You are here:ਮੁਖ ਪੰਨਾ»ਨਾਵਲ»ਕਟਹਿਰਾ»ਕਟਹਿਰਾ - ਕਾਂਡ 25-32

ਲੇਖ਼ਕ

Thursday, 03 May 2018 17:55

ਕਟਹਿਰਾ - ਕਾਂਡ 25-32

Written by
Rate this item
(0 votes)

25

ਸੰਘ ਸੁਰਜੀਤ ਹੋ ਚੱਕਾ ਸੀ। ਮੁੱਖ ਮੰਤਰੀ ਮੁੜ ਕੇਸ ਵਿਚ ਦਿਲਚਸਪੀ ਲੈਣ ਲੱਗਾ ਸੀ। ਇਸ ਨਾਲ ਅਫ਼ਸਰਾਂ ਨੂੰ ਰਾਹਤ ਮਹਿਸੂਸ ਹੋਣ ਲੱਗੀ।

ਲੋਕਾਂ ਦਾ ਭਰੋਸਾ ਜਿੱਤਣ ਲਈ ਨਵੇਂ ਆਏ ਮੁੱਖ ਅਫ਼ਸਰ ਨੇ ਥਾਣੇ ਅਖੰਡ ਪਾਠ ਖੁਲ੍ਹਵਾਇਆ। ਪਤਵੰਤੇ ਸੱਜਣਾਂ ਤੋਂ ਇਲਾਵਾ ਪੁਲਿਸ ਕਪਤਾਨ ਅਤੇ ਡਿਪਟੀ ਕਮਿਸ਼ਨਰ ਨੂੰ ਬੁਲਾਇਆ ਗਿਆ। ਮਹਾਰਾਜ ਦੀ ਹਜ਼ੂਰੀ ਵਿਚ ਪੁਲਿਸ ਵਾਲਿਆਂ ਨੇ ਸਹੁੰ ਖਾਧੀ, ਅੱਗੋਂ ਤੋਂ ਨਾ ਉਹ ਗ਼ਲਤ ਕੰਮ ਕਰਨਗੇ, ਨਾ ਰਿਸ਼ਵਤ ਲੈਣਗੇ।

ਜ਼ਿਲ੍ਹਾ ਅਟਾਰਨੀ ਨੇ ਕਈ ਦਿਨ ਪਹਿਲਾਂ ਹੀ ਸ਼ਹਿਰ ’ਚ ਡੇਰਾ ਲਾ ਲਿਆ। ਆਪਣੀ ਸਹਾਇਤਾ ਲਈ ਦੋ ਡਿਪਟੀ ਜ਼ਿਲ੍ਹਾ ਅਟਾਰਨੀਆਂ ਨੂੰ ਬੁਲਾ ਲਿਆ।

ਸਾਰੀ ਮਿਸਲ ਦਾ ਇਕ ਵਾਰ ਫੇਰ ਮੁਆਇਨਾ ਹੋਇਆ। ਕੋਈ ਕਮੀ ਤਾਂ ਨਹੀਂ? ਜੇ ਹੈ ਤਾਂ ਉਹ ਕਿਵੇਂ ਦੂਰ ਹੋਵੇ? ਇਹ ਵਿਚਾਰਿਆ ਗਿਆ।

ਸਰਕਾਰੀ ਫ਼ਰਜ਼ ਨਿਭਾ ਕੇ ਜ਼ਿਲ੍ਹਾ ਅਟਾਰਨੀ ਨੇ ਆਪਣਾ ਧਿਆਨ ਗਿਆਨ ਸਿੰਘ ’ਤੇ ਕੇਂਦਰਿਤ ਕੀਤਾ। ਸਪੈਸ਼ਨ ਪੀ.ਪੀ. ਮੁੱਖ ਮੰਤਰੀ ਦੀ ਮੁੱਛ ਦਾ ਵਾਲ ਸੀ। ਜ਼ਿਲ੍ਹਾ ਅਟਾਰਨੀ ਨੂੰ ਅਜਿਹੇ ਬੰਦੇ ਦੀ ਤਲਾਸ਼ ਸੀ। ਇਸ ਜ਼ਿਲ੍ਹੇ ’ਚ ਉਸ ਦੀ ਟਰਮ ਪੂਰੀ ਹੋ ਚੁੱਕੀ ਸੀ। ਅਪਰੈਲ ’ਚ ਬਦਲੀ ਦੀ ਸੰਭਾਵਨਾ ਸੀ। ਜੇ ਗਿਆਨ ਸਿੰਘ ਖ਼ੁਸ਼ ਹੋ ਗਿਆ ਤਾਂ ਕੇਸ ਦੀ ਪੈਰਵਾਈ ਦੇ ਬਹਾਨੇ ਬਦਲੀ ਰੁਕਵਾ ਦੇਵੇਗਾ। ਬਦਲੀ ਨਾ ਰੁਕਵਾ ਸਕਿਆ ਤਾਂ ਚੰਗਾ ਸਟੇਸ਼ਨ ਦਿਵਾ ਦੇਵੇਗਾ।

ਕੇਸ ਦੀ ਤਿਆਰੀ ਦੇ ਨਾਲ-ਨਾਲ ਗਿਆਨ ਸਿੰਘ ਨੂੰ ਖ਼ੁਸ਼ ਕਰਨ ਵੱਲ ਵੀ ਧਿਆਨ ਦਿੱਤਾ ਗਿਆ। ਉਸ ਦੀ ਮਨ-ਪਸੰਦ ਵਿਸਕੀ ਦੇ ਬਰਾਂਡ ਦਾ ਪਤਾ ਕੀਤਾ ਗਿਆ। ਉਸ ਨੂੰ ਕਿਸ ਕਿਸਮ ਦੇ ‘ਸਨੈਕਸ’ ਪਸੰਦ ਸਨ, ਇਹ ਖੁਰਾ ਖੋਜਿਆ ਗਿਆ। ਫੇਰ ਉਸੇ ਮੁਤਾਬਕ ਕਿਸੇ ਨੂੰ ਤਿੱਤਰ ਫੜਨ ਭੇਜਿਆ ਗਿਆ ਤੇ ਕਿਸੇ ਨੂੰ ਮੱਛੀ।

ਪੁਲਿਸ ਵਿਭਾਗ ਨੇ ਵੀ ਆਪਣੀ ਗੰਭੀਰਤਾ ਦਾ ਸਬੂਤ ਦਿੱਤਾ।

ਪੈਰਵਾਈ ਲਈ ਇਕ ਵਿਸ਼ੇਸ਼ ਟੀਮ ਬਣਾਈ ਗਈ। ਸੁੰਦਰ ਦਾਸ ਇੰਸਪੈਕਟਰ ਨੂੰ ਇਸ ਦਾ ਮੁਖੀ ਬਣਾਇਆ ਗਿਆ। ਟੀਮ ਵਿਚ ਲਿਖਾ-ਪੜ੍ਹੀ ਦੇ ਮਾਹਿਰ ਅਫ਼ਸਰ ਵੀ ਲਏ ਗਏ ਅਤੇ ਮਾਰ-ਧਾੜ ਕਰਨ ਵਾਲੇ ਵੀ। ਮਾਰ-ਧਾੜ ਵਾਲੇ ਅਫ਼ਸਰਾਂ ਨੇ ਗਵਾਹਾਂ ਨੂੰ ਤਲਬ ਕਰਨਾ ਸੀ। ਮਾਹਿਰਾਂ ਨੇ ਬਿਆਨ ਸਮਝਾਉਣਾ ਸੀ। ਸੁੰਦਰ ਦਾਸ ਨੇ ਉਹਨਾਂ ਗਵਾਹਾਂ ਨਾਲ ਆਪ ਨਜਿੱਠਣਾ ਸੀ, ਜਿਹੜੇ ਗਵਾਹੀ ਦੇਣ ਤੋਂ ਟਲਣ ਦਾ ਯਤਨ ਕਰਨ।

ਮੀਡੀਏ ਰਾਹੀਂ ਸਰਕਾਰ ਦੇ ਇਹਨਾਂ ਯਤਨਾਂ ਦਾ ਖ਼ੂਬ ਪ੍ਰਚਾਰ ਕੀਤਾ ਗਿਆ।

ਸੰਘ ਨੇ ਵੀ ਕਮਰਕੱਸੇ ਕੱਸ ਲਏ। ਇਸ਼ ਵਾਰ ਉਹ ਗਵਾਹਾਂ ਨੂੰ ਸੰਮਤੀ ਦੇ ਚੁੰਗਲ ਵਿਚ ਨਹੀਂ ਫਸਣ ਦੇਣਗੇ।

ਮੋਤਾ ਸਿੰਘ ਨੇ ਵੀ ਅਹੁਦਾ ਸੰਭਾਲ ਲਿਆ।

ਘਰ-ਘਰ ਉਸ ਦੀ ਈਮਾਨਦਾਰੀ ਅਤੇ ਦਲੇਰੀ ਦੇ ਚਰਚੇ ਹੋਣ ਲੱਗੇ।

ਕੋਈ ਆਖਦਾ ਅੱਠ ਸਾਲ ਦੀ ਨੌਕਰੀ ਦੇ ਬਾਵਜੂਦ ਵੀ ਉਸ ਕੋਲ ਸਕੂਟਰ ਤਕ ਨਹੀਂ, ਨਾ ਰੰਗਦਾਰ ਟੀ.ਵੀ. ਹੈ। ਬੱਚਿਆਂ ਦੀ ਪੜ੍ਹਾਈ ਦਾ ਖ਼ਰਚ ਚਲਾਉਣ ਲਈ ਉਸ ਨੂੰ ਕਦੇ ਜੀ.ਪੀ. ਫੰਡ ਵਿਚੋਂ ਉਧਾਰ ਲੈਣਾ ਪੈਂਦਾ ਹੈ, ਕਦੇ ਯਾਰਾਂ-ਦੋਸਤਾਂ ਕੋਲੋਂ।

ਕੋਈ ਆਖਦਾ। ਉਹ ਸਰਦਾਰਾਂ ਦਾ ਕਾਕਾ ਹੈ। ਪੰਜਾਹ ਏਕੜ ਜ਼ਮੀਨ ਇਕੱਲੇ ਦੇ ਹਿੱਸੇ ਆਉਂਦੀ ਹੈ, ਪੈਸੇ ’ਤੇ ਧਾਰ ਨਹੀਂ ਮਾਰਦਾ।

ਕੋਈ ਆਖਦਾ। ਉਹ ਮੁੱਖ ਮੰਤਰੀ ਤਕ ਦੀ ਪਰਵਾਹ ਨਹੀਂ ਕਰਦਾ। ਬਲਤਾਕਾਰ ਦੇ ਇਕ ਕੇਸ ਵਿਚ ਉਸ ਨੇ ਇਕ ਐਮ.ਐਲ.ਏ. ਨੂੰ ਸਜ਼ਾ ਸੁਣਾ ਦਿੱਤੀ ਸੀ।

ਕੋਈ ਆਖਦਾ। ਇਕ ਵਾਰ ਲੁਧਿਆਣਾ ਦਾ ਇਕ ਸਨਅਤਕਾਰ ਉਸ ਨੂੰ ਇਕ ਲੱਖ ਰੁਪਿਆ ਦੇਣ ਆਇਆ ਸੀ। ਜੱਜ ਨੇ ਨੋਟਾਂ ਵਾਲਾ ਬੈਗ ਸੜਕ ’ਤੇ ਵਗਾਹ ਮਾਰਿਆ ਸੀ ਤੇ ਸੇਠ ਨੂੰ ਰਿਸ਼ਵਤ ਦੇਣ ਦੇ ਦੋਸ਼ ਵਿਚ ਜੇਲ੍ਹ ਭਿਜਵਾ ਦਿੱਤਾ ਸੀ।

ਮੋਤਾ ਸਿੰਘ ਦੀ ਨਿਯੁਕਤੀ ’ਤੇ ਸੰਮਤੀ ਨਾ ਖ਼ੁਸ਼ ਸੀ, ਨਾ ਉਦਾਸ। ਕਿਸੇ ਐਮ.ਐਲ.ਏ. ਨੂੰ ਵਿਸ਼ੇਸ਼ ਹਾਲਤ ਵਿਚ ਸਜ਼ਾ ਸੁਣਾਉਣਾ ਜਾਂ ਪੈਸੇ ਠੁਕਰਾਉਣਾ ਹੋਰ ਗੱਲ ਸੀ, ਸਿਆਸੀ ਦਬਾਅ ਨੂੰ ਠੁਕਰਾ ਕੇ ਨਿਰਪੱਖ ਫ਼ੈਸਲਾ ਸੁਣਾਉਣਾ ਹੋਰ ਗੱਲ।

ਫੇਰ ਵੀ ਇਕ ਤਸੱਲੀ ਸੀ। ਨਾ ਮੋਤਾ ਸਿੰਘ ਨੂੰ ਪੈਸਾ ਖ਼ਰੀਦ ਸਕੇਗਾ, ਨਾ ਨਾਅਰੇ ਡਰਾ ਸਕਣਗੇ। ਨਾ ਵਿਸਕੀ ਦੀ ਪੇਟੀ ਬਦਲੇ ਕਿਸੇ ਨੂੰ ਤਾਰੀਖ਼ ਮਿਲੇਗੀ, ਨਾ ਕਿਸੇ ਡਿਪਟੀ ਨੂੰ ਕੋਠੀ ਵੜਨ ਦਿੱਤਾ ਜਾਏਗਾ।

ਸੰਘ ਲਈ ਇਹ ਖ਼ੁਸ਼ੀਆਂ ਭਰਿਆ ਮੌਕਾ ਸੀ।

ਸਪੈਸ਼ਲ ਪੀ.ਪੀ. ਦੀ ਨਿਯੁਕਤੀ ਨਾਲ ਸੰਘ ਦੀ ਵਾਹਵਾ ਹੋਣ ਲੱਗੀ ਸੀ। ਲੋਕਾਂ ਨੂੰ ਯਕੀਨ ਹੋਣ ਲੱਗਾ ਕਿ ਸਰਕਾਰੇ-ਦਰਬਾਰੇ ਸੰਘ ਦੀ ਹਾਲੇ ਵੀ ਪੁੱਛ ਹੈ।

ਸੰਘ ਦੀ ਇਸ ਪ੍ਰਾਪਤੀ ’ਤੇ ਕਈ ਰੁੱਸੇ ਵਰਕਰ ਮੰਨ ਗਏ। ਸੰਘ ਦੀਆਂ ਮੀਟਿੰਗਾਂ ਵਿਚ ਮੁੜ ਰੌਣਕ ਹੋਣ ਲੱਗੀ।

ਭਾਵੇਂ ਦੋਹਾਂ ਧਿਰਾਂ ਨੂੰ ਜੱਜ ’ਤੇ ਵਿਸ਼ਵਾਸ ਸੀ, ਫੇਰ ਵੀ ਕੋਈ ਧਿਰ ਜ਼ੋਖ਼ਮ ਨਹੀਂ ਸੀ ਉਠਾ ਰਹੀ।

ਪੁਲਿਸ ਗਵਾਹਾਂ ਪਿੱਛੇ ਹਰਲ-ਹਰਲ ਕਰਦੀ ਫਿਰਦੀ ਸੀ।

ਪੁਲਿਸ ਅਤੇ ਜ਼ਿਲ੍ਹਾ ਅਟਾਰਨੀ ਦੀਆਂ ਸਰਗਰਮੀਆਂ ਨੂੰ ਧਿਆਨ ਵਿਚ ਰੱਖਦਿਆਂ ਸੰਮਤੀ ਨੇ ਅਹਿਮ-ਅਹਿਮ ਗਵਾਹ ਮੁੜ ਖਿਸਕਾ ਲਏ।

ਸੰਘ ਨੇ ਆਪਣੇ ਪੱਕੇ ਗਵਾਹਾਂ ’ਤੇ ਪੁਲਿਸ ਦਾ ਪਹਿਰਾ ਲਗਵਾ ਲਿਆ।

ਜਿਹੜੇ-ਜਿਹੜੇ ਗਵਾਹ ਮਿਲੇ ਉਹਨਾਂ ਨੂੰ ਫੜ ਕੇ ਪੁਲਿਸ ਨੇ ਜ਼ਿਲ੍ਹਾ ਅਟਾਰਨੀ ਅੱਗੇ ਪੇਸ਼ ਕੀਤਾ।

ਜਿਹੜੇ ਗਵਾਹ ਨਹੀਂ ਮਿਲ ਰਹੇ ਸਨ, ਉਹੋ ਅਹਿਮ ਸਨ। ਉਹਨਾਂ ਨੂੰ ਵਾਰ-ਵਾਰ ਸਮਝਾਉਣਾ ਜ਼ਰੂਰੀ ਸੀ। ਸਪੈਸ਼ਲ ਪੀ.ਪੀ. ਨੇ ਵੀ ਉਹਨਾਂ ’ਤੇ ਹੀ ਮਗ਼ਜ਼-ਖਪਾਈ ਕਰਨੀ ਸੀ।

ਪੇਸ਼ੀ ਵਿਚ ਇਕ ਦਿਨ ਬਾਕੀ ਸੀ। ਸਵੇਰੇ ਹੀ ਗਿਆਨ ਸਿੰਘ ਹੁਰਾਂ ਆ ਜਾਣਾ ਸੀ। ਗਵਾਹ ਸਨ ਕਿ ਪੂਰੇ ਨਹੀਂ ਸਨ ਹੋ ਰਹੇ।

ਘਬਰਾਏ ਜ਼ਿਲ੍ਹਾ ਅਟਾਰਨੀ ਨੇ ਪੁਲਿਸ ਕਪਤਾਨ ਨੂੰ ਫ਼ੋਨ ਕੀਤਾ।

ਕਪਤਾਨ ਨੇ ਖ਼ੁਫ਼ੀਆ ਵਿਭਾਗ ਤੋਂ ਰਿਪੋਰਟ ਮੰਗੀ। ਕੁਝ ਗਵਾਹ ਬਾਬੇ ਦੀ ਕੋਠੀ ਸਨ ਅਤੇ ਕੁਝ ਗੁਰਮੀਤ ਦੇ ਘਰ।

ਅਜਿਹੇ ਗਵਾਹਾਂ ਨੂੰ ਤਲਬ ਕਰਨ ਲਈ ਸੰਮਤੀ ਨਾਲ ਟੱਕਰ ਲੈਣੀ ਪੈਣੀ ਸੀ। ਕਪਤਾਨ ਅਜਿਹੇ ਮੂਡ ਵਿਚ ਨਹੀਂ ਸੀ। ਖ਼ੁਫ਼ੀਆ ਵਿਭਾਗ ’ਤੇ ਭਰੋਸਾ ਨਹੀਂ ਸੀ ਕੀਤਾ ਜਾ ਸਕਦਾ। ਜੇ ਗਵਾਹ ਕੋਠੀਉਂ ਨਾ ਮਿਲੇ ਤਾਂ ਮੁਸੀਬਤ ਖੜੀ ਹੋ ਜਾਏਗੀ। ਮੁੱਖ ਮੰਤਰੀ ਦੀਆਂ ਹਦਾਇਤਾਂ ਤੋਂ ਬਿਨਾਂ ਉਹ ਕੋਈ ਵੀ ਗ਼ੈਰ-ਕਾਨੂੰਨੀ ਕੰਮ ਕਰਨ ਨੂੰ ਤਿਆਰ ਨਹੀਂ ਸੀ।

ਜ਼ਿਲ੍ਹਾ ਅਟਾਰਨੀ ਚੁੱਪ ਕਰ ਗਿਆ। ਉਸ ਦੀ ਡਿਊਟੀ ਪੁਲਿਸ ਵੱਲੋਂ ਲਿਆਂਦੇ ਗਵਾਹਾਂ ਨੂੰ ਸਮਝਾਉਣਾ ਸੀ। ਜਿਹੜੇ ਗਵਾਹ ਹਾਜ਼ਰ ਸਨ ਉਹਨਾਂ ਨੂੰ ਤੋਤੇ ਬਣਾ ਦਿੱਤਾ ਗਿਆ ਸੀ। ਜੇ ਪੁਲਿਸ ਬਾਕੀ ਗਵਾਹ ਤਲਬ ਕਰਨ ਤੋਂ ਝਿਜਕਦੀ ਸੀ ਤਾਂ ਜ਼ਿਲ੍ਹਾ ਅਟਾਰਨੀ ਨੂੰ ਬਲਾ ਆਪਣੇ ਗਲ ਪਾਉਣ ਦੀ ਕੀ ਜ਼ਰੂਰਤ ਸੀ।

ਚੁੱਪ ਕਰ ਕੇ ਉਹ ਸਪੈਸ਼ਲ ਪੀ.ਪੀ. ਦੀ ਉਡੀਕ ਕਰਨ ਲੱਗਾ।

ਸਪੈਸ਼ਲ ਪੀ.ਪੀ. ਮਿਥੇ ਸਮੇਂ ’ਤੇ ਪੁੱਜ ਗਿਆ।

ਗਵਾਹਾਂ ਬਾਰੇ ਰਿਪੋਰਟ ਤਸੱਲੀਬਖ਼ਸ਼ ਨਹੀਂ ਸੀ।

ਇਹੋ ਸਥਿਤੀ ਰਹੀ ਤਾਂ ਪੇਸ਼ੀ ਹੋਰ ਲੈਣੀ ਪਏਗੀ ਜਾਂ ਗਵਾਹਾਂ ਨੂੰ ਸਫ਼ਾਈ ਧਿਰ ਦੇ ਹੱਕ ਵਿਚ ਭੁਗਤ ਜਾਣ ਦੇਣਾ ਪਏਗਾ। ਦੋਹਾਂ ਸਥਿਤੀਆਂ ਵਿਚ ਨੁਕਸਾਨ ਸਰਕਾਰੀ ਧਿਰ ਦਾ ਹੋਏਗਾ।

ਡਿਪਟੀ ਸੈਕਟਰੀ ਨੂੰ ਫ਼ੋਨ ਕੀਤਾ ਗਿਆ। ਉਸ ਨੂੰ ਤੁਰੰਤ ਜ਼ਿਲ੍ਹਾ ਹੈੱਡਕੁਆਰਟਰ ਬੁਲਾਇਆ ਗਿਆ।

ਸਾਰੇ ਅਹਿਲਕਾਰਾਂ ਨੇ ਸਥਿਤੀ ਦਾ ਜਾਇਜ਼ਾ ਲਿਆ।

ਬਹਿਸ ਦਾ ਸਾਰ ਇਹ ਸੀ ਕਿ ਸਾਰੇ ਗਵਾਹ ਝੂਠੇ ਸਨ। ਸੰਮਤੀ ਗਵਾਹਾਂ ਦੀ ਆਤਮਾ ਨੂੰ ਝੰਜੋੜਨ ਵਿਚ ਕਾਮਯਾਬ ਹੋ ਚੁੱਕੀ ਸੀ। ਹੁਣ ਗਵਾਹ ਝੂਠ ਬੋਲਣ ਤੋਂ ਟਲ ਰਹੇ ਸਨ।

ਜੋ ਗਿਆ ਸੋ ਗਿਆ। ਅਹਿਲਕਾਰਾਂ ਦਾ ਕੰਮ ਸਰਕਾਰ ਦਾ ਵਕਾਰ ਬਹਾਲ ਕਰਨਾ ਸੀ। ਇਥੋਂ ਹੀ ਕੋਈ ਰਾਹ ਲੱਭਿਆ ਜਾਣਾ ਚਾਹੀਦਾ ਸੀ।

ਗਿਆਨ ਸਿੰਘ ਚਾਹੁੰਦਾ ਸੀ, ਗਵਾਹ ਜਿਥੇ ਵੀ ਹੋਣ ਉਹਨਾਂ ਨੂੰ ਚੁੱਕ ਲਿਆਂਦਾ ਜਾਵੇ। ਗਵਾਹ ਨਾ ਮਿਲਣ ਤਾਂ ਵਾਰਿਸਾਂ ’ਤੇ ਸਖ਼ਤੀ ਕੀਤੀ ਜਾਵੇ।

ਇਸ ਮਸ਼ਵਰੇ ਨਾਲ ਕੋਈ ਅਫ਼ਸਰ ਸਹਿਮਤ ਨਹੀਂ ਸੀ।

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਪਤਾਨ ਕੋਲ ਪੱਕੀ ਖ਼ਬਰ ਸੀ ਕਿ ਸੰਮਤੀ ਨੇ ਆਪਣੀ ਸਾਰੀ ਤਾਕਤ ਇਕ-ਮੁੱਠ ਕਰ ਰੱਖੀ ਸੀ। ਉਹ ਕਿਸੇ ਮੌਕੇ ਦੀ ਤਾਕ ਵਿਚ ਸੀ। ਮੌਕਾ ਮਿਲਦੇ ਹੀ ਉਸ ਨੇ ਆਪਣੀ ਸ਼ਕਤੀ ਦਾ ਵਿਖਾਵਾ ਕਰਨਾ ਸੀ। ਧਰਨਿਆਂ, ਰੈਲੀਆਂ ਅਤੇ ਜਲਸੇ-ਜਲੂਸਾਂ ਰਾਹੀਂ ਸਰਕਾਰ ਬਦਨਾਮ ਕੀਤੀ ਜਾਣੀ ਸੀ। ਪੁਲਿਸ ਵੱਲੋਂ ਇਕ ਵੀ ਗਵਾਹ ਨੂੰ ਹੱਥ ਪਾਉਣ ਨਾਲ ਸੂਬਾ-ਵਿਆਪੀ ਲਹਿਰ ਉੱਠ ਖੜੋਣੀ ਸੀ।

ਡਿਪਟੀ ਸੈਕਟਰੀ ਦੀ ਵੀ ਇਹੋ ਰਾਏ ਸੀ। ਮੁੱਖ ਮੰਤਰੀ ਸਾਹਿਬ ਦੀ ਸਖ਼ਤ ਹਦਾਇਤ ਸੀ, ਮੁਕੱਦਮਾ ਕਾਨੂੰਨੀ ਚਾਰਾਜੋਈ ਨਾਲ ਜਿੱਤਿਆ ਜਾਏ। ਸਰਕਾਰ ਪਹਿਲਾਂ ਹੀ ਬਹੁਤ ਬਦਨਾਮ ਹੋ ਚੁੱਕੀ ਸੀ। ਕੇਸ ਨੂੰ ਗਲੀਆਂ ਵਿਚ ਹੋਰ ਨਾ ਘੜੀਸਿਆ ਜਾਵੇ।

ਕਾਨੂੰਨੀ ਰਾਹ ਇਕੋ ਸੀ। ਪਹਿਲਾਂ ਇਹ ਪਤਾ ਲਾਇਆ ਜਾਵੇ ਕਿ ਕਿਹੜਾ ਗਵਾਹ ਕਿਸ ਕੋਲ ਹੈ? ਗਵਾਹ ਕਿਥੇ ਛੁਪਿਆ ਹੈ? ਫੇਰ ਉਸ ਥਾਂ ਦਾ ‘ਸਰਚ-ਵਾਰੰਟ’ ਲਿਆ ਜਾਵੇ।

ਸਰਚ-ਵਾਰੰਟ ਹਾਸਲ ਕਰਨ ਲਈ ਅਦਾਲਤ ਵਿਚ ਦਰਖ਼ਾਸਤ ਦਿੱਤੀ ਗਈ।

ਦਰਖ਼ਾਸਤ ਵਿਚ ਦੋਸ਼ ਲਾਇਆ ਗਿਆ। ਸਫ਼ਾਈ ਧਿਰ ਗਵਾਹਾਂ ਨੂੰ ਡਰਾ-ਧਮਕਾ ਰਹੀ ਸੀ। ਕਈ ਗਵਾਹ ਉਸ ਦੇ ਕਬਜ਼ੇ ਵਿਚ ਸਨ, ਉਹਨਾਂ ਨੂੰ ਰਿਹਾਅ ਕਰਾਇਆ ਜਾਵੇ। ਗਵਾਹ ਨਿਰਪੱਖ ਹੋ ਕੇ ਗਵਾਹੀ ਦੇ ਸਕਣ, ਇਸ ਲਈ ਇਹ ਜ਼ਰੂਰੀ ਸੀ।

ਵਾਰੰਟ ਜਾਰੀ ਹੋਣ ਤੋਂ ਪਹਿਲਾਂ ਲੀਗਲ ਸੈੱਲ ਨੇ ਵੀ ਦਰਖ਼ਾਸਤ ਦੇ ਦਿੱਤੀ। ਵਾਰੰਟ ਜਾਰੀ ਕਰਨ ਤੋਂ ਪਹਿਲਾਂ ਉਸਨੂੰ ਵੀ ਸੁਣਿਆ ਜਾਵੇ।

ਸੈੱਲ ਨੂੰ ਵੀ ਸਪੈਸ਼ਲ ਪੀ.ਪੀ. ਵਾਲਾ ਇਤਰਾਜ਼ ਸੀ। ਗਵਾਹ ਸੱਚ ਬੋਲਣਾ ਚਾਹੁੰਦੇ ਸਨ, ਪੁਲਿਸ ਝੂਠ ਬੁਲਾਉਣਾ ਚਾਹੁੰਦੀ ਸੀ।

ਇਸੇ ਕਾਰਨ ਪਿਛਲੀ ਪੇਸ਼ੀ ਗਵਾਹ ਨਹੀਂ ਸਨ ਲਿਖੇ ਗਏ। ਮਹੀਨੇ ਦੀ ਤਾਰੀਖ਼ ਪਾ ਕੇ ਜੱਜ ਨੇ ਪੁਲਿਸ ਨੂੰ ਮਨ-ਮਾਨੀ ਕਰਨ ਦਾ ਖੁੱਲ੍ਹਾ ਸਮਾਂ ਦਿੱਤਾ ਸੀ।

ਗੁਰਮੀਤ ਨੇ ਮੰਨਿਆ ਕੁਝ ਗਵਾਹ ਸਫ਼ਾਈ ਧਿਰ ਕੋਲ ਸਨ। ਸੰਮਤੀ ਗਵਾਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਤਿਆਰ ਸੀ। ਅਦਾਲਤ ਇਹ ਯਕੀਨ ਦਿਵਾਏ ਕਿ ਕੋਈ ਧਿਰ ਗਵਾਹਾਂ ’ਤੇ ਦਬਾਅ ਨਹੀਂ ਪਾਏਗੀ। ਗਵਾਹਾਂ ਨੂੰ ਮਰਜ਼ੀ ਨਾਲ ਬਿਆਨ ਦੇਣ ਦੀ ਖੁੱਲ੍ਹ ਹੋਏਗੀ।

ਗਿਆਨ ਸਿੰਘ ਭੰਬਲ-ਭੂਸਿਆਂ ਵਿਚ ਪੈ ਗਿਆ। ਇਨਸਾਫ਼ ਦੇ ਪੱਖੋਂ ਸਫ਼ਾਈ ਧਿਰ ਦੀ ਦਲੀਲ ਦਰੁਸਤ ਸੀ। ਜੇ ਉਹ ਸਫ਼ਾਈ ਦਾ ਵਕੀਲ ਹੁੰਦਾ ਤਾਂ ਇਹੋ ਦਲੀਲ ਦਿੰਦਾ।

ਗਿਆਨ ਸਿੰਘ ਦੀ ਜ਼ਮੀਰ ਆਖਦੀ ਸੀ, ਉਹ ਸੰਮਤੀ ਦੀ ਦਲੀਲ ਦਾ ਵਿਰੋਧ ਨਾ ਕਰੇ, ਪਰ ਵਕੀਲ ਦੀ ਆਪਣੀ ਕੋਈ ਜ਼ਮੀਰ ਨਹੀਂ ਹੁੰਦੀ। ਉਸ ਨੂੰ ਉਸੇ ਧਿਰ ਦੀ ਜ਼ਮੀਰ ਦੀ ਅਵਾਜ਼ ਨੂੰ ਸੁਣਨਾ ਪੈਂਦਾ ਹੈ, ਜਿਸ ਦਾ ਉਹ ਵਕੀਲ ਹੁੰਦਾ ਹੈ। ਇਸ ਸਮੇਂ ਗਿਆਨ ਸਿੰਘ ਸਰਕਾਰ ਦਾ ਨਮਕ ਖਾ ਰਿਹਾ ਸੀ। ਉਸ ਨੂੰ ਉਸੇ ਦੀ ਬੋਲੀ ਬੋਲਣੀ ਪੈਣੀ ਸੀ।

“ਗਵਾਹ ਸਰਕਾਰੀ ਧਿਰ ਦੇ ਹਨ। ਸਰਕਾਰੀ ਵਕੀਲ ਨੂੰ ਆਪਣੇ ਗਵਾਹਾਂ ਨੂੰ ਮਿਲਣ ਦਾ ਅਤੇ ਉਹਨਾਂ ਨੂੰ ਬਿਆਨ ਸਮਝਾਉਣ ਦਾ ਪੂਰਾ ਹੱਕ ਹੈ।”

“ਗਵਾਹ ਕਿਸੇ ਧਿਰ ਦੇ ਨਹੀਂ ਹੁੰਦੇ। ਉਹਨਾਂ ਜੋ ਦੇਖਿਆ-ਸੁਣਿਆ ਹੁੰਦਾ ਹੈ, ਉਹਨਾਂ ਉਹੋ ਦੱਸਣਾ ਹੁੰਦਾ ਹੈ। ਉਹਨਾਂ ਨੂੰ ਕੁਝ ਪੜ੍ਹਾਉਣ ਜਾਂ ਸਮਝਾਉਣ ਦਾ ਕੀ ਮਤਲਬ?” ਗੁਰਮੀਤ ਸਿੰਘ ਨੇ ਗਿਆਨ ਸਿੰਘ ਦੇ ਤਰਕ ਨੂੰ ਕੱਟਿਆ।

ਜੱਜ ਗੁਰਮੀਤ ਨਾਲ ਸਹਿਮਤ ਸੀ।

ਪਰ ਗਵਾਹੀ ਤਕ ਗਵਾਹਾਂ ਨੂੰ ਰੱਖਿਆ ਕਿਥੇ ਜਾਵੇ?

ਸਰਕਾਰੀ ਧਿਰ ਨੂੰ ਜੇਲ੍ਹ ਹੀ ਢੁਕਵੀਂ ਥਾਂ ਲੱਗੀ ਸੀ।

ਸਫ਼ਾਈ ਧਿਰ ਨੂੰ ਇਸ ’ਤੇ ਸਖ਼ਤ ਇਤਰਾਜ਼ ਸੀ। ਜੇਲ੍ਹ ਥਾਣੇ ਦਾ ਹੀ ਦੂਸਰਾ ਨਾਂ ਸੀ। ਆਖਣ ਨੂੰ ਇਹ ਨਿਆਂਇਕ ਹਿਰਾਸਤ ਸੀ। ਕੰਟਰੋਲ ਉਥੇ ਵੀ ਪੁਲਿਸ ਦਾ ਸੀ। ਪੁਲਿਸ ਉਥੇ ਅਸਾਨੀ ਨਾਲ ਆ-ਜਾ ਸਕਦੀ ਸੀ। ਗਵਾਹਾਂ ਨੂੰ ਡਰਾ-ਧਮਕਾ ਸਕਦੀ ਸੀ। ਸਫ਼ਾਈ ਧਿਰਾਂ ਦੀ ਉਥੇ ਚਿੜੀ ਤਕ ਨਹੀਂ ਫੜਕ ਸਕੇਗੀ।

“ਮੈਂ ਗਵਾਹਾਂ ਨੂੰ ਆਪਣੀ ਕੋਠੀ ਤਾਂ ਰੱਖਣੋਂ ਰਿਹਾ?” ਖਿਝੇ ਜੱਜ ਨੇ ਢੁਕਵੀਂ ਥਾਂ ਦਾ ਫ਼ੈਸਲਾ ਸਫ਼ਾਈ ਧਿਰ ’ਤੇ ਸੁੱਟ ਦਿੱਤਾ।

ਗੁਰਮੀਤ ਦਾ ਵਿਚਾਰ ਸੀ ਕਿ ਗਵਾਹਾਂ ਨੂੰ ਜਲੰਧਰ ਦੇ ‘ਆਬਜ਼ਰਵੇਸ਼ਨ ਹੋਮ’ ਵਿਚ ਭੇਜ ਦਿੱਤਾ ਜਾਵੇ। ਉਥੋਂ ਦੇ ਮੁਲਾਜ਼ਮ ਸਰਕਾਰ ਦੇ ਸਿੱਧੇ ਪ੍ਰਭਾਵ ਹੇਠਾਂ ਨਹੀਂ ਸਨ।

ਅਦਾਲਤ ਵੱਲੋਂ ‘ਹੋਮ’ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਹੋਈਆਂ।

ਗਵਾਹਾਂ ਨੂੰ ਬਾਕੀ ਬੰਦਿਆਂ ਨਾਲੋਂ ਅਲੱਗ ਰੱਖਿਆ ਜਾਵੇ। ਇਸਤਗਾਸੇ ਜਾਂ ਸਫ਼ਾਈ ਧਿਰ ਤੋਂ ਲੈ ਕੇ ਗਵਾਹਾਂ ਦੇ ਰਿਸ਼ਤੇਦਾਰਾਂ ਤਕ ਨੂੰ ਉਹਨਾਂ ਨਾਲ ਨਾ ਮਿਲਾਇਆ ਜਾਵੇ।

ਵਕੀਲਾਂ ਦਾ ਇਕ ਪੈਨਲ ਹੋਮ ਵਿਚ ਰਹੇਗਾ। ਪੈਨਲ ’ਤੇ ਇਕ-ਇਕ ਨੁਮਾਇੰਦਾ ਦੋਹਾਂ ਧਿਰਾਂ ਦਾ ਹੋਏਗਾ ਅਤੇ ਇਕ ਅਦਾਲਤ ਦਾ। ਪੈਨਲ ਗਵਾਹਾਂ ’ਤੇ ਨਜ਼ਰ ਰੱਖੇਗਾ।

ਸਰਕਾਰੀ ਧਿਰ ਨੂੰ ਭਾਵੇਂ ਇਹ ਯੋਜਨਾ ਜਚੀ ਨਹੀਂ ਸੀ ਪਰ ਉਸ ਕੋਲ ਕੋਈ ਬਦਲਵਾਂ ਸੁਝਾਅ ਵੀ ਨਹੀਂ ਸੀ।

ਗਵਾਹ ਖੁੱਲ੍ਹੇ ਮਾਹੌਲ ਵਿਚ ਨਿਰਪੱਖਤਾ ਨਾਲ ਸੋਚ ਸਕਣ, ਇਸ ਲਈ ਪੇਸ਼ੀ ਨੂੰ ਇਕ ਹਫ਼ਤੇ ਲਈ ਅਗਾਂਹ ਖਿਸਕਾ ਦਿੱਤਾ ਗਿਆ।

 

 

26

ਦਸ ਵਜਦਿਆਂ ਹੀ ਅਦਾਲਤੀ ਕਾਰਵਾਈ ਸ਼ੁਰੂ ਹੋ ਗਈ।

ਗਿਆਨ ਸਿੰਘ ਦੀ ਸਹਾਇਤਾ ਲਈ ਜ਼ਿਲ੍ਹਾ ਅਟਾਰਨੀ ਹਾਜ਼ਰ ਸੀ। ਜ਼ਿਲ੍ਹਾ ਅਟਾਰਨੀ ਦੀ ਸਹਾਇਤਾ ਲਈ ਇਕ ਬੁੱਢਾ ਕਲਰਕ।

ਕਲਰਕ ਦੇ ਹੱਥ ਵਿਚ ਮੋਟੀ ਸਾਰੀ ਮਿਸਲ ਸੀ। ਮਿਸਲ ਨੂੰ ਸੱਜ-ਵਿਆਹੀ ਵਹੁਟੀ ਵਾਂਗ ਸਜਾਇਆ ਗਿਆ ਸੀ। ਅੱਜ ਭੁਗਤਣ ਵਾਲੇ ਗਵਾਹਾਂ ਦੇ ਬਿਆਨਾਂ ’ਤੇ ਰੰਗ-ਬਰੰਗੇ ਫਲੈਗ ਲਗਾਏ ਗਏ ਸਨ। ਹਰ ਫ਼ਲੈਗ ’ਤੇ ਗਵਾਹ ਦਾ ਨਾਂ ਲਿਖਿਆ ਗਿਆ ਸੀ।

ਮੇਜ਼ ’ਤੇ ਕੁਝ ਕਿਤਾਬਾਂ ਵੀ ਸਜਾਈਆਂ ਗਈਆਂ ਸਨ। ਹਰ ਪੁਸਤਕ ਦੇ ਕੁਝ ਵਿਸ਼ੇਸ਼ ਪੰਨਿਆਂ ਵਿਚਕਾਰ ਕਾਗ਼ਜ਼ ਫਸਾਇਆ ਗਿਆ ਸੀ। ਲੋੜ ਪੈਣ ’ਤੇ ਪੰਨਾ ਤੁਰੰਤ ਕੱਢਿਆ ਜਾ ਸਕੇ, ਇਸ ਸਹੂਲਤ ਦਾ ਧਿਆਨ ਰੱਖਿਆ ਗਿਆ ਸੀ।

ਜਿਉਂ ਹੀ ਮੁਸ਼ਤਾਕ ਅਲੀ ਗਵਾਹ ਨੂੰ ਹਾਜ਼ਰ ਹੋਣ ਲਈ ਆਵਾਜ਼ ਪਈ, ਬੱਢੇ ਬਾਬੂ ਨੇ ਫ਼ਲੈਗ ਤੋਂ ਅਲੀ ਦਾ ਨਾਂ ਪੜ੍ਹਿਆ, ਬਿਆਨ ਵਾਲਾ ਪੰਨਾ ਕੱਢਿਆ ਅਤੇ ਬੜੇ ਅਦਬ ਨਾਲ ਮਿਸਲ ਸਪੈਸ਼ਲ ਪੀ.ਪੀ. ਦੇ ਅੱਗੇ ਰੱਖ ਦਿੱਤੀ।

ਗਿਆਨ ਸਿੰਘ ਕਈ ਦਿਨਾਂ ਤੋਂ ਮਿਸਲ ਨੂੰ ਘੋਟਾ ਲਾਉਂਦਾ ਆ ਰਿਹਾ ਸੀ। ਬਿਆਨ ਦਾ ਅੱਖਰ-ਅੱਖਰ ਉਸ ਨੂੰ ਯਾਦ ਸੀ। ਫੇਰ ਵੀ ਰਸਮੀ ਕਾਰਵਾਈ ਪੂਰੀ ਕਰਨ ਲਈ ਉਸ ਨੇ ਬਿਆਨ ’ਤੇ ਨਜ਼ਰ ਮਾਰਨੀ ਸ਼ੁਰੂ ਕੀਤੀ।

ਪੁਲਿਸ ਅਨੁਸਾਰ ਮੁਸ਼ਤਾਕ ਅਲੀ ਪਿਛਲੇ ਤੀਹ ਸਾਲ ਤੋਂ ਸ਼ਹਿਰ ਵਿਚ ਪਹਿਰੇਦਾਰੀ ਕਰਦਾ ਸੀ। ਸ਼ਹਿਰ ਦੀ ਸੜਕ-ਸੜਕ ਅਤੇ ਗਲੀ-ਗਲੀ ਦਾ ਉਹ ਵਾਕਿਫ਼ ਸੀ। ਸੜਕ ’ਤੇ ਘੁੰਮਣ ਵਾਲੇ ਓਪਰੇ ਬੰਦੇ ਨੂੰ ਉਹ ਤੋਰ ਤੋਂ ਹੀ ਪਛਾਣ ਲੈਂਦਾ ਸੀ।

ਵਕੂਏ ਵਾਲੇ ਦਿਨ ਉਸ ਦੀ ਡਿਊਟੀ ਹਸਪਤਾਲ ਵਾਲੇ ਇਲਾਕੇ ਵਿਚ ਸੀ। ਰਾਤ ਦੇ ਗਿਆਰਾਂ ਕੁ ਵਜੇ ਦੋ ਆਦਮੀ ਉਸ ਨੂੰ ਮਿਲੇ ਸਨ। ਤੇਜ਼-ਕਦਮੀਂ ਉਹ ਹਸਪਤਾਲ ਦੇ ਅਹਾਤੇ ਵੱਲ ਜਾ ਰਹੇ ਸਨ। ਇਕ ਦੀ ਕੁੱਛੜ ਵਿਚ ਬੋਰੀ ਸੀ। ਬੋਰੀ ਵਿਚ ਕੁਝ ਲਪੇਟਿਆ ਹੋਇਆ ਸੀ।

ਖੰਭੇ ਦੀ ਰੌਸ਼ਨੀ ਵਿਚ ਪਹਿਰੇਦਾਰ ਨੇ ਦੋਹਾਂ ਨੂੰ ਘੇਰ ਲਿਆ। ਕਿਥੋਂ ਆਏ ਹੋ? ਕਿਧਰ ਜਾਣਾ ਹੈ? ਅਜਿਹੇ ਸਾਰੇ ਰਸਮੀ ਸਵਾਲ ਉਸ ਨੇ ਪੁੱਛੇ ਸਨ। ਇਕ ਨੇ ਆਪਣਾ ਨਾਂ ਪਾਲਾ ਅਤੇ ਦੂਜੇ ਨੇ ਮੀਤਾ ਦੱਸਿਆ ਸੀ। ਉਹ ਗੱਡੀਉਂ ਉਤਰ ਕੇ ਆਏ ਸਨ। ਉਹਨਾਂ ਧਾਨਕਿਆਂ ਦੀ ਬਸਤੀ ਜਾਣਾ ਸੀ।

ਪਹਿਰੇਦਾਰ ਦੀ ਤਸੱਲੀ ਹੋ ਗਈ। ਗੱਡੀ ਦਾ ਸਮਾਂ ਸੀ। ਦੇਖਣ ਨੂੰ ਵੀ ਉਹ ਧਾਨਕਿਆਂ ਦੇ ਹੀ ਮੁੰਡੇ ਲੱਗਦੇ ਸਨ। ਜਿਸ ਦਿਸ਼ਾ ਵੱਲ ਜਾ ਰਹੇ ਸਨ, ਉਧਰ ਚੋਰੀ ਹੋਣ ਦੀ ਸੰਭਾਵਨਾ ਨਹੀਂ ਸੀ।

ਬਸਤੀ ਵਿਚ ਦਿਨੇ ਕੁਝ ਨਹੀਂ ਲੱਭਦਾ, ਰਾਤ ਨੂੰ ਕੀ ਲੱਭਣਾ ਸੀ?

ਪਹਿਰੇਦਾਰ ਨੇ ਬਿਨਾਂ ਰੋਕ-ਟੋਕ ਦੇ ਉਹਨਾਂ ਨੂੰ ਹਸਪਤਾਲ ਵੱਲ ਜਾਣ ਦਿੱਤਾ ਸੀ।

ਉਸ ਰਾਤ ਪਹਿਰੇਦਾਰ ਨੂੰ ਜਿਹੜੇ ਬੰਦੇ ਮਿਲੇ ਸਨ ਉਹ ਉਹੋ ਸਨ, ਜਿਹੜੇ ਅੱਜ ਦੋਸ਼ੀਆਂ ਦੇ ਕਟਹਿਰੇ ਵਿਚ ਖੜੇ ਸਨ। ਜਿਸ ਬੋਰੀ ਵਿਚੋਂ ਬੰਟੀ ਦੀ ਲਾਸ਼ ਮਿਲੀ ਸੀ, ਉਹ ਵੀ ਉਹੋ ਸੀ, ਜਿਹੜੀ ਇਹਨਾਂ ਵਿਚੋਂ ਇਕ ਨੇ ਆਪਣੀ ਕੁੱਛੜ ਦਿੱਤੀ ਹੋਈ ਸੀ।

ਇਹ ਗਵਾਹ ਮੁਦੱਈ ਧਿਰ ਲਈ ਬਹੁਤ ਅਹਿਮ ਸੀ, ਪਰ ਸੀ ਇਹ ਸੰਮਤੀ-ਪੱਖੀ। ਪਹਿਲਾਂ ਵੀ ਇਹ ਸੰਮਤੀ ਦੇ ਕਬਜ਼ੇ ਵਿਚ ਰਿਹਾ ਸੀ। ਹੁਣ ਵੀ ‘ਹੋਮ’ ਵਿਚੋਂ ਆਇਆ ਸੀ।

ਗਿਆਨ ਸਿੰਘ ਦਾ ਤਜਰਬਾ ਆਖਦਾ ਸੀ ਕਿ ਸਫ਼ਾਈ ਧਿਰ ਦਾ ਨਮਕ ਖਾਣ ਵਾਲਾ ਗਵਾਹ ਮੁਦੱਈ ਧਿਰ ਦੇ ਹੱਕ ਵਿਚ ਕਦੇ ਵੀ ਨਹੀਂ ਭੁਗਤਦਾ। ਫੇਰ ਵੀ ਆਸ ਦੀ ਇਕ ਕਿਰਨ ਉਸ ਨੂੰ ਦਿਖਾਈ ਦਿੰਦੀ ਸੀ।

ਪੁਲਿਸ ਅਤੇ ਪਹਿਰੇਦਾਰ ਇਕੋ ਸਿੱਕੇ ਦੇ ਦੋ ਪਾਸੇ ਸਨ। ਇਕ ਦੀ ਦੂਜੇ ਬਿਨਾਂ ਗਤੀ ਨਹੀਂ ਸੀ ਹੁੰਦੀ। ਪੁਲਿਸ ਨੇ ਪਹਿਰੇਦਾਰ ਤੋਂ ਸ਼ੱਕੀ ਬੰਦਿਆਂ ਦੀ ਮੁਖ਼ਬਰੀ ਲੈਣੀ ਹੁੰਦੀ ਸੀ ਤੇ ਬਦਲੇ ਵਿਚ ਪਹਿਰੇਦਾਰ ਨੇ ਸੁਰੱਖਿਆ। ਪਹਿਰੇਦਾਰ ਦੇ ਸਿਰ ’ਤੇ ਪੁਲਿਸ ਦਾ ਹੱਥ ਨਾ ਹੋਵੇ ਤਾਂ ਚੋਰ-ਉਚੱਕੇ ਆਥਣ ਨੂੰ ਉਸ ਦਾ ਭੁੱਗਾ ਕੁੱਟ ਦੇਣ। ਗਿਆਨ ਸਿੰਘ ਨੂੰ ਉਮੀਦ ਸੀ, ਪਹਿਰੇਦਾਰ ਸਮੁੰਦਰ ’ਚ ਰਹਿ ਕੇ ਮਗਰਮੱਛ ਨਾਲ ਦੁਸ਼ਮਣੀ ਮੁੱਲ ਨਹੀਂ ਲਏਗਾ।

ਆਸ਼ਾ-ਨਿਰਾਸ਼ਾ ਦੀਆਂ ਘੁੰਮਣ-ਘੇਰੀਆਂ ਵਿਚ ਫਸਿਆ ਸਪੈਸ਼ਲ ਪੀ.ਪੀ. ਮੁਸ਼ਤਾਕ ਅਲੀ ਦਾ ਬਿਆਨ ਕਰਾਉਣ ਲੱਗਾ।

ਗਿਆਨ ਸਿੰਘ ਦੀ ਆਸ ਧਰੀ-ਧਰਾਈ ਰਹਿ ਗਈ।

ਮੁਸ਼ਤਾਕ ਅਲੀ ਮੱਕਰ ਜਾਂਦਾ ਤਾਂ ਕੋਈ ਅਣਹੋਣੀ ਗੱਲ ਨਾ ਹੁੰਦੀ ਪਰ ਉਸ ਦਾ ਬਿਆਨ ਪੁਲਿਸ ਕਹਾਣੀ ਨੂੰ ਜਿਹੜਾ ਨਵਾਂ ਮੋੜ ਕਟਾ ਗਿਆ, ਇਹ ਸਭ ਲਈ ਚਿੰਤਾ ਦਾ ਵਿਸ਼ਾ ਸੀ।

ਕਟਹਿਰੇ ਵਿਚ ਖੜੇ ਦੋਹਾਂ ਦੋਸ਼ੀਆਂ ਨੂੰ ਅਲੀ ਬਚਪਨ ਤੋਂ ਜਾਣਦਾ ਸੀ। ਜਦੋਂ ਉਹ ਚੋਰੀਆਂ ਕਰਿਆ ਕਰਦੇ ਸਨ ਤਾਂ ਕਈ ਵਾਰ ਪਹਿਰੇਦਾਰ ਦੇ ਹੱਥ ਆਏ ਸਨ। ਪਹਿਲਾਂ ਉਹ ਉਹਨਾਂ ਦੀ ਖ਼ੁਦ ਧੌੜੀ ਲਾਹੁੰਦਾ ਸੀ, ਫੇਰ ਪੁਲਿਸ ਦੇ ਹਵਾਲੇ ਕਰਦਾ ਸੀ। ਜੇ ਉਸ ਰਾਤ ਉਹ ਉਸ ਨੂੰ ਮਿਲੇ ਹੁੰਦੇ ਜਾਂ ਉਹਨਾਂ ਕੋਈ ਜੁਰਮ ਕੀਤਾ ਹੁੰਦਾ ਤਾਂ ਅਲੀ ਉਹਨਾਂ ਨੂੰ ਸੁੱਕੇ ਨਾ ਜਾਣ ਦਿੰਦਾ।

ਕੁਝ ਅਰਸੇ ਤੋਂ ਉਹ ਜਰਾਇਮ-ਪੇਸ਼ੇ ਨੂੰ ਤਿਆਗ ਚੁੱਕੇ ਸਨ। ਹਲਾਲ ਦੀ ਰੋਟੀ ਖਾਣ ਵਾਲੇ ਨੂੰ ਸੜਕਾਂ ਕੱਛਣ ਦੀ ਜ਼ਰੂਰਤ ਨਹੀਂ ਪੈਂਦੀ।

ਸੱਚ ਪੁੱਛੋ ਤਾਂ ਉਸ ਰਾਤ ਪਾਲੇ ਅਤੇ ਮੀਤੇ ਦੀ ਥਾਂ ਪੁਲਿਸ ਦੀ ਜੀਪ ਉਸ ਇਲਾਕੇ ’ਚ ਚੱਕਰ ਕੱਟਦੀ ਰਹੀ ਸੀ। ਪਹਿਲਾਂ ਜਦੋਂ ਵੀ ਕਦੇ ਪੁਲਿਸ ਪਹਿਰੇਦਾਰ ਨੂੰ ਮਿਲਦੀ ਤਾਂ ‘ਸਭ ਅੱਛਾ’ ਦੀ ਰਿਪੋਰਟ ਲੈਂਦੀ। ਉਸ ਦਿਨ ਜੀਪ ਪਹਿਰੇਦਾਰ ਤੋਂ ਕਿਨਾਰਾ ਕਰਦੀ ਰਹੀ। ਆਖ਼ਰੀ ਚੱਕਰ ’ਚ ਜੀਪ ਡੰਗਰਾਂ ਦੇ ਹਸਪਤਾਲ ਗਈ ਅਤੇ ਕਾਫ਼ੀ ਦੇਰ ਉਥੇ ਰੁਕੀ ਰਹੀ।

ਉਹਨੀਂ ਦਿਨੀਂ ਸ਼ਹਿਰ ’ਚ ਕਰਫ਼ਿਊ ਲੱਗਾ ਹੋਇਆ ਸੀ। ਕਿਸੇ ਐਰੇ-ਗ਼ੈਰੇ ਬੰਦੇ ਦਾ ਸੜਕਾਂ ’ਤੇ ਘੁੰਮਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਨਾ ਉਸ ਰਾਤ ਪਾਲਾ ਅਤੇ ਮੀਤਾ ਉਸ ਨੂੰ ਮਿਲੇ ਸਨ ਨਾ ਪੁਲਿਸ ਕੋਲ ਉਸ ਨੇ ਕੋਈ ਬਿਆਨ ਦਿੱਤਾ ਸੀ।

ਅਲੀ ਨੂੰ ਸ਼ੱਕ ਸੀ ਕਿ ਇਹ ਲਾਸ਼ ਪੁਲਿਸ ਨੇ ਉਥੇ ਸੁੱਟੀ ਸੀ।

ਮਰੇ-ਮੁੱਕਰੇ ਦਾ ਕੋਈ ਇਲਾਜ ਨਹੀਂ ਹੁੰਦਾ। ਫ਼ਜ਼ੂਲ ਦੇ ਸਵਾਲ ਪੁੱਛ ਕੇ ਗਿਆਨ ਸਿੰਘ ਸਮਾਂ ਬਰਬਾਦ ਕਰਨਾ ਨਹੀਂ ਸੀ ਚਾਹੁੰਦਾ।

ਸਫ਼ਾਈ ਧਿਰ ਦਾ ਬੁੱਤਾ ਉਂਝ ਹੀ ਸਰ ਗਿਆ।

ਝੱਟ ਅਗਲੇ ਗਵਾਹ ਨੂੰ ਬੁਲਾਇਆ ਗਿਆ।

ਅਗਲਾ ਗਵਾਹ ਤਾਰਾ ਮਸੀਹ ਸੀ, ਜੋ ਹਸਪਤਾਲ ਦਾ ਚੌਕੀਦਾਰ ਸੀ। ਉਹ ਵੀ ਅਬਜ਼ਰਵੇਸ਼ਨ ਹੋਮ ਵਿਚੋਂ ਆਇਆ ਸੀ। ਉਸ ਵੱਲੋਂ ਬੋਲੀ ਜਾਣ ਵਾਲੀ ਬੋਲੀ ਦਾ ਕਿਆਸ ਵੀ ਗਿਆਨ ਸਿੰਘ ਭਲੀ ਪ੍ਰਕਾਰ ਲਾ ਸਕਦਾ ਸੀ।

ਪੁਲਿਸ ਬਿਆਨ ਅਨੁਸਾਰ ਉਸ ਰਾਤ ਚੌਕੀਦਾਰ ਨੇ ਦੋ ਸ਼ੱਕੀ ਬੰਦਿਆਂ ਨੂੰ ਹਸਪਤਾਲ ਦੇ ਉਜਾੜ ਕਮਰਿਆਂ ਵਿਚੋਂ ਨਿਕਲੇ ਦੇਖਿਆ ਸੀ। ਚੌਕੀਦਾਰ ਨੇ ਉਹਨਾਂ ਦਾ ਪਿੱਛਾ ਕੀਤਾ ਸੀ। ਹੱਥੋਪਾਈ ਹੋਈ ਸੀ। ਬੰਦੇ ਤਾਂ ਭੱਜ ਗਏ ਪਰ ਨਿਸ਼ਾਨੀ ਪਿੱਛੇ ਛੱਡ ਗਏ। ਇਕ ਦਾ ਬਟੂਆ ਡਿੱਗਾ ਸੀ ਅਤੇ ਦੂਜੇ ਦੀ ਪੱਗ। ਬਟੂਏ ਵਿਚੋਂ ਮੀਤੇ ਦੀ ਫ਼ੋਟੋ ਨਿਕਲੀ ਸੀ। ਪੱਗ ਦੀ ਪਛਾਣ ਲਲਾਰੀ ਨੇ ਕੀਤੀ ਸੀ। ਉਹ ਪਾਲੇ ਦੀ ਸੀ।

ਮੁਦੱਈ ਧਿਰ ਲਈ ਇਹ ਗਵਾਹ ਵੀ ਬੜਾ ਅਹਿਮ ਸੀ। ਆਪਣੇ ਬਿਆਨ ਤੋਂ ਤਾਂ ਇਹ ਮੁੱਕਰੇਗਾ ਹੀ, ਕਿਧਰੇ ਇਹ ਵੀ ਅਲੀ ਦੇ ਰਾਹ ਨਾ ਤੁਰ ਪਏ। ਗਿਆਨ ਸਿੰਘ ਨੂੰ ਇਹੋ ਫ਼ਿਕਰਸੀ।

ਜ਼ਿਲ੍ਹਾ ਅਟਾਰਨੀ ਸਪੈਸ਼ਲ ਪੀ.ਪੀ. ਦੀ ਪਿੱਠ ਥਾਪੜ ਰਿਹਾ ਸੀ। ਇਹ ਗਵਾਹ ਸਰਕਾਰ ਦੇ ਹੱਕ ਵਿਚ ਭੁਗਤੇਗਾ, ਉਹ ਯਕੀਨ ਦਿਵਾ ਰਿਹਾ ਸੀ।

ਸਖ਼ਤ ਪਹਿਰੇ ਦੇ ਬਾਵਜੂਦ ਵੀ ਪੁਲਿਸ ਉਸ ਨਾਲ ਹੋਮ ਵਿਚ ਸੰਪਰਕ ਕਾਇਮ ਕਰ ਚੁੱਕੀ ਸੀ। ਗਵਾਹ ਨੂੰ ਸਮਝਾਇਆ ਵੀ ਗਿਆ ਸੀ ਅਤੇ ਡਰਾਇਆ ਵੀ। ਜੇ ਉਹ ਸਹੀ ਭੁਗਤ ਗਿਆ ਤਾਂ ਸਰਕਾਰ ਵੱਲੋਂ ਇਨਾਮ ਮਿਲੇਗਾ, ਮੁੱਕਰ ਗਿਆ ਤਾਂ ਹੱਥਕੜੀ।

ਉਸ ਨੂੰ ਇਸ ਕੇਸ ਵਿਚ ਉਲਝਾਉਣਾ ਬਹੁਤ ਆਸਾਨ ਸੀ।

ਉਹ ਹਸਪਤਾਲ ਦਾ ਚੌਕੀਦਾਰ ਸੀ। ਰਾਤ ਨੂੰ ਪਹਿਰਾ ਦੇਣਾ ਉਸ ਦੀ ਡਿਊਟੀ ਸੀ। ਚੌਕੀਦਾਰ ਦੇ ਹਾਜ਼ਰ ਹੁੰਦਿਆਂ ਹਸਪਤਾਲ ਵਿਚ ਲਾਸ਼ ਕਿਵੇਂ ਆਈ? ਚੌਕੀਦਾਰ ਖ਼ੁਦ ਕਾਤਲ ਸੀ ਜਾਂ ਕਾਤਲਾਂ ਨਾਲ ਮਿਲਿਆ ਹੋਇਆ ਸੀ।

ਚੌਕੀਦਾਰ ਨੂੰ ਸਮਝਾਉਣ ਵਾਲੇ ਉਸ ਦੇ ਅਫ਼ਸਰ ਨੂੰ ਵੀ ਕਚਹਿਰੀ ਵਿਚ ਬੁਲਾਇਆ ਗਿਆ ਸੀ। ਅਫ਼ਸਰ ਦੇ ਹਾਜ਼ਰ-ਨਾਜ਼ਰ ਹੁੰਦਿਆਂ ਉਹ ਭਲਾ ਪੁਲਿਸ ਬਿਆਨ ਦੀ ਪੁਸ਼ਟੀ ਕਿਉਂ ਨਹੀਂ ਕਰੇਗਾ?

ਹੋਇਆ ਉਹੋ ਜਿਸ ਦੀ ਗਿਆਨ ਸਿੰਘ ਨੂੰ ਤਵੱਕੋ ਸੀ। ਤਾਰਾ ਮਸੀਹ ਨੇ ਨਾ ਧਮਕੀਆਂ ਦੀ ਪਰਵਾਹ ਕੀਤੀ ਨਾ ਅਫ਼ਸਰ ਦੀ ਹਾਜ਼ਰੀ ਦੀ।

ਉਲਟਾ ਉਸ ਨੇ ਠੋਕ-ਵਜਾ ਕੇ ਮੁਸ਼ਤਾਕ ਅਲੀ ਵੱਲੋਂ ਸਿਰਜੀ ਕਹਾਣੀ ਦੀ ਪੁਸ਼ਟੀ ਕਰਨੀ ਸ਼ੁਰੂ ਕਰ ਦਿੱਤੀ।

ਵਕੂਏ ਵਾਲੇ ਦਿਨ ਦੋਸ਼ੀਆਂ ਦੀ ਥਾਂ ਪੁਲਿਸ ਹਸਪਤਾਲ ਆਈ ਸੀ। ਚੌਕੀਦਾਰ ਨੂੰ ਜਾਗਦਾ ਦੇਖ ਕੇ ਉਹ ਘਬਰਾਈ ਸੀ। ਚਾਹ ਬਣਾਉਣ ਦੇ ਬਹਾਨੇ ਚੌਕੀਦਾਰ ਨੂੰ ਉਥੋਂ ਟਾਲਿਆ ਗਿਆ ਸੀ। ਜਦੋਂ ਤਕ ਉਹ ਚਾਹ ਬਣਾ ਕੇ ਲਿਆਇਆ, ਪੁਲਿਸ ਜਾ ਚੁੱਕੀ ਸੀ। ਚੌਕੀਦਾਰ ਦਾ ਮੱਥਾ ਉਦੋਂ ਹੀ ਠਣਕ ਗਿਆ ਸੀ। ਪੁਲਿਸ ਉਸ ਨੂੰ ਫਸਾਉਣ ਲਈ ਕਿਧਰੇ ਕੁਝ ਸੁੱਟ ਹੀ ਨਾ ਗਈ ਹੋਵੇ, ਉਸ ਨੇ ਇਧਰ-ਉਧਰ ਝਾਤ ਮਾਰੀ ਸੀ। ਉਸ ਨੂੰ ਕਮਰੇ ਦੀ ਇਕ ਨੁੱਕਰ ਵਿਚ ਪਈ ਬੋਰੀ ਓਪਰੀ-ਓਪਰੀ ਜਿਹੀ ਲੱਗੀ ਸੀ ਪਰ ਮਸੀਹ ਨੇ ਬੋਰੀ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ।

ਪੁਲਿਸ ਦੀ ਜੀਪ ਜਾਣ ਦੇ ਘੰਟਾ ਬਾਅਦ ਹੀ ਉਥੇ ਪਹਿਰਾ ਲੱਗ ਗਿਆ। ਫੇਰ ਪੁਲਿਸ ਨੇ ਖ਼ੁਦ ਹੀ ਸ਼ੋਰ ਮਚਾਇਆ, “ਬੰਟੀ ਦੀ ਲਾਸ਼ ਲੱਭ ਪਈ, ਬੰਟੀ ਦੀ ਲਾਸ਼ ਲੱਭ ਪਈ।”

ਚੌਕੀਦਾਰ ਨੇ ਕੋਈ ਕੁਤਾਹੀ ਨਹੀਂ ਸੀ ਕੀਤੀ। ਨਾ ਓਥੇ ਕੋਈ ਓਪਰਾ ਬੰਦਾ ਆਇਆ ਸੀ, ਨਾ ਉਸ ਦੀ ਕਿਸੇ ਨਾਲ ਹੱਥੋਪਾਈ ਹੋਈ ਸੀ। ਨਾ ਕਿਸੇ ਦਾ ਬਟੂਆ ਡਿੱਗਾ ਸੀ ਨਾ ਪੱਗ।

ਤਾਰਾ ਮਸੀਹ ਦੇ ਬਿਆਨ ਨਾਲ ਗਿਆਨ ਸਿੰਘ ਦੇ ਮਨੋਂ ਭੁਲੇਖਾ ਨਿਕਲ ਗਿਆ। ਸਫ਼ਾਈ ਧਿਰ ਦੇ ਵਕੀਲ ਨਾ ਨਵੇਂ ਸਨ ਨਾ ਅਨਾੜੀ। ਬੜੀ ਸੂਝ-ਬੂਝ ਨਾਲ ਉਹ ਕੇਸ ਲੜ ਰਹੇ ਸਨ। ਮੁਦੱਈ ਦੀਆਂ ਜੁੱਤੀਆਂ ਨਾਲ ਹੀ ਮੁਦੱਈ ਦਾ ਸਿਰ ਕੱਟ ਰਹੇ ਸਨ।

“ਮੁਰਦਾ ਬੋਲੂ ਖੱਫਣ ਪਾੜੂ।” ਸਮਝੇ ਸਮਝਾਏ ਗਵਾਹ ਤੋਂ ਹੋਰ ਸਵਾਲ ਪੁੱਛਣਾ ਖ਼ਤਰਨਾਕ ਸਿੱਧ ਹੋ ਸਕਦਾ ਸੀ। ਢੋਲ ਨੂੰ ਢੱਕਿਆ ਹੀ ਰਹਿਣ ਦੇਣਾ ਚਾਹੀਦਾ ਸੀ।

ਅਗਲੇ ਸਾਰੇ ਗਵਾਹ ਸੰਘ ਦੇ ਆਪਣੇ ਸਨ। ਇੱਟ ਵਰਗੇ ਪੱਕੇ। ਉਹਨਾਂ ਦੇ ਸਹੀ ਭੁਗਤਣ ਨਾਲ ਦੋਸ਼ੀਆਂ ਨੂੰ ਸਜ਼ਾ ਹੋਣ ਦੀ ਸੰਭਾਵਨਾ ਬਣ ਸਕਦੀ ਸੀ। ਗਿਆਨ ਸਿੰਘ ਉਹਨਾਂ ਗਵਾਹਾਂ ਵੱਲ ਧਿਆਨ ਕੇਂਦਰਤ ਕਰਨ ਲੱਗਾ।

ਸੌ ਫ਼ੀਸਦੀ ਸਰਕਾਰ ਦੇ ਹੱਕ ਵਿਚ ਭੁਗਤਣ ਵਾਲੇ ਪਹਿਲੇ ਗਵਾਹ ਦਾ ਨਾਂ ਰਾਮ ਸਰੂਪਸੀ।

ਉਹ ਬਰਾਮਦਗੀ ਦਾ ਗਵਾਹ ਸੀ।

ਗ੍ਰਿਫ਼ਤਾਰੀ ਪਿੱਛੋਂ ਦੋਸ਼ੀਆਂ ਦੀ ਪੁੱਛ-ਗਿੱਛ ਉਸੇ ਸਾਹਮਣੇ ਹੋਈ ਸੀ।

ਪੁੱਛ-ਗਿੱਛ ਦੌਰਾਨ ਪਹਿਲਾਂ ਪਾਲੇ ਨੇ ਇਕਬਾਲ ਕੀਤਾ ਸੀ। ਉਹ ਰਾਡ ਜਿਸ ਨਾਲ ਬੰਟੀ ਮਾਰਿਆ ਗਿਆ ਸੀ, ਉਸ ਨੇ ਸ਼ਹਿਰ ਦੇ ਬਾਹਰਲੇ ਭੱਠੇ ਦੇ ਖੰਡਰਾਂ ਵਿਚ ਛੁਪਾ ਰੱਖੀ ਸੀ। ਉਸ  ਬਾਰੇ ਕੇਵਲ ਉਸੇ ਨੂੰ ਪਤਾ ਸੀ। ਨਿਸ਼ਾਨਦੇਹੀ ਕਰਕੇ ਬਰਾਮਦ ਕਰਵਾ ਸਕਦਾ ਸੀ।

ਫੇਰ ਜ਼ੇਰ ਹਿਰਾਸਤ ਪੁਲਿਸ ਅੱਗੇ-ਅੱਗੇ ਚੱਲ ਕੇ ਪਾਲੇ ਨੇ ਉਹ ਰਾਡ ਬਰਾਮਦ ਕਰਾਈ ਸੀ। ਉਹ ਰਾਡ ਅੱਜ ਅਦਾਲਤ ਵਿਚ ਹਾਜ਼ਰ ਸੀ।

ਇਸੇ ਤਰ੍ਹਾਂ ਮੀਤੇ ਨੇ ਬਿਆਨ ਦਿੱਤਾ ਸੀ। ਬੰਟੀ ਦੀ ਉਹ ਵਰਦੀ ਜਿਹੜੀ ਅਗਵਾ ਸਮੇਂ ਉਸ ਨੇ ਪਹਿਨ ਰੱਖੀ ਸੀ, ਮੀਤੇ ਨੇ ਮੋਮੀ ਕਾਗ਼ਜ਼ ਵਿਚ ਲਪੇਟ ਕੇ ਆਪਣੇ ਘਰ ਦੇ ਵਿਹੜੇ ਵਿਚ ਦੱਬ ਰੱਖੀ ਸੀ।

ਫੇਰ ਪੁਲਿਸ ਰਾਮ ਸਰੂਪ ਸਮੇਤ ਮੀਤੇ ਦੇ ਘਰ ਗਈ ਸੀ। ਮੀਤੇ ਨੇ ਦੱਸੀ ਹੋਈ ਥਾਂ ਤੋਂ ਵਰਦੀ ਬਰਾਮਦ ਕਰਾਈ ਸੀ। ਵਰਦੀ ਨੂੰ ਰਾਮ ਸਰੂਪ ਨੇ ਬੰਟੀ ਦੀ ਹੋਣਾ ਸ਼ਨਾਖ਼ਤ ਕੀਤਾ ਸੀ।

ਦੋਹਾਂ ਬਰਾਮਦਗੀਆਂ ਦੀਆਂ ਫ਼ਰਦਾਂ ਬਣੀਆਂ ਸਨ। ਫ਼ਰਦਾਂ ’ਤੇ ਰਾਮ ਸਰੂਪ ਨੇ ਸਹੀ ਪਾਈ ਸੀ। ਪੁਲਿਸ ਨੇ ਉਸ ਦਾ ਬਿਆਨ ਵੀ ਲਿਖਿਆ ਸੀ ਜੋ ਬਿਲਕੁਲ ਦਰੁਸਤ ਸੀ।

ਰਟੇ-ਰਟਾਏ ਬਿਆਨ ਨੂੰ ਹੂ-ਬਹੂ ਦੁਹਰਾਉਣ ਵਿਚ ਰਾਮ ਸਰੂਪ ਨੂੰ ਕੋਈ ਦਿੱਕਤ ਮਹਿਸੂਸ ਨਹੀਂ ਸੀ ਹੋਈ।

ਸਫ਼ਾਈ ਧਿਰ ਵੱਲੋਂ ਰਾਮ ਸਰੂਪ ’ਤੇ ਜਿਰਾਹ ਪਿਆਰੇ ਲਾਲ ਨੇ ਕਰਨੀ ਸੀ।

ਪਿਆਰੇ ਲਾਲ ਦਾ ਬਹੁਤਾ ਜ਼ੋਰ ਇਹ ਸਾਬਤ ਕਰਨ ’ਤੇ ਲੱਗਣਾ ਸੀ ਕਿ ਆਉਣ ਵਾਲੇ ਸਾਰੇ ਗਵਾਹ (’ਇਨਟਰੈਸਟਡ ਵਿਟਨੈਸ’ ਸਨ। ‘ਇਨਟਰੈਸਟਡ ਵਿਟਨੈਸ’ ਅਜਿਹੇ ਗਵਾਹ ਨੂੰ ਆਖਿਆ ਜਾਂਦਾ ਹੈ, ਜਿਸ ਦੀ ਵਫ਼ਾਦਾਰੀ ਇਨਸਾਫ਼ ਨਾਲ ਘੱਟ ਪਰ ਉਸ ਧਿਰ ਨਾਲ ਜ਼ਿਆਦਾ ਹੁੰਦੀ ਹੈ ਜਿਸ ਵੱਲੋਂ ਉਹ ਗਵਾਹੀ ਦੇਣ ਆਇਆ ਹੁੰਦਾ ਹੈ। ਫ਼ੌਜਦਾਰੀ ਕੇਸਾਂ ਵਿਚ ਅਜਿਹੇ ਗਵਾਹਾਂ ਦੀ ਬਹੁਤੀ ਅਹਿਮੀਅਤ ਨਹੀਂ ਰਹਿੰਦੀ)।

ਪਹਿਲੀ ਲੜੀ ਦੇ ਸਾਰੇ ਪ੍ਰਸ਼ਨ ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਪੁੱਛੇ ਗਏ ਸਨ। ਸਭਨਾਂ ਪ੍ਰਸ਼ਨਾਂ ਦਾ ਉੱਤਰ ਰਾਮ ਸਰੂਪ ਨੂੰ ਹਾਂ ਵਿਚ ਦੇਣਾ ਪਿਆ।

ਇਹ ਠੀਕ ਸੀ ਕਿ ਉਹ ਯੁਵਾ ਸੰਘ ਦਾ ਪ੍ਰਧਾਨ ਸੀ। ਯੁਵਾ ਸੰਘ ਦੀ ਨੀਂਹ ਲਾਲਾ ਜੀ ਨੇ ਰੱਖੀ ਸੀ। ਯੁਵਾ-ਸੰਘ ਬੰਟੀ ਦੇ ਅਗਵਾ ਹੋਣ ਤੋਂ ਲੈ ਕੇ ਹੁਣ ਤਕ ਪੂਰੀ ਤਰ੍ਹਾਂ ਇਸ ਕੇਸ ਨਾਲ ਜੁੜਿਆ ਰਿਹਾ ਸੀ। ਬੱਚੇ ਨੂੰ ਜਲਦੀ ਬਰਾਮਦ ਕੀਤਾ ਜਾਵੇ। ਪਹਿਲਾਂ ਇਸ ਮੁੱਦੇ ਨੂੰ ਲੈ ਕੇ ਸੰਘ ਨੇ ਸ਼ਹਿਰ ਵਿਚ ਹੜਤਾਲਾਂ ਕਰਵਾਈਆਂ, ਜਲਸੇ ਕੀਤੇ ਅਤੇ ਜਲੂਸ ਕੱਢੇ। ਪਾਲੇ ਅਤੇ ਮੀਤੇ ਦੀ ਗ੍ਰਿਫ਼ਤਾਰੀ ’ਤੇ ਸੰਘ ਨੇ ਜਸ਼ਨ ਮਨਾਏ। ਹੁਣ ਸੰਘ ਮੁਕੱਦਮੇ ਦੀ ਪੈਰਵਾਈ ਕਰ ਰਿਹਾ ਸੀ। ਪਹਿਲਾਂ-ਪਹਿਲ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਮੰਗ ਲੈ ਕੇ ਕਚਹਿਰੀ ਵਿਚ ਨਾਅਰੇਬਾਜ਼ੀ ਵੀ ਹੁੰਦੀ ਰਹੀ ਸੀਆਦਿ।

ਦੂਜੀ ਲੜੀ ਦੇ ਪ੍ਰਸ਼ਨਾਂ ਨੇ ਇਹ ਸਾਬਤ ਕਰਨਾ ਸੀ ਕਿ ਰਾਮ ਸਰੂਪ ਨੇ ਇਸੇ ਉਦੇਸ਼ ਦੀ ਪ੍ਰਾਪਤੀ ਲਈ ਝੂਠ ਬੋਲਿਆ ਸੀ।

ਪਾਲੇ ਕੋਲੋਂ ਬਰਾਮਦ ਹੋਈ ਰਾਡ ਬਾਰੇ ਬਹੁਤੀ ਪੁਣ-ਛਾਣ ਦੀ ਜ਼ਰੂਰਤ ਨਹੀਂ ਸੀ। ਡਾਕਟਰ ਪਹਿਲਾਂ ਹੀ ਸਾਬਤ ਕਰ ਚੁੱਕਾ ਸੀ ਕਿ ਬਰਾਮਦ ਹੋਈ ਰਾਡ ਉਹ ਨਹੀਂ ਸੀ ਜਿਸ ਨਾਲ ਬੰਟੀ ਦੇ ਸੱਟ ਮਾਰੀ ਗਈ ਸੀ।

ਮੀਤੇ ਕੋਲੋਂ ਵਰਦੀ ਬਰਾਮਦ ਹੋਈ ਦਿਖਾ ਕੇ ਪੁਲਿਸ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਅਸਲ ਕਾਤਲ ਉਹੋ ਸਨ। ਕਾਤਲਾਂ ਦਾ ਵਰਦੀ ਲਾਹੁਣ ਦਾ ਮਕਸਦ ਬੱਚੇ ਦੀ ਸ਼ਨਾਖ਼ਤ ਛੁਪਾਉਣਾ ਸੀ।

ਪਰ ਸਿਆਣੀ ਪੁਲਿਸ ਅਤੇ ਚੁਸਤ ਗਵਾਹ ਇਹ ਭੁੱਲ ਗਏ ਸਨ ਕਿ ਅਸਲ ਵਰਦੀ ਪਹਿਲੇ ਦਿਨ ਹੀ ਲਾਲਾ ਜੀ ਦੇ ਘਰ ਪੁੱਜ ਚੱਕੀ ਸੀ।

ਰਾਮ ਸਰੂਪ ਦਾ ਮੁਖੌਟਾ ਉਤਾਰਨ ਲਈ ਪਿਆਰੇ ਲਾਲ ਵਿਅੰਗਮਈ ਸਵਾਲ ਪੁੱਛਣ ਲੱਗਾ।

ਪ੍ਰਸ਼ਨ। “ਸਕੂਲ ਜਾਂਦਾ ਬੱਚਾ ਇਕ ਵਰਦੀ ਪਹਿਨਦਾ ਹੈ ਜਾਂ ਦੋ?”

ਉੱਤਰ। “ਇਕ।”

ਪ੍ਰਸ਼ਨ। “ਇਹ ਠੀਕ ਹੈ ਕਿ ਬੰਟੀ ਦੇ ਅਗਵਾਕਾਰਾਂ ਨੇ ਬੰਟੀ ਦਾ ਬਸਤਾ ਅਤੇ ਫਿਰੌਤੀ ਬਾਰੇ ਇਕ ਚਿੱਠੀ ਇਕ ਟੋਪੀਏ ਹੇਠ ਛੁਪਾ ਕੇ ਲਾਲਾ ਜੀ ਦੇ ਘਰ ਅੱਗੇ ਰੱਖ ਦਿੱਤੀ ਸੀ?”

ਉੱਤਰ। “ਹਾਂ।”

ਪ੍ਰਸ਼ਨ। ਟੋਪੀਏ ਹੇਠੋਂ ਬਸਤੇ ਦੇ ਨਾਲ-ਨਾਲ ਬੰਟੀ ਦੀ ਇਕ ਵਰਦੀ ਵੀ ਮਿਲੀ ਸੀ। ਇਹ ਵੀ ਠੀਕ ਹੈ?”

ਉੱਤਰ। “ਜੀ ਹਾਂ।”

ਪ੍ਰਸ਼ਨ। “ਫੇਰ ਬੰਟੀ ਦੀ ਅਸਲ ਵਰਦੀ ਤਾਂ ਉਸ ਦਿਨ ਬਰਾਮਦ ਹੋ ਗਈ ਸੀ। ਮੀਤੇ ਕੋਲ ਵਰਦੀ ਕਿਥੋਂ ਆਈ?”

ਇਸ ਪ੍ਰਸ਼ਨ ਦਾ ਉੱਤਰ ਦਿੰਦੇ ਰਾਮ ਸਰੂਪ ਦੇ ਮੱਥੇ ’ਤੇ ਪਸੀਨੇ ਦੀਆਂ ਬੂੰਦਾਂ ਟਪਕ ਪਈਆਂ। ਉਸ ਦਾ ਸਰੀਰ ਕੰਬਣ ਲੱਗਾ। ਅੱਖਾਂ ਅੱਗੇ ਭੰਬੂ-ਤਾਰੇ ਨੱਚਣ ਲੱਗੇ। ਰਾਮ ਸਰੂਪ ਨੂੰ ਲੱਗਾ ਜਿਵੇਂ ਉਸ ਦਾ ਬਲੱਡ-ਪ੍ਰੈਸ਼ਰ ਇਕ ਦਮ ਵਧ ਗਿਆ। ਕਿਸੇ ਵੀ ਸਮੇਂ ਉਸ ਦਾ ਸਿਰ ਫਟ ਸਕਦਾ ਸੀ।

ਰਾਮ ਸਰੂਪ ਦਾ ਉੱਤਰ ਸੁਣਨ ਲਈ ਚਾਰੇ ਪਾਸੇ ਸੱਨਾਟਾ ਛਾ ਗਿਆ। ਲੱਗਦਾ ਸੀ ਜਿਵੇਂ ਕੁਝ ਪਲਾਂ ਲਈ ਵਕਤ ਰੁਕ ਗਿਆ।

“ਬੋਲ ਬਈ.....। ਹਾਂ ਜਾਂ ਨਾ ਵਿਚ ਉੱਤਰ ਦੇ।” ਜੱਜ ਗਵਾਹ ਨੂੰ ਬਹੁਤੀ ਦੇਰ ਖ਼ਾਮੋਸ਼ ਰਹਿਣ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ।

“ਇਸ ਬਾਰੇ ਮੈਨੂੰ ਕੀ ਪਤਾ? ਮੈਨੂੰ ਤਾਂ ਇੰਨਾ ਪਤਾ ਬਈ ਇਹ ਵਰਦੀ ਬੰਟੀ ਦੀ ਹੈ।”

ਕੁਝ ਦੇਰ ਖ਼ਾਮੋਸ਼ ਰਹਿ ਕੇ ਵੀ ਜਦੋਂ ਰਾਮ ਸਰੂਪ ਨੂੰ ਕੋਈ ਢੁਕਵਾਂ ਉੱਤਰ ਨਾ ਸੁਝਿਆ ਤਾਂ ਉਸ ਨੇ ਗਿਆਨ ਸਿੰਘ ਵਾਲਾ ਫ਼ਾਰਮੂਲਾ ਅਜ਼ਮਾਇਆ ਸੀ। ਬਿਆਨ ਸਮਝਾਉਣ ਲੱਗਿਆਂ ਗਿਆਨ ਸਿੰਘ ਨੇ ਦੱਸਿਆ ਸੀ ਕਿ ਜਿਹੜੇ ਪ੍ਰਸ਼ਨ ਦਾ ਉੱਤਰ ਗਵਾਹ ਨੂੰ ਠੀਕ ਆਉਂਦਾ ਹੋਵੇ ਉਹ ਦੇ ਦੇਵੇ, ਜਿਸ ਪ੍ਰਸ਼ਨ ਦਾ ਉੱਤਰ ਨਾ ਆਉਂਦਾ ਹੋਵੇ ਜਾਂ ਜਿਹੜਾ ਪ੍ਰਸ਼ਨ ਭੰਬਲ-ਭੂਸਿਆਂ ਵਿਚ ਪਾਉਂਦਾ ਹੋਵੇ ਅਜਿਹੇ ਪ੍ਰਸ਼ਨ ਦੇ ਉੱਤਰ ਨੂੰ ‘ਯਾਦ ਨਹੀਂ’ ਆਖ ਕੇ ਟਾਲ ਦਿੱਤਾ ਜਾਵੇ।

ਅੱਗੇ ਪਿਆਰੇ ਲਾਲ ਵੀ ਪੀਰਾਂ ਦਾ ਪੀਰ ਸੀ। ਭਲਮਾਣਸੀ ਨਾਲ ਖਹਿੜਾ ਛੱਡਣ ਵਾਲਾ ਉਹ ਵੀ ਨਹੀਂ ਸੀ।

ਦੂਜੀ ਵਰਦੀ ਕਿਥੋਂ ਆਈ, ਇਸ ਬਾਰੇ ਰਾਮ ਸਰੂਪ ਨੂੰ ਚੰਗੀ ਤਰ੍ਹਾਂ ਪਤਾ ਸੀ। ਕਿਸੇ ਹੋਰ ਨੇ ਨਹੀਂ, ਰਾਮ ਸਰੂਪ ਨੇ ਖ਼ੁਦ ਇਹ ਵਰਦੀ ਲਾਲਾ ਜੀ ਦੇ ਘਰੋਂ ਖਿਸਕਾਈ ਸੀ। ਵਰਦੀ ਹਾਸਲ ਕਰ ਕੇ ਨਾਜ਼ਰ ਸਿੰਘ ਨੇ ਹਿੱਕ ਥਾਪੜ ਕੇ ਆਖਿਆ ਸੀ, “ਵਰਦੀ ਦੀ ਬਰਾਮਦਗੀ ਦਿਖਾ ਕੇ ਇਕ ਨੂੰ ਤਾਂ ਬੱਚੂ ਬਣਾ ਦੂੰ।”

ਉਸ ਸਮੇਂ ਰਾਮ ਸਰੂਪ ਨੂੰ ਕੀ ਪਤਾ ਸੀ ਕਿ ਕਚਹਿਰੀ ਵਿਚ ਉਸੇ ਨੂੰ ਬੱਚੂ ਬਣਨਾ ਪਊ।

ਰਾਮ ਸਰੂਪ ਦੇ ਮੂੰਹੋਂ ਊਟ-ਪਟਾਂਗ ਉੱਤਰ ਸੁਣ ਕੇ ਗਿਆਨ ਸਿੰਘ ਦਾ ਦਿਲ ਧੱਕ-ਧੱਕ ਕਰਨ ਲੱਗਾ। ਉਸ ਨੇ ਇਹ ਕੇਸ ਪ੍ਰਸਿੱਧੀ ਪ੍ਰਾਪਤ ਕਰਨ ਲਈ ਲਿਆ ਸੀ। ਲੱਗਦਾ ਸੀ ਕਾਲਖ਼ ਦਾ ਟਿੱਕਾ ਮੱਥੇ ਲੱਗੇਗਾ।

ਪੁਲਿਸ ਦੇ ਹੱਕ ਵਿਚ ਖੜੋਣ ਵਾਲਾ ਦੂਸਰਾ ਗਵਾਹ ਦੇਸ ਰਾਜ ਭਾਂਡਿਆਂ ਵਾਲਾ ਸੀ। ਉਹ ਵੀ ਲਾਲਾ ਜੀ ਦੇ ਭਗਤਾਂ ਵਿਚੋਂ ਇਕ ਸੀ।

ਪਿਆਰੇ ਲਾਲ ਗ਼ਫ਼ੂਰ ਮੀਆਂ ਵਾਲਾ ਫ਼ਾਰਮੂਲਾ ਦੇਸ ਰਾਜ ’ਤੇ ਵੀ ਲਾਗੂ ਕਰਨਾ ਚਾਹੁੰਦਾ ਸੀ। ਸ਼ਾਇਦ ਉਹ ਵੀ ਗੀਤਾ ’ਤੇ ਹੱਥ ਰੱਖ ਕੇ ਝੂਠ ਨਾ ਬੋਲੇ। ਲੋਕਾਂ ਨੂੰ ਧਰਮ ਦੇ ਰਸਤੇ ਚੱਲਣ ਦੀਆਂ ਨਸੀਹਤਾਂ ਦੇਣ ਵਾਲਾ ਖ਼ੁਦ ਕੁਰਾਹੇ ਪਏਗਾ ਇਸ ਦੀ ਪਿਆਰੇ ਲਾਲ ਨੂੰ ਆਸ ਨਹੀਂ ਸੀ। ਗੀਤਾ ’ਤੇ ਹੱਥ ਰੱਖ ਕੇ ਕੁਝ ਪਲਾਂ ਲਈ ਉਹ ਝਿਜਕਿਆ। ਝੱਟ ਹੀ ਸੰਭਲ ਗਿਆ। ਫੇਰ ਟੇਪ ਰਿਕਾਰਡ ਵਾਂਗ ਉਹ ਬਿਆਨ ਸੁਣਾਉਣ ਲੱਗਾ।

ਲਾਲਾ ਜੀ ਦੇ ਘਰ ਅੱਗੇ ਰੱਖਿਆ ਟੋਪੀਆ ਦੇਸ ਰਾਜ ਦੀ ਦੁਕਾਨ ਤੋਂ ਵਿਕਿਆ ਸੀ। ਖ਼ਰੀਦਣ ਵਾਲੇ ਨੇ ਟੋਪੀਏ ’ਤੇ ਆਪਣਾ ਨਾਂ ਖ਼ੁਦਵਾਇਆ ਸੀ। ਖ਼ਰੀਦਦਾਰ ਪਾਲਾ ਸੀ। ਪਾਲਾ ਦੇਸ ਰਾਜ ਦਾ ਪੁਰਾਣਾ ਗਾਹਕ ਸੀ। ਪਹਿਲਾਂ ਉਹ ਦੇਸ ਰਾਜ ਕੋਲ ਚੋਰੀ ਦਾ ਮਾਲ ਵੇਚਿਆ ਕਰਦਾ ਸੀ। ਇਹ ਟੋਪੀਆ ਪਾਲੇ ਨੇ ਬੰਟੀ ਦੇ ਅਗਵਾ ਹੋਣ ਤੋਂ ਦੋ ਦਿਨ ਪਹਿਲਾਂ ਖ਼ਰੀਦਿਆਸੀ। ਟੋਪੀਏ ’ਤੇ ਉਕਰੇ ਨਾਂ ਤੋਂ ਦੇਸ ਰਾਜ ਨੇ ਪਹਿਲਾਂ ਟੋਪੀਏ ਦੀ ਸ਼ਨਾਖ਼ਤ ਕੀਤੀ, ਫੇਰ ਖ਼ਰੀਦਦਾਰਦੀ।

ਜਿਰਾਹ ਵਿਚ ਦੇਸ ਰਾਜ ਨੂੰ ਮੰਨਣਾ ਪਿਆ ਕਿ ਉਸ ਦੀ ਥੋਕ ਦੀ ਦੁਕਾਨ ਸੀ। ਉਹ ਇਨਕਮ ਟੈਕਸ ਦਿੰਦਾ ਸੀ। ਸੇਲ ਟੈਕਸ ਭਰਦਾ ਸੀ। ਪਿੱਤਲ ਦੇ ਭਾਂਡਿਆਂ ’ਤੇ ਸੇਲ ਟੈਕਸ ਲੱਗਦਾ ਸੀ। ਜਿਸ ਚੀਜ਼ ’ਤੇ ਸੇਲ ਟੈਕਸ ਲੱਗਦਾ ਹੋਵੇ, ਉਸ ਦਾ ਬਿੱਲ ਕੱਟਣਾ ਪੈਂਦਾ ਹੈ। ਇਸ ਟੋਪੀਏ ਨੂੰ ਪਾਲੇ ਨੂੰ ਵੇਚਣ ਸੰਬੰਧੀ ਦੇਸ ਰਾਜ ਨੇ ਨਾ ਕੋਈ ਬਿੱਲ ਕੱਟਿਆ ਸੀ ਨਾ ਅਜਿਹੇ ਕਿਸੇ ਵਿਕਰੀ ਦਾ ਜ਼ਿਕਰ ਉਸ ਦੀਆਂ ਵਹੀਆਂ ਵਿਚ ਸੀ।

“ਬਿੱਲ ਕਿਉਂ ਨਹੀਂ ਕੱਟੇ ਗਏ? ਇੰਦਰਾਜ ਕਿਉਂ ਨਹੀਂ ਹੋਏ?”

ਇਸ ਦਾ ਉੱਤਰ ਦੇਸ ਰਾਜ ਕੋਲ ਨਹੀਂ, ਪਿਆਰੇ ਲਾਲ ਕੋਲ ਸੀ।

ਦੇਸ ਰਾਜ ਜਿਸ ਦਿਨ ਟੋਪੀਆ ਵੇਚਣ ਦੀ ਗੱਲ ਕਰ ਰਿਹਾ ਸੀ, ਉਸ ਦਿਨ ਉਹ ਇਸ ਸ਼ਹਿਰ ਵਿਚ ਹਾਜ਼ਰ ਨਹੀਂ ਸੀ। ਦੇਸ ਰਾਜ ਭਾਂਡੇ ਖ਼ਰੀਦਣ ਜਗਾਧਰੀ ਗਿਆ ਹੋਇਆ ਸੀ। ਉਥੇ ਉਹ ਦੋ ਦਿਨ ਰਿਹਾ ਸੀ। ਪਿਆਰੇ ਲਾਲ ਨੇ ਉਹਨਾਂ ਫ਼ਰਮਾਂ ਦੇ ਨਾਂ ਦੱਸੇ ਅਤੇ ਬਿੱਲਾਂ ਦੀਆਂ ਨਕਲਾਂ ਪੇਸ਼ ਕੀਤੀਆਂ, ਜਿਥੋਂ ਉਸ ਨੇ ਮਾਲ ਖ਼ਰੀਦਿਆ ਸੀ। ਸੇਲ ਟੈਕਸ ਦੇ ਉਹ ਫ਼ਾਰਮ ਵੀ ਪੇਸ਼ ਕੀਤੇ, ਜਿਹੜੇ ਉਸ ਨੇ ਜਗਾਧਰੀ ਦੀਆਂ ਫ਼ਰਮਾਂ ਨੂੰ ਦਿੱਤੇ ਸਨ ਅਤੇ ਜਿਨ੍ਹਾਂ ਉਪਰ ਉਸ ਦੇ ਦਸਤਖ਼ਤ ਸਨ।

ਦੇਸ ਰਾਜ ਨੂੰ ਝੂਠਾ ਸਾਬਤ ਕਰਨ ਲਈ ਹੋਰ ਵੀ ਸਬੂਤ ਪੇਸ਼ ਕੀਤੇ ਗਏ।

ਪਹਿਲਾਂ-ਪਹਿਲ ਇਸ ਕੇਸ ਦੀ ਤਫ਼ਤੀਸ਼ ਮਨਬੀਰ ਸਿੰਘ ਥਾਣੇਦਾਰ ਨੇ ਕੀਤੀ ਸੀ। ਪੈਸੇ ਬਟੋਰਨ ਲਈ ਉਸ ਨੇ ਪ੍ਰੈਸ ਅਤੇ ਭਾਂਡਿਆਂ ਵਾਲਿਆਂ ਨੂੰ ਥਾਣੇ ਬੁਲਾਇਆ ਸੀ। ਮਨਬੀਰ ਸਿੰਘ ਨੇ ਦੇਸ ਰਾਜ ਦਾ ਬਿਆਨ ਕਲਮਬੰਦ ਕੀਤਾ ਸੀ। ਉਸ ਸਮੇਂ ਦੇਸ ਰਾਜ ਨੇ ਜਗਾਧਰੀ ਜਾਣ ਦਾ ਬਹਾਨਾ ਘੜ ਕੇ ਆਪਣਾ ਖਹਿੜਾ ਛੁਡਾਇਆ ਸੀ। ਜੇ ਇਹ ਟੋਪੀਆ ਪਾਲੇ ਨੇ ਖ਼ਰੀਦਿਆ ਸੀ ਤਾਂ ਦੇਸ ਰਾਜ ਨੇ ਉਸ ਸਮੇਂ ਉਸ ਦਾ ਨਾਂ ਕਿਉਂ ਨਹੀਂ ਲਿਆ?

ਭਾਂਡਿਆਂ ਵਾਲਿਆਂ ਨੇ ਮਨਬੀਰ ਦੀ ਧੱਕੇਸ਼ਾਹੀ ਵਿਰੱਧ ਜਲੂਸ ਕੱਢਿਆ ਸੀ। ਉਸ ਦੇ ਵਿਰੁੱਧ ਸ਼ਹਿਰ ਵਿਚ ਪੋਸਟਰ ਲੱਗੇ ਸਨ। ਪੋਸਟਰਾਂ ਵਿਚ ਹੋਰਾਂ ਤੋਂ ਇਲਾਵਾ ਦੇਸ ਰਾਜ ਦੇ ਵੀ ਦਸਤਖ਼ਤ ਸਨ। ਜੇ ਟੋਪੀਆ ਉਸੇ ਕੋਲੋਂ ਵਿਕਿਆ ਸੀ ਤਾਂ ਉਸ ਨੇ ਮਨਬੀਰ ਨੂੰ ਪੈਸੇ ਕਿਉਂ ਦਿੱਤੇ? ਪਾਲੇ ਦਾ ਨਾਂ ਕਿਉਂ ਨਾ ਲਿਆ?

ਕਿਸੇ ਵੀ ਪ੍ਰਸ਼ਨ ਦਾ ਦੇਸ ਰਾਜ ਕੋਲ ਉੱਤਰ ਨਹੀਂ ਸੀ।

ਸਿਰ ਸੁੱਟੀ ਉਹ ਉਸ ਘੜੀ ਨੂੰ ਕੋਸਦਾ ਰਿਹਾ ਜਿਸ ਘੜੀ ਉਸ ਨੇ ਗਵਾਹੀ ਪਾਉਣ ਲਈ ਹਾਂ ਕੀਤੀ ਸੀ।

ਕਮਲਾ ਪ੍ਰਿੰਟਿੰਗ ਪ੍ਰੈਸ ਵਾਲੇ ਕਮਲ ਪ੍ਰਸ਼ਾਦ ਨੇ ਵੀ ਪੁਲਿਸ ਕਹਾਣੀ ਦੀ ਹੀ ਤਾਈਦ ਕਰਨੀ ਸੀ।

ਜਿਨ੍ਹਾਂ ਲੈਟਰ-ਪੈਡਾਂ ’ਤੇ ਦੋਸ਼ੀਆਂ ਨੇ ਧਮਕੀ-ਪੱਤਰ ਲਿਖੇ ਸਨ, ਉਹ ਪੈਡ ਉਸੇ ਦੀ ਪ੍ਰੈਸ ਵਿਚ ਛਪੇ ਸਨ। ਪੈਡ ਮੀਤੇ ਨੇ ਛਪਵਾਏ ਸਨ। ਪੈਡ ਛਪਵਾਉਣ ਲਈ ਉਸ ਨੇ ਪਿਸਤੌਲ ਦੀ ਵਰਤੋਂ ਕੀਤੀ ਸੀ। ਲੋਕਾਂ ਨੂੰ ਧਮਕੀ-ਪੱਤਰ ਲਿਖ ਕੇ ਪੈਸੇ ਵਸੂਲਣ ਵਾਲੀਆਂ ਬੀਸੀਆਂ ਜਥੇਬੰਦੀਆਂ ਬਣੀਆਂ ਫਿਰਦੀਆਂ ਹਨ। ਕੋਈ ਇਹਨਾਂ ਦਾ ਆਖਾ ਨਾ ਮੰਨੇ, ਇਹ ਗੋਲੀ ਮਾਰ ਦਿੰਦੇ ਹਨ।

ਡਰਦੇ ਕਮਲ ਪ੍ਰਸ਼ਾਦ ਨੇ ਵੀ ਕਾਗ਼ਜ਼ ਛਾਪ ਦਿੱਤੇ। ਦਹਿਸ਼ਤਗਰਦਾਂ ਤੋਂ ਡਰਦਾ ਪਹਿਲਾਂ ਉਹ ਚੁੱਪ ਰਿਹਾ। ਗ੍ਰਿਫ਼ਤਾਰੀ ਬਾਅਦ ਉਸ ਨੇ ਮੀਤੇ ਨੂੰ ਪਛਾਣ ਲਿਆ।

ਕਮਲ ਪ੍ਰਸ਼ਾਦ ’ਤੇ ਜਿਰਾਹ ਕਰਨ ਦੀ ਵਾਰੀ ਮੋਹਨ ਜੀ ਦੀ ਸੀ।

ਕਮਲ ਪ੍ਰਸ਼ਾਦ ਨੇ ਮੰਨਿਆ ਕਈ ਸਾਲਾਂ ਤੋਂ ਉਹ ਸੇਵਾ ਸੰਮਤੀ ਦਾ ਪ੍ਰਧਾਨ ਚਲਿਆ ਆ ਰਿਹਾ ਸੀ। ਲਾਲਾ ਜੀ ਵੱਲੋਂ ਲਾਏ ਹਰ ਕੈਂਪ ਵਿਚ ਉਹ ਮੋਹਰੀ ਹੁੰਦਾ ਸੀ। ਸੇਵਾ ਸੰਮਤੀ ਵੱਲੋਂ ਛਾਪੇ ਜਾਂਦੇ ਸਭ ਇਸ਼ਤਿਹਾਰ ਉਸੇ ਦੀ ਪ੍ਰੈਸ ਤੋਂ ਛਪਦੇ ਸਨ। ਸੇਵਾ ਸੰਮਤੀ ਤੋਂ ਉਹ ਕੋਈ ਪੈਸਾ ਨਹੀਂ ਸੀ ਲੈਂਦਾ।

ਪ੍ਰੈਸ ਦਾ ਮਾਲਕ ਹੋਣ ਦੇ ਨਾਤੇ ਉਹ ਕਾਊਂਟਰ ’ਤੇ ਬੈਠਦਾ ਸੀ। ਕੰਪੋਜ਼ ਕਰਨਾ ਜਾਂ ਮਸ਼ੀਨ ਚਲਾਉਣਾ ਉਸ ਦੇ ਵੱਸ ਦਾ ਰੋਗ ਨਹੀਂ ਸੀ। ਵਰਕਰਾਂ ਦੇ ਹੁੰਦੇ ਇਸ ਦੀ ਜ਼ਰੂਰਤ ਵੀ ਨਹੀਂ ਸੀ।

ਇਹ ਪੈਡ ਕੰਪੋਜ਼ ਕਿਸੇ ਹੋਰ ਵਰਕਰ ਨੇ ਕੀਤਾ ਸੀ ਅਤੇ ਛਾਪਿਆ ਕਿਸੇ ਹੋਰ ਵਰਕਰ ਨੇ ਸੀ। ਇਸ ਦੀ ਜਿਲਦਸਾਜ਼ੀ ਤੀਜੀ ਥਾਂ ਹੋਈ ਸੀ।

ਸਾਰੇ ਕੰਮ ਲਈ ਘੱਟੋ-ਘੱਟ ਦੋ ਘੰਟੇ ਦਾ ਸਮਾਂ ਤਾਂ ਲੱਗਾ ਹੀ ਹੋਏਗਾ।

ਇਹ ਪੈਡ ਕਿਸ ਵਰਕਰ ਨੇ ਕੰਪੋਜ਼ ਕੀਤਾ? ਕਿਸ ਵਰਕਰ ਨੇ ਛਾਪਿਆ? ਮੀਤਾ ਕਿਸ ਸਮੇਂ ਆਇਆ? ਇੰਨਾ ਸਮਾਂ ਉਹ ਕਿਥੇ ਬੈਠਾ ਰਿਹਾ? ਇੰਨੇ ਬੰਦਿਆਂ ਨੂੰ ਇਕੱਲਾ ਕਿਵੇਂ ਡਰਾਉਂਦਾ ਰਿਹਾ? ਜੇ ਉਹ ਧਮਕੀ ਦੇ ਕੇ ਚਲਾ ਗਿਆ ਸੀ ਤਾਂ ਕਿਸੇ ਨੇ ਪੁਲਿਸ ਨੂੰ ਇਤਲਾਹ ਕਿਉਂ ਨਾ ਦਿੱਤੀ?

ਕਿਸੇ ਵੀ ਪ੍ਰਸ਼ਨ ਦਾ ਕਮਲ ਪ੍ਰਸ਼ਾਦ ਕੋਲ ਤਸੱਲੀ-ਬਖ਼ਸ਼ ਉੱਤਰ ਨਹੀਂ ਸੀ।

ਉਸ ਨੇ ਬੱਸ ਇਕੋ ਰਟ ਲਾਈ ਰੱਖੀ, “ਅਸੀਂ ਡਰੇ ਹੋਏ ਸੀ।”

ਕਮਲ ਪ੍ਰਸ਼ਾਦ ਨੂੰ ਇਹ ਵੀ ਯਾਦ ਨਹੀਂ ਸੀ ਕਿ ਪੈਡ ਨੂੰ ਵਧੀਆ ਕਾਗ਼ਜ਼ ਲਾਇਆ ਗਿਆ ਸੀ ਜਾਂ ਘਟੀਆ? ਪੈਡ ਦੋ ਰੰਗਾਂ ਵਿਚ ਛਾਪਿਆ ਗਿਆ ਸੀ ਜਾਂ ਇਕ ਵਿਚ? ਕਿਸੇ ਬਲਾਕ ਦੀ ਵਰਤੋਂ ਹੋਈ ਜਾਂ ਨਹੀਂ? ਸਾਰੇ ਪੈਡ ਲਈ ਇਕੋ ਤਰ੍ਹਾਂ ਦਾ ਕਾਗ਼ਜ਼ ਲੱਗਾ ਸੀ ਜਾਂ ਤਰ੍ਹਾਂ-ਤਰ੍ਹਾਂ ਦਾ?

ਯਾਦਦਾਸ਼ਤ ਤਾਜ਼ਾ ਕਰਾਉਣ ਲਈ ਉਸ ਨੂੰ ਅਦਾਲਤ ਵਾਲੀ ਮਿਸਲ ਦਿਖਾਈ ਗਈ। ਮਿਸਲ ਨਾਲ ਲੱਗੀਆਂ ਚਿੱਠੀਆਂ ਦੀ ਉਸ ਤੋਂ ਘੋਖ ਕਰਾਈ ਗਈ।

ਸਵਾਲਾਂ ਦੀ ਝੜੀ ਇਕ ਵਾਰ ਫੇਰ ਲਾਈ ਗਈ।

ਇਹ ਦਰੁਸਤ ਸੀ ਕਿ ਮਿਸਲ ਨਾਲ ਲੱਗੀਆਂ ਚਿੱਠੀਆਂ ਦੋ ਤਰ੍ਹਾਂ ਦੇ ਪੈਡ ’ਤੇ ਲਿਖੀਆਂ ਗਈਆਂ ਸਨ। ਇਕ ਪੈਡ ਦਾ ਕਾਗ਼ਜ਼ ਵਧੀਆ ਸੀ ਅਤੇ ਦੂਜੇ ਦਾ ਘਟੀਆ। ਵਧੀਆ ਕਾਗ਼ਜ਼ ਵਾਲੀ ਪੈਡ ਦੀ ਸਿਆਹੀ ਵੀ ਉੱਤਮ ਸੀ ਅਤੇ ਛਪੀ ਵੀ ਦੋ ਰੰਗਾਂ ਵਿਚ ਸੀ। ਇਸ ਪੈਡ ’ਤੇ ਛਪੇ ਜਥੇਬੰਦੀ ਦੇ ਚਿੰਨ੍ਹ ਨੂੰ ਛਾਪਣ ਲਈ ਬਲਾਕ ਦੀ ਵਰਤੋਂ ਕੀਤੀ ਗਈ ਸੀ।

ਦੂਸਰਾ ਪੈਡ ਇਕ ਰੰਗ ਵਿਚ ਛਪਿਆ ਸੀ ਅਤੇ ਉਸ ਦੀ ਸਿਆਹੀ ਘਟੀਆ ਸੀ।

ਜਦੋਂ ਕਮਲ ਪ੍ਰਸ਼ਾਦ ਤੋਂ ਇਹ ਪੁੱਛਿਆ ਗਿਆ ਕਿ ਕਿਹੜਾ ਪੈਡ ਉਸ ਦੀ ਪ੍ਰੈਸ ਵਿਚੋਂ ਛਪਿਆ ਸੀ ਤਾਂ ਝੱਟ  ਉਸ ਨੇ ਦੂਸਰੀ ਕਿਸਮ ਦੇ ਪੈਡ ’ਤੇ ਉਂਗਲ ਰੱਖ ਦਿੱਤੀ।

ਇਹੋ ਸੱਚ ਸੀ। ਇਹ ਉਹੋ ਪੈਡ ਸੀ ਜਿਹੜਾ ਨਾਜ਼ਰ ਸਿੰਘ ਨੇ ਉਸ ਤੋਂ ਛਪਵਾਇਆ ਸੀ। ਵਗਾਰ ਦੇ ਕੰਮਾਂ ਵਿਚ ਨਾ ਕਾਗ਼ਜ਼ ਵਧੀਆ ਲੱਗਦਾ ਹੈ, ਨਾ ਸਿਆਹੀ।

ਧਮਕੀਆਂ ਲਿਖਣ ਲਈ ਅਸਲ ਦੋਸ਼ੀਆਂ ਨੇ ਵਧੀਆ ਪੈਡ ਦੀ ਵਰਤੋਂ ਕੀਤੀ ਸੀ। ਘਟੀਆ ਪੈਡ ’ਤੇ ਧਮਕੀਆਂ ਪੁਲਿਸ ਨੇ ਪਿੱਛੋਂ ਲਿਖਵਾਈਆਂ ਸਨ। ਇਹ ਤੱਥ ਹੱਥ-ਲਿਖਤ ਦਾ ਮਾਹਿਰ ਪਹਿਲਾਂ ਹੀ ਸਾਬਤ ਕਰ ਚੁੱਕਾ ਸੀ। ਹੁਣ ਸੋਨੇ ’ਤੇ ਸੁਹਾਗਾ ਹੋ ਗਿਆ ਸੀ।

ਕੇਸ ਦੀ ਆਖ਼ਰੀ ਕੜੀ ਵਿਚ ਉਹ ਗਵਾਹ ਭੁਗਤਣਾ ਸੀ, ਜਿਸ ਦੇ ਸਾਹਮਣੇ ਦੋਸ਼ੀਆਂ ਨੇ ਬੰਟੀ ਨੂੰ ਅਗਵਾ ਕਰਨ ਦੀ ਸਾਜ਼ਿਸ਼ ਘੜੀ ਸੀ।

ਇਹ ਤੱਥ ਰਾਧੇ ਸ਼ਿਆਮ ਚਾਹ ਵਾਲੇ ਨੇ ਸਾਬਤ ਕਰਨਾ ਸੀ।

ਰਾਧੇ ਦੀ ਦੁਕਾਨ ਟਰੱਕ ਯੂਨੀਅਨ ਦੇ ਸਾਹਮਣੇ ਸੀ। ਦਾਣਾ-ਫੱਕਾ ਸੰਭਰਦਾ ਪਾਲਾ ਅਕਸਰ ਉਸ ਦੀ ਦੁਕਾਨ ’ਤੇ ਆਇਆ ਸੀ। ਮੀਤੇ ਦਾ ਰੇੜ੍ਹਾ ਵੀ ਉਥੋਂ ਦੀ ਲੰਘਦਾ ਹੁੰਦਾ ਸੀ। ਉਹ ਵੀ ਰਾਧੇ ਦੀ ਮੁੱਛ-ਮਰੋੜ ਚਾਹ ਦਾ ਸ਼ੌਕੀਨ ਸੀ।

ਬੰਟੀ ਦੇ ਅਗਵਾ ਹੋਣ ਤੋਂ ਇਕ ਦਿਨ ਪਹਿਲਾਂ ਮੂੰਹ-ਹਨੇਰੇ ਉਹ ਦੋਵੇਂ ਉਸ ਦੀ ਦੁਕਾਨ ’ਤੇ ਆਏ ਸਨ। ਅਖ਼ੀਰਲੇ ਕੈਬਨ ਵਿਚ ਬੈਠ ਕੇ ਉਹਨਾਂ ਚਾਹ ਮੰਗਵਾਈ ਸੀ। ਚਾਹ ਦੇਣ ਗਏ ਰਾਧੇ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਸਨ। ਉਹ ਕਿਸੇ ਬੱਚੇ ਨੂੰ ਅਗਵਾ ਕਰ ਕੇ ਪੈਸੇ ਬਟੋਰਨ ਦੀਆਂ ਸਕੀਮਾਂ ਘੜ ਰਹੇ ਸਨ।

ਰਾਧਾ ਕਬੀਲਦਾਰ ਬੰਦਾ ਸੀ। ਉਹ ਇਹਨਾਂ ਝੰਜਟਾਂ ਵਿਚ ਨਹੀਂ ਸੀ ਪੈਣਾ ਚਾਹੁੰਦਾ। ਗੱਲ ਇਕ ਕੰਨ ਸੁਣੀ ਤੇ ਦੂਸਰੇ ਰਾਹੀਂ ਕੱਢ ਦਿੱਤੀ।

ਰਾਧੇ ਸ਼ਿਆਮ ਦੇ ਪੋਤੜਿਆਂ ਤਕ ਸਫ਼ਾਈ ਧਿਰ ਨੂੰ ਪਤਾ ਸੀ।

ਜਿਥੇ ਉਹ ਦੁਕਾਨ ਕਰਦਾ ਸੀ, ਉਹ ਥਾਂ ਮਿਊਂਸਿਪੈਲਟੀ ਦੀ ਸੀ। ਦੁਕਾਨ ਕਰਨ ਤੋਂ ਪਹਿਲਾਂ ਉਹ ਹਲਵਾਈ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ। ਰਾਮ ਲੀਲ੍ਹਾ ਦੇ ਦਿਨਾਂ ਵਿਚ ਚਾਹ ਉਸੇ ਹਲਵਾਈ ਦੀ ਦੁਕਾਨ ਤੋਂ ਜਾਂਦੀ ਸੀ। ਚਾਹ ਦੇਣ ਰਾਧਾ ਜਾਇਆ ਕਰਦਾ ਸੀ।

ਲਾਲਾ ਜੀ ਨੂੰ ਰਾਧੇ ’ਤੇ ਰਹਿਮ ਆ ਗਿਆ। ਪਹਿਲਾਂ ਰਾਧੇ ਨੂੰ ਰਾਮ ਲੀਲ੍ਹਾ ਗਰਾਊਂਡ ਵਿਚ ਤਖ਼ਤ-ਪੋਸ਼ ਰੱਖ ਕੇ ਚਾਹ ਦੀ ਦੁਕਾਨ ਲਾਉਣ ਦੀ ਇਜਾਜ਼ਤ ਦਿੱਤੀ ਗਈ। ਫੇਰ ਕਮੇਟੀ ਦੇ ਪ੍ਰਧਾਨ ਕੋਲ ਸਿਫ਼ਾਰਸ਼ ਕਰ ਕੇ ਇਹ ਥਾਂ ਅਲਾਟ ਕਰਾਈ ਗਈ। ਇਸ ਤਰ੍ਹਾਂ ਲਾਲਾ ਜੀ ਨੇ ਰਾਧੇ ਨੂੰ ਨੌਕਰ ਤੋਂ ਮਾਲਕ ਬਣਾਇਆ। ਉਹ ਲਾਲਾ ਜੀ ਦਾ ਅੰਨ੍ਹਾ ਭਗਤ ਬਣ ਗਿਆ। ਲਾਲਾ ਜੀ ਲਈ ਉਹ ਖੂਹ ’ਚ ਛਾਲ ਮਾਰਨ ਲਈ ਤਿਆਰ ਸੀ। ਝੂਠੀ ਗਵਾਹੀ ਦੇਣਾ ਤਾਂ ਮਾਮੂਲੀ ਗੱਲਸੀ।

ਇਹ ਵੀ ਠੀਕ ਸੀ ਕਿ ਉਸ ਕੋਲ ਦਸ-ਬਾਰਾਂ ਮੁਲਾਜ਼ਮ ਕੰਮ ਕਰਦੇ ਸਨ। ਪੰਦਰਾਂ-ਵੀਹ ਗਾਹਕ ਹਰ ਵਕਤ ਦੁਕਾਨ ’ਤੇ ਬੈਠੇ ਰਹਿੰਦੇ ਸਨ। ਰਾਧੇ ਸ਼ਿਆਮ ਨੂੰ ਤਾਂ ਭੱਠੀ ਹੀ ਜਕੜੀ ਰੱਖਦੀ ਸੀ। ਗਾਹਕਾਂ ਨੂੰ ਚਾਹ ਫੜਾਉਣ ਦਾ ਉਸ ਕੋਲ ਵਕਤ ਕਿਥੇ?

ਫੇਰ ਉਸ ਦਿਨ ਉਹ ਚਾਹ ਫੜਾਉਣ ਕਿਉਂ ਗਿਆ? ਰਾਧੇ ਕੋਲ ਇਸ ਪ੍ਰਸ਼ਨ ਦਾ ਕੋਈ ਉੱਤਰ ਨਹੀਂ ਸੀ।

ਰਾਧਾ ਝੂਠ ਬੋਲ ਰਿਹਾ ਸੀ। ਉਸ ਦੀ ਦੁਕਾਨ ਵਿਚ ਕੋਈ ਸਾਜ਼ਿਸ਼ ਨਹੀਂ ਘੜੀ ਗਈ। ਰਾਧੇ ਨੂੰ ਝੂਠਾ ਸਾਬਤ ਕਰਨ ਲਈ ਮੋਹਨ ਜੀ ਸਬੂਤ ਪੇਸ਼ ਕਰਨ ਲੱਗਾ।

ਜਿਸ ਦਿਨ ਸਾਜ਼ਿਸ਼ ਘੜੀ ਦੱਸੀ ਗਈ ਸੀ, ਉਸ ਦਿਨ ਪਾਲਾ ਇਸ ਸ਼ਹਿਰ ਵਿਚ ਮੌਜੂਦ ਨਹੀਂ ਸੀ। ਉਸ ਦਿਨ ਉਹ ਪਟਿਆਲੇ ਗਿਆ ਹੋਇਆ ਸੀ।

ਜੀਵਨ ਆੜ੍ਹਤੀਏ ਦਾ ਕੋਈ ਰਿਸ਼ਤੇਦਾਰ ਰਾਜਿੰਦਰਾ ਹਸਪਤਾਲ ਦਾਖ਼ਲ ਸੀ। ਉਸ ਦਾ ਪਤਾ ਲੈਣ ਜਾਣਾ ਸੀ। ਪਾਲੇ ਨੇ ਸਾਥ ਦਾ ਲਾਹਾ ਤਕ ਲਿਆ। ਕਈ ਦਿਨਾਂ ਤੋਂ ਉਸ ਦੀਆਂ ਅੱਖਾਂ ਵਿਚ ਸਖ਼ਤ ਦਰਦ ਸੀ।

ਅੱਖਾਂ ਦੇ ਵਿਭਾਗ ਦੇ ਮੁਖੀ ਨੇ ਉਸ ਦੀਆਂ ਅੱਖਾਂ ਟੈਸਟ ਕੀਤੀਆਂ ਸਨ। ਮੁਖੀ ਨੇ ਪਰਚੀ ਆਪਣੇ ਹੱਥੀਂ ਤਿਆਰ ਕੀਤੀ ਸੀ।

ਇਥੇ ਹੀ ਬੱਸ ਨਹੀਂ, ਪਾਲੇ ਦਾ ਕੇਸ ਗੁੰਝਲਦਾਰ ਸੀ। ਉਸ ਨੂੰ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਸਾਹਮਣੇ ਪੇਸ਼ ਕੀਤਾ ਗਿਆ ਸੀ। ਕਾਲਜ ਵਿਚ ਦੋ ਦਿਨ ਉਸ ’ਤੇ ਲੈਕਚਰ ਹੁੰਦਾ ਰਿਹਾ ਸੀ। ਇਹਨਾਂ ਦੋ ਦਿਨਾਂ ਵਿਚ ਉਹ ਦਿਨ ਵੀ ਸ਼ਾਮਲ ਸੀ, ਜਿਸ ਦਿਨ ਬੰਟੀ ਅਗਵਾ ਹੋਇਆ ਸੀ।

ਇਸ ਤੱਥ ਦੀ ਪੁਸ਼ਟੀ ਲਈ ਮੋਹਨ ਜੀ ਨੇ ਹਸਪਤਾਲ ਦੀ ਪਰਚੀ, ਮੁਖੀ ਦਾ ਸਰਟੀਫ਼ਿਕੇਟ ਅਤੇ ਵਿਦਿਆਰਥੀਆਂ ਦੇ ਹਲਫ਼ੀਆ ਬਿਆਨ ਪੇਸ਼ ਕੀਤੇ।

ਇਹਨਾਂ ਬਾਰੀਕੀਆਂ ਦਾ ਰਾਧੇ ਸ਼ਿਆਮ ਨੂੰ ਕੀ ਪਤਾ ਸੀ? ਉਹ ਅਨਪੜ੍ਹ ਬੰਦਾ ਸੀ। “ਹੋ ਸਕਦੈ ਸਾਜ਼ਿਸ਼ ਇਕ-ਦੋ ਦਿਨ ਅੱਗੋਂ-ਪਿੱਛੋਂ ਘੜੀ ਗਈ ਹੋਵੇ।”

“ਫੇਰ ਤਾਂ ਇਹ ਵੀ ਹੋ ਸਕਦੈ ਕਿ ਗੱਲਾਂ ਕਰਨ ਵਾਲਿਆਂ ਵਿਚ ਪਾਲੇ ਦੀ ਥਾਂ ਗਾਮਾ ਅਤੇ ਮੀਤੇ ਦੀ ਥਾਂ ਨੈਬਾ ਹੋਵੇ।” ਰਾਧੇ ਦੇ ਉੱਤਰ ਤੋਂ ਖਿਝੇ ਅਤੇ ਉਸ ਦਾ ਮੌਜੂ ਉਡਾਉਣ ਲਈ ਤਤਪਰ ਹੋਏ ਮੋਹਨ ਜੀ ਨੇ ਵਿਅੰਗ ਕੀਤਾ।

“ਆਹੋ) ਇਹ ਵੀ ਹੋ ਸਕਦੈ”, ਵਕੀਲ ਦੇ ਸਮਝਾਏ ਅਨੁਸਾਰ ਪੈਂਤੜਾ ਬਦਲਣ ਦੀ ਕੋਸ਼ਿਸ਼ ਕਰਦਾ ਰਾਧਾ ਕੁਝ ਹੋਰ ਹੀ ਆਖ ਗਿਆ। ਰਾਧੇ ਦੇ ਇਸ ਉੱਤਰ ਨਾਲ ਕਚਹਿਰੀ ਵਿਚ ਹਾਸਾ ਪੈ ਗਿਆ। ਜਦੋਂ ਗੱਲਾਂ ਕਰਨ ਵਾਲੇ ਪਾਲਾ ਅਤੇ ਮੀਤਾ ਨਹੀਂ ਸਨ ਤਾਂ ਝੰਜਟ ਹੀ ਮੁੱਕ ਗਿਆ। ਸਫ਼ਾਈ ਧਿਰ ਨੂੰ ਹੋਰ ਮਗ਼ਜ਼-ਖਪਾਈ ਕਰਨ ਦੀ ਜ਼ਰੂਰਤ ਨਹੀਂ ਸੀ।

ਇਸ ਹਾਸੇ-ਠੱਠੇ ਨਾਲ ਅੱਜ ਦੀ ਕਾਰਵਾਈ ਸਮਾਪਤ ਹੋ ਗਈ।

ਕੁਰਸੀ ਛੱਡਣ ਤੋਂ ਪਹਿਲਾਂ ਜੱਜ ਨੇ ਦੋਹਾਂ ਧਿਰਾਂ ਦਾ ਧੰਨਵਾਦ ਕੀਤਾ। ਉਹਨਾਂ ਦੀ ਸੂਝ-ਬੂਝ ਸਦਕਾ ਹੀ ਮਾਹੌਲ ਮਿੱਤਰਤਾ ਭਰਿਆ ਬਣਿਆ ਰਿਹਾ ਸੀ।

ਸਰਕਾਰੀ ਵਕੀਲਾਂ ਦੇ ਚਿਹਰੇ ਉਤਰੇ ਹੋਏ ਸਨ। ਮੂੰਹ ਲਟਕਾਈ ਉਹ ਅਦਾਲਤੋਂ ਬਾਹਰ ਜਾਣ ਲੱਗੇ।

ਸਫ਼ਾਈ ਧਿਰ ਦੇ ਵਕੀਲਾਂ ਦੇ ਚਿਹਰਿਆਂ ’ਤੇ ਜਲੌ ਸੀ।

ਜੋਸ਼ ਨਾਲ ਭਰੇ ਸੰਮਤੀ ਦੇ ਵਰਕਰਾਂ ਨੇ ਕੋਰਟ ਰੂਮ ’ਤੇ ਧਾਵਾ ਬੋਲ ਦਿੱਤਾ।

ਕੋਈ ਵਰਕਰ ਮੋਹਨ ਜੀ ਨੂੰ ਚੁੰਮਣ ਲੱਗਾ, ਕੋਈ ਪਿਆਰੇ ਲਾਲ ਦੀ ਪਿੱਠ ਥਾਪੜਨ ਲੱਗਾ, ਕੋਈ ਗੁਰਮੀਤ ਨੂੰ ਕਲਾਵੇ ’ਚ ਭਰਨ ਲੱਗਾ।

ਵਧਾਈਆਂ ਕਬੂਲਦੇ ਬਾਬੇ ਦੀ ਹਿੱਕ ਵੀ ਗਿੱਠ ਚੌੜੀ ਹੋਈ ਹੋਈ ਸੀ।

ਪਾਲੇ ਅਤੇ ਮੀਤੇ ਦੀ ਕਿਸੇ ਨੂੰ ਸੁੱਧ ਨਹੀਂ ਸੀ। ਹੱਥਕੜੀਆਂ ਵਿਚ ਜਕੜੇ, ਅਦਾਲਤ ਦੀ ਇਕ ਨੁੱਕਰੇ ਖੜੇ ਉਹ ਵਕੀਲਾਂ ਦੇ ਮੂੰਹੋਂ ਕੁਝ ਸੁਣਨਾ ਚਾਹੁੰਦੇ ਸਨ।

ਗਵਾਹਾਂ ਨੇ ਕੀ ਗਵਾਹੀ ਦਿੱਤੀ? ਸਫ਼ਾਈ ਧਿਰ ਨੇ ਕੀ ਜਿਰਾਹ ਕੀਤੀ? ਮੁਕੱਦਮੇ ਦਾ ਰੁਖ਼ ਕਿਧਰ ਨੂੰ ਸੀ? ਸਾਰਾ ਕੁਝ ਅੱਖੀਂ ਦੇਖ ਅਤੇ ਕੰਨੀਂ ਸੁਣ ਕੇ ਵੀ ਉਹਨਾਂ ਦੇ ਕੱਖ ਪੱਲੇ ਨਹੀਂ ਸੀ ਪਿਆ।

ਸੰਮਤੀ ਦੇ ਵਰਕਰਾਂ ਦੇ ਉਤਸ਼ਾਹ ਤੋਂ ਹੀ ਉਹ ਅੰਦਾਜ਼ਾ ਲਗਾ ਰਹੇ ਸਨ। ਜ਼ਰੂਰ ਕੇਸ ਉਹਨਾਂ ਦੇ ਹੱਕ ਵਿਚ ਗਿਆ ਹੋਵੇਗਾ।

ਫੇਰ ਵੀ ਉਹ ਆਪਣੇ ਵਕੀਲਾਂ ਦੇ ਮੂੰਹੋਂ ਕੁਝ ਸੁਣਨਾ ਚਾਹੁੰਦੇ ਸਨ।

ਪਾਲੇ ਨੇ ਇਕ-ਦੋ ਵਾਰ ਆਵਾਜ਼ਾਂ ਵੀ ਮਾਰੀਆਂ, ਪਰ ਉਹ ਕਾਵਾਂ-ਰੌਲੀ ਵਿਚ ਗਵਾਚ ਗਈਆਂ।

ਪੁਲਿਸ ਦੀ ਵੈਨ ਅਦਾਲਤ ਅੱਗੇ ਆ ਰੁਕੀ।

ਸਿਪਾਹੀ ਦੋਸ਼ੀਆਂ ਨੂੰ ਜੇਲ੍ਹ ਲਿਜਾਣ ਲਈ ਕਾਹਲੇ ਪੈਣ ਲੱਗੇ।

ਦੋਸ਼ੀਆਂ ਦੇ ਮਿੰਨਤ-ਤਰਲੇ ’ਤੇ ਦੋ-ਚਾਰ-ਪੰਜ ਮਿੰਟ ਹੋਰ ਉਡੀਕਿਆ ਗਿਆ। ਜਦੋਂ ਫੇਰ ਵੀ ਕਿਸੇ ਨੇ ਉਹਨਾਂ ਦੀ ਜਾਤ ਨਾ ਪੁੱਛੀ ਤਾਂ ਧੂਹ ਕੇ ਉਹਨਾਂ ਨੂੰ ਗੱਡੀ ਵਿਚ ਸੁੱਟ ਲਿਆ ਗਿਆ।

ਪਾਲੇ ਅਤੇ ਮੀਤੇ ਦੇ ਇਸ ਤਰ੍ਹਾਂ ਨਿਰਾਸ਼ ਹੋ ਕੇ ਮੁੜਨ ਦਾ ਅਹਿਸਾਸ ਸੰਮਤੀ ਨੂੰ ਉਸ ਸਮੇਂ ਹੋਇਆ ਜਦੋਂ ਉਹਨਾਂ ਨੂੰ ਲਿਜਾਣ ਵਾਲੀ ਵੈਨ ਅੱਖਾਂ ਤੋਂ ਓਹਲੇ ਹੋ ਗਈ।

ਖ਼ੁਸੀਆਂ ਦੇ ਜਸ਼ਨ ਤੁਰੰਤ ਬੰਦ ਕੀਤੇ ਗਏ।

ਪਿਆਰੇ ਲਾਲ ਜੇਲ੍ਹ ਜਾਏ। ਉਹਨਾਂ ਨਾਲ ਮੁਲਾਕਾਤ ਕਰ ਕੇ ਇਹ ਖ਼ੁਸ਼ਖ਼ਬਰੀ ਸੁਣਾਏ। ਇਹ ਪ੍ਰਬੰਧ ਕੀਤੇ ਜਾਣ ਲੱਗੇ।

 

 

27

ਮੁਦੱਈ ਧਿਰ ਦੀ ਗਵਾਹੀ ਖ਼ਤਮ ਹੋਣ ’ਤੇ ਮੁਲਜ਼ਮਾਂ ਦੇ ਬਿਆਨ ਲਿਖੇ ਗਏ। ਫੇਰ ਦੋਸ਼ੀਆਂ ਨੂੰ ਸਫ਼ਾਈ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ।

ਸਾਧਾਰਨ ਕੇਸ ਹੁੰਦਾ ਤਾਂ ਸਫ਼ਾਈ ਧਿਰ ਨੂੰ ਦਸਤਾਵੇਜ਼ ਇਕੱਠੇ ਕਰਨ ਅਤੇ ਗਵਾਹਾਂ ਨਾਲ ਸੰਪਰਕ ਕਾਇਮ ਕਰਨ ਲਈ ਘੱਟੋ-ਘੱਟ ਮਹੀਨੇ ਦਾ ਸਮਾਂ ਮਿਲਦਾ। ਲਟਕਦਾ-ਲਟਕਦਾ ਇਹ ਸਾਲਾਂ ਵਿਚ ਤਬਦੀਲ ਹੋ ਜਾਂਦਾ। ਕਿਸੇ ਵੀ ਧਿਰ ਨੂੰ ਫ਼ੈਸਲੇ ਦੀ ਕਾਹਲ ਨਾ ਹੰਦੀ। ਸਫ਼ਾਈ ਧਿਰ ਨੂੰ ਸਜ਼ਾ ਦਾ ਡਰ ਹੁੰਦਾ। ਮੁਦੱਈ ਧਿਰ ਨੂੰ ਦੋਸ਼ੀਆਂ ਦੇ ਬਰੀ ਹੋਣ ਦਾ। ਜੱਜ ਸੌ ਸਫ਼ਿਆਂ ਦਾ ਫ਼ੈਸਲਾ ਲਿਖਣ ਤੋਂ ਕਤਰਾ ਰਿਹਾ ਹੁੰਦਾ।

ਇਸ ਕੇਸ ਦੀ ਸਥਿਤੀ ਉਲਟ ਸੀ। ਸਾਰੀਆਂ ਧਿਰਾਂ ਕੇਸ ਨੂੰ ਜਲਦੀ ਨਿਪਟਾਉਣ ’ਤੇ ਤੁਲੀਆਂ ਹੋਈਆਂ ਸਨ।

ਸਜ਼ਾ ਕਰਾਉਣ ਵਾਲਿਆਂ ਦੀ ਗਿਣਤੀ ਬਰੀ ਕਰਾਉਣ ਵਾਲਿਆਂ ਨਾਲੋਂ ਕਈ ਗੁਣਾ ਜ਼ਿਆਦਾ ਸੀ। ਕੇਸ ਦਾ ਲਟਕਦੇ ਰਹਿਣਾ ਸੰਮਤੀ ਲਈ ਖ਼ਤਰਨਾਕ ਸੀ। ਸਫ਼ਾਈ ਦੇ ਗਵਾਹ ਮੁਕਰਾਏ ਜਾ ਸਕਦੇ ਹਨ। ਸਰਕਾਰ ਵੱਲੋਂ ਜੱਜ ਤਕ ਪਹੁੰਚ ਕੀਤੀ ਜਾ ਸਕਦੀ ਸੀ। ਸਰਕਾਰ ਕੋਈ ਹੋਰ ਹੱਥ-ਕੰਡਾ ਵੀ ਵਰਤ ਸਕਦੀ ਸੀ।

ਕੇਸ ਬਹੁਤ ਕਮਜ਼ੋਰ ਹੋ ਚੁੱਕਾ ਸੀ। ਸਜ਼ਾ ਹੋਣ ਦੀ ਸੰਭਾਵਨਾ ਨਹੀਂ ਸੀ। ਸੰਮਤੀ ਦਾ ਭਲਾ ਫ਼ੈਸਲਾ ਜਲਦੀ ਕਰਾਉਣ ਵਿਚ ਹੀ ਸੀ।

ਸੰਘ ਵਾਲਿਆਂ ਦੇ ਵੀ ਸੱਤੂ ਮੁੱਕ ਚੁੱਕੇ ਸਨ। ਉਹਨਾਂ ਦੀ ਜਥੇਬੰਦੀ ਮੁੜ ਖੇਰੂੰ-ਖੇਰੂੰ ਹੋਣ ਲੱਗੀ ਸੀ। ਹੋਰ ਧੂਹ-ਘਸੀਟ ਕਰਨੀ ਮੁਸ਼ਕਲ ਸੀ। ਝੂਠ ਦਾ ਪੋਲ ਖੁੱਲ੍ਹ ਚੁੱਕਾ ਸੀ। ਸੰਘ ਦੇ ਸਮਰਥਕ ਗਵਾਹ ਕਿਤੇ ਮੂੰਹ ਵਿਖਾਉਣ ਜੋਗੇ ਨਹੀਂ ਸੀ ਰਹੇ। ਹਾਲੇ ਮੁੱਖ ਮੰਤਰੀ ਦੀ ਗੱਦੀ ਕਾਇਮ ਸੀ। ਉਸ ਦੀ ਨਿੱਜੀ ਦਿਲਚਸਪੀ ਕਾਰਨ ਦੋਸ਼ੀਆਂ ਨੂੰ ਸਜ਼ਾ ਹੋ ਸਕਦੀ ਸੀ। ਉਸ ਦੇ ਗੱਦੀਉਂ ਲਹਿੰਦਿਆਂ ਹੀ ਉਹ ਬਰੀ ਹੋ ਸਕਦੇ ਸਨ।

ਇਸ ਕੇਸ ਕਾਰਨ ਸ਼ਹਿਰ ਵਿਚ ਤਣਾਓ ਰਹਿੰਦਾ ਸੀ। ਪ੍ਰਸ਼ਾਸਨ ਇਸ ਤਣਾਓ ਤੋਂ ਬੜਾ ਦੁਖੀ ਸੀ। ਜਦੋਂ ਦਾ ਇਹ ਮਸਲਾ ਭਖਿਆ ਸੀ, ਕਈ ਅਫ਼ਸਰ ਮੁਅੱਤਲ ਹੋ ਚੁੱਕੇ ਸਨ। ਕਈਆਂ ਨੂੰ ਘਰ ਬੈਠਣਾ ਪਿਆ ਸੀ। ਤਬਾਦਲੇ ਦੀ ਤਲਵਾਰ ਹਰ ਵਕਤ ਸਿਰ ’ਤੇ ਲਟਕਦੀ ਰਹਿੰਦੀ ਸੀ।

ਪ੍ਰਸ਼ਾਸਨ ਝੋਟਿਆਂ ਦੇ ਭੇੜ ਵਿਚ ਫਸਿਆ ਮਹਿਸੂਸ ਕਰਦਾ ਸੀ।

ਇਕ ਪਾਸੇ ਸੰਘ ਸੀ, ਜਿਸ ਦੀ ਪਿੱਠ ’ਤੇ ਸਰਕਾਰ ਸੀ।

ਦੂਜੇ ਪਾਸੇ ਸੰਮਤੀ ਸੀ ਜਿਹੜੀ ਕਿਸੇ ਵੀ ਹੱਦ ਤਕ ਜਾ ਸਕਦੀ ਸੀ। ਜਿਸ ਹਿਸਾਬ ਨਾਲ ਸੰਮਤੀ ਨੇ ਰਿਕਾਰਡ ਇਕੱਠਾ ਕੀਤਾ ਸੀ ਅਤੇ ਸਰਕਾਰੀ ਗਵਾਹਾਂ ਨਾਲ ਨਜਿੱਠਿਆ ਸੀ, ਉਸ ਤੋਂ ਸਿਆਣੇ ਅਫ਼ਸਰਾਂ ਨੂੰ ਆਪਣਾ ਦਾਮਨ ਬਚਾਈ ਰੱਖਣ ਦਾ ਸਬਕ ਮਿਲਿਆ ਸੀ।

ਪ੍ਰਸ਼ਾਸਨ ਚਾਹੁੰਦਾ ਸੀ ਕੇਸ ਦਾ ਫ਼ੈਸਲਾ ਜਲਦੀ ਹੋਵੇ। ਦੋਸ਼ੀ ਬਰੀ ਹੋਣ ਜਾਂ ਸਜ਼ਾ ਉਸ ਦੀ ਬਲਾ ਨੂੰ। ਅੱਗੇ ਕੇਸ ਹਾਈ ਕੋਰਟ ਚੱਲਣਾ ਸੀ। ਜਲਸੇ-ਜਲੂਸ ਉਥੇ ਹੋਣੇ ਸਨ। ਜ਼ਿਲ੍ਹਾ ਅਧਿਕਾਰੀਆਂ ਦਾ ਖਹਿੜਾ ਛੁੱਟਣਾ ਸੀ।

ਜੱਜ ਦਾ ਵਿਚਾਰ ਵੀ ਇਹੋ ਜਿਹਾ ਸੀ। ਉਸ ਉਪਰ ਵੀ ਸਭ ਪਾਸਿਉਂ ਦਬਾਅ ਪੈ ਰਿਹਾ ਸੀ। ਇਕ ਪਾਸੇ ਸਰਕਾਰ ਵੱਲੋਂ ਇਸ਼ਾਰੇ ਹੋ ਰਹੇ ਸਨ, ਦੋਸ਼ੀਆਂ ਨੂੰ ਸਜ਼ਾ ਕਰੋ। ਦੂਜੇ ਪਾਸੇ ਸੰਮਤੀ ਦਾ ਖ਼ੁਫ਼ੀਆ ਵਿਭਾਗ ਉਸ ਦਾ ਪਿੱਛਾ ਕਰ ਰਿਹਾ ਸੀ। ਮੋਤਾ ਸਿੰਘ ਕੈਦੀਆਂ ਵਰਗੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਡਰਦਾ ਨਾ ਕਿਸੇ ਨੂੰ ਮਿਲਦਾ ਸੀ, ਨਾ ਕਿਸੇ ਦੇ ਜਾਂਦਾ ਸੀ। ਉਹ ਫ਼ੋਨ ਤਕ ਨਹੀਂ ਸੀ ਕਰਦਾ। ਕੀ ਪਤਾ ਸੰਮਤੀ ਸੁਣ ਰਹੀ ਹੋਵੇ।

ਹਾਲੇ ਤਕ ਭਾਵੇਂ ਕਿਸੇ ਨੇ ਮੋਤਾ ਸਿੰਘ ਤਕ ਪਹੁੰਚ ਨਹੀਂ ਸੀ ਕੀਤੀ, ਫੇਰ ਵੀ ਉਸ ਨੂੰ ਚੌਵੀ ਘੰਟੇ ਡਰ ਬਣਿਆ ਰਹਿੰਦਾ ਸੀ। ਹਾਈ ਕੋਰਟ ਦੇ ਕਿਸੇ ਜੱਜ ਨੇ ਫ਼ੋਨ ਕਰ ਦਿੱਤਾ ਤਾਂ ਉਹ ਕੀ ਕਰੇਗਾ? ਉਹ ਜਲਦੀ ਤੋਂ ਜਲਦੀ ਇਸ ਝੰਜਟ ਵਿਚੋਂ ਨਿਕਲਣਾ ਚਾਹੁੰਦਾ ਸੀ।

ਜਦੋਂ ਮੀਆਂ-ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ ਵਾਲੀ ਅਖਾਉਤ ਵਾਂਗ ਸਭ ਧਿਰਾਂ ਦੀ ਸਹਿਮਤੀ ਨਾਲ ਸਫ਼ਾਈ ਲਈ ਇਕ ਹਫ਼ਤੇ ਦੀ ਪੇਸ਼ੀ ਪਾਈ ਗਈ।

ਬੰਟੀ ਕਤਲ ਕੇਸ ਨੂੰ ਜੇ ਸਿਆਸੀ ਰੰਗਤ ਨਾ ਚੜ੍ਹੀ ਹੁੰਦੀ ਤਾਂ ਜੱਜ ਨੇ ਹਫ਼ਤੇ ਦੀ ਤਾਰੀਖ਼ ਵੀ ਨਹੀਂ ਸੀ ਦੇਣੀ।  ਮੁਦੱਈ ਧਿਰ ਦੇ ਸਬੂਤ ਬੰਦ ਹੁੰਦਿਆਂ ਹੀ ਜੱਜ ਦੋਸ਼ੀਆਂ ਨੂੰ ‘ਘਰ ਦੌੜ’ ਜਾਣ ਦਾ ਹੁਕਮ ਸੁਣਾ ਦੇਣਾ ਸੀ। ਇਕ-ਦੋ ਜਾਂ ਚਾਰ-ਪੰਜ ਨੇ ਨਹੀਂ, ਇਸ ਕੇਸ ਵਿਚ ਤਾਂ ਸਾਰੇ ਦੇ ਸਾਰੇ ਗਵਾਹਾਂ ਨੇ ਕੇਸ ਦਾ ਭੱਠਾ ਬਿਠਾਇਆ ਸੀ।

ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦਾ ਜੱਜ ਖ਼ਾਮੋਸ਼ ਰਿਹਾ ਸੀ। ਸਫ਼ਾਈ ਦੇਣੀ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਸਫ਼ਾਈ ਧਿਰ ’ਤੇ ਛੱਡ ਦਿੱਤਾ ਗਿਆ ਸੀ।

ਸਫ਼ਾਈ ਦੇਣੀ ਹੈ ਜਾਂ ਨਹੀਂ? ਜੇ ਹਾਂ ਤਾਂ ਕਿਹੜੀ? ਇਸ ਨੁਕਤੇ ਦਾ ਫ਼ੈਸਲਾ ਕਰਨ ਲਈ ਲੀਗਲ ਸੈੱਲ ਦੀ ਮੀਟਿੰਗ ਹੋਈ ਸੀ।

ਪਿਆਰੇ ਲਾਲ ਸਫ਼ਾਈ ਦੇਣ ਦੇ ਹੱਕ ਵਿਚ ਨਹੀਂ ਸੀ। ਜਦੋਂ ਦੋਸ਼ੀਆਂ ਦੇ ਖ਼ਿਲਾਫ਼ ਕੁਝ ਸਾਬਤ ਹੀ ਨਹੀਂ ਹੁੰਦਾ ਤਾਂ ਸਫ਼ਾਈ ਕਿਸ ਨੁਕਤੇ ’ਤੇ ਦੇਣੀ ਸੀ? ਜੱਜ ਦੇ ਇਸ਼ਾਰੇ ਨੂੰ ਸਮਝਣਾ ਚਾਹੀਦਾ ਸੀ। ਹਫ਼ਤੇ ਦੀ ਤਾਰੀਖ਼ ਪਾਉਣ ਦਾ ਉਸ ਦਾ ਇਹੋ ਮਤਲਬ ਸੀ। “ਤੁਸੀਂ ਸਫ਼ਾਈ ਬੰਦ ਕਰੋ। ਮੈਂ ਦੋਸ਼ੀ ਬੰਦ ਕਰਾਂ।” ਸਫ਼ਾਈ ਦੇ ਗਵਾਹ ਤਲਬ ਕਰ ਕੇ ਸਮਾਂ ਅਤੇ ਪੈਸਾ ਨਸ਼ਟ ਨਹੀਂ ਸੀ ਕਰਨਾ ਚਾਹੀਦਾ।

ਅਗਲੀ ਪੇਸ਼ੀ ’ਤੇ ਸਫ਼ਾਈ ਦੀ ਥਾਂ ਬਹਿਸ ਹੋਣੀ ਚਾਹੀਦੀ ਸੀ।

ਗੁਰਮੀਤ ਸਿੰਘ ਦੁਸ਼ਮਣ ਨੂੰ ਕਮਜ਼ੋਰ ਸਮਝਣ ਦੇ ਹੱਕ ਵਿਚ ਨਹੀਂ ਸੀ।

ਸੈੱਲ ਨੂੰ ਸਿਆਸੀ ਕੇਸਾਂ ਦੇ ਫ਼ੈਸਲਿਆਂ ਦੇ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਸੀ। ਭੁੱਟੋ ਨੂੰ ਫ਼ਾਂਸੀ ਲਾਉਣ ਲੱਗਿਆਂ ਫ਼ੌਜੀ ਅਦਾਲਤਾਂ ਨੇ ਕਾਨੂੰਨੀ ਪਾਬੰਦੀਆਂ ਦੀ ਪਰਵਾਹ ਨਹੀਂ ਸੀ ਕੀਤੀ। ਪਿਆਰੇ ਲਾਲ ਨੂੰ ਚੋਪੜਾ ਬੱਚਿਆਂ ਦੇ ਕਤਲ ਕੇਸ ਦੀ ਕਹਾਣੀ ਵੀ ਯਾਦ ਹੋਵੇਗੀ। ਰੰਗੇ ਅਤੇ ਬਿੱਲੇ ਨੂੰ ਸਿਆਸੀ ਗ਼ੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ। ਇੰਦਰਾ ਕਤਲ ਕੇਸ ਤਾਂ ਕੱਲ੍ਹ ਦੀ ਕਹਾਣੀ ਹੈ। ਇਸ ਲਈ ਜਿਥੋਂ ਤਕ ਹੋ ਸਕੇ ਸਫ਼ਾਈ ਧਿਰ ਨੂੰ ਆਪਣੇ ਹੱਥ ਮਜ਼ਬੂਤ ਕਰ ਲੈਣੇ ਚਾਹੀਦੇ ਸਨ।

ਸਫ਼ਾਈ ਧਿਰ ਦੇ ਹੱਥ ਮਜ਼ਬੂਤ ਕਰਨ ਲਈ ਮੋਹਨ ਜੀ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ।

ਜੇ ਮੁਦੱਈ ਧਿਰ ਨੇ ਝੂਠੇ ਸਬੂਤ ਘੜੇ ਹਨ ਤਾਂ ਸਫ਼ਾਈ ਧਿਰ ਨੂੰ ਵੀ ਘੜਨੇ ਚਾਹੀਦੇ ਹਨ। ਜੇ ਸੈੱਲ ਚਾਹੇ ਤਾਂ ਮੋਹਨ ਜੀ ਕਿਸੇ ਵੀ ਦੋਸ਼ੀ ਨੂੰ, ਕਿਸੇ ਵੀ ਦਿਨ, ਕਿਸੇ ਵੀ ਹਸਪਤਾਲ ਵਿਚ ਦਾਖ਼ਲ ਜਾਂ ਕਿਸੇ ਜੇਲ੍ਹ ਵਿਚ ਬੰਦ ਦਿਖਾ ਸਕਦਾ ਹੈ। ਮਨ-ਮਰਜ਼ੀ ਦੀਆਂ ਪੰਚਾਇਤਾਂ ਤੋਂ ਪਿਛਲੀਆਂ ਤਾਰੀਖ਼ਾਂ ਵਿਚ ਮਨ-ਮਰਜ਼ੀ ਦੇ ਮਤੇ ਪਵਾ ਸਕਦਾ ਹੈ। ਡਾਕਖ਼ਾਨੇ ਤੋਂ ਦਿੱਤੀਆਂ ਤਾਰਾਂ, ਕਰਾਈਆਂ ਰਜਿਸਟਰੀਆਂ ਦੇ ਸਬੂਤ ਲਿਆ ਸਕਦਾ ਹੈ।

ਗੁਰਮੀਤ ਮੋਹਨ ਜੀ ਨਾਲ ਵੀ ਸਹਿਮਤ ਨਹੀਂ ਸੀ। ਸੈੱਲ ਦਾ ਪੱਲੜਾ ਭਾਰੀ ਸੀ। ਉਹ ਅਸਲੀਅਤ ਵੀ ਸਾਹਮਣੇ ਲਿਆਏਗਾ ਅਤੇ ਸੱਚ ਦਾ ਪੱਲਾ ਵੀ ਨਹੀਂ ਛੱਡੇਗਾ।

ਅਦਾਲਤਾਂ ਬੰਦਿਆਂ ਨਾਲੋਂ ਕਾਗ਼ਜ਼ਾਂ ’ਤੇ ਵੱਧ ਵਿਸ਼ਵਾਸ ਕਰਦੀਆਂ ਹਨ। ਸੈੱਲ ਦਸਤਾਵੇਜ਼ਾਂ ਦਾ ਢੇਰ ਲਾਏਗਾ।

ਆਪਣੇ ਹੱਕ ਦੇ ਕੁਝ ਦਸਤਾਵੇਜ਼ ਸੈੱਲ ਪਹਿਲਾਂ ਹੀ ਪੇਸ਼ ਕਰ ਚੁੱਕਾ ਸੀ। ਕੁਝ ਦਸਤਾਵੇਜ਼ ਉਸ ਨੇ ਹੋਰ ਪੇਸ਼ ਕਰਨੇ ਸਨ।

ਉਹਨਾਂ ਵਿਚੋਂ ਵੀ ਅਹਿਮ ਸੀ ਉਹ ਮਿਸਲ ਜਿਸ ਰਾਹੀਂ ਸੰਮਤੀ ਨੇ ਥਾਣੇ ’ਤੇ ਰੇਡ ਕਰਾਇਆ ਸੀ।

ਇਸ ਮਿਸਲ ਰਾਹੀਂ ਵਾਰੰਟ ਅਫ਼ਸਰ ਨੇ ਇਹ ਸਾਬਤ ਕਰਨਾ ਸੀ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਪਹਿਲਾਂ ਜਦੋ ਉਸ ਨੇ ਥਾਣੇ ’ਤੇ ਰੇਡ ਕੀਤਾ ਸੀਤਾਂ ਰੇਡ ਸਮੇਂ ਸੰਮਤੀ ਦੇ ਕਾਰਕੁਨਾਂ ਦੇ ਨਾਲ-ਨਾਲ ਉਸ ਨੂੰ ਪਾਲਾ ਅਤੇ ਮੀਤਾ ਵੀ ਥਾਣੇ ਬੈਠੇ ਮਿਲੇ ਸਨ।

ਇਸ ਤੱਥ ਦੀ ਪੁਸ਼ਟੀ ਲਈ ਸੰਮਤੀ ਵੱਲੋਂ ਕੁਝ ਗਵਾਹਾਂ ਨੂੰ ਵੀ ਭੁਗਤਾਇਆ ਗਿਆ ਸੀ।

ਗਵਾਹਾਂ ਦੀ ਗਵਾਹੀ ਨੂੰ ਪਰਖਣ ਲਈ ਅਦਾਲਤ ਦੀ ਆਪਣੀ ਹੀ ਕਸਵੱਟੀ ਸੀ। ਗਵਾਹੀ ਦੀ ਸੱਚਾਈ ਨੂੰ ਗਵਾਹ ਦੇ ਰੁਤਬੇ ਅਨੁਸਾਰ ਪਰਖਿਆ ਜਾਂਦਾ ਸੀ। ਕਲਰਕ ਨਾਲੋਂ ਗਜ਼ਟਿਡ ਅਫ਼ਸਰ, ਮਜ਼ਦੂਰ ਨਾਲੋਂ ਕਾਰਖ਼ਾਨੇਦਾਰ ਅਤੇ ਕਰਜ਼ਾਈ ਨਾਲੋਂ ਸ਼ਾਹੂਕਾਰ ਜ਼ਿਆਦਾ ਭਰੋਸੇਮੰਦ ਹੋਣਾ ਸੀ।

ਕਾਨੂੰਨ ਦੀ ਇਸ ਕਮਜ਼ੋਰੀ ਦਾ ਸਫ਼ਾਈ ਧਿਰ ਨੇ ਖ਼ਿਆਲ ਰੱਖਿਆ ਸੀ। ਉਸ ਵੱਲੋਂ ਗਵਾਹ ਉੱਚੇ ਰੁਤਬੇ ਵਾਲੇ ਹੀ ਭੁਗਤਾਏ ਜਾਣੇ ਸਨ।

ਮੋਹਨ ਜੀ ਨੂੰ ਉਹ ਕੇਸ ਯਾਦ ਸੀ ਜਿਸ ਵਿਚ ਇਕ ਡਿਪਟੀ ਕਮਿਸ਼ਨਰ ਨੇ ਸਫ਼ਾਈ ਵਿਚ ਭੁਗਤ ਕੇ ਕੇਸ ਦਾ ਪਾਸਾ ਪਲਟ ਦਿੱਤਾ ਸੀ।

ਉਸ ਕੇਸ ਵਿਚ ਫ਼ਰਮ ਦੇ ਇਕ ਹਿੱਸੇਦਾਰ ਨੇ ਦੂਜੇ ਹਿੱਸੇਦਾਰ ਦਾ ਕਤਲ ਕੀਤਾ ਸੀ। ਕਤਲ ਹੋਟਲ ਵਰਗੀ ਸ਼ਰੇਆਮ ਜਗ੍ਹਾ ’ਤੇ ਹੋਇਆ ਸੀ। ਚਸ਼ਮਦੀਦ ਗਵਾਹ ਬੀਸੀਆਂ ਸਨ। ਗਵਾਹਾਂ ਦੀ ਗਵਾਹੀ ਵੀ ਠੋਕਵੀਂ ਸੀ ਅਤੇ ਕਤਲ ਦਾ ਮਕਸਦ ਵੀ ਸਪੱਸ਼ਟ ਸੀ। ਹਿਸਾਬ-ਕਿਤਾਬ ਕਾਰਨ ਹਿੱਸੇਦਾਰਾਂ ਵਿਚ ਝਗੜਾ ਸੀ। ਤੂੰ-ਤੂੰ ਮੈਂ-ਮੈਂ ਪਹਿਲਾਂ ਵੀ ਕਈ ਵਾਰ ਹੋਈ ਸੀ। ਮਾਰ-ਧਾੜ ਪਹਿਲੀ ਵਾਰ ਹੋਈ ਸੀ। ਕਾਤਲ ਕੋਲ ਲਾਇਸੈਂਸੀ ਪਿਸਤੌਲ ਸੀ। ਉਸੇ ਪਿਸਤੌਲ ਨਾਲ ਮਿਰਤਕ ਨੂੰ ਮਾਰਿਆ ਗਿਆ ਸੀ।

ਜਦੋਂ ਬਰੀ ਹੋਣ ਦੇ ਸਾਰੇ ਰਾਹ ਬੰਦ ਹੋ ਗਏ ਤਾਂ ਸਿਆਣੇ ਵਕੀਲ ਨੂੰ ਇਕੋ ਰਾਹ ਲੱਭਾ ਸੀ। ਕਾਤਲ ਦਾ ਇਕ ਦੋਸਤ ਰਾਜਸਥਾਨ ਵਿਚ ਕਿਧਰੇ ਡਿਪਟੀ ਕਮਿਸ਼ਨਰ ਲੱਗਾ ਹੋਇਆ ਸੀ। ਜੇ ਉਹ ਸਫ਼ਾਈ ਵਿਚ ਭੁਗਤ ਜਾਵੇ ਤਾਂ ਬਚਾਅ ਹੋ ਸਕਦਾ ਸੀ।

ਦੋਸਤੀ ਖ਼ਾਤਰ ਡਿਪਟੀ ਕਮਿਸ਼ਨਰ ਆਇਆ ਸੀ। ਸਹੁੰ ਖਾ ਕੇ ਉਸ ਨੇ ਝੂਠ ਬੋਲਿਆ ਸੀ, ਕਤਲ ਵਾਲੀ ਰਾਤ ਉਸ ਦਾ ਦੋਸਤ ਉਸ ਕੋਲ ਰਾਜਸਥਾਨ ਸੀ। ਵਾਰਦਾਤ ਵਾਲੀ ਥਾਂ ਉਥੋਂ ਪੰਜ ਸੌ ਮੀਲ ਦੂਰ ਸੀ। ਹਵਾਈ ਜਹਾਜ਼ ਰਾਹੀਂ ਉਥੇ ਪੁੱਜਣਾ ਹੋਵੇ ਤਾਂ ਵੀ ਦਿਹਾੜੀ ਚਾਹੀਦੀ ਸੀ।

ਜੱਜ ਨੂੰ ਇਕ ਆਈ.ਏ.ਐਸ. ਅਫ਼ਸਰ ਦੀ ਗਵਾਹੀ ਝੁਠਲਾਉਣੀ ਮੁਸ਼ਕਲ ਹੋ ਗਈ। ਮਾਮੂਲੀ ਜਿਹੀ ਗੱਲ ਖ਼ਾਤਰ ਐਡੇ ਵੱਡੇ ਅਫ਼ਸਰ ਨੂੰ ਝੂਠ ਬੋਲਣ ਦੀ ਕੀ ਲੋੜ ਸੀ? ਇਹ ਕਾਨੂੰਨ ਵੀ ਆਖਦਾ ਸੀ ਅਤੇ ਜੱਜ ਦਾ ਦਿਲ ਵੀ।

ਡਿਪਟੀ ਕਮਿਸ਼ਨਰ ਦੇ ਬਿਆਨ ਨੇ ਦੋਸ਼ੀ ਦੀਆਂ ਹੱਥਕੜੀਆਂ ਖੁਲ੍ਹਵਾ ਦਿੱਤੀਆਂ।

ਕਾਨੂੰਨ ਦਾ ਢਿੱਡ ਭਰਨ ਲਈ ਸੈੱਲ ਨੇ ਸਾਮਾਜਿਕ ਰੁਤਬਿਆਂ ਵਾਲੇ ਗਵਾਹ ਭੁਗਤਾਉਣੇ ਸ਼ੁਰੂ ਕੀਤੇ।

ਇਸ ਲੜੀ ਦਾ ਪਹਿਲਾ ਗਵਾਹ ਜੀਵਨ ਆੜ੍ਹਤੀਆ ਸੀ।

ਉਹ ਪੰਜ ਲੱਖ ਦੀ ਅਸਾਮੀ ਸੀ। ਲੱਖਾਂ ਰੁਪਿਆ ਇਨਕਮ ਟੈਕਸ ਭਰਦਾ ਸੀ। ਨਾ ਉਸ ਨੇ ਚਾਰ-ਪੰਜ ਸੌ ਲਈ ਝੂਠ ਬੋਲਣਾ ਸੀ, ਨਾ ਝੂਠੀ ਸਹੁੰ ਖਾ ਕੇ ਨਰਕਾਂ ਦਾ ਭਾਗੀ ਬਣਨਾ ਸੀ।

ਮੀਤੇ ਵਾਂਗ ਪਾਲਾ ਵੀ ਸੁਧਰ ਚੁੱਕਾ ਸੀ। ਉਹ ਜੀਵਨ ਦੀ ਦੁਕਾਨ ’ਤੇ ਮਜ਼ਦੂਰੀ ਕਰਦਾ ਸੀ। ਸਾਜ਼ਿਸ਼ ਅਤੇ ਅਗਵਾ ਵਾਲੇ ਦਿਨ ਉਹ ਉਸ ਨਾਲ ਪਟਿਆਲੇ ਗਿਆ ਹੋਇਆ ਸੀ। ਪਿੱਛੋਂ ਵੀ ਨਿਧੜਕ ਹੋ ਕੇ ਦੁਕਾਨ ’ਤੇ ਕੰਮ ਕਰਦਾ ਰਿਹਾ ਸੀ।

ਜਦੋਂ ਫੜ-ਫੜਾਈ ਸ਼ੁਰੂ ਹੋਈ ਤਾਂ ਡਰਦਾ ਪਾਲਾ ਉਸ ਕੋਲ ਆਇਆ। ਜੀਵਨ ਨੇ ਉਸ ਨੂੰ ਉਸ ਸਮੇਂ ਦੇ ਸਰਕਾਰੀ ਵਕੀਲ ਗੁਰਮੀਤ ਰਾਹੀਂ ਥਾਣੇ ਪੇਸ਼ ਕੀਤਾ ਸੀ। ਇਸ ਤੱਥ ਦੀ ਤਾਈਦ ਗੁਰਮੀਤ ਨੇ ਕਟਹਿਰੇ ਵਿਚ ਖੜੋ ਕੇ ਕੀਤੀ ਸੀ।

ਕੰਮੀਂ-ਕਾਰੀਂ ਗੁਰਮੀਤ ਜਦੋਂ ਥਾਣੇ ਜਾਂਦਾ ਸੀ ਤਾਂ ਪਾਲੇ ਦੇ ਨਾਲ-ਨਾਲ ਮੀਤੇ ਨੂੰ ਵੀ ਮਿਲਦਾ ਸੀ। ਥਾਣੇਦਾਰ ਕੋਲ ਦੋਹਾਂ ਨੂੰ ਛੱਡਣ ਦੀ ਸਿਫ਼ਾਰਸ਼ ਕਰਦਾ ਸੀ। ਕਿਸੇ ਨਾ ਕਿਸੇ ਬਹਾਨੇ ਰਿਹਾਈ ਟਲਦੀ ਰਹੀ ਸੀ।

ਇਹਨਾਂ ਗ੍ਰਿਫ਼ਤਾਰੀਆਂ ਦੇ ਵਿਰੁੱਧ ਹੀ ਉਸ ਨੇ ਅਸਤੀਫ਼ਾ ਦਿੱਤਾ ਸੀ।

ਬਾਬਾ ਗੁਰਦਿੱਤ ਸਿੰਘ ਵੀ ਪਿੱਛੇ ਨਹੀਂ ਸੀ ਰਿਹਾ।

ਬੰਟੀ ਦੇ ਕਾਤਲਾਂ ਨੂੰ ਲੱਭਣ ਨਈ ਪੁਲਿਸ ਨੇ ਜੋ ਅੱਤਿਆਚਾਰ ਆਰੰਭਿਆ ਸੀ, ਉਸੇ ਨੂੰ ਠੱਲ੍ਹ ਪਾਉਣ ਲਈ ਬਾਬੇ ਨੇ ਸੰਘਰਸ਼ ਸੰਮਤੀ ਦਾ ਗਠਨ ਕੀਤਾ ਸੀ। ਸੰਘਰਸ਼ ਦੌਰਾਨ ਬਾਬੇ ਨੂੰ ਗ੍ਰਿਫ਼ਤਾਰੀ ਦੇਣੀ ਪਈ ਸੀ।

ਜਦੋਂ ਬਾਬਾ ਪੁਲਿਸ ਹਿਰਾਸਤ ਵਿਚ ਸੀ ਤਾਂ ਹੋਰ ਮੁਸਤਵਿਆਂ ਦੇ ਨਾਲ-ਨਾਲ ਬਾਬੇ ਨੇ ਪਾਲੇ ਅਤੇ ਮੀਤੇ ਨੂੰ ਵੀ ਥਾਣੇ ਬੈਠਿਆਂ ਦੇਖਿਆ ਸੀ। ਬਾਬੇ ਦੀ ਉਹਨਾਂ ਨਾਲ ਗੱਲਬਾਤ ਵੀ ਹੋਈ ਸੀ।

ਸੰਮਤੀ ਕੋਲ ਭੁਗਤਾਉਣ ਲਈ ਬਥੇਰੇ ਗਵਾਹ ਸਨ, ਪਰ ਬਾਬੇ ਨੂੰ ਭੁਗਤਾ ਕੇ ਉਸਨੂੰ ਲੱਗਾ ਜਿਵੇਂ ਹਾਥੀ ਦੀ ਪੈੜ ਵਿਚ ਸਭੇ ਪੈੜਾਂ ਆ ਗਈਆਂ ਸਨ।

 

 

28

ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਤਿੰਨ ਦਿਨਾਂ ਤੋਂ ਬਹਿਸ ਦੀ ਤਿਆਰੀ ਕਰ ਰਿਹਾ ਸੀ। ਪੂਰੀ ਮਗ਼ਜ਼-ਖਪਾਈ ਦੇ ਬਾਵਜੂਦ ਵੀ ਕੇਸ ਪਕੜ ਵਿਚ ਨਹੀਂ ਸੀ ਆ ਰਿਹਾ।

ਕਈ ਵਾਰ ਉਸ ਦੇ ਮਨ ਵਿਚ ਆਇਆ, ਕਿਉਂ ਨਾ ਸਰਕਾਰੀ ਵਕੀਲ ਦੇ ਅਸਲ ਫ਼ਰਜ਼ ਨਿਭਾਏ ਜਾਣ। ਕਿਉਂ ਨਾ ਅਦਾਲਤ ਨੂੰ ਸਾਫ਼-ਸਾਫ਼ ਆਖ ਦਿੱਤਾ ਜਾਵੇ ਕਿ ਕੇਸ ਵਿਚ ਕੁਝ ਨਹੀਂ। ਦੋਸ਼ੀਆਂ ਨੂੰ ਬਰੀ ਕਰ ਦਿੱਤਾ ਜਾਵੇ।

ਝੱਟ ਹੀ ਉਹ ਮਨ ਬਦਲ ਲੈਂਦਾ। ਮੁੱਖ ਮੰਤਰੀ ਦਾ ਮੂੰਹ-ਮੁਲਾਹਜ਼ਾ, ਆਪਣੀ ਵਕਾਲਤ ਦਾ ਭਵਿੱਖ ਅਤੇ ਹਾਲਾਤ ਮੰਗ ਕਰਦੇ ਸਨ ਕਿ ਉਹ ਫ਼ਰਜ਼ਾਂ ਨੂੰ ਛਿੱਕੇ ਟੰਗ ਕੇ ਦੋਸ਼ੀਆਂ ਨੂੰ ਸਜ਼ਾ ਕਰਾਏ। ਹਰ ਹੀਲੇ ਮੁੱਖ ਮੰਤਰੀ ਦੀ ਪੱਗ ਬਚਾਏ।

ਦੋਸ਼ੀ ਬਰੀ ਹੋ ਗਏ ਤਾਂ ਮੁੱਖ ਮੰਤਰੀ ਦੀ ਸਭ ਤੋਂ ਵੱਧ ਬਦਨਾਮੀ ਹੋਣੀ ਸੀ। ਵਿਰੋਧੀ ਧਿਰ ਉਸ ਦੇ ਭਿਉਂ-ਭਿਉਂ ਛਿੱਤਰ ਲਾਏਗੀ। ਸਰਕਾਰ ਕਰੀਬ ਸੱਠ ਹਜ਼ਾਰ ਰੁਪਿਆ ਗਿਆਨ ਸਿੰਘ ਨੂੰ ਨਕਦ ਦੇ ਚੁੱਕੀ ਸੀ। ਇੰਨਾ ਉਸ ’ਤੇ ਹੋਰ ਖ਼ਰਚ ਚੁੱਕੀ ਸੀ। ਜੇ ਦੋਸ਼ੀ ਬਰੀ ਹੀ ਕਰਾਉਣੇ ਸਨ ਤਾਂ ਗਿਆਨ ਸਿੰਘ ਵਰਗੇ ਸਫ਼ੈਦ ਹਾਥੀ ਦੀ ਕੀ ਜ਼ਰੂਰਤ ਸੀ। ਇਹ ਕੰਮ ਕੋਈ ਵੀ ਸਰਕਾਰੀ ਵਕੀਲ ਕਰ ਸਕਦਾ ਸੀ।

ਗਿਆਨ ਸਿੰਘ ਦਾ ਆਪਣਾ ਵਕਾਰ ਵੀ ਦਾਅ ’ਤੇ ਸੀ। ਸਰਕਾਰ ਨੇ ਉਸ ਦੀ ਕਾਬਲੀਅਤ ’ਤੇ ਭਰੋਸਾ ਕੀਤਾ ਸੀ। ਜੇ ਦੋਸ਼ੀ ਬਰੀ ਹੋ ਗਏ ਤਾਂ ਉਸ ਦੀ ਡੋ-ਡੋ ਹੋਣੀ ਸੀ।

ਕੇਸ ਕਬੂਲਦੇ ਸਮੇਂ ਗਿਆਨ ਸਿੰਘ ਨੇ ਗੰਗਾਨਗਰ ਵਾਲਾ ਮਹਿੰਗਾ ਸਿੰਘ ਬਣਨ ਦਾ ਸੁਪਨਾ ਲਿਆ ਸੀ।

ਇਕ ਵਾਰ ਗੰਗਾਨਗਰ ਦੀ ਇਕ ਪਾਰਟੀ ਤੋਂ ਬਠਿੰਡੇ ਕਤਲ ਹੋ ਗਿਆ। ਮਰਨ ਵਾਲੇ ਦਾ ਮਾਮਾ ਬਠਿੰਡੇ ਦਾ ਸਿਰਕੱਢ ਵਕੀਲ ਸੀ। ਬਠਿੰਡੇ ਦਾ ਕੋਈ ਵੀ ਵਕੀਲ ਦੋਸ਼ੀਆਂ ਨਾਲ ਖੜ੍ਹਨ ਦੀ ਜੁਰਅੱਤ ਨਾ ਕਰ ਸਕਿਆ। ਕੇਸ ਲੜਨ ਲਈ ਦੋਸ਼ੀ ਆਪਣਾ ਵਕੀਲ ਗੰਗਾਨਗਰ ਤੋਂ ਲਿਆਉਣ ਲੱਗੇ। ਮਹਿੰਗਾ ਸਿੰਘ ਦੋਸ਼ੀਆਂ ਨੂੰ ਬਰੀ ਕਰਾਉਣ ਵਿਚ ਕਾਮਯਾਬ ਹੋ ਗਿਆ। ਝੱਟ ਉਸ ਦੀ ਪੈਂਠ ਪੈ ਗਈ। ਬਠਿੰਡੇ ਵਾਲੇ ਉਸ ਦੇ ਭਗਤ ਬਣ ਗਏ। ਅੱਧਿਆਂ ਨਾਲੋਂ ਵੱਧ ਕੇਸਾਂ ਵਿਚ ਉਹ ਵਕੀਲ ਹੋਣ ਲੱਗਾ। ਬਠਿੰਡੇ ਤੋਂ ਉਹ ਸੰਗਰੂਰ ਪੁੱਜ ਗਿਆ ਅਤੇ ਸੰਗਰੂਰ ਤੋਂ ਪਟਿਆਲੇ। ਅੱਜ ਕੱਲ੍ਹ ਸਾਰੇ ਪੰਜਾਬ ’ਚ ਉਸ ਦਾ ਸਿੱਕਾ ਚੱਲਦਾ ਸੀ। ਉਹ ਮੂੰਹੋਂ ਮੰਗੀ ਫ਼ੀਸ ਲੈਂਦਾ ਸੀ। ਮਰਜ਼ੀ ਦੇ ਕੇਸ ਚੁਣਦਾ ਸੀ।

ਜੇ ਗਿਆਨ ਸਿੰਘ ਹਾਰ ਕਬੂਲ ਕਰ ਗਿਆ ਤਾਂ ਉਸ ਨੂੰ ਨਵੇਂ ਕੇਸ ਤਾਂ ਕੀ ਮਿਲਣੇ ਸਨ, ਪੁਰਾਣੇ ਵੀ ਖੁੱਸ ਜਾਣੇ ਸਨ।

ਗਿਆਨ ਸਿੰਘ ਨੇ ਜੇ ਮਹਿੰਗਾ ਸਿੰਘ ਬਣਨਾ ਹੈ ਤਾਂ ਉਸ ਨੂੰ ਦੋਸ਼ੀਆਂ ਨੂੰ ਸਜ਼ਾ ਕਰਾਉਣੀ ਹੀ ਪਏਗੀ।

ਪਰ ਸਜ਼ਾ ਹੋਵੇ ਤਾਂ ਕਿਸ ਤਰ੍ਹਾਂ?

ਗਿਆਨ ਸਿੰਘ ਕੇਸ ਦੇ ਹੱਕ ਵਿਚ ਇਕ ਨੁਕਤਾ ਲੱਭਦਾ ਤਾਂ ਵਿਰੋਧ ਵਿਚ ਵੀਹ ਨੁਕਤੇ ਖੜੇ ਹੋ ਜਾਂਦੇ।

ਹਰ ਵਾਰ ਉਸ ਨੂੰ ਬਹਿਸ ਨਵੇਂ ਸਿਰਿਉਂ ਤਿਆਰ ਕਰਨੀ ਪੈਂਦੀ।

ਵੱਡੀ ਸਮੱਸਿਆ ਇਹ ਸੀ ਕਿ ਇਹ ਇਕ ‘ਬਲਾਈਂਡ ਮਰਡਰ ਕੇਸ’ ਸੀ। ਬੱਚੇ ਦੇ ਅਗਵਾ ਹੋਣ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਵਿਚਕਾਰ ਕਰੀਬ ਮਹੀਨੇ ਦਾ ਫ਼ਰਕ ਸੀ। ਚਸ਼ਮਦੀਦ ਗਵਾਹਾਂ ਦੀ ਅਣਹੋਂਦ ਕਾਰਨ ਕੇਸ ਹਾਲਾਤ ’ਤੇ ਆਧਾਰਤ ਗਵਾਹੀ ’ਤੇ ਖੜਾ ਸੀ। ਹਾਲਾਤ ਘੜਦੀ ਪੁਲਿਸ ਨੇ ਪੈਰ-ਪੈਰ ’ਤੇ ਗ਼ਲਤੀ ਕੀਤੀ ਸੀ। ਸਰਕਾਰੀ ਵਕੀਲਾਂ ਨੇ ਵੀ ਅੱਖਾਂ ਮੀਚ ਕੇ ਮੱਖੀ ’ਤੇ ਮੱਖੀ ਮਾਰ ਦਿੱਤੀ। ਗਿਆਨ ਸਿੰਘ ਮੁਰਦੇ ਵਿਚ ਜਾਨ ਪਾਵੇ ਤਾਂ ਕਿਸ ਤਰ੍ਹਾਂ?

ਖਿਝੇ ਗਿਆਨ ਸਿੰਘ ਨੇ ਕਈ ਵਾਰੀ ਮੁੱਖ ਮੰਤਰੀ ਦੇ ਨਾਂ ਚਿੱਠੀ ਲਿਖੀ। ਕਸੂਰਵਾਰ ਪੁਲਿਸ ਅਫ਼ਸਰਾਂ ਅਤੇ ਸਰਕਾਰੀ ਵਕੀਲਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕੀਤੀ।

ਜਿਉਂ ਗ਼ੱਸਾ ਠੰਢਾ ਹੁੰਦਾ, ਉਹ ਚਿੱਠੀ ਪਾੜ ਦਿੰਦਾ।

ਗਹੁ ਨਾਲ ਘੋਖਦਾ ਤਾਂ ਸਾਰੇ ਹੀ ਬੇਕਸੂਰ ਜਾਪਦੇ।

ਪਹਿਲਾਂ ਪੁਲਿਸ ’ਤੇ ਦਬਾਅ ਪਾਇਆ ਗਿਆ। ਦੋਸ਼ੀਆਂ ਨੂੰ ਬੰਟੀ ਦੇ ਭੋਗ ਤਕ ਗ੍ਰਿਫ਼ਤਾਰ ਕਰੋ। ਅਸਲ ਦੋਸ਼ੀ ਨਾ ਮਿਲੇ ਤਾਂ ਇਹ ਫੜ ਲਏ ਗਏ।

ਫੇਰ ਹੁਕਮ ਹੋਇਆ, ਨੱਬੇ ਦਿਨਾਂ ਦੇ ਅੰਦਰ-ਅੰਦਰ ਚਲਾਨ ਪੇਸ਼ ਕਰੋ।

ਹੁਕਮ ਦੀ ਤਾਮੀਲ ਲਈ ਫਟਾ-ਫਟ ਸਬੂਤ ਘੜੇ ਗਏ।

ਤਫ਼ਤੀਸ਼ੀ ਕੋਲ ਇਹ ਤਸਦੀਕ ਕਰਨ ਦਾ ਵਕਤ ਹੀ ਨਹੀਂ ਸੀ ਕਿ ਅਖੌਤੀ ਸਾਜ਼ਿਸ਼ ਵਾਲੇ ਦਿਨ ਦੋਸ਼ੀ ਸ਼ਹਿਰ ਵਿਚ ਮੌਜੂਦ ਸਨ ਜਾਂ ਨਹੀਂ।

ਮੁੱਢਲੀ ਤਫ਼ਤੀਸ਼ ਕਿਸੇ ਹੋਰ ਥਾਣੇਦਾਰ ਨੇ ਕੀਤੀ ਸੀ। ਪਹਿਲੀ ਵਰਦੀ ਬਰਾਮਦ ਹੋਣ ਦਾ ਮਿਸਲ ਵਿਚ ਕਿਧਰੇ ਜ਼ਿਕਰ ਨਹੀਂ ਸੀ। ਨਵੇਂ ਤਫ਼ਤੀਸ਼ੀ ਨੂੰ ਪਹਿਲੀ ਵਰਦੀ ਦਾ ਸੁਪਨਾ ਕਿਥੋਂ ਆਉਂਦਾ?

ਟੋਪੀਆ ਜਦੋਂ ਦੇਸ ਰਾਜ ਦੀ ਦੁਕਾਨ ਤੋਂ ਵਿਕਿਆ ਹੀ ਨਹੀਂ ਤਾਂ ਉਸ ਦੀਆਂ ਵਹੀਆਂ ਵਿਚ ਵਿਕਰੀ ਦਾ ਜ਼ਿਕਰ ਕਿਵੇਂ ਹੋ ਜਾਂਦਾ?

ਫੇਰ ਕਸੂਰਵਾਰ ਹੋਇਆ ਤਾਂ ਕੌਣ?

ਗਿਆਨ ਸਿੰਘ ਵੀ ਸਰਕਾਰ ਦਾ ਪੱਖ ਪੂਰਨ ਆਇਆ ਸੀ। ਕੇਸ ਜਿੱਤਣ ਲਈ ਉਸ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ। ਜੇ ਦੋਸ਼ੀ ਫੇਰ ਵੀ ਬਰੀ ਹੋ ਗਏ ਤਾਂ ਇਸ ਦਾ ਇਹ ਮਤਲਬ ਥੋੜ੍ਹਾ ਹੋਣਾ ਸੀ ਕਿ ਗਿਆਨ ਸਿੰਘ ਨਾਲਾਇਕ ਸੀ।

ਇਸ ਤਰ੍ਹਾਂ ਸੋਚਦਾ ਗਿਆਨ ਸਿੰਘ ਆਪੇ ਅਫ਼ਸਰਾਂ ਨੂੰ ਦੋਸ਼ੀ ਠਹਿਰਾ ਦਿੰਦਾ ਅਤੇ ਆਪੇ ਦੋਸ਼-ਮੁਕਤ ਕਰ ਦਿੰਦਾ।

ਗਿਆਨ ਸਿੰਘ ਦਾ ਬਹੁਤਾ ਤਜਰਬਾ ਸਫ਼ਾਈ ਧਿਰ ਵੱਲੋਂ ਪੇਸ਼ ਹੋਣ ਦਾ ਸੀ। ਉਹ ਇਸੇ ਦ੍ਰਿਸ਼ਟੀਕੋਣ ਤੋਂ ਸੋਚਣ ਦਾ ਆਦੀ ਸੀ। ਸ਼ਾਇਦ ਇਸੇ ਲਈ ਉਸ ਨੂੰ ਗੁਣ ਘੱਟ ਅਤੇ ਔਗੁਣ ਵੱਧ ਦਿਖਾਈ ਦੇ ਰਹੇ ਸਨ।

ਆਪਣੀ ਤਸੱਲੀ ਲਈ ਗਿਆਨ ਸਿੰਘ ਨੇ ਜ਼ਿਲ੍ਹਾ ਅਟਾਰਨੀ ਨੂੰ ਬੁਲਾ ਲਿਆ। ਉਹ ਸਰਕਾਰੀ ਪੱਖ ਪੇਸ਼ ਕਰਨ ਦਾ ਮਾਹਿਰ ਸੀ।

ਗਵਾਹਾਂ ਦੀ ਕਾਰਗੁਜ਼ਾਰੀ ’ਤੇ ਜ਼ਿਲ੍ਹਾ ਅਟਾਰਨੀ ਡਾਢਾ ਖ਼ੁਸ਼ ਸੀ। ਅਜਿਹੇ ਕੇਸਾਂ ਵਿਚ ਕੁਝ ਗਵਾਹ ਮੁੱਕਰ ਹੀ ਜਾਇਆ ਕਰਦੇ ਸਨ। ਕੁਝ ਗਵਾਹ ਇਧਰ-ਉਧਰ ਵੀ ਹੋ ਜਾਂਦੇ ਸਨ। ਕੁਲ ਮਿਲਾ ਕੇ ਗਵਾਹੀਆਂ ਕਾਨੂੰਨ ਦੇ ਹਰ ਨੁਕਤੇ ਦਾ ਢਿੱਡ ਭਰਦੀਆਂ ਸਨ।

“ਮਸਲਨ?” ਜ਼ਿਲ੍ਹਾ ਅਟਾਰਨੀ ਦੇ ਤਸੱਲੀ ਪ੍ਰਗਟਾਉਣ ’ਤੇ ਹੈਰਾਨ ਹੋਏ ਗਿਆਨ ਸਿੰਘ ਨੇ ਜਦੋਂ ਉਦਾਹਰਣ ਪੁੱਛੀ ਤਾਂ ਜ਼ਿਲ੍ਹਾ ਅਟਾਰਨੀ ਸਪੱਸ਼ਟੀਕਰਨ ਦੇਣ ਲੱਗਾ।

ਸਰਕਾਰੀ ਧਿਰ ਦਾ ਪਹਿਲਾ ਫ਼ਰਜ਼ ਜੁਰਮ ਪਿਛਲਾ ਉਦੇਸ਼ ਸਾਬਤ ਕਰਨਾ ਸੀ। ਭੁਗਤੀਆਂ ਗਵਾਹੀਆਂ ਤੋਂ ਪਾਲੇ ਅਤੇ ਮੀਤੇ ਦਾ ਉਦੇਸ਼ ਸਪੱਸ਼ਟ ਹੁੰਦਾ ਸੀ। ਇਹ ਕਾਰਾ ਉਹਨਾਂ ਨੇ ਫਿਰੌਤੀ ਵਸੂਲਣ ਲਈ ਕੀਤਾ ਸੀ।

“ਕੋਈ ਸਬੂਤ?”

“ਦੋਸ਼ੀਆਂ ਦੇ ਹੱਥੀਂ ਲਿਖੀਆਂ ਚਿੱਠੀਆਂ।”

“ਸਵਾਹ ਅਤੇ ਖੇਹ।’ ਜ਼ਿਲ੍ਹਾ ਅਟਾਰਨੀ ਦੇ ਜਵਾਬ ’ਤੇ ਖਿਝੇ ਗਿਆਨ ਸਿੰਘ ਦੇ ਮੂੰਹੋਂ ਇਕ-ਦਮ ਨਿਕਲਿਆ।

“ਮੀਤਾ ਮਸ਼ਹੂਰ ਜੇਬ ਕਤਰਾ ਹੈ। ਵੀਹ-ਪੰਜਾਹ ਹਜ਼ਾਰ ਦੀ ਜੇਬ ਕੱਟ ਲੈਣਾ ਉਸ ਦੇ ਖੱਬੇ ਹੱਥ ਦੀ ਖੇਡ ਹੈ। ਪਾਲਾ ਨਾਮੀ ਚੋਰ ਹੈ। ਕਿਸੇ ਦੀ ਛਾਪ ਚੁਰਾ ਲੈਂਦਾ ਤਾਂ ਵੀ ਚਾਰ-ਪੰਜ ਹਜ਼ਾਰ ਵੱਟਿਆ ਜਾਂਦਾ। ਢਾਈ-ਢਾਈ ਹਜ਼ਾਰ ਦੀ ਮਾਮੂਲੀ ਰਕਮ ਲਈ ਉਹਨਾਂ ਨੂੰ ਐਡਾ ਜ਼ੋਖ਼ਮ ਮੁੱਲ ਲੈਣ ਦੀ ਕੀ ਲੋੜ ਸੀ? ਫੇਰ ਇਹ ਵੀ ਸਿੱਧ ਹੋ ਚੁੱਕਾ ਸੀ ਕਿ ਅਸਲ ਚਿੱਠੀਆਂ ਉਹਨਾਂ ਲਿਖੀਆਂ ਹੀ ਨਹੀਂ।”

“ਨਹੀਂ ਜਨਾਬ) ਪੰਜਾਬ ਵਿਚ ਜਿਹੋ ਜਿਹਾ ਮਾਹੌਲ ਚੱਲ ਰਿਹੈ, ਉਸ ਵਿਚ ਜੇਬਾਂ ਕੱਟਣੀਆਂ  ਅਤੇ ਚੋਰੀਆਂ ਕਰਨੀਆਂ ਔਖੀਆਂ ਹੋਈਆਂ ਪਈਆਂ ਨੇ। ਥਾਂ-ਥਾਂ ਪੁਲਿਸ ਦਾ ਪਹਿਰਾ ਹੈ। ਇਹ ਚੋਰੀ ਕਿਥੇ ਕਰਨ? ਜੇਬਾਂ ਕਿਥੇ ਕੱਟਣ? ਅਜਿਹੇ ਪੇਸ਼ੇਵਾਰ ਮੁਲਜ਼ਮਾਂ ਨੇ ਆਪਣੇ ਧੰਦੇ ਬਦਲ ਲਏ ਹਨ। ਹੁਣ ਇਹਨਾਂ ਫਿਰੌਤੀ ਵਸੂਲਣ ਵਰਗੇ ਜੁਰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਤਾਂ ਹੀ ਦਿਨੋ-ਦਿਨ ਅਮੀਰ ਲੋਕਾਂ ਨੂੰ ਅਗਵਾ ਕਰ ਕੇ ਫਿਰੌਤੀ ਵਸੂਲਣ ਵਰਗੀਆਂ ਘਟਨਾਵਾਂ ਵਧ ਰਹੀਆਂ ਹਨ।

“ਜੇ ਫਰੌਤੀ ਹੀ ਵਸੂਲਣੀ ਸੀ ਤਾਂ ਲੱਖ ਦੋ ਲੱਖ ਤਾਂ ਮੰਗਦੇ।”

“ਇਹੋ ਤਾਂ ਇਹਨਾਂ ਦੀ ਚਲਾਕੀ ਹੈ। ਇਹਨਾਂ ਜਾਣ-ਬੁਝ ਕੇ ਘੱਟ ਰਕਮ ਮੰਗੀ ਸੀ। ਪਤਾ ਸੀ ਛੋਟੀ ਰਕਮ ਜਲਦੀ ਮਿਲ ਜਾਏਗੀ। ਇਹ ਲਾਲਾ ਜੀ ਦੀ ਬਦਕਿਸਮਤੀ ਸੀ ਕਿ ਚਿੱਠੀ ਪੁਲਿਸ ਦੇ ਹੱਥ ਲੱਗ ਗਈ। ਨਹੀਂ ਤਾਂ ਰਕਮ ਪੁੱਜ ਜਾਂਦੀ ਤੇ ਬੱਚਾ ਬਚਿਆ ਰਹਿੰਦਾ। ਜੇ ਇਹ ਕਾਰਾ ਕਿਸੇ ਅੱਤਵਾਦੀ ਸੰਸਥਾ ਦਾ ਹੁੰਦਾ ਤਾਂ ਉਹਨਾਂ ਲੱਖ ਹੀ ਮੰਗਣਾ ਸੀ। ਇਹੋ ਨੁਕਤਾ ਸਾਰੇ ਹੱਕ ’ਚ ਜਾਂਦੈ।” ਆਪਣੇ ਤਰਕ ਨਾਲ ਗਿਆਨ ਸਿੰਘ ਨੂੰ ਸਹਿਮਤ ਹੁੰਦਾ ਦੇਖ ਕੇ ਜ਼ਿਲ੍ਹਾ ਅਟਾਰਨੀ ਦਾ ਹੌਸਲਾ ਵਧਣ ਲੱਗਾ।

“ਇਕ ਨੁਕਤਾ ਹੋਰ ਵੀ। ਕਤਲ ਪਿੱਛੇ ਜੇ ਕੋਈ ਅੱਤਵਾਦੀ ਸੰਸਥਾ ਹੁੰਦੀ ਤਾਂ ਬੱਚੇ ਨੂੰ ਗੋਲੀ ਨਾ ਮਾਰਦੀ?” ਇਹ ਮਾਮੂਲੀ ਮੁਲਜ਼ਮ ਹਨ। ਇਹਨਾਂ ਕੋਲ ਕੀਮਤੀ ਹਥਿਆਰ ਸਨ ਹੀ ਨਹੀਂ। ਬੱਚਾ ਚੁੱਕ ਤਾਂ ਬੈਠੇ ਪਰ ਮੋੜਨਾ ਮੁਸ਼ਕਲ ਹੋ ਗਿਆ। ਬੱਚੇ ਨੂੰ ਸਹੀ-ਸਲਾਮਤ ਘਰ ਮੋੜਦੇ ਤਾਂ ਫੜੇ ਜਾਂਦੇ। ਖਹਿੜਾ ਛੁਡਾਉਣ ਦਾ ਇਕੋ-ਇਕ ਰਾਹ ਕਤਲ ਸੀ। ਸੋ ਇਹਨਾਂ ਕਰ ਦਿੱਤਾ।”

“ਜੋ ਕੁਝ ਤੁਸੀਂ ਆਖਿਆ ਇਹ ਸੱਚ ਹੋ ਸਕਦੈ, ਪਰ ਇਸ ਬਾਰੇ ਮਿਸਲ ’ਚ ਕੋਈ ਸਬੂਤ ਹੈ?” ਗਿਆਨ ਸਿੰਘ ਦਲੀਲ ਨਾਲੋਂ ਤੱਥ ਨੂੰ ਪਹਿਲ ਦਿੰਦਾ ਸੀ।

“ਕਿਸ ਨੂੰ ਨਹੀਂ ਪਤਾ ਜਨਾਬ ਕਿ ਦਹਿਸ਼ਤਗਰਦੀ ਕਾਰਨ ਪੰਜਾਬ ਦੇ ਲੋਕ ਡਰੇ ਹੋਏ ਹਨ। ਕਿਸੇ ਦਾ ਸਕਾ ਪਿਓ ਵੀ ਜੇ ਅੱਖਾਂ ਸਾਹਮਣੇ ਕਤਲ ਹੋਇਆ ਹੋਵੇ, ਉਹ ਵੀ ਗਵਾਹੀ ਨਹੀਂ ਦਿੰਦਾ। ਇਸ ਕੇਸ ਵਿਚ ਗਵਾਹ ਡਰਾਏ ਧਮਕਾਏ ਗਏ। ਇਹੋ ਤੱਥ ਮਿਸਲ ’ਚ ਆ ਚੁੱਕੈ। ਗਵਾਹ ਕਿਉਂ ਮੁੱਕਰ ਗਏ? ਅਦਾਲਤ ਆਪੇ ਜੁਡੀਸ਼ੀਅਲ ਨੋਟਿਸ ਲੈ ਲਏਗੀ।”

“ਡੀ.ਏ. ਸਾਹਿਬ) ਅਸੀਂ ਕਿਸੇ ਸੈਮੀਨਾਰ ਜਾਂ ਕਲਾਸ-ਰੂਮ ਵਿਚ ਭਾਸ਼ਣ ਨਹੀਂ ਦੇਣਾ। ਅਸੀਂ ਅਦਾਲਤ ਵਿਚ ਬਹਿਸ ਕਰਨੀ ਹੈ। ਹਰ ਦਲੀਲ ਦੀ ਪੁਸ਼ਟੀ ਲਈ ਤੱਥਾਂ ਦਾ ਹਵਾਲਾ ਦੇਣਾ ਪੈਣੈ। ਅਸਮਾਨ ਵਿਚ ਉੱਡਣ ਦੀ ਥਾਂ ਧਰਤੀ ’ਤੇ ਖੜੋ ਕੇ ਗੱਲ ਕਰੋ।”

ਜ਼ਿਲ੍ਹਾ ਅਟਾਰਨੀ ਦੇ ਲੰਬੇ-ਚੌੜੇ ਭਾਸ਼ਨ ਤੋਂ ਅੱਕੇ ਗਿਆਨ ਸਿੰਘ ਕੋਲ ਉਸ ਨੂੰ ਝਾੜਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ।

“ਤੱਥ ਤਾਂ ਜਨਾਬ ਫੇਰ ਇਹੋ ਜਿਹੇ ਹੀ ਨੇ। ਸਿੱਧੀ ਸਪੱਸ਼ਟ ਗਵਾਹੀ ਤਾਂ ਸਾਡੇ ਹੱਕ ਵਿਚ ਇਕ ਵੀ ਨਹੀਂ। ਸਾਨੂੰ ਕਾਨੂੰਨੀ ਨੁਕਤਿਆਂ ਦਾ ਹੀ ਸਹਾਰਾ ਲੈਣਾ ਪਊ।”

ਸ਼ਰਮਸਾਰ ਹੋਇਆ ਜ਼ਿਲ੍ਹਾ ਅਟਾਰਨੀ ਇਕਦਮ ਪਾਣੀ ਵਿਚ ਬੈਠਣ ਲੱਗਾ।

“ਮੈਨੂੰ ਤਾਂ ਕੋਈ ਨੁਕਤਾ ਨਜ਼ਰ ਨਹੀਂ ਆਉਂਦਾ।”

“ਕਾਨੂੰਨੀ ਨੁਕਤਾ ਹੈ ਜਨਾਬ) ਦੋਵੇਂ ਦੋਸ਼ੀ ਦਸ ਨੰਬਰੀਏ ਹਨ। ਦੋਹਾਂ ’ਤੇ ਬੀਸੀਆਂ ਮੁਕੱਦਮੇ ਚੱਲ ਚੁੱਕੇ ਹਨ। ਕਈ-ਕਈ ਵਾਰ ਸਜ਼ਾ ਕੱਟ ਆਏ ਹਨ। ਇਕ ਜੇਬ ਕਤਰਾ ਹੈ, ਦੂਜਾ ਚੋਰ। ਇਹਨਾਂ ਜੁਰਮਾਂ ਵਿਚ ਪੈਸਾ ਅਸਾਨੀ ਨਾਲ ਬਣ ਜਾਂਦੈ। ਅਜਿਹੀਆਂ ਸੈਂਕੜੇ ਉਦਾਹਰਣਾਂ ਮੌਜੂਦ ਹਨ, ਜਿਨ੍ਹਾਂ ਵਿਚ ਪਹਿਲਾਂ ਦੋਸ਼ੀ ਜੁਰਮ ਕਰਨਾ ਛੱਡ ਗਏ ਪਰ ਜਦੋਂ ਹੱਡ-ਭੰਨਵੀਂ ਮਿਹਨਤ ਕਰਨੀ ਪਈ ਤਾਂ ਫੇਰ ਜਰਾਇਮ-ਪੇਸ਼ੇ ਵਿਚ ਆ ਗਏ। ਇੰਝ ਹੀ ਸਾਡੇ ਦੋਸ਼ੀਆਂ ਨਾਲ ਹੋਇਆ। ਦੋਸ਼ੀਆਂ ਦੇ ਭੈੜੇ ਚਾਲ-ਚਲਣ ਦਾ ਨੁਕਤਾ ਸਾਡੇ ਹੱਕ ’ਚ ਜਾਂਦੈ।”

“ਭਲਿਆ ਲੋਕਾ, ਇਸ ਦਲੀਲ ਦਾ ਫ਼ਾਇਦਾ ਸਾਡੇ ਨਾਲੋਂ ਸਫ਼ਾਈ ਧਿਰ ਨੂੰ ਵੱਧ ਹੋਵੇਗਾ। ਸਾਡੇ ਗਵਾਹਾਂ ਦਾ ਚਾਲ-ਚਲਣ ਦੋਸ਼ੀਆਂ ਨਾਲੋਂ ਵੱਧ ਸ਼ੱਕੀ ਹੈ। ਜਿਨ੍ਹਾਂ ਗਵਾਹਾਂ ਦਾ ਚਾਲ-ਚਲਣ ਠੀਕ ਸੀ, ਉਹ ਲਾਲਾ ਜੀ ਦੇ ਭਗਤ ਨਿਕਲੇ।” ਗਿਆਨ ਸਿੰਘ ਨੂੰ ਕੋਈ ਨੁਕਤਾ ਜਚ ਨਹੀਂ ਸੀ ਰਿਹਾ।

“ਪੁਲਿਸ ਦੀ ਦੋਸ਼ੀਆਂ ਨਾਲ ਕੋਈ ਦੁਸ਼ਮਣੀ ਨਹੀਂ। ਪੁਲਿਸ ਨੂੰ ਇਹਨਾਂ ’ਤੇ ਝੂਠਾ ਕੇਸ ਪਾਉਣ ਦੀ ਕੀ ਲੋੜ ਸੀ?” ਅਖ਼ੀਰ ਵਿਚ ਜ਼ਿਲ੍ਹਾ ਅਟਾਰਨੀ ਸਪੈਸ਼ਲ ਪੀ.ਪੀ. ਨੂੰ ਇਹ ਘਸੀ-ਪਿੱਟੀ ਦਲੀਲ ਸੁਣਾਉਣ ਲੱਗਾ।

“ਪੁਲਿਸ ਨੂੰ ਇਸ ਤਰ੍ਹਾਂ ਕਰਨ ਦੀ ਸਖ਼ਤ ਜ਼ਰੂਰਤ ਸੀ। ਇਸ ਲੋੜ ਦਾ ਜ਼ਿਕਰ ਸਫ਼ਾਈ ਧਿਰ ਨੇ ਥਾਂ-ਥਾਂ ਕੀਤੈ। ਅਸੀਂ ਇਹ ਦਲੀਲ ਦਿੱਤੀ ਤਾਂ ਸਫ਼ਾਈ ਧਿਰ ਨੂੰ ਮੁੱਖ ਮੰਤਰੀ ਨੂੰ ਕੇਸ ਵਿਚ ਘੜੀਸਣ ਦਾ ਮੌਕਾ ਮਿਲ ਜਾਣੈ। ਉਹਨਾਂ ਦਾ ਕੇਸ ਨਾਲ ਲਗਾਓ ਸਾਬਤ ਕਰਨ ਲਈ ਗਿਆਨ ਸਿੰਘ ਦੀ ਨਿਯੁਕਤੀ ਦੀ ਉਦਾਹਰਣ ਦਿੱਤੀ ਜਾਵੇਗੀ।”

ਇਸ ਤੋਂ ਸਿਵਾ ਜ਼ਿਲ੍ਹਾ ਅਟਾਰਨੀ ਨੂੰ ਕੁਝ ਨਹੀਂ ਸੀ ਸੁਝ ਰਿਹਾ।

ਗਿਆਨ ਸਿੰਘ ਨੂੰ ਜਦ ਕੁਝ ਵੀ ਚੰਗਾ ਨਾ ਲੱਗਾ ਤਾਂ ਜ਼ਿਲ੍ਹਾ ਅਟਾਰਨੀ ਵੀ ਖਿਝ ਗਿਆ। ਅਜੀਬ ਸੀ ਸਪੈਸ਼ਲ ਪੀ.ਪੀ.। ਜ਼ਿਲ੍ਹਾ ਅਟਾਰਨੀ ਦੀ ਹਰ ਦਲੀਲ ਨੂੰ ਰੱਦ ਕਰਦਾ ਜਾ ਰਿਹਾ ਸੀ। ਹੋਰ ਬਹਿਸ ਕਿਸ ਤਰ੍ਹਾਂ ਦੀ ਹੁੰਦੀ ਸੀ? ਬਹਿਸ ਵਿਚ ਇਹੋ ਕੁਝ ਤਾਂ ਹੁੰਦਾ ਹੈ। ਜ਼ਿਲ੍ਹਾ ਅਟਾਰਨੀ ਤਾਂ ਇਸੇ ਤਰ੍ਹਾਂ ਬਹਿਸ ਕਰਦਾ ਸੀ। ਦੋਸ਼ੀ ਸਜ਼ਾ ਵੀ ਹੁੰਦੇ ਸਨ। ਗਿਆਨ ਸਿੰਘ ਉਸ ਤੋਂ ਹੋਰ ਕੀ ਭਾਲਦਾ ਸੀ?

ਗਿਆਨ ਸਿੰਘ ਦੀਆਂ ਦਲੀਲਾਂ ਨੇ ਜ਼ਿਲ੍ਹਾ ਅਟਾਰਨੀ ਦਾ ‘ਬਰੇਨ ਵਾਸ਼’ ਕਰ ਦਿੱਤਾ। ਉਸ ਦਾ ਮਨੋਬਲ ਗਿਰ ਗਿਆ। ਉਸ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਸੱਚਮੁੱਚ ਕੇਸ ਵਿਚ ਕੁਝ ਨਹੀਂਸੀ।

ਭੰਡਾਰੀ ਵਕੀਲ ਵੀ ਸਰਕਾਰੀ ਪੱਖ ਪੂਰ ਰਿਹਾ ਸੀ। ਕਿਉਂ ਨਾ ਉਸ ਦੇ ਦਿਮਾਗ਼ ਨੂੰ ਵੀ ਪਰਖ ਲਿਆ ਜਾਵੇ। ਸ਼ਾਇਦ ਉਹ ਕੋਈ ਨਵੀਂ ਗੱਲ ਕਰ ਸਕੇ।

ਭੰਡਾਰੀ ਨੂੰ ਬੁਲਾਇਆ ਗਿਆ।

“ਜਿਥੋਂ ਤਕ ਕੇਸ ਦਾ ਸੰਬੰਧ ਹੈ ਇਸ ਵਿਚ ਕੱਖ ਨਹੀਂ। ਦੋਸ਼ੀ ਬਰੀ ਨੇ, ਪਰ ਜੇ ਗਿਆਨ ਸਿੰਘ ਹੁਰੀਂ ਚਾਹੁਣ ਤਾਂ ਦੋਸ਼ੀਆਂ ਨੂੰ ਸਜ਼ਾ ਹੋ ਸਕਦੀ ਹੈ।” ਬਿਨਾਂ ਕਿਸੇ ਵਿੰਗ-ਵਲ ਦੇ ਆਪਣੀ ਹਾਰ ਕਬੂਲਦਾ ਭੰਡਾਰੀ ਕੇਸ ਜਿੱਤਣ ਦੇ ਰਾਹ ਸੁਝਾਉਣ ਲੱਗਾ।

“ਵਾਹ ਭੰਡਾਰੀ ਸਾਹਿਬ) ਮੈਂ ਕੇਸ ਜਿੱਤਣਾ ਕਿਉਂ ਨਹੀਂ ਚਾਹਾਂਗਾ? ਮੈਂ ਇਥੇ ਆਇਆ ਹੀ ਇਸੇ ਮਕਸਦ ਨਾਲ ਹਾਂ।” ਭੰਡਾਰੀ ਦਾ ਸੁਝਾਅ ਜਾਣਨ ਲਈ ਗਿਆਨ ਸਿੰਘ ਕਾਹਲਾ ਪੈਣ ਲੱਗਾ।

“ਫੇਰ ਸੁਣੋ। ਕਾਨੂੰਨ ਅਤੇ ਦਲੀਲ ਤੋਂ ਸਿਵਾ ਦੋਸ਼ੀਆਂ ਨੂੰ ਸਜ਼ਾ ਕਰਾਉਣ ਦੇ ਹੋਰ ਬਥੇਰੇ ਰਾਹ ਹਨ।”

ਅਗਲੀ ਗੱਲ ਗਿਆਨ ਸਿੰਘ ਆਪੇ ਹੀ ਸਮਝ ਗਿਆ।

ਭੰਡਾਰੀ ਬਿਲਕੁਲ ਠੀਕ ਆਖਦਾ ਸੀ।

ਕੱਲ੍ਹ ਉਹ ਬਹਿਸ ਸਮਾਪਤ ਨਹੀਂ ਕਰਨਗੇ। ਬਹਿਸ ਨੂੰ ਅਗਲੇ ਦਿਨ ਤਕ ਲਟਕਾਇਆ ਜਾਏਗਾ।

ਰਾਤ ਨੂੰ ਉਹ ਚੰਡੀਗੜ੍ਹ ਜਾਏਗਾ। ਸਾਰੀ ਸਥਿਤੀ ਮੁੱਖ ਮੰਤਰੀ ਨੂੰ ਸਮਝਾਏਗਾ। ਨਵੇਂ ਰਾਹ ਸੁਝਾਏਗਾ।

ਦੋਸ਼ੀਆਂ ਨੂੰ ਸਜ਼ਾ ਦਾ ਇੰਤਜ਼ਾਮ ਹੋ ਚੁੱਕਾ ਸੀ।

ਮਿਸਲ ਅਤੇ ਕਾਨੂੰਨ ਦੀਆਂ ਕਿਤਾਬਾਂ ਪਰੇ ਸੁੱਟ ਕੇ ਉਹ ਇਉਂ ਘੁਰਾੜੇ ਮਾਰਨ ਲੱਗਾ ਜਿਵੇਂ ਘੋੜੇ ਵੇਚ ਕੇ ਸੁੱਤਾ ਹੋਵੇ।

 

 

29

ਫ਼ੈਸਲਾ ਬਹਿਸ ਦੇ ਤਿੰਨ ਦਿਨਾਂ ਬਾਅਦ ਸੁਣਾਇਆ ਜਾਣਾ ਸੀ।

ਇਹ ਤਿੰਨ ਦਿਨਾਂ ਦਾ ਸਮਾਂ ਸਭ ਲਈ ਉਤੇਜਨਾ ਭਰਿਆ ਸੀ।

ਜਿਥੇ ਵੀ ਦੋ ਬੰਦੇ ਜੁੜਦੇ, ਇਸ ਕੇਸ ਦੇ ਚਰਚੇ ਛਿੜ ਪੈਂਦੇ।

ਵਕੀਲਾਂ ਨੂੰ ਤਾਂ ਜਿਵੇਂ ਹੋਰ ਕੋਈ ਕੰਮ ਹੀ ਨਹੀਂ ਸੀ। ਬਾਰ ਰੂਮ ਵਿਚ ਵਿਹਲੇ ਬੈਠੇ ਵਕੀਲ  ਉਪਰੋਂ-ਉਪਰੋਂ ਸੈੱਲ ਦੇ ਵਕੀਲਾਂ ਦੀ ਮਿਹਨਤ ਦੀ ਦਾਦ ਦਿੰਦੇ, ਅੰਦਰੋਂ ਉਹਨਾਂ ਦੀ ਸਫ਼ਲਤਾ ’ਤੇ ਚਿੜਦੇ।

ਸੀਨੀਅਰ ਵਕੀਲਾਂ ਨੂੰ ਕੁਝ ਜ਼ਿਆਦਾ ਹੀ ਚਿੰਤਾ ਸੀ। ਕੱਲ੍ਹ ਦੀਆਂ ਭੂਤਨੀਆਂ ਦਾ ਸਿਵੇ ’ਚ ਅੱਧ ਬਣਦਾ ਜਾ ਰਿਹਾ ਸੀ।

ਇਕ ਨਹੀਂ, ਦੋ ਨਹੀਂ ਪੂਰੇ ਤਿੰਨ-ਤਿੰਨ ਵਕੀਲ ਸਥਾਪਤ ਹੋਣ ਲੱਗੇ ਸਨ।

ਕੁਝ ਵਕੀਲ ਇਸ ਕਾਮਯਾਬੀ ਦਾ ਸਿਹਰਾ ਮੋਹਨ ਜੀ ਦੇ ਸਿਰ ਬੰਨ੍ਹਦੇ। ਗਵਾਹਾਂ ਦੀ ਪੈੜ ਉਸੇ ਨੇ ਨੱਪੀ ਸੀ। ਜੇ ਗਵਾਹ ਪੈਰੋਂ ਨਾ ਨਿਕਲਦੇ ਤਾਂ ਕੁਝ ਪੱਲੇ ਨਾ ਪੈਂਦਾ।

ਰਾਤੋ-ਰਾਤ ਮੋਹਨ ਜੀ ਸੀਨੀਅਰ ਵਕੀਲ ਬਣ ਗਿਆ ਸੀ। ਹੁਣ ਉਹ ਆਖਦਾ ਫਿਰਦਾ ਸੀ, ਛੋਟੀਆਂ ਅਦਾਲਤਾਂ ਨਾਲੋਂ ਵੱਡੀਆਂ ਅਦਾਲਤਾਂ ਵਿਚ ਕੰਮ ਕਰਨਾ ਸੌਖਾ ਹੈ। ਨਵੇਂ ਸਭ ਸ਼ੈਸਨ ਕੇਸ ਉਸ ਨੇ ਆਪਣੇ ਕੋਲ ਰੱਖ ਲਏ। ਦੋਸ਼ੀਆਂ ਦੇ ਬਰੀ ਹੁੰਦਿਆਂ ਹੀ ਉਸ ਦੇ ਹੌਸਲੇ ਬੁਲੰਦ ਹੋ ਜਾਣਗੇ। ਫੇਰ ਸੈਸ਼ਨ ਕੋਰਟ ਵਿਚ ਵੀ ਮੋਹਨ ਜੀ-ਮੋਹਨ ਜੀ ਹੋਇਆ ਕਰੇਗੀ।

ਕੁਝ ਵਕੀਲ ਕੇਸ ਦਾ ਛੁਪਿਆ ਰੁਸਤਮ ਗੁਰਮੀਤ ਨੂੰ ਸਮਝਦੇ ਸਨ। ਉਹ ਬੋਲਦਾ ਘੱਟ ਤੇ ਕੰਮ ਜ਼ਿਆਦਾ ਕਰਦਾ ਸੀ। ਕੇਸ ਜਿੱਤਣ ਵਿਚ ਉਸ ਦਾ ਪੁਲਿਸ ਰਸੂਖ਼ ਸਭ ਤੋਂ ਵੱਧ ਕੰਮ ਆਇਆ ਸੀ। ਸਿਪਾਹੀ ਤੋਂ ਲੈ ਕੇ ਡਿਪਟੀ ਤਕ ਉਸ ਦੇ ਹਮਾਇਤੀ ਸਨ। ਕੇਸ ਦੀਆਂ ਜ਼ਿਮਨੀਆਂ, ਬਿਆਨਾਂ ਦੀਆਂ ਨਕਲਾਂ, ਅਸਲੀ ਨਕਲੀ ਚਿੱਠੀਆਂ ਦੇ ਸੈੱਟ ਜੇ ਸਮੇਂ ਸਿਰ ਨਾ ਮਿਲਦੇ ਤਾਂ ਕੇਸ ਦਾ ਰੁਖ਼ ਦੂਜੇ ਪਾਸੇ ਹੋਣਾ ਸੀ।

ਜਿਸ ਵਕੀਲ ਦੀ ਮਦਦ ਪੁਲਿਸ ਕਰਦੀ ਹੋਵੇ, ਉਸ ਨੂੰ ਸਫ਼ਲਤਾ ਦੀ ਪੌੜੀ ਚੜ੍ਹਨਾ ਕੀ ਔਖਾ ਸੀ? ਹੁਣ ਜਦੋਂ ਗੁਰਮੀਤ ਨੇ ਵਕਾਲਤ ਕਰਨ ਦਾ ਮਨ ਬਣਾ ਹੀ ਲਿਆ ਸੀ ਤਾਂ ਫ਼ੌਜਦਾਰੀ ਵਕੀਲਾਂ ਨੂੰ ਕਿਸੇ ਹੋਰ ਥਾਂ ਦੀ ਤਲਾਸ਼ ਕਰਨੀ ਚਾਹੀਦੀ ਸੀ।

ਕੱਲ੍ਹ ਤਕ ਸ਼ਰਾਬੀ-ਕਬਾਬੀ ਅਤੇ ਨਿਕੰਮਾ ਸਮਝਿਆ ਜਾਂਦਾ ਪਿਆਰੇ ਲਾਲ ਵੀ ਇਕਦਮ ਹੀ ਧਰੂ ਤਾਰੇ ਵਾਂਗ ਚਮਕ ਪਿਆ ਸੀ। ਬਹਿਸ ਵਰਗੀ ਮਹੱਤਵਪੂਰਨ ਜ਼ਿੰਮੇਵਾਰੀ ਉਸੇ ਨੇ ਨਿਭਾਈ ਸੀ। ਇਕ-ਇਕ ਨੁਕਤੇ ਨੂੰ ਜਿਸ ਅੰਦਾਜ਼ ਨਾਲ ਉਸ ਨੇ ਪੇਸ਼ ਕੀਤਾ, ਉਸ ਤੋਂ ਸੀਨੀਅਰ ਤੋਂ ਸੀਨੀਅਰ ਵਕੀਲ ਵੀ ਪ੍ਰਭਾਵਿਤ ਹੋਇਆ ਸੀ। ਬਹਿਸ ਦੌਰਾਨ ਉਸ ਨੇ ਅਜਿਹੇ ਬੀਸੀਆਂ ਸਵਾਲ ਉਠਾਏ ਸਨ ਜਿਨ੍ਹਾਂ ਦਾ ਸਰਕਾਰੀ ਧਿਰ ਕੋਲ ਕੋਈ ਉੱਤਰ ਨਹੀਂ ਸੀ। ਜਵਾਬ ਦੀ ਮੰਗ ਕਰਦੀਆਂ ਉਸ ਦੀਆਂ ਸਵਾਲੀਆ ਅੱਖਾਂ ਜਦੋਂ ਗਿਆਨ ਸਿੰਘ ਵੱਲ ਉੱਠਦੀਆਂ ਤਾਂ ਗਿਆਨ ਸਿੰਘ ਦਾ ਮੱਥਾ ਪਸੀਨੇ ਨਾਲ ਤਰ ਹੋ ਜਾਂਦਾ ਅਤੇ ਸ਼ਰਮ ਦਾ ਮਾਰਿਆ ਉਹ ਸਿਰ ਝੁਕਾ ਲੈਂਦਾ।

ਬਹਿਸ ਸੁਣਦੇ ਹਰ ਸਰੋਤੇ ਨੂੰ ਇਹੋ ਮਹਿਸੂਸ ਹੁੰਦਾ ਸੀ ਜਿਵੇਂ ਦੋਸ਼ੀ ਸੌ ਫ਼ੀਸਦੀ ਬੇਕਸੂਰ ਸਨ। ਇਹੋ ਵਧੀਆ ਬਹਿਸ ਦੀ ਨਿਸ਼ਾਨੀ ਸੀ।

ਅਦਾਲਤੋਂ ਬਾਹਰ ਆ ਕੇ ਗਿਆਨ ਸਿੰਘ ਨੂੰ ਵੀ ਪਿਆਰੇ ਲਾਲ ਦੀ ਪਿੱਠ ਥਾਪੜਨੀ ਪਈ ਸੀ।

ਲੋਕਾਂ ਨੇ ਉਸ ਦੀ ਲਿਆਕਤ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਸੀ। ਅੱਜ ਕੱਲ੍ਹ ਉਸ ਦਾ ਫੱਟਾ ਪਹਿਲਾਂ ਵਾਂਗ ਬੇ-ਰੌਣਕਾ ਨਹੀਂ ਸੀ ਰਹਿੰਦਾ। ਕੁਝ-ਕੁਝ ਕੇਸਾਂ ਵਿਚ ਉਸ ਦੇ ਵਕਾਲਤ- ਨਾਮੇ ਲੱਗਣ ਲੱਗੇ ਸਨ।

ਪਾਲੇ ਅਤੇ ਮੀਤੇ ਦੇ ਬਰੀ ਹੁੰਦਿਆਂ ਹੀ ਉਸ ਦੀ ਝੰਡੀ ਸਭ ਤੋਂ ਉਪਰ ਹੋਣੀ ਸੀ।

ਸਿਆਣੇ ਮੁਨਸ਼ੀਆਂ ਨੇ ਉਹਨਾਂ ਦੇ ਭਵਿੱਖ ਨੂੰ ਭਾਂਪ ਲਿਆ ਸੀ। ਹਾਲੇ ਤਕ ਨਾ ਗੁਰਮੀਤ ਨੇ ਮੁਨਸ਼ੀ ਰੱਖਿਆ ਸੀ ਨਾ ਪਿਆਰੇ ਲਾਲ ਨੇ। ਕੁਝ ਪੁਰਾਣੇ ਮੁਨਸ਼ੀ ਉਹਨਾਂ ਦੁਆਲੇ ਕੱਟੀਆਂ- ਵੱਛੀਆਂ ਬੰਨ੍ਹਣ ਲੱਗੇ ਸਨ। ਕੁਝ ਚੁਸਤ ਮੁਨਸ਼ੀਆਂ ਨੇ ਇਕ-ਇਕ, ਦੋ-ਦੋ ਕੇਸ ਦਿਵਾ ਕੇ ਉਹਨਾਂ ਨੂੰ ਭਰਮਾਉਣਾ ਵੀ ਸ਼ੁਰੂ ਕਰ ਦਿੱਤਾ ਸੀ।

ਕਈ ਸਿਆਣੇ ਸਾਇਲਾਂ ਨੇ ਵੀ ਗੁਦੜੀ ਦੇ ਲਾਲ ਪਛਾਣ ਲਏ। ਕੁਝ ਫ਼ੈਸਲੇ ਦੀ ਉਡੀਕ ਕਰਨ ਲੱਗੇ। ਪਾਲੇ ਅਤੇ ਮੀਤੇ ਦੇ ਬਰੀ ਹੁੰਦਿਆਂ ਹੀ ਉਹਨਾਂ ਆਪਣੇ ਲਿਫ਼ਾਫ਼ੇ ਚੁੱਕ ਕੇ ਉਹਨਾਂ ਕੋਲ ਆ ਜਾਣਾ ਸੀ। ਸਾਈਆਂ ਵਧਾਈਆਂ ਉਹ ਪਹਿਲਾਂ ਹੀ ਲਾਉਣ ਲੱਗੇ।

ਇਸ ਸਾਰੀ ਉਥਲ-ਪੁੱਥਲ ਨੂੰ ਦੇਖ ਕੇ ਪਿਆਰੇ ਲਾਲ ਦੇ ਮਨ ਵਿਚ ਲੱਡੂ ਫੁੱਟਣ ਲੱਗਦੇ। ਵੈਸੇ ਉਸ ਨੂੰ ਯਕੀਨ ਸੀ ਕਿ ਫ਼ੈਸਲਾ ਉਹਨਾਂ ਦੇ ਹੱਕ ਵਿਚ ਹੋਏਗਾ। ਫੇਰ ਕੀ ਕਈ ਵਾਰ ਮਨ ਡੋਲ ਜਾਂਦਾ। ਕੱਲ ਅਤੇ ਬੁੱਲ੍ਹਾਂ ਵਿਚਕਾਰਲੇ ਫ਼ਾਸਲੇ ਵਾਲੀ ਅੰਗਰੇਜ਼ੀ ਅਖਾਉਤ ਉਸ ਨੂੰ ਡਰਾਉਣ ਲੱਗਦੀ।

ਇੰਤਜ਼ਾਰ ਦੀ ਹਰ ਘੜੀ ਉਸ ਨੂੰ ਇਕ ਯੁੱਗ ਜਿੱਡੀ ਲੱਗਦੀ।

ਕਚਹਿਰੀਆਂ ਦੇ ਭੇਤੀ ਲੋਕ ਬਹਿਸ ਦੌਰਾਨ ਹੀ ਭਾਂਪ ਜਾਂਦੇ ਹਨ ਕਿ ਊਠ ਕਿਧਰ ਨੂੰ ਕਰਵਟ ਲਏਗਾ। ਜੱਜ ਦਾ ਮੂਡ ਭਾਂਪਣ ਲਈ ਪਿਆਰੇ ਲਾਲ ਵੀ ਤਰਲੋਮੱਛੀ ਹੋ ਰਿਹਾ ਸੀ। ਪਾਲੇ ਅਤੇ ਮੀਤੇ ਦੀ ਜ਼ਿੰਦਗੀ ਦੇ ਨਾਲ-ਨਾਲ ਉਸ ਦੇ ਭਵਿੱਖ ਦਾ ਫ਼ੈਸਲਾ ਹੋਣਾ ਸੀ।

ਆਪਣੀ ਜਗਿਆਸਾ ਸ਼ਾਂਤ ਕਰਨ ਲਈ ਕਦੇ ਉਹ ਮੋਹਨ ਜੀ ਦੇ ਮੁਨਸ਼ੀ ਕੋਲ ਜਾ ਬੈਠਦਾ।

“ਕੇਸ ਲੀਗਲ ਸੈੱਲ ਹੀ ਜਿੱਤੇਗਾ।” ਦਾਅਵਾ ਕਰਦਾ ਮੁਨਸ਼ੀ ਸ਼ਰਤ ਲਾਉਣ ਤਕ ਨੂੰ ਤਿਆਰ ਹੋ ਜਾਂਦਾ।

ਤੁਸੀਂ ਦੇਖਿਆ ਤਾਂ ਸੀ ਜੱਜ ਗਵਾਹਾਂ ਨੂੰ ਕਿਵੇਂ ਝਈਆਂ ਲੈ-ਲੈ ਪੈਂਦਾ ਸੀ। ਆਹ ਕਿਵੇਂ ਹੋਇਆ? ਉਹ ਕਿਵੇਂ ਹੋਇਆ? ਇਸਤਗਾਸਾ ਧਿਰ ਨੂੰ ਮਿਊਂ-ਮਿਊਂ ਕਰਨ ਤੋਂ ਸਿਵਾ ਕਦੇ ਕੁਝ ਸੁੱਝਿਆ ਸੀ? ਸਾਥੋਂ ਤਾਂ ਜੱਜ ਨੇ ਥੋੜ੍ਹੇ ਜਿਹੇ ਸਪੱਸ਼ਟੀਕਰਨ ਮੰਗੇ ਸਨ। ਹਰ ਸਪੱਸ਼ਟੀਕਰਨ ’ਤੇ ਉਹਦੀ ਤਸੱਲੀ ਹੋ ਜਾਂਦੀ ਸੀ। ਜੱਜ ਦੇ ਮਨ ’ਚ ਪੈਦਾ ਹੋਇਆ ਸ਼ੰਕਿਆਂ ਦਾ ਫ਼ਾਇਦਾ ਸਫ਼ਾਈ ਧਿਰ ਨੂੰ ਹੀ ਜਾਏਗਾ। ਨਹੀਂ?”

ਪਿਆਰੇ ਲਾਲ ਮੁਨਸ਼ੀ ਦੇ ਤਰਕ ਨਾਲ ਸਹਿਮਤ ਤਾਂ ਹੁੰਦਾ ਪਰ ਉਸ ਦਾ ਦਿਲ ਨਾ ਟਿਕਦਾ।ਲਛਮਣ ਦਾਸ ਉਹਨਾਂ ਦਾ ਆਪਣਾ ਮੁਨਸ਼ੀ ਸੀ। ਵਕੀਲ ਵਾਂਗ ਮੁਨਸ਼ੀ ਦਾ ਮਨ ਵੀ ਕੇਸ ਦੀ ਸਫ਼ਲਤਾ ਨਾਲ ਜੁੜਿਆ ਹੋਇਆ ਸੀ। ਉਸ ਨੂੰ ਚਾਰੇ ਪਾਸੇ ਹਰਾ-ਹਰਾ ਦਿਖਾਈ ਦੇਣਾ ਹੀ ਸੀ।

ਭਾਨੇ ਨੰਬਰਦਾਰ ਨੇ ਵੀ ਆਪਣੇ ਵਾਲ ਕਚਹਿਰੀਆਂ ਵਿਚ ਹੀ ਸਫ਼ੈਦ ਕੀਤੇ ਸਨ। ਉਸ ਨੇ ਵੀ ਸਾਰੀ ਬਹਿਸ ਸੁਣੀ ਸੀ। ਸਾਇਲਾਂ ਨੂੰ ਉਸ ’ਤੇ ਰੱਬ ਵਰਗਾ ਭਰੋਸਾ ਸੀ। ਬਹਿਸ ਸੁਣ ਕੇ ਜਿਸ ਤਰ੍ਹਾਂ ਉਹ ਆਖਿਆ ਕਰਦਾ ਸੀ, ਫ਼ੈਸਲਾ ਅਕਸਰ ਉਸੇ ਤਰ੍ਹਾਂ ਹੋਇਆ ਕਰਦਾ ਸੀ।

ਭਾਵੇਂ ਨੰਬਰਦਾਰ ਭੰਡਾਰੀ ਦੇ ਕੈਬਨ ਵਿਚ ਬੈਠਦਾ ਸੀ। ਉਸੇ ਦਾ ਨਮਕ ਖਾਂਦਾ ਸੀ, ਫੇਰ ਵੀ ਪਿਆਰੇ ਲਾਲ ਨੂੰ ਯਕੀਨ ਸੀ ਕਿ ਉਸ ਕੋਲ ਉਹ ਝੂਠ ਨਹੀਂ ਬੋਲੇਗਾ।

ਕਦੇ ਪਿਆਰੇ ਲਾਲ ਭਾਨੇ ਕੋਲ ਜਾ ਬੈਠਦਾ।

“ਇਹ ਕੇਸ ਤਾਂ ਭਤੀਜ ਤੂੰ ਜਿੱਤਣੈ। ਗੱਡਾ ਭਰ ਕੇ ਕਿਤਾਬਾਂ ਦਾ ਜੋ ਲੈ ਗਿਆ ਸੀ। ਸਾਡਾ ਵਕੀਲ ਤਾਂ ਤਿੰਨ ਕਿਤਾਬਾਂ ਈ ਲੈ ਗਿਆ ਸੀ। ਉਹ ਵੀ ਬਿਨਾਂ ਦਿਖਾਏ ਮੋੜ ਲਿਆਇਆ। ਜਿਸ ਦੇ ਕੇਸ ’ਚ ਦਮ ਹੋਊ, ਉਹੋ ਕਿਤਾਬਾਂ ਲਿਜਾਊ। ਜਿਸ ਦੇ ਹੱਕ ’ਚ ਕਾਨੂੰਨ ਹੋਊ, ਭਤੀਜ ਫੇਰ ਕੇਸ ਵੀ ਉਹੋ ਜਿੱਤੂ।”

ਨੰਬਰਦਾਰ ਦੀ ਬਹੁਤੀਆਂ ਕਿਤਾਬਾਂ ਵਾਲੀ ਦਲੀਲ ਪਿਆਰੇ ਲਾਲ ਨੂੰ ਘੱਟ-ਵੱਧ ਹੀ ਜਚਦੀ। ਸੌ ਸੁਨਿਆਰ ਦੀ ਅਤੇ ਇਕ ਲੋਹਾਰ ਦੀ ਵਾਂਗ ਕਈ ਵਾਰ ਇਕੋ ਕਿਤਾਬ ਸੌ ਕਿਤਾਬਾਂ ਜਿੰਨਾ ਕੰਮ ਦੇ ਜਾਂਦੀ ਸੀ। ਤਿੰਨ ਕਿਤਾਬਾਂ ਲਿਆਉਣ ਵਾਲੀ ਧਿਰ ਸਰਕਾਰੀ ਸੀ। ਸਰਕਾਰ ਨੇ ਕਿਤਾਬਾਂ ਦਿਖਾ-ਦਿਖਾ ਕਿਹੜਾ ਸਾਇਲ ’ਤੇ ਰੋਹਬ ਪਾਉਣਾ ਸੀ। ਇਹ ਨਾਟਕ ਪ੍ਰਾਈਵੇਟ ਵਕੀਲਾਂ ਨੂੰ ਕਰਨਾ ਪੈਂਦਾ ਸੀ। ਭਾਵੇਂ ਪਿਆਰੇ ਲਾਲ ਨੇ ਦਿਖਾਵਾ ਨਹੀਂ ਸੀ ਕੀਤਾ, ਫੇਰ ਵੀ ਕਿਤਾਬਾਂ ਦੀ ਗਿਣਤੀ ਫ਼ੈਸਲੇ ਦਾ ਆਧਾਰ ਨਹੀਂ ਸੀ ਬਣ ਸਕਦੀ।

ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਤਾਂ ਸੀਨੀਅਰ ਵਕੀਲ ਹੀ ਕਰ ਸਕਦੇ ਸਨ। ਕਈਆਂ ਸੀਨੀਅਰ ਵਕੀਲਾਂ ਨੇ ਕੇਸ ਦੀ ਹਰ ਸੁਣਵਾਈ ਨੂੰ ਗਹੁ ਨਾ ਵਾਚਿਆ ਸੀ। ਉਹਨਾਂ ਵਿਚੋਂ ਇਕ ਧੀਰ ਵੀ ਸੀ।

ਧੀਰ ਕੋਲ ਜਾਣ ਲੱਗਿਆਂ ਪਿਆਰੇ ਲਾਲ ਨੂੰ ਕੁਆਰੀਆਂ ਕੁੜੀਆਂ ਵਾਂਗ ਸ਼ਰਮ ਆਉਂਦੀ ਸੀ। ਉਸ ਨੂੰ ਲੱਗਦਾ ਸੀ ਵਕੀਲ ਸੋਚੇਗਾ ਜਿਵੇਂ ਪਿਆਰੇ ਲਾਲ ਫੂਕ ਛਕ ਰਿਹੈ। ਆਪਣੀ ਤਾਰੀਫ਼ ਸੁਣਨਾ ਚਾਹੁੰਦੈ। ਅਸਲੀਅਤ ਇਹ ਨਹੀਂ ਸੀ। ਉਹ ਤਾਂ ਫ਼ੈਸਲਾ ਜਾਣਨਾ ਚਾਹੁੰਦਾ ਸੀ। ਫ਼ੈਸਲੇ ਦੇ ਰੁਖ਼ ਬਾਰੇ ਜਾਣਨਾ ਚਾਹੁੰਦਾ ਸੀ।

ਕੰਟੀਨ ਵਿਚ ਧੀਰ ਨੂੰ ਇਕੱਲਾ ਬੈਠਾ ਦੇਖ ਕੇ ਪਿਆਰੇ ਲਾਲ ਨੇ ਮਨ ਕਰੜਾ ਕੀਤਾ ਅਤੇ ਉਸ ਦੁਆਲੇ ਹੋ ਗਿਆ।

“ਲਾਲਾ ਜੀ, ਜੇ ਫ਼ੈਸਲੇ ਗੁਣਾਂ ਔਗੁਣਾਂ ਦੇ ਆਧਾਰ ’ਤੇ ਹੋਣ ਤੇ ਫੇਰ ਗੱਲਾਂ ਕਾਹਦੀਆਂ। ਫ਼ੈਸਲਾ ਕਰਨ ਤੋਂ ਪਹਿਲਾਂ ਜੱਜ ਸੌ ਕੁਝ ਦੇਖਦੈ। ਪੈਸਾ, ਸਿਫ਼ਾਰਿਸ਼, ਧਿਰਾਂ ਦਾ ਰੁਤਬਾ ਅਤੇ ਆਪਣੀ ਇੱਜ਼ਤ। ਮੈਰਿਟ ਦੀ ਵਾਰੀ ਅਖ਼ੀਰ ਵਿਚ ਆਉਂਦੀ ਹੈ। ਈਮਾਨਦਾਰ ਜੱਜਾਂ ਨੇ ਬੇਈਮਾਨ ਜੱਜਾਂ ਨਾਲੋਂ ਵੱਧ ਇਨਸਾਫ਼ ਦਾ ਭੱਠਾ ਬਿਠਾ ਰੱਖਿਐ। ਉਸ ਨੂੰ ਇਕੋ ਖ਼ਤਰਾ ਬਣਿਆ ਰਹਿੰਦੈ। ਦੋਸ਼ੀ ਬਰੀ ਕਰਨ ਨਾਲ ਕਿਧਰੇ ਉਸ ਦੀ ਇੱਜ਼ਤ ਨਾ ਚਲੀ ਜਾਵੇ। ਲੋਕ ਇਹ ਨਾ ਆਖਣ ਜੱਜ ਨੇ ਪੈਸੇ ਲੈ ਕੇ ਦੋਸ਼ੀ ਬਰੀ ਕਰਤਾ। ਮੈਨੂੰ ਤਾਂ ਇਸ ਗੋਰਖ ਧੰਦੇ ਦੀ ਸਾਰੀ ਉਮਰ ਸਮਝ ਨਹੀਂ ਆਈ। ਸਜ਼ਾ ਵਾਲੇ ਕੇਸ ਬਰੀ ਹੋ ਜਾਂਦੇ ਨੇ ਬਰੀ ਵਾਲੇ ਸਜ਼ਾ। ਜਿੰਨਾ ਚਿਰ ਜੱਜ ਦੇ ਮੂੰਹੋਂ ਹੁਕਮ ਨਹੀਂ ਨਿਕਲਦਾ, ਓਨਾ ਚਿਰ ਖੂਹ ’ਚ ਇੱਟ ਹੀ ਸਮਝੋ।”

ਧੀਰ ਦੀਆਂ ਖਰੀਆਂ-ਖਰੀਆਂ ਗੱਲਾਂ ਨੇ ਪਿਆਰੇ ਲਾਲ ਦਾ ਦਿਲ ਧੱਕ-ਧੱਕ ਕਰਨ ਲਾ ਦਿੱਤਾ।

ਇਸ ਕੌੜੇ ਸੱਚ ਨੂੰ ਨਿਕਲਣਾ ਪਿਆਰੇ ਲਾਲ ਲਈ ਮੁਸ਼ਕਲ ਹੋ ਗਿਆ।

“ਰਾਵਾਂ ਆਖ਼ਰ ਰਾਵਾਂ ਹੁੰਦੀਆਂ ਹਨ। ਜਿਸ ਦਾ ਜਿਹੋ ਜਿਹਾ ਤਜਰਬਾ, ਉਸ ਦੀ ਉਹੋ ਜਿਹੀ ਖੱਟੀ-ਮਿੱਠੀ ਰਾਏ।” ਸੋਚਦਾ-ਸੋਚਦਾ ਪਿਆਰੇ ਲਾਲ ਰਾਵਾਂ ਦਾ ਖਹਿੜਾ ਛੱਡ ਕੇ ਅਸਲੀਅਤ ਪਿੱਛੇ ਘੁੰਮਣ ਲੱਗਾ।

ਜੱਜ ਦਾ ਸਟੈਨੋ ਇਕੋ-ਇਕ ਅਜਿਹਾ ਬੰਦਾ ਸੀ ਜਿਹੜਾ ਸਾਰੀ ਅਸਲੀਅਤ ਜਾਣਦਾ ਸੀ। ਅਦਾਲਤ ਦੇ ਸਾਰੇ ਦਰਵਾਜ਼ੇ ਬੰਦ ਕਰ ਕੇ ਜੱਜ ਦੋ ਦਿਨਾਂ ਤੋਂ ਉਸ ਨੂੰ ਫ਼ੈਸਲਾ ਲਿਖਵਾ ਰਿਹਾਸੀ।

ਕਲ੍ਹ ਥੱਕਾ-ਟੁੱਟਾ ਸਟੈਨੋ ਜਦੋਂ ਰਿਟਾਇਰਿੰਗ ਰੂਮ ਵਿਚੋਂ ਬਾਹਰ ਨਿਕਲਿਆ ਸੀ ਤਾਂ ਪਿਆਰੇ ਲਾਲ ਨੇ ਉਸ ਨੂੰ ਘੇਰਿਆ ਸੀ।

“ਹਾਲੇ ਪਹਿਲਾ ਹਿੱਸਾ ਹੀ ਲਿਖਾਇਐ। ਕੇਸ ਦੇ ਰੁਖ਼ ਦਾ ਅਗਲੇ ਹਿੱਸੇ ਤੋਂ ਪਤਾ ਲੱਗੂ।” ਸਟੈਨੋ ਨੇ ਹਾਲੇ ਇੰਨਾ ਕੁ ਭੇਤ ਹੀ ਖੋਲ੍ਹਿਆ ਸੀ ਕਿ ਏਨੇ ਨੂੰ ਭੰਡਾਰੀ ਦਾ ਮੁਨਸ਼ੀ ਆ ਧਮਕਿਆ।

ਸਿਗਰਟ ਬੀੜੀ ਪਿਲਾਉਣ ਦੇ ਬਹਾਨੇ ਉਹ ਸਟੈਨੋ ਨੂੰ ਆਪਣੇ ਕੈਬਨ ਵੱਲ ਧੂਹਣ ਲੱਗਾ।

ਪਿਆਰੇ ਲਾਲ ਨਾਲੋਂ ਮੁਨਸ਼ੀ ਦਾ ਸਟੈਨੋ ’ਤੇ ਵੱਧ ਜ਼ੋਰ ਸੀ। ਪਿਆਰੇ ਲਾਲ ਨੂੰ ਪਹਿਲੀ ਵਾਰ ਕੰਮ ਪਿਆ ਸੀ। ਮੁਨਸ਼ੀ ਉਸ ਨੂੰ ਹਰ ਰੋਜ਼ ਗੱਫੇ ਦਿਵਾਉਂਦਾ ਸੀ।

ਮੁਨਸ਼ੀ ਅਤੇ ਸਟੈਨੋ ਦੀ ਬੁੱਕਲ ਸਾਂਝੀ ਸੀ। ਇਕ ਸ਼ਿਕਾਰ ਨੂੰ ਉਠਾਉਂਦਾ ਸੀ ਅਤੇ ਦੂਜਾ ਫੰਡਦਾ ਸੀ।

“ਜੋ ਮੈਂ ਆਖਿਆ ਠੀਕ ਆਖਿਆ। ਮੇਰੇ ’ਤੇ ਯਕੀਨ ਕਰੋ।” ਮੁਨਸ਼ੀ ਨਾਲ ਜਾਂਦੇ ਸਟੈਨੋ ਨੇ ਪਿਆਰੇ ਲਾਲ ਨੂੰ ਇਕ ਵਾਰ ਫੇਰ ਯਕੀਨ ਦਿਵਾਇਆ ਸੀ।

ਬਦਨਾਮੀ ਤੋਂ ਬਚਣ ਲਈ ਮੁਨਸ਼ੀ ਸਟੈਨੋ ਨੂੰ ਭੰਡਾਰੀ ਦੀ ਥਾਂ ਸ਼ਿੰਦੇ ਵਕੀਲ ਦੇ ਕੈਬਨ ਵਿਚ ਲੈ ਗਿਆ।

ਪਹਿਲਾਂ ਸਿਗਰਟਾਂ ਦੀ ਡੱਬੀ ਫੂਕੀ ਗਈ। ਸਟੈਨੋ ਜਦੋਂ ਫੇਰ ਵੀ ਕੁਝ ਨਾ ਉਚਰਿਆ ਤਾਂ ਬੋਤਲ ਮੰਗਵਾਈ ਗਈ।

ਬੋਤਲ ਦੇਖ ਕੇ ਪਿਆਰੇ ਲਾਲ ਦੀ ਆਸ ਦਾ ਦੀਵਾ ਬੁੱਝ ਗਿਆ।

ਪਹਿਲੇ ਪੈੱਗ ਨਾਲ ਸਟੈਨੋ ਨੇ ਸ਼ਰਾਬੀ ਹੋ ਜਾਣਾ ਸੀ। ਸ਼ਰਾਬੀ ਹੋ ਕੇ ਉਸ ਨੇ ਅਬਾ-ਤਬਾਬੋਲਣਾ ਸੀ। ਵਗਾਰ ਤੇ ਵਗਾਰ ਪਾਉਣੀ ਸੀ। ਵਗਾਰ ਪੂਰੀ ਨਾ ਹੋ ਸਕੀ ਤਾਂ ਨੁਕਸਾਨ ਕਰਨਾਸੀ।

ਪਿਆਰੇ ਲਾਲ ਨੂੰ ਕੰਨ ਲਪੇਟ ਕੇ ਤੁਰ ਜਾਣ ਵਿਚ ਹੀ ਭਲਾ ਲੱਗਾ ਸੀ।

ਪਿਆਰੇ ਲਾਲ ਦੇ ਪਿੱਛੋਂ ਲਹਿ ਜਾਣ ’ਤੇ ਮੁਨਸ਼ੀ ਨੇ ਸੁਖ ਦਾ ਸਾਹ ਲਿਆ ਸੀ।

“ਬੰਟੀ ਕਤਲ ਕੇਸ ’ਚ ਕੀ ਹੋ ਰਿਹੈ?” ਅੱਧੀ ਬੋਤਲ ਸੜਾਕ ਕੇ ਅਤੇ ਦੋ ਘੰਟੇ ਬਰਬਾਦ ਕਰਕੇ ਵੀ ਜਦੋਂ ਸਟੈਨੋ ਨੇ ਕੋਈ ਰਾਹ ਨਾ ਦਿੱਤਾ ਤਾਂ ਖਿਝੇ ਮੁਨਸ਼ੀ ਨੇ ਆਪੇ ਗੱਲ ਤੋਰੀ।

“ਦੇਵੀ ਦੀ ਸਹੁੰ। ਜੱਜ ਨੇ ਹਾਲੇ ਤੱਥ ਲਿਖਾਏ ਨੇ। ਜਿੰਨਾ ਚਿਰ ਬਹਿਸ ਨੀ ਲਿਖਾਉਂਦਾ, ਕੁਸ਼ ਪਤਾ ਨੀ ਲੱਗਦਾ।”

“ਤੇਰੀ ਮਰਜ਼ੀ।” ਸਟੈਨੋ ਦੀ ਸਹੁੰ ਨੂੰ ਨਜ਼ਰ ਅੰਦਾਜ਼ ਕਰ ਕੇ ਮੁਨਸ਼ੀ ਨੇ ਰੋਸ ਪ੍ਰਗਟਾਇਆ।

ਜਦੋਂ ਸਟੈਨੋ ਨੇ ਫੇਰ ਵੀ ਰਾਹ ਨਾ ਦਿੱਤਾ ਤਾਂ ਹਰਖੇ ਮੁਨਸ਼ੀ ਨੇ ਬਾਕੀ ਬਚਦੀ ਸ਼ਰਾਬ ਨੂੰ ਗਲਾਸਾਂ ਵਿਚ ਪਾਇਆ, ਅੰਦਰ ਸੁੱਟਿਆ ਤੇ ਘਰ ਜਾਣ ਲਈ ਉੱਠ ਖੜੋਤਾ।

“ਤੂੰ ਐਵੇਂ ਗ਼ੁੱਸਾ ਕਰ ਗਿਆ। ਮੈਂ ਸੱਚ ਆਖ ਰਿਹਾਂ।” ਸਟੈਨੋ ਰੁੱਸੇ ਮੁਨਸ਼ੀ ਨੂੰ ਮਨਾਉਣ ਦਾ ਯਤਨ ਕਰਨ ਲੱਗਾ।

ਸਟੈਨੋ ਦਾ ਹਾਲੇ ਕੁਝ ਨਹੀਂ ਸੀ ਬਣਿਆ। ਉਹ ਉੱਠਣ ਦੇ ਮੂਡ ਵਿਚ ਨਹੀਂ ਸੀ।

ਮੁਨਸ਼ੀ ਦੇ ਅੱਧ ਵਿਚਕਾਰ ਡੋਬਾ ਦੇ ਕੇ ਤੁਰ ਜਾਣ ’ਤੇ ਸਟੈਨੋ ਪਛਤਾਉਣ ਲੱਗਾ। ਮੁਨਸ਼ੀ ਦੇ ਲਾਲਚ ’ਚ ਉਹ ਪਿਆਰੇ ਲਾਲ ਨੂੰ ਵੀ ਹੱਥੋਂ ਕੱਢ ਚੁੱਕਾ ਸੀ।

ਪੱਲਿਉਂ ਪੀਣ ਵਾਲਾ ਸਟੈਨੋ ਵੀ ਨਹੀਂ ਸੀ।

ਪਿਆਰੇ ਲਾਲ ਦਾ ਕਮਰਾ ਕਿਹੜਾ ਦੂਰ ਸੀ। ਡਿਗਦਾ-ਢਹਿੰਦਾ ਉਹ ਪਿਆਰੇ ਲਾਲ ਕੋਲ ਪੁੱਜ ਗਿਆ।

ਪਿਆਰੇ ਲਾਲ ਨੇ ਉਸ ਨੂੰ ਦਾਰੂ ਨਾਲ ਨੁਹਾ ਦਿੱਤਾ। ਫ਼ੈਸਲੇ ਬਾਰੇ ਦੱਸਣ ਲਈ ਉਸ ਕੋਲ ਫੇਰ ਵੀ ਕੁਝ ਨਹੀਂ ਸੀ।

ਦੂਜੇ ਦਿਨ ਵੀ ਪਨਾਲਾ ਉਥੇ ਦਾ ਉਥੇ ਸੀ।

ਜੱਜ ਦਾ ਮਨ ਸਥਿਰ ਨਹੀਂ ਸੀ। ਕਦੇ ਉਹ ਸਜ਼ਾ ਵਾਲਾ ਫ਼ੈਸਲਾ ਲਿਖਵਾ ਦਿੰਦਾ ਅਤੇ ਕਦੇ ਬਰੀ ਵਾਲਾ। ਫੇਰ ਸਾਰੇ ਵਰਕੇ ਪਾੜ ਦਿੰਦਾ।

ਸਟੈਨੋ ਨੂੰ ਕੱਲ੍ਹ ਸੁਬ੍ਹਾ ਕੋਠੀ ਬੁਲਾਇਆ ਗਿਆ ਸੀ। ਜੱਜ ਨੇ ਉਸ ਨਾਲ ਵਾਅਦਾ ਕੀਤਾ ਸੀ। ਰਾਤ ਨੂੰ ਉਹ ਆਪਣਾ ਮਨ ਬਣਾ ਲਏਗਾ। ਕੱਲ੍ਹ ਨੂੰ ਹਰ ਹਾਲਤ ਵਿਚ ਉਹ ਫ਼ੈਸਲਾ ਡਿਕਟੇਟ ਕਰਾਏਗਾ।

“ਕੱਲ੍ਹ ਵੀ ਆ ਜਾਏਗੀ।” ਹਉਕਾ ਭਰ ਕੇ ਸਬਰ ਕਰਨ ਤੋਂ ਸਿਵਾ ਪਿਆਰੇ ਲਾਲ ਕੁਝ ਨਹੀਂ ਸੀ ਕਰ ਸਕਿਆ।

 

 

 

30

ਬੇਚੈਨ ਪਿਆਰੇ ਲਾਲ ਸਾਰੀ ਰਾਤ ਉਸਲ-ਵੱਟੇ ਲੈਂਦਾ ਰਿਹਾ। ਕਦੇ ਅੱਖ ਝਪਕਦੀ ਵੀ ਤਾਂ ਕਚਹਿਰੀ ਦੇ ਸੁਪਨੇ ਆਉਣ ਲੱਗਦੇ। ਕਦੇ ਜੱਜ ਦੋਸ਼ੀਆਂ ਨੂੰ ਸਜ਼ਾ ਕਰ ਰਿਹਾ ਹੁੰਦਾ, ਕਦੇ ਬਰੀ। ਕਦੇ ਪਿਆਰੇ ਲਾਲ ਦੀ ਵਾਹ-ਵਾਹ ਹੋ ਰਹੀ ਹੁੰਦੀ, ਕਦੇ ਨਿੰਦਿਆ।

ਬਹਿਸ ਹੋਈ ਨੂੰ ਦੋ ਦਿਨ ਹੋ ਗਏ ਸਨ। ਸਟੈਨੋ ਆਖਦਾ ਸੀ ਜੱਜ ਨੇ ਹਾਲੇ ਤਕ ਮਨ ਨਹੀਂ ਬਣਾਇਆ। ਪਿਆਰੇ ਲਾਲ ਨੂੰ ਇਹ ਬਹਾਨਾ ਜਚਿਆ ਨਹੀਂ ਸੀ। ਇਹ ਕਿਹੜਾ ਅਫ਼ੀਮ ਸ਼ਰਾਬ ਦਾ ਕੇਸ ਸੀ ਬਈ ਦਿਲ ਕਰਿਆ ਚਾਰ ਪੰਨੇ ਲਿਖਵਾ ਦਿੱਤੇ। ਇਹ ਉਲਝਣਾਂ ਭਰਿਆ ਕਤਲ ਕੇਸ ਸੀ। ਜੱਜ ਨੂੰ ਘੱਟੋ-ਘੱਟ ਸੌ ਪੰਨਾ ਲਿਖਣਾ ਪੈਣਾ ਸੀ। ਐਡਾ ਫ਼ੈਸਲਾ ਲਿਖਣਾ ਹੋਵੇ ਤਾਂ ਜੱਜ ਨੂੰ ਮਨ ਕਈ ਦਿਨ ਪਹਿਲਾਂ ਬਣਾਉਣਾ ਪੈਂਦਾ ਸੀ।

ਪਿਆਰੇ ਲਾਲ ਨੂੰ ਸਟੈਨੋ ’ਤੇ ਸ਼ੱਕ ਸੀ। ਉਸ ਨੇ ਸਟੈਨੋ ਦੀ ਮੁੱਠੀ ਗਰਮ ਨਹੀਂ ਸੀ ਕੀਤੀ। ਇਸ ਲਈ ਉਹ ਝੂਠ ਬੋਲ ਗਿਆ ਸੀ।

ਇਹ ਵੀ ਹੋ ਸਕਦੈ ਦੋਸ਼ੀਆਂ ਨੂੰ ਸਜ਼ਾ ਹੋਣੀ ਹੋਵੇ। ਸਟੈਨੋ ਡਰ ਗਿਆ ਹੋਵੇ। ਸੰਮਤੀ ਕਿਧਰੇ ਪਹਿਲਾਂ ਹੀ ਰੌਲਾ ਨਾ ਪਾ ਦੇਵੇ। ਜੱਜ ਦੇ ਖ਼ਿਲਾਫ਼ ਮੋਰਚਾ ਨਾ ਲਾ ਲਵੇ। ਇੰਝ ਹੋ ਗਿਆ ਤਾਂ ਸਟੈਨੋ ਦਾ ਕੀ ਬਣੇਗਾ?

ਸਚਾਈ ਜਾਣਨ ਦਾ ਇੱਛੁਕ ਪਿਆਰੇ ਲਾਲ ਸਾਝਰੇ ਹੀ ਤਿਆਰ ਹੋ ਗਿਆ।

ਕਚਹਿਰੀ ਜਾਣ ਲਈ ਉਸ ਨੇ ਉਹ ਰਾਹ ਚੁਣਿਆ ਜਿਹੜਾ ਜੱਜ ਦੀ ਕੋਠੀ ਅੱਗੋਂ ਦੀ ਲੰਘਦਾ ਸੀ।

ਸਟੈਨੋ ਦਾ ਸਕੂਟਰ ਕੋਠੀ ਅੱਗੇ ਖੜਾ ਦੇਖ ਕੇ ਪਿਆਰੇ ਲਾਲ ਨੂੰ ਕੁਝ ਰਾਹਤ ਮਹਿਸੂਸ ਹੋਈ। ਸਟੈਨੋ ਨੇ ਝੂਠ ਨਹੀਂ ਸੀ ਬੋਲਿਆ।

ਪਿਆਰੇ ਲਾਲ ਦਾ ਦਿਲ ਕੋਠੀ ਅੱਗੇ ਧਰਨਾ ਲਾਉਣ ਨੂੰ ਕੀਤਾ, ਉਹ ਸਟੈਨੋ ਤੋਂ ਖ਼ੁਸ਼ਖ਼ਬਰੀ ਸੁਣ ਕੇ ਹੀ ਕਚਹਿਰੀ ਜਾਵੇ।

ਪਰ ਇਹ ਸ਼ੇਖ਼ਚਿੱਲੀ ਵਾਲੇ ਸੁਪਨੇ ਸਨ। ਸਟੈਨੋ ਦਾ ਇੰਤਜ਼ਾਰ ਕਚਹਿਰੀ ਬੈਠ ਕੇ ਹੀ ਹੋ ਸਕਦਾ ਸੀ।

ਖ਼ੁਸ਼ੀਆਂ-ਗ਼ਮੀਆਂ ’ਚ ਗਵਾਚਾ ਪਿਆਰੇ ਲਾਲ ਕਚਹਿਰੀ ਆ ਬੈਠਾ।

ਗੁਰਮੀਤ ਪਹਿਲਾਂ ਦਾ ਹੀ ਆਇਆ ਬੈਠਾ ਸੀ। ਪਿੱਛੇ ਹੀ ਬਾਬਾ ਆ ਗਿਆ। ਤਾਜ਼ਾ ਦਮ ਹੋਣ ਲਈ ਉਹ ਕੰਟੀਨ ਵਿਚ ਜਾ ਬੈਠੇ।

ਸ਼ਹਿਰ ਤੋਂ ਲੈ ਕੇ ਰੂਸ ਤਕ ਦੇ ਚਲੰਤ ਮਸਲਿਆਂ ’ਤੇ ਬਹਿਸ ਹੋਣ ਲੱਗੀ।

“ਕਿਉਂ ਗੁਰਮੀਤ, ਫ਼ੈਸਲੇ ਬਾਰੇ ਤੇਰਾ ਕੀ ਵਿਚਾਰ ਐ?” ਪਿਆਰੇ ਲਾਲ ’ਤੇ ਇਕੋ ਧੁਨ ਸਵਾਰ ਸੀ। ਘੁਮਾ-ਫਿਰਾ ਕੇ ਉਹ ਗੱਲਬਾਤ ਨੂੰ ਇਸੇ ਵਿਸ਼ੇ ’ਤੇ ਲਿਆ ਖੜ੍ਹਾਉਂਦਾ।

“ਜੇ ਫ਼ੈਸਲਾ ਕਾਨੂੰਨ ਮੁਤਾਬਕ ਹੋਇਆ ਤਾਂ ਅਸੀਂ ਜਿੱਤਾਂਗੇ, ਨਹੀਂ ਤਾਂ ਹਾਰਾਂਗੇ।” ਫ਼ੈਸਲੇ ਬਾਰੇ ਗੁਰਮੀਤ ਦੇ ਵਿਚਾਰ ਸਪੱਸ਼ਟ ਸਨ।

“ਤੇ ਬਹੁਤੀ ਸੰਭਾਵਨਾ ਦੂਸਰੀ ਤਰ੍ਹਾਂ ਦੇ ਫ਼ੈਸਲੇ ਦੀ ਹੈ।” ਬਾਬਾ ਵੀ ਪਿਆਰੇ ਲਾਲ ਨੂੰ ਕਿਸੇ ਭੁਲੇਖੇ ਵਿਚ ਨਹੀਂ ਸੀ ਰਹਿਣ ਦੇਣਾ ਚਾਹੁੰਦਾ।

“ਫ਼ੈਸਲਾ ਕਾਨੂੰਨ ਮੁਤਾਬਕ ਕਿਉਂ ਨਹੀਂ ਹੋਏਗਾ? ਜੱਜ ਬੜਾ ਭਲਾਮਾਣਸ ਹੈ। ਕਾਨੂੰਨ ਨੂੰ ਨਜ਼ਰ-ਅੰਦਾਜ਼ ਕਿਉਂ ਕਰੇਗਾ? ਤੁਸੀਂ ਦੇਖ ਲੈਣਾ, ਫ਼ੈਸਲਾ ਮਿਸਲ ਮੁਤਾਬਕ ਹੋਵੇਗਾ।” ਪਿਆਰੇ ਲਾਲ ਨੂੰ ਹਰ ਉਹ ਵਿਅਕਤੀ ਬੁਰਾ ਲੱਗਦਾ ਸੀ ਜਿਹੜਾ ਕੇਸ ਦੇ ਹਾਰਨ ਦੀ ਗੱਲ ਕਰਦਾ ਸੀ। ਉਹ ਬਾਬਾ ਹੋਵੇ ਭਾਵੇਂ ਗੁਰਮੀਤ।

“ਇਸ ਕੇਸ ਵਿਚ ਨਾ ਜੱਜ ਦੀ ਵੁੱਕਤ ਹੈ, ਨਾ ਕਾਨੂੰਨ ਦੀ। ਫ਼ੈਸਲਾ ਸਰਕਾਰ ਦੀ ਇੱਛਾ ਅਨੁਸਾਰ ਹੋਣੈ।” ਗੁਰਮੀਤ ਚਾਹੁੰਦਾ ਸੀ ਆਉਣ ਵਾਲੀਆਂ ਪਰਸਥਿਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਪਹਿਲਾਂ ਹੀ ਤਿਆਰ ਕਰ ਲਿਆ ਜਾਵੇ। ਜਿੰਨੀ ਵੱਧ ਉਹ ਆਸ ਰੱਖਣਗੇ, ਪਿੱਛੋਂ ਓਨਾ ਵੱਧ ਨਿਰਾਸ਼ ਹੋਣਗੇ।

“ਜੇ ਫ਼ੈਸਲੇ ਦਾ ਪਹਿਲਾਂ ਹੀ ਪਤਾ ਸੀ ਤਾਂ ਆਹ ਮਹਾਂਭਾਰਤ ਕਿਉਂ ਲੜਿਆ? ਕਿਉਂ ਗਵਾਹਾਂ ਦੀਆਂ ਮਿੰਨਤਾਂ ਕੀਤੀਆਂ? ਕਿਉਂ ਸਾਰੀ-ਸਾਰੀ ਰਾਤ ਅੱਖਾਂ ਗਾਲੀਆਂ?” ਮਿਹਨਤ ਦਾ ਫਲ ਹੱਥੋਂ ਖੁੱਸਦਾ ਪਿਆਰੇ ਲਾਲ ਤੋਂ ਜਰਿਆ ਨਹੀਂ ਸੀ ਜਾ ਰਿਹਾ।

“ਉਦਾਸ ਨਾ ਹੋ। ਸਾਡੀ ਜਿੱਤ ਪਾਲੇ ਅਤੇ ਮੀਤੇ ਦੇ ਸਜ਼ਾ ਜਾਂ ਬਰੀ ਹੋਣ ਨਾਲ ਨਹੀਂ ਜੁੜੀ ਹੋਈ। ਸਾਡੀ ਮੰਜ਼ਿਲ ਦੂਰ ਹੈ। ਮੁਕੱਦਮਾ ਬੇਸ਼ੱਕ ਅਸੀਂ ਹਾਰ ਜਾਈਏ, ਜਿੱਤ ਫੇਰ ਵੀ ਸਾਡੀ ਹੋਏਗੀ। ਅਸੀਂ ਲੋਕ ਰਾਏ ਜਾਗ੍ਰਿਤ ਕੀਤੀ ਹੈ। ਇਕ ਸੱਚੀ-ਸੱਚੀ ਨਿਆਂ-ਪਸੰਦ ਬਾਰ ਦੇ ਕੀ ਫ਼ਰਜ਼ ਹੁੰਦੇ ਹਨ? ਲੋਕਾਂ ਨੂੰ ਇਹ ਦਰਸਾਇਆ ਹੈ।” ਗ਼ਮਾਂ ਦੀਆਂ ਗਹਿਰਾਈਆਂ ’ਚ ਉਤਰਦੇ ਜਾ ਰਹੇ ਪਿਆਰੇ ਲਾਲ ਨੂੰ ਗੁਰਮੀਤ ਸੰਭਾਲਣ ਦਾ ਯਤਨ ਕਰਨ ਲੱਗਾ।

ਪਿਆਰੇ ਲਾਲ ਹਾਲੇ ਵੀ ਘੁੰਮਣ-ਘੇਰੀਆਂ ਵਿਚ ਫਸਿਆ ਹੋਇਆ ਸੀ। ਬਾਬੇ ਅਤੇ ਗੁਰਮੀਤ ਦੀਆਂ ਗੱਲਾਂ ਤੋਂ ਲੱਗਦਾ ਸੀ, ਉਹ ਕੇਸ ਹਾਰਨਗੇ। ਪਿਆਰੇ ਲਾਲ ਦਾ ਮਨ ਆਖਦਾ ਸੀ ਉਹ ਕੇਸ ਜਿੱਤਣਗੇ।

ਅਜਿਹੀ ਦੋਚਿੱਤੀ ਵਿਚ ਸਟੈਨੋ ਦੀ ਮਹੱਤਤਾ ਹੋਰ ਵੀ ਵਧ ਗਈ ਸੀ।

ਯਾਦ ਆਉਂਦਿਆਂ ਹੀ ਜਾਦੂ ਦੇ ਜਿੰਨ ਵਾਂਗ ਉਹ ਉਹਨਾਂ ਸਾਹਮਣੇ ਆ ਖਲੋਤਾ।

ਇਸ ਵਾਰ ਕੁਝ ਦੱਸਣ ਦੀ ਉਤਸੁਕਤਾ ਸਟੈਨੋ ਨੂੰ ਸੀ। ਉਸ ਦੀ ਉਤੇਜਨਾ ਬਹੁਤ ਪ੍ਰਬਲ ਸੀ। ਜੱਜ ਦੀ ਕੋਠੀ ਕੀ ਵਾਪਰਿਆ? ਇਸ ਦਾ ਵੇਰਵਾ ਦੇਣ ਲੱਗਿਆਂ ਉਹ ਇਹ ਵੀ ਭੁੱਲ ਗਿਆ ਕਿ ਉਹ ਕੰਟੀਨ ਵਰਗੀ ਸ਼ਰੇਆਮ ਜਗ੍ਹਾ ’ਤੇ ਖੜਾ ਸੀ। ਸਟੈਨੋ ਵੱਲੋਂ ਕੀਤੀ ਗੱਲ ਨੂੰ ਖੰਭ ਲੱਗ ਸਕਦੇ ਸਨ ਤੇ ਇਹ ਖੰਭ ਸਟੈਨੋ ਲਈ ਘਾਤਕ ਸਿੱਧ ਹੋ ਸਕਦੇ ਸਨ।

ਬਿਨਾਂ ਚੰਗੇ ਮਾੜੇ ਦੀ ਪਰਵਾਹ ਕਰੇ ਸਟੈਨੋ ਮਨ ਦਾ ਗ਼ੁਬਾਰ ਕੱਢਣ ਲੱਗਾ।

ਸਟੈਨੋ ਦਿੱਤੇ ਸਮੇਂ ’ਤੇ ਕੋਠੀ ਪੁੱਜ ਗਿਆ ਸੀ। ਜੱਜ ਪਹਿਲਾਂ ਹੀ ਤਿਆਰ ਬੈਠਾ ਸੀ। ਉਸ ਦਾ ਚਿਹਰਾ ਸ਼ਾਂਤ ਸੀ ਅਤੇ ਮਨ ਇਕਾਗਰ।

ਜਿਉਂ ਹੀ ਜੱਜ ਨੇ ਫ਼ੈਸਲਾ ਲਿਖਾਉਣਾ ਸ਼ੁਰੂ ਕੀਤਾ ਤਾਂ ਬੈੱਲ ਖੜਕ ਗਈ।

ਅਰਦਲੀ ਨੇ ਆਏ ਮਹਿਮਾਨ ਦਾ ਨਾਂ ਜੱਜ ਦੇ ਕੰਨ ਵਿਚ ਦੱਸਿਆ।

ਭਾਵੇਂ ਮਹਿਮਾਨ ਅਨਪੜ੍ਹ ਗਵਾਰ ਲੱਗਦਾ ਸੀ ਫੇਰ ਵੀ ਉਸ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਗਈ। ਸਤਿਕਾਰ ਨਾਲ ਉਸ ਨੂੰ ਡਰਾਇੰਗ ਰੂਮ ਵਿਚ ਬਿਠਾਇਆ ਗਿਆ। ਬੜੇ ਠਰੰਹਮੇ ਨਾਲ ਉਸ ਦੀ ਗੱਲ ਸੁਣੀ ਗਈ।

ਮਹਮਿਾਨ ਕੁਝ ਜ਼ਰੂਰੀ ਕਾਗ਼ਜ਼ ਅਤੇ ਇਕ ਨਿੱਜੀ ਚਿੱਠੀ ਦੇਣ ਆਇਆ ਸੀ।

ਪਹਿਲਾਂ ਸਟੈਨੋ ਨੇ ਸੋਚਿਆ ਉਹ ਜੱਜ ਦਾ ਰਿਸ਼ਤੇਦਾਰ ਹੋਵੇਗਾ ਪਰ ਜਦੋਂ ਜੱਜ ਦੀ ਇਕਾਗਰਤਾ ਭੰਗ ਹੋ ਗਈ ਤਾਂ ਸਟੈਨੋ ਨੂੰ ਸ਼ੱਕ ਹੋਣ ਲੱਗਾ।

ਮਹਿਮਾਨ ਦੇ ਜਾਂਦਿਆਂ ਹੀ ਜੱਜ ਦੀ ਫ਼ੈਸਲੇ ਤੋਂ ਪਕੜ ਜਾਂਦੀ ਰਹੀ। ਕਦੇ ਕੁਝ ਲਿਖਾ ਦਿੰਦਾ ਅਤੇ ਕਦੇ ਕੁਝ।

ਘੰਟਾ ਮੱਥਾ ਮਾਰ ਕੇ ਵੀ ਜਦੋਂ ਕੋਈ ਸਿੱਟਾ ਨਾ ਨਿਕਲਿਆ ਤਾਂ ਜੱਜ ਨੇ ਸਟੈਨੋ ਤੋਂ ਮੁਆਫ਼ੀ ਮੰਗੀ। ਜੱਜ ਉਸ ਨੂੰ ਵਾਧੂ ਵਿਚ ਤਕਲੀਫ਼ ਦੇ ਰਿਹਾ ਸੀ। ਜੱਜ ਦਾ ਮਨ ਵਿਚਲਿਤ ਹੋ ਗਿਆ ਸੀ। ਮਨ ਟਿਕਾਣੇ ਆਇਆ ਤਾਂ ਉਹ ਫ਼ੈਸਲਾ ਹੱਥ ਨਾਲ ਲਿਖ ਲਏਗਾ। ਫ਼ੈਸਲਾ ਨਾ ਲਿਖਿਆ ਗਿਆ ਤਾਂ ਹੋਰ ਤਾਰੀਖ਼ ਪਾ ਦੇਵੇਗਾ।

ਕੋਠੀਉਂ ਵਾਪਸ ਮੁੜਦੇ ਸਟੈਨੋ ਦਾ ਸ਼ੱਕ ਪੱਕਾ ਹੋ ਗਿਆ। ਮਹਿਮਾਨ ਕੋਈ ਸਾਧਾਰਨ ਆਦਮੀ ਨਹੀਂ ਸੀ।  ਉਹ ਕੁਝ ਜਾਣਿਆ-ਪਹਿਚਾਣਿਆ ਜਿਹਾ ਲੱਗਦਾ ਸੀ।

ਹੁਣ ਤੱਕ ਸਟੈਨੋ ਮਹਿਮਾਨ ਨੂੰ ਪਛਾਨਣ ਵਿਚ ਕਾਮਯਾਬ ਹੋ ਚੁੱਕਾ ਸੀ। ਉਹ ਜਸਟਿਸ ਸ਼ਿੰਗਾਰਾ ਸਿੰਘ ਦਾ ਪੀ.ਏ. ਸੀ। ਦੋ ਸਾਲ ਪਹਿਲਾਂ ਜਦੋਂ ਸ਼ਿੰਗਾਰਾ ਸਿੰਘ ਇੰਸਪੈਕਸ਼ਨ ’ਤੇ ਆਇਆ ਸੀ ਤਾਂ ਸਟੈਨੋ ਦੀ ਉਸ ਨਾਲ ਮੁਲਾਕਾਤ ਹੋਈ ਸੀ।

ਪੀ.ਏ. ਦਾ ਭੇਸ ਵਟਾ ਕੇ ਆਉਣ ਦਾ ਕਾਰਨ ਸਪੱਸ਼ਟ ਸੀ। ਉਹ ਜਸਟਿਸ ਸ਼ਿੰਗਾਰਾ ਸਿੰਘ ਦਾ ਕੋਈ ਗੁਪਤ ਸੁਨੇਹਾ ਲੈ ਕੇ ਆਇਆ ਸੀ। ਸੁਨੇਹਾ ਇਸੇ ਕੇਸ ਨਾਲ ਸੰਬੰਧਤ ਸੀ। ਭੇਸ ਸੰਮਤੀ ਦੇ ਡਰੋਂ ਵਟਾਇਆ ਗਿਆ ਸੀ।

ਸਟੈਨੋ ਦੇ ਵਿਚਾਰ ਅਨੁਸਾਰ  ਕੁਝ ਮਾੜਾ ਵਾਪਰਨ ਵਾਲਾ ਸੀ।

ਸੰਮਤੀ ਨੂੰ ਸੁਚੇਤ ਕਰ ਕੇ ਸਟੈਨੋ ਨੇ ਮੁਫ਼ਤ ਕਾਨੂੰਨੀ ਸਹਾਇਤਾ ਦੇ ਇਸ ਯੱਗ ਵਿਚ ਆਪਣੀ ਆਹੂਤੀ ਪਾ ਲਈ।

“ਹੁਣ ਕੀ ਕੀਤਾ ਜਾਵੇ?” ਸੋਚ ਵਿਚਾਰ ਕਰਨ ਲਈ ਉਹ ਕੰਟੀਨ ਤੋਂ ਉੱਠ ਕੇ ਪਿਆਰੇ ਲਾਲ ਦੇ ਤਖ਼ਤਪੋਸ਼ ’ਤੇ ਜਾ ਬੈਠੇ।

ਉਹਨਾਂ ਵਿਚਾਰ ਸ਼ੁਰੂ ਕੀਤਾ ਹੀ ਸੀ ਕਿ ਜੀਵਨ ਆੜ੍ਹਤੀਆ ਆ ਧਮਕਿਆ।

ਉਸ ਕੋਲ ਵੀ ਭੈੜੀ ਖ਼ਬਰ ਸੀ।

ਚੰਡੀਗੜ੍ਹੋਂ ਫ਼ੋਨ ਆਇਆ ਸੀ। ਉਥੋਂ ਦੇ ਵਰਕਰਾਂ ਨੇ ਗਿਆਨ ਸਿੰਘ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਸੀ।

ਸ਼ਹਿਰੋਂ ਆ ਕੇ ਗਿਆਨ ਸਿੰਘ ਸਿੱਧਾ ਮੁੱਖ ਮੰਤਰੀ ਦੀ ਕੋਠੀ ਗਿਆ ਸੀ। ਉਸ ਨਾਲ ਭੰਡਾਰੀ ਵਕੀਲ ਅਤੇ ਸੰਘ ਦਾ ਇਕ ਵਫ਼ਦ ਵੀ ਸੀ।

ਪਿੱਛੋਂ ਮੁੱਖ ਮੰਤਰੀ ਨੇ ਸ਼ਿੰਗਾਰਾ ਸਿੰਘ ਨੂੰ ਤਲਬ ਕੀਤਾ ਸੀ। ਫੇਰ ਉਹਨਾਂ ਵਿਚਕਾਰ ਕੋਈ ਖਿਚੜੀ ਪੱਕੀ ਸੀ।

ਫ਼ੈਸਲਾ ਕਿਸੇ ਤੋਂ ਚੰਡੀਗੜ੍ਹੋਂ ਲਿਖਵਾਇਆ ਗਿਆ ਸੀ। ਉਹ ਟਾਈਪ ਹੋ ਕੇ ਸ਼ਿੰਗਾਰਾ ਸਿੰਘ ਦੇ ਪੀ.ਏ. ਰਾਹੀਂ ਸ਼ਹਿਰ ਭੇਜਿਆ ਜਾ ਰਿਹਾ ਸੀ।

ਹੋ ਸਕੇ ਤਾਂ ਪੀ.ਏ. ਨੂੰ ਸ਼ਹਿਰ ’ਚ ਘੇਰਿਆ ਜਾਵੇ। ਫ਼ੈਸਲਾ ਖੋਹ ਲਿਆ ਜਾਵੇ।

ਚੰਡੀਗੜ੍ਹ ਵਾਲਿਆਂ ਨੇ ਹਾਈ ਕੋਰਟ ਵਿਚ ਦਰਖ਼ਾਸਤ ਦੇ ਦਿੱਤੀ ਸੀ। ਕੇਸ ਮੋਤਾ ਸਿੰਘ ਦੀ ਅਦਾਲਤ ਵਿਚੋਂ ਤਬਦੀਲ ਕੀਤਾ ਜਾਵੇ। ਪਰ ਫੈਸਲਾ ਕਿਸ ਨੇ ਲਿਖਿਆ ਹੈ? ਕਿਥੇ ਟਾਈਪ ਹੋਇਆ? ਇਸ ਤਰ੍ਹਾਂ ਦੇ ਠੋਸ ਸਬੂਤ ਹਾਲੇ ਹੱਥ ਨਹੀਂ ਸਨ ਲੱਗੇ। ਖੋਜ ਜਾਰੀ ਸੀ।

ਦਰਖ਼ਾਸਤ ਦੀ ਸੁਣਵਾਈ ਕੱਲ੍ਹ ਹੋਣੀ ਸੀ। ਕੋਈ ਸਬੂਤ ਮਿਲ ਗਿਆ ਤਾਂ ਕੇਸ ਕੱਲ੍ਹ ਹੀ ਤਬਦੀਲ ਹੋ ਜਾਏਗਾ। ਨਹੀਂ ਬੰਦੀ ਤਾਂ ਹੋ ਹੀ ਜਾਏਗੀ।

ਇਕ ਦਰਖ਼ਾਸਤ ਹੇਠਲੀ ਅਦਾਲਤ ਵਿਚ ਵੀ ਦਿੱਤੀ ਜਾਏ। ਮੋਤਾ ਸਿੰਘ ਨੂੰ ਦਰਖ਼ਾਸਤ ਦੇ ਫ਼ੈਸਲੇ ਤਕ ਫ਼ੈਸਲਾ ਸੁਣਾਉਣ ਤੋਂ ਰੋਕਿਆ ਜਾਵੇ।

ਸੁਨੇਹਾ ਸੁਣਦਿਆਂ ਹੀ ਸਭ ਦੇ ਚਿਹਰਿਆਂ ’ਤੇ ਮੁਰਦਨੀ ਛਾ ਗਈ।

ਸ਼ਿੰਗਾਰਾ ਸਿੰਘ ਦਾ ਦੂਤ ਹੱਥੋਂ ਨਿਕਲ ਚੁੱਕਾ ਸੀ।

ਫੌਰੀ ਕਾਰਵਾਈ ਦੇ ਤੌਰ ’ਤੇ ਕੇਵਲ ਦਰਖ਼ਾਸਤ ਹੀ ਦਿੱਤੀ ਜਾ ਸਕਦੀ ਸੀ।

ਇਹ ਕਿੱਸਾ ਸੁਣ ਕੇ ਪਿਆਰੇ ਲਾਲ ਦੀ ਫ਼ੈਸਲਾ ਸੁਣਨ ਦੀ ਉਤਸੁਕਤਾ ਉੱਕਾ ਹੀ ਜਾਂਦੀ ਰਹੀ।

 

 

31

ਮੋਤਾ ਸਿੰਘ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਹੋਣ ਵਾਲੇ ਫ਼ੈਸਲੇ ਦਾ ਰਾਜ਼ ਉਸ ਅਤੇ ਸ਼ਿੰਗਾਰਾ ਸਿੰਘ ਦੇ ਵਿਚਕਾਰ ਹੀ ਰਹੇਗਾ।

ਪਰ ਸੰਮਤੀ ਵੱਲੋਂ ਆਈ ਦਰਖ਼ਾਸਤ ਅਤੇ ਸ਼ਹਿਰ ਵਿਚ ਹੋ ਰਹੇ ਸਖ਼ਤ ਸੁਰੱਖਿਆ ਪ੍ਰਬੰਧਾਂ ਤੋਂ ਲੱਗਦਾ ਸੀ ਜਿਵੇਂ ਹੋਣ ਵਾਲੇ ਫ਼ੈਸਲੇ ਦੀ ਕਨਸੋਅ ਦੁਨੀਆਂ ਭਰ ਨੂੰ ਹੋ ਗਈ ਸੀ।

ਆਪਣੀ ਜ਼ਮੀਰ ਵਿਰੁੱਧ ਫ਼ੈਸਲਾ ਸੁਣਾਉਣ ਦਾ ਉਸ ਦਾ ਇਹ ਪਹਿਲਾ ਮੌਕਾ ਸੀ।

ਪਹਿਲਾਂ ਕਦੇ ਉਸ ਨੇ ਇੰਝ ਨਹੀਂ ਸੀ ਕੀਤਾ।

ਉਸ ਨੂੰ ਪਤਾ ਸੀ ਕਿ ਉਸ ਦਾ ਇਹ ਰਵੱਈਆ ਉਸ ਨੂੰ ਮਹਿੰਗਾ ਪੈ ਰਿਹਾ ਸੀ। ਉਹ ਸਮਾਜ ਅਤੇ ਭਾਈਚਾਰੇ ਨਾਲੋਂ ਅਲੱਗ-ਥਲੱਗ ਹੋ ਰਿਹਾ ਸੀ।

ਇਕ-ਇਕ ਕਰਕੇ ਰਿਸ਼ਤੇਦਾਰ ਉਸ ਨਾਲੋਂ ਨਾਤਾ ਤੋੜਦੇ ਜਾ ਰਹੇ ਸਨ। ਉਹ ਆਖਦੇ ਸਨ ਕਿ ਮੋਤਾ ਸਿੰਘ ਦੀ ਗਰਦਨ ਵਿਚ ਜੱਜੀ ਵਾਲਾ ਕਿੱਲਾ ਅੜ ਗਿਐ। ਹੁਣ ਉਸ ਨੇ ਰਿਸ਼ਤੇਦਾਰਾਂ ਤੋਂ ਕੀ ਲੈਣੈ?

ਇਕ-ਇਕ ਕਰਕੇ ਅਫ਼ਸਰ ਵੀ ਔਖੇ ਹੋ ਗਏ। ਆਖਦੇ ਸਨ। ਇਹ ਹਰੀਸ਼ ਚੰਦਰ ਬਣਿਆ ਬੈਠੈ। ਉਤਲੇ-ਹੇਠਲੇ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ।

ਮੋਤਾ ਸਿੰਘ ਨੂੰ ਸੱਚਮੁੱਚ ਕਿਸੇ ਦੀ ਪਰਵਾਹ ਨਹੀਂ ਸੀ। ਸਿਫ਼ਾਰਸ਼ੀ ਮੂੰਹ ਸੁਜਾਉਂਦੇ ਸਨ ਸੁਜਾ ਲੈਣ। ਰਿਸ਼ਤੇਦਾਰ ਰੁੱਸਦੇ ਸਨ ਰੁੱਸ ਜਾਣ। ਉਹ ਬਿਨਾਂ ਸਿਫ਼ਾਰਸ਼ਾਂ ਵਾਲਿਆਂ ਦਾ ਗਲਾ ਕਿਵੇਂ ਘੁੱਟ ਦੇਵੇ?

ਪਰ ਅੱਜ ਉਸ ਨੂੰ ਦੋ ਮਾਸੂਮਾਂ ਦਾ ਗਲਾ ਘੁੱਟਣਾ ਪੈ ਰਿਹਾ ਸੀ।

ਆਪਣੀ ਜ਼ਮੀਰ ਵਿਰੁੱਧ ਫ਼ੈਸਲਾ ਸੁਣਾਉਣ ਲਈ ਮਨ ਬਣਾਉਂਦੇ ਮੋਤਾ ਸਿੰਘ ਨੂੰ ਦਿੱਕਤ ’ਤੇ ਦਿੱਕਤ ਪੇਸ਼ ਆ ਰਹੀ ਸੀ। ਆਪਣੀ ਬਾਗ਼ੀ ਜ਼ਮੀਰ ’ਤੇ ਕਾਬੂ ਪਾਉਣ ਲਈ ਕਦੇ ਉਹ ਕਿਸੇ ਤਰਕ ਦਾ ਸਹਾਰਾ ਲੈਂਦਾ ਅਤੇ ਕਦੇ ਕਿਸੇ ਤਰਕ ਦਾ।

ਸਭ ਤੋਂ ਸ਼ਕਤੀਸ਼ਾਲੀ ਤਰਕ ਉਸ ’ਤੇ ਸ਼ਿੰਗਾਰਾ ਸਿੰਘ ਵੱਲੋਂ ਹੋਏ ਅਹਿਸਾਨਾਂ ਦਾ ਸੀ।

ਮੋਤਾ ਸਿੰਘ ਵੱਡਾ ਜ਼ਿਮੀਂਦਾਰ ਜ਼ਰੂਰ ਸੀ ਪਰ ਵੱਡਾ ਵਕੀਲ ਨਹੀਂ ਸੀ।

ਉਸ ਦੇ ਰਿਸ਼ਤੇਦਾਰ ਵੱਡੇ-ਵੱਡੇ ਅਫ਼ਸਰ ਸਨ। ਕੋਈ ਐਸ.ਐਸ.ਪੀ. ਅਤੇ ਕੋਈ ਡਿਪਟੀ ਕਮਿਸ਼ਨਰ। ਉਹਨਾਂ ਦੇ ਸਹਾਰੇ ਮੋਤਾ ਸਿੰਘ ਨੂੰ ਕੰਮ ਮਿਲਦਾ ਸੀ। ਉਹਨਾਂ ਦੇ ਸਹਾਰੇ ਉਹ ਮੁਕੱਦਮੇ ਵੀ ਜਿੱਤਦਾ ਸੀ। ਫੇਰ ਵੀ ਉਸ ਦਾ ਨਾਂ ਚੋਟੀ ਦੇ ਵਕੀਲਾਂ ਵਿਚ ਸ਼ਾਮਲ ਨਹੀਂ ਸੀ ਹੁੰਦਾ।

ਉਸ ਦੀ ਆਮਦਨ ਵੀ ਬੱਝਵੀਂ ਨਹੀਂ ਸੀ। ਜਦੋਂ ਰਿਸ਼ਤੇਦਾਰ ਨੇੜੇ-ਤੇੜੇ ਤਾਇਨਾਤ ਹੁੰਦੇ ਤਾਂ ਆਮਦਨ ਦਾ ਗਰਾਫ਼ ਅਸਮਾਨ ਛੂਹਣ ਲੱਗਦਾ, ਜਦੋਂ ਉਹ ਦੂਰ ਨਿਕਲ ਜਾਂਦੇ ਤਾਂ ਗਰਾਫ਼ ਹੇਠਾਂ ਨੂੰ ਡਿੱਗਣ ਲੱਗਦਾ।

ਇਸ ਅਨਿਸ਼ਚਿਤਤਾ ਤੋਂ ਤੰਗ ਆਇਆ ਮੋਤਾ ਸਿੰਘ ਕੋਈ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਹੀ ਰਿਹਾ ਸੀ ਕਿ ਮਾਮੇ ਦੀ ਲਾਟਰੀ ਨਿਕਲ ਆਈ। ਸ਼ਿੰਗਾਰਾ ਸਿੰਘ ਹਾਈ ਕੋਰਟ ਦਾ ਜੱਜ ਬਣ ਗਿਆ।

ਕੁਰਸੀ ਸੰਭਾਲਦਿਆਂ ਹੀ ਮਾਮੇ ਨੇ ਭਾਣਜੇ ਦੀ ਪਿੱਠ ਥਾਪੜੀ। ਐਡੀਸ਼ਨਲ ਸੈਸ਼ਨ ਜੱਜਾਂ ਦੀਆਂ ਨੌਕਰੀਆਂ ਨਿਕਲਣ ਸਹੀ, ਪਹਿਲੀ ਥਾਂ ਭਾਣਜੇ ਲਈ ਰਾਖਵੀਂ ਹੋਏਗੀ।

ਇੰਝ ਹੀ ਹੋਇਆ। ਅਗਲੇ ਸਾਲ ਮੋਤਾ ਸਿੰਘ ਨੂੰ ਵੀ ਜੱਜੀ ਮਿਲ ਗਈ।

ਮਾਮੇ ਨੇ ਭਾਣਜੇ ਲਈ ਬਥੇਰੀਆਂ ਕੁਰਬਾਨੀਆਂ ਦਿੱਤੀਆਂ ਸਨ।

ਮਾਮੇ ਦੇ ਹਿੱਸੇ ਇਕ ਪੋਸਟ ਆਈ ਸੀ।

ਉਹ ਚਾਹੁੰਦਾ ਤਾਂ ਇਸ ਦਾ ਮੁੱਲ ਵੱਟ ਲੈਂਦਾ। ਦਸ-ਵੀਹ ਲੱਖ ਬੋਝੇ ਪਾ ਲੈਂਦਾ।

ਉਹ ਚਾਹੁੰਦਾ ਤਾਂ ਕਿਸੇ ਨੇਤਾ ਨੂੰ ਖ਼ੁਸ਼ ਕਰ ਲੈਂਦਾ। ਵਜ਼ੀਰੀ ਲਈ ਰਾਹ ਪੱਧਰਾ ਹੋ ਜਾਂਦਾ।

ਉਹ ਚਾਹੁੰਦਾ ਤਾਂ ਆਪਣੇ ਕਿਸੇ ਬਾਸ ਦੀ ਵਾਹਵਾ ਖੱਟ ਲੈਂਦਾ। ਸੁਪਰੀਮ ਕੋਰਟ ਦੀ ਜੱਜੀ ਲਈ ਇਕ ਵੋਟ ਪੱਕੀ ਕਰ ਲੈਂਦਾ।

ਪਰ ਸ਼ਿੰਗਾਰਾ ਸਿੰਘ  ਨੇ ਕੇਵਲ ਮੋਤਾ ਸਿੰਘ ਦੇ ਸਿਰ ’ਤੇ ਹੀ ਹੱਥ ਰੱਖਿਆ ਸੀ।

ਹੁਣ ਮੋਤਾ ਸਿੰਘ ਉਸ ਹੱਥ ਨੂੰ ਕਿਵੇਂ ਝਟਕ ਦੇਵੇ?

ਇਹ ਕੁਰਸੀ ਮੋਤਾ ਸਿੰਘ ਨੂੰ ਕਦੇ ਵੀ ਆਪਣੀ ਨਹੀਂ ਸੀ ਲੱਗੀ। ਇਸ ਦਾ ਅਸਲੀ ਮਾਲਕ ਉਸ ਨੂੰ ਸ਼ਿੰਗਾਰਾ ਸਿੰਘ ਹੀ ਲੱਗਦਾ ਸੀ। ਉਸ ਦੇ ਮੂੰਹੋਂ ਉਹੋ ਹੁਕਮ ਨਿਕਲੇਗਾ ਜਿਹੜਾ ਜੇ ਸ਼ਿੰਗਾਰਾ ਸਿੰਘ ਇਸ ਕੁਰਸੀ ’ਤੇ ਬੈਠਾ ਹੁੰਦਾ ਤਾਂ ਉਸ ਦੇ ਮੂੰਹੋਂ ਨਿਕਲਦਾ।

ਸ਼ਿੰਗਾਰਾ ਸਿੰਘ ਦੇ ਹੁਕਮ ਦੀ ਤਾਮੀਲ ਕਰ ਕੇ ਮੋਤਾ ਸਿੰਘ ਨੂੰ ਸਕੂਨ ਦੀ ਤਮੰਨਾ ਸੀ। ਉਸ ਦੇ ਸਿਰ ਚੜ੍ਹੇ ਅਹਿਸਾਨਾਂ ਦਾ ਬੋਝ ਕੁਝ ਹਲਕਾ ਹੋਣਾ ਸੀ।

ਮਾਮੇ ਨੇ ਭਾਣਜੇ ਨੂੰ ਪਹਿਲੀ ਵਾਰ ਸਵਾਲ ਪਾਇਆ ਸੀ।

ਅਗਾਂਹ ਮਾਮੇ ਦੀ ਮਜਬੂਰੀ ਸੀ। ਜਲਦੀ ਹੀ ਉਸ ਨੇ ਰਿਟਾਇਰ ਹੋ ਜਾਣਾ ਸੀ। ਉਸ ਲਈ ਮੁੱਖ ਮੰਤਰੀ ਨੂੰ ਖ਼ੁਸ਼ ਕਰਨਾ ਬਹੁਤ ਜ਼ਰੂਰੀ ਸੀ। ਖ਼ੁਸ਼ ਹੋਇਆ ਮੁੱਖ ਮੰਤਰੀ ਉਸ ਨੂੰ ਸੁਪਰੀਮ ਕੋਰਟ ਭੇਜ ਸਕਦਾ ਸੀ, ਕੋਈ ਪੜਤਾਲੀਆ ਕਮਿਸ਼ਨ ਬਿਠਾ ਕੇ ਉਸ ਦਾ ਚੇਅਰਮੈਨ ਬਣਾ ਸਕਦਾ ਸੀ। ਗਵਰਨਰੀ, ਅੰਬੈਸਡਰੀ ਲਈ ਸਿਫ਼ਾਰਸ਼ ਕਰ ਸਕਦਾ ਸੀ।

ਭੇਲੀ ਫੁੱਟੀ ਤਾਂ ਡਲੀ ਮੋਤਾ ਸਿੰਘ ਨੂੰ ਵੀ ਮਿਲਣੀ ਸੀ।

ਉਸ ਦੀ ਤਰੱਕੀ ਦਾ ਕੇਸ ਅੜਿਆ ਪਿਆ ਸੀ। ਮੋਤਾ ਸਿੰਘ ਤੋਂ ਉਪਰਲੇ ਜੱਜ ਦਾ ਰਿਕਾਰਡ ਖ਼ਰਾਬ ਸੀ, ਪਰ ਹਾਈ ਕੋਰਟ ਦੇ ਜੱਜਾਂ ਦਾ ਇਕ ਧੜਾ ਉਸ ਜੱਜ ਦੀ ਮਦਦ ਕਰ ਰਿਹਾ ਸੀ। ਉਹ ਧੜਾ ਉਸ ਨੂੰ ‘ਇਗਨੋਰ’ ਨਹੀਂ ਸੀ ਹੋਣ ਦੇ ਰਿਹਾ। ਵਿਰੋਧੀ ਧੜਾ ਉਸ ਨੂੰ ਪਰਮੋਟ ਨਹੀਂ ਸੀ ਹੋਣ ਦਿੰਦਾ। ਤਿੰਨਾਂ ਸਾਲਾਂ ਤੋਂ ਇਹੋ ਝਗੜਾ ਚਲਿਆ ਆ ਰਿਹਾ ਸੀ। ਉਪਰਲੇ ਜੱਜ ਦਾ ਕੋਈ ਫ਼ੈਸਲਾ ਹੋਵੇ ਤਾਂ ਮੋਤਾ ਸਿੰਘ ਦਾ ਨੰਬਰ ਆਵੇ।

ਦੋਸ਼ੀਆਂ ਨੂੰ ਸਜ਼ਾ ਹੋਣ ਨਾਲ ਸ਼ਿੰਗਾਰਾ ਸਿੰਘ ਦੀ ਸਰਕਾਰੇ-ਦਰਬਾਰੇ ਪੱਛ ਵਧਣੀ ਸੀ। ਉਸ ਦੇ ਹੱਥ ਮਜ਼ਬੂਤ ਹੋਣੇ ਸਨ। ਮਜ਼ਬੂਤ ਹੋਏ ਸ਼ਿੰਗਾਰਾ ਸਿੰਘ ਨੇ ਮੋਤਾ ਸਿੰਘ ਦੀ ਤਰੱਕੀ ਲਈ ਅੜ ਜਾਣਾ ਸੀ। ਮੋਤਾ ਸਿੰਘ ਨੂੰ ਜੇ ਸਾਧਾਰਨ ਤਰੱਕੀ ਨਹੀਂ ਦੇਣੀ ਤਾਂ ਸਪੈਸ਼ਲ ਤਰੱਕੀ ਦਿਓ। ਜੇ ਇੰਦਰਾ ਨੂੰ ਬਾਇੱਜ਼ਤ ਬਰੀ ਕਰਨ ਵਾਲੇ ਅਤੇ ਸਤਵੰਤ ਸਿੰਘ ਅਤੇ ਕਿਹਰ ਸਿੰਘ ਨੂੰ ਫ਼ਾਂਸੀ ਦੀ ਸਜ਼ਾ ਸੁਣਾਉਣ ਵਾਲੇ ਜੱਜਾਂ ਨੂੰ ਵਿਸ਼ੇਸ਼ ਤਰੱਕੀ ਮਿਲ ਸਕਦੀ ਹੈ ਤਾਂ ਮੋਤਾ ਸਿੰਘ ਨੂੰ ਕਿਉਂ  ਨਹੀਂ? ਉਹ ਵੀ ਤਾਂ ਉਹਨਾਂ ਦੀਆਂ ਹੀ ਪੈੜਾਂ ’ਤੇ ਚੱਲਿਆ ਸੀ।

ਕਿਥੇ ਐਡੀਸ਼ਨਲ ਸੈਸ਼ਨ ਜੱਜ। ਮਹਿਜ਼ ਇਕ ਡਿਗਨੀਫਾਈਡ ਕਲਰਕ। ਕਿਥੇ ਸੈਸ਼ਨ ਜੱਜ, ਜ਼ਿਲ੍ਹੇ ਦਾ ਮਾਲਕ।

ਕੁਝ ਦੇਰ ਲਈ ਜ਼ਿਲ੍ਹੇ ਦੀ ਮਾਲਕੀ ਦਾ ਨਸ਼ਾ ਮੋਤਾ ਸਿੰਘ ਨੂੰ ਭਰਮਾਉਂਦਾ ਰਿਹਾ।

ਪਰ ਸੰਮਤੀ ਦੀ ਦੋਸ਼ਾਂ ਭਰੀ ਦਰਖ਼ਾਸਤ ਨੇ ਮੋਤਾ ਸਿੰਘ ਨੂੰ ਝੰਜੋੜ ਦਿੱਤਾ। ਸ਼ਿੰਗਾਰਾ ਸਿੰਘ ਅਤੇ ਸੈਸ਼ਨ ਜੱਜੀ ਨਾਲੋਂ ਉਸ ਦਾ ਮੋਹ ਭੰਗ ਹੋਣ ਲੱਗਾ।

ਸਾਰੀ ਰਾਤ ਮੋਤਾ ਸਿੰਘ ਬੇਚੈਨ ਰਿਹਾ ਸੀ। ਨਿਰਦੋਸ਼ਾਂ ਦੇ ਖ਼ੂਨ ਨਾਲ ਹੱਥ ਰੰਗਣ ਤੋਂ ਕਿਵੇਂ ਬਚਿਆ ਜਾਵੇ? ਇਸ ਬਾਰੇ ਸੋਚਦਾ ਰਿਹਾ ਸੀ।

ਸਭ ਤੋਂ ਸਹੀ ਅਤੇ ਪਾਕ ਰਾਹ ਗੁਰਮੀਤ ਵਾਲਾ ਸੀ।

ਗੁਰਮੀਤ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਸੀ। ਉਸ ਨੇ ਰਬੜ ਦੀ ਮੋਹਰ ਬਣਨ ਦੀ ਥਾਂ ਨੌਕਰੀ ਛੱਡਣ ਨੂੰ ਤਰਜੀਹ ਦਿੱਤੀ ਸੀ।

ਗੁਰਮੀਤ ਨਾਲੋਂ ਮੋਤਾ ਸਿੰਘ ਨੂੰ ਨੌਕਰੀ ਛੱਡਣੀ ਸੌਖੀ ਸੀ। ਗੁਰਮੀਤ ਦੀ ਸਾਰੀ ਆਰਥਿਕਤਾ ਉਸੇ ਨੌਕਰੀ ’ਤੇ ਨਿਰਭਰ ਸੀ। ਮੋਤਾ ਸਿੰਘ ਨੂੰ ਨਾ ਆਰਥਿਕਤਾ ਦੀ ਸਮੱਸਿਆ ਸੀ, ਨਾ ਕਬੀਲਦਾਰੀ ਦੀ। ਜਾਇਦਾਦ ਉਸ ਕੋਲ ਬਥੇਰੀ ਸੀ। ਦੋਵੇਂ ਲੜਕੇ ਪੜ੍ਹ-ਲਿਖ ਕੇ ਚੰਗੀਆਂ ਨੌਕਰੀਆਂ ’ਤੇ ਲੱਗ ਗਏ ਸਨ। ਇਕੋ-ਇਕ ਧੀ ਕੀਨੀਆ ਵਿਆਹੀ ਹੋਈ ਸੀ।

ਜੇ ਗੁਰਮੀਤ ਨੌਕਰੀ ਦੀ ਥਾਂ ਸੱਚ ਨੂੰ ਤਰਜੀਹ ਦੇ ਸਕਦਾ ਸੀ ਤਾਂ ਮੋਤਾ ਸਿੰਘ ਕਿਉਂ ਨਹੀਂ?

ਮੋਤਾ ਸਿੰਘ ਗੁਰਮੀਤ ਨਹੀਂ ਸੀ ਬਣ ਸਕਦਾ। ਆਰਥਿਕਤਾ ਹੀ ਤਾਂ ਸਭ ਕੁਝ ਨਹੀਂ ਹੁੰਦੀ। ਰੁਤਬਾ ਵੀ ਤਾਂ ਮਹੱਤਵ ਰੱਖਦੈ। ਕਿਥੇ ਮਾਮੂਲੀ ਜਿਹੀ ਨੌਕਰੀ। ਕਿਸੇ ਸ਼ਹਿਨਸ਼ਾਹਾਂ ਵਰਗੀ ਸੈਸ਼ਨ ਜੱਜੀ। ਅੱਗੇ-ਪਿੱਛੇ ਫਿਰਦੀ ਪੁਲਿਸ। ਜੀ ਹਜ਼ੂਰੀ ਕਰਦੇ ਸੇਠਾਂ, ਸਰਦਾਰਾਂ ਦਾ ਝੁਰਮਟ। ਹੱਥ ਜੋੜੀ ਖੜੇ ਦੋਸ਼ੀ। ਇਹ ਨਸ਼ਾ ਕਿਤੇ ਧਰਿਆ ਪਿਐ।

ਫੇਰ ਤਰੱਕੀਆਂ ਹੀ ਤਰੱਕੀਆਂ। ਹਾਈ ਕੋਰਟ, ਸੁਪਰੀਮ ਕੋਰਟ, ਗਵਰਨਰੀ ਅਤੇ ਹੋਰ ਕੁਝ ਵੀ।

ਜੇ ਮੋਤਾ ਸਿੰਘ ਜੱਜ ਨਾ ਹੁੰਦਾ ਤਾਂ ਉਸ ਦੇ ਧੀਆਂ-ਪੁੱਤ ਨਾ ਐਡੇ ਰੁਤਬਿਆਂ ’ਤੇ ਪੁੱਜ ਸਕਦੇ, ਨਾ ਐਡੇ ਘਰ ਵਿਆਹੇ ਜਾਂਦੇ। ਜੇ ਉਸ ਨੇ ਨੌਕਰੀ ਛੱਡ ਦਿੱਤੀ ਤਾਂ ਕੁੜਮ ਕੀ ਆਖਣਗੇ? ਰਿਸ਼ਤਾ ਕਰਨ ਲੱਗਿਆਂ ਰਿਸ਼ਤੇਦਾਰਾਂ ਨੇ ਉਸ ਦੇ ਸਿਆੜ ਥੋੜ੍ਹਾ ਦੇਖੇ ਸਨ। ਰੁਤਬਾ ਦੇਖਿਆਸੀ।

ਮੋਤਾ ਸਿੰਘ ਨੇ ਆਪਣੀ ਕੁਰਸੀ ਵੀ ਬਚਾਉਣੀ ਸੀ, ਮਾਮੇ ਦੀ ਇੱਜ਼ਤ ਅਤੇ ਆਪਣੀ ਜ਼ਮੀਰ ਵੀ। ਉਸ ਨੂੰ ਕੋਈ ਢੁਕਵਾਂ ਰਾਹ ਲੱਭਣਾ ਚਾਹੀਦਾ ਸੀ।

ਪਹਿਲਾਂ ਇੱਜ਼ਤ ਵਾਲਾ ਰਾਹ ਇਹੋ ਸੀ ਕਿ ਸੰਮਤੀ ਵੱਲੋਂ ਆਈ ਦਰਖ਼ਾਸਤ ਮਨਜ਼ੂਰ ਕਰ ਲਈ ਜਾਏ। ਫ਼ੈਸਲੇ ਨੂੰ ਟਾਲਣ ਦੀ ਥਾਂ ਉਹ ਮੁਕੱਦਮਾ ਹੀ ਟਾਲ ਦੇਵੇ।

ਨਿਆਂ-ਪਾਲਿਕਾ ਦਾ ਸਦਾਚਾਰ ਵੀ ਇਹੋ ਮੰਗ ਕਰਦਾ ਸੀ। ਜੱਜ ਦੀ ਇੱਜ਼ਤ ਕੁਆਰੀਆਂ ਕੁੜੀਆਂ ਵਰਗੀ ਹੁੰਦੀ ਹੈ। ਸ਼ੱਕ ਦਾ ਵਹਿਮ ਵੀ ਉਸ ਦੀ ਨਿਰਪੱਖਤਾ ਨੂੰ ਦਾਗ਼ੀ ਕਰ ਦਿੰਦਾ ਹੈ। ਜਦੋਂ ਕਿਸੇ ਧਿਰ ਨੂੰ ਜੱਜ ਦੀ ਨਿਰਪੱਖਤਾ ’ਤੇ ਸ਼ੱਕ ਹੋਵੇ ਤਾਂ ਉਹ ਫ਼ੈਸਲੇ ਦੀ ਥਾਂ ਕੇਸ ਤਬਦੀਲ ਕਰ ਦਿਆ ਕਰਦਾ ਹੈ।

ਸਾਧਾਰਨ ਹਾਲਾਤ ਹੁੰਦੇ ਤਾਂ ਮੋਤਾ ਸਿੰਘ ਇੰਝ ਹੀ ਕਰਦਾ। ਆਪੇ ਕੇਸ ਤਬਦੀਲ ਕਰਨ ਨਾਲ ਉਲਟਾ ਉਸ ਦੀ ਇੱਜ਼ਤ ਵਿਚ ਵਾਧਾ ਹੰਦਾ।

ਇਸ ਸਮੇਂ ਫ਼ੈਸਲਾ ਟਾਲਣਾ ਖ਼ਤਰੇ ਭਰਿਆ ਸੀ। ਜਲਦੀ ਫ਼ੈਸਲੇ ਦੀ ਆਪਣੀ ਇੱਛਾ ਹਾਈ ਕੋਰਟ ਵਿਚ ਪਹਿਲਾਂ ਹੀ ਜ਼ਾਹਰ ਕਰ ਚੁੱਕਾ ਸੀ।

ਕੇਸ ਤਬਦੀਲ ਹੋਣ ’ਤੇ ਹਾਈ ਕੋਰਟ ਨੇ ਮੋਤਾ ਸਿੰਘ ’ਤੇ ਸ਼ੱਕ ਕਰਨਾ ਸੀ। ਮੋਤਾ ਸਿੰਘ ਡਰ ਗਿਆ ਜਾਂ ਲਾਲਚ ’ਚ ਆ ਗਿਆ। ਦੋਹਾਂ ਹਾਲਤਾਂ ਵਿਚ ਉਸ ਦੀ ਅਤੇ ਸ਼ਿੰਗਾਰਾ ਸਿੰਘ ਦੀ ਪੈਂਠ ਖ਼ਰਾਬ ਹੋਣੀ ਸੀ।

ਕੇਸ ਤਬਦੀਲ ਕਰਨ ਨਾਲ ਮੋਤਾ ਸਿੰਘ ਨੂੰ ਮਾਨਸਿਕ ਸੰਤੁਸ਼ਟੀ ਮਿਲ ਜਾਏਗੀ, ਪਰ ਦੋਸ਼ੀਆਂ ਨੂੰ ਕੋਈ ਫ਼ਾਇਦਾ ਨਹੀਂ ਸੀ ਹੋਣਾ। ਹੇਠਲੀ ਅਦਾਲਤ ਦੀ ਕੀ ਮਜਾਲ ਸੀ ਕਿ ਉਹ ਉਪਰਲੀ ਅਦਾਲਤ ਦੀ ਇੱਛਾ ਦੇ ਵਿਰੁੱਧ ਜਾ ਸਕੇ। ਕੇਸ ਜਿਥੇ ਵੀ ਜਾਏਗਾ ਉਥੇ ਕੋਈ ਮੋਤਾ ਸਿੰਘ ਵਰਗਾ ਬੈਠਾ ਹੋਏਗਾ। ਦੋਸ਼ੀਆਂ ਨੂੰ ਜਦੋਂ ਸਜ਼ਾ ਹੀ ਹੋਣੀ ਹੈ ਤਾਂ ਮੋਤਾ ਸਿੰਘ ਹੀ ਕਿਉਂ ਨਾ ਕਰ ਦੇਵੇ।

ਦੋਸ਼ੀਆਂ ਨੂੰ ਫ਼ਾਇਦਾ ਘੱਟ ਸਜ਼ਾ ਦੇ ਕੇ ਵੀ ਪਹੁੰਚਾਇਆ ਜਾ ਸਕਦਾ ਹੈ।

“ਪਾਲੇ  ਅਤੇ ਮੀਤੇ ਵਰਗੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਂਦਾ।” ਲੋਕਾਂ ਨੂੰ ਇਹ ਜਤਾ ਕੇ ਸਰਕਾਰ ਆਪਣੀ ਇੱਜ਼ਤ ਰੱਖਣਾ ਚਾਹੁੰਦੀ ਸੀ।

ਲੋਕਾਂ ਦੇ ਮਨ ਦੋਸ਼ੀਆਂ ਨੂੰ ਉਮਰ ਕੈਦ ਕਰਵਾ ਕੇ ਵੀ ਜਿੱਤੇ ਜਾ ਸਕਦੇ ਸਨ। ਸਜ਼ਾ ਦਾ ਮਕਸਦ ਸਮਾਜ ਨੂੰ ਗੁਨਾਹਗਾਰਾਂ ਤੋਂ ਮੁਕਤ ਕਰਾਉਣਾ ਸੀ। ਪਾਲੇ ਅਤੇ ਮੀਤੇ ਨੂੰ ਉਮਰ ਕੈਦ ਹੋਣ ਨਾਲ ਵੀ ਸਮਾਜ ਨੂੰ ਰਾਹਤ ਮਿਲਣੀ ਸੀ।

ਚੰਗਾ ਹੋਵੇ ਜੇ ਮੋਤਾ ਸਿੰਘ ਫ਼ਾਂਸੀ ਦੀ ਥਾਂ ਉਮਰ ਕੈਦ ਦੀ ਸਜ਼ਾ ਸੁਣਾ ਦੇਵੇ। ਇੰਝ ਮੋਤਾ ਸਿੰਘ ਨਿਰਦੋਸ਼ਾਂ ਦੇ ਕਤਲ ਦੇ ਜੁਰਮ ਤੋਂ ਵੀ ਬਚ ਜਾਏਗਾ ਅਤੇ ਸਰਕਾਰ ਦੀ ਵੀ ਰਹਿ ਜਾਏਗੀ।

ਇਸ ਸਜ਼ਾ ਨਾਲ ਦੋਸ਼ੀਆਂ ਨੂੰ ਵੀ ਲਾਭ ਪੁੱਜੇਗਾ।

ਫ਼ਾਂਸੀ ਦੀ ਸਜ਼ਾ ਹੋਣ ਨਾਲ ਹਾਈ ਕੋਰਟ ਨੂੰ ਝੱਟ ਸੁਣਵਾਈ ਕਰਨੀ ਪਏਗੀ। ਝੱਟ ਸੁਣਵਾਈ ਹੋਈ ਤਾਂ ਨਤੀਜਾ ਹੇਠਲੀ ਅਦਾਲਤ ਵਾਲਾ ਹੀ ਰਹੇਗਾ।

ਉਮਰ ਕੈਦ ਨਾਲ ਅਪੀਲ ਦੀ ਸੁਣਵਾਈ ਅੱਠ-ਦਸ ਸਾਲ ਲਈ ਟਲ ਜਾਏਗੀ। ਇਹ ਮਿਸਲ ਵੀ ਬਾਕੀ ਮਿਸਲਾਂ ਦੇ ਢੇਰ ਹੇਠ ਦੱਬ ਜਾਏਗੀ। ਜਦੋਂ ਤਕ ਇਸ ਦੀ ਵਾਰੀ ਆਏਗੀ, ਕਰੋੜਾਂ ਗੈਲਨ ਪਾਣੀ ਪੁਲਾਂ ਹੇਠ ਦੀ ਲੰਘ ਚੁੱਕਾ ਹੋਏਗਾ। ਨਾ ਮੁੱਖ ਮੰਤਰੀ ਹੇਠ ਕੁਰਸੀ ਹੋਏਗੀ, ਨਾ ਸ਼ਿੰਗਾਰਾ ਸਿੰਘ ਹੇਠ। ਕੋਈ ਕੁਰਸੀ ’ਤੇ ਹੋਇਆ ਵੀ ਤਾਂ ਉਸ ਕੋਲ ਇਸ ਕੇਸ ਲਈ ਵਕਤ ਨਹੀਂ ਹੋਏਗਾ। ਉਸ ਸਮੇਂ ਤਕ ਹਜ਼ਾਰਾਂ ਨਵੇਂ ਮਸਲੇ ਉੱਠ ਖੜੇ ਹੋਣਗੇ। ਲੋਕ ਬੰਟੀ ਅਤੇ ਪਾਲੇ ਤੇ ਮੀਤੇ ਨੂੰ ਭੁੱਲ ਚੁੱਕੇ ਹੋਣਗੇ। ਉਦੋਂ ਤਕ ਹੋਰ ਸੈਂਕੜੇ ਨਿਰਦੋਸ਼ਾਂ ਦੇ ਕਤਲ ਹੋ ਚੁੱਕੇ ਹੋਣਗੇ। ਲੋਕ ਕਿਸ-ਕਿਸ ਪਾਲੇ ਦਾ ਪਿੱਛਾ ਕਰਨਗੇ?

ਫੇਰ ਫ਼ੈਸਲਾ ਮੈਰਿਟ ਦੇ ਆਧਾਰ ’ਤੇ ਹੋਏਗਾ। ਫ਼ੈਸਲਾ ਮੈਰਿਟ ਦੇ ਆਧਾਰ ’ਤੇ ਹੋਇਆ ਤਾਂ ਸਖ਼ਤ ਤੋਂ ਸਖ਼ਤ ਜੱਜ ਵੀ ਇਹਨਾਂ ਨੂੰ ਸਜ਼ਾ ਨਹੀਂ ਦੇਵੇਗਾ।

ਇੰਝ ਦੋਸ਼ੀਆਂ ਨੂੰ ਬਰੀ ਹੋਏ ਦੇਖ ਕੇ ਕਿਸੇ ਨਾ ਕਿਸੇ ਦਿਨ ਮੋਤਾ ਸਿੰਘ ਆਪਣੇ ਮਨ ਦੇ ਬੋਝ ਤੋਂ ਮੁਕਤ ਹੋ ਜਾਏਗਾ।

ਜਿਉਂ ਹੀ ਮੋਤਾ ਸਿੰਘ ਟਾਈਪ ਹੋਏ ਫ਼ੈਸਲੇ ਵਿਚ ਰੱਦੋ-ਬਦਲ ਕਰਨ ਦੀ ਹਿੰਮਤ ਬਟੋਰਦਾ ਤਿਉਂ ਹੀ ਸ਼ਿੰਗਾਰਾ ਸਿੰਘ ਦੇ ਪੀ.ਏ. ਦੀ ਤਾੜਨਾ ਆੜੇ੍ਹ ਆ ਜਾਂਦੀ।

“ਸਾਹਿਬ ਦਾ ਫ਼ੁਰਮਾਨ ਹੈ। ਫ਼ੈਸਲਾ ਹੂ-ਬ-ਹੂ ਲਾਗੂ ਹੋਣਾ ਚਾਹੀਦੈ।”

ਜੇ ਦੁੱਧ ਦੇਣਾ ਹੀ ਹੈ ਤਾਂ ਮੇਂਗਣਾਂ ਕਿਉਂ ਘੋਲੀਆਂ ਜਾਣ?

ਮੋਤਾ ਸਿੰਘ ਉਹੋ ਕਰੇਗਾ, ਜੋ ਉਸ ਨੂੰ ਹੁਕਮ ਹੋਇਆ ਹੈ। ਰਾਤ ਮੋਤਾ ਸਿੰਘ ਨੇ ਮਨ ਕਰੜਾ ਕਰ ਲਿਆ ਪਰ ਹੁਣ ਜਦੋਂ ਉਹ ਇਨਸਾਫ਼ ਦੀ ਕੁਰਸੀ ’ਤੇ ਬੈਠਣ ਜਾ ਰਿਹਾ ਸੀ ਤਾਂ ਉਸ ਦਾ ਮਨ ਮੁੜ ਡੋਲ ਗਿਆ।

ਅਦਾਲਤ ਜਾਣ ਤੋਂ ਪਹਿਲਾਂ ਮੋਤਾ ਸਿੰਘ ਮਹਾਰਾਜ ਦੀ ਹਜ਼ੂਰੀ ਵਿਚ ਪੇਸ਼ ਹੋਇਆ। ਚਿੱਤ ਇਕਾਗਰ ਕਰ ਕੇ ਉਸ ਨੇ ਅਰਦਾਸ ਕੀਤੀ।

“ਹੇ ਵਾਹਿਗੁਰੂ) ਹਾਈ ਕੋਰਟ ਦੇ ਜੱਜਾਂ ਦੇ ਦਿਲ ’ਚ ਮਿਹਰ ਪਾ। ਦੋਸ਼ੀਆਂ ਦੀ ਦਰਖ਼ਾਸਤ ਮਨਜ਼ੂਰ ਕਰ। ਆਪਣੇ ਇਸ ਸੇਵਕ ਨੂੰ ਨਰਕਾਂ ਦਾ ਭਾਗੀ ਹੋਣ ਤੋਂ ਬਚਾ।”

ਰੱਬ ’ਤੇ ਡੋਰੀ ਸੁੱਟ ਕੇ ਮੋਤਾ ਸਿੰਘ ਕੁਝ ਰਾਹਤ ਮਹਿਸੂਸ ਕਰਨ ਲੱਗਾ।

 

 

32

ਗੜਬੜ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਸਾਰੇ ਸ਼ਹਿਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਸੁਰੱਖਿਆ ਬਲਾਂ ਨੇ ਰਾਤ ਹੀ ਜੱਜ ਦੀ ਕੋਠੀ ਨੂੰ ਘੇਰ ਲਿਆ ਸੀ। ਗੇਟ ਤੋਂ ਲੈ ਕੇ ਛੱਤ ਤਕ ’ਤੇ ਪਹਿਰਾ ਲਗਾ ਦਿੱਤਾ ਗਿਆ ਸੀ।

ਕੋਠੀਉਂ ਕਚਹਿਰੀ ਤਕ ਦੇ ਇਕ ਕਿੱਲੋਮੀਟਰ ਦੇ ਰਸਤੇ ’ਤੇ ਚੱਪੇ-ਚੱਪੇ ’ਤੇ ਸਿਪਾਹੀ ਖੜਾਸੀ।

ਜੱਜ ਨੂੰ ਕਚਹਿਰੀ ਲੈ ਜਾਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਕ ਕਾਲੇ ਸ਼ੀਸ਼ਿਆਂ ਵਾਲੀ ਬੁਲਟ-ਪਰੂਫ਼ ਕਾਰ ਵਿਚ ਜੱਜ ਨੇ ਬੈਠਣਾ ਸੀ। ਦੋ ਹਥਿਆਰਬੰਦ ਕਮਾਂਡੋਆਂ ਨੇ ਉਸ ਦੇ ਸੱਜੇ-ਖੱਬੇ ਹੋਣਾ ਸੀ। ਕਾਰ ਦੇ ਅੱਗੇ ਪਾਇਲਟ ਜੀਪ ਅਤੇ ਪਿੱਛੇ ਇਸਕਾਰਟ ਗੱਡੀ ਹੋਣੀ ਸੀ।

ਕਚਹਿਰੀ ਦੇ ਅਹਾਤੇ ਵਿਚ ਦਫ਼ਾ ਇਕ ਸੌ ਚੁਤਾਲੀ ਲਗਾ ਦਿੱਤੀ ਗਈ ਸੀ। ਕਿਰਪਾਨ, ਸੋਟੀ ਤਾਂ ਕੀ, ਕਿਸੇ ਬੁੱਢੇ ਠੇਰੇ ਨੂੰ ਖੂੰਡੀ ਤਕ ਅਹਾਤੇ ਵਿਚ ਲੈ ਜਾਣ ਦੀ ਇਜਾਜ਼ਤ ਨਹੀਂ ਸੀ।

ਕਚਹਿਰੀ ਵਿਚ ਸਾਇਲਾਂ ਨਾਲੋਂ ਵੱਧ ਭੀੜ ਸੁਰੱਖਿਆ ਜਵਾਨਾਂ ਦੀ ਸੀ। ਕੁਝ ਵਰਦੀ ਵਿਚ ਸਨ। ਉਸ ਤੋਂ ਕਈ ਗੁਣਾਂ ਵਧ ਬਿਨਾਂ ਵਰਦੀ ਤੋਂ।

ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਲਈ ਡਿਪਟੀ ਖ਼ੁਦ ਅਹਾਤੇ ਵਿਚ ਮੌਜੂਦ ਸੀ। ਲਾਠੀ ਚਾਰਜ, ਅਥਰੂ ਗੈਸ, ਰਬੜ ਦੀਆਂ ਗੋਲੀਆਂ ਤੋਂ ਲੈ ਕੇ ਅਸਲ ਗੋਲੀ ਤਕ ਦਾ ਪ੍ਰਬੰਧ ਕੀਤਾ ਗਿਆ ਸੀ।

ਸਿਵਲ ਅਧਿਕਾਰੀ ਵੀ ਪਿੱਛੇ ਨਹੀਂ ਸਨ ਰਹੇ। ਦੋ ਫ਼ਾਇਰ ਬ੍ਰਿਗੇਡ ਅਤੇ ਦੋ ਐਂਬੂਲੈਂਸ ਤਿਆਰ-ਬਰ-ਤਿਆਰ ਖੜੇ ਸਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਸਾਰੇ ਅਧਿਕਾਰ ਐਸ.ਡੀ.ਐਮ. ਨੂੰ ਸੌਂਪ ਦਿੱਤੇ ਸਨ। ਮੌਕੇ ਮੁਤਾਬਕ ਉਸ ਨੂੰ ਹਰ ਤਰ੍ਹਾਂ ਦਾ ਹੁਕਮ ਸੁਣਾਉਣ ਦੀ ਖੁੱਲ੍ਹ ਸੀ।

ਐਸ.ਡੀ.ਐਮ. ਨੇ ਜੀਪ ’ਤੇ ਲਾਊਡ ਸਪੀਕਰ ਫਿੱਟ ਕਰਵਾ ਲਿਆ ਸੀ। ਵਾਕੀ-ਟਾਕੀ ਅਤੇ ਵਾਇਰਲੈੱਸ ਸਿਸਟਮ ਵੀ ਤਿਆਰ ਸੀ। ਲੋੜ ਪੈਣ ’ਤੇ ਉਹ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਲੈ ਕੇ ਸ਼ਹਿਰ ਵਿਚ ਤਾਇਨਾਤ ਹਰ ਸਿਪਾਹੀ ਨਾਲ ਸੰਪਰਕ ਕਰ ਸਕਦਾ ਸੀ। ਫੌਰੀ ਕਾਰਵਾਈ ਲਈ ਉਹ ਅਹਾਤੇ ਵਿਚ ਮੌਜੂਦ ਸੀ।

ਇਹ ਸਾਰੀ ਨਾਟਕਬਾਜ਼ੀ ਮੋਤਾ ਸਿੰਘ ਨੂੰ ਪਸੰਦ ਨਹੀਂ ਸੀ ਆਈ। ਇਸ ਦਿਖਾਵੇ ਨਾਲ ਨਿਆਂ-ਪਾਲਿਕਾ ਦਾ ਵਕਾਰ ਘੱਟ ਰਿਹਾ ਸੀ। ਆਪਣਾ ਰੋਸ ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪ੍ਰਗਟਾਇਆ ਸੀ।

ਪ੍ਰੋਟੈਸਟ ਦੇ ਤੌਰ ’ਤੇ ਮੋਤਾ ਸਿੰਘ ਨੇ ਸਰਕਾਰੀ ਗੱਡੀ ’ਚ ਚੜ੍ਹਨ ਤੋਂ ਨਾਂਹ ਕਰ ਦਿੱਤੀ। ਆਮ ਦਿਨਾਂ ਵਾਂਗ ਉਹ ਆਪਣੇ ਸਕੂਟਰ ’ਤੇ ਕਚਹਿਰੀ ਜਾਏਗਾ।

ਉਸ ਨੂੰ ਸਮਝਾਉਣ ਜ਼ਿਲ੍ਹਾ ਮੈਜਿਸਟ੍ਰੇਟ ਖ਼ੁਦ ਆਇਆ ਸੀ।

ਸਖ਼ਤ ਸੁਰੱਖਿਆ ਪ੍ਰਬੰਧ ਪ੍ਰਸ਼ਾਸਨ ਦੀ ਮਜਬੂਰੀ ਸੀ। ਪ੍ਰਸ਼ਾਸਨ ਨੂੰ ਦੋਹਾਂ ਧਿਰਾਂ ਤੋਂ ਖ਼ਤਰਾਸੀ।

ਮੋਤਾ ਸਿੰਘ ਨੂੰ ਪ੍ਰਸ਼ਾਸਨ ਦੀ ਇਹ ਦਲੀਲ ਨਿਰਮੂਲ ਲੱਗੀ ਸੀ। ਸੰਘ ਕੋਈ ਖ਼ਤਰਾ ਖੜਾ ਕਰਨ ਦੀ ਸਥਿਤੀ ਵਿਚ ਨਹੀਂ ਸੀ। ਖ਼ਤਰਾ ਸੰਮਤੀ ਤੋਂ ਹੋ ਸਕਦਾ ਸੀ। ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਮਤਲਬ ਸੰਮਤੀ ਤੋਂ ਸੁਚੇਤ ਹੋਣਾ ਸੀ। ਸੰਮਤੀ ਤੋਂ ਸੁਚੇਤ ਹੋਣ ਦਾ ਮਤਲਬ ਦੋਸ਼ੀਆਂ ਨੂੰ ਸਜ਼ਾ ਹੋਣਾ ਸੀ।

ਮੋਤਾ ਸਿੰਘ ਦਾ ਗੱਡੀ ਵਿਚ ਬੈਠਣਾ ਜ਼ਰੂਰੀ ਸੀ। ਉਸ ਨੇ ਮਨ-ਮਰਜ਼ੀ ਦਾ ਫ਼ੈਸਲਾ ਸੁਣਾਉਣਾ ਹੁੰਦਾ ਫੇਰ ਸਥਿਤੀ ਆਮ ਵਰਗੀ ਹੁੰਦੀ। ਹੁਣ ਫ਼ੈਸਲਾ ਉਪਰੋਂ ਆਇਆ ਸੀ। ਇਸ ਬਾਰੇ ਸੰਮਤੀ ਨੂੰ ਪਤਾ ਲੱਗ ਚੁੱਕਾ ਸੀ। ਗ਼ੁੱਸੇ ’ਚ ਆਈ ਸੰਮਤੀ ਜੱਜ ਨੂੰ ਨੁਕਸਾਨ ਪਹੁੰਚਾ ਸਕਦੀਸੀ।

ਮਜਬੂਰੀ ਵੱਸ ਜੱਜ ਨੂੰ ਕਾਰ ’ਚ ਬੈਠਣਾ ਪਿਆ।

ਕਾਰ ਵਿਚ ਬੈਠੇ ਜੱਜ ਨੂੰ ਅਜੀਬ-ਅਜੀਬ ਖ਼ਿਆਲ ਆਉਣ ਲੱਗੇ। ਉਹ ਆਪਣੇ ਆਪ ਨੂੰ ਪਾਲੇ ਅਤੇ ਮੀਤੇ ਨਾਲੋਂ ਵੀ ਭੈੜੀ ਸਥਿਤੀ ਵਿਚ ਮਹਿਸੂਸ ਕਰਨ ਲੱਗਾ। ਉਹ ਵੀ ਆਪਣੇ ਆਪ ਨੂੰ ਪੁਲਿਸ ਹਿਰਾਸਤ ਵਿਚ ਮਹਿਸੂਸ ਕਰਨ ਲੱਗਾ। ਉਸ ਨੂੰ ਲੱਗਾ ਜਿਵੇਂ ਸਰਕਾਰੀ ਪਿਸਤੌਲ ਉਸ ਦੀ ਪੁੜਪੁੜੀ ਕੋਲ ਤਣਿਆ ਹੋਇਆ ਸੀ। ਜਿਵੇਂ ਇਹ ਪਿਸਤੌਲ ਉਸ ਨੂੰ ਸਰਕਾਰੀ ਬੋਲੀ ਬੋਲਣ ਲਈ ਮਜਬੂਰ ਕਰ ਰਿਹਾ ਸੀ।

ਕੁਝ ਕੁ ਪਲਾਂ ਦੀ ਪੁਲਿਸ ਹਿਰਾਸਤ ਨੇ ਮੋਤਾ ਸਿੰਘ ਨੂੰ ਯੁੱਗਾਂ ਜਿੱਡੀ ਗ਼ੁਲਾਮੀ ਦਾ ਅਹਿਸਾਸ ਕਰਵਾ ਦਿੱਤਾ। ਮੁੜ ਆਪਣੀ ਜ਼ਮੀਰ ਅਨੁਸਾਰ ਫ਼ੈਸਲਾ ਸੁਣਾਉਣ ਲਈ ਉਹ ਤੜਫਣ ਲੱਗਾ।

ਹਾਈ ਕੋਰਟ ਤੋਂ ਮਿਲਣ ਵਾਲੀ ਬੰਦੀ ਦੀ ਆਸ ਰੱਖ ਕੇ ਜੱਜ ਨੇ ਕੁਰਸੀ ਸੰਭਾਲ ਲਈ।

ਪਹਿਲਾਂ ਦੋਸ਼ੀਆਂ ਨੂੰ ਕਚਹਿਰੀ ਵਿਚ ਲਿਆਂਦਾ ਗਿਆ।

ਧੜਕਦੇ ਦਿਲ, ਭਰੇ ਮਨ ਅਤੇ ਸਿੱਲ੍ਹੀਆਂ ਅੱਖਾਂ ਨਾਲ ਮੋਤਾ ਸਿੰਘ ਨੇ ਦੋਸ਼ੀਆਂ ਵੱਲ ਤੱਕਿਆ।

ਦੋਹਾਂ ਦੇ ਚਿਹਰੇ ਪੀਲੇ ਭੂਕ ਸਨ। ਕਰੜ-ਬਰੜੀ ਦਾੜ੍ਹੀ ਇਕੜ-ਦੁੱਕੜ ਹੋਈ ਪਈ ਸੀ। ਅੱਖਾਂ ਅੰਦਰ ਨੂੰ ਧਸ ਗਈਆਂ ਸਨ ਅਤੇ ਜਾਭਾਂ ਬਾਹਰ ਨੂੰ ਨਿਕਲ ਆਈਆਂ ਸਨ। ਕਾਲੀ ਸ਼ਾਹ ਬੁੱਲ੍ਹਾਂ ’ਤੇ ਸਿੱਕਰੀ ਜੰਮੀ ਹੋਈ ਸੀ। ਸਰੀਰ ਸੁੱਕ ਕੇ ਕਾਨੇ ਬਣੇ ਪਏ ਸਨ।

ਇਹਨਾਂ ਹੱਡੀਆਂ ਦੇ ਢਾਂਚਿਆਂ ਨੂੰ ਭਾਰੀਆਂ ਬੇੜੀਆਂ ਅਤੇ ਪੁੱਠੀਆਂ ਹੱਥਕੜੀਆਂ ਵਿਚ ਜਕੜਿਆ ਹੋਇਆ ਸੀ।

ਦੋਹਾਂ ਦੋਸ਼ੀਆਂ ਦੀਆਂ ਅੱਖਾਂ ਬੰਦ ਸਨ। ਉਹਨਾਂ ਦੇ ਬੁੱਲ ਤੇਜ਼ੀ ਨਾਲ ਫਰਕ ਰਹੇ ਸਨ। ਜਿਵੇਂ ਉਹ ਕਿਸੇ ਪਾਠ ਦਾ ਜਾਪ ਕਰ ਰਹੇ ਹੋਣ।

ਲੱਗਦਾ ਸੀ ਜਿਵੇਂ ਉਹ ਕਾਹਲ ਵਿਚ ਸਨ। ਜਿਵੇਂ ਫ਼ੈਸਲੇ ਤਕ ਉਹਨਾਂ ਨੂੰ ਆਪਣੇ ਪਾਠ ਮੁਕੰਮਲ ਹੋਣ ਦੀ ਆਸ ਨਹੀਂ ਸੀ। ਜਿਵੇਂ ਉਹਨਾਂ ਨੂੰ ਹੋਣ ਵਾਲੇ ਫ਼ੈਸਲੇ ਦਾ ਇਲਮ ਸੀ। ਜਿਵੇਂ ਉਹ ਮੌਤ ਨਾਲ ਗੱਲਾਂ ਕਰ ਰਹੇ ਸਨ। ਜਿਵੇਂ ਕੁਝ ਹੀ ਪਲਾਂ ਬਾਅਦ ਉਹਨਾਂ ਪਾਗ਼ਲ ਹੋ ਜਾਣਾਸੀ।

ਇਕ ਵਾਰੀ ਦੋਸ਼ੀਆਂ ਨੇ ਅੱਖਾਂ ਖੋਲ੍ਹੀਆਂ। ਪਾਗ਼ਲਾਂ ਵਾਂਗ ਉਹਨਾਂ ਕੁਰਸੀ ’ਤੇ ਬੈਠੇ ਦੂਜੇ ਰੱਬ ਵੱਲ ਤੱਕਿਆ। ਝੱਟ ਉਹਨਾਂ ਅੱਖਾਂ ਮੀਚ ਲਈਆਂ ਜਿਵੇਂ ਕਬੂਤਰਾਂ ਨੂੰ ਬਿੱਲੀ ਦਾ ਝਉਲਾ ਪਿਆ ਹੋਵੇ।

“ਇਹ ਕੀ ਸੋਚ ਰਹੇ ਹੋਣਗੇ?” ਮੋਤਾ ਸਿੰਘ ਉਹਨਾਂ ਦੀ ਮਨੋਦਸ਼ਾ ਦਾ ਅੰਦਾਜ਼ਾ ਲਾਉਣ ਲੱਗਾ।

“ਸ਼ਾਇਦ ਉਹ ਰੱਬ ਕੋਲੋਂ ਪੁੱਛ ਰਹੇ ਹੋਣ। ਨਿਰਦੋਸ਼ਾਂ ਨੂੰ ਸਜ਼ਾ ਕਰ ਕੇ ਮੋਤਾ ਸਿੰਘ ਵੀ ਇਕ ਜੁਰਮ ਕਰੇਗਾ। ਫੇਰ ਸਜ਼ਾ ਦੀ ਥਾਂ ਉਸ ਨੂੰ ਤਰੱਕੀ ਕਿਉਂ ਮਿਲੇਗੀ?

ਇਸ ਕਿਉਂ ਦਾ ਮੋਤਾ ਸਿੰਘ ਨੂੰ ਕੋਈ ਉੱਤਰ ਨਹੀਂ ਸੀ ਸੁੱਝ ਰਿਹਾ।

ਜਵਾਬ ਲੱਭਣ ਦੀ ਥਾਂ ਉਹ ਮਿਸਲ ਦੇ ਵਰਕੇ ਉਲਟਾਉਣ ਲੱਗਾ।

ਕੁਝ ਦੇਰ ਬਾਅਦ ਦੋਹਾਂ ਧਿਰਾਂ ਦੇ ਵਕੀਲ ਵੀ ਅਦਾਲਤ ਵਿਚ ਆ ਗਏ।

ਅੰਤਿਮ ਫ਼ੈਸਲੇ ਤੋਂ ਪਹਿਲਾਂ ਸਫ਼ਾਈ ਧਿਰ ਦੀ ਦਰਖ਼ਾਸਤ ’ਤੇ ਫ਼ੈਸਲਾ ਹੋਣਾ ਸੀ।

ਸਰਕਾਰੀ ਧਿਰ ਵੱਲੋਂ ਜ਼ਿਲ੍ਹਾ ਅਟਾਰਨੀ ਅਤੇ ਸਫ਼ਾਈ ਧਿਰ ਵੱਲੋਂ ਪਿਆਰੇ ਲਾਲ ਆਇਆ ਸੀ।

ਗੁਰਮੀਤ ਨੇ ਅੱਜ ਕਾਲਾ ਕੋਟ ਨਹੀਂ ਸੀ ਪਹਿਨਿਆ। ਵਕੀਲ ਦੀ ਥਾਂ ਅੱਜ ਉਸ ਨੇ ਸੰਮਤੀ ਦੇ ਇਕ ਕਾਰਕੁਨ ਦੇ ਫ਼ਰਜ਼ ਨਿਭਾਉਣੇ ਸਨ।

ਸਾਰੀ ਸਥਿਤੀ ਦੇ ਸਪੱਸ਼ਟ ਹੋ ਜਾਣ ਦੇ ਬਾਵਜੂਦ ਵੀ ਪਿਆਰੇ ਲਾਲ ਦੇ ਦਿਲ ਦੇ ਕਿਸੇ ਕੋਨੇ ਵਿਚ ਹਾਲੇ ਵੀ ਆਸ ਦੀ ਜੋਤ ਜਗਦੀ ਸੀ। ਸ਼ਾਇਦ ਚੰਡੀਗੜ੍ਹ ਵਾਲੇ ਵਰਕਰਾਂ ਨੂੰ ਭੁਲੇਖਾ ਲੱਗਾ ਹੋਵੇ। ਨਾ ਟਾਈਪ ਹੋਇਆ ਫ਼ੈਸਲਾ ਕਿਧਰੋਂ ਆ ਸਕਦੈ, ਨਾ ਕੋਈ ਜੱਜ ਲਿਖਿਆ- ਲਿਖਾਇਆ ਫ਼ੈਸਲਾ ਸੁਣਾ ਸਕਦੈ। ਸ਼ਾਇਦ ਮੋਤਾ ਸਿੰਘ ਦੀ ਜ਼ਮੀਰ ਜਾਗ ਪਏ। ਸ਼ਾਇਦ ਨਿੱਜੀ ਮੁਫ਼ਾਦਾਂ ਨਾਲੋਂ ਇਨਸਾਫ਼ ਦੀ ਮਰਿਆਦਾ ਉਸ ’ਤੇ ਭਾਰੂ ਹੋ ਜਾਵੇ।

ਇਹੋ ਜਿਹਾ ਸੋਚਦਾ ਪਿਆਰੇ ਲਾਲ ਕਾਲਾ ਕੋਟ ਪਾ ਕੇ ਦਰਖ਼ਾਸਤ ’ਤੇ ਬਹਿਸ ਕਰਨ ਆਇਆ ਸੀ।

ਸਫ਼ਾਈ ਧਿਰ ਦੀ ਦਲੀਲ ਸੀ ਕਿ ਕੁਝ ਦਿਨ ਫ਼ੈਸਲਾ ਅੱਗੇ ਪਾਉਣ ’ਤੇ ਸਰਕਾਰੀ ਧਿਰ ਨੂੰ ਕੋਈ ਉਜਰ ਨਹੀਂ ਹੋਣਾ ਚਾਹੀਦਾ। ਇਹਨਾਂ ਚਾਰ ਦਿਨਾਂ ’ਚ ਫ਼ੈਸਲੇ ਨੇ ਕੋਈ ਬਦਲ ਥੋੜ੍ਹਾ ਜਾਣਾ ਸੀ। ਬੱਸ ਸਫ਼ਾਈ ਧਿਰ ਦੀ ਤਸੱਲੀ ਹੋ ਜਾਣੀ ਸੀ।

ਫ਼ੈਸਲਾ ਅੱਗੇ ਪਾਏ ਜਾਣ ’ਤੇ ਸਰਕਾਰੀ ਧਿਰ ਨੂੰ ਸਖ਼ਤ ਇਤਰਾਜ਼ ਸੀ।

ਸਰਕਾਰ ਨੂੰ ਖ਼ੁਫ਼ੀਆ ਵਿਭਾਗ ਤੋਂ ਰਿਪੋਰਟ ਮਿਲੀ ਸੀ। ਫ਼ੈਸਲੇ ਵਾਲੇ ਦਿਨ ਭਾਰੀ ਗੜਬੜ ਹੋਣੀ ਸੀ। ਦੋਸ਼ੀ ਸਜ਼ਾ ਹੋਏ ਤਾਂ ਸੰਮਤੀ ਗੜਬੜ ਕਰੇਗੀ। ਬਰੀ ਹੋਏ ਤਾਂ ਸੰਘ। ਸਰਕਾਰ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਸਨ। ਲੱਖਾਂ ਰੁਪਿਆ ਖ਼ਰਚਿਆ ਸੀ। ਵਾਰ-ਵਾਰ ਅਜਿਹੇ ਪ੍ਰਬੰਧ ਨਹੀਂ ਕੀਤੇ ਜਾ ਸਕਦੇ।

ਅਦਾਲਤ ਜੋ ਮਰਜ਼ੀ ਫ਼ੈਸਲਾ ਸੁਣਾਏ, ਪਰ ਸੁਣਾਏ ਅੱਜ ਹੀ।

ਉਂਝ ਜ਼ਿਲ੍ਹਾ ਅਟਾਰਨੀ ਨੂੰ ਐਡਵੋਕੇਟ ਜਨਰਲ ਦਾ ਕੱਲ੍ਹ ਹੀ ਫ਼ੋਨ ਆ ਗਿਆ ਸੀ। ਹਾਈ ਕੋਰਟ ਵੱਲੋਂ ਬੰਦੀ ਨਹੀਂ ਹੋਣ ਦਿੱਤੀ ਜਾਏਗੀ। ਫ਼ੈਸਲਾ ਅੱਗੇ ਨਾ ਪੈਣ ਦਿੱਤਾ ਜਾਏ। ਸਫ਼ਾਈ ਧਿਰ ਬਹੁਤਾ ਜ਼ੋਰ ਪਾਵੇ ਤਾਂ ਫ਼ੈਸਲਾ ਦੁਪਹਿਰ ਤਕ ਰੁਕਵਾ ਲਿਆ ਜਾਵੇ। ਤਦ ਤਕ ਹੋਏ ਫ਼ੈਸਲੇ ਦੀ ਸੂਚਨਾ ਜੱਜ ਤਕ ਪਹੁੰਚਾ ਦਿੱਤੀ ਜਾਏਗੀ।

ਸਰਕਾਰੀ ਧਿਰ ਦੇ ਮਸ਼ਵਰੇ ’ਤੇ ਫ਼ੈਸਲਾ ਦੁਪਹਿਰ ਤਕ ਟਾਲ ਦਿੱਤਾ ਗਿਆ।

ਹਾਈ ਕੋਰਟ ਵਿਚ ਅਜਿਹੀਆਂ ਦਰਖ਼ਾਸਤਾਂ ’ਤੇ ਸੁਣਵਾਈ ਗਿਆਰਾਂ ਵਜੇ ਤਕ ਹੋ ਜਾਇਆ ਕਰਦੀ ਸੀ। ਬੰਦੀ ਮਿਲ ਗਈ ਤਾਂ ਲੰਬੀ ਤਾਰੀਖ਼ ਪਾ ਦਿੱਤੀ ਜਾਵੇਗੀ, ਨਾ ਮਿਲੀ ਤਾਂ ਫ਼ੈਸਲਾ ਸੁਣਾ ਦਿੱਤਾ ਜਾਏਗਾ। ਇਸ ਸਮੇਂ ਦੌਰਾਨ ਧਿਰਾਂ ਆਪਣੇ-ਆਪਣੇ ਸੂਤਰਾਂ ਤੋਂ ਹੋਏ ਫ਼ੈਸਲੇ ਦੀ ਇਤਲਾਹ ਲੈ ਲੈਣ।

ਜ਼ਿਲ੍ਹਾ ਅਟਾਰਨੀ ਨੂੰ ਗਿਆਰਾਂ ਵਜੇ ਹੀ ਇਤਲਾਹ ਮਿਲ ਗਈ। ਦਰਖ਼ਾਸਤ ਖ਼ਾਰਜ ਹੋ ਚੁੱਕੀ ਸੀ। ਸਫ਼ਾਈ ਧਿਰ ਨੂੰ ਚੰਗੀਆਂ ਝਾੜਾਂ ਪਈਆਂ ਸਨ। ਸਫ਼ਾਈ ਧਿਰ ਹਰ ਜੱਜ ’ਤੇ ਦੋਸ਼ ਲਾਉਣ ਦੀ ਆਦੀ ਹੋ ਗਈ ਸੀ। ਇੰਝ ਹਾਈ ਕੋਰਟ ਕੇਸ ਬਦਲਣ ਲੱਗੇ ਤਾਂ ਫ਼ੈਸਲੇ ਕਿਵੇਂ ਹੋਣਗੇ?

ਜ਼ਿਲ੍ਹਾ ਅਟਾਰਨੀ ਨੂੰ ਇਹ ਵੀ ਦੱਸਿਆ ਗਿਆ ਕਿ ਫ਼ੋਨ ਰਾਹੀਂ ਜੱਜ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਸੀ। ਫੇਰ ਵੀ ਜੇ ਲੋੜ ਪਵੇ ਤਾਂ ਜ਼ਿਲ੍ਹਾ ਅਟਾਰਨੀ ਬਿਨਾਂ ਝਿਜਕ ਆਪਣਾ ਹਲਫ਼ੀਆ ਬਿਆਨ ਦੇ ਦੇਵੇ। ਜ਼ਿਲ੍ਹਾ ਅਟਾਰਨੀ ਜੋ ਮਰਜ਼ੀ ਹੱਥ-ਕੰਡਾ ਵਰਤੇ ਪਰ ਫ਼ੈਸਲਾ ਅੱਜ ਹੀ ਕਰਾਏ।

ਹਲਫ਼ੀਆ ਬਿਆਨ ਟਾਈਪ ਕਰਵਾ ਕੇ ਜ਼ਿਲ੍ਹਾ ਅਟਾਰਨੀ ਦੁਪਹਿਰ ਹੋਣ ਦਾ ਇੰਤਜ਼ਾਰ ਕਰਨ ਲੱਗਾ।

ਦੁਪਹਿਰ ਤਕ ਸਾਰੇ ਸ਼ਹਿਰ ਵਿਚ ਖ਼ਬਰ ਫੈਲ ਗਈ। ਅੱਜ ਬੰਟੀ ਕਤਲ ਕੇਸ ਦਾ ਫ਼ੈਸਲਾ ਹੋਣਾ ਹੈ।

ਸੰਮਤੀ ਨੇ ਸਥਿਤੀ ਦਾ ਫ਼ਾਇਦਾ ਉਠਾਇਆ। ਉਹਨਾਂ ਨਾਲ ਇਕ ਖ਼ਬਰ ਹੋਰ ਜੋੜ ਦਿੱਤੀ। ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਹੋਏਗੀ। ਫ਼ੈਸਲਾ ਮੁੱਖ ਮੰਤਰੀ ਨੇ ਚੰਡੀਗੜ੍ਹੋਂ ਭੇਜਿਐ।

ਅਜੀਬੋ-ਗ਼ਰੀਬ ਕੇਸ ਦਾ ਅਜੀਬੋ-ਗ਼ਰੀਬ ਫ਼ੈਸਲਾ ਸੁਣਨ ਲਈ ਲੋਕ ਵਹੀਰਾਂ ਘੱਤ ਕੇ ਕਚਹਿਰੀ ਵੱਲ ਤੁਰ ਪਏ।

ਸੰਮਤੀ ਦੇ ਵਰਕਰ ਵੀ ਲੋਕਾਂ ਵਿਚ ਰਲ ਕੇ ਕਚਹਿਰੀ ਪੁੱਜ ਗਏ। ਦਫ਼ਾ ਚੁਤਾਲੀ ਕਾਰਨ ਫੜ-ਫੜਾਈ ਦੇ ਡਰੋਂ ਉਹ ਇਧਰ-ਉਧਰ ਖਿੰਡ ਗਏ। ਕੋਈ ਕਿਸੇ ਵਕੀਲ ਕੋਲ ਜਾ ਬੈਠਾ, ਕੋਈ ਕਿਸੇ ਅਰਜ਼ੀ-ਨਵੀਸ ਕੋਲ।

ਸੰਘ ਦੇ ਸਾਰੇ ਵਰਕਰ ਕਚਹਿਰੀ ਪੁੱਜੇ ਹੋਏ ਸਨ। ਨਾ ਉਹਨਾਂ ਨੂੰ ਪੁਲਿਸ ਦਾ ਡਰ ਸੀ, ਨਾ ਪੁਲਿਸ ਨੂੰ ਉਹਨਾਂ ਤੋਂ। ਉਹਨਾਂ ਨੂੰ ਬਿਨਾਂ ਰੋਕ-ਟੋਕ ਘੁੰਮਣ ਦੀ ਖੁੱਲ੍ਹ ਸੀ।

ਦੋਸ਼ੀਆਂ ਨੂੰ ਸਜ਼ਾ ਹੋਣੀ ਸੀ। ਰਾਮ ਸਰੂਪ ਚਾਹੁੰਦਾ ਸੀ ਕਿ ਇਸ ਖ਼ੁਸ਼ੀ ਵਿਚ ਲੱਡੂ ਵੰਡੇ ਜਾਣ।

ਇਸ ਤਜਵੀਜ਼ ’ਤੇ ਪੁਲਿਸ ਨੂੰ ਸਖ਼ਤ ਇਤਰਾਜ਼ ਸੀ। ਪੁਲਿਸ ਦੇ ਯਤਨਾਂ ਦੇ ਬਾਵਜੂਦ ਵੀ ਸੰਮਤੀ ਦੇ ਕੁਝ ਵਰਕਰਾਂ ਵੱਲੋਂ ਕਚਹਿਰੀ ਵਿਚ ਹਥਿਆਰ ਲੈ ਆਉਣ ਦੀ ਸੰਭਾਵਨਾ ਬਣੀ ਹੋਈ ਸੀ। ਸੰਘ ਨੇ ਸੰਜਮ ਤੋਂ ਕੰਮ ਨਾ ਲਿਆ ਤਾਂ ਕੋਈ ਵੀ ਘਟਨਾ ਵਾਪਰ ਸਕਦੀ ਸੀ।

ਹਥਿਆਰਾਂ ਦੀ ਗੱਲ ਸੁਣ ਕੇ ਭੰਡਾਰੀ ਧੁਰ ਅੰਦਰ ਤਕ ਕੰਬ ਗਿਆ। ਉਸ ਨੂੰ ਆਪਣਾ ਪਾਲਾ ਖਾਣ ਲੱਗਾ। ਭੰਡਾਰੀ ਨੇ ਅਦਾਲਤ ਵਿਚ ਵਕਾਲਤ ਘੱਟ ਕੀਤੀ ਸੀ ਅਤੇ ਬਾਹਰ ਜ਼ਿਆਦਾ। ਉਹ ਕਈ ਵਾਰ ਮੁੱਖ ਮੰਤਰੀ ਨੂੰ ਮਿਲ ਚੁੱਕਾ ਸੀ। ਸਪੈਸ਼ਲ ਪੀ.ਪੀ. ਲਾਉਣ ਦਾ ਸੁਝਾਅ ਉਸੇ ਦਾ ਸੀ। ਉਸੇ ਦੇ ਸੁਝਾਅ ’ਤੇ ਫ਼ੈਸਲਾ ਚੰਡੀਗੜ੍ਹੋਂ ਟਾਈਪ ਹੋ ਕੇ ਆਇਆ ਸੀ। ਉਸੇ ਦੀਆਂ ਕੋਸ਼ਿਸ਼ਾਂ ਸਦਕਾ ਪਾਲੇ ਅਤੇ ਮੀਤੇ ਨੂੰ ਸਜ਼ਾ ਹੋਣ ਲੱਗੀ ਸੀ।

ਭੰਡਾਰੀ ਦੀ ਨਿੱਜੀ ਦਿਲਚਸਪੀ ਕਾਰਨ ਸੰਮਤੀ ਪਹਿਲਾਂ ਹੀ ਉਸ ’ਤੇ ਨਰਾਜ਼ ਸੀ। ਹੁਣ ਕਚਹਿਰੀ ਖਚਾਖਚ ਭਰੀ ਹੋਈ ਸੀ। ਭਲਮਾਣਸੀ ਨਾਲ ਪੁਲਿਸ ਇੰਨੇ ਲੋਕਾਂ ਨੂੰ ਕਾਬੂ ਨਹੀਂ ਸੀ ਕਰ ਸਕਦੀ। ਸੰਮਤੀ ਵਾਲਿਆਂ ਨੇ ਭੰਡਾਰੀ ’ਤੇ ਹਮਲਾ ਕਰ ਦਿੱਤਾ ਤਾਂ ਉਹ ਕਿਸ ਦੀ ਮਾਂ ਨੂੰ ਮਾਸੀ ਆਖੇਗਾ।

ਭੰਡਾਰੀ ਨੂੰ ਆਪਣੇ ਕੀਤੇ ਦਾ ਪਛਤਾਵਾ ਹੋਇਆ। ਉਸ ਨੂੰ ਵੀ ਮੋਹਨ ਜੀ ਵਾਂਗ ਆਪਣੀਆਂ ਗਤੀਵਿਧੀਆਂ ਨੂੰ ਮੁਕੱਦਮੇ ਤਕ ਹੀ ਸੀਮਤ ਰੱਖਣਾ ਚਾਹੀਦਾ ਸੀ।

ਹੁਣ ਬਿਹਤਰੀ ਕਿਸੇ ਨਾ ਕਿਸੇ ਬਹਾਨੇ ਅਦਾਲਤੋਂ ਟਲ ਜਾਣ ਵਿਚ ਸੀ।

ਖਾਣੇ ਦਾ ਸਮਾਂ ਸੀ।

ਪਹਿਲਾਂ ਭੰਡਾਰੀ ਲੰਚ ਦੇ ਬਹਾਨੇ ਤੁਰ ਗਿਆ। ਫੇਰ ਘਰੋਂ ਫ਼ੋਨ ਕਰ ਦਿੱਤਾ। ਉਸ ਦੇ ਪੇਟ ਵਿਚ ਦਰਦ ਹੈ, ਕਚਹਿਰੀ ਨਹੀਂ ਆ ਸਕੇਗਾ।

ਖਾਣੇ ਦਾ ਸਮਾਂ ਸਮਾਪਤ ਹੁੰਦਿਆਂ ਹੀ ਮੁੜ ਕਾਰਵਾਈ ਸ਼ੁਰੂ ਹੋਈ।

ਦਰਖ਼ਾਸਤ ਦੇ ਰੱਦ ਹੋਣ ਦੀ ਸੂਚਨਾ ਦੋਹਾਂ ਧਿਰਾਂ ਦੇ ਵਕੀਲਾਂ ਨੂੰ ਮਿਲ ਚੁੱਕੀ ਸੀ। ਹੁਣ ਜੱਜ ਫ਼ੈਸਲਾ ਸੁਣਾਉਣ ਲਈ ਆਜ਼ਾਦ ਸੀ।

ਫ਼ੈਸਲਾ ਸੁਣਾਉਣ ਤੋਂ ਪਹਿਲਾਂ ਜੱਜ ਨੇ ਦੋਹਾਂ ਧਿਰਾਂ ਦੇ ਵਕੀਲਾਂ ਅਤੇ ਦੋਸ਼ੀਆਂ ਨੂੰ ਕੋਲ ਬੁਲਾਇਆ।

ਇਸ ਤੋਂ ਪਹਿਲਾਂ ਕਿ ਫ਼ੈਸਲੇ ਦਾ ਕੋਈ ਸ਼ਬਦ ਜੱਜ ਦੇ ਮੂੰਹੋਂ ਨਿਕਲਦਾ, ਅਦਾਲਤ ਦੇ ਬਾਹਰ ਜੁੜੀ ਭੀੜ ਵਿਚੋਂ ਕਿਸੇ ਨੇ ਨਾਅਰਾ ਮਾਰ ਦਿੱਤਾ।

ਫੇਰ ਨਾਅਰਿਆਂ ਨਾਲ ਅਸਮਾਨ ਗੂੰਜਣ ਲੱਗਾ।

ਹੌਲੀ-ਹੌਲੀ ਗੁੱਥੀ ਸੁਲਝੀ। ਨਾਅਰੇਬਾਜ਼ੀ ਸੰਮਤੀ ਵੱਲੋਂ ਹੋ ਰਹੀ ਸੀ। ਬਾਬੇ ਦੀ ਕੜਕਵੀਂ ਆਵਾਜ਼ ਮਾਹੌਲ ਨੂੰ ਜੋਸ਼ੀਲਾ ਬਣਾ ਰਹੀ ਸੀ। ਅੰਦਰ ਹੋਣ ਵਾਲਾ ਫ਼ੈਸਲਾ ਪਹਿਲਾਂ ਹੀ ਬਾਹਰ ਸੁਣਾਇਆ ਜਾ ਰਿਹਾ ਸੀ।

ਪੁਲਿਸ ਨੇ ਪੁਜ਼ੀਸ਼ਨਾਂ ਸੰਭਾਲ ਲਈਆਂ। ਫੜੋ-ਫੜੀ ਸ਼ੁਰੂ ਹੋ ਗਈ।

ਪੁਲਿਸ ਦੇ ਲਲਕਾਰ ਅਤੇ ਸੰਮਤੀ ਦੇ ਨਾਅਰੇ ਸਾਫ਼ ਸਣਾਈ ਦੇਣ ਲੱਗੇ।

ਰੀਡਰ, ਸਟੈਨੋ, ਅਰਦਲੀ ਅਤੇ ਜ਼ਿਲ੍ਹਾ ਅਟਾਰਨੀ, ਅਦਾਲਤ ਵਿਚ ਹਾਜ਼ਰ ਵਿਅਕਤੀ ਦਾ ਦਿਲ ਧੜਕਣ ਲੱਗਾ। ਬਾਹਰ ਪੈਂਦੇ ਰੌਲੇ-ਰੱਪੇ ਤੋਂ ਸਾਫ਼ ਜ਼ਾਹਰ ਸੀ ਕਿ ਬਾਹਰ ਕੁਝ ਵੀ ਵਾਪਰ ਸਕਦਾ ਸੀ।

ਸਭ ਨੂੰ ਆਪਣਾ-ਆਪਣਾ ਫ਼ਿਕਰ ਸੀ। ਫ਼ੈਸਲਾ ਹੋਵੇ ਤੇ ਉਹ ਸੁੱਖੀਂ-ਸਾਂਦੀ ਘਰ ਪੁੱਜਣ ਦਾ ਇੰਤਜ਼ਾਮ ਕਰਨ।

“ਪਿਆਰੇ ਲਾਲ ਜੀ, ਮੁਆਫ਼ ਕਰਨਾ। ਮੈਂ ਤੁਹਾਡੇ ਸਾਇਲਾਂ ਨੂੰ ਬਰੀ ਨਹੀਂ ਕਰ ਸਕਿਆ। ਸਰਕਾਰ ਦਾ ਪੱਲੜਾ ਭਾਰੀ ਸੀ।”

ਫ਼ੈਸਲਾ ਸੁਣਾਉਂਦੇ ਜੱਜ ਦੇ ਹੱਥ ਅਤੇ ਆਵਾਜ਼ ਦੋਵੇਂ ਕੰਬਣ ਲੱਗੇ।

“ਸਜ਼ਾ ਬਾਰੇ ਕੁਝ ਕਹਿਣਾ ਹੈ?” ਜ਼ਾਬਤਾ ਪੂਰਾ ਕਰਨ ਲਈ ਜੱਜ ਨੇ ਸਫ਼ਾਈ ਧਿਰ ’ਤੇ ਅਗਲਾ ਸਵਾਲ ਕੀਤਾ।

ਪਿਆਰੇ ਲਾਲ ਪਹਿਲਾਂ ਹੀ ਭਰਿਆ-ਪੀਤਾ ਖਲੋਤਾ ਸੀ। ਇਸ ਉਪਚਾਰਕਤਾ ਨਾਲ ਉਸ ਦਾ ਚਿਹਰਾ ਹੋਰ ਵੀ ਸੂਹਾ ਹੋ ਗਿਆ। ਜੋਸ਼ ਅਤੇ ਗ਼ੁੱਸੇ ਨਾਲ ਉਸ ਦਾ ਸਰੀਰ ਕੰਬਣ ਲੱਗਾ।

ਜੱਜ ਦਾ ਫ਼ੈਸਲਾ ਜਿਵੇਂ ਬਾਹਰ ਖੜੇ ਲੋਕਾਂ ਦੇ ਕੰਨੀਂ ਵੀ ਪੈ ਗਿਆ। ਸੰਮਤੀ ਦੇ ਵਰਕਰ ਰੋਹ ਵਿਚ ਆ ਗਏ। ਪੁਲਿਸ ਘਬਰਾ ਗਈ। ਲਾਠੀ ਚਾਰਜ ਹੋਣ ਲੱਗਾ।

“ਜੋ ਉਪਰੋਂ ਲਿਖ ਕੇ ਆਇਆ ਹੈ ਉਹੋ ਸੁਣਾ ਦੇਵੋ।”

ਪਿਆਰੇ ਲਾਲ ਦੇ ਮਨੋਂ ਜਦੋਂ ਨਿਆਂ-ਪਾਲਿਕਾ ਪ੍ਰਤੀ ਬਚਦਾ-ਖੁਚਦਾ ਵਿਸ਼ਵਾਸ ਉੱਠ ਗਿਆ ਤਾਂ ਉਸ ਨੇ ਵੀ ਸਖ਼ਤ ਰਵੱਈਆ ਅਪਣਾ ਲਿਆ।

“ਇਹ ਅਦਾਲਤ ਦੀ ਤੌਹੀਨ ਹੈ” ਜ਼ਿਲ੍ਹਾ ਅਟਾਰਨੀ ਨੂੰ ਪਿਆਰੇ ਲਾਲ ਦੇ ਇਸ ਕਟਾਖ਼ਸ਼ ’ਤੇ ਸਖ਼ਤ ਇਤਰਾਜ਼ ਸੀ।

“ਬਿਲਕੁਲ ਨਹੀਂ। ਅਦਾਲਤ ਉਹ ਹੁੰਦੀ ਹੈ ਜਿਸ ਦੇ ਹੱਥ ਵਿਚ ਇਨਸਾਫ਼ ਦੀ ਤੱਕੜੀ ਹੋਵੇ। ਜਿਸ ਅਦਾਲਤ ਦੀ ਤੱਕੜੀ ਦਾ ਇਕੋ ਪੱਲੜਾ ਹੋਵੇ ਅਤੇ ਉਹ ਵੀ ਸਰਕਾਰੀ, ਅਜਿਹੀ ਅਦਾਲਤ ਨੂੰ ਮੈਂ ਅਦਾਲਤ ਹੀ ਨਹੀਂ ਸਮਝਦਾ। ਜਦੋਂ ਇਹ ਅਦਾਲਤ ਹੀ ਨਹੀਂ, ਇਸ ਦੀ ਇੱਜ਼ਤ ਕਾਹਦੀ?”

ਪਿਆਰੇ ਲਾਲ ਪੂਰੀ ਦ੍ਰਿੜ੍ਹਤਾ ਨਾਲ ਆਪਣੇ ਸ਼ਬਦਾਂ ’ਤੇ ਅੜਿਆ ਰਿਹਾ।

ਮੋਤਾ ਸਿੰਘ ਨੇ ਕੰਨਾਂ ਵਿਚ ਤੇਲ ਪਾ ਲਿਆ। ਮਨ ਹੀ ਮਨ ਉਸ ਨੇ ਪਿਆਰੇ ਲਾਲ ਨੂੰ ਸ਼ਾਬਾਸ਼ ਦਿੱਤੀ। ਪਿਆਰੇ ਲਾਲ ਸੱਚ ਆਖ ਰਿਹਾ ਸੀ।

ਬਾਹਰਲੀ ਭੀੜ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਸੀ। ਅੱਥਰੂ ਗੈਸ ਦਾ ਧੂੰਆਂ ਕੋਰਟ ਰੂਮ ਤਕ ਪੁੱਜਣ ਲੱਗਾ।

“ਜੱਜ ਸਾਹਿਬ, ਜਲਦੀ ਕਰੋ। ਭੀੜ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਕਾਰਵਾਈ ਪੂਰੀ ਕਰੋ ਤੇ ਬਾਹਰ ਨਿਕਲੋ।”

ਅਚਾਨਕ ਡਿਪਟੀ ਕੋਰਟ ਰੂਮ ਆ ਧਮਕਿਆ। ਉਸ ਦੇ ਹੱਥ ਵਿਚ ਭਰਿਆ ਹੋਇਆ ਪਿਸਤੌਲ ਸੀ।

“ਮੈਂ ਗੱਡੀ ਰਿਟਾਇਰਿੰਗ ਰੂਮ ਅੱਗੇ ਲਾ ਦਿੱਤੀ ਹੈ। ਫਟਾਫਟ ਵਿਚ ਬੈਠੋ। ਤੁਸੀਂ ਵੀ ਡੀ.ਏ. ਸਾਹਿਬ।”

ਡਿਪਟੀ ਹਫਿਆ ਹੋਇਆ ਸੀ ਤਾਂ ਸਥਿਤੀ ਖ਼ਤਰਨਾਕ ਹੀ ਹੋਏਗੀ।

ਡਿਪਟੀ ਦੀ ਤਾੜਨਾ ਸੁਣ ਕੇ ਅਦਾਲਤ ਦੇ ਅਮਲੇ-ਫੈਲੇ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਜੱਜ ਅਤੇ ਡੀ.ਏ. ਲਈ ਗੱਡੀ ਹਾਜ਼ਰ ਸੀ। ਉਹਨਾਂ ਨੇ ਆਪਣੀ ਰੱਖਿਆ ਆਪ ਕਰਨੀ ਸੀ।

“ਇਹ ਬੜਾ ਸੰਗੀਨ ਜੁਰਮ ਹੈ। ਮਾਮੂਲੀ ਜਿਹੀ ਰਕਮ ਬਦਲੇ ਇਕ ਮਾਸੂਮ ਬੱਚੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਅਜਿਹੇ ਖ਼ੌਫ਼ਨਾਕ ਜੁਰਮ ਦੀ ਸਜ਼ਾ ਮੌਤ ਤੋਂ ਘੱਟ ਨਹੀਂ ਹੋਣੀ ਚਾਹੀਦੀ। ਪਰ ਮੈਂ ਰਿਆਇਤ ਕਰਕੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਾ ਹਾਂ।” ਮੋਤਾ ਸਿੰਘ ਆਪਣੀ ਜ਼ਮੀਰ ਨੂੰ ਪੂਰੀ ਤਰ੍ਹਾਂ ਕੁਚਲਣ ਵਿਚ ਕਾਮਯਾਬ ਨਹੀਂ ਸੀ ਹੋਇਆ। ਹਿੰਮਤ ਬਟੋਰ ਕੇ ਉਸ ਨੇ ਉਪਰੋਂ ਆਏ ਫ਼ੈਸਲੇ ਵਿਚ ਕੁਝ ਰੱਦੋ-ਬਦਲ ਕਰ ਦਿੱਤਾ ਸੀ।

ਫਿਰ ਵੀ ਭਰੇ ਗਲੇ ਨਾਲ ਮੋਤਾ ਸਿੰਘ ਨੇ ਫ਼ੈਸਲਾ ਸੁਣਾਇਆ ਅਤੇ ਕੰਬਦੇ ਹੱਥਾਂ ਨਾਲ ਕਾਗ਼ਜ਼ਾਂ ’ਤੇ ਦਸਤਖ਼ਤ ਕੀਤੇ। ਆਖ਼ਰੀ ਅੱਖਰ ਪਾ ਕੇ ਉਸ ਨੇ ਪੈੱਨ ਦਾ ਨਿੱਬ ਤੋੜਿਆ ਤੇ ਫੇਰ ਟੁੱਟੇ ਪੈੱਨ ਨੂੰ ਪਰ੍ਹਾਂ ਵਗਾਹ ਮਾਰਿਆ।

ਇਹਨੀਂ ਦਿਨੀਂ ਨਿੱਬ ਤੋੜਨ ਦੀ ਪ੍ਰਥਾ ਨਹੀਂ ਸੀ। ਪਹਿਲਾਂ ਮੋਤਾ ਸਿੰਘ ਨੇ ਵੀ ਕਦੇ ਇੰਝ  ਨਹੀਂ ਸੀ ਕੀਤਾ। ਅੱਜ ਪਹਿਲੀ ਵਾਰ ਉਸ ਨੂੰ ਆਪਣੀ ਕਲਮ ’ਤੇ ਗ਼ੁੱਸਾ ਆਇਆ ਸੀ।

ਬਾਹਰ ਰਬੜ ਦੀਆਂ ਗੋਲੀਆਂ ਚੱਲਣ ਲੱਗੀਆਂ। ਕਿਸੇ ਵੀ ਸਮੇਂ ਫ਼ਾਇਰ ਖੁੱਲ੍ਹ ਸਕਦਾਸੀ।

ਬਾਕੀ ਦੇ ਕਾਗ਼ਜ਼ ਮੋਤਾ ਸਿੰਘ ਨੇ ਰੀਡਰ ਦੇ ਹਵਾਲੇ ਕੀਤੇ। ਭਾਰੇ-ਭਾਰੇ ਕਦਮ ਪੁੱਟਦਾ ਆਪ ਉਹ ਡਿਪਟੀ ਦੇ ਬਰਾਬਰ ਜਾ ਖੜੋਤਾ।

ਬਾਹਰ ਖੜੀ ਜੀਪ ਵੱਲ ਉਹ ਵਧਣ ਹੀ ਲੱਗੇ ਸਨ ਕਿ ਇਕ ਭਾਰੀ ਕਾਲੀ ਚੀਜ਼ ਉਹਨਾਂ ਦੇ ਪੈਰਾਂ ’ਚ ਆ ਡਿੱਗੀ।

ਸਭ ਤ੍ਰਬਕ ਗਏ। ਮੋਤਾ ਸਿੰਘ ਦੀ ਤਾਂ ਚੀਕ ਹੀ ਨਿਕਲ ਚੱਲੀ ਸੀ।

ਮੋਤਾ ਸਿੰਘ ਨੇ ਗਹੁ ਨਾਲ ਤੱਕਿਆ। ਇਹ ਕਾਲਾ ਕੋਟ ਸੀ ਜਿਹੜਾ ਉਹਨਾਂ ਉਪਰ ਸੁੱਟਿਆ ਗਿਆ ਸੀ।

ਮੋਤਾ ਸਿੰਘ ਨੇ ਉਸ ਦਿਸ਼ਾ ਵੱਲ ਤੱਕਿਆ ਜਿਧਰੋਂ ਕੋਟ ਆਇਆ ਸੀ। ਇਹ ਕੋਟ ਪਿਆਰੇ ਲਾਲ ਦਾ ਸੀ। ਉਹ ਕਾਲੀ ਟਾਈ ਵੀ ਲਾਹ ਕੇ ਸੁੱਟ ਚੁੱਕਾ ਸੀ। ਇਹਨਾਂ ਕਾਲੀਆਂ ਚੀਜ਼ਾਂ ਤੋਂ ਖਹਿੜਾ ਛੁਡਾ ਕੇ ਪਿਆਰੇ ਲਾਲ ਭੀੜ ਵੱਲ ਤੁਰਿਆ ਜਾ ਰਿਹਾ ਸੀ।

ਇਕ ਵਾਰ ਮੋਤਾ ਸਿੰਘ ਦਾ ਦਿਲ ਕੀਤਾ, ਉਹ ਕੋਟ ਨੂੰ ਚੁੱਕ ਕੇ ਹਿੱਕ ਨਾਲ ਲਾ ਲਏ। ਇਹ ਵਰਦੀ ਦੀ ਤੌਹੀਨ ਸੀ।

ਦੂਸਰੇ ਹੀ ਪਲ ਉਹ ਰੁਕ ਗਿਆ। ਵਰਦੀ ਦੀ ਇਸ ਤੋਂ ਵੱਧ ਤੌਹੀਨ ਉਸ ਨੇ ਖ਼ੁਦ ਕੀਤੀ ਸੀ। ਮੋਤਾ ਸਿੰਘ ਨੂੰ ਆਪਣਾ ਕੋਟ ਆਪਣੇ ਮੋਢਿਆਂ ’ਤੇ ਰੱਖਣ ਦਾ ਵੀ ਅਧਿਕਾਰ ਨਹੀਂ ਸੀ ਰਿਹਾ।

ਮੋਤਾ ਸਿੰਘ ਕੋਟ ਤੋਂ ਲਾਂਭੇ ਹੋ ਕੇ ਲੰਘਣਾ ਚਾਹੁੰਦਾ ਸੀ, ਪਰ ਡਿਪਟੀ ਕੋਲ ਇੰਨਾ ਵਕਤ ਨਹੀਂ ਸੀ।

ਕੋਟ ਨੂੰ ਲਿਤਾੜਦਾ ਡਿਪਟੀ ਅੱਗੇ ਲੰਘ ਗਿਆ।

ਮਿੱਧੇ ਜਾ ਰਹੇ ਕੋਟ ਨੂੰ ਦੇਖ ਕੇ ਮੋਤਾ ਸਿੰਘ ਦੇ ਸੀਨੇ ’ਚ ਰੁੱਗ ਭਰਿਆ ਗਿਆ। ਖ਼ਾਕੀ ਵਰਦੀ ਨੇ ਕਾਲਾ ਕੋਟ ਦਰੜ ਦਿੱਤਾ ਸੀ।

Read 5061 times