You are here:ਮੁਖ ਪੰਨਾ»ਨਾਵਲ»ਸੁਧਾਰ ਘਰ»ਸੁਧਾਰ ਘਰ - ਕਾਂਡ 01-10

ਲੇਖ਼ਕ

Friday, 04 May 2018 14:10

ਸੁਧਾਰ ਘਰ - ਕਾਂਡ 01-10

Written by
Rate this item
(0 votes)

1

 

ਸ਼ਹਿਰ ਵਿਚਲੀ ਜੇਲ੍ਹ ਛੋਟੀ ਸੀ। ਉਥੇ ਕੇਵਲ ਹਵਾਲਾਤੀਆਂ ਜਾਂ ਛੋਟੀ-ਮੋਟੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਉਮਰ ਕੈਦ ਦੀ ਸਜ਼ਾ ਭੁਗਤਣ ਲਈ ਖ਼ਤਰਨਾਕ ਅੱਤਵਾਦੀਆਂ ਨੂੰ ਕੇਂਦਰੀ ਜੇਲ੍ਹ ਭੇਜਿਆ ਜਾਂਦਾ ਸੀ।

ਕੇਂਦਰੀ ਜੇਲ੍ਹ ਮਾਇਆ ਨਗਰ ਵਿਚ ਸੀ ਅਤੇ ਮਾਇਆ ਨਗਰ ਇਥੋਂ ਕਰੀਬ ਸੌ ਕਿੱਲੋਮੀਟਰ ਦੂਰ ਸੀ।

ਸ਼ਾਇਦ ਸੂਬੇ ਦਾ ਇਹ ਪਹਿਲਾ ਮੁਕੱਦਮਾ ਸੀ ਜਿਸ ਵਿਚ ਅੱਤਵਾਦੀਆਂ ਨੂੰ ਸਜ਼ਾ ਹੋਈ ਸੀ। ਨਹੀਂ ਤਾਂ ਹੁਣ ਤਕ ਇਹ ਬਰੀ ਹੁੰਦੇ ਰਹੇ ਸਨ।

ਸੌ ਮੀਲ ਲੰਬੇ ਰਸਤੇ ਵਿਚ ਅੱਤਵਾਦੀਆਂ ਵੱਲੋਂ ਪੁਲਿਸ ਵੈਨ ’ਤੇ ਹਮਲਾ ਕਰਨ ਅਤੇ ਆਪਣੇ ਸਾਥੀਆਂ ਨੂੰ ਛੁਡਾ ਲੈਣ ਦੀ ਪੂਰੀ ਸੰਭਾਵਨਾ ਸੀ। ਚੌਕਸ ਪੁਲਿਸ ਨੇ ਸਾਰੇ ਰਸਤੇ ਉਪਰ ਸੁਰੱਖਿਆ ਦਸਤੇ ਤਾਇਨਾਤ ਕਰਨ ਬਾਅਦ ਹੀ ਕੈਦੀਆਂ ਨੂੰ ਮਾਇਆ ਨਗਰ ਦੇ ਰਾਹ ਪਾਇਆ ਸੀ।

ਖ਼ਤਰਨਾਕ ਕੈਦੀਆਂ ਨੂੰ ਇਧਰ-ਉਧਰ ਲੈ ਜਾਣ ਲਈ ਵਿਸ਼ੇਸ਼ ਤੌਰ ’ਤੇ ਬਣੀ ਬੁਲਟ ਪਰੂਫ਼ ਵੈਨ ਵਿਚ ਬੰਦ ਪਾਲੇ ਅਤੇ ਮੀਤੇ ਨੂੰ ਬਾਹਰ ਹੋ ਰਹੀਆਂ ਕਾਰਵਾਈਆਂ ਬਾਰੇ ਕੁਝ ਪਤਾ ਨਹੀਂ ਸੀ।

ਦੋਹਾਂ ਲਈ ਜੇਲ੍ਹ ਯਾਤਰਾ ਨਵੀਂ ਗੱਲ ਨਹੀਂ ਸੀ। ਛੋਟੇ-ਮੋਟੇ ਜੁਰਮਾਂ ਵਿਚ ਬੀਸਿਉਂ ਵਾਰ ਪੁਲਿਸ ਨੇ ਉਹਨਾਂ ਨੂੰ ਫੜਿਆ ਸੀ। ਬਹੁਤੀ ਵਾਰ ਉਹ ਬਰੀ ਹੋਏ ਸਨ। ਕਈ ਵਾਰ ਕੈਦ ਦੀ ਸਜ਼ਾ ਵੀ ਹੋਈ ਸੀ। ਕੈਦ ਦੋ, ਤਿੰਨ ਜਾਂ ਹੱਦ ਛੇ ਮਹੀਨੇ ਕੱਟਣੀ ਹੁੰਦੀ ਸੀ। ਇਹਨਾਂ ਦੋ-ਚਾਰ ਮਹੀਨਿਆਂ ਵਿਚੋਂ ਅੱਧੀ ਸਜ਼ਾ ਕੱਚੀ ਵਿਚ ਹੀ ਕੱਟੀ ਜਾਂਦੀ ਸੀ। ਜਿਹੜੀ ਮਹੀਨਾ ਦੋ ਮਹੀਨੇ ਬਚਦੀ, ਉਹ ਕਦੋਂ ਕੱਟੀ ਜਾਂਦੀ, ਪਤਾ ਹੀ ਨਹੀਂ ਸੀ ਲੱਗਦਾ। ਇਸ ਵਾਰ ਹੋਏ ਉਮਰ ਕੈਦ ਦੇ ਹੁਕਮ ਨੇ ਦੋਹਾਂ ਨੂੰ ਸੁੰਨ ਕਰ ਰੱਖਿਆ ਸੀ।

ਕਾਲੇ ਭਵਿੱਖ ਦੀ ਕਲਪਨਾ ਕਰਦੇ ਉਹ ਆਪਣੇ-ਆਪ ਨਾਲ ਖੌਜਲ ਰਹੇ ਸਨ। ਪਾਲਾ ਵਿਆਹਿਆ-ਵਰ੍ਹਿਆ ਸੀ। ਉਸ ਦੇ ਪੈਰਾਂ ’ਚ ਕਬੀਲਦਾਰ ਦੀਆਂ ਬੇੜੀਆਂ ਸਨ। ਉਸ ਦੇ ਮਾਂ-ਬਾਪ ਬੁੱਢੇ ਹੋ ਚੁੱਕੇ ਸਨ। ਜਵਾਨ ਭੈਣਾਂ ਦਾ ਆਪਣੇ ਘਰ ਜਾਣ ਦਾ ਵਕਤ ਆਇਆ ਹੋਇਆ ਸੀ। ਦੋ ਸਾਲ ਪਹਿਲਾਂ ਸੌ ਮਿੰਨਤ ਤਰਲੇ ਬਾਅਦ ਮਸਾਂ ਉਸ ਦਾ ਵਿਆਹ ਹੋਇਆ ਸੀ। ਪਾਲੇ ਦੇ ਫੜੇ ਜਾਣ ਤੋਂ ਬਾਅਦ ਉਸ ਦੇ ਘਰ ਇਕ ਅਭਾਗੀ ਕੁੜੀ ਨੇ ਜਨਮ ਲਿਆ ਸੀ। ਪਾਲੇ ਦੇ ਦੋ-ਚਾਰ ਮਹੀਨੇ ਜੇਲ੍ਹ ਜਾਣ ਨਾਲ ਹੀ ਕਬੀਲਦਾਰੀ ਦੀ ਰੇਲ ਪਟੜੀ ਤੋਂ ਲਹਿ ਜਾਇਆ ਕਰਦੀ ਸੀ। ਉਮਰ ਕੈਦ ਦੀ ਸਜ਼ਾ ਸੁਣਦਿਆਂ ਹੀ ਉਸ ਦੀ ਘਰਵਾਲੀ ਨੂੰ ਉਸ ਦੇ ਪੇਕਿਆਂ ਨੇ ਲੈ ਜਾਣਾ ਸੀ ਅਤੇ ਪੈਸੇ ਲੈ ਕੇ ਕਿਧਰੇ ਹੋਰ ਬਿਠਾ ਦੇਣਾ ਸੀ।

ਬੰਤੋ ਦਾ ਪਹਿਲਾਂ ਹੀ ਪਾਲੇ ਦੇ ਘਰ ਦਿਲ ਨਹੀਂ ਸੀ ਲੱਗਦਾ। ਖਸਮ ਨੂੰ ਹੋਈ ਸਜ਼ਾ ਉਹ ਕਿਉਂ ਭੁਗਤੇ? ਸ਼ਰਮ ਵਾਲਾ ਘੁੰਡ ਚੁੱਕਣ ਲਈ ਘਰਵਾਲੀ ਨੂੰ ਵਧੀਆ ਬਹਾਨਾ ਮਿਲ ਗਿਆ। ਪਤਨੀ ਦਾ ਸਹੁਰਾ ਘਰ ਛੱਡ ਕੇ ਪੇਕੀਂ ਜਾ ਬੈਠਣ ਦੀ ਖ਼ਬਰ ਉਸ ਨੂੰ ਮਿਲਣ ਹੀ ਵਾਲੀ ਸੀ। ਪਿੱਛੋਂ ਉਸ ਦੀ ਬੇਟੀ ਦਾ ਪਤਾ ਨਹੀਂ ਕੀ ਬਣੇਗਾ, ਜਿਸ ਦਾ ਹਾਲੇ ਤਕ ਉਸ ਨੇ ਰੱਜ ਕੇ ਮੂੰਹ ਵੀ ਨਹੀਂ ਸੀ ਦੇਖਿਆ। ਇਹੋ ਜਿਹੀਆਂ ਚਿੰਤਾਵਾਂ ਪਾਲੇ ਨੂੰ ਖਾਈ ਜਾ ਰਹੀਆਂ ਸਨ।

ਮੀਤਾ ਛੜਾ-ਛੜਾਂਗ ਸੀ। ਜੇਬਾਂ ਕੱਟਣਾ ਉਸ ਦਾ ਮਨ-ਭਾਉਂਦਾ ਪੇਸ਼ਾ ਰਿਹਾ ਸੀ। ਅਸਾਮੀ ਦਾ ਪਿੱਛਾ ਕਰਦਿਆਂ ਕਈ ਵਾਰ ਉਹ ਦਿੱਲੀ ਤਕ ਨਿਕਲ ਜਾਂਦਾ ਸੀ। ਘਾਟ-ਘਾਟ ਦਾ ਪਾਣੀ ਪੀਣ ਦੀ ਉਸ ਨੂੰ ਆਦਤ ਪੈ ਚੁੱਕੀ ਸੀ। ਇਕ ਥਾਂ ’ਤੇ ਬੱਝੇ ਰਹਿਣਾ ਹੁਣ ਉਸ ਨੂੰ ਕੋਹਲੂ ਦੇ ਬੈਲ ਵਾਂਗ ਲੱਗਦਾ ਸੀ।

ਜੇਲ੍ਹਾਂ ਦਾ ਦਮ-ਘੋਟੂ ਮਾਹੌਲ ਮੀਤੇ ਲਈ ਨਵਾਂ ਨਹੀਂ ਸੀ, ਪਰ ਜਿਸ ਜੇਲ੍ਹ ਵਿਚ ਉਸ ਨੂੰ ਲਿਜਾਇਆ ਜਾ ਰਿਹਾ ਸੀ, ਉਸ ਅੰਦਰਲੇ ਮਾਹੌਲ ਬਾਰੇ ਸੋਚ ਕੇ ਉਸ ਨੂੰ ਕਾਂਬਾ ਛਿੜ ਰਿਹਾ ਸੀ।

ਕੇਂਦਰੀ ਜੇਲ੍ਹ ਨੂੰ ਟਿੱਬੇ ਪੱਧਰੇ ਕਰ ਕੇ ਉਸਾਰਿਆ ਗਿਆ ਸੀ। ਸਰਕਾਰ ਨੇ ਭਾਵੇਂ ਇਸ ਥਾਂ ਦੀ ਚੋਣ ਜ਼ਮੀਨ ਦੇ ਸਸਤੇ ਭਾਅ ਨੂੰ ਧਿਆਨ ਵਿਚ ਰੱਖ ਕੇ ਕੀਤੀ ਸੀ, ਪਰ ਕੈਦੀ ਇਸ ਦੇ ਹੋਰ ਅਰਥ ਕੱਢਦੇ ਸਨ। ਰੇਤੇ ਨੇ ਜ਼ਮੀਨ ਦਾ ਹਾਲੇ ਤਕ ਖਹਿੜਾ ਨਹੀਂ ਸੀ ਛੱਡਿਆ। ਸਾਰੀ ਜੇਲ੍ਹ ਵਿਚ ਗਿੱਠ-ਗਿੱਠ ਰੇਤਾ ਵਿਛਿਆ ਹੋਇਆ ਸੀ। ਜੇਲ੍ਹ ਅਧਿਕਾਰੀਆਂ ਨੂੰ ਕੈਦੀਆਂ ਦੇ ਬੇੜੀਆਂ ਪਾਉਣ ਦੀ ਲੋੜ ਨਹੀਂ ਸੀ ਪੈਂਦੀ। ਰੇਤਾ ਹੀ ਬੇੜੀਆਂ ਦਾ ਕੰਮ ਦੇ ਰਿਹਾ ਸੀ। ਜੇਲ੍ਹ ਅਧਿਕਾਰੀ ਜਾਣ-ਬੁਝ ਕੇ ਰੇਤਾ ਨਹੀਂ ਸਨ ਚੁਕਵਾ ਰਹੇ। ਕੈਦੀਆਂ ਨੂੰ ਕਾਬੂ ਰੱਖਣ ਵਿਚ ਇਹ ਉਹਨਾਂ ਦੀ ਸਹਾਇਤਾ ਕਰ ਰਿਹਾ ਸੀ। ਜੇਲ੍ਹ ਵਿਚ ਇਕ ਵੀ ਛਾਂ-ਦਾਰ ਦਰੱਖ਼ਤ ਨਹੀਂ ਸੀ। ਦਰੱਖ਼ਤ ਨਾ ਲਗਵਾ ਸਕਣ ਦਾ ਸਰਕਾਰ ਦਾ ਆਪਣਾ ਤਰਕ ਸੀ। ਖ਼ੁਸ਼ਕ ਧਰਤੀ ਵਿਚੋਂ ਪੀਣ ਜੋਗਾ ਪਾਣੀ ਹੀ ਮੁਸ਼ਕਿਲ ਨਾਲ ਨਿਕਲਦਾ ਸੀ। ਦਰੱਖ਼ਤ ਨੂੰ ਦੇਣ ਲਈ ਮਣਾਂ-ਮੂੰਹੀਂ ਪਾਣੀ ਕਿਥੋਂ ਆਵੇ? ਪਰ ਕੈਦੀ ਏਨੇ ਭੋਲੇ ਨਹੀਂ ਸਨ। ਸਰਕਾਰ ਦੇ ਇਸ ਬਹਾਨੇ ਪਿਛਲੀ ਸ਼ਰਾਰਤ ਦੀ ਉਹਨਾਂ ਨੂੰ ਸਮਝ ਸੀ। ਸੁਰੱਖਿਆ ਗਾਰਦਾਂ ਨੂੰ ਰੜੇ ਮੈਦਾਨ ਉਪਰ ਘੁੰਮਦੇ ਕੈਦੀਆਂ ਉਪਰ ਨਜ਼ਰ ਰੱਖਣੀ ਆਸਾਨ ਸੀ। ਅਧਿਕਾਰੀਆਂ ਨੂੰ ਕੈਦੀਆਂ ਨਾਲੋਂ ਆਪਣੀ ਸਹੂਲਤ ਦਾ ਵੱਧ ਫ਼ਿਕਰ ਸੀ। ਦੂਰ-ਦੂਰ ਤਕ ਫੈਲੇ ਰੇਤੇ ਅਤੇ ਹਰਿਆਵਲ ਦੀ ਘਾਟ ਕਾਰਨ, ਉੱਚੀਆਂ ਖ਼ੁਸ਼ਕ ਕੰਧਾਂ ਨੂੰ ਦੇਖ-ਦੇਖ ਕੈਦੀਆਂ ਦੀਆਂ ਅੱਖਾਂ ਥੱਕ ਜਾਂਦੀਆ ਸਨ ਅਤੇ ਮਨ ਉਚਾਟ ਹੋ ਜਾਂਦਾ ਸੀ। ਸਾਲਾਂ-ਬੱਧੀ ਕਿਸੇ ਕੁੱਤੇ-ਬਿੱਲੇ ਤਾਂ ਕੀ, ਚਿੜੀ ਕਾਂ ਤਕ ਦੀ ਝਲਕ ਨਹੀਂ ਸੀ ਪੈਂਦੀ।

 

ਫ਼ਿਕਰਾਂ ਵਿਚ ਡੁੱਬੇ ਪਾਲੇ ਅਤੇ ਮੀਤੇ ਨੂੰ ਪਤਾ ਹੀ ਨਾ ਲੱਗਾ ਕਦੋਂ ਵੈਨ ਚੱਲੀ ਅਤੇ ਕਦੋਂ ਰੁਕੀ।

ਵੈਨ ਦੇ ਰੁਕਦਿਆਂ ਹੀ ਉਹਨਾਂ ਨੂੰ ਜੇਲ੍ਹ ਤਕ ਛੱਡਣ ਆਈ ਪੁਲਿਸ ਹਰਕਤ ਵਿਚ ਆ ਗਈ। ਵੱਜਦੀਆਂ ਸੀਟੀਆਂ ਅਤੇ ਭਾਰੇ ਬੂਟਾਂ ਦੇ ਖੜਕੇ ਤੋਂ ਉਹਨਾਂ ਭਾਂਪ ਲਿਆ ਕਿ ਆਖ਼ਰੀ ਮੰਜ਼ਿਲ ਆ ਗਈ ਹੈ।

ਗਾਰਦ ਦੇ ਮੁਖੀ ਹੌਲਦਾਰ ਨੇ ਆਪਣੀ ਜੇਬ ਵਿਚੋਂ ਚਾਬੀ ਕੱਢੀ, ਵੈਨ ਦਾ ਜਿੰਦਰਾ ਖੋਲ੍ਹਿਆ, ਕੈਦੀਆਂ ਦੇ ਲੱਗੀ ਹੱਥਕੜੀ ਠੀਕ-ਠਾਕ ਹੋਣ ਦੀ ਤਸੱਲੀ ਕੀਤੀ। ਫੇਰ ਉਹਨਾਂ ਨੂੰ ਵੈਨ ਵਿਚੋਂ ਬਾਹਰ ਆਉਣ ਦਾ ਹੁਕਮ ਹੋਇਆ।

ਵੈਨ ਦੇ ਅੱਗੇ-ਅੱਗੇ ਚੱਲ ਰਹੀ ਜੀਪ ਵਿਚ ਬੈਠੇ ਥਾਣੇਦਾਰ ਨੇ ਸੰਤਰੀ ਨੂੰ ਪਹਿਲਾਂ ਚੁਕੰਨਾ ਕਰ ਦਿੱਤਾ ਸੀ। ੲਹਨਾਂ ਖ਼ਤਰਨਾਕ ਕੈਦੀਆਂ ਦੇ ਸਾਥੀ ਇਹਨਾਂ ਨੂੰ ਜੇਲ੍ਹ ਦੇ ਦਰਵਾਜ਼ੇ ਕੋਲੋਂ ਵੀ ਛੁਡਾ ਲੈਣ ਦੀ ਜੁਰਅੱਤ ਰੱਖਦੇ ਸਨ। ਪੁਲਿਸ ਕੈਦੀਆਂ ਦੇ ਫ਼ਰਾਰ ਹੋਣ ਦਾ ਜ਼ੋਖ਼ਮ ਨਹੀਂ ਸੀ ਉਠਾ ਸਕਦੀ। ਇਸ ਲਈ ਵੈਨ ਜੇਲ੍ਹ ਦੇ ਮੁੱਖ ਦਰਵਾਜ਼ੇ ਤਕ ਆਉਣ ਦੀ ਇਜਾਜ਼ਤ ਉਸ ਨੇ ਲੈ ਲਈ ਸੀ।

ਵੈਨ ਦੇ ਦਰਵਾਜ਼ੇ ਕੋਲ ਪੁੱਜਣ ਤੋਂ ਪਹਿਲਾਂ ਹੀ ਫ਼ੁਰਤੀ ਨਾਲ ਸੰਤਰੀ ਨੇ ਵੱਡੇ ਦਰਵਾਜ਼ੇ ਦੀ ਛੋਟੀ ਖਿੜਕ ਖੋਲ੍ਹ ਦਿੱਤੀ।

ਵੈਨ ਵਿਚੋਂ ਉਤਰਦਿਆਂ ਹੀ ਪਾਲੇ ਅਤੇ ਮੀਤੇ ਨੂੰ ਦਰਵਾਜ਼ੇ ਵੱਲ ਦੌੜਨ ਦਾ ਹੁਕਮ ਹੋਇਆ। ਦਰਵਾਜ਼ੇ ’ਚ ਦਾਖ਼ਲ ਹੋਣ ਤੋਂ ਪਹਿਲਾਂ, ਜਿਉਂ ਹੀ ਮੀਤੇ ਨੇ ਪਿਛਾਂਹ ਮੁੜ ਕੇ ਸੜਕ ਉਪਰ ਟਹਿਲਦੇ ਲੋਕਾਂ ਅਤੇ ਹਰੇ-ਭਰੇ ਖੇਤਾਂ ਨੂੰ ਨਿਹਾਰਨਾ ਚਾਹਿਆ, ਤਿਉਂ ਹੀ ਇਕ ਮੁੱਕਾ ਉਸ ਦੇ ਮੌਰਾਂ ਵਿਚ ਵੱਜਿਆ ਅਤੇ ਉਸ ਨੂੰ ਘੁਮੇਰ ਆ ਗਈ।

‘ਕਿਹੜੇ ਖਸਮਾਂ ਨੂੰ ਉਡੀਕਦੈਂ? ਤੈਨੂੰ ਛੁਡਾਉਣ ਕੋਈ ਨਹੀਂ ਆਇਆ।’ ਆਖਦੇ ਹੌਲਦਾਰ ਨੇ ਹੱਥਕੜੀ ਵਾਲਾ ਸੰਗਲ ਖਿੱਚ ਕੇ ਦੋਹਾਂ ਨੂੰ ਆਪਣੇ ਵੱਲ ਧੂਹਿਆ ਅਤੇ ਧੱਕਾ ਦੇ ਕੇ ਖਿੜਕੀ ਵਰਗੇ ਛੋਟੇ ਦਰਵਾਜ਼ੇ ਰਾਹੀਂ ਜੇਲ੍ਹ ਦੀ ਡਿਉੜੀ ਵਿਚ ਸੁੱਟ ਦਿੱਤਾ।

 

 

2

ਅਚਾਨਕ ਪਏ ਧੱਕੇ ਕਾਰਨ ਦੋਹਾਂ ਦਾ ਸੰਤੁਲਨ ਵਿਗੜ ਗਿਆ। ਇਕ ਲੱਤੋਂ ਕਮਜ਼ੋਰ ਹੋਣ ਕਾਰਨ ਪਾਲਾ ਧੜੰਮ ਦੇਣੇ ਫ਼ਰਸ਼ ’ਤੇ ਜਾ ਡਿੱਗਾ। ਉਸ ਦੇ ਗਿੱਟੇ-ਗੋਡੇ ਰਗੜੇ ਗਏ। ਰਗੜਾਂ ਵਿਚੋਂ ਖ਼ੂਨ ਸਿੰਮਣ ਲੱਗਾ। ਡਰਦਾ ਮਾਰਾ ਇਕ ਨੁੱਕਰ ਵੱਲ ਖਿਸਕ ਕੇ ਪਾਲਾ ਸੱਟਾਂ ਵਿਚੋਂ ਉੱਠੇ ਦਰਦ ਨੂੰ ਅੰਦਰ ਹੀ ਅੰਦਰ ਪੀਣ ਦਾ ਯਤਨ ਕਰਨ ਲੱਗਾ।

ਮੀਤਾ ਫੁਰਤੀਲਾ ਸੀ। ਡਿੱਕੋ-ਡੋਲੇ ਖਾਂਦਾ-ਖਾਂਦਾ ਉਹ ਸੰਭਲ ਗਿਆ ਅਤੇ ਸੱਟ-ਫੇਟ ਤੋਂ ਬਚ ਗਿਆ। ਭੀੜ-ਭੜੱਕੇ ਤੋਂ ਬਚਣ ਲਈ ਉਹ ਪਾਲੇ ਕੋਲ ਜਾ ਖਲੋਤਾ ਅਤੇ ਕੇਂਦਰੀ ਜੇਲ੍ਹ ਦੀ ਡਿਉੜੀ ਦਾ ਜਾਇਜ਼ਾ ਲੈਣ ਲੱਗਾ। ‘ਜਿਵੇਂ ਗੁਹਾਰਿਆਂ ਤੋਂ ਪਿੰਡ ਦੀ ਪਛਾਣ ਹੋ ਜਾਂਦੀ ਹੈ, ਉਸੇ ਤਰ੍ਹਾਂ ਡਿਉੜੀ ਤੋਂ ਜੇਲ੍ਹ ਅੰਦਰਲੇ ਮਾਹੌਲ ਦਾ ਜਾਇਜ਼ਾ ਲੱਗ ਜਾਂਦਾ ਹੈ।’ ਮੀਤਾ ਆਪਣੇ ਉਸਤਾਦ ਦੇ ਇਸ ਉਪਦੇਸ਼ ਨੂੰ ਪਰਖਣ ਲੱਗਾ। ਮੀਤੇ ਨੂੰ ਦੈਂਤ ਵਰਗੇ ਦੋ ਲੰਮੇ-ਚੌੜੇ ਦਰਵਾਜ਼ਿਆਂ ਵਿਚ ਘਿਰੀ ਇਸ ਜੇਲ੍ਹ ਦੀ ਡਿਉੜੀ ਵੀ ਆਮ ਜੇਲ੍ਹਾਂ ਵਰਗੀ ਹੀ ਲੱਗੀ। ਉਸੇ ਤਰ੍ਹਾਂ ਖੱਬੇ ਹੱਥ ਛੋਟੇ ਜੇਲ੍ਹ ਅਧਿਕਾਰੀਆਂ ਦੇ ਅਤੇ ਸੱਜੇ ਹੱਥ ਵੱਡੇ ਅਧਿਕਾਰੀਆਂ ਦੇ ਦਫ਼ਤਰ ਸਨ। ਇਸ ਡਿਉੜੀ ਦੀ ਇਕ ਕੰਧ ਉਪਰ ਵੀ ਕਾਲਾ ਰੰਗ ਕਰ ਕੇ ਨੋਟਿਸ ਬੋਰਡ ਬਣਾਇਆ ਗਿਆ ਸੀ, ਜਿਸ ਉਪਰ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਦੇ ਨਾਂ ਲਿਖੇ ਹੋਏ ਸਨ। ਨੋਟਿਸ ਬੋਰਡ ਦੇ ਨਾਲ ਹੀ ਆਦਮ ਕੱਦ ਸ਼ੀਸ਼ਾ ਲੱਗਾ ਹੋਇਆ ਸੀ, ਜਿਸ ਵਿਚ ਹਰ ਆਉਂਦਾ-ਜਾਂਦਾ ਕੈਦੀ ਅਤੇ ਕਰਮਚਾਰੀ ਆਪਣਾ ਹੁਲੀਆ ਦੇਖਦਾ ਸੀ। ਨੋਟਿਸ ਬੋਰਡ ਦੇ ਸਾਹਮਣੇ ਵਾਲੀ ਕੰਧ ਉਪਰ ਦੋ ਵੱਡੀਆਂ ਮੋਟੀਆਂ ਹੱਕਾਂ ਗੱਡੀਆਂ ਹੋਈਆਂ ਸਨ। ਇਕ ਹੁੱਕ ਉਪਰ ਬਿਗਲ ਟੰਗਿਆ ਹੋਇਆ ਸੀ, ਜਿਹੜਾ ਖ਼ਤਰੇ ਸਮੇਂ ਵਜਾਇਆ ਜਾਂਦਾ ਸੀ। ਦੂਜੀ ਹੁੱਕ ਉਪਰ ਇਕ ਲੋਹੇ ਦੀ ਮਜ਼ਬੂਤ ਟੱਲੀ ਟੰਗੀ ਹੋਈ ਸੀ, ਜਿਸ ਨੂੰ ਹਰ ਘੰਟੇ ਬਾਅਦ ਵਜਾਇਆ ਜਾਂਦਾ ਸੀ। ਘੰਟੀ ਦੇ ਨਾਲ ਹੀ ਇਕ ਬਕਸਾ ਟੰਗਿਆ ਹੋਇਆ ਸੀ, ਜਿਸ ਵਿਚਕਾਰਲੀਆਂ ਛੋਟੀਆਂ ਹੁੱਕਾਂ ਉਪਰ ਚਾਬੀਆਂ ਦੇ ਗੁੱਛੇ ਲਟਕ ਰਹੇ ਸਨ। ਅੰਦਰਲੇ ਦਰਵਾਜ਼ੇ ਦਾ ਸੰਤਰੀ ਮੋਢੇ ਉਪਰ ਬੰਦੂਕ ਟੰਗੀ ਪਹਿਰੇ ਉਪਰ ਖੜਾ ਸੀ। ਉਸ ਦੇ ਕੋਲ ਬੰਦੇ ਦੀ ਹਿੱਕ ਜਿੰਨਾ ਉੱਚਾ ਮੇਜ਼ ਪਿਆ ਸੀ, ਜਿਸ ਉਪਰ ਰੋਜ਼ਨਾਮਚਾ ਰੱਖਿਆ ਹੋਇਆ ਸੀ। ਕੈਦੀ ਮੁਨਸ਼ੀ ਰੋਜ਼ਨਾਮਚੇ ਵਿਚ ਲਿਖਾ-ਪੜ੍ਹੀ ਕਰਨ ਵਿਚ ਮਗਨ ਸੀ।

ਮੀਤੇ ਨੂੰ ਸਿਰਫ਼ ਏਨਾ ਕੁ ਹੀ ਫ਼ਰਕ ਨਜ਼ਰ ਆਇਆ ਕਿ ਇਸ ਡਿਉੜੀ ਦੀ ਲੰਬਾਈ-ਚੌੜਾਈ ਕੁਝ ਵੱਧ ਸੀ ਅਤੇ ਫ਼ਰਸ਼ ਵੀ ਇੱਟਾਂ ਦਾ ਸੀ। ਅਫ਼ਸਰਾਂ ਦੀ ਗਿਣਤੀ ਵੱਧ ਹੋਣ ਕਾਰਨ ਸੇਵਾ ਵਿਚ ਲੱਗੇ ਕੈਦੀਆਂ ਦੀ ਗਿਣਤੀ ਵੱਧ ਨਜ਼ਰ ਆਉਂਦੀ ਸੀ। ਸਫ਼ੈਦ ਕੁੜਤਾ-ਪਜਾਮਾ ਪਾਈ ਕਦੇ ਕੋਈ ਕੈਦੀ ਚਾਹ ਦੀਆਂ ਪਿਆਲੀਆਂ ਵਾਲੀ ਟ੍ਰੇ ਚੁੱਕੀ ਦਫ਼ਤਰ ਵੱਲ ਨੂੰ ਜਾਂਦਾ ਨਜ਼ਰ ਆ ਜਾਂਦਾ ਸੀ ਅਤੇ ਕਦੇ ਕੋਈ ਰਜਿਸਟਰ ਕਾਪੀਆਂ ਚੁੱਕੀ ਦਫ਼ਤਰੋਂ ਬਾਹਰ ਨਿਕਲਦਾ। ਲੰਬੀ ਕੈਦ ਭੁਗਤ ਲੈਣ ਦਾ ਤਜਰਬਾ ਹੋ ਜਾਣ ਕਾਰਨ ਇਹਨਾਂ ਦੇ ਚਿਹਰਿਆਂ ’ਤੇ ਤਨਾਓ ਵੀ ਘੱਟ ਸੀ ਅਤੇ ਸ਼ਿਕਨ ਵੀ। ਜਾਪਦਾ ਸੀ ਜਿਵੇਂ ਇਹਨਾਂ ਕੈਦੀਆਂ ਨੇ ਸਮੇਂ ਅਨੁਸਾਰ ਆਪਣੇ ਆਪ ਨੂੰ  ਢਾਲ ਲਿਆ ਸੀ।

ਡਿਉੜੀ ਅਤੇ ਅਫ਼ਸਰਾਂ ਦੀ ਸੇਵਾ ਵਿਚ ਰੁੱਝੇ ਸ਼ਾਂਤ ਕੈਦੀਆਂ ਨੂੰ ਦੇਖ ਕੇ ਮੀਤੇ ਦਾ ਡੋਲਦਾ ਮਨ ਥਾਂ ਸਿਰ ਆਉਣ ਲੱਗਾ।

ਪਾਲੇ ਅਤੇ ਮੀਤੇ ਦੇ ਡਿਉੜੀ ਵਿਚ ਪ੍ਰਵੇਸ਼ ਕਰਦਿਆਂ ਹੀ ਸੁਸਤ ਪਏ ਜੇਲ੍ਹ ਅਤੇ ਪੁਲਿਸ ਅਧਿਕਾਰੀ ਹਰਕਤ ਵਿਚ ਆ ਗਏ।

ਦੋ ਹੋਰ ਅਦਾਲਤਾਂ ਵੱਲੋਂ ਦੋ ਹੋਰ ਕੈਦੀਆਂ ਨੂੰ ਸਜ਼ਾ ਸੁਣਾਈ ਗਈ ਸੀ। ਉਹਨਾਂ ਕੈਦੀਆਂ ਨੂੰ ਲੈ ਕੇ ਪੁਲਿਸ ਕਰਮਚਾਰੀ ਦੁਪਹਿਰੇ ਹੀ ਜੇਲ੍ਹ ਅੱਪੜ ਗਏ ਸਨ।

ਸਭ ਤੋਂ ਪਹਿਲਾਂ ਆਇਆ ਕੈਦੀ ਚਿੱਟਾ ਕੁੜਤਾ-ਪਜਾਮਾ ਪਾਈ ਬੈਠਾ ਇਕ ਮੋਟਾ-ਤਾਜ਼ਾ ਸੇਠ ਸੀ। ਉਸ ਦੀ ਸੂਰ ਵਰਗੀ ਗਰਦਨ ਵਿਚ ਤਿੰਨ-ਚਾਰ ਤੋਲੇ ਦੀ ਚੈਨ ਲਿਸ਼ਕਾਂ ਮਾਰ ਰਹੀ ਸੀ। ਸੱਜੀ ਬਾਂਹ ਵਿਚ ਏਨਾ ਹੀ ਭਾਰਾ ਕੜਾ ਤੇ ਦੋਹਾਂ ਹੱਥਾਂ ਦੀਆਂ ਤਿੰਨ-ਤਿੰਨ ਉਂਗਲਾਂ ਵਿਚ ਨਗ-ਜੜੀਆਂ ਨਿੱਗਰ ਸੋਨੇ ਦੀਆਂ ਮੁੰਦਰੀਆਂ ਸਨ। ਮੀਤੇ ਦੀ ਨਜ਼ਰ ਉਸ ਦੇ ਖੀਸੇ ’ਤੇ ਟਿਕੀ ਹੋਈ ਸੀ। ਰੁਮਾਲ ਦੇ ਹੇਠ ਇਕ ਭਾਰੀ ਬਟੂਆ ਝੂਟੇ ਖਾ ਰਿਹਾ ਸੀ। ਇਹ ਨੋਟਾਂ ਦਾ ਭਰਿਆ ਹੋਇਆ ਸੀ। ਮੀਤੇ ਦੀ ਪਾਰਖੂ ਅੱਖ ਨੇ ਅੰਦਾਜ਼ਾ ਲਾ ਲਿਆ ਸੀ।

“ਇਹ ਕੋਈ ਭੋਲਾ ਪੰਛੀ ਹੈ। ਸੋਨੇ ਨਾਲ ਲੱਦਿਆ ਇਉਂ ਜੇਲ੍ਹ ਆਇਆ ਹੈ ਜਿਵੇਂ ਕੋਈ ਸੱਜ-ਵਿਆਹੀ ਸਹੁਰੇ ਚੱਲੀ ਹੋਵੇ। ਸਹੁਰੇ ਨੂੰ ਪਤਾ ਨਹੀਂ ਕਿ ਚੱਕਰ ਵਿਚ ਜਾਂਦਿਆਂ ਹੀ ਲੁੱਟ ਲਿਆ ਜਾਵੇਗਾ।”

ਜੇਲ੍ਹ ਦੇ ਕਾਇਦੇ-ਕਾਨੂੰਨ ਤੋਂ ਵਾਕਿਫ਼ ਮੀਤੇ ਨੇ ਆਪਣੀ ਚਿੰਤਾ ਪਾਲੇ ਨਾਲ ਸਾਂਝੀ ਕੀਤੀ।

“ਮਾਇਆ ਦੇ ਸਹਾਰੇ ਵਧੀਆ ਬੈਰਕ ਵਿਚ ਪੁੱਜ ਜਾਵੇਗਾ।”

ਪਾਲੇ ਨੇ ਆਪਣੇ ਤਜਰਬੇ ਦੇ ਆਧਾਰ ’ਤੇ ਸਿੱਟਾ ਕੱਢਿਆ।

“ਆਪਾਂ ਨੂੰ ਇਹਦੀ ਅਮੀਰੀ ਦਾ ਕੀ ਭਾਅ?”

ਆਖਦੇ ਮੀਤੇ ਨੇ ਧਿਆਨ ਸੇਠ ਵੱਲੋਂ ਹਟਾ ਕੇ ਦੂਸਰੇ ਕੈਦੀ ਵੱਲ ਕੀਤਾ।

ਘੋਰ ਨਿਰਾਸ਼ਾ ਵਿਚ ਡੁੱਬੇ ਇਸ ਕੈਦੀ ਦੀ ਉਮਰ ਦਾ ਅੰਦਾਜ਼ਾ ਨਹੀਂ ਸੀ ਲੱਗ ਰਿਹਾ। ਕਦੇ ਉਹ ਨੌਜਵਾਨ ਲੱਗਦਾ ਸੀ ਅਤੇ ਕਦੇ ਅੱਧਖੜ। ਚਿਹਰੇ ’ਤੇ ਤੇਜ਼ੀ ਨਾਲ ਬਦਲਦੇ ਭਾਵਾਂ ਤੋਂ ਕਦੇ ਉਹ ਬਹਾਦਰ ਲੱਗਦਾ ਸੀ ਅਤੇ ਕਦੇ ਡਰਪੋਕ। ਤੇੜ ਪਾਏ ਅੱਧੋਰਾਣੇ ਪੈਂਟ-ਕਮੀਜ਼ ਤੋਂ ਉਸ ਦੇ ਸਾਧਾਰਨ ਪਰਿਵਾਰ ਨਾਲ ਸੰਬੰਧਿਤ ਹੋਣ ਦਾ ਅੰਦਾਜ਼ਾ ਲੱਗਦਾ ਸੀ। ਜੇਲ੍ਹ ਦੇ ਨਿਯਮਾਂ ਤੋਂ ਉਹ ਸੁਚੇਤ ਜਾਪਦਾ ਸੀ। ਨਾ ਉਸ ਦੀ ਜੇਬ ਵਿਚ ਕੋਈ ਬਟੂਆ ਸੀ ਅਤੇ ਨਾ ਹੀ ਕਿਸੇ ਉਂਗਲ ਵਿਚ ਛਾਪ-ਛੱਲਾ। ਕਮੀਜ਼ ਦੀ ਜੇਬ ਵਿਚ ਕੁਝ ਕਾਗ਼ਜ਼ ਸਨ। ਹੋ ਸਕਦਾ ਹੈ ਕਾਗ਼ਜ਼ਾਂ ਵਿਚ ਕੋਈ ਨੋਟ ਵੀ ਹੋਵੇ। ਉਸ ਦੇ ਮੋਢੇ ’ਤੇ ਇਕ ਝੋਲਾ ਲਟਕ ਰਿਹਾ ਸੀ, ਜਿਸ ਵਿਚ ਕੁਝ ਕਿਤਾਬਾਂ ਸਨ। ਝੋਲੇ ਤੋਂ ਅੰਦਾਜ਼ਾ ਲੱਗਦਾ ਸੀ, ਉਹ ਕੋਈ ਸਿਆਸੀ ਕਾਰਕੁਨ ਸੀ ਅਤੇ ਉਸ ਨੂੰ ਕਿਸੇ ਸਿਆਸੀ ਕੇਸ ਵਿਚ ਸਜ਼ਾ ਹੋਈ ਸੀ, ਪਰ ਚਿਹਰੇ ’ਤੇ ਛਾਈ ਪਿਲੱਤਣ ਤੋਂ ਇਹ ਅੰਦਾਜ਼ਾ ਗ਼ਲਤ ਸਾਬਤ ਹੰਦਾ ਸੀ।

“ਕੌਣ ਹੈ ਇਹ? ਹੁਣੇ ਪਤਾ ਲੱਗ ਜਾਵੇਗਾ। ਵਾਰੰਟ ਖੁੱਲ੍ਹਣ ਦੇ।” ਸੋਚਦਾ ਮੀਤਾ ਅਗਲੀ ਕਾਰਵਾਈ ਦੀ ਉਡੀਕ ਕਰਨ ਲੱਗਾ। ਸੇਠ ਪਹਿਲਾਂ ਆਇਆ ਸੀ। ਉਸ ਨਾਲ ਆਏ ਹੌਲਦਾਰ  ਨੂੰ ਪਹਿਲਾਂ ਫ਼ਾਰਗ਼ ਕੀਤਾ ਜਾਣਾ ਸੀ। ਮੁਨਸ਼ੀ ਵੱਲੋਂ ਹਰੀ ਝੰਡੀ ਮਿਲਣ ’ਤੇ ਹੌਲਦਾਰ ਫ਼ੁਰਤੀ ਨਾਲ ਸੇਠ ਨੂੰ ਦਫ਼ਤਰ ਲੈ ਵੜਿਆ। ਫ਼ੁਰਤੀਲਾ ਮੁਨਸ਼ੀ ਪਹਿਲਾਂ ਹੀ ਲਿਖਾ-ਪੜ੍ਹੀ ਮੁਕੰਮਲ ਕਰੀ ਬੈਠਾ ਸੀ। ਇਕ-ਦੋ ਮਿੰਟ ਵਿਚ ਉਸ ਨੇ ਖ਼ਾਨਾਪੂਰੀ ਮੁਕੰਮਲ ਕੀਤੀ ਅਤੇ ਪਹੁੰਚ ਹੌਲਦਾਰ ਦੇ ਹੱਥ ਫੜਾ ਦਿੱਤੀ। ਖ਼ੁਸ਼ ਹੋਏ ਹੌਲਦਾਰ ਨੇ ਸੇਠ ਦੀ ਬਾਂਹ ਡਿਉੜੀ ਵਿਚ ਬੈਠੇ ਬੁੱਢੇ ਵਾਰਡਰ ਨੂੰ ਫੜਾਈ ਅਤੇ ਆਪ ਪੱਤਰਾ ਵਾਚ ਗਿਆ।

ਕਈ ਘੰਟੇ ਹੌਲਦਾਰ ਨਾਲ ਰਹਿਣ ਕਾਰਨ ਸੇਠ ਉਸ ਨਾਲ ਘੁਲ-ਮਿਲ ਗਿਆ ਸੀ। ਉਸ ਦੇ ਸਾਥ ਛੱਡਦਿਆਂ ਹੀ ਸੇਠ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗਾ ਅਤੇ ਡਰ ਨਾਲ ਕੰਬਦਾ ਇਉਂ ਬਿਟਰ-ਬਿਟਰ ਤੱਕਣ ਲੱਗਾ, ਜਿਵੇਂ ਮੇਲੇ ਵਿਚ ਗਾਂ ਗੁਆਚੀ ਹੋਵੇ।

ਸੇਠ ਨੂੰ ਕੋਲ ਬਿਠਾ ਕੇ ਬੁੱਢਾ ਵਾਰਡਰ ਆਪਣਾ ਸਰਕਾਰੀ ਫ਼ਰਜ਼ ਨਿਭਾਉਣ ਲੱਗਾ।

“ਹੌਸਲੇ ਨਾਲ ਵਕਤ ਕੱਟੋ। ਦਿਲ ਛੱਡਿਆਂ ਤਾਂ ਦਿਨ ਪਹਾੜ ਜਿੱਡਾ ਲੱਗੇਗਾ। ਭਾਣਾ ਮੰਨਿਆ ਤਾਂ ਸਾਲ ਪਲਾਂ ਵਿਚ ਲੰਘ ਜਾਣਗੇ।”

ਪਾਲਾ ਅਤੇ ਮੀਤਾ ਪਹਿਲੀ ਵਾਰ ਜੇਲ੍ਹ ਨਹੀਂ ਸਨ ਆਏ। ਹਰ ਵਾਰ ਉਹਨਾਂ ਨੂੰ ਇਹੋ  ਜਿਹੀ ਨਸੀਹਤ ਸੁਣਾਈ ਜਾਂਦੀ ਸੀ। ਸਰਕਾਰ ਨੇ ਕੈਦੀਆਂ ਦਾ ਹੌਸਲਾ ਵਧਾਉਣ ਲਈ ਬੁੱਢੇ ਵਾਰਡਰਾਂ ਨੂੰ ਡਿਉੜੀ ਵਿਚ ਲਾਇਆ ਹੋਇਆ ਸੀ। ਬੁੱਢੇ ਵਾਰਡਰ ਦੀਆਂ ਗੱਲਾਂ ਵੱਲੋਂ ਧਿਆਨ ਹਟਾ ਕੇ ਉਹ ਨੌਜਵਾਨ ਬਾਰੇ ਜਾਨਣ ਲਈ ਕਾਹਲੇ ਪੈਣ ਲੱਗੇ।

ਬੁੱਢੇ ਵਾਰਡਰ ਨੇ ਆਪਣਾ ਸਰਕਾਰੀ ਫ਼ਰਜ਼ ਅਦਾ ਕਰਨਾ ਸੀ। ਹਰਿਦੁਆਰ ਦੇ ਪਾਂਡਿਆਂ ਵਾਂਗ ਉਸ ਨੇ ਨਵੇਂ ਆਏ ਕੈਦੀਆਂ ਸਾਹਮਣੇ ਰਟੇ-ਰਟਾਏ ਮੰਤਰਾਂ ਦਾ ਉਚਾਰਨ ਕਰਨਾ ਸੀ।

“ਹੋਈ ਸਜ਼ਾ ਨੂੰ ਖਿੜੇ ਮੱਥੇ ਕਬੂਲ ਕਰੋ। ਜੇ ਤੁਸੀਂ ਜੁਰਮ ਕੀਤਾ ਹੈ ਤਾਂ ਉਸ ਨੂੰ ਪਸਚਾਤਾਪ ਸਮਝ ਕੇ ਖ਼ੁਸ਼ੀ-ਖ਼ੁਸ਼ੀ ਕੱਟੋ। ਇਸ ਕੁਕਰਮ ਦਾ ਭਾਰ ਅਗਲੇ ਜਨਮ ਤਕ ਪਿੱਛਾ ਨਹੀਂ ਕਰੇਗਾ। ਜੇ ਜੁਰਮ ਨਹੀਂ ਕੀਤਾ ਅਤੇ ਉਂਝ ਹੀ ਸਜ਼ਾ ਹੋ ਗਈ ਹੈ ਤਾਂ ਵੀ ਪਿਛਲੇ ਜਨਮਾਂ ਦੇ ਕਰਮਾਂ ਦਾ ਫ਼ਲ ਸਮਝ ਕੇ ਕਬੂਲ ਕਰੋ। ਅਗਲੇ ਜਨਮ ਵਿਚ ਸੁਖ ਮਿਲੇਗਾ।”

ਮੀਤਾ ਬੁੱਢੇ ਦੇ ਉਪਦੇਸ਼ਾਂ ਉਪਰ ਅੰਦਰ ਹੀ ਅੰਦਰ ਹੱਸ ਰਿਹਾ ਸੀ। ਉਪਦੇਸ਼ ਖ਼ਤਮ ਹੁੰਦਿਆਂ ਹੀ ਬੁੱਢਾ ਵਾਰਡਰ ਕੈਦੀਆਂ ਦੇ ਸੌਖੇ ਦਿਨਾਂ ਨੂੰ ਔਖੇ ਦਿਨਾਂ ਵਿਚ ਬਦਲਣਾ ਸ਼ੁਰੂ ਕਰੇਗਾ। ਮੀਤੇ ਦਾ ਤਜਰਬਾ ਆਖਦਾ ਸੀ।

ਦੂਸਰੇ ਨੰਬਰ ’ਤੇ ਆਏ ਕੈਦੀ ਨੂੰ ਲਿਖਾ-ਪੜ੍ਹੀ ਲਈ ਦਫ਼ਤਰ ਬੁਲਾ ਲਿਆ ਗਿਆ ਸੀ। ਪਾਲੇ ਹੋਰੀਂ ਪਹਿਲਾਂ ਹੀ ਬੁੱਢੇ ਦੀਆਂ ਨਸੀਹਤਾਂ ਵੱਲ ਧਿਆਨ ਨਹੀਂ ਸਨ ਦੇ ਰਹੇ। ਸੇਠ ਦਾ ਮਨ ਵੀ ਕਿਧਰੇ ਹੋਰ ਭਟਕ ਰਿਹਾ ਸੀ।

ਵਾਰਡਰ ਨੇ ਆਪਣੇ ਵਾਲ ਧੁੱਪ ਵਿਚ ਸਫ਼ੈਦ ਨਹੀਂ ਸਨ ਕੀਤੇ। ਸਰਕਾਰ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਨਵੇਂ ਕੈਦੀਆਂ ਨੂੰ ਸਮਝਾਉਣ ਅਤੇ ਜੇਲ੍ਹ ਦੇ ਕਾਇਦੇ-ਕਾਨੂੰਨ ਦੀ ਵਾਕਫ਼ੀਅਤ ਦੇਣ ਲਈ ਡਿਊਟੀ ਜੇਲ੍ਹ ਅਧਿਕਾਰੀ ਉਪਰ ਲਾਈ ਗਈ ਸੀ। ਸਭ ਤੋਂ ਵੱਡੀ  ਉਮਰ ਦਾ ਹੋਣ ਕਾਰਨ ਅਤੇ ਸਭ ਤੋਂ ਵੱਧ ਤਜਰਬਾ ਹੋਣ ਕਾਰਨ ਬੁੱਢੇ ਵਾਰਡਰ ਨੂੰ ਜੇਲ੍ਹ ਸੁਪਰਡੈਂਟ ਨੇ ਇਸ ਕੰਮ ਲਈ ਚੁਣਿਆ ਸੀ। ਏਨੇ ਉਪਦੇਸ਼ ਨਾਲ ਉਸ ਦਾ ਫ਼ਰਜ਼ ਪੂਰਾ ਹੋ ਚੱਕਾ ਸੀ। ਬਾਕੀ ਸਭ ਕੁਝ ਕੈਦੀਆਂ ਨੇ ਆਪੇ ਤਜਰਬੇ ਦੇ ਆਧਾਰ ’ਤੇ ਸਿੱਖ ਜਾਣਾ ਸੀ।

ਸਰਕਾਰੀ ਫ਼ਰਜ਼ ਨਿਭਾਉਣ ਬਾਅਦ ਬੁੱਢਾ ਵਾਰਡਰ ਨਿੱਜੀ ਫ਼ਰਜ਼ ਨਿਭਾਉਣ ਲੱਗਾ।

“ਸੇਠ ਜੀ ਦਾ ਨਾਂ?” ਬੁੱਢੇ ਵਾਰਡਰ ਨੇ ਭਾਂਪ ਲਿਆ ਸੀ ਕਿ ਪਾਲੇ ਅਤੇ ਮੀਤੇ ਵਾਲੇ ਤਿਲਾਂ ਵਿਚ ਤੇਲ ਨਹੀਂ ਹੈ। ਦੂਜੇ ਪਾਸੇ ਸੇਠ ਤੇਲ ਵਾਲਾ ਕੁੱਪਾ ਸੀ। ਬੁੱਢੇ ਨੂੰ ਕੁੱਪੇ ਨਾਲ ਦੋਸਤੀ ਗੰਢਣ ਦਾ ਫ਼ਾਇਦਾ ਸੀ।

“ਮੈਂ ਸੇਠ ਸੁਭਾਸ਼ ਜੈਨ ਹਾਂ। ਬਠਿੰਡੇ ਦਾ ਮਸ਼ਹੂਰ ਠੇਕੇਦਾਰ ਹਾਂ।”

ਜੈਨ ਨੇ ਜਾਣ-ਪਹਿਚਾਣ ਕਰਵਾਉਣੀ ਸ਼ੁਰੂ ਕੀਤੀ ਹੀ ਸੀ ਕਿ ਬੁੱਢੇ ਵਾਰਡਰ ਨੇ ਉਸ ਨੂੰ ਵਿਚਕਾਰ ਹੀ ਟੋਕ ਦਿੱਤਾ।

“ਭੁੱਲ ਜਾਓ ਕਿ ਹੁਣ ਤੁਸੀਂ ਸੇਠ ਹੋ। ਹੁਣ ਤੁਸੀਂ ਇਕ ਸਜ਼ਾ-ਯਾਫ਼ਤਾ ਕੈਦੀ ਹੋ। ਅਦਾਲਤ ਨੇ ਤੁਹਾਨੂੰ ਬਾ-ਮੁਸ਼ੱਕਤ ਸਜ਼ਾ ਸੁਣਾਈ ਹੈ। ਸੋਡੇ ਗਹਿਣੇ-ਗੱਟੇ ਅਤੇ ਕੱਪੜੇ ਲਾਹ ਲਏ ਜਾਣਗੇ। ਸਵੇਰੇ ਤੁਸੀਂ ਮਜ਼ਦੂਰੀ ਕਰਨ ਫ਼ੈਕਟਰੀ ਜਾਉਗੇ ਅਤੇ ਤੁਹਾਨੂੰ ਕੈਦੀਆਂ ਵਾਲਾ ਖੱਦਰ ਦਾ ਕੁੜਤਾ- ਪਜਾਮਾ ਦਿੱਤਾ ਜਾਏਗਾ। ਤੁਹਾਨੂੰ ਮਜ਼ਦੂਰਾਂ ਵਾਲੀ ਚਿੱਟੀ ਵਰਦੀ ਪਾਉਣੀ ਪਵੇਗੀ। ਇਹ ਮੈਂ ਤਾਂ ਸਮਝਾ ਰਿਹਾ ਹਾਂ ਤਾਂ ਜੋ ਤੁਸੀਂ ਭਾਣਾ ਮੰਨੋ ਅਤੇ ਆਪਣੀ ਅਮੀਰੀ ਭੁੱਲ ਸਕੋ। ਸੱਚ ਦਾ ਸਾਹਮਣਾ ਕਰ ਕੇ ਦਿਨ-ਕਟੀ ਹੋਵੇਗੀ।”

ਬੁੱਢੇ ਵਾਰਡਰ ਦਾ ਤੀਰ ਨਿਸ਼ਾਨੇ ’ਤੇ ਲੱਗਾ। ਸੇਠ ਨੂੰ ਇਕਦਮ ਪਸੀਨਾ ਆ ਗਿਆ। ਹੱਥ-ਪੈਰ ਕੰਬਣ ਲੱਗੇ ਅਤੇ ਦਿਲ ਦੀ ਧੜਕਣ ਤੇਜ਼ ਹੋ ਗਈ।

“ਮੇਰੀ ਗੱਲ ਸੁਣੋ ਹੌਲਦਾਰ ਸਾਹਿਬ।” ਬੁੱਢੇ ਵਾਰਡਰ ਦੇ ਮੋਢੇ ’ਤੇ ਹੱਥ ਰੱਖ ਕੇ ਜੈਨ ਉਸ ਨੂੰ ਖ਼ਾਲੀ ਪਏ ਜੇਲ੍ਹ ਸੁਪਰਡੈਂਟ ਦੇ ਦਫ਼ਤਰ ਵੱਲ ਲੈ ਚੱਲਿਆ।

ਖੀਸੇ ਵਿਚਲੇ ਬਟੂਏ ਵਿਚੋਂ ਟਟੋਲ ਕੇ ਕੁਝ ਨੋਟ ਕੱਢੇ ਅਤੇ ਉਹਨਾਂ ਦੀ ਬੱਤੀ ਜਿਹੀ ਬਣਾ ਕੇ ਬੁੱਢੇ ਵਾਰਡਰ ਦੀ ਜੇਬ ਵਿਚ ਪਾ ਦਿੱਤੇ।

“ਮੈਂ ਇਕ ਫ਼ੋਨ ਕਰਨਾ ਹੈ। ਮੈਨੂੰ ਫ਼ੋਨ ਕਰਨ ਦਿਓ।”

“ਇਹ ਸਰਕਾਰੀ ਫ਼ੋਨ ਹੈ। ਮੈਨੂੰ ਖ਼ੁਦ ਨੂੰ ਫ਼ੋਨ ਕਰਨ ਦੀ ਇਜਾਜ਼ਤ ਨਹੀਂ ਹੈ। ਤੁਹਾਨੂੰ ਮੈਂ ਫ਼ੋਨ ਕਿਸ ਤਰ੍ਹਾਂ ਕਰਵਾ ਸਕਦਾ ਹਾਂ?”

“ਮੈਂ ਫ਼ੋਨ ਦੀ ਕੋਈ ਗ਼ਲਤ ਵਰਤੋਂ ਨਹੀਂ ਕਰਨੀ। ਬੱਸ ਆਪਣੇ ਵਾਰਿਸਾਂ ਨੂੰ ਸੁਨੇਹਾ ਦੇਣਾ ਹੈ। ਮੇਰੀ ਜੱਜ ਨਾਲ ਗੱਲ ਹੋ ਗਈ ਸੀ। ਮੈਂ ਬਰੀ ਹੋਣਾ ਸੀ, ਪਤਾ ਨਹੀਂ ਕੀ ਭਾਣਾ ਵਰਤ ਗਿਆ? ਪਤਾ ਨਹੀਂ ਜੱਜ ਨੇ ਮੈਨੂੰ ਸਜ਼ਾ ਕਿਉਂ ਸੁਣਾ ਦਿੱਤੀ। ਮੈਂ ਤੇਰੇ ਪੈਰੀਂ ਹੱਥ ਲਾਉਂਦਾ ਹਾਂ। ਮੈਨੂੰ ਇਕ ਫ਼ੋਨ ਕਰ ਲੈਣ ਦੇ। ਮੇਰੀ ਸ਼ੂਗਰ ਵੱਧ ਰਹੀ ਹੈ। ਮੇਰਾ ਹਾਰਟ ਫ਼ੇਲ੍ਹ ਹੋਣ ਵਾਲਾ ਹੈ। ਮੈਂ ਮਰ ਜਾਵਾਂਗਾ।”

“ਤੂੰ ਫ਼ਿਕਰ ਨਾ ਕਰ। ਮੈਂ ਚੱਕਰ ਵਾਲੇ ਹੌਲਦਾਰ ਨਾਲ ਗੱਲ ਕਰਾ ਦਿੰਦਾ ਹਾਂ। ਉਹ ਤੈਨੂੰ ਵਧੀਆ ਥਾਂ ਪਹੁੰਚਾ ਦੇਵੇਗਾ।”

“ਮੇਰੇ ਨਾਲ ਕਰਿੰਦਾ ਆਇਆ ਸੀ। ਉਸ ਨੇ ਮੇਰੇ ਦੋਸਤਾਂ ਨੂੰ ਫ਼ੋਨ ਖੜਕਾ ਦਿੱਤੇ ਹੋਣਗੇ। ਮੈਂ ਆਪਣੇ ਦੋਸਤਾਂ ਤੋਂ ਇਹੋ ਪੁੱਛਣਾ ਹੈ ਕਿ ਉਹਨਾਂ ਨੇ ਜੇਲ੍ਹ ਅਧਿਕਾਰੀਆਂ ਨਾਲ ਗੱਲ ਕਰ ਲਈ ਹੈ ਜਾਂ ਨਹੀਂ।”

ਜੈਨ ਨੂੰ ਖੜਨਾ ਮੁਸ਼ਕਿਲ ਜਾਪ ਰਿਹਾ ਸੀ। ਧੜਕਦੇ ਦਿਲ ਨਾਲ ਉਹ ਜੇਲ੍ਹ ਸੁਪਰਡੈਂਟ ਦੇ ਕਮਰੇ ਵਿਚ ਪਈ ਕੁਰਸੀ ਉੱਪਰ ਡਿੱਗ ਪਿਆ। ਕੰਬਦੇ ਹੱਥਾਂ ਨਾਲ ਉਸ ਨੇ ਜੇਬ ‘ਚੋਂ ਬਟੂਆ ਕੱਢਿਆ ਅਤੇ ਸੌ-ਸੌ ਦੇ ਨੋਟਾਂ ਦੀ ਇਕ ਥਹੀ ਕੱਢ ਕੇ ਉਸ ਨੇ ਵਾਰਡਰ ਦੇ ਹਵਾਲੇ ਕੀਤੀ।

“ਹੁਣ ਆਇਆ ਹੈ ਲੀਹ ‘ਤੇ”, ਸੋਚਦੇ ਵਾਰਡਰ ਨੇ ਢਿੱਲਾ ਪੈਣਾ ਸ਼ੁਰੂ ਕਰ ਦਿੱਤਾ।

“ਆਪਣੀ ਫੀਤੀ ਲੁਹਾਉਣ ਦਾ ਜ਼ੋਖ਼ਮ ਉਠਾ ਕੇ ਮੈਂ ਇਕ ਫ਼ੋਨ ਕਰਵਾ ਦਿੰਦਾ ਹਾਂ। ਦੂਜੇ ਲਈ ਨਾ ਆਖਣਾ।” ਆਖਦੇ ਹੋਏ ਵਾਰਡਰ ਨੇ ਫ਼ੋਨ ਚੁੱਕ ਕੇ ਜੈਨ ਦੇ ਅੱਗੇ ਰੱਖ ਦਿੱਤਾ।

ਘਬਰਾਹਟ ਕਾਰਨ ਜੈਨ ਨੂੰ ਨੰਬਰ ਯਾਦ ਨਹੀਂ ਸੀ ਆ ਰਿਹਾ। ਕਦੇ ਉਹ ਕੋਈ ਬਟਨ ਦੱਬਦਾ ਅਤੇ ਕਦੇ ਕੋਈ। ਕਈ ਵਾਰ ਮਗ਼ਜ਼-ਖਪਾਈ ਕਰਨ ਤੋਂ ਬਾਅਦ ਮਸਾਂ ਉਸ ਦਾ ਫ਼ੋਨ ਮਿਲਿਆ।

“ਕੋਸ਼ਿਸ਼ ਕਰ ਰਹੇ ਹਾਂ। ਡਾਕਟਰ ਕਲੱਬ ਗਿਆ ਹੋਇਆ ਹੈ। ਜੇਲ੍ਹ ਸੁਪਰਡੈਂਟ ਵੀ ਕਿਸੇ ਦੋਸਤ ਦੇ ਘਰ ਚਲਾ ਗਿਆ ਹੈ। ਤੂੰ ਫ਼ਿਕਰ ਨਾ ਕਰ। ਘੰਟੇ ਦੇ ਅੰਦਰ-ਅੰਦਰ ਸਭ ਠੀਕ ਹੋ ਜਾਵੇਗਾ।”

ਫ਼ੋਨ ਕਰਨ ਬਾਅਦ ਘਟਣ ਦੀ ਥਾਂ ਚਿੰਤਾ ਹੋਰ ਵੱਧ ਗਈ। ਲਿਖਤ-ਪੜ੍ਹਤ ਮੁਕੰਮਲ ਹੋਣ ਵਾਲੀ ਸੀ। ਕੁਝ ਹੀ ਮਿੰਟਾਂ ਬਾਅਦ ਜੈਨ ਨੂੰ ਚੋਰਾਂ, ਜੇਬ-ਕਤਰਿਆਂ ਵਿਚ ਭੇਜ ਦਿੱਤਾ ਜਾਣਾ ਸੀ। ਮੁੜ ਸਵੇਰ ਤਕ ਕਿਸੇ ਨੇ ਉਸ ਦੀ ਸੁਧ ਨਹੀਂ ਸੀ ਲੈਣੀ। ਸਾਫ਼-ਸੁਥਰੀਆਂ ਕੋਠੀਆਂ ਵਿਚ ਰਹਿਣ ਦੇ ਆਦੀ ਜੈਨ ਦੀ ਬਦਬੂਦਾਰ ਬੈਰਕ ਵਿਚੋਂ ਲਾਸ਼ ਹੀ ਨਿਕਲਣੀ ਸੀ।

“ਮੈਨੂੰ ਅੱਧੇ ਘੰਟੇ ਬਾਅਦ ਫੇਰ ਫ਼ੋਨ ਕਰਨਾ ਪੈਣਾ ਹੈ।”

“ਪਰ ਅੰਦਰ ਤਾਂ ਫ਼ੋਨ ਨਹੀਂ ਹੈ।”

“ਫੇਰ ਕਿਵੇਂ ਕਰੀਏ?”

“ਕੁਝ ਨਹੀਂ ਹੋ ਸਕਦਾ।”

ਜੈਨ ਨੇ ਜੇਬ ਵਿਚੋਂ ਦੁਬਾਰਾ ਬਟੂਆ ਕੱਢਿਆ ਅਤੇ ਵਾਰਡਰ ਦੀ ਜੇਬ ਵਿਚ ਪਾ ਦਿੱਤਾ।

“ਇਕ ਹੱਲ ਹੈ। ਘੰਟੇ ਬਾਅਦ ਤੂੰ ਇਸੇ ਨੰਬਰ ’ਤੇ ਫ਼ੋਨ ਕਰੀਂ। ਅੱਗੋਂ ਜੋ ਸੁਨੇਹਾ ਮਿਲੇ, ਉਹ ਅੰਦਰ ਪਹੁੰਚਾ ਦੇਵੀਂ। ਮੈਂ ਹੋਰ ਸੇਵਾ ਵੀ ਕਰਾਂਗਾ।”

“ਇਹ ਠੀਕ ਹੈ। ਮੈਂ ਵਾਅਦੇ ਦਾ ਪੱਕਾ ਹਾਂ। ਮੇਰੇ ’ਤੇ ਯਕੀਨ ਕਰਿਓ। ਆਪਾਂ ਕਈ ਸਾਲ ਵਰਤਣਾ ਹੈ। ਹੁਕਮ ਅਦੂਲੀ ਨਹੀਂ ਹੋਏਗੀ।”

ਸੁਨੇਹਾ ਦੇਣ ਦਾ ਵਾਅਦਾ ਕਰ ਕੇ ਵਾਰਡਰ ਜੈਨ ਨੂੰ ਡਿਉੜੀ ਵਿਚ ਲੈ ਆਇਆ। ਏਨੀ ਦੇਰ ਤਕ ਪਾਲੇ ਅਤੇ ਮੀਤੇ ਦੀ ਵੀ ਲਿਖਾ-ਪੜ੍ਹੀ ਮੁਕੰਮਲ ਹੋ ਚੁੱਕੀ ਸੀ। ਵਾਰਡਰ ਦਾ ਹੀ ਇੰਤਜ਼ਾਰ ਹੋ ਰਿਹਾ ਸੀ।

ਬੁੱਢੇ ਵਾਰਡਰ ਦੇ ਡਿਉੜੀ ਵਿਚ ਆਉਂਦਿਆਂ ਹੀ ਸੰਤਰੀ ਨੇ ਜੇਲ੍ਹ ਦੇ ਅੰਦਰਲੇ ਦਰਵਾਜ਼ੇ ਦਾ ਛੋਟਾ ਦਰਵਾਜ਼ਾ ਖੋਲ੍ਹ ਦਿੱਤਾ।

ਬਟੂਆ ਸੰਭਾਲਦਾ ਵਾਰਡਰ ਚਾਰਾਂ ਕੈਦੀਆਂ ਨੂੰ ਚੱਕਰ ਵੱਲ ਲੈ ਤੁਰਿਆ।

ਅੰਦਰਲਾ ਦਰਵਾਜ਼ਾ ਟੱਪਦਾ ਮੀਤਾ ਸੋਚ ਰਿਹਾ ਸੀ ਕਿ ਮੁੜ ਦੋਹਾਂ ਦਰਵਾਜ਼ਿਆਂ ਵਿਚਕਾਰਲਾ ਵੀਹ ਕੁ ਗ਼ਜ਼ ਦਾ ਫ਼ਾਸਲਾ ਪਾਰ ਕਰਨ ਲਈ ਉਹਨਾਂ ਨੂੰ ਵੀਹ ਸਾਲ ਲੱਗਣਗੇ।

 

 

3

ਜੇਲ੍ਹ ਦੇ ਅੰਦਰਲੇ ਦਰਵਾਜ਼ੇ ਦੇ ਪੰਜਾਹ ਕੁ ਗ਼ਜ਼ ਦੇ ਫ਼ਾਸਲੇ ’ਤੇ ਅੱਗੜ-ਪਿੱਛੜ ਬਣੇ ਦੋ ਕਮਰਿਆਂ ਨੂੰ ਚੱਕਰ ਆਖਿਆ ਜਾਂਦਾ ਸੀ। ਇਕ ਕਮਰਾ ਛੋਟਾ ਸੀ, ਜਿਸ ਤੋਂ ਦਫ਼ਤਰ ਦਾ ਕੰਮ ਲਿਆ ਜਾਂਦਾ ਸੀ। ਦੂਜਾ ਵੱਡਾ ਸੀ, ਜਿਸ ਨੂੰ ਬਤੌਰ ਗੁਦਾਮ ਵਰਤਿਆ ਜਾਂਦਾ ਸੀ। ਸਾਂਝੀ ਦੀਵਾਰ ਵਿਚ ਇਕ ਦਰਵਾਜ਼ਾ ਸੀ, ਜਿਸ ਰਾਹੀਂ ਇਕ ਦੂਸਰੇ ਕਮਰੇ ਵਿਚ ਆਇਆ-ਜਾਇਆ ਜਾ ਸਕਦਾ ਸੀ। ਛੋਟੇ ਕਮਰੇ ਅੱਗੇ ਚਾਰ ਕੁ ਫ਼ੁਟ ਦਾ ਬਰਾਂਡਾ ਸੀ, ਜਿਸ ਅੱਗੇ ਦੋ ਛੋਟੇ-ਛੋਟੇ ਸਟੂਲ ਪਏ ਸਨ।

ਦਫ਼ਤਰ ਵਿਚ ਪਏ ਮੇਜ਼ ਦੁਆਲੇ ਦੋ ਕੁਰਸੀਆਂ ਸਨ। ਇਸ ਉਪਰ ਲਾਭ ਸਿੰਘ ਬੈਠਾ ਸੀ, ਜਿਸ ਨੇ ਕੈਦੀਆਂ ਵਾਲੇ ਸਫ਼ੈਦ ਕੱਪੜੇ ਪਾਏ ਹੋਏ ਸਨ। ਉਸ ਨੂੰ ਕਤਲ ਕੇਸ ਵਿਚ ਉਮਰ ਕੈਦ ਹੋਈ ਸੀ। ਪੜ੍ਹਿਆ-ਲਿਖਿਆ ਅਤੇ ਹੁਸ਼ਿਆਰ ਹੋਣ ਕਾਰਨ ਉਸ ਨੂੰ ਚੀਫ਼ ਵਾਰਡਰ ਦੀ ਮਦਦ ਨਾਲ ਇਥੇ ਚੱਕਰ ਮੁਨਸ਼ੀ ਲਾਇਆ ਗਿਆ ਸੀ।

ਸਜ਼ਾ ਹੋਣ ਤੋਂ ਪਹਿਲਾਂ ਉਹ ਪੁਲਿਸ ਵਿਚ ਹੌਲਦਾਰ ਸੀ। ਈਮਾਨਦਾਰ, ਵਫ਼ਾਦਾਰ ਅਤੇ ਲਿਖਾ-ਪੜ੍ਹੀ ਦਾ ਮਾਹਿਰ ਹੋਣ ਕਾਰਨ ਸਾਰੇ ਜ਼ਿਲ੍ਹੇ ਵਿਚ ਉਸ ਦੀ ਪੁੱਛ ਸੀ। ਹਰ ਅਫ਼ਸਰ ਉਸ ਨੂੰ ਆਪਣੇ ਨਾਲ ਲਗਾਉਣ ਦੀ ਤਾਂਘ ਰੱਖਦਾ ਸੀ, ਪਰ ਉਹ ਲੱਗਦਾ ਉਸੇ ਪੁਲਿਸ ਅਫ਼ਸਰ ਨਾਲ ਸੀ ਜਿਹੜਾ ਸਭ ਤੋਂ ਵੱਧ ਕਪਤਾਨ ਦੇ ਨੇੜੇ ਹੁੰਦਾ ਸੀ। ਲਾਭ ਸਿੰਘ ਇਕੋ ਸਮੇਂ ਅਫ਼ਸਰ ਦੇ ਰੀਡਰ, ਗੰਨਮੈਨ ਅਤੇ ਵਿਚੋਲੇ, ਤਿੰਨਾਂ ਦਾ ਕੰਮ ਕਰਦਾ ਸੀ।

ਲਾਭ ਸਿੰਘ ਦੇ ਇਹੋ ਗੁਣ ਉਸ ਨੂੰ ਜੇਲ੍ਹ ਲੈ ਆਏ ਸਨ। ਕਤਲ ਕੇਸ ਦਾ ਮੁਕੱਦਮਾ ਦਰਜ ਹੋਣ ਸਮੇਂ ਉਹ ਖ਼ੂੰਖ਼ਾਰ ਸਮਝੇ ਜਾਂਦੇ ਥਾਣੇਦਾਰ ਮਹਿੰਗਾ ਸਿੰਘ ਦਾ ਗੰਨਮੈਨ ਸੀ। ਥਾਣੇਦਾਰ ਅੱਤਵਾਦੀਆਂ ਨਾਲ ਲੋਹਾ ਲੈਣ ਲਈ ਸਾਰੇ ਸੂਬੇ ਵਿਚ ਮਸ਼ਹੂਰ ਸੀ। ਇਵਜ਼ ਵਿਚ ਉਸ ਨੂੰ ਆਪਣੇ ਸਾਰੇ ਟੱਬਰ ਦੀ ਕੁਰਬਾਨੀ ਦੇਣੀ ਪਈ ਸੀ। ਸਭ ਕੁਝ ਗੁਆ ਲੈਣ ਬਾਅਦ ਵੀ ਹਿੰਮਤ ਨਾ ਹਾਰਨ ਕਾਰਨ ਮਹਿਕਮੇ ਵਿਚ ਉਸ ਦੀ ਇੱਜ਼ਤ ਹੋਰ ਵੱਧ ਗਈ। ਮਹਿੰਗਾ ਸਿੰਘ ਨੂੰ ਮੂੰਹੋਂ ਮੰਗਿਆ ਥਾਣਾ ਮਿਲਦਾ ਸੀ ਅਤੇ ਕਦੇ ਕੋਈ ਜਾਇਜ਼ ਨਾਜਾਇਜ਼ ਕੰਮ ਹੋ ਜਾਂਦਾ ਤਾਂ ਅਫ਼ਸਰਾਂ ਵੱਲੋਂ ਉਹ ਵੀ ਠੱਪ ਦਿੱਤਾ ਜਾਂਦਾ ਸੀ।

ਲਾਭ ਸਿੰਘ ਨੇ ਕਈ ਖ਼ਤਰਨਾਕ ਮੁਹਿੰਮਾਂ ’ਤੇ ਜਾਨ ਤਲੀ ’ਤੇ ਧਰ ਕੇ ਮਹਿੰਗਾ ਸਿੰਘ ਦਾ ਸਾਥ ਦਿੱਤਾ ਸੀ। ਮਹਿੰਗਾ ਸਿੰਘ ਇਸ ਦਲੇਰੀ ਦਾ ਪੂਰਾ ਮੁੱਲ ਪਾਉਂਦਾ ਸੀ। ਕਿਸੇ ਖ਼ੂੰਖ਼ਾਰ ਅੱਤਵਾਦੀ ਨੂੰ ਮਾਰਨ ਬਾਅਦ ਮਹਿੰਗਾ ਸਿੰਘ ਨੂੰ ਜਦੋਂ ਤਰੱਕੀ ਮਿਲਦੀ ਸੀ ਤਾਂ ਉਹ ਲਾਭ ਸਿੰਘ ਨੂੰ ਆਪਣਾ ਭਾਈਵਾਲ ਬਣਾਉਂਦਾ ਸੀ। ਤਰੱਕੀ ਕਰਦਾ-ਕਰਦਾ ਲਾਭ ਸਿੰਘ ਹੋਮਗਾਰਡ ਤੋਂ ਹੌਲਦਾਰ ਬਣ ਗਿਆ ਸੀ।

ਸੱਤ ਸਾਲ ਸਜ਼ਾ ਭੁਗਤ ਲੈਣ ਬਾਅਦ ਅੱਜ ਤਕ ਲਾਭ ਸਿੰਘ ਨੂੰ ਇਹ ਸਮਝ ਨਹੀਂ ਸੀ ਆਈ ਕਿ ਮਹਿੰਗਾ ਸਿੰਘ ਦੇ ਹੁਕਮ ’ਤੇ ਗੰਨਮੈਨ ਵੱਲੋਂ ਘਰੋਂ ਚੱਕਿਆ ਜੀਤਾ ਸੱਚਮੁੱਚ ਅੱਤਵਾਦੀ ਸੀ ਜਾਂ ਜੀਤੇ ਦੇ ਵਾਰਸਾਂ ਦੇ ਆਖਣ ਅਨੁਸਾਰ ਮਹਿੰਗਾ ਸਿੰਘ ਨੇ ਉਸ ਦੇ ਵਿਰੋਧੀਆਂ ਤੋਂ ਪੰਜ ਲੱਖ ਰੁਪਿਆ ਲੈ ਕੇ ਉਸ ਨੂੰ ਝੂਠ-ਮੂਠ ਅੱਤਵਾਦੀ ਗਰਦਾਨ ਕੇ ਮਰਵਾ ਦਿੱਤਾ ਸੀ।

ਲਾਭ ਸਿੰਘ ਹੁਰਾਂ ਨੇ ਆਮ ਹੁਕਮਾਂ ਵਾਂਗ ਮਹਿੰਗਾ ਸਿੰਘ ਦੇ ਇਸ ਹੁਕਮ ’ਤੇ ਵੀ ਫੁੱਲ ਚੜ੍ਹਾਏ ਸਨ। ਉਹਨਾਂ ਨੇ ਨਹਿਰ ਕੰਢੇ ਲਿਜਾ ਕੇ ਜੀਤੇ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ।

ਬਾਕੀ ਅੱਤਵਾਦੀਆਂ ਵਾਂਗ ਝੂਠੇ ਪੁਲਿਸ ਮੁਕਾਬਲੇ ਵਿਰੁੱਧ ਉੱਠਦੇ ਆਮ ਵਾ-ਵਰੋਲਿਆਂ ਵਾਂਗ ਜੀਤੇ ਦੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੀ ਖ਼ਬਰ ਵੀ ਅਖ਼ਬਾਰਾਂ ਵਿਚ ਛਪੀ ਸੀ। ਮਹਿੰਗਾ ਸਿੰਘ ਵਾਂਗ ਲਾਭ ਸਿੰਘ ਨੇ ਵੀ ਇਸ ਪ੍ਰਚਾਰ ਦੀ ਪ੍ਰਵਾਹ ਨਹੀਂ ਸੀ ਕੀਤੀ। ਹੋਰ ਪੁਲਿਸ ਮੁਕਾਬਲਿਆਂ ਵਾਂਗ ਇਸ ਮੁਕਾਬਲੇ ਦੀ ਵੀ ਉੱਚ-ਪੱਧਰੀ ਪੜਤਾਲ ਹੋਣੀ ਸੀ ਅਤੇ ਅਫ਼ਸਰਾਂ ਨੇ ਉਹਨਾਂ ਨੂੰ ਦੋਸ਼-ਮੁਕਤ ਕਰ ਦੇਣਾ ਸੀ।

ਸੁਲਗਦੀ ਅੱਗ ਉਸ ਸਮੇਂ ਭਾਂਬੜ ਬਣ ਗਈ ਜਦੋਂ ਮਹਿੰਗਾ ਸਿੰਘ ਇਕ ਮੁਕਾਬਲੇ ਵਿਚ ਸ਼ਹੀਦ ਹੋ ਗਿਆ। ਮਹਿੰਗਾ ਸਿੰਘ ਦੀ ਤਰੱਕੀ ਅਤੇ ਦਲੇਰੀ ’ਤੇ ਸੜਦੇ  ਉਸ ਦੇ ਵਿਰੋਧੀ ਪੁਲਿਸ ਅਫ਼ਸਰਾਂ ਨੇ ਕਬਰਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਦੱਬੀਆਂ ਪਈਆਂ ਪੜਤਾਲਾਂ ਮੁੜ ਸ਼ੁਰੂ ਹੋ ਗਈਆਂ। ਬਹੁਤੇ ਅਫ਼ਸਰਾਂ ਦੀ ਨਜ਼ਰ ਮਹਿੰਗਾ ਸਿੰਘ ਦੀ ਜਾਇਦਾਦ ਉਪਰ ਸੀ। ਉਸ ਨੇ ਬਹੁਤ ਅੱਤਵਾਦੀ ਮਾਰੇ ਸਨ। ਇਕ-ਇਕ ਅੱਤਵਾਦੀ ਕੋਲੋਂ ਕਈ ਵਾਰ ਪੰਜਾਹ-ਪੰਜਾਹ ਲੱਖ ਰੁਪਿਆ ਤਕ ਬਰਾਮਦ ਹੁੰਦਾ ਸੀ। ਅੱਤਵਾਦੀਆਂ ਕੋਲੋਂ ਬਰਾਮਦ ਹੋਈ ਭਾਰੀ ਰਕਮ ਉਸ ਕੋਲ ਹੋਣੀ ਚਾਹੀਦੀ ਸੀ। ਮਹਿੰਗਾ ਸਿੰਘ ਦਾ ਆਪਣਾ ਕੋਈ ਵਾਰਿਸ ਨਹੀਂ ਸੀ ਬਚਿਆ। ਉਸ ਦੇ ਗੁਪਤ ਖ਼ਜ਼ਾਨੇ ਜਾਂ ਬੇਨਾਮੀ ਜਾਇਦਾਦ ਦੀ ਖ਼ਬਰ ਲਾਭ ਸਿੰਘ ਨੂੰ ਹੋਣੀ ਚਾਹੀਦੀ ਸੀ। ਲਾਭ ਸਿੰਘ ਨੂੰ ਪੁਚਕਾਰ ਕੇ ਜਾਂ ਡਰਾ ਕੇ ਇਹ ਧਨ ਆਸਾਨੀ ਨਾਲ ਹੜੱਪਿਆ ਜਾ ਸਕਦਾ ਸੀ।

ਇਸ ਉਦੇਸ਼ ਦੀ ਪ੍ਰਾਪਤੀ ਲਈ ਲਾਭ ਸਿੰਘ ਅਤੇ ਉਸ ਦੇ ਸਾਥੀ ਗੰਨਮੈਨਾਂ ਦੇ ਵਿਰੁੱਧ ਜੀਤ ਸਿੰਘ ਨੂੰ ਕਤਲ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਉਸ ਉਪਰ ਮਹਿੰਗਾ ਸਿੰਘ ਦੀ ਜਾਇਦਾਦ ਨੂੰ ਉਜਾਗਰ ਕਰਨ ਦਾ ਦਬਾਅ ਪਾਇਆ ਗਿਆ। ਉਸ ਨੂੰ ਵਾਅਦਾ ਮੁਆਫ਼ ਗਵਾਹ ਰੱਖ ਕੇ ਕਤਲ ਕੇਸ ਵਿਚੋਂ ਕੱਢ ਦੇਣ ਦਾ ਲਾਲਚ ਦਿੱਤਾ ਗਿਆ। ਮਹਿੰਗਾ ਸਿੰਘ ਨੇ ਕਿਧਰੇ ਕੋਈ ਜਾਇਦਾਦ ਬਣਾਈ ਹੋਵੇ, ਇਸ ਦਾ ਲਾਭ ਸਿੰਘ ਨੂੰ ਉੱਕਾ ਪਤਾ ਨਹੀਂ ਸੀ। ਉਹ ਅਫ਼ਸਰਾਂ ਨੂੰ ਕਿਸ ਖ਼ਜ਼ਾਨੇ ਦਾ ਰਾਹ ਦੱਸਦਾ। ਜੀਤੇ ਨੂੰ ਗੋਲੀ ਜ਼ਰੂਰ ਮਾਰੀ ਗਈ ਸੀ, ਪਰ ਕਿਸੇ ਲਾਲਚ ਤਹਿਤ ਨਹੀਂ।

ਚਿੜੇ ਅਫ਼ਸਰਾਂ ਨੇ ਜੀਤੇ ਦੇ ਕਤਲ ਦਾ ਸਾਰਾ ਭਾਰ ਲਾਭ ਸਿੰਘ ਦੇ ਸਿਰ ਮੜ੍ਹ ਦਿੱਤਾ। ਬਾਕੀ ਗੰਨਮੈਨਾਂ ਨੂੰ ਵਾਅਦਾ ਮੁਆਫ਼ ਗਵਾਹ ਬਣਾ ਕੇ ਉਸ ਨੂੰ ਜੇਲ੍ਹ ਤਕ ਪਹੁੰਚਾ ਦਿੱਤਾ। ਲਾਭ ਸਿੰਘ ਨੇ ਆਪਣੇ ਗੌਰਵਮਈ ਰਿਕਾਰਡ ਅਤੇ ਬੇਗੁਨਾਹੀ ਦੇ ਬਹੁਤ ਵਾਸਤੇ ਪਾਏ। ਕਿਸੇ ਅਫ਼ਸਰ ਦੇ ਕੰਨ ’ਤੇ ਜੂੰ ਨਾ ਸਰਕੀ। ਉੱਚੀ ਤੋਂ ਉੱਚੀ ਅਦਾਲਤ ਨੇ ਵੀ ਉਸ ਦੀ ਗੁਹਾਰ ’ਤੇ ਕੰਨ ਨਾ ਧਰਿਆ। ਇਕੋ ਤਰਕ ਦੇ ਆਧਾਰ ’ਤੇ ਉਸ ਦੀ ਦਲੀਲ ਠੁਕਰਾ ਦਿੱਤੀ ਜਾਂਦੀ ਸੀ ਕਿ ਜੇ ਕਾਨੂੰਨ ਦੇ ਰਾਖੇ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗਣ ਤਾਂ ਆਮ ਲੋਕਾਂ ਦੀ ਰੱਖਿਆ ਕੌਣ ਕਰੇਗਾ?

ਦਿਲ ’ਤੇ ਪੱਥਰ ਰੱਖ ਕੇ ਲਾਭ ਸਿੰਘ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਪਿਆ। ਅੱਧੀ ਕੱਟ ਗਈ ਸੀ, ਬਾਕੀ ਵੀ ਇਸ ਤਰ੍ਹਾਂ ਕੱਟ ਜਾਏਗੀ।

ਸਾਲ ਕੁ ਤੋਂ ਉਹ ਸੁਖਾਲਾ ਸੀ। ਪਹਿਲਾਂ ਪੁਲਸੀਆ ਹੋਣ ਕਾਰਨ ਸਾਥੀ ਕੈਦੀ ਉਸ ਨੂੰ ਦੁਰਕਾਰਦੇ ਸਨ ਅਤੇ ਜੇਲ੍ਹ ਕਰਮਚਾਰੀ ਵੀ ਉਸ ’ਤੇ ਭਰੋਸਾ ਨਹੀਂ ਸਨ ਕਰਦੇ। ਆਪਣੇ ਆਪ ਨੂੰ ਸਾਊਆਂ ਵਿਚ ਗਿਣਵਾਉਣ ਲਈ ਉਸ ਨੂੰ ਪੰਜ ਸਾਲ ਸਖ਼ਤ ਮਿਹਨਤ ਕਰਨੀ ਪਈ ਸੀ।

ਪਰਖਣ ਲਈ ਪਹਿਲਾਂ ਉਸ ਨੂੰ ਫ਼ੈਕਟਰੀ ਦਾ ਮੁਨਸ਼ੀ ਲਗਾਇਆ ਗਿਆ। ਫਿਰ ਤਰੱਕੀ ਦੇ ਕੇ ਗੁਦਾਮ ਵਿਚ ਭੇਜ ਦਿੱਤਾ ਗਿਆ। ਇਹਨਾਂ ਦੋਹਾਂ ਮੱਦਾਂ ਉਪਰ ਲਾਭ ਸਿੰਘ ਨੇ ਬੜੀ ਹੁਸ਼ਿਆਰੀ  ਅਤੇ ਫ਼ੁਰਤੀ ਨਾਲ ਫ਼ਰਜ਼ ਨਿਭਾਇਆ। ਪਹਿਲੇ ਮੁਨਸ਼ੀਆਂ ਨਾਲੋਂ ਉਸ ਨੇ ਅਫ਼ਸਰਾਂ ਨੂੰ ਕਮਾਈ ਡਿਉੜੀ-ਦੁੱਗਣੀ ਕਰ ਕੇ ਦਿੱਤੀ, ਰਿਕਾਰਡ ਦਾ ਢਿੱਡ ਭਰਿਆ ਤੇ ਕੈਦੀਆਂ ਨੂੰ ਵੀ ਸ਼ਿਕਾਇਤ ਦਾ ਮੌਕਾ ਨਾ ਦਿੱਤਾ।

ਪੁਲਿਸ ਮਹਿਕਮੇ ਨੇ ਉਸ ਦੇ ਕੰਮ ਦਾ ਮੁੱਲ ਉਸ ਨੂੰ ਝੂਠੇ ਕਤਲ ਕੇਸ ਵਿਚ ਫਸਾ ਕੇ ਪਾਇਆ ਸੀ। ਜੇਲ੍ਹ ਅਧਿਕਾਰੀਆਂ ਨੇ ਉਸ ਦੇ ਕੰਮ ਦੀ ਕਦਰ ਕਰ ਕੇ ਉਸ ਨੂੰ ਜੇਲ੍ਹ ਦੀ ਸਭ ਤੋਂ ਅਹਿਮ ਮੱਦ ਬਖ਼ਸ਼ੀ ਸੀ ਅਤੇ ਅੱਜ ਉਹ ਚੱਕਰ-ਮੁਨਸ਼ੀ ਸੀ।

ਪੁਲਿਸ ਵਿਚ ਰਹਿਣ ਕਾਰਨ ਕੈਦੀਆਂ ਕੋਲੋਂ ਵੱਧ ਤੋਂ ਵੱਧ ਪੈਸਾ ਵਸੂਲਣ ਦੇ ਢੰਗ ਲਾਭ ਸਿੰਘ ਨੂੰ ਚੰਗੀ ਤਰ੍ਹਾਂ ਆਉਂਦੇ ਸਨ। ਅਫ਼ਸਰਾਂ ਦੀ ਆਸ ਦੇ ਉਲਟ ਸ਼ਾਮ ਤੱਕ ਉਹ ਕਈ ਗੁਣਾਂ ਵੱਧ ਕਮਾਈ ਕਰ ਲੈਂਦਾ ਸੀ। ਇਸ ਕਮਾਈ ਵਿਚੋਂ ਉਸ ਨੂੰ ਦਸੌਂਧ ਮਿਲਦਾ ਸੀ। ਬਾਕੀ ਦੀ ਕਮਾਈ  ਉਹ ਚੀਫ਼ ਵਾਰਡਰ ਨੂੰ ਫੜਾ ਦਿੰਦਾ ਸੀ। ਅੱਗੇ ਅਫ਼ਸਰਾਂ ਵਿਚ ਕਿਸ ਦਰ ’ਤੇ ਹਿੱਸੇ ਪੈਂਦੇ ਸਨ, ਇਸ ਵੱਲ ਉਹ ਧਿਆਨ ਨਹੀਂ ਸੀ ਦਿੰਦਾ। ਕਮਾਊ ਪੁੱਤ ਹੋਣ ਕਾਰਨ ਜੇਲ੍ਹ ਵਿਚ ੳਸ ਦੀ ਚੰਗੀ ਚੱਲਦੀ ਸੀ। ਵੱਧ ਪੈਸਾ ਬਟੋਰਨ ਦੇ ਉਦੇਸ਼ ਨਾਲ ਉਹ ਉੱਨੀ ਕਰੇ ਜਾਂ ਇੱਕੀ, ਕੋਈ ਕਿੰਤੂ-ਪਰੰਤੂ ਨਹੀਂ ਸੀ ਕਰ ਸਕਦਾ।

ਆਖ਼ਰੀ ਕਿਸ਼ਤ ਵਿਚ ਚਾਰ ਕੈਦੀ ਜੇਲ੍ਹ ਆਏ ਸਨ। ਕਿਸ ਨਾਲ ਕਿਸ ਤਰ੍ਹਾਂ ਨਿਬੜਣਾ ਹੈ? ਲਾਭ ਸਿੰਘ ਆਪਣੇ ਜ਼ਿਹਨ ਵਿਚ ਇਹੋ ਵਾਧੇ ਘਾਟੇ ਕਰ ਰਿਹਾ ਸੀ।

ਲਾਭ ਸਿੰਘ ਦੇ ਬਰਾਬਰ ਵਾਲੀ ਕੁਰਸੀ ਉਪਰ ਚੱਕਰ ਦਾ ਇੰਚਾਰਜ, ਚੀਫ਼ ਵਾਰਡਰ ਖ਼ਾਕੀ ਵਰਦੀ ਪਾਈ ਡਟਿਆ ਬੈਠਾ ਸੀ। ਉਸ ਵਿਚ ਉਹ ਸਾਰੇ ਗੁਣ ਮੌਜੂਦ ਸਨ, ਜੋ ਲਾਭ ਸਿੰਘ ਵਿਚ ਸਨ।

ਚੀਫ਼ ਵਾਰਡਰ ਦੀ ਨਜ਼ਰ ਵੀ ਜੇਲ੍ਹ ਦੇ ਅੰਦਰਲੇ ਦਰਵਾਜ਼ੇ ਉਪਰ ਟਿਕੀ ਹੋਈ ਸੀ। ਜਿਥੋਂ ਬੁੱਢੇ ਵਾਰਡਰ ਨੇ ਨਵੇਂ ਕੈਦੀਆਂ ਨੂੰ ਲੈ ਕੇ ਚੱਕਰ ਵੱਲ ਆਉਣਾ ਸੀ।

ਲਾਭ ਸਿੰਘ ਅਤੇ ਨਿਹਾਲ ਸਿੰਘ ਨੂੰ ਨਵੇਂ ਕੈਦੀਆਂ ਨਾਲੋਂ ਵੱਧ ਬੁੱਢੇ ਵਾਰਡਰ ਦੀ ਮੁਖ਼ਬਰੀ ਦਾ ਇੰਤਜ਼ਾਰ ਸੀ। ਬੁੱਢੇ ਵਾਰਡਰ ਨੇ ਨਵੇਂ ਕੈਦੀਆਂ ਵਿਚ ਕਿੰਨਾ-ਕਿੰਨਾ ਖ਼ੂਨ ਹੈ, ਇਸ ਬਾਰੇ ਜਾਣਕਾਰੀ ਦੇਣੀ ਸੀ ਅਤੇ ਫਿਰ ਉਸੇ ਜਾਣਕਾਰੀ ਦੇ ਆਧਾਰ ’ਤੇ ਲਾਭ ਸਿੰਘ ਹੁਰਾਂ ਨੇ ਉਹਨਾਂ ਦਾ ਖ਼ੂਨ ਨਿਚੋੜਨਾ ਸੀ।

ਬੁੱਢੇ ਵਾਰਡਰ ਨੇ ਚਾਰਾਂ ਕੈਦੀਆਂ ਨੂੰ ਬਰਾਂਡੇ ਵਿਚ ਲਿਆ ਕੇ ਖੜਾ ਕਰ ਦਿੱਤਾ। ਸਟੂਲਾਂ  ਵੱਲ ਉਂਗਲ ਕਰ ਕੇ ਉਹਨਾਂ ਨੂੰ ਉਥੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਆਪ ਕਾਗ਼ਜ਼-ਪੱਤਰ ਲੈ ਕੇ ਦਫ਼ਤਰ ਵਿਚ ਵੜ ਗਿਆ।

ਜੈਨ ਦੇ ਭਾਰੇ ਸਰੀਰ ਨੇ ਇਕ ਪੂਰਾ ਸਟੂਲ ਮੱਲ ਲਿਆ। ਦੂਜੇ ਉਪਰ ਹਾਕਮ ਸਿੰਘ ਬੈਠ ਗਿਆ।

ਘੁਸੜ ਕੇ ਬੈਠਣ ਦੀ ਥਾਂ ਪਾਲਾ ਅਤੇ ਮੀਤਾ ਪਰੇ ਜ਼ਮੀਨ ਉੱਪਰ ਜਾ ਬੈਠੇ। ਬਾਕੀ ਦੀ ਸਾਰੀ ਉਮਰ ਉਹਨਾਂ ਨੇ ਇਸ ਚਾਰ-ਦੀਵਾਰੀ ਅੰਦਰ ਕੱਟਣੀ ਸੀ। ਹੁਣ ਉਹਨਾਂ ਦੀ ਆਪਣੀ ਮਰਜ਼ੀ ਨਹੀਂ ਸੀ ਚੱਲਣੀ। ਹੱਥ ਵਿਚ ਡੰਡਾ ਫੜੀ ਕਿਸੇ ਨਾ ਕਿਸੇ ਵਾਰਡਰ ਨੇ ਪਸ਼ੂਆਂ ਵਾਂਗ ਉਹਨਾਂ ਨੂੰ ਇਧਰ-ਉਧਰ ਦੁੜਾਉਣਾ ਸੀ। ਕਿਸੇ ਬੈਰਕ ਵਿਚ ਜਾ ਕੇ ਦਮ ਘੁਟਾਉਣ ਨਾਲੋਂ ਦੋ ਘੜੀ ਖੁੱਲ੍ਹੀ ਹਵਾ ਵਿਚ ਬੈਠਣ ਵਿਚ ਭਲਾਈ ਸੀ। ਉਹਨਾਂ ਨੂੰ ਪਤਾ ਸੀ ਕਿ ਹਿਸਟਰੀ-ਸ਼ੀਟ ਭਰਨ ਅਤੇ ਕੈਦੀ ਨੰਬਰ ਮਿਲਣ ਵਿਚ ਵਕਤ ਲੱਗਣਾ ਸੀ। ਇਸ ਲਈ ਇਕ ਪਾਸੇ ਹਟ ਕੇ ਉਹ ਅੱਗੇ ਆਉਣ ਵਾਲੇ ਔਖੇ ਦਿਨਾਂ ਨੂੰ ਸੌਖਾਲੇ ਬਣਾਉਣ ਦੀਆਂ ਤਰਕੀਬਾਂ ਸੋਚਣ ਲੱਗੇ।

“ਮਿੰਨਤ-ਤਰਲਾ ਕਰਕੇ ਇਕੋ ਬੈਰਕ ਲੈ ਲਈਂ। ਦੋਵੇਂ ਭਰਾ ਰਲ-ਮਿਲ ਕੇ ਦੁੱਖ ਸਾਂਝਾ ਕਰ ਲਿਆ ਕਰਾਂਗੇ।”

ਪਾਲੇ ਨੂੰ ਭੈੜੇ ਭਵਿੱਖ ਦੀ ਵੱਧ ਚਿੰਤਾ ਸੀ। ਪਤਾ ਸੀ ਉਹ ਗ਼ਰੀਬ ਹਨ। ਜੇਲ੍ਹ ਸਟਾਫ਼ ਨੂੰ ਦੇਣ ਲਈ ਉਹਨਾਂ ਕੋਲ ਫੁੱਟੀ ਕੌਡੀ ਵੀ ਨਹੀਂ। ਪਿਛਲਿਆਂ ਕੋਲੋਂ ਕੋਈ ਉਮੀਦ ਨਹੀਂ। ਉਹਨਾਂ ਵਰਗੇ ਲਾਵਾਰਿਸਾਂ ਨੂੰ ਭੱਠ ਝੋਕਣ ਲਈ ਲੰਗਰ ਵਿਚ ਜਾਂ ਮੌਰ ਤੁੜਾੳੇਣ ਲਈ ਆਰੇ ਵਿਚ ਭੇਜਿਆ ਜਾਂਦਾ ਹੈ। ਪੁਲਿਸ ਦੀਆਂ ਮਾਰਾਂ ਖਾ-ਖਾ ਪਾਲੇ ਦੇ ਹੱਡ ਕਮਜ਼ੋਰ ਹੋ ਚੁੱਕੇ ਸਨ। ਇਕ ਟੰਗ ਕਮਜ਼ੋਰ ਹੋਣ ਕਾਰਨ ਉਸ ਤੋਂ ਬਹੁਤਾ ਭਾਰ ਨਹੀਂ ਸੀ ਚੁੱਕਿਆ ਜਾਂਦਾ। ਹਰ ਸਮੇਂ ਮੋਢੇ-ਗੋਡੇ ਕੜ-ਕੜ ਕਰਦੇ ਰਹਿੰਦੇ ਸਨ। ਉਸ ਤੋਂ ਆਪਣਾ ਆਪ ਚੁੱਕ ਕੇ ਪੌੜੀ ਨਹੀਂ ਸੀ ਚੜ੍ਹਿਆ ਜਾਦਾ। ਭਾਰੇ ਬੱਠਲ ਕਿੱਦਾਂ ਚੁੱਕੇ ਜਾਣਗੇ।

ਘਾਟ-ਘਾਟ ਦਾ ਪਾਣੀ ਪੀਤਾ ਹੋਣ ਕਾਰਨ ਮੀਤਾ ਪਾਲੇ ਨਾਲੋਂ ਕਈ ਗੁਣਾਂ ਹੁਸ਼ਿਆਰ ਸੀ। ਉਸ ਨੂੰ ਅਫ਼ਸਰਾਂ ਨਾਲ ਗੱਲ ਕਰਨ ਦਾ ਵੱਲ ਸੀ। ਪਾਲਾ ਮਿੱਟੀ ਦਾ ਮਾਧੋ ਸੀ। ਅਫ਼ਸਰ ਅੱਗੇ ਜਾਂਦੇ ਹੀ ਉਸ ਦੀ ਘਿੱਗੀ ਬੱਝ ਜਾਂਦੀ ਸੀ। ਆਪਣੀ ਇਸੇ ਕਮਜ਼ੋਰੀ ਨੂੰ ਭਾਂਪ ਕੇ ਉਸ ਨੇ ਮੀਤੇ ਕੋਲ ਅਰਜ਼ ਕੀਤੀ ਸੀ।

“ਫ਼ਿਕਰ ਨਾ ਕਰ, ਮੈਂ ਪੂਰੀ ਕੋਸ਼ਿਸ਼ ਕਰਾਂਗਾ, ਪਰ ਇਹਨਾਂ ਕਿਹੜਾ ਆਪਣੀ ਮੰਨਣੀ ਹੈ?”

ਮੀਤਾ ਵੀ ਪਾਲੇ ਨਾਲ ਰਹਿਣ ਦਾ ਇੱਛੁਕ ਸੀ। ਉਸ ਨੂੰ ਜੇਲ੍ਹ ਕਰਮਚਾਰੀਆਂ ਦੇ ਪੁੱਠੇ ਦਿਮਾਗ਼ ਦੇ ਹੋਣ ਦਾ ਪਤਾ ਸੀ। ਜੋ ਆਖੋ ਉਹਨਾਂ ਉਸ ਦੇ ਉਲਟ ਕਰਨਾ ਸੀ। ਫਿਰ ਵੀ ਮੀਤਾ ਗੱਲ ਕਰਨ ਦੇ ਰੌਂਅ ਵਿਚ ਸੀ।

“ਜੇ ਆਪਾਂ ਨੂੰ ਕਿਸੇ ਜੈਨ ਵਰਗੇ ਸੇਠ ਦਾ ਮੁਸ਼ੱਕਤੀ ਲਾ ਦੇਣ ਫੇਰ ਮੌਜਾਂ ਲੱਗ ਜਾਣ।

ਮੀਤੇ ਦੀ ਨਜ਼ਰ ਸੇਠ ਉਪਰ ਟਿਕੀ ਹੋਈ ਸੀ। ਸੇਠ ਬਹੁਤਾ ਪੜ੍ਹਿਆ-ਲਿਖਿਆ ਭਾਵੇਂ ਨਾ ਹੋਵੇ, ਪਰ ਪੈਸੇ ਵਾਲਾ ਜ਼ਰੂਰ ਸੀ। ਉਹ ਇਨਕਮ ਟੈਕਸ ਜ਼ਰੂਰ ਭਰਦਾ ਹੋਵੇਗਾ। ਇਸੇ ਆਧਾਰ ’ਤੇ ਉਸ ਨੇ ਬੀ-ਕਲਾਸ ਲੈ ਲੈਣੀ ਸੀ। ਬੀ-ਕਲਾਸ ਅਹਾਤੇ ਦੇ ਕੈਦੀਆਂ ਨੂੰ ਰਾਸ਼ਨ ਵੀ ਵਧੀਆ ਮਿਲਦਾ ਸੀ ਅਤੇ ਰਾਸ਼ਨ ਪਕਾਉਣ ਲਈ ਕੈਦੀ ਵੀ। ਸੇਵਾ ਲਈ ਮਿਲੇ ਅਜਿਹੇ ਕੈਦੀਆਂ ਨੂੰ ਮੁਸ਼ੱਕਤੀ ਆਖਿਆ ਜਾਂਦਾ ਹੈ। ਉਹ ਚਾਹੁੰਦੇ ਸਨ ਕਿ ਉਹਨਾਂ ਵਿਚੋਂ ਕੋਈ ਸੇਠ ਦਾ ਮੁਸ਼ੱਕਤੀ ਬਣ ਜਾਵੇ ਤਾਂ ਕੈਦ ਸੁਖਾਲੀ ਕੱਟ ਜਾਵੇ।

“ਇਹ ਐਸ਼ ਕਿਹੜਾ ਉਹਨਾਂ ਮੁਫ਼ਤ ਵਿਚ ਦੇਣੀ ਹੈ। ਮੁਸ਼ੱਕਤੀ ਲਾਉਣ ਲਈ ਉਹਨਾਂ ਪੈਸੇ ਮੰਗਣੇ ਹਨ। ਆਪਾਂ ਕਿਥੋਂ ਲਿਆਵਾਂਗੇ? ਆਪਾਂ ਨੂੰ ਤਾਂ ਹੱਡ ਹੀ ਰਗੜਨੇ ਪੈਣਗੇ।”

“ਮਿੰਨਤ-ਤਰਲਾ ਕਰਨ ਵਿਚ ਕੀ ਹਰਜ ਹੈ। ਸ਼ਾਇਦ ਕਿਸੇ ਦੇ ਮਨ ਵਿਚ ਮਿਹਰ ਪੈ ਜਾਵੇ।”

ਪਾਲੇ ਦੀ ਗੱਲ ’ਤੇ ਮੀਤਾ ਹੱਸਿਆ।

“ਜਦੋਂ ਆਪਾਂ ਜੇਬਾਂ ਕੱਟਦੇ ਜਾਂ ਚੋਰੀ ਕਰਦੇ ਸੀ ਤਾਂ ਕੀ ਆਪਾਂ ਕਦੇ ਦੇਖਿਆ ਸੀ ਕਿ ਅਗਲੇ ਨੇ ਪੈਸੇ ਕਿਵੇਂ ਕਮਾਏ ਹਨ? ਚੱਕਰ ਵਿਚ ਆਪਣਾ ਭਾਈਚਾਰਾ ਬੈਠਾ ਹੈ। ਉਹਨਾਂ ਨੂੰ ਆਪਣੀਆਂ ਜੇਬਾਂ ਨਾਲ ਮੋਹ ਹੈ। ਸਾਡੀਆਂ ਮਜਬੂਰੀਆਂ ਨਾਲ ਨਹੀਂ।”

“ਚੱਲ ਹੋਰ ਕੁਝ ਮਿਲੇ ਜਾਂ ਨਾ, ਇਕੋ ਬੈਰਕ ਜ਼ਰੂਰ ਲੈ ਲਈਂ। ਨਹੀਂ ਤਾਂ ਮੈਂ ਤਾਂ ਦੋ ਦਿਨਾਂ ਵਿਚ ਹੀ ਮਰ ਜਾਵਾਂਗਾ।”

ਕਮਲਿਆਂ ਵਾਂਗ ਪਾਲਾ ਇਕੋ ਗੱਲ ਕਈ-ਕਈ ਵਾਰ ਦੁਹਰਾ ਰਿਹਾ ਸੀ।

 

 

 

4

ਬਾਹਰ ਪਾਲਾ ਅਤੇ ਮੀਤਾ ਗੱਲੀਂ ਲੱਗੇ ਹੋਏ ਸਨ। ਅੰਦਰ ਚੀਫ਼ ਵਾਰਡਰ ਅਤੇ ਮੁਨਸ਼ੀ ਨਵੇਂ ਆਏ ਕੈਦੀਆਂ ਦੇ ਕਾਗ਼ਜ਼ਾਂ ਦੀ ਘੋਖ ਕਰ ਰਹੇ ਸਨ। ਹਾਕਮ ਸਿੰਘ ਵਕੀਲ ਸੀ। ਉਸ ਨੂੰ ਆਪਣੀ ਘਰਵਾਲੀ ਨੂੰ ਘੱਟ ਦਹੇਜ ਲਿਆਉਣ ਲਈ ਤੰਗ ਕਰਨ ਅਤੇ ਆਤਮ-ਹੱਤਿਆ ਕਰਨ ਲਈ ਮਜਬੂਰ ਕਰਨ ਦੇ ਜੁਰਮ ਵਿਚ ਉਮਰ ਕੈਦ ਹੋਈ ਸੀ। ਇਸ ਕੈਦੀ ਬਾਬਤ ਗੁਪਤ ਰਿਪੋਰਟਾਂ ਦਿੰਦਿਆਂ ਬੁੱਢੇ ਵਾਰਡਰ ਸੁੱਚਾ ਸਿੰਘ ਨੇ ਦੱਸਿਆ ਸੀ ਕਿ ਉਹ ਜੇਲ੍ਹ ਆਉਣ ਦੀ ਮੁਕੰਮਲ ਤਿਆਰੀ ਕਰ ਕੇ ਆਇਆ ਸੀ। ਕਾਨੂੰਨ ਦਾ ਵਾਕਫ਼ ਤਾਂ ਸੀ ਹੀ, ਜੇਲ੍ਹ ਨਿਯਮਾਂ ਨੂੰ ਵੀ ਘੋਟਾ ਲਾਈ ਫਿਰਦਾ ਸੀ। ਉਸ ਨਾਲ ਹੁਸ਼ਿਆਰੀ ਨਾਲ ਨਿਪਟਿਆ ਜਾਣਾ ਚਾਹੀਦਾ ਸੀ।

ਲਾਭ ਸਿੰਘ ਨੂੰ ਵਕੀਲਾਂ ਨਾਲ ਚਿੜ ਸੀ। ਇਸ ਲਈ ਹਾਕਮ ਸਿੰਘ ਨਾਲ ਨਿਬੜਨ ਦੀ ਜ਼ਿੰਮੇਵਾਰੀ ਲਾਭ ਸਿੰਘ ਨੇ ਸੰਭਾਲ ਲਈ। ਉਸ ਦਾ ਵਿਚਾਰ ਸੀ ਕਿ ਜੇਲ੍ਹ ਵਿਚ ਬੰਦ ਅੱਧਿਆਂ ਨਾਲੋਂ ਵੱਧ ਕੈਦੀਆਂ ਨੂੰ ਸਜ਼ਾ ਵਕੀਲਾਂ ਦੇ ਲਾਲਚ ਜਾਂ ਲਾਪਰਵਾਹੀ ਕਾਰਨ ਹੁੰਦੀ ਹੈ। ਜਦੋਂ ਲਾਭ ਸਿੰਘ ਥਾਣੇ ਵਿਚ ਹੌਲਦਾਰ ਲੱਗਾ ਹੁੰਦਾ ਸੀ ਤਾਂ ਵਕੀਲ ਉਸ ਦੇ ਅੱਗੇ-ਪਿੱਛੇ ਘੁੰਮਦੇ ਸਨ। ਕਚਹਿਰੀ ਆਏ ਦੀ ਉਸ ਦੀ ਜਵਾਈਆਂ ਵਾਂਗ ਸੇਵਾ ਹੁੰਦੀ ਸੀ। ਵਕੀਲਾਂ ਨੂੰ ਉਸ ਤਕ ਗੌਂਅ ਹੁੰਦੀ ਸੀ। ਲਾਭ ਸਿੰਘ ਉਹਨਾਂ ਕੋਲ ਸਾਇਲ ਭੇਜਦਾ ਸੀ ਅਤੇ ਚੰਗੀ ਫ਼ੀਸ ਦਿਵਾਉਂਦਾ ਸੀ। ਜਦੋਂ ਉਸ ਉਪਰ ਕਤਲ ਦਾ ਮੁਕੱਦਮਾ ਬਣਿਆ ਤਾਂ ਪਹਿਲਾਂ-ਪਹਿਲ ਹਰ ਵਕੀਲ ਨੇ ਉਸ ਦਾ ਵਕੀਲ ਬਣਨ ਦੀ ਪੇਸ਼ਕਸ਼ ਕੀਤੀ। ਫ਼ੀਸ ਤਾਂ ਕੀ ਲੈਣੀ ਸੀ, ਉਹਨਾਂ ਨੇ ਟਾਈਪ ਅਤੇ ਟਿਕਟਾਂ ਦਾ ਖ਼ਰਚਾ ਵੀ ਪੱਲਿਉਂ ਦੇਣ ਦੀਆਂ ਫੜ੍ਹਾਂ ਮਾਰੀਆਂ। ਜਿਉਂ-ਜਿਉਂ ਲਾਭ ਸਿੰਘ ਜਾਲ ਵਿਚ ਉਲਝਦਾ ਗਿਆ, ਤਿਉਂ-ਤਿਉਂ ਵਕੀਲ ਕਿਨਾਰਾ ਕਰਦੇ ਗਏ। ਉਸ ਦੇ ਮੁਅੱਤਲ ਹੋਣ ਤਕ ਇਕੱਲਾ ਗਿੱਲ ਹੀ ਰਹਿ ਗਿਆ। ਆਨੇ-ਬਹਾਨੇ ਹਰ ਪੇਸ਼ੀ ਉਹ ਵੀ ਦਿਹਾੜੀ ਬਣਾਉਣ ਲੱਗਾ। ਕਦੇ ਨਕਲਾਂ ਲੈਣ ਲਈ ਖ਼ਰਚਾ ਮੰਗ ਲੈਂਦਾ ਅਤੇ ਕਦੇ ਟਿਕਟਾਂ ਖ਼ਰੀਦਣ ਲਈ। ਗਵਾਹੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਵੀ ਲਿਫ਼ਾਫ਼ਾ ਮੋੜ ਗਿਆ। ਕਹਿੰਦਾ ਉਹ ਛੋਟਾ ਵਕੀਲ ਹੈ। ਕਤਲ ਕੇਸ ਲੜਨਾ ਉਸ ਦੇ ਵੱਸ ਦਾ ਰੋਗ ਨਹੀਂ। ਲਾਭ ਸਿੰਘ ਨੇ ਲਿਫ਼ਾਫ਼ਾ ਸਿਕੰਦਰ ਸਿੰਘ ਨੂੰ ਫੜਾਇਆ ਤਾਂ ਉਸ ਨੇ ਮੂੰਹ ਅੱਡ ਕੇ ਫ਼ੀਸ ਮੰਗ ਲਈ। ਫ਼ੀਸ ਦੇਣ ਵਿਚ ਉਸ ਨੂੰ ਕੋਈ ਗਿਲਾ ਨਹੀਂ ਸੀ, ਪਰ ਆਪਣੇ ਜੂਨੀਅਰ ਵਕੀਲਾਂ ਰਾਹੀਂ ਉਸ ਨੇ ਲਾਭ ਸਿੰਘ ਦੀ ਜੋ ਛਿੱਲ ਲਾਹੀ, ਉਸ ਉਪਰ ਉਹ ਅੱਜ ਦੰਦ ਪੀਸਦਾ ਸੀ।

 

ਲਾਭ ਸਿੰਘ ਦੇ ਮਸਾਂ ਇਕ ਵਕੀਲ ਅੜਿੱਕੇ ਆਇਆ ਸੀ। ਉਹ ਆਪਣਾ ਅਤੇ ਆਪਣੇ ਵਰਗੇ ਸਾਥੀ ਕੈਦੀਆਂ ਦਾ ਬਦਲਾ ਉਸ ਤੋਂ ਲੈਣਾ ਚਾਹੰਦਾ ਸੀ। ਲਾਭ ਸਿੰਘ ਹਾਕਮ ਸਿੰਘ ਨੂੰ ਨੀਵਾਂ ਦਿਖਾਉਣ ਦੀਆਂ ਯੋਜਨਾਵਾਂ ਘੜਨ ਲੱਗਾ।

ਸੁਭਾਸ਼ ਜੈਨ ਨੂੰ ਸੂਬੇ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਸੜਕਾਂ ਉਪਰੋਂ ਲੁੱਕ ਅਤੇ ਇਮਾਰਤਾਂ ਵਿਚੋਂ ਸਰੀਆ ਸੀਮੈਂਟ ਹਜ਼ਮ ਕਰਨ ਦੇ ਦੋਸ਼ ਵਿਚ ਪੰਜ ਸਾਲ ਕੈਦ ਕੱਟਣ ਦੀ ਸਜ਼ਾ ਹੋਈ ਸੀ। ਸੁੱਚਾ ਸਿੰਘ ਦੀ ਮੁਖ਼ਬਰੀ ਅਨੁਸਾਰ ਜੱਜ ਨੇ ਉਸ ਨਾਲ ਧੋਖਾ ਕੀਤਾ ਸੀ। ਉਸ ਦੇ ਨਾਲ ਦੇ ਇੰਜੀਨੀਅਰ ਬਰੀ ਹੋ ਗਏ ਸਨ। ਪਹਿਲੀ ਕਿਸ਼ਤ ਉਹ ਖ਼ੁਦ ਜੱਜ ਦੇ ਘਰ ਦੇ ਕੇ ਆਇਆ ਸੀ। ਦੂਜੀ ਕਿਸ਼ਤ ਦਲਾਲ ਤੱਕ ਪੁੱਜਦੀ ਕਰ ਦਿੱਤੀ ਗਈ ਸੀ। ਬਰੀ ਹੋਣ ਦੀ ਪੂਰੀ ਉਮੀਦ ਕਾਰਨ ਉਹ ਨਾਲ ਬੰਦੇ ਲੈ ਕੇ ਨਹੀਂ ਸੀ ਆਇਆ। ਉਸ ਨਾਲ ਇਕੱਲਾ ਡਰਾਈਵਰ ਸੀ। ਅਫਰਾ-ਤਫ਼ਰੀ ਵਿਚ ਉਹ ਗਹਿਣਾ-ਗੱਟਾ ਉਤਾਰਨ ਅਤੇ ਪੈਸਾ-ਧੇਲਾ ਡਰਾਈਵਰ ਨੂੰ ਫੜਾਉਣਾ ਭੁੱਲ ਗਿਆ ਸੀ। ਮਾਨਸਿਕ ਤਣਾਅ ਕਾਰਨ ਉਸ ਦੀਆਂ ਬੀਮਾਰੀਆਂ ਵੱਧ ਗਈਆਂ  ਸਨ। ਖ਼ੂਨ ਦਾ ਦਬਾਅ ਅਤੇ ਸ਼ੂਗਰ ਅਸਮਾਨ ਛੂਹਣ ਲੱਗਾ ਸੀ। ਦਿਲ ਦੀ ਧੜਕਣ ਤੇਜ਼ ਸੀ। ਲਾਭ ਸਿੰਘ ਹੁਰੀਂ ਉਸ ਦੀ ਬੀਮਾਰੀ ਅਤੇ ਘਬਰਾਹਟ ਦਾ ਫ਼ਾਇਦਾ ਉਠਾ ਸਕਦੇ ਸਨ। ਸੁੱਚਾ ਸਿੰਘ ਨੂੰ ਉਸ ਨੇ ਨਿਹਾਲ ਕਰ ਦਿੱਤਾ ਸੀ। ਚੱਕਰ ਵਾਲਿਆਂ ਲਈ ਹਾਲੇ ਵੀ ਉਸ ਕੋਲ ਬਹੁਤ ਕੁਝ ਬਾਕੀ ਸੀ। ਕਿੰਨਾ ਬਟੋਰਨਾ ਹੈ, ਇਸ ਦਾ ਫ਼ੈਸਲਾ ਉਹਨਾਂ ਨੇ ਕਰਨਾ ਸੀ।

ਬਾਕੀ ਦੇ ਦੋਵਾਂ ਕੈਦੀਆਂ ਬਾਰੇ ਲਾਭ ਸਿੰਘ ਖ਼ੁਦ ਬਹੁਤਾ ਕੁਝ ਜਾਣਦਾ ਸੀ। ਉਹਨਾਂ ਦੇ ਮੁਕੱਦਮੇ ਦੀ ਕਾਰਵਾਈ ਦੀਆਂ ਖ਼ਬਰਾਂ ਹਰ ਰੋਜ਼ ਅਖ਼ਬਾਰਾਂ ਵਿਚ ਛਪਦੀਆਂ ਸਨ। ਲਾਭ ਸਿੰਘ ਲਗਾਤਾਰ ਉਹਨਾਂ ’ਤੇ ਨਜ਼ਰ ਰੱਖ ਰਿਹਾ ਸੀ। ਇਹਨਾਂ ਕੈਦੀਆਂ ਕੋਲੋਂ ਨਾ ਕਿਸੇ ਨੂੰ ਕੁਝ ਮਿਲਣਾ ਸੀ ਅਤੇ ਨਾ ਹੀ ਉਹਨਾਂ ਨੇ ਕੁਝ ਲੈਣਾ ਸੀ

ਸਭ ਤੋਂ ਪਹਿਲਾਂ ਵਕੀਲ ਸਾਹਿਬ ਦੇ ਕਾਗ਼ਜ਼-ਪੱਤਰ ਤਿਆਰ ਹੋਣੇ ਚਾਹੀਦੇ ਹਨ।

ਪਹਿਲਾਂ ਹਾਕਮ ਸਿੰਘ ਨੂੰ ਅੱਗੇ ਹੋਣ ਦਾ ਹੁਕਮ ਹੋਇਆ।

ਜਿਹੜਾ ਹਿਸਟਰੀ ਟਿਕਟ ਹਾਕਮ ਸਿੰਘ ਦਾ ਭਰਿਆ ਹੋਇਆ ਸੀ, ਉਸ ਉਪਰ 808 ਨੰਬਰ ਲੱਗਾ ਹੋਇਆ ਸੀ। ਇਹੋ ਹਾਕਮ ਸਿੰਘ ਦਾ ਕੈਦੀ ਨੰਬਰ ਸੀ। ਅੱਗੇ ਤੋਂ ਹਾਕਮ ਸਿੰਘ ਨੂੰ ਵਕੀਲ ਸਾਹਿਬ ਨਾਲ ਘੱਟ ਅਤੇ ਇਸ ਨੰਬਰ ਨਾਲ ਵੱਧ ਬੁਲਾਇਆ ਜਾਇਆ ਕਰਨਾ ਸੀ।

“ਵਕੀਲ ਸਾਹਿਬ, ਤੁਹਾਡਾ ਰਿਕਾਰਡ ਦੱਸਦਾ ਹੈ ਕਿ ਤੁਸੀਂ ਦੋ ਸਾਲ ਹਵਾਲਾਤੀ ਰਹੇ ਹੋ। ਇਸ ਲਈ ਜੇਲ੍ਹ ਵਿਚ ਹੁੰਦੀਆਂ ਕਾਰਵਾਈਆਂ ਤੋਂ ਵਾਕਿਫ਼ ਹੋਵੋਗੇ। ਆਹ ਫੜੋ ਆਪਣਾ ਸਜ਼ਾ ਵਾਰੰਟ। ਮੈਂ ਹਿਸਟਰੀ ਭਰਨੀ ਹੈ। ਜੋ ਪੁੱਛਾਂ ਸਹੀ-ਸਹੀ ਦੱਸੀ ਜਾਣਾ।”

ਚੀਫ਼ ਵਾਰਡਰ ਨੇ ਕੈਦੀ ਤੋਂ ਉਸ ਦਾ ਨਾਂ, ਬਾਪ ਦਾ ਨਾਂ, ਕੀਤੇ ਜੁਰਮ, ਹੋਈ ਸਜ਼ਾ, ਪੜ੍ਹਾਈ- ਲਿਖਾਈ, ਕੱਦ-ਕਾਠ, ਵਜ਼ਨ, ਬੀਮਾਰੀਆਂ ਤੋਂ ਲੈ ਕੇ ਸ਼ੌਂਕਾਂ ਬਾਰੇ ਤਕ ਪੁੱਛਿਆ। ਹਾਕਮ ਸਿੰਘ ਦੱਸਦਾ ਰਿਹਾ ਅਤੇ ਲਾਭ ਸਿੰਘ ਮਿਲ ਰਹੀ ਜਾਣਕਾਰੀ ਨੂੰ ਵਾਰੰਟ ਨਾਲ ਮਿਲਾ ਕੇ ਹਿਸਟਰੀ ਟਿਕਟ ਵਿਚ ਦਰਜ ਕਰਦਾ ਰਿਹਾ।

ਕੈਦੀਆਂ ਦੀ ਇਕ ਵਾਰ ਤਲਾਸ਼ੀ ਡਿਉੜੀ ਵਿਚ ਹੋ ਚੁੱਕੀ ਸੀ। ਉਸ ਸਮੇਂ ਕੇਵਲ ਉਹ ਸਾਮਾਨ ਜ਼ਬਤ ਕੀਤਾ ਗਿਆ ਸੀ, ਜੋ ਇਤਰਾਜ਼ ਯੋਗ ਸੀ ਅਤੇ ਜਿਸ ਨੂੰ ਜੇਲ੍ਹ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਸੀ।

ਦੂਸਰੀ ਵਾਰੀ ਤਲਾਸ਼ੀ ਚੱਕਰ ਵਿਚ ਹੋਣੀ ਸੀ। ਇਥੇ ਕੈਦੀ ਦੇ ਘਰੇਲੂ ਕੱਪੜੇ-ਲੀੜੇ, ਗਹਿਣੇ-ਗੱਟੇ, ਨਕਦੀ ਅਤੇ ਹੋਰ ਨਿੱਜੀ ਸਾਮਾਨ ਨੂੰ ਜੇਲ੍ਹ ਦੇ ਸਟੋਰ ਵਿਚ ਜਮ੍ਹਾਂ ਕਰ ਦਿੱਤਾ ਜਾਣਾ ਸੀ। ਕੈਦੀ ਨੂੰ ਜਮ੍ਹਾਂ ਹੋਏ ਸਾਮਾਨ ਦੀ ਰਸੀਦ ਮਿਲਣੀ ਸੀ। ਰਿਹਾਈ ਸਮੇਂ ਇਹ ਸਾਮਾਨ  ਉਸ ਨੂੰ ਵਾਪਸ ਮਿਲ ਜਾਣਾ ਸੀ।

ਸਟੋਰ ਵਿਚੋਂ ਕੈਦੀ ਨੂੰ ਸਰਕਾਰੀ ਵਰਦੀ, ਬਿਸਤਰ, ਭਾਂਡਾ-ਠੀਕਰ ਅਤੇ ਹੋਰ ਰੋਜ਼-ਮੱਰਾ ਵਿਚ ਕੰਮ ਆਉਣ ਵਾਲਾ ਸਾਮਾਨ ਮਿਲਣਾ ਸੀ।

ਹਿਸਟਰੀ ਟਿਕਟ ਤਿਆਰ ਹੋਣ ਬਾਅਦ ਤਲਾਸ਼ੀ ਦੀ ਕਾਰਵਾਈ ਸ਼ੁਰੂ ਹੋਈ।

“ਆਹ ਝੋਲਾ ਦਿਖਾਓ) ਕੀ ਹੈ ਇਸ ਵਿਚ?”

“ਕੁਝ ਕਿਤਾਬਾਂ ਨੇ। ਕਾਪੀ ਅਤੇ ਪੈੱਨ ਹੈ।”

ਹਾਕਮ ਸਿੰਘ ਜਾਣਦਾ ਸੀ, ਜੇਲ੍ਹ ਨਿਯਮ ਅਨੁਸਾਰ ਕੈਦੀ ਨੂੰ ਪੜ੍ਹਨ-ਲਿਖਣ ਦੀ ਆਜ਼ਾਦੀ ਸੀ। ਇਸ ਲਈ ਕੁਝ ਕਿਤਾਬਾਂ ਅਤੇ ਲਿਖਣ ਸਮੱਗਰੀ ਨਾਲ ਲਿਆਇਆ ਸੀ। ਇਸ ਲਈ ਝੋਲਾ ਮੁਨਸ਼ੀ ਨੂੰ ਫੜਾਉਣ ਦੀ ਉਸ ਨੇ ਜ਼ਰੂਰਤ ਨਾ ਸਮਝੀ।

“ਦਿਖਾ ਕਿਹੜੀਆਂ ਕਿਤਾਬਾਂ ਨੇ?”

ਵਕੀਲ ਵੱਲੋਂ ਹੋਈ ਹੁਕਮ-ਅਦੂਲੀ ਨੇ ਲਾਭ ਸਿੰਘ ਨੂੰ ਚਿੜਾਇਆ। ਗ਼ੱਸੇ ਨੂੰ ਉਸ ਨੇ ਕਾਬੂ ਵਿਚ ਰੱਖਿਆ ਪਰ ਸੰਬੋਧਨ ਵਿਚ ਤਬਦੀਲੀ ਲਿਆਂਦੀ। ਨਾਲ ਹੀ ਝੋਲੇ ਵੱਲ ਹੱਥ ਵਧਾਇਆ।

“ਇਹ ਜੇਲ੍ਹ ਮੈਨੂਅਲ ਹੈ। ਆਹ ਕਾਨੂੰਨ ਦੀਆਂ ਕਿਤਾਬਾਂ ਹਨ। ਆਹ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੀਆਂ ਨਕਲਾਂ ਹਨ।”

ਪੁਸਤਕਾਂ ਝੋਲੇ ਵਿਚੋਂ ਬਾਹਰ ਕੱਢ ਕੇ ਹਾਕਮ ਸਿੰਘ ਨੇ ਮੇਜ਼ ਉਪਰ ਰੱਖ ਦਿੱਤੀਆਂ।

“ਜੇਲ੍ਹ ਮੈਨੂਅਲ) ਇਹ ਤੈਨੂੰ ਕਿਥੋਂ ਮਿਲ ਗਿਆ? ਤੀਹ ਸਾਲ ਹੋ ਗਏ ਮੈਨੂੰ ਨੌਕਰੀ ਵਿਚ ਆਇਆਂ। ਇਸ ਦੇ ਅੱਜ ਤਕ ਮੈਂ ਦਰਸ਼ਨ ਨਹੀਂ ਕੀਤੇ।”

ਜੇਲ੍ਹ ਮੈਨੂਅਲ ਨੂੰ ਹੱਥਾਂ ਵਿਚ ਫੜ ਕੇ ਨਿਹਾਲ ਸਿੰਘ ਨੇ ਹੈਰਾਨੀ ਪ੍ਰਗਟਾਈ।

“ਇਹ ਵਕੀਲਾਂ ਨੂੰ ਮੁਕੱਦਮੇ ਝਗੜਨ ਲਈ ਮਿਲ ਜਾਂਦੇ ਹਨ।”

“ਇਉਂ ਆਖ ਤੂੰ ਕੈਦੀਆਂ ਨੂੰ ਭੜਕਾਉਣ ਲਈ ਜੇਲ੍ਹ ਮੈਨੂਅਲ ਲੈ ਕੇ ਆਇਆ ਹੈਂ। ਇਸ ਨੂੰ ਜੇਲ੍ਹ ਵਿਚ ਲਿਆਉਣ ਦੀ ਇਜਾਜ਼ਤ ਨਹੀਂ ਹੈ।”

ਇਸ ਨਵੀਂ ਮੁਸੀਬਤ ਨੇ ਲਾਭ ਸਿੰਘ ਦੇ ਅੰਦਰ ਬਲਦੀ ਅੱਗ ’ਤੇ ਤੇਲ ਪਾਉਣ ਵਾਲਾ ਕੰਮ ਕੀਤਾ।

“ਨਹੀਂ, ਇਸ ਬਾਰੇ ਹਰ ਕੈਦੀ ਨੂੰ ਜਾਣਕਾਰੀ ਦੇਣੀ ਜੇਲ੍ਹ ਪ੍ਰਸ਼ਾਸਨ ਦਾ ਫ਼ਰਜ਼ ਹੈ। ਇਹ ਮੈਂ ਨਹੀਂ, ਸੁਪਰੀਮ ਕੋਰਟ ਆਖਦੀ ਹੈ।”

“ਸੁਪਰੀਮ ਕੋਰਟ ਵਕੀਲਾਂ ਨੂੰ ਆਖਦੀ ਹੋਵੇਗੀ। ਅਸੀਂ ਨਹੀਂ ਮੰਨਦੇ ਇਹ ਹਦਾਇਤਾਂ। ਅਸੀਂ ਜੇਲ੍ਹ ਵਿਚ ਅਮਨ-ਸ਼ਾਂਤੀ ਰੱਖਣੀ ਹੈ। ਕੈਦੀਆਂ ਨੂੰ ਭੜਕਾਉਣਾ ਨਹੀਂ।”

ਚੀਫ਼ ਵਾਰਡਰ ਨੂੰ ਲੱਗਾ ਜਿਵੇਂ ਹਾਕਮ ਸਿੰਘ ਜੇਲ੍ਹ ਵਿਚ ਫ਼ਨੀਅਰ ਸੱਪ ਲੈ ਆਇਆ ਸੀ, ਜਿਸ ਨੇ ਸਾਰੇ ਜੇਲ੍ਹ ਅਧਿਕਾਰਆਂ ਨੂੰ ਡੱਸ ਲੈਣਾ ਹੈ।

ਹਾਕਮ ਸਿੰਘ ਚੁੱਪ ਰਿਹਾ।

“ਇਹ ਅੰਗਰੇਜ਼ੀ ਵਿਚ ਨੇ। ਸਾਨੂੰ ਅੰਗਰੇਜ਼ੀ ਨਹੀਂ ਆਉਂਦੀ। ਕੱਲ੍ਹ ਨੂੰ ਵੱਡਾ ਸਾਬ੍ਹ ਆਵੇਗਾ, ਉਸ ਨੂੰ ਦਿਖਾਵਾਂਗੇ। ਜੇ ਇਜਾਜ਼ਤ ਦੇਵੇਗਾ ਤਾਂ ਵਾਪਸ ਕਰ ਦਿਆਂਗੇ।”

ਆਖਦੇ ਲਾਭ ਸਿੰਘ ਨੇ ਪੁਸਤਕਾਂ ਨੂੰ ਝੋਲੇ ਵਿਚ ਪਾਇਆ, ਉਪਰ ਹਾਕਮ ਸਿੰਘ ਦਾ ਨਾਂ ਅਤੇ ਕੈਦੀ ਨੰਬਰ ਲਿਖ ਕੇ ਝੋਲਾ ਸਾਹਮਣੇ ਪਏ ਰੈਕ ਵਿਚ ਰੱਖ ਦਿੱਤਾ।

ਹਾਕਮ ਸਿੰਘ ਨੇ ਕੋਈ ਉਜ਼ਰ ਨਾ ਕੀਤਾ। ਉਹਨਾਂ ਦੀ ਗੱਲ ਕੁਝ ਹੱਦ ਤਕ ਜਾਇਜ਼ ਸੀ। ਕੱਲ੍ਹ ਨੂੰ ਪੁਸਤਕਾਂ ਆਪੇ ਵਾਪਸ ਮਿਲ ਜਾਣਗੀਆਂ।

ਲਾਭ ਸਿੰਘ ਦਾ ਭਰਮ ਗ਼ਲਤ ਸੀ। ਜੇਲ੍ਹ ਮੈਨੂਅਲ ਦਾ ਅਧਿਐਨ ਉਸ ਨੇ ਕੈਦੀਆਂ ਨੂੰ ਭੜਕਾਉਣ ਜਾਂ ਕਿਸੇ ਸਾਇਲ ਦੇ ਮੁਕੱਦਮੇ ਦੀ ਤਿਆਰੀ ਕਰਦਿਆਂ ਨਹੀਂ ਸੀ ਕੀਤਾ, ਸਗੋਂ ਆਪਣੇ ’ਤੇ ਆਉਣ ਵਾਲੀ ਮੁਸੀਬਤ ਨੂੰ ਕੁਝ ਸੁਖਾਲਾ ਕਰਨ ਲਈ ਕੀਤਾ ਸੀ।

ਆਪਣੇ ਵਿਰੁੱਧ ਦਰਜ ਹੋਈ ਰਿਪੋਰਟ ਪੜ੍ਹਦਿਆਂ ਹੀ ਹਾਕਮ ਸਿੰਘ ਨੇ ਹਰ ਸੂਰਤ ਵਿਚ ਹੋਣ ਵਾਲੀ ਸਜ਼ਾ ਨੂੰ ਭਾਂਪ ਲਿਆ ਸੀ। ਹਾਕਮ ਸਿੰਘ ਦੇ ਮੁਕੱਦਮੇ ਦਾ ਮੁਦੱਈ ਕੋਈ ਸਧਾਰਨ ਵਿਅਕਤੀ ਨਹੀਂ ਸੀ। ਉਹ ਮਾਇਆ ਨਗਰ ਦਾ ਨਾਮੀ ਵਕੀਲ ਸੀ। ਰਪਟ ਦਰਜ ਕਰਾਉਂਦੇ ਸਮੇਂ ਉਸ ਨੇ ਕਾਨੂੰਨੀ ਲੋੜਾਂ ਨੂੰ ਮੁੱਖ ਰੱਖਦੇ ਹੋਏ ਸੱਚ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਸੀ।

ਸੱਚ ਇਹ ਸੀ ਕਿ ਰਵਿੰਦਰ ਦੀ ਮੌਤ ਦਾ ਅਸਲ ਕਾਰਨ ਘੱਟ ਦਾਜ ਲਿਆਉਣ ਕਾਰਨ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਣਾ ਨਹੀਂ ਸੀ, ਸਗੋਂ ਵਕੀਲ ਦੀ ਘੱਟ ਆਮਦਨ ਸੀ। ਹਾਕਮ ਸਿੰਘ ਨੇ ਵਿਆਹ ਤੋਂ ਪਹਿਲਾਂ ਸਹੁਰੇ ਕੋਲ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਸੀ। ਉਹ ਤੰਗੀਆਂ-ਤੁਰਸ਼ੀਆਂ ਵਿਚ ਪੜ੍ਹਿਆ ਸੀ। ਉਸ ਕੋਲ ਚੰਗੇ ਨੰਬਰਾਂ ਵਾਲੀਆਂ ਡਿਗਰੀਆਂ ਅਤੇ ਮਿਲੇ ਇਨਾਮਾਂ-ਸਨਮਾਨਾਂ ਵਾਲੇ ਸਰਟੀਫ਼ਿਕੇਟਾਂ ਦਾ ਥੱਬਾ ਸੀ, ਪਰ ਜ਼ਮੀਨਾਂ ਜਾਇਦਾਦਾਂ ਦੀਆਂ ਰਜਿਸਟਰੀਆਂ ਨਹੀਂ ਸਨ। ਹਾਕਮ ਸਿੰਘ ਦਾ ਸਹੁਰਾ ਵਕੀਲ ਸੀ। ਉਸ ਦਾ ਪਿਛੋਕੜ ਵੀ ਹਾਕਮ ਸਿੰਘ ਵਰਗਾ ਸੀ। ਵਕਾਲਤ ਨੂੰ ਚਮਕਾਉਣ ਲਈ ਪ੍ਰਤਿਭਾ ਦੀ ਜ਼ਰੂਰਤ ਹੁੰਦੀ ਹੈ, ਜੋ ਹਾਕਮ ਸਿੰਘ ਕੋਲ ਬਹੁਤ ਸੀ। ਮੇਜਰ ਸਿੰਘ ਨੂੰ ਯਕੀਨ ਸੀ, ਹਾਕਮ ਸਿੰਘ ਨੇ ਦਿਨਾਂ ਵਿਚ ਹੀ ਸਫ਼ਲਤਾ ਵਾਲੀਆਂ ਪੌੜੀਆਂ ਚੜ੍ਹ ਜਾਣਾ ਸੀ। ਉਸ ਲਈ ਵਾਧਾ ਇਹ ਹੋਣਾ ਸੀ ਕਿ ਮੇਜਰ ਸਿੰਘ ਵਰਗੇ ਕਾਬਲ ਵਕੀਲ ਦਾ ਹੱਥ ਉਸ ਦੇ ਸਿਰ ਉਪਰ ਹੋਣਾ ਸੀ। ਹਾਕਮ ਸਿੰਘ ਨੂੰ ਕਾਨੂੰਨੀ ਪੇਚੀਦਗੀਆਂ ਸਾਲਾਂ ਦੀ ਥਾਂ ਦਿਨਾਂ ਵਿਚ ਸਮਝ ਆ ਜਾਣਗੀਆਂ। ਸਾਰੇ ਨਫ਼ੇ-ਨੁਕਸਾਨ ਸੋਚ ਕੇ ਮੇਜਰ ਸਿੰਘ ਨੇ ਉਸ ਨੂੰ ਆਪਣੀ ਧੀ ਲਈ ਚੁਣਿਆ ਸੀ।

ਧੀ ਨੇ ਮਲਵੀਂ ਜਿਹੀ ਜੀਭ ਨਾਲ ਮਾਇਆ ਨਗਰ ਵਰਗਾ ਸ਼ਹਿਰ ਛੱਡ ਕੇ ਪਿੰਡਾਂ ਵਰਗੀ ਮੰਡੀ ਵਿਚ ਵਿਆਹੇ ਜਾਣ ’ਤੇ ਗਿਲਾ ਕੀਤਾ ਸੀ। ਮੇਜਰ ਸਿੰਘ ਨੇ ਧੀ ਨੂੰ ਦੂਰ-ਅੰਦੇਸ਼ ਬਣਨ ਦਾ ਉਪਦੇਸ਼ ਦੇ ਕੇ ਚੁੱਪ ਕਰਵਾ ਦਿੱਤਾ ਸੀ। ਭਵਿੱਖਬਾਣੀ ਕਰਦਿਆਂ ਮੇਜਰ ਸਿੰਘ ਨੇ ਧੀ ਨੂੰ ਯਕੀਨ ਦਿਵਾਇਆ ਸੀ ਕਿ ਜਿਉਂ-ਜਿਉਂ ਹਾਕਮ ਸਿੰਘ ਨੇ ਤਰੱਕੀ ਕਰਨੀ ਹੈ, ਤਿਉਂ-ਤਿਉਂ ਉਸ ਨੇ ਸ਼ਹਿਰ ਵੀ ਬਦਲਣੇ ਸਨ। ਪੰਜ-ਸੱਤ ਸਾਲਾਂ ਵਿਚ ਹਾਕਮ ਸਿੰਘ ਨੇ ਹਾਈ ਕੋਰਟ ਵਿਚ ਪਹੁੰਚ ਜਾਣਾ ਸੀ। ਸੁਨਹਿਰੇ ਭਵਿੱਖ ਲਈ ਕੁਝ ਕੁਰਬਾਨੀਆਂ ਤਾਂ ਕਰਨੀਆਂ ਪੈਂਦੀਆਂ ਹਨ। ਉਸ ਸਮੇਂ ਜੇ ਰਵਿੰਦਰ ਆਪਣੀ ਗੱਲ ’ਤੇ ਅੜ ਜਾਂਦੀ ਤਾਂ ਬਿਨਾਂ ਬਹੁਤਾ ਸੋਚਿਆਂ ਮੇਜਰ ਸਿੰਘ ਨੇ ਆਪਣਾ ਵਿਚਾਰ ਬਦਲ ਲੈਣਾ ਸੀ, ਪਰ ਇਕ ਵਾਰ ਲਾਵਾਂ ਲੈਣ ਬਾਅਦ ਸਮੇਂ ਨੂੰ ਪੁੱਠਾ ਗੇੜਾ ਨਹੀਂ ਸੀ ਦਿੱਤਾ ਜਾ ਸਕਦਾ।

ਖੁੱਲ੍ਹੀਆਂ ਸੜਕਾਂ ’ਤੇ ਗੱਡੀਆਂ ਭਜਾਉਣ ਵਾਲੀ, ਹੋਟਲਾਂ, ਕਲੱਬਾਂ ਅਤੇ ਪਾਰਟੀਆਂ ਤੇ ਜਾਣ ਵਾਲੀ ਰਵਿੰਦਰ ਦਾ ਛੇ ਕੁ ਮਹੀਨਿਆਂ ਵਿਚ ਉਥੇ ਦਮ ਘੁਟਣ ਲੱਗਾ।

ਤਿੰਨ ਮਹੀਨਿਆਂ ਬਾਅਦ ਪੇਕੇ ਫੇਰਾ ਪਾਉਣ ਆਈ ਧੀ ਦਾ ਮੁਰਝਾਇਆ ਚਿਹਰਾ ਦੇਖ ਕੇ ਬਾਪ ਦਾ ਦਿਲ ਧੜਕਿਆ। ਦਾਲ ਵਿਚ ਕੁਝ ਕਾਲਾ ਲੱਗਾ। ਰਵਿੰਦਰ ਦੀ ਮਾਂ ਰਾਹੀਂ ਉਸ ਨੇ ਕੁੜੀ ਦਾ ਮਨ ਪੜ੍ਹਨਾ ਚਾਹਿਆ। ਪਤਾ ਲੱਗਾ ਮਸਲਾ ਬਹੁਤ ਗੰਭੀਰ ਨਹੀਂ ਸੀ। ਸੱਸ-ਸਹੁਰੇ ਨੂੰ ਕੁੜੀ ਦੇ ਨਵੇਂ ਫ਼ੈਸ਼ਨਾਂ ਦੇ ਕੱਪੜੇ-ਲੀੜੇ ਪਾਉਣ ਉਪਰ ਇਤਰਾਜ਼ ਸੀ। ਉਹਨਾਂ ਨੂੰ ਕੁੜੀ ਦਾ ਤੀਜੇ ਦਿਨ ਹਾਕਮ ਨੂੰ ਲੈ ਕੇ ਸਿਨਮਾ ਦੇਖਣ ਜਾਣਾ ਵੀ ਚੰਗਾ ਨਹੀਂ ਸੀ ਲੱਗਾ। ਡੋਸੇ-ਇਡਲੀ ਖਾਣ ਲਈ ਉਹਨਾਂ ਦੀ ਮੰਡੀ ਵਿਚ ਕੋਈ ਥਾਂ ਨਹੀਂ ਸੀ। ਮੂੰਹ ਦੇ ਸੁਆਦ ਲਈ ਪੰਜਾਹ ਕਿੱਲੋਮੀਟਰ ਪੈਂਡਾ ਮਾਰ ਕੇ ਮਾਇਆ ਨਗਰ ਜਾਣ ਵਿਚ ਕੋਈ ਤੁਕ ਨਹੀਂ ਸੀ।

ਮੇਜਰ ਸਿੰਘ ਨੇ ਕੁੜੀ ਨੂੰ ਕੋਲ ਬਿਠਾ ਕੇ ਸਮਝਾਇਆ। ਸੈਂਕੜੇ ਪਰਿਵਾਰਾਂ ਦੇ ਤਰੱਕੀ ਕਰ ਕੇ ਪਿੰਡੋਂ ਸ਼ਹਿਰੀਂ ਆਉਣ ਦੇ ਕਿੱਸੇ ਸੁਣਾਏ। ਰਵਿੰਦਰ ਨੇ ਸਦਾ ਲਈ ਮੰਡੀ ਨਹੀਂ ਸੀ ਬੈਠੀ ਰਹਿਣਾ। ਚੰਗੇ ਦਿਨ ਆਏ ਕਿ ਆਏ। ਕੁੜੀ ਦਾ ਮਨ ਟਿਕ ਗਿਆ।

ਪਰ ਅਗਲੀ ਵਾਰ ਆਈ ਕੁੜੀ ਪਹਿਲਾਂ ਨਾਲੋਂ ਵੀ ਵੱਧ ਚਿੰਤਾ ਵਿਚ ਸੀ। ਐਮ.ਏ. ਪਾਸ ਰਵਿੰਦਰ ਵਿਹਲਾ ਸਮਾਂ ਬਿਤਾਉਣ ਲਈ ਕਿਸੇ ਸਕੂਲ ਜਾਂ ਦਫ਼ਤਰ ਵਿਚ ਨੌਕਰੀ ਕਰਨਾ ਚਾਹੁੰਦੀ ਸੀ।

ਹਜ਼ਾਰ ਪੰਦਰਾਂ ਸੌ ਰੁਪਏ ਲਈ ਨੂੰਹ ਨੂੰ ਬਾਹਰ ਭੇਜਣ ਲਈ ਸਹੁਰੇ ਤਿਆਰ ਨਹੀਂ ਸਨ। ਮੇਜਰ ਸਿੰਘ ਨੇ ਫਿਰ ਸਹੁਰਿਆਂ ਦੇ ਹੱਕ ਵਿਚ ਦਲੀਲਾਂ ਦਿੱਤੀਆਂ। ਸ਼ਾਇਦ ਇਸ ਵਾਰ ਰਵਿੰਦਰ ਨੂੰ ਬਾਪ ਦਾ ਰੁਖ਼ ਚੰਗਾ ਨਹੀਂ ਸੀ ਲੱਗਾ। ਮੁੜ ਨਾ ਉਸ ਨੇ ਬਾਪ ਨੂੰ ਕੋਈ ਫ਼ੋਨ ਕੀਤਾ ਅਤੇ ਨਾ ਕਦੇ ਕੋਈ ਦੁਖੜਾ ਰੋਇਆ। ਹਾਕਮ ਸਿੰਘ ਨੇ ਵੀ ਉਸ ਕੋਲ ਮਨ ਦੀ ਘੁੰਡੀ ਨਾ ਖੋਲ੍ਹੀ। ਮੇਜਰ ਸਿੰਘ ਨੂੰ ਲੱਗਾ ਸਿਆਣੀ ਧੀ ਨੇ ਮੁੱਢਲੀਆਂ ਔਕੜਾਂ ਸਰ ਕਰ ਲਈਆਂ ਹਨ ਅਤੇ ਹੁਣ ਸਭ ਠੀਕ-ਠਾਕ ਹੈ। ਮੇਜਰ ਸਿੰਘ ਨੂੰ ਸਥਿਤੀ ਦੀ ਗੰਭੀਰਤਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਰਵਿੰਦਰ ਦੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਆਈ।

ਰਵਿੰਦਰ ਦੇ ਜਿਊਂਦੀ ਰਹਿਣ ਤਕ ਮੇਜਰ ਸਿੰਘ ਨੇ ਜਵਾਈ ਦਾ ਪੱਖ ਪੂਰਿਆ। ਧੀ ਦੇ ਮਰ ਜਾਣ ਬਾਅਦ ਬਾਪ ਦਾ ਮਨ ਕੁਰਲਾ ਉਠਿਆ। ਉਸ ਨੂੰ ਆਪਣੀ ਅਣਗਹਿਲੀ ਉਪਰ ਪਛਤਾਵਾ ਹੋਣ ਲੱਗਾ। ਧੀ ਦੇ ਨਾਲ-ਨਾਲ ਉਸ ਨੂੰ ਹਾਕਮ ਦੇ ਮਾਪਿਆਂ ਨੂੰ ਵੀ ਸਮਝਾਉਣਾ ਚਾਹੀਦਾ ਸੀ। ਧੀ ਦੀ ਗੱਲ ਮੰਨੀ ਜਾ ਸਕਦੀ ਸੀ ਜੇ ਧੀ ਏਨੀ ਹੀ ਦੁਖੀ ਸੀ ਤਾਂ ਤਲਾਕ ਲੈ ਕੇ ਉਸ ਦਾ ਖਹਿੜਾ ਛੁਡਾਇਆ ਜਾ ਸਕਦਾ ਸੀ। ਖਿਝੇ-ਕਲਪੇ ਮੇਜਰ ਸਿੰਘ ਨੂੰ ਹਾਕਮ ਸਿੰਘ ਦੀ ਚੁੱਪ ’ਤੇ ਵੱਧ ਗ਼ੁੱਸਾ ਸੀ। ਉਸ ਨੂੰ ਸਥਿਤੀ ਨੂੰ ਸੰਭਾਲਣਾ ਚਾਹੀਦਾ ਸੀ। ਘੱਟੋ-ਘੱਟ ਮਸਲਾ ਮੇਜਰ ਸਿੰਘ ਦੇ ਧਿਆਨ ਵਿਚ ਤਾਂ ਲਿਆਉਂਦਾ।

ਕਾਨੂੰਨੀ ਗੁੰਝਲਾਂ ਨੂੰ ਧਿਆਨ ਵਿਚ ਰੱਖਦਿਆਂ ਮੇਜਰ ਸਿੰਘ ਨੇ ਸਾਰਾ ਨਜ਼ਲਾ ਹਾਕਮ ਸਿੰਘ ਉਪਰ ਝਾੜ ਦਿੱਤਾ। ਸੱਚ ਦੇ ਉਲਟ ਜੋ ਰਪਟ ਵਿਚ ਲਿਖਿਆ ਗਿਆ, ਉਹ ਇਹ ਸੀ ਕਿ ਹਾਕਮ ਸਿੰਘ ਪਹਿਲੇ ਦਿਨੋਂ ਹੀ ਕੁੜੀ ਵੱਲੋਂ ਲਿਆਂਦੇ ਘੱਟ ਦਹੇਜ ’ਤੇ ਨਰਾਜ਼ ਸੀ। ਉਹ ਆਏ ਦਿਨ ਕੁੜੀ ਨੂੰ ਪੇਕਿਆਂ ਵੱਲੋਂ ਕਾਰ ਲਿਆਉਣ ਲਈ ਤੰਗ ਪਰੇਸ਼ਾਨ ਕਰਦਾ ਸੀ। ਮੇਜਰ ਸਿੰਘ ਨੇ ਕਈ ਵਾਰ ਦਸ-ਦਸ, ਵੀਹ-ਵੀਹ ਹਜ਼ਾਰ ਦੇ ਕੇ ਲਾਲਚ ਦੀ ਅੱਗ ਨੂੰ ਠੰਢੀ ਕਰਨ ਦਾ ਯਤਨ ਕੀਤਾ ਸੀ, ਪਰ ਕੁਝ ਮਹੀਨਿਆਂ ਬਾਅਦ ਲਾਲਚ ਫਿਰ ਜਾਗ ਪੈਂਦਾ ਸੀ। ਕੁੜੀ ਦੇ ਆਤਮ-ਹੱਤਿਆ ਕਰਨ ਤੋਂ ਇਕ ਘੰਟਾ ਪਹਿਲਾਂ ਇਸੇ ਗੱਲ ’ਤੇ ਇਕ ਵਾਰ ਫੇਰ ਝਗੜਾ ਹੋਇਆ ਸੀ। ਕੁੜੀ ਨੇ ਮਾਪਿਆਂ ਨੂੰ ਫ਼ੋਨ ’ਤੇ ਝਗੜੇ ਦੀ ਇਤਲਾਹ ਦੇ ਕੇ ਆਪ ਪੱਖੇ ਨੂੰ ਚੁੰਨੀ ਬੰਨ੍ਹ ਲਈ ਸੀ।

ਦਿਨ-ਰਾਤ ਇਕ ਕਰ ਕੇ ਮਾਹਿਰ ਵਕੀਲਾਂ ਦੇ ਸਮਝਾਏ ਚੁਸਤ-ਚਲਾਕ ਗਵਾਹ ਅਸਾਨੀ ਨਾਲ ਹਾਕਮ ਸਿੰਘ ਦੀਆਂ ਜੜ੍ਹਾਂ ਵਿਚ ਤੇਲ ਦੇ ਗਏ।

 

ਸਜ਼ਾ ਹੁੰਦੀ ਦੇਖ ਕੇ ਹਾਕਮ ਸਿੰਘ ਨੇ ਜੇਲ੍ਹ ਮੈਨੂਅਲ ਪੜ੍ਹਿਆ ਸੀ, ਪਰ ਲੱਗਦਾ ਸੀ ਕੰਮ ਆਉਣ ਦੀ ਥਾਂ ਪੜ੍ਹਾਈ ਮਹਿੰਗੀ ਪੈਂਦੀ ਜਾ ਰਹੀ ਸੀ।

“ਜੇਬ ਖ਼ਾਲੀ ਕਰ। ਆਹ ਕਾਗ਼ਜ਼-ਪੱਤਰ ਜਿਹੇ ਕੀ ਨੇ?”

“ਕੁਝ ਲੋਕਾਂ ਦੇ ਪਤੇ ਅਤੇ ਫ਼ੋਨ ਨੰਬਰ ਨੇ। ਆਹ ਕੁਝ ਰੁਪਏ ਨੇ।”

ਚੀਫ਼ ਨੇ ਨਾਂ-ਪਤਿਆਂ ਵਾਲੀ ਛੋਟੀ ਜਿਹੀ ਡਾਇਰੀ ਲਾਭ ਸਿੰਘ ਨੂੰ ਮੋੜ ਦਿੱਤੀ ਅਤੇ ਨੋਟ ਆਪਣੀ ਜੇਬ ਵਿਚ ਪਾ ਲਏ।

“ਇਹਨਾਂ ਨੋਟਾਂ ਬਦਲੇ ਮੈਨੂੰ ਕੂਪਨ ਦੇ ਦਿਉ।”

ਬਿਨਾਂ ਲਿਖਾ-ਪੜ੍ਹੀ ਦੇ ਚੀਫ਼ ਵੱਲੋਂ ਨੋਟ ਆਪਣੀ ਜੇਬ ਵਿਚ ਪਾਉਣ ’ਤੇ ਹਾਕਮ ਸਿੰਘ ਨੂੰ ਘਬਰਾਹਟ ਹੋਈ। ਪਿਛਲੇ ਤਜਰਬੇ ਦੇ ਆਧਾਰ ’ਤੇ ਉਸ ਨੇ ਭਾਂਪ ਲਿਆ ਸੀ ਕਿ ਜੇ ਹੁਣ ਉਜ਼ਰ ਨਾ ਕੀਤਾ ਤਾਂ ਨੋਟਾਂ ਨੂੰ ਜੇਬ ਨੇ ਹਜ਼ਮ ਕਰ ਜਾਣਾ ਹੈ।

“ਕੂਪਨ ਇਥੇ ਕਿਥੇ ਨੇ? ਸਵੇਰੇ ਖ਼ਜ਼ਾਨਚੀ ਕੋਲ ਨੋਟ ਜਮ੍ਹਾਂ ਕਰਾਵਾਂਗੇ, ਫਿਰ ਕੂਪਨ ਲਵਾਂਗੇ।”

 

“ਫੇਰ ਮੈਨੂੰ ਪੈਸਿਆਂ ਦੀ ਰਸੀਦ ਤਾਂ ਦੇ ਦਿਉ “

“ਅਸੀਂ ਸਰਕਾਰੀ ਅਧਿਕਾਰੀ ਹਾਂ। ਤੇਰੇ ਵਰਗੇ ਮੁਜਰਮ ਨਹੀਂ। ਤੇਰੇ ਪੈਸੇ ਨਹੀਂ ਹੜੱਪਣ ਲੱਗੇ।”

“ਜੇਲ੍ਹ ਮੈਨੂਅਲ ਮੁਤਾਬਕ ਮੈਨੂੰ ਰਸੀਦ ਹਾਸਲ ਕਰਨ ਦਾ ਹੱਕ ਹੈ।”

“ਤੂੰ ਭੁੱਲ ਰਿਹਾ ਏਂ। ਹੁਣ ਤੂੰ ਇਕ ਕੈਦੀ ਹੈਂ। ਤੇਰੇ ਸਾਰੇ ਹੱਕ ਜੇਲ੍ਹ ਦੇ ਗੇਟ ਦੇ ਬਾਹਰ ਰਹਿ ਗਏ ਹਨ। ਤੈਨੂੰ ਸਰਕਾਰ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜੋ ਤੈਨੂੰ ਮੁਜਰਮ ਹੋਣ ਦੇ ਬਾਵਜੂਦ ਵੀ ਖਾਣ-ਪੀਣ ਅਤੇ ਸਿਰ ਉਪਰ ਛੱਤ ਦੇ ਰਹੀ ਹੈ।”

“ਇਹ ਤੁਹਾਡੀ ਭੁੱਲ ਹੈ। ਸਾਡੇ ਕੁਝ ਅਧਿਕਾਰ ਹੀ ਖੋਹੇ ਹਨ। ਬਹੁਤ ਸਾਰੇ ਅਧਿਕਾਰ ਅਜੇ ਬਚਦੇ ਹਨ। ਮੈਂ ਬਚਦੇ ਅਧਿਕਾਰਾਂ ਦੀ ਗੱਲ ਕਰ ਰਿਹਾ ਹਾਂ।”

“ਇਹ ਵਕਾਲਤ ਸਾਨੂੰ ਨਾ ਪੜ੍ਹਾ। ਵਕਾਲਤ ਜੱਜ ਸਾਹਮਣੇ ਘੋਟਦਾ। ਜੇਲ੍ਹ ਆਉਣ ਦੀ ਥਾਂ ਬਰੀ ਹੋ ਕੇ ਘਰ ਨੂੰ ਜਾਂਦਾ।”

ਚੀਫ਼ ਹਾਕਮ ਸਿੰਘ ਦੀ ਖੁੰਬ ਠੱਪਣੀ ਚਾਹੰਦਾ ਸੀ, ਪਰ ਵਕੀਲ ਉਸ ਦੇ ਕਾਬੂ ਨਹੀਂ ਸੀ ਆ ਰਿਹਾ।

“ਆਹ ਫੜ ਆਪਣਾ ਅਸਲੀ ਅਧਿਕਾਰ।” ਆਖਦੇ ਲਾਭ ਸਿੰਘ ਨੇ ਕੱਪੜਿਆਂ ਵਾਲੇ ਰੈਕ ਵਿਚੋਂ ਇਕ ਬੰਡਲ ਚੁੱਕਿਆ ਅਤੇ ਹਾਕਮ ਸਿੰਘ ਵੱਲ ਵਗਾਹ ਦਿੱਤਾ।

ਬੰਡਲ ਹਵਾ ਵਿਚ ਹੀ ਖੁੱਲ੍ਹ ਗਿਆ। ਉਸ ਵਿਚੋਂ ਨਿਕਲ ਕੇ ਦੋ ਅੱਧੋ-ਰਾਣੇ, ਮੈਲੇ-ਕੁਚੈਲੇ ਕੁੜਤੇ-ਪਜਾਮੇ ਜ਼ਮੀਨ ਉਪਰ ਬਿਖਰ ਗਏ।

“ਮੈਨੂੰ ਉਮਰ ਕੈਦ ਹੋਈ ਹੈ। ਮੈਂ ਨਵੇਂ ਕੱਪੜਿਆਂ ਦਾ ਹੱਕਦਾਰ ਹਾਂ।”

ਹਾਕਮ ਸਿੰਘ ਪੁਰਾਣੇ ਕੱਪੜੇ ਲੈਣ ਤੋਂ ਇਨਕਾਰੀ ਸੀ।

“ਫਿਰ ਆਖੇਂਗਾ ਮੈਨੂੰ ਨਵੇਂ ਭਾਂਡੇ ਦਿਓ, ਚਿੱਟੀ ਚਾਦਰ ਅਤੇ ਪੋਲਾ ਸਿਰਹਾਣਾ ਦਿਓ। ਬੀ ਕਲਾਸ ਦਿਓ।”

“ਮੈਂ ਡਬਲ ਗ੍ਰੈਜੂਏਟ ਹਾਂ। ਬੀ ਕਲਾਸ ਮੇਰਾ ਹੱਕ ਹੈ। ਬੀ ਕਲਾਸ ਦੇ ਕੇ ਕਿਸੇ ਨੇ ਕੋਈ ਅਹਿਸਾਨ ਥੋੜ੍ਹਾ ਕਰਨਾ ਹੈ।”

“ਲੱਗਦੈ ਕਾਨੂੰਨ ਤੇਰੇ ਦਿਮਾਗ਼ ਵਿਚ ਜ਼ਿਆਦਾ ਹੀ ਚੜ੍ਹਿਆ ਹੋਇਐ। ਹੋਰਾਂ ਕੈਦੀਆਂ ਨੂੰ ਮੈਨੂਅਲ ਪੜ੍ਹਾ-ਪੜ੍ਹਾ ਤੂੰ ਤਾਂ ਦੋ ਦਿਨਾਂ ਵਿਚ ਜੇਲ੍ਹ ਵਿਚ ਬਗ਼ਾਵਤ ਕਰਵਾ ਦੇਵੇਂਗਾ। ਸਾਨੂੰ ਤੇਰਾ ਦਿਮਾਗ਼ ਤਨਹਾਈ ਚੱਕੀ ਵਿਚ ਬੰਦ ਕਰ ਕੇ ਠੀਕ ਕਰਨਾ ਪਵੇਗਾ।”

ਨਿਹਾਲ ਸਿੰਘ ਚਾਹੁੰਦਾ ਸੀ ਕਿ ੳਹੁ ਹਾਕਮ ਸਿੰਘ ਨੂੰ ਸਟੋਰ ਵਿਚ ਲੈ ਜਾਵੇ ਅਤੇ ਲਗਾਤਾਰ ਕੀਤੀ ਜਾ ਰਹੀ ਗ਼ੁਸਤਾਖ਼ੀ ਬਦਲੇ ਉਸ ਦੇ ਦਸ-ਵੀਹ ਪਟੇ ਜੜੇ, ਪਰ ਇਕ ਵਕੀਲ  ਉਪਰ ਪਹਿਲੇ ਹੀ ਦਿਨ ਹੱਥ ਚੁੱਕਣ ਦੀ ਉਸ ਦੀ ਹਿੰਮਤ ਨਹੀਂ ਸੀ ਪੈ ਰਹੀ।

ਗ਼ੱਸਾ ਕਾਬੂ ਕਰ ਕੇ ਉਸ ਨੇ ਗੱਲ ਟਾਲਣ ਲਈ ਆਖਿਆ, “ਰੱਸੀ ਜਲ ਗਈ, ਪਰ ਵਲ  ਨਹੀਂ ਗਿਆ।”

 

“ਇਹ ਵਕੀਲ ਹੈ, ਇਸ ਨਾਲ ਬਹੁਤੀ ਬਹਿਸ ਨਾ ਕਰ। ਕਰਨ ਵਾਲਾ ਬਹੁਤ ਕੰਮ ਪਿਆ ਹੈ। ਬੰਦੀ ਦਾ ਵੇਲਾ ਲੰਘ ਚੁੱਕਾ ਹੈ। ਅਹਾਤਿਆਂ ਦੇ ਮੁਨਸ਼ੀ ਉਡੀਕਦੇ ਹੋਣਗੇ। ਅੱਜ ਦੀ ਰਾਤ ਇਸ ਨੂੰ ‘ਬਾਦਸ਼ਾਹਾਂ’ ਵਾਲੇ ਅਹਾਤੇ ਵਿਚ ਭੇਜ ਦਿੰਦੇ ਹਾਂ। ਕੱਲ੍ਹ ਨੂੰ ਸਾਬ੍ਹ ਅੱਗੇ ਪੇਸ਼ ਕਰ ਦੇਵਾਂਗੇ। ਉਹ ਆਪੇ ਇਸ ਨੂੰ ਮੰਜਾ ਬਿਸਤਰਾ ਦੇ ਦੇਵੇਗਾ।”

ਲਾਭ ਸਿੰਘ ਨੇ ਸੁਝਾਅ ਦਿੱਤਾ।

ਚੀਫ਼ ਵੀ ਇਹੋ ਸੋਚ ਰਿਹਾ ਸੀ। ਮੰਗਤਿਆਂ ਲਈ ਰਾਖਵੇਂ ਅਹਾਤੇ ਦਾ ਨਾਂ ਉਹਨਾਂ ਨੇ ਬਾਦਸ਼ਾਹਾਂ ਵਾਲਾ ਅਹਾਤਾ ਰੱਖਿਆ ਸੀ। ਜਿਹੜਾ ਨਵਾਂ ਕੈਦੀ ਚੱਕਰ ਵਿਚ ਗ਼ੁਸਤਾਖ਼ੀ ਕਰਨ ਦੀ ਜੁਰਅੱਤ ਕਰਦਾ ਸੀ, ਉਸ ਦੀ ‘ਸੁਹਾਗ ਰਾਤ’ ਇਸੇ ਨਰਕ ਵਿਚ ਮਨਾਈ ਜਾਂਦੀ ਸੀ। ਸਵੇਰ  ਤਕ ਆਪੇ ਕੈਦੀ ਨੂੰ ਗ਼ਲਤੀ ਦਾ ਅਹਿਸਾਸ ਹੋ ਜਾਂਦਾ ਸੀ ਅਤੇ ਨਰਕ ਵਿਚੋਂ ਖਹਿੜਾ ਛੁਡਾਉਣ ਲਈ ਮਿੰਨਤ-ਤਰਲਾ ਕਰਨ ਲੱਗਦਾ ਸੀ।

ਹਾਕਮ ਸਿੰਘ ਦੇ ਦਿਮਾਗ਼ੋਂ ਵੀ ਕਾਨੂੰਨ ਦਾ ਚੜ੍ਹਿਆ ਭੂਤ ਉਤਾਰਨਾ ਜ਼ਰੂਰੀ ਸੀ।

ਲਾਭ ਸਿੰਘ ਨੇ ਝੱਟ ਉਸ ਦੇ ਹਿਸਟਰੀ ਟਿਕਟ ’ਤੇ ਬਣੇ ਬੈਰਕ ਵਾਲੇ ਖ਼ਾਨੇ ਵਿਚ ‘ਬਾਦਸ਼ਾਹਾਂ ਦਾ ਅਹਾਤਾ’ ਸ਼ਬਦ ਝਰੀਟਿਆ ਅਤੇ ਉਸ ਨੂੰ ਉਸ ਅਹਾਤੇ ਦੇ ਰਸਤੇ ਪਾ ਦਿੱਤਾ।

 

 

5

ਹਾਕਮ ਸਿੰਘ ਨਾਲ ਹੋਈ ਦੁਰਗਤ ਨੇ ਜੈਨ ਦੇ ਚਿਹਰੇ ’ਤੇ ਛਾਈ ਪਿਲੱਤਣ ਹੋਰ ਗਹਿਰੀ ਕਰ ਦਿੱਤੀ। ਜੇ ਇਕ ਵਕੀਲ ਦਾ ਇਹ ਹਾਲ ਹੋਇਆ ਹੈ ਤਾਂ ਉਸ ਵਰਗੇ ਦਸ ਜਮਾਤਾਂ ਪਾਸ ਨਾਲ ਪਤਾ ਨਹੀਂ ਕਿਹੋ ਜਿਹਾ ਭਾਣਾ ਵਰਤੇਗਾ। ਇਹ ਸੋਚ-ਸੋਚ ਉਸ ਨੂੰ ਪਸੀਨੇ ਛੱਟ ਰਹੇ ਸਨ।

ਹਾਕਮ ਸਿੰਘ ਦੀ ਕਾਰਵਾਈ ਨੂੰ ਮੁਕੰਮਲ ਹੁੰਦਿਆਂ ਇਕ ਘੰਟਾ ਲੱਗ ਗਿਆ। ਇਸ ਤੋਂ ਬਾਅਦ ਜੈਨ ਦੀ ਵਾਰੀ ਸੀ। ਜੇ ਚਾਰ-ਪੰਜ ਮਿੰਟ ਵਿਚ ਸਿਫ਼ਾਰਸ਼ੀ ਫ਼ੋਨ ਨਾ ਆਇਆ ਤਾਂ ਇਹਨਾਂ ਨੇ ਜੈਨ ਨੂੰ ਕਿਸੇ ਕੀੜਿਆਂ ਵਾਲੇ ਭੌਣ ’ਤੇ ਸੁੱਟ ਦੇਣਾ ਸੀ। ਜੈਨ ਨੂੰ ਬੁੱਢੇ ਵਾਰਡਰ ’ਤੇ ਚਿੜ ਚੜ੍ਹ ਰਹੀ ਸੀ। ਹੁਣ ਤਕ ਉਸ ਨੂੰ ਜੈਨ ਵੱਲੋਂ ਦੱਸੇ ਨੰਬਰ ਉੱਪਰ ਫ਼ੋਨ ਕਰ ਲੈਣਾ ਚਾਹੀਦਾ ਸੀ। ਮਿਲੇ ਉੱਤਰ ਦੀ ਸੂਚਨਾ ਜੈਨ ਤਕ ਪਹੁੰਚਾਣੀ ਚਾਹੀਦੀ ਸੀ। ਜੈਨ ਨੇ ਇਸੇ ਕੰਮ ਦੇ ਉਸ ਨੂੰ ਢੇਰ ਸਾਰੇ ਰੁਪਏ ਦਿੱਤੇ ਸਨ। ਝੱਟ ਹੀ ਉਸ ਦਾ ਖ਼ਿਆਲ ਬਦਲਦਾ। ਹੋ ਸਕਦਾ ਹੈ ਸੁੱਚਾ ਸਿੰਘ ਨੂੰ ਅੱਗੋਂ ਕੋਈ ਤਸੱਲੀ-ਬਖ਼ਸ਼ ਉੱਤਰ ਨਾ ਮਿਲਿਆ ਹੋਵੇ। ਜੇ ਕੋਈ ਇੰਤਜ਼ਾਮ ਹੋ ਗਿਆ ਹੰਦਾ ਤਾਂ ਕਿਸੇ ਨਾ ਕਿਸੇ ਜੇਲ੍ਹ ਅਧਿਕਾਰੀ ਦਾ ਸੁਨੇਹਾ ਚੱਕਰ ਤਕ ਪੁੱਜ ਗਿਆ ਹੁੰਦਾ। ਚੱਕਰ ਵਿਚ ਫ਼ੋਨ ਨਹੀਂ ਸੀ। ਸਿਫ਼ਾਰਸ਼ੀ ਸੁਨੇਹਾ ਕਿਸ ਦੇ ਹੱਥ ਆਉਣਾ ਸੀ? ਉਹਨਾਂ ਦੇ ਇਥੇ ਆਉਣ ਤੱਕ ਕੋਈ ਵੀ ਵਿਅਕਤੀ ਚੱਕਰ ਵਿਚ ਨਹੀਂ ਸੀ ਆਇਆ। ਸਪੱਸ਼ਟ ਸੀ ਜੈਨ ਦੇ ਹਮਾਇਤੀਆਂ ਦਾ ਹਾਲੇ ਤਕ ਕਿਧਰੇ ਹੱਥ ਨਹੀਂ ਸੀ ਪਿਆ।

ਮਨ ਮਸੋਸ ਕੇ ਜੈਨ ਆਪਣੇ ਇਸ਼ਟ ਨੂੰ ਯਾਦ ਕਰਨ ਲੱਗਾ। ਪਈ ਭੀੜ ਨੂੰ ਹਰਨ ਦੀ ਅਰਜ਼ੋਈ ਕਰਨ ਲੱਗਾ।

“ਵਾਰ-ਵਾਰ ਅੰਦਰਲੇ ਦਰਵਾਜ਼ੇ ਵੱਲ ਕਿਉਂ ਤੱਕ ਰਹੇ ਹੋ? ਸ਼ਾਇਦ ਸੁੱਚਾ ਸਿੰਘ ਨੂੰ ਉਡੀਕਦੇ ਹੋ? ਉਹ ਤਾਂ ਕਦੋਂ ਦਾ ਛੁੱਟੀ ਕਰ ਗਿਆ।”

ਨਿਹਾਲ ਸਿੰਘ, ਜੈਨ ਦੀ ਉਬਲ-ਚਿੱਤੀ ਨੂੰ ਭਾਂਪ ਰਿਹਾ ਸੀ। ਜੈਨ ਦੇ ਕਾਗ਼ਜ਼ ਪੱਤਰ ਲਾਭ ਸਿੰਘ ਵੱਲ ਕਰਦਿਆਂ ਉਸ ਨੇ ਸੇਠ ਨੂੰ ਛੇੜਿਆ।

“ਇਕ ਫ਼ੋਨ ਦੀ ਉਡੀਕ ਸੀ।”

“ਕੋਈ ਨਹੀਂ। ਸੁੱਚਾ ਸਿੰਘ ਤੁਹਾਡੀ ਸਿਫ਼ਾਰਸ਼ ਕਰ ਗਿਆ ਹੈ। ਅਸੀਂ ਖ਼ਿਆਲ ਰੱਖਾਂਗੇ।”

ਹਿਸਟਰੀ ਟਿਕਟ ਭਰਨਾ ਸ਼ੁਰੂ ਕਰਨ ਤੋਂ ਪਹਿਲਾਂ ਲਾਭ ਸਿੰਘ ਨੇ ਸੇਠ ਨੂੰ ਇਹ ਦੱਸਣਾ ਉਚਿਤ ਸਮਝਿਆ ਕਿ ਉਸ ਨੂੰ ਉਹਨਾਂ ਵਿਚਕਾਰ ਡਿਉੜੀ ਵਿਚ ਹੋਏ ਲੈਣ-ਦੇਣ ਬਾਰੇ ਪਤਾਹੈ।”

ਇਸ਼ਾਰਾ ਸਮਝ ਕੇ ਜੈਨ ਦੇ ਸਾਹ ਵਿਚ ਸਾਹ ਆਇਆ।

ਸੋਨੇ ਅਤੇ ਨੋਟਾਂ ਨਾਲ ਲੱਦਿਆ ਸੁਭਾਸ਼ ਜੈਨ ਵਰਗਾ ਸੇਠ ਸਾਲ ਵਿਚ ਇਕ-ਅੱਧ ਵਾਰ ਜੇਲ੍ਹ ਆਉਂਦਾ ਸੀ। ਲਾਭ ਸਿੰਘ ਮੁਨਸ਼ੀ ਜ਼ਰੂਰ ਸੀ, ਪਰ ਸੀ ਤਾਂ ਕੈਦੀ ਹੀ। ਮਨ-ਮਰਜ਼ੀ ਕਰਨ ਦਾ ਉਸ ਕੋਲ ਕੋਈ ਅਧਿਕਾਰ ਨਹੀਂ ਸੀ। ਸੇਠ ਤੋਂ ਪੈਸਾ ਚੀਫ਼ ਵਾਰਡਰ ਦੀ ਸਹਿਮਤੀ ਤੋਂ ਬਾਅਦ ਕਢਵਾਇਆ ਜਾ ਸਕਦਾ ਸੀ।

“ਲੁੱਟ ਲਈਏ?”

ਮੁਨਸ਼ੀ ਨੇ ਚੀਫ਼ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਇਸ਼ਾਰੇ ਨਾਲ ਪੁੱਛਿਆ।

“ਚੱਕ ਦੇ ਫੱਟੇ।”

ਇਸ਼ਾਰੇ ਨਾਲ ਹੀ ਚੀਫ਼ ਨੇ ਆਗਿਆ ਦੇ ਦਿੱਤੀ।

“ਦੇਖਣ ਤੋਂ ਮੋਟੇ ਸੇਠ ਲੱਗਦੇ ਹੋ। ਕਾਗ਼ਜ਼-ਪੱਤਰ ਦੱਸਦੇ ਹਨ ਕਿ ਸਾਰੀ ਉਮਰ ਤੁਸੀਂ ਕਾਲੇ ਸੋਨੇ (ਲੁੱਕ) ਨੂੰ ਵੇਚ-ਵੇਚ ਅਸਲੀ ਸੋਨੇ ਵਿਚ ਬਦਲਦੇ ਰਹੇ ਹੋ। ਬਰੀ ਹੋਣ ਲਈ ਮਾਇਆ ਕਿਉਂ ਨਹੀਂ ਝੋਕੀ?”

“ਇਹ ਲੰਬੀ ਕਹਾਣੀ ਹੈ। ਕਦੇ ਫਿਰ ਸੁਣਾਵਾਂਗਾ। ਮੇਰੇ ਨਾਲ ਧੋਖਾ ਹੋਇਆ ਹੈ।

“ਹੁਣ ਕੀ ਇਰਾਦਾ ਹੈ?”

ਲੰਬੀ-ਚੌੜੀ ਭੂਮਿਕਾ ਬੰਨ੍ਹਣ ਦੀ ਥਾਂ ਲਾਭ ਸਿੰਘ ਨੇ ਤੀਰ ਸਿੱਧਾ ਨਿਸ਼ਾਨੇ ਵੱਲ ਛੱਡਿਆ।

“ਮੈਂ ਹਰ ਤਰ੍ਹਾਂ ਨਾਲ ਤਿਆਰ ਹਾਂ। ਮੈਂ ਤੁਹਾਨੂੰ ਨਿਹਾਲ ਕਰ ਦੇਵਾਂਗਾ। ਮੇਰੀ ਅੱਜ ਦੀ ਰਾਤ ਚੰਗੀ ਕਢਵਾ ਦਿਉ। ਕੱਲ੍ਹ ਤਕ ਮੇਰੇ ਬੰਦੇ ਸਾਰਾ ਇੰਤਜ਼ਾਮ ਕਰ ਲੈਣਗੇ।”

ਆਖਦੇ ਜੈਨ ਨੇ ਨੇਫ਼ੇ ਕੋਲ ਬਣੀ ਚੋਰ ਜੇਬ ਵਿਚੋਂ ਗਹਿਣੇ ਪਾਉਣ ਵਾਲਾ ਸ਼ਨੀਲ ਦਾ ਇਕ ਬਟੂਆ ਕੱਢਿਆ ਅਤੇ ਉਸ ਵਿਚੋਂ ਹਜ਼ਾਰ-ਹਜ਼ਾਰ ਦੇ ਨੋਟ ਕੱਢ ਕੇ ਮੇਜ਼ ਉਪਰ ਰੱਖ ਦਿੱਤੇ।

“ਇਹ ਦਸ ਹਜ਼ਾਰ ਹੈ, ਤੁਸੀਂ ਸਾਰੇ ਰੱਖੋ। ਇਹਨਾਂ ਬਦਲੇ ਨਾ ਮੈਨੂੰ ਕੂਪਨ ਚਾਹੀਦੇ ਹਨ ਅਤੇ ਨਾ ਰਸੀਦ।”

ਨਿਹਾਲ ਸਿੰਘ ਨੇ ਨੋਟ ਦਰਾਜ਼ ਵਿਚ ਸੁੱਟ ਦਿੱਤੇ। ਹਾਲੇ ਉਹ ਸੇਠ ਨੂੰ ਇਹ ਪਤਾ ਨਹੀਂ ਸੀ ਲੱਗਣ ਦੇਣਾ ਚਾਹੰਦਾ ਕਿ ਨੋਟ ਉਹਨਾਂ ਨੇ ਜੇਬ ਵਿਚ ਪਾਏ ਹਨ ਜਾਂ ਸਰਕਾਰ ਦੀ ਤਿਜੌਰੀ ਵਿਚ।

ਦਸ ਹਜ਼ਾਰ ਦੀ ਰਸੀਦ ਮਿਲੇਗੀ ਜਾਂ ਨਹੀਂ, ਬਿਨਾਂ ਇਸ ਦਾ ਕੋਈ ਜ਼ਿਕਰ ਕੀਤਿਆਂ ਉਸ ਨੇ ਕਾਰਵਾਈ ਜਾਰੀ ਰੱਖੀ।

“ਸੇਠ ਸਾਹਿਬ, ਅਹਾਤੇ ਵਿਚ ਜਾਣ ਤੋਂ ਪਹਿਲਾਂ ਤੈਨੂੰ ਇਹ ਸਾਰੇ ਗਹਿਣੇ ਉਤਾਰਨੇ ਪੈਣਗੇ। ਇਹ ਜੇਲ੍ਹ ਹੈ, ਇਥੇ ਸਾਰੇ ਚੋਰ-ਉਚੱਕੇ ਬੰਦੇ ਹਨ। ਇਹ ਸਾਡੇ ਕਾਬੂ ਵਿਚ ਨਹੀਂ। ਚੱਕਰ ਵਿਚੋਂ ਬਾਹਰ ਨਿਕਲਦਿਆਂ ਹੀ ਤੁਹਾਨੂੰ ਲੁੱਟ ਲੈਣਗੇ। ਬੈਰਕ ਵਿਚ ਤਾਂ ਇਹ ਗਹਿਣਿਆਂ ਦੇ ਨਾਲ-ਨਾਲ ਤੁਹਾਨੂੰ ਵੀ ਭੁੱਖੇ ਕੁੱਤਿਆਂ ਵਾਂਗ ਪੈਣਗੇ।”

ਚੀਫ਼ ਗਹਿਣੇ ਵੀ ਕਾਬੂ ਕਰਨੇ ਚਾਹੁੰਦਾ ਸੀ। ਇਹ ਤਾਂ ਸੰਭਵ ਹੋਣਾ ਸੀ ਜੇ ਜੈਨ ਦੇ ਦਿਮਾਗ਼ ਵਿਚ ਕਿਸੇ ਭੈੜੀ ਥਾਂ ਜਾਣ ਦਾ ਡਰ ਬਣਿਆ ਰਹਿਣਾ ਸੀ। ਆਪਣੇ ਉਦੇਸ਼ ਦੀ ਪੂਰਤੀ ਲਈ ਚੀਫ਼ ਨੇ ਭੂਮਿਕਾ ਬੰਨ੍ਹੀ।

ਜੈਨ ਤੇਜ਼ ਬੁੱਧੀ ਵਾਲਾ ਬੰਦਾ ਸੀ। ਚੀਫ਼ ਦੇ ਆਖੇ ਇਕ-ਇਕ ਸ਼ਬਦ ਦੇ ਝੱਟ ਉਸ ਨੇ ਅਰਥ ਕੱਢ ਲਏ। ਇਸ ਭੂਮਿਕਾ ਦਾ ਇਕ ਅਰਥ ਇਹ ਸੀ ਕਿ ਉਸ ਨੂੰ ਚੋਰਾਂ-ਠੱਗਾਂ ਵਾਲੀ ਬੈਰਕ ਵਿਚ ਭੇਜਿਆ ਜਾ ਰਿਹਾ ਸੀ। ਦੂਸਰਾ ਅਰਥ ਇਹ ਸੀ ਕਿ ਦਸ ਹਜ਼ਾਰ ਨਾਲ ਉਹਨਾਂ ਦੀ ਤਸੱਲੀ ਨਹੀਂ ਸੀ ਹੋਈ। ਹੁਣ ਉਹਨਾਂ ਦੀ ਨਜ਼ਰ ਗਹਿਣਿਆਂ ਉਪਰ ਸੀ। ਜੈਨ ਦੀ ਮਾਂ ਆਖਿਆ ਕਰਦੀ ਸੀ, ‘ਸੋਨਾ ਸਜਾਵਟ ਲਈ ਨਹੀਂ, ਔਖੇ ਸਮੇਂ ਕੰਮ ਆਉਣ ਲਈ ਪਾਇਆ ਜਾਂਦਾ ਹੈ।’ ਅੱਜ ਇਹ ਅਖੌਤ ਸੱਚੀ ਸਿੱਧ ਹੋ ਰਹੀ ਸੀ। ਜੈਨ ਨੇ ਚੈਨੀ, ਮੰਦਰਦੀਆਂ ਅਤੇ ਕੜਾ ਲਾਹ ਕੇ ਮੇਜ਼ ਉਪਰ ਰੱਖ ਦਿੱਤਾ।

“ਕਿੰਨਾ ਕੁ ਵਜ਼ਨ ਹੋਵੇਗਾ ਇਹਨਾਂ ਦਾ? ਕੰਡਾ ਮੰਗਵਾਈਏ?”

“ਤਿੰਨ, ਤਿੰਨ, ਛੇ.....ਬਾਰਾਂ ਕੁ ਤੋਲੇ ਹੋਵੇਗਾ। ਵਜ਼ਨ ਕਰ ਕੇ ਕੀ ਕਰਨਾ ਹੈ? ਘਰ ਬਥੇਰੀਆਂ ਚੈਨੀਆਂ ਮੁੰਦਰੀਆਂ ਪਈਆਂ ਹਨ। ਇਹ ਤੁਸੀਂ ਰੱਖੋ। ਅਫ਼ਸਰਾਂ ਨੂੰ ਤੋਹਫ਼ੇ ਵੱਜੋਂ ਦੇ ਦੇਣਾ। ਮੈਂ ਤੁਹਾਡੀ ਹੋਰ ਸੇਵਾ ਵੀ ਕਰਾਂਗਾ। ਮੈਨੂੰ ਇਕੱਲੇ ਲਈ ਕਮਰਾ ਅਤੇ ਮੰਜੇ ਬਿਸਤਰੇ ਦਾ ਇੰਤਜ਼ਾਮ ਕਰ ਦਿਓ। ਬੱਸ।”

“ਕੀ ਵਿਚਾਰ ਹੈ ਚੀਫ਼ ਸਾਹਿਬ?” ਲਾਭ ਸਿੰਘ ਨੇ ਲਲਚਾਈਆਂ ਅੱਖਾਂ ਨਾਲ ਨਿਹਾਲ ਸਿੰਘ ਵੱਲ ਤੱਕਿਆ।

“ਸੇਠ ਜੀ ਨੂੰ ਨਰਾਜ਼ ਥੋੜ੍ਹਾ ਕਰਨਾ ਹੈ। ਕੜਾ ਮੈਂ ਰੱਖ ਲੈਂਦਾ ਹਾਂ, ਚੈਨੀ ਤੂੰ ਪਾ ਲੈ, ਮੁੰਦਰੀਆਂ ਵੱਡੇ ਸਾਹਿਬ ਨੂੰ ਦੇ ਦੇਵਾਂਗੇ।”

ਆਖਦੇ ਚੀਫ਼ ਨੇ ਜੇਬ ਵਿਚੋਂ ਰੁਮਾਲ ਕੱਢਿਆ, ਉਸ ਵਿਚ ਗਹਿਣੇ ਲਪੇਟ ਕੇ ਚੋਰ ਜੇਬ ਵਿਚ ਪਾ ਲਏ।

ਚੀਫ਼ ਦੇ ਮੂੰਹੋਂ ਸੇਠ ਜੀ ਸ਼ਬਦ ਨਿਕਲਦੇ ਹੀ ਜੈਨ ਦਾ ਮਨ ਟਿਕਾਣੇ ਸਿਰ ਹੋ ਗਿਆ। ਗਹਿਣਿਆਂ ਦੇ ਚੋਰ ਜੇਬ ਵਿਚ ਜਾਂਦਿਆਂ ਹੀ ਉਸ ਦੇ ਚਿਹਰੇ ਉਪਰ ਖ਼ੁਸ਼ੀ ਮੰਡਰਾਉਣ ਲੱਗੀ। ਮਨ ਹੀ ਮਨ ਜੈਨ ਨੇ ਆਪਣੀ ਮਾਂ ਦਾ ਧੰਨਵਾਦ ਕੀਤਾ, ਜਿਸ ਨੇ ਉਸ ਨੂੰ ਅਜਿਹੀ ਨਸੀਹਤ ਦਿੱਤੀ ਸੀ। ਮਾਂ ਦੇ ਆਖੇ ਲੱਗ ਕੇ ਜੈਨ ਨੇ ਪੈਸੇ ਨੂੰ ਜੱਫਾ ਪਾਉਣ ਦੀ ਆਦਤ ਨਹੀਂ ਸੀ ਪਾਈ। ਜਿਸ ਤੇਜ਼ ਰਫ਼ਤਾਰ ਨਾਲ ਪੈਸਾ ਆਉਂਦਾ ਸੀ, ਉਸੇ ਰਫ਼ਤਾਰ ਨਾਲ ਉਹ ਖ਼ਰਚਦਾ ਸੀ।

ਪੈਸੇ ਦੇ ਜ਼ੋਰ ਨਾਲ ਉਸ ਨੇ ਪਹਿਲੇ ਦਿਨੋਂ ਕੇਸ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਸੀ। ਤਫ਼ਤੀਸ਼ੀ ਅਫ਼ਸਰ ਨੇ ਮਿਸਲ ਉਪਰ ਉਹ ਦਸਤਾਵੇਜ਼ ਲਿਆਂਦੇ ਸਨ ਜਿਹੜੇ ਜੈਨ ਨੂੰ ਕਸੂਰਵਾਰ ਘੱਟ ਅਤੇ ਬੇਕਸੂਰ ਵੱਧ ਸਾਬਤ ਕਰਦੇ ਸਨ। ਜੈਨ ਦੇ ਨਾਲ ਫਸੇ ਅਫ਼ਸਰਾਂ ਨੂੰ ਜੇਬ ਢਿੱਲੀ ਨਹੀਂ ਸੀ ਕਰਨ ਦਿੱਤੀ। ਉਹਨਾਂ ਦੇ ਵਕੀਲਾਂ ਤਕ ਦੀ ਫ਼ੀਸ ਜੈਨ ਨੇ ਦਿੱਤੀ ਸੀ। ਕਚਹਿਰੀ ਵਿਚ ਉਹ ਪੰਜ ਦੀ ਥਾਂ ਪੰਜਾਹ ਖ਼ਰਚਦਾ ਸੀ। ਦਸ ਸਾਲ ਲਟਕਣ ਵਾਲਾ ਮੁਕੱਦਮਾ ਦੋ ਸਾਲਾਂ ਵਿਚ ਸਿਰੇ ਲੱਗ ਗਿਆ ਸੀ।

ਜੈਨ ਦਾ ਵਕੀਲ ਹਿੱਕ ਥਾਪੜ ਕੇ ਆਖ ਰਿਹਾ ਸੀ, ਉਸ ਦੇ ਵਿਰੁੱਧ ਇਕ ਵੀ ਸਬੂਤ ਮਿਸਲ ’ਤੇ ਨਹੀਂ ਆਇਆ। ਕਿਸੇ ਨੂੰ ਪੈਸਾ ਦੇਣ ਦੀ ਜ਼ਰੂਰਤ ਨਹੀਂ। ਜੱਜ ਨੂੰ ਜੈਨ ਬਰੀ ਕਰਨਾ ਹੀ ਪੈਣਾ ਸੀ। ਫਿਰ ਵੀ ਜੈਨ ਨੇ ਕੋਈ ਜ਼ੋਖ਼ਮ ਨਹੀਂ ਸੀ ਉਠਾਇਆ। ਇਕ ਚੱਲਦੇ-ਪੁਰਜ਼ੇ ਨੂੰ ਨਾਲ ਲੈ ਕੇ ਆਹਮਣੇ-ਸਾਹਮਣੇ ਬੈਠ ਕੇ ਉਸ ਨੇ ਜੱਜ ਨਾਲ ਗੱਲ ਮੁਕਾਈ ਸੀ। ਸੌਦਾ ਦਸ ਲੱਖ ਵਿਚ ਤਹਿ ਹੋਇਆ ਸੀ। ਪੰਜ ਲੱਖ ਦੀ ਪਹਿਲੀ ਕਿਸ਼ਤ ਉਹ ਆਪਣੇ ਹੱਥੀਂ ਦੇ ਕੇ ਆਇਆ ਸੀ। ਸ਼ਰਤ ਅਨੁਸਾਰ ਦੂਜੀ ਕਿਸ਼ਤ ਫ਼ੈਸਲੇ ਤੋਂ ਇਕ ਦਿਨ ਪਹਿਲਾਂ ਸਾਂਝੇ ਬੰਦੇ ਕੋਲ ਪੁੱਜਦੀ ਕਰ ਦਿੱਤੀ ਗਈ ਸੀ। ਜੱਜ ਨੇ ਜੈਨ ਦੇ ਨਾਲ ਸਭ ਮੁਲਜ਼ਮ ਬਰੀ ਕਰ ਦਿੱਤੇ ਸਨ। ਪਤਾ ਨਹੀਂ ਜੈਨ ’ਤੇ ਨਜ਼ਲਾ ਕਿਉਂ ਝਾੜਿਆ ਸੀ।

ਉਸ ਨੂੰ ਅਚਿੰਤੇ ਬਾਜ ਆ ਪਏ ਸਨ। ਜੇ ਸਜ਼ਾ ਹੋਣ ਦਾ ਖ਼ਤਰਾ ਹੁੰਦਾ ਤਾਂ ਉਹ ਪਹਿਲਾਂ ਹੀ ਸਾਰੇ ਜੇਲ੍ਹ ਅਧਿਕਾਰੀਆਂ ਨੂੰ ਗੰਢ ਲੈਂਦਾ। ਜੈਨ ਸ਼ੁਕਰ ਕਰ ਰਿਹਾ ਸੀ ਕਿ ਉਸ ਨੇ ਫਿਰ ਵੀ ਮੌਕਾ ਸੰਭਾਲ ਲਿਆ ਹੈ।

ਨਿਯਮਾਂ ਅਨੁਸਾਰ ਜੈਨ ਨੂੰ ਕੈਦੀ ਨੰਬਰ 809 ਮਿਲਣਾ ਚਾਹੀਦਾ ਸੀ। ਹੇਠ-ਉੱਤੇ ਕਰ ਕੇ ਲਾਭ ਸਿੰਘ ਨੇ ਉਸ ਨੂੰ 811 ਨੰਬਰ ਦਿੱਤਾ।

“ਇਹ ਲੱਕੀ ਨੰਬਰ ਹੈ। ਇਸ ਨੰਬਰ ਵਾਲਾ ਕੈਦੀ ਬਹੁਤੀ ਦੇਰ ਜੇਲ੍ਹ ਦੀਆ ਰੋਟੀਆਂ ਨਹੀਂ ਖਾਂਦਾ।”

“ਬੜੀ ਮਿਹਰਬਾਨੀ।”

ਜੈਨ ਨੇ ਇਉਂ *ਤੱਗਤਾ ਪ੍ਰਗਟਾਈ ਜਿਵੇਂ ਰਿਹਾਈ ਦਾ ਹੁਕਮ ਹੋਇਆ ਹੋਵੇ।

ਹਾਕਮ ਸਿੰਘ ਨੂੰ ਛੱਡਣ ਗਿਆ ਸੇਵਾਦਾਰ ਵਾਪਸ ਆ ਗਿਆ ਸੀ। ਵਿਹਲਾ ਖੜਾ ਦੇਖ ਕੇ ਲਾਭ ਸਿੰਘ ਨੇ ਉਸ ਨੂੰ ਕੰਮ ਲਾਇਆ।

“ਲਿਆ ਦੋ ਨੰਬਰ ਖ਼ਾਨੇ ਵਿਚੋਂ ਕੱਪੜਿਆਂ ਵਾਲਾ ਬੰਡਲ ਫੜਾ।”

ਦੋ ਨੰਬਰ ਖ਼ਾਨੇ ਵਿਚ ਨਵੇਂ ਕੱਪੜਿਆਂ ਦੇ ਜੋੜੇ ਸਨ। ਜੈਨ ਉਪਰ ਲਾਭ ਸਿੰਘ ਦੀ ਇਹ ਦੂਜੀ ਮਿਹਰਬਾਨੀ ਸੀ।

“ਵੈਸੇ ਤੁਹਾਡੇ ਪਾਇਆ ਕੁੜਤਾ-ਪਜਾਮਾ ਵੀ ਸਫ਼ੈਦ ਹੈ। ਤੁਸੀਂ ਚਾਹੋ ਤਾਂ ਇਸੇ ਉਪਰ ਕੈਦੀ ਨੰਬਰ ਵਾਲਾ ਬਿੱਲਾ ਲਾ ਲੈਣਾ।”

ਰਿਆਇਤਾਂ ਦੇਣ ਵਿਚ ਨਿਹਾਲ ਸਿੰਘ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ।

ਕੈਦੀਆਂ ਵਾਲੇ ਕੱਪੜੇ ਫੜਦਿਆਂ ਜੈਨ ਦਾ ਚਿਹਰਾ ਇਕ ਵਾਰ ਫਿਰ ਮੁਰਝਾ ਗਿਆ।

ਚੀਫ਼ ਸਾਹਿਬ, ਸੇਠ ਸਾਹਿਬ ਦੀ ਹਾਲਤ ਤਾਂ ਦੇਖੋ। ਤਰੇਲੀਆਂ ਆਉਣ ਕਾਰਨ ਕੁੜਤਾ ਪਜਾਮਾ ਕਿਸ ਤਰ੍ਹਾਂ ਭਿੱਜਿਆ ਪਿਆ ਹੈ। ਮੈਨੂੰ ਲੱਗਦਾ ਹੈ ਸੇਠ ਸਾਹਿਬ ਨੂੰ ਦਿਲ ਦਾ ਛੋਟਾ-ਮੋਟਾ ਦੌਰਾ ਪਿਆ ਹੈ। ਕਿਧਰੇ ਆਪਣੇ ਗਲ ਖ਼ੂਨ ਨਾ ਪੈ ਜਾਵੇ। ਮੇਰੀ ਮੰਨੋ ਤਾਂ ਇਸ ਨੂੰ ਹਸਪਤਾਲ ਦਾਖ਼ਲ ਕਰਵਾ ਦਿਉ।”

ਲਾਭ ਸਿੰਘ ਦੀ ਲਿਖਤ-ਪੜ੍ਹਤ ਮੁਕੰਮਲ ਹੋ ਚੁੱਕੀ ਸੀ। ਬੱਸ ਅਲਾਟ ਹੋਏ ਅਹਾਤੇ ਵਾਲਾ ਖ਼ਾਨਾ ਭਰਨਾ ਹੀ ਬਾਕੀ ਸੀ।

“ਠੀਕ ਹੈ, ਭੇਜ ਦਿਓ।”

ਲਾਭ ਸਿੰਘ ਦੀ ਚਲਾਕੀ ’ਤੇ ਮੁਸਕਰਾ ਕੇ ਚੀਫ਼ ਨੇ ਹਾਮੀ ਭਰ ਦਿੱਤੀ।

ਜੇਲ੍ਹ ਵਿਚ ਹਸਪਤਾਲ ਹੀ ਇਕ ਅਜਿਹੀ ਥਾਂ ਸੀ, ਜਿਥੇ ਰਹਿ ਕੇ ਕੈਦੀ ਸਭ ਤੋਂ ਵੱਧ ਰਾਹਤ ਮਹਿਸੂਸ ਕਰਦਾ ਸੀ। ਜੈਨ ਨੂੰ ਦੋਸਤਾਂ-ਮਿੱਤਰਾਂ ਨੇ ਇਹੋ ਸਲਾਹ ਦਿੱਤੀ ਸੀ, “ਰੱਬ ਨਾ ਕਰੇ ਭੁੱਲ-ਭੁਲੇਖੇ ਜੇ ਕੈਦ ਹੋ ਜਾਵੇਂ ਤਾਂ ਸਿੱਧਾ ਜੇਲ੍ਹ ਦੇ ਹਸਪਤਾਲ ਵਿਚ ਦਾਖ਼ਲ ਹੋਣਾ ਹੈ।”

‘ਉਸ ਨੂੰ ਹਸਪਤਾਲ ਦਾਖ਼ਲ ਕਰਨ ਦੀ ਸਿਫ਼ਾਰਸ਼ ਹੋ ਗਈ ਹੈ।’

ਇਹ ਖ਼ਬਰ ਸੁਣ ਕੇ ਉਹ ਬਾਗ਼ੋ-ਬਾਗ਼ ਹੋ ਗਿਆ। ਜਿਹੜਾ ਕੰਮ ਧਨਾਢਾਂ ਅਤੇ ਵੱਡੇ ਅਫ਼ਸਰਾਂ ਤੋਂ ਨਹੀਂ ਸੀ ਹੋ ਰਿਹਾ, ੳੇਹ ਇਕ ਸਾਧਾਰਨ ਕੈਦੀ ਨੇ ਕਰ ਦਿੱਤਾ ਸੀ। ਪਹਿਲਾਂ ਜੈਨ ਦਾ ਮੱਥਾ ਲਾਭ ਸਿੰਘ ਅੱਗੇ ਝੁਕਣ ਲੱਗਾ। ਝੱਟ ਹੀ ਉਹ ਸੰਭਲ ਗਿਆ। ਇਹ ਕੰਮ ਲਾਭ ਸਿੰਘ ਨੇ ਨਹੀਂ, ‘ਮਹਾਂਮਾਈ ਲਕਸ਼ਮੀ’ ਨੇ ਕੀਤਾ ਸੀ।

 

 

6

ਘਰ ਮਹਿਮਾਨ ਆਏ ਹੋਏ ਸਨ। ਉਹ ਉਡੀਕਦੇ ਹੋਣਗੇ, ਸੋਚਦਾ ਨਿਹਾਲ ਸਿੰਘ ਘਰ ਜਾਣ ਲਈ ਉੱਠ ਖਲੋਤਾ।

ਡਿਊਟੀ ਦਾ ਸਮਾਂ ਕਦੋਂ ਦਾ ਖ਼ਤਮ ਹੋ ਚੁੱਕਾ ਸੀ। ਲੱਗੇ ਓਵਰ ਟਾਈਮ ਦਾ ਮੁਆਵਜ਼ਾ ਉਹ ਵਸੂਲ ਚੁੱਕਾ ਸੀ।

ਪਾਲੇ ਅਤੇ ਮੀਤੇ ਬਾਰੇ ਉਸ ਨੂੰ ਪਤਾ ਸੀ ਕਿ ਇਹਨਾਂ ਕੋਲੋਂ ਮਿਲਣਾ ਕੁਝ ਨਹੀਂ। ਪੱਲਿਉਂ ਭਾਵੇਂ ਦੇਣਾ ਪੈ ਜਾਵੇ।

ਲਾਭ ਸਿੰਘ ਨੇ ਜੇਲ੍ਹ ਵਿਚ ਹੀ ਰਹਿਣਾ ਹੈ। ਕੰਮ ਜਲਦੀ ਨਿਪਟਦਾ ਹੈ ਜਾਂ ਦੇਰ ਨਾਲ, ਇਸ ਦਾ ਉਸ ਉੱਤੇ ਕੋਈ ਅਸਰ ਨਹੀਂ ਸੀ।

“ਆਪੇ ਇਹਨਾਂ ਨਾਲ ਟੱਕਰਾਂ ਮਾਰਦਾ ਰਹੇਗਾ।” ਸੋਚਦਾ ਨਿਹਾਲ ਸਿੰਘ ਬਾਕੀ ਦੀ ਜ਼ਿੰਮੇਵਾਰੀ ਲਾਭ ਸਿੰਘ ਦੇ ਮੋਢਿਆਂ ’ਤੇ ਪਾ ਕੇ ਘਰ ਨੂੰ ਤੁਰ ਗਿਆ।

“ਸਾਡੇ ਕੋਲ ਕੁਝ ਨਹੀਂ ਹੈ ਬਾਬਿਓ। ਅਸੀਂ ਗ਼ਰੀਬ ਬੰਦੇ ਹਾਂ। ਸਾਡੇ ਕੋਲ ਆਹ ਇਕ-ਇਕ ਕੁੜਤਾ-ਪਜਾਮਾ ਹੈ, ਜਿਹੜਾ ਗ੍ਰਿਫ਼ਤਾਰੀ ਸਮੇਂ ਪੁਲਿਸ ਨੇ ਸਿਲਾ ਕੇ ਦਿੱਤਾ ਸੀ। ਹੁਣ ਤਾਂ ਇਹ ਵੀ ਘਸਿਆ ਪਿਆ ਹੈ।”

ਮੀਤੇ ਨੇ ਖ਼ਾਲੀ ਖੀਸਾ ਮੁਨਸ਼ੀ ਅੱਗੇ ਕਰਦਿਆਂ ਆਖਿਆ।

“ਮੈਨੂੰ ਪਤਾ ਹੈ। ਇਹ ਵੀ ਪਤਾ ਹੈ ਕਿ ਤੁਹਾਨੂੰ ਮੇਰੇ ਵਾਂਗ ਝੂਠੇ ਮੁਕੱਦਮੇ ਵਿਚ ਸਜ਼ਾ ਹੋਈਹੈ।”

‘ਝੂਠੇ ਮੁਕੱਦਮੇ ਵਿਚ ਸਜ਼ਾ’ ਵਾਕ ਉਚਰਦੇ ਲਾਭ ਸਿੰਘ ਦੇ ਚਿਹਰੇ ਤੋਂ ਪਹਿਲਾਂ ਵਾਲੀ ਸਾਰੀ ਤਲਖ਼ੀ ਉਤਰ ਗਈ। ਪਾਲੇ ਅਤੇ ਮੀਤੇ ਵਾਂਗ ਉਸ ਦੇ ਚਿਹਰੇ ਉਪਰ ਵੀ ਮਾਸੂਮੀਅਤ ਛਾ ਗਈ।

ਪਾਲੇ ਅਤੇ ਮੀਤੇ ਨੂੰ ਨਿਰਦੋਸ਼ ਸਿੱਧ ਕਰਦਾ ਸੰਘਰਸ਼ ਸੰਮਤੀ ਦਾ ਪੱਖ ਆਏ ਦਿਨ ਅਖ਼ਬਾਰਾਂ ਵਿਚ ਛਪਦਾ ਰਹਿੰਦਾ ਸੀ। ਪੁਲਿਸ ਮੁਲਾਜ਼ਮ ਹੋਣ ਕਾਰਨ ਉਸ ਨੂੰ ਪੁਲਿਸ ਵੱਲੋਂ ਕੀਤੀ ਜਾਂਦੀ ਤਫ਼ਤੀਸ਼ ਦੇ ਢੰਗ-ਤਰੀਕਿਆਂ ਦਾ ਡੂੰਘਾ ਅਧਿਐਨ ਸੀ। ਇਸ ਤਜਰਬੇ ਦੇ ਆਧਾਰ ’ਤੇ ਉਸਨੇ ਪਹਿਲਾਂ ਹੀ ਸਿੱਟਾ ਕੱਢ ਲਿਆ ਸੀ ਕਿ ਉਹ ਬੇਕਸੂਰ ਹਨ। ਉਸ ਨੂੰ ਇਹ ਵੀ ਪਤਾ ਸੀ ਕਿ ਉਹਨਾਂ ਨੂੰ ਸਜ਼ਾ ਜ਼ਰੂਰ ਹੋਵੇਗੀ। ਸਰਕਾਰ ਹੱਥ ਧੋ ਕੇ ਉਹਨਾਂ ਦੇ ਪਿੱਛੇ ਜੋ ਪਈ ਹੋਈ ਸੀ।

ਲਾਭ ਸਿੰਘ ਦਾ ਅੰਦਾਜ਼ਾ ਠੀਕ ਨਿਕਲਿਆ। ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਉਹਨਾਂ ਨੂੰ ਕਾਤਲ ਠਹਿਰਾ ਦਿੱਤਾ ਗਿਆ। ਸ਼ੁਕਰ ਸੀ ਫ਼ਾਂਸੀ ਦੀ ਸਜ਼ਾ ਨਹੀਂ ਸੀ ਹੋਈ। ਉਮਰ ਕੈਦ  ਨਾਲ ਹੀ ਸਰ ਗਿਆ ਸੀ।

ਤੇ ਹੁਣ ਕੈਦੀਆਂ ਵਾਲੀ ਵਰਦੀ ਲੈਣ ਲਈ ਉਹ ਉਸ ਅੱਗੇ ਖੜੇ ਸਨ।

ਲਾਭ ਸਿੰਘ ਉਹਨਾਂ ਨੂੰ ਨਾ ਬਰੀ ਕਰ ਸਕਦਾ ਸੀ ਅਤੇ ਨਾ ਜੇਲ੍ਹੋਂ ਭਜਾ ਸਕਦਾ ਸੀ। ਜੋ ਕੁਝ ਉਹ ਕਰ ਸਕਦਾ ਸੀ, ਉਹ ਉਸ ਨੇ ਕਰਨਾ ਸ਼ੁਰੂ ਕੀਤਾ।

ਉਸ ਨੇ ਰੈਕ ਵਿਚ ਨਵੇਂ ਕੱਪੜਿਆਂ ਵਾਲੇ ਲਿਫ਼ਾਫ਼ੇ ਕੱਢੇ ਅਤੇ ਇਕ-ਇਕ ਦੋਹਾਂ ਹਵਾਲੇ ਕਰਦਿਆਂ ਆਖਿਆ।

“ਇਹ ਹੈ ਇਕ ਨਿਰਦੋਸ਼ ਕੈਦੀ ਦੀ ਦੂਜੇ ਨਿਰਦੋਸ਼ ਕੈਦੀ ਲਈ ਹਮਦਰਦੀ।”

ਨਿਰਦੋਸ਼ ਹੋ ਕੇ ਸਜ਼ਾ ਕੱਟਣ ਦਾ ਦਰਦ ਲਾਭ ਸਿੰਘ ਨਾਲੋਂ ਵੱਧ ਕੋਈ ਨਹੀਂ ਸੀ ਜਾਣਦਾ।

ਜੀਤੇ ਦੇ ਵਾਰਿਸਾਂ, ਗਵਾਹਾਂ ਅਤੇ ਅਦਾਲਤ ਨੇ ਭਾਵੇਂ ਲਾਭ ਸਿੰਘ ਨੂੰ ਇਕ ਕਾਤਲ ਠਹਿਰਾ ਦਿੱਤਾ ਸੀ ਪਰ ਉਹ ਅੱਜ ਤਕ ਆਪਣੇ ਆਪ ਨੂੰ ਬੇਕਸੂਰ ਸਮਝਦਾ ਰਿਹਾ ਸੀ।

ਹਰ ਅੱਤਵਾਦੀ ਦਾ ਵਾਰਿਸ ਇਹੋ ਸੋਚਦਾ ਸੀ। ਕਿ ਉਸ ਦਾ ਬੰਦਾ ਦੁੱਧ-ਧੋਤਾ ਸੀ। ਉਹਨਾਂ ਕਿਹੜਾ ਆਪਣੇ ਕਾਰਨਾਮਿਆਂ ਦੀ ਲਿਸਟ ਆਪਣੇ ਚਹੇਤਿਆਂ ਨੂੰ ਸੌਂਪੀ ਹੁੰਦੀ ਸੀ। ਵਰਤਾਏ  ਭਾਣਿਆਂ ਦਾ ਇਲਮ ਤਾਂ ਪੁਲਿਸ ਨੂੰ ਹੁੰਦਾ ਸੀ।। ਜੀਤੇ ਦੇ ਘਰਦਿਆਂ ਨੂੰ ਵੀ ਉਸ ਦੇ ਬੇਕਸੂਰ ਹੋਣ ਦੀ ਗ਼ਲਤ-ਫ਼ਹਿਮੀ ਹੋਵੇਗੀ। ਜੀਤਾ ਸਿੰਘ ਵੱਲ ਭੇਜਣ ਤੋਂ ਪਹਿਲਾਂ ਮਹਿੰਗਾ ਸਿੰਘ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਏ ਕਲਾਸ ਦਾ ਅੱਤਵਾਦੀ ਹੈ। ਸਰਕਾਰ ਨੇ ਉਸ ਦੇ ਸਿਰ ’ਤੇ ਇਕ ਲੱਖ ਰੁਪਿਆ ਇਨਾਮ ਰੱਖਿਆ ਹੈ। ਇਨਾਮ ਦੀ ਰਕਮ ਉਹਨਾਂ ਨੂੰ ਮਿਲੀ ਵੀ ਸੀ। ਬਣਦਾ ਹਿੱਸਾ ਲਾਭ ਸਿੰਘ ਨੂੰ ਵੀ ਮਿਲਿਆ ਸੀ। ਉਹ ਕਿਸ ਤਰ੍ਹਾਂ ਮੰਨ ਲਏ ਕਿ ਮਹਿੰਗਾ ਸਿੰਘ ਨੇ ਸੁਪਾਰੀ ਲੈ ਕੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਸੀ। ਜੇ ਲਾਭ ਸਿੰਘ ਨੂੰ ਪਤਾ ਹੁੰਦਾ ਕਿ ਜੀਤਾ ਬੇਕਸੂਰ ਹੈ ਤਾਂ ਉਹ ਕਦੇ ਉਸ ਨੂੰ ਗੋਲੀ ਨਾ ਮਾਰਦਾ। ਅਣਜਾਣਪੁਣੇ ਵਿਚ ਜੇ ਕਿਸੇ ਅਫ਼ਸਰ ਨੇ ਉਸ ਤੋਂ ਕਿਸੇ ਨਿਰਦੋਸ਼ ਨੂੰ ਗੋਲੀ ਮਰਵਾ ਦਿੱਤੀ ਤਾਂ ਇਸ ਵਿਚ ਉਸ ਦਾ ਕੀ ਕਸੂਰ ਸੀ? ਸਿਪਾਹੀ ਨੇ ਤਾਂ ਆਪਣਾ ਫ਼ਰਜ਼ ਨਿਭਾਇਆ ਸੀ।

ਮਹਿੰਗਾ ਸਿੰਘ ਨੇ ਬੰਦੇ ਮਾਰ-ਮਾਰ ਧਨ-ਦੌਲਤ ਇਕੱਠੀ ਕੀਤੀ ਹੈ। ਲਾਭ ਸਿੰਘ ਨੂੰ ਅਫ਼ਸਰਾਂ ਦਾ ਇਹ ਦੋਸ਼ ਵੀ ਝੂਠਾ ਲੱਗਦਾ ਸੀ। ਲਾਭ ਸਿੰਘ ਨੂੰ ਇਕ ਵੀ ਅਜਿਹੀ ਘਟਨਾ ਯਾਦ ਨਹੀਂ ਸੀ, ਜਿਸ ਦੌਰਾਨ ਕਿਸੇ ਅੱਤਵਾਦੀ ਦੇ ਨਾਲ ਨਕਦੀ ਵੀ ਮਿਲੀ ਹੋਵੇ। ਧੀਆਂ-ਪੁੱਤਰ ਮਰਵਾ ਕੇ ਮਹਿੰਗਾ ਸਿੰਘ ਨੀਮ-ਪਾਗ਼ਲ ਜਿਹਾ ਹੋ ਗਿਆ ਸੀ। ਪੈਸੇ ਨਾਲੋਂ ਉਸ ਦਾ ਮੋਹ ਟੁੱਟ ਗਿਆ ਸੀ। ਹੋਰ ਅਫ਼ਸਰਾਂ ਵਾਂਗ ਇਨਾਮ ਵਾਲੀ ਰਕਮ ਉਹ ਆਪਣੀ ਜੇਬ ਵਿਚ ਨਹੀਂ ਸੀ ਪਾਉਂਦਾ। ਹਰ ਕਰਮਚਾਰੀ ਨੂੰ ਬਣਦਾ ਹਿੱਸਾ ਮਿਲਦਾ ਸੀ। ਇਸ ਲਈ ਲਾਭ ਸਿੰਘ ਦਾ ਵਿਸ਼ਵਾਸ ਸੀ ਕਿ ਉਸ ਨੇ ਜੀਤੇ ਨੂੰ ਬੇਮਤਲਬ ਨਹੀਂ ਸੀ ਮਾਰਿਆ।

ਝੂਠੇ ਦੋਸ਼ਾਂ ਤਹਿਤ ਸਜ਼ਾ ਹੋਏ ਕੈਦੀ ਉਸ ਨੂੰ ਆਪਣੇ ਭਾਈਚਾਰੇ ਵਿਚੋਂ ਲੱਗਦੇ ਸਨ। ਲਾਭ ਸਿੰਘ ਹਮੇਸ਼ਾ ਉਹਨਾਂ ਉਪਰ ਮਿਹਰਬਾਨ ਰਹਿੰਦਾ ਸੀ। ਇਹੋ ਮਿਹਰਬਾਨੀ ਉਹ ਹੁਣ ਦਿਖਾ ਰਿਹਾ ਸੀ।

ਹੱਥਾਂ ਵਿਚ ਨਵੇਂ ਕੱਪੜੇ ਫੜੀ ਖੜੇ ਪਾਲੇ ਮੀਤੇ ਨੂੰ ਜਾਪਦਾ ਸੀ, ਜਿਵੇਂ ਉਹ ਕੋਈ ਸੁਪਨਾ ਦੇਖ ਰਹੇ ਸਨ। ਵਕੀਲ ਨੂੰ ਝਿੜਕਾਂ ਮਾਰਨ ਵਾਲਾ ਉਹਨਾਂ ’ਤੇ ਮਿਹਰਬਾਨ ਕਿਉਂ? ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ।

“ਬਾਬਿਓ) ਇਕ ਹੋਰ ਦਇਆ ਕਰੋ। ਮੈਂ ਮਲੰਗ ਛੜਾ-ਛੜਾਂਗ ਬੰਦਾ ਹਾਂ। ਮੇਰੇ ਪਿੱਛੇ ਆਉਣ ਵਾਲਾ ਕੋਈ ਨਹੀਂ। ਕੋਈ ਪੁਰਾਣਾ-ਧਰਾਣਾ ਉੱਪਰ ਹੇਠਾਂ ਲੈਣ ਲਈ ਕੰਬਲ ਵੀ ਬਖ਼ਸ਼ ਦਿਓ।”

ਹੌਸਲੇ ਵਿਚ ਹੋਇਆ ਮੀਤਾ ਲਾਭ ਸਿੰਘ ਦੀ ਦਰਿਆ-ਦਿਲੀ ਦਾ ਫ਼ਾਇਦਾ ਉਠਾਉਣ ਲੱਗਾ।

“ਇਕ ਨਹੀਂ, ਦੋ-ਦੋ ਕੰਬਲ ਲਓ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਚੱਲ ਅੰਦਰੋਂ ਚਾਰ ਕੰਬਲ ਚੁੱਕ ਲਿਆ।”

ਲਾਭ ਸਿੰਘ ਨੇ ਬੰਦ ਪਏ ਕਮਰੇ ਦੇ ਦਰਵਾਜ਼ੇ ਵੱਲ ਇਸ਼ਾਰਾ ਕਰਦਿਆਂ ਆਖਿਆ।

ਪਾਲਾ ਘਬਰਾ ਰਿਹਾ ਸੀ। ਮੀਤਾ ਸਿਰ ਚੜ੍ਹਦਾ ਜਾ ਰਿਹਾ ਸੀ। ਲੱਗਦਾ ਸੀ ਛਿੱਤਰ ਖਾ ਕੇ ਰਹੇਗਾ।

ਚੋਰੀਆਂ ਕਰਨ ਦੇ ਮਾਹਿਰ ਮੀਤੇ ਨੇ ਪਤਾ ਨਹੀਂ ਕੀ ਜਾਦੂ ਮਾਰਿਆ। ਹਨੇਰੇ ਵਿਚੋਂ ਵੀ ਉਸ ਨੇ ਨਵੇਂ ਕੰਬਲ ਲੱਭ ਲਏ।

“ਕੁਝ ਹੋਰ ਮੰਗਣਾ ਹੈ, ਉਹ ਵੀ ਮੰਗ ਲਓ। ਫੇਰ ਨਾ ਆਖਣਾ ਸੋਨੂੰ ਕਾਨੂੰਨੀ ਹੱਕ ਨਹੀਂ ਮਿਲਿਆ।”

“ਬਾਈ ਇਉਂ ਕਰ, ਕੋਈ ਭਾਂਡਾ-ਠੀਕਰ ਵੀ ਦੇ ਦੇ। ਸਾਨੂੰ ਕਿਸੇ ਨੇ ਮੰਗੀ ਕੌਲੀ ਨਹੀਂ ਦੇਣੀ। ਕਿਧਰੇ ਭੁੱਖੇ ਨਾ ਮਰ ਜਾਈਏ।”

ਲਾਭ ਸਿੰਘ ਮੀਤੇ ਦਾ ਇਸ਼ਾਰਾ ਸਮਝ ਗਿਆ। ਦਲਿਤ ਹੋਣ ਕਾਰਨ ਬਾਕੀ ਕੈਦੀਆਂ ਨੇ ਉਸ ਨਾਲ ਭਾਂਡਾ ਸਾਂਝਾ ਨਹੀਂ ਸੀ ਕਰਨਾ।

“ਹੋਰ ਕੈਦੀ ਨੂੰ ਅਸੀਂ ਭਾਂਡੇ ਨਹੀਂ ਦਿੰਦੇ। ਉਹ ਆਪੇ ਘਰੋਂ ਮੰਗਵਾ ਲੈਂਦੇ ਹਨ। ਇਥੋਂ ਹੀ ਅਫ਼ਸਰਾਂ ਨੂੰ ਦੋ ਪੈਸੇ ਬਚਦੇ ਹਨ, ਪਰ ਤੂੰ ਭਾਂਡੇ ਵੀ ਲੈ ਲਾ। ਉਸ ਟੱਬ ਵਿਚ ਭਾਂਡੇ ਪਏ ਹਨ। ਇਕ ਕੌਲੀ, ਇਕ ਪਲੇਟ ਅਤੇ ਇਕ ਮੱਗ ਚੁੱਕ ਲੈ।”

ਮੀਤੇ ਨੇ ਝੱਟ ਭਾਂਡਿਆਂ ਦਾ ਇਕ ਸੈੱਟ ਪਾਲੇ ਨੂੰ ਫੜਾ ਦਿੱਤਾ ਅਤੇ ਇਕ ਆਪਣੇ ਕੋਲ ਰੱਖ ਲਿਆ।

ਪਾਲੇ ਨੂੰ ਕੈਦੀ ਨੰਬਰ 809 ਅਤੇ ਮੀਤੇ ਨੂੰ ਕੈਦੀ ਨੰਬਰ 810 ਮਿਲਿਆ।

ਉਹਨਾਂ ਨੇ ਕੱਪੜੇ ਲਾਹ ਕੇ, ਲਿਫ਼ਾਫ਼ੇ ਵਿਚ ਪਾ ਕੇ ਰੈਕ ਵਿਚ ਰੱਖ ਦਿੱਤੇ ਅਤੇ ਨਵੀਂ ਮਿਲੀ ਵਰਦੀ ਪਾ ਲਈ।

ਹੁਣ ਸਭ ਤੋਂ ਅਹਿਮ ਕਾਰਵਾਈ ਹੋਣੀ ਸੀ। ਉਹਨਾਂ ਨੇ ਕਿਸ ਨਰਕ ਵਿਚ ਜਾਣਾ ਹੈ? ਹੁਣ ਲਾਭ ਸਿੰਘ ਨੇ ਇਹ ਘੋਸ਼ਣਾ ਕਰਨੀ ਸੀ।

ਦੋਹਾਂ ਦੇ ਪਿਛੋਕੜ ਮਾੜੇ ਸਨ। ਮੀਤੇ ਨੂੰ ਨਾ ਧੀ ਤੋਰਨ ਦਾ ਫ਼ਿਕਰ ਸੀ ਨਾ ਨੂੰਹ ਲਿਆਉਣ ਦਾ। ਪਾਲੇ ਦੇ ਸਭ ਕੁਝ ਸੀ, ਪਰ ਨਾ ਹੋਇਆਂ ਵਰਗਾ। ਉਹ ਟੱਬਰ ਜਿਸ ਨੂੰ ਦੋ ਵਕਤ ਚੁੱਲ੍ਹਾ ਮਘਦਾ ਰੱਖਣ ਦਾ ਫ਼ਿਕਰ ਹੋਵੇ, ਉਹ ਕੈਦ ਕੱਟਦੇ ਬੰਦੇ ਨੂੰ ਖੀਰ ਨਹੀਂ ਖੁਆ ਸਕਦਾ। ਆਪਣਾ ਘਰ ਵੱਸਦਾ ਰੱਖਣ ਲਈ ਪਾਲੇ ਨੂੰ ਜੇਲ੍ਹ ਵਿਚ ਕਮਾਈ ਕਰਨੀ ਪੈਣੀ ਸੀ ਅਤੇ ਉਸ ਵਿਚੋਂ ਕੁਝ ਬਚਤ ਘਰ ਭੇਜਣੀ ਪੈਣੀ ਸੀ। ਇਹ ਤਾਂ ਸੰਭਵ ਹੋਣਾ ਸੀ, ਜੇ ਕੋਈ ਚੰਗਾ ਕੰਮ ਮਿਲੇ।

ਚੁੱਪ ਕਰਿਆ ਪਾਲਾ ਮੀਤੇ ਦੇ ਮੂੰਹ ਵੱਲ ਤੱਕ ਰਿਹਾ ਸੀ। ਪਤਾ ਨਹੀਂ ਮੀਤਾ ਕਿਸ ਦੇਵੀ ਨੂੰ ਧਿਆ ਰਿਹਾ ਸੀ। ਉਹ ਦੀ ਹਰ ਮੁਰਾਦ ਪੂਰੀ ਹੋ ਰਹੀ ਸੀ।

“ਇਹਨਾਂ ਨੂੰ ਕਿਹੜੀ ਬੈਰਕ ਵਿਚ ਭੇਜਾਂ?”

ਸੋਚਾਂ ਵਿਚ ਡੁੱਬੇ ਲਾਭ ਸਿੰਘ ਦੇ ਮੂੰਹੋਂ ਅਚਾਨਕ ਨਿਕਲਿਆ।

ਲਾਭ ਸਿੰਘ ਦੀ ਸਮੱਸਿਆ ਦਾ ਹੱਲ ਪਾਲੇ ਕੋਲ ਸੀ। ਉਹ ਉਹਨਾਂ ਨੂੰ ਜੈਨ ਸੇਠ ਨਾਲ ਮਸ਼ੱਕਤੀ ਲਾ ਦੇਵੇ, ਪਰ ਸੁਝਾਅ ਦੇਣ ਦੀ ਉਸ ਦੀ ਹਿੰਮਤ ਨਹੀਂ ਸੀ। ਸੱਧਰਾਂ ਨਾਲ ਭਰੀਆਂ ਅੱਖਾਂ ਨਾਲ ਉਸ ਨੇ ਮੀਤੇ ਵੱਲ ਤੱਕਿਆ। ਉਸ ਨੂੰ ਆਸ ਸੀ ਕਿ ਜਿਸ ਹੁਸ਼ਿਆਰੀ ਨਾਲ ਉਸ ਨੇ ਕੰਬਲ ਅਤੇ ਭਾਂਡੇ ਲਏ ਸਨ, ਓਨੀ ਫ਼ੁਰਤੀ ਨਾਲ ਉਹ ਇਹ ਵਰਦਾਨ ਵੀ ਲੈ ਲਵੇਗਾ।

“ਆਹ ਬਾਹਰ ਖੜੇ ਸੇਠ ਨਾਲ ਮੁਸ਼ੱਕਤੀ ਲਾ ਦਿਓ। ਰਾਤ ਨੂੰ ਜਦੋਂ ਢਿੱਡ ਭਰ ਕੇ ਸੌਂਇਆਂ ਕਰਾਂਗੇ ਤਾਂ ਤੁਹਾਨੂੰ ਅਸੀਸਾਂ ਦਿਆ ਕਰਾਂਗੇ।”

ਮੀਤੇ ਦਾ ਡਰ ਪੂਰੀ ਤਰ੍ਹਾਂ ਲੱਥ ਚੁੱਕਾ ਸੀ। ਉਹ ਦਿਲ ਖੋਲ੍ਹ ਕੇ ਮੁਰਾਦਾਂ ਮੰਗਣ ਲੱਗਾ

“ਇਹ ਤਾਂ ਉੱਡਦਾ ਪੰਛੀ ਹੈ। ਹੁਣ ਹਸਪਤਾਲ ਚੱਲਿਆ ਹੈ। ਦੋ-ਚਾਰ ਦਿਨਾਂ ਵਿਚ ਕੋਈ ਨਾ ਕੋਈ ਵਸੀਲਾ ਕਰ ਕੇ ਉਥੋਂ ਵੀ ਉਡਾਰੀ ਮਾਰ ਜਾਏਗਾ। ਪਹਿਲਾਂ ਹੀ ਚੱਜ ਦਾ ਖਸਮ ਕਰ ਲਓ।”

ਦੋਹਾਂ ਲਈ ਚੰਗੀ ਥਾਂ ਲੱਭਣ ਲਈ ਲਾਭ ਸਿੰਘ ਅੱਗੇ ਪਏ ਰਜਿਸਟਰ ਦੇ ਵਰਕੇ ਫਰੋਲਣ ਲੱਗਾ।

“ਲੈ ਭਈ ਮੀਤਿਆ, ਤੇਰਾ ਕੰਮ ਤਾਂ ਬਣ ਗਿਆ। ਤੂੰ ਚੱਲ ਸਿੰਘਾਂ ਦੇ ਵਿਹੜੇ। ਅੱਜ ਹੀ ਇਕ ਮੁਸ਼ੱਕਤੀ ਉਥੋਂ ਜ਼ਮਾਨਤ ਕਰਾ ਕੇ ਬਾਹਰ ਗਿਆ ਹੈ।”

“ਮੇਰਾ ਉਥੇ ਕੀ ਕੰਮ? ਉਹ ਮੇਰਾ ਤੂੰਬਾ ਵਜਾ ਦੇਣਗੇ।”

“ਕਾਗ਼ਜ਼ੀਂ-ਪੱਤਰੀਂ ਤੂੰ ਖਾੜਕੂ ਹੈਂ ਅਤੇ ਪਾਲਾ ਵੀ, ਸਮਝਿਆ।”

“ਉਹ ਤਾਂ ਠੀਕ ਹੈ, ਪਰ ਉਥੇ ਮੇਰਾ ਗੁਜ਼ਾਰਾ ਨਹੀਂ ਹੋਣਾ।”

“ਨਹੀਂ ਅਜਿਹੀ ਗੱਲ ਨਹੀਂ। ਜਾ ਕੇ ਦੇਖ, ਮੈਨੂੰ ਯਾਦ ਕਰਿਆ ਕਰੇਂਗਾ।”

“ਫੇਰ ਠੀਕ ਹੈ।” ਬੁਝੇ ਮਨ ਨਾਲ ਮੀਤੇ ਨੂੰ ਹਾਂ ਕਰਨੀ ਪਈ।

“ਮੈਨੂੰ ਵੀ ਮੀਤੇ ਨਾਲ ਭੇਜ ਦਿਓ।”

ਇਕੱਲਾ ਰਹਿ ਜਾਣ ਤੋਂ ਘਬਰਾ ਕੇ ਪਾਲੇ ਨੇ ਪਹਿਲੀ ਵਾਰ ਆਪਣਾ ਮੂੰਹ ਖੋਲ੍ਹਿਆ।

“ਤੇਰੇ ਦਾੜ੍ਹੀ ਕੇਸ ਕੱਟੇ ਹੋਏ ਨੇ, ਤੂੰ ਨਹੀਂ ਉਥੇ ਜਾ ਸਕਦਾ।”

“ਫੇਰ ਮੀਤੇ ਨੂੰ ਵੀ ਉਥੇ ਨਾ ਭੇਜੋ। ਸਾਨੂੰ ਦੋਹਾਂ ਨੂੰ ਇਕੋ ਬੈਰਕ ਦਿਓ।”

“ਦਿਲ ਕਿਉਂ ਛੋਟਾ ਕਰਦਾ ਹੈਂ। ਉਮਰ ਕੈਦ ਕੱਟਣੀ ਹੈ। ਬੀਸੀਆਂ ਵਾਰ ਇਕੱਠੇ ਅਤੇ ਅੱਡ ਹੋਣਾ ਪਵੇਗਾ। ਹਾਲਾਤਾਂ ਦਾ ਸਾਹਮਣਾ ਕਰਨਾ ਸਿੱਖ। ਮੈਂ ਤੈਨੂੰ ਇਸ ਤੋਂ ਵੀ ਵਧੀਆ ਥਾਂ ਦਿੰਦਾ ਹਾਂ।”

ਵੱਡੇ ਭਰਾਵਾਂ ਵਾਂਗ ਲਾਭ ਸਿੰਘ ਨੇ ਪਾਲੇ ਨੂੰ ਸਮਝਾਇਆ। “ਤੂੰ ਚੱਲ ਅਮੀਰਾਂ ਵਾਲੀ ਕੋਠੀ। ਉਥੇ ਪੜ੍ਹੇ-ਲਿਖੇ ਵਿਹਲੜ ਕੈਦੀ ਰਹਿੰਦੇ ਹਨ। ਉਹਨਾਂ ਨਾਲ ਰਹਿ ਕੇ ਨਾਲੇ ਰੱਖ ਕੇ ਖਾਏਂਗਾ ਨਾਲੇ ਚੰਗੀਆਂ ਗੱਲਾਂ ਸਿੱਖੇਂਗਾ।”

ਬਿਨਾਂ ਪਾਲੇ ਦਾ ਪ੍ਰਤੀਕਰਮ ਉਡੀਕੇ ਲਾਭ ਸਿੰਘ ਨੇ ਖ਼ਾਨਾਪੂਰਤੀ ਕੀਤੀ ਅਤੇ ਉਹਨਾਂ ਨੂੰ ਨਾਲ ਲੈ ਕੇ ਅਹਾਤਿਆਂ ਵੱਲ ਚੱਲ ਪਿਆ।

 

 

7

ਭੁੱਖ ਅਤੇ ਪਿਆਸ ਕਾਰਨ ਹਾਕਮ ਸਿੰਘ ਦਾ ਭੈੜਾ ਹਾਲ ਸੀ। ਪੇਟ ਵਿਚ ਨੱਚਦੇ ਚੂਹੇ  ਭੁੱਖ ਕਾਰਨ ਦਮ ਤੋੜ ਗਏ ਜਾਪਦੇ ਸਨ। ਭੁੱਖ ਮਰ ਰਹੀ ਸੀ। ਪਿਆਸ ਉਸੇ ਰਫ਼ਤਾਰ ਨਾਲ ਵਧ ਰਹੀ ਸੀ। ਹਾਕਮ ਸਿੰਘ ਨੂੰ ਕਾਹਲ ਸੀ ਕਿ ਕਦੋਂ ਉਹ ਬੈਰਕ ਪੁੱਜੇ ਤੇ ਕਦੋਂ ਪੀਣ ਨੂੰ ਪਾਣੀ ਮਿਲੇ।

ਉਸ ਨੇ ਪਹਿਲਾਂ ਵੀ ਦੋ ਸਾਲ ਬਤੌਰ ਹਵਾਲਾਤੀ ਸਬ-ਜੇਲ੍ਹ ਵਿਚ ਗੁਜ਼ਾਰੇ ਸਨ। ਉਦੋਂ ਉਸ ਨੇ ‘ਬਾਦਸ਼ਾਹ’ ਵਰਗੇ ਕੈਦੀਆਂ ਬਾਰੇ ਨਹੀਂ ਸੀ ਸੁਣਿਆ।

ਚੱਕਰ ਵਿਚ ਮੁਨਸ਼ੀ ਨਾਲ ਹੋਈ ਝੜਪ ਤੋਂ ਇਕ ਗੱਲ ਸਪੱਸ਼ਟ ਸੀ। ਇਸ ਅਹਾਤੇ ਦਾ ਨਾਂ ਭਾਵੇਂ ‘ਬਾਦਸ਼ਾਹਾਂ’ ਦੇ ਨਾਂ ’ਤੇ ਰੱਖਿਆ ਗਿਆ ਸੀ, ਪਰ ਹੋਏਗਾ ਇਹ ਨਰਕ ਦਾ ਨਮੂਨਾਹੀ।

ਹਾਕਮ ਸਿੰਘ ਉਸ ਨੂੰ ਛੱਡਣ ਜਾ ਰਹੇ ਸੇਵਾਦਾਰ ਕੋਲੋਂ ਇਸ ਬੈਰਕ ਦੇ ਨਾਂ ਦੇ ਪਿਛੋਕੜ ਬਾਰੇ ਜਾਣਨਾ ਚਾਹੁੰਦਾ ਸੀ ਪਰ ਖ਼ੁਸ਼ਕ ਗਲੇ ਵਿਚੋਂ ਇਕ ਸ਼ਬਦ ਉਚਾਰਨਾ ਵੀ ਮੁਸ਼ਕਲ ਜਾਪ ਰਿਹਾ ਸੀ। ਉਸ ਨੇ ਕਿਹੜਾ ਕਿਸੇ ਕੋਲੋਂ ਭੀਖ ਮੰਗਣੀ ਸੀ। ਅੱਗੇ ਕਿਹੜਾ ਉਸ ਨਾਲ ਇਨਸਾਫ਼ ਹੋਇਆ ਸੀ। ਜੋ ਮਿਲ ਰਿਹਾ ਸੀ, ਉਸ ਨੂੰ ‘ਭਾਣਾ ਮੰਨ ਕੇ’ ਉਹ ਖਿੜੇ ਮੱਥੇ ਸਵੀਕਾਰ ਕਰ ਰਿਹਾਸੀ।

ਇਸ ਲਈ ਚੁੱਪ-ਚਾਪ ਆਪਣੀ ਮੰਜ਼ਲ ਵੱਲ ਵਧਣ ਵਿਚ ਹੀ ਉਸ ਨੂੰ ਭਲਾਈ ਜਾਪਦੀਸੀ।

“ਭਾਅ ਜੀ) ਤੁਸੀਂ ਵਕੀਲ ਹੋ ਨਾ? ਲੋਕਾਂ ਨੂੰ ਬਰੀ ਕਰਾਉਣ ਵਾਲੇ ਵਕੀਲਾਂ ਨੂੰ ਵੀ ਸਜ਼ਾ ਹੋ ਜਾਂਦੀ ਹੈ?”

ਜਗਤਾਰ ਨੇ ਇਹ ਪ੍ਰਸ਼ਨ ਭੋਲੇਪਣ ਵਿਚ ਕੀਤਾ ਸੀ ਜਾਂ ਸਮੁੱਚੀ ਵਕੀਲ ਜਮਾਤ ਉੱਤਰ ਕਟਾਖ਼ਸ਼ ਲਈ, ਉਸ ਦੀ ਹਾਕਮ ਸਿੰਘ ਨੂੰ ਸਮਝ ਨਹੀਂ ਸੀ ਆਈ। ਪ੍ਰਸ਼ਨ ਸੁਣ ਕੇ ਪਹਿਲਾਂ ਹਾਕਮ ਸਿੰਘ ਨੂੰ ਗ਼ੁੱਸਾ ਆਇਆ। ਫੇਰ ਪ੍ਰਸ਼ਨ ਦੇ ਗਹਿਰੇ ਅਰਥ ਸਮਝ ਕੇ ਉਸ ਦੀ ਸੋਚ ਨੇ ਪਲਟਾ ਖਾਧਾ। ਸੇਵਾਦਾਰ ਵੱਡਾ ਪ੍ਰਸ਼ਨ ਉਠਾ ਰਿਹਾ ਸੀ। ਜਵਾਬ ਦੇਣਾ ਬਣਦਾ ਸੀ।

“ਪਹਿਲਾਂ ਇਹ ਦੱਸ ਤੈਨੂੰ ਕਿਸ ਜੁਰਮ ਦੀ ਸਜ਼ਾ ਹੋਈ ਹੈ? ਆਪਾਂ ਕਚਹਿਰੀ ਵਿਚ ਨਹੀਂ ਖੜੇ। ਇਸ ਲਈ ਰੱਤੀ ਭਰ ਝੂਠ ਨਾ ਬੋਲੀਂ। ਫੇਰ ਹੀ ਮੈਂ ਤੇਰੇ ਪ੍ਰਸ਼ਨ ਦਾ ਉੱਤਰ ਦੇ ਸਕਾਂਗਾ।”

ਗਲੇ ਵਿਚ ਹੁੰਦੀ ਤਕਲੀਫ਼ ਦੇ ਬਾਵਜੂਦ ਹਾਕਮ ਸਿੰਘ ਸੇਵਾਦਾਰ ਦੀ ਜਗਿਆਸਾ ਸ਼ਾਂਤ ਕਰਨ ਲਈ ਉਤਾਵਲਾ ਪੈਣ ਲੱਗਾ।

“ਮੈਂ ਲੋਕ ਨਿਰਮਾਣ ਵਿਭਾਗ ਵਿਚ ਬੇਲਦਾਰ ਸੀ। ਨਾਲੇ ਸਟੋਰ ਦਾ ਚੌਕੀਦਾਰਾ ਕਰਦਾ ਸੀ। ਬਚਿਆ ਸਾਮਾਨ ਅਫ਼ਸਰ ਵੇਚ ਦਿੰਦੇ ਸਨ। ਅਫ਼ਸਰ ਦੇ ਕਹਿਣ ’ਤੇ ਇਕ ਦਿਨ ਲੁੱਕ ਦਾ ਭਰਿਆ ਟਿੱਪਰ ਮੈਂ ਮਾਇਆ ਨਗਰ ਲਾਹੁਣ ਚੱਲਿਆ ਸੀ.....।”

“ਤੂੰ ਚੁੱਪ ਕਰ, ਅਗਾਂਹ ਕੀ ਵਾਪਰਿਆ ਹੋਣਾ ਹੈ, ਮੈਥੋਂ ਸੁਣ। ਰਸਤੇ ਵਿਚ ਤੈਨੂੰ ਪੁਲਿਸ ਨੇ ਘੇਰ ਲਿਆ। ਦੋ ਥੱਪੜ ਮਾਰ ਕੇ ਤੈਥੋਂ ਸੱਚ ਉਗਲਵਾ ਲਿਆ। ਤੇਰੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਅਫ਼ਸਰ ਨੂੰ ਮੌਕੇ ’ਤੇ ਬੁਲਾ ਲਿਆ। ਫੇਰ ਦੋਹਾਂ ਧਿਰਾਂ ਵਿਚਕਾਰ ਸੌਦਾ ਹੋਇਆ। ਅਫ਼ਸਰ ਛੁੱਟ ਗਿਆ, ਲੁੱਕ ਚੋਰੀ ਕਰਨ ਦਾ ਮੁਕੱਦਮਾ ਤੇਰੇ ਉਪਰ ਦਰਜ ਹੋ ਗਿਆ। ਗ਼ਦਾਰੀ ਕਰਨ ਕਾਰਨ ਅਫ਼ਸਰ ਤੇਰੇ ’ਤੇ ਨਰਾਜ਼ ਹੋ ਗਏ। ਤੈਨੂੰ ਨੌਕਰੀਉਂ ਕੱਢ ਦਿੱਤਾ ਅਤੇ ਆਪਣੀ ਬਣੀ ਆਪ ਨਿਬੜਨ ਲਈ ਇਕੱਲਾ ਛੱਡ ਦਿੱਤਾ। ਪਰੋਖੋਂ ਨਾ ਹੋਣ ਕਾਰਨ ਤੂੰ ਚੋਟੀ ਦਾ ਵਕੀਲ ਨਾ ਕਰ ਸਕਿਆ, ਗਵਾਹਾਂ ਦੀ ਸੇਵਾ ਨਾ ਕਰ ਸਕਿਆ। ਸਰਕਾਰੀ ਵਕੀਲ ਦੀ ਜੇਬ ਨਾ ਭਰ ਸਕਿਆ ਅਤੇ ਜੱਜ ਤਕ ਪਹੁੰਚ ਨਾ ਕਰ ਸਕਿਆ। ਨਤੀਜਨ ਤੈਨੂੰ ਚੋਰ ਠਹਿਰਾ ਕੇ ਸਜ਼ਾ ਸੁਣਾ ਦਿੱਤੀ ਗਈ। ਅਪੀਲ ਕਰਨ ਵਿਚ ਫੇਰ ਇਹੋ ਦਿੱਕਤ ਆਈ। ਕਿਉਂ ਠੀਕ ਹੈ ਨਾ?”

ਜਗਤਾਰ ਹੈਰਾਨੀ ਨਾਲ ਹਾਕਮ ਸਿੰਘ ਦੇ ਮੂੰਹ ਵੱਲ ਤੱਕਣ ਲੱਗਾ। ਹਾਕਮ ਉਸ ਨੂੰ ਅਗਲੇ-ਪਿਛਲੇ ਜਨਮ ਜਾਨਣ ਵਾਲਾ ਕੋਈ ਪਹੁੰਚਿਆ ਹੋਇਆ ਸਾਧੂ-ਸੰਤ ਲੱਗਾ।

“ਇਹੋ ਕੁਝ ਮੇਰੇ ਨਾਲ ਵਾਪਰਿਆ ਹੈ। ਨਾ ਤਫ਼ਤੀਸ਼ ਦੌਰਾਨ ਸੱਚ-ਝੂਠ ਦਾ ਨਿਤਾਰਾ ਹੁੰਦਾ ਹੈ, ਨਾ ਮੁਕੱਦਮੇ ਦੀ ਸੁਣਵਾਈ ਦੌਰਾਨ। ਅਦਾਲਤਾਂ ਵਿਚ ਗਵਾਹਾਂ ਅਤੇ ਵਕੀਲਾਂ ਦੀ ਚਤੁਰਾਈ ਅਤੇ ਬੌਧਿਕਤਾ ਦਾ ਮੁਕਾਬਲਾ ਹੁੰਦਾ ਹੈ। ਜਿਹੜੀ ਧਿਰ ਵੱਧ ਚੁਸਤ ਹੁੰਦੀ ਹੈ, ਉਹ ਜਿੱਤ ਜਾਂਦੀ ਹੈ। ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਮੇਰੇ ਮੁਕੱਦਮੇ ਦਾ ਮੁਦੱਈ ਮੇਰੀ ਉਮਰ ਨਾਲੋਂ ਵੱਧ ਵਕਾਲਤ ਦਾ ਤਜਰਬਾ ਰੱਖਣ ਵਾਲਾ ਵਕੀਲ ਸੀ। ਆਪਣੇ ਕਾਨੂੰਨੀ ਦਾਅ-ਪੇਚਾਂ ਦੇ ਗਿਆਨ ਦੇ ਆਧਾਰ ’ਤੇ ਉਸ ਨੇ ਮੈਨੂੰ ਸਜ਼ਾ ਕਰਵਾ ਦਿੱਤੀ। ਮੇਰੇ ਸੱਚ ਵਾਲਾ ਹਥਿਆਰ ਨਕਾਰਾ ਹੋ ਗਿਆ। ਮੇਰੀ ਵਕਾਲਤ ਵਿਚੇ ਰੁਲ ਗਈ।”

ਜਗਤਾਰ ਨੂੰ ਗੱਲਾਂ ਕਰਨ ਦੀ ਆਦਤ ਸੀ। ਇਹ ਪ੍ਰਸ਼ਨ ਉਸ ਨੇ ਉਂਝ ਹੀ ਸਮਾਂ ਬਿਤਾਉਣ ਲਈ ਕੀਤਾ ਸੀ, ਪਰ ਵਕੀਲ ਦੇ ਚੰਦ ਸਤਰਾਂ ਦੇ ਉੱਤਰ ਨੇ ਉਸ ਦੇ ਜ਼ਿਹਨ ਵਿਚ ਸਾਲਾਂ ਤੋਂ ਉਲਝੀ ਅੜੌਣੀ ਨੂੰ ਪਲਾਂ ਵਿਚ ਸੁਲਝਾ ਦਿੱਤਾ। ਉਸ ਨੂੰ ਹੁਣ ਸਮਝ ਆਈ ਕਿ ਬੇਕਸੂਰ ਹੁੰਦੇ ਹੋਏ ਵੀ ਅਦਾਲਤ ਨੇ ਉਸ ਨੂੰ ਕਸੂਰਵਾਰ ਕਿਉਂ ਠਹਿਰਾਇਆ ਸੀ?

ਸ਼ਰਧਾ ਨਾਲ ਜਗਤਾਰ ਦਾ ਸਿਰ ਵਕੀਲ ਦੇ ਗਿਆਨ ਅੱਗੇ ਝੁਕਿਆ। ਬੈਰਕ ਹਾਲੇ ਦੂਰ ਸੀ, ਜਗਤਾਰ ਹੋਰ ਗੱਲਾਂ ਕਰਨਾ ਚਾਹੁੰਦਾ ਸੀ, ਪਰ ਉਸ ਦੇ ਜ਼ਿਹਨ ਵਿਚ ਜਿਵੇਂ ਸਾਰੇ ਪ੍ਰਸ਼ਨ ਮੁੱਕ ਗਏ ਸਨ। ਨਵੇਂ ਪ੍ਰਸ਼ਨ ਦੇ ਖੜਾ ਹੋਣ ਤਕ ਉਸ ਨੇ ਚੁੱਪ ਰਹਿਣ ਦਾ ਫ਼ੈਸਲਾ ਕੀਤਾ।

ਹਾਕਮ ਵੀ ਗੱਲਾਂ ਕਰਨਾ ਚਾਹੁੰਦਾ ਸੀ, ਪਰ ਗਲਾ ਇਸ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ। ਹਾਕਮ ਸਿੰਘ ਹੁਰੀਂ ਜਿਸ ਦਿਸ਼ਾ ਵੱਲ ਜਾ ਰਹੇ ਸਨ, ਹਵਾ ਦਾ ਰੁਖ਼ ਉਸ ਦੇ ਉਲਟ ਸੀ। ਹਵਾ ਵਿਚ ਘੁਲੀ ਸੁਗੰਧ ਜਾਂ ਦੁਰਗੰਧ ਉਸ ਬੈਰਕ ਦੀ ਪਹਿਚਾਣ ਕਰਵਾ ਦਿੰਦੀ ਸੀ, ਜਿਸ ਵਿਚੋਂ ਦੀ ਉਹ ਲੰਘ ਕੇ ਆਈ ਸੀ।

ਜਿਉਂ ਹੀ ਤੜਕੇ ਵਾਲੀ ਖ਼ੁਸ਼ਬੂ ਦੀ ਥਾਂ ਟੱਟੀ-ਪਿਸ਼ਾਬ ਦੀ ਬੂਅ ਆਉਣ ਲੱਗੀ ਤਿਉਂ ਹੀ ਹਾਕਮ ਨੂੰ ਸਮਝ ਆ ਗਈ। ਬਾਦਸ਼ਾਹਾਂ ਵਾਲਾ ਅਹਾਤਾ ਹੁਣ ਦੂਰ ਨਹੀਂ।

“ਇਸ ਬੈਰਕ ਵਿਚ ਰਹਿਣ ਵਾਲੇ ਇਹ ਬਾਦਸ਼ਾਹ ਲੋਕ ਕੌਣ ਹੋਏ?”

ਹਾਕਮ ਸਿੰਘ ਕੋਲੋਂ ਬਹੁਤੀ ਦੇਰ ਆਪਣੀ ਉਤਸੁਕਤਾ ਦਬਾਈ ਨਾ ਗਈ। ਆਪਣੇ ਨਵੇਂ ਸਾਥੀਆਂ ਬਾਰੇ ਜਾਣਨ ਲਈ ਉਸ ਨੇ ਪੱਛਿਆ।

“ਗ਼ਰੀਬ ਮੰਗਤਿਆਂ ਦਾ ਮਜ਼ਾਕ ਉਡਾਉਣ ਲਈ ਉਹਨਾਂ ਨੂੰ ਬਾਦਸ਼ਾਹ ਆਖਿਆ ਜਾਂਦਾਹੈ।”

ਜਗਤਾਰ ਆਪਣੀ ਜਾਣਕਾਰੀ ਅਨੁਸਾਰ ਇਸ ਨਾਂ ਦਾ ਪਿਛੋਕੜ ਦੱਸਣ ਲੱਗਾ।

ਪੋਹ-ਮਾਘ ਦੀ ਕਰੜੀ ਸਰਦੀ ਜਦੋਂ ਖੁੱਲ੍ਹੇ ਅਸਮਾਨ ਥੱਲੇ ਕੱਟਣੀ ਔਖੀ ਹੋ ਜਾਂਦੀ ਹੈ ਤਾਂ ਮੰਦਰਾਂ, ਬੱਸ-ਅੱਡਿਆਂ ਅਤੇ ਸਟੇਸ਼ਨ ਦੇ ਬਾਹਰ ਰੁਲਦੇ ਮੰਗਤੇ ਦਿਨ ਕਟੀ ਕਰਨ ਲਈ ਜੇਲ੍ਹ ਪੁੱਜ ਜਾਂਦੇ ਹਨ। ਚੋਰੀ, ਜੂਆ, ਦੜਾ, ਸੱਟਾ ਅਤੇ ਨਾਜਾਇਜ਼ ਸ਼ਰਾਬ ਕਬਜ਼ੇ ਵਿਚ ਰੱਖਣ ਵਰਗੇ ਛੋਟੇ-ਮੋਟੇ ਕੇਸ ਬਣਾ ਕੇ ਇਕ ਪਾਸੇ ਪੁਲਿਸ ਆਪਣੀ ਕਾਰਵਾਈ ਪਾ ਲੈਂਦੀ ਹੈ, ਦੂਜੇ ਪਾਸੇ ਇਹਨਾਂ ਨੂੰ ਸਿਰ ਢੱਕਣ ਲਈ ਛੱਤ ਮਿਲ ਜਾਂਦੀ ਹੈ।

ਇਸ ਵਾਰ ਕਹਿਰ ਬੇਮੌਸਮਾ ਆ ਟੁੱਟਿਆ ਸੀ। ਜ਼ਿਲ੍ਹੇ ਦਾ ਪੁਲਿਸ ਕਪਤਾਨ ਯੋਰਪ ਵਿਚ ਜਾ ਕੇ ਮੰਗਤਿਆਂ ਬਾਰੇ ਖੋਜ ਕਰ ਕੇ ਆਇਆ ਸੀ। ਆਪਣੀ ਖੋਜ ਦੇ ਆਧਾਰ ’ਤੇ ਉਸ ਨੇ ਸਿੱਟਾ ਕੱਢਿਆ ਸੀ। ਬਹੁਤੇ ਮੰਗਤਿਆਂ ਦੀ ਬਿਰਤੀ ਜਰਾਇਮ-ਪੇਸ਼ਾ ਹੁੰਦੀ ਹੈ। ਮਾਇਆ ਨਗਰ ਨੂੰ ਜੁਰਮ ਰਹਿਤ ਅਤੇ ਲੋਕਾਂ ਨੂੰ ਮੰਗਤਿਆਂ ਹੱਥੋਂ ਚੌਂਕਾਂ ਵਿਚ ਹੁੰਦੀ ਪਰੇਸ਼ਾਨੀ ਤੋਂ ਬਚਾਉਣ ਲਈ ਉਸ ਨੇ ਮੰਗਤਿਆਂ ਨੂੰ ਫੜਨ ਦੀ ਮੁਹਿੰਮ ਛੇੜੀ ਹੋਈ ਸੀ। ਬੈਰਕ ਸੱਠ ਕੈਦੀਆਂ ਲਈ ਬਣੀ ਸੀ। ਇਸ ਵਿਚ ਸੌ ਤੋਂ ਵੱਧ ਕੈਦੀ ਬੰਦ ਸਨ। ਹੋਰ ਕੋਈ ਬੈਰਕ ਖ਼ਾਲੀ ਨਹੀਂ ਸੀ। ਬਾਕੀ ਬੈਰਕਾਂ ਵਾਲੇ ਇਹਨਾਂ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸਨ। ਸਰਦਾ-ਪੁੱਜਦਾ ਕੋਈ ਮੰਗਤਾ ਹੀ ਜ਼ਮਾਨਤ ਕਰਵਾ ਕੇ ਬਾਹਰ ਗਿਆ ਸੀ। ਬਾਕੀਆਂ ਨੇ ਆਪਣੇ ਜੁਰਮ ਕਬੂਲ ਕਰ ਲਏ ਸਨ। ਹੋਈ ਸਜ਼ਾ ਭੁਗਤ ਰਹੇ ਸਨ।

“ਆਪਣੇ ਪੈਸਿਆਂ ਦੀ ਰਸੀਦ ਮੰਗਣ ਦੀ ਮੈਨੂੰ ਇਹ ਸਜ਼ਾ ਮਿਲੀ ਹੈ।” ਮੰਗਤਿਆਂ ਦੀ ਵਿਥਿਆ ਸੁਣਨ ਬਾਅਦ ਹਾਕਮ ਮਨ ਹੀ ਮਨ ਕਲਪਿਆ।

“ਕੋਈ ਨਹੀਂ, ਜੋ ਹੋਏਗਾ ਦੇਖੀ ਜਾਏਗੀ। ਇਹ ਵੀ ਕਿਸੇ ਦੇ ਪੁੱਤ ਹਨ।” ਮਨ ਕਰੜਾ ਕਰ ਕੇ ਹਾਕਮ ਸਿੰਘ ਬੈਰਕ ਦੇ ਗੇਟ ਵੱਲ ਵਧਣ ਲੱਗਾ।

ਬਾਦਸ਼ਾਹਾਂ ਵਾਲੀ ਬੈਰਕ ਦੇ ਮੇਨ ਗੇਟ ਦੇ ਅੰਦਰ ਖੜਾ ਸੰਤਰੀ ਜਗਤਾਰ ਦੇ ਹੱਥ ਵਿਚ ਫੜੇ ਹਿਸਟਰੀ ਟਿਕਟ ਨਾਲ ਖੜੇ ਬੰਦੇ ਨੂੰ ਦੇਖ ਕੇ ਸਮਝ ਗਿਆ। ਇਸ ਕੈਦੀ ਨੇ ਚੱਕਰ ਵਿਚ ਕੋਈ ਗ਼ੁਸਤਾਖ਼ੀ ਕੀਤੀ ਹੈ। ਚੱਕਰ ਦੇ ਮੁਨਸ਼ੀ ਜਾਂ ਚੀਫ਼ ਵਾਰਡਰ ਨੇ ਉਸ ਗ਼ੁਸਤਾਖ਼ੀ ਲਈ ਸਜ਼ਾ ਸੁਣਾਈ ਹੈ। ਅੱਜ ਦੀ ਰਾਤ ਇਸ ਨਵੇਂ ਪੰਛੀ ਨੇ ਖੜੋ ਕੇ ਅਤੇ ਜਾਗ ਕੇ ਕੱਟਣੀ ਹੈ।

“ਕਿਉਂ ਬਈ) ਕਾਮਰੇਡ ਹੈਂ ਜਾਂ ਮਲੰਗ?” ਜਗਤਾਰ ਨੂੰ ਤੋਰ ਕੇ ਅਤੇ ਕੈਦੀ ਨੂੰ ਗੇਟ ਅੰਦਰ ਕਰ ਕੇ ਮਨ ਦਾ ਸ਼ੱਕ ਦੂਰ ਕਰਨ ਲਈ ਸੰਤਰੀ ਨੇ ਹਾਕਮ ਤੋਂ ਪੁੱਛਿਆ।

ਉਂਝ ਕੈਦੀ ਨੂੰ ਸਿਰ ਤੋਂ ਲੈ ਕੇ ਪੈਰਾਂ ਤਕ ਘੋਖਣ ਬਾਅਦ ਉਸ ਨੂੰ ਕੈਦੀ ਚੰਗਾ ਪੜ੍ਹਿਆ- ਲਿਖਿਆ ਲੱਗਾ ਸੀ। ਇਕਹਿਰੇ ਸਰੀਰ ਦਾ ਇਹ ਨੌਜਵਾਨ ਹੱਥੀਂ ਮਿਹਨਤ ਕਰਨ ਦਾ ਆਦੀ ਜਾਪਦਾ ਸੀ। ਬੈਰਕ ਵਿਚ ਬੰਦ ਬਾਕੀ ਕੈਦੀਆਂ ਵਾਂਗ ਉਹ ਕਿਸੇ ਗ਼ਰੀਬ ਘਰ ਦਾ ਨਹੀਂ ਸੀ। ਉਸ ਦੇ ਇਸ ਬੈਰਕ ਵਿਚ ਆਉਣ ਦਾ ਮਤਲਬ ਸਪੱਸ਼ਟ ਸੀ। ਫੇਰ ਵੀ ਉਹ ਕਾਰਨ ਹਾਕਮ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ।

“ਜੋ ਮਰਜ਼ੀ ਸਮਝ ਲੈ। ਕਾਮਰੇਡ ਨਾ ਹੁੰਦੇ ਹੋਏ ਵੀ ਹੁਣ ਮੈਂ ਕਾਮਰੇਡ ਹਾਂ। ਪੈਸਾ-ਧੇਲਾ ਹੁੰਦੇ ਹੋਏ ਵੀ ਮਲੰਗ ਹਾਂ।”

ਪੈਰ-ਪੈਰ ’ਤੇ ਹੁੰਦੀ ਬੇਇਨਸਾਫ਼ੀ ਤੋਂ ਤੰਗ ਆਏ ਅਤੇ ਗ਼ੁੱਸੇ ਨਾਲ ਭਰੇ ਹਾਕਮ ਨੇ ਆਪਣੀ ਜਾਣ-ਪਹਿਚਾਣ ਕਰਾਈ।

ਹਾਕਮ ਨੇ ਕੀ ਕਿਹਾ ਹੈ, ਸੰਤਰੀ ਦੇ ਕੁਝ ਪੱਲੇ ਨਾ ਪਿਆ। ਚੁੱਪ ਕਰ ਕੇ ਉਹ ਉਸ ਨੂੰ ਕੈਦੀ ਮੁਨਸ਼ੀ ਕੋਲ ਲੈ ਗਿਆ।

ਲੰਗਰ ਵਰਤ ਚੁੱਕਾ ਸੀ। ਗਿਣਤੀ ਹੋ ਚੁੱਕੀ ਸੀ। ਅੰਦਰਲੀ ਬੈਰਕ ਨੂੰ ਜਿੰਦਾ ਲਾਉਣਾ ਬਾਕੀ ਸੀ। ਜਿੰਦਾ ਅੱਧਾ ਘੰਟਾ ਲੇਟ ਵੀ ਲਾਇਆ ਜਾ ਸਕਦਾ ਸੀ। ਮੁਨਸ਼ੀ ਨਵੇਂ ਕੈਦੀ ਨੂੰ ਬੈਰਕ ਅੰਦਰ ਬੰਦ ਕਰ ਕੇ ਬੈਰਕ ਨੂੰ ਜਿੰਦਾ ਲਾ ਕੇ ਆਪਣੀ ਡਿਊਟੀ ਤੋਂ ਨਿਸ਼ਚਿੰਤ ਹੋ ਸਕਦਾ ਸੀ, ਪਰ ਇਕ ਪੜੇ੍ਹ-ਲਿਖੇ ਨੌਜਵਾਨ ਨੂੰ ਘੰਟਾ ਪਹਿਲਾਂ ਨਰਕ ਵਿਚ ਧੱਕਣ ਨੂੰ ਉਸ ਦਾ ਮਨ ਨਹੀਂ ਸੀ ਕੀਤਾ।

ਮੁਨਸ਼ੀ ਨੂੰ ਹਾਕਮ ਨਾਲ ਇਕ ਹੋਰ ਗੱਲੋਂ ਵੀ ਹਮਦਰਦੀ ਸੀ। ਹਾਕਮ ਵਾਂਗ ਕੁਲਵੰਤ ਵੀ ਲਾਭ ਸਿੰਘ ਦਾ ਸਤਾਇਆ ਹੋਇਆ ਸੀ। ਹੱਡ-ਤੋੜਵੀਂ ਮਿਹਨਤ ਅਤੇ ਸੌ ਮਿੰਨਤ-ਤਰਲਾ ਕਰ ਕੇ ਉਹ ਮੁਨਸ਼ੀ ਦੀ ਮੱਦ ਤਕ ਪੁੱਜਿਆ ਸੀ। ਤਿੰਨ ਮਹੀਨੇ ਰਿਹਾਈ ਵਿਚ ਰਹਿੰਦੇ ਸਨ। ਸੋਚਿਆ ਸੀ ਘਰ ਜਾਂਦਾ ਹੋਇਆ ਚਾਰ ਪੈਸੇ ਲੈ ਜਾਏਗਾ, ਪਰ ਲਾਭ ਸਿੰਘ ਨੇ ਉਸ ਦੀਆਂ ਸਾਰੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਸੀ।

ਕੁਲਵੰਤ ਸਿੰਘ ਦਸ ਪਾਸ ਸੀ, ਉਸ ਨੂੰ ਸਰਦਾਰਾਂ ਦੇ ਮੱਛੀਆਂ ਦੇ ਤਲਾਅ ਵਿਚੋਂ ਮੱਛੀਆਂ ਚੋਰੀ ਕਰਨ ਦੇ ਜੁਰਮ ਵਿਚ ਦੋ ਸਾਲ ਕੈਦ ਹੋਈ ਸੀ। ਮੱਛੀਆਂ ਉਸ ਨੇ ਚੋਰੀ ਜ਼ਰੂਰ ਕੀਤੀਆਂ ਸਨ, ਪਰ ਵੇਚਣ ਲਈ ਨਹੀਂ, ਜੀਭ ਦਾ ਸਵਾਦ ਪੂਰਾ ਕਰਨ ਲਈ। ਇਕ ਵਾਰ ਮੇਲੇ ਵਿਚ ਉਸਨੇ ਮੁੰਡਿਆਂ ਨਾਲ ਮੱਛੀ ਦੇ ਪਕੌੜੇ ਖਾਧੇ ਸਨ। ਉਸੇ ਦਿਨ ਤੋਂ ਉਸ ਦਾ ਮਨ ਰੱਜ ਕੇ ਪਕੌੜੇ ਖਾਣ ਨੂੰ ਤਰਸ ਰਿਹਾ ਸੀ। ਪਕੌੜਿਆਂ ਵਾਲੀ ਰੇਹੜੀ ਪਿੰਡ ਦੇ ਬੱਸਾਂ ਦੇ ਅੱਡੇ ਵਿਚ ਲੱਗਦੀ ਸੀ। ਉਹ ਦਸ ਰੁਪਏ ਦੀ ਪਾਈਆ ਮੱਛੀ ਦਿੰਦਾ ਸੀ। ਦਸ ਰੁਪਏ ਮਹੀਨੇ ਵਿਚ ਮਸਾਂ ਜੁੜਦੇ ਸਨ। ਪਰ ਮੱਛੀ ਹਲਕ ਤਾਲੂਏ ਨਾਲ ਲੱਗ ਜਾਂਦੀ ਸੀ। ਉਸ ਨੇ ਕਿੱਲੋ ਕੁ ਮੱਛੀ ਫੜੀ ਸੀ। ਠੇਕੇਦਾਰ ਕਹਿੰਦਾ ਸੀ ਹਰ ਰੋਜ਼ ਮੱਛੀ ਚੋਰੀ ਹੁੰਦੀ ਸੀ। ਉਹ ਠੀਕ ਕਹਿੰਦਾ ਹੋਏਗਾ। ਮੱਛੀ ਕੋਈ ਹੋਰ ਚੋਰੀ ਕਰਦਾ ਹੋਏਗਾ, ਪਰ ਫੜਿਆ ਕੁਲਵੰਤ ਗਿਆ। ਪਹਿਲੀ ਚੋਰੀ ਉਪਰ ਫਾਹਾ ਲੱਗ ਗਿਆ।

ਪਹਿਲੇ ਦੋ ਮਹੀਨੇ ਕੁਲਵੰਤ ਨੇ ਜੇਲ੍ਹ ਦੇ ਫ਼ਾਰਮ ਉਪਰ ਖੇਤੀ ਕੀਤੀ। ਹੱਡੀ-ਭੰਨਵੀਂ ਮਿਹਨਤ ਨੇ ਉਸ ਨੂੰ ਜੇਲ੍ਹ ਸੁਪਰਡੈਂਟ ਦੀ ਨਜ਼ਰ ਵਿਚ ਲੈ ਆਂਦਾ। ਕੁਲਵੰਤ ਸਿੰਘ ਦੇ ਪਿਛੋਕੜ ਬਾਰੇ ਉਸ ਨੇ ਪ੍ਰੋਬੇਸ਼ਨ ਅਫ਼ਸਰ ਤੋਂ ਰਿਪੋਰਟ ਮੰਗਵਾ ਲਈ। ਉਸ ਦੇ ਹੁੰਗਾਰਾ ਭਰਨ ’ਤੇ ਜੇਲ੍ਹ ਸੁਪਰਡੈਂਟ ਨੇ ਉਸ ਨੂੰ ਫ਼ਾਰਮ ’ਤੇ ਪਿੰਡ ਭੇਜ ਦਿੱਤਾ। ਜਗਤਾਰ ਵੀ ਉਸ ਦੇ ਨਾਲ ਸੀ। ਸੁਪਰਡੈਂਟ ਨੇ ਉਹਨਾਂ ਨਾਲ ਵਾਅਦਾ ਕੀਤਾ, ਜੇ ਉਹ ਦਿਲ ਲਾ ਕੇ ਕੰਮ ਕਰਨਗੇ ਤਾਂ ਉਹ ਉਹਨਾਂ ਦੀ ਇਕ ਦਿਹਾੜੀ ਨੂੰ ਦੋ ਦਿਹਾੜੀਆਂ ਵਿਚ ਬਦਲ ਕੇ ਅੱਧੀ ਕੈਦ ਮੁਆਫ਼ ਕਰ ਦੇਵੇਗਾ। ਘਰ ਜਲਦੀ ਜਾਣ ਦੇ ਚਾਅ ਵਿਚ ਉਹਨਾਂ ਨੇ ਦਿਨ-ਰਾਤ ਇਕ ਕਰ ਦਿੱਤਾ। ਸੁਪਰਡੈਂਟ ਨੇ ਆਪਣਾ ਵਾਅਦਾ ਪੂਰਾ ਕੀਤਾ। ਮੁਆਫ਼ੀਆਂ ਦੇ ਕੇ ਉਸ ਨੇ ਦੋ ਸਾਲ ਦੀ ਕੈਦ ਸਵਾ ਸਾਲ ’ਤੇ ਲੈ ਆਂਦੀ।

ਨਾਲ ਇਕ ਹੋਰ ਰਿਆਇਤ ਕੀਤੀ। ਬਾਕੀ ਬਚਦੇ ਤਿੰਨ-ਤਿੰਨ ਮਹੀਨਿਆਂ ਲਈ ਜਗਤਾਰ ਅਤੇ ਉਸ ਨੂੰ ਮੁਨਸ਼ੀ ਲਾ ਦਿੱਤਾ।

ਜਗਤਾਰ ਚੁਸਤ ਸੀ। ਉਸ ਨੇ ਕੋਈ ਹੇਠ-ਉਤਾਂਹ ਕਰ ਲਿਆ। ਲਾਭ ਸਿੰਘ ਨੇ ਉਸ ਨੂੰ ਆਪਣੇ ਚੱਕਰ ਵਿਚ ਸੇਵਾਦਾਰ ਲਾ ਲਿਆ।

ਕੁਲਵੰਤ ਕੋਲ ਦੇਣ ਲਈ ਕੁਝ ਨਹੀਂ ਸੀ। ਸੁਪਰਡੈਂਟ ਦੇ ਫ਼ਾਰਮ ’ਤੇ ਖਾਣ-ਪੀਣ ਨੂੰ ਖੁੱਲ੍ਹਾ ਮਿਲਦਾ ਸੀ, ਪਰ ਨਕਦ ਕੁਝ ਨਹੀਂ ਸੀ ਮਿਲਦਾ। ਉਸ ਦੇ ਖਾਤੇ ਵਿਚ ਇਕ ਧੇਲਾ ਨਹੀਂ ਸੀ। ਮਾਂ ਵਿਧਵਾ ਸੀ, ਚੁੱਲ੍ਹਾ ਪਤਾ ਨਹੀਂ ਕਿਸ ਤਰ੍ਹਾਂ ਮਘਾਉਂਦੀ ਹੋਵੇਗੀ। ਆਪਣੇ ਆਰਾਮ ਲਈ ਉਹ ਮਾਂ ’ਤੇ ਬੋਝ ਨਹੀਂ ਸੀ ਪਾ ਸਕਦਾ। ਚੰਗੀ ਬੈਰਕ ਦਾ ਮੁਨਸ਼ੀ ਲੱਗਣ ਲਈ ਲਾਭ ਸਿੰਘ ਨੂੰ ਪੈਸਾ ਦੇਣਾ ਜ਼ਰੂਰੀ ਸੀ।

ਗੱਲ ਸਿਰੇ ਨਾ ਲੱਗ ਸਕੀ। ਲਾਭ ਸਿੰਘ ਨੇ ਉਸ ਨੂੰ ਅਫ਼ਸਰਾਂ ਦਾ ਹੁਕਮ ਮੰਨ ਕੇ ਮੁਨਸ਼ੀ ਤਾਂ ਲਾਇਆ ਪਰ ਲਾਇਆ ਇਸ ਬੈਰਕ ਦਾ, ਜਿਥੇ ਆਰਾਮ ਘੱਟ ਅਤੇ ਸਜ਼ਾ ਵੱਧ ਸੀ।

ਫੇਰ ਵੀ ਕੁਲਵੰਤ ਖ਼ੁਸ਼ ਸੀ। ਸਜ਼ਾ ਦੇ ਕੁਝ ਦਿਨ ਬਾਕੀ ਸੀ। ਉਸ ਦਾ ਦਸੌਂਟਾ ਕੱਟਣ ਹੀ ਵਾਲਾ ਸੀ।

ਦੁੱਖਾਂ ਦੀ ਸਾਂਝ ਦੇ ਇਸ ਅਜੀਬ ਰਿਸ਼ਤੇ ਕਾਰਨ ਕੁਲਵੰਤ ਸਿੰਘ ਹਾਕਮ ਨੂੰ ਬਣਦੀ ਹਰ ਸਹੂਲਤ ਦੇਣ ’ਤੇ ਤੁਲਿਆ ਹੋਇਆ ਸੀ।

“ਕੁਝ ਖਾਣ ਲਈ ਪਿਐ?”

ਬਣੀ ਨੇੜਤਾ ਦਾ ਹਾਕਮ ਸਿੰਘ ਫ਼ਾਇਦਾ ਉਠਾਉਣਾ ਚਾਹੁੰਦਾ ਸੀ। ਹੁਣ ਸ਼ਾਇਦ ਕੁਝ ਬਚਿਆ-ਖੁਚਿਆ ਪਿਆ ਹੋਵੇ। ਨਹੀਂ ਤਾਂ ਸਵੇਰੇ ਤਕ ਭੁੱਖਾ ਰਹਿਣਾ ਪੈਣਾ ਸੀ।

“ਇਹਨਾਂ ਮੰਗਤਿਆਂ ਦੇ ਢਿੱਡ ਖੂਹਾਂ ਵਰਗੇ ਨੇ। ਭਰਦੇ ਹੀ ਨਹੀਂ। ਜੋ ਮਿਲਦਾ ਹੈ, ਸਭ ਚੱਟ ਕਰ ਜਾਂਦੇ ਨੇ।”

ਹਾਕਮ ਭੁੱਖਾ ਹੈ। ਇਹ ਜਾਣ ਕੇ ਕੁਲਵੰਤ ਨੂੰ ਦੁੱਖ ਹੋਇਆ, ਪਰ ਇਸ ਦਾ ਉਸ ਕੋਲ ਕੋਈ ਹੱਲ ਨਹੀਂ ਸੀ।

“ਕੋਈ ਨਹੀਂ। ਪਾਣੀ ਪਿਲਾ।”

ਹਾਕਮ ਦੇ ਪਾਣੀ ਪੀਂਦਿਆਂ-ਪੀਂਦਿਆਂ ਬਾਹਰ ਸੜਕ ’ਤੇ ਹੁੰਦੀ ਪੈੜ-ਚਾਲ ਸੁਣਾਈ ਦੇਣ ਲੱਗੀ।

ਸਹਾਇਕ ਦਰੋਗ਼ਾ ਦੌਰੇ ’ਤੇ ਆ ਰਿਹਾ ਸੀ। ਹਾਕਮ ਨੂੰ ਬੈਰਕ ਤੋਂ ਬਾਹਰ ਬੈਠਾ ਦੇਖ ਉਸ ਨੇ ਨਰਾਜ਼ ਹੋਣਾ ਸੀ। ਝਾੜ-ਝੰਬ ਤੋਂ ਬਚਣ ਲਈ ਕੁਲਵੰਤ ਨੇ ਹਾਕਮ ਨੂੰ ਬੈਰਕ ਵਿਚ ਬੰਦ ਕੀਤਾ, ਜਿੰਦਰਾ ਮਾਰਿਆ ਅਤੇ ਚਾਬੀ ਲੈ ਕੇ ਬਾਹਰਲੇ ਗੇਟ ਵੱਲ ਤੁਰ ਪਿਆ।

 

 

8

ਜੈਨ ਦੇ ਚੱਕਰੋਂ ਨਿਕਲਣ ਤਕ ਘੁਸਮੁਸਾ ਹੋ ਚੁੱਕਾ ਸੀ। ਹਨ੍ਹੇਰਾ ਆਪਣੀ ਚਾਦਰ ਵਿਛਾਉਣ ਵਾਲਾ ਸੀ। ਸੂਰਜ ਛੁਪਣ ਤੋਂ ਪਹਿਲਾਂ-ਪਹਿਲਾਂ ਸਾਰੇ ਕੈਦੀ ਆਪਣੇ-ਆਪਣੇ ਅਹਾਤਿਆਂ ਵਿਚ ਵਾਪਸ ਆ ਚੁੱਕੇ ਸਨ। ਲੰਗਰ ਵਰਤ ਰਿਹਾ ਸੀ। ਫੇਰ ਗਿਣਤੀ ਕਰ ਕੇ ਉਹਨਾਂ ਨੂੰ ਬੈਰਕਾਂ ਵਿਚ ਬੰਦ ਕੀਤਾ ਜਾਣਾ ਸੀ।

ਹਵਾ ਨੂੰ ਠੱਲ੍ਹ ਪਾਉਣ ਲਈ ਸਾਰੀ ਜੇਲ੍ਹ ਵਿਚ ਇਕ ਵੀ ਦਰੱਖ਼ਤ ਨਹੀਂ ਸੀ। ਮੱਧਮ ਗਤੀ ਨਾਲ ਚੱਲਦੀ ਹਵਾ ਜੇਲ੍ਹ ਵੜਦਿਆਂ ਹੀ ਤੇਜ਼ੀ ਫੜ ਲੈਂਦੀ ਸੀ। ਤੇਜ਼ ਹਵਾ ਕਾਰਨ ਉੱਡਦਾ ਰੇਤ ਮੂੰਹ ਤਕ ਮਾਰ ਕਰ ਰਿਹਾ ਸੀ।

ਜੈਨ ਨੇ ਦੂਰ-ਦੂਰ ਤਕ ਨਜ਼ਰ ਦੌੜਾਈ। ਸੇਵਾਦਾਰ ਅਤੇ ਉਸ ਤੋਂ ਬਿਨਾਂ ਇਕ ਵੀ ਬੰਦਾ ਉਸ ਨੂੰ ਜੇਲ੍ਹ ਵਿਚ ਤੁਰਦਾ-ਫਿਰਦਾ ਨਜ਼ਰ ਨਾ ਆਇਆ। ਗਿੱਦੜਾਂ ਦੇ ਰੋਣ ਦੀਆਂ ਆਵਾਜ਼ਾਂ ਮਾਹੌਲ ਨੂੰ ਹੋਰ ਡਰਾਉਣਾ ਬਣਾ ਰਹੀਆਂ ਸਨ।

ਸੇਵਾਦਾਰ ਦੀ ਰਫ਼ਤਾਰ ਤੇਜ਼ ਸੀ। ਉਸ ਦੀ ਆਪਣੀ ਬੰਦੀ ਦਾ ਸਮਾਂ ਹੋ ਚੁੱਕਾ ਸੀ। ਉਹ ਆਪਣੇ ਅਹਾਤੇ ਵਿਚ ਜਾਣ ਲਈ ਕਾਹਲਾ ਸੀ। ਜੇ ਹੋਰ ਦੇਰ ਹੋ ਗਈ ਤਾਂ ਪਿੱਛੋਂ ਲੰਗਰ ਵਰਤ ਜਾਣਾ ਸੀ ਅਤੇ ਰਾਤ ਭੁੱਖਿਆਂ ਕੱਟਣੀ ਪੈਣੀ ਸੀ।

ਜੈਨ ਪੂਰਾ ਯਤਨ ਕਰ ਰਿਹਾ ਸੀ। ਫੇਰ ਵੀ ਸੇਵਾਦਾਰ ਦੇ ਕਦਮ ਨਾਲ ਕਦਮ ਨਹੀਂ ਸੀ ਮਿਲਾ ਰਿਹਾ। ਕਾਰਾਂ ਵਿਚ ਘੁੰਮਣ ਵਾਲੇ ਜੈਨ ਨੂੰ ਪੈਦਲ ਤੁਰਨ ਦੀ ਆਦਤ ਨਹੀਂ ਸੀ। ਚਾਰ ਤੇਜ਼ ਕਦਮ ਪੁੱਟਦੇ ਹੀ ਉਸ ਦਾ ਸਾਹ ਚੜ੍ਹਨ ਲੱਗਦਾ ਸੀ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਸੀ ਅਤੇ ਉਸ ਨੂੰ ਲੱਗਣ ਲੱਗਦਾ ਸੀ ਡਿੱਗਾ ਕਿ ਡਿੱਗਾ।

ਹੁਣ ਉਹ ਕੈਦੀ ਸੀ। ਜੇਲ੍ਹ ਦਾ ਕਾਇਦਾ-ਕਾਨੂੰਨ ਮੰਨਣ ਲਈ ਮਜਬੂਰ ਸੀ। ਹਸਪਤਾਲ ਤਕ ਉਸ ਨੂੰ ਤੁਰਨਾ ਹੀ ਪੈਣਾ ਸੀ। ਮਨ ਨੂੰ ਹੁੰਦੀ ਘਬਰਾਹਟ ਦੀ ਪਰਵਾਹ ਨਾ ਕਰਦਿਆਂ ਉਹ ਭੱਜੇ ਜਾਂਦੇ ਸੇਵਾਦਾਰ ਨਾਲ ਰਲਣ ਦਾ ਯਤਨ ਕਰ ਰਿਹਾ ਸੀ।

ਸਜ਼ਾ ਦਾ ਹੁਕਮ ਹੋਣ ਤੋਂ ਲੈ ਕੇ ਹੁਣ ਤਕ ਜੈਨ ਇਕੋ ਆਹਰ ਵਿਚ ਲੱਗਾ ਰਿਹਾ ਸੀ। ਕਿਸੇ ਗੰਦੀ-ਮੰਦੀ ਬੈਰਕ ਵਿਚ ਜਾਣ ਦੀ ਥਾਂ ਉਹ ਕਿਵੇਂ ਨਾ ਕਿਵੇਂ ਹਸਪਤਾਲ ਵਿਚ ਦਾਖ਼ਲ ਹੋ ਜਾਵੇ। ਉਂਝ ਉਸ ਦੀ ਹਾਲਤ ਬੀਮਾਰਾਂ ਵਾਲੀ ਹੀ ਸੀ। ਬਲੱਡ-ਪ੍ਰੈਸ਼ਰ, ਸ਼ੂਗਰ, ਟੈਨਸ਼ਨ ਅਤੇ ਦਿਲ ਦੀ ਕਮਜ਼ੋਰੀ ਵਰਗੀਆਂ ਕਈ ਭਿਆਨਕ ਬੀਮਾਰੀਆਂ ਦਾ ਉਹ ਸ਼ਿਕਾਰ ਸੀ। ਤਿੰਨ ਵਕਤ ਥੱਬਾ ਗੋਲੀਆਂ ਦਾ ਅੰਦਰ ਸੁੱਟਦਾ ਸੀ ਤਾਂ ਕਿਤੇ ਜਾ ਕੇ ਦਿਨ ਸੁਖ ਨਾਲ ਨਿਕਲਦਾ ਸੀ।

ਹੁਣ ਜਦੋਂ ਉਹ ਬਿਨਾਂ ਕਿਸੇ ਬਾਹਰੀ ਸਹਾਇਤਾ ਦੇ ਹਸਪਤਾਲ ਦਾਖ਼ਲ ਹੋਣ ਦੇ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਚੁੱਕਾ ਸੀ ਤਾਂ ਰੁਝੇਵਿਆਂ ਤੋਂ ਮੁਕਤ ਹੋਇਆ ਉਸ ਦਾ ਦਿਮਾਗ਼ ਵਾਧੇ-ਘਾਟੇ ਕਰਨ ਲੱਗਾ।

ਮੁਕੱਦਮਾ ਦਰਜ ਹੋਣ ਤੋਂ ਲੈ ਕੇ ਹੁਣ ਤਕ ਉਸ ਦਾ ਕਰੀਬ ਪੰਦਰਾਂ ਲੱਖ ਰੁਪਿਆ ਖ਼ਰਚ ਹੋ ਚੱਕਾ ਸੀ। ਜਦੋਂ ਅਫ਼ਸਰਾਂ ਦੇ ਘਰ ਛਾਪਾ ਪਿਆ ਤਾਂ ਜੈਨ ਆਪਣੇ ਘਰ ਨਹੀਂ ਸੀ। ਦਿੱਲੀ ਗਿਆ ਹੋਇਆ ਸੀ। ਉਹ ਚਾਹੁੰਦਾ ਤਾਂ ਮਸਲੇ ਦੇ ਠੰਢਾ ਹੋ ਜਾਣ ਤਕ ਵਿਦੇਸ਼ ਲਈ ਉਡਾਰੀ ਮਾਰ ਸਕਦਾ ਸੀ। ਉਸ ਕੋਲ ਮਲਟੀ-ਪਰਪਜ਼ ਵੀਜ਼ਾ ਸੀ। ਦੁਨੀਆਂ ਦੇ ਹਰ ਮੁਲਕ ਵਿਚ ਉਸ ਦੇ ਦੋਸਤ ਮੌਜੂਦ ਸਨ, ਪਰ ਆਪਣੇ ਸਲਾਹਕਾਰਾਂ ਦੀ ਸਲਾਹ ਮੰਨ ਕੇ ਬਿਨਾਂ ਕੁੱਟ-ਮਾਰ ਦੀ ਪਰਵਾਹ ਕੀਤੇ ਉਹ ਪੁਲਿਸ ਕੋਲ ਪੇਸ਼ ਹੋ ਗਿਆ ਸੀ। ਚਾਰ ਦਿਨ ਦੇ ਮਿਲੇ ਪੁਲਿਸ ਰਿਮਾਂਡ ਦੌਰਾਨ ਉਸ ਨੂੰ ਕਈ ਤਰ੍ਹਾਂ ਦੀ ਜ਼ਲਾਲਤ ਝੱਲਣੀ ਪਈ ਸੀ। ਆਪਣੇ ਅਫ਼ਸਰਾਂ ਨੂੰ ਖ਼ੁਸ਼ ਰੱਖਣ ਅਤੇ ਕਾਰੋਬਾਰ ਨੂੰ ਚਾਲੂ ਰੱਖਣ ਲਈ ਉਸ ਨੂੰ ਇਹ ਕੌੜਾ ਘੁੱਟ ਭਰਨਾ ਪਿਆ ਸੀ। ਉਸ ਦੀ ਯੋਜਨਾ ਕਾਮਯਾਬ ਰਹੀ ਸੀ। ਸੇਠ ਵੱਲੋਂ ਦਿਖਾਈ ਦਲੇਰੀ ਦੀ ਅਫ਼ਸਰਾਂ ਨੇ ਕਦਰ ਕੀਤੀ ਸੀ। ਉਸ ਦਾ ਇਕ ਵੀ ਠੇਕਾ ਕੈਂਸਲ ਨਹੀਂ ਸੀ ਹੋਇਆ।

ਸ਼ਾਇਦ ਆਖ਼ਰੀ ਸਮੇਂ ਅਫ਼ਸਰ ਉਸ ਨੂੰ ਧੋਖਾ ਦੇ ਗਏ ਸਨ। ਜਾਪਦਾ ਸੀ ਅਫ਼ਸਰਾਂ ਨੇ ਆਪਣੇ ਬਰੀ ਹੋਣ ਦਾ ਇੰਤਜ਼ਾਮ ਕੀਤਾ ਸੀ। ਨਾਲ ਜੈਨ ਨੂੰ ਬਰੀ ਕਰਾਉਣ ਦਾ ਹੰਭਲਾ ਨਹੀਂ ਸੀ ਮਾਰਿਆ। ਹਰ ਅਫ਼ਸਰ ਇਕ ਦੂਜੇ ਤੋਂ ਚੜ੍ਹਦਾ ਸੀ। ਐਕਸੀਅਨ ਰਿਟਾਇਰ ਆਈ.ਜੀ. ਦਾ ਜਵਾਈ ਸੀ। ਐਸ.ਡੀ.ਓ. ਦਾ ਮਾਮਾ ਸੈਸ਼ਨ ਜੱਜ ਸੀ। ਅਗਾਂਹ ਸੈਸ਼ਨ ਜੱਜ ਧੜੱਲੇਦਾਰ ਸੀ। ਜੇ.ਈ. ਸਭ ਦਾ ਬਾਪ ਸੀ। ਉਸ ਦਾ ਸਹੁਰਾ ਟਰਾਂਸਪੋਰਟਰ ਸੀ। ਮੰਤਰੀ ਉਸ ਦੇ ਘਰ ਇਉਂ ਤਰਦੇ ਫਿਰਦੇ ਸਨ ਜਿਵੇਂ ਡਰਾਈਵਰ ਕੰਡਕਟਰ ਹੋਣ। ਪੈਸਾ ਜੈਨ ਦਾ ਲੱਗਾ ਅਤੇ ਬਰੀ ਉਹ ਹੋ ਗਏ।

ਬਾਕੀ ਖ਼ਰਚਾ ਪਏ ਖੂਹ ਵਿਚ। ਜੱਜ ਦੀ ਜੈਨ ਨੂੰ ਸਜ਼ਾ ਕਰਨ ਪਿੱਛੇ ਕੋਈ ਮਜਬੂਰੀ ਰਹੀ ਹੋਵੇਗੀ। ਬਾਹਰ ਜਾਂਦਿਆਂ ਹੀ ਜੈਨ ਨੇ ਕੋਠੀ ਜਾ ਵੜਨਾ ਹੈ ਅਤੇ ਭੇਤ ਖੁਲ੍ਹਵਾ ਲੈਣਾ ਹੈ।

ਇਸ ਵਕਤ ਜੈਨ ਨੂੰ ਡਿਉੜੀ ਅਤੇ ਚੱਕਰ ਵਿਚ ਹੋਏ ਖ਼ਰਚ ’ਤੇ ਪਛਤਾਵਾ ਹੋ ਰਿਹਾ ਸੀ। ਐਵੇਂ ਘਬਰਾ ਕੇ ਉਹ ਪੈਸਾ ਪਾਣੀ ਵਾਂਗ ਵਹਾਉਂਦਾ ਰਿਹਾ। ਉਸ ਦੇ ਬਟੂਏ ਵਿਚ ਕਿੰਨੇ ਪੈਸੇ ਸਨ, ਇਸ ਦੀ ਪੂਰੀ ਗਿਣਤੀ ਜੈਨ ਨੂੰ ਯਾਦ ਨਹੀਂ ਸੀ। ਇੰਨਾ ਕੁ ਯਾਦ ਸੀ ਕਿ ਸੱਤ ਤੋਂ ਅੱਠ ਹਜ਼ਾਰ ਦੇ ਵਿਚਕਾਰ ਜ਼ਰੂਰ ਸਨ। ਦਸ ਹਜ਼ਾਰ ਅੰਦਰਲੀ ਜੇਬ ਵਿਚ। ਪੰਦਰਾਂ-ਵੀਹ ਹਜ਼ਾਰ ਦਾ ਸੋਨਾ। ਕੁਲ ਮਿਲਾ ਕੇ ਉਹ ਤੀਹ-ਪੈਂਤੀ ਹਜ਼ਾਰ ਨੂੰ ਥੱਕ ਲੁਆ ਚੁੱਕਾ ਸੀ। ਜੇ ਇਕ ਰਾਤ ਹਸਪਤਾਲ ਕੱਟਣ ਦਾ ਇੰਨਾ ਮੁੱਲ ਉਤਾਰਨਾ ਪਿਆ ਤਾਂ ਪੰਜ ਸਾਲ ਕਿੱਦਾਂ ਲੰਘਣਗੇ? ਜੈਨ ਨੂੰ ਇਹੋ ਚਿੰਤਾ ਖਾਈ ਜਾ ਰਹੀ ਸੀ।

ਕੰਜੂਸਾਂ ਵਾਂਗ ਇੰਝ ਸੋਚਣਾ ਉਸ ਨੂੰ ਚੰਗਾ ਨਹੀਂ ਸੀ ਲੱਗਦਾ।

ਧਿਆਨ ਕਿਸੇ ਹੋਰ ਪਾਸੇ ਲਾਉਣ ਲਈ ਕਦੇ-ਕਦੇ ਜੈਨ ਦੂਰ ਫੈਲੀ ਜੇਲ੍ਹ ਦਾ ਜਾਇਜ਼ਾ ਲੈਣ ਲੱਗਦਾ।

ਅੱਸੀ ਏਕੜ ਵਿਚ ਫੈਲੀ ਜੇਲ੍ਹ ਦੀ ਬਾਹਰਲੀ ਦੀਵਾਰ ਦੀ ਉਚਾਈ ਤੀਹ ਫ਼ੁੱਟ ਸੀ। ਸਾਰੀ ਕੰਧ ਉਪਰ ਪਲਸਤਰ ਹੋਇਆ-ਹੋਇਆ ਸੀ। ਗੁਰਮਾਲੇ ਫੇਰ-ਫੇਰ ਕੇ ਪਲਸਤਰ ਨੂੰ ਇੰਨਾ ਕੂਲਾ ਕਰ ਦਿੱਤਾ ਗਿਆ ਸੀ ਕਿ ਉਪਰ ਧਰਿਆ ਹੱਥ ਵੀ ਤਿਲਕ ਜਾਂਦਾ ਸੀ। ਇੰਨੀ ਉੱਚੀ ਕੰਧ ਉਪਰ ਕੁੱਤਾ ਬਿੱਲਾ ਨਹੀਂ ਸੀ ਚੜ੍ਹ ਸਕਦਾ, ਇਨਸਾਨ ਦਾ ਚੜ੍ਹਨਾ ਤਾਂ ਅਸੰਭਵ ਸੀ। ਕੋਈ ਕੈਦੀ ਇੰਨੀ ਹਿੰਮਤ ਬਟੋਰ ਵੀ ਲਏ ਤਾਂ ਤਿੰਨ-ਤਿੰਨ ਫ਼ੁੱਟ ਉੱਚੀ ਕੰਡਿਆਲੀ ਤਾਰ ਨੇ ਉਸ ਨੂੰ ਬੋਚ ਲੈਣਾ ਸੀ। ਕੁਝ ਤਾਰਾਂ ਵਿਚ ਕਰੰਟ ਛੱਡਿਆ ਜਾਂਦਾ ਸੀ। ਤਾਰਾਂ ’ਤੇ ਬੈਠਦਿਆਂ ਹੀ ਪੰਛੀ ਫੁੜਕ ਜਾਂਦੇ ਸਨ। ਇਸ ਗੋਰਖ-ਧੰਦੇ ਵਿਚੋਂ ਬਚ ਕੇ ਨਿਕਲਣਾ ਬੰਦੇ ਦੇ ਵੱਸ ’ਚ ਨਹੀਂ ਸੀ ਹੋ ਸਕਦਾ।

ਅੰਦਰਲੀ ਕੰਧ ਦੇ ਨਾਲ-ਨਾਲ ਜੇਲ੍ਹ ਵਿਭਾਗ ਦਾ ਲੰਬਾ-ਚੌੜਾ ਫ਼ਾਰਮ ਸੀ। ਇਹ ਫ਼ਾਰਮ ਦੂਹਰਾ ਮਤਲਬ ਸਾਰਦਾ ਸੀ, ਨਾਲੇ ਕੈਦੀਆਂ ਤੋਂ ਮੁਸ਼ੱਕਤ ਲਈ ਜਾਂਦੀ ਸੀ, ਨਾਲੇ ਜੇਲ੍ਹ ਦੇ ਲੰਗਰ ਲਈ ਦਾਣਾ-ਫੱਕਾ ਅਤੇ ਸਬਜ਼ੀਆਂ ਪੈਦਾ ਕੀਤੀਆਂ ਜਾਂਦੀਆਂ ਸਨ।

ਫ਼ਾਰਮ ਦੇ ਖ਼ਤਮ ਹੁੰਦਿਆਂ ਹੀ ਅੰਦਰਲੀ ਦੀਵਾਰ ਸ਼ੁਰੂ ਹੰਦੀ ਸੀ। ਇਹ ਕੰਧ ਬਾਹਰਲੀ ਕੰਧ ਨਾਲੋਂ ਘੱਟ ਉੱਚੀ ਸੀ, ਪਰ ਇੰਨੀ ਛੋਟੀ ਨਹੀਂ ਸੀ ਕਿ ਕੋਈ ਕੈਦੀ ਇਸ ਨੂੰ ਆਸਾਨੀ ਨਾਲ ਟੱਪ ਸਕੇ।

ਅੰਦਰਲੀ ਦੀਵਾਰ ਦੇ ਨਾਲ-ਨਾਲ ਵੀਹ ਫ਼ੁੱਟ ਦਾ ਫ਼ਾਸਲਾ ਛੱਡਿਆ ਗਿਆ ਸੀ। ਇਸ ਰਸਤੇ ਉਪਰ ਪੰਦਰਾਂ ਫ਼ੁੱਟ ਚੌੜੀ ਲੁੱਕ ਦੀ ਪੱਕੀ ਸੜਕ ਬਣੀ ਹੋਈ ਸੀ। ਇਸ ਸੜਕ ਉਪਰ ਦਿਨ ਰਾਤ ਗਸ਼ਤ ਹੁੰਦੀ ਸੀ, ਲੋੜ ਪੈਣ ’ਤੇ ਜੀਪਾਂ ਗੱਡੀਆਂ ਵੀ ਦੌੜਾਈਆਂ ਜਾ ਸਕਦੀਆਂ ਹਨ।

ਸੜਕ ਦੇ ਦੂਸਰੇ ਪਾਸੇ ਬੈਰਕਾਂ ਬਣੀਆਂ ਹੋਈਆਂ ਸਨ। ਇਹਨਾਂ ਬੈਰਕਾਂ ਦੀ ਪਿੱਠ ਇਸ ਸੜਕ ਉਪਰ ਲੱਗਦੀ ਸੀ। ਰਿਹਾਇਸ਼ੀ ਬੈਰਕਾਂ ਦੀਆਂ ਪਿੱਠ ਵਾਲੀਆਂ ਦੀਵਾਰਾਂ ਵਿਚ ਲੋਹੇ ਦੇ ਵੱਡੇ-ਵੱਡੇ ਮਜ਼ਬੂਤ ਜੰਗਲੇ ਫਿੱਟ ਸਨ। ਇਹਨਾਂ ਜੰਗਲਿਆਂ ਰਾਹੀਂ ਕੈਦੀਆਂ ਨੂੰ ਰੌਸ਼ਨੀ ਅਤੇ ਹਵਾ ਮਿਲਦੀ ਸੀ ਅਤੇ ਗਸ਼ਤ ਕਰਦੇ ਵਾਰਡਰਾਂ ਨੂੰ ਕੈਦੀਆਂ ਦੀਆਂ ਗਤੀਵਿਧੀਆਂ ਦੀ ਸੂਚਨਾ। ਜੰਗਲਿਆਂ ਉਪਰ ਬਰੀਕ ਲੋਹੇ ਦੀ ਜਾਲੀ ਸੀ। ਇਹ ਜਾਲੀ ਕੈਦੀਆਂ ਨੂੰ ਮੱਖੀ-ਮੱਛਰ ਤੋਂ ਬਚਾਉਂਦੀ ਸੀ ਅਤੇ ਗਾਰਦ ਨੂੰ ਕੈਦੀਆਂ ਵੱਲੋਂ ਉਹਨਾਂ ਉਪਰ ਸੁੱਟੀਆਂ ਜਾਂਦੀਆਂ ਵਾਧੂ ਚੀਜ਼ਾਂ ਤੋਂ।

ਸਾਰੀਆਂ ਬੈਰਕਾਂ ਦੇ ਗੇਟ ਅੰਦਰ ਵੱਲ ਖੁੱਲ੍ਹਦੇ ਸਨ। ਗੇਟ ਅੱਗੋਂ ਦੀ ਇਕ ਹੋਰ ਸੜਕ ਲੰਘਦੀ ਸੀ। ਇਸ ਸੜਕ ਉਪਰ ਵੀ ਗਸ਼ਤ ਹੁੰਦੀ ਸੀ। ਸੜਕ ਦੇ ਅੰਦਰ ਸਾਂਝਾ ਵਿਹੜਾ ਸੀ। ਵਿਹੜੇ ਦੇ ਵਿਚਾਕਰ ਵੱਡਾ ਕੇਂਦਰੀ ਟਾਵਰ ਸੀ, ਜਿਸ ਉਪਰ ਸਰਚ ਲਾਈਟਾਂ ਫਿੱਟ ਸਨ। ਚੌਵੀ ਘੰਟੇ ਇਸ ਟਾਵਰ ਉਪਰ ਸੰਤਰੀ ਬੈਠਦਾ ਸੀ। ਟਾਵਰ ਦੇ ਸੱਜੇ ਪਾਸੇ ਗੁਰਦੁਆਰਾ ਸੀ। ਗੁਰਦੁਆਰੇ ਦੇ ਨਾਲ ਮੰਦਰ। ਖੱਬੇ ਪਾਸੇ ਕੰਟੀਨ ਸੀ। ਨਾਲ ਛੋਟਾ ਦਫ਼ਤਰ।

ਕੈਦੀਆਂ ਦੇ ਅਹਾਤਿਆਂ ਦੇ ਸਾਹਮਣੇ ਵਾਲੀ ਕਤਾਰ ਵਿਚ ਫ਼ੈਕਟਰੀ ਅਤੇ ਸਕੂਲ ਸੀ। ਸਕੂਲ ਦੇ ਨਾਲ ਲਾਇਬ੍ਰੇਰੀ ਸੀ। ਸੱਜੇ ਹੱਥ ਖੇਡ-ਮੈਦਾਨ ਸੀ। ਮੈਦਾਨ ਦੇ ਸਾਹਮਣੇ ਹਸਪਤਾਲ ਸੀ।

ਹਸਪਤਾਲ ਤਕ ਪੁੱਜਣ ਲਈ ਕਈ ਬੈਰਕਾਂ ਦੇ ਅੱਗੋਂ ਦੀ ਲੰਘਣਾ ਪੈਂਦਾ ਸੀ।

ਜੈਨ ਬੈਰਕਾਂ ਅੰਦਰ ਝਾਤੀ ਮਾਰ ਰਿਹਾ ਸੀ। ਬੈਰਕਾਂ ਵਿਚੋਂ ਭਾਂਤ-ਭਾਂਤ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕਿਸੇ ਬੈਰਕ ਵਿਚੋਂ ਟੀ.ਵੀ. ਉਪਰ ਚਲਦੇ ਪ੍ਰੋਗਰਾਮ ਦੀ ਆਵਾਜ਼ ਆ ਰਹੀ ਸੀ। ਕੈਦੀ ਜਿਵੇਂ ਪ੍ਰੋਗਰਾਮ ਦੇਖਣ ਵਿਚ ਮਗਨ ਸਨ। ਕਿਸੇ ਬੈਰਕ ਵਿਚੋਂ ਹਾਸੇ-ਠੱਠੇ ਅਤੇ ਗਾਉਣ-ਵਜਾਉਣ ਦੀ ਆਵਾਜ਼ ਆ ਰਹੀ ਸੀ। ਜੈਨ ਹੈਰਾਨ ਹੋ ਰਿਹਾ ਸੀ। ਕੈਦ ਭੁਗਤਦੇ ਕੈਦੀ ਵੀ ਹੱਸ-ਟੱਪ ਸਕਦੇ ਸਨ?

ਜਿਸ ਰਫ਼ਤਾਰ ਨਾਲ ਜੈਨ ਤੁਰ ਰਿਹਾ ਸੀ, ਉਸ ਦੇ ਨਾਲ ਜਾਂਦੇ ਸੇਵਾਦਾਰ ਨੂੰ ਲੱਗ ਰਿਹਾ ਸੀ ਕਿ ਅੱਜ ਭੁੱਖਾ ਸੌਣਾ ਪਏਗਾ। ਬੈਰਕ ਵਿਚੋਂ ਕੁਝ ਮਿਲਣਾ ਨਹੀਂ। ਕਿਉਂ ਨਾ ਹਸਪਤਾਲ ਹੀ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਏ? ਸੋਚ ਕੇ ਸੇਵਾਦਾਰ ਨੇ ਆਪਣੀ ਰਫ਼ਤਾਰ ਵੀ ਮੱਠੀ ਕਰ ਲਈ। ਜੈਨ ਦੇ ਕਦਮ ਨਾਲ ਕਦਮ ਮਿਲਾਉਂਦਾ ਹੋਇਆ ਉਹ ਜੈਨ ਨਾਲ ਦੋਸਤੀ ਗੰਢਣ ਦਾ ਯਤਨ ਕਰਨ ਲੱਗਾ।

“ਤੁਸੀਂ ਮੈਨੂੰ ਪਹਿਚਾਣਿਆ ਨਹੀਂ ਸੇਠ ਸਾਹਿਬ।”

ਜੈਨ ਨੇ ਸੇਵਾਦਾਰ ਨੂੰ ਨਹੀਂ ਸੀ ਪਹਿਚਾਣਿਆ, ਪਰ ਸੇਵਾਦਾਰ ਨੇ ਉਸ ਨੂੰ ਚੱਕਰ ਵਿਚ ਵੜਦਿਆਂ ਹੀ ਪਹਿਚਾਣ ਲਿਆ ਸੀ, ਪਰ ਉਹ ਚੁੱਪ ਰਿਹਾ ਸੀ। ਕਿਥੇ ਰਾਜਾ ਭੋਜ ਕਿਥੇ ਗੰਗੂ ਤੇਲੀ। ਕਿਥੇ ਅੱਧੇ ਸੂਬੇ ਦਾ ਮਾਲਕ ਜੈਨ ਠੇਕੇਦਾਰ। ਕਿਥੇ ਇਕ ਸਜ਼ਾ-ਯਾਫ਼ਤਾ ਬੇਲਦਾਰ।

ਪਰ ਹੁਣ ਚੁੱਪ ਤੋੜਨਾ ਜ਼ਰੂਰੀ ਸੀ।

“ਨਹੀਂ।” ਬਿਨਾਂ ਸੇਵਾਦਾਰ ਦੀ ਗੱਲ ਵੱਲ ਧਿਆਨ ਦਿੱਤਿਆਂ ਜੈਨ ਨੇ ਸੰਖੇਪ ਉੱਤਰ ਦਿੱਤਾ।

“ਮੈਂ ਬੇਲਦਾਰ ਜਗਤਾਰ ਸਿੰਘ ਹਾਂ। ਸ਼ਹਿਰ ਦੇ ਸਟੋਰ ਵਿਚ ਚੌਕੀਦਾਰ ਹੁੰਦਾ ਸੀ। ਸੋਡੀ ਲੁੱਕ ਸਾਡੇ ਸਟੋਰ ਵਿਚ ਆਉਂਦੀ ਹੁੰਦੀ ਸੀ। ਅੱਧੀ ਲੁੱਕ ਲੁਹਾ ਕੇ ਪੂਰੀ ਦੀ ਪਹੁੰਚ ਮੈਂ ਹੀ ਦਿੰਦਾ ਹੁੰਦਾ ਸੀ। ਵਾਪਸ ਮੁੜ ਲੁੱਕ ਦਾ ਹਿਸਾਬ ਕਰਨ ਸਾਹਿਬ ਮੈਨੂੰ ਤੁਹਾਡੇ ਕੋਲ ਭੇਜਦਾ ਹੁੰਦਾ ਸੀ।”

“ਹਾਂ, ਯਾਦ ਆਇਆ।” ਜੈਨ ਨੇ ਝੂਠ-ਮੂਠ ਆਖਿਆ।

ਦਿਨ ਵਿਚ ਅਜਿਹੇ ਵੀਹ ਬੇਲਦਾਰ ਉਸ ਕੋਲੋਂ ਅਫ਼ਸਰਾਂ ਲਈ ਪੈਸੇ ਲੈਣ ਆਉਂਦੇ ਸਨ। ਹਿਸਾਬ-ਕਿਤਾਬ ਜੈਨ ਦਾ ਮੁਨਸ਼ੀ ਕਰਦਾ ਸੀ। ਜੈਨ ਮੁਨਸ਼ੀ ਵੱਲੋਂ ਜਾਰੀ ਕੀਤੀ ਚਿੱਟ ਦੇਖਦਾ ਅਤੇ ਪੈਸੇ ਦੇ ਦਿੰਦਾ ਸੀ।

ਸਾਧਾਰਨ ਸਮਾਂ ਹੁੰਦਾ ਤਾਂ ਉਹ ਬੇਲਦਾਰ ਨੂੰ ਵੀਹ ਰੁਪਏ ਇਨਾਮ ਦੇ ਕੇ ਚੁੱਪ ਕਰਵਾ ਦਿੰਦਾ, ਪਰ ਹੁਣ ਨਾ ਉਸ ਕੋਲ ਪੈਸਾ ਸੀ ਨਾ ਬੇਲਦਾਰ ਨੂੰ ਚੁੱਪ ਕਰਾਉਣਾ ਲਾਹੇਵੰਦ ਸੀ, ਸਗੋਂ ਉਸਨੂੰ  ਬੇਲਦਾਰ ਨਾਲ ਦੋਸਤੀ ਦੀ ਜ਼ਰੂਰਤ ਸੀ। ਕਈ ਵਾਰ ਖੋਟਾ ਸਿੱਕਾ ਕੰਮ ਆ ਜਾਂਦਾ ਹੈ, ਸੋਚਦੇ ਜੈਨ ਨੇ ਬੇਲਦਾਰ ਦੀ ਗੱਲ ਵੱਲ ਕੰਨ ਧਰਨਾ ਸ਼ੁਰੂ ਕੀਤਾ।

ਫੇਰ ਜੈਨ ਨੂੰ ਯਾਦ ਆਇਆ। ਇਕ ਵਾਰ ਪੁਲਿਸ ਨੇ ਸ਼ਹਿਰ ਦੇ ਇਕ ਐਸ.ਡੀ.ਓ. ਨੂੰ ਲੁੱਕ ਦਾ ਟਰੱਕ ਵੇਚਦੇ ਨੂੰ ਰੰਗੇ ਹੱਥੀਂ ਫੜ ਲਿਆ ਸੀ। ਇਸ ਬੇਲਦਾਰ ਨੂੰ ਸ਼ਾਇਦ ਉਸ ਕਾਂਡ ਵਿਚ ਸਜ਼ਾ ਹੋਈ ਸੀ।

“ਕੀ ਤੈਨੂੰ ਡਾਕਟਰ ਸਾਹਿਬ ਜਾਣਦੇ ਨੇ?”

ਜਗਤਾਰ ਦੀ ਆਪ-ਬੀਤੀ ਸੁਣਨ ਬਾਅਦ ਜੈਨ ਨੇ ਮਤਲਬ ਦੀ ਗੱਲ ਛੇੜੀ।

“ਆਹੋ) ਇਹਨਾਂ ਕੋਠੀ ਮੱਝ ਰੱਖੀ ਹੋਈ ਹੈ। ਪੱਠੇ ਸੰਨੀਂ ਮੈਂ ਪਾਉਨਾਂ। ਦੁੱਧ ਵੀ ਮੈਂ ਕੱਢਦਾਂ।”

“ਫੇਰ ਤੂੰ ਮੇਰਾ ਇਕ ਕੰਮ ਕਰ। ਇਹਨਾਂ ਨਾਲ ਮੇਰੀ ਜਾਣ-ਪਹਿਚਾਣ ਕਰਾ ਦੇ। ਤੈਨੂੰ ਪਤਾ ਹੈ ਆਪਣੇ ਕੋਲ ਪੈਸੇ ਦੀ ਕੋਈ ਕਮੀ ਨਹੀਂ, ਪਰ ਹੁਣ ਮੇਰੀ ਜੇਬ ਖ਼ਾਲੀ ਹੈ।  ਸਵੇਰੇ ਆ ਜਾਣਗੇ। ਰਾਤ ਤਕ ਦਾ ਤੂੰ ਜ਼ਾਮਨ ਬਣ ਜਾ। ਬੱਸ ਮੈਨੂੰ ਰਾਤ ਨੂੰ ਹਸਪਤਾਲ ਦਾਖ਼ਲ ਕਰ ਲਵੇ ਅਤੇ ਚੰਗੀ ਥਾਂ ਦੇ ਦੇਵੇ।”

ਜੈਨ ਨੇ ਜਗਤਾਰ ਅੱਗੇ ਲੇਲੜੇ ਕੱਢੇ।

“ਕੋਈ ਨੀ। ਮੈਂ ਕਹਿ ਦੇਨਾਂ, ਸਾਬ੍ਹ ਮੇਰੀ ਮੰਨੇਗਾ।”

ਜਗਤਾਰ ਦੇ ਯਕੀਨ ਦਿਵਾਉਣ ਤੋਂ ਪਹਿਲਾਂ ਹੀ ਹਸਪਤਾਲ ਵੱਲੋਂ ਆਉਂਦਾ ਡਾਕਟਰ ਸ਼ਕਤੀ ਕੁਮਾਰ ਦਿਖਾਈ ਦੇਣ ਲੱਗਾ।

“ਉਹ ਹਨ ਡਾਕਟਰ ਸਾਹਿਬ।”

ਜਗਤਾਰ ਨੇ ਡਾਕਟਰ ਵੱਲ ਇਸ਼ਾਰਾ ਕਰ ਕੇ ਜੈਨ ਨੂੰ ਡਾਕਟਰ ਦੇ ਆਉਣ ਦੀ ਸੂਚਨਾ ਦਿੱਤੀ।

“ਇਹ ਸੇਠ ਜੈਨ ਸਾਹਿਬ ਹਨ?” ਤੇਜ਼ ਕਦਮੀਂ ਤੁਰ ਕੇ ਉਹਨਾਂ ਕੋਲ ਪੁੱਜਦੇ ਡਾਕਟਰ ਨੇ ਜਗਤਾਰ ਤੋਂ ਪੁੱਛਿਆ।

ਡਾਕਟਰ ਦੇ ਮੂੰਹੋਂ ਆਪਣਾ ਨਾਂ ਸੁਣ ਕੇ ਜੈਨ ਦੇ ਸਾਹ ਵਿਚ ਸਾਹ ਆਇਆ। ਮਤਲਬ ਸਪੱਸ਼ਟ ਸੀ, ਜੈਨ ਦੇ ਬੰਦਿਆਂ ਦੀ ਉਸ ਤਕ ਪਹੁੰਚ ਹੋ ਚੁੱਕੀ ਸੀ।

“ਜੀ ਜਨਾਬ)” ਆਖਦੇ ਜਗਤਾਰ ਨੇ ਕਾਗ਼ਜ਼-ਪੱਤਰ ਡਾਕਟਰ ਨੂੰ ਫੜਾ ਦਿੱਤੇ।

ਜਗਤਾਰ ਨੂੰ ਫ਼ਾਰਗ਼ ਕਰ ਕੇ ਡਾਕਟਰ ਨੇ ਜੈਨ ਨੂੰ ਨਾਲ ਲਿਆ ਅਤੇ ਹਸਪਤਾਲ ਵੱਲ ਤੁਰ ਪਿਆ।

ਚੱਕਰ ਵੱਲ ਵਾਪਸ ਮੁੜਦਾ ਸੇਵਾਦਾਰ ਘੋਰ ਨਿਰਾਸ਼ਾ ਵਿਚ ਸੀ। ਭੁੱਖੇ ਢਿੱਡ ਨੇ ਉਸ ਨੂੰ ਸਾਰੀ ਰਾਤ ਸੌਣ ਨਹੀਂ ਸੀ ਦੇਣਾ।

 

 

9

ਅੱਧਿਆਂ ਨਾਲੋਂ ਵੱਧ ਮੰਗਤੇ ਛੂਤ ਦੀਆਂ ਬੀਮਾਰੀਆਂ ਦੇ ਸ਼ਿਕਾਰ ਸਨ। ਕਿਸੇ ਨੂੰ ਟੀ.ਬੀ., ਕਿਸੇ ਨੂੰ ਦਮਾ ਅਤੇ ਕਿਸੇ ਨੂੰ ਖ਼ੁਰਕ ਪਈ ਹੋਈ ਸੀ।

ਜੇਲ੍ਹ ਵਿਚ ਕੋਈ ਬੀਮਾਰੀ ਨਾ ਫੈਲ ਜਾਵੇ, ਇਸ ਲਈ ਡਾਕਟਰ ਦੀ ਸਲਾਹ ’ਤੇ ਬੈਰਕ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਉਪਰ ਬੋਰੀਆਂ ਲਟਕਾ ਦਿੱਤੀਆਂ ਗਈਆਂ ਸਨ। ਬੋਰੀਆਂ ਕੀਟਾਣੂਆਂ ਨੂੰ ਬਾਹਰ ਨਹੀਂ ਸਨ ਨਿਕਲਣ ਦਿੰਦੀਆਂ। ਬੂਅ ਵੀ ਛਣ ਕੇ ਬਾਹਰ ਨਿਕਲਦੀ ਸੀ।

ਖਿੜਕੀਆਂ ਦਰਵਾਜ਼ੇ ਢੱਕੇ ਹੋਣ ਕਾਰਨ ਬੈਰਕ ਅੰਦਰ ਬੰਦ ਅਮਰੂ ਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਬਾਹਰ ਕੀ ਹੋ ਰਿਹਾ ਹੈ। ਹੁੰਦੀ ਘੁਸਰ-ਮੁਸਰ ਤੋਂ ਇਹ ਸਮਝ ਜ਼ਰੂਰ ਆ ਗਈ ਕਿ ਬਾਹਰ ਅਮਰੂ ਵਰਗਾ ਇਕ ਹੋਰ ਕੈਦੀ ਨਰਕ ਵਿਚ ਧੱਕੇ ਜਾਣ ਲਈ ਤਿਆਰ ਖੜਾ ਹੈ।

ਚੱਕਰ ਵਿਚ ਅਮਰੂ ਨੂੰ ਦੱਸਿਆ ਗਿਆ ਸੀ ਕਿ ਡਿਪਟੀ ਸੁਪਰਡੈਂਟ ਦੇ ਘਰ ਪਾਰਟੀ ਹੈ। ਮੁੰਡੇ ਦਾ ਜਨਮ ਦਿਨ ਹੈ। ਸਾਹਿਬ ਲਈ ਵਿਸਕੀ ਦੀ ਪੇਟੀ ਚਾਹੀਦੀ ਹੈ। ਇਸ ਦਾ ਪ੍ਰਬੰਧ ਅਮਰੂ ਨੇ ਕਰਨਾ ਹੈ।

ਅਮਰੂ ਗ਼ਰੀਬ ਆਦਮੀ ਸੀ। ਬੇਟ ਦਾ ਰਹਿਣ ਵਾਲਾ। ਸ਼ਰਾਬ ਕਸ਼ੀਦ ਕਰ ਕੇ ਵੇਚਣਾ ਉਹਨਾਂ ਦਾ ਖ਼ਾਨਦਾਨੀ ਪੇਸ਼ਾ ਸੀ। ਉਹ ਘਰੋਂ ਘਰ ਦੀ ਕੱਢੀ ਸ਼ਰਾਬ ਤਾਂ ਮੰਗਵਾ ਸਕਦਾ ਸੀ, ਪੇਟੀ ਲਈ ਦੋ ਹਜ਼ਾਰ ਉਸ ਕੋਲ ਨਹੀਂ ਸੀ।

ਜੇ ਅਮਰੂ ਕੋਲ ਏਨੇ ਪੈਸੇ ਹੰਦੇ ਤਾਂ ਉਹ ਜੇਲ੍ਹ ਕਿਉਂ ਆਉਂਦਾ? ਉਸ ਨੂੰ ਭੱਠੀ ਲਾ ਕੇ ਨਾਜਾਇਜ਼ ਸ਼ਰਾਬ ਕਸ਼ੀਦ ਕਰਨ ਦੇ ਦੋਸ਼ ਵਿਚ ਦੋ ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪੈ ਜੁਰਮਾਨਾ ਹੋਇਆ ਸੀ। ਇਸ ਧੰਦੇ ਵਿਚ ਪੰਜ ਹਜ਼ਾਰ ਸਾਲ ਭਰ ਧੱਕੇ ਖਾ ਕੇ ਨਹੀਂ ਜੁੜਦਾ। ਜੁਰਮਾਨਾ ਨਾ ਭਰ ਸਕਣ ਕਾਰਨ ਅਮਰੂ ਨੂੰ ਜੇਲ੍ਹ ਆਉਣਾ ਪਿਆ ਸੀ। ਦੋ-ਚਾਰ ਦਿਨਾਂ ਵਿਚ ਉਸ ਦੇ ਵਾਰਸ  ਉਸ ਵੱਲੋਂ ਅਪੀਲ ਕਰਨਗੇ। ਜੱਜ ਉਸ ਦੀ ਸਜ਼ਾ ਮੁਅੱਤਲ ਕਰੇਗਾ। ਫੇਰ ਅਮਰੂ ਜ਼ਮਾਨਤ ’ਤੇ ਰਿਹਾਅ ਹੋਵੇਗਾ। ਅਪੀਲ ਕਰਨ ਦਾ ਵਕੀਲ ਤਿੰਨ ਹਜ਼ਾਰ ਰੁਪਿਆ ਲਏਗਾ। ਹਾਲੇ ਉਸ ਰਕਮ ਦਾ ਇੰਤਜ਼ਾਮ ਨਹੀਂ ਸੀ ਹੋ ਰਿਹਾ।

ਅਮਰੂ ਦੇ ਇਸੇ ਇਨਕਾਰ ਬਦਲੇ ਉਸ ਨੂੰ ਇਹ ਵਾਧੂ ਦੀ ਸਜ਼ਾ ਹੋਈ ਸੀ।

“ਇਹ ਵਕੀਲ ਸਾਹਿਬ ਹਨ। ਇਹਨਾਂ ਦਾ ਧਿਆਨ ਰੱਖੀਂ।”

ਬੈਰਕ ਨੂੰ ਬਾਹਰੋਂ ਜਿੰਦਾ ਲਾਉਣ ਤੋਂ ਪਹਿਲਾਂ ਮੁਨਸ਼ੀ ਨੇ ਅਮਰੂ ਕੋਲ ਸਿਫ਼ਾਰਿਸ਼ ਕੀਤੀਸੀ।

ਅਮਰੂ ਨੂੰ ਲੱਗਾ ਕੁਲਵੰਤ ਸਿੰਘ ਨੇ ਉਹਨਾਂ ਦੋਹਾਂ ਨਾਲ ਟਿੱਚਰ ਕੀਤੀ ਸੀ। ਆਏ ਮਹਿਮਾਨ ਦਾ ਸਵਗਤ ਚੰਗੀ ਥਾਂ ਬਿਠਾ ਕੇ ਕੀਤਾ ਜਾਂਦਾ ਹੈ। ਅਮਰੂ ਖ਼ੁਦ ਕੱਲ੍ਹ ਦਾ ਇਕ ਲੱਤ ’ਤੇ ਖੜਾ ਸੀ। ਪੈਣ, ਬੈਠਣ ਦੀ ਗੱਲ ਦੂਰ, ਬੈਰਕ ਅੰਦਰ ਪੈਰ ਧਰਨ ਤਕ ਦੀ ਜਗ੍ਹਾ ਨਹੀਂ ਸੀ। ਸਮਰੱਥਾ ਨਾਲੋਂ ਕਈ ਗੁਣਾਂ ਵੱਧ ਕੈਦੀ ਬੈਰਕ ਵਿਚ ਤੁੰਨ ਦਿੱਤੇ ਗਏ ਸਨ। ਕੈਦੀ ਮੋਢੇ ਜੋੜੀ ਖੜੋਤੇ ਸਨ। ਕਿਸੇ ਨੂੰ ਪਾਸ ਲੈਣ ਤਕ ਦੀ ਸਹੂਲਤ ਨਹੀਂ ਸੀ। ਥੜਿਆਂ ਵਿਚਕਾਰ ਬਣਿਆ ਰਸਤਾ ਵੀ ਕੈਦੀਆਂ ਨੇ ਮੱਲਿਆ ਹੋਇਆ ਸੀ। ਮੰਗਤੇ ਪਤਾ ਨਹੀਂ ਕਿਹੜਾ ਨਸ਼ਾ ਖਾ ਕੇ ਸੌਂਦੇ ਸਨ। ਕੋਈ ਉੱਠਣ ਦਾ ਨਾਂ ਨਹੀਂ ਸੀ ਲੈਂਦਾ। ਜੇ ਭੁੱਲੇ ਚੁੱਕੇ ਕੋਈ ਕੈਦੀ ਟੱਟੀ-ਪਿਸ਼ਾਬ ਲਈ ਉੱਠਦਾ ਤਾਂ ਉਹ ਕੁਝ ਪਲ ਸੁਸਤਾਉਣ ਲਈ ਉਸ ਥਾਂ ਵੱਲ ਭੱਜਦਾ। ਉਸ ਦੇ ਖ਼ਾਲੀ ਥਾਂ ਕੋਲ ਪੁੱਜਣ ਤੋਂ ਪਹਿਲਾਂ ਨਾਲ ਦਾ ਮੰਗਤਾ ਪਾਸਾ ਪਰਤ ਕੇ ਜਾਂ ਟੰਗਾਂ ਪਸਾਰ ਕੇ ਖ਼ਾਲੀ ਥਾਂ ਮੱਲ ਲੈਂਦਾ। ਕਦੇ-ਕਦੇ ਨਸ਼ੇ-ਪੱਤੇ ਖ਼ਾਤਰ ਉਹਨਾਂ ਵਿਚ ਗਾਲੀ-ਗਲੋਚ ਹੁੰਦੀ ਸੀ। ਪਰ ਇਸ ਮਾਮਲੇ ਬਾਰੇ ਉਹਨਾਂ ਵਿਚ ਬੇਮਿਸਾਲ ਏਕਾ ਸੀ। ਆਪਣੇ ਸਾਥੀ ਦੀ ਥਾਂ ’ਤੇ ਕਿਸੇ ਹੋਰ ਨੂੰ ਕਾਬਜ਼ ਨਹੀਂ ਸੀ ਹੋਣ ਦਿੰਦੇ। ਪਤਾ ਨਹੀਂ ਉਹ ਕਿਹੜੀ ਭਾਸ਼ਾ ਬੋਲਦੇ ਸਨ। ਅਮਰੂ ਹਰ ਵਾਰ ਤਰਲਾ ਕਰਦਾ ਸੀ ਕਿ ਉਸ ਨੇ ਕੈਦੀ ਦੇ ਪਖਾਨਿਉਂ ਵਾਪਸ ਮੁੜਨ ਤਕ ਬੈਠਣਾ ਹੈ, ਪਰ ਕਿਸੇ ਨੂੰ ਉਸ ’ਤੇ ਤਰਸ ਨਹੀਂ ਸੀ ਆਉਂਦਾ। ਕੰਨਾਂ ਵਿਚ ਤੇਲ ਪਾਈ ਉਹ ਆਪਣੀ ਧੁੰਨ ਵਿਚ ਮਸਤ ਰਹਿੰਦੇ ਸਨ।

ਜਿਸ ਦੀਆਂ ਖੜੇ-ਖੜੇ ਦੀਆਂ ਖ਼ੁਦ ਦੀਆਂ ਲੱਤਾਂ ਵਿਚ ਖ਼ੂਨ ਉੱਤਰ ਆਇਆ ਹੋਵੇ, ਉਹ ਦੂਸਰੇ ਨੂੰ ਕਿਥੇ ਬਿਠਾਵੇ? ਕਿਸ ਤਰ੍ਹਾਂ ਦੂਜੇ ਦਾ ਖ਼ਿਆਲ ਰੱਖੇ?

ਹੱਡੀ-ਬੀਤੀ ਦੇ ਆਧਾਰ ’ਤੇ ਅਮਰੂ ਜਾਣਦਾ ਸੀ ਕਿ ਹਾਕਮ ਭੁੱਖਣ-ਭਾਣਾ ਸੀ। ਸਿਸ਼ਟਾਚਾਰ ਮੰਗ ਕਰਦਾ ਸੀ ਕਿ ਅਮਰੂ ਆਪਣੇ ਮਹਿਮਾਨ ਅੱਗੇ ਕੁਝ ਪਰੋਸੇ, ਪਰ ਉਹ ਇਹ ਰਸਮ ਨਿਭਾਉਣ ਦੀ ਸਥਿਤੀ ਵਿਚ ਨਹੀਂ ਸੀ।

ਕੱਲ੍ਹ ਜਦੋਂ ਅਮਰੂ ਨੂੰ ਇਸ ਬੈਰਕ ਵਿਚ ਬੰਦ ਕੀਤਾ ਗਿਆ ਸੀ ਤਾਂ ਉਸ ਸਮੇਂ ਤਕ ਕੈਦੀ ਢਿੱਡ ਭਰ ਕੇ ਡਕਾਰ ਮਾਰ ਚੁੱਕੇ ਸਨ।

ਕੁਝ ਕੈਦੀਆਂ ਨੇ ਆਪਣੇ ਡੋਲੂ ਬਾਟਿਆਂ ਵਿਚ ਦਾਲ ਰੋਟੀ ਬਚਾ ਕੇ ਰੱਖੀ ਸੀ। ਉਹਨਾਂ ਨੂੰ ਪਤਾ ਸੀ ਕਿ ਅਮਰੂ ਭੁੱਖਾ ਸੀ, ਪਰ ਕਿਸੇ ਨੇ ਸੁਲਾਹ ਨਹੀਂ ਸੀ ਮਾਰੀ। ਉਂਝ ਜੇ ਉਹ ਖਾਣੇ ਦੀ ਪੇਸ਼ਕਸ਼ ਕਰਦੇ, ਅਮਰੂ ਫੇਰ ਵੀ ਉਸ ਦਾਲ-ਰੋਟੀ ਨਾਲੋਂ ਭੁੱਖਾ ਰਹਿਣ ਨੂੰ ਤਰਜੀਹ ਦਿੰਦਾ।

ਅਮਰੂ ਨੇ ਆਪਣੇ ਵਾੜੇ ਵਿਚ ਸੂਰ ਪਾਲ ਰੱਖੇ ਸਨ। ਸੂਰ ਗੰਦਗੀ ਵਿਚ ਰਹਿਣਾ ਅਤੇ ਗਲੀਆਂ-ਸੜੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਸਨ। ਇਹਨਾਂ ਮੰਗਤਿਆਂ ਦੀਆਂ ਆਦਤਾਂ ਉਹਨਾਂ ਨਾਲੋਂ ਵੀ ਭੈੜੀਆਂ ਸਨ। ਜਾਪਦਾ ਸੀ ਜਦੋਂ ਦੇ ਜੰਮੇ ਸਨ ਕਦੇ ਨਹਾਤੇ ਨਹੀਂ ਸਨ। ਅੱਧਿਆਂ ਨਾਲੋਂ ਵੱਧ ਦਾੜ੍ਹੀ-ਮੱਛਾਂ ਦੇ ਝਥਰੇ ਬਣੇ ਪਏ ਸਨ। ਦਾਤਣ-ਬੁਰਸ਼ ਕੀ ਹੁੰਦਾ ਹੈ, ਇਹ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀ। ਦੰਦਾਂ ਉਪਰ ਪੀਲੀ ਜਿਲਬ ਜੰਮੀ ਹੋਈ ਸੀ। ਮੂੰਹ ਖੱਲ੍ਹਦਿਆਂ ਹੀ ਹਵਾੜ ਦਾ ਬੁੱਲ੍ਹਾ ਬਾਹਰ ਨਿਕਲਦਾ ਸੀ। ਹੱਥਾਂ-ਪੈਰਾਂ ਤੇ ਲੱਤਾਂ-ਬਾਹਾਂ ਉਪਰ ਮੈਲ ਜੰਮੀ ਹੋਈ ਸੀ। ਅੱਡੀਆਂ ਫਟੀਆਂ ਹੋਈਆਂ ਸਨ। ਥਾਂ-ਥਾਂ ਜ਼ਖ਼ਮ ਸਨ। ਜ਼ਖ਼ਮਾਂ ਉਪਰ ਮੱਖੀਆਂ ਭਿਣਕ ਰਹੀਆਂ ਸਨ। ਖਾਣ-ਪੀਣ ਦਾ ਕੋਈ ਸਮਾਂ ਨਹੀਂ ਸੀ। ਜਦੋਂ ਕੁਝ ਖਾਣ ਨੂੰ ਮਿਲਦਾ, ਉਦੋਂ ਹੀ ਅੰਦਰ ਸੁੱਟ ਲੈਂਦੇ। ਤੁਰਨ-ਫਿਰਨ ਦੀ ਆਦਤ ਨਹੀਂ ਸੀ। ਖਾਣਾ ਹਜ਼ਮ ਨਹੀਂ ਸੀ ਹੁੰਦਾ। ਪੇਟ ਤੂੰਬੇ ਵਾਂਗ ਫੁੱਲੇ ਪਏ ਸਨ। ਬਾਹਰ ਦਾਰੂ ਪੀ ਕੇ ਭੋਜਨ ਹਜ਼ਮ ਕਰ ਲੈਂਦੇ ਸਨ। ਜੇਲ੍ਹ ਵਿਚ ਉਹਨਾਂ ਨੂੰ ਦਾਰੂ ਨਹੀਂ ਸੀ ਮਿਲਦੀ। ਹਾਜ਼ਮਾ ਖ਼ਰਾਬ ਰਹਿਣ ਕਾਰਨ ਸਾਰਾ ਦਿਨ ਪੇਟ ਵਿਚੋਂ ਹਵਾ ਸਰਕਦੀ ਰਹਿੰਦੀ ਸੀ। ਸਰਕੀ ਹਵਾ ਦੀ ਹਵਾੜ ਇੰਨੀ ਗੰਦੀ ਹੁੰਦੀ ਸੀ ਕਿ ਅਮਰੂ ਨੂੰ ਉਲਟੀ ਆਉਣ ਵਰਗੀ ਹੋ ਜਾਂਦੀ ਸੀ। ਜਿਸ ਦੇ ਪੇਟ ਵਿਚੋਂ ਹਵਾ ਨਹੀਂ ਸੀ ਸਰਕਦੀ, ਉਸ ਨੂੰ ਖੱਟੇ ਡਕਾਰ ਆਉਂਦੇ ਸਨ। ਉਹ ਵੀ ਦਿਲ ਕੱਚਾ ਕਰ ਦਿੰਦੇ ਸਨ। ਉਤੋਂ ਜੇਲ੍ਹ ਵਾਲਿਆਂ ਨੇ ਕਹਿਰ ਢਾਇਆ ਸੀ। ਹਵਾੜ  ਨੂੰ ਬਾਹਰ ਨਹੀਂ ਸੀ ਨਿਕਲਣ ਦਿੰਦੇ। ਸਾਰੀ ਹਵਾੜ ਕੈਦੀਆਂ ਨੂੰ ਆਪਣੇ ਫੇਫੜਿਆਂ ਵਿਚ ਜ਼ਬਤ ਕਰਨੀ ਪੈਂਦੀ ਸੀ। ਮੰਗਤਿਆਂ ਨੂੰ ਸ਼ਾਇਦ ਇਸ ਤਰ੍ਹਾਂ ਰਹਿਣ ਦੀ ਆਦਤ ਸੀ। ਉਹਨਾਂ ਵੱਲੋਂ ਕੋਈ ਪ੍ਰਤੀਕਰਮ ਨਹੀਂ ਸੀ ਹੁੰਦਾ। ਅਮਰੂ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ। ਉਸ ਨੂੰ ਮਹਿਸੂਸ ਹੁੰਦਾ ਸੀ ਜਿਵੇਂ ਉਸ ਨੂੰ ਗੈਸ ਦੇ ਚੈਂਬਰ ਵਿਚ ਸੁੱਟ ਦਿੱਤਾ ਗਿਆ ਸੀ।

ਅਮਰੂ ਨੂੰ ਮੰਗਤੇ ਕਿਸੇ ਦਾਲ ਚੌਲ ਖਾਣ ਵਾਲੇ ਦੇਸ਼ ਦੇ ਬਾਸ਼ਿੰਦੇ ਜਾਪਦੇ ਸਨ। ਦਾਲ ਰੋਟੀ ਖਾਣ ਦਾ ਉਹਨਾਂ ਨੂੰ ਵੱਲ ਨਹੀਂ ਸੀ। ਰੋਟੀ ਦੀਆਂ ਬੁਰਕੀਆਂ ਬਣਾ ਕੇ ਉਹ ਪਾਣੀ ਵਰਗੀ ਦਾਲ ਵਿਚ ਸੱਟ ਲੈਂਦੇ ਅਤੇ ਫੇਰ ਉਂਗਲਾਂ ਨਾਲ ਖਾਂਦੇ ਸਨ। ਦਾਲ ਉਂਗਲਾਂ ਤੋਂ ਚੋ ਕੇ ਕੂਹਣੀ ਤਕ ਪੁੱਜ ਜਾਂਦੀ ਸੀ। ਉਂਗਲਾਂ ਦੇ ਨਾਲ-ਨਾਲ ਉਹ ਕੂਹਣੀ ਤਕ ਵੀ ਚੱਟ ਜਾਂਦੇ ਸਨ। ਦਾਲ ਦਾੜ੍ਹੀ ਵਿਚ ਡੁੱਲ੍ਹ ਜਾਂਦੀ ਸੀ। ਉਹ ਦਾੜ੍ਹੀ ਸਾਫ਼ ਕਰਨ ਦਾ ਯਤਨ ਨਹੀਂ ਸਨ ਕਰਦੇ। ਇਸ ਤਰ੍ਹਾਂ ਖਾਣਾ ਖਾਂਦਿਆਂ ਦੇਖ ਕੇ ਅਮਰੂ ਨੂੰ ਗਲਿਆਨੀ ਆਉਂਦੀ ਸੀ ਅਤੇ ਉਹ ਮੂੰਹ ਪਰਾਂ ਕਰ ਲੈਂਦਾਸੀ।

ਅਮਰੂ ਨੂੰ ਮੰਗਤਿਆਂ ਦੇ ਭਾਂਡਿਆਂ ਤੋਂ ਸੂਗ ਆਉਂਦੀ ਸੀ। ਟੂਟੀ ਵਿਚ ਪਾਣੀ ਨਹੀਂ ਸੀ ਆਉਂਦਾ। ਭਾਂਡੇ ਠੀਕ ਨਾ ਧੋਣ ਦਾ ਉਹਨਾਂ ਕੋਲ ਵਧੀਆ ਬਹਾਨਾ ਸੀ। ਭਾਂਡੇ ਅੰਦਰੋਂ-ਬਾਹਰੋਂ ਦਾਲ ਨਾਲ ਲਿੱਬੜੇ ਹੋਏ ਸਨ। ਬਾਟਿਆਂ ਵਿਚ ਰੋਟੀਆਂ ਨੰਗੀਆਂ ਪਈਆਂ ਸਨ। ਉਪਰ ਮੱਖੀਆਂ ਭਿਣਕ ਰਹੀਆਂ ਸਨ। ਹੱਥ ਧੋਣ ਲਈ ਪਾਣੀ ਨਹੀਂ ਸੀ। ਲਿੱਬੜੀਆਂ ਉਂਗਲਾਂ ਨੂੰ ਝੱਗੇ ਜਾਂ ਧੋਤੀ ਨਾਲ ਸਾਫ਼ ਕਰ ਲੈਂਦੇ ਸਨ।

ਜੇ ਕੈਦੀਆਂ ਨੂੰ ਬਰਤਨ ਸਾਫ਼ ਕਰਨ ਲਈ ਪਾਣੀ ਨਹੀਂ ਸੀ ਮਿਲਦਾ ਤਾਂ ਕੱਪੜੇ ਧੋਣ ਲਈ ਕਿਥੋਂ ਮਿਲਣਾ ਸੀ? ਜਾਪਦਾ ਸੀ ਗਲ ਪਾਉਣ ਤੋਂ ਲੈ ਕੇ ਅੱਜ ਤਕ ਕਿਸੇ ਨੇ ਕੁੜਤਾ ਧੋਤਾ ਨਹੀਂ ਸੀ। ਮੈਲ ਕਾਰਨ ਉਹ ਤੇਲੂਆ ਹੋਏ ਪਏ ਸਨ। ਕਿਸੇ ਟਾਂਵੇਂ ਦੇ ਤੇੜ ਧੋਤੀ ਸੀ। ਬਹੁਤਿਆਂ ਨੇ ਕੱਛੇ ਪਾਏ ਹੋਏ ਸਨ ਜਿਹੜੇ ਮੈਲ ਨਾਲ ਭਰੇ ਹੋਏ ਸਨ। ਕੰਬਲਾਂ ਵਿਚ ਮੋਰੀਆਂ ਅਤੇ ਜੁੱਲੀਆਂ ਉਪਰ ਥਾਂ-ਥਾਂ ਟਾਕੀਆਂ ਸਨ। ਇਹ ਵੀ ਤੇਲੀ ਨੇ ਕੋਹਲੂ ਨਾਲ ਪੂੰਝ ਕੇ ਸੁੱਟੇ ਜਾਪਦੇ ਸਨ।

ਅਮਰੂ ਨੂੰ ਬੰਦਿਆਂ ਤੋਂ ਗਲਿਆਨੀ ਆ ਰਹੀ ਸੀ। ਉਹਨਾਂ ਹੱਥੋਂ ਰੋਟੀ ਲੈ ਕੇ ਖਾਣ ਬਾਰੇ ਉਹ ਸੋਚ ਵੀ ਨਹੀਂ ਸੀ ਸਕਦਾ।

ਸਵੇਰੇ ਮੂਤ ਵਰਗੀ ਚਾਹ ਆਈ ਸੀ।

ਚਾਹ ਅਤੇ ਬੀੜੀ ਪੀਤੇ ਬਿਨਾਂ ਅਮਰੂ ਨੂੰ ਹਾਜਤ ਨਹੀਂ ਸੀ ਹੁੰਦੀ। ਚਾਹ ਦਾ ਅਮਲ ਮਿਟਾਉਣਾ ਜ਼ਰੂਰੀ ਸੀ।

ਅਮਰੂ ਅਤੇ ਫੇਰ ਸਮੱਸਿਆ ਆ ਖੜੋਤੀ। ਕੱਲ੍ਹ ਲਾਭ ਸਿੰਘ ਨੇ ਉਸ ਨੂੰ ਬਰਤਨ ਨਹੀਂ ਸਨ ਦਿੱਤੇ। ਨਾਲ ਦੇ ਕੈਦੀਆਂ ਦੇ ਬਰਤਨ ਵਰਤਣ ਨੂੰ ਉਸ ਦਾ ਜੀਅ ਨਾ ਕੀਤਾ। ਉਸ ਨੂੰ ਬਿਨਾਂ ਚਾਹ ਪੀਤਿਆਂ ਹੀ ਸਾਰਨਾ ਪਿਆ ਸੀ।

ਬੀੜੀ ਪੀਣ ਦੀ ਜੇਲ੍ਹ ਵਿਚ ਮਨਾਹੀ ਨਹੀਂ ਸੀ। ਖ਼ੁਸ਼ਕਿਸਮਤੀ ਨਾਲ ਅਮਰੂ ਦਾ ਬੀੜੀਆਂ ਦਾ ਬੰਡਲ ਜ਼ਬਤ ਹੋਣੋਂ ਬਚ ਗਿਆ ਸੀ। ਦੋ ਬੀੜੀਆਂ ਪੀਣ ਦੀ ਅਯਾਸ਼ੀ ਉਸ ਨੇ ਬੰਦੀ ਖੁੱਲ੍ਹਦਿਆਂ ਹੀ ਕਰ ਲਈ, ਇਕ ਹੋਰ ਬੀੜੀ ਪੀ ਕੇ ਚਾਹ ਦਾ ਘਾਟਾ ਪੂਰਾ ਕਰ ਲਿਆ।

ਪਰ ਜਿਉਂ ਹੀ ਹਾਜਤ ਮਿਟਾਉਣ ਲੲਂ ਪਖ਼ਾਨੇ ਗਿਆ, ਉਸ ਦੀ ਟੱਟੀ ਉਪਰ ਚੜ੍ਹ ਗਈ। ਪਖ਼ਾਨੇ ਵਿਚ ਬਣੀਆਂ ਫ਼ਲੱਸ਼ ਦੀਆਂ ਟੱਟੀਆਂ ਉਪਰ ਤਕ ਗੰਦਗੀ ਨਾਲ ਭਰੀਆਂ ਪਈਆਂ ਸਨ। ਪਿਸ਼ਾਬ ਜਾਂ ਪਾਣੀ ਕਾਰਨ ਗੰਦਗੀ ਪਤਲੀ ਹੋ ਕੇ ਦਰਵਾਜ਼ਾ ਲੰਘ ਕੇ ਰਸਤੇ ਤਕ ਪੁੱਜੀ ਹੋਈ ਸੀ। ਬਿਨਾਂ ਜੁੱਤੀ ਖ਼ਰਾਬ ਕਰੇ ਕੋਈ ਸੀਟ ਤਕ ਨਹੀਂ ਸੀ ਪੁੱਜ ਸਕਦਾ। ਬਿਨਾਂ ਕੱਪੜਾ ਲੀੜਾ ਲਬੇੜੇ ਕੋਈ ਸੀਟ ’ਤੇ ਨਹੀਂ ਸੀ ਬੈਠ ਸਕਦਾ। ਅਗਾਂਹ ਟੂਟੀ ਵਿਚ ਪਾਣੀ ਨਹੀਂ ਸੀ। ਪਿੱਠ ਕਿਵੇਂ ਸਾਫ਼ ਕਰੇਗਾ? ਫ਼ਲੱਸ਼ ਦੇ ਬਾਹਰ ਹੱਥ ਸਾਫ਼ ਕਰਨ ਵਾਲੀ ਟੂਟੀ ਸੁੱਕੀ ਪਈ ਸੀ। ਕਈ ਕੈਦੀਆਂ ਨੇ ਪਾਣੀ ਕੱਢਣ ਲਈ ਟੂਟੀਆਂ ਨਾਲ ਸੰਘਰਸ਼ ਕੀਤਾ ਜਾਪਦਾ ਸੀ। ਹੱਥ ਵਿਚ ਲੱਗੀ ਗੰਦਗੀ ਨੇ ਟੂਟੀਆਂ ਲਬੇੜ ਦਿੱਤੀਆਂ ਸਨ। ਨਹਾਉਣ ਲਈ ਬਣੇ ਗੁਸਲਖ਼ਾਨੇ ਦਾ ਇਹੋ ਹਾਲ ਸੀ। ਕਈ ਕਾਹਲਿਆਂ ਨੇ ਇਹਨਾਂ ਨੂੰ ਗੰਦਾ ਕਰ ਦਿੱਤਾ ਸੀ।

ਸਿਰ ’ਤੇ ਬੰਨ੍ਹੇ ਪਰਨੇ ਨੂੰ ਸਿਰੋਂ ਲਾਹ ਕੇ ਉਸ ਨਾਲ ਮੂੰਹ ਸਿਰ ਲਪੇਟ ਕੇ ਅਮਰੂ ਨੇ ਹਾਜਤ ਮਿਟਾਉਣ ਦਾ ਯਤਨ ਕੀਤਾ ਸੀ, ਪਰ ਉਸ ਨੂੰ ਕਾਮਯਾਬੀ ਨਹੀਂ ਸੀ ਮਿਲੀ।

ਪੇਟ ਭਾਰਾ ਹੋਣ ਕਾਰਨ ਭੁੱਖ ਨਹੀਂ ਸੀ ਚਮਕੀ। ਫੇਰ ਵੀ ਸਵੇਰ ਦੇ ਲੰਗਰ ਸਮੇਂ ਮਿਲੀਆਂ ਦੋ ਰੋਟੀਆਂ ਉਸ ਨੇ ਹੱਥਾਂ ਉਪਰ ਬੋਚ ਲਈਆਂ ਸਨ। ਇਕ ਰੋਟੀ ਨੂੰ ਮਰੋੜ ਕੇ ਉਸ ਦੀ ਕੌਲੀ ਬਣਾ ਕੇ ਵਿਚ ਦਾਲ ਪਵਾ ਲਈ ਸੀ। ਪਾਣੀ ਵਰਗੀ ਦਾਲ ਬੁਰਕੀ ਲਬੇੜਨ ਤੋਂ ਪਹਿਲਾਂ ਹੀ ਰੋਟੀ ਵਿਚੋਂ ਖਿਸਕ ਕੇ ਜ਼ਮੀਨ ਉਪਰ ਜਾ ਪਈ ਸੀ। ਰੋਟੀ ਵਿਚੋਂ ਕੀੜੇ ਮਾਰ ਦਵਾਈਆਂ ਦੀ ਸੜਿਆਂਦ ਆ ਰਹੀ ਸੀ। ਦੋ ਬੁਰਕੀਆਂ ਖਾ ਕੇ ਉਸ ਦੀ ਬੱਸ ਹੋ ਗਈ। ਬਾਕੀ ਡੇਢ ਰੋਟੀ ਨਾਲ ਦੇ ਕੈਦੀ ਦੇ ਬਾਟੇ ਵਿਚ ਪਾ ਕੇ ਉਹ ਉੱਠ ਖੜੋਤਾ ਸੀ।

ਉਦੋਂ ਤੋਂ ਲੈ ਕੇ ਹੁਣ ਤਕ ਉਸ ਦੀ ਰੋਟੀ ਵੱਲ ਝਾਕਣ ਦੀ ਰੂਹ ਨਹੀਂ ਸੀ ਕੀਤੀ। ਰੋਟੀ ਦੇਖ ਕੇ ਭੁੱਖ ਚਮਕਣ ਦੀ ਥਾਂ ਬੱਤ ਆਉਣ ਲੱਗਦੇ ਸਨ। ਪੇਟ ਸਾਫ਼ ਨਹੀਂ ਸੀ ਹੋਇਆ। ਪੇਟ ਵਿਚ ਗੈਸ ਭਰ ਗਈ ਸੀ, ਤੋਰਾ ਫੇਰਾ ਨਾ ਹੋਣ ਕਾਰਨ ਗੈਸ ਦਾ ਗੋਲਾ ਬਣਨ ਲੱਗਾ ਸੀ। ਪੇਟ ਵਿਚ ਮੱਠਾ-ਮੱਠਾ ਦਰਦ ਹੋਣ ਲੱਗ ਪਿਆ ਸੀ। ਇਹ ਦਰਦ ਵਧ ਸਕਦਾ ਸੀ।

ਦਵਾਈ ਬੂਟੀ ਦਾ ਇਥੇ ਕੋਈ ਇੰਤਜ਼ਾਮ ਨਹੀਂ ਸੀ, ਜੇ ਦਰਦ ਵਧ ਗਿਆ ਤਾਂ ਕੀ ਬਣੇਗਾ? ਅਮਰੂ ਨੂੰ ਇਹ ਚਿੰਤਾ ਲੱਗੀ ਹੋਈ ਸੀ।

ਅਮਰੂ ਹਾਕਮ ਨੂੰ ਕੁਝ ਨਹੀਂ ਸੀ ਦੇ ਸਕਦਾ, ਪਰ ਉਸ ਦੀ ਇਕ ਸਮੱਸਿਆ ਹੱਲ ਕਰ ਸਕਦਾ ਸੀ। ਚੌਵੀ ਘੰਟਿਆਂ ਤੋਂ ਅਮਰੂ ਉਸੇ ਸਮੱਸਿਆ ਨਾਲ ਘਿਰਿਆ ਹੋਇਆ ਸੀ।

ਇਕ ਵੀ ਮੰਗਤੇ ਨੂੰ ਪੰਜਾਬੀ ਨਹੀਂ ਸੀ ਆਉਂਦੀ। ਕਿਸੇ ਨੂੰ ਆਉਂਦੀ ਹੋਵੇ ਤਾਂ ਵੀ ਉਹ ਅਮਰੂ ਨਾਲ ਗੱਲ ਕਰਨ ਲਈ ਤਿਆਰ ਨਹੀਂ ਸੀ। ਚੌਵੀ ਘੰਟਿਆਂ ਦੌਰਾਨ ਕੇਵਲ ਤਿੰਨ ਘੰਟੇ ਬੈਰਕ ਖੋਲ੍ਹੀ ਗਈ ਸੀ। ਉਹ ਵੀ ਚਾਹ ਅਤੇ ਲੰਗਰ ਵਰਤਾਉਣ ਲਈ। ਇਹਨਾਂ ਤਿੰਨ ਘੰਟਿਆਂ ਦੌਰਾਨ ਕੁਝ ਮਿੰਟਾਂ ਲਈ ਉਸ ਦੀ ਗੱਲ ਮੁਨਸ਼ੀ ਅਤੇ ਸੰਤਰੀ ਨਾਲ ਹੋਈ ਸੀ। ਉਹਨਾਂ ਨਾਲ ਗੱਲਾਂ ਕਰ ਕੇ ਉਸ ਨੂੰ ਕੁਝ ਰਾਹਤ ਮਹਿਸੂਸ ਹੋਈ ਸੀ। ਨਹੀਂ ਤਾਂ ਸੋਚ-ਸੋਚ ਉਹ ਅੱਧਾ ਪਾਗ਼ਲ ਹੋ ਗਿਆ ਸੀ। ਉਸ ਦਾ ਮਨ ਕਾਹਲਾ ਪੈ ਰਿਹਾ ਸੀ। ਵਾਰ-ਵਾਰ ਉਸ ਦਾ ਮਨ ਜੇਲ੍ਹ ਨੂੰ ਤੋੜ ਕੇ ਭੱਜ ਜਾਣ, ਲਾਭ ਸਿੰਘ ਦੇ ਢਿੱਡ ਵਿਚ ਟੱਕਰ ਮਾਰਨ ਜਾਂ ਫੇਰ ਖੂਹ-ਖਾਤਾ ਗੰਦਾ ਕਰਨ ਲਈ ਕਰਨ ਲੱਗਦਾ ਸੀ। ਪਹਿਲਾਂ ਅਮਰੂ ਨੇ ਕਦੇ ਆਪਣੇ ਆਪ ਨੂੰ ਏਨਾ ਕਮਜ਼ੋਰ ਮਹਿਸੂਸ ਨਹੀਂ ਸੀ ਕੀਤਾ। ਇਹਨਾਂ ਚੌਵੀ ਘੰਟਿਆਂ ਵਿਚਕਾਰ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਸੀ? ਉਹ ਕੋਈ ਵੀ ਪੁੱਠਾ-ਸਿੱਧਾ ਕੰਮ ਕਰ ਸਕਦਾ ਸੀ।

ਆਪਣੀ ਹੱਡ-ਬੀਤੀ ਸੁਣਾ-ਸੁਣਾ ਕੇ ਉਹ ਹਾਕਮ ਸਿੰਘ ਨੂੰ ਬੋਰ ਨਹੀਂ ਹੋਣ ਦੇਵੇਗਾ। ਵਕੀਲ ਦੀਆਂ ਗੱਲਾਂ ਸੁਣ ਕੇ ਉਸ ਦਾ ਮਨ ਵੀ ਪਰਚਿਆ ਰਹੇਗਾ।

ਦੇਣ ਜੋਗਾ ਕੁਝ ਲੱਭ ਪੈਣ ’ਤੇ ਖ਼ੁਸ਼ ਹੋਏ ਅਮਰੂ ਨੇ ਨਵੇਂ ਸਾਥੀ ਦਾ ਬਾਹਾਂ ਅੱਡ ਕੇ ਸਵਾਗਤ ਕੀਤਾ।

ਹਾਕਮ ਸਿੰਘ ਨਾਲੇ ਅਮਰੂ ਦੀਆਂ ਗੱਲ ਸੁਣ ਰਿਹਾ ਸੀ, ਨਾਲੇ ਬਾਦਸ਼ਾਹਾਂ ਅਤੇ ਉਹਨਾਂ ਦੀ ਬੈਰਕ ਦਾ ਜਾਇਜ਼ਾ ਲੈ ਰਿਹਾ ਸੀ।

ਜੇਲ੍ਹ ਅਧਿਕਾਰੀਆਂ ਨੇ ਬਾਦਸ਼ਾਹਾਂ ਨੂੰ ਇਕ ਸਹੂਲਤ ਦਿਲ ਖੋਲ੍ਹ ਕੇ ਦਿੱਤੀ ਸੀ। ਆਪਣਾ ਸਾਰਾ ਬੋਰੀਆ-ਬਿਸਤਰਾ ਅੰਦਰ ਲਿਆਉਣ ਦੀ ਉਹਨਾਂ ਨੂੰ ਇਜਾਜ਼ਤ ਮਿਲ ਗਈ ਸੀ। ਮੰਗਤਿਆਂ ਨੂੰ ਆਪਣੇ ਸਾਮਾਨ ਦੇ ਚੋਰੀ ਹੋਣ ਦਾ ਡਰ ਲੱਗਾ ਹੋਇਆ ਸੀ। ਉਹ ਝੋਲੇ, ਬੋਰੇ ਅਤੇ ਗੱਠੜੀਆਂ ਆਪਣੀ ਹਿੱਕ ਨਾਲ ਲਾਈ ਬੈਠੇ ਸਨ। ਜਿਨ੍ਹਾਂ ਨੇ ਆਪਣਾ ਸਾਮਾਨ ਅਲਮਾਰੀਆਂ ਦੀਆਂ ਸੈਲਫ਼ਾਂ ਵਿਚ ਰੱਖਿਆ ਹੋਇਆ ਸੀ, ਉਹਨਾਂ ਦਾ ਧਿਆਨ ਵੀ ਸੈਲਫ਼ਾਂ ਉਪਰ ਹੀ ਟਿਕਿਆ ਹੋਇਆ ਸੀ।

“ਲਾਭ ਸਿੰਘ ਨੇ ਸਾਡੇ ਨਾਲ ਧੱਕਾ ਕੀਤਾ ਹੈ। ਉਸ ਨੇ ਜਾਣ-ਬੁਝ ਕੇ ਸਾਨੂੰ ਇਹਨਾਂ ਕੁੱਤਿਆਂ-ਬਿੱਲਿਆਂ ਨਾਲੋਂ ਭੈੜੇ ਜਾਨਵਰਾਂ ਵਿਚ ਸੁੱਟਿਆ ਹੈ।”

ਲਾਭ ਸਿੰਘ ਦੇ ਨਾਲ-ਨਾਲ ਮੰਗਤਿਆਂ ਪ੍ਰਤੀ ਆਪਣੇ ਮਨ ਵਿਚ ਪੈਦਾ ਹੋਈ ਨਫ਼ਰਤ ਨੂੰ ਅਮਰੂ ਨੇ ਬਾਹਰ ਉਗਲਿਆ।

“ਕਾਨੂੰਨ ਨੇ ਤੈਨੂੰ ਵੀ ਮੁਜਰਮ ਠਹਿਰਾਇਆ ਹੈ ਅਤੇ ਇਹਨਾਂ ਗ਼ਰੀਬ-ਗੁਰਬਿਆਂ ਨੂੰ ਵੀ। ਮੇਰੀ ਨਜ਼ਰ ’ਚ ਨਾ ਤੂੰ ਮੁਜਰਮ ਹੈਂ, ਨਾ ਇਹ ਮਜਬੂਰ ਲੋਕ। ਸਰਕਾਰ ਠੇਕਿਆਂ ’ਤੇ ਸ਼ਰਾਬ ਵੇਚਦੀ ਹੈ। ਜੇ ਚੁੱਲ੍ਹਾ ਮਘਦਾ ਰੱਖਣ ਲਈ ਤੂੰ ਚਾਰ ਬੋਤਲਾਂ ਕੱਢ ਕੇ ਵੇਚ ਦਿੱਤੀਆਂ ਤਾਂ ਕਿਹੜਾ ਅਸਮਾਨ ਗਿਰ ਗਿਆ? ਜੇ ਇਹ ਨਰਕ ਦੇ ਕੀੜਿਆਂ ਨਾਲੋਂ ਵੀ ਭੈੜੀ ਜ਼ਿੰਦਗੀ ਜੀਅ ਰਹੇ ਹਨ ਅਤੇ ਜੇ ਇਹਨਾਂ ਨੂੰ ਢਿੱਡ ਭਰਨ ਲਈ ਮੰਗਣਾ ਪੈ ਰਿਹਾ ਹੈ ਤਾਂ ਇਸ ਦੇ ਜ਼ਿੰਮੇਵਾਰ ਇਹ ਨਹੀਂ ਹਨ, ਕੋਈ ਹੋਰ ਹੈ। ਉਹ ਕੌਣ ਹੈ? ਆ ਤੈਨੂੰ ਸਮਝਾਵਾਂ।”

ਹਾਕਮ ਸਿੰਘ ਅਮਰੂ ਦਾ ਮਾਨਸਿਕ ਕਸ਼ਟ ਹਰਨਾ ਚਾਹੁੰਦਾ ਸੀ। ਉਸ ਤੋਂ ਪਹਿਲਾਂ ਉਸ ਨੂੰ ਸਰੀਰਕ ਕਸ਼ਟ ਤੋਂ ਛੁਟਕਾਰਾ ਦਿਵਾਉਣਾ ਜ਼ਰੂਰੀ ਸੀ।

ਇਸ ਲਈ ਹਾਕਮ ਸਿੰਘ ਕਿਸੇ ਅਜਿਹੀ ਥਾਂ ਦੀ ਤਲਾਸ਼ ਵਿਚ ਸੀ, ਜਿਥੇ ਬੈਠ ਕੇ ਸੁਸਤਾ ਸਕੇ।

ਜੇਲ੍ਹ ਦੀਆਂ ਮੋਟੀਆਂ ਚੌੜੀਆਂ ਕੰਧਾਂ ਵਿਚ ਕੁਝ ਅਲਮਾਰੀਆਂ ਬਣੀਆਂ ਹੋਈਆਂ ਸਨ। ਉਹਨਾਂ ਵਿਚ ਖੁੱਲ੍ਹੀਆਂ-ਡੁੱਲ੍ਹੀਆਂ ਸੈਲਫ਼ਾਂ ਸਨ। ਇਹ ਸੈਲਫ਼ਾਂ ਮੰਗਤਿਆਂ ਦੇ ਸਮਾਨ ਨਾਲ ਭਰੀਆਂ ਹੋਈਆਂ ਸਨ। ਸਮਾਨ ਨੂੰ ਇਕ ਸੈਲਫ਼ ਉਪਰ ਕਰ ਕੇ ਦੂਜੀ ਨੂੰ ਬੈਠਣ-ਪੈਣ ਲਈ ਵਰਤਿਆ ਜਾ ਸਕਦਾ ਸੀ।

ਹਾਕਮ ਨੇ ਇਕ ਸੈਲਫ਼ ਦਾ ਸਾਮਾਨ ਚੁੱਕ ਕੇ ਦੂਸਰੀ ਉਪਰ ਕੀਤਾ ਅਤੇ ਖ਼ਾਲੀ ਹੋਈ ਸੈਲਫ਼ ਵਿਚ ਦਬੁਕੜੀ ਮਾਰ ਕੇ ਬੈਠ ਗਿਆ।

ਅਮਰੂ ਨੂੰ ਆਪਣੇ ਬੁੱਧੂਪੁਣੇ ਦਾ ਅਹਿਸਾਸ ਹੋਇਆ। ਸਾਰੀ ਰਾਤ ਉਹ ਵਾਧੂ ਵਿਚ ਲੱਤਾਂ ਤੁੜਵਾਈ ਗਿਆ। ਇਹ ਹੱਲ ਉਸ ਨੂੰ ਕਿਉਂ ਨਾ ਸੁੱਝਾ?

ਵਕੀਲਾਂ ਦੀ ਅਕਲ ਦੀ ਦਾਦ ਦਿੰਦਾ ਉਹ ਟਪੂਸੀ ਮਾਰ ਕੇ ਉਸ ਦੇ ਬਰਾਬਰ ਜਾ ਬੈਠਾ।

ਵਕੀਲ ਕੋਈ ਕੰਮ ਦੀ ਗੱਲ ਦੱਸੇਗਾ, ਉਸ ਨੂੰ ਪੂਰਾ ਯਕੀਨ ਸੀ।

 

 

10

ਪੰਜ ਵਜੇ ਛੁੱਟੀ ਕਰ ਕੇ ਘਰ ਪੁੱਜਦਿਆਂ ਹੀ ਯਾਰਾਂ-ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਫ਼ੋਨ ਖੜਕਣ ਲੱਗੇ। ਉਹਨਾਂ ਦੀ ਜਾਣ-ਪਹਿਚਾਣ ਵਾਲਾ ਸੇਠ ਸੁਭਾਸ਼ ਜੈਨ ਹੁਣੇ ਜੇਲ੍ਹ ਪੁੱਜਾ ਸੀ। ਜੈਨ ਨੂੰ ਵੀਹ ਬੀਮਾਰੀਆਂ ਸਨ। ਜੇ ਸਮੇਂ ਸਿਰ ਉਸ ਨੂੰ ਡਾਕਟਰੀ ਸਹਾਇਤਾ ਨਾ ਮਿਲੀ ਤਾਂ ਕੱਲ੍ਹ ਦਾ ਸੂਰਜ ਚੜ੍ਹਨ ਤਕ ਉਸ ਨੇ ਸਵਰਗ ਸਿਧਾਰ ਜਾਣਾ ਸੀ।

ਡਾਕਟਰ ਥੱਕਾ-ਟੁੱਟਾ ਘਰ ਪੁੱਜਾ ਸੀ। ਉਸ ਨੂੰ ਕੁਝ ਦੇਰ ਆਰਾਮ ਚਾਹੀਦਾ ਸੀ। ਫ਼ੋਨ ਬੰਦ ਕਰ ਕੇ ਉਹ ਲੇਟਿਆ ਹੀ ਸੀ ਕਿ ਬਾਹਰੋਂ ਕਿਸੇ ਨੇ ਘੰਟੀ ਖੜਕਾ ਦਿੱਤੀ।

ਮਿਲਣ ਆਇਆ ਜੇਲ੍ਹ ਮੰਤਰੀ ਦਾ ਸਾਲਾ ਸੀ। ਸਾਲਾ ਸਿਫ਼ਾਰਸ਼ ਸੁੱਕੀ ਨਹੀਂ ਸੀ ਲਿਆਇਆ। ਫ਼ਲਾਂ ਦੇ ਟੋਕਰੇ ਦੇ ਨਾਲ-ਨਾਲ ਨੋਟਾਂ ਵਾਲਾ ਲਿਫ਼ਾਫ਼ਾ ਵੀ ਲਿਆਇਆ ਸੀ। ਡਾਕਟਰ ਵਿਚ ਜੇਲ੍ਹ ਮੰਤਰੀ ਨੂੰ ਨਾਂਹ ਆਖਣ ਦੀ ਹਿੰਮਤ ਨਹੀਂ ਸੀ। ਫੇਰ ਉਹ ਸਭ ਕੁਝ ਆਇਆ ਸੀ, ਜਿਸ ਦੀ ਉਸ ਨੂੰ ਤਵੱਕੋ ਸੀ।

ਮਜਬੂਰਨ ਡਾਕਟਰ ਨੂੰ ਓਹਨੀਂ ਪੈਰੀਂ ਹਸਪਤਾਲ ਮੁੜਨਾ ਪਿਆ ਸੀ।

ਅੰਦਰ ਲਿਫ਼ਾਫ਼ਾ ਸੰਭਾਲਣ ਗਏ ਡਾਕਟਰ ਨੇ ਲਿਫ਼ਾਫ਼ੇ ਅੰਦਰ ਝਾਤ ਮਾਰ ਲਈ ਸੀ। ਸੌ-ਸੌ ਦੇ ਨੋਟ ਸਨ। ਕੁਝ ਪੰਜ-ਪੰਜ ਸੌ ਦੇ ਵੀ ਸਨ। ਰਕਮ ਤਸੱਲੀ-ਬਖ਼ਸ਼ ਸੀ। ਇਸ ਲਈ ਡਿਊਟੀ ’ਤੇ ਮੁੜਨਾ ਉਸ ਨੂੰ ਬਹੁਤਾ ਅਸੁਖਾਵਾਂ ਨਹੀਂ ਸੀ ਲੱਗਾ।

ਜੇਲ੍ਹ ਹਸਪਤਾਲ ਵੀਹ ਬਿਸਤਰਿਆਂ ਦਾ ਸੀ। ਕੈਦੀਆਂ ਦੀ ਗਿਣਤੀ ਪੰਦਰਾਂ ਸੌ ਦੇ ਕਰੀਬ ਰਹਿੰਦੀ ਸੀ। ਮਾਨਸਿਕ ਤਨਾਅ ਕਾਰਨ ਅੱਧਿਆਂ ਨਾਲੋਂ ਵੱਧ ਕੈਦੀ ਹਰ ਸਮੇਂ ਬੀਮਾਰ ਰਹਿੰਦੇ ਸਨ। ਡਾਕਟਰ ਨੇ ਸੈਂਕੜੇ ਵਾਰ ਹਸਪਤਾਲ ਨੂੰ ਪੰਜਾਹ ਬਿਸਤਰਿਆਂ ਦਾ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਹਰ ਵਾਰ ਉਸ ਦੀ ਸਿਫ਼ਾਰਸ਼ ਰੱਦ ਹੋ ਜਾਂਦੀ ਸੀ। ਸਰਕਾਰ ਕੋਲ ਸ਼ਹਿਰਾਂ ਵਿਚ ਇੱਡੇ ਵੱਡੇ ਹਸਪਤਾਲ ਖੋਲ੍ਹਣ ਦੀ ਸਮਰੱਥਾ ਨਹੀਂ। ਕੈਦੀਆਂ ਨੂੰ ਇੰਨੀਆਂ ਸਹੂਲਤਾਂ ਦੇ ਕੇ ਜੇਲ੍ਹ ਮੰਤਰੀ ਆਪਣੀ ਬਦਨਾਮੀ ਨਹੀਂ ਸੀ ਕਰਾ ਸਕਦਾ।

ਹਸਪਤਾਲ ਦੋ ਮੰਜ਼ਲਾ ਸੀ। ਦੋਹਾਂ ਮੰਜ਼ਲਾਂ ਉਪਰ ਮਰੀਜ਼ਾਂ ਲਈ ਇਕ-ਇਕ ਵਾਰਡ ਸੀ। ਡਾਕਟਰ ਨੇ ਹਸਪਤਾਲ ਦੇ ਪ੍ਰਬੰਧ ਵਿਚ ਲੋੜ ਅਨੁਸਾਰ ਤਬਦੀਲੀ ਕਰ ਲਈ ਸੀ। ਹੇਠਲੇ ਵਾਰਡ ਵਿਚ ਸੋਲਾਂ ਬਿਸਤਰੇ ਸਨ। ਇਥੇ ਉਹ ਕੈਦੀ ਪੈਂਦੇ ਸਨ ਜੋ ਸੱਚਮੁੱਚ ਗੰਭੀਰ ਰੂਪ ਵਿਚ ਬੀਮਾਰ ਹੁੰਦੇ ਸਨ। ਡਾਕਟਰ ਬਾਕੀ ਮਰੀਜ਼ਾਂ ਨੂੰ ਹੇਠਲੀ ਮੰਜ਼ਲ ਉੱਪਰ ਦੇਖਦਾ ਸੀ। ਆਪ੍ਰੇਸ਼ਨ ਥੀਏਟਰ ਵੀ ਇਥੇ ਸੀ ਅਤੇ ਦਵਾਖ਼ਾਨਾ ਵੀ।

ਉਪਰਲੀ ਮੰਜ਼ਲ ਵਾਲੇ ਵਾਰਡ ਵਿਚ ਕੇਵਲ ਚਾਰ ਬਿਸਤਰੇ ਸਨ। ਇਥੇ ਵੀ.ਆਈ.ਪੀ. ਕੈਦੀ ਪੈਂਦੇ ਸਨ। ਪਹਿਲੀ ਮੰਜ਼ਿਲ ’ਤੇ ਹੋਣ ਕਾਰਨ ਇਹ ਵਾਰਡ ਸਾਫ਼-ਸੁਥਰਾ ਸੀ ਅਤੇ ਹਵਾਦਾਰ ਵੀ। ਵਾਰਡ ਵਿਚ ਟੀ.ਵੀ. ਲੱਗਾ ਸੀ ਅਤੇ ਕੂਲਰ ਵੀ। ਦਵਾਈਆਂ ਰੱਖਣ ਲਈ ਸਰਕਾਰ ਵੱਲੋਂ ਮਿਲਿਆ ਫ਼ਰਿੱਜ ਇਸੇ ਮੰਜ਼ਿਲ ਉਪਰ ਸੀ। ਬੀਮਾਰਾਂ ਲਈ ਦੁੱਧ, ਆਂਡੇ, ਨਿੰਬੂ ਅਤੇ ਡਬਲ ਰੋਟੀ ਦਾ ਪ੍ਰਬੰਧ ਸਰਕਾਰ ਵੱਲੋਂ ਹੁੰਦਾ ਸੀ। ਡਾਕਟਰ ਦੀ ਸਿਫ਼ਾਰਸ਼ ’ਤੇ ਵਿਸ਼ੇਸ਼ ਤਰ੍ਹਾਂ ਦਾ ਭੋਜਨ ਬਾਹਰੋਂ ਮੰਗਵਾਇਆ ਜਾ ਸਕਦਾ ਸੀ। ਇਹਨਾਂ ਮਰੀਜ਼ਾਂ ਨੂੰ ਖ਼ੁਸ਼ ਰੱਖਣ ਲਈ ਡਾਕਟਰ ਆਪਣੇ ਅਧਿਕਾਰਾਂ ਦੀ ਖੁੱਲ੍ਹ ਕੇ ਵਰਤੋਂ ਕਰਦਾ ਸੀ। ਕਈ ਵਾਰ ਹੇਠਲੇ ਵਾਰਡ ਵਿਚ ਦਾਖ਼ਲ ਮਰੀਜ਼ਾਂ ਲਈ ਆਇਆ ਵਿਸ਼ੇਸ਼ ਰਾਸ਼ਨ ਵੀ ਉਪਰ ਪੁੱਜ ਜਾਂਦਾ ਸੀ।

ਅਨਾਰ ਇਕ ਸੀ ਅਤੇ ਬੀਮਾਰ ਸੌ। ਹਰ ਕੈਦੀ ਇਸ ਵਾਰਡ ਵਿਚ ਦਾਖ਼ਲ ਹੋਣ ਲਈ ਤਾਂਘਦਾ ਸੀ। ਕਿਸੇ ਪਹਿਲੇ ਮਰੀਜ਼ ਨੂੰ ਛੁੱਟੀ ਕਰਨ ਬਾਅਦ ਨਵੇਂ ਮਰੀਜ਼ ਨੂੰ ਭਰਤੀ ਕੀਤਾ ਜਾ ਸਕਦਾ ਸੀ। ਬੀਮਾਰ ਇਥੇ ਕੋਈ ਹੈ ਨਹੀਂ ਸੀ। ਛੁੱਟੀ ਕੀਤੀ ਜਾਵੇ ਤਾਂ ਕਿਸ ਨੂੰ? ਇਹੋ ਸਮੱਸਿਆ ਸੁਲਝਾਉਣ ਲਈ ਉਹ ਪਹਿਲਾਂ ਹਸਪਤਾਲ ਆਇਆ ਸੀ।

ਜੈਨ ਲਈ ਕਿਹੜਾ ਬੈੱਡ ਖ਼ਾਲੀ ਕਰਵਾਏ? ਡਾਕਟਰ ਇਹੋ ਸੋਚ ਰਿਹਾ ਸੀ। ਨੰਬਰ ਇਕ ਗੁਰਨਾਮ ਸਿੰਘ ਨੇ ਮ<ਲਿਆ ਹੋਇਆ ਸੀ। ਉਹ ਦੋ ਮਹੀਨਿਆਂ ਪਿੱਛੋਂ ਇਕ ਹਫ਼ਤੇ ਲਈ ਜੇਲ੍ਹ ਆਉਂਦਾ ਸੀ ਆਪਣੇ ਕਾਰੋਬਾਰ ਦਾ ਹਿਸਾਬ ਕਰਨ। ਪੰਦਰਾਂ ਸੌ ਵਿਚੋਂ ਤੇਰਾਂ ਸੌ ਕੈਦੀ ਕਿਸੇ ਨਾ ਕਿਸੇ ਨਸ਼ੇ ’ਤੇ ਲੱਗੇ ਹੋਏ ਸਨ। ਸੁੱਖੇ ਤੋਂ ਲੈ ਕੇ ਸਮੈਕ ਤੱਕ। ਗੁਰਨਾਮ ਸਿੰਘ ਹਰ ਤਰ੍ਹਾਂ ਦਾ ਨਸ਼ਾ ਜੇਲ੍ਹ ’ਚ ਪਹੁੰਚਾਉਂਦਾ ਸੀ। ਕੰਟੀਨ ਤੋਂ ਲੈ ਕੇ ਜ਼ਨਾਨਾ ਵਾਰਡ ਤਕ ਉਸ ਦਾ ਮਾਲ ਵਿਕਦਾ ਸੀ। ਨਸ਼ਾ ਕਿਸੇ ਹੋਰ ਪਾਸਿਉਂ ਆ ਜਾਵੇ ਤਾਂ ਬੈਰਕ ਵਿਚ ਦੰਗਾ ਹੋ ਜਾਂਦਾ ਸੀ। ਗੁਰਨਾਮ ਦੇ ਕਰਿੰਦਿਆਂ ਨੇ ਕਈ ਵਾਰ ਅਜਿਹੇ ਕੈਦੀਆਂ ਨੂੰ ਕੁੱਟ ਧਰਿਆ ਸੀ, ਜਿਹੜੇ ਪੇਸ਼ੀ ਭੁਗਤਣ ਗਏ ਲੋੜ ਤੋਂ ਵੱਧ ਨਸ਼ਾ ਲੈ ਕੇ ਆਏ ਸਨ ਅਤੇ ਜੇਲ੍ਹ ਆ ਕੇ ਸਸਤੇ ਭਾਅ ਵੇਚਣ ਦੀ ਹਿੰਮਤ ਕਰ ਬੈਠੇ ਸਨ। ਜੱਜਾਂ ਨਾਲ ਉਸ ਨੇ ਪਤਾ ਨਹੀਂ ਕੀ ਅੱਟੀ-ਸੱਟੀ ਲਾਈ ਹੋਈ ਸੀ। ਜਦੋਂ ਦਿਲ ਕਰਦਾ   ਸੀ।  ਜੇਲ੍ਹ ਆ ਜਾਂਦਾ ਸੀੱ  ਜਦੋਂ ਦਿਲ ਕਰਦਾ ਸੀ ਬਾਹਰ ਚਲਾ ਜਾਂਦਾ ਸੀ।

ਪਿਛਲੇ ਅੱਠਾਂ ਸਾਲਾਂ ਤੋਂ ਗੁਰਨਾਮ ਇੰਜ ਹੀ ਕਰਦਾ ਆ ਰਿਹਾ ਸੀ। ਉਹਦੇ ਹੁੰਦਿਆਂ ਕਿਸੇ ਹੋਰ ਦੀ ਬੀੜੀ ਤਕ ਵੇਚਣ ਦੀ ਹਿੰਮਤ ਨਹੀਂ ਸੀ ਪੈਂਦੀ। ਜੇਲ੍ਹ ਸੁਪਰਡੈਂਟ ਜਿੰਨਾ ਚਿਰ ਉਸ ਦੀ ਹਾਂ ਵਿਚ ਹਾਂ ਮਿਲਾਉਂਦਾ ਸੀ, ਓਨਾ ਚਿਰ ਉਸ ਨੂੰ ਬਣਦਾ ਹਿੱਸਾ ਮਿਲਦਾ ਸੀ। ਜਦੋਂ ਅੜੀ ਕਰਦਾ ਸੀ ਤਾ ਉਪਰੋਂ ਦਬਕਾ ਮਰਵਾ ਦਿੰਦਾ ਸੀ। ਇਕ ਵਾਰ ਇਕ ਜੇਲ੍ਹ ਅਧਿਕਾਰੀ ਨੇ ‘ਨਸ਼ਾ ਹਟਾਓ’ ਮੁਹਿੰਮ ਤਹਿਤ ਨਸ਼ਾ ਜੇਲ੍ਹ ਅੰਦਰ ਆਉਣੋਂ ਬੰਦ ਕਰਨ ਦਾ ਯਤਨ ਕੀਤਾ ਸੀ। ਹਫ਼ਤੇ ਦੇ ਅੰਦਰ-ਅੰਦਰ ਮੁਹਿੰਮ ਠੱਪ ਹੋ ਕੇ ਰਹਿ ਗਈ ਸੀ ਅਤੇ ਅਫ਼ਸਰ ਬਦਲ ਗਿਆ ਸੀ। ਇਕ ਹੋਰ ਅਫ਼ਸਰ ਨੇ ਆਪਣਾ ਬੰਦਾ ਉਸ ਦੇ ਬਰਾਬਰ ਖੜਾ ਕਰਨ ਦਾ ਯਤਨ ਕੀਤਾ ਸੀ। ਤੀਜੇ ਦਿਨ ਬੰਦੇ ਦਾ ਕਤਲ ਹੋ ਗਿਆ ਸੀ। ਜੇਲ੍ਹ ਵਿਚ ਅਫ਼ਸਰ ਵਿਰੁੱਧ ਹੜਤਾਲ ਹੋ ਗਈ ਸੀ। ਮੁਆਫ਼ੀ ਮੰਗ ਕੇ ਮਸਾਂ ਅਫ਼ਸਰ ਨੇ ਖਹਿੜਾ ਛੁਡਾਇਆ ਸੀ।

ਉਸ ਦਿਨ ਤੋਂ ਬਾਅਦ ਕਿਸੇ ਨੇ ਉਸ ਵੱਲ ਝਾਕਣ ਤਕ ਦੀ ਹਿੰਮਤ ਨਹੀਂ ਸੀ ਕੀਤੀ। ਉਹ ਇਕ ਬੈਰਕ ਵਿਚ ਜਾਵੇ ਜਾਂ ਦੂਜੀ ਬੈਰਕ ਵਿਚ, ਉਸ ਨੂੰ ਕੋਈ ਨਹੀਂ ਸੀ ਰੋਕਦਾ। ਹੁਣ ਡਾਕਟਰ ਦੀ ਕੀ ਮਜਾਲ ਹੈ ਕਿ ਉਹ ਗੁਰਨਾਮ ਤੋਂ ਬੈੱਡ ਖ਼ਾਲੀ ਕਰਵਾਏ।

ਦੋ ਨੰਬਰ ਬੈੱਡ ਸੁਰਜਣ ਸਿੰਘ ਕੋਲ ਸੀ। ਦੋ ਸਾਲ ਪਹਿਲਾਂ ਉਸ ਨੇ ਮਾਇਆ ਨਗਰ ਵਿਚ ਫ਼ਾਈਨੈਂਸ ਕੰਪਨੀ ਖੋਲ੍ਹੀ ਸੀ। ਉਹ ਲੋਕਾਂ ਕੋਲੋਂ ਕਰਜ਼ਾ ਲੈਂਦਾ ਵੀ ਸੀ ਅਤੇ ਦਿੰਦਾ ਵੀ। ਉਸ ਦੇ ਵਿਆਜ ਦੀ ਦਰ ਬੈਂਕ ਨਾਲੋਂ ਡਿਉੜੀ ਸੀ। ਫ਼ਿਕਸ ਡਿਪਾਜ਼ਿਟ ਪੰਜ ਸਾਲ ਦੀ ਥਾਂ ਤਿੰਨ ਸਾਲ ਲਈ ਕਰਾਉਂਦਾ ਸੀ। ਵਿਆਜ ਦੀ ਦਰ ਉੱਚੀ ਹੋਣ ਕਾਰਨ ਮੁਲਾਜ਼ਮ ਤਬਕੇ ਨੇ ਝਟਪਟ ਉਸ ਕੋਲ ਪੈਸਾ ਜਮ੍ਹਾਂ ਕਰਾਉਣਾ ਸ਼ੁਰੂ ਕਰ ਦਿੱਤਾ। ਤਾਜ਼ੇ ਰਿਟਾਇਰ ਹੋਏ ਸਰਕਾਰੀ ਮੁਲਾਜ਼ਮ ਨੂੰ ਆਪਣੀ ਰਕਮ ਨੂੰ ਸੁਰੱਖਿਅਤ ਰੱਖਣ ਅਤੇ ਚੰਗੀ ਕਮਾਈ ਲਈ ਇਸ ਤੋਂ ਵਧੀਆ ਕੋਈ ਹੋਰ ਸਕੀਮ ਨਜ਼ਰ ਨਹੀਂ ਸੀ ਆਉਂਦੀ। ਸੁਰਜਣ ਕੋਲ ਧੜਾਧੜ ਪੈਸਾ ਜਮ੍ਹਾਂ ਹੋ ਗਿਆ। ਜਮ੍ਹਾਂ ਪੈਸੇ ਨਾਲ ਸੁਰਜਣ ਨੇ ਟਰਾਂਸਪੋਰਟ ਖੜੀ ਕਰਨੀ ਸ਼ੁਰੂ ਕਰ ਦਿੱਤੀ। ਪ੍ਰਚਾਰ ਕੀਤਾ ਗਿਆ, ਟੈਂਪੂ ਟਰੱਕਾਂ ਲਈ ਕਰਜ਼ਾ ਫ਼ਾਈਨੈਂਸ ਕੰਪਨੀ ਦੇ ਰਹੀ ਹੈ। ਕੰਪਨੀ ਦੇ ਬਾਹਰ ਲੱਗੇ ਨਵੇਂ ਟਰੱਕਾਂ ਦੀ ਕਤਾਰ ਦੇਖ ਕੇ ਲੋਕਾਂ ਦੇ ਹੌਸਲੇ ਬੁਲੰਦ ਹੋਣ ਲੱਗੇ। ਵੱਡੀਆਂ ਰਕਮਾਂ ਜਮ੍ਹਾਂ ਕਰਾਉਣ ਵਾਲੇ ਲੋਕਾਂ ਦੀ ਗਿਣਤੀ ਵਧਣ ਲੱਗੀ। ਤਿੰਨ ਸਾਲ ਸੁਰਜਣ ਨੋਟਾਂ ਵਿਚ ਖੇਡਦਾ ਰਿਹਾ। ਜਦੋਂ ਪੈਸਾ ਵਾਪਸ ਕਰਨ ਦੀ ਵਾਰੀ ਆਈ ਤਾਂ ਤਖ਼ਤ ਡੋਲਣ ਲੱਗਾ। ਦੋ ਕੁ ਅਸਾਮੀਆਂ ਦੇ ਖ਼ਾਲੀ ਹੱਥ ਮੁੜਦੇ ਹੀ ਹਵਾ ਗੰਦੀ ਹੋ ਗਈ। ਜੰਗਲ ਦੀ ਅੱਗ ਵਾਂਗ ਅਫ਼ਵਾਹਾਂ ਫੈਲਣ ਲੱਗੀਆਂ। ਪੈਸੇ ਵਾਪਸ ਮੰਗਣ ਆਉਣ ਵਾਲਿਆਂ ਦੀ ਕਤਾਰ ਲੰਬੀ ਹੋਣ ਲੱਗੀ। ਸੁਰਜਣ ਦੇ ਸਲਾਹਕਾਰਾਂ ਨੇ ਸਲਾਹ ਦਿੱਤੀ ਕਿ ਭੱਜਣ ਵਿਚ ਫ਼ਾਇਦਾ ਹੈ। ਆਪਣੀ ਟਰਾਂਸਪੋਰਟ ਪਹਿਲਾਂ ਹੀ ਉਸ ਨੇ ਕਲਕੱਤੇ ਭੇਜ ਦਿੱਤੀ ਸੀ। ਦਫ਼ਤਰ ਖ਼ਾਲੀ ਕਰ ਕੇ ਇਕ ਰਾਤ ਆਪ ਵੀ ਗੱਡੀ ਚੜ੍ਹ ਗਿਆ। ਲੋਕਾਂ ਧਰਨੇ ਮਾਰੇ, ਜਲੂਸ ਕੱਢੇ। ਕੁਝ ਨਾ ਬਣਿਆ। ਪੁਲਿਸ ਨੇ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ, ਪਰ ਕਲਕੱਤੇ ਜਾ ਕੇ ਉਸ ਨੂੰ ਫੜਨ ਦੀ ਹਿੰਮਤ ਨਾ ਪਈ। ਪੁਲਿਸ ਜਾਂਦੀ ਅਤੇ ਬੇਰੰਗ ਮੁੜ ਆਉਂਦੀ। ਹਾਰ ਥੱਕ ਕੇ ਲੋਕ ਘਰ ਬੈਠ ਗਏ। ਮਸਲਾ ਪੂਰੀ ਤਰ੍ਹਾਂ ਠੰਢਾ ਹੋ ਜਾਣ ਬਾਅਦ ਸੁਰਜਣ ਸਿੰਘ ਖ਼ੁਦ ਪੇਸ਼ ਹੋ ਗਿਆ। ਉਸ ਦੀ ਬਹੁਤ ਸਾਰੀ ਜਾਇਦਾਦ ਕੁਰਕ ਹੋਈ ਪਈ ਸੀ। ਪੇਸ਼ ਹੋ ਕੇ ਜਾਇਦਾਦ ਵੇਚਣ ਜੋਗੀ ਹੋਣੀ ਸੀ। ਮਹੀਨਾ ਦੋ ਮਹੀਨੇ ਅੰਦਰ ਰਹਿ ਕੇ ਉਸ ਦੀ ਜ਼ਮਾਨਤ ਹੋ ਜਾਣੀ ਸੀ। ਬਹੁਤੇ ਤੱਤਿਆਂ ਨਾਲ ਉਸ ਨੇ ਅੱਧ-ਪਚੱਧ ਦੇ ਕੇ ਸਮਝੌਤਾ ਕਰ ਲੈਣਾ ਸੀ। ਬਾਕੀਆਂ ਨੂੰ ਟਰਕਾ ਦੇਣਾ ਸੀ।

ਜੇਲ੍ਹ ਆਉਣ ਤੋਂ ਪਹਿਲਾਂ ਸੁਰਜਣ ਨੇ ਜੇਲ੍ਹ ਸੁਪਰਡੈਂਟ ਲਾਲ ਰਿਸ਼ਤੇਦਾਰੀ ਕੱਢੀ। ਸੁਪਰਡੈਂਟ ਖ਼ੁਦ ਸੁਰਜਣ ਨੂੰ ਡਾਕਟਰ ਦੇ ਹਵਾਲੇ ਕਰ ਕੇ ਗਿਆ ਸੀ। ਸ਼ਾਮ ਨੂੰ ਕਦੇ ਸੁਪਰਡੈਂਟ ਹਸਪਤਾਲ ਆਉਂਦਾ ਅਤੇ ਕਦੇ ਸੁਰਜਣ ਉਸ ਦੀ ਕੋਠੀ ਜਾਂਦਾ ਸੀ। ਦੇਰ ਰਾਤ ਤਕ ਗਲਾਸੀਆਂ ਖੜਕਦੀਆਂ ਸਨ।

ਖੜਕਦੀਆਂ ਗਲਾਸੀਆਂ ਦੀ ਛਣਕਾਹਟ ਮੱਧਮ ਪਾਉਣ ਵਾਲਾ ਡਾਕਟਰ ਕੌਣ ਸੀ?

ਤੀਸਰੇ ਬੈੱਡ ਉਪਰ ਡਾਕਟਰ ਦਾ ਆਪਣਾ ਬੰਦਾ ਸੀ। ਉਸ ਨੇ ਆਪਣੇ ਸ਼ੈਲਰ ਵਿਚ ਸਰਕਾਰ ਦੀ ਰੱਖੀ ਵੀਹ ਲੱਖ ਦੀ ਜੀਰੀ ਵੇਚ ਕੇ ਹੜੱਪ ਲਈ ਸੀ। ਵੀਹ ਲੱਖ ਨਾਲ ਮੁੰਡੇ ਨੂੰ ਗੁੜਗਾਉਂ ਫ਼ੈਕਟਰੀ ਲਗਵਾ ਦਿੱਤੀ ਸੀ। ਚਾਰ ਸਾਲ ਸਰਕਾਰ ਨੂੰ ਰਾਹ ਨਹੀਂ ਸੀ ਦਿੱਤਾ। ਹੁਣ ਉਦੋਂ ਪਰਚਾ ਦਰਜ ਹੋਇਆ ਹੈ, ਜਦੋਂ ਉਸ ਨੇ ਆਪਣੇ ਨਾਂ ਲੱਗੀ ਜ਼ਮੀਨ ਜਾਇਦਾਦ ਠਿਕਾਣੇ ਲਗਾ ਦਿੱਤੀ ਹੈ। ਮਹੀਨਾ-ਵੀਹ ਦਿਨ ਅੰਦਰ ਰਹਿ ਕੇ ਉਸ ਦੀ ਜ਼ਮਾਨਤ ਹੋ ਜਾਣੀ ਸੀ। ਏਨੇ ਦਿਨ ਹਸਪਤਾਲ ਰੱਖੀ ਰੱਖਣ ਦਾ ਡਾਕਟਰ ਨੇ ਉਸ ਨਾਲ ਠੇਕਾ ਕੀਤਾ ਸੀ। ਹਫ਼ਤੇ ਬਾਅਦ ਸ਼ਰਤ ਭੰਗ ਕਰ ਕੇ ਉਹ ਮੋਟੀ ਰਕਮ ਤੋਂ ਹੱਥ ਨਹੀਂ ਧੋ ਸਕਦਾ।

ਚੌਥੇ ਬੈੱਡ ਉਪਰ ਆਪਣੀ ਨੂੰਹ ਨੂੰ ‘ਦਾਜ ਦੀ ਬਲੀ’ ਚੜ੍ਹਾ ਕੇ ਆਇਆ ਅਮਰਨਾਥ ਸੀ। ਉਹ ਵਿਰੋਧੀ ਪਾਰਟੀ ਦੇ ਵਿਧਾਇਕ ਦਾ ਰਿਸ਼ਤੇਦਾਰ ਸੀ। ਦੋਵੇਂ ਵਕਤ ਖਾਣਾ ਵਿਧਾਇਕ ਦੇ ਘਰੋਂ ਆਉਂਦਾ ਸੀ। ਸਰਕਾਰ ਦੀਆਂ ਭਾਵੇਂ ਇਹ ਹਦਾਇਤਾਂ ਸਨ ਕਿ ਵਿਰੋਧੀ ਧਿਰ ਦੇ ਵਿਧਾਇਕ ਨੂੰ ਮੂੰਹ ਨਾ ਲਾਇਆ ਜਾਵੇ, ਪਰ ਕੱਚ ਦੇ ਘਰਾਂ ਵਿਚ ਰਹਿਣ ਵਾਲੇ ਹੋਰਾਂ ਉਪਰ ਰੋੜੇ ਨਹੀਂ ਸੁੱਟ ਸਕਦੇ। ਜੇਲ੍ਹ ਅਧਿਕਾਰੀ ਸਰਕਾਰ ਚਲਾ ਰਹੀ ਪਾਰਟੀ ਦੇ ਵਿਧਾਇਕ ਦਾ ਗ਼ੱਸਾ ਤਾਂ ਸਹਾਰ ਸਕਦੇ ਹਨ। ਉਸ ਨੇ ਕਿਹੜਾ ਵਿਧਾਨ ਸਭਾ ਵਿਚ ਹੰਗਾਮਾ ਖੜਾ ਕਰਨਾ ਹੈ। ਵਿਰੋਧੀ ਧਿਰ ਦੇ ਵਿਧਾਇਕ ਨੂੰ ਮੁੱਦਾ ਚਾਹੀਦਾ ਹੈ। ਉਸ ਨੂੰ ਨਰਾਜ਼ ਕਰ ਕੇ ਕਿਉਂ ਦਾੜ੍ਹੀ ਪਰਾਏ ਹੱਥ ਫੜਾਈ ਜਾਵੇ?

 

ਬੱਸ ਇਕ ਰਾਹ ਬਾਕੀ ਸੀ, ਵਿਸ਼ੇਸ਼ ਅਧਿਕਾਰ ਦੀ ਵਰਤੋਂ। ਕੈਦੀ ਨੂੰ ਛੂਤ ਦੀ ਖ਼ਤਰਨਾਕ ਬੀਮਾਰੀ ਨਾਲ ਗ੍ਰਸਤ ਦਿਖਾਇਆ ਜਾਵੇ। ਫੇਰ ਉਸ ਨੂੰ ਅਜਿਹੇ ਕੈਦੀਆਂ ਲਈ ਵਿਸ਼ੇਸ਼ ਤੌਰ ’ਤੇ ਬਣਾਏ ਗਏ ਵੱਖਰੇ ਕਮਰਿਆਂ (Isolation Rooms) ਵਿਚ ਬੰਦ ਕਰਨ ਦੀ ਸਿਫ਼ਾਰਿਸ਼ ਕੀਤੀ ਜਾਵੇ। ਇਹ ਕਮਰੇ ਕਾਗ਼ਜ਼ਾਂ ਵਿਚ ਹੀ ‘ਵੱਖਰੇ’ ਕਮਰੇ ਹਨ। ਅੱਜ ਤਕ ਇਕ ਵਾਰ ਵੀ ਇਹਨਾਂ ਦੀ ਵਰਤੋਂ, ਇਸ ਕੰਮ ਲਈ ਨਹੀਂ ਸੀ ਹੋਈ। ਜਦੋਂ ਕਦੇ ਇਹਨਾਂ ਦੀ ਵਰਤੋਂ ਹੋਈ ਸੀ ਤਾਂ ਦਾਰੂ ਪੀਣ ਜਾਂ ਗੁਪਤ ਸਲਾਹ-ਮਸ਼ਵਰਾ ਕਰਨ ਲਈ ਹੋਈ ਸੀ। ਹੁਣ ਕਿਹੜਾ ਜੈਨ ਨੂੰ ਇਸ ਕਮਰੇ ਵਿਚ ਪਾਇਆ ਜਾਣਾ ਸੀ। ਕਾਗ਼ਜ਼ੀਂ ਉਸ ਨੇ ਇਥੇ ਬੰਦ ਹੋਣਾ ਸੀ। ਅਸਲ ਵਿਚ ਉਸ ਨੇ ਬਾਕੀ ਕੈਦੀਆਂ ਵਿਚ ਬੈਠ ਕੇ ਗੱਪ-ਸ਼ੱਪ ਕਰਨਾ ਸੀ।

ਆਪਣੀ ਸਮੱਸਿਆ ਹੱਲ ਕਰਨ ਬਾਅਦ ਡਾਕਟਰ ਜੈਨ ਨੂੰ ਲੈਣ ਚੱਕਰ ਵੱਲ ਚਲਿਆ ਸੀ। ਜੈਨ ਦਾ ਮੋਟਾ-ਤਾਜ਼ਾ ਸਰੀਰ ਅਤੇ ਗੋਰਾ ਰੰਗ ਉਸ ਦੀ ਪਹਿਚਾਣ ਕਰਾਉਣ ਲਈ ਕਾਫ਼ੀ ਸੀ। ਇਸੇ ਅਨੁਮਾਨ ਦੇ ਆਧਾਰ ’ਤੇ ਉਸ ਨੇ ਹਸਪਤਾਲ ਵੱਲ ਆਉਂਦੇ ਨਵੇਂ ਕੈਦੀ ਨੂੰ ‘ਸੇਠ ਜੈਨ’ ਆਖ ਕੇ ਬੁਲਾ ਲਿਆ ਸੀ।

“ਮੁਆਫ਼ ਕਰਨਾ। ਮੈਨੂੰ ਇਧਰ ਆਉਣ ਵਿਚ ਦੇਰ ਹੋ ਗਈ। ਚੰਗਾ ਕੀਤਾ, ਤੁਸੀਂ ਪਹਿਲਾਂ ਹੀ ਆਪਣੇ ਆਪ ਨੂੰ ਬੀਮਾਰ ਘੋਸ਼ਿਤ ਕਰਵਾ ਲਿਆ।”

“ਮੁਨਸ਼ੀ ਵਿਚਾਰਾ ਚੰਗਾ ਸੀ। ਉਸ ਨੇ ਮੇਰੀ ਬੇਨਤੀ ਪਰਵਾਨ ਕਰ ਲਈ।”

ਹੌਸਲੇ ’ਚ ਆਏ ਜੈਨ ਨੇ ਮੁਨਸ਼ੀ ਦੀ ਤਾਰੀਫ਼ ਕੀਤੀ। ਦਰਿਆ ਵਿਚ ਰਹਿ ਕੇ ਮਗਰਮੱਛ ਨਾਲ ਦੁਸ਼ਮਣੀ ਨਹੀਂ ਸੀ ਰੱਖੀ ਜਾ ਸਕਦੀ। ਮੁਨਸ਼ੀ ਨਾਲ ਫੇਰ ਵੀ ਵਾਹ ਪੈਣਾ ਸੀ। ਇਹੋ ਸੋਚਦਾ ਉਹ ਸੱਚ ਨੂੰ ਛੁਪਾ ਗਿਆ ਸੀ।

“ਹੂੰ। ਕਰ ਲਈ ਬੇਨਤੀ ਪਰਵਾਨ। ਸਾਰੀ ਜੇਬ ਖ਼ਾਲੀ ਕਰਾਈ ਹੋਵੇਗੀ। ਮੈਂ ਜਾਣਦਾਂ ਦੋਹਾਂ ਨੂੰ।” ਆਪਣੇ ਮਨ ਅੰਦਰ ਡਾਕਟਰ ਨੇ ਇਹ ਸੋਚਿਆ, ਪਰ ਆਖਿਆ ਕੁਝ ਹੋਰ।

“ਉਹ ਨਾ ਕਰਦਾ ਤਾਂ ਮੈਂ ਕਰ ਲੈਣਾ ਸੀ। ਮੈਂ ਉਸ ਬੈਰਕ ਵਿਚ ਜਾਂਦਾ, ਜਿਥੇ ਤੁਹਾਨੂੰ ਬੰਦ ਕੀਤਾ ਹੁੰਦਾ। ਡਾਕਟਰੀ ਮੁਆਇਨਾ ਕਰ ਕੇ ਤੁਹਾਨੂੰ ਬੀਮਾਰ ਘੋਸ਼ਿਤ ਕਰਦਾ ਅਤੇ ਇਲਾਜ ਲਈ ਹਸਪਤਾਲ ਲੈ ਆਉਂਦਾ।”

ਡਾਕਟਰ ਨਾਲੇ ਕਾਗ਼ਜ਼-ਪੱਤਰ ਘੋਖ ਰਿਹਾ ਸੀ, ਨਾਲੇ ਹਸਪਤਾਲ ਵੱਲ ਵਧ ਰਿਹਾ ਸੀ।

ਡਾਕਟਰ ਦਾ ਆਪਣਾ ਦਫ਼ਤਰ ਪਹਿਲੀ ਮੰਜ਼ਿਲ ਉਪਰ ਸੀ। ਉਹ ਸੇਠ ਨੂੰ ਸਿੱਧਾ ਉਥੇ ਲੈ ਗਿਆ।

ਦਫ਼ਤਰ ਦੀ ਇਕ ਨੁੱਕਰ ਵਿਚ ਛੋਟਾ ਫ਼ਰਿੱਜ ਪਿਆ ਸੀ। ਫ਼ਰਿੱਜ ਵਿਚ ਸੰਭਾਲਣ ਵਾਲੀ ਦਵਾਈ ਬੂਟੀ ਕਦੀ-ਕਦਾਈਂ ਹੀ ਆਉਂਦੀ ਸੀ। ਫ਼ਰਿੱਜ ਨੂੰ ਠੰਢੇ, ਫ਼ਰੂਟ ਅਤੇ ਮਠਿਆਈਆਂ ਨਾਲ ਭਰ ਕੇ ਰੱਖਿਆ ਜਾਂਦਾ ਸੀ।

ਡਾਕਟਰ ਇਕ ਕੈਂਪਾ ਫ਼ਰਿੱਜ ਵਿਚੋਂ ਕੱਢਿਆ ਅਤੇ ਜੈਨ ਦੇ ਹੱਥ ਫੜਾ ਦਿੱਤਾ।

“ਸਵੇਰ ਦੇ ਪਿਆਸੇ ਹੋਵੋਗੇ। ਪਹਿਲਾਂ ਪਿਆਸ ਬੁਝਾਓ, ਫੇਰ ਚੈੱਕ-ਅੱਪ ਕਰਾਂਗੇ।”

ਜੈਨ ਸੱਚਮੁੱਚ ਪਿਆਸ ਕਾਰਨ ਮਰਦਾ ਜਾ ਰਿਹਾ ਸੀ। ਉਸ ਨੇ ਕਈ ਵਾਰ ਪਾਣੀ ਦਾ ਸਰੋਤ ਲੱਭਣ ਦਾ ਯਤਨ ਕੀਤਾ ਸੀ, ਪਰ ਹੁਣ ਤਕ ਉਸ ਨੂੰ ਕਿਸੇ ਕੂਲਰ ਤਾਂ ਕੀ, ਘੜੇ, ਟੂਟੀ ਤਕ ਦੇ ਦਰਸ਼ਨ ਨਹੀਂ ਸਨ ਹੋਏ। ਘਟਨਾਵਾਂ ਏਨੀ ਤੇਜ਼ੀ ਨਾਲ ਘਟੀਆਂ ਸਨ ਕਿ ਉਸ ਦੀ ਕਿਸੇ ਕੋਲੋਂ ਪਾਣੀ ਮੰਗਣ ਤਕ ਦੀ ਹਿੰਮਤ ਨਹੀਂ ਸੀ ਪਈ।

ਖਾਣ-ਪੀਣ ਤੋਂ ਵਿਹਲਾ ਹੋ ਕੇ ਡਾਕਟਰ ਨੇ ਆਪਣਾ ਔਜ਼ਾਰਾਂ ਵਾਲਾ ਬਕਸਾ ਖੋਲ੍ਹਿਆ ਅਤੇ ਜੈਨ ਦੇ ਬਲੱਡ ਪੈ੍ਰਸ਼ਰ ਤੋਂ ਲੈ ਕੇ ਦਿਲ ਦੀ ਧੜਕਣ ਤਕ ਨੂੰ ਘੋਖਿਆ।

ਜੈਨ ਦੇ ਦੋਸਤ ਸੱਚ ਆਖਦੇ ਸਨ, ਮਾਨਸਿਕ ਤਨਾਅ ਕਾਰਨ ਸਭ ਕੁਝ ਖ਼ਤਰੇ ਦੇ ਨਿਸ਼ਾਨ ਤਕ ਅੱਪੜਿਆ ਹੋਇਆ ਸੀ। ਜੈਨ ਨੂੰ ਤੁਰੰਤ ਤਨਾਅ ਤੋਂ ਮੁਕਤ ਕਰਨ ਵਾਲੀਆਂ ਦਵਾਈਆਂ ਦੀ ਜ਼ਰੂਰਤ ਸੀ।

ਹਸਪਤਾਲ ਦੇ ਸਟਾਕ ਵਿਚ ਇਹਨਾਂ ਵਿਚੋਂ ਇਕ ਵੀ ਦਵਾਈ ਨਹੀਂ ਸੀ।

“ਮੈਨੂੰ ਮਹਿਸੂਸ ਹੋ ਰਿਹਾ, ਮੇਰਾ ਬਲੱਡ ਪ੍ਰੈਸ਼ਰ ਵਧ ਰਿਹਾ ਹੈ। ਮੈਂ ਆਪਣੀਆਂ ਦਵਾਈਆਂ ਨਾਲ ਨਹੀਂ ਲਿਆਂਦੀਆਂ। ਮੈਨੂੰ ਇਹ ਭਾਣਾ ਵਰਤਣ ਦੀ ਉਮੀਦ ਨਹੀਂ ਸੀ।

“ਮੁਆਫ਼ ਕਰਨਾ। ਦਵਾਈਆਂ ਹਸਪਤਾਲ ਵਿਚ ਵੀ ਨਹੀਂ, ਇਕ-ਅੱਧ ਗੋਲੀ ਮੇਰੇ ਬੈਗ ਵਿਚ ਹੋਏਗੀ। ਉਹ ਮੈਂ ਦੇ ਦਿੰਦਾ ਹਾਂ।”

“ਦਵਾਈ ਦਾ ਕੋਈ ਇੰਤਜ਼ਾਮ ਕਰੋ, ਨਹੀਂ ਤਾਂ ਰਾਤ ਕਿਵੇਂ ਲੰਘੇਗੀ?”

“ਦਵਾਈ ਦਾ ਇੰਤਜ਼ਾਮ ਹੋ ਜਾਏਗਾ, ਪਰ ਮਹਿੰਗੀ ਪਵੇਗੀ।”

“ਕੋਈ ਗੱਲ ਨਹੀਂ, ਪਰ ਸਵੇਰ ਤਕ ਉਧਾਰ ਕਰਨਾ ਪਵੇਗਾ। ਇਸ ਸਮੇਂ ਮੇਰੇ ਕੋਲ ਫੁੱਟੀ ਕੌਡੀ ਵੀ ਨਹੀਂ।”

“ਤੁਸੀਂ ਉਸ ਦਾ ਫ਼ਿਕਰ ਨਾ ਕਰੋ। ਮੈਂ ਜ਼ਾਮਨ ਬਣ ਜਾਵਾਂਗਾ। ਤੁਸੀਂ ਕਿਹੜਾ ਭੱਜ ਜਾਣਾ ਹੈ।”

“ਇਸ ਸਮੇਂ ਦਵਾਈ ਕੌਣ ਲੈ ਕੇ ਆਵੇਗਾ? ਤੁਸੀਂ ਜਾਓਗੇ?”

ਦਵਾਈ ਦੀ ਅਣਹੋਂਦ ਨੇ ਜੈਨ ਦੀ ਚਿੰਤਾ ਹੋਰ ਵਧਾ ਦਿੱਤੀ। ਦਵਾਈ ਮੰਗਵਾਉਣ ਲਈ ਉਹ ਕਾਹਲਾ ਪੈਣ ਲੱਗਾ।

“ਫ਼ਿਕਰ ਨਾ ਕਰੋ, ਅੰਦਰੋਂ ਹੀ ਮਿਲ ਜਾਏਗੀ।”

ਜੈਨ ਦੀ ਜਗਿਆਸਾ ਸ਼ਾਂਤ ਕਰਨ ਲਈ ਡਾਕਟਰ ਨੇ ਅੰਦਰੋਂ ਦਵਾਈ ਮਿਲਣ ਦਾ ਰਹੱਸ ਖੋਲ੍ਹਿਆ।

ਹਸਪਤਾਲ ਦਾ ਫ਼ਾਰਮਾਸਿਸਟ ਜੇਲ੍ਹ ਅੰਦਰ ਦਵਾਈਆਂ ਵੇਚਦਾ ਸੀ। ਉਹ ‘ਜੇਲ੍ਹ ਭਲਾਈ ਬੋਰਡ’ ਦੇ ਮੈਂਬਰ ਸਰਦਾਰੀ ਲਾਲ ਦਾ ਭਾਣਜਾ ਸੀ। ਸਰਦਾਰੀ ਲਾਲ ਦੀ ਥੋਕ ਦਵਾਈਆਂ ਦੀ ਦੁਕਾਨ ਸੀ। ਸਿਹਤ ਮੰਤਰੀ ਦਾ ਉਹ ਦੂਰ-ਨੇੜੇ ਦਾ ਰਿਸ਼ਤੇਦਾਰ ਸੀ। ਸਿਹਤ ਮੰਤਰੀ ਨੇ ਸਿਫ਼ਾਰਸ਼ ਕਰ ਕੇ ਉਸ ਨੂੰ ਬੋਰਡ ਦਾ ਮੈਂਬਰ ਬਣਵਾ ਦਿੱਤਾ। ਜੇਲ੍ਹ ਨੂੰ ਦਵਾਈਆਂ ਸਪਲਾਈ ਕਰਨ ਦਾ ਠੇਕਾ ਸਰਦਾਰੀ ਲਾਲ ਨੇ ਆਪਣੀ ਮੈਂਬਰੀ ਦੇ ਜ਼ੋਰ ’ਤੇ ਲੈ ਲਿਆ। ਹੁਣ ਉਹ ਮੈਂਬਰੀ ਦਾ ਭਰਪੂਰ ਫ਼ਾਇਦਾ ਉਠਾ ਰਿਹਾ ਸੀ। ਜੇਲ੍ਹ ਅਧਿਕਾਰੀਆਂ ਉਪਰ ਰੋਹਬ ਪਾਉਂਦਾ ਰਹਿੰਦਾ ਸੀ। ਜੇਲ੍ਹ ਅੰਦਰ ਆਉਣ-ਜਾਣ ਦੀ ਖੁੱਲ੍ਹ ਸੀ। ਖੁੱਲ੍ਹ ਦਾ ਫ਼ਾਇਦਾ ਉਠਾਉਣ ਲਈ ਮੈਂਬਰ ਨੇ ਝੱਟ ਆਪਣਾ ਭਾਣਜਾ ਬਦਲਵਾ ਕੇ ਹਸਪਤਾਲ ਲੈ ਆਂਦਾ। ਸਾਰੀ ਦਵਾਈ ਫ਼ਾਰਮਾਸਿਸਟ ਦੇ ਕਬਜ਼ੇ ਵਿਚ ਹੰਦੀ ਹੈ। ਉਹ ਸਰਕਾਰੀ ਦਵਾਈਆਂ ਆਸਾਨੀ ਨਾਲ ਵੇਚ ਸਕਦਾ ਸੀ ਅਤੇ ਬਾਹਰੋਂ ਡੱਬਾ ਭਰ ਕੇ ਆਪਣੀਆਂ ਦਵਾਈਆਂ ਅੰਦਰ ਲਿਜਾ ਸਕਦਾ ਸੀ। ਡਾਕਟਰ ਦਵਾਈ ਲਿਖ ਦਿੰਦਾ ਸੀ। ਕੈਦੀ ਫ਼ਾਰਮਾਸਿਸਟ ਤੋਂ ਖ਼ਰੀਦ ਲੈਂਦੇ ਸਨ। ਕੈਦੀਆਂ ਨੂੰ ਬਾਹਰੋਂ ਦਵਾਈ ਮੰਗਵਾਉਣ ਲਈ ਕਈ-ਕਈ ਦਿਨ ਉਡੀਕਣਾ ਨਹੀਂ ਸੀ ਪੈਂਦਾ। ਉਹ ਖ਼ੁਸ਼ ਸਨ। ਡਾਕਟਰ ਖ਼ੁਸ਼ ਸੀ, ਬਣਦਾ ਹਿੱਸਾ ਉਸ ਨੂੰ ਮਿਲ ਜਾਂਦਾ ਸੀ। ਜੇਲ੍ਹ ਅਧਿਕਾਰੀ ਖ਼ੁਸ਼ ਸਨ। ਕੈਦੀਆਂ ਨੂੰ ਦਵਾਈ ਦੁਗਣੇ ਮੁੱਲ ’ਤੇ ਮਿਲਦੀ ਹੈ, ਮਿਲਦੀ ਰਹੇ। ਮੈਂਬਰ ਨਾ ਕਦੇ ਲੰਗਰ ਵਿਚ ਜਾਂਦਾ ਸੀ, ਨਾ ਗੋਦਾਮ ਵਿਚ। ਨਾ ਉਹ ਕੈਦੀਆਂ ਨੂੰ ਮਿਲਦਾ ਸੀ, ਨਾ ਰਜਿਸਟਰ ਫਰੋਲਦਾ ਸੀ। ਜੇਲ੍ਹ ਅਧਿਕਾਰੀ ਜੋ ਕਾਗ਼ਜ਼ ਉਸ ਅੱਗੇ ਰੱਖਦੇ ਸਨ, ਉਹ ਚੁੱਪ ਕਰ ਕੇ ਦਸਤਖ਼ਤ ਕਰ ਦਿੰਦਾ ਸੀ।

ਇਸ ਲਈ ਜੈਨ ਨੂੰ ਦਵਾਈਆਂ ਨਾ ਮਿਲਣ ਦੀ ਚਿੰਤਾ ਨਹੀਂ ਸੀ ਕਰਨੀ ਚਾਹੀਦੀ।

ਸੇਠ ਦੇ ਨਾਂ ਨਾਲ ਜੈਨ ਜ਼ਰੂਰ ਉਚਾਰਿਆ ਜਾਂਦਾ ਸੀ, ਉਂਝ ਉਹ ਕਾਰੋਬਾਰੀ ਇਨਸਾਨ ਸੀ। ਇਹ ਜਾਨਣ ਬਾਅਦ ਡਾਕਟਰ ਨੇ ਉਸ ਦੀ ਇਕ ਹੋਰ ਸਮੱਸਿਆ ਸੁਲਝਾਈ।

“ਫੇਰ ਫ਼ਿਕਰ ਕਰਨ ਦੀ ਲੋੜ ਨਹੀਂ। ਦੂਜੇ ਮਰੀਜ਼ਾਂ ਨਾਲ ਮੈਂ ਤੁਹਾਡੀ ਜਾਣ-ਪਹਿਚਾਣ ਕਰਵਾ ਦਿੰਦਾ ਹਾਂ। ਉਹਨਾਂ ਨੂੰ ਸ਼ਾਮ ਨੂੰ ਕੈਂਪਰ ਵਿਚ ਵਿਸਕੀ ਅਤੇ ਸੋਡਾ ਭਰ ਕੇ ਆਉਂਦਾ ਹੈ। ਉਹ ਤੁਹਾਨੂੰ ਸਾਂਝੀਦਾਰ ਬਣਾ ਲੈਣਗੇ।”

ਸਾਫ਼ ਸੁਥਰੇ ਬਿਸਤਰ ’ਤੇ ਲੇਟੇ ਜੈਨ ਨੂੰ ਪੂਰਾ ਯਕੀਨ ਹੋ ਗਿਆ ਕਿ ਹੁਣ ਸੁਖ ਦੀ ਨੀਂਦ ਸੌਣ ਵਿਚ ਉਸ ਨੂੰ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।

Read 5607 times Last modified on Friday, 04 May 2018 14:34