You are here:ਮੁਖ ਪੰਨਾ»ਨਾਵਲ»ਕਟਹਿਰਾ»ਕਟਹਿਰਾ - ਕਾਂਡ 17-24

ਲੇਖ਼ਕ

Thursday, 03 May 2018 17:53

ਕਟਹਿਰਾ - ਕਾਂਡ 17-24

Written by
Rate this item
(0 votes)

17

ਕਚਹਿਰੀ ਤੋਂ ਬਚਨ ਸਿੰਘ ਸਿੱਧਾ ਡਿਪਟੀ ਦੇ ਘਰ ਨੂੰ ਹੋ ਲਿਆ।

ਇਸ ਕੇਸ ਬਾਰੇ ਸੋਚ ਸੋਚ  ਉਸ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ। ਅਜੀਬ ਬਲਾ ਗਲ ਆ ਪਈ ਸੀ। ਸਰਕਾਰ ਇਸ ਕੇਸ ਪ੍ਰਤੀ ਜਿੰਨੀ ਸੰਜੀਦਾ ਸੀ, ਬਚਨ ਸਿੰਘ ਓਨਾ ਹੀ ਲਾਪਰਵਾਹ। ਉਹ ਆਪਣੇ ਆਪ ਨੂੰ ਕੋਸ ਰਿਹਾ ਸੀ। ਆਪਣੇ ਆਲਸੀ ਸੁਭਾਅ ’ਤੇ ਲਾਹਨਤਾਂ ਪਾ ਰਿਹਾ ਸੀ। ਬਚਨ ਸਿੰਘ ਨੇ ਰੱਤੀ ਭਰ ਵੀ ਧਿਆਨ ਦਿੱਤਾ ਹੰਦਾ ਤਾਂ ਇਹ ਦੁਰਗਤ ਨਾ ਹੁੰਦੀ। ਕੇਸ ਨਾਲ ਜੋ ਹੋਣਾ ਸੀ, ਹੋ ਚੁੱਕਾ ਸੀ। ਹੁਣ ਬਚਨ ਸਿੰਘ ਦੀ ਦੁਰਦਸ਼ਾ ਦੀ ਵਾਰੀ ਸੀ।

ਜ਼ਿਲ੍ਹਾ ਅਟਾਰਨੀ ਦਾ ਫ਼ੋਨ ਆਇਆ ਸੀ। ਗਵਾਹਾਂ ਦੇ ਬਿਆਨਾਂ ਦੀਆਂ ਨਕਲਾਂ ਸ਼ਾਮ ਤੱਕ ਸੰਗਰੂਰ ਭੇਜ ਦਿੱਤੀਆਂ ਜਾਣ। ਇਹ ਨਕਲਾਂ ਉਸ ਨੇ ਡਾਇਰੈਕਟਰ ਨੂੰ ਭੇਜਣੀਆਂ ਸਨ, ਜਿਸ ਨੇ ਗ੍ਰਹਿ-ਸਕੱਤਰ ਰਾਹੀਂ ਉਹਨਾਂ ਨੂੰ ਮੁੱਖ ਮੰਤਰੀ ਕੋਲ ਪੁੱਜਦੇ ਕਰਨਾ ਸੀ। ਬਚਨ ਸਿੰਘ ਬਿਆਨਾਂ ਦੀਆਂ ਨਕਲਾਂ ਭੇਜੇ ਤਾਂ ਕਿਸ ਤਰ੍ਹਾਂ?

ਇਸ ਮਰੇ ਸੱਪ ਨੂੰ ਗਲੋਂ ਕਿਵੇਂ ਲਾਹਿਆ ਜਾਵੇ? ਇਹੋ ਵਿਚਾਰ ਕਰਨ ਲਈ ਉਹ ਡਿਪਟੀ ਵੱਲ ਦੌੜਿਆ ਸੀ।

ਡਿਪਟੀ ਉਸ ਤੋਂ ਵੱਧ ਪਰੇਸ਼ਾਨ ਸੀ। ਗਵਾਹਾਂ ਦੇ ਬਿਆਨਾਂ ਦੀਆਂ ਨਕਲਾਂ ਉਸ ਤੋਂ ਵੀ ਮੰਗੀਆਂ ਗਈਆਂ ਸਨ। ਇਧਰ ਨਕਲਾਂ ਡੀ.ਜੀ.ਪੀ. ਨੇ ਮੰਗੀਆਂ ਸਨ। ਉਹ ਵੀ ਵਿਸ਼ੇਸ਼ ਦੂਤ ਰਾਹੀਂ। ਵਿਸ਼ੇਸ਼ ਦੂਤ ਕਦੋਂ ਦਾ ਤਿਆਰ ਖੜਾ ਸੀ, ਪਰ ਇਹ ਨਕਲਾਂ ਕਿਹੜੇ ਮੂੰਹ ਭੇਜੀਆਂ ਜਾਣ।

ਦਿਨ ਭਰ ਦੀ ਕਾਰਵਾਈ ਦੀ ਰਿਪੋਰਟ ਡਿਪਟੀ ਨੂੰ ਮਿਲ ਚੁੱਕੀ ਸੀ। ਡਿਪਟੀ ਨੂੰ ਸਰਕਾਰੀ ਵਕੀਲ ਦੇ ਨਾਲ-ਨਾਲ ਮੁੱਖ ਅਫ਼ਸਰ ’ਤੇ ਗ਼ੁੱਸਾ ਆ ਰਿਹਾ ਸੀ। ਜਦੋਂ ਸਰਕਾਰੀ ਵਕੀਲ ਨੂੰ ਪਤਾ ਲੱਗ ਗਿਆ ਸੀ ਕਿ ਗਵਾਹ ਮੁੱਕਰ ਰਹੇ ਹਨ ਤਾਂ ਉਸ ਨੂੰ ਚਾਹੀਦਾ ਸੀ ਕਿਵੇਂ ਨਾ ਕਿਵੇਂ ਕੇਸ ਨੂੰ ਵਿਚੇ ਰੁਕਵਾਉਂਦਾ। ਉਹ ਆਪ ਪੇਸ਼ੀ ਨਹੀਂ ਸੀ ਲੈ ਸਕਦਾ ਤਾਂ ਡਿਪਟੀ ਨੂੰ ਇਤਲਾਹ ਦਿੰਦਾ। ਡਿਪਟੀ ਕੋਈ ਇੰਤਜ਼ਾਮ ਕਰਦਾ। ਸਰਕਾਰੀ ਵਕੀਲ ਦਾ ਕੁਝ ਨਹੀਂ ਵਿਗੜਨਾ। ਡਿਪਟੀ ਕਿਸੇ ਵੀ ਸਮੇਂ ਲਾਈਨ ਹਾਜ਼ਰ ਹੋ ਸਕਦਾ ਸੀ।

ਮੁੱਖ ਅਫ਼ਸਰ ਵੀ ਲਾਟ ਸਾਹਿਬ ਬਣ ਕੇ ਥਾਣੇ ਬੈਠਾ ਰਿਹਾ। ਡਿਪਟੀ ਨੇ ਉਸ ਨੂੰ ਵਿਸ਼ੇਸ਼ ਤੌਰ ’ਤੇ ਆਖਿਆ ਸੀ ਕਿ ਪੈਰਵਾਈ ਲਈ ਖ਼ੁਦ ਜਾਵੇ, ਨਹੀਂ ਗਿਆ।ਸੋਚਦਾ ਹੋਣਾ ਹੈ, ਉਹ ਮੁੱਖ ਅਫ਼ਸਰ ਹੈ, ਮਿਸਲ ਕੁੱਛੜ ’ਚ ਲੈ ਕੇ ਕਿਉਂ ਫਿਰੇ? ਉਹ ਚੁਆਨੀ ਦੇ ਗਵਾਹਾਂ ਨਾਲ ਮੱਥਾ ਕਿਉਂ ਮਾਰੇ। ਨਾਜ਼ਰ ਸਿੰਘ ਨੂੰ ਕਚਹਿਰੀ ਧੱਕ ਦਿੱਤਾ। ਮੁੱਖ ਅਫ਼ਸਰ ਮੁੱਖ ਅਫ਼ਸਰ ਹੀ ਹੁੰਦਾ ਹੈ ਅਤੇ ਮਾਤਹਿਤ-ਮਾਤਹਿਤ ਹੀ। ਕਿਸੇ ਫ਼ੌਰੀ ਕਾਰਵਾਈ ਦੀ ਜ਼ਰੂਰਤ ਹੋਵੇ ਤਾਂ ਮੁੱਖ ਅਫ਼ਸਰ ਝੱਟ ਫ਼ੈਸਲਾ ਕਰ ਲੈਂਦਾ ਹੈ। ਛੋਟੇ ਅਫ਼ਸਰ ਨੂੰ ਪਹਿਲਾਂ ਮੁੱਖ ਅਫ਼ਸਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਇੰਨੇ ਵਿਚ ਪਾਣੀ ਪੁਲਾਂ ਹੇਠੋਂ ਲੰਘ ਚੁੱਕਾ ਹੁੰਦਾ ਹੈ। ਜੇ ਲਾਲ ਸਿੰਘ ਖ਼ੁਦ ਕਚਹਿਰੀ ਬੈਠਾ ਹੁੰਦਾ ਤਾਂ ਦੁਕਾਨਦਾਰ ਜਾਂ ਚਪੜਾਸੀ ਦੀ ਕੀ ਮਜਾਲ ਸੀ, ਉਹ ਗਵਾਹੀ ਤੋਂ ਮੁੱਕਰ ਜਾਂਦੇ।

ਅਗਾਂਹ ਛੋਟੇ ਥਾਣੇਦਾਰ ਦਾ ਹਾਲ ਦੇਖ ਲਓ। ਗਵਾਹ ਮੁੱਕਰਦੇ ਦੇਖ ਕੇ ਅਧੀਆ ਅੰਦਰ ਸੁੱਟਿਆ, ਹਫ਼ਤੇ ਦੀ ਛੁੱਟੀ ਲਿਖੀ ਤੇ ਪਿੰਡ ਵਾਲੀ ਗੱਡੀ ਚੜ੍ਹ ਗਿਆ। ਸੋਚਿਆ ਹੋਏਗਾ, ਕੱਲ੍ਹ ਵਾਲੀ ਪੈਰਵਾਈ ਤੋਂ ਬਚ ਜਾਏਗਾ। ਡਿਪਟੀ ਨੇ ਛੁੱਟੀ ਨਾ-ਮਨਜ਼ੂਰ ਕੀਤੀ ਤੇ ਉਸ ਨੂੰ ਡਿਊਟੀ ਤੋਂ ਗ਼ੈਰ-ਹਾਜ਼ਰ ਕਰ ਦਿੱਤਾ। ਆਪੇ ਧੱਕੇ ਖਾਂਦਾ ਫਿਰੂ।

ਹਰਖੇ ਡਿਪਟੀ ਨੇ ਹੁਕਮ ਜਾਰੀ ਕੀਤਾ। ਜਿਹੜਾ ਗਵਾਹ ਜਿਥੇ ਵੀ ਮਿਲੇ, ਉਸ ਨੂੰ ਉਥੇ ਹੀ ਕੁਟਾਪਾ ਚਾੜ੍ਹਿਆ ਜਾਵੇ। ਬਾਕੀ ਦੇ ਗਵਾਹਾਂ ਨੂੰ ਆਪੇ ਕੰਨ ਹੋ ਜਾਣਗੇ।

ਇਸ ਕੰਮ ਲਈ ਮੁੱਖ ਅਫ਼ਸਰ ਨੂੰ ਭਜਾਇਆ ਗਿਆ। ਉਹ ਹਰ ਦਸ ਮਿੰਟ ਬਾਅਦ ਡਿਪਟੀ ਨੂੰ ਇਤਲਾਹ ਦੇਵੇ। ਇਹ ਹੁਕਮ ਸੁਣਾਇਆ ਗਿਆ।

ਅਖੇ, ਜਿਹੜਾ ਲਾਹੌਰ ਬੁੱਧੂ, ਉਹ ਪਿਸ਼ੌਰ ਵੀ ਬੁੱਧੂ। ਘੰਟਿਆਂ ਬੱਧੀ ਟੱਕਰਾਂ ਮਾਰ ਕੇ ਵੀ ਲਾਲ ਸਿੰਘ ਦੇ ਪੱਲੇ ਕੁਝ ਨਾ ਪਿਆ।

ਬਾਬੂ ਅਤੇ ਮੋਦਨ ਕਿਧਰੇ ਛਾਂਈਂ-ਮਾਂਈਂ ਹੋ ਗਏ ਸਨ। ਕਚਹਿਰੀ, ਵਕੀਲਾਂ ਦੇ ਖੋਖੇ, ਉਹਨਾਂ ਦੇ ਘਰ ਅਤੇ ਠਹਿਰਨ ਦੇ ਸਭ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਉਹ ਕਿਧਰੇ ਨਹੀਂ ਸਨ ਮਿਲੇ।

ਮੁੱਖ ਅਫ਼ਸਰ ਦੀ ਇਸ ਅਸਫ਼ਲਤਾ ’ਤੇ ਡਿਪਟੀ ਦੇ ਮੱਥੇ ਦੀਆਂ ਤਿਊੜੀਆਂ ਹੋਰ ਸੰਘਣੀਆਂ ਹੋ ਗਈਆਂ। ਮਹਿਕਮਾ ਉਸ ਨੂੰ ‘ਕਾਬਲ ਥਾਣੇਦਾਰ, ਕਾਬਲ ਥਾਣੇਦਾਰ’ ਆਖਦਾ ਨਹੀਂ ਥੱਕਦਾ। ਡਿਪਟੀ ਨੂੰ ਉਹ ਨਿਰਾ ਬੁੱਧੂ ਜਾਪਦਾ ਸੀ। ਜ਼ਰੂਰੀ ਨਹੀਂ ਜਿਹੜਾ ਅਫ਼ਸਰ ਚੰਗੀ ਡਾਂਗ ਫੇਰ ਸਕਦਾ ਹੋਵੇ, ਉਹ ਅਕਲ ਦਾ ਵੀ ਧਨੀ ਹੋਵੇ। ਮੋਦਨ ਜਾਂ ਬਾਬੂ ਕੋਈ ਦੁੱਧ ਚੁੰਘਦੇ ਬੱਚੇ ਸਨ, ਬਈ ਗਵਾਹੀ ਮੱਕਰ ਕੇ ਕਚਹਿਰੀ ਬੈਠੇ ਰਹਿਣ ਜਾਂ ਘਰੋ-ਘਰੀ ਜਾ ਵੜਨ। ਉਹ ਸ਼ੂਟ ਵੱਟ ਗਏ ਹੋਣਗੇ। ਉਹਨਾਂ ਨੂੰ ਮੁਖ਼ਬਰਾਂ ਰਾਹੀਂ ਲੱਭਿਆ ਜਾਣਾ ਚਾਹੀਦਾ ਹੈ।

ਭਾਗੋ ਬਾਰੇ ਰਿਪੋਰਟ ਸੀ ਕਿ ਉਸ ਨੂੰ ਇਕ ਵਕੀਲ ਆਪਣੇ ਸਕੂਟਰ ’ਤੇ ਬਿਠਾ ਕੇ ਲੈ ਗਿਐ। ਹਾਲੇ ਤਕ ਨਾ ਵਕੀਲ ਲੱਭਾ, ਨਾ ਭਾਗੋ। ਇਕ ਪੁਲਿਸ ਪਾਰਟੀ ਉਹਨਾਂ ਦਾ ਪਿੱਛਾ ਕਰ ਰਹੀ ਹੈ।

ਪੁਲਿਸ ਦੇ ਹੱਥ ਗ਼ਫ਼ੂਰ ਮੀਆਂ ਅਤੇ ਸਕੂਲ ਦਾ ਚਪੜਾਸੀ ਹੀ ਲੱਗੇ ਸਨ।

ਗ਼ਫ਼ੂਰ ਮੀਆਂ ਅਦਾਲਤੋਂ ਨਿਕਲਦਾ ਹੀ ਫੜ ਲਿਆ ਗਿਆ ਸੀ। ਸਾਰੀ ਪੁਲਿਸ ਉਸ ਉੱਤੇ ਇੱਲਾਂ ਵਾਂਗ ਝਪਟ ਪਈ ਸੀ। ਥੱਪੜ ਅਤੇ ਠੁੱਡੇ ਮਾਰ-ਮਾਰ ਉਸ ਦਾ ਹੁਲੀਆ ਵਿਗਾੜ ਦਿੱਤਾ ਗਿਆ ਸੀ। ਕੁਝ ਵਕੀਲਾਂ ਨੇ ਪੁਲਿਸ ਨਾਲ ਤੂੰ-ਤੂੰ ਮੈਂ-ਮੈਂ ਕੀਤੀ ਸੀ। ਸੰਮਤੀ ਵਾਲਿਆਂ ਨੇ ਪੁਲਿਸ ਖ਼ਿਲਾਫ਼ ਨਾਅਰੇ ਲਾਏ ਸਨ। ਗ਼ਫ਼ੂਰ ਨੂੰ ਛੁਡਾਉਣ ਦਾ ਯਤਨ ਕੀਤਾ ਸੀ। ਇਕ ਪੱਤਰਕਾਰ ਨੇ ਗ਼ਫ਼ੂਰ ਦੀ ਫ਼ੋਟੋ ਖਿੱਚ ਲਈ ਸੀ। ਪੱਤਰਕਾਰ ਦਾ ਕੈਮਰਾ ਖੋਹ ਲਿਆ ਗਿਆ ਸੀ। ਗ਼ਫ਼ੂਰ ਨੂੰ ਵੈਨ ਵਿਚ ਸੁੱਟ ਕੇ ਥਾਣੇ ਲਿਆਉਣ ਵਿਚ ਪੁਲਿਸ ਨੂੰ ਬਹੁਤ ਜੱਦੋ-ਜਹਿਦ ਕਰਨੀ ਪਈ ਸੀ।

ਘਰ ਨੂੰ ਜਾਂਦਾ ਚਪੜਾਸੀ ਬਜ਼ਾਰ ਵਿਚ ਟੱਕਰ ਗਿਆ ਸੀ। ਉਸ ਨੂੰ ਕੁਟਾਪਾ ਚਾੜ੍ਹਨ ਵਿਚ ਪੁਲਿਸ ਨੂੰ ਕੋਈ ਦਿੱਕਤ ਨਹੀਂ ਸੀ ਆਈ। ਉਸ ਨੂੰ ਜਲੂਸ ਦੀ ਸ਼ਕਲ ਵਿਚ ਪੈਦਲ ਤੋਰ ਕੇ ਥਾਣੇ ਲਿਆਂਦਾ ਗਿਆ ਸੀ।

“ਹੁਣ ਕੀ ਹੁਕਮ ਹੈ?” ਲਾਲ ਸਿੰਘ ਡਿਪਟੀ ਤੋਂ ਪੁੱਛ ਰਿਹਾ ਸੀ। ਡਿਪਟੀ ਅਗਲੀ ਕਾਰਵਾਈ ਬਾਰੇ ਸੋਚ ਰਿਹਾ ਸੀ ਕਿ ਬਚਨ ਸਿੰਘ ਆ ਧਮਕਿਆ।

ਥੋੜ੍ਹੀ ਦੇਰ ਬਾਅਦ ਲਾਲ ਸਿੰਘ ਨੇ ਇਹ ਰਿਪੋਰਟ ਵੀ ਦਿੱਤੀ ਕਿ ਥਾਣੇ ਅੱਗੇ ਭੀੜ ਜੁੜਦੀ ਜਾ ਰਹੀ ਹੈ। ਇਹਨਾਂ ਨੂੰ ਕਿਉਂ ਫੜਿਆ ਗਿਆ? ਲੋਕ ਪੁੱਛ ਰਹੇ ਹਨ। ਕੁਝ ਲੋਕ ਦਰੀਆਂ ਚੁੱਕੀ ਆਉਂਦੇ ਹਨ। ਹੋ ਸਕਦੈ ਧਰਨਾ ਮਾਰਨ। ਪੱਤਰਕਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਹ ਕੈਮਰਾ ਤਾਂ ਮੰਗਦੇ ਹੀ ਹਨ, ਇਹਨਾਂ ਗਵਾਹਾਂ ਨਾਲ ਮੁਲਾਕਾਤ ਵੀ ਕਰਨਾ ਚਾਹੁੰਦੇ ਹਨ। ਸੰਮਤੀ ਵਾਲਿਆਂ ਨੇ ਬੈਨਰ ਲਿਖ ਲਏ ਹਨ, ਹੋ ਸਕਦੈ ਜਲਸਾ ਕਰਨ ਜਾਂ ਜਲੂਸ ਕੱਢਣ।

“ਇਹ ਨਵਾਂ ਹੀ ਪੰਗਾ ਪੈ ਗਿਆ।” ਗੜਬੜ ਦੇ ਆਸਾਰ ਬਣਦੇ ਦੇਖ ਕੇ ਬਚਨ ਸਿੰਘ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ। ਪੁਲਿਸ ਨੇ ਗਵਾਹਾਂ ਨਾਲ ਬਦਸਲੂਕੀ ਕੀਤੀ ਤਾਂ ਕੱਲ੍ਹ ਨੂੰ ਅਖ਼ਬਾਰ ਖ਼ਬਰਾਂ ਨਾਲ ਭਰ ਜਾਣਗੇ। ਬਚਨ ਸਿੰਘ ਦੀ ਕਾਰਗੁਜ਼ਾਰੀ ਹੋਰ ਨੰਗੀ ਹੋ ਜਾਏਗੀ। ਸਮਾਂ ਮੰਗ ਕਰਦਾ ਸੀ ਕਿ ਕਿਵੇਂ ਨਾ ਕਿਵੇਂ ਗੜਬੜ ਨੂੰ ਦਬਾਇਆ ਜਾਵੇ।

“ਇਹਨਾਂ ਗਵਾਹਾਂ ’ਤੇ ਸਖ਼ਤੀ ਕਰਨ ਦਾ ਕੋਈ ਫ਼ਾਇਦਾ ਨਹੀਂ। ਉਹਨਾਂ ਨੂੰ ਕਿਸ ਨੇ ਮੁਕਰਾਇਆ ਹੈ, ਇਹ ਪੁੱਛ ਕੇ ਛੱਡ ਦਿੱਤਾ ਜਾਵੇ।

ਆਪਣੇ ਉਦੇਸ਼ ਦੀ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਬਚਨ ਸਿੰਘ ਨੇ ਡਿਪਟੀ ਨੂੰ ਰਾਏ ਦਿੱਤੀ।

ਬਚਨ ਸਿੰਘ ਦਾ ਮਸ਼ਵਰਾ ਲੱਖ ਰੁਪਏ ਦਾ ਸੀ। ਇਹ ਸਮਾਂ ਵਾਧੂ ਦੇ ਝੰਜਟਾਂ ਵਿਚ ਪੈਣ ਦਾ ਨਹੀਂ ਸੀ। ਭਲਮਾਣਸੀ ਇਸੇ ਵਿਚ ਸੀ ਕਿ ਗਵਾਹਾਂ ਨੂੰ ਆਪਣੇ-ਆਪ ਛੱਡ ਦਿੱਤਾ ਜਾਵੇ। ਕਿਸੇ ਦਬਾਅ ਹੇਠ ਛੱਡਣੇ ਪਏ ਤਾਂ ਸੰਮਤੀ ਅਤੇ ਬਾਕੀ ਗਵਾਹਾਂ ਦੇ ਹੌਸਲੇ ਬੁਲੰਦ ਹੋ ਜਾਣਗੇ।

“ਇਹਨਾਂ ਨੂੰ ਮੁਕਰਾਉਣ ਵਾਲਾ ਕੌਣ ਹੈ? ਇਹ ਪੁੱਛ ਕੇ ਇਹਨਾਂ ਨੂੰ ਛੱਡ ਦਿੱਤਾ ਜਾਵੇ।” ਬਚਨ ਸਿੰਘ ਦੇ ਮਸ਼ਵਰੇ ਦੀ ਰੌਸ਼ਨੀ ਵਿਚ ਡਿਪਟੀ ਨੇ ਹੁਕਮ ਝਾੜਿਆ।

ਝੱਟ ਕੁ ਬਾਅਦ ਲਾਲ ਸਿੰਘ ਦਾ ਫੇਰ ਫ਼ੋਨ ਆ ਗਿਆ। ਗ਼ਫ਼ੂਰ ਨੂੰ ਮੁੱਕਰਨ ਲਈ ਕਿਸੇ ਨਹੀਂ ਸੀ ਪ੍ਰੇਰਿਆ। ਉਹ ਕੁਰਾਨ ਸ਼ਰੀਫ਼ ਦੇ ਖ਼ੌਫ਼ ਕਾਰਨ ਹੀ ਸੱਚ ਬੋਲ ਗਿਆ ਸੀ। ਤਸੱਲੀ ਲਈ ਉਸ ਨੂੰ ਫੇਰ ਕੁਰਾਨ ਸ਼ਰੀਫ਼ ਦੇ ਸਾਹਮਣੇ ਲਜਾਇਆ ਗਿਆ। ਕੁਰਾਨ ਸ਼ਰੀਫ਼ ਦੀ ਹਾਜ਼ਰੀ ਵਿਚ ਵੀ ਉਸ ਨੇ ਇਹੋ ਗੱਲ ਦੁਹਰਾਈ ਸੀ।

ਚਪੜਾਸੀ ਨੇ ਪਹਿਲੇ ਥੱਪੜ ’ਤੇ ਹੀ ਬਾਬੇ ਦਾ ਨਾਂ ਲੈ ਦਿੱਤਾ। ਬਾਬੇ ਨੇ ਉਸ ਨੂੰ ਡਰਾਇਆ- ਧਮਕਾਇਆ ਨਹੀਂ ਸੀ। ਸੱਚ ਬੋਲਣ ਦੀ ਹੀ ਬੇਨਤੀ ਕੀਤੀ ਸੀ। ਚਪੜਾਸੀ ਬਾਬੇ ਦੇ ਅਹਿਸਾਨਾਂ ਹੇਠ ਦੱਬਿਆ ਹੋਇਆ ਸੀ। ਸ਼ਰਮੋ-ਸ਼ਰਮੀ ਉਹ ਬਿਆਨਾਂ ਵਿਚ ਕੁਝ ਰੱਦੋ-ਬਦਲ ਕਰ ਗਿਆ। ਵੈਸੇ ਜਿੰਨਾ ਕੁ ਬਿਆਨ ਉਸ ਨੇ ਪੁਲਿਸ ਦੇ ਹੱਕ ਵਿਚ ਦਿੱਤਾ ਸੀ, ਉਹ ਵੀ ਝੂਠਾ ਸੀ। ਅਸਲੀਅਤ ਇਹ ਸੀ ਕਿ ਉਸ ਨੂੰ ਬੰਟੀ ਬਾਰੇ ਕੁਝ ਨਹੀਂ ਸੀ ਪਤਾ।

ਇੰਨੀ ਕੁ ਪੁੱਛ-ਗਿੱਛ ਨਾਲ ਪੁਲਿਸ ਦਾ ਮਕਸਦ ਹੱਲ ਹੋ ਗਿਆ। ਹੁਣ ਇਹ ਸਪੱਸ਼ਟ ਸੀ ਕਿ ਗਵਾਹਾਂ ਨੂੰ ਮੁਕਰਾਉਣ ਲਈ ਸੰਮਤੀ ਸਰਗਰਮ ਸੀ।

ਪੁਲਿਸ ਨੂੰ ਪਹਿਲੇ ਗਵਾਹਾਂ ਦਾ ਖਹਿੜਾ ਛੱਡ ਕੇ ਅਗਲੇ ਗਵਾਹਾਂ ਵੱਲ ਧਿਆਨ ਦੇਣਾ ਚਾਹੀਦਾ ਸੀ। ਜੇ ਉਹ ਠੀਕ ਭੁਗਤ ਜਾਣ ਤਾਂ ਵੀ ਜੱਜ ਨੂੰ ਸਜ਼ਾ ਸੁਣਾਉਣ ਲਈ ਨਹੁੰ ਅੜਾਉਣ ਨੂੰ ਥਾਂ ਮਿਲ ਜਾਣੀ ਸੀ।

ਪ੍ਰਾਈਵੇਟ ਗਵਾਹਾਂ ਨਾਲ ਸੰਪਰਕ ਕਰਨ ਅਤੇ ਉਹਨਾਂ ਨੂੰ ਬਿਆਨ ਸਮਝਾਉਣ ਦੀ ਜ਼ਿੰਮੇਵਾਰੀ ਭੰਡਾਰੀ ਵਕੀਲ ਦੀ ਸੀ। ਪੁਲਿਸ ਨੇ ਇਕੱਲੇ ਸਰਕਾਰੀ ਗਵਾਹਾਂ ਦਾ ਜ਼ਿੰਮਾ ਲਿਆਸੀ।

ਆਪਣੀ ਕੋਠੀ ਵਿਚ ਸੈੱਟ ਤਿਆਰ ਕਰ ਕੇ ਬੈਠਾ ਭੰਡਾਰੀ ਗਵਾਹਾਂ ਨੂੰ ਉਡੀਕ ਰਿਹਾ ਸੀ। ਭੰਡਾਰੀ ਕੋਲ ਹਾਲੇ ਤਕ ਉਹ ਗਵਾਹ ਪੁੱਜੇ ਸਨ, ਜਿਹੜੇ ਯੁਵਾ ਸੰਘ ਦੇ ਕਾਰਕੁਨ ਸਨ ਅਤੇ ਗਵਾਹੀ ਦੇਣ ਲਈ ਦ੍ਰਿੜ੍ਹ ਸਨ ਜਾਂ ਕੁਝ ਅਜਿਹੇ ਗਵਾਹ ਪੱਜੇ ਸਨ ਜਿਨ੍ਹਾਂ ਦੀ ਗਵਾਹੀ ਕਰਾਉਣ ਜਾਂ ਭੁਗਤਾਉਣ ਨਾਲ ਕੇਸ ਨੂੰ ਕੋਈ ਫ਼ਰਕ ਨਹੀਂ ਸੀ ਪੈਣ ਲੱਗਾ।

ਰਾਮ ਬਾਗ਼ ਦਾ ਮਾਲੀ, ਧੰਨਾ ਝਟਕਈ, ਮੁਹੱਲੇ ਦਾ ਪਹਿਰੇਦਾਰ, ਹਸਪਤਾਲ ਦਾ ਚੌਕੀਦਾਰ, ਚਾਹ ਵਾਲਾ ਰਾਧੇ ਸ਼ਿਆਮ ਕੋਈ ਵੀ ਤਾਂ ਨਹੀਂ ਸੀ ਪੁੱਜਾ। ਹੈਰਾਨੀ ਦੀ ਗੱਲ ਇਹ ਸੀ ਕਿ ਸੰਘ ਦੇ ਵਰਕਰ ਅਤੇ ਭੰਡਾਰੀ ਦੇ ਮੁਨਸ਼ੀ ਕਈ-ਕਈ ਵਾਰ ਉਹਨਾਂ ਦੇ ਘਰਾਂ ਦੇ ਚੱਕਰ ਕੱਟ ਆਏ ਸਨ। ਕੋਈ ਵੀ ਘਰ ਨਹੀਂ ਸੀ ਮਿਲ ਰਿਹਾ।

ਭੰਡਾਰੀ ਨੂੰ ਦਾਲ ਵਿਚ ਕੁਝ ਕਾਲਾ ਨਜ਼ਰ ਆਉਣ ਲੱਗਾ। ਗਵਾਹ ਖਿਸਕਾ ਲਏ ਗਏ ਸਨ। ਜ਼ਰੂਰ ਉਹ ਸੰਮਤੀ ਦੇ ਕਬਜ਼ੇ ਵਿਚ ਹੋਣਗੇ। ਜੇ ਹੁਣੇ ਕੁਝ ਨਾ ਕੀਤਾ ਗਿਆ ਤਾਂ ਕੱਲ੍ਹ ਨੂੰ ਵੀ ਉਹੋ ਹੋਵੇਗੀ, ਜਿਹੜੀ ਅੱਜ ਹੋਈ ਸੀ। ਮੁੱਖ ਅਫ਼ਸਰ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦਿੰਦਾ। ਇਸ ਸਮੱਸਿਆ ਦਾ ਹੱਲ ਡਿਪਟੀ ਕਰ ਸਕਦਾ ਸੀ।

ਭੰਡਾਰੀ ਪਹਿਲਾਂ ਹੀ ਡਿਪਟੀ ਨੂੰ ਮਿਲਣ ਬਾਰੇ ਸੋਚ ਰਿਹਾ ਸੀ। ਉਸ ਦਾ ਸੁਨੇਹਾ ਮਿਲਦੇ ਹੀ ਉਹ ਦੌੜਿਆ ਆਇਆ।

“ਗਵਾਹਾਂ ਦਾ ਕੀ ਹਾਲ-ਚਾਲ ਹੈ ਭੰਡਾਰੀ ਸਾਹਿਬ) ਠੀਕ-ਠਾਕ ਭੁਗਤ ਜਾਣਗੇ?” ਭੰਡਾਰੀ ਦੇ ਕੁਰਸੀ ’ਤੇ ਬੈਠਦਿਆਂ ਹੀ ਡਿਪਟੀ ਨੇ ਆਪਣੇ ਮਨ ਦਾ ਤੌਖ਼ਲਾ ਜ਼ਾਹਰ ਕੀਤਾ।

“ਕਿਹੜੇ ਗਵਾਹ ਤੇ ਕਿਹੜੀ ਗਵਾਹੀ? ਕੰਮ ਦਾ ਇਕ ਵੀ ਗਵਾਹ ਮੇਰੇ ਕੋਲ ਨਹੀਂ ਪੁੱਜਾ। ਮੈਂ ਉਡੀਕ-ਉਡੀਕ ਹੰਭ ਗਿਆਂ।”

ਭੰਡਾਰੀ ਦਾ ਉੱਤਰ ਸੁਣਦਿਆਂ ਹੀ ਡਿਪਟੀ ਅਤੇ ਬਚਨ ਸਿੰਘ ਦੋਹਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।

“ਹੁਣ ਕੀ ਕਰੀਏ?”

“ਗਵਾਹਾਂ ਨੂੰ ਤਲਬ ਕਰੋ। ਛੋਟੇ ਮੁਲਾਜ਼ਮਾਂ ’ਤੇ ਇਤਬਾਰ ਨਾ ਕਰੋ। ਗਵਾਹਾਂ ਨੂੰ ਤਲਬ ਕਰਨ ਦੀ ਕਮਾਂਡ ਖ਼ੁਦ ਸੰਭਾਲੋ।”

ਭੰਡਾਰੀ ਦੀ ਰਾਏ ਬਿਲਕੁਲ ਠੀਕ ਸੀ। ਤੁਰੰਤ ਥਾਣੇ ਫ਼ੋਨ ਖੜਕਾਇਆ ਗਿਆ। ਸਾਰੇ ਮੁਲਾਜ਼ਮ ਬਾ-ਵਰਦੀ ਤਿਆਰ ਰਹਿਣ। ਡਿਪਟੀ ਸਾਹਿਬ ਖ਼ੁਦ ਥਾਣੇ ਆ ਰਹੇ ਹਨ।

ਭੰਡਾਰੀ ਨੂੰ ਫ਼ਾਰਗ ਕੀਤਾ ਗਿਆ। ਗਵਾਹਾਂ ਦੇ ਹਾਜ਼ਰ ਹੋਣ ’ਤੇ ਉਹਨਾਂ ਨੂੰ ਮੁੜ ਤਕਲੀਫ਼ ਦਿੱਤੀ ਜਾਵੇਗੀ।

ਡਿਪਟੀ ਬਚਨ ਸਿੰਘ ਨੂੰ ਨਾਲ ਹੀ ਰੱਖਣਾ ਚਾਹੰਦਾ ਸੀ, ਪਰ ੳਹ ਸਵੇਰ ਦਾ ਭੁੱਖਾ ਸੀ। ਉਸ ਦੇ ਪੇਟ ਵਿਚ ਖਿੱਲ ਤਕ ਨਹੀਂ ਸੀ ਗਈ। ਜਿੰਨੇ ਚਿਰ ਵਿਚ ਗਵਾਹ ਇਕੱਠੇ ਹੋਣ, ਉਨੇ ਚਿਰ ਵਿਚ ਬਚਨ ਸਿੰਘ ਨਾਲੇ ਘਰ ਸੁਨੇਹਾ ਲਾ ਆਵੇ, ਨਾਲੇ ਦਫ਼ਤਰੋਂ ਮਿਸਲ ਚੁੱਕ ਲਿਆਵੇ। ਹੋ ਸਕਦੈ ਅੱਜ ਸਾਰੀ ਰਾਤ ਹੀ ਬੈਠਣਾ ਪਏ।

ਡਿਪਟੀ ਨੂੰ ਥਾਣੇ ਤੋਰ ਕੇ ਬਚਨ ਸਿੰਘ ਘਰ ਵੱਲ ਹੋ ਗਿਆ।

ਭੁੱਖੇ ਹੋਣ ਜਾਂ ਘਰ ਜਾਣ ਦਾ ਬਚਨ ਸਿੰਘ ਦਾ ਮਹਿਜ਼ ਇਕ ਬਹਾਨਾ ਸੀ। ਅਸਲ ਵਿਚ ਉਹ ਜ਼ਿਲ੍ਹਾ ਅਟਾਰਨੀ ਨੂੰ ਫ਼ੋਨ ਕਰਨਾ ਚਾਹੁੰਦਾ ਸੀ। ਫ਼ੋਨ ਡਿਪਟੀ ਦੇ ਦਫ਼ਤਰੋਂ ਹੋ ਸਕਦਾ ਸੀ ਪਰ ਇਸ ਤਰ੍ਹਾਂ ਪਰਦਾ ਨਹੀਂ ਸੀ ਰਹਿਣਾ। ਬਾਹਰੋਂ ਫ਼ੋਨ ਕਰਨ ਦੇ ਇਰਾਦੇ ਨਾਲ ਬਚਨ ਸਿੰਘ ਟਲ ਆਇਆ ਸੀ।

ਜ਼ਿਲ੍ਹਾ ਅਟਾਰਨੀ ਉਸੇ ਦਾ ਫ਼ੋਨ ਉਡੀਕ ਰਿਹਾ ਸੀ।

ਬਚਨ ਸਿੰਘ ਨੇ ਸਾਰਾ ਨਜ਼ਲਾ ਪੁਲਿਸ ’ਤੇ ਝਾੜਿਆ। ਕਿਸੇ ਸਿਪਾਹੀ ਤਕ ਨੂੰ ਕੇਸ ਵਿਚ ਦਿਲਚਸਪੀ ਨਹੀਂ ਸੀ। ਗਵਾਹ ਇਉਂ ਮੁੱਕਰ ਗਏ ਜਿਵੇਂ ਜੂਏ ਸੱਟੇ ਦਾ ਕੇਸ ਹੋਵੇ। ਅਸਲ ਪੁੱਛਿਆ ਜਾਏ ਤਾਂ ਕਸੂਰ ਗਵਾਹ ਦਾ ਵੀ ਨਹੀਂ। ਸਾਰੇ ਗਵਾਹ ਫ਼ਰਜ਼ੀ ਸਨ। ਬਿਨਾਂ ਪੁੱਛੇ-ਦੱਸੇ ਉਹਨਾਂ ਦੀ ਗਵਾਹੀ ਰੱਖ ਲਈ ਗਈ ਸੀ। ਪੁਲਿਸ ਵੱਲੋਂ ਗਵਾਹਾਂ ਨੂੰ ਕੋਈ ਸੁਰੱਖਿਆ ਪ੍ਰਦਾਨ ਨਹੀਂ ਸੀ ਕੀਤੀ ਗਈ। ਦੂਜੀ ਧਿਰ ਕੇਸ ਜਿੱਤਣ ਲਈ ਹਰ ਹੱਥਕੰਡਾ ਵਰਤ ਰਹੀ ਸੀ। ਡਰਦੇ ਗਵਾਹ ਮੁੱਕਰ ਗਏ। ਇਸ ਵਿਚ ਬਚਨ ਸਿੰਘ ਦਾ ਕੋਈ ਕਸੂਰ ਨਹੀਂ।

ਕੱਲ੍ਹ ਨੂੰ ਇਸ ਤੋਂ ਵੀ ਭੈੜੀ ਹਾਲਤ ਹੋਣ ਦੀ ਸੰਭਾਵਨਾ ਸੀ। ਕੱਲ੍ਹ ਨੂੰ ਭੁਗਤਣ ਵਾਲਾ ਕੋਈ ਵੀ ਗਵਾਹ ਪੁਲਿਸ ਨੂੰ ਨਹੀਂ ਸੀ ਲੱਭ ਰਿਹਾ। ਹਾਲੇ ਤਕ ਪੁਲਿਸ ਨੇ ਗਵਾਹਾਂ ਨੂੰ ਮਿਲਣ ਜਾਂ ਬਿਆਨ ਸਮਝਾਉਣ ਦਾ ਕੋਈ ਯਤਨ ਵੀ ਨਹੀਂ ਕੀਤਾ। ਪ੍ਰਾਈਵੇਟ ਵਕੀਲ ’ਤੇ ਡੋਰੀ ਸੁੱਟ ਰੱਖੀ ਸੀ। ਸਫ਼ਾਈ ਧਿਰ ਸਰਗਰਮ ਸੀ। ਇਕੱਲਾ ਬਚਨ ਸਿੰਘ ਕੀ ਕਰੇ?

ਬਚਨ ਸਿੰਘ ਦੀ ਰਿਪੋਰਟ ਸੁਣ ਕੇ ਜ਼ਿਲ੍ਹਾ ਅਟਾਰਨੀ ਨੂੰ ਆਪਣਾ ਫ਼ਿਕਰ ਪੈ ਗਿਆ। ਹੈੱਡ ਆਫ਼ਿਸ ਵਿਚੋਂ ਹੁਕਮ ਹੋਇਆ ਸੀ, ਜ਼ਿਲ੍ਹਾ ਅਟਾਰਨੀ ਸ਼ਹਿਰ ਜਾ ਕੇ ਖ਼ੁਦ ਕੇਸ ਝਗੜੇ। ਜ਼ਿਲ੍ਹਾ ਅਟਾਰਨੀ ਨੂੰ ਬਚਨ ਸਿੰਘ ਦੀ ਕਾਬਲੀਅਤ ’ਤੇ ਯਕੀਨ ਸੀ। ਉਸ ਨੂੰ ਹੇਠਲੀ ਅਦਾਲਤ ਵਿਚ ਆਉਣ ’ਤੇ ਹੇਠੀ ਮਹਿਸੂਸ ਹੋਈ ਸੀ। ਕਾਗ਼ਜ਼ੀਂ-ਪੱਤਰੀਂ ਇਹ ਕੇਸ ਜ਼ਿਲ੍ਹਾ ਅਟਾਰਨੀ ਹੀ ਲੜ ਰਿਹਾ ਸੀ।

ਜ਼ਿਲ੍ਹਾ ਅਟਾਰਨੀ ਨੇ ਬਚਨ ਸਿੰਘ ਨੂੰ ਸਲਾਹ ਦਿੱਤੀ ਕਿ ਕਿਵੇਂ ਨਾ ਕਿਵੇਂ ਮੌਕਾ ਸੰਭਾਲੋ। ਗਵਾਹ ਕਾਬੂ ਆਉਂਦੇ ਨਾ ਦਿਸਣ ਤਾਂ ਪੇਸ਼ੀ ਲੈ ਲਓ। ਇਸੇ ਦੌਰਾਨ ਉਹ ਉੱਚ-ਅਧਿਕਾਰੀਆਂ ਨਾਲ ਗੱਲ ਕਰ ਕੇ ਆਪਣੀ ਸਥਿਤੀ ਸਪੱਸ਼ਟ ਕਰ ਦੇਵੇਗਾ।

ਪੇਸ਼ੀ ਲੈਣ ਲਈ ਬਚਨ ਸਿੰਘ ਵੀ ਯਤਨ ਕਰੇ। ਜ਼ਿਲ੍ਹਾ ਅਟਾਰਨੀ ਵੀ ਕਰੇਗਾ। ਫ਼ੋਨ ਰੱਖਦਿਆਂ ਹੀ ਉਹ ਸੈਸ਼ਨ ਜੱਜ ਦੀ ਕੋਠੀ ਜਾਏਗਾ। ਉਸ ਨੂੰ ਸਾਰੀ ਸਥਿਤੀ ਸਮਝਾਏਗਾ। ਹੋ ਸਕਿਆ ਤਾਂ ਐਡੀਸ਼ਨਲ ਸੈਸ਼ਨ ਜੱਜ ਸਤਿੰਦਰ ਨਾਥ ਨੂੰ ਫ਼ੋਨ ਕਰਾਏਗਾ। ਕੋਈ ਨਾ ਕੋਈ ਹੱਲ ਜ਼ਰੂਰ ਲੱਭ ਜਾਏਗਾ। ਘੰਟੇ ਕੁ ਬਾਅਦ ਉਹ ਫੇਰ ਫ਼ੋਨ ਕਰੇਗਾ। ਇਕ-ਦੂਜੇ ਨੂੰ ਸਥਿਤੀ ਦੀ ਜਾਣਕਾਰੀ ਦਿੱਤੀ ਜਾਵੇਗੀ।

ਜ਼ਿਲ੍ਹਾ ਅਟਾਰਨੀ ਨਾਲ ਗੱਲ ਕਰ ਕੇ ਬਚਨ ਸਿੰਘ ਹਲਕਾ-ਫੁੱਲ ਹੋ ਗਿਆ।

ਡਿਪਟੀ ਦੇ ਦਫ਼ਤਰ ਪਰਤਣ ਤਕ ਉਹ ਤਾਜ਼ਾ-ਦਮ ਹੋ ਚੁੱਕਾ ਸੀ।

ਇਧਰ ਡਿਪਟੀ ਬੇਰੰਗ ਸੀ।

ਉਸ ਦੀ ਨਿਗਰਾਨੀ ਹੇਠ ਪੁਲਿਸ ਹਰ ਗਵਾਹ ਦੇ ਘਰ ’ਤੇ ਛਾਪਾ ਮਾਰ ਕਰ ਚੱਕੀ ਸੀ। ਕਿਧਰੋਂ ਵੀ ਸਫਲਤਾ ਹੱਥ ਨਹੀਂ ਸੀ ਲੱਗੀ।

ਕਿਸੇ ਦੇ ਘਰ ਨੂੰ ਜਿੰਦਾ ਲੱਗਾ ਸੀ। ਕਿਸੇ ਦੇ ਘਰ ਬੁੱਢਾ-ਠੇਰਾ ਜਾਂ ਬਾਲ-ਬੱਚਾ ਹੀ ਸੀ। ਕੋਈ ਜਵਾਬ ਦਿੰਦਾ, ਫਲਾਣਾ ਵਿਆਹ ਗਿਐ। ਆਖ ਕੇ ਗਿਐ ਅਦਾਲਤ ਦੇ ਵਕਤ ਤਕ ਪੁੱਜ ਜਾਏਗਾ। ਕੋਈ ਆਖਦਾ ਮਰਗ ਹੋ ਗਈ, ਜਦੋਂ ਆਇਆ ਥਾਣੇ ਭੇਜ ਦੇਵਾਂਗੇ।

ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ। ਗਵਾਹ ਸੰਮਤੀ ਵਾਲਿਆਂ ਕੋਲ ਸਨ। ਉਹ ਦੋਸ਼ੀਆਂ ਦੇ ਹੱਕ ਵਿਚ ਭੁਗਤਣਗੇ। ਹੁਣ ਕੀ ਕੀਤਾ ਜਾਵੇ?

ਭੰਡਾਰੀ ਨੂੰ ਮਸ਼ਵਰੇ ਲਈ ਦੁਬਾਰਾ ਬੁਲਾਇਆ ਗਿਆ।

“ਮੈਂ ਇਕੱਲਾ ਕੀ ਕਰਾਂ? ਪਹਿਲਾਂ ਤੁਸੀਂ ਦੜ ਵੱਟੀ ਰੱਖਿਆ। ਅੱਗ ਲੱਗੀ ਤੋਂ ਖੂਹ ਪੁੱਟਣ ਲੱਗੇ ਹੋ। ਉਧਰ ਤਿੰਨ-ਤਿੰਨ ਵਕੀਲਾਂ ਅਤੇ ਸੈਂਕੜੇ ਬੰਦਿਆਂ ਦਾ ਜ਼ੋਰ ਲੱਗਾ ਹੋਇਆ ਹੈ। ਇਧਰ ਤੁਸੀਂ ਸਾਰਾ ਬੋਝ ਮੇਰੇ ਮੋਢਿਆਂ ’ਤੇ ਸੁੱਟ ਰੱਖਿਆ ਹੈ। ਮੈਂ ਕਰਾਂ ਤੇ ਕੀ ਕਰਾਂ?” ਖਿਝੇ ਭੰਡਾਰੀ ਨੇ ਪੁਲਿਸ ’ਤੇ ਗ਼ੁੱਸਾ ਕੱਢਿਆ।

“ਤੁਸੀਂ ਦਰੁਸਤ ਆਖਦੇ ਹੋ, ਪਰ ਹੁਣ ਆਪਾਂ ਨੂੰ ਕਿਵੇਂ ਨਾ ਕਿਵੇਂ ਮੌਕਾ ਸੰਭਾਲਣਾ ਹੀ ਪਏਗਾ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ, ਅੱਗੋਂ ਤੋਂ ਪੈਰਵਾਈ ਮੈਂ ਖ਼ੁਦ ਕਰਾਂਗਾ।” ਡਿਪਟੀ ਨੇ ਠੰਢਾ ਛਿੜਕਣ ਦੀ ਕੋਸ਼ਿਸ਼ ਕੀਤੀ।

“ਕਿਵੇਂ ਨਾ ਕਿਵੇਂ ਕੱਲ੍ਹ ਨੂੰ ਪੇਸ਼ੀ ਲਓ। ਫੇਰ ਬਾਬੇ, ਵਕੀਲਾਂ ਅਤੇ ਸੰਮਤੀ ਦੇ ਹਰ ਕਾਰਕੁਨ ’ਤੇ ਕਰੜੀ ਨਜ਼ਰ ਰੱਖੋ। ਕੌਣ ਕਿਸ ਨੂੰ ਮਿਲਦਾ ਹੈ, ਇਸ ਦੀ ਪੜਤਾਲ ਕਰੋ। ਫੇਰ ਭਾਵੇਂ ਸਫਲਤਾ ਮਿਲ ਜਾਵੇ। ਨਹੀਂ ਤਾਂ ਭੱਠਾ ਬੈਠ ਹੀ ਗਿਐ।”

ਪੁਲਿਸ ਨੂੰ ਸਿੱਧੇ ਰਾਹ ਪਾ ਕੇ ਭੰਡਾਰੀ ਵਾਪਸ ਚਲਿਆ ਗਿਆ।

ਸੰਮਤੀ ਵਾਲਿਆਂ ਨਾਲ ਕਿਵੇਂ ਨਜਿੱਠਿਆ ਜਾਵੇ, ਇਸ ਬਾਰੇ ਸੋਚਿਆ ਜਾਵੇਗਾ। ਹਾਲ ਦੀ ਘੜੀ ਮਸਲਾ ਜੱਜ ਨੂੰ ਮਿਲ ਕੇ ਪੇਸ਼ੀ ਲੈਣ ਦਾ ਸੀ।

ਡਿਪਟੀ ਨੇ ਸਿਟੀ ਵਾਲਿਆਂ ਨੂੰ ਫ਼ੋਨ ਕੀਤਾ। ਤੁਰੰਤ ਇਕ ਪੇਟੀ ‘ਪੀਟਰ ਸਕਾਟ’ ਅਤੇ ਦੋ ਡੱਬੇ ਡਰਾਈ ਫਰੂਟ ਦੇ ਹਾਜ਼ਰ ਕੀਤੇ ਜਾਣ।

ਤਾਰੀਖ਼ ਲਏ ਬਿਨਾਂ ਮਸਲਾ ਹੱਲ ਨਹੀਂ ਸੀ ਹੋਣਾ। ਇਹ ਡਿਪਟੀ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਸੀ। ਇਕ ਵਾਰ ਤਾਰੀਖ਼ ਮਿਲ ਗਈ ਤਾਂ ਡਿਪਟੀ ਨੇ ਇਕ-ਇਕ ਗਵਾਹ ਨੂੰ ਚੁੱਕ ਲਿਆਉਣਾ ਸੀ। ਮਹੀਨਾ ਭਰ ਥਾਣੇ ਬਿਠਾਈ ਰੱਖਣਾ ਸੀ। ਜਿੰਨਾ ਚਿਰ ਗਵਾਹ ਸਹੀ ਤਰ੍ਹਾਂ ਨਾਲ ਭੁਗਤ ਨਹੀਂ ਜਾਂਦੇ, ਕਿਸੇ ਨੂੰ ਹਵਾ ਤਕ ਨਹੀਂ ਸੀ ਲੱਗਣ ਦੇਣੀ। ਸੰਮਤੀ ਨੂੰ ਤਾਂ ਕੀ, ਉਸ ਦੇ ਫ਼ਰਿਸ਼ਤਿਆਂ ਤਕ ਨੂੰ ਪਤਾ ਨਹੀਂ ਲੱਗੇਗਾ ਕਿ ਗਵਾਹ ਕਿਹੜੇ ਭੋਰੇ ਵਿਚ ਸੁੱਟੇ ਗਏ ਹਨ।

ਡਿਪਟੀ ਨੇ ਜੱਜ ਨੂੰ ਫ਼ੌਰਨ ਮਿਲਣ ਦਾ ਮਨ ਬਣਾ ਲਿਆ।

ਡਿਪਟੀ ਨੂੰ ਨਾਥ ਸਾਹਿਬ ’ਤੇ ਮਾਣ ਸੀ। ਉਹ ਡਿਪਟੀ ਨੂੰ ਜਵਾਬ ਨਹੀਂ ਦੇਵੇਗਾ। ਉਹ ਕਈ ਵਾਰ ਇਕੱਠੇ ਰਹਿ ਚੱਕੇ ਹਨ।

ਉਹਨਾਂ ਦੀ ਪਹਿਲੀ ਮੁਲਾਕਾਤ ਨਾਭੇ ਹੋਏ ਸੀ। ਉਸ ਸਮੇਂ ਡਿਪਟੀ ਸਬ-ਇੰਸਪੈਕਟਰ ਸੀ ਅਤੇ ਨਾਥ ਸਾਹਿਬ ਮੈਜਿਸਟ੍ਰੇਟ।

ਜਦੋਂ ਉਹ ਕੋਤਵਾਲੀ ਦਾ ਮੁੱਖ ਅਫ਼ਸਰ ਬਣ ਕੇ ਗਿਆ, ਉਸ ਸਾਹਮਣੇ ਪਹਿਲਾ ਮਸਲਾ ਜੱਜਾਂ ਦਾ ਹੀ ਪੇਸ਼ ਹੋਇਆ ਸੀ।

ਜ਼ਿਲ੍ਹੇ ਵਿਚ ਹਾਈ ਕੋਰਟ ਦੀ ਇੰਸਪੈਕਸ਼ਨ ਚੱਲ ਰਹੀ ਸੀ। ਸ਼ਨੀਵਾਰ ਨੂੰ ਨਾਭੇ ਦੀ ਵਾਰੀ ਸੀ।

ਜੱਜ ਕੜਿੱਕੀ ਵਿਚ ਫਸੇ ਹੋਏ ਸਨ। ਸਬ-ਡਵੀਜ਼ਨ ਦੇ ਸਾਰੇ ਥਾਣੇਦਾਰਾਂ ਨੇ ਜੱਜਾਂ ਦਾ ਬਾਈਕਾਟ ਕੀਤਾ ਹੋਇਆ ਸੀ।

ਹਾਈ ਕੋਰਟ ਦੀ ਇੰਸਪੈਕਸ਼ਨ ਕਿਹੜਾ ਮਾੜੀ-ਮੋਟੀ ਸੀ। ਵੀਹ ਤਰ੍ਹਾਂ ਦੇ ਪ੍ਰਬੰਧ ਕਰਨੇ ਪੈਣੇ ਸਨ। ਅਦਾਲਤਾਂ ਦੀ ਸਫ਼ਾਈ ਕਈ ਦਿਨ ਪਹਿਲਾਂ ਤੋਂ ਸ਼ੁਰੂ ਕਰਾਉਣੀ ਸੀ। ਕਲੀ-ਕੂਚਾ, ਰੰਗ-ਰੋਗਨ ਕਰਾਉਣਾ ਸੀ, ਸੜਕਾਂ ’ਤੇ ਝਾੜੂ ਦਿਵਾਉਣਾ ਸੀ। ਸਾਰੇ ਸ਼ਹਿਰ ਵਿਚ ਛਿੜਕਾ ਕਰਵਾਉਣਾ ਸੀ।

ਰੈਸਟ-ਹਾਊਸ ਬੁੱਕ ਕੀਤਾ ਜਾਣਾ ਸੀ। ਅਮਲੇ-ਫੈਲੇ ਲਈ ਵਿਸਕੀ ਤੋਂ ਲੈ ਕੇ ਮੱਛੀ-ਮੁਰਗ਼ੇ ਤਕ ਦਾ ਪ੍ਰਬੰਧ ਕਰਨਾ ਸੀ। ਸ਼ਹਿਰ ਵਿਚ ਖ਼ਾਸ ਤਰ੍ਹਾਂ ਦੀ ਕਰੌਕਰੀ ਬਣਦੀ ਸੀ। ਕਰੌਕਰੀ ਦੇ ਸੈੱਟ ਤੋਹਫ਼ੇ ਦੇ ਤੌਰ ’ਤੇ ਪੇਸ਼ ਕਰਨੇ ਸਨ।

ਬੀਸੀਆਂ ਮੁਲਾਜ਼ਮਾਂ ਦੇ ਨਾਲ-ਨਾਲ ਹਜ਼ਾਰਾਂ ਰੁਪਿਆਂ ਦੀ ਜ਼ਰੂਰਤ ਪੈਣੀ ਸੀ। ਜੇ ਪੁਲਿਸਹੀ ਬਾਈਕਾਟ ਕਰ ਗਈ ਤਾਂ ਹਾਈ ਕੋਰਟ ਵੱਲੋਂ ਮੈਜਿਸਟ੍ਰੇਟਾਂ ਨੂੰ ਭੈੜੀ ਰਿਪੋਰਟ ਮਿਲਣੀ ਯਕੀਨੀਸੀ।

ਔਖੇ-ਸੌਖੇ ਜੱਜ ਹੋਰ ਤਾਂ ਸਾਰੇ ਪ੍ਰਬੰਧ ਕਰ ਹੀ ਲੈਣਗੇ ਪਰ ਸ਼ਿਕਾਇਤੀਆਂ ਨੂੰ ਕੌਣ ਭਜਾਏਗਾ?

ਜੱਜਾਂ ਦੀਆਂ ਵਧੀਕੀਆਂ ਤੋਂ ਦੁਖੀ ਹੋਏ ਲੋਕਾਂ ਲਈ ਇਹ ਕਿਆਮਤ ਵਰਗਾ ਦਿਨ ਸੀ। ਸ਼ਿਕਾਇਤਾਂ ਸੁਣਨ ਵਾਲਾ ਮਸਾਂ-ਮਸਾਂ ਉਹਨਾਂ ਦੇ ਦਰ ’ਤੇ ਆਇਆ ਸੀ। ਕੁਝ ਸ਼ਿਕਾਇਤੀਆਂ ਨੂੰ ਵਕੀਲਾਂ ਨੇ ਸ਼ਹਿ ਦਿੱਤੀ ਸੀ। ਜੱਜਾਂ ਨਾਲ ਕਿੜ ਕੱਢਣ ਦਾ ਵਕੀਲਾਂ ਲਈ ਇਹ ਸੁਨਹਿਰੀ ਮੌਕਾ ਸੀ। ਵਕੀਲ ਵੀ ਆਪਣੇ ਸਾਇਲਾਂ ਨੂੰ ਸ਼ਿੰਗਾਰ ਕੇ ਤੋਰਨਗੇ। ਕਿਸੇ ਮੈਜਿਸਟ੍ਰੇਟ ਦੀ ਇਕ ਵੀ ਸ਼ਿਕਾਇਤ ਹੋ ਗਈ ਤਾਂ ਸਾਰਾ ਗੁੜ ਗੋਬਰ ਹੋ ਜਾਣਾ ਸੀ।

ਪੁਲਿਸ ਦਾ ਪਹਿਰਾ ਸਖ਼ਤ ਹੋਵੇ ਤਾਂ ਕੀ ਮਜਾਲ ਹੈ ਕਿ ਇੰਸਪੈਕਟਿੰਗ ਜੱਜ ਕੋਲ ਚਿੜੀ ਵੀ ਫੜਕ ਜਾਵੇ।

ਨਾਥ ਸਾਹਿਬ ਨੇ ਵਾਰੀ-ਵਾਰੀ ਸਾਰੇ ਮੁੱਖ ਅਫ਼ਸਰਾਂ ਨੂੰ ਸੁਨੇਹਾ ਭੇਜ ਕੇ ਦੇਖ ਲਿਆ ਸੀ। ਆਨੇ-ਬਹਾਨੇ ਸਭ ਟਲ ਗਏ ਸਨ।

ਡਿਪਟੀ ਨੂੰ ਸੁਨੇਹਾ ਪੁੱਜਾ ਤਾਂ ਉਸ ਨੂੰ ਮੁਨਸ਼ੀ ਨੇ ਰੋਕ ਲਿਆ। ਕਾਰਨ ਪੁੱਛਿਆ ਤਾਂ ਪਤਾ ਲੱਗਾ, ਜੱਜ ਐਂਟੀ-ਪੁਲਿਸ ਹੈ। ਪੁਲਿਸ ਨਾਲੋਂ ਮੁਲਾਜ਼ਮਾਂ ਨੂੰ ਤਰਜੀਹ ਦਿੰਦਾ ਹੈ। ਪੁਖ਼ਤਾ ਤੋਂ ਪੁਖ਼ਤਾ ਮੁਲਜ਼ਮ ਦਾ ਵੀ ਪੁਲਿਸ ਰਿਮਾਂਡ ਨਹੀਂ ਦਿੰਦਾ। ਐਫ਼.ਆਈ.ਆਰ. ’ਤੇ ਸਮਾਂ ਪਾਉਣ ਸਮੇਂ ਵੀ ਅੜਦਾ ਹੈ। ਅਹਿਮ ਜੁਰਮਾਂ ਦੀ ਐਫ਼.ਆਈ.ਆਰ. ਝੱਟਪੱਟ ਤਾਂ ਦਰਜ ਹੋ ਨਹੀਂ ਜਾਂਦੀ, ਪਰਚਾ ਕੱਟਣ ਤੋਂ ਪਹਿਲਾਂ ਸਾਰਿਆਂ ਪੱਖਾਂ ਨੂੰ ਵਿਚਾਰਨਾ ਪੈਂਦਾ ਹੈ। ਕਈ ਵਾਰ ਇਹ ਦਰਜ ਪਿੱਛੋਂ ਹੁੰਦੀ ਹੈ ਪਰ ਦਰਜ ਕਰਨ ਦਾ ਸਮਾਂ ਪਹਿਲਾਂ ਦਾ ਪਾਉਣਾ ਪੈਂਦਾ ਹੈ। ਇਹ ਘੰਟੇ ਦੋ ਘੰਟਿਆਂ ਦੀ ਵੀ ਐਡਜਸਟਮੈਂਟ ਨਹੀਂ ਕਰਦਾ। ਆਖਦੈ ਜਿਸ ਸਮੇਂ ਐਫ਼.ਆਈ.ਆਰ. ਆਈ ਹੈ, ਉਹੋ ਸਮਾਂ ਪਾਓ। ਉਸ ਦੀ ਇਸ ਧੱਕੜਸ਼ਾਹੀ ਕਾਰਨ ਕਈ ਕਤਲ ਕੇਸ ਬਰੀ ਹੋ ਚੁੱਕੇ ਹਨ। ਚਲਾਨ ਪੇਸ਼ ਕਰਨ ਸਮੇਂ ਵੀ ਆਖੂ, ਨਾਲੇ ਦੋਸ਼ੀ ਲਿਆਓ ਨਾਲੇ ਨਕਲਾਂ ਪੂਰੀਆਂ ਕਰੋ। ਚਲਾਨ ਲੇਟ ਪੇਸ਼ ਹੋਣ ਕਾਰਨ ਕਈ ਪੁਲਿਸ ਅਫ਼ਸਰਾਂ ਦੀ ਇਨਕੁਆਇਰੀ ਖੁੱਲ੍ਹੀ ਫਿਰਦੀ ਹੈ। ਜੇ ਮੈਜਿਸਟ੍ਰੇਟ ਪੁਲਿਸ ਦੇ ਕੰਮ  ਨਹੀਂ ਆਉਂਦਾ ਤਾਂ ਪੁਲਿਸ ਨੇ ਕਿਹੜਾ ਉਸ ਤੋਂ ਕਸੀਦਾ ਕਢਾਉਣੈ। ਜੇ ਉਹ ਨਿਯਮਾਂ ਅਨੁਸਾਰ ਚੱਲਦਾ ਹੈ ਤਾਂ ਪੁਲਿਸ ਵੀ ਨਿਯਮਾਂ ਅਨੁਸਾਰ ਚੱਲੇਗੀ। ਪੁਲਿਸ ਰੂਲਾਂ ਵਿਚ ਇਹ ਕਿਧਰੇ ਨਹੀਂ ਲਿਖਿਆ ਕਿ ਇੰਸਪੈਕਸ਼ਨ ਸਮੇਂ ਜੱਜਾਂ ਦੀ ਵਗਾਰ ਪੁਲਿਸ ਨੇ ਕਰਨੀ ਹੈ।

ਡਿਪਟੀ ਨੇ ਬਾਈਕਾਟ ਦੀ ਪਰਵਾਹ ਨਹੀਂ ਕੀਤੀ। ਬਾਈਕਾਟ ਨਾਲ ਸਗੋਂ ਉਸ ਨੇ ਹੋਰ ਐਂਟੀ-ਪੁਲਿਸ ਹੋ ਜਾਣਾ ਸੀ। ਜੇ ਜੱਜਾਂ ਨੂੰ ਹੱਕ ਵਿਚ ਕਰਨਾ ਹੈ ਤਾਂ ਲੋੜ ਸਮੇਂ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਉਸ ਨੇ ਨਾਥ ਦੀ ਮਦਦ ਕੀਤੀ ਸੀ।

ਮੁੱਖ ਅਫ਼ਸਰਾਂ ਦਾ ਭਾਈਚਾਰਾ ਭਾਵੇਂ ਉਸ ਨਾਲ ਨਾਰਾਜ਼ ਹੋਇਆ ਸੀ ਪਰ ਨਾਥ ਡਿਪਟੀ ਦੀ ਮੁੱਠੀ ਵਿਚ ਆ ਗਿਆ ਸੀ।

ਸਾਰੀ ਦੁਨੀਆਂ ਨੂੰ ਪਤਾ ਹੈ, ਸਰਕਾਰ ਪਾਲੇ ਅਤੇ ਮੀਤੇ ਨੂੰ ਫ਼ਾਂਸੀ ਦੇਣਾ ਚਾਹੁੰਦੀ ਹੈ। ਇਹ ਤਾਂ ਹੀ ਸੰਭਵ ਹੈ ਜੇ ਨਿਆਂ-ਪਾਲਿਕਾ ਪੁਲਿਸ ਦੀ ਮਦਦ ਕਰੇ।

ਪਿਛਲਾ ਅਹਿਸਾਨ ਯਾਦ ਕਰਾਉਣ ਲਈ ਅਤੇ ਨਿਆਂ-ਪਾਲਿਕਾ ਦੀ ਮਦਦ ਲੈਣ ਲਈ ਡਿਪਟੀ ਬਚਨ ਸਿੰਘ ਨੂੰ ਨਾਲ ਲੈ ਕੇ ਨਾਥ ਦੀ ਕੋਠੀ ਜਾ ਵੜਿਆ।

ਪੇਸ਼ੀ ਦੇਣ ਤੋਂ ਸਿਵਾ ਉਹ ਹਰ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਸੀ।

ਨਾਥ ਨੇ ਵਾਅਦਾ  ਕੀਤਾ, ਗਵਾਹ ਜੋ ਮਰਜ਼ੀ ਆਖਣ, ਉਹ ਦੋਸ਼ੀਆਂ ਨੂੰ ਬਰੀ ਨਹੀਂ ਕਰੇਗਾ। ਜਦੋਂ ਦੋਸ਼ੀ ਸਜ਼ਾ ਹੋ ਗਏ ਤਾਂ ਨਾ ਕਿਸੇ ਨੇ ਡਿਪਟੀ ਨੂੰ ਪੁੱਛਣਾ ਸੀ, ਨਾ ਬਚਨ ਸਿੰਘ ਨੂੰ।

ਬਚਨ ਸਿੰਘ ਇਹਨਾਂ ਮਿੱਠੀਆਂ ਗੋਲੀਆਂ ਨਾਲ ਪਰਚਣ ਵਾਲਾ ਨਹੀਂ ਸੀ। ਜਿਸ ਹਿਸਾਬ ਨਾਲ ਸੰਮਤੀ ਵੱਲੋਂ ਪੈਰਵਾਈ ਹੋ ਰਹੀ ਸੀ, ਉਸ ਹਿਸਾਬ ਨਾਲ ਕੋਈ ਪਤਾ ਨਹੀਂ ਫ਼ੈਸਲੇ ਸਮੇਂ ਇਥੇ ਕਿਹੜਾ ਜੱਜ ਹੋਵੇ।

ਬਚਨ ਸਿੰਘ ਦੇ ਉੱਚ-ਅਧਿਕਾਰੀ ਤਾਂ ਮਿਸਲ ਦਾ ਅੱਖਰ-ਅੱਖਰ ਘੋਖਣਗੇ। ਉਹਨਾਂ ਦੀ ਪੜਤਾਲ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਹੋਏਗੀ। ਫ਼ੈਸਲੇ ਤਕ ਕਿਸ ਉਡੀਕਣਾ ਹੈ?

ਗੱਲਾਂ-ਗੱਲਾਂ ਵਿਚ ਦਸ ਵੱਜ ਗਏ। ਗੱਲਾਂ-ਗੱਲਾਂ ਵਿਚ ਨਾਥ ਉਹਨਾਂ ਦੀ ਸੇਵਾ ਕਰਨਾ ਹੀ ਭੁੱਲ ਗਿਆ।

ਨਾਥ ਖਾਣਾ ਖਾਈ ਬੈਠਾ ਸੀ। ਖਾਣਾ ਖਾ ਕੇ ਪੀਣੀ ਉਸ ਦੀ ਆਦਤ ਨਹੀਂ ਸੀ। ਡਿਪਟੀ ਨੂੰ ਸੁੱਕਾ ਵੀ ਨਹੀਂ ਸੀ ਮੋੜਿਆ ਜਾ ਸਕਦਾ। ਉਹਨਾਂ ਪੈੱਗ ਪਾ ਲਏ। ਜੱਜ ਲਈ ਛੋਟਾ, ਬਾਕੀਆਂ ਲਈ ਵੱਡਾ।

ਜਦੋਂ ਥੋੜ੍ਹੀ ਜਿਹੀ ਚੜ੍ਹ ਗਈ ਤਾਂ ਡਿਪਟੀ ਨੇ ਉਲਾਂਭੇ ਦੇਣੇ ਸ਼ੁਰੂ ਕੀਤੇ। ਨਾਭੇ ਦੀ ਯਾਦ ਦਿਵਾਈ। ਜਦੋਂ ਨਾਥ ਫਸਿਆ ਹੋਇਆ ਸੀ ਤਾਂ ਡਿਪਟੀ ਨੇ ਉਸ ਨੂੰ ਬਚਾਇਆ ਸੀ। ਹੁਣ ਡਿਪਟੀ ਦੀ ਕਿਸ਼ਤੀ ਡੁੱਬ ਰਹੀ ਸੀ ਤੇ ਉਹ ਕੋਲ ਖੜਾ ਤਮਾਸ਼ਾ ਦੇਖ ਰਿਹਾ ਸੀ।

ਸਰੂਰ ’ਚ ਆਏ ਨਾਥ ਨੇ ਵੀ ਮਨ ਦੀ ਘੰਢੀ ਖੋਲ੍ਹ ਦਿੱਤੀ।

ਉਸ ਨੂੰ ਸੈਸ਼ਨ ਜੱਜ ਦਾ ਸੁਨੇਹਾ ਆਇਆ ਸੀ। ਮੁੱਖ ਮੰਤਰੀ ਸਾਹਿਬ ਇਸ ਕੇਸ ਵਿਚ ਇਨਟਰਸਟਿਡ ਸਨ। ਹਾਈ ਕੋਰਟ ਚਾਹੁੰਦੀ ਸੀ, ਕੇਸ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਬੇੜ ਦਿੱਤਾ ਜਾਵੇ। ਉਹ ਕਰੇ ਤਾਂ ਕੀ ਕਰੇ?

“ਮੁੱਖ ਮੰਤਰੀ ਸਾਹਿਬ ਨੂੰ ਦਿਲਚਸਪੀ ਫ਼ੈਸਲੇ ਵਿਚ ਨਹੀਂ, ਸਜ਼ਾ ਵਿਚ ਹੈ। ਸਾਡਾ ਸਭ ਦਾ ਉਦੇਸ਼ ਸਾਂਝਾ ਹੈ। ਮੁੱਖ ਮੰਤਰੀ ਨੂੰ ਖ਼ੁਸ਼ ਕਰਨਾ। ਉਹ ਖ਼ੁਸ਼ ਤਾਂ ਹੋਣਗੇ, ਜੇ ਦੋਸ਼ੀਆਂ ਨੂੰ ਫਾਂਸੀ ਹੋਏਗੀ। ਫਾਂਸੀ ਤਾਂ ਹੋਏਗੀ ਜੇ ਪੁਲਿਸ ਗਵਾਹਾਂ ਤੋਂ ਸਹੀ ਗਵਾਹੀ ਦਿਵਾਏਗੀ। ਪੁਲਿਸ ਗਵਾਹਾਂ ਨਾਲ ਤਾਂ ਹੀ ਨਜਿੱਠ ਸਕੇਗੀ ਜੇ ਉਸ ਨੂੰ ਖੁੱਲ੍ਹਾ ਸਮਾਂ ਮਿਲੇਗਾ। ਗਵਾਹ ਭੁਗਤਾ ਕੇ ਤੁਸੀਂ ਮੁੱਖ ਮੰਤਰੀ ਨੂੰ ਨਰਾਜ਼ ਨਾ ਕਰ ਲਿਓ।”

ਡਿਪਟੀ ਨੇ ਮੁੱਖ ਮੰਤਰੀ ਦਾ ਉਦੇਸ਼ ਸਪੱਸ਼ਟ ਕੀਤਾ।

ਡਿਪਟੀ ਦਰੁਸਤ ਆਖਦਾ ਸੀ। ਜੇ ਕੱਲ੍ਹ ਨੂੰ ਤਾਰੀਖ਼ ਨਾ ਦਿੱਤੀ ਗਈ ਤਾਂ ਗਵਾਹਾਂ ਨੇ ਮੁੱਕਰ ਜਾਣੈ। ਦੋਸ਼ੀਆਂ ਦੇ ਬਰੀ ਹੋਣ ਨਾਲ ਮੁੱਖ ਮੰਤਰੀ ਦਾ ਸਿੰਘਾਸਣ ਡੋਲ ਸਕਦੈ। ਜਲਦੀ ਫ਼ੈਸਲਾ ਉਹ ਮੁਸੀਬਤਾਂ ਵਿਚ ਘਿਰ ਜਾਣ ਲਈ ਥੋੜ੍ਹਾ ਕਰਵਾ ਰਹੇ ਸਨ?

ਜੱਜ ਦੀਆਂ ਅੱਖਾਂ ਅੱਗੋਂ ਹਨੇਰਾ ਹਟਣ ਲੱਗਾ।

ਨਾਥ ਕੜਿੱਕੀ ਵਿਚ ਫਸ ਗਿਆ। ਜੇ ਪੇਸ਼ੀ ਦਿੱਤੀ ਤਾਂ ਹਾਈ ਕੋਰਟ ਨਰਾਜ਼। ਨਾ ਦਿੱਤੀ ਤਾਂ ਮੁੱਖ ਮੰਤਰੀ ਨਾਰਾਜ਼। ਉਹ ਖੂਹ ’ਚ ਗਿਰੇ ਜਾਂ ਖਾਈ ’ਚ।

ਦੋਹਾਂ ਧਿਰਾਂ ਨੂੰ ਆਪਣੀ-ਆਪਣੀ ਮਜਬੂਰੀ ਸੀ। ਉਹ ਕਿਸੇ ਅਜਿਹੇ ਸਿੱਟੇ ’ਤੇ ਪੁੱਜਣ ਦਾ ਯਤਨ ਕਰਨ ਲੱਗੇ, ਜਿਸ ਨਾਲ ਸੱਪ ਵੀ ਮਰ ਜਾਏ ਅਤੇ ਲਾਠੀ ਵੀ ਨਾ ਟੁੱਟੇ। ਤਾਰੀਖ਼ ਵੀ ਪੈ ਜਾਵੇ ਅਤੇ ਕਿਸੇ ’ਤੇ ਆਂਚ ਵੀ ਨਾ ਆਵੇ।

“ਮੈਂ ਸੈਸ਼ਨ ਜੱਜ ਸਾਹਿਬ ਨੂੰ ਫ਼ੋਨ ਕਰ ਕੇ ਦੇਖਦਾਂ। ਸਾਰੀ ਸਥਿਤੀ ਦੱਸਦਾਂ। ਜਿਵੇਂ ਆਖਣਗੇ ਕਰ ਲਵਾਂਗਾ।” ਆਖ਼ਰ ਨਾਥ ਨੂੰ ਰਾਹ ਲੱਭਾ।

ਸੈਸ਼ਨ ਜੱਜ ਵੱਲੋਂ ਪਹਿਲੇ ਹੱਲੇ ਹੀ ਹਰੀ ਝੰਡੀ ਮਿਲ ਗਈ।

ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਸੀ। ਇਸ ਮਕਸਦ ਲਈ ਪੁਲਿਸ ਨੂੰ ਜਿਸ ਤਰ੍ਹਾਂ ਦੀ ਮਦਦ ਦੀ ਵੀ ਜ਼ਰੂਰਤ ਹੋਵੇ ਦਿੱਤੀ ਜਾਵੇ।

ਫ਼ੋਨ ਰੱਖ ਕੇ ਨਾਥ ਨੇ ਵੱਡੇ-ਵੱਡੇ ਪੈੱਗ ਪਾਏ।

ਹੁਣ ਯਾਰੀ ਨਿਭਾਉਣ ਵਿਚ ਉਸ ਨੂੰ ਕੋਈ ਦਿੱਕਤ ਨਹੀਂ ਸੀ।

ਅੱਧੀ ਰਾਤ ਤਕ ਉਹ ਖ਼ੁਸ਼ੀ ਦੇ ਜਾਮ ਖੜਕਾਉਂਦੇ ਰਹੇ।

 

 

18

ਮਹੀਨੇ ਦੀ ਤਾਰੀਖ਼ ਪੈਣ ਨਾਲ ਸੰਮਤੀ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਸੰਮਤੀ ਨੂੰ ਜਿਥੋਂ-ਜਿਥੋਂ ਵੀ ਮਦਦ ਮਿਲ ਰਹੀ ਸੀ, ਉਹੋ-ਉਹੋ ਰਾਹ ਬੰਦ ਕੀਤੇ ਜਾਣ ਲੱਗੇ।

ਇਕ ਪਾਸੇ ਡਿਪਟੀ ਨੇ ਕਾਰਵਾਈ ਸ਼ੁਰੂ ਕੀਤੀ।

ਥਾਣੇ ਦੇ ਮੁਨਸ਼ੀ ਨਾਲ ਗੁਰਮੀਤ ਦੇ ਨੇੜੇ ਦੇ ਸੰਬੰਧ ਸਨ। ਮਿਸਲ ਬਹੁਤੀ ਦੇਰ ਮੁਨਸ਼ੀ ਕੋਲ ਹੀ ਰਹੀ ਸੀ। ਹੱਥ-ਲਿਖਤਾਂ, ਉਂਗਲਾਂ ਦੇ ਨਿਸ਼ਾਨ ਅਤੇ ਮੋਲਡ ਤਾਂ ਰਹਿੰਦੇ ਹੀ ਮੁਨਸ਼ੀ ਦੇ ਕਬਜ਼ੇ ਵਿਚ ਸਨ। ਰੋਜ਼ਨਾਮਚਾ ਅਤੇ ਉੱਨੀ ਨੰਬਰ ਰਜਿਸਟਰ ਥਾਣੇ ਦੀ ਨਬਜ਼ ਹੁੰਦੇ ਹਨ। ਜਿਸ ਦੇ ਵੀ ਹੱਥ ਲੱਗ ਗਏ, ਉਹੋ ਥਾਣੇ ਦੀ ਕਮਜ਼ੋਰੀ ਪੜ੍ਹ ਗਿਆ। ਮੁਨਸ਼ੀ ਨੂੰ ਥਾਣੇ ਦੀ ਮਾਂ ਆਖਿਆ ਜਾਂਦਾ ਹੈ। ਜੇ ਘਰ ਦਾ ਭੇਤੀ ਹੀ ਲੰਕਾ ਢਾਹੁਣ ਲੱਗੇ ਤਾਂ ਲੰਕਾ ਨੂੰ ਕੌਣ ਬਚਾ ਸਕਦਾ ਹੈ? ਬਦਲੇ ਗਏ ਬਿਆਨਾਂ ਅਤੇ ਤਬਦੀਲ ਹੋਈਆਂ ਜ਼ਿਮਨੀਆਂ ਦਾ ਭੇਤ ਇਕੱਲੇ ਮੁਨਸ਼ੀ ਨੂੰ ਸੀ। ਮਾਹਿਰਾਂ ਦੀਆਂ ਰਿਪੋਰਟਾਂ ਦੀਆਂ ਨਕਲਾਂ ਅਤੇ ਪਾਰਸਲ ਲੈ ਕੇ ਜਾਣ ਵਾਲੇ ਸਿਪਾਹੀਆਂ ਦੇ  ਨਾਂ ਪਤੇ ਅਤੇ ਤਾਰੀਖ਼ਾਂ ਮੁਨਸ਼ੀ ਨੇ ਹੀ ਸਫ਼ਾਈ ਧਿਰ ਨੂੰ ਦਿੱਤੇ ਹੋਣਗੇ। ਇਸੇ ਸ਼ੱਕ ਵਿਚ ਮੁਨਸ਼ੀ ਨੂੰ ਲਾਈਨ ਹਾਜ਼ਰ ਕੀਤਾ ਗਿਆ।

ਫੇਰ ਵਾਰੀ ਆਈ ਨਾਇਬ ਕੋਰਟ ਦੀ।

ਉਹ ਵੀ ਬਹੁਤ ਪੁਰਾਣਾ ਹੋ ਚੁੱਕਾ ਸੀ। ਵਕੀਲਾਂ, ਮੁਨਸ਼ੀਆਂ, ਮੁਲਜ਼ਮਾਂ, ਮੁਦੱਈਆਂ_ਸਭ ਨਾਲ ਘੁਲ-ਮਿਲ ਗਿਆ ਸੀ। ਗਵਾਹਾਂ ਕੋਲੋਂ ਕੇਸਾਂ ਦੀਆਂ ਕਮੀਆਂ-ਪੇਸ਼ੀਆਂ ਪੁੱਛਦਾ ਅਤੇ ਵਕੀਲਾਂ ਨੂੰ ਦੱਸ ਆਉਂਦਾ। ਬਹੁਤਾ ਕੇਸਾਂ ਦਾ ਭੱਠਾ ਉਹੋ ਬਿਠਾਉਂਦਾ। ਡਿਪਟੀ ਕੋਲ ਪਹਿਲਾਂ ਵੀ ਸ਼ਿਕਾਇਤਾਂ ਆਈਆਂ ਸਨ। ਉਹ ਤਬਾਦਲਾ ਕਰਨ ਲੱਗਦਾ ਤਾਂ ਕਿਸੇ ਨਾ ਕਿਸੇ ਪਾਸਿਉਂ ਸਿਫ਼ਾਰਸ਼ ਆ ਜਾਂਦੀ। ਕਦੇ ਜੱਜ ਵੱਲੋਂ, ਕਦੇ ਸਰਕਾਰੀ ਵਕੀਲ ਵੱਲੋਂ ਅਤੇ ਕਦੇ ਥਾਣੇਦਾਰਾਂ ਵੱਲੋਂ। ਆਖਣ ਲੱਗਦੇ, ਉਹ ਕੰਮ ਦਾ ਮਾਹਿਰ ਹੈ। ਉਸ ਦੇ ਸਿਰ ’ਤੇ ਕਿਸੇ ਨੂੰ ਫ਼ਿਕਰ ਨਹੀਂ ਰਹਿੰਦਾ। ਨਾਇਬ-ਕੋਰਟ ਦੀ ਇਹੋ ਮੁਹਾਰਤ ਪੁਲਿਸ ਦਾ ਨੁਕਸਾਨ ਕਰ ਰਹੀ ਸੀ।

ਨਾਇਬ-ਕੋਰਟ ਦਾ ਤਬਾਦਲਾ ਡਿਪਟੀ ਨੇ ਆਪਣੀ ਗਾਰਦ ਵਿਚ ਕਰ ਲਿਆ। ਗੇਟ ’ਤੇ ਖੜਾ ਸੜਦਾ ਰਹੇਗਾ।

ਨਾਜ਼ਰ ਸਿੰਘ ਪਹਿਲਾਂ ਹੀ ਗ਼ੈਰ-ਹਾਜ਼ਰ ਹੋ ਚੁੱਕਾ ਸੀ। ਡਿਊਟੀ ਵਿਚ ਕੁਤਾਹੀ ਵਰਤਣ ਲਈ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।

ਦੂਜੇ ਪਾਸੇ ਜੱਜ ਸਾਹਿਬ ਚੌਕਸ ਹੋ ਗਏ।

ਅਦਾਲਤ ਦੇ ਬਹੁਤੇ ਮੁਲਜ਼ਮ ਸੰਮਤੀ ਦੀ ਮਦਦ ’ਤੇ ਤੁਲੇ ਹੋਏ ਸਨ। ਕੁਝ ਹਮਦਰਦੀ ਵਜੋਂ, ਕੁਝ ਲਾਲਚ ਵੱਸ। ਅਹਿਲਮੱਦਾਂ ਦਾ ਮਿਸਲਾਂ ਲੈ ਕੇ ਵਕੀਲਾਂ ਦੇ ਘਰ ਜਾਣਾ ਆਮ ਗੱਲ ਸੀ। ਚਾਰ ਪੈਸੇ ਵੱਧ ਮਿਲਣ ਤਾਂ ਗੁਪਤ ਦਸਤਾਵੇਜ਼ ਅਤੇ ਬਿਆਨਾਂ ਦੀਆਂ ਨਕਲਾਂ ਕਰਵਾ ਦਿੰਦੇ ਸਨ। ਕੁਝ ਦਲੇਰ ਅਹਿਲਮੱਦ ਦਸਤਾਵੇਜ਼ਾਂ ਵਿਚ ਸਹਿੰਦੀ-ਸਹਿੰਦੀ ਤਬਦੀਲੀ ਕਰਨ ਦਾ ਜ਼ੋਖ਼ਮ ਵੀ ਉਠਾ ਲੈਂਦੇ ਸਨ। ਦੂਜੇ ਪਾਸੇ ਜੇ ਸਰਕਾਰ ਹੋਵੇ ਤਾਂ ਇਹ ਹੇਰਾਫੇਰੀ ਹੋਰ ਆਸਾਨ ਹੋ ਜਾਂਦੀਸੀ।

ਇਹ ਕੇਸ ਵੀ ਅਹਿਮ ਸੀ। ਅਹਿਲਮੱਦਾਂ ਦੀ ਮਿਹਰਬਾਨੀ ਸਦਕਾ ਹਰ ਕਾਗ਼ਜ਼ ਦੀ ਨਕਲ ਸਫ਼ਾਈ ਧਿਰ ਕੋਲ ਪੁੱਜ ਚੁੱਕੀ ਸੀ। ਅਗਾਂਹ ਹੋਣ ਵਾਲੀ ਕਾਰਵਾਈ ਦੀਆਂ ਨਕਲਾਂ ਵੀ ਪੁੱਜ ਸਕਦੀਆਂ ਸਨ। ਕਿਸੇ ਰੱਦੋ-ਬਦਲ ਦੀ ਸੰਭਾਵਨਾ ਵੀ ਰੱਦ ਨਹੀਂ ਸੀ ਕੀਤੀ ਜਾ ਸਕਦੀ। ਮੁਸੀਬਤਾਂ ਦਾ ਪਹਾੜ ਜੱਜ ’ਤੇ ਵੀ ਟੁੱਟ ਸਕਦਾ ਸੀ। ਇਹ ਕੇਸ ਅਜਿਹੇ ਪੜਾਅ ’ਤੇ ਪੁੱਜ ਚੁੱਕਾ ਸੀ, ਜਿਥੇ ਕਿਸੇ ਵੀ ਅਫ਼ਸਰ ਦੀ ਟੰਗ ਫਸ ਸਕਦੀ ਸੀ।

ਨਾਥ ਸਾਹਿਬ ਨੇ ਮਿਸਲ ਤਲਬ ਕੀਤੀ। ਪੇਜ਼ ਮਾਰਕਿੰਗ ਕਰਵਾਈ। ਹਰ ਪੰਨੇ ’ਤੇ ਛੋਟੇ ਦਸਤਖ਼ਤ ਕੀਤੇ। ਜਿਥੇ-ਜਿਥੇ ਕਟਿੰਗ ਜਾਂ ਓਵਰ-ਰਾਈਟਿੰਗ ਸੀ, ਉਥੇ ਲਾਲ ਸਿਆਹੀ ਨਾਲ ਨਿਸ਼ਾਲ ਲਾਏ। ਮਿਸਲ ਨੂੰ ਇਕ ਮੋਟੇ ਲਿਫ਼ਾਫ਼ੇ ਵਿਚ ਪਾ ਕੇ ਲਿਫ਼ਾਫ਼ੇ ਨੂੰ ਸੀਲ ਕੀਤਾ। ਇਸ ਲਿਫ਼ਾਫ਼ੇ ਨੂੰ ਨਾਥ ਸਾਹਿਬ ਦੀ ਅਲਮਾਰੀ ਵਿਚ ਰੱਖਿਆ ਗਿਆ। ਮਿਸਲ ਤਾਰੀਖ਼ ਵਾਲੇ ਦਿਨ ਹੀ ਬਾਹਰ ਨਿਕਲੇਗੀ। ਪੇਸ਼ੀ ਤੋਂ ਪਹਿਲਾਂ ਕਿਸੇ ਨੂੰ ਜ਼ਰੂਰਤ ਪਏ ਤਾਂ ਜੱਜ ਦੀ ਇਜਾਜ਼ਤ ਲਈ ਜਾਏਗੀ।

ਤੀਜੇ ਪਾਸੇ ਬਚਨ ਸਿੰਘ ਨੇ ਸੁਰਿੰਦਰ ਕੁਮਾਰ ਦੀਆਂ ਵਾਗਾਂ ਕੱਸੀਆਂ।

ਬਚਨ ਸਿੰਘ ਨੂੰ ਯਕੀਨ ਸੀ, ਇਹ ਨਕਲਾਂ ਸੁਰਿੰਦਰ ਕੁਮਾਰ ਨੇ ਕਰਵਾ ਕੇ ਦਿੱਤੀਆਂ ਹੋਣਗੀਆਂ। ਇਹ ਉਸ ਦੀ ਪੁਰਾਣੀ ਆਦਤ ਸੀ। ਪਹਿਲਾਂ ਵੀ ਉਸ ਨੇ ਵਿਜੀਲੈਂਸ ਦੇ ਇਕ ਕੇਸ ਦੀਆਂ ਨਕਲਾਂ ਕਰਵਾ ਕੇ ਦੋਸ਼ੀਆਂ ਨੂੰ ਦੇ ਦਿੱਤੀਆਂ ਸਨ। ਪੜਤਾਲ ਹੋਣ ’ਤੇ ਉਹ ਕਸੂਰਵਾਰ ਪਾਇਆ ਗਿਆ ਸੀ।

ਸਿੱਧੇ ਤੌਰ ’ਤੇ ਬਚਨ ਸਿੰਘ ਉਸ ਦਾ ਕੁਝ ਨਹੀਂ ਸੀ ਵਿਗਾੜ ਸਕਦਾ। ਭੱਜਾ-ਭੱਜਾ ਉਹ ਸੰਗਰੂਰ ਗਿਆ ਸੀ, ਸਾਰੇ ਹਾਲਾਤ ਜ਼ਿਲ੍ਹਾ ਅਟਾਰਨੀ ਦੇ ਨੋਟਿਸ ਵਿਚ ਲਿਆਂਦੇ। ਜ਼ਿਲ੍ਹਾ ਅਟਾਰਨੀ ਨੇ ਉਸ ਨੂੰ ਜਿਹੜੀ ਵਾਧੂ ਕਚਹਿਰੀ ਦਿੱਤੀ ਸੀ, ਉਹ ਵਾਪਸ ਲੈ ਲਈ। ਚਾਰ-ਪੰਜ ਹਜ਼ਾਰ ਰੁਪਏ ਮਹੀਨੇ ਦੇ ਨੁਕਸਾਨ ਦੀ ਸਜ਼ਾ ਲਾ ਦਿੱਤੀ।

ਇਸ ਤਰ੍ਹਾਂ ਸੰਬੰਧਿਤ ਮੁਲਾਜ਼ਮਾਂ ’ਤੇ ਕਹਿਰ ਢਾਹ ਕੇ ਸੰਮਤੀ ਨੂੰ ਮਿਲਣ ਵਾਲੀ ਮਦਦ ਦੀ ਨਾਕਾਬੰਦੀ ਕੀਤੀ ਗਈ।

ਉਧਰ ਸਫ਼ਾਈ ਧਿਰ ਦੇ ਵਕੀਲਾਂ ’ਤੇ ਸਖ਼ਤੀ ਸ਼ੁਰੂ ਹੋਈ।

ਜਦੋਂ ਕੇਸ ਦੀ ਸੁਣਵਾਈ ਨੂੰ ਇਕ ਮਹੀਨਾ ਅੱਗੇ ਪਾਇਆ ਗਿਆ ਸੀ ਤਾਂ ਸੈੱਲ ਦੇ ਵਕੀਲਾਂ ਦੀ ਜੱਜ ਨਾਲ ਝਪਟ ਹੋਈ ਸੀ।

ਪੇਸ਼ੀ ਵਾਲੇ ਦਿਨ ਜੱਜ ਨੇ ਬੀਮਾਰ ਹੋਣ ਦਾ ਬਹਾਨਾ ਘੜਿਆ ਸੀ। ਘਰ ਬੈਠੇ ਹੀ ਰੀਡਰ ਨੂੰ ਹੁਕਮ ਭੇਜਿਆ ਸੀ। ਕੇਸ ਅਗਲੇ ਮਹੀਨੇ ਦੀ ਅੱਠ ਤਾਰੀਖ਼ ’ਤੇ ਰੱਖ ਦੇਵੇ।

ਅਗਲੇ ਦਿਨ ਗੁਰਮੀਤ ਨੇ ਇਸ ਹੁਕਮ ਵਿਰੁੱਧ ਉਜਰ ਕੀਤਾ ਸੀ। ਉਹ ਇਕ-ਦੋ ਦਿਨਾਂ ਦੀ ਪੇਸ਼ੀ ਚਾਹੁੰਦਾ ਸੀ। ਜਦੋਂ ਜੱਜ ਨੇ ਪੈਰਾਂ ’ਤੇ ਪਾਣੀ ਹੀ ਨਾ ਪੈਣ ਦਿੱਤਾ ਤਾਂ ਗੁਰਮੀਤ ਨੇ ਨਿਆਂ-ਪਾਲਿਕਾ ਦੇ ਫ਼ਰਜ਼ਾਂ ’ਤੇ ਇਕ ਲੰਬਾ ਲੈਕਚਰ ਝਾੜਿਆ ਸੀ। ਨਾਲ ਹੀ ਰਾਤ ਕੋਠੀ ਵਿਚ ਘੜੀ ਗਈ ਸਾਜ਼ਿਸ਼ ਦਾ ਜ਼ਿਕਰ ਕੀਤਾ ਸੀ।

ਇਸ ਨੁਕਤਾ-ਚੀਨੀ ’ਤੇ ਜੱਜ ਖਿਝ ਗਿਆ। ਉਸ ਨੇ ਸਫ਼ਾਈ ਧਿਰ ਦੇ ਸਾਰੇ  ਵਕੀਲਾਂ ਨੂੰ ਸਬਕ ਸਿਖਾਉਣ ਦਾ ਤਹੱਈਆ ਕਰ ਲਿਆ। ਆਪ ਤਾਂ ਜੋ ਉਹ ਵਿਗਾੜ ਸਕਿਆ ਵਿਗਾੜੇਗਾ ਹੀ, ਹੇਠਲੀਆਂ ਅਦਾਲਤਾਂ ਨੂੰ ਵੀ ਇਸ਼ਾਰਾ ਕਰ ਦਿੱਤਾ। ਤਿੰਨਾਂ ਵਿਚੋਂ ਕਿਸੇ ਵਕੀਲ ਨੂੰ ਵੀ ‘ਰਲੀਫ਼’ ਨਾ ਦਿੱਤਾ ਜਾਵੇ। ਉਹਨਾਂ ਨਾਲ ਬਦਸਲੂਕੀ ਕੀਤੀ ਜਾਵੇ। ਕੋਲ ਖੜੇ ਸਾਇਲ ਦੀ ਇਹ ਤਸੱਲੀ ਕਰਾਈ ਜਾਵੇ ਕਿ ਜੱਜ ਵਕੀਲ ’ਤੇ ਉਵੇਂ ਲੱਗਦਾ ਹੈ ਜਿਵੇਂ ਜ਼ਖ਼ਮ ’ਤੇ ਲੂਣ। ਜਦੋਂ ਸਾਇਲ ਦੇ ਮਨ ਵਿਚ ਅਜਿਹਾ ਸ਼ੱਕ ਬੈਠ ਜਾਵੇ ਤਾਂ ਉਹ ਵਕੀਲ ਬਦਲਣ ਨੂੰ ਮਿੰਟ ਲਾਉਂਦਾ ਹੈ।

ਇਹਨਾਂ ਵਕੀਲਾਂ ਦੇ ਹਰ ਮੁਲਜ਼ਮ ਨੂੰ ਸਜ਼ਾ ਕਰੋ। ਵੱਧੋ-ਵੱਧ ਪੁਲਿਸ ਰਿਮਾਂਡ ਦੇਵੋ। ਕਿਸੇ ਦੀ ਜ਼ਮਾਨਤ ਨਾ ਲਓ। ਉਹਨਾਂ ਨੂੰ ਸਬਕ ਸਿਖਾਉਂਦਿਆਂ ਕਿਸੇ ਹੋਰ ਨਾਲ ਜ਼ਿਆਦਤੀ ਹੋ ਜਾਵੇ, ਇਸ ਦੀ ਵੀ ਪਰਵਾਹ ਨਾ ਕਰੋ।

ਪਿਆਰੇ ਲਾਲ ਮਲੰਗ ਵਕੀਲ ਸੀ। ਨਾ ਸਾਉਣ ਸੁੱਕੇ ਨਾ ਹਾੜ ਹਰੇ। ਨਾ ਕੋਈ ਕੇਸ, ਨਾ ਉਲਟ ਹੋਣ ਦਾ ਡਰ।

ਗੁਰਮੀਤ ਵੀ ਨਵਾਂ-ਨਵਾਂ ਆਇਆ ਸੀ। ਜਿਹੜੇ ਦੋ-ਚਾਰ ਕੇਸ ਉਸ ਕੋਲ ਸਨ, ਉਹਨਾਂ ਦਾ ਪਤਾ ਨਹੀਂ ਕਦੋਂ ਫ਼ੈਸਲਾ ਹੋਣਾ ਸੀ। ਵੈਸੇ ਵੀ ਉਸ ਦੇ ਸਾਇਲਾਂ ਵਿਚ ਹੋਰ ਵਕੀਲ ਕਰਨ ਦੀ ਪਰੋਖੋਂ ਨਹੀਂ ਸੀ।

ਮੋਹਨ ਜੀ ਸਭ ਤੋਂ ਵੱਧ ਪ੍ਰਭਾਵਤ ਸੀ। ਉਸ ਦਾ ਧੜਾਧੜ ਨੁਕਸਾਨ ਹੋ ਰਿਹਾ ਸੀ। ਉਹ ਘਬਰਾਇਆ ਹੋਇਆ ਸੀ। ਵਕੀਲਾਂ ਦਾ ਇਕ ਧੜਾ ਉਸ ਦੇ ਖ਼ਿਲਾਫ਼ ਪ੍ਰਚਾਰ ਕਰਨ ਵਿਚ ਰੁੱਝਾ ਹੋਇਆ ਸੀ। ਉਸ ਦੇ ਹਰ ਸਾਇਲ ਨੂੰ ਬੁਲਾ ਕੇ ਸਮਝਾਇਆ ਜਾ ਰਿਹਾ ਸੀ। ਜੱਜ ਮੋਹਨ ਜੀ ਦੇ ਖ਼ਿਲਾਫ਼ ਹੈ। ਬੱਚੂ, ਹਰ ਹਾਲਤ ਵਿਚ ਸਜ਼ਾ ਹੋਏਗੀ। ਕੁਝ ਡਰੂ ਸਾਇਲ ਖਿਸਕ ਗਏ ਸਨ। ਬਹੁਤੇ ਖਿਸਕਣ ਵਾਲੇ ਸਨ।

ਉਹ ਮੰਗ ਕਰ ਰਿਹਾ ਸੀ, ਸੰਮਤੀ ਕੁਝ ਕਰੇ। ਸੰਮਤੀ ਨੇ ਕੁਝ ਨਾ ਕੀਤਾ ਤਾਂ ਉਹ ਦਿਨਾਂ ਵਿਚ ਹੀ ਬੇਰੋਜ਼ਗਾਰ ਹੋ ਜਾਏਗਾ। ਵਿਆਹ ਪਿੱਛੋਂ ਲੋਈ ਕਿਸ ਕੰਮ ਆਏਗੀ?

ਸੰਮਤੀ ਦੇ ਵਰਕਰਾਂ ਦੀ ਵੀ ਇਹੋ ਮੰਗ ਸੀ। ਉਹਨਾਂ ’ਤੇ ਵੀ ਸਕੰਜਾ ਕੱਸਿਆ ਜਾ ਰਿਹਾ ਸੀ।

ਸੰਮਤੀ ਦੇ ਵਰਕਰਾਂ ਦਾ ਪੁਰਾਣਾ ਰਿਕਾਰਡ ਕੱਢ ਲਿਆ ਗਿਆ ਸੀ। ਥਾਣੇ ਵਾਲਿਆਂ ਨੇ ਅਜਿਹੇ ਕੇਸਾਂ ਦੀ ਲਿਸਟ ਤਿਆਰ ਕਰ ਲਈ, ਜਿਨ੍ਹਾਂ ਵਿਚ ਉੇਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ।

ਪੁਲਿਸ ਦੀਆਂ ਅੱਖਾਂ ਵਿਚ ਰਾਜਿੰਦਰ ਸਭ ਤੋਂ ਵੱਧ ਰੜਕਦਾ ਸੀ। ਉਸ ਨੂੰ ਪੰਜ ਸਾਲ ਪਹਿਲਾਂ ਹੋਏ ਇਕ ਕਤਲ ਕੇਸ ਵਿਚ ਫੜੇ ਜਾਣ ਦੀ ਯੋਜਨਾ ਬਣਾਈ ਗਈ।

ਇਸ ਕੇਸ ਵਿਚ ਇਕ ਮੁਰਗ਼ੀਖ਼ਾਨੇ ਦੇ ਮਾਲਕ ਦਾ ਕਤਲ ਹੋਇਆ ਸੀ। ਵੈਸੇ ਇਹ ਕਾਰਾ ਦਹਿਸ਼ਤਗਰਦਾਂ ਦਾ ਸੀ ਪਰ ਉਹ ਪੁਲਿਸ ਦੇ ਹੱਥ ਨਹੀਂ ਸਨ ਆਏ।

ਥਾਣੇ ਦਾ ਜ਼ੇਰ-ਤਫ਼ਤੀਸ਼ ਪਿਆ ਇਹ ਸਭ ਤੋਂ ਵੱਧ ਪੁਰਾਣਾ ਕੇਸ ਸੀ। ਹਰ ਮੀਟਿੰਗ ਵਿਚ ਅਫ਼ਸਰ ਝਾੜਾਂ ਪਾਉਂਦੇ ਸਨ। ਦੋਸ਼ੀ ਗ੍ਰਿਫ਼ਤਾਰ ਕਰੋ। ਅਸਲ ਨਹੀਂ ਲੱਭ ਰਹੇ ਤਾਂ ਕਿਸੇ ਹੋਰ ’ਤੇ ਫਿੱਟ ਕਰੋ। ਪਿਛਲੀ ਮੀਟਿੰਗ ਵਿਚ ਸਾਹਿਬ ਨੇ ਤਾੜਨਾ ਕੀਤੀ ਸੀ। ਜੇ ਇਸ ਮਹੀਨੇ ਵੀ ਚਲਾਨ ਪੇਸ਼ ਨਾ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਹੋਏਗੀ।

ਇਕੋ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਪੁਲਿਸ ਲਈ ਇਹ ਵਧੀਆ ਮੌਕਾ ਸੀ। ਇਸ ਕੇਸ ਨੂੰ ਸੁਰਜੀਤ ਕੀਤਾ ਗਿਆ। ਇਕ ਅਜਿਹੇ ਗਵਾਹ ਦਾ ਬਿਆਨ ਲਿਖਿਆ ਗਿਆ ਜਿਹੜਾ ਸੰਮਤੀ ਦੀ ਪਹੁੰਚ ਤੋਂ ਬਾਹਰ ਸੀ। ਉਹ ਦੋ ਮਹੀਨੇ ਪਹਿਲਾਂ ਹੀ ਮਰ ਚੁੱਕਾ ਮਿਹਰਦੀਨ ਸੀ।

ਉਹ ਟੈਕਸੀ ਚਲਾਉਂਦਾ ਹੁੰਦਾ ਸੀ। ਕਤਲ ਤੋਂ ਇਕ ਦਿਨ ਪਹਿਲਾਂ ਰਾਜਿੰਦਰ ਮਿਹਰਦੀਨ ਦੀ ਟੈਕਸੀ ਵਿਚ ਪੋਲਟਰੀ-ਫ਼ਾਰਮ ’ਤੇ ਗਿਆ ਸੀ। ਆਂਡਿਆਂ ਦੇ ਭਾਅ ’ਤੇ ਦੋਹਾਂ ਵਿਚ ਤਕਰਾਰ ਹੋਇਆ ਸੀ। ਰਾਜਿੰਦਰ ਨੇ ਉਸ ਦੇ ਸਾਹਮਣੇ ਮਾਲਕ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਸੀ। ਦਸਾਂ ਕੁ ਦਿਨਾਂ ਪਿੱਛੋਂ ਰਾਜਿੰਦਰ ਉਸ ਨੂੰ ਫੇਰ ਮਿਲਿਆ ਸੀ। ਰਾਜਿੰਦਰ ਨਸ਼ੇ ਵਿਚ ਧੁੱਤ ਸੀ। ਉਸ ਨੇ ਮਿਹਰਦੀਨ ਨੂੰ ਦੱਸਿਆ ਸੀ ਕਿ ਉਸ ਨਾਲ ਬਦਸਲੂਕੀ ਕਰਨ ਵਾਲੇ ਲਾਲੇ ਦਾ ਉਸ ਨੇ ਫਾਹਾ ਵੱਢ ਸੁੱਟਿਐ। ਗਵਾਹ ਰਾਜਿੰਦਰ ਤੋਂ ਡਰਦਾ ਪੰਜ ਸਾਲ ਚੁੱਪ ਰਿਹਾ। ਮਰਨ ਲੱਗਿਆਂ ਉਹ ਮਨ ’ਤੇ ਬੋਝ ਨਹੀਂ ਸੀ ਰੱਖਣਾ ਚਾਹੁੰਦਾ। ਆਖ਼ਰੀ ਸਾਹ ਲੈਣ ਤੋਂ ਪਹਿਲਾਂ ਉਸ ਨੇ ਪੁਲਿਸ ਨੂੰ ਬੁਲਾ ਕੇ ਆਪਣਾ ਬਿਆਨ ਦਰਜ ਕਰਵਾਇਆ ਤੇ ਸਦਾ ਦੀ ਨੀਂਦ ਸੌਂ ਗਿਆ।

ਰਾਜਿੰਦਰ ਨੂੰ ਗ੍ਰਿਫ਼ਤਾਰ ਕਰਨ ਲਈ ਹਾਲੇ ਇੰਨੀ ਗਵਾਹੀ ਹੀ ਕਾਫ਼ੀ ਸੀ।

ਸ਼ਾਮੂ ਲਈ ਚੋਰੀ ਦਾ ਕੇਸ ਤਿਆਰ ਕੀਤਾ ਗਿਆ।

ਕਰੀਬ ਇਕ ਸਾਲ ਪਹਿਲਾਂ ਕਾਲਜ ਦੀ ਪ੍ਰਯੋਗਸ਼ਾਲਾ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋਇਆ ਸੀ। ਇਸ ਸੰਬੰਧ ਵਿਚ ਪੁਲਿਸ ਕੋਲ ਕੇਸ ਦਰਜ ਸੀ।

ਉਂਝ ਸਭ ਨੂੰ ਪਤਾ ਸੀ, ਇਹ ਪਰਚਾ ਇਕ ਰਸਮੀ ਕਾਰਵਾਈ ਸੀ। ਆਈ ਗ੍ਰਾਂਟ ਦੀ ਸਾਰੀ ਰਕਮ ਪ੍ਰਿੰਸੀਪਲ ਛਕ ਗਿਆ ਸੀ। ਸਾਮਾਨ ਕਾਗ਼ਜ਼ੀਂ-ਪੱਤਰੀਂ ਹੀ ਆਇਆ ਸੀ, ਪਰਚੇ ਨਾਲ ਜਾਅਲੀ ਖ਼ਰੀਦ ਕੱਜੀ ਜਾਣੀ ਸੀ, ਨਾਲੇ ਬੀਮਾ ਕੰਪਨੀ ਤੋਂ ਮੁਆਵਜ਼ਾ ਮਿਲ ਜਾਣਾ ਸੀ। ਮਿਲੇ ਮੁਆਵਜ਼ੇ ਦਾ ਸਾਮਾਨ ਖ਼ਰੀਦ ਲਿਆ ਜਾਣਾ ਸੀ। ਸਮਾਨ ਵੀ ਪੂਰਾ ਤੇ ਜੇਬਾਂ ਵੀ ਗਰਮ। ਇਸ ਸਾਜ਼ਿਸ਼ ਵਿਚ ਪੁਲਿਸ ਦੀ ਮਿਲੀ-ਭੁਗਤ ਸੀ। ਇਸ ਲਈ ਪਰਚਾ ਦਰਜ ਹੁੰਦਿਆਂ ਹੀ ਤਫ਼ਤੀਸ਼ ਠੱਪ ਹੋ ਗਈ ਸੀ।

ਹੁਣ ਇਸ ਕੇਸ ਵਿਚ ਵੀ ਕਾਰਵਾਈ ਪੈ ਜਾਣੀ ਸੀ। ਪ੍ਰਿੰਸੀਪਲ ਕੋਲੋਂ ਪੰਜ-ਚਾਰ ਸੌ ਦਾ ਸਾਮਾਨ ਮੰਗਵਾ ਕੇ ਥਾਣੇ ਰੱਖ ਲਿਆ ਗਿਆ ਸੀ। ਉਹ ਸਾਮਾਨ ਸ਼ਾਮੂ ਕੋਲੋਂ ਬਰਾਮਦ ਹੋਇਆ ਦਿਖਾ ਕੇ ਸਾਰੇ ਮਸਲੇ ਹੱਲ ਹੋ ਜਾਣੇ ਸਨ।

ਬਾਬੇ ਨੂੰ ਫੜਨ ਲਈ ਪਹਿਲਾਂ ਵਾਲਾ ਕੇਸ ਹੀ ਕਾਫ਼ੀ ਸੀ। ਦੋ ਗਵਾਹ ਖੜੇ ਕੀਤੇ ਗਏ। ਉਹਨਾਂ ਦੇ ਚਾਰ-ਚਾਰ ਡਾਂਗਾਂ ਲਾਈਆਂ ਗਈਆਂ। ਫੇਰ ਡਾਕਟਰੀ ਕਰਾਈ ਗਈ। ਗਵਾਹਾਂ ਵੱਲੋਂ ਰਪਟ ਦਰਜ ਹੋਈ। “ਉਹ ਬਾਬੇ ਦੇ ਖ਼ਿਲਾਫ਼ ਦਰਜ ਹੋਏ ਕੇਸ ਦੇ ਗਵਾਹ ਸਨ। ਰਾਤ ਬਾਬਾ ਕੁਝ ‘ਸਮਰਥਕਾਂ’ ਨੂੰ ਲੈ ਕੇ ਉਹਨਾਂ ਦੇ ਘਰ ਆਇਆ ਸੀ। ਉਹਨਾਂ ਨੂੰ ਧਮਕੀ ਦਿੱਤੀ ਸੀ। ਜੇ ਬਾਬੇ ਖ਼ਿਲਾਫ਼ ਗਵਾਹੀ ਦਿੱਤੀ ਤਾਂ ਠਿਕਾਣੇ ਲਾ ਦਿੱਤਾ ਜਾਏਗਾ। ਉਹਨਾਂ ਨੂੰ ਬਾਬੇ ਤੋਂ ਖ਼ਤਰਾ ਸੀ।”

ਇਸ ਰਪਟ ਦੇ ਆਧਾਰ ’ਤੇ ਬਾਬੇ ਦੀ ਜ਼ਮਾਨਤ ਰੱਦ ਕਰਵਾਈ ਜਾ ਸਕਦੀ ਸੀ। ‘ਸਮਰਥਕਾਂ’ ਵਿਚ ਕਿਸੇ ਵੀ ਕਾਰਕੁਨ ਨੂੰ ਲੋੜ ਅਨੁਸਾਰ ਫੜਿਆ ਜਾ ਸਕੇ, ਇਸ ਲਈ ਮਿਸਲ ਦਾ ਮੂੰਹ ਖੁੱਲ੍ਹਾ ਰੱਖਿਆ ਗਿਆ ਸੀ।

ਗੁਰਮੀਤ ਨੂੰ ਵੀ ਹੇਰਾ-ਫੇਰੀ ਅਤੇ ਕੁਰੱਪਸ਼ਨ ਦੇ ਇਕ ਕੇਸ ਵਿਚ ਉਲਝਾਉਣ ਦੀ ਯੋਜਨਾ ਸੀ। ਜਦੋਂ ਉਹ ਸਰਕਾਰੀ ਵਕੀਲ ਸੀ ਤਾਂ ਉਸ ਨੇ ਛੱਬੀ ਦੇ ਇਕ ਦੋਸ਼ੀ ਤੋਂ ਪੰਜ ਹਜ਼ਾਰ ਰੁਪਿਆ ਲਿਆ ਸੀ, ਉਸ ਨੂੰ ਬਰੀ ਕਰਾਉਣ ਦਾ। ਬਿਨਾਂ ਉਸ ਦਾ ਕੰਮ ਕਰਾਇਆਂ ਹੀ ਗੁਰਮੀਤ ਨੌਕਰੀ ਛੱਡ ਗਿਆ। ਗੁਰਮੀਤ ਉਸ ਨੂੰ ਪੈਸੇ ਵਾਪਸ ਨਹੀਂ ਸੀ ਕਰ ਰਿਹਾ। ਕਾਰਵਾਈ ਕੀਤੀ ਜਾਵੇ। ਇਸ ਤਰ੍ਹਾਂ ਦੀ ਇਕ ਦਰਖ਼ਾਸਤ ਪੁਲਿਸ ਨੇ ਕਿਸੇ ਕੋਲੋਂ ਲਈ ਸੀ।

ਬਾਕੀ ਸਮਰਥਕਾਂ ਲਈ ਇਕ ਚਗਲ ਔਰਤ ਨੂੰ ਥਾਣੇ ਬਿਠਾਇਆ ਗਿਆ। ਲੋੜ ਪੈਣ ’ਤੇ ਪੁਲਿਸ ਵਾਲੇ ਪਹਿਲਾਂ ਉਸ ਨਾਲ ਜਬਰ-ਜਿਨਾਹ ਕਰਨਗੇ। ਫੇਰ ਇਸ ਦੋਸ਼ ਹੇਠ ਸੰਮਤੀ ਵਾਲਿਆਂ ਖ਼ਿਲਾਫ਼ ਪਰਚਾ ਦਰਜ ਕਰਨਗੇ। ਇਸ ਕੇਸ ਦਾ ਪੁਲਿਸ ਨੂੰ ਦੂਹਰਾ ਫ਼ਾਇਦਾ ਹੋਏਗਾ। ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਤਾਂ ਕਰਨਗੇ ਹੀ, ਨਾਲੇ ਮੂੰਹ ਕਾਲਾ ਕਰ ਕੇ ਜਲੂਸ ਵੀ ਕੱਢਣਗੇ। ਲੋਕਾਂ ਵਿਚ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਦਾ ਭਾਂਡਾ ਭੰਨਣਗੇ ਅਤੇ ਉਹਨਾਂ ਦੀ ਸ਼ਾਖ਼ ਵਿਗਾੜਨਗੇ।

ਪੁਲਿਸ ਵੱਲੋਂ ਸਾਰੀ ਲਿਖਾ-ਪੜ੍ਹੀ ਮੁਕੰਮਲ ਸੀ। ਉਪਰੋਂ ਇਸ਼ਾਰਾ ਮਿਲਦਿਆਂ ਹੀ ਉਹ ਧੂੰਆਂ-ਧਾਰ ਗ੍ਰਿਫ਼ਤਾਰੀਆਂ ਕਰ ਸਕਦੀ ਸੀ।

ਸੰਮਤੀ ਦੇ ਕਾਰਕੁਨਾਂ ਦੇ ਨਾਲ-ਨਾਲ ਗਵਾਹਾਂ ਅਤੇ ਉਹਨਾਂ ਨੂੰ ਪਨਾਹ ਦੇਣ ਵਾਲੇ ਹਮਦਰਦਾਂ ਵਿਚ ਵੀ ਸਹਿਮ ਫੈਲ ਰਿਹਾ ਸੀ। ਪੁਲਿਸ ਦੇ ਸੂਹੀਏ ਉਹਨਾਂ ਨੂੰ ਕੁੱਤਿਆਂ ਵਾਂਗ ਸੁੰਘਦੇ ਫਿਰਦੇ ਸਨ। ਕਿਸੇ ਵੀ ਸਮੇਂ, ਕਿਤੇ ਵੀ ਛਾਪਾ ਪੈ ਸਕਦਾ ਸੀ।

ਸੰਮਤੀ ਨੂੰ ਗਵਾਹਾਂ ਅਤੇ ਹਮਦਰਦਾਂ ਬਾਰੇ ਵਧੇਰੇ ਚਿੰਤਾ ਸੀ।

ਅਗਲੀ ਪੇਸ਼ੀ ਵਿਚ ਮਹੀਨਾ ਪਿਆ ਸੀ। ਇਹ ਵੀ ਕੋਈ ਗਰੰਟੀ ਨਹੀਂ ਸੀ ਕਿ ਅਗਲੀ ਪੇਸ਼ੀ ਗਵਾਹ ਭੁਗਤ ਹੀ ਜਾਣ। ਜਿਸ ਹਿਸਾਬ ਨਾਲ ਸਰਕਾਰੀ ਮਸ਼ੀਨਰੀ ਵਿਚ ਤਾਲਮੇਲ ਬੈਠਿਆ ਹੋਇਆ ਸੀ, ਉਸ ਹਿਸਾਬ ਤਾਂ ਓਨਾ ਚਿਰ ਤੱਕ ਪੇਸ਼ੀਆਂ ਮਿਲਦੀਆਂ ਰਹਿਣੀਆਂ ਸਨ, ਜਿੰਨਾ ਚਿਰ ਤਕ ਪੁਲਿਸ ਨੂੰ ਯਕੀਨ ਨਹੀਂ ਹੋ ਜਾਂਦਾ ਕਿ ਸਾਰੇ ਗਵਾਹ ਉਸ ਦੇ ਹੱਕ ਵਿਚ ਭੁਗਤਣਗੇ।

ਬਹੁਤੇ ਗਵਾਹ ਸਾਧਾਰਨ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਆਥਣ-ਉਗਣ ਕਮਾ ਕੇ ਖਾਣ ਵਾਲੇ ਕਬੀਲਦਾਰ ਸਨ। ਮਹੀਨਿਆਂ ਬੱਧੀ ਨਾ ਉਹਨਾਂ ਨੂੰ ਘਰੋਂ ਅਲੱਗ ਰੱਖਿਆ ਜਾ ਸਕਦਾ ਸੀ ਨਾ ਕੰਮੋਂ-ਕਾਰੋਂ। ਕਿਸੇ ਦੀ ਨੌਕਰੀ ਛੁੱਟ ਜਾਣੀ ਸੀ, ਕਿਸੇ ਦਾ ਕਾਰੋਬਾਰ ਠੱਪ ਹੋ ਜਾਣਾ ਸੀ ਤੇ ਕਿਸੇ ਦੀ ਫ਼ਸਲ ਉੱਜੜ ਜਾਣੀ ਸੀ।

ਗਵਾਹਾਂ ਨੂੰ ਘਰ ਵੀ ਨਹੀਂ ਸੀ ਭੇਜਿਆ ਜਾ ਸਕਦਾ। ਘਰ ਵੜਦਿਆਂ ਹੀ ਪੁਲਿਸ ਨੇ ਉਹਨਾਂ ਨੂੰ ਚੁੱਕ ਕੇ ਲੈ ਜਾਣਾ ਸੀ।

ਲੀਗਲ ਸੈੱਲ ਕੋਲ ਗਵਾਹਾਂ ਨੂੰ ਕਾਨੂੰਨੀ ਰਾਹਤ ਦਿਵਾਉਣ ਦਾ ਕੋਈ ਹੀਲਾ ਨਹੀਂ ਸੀ। ਅਜਿਹੀ ਸਥਿਤੀ ਵਿਚ ਗਵਾਹਾਂ ਦੀ ਰੱਖਿਆ ਲਈ ਕੋਈ ਕਾਨੂੰਨ ਨਹੀਂ ਬਣਿਆ।

ਜੀਵਨ ਆੜ੍ਹਤੀਆ ਜ਼ਰੂਰ ਗਵਾਹਾਂ ਨੂੰ ਗੁਪਤਵਾਸ ਵਿਚ ਹੀ ਰੱਖਣਾ ਚਾਹੁੰਦਾ ਸੀ। ਉਹ ਉਹਨਾਂ ਦੇ ਪਰਿਵਾਰਾਂ ਦਾ ਖ਼ਰਚ ਝੱਲਣ ਲਈ ਤਿਆਰ ਸੀ।

ਪਰ ਸੰਮਤੀ ਕਿਸੇ ਵੀ ਅਜਿਹੇ ਗਵਾਹ ਨੂੰ ਪੁਲਿਸ ਦੇ ਹਵਾਲੇ ਨਹੀਂ ਸੀ ਕਰ ਸਕਦੀ ਜਿਸ ਨੇ ਸੰਮਤੀ ਦਾ ਸਾਥ ਦਿੱਤਾ ਸੀ। ਸਵਾਲ ਸਿਧਾਂਤਾਂ ਦਾ ਸੀ। ਗਵਾਹੀ ਦੇ ਅਹਿਮ ਹੋਣ ਜਾਂ ਨਾ ਹੋਣ ਦਾ ਨਹੀਂ ਸੀ।

ਅੱਗੋਂ ਤੋਂ ਕੀ ਰੁਖ਼ ਅਪਣਾਇਆ ਜਾਏ? ਇਹ ਵਿਚਾਰਨ ਲਈ ਸੰਮਤੀ ਦੀ ਗੁਪਤ ਮੀਟਿੰਗ ਰੱਖੀ ਗਈ।

ਬਹੁਤੇ ਕਾਰਕੁਨਾਂ ਦਾ ਵਿਚਾਰ ਬਚਾਅ ਦੀ ਨੀਤੀ ਨਾਲੋਂ ਹਮਲੇ ਦੀ ਨੀਤੀ ਅਪਣਾਏ ਜਾਣ ਦਾ ਸੀ। ਬਚਾਅ ਇੱਟ ਦਾ ਜਵਾਬ ਪੱਥਰ ਨਾਲ ਦੇ ਕੇ ਹੀ ਹੋ ਸਕਦਾ ਸੀ।

ਬਾਬਾ ਜੀ ਦਾ ਵਿਚਾਰ ਸੀ ਕਿ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੀਆਂ ਤਿੰਨੋਂ ਏਜੰਸੀਆਂ ਪੁਲਿਸ, ਪ੍ਰਾਸੀਕਿਊਸ਼ਨ ਅਤੇ ਨਿਆਂ-ਪਾਲਿਕਾ ਆਪਣੇ ਫ਼ਰਜ਼ ਭੁਲਾਈ ਬੈਠੀਆਂ ਹਨ। ਤਿੰਨਾਂ ਸਾਹਮਣੇ ਇਕੋ ਉਦੇਸ਼ ਹੈ, ਮੌਕੇ ਦੀ ਸਰਕਾਰ ਨੂੰ ਖ਼ੁਸ਼ ਕਰਨਾ ਅਤੇ ਵੱਧੋ-ਵੱਧ ਪੈਸੇ ਬਟੋਰਨਾ।

ਕਾਮਯਾਬੀ ਹਾਸਲ ਕਰਨ ਲਈ ਸੰਮਤੀ ਨੇ ਤਿੰਨਾਂ ਧਿਰਾਂ ਖ਼ਿਲਾਫ਼ ਜੱਹਾਦ ਛੇੜਨਾ ਸੀ।

ਜੱਜ ਅਤੇ ਸਰਕਾਰੀ ਵਕੀਲ ਸ਼ਰੇਆਮ ਰਿਸ਼ਵਤ ਲੈਂਦੇ ਸਨ। ਇਹਨਾਂ ਨੂੰ ਕੁਰੱਪਸ਼ਨ ਦੇ ਕੇਸਾਂ ਵਿਚ ਉਲਝਾਇਆ ਜਾਵੇ।

ਨਾਥ ਸਾਹਿਬ ਦੀ ਪੜਤਾਲ ਕਰਾਉਣ ਦੀ ਜ਼ਿੰਮੇਵਾਰੀ ਗੁਰਮੀਤ ਨੇ ਆਪਣੇ ਜ਼ਿੰਮੇ ਲਈ। ਉਸ ਨੂੰ ਨਾਥ ਬਾਰੇ ਕਾਫ਼ੀ ਕੁਝ ਪਤਾ ਸੀ।

ਨਾਥ ਜਲੰਧਰ ਦਾ ਰਹਿਣ ਵਾਲਾ ਸੀ। ਉਸ ਦਾ ਬਾਪ ਇਕ ਪ੍ਰਾਇਮਰੀ ਸਕੂਲ ਮਾਸਟਰ ਸੀ। ਸਾਰੀ ਉਮਰ ਮਾਸਟਰ ਨੂੰ ਮਕਾਨ ਨਹੀਂ ਸੀ ਜੁੜਿਆ। ਕੁੜੀਆਂ ਦੇ ਵਿਆਹ ਉਸ ਨੇ ਕਰਜ਼ਾ ਚੁੱਕ-ਚੁੱਕ ਕੀਤੇ ਸਨ।

ਨਾਥ ਪੜ੍ਹਾਈ ਵਿਚ ਹੁਸ਼ਿਆਰ ਸੀ। ਦਸਵੀਂ ਪਾਸ ਕਰਦਿਆਂ ਹੀ ਨਗਰ-ਪਾਲਿਕਾ ਵਿਚ ਮੁਹੱਰਰ ਲੱਗ ਗਿਆ। ਰਾਤ ਦੀ ਡਿਊਟੀ ਸਮੇਂ ਪੜ੍ਹਦਾ ਰਹਿੰਦਾ। ਪਹਿਲਾਂ ਬੀ.ਏ. ਕੀਤੀ, ਫੇਰ ਲਾਅ। ਆਖ਼ਿਰ ਜੱਜ ਬਣ ਗਿਆ।

ਜੱਜ ਬਣਦਿਆਂ ਹੀ ਗੋਬਿੰਦਗੜ੍ਹ ਦੇ ਸਨਅਤਕਾਰਾਂ ਨੇ ਨਾਥ ਸਾਹਿਬ ਨੂੰ ਖ਼ਰੀਦ ਲਿਆ। ਪੰਜ ਲੱਖ ਨਕਦ, ਕਾਰ ਅਤੇ ਕੁੜੀ ਦੇ ਕੇ।

ਆਲੀਸ਼ਾਨ ਕੋਠੀਆਂ ਵਿਚੋਂ ਆਈ ਸੁਨੀਤਾ ਨੂੰ ਨਾਥ ਸਾਹਿਬ ਦੇ ਘਰੋਂ ਬੂ ਆਉਣ ਲੱਗੀ। ਬਿਨਾਂ ਫਲੱਸ਼ ਵਾਲੀਆਂ ਟੱਟੀਆਂ ਕਾਰਨ ਉਸ ਨੂੰ ਕਬਜ਼ ਰਹਿਣ ਲੱਗੀ।

ਨਾਥ ਦਾ ਸਟੈਂਡਰਡ ਉੱਚਾ ਚੁੱਕਣ ਲਈ ਪਹਿਲਾਂ-ਪਹਿਲ ਸਹੁਰਿਆਂ ਨੇ ਮਦਦ ਕੀਤੀ। ਕਦੇ ਮਿਲਣ ਆਏ ਕੂਲਰ ਲਗਵਾ ਗਏ, ਕਦੇ ਗਲੀਚਾ ਵਿਛਵਾ ਗਏ।

ਫੇਰ ਕਰੋੜਪਤੀ ਸਾਲਿਆਂ, ਸਾਂਢੂਆ ਨੂੰ ਦੇਖ-ਦੇਖ ਨਾਥ ਸਾਹਿਬ ਨੂੰ ਵੀ ਰਹਿਣ-ਸਹਿਣ ਦਾ ਸਲੀਕਾ ਆ ਗਿਆ। ਪੈਸਾ ਬਣਾਉਣ ਦਾ ਸਲੀਕਾ ਵੀ ਰਿਸ਼ਤੇਦਾਰਾਂ ਨੇ ਸਿਖਾ ਦਿੱਤਾ।

ਹੁਣ ਉਹ ਵੀ ਲੱਖਾਂ ਦੀ ਜਾਇਦਾਦ ਦਾ ਮਾਲਕ ਸੀ। ਫ਼ਾਰਮ ਬਣਾ ਲਏ, ਕਾਰਖ਼ਾਨਿਆਂ ਵਿਚ ਹਿੱਸੇ ਪਾ ਲਏ, ਪਲਾਟ ਖ਼ਰੀਦ ਲਏ ਅਤੇ ਕੋਠੀਆਂ ਉਸਾਰ ਲਈਆਂ। ਸਾਲੇ, ਸਾਲੀਆਂ ਦੀਆਂ ਵਿਆਹ ਸ਼ਾਦੀਆਂ ’ਤੇ ਜਾਂਦਿਆਂ ਹੁਣ ਉਸ ਨੂੰ ਸ਼ਰਮ ਦੇ ਮਾਰੇ ਮੂੰਹ ਨਹੀਂ ਲੁਕਾਉਣਾ ਪੈਂਦਾ। ਉਹ ਵੀ ਰਿਸ਼ਤੇਦਾਰਾਂ ਦੇ ਬਰਾਬਰ ਢੁੱਕਦਾ ਸੀ।

ਨਾਥ ਨੂੰ ਹੱਥ ਪਾਉਣਾ ਖ਼ਾਲਾ ਜੀ ਦਾ ਵਾੜਾ ਨਹੀਂ ਸੀ। ਉਸ ਦੀ ਬਹੁਤੀ ਜਾਇਦਾਦ ਕੁੱਤਿਆਂ-ਬਿੱਲਿਆਂ ਦੇ ਨਾਂ ਸੀ। ਜਿਹੜੀ ਉਸ ਦੇ ਆਪਣੇ ਨਾਂ ਸੀ, ਉਸ ਦਾ ਉਸ ਕੋਲ ਪੂਰਾ-ਪੂਰਾ ਹਿਸਾਬ-ਕਿਤਾਬ ਸੀ। ਕਦੇ ਸਹੁਰਿਆਂ ਵੱਲੋਂ ਪਤਨੀ ਨੂੰ ਗਿਫ਼ਟ ਆ ਜਾਂਦਾ ਸੀ ਅਤੇ ਕਦੇ ਕਿਸੇ ਫ਼ਰਮ ਵਿਚੋਂ ਲਾਭ।

ਯੋਜਨਾ ਤਾਂ ਇਹ ਸੀ ਕਿ ਉਸ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਾਇਆ ਜਾਵੇ ਪਰ ਇਹ ਵੀ ਅਸੰਭਵ ਸੀ। ਉਹ ਆਪਣੇ ਹੱਥੀਂ ਪੈਸੇ ਫੜਦਾ ਹੀ ਨਹੀਂ। ਇਸ ਕੰਮ ਲਈ ਉਸ ਨੇ ਖ਼ਾਸ-ਖ਼ਾਸ ਬੰਦੇ ਰੱਖੇ ਹੋਏ ਸਨ। ਸ਼ਹਿਰ ਦੇ ਸੇਠ, ਪਿੰਡਾਂ ਦੇ ਸਰਦਾਰ ਜਾਂ ਫੇਰ ਭੰਡਾਰੀ ਵਰਗੇ ਰਈਸ ਵਕੀਲ। ਉਹ ਕਦੋਂ ਫ਼ੀਸ ਦੀ ਗੱਲ ਕਰਦੇ ਹਨ, ਕਦੋਂ ਨੋਟ ਫੜਦੇ ਹਨ ਅਤੇ ਕਦੋਂ ਜੱਜ ਕੋਲ ਪਹੁੰਚਾਉਂਦੇ ਹਨ, ਕੋਈ ਪਤਾ ਨਹੀਂ ਲੱਗਦਾ। ਨੋਟ ਉਸੇ ਤਰ੍ਹਾਂ ਪਹੁੰਚਾਏ ਜਾਂਦੇ ਹਨ ਜਾਂ ਬਦਲੀ ਕਰ ਕੇ, ਇਹ ਵੀ ਪਤਾ ਨਹੀਂ ਲੱਗਦਾ। ਜਾਂਦੇ ਵੀ ਹਨ ਜਾਂ ਖਾਤਿਆਂ ਵਿਚ ਜਮ੍ਹਾਂ ਹੋ ਜਾਂਦੇ ਹਨ, ਇਸ ਬਾਰੇ ਵੀ ਉੱਘ-ਸੁੱਘ ਨਹੀਂ ਮਿਲਦੀ।

ਰੰਗੇ ਹੱਥੀਂ ਫੜਾਉਣਾ ਹੈ ਤਾਂ  ਬਚਨ ਸਿੰਘ ਨੂੰ ਫੜਾਇਆ ਜਾਵੇ।

ਉਸ ਦਾ ਕੰਮ ਖੁੱਲ੍ਹਾ ਹੈ। ਕੰਟੀਨ ਵਾਲੇ ਰਾਹੀਂ, ਨਾਇਬ-ਕੋਰਟ, ਮੁਨਸ਼ੀ ਜਾਂ ਵਕੀਲ ਰਾਹੀਂ। ਜਿਸ ਮਰਜ਼ੀ ਰਾਹੀਂ ਦੇ ਆਉ। ਸਿੱਧੇ ਮਿਲ ਲਉ ਤਾਂ ਵੀ ਕੋਈ ਇਤਰਾਜ਼ ਨਹੀਂ, ਸਗੋਂ ਖ਼ੁਸ਼ ਹੋਏਗਾ। ਕਿਸੇ ਵਿਚੋਲੇ ਰਾਹੀਂ ਮਿਲਦੇ ਤਾਂ ਵਿਚੋਲੇ ਨੂੰ ਹਿੱਸਾ ਦੇਣਾ ਪੈਂਦਾ। ਸਿੱਧੀ ਆਉਣ ਵਾਲੀ ਪਾਰਟੀ ਤੋਂ ਉਹ ਘੱਟ ਪੈਸੇ ਲੈ ਲੈਂਦਾ।

ਉਸ ਨੂੰ ਫਸਾਉਣ ਲਈ ਸੰਮਤੀ ਨੂੰ ਬਹੁਤੇ ਪੈਸੇ ਖ਼ਰਚਣ ਦੀ ਲੋੜ ਨਹੀਂ। ਪਹਿਲੇ ਹੱਲੇ ਉਹ ਜ਼ਰੂਰ ਦਸ ਹਜ਼ਾਰ ਮੰਗੇਗਾ। ਜਦੋਂ ਧਿਰ ਉੱਠਣ ਲੱਗੀ ਤਾਂ ਉਹ ਰਿਆਇਤਾਂ ਵੀ ਥੋਕ ਦੇ ਭਾਅ ਕਰੇਗਾ। ਉਤਰਦਾ-ਉਤਰਦਾ ਚਾਰ-ਪੰਜ ਸੌ ਤਕ ਆ ਜਾਏਗਾ।

ਉਹ ਕਰੇ ਵੀ ਕੀ? ਉਹ ਗੋਡੇ-ਗੋਡੇ ਕਬੀਲਦਾਰੀ ਵਿਚ ਧਸਿਆ ਹੋਇਆ ਸੀ। ਪੂਰੀਆਂ ਅੱਧੀ ਦਰਜਨ ਧੀਆਂ ਦਾ ਬਾਪ ਸੀ। ਦੋ ਵਿਆਹ ਚੱਕਾ ਸੀ, ਬਾਕੀ ਦੀਆਂ ਚਾਰਾਂ ਨੂੰ ਭਾਵੇਂ ਅੱਜ ਵਿਆਹ ਦੇਵੇ।

ਜਾਣਨ ਵਾਲੇ ਜਾਣਦੇ ਸਨ ਉਹ ਓਡਾ ਜ਼ਿਮੀਂਦਾਰ ਨਹੀਂ, ਜਿੱਡਾ ਆਪਣੇ ਆਪ ਨੂੰ ਆਖਦਾ ਸੀ। ਪਿੰਡ ਉਸ ਦਾ ਨਾ ਫ਼ਾਰਮ ਸੀ, ਨਾ ਬਾਗ਼। ਤਿੰਨਾਂ ਭਾਈਆਂ ਕੋਲ ਸਾਰੀ ਅੱਠ ਕਿੱਲੇ ਜ਼ਮੀਨ ਸੀ। ਠੇਕੇ ਜਿੰਨੀ ਤਾਂ ਟੱਬਰ ਕਣਕ ਖਾ ਜਾਂਦਾ ਸੀ। ਕਬੀਲਦਾਰੀ ਦਾ ਬੋਝ ਉਸ ਨੂੰ ਨੌਕਰੀ ਵਿਚੋਂ ਹੀ ਕੱਢਣਾ ਪੈਂਦਾ ਸੀ।

ਰਿਸ਼ਵਤ ਬਚਨ ਸਿੰਘ ਭਾਵੇਂ ਸ਼ਰੇਆਮ ਲੈਂਦਾ ਸੀ ਪਰ ਉਸ ਨੂੰ ਵੀ ਆਸਾਨੀ ਨਾਲ ਰੰਗੇ ਹੱਥੀਂ ਨਹੀਂ ਸੀ ਫੜਾਇਆ ਜਾ ਸਕਦਾ। ਵਿਜੀਲੈਂਸ ਵਾਲਿਆਂ ਨੂੰ ਹਰ ਘੜੀ ਸਰਕਾਰੀ ਵਕੀਲ ਦੀ ਜ਼ਰੂਰਤ ਰਹਿੰਦੀ ਸੀ। ਸੌਖਿਆਂ ਉਹ ਉਸ ’ਤੇ ਰੇਡ ਨਹੀਂ ਕਰਨ ਲੱਗੇ।

ਗੁਰਮੀਤ ਦਾ ਤਜਰਬਾ ਇਹੋ ਆਖਦਾ ਸੀ।

“ਕੋਈ ਨਹੀਂ। ਸਾਡੇ ਲਈ ਉਸ ਨੂੰ ਫੜਾਉਣਾ ਕੋਈ ਜ਼ਰੂਰੀ ਨਹੀਂ। ਸੰਮਤੀ ਦਾ ਮਕਸਦ ਮੁਲਾਜ਼ਮਾਂ ਨੂੰ ਹੁਸ਼ਿਆਰ ਕਰਨਾ ਹੈ। ਉਹ ਆਪਣੇ-ਆਪਣੇ ਘੇਰੇ ਵਿਚ ਰਹਿ ਕੇ ਕੰਮ ਕਰਨ ਤਾਂ ਠੀਕ। ਉਹ ਦਾਇਰੇ ਵਿਚੋਂ ਬਾਹਰ ਨਿਕਲਣਗੇ ਤਾਂ ਸੰਮਤੀ ਵੀ ਹਮਲਾ ਕਰੇਗੀ। ਬਚਨ ਸਿੰਘ  ’ਤੇ ਰੇਡ ਹੋਣ ਨਾਲ ਹੋਰਾਂ ਨੂੰ ਕੰਨ ਤਾਂ ਹੋਣਗੇ।” ਇਹ ਬਾਬਾ ਜੀ ਦਾ ਵਿਚਾਰ ਸੀ।

ਮੋਹਨ ਜੀ ਕੋਈ ਆਸਾਮੀ ਤਿਆਰ ਕਰੇਗਾ। ਗੁਰਮੀਤ ਉਸ ਨੂੰ ਵਿਜੀਲੈਂਸ ਵਾਲਿਆਂ ਕੋਲ ਲੈ ਕੇ ਜਾਏਗਾ।

ਪੁਲਿਸ ਨੂੰ ਨੱਥ ਪਾਉਣ ਲਈ ਸਮੁੱਚਾ ਹੰਭਲਾ ਮਾਰਿਆ ਜਾਏਗਾ। ਹਰ ਪਿੰਡ ਦੀ ਇਕਾਈ ਸੁਚੇਤ ਰਹੇਗੀ, ਕਿਸੇ ਵੀ ਸਿਪਾਹੀ, ਹੌਲਦਾਰ ਨੂੰ ਪਿੰਡ ਵਿਚ ਪੁੱਠਾ ਸਿੱਧਾ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਕੋਈ ਕਰੇ ਤਾਂ ਪਹਿਲਾਂ ਪਿੰਡ ਵਿਚ ਉਸ ਦਾ ਜਲੂਸ ਕੱਢਿਆ ਜਾਏਗਾ। ਫੇਰ ਉੱਚ-ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਜਾਏਗੀ।

ਥਾਣੇਦਾਰਾਂ ਅਤੇ ਡਿਪਟੀਆਂ ਦੇ ਸਕੈਂਡਲ ਨੂੰ ਅਖ਼ਬਾਰਾਂ ਵਿਚ ਉਛਾਲਿਆ ਜਾਏਗਾ। ਰਾਈ ਦਾ ਪਹਾੜ ਬਣਾਇਆ ਜਾਏਗਾ।

ਸਮਗਲਰਾਂ ’ਤੇ ਨਜ਼ਰ ਰੱਖੀ ਜਾਏਗੀ। ਜਿਉਂ ਹੀ ਪੁਲਿਸ ਨਾਲ ਮਿਲ-ਬੈਠਣ, ਦਬੋਚ ਲਏ ਜਾਣਗੇ।

ਮੁੱਕਦੀ ਗੱਲ ਕਿ ਹਰ ਮੁਲਾਜ਼ਮ ਨੂੰ ਆਪਣੀ ਨੌਕਰੀ ਖ਼ਤਰੇ ਵਿਚ ਨਜ਼ਰ ਆਏਗੀ। ਹਰ ਕੋਈ ਆਪਣੀ-ਆਪਣੀ ਪੜਤਾਲ ਵਿਚ ਉਲਝ ਜਾਏਗੀ। ਸਭ ਦੇ ਹੌਸਲੇ ਪਸਤ ਹੋ ਜਾਣਗੇ। ਕਿਸੇ ਨੂੰ ਕਿਸੇ ਵਿਚ ਨਾਜਾਇਜ਼ ਤੰਗ ਕਰਨ ਦੀ ਹਿੰਮਤ ਨਹੀਂ ਰਹੇਗੀ। ਆਪਣੀਆਂ ਗੁੱਥੀਆਂ ਸੁਲਝਾਉਣ ਵਿਚ ਉਲਝੀ ਪੁਲਿਸ ਨੂੰ ਸੰਮਤੀ ਦੁਆਲੇ ਜਾਲ ਵਿਛਾਉਣ ਦਾ ਸਮਾਂ ਨਹੀਂ ਮਿਲੇਗਾ।

ਸੰਮਤੀ ਦੀ ਇਸ ਯੋਜਨਾ ਨਾਲ ਵਰਕਰਾਂ ਵਿਚ ਨਵੀਂ ਰੂਹ ਫੂਕੀ ਗਈ।

 

 

19

ਬਚਨ ਸਿੰਘ ’ਤੇ ਰੇਡ ਕਰਾਉਣ ਲਈ ਸੰਮਤੀ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਉਸ ਨੂੰ ਕੋਈ ਅਜਿਹਾ ਬੰਦਾ ਨਹੀਂ ਸੀ ਲੱਭ ਰਿਹਾ ਜਿਸ ਨੂੰ ਮੁਦੱਈ ਬਣਾ ਕੇ ਬਚਨ ਸਿੰਘ ’ਤੇ ਰੇਡ ਕਰਵਾਇਆ ਜਾ ਸਕੇ।

ਪਹਿਲਾਂ ਇਹ ਜ਼ਿੰਮੇਵਾਰੀ ਮੋਹਨ ਜੀ ਨੇ ਆਪਣੇ ਸਿਰ ਲਈ ਸੀ। ਇਸ ਨੂੰ ਨਿਭਾਉਣ ਤੋਂ ਹੁਣ ਉਹ ਕੰਨੀਂ ਕਤਰਾ ਰਿਹਾ ਸੀ। ਉਸ ਨੂੰ ਲੱਗਾ ਸੀ ਜਿਵੇਂ ਚੋਰੀ-ਯਾਰੀ ਵਾਂਗ ਇਹ ਕਾਰਾ ਵੀ ਕਿਸੇ ਤੋਂ ਲੁਕਿਆ ਨਹੀਂ ਸੀ ਰਹਿਣਾ। ਬਚਨ ਸਿੰਘ ਨਾਲ ਕਿਹੜਾ ਉਸ ਦੀ ਨਿੱਜੀ ਦੁਸ਼ਮਣੀ ਸੀ। ਮੋਹਨ ਜੀ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਸੀ। ਉਸ ਨੇ ਆਪਣੇ ਆਪ ਨਾਲ ਫ਼ੈਸਲਾ ਕਰ ਲਿਆ ਕਿ ਉਹ ਬੰਟੀ ਕਤਲ ਕੇਸ ਦੀ ਪੈਰਵਾਈ ਤਾਂ ਕਰੇਗਾ ਪਰ ਦੁਸ਼ਮਣੀਆਂ ਮੁੱਲ ਨਹੀਂ ਲਏਗਾ। ਆਪਣੇ ਸਾਇਲਾਂ ਦੀ ਭਲਾਈ ਲਈ ਉਸ ਨੂੰ ਅਫ਼ਸਰਾਂ ਨਾਲ ਲੈਣ-ਦੇਣ ਕਰਨਾ ਪੈਂਦਾ ਸੀ। ਇਕ ਵਾਰ ਪੜ੍ਹਤ ਮਾਰੀ ਗਈ ਤਾਂ ਸਾਰੇ ਅਫ਼ਸਰ ਉਸ ’ਤੇ ਵਿਸ਼ਵਾਸ ਕਰਨੋਂ ਹਟ ਜਾਣਗੇ। ਕੋਲਿਆਂ ਦੀ ਦਲਾਲੀ ਵਿਚ ਉਹ ਆਪਣਾ ਮੂੰਹ ਕਾਲਾ ਨਹੀਂ ਕਰੇਗਾ।

ਮੋਹਨ ਜੀ ਤਾਂ ਪਿੱਛੇ ਹਟ ਗਿਆ ਪਰ ਪਿਆਰੇ ਲਾਲ ਦੇ ਸਿਰਤੋੜ ਯਤਨ ਜਾਰੀ ਰਹੇ। ਪਟਵਾਰੀ, ਕੰਪਾਊਡਰ ਜਾਂ ਕਿਸੇ ਬਾਬੂ ’ਤੇ ਰੇਡ ਕਰਾਉਣ ਲਈ ਵੀਹ ਤਿਆਰ ਸਨ ਪਰ ਇਸ ਪਹਾੜ ਨਾਲ ਮੱਥਾ ਲਾਉਣ ਤੋਂ ਸਭ ਡਰਦੇ ਸਨ।

ਕਈ ਦਿਨਾਂ ਬਾਅਦ ਪਿਆਰੇ ਲਾਲ ਨੂੰ ਆਪਣੇ ਜਮਾਤੀ ਭਿੰਦਰ ਦੀ ਯਾਦ ਆਈ।

ਅੱਜ ਕੱਲ੍ਹ ਉਹ ਸਬਜ਼ੀ ਵੇਚਦਾ ਸੀ। ਪਹਿਲਾਂ ਉਹ ਦੁੱਧ ਢੋਂਦਾ ਸੀ।

ਇਕ ਦਿਨ ਮੂੰਹ-ਹਨੇਰੇ ਸੈਂਪਲ ਵਾਲਿਆਂ ਨੇ ਉਸ ਨੂੰ ਘੇਰ ਲਿਆ ਸੀ।

ਜਿੰਨੇ ਪੈਸੇ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਉਸ ਤੋਂ ਮੰਗੇ ਗਏ, ਉਨੇ ਦੇਣ ਦੀ ਉਸ ਦੀ ਪਹੁੰਚ ਨਹੀਂ ਸੀ।

ਜੱਜ ਵੀ ਉਸ ਦੀ ਪਹੁੰਚ ਤੋਂ ਬਾਹਰ ਸੀ।

ਕਿਸਮਤ ’ਤੇ ਡੋਰੀ ਸੁੱਟ ਕੇ ਉਹ ਫ਼ੈਸਲਾ ਉਡੀਕਣ ਲੱਗਾ।

ਦੋ ਸਾਲ ਦੀ ਕੈਦ ਹੋਈ ਅਤੇ ਤਿੰਨ ਹਜ਼ਾਰ ਰੁਪਏ ਜੁਰਮਾਨਾ।

ਗਹਿਣੇ-ਗੱਟੇ ਵੇਚ ਕੇ ਅਪੀਲ ਕੀਤੀ। ਅੱਗੇ ਬਚਨ ਸਿੰਘ ਨਾਲ ਵਾਹ ਪੈ ਗਿਆ।

ਧੱਕੇ ਖਾ-ਖਾ ਭਿੰਦਰ ਸਿਆਣਾ ਹੋ ਚੁੱਕਾ ਸੀ। ਰਿਸ਼ਵਤ ਵਾਲਾ ਕੌੜਾ ਘੁੱਟ ਉਸ ਨੂੰ ਭਰਨਾ ਹੀ ਪੈਣਾ ਸੀ।

ਬਚਨ ਸਿੰਘ ਨਾਲ ਸੌਦਾ ਤਹਿ ਹੋਇਆ। ਤਿੰਨ ਹਜ਼ਾਰ ਬਦਲੇ ਉਸ ਨੇ ਉਸ ਨੂੰ ਬਰੀ ਕਰਾਉਣਾ ਸੀ।

ਨਾ ਉਹ ਬਰੀ ਹੋਇਆ, ਨਾ ਬਚਨ ਸਿੰਘ ਨੇ ਪੈਸੇ ਮੋੜੇ।

ਕੈਦ ਕੱਟ ਕੇ ਭਿੰਦਰ ਜਦੋਂ ਵਾਪਸ ਆਇਆ ਤਾਂ ਉਸ ਨੂੰ ਬਚਨ ਸਿੰਘ ਦਾ ਖ਼ਿਆਲ ਆਇਆ। ਪੈਸੇ ਵਾਪਸ ਕਰਾਉਣ ਉਹ ਬਚਨ ਸਿੰਘ ਕੋਲ ਗਿਆ। ਉਹ ਸਾਫ਼ ਮੁੱਕਰ ਗਿਆ। ਅਖੇ ਗੰਗਾ ਗਏ ਫੁੱਲ ਵੀ ਕਦੇ ਮੁੜੇ ਨੇ।

ਬਚਨ ਸਿੰਘ ਆਪਣਾ ਫ਼ਰਜ਼ ਨਿਭਾ ਚੁੱਕਾ ਸੀ। ਜੱਜ ਨੇ ਭਿੰਦਰ ਦੀ ਸਜ਼ਾ ਵੀ ਘਟਾ ਦਿੱਤੀ ਸੀ ਅਤੇ ਜੁਰਮਾਨਾ ਵੀ। ਇਹ ਸਭ ਬਚਨ ਸਿੰਘ ਦੀ ਕਿਰਪਾ ਕਾਰਨ ਹੀ ਹੋਇਆ ਸੀ। ਭਿੰਦਰ ਹੋਰ ਕੀ ਭਾਲਦਾ ਸੀ?

ਹੱਥ ਮਲਣ ਤੋਂ ਸਿਵਾ ਉਹ ਕੁਝ ਨਹੀਂ ਸੀ ਕਰ ਸਕਿਆ।

ਹੁਣ ਮੌਕਾ ਸੀ। ਭਿੰਦਰ ਜੇ ਚਾਹੇ ਤਾਂ ਆਪਣੇ ਅੰਦਰ ਬਲਦੀ ਜਵਾਲਾ ਠੰਢੀਕਰਸਕਦਾਸੀ।

ਭਿੰਦਰ ਝੱਟ ਮੰਨ ਗਿਆ।

ਪਿਆਰੇ ਲਾਲ ਅਤੇ ਭਿੰਦਰ ਨੂੰ ਵਿਜੀਲੈਂਸ ਵਾਲਿਆਂ ਕੋਲ ਭੇਜਣ ਤੋਂ ਪਹਿਲਾਂ ਗੁਰਮੀਤ ਸਿੰਘ ਕੋਲ ਪੇਸ਼ ਕੀਤਾ ਗਿਆ। ਵਿਜੀਲੈਂਸ ਵਾਲਿਆਂ ਨੇ ਕੀ ਚਾਲਾਂ ਚੱਲਣੀਆਂ ਹਨ ਅਤੇ ਉਹਨਾਂ ਨੂੰ ਕਿਵੇਂ ਮਾਤ ਦੇਣਾ ਹੈ, ਇਹ ਵਿਸਥਾਰ ਪੂਰਵਕ ਸਮਝਾਇਆ ਗਿਆ।

ਗੁਰਮੀਤ ਦੇ ਦੱਸੇ ਗੁਰ ਪੈਰ-ਪੈਰ ’ਤੇ ਕੰਮ ਆਉਣੇ ਸਨ।

“ਕੀਹਦੇ ਜੋੜਾਂ ’ਚ ਬੈਠਣ ਆਏ ਹੋ?” ਦਿਓ ਕੱਦ ਅਤੇ ਕੁੰਢੀਆਂ ਮੁੱਛਾਂ ਵਾਲੇ ਵਿਜੀਲੈਂਸ ਇੰਸਪੈਕਟਰ ਨੇ ਰੋਹਬ ਝਾੜਦਿਆ ਉਹਨਾਂ ਦਾ ਸਵਾਗਤ ਕੀਤਾ।

ਜੇ ਗੁਰਮੀਤ ਨੇ ਚੌਕਸ ਨਾ ਕੀਤਾ ਹੁੰਦਾ ਤਾਂ ਭਿੰਦਰ ਇਸ ਘੁਰਕੀ ’ਤੇ ਧੁਰ ਅੰਦਰ ਤੱਕ ਹਿੱਲ ਜਾਂਦਾ।

“ਖਸਮ ਤੋਂ ਕੋਈ ਗ਼ਲਤ ਕੰਮ ਕਰਾਉਣਾ ਹੋਊ। ਅਗਲਾ ਨਹੀਂ ਕਰਦਾ ਹੋਣਾ ਤਾਂ ਹੀ ਅੰਦਰ ਕਰਾਉਣਾ ਹੋਊ।” ਭਿੰਦਰ ਦੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਇੰਸਪੈਕਟਰ ਬੋਲਣ ਲੱਗਾ।

ਪਿਆਰੇ ਲਾਲ ਨੇ ਵਕੀਲ ਵਜੋਂ ਆਪਣੀ ਜਾਣ-ਪਹਿਚਾਣ ਕਰਾਈ। ਇੰਸਪੈਕਟਰ ਦੇ ਤੇਵਰ ਕੁਝ-ਕੁਝ ਬਦਲਣ ਲੱਗੇ।

“ਦੱਸੋ ਕਿਹੜਾ ਅਫ਼ਸਰ ਹੈ ਅਤੇ ਕਿੰਨੇ ਪੈਸੇ ਮੰਗਦੈ?” ਇੰਸਪੈਕਟਰ ਦਾ ਅਗਲਾ ਸਵਾਲ ਉਹੋ ਸੀ, ਜਿਹੜਾ ਗੁਰਮੀਤ ਅਨੁਸਾਰ ਉਸ ਨੇ ਉਹਨਾਂ ਤੋਂ ਪੁੱਛਣਾ ਸੀ।

ਇਸ ਸਵਾਲ ਦਾ ਜਵਾਬ ਉਹਨਾਂ ਨੇ ਸਿੱਧੇ ਢੰਗ ਨਾਲ ਨਹੀਂ ਸੀ ਦੇਣਾ। ਜੇ ਉਹਨਾਂ ਬਚਨ ਸਿੰਘ ਦਾ ਨਾਂ ਲੈ ਦਿੱਤਾ ਤਾਂ ਇੰਸਪੈਕਟਰ ਨੇ ਕੁਰਸੀ ਤੋਂ ਬੁੜ੍ਹਕ ਪੈਣਾ ਸੀ। ਵਿਚੇ ਚਾਰ ਗਾਲ੍ਹਾਂ ਪਿਆਰੇ ਲਾਲ ਨੂੰ ਕੱਢਣੀਆਂ ਸੀ। ਬਚਨ ਸਿੰਘ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦੇਣੇ ਸਨ। ਜੇ ਉਹ ਫੇਰ ਵੀ ਜ਼ਿਦ ਕਰ ਕੇ ਬੈਠ ਗਏ ਤਾਂ ਉਸ ਨੇ ਕੰਮ ਕਰਾਉਣ ਦਾ ਵਾਅਦਾ ਕਰਕੇ ਟਾਲ ਦੇਣਾ ਸੀ।

ਸਰਕਾਰੀ ਵਕੀਲ ਨੂੰ ਫੜ ਕੇ ਇੰਸਪੈਕਟਰ ਨੇ ਆਪਣੀ ਪੜਤ ਗੰਦੀ ਥੋੜ੍ਹਾ ਕਰਾਉਣੀਸੀ।

ਪ੍ਰਾਸੀਕਿਊਸ਼ਨ ਅਤੇ ਪੁਲਿਸ ਦਾ ਹੱਡ-ਮਾਸ ਦਾ ਰਿਸ਼ਤਾ ਸੀ। ਪੁਲਿਸ ਸਰਕਾਰੀ ਵਕੀਲ ਦਾ ਬਾਹੂ-ਬਲ ਸੀ ਅਤੇ ਸਰਕਾਰੀ ਵਕੀਲ ਪੁਲਿਸ ਦਾ ਦਿਮਾਗ਼। ਇਕ ਨੂੰ ਨੁਕਸਾਨ ਪੁੱਜਣ ਨਾਲ ਦੂਜੇ ਨੂੰ ਨੁਕਸਾਨ ਆਪੇ ਪੁੱਜ ਜਾਣਾ ਸੀ।

“ਤੁਸੀਂ ਸਾਡੇ ਨਾਲ ਚੱਲੋ। ਮੌਕੇ ’ਤੇ ਸਭ ਪਤਾ ਲੱਗ ਜੂ।”

“ਐਂ ਮੈਂ ਮੂੰਹ ਚੁੱਕ ਕੇ ਕਿਵੇਂ ਤੁਰ ਪਾਂ? ਮੈਂ ਜ਼ਿੰਮੇਵਾਰ ਅਫ਼ਸਰ ਹਾਂ। ਫੜੇ ਜਾਣ ਵਾਲੇ ਦਾ ਅਤਾ-ਪਤਾ ਤਾਂ ਹੋਵੇ।” ਖਿਝੇ ਇੰਸਪੈਕਟਰ ਨੇ ਪਿਆਰੇ ਲਾਲ ਦੀ ਡਿਗਰੀ ਦੀ ਪਰਵਾਹ ਕਰਨੀ ਛੱਡ ਦਿੱਤੀ।

ਹੁਣ ਜਦੋਂ ਕਿ ਫ਼ਰਿਆਦੀ ਨਾਲ ਵਕੀਲ ਸੀ ਅਤੇ ਵਕੀਲ ਹੁਸ਼ਿਆਰੀ ਵਰਤ ਰਿਹਾ ਸੀ ਤਾਂ ਇੰਸਪੈਕਟਰ ਲਈ ਸ਼ਿਕਾਰ ਦਾ ਨਾਂ ਜਾਣਨਾ ਹੋਰ ਵੀ ਜ਼ਰੂਰੀ ਹੋ ਗਿਆ ਸੀ। ਫੜਿਆ ਜਾਣ ਵਾਲਾ ਜ਼ਰੂਰ ਕੋਈ ਪੁਲਿਸ ਮੁਲਾਜ਼ਮ ਸੀ ਜਾਂ ਵਿਜੀਲੈਂਸ ਵਾਲਿਆਂ ਦਾ ਮਿੱਤਰ ਪਿਆਰਾ। ਇੰਨਾ ਕੁ ਇੰਸਪੈਕਟਰ ਦੀ ਸਮਝ ਆ ਗਿਆ ਸੀ।

ਇੰਸਪੈਕਟਰ ਦੇ ਜ਼ਿਹਨ ਵਿਚ ਮਿੱਤਰ ਅਫ਼ਸਰਾਂ ਦੇ ਅਕਸ ਉਭਰਨ ਲੱਗੇ।

ਕਿਧਰੇ ਉਹ ਨਾਇਬ ਤਹਿਸੀਲਦਾਰ ਨਾ ਹੋਵੇ? ਹਾਲੇ ਕੱਲ੍ਹ ਹੀ ਉਸ ਨੇ ਇੰਸਪੈਕਟਰ ਦਾ ਕੰਮ ਕੀਤਾ ਸੀ। ਇਕ ਨਜੂਲ ਪਲਾਟ ’ਤੇ ਉਸ ਦਾ ਕਬਜ਼ਾ ਕਰਾਇਆ ਸੀ।

ਕਿਧਰੇ ਉਹ ਇੰਡਸਟਰੀ ਇੰਸਪੈਕਟਰ ਹੀ ਨਾ ਹੋਵੇ? ਕੁਝ ਦਿਨ ਪਹਿਲਾਂ ਉਸ ਨੇ ਸਾਹਿਬ ਦੇ ਮੁੰਡੇ ਨੂੰ ਸਟੀਲ ਦਾ ਕੋਟਾ ਮਨਜ਼ੂਰ ਕਰਵਾ ਕੇ ਦਿੱਤਾ ਸੀ।

ਫੂਡ ਸਪਲਾਈ ਇੰਸਪੈਕਟਰ ਨੇ ਹੌਲਦਾਰ ਦੀ ਭੈਣ ਦੇ ਵਿਆਹ ’ਤੇ ਮਿਠਾਈਆਂ ਦੀ ਛਹਿਬਰ ਲਾਈ ਸੀ।

ਬਿਨਾਂ ਅਫ਼ਸਰ ਦਾ ਨਾਂ-ਪਤਾ ਜਾਣਿਆਂ ਉਹ ਕੁਰਸੀ ਤੋਂ ਨਹੀਂ ਉੱਠੇਗਾ। ਮਨ ਹੀ ਮਨ ਇੰਸਪੈਕਟਰ ਨੇ ਫ਼ੈਸਲਾ ਕਰ ਲਿਆ।

“ਨਾਂ-ਪਤਾ ਨਹੀਂ ਦੱਸਣਾ ਤਾਂ ਅਰਜ਼ੀ-ਪੱਤਰ ਤਾਂ ਦਿਓ। ਕਿਸੇ ਸ਼ਰੀਫ਼ ਆਦਮੀ ਨੂੰ ਹੱਥ ਪਾਉਣ ਤੋਂ ਪਹਿਲਾਂ ਸਾਡੇ ਪੱਲੇ ਕੁਝ ਤਾਂ ਹੋਵੇ।” ਅਫ਼ਸਰ ਦਾ ਨਾਂ ਜਾਣਨ ਲਈ ਇੰਸਪੈਕਟਰ ਹਰ ਹੱਥਕੰਡਾ ਵਰਤਣ ਲੱਗਾ।

ਪਿਆਰੇ ਲਾਲ ਨੇ ਇਕ ਬੰਦ ਲਿਫ਼ਾਫ਼ਾ ਇੰਸਪੈਕਟਰ ਵੱਲ ਵਧਾਇਆ।

“ਇਸ ਲਿਫ਼ਾਫ਼ੇ ਵਿਚ ਹਲਫ਼ੀਆ ਬਿਆਨ ਹੈ। ਮੈਜਿਸਟ੍ਰੇਟ ਕੋਲੋਂ ਤਸਦੀਕ ਕਰਵਾਇਆ ਹੋਇਆ। ਸ਼ਿਕਾਇਤ ਝੂਠੀ ਨਿਕਲੀ ਤਾਂ ਬੇਸ਼ੱਕ ਸਾਡੇ ਖ਼ਿਲਾਫ਼ ਕਾਰਵਾਈ ਕਰ ਲੈਣਾ।”

ਇਸ ਸਵਾਲ ਦੇ ਜਵਾਬ ਦੀ ਤਿਆਰੀ ਵੀ ਉਹ ਪਹਿਲਾਂ ਹੀ ਕਰ ਕੇ ਆਏ ਸਨ।

ਲਿਫ਼ਾਫ਼ਾ ਦੇਖ ਕੇ ਇੰਸਪੈਕਟਰ ਦੇ ਤਨ-ਬਦਨ ਨੂੰ ਅੱਗ ਲੱਗ ਗਈ। ਵਕੀਲ ਨਹਿਲੇ ’ਤੇ ਦਹਿਲਾ ਜੜਦਾ ਜਾ ਰਿਹਾ ਸੀ।

“ਬੇਵਸਾਹੀ ਕਰ ਕੇ ਕਰਾ ਲਿਉ ਫੇਰ ਕੰਮ।” ਕੰਮ ਨਾ ਕਰਨ ਦਾ ਸੰਕਲਪ ਇੰਸਪੈਕਟਰ ਨੇ ਇਕ ਵਾਰ ਫੇਰ ਦੁਹਰਾਇਆ।

“ਸਾਡੀ ਇਕ ਬੇਨਤੀ ਹੈ। ਲਿਫ਼ਾਫ਼ੇ ਨੂੰ ਮੌਕੇ ’ਤੇ ਹੀ ਖੋਲ੍ਹਣਾ।”

ਪਿਆਰੇ ਲਾਲ ਦੀ ਇਸ ਬੇਨਤੀ ’ਤੇ ਇੰਸਪੈਕਟਰ ਅੰਦਰ ਬਲਦੀ ਅੱਗ ’ਤੇ ਤੇਲ ਤਾਂ ਪਿਆ ਪਰ ਉਹ ਬੁਖਲਾਇਆ ਨਾ।

“ਠੀਕ ਹੈ, ਪਰ ਇਕ ਸਮੱਸਿਆ ਹੈ। ਇਸ ਵਕਤ ਨਾ ਮੇਰੇ ਕੋਲ ਗੱਡੀ ਹੈ ਨਾ ਸਟਾਫ਼। ਤੁਸੀਂ ਗੱਡੀ ਦਾ ਪ੍ਰਬੰਧ ਕਰੋ, ਮੈਂ ਸਟਾਫ਼ ਦਾ ਕਰਦਾਂ।”

ਲਿਫ਼ਾਫ਼ਾ ਜੇਬ ਵਿਚ ਪਾ ਕੇ ਇੰਸਪੈਕਟਰ ਕੁਰਸੀ ਤੋਂ ਉੱਠ ਖਲੋਤਾ। ਉਹ ਸਟਾਫ਼ ਦਾ ਪ੍ਰਬੰਧ ਕਰਨ ਲਈ ਇਧਰ-ਉਧਰ ਟਹਿਲਣ ਲੱਗਾ।

ਭਿੰਦਰ ਗੱਡੀ ਲੈਣ ਤੁਰ ਗਿਆ। ਪਿਆਰੇ ਲਾਲ ਇੰਸਪੈਕਟਰ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲੱਗਾ।

ਗੱਡੀ ਦਸ ਮਿੰਟ ਬਾਅਦ ਆ ਗਈ। ਦੋ ਮਿੰਟ ਲਈ ਗਿਆ ਇੰਸਪੈਕਟਰ ਤਿੰਨ ਘੰਟੇ ਨਾ ਮੁੜਿਆ। ਪਿਆਰੇ ਲਾਲ ਨੂੰ ਝੱਟ ਖੁੜਕ ਗਈ। ਤੀਰ ਉਹਨਾਂ ਦੀ ਕਮਾਨੋਂ ਨਿਕਲ ਚੁੱਕਾ ਸੀ।

ਪੰਜ ਵਜਾ ਕੇ ਆਏ ਇੰਸਪੈਕਟਰ ਦਾ ਚਿਹਰਾ ਸ਼ਾਂਤ ਸੀ।

ਆਉਂਦਿਆਂ ਹੀ ਉਸ ਨੇ ਮੁਆਫ਼ੀ ਮੰਗੀ। ਸਾਹਿਬ ਨੇ ਉਸ ਨੂੰ ਇਕ ਜ਼ਰੂਰੀ ਮੀਟਿੰਗ ਲਈ  ਬੁਲਾ ਲਿਆ ਸੀ, ਉਥੇ ਦੇਰ ਹੋ ਗਈ।

ਸੁਬ੍ਹਾ ਫੇਰ ਆਉਣ। ਠੀਕ ਦਸ ਵਜੇ। ਵਿਜੀਲੈਂਸ ਦੀ ਗੱਡੀ ਵੀ ਤਿਆਰ ਹੋਏਗੀ ਅਤੇ ਸਟਾਫ਼ ਵੀ। ਗਿਆਰਾਂ ਵੱਜਦੇ ਨੂੰ ਸ਼ਿਕਾਰ ਪਿੰਜਰੇ ਵਿਚ ਹੋਏਗਾ।

ਮੂੰਹ ਲਟਕਾਈ ਉਹ ਵਾਪਸ ਆ ਗਏ।

ਪੁਲਿਸ ਨੇ ਉਹਨਾਂ ਨੂੰ ਮਾਤ ਦਿੱਤੀ ਸੀ ਅਤੇ ਉਹਨਾਂ ਨੇ ਪੁਲਿਸ ਨੂੰ।

ਹਲਫ਼ੀਆ ਬਿਆਨ ਵਿਚ ਉਹਨਾਂ ਬਚਨ ਸਿੰਘ ਦੀ ਥਾਂ ਨਾਇਬ ਤਹਿਸੀਲਦਾਰ ਦਾ  ਨਾਂ ਲਿਖਿਆ ਸੀ। ਜੇ ਬਚਨ ਸਿੰਘ ਦਾ ਨਾਂ ਲਿਖ ਦਿੱਤਾ ਹੁੰਦਾ ਤਾਂ ਸਾਰੀ ਯੋਜਨਾ ਧਰੀ-ਧਰਾਈ ਰਹਿ ਜਾਂਦੀ।

ਪਿਆਰੇ ਲਾਲ ਦੇ ਅਸਫ਼ਲ ਹੋਣ ਬਾਅਦ ਇਹ ਜ਼ਿੰਮੇਵਾਰੀ ਗੁਰਮੀਤ ਨੂੰ ਸੌਂਪੀ ਗਈ।

ਦੁਬਾਰਾ ਅਸਫਲਤਾ ਦਾ ਮੂੰਹ ਨਾ ਦੇਖਣਾ ਪਏ, ਇਸ ਲਈ ਸਾਰੇ ਹਾਲਾਤਾਂ ਦਾ ਇਕ ਵਾਰ ਫੇਰ ਜਾਇਜ਼ਾ ਲਿਆ ਗਿਆ।

ਵਿਜੀਲੈਂਸ ਵਿਭਾਗ ਵਿਚ ਅੱਜ-ਕੱਲ੍ਹ ਕਿਹੜੇ-ਕਿਹੜੇ ਅਫ਼ਸਰ ਤਾਇਨਾਤ ਸਨ? ਉਹਨਾਂ ਦੇ ਬਚਨ ਸਿੰਘ ਨਾਲ ਕਿਹੋ-ਜਿਹੇ ਸੰਬੰਧ ਸਨ? ਡਿਪਟੀ ਕਿਹੜਾ ਸੀ? ਉਸ ਦਾ ਰਵੱਈਆ ਕਿਹੋ ਜਿਹਾ ਰਹੇਗਾ? ਕੋਈ ਬਚਨ ਸਿੰਘ ਨੂੰ ਹੱਥ ਪਾਏਗਾ ਵੀ ਜਾਂ ਨਹੀਂ?

ਇਸ ਇਲਾਕੇ ਦਾ ਇੰਚਾਰਜ ਕੋਮਲ ਸਿੰਘ ਇੰਸਪੈਕਟਰ ਸੀ।

ਕੋਮਲ ਸਿੰਘ ਅਤੇ ਬਚਨ ਸਿੰਘ ਇਕੋ ਸਿੱਕੇ ਦੇ ਦੋ ਪਾਸੇ ਸਨ।

ਹਾਲੇ ਕੱਲ੍ਹ ਦੀ ਗੱਲ ਹੈ। ਨਰਿੰਜਨ ਸਿੰਘ ਓਵਰਸੀਅਰ ਦੀ ਇਨਕੁਆਇਰੀ ਸਮੇਂ ਬਚਨ ਸਿੰਘ ਨੇ ਕੋਮਲ ਸਿੰਘ ਦਾ ਘਰ ਨੋਟਾਂ ਨਾਲ ਭਰਿਆ ਸੀ।

ਡਿਪਟੀ ੳੇਸਦਾ ਵੀ ਦਾ ਬਾਪ ਸੀ।

ਗੁਰਮੀਤ ਨੂੰ ਪੁਲਿਸ ਕਪਤਾਨ ਨਾਲ ਸੰਪਰਕ ਕਰਨਾ ਪੈਣਾ ਸੀ।

ਬੀਹਲੇ ਵਾਲੇ ਸਰਪੰਚ ਨੇ ਬਚਨ ਸਿੰਘ ਨਾਲ ਪੁਰਾਣਾ ਹਿਸਾਬ ਚੁਕਤਾ ਕਰਨਾ ਸੀ। ਸਰਪੰਚ ਦਾ ਸਾਲਾ ਫਸ ਗਿਆ ਸੀ ਪੰਜ ਕਿੱਲੋ ਡੋਡਿਆਂ ਦੇ ਕੇਸ ’ਚ। ਬਚਨ ਸਿੰਘ ਨੇ ਇਕ ਮਹੀਨਾ ਉਸ ਦੀ ਜ਼ਮਾਨਤ ਨਹੀਂ ਸੀ ਹੋਣ ਦਿੱਤੀ। ਸਰਪੰਚ ਨੇ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਸਨ। ਸਾਲੇ ਦੇ ਮਾਸੂਮ ਬੱਚਿਆਂ ਦਾ ਵਾਸਤਾ ਪਾਇਆ ਸੀ। ਸਰਪੰਚ ਦੀ ਸਾਲੇਹਾਰ ਮਰੀ ਹੋਈ ਸੀ। ਬੱਚੇ ਛੋਟੇ ਸਨ। ਸਾਲੇ ਬਿਨਾਂ ਉਹ ਰਾਤ ਨੂੰ ਡਡਿਆ-ਡਡਿਆ ਉੱਠਦੇ ਸਨ। ਸਰਪੰਚ ਦਾ ਸਾਲਾ ਗ਼ਰੀਬ ਸੀ। ਬਚਨ ਸਿੰਘ ਜਿੰਨੀ ਫ਼ੀਸ ਮੰਗਦਾ ਸੀ, ਓਨੀ ਨਹੀਂ ਸੀ ਦੇ ਸਕਦਾ। ਪਰ ਬਚਨ ਸਿੰਘ ਨੇ ਇਕੋ ਨਾਂਹ ਫੜੀ ਰੱਖੀ।

ਬਚਨ ਸਿੰਘ ਜੇ ਇਕ ਘੰਟੇ ਲਈ ਵੀ ਅੰਦਰ ਹੋ ਜਾਵੇ, ਸਰਪੰਚ ਦਾ ਕਾਲਜਾ ਤਾਂ ਵੀ ਠਰ ਜਾਵੇ। ਉਸ ਨੂੰ ਪਤਾ ਲੱਗ ਜਾਵੇ, ਝੂਠੇ ਕੇਸਾਂ ਵਿਚ ਫਸ ਜਾਣ ਦਾ ਦਰਦ ਕਿਹੋ ਜਿਹਾ ਹੁੰਦੈ।

ਸਰਪੰਚ ਨੂੰ ਲੈ ਕੇ ਗੁਰਮੀਤ ਨੇ ਖ਼ੁਦ ਚੜ੍ਹਾਈ ਕਰ ਦਿੱਤੀ।

ਪੁਲਿਸ ਕਪਤਾਨ ਤੋਂ ਹੇਠਾਂ ਉਸ ਨੇ ਕਿਸੇ ਨਾਲ ਗੱਲ ਨਾ ਕੀਤੀ।

ਉਹ ਇਕ ਰਿਸ਼ਵਤਖ਼ੋਰ ਅਫ਼ਸਰ ਨੂੰ ਫੜਾਉਣ ਆਏ ਸਨ। ਵਿਜੀਲੈਂਸ ਵਾਲੇ ਉਸ ਦੇ ਮਿੱਤਰ ਸਨ। ਉਹ ਉਹਨਾਂ ਨਾਲ ਜਾਣ ਲਈ ਤਿਆਰ ਨਹੀਂ ਸਨ। ਕਪਤਾਨ ਰਿਸ਼ਵਤ ਦੇ ਵਿਰੁੱਧ ਸੀ। ਉਹ ਉਹਨਾਂ ਦੀ ਮਦਦ ਕਰੇ।

ਕਪਤਾਨ ਝੱਟ ਮੰਨ ਗਿਆ। ਫ਼ਰਿਆਦੀ ਨੂੰ ਹਰ ਤਰ੍ਹਾਂ ਦੀ ਮਦਦ ਮਿਲੇਗੀ। ਉਹ ਯਕੀਨ ਦਿਵਾਉਣ ਲੱਗਾ।

ਫੜਿਆ ਜਾਣ ਵਾਲਾ ਇਕ ਗਜ਼ਟਿਡ ਅਫ਼ਸਰ ਸੀ। ਇਸ ਲਈ ਪਾਰਟੀ ਦਾ ਮੁਖੀ ਡਿਪਟੀ ਨੂੰ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੂੰ ਫ਼ੋਨ ਕਰ ਕੇ ਕਿਸੇ ਕਾਰਜਕਾਰੀ ਮੈਜਿਸਟ੍ਰੇਟ ਨੂੰ ਬੁਲਾਇਆ ਜਾਵੇ। ਪੁਲਿਸ ਪਾਰਟੀ ਨੂੰ ਹਦਾਇਤ ਕੀਤੀ ਜਾਵੇ। ਦੋਸ਼ੀ ਨੂੰ ਫੜੇ ਜਾਣ ਤਕ ਉਸ ਦਾ ਨਾਂ ਨਾ ਪੁੱਛਿਆ ਜਾਵੇ।

ਕਪਤਾਨ ਨੇ ਸਭ ਸ਼ਰਤਾਂ ਮੰਨ ਲਈਆਂ।

ਫ਼ਰਿਆਦੀਆਂ ਨੂੰ ਕਪਤਾਨ ਦੇ ਦਫ਼ਤਰ ਬਿਠਾਇਆ ਗਿਆ। ਪੁਲਿਸ ਪਾਰਟੀ ਦੇ ਤਿਆਰ ਹੋਣ ਤਕ ਉਹਨਾਂ ਦੀ ਸ਼ਨਾਖ਼ਤ ਨੂੰ ਗੁਪਤ ਰੱਖਿਆ ਗਿਆ।

ਡਿਪਟੀ ਨੇ ਵਾਲ ਧੁੱਪ ’ਚ ਸਫ਼ੈਦ ਨਹੀਂ ਸੀ ਕੀਤੇ। ਰੇਡ ਤੋਂ ਪਹਿਲਾਂ-ਪਹਿਲਾਂ ਉਸ ਨੇ ਖੋਜ ਲੈਣਾ ਸੀ ਕਿ ਮਾੜੇ ਦਿਨ ਕਿਸ ਦੇ ਆਏ ਸਨ।

ਸਰਪੰਚ ਬੀਹਲੇ ਦਾ ਸੀ। ਇਸ ਲਈ ਰੇਡ ਸ਼ਹਿਰ ਦੇ ਕਿਸੇ ਅਫ਼ਸਰ ’ਤੇ ਹੋਣਾ ਸੀ। ਮੈਜਿਸਟ੍ਰੇਟ  ਨਾਲ ਲਿਆ ਗਿਆ ਹੈ, ਇਸ ਲਈ ਸਾੜ੍ਹਸਤੀ ਕਿਸੇ ਗਜ਼ਟਿਡ ਅਫ਼ਸਰ ’ਤੇ ਚੜ੍ਹਨੀ ਸੀ।

ਨਾਲ ਵਕੀਲ ਸੀ। ਕੋਰਟ ਕਚਹਿਰੀ ਦਾ ਕੋਈ ਅਫ਼ਸਰ ਵੀ ਹੋ ਸਕਦਾ ਸੀ।

ਇੰਨਾ ਕੁ ਅੰਦਾਜ਼ਾ ਲਾ ਕੇ ਡਿਪਟੀ ਜੀਪ ਵਿਚ ਬੈਠ ਗਿਆ।

ਇਸ਼ਾਰੇ ਨਾਲ ਉਸ ਨੇ ਰੀਡਰ ਨੂੰ ਸਮਝਾਇਆ। ਉਹ ਰੇਡ ’ਤੇ ਜਾ ਰਿਹੈ। ਪਿੱਛੋਂ ਉਹ ‘ਖ਼ਿਆਲ’ ਰੱਖੇ।

ਰਸਤੇ ਵਿਚ ਡਿਪਟੀ ਨੇ ਬਥੇਰਾ ਗੱਲੀਂ ਲਾਇਆ। ਵਲ-ਫੇਰ ਪਾ ਕੇ ਅਫ਼ਸਰ ਦਾ ਨਾਂ ਪੁੱਛਣਾ ਚਾਹਿਆ। ਸਰਪੰਚ ਪਕਰੋੜ੍ਹ ਸੀ। ਵੀਹਾਂ-ਪੰਝੀਆਂ ਸਵਾਲਾਂ ਪਿੱਛੋਂ ਮਸਾਂ ਮੂੰਹ ਖੋਲ੍ਹਦਾ ਵੀ ਤਾਂ ਕੁਝ ਪੱਲੇ ਨਾ ਪਾਉਂਦਾ।

ਫ਼ਰਿਆਦੀਆਂ ਨੇ ਜੀਪ ਜਦੋਂ ਕਚਹਿਰੀਆਂ ਅੱਗੇ ਰੁਕਵਾਈ ਤਾਂ ਡਿਪਟੀ ਦੇ ਕੰਨ ਖੜੇ ਹੋ ਗਏ। ਤਹਿਸੀਲਦਾਰ ਦੀ ਸ਼ਾਮਤ ਆਈ ਲੱਗਦੀ ਹੈ। ਵੈਸੇ ਹੁਣ ਤਕ ਰੀਡਰ ਨੇ ਸਭ ਥਾਈਂ ਫ਼ੋਨ ਖੜਕਾ ਦਿੱਤੇ ਹੋਣਗੇ। ਫੇਰ ਵੀ ਉਹ ਯਾਰ ਦੇ ਬਚਾਅ ਦੇ ਢੰਗ ਸੋਚਣ ਲੱਗਾ।

ਡਿਪਟੀ ਦੇ ਸਬਰ ਦੇ ਪਿਆਲੇ ਭਰ ਚੁੱਕੇ ਸਨ। ਉਸ ਤੋਂ ਹੋਰ ਸਬਰ ਨਹੀਂ ਸੀ ਹੋ ਰਿਹਾ। ਉਹ ਡਰ ਰਿਹਾ ਸੀ। ਉਸ ਤੋਂ ਕਿਧਰੇ ਆਪਣੇ ਹੀ ਬੰਦੇ ਦੇ ਗਲ ਤੇ ਅੰਗੂਠਾ ਨਾ ਰੱਖਿਆ ਜਾਵੇ।

ਰੇਡ ਤੋਂ ਪਹਿਲਾਂ ਪੁਲਿਸ ਲਈ ਲਿਖਾ ਪੜ੍ਹੀ ਕਰਨੀ ਜ਼ਰੂਰੀ ਸੀ।ਲਿਖਾ ਪੜੀ ਤਾਂ ਹੋਣੀ ਸੀ ਜੇ ਮੁਲਜ਼ਮ ਦਾ ਨਾਂ ਪਤਾ ਹੋਵੇ।

ਡਿਪਟੀ ਦੇ ਅੜ ਜਾਣ ’ਤੇ ਗੁਰਮੀਤ ਨੂੰ ਝੁਕਣਾ ਪਿਆ। ਹੁਣ ਤੱਕ ਉਹਨਾਂ ਨੇ ਪੁਲਿਸ ਨੂੰ ਫਸਾਈ ਰੱਖਿਆ ਸੀ। ਹੁਣ ਉਹਨਾਂ ਦੇ ਫਸਣ ਦੀ ਵਾਰੀ ਸੀ।

ਸੜਕ ’ਤੇ ਖੜੋ ਕੇ ਲਿਖਾ-ਪੜ੍ਹੀ ਕਰਨੀ ਠੀਕ ਨਹੀਂ ਸੀ। ਉਹ ਢਾਬੇ ਅੱਗੇ ਜਾ ਰੁਕੇ। ਸਰਪੰਚ, ਗੁਰਮੀਤ, ਡਿਪਟੀ ਅਤੇ ਮੈਜਿਸਟ੍ਰੇਟ ਲਿਖਾ-ਪੜ੍ਹੀ ਵਿਚ ਰੁਝ ਗਏ। ਸਿਪਾਹੀ ਚਾਹ ਪੀਣ ਦੇ ਬਹਾਨੇ ਇਧਰ-ਉਧਰ ਖਿੰਡ ਗਏ।

ਖੜੀ ਜੀਪ ਅਤੇ ਘੁੰਮਦੇ ਸਿਪਾਹੀਆਂ ਨੂੰ ਦੇਖ ਕੇ ਵਿਜੀਲੈਂਸ ਪਾਰਟੀ ਦੇ ਕਚਹਿਰੀ ਆਉਣ ਦੀ ਖ਼ਬਰ ਚਾਰੇ ਪਾਸੇ ਫੈਲ ਗਈ।

ਅਫ਼ਸਰ ਪਹਿਲਾਂ ਹੀ ਸੁਚੇਤ ਹੋ ਚੁੱਕੇ ਸਨ। ਅਮਲਾ-ਫੈਲਾ ਵੀ ਚੌਕਸ ਹੋ ਗਿਆ।

ਤਹਿਸੀਲਦਾਰ ਦੌਰੇ ’ਤੇ ਨਿਕਲ ਚੁੱਕਾ ਸੀ। ਨਾਇਬ-ਤਹਿਸੀਲਦਾਰ ਕੱਲ੍ਹ ਤੋਂ ਹਫ਼ਤੇ ਦੀ ਛੁੱਟੀ ’ਤੇ ਸੀ।

ਲਿਖਾ-ਪੜ੍ਹੀ ਮੁਕੰਮਲ ਕਰ ਕੇ ਪੁਲਿਸ ਪਾਰਟੀ ਨੇ ਬਚਨ ਸਿੰਘ ਦੇ ਦਫ਼ਤਰ ਅੱਗੇ ਨਾਕਾ ਲਾ ਲਿਆ।

ਸਰਪੰਚ ਨੂੰ ਅੱਗੇ ਭੇਜਿਆ ਗਿਆ। ਉਹ ਪਾਊਡਰ ਵਾਲੇ ਨੋਟ ਸਰਕਾਰੀ ਵਕੀਲ ਨੂੰ ਫੜਾਏ। ਜਦੋਂ ਉਹ ਪੈਸੇ ਫੜ ਲਏ ਤਾਂ ਪੁਲਿਸ ਪਾਰਟੀ ਨੂੰ ਇਸ਼ਾਰਾ ਕਰੇ। ਬਾਕੀ ਪੁਲਿਸ ਆਪੇ ਸੰਭਾਲ ਲਏਗੀ।

ਸਰਪੰਚ ਦਫ਼ਤਰ ਗਿਆ। ਪਤਾ ਲੱਗਾ, ਉਹ ਕਚਹਿਰੀ ਪੇਸ਼ ਹੋਇਆ ਹੋਇਆ ਹੈ।

ਸਰਪੰਚ ਕਚਹਿਰੀ ਗਿਆ। ਪਤਾ ਲੱਗਾ, ਉਸ ਦੇ ਮਹਿਮਾਨ ਆਏ ਸਨ। ਉਹ ਘਰ ਚਲਾ ਗਿਐ।

ਜਦੋਂ ਸ਼ਿਕਾਰ ਉਡਾਰੀ ਮਾਰ ਗਿਆ ਤਾਂ ਉਦਾਸ ਹੋਇਆ ਡਿਪਟੀ ਸਰਕਾਰੀ ਵਕੀਲ ਦੇ ਦਫ਼ਤਰ ਆ ਬੈਠਾ।

“ਹੁਣ ਕੀ ਕਰੀਏ?” ਕੁਝ ਦੇਰ ਹੋਰ ਇੰਤਜ਼ਾਰ ਕਰਨ ਪਿੱਛੋਂ ਡਿਪਟੀ ਨੇ ਸਰਪੰਚ ਤੋਂ ਪੁੱਛਿਆ।

“ਜਿਵੇਂ ਥੋਡੀ ਮਰਜ਼ੀ।” ਰੋਣ-ਹਾਕੇ ਹੋਏ ਸਰਪੰਚ ਨੇ ਡੋਰੀ ਡਿਪਟੀ ’ਤੇ ਸੁੱਟ ਦਿੱਤੀ।

“ਅੱਜ ਕਿਸਮਤ ਉਸ ਨੂੰ ਬਚਾ ਗਈ।”ਕਦੇ ਫੇਰ ਕੋਸ਼ਿਸ਼ ਕਰਾਂਗੇ।” ਫ਼ਰਿਆਦੀ ਦੀ ਮੂਰਖਤਾ ’ਤੇ ਮੁਸਕਰਾਉਂਦੇ ਡਿਪਟੀ ਨੇ ਵਿਦਾ ਲਈ।

ਸੰਮਤੀ ਨੂੰ ਸਫਲਤਾ ਭਾਵੇਂ ਨਹੀਂ ਸੀ ਮਿਲੀ ਪਰ ਨਤੀਜਾ ਮਾੜਾ ਨਹੀਂ ਸੀ।

ਗੁਰਮੀਤ ਦੇ ਅੜੇ ਰਹਿਣ ਕਾਰਨ ਡਿਪਟੀ ਵੱਲੋਂ ਭੇਜੇ ਰੁੱਕੇ ਦੇ ਆਧਾਰ ’ਤੇ ਬਚਨ ਸਿੰਘ ਖ਼ਿਲਾਫ਼ ਪਰਚਾ ਦਰਜ ਹੋ ਗਿਆ ਸੀ। ਬਚਨ ਸਿੰਘ ਦੇ ਬਚ ਨਿਕਲਣ ਕਾਰਨ ਐਫ਼.ਆਈ.ਆਰ. ਦੀ ਕੋਈ ਵੱਕਤ ਨਹੀਂ ਸੀ, ਪਰ ਬਚਨ ਸਿੰਘ ਦੀ ਬਦਨਾਮੀ ਲਈ ਇਹੋ ਕਾਫ਼ੀ ਸੀ।

ਅਗਲੇ ਦਿਨ ਅਖ਼ਬਾਰ ਖ਼ਬਰਾਂ ਨਾਲ ਭਰ ਗਏ।

ਸ਼ਰਮਸਾਰ ਹੋਏ ਬਚਨ ਸਿੰਘ ਨੇ ਮਹੀਨੇ ਦੀ ਛੁੱਟੀ ਲੈ ਲਈ।

“ਹੁਣ ਇਸ ਸ਼ਹਿਰ ਵਿਚ ਰਹਿਣ ਦਾ ਕੋਈ ਹੱਜ ਨਹੀਂ।” ਬਦਲੀ ਲਈ ਚੰਡੀਗੜ੍ਹ ਡੇਰਾ ਲਾਈ ਬੈਠੇ ਬਚਨ ਸਿੰਘ ਦੇ ਯਾਰਾਂ-ਦੋਸਤਾਂ ਨੂੰ ਸੁਨੇਹੇ ਆਉਣ ਲੱਗੇ।

ਇਹ ਪਹਿਲੇ ਰੋੜੇ ਦੇ ਹਟ ਜਾਣ ’ਤੇ ਸੰਮਤੀ ਦਾ ਰਾਹ ਪੱਧਰਾ ਹੋਣ ਲੱਗਾ।

 

 

20

ਸੰਮਤੀ  ਨੇ ਪ੍ਰਾਸੀਕਿਊਸ਼ਨ ਵਾਲਾ ਕਿਲ੍ਹਾ ਜਿੰਨੀ ਆਸਾਨੀ ਨਾਲ ਫ਼ਤਹਿ ਕੀਤਾ ਸੀ, ਨਿਆਂ-ਪਾਲਿਕਾ ਵਾਲਾ ਚੱਕਰਵਿਊ ਤੋੜਨਾ ਉਸਨੂੰ ਉਨਾ ਹੀ ਮੁਸ਼ਕਲ ਹੋ ਗਿਆ ਸੀ।

ਪਹਿਲਾਂ ਜਿਥੇ ਵੀ ਦੋ ਵਕੀਲ ਜੁੜਦੇ ਉਹਨਾਂ ਦੀ ਗੱਲਬਾਤ ਦਾ ਵਿਸ਼ਾ ਇਕੋ ਹੁੰਦਾ। ਕਦੇ ਗੁਪਤਾ ਆਖ ਰਿਹਾ ਹੁੰਦਾ, “ਨਾਥ ਮਹੰਤਾਂ ਵਾਲੇ ਕੇਸ ਵਿਚੋਂ ਪੰਜਾਹ ਹਜ਼ਾਰ ਲੈ ਗਿਆ।” ਕਦੇ ਸ਼ਰਮਾ ਆਖਦਾ, “ਤੇਲ ਦੀ ਬਲੈਕ ਵਾਲੇ ਕੇਸ ਵਿਚ ਨਾਥ ਸੇਠਾਂ ਤੋਂ ਵੀਹ ਹਜ਼ਾਰ ਲੈ ਗਿਆ।”

ਕਦੇ ਸੁਰਿੰਦਰ ਮੋਹਨ ਆਖਦਾ, “ਸ਼ਹਿਣੇ ਵਾਲੀ ਜ਼ਮੀਨ ਦੇ ਕੇਸ ਵਿਚ ਮੈਂ ਜੱਜ ਨੂੰ ਸੱਠ ਹਜ਼ਾਰ ਦਿਵਾਏ  ਨੇ”, ਕਦੇ ਹਰਬੰਸ ਸਿੰਘ ਆਖਦਾ, “ਉਸ ਦੀ ਧਿਰ ਨੇ ਚਾਲੀ ਹਜ਼ਾਰ ਦੇ ਕੇ ਇੰਤਕਾਲ ਵਾਲਾ ਕੇਸ ਆਪਣੇ ਹੱਕ ’ਚ ਕਰਾਇਐ।”

ਜੱਜ ਦੇ ਖ਼ਿਲਾਫ਼ ਜੱਹਾਦ ਛੇੜਨ ਤੋਂ ਪਹਿਲਾਂ ਲੀਗਲ ਸੈੱਲ ਨੂੰ ਲੱਗਾ ਸੀ, ਜਿਵੇਂ ਦਿਨਾਂ ਵਿਚ ਹੀ ਉਹ ਅਜਿਹੇ ਕੇਸਾਂ ਦੀ ਲੰਬੀ ਲਿਸਟ ਬਣਾ ਲਏਗਾ, ਜਿਨ੍ਹਾਂ ਵਿਚ ਜੱਜ ਨੇ ਰੱਜਵੇਂ ਪੈਸੇ ਖਾਧੇ ਸਨ।

ਪਰ ਕਈ ਹਫ਼ਤਿਆਂ ਦੀਆਂ ਟੱਕਰਾਂ ਦੇ ਬਾਵਜੂਦ ਵੀ ਨੀਤਜਾ ਸਿਫ਼ਰ ਰਿਹਾ ਸੀ।

ਜਿਸ ਕੋਲ ਵੀ ਨਾਥ ਦੀਆਂ ਵਧੀਕੀਆਂ ਬਾਰੇ ਗੱਲ ਕਰਦੇ, ਉਹੋ ਮੂੰਹ ਸਿਊਂ ਲੈਂਦਾ।

ਵਕੀਲਾਂ ਵਿਚ ਸਾਇਲਾਂ ਨਾਲੋਂ ਵੱਧ ਸਹਿਮ ਸੀ। ਸਾਇਲ ਤਾਂ ‘ਹਾਂ ਹੂੰ’ ਕਰ ਹੀ ਦਿੰਦੇ। ਵਕੀਲ ਇਕ ਵੀ ਸ਼ਬਦ ਮੂੰਹੋਂ ਕੱਢਣ ਤੋਂ ਪਹਿਲਾਂ ਸੌ-ਸੌ ਵਾਰ ਸੋਚਦੇ।

ਬਹੁਤੇ ਵਕੀਲ ਬਚਨ ਸਿੰਘ ’ਤੇ ਹੋਏ ਰੇਡ ’ਤੇ ਖ਼ੁਸ਼ ਨਹੀਂ ਸਨ। ਰੇਡਿੰਗ ਪਾਰਟੀ ਵਿਚ ਇਕ ਵਕੀਲ ਦੇ ਸ਼ਾਮਲ ਹੋਣ ਕਾਰਨ ਵਕੀਲਾਂ ਨੂੰ ਲੱਗਦਾ ਸੀ ਜਿਵੇਂ ਸਾਰੀ ਬਾਰ ਦੇ ਮੂੰਹ ’ਤੇ ਕਾਲਖ਼ ਮਲੀ ਗਈ ਹੋਵੇ। ਜਿਵੇਂ ਉਹ ਅਫ਼ਸਰਾਂ, ਅਹਿਲਕਾਰਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਸੀ ਰਹੇ।

ਬਾਰ ਦੀ ਇਸ ਬਦਨਾਮੀ ਲਈ ਲੀਗਲ ਸੈੱਲ ਜ਼ਿੰਮੇਵਾਰ ਸੀ। ਲਿੱਬੜੀ ਭੇਡ ਕੋਲ ਖੜੋ ਕੇ ਕੋਈ ਹੋਰ ਕਿਉਂ ਲਿੱਬੜੇ? ਸੈੱਲ ਵਾਲਿਆਂ ਕੋਲ ਕੋਈ ਜੱਜ ਦੀ ਚੁਗ਼ਲੀ ਕਿਉਂ ਕਰੇ?

ਹਿੰਮਤ ਹਾਰਨ ਵਾਲੇ ਦਿਨ ਗੁਰਮੀਤ ਵੀ ਨਹੀਂ ਸੀ ਜੰਮਿਆ।

ਰਾਤ-ਬਰਾਤੇ ਉਹ ਮਿੱਤਰ ਵਕੀਲਾਂ ਨਾਲ ਸੰਪਰਕ ਕਾਇਮ ਕਰਨ ਲੱਗਾ।

ਗੁਪਤਾ ਵਕੀਲ ਹਾਲੇ ਵੀ ਆਪਣੇ ਸਟੈਂਡ ’ਤੇ ਕਾਇਮ ਸੀ। ਮਹੰਤਾਂ ਨੇ ਨਾਥ ਨੂੰ ਪੰਜਾਹ ਹਜ਼ਾਰ ਰੁਪਏ ਦਿੱਤੇ ਸਨ। ਉਹ ਸੈੱਲ ਦੀ ਮਦਦ ਕਰਨਾ ਚਾਹੁੰਦਾ ਸੀ ਪਰ ਕਰ ਨਹੀਂ ਸੀ ਸਕਦਾ। ਮਹੰਤਾਂ ਨੂੰ ਜੱਜ ਨਾਲ ਕੋਈ ਗਿਲਾ ਨਹੀਂ ਸੀ। ਉਹਨਾਂ ਨੇ ਪੈਸਾ ਦਿੱਤਾ ਸੀ ਤੇ ਗ਼ਜ਼ ਪੜਵਾਇਆ ਸੀ। ਦੂਜੇ ਉਹਨਾਂ ਦੀ ਅਪੀਲ ਉਪਰਲੀ ਅਦਾਲਤ ਵਿਚ ਚੱਲਦੀ ਸੀ। ਮਹੰਤਾਂ ਨੇ ਜੇ ਕੋਈ ਅਰਜ਼ੀ-ਪੱਤਰ ਜਾਂ ਹਲਫ਼ੀਆ ਬਿਆਨ ਦੇ ਦਿੱਤਾ ਤਾਂ ਇਹੋ ਉਹਨਾਂ ਦੀ ਹਾਰ ਦਾ ਕਾਰਨ ਬਣ ਜਾਣਾ ਸੀ। ਉਹ ਆਪਣੇ ਪੈਰ ’ਤੇ ਆਪ ਕੁਹਾੜਾ ਮਾਰਨ ਨੂੰ ਤਿਆਰ ਨਹੀਂ ਸਨ।

ਇਹੋ ਜਿਹੀ ਮਜਬੂਰੀ ਹੀ ਸ਼ਰਮੇ ਵਕੀਲ ਦੀ ਸੀ। ਸੇਠ ਵੀ ਡਰੂ ਸਨ। ਉਹਨਾਂ ਨੇ ਸੁੱਖਾਂ ਸੁਖ ਕੇ ਖਹਿੜਾ ਛੁਡਾਇਆ ਸੀ। ਹਰਖ਼ੇ ਜੱਜ ਦਾ ਕੀ ਐ, ਸਰਕਾਰੀ ਵਕੀਲ ਨੂੰ ਆਖ ਕੇ ਅਪੀਲ ਹੀ ਕਰਵਾ ਦੇਵੇ। ਬਲੈਕ ਕਰਨਾ ਉਹਨਾਂ ਦਾ ਧੰਦਾ ਹੈ। ਕਿਸੇ ਥਾਣੇਦਾਰ ਨੂੰ ਸ਼ਿੰਗਾਰ ਕੇ ਮੁੜ ਰੇਡ ਕਰਵਾ ਦੇਵੇ। ਸੇਠ ਵਿਚੋਲੇ ਦੀ ਕੁੱਤੇ ਖਾਣੀ ਤੋਂ ਵੀ ਡਰਦੇ ਸਨ। ਆਖੇਗਾ ਜੱਜ ਨੇ ਕਿਹੜਾ ਥੋਨੂੰ ਘਰੋਂ ਬੁਲਾਇਆ ਸੀ। ਥੋਡੇ ਹੀ ਖ਼ੁਰਕ ਹੋਈ ਸੀ। ਮੁੜ ਕਿਸੇ ਨੇ ਸੇਠਾਂ ਦਾ ਕੰਮ ਨਹੀਂ ਕਰਾਉਣਾ। ਨਾ ਬਈ ਨਾ, ਸ਼ਿਕਾਇਤ ਸ਼ਬਦ ਸੇਠਾਂ ਦੇ ਖਾਤੇ ਵਿਚ ਨਹੀਂ ਸੀ।

ਜੱਜ ਖ਼ਿਲਾਫ਼ ਠੋਸ ਸ਼ਿਕਾਇਤ ਤਾਂ ਹੀ ਬਣਦੀ ਜੇ ਕੋਈ ਧਿਰ ਹਿੱਕ ਥਾਪੜ ਕੇ ਆਖਦੀ, “ਜੱਜ ਨੂੰ ਪੈਸੇ ਮੈਂ ਦਿੱਤੇ ਨੇ।” ਅਜਿਹੀ ਧਿਰ ਨਹੀਂ ਲਭੀ ਨਾ ਸਹੀ। ਕੋਈ ਅਜਿਹੀ ਧਿਰ ਸਹੀ ਜਿਹੜੀ ਆਖੇ ਉਸ ਦੀ ਵਿਰੋਧੀ ਧਿਰ ਨੇ ਜੱਜ ਨੂੰ ਪੈਸੇ ਦਿੱਤੇ ਨੇ। ਹਾਰੀ ਧਿਰ ਦੇ ਦੋਸ਼ ਦੀ ਬਹੁਤੀ ਵੱਕਤ ਨਹੀਂ ਸੀ। ਚਲੋ, ਇਸ ਤਰ੍ਹਾਂ ਜੱਜ ਦੇ ਖ਼ਿਲਾਫ਼ ਗੱਲ ਤੋਰਨ ਦਾ ਬਹਾਨਾ ਤਾਂ ਬਣਨਾ ਸੀ।

ਅਜਿਹੀ ਕੋਈ ਪਾਰਟੀ ਸ਼ਿੰਗਾਰਨ ਲਈ ਗੁਰਮੀਤ ਨੇ ਝਾਂਜੀ ਦੇ ਦਰ ’ਤੇ ਦਸਤਕ ਦਿੱਤੀ।

ਝਾਂਜੀ ਗੁਰਮੀਤ ਨੂੰ ਛੋਟਾ ਭਰਾ ਸਮਝਦਾ ਸੀ। ਉਸ ਨੇ ਆਪਣੀ ਧਿਰ ਨੂੰ ਝਿੜਕਿਆ ਜ਼ਰੂਰ ਸੀ ਪਰ ਉਹ ਸਭ ਝੂਠ ਸੀ। ਵਿਰੋਧੀ ਧਿਰ ਨੇ ਜੱਜ ਨੂੰ ਕਾਹਨੂੰ ਪੈਸੇ ਦਿੱਤੇ ਸਨ। ਅਸਲ ਗੱਲ ਇਹ ਸੀ ਕਿ ਉਸ ਦੇ ਸਾਇਲ ਦਾ ਕੇਸ ਬਹੁਤ ਕਮਜ਼ੋਰ ਸੀ। ਝਾਂਜੀ ਨੂੰ ਪਹਿਲੇ ਦਿਨੋਂ ਪਤਾ ਸੀ ਉਹ ਜਿੱਤ ਨਹੀਂ ਸਕਦੇ ਪਰ ਉਹ ਮੁਰਗ਼ੀ ਮੋਟੀ ਸੀ। ਦਸ ਦੀ ਥਾਂ ਸੌ ਖ਼ਰਚਣ ਵਾਲੀ। ਝਾਂਜੀ ਤੋਂ ਛੱਡੀ ਨਾ ਗਈ। ਉਹ ਸਾਇਲ ਨੂੰ ਮੁਕੱਦਮਾ ਜਿੱਤਣ ਦੇ ਸਬਜ਼-ਬਾਗ਼ ਦਿਖਾਉਂਦਾ ਰਿਹਾ। ਨਾਲੇ ਮਨੋ-ਵਿਗਿਆਨਕ ਤੌਰ ’ਤੇ ਤਿਆਰ ਕਰਦਾ ਰਿਹਾ। ਜੱਜ ਬੇਈਮਾਨ ਹੈ। ਕੋਈ ਪਤਾ ਨਹੀਂ ਕਦੋਂ ਕਿਸ ਵੱਲ ਪੱਲੜਾ ਝੁਕਾ ਦੇਵੇ। ਕਈ-ਕਈ ਸਾਲ ਮੁਕੱਦਮਾ ਜਿੱਤਣ ਦਾ ਸੁਪਨਾ ਦੇਖਦੀ ਧਿਰ ਨੂੰ ਜੇ ਇਕ ਦਮ ਹਾਰ ਦਾ ਸਾਹਮਣਾ ਕਰਨਾ ਪੈ ਜਾਂਦਾ ਤਾਂ ਉਹ ਝਾਂਜੀ ਦਾ ਸਿਰ ਨਾ ਪਾੜ ਦਿੰਦੀ। ਇਹ ਤਾਂ ਪਾਰਟੀ ਨੂੰ ਭੰਬਲ-ਭੂਸਿਆਂ ਵਿਚ ਪਾਈ ਰੱਖਣ ਦਾ ਝਾਂਜੀ ਦਾ ਇਕ ਟਰਿੱਕਸੀ।

ਮਿਲਦਾ-ਜੁਲਦਾ ਬਹਾਨਾ ਮਹਿੰਗਾ ਸਿੰਘ ਨੇ ਘੜ ਦਿਤਾ।

ਗੁਰਮੀਤ ਨੂੰ ਕੁਝ ਸਮਝ ਨਹੀਂ ਸੀ ਆਇਆ। ਵਕੀਲਾਂ ਨੇ ਸਾਇਲਾਂ ਨੂੰ ਭੰਬਲ-ਭੂਸਿਆਂ ਵਿਚ ਪਾਇਆ ਸੀ ਜਾਂ ਗੁਰਮੀਤ ਨੂੰ।

ਪਿਆਰੇ ਲਾਲ ਅਤੇ ਮੋਹਨ ਜੀ ਦਾ ਵੀ ਇਹੋ ਹਾਲ ਸੀ। ਮੋਹਨ ਜੀ ਦੇ ਕਿਸੇ ਸਾਇਲ ਨੇ ਵੀ ਹੁੰਗਾਰਾ ਨਹੀਂ ਸੀ ਭਰਿਆ।

ਥੱਕ-ਹਾਰ ਕੇ ਲੀਗਲ ਸੈੱਲ ਨੇ ਹਥਿਆਰ ਸੁੱਟ ਦਿੱਤੇ। ਲੁੱਟੇ-ਖਸੁੱਟੇ ਅਤੇ ਡਰੇ ਸਹਿਮੇ ਲੋਕ ਜਣੇ-ਖਣੇ ਕੋਲ ਦਿਲ ਨਹੀਂ ਫਰੋਲਣ ਲੱਗੇ, ਵਕੀਲਾਂ ਕੋਲ ਤਾਂ ਬਿਲਕੁਲ ਨਹੀਂ।

ਜੇ ਉਹਨਾਂ ਆਪਣੇ ਦੁਖੜੇ ਰੋਏ ਤਾਂ ਹਮਦਰਦਾਂ ਕੋਲ ਹੀ ਰੋਣਗੇ।

ਸੰਮਤੀ ਦੀਆਂ ਸਾਰੀਆਂ ਇਕਾਈਆਂ ਨੂੰ ਸੁਚੇਤ ਕੀਤਾ ਗਿਆ। ਉਹ ਲੋਕਾਂ ਵਿਚ ਵਿਚਰਨ। ਲੋਕਾਂ ਦੀ ਦੁਖਦੀ ਰਗ ’ਤੇ ਉਂਗਲ ਰੱਖਣ। ਫੇਰ ਹੀ ਸਫਲਤਾ ਦੀ ਸੰਭਾਵਨਾ ਬਣ ਸਕਦੀ ਸੀ।

*ਤੀਕਾਰੀ ਫ਼ਰੰਟ ਦੇ ਰਾਜਿੰਦਰ ਨੂੰ ਹੇੜੀਕੇ ਵਾਲੇ ਰਾਮ ਸਿੰਘ ਦੀ ਸੂਹ ਲੱਗੀ। ਅਦਾਲਤਾਂ ਨੇ ਉਸ ਨੂੰ ਰੱਜ ਕੇ ਲੱਟਿਆ ਸੀ। ਉਸ ਨੂੰ ਧਿਜਾਉਣ ਲਈ ਰਾਜਿੰਦਰ ਨੂੰ ਕਈ ਦਿਨ ਉਸ ਦੁਆਲੇ ਕੱਟੀਆਂ-ਵੱਛੀਆਂ ਬੰਨ੍ਹਣੀਆਂ ਪਈਆਂ ਸਨ।

ਜਦੋਂ ਰਾਮ ਸਿੰਘ ਦਾ ਬਾਪ ਮਰਿਆ ਸੀ ਤਾਂ ਉਸ ਦੇ ਨਾਂ ਚਾਲੀ ਕਿੱਲੇ ਜ਼ਮੀਨ ਸੀ। ਪਟਿਆਲੇ ਵਰਗੇ ਸ਼ਹਿਰ ਦੇ ਸੀਨੇ ਵਿਚ ਚਾਲੀ ਦੁਕਾਨਾਂ ਦੀ ਮਾਰਕੀਟ ਸੀ। ਲੱਖਾਂ ਰੁਪਿਆ ਬੈਂਕਾਂ ਵਿਚ ਜਮ੍ਹਾਂ ਸੀ।

ਵਸੀਅਤ ਕਰ ਕੇ ਭਾਗ ਸਿੰਘ ਨੇ ਬਾਂਦਰਾਂ ਵਿਚ ਭੇਲੀ ਸੁੱਟ ਦਿੱਤੀ। ਵੱਡਾ ਬੁਰਕ ਭਰਨ ਦੀ ਲਾਲਸਾ ਕਾਰਨ ਵਾਰਸਾਂ ਵਿਚ ਮਹਾਂਭਾਰਤ ਛਿੜ ਪਿਆ। ਕਈ ਲਾਲਚੀ ਲੂੰਬੜ ਉਹਨਾਂ ਦੁਆਲੇ ਜੁੜ ਗਏ। ਨਾਲੇ ਬਾਂਦਰ ਤਮਾਸ਼ਾ ਦੇਖਦੇ ਰਹੇ, ਨਾਲੇ ਦੋਹਾਂ ਬਿੱਲੀਆਂ ਨੂੰ ਲੁੱਟਦੇ ਰਹੇ।

ਭਾਗ ਸਿੰਘ ਦੇ ਦੋ ਵਿਆਹ ਸਨ। ਪਹਿਲੀ ਦੇ ਪੇਟੋਂ ਰਾਮ ਸਿੰਘ ਸੀ। ਦੂਜੀ ਦੇ ਇਕ ਕੁੜੀ ਜਸਵਿੰਦਰ ਕੌਰ।

ਰਾਮ ਸਿੰਘ ਦੀ ਬਾਪ ਨਾਲ ਘੱਟ-ਵੱਧ ਹੀ ਬਣਦੀ ਸੀ। ਉਹ ਨਾਨਕੇ ਘਰ ਹੀ ਪਲਿਆ ਸੀ। ਉਥੇ ਹੀ ਪੜ੍ਹਿਆ, ਜਵਾਨ ਹੋਇਆ ਅਤੇ ਉਥੇ ਹੀ ਚਾਰ ਸਿਆੜ ਖ਼ਰੀਦ ਲਏ।

ਪਿਉ ਨੇ ਧੀ ਨੂੰ ਖ਼ੂਬ ਪੜ੍ਹਾਇਆ-ਲਿਖਾਇਆ। ਪ੍ਰੋਫ਼ੈਸਰ ਨਾਲ ਵਿਆਹਿਆ। ਕੋਠੀ ਦਿੱਤੀ, ਕਾਰ ਦਿੱਤੀ। ਪਟਿਆਲੇ ਵਾਲੀ ਮਾਰਕੀਟ ਉਸ ਦੇ ਨਾਂ ਕਰਵਾ ਦਿੱਤੀ। ਬਥੇਰਾ ਕਿਰਾਇਆ ਆਉਂਦਾ ਸੀ। ਸਾਰੀ ਉਮਰ ਵਿਹਲੀ ਬੈਠ ਕੇ ਖਾਵੇ ਤਾਂ ਵੀ ਨਹੀਂ ਸੀ ਮੁੱਕਣਾ।

ਪੁੱਤਰ ਨੂੰ ਭਾਗ ਸਿੰਘ ਨੇ ਘਰੋਂ ਜ਼ਰੂਰ ਕੱਢਿਆ ਸੀ ਪਰ ਮਨੋਂ ਨਹੀਂ ਸੀ ਵਿਸਾਰਿਆ। ਧੀ ਨੂੰ ਬਥੇਰਾ ਕੁਝ ਦਿੱਤਾ ਜਾ ਚੁੱਕਾ ਸੀ। ਜ਼ਮੀਨ ’ਤੇ ਪੁੱਤ ਦਾ ਹੀ ਹੱਕ ਸੀ। ਇਹੋ ਹੱਕ ਉਹ ਵਸੀਅਤ ਰਾਹੀਂ ਬਹਾਲ ਕਰ ਗਿਆ। ਭਾਗ ਸਿੰਘ ਦੀ ਆਕੜ ਨੂੰ ਆਂਚ ਨਾ ਆਵੇ, ਇਸ ਲਈ ਰਾਮ ਸਿੰਘ ਨੂੰ ਜ਼ਮੀਨ ਤੋਂ ਵਾਂਝਿਆਂ ਰੱਖਿਆ ਗਿਆ। ਸਾਰੀ ਜ਼ਮੀਨ ਭਾਗ ਸਿੰਘ ਦੇ ਪੋਤਿਆਂ, ਯਾਨੀ ਰਾਮ ਸਿੰਘ ਦੇ ਮੁੰਡਿਆਂ ਦੇ ਨਾਂ ਕੀਤੀ ਗਈ।

ਸਰਦਾਰਨੀ ਲਈ ਪੰਜ ਕਿੱਲੇ ਰਾਖਵੇਂ ਰੱਖੇ ਗਏ। ਜਿੰਨਾ ਚਿਰ ਜਿਊਂਦੀ ਹੈ ਕਮਾਈ ਖਾਂਦੀ ਰਹੇ, ਪਿੱਛੋਂ ਉਹ ਜ਼ਮੀਨ ਵੀ ਪੋਤਿਆਂ ਨੂੰ ਜਾਣੀ ਸੀ।

ਸਰਦਾਰਨੀ ਨੂੰ ਸਰਦਾਰ ਦੇ ਮਰਨ ’ਤੇ ਓਨਾ ਦੁੱਖ ਨਹੀਂ ਸੀ ਹੋਇਆ, ਜਿੰਨਾ ਵਸੀਅਤ ਪੜ੍ਹ ਕੇ ਹੋਇਆ ਸੀ। ਰਾਮ ਸਿੰਘ ਦਾ ਕੰਡਾ ਕੱਢਣ ਦੀ ਥਾਂ ਉਹ ਬੁੱਢੀ ਦਾ ਬੁਢਾਪਾ ਰੋਲ ਗਿਆਸੀ।

ਬੁੱਢੀ ਨੇ ਭਾਈ-ਭਤੀਜੇ ਇਕੱਠੇ ਕੀਤੇ। ਵਕੀਲਾਂ ਨਾਲ ਰਾਏ ਕੀਤੀ।

ਕਾਨੂੰਨ ਮੁਤਾਬਕ ਸਰਦਾਰ ਦੇ ਤਿੰਨ ਵਾਰਿਸ ਬਣਦੇ ਸਨ। ਪਤਨੀ, ਧੀ ਅਤੇ ਪੁੱਤ। ਜੇ ਵਸੀਅਤ ਟੁੱਟ ਜਾਵੇ ਤਾਂ ਮਾਵਾਂ-ਧੀਆਂ ਨੂੰ ਦੋ ਹਿੱਸੇ ਮਿਲ ਸਕਦੇ ਸਨ।

ਜਵਾਈ ਪਹਿਲਾਂ ਕੋਠੀ, ਕੈਸ਼ ਅਤੇ ਕਿਰਾਏ ’ਤੇ ਹੀ ਖ਼ੁਸ਼ ਸੀ। ਜਦੋਂ ਇਲਮ ਹੋਇਆ ਕਿ ਸੱਸ ਦੇ ਮਰਨ ਪਿੱਛੋਂ ਉਸ ਦੀ ਜਾਇਦਾਦ ਵੀ ਉਸ ਦੀ ਪਤਨੀ ਨੂੰ ਮਿਲੇਗੀ ਤਾਂ ਲੰਬੀ ਛੁੱਟੀ ਲੈ ਕੇ ਉਹ ਸਹੁਰੀਂ ਆ ਬੈਠਾ।

ਵਕੀਲਾਂ ਦੇ ਮਸ਼ਵਰੇ ’ਤੇ ਜਵਾਈ ਨੇ ਇਕ ਜਾਅਲੀ ਵਸੀਅਤ ਤਿਆਰ ਕੀਤੀ। ਇਹ ਇਕ-ਪਾਸੜ ਨਾ ਲੱਗੇ ਇਸ ਲਈ ਪੰਜ ਕਿੱਲੇ ਜ਼ਮੀਨ ਪੋਤਿਆਂ ਨੂੰ ਜਾਣੀ ਦਿਖਾਈ ਗਈ ਸੀ। ਬਾਕੀ ਬਚਦੀ ਜਾਇਦਾਦ ਵਿਚ ਮਾਵਾਂ-ਧੀਆਂ ਨੂੰ ਬਰਾਬਰ ਦਾ ਹਿੱਸੇਦਾਰ ਬਣਾਇਆ ਗਿਆ।

ਮੁਕੱਦਮੇਬਾਜ਼ੀ ਸ਼ੁਰੂ ਹੋ ਗਈ। ਇਕ ਪਾਸੇ ਸੱਸ, ਜਵਾਈ ਅਤੇ ਉਹਨਾਂ ਦੇ ਰਿਸ਼ਤੇਦਾਰ ਸਨ। ਦੂਜੇ ਪਾਸੇ ਰਾਮ ਸਿੰਘ, ਮਾਮੇ ਅਤੇ ਉਹਨਾਂ ਦੇ ਰਿਸ਼ਤੇਦਾਰ ਸਨ।

ਦੋਹਾਂ ਧਿਰਾਂ ਨੂੰ ਲੱਗਦਾ ਸੀ, ਜ਼ਮੀਨ ਮੁਫ਼ਤ ਵਿਚ ਹੀ ਮਿਲਣ ਵਾਲੀ ਸੀ। ਜੋ ਵੀ ਹੱਥ ਲੱਗ ਜਾਏ, ਉਹ ਆਪਣਾ ਸੀ।

ਦੋਹਾਂ ਧਿਰਾਂ ਦੀ ਲੁੱਟ-ਖਸੁੱਟ ਸ਼ੁਰੂ ਹੋਈ। ਉਹਨਾਂ ਨੂੰ ਇਕ ਪਾਸੇ ਬਦਮਾਸ਼ ਚੂੰਡਣ ਲੱਗੇ, ਦੂਜੇ ਪਾਸੇ ਵਕੀਲ।

ਕਦੇ ਇਕ ਧਿਰ ਨੂੰ ਚਾਰ ਬਦਮਾਸ਼ ਨਾਲ ਲੈ ਕੇ ਜ਼ਮੀਨ ਵਾਹੁਣੀ ਪੈਂਦੀ। ਕਦੇ ਦੂਜੀ ਧਿਰ ਨੂੰ ਦਸ ਬਦਮਾਸ਼ ਨਾਲ ਲੈ ਕੇ ਫ਼ਸਲ ਉਜਾੜਨੀ ਪੈਂਦੀ। ਕਦੇ ਇਕ ਧਿਰ ਨੂੰ ਜ਼ਮੀਨ ’ਚ ਖੜੋ ਕੇ ਲਲਕਾਰੇ ਮਾਰਨੇ ਪੈਂਦੇ, ਕਦੇ ਦੂਜੀ ਧਿਰ ਨੂੰ ਫ਼ਾਇਰ ਕਰਨੇ ਪੈਂਦੇ।

ਦੋਹਾਂ ਘਰਾਂ ਵਿਚ ਬੱਕਰੇ ਰਿੱਝਣ, ਸ਼ਰਾਬਾਂ ਉੱਡਣ ਅਤੇ ਖੌਰੂ ਪੈਣ ਲੱਗੇ।

ਵਕੀਲਾਂ ਨੇ ਮੁਕੱਦਮੇ ਵਿਚੋਂ ਮੁਕੱਦਮਾ ਕੱਢਣਾ ਸ਼ੁਰੂ ਕਰ ਦਿੱਤਾ। ਕਦੇ ਸੱਤ ਇਕਵੰਜਾ, ਕਦੇ ਗਿਰਦਾਵਰੀ ਦੀ ਦਰੁਸਤੀ, ਕਦੇ ਇੰਤਕਾਲ ਮੁਤਨਾਜ਼ਾ ਅਤੇ ਕਦੇ ਦਫ਼ਾ ਇਕ ਸੌ ਪੰਤਾਲੀ।

ਜਵਾਈ ਪੜ੍ਹਿਆ-ਲਿਖਿਆ ਸੀ। ਬਹੁਤੇ ਕੰਮ ਜਾਣ-ਪਹਿਚਾਣ ਦੇ ਸਿਰ ’ਤੇ ਹੋ ਜਾਂਦੇ।

ਇਧਰ ਸਾਰਾ ਟੋਲਾ ਅਨਪੜ੍ਹ ਸੀ। ਵਕੀਲ ਪੰਜ ਦੀ ਥਾਂ ਪੰਜਾਹ ਖ਼ਰਚਾਉਂਦੇ ਸਨ। ਕਦੇ ਗਵਾਹ ਦਾ ਖ਼ਰਚਾ, ਕਦੇ ਮਾਹਿਰ ਦਾ, ਕਦੇ ਕਮਿਸ਼ਨ ਨਿਯੁਕਤ ਕਰਾਉਣਾ ਹੈ, ਕਦੇ ਪਟਵਾਰੀ ਬੁਲਾਉਣਾ ਹੈ, ਕਦੇ ਕੋਰਟ-ਫ਼ੀਸ ਲਾਉਣੀ ਹੈ, ਕਦੇ ਅਪੀਲ ਕਰਨੀ ਹੈ।

ਜਵਾਈ ਧਿਰ ਜ਼ਮੀਨ ’ਤੇ ਕਾਬਜ਼ ਸੀ। ਜ਼ਮੀਨ ਦੀ ਕਮਾਈ ਉਹਨਾਂ ਨੂੰ ਆ ਰਹੀ ਸੀ। ਮੁਕੱਦਮੇਬਾਜ਼ੀ ਦਾ ਖ਼ਰਚਾ ਉਹਨਾਂ ਨੂੰ ਚਿੱਤ-ਚੇਤੇ ਵੀ ਨਹੀਂ ਸੀ। ਉਹਨਾਂ ਨੂੰ ਮੁਕੱਦਮਾ ਲਟਕਾਉਣ ਵਿਚ ਵੀ ਲਾਭ ਸੀ ਅਤੇ ਮੁਕਾਉਣ ਵਿਚ ਵੀ।

ਰਾਮ ਸਿੰਘ ਦੀ ਟੋਟਨੀ ਗੰਜੀ ਹੋ ਰਹੀ ਸੀ। ਫ਼ੈਸਲਾ ਹੋਵੇ ਤਾਂ ਜ਼ਮੀਨ ਵਿਚੋਂ ਚਾਰ ਪੈਸੇ ਆਉਣ ਲੱਗਣ।

ਕਾਹਲ ਦੀ ਤਾਂਘ ਵਿਚ ਰਾਮ ਸਿੰਘ ਧੜਾ-ਧੜ ਰੀਡਰਾਂ, ਸਟੈਨੋਆਂ ਦੇ ਘਰ ਭਰਦਾ ਰਿਹਾ। ਫ਼ੈਸਲੇ ਦਾ ਵਕਤ ਆਇਆ ਤਾਂ ਬਾਜ਼ੀ ਜਵਾਈ ਧੜਾ ਮਾਰ ਗਿਆ।

ਜਵਾਈ ਨੇ ਤਿੰਨ ਲੱਖ ’ਚ ਜੱਜ ਨੂੰ ਖ਼ਰੀਦ ਲਿਆ। ਤਿੰਨ ਕਿੱਲਿਆਂ ਦੇ ਮੁੱਲ ’ਚ ਬੱਤੀ ਕਿੱਲੇ ਮਹਿੰਗੇ ਨਹੀਂ ਸਨ।

ਜੱਜ ਨੇ ਕਿਹੜਾ ਮੁੰਗਲੀ ਫੇਰਨੀ ਸੀ। ਅਸਲ ਵਸੀਅਤ ਝੂਠੀ ਕਰਾਰ ਦੇ ਦਿੱਤੀ ਅਤੇ ਝੂਠੀ ਅਸਲ ਬਣਾ ਦਿੱਤੀ। ਰਾਮ ਸਿੰਘ ਦਾ ਆਪਣਾ ਹਿੱਸਾ ਵੀ ਮਾਰਿਆ ਗਿਆ।

ਹੇਠਲੀ ਅਦਾਲਤ ’ਚ ਉਹ ਮਾਰ ਖਾ ਗਿਆ। ਅਗਾਂਹ ਲਈ ਸੁਚੇਤ ਹੋ ਗਿਆ।

ਉਪਰਲੇ ਜੱਜ ਨੂੰ ਗੰਢਣ ਲਈ ਉਸ ਨੇ ਪਹਿਲੇ ਦਿਨੋਂ ਹੀਲਾ ਆਰੰਭ ਦਿੱਤਾ।

ਸਿਆਣੇ ਨੇ ਰਾਏ ਦਿਤੀ। ਰਾਮ ਸਿੰਘ ਨੇ ਅਮਲ ਕੀਤਾ। ਸੌਦਾ ਪੰਜ ਕਿੱਲਿਆਂ ’ਤੇ ਆ ਕੇ ਟੁੱਟ ਗਿਆ। ਸਾਰੀ ਜੁੱਲੀ ਤੱਪੜੀ ਵੇਚ ਕੇ ਰਾਮ ਸਿੰਘ ਨੇ ਨਾਥ ਸਾਹਿਬ ਦਾ ਘਰ ਪੂਰਾ ਕੀਤਾ।

ਜਵਾਈ ਨੇ ਖਹਿੜਾ ਫੇਰ ਵੀ ਨਾ ਛੱਡਿਆ। ਹਾਈ ਕੋਰਟ ’ਚ ਅਪੀਲ ਠੋਕ ਦਿੱਤੀ।

ਉਥੋਂ ਦੇ ਰੰਗ ਹੀ ਨਿਆਰੇ ਸਨ। ਵਕੀਲਾਂ, ਮੁਨਸ਼ੀਆਂ ਨੇ ਵੱਡੀਆਂ-ਵੱਡੀਆਂ ਜੇਬਾਂ ਵਾਲੇ ਕੋਟ ਪਾਏ ਹੋਏ ਸਨ। ਵਕੀਲ ਹਰ ਪੇਸ਼ੀ ’ਤੇ ਪੰਜ ਹਜ਼ਾਰ ਲੈਂਦਾ ਸੀ। ਕੇਸ ਦੀ ਸੁਣਵਾਈ ਹੋਵੇ ਜਾਂ ਨਾ, ਇਸ ਨਾਲ ਉਸ ਨੂੰ ਕੋਈ ਸਰੋਕਾਰ ਨਹੀਂ। ਨਾਲ ਛੋਟਾ ਵਕੀਲ ਹੁੰਦਾ, ਦਸੌਂਧ ਉਸ ਨੂੰ ਵੀ ਦੇਣਾ ਪੈਂਦਾ। ਮੁਨਸ਼ੀ ਦੀ ਫ਼ੀਸ ਇਥੋਂ ਦੇ ਵਕੀਲਾਂ ਨਾਲੋਂ ਵੀ ਵੱਧ। ਖ਼ਰਚੇ ਵੀ ਪਹਾੜ ਜਿੱਡੇ। ਕਦੇ ਕਿਸੇ ਮਿਸਲ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਾਉਣਾ ਹੈ, ਦੇ ਜਾ ਹਜ਼ਾਰ। ਕਦੇ ਕਿਸੇ ਮਿਸਲ ਦੀ ਫ਼ੋਟੋ ਕਰਾਉਣੀ ਹੈ, ਦੇ ਜਾ ਅੱਠ ਸੌ।

ਹਾਈ ਕੋਰਟ ਦੇ ਜੱਜ ਦਾ ਬੰਦਾ ਲੱਭਣ ਦੀ ਉਸ ਦੀ ਜੁਰਅਤ ਨਹੀਂ ਸੀ ਪਈ। ਦਸ-ਵੀਹ ਕਿੱਲੇ ਜ਼ਮੀਨ ਦਾ ਕੇਸ ਉਥੇ ਕਿਸੇ ਗਿਣਤੀ ਵਿਚ ਨਹੀਂ ਸੀ।

ਰਾਮ ਸਿੰਘ ਦੀ ਹਾਲਤ ਇਕ ਜੁਆਰੀਏ ਵਰਗੀ ਬਣ ਗਈ। ਭੱਠ ’ਚ ਪਏ ਬਾਪੂ ਵਾਲੀ ਜ਼ਮੀਨ। ਜਿਹੜਾ ਲੱਗ ਗਿਆ, ਉਹੋ ਮੁੜ ਆਵੇ। ਇਸੇ ਆਸ ’ਤੇ ਉਹ ਪੈਸੇ ਖ਼ਰਚ ਕਰ ਰਿਹਾ ਸੀ। ਉਸ ਦੀ ਆਪਣੀ ਜ਼ਮੀਨ ਤਾਂ ਗਹਿਣੇ ਟਿਕੀ ਹੀ ਸੀ। ਹੁਣ ਮਾਮਿਆਂ ਦੀ ਵੀ ਟਿਕਣੀ ਸ਼ੁਰੂ ਹੋ ਗਈ ਸੀ।

ਹਾਈ ਕੋਰਟ ਵਿਚ ਜਵਾਈ ਫੇਰ ਧੋਬੀ-ਪਟੜਾ ਮਾਰ ਗਿਆ। ਰਾਮ ਸਿੰਘ ਚਿੱਤ ਹੋ ਗਿਆ।

ਰਾਮ ਸਿੰਘ ਨੂੰ ਦਲਾਲ ਦੇ ਨਾਲ-ਨਾਲ ਨਾਥ ਸਾਹਿਬ ’ਤੇ ਵੀ ਗ਼ੁੱਸਾ ਸੀ। ਪੈਸੇ ਲੈਣ ਸਮੇਂ ਨਾਥ ਨੇ ਵੀਹ ਵਾਰ ਹਿੱਕ ਥਾਪੜੀ ਸੀ। ਫ਼ੈਸਲਾ ਅਜਿਹਾ ਠੋਕ ਕੇ ਲਿਖੂੰ ਕਿ ਸੁਪਰੀਮ ਕੋਰਟ ਤਕ ਨਹੀਂ ਟੁੱਟਣਾ। ਇਹ ਪਹਿਲੀ ਸੱਟੇ ਹੀ ਲਿਫ਼ ਗਿਆ ਸੀ।

ਜੇ ਸੰਮਤੀ ਨਾਥ ਤੋਂ ਕੁਝ ਕੁ ਪੈਸੇ ਮੁੜਵਾ ਦੇਵੇ, ਉਹ ਤਾਂ ਵੀ ਜਿਊਂਦਿਆਂ ਵਿਚ ਰਹਿਜਾਏ।

ਰਾਜਿੰਦਰ ਨੇ ਉਸ ਨੂੰ ਦਿਲਾਸਾ ਦਿੱਤਾ। ਉਹ ਹੌਸਲਾ ਰੱਖੇ। ਨਾਥ ਲਏ ਪੈਸੇ ਤਾਂ ਮੋੜੇਗਾ ਹੀ, ਨਾਲ ਹੋਰ ਦੇ ਕੇ ਖਹਿੜਾ ਛੁਡਾਏਗਾ।

ਰਾਜਿੰਦਰ ਨੇ ਚੁਪਕੇ ਜਿਹੇ ਉਸ ਦਾ ਹਲਫ਼ੀਆ ਬਿਆਨ ਤਸਦੀਕ ਕਰਾਇਆ ਤੇ ਬੋਝੇ ਵਿਚ ਪਾ ਲਿਆ।

ਸ਼ੁਰੂਆਤ ਮਾੜੀ ਨਹੀਂ ਸੀ।

ਖ਼ਰਬੂਜ਼ੇ ਨੂੰ ਦੇਖ ਕੇ ਖ਼ਰਬੂਜ਼ਾ ਰੰਗ ਫੜਨ ਲੱਗਾ।

ਇਕ ਸ਼ਾਮ ਚੌਧਰੀ ਨੇ ਬਾਬੇ ਦਾ ਦਰਵਾਜ਼ਾ ਜਾ ਖੜਕਾਇਆ।

ਘਰੇਲੂ ਤੰਗੀਆਂ-ਤੁਰਸ਼ੀਆਂ ਕਾਰਨ ਕੁਝ ਸਾਲ ਪਹਿਲਾਂ ਚੌਧਰੀਆਂ ਨੇ ਆਪਣਾ ਕਪਾਹ ਵਾਲਾ ਕਾਰਖ਼ਾਨਾ ਵੇਚਣ ਦਾ ਮਨ ਬਣਾਇਆ ਸੀ। ਗਾਹਕ ਲਾਉਣ ਲਈ ਜਦੋਂ ਦਲਾਲ ਨਾਲ ਗੱਲ ਤੋਰੀ ਤਾਂ ਉਸ ਨੇ ਨਵੀਂ ਸਕੀਮ ਕੱਢ ਮਾਰੀ।

ਕਾਰਖ਼ਾਨਾ ਸ਼ਹਿਰ ਦੇ ਵਿਚਕਾਰ ਸੀ। ਜੇ ਇਸ ਦੇ ਪਲਾਟ ਬਣਾ ਕੇ ਵੇਚੇ ਜਾਣ ਤਾਂ ਪੈਸੇ ਕਈ ਗੁਣਾਂ ਵੱਧ ਵੱਟੇ ਜਾ ਸਕਦੇ ਸਨ।

ਸਕੀਮ ਮਾੜੀ ਨਹੀਂ ਸੀ ਪਰ ਚੌਧਰੀ, ਚੌਧਰੀ ਹੀ ਸਨ। ਉਹ ਕਚਹਿਰੀ-ਤਹਿਸੀਲੇ ਧੱਕੇ ਨਹੀਂ ਸਨ ਖਾ ਸਕਦੇ। ਕਦੇ ਇਕਰਾਰਨਾਮਾ ਲਿਖਣ ਜਾਓ, ਕਦੇ ਬਿਆਨਾ ਫੜਨ ਅਤੇ ਕਦੇ ਰਜਿਸਟਰੀ ਕਰਾਉਣ। ਉਹਨਾਂ ਬੁੱਧ ਰਾਮ ਨਾਲ ਉੱਕਾ-ਪੁੱਕਾ ਸੌਦਾ ਤਹਿ ਕਰ ਲਿਆ। ਉਹ ਚੌਧਰੀਆਂ ਨੂੰ ਬੱਝਵੀਂ ਰਕਮ ਦੇਵੇ। ਅਗਾਂਹ ਉਨੀ ਕਰੇ, ਇੱਕੀ ਕਰੇ, ਉਸ ਦੀ ਮਰਜ਼ੀ।

ਬੁੱਧ ਰਾਮ ਨੇ ਇਸ ਧੰਦੇ ਵਿਚੋਂ ਲੱਖਾਂ ਰੁਪਿਆ ਕਮਾਇਆ ਸੀ। ਨਾ ਹਿੰਗ ਲੱਗੇ ਨਾ ਫਟਕੜੀ ਰੰਗ ਵੀ ਚੋਖਾ। ਕੁਝ ਰਕਮ ਦੇ ਕੇ ਜ਼ਮੀਨ ਦਾ ਬਿਆਨਾ ਲਿਖਾ ਲੈਂਦਾ। ਰਜਿਸਟਰੀ ਕਰਾਉਣ ਦੀ ਤਾਰੀਖ਼ ਛੇ ਮਹੀਨੇ ਅੱਗੇ ਪਾ ਦਿੰਦਾ। ਪਲਾਟ ਕੱਟ-ਕੱਟ ਮਹਿੰਗੇ ਭਾਅ ਵੇਚ ਦਿੰਦਾ। ਰਜਿਸਟਰੀ ਦੀ ਤਾਰੀਖ਼ ਆਉਣ ਤੱਕ ਪੈਸੇ ਵੀ ਪੂਰੇ ਹੋ ਜਾਂਦੇ ਤੇ ਕੁਝ ਪਲਾਟ ਵੀ ਬਚੇ ਰਹਿੰਦੇ।

ਇਕ ਲੱਖ ਰੁਪਿਆ ਦੇ ਕੇ ਬੁੱਧ ਰਾਮ ਨੇ ਇਕਰਾਰਨਾਮਾ ਲਿਖ ਲਿਆ। ਥਾਂ ਦਾ ਅਸਲ ਮੁੱਲ ਅਠਾਰਾਂ ਲੱਖ ਰੁਪਏ ਪਾਇਆ ਗਿਆ। ਇਨਕਮ ਟੈਕਸ ਦੇ ਝੰਜਟਾਂ ਤੋਂ ਡਰਦਿਆਂ ਕਾਗ਼ਜ਼ੀਂ-ਪੱਤਰੀਂ ਇਸ ਨੂੰ ਪੰਜ ਲੱਖ ਦਿਖਾਇਆ ਗਿਆ।

ਬੁੱਧ ਰਾਮ ਦੇ ਪਲਾਟ ਵੇਚਣ ਦਾ ਹੋਕਾ ਦੇਣ ਸਾਰ ਹੀ ਪਾਸਾ ਪੱਠਾ ਪੈਣਾ ਸ਼ੁਰੂ ਹੋ ਗਿਆ।

ਪੰਜਾਬ ਵਿਚਲੀ ਦਹਿਸ਼ਤਗਰਦੀ ਦਾ ਅਸਰ ਇਸ ਸ਼ਹਿਰ ’ਤੇ ਹੋਣ ਲੱਗਾ। ਉਪਰੋਥੱਲੀ ਕਈ ਵਾਕੇ ਹੋ ਗਏ। ਬੈਂਕ ਲੁੱਟਿਆ ਗਿਆ, ਸਕੂਟਰ ਖੋਹਿਆ ਗਿਆ। ਕਈ ਸ਼ਾਹੂਕਾਰ ਅਗਵਾ ਹੋਏ, ਲੱਖਾਂ ਦੀ ਫਿਰੌਤੀ ਵਸੂਲੀ ਗਈ। ਕੁਝ ਸੇਠ ਸ਼ਹਿਰ ਛੱਡ ਗਏ। ਕੁਝ ਤਿਆਰੀ ਕਰਨ ਲੱਗੇ।

ਅਗਲੇ ਮਹੀਨੇ ਸਮੱਸਿਆ ਹੋਰ ਗੰਭੀਰ ਹੋ ਗਈ। ਸ਼ਹਿਰ ਦੇ ਇਕ ਪਾਰਕ ਵਿਚ ਵਰਜ਼ਿਸ਼ ਕਰਦੇ ਬੰਦਿਆਂ ’ਤੇ ਗੋਲੀ ਚਲਾਈ ਗਈ। ਵੀਹ ਘਰ ਪੱਟੇ ਗਏ, ਬੱਸ ਵਿਚੋਂ ਲਾਹ ਕੇ ਅੱਠ ਬੰਦਿਆਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ। ਇੱਕੜ-ਦੁੱਕੜ ਕਤਲ ਤਾਂ ਆਮ ਜਿਹੀ ਘਟਨਾ ਬਣ ਗਈ।

ਜਦੋਂ ਪਹਿਲੀ ਹੀ ਜਾਇਦਾਦ ਖ਼ਤਰੇ ਵਿਚ ਹੋਵੇ ਤਾਂ ਨਵੀਂ ਬਾਰੇ ਕੌਣ ਸੋਚਦਾ ਸੀ? ਬੁੱਧ ਰਾਮ ਟੱਕਰਾਂ ਮਾਰ-ਮਾਰ ਹੰਭ ਗਿਆ। ਮਿਆਦ ਪੁੱਗਣ ਤਕ ਇਕ ਵੀ ਪਲਾਟ ਨਾ ਵਿਕਿਆ।

ਅਠਾਰਾਂ ਲੱਖ ਦੇਣ ਦੀ ਉਸ ਦੀ ਪਰੋਖੋਂ ਨਹੀਂ ਸੀ। ਰਜਿਸਟਰੀ ਕਰਾਉਣ ਨਾਲੋਂ ਸੌਦਾ ਮੁਕਰਨ ਵਿਚ ਬਿਹਤਰੀ ਸੀ।

ਚੌਧਰੀਆਂ ਨੇ ਫ਼ਰਾਖ਼ਦਿਲੀ ਦਿਖਾਈ। ਕਿਸੇ ‘ਪਿਛਲੇ ਜਨਮ ਦੇ ਪਾਪਾਂ ਕਾਰਨ’ ਉਹਨਾਂ ਦਾ ਸ਼ਾਹੂਕਾਰਾ ਪਹਿਲਾਂ ਹੀ ਖੁੱਸ ਚੁੱਕਾ ਸੀ। ਇਕਰਾਰਨਾਮੇ ਦੀ ਰਕਮ ਕੋਲ ਰੱਖਣਾ ਉਹਨਾਂ ਨੂੰ ਹਰਾਮ ਬਰਾਬਰ ਲੱਗਾ। ਬੁੱਧ ਰਾਮ ਨੂੰ ਘਰ ਬੁਲਾ ਕੇ ਉਹਨਾਂ ਬਿਆਨਾ ਵਾਪਸ ਕਰ ਦਿੱਤਾ।

ਥੋੜ੍ਹਾ ਜਿਹਾ ਟਿਕਾਅ ਹੋਇਆ ਤਾਂ ਲੋਕਾਂ ਦੇ ਦਿਲ ਟਿਕ ਗਏ। ਬਾਹਰ ਗਏ ਲੋਕ ਘਰਾਂ ਨੂੰ ਮੁੜਨ ਲੱਗੇ। ਬਾਹਰ ਭੁੱਖੇ ਮਰਨ ਨਾਲੋਂ ਇਥੇ ਗੋਲੀ ਖਾ ਕੇ ਮਰਨਾ ਚੰਗਾ ਸੀ।

ਦੁਕਾਨਾਂ, ਮਕਾਨਾਂ ਦੇ ਭਾਅ ਫੇਰ ਚੜ੍ਹਨ ਲੱਗੇ। ਚੌਧਰੀਆਂ ਨੂੰ ਦੁਗਣੇ-ਤਿਗਣੇ ਪੈਸੇ ਮਿਲਣ ਲੱਗੇ।

ਪੁਰਾਣੇ ਕਾਗ਼ਜ਼-ਪੱਤਰ ਫਰੋਲਦੇ ਬੁੱਧ ਰਾਮ ਦੇ ਇਕ ਦਿਨ ਇਕਰਾਰਨਾਮਾ ਹੱਥ ਲੱਗ ਗਿਆ। ਇਕਰਾਰਨਾਮਾ ਲੈ ਕੇ ਉਹ ਭੰਡਾਰੀ ਵਕੀਲ ਵੱਲ ਦੌੜਿਆ।

ਵੈਸੇ ਤਾਂ ਇਕਰਾਰਨਾਮੇ ਦੀ ਮਿਆਦ ਲੰਘ ਚੁੱਕੀ ਸੀ। ਦਸਤਾਵੇਜ਼ ਵਿਚ ਰੱਦੋ-ਬਦਲ ਕਰ ਕੇ ਕਿਸਮਤ ਅਜ਼ਮਾਈ ਜਾ ਸਕਦੀ ਸੀ।

ਕਿਸਮਤ ਅਜ਼ਮਾਈ ਗਈ। ਇਸ ਵਾਰ ਦਲਾਲੀ ਭੰਡਾਰੀ ਨੇ ਕੀਤੀ।

ਪੈਸੇ ਨੇ ਨਾਥ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਦਿੱਤੀ। ਉਸ ਨੂੰ ਦਸਤਾਵੇਜ਼ ਵਿਚਲੀਆਂ ਅਦਲਾ- ਬਦਲੀਆਂ ਨਜ਼ਰ ਹੀ ਨਾ ਆਈਆਂ। ਇਕ-ਦੋ ਨਹੀਂ, ਕਈ-ਕਈ ਤਬਦੀਲੀਆਂ ਹੋਈਆਂ ਸਨ। ਦਾਅਵੇ ਦੀ ਮਿਆਦ ਵਧਾਉਣ ਲਈ ਇਕਰਾਰਨਾਮਾ ਲਿਖਣ ਦੀ ਤਾਰੀਖ਼ ਬਦਲੀ ਗਈ ਸੀ। ਅਸਲ ਇਕਰਾਰਨਾਮੇ ’ਤੇ ਦੋ ਗਵਾਹਾਂ ਨੇ ਗਵਾਹੀ ਪਾਈ ਸੀ। ਕਾਨੂੰਨ ਦੀ ਮੰਗ ਵੀ ਇਹੋ ਸੀ। ਜਿਹੜਾ ਇਕਰਾਰਨਾਮਾ ਅਦਾਲਤ ਵਿਚ ਪੇਸ਼ ਹੋਇਆ ਸੀ, ਉਸ ’ਤੇ ਚਾਰ ਗਵਾਹਾਂ ਦੀ ਗਵਾਹੀ ਸੀ। ਪਿਛਲੇ ਦੋ ਗਵਾਹਾਂ ਦੀ ਗਵਾਹੀ ਪਿੱਛੋਂ ਪਵਾਈ ਗਈ ਸੀ। ਇਹਨਾਂ ਗਵਾਹਾਂ ਦੇ ਸਿਰ ’ਤੇ ਹੀ ਬੁੱਧ ਰਾਮ ਨੇ ਕਾਰਖ਼ਾਨੇ ’ਤੇ ਆਪਣਾ ਹੱਕ ਜਤਾਇਆ ਸੀ।

ਚੌਧਰੀਆਂ ਨੇ ਆਪਣਾ ਪੱਖ ਪੇਸ਼ ਕਰਨ ਲਈ ਦੀਵਾਨ ਪੁਰੀ ਵਰਗੇ ਹੱਥ-ਲਿਖਤਾਂ ਦੇ ਮੰਨੇ- ਪ੍ਰਮੰਨੇ ਅਤੇ ਸੱਚੇ-ਸੁੱਚੇ ਮਾਹਿਰ ਨੂੰ ਭੁਗਤਾਇਆ ਸੀ। ਪੁਰੀ ਨੇ ਸਪੱਸ਼ਟ ਸ਼ਬਦਾਂ ਵਿਚ ਰਾਏ ਪ੍ਰਗਟਾਈ ਸੀ। ਪਿਛਲੇ ਗਵਾਹਾਂ ਵਾਲੀ ਸਿਆਹੀ ਹੋਰ ਸੀ ਅਤੇ ਬਾਕੀ ਦਸਤਾਵੇਜ਼ ਵਾਲੀ ਹੋਰ। ਦੋਹਾਂ ਦੇ ਲਿਖਣ ਸਮੇਂ ਵਿਚ ਵੀ ਚਾਰ-ਪੰਜ ਸਾਲ ਦਾ ਫ਼ਰਕ ਸੀ। ਦੋਹਾਂ ਹਿੱਸਿਆਂ ਨੂੰ ਲਿਖਿਆ ਵੀ ਅਲੱਗ-ਅਲੱਗ ਵਿਅਕਤੀਆਂ ਨੇ ਸੀ। ਤਾਰੀਖ਼ਾਂ ਵਿਚ ਕੀਤੀ ਕੱਟ-ਵੱਢ ਵੀ ਸਪੱਸ਼ਟ ਸੀ।

ਚੌਧਰੀਆਂ ਨੇ ਆਪਣਾ ਉਹ ਖਾਤਾ ਵੀ ਪੇਸ਼ ਕੀਤਾ, ਜਿਥੇ ਬਿਆਨੇ ਦੀ ਰਕਮ ਵਾਪਸ ਕਰਨ ਦਾ ਇੰਦਰਾਜ ਸੀ। ਉਹ ਚੈਕ ਵੀ ਪੇਸ਼ ਕੀਤਾ, ਜਿਸ ਰਾਂਹੀ ਰਕਮ ਵਾਪਸ ਕੀਤੀ ਗਈ ਸੀ।

ਨਾਥ ਸਾਹਿਬ ਨੂੰ ਚੌਧਰੀਆਂ ਦੀਆਂ ਦਲੀਲਾਂ ਤਰਕਹੀਨ ਲੱਗ਼ੀਆਂ।

ਚੌਧਰੀਆਂ ਨੂੰ ਇਕਰਾਰਨਾਮੇ ’ਤੇ ਫੁੱਲ ਚੜ੍ਹਾਉਣ ਦਾ ਹੁਕਮ ਹੋਇਆ। ਤੀਹ ਲੱਖ ਦਾ ਕਾਰਖ਼ਾਨਾ ਪੰਜ ਲੱਖ ਵਿਚ ਰੁੜ੍ਹ ਗਿਆ।

ਕਿਸੇ ਅਫ਼ਸਰ ਦੀ ਸ਼ਿਕਾਇਤ ਕਰਨਾ ਚੌਧਰੀਆਂ ਦੇ ਸੁਭਾਅ ਵਿਚ ਨਹੀਂ ਸੀ ਪਰ ਇਹ ਬੇਇਨਸਾਫ਼ੀ ਉਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀ। ਪਹਿਲਾਂ ਉਹ ਭਾਣਾ ਮੰਨ ਕੇ ਸਬਰ ਕਰ ਗਏ ਸਨ। ਹੁਣ ਸੰਮਤੀ ਦੇ ਉਪਰਾਲੇ ਨੂੰ ਦੇਖ ਕੇ ਉਹ ਵੀ ਹਲਫ਼ੀਆ ਬਿਆਨ ਤਸਦੀਕ ਕਰਵਾ ਕੇ ਦੇ ਗ਼ਏ।

ਇਸ ਸ਼ਿਕਾਇਤ ਨੇ ਨਾਥ ਨੂੰ ਨੱਥ ਤਾਂ ਨਹੀਂ ਸੀ ਪਾ ਸਕਣੀ ਪਰ ਇਹ ਅਜਾਈਂ ਵੀ ਨਹੀਂ ਸੀ ਜਾਣੀ। ਮਿਸਲ ਦੀ ਘੋਖ ਜ਼ਰੂਰ ਹੋਣੀ ਸੀ। ਘੋਖ ਹੋਈ ਤਾਂ ਮਿਸਲ ਨੇ ਆਪੇ ਬੋਲ ਪੈਣਾ ਸੀ।

ਜੇ ਮਿਸਲਾਂ ਨੂੰ ਹੀ ਬੁਲਾਉਣਾ ਸੀ ਤਾਂ ਗੁਰਮੀਤ ਵੀ ਇਕ ਮਿਸਲ ਬੋਲਣ ਲਾ ਸਕਦਾਸੀ।

ਇਹ ਮਿਸਲ ਬੀ. ਐਂਡ ਆਰ. ਦੇ ਐਕਸੀਅਨ ਦੀ ਸੀ।

ਐਕਸੀਅਨ ਨੂੰ ਰਿਟਾਇਰ ਹੋਣ ਤੋਂ ਕੇਵਲ ਇਕ ਮਹੀਨਾ ਪਹਿਲਾਂ ਆਪਣੀ ‘ਅਸਲ ਜਨਮ- ਮਿਤੀ ਯਾਦ ਆਈ ਸੀ।’

ਉਸ ਦਾ ਦਾਅਵਾ ਸੀ ਕਿ ਉਸ ਦੀ ਅਸਲ ਜਨਮ-ਮਿਤੀ ਉਹ ਨਹੀਂ, ਜਿਹੜੀ ਸਰਕਾਰੀ ਰਿਕਾਰਡ ਵਿਚ ਦਰਜ ਸੀ। ਕੁਝ ਮਹੀਨੇ ਪਹਿਲਾਂ ਇਕ ਧਾਰਮਿਕ ਰਸਮ ਨਿਭਾਉਂਦਿਆਂ ਉਸ ਦੀ ਮਾਂ ਨੂੰ ਖ਼ਿਆਲ ਆਇਆ ਸੀ ਕਿ ਅਸਲ ਵਿਚ ਉਹ ਚਾਰ ਸਾਲ ਛੋਟਾ ਸੀ। ਉਨ੍ਹਾਂ ਸਮਿਆਂ ਵਿਚ ਛੋਟੀ ਉਮਰ ਦੇ ਬੱਚਿਆਂ ਨੂੰ ਸਕੂਲ ਵਿਚ ਭਰਤੀ ਨਹੀਂ ਸੀ ਕੀਤਾ ਜਾਂਦਾ। ਉਸ ਦੇ ਪਿਓਨੇ ਵੱਡੇ ਭਰਾ ਦੀ ਜਨਮ-ਮਿਤੀ ਉਸ ਦੀ ਜਨਮ-ਮਿਤੀ ਵਜੋਂ ਦਰਜ ਕਰਵਾ ਦਿੱਤੀ ਸੀ। ਇਸ ਤੱਥ ਨੂੰ ਸਾਬਤ ਕਰਨ ਲਈ ਐਕਸੀਅਨ ਨੇ ਮੁਲਤਾਨੋਂ ਇਕ ਜਨਮ-ਸਰਟੀਫ਼ਿਕੇਟ ਮੰਗਵਾਇਆਸੀ।

ਉਸ ਦਾ ਚਾਰ ਸਾਲ ਹੋਰ ਨੌਕਰੀ ਕਰਨ ਦਾ ਹੱਕ ਬਣਦਾ ਸੀ।

ਸਰਕਾਰ ਵੱਲੋਂ ਇਹ ਮੁਕੱਦਮਾ ਗੁਰਮੀਤ ਨੇ ਲੜਿਆ ਸੀ। ਐਕਸੀਅਨ ਦੀ ਦਲੀਲ ਨੂੰ ਕਈ ਪੱਖਾਂ ਤੋਂ ਉਸ ਨੇ ਬੇਬੁਨਿਆਦ ਸਾਬਤ ਕੀਤਾ ਸੀ।

ਉਸ ਦੇ ਖ਼ਿਲਾਫ਼ ਪਹਿਲਾ ਸਬੂਤ ਇਹ ਸੀ ਕਿ ਜੇ ਉਸ ਨੂੰ ਚਾਰ ਸਾਲ ਛੋਟਾ ਮੰਨ ਲਿਆ ਜਾਵੇ ਤਾਂ ਉਸ ਦੀ ਦਸਵੀਂ ਦਾ ਇਮਤਿਹਾਨ ਪਾਸ ਕਰਨ ਦੀ ਉਮਰ ਬਾਰਾਂ ਸਾਲ ਬਣਦੀ ਸੀ। ਇਹ ਅਸੰਭਵ ਸੀ। ਜੇ ਇੰਝ ਹੋਇਆ ਹੁੰਦਾ ਤਾਂ ਉਸ ਦੀ ਲਿਆਕਤ ਦਾ ਸਾਰੀ ਦੁਨੀਆਂ ਵਿਚ ਰੌਲਾ ਪਿਆ ਹੁੰਦਾ। ਉਸ ਦਾ ਨਾਂ ਗਿਨੀਜ਼ ਰਿਕਾਰਡ ਬੁੱਕ ਵਿਚ ਦਰਜ ਹੋਇਆ ਹੁੰਦਾ।

ਦੂਸਰਾ ਸਬੂਤ ਇਹ ਸੀ ਕਿ ਸਰਕਾਰੀ ਨੌਕਰੀ ਵਿਚ ਭਰਤੀ ਹੋਣ ਦੀ ਘੱਟੋ-ਘੱਟ ਉਮਰ ਅਠਾਰਾਂ ਸਾਲ ਸੀ। ਅਠਾਰਾਂ ਸਾਲ ਦਾ ਹੁੰਦਿਆਂ ਹੀ ਉਹ ਭਰਤੀ ਹੋ ਗਿਆ ਸੀ। ਹੁਣ ਤਕ ਉਹ ਚਾਲੀ ਸਾਲ ਦੀ ਨੌਕਰੀ ਕਰ ਚੁੱਕਾ ਸੀ। ਕੋਈ ਵੀ ਮੁਲਾਜ਼ਮ ਚਾਲੀ ਸਾਲ ਤੋਂ ਵੱਧ ਨੌਕਰੀ ਨਹੀਂ ਕਰ ਸਕਦਾ। ਜੇ ਚਾਰ ਸਾਲ ਹੋਰ ਮਿਲ ਗਏ ਤਾਂ ਉਸ ਦੀ ਨੌਕਰੀ ਚੁਤਾਲੀ ਸਾਲ ਹੋ ਜਾਣੀ ਸੀ। ਫੇਰ ਉਸ ਦਾ ਨਾਂ ਗਿਨੀਜ਼ ਬੁੱਕ ਵਿਚ ਜ਼ਰੂਰ ਆ ਜਾਣਾ ਸੀ।

ਸਰਕਾਰ ਨੇ ਇਹ ਵੀ ਸਾਬਤ ਕੀਤਾ ਸੀ ਕਿ ਉਹ ਮੁਲਤਾਨ ਵਿਚ ਪੈਦਾ ਹੀ ਨਹੀਂ ਹੋਇਆ, ਉਹ ਤਾਂ ਫ਼ਿਲੌਰ ਜੰਮਿਆ ਸੀ।

ਨਾਥ ਸਾਹਿਬ ਨੂੰ ਸਰਕਾਰੀ ਦਲੀਲਾਂ ਜਚੀਆਂ ਨਹੀਂਸਨ। ਸਰਕਾਰ ਨੇ ਤਾਂ ਕੰਮ ਹੀ ਲੈਣਾ ਸੀ। ਇਹ ਐਕਸੀਅਨ ਤੋਂ ਨਹੀਂ ਲਏਗੀ, ਕਿਸੇ ਹੋਰ ਤੋਂ ਲੈ ਲਏਗੀ। ਫੇਰ ਸਰਕਾਰ ਨੂੰ ਇਕ ਤਜਰਬੇਕਾਰ ਬੰਦੇ ਤੋਂ ਚਿੜ ਕਿਉਂ? ਤਜਰਬੇ ਦੇ ਆਧਾਰ ’ਤੇ ਐਕਸੀਅਨ ਨੂੰ ਚਾਰ ਸਾਲਾਂ ਲਈ ਲੁੱਟ ਦਾ ਲਾਈਸੈਂਸ ਹੋਰ ਮਿਲ ਗਿਆ ਸੀ।

ਇਸ ਫ਼ੈਸਲੇ ਪਿੱਛੇ ਜੱਜ ਦਾ ਕੀ ਲਾਲਚ ਲੁਕਿਆ ਸੀ, ਇਹ ਮਿਸਲ ਨੇ ਆਪੇ ਦੱਸ ਦੇਣਾ ਸੀ।

ਥੋੜ੍ਹਾ ਬਹੁਤ ਮਸਾਲਾ ਇਕੱਠਾ ਹੋ ਚੁੱਕਾ ਸੀ। ਮੌਕਾ ਤਾੜ ਕੇ ਇਕ ਦਿਨ ਗੁਰਮੀਤ ਨੇ ਬਾਰ ਦੇ ਪ੍ਰਧਾਨ ਕੋਲ ਗੱਲ ਤੋਰੀ।

ਸਤਿੰਦਰ ਨਾਥ ਸ਼ਰੇਆਮ ਲੋਕਾਂ ਦੇ ਆਹੂ ਲਾਹ ਰਿਹਾ ਸੀ। ਸਭ ਕੁਝ ਪਤਾ ਹੁੰਦੇ ਹੋਏ ਵੀ ਵਕੀਲ ਚੁੱਪ ਸਨ। ਲੋਕਾਂ ਨੂੰ ਇਨਸਾਫ਼ ਦਿਵਾਉਣ ਵਿਚ ਵਕੀਲਾਂ ਦੀ ਅਹਿਮ ਭੂਮਿਕਾ ਹੋਣੀ ਚਾਹੀਦੀ ਸੀ। ਜੇ ਵਕੀਲ ਹੀ ਅੱਖੀਂ ਦੇਖ ਕੇ ਮੱਖੀ ਨਿਗਲਣ ਲੱਗੇ ਤਾਂ ਆਮ ਜਨਤਾ ਦਾ ਕੀ ਬਣੇਗਾ? ਵਕੀਲਾਂ ਨੂੰ ਕੁਝ ਕਰਨਾ ਚਾਹੀਦਾ ਸੀ।

ਪ੍ਰਧਾਨ ਗੁਰਮੀਤ ਨਾਲ ਸਹਿਮਤ ਸੀ ਪਰ ਪ੍ਰਧਾਨ ਮਜਬੂਰ ਸੀ। ਉਹ ਇਕੱਲਾ ਕੀ ਕਰੇ? ਬਾਕੀ ਵਕੀਲ ਮੌਨ ਧਾਰੀ ਬੈਠੇ ਸਨ। ਮੋਹਨ ਜੀ ਦੀ ਦੁਰਗਤ ਤੋਂ ਸਭ ਸਬਕ ਸਿੱਖੀ ਬੈਠੇ ਸਨ। ਜਿਸ ਨੇ ਵੀ ਜੱਜ ਦੇ ਖ਼ਿਲਾਫ਼ ਸਾਹ ਕੱਢਿਆ, ਉਸ ਦਾ ਭੱਠਾ ਬੈਠ ਜਾਏਗਾ।

ਜੇ ਅੱਠ-ਦਸ ਸੀਨੀਅਰ ਵਕੀਲ ਸਹਿਮਤ ਹੋਣ ਅਤੇ ਲਿਖਤੀ ਅਰਜ਼ੀ ਦੇਣ ਤਾਂ ਮੀਟਿੰਗ ਬੁਲਾਈ ਜਾ ਸਕਦੀ ਹੈ। ਬਹੁ-ਸੰਮਤੀ ਜੋ ਫ਼ੈਸਲਾ ਕਰੇਗੀ, ਪ੍ਰਧਾਨ ਉਸ ’ਤੇ ਫੁੱਲ ਚੜ੍ਹਾਏਗਾ।

ਸਹਿਮਤੀ ਬਣਾਉਣ ਲਈ ਗੁਰਮੀਤ ਨੇ ਪਹਿਲਾਂ ਚਹਿਲ ਕੋਲ ਗੱਲ ਤੋਰੀ।

ਉਹ ਸੂਈ ਬਘਿਆੜੀ ਵਾਂਗ ਪਿਆ।

“ਕੱਲ੍ਹ ਦੇ ਛੋਕਰੇ ਜੇ ਜੱਜ ’ਤੇ ਚਿੱਕੜ ਨਹੀਂ ਸੁੱਟਣਗੇ, ਹੋਰ ਕੀ ਕਰਨਗੇ? ਮੈਂ ਤੁਹਾਡੀ ਇਸ ਬਲੈਕ-ਮੇਲ ਵਾਲੀ ਨੀਤੀ ਨਾਲ ਬਿਲਕੁਲ ਸਹਿਮਤ ਨਹੀਂ। ਤੁਹਾਥੋਂ ਮੈਰਿਟ ’ਤੇ ਕੇਸ ਜਿੱਤ ਨਹੀਂ ਹੁੰਦਾ, ਦੋਸ਼ ਲਾ ਕੇ ਜਿੱਤ ਲਓ। ਵਾਹ ਬਈ ਜਵਾਨੋ।”

ਭੰਡਾਰੀ ਦਾ ਜਵਾਬ ਵੀ ਉਸ ਨਾਲ ਮਿਲਦਾ-ਜੁਲਦਾ ਸੀ।

“ਤੁਸੀਂ ਜੋ ਮਰਜ਼ੀ ਕਰੋ। ਨਾ ਮੈਂ ਸਹਿਮਤ ਹਾਂ, ਨਾ ਅਸਹਿਮਤ। ਨਾ ਤੁਹਾਡਾ ਵਿਰੋਧ ਕਰਾਂਗਾ, ਨਾ ਸਾਥ ਦੇਵਾਂਗਾ।”

ਭੰਡਾਰੀ ਦਾ ਰੋਸ ਵੀ ਚਹਿਲ ਵਾਲਾ ਹੀ ਸੀ। ਬਦਨਾਮੀ ਤੋਂ ਉਹ ਜਿੰਨਾ ਚਿਰ ਬਚਿਆ ਜਾ ਸਕੇ, ਬਚਣਾ ਚਾਹੁੰਦਾ ਸੀ। ਇਕ ਵਾਰ ਜੇ ਕੜ ਪਾਟ ਗਿਆ ਤਾਂ ਹੜ੍ਹ ਨੇ ਸਭ ਤੋਂ ਪਹਿਲਾਂ ਭੰਡਾਰੀ ਨੂੰ ਹੀ ਰੋੜ੍ਹਨਾ ਸੀ। ਮਰੇ ਕੇਸਾਂ ਵਿਚ ਜਾਨ ਪਾਉਣ ਦੀ ਭੰਡਾਰੀ ਦੀ ਜਿਹੜੀ ਪੈਂਠ ਬਣੀ ਹੋਈ ਸੀ, ਉਹ ਇਕ ਲਿਫ਼ਾਫ਼ਾ ਸੀ। ਅਸਲ ਵਿਚ ਉਹ ਅਜਿਹੇ ਕੇਸਾਂ ਵਿਚ ਜੱਜਾਂ ਨੂੰ ਮੋਟੀਆਂ ਰਕਮਾਂ ਪਹੁੰਚਾਉਂਦਾ ਸੀ। ਮਾਲ ਮਾਲਕਾਂ ਦਾ ਹੁੰਦਾ ਸੀ, ਮਸ਼ਹੂਰੀ ਭੰਡਾਰੀ ਦੀ ਹੁੰਦੀ ਸੀ। ਜੱਜ ਦੀ ਪੜਤਾਲ ਸ਼ੁਰੂ ਹੋ ਗਈ ਤਾਂ ਭੰਡਾਰੀ ਦਾ ਮੂੰਹ ਸਭ ਤੋਂ ਪਹਿਲਾਂ ਕਾਲਾ ਹੋਣਾ ਸੀ।

ਕਿਸੇ ਵੀ ਸੀਨੀਅਰ ਨੇ ਪੱਲਾ ਨਾ ਫੜਾਇਆ।

ਉਲਟਾ ਮਸਲਾ ਹੋਰ ਪੇਚੀਦਾ ਹੋ ਗਿਆ।

ਸੀਨੀਅਰ ਵਕੀਲਾਂ ਵਿਚ ਇਕ ਹੋੜ ਜਿਹੀ ਲੱਗ ਗਈ। ਸਭ ਇਕ-ਦੂਜੇ ਨਾਲੋਂ ਪਹਿਲਾਂ ਜੱਜ ਦੇ ਕੰਨ ਭਰਨ ਲਈ ਕਾਹਲੇ ਪੈਣ ਲੱਗੇ। ਜ਼ਿਆਦਾ ਨੰਬਰ ਬਣਾਉਣ ਲਈ ਬਾਤ ਦਾ ਬਤੰਗੜ ਵੀ ਬਣਾ ਦਿੰਦੇ। ਕਈ ਵਕੀਲ ਮਨਘੜਤ ਕਹਾਣੀਆਂ ਘੜ ਲੈਂਦੇ। ਜੱਜ ਨੂੰ ਪੂਰੀ ਹਮਾਇਤ ਦਾ ਯਕੀਨ ਦਿਵਾ ਕੇ ਉਸ ਦੀ ਵਾਹ-ਵਾਹ ਖੱਟਦੇ।

“ਦੇਖਾਂਗਾ ਕੌਣ ਮੇਰੇ ਖ਼ਿਲਾਫ਼ ਬੋਲਦਾ ਹੈ? ਮੈਂ ਬਚਨ ਸਿੰਘ ਵਾਂਗ ਮੈਦਾਨ ਛੱਡ ਕੇ ਭੱਜਣ ਵਾਲਾ ਨਹੀਂ। ਵਿਰੋਧੀ ਵਕੀਲਾਂ ਨੂੰ ਜੇ ਰੇੜ੍ਹੀ ਲਾਉਣ ਨਾ ਲਾਇਆ ਤਾਂ ਮੇਰਾ ਨਾਂ ਵੀ ਨਾਥ ਨਹੀਂ।” ਹੌਸਲੇ ’ਚ ਆਇਆ ਜੱਜ ਕਈ ਵਾਰ ਅਦਾਲਤ ਵਿਚ ਹੀ ਬੜ੍ਹਕਾਂ ਮਾਰਨ ਲੱਗਦਾ।

ਸੰਮਤੀ ਨੂੰ ਇਹ ਵੰਗਾਰ ਵੀ ਕਬੂਲ ਸੀ।

ਬਾਰ ਸੰਮਤੀ ਦੀ ਮਦਦ ਨਹੀਂ ਕਰਦੀ, ਨਾ ਸਹੀ। ਸੰਮਤੀ ਆਪਣੇ ਬਲ-ਬੂਤੇ ’ਤੇ ਲੜਾਈ ਲੜੇਗੀ।

ਲੀਗਲ ਸੈੱਲ ਨੂੰ ਹੁਕਮ ਹੋਇਆ_ਉਹ ਨਾਥ ਵਿਰੁੱਧ ਕੀਤੀ ਜਾਣ ਵਾਲੀ ਸ਼ਿਕਾਇਤ ਦਾ ਖਰੜਾ ਤਿਆਰ ਕਰੇ। ਅੱਗੇ ਸੰਮਤੀ ਆਪੇ ਸੰਭਾਲ ਲਏਗੀ।

 

 

21

ਸੰਮਤੀ ਦੀਆਂ ਪੁਲਿਸ ਨਾਲ ਟੱਕਰ ਲੈ ਰਹੀਆਂ ਇਕਾਈਆਂ ਨੂੰ ਕੋਈ ਦਿੱਕਤ ਪੇਸ਼ ਨਹੀਂ ਸੀ ਆ ਰਹੀ। ਇਕ-ਇਕ ਕਰਕੇ ਬਟੇਰਾ ਆਪੇ ਉਹਨਾਂ ਦੇ ਪੈਰਾਂ ਹੇਠ ਆ ਰਿਹਾ ਸੀ।

ਉਹਨਾਂ ਦਾ ਪਹਿਲਾ ਸ਼ਿਕਾਰ ਚਿਮਨਾ ਹੌਲਦਾਰ ਬਣਿਆ ਸੀ।

ਚਿਮਨੇ ਦੇ ਮੁੰਡੇ ਦਾ ਵਿਆਹ ਸੀ। ਥੋੜ੍ਹੀ-ਬਹੁਤ ਦਾਰੂ ਤਾਂ ਹਰ ਵਿਆਹ ਵਿਚ ਚੱਲਦੀ ਸੀ। ਚਿਮਨੇ ਦਾ ਇਕੋ-ਇਕ ਪੁੱਤਰ ਸੀ। ਉਹ ਆਏ ਮਹਿਮਾਨਾਂ ਨੂੰ ਸ਼ਰਾਬ ਨਾਲ ਨਹਾਉਣਾ ਚਾਹੁੰਦਾ ਸੀ। ਰਿਸ਼ਤੇਦਾਰਾਂ ’ਤੇ ਤਾਂ ਹੀ ਹੌਲਦਾਰੀ ਦਾ ਰੋਹਬ ਪੈਣਾ ਸੀ।

ਵੈਸੇ ਤਾਂ ਉਸ ਨੇ ਕਈ ਪਿੰਡਾਂ ਵਿਚ ਲਾਹਣ ਪਵਾਇਆ ਸੀ, ਪਰ ਉਸ ਨੂੰ ਬਹੁਤੀ ਤਵੱਕੋ ਵਜੀਦਕੇ ਵਾਲੇ ਲਾਲੀ ਤੋਂ ਸੀ।

ਲਾਲੀ ਦੀ ਸ਼ਰਾਬ ਦੂਰ-ਦੂਰ ਤਕ ਮਸ਼ਹੂਰ ਸੀ। ਸ਼ਰਾਬ ਕੱਢਣਾ ਉਸ ਦਾ ਸ਼ੌਕ ਸੀ। ਉਹ ਖਾਂਦਾ-ਪੀਂਦਾ ਜ਼ਿਮੀਂਦਾਰ ਸੀ। ਹਰ ਰੋਜ਼ ਪੀਂਦਾ ਸੀ, ਪਰ ਘਰ ਦੀ ਕੱਢ ਕੇ। ਲਾਹਣ ਵਿਚ ਲੌਂਗ, ਲਾਚੀਆਂ, ਕਾਜੂ ਅਤੇ ਖੋਪੇ ਤੋਂ ਸਿਵਾ ਹੋਰ ਪਤਾ ਨਹੀਂ ਕੀ ਕੁਝ ਪਾਉਂਦਾ ਸੀ। ਵਧੀਆ ਤੋਂ ਵਧੀਆ ਵਿਸਕੀ ਉਸ ਦੀ ਸ਼ਰਾਬ ਅੱਗੇ ਮਾਤ ਖਾਂਦੀ ਸੀ।

ਜਦੋਂ ਵੀ ਉਹ ਸ਼ਰਾਬ ਕੱਢਦਾ, ਤੋਹਫ਼ੇ ਵਜੋਂ ਇਕ-ਇਕ ਬੋਤਲ ਮਿੱਤਰ ਅਫ਼ਸਰਾਂ ਨੂੰ ਜ਼ਰੂਰ ਭੇਜਦਾ। ਸੌ-ਸੌ ਕੋਹ ’ਤੇ ਬਦਲ ਕੇ ਗਿਆ ਅਫ਼ਸਰ ਵੀ ਉਸ ਦੀ ਸ਼ਰਾਬ ਦਾ ਜ਼ਾਇਕਾ ਨਹੀਂ ਸੀ ਭੁੱਲਦਾ। ਸ਼ਰਾਬ ਲਈ ੳਸ ਕੋਲ ਦੂਰੋ-ਦੂਰੋਂ ਫ਼ਰਮਾਇਸ਼ਾਂ ਆਉਂਦੀਆਂ ਸਨ।

ਚਿਮਨਾ ਆਪਣੇ ਮਹਿਮਾਨਾਂ ਨੂੰ ਅਜਿਹੇ ਹੀ ਲਾਜਵਾਬ ਤੋਹਫ਼ੇ ਨਾਲ ਨਿਵਾਜਣਾ ਚਾਹੁੰਦਾਸੀ।

ਪਹਿਲੇ ਹੱਲੇ ਲਾਲੀ ਨੇ ਲੜ ਨਹੀਂ ਸੀ ਫੜਾਇਆ। ਉਸ ਨੇ ਸ਼ਰਾਬ ਕੱਢਣੀ ਛੱਡੀ ਹੋਈਸੀ।

ਇਧਰ ਬਦਾਮਾਂ ਪਿਸਤਿਆਂ ਦੇ ਭਾਅ ਅਸਮਾਨੀ ਚੜ੍ਹਦੇ ਜਾ ਰਹੇ ਸਨ। ਉਧਰ ਖ਼ਰਚਾ ਵੰਡਾਉਣ ਲਈ ਕੋਈ ਅੱਗੇ ਨਹੀਂ ਸੀ ਆ ਰਿਹਾ। ਘਰ ਦੇ ਲਾਲੀ ਨੂੰ ਤੰਗ ਕਰ ਰਹੇ ਸਨ। ਉਹਨਾਂ ਦੀ ਅੱਧੀ ਕਮਾਈ ਸ਼ਰਾਬ ਦੇ ਮੂੰਹ ਉੱਡ ਰਹੀ ਸੀ। ਉਹ ਕੋਈ ਮਾੜਾ ਧੰਦਾ ਨਹੀਂ ਕਰਦੇ। ਅਫ਼ਸਰਾਂ ਨੂੰ ਖ਼ੁਸ਼ ਰੱਖਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਸੀ। ਉਹ ਅਫ਼ਸਰਾਂ ਦਾ ਖਹਿੜਾ ਛੱਡੇ।

ਵਗਾਰਾਂ ਅਤੇ ਮਿਹਣਿਆਂ ਤੋਂ ਅੱਕੇ ਲਾਲੀ ਨੇ ਬਿਆਸਾ ਜੀ ਜਾ ਕੇ ਸਹੁੰ ਖਾ ਲਈ। ਸ਼ਰਾਬ ਪੀਣੀ ਤਾਂ ਦੂਰ, ਉਹ ਉਸ ਨੂੰ ਹੱਥ ਵੀ ਨਹੀਂ ਲਾਏਗਾ।

ਸਿਆਣੇ ਅਫ਼ਸਰ ਸਮਝ ਗਏ, ਉਹਨਾਂ ਨੇ ਲਾਲੀ ਦਾ ਖਹਿੜਾ ਛੱਡ ਦਿੱਤਾ।

ਚਿਮਨੇ ਨੂੰ ਯਕੀਨ ਨਾ ਆਇਆ। ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਜਾ ਹੀ ਨਹੀਂ ਸਕਦੀ। ਇਹ ਲਾਲੀ ਦਾ ਮਕਰ ਸੀ।

ਕੁਝ ਵੀ ਸੀ, ਲਾਲੀ ਦੇ ਯਾਰ ਦੇ ਮੁੰਡੇ ਦਾ ਵਿਆਹ ਸੀ। ਸ਼ਰਾਬ ਉਸ ਨੂੰ ਕੱਢਣੀ ਹੀ ਪੈਣੀ ਸੀ। ਪੀਣੀ ਛੱਡੀ ਹੈ, ਛੱਡੀ ਰੱਖੇ। ਹੱਥ ਲਾਉਣ ਵਾਲੀ ਸਹੁੰ ਵੀ ਨਾ ਤੋੜੇ। ਬੱਸ, ਕੋਲ ਬੈਠ ਕੇ ਕੱਢਵਾ ਦੇਵੇ।

ਲਾਲੀ ਨੇ ਪੰਜ ਡਰੰਮ ਪਾਏ। ਭੱਠੀ ਤਿੰਨ ਦਿਨ ਚੜ੍ਹੀ।

ਲਾਹਣ ਦੀ ਖ਼ੁਸ਼ਬੂ ਕਈ ਦਿਨ ਪਿੰਡ ਨੂੰ ਨਸ਼ਿਆਉਂਦੀ ਰਹੀ। ਤਾਜ਼ੀ-ਤਾਜ਼ੀ ਸ਼ਰਾਬ ਦੀ ਲਾਲਸਾ ਨੇ ਕਈਆਂ ਨੂੰ ਲਾਲੀ ਦੇ ਖੇਤਾਂ ਵੱਲ ਧੂਹਿਆ। ਅਗਾਂਹ ਪੁਲਿਸ ਦਾ ਨਾਕਾ ਸੀ। ਲੋਕ ਹੈਰਾਨ ਸਨ। ਪੁਲਿਸ ਵੀ ਬੈਠੀ ਸੀ ਅਤੇ ਸ਼ਰਾਬ ਵੀ ਨਿਕਲ ਰਹੀ ਸੀ। ਅਜੀਬ ਮਾਜਰਾ ਸੀ।

ਲੋਕਾਂ ਨੂੰ ਇਹ ਪਹੇਲੀ ਸਮਝ ਨਾ ਆਈ। ਪਿੰਡ ਦੀ ਨੌਜਵਾਨ ਸਭਾ ਸਮਝ ਗਈ।

ਜਦੋਂ ਸ਼ਰਾਬ ਨਾਲ ਭਰਿਆ ਟੈਂਪੂ ਚਿਮਨੇ ਦੇ ਪਿੰਡ ਵੱਲ ਮੁੜਨ ਲੱਗਾ ਤਾਂ ਉਸ ਨੂੰ ਘੇਰ ਲਿਆ ਗਿਆ।

ਵਿਚ ਬੈਠੇ ਚਿਮਨੇ ਨੇ ਪਹਿਲਾਂ ਦਬਕਾ ਮਾਰਿਆ। ਉਹ ਬਾ-ਵਰਦੀ ਸਰਕਾਰੀ ਡਿਊਟੀ’ਤੇ ਸੀ। ਪੁਲਿਸ ਨੂੰ ਆਪਣੀ ਡਿਊਟੀ ਤੋਂ ਰੋਕਣ ਦੇ ਜੁਰਮ ਵਿਚ ਉਹ ਸਭ ਨੂੰ ਅੰਦਰ ਕਰ ਸਕਦਾਸੀ।

ਜਿਉਂ-ਜਿਉਂ ਘੇਰਾ ਪਾਉਣ ਵਾਲਿਆਂ ਦੀ ਗਿਣਤੀ ਵੱਧਦੀ ਗਈ, ਉਹ ਢਿੱਲਾ ਪੈਂਦਾ ਗਿਆ।

“ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਭੱਠੀ ਫੜੀ ਹੈ। ਇਹ ਕੇਸ ਦਾ ਮਾਲ-ਮੁਕੱਦਮਾ ਹੈ।” ਘੇਰਾ ਪਾਉਣ ਵਾਲਿਆਂ ਵਿਚ ਜਦੋਂ ਪੰਚ-ਸਰਪੰਚ ਦਿਖਾਈ ਦੇਣ ਲੱਗੇ ਤਾਂ ਚਿਮਨੇ ਨੇ ਪੈਂਤੜਾ ਬਦਲਿਆ।

ਵਜੀਦਕਿਆਂ ਵਾਲੇ ਸਰਪੰਚ ਨੇ ਜਦੋਂ ਲਾਲੀ ਨੂੰ ਸਭ ਦੇ ਸਾਹਮਣੇ ਪੇਸ਼ ਕੀਤਾ ਤਾਂ ਚਿਮਨਾ ਪੈਰੀਂ ਪੈਣ ਲੱਗਾ। ਭੁੱਲਾਂ ਬਖ਼ਸ਼ਾਉਣ ਲੱਗਾ।

ਦੁਸ਼ਮਣਾਂ ਨੂੰ ਬਖ਼ਸ਼ਣਾ ਸੰਮਤੀ ਦੀ ਨੀਤੀ ਵਿਚ ਨਹੀਂ ਸੀ। ਇਹ ਉਹੋ ਹੌਲਦਾਰ ਸੀ, ਜਿਸ ਨੇ ਗ਼ਫ਼ੂਰ ਮੀਆਂ ਨੂੰ ਭਰੀ ਕਚਹਿਰੀ ਵਿਚ ਕੁੱਟਿਆ ਸੀ। ਉਸ ਦੀ ਪੱਗ ਲਾਹੀ ਅਤੇ ਦਾੜ੍ਹੀ ਪੁੱਟੀ ਸੀ। ਬੇਕਸੂਰ ਗ਼ਫ਼ੂਰ ਨੇ ਵੀ ਉਸ ਕੋਲ ਅਰਜ਼ ਕੀਤੀ ਸੀ। ਜਦੋਂ ਚਿਮਨੇ ਨੇ ਕੋਈ ਪਰਵਾਹ ਨਹੀਂ ਸੀ ਕੀਤੀ ਤਾਂ ਸੰਮਤੀ ਕਿਉਂ ਕਰੇ?

ਡਿਪਟੀ ਨੂੰ ਮੌਕੇ ’ਤੇ ਬੁਲਾਇਆ ਗਿਆ। ਚਿਮਨੇ ਨੂੰ ਗ੍ਰਿਫ਼ਤਾਰ ਕਰਾਇਆ ਗਿਆ ਤਾਂ ਚਿਮਨੇ ਅਤੇ ਟੈਂਪੂ ਦਾ ਖਹਿੜਾ ਛੱਡਿਆ ਗਿਆ।

ਚਿਮਨੇ ਦੇ ਚਰਚੇ ਮੱਠੇ ਪਏ ਤਾਂ ਪਾਖਰ ਦੇ ਸ਼ੁਰ ਹੋ ਗਏ।

ਉਸ ਦੀ ਜੱਦ ਵਿਚ ਮੱਝਾਂ ਚਾਰਦੇ ਦੋ ਪਾਲੀ ਬੱਸ ਹੇਠ ਆ ਕੇ ਕੁਚਲੇ ਗਏ ਸਨ।

ਬੱਸ ਅਵਤਾਰ ਟਰਾਂਸਪੋਰਟ ਕੰਪਨੀ ਦੀ ਸੀ। ਐਕਸੀਡੈਂਟ ਸਮੇਂ ਬੱਸ ਨੂੰ ਕੰਪਨੀ ਦੇ ਮਾਲਕ ਦਾ ਮੁੰਡਾ ਚਲਾ ਰਿਹਾ ਸੀ। ਉਹ ਅਨਜਾਣ ਵੀ ਸੀ ਅਤੇ ਸ਼ਰਾਬੀ ਵੀ।

ਬੱਸ ਨੂੰ ਡੱਕੇ-ਡੋਲੇ ਖਾਂਦੀ ਦੇਖ ਕੇ ਸਵਾਰੀਆਂ ਨੇ ਹਾਲ-ਦੁਹਾਈ ਕੀਤੀ। ਡਰਾਈਵਰ ਬਦਲੋ ਜਾਂ ਉਹਨਾਂ ਨੂੰ ਉਤਾਰੋ।

ਕੰਡਕਟਰ ਨੇ ਵੀ ਅਰਜ਼ ਕੀਤੀ। ਅੱਡਾ ਚਾਰ ਕੁ ਮੀਲ ਦੂਰ ਹੈ। ਥੋੜ੍ਹੀ ਬਹੁਤੀ ਬੱਸ ਉਸ ਨੂੰ ਚਲਾਉਣੀ ਆਉਂਦੀ ਹੈ। ਹੌਲੀ-ਹੌਲੀ ਉਹ ਬੱਸ ਅੱਡੇ ਲੈ ਜਾਏਗਾ।

ਚਾਰ ਕੌਡੀਆਂ ਦਾ ਨੌਕਰ ਮਾਲਕ ਨੂੰ ਸ਼ਰਾਬੀ ਆਖੇ। ਉਸ ਤੋਂ ਬੱਸ ਖੋਹੇ) ਕੰਡਕਟਰ ਦੀ ਇਸ ਬਦਤਮੀਜ਼ੀ ’ਤੇ ਮੁੰਡੇ ਨੂੰ ਗ਼ੁੱਸਾ ਚੜ੍ਹ ਗਿਆ। ਕੰਡਕਟਰ ਨੂੰ ਗਾਲ੍ਹਾਂ ਕੱਢਦੇ ਮਾਲਕ ਨੇ ਬੱਸ ਦੀ ਸਪੀਡ ਹੋਰ ਚੁੱਕ ਦਿੱਤੀ।

ਸਵਾਰੀਆਂ ‘ਵਾਹਿਗੁਰੂ-ਵਾਹਿਗੁਰੂ’ ਕਰਨ ਲੱਗੀਆਂ। ਪਤਾ ਨਹੀਂ ਮੌਤ ਕਿਸ ਦੇ ਸਿਰ ’ਤੇ ਮੰਡਰਾ ਰਹੀ ਸੀ।

ਕੈਂਚੀਆਂ ’ਤੇ ਪੁੱਜਦੇ ਹੀ ਭਾਣਾ ਵਰਤ ਗਿਆ। ਗ਼ਰੀਬ ਪਾਲੀ ਮਾਰੇ ਗਏ।

ਕੰਡਕਟਰ ਤਾਂ ਭੱਜ ਗਿਆ ਪਰ ਸ਼ਰਾਬੀ ਮਹਿੰਦਰ ਸਿੰਘ ਸਵਾਰੀਆਂ ਦੇ ਹੱਥ ਆ ਗਿਆ। ਸਵਾਰੀਆਂ ਨੇ ਪਹਿਲਾਂ ਆਪ ਉਸ ਦੀ ਭੁਗਤ ਸੁਆਰੀ, ਫੇਰ ਪੁਲਿਸ ਦੇ ਹਵਾਲੇ ਕਰ ਦਿੱਤਾ।

ਆਥਣ ਹੋ ਰਿਹਾ ਸੀ। ਮਰਨ ਵਾਲਿਆਂ ਦੇ ਵਾਰਿਸ ਪੁੱਜ ਗਏ ਸਨ। ਪੁਲਿਸ ਦੀ ਲਿਖਾ-ਪੜ੍ਹੀ ਪਤਾ ਨਹੀਂ ਕਦੋਂ ਮੁਕੰਮਲ ਹੋਏਗੀ? ਸਵਾਰੀਆਂ ਲੇਟ ਹੋ ਰਹੀਆਂ ਸਨ। ਉਹ ਇਕ-ਇਕ ਕਰਕੇ ਖਿੰਡ ਗਈਆਂ।

ਮੌਕਾ ਤਾੜ ਕੇ ਕੰਪਨੀ ਦੇ ਮਾਲਿਕ ਪਾਖਰ ’ਤੇ ਜ਼ੋਰ ਪਾਉਣ ਲੱਗੇ। ਉਹ ਕੰਪਨੀ ਦਾ ਵਾਰਸਾਂ ਨਾਲ ਰਾਜ਼ੀਨਾਮਾ ਕਰਵਾ ਦੇਵੇ। ਰਾਜ਼ੀਨਾਮਾ ਨਹੀਂ ਹੁੰਦਾ ਤਾਂ ਮਹਿੰਦਰ ਦੀ ਥਾਂ ਡਰਾਈਵਰ ਦਾ ਨਾਂ ਪਾ ਦੇਵੇ। ਡਰਾਈਵਰ ਨੂੰ ਉਹ ਆਪੇ ਮਨਾ ਲੈਣਗੇ। ਡਰਾਈਵਰ ਨੂੰ ਕਿਹੜਾ ਉਹਨਾਂ ਆਂਚ ਆਉਣ ਦੇਣੀ ਹੈ। ਹਾਲੇ ਵਾਰਿਸ ਗ਼ੁੱਸੇ ’ਚ ਹਨ। ਜਦੋਂ ਗ਼ੁੱਸਾ ਠੰਢਾ ਹੋ ਗਿਆ, ਲੈ-ਦੇ ਕਰਕੇ ਗਵਾਹੀ ਮੁਕਰਾ ਦੇਣਗੇ।

ਖ਼ਿਆਲ ਮਾੜਾ ਨਹੀਂ ਸੀ। ਥਾਣੇਦਾਰ ਲਈ ਚਾਰ ਪੈਸੇ ਕਮਾਉਣ ਦਾ ਵਧੀਆ ਮੌਕਾ ਸੀ। ਅਜਿਹੇ ਬਹੁਤੇ ਕੇਸਾਂ ਵਿਚ ਰਾਜ਼ੀਨਾਮੇ ਹੀ ਹੁੰਦੇ ਹਨ। ਨਾ ਡਰਾਈਵਰ ਦੀ ਮਰਨ ਵਾਲੇ ਨਾਲ ਦੁਸ਼ਮਣੀ ਹੁੰਦੀ ਹੈ, ਨਾ ਵਾਰਿਸਾਂ ਦੀ ਡਰਾਈਵਰ ਨਾਲ। ਬੀਮਾ ਕੰਪਨੀ ਤੋਂ ਵੱਧੋ-ਵੱਧ ਕਲੇਮ ਦਿਵਾਉਣ ਵਿਚ ਡਰਾਈਵਰ ਵਾਰਿਸਾਂ ਦੀ ਮਦਦ ਕਰ ਦਿੰਦਾ ਹੈ ਅਤੇ ਵਾਰਿਸ ਡਰਾਈਵਰ ਨੂੰ ਬਰੀ ਕਰਾਉਣ ਵਿਚ। ਜਦੋਂ ਪਿੱਛੋਂ ਵੀ ਇਹੋ ਹੋਣਾ ਸੀ ਤਾਂ ਥਾਣੇਦਾਰ ਹੁਣੇ ਕਿਉਂ ਨਾ ਕਰਵਾ ਦੇਵੇ।

ਕਾਰਵਾਈ ਵਿਚੇ ਛੱਡ ਕੇ ਪਾਖਰ ਵਾਰਿਸਾਂ ਨੂੰ ਸਮਝਾਉਣ ਲੱਗਾ।

“ਜੇ ਤੁਸੀਂ ਆਖੋਗੇ ਤਾਂ ਮੈਂ ਮੁਕੱਦਮਾ ਦਰਜ ਕਰ ਦੂੰ, ਪਰ ਕਚਹਿਰੀ ’ਚ ਜਾ ਕੇ ਕੁਝ ਨੀ ਬਣਨਾ। ਵਕੀਲਾਂ, ਮੁਨਸ਼ੀਆਂ ਦੀਆਂ ਫ਼ੀਸਾਂ ਦਿੰਦੇ ਥੱਕ ਜਾਓਗੇ। ਮਰਿਆਂ ਤਾਂ ਵਾਪਸ ਨਹੀਂ ਆਉਣਾ। ਚਾਰ ਪੈਸੇ ਲੈ ਕੇ ਜਵਾਕਾਂ ਦਾ ਢਿੱਡ ਭਰੋ। ਮੈਂ ਚਾਰ ਛਿੱਤਰ ਵੱਧ ਮਾਰ ਕੇ ਪੈਸੇ ਵੱਧ ਦਿਵਾ ਦੂੰ।”

ਇਕ ਪਾਸੇ ਹਿੱਕ ’ਤੇ ਪਈਆਂ ਲਾਸ਼ਾਂ। ਦੂਜੇ ਪਾਸੇ ਰੋਂਦੇ-ਕੁਰਲਾਂਦੇ ਬੱਚੇ। ਤੀਜੇ ਪਾਸੇ ਪੁਲਿਸ ਦਾ ਮਸ਼ਵਰਾ। ਚੌਥੇ ਪਾਸੇ ਬੱਸ ਮਾਲਿਕਾਂ ਦਾ ਜ਼ੋਰ। ਗ਼ਰੀਬ ਵਾਰਿਸਾਂ ਨੂੰ ਪੈਸੇ ਲੈਣ ਤੋਂ ਸਿਵਾ ਕੁਝ ਸੁੱਝਿਆ ਹੀ ਨਾ।

ਦਸ ਹਜ਼ਾਰ ਉਹਨਾਂ ਨੂੰ ਤੁਰੰਤ ਦਿੱਤਾ ਗਿਆ। ਦਸ ਹਜ਼ਾਰ ਕੇਸ ਰਫ਼ਾ-ਦਫ਼ਾ ਹੋਣ ਪਿੱਛੋਂ ਮਿਲਣਾ ਸੀ।

ਕੰਪਨੀ ਦਾ ਮੁਫ਼ਤ ਵਿਚ ਸਰ ਗਿਆ। ਨਵੇਂ ਕਾਨੂੰਨ ਮੁਤਾਬਕ ਐਕਸੀਡੈਂਟ ਵਿਚ ਮਰਨ ਵਾਲੇ ਹਰ ਵਿਅਕਤੀ ਦੇ ਵਾਰਿਸਾਂ ਨੂੰ ਪੰਦਰਾਂ ਹਜ਼ਾਰ ਰੁਪਿਆ ਬੀਮਾ ਕੰਪਨੀ ਵੱਲੋਂ ਮਿਲਣਾ ਸੀ। ਕਲੇਮ ਵਸੂਲਣ ਦਾ ਮੁਖ਼ਤਿਆਰਨਾਮਾ ਕੰਪਨੀ ਦੇ ਇਕ ਮੁਲਾਜ਼ਮ ਨੂੰ ਦਿਵਾਇਆ ਗਿਆ। ਬਾਕੀ ਬਚਦਾ ਪੈਸਾ ਪਾਖਰ ਨੂੰ ਫੜਾਇਆ ਗਿਆ।

ਸੱਚੀ-ਝੂਠੀ ਇਕ ਰਪਟ ਲਿਖੀ ਗਈ। ਬੱਸ ਦੇ ਸਟੇਅਰਿੰਗ ’ਤੇ ਮਹਿੰਦਰ ਸਿੰਘ ਦੀ ਥਾਂ ਕੰਪਨੀ ਦੇ ਕਿਸੇ ਡਰਾਈਵਰ ਨੂੰ ਬਿਠਾਇਆ ਗਿਆ। ਕਸੂਰਵਾਰ ਪਾਲੀਆਂ ਨੂੰ ਠਹਿਰਾਇਆ ਗਿਆ। ਡੰਗਰ ਚਾਰਦੇ-ਚਾਰਦੇ ਉਹ ਅਚਾਨਕ ਹੀ ਸੜਕ ’ਤੇ ਆ ਚੜ੍ਹੇ ਸਨ। ਜਦੋਂ ਮੁੰਡੇ ਆਪਣੀ ਅਣਗਹਿਲੀ ਕਾਰਨ ਮਰੇ ਸਨ ਤਾਂ ਵਾਰਿਸ ਕਾਰਵਾਈ ਕਰਦੇ ਚੰਗੇ ਨਹੀਂ ਸਨ ਲੱਗਦੇ।

ਸਾਰੀਆਂ ਧਿਰਾਂ ਨੂੰ ਖ਼ੁਸ਼ ਕਰ ਕੇ ਥਾਣੇਦਾਰ ਤਾਂ ਸੁੱਖ ਦੀ ਨੀਂਦ ਸੌਂ ਗਿਆ, ਪਰ ਸੰਮਤੀ ਜਾਗਦੀ ਰਹੀ।

ਅਗਲੇ ਦਿਨ ਸੰਮਤੀ ਨੇ ਥਾਣੇ ਅੱਗੇ ਧਰਨਾ ਲਾ ਦਿੱਤਾ।

ਪਾਖਰ ਨੇ ਪਾਲੀਆਂ ਦਾ ਕਫ਼ਨ ਵੇਚਿਆ ਸੀ। ਗ਼ਰੀਬ ਅਨਾਥ ਬੱਚਿਆਂ ਦੇ ਮੂੰਹੋਂ ਟੁੱਕ ਖੋਹਿਆ ਸੀ। ਜੇ ਮੁੱਕਦਮਾ ਠੀਕ ਦਰਜ ਹੋਇਆ ਹੁੰਦਾ ਤਾਂ ਵਾਰਿਸਾਂ ਨੂੰ ਮੁਆਵਜ਼ੇ ’ਚ ਲੱਖਾਂ ਰੁਪਿਆ ਮਿਲਦਾ।

ਸੰਮਤੀ ਨੇ ਉਹ ਸਾਰੀਆਂ ਸਵਾਰੀਆਂ ਪੇਸ਼ ਕੀਤੀਆਂ, ਜਿਨ੍ਹਾਂ ਸਾਹਮਣੇ ਵਕੂਆ ਹੋਇਆ ਸੀ। ਉਹ ਡਰਾਈਵਰ ਪੇਸ਼ ਕੀਤਾ, ਜਿਹੜਾ ਝੂਠਾ ਫਸਾਇਆ ਸੀ। ਵਾਰਿਸਾਂ ਨੇ ਵੀ ਧਾਹਾਂ ਮਾਰੀਆਂ। ਪਾਖਰ ਨੇ ਉਹਨਾਂ ਨੂੰ ਗੁਮਰਾਹ ਕੀਤਾ ਸੀ।

ਡੀ.ਆਈ.ਜੀ. ਵੱਲੋਂ ਪੜਤਾਲ ਹੋਈ। ਥਾਣੇਦਾਰ ਕਸੂਰਵਾਰ ਪਾਇਆ ਗਿਆ। ਨਵੇਂ ਸਿਰਿਉਂ ਪਰਚਾ ਦਰਜ ਕਰਾਇਆ ਗਿਆ।

ਪਾਖਰ ਦੇ ਲਾਈਨ ਹਾਜ਼ਰ ਹੁੰਦਿਆਂ ਹੀ ਸੰਮਤੀ ਨੂੰ ਕੁਝ ਰਾਹਤ ਮਹਿਸੂਸ ਹੋਣ ਲੱਗੀ। ਸੰਮਤੀ ਸਮਰਥਕ ਗਵਾਹਾਂ ਦੇ ਵਾਰਿਸਾਂ ’ਤੇ ਬਹੁਤਾ ਕੜਾਕਾ ਉਸੇ ਨੇ ਚਾੜ੍ਹਿਆ ਹੋਇਆ ਸੀ। ਕੁਝ ਗਵਾਹ ਸੰਮਤੀ ਦੇ ਲਕੋਏ ਹੋਏ ਸਨ। ਬਾਕੀ ਗਵਾਹ ਇਸ ਨੇ ਚੁੱਕ ਰੱਖੇ ਸਨ।

ਖਿਝੇ ਅਤੇ ਘਬਰਾਏ ਪਾਖਰ ਨੇ ਬੰਟੀ ਕਤਲ ਕੇਸ ਦੇ ਸਾਰੇ ਗਵਾਹ ਛੱਡ ਦਿੱਤੇ।

ਪਾਖਰ ਵਾਂਗ ਹੋਰ ਮੁਲਾਜ਼ਮਾਂ ਦੇ ਖ਼ਿਲਾਫ਼ ਵੀ ਅਰਜ਼ੀ-ਪਰਚਾ ਸ਼ੁਰੂ ਹੋ ਗਿਆ। ਪੁੱਛ-ਪੜਤਾਲ ਲਈ ਕਦੇ ਵਿਜੀਲੈਂਸ ਵਾਲੇ ਆ ਜਾਂਦੇ, ਕਦੇ ਸੀ.ਆਈ.ਡੀ. ਵਾਲੇ ਅਤੇ ਕਦੇ ਉਡਣ-ਦਸਤੇ ਵਾਲੇ।

ਕਦੇ ਡਿਪਟੀ ਦੇ ਸਮਗਲਰਾਂ ਨਾਲ ਕੀਤੇ ਹਿੱਸੇ ਦੀ ਪੜਤਾਲ ਹੋ ਰਹੀ ਹੁੰਦੀ, ਕਦੇ ਮੁੱਖ ਅਫ਼ਸਰ ਵੱਲੋਂ ਸੱਟੇ ਵਾਲਿਆਂ ਨਾਲ ਬੰਨ੍ਹੇ ਮਹੀਨੇ ਦੀ।

ਸਾਧਾਰਨ ਸ਼ਿਕਾਇਤਾਂ ਹੁੰਦੀਆਂ ਤਾਂ ਪੁਲਿਸ ਵਾਲੇ ਰੋਹਬ ਨਾਲ ਜਾਂ ਕਿਸੇ ਮੋਹਤਬਰ ਰਾਹੀਂ ਮਿੰਨਤ-ਤਰਲਾ ਕਰ ਕੇ ਟਿਕ-ਟਿਕਾ ਕਰ ਲੈਂਦੇ। ਹੁਣ ਡਰਦਾ ਕੋਈ ਸ਼ਿਕਾਇਤੀ ਨਾਲ ਰਾਬਤਾ ਤਕ ਕਾਇਮ ਨਹੀਂ ਸੀ ਕਰਦਾ। ਜਿਸ-ਜਿਸ ਨੇ ਵੀ ਯਤਨ ਕੀਤਾ, ਉਸੇ ਨੂੰ ਦੂਹਰਾ ਵਖਤ ਪੈ ਗਿਆ। ਕਿਸੇ ਦਾ ਮਿੰਨਤ-ਤਰਲਾ ਟੇਪ ਹੋ ਗਿਆ, ਕਿਸੇ ਖ਼ਿਲਾਫ਼ ਇਕ ਸ਼ਿਕਾਇਤ ਹੋਰ ਹੋ ਗਈ। ਪਹਿਲੇ ਬਿਆਨ ਤੋਂ ਮੁਕਰਾਉਣ ਲਈ ਫ਼ਰਿਆਦੀ ਨੂੰ ਡਰਾਇਆ-ਧਮਕਾਇਆ ਜਾ ਰਿਹੈ।

ਦੋ ਘੜੀ ਕਪਤਾਨ ਵੀ ਫੂਕ-ਫੂਕ ਕੇ ਪੈਰ ਧਰ ਰਿਹਾ ਸੀ। ਕੁਤਾਹੀ ਹੋਣ ’ਤੇ ਉਸ ਨੂੰ ਵੀ ਹੱਥ ਪੈ ਸਕਦਾ ਸੀ।

ਮੁਲਾਜ਼ਮਾਂ ਵਿਚ ਹਾਹਾਕਾਰ ਮੱਚ ਗਈ। ਸੰਮਤੀ ਨਾਲੋਂ ਜ਼ਿਆਦਾ ਉਹਨਾਂ ਨੂੰ ਆਪਣੇ ਅਫ਼ਸਰਾਂ ’ਤੇ ਗ਼ੁੱਸਾ ਸੀ। ਉਹਨਾਂ ਦੀ ਖਿਚਾਈ ਕੌਣ ਕਰਵਾ ਰਿਹਾ ਹੈ ਅਤੇ ਕਿਉਂ ਹੋ ਰਹੀ ਹੈ? ਇਹ ਗੱਲ ਕਿਸੇ ਤੋਂ ਨਹੀਂ ਸੀ ਲੁਕੀ। ਫੇਰ ਅਫ਼ਸਰ ਮੋਢਾ ਕਿਉਂ ਨਹੀਂ ਸੀ ਲਾ ਰਹੇ? ਮੁਲਾਜ਼ਮਾਂ ਵਿਚ ਹੀ ਕਸੂਰ ਕਿਉਂ ਕੱਢਿਆ ਜਾ ਰਿਹਾ ਸੀ?

ਅਫ਼ਸਰ ਵੀ ਸੱਚੇ ਸਨ। ਉਹ ਰੰਜਸ਼ ਦੀ ਆੜ ਵਿਚ ਸੱਚ ਨੂੰ ਝੂਠ ਕਿਵੇਂ ਬਣਾ ਦੇਣ? ਜਿਸ ਸ਼ਿਕਾਇਤ ਦੀ ਵੀ ਪੜਤਾਲ ਹੁੰਦੀ, ਉਸੇ ਵਿਚ ਮੁਲਾਜ਼ਮ ਕਸੂਰਵਾਰ ਪਾਇਆ ਜਾਂਦਾ ਸੀ।

ਅਫ਼ਸਰਾਂ ਦੀ ਇਸ ਬੇਰੁਖ਼ੀ ’ਤੇ ਮੁਲਾਜ਼ਮ ਤਿਲਮਿਲਾ ਰਹੇ ਸਨ। ਮਨ ਹੀ ਮਨ ਸਭ ਨੇ ਫ਼ੈਸਲਾ ਕਰ ਲਿਆ ਕਿ ਜਦੋਂ ਅਫ਼ਸਰ ਹੀ ਉਹਨਾਂ ਦੇ ਸਿਰ ’ਤੇ ਹੱਥ ਨਹੀਂ ਰੱਖਦੇ ਤਾਂ ਉਹ ਬਲਦੀ ਅੱਗ ਵਿਚ ਹੱਥ ਕਿਉਂ ਪਾਉਣ। ਅੱਗੋਂ ਤੋਂ ਉਹਨਾਂ ਗ਼ਲਤ ਕੰਮ ਤਾਂ ਕੀ ਕਰਨਾ ਹੈ, ਉਹ ਸਹੀ ਕੰਮ ਵੀ ਨਹੀਂ ਕਰਨਗੇ। ਗਸ਼ਤ ਕੀਤੀ ਤੇ ਕੁਆਟਰ ਜਾ ਸੁੱਤੇ। ਸਾਹਮਣੇ ਕਤਲ ਹੁੰਦਾ ਹੈ ਤਾਂ ਹੁੰਦਾ ਰਹੇ। ਸਾਹਮਣੇ ਡੋਡਿਆਂ ਦਾ ਟਰੱਕ ਉਤਰਦੈ ਤਾਂ ਉਤਰਦਾ ਰਹੇ। ਅਫ਼ਸਰ ਜਾਣਨ ਤੇ ਮੁਲਜ਼ਮ ਜਾਣਨ। ਨਾ ਕੰਮ ਹੋਏਗਾ, ਨਾ ਗ਼ਲਤੀ ਹੋਏਗੀ। ਨਾ ਗ਼ਲਤੀ ਹੋਏਗੀ, ਨਾ ਅਫ਼ਸਰ ਉਹਨਾਂ ਦਾ ਕੁਝ ਵਿਗਾੜ ਸਕਣਗੇ।

ਮੁਲਾਜ਼ਮਾਂ ਦੇ ਇਸ ਫ਼ੈਸਲੇ ਨਾਲ ਵੀ ਸੰਮਤੀ ਦਾ ਮਕਸਦ ਹੱਲ ਨਹੀਂ ਸੀ ਹੋ ਰਿਹਾ। ਸੰਮਤੀ ਨੇ ਇਕ-ਦੋ ਗਵਾਹਾਂ ਨੂੰ ਘਰ ਭੇਜਣ ਦਾ ਤਜਰਬਾ ਕਰ ਕੇ ਦੇਖਿਆ ਸੀ। ਡਿਪਟੀ ਅਤੇ ਮੱਖ ਅਫ਼ਸਰ ਉਹਨਾਂ ’ਤੇ ਬਾਜ਼ਾਂ ਵਾਂਗ ਝਪਟ ਪਏ ਸਨ। ਸੰਮਤੀ ਚੌਕਸ ਨਾ ਹੁੰਦੀ ਤਾਂ ਗਵਾਹ ਪੁਲਿਸ ਦੇ ਹੱਥ ਲੱਗ ਚੱਕੇ ਹੁੰਦੇ।

ਰਾਵਣ ਦੇ ਦੋ-ਚਾਰ ਸਿਰ ਕੱਟਣ ਨਾਲ ਮਸਲਾ ਹੱਲ ਨਹੀਂ ਸੀ ਹੋਣਾ। ਤੀਰ ਉਸ ਦੀ ਧੁੰਨੀ ਵਿਚ ਮਾਰਨਾ ਪੈਣਾ ਸੀ।

ਜੇ ਮੁੱਖ ਅਫ਼ਸਰ ਨੂੰ ਆਸਾਨੀ ਨਾਲ ਕਾਬੂ ਕਰਨਾ ਸੀ ਤਾਂ ਸੰਮਤੀ ਨੂੰ ਕਰਤਾਰੋ ਦੇ ਚੁਬਾਰੇ ਦੀ ਨਾਕਾਬੰਦੀ ਕਰਨੀ ਪੈਣੀ ਸੀ।

ਸ਼ਾਮ ਨੂੰ ਹਵਾ ਪਿਆਜ਼ੀ ਹੋ ਕੇ ਉਸ ਦੇ ਦਰ ’ਤੇ ਦਸਤਕ ਦੇਣਾ ਉਸ ਦਾ ਨਿੱਤਨੇਮ ਸੀ। ਕਰਤਾਰੋ ਉਸ ਨੂੰ ਨਕਦ-ਨਰਾਇਣ ਵੀ ਭੇਟ ਕਰਦੀ ਸੀ ਅਤੇ ਕੁਆਰਾ ਹੁਸਨ ਵੀ। ਉਹ ਦੋਹਾਂ ਦਾ ਸ਼ੌਕੀਨ ਸੀ।

ਕਰਤਾਰੋ ਤਕ ਪਹੁੰਚ ਕਰਨਾ ਖ਼ਾਲਾ ਜੀ ਦਾ ਵਾੜਾ ਨਹੀਂ ਸੀ। ਉਸ ਦਾ ਚੁਬਾਰਾ ਹਰ ਐਰੇ-ਗ਼ੈਰੇ ਲਈ ਨਹੀਂ ਸੀ ਖੁੱਲਦਾ। ਉਸ ਕੋਲ ਖ਼ਾਸ ਤਰ੍ਹਾਂ ਦਾ ਮਾਲ ਸੀ ਅਤੇ ਖ਼ਾਸ ਤਰ੍ਹਾਂ ਦੇ ਗਾਹਕ। ਅੱਲ੍ਹੜ ਮੁੰਡੇ ਅਤੇ ਸ਼ੋਖ਼ ਕੁੜੀਆਂ। ਨਾ ਕੁੜੀਆਂ ਨੂੰ ਪੈਸੇ ਦੀ ਝਾਕ, ਨਾ ਮੁੰਡਿਆਂ ਨੂੰ ਕੋਈ ਪਰਵਾਹ। ਧਨ ਕਰਤਾਰੋ ਬਟੋਰਦੀ, ਅਨੰਦ ਗਾਹਕ ਮਾਣਦੇ। ਕਰਤਾਰੋ ਦੇ ਚੁਬਾਰੇ ਚੜ੍ਹਨ ਲਈ ਉਂਝ ਵੀ ਨੋਟਾਂ ਦਾ ਢੇਰ ਚਾਹੀਦਾ ਸੀ।

ਉਸ ਦਾ ਘਰ ਭੀੜੀ ਗਲੀ ਵਿਚ ਸੀ। ਗਲੀ ਦਾ ਇਕ ਸਿਰਾ ਬੰਦ ਸੀ। ਆਲੇ-ਦੁਆਲੇ ਬਹੁਤੇ ਘਰ ਨਹੀਂ ਸੀ। ਜਿਹੜੇ ਸਨ, ਉਹਨਾਂ ਵਿਚ ਰਿਹਾਇਸ਼ ਨਹੀਂ ਸੀ। ਉਹਨਾਂ ਘਰਾਂ ਨੂੰ ਗੁਦਾਮਾਂ ਦੇ ਤੌਰ ’ਤੇ ਵਰਤਿਆ ਜਾ ਰਿਹਾ ਸੀ। ਸੰਮਤੀ ਨੂੰ ਆਲੇ-ਦੁਆਲੇ ਤੋਂ ਕੋਈ ਮਦਦ ਨਹੀਂ ਸੀ ਮਿਲ ਸਕਦੀ।

ਜਲਦੀ ਕੀਤੇ ਕਰਤਾਰੋ ਕਿਸੇ ਨੂੰ ਪੱਲਾ ਨਹੀਂ ਸੀ ਫੜਾਉਂਦੀ। ਚੁਬਾਰੇ ਚੜ੍ਹਨ ਤੋਂ ਪਹਿਲਾਂ ਗਾਹਕ ਨੂੰ ਕਈ-ਕਈ ਦਿਨ ਹੇਠਲੀ ਬੈਠਕ ਵਿਚ ਚੌਕੀ ਭਰਨੀ ਪੈਂਦੀ ਸੀ। ਗੱਲੀਂ-ਬਾਤੀਂ ਕਰਤਾਰੋ ਗਾਹਕ ਦੀ ਪਸੰਦ ਵੀ ਜਾਣ ਲੈਂਦੀ ਅਤੇ ਉਸ ਦੇ ਬਟੂਏ ਦੀ ਮੋਟਾਈ ਵੀ ਮਾਪ ਲੈਂਦੀ।

ਸੰਮਤੀ ਦੇ ਕਾਰਕੁਨਾਂ ਨੂੰ ਕਈ ਦਿਨ ਬੇਰੰਗ ਮੁੜਨਾ ਪਿਆ। ਬੈਠਕ ਵਿਚ ਬੈਠੇ ਬੰਦੇ ਨੂੰ ਕੁਝ ਪਤਾ ਨਹੀਂ ਸੀ ਲੱਗਦਾ, ਚੁਬਾਰੇ ਵਿਚ ਕੀ ਹੋ ਰਿਹੈ। ਇਹ ਵੀ ਪਤਾ ਨਹੀਂ ਸੀ ਕਿ ਚੁਬਾਰੇ ਨੂੰ ਇਕ ਪੌੜੀ ਲੱਗਦੀ ਹੈ ਜਾਂ ਦੋ। ਕਮਰੇ ਦੋ ਹਨ ਜਾਂ ਚਾਰ। ਗਾਹਕ ਵਾਪਸ ਵੀ ਮੁੜਦਾ ਹੈਜਾਂ ਉਪਰ ਹੀ ਸੌਂਦਾ ਹੈ? ਕੁੜੀਆਂ ਕਿਧਰ ਦੀ ਆਉਂਦੀਆਂ ਅਤੇ ਕਿਧਰ ਦੀ ਜਾਂਦੀਆਂ ਹਨ? ਗਾਹਕ ਕਦੋਂ ਜਾਮ ਛਲਕਾਉਂਦਾ ਹੈ? ਕਦੋਂ ਜ਼ੁਲਫ਼ਾਂ ਨਾਲ ਖੇਡਦਾ ਹੈ ਅਤੇ ਕਦੋਂ ਸੇਜ ਸਜਾਉਂਦਾ ਹੈ?

ਕਰਤਾਰੋ ਦੇ ਦਰ ’ਤੇ ਕਈ ਦਿਨ ਅਲਖ ਜਗਾਉਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਚੁਬਾਰੇ ਵਿਚ ਦੋ ਕਮਰੇ ਸਨ। ਆਮ ਗਾਹਕ ਲਈ ਇਕ ਨੰਬਰ ਕਮਰੇ ਦੀ ਵਰਤੋਂ ਕੀਤੀ ਜਾਂਦੀ ਸੀ। ਦੋ ਨੰਬਰ ਕਮਰਾ ਖ਼ਾਸ-ਖ਼ਾਸ ਮੌਕਿਆਂ ’ਤੇ ਖ਼ਾਸ-ਖ਼ਾਸ ਮਹਿਮਾਨਾਂ ਲਈ ਖੱਲ੍ਹਦਾ ਸੀ। ਮੁੱਖ ਅਫ਼ਸਰ ਦੋ ਨੰਬਰ ਕਮਰੇ ਵਿਚ ਠਹਿਰਦਾ ਸੀ। ਸੰਮਤੀ ਨੇ ਜੇ ਉਸ ਨੂੰ ਨਗਨ ਹਾਲਤ ਵਿਚ ਕਾਬੂ ਕਰਨਾ ਹੈ ਤਾਂ ਉਸ ਨੂੰ ਇਕ ਨੰਬਰ ਕਮਰੇ ’ਤੇ ਸਾਰੀ ਰਾਤ ਕਾਬਜ਼ ਰਹਿਣਾ ਪੈਣਾ ਸੀ।

ਇਸੇ ਤਰ੍ਹਾਂ ਕੀਤਾ ਗਿਆ। ਨੋਟਾਂ ਦੀ ਗੁੱਥੀ ਨਾਲ ਕਰਤਾਰੋ ਨੂੰ ਚੁੰਧਿਆਇਆ ਗਿਆ। ਇਕ ਨੰਬਰ ਕਮਰਾ ਸਾਰੀ ਰਾਤ ਲਈ ਬੁੱਕ ਕਰਵਾਇਆ ਗਿਆ।

ਲਾਲ ਸਿੰਘ ਪਹਿਲਾਂ ਹੀ ਗੁੱਟ ਹੋ ਕੇ ਆਇਆ ਸੀ। ਆਉਂਦਿਆਂ ਹੀ ਆਪਣੀ ਪਿਆਸ ਬੁਝਾਉਣ ਲੱਗਾ।

ਜਦੋਂ ਲਾਲ ਸਿੰਘ ਪੂਰੀ ਤਰ੍ਹਾਂ ਸੁੱਧ-ਬੁੱਧ ਗਵਾ ਬੈਠਾ ਤਾਂ ਚੁਬਾਰੇ ਵਿਚਲੇ ਕਾਰਕੁਨਾ ਨੇ ਸੀਟੀ ਵਜਾ ਦਿੱਤੀ।

ਸੀਟੀ ਦੀ ਆਵਾਜ਼ ਸੁਣਦਿਆਂ ਹੀ ਬੈਠਕ ਵਿਚ ਬੈਠੇ ਅਤੇ ਇਧਰ-ਉਧਰ ਛੁਪੇ ਸੰਮਤੀ ਦੇ ਕਾਰਕੁਨ ਦਗੜ-ਦਗੜ ਕਰਦੇ ਚੁਬਾਰੇ ਜਾ ਚੜ੍ਹੇ। ਕਰਤਾਰੋ ਨੂੰ ਕੁਝ ਸਮਝ ਨਾ ਆਇਆ ਕਿ ਇਹ ਕਿਹੜੇ ਸਟਾਫ਼ ਦਾ ਛਾਪਾ ਹੈ? ਕਰਤਾਰੋ ਜਿਸ ਨੂੰ ਵੀ ਰੋਕਣ ਦਾ ਯਤਨ ਕਰਦੀ, ਉਹੋ ਧੱਕਾ ਮਾਰ ਕੇ ਅੱਗੇ ਲੰਘ ਜਾਂਦਾ।

ਕਰਤਾਰੋ ਨੂੰ ਉਸ ਸਮੇਂ ਹੀ ਸਮਝ ਆਈ ਜਦੋਂ ਚਾਰ ਜਣੇ ਨੰਗ-ਧੜੰਗ ਲਾਲ ਸਿੰਘ ਨੂੰ ਪੌੜੀਆਂ ਉਤਾਰਨ ਲੱਗੇ। ਪੌੜੀਆਂ ’ਚ ਖੜੇ ਪੱਤਰਕਾਰ ਧੜਾ-ਧੜ ਫ਼ੋਟੋਆਂ ਖਿੱਚਣ ਲੱਗੇ।

ਲਾਲ ਸਿੰਘ ਦੇ ਇਸ ਕਾਰਨਾਮੇ ਨੇ ਪਹਿਲਾਂ ਉਸ ਨੂੰ ਲਾਈਨ ਹਾਜ਼ਰ ਕਰਾਇਆ ਅਤੇ ਫੇਰ ਮੁਅੱਤਲ।

ਰਾਵਣ ਦੇ ਮਰਦਿਆਂ ਹੀ ਲੰਕਾ ਵਿਚ ਮਾਤਮ ਛਾ ਗਿਆ।

ਸਹਿਮੇ ਮੁਲਾਜ਼ਮ ਦਿਨ-ਕਟੀ ਕਰਨ ਲੱਗੇ। ਹਰ ਇਕ ਨੂੰ ਆਪਣੀ-ਆਪਣੀ ਨੌਕਰੀ ਦਾ ਫ਼ਿਕਰ ਪੈ ਗਿਆ।

ਪੁਲਿਸ ਕਪਤਾਨ ਦੀ ਕਿਸੇ ਨੂੰ ਪਰਵਾਹ ਨਹੀਂ ਸੀ ਰਹੀ। ਗਵਾਹ ਸ਼ਰੇਆਮ ਗਲੀਆਂ-ਬਜ਼ਾਰਾਂ ਵਿਚ ਘੁੰਮਣ ਲੱਗੇ। ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ, ਉਸੇ ਤਰ੍ਹਾਂ ਉਹ ਵੀ ਨੀਵੀਂ ਪਾ ਕੇ ਕੋਲ ਦੀ ਲੰਘਣ ਲੱਗੇ।

ਕੁਝ ਦਿਨਾਂ ਤੋਂ ਕਪਤਾਨ ਵੀ ਖ਼ਾਮੋਸ਼ ਸੀ। ਸੰਮਤੀ ਇਸ ਚੁੱਪ ਦਾ ਮਤਲਬ ਸਮਝਦੀ ਸੀ। ਇਹ ਕਿਸੇ ਆਉਣ ਵਾਲੇ ਤੁਫ਼ਾਨ ਦਾ ਸੰਕੇਤ ਸੀ।

 

 

22

ਕਾਨੂੰਨ ਵਿਗਿਆਨ ਦਾ ਇਕ ਅਹਿਮ ਨਿਯਮ ਮੰਗ ਕਰਦਾ ਸੀ ਕਿ ਬਾਰ ਅਤੇ ਬੈਂਚ ਵਿਚਕਾਰ ਸੰਬੰਧ ਸੁਖਾਵੇਂ ਰਹਿਣ। ਜਿੰਨੇ ਸੁਖਾਵੇਂ ਸੰਬੰਧ, ਓਨਾ ਵਧੀਆ ਇਨਸਾਫ਼।

ਪਹਿਲਾਂ ਇਥੇ ਇਸ ਨਿਯਮ ਦੀ ਪੂਰੀ-ਪੂਰੀ ਪਾਲਣਾ ਹੁੰਦੀ ਸੀ। ਜਦੋਂ ਦਾ ਗੁਰਮੀਤ ਬਾਰ ਦਾ ਮੈਂਬਰ ਬਣਿਆ ਸੀ, ਇਹ ਸੰਬੰਧ ਵਿਗੜਦੇ ਜਾ ਰਹੇ ਸਨ। ਗੁਰਮੀਤ ਦੇ ਨਾਲ ਹੀ ਸੰਮਤੀ ਦੀ ਸਿਆਸਤ ਵੀ ਬਾਰ ਵਿਚ ਘੁਸੜ ਗਈ ਸੀ।

ਸੀਨੀਅਰ ਵਕੀਲਾਂ ਨੇ ਫ਼ੈਸਲਾ ਕੀਤਾ ਕਿ ਉਹਨਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ। ਉਹਨਾਂ ਨੂੰ ਇਸ ‘ਸ਼ਰਾਰਤੀ’ ਅਨਸਰ ਦਾ ਵਿਰੋਧ ਕਰਨਾ ਚਾਹੀਦਾ ਹੈ।

ਇਸ ਫ਼ੈਸਲੇ ਬਾਅਦ ਸੀਨੀਅਰ ਵਕੀਲਾਂ ਨੇ ਨਿਆਂ-ਪਾਲਿਕਾ ਦਾ ਪੱਖ ਲੈਣਾ ਅਤੇ ਸੈੱਲ ਦਾ ਮੱਕੂ ਠੱਪਣਾ ਸ਼ੁਰੂ ਕਰ ਦਿੱਤਾ।

ਸੈੱਲ ਵਾਲੇ ਜਿਉਂ ਹੀ ਨਾਥ ਦੇ ਵਿਰੁੱਧ ਸਾਹ ਕੱਢਣ ਲੱਗਦੇ, ਸੀਨੀਅਰ ਵਕੀਲ ਕਾਵਾਂ ਵਾਂਗ ਇਕੱਠੇ ਹੋ ਜਾਂਦੇ। ਸੀਨੀਅਰਾਂ ਦੀਆਂ ਲੱਛੇਦਾਰ ਦਲੀਲਾਂ ਅੱਗੇ ਸੈੱਲ ਦੇ ਨੁਕਤੇ ਮਾਤ ਪੈ ਜਾਂਦੇ।

ਇਸ ਭਰਾ-ਮਾਰੂ ਜੰਗ ਤੋਂ ਸੈੱਲ ਨੂੰ ਘਬਰਾਹਟ ਹੋਣ ਲੱਗੀ। ਜ਼ਰੂਰ ਉਹਨਾਂ ਤੋਂ ਕਿਤੇ ਕੋਈ ਗ਼ਲਤੀ ਹੋਈ ਸੀ।

ਮਸਲਾ ਸੰਮਤੀ ਵਿਚ ਵਿਚਾਰਿਆ ਗਿਆ।

ਸਮੁੰਦਰ ਮੰਥਨ ਪਿੱਛੋਂ ਸਬਕ ਦਾ ਇਕ ਸੁੱਚਾ ਮੋਤੀ ਲੱਭਿਆ ਗਿਆ। “ਸੀਨੀਅਰ ਵਕੀਲਾਂ ਅਤੇ ਜੱਜਾਂ ਦੇ ਮੁਫ਼ਾਦ ਸਾਂਝੇ ਸਨ। ਇਕ ਵੱਲੋਂ ਦੂਜੇ ਦੀ ਰੱਖਿਆ ਕਰਨੀ ਸੁਭਾਵਕ ਸੀ।”

ਸੈੱਲ ਨੇ ਜੂਨੀਅਰ ਵਕੀਲਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਜੂਨੀਅਰ ਵਕੀਲਾਂ ਅਤੇ ਕਚਹਿਰੀ ਵਿਚ ਧੱਕੇ ਖਾਂਦੇ ਸਾਇਲਾਂ ਦੀ ਹਾਲਤ ਵਿਚ ਉੱਨੀ-ਇੱਕੀ ਦਾ ਹੀ ਫ਼ਰਕ ਸੀ। ਉਹ ਜੱਜਾਂ ਤੋਂ ਵੀ ਦੁਖੀ ਸਨ ਅਤੇ ਸੀਨੀਅਰਾਂ ਤੋਂ ਵੀ। ਦੁਖਦੀ ਰਗ ’ਤੇ ਉਂਗਲ ਰੱਖੀ ਗਈ।

ਨਤੀਜੇ ਫੌਰੀ ਤੌਰ ’ਤੇ ਸਾਹਮਣੇ ਆਉਣ ਲੱਗੇ। ਇਕੱਲੇ ਜੱਜਾਂ ਵਿਰੁੱਧ ਹੀ ਕਿਉਂ? ਉਹਨਾਂ ਦੇ ਸਮਰਥਕ ਸੀਨੀਅਰ ਵਕੀਲਾਂ ਵਿਰੁੱਧ ਵੀ ਝੰਡਾ ਚੱਕਿਆ ਜਾਵੇ। ਜੱਜ ਤਾਂ ਸਾਇਲਾਂ ਦੀ ਛਿੱਲ ਲਾਹੁੰਦੇ ਸਨ। ਇਹ ਮਗਰਮੱਛ ਆਪਣੇ ਹੀ ਭਾਈਚਾਰੇ ਨੂੰ ਨਿਗਲਦੇ ਸਨ।

ਜੂਨੀਅਰ ਵਕੀਲ ਸੈੱਲ ਨਾਲੋਂ ਵੀ ਤੱਤੇ ਨਿਕਲੇ। ਉਹ ਜੱਜਾਂ ਅਤੇ ਸੀਨੀਅਰ ਵਕੀਲਾਂ ਦੇ ਗੁਪਤ ਰਿਸ਼ਤਿਆਂ ਦੀ ਪਾਜ ਖੋਲ੍ਹਣ ਲੱਗੇ।

ਅਵਤਾਰ ਸਿੰਘ ਸਭ ਤੋਂ ਵੱਧ ਰੋਹ ਵਿਚ ਸੀ। ਉਹ ਬਾਰ ਦੇ ਸਭ ਤੋਂ ਸੀਨੀਅਰ ਵਕੀਲ ਹਰੀ ਪ੍ਰਕਾਸ਼ ਦੇ ਕਾਰਨਾਮੇ ਜੱਗਰ ਕਰਨਾ ਚਾਹੁੰਦਾ ਸੀ।

ਤਿੰਨ ਸਾਲ ਉਹ ਹਰੀ ਪ੍ਰਕਾਸ਼ ਦਾ ਜੂਨੀਅਰ ਰਿਹਾ ਸੀ।

ਇਹਨਾਂ ਤਿੰਨਾਂ ਸਾਲਾਂ ਵਿਚ ਅਵਤਾਰ ਨੇ ਉਸ ਦਾ ਰੱਜਵਾਂ ਗੋਹਾ-ਕੂੜਾ ਕੀਤਾ ਸੀ ਪਰ ਉਸ ਨੇ ਨਾ ਕਦੇ ਉਸ ਦੇ ਹੱਥ ’ਤੇ ਪੈਸਾ ਧਰਿਆ ਸੀ, ਨਾ ਕਾਨੂੰਨੀ ਵਾਕਫ਼ੀਅਤ ਦੇ ਨੇੜੇ ਢੁੱਕਣ ਦਿੱਤਾ ਸੀ।

ਕੁਝ ਵਰ੍ਹੇ ਪਹਿਲਾਂ ਜੂਨੀਅਰ ਵਕੀਲਾਂ ਨੇ ਲੜਾਈ ਲੜੀ ਸੀ। ਲੰਬੇ ਸੰਘਰਸ਼ ਬਾਅਦ ਹਾਈ ਕੋਰਟ ਕੋਲੋਂ ਇਕ ਨਿਯਮ ਬਣਵਾਇਆ ਸੀ। ਕੋਈ ਸੀਨੀਅਰ ਵਕੀਲ ਜਦੋਂ ਵੱਡਾ ਮੁਕੱਦਮਾ ਲੜੇ ਤਾਂ ਨਾਲ ਇਕ ਜੂਨੀਅਰ ਨੂੰ ਰੱਖੇ। ਇਸ ਨਾਲ ਜੂਨੀਅਰ ਨੂੰ ਕਈ ਫ਼ਾਇਦੇ ਹੁੰਦੇ। ਇਕ ਤਾਂ ਉਹ ਕੰਮ ਸਿੱਖ ਜਾਂਦੇ, ਦੂਜਾ ਉਹਨਾਂ ਦਾ ਖ਼ਰਚਾ ਨਿਕਲ ਜਾਂਦਾ।

ਹਰੀ ਪ੍ਰਕਾਸ਼ ਸਾਇਲ ਤੋਂ ਤਾਂ ਜੂਨੀਅਰ ਦੀ ਫ਼ੀਸ ਲੈ ਲੈਂਦਾ ਪਰ ਅਵਤਾਰ ਨੂੰ ਕਦੇ ਨਾ ਦਿੰਦਾ। ਕੋਈ ਪੁੱਛਦਾ ਤਾਂ ਉਹ ਘੜਿਆ-ਘੜਾਇਆ ਉੱਤਰ ਸੁਣਾ ਦਿੰਦਾ।

“ਕਿਸੇ ਰਿੱਧੀ-ਸਿੱਧੀ ਨੂੰ ਹਾਸਲ ਕਰਨ ਲਈ ਤਪੱਸਿਆ ਕਰਨੀ ਪੈਂਦੀ ਹੈ। ਤਪ ਲਾਲਚ ਤਿਆਗ ਕੇ ਹੁੰਦੈ। ਜੇ ਮੁੰਡਿਆਂ ਨੂੰ ਕੰਮ ਸਿਖਾਉਣੈ ਤਾਂ ਉਹਨਾਂ ਨੂੰ ਮੋਹ-ਮਾਇਆ ਤੋਂ ਦੂਰ ਰੱਖੋ।”

ਅਵਤਾਰ ਮੋਹ-ਮਾਇਆ ਤੋਂ ਵੀ ਦੂਰ ਰਿਹਾ ਤੇ ਰਿੱਧੀ-ਸਿੱਧੀ ਵੀ ਹਾਸਲ ਨਾ ਕਰ ਸਕਿਆ।

ਹਰੀ ਪ੍ਰਕਾਸ਼ ਨੰਗ-ਮੁਨੰਗ ਹੁੰਦਾ, ਅਵਤਾਰ ਨੂੰ ਆਪਣੀ ਫ਼ੀਸ ਹੜੱਪੇ ਜਾਣ ਦਾ ਫੇਰ ਵੀ ਦੁੱਖ ਨਾ ਹੁੰਦਾ। ਉਹ ਸੱਚ-ਮੁੱਚ ਕਰੋੜਪਤੀ ਸੀ। ਸ਼ਹਿਰ ਦੇ ਕਿਸੇ ਵੀ ਬੈਂਕ-ਕੰਪਲੈਕਸ, ਦੁਕਾਨ, ਪਲਾਟ, ਕੋਲਡ-ਸਟੋਰ ਜਾਂ ਮਾਰਕੀਟ ਵੱਲ ਉਂਗਲ ਕਰੋ, ਉਹ ਇਸੇ ਦੀ ਨਿਕਲਦੀ।

ਇਹ ਜਾਇਦਾਦ ਉਸ ਨੂੰ ਵਿਰਾਸਤ ਵਿਚ ਨਹੀਂ ਸੀ ਮਿਲੀ। ਇਹ ਕਿਵੇਂ ਬਣੀ? ਅਵਤਾਰ ਇਹੋ ਦੱਸਦਾ ਫਿਰਦਾ ਸੀ।

ਸ਼ਹਿਰ ਦਾ ਪੁਰਾਣਾ ਬੱਸ-ਸਟੈਂਡ ਸ਼ਹਿਰ ਦੇ ਵਿਚਕਾਰ ਆ ਗਿਆ ਸੀ। ਆਏ ਦਿਨ ਹਾਦਸੇ ਹੋਣ ਲੱਗ ਪਏ ਸਨ। ਬੱਸਾਂ ਨੂੰ ਅੱਡੇ ਤਕ ਪੁੱਜਣ ਲਈ ਘੰਟਿਆਂ-ਬੱਧੀ ਜਾਮ ਵਿਚ ਫਸਣਾ ਪੈਂਦਾ ਸੀ।

ਸ਼ਹਿਰ ਦੇ ਲੋਕ ਮੰਗ ਕਰਨ ਲੱਗੇ। ਬੱਸ-ਅੱਡਾ ਬਾਹਰ ਲਿਜਾਓ।

ਕਈ ਸਾਲ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ। ਲੋਕਾਂ ਸੰਘਰਸ਼ ਕੀਤਾ ਤਾਂ ਸਰਕਾਰ ਝੁਕ ਗਈ।

ਨਵਾਂ ਬੱਸ-ਸਟੈਂਡ ਕਿਥੇ ਬਣਾਇਆ ਜਾਵੇ? ਇਸ ਬਾਰੇ ਲੋਕਾਂ ਦੀ ਰਾਏ ਮੰਗੀ ਗਈ।

ਵੱਖ-ਵੱਖ ਧੜਿਆਂ ਨੇ ਵੱਖ-ਵੱਖ ਰਾਵਾਂ ਪੇਸ਼ ਕੀਤੀਆਂ।

ਹਰ ਧੜਾ ਬੱਸ-ਸਟੈਂਡ ਨੂੰ ਆਪਣੇ ਵੱਲ ਧੂਹਣ ਲੱਗਾ।

ਸ਼ਹਿਰੀਆਂ ਨੇ ਜਿਹੜੀ ਥਾਂ ਸੁਝਾਈ ਸੀ, ਬਹੁ-ਸੰਮਤੀ ਉਸ ਨਾਲ ਸੀ।

ਸਾਰਾ ਉਦਯੋਗ ਉਸੇ ਦਿਸ਼ਾ ਵੱਲ ਸੀ। ਨਵੀਆਂ ਕਚਹਿਰੀਆਂ ਵੀ ਨੇੜੇ ਸਨ ਅਤੇ ਕਾਲਜ ਵੀ। ਵਿਚਕਾਰ ਕੋਈ ਰੇਲਵੇ ਫਾਟਕ ਵੀ ਨਹੀਂ ਪੈਂਦਾ। ਉਪਰੋਂ ਵਾਧਾ ਇਹ ਕਿ ਉਥੋਂ ਚਾਰੇ ਦਿਸ਼ਾਵਾਂ ਨੂੰ ਸੜਕਾਂ ਨਿਕਲਦੀਆਂ ਸਨ।

ਆਲੇ-ਦੁਆਲੇ ਦੀਆਂ ਪੰਚਾਇਤਾਂ ਨੇ ਵੀ ਉਸੇ ਥਾਂ ਦੇ ਹੱਕ ਵਿਚ ਮਤੇ ਪਾ ਦਿੱਤੇ।

ਹਰੀ ਪ੍ਰਕਾਸ਼ ਇਸ ਥਾਂ ਦਾ ਵਿਰੋਧ ਕਰਨ ਲੱਗਾ।

ਇਕ ਤਜਵੀਜ਼ ਉਸ ਨੇ ਆਪਣੇ ਵੱਲੋਂ ਪੇਸ਼ ਕੀਤੀ।

ਸੰਧੂ ਪੱਤੀ ਵਿਚ ਪੰਚਾਇਤ ਦੀ ਇਕ ਢਾਬ ਸੀ। ਢਾਬ ਭਰ ਕੇ ਉਪਰ ਬਸ-ਸਟੈਂਡ ਬਣਾਇਆ ਜਾਵੇ। ਨਾਲ ਹਰੀ ਪ੍ਰਕਾਸ਼ ਦੀ ਜ਼ਮੀਨ ਲੱਗਦੀ ਸੀ। ਹੋਰ ਲੋੜ ਪਏ ਤਾਂ ਉਹ ਹਾਜ਼ਰ ਸੀ।

ਜਦੋਂ ਹਰੀ ਪ੍ਰਕਾਸ਼ ਨੂੰ ਸ਼ਹਿਰੀਆਂ ਵਾਲੀ ਥਾਂ ਮਨਜ਼ੂਰ ਹੁੰਦੀ ਦਿਖਾਈ ਦਿੱਤੀ ਤਾਂ ਉਸ ਨੇ ਚੰਡੀਗੜ੍ਹ ਡੇਰਾ ਲਾ ਲਿਆ। ਮੁੱਖ ਮੰਤਰੀ ਕਿਸੇ ਜ਼ਮਾਨੇ ’ਚ ਉਸ ਤੋਂ ਵਕਾਲਤ ਸਿੱਖਦਾ ਰਿਹਾ ਸੀ। ਹੁਣ ਫ਼ਾਇਦਾ ਨਹੀਂ ਪਹੁੰਚਾਏਗਾ, ਫੇਰ ਕਦੋਂ ਪਹੁੰਚਾਏਗਾ।

ਸਰਕਾਰ ਨੂੰ ਬੁਰਕੀ ਸੁੱਟੀ ਗਈ। ਢਾਬ ਹਰੀ ਪ੍ਰਕਾਸ਼ ਆਪਣੇ ਖ਼ਰਚੇ ’ਤੇ ਭਰੇਗਾ। ਜ਼ਮੀਨ ਵੀ ਮੁਫ਼ਤ ਦੇਵੇਗਾ।

ਹਰੀ ਪ੍ਰਕਾਸ਼ ਦੇ ਸੁਝਾਅ ਨੂੰ ਮੁੱਖ ਰੱਖਦਿਆਂ ਨਜ਼ਰ-ਸਾਨੀ ਲਈ ਮਿਸਲ ਮੁੜ ਹੇਠਾਂ ਨੂੰ ਭੇਜੀ ਗਈ।

ਦਫ਼ਤਰਾਂ ਦੇ ਚੱਕਰ ਕੱਟਦੀ-ਕੱਟਦੀ ਮਿਸਲ ਜਦੋਂ ਹੇਠਾਂ ਤਕ ਅੱਪੜੀ, ਉਦੋਂ ਤਕ ਹਰੀ ਪ੍ਰਕਾਸ਼ ਨੇ ਕਈ ਜਾਲ ਵਿਛਾ ਲਏ।

ਸੱਤਾਧਾਰੀ ਪਾਰਟੀ ਨੂੰ ਚੋਗਾ ਪਾਇਆ ਗਿਆ। ਪਾਰਟੀ ਦਫ਼ਤਰ ਲਈ ਦੋ ਵਿਘੇ ਜ਼ਮੀਨ ਉਸ ਦੇ ਨਾਂ ਕਰਾਈ ਗਈ। ਟਰੱਕ ਯੂਨੀਅਨ ਨੂੰ ਇਕ ਵਿਘਾ ਅਲੱਗ ਦਿੱਤਾ ਗਿਆ। ਢਾਬ ਭਰਨ ਦੀ ਜ਼ਿੰਮੇਵਾਰੀ ਯੂਨੀਅਨ ਨੂੰ ਸੌਂਪੀ ਗਈ। ਪ੍ਰਧਾਨ ਲਈ ਕੋਠੀ ਦਾ ਪਲਾਟ ਵੱਖਰਾ।

ਐਸ.ਡੀ.ਐਮ., ਤਹਿਸੀਲਦਾਰ ਅਤੇ ਹੋਰ ਸੰਬੰਧਤ ਅਫ਼ਸਰਾਂ ਨੂੰ ਪੁਚਕਾਰਿਆ ਗਿਆ। ਉਹਨਾਂ ਨੂੰ ਦਰਜਾ-ਬ-ਦਰਜਾ ਪਲਾਟ ਦਿੱਤੇ ਗਏ।

ਨਵੀਂ ਥਾਂ ਵਿਚ ਸਾਰਾ ਅਮਲਾ-ਫੈਲਾ ਦਿਲਚਸਪੀ ਲੈਣ ਲੱਗਾ।

ਨਵੀਂ ਸਕੀਮ ਦਿਨਾਂ ਵਿਚ ਮਨਜ਼ੂਰ ਹੋ ਗਈ।

ਲੋਕ ਸੁੱਤੇ ਹੀ ਰਹਿ ਗਏ। ਉਦੋਂ ਹੀ ਪਤਾ ਲੱਗਾ ਜਦੋਂ ਬੱਸਾਂ ਢਾਬ ਦੁਆਲੇ ਆ ਖੜੋਤੀਆਂ।

ਸ਼ਹਿਰੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਨੇ ਉੁਜ਼ਰ ਕੀਤਾ। ਨਵੀਂ ਥਾਂ ਕਿਸੇ ਤਰ੍ਹਾਂ ਵੀ ਢੁੱਕਵੀਂ ਨਹੀਂ। ਨਾ ਇਥੇ ਕੋਈ ਸੜਕ ਹੈ, ਨਾ ਸਕੂਲ, ਕਾਲਜ। ਲੰਬੇ ਰੂਟ ਵਾਲੀਆਂ ਬੱਸਾਂ ਬਾਈਪਾਸ ਤੋਂ ਹੀ ਲੰਘ ਜਾਇਆ ਕਰਨਗੀਆਂ। ਇਹ ਅੱਡਾ ਆਬਾਦੀ ਦੇ ਨੇੜੇ ਸੀ। ਕੁਝ ਸਾਲਾਂ ਬਾਅਦ ਫੇਰ ਬਦਲਣਾ ਪੈਣਾ ਸੀ।

ਹਰੀ ਪ੍ਰਕਾਸ਼ ਅਤੇ ਪਾਰਟੀ ਦੇ ਦਬਾਅ ਹੇਠ ਮੁੱਖ ਮੰਤਰੀ ਲੋਕਾਂ ਦੇ ਵਫ਼ਦਾਂ ਨੂੰ ਟਾਲਦਾ ਰਿਹਾ।

ਇਧਰ ਸਰਕਾਰੀ ਅਧਿਕਾਰੀਆਂ ਨੇ ਜੰਗੀ-ਪੱਧਰ ’ਤੇ ਉਸਾਰੀ ਆਰੰਭ ਦਿੱਤੀ।

ਉਧਰ ਹਰੀ ਪ੍ਰਕਾਸ਼ ਨੇ ਪਲਾਟ ਕੱਟਣੇ ਸ਼ੁਰੂ ਕਰ ਦਿੱਤੇ।

ਲੋਕਾਂ ਦੀ ਮੁਹਿੰਮ ਜ਼ੋਰ ਫੜਨ ਲੱਗੀ ਤਾਂ ਹਰੀ ਪ੍ਰਕਾਸ਼ ਨੇ ਆਪਣਾ ਦਾਅਵਾ ਠੋਕ ਦਿੱਤਾ।

ਵਕੀਲ ਦਾ ਇਹ ਨਿੱਜੀ ਕੇਸ ਸੀ। ਜੱਜ ਨੇ ਝੱਟ ਬੰਦੀ ਦੇ ਦਿੱਤੀ। ਅਗਲੇ ਹੁਕਮਾਂ ਤਕ ਬੱਸ-ਸਟੈਂਡ ਨੂੰ ਕਿਧਰੇ ਹੋਰ ਲਿਜਾਣ ਦੀ ਮਨਾਹੀ ਹੋ ਗਈ।

ਹਰੀ ਪ੍ਰਕਾਸ਼ ਨੇ ਬਾਕੀ ਬਚਦੀ ਜ਼ਮੀਨ ਦੇ ਇਕ ਵਾਰ ਫੇਰ ਹਿੱਸੇ ਪਾਏ। ਇਸ ਵਾਰੀ ਬਾਕੀ ਅਫ਼ਸਰਾਂ ਦੇ ਨਾਲ-ਨਾਲ ਨਿਆਂ-ਪਾਲਿਕਾ ਨੂੰ ਹਿੱਸੇਦਾਰ ਬਣਾਇਆ ਗਿਆ।

ਨਾਥ ਸਾਹਿਬ ਨੇ ਬੰਦੀ ਵਿਰੁੱਧ ਹੋਈ ਅਪੀਲ ਛੇ ਮਹੀਨੇ ਲਟਕਾਈ ਰੱਖੀ। ਕਦੇ ਵਕੀਲ ਗ਼ੈਰ-ਹਾਜ਼ਰ ਹੋ ਜਾਂਦੇ ਅਤੇ ਕਦੇ ਜੱਜ। ਕਦੇ ਮਿਸਲ ਗੁੰਮ ਜਾਂਦੀ ਅਤੇ ਕਦੇ ਅਹਿਲਮੱਦ।

ਇਹਨਾਂ ਛੇ ਮਹੀਨਿਆਂ ਵਿਚ ਸਰਕਾਰ ਨੇ ਪੈਸਾ ਪਾਣੀ ਵਾਂਗ ਵਹਾ ਦਿੱਤਾ। ਕਿਧਰੇ ਇਮਾਰਤਾਂ ਉਸਰ ਗਈਆਂ, ਕਿਧਰੇ ਸੜਕਾਂ ਵਿਛ ਗਈਆਂ।

ਲੋਕਾਂ ਨੇ ਵੀ ਉਸਾਰੀ ਲਾ ਲਈ। ਦੁਕਾਨਾਂ ਬਣ ਗਈਆਂ। ਮਕਾਨ ਉਸਰ ਗਏ।

“ਹੁਣ ਬੱਸ-ਸਟੈਂਡ ਕਿਧਰੇ ਹੋਰ ਲਿਜਾਣਾ ਪਿਆ ਤਾਂ ਸਰਕਾਰ ਦਾ ਕਰੋੜਾਂ ਰੁਪਏ ਦਾ ਨਕੁਸਾਨ ਹੋਏਗਾ।” ਪਿੱਛੋਂ ਇਸੇ ਤਰਕ ਦੇ ਆਧਾਰ ’ਤੇ ਬੰਦੀ ਪੱਕੀ ਹੋ ਗਈ।

ਨਿਹੱਥੇ ਹੋਏ ਲੋਕ ਘਰੋ-ਘਰੀ ਬੈਠ ਗਏ।

ਅਫ਼ਸਰਾਂ ਨਾਲ ਹੁੰਦੇ ਸੌਦਿਆਂ ਦੀ ਭਿਣਕ ਅਵਤਾਰ ਨੂੰ ਪੈਂਦੀ ਰਹਿੰਦੀ ਸੀ। ਉਹਨੀਂ ਦਿਨੀਂ ਹਰੀ ਪ੍ਰਕਾਸ਼ ਅਵਤਾਰ ਦੀ ਗੱਡੀ ਵਿਚ ਹੀ ਘੁੰਮਦਾ ਸੀ।

ਉਸ ਆਦਮੀ ਨੂੰ ਅਵਤਾਰ ਚੰਗੀ ਤਰ੍ਹਾਂ ਜਾਣਦਾ ਸੀ ਜਿਸ ਦੇ ਨਾਂ ਨਾਥ ਦੇ ਹਿੱਸੇ ਦੇ ਪਲਾਟ ਹੋਏ ਸਨ। ਉਹ ਨਾਥ ਦੇ ਭਰਾ ਦਾ ਸਾਲਾ ਸੀ। ਰਿਸ਼ਤੇਦਾਰ ਗ਼ਰੀਬ ਸੀ। ਲੁਧਿਆਣੇ ਦੀ ਇਕ ਮਾਮੂਲੀ ਫ਼ੈਕਟਰੀ ਵਿਚ ਕਲਰਕ ਸੀ। ਉਸ ਕੋਲ ਇੰਨੇ ਮਹਿੰਗੇ ਪਲਾਟ ਖ਼ਰੀਦਣ ਦੀ ਪਰੋਖੋਂ ਨਹੀਂ ਸੀ। ਨਾ ਵੇਚੇ ਪਲਾਟਾਂ ਦਾ ਉਹ ਹਿਸਾਬ-ਕਿਤਾਬ ਦੇ ਸਕਦਾ ਸੀ। ਪੜਤਾਲ ਸ਼ੁਰੂ ਹੁੰਦਿਆਂ ਹੀ ਅਸਲੀਅਤ ਉਗਲ ਦੇਣੀ ਸੀ।

ਇਸ ਕੇਸ ਦੇ ਖੁੱਲ੍ਹਣ ਨਾਲ ਸੈੱਲ ਨੂੰ ਇਕ ਫ਼ਾਇਦਾ ਹੋਰ ਹੋਣਾ ਸੀ। ਬੱਸ-ਸਟੈਂਡ ਐਕਸ਼ਨ ਕਮੇਟੀ ਨੇ ਸੁਰਜੀਤ ਹੋ ਜਾਣਾ ਸੀ। ਕਮੇਟੀ ਦੇ ਸੁਰਜੀਤ ਹੁੰਦਿਆਂ ਹੀ ਸੈੱਲ ਦੇ ਹੱਥ ਮਜ਼ਬੂਤ ਹੋ ਜਾਣਗੇ।

ਕੁਝ ਮਸਾਲਾ ਸ਼ਿੰਦਰਪਾਲ ਕੋਲ ਸੀ।

ਉਸ ਦਾ ਸੀਨੀਅਰ ਜੂਨੀਅਰਾਂ ਨੂੰ ਫ਼ੀਸ ਤਾਂ ਦਿਵਾਉਂਦਾ ਸੀ, ਪਰ ਅਫ਼ਸਰਾਂ ਨਾਲ ਮਿਲ ਕੇ ਮਾਰੀ ਠੱਗੀ ਵਿਚੋਂ ਹਿੱਸਾ ਨਹੀਂ ਸੀ ਦਿੰਦਾ।

ਸ਼ਿੰਦਰਪਾਲ ਦਾ ਬਾਪ ਸ਼ਹਿਰ ਦਾ ਸਿਰਕੱਢ ਆੜ੍ਹਤੀਆ ਸੀ। ਅਠਾਰ੍ਹਾਂ ਪਿੰਡਾਂ ਦੀ ਆੜ੍ਹਤ ਉਹਨਾਂ ਦੀ ਦੁਕਾਨ ’ਤੇ ਆਉਂਦੀ ਸੀ। ਇਹਨਾਂ ਪਿੰਡਾਂ ਦਾ ਕੰਮ ਸ਼ਿੰਦਰਪਾਲ ਕੋਲ ਆਉਂਦਾ ਸੀ। ਲਗਦੀ ਵਾਹ ਉਹ ਕੰਮ ਆਪ ਕਰਦਾ ਸੀ। ਨਵਾਂ ਹੋਣ ਕਾਰਨ ਗੁੰਝਲਦਾਰ ਮੁਕੱਦਮਿਆਂ ਨੂੰ ਹੱਥ ਪਾਉਣ ਤੋਂ ਡਰਦਾ ਸੀ। ਵਕੀਲ ਦੀ ਸ਼ੁਰੂ ਵਿਚ ਹੀ ਬਦਨਾਮੀ ਹੋ ਜਾਵੇ ਤਾਂ ਸਥਾਪਤ ਹੋਣ ਵਿਚ ਦਿੱਕਤ ਆਉਂਦੀ ਹੈ। ਅਜਿਹੇ ਕੇਸ ਉਹ ਆਪਣੇ ਸੀਨੀਅਰ ਸੁਰਜੀਤ ਰਾਏ ਨੂੰ ਦਿੰਦਾ ਸੀ। ਜੇ ਉਹ ਕਿਸੇ ਹੋਰ ਵਕੀਲ ਨੂੰ ਕੇਸ ਦਿਵਾਉਂਦਾ ਤਾਂ ਅਗਲਾ ਹੱਸ ਕੇ ਅੱਧ ਦਿੰਦਾ। ਇਹ ਗੁਰੂ-ਚੇਲੇ ਦੇ ਰਿਸ਼ਤੇ ਵਿਚ ਹੀ ਸਾਰ ਦਿੰਦਾ ਸੀ। ਕਦੇ ਮੂੰਹ ਪਾੜ ਕੇ ਮੰਗ ਵੀ ਲਿਆ ਤਾਂ ਪੰਜ-ਚਾਰ ਸੌ ਤੋਂ ਵੱਧ ਪੱਲੇ ਨਹੀਂ ਸੀ ਪਾਉਂਦਾ।

ਛੋਟੀਆਂ-ਮੋਟੀਆਂ ਫ਼ੀਸਾਂ ਦੀ ਸ਼ਿੰਦਰਪਾਲ ਨੇ ਕਦੇ ਪਰਵਾਹ ਨਹੀਂ ਸੀ ਕੀਤੀ। ਜਦੋਂ ਉਹ ਲੱਖਾਂ ਦਾ ਘਪਲਾ ਕਰ ਗਿਆ ਤਾਂ ਸ਼ਿੰਦਰਪਾਲ ਨੂੰ ਬਗ਼ਾਵਤ ਵਾਲਾ ਝੰਡਾ ਚੁੱਕਣਾ ਪਿਆ ਸੀ।

ਪਿਛਲੇ ਸਾਲ ਭਾਰਤ ਸਰਕਾਰ ਨੇ ਛਾਉਣੀ ਬਣਾਉਣ ਲਈ ਰੋਡੂ ਪਿੰਡ ਦੀ ਸਾਰੀ ਜ਼ਮੀਨ ‘ਉਕਾਇਰ’ ਕਰ ਲਈ ਸੀ। ਪਿੰਡ ਵਾਲਿਆਂ ਨੂੰ ਕਰੋੜਾਂ ਰੁਪਏ ਦਾ ਕਲੇਮ ਮਿਲਣਾ ਸੀ। ਸਾਰੇ ਪਿੰਡ ਨੇ ਰਲ ਕੇ ਇਕੋ ਵਕੀਲ ਕੀਤਾ ਸੀ। ਵਕੀਲ ਦੀ ਫ਼ੀਸ ਪੰਜ ਸੌ ਰੁਪਿਆ ਫ਼ੀ ਕੇਸ ਤਹਿ ਹੋਈ ਸੀ। ਸ਼ਿੰਦਰਪਾਲ ਰਾਹੀਂ ਸੁਰਜੀਤ ਰਾਏ ਨੂੰ ਡੇਢ ਲੱਖ ਬਣਿਆ ਸੀ। ਇਸ ਫ਼ੀਸ ਵਿਚੋਂ ਸ਼ਿੰਦਰਪਾਲ ਨੇ ਹਿੱਕ ’ਚ ਗੋਡਾ ਦੇ ਕੇ ਬਰਾਬਰ ਦਾ ਹਿੱਸਾ ਲਿਆ ਸੀ।

ਪੰਝੱਤਰ ਹਜ਼ਾਰ ਜੇਬ ’ਚ ਪਾ ਕੇ ਸ਼ਿੰਦਰਪਾਲ ਪਹਾੜਾਂ ਨੂੰ ਨਿਕਲ ਗਿਆ।

ਸਰਕਾਰ ਨੇ ਜ਼ਮੀਨ ਦਾ ਮੁੱਲ ਪੰਜਾਹ ਹਜ਼ਾਰ ਰੁਪਿਆ ਫ਼ੀ ਕਿੱਲਾ ਪਾਇਆ ਸੀ। ਬਜ਼ਾਰੂ ਮੁੱਲ ਸੱਤਰ ਹਜ਼ਾਰ ਤੋਂ ਵੱਧ ਨਹੀਂ ਸੀ। ਨਾਥ ਸਾਹਿਬ ਨੇ ਇਸ ਮੱਲ ਨੂੰ ਵਧਾ ਕੇ ਇਕ ਲੱਖ ਰੁਪਿਆ ਫ਼ੀ ਕਿੱਲਾ ਕਰਨਾ ਸੀ। ਵਾਧੂ ਰਕਮ ਦੇ ਹਿੱਸੇ ਪੈਣੇ ਸਨ। ਕੇਸਾਂ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਮੁਕਾਇਆ ਜਾਣਾ ਸੀ। ਸੁਰਜੀਤ ਰਾਏ ਦੀ ਜ਼ਿੰਮੇਵਾਰੀ ਸਾਇਲਾਂ ਤੋਂ ਫ਼ੀਸ ਵਸੂਲਣ ਦੀ ਸੀ। ਬਾਕੀ ਸਾਰਾ ਬੰਦੋਬਸਤ ਨਾਥ ਸਾਹਿਬ ਨੇ ਕਰਨਾ ਸੀ।

ਪਹਿਲੇ ਹਫ਼ਤੇ ਮੁਕੱਦਮਾ ਦਾਇਰ ਹੁੰਦਾ। ਦੂਜੇ ਹਫ਼ਤੇ ਸਰਕਾਰੀ ਧਿਰ ਹਾਜ਼ਰ ਹੋ ਜਾਂਦੀ। ਤੀਜੇ ਹਫ਼ਤੇ ਫ਼ੈਸਲਾ ਹੋ ਜਾਂਦਾ ਤੇ ਚੌਥੇ ਹਫ਼ਤੇ ਮੁਆਵਜ਼ੇ ਦੇ ਚੈੱਕ ਮਿਲ ਜਾਂਦੇ।

ਸ਼ਿੰਦਰਪਾਲ ਦੇ ਪਹਾੜੋਂ ਮੁੜਨ ਤਕ ਸੁਰਜੀਤ ਰਾਏ ਲੱਖਾਂ ਰੁਪਏ ਡਕਾਰ ਚੁੱਕਾ ਸੀ। ਸੂਹ ਮਿਲਦੇ ਹੀ ਸ਼ਿੰਦਰਪਾਲ ਨੇ ਆਪਣਾ ਹਿੱਸਾ ਮੰਗਿਆ। ਸੁਰਜੀਤ ਰਾਏ ਝੱਗਾ ਚੁੱਕ ਗਿਆ।

ਸ਼ਿੰਦਰਪਾਲ ਬਦਲਾ ਲੈਣਾ ਚਾਹੁੰਦਾ ਸੀ।

ਬਹੁਤੇ ਨਹੀਂ ਤਾਂ ਕੁਝ ਕੁ ਪਿੰਡ ਵਾਲਿਆਂ ਨੂੰ ਉੇਹ ਨਾਥ ਦੇ ਵਿਰੁੱਧ ਭੁਗਤਾ ਸਕਦਾ ਸੀ।

ਕੁਝ ਜੂਨੀਅਰਾਂ ਨੂੰ ਜੱਜਾਂ ਨਾਲ ਗਿਲਾ ਸੀ। ਉਹ ਦੇਖ-ਦੇਖ ਟਿਕੇ ਕੱਢਦੇ ਸਨ। ਜੂਨੀਅਰਾਂ ਦਾ ਬਣਦਾ ਹੱਕ ਵੀ ਨਹੀਂ ਦਿੰਦੇ। ਸੀਨੀਅਰ ਦੀ ਝੋਲੀ ਉਂਝ ਹੀ ਭਰਦੇ ਰਹਿੰਦੇ ਹਨ।

ਮੰਗਤ ਰਾਏ ਨੂੰ ਗਿਲਾ ਸੀ ਕਿ ਨਾਥ ਸਾਹਿਬ ਨੇ ਹਾਲੇ ਤਕ ਉਸ ਨੂੰ ਇਕ ਵਾਰ ਵੀ ਲੋਕਲ ਕਮਿਸ਼ਨ ਨਿਯੁਕਤ ਨਹੀਂ ਸੀ ਕੀਤਾ। ਉਸਦੇ ਨਾਲ ਦੇ ਕਈ-ਕਈ ਵਾਰ ਮੋਟੀਆਂ ਫ਼ੀਸਾਂ ਉਗਰਾਹ ਚੁੱਕੇ ਸਨ। ਜਦੋਂ ਵੀ ਉਸ ਨੇ ਜੱਜ ਕੋਲ ਰੋਸ ਪ੍ਰਗਟ ਕੀਤਾ, ਉਸ ਨੂੰ ਇਕੋ ਜਵਾਬ ਮਿਲਿਆ। ਗ਼ਲਤੀ ਨਾਲ ਉਸ ਦਾ ਨਾਂ ਲਿਸਟ ਵਿਚੋਂ ਕੱਟਿਆ ਗਿਐ। ਹੁਣ ਨਾਂ ਦੁਬਾਰਾ ਲਿਖ ਲਿਆ ਗਿਐ। ਅਗਲੀ ਵਾਰ ਉਸੇ ਦਾ ਨੰਬਰ ਲੱਗੇਗਾ। ਨਾ ਦੁਬਾਰਾ ਕਦੇ ਉਸ ਦਾ ਨਾਂ ਲਿਖਿਆ ਗਿਆ, ਨਾ ਉਸ ਨੂੰ ਕਮਿਸ਼ਨ ਮਿਲਿਆ।

ਉਸ ਨੂੰ ਇਹ ਵੀ ਗਿਲਾ ਸੀ ਕਿ ਬਹੁਤੇ ਕਮਿਸ਼ਨ ਭੰਡਾਰੀ ਜਾਂ ਚਹਿਲ ਦੇ ਜੂਨੀਅਰਾਂ ਨੂੰ ਮਿਲਦੇ ਸਨ। ਕਾਰਨ ਕਿਸੇ ਤੋਂ ਲੁਕੇ ਨਹੀਂ ਸਨ।

ਭੰਡਾਰੀ ਦੀ ਸੋਲਨ ਕੋਠੀ ਹੈ। ਜੂਨ ਮਹੀਨੇ ਦੀਆਂ ਛੁੱਟੀਆਂ ਉਹ ਉਥੇ ਹੀ ਗੁਜ਼ਾਰਦਾ ਹੈ। ਉਥੇ ਮਹਿਮਾਨਾਂ ਨੂੰ ਸ਼ਰਾਬ ਦੇ ਨਾਲ-ਨਾਲ ਸ਼ਬਾਬ ਵੀ ਮਿਲਦਾ ਹੈ।

ਹਰ ਵਰ੍ਹੇ ਕੋਈ ਜੱਜ ਭੰਡਾਰੀ ਦਾ ਮਹਿਮਾਨ ਹੁੰਦਾ ਹੈ। ਆਪ ਤਾ ਭੰਡਾਰੀ ਬੁੱਢਾ ਹੋ ਗਿਐ। ਹਰ ਕੰਮ ਵਿਚ ਜੱਜਾਂ ਦਾ ਸਾਥ ਕੋਈ ਜੂਨੀਅਰ ਹੀ ਨਿਭਾਉਂਦਾ ਹੈ।

ਚਹਿਲ ਕੋਲ ਦੋ-ਦੋ ਕਾਰਾਂ ਹਨ। ਕਿਸੇ ਵੀ ਜੱਜ ਨੇ ਬਾਹਰ-ਅੰਦਰ ਜਾਣਾ ਹੋਵੇ ਤਾਂ ਉਸ ਦੀ ਕਾਰ ਹਾਜ਼ਰ ਹੁੰਦੀ ਹੈ। ਕਾਰ ਨੂੰ ਡਰਾਈਵ ਕੋਈ ਜੂਨੀਅਰ ਕਰਦਾ ਹੈ। ਚਹਿਲ ਗੱਡੀ ਦੀ ਟੈਂਕੀ ਵੀ ਫੁਲ ਕਰਵਾ ਕੇ ਦਿੰਦਾ ਹੈ ਅਤੇ ਡਿੱਗੀ ਵੀ।

ਮੰਗਤ ਰਾਏ ਕੋਲ ਤਾਂ ਆਪਣੇ ਸਕੂਟਰ ਵਿਚ ਤੇਲ ਪਵਾਉਣ ਲਈ ਪੈਸੇ ਨਹੀਂ ਹੁੰਦੇ। ਉਹ ਨਾਥ ਨੂੰ ਗੱਡੀਆਂ ਵਿਚ ਕਿਵੇਂ ਘੁਮਾਏ?

ਜੂਨੀਅਰਾਂ ਨਾਲ ਹੁੰਦੀਆਂ ਇਹ ਬੇਇਨਸਾਫ਼ੀਆਂ ਬੰਦ ਹੋਣੀਆਂ ਹੀ ਚਾਹੀਦੀਆਂ ਸਨ।

ਨੌਜਵਾਨਾਂ ਦੇ ਜੋਸ਼ ਨੂੰ ਨਾ ਕਿਸੇ ਸੀਨੀਅਰ ਦੀ ਨਸੀਹਤ ਠੱਲ੍ਹ ਸਕੀ, ਨਾ ਕਿਸੇ ਜੱਜ ਦੀ ਧਮਕੀ।

ਬਾਰ ਦੀ ਮੀਟਿੰਗ ਬੁਲਾਉਣ ਲਈ ਦਸਤਖ਼ਤੀ ਮੁਹਿੰਮ ਚਲਾਈ ਗਈ। ਪਹਿਲੇ ਹੀ ਦਿਨ ਇਕ ਸੌ ਸੱਤਰਾਂ ਵਿਚੋਂ ਅਠਾਹਟਾਂ ਦੇ ਦਸਤਖ਼ਤ ਹੋ ਗਏ।

ਅਗਲੇ ਦਿਨ ਨਾਥ ਦੇ ਖ਼ਿਲਾਫ਼ ਮਤਾ ਪਾਸ ਹੋ ਗਿਆ।

ਜੱਜ ਨਾਲ ਟੱਕਰ ਲੈਣ ਦੀ ਤਿਆਰੀ ਜੰਗੀ ਪੱਧਰ ਤੇ ਸ਼ੁਰੂ ਹੋ ਗਈ।

 

 

23

ਆਪਣੇ ਖ਼ਿਲਾਫ਼ ਪਏ ਮਤੇ ਦੀ ਨਾਥ ਨੂੰ ਕੋਈ ਪਰਵਾਹ ਨਹੀਂ ਸੀ। ਇਹ ਅਨਾੜੀ ਵਕੀਲਾਂ ਦਾ ਇਕ ਵਲਵਲਾ ਸੀ, ਜਿਹੜਾ ਸਮੇਂ ਦੀ ਧੂੜ ਵਿਚ ਗੁਆਚ ਜਾਣਾ ਸੀ।

ਘੁਸਮੁਸਾ ਹੁੰਦਿਆਂ ਹੀ ਬਾਰ ਦਾ ਸਕੱਤਰ ਕੋਠੀ ਆਇਆ ਸੀ। ਪਾਸ ਹੋਏ ਮਤੇ ਦੀ ਨਕਲ ਨਾਲ ਲਿਆਇਆ ਸੀ। ਆਉਂਦਿਆਂ ਹੀ ਉਸ ਮਾਫ਼ੀ ਮੰਗੀ ਸੀ। ਅਚਾਨਕ ਵਾ-ਵਰੋਲਾ ਜਿਹਾ ਉੱਠ ਖੜੋਤਾ ਸੀ। ਘਬਰਾਹਟ ਵਾਲੀ ਕੋਈ ਗੱਲ ਨਹੀਂ। ਸੀਨੀਅਰ ਵਕੀਲ ਨਾਥ ਦੇ ਨਾਲ ਸਨ। ਇਹਨਾਂ ਵਿਹਲੜਾਂ ਨੂੰ ਕੌਣ ਪੁੱਛਦੈ?

ਸਕੱਤਰ ਨੇ ਇਕ ਰਾਜ਼ ਦੀ ਗੱਲ ਦੱਸੀ। ਹਾਊਸ ਨੇ ਮਤੇ ਦੀਆਂ ਨਕਲਾਂ ਨੂੰ ਬਹੁਤ ਥਾਈਂ ਭੇਜਣ ਦੀ ਸਿਫ਼ਾਰਸ਼ ਕੀਤੀ ਸੀ। ਕੁਝ ਕਾਪੀਆਂ ਸਕੱਤਰ ਨੇ ਹਜ਼ਮ ਕਰ ਲਈਆਂ। ਬਾਕੀ ਨਾਥ ਡਕਾਰ ਲਏ।

ਰਜਿਸਟਰੀਆਂ ਛੋਟੇ ਡਾਕਘਰੋਂ ਹੋਈਆਂ ਸਨ। ਉਥੋਂ ਲਿਫ਼ਾਫ਼ੇ ਗੁੰਮ ਕਰਾਉਣੇ ਨਾਥ ਲਈ ਖੱਬੇ ਹੱਥ ਦੀ ਖੇਡ ਸੀ।

ਪੱਤਰਕਾਰਾਂ ਨੂੰ ਵੀ ਆਖਿਆ ਗਿਆ ਸੀ, ਉਹ ਖ਼ਬਰਾਂ ਭੇਜਣ। ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਸਿਆਣੇ ਸਨ। ਬਲੈਕ-ਮੇਲ ਕਰਨ ਵਾਲੀਆਂ ਖ਼ਬਰਾਂ ਕਦੇ ਨਹੀਂ ਭੇਜਦੇ। ਹਿੰਦੀ ਵਾਲੇ ਸਕੱਤਰ ਦੇ ਵਾਕਿਫ਼ ਸਨ। ਇਸ਼ਾਰੇ ਨਾਲ ਸਕੱਤਰ ਨੇ ਉਹਨਾਂ ਨੂੰ ਸਮਝਾ ਦਿੱਤਾ ਸੀ। ਜੱਜ ਸਾਹਿਬ ਕੰਮ ਆਉਣ ਵਾਲੇ ਬੰਦੇ ਸਨ, ਖ਼ਬਰ ਨਾ ਭੇਜੀ ਜਾਵੇ। ਬੱਸ ਪੰਜਾਬੀ ਅਖ਼ਬਾਰਾਂ ਦੇ ਪੱਤਰਕਾਰਾਂ ਦਾ ਇੰਤਜ਼ਾਮ ਕਰਨਾ ਬਾਕੀ ਸੀ। ਉਹਨਾਂ ਨੂੰ ਪੁਚਕਾਰਨ ਨਈ ਇਕ ਹੌਲਦਾਰ ਕਾਫ਼ੀ ਸੀ।

ਕਈ ਹੋਰ ਵਕੀਲਾਂ ਦੇ ਫ਼ੋਨ ਆਏ। ਨਾਥ ਨਾਲ ਉਹਨਾਂ ਆਪਣੀ ਵਫ਼ਾਦਾਰੀ ਪ੍ਰਗਟਾਈ। ਉਹਨਾਂ ਵੀ ਯਕੀਨ ਦਿਵਾਇਆ। ਮੁੰਡੇ-ਖੁੰਡੇ ਜਿੰਨਾ ਮਰਜ਼ੀ ਰੌਲਾ ਪਾ ਲੈਣ। ਉਹ ਆਪਣੇ ਇਕ ਵੀ ਸਾਇਲ ਨੂੰ ਜੱਜ ਦੇ ਖ਼ਿਲਾਫ਼ ਸਾਹ ਨਹੀਂ ਕੱਢਣ ਦੇਣਗੇ।

ਐਸ.ਡੀ.ਐਮ. ਅਤੇ ਡਿਪਟੀ ਵੀ ਚੱਕਰ ਲਾ ਗਏ। ਉਹਨਾਂ ਲਾਇਕ ਕੋਈ ਸੇਵਾ ਹੋਵੇ ਤਾਂ ਉਹ ਹਾਜ਼ਰ ਸਨ। ਉਹ ਚੌਵੀ ਘੰਟੇ ਵਕੀਲਾਂ ਦੇ ਜਾਇਜ਼-ਨਜਾਇਜ਼ ਕੰਮ ਕਰਦੇ ਹਨ। ਵਕੀਲ ਹੁਣ ਅਫ਼ਸਰਾਂ ਦੇ ਕੰਮ ਨਹੀਂ ਆਉਣਗੇ, ਫੇਰ ਕਦੋਂ ਆਉਣਗੇ?

ਸਿਆਸੀ ਬੰਦਿਆਂ ਦੇ ਵੀ ਫ਼ੋਨ ਆਏ। ਕਿਸੇ ਸਿਆਸੀ ਦਬਾਅ ਦੀ ਜ਼ਰੂਰਤ ਹੋਵੇ ਤਾਂ ਬਿਨਾਂ ਝਿਜਕ ਉਹਨਾਂ ਨੂੰ ਦੱਸਿਆ ਜਾਵੇ।

ਚਾਰੇ ਪਾਸਿਉਂ ਮਿਲਣ ਵਾਲੀ ਇਸ ਹਮਾਇਤ ਨਾਲ ਨਾਥ ਦੇ ਹੌਸਲੇ ਬੁਲੰਦ ਹੋਣ ਲੱਗੇ।

ਮਤੇ, ਪੜਤਾਲਾਂ ਵੈਸੇ ਵੀ ਨਾਥ ਲਈ ਨਵੇਂ ਨਹੀਂ ਸਨ। ਉਸ ਦੀ ਕੋਈ ਨਾ ਕੋਈ ਪੜਤਾਲ ਚੱਲਦੀ ਹੀ ਰਹਿੰਦੀ ਸੀ। ਪੜਤਾਲਾਂ ਦੇ ਇਸ ਲੰਬੇ ਇਤਿਹਾਸ ਤੋਂ ਉਸ ਨੇ ਕਈ ਸਬਕ ਸਿੱਖੇ ਸਨ। ਜਦੋਂ ਚਾਰ ਪੈਸੇ ਪੱਲੇ ਹੋਣ ਤਾਂ ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ। ਇਹ ਪਹਿਲਾ ਸਬਕ ਸੀ। ਜਿਉਂ-ਜਿਉਂ ਪੜਤਾਲਾਂ ਦੀ ਲਿਸਟ ਲੰਬੀ ਹੁੰਦੀ ਗਈ, ਤਿਉਂ-ਤਿਉਂ ਪੈਸੇ ਇਕੱਠੇ ਕਰਨ ਵਾਲੇ ਉਸ ਦੇ ਫੌੜੇ ਦੀ ਰਫ਼ਤਾਰ ਵੀ ਤੇਜ਼ ਹੁੰਦੀ ਗਈ।

ਦੂਜੇ ਸਬਕ ਤਹਿਤ ਉਹ ਉਪਰ ਬਣਾ ਕੇ ਰੱਖਦਾ ਸੀ। ਰਜਿਸਟਰਾਰ ਉਸ ਦੇ ਸਾਹ ਵਿਚ ਸਾਹ ਲੈਂਦਾ ਸੀ। ਹਾਈਕੋਰਟ ਦੇ ਜੱਜਾਂ ਵਿਚ ਦੋ ਧੜੇ ਸਨ। ਭਾਰੂ ਧੜਾ ਹਮੇਸ਼ਾ ਉਸ ਦੀ ਜੇਬ ਵਿਚ ਰਹਿੰਦਾ ਸੀ। ਕਮਾਇਆ ਧਨ ਉਹ ਇਹਨਾਂ ਕੰਮਾਂ ’ਤੇ ਖੁੱਲ੍ਹ ਕੇ ਖ਼ਰਚਦਾ ਸੀ।

ਆਉਣ ਵਾਲੇ ਫ਼ੋਨਾਂ ਦੀ ਵਧਦੀ ਗਿਣਤੀ ਨਾਥ ਲਈ ਚਿੰਤਾ ਦਾ ਕਾਰਨ ਬਣਨ ਲੱਗੀ। ਇੰਨੇ ਫ਼ੋਨਾਂ ਦਾ ਮਤਲਬ ਸੀ ਕਿ ਖ਼ਬਰ ਸਾਰੇ ਇਲਾਕੇ ਵਿਚ ਫੈਲ ਚੁੱਕੀ ਸੀ। ਅਫ਼ਵਾਹਾਂ ਦਾ ਬਜ਼ਾਰ ਵੀ ਗਰਮ ਸੀ। ਖ਼ਬਰ ਅੱਗੇ ਤੋਰਨ ਵਾਲਾ ਹਰ ਆਦਮੀ ਆਪਣੇ ਵੱਲੋਂ ਵੀ ਮਿਰਚ-ਮਸਾਲਾ ਲਾਉਂਦਾ ਸੀ। ਅਜਿਹੇ ਲੋਕਾਂ ਰਾਹੀਂ ਕਈ ਅਜਿਹੇ ਪੋਲ ਖੁੱਲ੍ਹ ਰਹੇ ਸਨ, ਜਿਨ੍ਹਾਂ ਦਾ ਹਾਲੇ ਤਕ ਨਾ ਸੰਮਤੀ ਨੂੰ ਪਤਾ ਸੀ, ਨਾ ਸੈੱਲ ਨੂੰ। ਇਹ ਰੁਝਾਨ ਖ਼ਤਰਨਾਕ ਸੀ।

ਕੁਝ ਵਕੀਲਾਂ ਦੇ ਫ਼ੋਨ ਆ ਚੁੱਕੇ ਸਨ। ਜਿਹੜੇ ਖ਼ਾਮੋਸ਼ ਸਨ, ਮਤਲਬ ਸੀ ਕਿ ਉਹਨਾਂ ਦਾ ਨਾਥ ਨਾਲ ਮਨ-ਮੁਟਾਵ ਸੀ। ਅਜਿਹੇ ਵਕੀਲਾਂ ਨਾਲ ਨਾਥ ਖ਼ੁਦ ਸੰਪਰਕ ਕਾਇਮ ਕਰਨ ਲੱਗਾ।

ਸਹਾਇਤਾ ਲਈ ਤਿੰਨੋਂ ਮੈਜਿਸਟ੍ਰੇਟ ਕੋਠੀ ਬੁਲਾ ਲਏ। ਕਿਸੇ ਮੈਜਿਸਟ੍ਰੇਟ ਦਾ ਕਿਸੇ ਵਕੀਲ ਨਾਲ ਯਾਰਾਨਾ ਸੀ ਅਤੇ ਕਿਸੇ ਦਾ ਕਿਸੇ ਨਾਲ। ਇਕ ਨੇ ਦੋ-ਦੋ ਵਕੀਲ ਕਾਬੂ ਕਰ ਲਏ ਤਾਂ ਵੀ ਮਸਲਾ ਹੱਲ ਹੋ ਜਾਣਾ ਸੀ।

“ਬੱਸ ਜੀ ਮੁੰਡਿਆਂ ਨੇ ਧੱਕੇ ਨਾਲ ਦਸਤਖ਼ਤ ਕਰਾ ਲਏ। ਮਨੋਂ ਅਸੀਂ ਤੁਹਾਡੇ ਨਾਲ ਹਾਂ।” ਵਕੀਲਾਂ ਦਾ ਅਜਿਹਾ ਰਵੱਈਆ ਉਤਸ਼ਾਹ-ਜਨਕ ਸੀ।

ਕਿਸੇ-ਕਿਸੇ ਨੇ ਗਿਲਾ ਸ਼ਿਕਵਾ ਵੀ ਪ੍ਰਗਟ ਕੀਤਾ। ਇਕ-ਦੋ ਨੇ ਨਸੀਹਤ ਵੀ ਕੀਤੀ।

“ਹਰ ਕੰਮ ਪੈਸੇ ਨਾਲ ਨਾ ਤੋਲਿਆ ਕਰੋ। ਕਦੇ-ਕਦੇ ਇਨਸਾਫ਼ ਵੀ ਕਰਿਆ ਕਰੋ।”

ਕੰਨਾਂ ’ਚ ਤੇਲ ਪਾਈ ਨਾਥ ਸਭ ਕੁਝ ਸੁਣਦਾ ਰਿਹਾ। ਮਾੜੀ ਘੜੀ ਲੰਘਾਉਣ ਲਈ ਹਰ ਤਰ੍ਹਾਂ ਦਾ ਵਾਅਦਾ ਕਰਦਾ ਰਿਹਾ।

ਅੱਗੇ ਤੋਂ ਕੋਈ ਸ਼ਿਕਾਇਤ ਨਹੀਂ ਆਏਗੀ। ਗਿਲੇ-ਸ਼ਿਕਵੇ ਆਪਸੀ ਗੱਲਬਾਤ ਰਾਹੀਂ ਨਜਿੱਠ ਲਏ ਜਾਣਗੇ। ਹਾਲ ਦੀ ਘੜੀ ਮਤਾ ਵਾਪਸ ਲੈਣ ਵਿਚ ਨਾਥ ਦੀ ਮਦਦ ਕੀਤੀ ਜਾਵੇ। ਸੀਨੀਅਰ ਤਾਂ ਮੰਨ ਗਏ, ਜੂਨੀਅਰਾਂ ਨੂੰ ਮਨਾਉਣ ਵਿਚ ਦਿੱਕਤ ਆਉਣ ਲੱਗੀ। ਟਾਂਵਾ-ਟੱਲਾ ਜੂਨੀਅਰ ਹੀ ਨਾਥ ਦੇ ਕਾਬੂ ਆਇਆ। ਬਹੁਤੇ ਮਾਂਹ ਦੇ ਆਟੇ ਵਾਂਗ ਆਕੜੇ ਰਹੇ।

“ਜਦੋਂ ਸੀਨੀਅਰ ਵਕੀਲ ਮੇਰੇ ਨਾਲ ਹਨ ਤਾਂ ਮੈਨੂੰ ਇਹਨਾਂ ਟੱਟੂਆਂ ਦੀ ਕੀ ਪਰਵਾਹ ਹੈ?” ਸੋਚਦੇ ਨਾਥ ਨੇ ਮੈਜਸਿਟ੍ਰੇਟਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਜਾਮ ਖੜਕਾਏ ਅਤੇ ਅਰਾਮ ਨਾਲ ਸੌਂ ਗਿਆ।

ਸਵੇਰੇ ਜਦੋਂ ਅਖ਼ਬਾਰਾਂ ਚੁੱਕੀਆਂ ਤਾਂ ਮੋਟੀਆਂ-ਮੋਟੀਆਂ ਸੁਰਖ਼ੀਆਂ ਵਿਚ ਆਪਣਾ ਨਾਂ ਨਜ਼ਰ ਆਇਆ।

ਇਹ ਕੀ ਭਾਣਾ ਵਰਤ ਗਿਆ? ਨਾਥ ਦੇ ਹੱਥ-ਪੈਰ ਫੁੱਲ ਗਏ। ਉਸ ਨੇ ਤਾਂ ਇਕ-ਇਕ ਪੱਤਰਕਾਰ ਨਾਲ ਸੰਪਰਕ ਕਾਇਮ ਕੀਤਾ ਸੀ। ਉਹਨਾਂ ਨੂੰ ਖ਼ਬਰਾਂ ਭੇਜਣੋਂ ਵਰਜਿਆ ਸੀ। ਮਤੇ ਦੀਆਂ ਨਕਲਾਂ ਵਾਪਸ ਮੰਗਵਾ ਕੇ ਬੋਝੇ ਪਾ ਲਈਆਂ ਸਨ। ਫੇਰ ਇਹ ਖ਼ਬਰਾਂ ਕਿਸ ਨੇ ਭੇਜੀਆਂ?

ਇਸ ਤੋਂ ਸਪੱਸ਼ਟ ਸੀ ਕਿ ਰਜਿਸਟਰੀਆਂ ਵੀ ਰਸਤੇ ਵਿਚ ਜਾਮ ਨਹੀਂ ਹੋਣਗੀਆਂ। ਉਹ ਵੀ ਆਪਣੀ-ਆਪਣੀ ਮੰਜ਼ਿਲ ’ਤੇ ਪਹੁੰਚ ਕੇ ਰਹਿਣਗੀਆਂ।

ਬਦਨਾਮੀ ਦੀ ਨਾਥ ਨੂੰ ਕੋਈ ਪਰਵਾਹ ਨਹੀਂ ਸੀ। ਖ਼ਬਰਾਂ ਨਾਲ ਕਿਹੜਾ ਉਸ ਦੀਆ ਧੀਆਂ ਦਾ ਰਿਸ਼ਤਾ ਛੁੱਟ ਜਾਣਾ ਸੀ।

ਹਾਈਕੋਰਟ ਦਾ ਪਾਲਾ ਮਾਰ ਰਿਹਾ ਸੀ। ਅਜਿਹੀਆਂ ਖ਼ਬਰਾਂ ਨਾਲ ਹਾਈਕੋਰਟ ਗੰਭੀਰ ਨੋਟਿਸ ਲੈਂਦੀ ਸੀ। ਖ਼ਬਰਾਂ ਦੇ ਆਧਾਰ ’ਤੇ ਹੀ ਪੜਤਾਲ ਸ਼ੁਰੂ ਕਰ ਦਿੰਦੀ ਹੈ।

ਨਾਥ ਚਾਹੁੰਦਾ ਸੀ, ਅੱਜ ਹੀ ਹਾਈਕੋਰਟ ਪੁੱਜ ਕੇ ਕੋਈ ਇੰਤਜ਼ਾਮ ਕੀਤਾ ਜਾਵੇ।

ਪਹਿਲੇ ਦਿਨ ਹੀ ਛੁੱਟੀ ਲੈ ਕੇ ਭੱਜਣਾ ਵੀ ਮੋਕ ਮਾਰਨ ਬਰਾਬਰ ਸੀ। ਇਸ ਤਰ੍ਹਾਂ ਵਿਰੋਧੀਆਂ ਨੂੰ ਸ਼ਹਿ ਮਿਲਣੀ ਸੀ।

ਚੰਡੀਗੜ੍ਹ ਉਸ ਨੂੰ ਇਕ-ਦੋ ਦਿਨ ਠਹਿਰ ਕੇ ਜਾਣਾ ਚਾਹੀਦਾ ਸੀ।

ਦੇਰ ਕਰਨ ਨਾਲ ਹਨੇਰ ਵੀ ਪੈ ਸਕਦਾ ਸੀ। ਲੰਘਿਆ ਸਮਾਂ ਹੱਥ ਨਹੀਂ ਸੀ ਆਉਣਾ। ਆਪਣੇ ਬੰਦਿਆਂ ਨੇ ਆਖਣਾ ਸੀ। ਪਹਿਲਾਂ ਕਿਉਂ ਨਹੀਂ ਦੱਸਿਆ। ਬੁਰਾਈ ਨੂੰ ਜਲਦੀ ਤੋਂ ਜਲਦੀ ਕੁਚਲ ਦੇਣਾ ਚਾਹੀਦਾ ਸੀ।

ਹੋਰ ਨਹੀਂ ਤਾਂ ਰਜਿਸਟਰਾਰ ਸਾਹਿਬ ਦੇ ਨੋਟਿਸ ਵਿਚ ਤਾਂ ਲਿਆਂਦਾ ਹੀ ਜਾਵੇ।

ਰਜਿਸਟਰਾਰ ਨਾਥ ’ਤੇ ਮਿਹਰਬਾਨ ਸੀ।

ਰਜਿਸਟਰਾਰ ਨੂੰ ਫ਼ੋਨ ਖੜਕਾਇਆ ਗਿਆ। ਵੈਸੇ ਤਾਂ ਸ਼ਾਮ ਤਕ ਸਭ ਠੀਕ ਹੋ ਜਾਏਗਾ। ਫੇਰ ਵੀ ਜੇ ਲੋੜ ਪਏ ਤਾਂ ਉਹ ਦੋ ਕੁ ਦਿਨ ਲੰਘਾ ਲੈਣ। ਪਿੱਛੋਂ ਨਾਥ ਆਪੇ ਸੰਭਾਲ ਲਏਗਾ।

ਰਜਿਸਟਰਾਰ ਨੇ ਨਾਥ ਦੀ ਪਿੱਠ ਥਾਪੜੀ। ਵੱਡੇ ਭਰਾ ਦੇ ਹੁੰਦੇ ਉਸ ਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ। ਸੰਕਟ ਟਲ ਗਿਆ ਤਾਂ ਠੀਕ, ਨਹੀਂ ਤਾਂ ਬੱਸ ਫ਼ੋਨ ਹੀ ਕਾਫ਼ੀ ਸੀ। ਫੇਰ ਰਜਿਸਟਰਾਰ ਜਾਣੇ, ਉਸ ਦਾ ਕੰਮ ਜਾਣੇ।

ਰਜਿਸਟਰਾਰ ਦੀ ਹੱਲਾ-ਸ਼ੇਰੀ ਨਾਲ ਨਾਥ ਦੀ ਘਬਰਾਹਟ ਘੱਟ ਗਈ। ਦਲੇਰੀ ’ਚ ਆਇਆ ਨਾਥ ਸਿਆਸੀ ਚਾਲਾਂ ਚੱਲਣ ਲੱਗਾ।

ਅਦਾਲਤ ’ਚ ਆਉਂਦਿਆਂ ਹੀ ਉਸ ਨੇ ਬਾਰ ਦੇ ਪ੍ਰਧਾਨ ਅਤੇ ਸਕੱਤਰ ਨੂੰ ਬੁਲਾਇਆ। ਉਹਨਾਂ ਨਾਲ ਗਿਲਾ ਪ੍ਰਗਟ ਕੀਤਾ। ਨਾਥ ਨੇ ਤਾਂ ਕਦੇ ਉਹਨਾਂ ਦਾ ਬੁਰਾ ਨਹੀਂ ਕੀਤਾ। ਹਮੇਸ਼ਾਂ ਉਹਨਾਂ ਦਾ ਖ਼ਿਆਲ ਰੱਖਿਆ ਸੀ। ਵੱਧੋ-ਵੱਧ ਮੁਕੱਦਮੇ ਉਹਨਾਂ ਦੇ ਹੱਕ ਵਿਚ ਕੀਤੇ ਹਨ। ਨਾਥ ਦੀ ਮਿਹਰਬਾਨੀ ਸਦਕਾ ਉਹਨਾਂ ਦੀ ਵਕਾਲਤ ਦੁੱਗਣੀ-ਤਿੱਗਣੀ ਹੋ ਗਈ ਸੀ। ਉਹਨਾਂ ਦੇ ਪ੍ਰਧਾਨ, ਸਕੱਤਰ ਹੁੰਦਿਆਂ ਨਾਥ ਦੇ ਖ਼ਿਲਾਫ਼ ਇਹ ਸਭ ਕੁਝ ਨਹੀਂ ਸੀ ਹੋਣਾ ਚਾਹੀਦਾ।

ਨਾਥ ਸਾਹਿਬ ਠੀਕ ਆਖਦੇ ਸਨ, ਪਰ ਮਜਬੂਰ ਸਨ। ਸੱਚ ਵੀ ਇਹ ਸੀ ਕਿ ਉਹਨਾਂ ਦੇ ਹੱਥ-ਵੱਸ ਕੁਝ ਰਿਹਾ ਹੀ  ਨਹੀਂ  ਸੀ। ਵਕੀਲਾਂ ਵਿਚ ਰੋਹ ਦੀ ਜਵਾਲਾ ਭੜਕ ਉੱਠੀ ਸੀ। ਜਿਨ੍ਹਾਂ ਵਕੀਲਾਂ ਦੇ ਮੂੰਹ ਵਿਚ ਬੋਲ ਨਹੀਂ ਸੀ, ਕੱਲ੍ਹ ਉਹ ਵੀ ਸ਼ੇਰਾਂ ਵਾਂਗ ਗਰਜ ਰਹੇ ਸਨ।

“ਚਲੋ ਜੋ ਹੋ ਗਿਆ, ਸੋ ਹੋ ਗਿਆ। ਅੱਗੋਂ ਤੋਂ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਮਤੇ ਨੂੰ ਇਥੇ ਹੀ ਦੱਬ ਦਿਓ। ਇਸ ਮਸਲੇ ’ਤੇ ਹੋਰ ਮੀਟਿੰਗ ਨਹੀਂ ਹੋਣੀ ਚਾਹੀਦੀ। ਸੈੱਲ ਵਾਲਿਆਂ ਨੂੰ ਕੋਈ ਲਿਸਟ ਨਾ ਦਿੱਤੀ ਜਾਵੇ। ਤੁਸੀਂ ਮੇਰਾ ਸਾਥ ਦਿਓ, ਬਾਕੀ ਮੈਂ ਆਪੇ ਸੰਭਾਲ ਲਵਾਂਗਾ।” ਨਾਥ ਇਸ ਤਰ੍ਹਾਂ ਹੁਕਮ ਝਾੜ ਰਿਹਾ ਸੀ ਜਿਵੇਂ ਸਾਹਮਣੇ ਅਹੁਦੇਦਾਰਾਂ ਦੀ ਥਾਂ ਮੁਲਜ਼ਮ ਖੜੇ ਹੋਣ।

ਪ੍ਰਧਾਨ, ਸਕੱਤਰ ਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ। ਕੱਲ੍ਹ ਦੇ ਤੁਫ਼ਾਨ ਨੇ ਉਹਨਾਂ ਦੀਆਂ ਜੜ੍ਹਾਂ ਵੀ ਉਖਾੜ ਦਿੱਤੀਆਂ ਸਨ। ਹੁਣ ਹੁਕਮ ਮੁੰਡਿਆਂ ਦਾ ਚੱਲਦਾ ਸੀ। ਉਹ ਮਹਿਜ਼ ਰਬੜ ਦੀ ਮੋਹਰ ਬਣ ਕੇ ਰਹਿ ਗਏ ਸਨ। ਆਪਣੇ ਤੌਰ ’ਤੇ ਉਹ ਕੋਈ ਵਾਅਦਾ ਨਹੀਂ ਸੀ ਕਰ ਸਕਦੇ।

ਅਹੁਦੇਦਾਰਾਂ ਦਾ ਮਨ ਕੰਬ  ਰਿਹਾ ਸੀ। ਉਹਨਾਂ ਦਾ ਧਿਆਨ ਬਾਹਰ ਅਤੇ ਕੰਨ ਅੰਦਰ ਵੱਲ ਸਨ। ਕੋਈ ਵਸਾਹ ਨਹੀਂ, ਬਾਹਰ ਜੂਨੀਅਰ ਵਕੀਲ ਉਹਨਾਂ ਦੀ ਨਾਕਾਬੰਦੀ ਕਰੀ ਬੈਠੇ ਹੋਣ। ਜੱਜ ਅਤੇ ਉਹਨਾਂ ਵਿਚਕਾਰ ਹੋ ਰਹੀ ਗੱਲਬਾਤ ਸੁਣ ਰਹੇ ਹੋਣ।

ਅਹੁਦੇਦਾਰਾਂ ਨੂੰ ਆਪਣੇ ਕੱਲ੍ਹ ਦੇ ਕੀਤੇ ’ਤੇ ਪਛਤਾਵਾ ਸੀ।

ਜੂਨੀਅਰ ਵਕੀਲਾਂ ਵੱਲੋਂ ਸੁਬ੍ਹਾ ਹੀ ਉਹਨਾਂ ਨੂੰ ਝਾਂੜਾਂ ਪੈ ਚੁੱਕੀਆਂ ਸਨ। ਉਹਨਾਂ ਨੂੰ ਸਕੱਤਰ ਦੇ ਜੱਜ ਦੀ ਕੋਠੀ ਜਾਣ ਅਤੇ ਪ੍ਰਧਾਨ ਦੇ ਫ਼ੋਨ ਕਰਨ ਦੀ ਭਿਣਕ ਪੈ ਚੁੱਕੀ ਸੀ।

ਪ੍ਰਧਾਨ, ਸਕੱਤਰ ਨੇ ਕੋਈ ਹੋਰ ਗ਼ਲਤੀ ਕੀਤੀ ਤਾਂ ਉਹਨਾਂ ਖ਼ਿਲਾਫ਼ ਵੀ ਮਤਾ ਪੈ ਸਕਦਾ ਹੈ। ਉਹ ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ ਕਿਉਂ ਕਰਨ?

ਨਾਥ ਪ੍ਰਤੀ ਉਹਨਾਂ ਦੇ ਮਨ ਵਿਚ ਪਹਿਲਾਂ ਵਾਲੀ ਸ਼ਰਧਾ ਵੀ ਨਹੀਂ ਸੀ ਰਹੀ। ਜਿਸ ਤਰ੍ਹਾਂ ਦੀਆਂ ਕਹਾਣੀਆਂ ਪ੍ਰਧਾਨ, ਸਕੱਤਰ ਨੂੰ ਸੁਣਨ ਨੂੰ ਮਿਲ ਰਹੀਆਂ ਸਨ, ਜੇ ਉਹ ਸੱਚ ਸਨ ਤਾਂ ਨਾਥ ਵਰਗੇ ਜੱਜ ਦੇ ਖ਼ਿਲਾਫ਼ ਕਾਰਵਾਈ ਹੋਣੀ ਹੀ ਚਾਹੀਦੀ ਸੀ।

ਪ੍ਰਧਾਨ, ਸਕੱਤਰ ਖਹਿੜਾ ਛੁਡਾਉਣ ਲਈ ਉਤਾਵਲੇ ਪੈਣ ਲੱਗੇ।

ਨਾਥ ਨੂੰ ਸਾਹਮਣਿਉਂ ਕੋਈ ਠੋਸ ਹੁੰਗਾਰਾ ਮਿਲਦਾ ਨਜ਼ਰ ਨਾ ਆਇਆ। ਬਦਲੇ ਹਾਲਾਤ ਮੁਤਾਬਕ ਉਸ ਨੂੰ ਆਪਣੇ ਨਵਾਬੀ ਹੁਕਮਾਂ ਵਿਚ ਤਬਦੀਲੀ ਲਿਆਉਣੀ ਪਈ।

“ਜੇ ਤੁਹਾਡੀ ਕੋਈ ਮਜਬੂਰੀ ਹੈ ਤਾਂ ਇਕ-ਦੋ ਸੀਨੀਅਰ ਵਕੀਲ ਹੋਰ ਬੁਲਾ ਲਓ। ਆਪਸੀ ਮੱਤਭੇਦ ਦੂਰ ਕਰ ਲੈਂਦੇ ਹਾਂ। ਮੇਰੀ ਗ਼ਲਤੀ ਹੋਈ, ਮੈਂ ਮੁਆਫ਼ੀ ਮੰਗ ਲਵਾਂਗਾ.....ਪਰ ਆਹ ਬਾਂਦਰਾਂ ਸਾਹਮਣੇ ਆਪਾਂ ਨਹੀਂ ਝੁਕਣਾ.....।”

“ਇਸ ਵਾਰ ਵਾਗਡੋਰ ਬਾਂਦਰਾਂ ਦੇ ਹੱਥ ਹੈ.....ਫੇਰ ਵੀ ਅਸੀਂ ਕੋਸ਼ਿਸ਼ ਕਰ ਕੇ ਦੇਖਦੇ ਹਾਂ।” ਆਖਦੇ ਅਹੁਦੇਦਾਰ ਉੱਠ ਖੜੋਤੇ।

“ਫੇਰ ਕਦੋਂ ਦੱਸੋਗੇ?” ਉਹਨਾਂ ਦੇ ਸਵਾਗਤ ਵਿਚ ਨਾਥ ਵੀ ਉੱਠ ਖੜੋਤਾ।

“ਸ਼ਾਮ ਤਕ।”

“ਨਹੀਂ ਲੰਚ ’ਚ ਮਿਲਣਾ। ਜ਼ਰਾ ਸਿਆਸੀ ਢੰਗ ਨਾਲ ਨਜਿੱਠਣਾ।” ਨਾਥ ਦੇ ਤਰਲੇ ਅਹੁਦੇਦਾਰਾਂ ਦਾ ਦਰਵਾਜ਼ੇ ਤਕ ਪਿੱਛਾ ਕਰਦੇ ਰਹੇ।

ਅਹੁਦੇਦਾਰਾਂ ਨੇ ਨਾ ਕੋਈ ਕੋਸ਼ਿਸ਼ ਕਰਨੀ ਸੀ, ਨਾ ਕੀਤੀ। ਨਾ ਉਹ ਲੰਚ ਟਾਇਮ ’ਚ ਜੱਜ ਨੂੰ ਮਿਲੇ, ਨਾ ਸ਼ਾਮ ਨੂੰ।

ਜਦੋਂ ਸਮੱਸਿਆ ਹੱਲ ਹੰਦੀ ਨਜ਼ਰ ਨਾ ਆਈ ਤਾਂ ਨਾਥ ਚੰਡੀਗੜ੍ਹ ਨੂੰ ਚੜ੍ਹ ਗਿਆ।

ਚੰਡੀਗੜੋ੍ਹਂ ਮੁੜਿਆ ਨਾਥ ਮੁੜ ਗਿੱਦੜੋਂ ਸ਼ੇਰ ਬਣ ਗਿਆ।

ਹਾਈਕੋਰਟ ’ਚ ਉਸ ਦੇ ਗੁਟ ਦੇ ਜੱਜਾਂ ਨੇ ਉਸ ਦੀ ਪਿੱਠ ਥਾਪੜੀ। ਚੀਫ਼ ਜਸਟਿਸ ਵੀ ਉਹਨਾਂ ਦੇ ਗਰੁੱਪ ਦਾ ਹੈ ਅਤੇ ਵਿਜੀਲੈਂਸ ਜੱਜ ਵੀ। ਅਜਿਹੀਆਂ ਬੀਸੀਆਂ ਖ਼ਬਰਾਂ ਛਪਦੀਆਂ ਹਨ। ਸੈਂਕੜੇ ਮਤੇ ਪੈਂਦੇ ਹਨ। ਜੇ ਹਾਈਕੋਰਟ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦੇਣ ਲੱਗੇ ਤਾਂ ਹੋ ਗਏ ਫ਼ੈਸਲੇ। ਜੱਜ ਦਾ ਕੰਮ ਅਜੀਬ ਤਰ੍ਹਾਂ ਦਾ ਹੈ। ਇਕ ਧਿਰ ਨੇ ਨਰਾਜ਼ ਹੋਣਾ ਹੀ ਹੈ। ਨਰਾਜ਼ ਧਿਰ ਨੇ ਜੱਜ ’ਤੇ ਚਿੱਕੜ ਵੀ ਸੁੱਟਣਾ ਹੈ। ਜੇ ਹਾਈ ਕੋਰਟ ਜੱਜ ਦੇ ਹਰ ਕੰਮ ਵਿਚ ਮੀਨ-ਮੇਖ ਕਰਦੀ ਰਹੇ ਤਾਂ ਜੱਜ ਨਿਡਰਤਾ ਅਤੇ ਨਿਰਪੱਖਤਾ ਨਾਲ ਕੰਮ ਕਿਵੇਂ ਕਰਨਗੇ?

ਰਜਿਸਟਰਾਰ ਨੇ ਖ਼ੁਸ਼ਖ਼ਬਰੀ ਸੁਣਾਈ। ਪਹਿਲਾ ਮਤਾ ਉਹ ਪੀ ਚੱਕਾ ਸੀ। ਖ਼ਬਰਾਂ ਜਾਂ ਮਤਾ ਚੀਫ਼ ਜਸਟਿਸ ਦੇ ਪੇਸ਼ ਹੀ ਨਹੀਂ ਕੀਤਾ। ਜਦੋਂ ਬਾਂਸ ਹੀ ਨਾ ਰਿਹਾ ਤਾਂ ਬੰਸਰੀ ਕਿਥੋਂ ਵੱਜੇਗੀ?

ਨਾਥ ਨੂੰ ਇਕ ਤਾੜਨਾ ਵੀ ਕੀਤੀ। ਇਸ ਪੁਆੜੇ ਦਾ ਜੜ੍ਹ ਬੰਟੀ ਕਤਲ ਕੇਸ ਸੀ। ਉਹ ਨਿੱਜੀ ਦਿਲਚਸਪੀ ਲੈਣੀ ਛੱਡ ਦੇਵੇ। ਕਿਸੇ ਨਾ ਕਿਸੇ ਬਹਾਨੇ ਲੰਬੀ ਤਾਰੀਖ਼ ਪਾ ਦੇਵੇ। ਆਪੇ ਸਾੜ੍ਹਸਤੀ ਟਲ ਜਾਏਗੀ।

ਮੁੜ ਹਫ਼ਤਾ ਭਰ ਨਾ ਬਾਰ ਨੇ ਸੁੱਧ ਲਈ, ਨਾ ਸੈੱਲ ਨੇ।

ਸਭ ਨੂੰ ਆਸ ਸੀ, ਕਾਰਵਾਈ ਆਪੇ ਹੋਏਗੀ। ਪੜਤਾਲ ਲਈ ਜੱਜ ਬਿਠਾਇਆ ਜਾਏਗਾ। ਦੋਸ਼ਾਂ ਦੀ ਪੁਸ਼ਟੀ ਲਈ ਜੱਜ ਸਬੂਤ ਮੰਗੇਗਾ। ਉਹ ਸਬੂਤ ਇਕੱਠੇ ਕਰਦੇ ਰਹੇ।

ਇਕ ਹਫ਼ਤਾ ਹੋਰ ਲੰਘ ਗਿਆ। ਫੇਰ ਵੀ ਕੋਈ ਕਾਰਵਾਈ ਨਾ ਹੋਈ।

ਬਾਰ ਵਿਚ ਘੁਸਰ-ਮੁਸਰ ਹੋਣ ਲੱਗੀ। ਦਾਲ ਵਿਚ ਕੁਝ ਕਾਲਾ ਹੈ।

ਨਾਥ ਦੀ ਰੱਸੇ ਚੱਬਣ ਦੀ ਆਦਤ ਵੀ ਕਾਇਮ ਸੀ। ਮੌਕਾ ਤਾੜ ਕੇ ਉਹ ਅਸਾਮੀ ਬਟੋਰ ਲੈਂਦਾ ਸੀ।

ਸੁਲਗਦੀ ਅੱਗ ਉਸ ਸਮੇਂ ਭਾਂਬੜ ਬਣ ਗਈ ਜਦੋਂ ਹਾਈ ਕੋਰਟ ਕਿਸੇ ਕੰਮ ਗਏ ਮੋਹਨ ਜੀ ਨੂੰ ਪਤਾ ਲੱਗਾ ਕਿ ਉਥੇ ਤਾਂ ਵਾਈ-ਧਾਈ ਵੀ ਨਹੀਂ। ਕਲਰਕ ਤੋਂ ਲੈ ਕੇ ਰਜਿਸਟਰਾਰ ਤਕ ਨੂੰ ਨਾ ਮਤੇ ਦਾ ਇਲਮ ਹੈ, ਨਾ ਖ਼ਬਰਾਂ ਦਾ।

ਜੂਨੀਅਰਾਂ ਦੇ ਅਨੁਰੋਧ ’ਤੇ ਮੁੜ ਮੀਟਿੰਗ ਬੁਲਾਈ ਗਈ।

ਇਸ ਵਾਰ ਫ਼ੈਸਲਾ ਹੋਇਆ ਕਿ ਵਕੀਲਾਂ ਦਾ ਇਕ ਵਫ਼ਦ ਚੀਫ਼ ਜਸਟਿਸ ਨੂੰ ਮਿਲੇ। ਉਹ ਵਫ਼ਦ ਨਾਥ ਵਿਰੁੱਧ ਇਕੱਠੇ ਕੀਤੇ ਸਬੂਤਾਂ ਦਾ ਚਿੱਠਾ ਖ਼ੁਦ ਚੀਫ਼ ਅੱਗੇ ਪੇਸ਼ ਕਰੇ।

ਸੁਰਜੀਤ ਹੋਈ ਬੱਸ-ਸਟੈਂਡ ਐਕਸ਼ਨ ਕਮੇਟੀ ਨੇ ਵੀ ਆਪਣੇ ਦੁਖੜੇ ਰੋਣ ਦਾ ਮਨ ਬਣਾ ਲਿਆ।

ਜਦੋਂ ਸਭ ਜਾ ਰਹੇ ਸਨ ਤਾਂ ਸੰਘਰਸ਼ ਸੰਮਤੀ ਪਿੱਛੇ ਕਿਉਂ ਰਹੇ? ਇਕ ਵਫ਼ਦ ਉਸ ਦਾ ਵੀ ਜਾਏਗਾ।

ਏਡੇ ਵੱਡੇ ਵਫ਼ਦ ਨੂੰ ਦੇਖ ਕੇ ਰਜਿਸਟਰਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਪੂਰੀ ਤਨਦੇਹੀ ਨਾਲ ਉਹ ਵਫ਼ਦ ਨੂੰ ਟਰਕਾਉਣ ਲੱਗਾ। ਪੈਰ-ਪੈਰ ’ਤੇ ਝੂਠ ਬੋਲਣ ਲੱਗਾ।

ਪਹਿਲਾਂ ਕਹਿੰਦਾ ਹਾਈ ਕੋਰਟ ਵਿਚ ਕੋਈ ਮਤਾ ਆਇਆ ਹੀ ਨਹੀਂ।

ਬਾਰ ਨੇ ਇਕ ਸਰਟੀਫ਼ਿਕੇਟ ਪੇਸ਼ ਕੀਤਾ। ਪੋਸਟ-ਆਫ਼ਿਸ ਵਾਲਿਆਂ ਤਸਦੀਕ ਕੀਤਾ ਸੀ ਕਿ ਰਜਿਸਟਰੀ ਹਾਈਕੋਰਟ ਦੇ ਫਲਾਣੇ ਕਲਰਕ ਨੇ ਫਲਾਣੀ ਤਾਰੀਖ਼ ਨੂੰ ਵਸੂਲ ਕੀਤੀ ਸੀ।

ਸਰਟੀਫ਼ਿਕੇਟ ਦੇਖ ਕੇ ਰਜਿਸਟਰਾਰ ਨੇ ਪੈਂਤੜਾ ਬਦਲਿਆ।

“ਅੱਛਾ) ਅੱਛਾ) ਉਹ ਮਤਾ.....। ਉਹ ਤਾਂ ਕਦੋਂ ਦਾ ਫ਼ਾਇਲ ਹੋ ਗਿਆ.....।”

ਬਾਰ ਵਾਲਿਆਂ ਕਾਰਨ ਪੁੱਛਿਆ ਤਾਂ ਪਤਾ ਲੱਗਾ, ਵਕੀਲਾਂ ਦਾ ਇਕ ਵਫ਼ਦ ਚੰਡੀਗੜ੍ਹ ਆਇਆ ਸੀ। ਕੁਝ ਨੇ ਦੱਸਿਆ ਸੀ, ਮਤੇ ’ਤੇ ਉਹਨਾਂ ਦੇ ਦਸਤਖ਼ਤ ਧੱਕੇ ਨਾਲ ਕਰਵਾਏ ਗਏ ਸਨ। ਕੁਝ ਨੇ ਲਿਖ ਕੇ ਦਿੱਤਾ ਸੀ ਕਿ ਮਤੇ ’ਤੇ ਹੋਏ ਉਹਨਾਂ ਦੇ ਦਸਤਖ਼ਤ ਜਾਅਲੀ ਸਨ। ਉਹਨਾਂ ਨੂੰ ਨਾਥ ਨਾਲ ਕੋਈ ਗਿਲਾ ਨਹੀਂ ਸੀ।

ਇਹ ਸਰਾਸਰ ਝੂਠ ਸੀ। ਸੈੱਲ ਅਤੇ ਜੂਨੀਅਰ ਵਕੀਲਾਂ ਨੇ ਬਾਕੀ ਵਕੀਲਾਂ ’ਤੇ ਬਰਾਬਰ ਨਜ਼ਰ ਰੱਖੀ ਸੀ। ਨਾ ਕੋਈ ਵਕੀਲ ਚੰਡੀਗੜ੍ਹ ਆਇਆ ਸੀ ਨਾ ਕਿਸੇ ਨੇ ਕੁਝ ਲਿਖ ਕੇ ਦਿੱਤਾ ਸੀ। ਇਹ ਮਨ-ਘੜਤ ਕਹਾਣੀ ਸੀ, ਜਿਹੜੀ ਵਕੀਲਾਂ ਵਿਚ ਫੁੱਟ ਪਾਉਣ ਅਤੇ ਨਾਥ ਨੂੰ ਬਚਾਉਣ ਲਈ ਘੜੀ ਗਈ ਸੀ।

ਵਫ਼ਦ ਨੇ ਮੰਗ ਕੀਤੀ, ਉਹ ਲਿਖਤ ਉਸ ਨੂੰ ਦਿਖਾਈ ਜਾਵੇ।

ਮਾਮਲਾ ਗੁਪਤ ਸੀ, ਰਜਿਸਟਰਾਰ ਅਜਿਹਾ ਨਹੀਂ ਕਰ ਸਕਦਾ।

ਕੀ ਮਾਜਰਾ ਹੈ, ਵਫ਼ਦ ਦੀ ਸਮਝ ਆ ਗਿਆ। ਰਜਿਸਟਰਾਰ ਨਾਥ ਦਾ ਹੀ ਦੂਸਰਾ ਰੂਪਸੀ।

ਲਿਖਤ ਨਹੀਂ ਦਿਖਾਉਣੀ ਤਾਂ ਵਫ਼ਦ ਨੂੰ ਚੀਫ਼ ਜਸਟਿਸ ਨਾਲ ਮਿਲਾਇਆ ਜਾਵੇ।

ਰਜਿਸਟਰਾਰ ਫੇਰ ਟੰਗ ਅੜਾਉਣ ਲੱਗਾ। ਚੀਫ਼ ਨੂੰ ਮਿਲਣ ਦਾ ਇਕ ਜ਼ਾਬਤਾ ਹੈ। ਉਸ ਦੀ ਪਾਲਣਾ ਕੀਤੀ ਜਾਵੇ।

ਵਫ਼ਦ ਨੂੰ ਰਜਿਸਟਰਾਰ ’ਤੇ ਭਰੋਸਾ ਹੀ ਨਹੀਂ ਸੀ ਰਿਹਾ। ਪਹਿਲੀ ਸ਼ਿਕਾਇਤ ਉਸੇ ਨੇ ਖ਼ੁਰਦ- ਬੁਰਦ ਕੀਤੀ ਸੀ। ਦੂਜੀ ਕਿਉਂ ਨਹੀਂ ਕਰੇਗਾ? ਜਾਬਤੇ ਅਨੁਸਾਰ ਉਹ ਦੂਜੀ ਸ਼ਿਕਾਇਤ ਰਜਿਸਟਰਾਰ ਨੂੰ ਦੇਣ ਲਈ ਤਿਆਰ ਨਹੀ ਸੀ।

ਵਫ਼ਦ ਆਪਣੀ ਸ਼ਿਕਾਇਤ ਚੀਫ਼ ਅੱਗੇ ਹੀ ਪੇਸ਼ ਕਰੇਗਾ। ਜੇ ਰਜਿਸਟਰਾਰ ਵਫ਼ਦ ਨੂੰ ਚੈਂਬਰ ਵਿਚ ਨਹੀਂ ਮਿਲਣ ਦੇਵੇਗਾ ਤਾਂ ਵਫ਼ਦ ਚੀਫ਼ ਦੀ ਕੋਠੀ ਜਾਏਗਾ। ਚੀਫ਼ ਕੋਠੀ ਮਿਲਣੋਂ ਨਾਂਹ ਕਰੇਗਾ ਤਾਂ ਵਫ਼ਦ ਧਰਨਾ ਦੇਵੇਗਾ, ਭੁੱਖ ਹੜਤਾਲ ਕਰੇਗਾ। ਪ੍ਰੈਸ ਕਾਨਫ਼ਰੰਸ ਬੁਲਾਏਗਾ।

ਪਾਣੀ ਜਦੋਂ ਸਿਰੋਂ ਲੰਘਣ ਲੱਗਾ ਤਾਂ ਰਜਿਸਟਰਾਰ ਝੁਕਣ ਲੱਗਾ।

ਹੌਲੀ-ਹੌਲੀ ਰਜਿਸਟਰਾਰ ਨੇ ਵਫ਼ਦ ਨੂੰ ਠੰਢਾ ਕੀਤਾ।

ਵਫ਼ਦ ਤੋਂ ਮੈਮੋਰੈਂਡਮ ਲਿਆ। ਮੈਮੋਰੈਂਡਮ ਨਾਲ ਲੱਗੇ ਕੇਸਾਂ ਦੀ ਘੋਖ ਕੀਤੀ। ਹਲਫ਼ੀਆ ਬਿਆਨ ਪੜ੍ਹੇ। ਫੇਰ ਮਿਸਲ ਤਿਆਰ ਕਰ ਕੇ ਚੀਫ਼ ਦੇ ਪੇਸ਼ ਕਰ ਦਿੱਤੀ।

ਚੀਫ਼ ਨੇ ਵਫ਼ਦ ਨੂੰ ਠੰਢੇ ਦਿਮਾਗ਼ ਨਾਲ ਸੁਣਿਆ।

ਤੁਰੰਤ ਵਿਜੀਲੈਂਸ ਜੱਜ ਨੂੰ ਬੁਲਾਇਆ। ਸਾਰੇ ਕਾਗ਼ਜ਼-ਪੱਤਰ ਉਸ ਦੇ ਹਵਾਲੇ ਕੀਤੇ। ਵਿਜੀਲੈਂਸ ਜੱਜ ਫ਼ੌਰਨ ਪੜਤਾਲ ਕਰੇ। ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰੇ। ਵਿਜੀਲੈਂਸ ਜੱਜ ਨੂੰ ਹੁਕਮ ਸੁਣਾਇਆ।

ਬੰਟੀ ਕਤਲ ਕੇਸ ਦੀ ਕਾਰਵਾਈ ਇਕ ਮਹੀਨੇ ਲਈ ਰੋਕ ਦਿੱਤੀ ਗਈ।

ਖ਼ੁਸ਼ ਹੋਇਆ ਵਫ਼ਦ ਵਿਜੀਲੈਂਸ ਜੱਜ ਦੀ ਉਡੀਕ ਕਰਨ ਲੱਗਾ।

ਸੰਮਤੀ, ਸੈੱਲ ਅਤੇ ਜੂਨੀਅਰ ਸਭ ਦੁਖੀ ਧਿਰਾਂ ਨਾਲ ਰਾਬਤਾ ਰੱਖਣ ਲੱਗੇ। ਉਹ ਨਿਧੜਕ ਹੋ ਕੇ ਗਵਾਹੀ ਦੇਣ। ਸਭ ਨੂੰ ਸਮਝਾਉਣ ਲੱਗੇ।

“ਜੱਜ ਦੀ ਪੜਤਾਲ ਹੋਣੀ ਹੈ।” ਇਹ ਸੁਣ ਕੇ ਕਈ ਹੋਰ ਧਿਰਾਂ ਵੀ ਦਲੇਰੀ ਫੜ ਗਈਆਂ। ਉਹਨਾਂ ਵੀ ਆਪਣੇ ਹਲਫ਼ੀਆ ਬਿਆਨ ਤਸਦੀਕ ਕਰਾ ਲਏ।

ਸੈੱਲ ਦੇ ਹੌਸਲੇ ਬੁਲੰਦ ਸਨ। ਵਿਜੀਲੈਂਸ ਜੱਜ ਦੇ ਆਉਂਦਿਆਂ ਹੀ ਨਾਥ ਦੀ ਫੱਟੀ ਪੁੱਚ ਜਾਣੀ ਸੀ।

ਪਰ ਵਿਜੀਲੈਂਸ ਜੱਜ ਸੀ ਕਿ ਆ ਹੀ ਨਹੀਂ ਸੀ ਰਿਹਾ।

ਅੱਕੇ-ਥੱਕੇ ਲੋਕਾਂ ਦੇ ਹੌਸਲੇ ਢਹਿਨ ਲੱਗੇ, ਨਿਰਾਸ਼ ਹੋ ਕੇ ਉਹ ਮੁੜ ਕੰਮੀਂ-ਧੰਦੀਂ ਰੁੱਝ ਗਏ।

ਨਾਥ ਇਸ ਸੁਸਤੀ ਦਾ ਫ਼ਾਇਦਾ ਉਠਾਉਣ ਲੱਗਾ। ਉਸ ਨੂੰ ਅਜਿਹੇ ਕੇਸਾਂ ਦੀ ਲਿਸਟ ਮਿਲ ਚੁੱਕੀ ਸੀ, ਜਿਨ੍ਹਾਂ ਵਿਚ ਉਸ ’ਤੇ ਪੈਸੇ ਲੈਣ ਦਾ ਦੋਸ਼ ਲਾਇਆ ਗਿਆ ਸੀ।

ਵਿਜੀਲੈਂਸ ਜੱਜ ਵੱਲੋਂ ਉਸਨੂੰ ਧਿਰਾਂ ਨਾਲ ਸੰਪਰਕ ਕਰਨ ਲਈ ਖੁੱਲ੍ਹਾ ਸਮਾਂ ਦਿੱਤਾ ਗਿਆ ਸੀ। ਉਸ ਸਮੇਂ ਦਾ ਉਹ ਫ਼ਾਇਦਾ ਉਠਾਉਂਦਾ ਰਿਹਾ।

ਕਿਸੇ ਧਿਰ ਦਾ ਕੋਈ ਰਿਸ਼ਤੇਦਾਰ ਬੁਲਾਇਆ ਗਿਆ। ਰਿਸ਼ਤੇਦਾਰ ਵੱਲੋਂ ਧਿਰ ਨੂੰ ਸਮਝਾਇਆ ਗਿਆ।

“ਭਲਿਆ ਲੋਕਾ, ਮੂਰਖਾਂ ਪਿੱਛੇ ਲੱਗ ਕੇ ਮੂਰਖ ਕਿਉਂ ਬਣਦਾ ਹੈਂ? ਪੜਤਾਲ ਹਾਈ ਕੋਰਟ ਕਰ ਰਹੀ ਹੈ। ਜੇ ਤੂੰ ਆਖ ਦਿੱਤਾ, ਪੈਸੇ ਦੇ ਕੇ ਕੇਸ ਕਰਾਇਆ ਹੈ ਤਾਂ ਉਹ ਫ਼ੈਸਲਾ ਰੱਦ ਨਹੀਂ ਕਰ ਦੇਊ? ਆਪਣੇ ਪੈਰ ’ਤੇ ਆਪ ਕੁਹਾੜਾ ਕਿਉਂ ਮਾਰਦੈਂ?”

ਕੁਝ ਸਮਝ ਗਏ।

ਜਿਹੜੇ ਨਾ ਸਮਝੇ, ਉਹਨਾਂ ਨੂੰ ਥਾਣੇ ਬੁਲਾਇਆ ਗਿਆ। ਕਿਸੇ ਹੋਰ ਕੇਸ ਦੀ ਆੜ ਵਿਚ ਡਰਾਇਆ-ਧਮਕਾਇਆ ਗਿਆ।

ਕੁਝ ਡਰ ਗਏ।

ਜਿਹੜੇ ਨਾ ਡਰੇ, ਉਹਨਾਂ ਨੂੰ ਅੱਧ-ਪਚੱਧ ਪੈਸੇ ਮੋੜ ਕੇ ਵਿਰਾਇਆ ਗਿਆ।

ਵਕੀਲਾਂ ਵਿਚ ਵੀ ਭੰਨ-ਤੋੜ ਕੀਤੀ ਗਈ। ਕਿਸੇ ਦਾ ਸਾਲਾ ਲਿਆਂਦਾ ਗਿਆ, ਕਿਸੇ ਦਾ ਜੀਜਾ। ਕਿਸੇ ਨੂੰ ਚੁੱਪ ਰਹਿਣ ਦਾ ਹੁਕਮ ਸਿਆਸੀ ਪਾਰਟੀ ਨੇ ਦਿੱਤਾ, ਕਿਸੇ ਨੂੰ ਕਿਸੇ ਸਭਾ ਸੋਸਾਇਟੀ ਨੇ। ਕੁਝ ਦਾ ਮਿੰਨਤ-ਤਰਲਾ ਕੀਤਾ। ਕੁਝ ਨੂੰ ਲਾਲਚ ਦਿੱਤਾ।

ਜਦੋਂ ਸਭ ਅੱਛਾ ਹੋ ਗਿਆ ਤਾਂ ਵਿਜੀਲੈਂਸ ਜੱਜ ਨੂੰ ਬੁਲਾਇਆ ਗਿਆ।

ਜੱਜ ਦੇ ਅਚਾਨਕ ਆ ਧਮਕਣ ’ਤੇ ਬਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਫ਼ਰਿਆਦੀਆਂ ਨੂੰ ਇਕੱਠੇ ਕਰਨ ਲਈ ਕੇਵਲ ਅਠਾਰ੍ਹਾਂ ਘੰਟੇ ਮਿਲੇ ਸਨ।

ਪੜਤਾਲ ਦਾ ਦਿਨ ਐਤਵਾਰ ਰੱਖਿਆ ਗਿਆ। ਬਹੁਤੇ ਵਕੀਲ ਸੂਚਨਾ ਮਿਲਣ ਤੋਂ ਪਹਿਲਾਂ ਹੀ ਪਿੰਡਾਂ ਨੂੰ ਤੁਰ ਚੁੱਕੇ ਸਨ।

ਸਾਰੇ ਫ਼ਰਿਆਦੀਆਂ ਨਾਲ ਸੰਪਰਕ ਨਾ ਹੋ ਸਕਿਆ। ਜਿਨ੍ਹਾਂ ਨਾਲ ਹੋਇਆ ਉਹ ਮਜਬੂਰ ਸਨ। ਕਿਸੇ ਨੇ ਵਿਆਹ ਜਾਣਾ ਸੀ, ਕਿਸੇ ਨੇ ਗ਼ਮੀ।

ਕੁਝ ਧਿਰਾਂ ਨੂੰ ਮੁਕਰਾ ਲਿਆ ਗਿਆ ਸੀ। ਕੁਝ ਨੂੰ ਖਿਸਕਾ ਲਿਆ ਗਿਆ ਸੀ। ਕੋਈ ਥਾਣੇ ਬੰਦ ਸੀ। ਕੋਈ ਕਿਸੇ ਅਫ਼ਸਰ ਦੀ ਕੋਠੀ।

ਜੱਜ ਦੇ ਪੇਸ਼ ਕਰਨ ਲਈ ਬਾਰ ਨੂੰ ਇਕ ਵੀ ਫ਼ਰਿਆਦੀ ਨਹੀਂ ਸੀ ਲੱਭਾ।

ਘੋਖ ਕਰਨ ’ਤੇ ਪਤਾ ਲੱਗਾ ਇੰਝ ਗਿਣੀ-ਮਿਥੀ ਸਾਜ਼ਿਸ਼ ਤਹਿਤ ਹੋਇਆ ਸੀ। ਨਾਥ ਨੂੰ ਕਈ ਦਿਨ ਪਹਿਲਾਂ ਹੀ ਟੂਰ-ਪ੍ਰੋਗਰਾਮ ਭੇਜ ਦਿੱਤਾ ਗਿਆ ਸੀ। ਬਾਰ ਨੂੰ ਜਾਣ-ਬੁਝ ਕੇ ਹਨੇਰੇ ਵਿਚ ਰੱਖਿਆ ਗਿਆ ਸੀ।

ਵਿਜੀਲੈਂਸ ਜੱਜ ਨੇ ਨਾਥ ਨੂੰ ਸਮਝਾਇਆ ਸੀ, ਕਿਵੇਂ ਨਾ ਕਿਵੇਂ ਉਹ ਉਸ ਨੂੰ ਇਕ ਵਾਰ ਬੇਰੰਗ ਮੋੜ ਦੇਵੇ। ਮੁੜ ਪੜਤਾਲ ਲਈ ਉਹ ਸ਼ਹਿਰ ਪੈਰ ਨਹੀਂ ਪਾਏਗਾ, ਭਾਵੇਂ ਸਾਰਾ ਸ਼ਹਿਰ ਨਾਥ ਦੇ ਖ਼ਿਲਾਫ਼ ਭੁਗਤਣ ਲਈ ਤਿਆਰ ਹੋ ਜਾਵੇ।

ਇੰਝ ਹੀ ਹੋ ਰਿਹਾ ਸੀ। ਵਿਜੀਲੈਂਸ ਜੱਜ ਪੂਰੇ ਚਾਰ ਘੰਟੇ ਰੈਸਟ ਹਾਊਸ ਵਿਚ ਬੈਠਾ ਰਿਹਾ। ਇਕ ਵੀ ਫ਼ਰਿਆਦੀ ਉਸ ਸਾਹਮਣੇ ਪੇਸ਼ ਨਾ ਹੋਇਆ।

ਵਾਪਸ ਜਾਣ ਤੋਂ ਪਹਿਲਾਂ ਵਿਜੀਲੈਂਸ ਜੱਜ ਨੇ ਪਤਵੰਤਿਆਂ ਨੂੰ ਬੁਲਾਇਆ। ਉਹਨਾਂ ਨੂੰ ਮਿਲ ਕੇ ਚੱਲਣ ਦਾ ਉਪਦੇਸ਼ ਦਿੱਤਾ। ਬਾਰ ਅਤੇ ਬੈਂਚ ਇਕੋ ਗੱਡੀ ਦੇ ਦੋ ਪਹੀਏ ਸਨ। ਜਿੰਨਾ ਚਿਰ ਮਿਲ ਕੇ ਨਹੀਂ ਚੱਲਣਗੇ, ਇਨਸਾਫ਼ ਵਾਲੀ ਗੱਡੀ ਨਹੀਂ ਰਿੜ੍ਹੇਗੀ।

ਸੈੱਲ ਵਾਲੇ ਇਹਨਾਂ ਮੋਮੋਠਗਣੀਆਂ ਗੱਲਾਂ ਵਿਚ ਆਉਣ ਵਾਲੇ ਨਹੀਂ ਸਨ। ਉਹਨਾਂ ਨੂੰ ਸਬੂਤ ਪੇਸ਼ ਕਰਨ ਦੇ ਮੌਕੇ ਤੋਂ ਜਾਣ-ਬੁਝ ਕੇ ਵਾਂਝਿਆਂ ਰੱਖਿਆ ਗਿਆ ਸੀ। ਪੜਤਾਲ ਨਿਰਪੱਖ ਨਹੀਂ ਸੀ। ਉਸ ਨੂੰ ਇਕ ਮੌਕਾ ਹੋਰ ਦਿੱਤਾ ਜਿਾਵੇ।

ਜੱਜ ਵਿਹਲਾ ਨਹੀਂ ਸੀ। ਹਾਈ ਕੋਰਟ ਵੱਲੋਂ ਉਸ ਨੂੰ ਪਹਿਲਾਂ ਹੀ ਬਹੁਤ ਘੱਟ ਸਮਾਂ ਦਿੱਤਾ ਗਿਆ। ਉਹ ਦੁਬਾਰਾ ਨਹੀਂ ਆ ਸਕਦਾ। ਕੋਈ ਸਬੂਤ ਪੇਸ਼ ਕਰਨਾ ਹੈ ਤਾਂ ਅਜ ਹੀ ਕਰੋ। ਨਹੀਂ ਉਹ ਸਮਝੇਗਾ, ਉਹਨਾਂ ਕੋਲ ਆਖਣ ਲਈ ਕੁਝ ਨਹੀਂ।

ਵਿਜੀਲੈਂਸ ਜੱਜ ਵੱਲੋਂ ਇਕ ਰਾਜ਼ੀਨਾਮਾ ਟਾਈਪ ਕਰਵਾਇਆ ਗਿਆ। ਜਿਨ੍ਹਾਂ-ਜਿਨ੍ਹਾਂ ਵਕੀਲਾਂ ਨੂੰ ਪੜਤਾਲ ’ਤੇ ਤਸੱਲੀ ਸੀ, ਉਹ ਦਸਤਖ਼ਤ ਕਰ ਦੇਣ। ਬਾਕੀਆਂ ਦੀ ਮਰਜ਼ੀ।

ਰੋਹ ’ਚ ਆਏ ਜੂਨੀਅਰਾਂ ਨੇ ਰਾਜ਼ੀਨਾਮਾ ਪਾੜ ਦਿੱਤਾ। ਜੱਜ ਪੜਤਾਲ ਲਈ ਆਇਆ ਸੀ, ਨਾ ਕਿ ਰਾਜ਼ੀਨਾਮੇ ਲਈ। ਉਹ ਆਪਣੇ ਅਧਿਕਾਰ-ਖੇਤਰ ਤੋਂ ਬਾਹਰ ਜਾ ਰਿਹੈ।

ਪਾਸਾ ਪੁੱਠਾ ਪੈਂਦੇ ਦੇਖ ਕੇ ਵਿਜੀਲੈਂਸ ਜੱਜ ਨਰਮ ਹੋਣ ਲੱਗਾ।

ਦੋ ਦਿਨਾਂ ਦਾ ਸਮਾਂ ਹੋਰ ਦਿੱਤਾ ਗਿਆ। ਜੇ ਉਹਨਾਂ ਕੋਲ ਕੋਈ ਗਵਾਹ ਹੋਵੇ ਤਾਂ ਉਸ ਨੂੰ ਚੰਡੀਗੜ੍ਹ ਲਿਆ ਕੇ ਭੁਗਤਾ ਲਿਆ ਜਾਵੇ।

ਸੈੱਲ ਨੇ ਚੰਡੀਗੜ੍ਹ ਦੇ ਕਈ ਚੱਕਰ ਲਾਏ। ਕੁਝ ਪੱਲੇ ਨਾ ਪਿਆ। ਜਦੋਂ ਗਵਾਹ ਜਾਂਦੇ, ਜੱਜ ਨਾ ਹੁੰਦਾ। ਜਦੋਂ ਜੱਜ ਹੁੰਦਾ, ਗਵਾਹ ਨਾ ਜਾਂਦੇ।

ਖਿੱਚ-ਧੂਹ ਕਰ ਕੇ ਕੁਝ ਹੀ ਗਵਾਹ ਭੁਗਤ ਸਕੇ।

ਵਿਜੀਲੈਂਸ ਜੱਜ ਦੇ ਰਿਪੋਰਟ ਪੇਸ਼ ਕਰਨ ਦੇ ਇਕ ਮਹੀਨਾ ਬਾਅਦ ਤਕ ਵੀ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਬਾਰ ਨੂੰ ਮੁੜ ਵਫ਼ਦ ਲੈ ਕੇ ਚੰਡੀਗੜ੍ਹ ਜਾਣਾ ਪਿਆ।

ਇਸ਼ ਵਾਰ ਚੀਫ਼ ਵੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ  ਸੀ। ਸੈੱਲ ਵਾਲੇ ਨਿੱਜੀ ਦੁਸ਼ਮਣੀਆਂ ਕੱਢ ਰਹੇ ਸਨ। ਜੱਜ ਨੂੰ ਜਾਣ-ਬੁਝ ਕੇ ਬਦਨਾਮ ਕਰ ਰਹੇ ਸਨ। ਸੈਸ਼ਨ ਜੱਜ ਅਤੇ ਵਿਜੀਲੈਂਸ ਜੱਜ ਦੀ ਰਿਪੋਰਟ ਆ ਚੁੱਕੀ ਸੀ। ਕੁਝ ਸੀਨੀਅਰ ਵਕੀਲ ਨਾਥ ਦੇ ਹੱਕ ਵਿਚ ਭੁਗਤੇ ਸਨ। ਕਈ ਧਿਰਾਂ ਦੇ ਬਿਆਨ ਕਲਮਬੰਦ ਹੋਏ ਸਨ। ਕੁਝ ਧਿਰਾਂ ਨੂੰ ਚੀਫ਼ ਨੇ ਖ਼ੁਦ ਸੁਣਿਆ ਸੀ। ਜੱਜ ’ਤੇ ਲੱਗੇ ਸਭ ਦੋਸ਼ ਝੂਠੇ ਸਾਬਤ ਹੋਏ ਸਨ। ਸ਼ਿਕਾਇਤ ਖ਼ਾਰਜ ਹੋ ਚੱਕੀ ਸੀ।

ਇਹ ਸਭ ਕਦੋਂ ਅਤੇ ਕਿਥੇ ਹੋਇਆ? ਇਸ ਬਾਰੇ ਵਫ਼ਦ ਨੂੰ ਕੁਝ ਨਹੀਂ ਸੀ ਦੱਸਿਆ ਗਿਆ।

ਜਦੋਂ ਕੁੱਤੀ ਹੀ ਚੋਰਾਂ ਨਾਲ ਮਿਲ ਜਾਏ ਤਾਂ ਰਾਖੀ ਦੀ ਕਿਸ ਤੋਂ ਆਸ ਰੱਖੀ ਜਾਏ? ਵਕੀਲ ਫਿਰ ਵੀ ਹਿੰਮਤ ਹਾਰਨ ਵਾਲੇ ਨਹੀਂ ਸਨ।

ਨਾਥ ਨੂੰ ਸਬਕ ਸਿਖਾਉਣ ਦਾ ਨਵਾਂ ਰਾਹ ਲੱਭਿਆ ਗਿਆ।

ਸੈੱਲ-ਪੱਖੀ ਵਕੀਲਾਂ ਦਾ ਜਦੋਂ ਵੀ ਕੋਈ ਕੇਸ ਨਾਥ ਦੇ ਲੱਗਦਾ ਝੱਟ ਇਕ ਦਰਖ਼ਾਸਤ ਦੇ ਦਿੱਤੀ ਜਾਂਦੀ। ਧਿਰ ਨੂੰ ਜੱਜ ’ਤੇ ਵਿਸ਼ਵਾਸ ਨਹੀਂ। ਕੇਸ ਕਿਸੇ ਹੋਰ ਅਦਾਲਤ ਵਿਚ ਤਬਦੀਲ ਕੀਤਾ ਜਾਏ। ਸਬੂਤ ਵਜੋਂ ਕੁਝ ਤੱਥ ਪੇਸ਼ ਕੀਤੇ ਜਾਂਦੇ। ਹਲਫ਼ੀਆ ਬਿਆਨ ਕਦੇ ਧਿਰ ਦਾ ਲੱਗਦਾ, ਕਦੇ ਵਕੀਲ ਦਾ।

ਹਾਸੋ-ਹੀਣੀ ਸਥਿਤੀ ਉਸ ਸਮੇਂ ਪੈਦਾ ਹੁੰਦੀ, ਜਦੋਂ ਕੇਸ ਤਬਦੀਲ ਕਰਾਉਣ ਦੀ ਦਰਖ਼ਾਸਤ ਦੋਹਾਂ ਧਿਰਾਂ ਵੱਲੋਂ ਆ ਜਾਂਦੀ।

ਮਜਬੂਰ ਹੋਈ ਹਾਈ ਕੋਰਟ ਨੂੰ ਆਏ ਦਿਨ ਕੋਈ ਨਾ ਕੋਈ ਕੇਸ ਨਾਥ ਦੀ ਅਦਾਲਤ ਵਿਚੋਂ ਬਦਲਣਾ ਪੈਂਦਾ।

ਅਦਾਲਤ ਖ਼ਾਲੀ ਹੁੰਦੀ ਜਾ ਰਹੀ ਸੀ।

ਬੰਟੀ ਕਤਲ ਕੇਸ ਦੀ ਤਾਰੀਖ਼ ਨੇੜੇ ਆਈ ਤਾਂ ਉਸ ਵਿਚ ਵੀ ਦਰਖ਼ਾਸਤ ਦਿੱਤੀ ਗਈ। ਦੋਸ਼ਾਂ ਦੀ ਪੁਸ਼ਟੀ ਲਈ ਦੋ-ਦੋ ਵਕੀਲਾਂ ਨੇ ਹਲਫ਼ੀਆ ਬਿਆਨ ਨੱਥੀ ਕੀਤੇਗਏ।

ਜੱਜ ’ਤੇ ਪਹਿਲਾ ਦੋਸ਼ ਸੀ ਕਿ ਉਹ ਸਰਕਾਰੀ ਧਿਰ ਨਾਲ ਰਲਿਆ ਹੋਇਆ ਸੀ। ਪਹਿਲੇ ਦਿਨ ਗਵਾਹ ਮੁੱਕਰ ਗਏ ਸਨ। ਦੂਸਰੇ ਦਿਨ ਮੁੱਕਰਨ ਦੀ ਸੰਭਾਵਨਾ ਸੀ। ਕਿਵੇਂ ਨਾ ਕਿਵੇਂ ਅਗਲੇ ਦਿਨ ਗਵਾਹਾਂ ਨੂੰ ਟਾਲਿਆ ਜਾਵੇ। ਇਸ ਆਸ਼ੇ ਨੂੰ ਲੈ ਕੇ ਨਾਥ, ਡਿਪਟੀ ਅਤੇ ਸਰਕਾਰੀ ਵਕੀਲ ਦੌਰਾਨ ਮੀਟਿੰਗ ਹੋਈ ਸੀ। ਜਿਸ ਸਾਜ਼ਿਸ਼ ਦੇ ਸਬੂਤ ਵਜੋਂ ਟੈਲੀਫ਼ੋਨ ਦੇ ਬਿੱਲ ਪੇਸ਼ ਕੀਤੇ ਗਏ। ਪਹਿਲਾ ਫ਼ੋਨ ਬਚਨ ਸਿੰਘ ਅਤੇ ਡੀ.ਏ. ਵਿਚਕਾਰ ਹੋਇਆ ਸੀ, ਦੂਜਾ ਡੀ.ਏ. ਅਤੇ ਸੈਸ਼ਨ ਜੱਜ ਵਿਚਕਾਰ ਅਤੇ ਤੀਜਾ ਸੈਸ਼ਨ ਜੱਜ ਅਤੇ ਨਾਥ ਵਿਚਕਾਰ।

ਇਹਨਾਂ ਹਲਫ਼ੀਆ ਬਿਆਨਾਂ ਨੇ ਹਾਈ ਕੋਰਟ ਨੂੰ ਉਲਝਾ ਲਿਆ।

ਹਲਫ਼ੀਆ ਬਿਆਨਾਂ ਦੀ ਆੜ ਵਿਚ ਪ੍ਰੈਸ ਵਾਲੇ ਦੱਬੇ ਮੁਰਦੇ ਵੀ ਉਖਾੜਨ ਲੱਗੇ। ਨਾਥ ਦੀਆਂ ਹੇਰਾਫੇਰੀਆਂ ਦੇ ਕਿੱਸੇ ਆਏ ਦਿਨ ਅਖ਼ਬਾਰਾਂ ਵਿਚ ਛਪਣ ਲੱਗੇ।

ਜਦੋਂ ਲੋਕਾਂ ਦਾ ਜੱਜ ਤੋਂ ਵਿਸ਼ਵਾਸ ਉੱਠ ਗਿਆ ਤਾਂ ਉਸ ਨੂੰ ਤਬਦੀਲ ਕਿਉਂ ਨਹੀਂ ਕੀਤਾ ਜਾਂਦਾ? ਜਦੋਂ ਲੋਕ ਜੱਜ ’ਤੇ ਕੁਰੱਪਸ਼ਨ ਦਾ ਦੋਸ਼ ਲਾ ਰਹੇ ਹਨ ਤਾਂ ਪੜਤਾਲ ਖੱਲ੍ਹੇ-ਆਮ ਕਿਉਂ ਨਹੀਂ ਹੁੰਦੀ? ਇਸ ਵਾਰ ਪ੍ਰੈਸ ਦੀ ਆਲੋਚਨਾ ਦਾ ਕੇਂਦਰ ਹਾਈ ਕੋਰਟ ਬਣਿਆ ਸੀ।

ਹਾਈ ਕੋਰਟ ਦੀਆ ਆਪਣੀਆਂ ਸੀਮਾਵਾਂ ਸਨ। ਜਦੋਂ ਹੱਥ ਆਪਣੀ ਹੀ ਪੱਗ ਨੂੰ ਪੈਣ ਲੱਗੇ ਤਾਂ ਦੂਜੇ ਦੀ ਪੱਗ ਦਾ ਖ਼ਿਆਲ ਨਹੀਂ ਰਹਿੰਦਾ।

ਸੈੱਲ ਦੀ ਦਰਖ਼ਾਸਤ ਰੱਦ ਕੀਤੀ ਗਈ।

ਕੇਸ ਤਬਦੀਲ ਕਰਨ ਦੀ ਥਾਂ ਜੱਜ ਤਬਦੀਲ ਕੀਤਾ ਗਿਆ।

“ਜੱਜ ਖ਼ਿਲਾਫ਼ ਲੱਗੇ ਦੋਸ਼ਾਂ ਦੀ ਮੁੜ ਪੜਤਾਲ ਹੋਏਗੀ। ਉਹ ਵੀ ਖੱਲ੍ਹੀ ਕਚਹਿਰੀ ਵਿਚ।”

ਇਹ ਹੁਕਮ ਫ਼ੁਰਮਾਇਆ ਗਿਆ।

 

 

24

ਨਾਥ ਦੀ ਬਦਲੀ ਅਤੇ ਮੁੜ ਸ਼ੁਰੂ ਹੋਈ ਪੜਤਾਲ ਨਾਲ ਸੰਮਤੀ ਦੀ ਚੜ੍ਹ ਮੱਚੀ।

ਹੁਣ ਪਾਲਾ ਅਤੇ ਮੀਤਾ ਬਰੀ ਹੋ ਜਾਣਗੇ। ਲੋਕਾਂ ਵਿਚ ਚਰਚਾ ਹੋਣ ਲੱਗੀ।

ਇਹ ਚਰਚਾ ਯੁਵਾ ਸੰਘ ਲਈ ਖ਼ਤਰਨਾਕ ਸੀ।

ਸੰਘ ਦੀ ਹੋਂਦ ਪਹਿਲਾਂ ਹੀ ਖ਼ਤਰੇ ਵਿਚ ਸੀ। ਬੰਟੀ ਦੇ ਕਤਲ ਬਾਅਦ ਸੰਘ ਦੇ ਸੰਗਠਨਾਤਮਕ ਢਾਂਚੇ ਵਿਚ ਤਰੇੜ ਆ ਗਈ ਸੀ। ਸਮੇਂ ਦੇ ਬੀਤਣ ਨਾਲ ਇਹ ਤਰੇੜ ਵਧਦੀ ਜਾ ਰਹੀ ਸੀ।

“ਸੰਘ ਆਪਣੇ ਅਸਲ ਉਦੇਸ਼ ਤੋਂ ਭਟਕ ਗਿਐ। ਸਮਾਜ ਸੇਵਾ ਦੀ ਥਾਂ ਇਸ ਦਾ ਉਦੇਸ਼ ਬੰਟੀ ਕਤਲ ਕੇਸ ਦੀ ਪੈਰਵਾਈ ਕਰਨਾ ਅਤੇ ਅਫ਼ਸਰਾਂ ਦਾ ਹੱਥ-ਠੋਕਾ ਬਣਨਾ ਰਹਿ ਗਿਆ ਹੈ।” ਕੁਝ ਵਰਕਰਾਂ ਦੀ ਇਹ ਧਾਰਨਾ ਬਣਦੀ ਜਾ ਰਹੀ ਸੀ।

ਇਹ ਵਿਚਾਰ ਉਹ ਧੜਾ ਰੱਖਦਾ ਸੀ, ਜਿਹੜੇ ਕਿਸੇ ਵੀ ਮਸਲੇ ਨੂੰ ਹੱਥ ਪਾਉਣ ਤੋਂ ਪਹਿਲਾਂ ਉਸ ਮਸਲੇ ਦੀ ਤਹਿ ਤਕ ਜਾਣਾ ਪਸੰਦ ਕਰਦਾ ਸੀ।

ਇਸ ਧੜੇ ਦੀ ਘੋਖ ਦੱਸਦੀ ਸੀ ਕਿ ਪਾਲਾ ਅਤੇ ਮੀਤਾ ਨਿਰਦੋਸ਼ ਸਨ। ਉਹਨਾਂ ਨੂੰ ਬੇਕਸਰੂਰ ਸਾਬਤ ਕਰਨ ਲਈ ਸੰਮਤੀ ਜਿਹੜੇ ਤੱਥ ਪੇਸ਼ ਕਰ ਰਹੀ ਸੀ, ਉਹ ਠੀਕ ਸਨ। ਇਹ ਵਰਕਰ ਆਪਣੇ ਨੇਤਾਵਾਂ ਤੋਂ ਪੁੱਛਦੇ ਸਨ ਕਿ ਬਿਨਾਂ ਮਤਲਬ ਸੰਮਤੀ ਨੂੰ ਐਡਾ ਵੱਡਾ ਜੱਹਾਦ ਛੇੜਨ ਦੀ ਕੀ ਲੋੜ ਸੀ? ਨਾ ਸੰਮਤੀ ਨਾਲ ਕੋਈ ਦੁਸ਼ਮਣੀ ਸੀ, ਨਾ ਉਸ ਦੀ ਪਾਲੇ ਅਤੇ ਮੀਤੇ ਨਾਲ ਕੋਈ ਦੋਸਤੀ ਸੀ। ਸੰਮਤੀ ਦਾ ਇਕੋ-ਇਕ ਉਦੇਸ਼ ਪਾਲੇ ਅਤੇ ਮੀਤੇ ਨੂੰ ਬਰੀ ਕਰਾਉਣਾ ਹੀ ਨਹੀਂ, ਉਹ ਅਸਲ ਕਾਤਲਾਂ ਨੂੰ ਵੀ ਫੜਾਉਣਾ ਚਾਹੁੰਦੀ ਸੀ। ਸੰਘ ਜੇ ਪੁਲਿਸ ਦੀ ਹਾਂ ਵਿਚ ਹਾਂ ਮਿਲਾਉਂਦਾ ਰਿਹਾ ਤਾਂ ਅਸਲ ਕਾਤਲ ਬਚ ਨਿਕਲਣਗੇ।

ਇਹ ਧੜਾ ਸੰਘ ਦੇ ਉਸ ਫ਼ੈਸਲੇ ਦੀ ਵੀ ਨਿੰਦਿਆ ਕਰਦਾ ਸੀ ਜਿਸ ਅਨੁਸਾਰ ਉਹਨਾਂ ਬਾਬੇ ਦਾ ਜਲੂਸ ਕੱਢਿਆ ਸੀ। ਹੁਣ ਇਹ ਸ਼ੀਸ਼ੇ ਵਾਂਗ ਸਾਫ਼ ਸੀ ਕਿ ਉਹ ਜਲੂਸ ਪੁਲਿਸ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਕਢਵਾਇਆ ਸੀ। ਸਾੜ-ਫੂਕ ਅਤੇ ਮਾਰ-ਕੁਟਾਈ ਤਾਂ ਸੰਘ ਦੀ ਯੋਜਨਾ ਵਿਚ ਸ਼ਾਮਲ ਨਹੀਂ ਸੀ। ਫੇਰ ਇੰਝ ਕਿਉਂ ਅਤੇ ਕਿਸ ਦੇ ਇਸ਼ਾਰੇ ’ਤੇ ਹੋਇਆ?

ਇਹ ਧੜਾ ਬਿਨਾਂ ਮਤਲਬ ਪੁਲਿਸ ਦੀ ਸਹਾਇਤਾ ਕਰਨ ਦੇ ਖ਼ਿਲਾਫ਼ ਸੀ।

ਬੰਟੀ ਕਤਲ ਕੇਸ ਨੂੰ ਕਾਮਯਾਬ ਕਰਨ ਲਈ ਪੁਲਿਸ ਜਦੋਂ ਝੂਠੇ ਗਵਾਹਾਂ ਦੀ ਕਤਾਰ ਖੜੀ ਕਰ ਰਹੀ ਸੀ ਤਾਂ ਸੰਘ ਨੂੰ ਵੀ ਅੱਗੇ ਆਉਣ ਲਈ ਆਖਿਆ ਗਿਆ ਸੀ। ਇਸ ਧੜੇ ਨੇ ਉਸ ਸਮੇਂ ਵੀ ਝੂਠੀਆਂ ਗਵਾਹੀਆਂ ਦਾ ਵਿਰੋਧ ਕੀਤਾ ਸੀ।

ਸੰਘ ਦੇ ਪ੍ਰਧਾਨ ਨੇ ਗਵਾਹ ਬਣਨ ਤੋਂ ਇਨਕਾਰ ਕਰਨ ਵਾਲੇ ਵਰਕਰਾਂ ਨੂੰ ਗ਼ਦਾਰ ਗਰਦਾਨ ਦਿੱਤਾ ਸੀ।

ਪ੍ਰਧਾਨ ਦਾ ਵਿਚਾਰ ਸੀ ਕਿ ਇਹ ਘੜੀ ਸੰਘ ਲਈ ਸੰਕਟ ਦੀ ਘੜੀ ਸੀ। ਸੰਘ ਦੇ ਬਾਨੀ ਦਾ ਪੋਤਾ ਕਤਲ ਹੋਇਆ ਸੀ। ਦੋਸ਼ੀਆਂ ਨੂੰ ਸਜ਼ਾ ਵੀ ਹੋਣੀ ਚਾਹੀਦੀ ਸੀ। ਜੇ ਪੁਲਿਸ ਗਵਾਹ ਮੰਗਦੀ ਸੀ ਤਾਂ ਇਸ ਵਿਚ ਪੁਲਿਸ ਦਾ ਕੀ ਕਸੂਰ ਸੀ? ਸਾਡਾ ਕਾਨੂੰਨੀ ਢਾਂਚਾ ਹੀ ਅਜਿਹਾ ਹੈ। ਪੈਰ-ਪੈਰ ’ਤੇ ਸਬੂਤ ਮੰਗਦਾ ਹੈ। ਜਿਹੜਾ ਸਬੂਤ ਘੜ ਗਿਆ, ਉਹ ਕਾਮਯਾਬ। ਜਿਹੜਾ ਰਹਿ ਗਿਆ, ਉਹ ਫ਼ੇਲ੍ਹ।

ਆਪਣੀ ਦਲੀਲ ਦੀ ਪੁਸ਼ਟੀ ਲਈ ਰਾਮ ਸਰੂਪ ਹੱਡ-ਬੀਤੀ ਸੁਣਾਉਂਦਾ ਸੀ।

ਇਕ ਵਾਰ ਬੱਸ-ਸਟੈਂਡ ’ਤੇ ਇਕ ਜੇਬ ਕਤਰੇ ਨੂੰ ਜੇਬ ਕੱਟਦਿਆਂ ਉਸ ਨੇ ਰੰਗੇ ਹੱਥੀਂ ਫੜਿਆ ਸੀ। ਗਵਾਹੀ ਦੇਣ ਗਿਆ ਰਾਮ ਸਰੂਪ ਸੱਚ ਬੋਲਣ ’ਤੇ ਅੜਿਆ ਰਿਹਾ। ਪੁਲਿਸ ਵੱਲੋਂ ਲਿਖੇ ਬਿਆਨ ਦੀ ਥਾਂ ਉਸ ਨੇ ਉਹੋ ਆਖਿਆ ਜੋ ਸੱਚ ਸੀ। ਸਚ ਇਹ ਸੀ ਕਿ ਉਸ ਨੂੰ ਨਹੀਂ ਸੀ ਪਤਾ ਕਿ ਵਕੂਏ ਸਮੇਂ ਉਸ ਦੀ ਜੇਬ ਵਿਚ ਕਿੰਨੇ ਰੁਪਏ ਸਨ। ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਪੰਜਾਹ-ਪੰਜਾਹ ਦੇ ਨੋਟ ਕਿੰਨੇ ਸਨ, ਦਸ-ਦਸ ਅਤੇ ਪੰਜ-ਪੰਜ ਦੇ ਕਿੰਨੇ। ਉਸ ਨੇ ਇਹ ਵੀ ਮੰਨਿਆ ਸੀ ਕਿ ਹਰ ਪੰਜਾਹ ਦਾ ਨੋਟ ਇਕੋ ਜਿਹਾ ਹੁੰਦਾ ਹੈ। ਉਸ ਕੋਲ ਇਹ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਕਿ ਜਿਹੜਾ ਨੋਟ ਜੇਬ ਕਤਰੇ ਦੇ ਹੱਥ ਵਿਚ ਫੜਿਆ ਗਿਆ ਸੀ,  ਉਹ ਜੇਬ ਕਤਰੇ ਦਾ ਨਹੀਂ, ਰਾਮ ਸਰੂਪ ਦਾ ਸੀ। ਰਾਮ ਸਰੂਪ ਧਰਮ-ਪੁੱਤਰ ਹੀ ਬਣਿਆ ਰਹਿ ਗਿਆ। ਜੇਬ-ਕਤਰਾ ਬਰੀ ਵੀ ਹੋ ਗਿਆ ਅਤੇ ਰਾਮ ਸਰੂਪ ਦੇ ਨੋਟ ਵੀ ਲੈ ਗਿਆ।

ਜੇ ਰਾਮ ਸਰੂਪ ਪੁਲਿਸ ਦੇ ਆਖੇ ਲੱਗਦਾ ਅਤੇ ਉਸ ਵੱਲੋਂ ਲਿਖਿਆ ਬਿਆਨ ਦਿੰਦਾ ਤਾਂ ਨਤੀਜਾ ਉਲਟ ਹੁੰਦਾ। ਪੁਲਿਸ ਬਿਆਨ ਅਨੁਸਾਰ ਉਸ ਨੇ ਇਹ ਆਖਣਾ ਸੀ ਕਿ ਵਕੂਏ ਸਮੇਂ ਉਸ ਦੀ ਜੇਬ ਵਿਚ ਪੰਜ ਸੌ ਰੁਪਿਆ ਸੀ। ਚਾਰ ਨੋਟ ਸੌ-ਸੌ ਦੇ ਸਨ। ਦੋ ਪੰਜਾਹ-ਪੰਜਾਹ ਦੇ। ਨੋਟ ਉਹ ਆੜ੍ਹਤੀਏ ਤੋਂ ਲਿਆਇਆ ਸੀ। ਨਵੀਂ-ਨਕੋਰ ਕਾਪੀ ਵਿਚੋਂ। ਕਾਪੀ ਦੇ ਨੋਟ ਆੜ੍ਹਤੀਏ ਕੋਲ ਸਨ। ਰਾਮ ਸਰੂਪ ਦੇ ਨੋਟਾਂ ਦੇ ਨੰਬਰ ਫਲਾਣੇ-ਫਲਾਣੇ ਸਨ।

ਉਸ ਦਿਨ ਤੋਂ ਰਾਮ ਸਰੂਪ ਦੀ ਇਹ ਧਾਰਨ ਬਣ ਗਈ ਸੀ ਕਿ ਮੁਕੱਦਮੇ ਨੂੰ ਕਾਨੂੰਨ ਦੀ ਜ਼ੱਦ ਵਿਚ ਲਿਆਉਣ ਲਈ ਜੇ ਥੋੜ੍ਹਾ-ਬਹੁਤ ਝੂਠ ਵੀ ਬੋਲਣਾ ਪਏ ਤਾਂ ਕੋਈ ਹਰਜ ਨਹੀਂ।

ਪੁਲਿਸ ਇਹ ਸਾਬਤ ਕਰ ਚੁੱਕੀ ਸੀ ਕਿ ਪਾਲਾ ਅਤੇ ਮੀਤਾ ਹੀ ਬੰਟੀ ਦੇ ਕਾਤਲ ਹਨ। ਉਹਨਾਂ ਨੂੰ ਸਜ਼ਾ ਕਰਾਉਣ ਲਈ ਪੁਲਿਸ ਨੂੰ ਜੇ ਕੁਝ ਸਬੂਤ ਘੜਨੇ ਪੈ ਰਹੇ ਸਨ ਤਾਂ ਬਿਨਾਂ ਸੱਕ ਉਸ ਨੂੰ ਘੜਨੇ ਚਾਹੀਦੇ ਸਨ। ਸੰਘ ਦਾ ਉਦੇਸ਼ ਫਲ ਖਾਣਾ ਸੀ, ਪੇੜ ਗਿਣਨਾ ਨਹੀਂ। ਫਲ ਤਕ ਅੱਪੜਨ ਲਈ ਪੁਲਿਸ ਕਿਹੜਾ ਰਾਹ ਅਪਣਾਉਂਣੀ ਹੈ? ਰਾਮ ਸਰੂਪ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ। ਰਾਮ ਸਰੂਪ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਤੌਰ ਗਵਾਹ ਪੇਸ਼ ਕੀਤਾ ਸੀ।

ਇਸ ਦੇ ਉਲਟ ਨਰਾਤਾ ਰਾਮ ਨੇ ਗਵਾਹ ਬਣਨ ਤੋਂ ਸਾਫ਼ ਇਨਕਾਰ ਕੀਤਾ ਸੀ।

“ਮੈਨੂੰ ਅਜਿਹੀਆਂ ਅਦਾਲਤਾਂ ਨਾਲ ਨਫ਼ਰਤ ਹੈ, ਜਿਹੜੀਆਂ ਲੋਕਾਂ ਨੂੰ ਭੰਬਲ-ਭੂਸਿਆਂ ਵਿਚ ਪਾਉਂਦੀਆਂ ਅਤੇ ਝੂਠੇ ਸਬੂਤ ਘੜਨ ਲਈ ਉਕਸਾਉਂਦੀਆਂ ਹਨ।”

ਆਖਦਾ ਨਰਾਤਾ ਰਾਮ ਆਪਣੇ ਤਰਕ ਦੀ ਪੁਸ਼ਟੀ ਲਈ ਜੱਗ-ਬੀਤੀ ਸੁਣਾਉਂਦਾ ਸੀ।

ਰਾਏਸਰ ਵਾਲੇ ਪ੍ਰਧਾਨ ਦਾ ਕਤਲ ਭਰੀ ਕਚਹਿਰੀ ਵਿਚ ਹੋਇਆ ਸੀ। ਸੈਂਕੜੇ ਬੰਦਿਆਂ ਨੇ ਇਕ ਮਾੜਚੂ ਜਿਹੇ ਬੰਦੇ ਨੂੰ ਪ੍ਰਧਾਨ ਨੂੰ ਗੋਲੀ ਮਾਰਦਿਆਂ ਦੇਖਿਆ ਸੀ। ਉਸ ਨੂੰ ਮੌਕੇ ’ਤੇ ਹੀ ਫੜ ਲਿਆ ਗਿਆ ਸੀ।

ਇਧਰ ਅਦਾਲਤਾਂ ਨਿਯਮ ਘੜੀ ਬੈਠੀਆਂ ਸਨ ਕਿ ਬੰਦਾ ਮਰਦੇ ਸਮੇਂ ਝੂਠ ਨਹੀਂ ਬੋਲਦਾ।  ਉਧਰ ਪ੍ਰਧਾਨ ਨੇ ਮਰਦੇ ਸਮੇਂ ਵੀ ਮਨੋ-ਖੋਰ ਨਹੀਂ ਸੀ ਖੋਇਆ।

ਇਕ ਪਾਸੇ ਉਹ ਮੌਤ ਨਾਲ ਗੱਲਾਂ ਕਰ ਰਿਹਾ ਸੀ ਤੇ ਦੂਜੇ ਪਾਸੇ ਆਪਣੇ ਦੁਸ਼ਮਣਾਂ ਲਈ ਫਾਂਸੀ ਦਾ ਫੰਦਾ ਤਿਆਰ ਕਰ ਰਿਹਾ ਸੀ।

ਬੜੇ ਫ਼ਖ਼ਰ ਨਾਲ ਉਸ ਨੇ ਬਿਆਨ ਦਿੱਤਾ ਸੀ, ਦੋ ਦੁਸ਼ਮਣਾਂ ਨੇ ਉਸ ਦੀਆਂ ਬਾਹਾਂ ਫੜੀਆਂ। ਤੀਜੇ ਨੇ ਗੋਲੀ ਮਾਰੀ।

ਮਰਨ ਵਾਲੇ ਨੇ ਤਾਂ ਜੋ ਕੁਫ਼ਰ ਤੋਲਣਾ ਸੀ, ਤੋਲ ਦਿੱਤਾ। ਜੱਜ ਨੇ ਉਸ ਤੋਂ ਵੀ ਲੋਹੜਾ ਮਾਰਿਆ।

ਜਦੋਂ ਗੋਲੀ ਚੱਲੀ ਸੀ ਤਾਂ ‘ਬਾਹਾਂ ਫੜਨ’ ਵਾਲੇ ਦੋਸ਼ੀ ਉਸੇ ਦੀ ਅਦਾਲਤ ਵਿਚ ਮੌਜੂਦ ਸਨ। ਉਹਨਾਂ ਜੱਜ ਕੋਲ ਅਰਜ਼ ਵੀ ਕੀਤੀ ਸੀ। ਪ੍ਰਧਾਨ ਉਹਨਾਂ ਦਾ ਦੁਸ਼ਮਣ ਹੈ। ਕਿਧਰੇ ਪਰਚੇ ਵਿਚ ਨਾਂ ਹੀ ਨਾ ਲਿਖਾ ਦੇਵੇ। ਜੱਜ ਵੱਲੋਂ ਉਹਨਾਂ ਦੀ ਹਾਜ਼ਰੀ ਦਾ ਜ਼ਿਕਰ ਆਪਣੀ ਮਿਸਲ ਵਿਚ ਕਰ ਲਿਆ ਜਾਵੇ। ਸਫ਼ਾਈ ਸਮੇਂ ਉਹਨਾਂ ਲਈ ਇਹੋ ਸਬੂਤ ਕਾਫ਼ੀ ਹੋਵੇਗਾ।

ਗਵਾਹ ਬਣਨ ਤੋਂ ਟਲਦਾ ਅਤੇ ਪਾਰਟੀਬਾਜ਼ੀ ਤੋਂ ਡਰਦਾ ਜੱਜ ਟਾਲ-ਮਟੋਲ ਕਰ ਗਿਆ।

ਫ਼ੈਸਲਾ ਸੁਣਾਉਂਦੇ ਸਮੇਂ ਉਸੇ ਜੱਜ ਨੇ ਇਸੇ ਘਿਸੇ-ਪਿਟੇ ਨਿਯਮ ਨੂੰ ਮਾਨਤਾ ਦਿੱਤੀ। ‘ਬਾਹਾਂ ਫੜਨ’ ਵਾਲਿਆਂ ਨੂੰ ਵੀ ਮਰਨ ਵਾਲੇ ਦੇ ਬਿਆਨ ਦੇ ਆਧਾਰ ’ਤੇ ਸਜ਼ਾ ਸੁਣਾ ਦਿੱਤੀ।

ਨਰਾਤਾ ਆਖਦਾ ਸੀ, “ਜਿਥੋਂ ਦਾ ਕਾਨੂੰਨ ਅੰਨ੍ਹਾ ਅਤੇ ਬੋਲਾ ਹੋਵੇ, ਜਿਥੋਂ ਦੇ ਜੱਜਾਂ ਨੂੰ ਅਸਲੀਅਤ ਖੋਜਣ ਲਈ ਹੱਥ-ਪੈਰ ਮਾਰਨ ਦੀ ਇਜਾਜ਼ਤ ਨਾ ਹੋਵੇ, ਜਿਥੇ ਧਿਰਾਂ ਮੂਕ ਦਰਸ਼ਕ ਬਣ ਕੇ ਖੜੀਆਂ ਰਹਿੰਦੀਆਂ ਹੋਣ, ਜਿਥੇ ਵਕੀਲਾਂ ਦੇ ਜਾਬ੍ਹਾਂ ਦੇ ਭੇੜ ਨੂੰ ਤਰਚੀਹ ਦਿੱਤੀ ਜਾਂਦੀ ਹੋਵੇ, ਜਿਥੇ ਇਨਸਾਫ਼ ਦੀ ਥਾਂ ਜ਼ਾਬਤੇ ਨੂੰ ਅਹਿਮੀਅਤ ਦਿੱਤੀ ਜਾਂਦੀ ਹੋਵੇ, ਉਥੋਂ ਦੇ ਸ਼ਹਿਰੀਆਂ ਨੂੰ ਚਾਹੀਦਾ ਹੈ, ਉਹ ਸੁਚੇਤ ਰਹਿਣ।”

ਨਰਾਤਾ ਰਾਮ ਸੁਚੇਤ ਸੀ। ਉਸ ਨੇ ਸੰਘ ਦੇ ਬਾਕੀ ਵਰਕਰਾਂ ਨੂੰ ਵੀ ਸੁਚੇਤ ਕੀਤਾ। ਉਹ ਓਨਾ ਚਿਰ ਗਵਾਹੀ ਨਾ ਦੇਣ, ਜਿੰਨਾ ਚਿਰ ਤਕ ਉਹਨਾਂ ਗਵਾਹੀ ਵਾਲਾ ਤੱਥ ਅੱਖੀਂ ਹੁੰਦਿਆਂ ਨਾ ਡਿੱਠਾ ਹੋਵੇ।

ਇਹਨੀਂ ਦਿਨੀਂ ਸੰਮਤੀ ਨੇ ਪੁਲਿਸ, ਪ੍ਰਾਸੀਕਿਊਸ਼ਨ ਅਤੇ ਨਿਆਂ-ਪਾਲਿਕਾ ਨੂੰ ਵਖ਼ਤ ਪਾਇਆ ਹੋਇਆ ਸੀ। ਇਸ ਦਾ ਕਾਰਨ ਵੀ ਬੰਟੀ ਕਤਲ ਕੇਸ ਸੀ।

ਰਾਮ ਸਰੂਪ ਚਾਹੁੰਦਾ ਸੀ ਕਿ ਸੰਘ ਅਫ਼ਸਰਾਂ ਦਾ ਡਟ ਕੇ ਸਾਥ ਦੇਵੇ। ਜੇ ਸੰਮਤੀ ਇਹਨਾਂ ਨੂੰ ਡਰਾਉਣ ਵਿਚ ਕਾਮਯਾਬ ਹੋ ਗਈ ਤਾਂ ਕੇਸ ਦਾ ਭੱਠਾ ਬੈਠ ਜਾਣਾ ਸੀ।

ਦੂਜਾ ਧੜਾ ਇਥੇ ਵੀ ਰਾਮ ਸਰੂਪ ਦੀ ਵਿਰੋਧਤਾ ਕਰਦਾ ਸੀ।

“ਅਫ਼ਸਰ ਫ਼ਰੇਬੀ, ਬੇਈਮਾਨ ਅਤੇ ਝੂਠੇ ਹਨ। ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਉਹ ਸੰਘ ਦੀ ਓਟ ਭਾਲਦੇ ਹਨ। ਜੇ ਉਹ ਸੱਚੇ-ਸੁੱਚੇ ਹਨ ਤਾਂ ਆਪਣੇ ਪੈਰਾਂ ’ਤੇ ਖੜੋ ਕੇ ਸਥਿਤੀ ਦਾ ਮੁਕਾਬਲਾ ਕਿਉਂ ਨਹੀਂ ਕਰਦੇ।”

ਨਰਾਤਾ ਰਾਮ ਧੜੇ ਦਾ ਇਹ ਵਿਚਾਰ ਸੀ ਕਿ ਅਫ਼ਸਰਾਂ ਦੀ ਮਦਦ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇ। ਨਿਰਦੋਸ਼ ਅਫ਼ਸਰ ਦੀ ਮਦਦ ਕੀਤੀ ਜਾਵੇ। ਦੋਸ਼ੀ ਦਾ ਵਿਰੋਧ।

ਬਚਨ ਸਿੰਘ ਦੇ ਕਾਰਨਾਮਿਆਂ ਦਾ ਕਿਸ ਨੂੰ ਨਹੀਂ ਪਤਾ? ਜੇ ਉਹ ਦੁੱਧ ਧੋਤਾ ਹੁੰਦਾ ਤਾਂ ਵਿਜੀਲੈਂਸ ਦੇ ਰੇਡ ਤੋਂ ਡਰਦਾ ਛੁੱਟੀ ਨਾ ਭੱਜਦਾ।

ਨਾਥ ਦੇ ਕਿਰਦਾਰ ਬਾਰੇ ਵੀ ਸੰਘ ਨੂੰ ਚੰਗੀ ਤਰ੍ਹਾਂ ਪਤਾ ਸੀ। ਸੰਘ ਦਾ ਕਿਹੜਾ ਵਰਕਰ ਹੈ, ਜਿਸ ਨੇ ਕਦੇ ਨਾ ਕਦੇ ਨਾਥ ਨੂੰ ਰਿਸ਼ਵਤ ਨਾ ਦਿੱਤੀ ਹੋਵੇ। ਕਿਸੇ ਨੇ ਸੈਂਪਲ ਦੇ ਕੇਸ ਵਿਚੋਂ ਬਰੀ ਹੋਣ ਲਈ ਥੈਲੀ ਭੇਂਟ ਕੀਤੀ ਸੀ ਅਤੇ ਕਿਸੇ ਨੇ ਮਰੀ ਆਸਾਮੀ ਤੋਂ ਪੈਸੇ ਕਢਾਉਣ ਲਈ।

ਸੰਮਤੀ ਨੇ ਪੜਤਾਲ ਲਈ ਜਿਨ੍ਹਾਂ ਕੇਸਾਂ ਦੀ ਲਿਸਟ ਹਾਈ ਕੋਰਟ ਨੂੰ ਭੇਜੀ ਸੀ, ਉਹਨਾਂ ਵਿਚੋਂ ਕੁਝ ਕੇਸਾਂ ਦੀ ਪੜਤਾਲ ਇਸ ਧੜੇ ਨੇ ਵੀ ਕੀਤੀ ਸੀ। ਜਿਸ ਧਿਰ ਨਾਲ ਵੀ ਸੰਪਰਕ ਕਾਇਮ ਕੀਤਾ, ਉਹੋ ਦੁਹੱਥੜੇ ਮਾਰ ਕੇ ਰੋ ਪਈ। ਬਹੁਤਿਆਂ ਨੂੰ ਗਹਿਣਾ-ਗੱਟਾ ਵੇਚ ਕੇ ਜੱਜ ਦਾ ਘਰ ਭਰਨਾ ਪਿਆ ਸੀ।

ਬੰਟੀ ਕਤਲ ਕੇਸ ਵਿਚ ਇਕ ਤਾਰੀਖ਼ ’ਤੇ ਗਵਾਹ ਮੋੜ ਕੇ ਨਾਥ ਸਾਹਿਬ ਰਾਜਾ ਹਰੀਸ਼ ਚੰਦਰ ਨਹੀਂ ਬਣ ਗਏ।

ਕਰਤਾਰੋ ਦਾ ਅੱਡਾ ਸੰਘ ਨੂੰ ਵੀ ਰੜਕਦਾ ਸੀ। ਸੰਘ ਵਿਚ ਲਾਲ ਸਿੰਘ ਨੂੰ ਹੱਥ ਪਾਉਣ ਦੀ ਹਿੰਮਤ ਨਹੀਂ ਸੀ। ਜੇ ਉਹੋ ਕੰਮ ਸੰਮਤੀ ਨੇ ਕਰ ਦਿੱਤਾ ਤਾਂ ਕੀ ਮਾੜਾ ਹੋ ਗਿਆ? ਪੁਲਿਸੀਆਂ ਦੇ ਕਾਰਿਆਂ ਦਾ ਕਿਸ ਨੂੰ ਨਹੀਂ ਪਤਾ?

“ਅੱਖਾਂ ਦੇ ਕੈਂਪ ਲਾਉਣਾ ਜਾਂ ਮਾੜੇ ਮੰਗਤਿਆਂ ਵਿਚ ਕੰਬਲ, ਜਰਸੀਆਂ ਵੰਡਣਾ ਹੀ ਸਮਾਜ ਸੇਵਾ ਨਹੀਂ। ਲੋਕਾਂ ਨੂੰ ਰਿਸ਼ਵਤ ਵਰਗੇ ਕੋਹੜ ਤੋਂ ਨਿਜਾਤ ਦਿਵਾਉਣਾ ਵੀ ਇਕ ਸਮਾਜ ਸੇਵਾ ਹੈ। ਸੰਘ ਨੂੰ ਇਸ ਪਰਉਪਕਾਰ ਤੋਂ ਮੁੱਖ ਨੂੰ ਨਹੀਂ ਮੋੜਨਾ ਚਾਹੀਦਾ।”

ਅਜਿਹੇ ਨੁਕਤਿਆਂ ’ਤੇ ਵਿਚਾਰ ਕਰਦਿਆਂ ਵਰਕਰਾਂ ਵਿਚਕਾਰ ਅਕਸਰ ਝਪਟਾਂ ਹੋ ਜਾਇਆ ਕਰਦੀਆਂ ਸਨ। ਨੇਤਾਵਾਂ ਵਿਚ ਮਨ-ਮੁਟਾਵ ਰਹਿਣ ਲੱਗਾ। ਇਕ ਨੇਤਾ ਕੋਈ ਪ੍ਰੋਗਰਾਮ ਉਲੀਕਦਾ ਤਾਂ ਦੂਜਾ ਉਸ ਨੂੰ ਰੱਦ ਕਰ ਦਿੰਦਾ।

ਨੇਤਾਵਾਂ ਦੀ ਚੁੰਝ-ਚਰਚਾ ਤੋਂ ਵਰਕਰ ਦੁਖੀ ਰਹਿਣ ਲੱਗੇ। ਸਮਾਜ ਸੇਵਾ ਹੀ ਕਰਨੀ ਹੈ ਤਾਂ ਇਹ ਸੰਘ ਤੋਂ ਬਿਨਾਂ ਹੀ ਹੋ ਸਕਦੀ ਹੈ। ਉਦਾਸੀਨ ਹੋਏ ਬਹੁਤੇ ਵਰਕਰ ਸੰਘ ਤੋਂ ਲਾਂਭੇ ਹੋਣ ਲੱਗੇ।

ਉਤੋਂ ਸਿਤਮ ਇਹ ਕਿ ਲਾਲਾ ਜੀ ਵੀ ਮੌਨ ਧਾਰ ਗਏ। ਅੱਗੇ ਕੋਈ ਸਮੱਸਿਆ ਖੜੀ ਹੁੰਦੀ ਤਾਂ ਉਹ ਝੱਟ ਸੁਲਝਾ ਦਿੰਦੇ। ਉਹਨਾਂ ਦੀ ਰਾਏ ਵਰਕਰਾਂ ਲਈ ਰੱਬੀ ਹੁਕਮ ਵਰਗੀ ਹੁੰਦੀ।

ਬੰਟੀ ਦੇ ਕਤਲ ਬਾਅਦ ਉਹ ਇਕ ਵਾਰੀ ਵੀ ਮੀਟਿੰਗ ਵਿਚ ਨਹੀਂ ਸਨ ਆਏ। ਘਰ ਬੈਠੇ ਮਾਲਾ ਫੇਰਦੇ ਰਹਿੰਦੇ। ਕਦੇ ਕੋਈ ਵਰਕਰ ਰਾਏ-ਮਸ਼ਵਰੇ ਲਈ ਜਾਂਦਾ ਤਾਂ ਖਿਝ ਜਾਂਦੇ। ਆਪਣੇ ਮਸਲੇ ਆਪੇ ਨਿਬੇੜਨ ਦੀ ਰਾਏ ਦਿੰਦੇ।

ਸੰਘ ਦੇ ਬਹੁਤੇ ਵਰਕਰ ਅਮੀਰ ਘਰਾਣਿਆਂ ਨਾਲ ਸੰਬੰਧ ਰੱਖਦੇ ਸਨ। ਸੰਘ ਦੇ ਮੈਂਬਰ ਉਹ ਸਮਾਜ ਸੇਵਾ ਲਈ ਬਣੇ ਸਨ, ਥਾਣੇ-ਕਚਹਿਰੀਆਂ ਵਿਚ ਧੱਕੇ ਖਾਣ ਲਈ ਨਹੀਂ। ਮੁਕੱਦਮੇਬਾਜ਼ੀ ਜਾਂ ਪਾਰਟੀਬਾਜ਼ੀ ਤੋਂ ਉਹਨਾਂ ਕੀ ਲੈਣਾ ਸੀ। ਉਹ ਸੰਘ ਦੇ ਇਸ ਝੰਜਟ ਵਿਚੋਂ ਨਿਕਲਣ ਦੀ ਉਡੀਕ ਕਰਨ ਲੱਗੇ। ਓਨੀ ਦੇਰ ਲਈ ਮਨ-ਪ੍ਰਚਾਵੇ ਲਈ ਕਿਸੇ ਨੇ ਸਪੋਰਟਸ ਕਲੱਬ ਬਣਾ ਲਿਆ ਅਤੇ ਕਿਸੇ ਨੇ ਸਭਿਆਚਾਰਕ ਮੰਚ।

ਸੱਚੇ-ਸੁੱਚੇ ਵਰਕਰਾਂ ਦੇ ਮਨਾਂ ਨੂੰ ਕਚਹਿਰੀਆਂ ਦੇ ਮਾਹੌਲ ਨੇ ਵੀ ਠੇਸ ਪਹੁੰਚਾਈਸੀ। ਉਹਨਾਂ ਸੁਣਿਆ ਸੀ ਕਿ ਕਚਹਿਰੀ ਇਕ ਮੰਦਰ ਹੈ। ਉਥੇ ਦੂਜਾ ਰੱਬ ਵੱਸਦਾ ਹੈ। ਪਰ ਤਜਰਬੇ   ਉਲਟ ਹੋਏ ਸਨ।

ਜਿਸ ਭੰਡਾਰੀ ਨੂੰ ਸੰਘ ਦਾਨਵੀਰ ਕਰਣ ਆਖਿਆ ਕਰਦਾ ਸੀ, ਉਸ ਦਾ ਅਸਲੀ ਭੱਦਾ ਚਿਹਰਾ ਉਹਨਾਂ ਨੂੰ ਕਚਹਿਰੀ ਵਿਚ ਹੀ ਨਜ਼ਰ ਆਇਆ ਸੀ। ਇਕ ਵਾਰ ਨਰਾਤਾ ਰਾਮ ਨੇ ਦੇਖਿਆ ਸੀ, ਇਕ ਵਿਧਵਾ ਔਰਤ ਨੇ ਭੰਡਾਰੀ ਦੀ ਫ਼ੀਸ ਉਤਾਰਨ ਲਈ ਆਪਣੇ ਅੱਠਾਂ ਸਾਲਾਂ ਦੇ ਪੁੱਤਰ ਦੀ ਗੋਲਕ ਭੰਨੀ ਸੀ। ਡੁਸਕਦੇ ਬੱਚੇ ਦਾ ਭੰਡਾਰੀ ਦੇ ਮਨ ’ਤੇ ਕੋਈ ਅਸਰ ਨਹੀਂ ਸੀ ਹੋਇਆ।

ਉਸੇ ਦਿਨ ਤੋਂ ਨਰਾਤਾ ਰਾਮ ਦਾ ਕਚਹਿਰੀ ਜਾਂਦੇ ਦਾ ਮਨ ਘਬਰਾਉਂਦਾ ਸੀ।

ਰਾਮ ਸਰੂਪ ਅਤੇ ਦਰਸ਼ਨ ਦਾ ਧਰਮ ਦੀ ਸਹੁੰ ਖਾ ਕੇ ਝੂਠ ਬੋਲਣਾ ਵੀ ਉਹਨਾਂ ਨੂੰ ਬੁਰਾ ਲੱਗਾ ਸੀ।

ਨਰਾਤਾ ਰਾਮ ਧੜੇ ਨੂੰ ਜਦੋਂ ‘ਸੰਮਤੀ ਦੇ ਏਜੰਟ’ ਆਖਿਆ ਜਾਣ ਲੱਗਾ ਤਾਂ ਉਹਨਾਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਇਸ ਝਮੇਲੇ ਤੋਂ ਵੱਖ ਕਰ ਲਿਆ।

ਇਧਰ ਸੰਘ ਖਿੰਡ ਰਿਹਾ ਸੀ, ਉਧਰ ਸੰਮਤੀ ਮਜ਼ਬੂਤ ਹੁੰਦੀ ਜਾ ਰਹੀ ਸੀ।

ਰਾਮ ਸਰੂਪ ਬੇਚੈਨ ਸੀ। ਸੰਘ ਆਖ਼ਰ ਕਦੋਂ ਕੁ ਤਕ ਆਪਣੀ ਮਿਹਨਤ ਦੇ ਇਸ ਫਲ ਨੂੰ ਲੁੱਟਿਆ ਜਾਂਦਾ ਦੇਖਦਾ ਰਹੇਗਾ।

ਉਸ ਨੇ ਆਪਣੇ ਸਕੱਤਰ ਨਾਲ ਮਸ਼ਵਰਾ ਕੀਤਾ। ਸਮਾਂ ਮੰਗ ਕਰਦਾ ਸੀ ਕਿ ਸੰਘ ਨੂੰ ਮੁੜ ਸੰਗਠਤ ਕੀਤਾ ਜਾਵੇ। ਕੇਸ ਦੀ ਪੈਰਵਾਈ ਪੂਰੀ ਤਨਦੇਹੀ ਨਾਲ ਕੀਤੀ ਜਾਵੇ। ਜਿਹੜੇ ਸਹਿਮਤ ਹਨ ਉਹ ਸੰਘ ਵਿਚ ਰਹਿਣ, ਜਿਹੜੇ ਨਹੀਂ ਉਹ ਨਿਕਲ ਜਾਣ। ਸੰਘ ਲੜਾਈ ਲੜੇਗਾ ਭਾਵੇਂ ਉਹ ਦੋ ਹੀ ਰਹਿ ਜਾਣ।

ਹਾਲਾਤ ਇਕੱਲੇ ਰਹਿਣ ਵਰਗੇ ਹੀ ਬਣਦੇ ਜਾ ਰਹੇ ਸਨ। ਰਾਮ ਸਰੂਪ ਅਤੇ ਦਰਸ਼ਨ ਦੇ ਸਿਰ ਤੋੜ ਯਤਨਾਂ ਦੇ ਬਾਵਜੂਦ ਵੀ ਸੰਘ ਦੀ ਗਿਣਤੀ ਦਸ ਤੋਂ ਵਧ ਨਹੀਂ ਸੀ। ਇੰਨੇ ਕੁ ਵਰਕਰਾਂ ਨਾਲ ਨਾ ਜਲਸੇ ਕੀਤੇ ਜਾ ਸਕਦੇ ਸਨ, ਨਾ ਜਲੂਸ ਕੱਢੇ ਜਾ ਸਕਦੇ ਸਨ। ਫੇਰ ਵੀ ਜੋ ਕੁਝ ਕੀਤਾ ਜਾ ਸਕਦਾ ਸੀ, ਉਹ ਕੁਝ ਤਾਂ ਕੀਤਾ ਜਾਵੇ।

ਮੁੜ ਗਠਿਤ ਹੋਏ ਸੰਘ ਦਾ ਪਹਿਲਾ ਟੀਚਾ ਮੁੱਖ ਮੰਤਰੀ ਨੂੰ ਮਿਲਣਾ ਮਿਥਿਆ ਗਿਆ।

ਸੰਘ ਨੂੰ ਮੁੱਖ ਮੰਤਰੀ ’ਤੇ ਗਿਲਾ ਸੀ। ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾ ਕੇ ਸੁਰਖ਼ਰੂ ਹੋ ਗਿਆ ਲੱਗਦਾ ਸੀ। ਮੁੜ ਨਾ ਉਸ ਨੇ ਸ਼ਹਿਰ ਗੇੜਾ ਮਾਰਿਆ, ਨਾ ਮੁਕੱਦਮੇ ਦੀ ਸਾਰ ਲਈ।

ਪੁਲਿਸ ਠੰਢੀ ਪੈ ਚੁੱਕੀ ਸੀ। ਉਸ ਨੂੰ ਕੇਸ ਸਿਰੇ ਚਾੜ੍ਹਨ ਦੀ ਕੋਈ ਪਰਵਾਹ ਨਹੀਂ। ਬਹੁਤੇ ਕੇਸ ਪੁਲਿਸ ਦੀ ਅਣਗਹਿਲੀ ਕਾਰਨ ਫ਼ੇਲ੍ਹ ਹੋ ਜਾਂਦੇ ਸਨ। ਇਹ ਕੇਸ ਵੀ ਉਸੇ ਅਣਗਹਿਲੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਸੀ।

ਪਹਿਲਾਂ ਸੰਘ ਨੇ ਸਿਆਣੇ-ਸਿਆਣੇ ਵਕੀਲਾਂ ਦੀ ਰਾਏ ਲਈ। ਫੇਰ ਨਵੀਆਂ-ਨਵੀਆਂ ਤਜਵੀਜ਼ਾਂ ਲੈ ਕੇ ਉਹ ਮੁੱਖ ਮੰਤਰੀ ਕੋਲ ਜਾ ਪੁੱਜੇ।

ਸੰਘ ਨੂੰ ਮੁੱਖ ਮੰਤਰੀ ਖਿੜੇ ਮੱਥੇ ਮਿਲਿਆ।

ਦੋ ਕੁ ਗੱਲਾਂ ਕਰ ਕੇ ਸੰਘ ਦਾ ਗ਼ੁੱਸਾ ਜਾਂਦਾ ਰਿਹਾ। ਮੁੱਖ ਮੰਤਰੀ ਕੇਸ ’ਤੇ ਪੂਰੀ ਨਜ਼ਰ ਰੱਖ ਰਿਹਾ ਸੀ। ਛੋਟੀ ਤੋਂ ਛੋਟੀ ਘਟਨਾ ਮੁੱਖ ਮੰਤਰੀ ਦੇ ਨੋਟਿਸ ਵਿਚ ਸੀ। ਉਹ ਮਜਬੂਰ ਸੀ। ਕੀ ਕਰੇ? ਸਮਝ ਨਹੀਂ ਸੀ ਆ ਰਿਹਾ।

ਸੰਘ ਵੱਲੋਂ ਪੇਸ਼ ਕੀਤੀਆਂ ਤਜਵੀਜ਼ਾਂ ਨੂੰ ਮੁੱਖ ਮੰਤਰੀ ਨੇ ਗਹੁ ਨਾਲ ਵਿਚਾਰਿਆ।

ਨਤੀਜੇ ਫ਼ੌਰੀ ਤੌਰ ’ਤੇ ਸਾਹਮਣੇ ਆਉਣ ਲੱਗੇ।

ਨਾਥ ਸਾਹਿਬ ਦੀ ਥਾਂ ਕਿਹੜਾ ਜੱਜ ਲਾਇਆ ਜਾਏ? ਇਹ ਵਿਚਾਰਨ ਲਈ ਜਸਟਿਸ ਸ਼ਿੰਗਾਰਾ ਸਿੰਘ ਨੂੰ ਕੋਠੀ ਬੁਲਾਇਆ ਗਿਆ।

ਜਸਟਿਸ ਮੁੱਖ ਮੰਤਰੀ ਦਾ ਰਿਸ਼ਤੇਦਾਰ ਵੀ ਸੀ ਅਤੇ ਉਸ ਨੂੰ ਕੁਰਸੀ ’ਤੇ ਵੀ ਮੁੱਖ ਮੰਤਰੀ ਨੇ ਹੀ ਬਿਠਾਇਆ ਸੀ।

ਹਾਈ ਕੋਰਟ ਵਿਚ ਵਕਾਲਤ ਸ਼ੁਰੂ ਕਰਨ ਤੋਂ ਪਹਿਲਾਂ ਸ਼ਿੰਗਾਰਾ ਸਿੰਘ ਪਟਿਆਲੇ ਵਕਾਲਤ ਕਰਦਾ ਸੀ। ਵਕਾਲਤ ਭਾਵੇਂ ਬਹੁਤੀ ਨਹੀਂ ਸੀ ਚੱਲਦੀ, ਪਰ ਸਿਆਸਤ ਵਿਚ ਵਾਹਵਾ ਥਾਂ ਸੀ। ਪਿਛਲੀ ਵਜ਼ਾਰਤ ਵਿਚ ਮੁੱਖ ਮੰਤਰੀ ਜੀ ਸਿਹਤ ਮੰਤਰੀ ਬਣੇ ਸਨ। ਉਸ ਸਮੇਂ ਉਨ੍ਹਾਂ ਸ਼ਿੰਗਾਰਾ ਸਿੰਘ ਨੂੰ ਚੰਡੀਗੜ੍ਹ ਬੁਲਾ ਲਿਆ ਸੀ।

ਅਕਾਲੀ ਪਾਰਟੀ ਵਿਚ ਪੜ੍ਹਿਆਂ-ਲਿਖਿਆਂ ਦੀ ਕਮੀ ਸੀ। ਜਿਹੋ ਜਿਹੇ ਨੇਤਾ, ਉਹੋ ਜਿਹੇ ਰਿਸ਼ਤੇਦਾਰ। ਕਈ ਵਾਰ ਤਾਂ ਜਥੇਦਾਰਾਂ ਨੂੰ ਉੱਚੀਆਂ ਪਦਵੀਆਂ ’ਤੇ ਬਿਠਾਉਣ ਲਈ ਪੜੇ੍ਹ-ਲਿਖੇ ਰਿਸ਼ਤੇਦਾਰ ਵੀ ਨਹੀਂ ਸੀ ਲੱਭਦੇ। ਹਾਈ ਕੋਰਟ ਵਿਚ ਜੱਜਾਂ ਦੀਆਂ ਨੌਕਰੀਆਂ ਨਿਕਲਦੀਆਂ ਹੀ ਰਹਿੰਦੀਆਂ ਸਨ। ਜਦੋਂ ਦਾਅ ਲੱਗਾ, ਮੰਤਰੀ ਉਸ ਨੂੰ ਜਸਟਿਸ ਬਣਾ ਦੇਵੇਗਾ।

ਅਕਾਲੀ ਪਾਰਟੀ ਬਹੁਤਾ ਸਮਾਂ ਵਿਰੋਧੀ ਧਿਰ ਵੱਜੋਂ ਹੀ ਕੰਮ ਕਰਦੀ ਸੀ। ਵਿਰੋਧੀ ਧਿਰ ਵਿਚ ਬੈਠ ਕੇ ਪਾਰਟੀ ਨੂੰ ਮੋਰਚੇ ਲਾਉਣੇ ਪੈਂਦੇ। ਮੋਰਚਿਆਂ ’ਚ ਅੰਦਰ ਹੋਏ ਨੇਤਾਵਾਂ ਨੂੰ ਹਾਈ ਕੋਰਟ ਦੀ ਜ਼ਰੂਰਤ ਪੈਂਦੀ ਸੀ। ਸ਼ਿੰਗਾਰਾ ਸਿੰਘ ਹਾਈ ਕੋਰਟ ’ਚ ਬੈਠਾ ਹੋਇਆ ਵੇਲੇ-ਕੁਵੇਲੇ ਕੰਮ ਆਏਗਾ।

ਇਸੇ ਸਿਆਸਤ ਅਧੀਨ ਸ਼ਿੰਗਾਰਾ ਸਿੰਘ ਨੂੰ ਜਸਟਿਸ ਬਣਾਇਆ ਗਿਆ ਸੀ।

ਤੇ ਸ਼ਿੰਗਾਰਾ ਸਿੰਘ ਨੇ ਵੀ ਸੰਵਿਧਾਨ ਦੀ ਥਾਂ ਪਾਰਟੀ ਅਤੇ ਮੁੱਖ ਮੰਤਰੀ ਪ੍ਰਤੀ ਜ਼ਿਆਦਾ ਵਫ਼ਾਦਾਰੀ ਨਿਭਾਈ ਸੀ। ਜਦੋਂ ਵੀ ਲੋੜ ਪਈ, ਉਸ ਨੇ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਪਾਰਟੀ ਦਾ ਹਿੱਤ ਪੂਰਿਆ। ਨਿੱਜੀ ਕੰਮ ਵੀ ਦਲੇਰੀ ਨਾਲ ਕੀਤੇ। ਪਾਰਟੀ ਨੇ ਇਸ਼ਾਰਾ ਕੀਤਾ ਤਾਂ ਬਰੀ ਹੋਣ ਵਾਲੇ ਬੰਦੇ ਨੂੰ ਫਾਂਸੀ ਲਾ ਦਿੱਤਾ। ਮੁੱਖ ਮੰਤਰੀ ਨੇ ਚਾਹਿਆ ਤਾਂ ਫਾਂਸੀ ਲੱਗਣ ਵਾਲੇ ਬੰਦੇ ਨੂੰ ਬਰੀ ਕਰ ਦਿੱਤਾ।

ਹੁਣ ਵੀ ਮੁੱਖ ਮੰਤਰੀ ਨੂੰ ਉਸ ਦੀਆਂ ਸੇਵਾਵਾਂ ਦੀ ਜ਼ਰੂਰਤ ਸੀ।

ਜਸਟਿਸ ਨੂੰ ਸਾਰੀ ਸਮੱਸਿਆ ਸਮਝਾਈ ਗਈ।

ਨਾਥ ਦੀ ਥਾਂ ਕੋਈ ਅਜਿਹਾ ਜੱਜ ਲਾਇਆ ਜਾਵੇ, ਜਿਹੜਾ ਈਮਾਨਦਾਰੀ ਲਈ ਵੀ ਪ੍ਰਸਿੱਧ ਹੋਵੇ ਅਤੇ ਜਲਸੇ-ਜਲੂਸਾਂ ਤੋਂ ਵੀ ਨਾ ਡਰੇ। ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਨਿਰਾ ਅੜੀਅਲ ਟੱਟੂ ਹੀ ਹੋਵੇ। ਸਰਕਾਰ ਦੀ ਵੀ ਪਰਵਾਹ ਨਾ ਕਰਦਾ ਹੋਵੇ। ਲੋੜ ਪੈਣ ’ਤੇ ਸ਼ਿੰਗਾਰਾ ਸਿੰਘ ਉਸ ਨੂੰ ਕੱਠ-ਪੁਤਲੀ ਵਾਂਗ ਨਚਾ ਵੀ ਸਕੇ।

ਸ਼ਿੰਗਾਰਾ ਸਿੰਘ ਨੇ ਝੱਟ ਮੋਤਾ ਸਿੰਘ ਦਾ ਨਾਂ ਤਜਵੀਜ਼ ਕਰ ਦਿੱਤਾ। ਉਹ ਮੁੱਖ ਮੰਤਰੀ ਦੀ ਕਸਵੱਟੀ ’ਤੇ ਪੂਰਾ ਉਤਰਦਾ ਸੀ।

ਸ਼ਿੰਗਾਰਾ ਸਿੰਘ ਨੂੰ ਹੁਕਮ ਹੋਇਆ ਮੋਤਾ ਸਿੰਘ ਨੂੰ ਤੁਰੰਤ ਸ਼ਹਿਰ ਪਹੁੰਚਾਇਆ ਜਾਵੇ।

ਸੰਘ ਦੀ ਦੂਜੀ ਮੰਗ ਕੇਸ ਦੀ ਪੈਰਵਾਈ ਲਈ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਕਰਨ ਦੀ ਸੀ। ਨਿਕੰਮੇ ਸਰਕਾਰੀ ਵਕੀਲਾਂ ਦੇ ਇਹ ਵੱਸ ਦਾ ਰੋਗ ਨਹੀਂ ਸੀ।

ਇਹ ਸੇਵਾ ਗਿਆਨ ਸਿੰਘ ਹੁਰਾਂ ਨੂੰ ਸੌਂਪੀ ਗਈ।

ਗਿਆਨ ਸਿੰਘ ਹਾਈ ਕੋਰਟ ਦਾ ਚੋਟੀ ਦਾ ਵਕੀਲ ਸੀ। ਹੇਠਲੀਆਂ ਅਦਾਲਤਾਂ ਵਿਚ ਜਾਣਾ ਉਸ ਦੀ ਸ਼ਾਨ ਦੇ ਖ਼ਿਲਾਫ਼ ਸੀ, ਪਰ ਉਹ ਮੁੱਖ ਮੰਤਰੀ ਦੇ ਨੇੜਲੇ ਮਿੱਤਰਾਂ ਵਿਚੋਂ ਇਕ ਸੀ। ਮੁੱਖ ਮੰਤਰੀ ਦਾ ਉਹ ਹੁਕਮ ਨਹੀਂ ਸੀ ਟਾਲ ਸਕਦਾ।

ਵਿਸ਼ੇਸ਼ ਦੂਤ ਰਾਹੀਂ ਗਿਆਨ ਸਿੰਘ ਨੂੰ ਤਲਬ ਕੀਤਾ ਗਿਆ।

ਗਿਆਨ ਸਿੰਘ ਲਈ ਹਰ ਪੇਸ਼ੀ ਦਾ ਪੰਜ ਹਜ਼ਾਰ। ਆਉਣ-ਜਾਣ ਲਈ ਗੱਡੀ। ਰਹਿਣ ਲਈ ਸਰਕਟ ਹਾਊਸ। ਨਾਲ ਇਕ ਵਾਅਦਾ-ਕੇਸ ਦੇ ਕਾਮਯਾਬ ਹੁੰਦਿਆਂ ਹੀ ਵਧੀਆ ਜਿਹਾ ਕੋਈ ਅਹੁਦਾ ਵੀ।

ਗਿਆਨ ਸਿੰਘ ਨੂੰ ਨਾ ਪੰਜ ਹਜ਼ਾਰ ਰੁਪਏ ਪ੍ਰਤੀ ਪੇਸ਼ੀ ਦਾ ਲਾਲਚ ਸੀ, ਨਾ ਕਾਰ-ਬੰਗਲੇ ਦਾ। ਉਸ ਦੀ ਫ਼ੀਸ ਤਾਂ ਗਿਆਰਾਂ ਹਜ਼ਾਰ ਰੁਪਿਆ ਪ੍ਰਤੀ ਪੇਸ਼ੀ ਸੀ। ਉਹ ਵੀ ਘਰ ਬੈਠਿਆਂ। ਕਈ ਵਾਰ ਪੇਸ਼ੀਆਂ ਵੀ ਦੋ-ਦੋ, ਤਿੰਨ-ਤਿੰਨ।

ਬਾਹਰ ਜਾਣ ਨਾਲ ਨੁਕਸਾਨ ਹੋਣਾ ਸੀ। ਪਿੱਛੋਂ ਕੰਮ ਚੌਪਟ ਹੋ ਜਾਂਦਾ ਸੀ। ਗਾਹਕ ਅਤੇ ਮੌਤ ਦਾ ਕੀ ਪਤਾ ਕਦੋਂ ਆ ਜਾਵੇ? ਗ਼ੈਰ-ਹਾਜ਼ਰੀ ਵਿਚ ਦੋ-ਚਾਰ ਜਾਂ ਦਸ ਮੁਕੱਦਮੇ ਵੀ ਖੁੱਸ ਸਕਦੇ ਸਨ।

ਕਾਰਾਂ ਉਸ ਕੋਲ ਪਹਿਲਾਂ ਹੀ ਦੋ ਸਨ। ਕੋਠੀ ਮੱਖ ਮੰਤਰੀ ਦੀ ਕੋਠੀ ਜਿੱਡੀ ਸੀ।

ਕੇਸ ਨੂੰ ਸਵੀਕਾਰ ਕਰਨ ਦੀ ਜੇ ਕੋਈ ਖਿੱਚ ਸੀ ਤਾਂ ਉਹ ਸੀ ਮੁੱਖ ਮੰਤਰੀ ਦਾ ਵਾਅਦਾ।

ਹਾਈ ਕੋਰਟ ਵਿਚ ਕਈ ਅਸਾਮੀਆਂ ਖ਼ਾਲੀ ਸਨ। ਜੱਜ ਬਣਨ ਦੀਆਂ ਸਾਰੀਆਂ ਸ਼ਰਤਾਂ ਗਿਆਨ ਸਿੰਘ ਪੂਰੀਆਂ ਕਰਦਾ ਸੀ। ਮੁੱਖ ਮੰਤਰੀ ਖ਼ੁਸ਼ ਹੋ ਗਿਆ ਤਾਂ ਇਕ ਸੀਟ ਵੱਟ ’ਤੇ ਸੀ।

ਜੱਜ ਨਹੀਂ ਤਾਂ ਐਡਵੋਕੇਟ ਜਨਰਲ ਦੀ ਕੁਰਸੀ ਹੀ ਸਹੀ।

ਇਹ ਨਹੀਂ ਤਾਂ ਕਿਸੇ ਬੋਰਡ, ਕਾਰਪੋਰੇਸ਼ਨ ਜਾਂ ਕਮਿਸ਼ਨ ਦੀ ਚੇਅਰਮੈਨਸ਼ਿਪ ਤਾਂ ਦੇਵੇਗਾ ਹੀ।

ਪਾਰਟੀ ਟਿਕਟ ਵੀ ਮਿਲ ਸਕਦੈ ਅਤੇ ਵਜ਼ੀਰੀ ਵੀ।

ਇਕ ਲਾਲਚ ਹੋਰ ਸੀ।

ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਬਣ ਕੇ ਵਕਾਲਤ ਹੋਰ ਚਮਕਣੀ ਸੀ।

ਇਕ ਪਾਸੇ ਮੀਡੀਏ ਰਾਹੀਂ ਪਬਲੀਸਿਟੀ ਹੋਣੀ ਸੀ, ਦੂਜੇ ਪਾਸੇ ਅਫ਼ਸਰਾਂ ਨੂੰ ਕੰਨ ਹੋਣੇ ਸਨ। ਸਪੈਸ਼ਲ ਪੀ.ਪੀ. ਬਣਨ ਦਾ ਮਾਣ ਜਣੇ-ਖਣੇ ਵਕੀਲ ਨੂੰ ਨਹੀਂ ਮਿਲਦਾ। ਇਸ ਦਾ ਮਤਲਬ ਸੀ ਕਿ ਵਕੀਲ ਦੀ ਸਰਕਾਰੇ-ਦਰਬਾਰੇ ਪਹੁੰਚ ਸੀ। ਸਰਕਾਰ ਨੂੰ ਵਕੀਲ ਦੀ ਲਿਆਕਤ ’ਤੇ ਮਾਣ ਸੀ। ਸਰਕਾਰੇ-ਦਰਬਾਰੇ ਮਾਨਤਾ ਪ੍ਰਾਪਤ ਵਕੀਲ ਦੀ ਵਕਾਲਤ ਦੂਣੀ-ਤੀਣੀ ਹੋ ਜਾਂਦੀ ਹੈ।

ਸਰਕਾਰੀ ਕੰਮ ਧੜਾ-ਧੜ ਮਿਲਣਾ ਸੀ। ਮੂੰਹ-ਮੰਗੀ ਫ਼ੀਸ ਮਿਲਣੀ ਸੀ। ਅਫ਼ਸਰਾਂ ਨੂੰ ਕੇਸ ਨਾਲੋਂ ਵੱਧ ਦਿਲਚਸਪੀ ਉਸ ਨੂੰ ਖ਼ੁਸ਼ ਕਰਨ ਵਿਚ ਹੋਣੀ ਸੀ।

ਉਜਲੇ ਭਵਿੱਖ ਦਾ ਸੁਪਨਾ ਦੇਖ ਕੇ ਗਿਆਨ ਸਿੰਘ ਨੇ ਕੇਸ ਲੜਨਾ ਮੰਨ ਲਿਆ।

ਗਿਆਨ ਸਿੰਘ ਦੇ ਮਸ਼ਵਰੇ ’ਤੇ ਹੇਠਲੇ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਜ਼ਿਲ੍ਹਾ ਅਟਾਰਨੀ ਖ਼ੁਦ ਸਪੈਸ਼ਲ ਪੀ.ਪੀ. ਦੀ ਮਦਦ ਕਰੇਗਾ। ਹਰ ਪੇਸ਼ੀ ’ਤੇ ਉਹ ਸ਼ਹਿਰ ਜਾਇਆ ਕਰੇਗਾ।

ਗਵਾਹਾਂ ਨੂੰ ਤਲਬ ਕਰਨ, ਸਮਝਾਉਣ ਅਤੇ ਸਰਕਾਰੀ ਵਕੀਲ ਅੱਗੇ ਪੇਸ਼ ਕਰਨ ਦੀ ਜ਼ਿੰਮੇਵਾਰੀ ਪੁਲਿਸ ਕਪਤਾਨ ਦੀ ਨਿੱਜੀ ਹੋਵੇਗੀ।

ਇਸ ਕੰਮ ਲਈ ਇਕ ਵਿਸ਼ੇਸ਼ ਪੁਲਿਸ ਪਾਰਟੀ ਤਿਆਰ ਕੀਤੀ ਜਾਵੇ। ਇਸ ਪਾਰਟੀ ਦਾ ਇੰਚਾਰਜ ਘੱਟੋ-ਘੱਟ ਇੰਸਪੈਕਟਰ ਲਾਇਆ ਜਾਏ। ਇਹ ਇੰਸਪੈਕਟਰ ਪੁਲਿਸ ਕਪਤਾਨ ਦੇ ਨਾਲ-ਨਾਲ ਸਪੈਸ਼ਲ ਪੀ.ਪੀ. ਨੂੰ ਵੀ ਜਵਾਬ-ਦੇਹ ਹੋਵੇ।

ਗ੍ਰਹਿ-ਵਿਭਾਗ ਦੇ ਇਕ ਡਿਪਟੀ ਸੈਕਟਰੀ ਨੂੰ ਕੇਸ ਦਾ ਇੰਚਾਰਜ ਬਣਾਇਆ ਗਿਆ। ਮੁੱਖ ਮੰਤਰੀ ਨੂੰ ਰੁਝੇਵਿਆਂ ਕਾਰਨ ਬਾਹਰ-ਅੰਦਰ ਜਾਣਾ ਪੈਂਦਾ ਸੀ। ਸਪੈਸ਼ਲ ਪੀ.ਪੀ. ਜਿਵੇਂ ਆਖੇ ਉਹ ਮੁੱਖ ਮੰਤਰੀ ਦੀ ਤਰਫ਼ੋਂ ਉਸੇ ਤਰ੍ਹਾਂ ਹੁਕਮ ਜਾਰੀ ਕਰਦਾ ਰਹੇ।

ਪੇਸ਼ੀ ਵਾਲੇ ਦਿਨ ਡਿਪਟੀ ਸੈਕਟਰੀ ਜ਼ਿਲ੍ਹਾ ਹੈਡਕੁਆਰਟਰ ’ਤੇ ਹਾਜ਼ਰ ਰਹੇ।

ਡਿਪਟੀ ਸੈਕਟਰੀ ਮੁੱਖ ਮੰਤਰੀ ਨਾਲ ਵੀ ਸੰਪਰਕ ਰੱਖੇ। ਹਰ ਕਾਰਵਾਈ ਦੀ ਸੂਚਨਾ ਉਸ ਨੂੰ ਦਿੰਦਾ ਰਹੇ।

ਰਾਮ ਸਰੂਪ ਅਤੇ ਦਰਸ਼ਨ ਨੂੰ ਵੀ ਡਿਪਟੀ ਸੈਕਟਰੀ ਨਾਲ ਮਿਲਾਇਆ ਗਿਆ।

ਉਹਨਾਂ ਨੂੰ ਉਹ ਮੁੱਖ ਮੰਤਰੀ ਦਾ ਰੂਪ ਹੀ ਸਮਝੇ, ਉਸ ਨੂੰ ਸਮਝਾਇਆ ਗਿਆ।

ਹੁਣ ਤਾਂ ਖ਼ੁਸ਼ ਸੀ ਨਾ ਸੰਘ?

Read 5141 times