ ਹੋਈ ਰੱਦੋ-ਬਦਲ ਨੂੰ ਨਜ਼ਰ-ਅੰਦਾਜ਼ ਵੀ ਕਰ ਦਿੱਤਾ ਜਾਵੇ ਤਾਂ ਵੀ ਇਹ ਤੱਥ ਸਪੱਸ਼ਟ ਸੀ ਕਿ ਸਾਇੰਟਿਫ਼ਿਕ ਅਫ਼ਸਰ ਨੇ ਜਿਸ ਪਾਰਸਲ ਵਾਲੇ ਨਿਸ਼ਾਨਾਂ ਦਾ ਮਿਲਾਨ ਕੀਤਾ ਸੀ, ਉਹ ਪਾਰਸਲ ਨਾਜ਼ਰ ਸਿੰਘ ਦਾ ਤਿਆਰ ਕੀਤਾ ਹੋਇਆ ਸੀ। ਨਾਜ਼ਰ ਸਿੰਘ ਨੇ ਉਹ ਪਾਰਸਲ ਸਰਬ-ਮੋਹਰ ਕਿਵੇਂ ਕਰ ਦਿੱਤਾ ਜਦੋਂ ਕਿ ਉਹ ਤਾਂ ਉਸ ਦਿਨ ਇਸ ਥਾਣੇ ਵਿਚ ਲੱਗਾ ਹੀ ਨਹੀਂ ਸੀ ਹੋਇਆ। ਕੀ ਉਸ ਨੇ ਇਹ ਪਾਰਸਲ ਬਾਹਰਲੇ ਥਾਣੇ ਵਿਚੋਂ ਆ ਕੇ ਤਿਆਰ ਕਰ ਦਿੱਤਾ?

ਇਹ ਵੀ ਕੋਰਾ ਝੂਠ ਸੀ ਕਿ ਵੀਹ ਤਾਰੀਖ਼ ਨੂੰ ਕੋਈ ਪਾਰਸਲ ਮੁਖ਼ਤਿਆਰ ਸਿੰਘ ਨੇ ਫ਼ਿਲੌਰ ਜਮ੍ਹਾਂ ਕਰਾਇਆ ਸੀ। ਉਸ ਦਿਨ ਤਾਂ ਉਹ ਇਸੇ ਸ਼ਹਿਰ ਵਿਚ ਹਾਜ਼ਰ ਸੀ। ਸ਼ਹਿਰ ਹੀ ਨਹੀਂ ਇਸੇ ਅਦਾਲਤ ਵਿਚ ਹਾਜ਼ਰ ਸੀ। ਇਕ ਕਤਲ ਕੇਸ ਵਿਚ ਉਹ ਗਵਾਹੀ ਦੇ ਕੇ ਗਿਆ ਸੀ। ਫੇਰ ਉਹ ਫ਼ਿਲੌਰ ਕਦੋਂ ਅਤੇ ਕਿਵੇਂ ਚਲਾ ਗਿਆ?

ਇਸ ਦੇ ਉਲਟ ਇਹ ਪਾਰਸਲ ਲੈ ਕੇ ਸੁਰਜੀਤ ਦਾ ਫ਼ਿਲੌਰ ਜਾਣਾ ਕਈ ਦਸਤਾਵੇਜ਼ਾਂ ਰਾਹੀਂ ਸਿੱਧ ਹੁੰਦਾ ਸੀ। ਪਹਿਲਾਂ ਤਾਂ ਇਸ ਬਾਰੇ ਥਾਣੇ ਦਾ ਰੋਜ਼ਨਾਮਚਾ ਬੋਲਦਾ ਹੈ। ਉਸ ਵਿਚ ਇਸ ਬਾਰੇ ਰਪਟ ਲਿਖੀ ਹੋਈ ਸੀ। ਉਸ ਸਮੇਂ ਦੇ ਤਫ਼ਤੀਸ਼ੀ ਦੇਵ ਰਾਜ ਨੇ ਇਸ ਬਾਰੇ ਸੁਰਜੀਤ ਸਿੰਘ ਦਾ ਬਿਆਨ ਵੀ ਲਿਖਿਆ ਸੀ। ਉਹ ਬਿਆਨ ਅੱਜ ਤਕ ਵੀ ਅਦਾਲਤ ਦੀ ਮਿਸਲ ਨਾਲ ਨੱਥੀ ਹੈ। ਪਿਆਰੇ ਲਾਲ ਨੇ ਉਹ ਬਿਆਨ ਪੜ੍ਹ ਕੇ ਸੁਣਾਇਆ। ਸੋਨੇ ’ਤੇ ਸੁਹਾਗਾ ਇਹ ਸੀ ਕਿ ਸੁਰਜੀਤ ਨੇ ਉਸ ਦਿਨ ਫ਼ਿਲੌਰ ਜਾਣ ਦਾ ਟੀ.ਏ., ਡੀ.ਏ. ਵੀ ਲਿਆ ਸੀ। ਇਸ ਬਿੱਲ ਦੀਆਂ ਨਕਲਾਂ ਪੇਸ਼ ਕੀਤੀਆਂ।

ਉਸ ਸਮੇਂ ਤਾਂ ਸਨਸਨੀ ਹੀ ਫ਼ੈਲ ਗਈ ਜਦੋਂ ਪਿਆਰੇ ਲਾਲ ਨੇ ਉਸ ਰਿਪੋਰਟ ਦੀ ਫ਼ੋਟੋ ਕਾਪੀ ਅਦਾਲਤ ਵਿਚ ਪੇਸ਼ ਕੀਤੀ, ਜਿਹੜੀ ਧਿਆਨ ਚੰਦ ਵੱਲੋਂ ਪਹਿਲਾਂ ਤਿਆਰ ਕੀਤੀ ਗਈ ਸੀ ਅਤੇ ਪਿੱਛੋਂ ਨਾਜ਼ਰ ਸਿੰਘ ਦੇ ਆਖਣ ’ਤੇ ਪਾੜ ਦਿੱਤੀ ਗਈ ਸੀ।

“ਕੀ ਇਹ ਰਿਪੋਰਟ ਤੁਹਾਡੀ ਤਿਆਰ ਕੀਤੀ ਹੋਈ ਨਹੀਂ?” ਰਿਪੋਰਟ ਸਾਇੰਟਿਫ਼ਿਕ ਅਫ਼ਸਰ ਅੱਗੇ ਕਰ ਕੇ ਪਿਆਰੇ ਲਾਲ ਨੇ ਪੁੱਛਿਆ।

ਇਸ ਹਨੇਰ-ਗ਼ਰਦੀ ’ਤੇ ਜੱਜ ਸਾਹਿਬ ਨੂੰ ਗ਼ੁੱਸਾ ਵੀ ਆਇਆ ਅਤੇ ਹੈਰਾਨੀ ਵੀ ਹੋਈ।

“ਸਾਫ਼-ਸਾਫ਼ ਦੱਸ ਕਿਸ-ਕਿਸ ਨੇ ਹੇਰਾ-ਫੇਰੀ ਕੀਤੀ ਹੈ? ਨਹੀਂ ਰਿਕਾਰਡ ਵਿਚ ਰੱਦੋ-ਬਦਲ ਕਰਨ ਦੇ ਜੁਰਮ ਵਿਚ ਹੁਣੇ ਅੰਦਰ ਤੁੰਨ ਦਿਊਂ।”

ਜੱਜ ਦੀ ਇਸ ਧਮਕੀ ਨੇ ਧਿਆਨ ਚੰਦ ਦਾ ਰਹਿੰਦਾ-ਖੂੰਹਦਾ ਸਾਹ-ਸਤ ਵੀ ਸੂਤ ਲਿਆ।

ਧਿਆਨ ਚੰਦ ਨੂੰ ਫ਼ਿਲੌਰ ਦੇ ਇਕ ਡਾਕਟਰ ਦਾ ਕਿੱਸਾ ਯਾਦ ਆਇਆ। ਧਿਆਨ ਚੰਦ ਵਾਂਗ ਉਸ ਨੇ ਵੀ ਹਸਪਤਾਲ ਦੇ ਰਿਕਾਰਡ ਵਿਚ ਹੇਰਾ-ਫੇਰੀ ਕੀਤੀ ਸੀ। ਫੜੇ ਜਾਣ ’ਤੇ ਉਸ ਨੂੰ ਤਿੰਨ ਮਹੀਨੇ ਦੀ ਕੈਦ ਹੋਈ ਸੀ।

ਸਾਇੰਟਿਫ਼ਿਕ ਅਫ਼ਸਰ ਨੂੰ ਹਥਿਆਰ ਸੁੱਟਣ ਵਿਚ ਹੀ ਭਲਾਈ ਨਜ਼ਰ ਆਈ। ਗਵਾਹ ਤੋਂ ਸੱਚ ਉਗਲਾ ਕੇ ਸਫ਼ਾਈ ਧਿਰ ਨੇ ਬਾਜ਼ੀ ਦਾ ਇਹ ਦੌਰ ਪੂਰੀ ਤਰ੍ਹਾਂ ਜਿੱਤ ਲਿਆ।

ਤੀਸਰਾ ਗਵਾਹ ਬੁਲਾਉਣ ਦੀ ਸਰਕਾਰੀ ਵਕੀਲ ਦੀ ਹਿੰਮਤ ਨਹੀਂ ਸੀ ਪੈ ਰਹੀ। ਪਹਿਲੇ ਦੋ ਗਵਾਹਾਂ ਨੇ ਤਾਂ ਭੱਠਾ ਬਿਠਾ ਹੀ ਦਿੱਤਾ ਸੀ। ਉਸ ਦਾ ਮਨ ਆਖਦਾ ਸੀ ਕਿ ਤੀਸਰਾ ਵੀ ਕੋਈ ਚੰਨ ਹੀ ਚਾੜ੍ਹੇਗਾ।

ਸਰਕਾਰੀ ਵਕੀਲ ਨੂੰ ਓਨਾ ਗ਼ੁੱਸਾ ਗਵਾਹਾਂ ’ਤੇ ਨਹੀਂ ਸੀ ਆ ਰਿਹਾ, ਜਿੰਨਾ ਨਾਜ਼ਰ ਸਿੰਘ ’ਤੇ ਆ ਰਿਹਾ ਸੀ। ਜੇ ਨਿਸ਼ਾਨ ਤਬਦੀਲ ਕਰਾਉਣੇ ਹੀ ਸਨ ਤਾਂ ਆਪ ਜਾ ਕੇ ਕਰਾਉਂਦਾ। ਪੁਲਿਸ ਮਹਿਕਮਾ ਵੀ ਬੜਾ ਲੀਚੜ ਸੀ। ਜਦੋਂ ਰਿਸ਼ਵਤ ਲੈਣੀ ਹੋਵੇ ਤਾਂ ਪੁਲਸੀਏ ਮਗਰ-ਮੱਛ ਜਿੱਡਾ ਮੂੰਹ ਅੱਡ ਲੈਂਦੇ ਸਨ। ਕਦੇ ਰਿਸ਼ਵਤ ਦੇਣੀ ਪਵੇ ਤਾਂ ਮਾਇਆ ’ਤੇ ਸੱਪ ਵਾਂਗ ਕੁੰਡਲੀ ਮਾਰ ਕੇ ਬੈਠ ਜਾਂਦੇ ਸਨ।

ਬਚਨ ਸਿੰਘ ਆਪਣੀ ਅਣਗਹਿਲੀ ’ਤੇ ਵੀ ਕੁੜ੍ਹ ਰਿਹਾ ਸੀ। ਉਸ ਸਮੇਂ ਵੀ ਇਹ ਦਸਤਾਵੇਜ਼ ਮਿਸਲ ਨਾਲ ਨੱਥੀ ਸਨ। ਬਚਨ ਸਿੰਘ ਨੇ ਗਹੁ ਨਾਲ ਦੇਖਿਆ ਹੁੰਦਾ ਤਾਂ ਇਹ ਗ਼ਲਤੀ ਫੜੀ ਜਾਣੀ ਸੀ। ਉਸ ਨੂੰ ਸੁਰਿੰਦਰ ਕੁਮਾਰ ’ਤੇ ਵੀ ਹਿਰਖ ਆਇਆ। ਅਜਿਹੀਆਂ ਛੋਟੀਆਂ-ਮੋਟੀਆਂ ਗ਼ਲਤੀਆਂ ਫੜਨਾ, ਛੋਟੇ ਅਫ਼ਸਰ ਦਾ ਕੰਮ ਸੀ। ਜੇ ਵੱਡੇ ਅਫ਼ਸਰਾਂ ਨੇ ਅੱਖਰ-ਅੱਖਰ ਹੀ ਪੜ੍ਹਨਾ ਹੋਇਆ ਤਾਂ ਛੋਟੇ ਅਫ਼ਸਰ ਕੀ ਰਗੜ ਕੇ ਫੋੜੇ ’ਤੇ ਲਾਉਣੇ ਸਨ? ਪਰ ਉਹ ਸੁਰਿੰਦਰ ਕੁਮਾਰਦੇ ਖ਼ਿਲਾਫ਼ ਕੋਈ ਕਾਰਵਾਈ ਵੀ ਨਹੀਂ ਸੀ ਕਰ ਸਕਦਾ। ਉਹੋ ਗ਼ਲਤੀ ਬਚਨ ਸਿੰਘ ਤੋਂ ਵੀ ਹੋਈਸੀ।

ਤੀਜੇ ਗਵਾਹ ਨੂੰ ਕਟਹਿਰੇ ਵਿਚ ਖੜਾ ਕਰਨ ਤੋਂ ਪਹਿਲਾਂ ਬਚਨ ਸਿੰਘ ਇਕ ਵਾਰ ਫੇਰ ਕਾਗ਼ਜ਼ਾਂ ਦੀ ਘੋਖ-ਪੜਤਾਲ ਕਰਨਾ ਚਾਹੁੰਦਾ ਸੀ ਪਰ ਇੰਨਾ ਸਮਾਂ ਕਿਥੇ? ਜੱਜ ਪਹਿਲਾਂ ਹੀ ਗਵਾਹ ਨੂੰ ਬੁਲਾ ਚੁੱਕਾ ਸੀ।

ਕਪੂਰ ਸਿੰਘ ਹੱਥ ਲਿਖਤਾਂ ਪਰਖਣ ਦਾ ਮਾਹਿਰ ਸੀ। ਉਹ ਚੰਡੀਗੜ੍ਹੋਂ ਫ਼ੋਰੈਂਸਿਕ ਸਾਇੰਸ ਲੇਬਾਰਟਰੀ ਵਿਚੋਂ ਆਇਆ ਸੀ।

ਉਸ ਦੀ ਗਵਾਹੀ ਵੀ ਧਿਆਨ ਚੰਦ ਨਾਲ ਮਿਲਦੀ-ਜੁਲਦੀ ਸੀ। ਉਸ ਨੂੰ ਲੇਬਾਰਟਰੀ ਵਿਚ ਇਕ ਪਾਰਸਲ ਵੀਹ ਅਕਤੂਬਰ ਨੂੰ ਮਿਲਿਆ ਸੀ, ਜਿਹੜਾ ਦੇਵ ਰਾਜ ਥਾਣੇਦਾਰ ਵੱਲੋਂ ਸਰਬ-ਮੋਹਰ ਕੀਤਾ ਗਿਆ ਸੀ, ਇਹ ਪਾਰਸਲ ਚਿਰੰਜੀ ਲਾਲ ਸਿਪਾਹੀ ਨੇ ਜਮ੍ਹਾਂ ਕਰਾਇਆ ਸੀ। ਇਸ ਵਿਚ ਉਹ ਚਿੱਠੀਆਂ ਸਨ, ਜਿਹੜੀਆਂ ਦੋਸ਼ੀਆਂ ਨੇ ਸਮੇਂ-ਸਮੇਂ ਸਿਰ ਬੰਟੀ ਦੇ ਵਾਰਿਸਾਂ ਨੂੰ ਫਿਰੌਤੀ ਵਸੂਲਣ ਲਈ ਲਿਖੀਆਂ ਸਨ।

ਦੂਸਰਾ ਪਾਰਸਲ ਉਸ ਨੂੰ ਪੰਜ ਨਵੰਬਰ ਨੂੰ ਮਿਲਿਆ ਸੀ। ਇਹ ਪਾਰਸਲ ਚਿਰੰਜੀ ਲਾਲ ਨੇ ਲਿਆ ਕੇ ਦਿੱਤਾ ਸੀ। ਇਸ ਵਿਚ ਪਾਲੇ ਦੋਸ਼ੀ ਦੀਆਂ ਉਹ ਲਿਖਤਾਂ ਸਨ, ਜਿਹੜੀਆਂ ਨਮੂਨੇ ਵੱਜੋਂ ਮੈਜਿਸਟ੍ਰੇਟ ਸਾਹਮਣੇ ਲਈਆਂ ਗਈਆਂ ਸਨ। ਇਹ ਪਾਰਸਲ ਨਾਜ਼ਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ।

ਧਿਆਨ ਚੰਦ ਵਾਂਗ ਕਪੂਰ ਸਿੰਘ ਵੀ ਸਾਰੇ ਵਿਗਿਆਨਕ ਢੰਗ-ਤਰੀਕੇ ਅਪਣਾ ਕੇ ਇਸ ਸਿੱਟੇ ’ਤੇ ਪੁੱਜਾ ਸੀ ਕਿ ਫ਼ਿਰੌਤੀ ਵਸੂਲਣ ਲਈ ਲਿਖੀਆਂ ਸਾਰੀਆਂ ਚਿੱਠੀਆਂ ਪਾਲੇ ਦੋਸ਼ੀ ਦੀ ਕਲਮ ਤੋਂ ਸਨ। ਦੋਹਾਂ ਲਿਖਤਾਂ ਵਿਚ ਰੱਤੀ ਭਰ ਵੀ ਫ਼ਰਕ ਨਹੀਂ ਸੀ। ਇਸ ਤਰ੍ਹਾਂ ਪਾਲਾ ਬੰਟੀ ਨੂੰ ਅਗਵਾ ਕਰਨ ਅਤੇ ਫਿਰੌਤੀ ਵਸੂਲਣ ਦੇ ਦੋਸ਼ ਦਾ ਭਾਗੀਦਾਰ ਸੀ।

“ਕਿਉਂ ਵਕੀਲ ਸਾਹਿਬ ਇਥੇ ਕੀ ਬਦਲਿਆ ਗਿਐ?” ਤਣਾਓ ਭਰੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਜੱਜ ਨੇ ਵਿਅੰਗ ਕੀਤਾ। ਚਾਰੇ ਪਾਸੇ ਹਾਸਾ ਫੈਲ ਗਿਆ।

“ਆਗੇ ਆਗੇ ਦੇਖੀਏ ਹੋਤਾ ਹੈ ਕਿਆ?” ਹਾਸੇ ਦਾ ਪਿਆਰੇ ਲਾਲ ’ਤੇ ਕੋਈ ਅਸਰ ਨਹੀਂ ਸੀ ਹੋਇਆ। ਉਸ ਦੇ ਹੌਸਲੇ ਪਹਿਲਾਂ ਵਾਂਗ ਹੀ ਬੁਲੰਦ ਸਨ।

“ਫੇਰ ਇਸ ਦਾ ਰਿਕਾਰਡ ਵੀ ਦੇਖੀਏ?”

“ਨਹੀਂ ਜਨਾਬ) ਇਸ ਦੀ ਜ਼ਰੂਰਤ ਨਹੀਂ ਹੋਵੇਗੀ।”

“ਕਿਉਂ?”

“ਪਾਰਸਲ ਬਦਲਣ ਲਈ ਕਿਸੇ ਅਣਜਾਣ ਸਿਪਾਹੀ ਨੂੰ ਚੰਡੀਗੜ੍ਹ ਨਹੀਂ ਸੀ ਭੇਜਿਆ ਗਿਆ। ਤਫ਼ਤੀਸ਼ੀ ਅਫ਼ਸਰ ਖ਼ੁਦ ਗਿਆ ਸੀ। ਅਸਲ ਚਿੱਠੀਆਂ ਲੈ ਲਈਆਂ ਗਈਆਂ ਸਨ ਅਤੇ ਪਾਲੇ ਕੋਲੋਂ ਲਿਖਵਾਈਆਂ ਚਿੱਠੀਆਂ ਰੱਖ ਦਿੱਤੀਆਂ ਗਈਆਂ ਸਨ। ਇਹ ਕੰਮ ਅਫ਼ਸਰਾਂ ਦੀ ਸਹਿਮਤੀ ਨਾਲ ਹੋਇਆ ਸੀ। ਇਸ ਲਈ ਅਜਿਹੀ ਗ਼ਲਤੀ ਦੀ ਕੋਈ ਸੰਭਾਵਨਾ ਨਹੀਂ।” ਮਾਹਿਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਪਿਆਰੇ ਲਾਲ ਨੇ ਰਿਕਾਰਡ ਦੇ ਦਰੁਸਤ ਹੋਣ ਦਾ ਕਾਰਨ ਸਮਝਾਇਆ।

“ਹਾਂ.....ਹਾਂ ਸ਼ੁਰੂ ਕਰੋ।”

ਕਪੂਰ ਸਿੰਘ ਆਪਣੇ ਕੰਮ ਵਿਚ ਕਿੰਨਾ ਕੁ ਮਾਹਿਰ ਹੈ, ਇਹ ਸਾਬਤ ਕਰਨ ਲਈ ਪਿਆਰੇ ਲਾਲ ਨੇ ਇਕ-ਇਕ ਕਰਕੇ ਅਜਿਹੇ ਅਠਾਰਾਂ ਕੇਸ ਗਿਣਾਏ, ਜਿਹੜੇ ਪਿਛਲੇ ਚਾਰ ਸਾਲਾਂ ਵਿਚ ਇਸ ਸਬ-ਡਵੀਜ਼ਨ ਦੇ ਥਾਣਿਆਂ ਨੇ ਉਸ ਕੋਲ ਸਲਾਹ ਲਈ ਭੇਜੇ ਸਨ। ਕਿਸੇ ਕੇਸ ਵਿਚ ਰਜਿਸਟਰੀ ’ਤੇ ਹੋਏ ਦਸਤਖ਼ਤਾਂ ਦੀ ਪਛਾਣ ਕਰਨੀ ਸੀ ਅਤੇ ਕਿਸੇ ਵਿਚ ਚੈੱਕ ’ਤੇ ਹੋਏ ਦਸਤਖ਼ਤਾਂ ਦੀ। ਕਿਸੇ ਕੇਸ ਵਿਚ ਚਿੱਠੀ ਦੇ ਲੇਖਕ ਦੀ ਪਛਾਣ ਕੀਤੀ ਜਾਣੀ ਸੀ ਅਤੇ ਕਿਸੇ ਵਿਚ ਕੈਸ਼  ਬੁੱਕ ਦੇ ਲੇਖਕ ਦੀ। ਇਹ ਲਿਖਤਾਂ ਪਾਲੇ ਵਰਗੇ ਕਿਸੇ ਅਜਿਹੇ ਵਿਅਕਤੀ ਦੀਆਂ ਨਹੀਂ ਸਨ, ਜਿਨ੍ਹਾਂ ਨੂੰ ਲਿਖਤ ਕਰਨ ਦਾ ਮੌਕਾ ਹਾੜੀ-ਸੌਣੀ ਕਦੇ-ਕਦੇ ਹੀ ਮਿਲਦਾ ਹੋਵੇ। ਇਹ ਲਿਖਤਾਂ ਅਜਿਹੇ ਵਿਅਕਤੀਆਂ ਦੀਆਂ ਸਨ, ਜਿਨ੍ਹਾਂ ਦੇ ਲਿਖਣ-ਢੰਗ ਸਥਾਪਤ ਹੋ ਚੁੱਕੇ ਸਨ ਅਤੇ ਜਿਨ੍ਹਾਂ ਦੀਆਂ ਲਿਖਤਾਂ ਦੇ ਹਜ਼ਾਰਾਂ ਨਮੂਨੇ ਮੌਜੂਦ ਸਨ।

ਦੋ ਕੇਸਾਂ ਨੂੰ ਛੱਡ ਕੇ ਬਾਕੀ ਵਿਚ ਪਤਾ ਕੀ ਰਾਏ ਆਉਂਦੀ ਰਹੀ? ਨਮੂਨੇ ਵਾਲੀਆਂ ਲਿਖਤਾਂ ਅਸਪੱਸ਼ਟ ਹਨ। ਅਜਿਹੀਆਂ ਹੋਰ ਲਿਖਤਾਂ ਭੇਜੀਆਂ ਜਾਣ, ਜਿਨ੍ਹਾਂ ਨੂੰ ਦੋਸ਼ੀ ਆਪਣੀਆਂ ਵੀ ਮੰਨੇ ਅਤੇ ਜਿਹੜੀਆਂ ਪਰਖੇ ਜਾਣ ਵਾਲੇ ਦਸਤਾਵੇਜ਼ ਦੇ ਨੇੜੇ-ਤੇੜੇ ਦੇ ਸਮੇਂ ਲਿਖੀਆਂ ਗਈਆਂ ਹੋਣ। ਉਦੇਸ਼ ਸਪੱਸ਼ਟ ਹੁੰਦਾ ਸੀ। ਨਾ ਨੌਂ ਮਣ ਸੁਰਮਾ ਹੋਏਗਾ ਨਾ ਰਾਧਾ ਨੱਚੇਗੀ। ਬਹੁਤੇ ਕੇਸ ਰਫ਼ਾ-ਦਫ਼ਾ ਹੋ ਗਏ ਜਾਂ ਕਮਜ਼ੋਰ ਪੈ ਗਏ।

“ਕੀ ਇਹ ਠੀਕ ਹੈ ਕਿ ਤੁਸੀਂ ਇਹਨਾਂ ਕੇਸਾਂ ਵਿਚ ਕੋਈ ਰਾਏ ਨਹੀਂ ਸੀ ਦੇ ਸਕੇ?” ਪਿਆਰੇ ਲਾਲ ਨੇ ਇਕ-ਇਕ ਕੇਸ ਦਾ ਵੇਰਵਾ ਦੇ ਕੇ ਪੁੱਛਿਆ।

ਕਪੂਰ ਸਿੰਘ ਦੀਆਂ ਲੱਤਾਂ ਉਸ ਸਮੇਂ ਤੋਂ ਹੀ ਕੰਬ ਰਹੀਆਂ ਸਨ, ਜਦੋਂ ਤੋਂ ਪਿਆਰੇ ਲਾਲ ਨੇ ਆਖਿਆ ਸੀ ਕਿ ਚਿੱਠੀਆਂ ਮਾਹਿਰ ਦੀ ਸਹਿਮਤੀ ਨਾਲ ਬਦਲੀਆਂ ਗਈਆਂ ਸਨ। ਇਸ ਨਵੇਂ ਬੰਬ ਨੇ ਉਸ ਦੇ ਛੱਕੇ ਹੀ ਛੁਡਾ ਦਿੱਤੇ।

ਕੋਈ ਚਾਰਾ ਨਾ ਚੱਲਦਾ ਦੇਖ ਕੇ ਕਪੂਰ ਸਿੰਘ ਨੇ ਹਾਂ ਵਿਚ ਸਿਰ ਹਿਲਾ ਦਿੱਤਾ।

“ਸਭ ਲਿਖਤਾਂ ਦਰੁਸਤ ਹੁੰਦੀਆਂ ਹਨ। ਉਹਨਾਂ ਹੀ ਦਸਤਾਵੇਜ਼ਾਂ ਦੇ ਆਧਾਰ ’ਤੇ ਪ੍ਰਾਈਵੇਟ ਮਾਹਿਰ ਬੜੀ ਸਪੱਸ਼ਟ ਰਾਏ ਦਿੰਦੇ ਹਨ। ਉਹਨਾਂ ਰਾਵਾਂ ਨੂੰ ਅਦਾਲਤਾਂ ਮਾਨਤਾ ਵੀ ਦਿੰਦੀਆਂ ਹਨ। ਤੁਸੀਂ ਸਪੱਸ਼ਟ ਰਾਏ ਇਸ ਲਈ ਨਹੀਂ ਦਿੰਦੇ, ਕਿਉਂਕਿ ਤੁਹਾਨੂੰ ਕੰਮ ਨਹੀਂ ਆਉਂਦਾ ਜਾਂ ਤੁਹਾਡੀ ਨੀਯਤ ਸਾਫ਼ ਨਹੀਂ ਹੁੰਦੀ।”

ਗਵਾਹ ਰਹਿੰਦਾ-ਖੂੰਹਦਾ ਸੰਤੁਲਨ ਵੀ ਗਵਾ ਬੈਠਾ ਸੀ, ਇਸ ਲਈ ਪਿਆਰੇ ਲਾਲ ਨੇ ਉਸ ਦੀ ਇਮਾਨਦਾਰੀ ’ਤੇ ਸਿੱਧਾ ਹਮਲਾ ਕੀਤਾ।

ਬਾਕੀ ਦੇ ਕੇਸਾਂ ਵਿਚ ਮਾਹਿਰ ਨੇ ਕੀ ਰਿਪੋਰਟ ਦਿੱਤੀ ਅਤੇ ਕਿਉਂ ਦਿੱਤੀ, ਪਿਆਰੇ ਲਾਲ ਇਸ ਬਾਰੇ ਵੀ ਦੱਸ ਸਕਦਾ ਸੀ ਪਰ ਹਾਲੇ ਸਮਾਂ ਢੁਕਵਾਂ ਨਹੀਂ ਸੀ।

ਕਪੂਰ ਸਿੰਘ ਜਦੋਂ ਪੂਰੀ ਤਰ੍ਹਾਂ ਹੋਸ਼ੋ-ਹਵਾਸ ਗਵਾ ਬੈਠਾ ਤਾਂ ਪਿਆਰੇ ਲਾਲ ਅਸਲੀ ਮੁੱਦੇ ’ਤੇ ਆਇਆ।

ਬੰਟੀ ਦੇ ਕਤਲ ਤਕ ਲਾਲਾ ਜੀ ਨੂੰ ਧਮਕੀ-ਭਰੇ ਚਾਰ ਪੱਤਰ ਮਿਲ ਚੱਕੇ ਸਨ। ਇਹ ਚਾਰੇ ਖ਼ਤ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਸਨ। ਇਹਨਾਂ ਚਿੱਠੀਆਂ ਨੇ ਦੋਸ਼ੀਆਂ ਦੀ ਸ਼ਨਾਖ਼ਤ ਵਿਚ ਅਹਿਮ ਰੋਲ ਅਦਾ ਕਰਨਾ ਸੀ। ਇਸੇ ਲਈ ਇਹਨਾਂ ਨੂੰ ਹੱਥ-ਲਿਖਤ ਦੇ ਮਾਹਿਰਾਂ ਕੋਲ ਭੇਜਿਆ ਗਿਆ ਸੀ। ਦੋਹਾਂ ਦੋਸ਼ੀਆਂ ਵਿਚੋਂ ਇਕੱਲਾ ਪਾਲਾ ਹੀ ਪੰਜਾਬੀ ਜਾਣਦਾ ਸੀ। ਤਫ਼ਤੀਸ਼ ਦੌਰਾਨ ਉਸੇ ਦੀ ਲਿਖਤ ਦਾ ਨਮੂਨਾ ਹਾਸਲ ਕੀਤਾ ਗਿਆ ਸੀ।

ਇਹਨਾਂ ਚਾਰੇ ਚਿੱਠੀਆਂ ਅਤੇ ਹੱਥ-ਲਿਖਤਾਂ ਦੇ ਆਧਾਰ ’ਤੇ ਕਪੂਰ ਸਿੰਘ ਨੇ ਆਪਣੀ ਰਿਪੋਰਟ ਤਿਆਰ ਕੀਤੀ ਸੀ।

ਧਿਆਨ ਚੰਦ ਵਾਂਗ ਜਦੋਂ ਕਪੂਰ ਸਿੰਘ ਨੇ ਆਪਣੀ ਰਿਪੋਰਟ ਨੂੰ ਗਹੁ ਨਾਲ ਵਾਚਿਆ ਤਾਂ ਪਾਇਆ ਕਿ ਰਿਪੋਰਟ ਨਾਲ ਚਾਰ ਦੀ ਥਾਂ ਅੱਠ ਚਿੱਠੀਆਂ ਲੱਗੀਆਂ ਹੋਈਆਂ ਸਨ। ਚਿੱਠੀਆਂ ਚਾਰ ਦੀਆਂ ਅੱਠ ਕਿਵੇਂ ਬਣ ਗਈਆਂ? ਇਹ ਤਾਂ ਉਸ ਨੂੰ ਸਮਝ ਆ ਗਈ ਪਰ ਅਸਲ ਚਿੱਠੀਆਂ ਰਿਪੋਰਟ ਨਾਲ ਕਿਵੇਂ ਲੱਗ ਗਈਆਂ, ਇਹ ਸਮਝ ਨਾ ਆਈ।

ਨਿਯਮਾਂ ਅਨੁਸਾਰ ਦਫ਼ਤਰ ਵਿਚ ਪ੍ਰਾਪਤ ਹੋਏ ਹਰ ਦਸਤਾਵੇਜ਼ ਉਪਰ ਰਸੀਦ ਨੰਬਰ ਅਤੇ ਮੁਕੱਦਮੇ ਦਾ ਅਨੁਵਾਨ ਲਿਖਿਆ ਜਾਂਦਾ ਹੈ। ਫੇਰ ਮਹਿਕਮੇ ਦੀ ਮੋਹਰ ਲੱਗਦੀ ਹੈ ਅਤੇ ਉਪਰ ਅਫ਼ਸਰ ਦੇ ਦਸਤਖ਼ਤ ਹੰਦੇ ਹਨ।

ਇਹਨਾਂ ਨਿਯਮਾਂ ਦੀ ਪਾਲਨਾ ਅਸਲ ਚਿੱਠੀਆਂ ਉਪਰ ਵੀ ਹੋਈ ਸੀ ਅਤੇ ਨਕਲੀ ਚਿੱਠੀਆਂ  ਉਪਰ ਵੀ। ਨਵੀਆਂ ਚਿੱਠੀਆਂ ਨੇ ਪੁਰਾਣੀਆਂ ਦੀ ਥਾਂ ਲੈਣੀ ਸੀ, ਇਸ ਲਈ ਨਵੀਆਂ ਚਿੱਠੀਆਂ ਉਪਰ ਪੁਰਾਣੀਆਂ ਚਿੱਠੀਆਂ ਵਾਲੇ ਨੰਬਰ ਹੀ ਲਾਏ ਗਏ ਸਨ। ਜਿਥੋਂ ਤਕ ਕਪੂਰ ਸਿੰਘ ਨੂੰ ਯਾਦ ਸੀ, ਪੁਰਾਣੀਆਂ ਚਿੱਠੀਆਂ ਖੁਰਦ-ਬੁਰਦ ਕਰ ਦਿੱਤੀਆਂ ਗਈਆਂ ਸਨ। ਫੇਰ ਵੀ, ਕਿਉਂਕਿ ਦੋਹਾਂ ਸੈੱਟਾਂ ਉਪਰ ਉਸ ਦੇ ਦਸਤਖ਼ਤ ਸਨ, ਇਸ ਲਈ ਇਹਨਾਂ ਦੀ ਹੋਂਦ ਤੋਂ ਮੁਨਕਰ ਵੀ ਨਹੀਂ ਸੀ ਹੋਇਆ ਜਾ ਸਕਦਾ। ਹਰ ਚਿੱਠੀ ਉਪਰ ਪੰਨਾ ਨੰਬਰ ਲੱਗਾ ਹੋਇਆ ਸੀ। ਰਿਪੋਰਟ ਵਿਚ ਜਿੰਨੇ ਦਸਤਾਵੇਜ਼ ਨੱਥੀ ਕਰਨੇ ਲਿਖੇ ਸਨ, ਉਹਨਾਂ ਦੀ ਗਿਣਤੀ ਤਾਂ ਹੀ ਪੂਰੀ ਹੁੰਦੀ ਸੀ, ਜੇ ਅੱਠੇ ਚਿੱਠੀਆਂ ਵਿਚ ਗਿਣੀਆਂ ਜਾਣ।

ਹੇਰਾ-ਫੇਰੀ ਫੜੀ ਜਾ ਚੁੱਕੀ ਸੀ। ਫ਼ੈਸਲਾ ਲਿਖਦੇ ਸਮੇਂ ਜੱਜ ਨੇ ਇਸ ਹੇਰਾ-ਫੇਰੀ ਦਾ ਗੰਭੀਰ ਨੋਟਿਸ ਲੈਣਾ ਸੀ, ਪਰ ਕਪੂਰ ਸਿੰਘ ਧਿਆਨ ਚੰਦ ਵਾਂਗ ਮਿਉਂ-ਮਿਉਂ ਕਰਨ ਵਾਲਾ ਅਫ਼ਸਰ ਨਹੀਂ ਸੀ। ਧਿਆਨ ਚੰਦ ਨਾਲ ਖ਼ੁਦ ਧੋਖਾ ਹੋਇਆ ਸੀ। ਇਥੇ ਸਾਰੀ ਕਾਰਵਾਈ ਕਪੂਰ ਸਿੰਘ ਦੇ ਹੱਥੀਂ ਹੋਈ ਸੀ। ਉਹ ਗ਼ਲਤੀ ਮੰਨ ਗਿਆ ਤਾਂ ਨੌਕਰੀ ਤਾਂ ਜਾਏਗੀ ਹੀ, ਕੇਸ ਵੀ ਬਣੇਗਾ।

ਕਪੂਰ ਸਿੰਘ ਨੂੰ ਸਾਫ਼ ਮੁਕਰ ਜਾਣ ਵਿਚ ਬਿਹਤਰੀ ਲੱਗੀ। ਉਸ ਨੇ ਨਵੀਆਂ ਚਿੱਠੀਆਂ ਨੂੰ ਹੀ ਅਸਲ ਹੋਣਾ ਮੰਨਿਆ। ਪੁਰਾਣੀਆਂ ਚਿੱਠੀਆਂ ’ਤੇ ਉਸ ਦੇ ਦਸਤਖ਼ਤ ਜਾਅਲੀ ਸਨ ਜਾਂ ਧੋਖੇ ਨਾਲ ਕਰਾਏ ਗਏ ਸਨ।

ਮਾਹਿਰ ਵੱਲੋਂ ਆਪਣੇ ਹੀ ਦਸਤਖ਼ਤ ਮੁੱਕਰ ਜਾਣ ’ਤੇ ਜੱਜ ਨੂੰ ਗ਼ੁੱਸਾ ਆ ਗਿਆ। ਇਹ ਅਦਾਲਤ ਦੀ ਤੌਹੀਨ ਸੀ।

‘ਜੇ ਤੂੰ ਆਪਣੇ ਦਸਤਖ਼ਤ ਵੀ ਨਹੀਂ ਪਛਾਣ ਸਕਦਾ, ਫੇਰ ਤੂੰ ਹੱਥ-ਲਿਖਤਾਂ ਦਾ ਮਾਹਿਰ ਟੱਟੂ ਦਾ ਹੈਂ। ਇਹ ਦਸਤਖ਼ਤ ਤੇਰੇ ਹਨ ਜਾਂ ਨਹੀਂ? ਹਾਂ ਜਾਂ ਨਾਂਹ ਵਿਚ ਜਵਾਬ ਦੇਹ।” ਹਰਖੇ ਜੱਜ ਨੇ ਪੁਰਾਣੀਆਂ ਚਿੱਠੀਆਂ ਕਪੂਰ ਸਿੰਘ ਅੱਗੇ ਸੁੱਟਦਿਆਂ ਆਖਿਆ।

ਦੋ-ਚਾਰ ਵਾਰ ਅੱਖਾਂ ਤੋਂ ਐਨਕ ਲਾਹੁਣ-ਪਾਉਣ ਅਤੇ ਪੰਜ-ਸੱਤ ਵਾਰ ਲੈਨਜ਼ਾਂ ਰਾਹੀਂ ਦਸਤਖ਼ਤਾਂ ਨੂੰ ਘੋਖਣ ਦਾ ਨਾਟਕ ਕਰ ਕੇ ਕਪੂਰ ਸਿੰਘ ਨੇ ਦਸਤਖ਼ਤ ਆਪਣੇ ਕੀਤੇ ਹੋਏ ਮੰਨ ਲਏ। ਜੱਜ ਹੋਰ ਚਿੜ ਗਿਆ।

“ਹੁਣ ਇਹ ਵੀ ਦੱਸ ਦੇ ਕਿ ਇਹ ਦਸਤਖ਼ਤ ਤੂੰ ਜਾਣ-ਬੁੱਝ ਕੇ ਕੀਤੇ ਹਨ ਜਾਂ ਕਿਸੇ ਨੇ ਧੋਖੇ ਨਾਲ ਕਰਾਏ ਨੇ?” ਜੱਜ ਕਿਸੇ ਨਤੀਜੇ ’ਤੇ ਪੁੱਜਣਾ ਚਾਹੁੰਦਾ ਸੀ।

ਕਪੂਰ ਸਿੰਘ ਦੀ ਹਾਲਤ ਉਸ ਸੱਪ ਵਰਗੀ ਸੀ, ਜਿਸ ਦੇ ਮੂੰਹ ਵਿਚ ਕੋਹੜ ਕਿਰਲੀ ਫਸ ਗਈ ਸੀ। ਜੇ ਕਪੂਰ ਸਿੰਘ ਆਖੇ ਦਸਤਖ਼ਤ ਉਸ ਦੇ ਹਨ ਤਾਂ ਇਹ ਜੁਰਮ ਦਾ ਇਕਬਾਲ ਹੋਏਗਾ। ਜੇ ਆਖੇ ਕਿਸੇ ਨੇ ਧੋਖੇ ਨਾਲ ਕਰਾਏ ਹਨ ਤਾਂ ਸਿੱਧ ਹੋਏਗਾ ਕਿ ਉਹ ਇਕ ਨੰਬਰ ਦਾ ਲਾ-ਪਰਵਾਹ ਹੈ। ਮੁਜਰਮ ਬਣਨ ਨਾਲੋਂ ਉਸ ਨੂੰ ਲਾ-ਪਰਵਾਹ ਬਣਨ ਵਿਚ ਬਿਹਤਰੀ ਨਜ਼ਰ ਆਈ।

“ਗਵਾਹ ਆਲ੍ਹਾ ਦਰਜੇ ਦਾ ਬੇਈਮਾਨ ਹੈ। ਪੈਰ-ਪੈਰ ’ਤੇ ਝੂਠ ਬੋਲਦਾ ਹੈ। ਇਸ ਲਈ ਗਵਾਹੀ ਕਾਬਲੇ-ਇਤਬਾਰ ਨਹੀਂ।” ਕਪੂਰ ਸਿੰਘ ਦੀਆਂ ਹੇਰਾ-ਫੇਰੀਆਂ ਤੋਂ ਖਿਝੇ ਜੱਜ ਨੇ ਉਸ ਖ਼ਿਲਾਫ਼ ਸਟਰਿਕਚਰ ਪਾਸ ਕਰ ਦਿੱਤੇ।

ਜੱਜ ਦੇ ਇਹਨਾਂ ਸਟਰਿਕਚਰਾਂ ਦੇ ਨਾਲ ਹੀ ਮਾਹਿਰ ਗਵਾਹਾਂ ਦੀ ਲਿਸਟ ਸਮਾਪਤ ਹੋ ਗਈ।

ਇਹਨਾਂ ਗਵਾਹਾਂ ਦੇ ਬਿਆਨਾਂ ਲਈ ਲੰਚ ਤਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ। ਪਿਆਰੇ ਲਾਲ ਨੇ ਕਾਨੂੰਨੀ ਦਾਅ-ਪੇਚਾਂ ਦੀ ਥਾਂ, ਤੱਥਾਂ ਦੇ ਸਹਾਰੇ ਉਹਨਾਂ ਦੀ ਗਵਾਹੀ ਤਹਿਸ- ਨਹਿਸ ਕਰ ਦਿੱਤੀ। ਇਸ ਲਈ ਇਹ ਕੰਮ ਬਾਰਾਂ ਵਜੇ ਤਕ ਨਿੱਬੜ ਗਿਆ।

ਗ਼ੈਰ-ਸਰਕਾਰੀ ਗਵਾਹਾਂ ’ਤੇ ਜਿਰਾਹ ਮੋਹਨ ਜੀ ਨੇ ਕਰਨੀ ਸੀ। ਕਪੂਰ ਸਿੰਘ ਦੀ ਗਵਾਹੀ ਖ਼ਤਮ ਹੋਣ ਤੋਂ ਪਹਿਲਾਂ ਹੀ ਉਹ ਕੋਰਟ ਰੂਮ ਵਿਚ ਦਾਖ਼ਲ ਹੋ ਗਿਆ। ਕੇਸ ਸਫ਼ਾਈ ਧਿਰ ਦੇ ਹੱਕ ਵਿਚ ਜਾ ਰਿਹਾ ਸੀ। ਜਿੰਨੇ ਗਵਾਹ ਭੁਗਤ ਜਾਣ ਓਨਾ ਹੀ ਫ਼ਾਇਦਾ ਸੀ।

ਬਚਨ ਸਿੰਘ ਹੋਰ ਗਵਾਹ ਭੁਗਤਾਉਣ ਲਈ ਤਿਆਰ ਨਹੀਂ ਸੀ। ਬਾਕੀ ਦੇ ਗਵਾਹ ਦੁਪਹਿਰ ਤੋਂ ਬਾਅਦ ਲਿਖੇ ਜਾਣ। ਹਾਲੇ ਨਾ ਗਵਾਹ ਤਿਆਰ ਹਨ, ਨਾ ਉਹ ਆਪ।

ਨਾਥ ਸਾਹਿਬ ਵੀ ਇਹੋ ਚਾਹੁੰਦੇ ਸਨ। ਸਫ਼ਾਈ ਧਿਰ ਨੇ ਕੇਸ ਦੀ ਰੀੜ੍ਹ ਦੀ ਹੱਡੀ ਤੋੜਦਿੱਤੀ ਸੀ। ਸਰਕਾਰੀ ਵਕੀਲ ਨੂੰ ਵਿਗੜੀ ਸਥਿਤੀ ਨੂੰ ਸੰਭਾਲਣ ਲਈ ਕੁਝ ਸਮਾਂ ਮਿਲਣਾਹੀਚਾਹੀਦਾਸੀ।

“ਬਾਕੀ ਗਵਾਹ ਲੰਚ ਤੋਂ ਬਾਅਦ।” ਦਾ ਹੁਕਮ ਸੁਣਾ ਕੇ ਜੱਜ ਨੇ ਕੁਰਸੀ ਛੱਡ ਦਿੱਤੀ।

 

 

15

ਮਾਹਿਰਾਂ ਦੀ ਗਵਾਹੀ ਨੇ ਸਰਕਾਰੀ ਧਿਰ ਨਾਲ ਜੁੜੇ ਹਰ ਵਿਅਕਤੀ ਨੂੰ ਪ੍ਰੇਸ਼ਾਨ ਕਰ ਰੱਖਿਆਸੀ।

ਇਸ ਕੇਸ ਵਿਚ ਇਕ ਵੀ ਅਜਿਹਾ ਗਵਾਹ ਨਹੀਂ ਸੀ ਜਿਹੜਾ ਹਿੱਕ ਥਾਪੜ ਕੇ ਆਖ ਸਕਦਾ ਕਿ ਉਸ ਨੇ ਬੰਟੀ ਨੂੰ ਕਤਲ ਹੁੰਦਿਆਂ ਦੇਖਿਆ ਹੈ। ਸਾਰਾ ਕੇਸ ਹਾਲਾਤ ’ਤੇ ਆਧਾਰਤ ਗਵਾਹੀ ’ਤੇ ਨਿਰਭਰ ਸੀ। ਪੁਲਿਸ ਨੇ ਅਜਿਹੇ ਹਾਲਾਤ ਦਾ ਹੋਣਾ ਸਿੱਧ ਕੀਤਾ ਸੀ ਜਿਸ ਤੋਂ ਇਹ ਸਾਬਤ ਹੁੰਦਾ ਸੀ ਕਿ ਦੋਸ਼ੀਆਂ ਤੋਂ ਸਿਵਾ ਕੋਈ ਹੋਰ ਬੰਟੀ ਨੂੰ ਕਤਲ ਕਰ ਹੀ ਨਹੀਂ ਸਕਦਾ। ਇਹਨਾਂ ਹਾਲਾਤਾਂ ਦੀ ਕਿਸੇ ਨਾ ਕਿਸੇ ਕੜੀ ਨੂੰ ਸਾਬਤ ਕਰਨ ਲਈ ਪੁਲਿਸ ਨੇ ਮਾਹਿਰਾਂ ਦਾ ਸਹਾਰਾ ਲਿਆ ਸੀ, ਮਾਹਿਰਾਂ ਦੀ ਗਵਾਹੀ ਨੇ ਫ਼ਾਇਦੇ ਦੀ ਥਾਂ ਉਲਟਾ ਨੁਕਸਾਨ ਪਹੁੰਚਾਇਆ ਸੀ।

ਸਭ ਤੋਂ ਵੱਧ ਫ਼ਿਕਰ ਨਾਜ਼ਰ ਸਿੰਘ ਨੂੰ ਸੀ। ਸਭ ਤੋਂ ਪਹਿਲਾਂ ਨਜ਼ਲਾ ਉਸੇ ’ਤੇ ਝੜਨਾ ਸੀ। ਮਾਰ ਵੀ ਦੂਹਰੀ ਪੈਣੀ ਸੀ।

ਪਹਿਲਾਂ ਇਸ ਲਈ ਕਿ ਅੱਜ ਉਹ ਕੇਸ ਦੀ ਪੈਰਵਾਈ ਲਈ ਆਇਆ ਸੀ। ਪੈਰਵਾਈ ਅਫ਼ਸਰ ਹੋਣ ਦੇ ਨਾਤੇ ਉਸ ਦਾ ਫ਼ਰਜ਼ ਸੀ ਕਿ ਹਰ ਗਵਾਹ ਸਰਕਾਰ ਦੇ ਹੱਕ ਵਿਚ ਭੁਗਤੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਉਸ ਨੂੰ ਸਰਕਾਰ ਵੱਲੋਂ ਪੂਰੀ ਖੁੱਲ੍ਹ ਸੀ। ਪ੍ਰਾਈਵੇਟ ਗਵਾਹਾਂ ਨੂੰ ਉਹ ਕੁੱਟ-ਮਾਰ ਤਕ ਕਰ ਸਕਦਾ ਸੀ। ਗਵਾਹ ਸਰਕਾਰੀ ਮੁਲਾਜ਼ਮ ਹੋਣ ਤਾਂ ਉਹਨਾਂ ਦੇ ਮਹਿਕਮੇ  ਨੂੰ ਕਾਰਵਾਈ ਲਈ ਲਿਖ ਸਕਦਾ ਸੀ। ਕੋਈ ਗਵਾਹ ਉਸ ਦੀ ਪਹੁੰਚ ਤੋਂ ਬਾਹਰ ਹੋਵੇ ਤਾਂ ਉੱਚ- ਅਧਿਕਾਰੀਆਂ ਨੂੰ ਦੱਸੇ। ਫੇਰ ਉਹ ਗਵਾਹ ਨੂੰ ਆਪੇ ਸਿੱਧੇ ਰਸਤੇ ਪਾਉਣਗੇ।

ਵੈਸੇ ਇਹ ਫ਼ਰਜ਼ ਨਿਭਾਉਣ ਵਿਚ ਨਾਜ਼ਰ ਸਿੰਘ ਨੇ ਕੋਈ ਕੁਤਾਹੀ ਨਹੀਂ ਸੀ ਕੀਤੀ। ਸਭ ਗਵਾਹ ਪੜ੍ਹੇ-ਲਿਖੇ ਅਤੇ ਸਰਕਾਰੀ ਅਫ਼ਸਰ ਸਨ। ਨਾਜ਼ਰ ਉਹਨਾਂ ਨੂੰ ਕੀ ਸਮਝਾ ਸਕਦਾ ਸੀ? ਉਹਨਾਂ ਦੀ ਟਹਿਲ ਸੇਵਾ ਕਰ ਸਕਦਾ ਸੀ। ਟਹਿਲ ਸੇਵਾ ਵਿਚ ਉਸ ਨੇ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਕਿਸੇ ਨੇ ਚਾਹ ਮੰਗੀ ਤਾਂ ਉਸ ਨੇ ਦੁੱਧ ਮੰਗਵਾਇਆ। ਕਿਸੇ ਨਾ ਪਾਣੀ ਮੰਗਿਆ ਤਾਂ ਉਸ ਨੇ ਜੂਸ ਪਿਲਾਇਆ।

ਇਸ ਦੋਸ਼ ਤੋਂ ਤਾਂ ਸ਼ਾਇਦ ਉਹ ਮੁਕਤ ਹੋ ਜਾਵੇ ਪਰ ਰਿਕਾਰਡ ਵਿਚ ਹੋਈ ਹੇਰਾ-ਫੇਰੀ ਨੇ ਉਸ ਦੇ ਜੋੜਾਂ ਵਿਚ ਬੈਠ ਜਾਣਾ ਸੀ। ਕਿਸੇ ਨੇ ਨਹੀਂ ਸੀ ਮੰਨਣਾ ਕਿ ਇਹ ਹੇਰਾ-ਫੇਰੀ ਉਸ ਨੇ ਅਫ਼ਸਰਾਂ ਦੀ ਹਦਾਇਤ ’ਤੇ ਕੀਤੀ ਸੀ। ਇਸ ਕੁਤਾਹੀ ਦੀ ਸਾਰੀ ਜ਼ਿੰਮੇਵਾਰੀ ਨਾਜ਼ਰ ਸਿਰ ਮੜ੍ਹੀ ਜਾਣੀ ਸੀ।

ਉਹ ਕਈ ਵਾਰ ਸਰਕਾਰੀ ਵਕੀਲ ਦੇ ਗੋਡੀਂ ਹੱਥ ਲਾ ਚੱਕਾ ਸੀ। ਵਿਸਕੀ ਦੀ ਪੇਟੀ ਭੇਜਣ ਦਾ ਵਾਅਦਾ ਕਰ ਚੱਕਾ ਸੀ। ਨਾਜ਼ਰ ਸਿੰਘ ਦੀ ਪੱਗ ਬਚਨ ਸਿੰਘ ਦੇ ਹੱਥ ਸੀ, ਬਚਾ ਲਵੇ ਭਾਵੇਂ ਉਛਾਲ ਦੇਵੇ। ਸਰਕਾਰੀ ਵਕੀਲ ਜੇ ਬਹੁਤੀ ਮਦਦ ਨਹੀਂ ਕਰ ਸਕਦਾ ਤਾਂ ਇਹ ਵਾਅਦਾ ਤਾਂ ਕਰੇ ਕਿ ਉਹ ਇਸ ਕੁਤਾਹੀ ਬਾਰੇ ਕਪਤਾਨ ਨੂੰ ਚਿੱਠੀ ਨਹੀਂ ਲਿਖੇਗਾ।

ਧਿਆਨ ਚੰਦ ਅਤੇ ਕਪੂਰ ਸਿੰਘ ਦਾ ਹਾਲ ਉਸ ਤੋਂ ਵੀ ਭੈੜਾ ਸੀ। ਮੁਅੱਤਲ ਹੋਣਾ, ਪੜਤਾਲ ਕਰਾਉਣੀ ਅਤੇ ਫੇਰ ਬਹਾਲ ਹੋ ਜਾਣਾ ਪੁਲਿਸ ਅਫ਼ਸਰਾਂ ਲਈ ਮਾਮੂਲੀ ਗੱਲ ਸੀ। ਮਾਹਿਰਾਂ ਦੇ ਵਿਭਾਗ ਵਿਚ ਇੰਝ ਨਹੀਂ ਚੱਲਦਾ। ਮਾਮੂਲੀ ਜਿਹੀ ਸ਼ਿਕਾਇਤ ’ਤੇ ਸੀ। ਅੱਗੋਂ ਤੋਂ ਅਹਿਮ ਦਸਤਾਵੇਜ਼ ਮੁਆਇਨੇ ਲਈ ਨਹੀਂ ਦਿੱਤੇ ਜਾਂਦੇ। ਰੋਟੀ-ਟੁੱਕ ਦਾ ਸਾਧਨ ਬੰਦ ਹੋ ਜਾਂਦਾ ਸੀ।

ਮਾਹਿਰਾਂ ਦਾ ਕਸੂਰ ਵੀ ਕੋਈ ਨਹੀਂ। ਇਹ ਰੱਦੋ-ਬਦਲ ਉਹਨਾਂ ਸਰਕਾਰ ਦੀ ਬਿਹਤਰੀ ਲਈ ਕੀਤੀ ਸੀ, ਨਾ ਕਿ ਕਿਸੇ ਲਾਲਚ ਲਈ। ਸਰਕਾਰੀ ਵਕੀਲ ਕਿਵੇਂ ਨਾ ਕਿਵੇਂ ਮੌਕਾ ਸੰਭਾਲੇ। ਜੱਜ ਨਾਲ ਗੱਲ ਕਰੇ, ਦੋਸ਼ੀਆਂ ਨੂੰ ਸਜ਼ਾ ਕਰਾਏ। ਜੇ ਦੋਸ਼ੀ ਸਜ਼ਾ ਹੋ ਜਾਣ ਤਾਂ ਸਭ ਦੇ ਪਾਪ ਧੋਤੇ ਜਾਣ। ਜੇ ਇੰਝ ਸੰਭਵ ਨਹੀਂ ਤਾਂ ਦੂਜੀ ਧਿਰ ਦੇ ਵਕੀਲਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ। ਉਹ ਦੋਸ਼ੀ ਭਾਵੇਂ ਬਰੀ ਕਰਾ ਲੈਣ ਪਰ ਮਾਹਿਰਾਂ ਦੀ ਗ਼ਲਤੀ ਨਾ ਉਛਾਲਣ। ਇਸ ਮਿਹਰਬਾਨੀ ਲਈ ਜੇ ਖ਼ਰਚ-ਵਰਚ ਕਰਨਾ ਪਵੇ ਤਾਂ ਵੀ ਬਚਨ ਸਿੰਘ ਨਾ ਝਿਜਕੇ। ਮਾਹਿਰ ਖੁੱਲ੍ਹੇ ਖ਼ਰਚ ਲਈ ਤਿਆਰ ਸਨ।

ਉਹ ਪੈਣ ਢੱਠੇ ਖੂਹ ’ਚ। ਬਚਨ ਸਿੰਘ ਦੀ ਆਪਣੀ ਜਾਨ ਕੜਿੱਕੀ ਵਿਚ ਫਸੀ ਪਈ ਸੀ। ਸਭ ਤੋਂ ਪਹਿਲਾਂ ਖਿਚਾਈ ਉਸੇ ਦੇ ਹੋਣੀ ਸੀ।

ਮਾਹਿਰਾਂ ਅਤੇ ਤਫ਼ਤੀਸ਼ੀ ਦੇ ਨਾਲ-ਨਾਲ ਬਚਨ ਸਿੰਘ ਨੂੰ ਭੰਡਾਰੀ ਵਕੀਲ ਅਤੇ ਯੁਵਾ ਸੰਘ ’ਤੇ ਵੀ ਗ਼ੁੱਸਾ ਆ ਰਿਹਾ ਸੀ। ਭੰਡਾਰੀ ਅਜੀਬ ਬੰਦਾ ਸੀ। ਸਾਰੀ ਕਾਰਵਾਈ ਦੌਰਾਨ ਇਕ ਵਾਰ ਵੀ ਅਦਾਲਤ ਵਿਚ ਪੈਰ ਨਹੀਂ ਸੀ ਧਰਿਆ। ਉਸ ਦਾ ਫ਼ਰਜ਼ ਸੀ, ਉਹ ਅੰਦਰ ਆ ਕੇ ਗਵਾਹਾਂ ਦਾ ਹਾਲ-ਚਾਲ ਪੁੱਛਦਾ। ਉਹ ਭੰਡਾਰੀ ਨੂੰ ਸਮਝਾ ਦਿੰਦਾ। ‘ਜੱਜ ਗਵਾਹਾਂ ਨੂੰ ਦਬਕੇ ’ਤੇ ਦਬਕਾ ਮਾਰ ਰਿਹਾ ਹੈ। ਦਬਕੇ ਦੀ ਤਾਬ ਨਾ ਝੱਲਦੇ ਹੋਏ ਗਵਾਹ ਨੜੇ ਵਾਂਗ ਉਧੜ ਪੈਂਦੇ ਹਨ।’ ਬਚਨ ਸਿੰਘ ਦੇ ਇਸ਼ਾਰੇ ’ਤੇ ਸੰਘ ਨੇ ਜੇ ਇਕ ਨਾਅਰਾ ਵੀ ਮਾਰਿਆ ਹੁੰਦਾ ਤਾਂ ਉਲਟਾ ਜੱਜ ਨੇ ਦਬਕ ਜਾਣਾ ਸੀ ਤੇ ਕੇਸ ਦੇ ਰੁਖ਼ ਨੇ ਸਰਕਾਰ ਵੱਲ ਹੋ ਜਾਣਾ ਸੀ।

ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਮਾਹਿਰ ਆਖ਼ਰ ਮਾਹਿਰ ਹੀ ਹੁੰਦਾ ਹੈ। ਉਸ ਨੇ ਕੇਵਲ ਰਾਏ ਹੀ ਦਿੱਤੀ ਸੀ। ਜ਼ਰੂਰੀ ਨਹੀਂ ਰਾਏ ਹਮੇਸ਼ਾ ਸਹੀ ਹੋਵੇ। ਜੇ ਮੌਕੇ ਦੇ ਗਵਾਹਾਂ ਦੀ ਗਵਾਹੀ ਮਜ਼ਬੂਤ ਹੋਵੇ ਤਾਂ ਜੱਜ ਨੂੰ ਮਾਹਿਰਾਂ ਨਾਲੋਂ ਉਹਨਾਂ ਦੀ ਗਵਾਹੀ ਨੂੰ ਤਰਜੀਹ ਦੇਣੀ ਪੈਣੀ ਸੀ। ਹੁਣ ਉਸ ਦਾ ਬਚਾਅ ਇਸੇ ਵਿਚ ਸੀ ਕਿ ਮੌਕੇ ਦੇ ਗਵਾਹ ਨੂੰ ਚੰਗੀ ਤਰ੍ਹਾਂ ਭੁਗਤਾ ਲਿਆ ਜਾਵੇ।

ਮਾਹਿਰਾਂ ਨੂੰ ਟਾਲ ਕੇ ਬਚਨ ਸਿੰਘ ਭੰਡਾਰੀ ਦੇ ਖੋਖੇ ਵੱਲ ਹੋ ਗਿਆ।

ਸੁਬ੍ਹਾ ਬਚਨ ਸਿੰਘ ਦਾ ਵਿਚਾਰ ਸੀ ਕਿ ਸਰਕਾਰੀ ਗਵਾਹ ਉਹ ਭੁਗਤਾ ਦੇਵੇਗਾ ਅਤੇ ਪ੍ਰਾਈਵੇਟ ਗਵਾਹ ਭੰਡਾਰੀ ’ਤੇ ਛੱਡ ਦੇਵੇਗਾ। ਸਵੇਰ ਦੇ ਤਜਰਬੇ ਨੇ ਉਸ ਦਾ ਇਹ ਵਿਚਾਰ ਬਦਲ ਦਿੱਤਾ। ਨਵੀਂ ਯੋਜਨਾ ਤਹਿਤ ਉਸ ਨੇ ਗਵਾਹ ਵੀ ਆਪਣੇ ਭੁਗਤਾਉਣੇ ਸਨ ਅਤੇ ਉਹਨਾਂ ਨੂੰ ਗਵਾਹੀ ਵੀ ਖ਼ੁਦ ਸਮਝਾਉਣੀ ਸੀ। ਇਸੇ ਲਈ ਉਸ ਨੇ ਬਾਰਾਂ ਵਜੇ ਕਚਹਿਰੀ ਬਰਖ਼ਾਸਤ ਕਰਵਾ ਲਈ ਸੀ। ਉਸ ਕੋਲ ਦੋ ਘੰਟੇ ਦਾ ਸਮਾਂ ਸੀ। ਰੋਟੀ-ਟੁੱਕ ਦਾ ਖ਼ਿਆਲ ਛੱਡ ਕੇ ਉਹ ਗਵਾਹਾਂ ਨਾਲ ਮਗ਼ਜ਼ ਖਪਾਈ ਕਰਨਾ ਚਾਹੁੰਦਾ ਸੀ।

ਭੰਡਾਰੀ ਦੇ ਕੈਬਨ ਵਿਚ ਪੂਰੀ ਗਹਿਮਾ-ਗਹਿਮੀ ਸੀ। ਲਾਲਾ ਜੀ ਤੋਂ ਲੈ ਕੇ ਸੰਘ ਦੇ ਪ੍ਰਧਾਨ ਤੇ ਸਕੱਤਰ ਤਕ ਸਭ ਮੌਜੂਦ ਸਨ। ਪ੍ਰਾਈਵੇਟ ਗਵਾਹਾਂ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ ਦਾ ਵੀ ਤਾਂਤਾ ਲੱਗਾ ਹੋਇਆ ਸੀ। ਭੰਡਾਰੀ ਦੇ ਸਾਰੇ ਜੂਨੀਅਰ ਵਕੀਲ ਗਵਾਹਾਂ ਨਾਲ ਦੋ-ਚਾਰ ਹੋ ਰਹੇ ਸਨ।

ਹੁਣ ਕੇਵਲ ਦੁਹਰਾਈ ਹੋ ਰਹੀ ਸੀ। ਗਵਾਹਾਂ ਨੂੰ ਬਿਆਨ ਤਾਂ ਕੱਲ੍ਹ ਹੀ ਤੋਤੇ ਵਾਂਗ ਰਟਾ ਦਿੱਤੇ ਗਏ ਸਨ।

ਗਵਾਹੀ ਸਮਝਾਉਣ ਅਤੇ ਪੱਕੀ ਕਰਨ ਦਾ ਭੰਡਾਰੀ ਦਾ ਆਪਣਾ ਹੀ ਢੰਗ ਸੀ। ਉਹ ਆਪਣੀ ਲੰਬੀ-ਚੌੜੀ ਕੋਠੀ ਵਿਚ ਉਸੇ ਤਰ੍ਹਾਂ ਦਾ ਸੈੱਟ ਤਿਆਰ ਕਰ ਲਿਆ ਕਰਦਾ ਸੀ, ਜਿਸ ਤਰ੍ਹਾਂ ਦੀ ਕਹਾਣੀ ਪੁਲਿਸ ਨੇ ਘੜੀ ਹੁੰਦੀ ਸੀ। ਉਹੋ ਜਿਹਾ ਮੌਸਮ, ਉਹੋ ਜਿਹਾ ਸਮਾਂ ਅਤੇ ਉਹੋ ਜਿਹਾ ਮਾਹੌਲ। ਗਵਾਹਾਂ ਅਤੇ ਨਕਲੀ ਦੋਸ਼ੀਆਂ ਨੂੰ ਉਸੇ ਥਾਂ ਖੜਾਇਆ ਜਾਂਦਾ, ਜਿਥੇ ਪੁਲਿਸ ਨੇ ਆਪਣੇ ਨਕਸ਼ੇ ਵਿਚ ਖੜੇ ਦਿਖਾਇਆ ਹੁੰਦਾ। ਕਤਲ ਜਾਂ ਲੜਾਈ-ਝਗੜੇ ਦਾ ਮੁਕੱਦਮਾ ਹੋਵੇ ਤਾਂ ਨਕਲੀ ਦੋਸ਼ੀਆਂ ਦੇ ਹੱਥਾਂ ਵਿਚ ਉਹੋ ਜਿਹੇ ਹਥਿਆਰ ਫੜਾਏ ਜਾਂਦੇ, ਜਿਹੜੇ ਪੁਲਿਸ ਨੇ ਅਸਲ ਦੋਸ਼ੀਆਂ ਦੇ ਹੱਥਾਂ ਵਿਚ ਫੜਾਏ ਹੁੰਦੇ। ਫੇਰ ਕਹਾਣੀ ਮੁਤਾਬਕ ਮਜਰੂਬਾਂ ਦੇ ਸੱਟਾਂ ਮਾਰਨ ਦਾ ਨਾਟਕ ਖੇਡਿਆ ਜਾਂਦਾ। ਕਿਸ ਨੇ ਕਿਹੜਾ ਲਲਕਾਰਾ ਮਾਰਿਆ, ਕਿਸ ਨੇ ਕਿਸ ਨੂੰ ਕਿਥੇ ਸੱਟ ਮਾਰੀ? ਕੌਣ ਕਿਧਰ ਨੂੰ ਭੱਜਾ? ਕਿਸ ਨੇ ਕਿਸ ਨੂੰ ਸੰਭਾਲਿਆ? ਸਾਰੀ ਕਹਾਣੀ ਦੁਹਰਾਈ ਜਾਂਦੀ। ਜਦੋਂ ਪੁਲਿਸ ਵੱਲੋਂ ਘੜੀ ਕਹਾਣੀ ਨੂੰ ਇੰਜ ਅਸਲੀਅਤ ਵਿਚ ਬਦਲ ਦਿੱਤਾ ਜਾਂਦਾ ਤਾਂ ਵਿਰੋਧੀ ਧਿਰ ਦੇ ਵਕੀਲ ਨੂੰ ਜਿਰਾਹ ਕਰਨ ਸਮੇਂ ਬਿਆਨਾਂ ਵਿਚ ਫ਼ਰਕ ਪਾਉਣ ਦਾ ਮੌਕਾ ਹੀ ਨਹੀਂ ਮਿਲਦਾ। ਇਸੇ ਗੁਣ ਕਾਰਨ ਭੰਡਾਰੀ ਅਕਸਰ ਮੁਦੱਈ ਧਿਰ ਦਾ ਵਕੀਲ ਬਣਿਆ ਕਰਦਾ ਹੈ ਅਤੇ ਉਸ ਵੱਲੋਂ ਲੜੇ ਬਹੁਤੇ ਕੇਸਾਂ ਵਿਚ ਸਜ਼ਾ ਹੁੰਦੀ ਹੈ।

ਇਸ ਕੇਸ ਦੀ ਕਹਾਣੀ ਭਾਵੇਂ ਅਜੀਬੋ-ਗ਼ਰੀਬ ਸੀ, ਫੇਰ ਵੀ ਭੰਡਾਰੀ ਨੇ ਸੈੱਟ ਤਿਆਰ ਕਰਵਾ ਕੇ ਹੀ ਗਵਾਹੀ ਸਮਝਾਈ ਸੀ।

ਗਵਾਹ ਆਪਣਾ-ਆਪਣਾ ਰੋਲ ਕੱਲ੍ਹ ਹੀ ਸਮਝ ਗਏ ਸਨ। ਅੱਜ ਮਹਿਜ਼ ਰਿਹਰਸਲ ਹੋ ਰਹੀ ਸੀ। ਗਵਾਹ ਨੂੰ ਪਹਿਲਾਂ ਪੁਲਿਸ ਵੱਲੋਂ ਲਿਖਿਆ ਬਿਆਨ ਪੜ੍ਹ ਕੇ ਸੁਣਾਇਆ ਜਾਂਦਾ। ਫੇਰ ਹਰ ਲਾਈਨ ਦਾ ਮਤਲਬ ਸਮਝਾਇਆ ਜਾਂਦਾ। ਫੇਰ ਭੰਡਾਰੀ ਗਵਾਹ ਤੋਂ ਬਿਆਨ ਸੁਣਦਾ। ਜਿਥੋਂ ਉਹ ਉੱਕਦਾ, ਉਥੋਂ ਉਸ ਨੂੰ ਪੱਕਾ ਕਰਵਾਇਆ ਜਾਂਦਾ।

ਜਦੋਂ ਗਵਾਹ ਆਪਣਾ ਬਿਆਨ ਰਟ ਲੈਂਦਾ ਤਾਂ ਉਸ ਨੂੰ ਉਹ ਸਵਾਲ ਸਮਝਾਏ ਜਾਂਦੇ ਜਿਹੜੇ ਦੂਜੇ ਵਕੀਲ ਨੇ ਗਵਾਹ ਤੋਂ ਪੁੱਛਣੇ ਸਨ। ਸਵਾਲਾਂ ਦੇ ਉੱਤਰ ਸਮਝਾਏ ਜਾਂਦੇ। ਆਖ਼ਰ ਵਿਚ ਇਕ ਮੰਤਰ ਪੜ੍ਹਾਇਆ ਜਾਂਦਾ। ਜੇ ਸਵਾਲ ਦਾ ਉੱਤਰ ਨਾ ਸੁੱਝੇ ਤਾਂ ਆਖ ਦਿਉ ‘ਯਾਦ ਨਹੀਂ’।

ਜਦੋਂ ਭੰਡਾਰੀ ਦੀ ਤਸੱਲੀ ਹੋ ਜਾਂਦੀ ਤਾਂ ਗਵਾਹ ਜੂਨੀਅਰ ਦੇ ਹਵਾਲੇ ਹੁੰਦਾ। ਫੇਰ ਉਹੋ ਕਾਰਵਾਈ ਉਹ ਦੁਹਰਾਉਂਦਾ।

ਜੰਗੀ ਪੱਧਰ ਤੇ ਹੋ ਰਹੀ ਤਿਆਰੀ ਨੂੰ ਦੇਖ ਕੇ ਬਚਨ ਸਿੰਘ ਨੂੰ ਰਾਹਤ ਮਹਿਸੂਸ ਹੋਈ। ਜੇ ਇਹ ਗਵਾਹ ਚੰਗੀ ਤਰ੍ਹਾਂ ਭੁਗਤ ਜਾਣ ਤਾਂ ਵੀ ਬਚਾਅ ਹੋ ਜਾਵੇ।

ਬਚਨ ਸਿੰਘ ਦੇ ਆਖਣ ’ਤੇ ਵਾਰੀ-ਵਾਰੀ ਹਰ ਗਵਾਹ ਉਸ ਅੱਗੇ ਪੇਸ਼ ਕੀਤਾ ਗਿਆ। ਗਵਾਹ ਟੱਲੀ ਵਾਂਗ ਟਣਕਦੇ ਸਨ। ਬਚਨ ਸਿੰਘ ਨੇ ਸੌ-ਸੌ ਸਵਾਲ ਪੁੱਛੇ, ਕੋਈ ਇਕ ਤੋਂ ਵੀ ਨਾ ਥਿੜਕਿਆ।

ਗਵਾਹਾਂ ’ਤੇ ਸ਼ੱਕ ਕਰਨਾ ਬਚਨ ਸਿੰਘ ਦਾ ਇਕ ਵਹਿਮ ਸਾਬਤ ਹੋਇਆ। ਦੁੱਧ ਦੇ ਫੂਕੇ ਵਾਂਗ ਉਹ ਲੱਸੀ ਨੂੰ ਵੀ ਫੂਕਾਂ ਮਾਰ ਰਿਹਾ ਸੀ।

ਗਵਾਹਾਂ ਵੱਲੋਂ ਨਿੱਸਰ ਫੰਡ ਹੋ ਕੇ ਬਚਨ ਸਿੰਘ ਨੇ ਭੰਡਾਰੀ ਨਾਲ ਦੂਸਰਾ ਮਸਲਾ ਵਿਚਾਰਿਆ। ਨਾਅਰੇਬਾਜ਼ੀ ਨਾ ਕਰ ਕੇ ਸੰਘ ਨੇ ਪਹਿਲਾਂ ਹੀ ਬਹੁਤ ਨੁਕਸਾਨ ਕਰਵਾ ਲਿਆ ਸੀ। ਇਹ ਗ਼ਲਤੀ ਨਾ ਦੁਹਰਾਈ ਜਾਏ।

“ਪਹਿਲਾਂ ਤਾਂ ਊਈਂ ਉੱਕ ‘ਗੇ। ਤੁਸੀਂ ਪਰਵਾਹ ਨਾ ਕਰੋ। ਅਦਾਲਤ ਦੇ ਬੈਠਦਿਆਂ ਹੀ ਪੂਰੇ ਜ਼ੋਰ-ਸ਼ੋਰ ਨਾਲ ਨਾਅਰੇਬਾਜ਼ੀ ਹੋਏਗੀ।”

ਭੰਡਾਰੀ ਦਾ ਇਹ ਵਿਸ਼ਵਾਸ ਹਾਸਲ ਕਰ ਕੇ ਬਚਨ ਸਿੰਘ ਅਦਾਲਤ ਵਿਚ ਜਾ ਬੈਠਾ। ਜਿੰਨੇ ਗਵਾਹ ਵੱਧ ਭੁਗਤ ਜਾਣ, ਓਨਾ ਹੀ ਫ਼ਾਇਦਾ ਸੀ।

ਇਹੋ ਉਦੇਸ਼ ਮੋਹਨ ਜੀ ਦਾ ਵੀ ਸੀ। ਉਸ ਨੂੰ ਸੰਮਤੀ ਵੱਲੋਂ ਰਿਪੋਰਟ ਮਿਲੀ ਸੀ। ਅੱਜ ਭੁਗਤਣ ਵਾਲੇ ਸਾਰੇ ਗਵਾਹ ਆਪਣੇ ਬਿਆਨਾਂ ਤੋਂ ਮੁਕਰਨੇ ਸਨ। ਜਿੰਨੇ ਗਵਾਹ ਭੁਗਤ ਜਾਣ, ਓਨੀ ਅਗਾਂਹ ਸੌਖ ਰਹੇਗੀ।

ਦੋਹਾਂ ਧਿਰਾਂ ਦੇ ਵਕੀਲਾਂ ਨੂੰ ਹਾਜ਼ਰ ਹੋਇਆਂ ਦੇਖ ਕੇ ਜੱਜ ਸਾਹਿਬ ਵੀ ਕੁਰਸੀ ’ਤੇ ਆ ਬਿਰਾਜੇ।

ਕਾਰਵਾਈ ਸ਼ੁਰੂ ਹੁੰਦਿਆਂ ਹੀ ਮੋਹਨ ਜੀ ਨੇ ਕਈ ਇਤਰਾਜ਼ ਉਠਾਏ।

ਪਹਿਲਾਂ ਇਹ ਕਿ ਗਵਾਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਸੀ।

ਉਹ ਕੱਲ੍ਹ ਦੇ ਪੁਲਿਸ ਹਿਰਾਸਤ ਵਿਚ ਸਨ। ਹੁਣ ਵੀ ਉਹ ਸਰਕਾਰੀ ਵਕੀਲ ਦੇ ਦਫ਼ਤਰ ’ਚ ਬੈਠੇ ਸਨ। ਕਈ ਵਕੀਲ ਉਹਨਾਂ ਨੂੰ ਬਿਆਨ ਰਟਾਉਣ ਵਿਚ ਜੁਟੇ ਹੋਏ ਸਨ। ਗਵਾਹਾਂ ਨੂੰ ਬਿਆਨ ਸਮਝਾਉਣ ਦਾ ਕੀ ਮਤਲਬ? ਉਹਨਾਂ ਜੋ ਦੇਖਿਆ ਹੈ, ਆਪੇ ਦੱਸ ਦੇਣਗੇ।

ਦੂਜਾ ਇਹ ਕਿ ਕੁਝ ਗਵਾਹਾਂ ਨੂੰ ਨਸ਼ਾ ਪਿਆ ਦਿੱਤਾ ਗਿਆ ਸੀ। ਉਹ ਸੋਚ-ਸਮਝ ਕੇ ਗਵਾਹੀ ਦੇਣ ਦੇ ਕਾਬਲ ਨਹੀਂ ਰਹੇ। ਉਸੇ ਤਰ੍ਹਾਂ ਬੋਲਣਗੇ, ਜਿਵੇਂ ਪੁਲਿਸ ਨੇ ਰਟਾਇਆ ਸੀ। ਚੰਗਾ ਹੋਵੇ ਜੇ ਤਾਰੀਖ਼ ਅੱਗੇ ਪਾ ਦਿੱਤੀ ਜਾਵੇ।

ਮੋਹਨ ਜੀ ਦੀ ਇਸ ਤਜਵੀਜ਼ ’ਤੇ ਬਚਨ ਸਿੰਘ, ਭੰਡਾਰੀ ਅਤੇ ਜੱਜ ਤਿੰਨੋਂ ਤਿਲਮਿਲਾ ਉੱਠੇ।

ਇਹ ਨਹੀਂ ਹੋ ਸਕਦਾ। ਨਾ ਸਰਕਾਰੀ ਵਕੀਲ ਇੰਨੇ ਗਵਾਹ ਮੁੜ ਤਾਮੀਲ ਕਰਵਾ ਸਕਦਾ ਸੀ ਅਤੇ ਨਾ ਜੱਜ ਬਾਕੀ ਦੇ ਦਿਨ ਲਈ ਹੱਥ ’ਤੇ ਹੱਥ ਧਰ ਕੇ ਬੈਠ ਸਕਦਾ ਸੀ। ਗਵਾਹ ਹਰ ਹੀਲੇ ਲਿਖੇ ਜਾਣਗੇ। ਕੋਈ ਹੋਰ ਰਾਹ ਲੱਭਦਾ ਹੋਵੇ ਤਾਂ ਅਦਾਲਤ ਵਿਚਾਰ ਕਰ ਸਕਦੀ ਹੈ।

ਅਦਾਲਤ ਦੇ ਗਵਾਹ ਭੁਗਤਾਉਣ ’ਤੇ ਬਜ਼ਿੱਦ ਹੋਣ ’ਤੇ ਬਚਨ ਸਿੰਘ ਬੜਾ ਖ਼ੁਸ਼ ਸੀ। ਸਫ਼ਾਈ ਧਿਰ ਵੱਲੋਂ ਤਾਰੀਖ਼ ਮੰਗਣ ਦਾ ਮਤਲਬ ਸੀ ਕਿ ਉਹ ਮੈਦਾਨੋਂ ਭਜ ਰਹੀ ਸੀ। ਗਵਾਹ ਭੁਗਤਾਉਣ ਦਾ ਬਚਨ ਸਿੰਘ ਲਈ ਇਹੋ ਉਚਿਤ ਸਮਾਂ ਸੀ।

ਜੇ ਤਾਰੀਖ਼ ਨਹੀਂ ਦਿੱਤੀ ਜਾ ਸਕਦੀ, ਨਾ ਸਹੀ। ਅਦਾਲਤ ਇਹ ਤਸੱਲੀ ਕਰ ਲਏ ਕਿ ਗਵਾਹ ਰਿਸ਼ਟ-ਪੁਸ਼ਟ ਹਨ। ਉਹ ਕਿਸੇ ਦੇ ਡਰ ਜਾਂ ਦਬਾਅ ਥੱਲੇ ਤਾਂ ਨਹੀਂ।

ਇਸ ਵਿਚ ਕਿਸੇ ਨੂੰ ਕੀ ਇਤਰਾਜ਼ ਸੀ। ਇਹ ਤਾਂ ਸਗੋਂ ਜੱਜ ਦਾ ਫ਼ਰਜ਼ ਸੀ।

ਸਾਰੇ ਗਵਾਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।

ਜੱਜ ਨੇ ਇਕ-ਇਕ ਗਵਾਹ ਤੋਂ ਪੁੱਛਿਆ। ਨਾ ਕੋਈ ਬੀਮਾਰ ਸੀ, ਨਾ ਕਿਸੇ ਨੂੰ ਕਿਸੇ ਦਾ ਡਰ ਸੀ।

ਲੱਗਦੇ ਹੱਥ ਜੱਜ ਨੇ ਇਕ ਹੋਰ ਫ਼ਰਜ਼ ਵੀ ਨਿਭਾਇਆ। ਗਵਾਹਾਂ ਨੂੰ ਪਿਆਰ ਨਾਲ ਸਮਝਾਇਆ ਗਿਆ। ਉਹ ਬਿਨਾਂ ਕਿਸੇ ਡਰ ਦੇ ਸੱਚ ਬੋਲਣ।

ਸਫ਼ਾਈ ਧਿਰ ਦੇ ਇਤਰਾਜ਼ ਕਰਨ ’ਤੇ ਗਵਾਹਾਂ ਨੂੰ ਸਰਕਾਰੀ ਵਕੀਲ ਦੇ ਦਫ਼ਤਰ ਜਾਂ ਭੰਡਾਰੀ ਦੇ ਖੋਖੇ ਵਿਚ ਜਾਣੋ ਰੋਕ ਦਿੱਤਾ ਗਿਆ। ਉਹਨਾਂ ਨੂੰ ਅਦਾਲਤ ਦੇ ਬਾਹਰ ਪਏ ਬੈਂਚਾਂ ’ਤੇ ਵੀ ਨਾ ਬੈਠਣ ਦਿੱਤਾ ਗਿਆ। ਉਹ ਅਹਿਮ ਕੇਸ ਦੇ ਅਹਿਮ ਗਵਾਹ ਸਨ। ਕੋਈ ਵੀ ਧਿਰ ਉਹਨਾਂ ਦਾ ਨੁਕਸਾਨ ਕਰ ਸਕਦੀ ਸੀ।

ਗਵਾਹਾਂ ਨੂੰ ਅਹਿਲਮੱਦ ਦੇ ਕਮਰੇ ਵਿਚ ਬਿਠਾਇਆ ਗਿਆ, ਜਿੰਨਾ ਚਿਰ ਸਾਰੇ ਗਵਾਹ ਭੁਗਤ ਨਹੀਂ ਜਾਂਦੇ, ਓਨਾ ਚਿਰ ਨਾ ਉਹਨਾਂ ਨੂੰ ਕਮਰੇ ਵਿਚੋਂ ਬਾਹਰ ਆਉਣ ਦਿੱਤਾ ਜਾਵੇ ਅਤੇ ਨਾ ਹੀ ਕਿਸੇ ਨੂੰ ਮਿਲਣ ਦਿੱਤਾ ਜਾਵੇ।

ਸਫ਼ਾਈ ਧਿਰ ਦੇ ਸਾਰੇ ਇਤਰਾਜ਼ ਦੂਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਹੋਈ।

ਅਰਦਲੀ ਦੇ ਪਹਿਲੇ ਗਵਾਹ ਨੂੰ ਆਵਾਜ਼ ਮਾਰਦਿਆਂ ਹੀ ਅਸਮਾਨ ਨਾਅਰਿਆਂ ਨਾਲ ਗੂੰਜ ਉੱਠਿਆ।

“ਬੰਟੀ ਦੇ ਕਾਤਲਾਂ ਨੂੰ ਫਾਹੇ ਲਾਓ.....।”

ਚਾਰੇ ਪਾਸੇ ਭਗਦੜ ਮੱਚ ਗਈ। ਕਾਵਾਂ-ਰੌਲੀ ਜਿਹੀ ਪੈ ਗਈ।

“ਨਿਰਦੋਸ਼ਾਂ ਨੂੰ ਰਿਹਾਅ ਕਰੋ.....।”

“ਅਸਲੀ ਕਾਤਲਾਂ ਨੂੰ ਗ੍ਰਿਫ਼ਤਾਰ ਕਰੋ।”

“ਪਾਲੇ ਅਤੇ ਮੀਤੇ ਨੂੰ ਇਨਸਾਫ਼ ਦਿਉ।”

ਇਕ ਦੇ ਮੁਕਾਬਲੇ ਕਈ-ਕਈ ਨਾਅਰੇ ਪਹਿਲਾਂ ਨਾਲੋਂ ਵੱਧ ਜੋਸ਼ ਨਾਲ ਗੂੰਜਣ ਲੱਗੇ।

ਦੋਹਾਂ ਧਿਰਾਂ ਵਿਚਕਾਰ ਟਾਕਰਾ ਨਾ ਹੋ ਜਾਵੇ, ਇਸ ਲਈ ਪੁਲਿਸ ਹਰਕਤ ਵਿਚ ਆ ਗਈ। ਕੁਝ ਨੂੰ ਸਮਝਾ ਕੇ ਅਤੇ ਕੁਝ ਨੂੰ ਡਰਾ ਕੇ ਭਜਾ ਦਿੱਤਾ ਗਿਆ।

ਅਦਾਲਤ ਦੀ ਕਾਰਵਾਈ ਅੱਧਾ ਘੰਟਾ ਰੁਕੀ ਰਹੀ। ਬਚਨ ਸਿੰਘ ਨੂੰ ਆਪਣੀ ਯੋਜਨਾ ਦੇ ਅਸਫਲ ਹੋਣ ’ਤੇ ਪਛਤਾਵਾ ਸੀ। ਲੱਗਦਾ ਸੀ, ਸੰਮਤੀ ਪਹਿਲਾਂ ਹੀ ਤਿਆਰ ਹੋ ਕੇ ਆਈ ਸੀ। ਸੰਘ ਦੇ ਵਰਕਰਾਂ ਦੀ ਗਿਣਤੀ ਤਾਂ ਉਹਨਾਂ ਦੇ ਮੁਕਾਬਲੇ ਆਟੇ ਵਿਚ ਲੂਣ ਜਿੰਨੀ ਵੀ ਨਹੀਂ  ਸੀ। ਸੰਘ ਵਾਲੇ ਦੋ-ਚਾਰ ਨਾਅਰਿਆਂ ਬਾਅਦ ਹੀ ਠੰਢੇ ਪੈ ਗਏ। ਸੰਮਤੀ ਵਾਲਿਆਂ ਦੇ ਨਾਅਰੇ ਆਖ਼ਰ ਤਕ ਸੁਣਾਈ ਦਿੰਦੇ ਰਹੇ। ਬਚਨ ਸਿੰਘ ਨੂੰ ਫ਼ਿਕਰ ਹੋ ਗਿਆ। ਇਸ ਦਾ ਜੱਜ ’ਤੇ ਕਿਧਰੇ ਉਲਟਾ ਅਸਰ ਹੀ ਨਾ ਹੋ ਜਾਵੇ।

ਇਸ ਬੇਹੂਦਗੀ ਨਾਲ ਅਦਾਲਤ ਦਾ ਕੀਮਤੀ ਸਮਾਂ ਬਰਬਾਦ ਹੋਇਆ ਸੀ। ਨਾਲੇ ਤੌਹੀਨ ਹੋਈ ਸੀ।

ਦੋਹਾਂ ਧਿਰਾਂ ਦੇ ਵਕੀਲਾਂ ਨੇ ਆਪਣੇ-ਆਪਣੇ ਜੁਰਮ ਦਾ ਇਕਬਾਲ ਕੀਤਾ। ਮਾਸੂਮ ਜਿਹੇ ਬਣ ਕੇ ਇਸ ਅਣਸੁਖਾਵੀਂ ਘਟਨਾ ਲਈ ਮੁਆਫ਼ੀ ਮੰਗੀ।

ਜੱਜ ਮੁਆਫ਼ੀ ਦੇਣ ਲਈ ਤਿਆਰ ਸੀ ਪਰ ਇਕ ਸ਼ਰਤ ‘ਤੇ, ਵਕੀਲ ਹਾਜ਼ਰ ਆਏ ਗਵਾਹਾਂ ਨੂੰ ਭੁਗਤਾ ਕੇ ਜਾਣ ਭਾਵੇਂ ਰਾਤ ਦੇ ਬਾਰਾਂ ਵਜ ਜਾਣ।

ਦੋਹਾਂ ਧਿਰਾਂ ਨੇ ਸਿਰ ਝੁਕਾ ਕੇ ਸਜ਼ਾ ਪ੍ਰਵਾਨ ਕੀਤੀ।

ਬੜੇ ਹੀ ਸੁਖਾਵੇਂ ਮਾਹੌਲ ਵਿਚ ਗਵਾਹੀਆਂ ਮੁੜ ਸ਼ੁਰੂ ਹੋਈਆਂ।

 

 

16

ਪਹਿਲਾ ਨੰਬਰ ਮੋਦਨ ਦਾ ਸੀ।

ਪੁਲਿਸ ਬਿਆਨ ਅਨੁਸਾਰ ਉਹ ਇਕ ਸਾਲ ਤੋਂ ਬੰਟੀ ਦੇ ਸਕੂਲ ਅੱਗੇ ਰੇੜ੍ਹੀ ਲਗਾਉਂਦਾ ਸੀ। ਗੱਚਕ ਰਿਓੜੀਆਂ ਵੇਚਦਾ ਸੀ। ਲਾਲਾ ਜੀ ਅਤੇ ਉਸ ਦੇ ਪੋਤੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਲਾਲਾ ਜੀ ਹਰ ਰੋਜ਼ ਬੰਟੀ ਨੂੰ ਸਕੂਲ ਛੱਡ ਕੇ ਜਾਂਦੇ ਅਤੇ ਫੇਰ ਲੈ ਕੇ ਆਉਂਦੇ ਸਨ। ਉਹ ਪਾਲੇ ਅਤੇ ਮੀਤੇ ਨੂੰ ਵੀ ਜਾਣਦਾ ਸੀ। ਅਗਵਾ ਵਾਲੇ ਦਿਨ ਉਹ ਸ਼ੱਕੀ ਹਾਲਤ ਵਿਚ ਸਕੂਲ ਅੱਗੇ ਘੁੰਮਦੇ ਰਹੇ ਸਨ। ਉਹਨਾਂ ਨੇ ਮੋਦਨ ਤੋਂ ਮੂੰਗਫਲੀ ਖ਼ਰੀਦੀ ਸੀ। ਰੇੜ੍ਹੀ ਕੋਲ ਖੜੋ ਕੇ ਇਧਰ- ਉਧਰ ਤੱਕਿਆ ਸੀ। ਅੱਧੀ ਛੁੱਟੀ ਸਮੇਂ ਫੇਰ ਆਏ ਸਨ। ਉਹਨਾਂ ਨਾਲ ਬੰਟੀ ਵੀ ਸੀ। ਇਕ ਨੇ ਬੰਟੀ ਦਾ ਬੈਗ ਚੁੱਕਿਆ ਹੋਇਆ ਸੀ ਅਤੇ ਦੂਜੇ ਨੇ ਰੋਟੀ ਵਾਲਾ ਡੱਬਾ। ਉਹਨਾਂ ਨੇ ਬੰਟੀ ਨੂੰ ਟਾਫ਼ੀਆਂ ਅਤੇ ਬਿਸਕੁਟ ਖ਼ਰੀਦ ਕੇ ਦਿੱਤੇ ਸਨ। “ਬੰਟੀ ਨੂੰ ਕਿਧਰ ਲਈ ਫਿਰਦੇ ਹੋ?” ਮੋਦਨ ਨੇ ਉਹਨਾਂ ਨੂੰ ਪੁੱਛਿਆ ਸੀ, ਤਸੱਲੀ-ਬਖ਼ਸ਼ ਜਵਾਬ ਦਿੱਤੇ ਬਿਨਾਂ ਹੀ ਉਹ ਇਕ ਰਿਕਸ਼ੇ ਵਿਚ ਬੈਠ ਕੇ ਉਥੋਂ ਚਲੇ ਗਏ ਸਨ।

ਕੱਲ੍ਹ ਦਾ ਮੋਦਨ ਨੂੰ ਇਹੋ ਬਿਆਨ ਰਟਾਇਆ ਜਾ ਰਿਹਾ ਸੀ। ਭੰਡਾਰੀ ਨੂੰ ਪਤਾ ਸੀ, ਉਸ ਨੂੰ ਬਿਆਨ ਸਮਝ ਕੇ ਉਹ ਆਪਣਾ ਸਮਾਂ ਬਰਬਾਦ ਕਰ ਰਿਹਾ ਸੀ। ਗਵਾਹੀ ਦੇਣਾ ਮੋਦਨ ਲਈ ਕੋਈ ਨਵੀਂ ਗੱਲ ਨਹੀਂ ਸੀ। ਇਹ ਉਸ ਦਾ ਕਾਰੋਬਾਰ ਸੀ। ਉਸ ਨੂੰ ਚੰਗੀ ਤਰ੍ਹਾਂ ਪਤਾ ਸੀ, ਉਸ ਨੇ ਕੀ ਕਹਿਣਾ ਹੈ? ਅਤੇ ਕੀ ਨਹੀਂ ਕਹਿਣਾ।

ਗਵਾਹੀਆਂ ਵਾਲਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਮੁਖ਼ਬਰੀ ਕਰਿਆ ਕਰਦਾ ਸੀ।

ਮੁਖ਼ਬਰੀ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਇਕ ਸਾਧਾਰਨ ਕਿਸਾਨ ਸੀ।

ਭਲੇ ਦਿਨਾਂ ਵਿਚ ਉਸ ਦਾ ਬਾਪ ਇਕ ਕਤਲ ਕਰ ਬੈਠਾ ਸੀ। ਕੇਸ ਦੀ ਪੈਰਵਾਈ ਲਈ ਮੋਦਨ ਨੂੰ ਥਾਣੇ ਆਉਣਾ-ਜਾਣਾ ਪੈਂਦਾ ਸੀ। ਜਿਹੜੇ ਚਾਰ ਛਿੱਲੜ ਪੱਲੇ ਸਨ, ਉਹ ਵਕੀਲਾਂ, ਮੁਨਸ਼ੀਆਂ ਨੇ ਹੜੱਪ ਲਏ। ਪੁਲਿਸ ਦੀ ਰਿਆਇਤ ਦਾ ਮੁੱਲ ਚੁਕਾਉਣ ਲਈ ਉਸ ਕੋਲ ਫੁੱਟੀ ਕੌਡੀ ਵੀ ਨਹੀਂ ਸੀ।

ਥਾਣੇਦਾਰਾਂ ਨੂੰ ਖ਼ੁਸ਼ ਕਰਨ ਦਾ ਉਸ ਕੋਲ ਇਹੋ ਰਾਹ ਸੀ।

ਉਹ ਪੁਲਿਸ ਨੂੰ ਮੁਖ਼ਬਰੀ ਦੇਣ ਲੱਗਾ।

ਥਾਣੇਦਾਰ ਉਸ ਨੂੰ ਭਾਜੀ ਮੋੜਨ ਲੱਗੇ। ਉਸ ਵੱਲੋਂ ਫੜਾਏ ਦੋਸ਼ੀ ਤੋਂ ਮਿਲਣ ਵਾਲੀ ਫ਼ੀਸ ਵਿਚੋਂ ਹਿੱਸਾ ਦੇਣ ਲੱਗੇ। ਫ਼ੀਸ ਨਾਲ ਮੋਦਨ ਦੇ ਦਿਨ ਚੰਗੇ ਲੰਘਣ ਲੱਗੇ।

ਫੇਰ ਕਾਨੂੰਨ ਬਦਲਿਆ। ਅਦਾਲਤਾਂ ਪੁਲਿਸ ’ਤੇ ਜ਼ੋਰ ਪਾਉਣ ਲੱਗੀਆਂ। ਰੇਡ ਸਮੇਂ ਪੁਲਿਸ ਪਾਰਟੀ ਵਿਚ ਕਿਸੇ ਮੋਹਤਬਰ ਨੂੰ ਸ਼ਾਮਲ ਕਰਿਆ ਕਰੋ।

ਪੁਲਿਸ ਨੇ ਉਸ ਨੂੰ ਮੋਹਤਬਰ ਬਣਾ ਲਿਆ।

ਮੋਦਨ ਪਹਿਲਾਂ ਹੀ ਧੰਦਾ ਬਦਲਣ ਲਈ ਕਾਹਲਾ ਸੀ। ਮੁਖ਼ਬਰ ਦੇ ਤੌਰ ’ਤੇ ਉਹ ਸਾਰੇ ਇਲਾਕੇ ਵਿਚ ਬਦਨਾਮ ਹੋ ਚੱਕਾ ਸੀ। ਕੋਈ ਜਿਵੇਂ ਮਰਜ਼ੀ ਫੜਿਆ ਜਾਂਦਾ, ਸ਼ੱਕ ਮੋਦਨ ’ਤੇ ਹੀ ਹੁੰਦਾ।

ਉਪਰ-ਥੱਲੀ ਉਸ ਨੂੰ ਦੋ ਵਾਰ ਮਾਰ ਪੈ ਚੱਕੀ ਸੀ।

ਇਕ ਵਾਰ ਉਸ ਨੇ ਲੰਬੜਾਂ ਦੀ ਭੱਠੀ ਫੜਾਈ ਸੀ। ਸੋਚਿਆ ਸੀ, ਆਸਾਮੀ ਚੰਗੀ ਹੈ। ਨਾਲੇ ਪੁਲਿਸ ਨੂੰ ਗੱਫੇ ਮਿਲਣਗੇ ਨਾਲੇ ਮੋਦਨ ਨੂੰ। ਉਹਨਾਂ ਭੜੂਆਂ ਨੇ ਆਪਣੇ ਕੁੜਮ ਦੀ ਸਿਫ਼ਾਰਸ਼ ਲੈ ਆਂਦੀ। ਕੁੜਮ ਡਿਪਟੀ ਸੀ, ਪਰਚਾ ਕੱਟਿਆ ਜਾ ਚੁੱਕਾ ਸੀ। ਡਿਪਟੀ ਕੇਸ ਤਾਂ ਖ਼ੁਰਦ-ਬੁਰਦ ਨਾ ਕਰਵਾ ਸਕਿਆ ਪਰ ਮੁਖ਼ਬਰ ਦਾ ਨਾਂ ਜ਼ਰੂਰ ਪੁੱਛ ਗਿਆ। ਲੰਬੜ ਡਾਂਗਾਂ ਲੈ ਕੇ ਆ ਗਏ। ਮੋਦਨ ਨੇ ਭਰੀ ਪੰਚਾਇਤ ਵਿਚ ਆਪਣੀ ਗ਼ਲਤੀ ਮੰਨੀ, ਨੱਕ ਨਾਲ ਲਕੀਰਾਂ ਕੱਢੀਆਂ ਅਤੇ ਲੰਬੜਾਂ ਨੂੰ ਬਰੀ ਕਰਾਉਣ ਤਕ ਦੇ ਸਾਰੇ ਖ਼ਰਚੇ ਦੀ ਜ਼ਿੰਮੇਵਾਰੀ ਲਈ, ਤਾਂ ਕਿਤੇ ਜਾ ਕੇ ਖਹਿੜਾ ਛੱਟਿਆ।

ਦੂਜੀ ਵਾਰੀ ਚੌਧਰੀ ਦੇ ਘਰੋਂ ਨਜਾਇਜ਼ ਬੰਦੂਕਾਂ ਫੜੀਆਂ ਗਈਆਂ। ਉਹਨਾਂ ਨੂੰ ਵੀ ਮੋਦਨ ’ਤੇ ਸ਼ੱਕ ਹੋ ਗਿਆ। ਬਿਨਾਂ ਪੁੱਛੇ-ਦੱਸੇ ਉਹ ਰਾਤ ਨੂੰ ਮੋਦਨ ਦੇ ਡਾਂਗਾਂ ਜੜ ਗਏ। ਪੂਰਾ ਇਕ ਮਹੀਨਾ ਉਹ ਹਸਪਤਾਲ ਵਿਚ ਸਹਿਕਦਾ ਰਿਹਾ। “ਕੀ ਲੈਣੈ ਆਪਾਂ ਇਸ ਕੁੱਤੇ ਕੰਮ ਤੋਂ? ਮਲਾਈ- ਮਲਾਈ ਪੁਲਿਸ ਖਾ ਜਾਂਦੀ ਹੈ, ਲੱਸੀ ਸਾਡੇ ਲਈ ਰਹਿ ਜਾਂਦੀ ਹੈ।” ਘਰ ਵਾਲੀ ਦੇ ਮਸ਼ਵਰੇ ’ਤੇ ਮੋਦਨ ਨੇ ਸਹੁੰ ਖਾਧੀ। ਹਸਪਤਾਲੋਂ ਛੁੱਟੀ ਹੋਣ ’ਤੇ ਮੁੜ ਉਹ ਮੁਖ਼ਬਰੀ ਵਾਲੇ ਰਾਹ ਨਹੀਂ ਪਏਗਾ।

ਪਰ ਜਦੋਂ ਰੋਟੀ ਪੱਕਣੀ ਬੰਦ ਹੁੰਦੀ ਦਿੱਸੀ ਤਾਂ ਘਰ ਵਾਲੀ ਨੇ ਖ਼ੁਦ ਉਸ ਨੂੰ ਥਾਣੇ ਭੇਜ ਦਿੱਤਾ।

ਗਵਾਹ ਬਣ ਕੇ ਉਹ ਖ਼ੁਸ਼ ਸੀ। ਜਿਸ ਮੁਜਰਮ ’ਤੇ ਉਸ ਦੀ ਗਵਾਹੀ ਪੈਂਦੀ, ਉਸ ਦੀ ਅੱਖ ਨਿਵਣ ਲੱਗਦੀ। ਗਲ ਪੈਣ ਦੀ ਥਾਂ ਉਹ ਮੋਦਨ ਦੀ ਜੱਤੀ ਹੇਠ ਰਹਿੰਦਾ। ਨਾਲੇ ਮੋਦਨ ਦੀ ਸੇਵਾ ਕਰਦਾ ਨਾਲੇ ਮਿੰਨਤ।

ਇਸ ਧੰਦੇ ਵਿਚ ਕਮਾਈ ਵੀ ਵੱਧ ਸੀ। ਹਫ਼ਤੇ ਦਸ ਦਿਨਾਂ ਬਾਅਦ ਕੋਈ ਨਾ ਕੋਈ ਗਵਾਹੀ ਆਈ ਹੀ ਰਹਿੰਦੀ। ਬਰੀ ਹੋਣ ਲਈ ਮੁਲਜ਼ਮ ਨੂੰ ਉਸ ਦੀ ਜੇਬ ਭਰਨੀ ਪੈਂਦੀ।

ਇਸ ਧੰਦੇ ਵਿਚ ਉਸ ਨੂੰ ਇਕੋ ਵਾਰ ਡਾਂਗਾਂ ਪਈਆਂ ਸਨ। ਬਲਾਤਕਾਰ ਦੇ ਇਕ ਕੇਸ ਵਿਚ ਉਹ ਮੁਜਰਮ ਦੇ ਹੱਕ ਵਿਚ ਬੈਠ ਗਿਆ ਸੀ। ਕੁੜੀ ਵਾਲਿਆਂ ਨੇ ਮੂੰਹ ਕਾਲਾ ਕਰ ਕੇ ਉਸ ਦਾ ਸਾਰੇ ਸ਼ਹਿਰ ਵਿਚ ਜਲੂਸ ਕੱਢਿਆ। ਪੁਲਿਸ ਨੇ ਛਿੱਤਰ ਫੇਰਿਆ।

ਉਸ ਮਾਰ ਤੋਂ ਉਸ ਨੇ ਸਬਕ ਸਿੱਖਿਆ। ਅੱਗੇ ਤੋਂ ਉਹ ਅਜਿਹੇ ਕੇਸ ਵਿਚ ਗਵਾਹੀ ਨਹੀਂ ਦੇਵੇਗਾ ਜਿਥੇ ਦੋ ਧਿਰਾਂ ਦੇ ਸਿੰਗ ਅੜੇ ਹੋਣ। ਉਹ ਛੋਟੇ-ਮੋਟੇ ਕੇਸਾਂ ਵਿਚ ਗਵਾਹੀ ਪਾਉਣ ਲੱਗਾ। ਉਹ ਵੀ ਅਜਿਹੇ, ਜਿਧਰ ਇਕ ਪਾਸੇ ਸਰਕਾਰ ਹੋਵੇ ਅਤੇ ਦੂਜੀ ਪਾਸੇ ਦੋਸ਼ੀ।

ਬੰਟੀ ਕਤਲ ਵਿਚ ਗਵਾਹੀ ਉਸ ਤੋਂ ਬਿਨਾਂ ਪੁੱਛੇ ਰੱਖੀ ਗਈ ਸੀ।

ਇਹ ਕਤਲ ਕੇਸ ਸੀ। ਕਤਲ ਦੇ ਦੋਸ਼ ਵਿਚ ਦੋਸ਼ੀਆਂ ਨੂੰ ਫ਼ਾਂਸੀ ਵੀ ਹੋ ਸਕਦੀ ਸੀ। ਮੋਦਨ ਝੂਠੀ ਗਵਾਹੀ ਜ਼ਰੂਰ ਦਿੰਦਾ ਸੀ, ਪਰ ਛੋਟੇ-ਮੋਟੇ ਕੇਸਾਂ ਵਿਚ। ਸ਼ਰਾਬ, ਅਫ਼ੀਮ ਜਾਂ ਚੋਰੀ ਵਰਗੇ ਮੁਕੱਦਮਿਆਂ ਵਿਚ ਦੋਸ਼ੀ ਅਕਸਰ ਬਰੀ ਹੁੰਦੇ ਸਨ। ਕਦੇ ਕੈਦ ਹੋਵੇ ਵੀ ਤਾਂ ਸਾਲ ਛੇ ਮਹੀਨੇ। ਇੰਨੀ ਕੁ ਸਜ਼ਾ ਦੇ ਮੋਦਨ ਉਹਨਾਂ ਨੂੰ ਹੱਕਦਾਰ ਸਮਝਦਾ ਸੀ।

ਥੋੜ੍ਹੀ ਬਹੁਤ ਜ਼ਮੀਰ ਹਾਲੇ ਮੋਦਨ ਵਿਚ ਬਾਕੀ ਸੀ। ਉਹ ਝੂਠ ਬੋਲ ਕੇ ਨਿਰਦੋਸ਼ਾਂ ਨੂੰ ਫਾਹੇ  ਨਹੀਂ ਲਗਵਾ ਸਕਦਾ।

ਸੰਮਨ ਮਿਲਦਿਆਂ ਹੀ ਮੋਦਨ ਨੇ ਮਨ ਬਣਾ ਲਿਆ ਸੀ। ਉਹ ਝੂਠੀ ਗਵਾਹੀ ਨਹੀਂ ਦੇਵੇਗਾ।

ਉਸ ਨੂੰ ਬੱਸ ਕਿਸੇ ਪੇਸ਼ਕਸ਼ ਦੀ ਉਡੀਕ ਸੀ।

ਪੇਸ਼ਕਸ਼ ਜਦੋਂ ਮੋਹਨ ਜੀ ਵੱਲੋਂ ਆਈ ਤਾਂ ਉਹ ਫੁੱਲ ਕੇ ਕੁੱਪਾ ਹੋ ਗਿਆ। ਮੋਦਨ ਮੋਹਨ ਜੀ ਦਾ ਕਦਰਦਾਨ ਸੀ। ਮੋਦਨ ਨੂੰ ਬਹੁਤੀ ਕਮਾਈ ਉਸੇ ਰਾਹੀਂ ਹੰਦੀ ਸੀ। ਜੇ ਮੋਹਨ ਜੀ ਇਹ ਕੇਸ ਮੁਫ਼ਤ ਲੜ ਰਿਹਾ ਸੀ ਤਾਂ ਮੋਦਨ ਵੀ ਕੋਈ ਝਾਕ ਨਹੀਂ ਰੱਖੇਗਾ। ਉਸ ਨੇ ਮੋਹਨ ਜੀ ਨੂੰ ਯਕੀਨ ਦਿਵਾਇਆ ਸੀ।

ਮੋਦਨ ਆਪਣੇ ਬੋਲਾਂ ’ਤੇ ਪੂਰਾ ਉਤਰਿਆ ਸੀ।

ਗਵਾਹੀ ਹੋਣ ਤਕ ਉਸ ਨੇ ਕਿਸੇ ਨੂੰ ਭਿਣਕ ਨਹੀਂ ਸੀ ਹੋਣ ਦਿੱਤੀ ਕਿ ਉਸ ਦੇ ਮਨ ਵਿਚ ਕੀ ਸੀ?

ਮੋਦਨ ਨੂੰ ਸੱਚ ਬੋਲਣ ਦੀ ਸਹੁੰ ਰਸਮੀ ਤੌਰ ’ਤੇ ਖਵਾਈ ਗਈ ਸੀ।

ਉਹ ਸੱਚਮੁੱਚ ਸੱਚ ਬੋਲਣ ਲੱਗਾ।

ਉਹ ਜੱਟਾਂ ਦਾ ਪੁੱਤ ਸੀ। ਉਹ ਰੇੜ੍ਹੀ ਕਿਉਂ ਲਾਏਗਾ? ਉਹ ਅਨਪੜ੍ਹ ਸੀ। ਉਸ ਨੂੰ ਕੀ ਪਤਾ, ਕਿੱਲੋ ਦਾ ਵੱਟਾ ਕਿਹੜਾ ਹੁੰਦਾ ਤੇ ਸੌ ਗਰਾਮ ਦਾ ਕਿਹੜਾ।

ਉਹ ਪਾਲੇ ਅਤੇ ਮੀਤੇ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਸੀ। ਪਹਿਲਾਂ ਉਹਨਾਂ ’ਤੇ ਕਈ ਵਾਰ ਗਵਾਹੀ ਦੇ ਚੁੱਕਾ ਸੀ। ਬੰਟੀ ਦੇ ਅਗਵਾ ਹੋਣ ਵਾਲੇ ਦਿਨ ਨਾ ਉਸ ਨੇ ਕਿਤੇ ਕੋਈ ਰੇੜ੍ਹੀ ਲਾਈ ਸੀ, ਨਾ ਪਾਲੇ ਅਤੇ ਮੀਤੇ ਨੂੰ ਕਿਸੇ ਸਕੂਲ ਅੱਗੇ ਦੇਖਿਆ ਸੀ। ਨਾ ਮੋਦਨ ਤੋਂ ਪੁਲਿਸ ਨੇ ਕੋਈ ਪੁੱਛ-ਗਿੱਛ ਕੀਤੀ ਸੀ, ਨਾ ਉਸ ਦਾ ਕੋਈ ਬਿਆਨ ਲਿਖਿਆ ਸੀ। ਉਸ ਦਾ ਬਿਆਨ ਇਕ ਮਨ-ਘੜਤ ਕਹਾਣੀ ਸੀ, ਜਿਹੜੀ ਪੁਲਿਸ ਨੇ ਆਪ ਘੜੀ ਸੀ।

ਮੋਦਨ ਨੂੰ ਕਿਹੜਾ ਸੱਪ ਸੁੰਘ ਗਿਆ? ਇਸ ਦੀ ਨਾ ਭੰਡਾਰੀ ਨੂੰ ਸਮਝ ਆਈ, ਨਾ ਬਚਨ ਸਿੰਘ ਨੂੰ।

“ਇਹ ਭਾੜੇ ਦਾ ਟੱਟੂ ਸੀ। ਇਸ ਦੀ ਸੇਵਾ-ਸੂਵਾ ਨਹੀਂ ਸੀ ਕੀਤੀ?” ਹੈਰਾਨ ਹੋਏ ਸਰਕਾਰੀ ਵਕੀਲ ਨੇ ਭੰਡਾਰੀ ਤੋਂ ਪੁੱਛਿਆ।

ਭੰਡਾਰੀ ਨੇ ਨਾਂਹ ਵਿਚ ਸਿਰ ਹਿਲਾਇਆ ਤਾਂ ਬਚਨ ਸਿੰਘ ਨੇ ਮੱਥੇ ’ਤੇ ਹੱਥ ਮਾਰਿਆ।

“ਫੇਰ ਇਸ ਦਾ ਸਿਰ ਭਵਿਆਂ ਸੀ ਕਿ ਇਹ ਝੂਠੀ ਗਵਾਹੀ ਦੇ ਕੇ ਨਰਕਾਂ ਦਾ ਭਾਗੀ ਬਣਦਾ।”

ਇਹ ਪੇਸ਼ੇਵਾਰ ਗਵਾਹ ਸੀ। ਅਜਿਹੇ ਗਵਾਹ ਦਾ ਕੋਈ ਭਰੋਸਾ ਨਹੀਂ ਹੁੰਦਾ। ਜੀਅ ਕਰੇ ਗਵਾਹੀ ਦੇ ਜਾਵੇ, ਨਾ ਜੀਅ ਕਰੇ ਨਾ ਦੇਵੇ। ਬਚਨ ਸਿੰਘ ਨੂੰ ਮੋਦਨ ਬਾਰੇ ਇਲਮ ਤਾਂ ਸੀ ਪਰ ਉਹ ਮੁੱਕਰ ਜਾਏਗਾ, ਇਸ ਦੀ ਸੰਭਾਵਨਾ ਨਹੀਂ ਸੀ। ਇਕ ਪਾਸੇ ਭੰਡਾਰੀ ਵਕੀਲ ਸੀ, ਜਿਹੜਾ ਅਜਿਹੇ ਗਵਾਹਾਂ ਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਦੂਜੇ ਪਾਸੇ ਪਾਲੇ ਵਰਗੇ ਮਲੰਗ ਦੋਸ਼ੀ ਸਨ, ਜਿਹੜੇ ਗਵਾਹ ਨੂੰ ਚਾਹ ਦਾ ਕੱਪ ਤਕ ਨਹੀਂ ਪਿਲਾ ਸਕਦੇ, ਖ਼ਰੀਦਣਾ ਤਾਂ ਦੂਰ ਰਿਹਾ। ਇਹੋ ਕੁਝ ਸੋਚ ਕੇ ਬਚਨ ਸਿੰਘ ਅਵੇਸਲਾ ਰਿਹਾ ਸੀ।

ਇਸ ਅਵੇਸਲੇਪਣ ਦਾ ਨਤੀਜਾ ਸਾਹਮਣੇ ਸੀ।

ਅਗਲਾ ਗਵਾਹ ਵੀ ਮੋਦਨ ਭਾਈਚਾਰੇ ਵਿਚੋਂ ਸੀ। ਉਹ ਸੀ ਬਾਬੂ ਬਦਮਾਸ਼।

ਤਫ਼ਤੀਸ਼ ਦੌਰਾਨ ਲਿਖੇ ਬਿਆਨ ਅਨੁਸਾਰ ਉਹ ਵਾਣ-ਵੱਟਣਾ ਸੀ। ਉਹ ਰਿਕਸ਼ਾ-ਚਾਲਕ ਸੀ। ਅਗਵਾ ਵਾਲੇ ਦਿਨ ਉਸ ਨੂੰ ਕੋਈ ਸਵਾਰੀ ਨਹੀਂ ਸੀ ਮਿਲੀ। ਇਧਰੋਂ ਉਧਰ ਤੇ ਉਧਰੋਂ ਇਧਰ ਗੇੜੇ ਮਾਰ-ਮਾਰ ਉਹ ਹੰਭ ਚੁੱਕਾ ਸੀ। ਕੁਝ ਦੇਰ ਸੁਸਤਾਉਣ ਲਈ ਉਹ ਮੋਦਨ ਦੀ ਰੇੜ੍ਹੀ ਕੋਲ ਖੜੋਇਆ ਸੀ। ਇੰਨੇ ਨੂੰ ਉਥੇ ਪਾਲਾ ਅਤੇ ਮੀਤਾ ਪੁੱਜ ਗਏ। ਉਹਨਾਂ ਨਾਲ ਬੰਟੀ ਵੀ ਸੀ। ਉਹ ਤਿੰਨਾਂ ਨੂੰ ਜਾਣਦਾ ਸੀ। ਪਾਲੇ ਦੇ ਆਖਣ ’ਤੇ ਉਹ ਉਹਨਾਂ ਨੂੰ ਗਾਂਧੀ ਬਸਤੀ ਛੱਡ ਆਇਆ ਸੀ। ਉਸ ਨੂੰ ਮਜ਼ਦੂਰੀ ਦੇ ਦੋ ਦੀ ਥਾਂ ਚਾਰ ਰੁਪਏ ਮਿਲੇ ਸਨ। ਅਗਲੇ ਦਿਨ ਆਪਣੀ ਇਕ ਰਿਸ਼ਤੇਦਾਰੀ ਵਿਚ ਉਹ ਰਾਜਸਥਾਨ ਚਲਾ ਗਿਆ। ਦੋ ਮਹੀਨੇ ਬਾਅਦ ਵਾਪਸ ਆਇਆ ਤਾਂ ਪਤਾ ਲੱਗਾ, ਬੰਟੀ ਦਾ ਕਤਲ ਹੋ ਗਿਆ।

ਬਾਬੂ ਬੰਦਾ ਵੀ ਖ਼ਤਰਨਾਕ ਸੀ ਅਤੇ ਗਵਾਹੀ ਵੀ ਖ਼ਤਰਨਾਕ ਕਿਸਮ ਦੀ ਦਿੰਦਾ ਸੀ। ਮੋਦਨ ਵਾਂਗ ਉਹ ਛੋਟੇ-ਮੋਟੇ ਕੇਸਾਂ ਵਿਚ ਗਵਾਹੀ ਨਹੀਂ ਸੀ ਪਾਉਂਦਾ। ਉਹ ਅਜਿਹੇ ਕੇਸਾਂ ਵਿਚ ਹੀ ਗਵਾਹ ਬਣਦਾ ਸੀ, ਜਿਨ੍ਹਾਂ ਦੀ ਸਮਾਇਤ ਸੈਸ਼ਨ ਜੱਜ ਨੇ ਕਰਨੀ ਹੰਦੀ ਸੀ।

ਬਚਨ ਸਿੰਘ ਨੂੰ ਬਾਬੂ ’ਤੇ ਭਰੋਸਾ ਸੀ। ਨਾ ਉਹ ਡਰਨ ਵਾਲਾ ਸੀ, ਨਾ ਵਿਕਣ ਵਾਲਾ।

ਉਸ ਦੇ ਇਸੇ ਗੁਣ ਕਾਰਨ ਪੁਲਿਸ ਉਸ ਨੂੰ ਬਹੁਤ ਅਹਿਮ ਕੇਸਾਂ ਵਿਚ ਵਰਤਦੀ ਸੀ। ਉਸ ਨੂੰ ਮਰੇ ਕੇਸਾਂ ਵਿਚ ਜਾਨ ਪਾਉਣ ਲਈ ਬੁਲਾਇਆ ਜਾਂਦਾ ਜਾਂ ਅਜਿਹੇ ਕੇਸਾਂ ਵਿਚ ਜਿਥੇ ਉਸ ਦੀ ਗਵਾਹੀ ਦਾ ਮੁੱਲ ਲੱਖਾਂ ਰੁਪਏ ਪੈਣਾ ਹੁੰਦਾ। ਉਸ ਦੀ ਗਵਾਹੀ ਕਿਸੇ ਅਹਿਮ ਨੁਕਤੇ  ’ਤੇ ਰੱਖੀ ਜਾਂਦੀ। ਨੁਕਤਾ ਇਧਰ ਤਾਂ ਦੋਸ਼ੀ ਬਰੀ, ਉਧਰ ਤਾਂ ਸਜ਼ਾ।

ਮੋਦਨ ਵਾਂਗ ਨਾ ਉਹ ਲਾਲਚ ਵਿਚ ਆਉਂਦਾ ਸੀ ਨਾ ਕਿਸੇ ਰਿਸ਼ਤੇਦਾਰ ਜਾਂ ਯਾਰ- ਦੋਸਤ ਦੇ ਦਬਾਅ ਹੇਠ। ਉਹ ਕੇਵਲ ਉਸੇ ਥਾਣੇਦਾਰ ਦਾ ਆਖਾ ਮੰਨਦਾ, ਜਿਸ ਨੇ ਉਸ ਨੂੰ ਗਵਾਹ ਰੱਖਿਆ ਹੁੰਦਾ ਸੀ। ਗਵਾਹੀ ਮੁੱਕਰਨ ਦਾ ਮੁੱਲ ਵੀ ਉਹੋ ਥਾਣੇਦਾਰ ਤੈਅ ਕਰਦਾ ਸੀ।

ਪੈਸੇ ਥਾਣੇਦਾਰ ਫੜਦਾ। ਗਵਾਹੀ ਬਾਬੂ ਮੁੱਕਰਦਾ। ਦੋਸ਼ੀ ਬਰੀ ਵੀ ਹੋ ਜਾਂਦਾ ਤੇ ਥਾਣੇਦਾਰ ਨੂੰ ਆਂਚ ਤਕ ਨਾ ਆਉਂਦੀ। ਗੱਫੇ ਦੋਹਾਂ ਨੂੰ ਮਿਲਦੇ।

ਬੰਟੀ ਕਤਲ ਕੇਸ ਵਿਚ ਨਾ ਕੋਈ ਬਾਬੂ ਦਾ ਮੁੱਲ ਉਤਾਰ ਸਕਦਾ ਸੀ, ਨਾ ਨਾਜ਼ਰ ਸਿੰਘ ਥਾਣੇਦਾਰ ਉਸ ਨੂੰ ਮੁਕਰਨ ਦਾ ਇਸ਼ਾਰਾ ਕਰ ਸਕਦਾ ਸੀ। ਫੇਰ ਉਹ ਗਵਾਹੀ ਦੇਵੇਗਾ ਕਿਉਂ ਨਹੀਂ?

ਸਰਕਾਰੀ ਵਕੀਲ ਨੇ ਇਹ ਪੁੱਛ ਕੇ ਗਵਾਹੀ ਸ਼ੁਰੂ ਕੀਤੀ ਕਿ ਉਹ ਕਿੰਨੇ ਚਿਰ ਤੋਂ ਰਿਕਸ਼ਾ ਚਲਾਉਂਦਾ ਹੈ। ਰਿਕਸ਼ਾ ਚਲਾਉਣ ਵਾਲੀ ਗੱਲ ਸੁਣਦਿਆਂ ਹੀ ਬਾਬੂ ਤੈਸ਼ ਵਿਚ ਆ ਗਿਆ। ਉਹ ਸਰਕਾਰੀ ਵਕੀਲ ਨੂੰ ਝਈ ਲੈ ਕੇ ਪਿਆ।

“ਚਾਰ ਟਰੱਕਾਂ ਦੇ ਮਾਲਕ ਨੂੰ ਕੀ ਲੋੜ ਹੈ ਰਿਕਸ਼ਾ ਚਲਾਉਣ ਦੀ?”

ਬਾਬੂ ਦਾ ਉੱਤਰ  ਸੁਣਦਿਆਂ ਹੀ ਬਚਨ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ।

ਨਾਜ਼ਰ ਸਿੰਘ ਇਹ ਕੀ ਗ਼ਲਤੀ ਕਰ ਬੈਠਾ ਸੀ? ਗਵਾਹ ਰੱਖਦੇ ਸਮੇਂ ਉਸ ਦੀ ਅਕਲ ’ਤੇ ਪਰਦਾ ਕਿਉਂ ਪੈ ਗਿਆ ਸੀ? ਉਸ ਨੇ ਬਿਆਨ ਲਿਖਦੇ ਸਮੇਂ ਗਵਾਹ ਦਾ ਅੱਗਾ-ਪਿੱਛਾ ਕਿਉਂ ਨਹੀਂ ਸੀ ਦੇਖਿਆ।

ਰਿਕਸ਼ਾ ਬਾਬੂ ਨਹੀਂ, ਬਾਬੂ ਦਾ ਬਾਪ ਚਲਾਉਂਦਾ ਸੀ।

ਰਿਕਸ਼ਾ ਚਲਾਉਣ ਲਈ ਉਸ ਨੂੰ ਨਸ਼ਾ-ਪੱਤਾ ਖਾਣਾ ਪੈਂਦਾ ਸੀ। ਨਸ਼ੇ-ਪੱਤੇ ਲਈ ਜਦੋਂ ਪੈਸੇ ਨਾ ਹੁੰਦੇ, ਉਹ ਥਾਣੇ ਚਲਾ ਜਾਂਦਾ। ਉਸ ਦਾ ਭਤੀਜਾ ਥਾਣੇ ਦਾ ਮੁਨਸ਼ੀ ਸੀ। ਨਸ਼ੇ-ਪੱਤੇ ਬਦਲੇ ਭਤੀਜਾ ਉਸ ਨੂੰ ਕਿਸੇ ਨਾ ਕਿਸੇ ਕੇਸ ਵਿਚ ਗਵਾਹ ਰੱਖ ਲੈਂਦਾ। ਦੋਹਾਂ ਦਾ ਲਾਂਘਾ ਲੰਘ ਜਾਂਦਾ।

ਬਾਪੂ ਮਰਿਆ ਤਾਂ ਕਬੀਲਦਾਰੀ ਦਾ ਬੋਝ ਬਾਬੂ ਸਿਰ ਆ ਗਿਆ, ਪਰ ਰਿਕਸ਼ਾ ਉਸ ਤੋਂ ਇਕ ਦਿਨ ਵੀ ਨਾ ਚੱਲਿਆ। ਰਿਕਸ਼ੇ ਦੀ ਥਾਂ ਉਸ ਨੇ ਗਵਾਹੀਆਂ ਵਾਲਾ ਧੰਦਾ ਫੜ ਲਿਆ।

ਉਹ ਜਵਾਨ ਸੀ, ਦਲੇਰ ਸੀ। ਥਾਣੇਦਾਰ ਜਿਥੇ ਅੜਾ ਦਿੰਦੇ, ਉਹ ਸਾਨ੍ਹ ਵਾਂਗ ਅੜ ਜਾਂਦਾ।

ਪੁਲਿਸ ਦਾ ਇਹ ਵਿਸ਼ਵਾਸ ਪਾਤਰ ਦਿਨਾਂ ਵਿਚ ਹੀ ਅਮੀਰ ਬਣ ਗਿਆ। ਇਕ-ਇਕ ਕਰ ਕੇ ਚਾਰ ਗੱਡੀਆਂ ਪਾ ਲਈਆਂ। ਬੰਦੂਕ ਖ਼ਰੀਦ ਲਈ। ਫੇਰ ਆਪਣੀ ਪਾਰਟੀ ਖੜੀ ਕਰ ਲਈ। ਜ਼ਮੀਨਾਂ, ਪਲਾਟਾਂ ’ਤੇ ਕਬਜ਼ੇ ਕਰਾਉਣ ਦੇ ਠੇਕੇ ਲੈਣ ਲੱਗਾ।

ਇਲਾਕੇ ਦੇ ਸਿਰਕੱਢ ਬਦਮਾਸ਼ ਨੂੰ ਰਿਕਸ਼ੇ ਵਾਲਾ ਬਣਾ ਕੇ ਪੇਸ਼ ਕਰਨ ’ਤੇ ਜੱਜ ਨੂੰ ਵੀ ਹਾਸਾ ਆ ਗਿਆ।

ਬਾਬੂ ਦੀ ਇਕ ਘੁਰਕੀ ਨੇ ਭੰਡਾਰੀ ਦੇ ਵੀ ਕੰਨ ਖੜੇ ਕਰ ਦਿੱਤੇ।

‘ਇਹ ਵੀ ਗਿਆ’ ਆਖਦਿਆਂ ਉਸ ਨੇ ਹਉਕਾ ਲਿਆ।

ਬਾਬੂ ਨੇ ਇਹ ਰੁਖ਼ ਉਂਝ ਹੀ ਨਹੀਂ ਅਪਣਾਇਆ। ਉਸ ਨੂੰ ਸਿੱਧੇ ਰਾਹ ਪਾਉਣ ਲਈ ਮੋਹਨ ਜੀ ਨੇ ‘ਜੈਸੇ ਕੋ ਤੈਸੇ’ ਦਾ ਰਾਹ ਅਪਣਾਇਆ ਸੀ।

ਇਹ ਜ਼ਿੰਮੇਵਾਰੀ *ਤੀਕਾਰੀ ਫ਼ਰੰਟ ਦੇ ਰਾਜਿੰਦਰ ਨੇ ਆਪਣੇ ਸਿਰ ਲਈ ਸੀ। ਉਸ ਨੂੰ ਯਾਦ ਸੀ, ਜਵਾਨੀ ਸਮੇਂ ਬਾਬੂ ਨੇ ਨਾਜ਼ਮ ਸਮ੍ਹਾਂ ਵਾਲੇ ’ਤੇ ਗਵਾਹੀ ਲਿਖਾਈ ਸੀ। ਜਦੋਂ ਉਹ ਗਵਾਹੀ ਦੇਣ ਕਚਹਿਰੀ ਵਿਚ ਗਿਆ ਤਾਂ ਸਮ੍ਹਾਂ ਵਾਲੇ ਨੇ ਉਸ ਨੂੰ ਕੋਰਟ-ਰੂਮ ਵਿਚ ਹੀ ਲਲਕਾਰ ਦਿੱਤਾ ਸੀ।

“ਬਾਬੂ, ਸੱਚ-ਸੱਚ ਬੋਲੀਂ, ਨਹੀਂ ਫੇਰ ਦੇਖ ਲਈਂ। ਮੇਰੇ ਸਾਥੀ ਤੇਰੀ ਜ਼ਬਾਨ ਕੱਟ ਕੇ ਮੇਜ਼ ’ਤੇ ਰੱਖ ਦੇਣਗੇ।”

ਤੇ ਘਬਰਾਏ ਬਾਬੂ ਦੀ ਘਿੱਗੀ ਬੱਝ ਗਈ ਸੀ।

ਉਸੇ ਸਮ੍ਹਾਂ ਵਾਲੇ ਨੂੰ ਇਕ ਵਾਰ ਫੇਰ ਬਾਬੂ ਦੇ ਮੱਥੇ ਲਾਇਆ ਗਿਆ ਸੀ ਤੇ ਇਕ ਵਾਰ ਫੇਰ ਉਸ ਦਾ ਚਾਦਰਾ ਗਿੱਲਾ ਹੋਇਆ ਸੀ।

‘ਵਕੀਲਾਂ ਦੇ ਕੰਨ ਕੁਤਰਨ ਵਾਲੇ ਬਾਬੂ ਨੂੰ ਕੀ ਹੋ ਗਿਆ?‘ ਭੰਡਾਰੀ ਕਿਆਸ ਅਰਾਈਆਂ ਕਰਦਾ ਹੀ ਰਹਿ ਗਿਆ ਤੇ ਉਧਰ ਬਾਬੂ ਸਾਰਾ ਬਿਆਨ ਮੁੱਕਰ ਗਿਆ।

ਭੰਡਾਰੀ ਉੱਕਾ ਹੀ ਦਿਲ ਛੱਡ ਗਿਆ। ਉਸ ਨੇ ਹਜ਼ਾਰਾਂ ਕੇਸ ਲੜੇ ਸਨ। ਉਸ ਨਾਲ ਇੰਨੀ ਭੈੜੀ ਕਦੇ ਨਹੀਂ ਸੀ ਹੋਈ। ਪੁਲਿਸ ਨੇ ਕੇਸ ਬਣਾਇਆ ਜਾਂ ਜ਼ਾਬਤਾ ਪੂਰਾ ਕੀਤਾ ਸੀ? ਮੁਦੱਈ ਧਿਰ ਦੇ ਵਕੀਲ ਤਰਲੋਮੱਛੀ ਹੋ ਰਹੇ ਸਨ। ਸਫ਼ਾਈ ਧਿਰ ਦੇ ਵਕੀਲ ਆਰਾਮ ਨਾਲ ਕੁਰਸੀਆਂ ’ਤੇ ਬੈਠੇ ਸਨ। ਹੋਣਾ ਉਲਟ ਚਾਹੀਦਾ ਸੀ।

ਬਚਨ ਸਿੰਘ ਵੀ ਕਸੂਤੀ ਸਥਿਤੀ ਵਿਚ ਫਸ ਗਿਆ। ਅੱਧੇ ਘੰਟੇ ਵਿਚ ਦੋ ਗਵਾਹ ਭੁਗਤ ਗਏ। ਬਾਕੀਆਂ ਦਾ ਵੀ ਇਹੋ ਅੰਜ਼ਾਮ ਹੋਣਾ ਸੀ। ਅਦਾਲਤ ਦੇ ਉੱਠਣ ਵਿਚ ਹਾਲੇ ਡੇਢ ਘੰਟਾ ਬਾਕੀ ਸੀ। ਵੈਸੇ ਵੀ ਉਹ ਸਾਰੇ ਗਵਾਹ ਭੁਗਤਾਉਣ ਦਾ ਵਚਨ ਦੇ ਚੁੱਕਾ ਸੀ। ਸਮਾਂ ਸਮਾਪਤ ਹੋਣ ਦਾ ਬਹਾਨਾ ਨਹੀਂ ਸੀ ਘੜਿਆ ਜਾ ਸਕਦਾ। ਗਵਾਹਾਂ ਨੂੰ ਬਾਹਰੋ-ਬਾਹਰੀ ਭਜਾਉਣਾ ਵੀ ਮੁਸ਼ਕਲ ਸੀ। ਉਹ ਪਹਿਲਾਂ ਹੀ ਕਾਬੂ ਕਰ ਲਏ ਗਏ ਸਨ।

ਗਵਾਹਾਂ ਦੇ ਬੀਮਾਰ ਹੋਣ ਦਾ ਬਹਾਨਾ ਵੀ ਨਹੀਂ ਸੀ ਚੱਲ ਸਕਦਾ। ਹੁਣੇ ਉਹ ਰਿਸ਼ਟ-ਪੁਸ਼ਟ ਦੀ ਪੁਸ਼ਟੀ ਕਰ ਕੇ ਗਏ ਸਨ।

ਉਹ ਬਾਕੀ ਗਵਾਹਾਂ ਨੂੰ ਟਾਲੇ ਤਾਂ ਕਿਸ ਤਰ੍ਹਾਂ? ਬਚਨ ਸਿੰਘ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ।

ਪਾਲਾ ਅਤੇ ਮੀਤਾ ਚੋਰ-ਉਚੱਕੇ ਸਨ। ਉਹਨਾਂ ਤੋਂ ਤਾਂ ਚੋਰੀ ਦੇ ਕੇਸ ਦੀ ਪੈਰਵਾਈ ਨਹੀਂ ਸੀ ਹੋਇਆ ਕਰਦੀ। ਕਤਲ ਕੇਸ ਖੇਰੂੰ-ਖੇਰੂੰ ਕਿਵੇਂ ਕਰ ਗਏ? ਪਿਆਰੇ ਲਾਲ ਦੇ ਮੂੰਹ ਤੋਂ ਮੱਖੀ ਨਹੀਂ ਸੀ ਉਠਿਆ ਕਰਦੀ, ਉਸ ਅੰਦਰ ਅਕਲ ਦਾ ਫੁਹਾਰਾ ਕਿਵੇਂ ਫੁੱਟ ਪਿਆ? ਮੋਹਨ ਜੀ ਦਾ ਇਹ ਪਹਿਲਾ ਕਤਲ ਕੇਸ ਸੀ। ਉਹ ਵੀ ਪਾਲਕੀ ਵਾਲੇ ਵਾਂਗ ਹਿੱਕ ਚੌੜੀ ਕਰੀ ਖੜਾ ਸੀ। ਗਹਿਰੀ ਚਾਲ ਚੱਲ ਰਿਹੈ। ਇਹ ਇਨ੍ਹਾਂ ਦੀ ਆਪਣੀ ਅਕਲ ਦਾ ਕਮਾਲ ਨਹੀਂ ਹੋ ਸਕਦਾ। ਜ਼ਰੂਰ ਇਹਨਾਂ ਪਿੱਛੇ ਕੋਈ ਹੋਰ ਤਾਕਤ ਕੰਮ ਕਰ ਰਹੀ ਹੈ। ਉਹ ਕਿਹੜੀ ਬਲਾ ਹੈ? ਕਿਸੇ ਨੂੰ ਕੋਈ ਥਹੁ-ਪਤਾ ਨਹੀਂ ਸੀ ਲੱਗ ਰਿਹਾ।

ਮੋਹਨ ਜੀ ਆਪਣੀ ਚਲਾਕੀ ਨਾਲ ਚੱਕਰਵਿਊ ਰਚ ਚੁੱਕਾ ਸੀ। ਹੁਣ ਕਿਸੇ ਵੀ ਗਵਾਹ ਨੂੰ ਉਸ ਵਿਚੋਂ ਬਾਹਰ ਕੱਢਣਾ ਮੁਸ਼ਕਲ ਸੀ।

ਸਿਰ ਸੁੱਟ ਕੇ ਉਹ ਅਗਲਾ ਗਵਾਹ ਭੁਗਤਾਉਣ ਲੱਗਾ।

ਸਕੂਲ ਦੇ ਚਪੜਾਸੀ ਮੁਰਲੀ ਨੂੰ ਪੁਲਿਸ ਨੇ ਗਵਾਹ ਰੱਖਿਆ ਸੀ।

ਪੁਲਿਸ ਅਨੁਸਾਰ ਬੰਟੀ ਨੂੰ ਪਾਲੇ ਅਤੇ ਮੀਤੇ ਦੇ ਹਵਾਲੇ ਉਸੇ ਨੇ ਕੀਤਾ ਸੀ। ਅੱਧੀ ਛੁੱਟੀ ਸਮੇਂ ਉਹ ਸਕੂਲ ਆਏ ਸਨ। ਪਾਲੇ ਨੇ ਦੱਸਿਆ ਸੀ ਕਿ ਲਾਲਾ ਜੀ ਬੀਮਾਰ ਹਨ। ਉਹ ਬੰਟੀ ਨੂੰ ਲੈਣ ਨਹੀਂ ਆ ਸਕੇ। ਬੰਟੀ ਦਾ ਮਾਮਾ ਘਰ ਆਇਆ ਬੈਠਾ ਹੈ। ਉਹਨਾਂ ਨਾਨਕੇ ਜਾਣਾ ਹੈ। ਉਹ ਬੰਟੀ ਨੂੰ ਲੈਣ ਆਏ ਹਨ। ਬੰਟੀ ਨੂੰ ਬੁਲਾ ਦਿੱਤਾ ਜਾਵੇ। ਮੁਰਲੀ ਉਹਨਾਂ ਦੀਆਂ ਗੱਲਾਂ ਵਿਚ ਆ ਗਿਆ। ਉਸ ਨੇ ਬੰਟੀ ਨੂੰ ਕਲਾਸ ਵਿਚੋਂ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ।

ਇਸ ਗਵਾਹ ਨਾਲ ਕਿਵੇਂ ਨਜਿੱਠਿਆ ਜਾਵੇ? ਜਦੋਂ ਲੀਗਲ ਸੈੱਲ ਦੇ ਵਕੀਲਾਂ ਵਿਚਕਾਰ ਬਹਿਸ ਹੋਈ ਸੀ ਤਾਂ ਪਿਆਰੇ ਲਾਲ ਨੇ ਮੱਤ ਪ੍ਰਗਟਾਇਆ ਸੀ ਕਿ ਕਾਨੂੰਨੀ ਨਜ਼ਰੀਏ ਤੋਂ ਇਸ ਗਵਾਹ ਦੀ ਕੋਈ ਮਹੱਤਤਾ ਨਹੀਂ। ਬੰਟੀ ਕਰੀਬ ਵੀਹ ਦਿਨ ਗੁੰਮ ਰਿਹਾ ਸੀ। ਬੰਟੀ ਦੀ ਮੌਤ ਦੇ ਪੰਦਰਾਂ ਦਿਨਾਂ ਬਾਅਦ ਤਕ ਵੀ ਪੁਲਿਸ ਦੋਸ਼ੀਆਂ ਦੀ ਸ਼ਨਾਖ਼ਤ ਨਹੀਂ ਕਰ ਸਕੀ। ਇਸ ਸਾਰੇ ਅਰਸੇ ਦੌਰਾਨ ਮੁਰਲੀ ਸਕੂਲ ਵਿਚ ਹਾਜ਼ਰ ਰਿਹਾ ਸੀ। ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਵੀ ਪੁਲਿਸਨੇ ਇਹਨਾਂ ਤੋਂ ਕਈ ਵਾਰ ਪੁੱਛ-ਗਿੱਛ ਕੀਤੀ ਸੀ। ਜੇ ਇਸੇ ਤਰ੍ਹਾਂ ਵਾਪਰਿਆ ਹੁੰਦਾ ਤਾਂ ਇਸਨੇਪਹਿਲਾਂ ਬਿਆਨ ਕਿਉਂ ਨਾ ਦਿੱਤਾ? ਇਹ ਪਿੱਛੋਂ ਘੜੀ ਕਹਾਣੀ ਸੀ। ਅਦਾਲਤ ਮੰਨਣਨਹੀਂਲੱਗੀ।

ਪਰ ਗੁਰਮੀਤ ਕਿਸੇ ਤਰ੍ਹਾਂ ਦਾ ਵੀ ਜ਼ੋਖ਼ਮ ਉਠਾਉਣ ਨੂੰ ਤਿਆਰ ਨਹੀਂ ਸੀ। ਭਾਵੇਂ ਪਿਆਰੇ ਲਾਲ ਦੀ ਪੁਸ਼ਟੀ ਲਈ ਸੈੱਲ ਕੋਲ ਪੁਲਿਸ ਦੀਆਂ ਆਪਣੀਆਂ ਲਿਖੀਆਂ ਰਿਪੋਰਟਾਂ ਅਤੇ ਜ਼ਿਮਨੀਆਂ ਮੌਜੂਦ ਸਨ ਪਰ ਇਹ ਸਿਆਸੀ ਕੇਸ ਸੀ। ਅਜਿਹੇ ਕੇਸਾਂ ਵਿਚ ਕਈ ਵਾਰ ਮਾਮੂਲੀ ਜਿਹੀ ਗਵਾਹੀ ਵੀ ਫਾਂਸੀ ਦਾ ਕਾਰਨ ਬਣ ਜਾਂਦੀ ਸੀ।

ਸੇਵਾਦਾਰ ਬਾਬਾ ਜੀ ਦਾ ਉਪਾਸ਼ਕ ਸੀ। ਇਸ ਸਕੂਲ ਵਿਚ ਉਸ ਨੂੰ ਬਾਬਾ ਜੀ ਨੇ ਨੌਕਰੀ ਦਿਵਾਈ ਸੀ। ਉਸ ਦੀ ਬੁੱਢੀ ਮਾਂ ਨੂੰ ਬੁਢਾਪਾ ਪੈਨਸ਼ਨ ਲੈ ਕੇ ਦਿੱਤੀ ਸੀ ਅਤੇ ਬਾਪ ਨੂੰ ਟੀ.ਬੀ. ਹਸਪਤਾਲ ਵਿਚ ਦਾਖ਼ਲ ਕਰਾਇਆ ਸੀ। ਸੱਚੀ ਗਵਾਹੀ ਤੋਂ ਰੋਕਣਾ ਮਾੜੀ ਗੱਲ ਸੀ। ਝੂਠ ਬੋਲਣ ਤੋਂ ਤਾਂ ਬਾਬਾ ਜੀ ਉਸ ਨੂੰ ਰੋਕ ਹੀ ਸਕਦੇ ਸਨ।

ਬਾਬਾ ਜੀ ਦੀ ਅਪੀਲ ’ਤੇ ਮੁਰਲੀ ਚੱਕਾਂ ਦੇ ਪੁੜਾਂ ਵਿਚ ਫਸਿਆ ਮਹਿਸੂਸ ਕਰਨ ਲੱਗਾ। ਇਕ ਪਾਸੇ ਪੁਲਿਸ, ਮੁੱਖ ਅਧਿਆਪਕ ਦੀ ਧਮਕੀ ਅਤੇ ਸੰਘ ਵਾਲਿਆਂ ਦਾ ਡੰਡਾ, ਦੂਜੇ ਪਾਸੇ ਉਸ ਦੀ ਆਪਣੀ ਜ਼ਮੀਰ ਅਤੇ ਬਾਬਾ ਜੀ ਦੀ ਅਪੀਲ।

ਸੋਚ-ਵਿਚਾਰ ਕੇ ਵਿਚਕਾਰਲਾ ਰਸਤਾ ਲੱਭਿਆ ਗਿਆ। ਬਾਕੀ ਬਿਆਨ ਮੁਰਲੀ ਬੇਸ਼ੱਕ ਦੇ ਦੇਵੇ, ਬੱਸ ਪਾਲੇ ਅਤੇ ਮੀਤੇ ਨੂੰ ਪਛਾਣਨ ਤੋਂ ਨਾਂਹ ਕਰ ਦੇਵੇ। ਇਸ ਤਰ੍ਹਾਂ ਸੱਪ ਵੀ ਮਰ ਜਾਣਾ ਸੀ ਅਤੇ ਲਾਠੀ ਵੀ ਬਚੀ ਰਹਿਣੀ ਸੀ।

ਸੇਵਾਦਾਰ ਨੇ ਇਸੇ ਤਰ੍ਹਾਂ ਕੀਤਾ।

“ਜ਼ਰਾ ਉਹਨਾਂ ਬੰਦਿਆਂ ਨੂੰ ਤਾਂ ਪਛਾਣ, ਜਿਨ੍ਹਾਂ ਹਵਾਲੇ ਤੂੰ ਬੰਟੀ ਨੂੰ ਕੀਤਾ ਸੀ।”

ਮੁਰਲੀ ਨੂੰ ਅਦਾਲਤ ਵਿਚ ਹਾਜ਼ਰ ਭੀੜ ਵਿਚੋਂ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਦਾ ਹੁਕਮ ਹੋਇਆ। ਮੁਰਲੀ ਨੇ ਦਿਮਾਗ਼ ’ਤੇ ਬਥੇਰਾ ਜ਼ੋਰ ਪਾਇਆ ਪਰ ਉਹ ਕਿਸੇ ਵੱਲ ਉਂਗਲ ਨਾ ਕਰ ਸਕਿਆ।

ਸਰਕਾਰੀ ਵਕੀਲ ਦੇ ਹੁਕਮ ’ਤੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਗਿਆ। ਫੇਰ ਉਹਨਾਂ ਵੱਲ ਉਂਗਲ ਕਰ ਕੇ ਮੁਰਲੀ ਤੋਂ ਪੁੱਛਿਆ ਗਿਆ।

“ਦੇਖ, ਇਹੋ ਨੇ ਨਾ ਉਹ ਬੰਦੇ?”

ਮੁਰਲੀ ਨੇ ਕੁਝ ਦੇਰ ਡੂੰਘਾਈ ਨਾਲ ਸੋਚਿਆ। ਫੇਰ ਨਾਂਹ ਵਿਚ ਸਿਰ ਹਿਲਾ ਦਿੱਤਾ। ਇਹ ਉਹ ਬੰਦੇ ਨਹੀਂ।

ਸਰਕਾਰੀ ਵਕੀਲ ਦੇ ਪੁੱਛਣ ’ਤੇ ਉਸ ਨੇ ਸਪੱਸ਼ਟੀਕਰਨ ਦਿੱਤਾ। ਪੁਲਿਸ ਨੇ ਉਸ ਦਾ ਬਿਆਨ ਲਿਖਿਆ ਸੀ। ਬਿਆਨ ਵਿਚ ਉਸ ਨੇ ਪਾਲੇ ਅਤੇ ਮੀਤੇ ਦਾ ਨਾਂ ਵੀ ਦਰਜ ਕਰਾਇਆ ਸੀ। ਪਰ ਇਹ ਨਾਂ-ਪਤੇ ਉਸ ਨੂੰ ਪੁਲਿਸ ਨੇ ਹੀ ਦੱਸੇ ਸਨ।

ਸਫ਼ਾਈ ਧਿਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਸ ਨੇ ਸਥਿਤੀ ਹੋਰ ਸਪੱਸ਼ਟ ਕੀਤੀ। ਉਹ ਕਿਸੇ ਪਾਲੇ ਅਤੇ ਮੀਤੇ ਨੂੰ ਪਹਿਲਾਂ ਨਹੀਂ ਸੀ ਜਾਣਦਾ। ਗਵਾਹੀ ਲਿਖਦੇ ਸਮੇਂ ਪੁਲਿਸ ਨੇ ਉਸ ਨੂੰ ਦੋ ਬੰਦੇ ਦਿਖਾਏ ਸਨ। ਨਾਲੇ ਆਖਿਆ ਸੀ ਇਹੋ ਪਾਲਾ ਅਤੇ ਮੀਤਾ ਹਨ। ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲੈ। ਅਦਾਲਤ ਵਿਚ ਸ਼ਨਾਖ਼ਤ ਕਰਨੀ ਪਏਗੀ। ਵੈਸੇ ਇਹ ਬੰਦੇ ਉਹ ਨਹੀਂ ਜਿਹੜੇ ਪੁਲਿਸ ਨੇ ਉਸ ਨੂੰ ਦਿਖਾਏ ਸਨ।

ਇਹ ਉਹ ਨਹੀਂ, ਜਿਹੜੇ ਬੰਟੀ ਨੂੰ ਸਕੂਲੋਂ ਲੈ ਗਏ ਸਨ। ਇਹ ਤਾਂ ਕੋਈ ਹੋਰ ਹੀ ਹਨ।

ਖੂਹ ’ਚ ਇੱਟ ਸੁੱਟਣ ਵਾਲੇ ਇਸ ਗਵਾਹ ਨੂੰ ਸਰਕਾਰੀ ਵਕੀਲ ਘੂਰੇ ਜਾਂ ਸ਼ਾਬਾਸ਼ ਦੇਵੇ। ਇਸ ਨੇ ਪੁਲਿਸ ਦਾ ਪੱਖ ਵੀ ਪੂਰਿਆ ਸੀ ਅਤੇ ਸਫ਼ਾਈ ਧਿਰ ਦਾ ਵੀ। ਚਲੋ ਸ਼ਨਾਖ਼ਤ ਨਹੀਂ ਕਰ ਸਕਿਆ ਨਾ ਸਹੀ। ਘੱਟੋ-ਘੱਟ ਇਹ ਤੱਥ ਤਾਂ ਮਿਸਲ ’ਤੇ ਆਇਆ ਕਿ ਦੋ ਬੰਦਿਆਂ ਨੇ ਮੁਰਲੀ ਰਾਹੀਂ ਬੰਟੀ ਨੂੰ ਸਕੂਲੋਂ ਬਾਹਰ ਬੁਲਾਇਆ ਸੀ। ਹਾਲੇ ਬਹੁਤ ਗਵਾਹ ਬਾਕੀ ਸਨ। ਮੁਲਜ਼ਮਾਂ ਦੀ ਸ਼ਨਾਖ਼ਤ ਕਿਸੇ ਹੋਰ ਕੋਲੋਂ ਕਰਵਾ ਲਏਗਾ।

ਹੌਸਲਾ ਫੜਦੇ ਬਚਨ ਸਿੰਘ ਨੇ ਅਗਲਾ ਗਵਾਹ ਤਲਬ ਕੀਤਾ। ਉਹ ਮੀਤੇ ਦੀ ਗੁਆਂਢਣ ਭਾਗੋ ਸੀ।

ਭਾਗੋ ਨੇ ਪੁਲਿਸ ਲਈ ਇਹ ਸਾਬਤ ਕਰਨਾ ਸੀ ਕਿ ਉਹ ਮੀਤੇ ਦੀ ਗੁਆਂਢਣ ਹੈ। ਮੀਤਾ ਵੀ ਇਕੱਲਾ ਰਹਿੰਦਾ ਹੈ ਅਤੇ ਭਾਗੋ ਵੀ। ਅਗਾਂਹ ਪਾਲਾ ਅਤੇ ਮੀਤਾ ਯਾਰ ਹਨ। ਉਹ ਮਿਲ ਕੇ ਚੋਰੀਆਂ ਕਰਦੇ ਹਨ। ਬੱਚੇ ਨੂੰ ਅਗਵਾ ਕਰ ਕੇ ਪਹਿਲਾਂ ਉਹ ਮੀਤੇ ਦੇ ਘਰ ਲਿਆਏ ਸਨ। ਜਦੋਂ ਸਖ਼ਤੀ ਵਧ ਗਈ ਤਾਂ ਉਹ ਭਾਗੋ ਦੇ ਘਰ ਲੈ ਆਏ। ਇਸ ਬਦਲੇ ਉਸ ਨੂੰ ਸੌ ਰੁਪਿਆ ਵੀ ਮਿਲਿਆ ਅਤੇ ਧਮਕੀ ਵੀ। ਜੇ ਗੱਲ ਬਾਹਰ ਨਿਕਲੀ ਤਾਂ ਭਾਗੋ ਦੀ ਖ਼ੈਰ ਨਹੀਂ। ਡਰਦੀ ਭਾਗੋ ਨੇ ਕਿਸੇ ਕੋਲ ਭਾਫ਼ ਤਕ ਨਾ ਕੱਢੀ। ਬੱਚੇ ਲਈ ਦੁੱਧ, ਟਾਫ਼ੀਆਂ, ਬਿਸਕੁਟ ਅਤੇ ਬਰੈੱਡ ਗ਼ਫ਼ੂਰ ਮੀਆਂ ਦੀ ਦੁਕਾਨ ਤੋਂ ਆਉਂਦੇ ਰਹੇ। ਕਤਲ ਵਾਲੀ ਰਾਤ ਉਹ ਬੱਚੇ ਨੂੰ ਉਥੋਂ ਲੈ ਗਏ। ਆਖਦੇ ਸਨ ਉਸ ਦੇ ਮਾਪਿਆਂ ਕੋਲ ਛੱਡ ਕੇ ਆਉਣਾ ਹੈ। ਉਸ ਨੂੰ ਤਾਂ ਤੀਜੇ ਦਿਨ ਪਤਾ ਲੱਗਾ ਕਿ ਬੱਚਾ ਉਹਨਾਂ ਮਾਰ ਦਿੱਤੈ। ਦੋਵੇਂ ਖ਼ਤਰਨਾਕ ਮੁਜਰਮ ਸਨ। ਕਈ ਵਾਰ ਕੈਦ ਕੱਟ ਚੁੱਕੇ ਹਨ। ਛੁਰਾ ਮਾਰ ਦੇਣਾ ਉਹਨਾਂ ਲਈ ਮਾਮੂਲੀ ਗੱਲ ਸੀ। ਜਿੰਨਾ ਚਿਰ ਉਹ ਪੁਲਿਸ ਦੇ ਹੱਥ ਨਹੀਂ ਆਏ ਭਾਗੋ ਨੇ ਇਹ ਰਾਜ਼ ਆਪਣੇ ਅੰਦਰ ਹੀ ਛੁਪਾਈ ਰੱਖਿਆ। ਫੜੇ ਗਏ ਤਾਂ ਝੱਟ ਪੁਲਿਸ ਕੋਲ ਬਿਆਨ ਦਰਜ ਕਰਵਾ ਦਿੱਤਾ। ਜਿਹੜੀ ਸੱਬਲ ਦੋਸ਼ੀਆਂ ਕੋਲੋਂ ਬਰਾਮਦ ਹੋਈ, ਉਹ ਭਾਗੋ ਦੀ ਹੀ ਸੀ।

ਭਾਗੋ ਦਾ ਪੂਰਾ ਰਿਕਾਰਡ ਮੋਹਨ ਜੀ ਕੋਲ ਮੌਜੂਦ ਸੀ। ਇਹ ਔਰਤ ਭਾਵੇਂ ਗਵਾਹਾਂ ਦੇ ਕਟਹਿਰੇ ਵਿਚ ਪਹਿਲਾਂ ਕਦੇ ਨਹੀਂ ਸੀ ਖੜੋਤੀ ਪਰ ਮੁਲਜ਼ਮਾਂ ਦੇ ਕਟਹਿਰੇ ਵਿਚ ਅਕਸਰ ਖੜੋਂਦੀ ਸੀ। ਆਵਾਰਾਗਰਦੀ ਵਿਚ ਉਸ ਦਾ ਕਈ ਵਾਰ ਚਲਾਨ ਹੋਇਆ ਸੀ। ਕਦੇ ਬਰੀ ਹੋ ਜਾਂਦੀ ਤੇ ਕਦੇ ਨੇਕ-ਚਲਨੀ ਦੀ ਜ਼ਮਾਨਤ ਹੋ ਜਾਂਦੀ। ਇਹਨਾਂ ਸਜ਼ਾਵਾਂ ਦੇ ਆਧਾਰ ’ਤੇ ਉਹ ‘ਦਸ ਨੰਬਰੀ’ ਵੀ ਗਰਦਾਨੀ ਗਈ ਸੀ।

ਕੇਸ ਭੁਗਤਦੀ-ਭੁਗਤਦੀ ਭਾਗੋ ਨੂੰ ਕਚਹਿਰੀ ਦਾ ਚਸਕਾ ਪੈ ਗਿਆ। ਉਹ ਡਰਾਈਵਰਾਂ, ਕੰਡਕਟਰਾਂ ਤੋਂ ਆਪਣੇ ਸਰੀਰ ਦਾ ਘਾਣ ਕਿਉਂ ਕਰਾਏ। ਕਚਹਿਰੀ ਵਿਚ ਬਥੇਰੇ ਕਦਰਦਾਨ ਸਨ ਉਸ ਦੇ। ਮਿਹਨਤ ਘੱਟ, ਮਜ਼ਦੂਰੀ ਜ਼ਿਆਦਾ।

ਪਹਿਲਾਂ ਉਸ ਨੇ ਆਪਣੇ ਵਕੀਲ ਨਾਲ ਯਾਰੀ ਲਾਈ ਤੇ ਫੇਰ ਮੁਨਸ਼ੀ ਨਾਲ। ਮੁਨਸ਼ੀ ਨੇ ਅਗਾਂਹ ਬਾਬੂਆਂ, ਅਹਿਲਕਾਰਾਂ ਨਾਲ ਵਾਕਫ਼ੀਅਤ ਕਰਵਾ ਦਿੱਤੀ। ਹੌਲੀ-ਹੌਲੀ ਉਸ ਦੀ ਜਾਣ- ਪਹਿਚਾਣ ਪੁਲਸ ਨਾਲ ਵੀ ਹੋ ਗਈ। ਫੇਰ ਨਾ ਕਦੇ ੳਹ ਫੜੀ ਗਈ, ਨਾ ਚਲਾਨ ਹੋਇਆ।

ਪਿਛਲੇ ਦੋ ਸਾਲ ਤੋਂ ਉਹ ਘਰ ਬੈਠੀ ਸੀ। ਵੀ.ਡੀ. ਵਰਗੀ ਭਿਆਨਕ ਬੀਮਾਰੀ ਉਸ ਨੂੰ ਆ ਚੰਬੜੀ ਸੀ। ਉਸ ਦੇ ਆਸ਼ਕਾਂ ਦੀ ਗਿਣਤੀ ਘਟਦੀ-ਘਟਦੀ ਸਿਫ਼ਰ ’ਤੇ ਪੁੱਜ ਗਈ ਸੀ। ਮੁਨਸ਼ੀਆਂ ਤੇ ਅਹਿਲਕਾਰਾਂ ਨੇ ਉਸ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਸਨ।

ਭੁੱਖੀ ਮਰਦੀ ਭਾਗੋ ਲਈ ਤਾਂ ਇਕ ਰੁਪਿਆ ਵੀ ਲੱਖ ਵਰਗਾ ਸੀ। ਇਸ ਗਵਾਹੀ ਲਈ ਉਸ ਨੂੰ ਤਿੰਨ ਸੌ ਮਿਲਣੇ ਸਨ। ਦੋ ਸੌ ਪਹਿਲਾਂ ਮਿਲ ਚੁੱਕਾ ਸੀ। ਸੌ ਬਾਅਦ ਵਿਚ ਮਿਲਣਾ ਸੀ। ਪੇਟ ਦੀ ਅੱਗ ਬੁਝਾਉਣ ਖ਼ਾਤਰ ਭਾਗੋ ਮੀਤੇ ਵਿਰੁੱਧ ਗਵਾਹੀ ਦੇਣ ਨੂੰ ਫਿਰਦੀ ਸੀ।

ਉਹੋ ਮੀਤਾ, ਜਿਹੜਾ ਉਸ ਨੂੰ ਮਾਂ ਆਖਦਾ ਸੀ, ਉਹੋ ਮੀਤਾ, ਜਿਸ ਨੂੰ ਉਹ ਪੁੱਤ ਆਖਦੀ ਸੀ। ਵੇਲੇ-ਕੁਵੇਲੇ ਮੀਤਾ ਉਸ ਦੇ ਕੰਮ ਆਉਂਦਾ ਰਿਹਾ ਸੀ। ਕਰਫ਼ਿਊ ਸਮੇਂ ਭਾਗੋ ਦੋ ਦਿਨ ਭੁੱਖੀ ਬੈਠੀ ਰਹੀ ਸੀ। ਜੇ ਮੀਤਾ ਰੋਟੀ ਨਾ ਦਿੰਦਾ ਤਾਂ ਉਸ ਦਾ ਕਦੋਂ ਦਾ ‘ਰਾਮ ਨਾਮ ਸਤਿ’ ਹੋ ਗਿਆ ਹੁੰਦਾ। ਪਰ ਲੋਕ ਆਖਦੇ ਹਨ, ਜਦੋਂ ਸੱਪਣੀ ਭੁੱਖੀ ਹੁੰਦੀ ਹੈ ਤਾਂ ਆਪਣੇ ਹੀ ਆਂਡੇ ਪੀ ਜਾਂਦੀ ਹੈ। ਇਸੇ ਤਰ੍ਹਾਂ ਦੀ ਡੈਣ ਬਣੀ ਬੈਠੀ ਸੀ ਭਾਗੋ।

“ਚਾਰ ਛਿੱਲੜਾਂ ਖ਼ਾਤਰ ਆਪਣੇ ਪੁੱਤ ਨੂੰ ਫਾਹੇ ਲਵਾਏਂਗੀ? ਚੰਗੀ ਮਾਂ ਹੈਂ ਤੂੰ?” ਮੀਤੇ ਦਾ ਇਹ ਸਵਾਲ ਲੈ ਕੇ ਜਦੋਂ ਜੀਵਨ ਆੜ੍ਹਤੀਆ ਉਸ ਨੂੰ ਮਿਲਿਆ ਸੀ ਤਾਂ ਉਹ ਫੁੱਟ-ਫੱਟ ਕੇ ਰੋਈ ਸੀ।

ਸੌ ਰੁਪਏ ਦਾ ਤਾਂ ਤੀਹ ਕਿੱਲੋ ਆਟਾ ਵੀ ਨਹੀਂ ਆਉਣਾ। ਜੀਵਨ ਆੜ੍ਹਤੀਏ ਨੇ ਉਸ ਦੇ ਘਰ ਕਣਕ ਦੀ ਬੋਰੀ ਵੀ ਸੁਟਵਾਈ ਅਤੇ ਪੰਜ ਸੌ ਰੁਪਿਆ ਵੀ ਦਿੱਤਾ।

ਭੁੱਖੇ ਢਿੱਡ ਭਾਵੇਂ ਭਾਗੋ ਕੁਫ਼ਰ ਤੋਲ ਦਿੰਦੀ। ਰੱਜ-ਪੁੱਜ ਕੇ ਉਹ ਮੀਤੇ ਨਾਲ ਧਰੋਹ ਨਹੀਂ ਸੀ ਕਮਾ ਸਕਦੀ।

ਭਰੀ ਕਚਹਿਰੀ ਵਿਚ ਮੀਤੇ ਦਾ ਸਿਰ ਪਲੋਸ ਕੇ ਉਸ ਨੇ ਆਖਿਆ ਸੀ।

“ਮੇਰਾ ਪੁੱਤ ਹੋਰ ਕੁਝ ਵੀ ਹੋਵੇ ਪਰ ਇਕ ਬੱਚੇ ਦਾ ਕਾਤਲ ਨਹੀਂ ਹੋ ਸਕਦਾ।

ਸਫ਼ਾਈ ਧਿਰ ਨੇ ਇਥੇ ਹੀ ਸਬਰ ਨਹੀਂ ਸੀ ਕੀਤਾ। ਪੁਲਿਸ ਦੇ ਦਾਅਵੇ ਝੁਠਲਾਉਣ ਲਈ ਉਸ ਨੇ ਉਸ ਰਿਪੋਰਟ ਦੀ ਨਕਲ ਪੇਸ਼ ਕੀਤੀ, ਜਿਸ ਵਿਚ ਘਰ-ਘਰ ਦੀ ਤਲਾਸ਼ੀ ਲਏ ਜਾਣ ਦਾ ਜ਼ਿਕਰ ਸੀ। ਇਸ ਰਿਪੋਰਟ ਅਨੁਸਾਰ ਕਰਫ਼ਿਊ ਅਤੇ ਤਲਾਸ਼ੀਆਂ ਵਾਲੇ ਦਿਨਾਂ ਵਿਚ ਪੁਲਿਸ ਮੀਤੇ ਅਤੇ ਭਾਗੋ ਦੋਹਾਂ ਦੇ ਘਰ ਗਈ ਸੀ। ਦੋਵੇਂ ਆਪਣੇ ਘਰ ਮੌਜੂਦ ਮਿਲੇ ਸਨ। ਦੋਹਾਂ ਦੇ ਘਰਾਂ ਦੀ ਤਲਾਸ਼ੀ ਹੋਈ ਸੀ। ਫੇਰ ਬੱਚਾ ਉਸ ਸਮੇਂ ਕਿਥੇ ਸੀ?

ਅੱਜ ਦਾ ਆਖ਼ਰੀ ਗਵਾਹ ਗ਼ਫ਼ੂਰ ਮੀਆਂ ਸੀ। ਉਹ ਗਾਂਧੀ ਬਸਤੀ ਵਿਚ ਕਰਿਆਨੇ ਦੀ ਦੁਕਾਨ ਕਰਦਾ ਸੀ। ਪੁਲਿਸ ਅਨੁਸਾਰ ਜਿੰਨਾ ਚਿਰ ਬੰਟੀ ਉਸ ਬਸਤੀ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਸੀ, ਉਸ ਦੇ ਖਾਣ-ਪੀਣ ਦਾ ਸਮਾਨ ਇਸੇ ਦੀ ਦੁਕਾਨ ਤੋਂ ਆਉਂਦਾ ਰਿਹਾ ਸੀ। ਬੰਟੀ ਬਰੈੱਡ, ਟਾਫ਼ੀਆਂ ਅਤੇ ਬਿਸਕੁਟ ਖਾਣ ਦਾ ਸ਼ੌਕੀਨ ਸੀ। ਇਹਨਾਂ ਤੋਂ ਸਿਵਾ ਉਹ ਕੋਈ ਚੀਜ਼ ਨਹੀਂ ਸੀ ਖਾਂਦਾ। ਉਹਨਾਂ ਦਿਨਾਂ ਵਿਚ ਪਾਲਾ, ਮੀਤਾ ਅਤੇ ਭਾਗੋ ਉਸ ਤੋਂ ਇਹ ਚੀਜ਼ਾਂ ਚੋਖੀ ਮਾਤਰਾ ਵਿਚ ਲੈ ਕੇ ਜਾਂਦੇ ਸਨ।

ਗ਼ਫ਼ੂਰ ਮੀਆਂ ਦੀਨ ਈਮਾਨ ਵਾਲਾ ਬੰਦਾ ਸੀ। ਪੰਜ ਵਕਤ ਨਮਾਜ਼ ਪੜ੍ਹਦਾ ਸੀ। ਜਦੋਂ ਭੰਡਾਰੀ ਨੇ ਉਸ ਦਾ ਬਿਆਨ ਪੜ੍ਹ ਕੇ ਸੁਣਾਇਆ ਤਾਂ ਉਸ ਨੇ ਕੰਨਾਂ ਨੂੰ ਹੱਥ ਲਾ ਕੇ ਤੋਬਾ ਕੀਤੀ ਸੀ। ਉਹ ਇਹ ਕੁਫ਼ਰ ਨਹੀਂ ਤੋਲ ਸਕਦਾ। ਉਹ ਰੁੱਖੀ-ਸੁੱਖੀ ਮਿਲਣ ਨਾਲ ਹੀ ਅੱਲ੍ਹਾ ਦਾ ਸ਼ੁਕਰ ਗੁਜ਼ਾਰ ਹੈ। ਕਿਆਮਤ ਵਾਲੇ ਦਿਨ ਉਹ ਕੀ ਜਵਾਬ ਦੇਵੇਗਾ?

ਗ਼ਫ਼ੂਰ ਨੂੰ ਮੋਹਣ ਲਈ ਭੰਡਾਰੀ ਨੇ ਧਰਮ-ਕਰਮ ’ਤੇ ਇਕ ਲੰਬਾ ਸਾਰਾ ਭਾਸ਼ਣ ਝਾੜਿਆ। ਬੁਰਾਈ ਦੇ ਖ਼ਾਤਮੇ ਲਈ ਜੇ ਝੂਠ ਵੀ ਬੋਲਣਾ ਪਏ ਤਾਂ ਉਸ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ। ਆਪਣੀ ਦਲੀਲ ਦੀ ਪੁਸ਼ਟੀ ਲਈ ਭੰਡਾਰੀ ਨੇ ਮਹਾਂਭਾਰਤ ਵਿਚੋਂ ਇਕ ਉਦਾਹਰਣ ਪੇਸ਼ ਕੀਤੀ। ਧਰਮ-ਪੁੱਤਰ ਯੁਧਿਸ਼ਟਰ ਨੇ ਸਾਰੀ ਉਮਰ ਕਦੇ ਝੂਠ ਨਹੀਂ ਸੀ ਬੋਲਿਆ। ਇਕ ਵਾਰ ਉਹਨਾਂ ਦੇ ਸਾਹਮਣੇ ਦੀ ਗਊ ਲੰਘੀ। ਗਊ ਪਿੱਛੇ ਕਸਾਈ ਲੱਗਾ ਹੋਇਆ ਸੀ। ਕਸਾਈ ਨੇ ਗਊ ਕਿਧਰ ਗਈ ਹੈ ਇਸ ਬਾਰੇ ਧਰਮ-ਪੁੱਤਰ ਤੋਂ ਹੀ ਪੁੱਛ ਲਿਆ। ਧਰਮ-ਪੁੱਤਰ ਧਰਮ ਸੰਕਟ ਵਿਚ ਫਸ ਗਏ। ਸੱਚ ਬੋਲਦੇ ਹਨ ਤਾਂ ਗਊ ਹੱਤਿਆ ਹੁੰਦੀ ਹੈ, ਝੂਠ ਬੋਲਦੇ ਹਨ ਤਾਂ ਧਰਮ ਭ੍ਰਿਸ਼ਟ ਹੁੰਦਾ ਹੈ। ਆਖ਼ਰ ਉਹਨਾਂ ਝੂਠ ਬੋਲਣ ਨੂੰ ਤਰਜੀਹ ਦਿੱਤੀ। ਉਹਨਾਂ ਦੇ ਝੂਠ ਬੋਲਣ ਨਾਲ ਗਊ ਦੀ ਜਾਨ ਬਚ ਗਈ। ਧਰਮ ਗ੍ਰੰਥ ਉਹਨਾਂ ਦੇ ਇਸ ਝੂਠ ਨੂੰ ਪਾਪ ਨਹੀਂ, ਸਗੋਂ ਪੁੰਨ ਮੰਨਦੇ ਹਨ। ਇਹੋ ਸਥਿਤੀ ਗ਼ਫ਼ੂਰ ਦੀ ਸੀ।

ਭੋਲਾ ਗ਼ਫ਼ੂਰ ਗੱਲਾਂ ਵਿਚ ਆ ਗਿਆ। ਜੇ ਧਰਮ-ਪੁੱਤਰ ਝੂਠ ਬੋਲ ਸਕਦੇ ਹਨ ਤਾਂ ੳਹ ਕਿਉਂ ਨਹੀਂ?

ਸੰਮਤੀ ਨੇ ਵੀ ਉਸ ਦੀ ਕਮਜ਼ੋਰੀ ਲੱਭ ਰੱਖੀ ਸੀ। ਧਾਰਮਿਕ ਵਹਿਣ ਵਿਚ ਵਹਿ ਕੇ ਜੇ  ਉਹ ਬੋਲਣ ਲਈ ਮੰਨ ਸਕਦਾ ਹੈ ਤਾਂ ਕੁਰਾਨ ਸ਼ਰੀਫ਼ ਦੀ ਹਾਜ਼ਰੀ ਵਿਚ ਉਹ ਸੱਚ ਬੋਲਣਾ ਵੀ ਮੰਨ ਜਾਏਗਾ।

ਹੁਣ ਤਕ ਸਭ ਗਵਾਹਾਂ ਨੂੰ ‘ਧਰਮ ਨਾਲ ਸੱਚ ਬੋਲਣ’ ਦੀ ਜੋ ਸਹੁੰ ਖੁਆਈ ਗਈ ਸੀ, ਉਹ ਜ਼ਬਾਨੀ-ਕਲਾਮੀ ਸੀ। ਗੁਣ-ਗੁਣ ਕਰ ਲੈਣ ਅਤੇ ਸੱਚਮੁੱਚ ਧਾਰਮਿਕ ਗ੍ਰੰਥ ’ਤੇ ਹੱਥ ਰੱਖ ਕੇ ਸਹੁੰ ਖਾਣ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਸੀ। ਇਸੇ ਫ਼ਰਕ ਨੂੰ ਮਿਟਾਉਣ ਲਈ ਗੁਰਮੀਤ ਨੇ ਪਵਿੱਤਰ ਗੰਰਥ ਨੂੰ ਅਦਾਲਤ ਵਿਚ ਮੰਗਵਾਇਆ ਸੀ। ਉਸ ਦਾ ਤਜਰਬਾ ਆਖਦਾ ਸੀ ਕਿ ਧਾਰਮਿਕ ਰੁਚੀਆਂ ਵਾਲੇ ਇਨਸਾਨ ਇਸ਼ਟ ਦੀ ਸਹੁੰ ਖਾ ਕੇ ਆਪਣੇ ਜਾਨੀ ਦੁਸ਼ਮਣਾਂ ਦੇ ਖ਼ਿਲਾਫ਼ ਵੀ ਝੂਠ ਨਹੀਂ ਬੋਲਦੇ। ਉਹ ਗ਼ਫ਼ੂਰ ਦੀ ਇਸੇ ਕਮਜ਼ੋਰੀ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ।

ਗ਼ਫ਼ੂਰ ਦੀ ਕਮਜ਼ੋਰੀ ਸਰਕਾਰੀ ਵਕੀਲ ਵੀ ਸਮਝਦਾ ਸੀ। ਉਸ ਨੇ ਗ਼ਫ਼ੂਰ ਦੇ ਚੰਗੀ ਤਰ੍ਹਾਂ ਸਹੁੰ ਖਾਣ ’ਤੇ ਜ਼ੋਰ ਨਹੀਂ ਸੀ ਦਿੱਤਾ।

“ਜੋ ਆਖਾਂਗਾ, ਸੱਚ ਆਖਾਂਗਾ” ਮਲਮੀ ਜਿਹੀ ਜੀਭ ਨਾਲ ਇੰਨਾ ਕੁ ਆਖ ਕੇ “ਈਮਾਨ  ਨਾਲ ਸੱਚ ਆਖਾਂਗਾ” ਵਰਗਾ ਅਹਿਮ ਵਾਕ ਹਜ਼ਮ ਕਰ ਲਿਆ ਸੀ।

ਗਵਾਹ ਦੇ ਅਧੂਰੀ ਸਹੁੰ ਚੁੱਕਣ ’ਤੇ ਸਫ਼ਾਈ ਧਿਰ ਨੂੰ ਸਖ਼ਤ ਇਤਰਾਜ਼ ਸੀ।

ਹਰੇ ਕੱਪੜੇ ਵਿਚ ਲਪੇਟਿਆ ਧਾਰਮਿਕ ਗ੍ਰੰਥ ਅਦਾਲਤ ਵਿਚ ਮੰਗਵਾਇਆ ਗਿਆ। ਧਾਰਮਿਕ ਗ੍ਰੰਥ ਦੀ ਹਾਜ਼ਰੀ ਵਿਚ ਜਦੋਂ ਗ਼ਫ਼ੂਰ ਨੂੰ ਸੱਚ ਬੋਲਣ ਲਈ ਆਖਿਆ ਗਿਆ ਤਾਂ ਗ਼ਫ਼ੂਰ ਦੇ ਨਾਲ-ਨਾਲ ਬਚਨ ਸਿੰਘ ਨੂੰ ਵੀ ਤਰੇਲੀ ਆ ਗਈ।

ਪਵਿੱਤਰ ਗ੍ਰੰਥ ਦੀ ਹਾਜ਼ਰੀ ਵਿਚ ਗ਼ਫ਼ੂਰ ਇਹੋ ਆਖ ਸਕਦਾ ਸੀ ਕਿ ਜਿਸ ਬਸਤੀ ਵਿਚ ਉਹ ਦੁਕਾਨ ਕਰਦਾ ਸੀ, ਉਸ ਦੇ ਵਸਨੀਕਾਂ ਵਿਚ ਨਾ ਬਰੈੱਡ ਖ਼ਰੀਦਣ ਦੀ ਪਰੋਖੋਂ ਸੀ, ਨਾ ਬਿਸਕੁਟ। ਕਰਫ਼ਿਊ ਦੇ ਦਿਨਾਂ ਵਿਚ ਤਾਂ ਉਸ ਕੋਲ ਆਟਾ, ਆਲੂ ਅਤੇ ਲੱਕੜਾਂ ਵੀ ਨਹੀਂ ਸਨ ਬਚੀਆਂ। ਦੁੱਧ, ਬਰੈੱਡ ਦੀ ਗੱਲ ਤਾਂ ਦੂਰ ਸੀ। ਜਦੋਂ ਉਹ ਆਪਣੀ ਦੁਕਾਨ ’ਤੇ ਐਸ਼ ਦੀਆਂ ਇਹ ਵਸਤਾਂ ਰੱਖਦਾ ਹੀ ਨਹੀਂ ਤਾਂ ਇਹਨਾਂ ਨੂੰ ਕਿਸੇ ਵੱਲੋਂ ਖ਼ਰੀਦਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਗ਼ਫ਼ੂਰ ਮੀਆਂ ਦੀ ਗਵਾਹੀ ਦੇ ਨਾਲ ਹੀ ਉਸ ਦਿਨ ਦੀ ਕਾਰਵਾਈ ਸਮਾਪਤ ਹੋ ਗਈ।

ਪਿਆਰੇ ਲਾਲ ਪ੍ਰੈਸ ਕਾਨਫ਼ਰੰਸ ਬੁਲਾਉਣਾ ਚਾਹੁੰਦਾ ਸੀ।

ਬਾਬਾ ਜੀ ਅਤੇ ਗੁਰਮੀਤ ਇਸ ਦੇ ਉਲਟ ਸਨ। ਹਾਲੇ ਖ਼ੁਸ਼ੀ ਵਾਲੀ ਕੋਈ ਗੱਲ ਨਹੀਂ ਸੀ। ਅਸਲ ਲੜਾਈ ਹਾਲੇ ਸ਼ੁਰੂ ਹੋਣੀ ਸੀ।

ਅੱਜ ਦੀ ਕਾਰਵਾਈ ਤੋਂ ਘਬਰਾਈ ਪੁਲਿਸ ਨੇ ਗਵਾਹਾਂ ’ਤੇ ਕੜਾਕਾ ਚਾੜ੍ਹਨਾ ਸੀ ਅਤੇ ਸਰਕਾਰ ਨੇ ਜੱਜ ‘ਤੇ।

ਨਾਮਾ-ਨਿਗਾਰਾਂ ਦਾ ਖਹਿੜਾ ਛੱਡ ਕੇ ਉਹਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਟਾਕਰੇ ਲਈ ਤਿਆਰੀ ਕਰਨੀ ਚਾਹੀਦੀ ਸੀ।

Read 5338 times