41
ਅੱਜ ਗਊ-ਪੂਜਾ ਦਾ ਤਿਉਹਾਰ ਸੀ।
ਛੜਿਆਂ ਦੀ ਬੈਰਕ ਵਿਚ ਚਹਿਲ-ਪਹਿਲ ਦੀ ਥਾਂ ਮਾਤਮ ਛਾਇਆ ਹੋਇਆ ਸੀ। ਕੈਦੀਆਂ ਨੂੰ ਇਸ ਦਿਨ ਦੀ ਉਡੀਕ ਗਿਆਰਾਂ ਮਹੀਨੇ ਉਨੱਤੀ ਦਿਨ ਰਹਿੰਦੀ ਸੀ।
ਇਸ ਬੈਰਕ ਦਾ ਚੀਫ਼ ਵਾਰਡਰ ਹਰੀ ਓਮ ਗਊ ਭਗਤ ਸੀ। ਹਰ ਰੋਜ਼ ਸਵੇਰੇ ਉੱਠ ਕੇ ਉਹ ਪਹਿਲਾਂ ਗਊਸ਼ਾਲਾ ਜਾਂਦਾ ਸੀ। ਗਊਆਂ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਪੱਠੇ ਪਾਉਂਦਾ ਸੀ। ਫੇਰ ਮੰਦਰ ਜਾ ਕੇ ਪੂਜਾ ਕਰਦਾ ਸੀ, ਫੇਰ ਕੰਮ ’ਤੇ ਆਉਂਦਾ ਸੀ।
ਤਿਉਹਾਰ ਤੋਂ ਇਕ ਹਫ਼ਤਾ ਪਹਿਲਾਂ ਉਸ ਨੂੰ ਚਾਅ ਚੜ੍ਹ ਜਾਂਦਾ ਸੀ। ਕੋਲ ਖੜੋ ਕੇ ਉਹ ਸਾਰੀ ਬੈਰਕ ਦੀ ਸਫ਼ਾਈ ਕਰਾਉਂਦਾ ਸੀ। ਨਾਈ ਬੁਲਾ ਕੇ ਕੈਦੀਆਂ ਦੀ ਸ਼ੇਵ ਅਤੇ ਹਜਾਮਤ ਕਰਾਉਂਦਾ ਸੀ। ਸਵੇਰੇ ਹੀ ਪੰਡਤ ਆ ਜਾਂਦਾ ਸੀ। ਪਾਠ-ਪੂਜਾ ਹੁੰਦੀ ਸੀ। ਭਜਨ ਕੀਰਤਨ ਹੁੰਦਾ ਸੀ। ਹਵਨ ਹੁੰਦਾ ਸੀ। ਫੇਰ ਖੀਰ ਕੜਾਹ ਵਰਤਦਾ ਸੀ। ਮੁਸ਼ੱਕਤ ਤੋਂ ਛੋਟ ਹੁੰਦੀ ਸੀ। ਕੈਦੀਆਂ ਲਈ ਇਹ ਦਿਨ ਵਿਆਹ ਵਰਗਾ ਹੁੰਦਾ ਸੀ।
ਇਸ ਵਾਰ ਜਦੋਂ ਆਖ਼ਰੀ ਦਿਨ ਤਕ ਵੀ ਕੋਈ ਹਲਚਲ ਨਜ਼ਰ ਨਾ ਆਈ ਤਾਂ ਕੈਦੀਆਂ ਨੂੰ ਲੱਗਾ ਦਾਲ ਵਿਚ ਕੁਝ ਕਾਲਾ ਹੈ। ਉਹ ਕਾਲਖ਼ ਲੱਭਣ ਦਾ ਯਤਨ ਕਰਨ ਲੱਗੇ।
ਗਾਂਧੀ ਨੂੰ ਲੱਗਾ, ਜਦੋਂ ਦਾ ਮੋਦਨ ਇਸ ਬੈਰਕ ਵਿਚ ਆਇਆ ਸੀ, ਹਰੀ ਓਮ ਉਦੋਂ ਦਾ ਗੁੰਮ-ਸੁੰਮ ਸੀ।
ਛੜਿਆਂ ਦੀ ਬੈਰਕ ਵਿਚ ਬੰਦ ਬਹੁਤੇ ਕੈਦੀਆਂ ਦੇ ਜੁਰਮ ਇਕੋ ਜਿਹੇ ਸਨ। ਸੀਤੇ ਨੇ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਸੀ। ਗਾਂਧੀ ਨੇ ਪੈਹਠਾਂ ਸਾਲਾਂ ਦੀ ਬੁੱਢੀ ਨਾਲ। ਦੀਸੇ ਨੇ ਬਾਰ੍ਹਾਂ ਸਾਲਾਂ ਦੇ ਨੌਕਰ ਨੂੰ ਹੱਟੀ ਵਿਚ ਢਾਹਿਆ ਸੀ ਅਤੇ ਹਮੀਰ ਨੇ ਖੁਸਰਿਆਂ ਦੀ ਕੰਧ ਟੱਪੀਸੀ।
ਮੋਦਨ ਦਾ ਜੁਰਮ ਸਭਨਾਂ ਨਾਲੋਂ ਘਿਨਾਉਣਾ ਜ਼ਰੂਰ ਸੀ ਪਰ ਰੱਬੋਂ ਨਿਆਰਾ ਨਹੀਂ ਸੀ। ਕੱਟੀਆਂ-ਵੱਛੀਆਂ ਨਾਲ ਖੇਹ ਖਾਣ ਦੀਆਂ ਖ਼ਬਰਾਂ ਪਹਿਲਾਂ ਵੀ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਸਨ।
ਮੋਦਨ ਨੂੰ ਇਕ ਕੱਟੀ ਨਾਲ ਕੁਕਰਮ ਕਰਨ ਦੇ ਜੁਰਮ ਵਿਚ ਸਜ਼ਾ ਹੋਈ ਸੀ।
ਇਕ ਜਾਨਵਰ ਨਾਲ ਕੁਕਰਮ ਕਰਨ ਕਾਰਨ ਹਰੀ ਓਮ ਮੋਦਨ ਨਾਲ ਏਨਾ ਨਾਰਾਜ਼ ਹੋਵੇ, ਇਹ ਗੱਲ ਦਿਲ ਨਹੀਂ ਸੀ ਲੱਗ ਰਹੀ।
ਇਕ ਕੱਟੀ ਨਾਲ ਕੁਕਰਮ ਕਰਨ ਕਰਕੇ ਕੱਟੀ ਦੇ ਮਾਲਕ ਨੇ ਪਰਚਾ ਦਰਜ ਕਰਾਇਆ ਹੋਵੇ। ਪੁਲਿਸ ਨੇ ਉਸ ਦੀ ਗੱਲ ਮੰਨ ਕੇ ਤਫ਼ਤੀਸ਼ ਕੀਤੀ ਹੋਵੇ, ਅਗਾਂਹ ਮਾਮੂਲੀ ਜਿਹੀ ਗੱਲ ’ਤੇ ਜੱਜ ਨੇ ਸਜ਼ਾ ਸੁਣਾਈ ਹੋਵੇ, ਇਹ ਗੱਲ ਵੀ ਮੰਨਣਯੋਗ ਨਹੀਂ ਸੀ।
ਮਤਲਬ ਇਹ ਕਿ ਮੋਦਨ ਇਕ ਬੁਝਾਰਤ ਸੀ,। ਬੁਝਾਰਤ ਬੁੱਝੀ ਜਾਣੀ ਚਾਹੀਦੀ ਸੀ। ਸੱਚ ਦੀ ਖੋਜ ਲਈ ਉਹ ਮੋਦਨ ਦੁਆਲੇ ਹੋ ਗਏ।
ਮੋਦਨ ਨੇ ਬਿਨਾਂ ਕਿਸੇ ਲੁਕ-ਲੁਕਾ ਦੇ ਆਪਣੀ ਰਾਮ-ਕਹਾਣੀ ਸੁਣਾ ਦਿੱਤੀ।
ਉਹ ਪੈਂਤੀ ਕੁ ਸਾਲਾਂ ਦਾ ਨਿੱਕੇ ਝਿਊਰ ਦਾ ਮੁੰਡਾ ਹੈ। ਉਹ ਘਰ ਵਿਚ ਸਭ ਤੋਂ ਵੱਡਾ ਹੈ। ਛੋਟਾ ਭਰਾ ਮਾਸਟਰ ਹੈ। ਭਰਜਾਈ ਬੀ.ਡੀ.ਓ. ਦੇ ਦਫ਼ਤਰ ਵਿਚ ਕਲਰਕ ਹੈ।
ਸੁਰਤ ਸੰਭਾਲਣ ਤੋਂ ਪਹਿਲਾਂ ਇਕ ਵਾਰ ਮੋਦਨ ਨੂੰ ਬੁਖ਼ਾਰ ਚੜ੍ਹਿਆ ਸੀ। ਝਾੜ-ਫੂਕ ਵਾਲੇ ਦੇ ਪਿੱਛੇ ਲੱਗ ਕੇ ਉਸ ਦੀ ਮਾਂ ਨੇ ਮੂੰਹ-ਹਨੇਰੇ ਉਸ ਨੂੰ ਛੱਪੜ ਵਿਚ ਨੁਹਾ ਦਿੱਤਾ। ਆਥਣ ਤਕ ਬੁਖ਼ਾਰ ਹੋਰ ਵਿਗੜ ਗਿਆ। ਉਸ ਦੀ ਖੱਬੀ ਲੱਤ ਮਾਰੀ ਗਈ। ਢੂਹੀ ਵਿਚ ਰਸੌਲੀ ਬਣ ਗਈ। ਪਿੱਠ ਵਿਚ ਕੁੱਬ ਪੈ ਗਿਆ। ਉਹ ਮੁੰਡਾ ਘੱਟ ਅਤੇ ਜਾਨਵਰ ਵੱਧ ਜਾਪਦਾ। ਮੁੰਡੇ ਉਸ ਨੂੰ ‘ਬੋਤਾ’ ਆਖ-ਆਖ ਚਿੜਾਉਣ ਲੱਗੇ। ਮੁੰਡਿਆਂ ਦੇ ਪਿੱਛੇ ਲੱਗ ਕੇ ਮਾਸਟਰਾਂ ਨੇ ਵੀ ਉਸ ਨੂੰ ‘ਬੋਤਾ’ ਕਹਿਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਸਾਰੇ ਪਿੰਡ ਵਿਚ ਇਹੋ ਨਾਂ ਪ੍ਰਚਲਿਤ ਹੋ ਗਿਆ। ਹੁਣ ਉਸ ਨੂੰ ਲੋਕ ਮੋਦਨ ਦੇ ਨਾਂ ਨਾਲ ਘੱਟ ਅਤੇ ਬੋਤੇ ਦੇ ਨਾਂ ਨਾਲ ਵੱਧ ਜਾਣਦੇ ਸਨ।
ਮੋਦਨ ਦਾ ਬਾਪ ਪਿੰਡ ਦਾ ਚੌਕੀਦਾਰ ਸੀ। ਕਦੇ-ਕਦੇ ਦਿਹਾੜੀ ਲਾਉਣ ਵੀ ਚਲਾ ਜਾਂਦਾ ਸੀ। ਵਿਹਲੇ ਸਮੇਂ ਸਰਦਾਰਾਂ ਦੇ ਡੰਗਰਾਂ ਨੂੰ ਕੱਖ ਵੀ ਪਾ ਆਉਂਦਾ ਸੀ। ਉਸ ਦੀ ਮਾਂ ਦਿਨੇ ਕੱਖ-ਕੰਡਾ ਚੁਗਣ ਖੇਤਾਂ ਵਿਚ ਜਾਂਦੀ ਸੀ। ਸ਼ਾਮ ਨੂੰ ਭੱਠੀ ’ਤੇ ਦਾਣੇ ਭੁੰਨਦੀ ਸੀ। ਵਿਆਹ-ਸ਼ਾਦੀਆਂ ਵਿਚ ਵਿਆਹ ਵਾਲੇ ਘਰਾਂ ਵਿਚ ਭਾਂਡੇ ਮਾਂਜਦੀ ਸੀ। ਔਖੇ-ਸੌਖੇ ਦਿਨ-ਕਟੀ ਹੋ ਰਹੀ ਸੀ।
ਆਮ ਬਾਪਾਂ ਵਾਂਗ ਮੋਦਨ ਦਾ ਬਾਪ ਉਸ ਨੂੰ ਪੜ੍ਹਾਉਣਾ ਚਾਹੁੰਦਾ ਸੀ। ਡੰਡੇ-ਝਿੜਕਾਂ ਖਾਂਦਾ ਮੋਦਨ ਪੰਜ ਜਮਾਤਾਂ ਪਾਸ ਕਰ ਗਿਆ। ਛੇਵੀਂ ਵਿਚ ਜਾ ਕੇ ਬਰੇਕ ਲੱਗ ਗਈ। ਪੜ੍ਹਾਈ ਦੀਆਂ ਬਰੀਕੀਆਂ ਉਸ ਨੂੰ ਸਮਝ ਨਹੀਂ ਸਨ ਆਉਂਦੀਆਂ। ਇਸ ਵਿਚ ਉਸ ਦਾ ਕਸੂਰ ਨਹੀਂ ਸੀ। ਬੁਖ਼ਾਰ ਨੇ ਸਰੀਰ ਦੇ ਨਾਲ-ਨਾਲ ਦਿਮਾਗ਼ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ।
ਮਨ ਮਸੋਸ ਕੇ ਬਾਪੂ ਨੇ ਉਸ ਨੂੰ ਸਕੂਲੋਂ ਹਟਾ ਲਿਆ। ਲੱਤੋਂ ਆਹਰਾ ਹੋਣ ਕਾਰਨ ਉਹ ਦਿਹਾੜੀ ਦੱਪੇ ਦੇ ਵੀ ਯੋਗ ਨਹੀਂ ਸੀ। ਪੰਜ ਪੜ੍ਹੇ ਨੂੰ ਨੌਕਰੀ ਤਾਂ ਮਿਲਣੀ ਹੀ ਨਹੀਂ ਸੀ।
ਪਟਵਾਰੀ ਦੀ ਸਲਾਹ ਮੰਨ ਕੇ ਮੋਦਨ ਨੂੰ ਭੋਲੇ ਦਰਜ਼ੀ ਨਾਲ ਬਿਠਾ ਦਿੱਤਾ। ਸਾਲ ਵਿਚ ਉਹ ਕਾਜ ਕਰਨੇ ਤੇ ਬਟਨ ਲਾਉਣੇ ਸਿੱਖ ਗਿਆ। ਹੋਰ ਦੋ ਸਾਲ ਧੱਕੇ ਖਾ ਕੇ ਉਸ ਨੂੰ ਸਿਊਣ ਮਾਰਨੀ ਆ ਗਈ। ਦਿਮਾਗ਼ ਨੇ ਇਥੇ ਵੀ ਪੁਆੜਾ ਪਾਇਆ। ਉਹ ਚੰਗਾ ਕਾਰੀਗਰ ਬਣਨੋਂ ਪੱਛੜ ਗਿਆ।
ਮੋਦਨ ਦਾ ਛੋਟਾ ਭਰਾ ਵੱਡਾ ਹੋਣ ਲੱਗਾ। ਉਸ ਦਾ ਸਰੀਰ ਤਕੜਾ ਅਤੇ ਦਿਮਾਗ਼ ਤੇਜ਼ ਸੀ। ਬਾਪ ਨੂੰ ਆਪਣੇ ਸੁਪਨਿਆਂ ਦੀ ਮੰਜ਼ਿਲ ਉਸ ਵਿਚੋਂ ਦਿਖਾਈ ਦੇਣ ਲੱਗੀ। ਮੋਦਨ ਦੀ ਥਾਂ ਉਹ ਉਸ ਵੱਲ ਧਿਆਨ ਦੇਣ ਲੱਗਾ।
ਛੋਟੇ ਭਰਾ ਨੇ ਜੇ.ਬੀ.ਟੀ. ਕਰ ਲਈ। ਸਾਲ ਭਰ ਪ੍ਰਾਈਵੇਟ ਸਕੂਲ ਵਿਚ ਪੜ੍ਹਾਇਆ, ਫੇਰ ਸਰਕਾਰੀ ਨੌਕਰੀ ਮਿਲ ਗਈ।
ਛੋਟੇ ਭਰਾ ਨੂੰ ਰਿਸ਼ਤੇ ਆਉਣ ਲੱਗੇ।
ਬਾਪ ਅਤੇ ਭਰਾ ਕਹਿੰਦੇ, “ਪਹਿਲਾਂ ਵੱਡੇ ਨੂੰ ਵਿਆਹਾਂਗੇ, ਫੇਰ ਛੋਟੇ ਦੀ ਗੱਲ ਛੇੜਾਂਗੇ।”
ਹਾੜ੍ਹੀ ਸਾਉਣੀ ਜੇ ਮੋਦਨ ਨੂੰ ਕੋਈ ਦੇਖਣ ਆਉਂਦਾ ਤਾਂ ‘ਵਿੰਗੇ ਤੜਿੰਗੇ ਇਸ ਅਸ਼ਟਾਵਕਰ ਜਿਹੇ ਨਾਲ ਕੁੜੀ ਵਿਆਹੁਣ ਨਾਲੋਂ ਉਸ ਨੂੰ ਖੂਹ ਵਿਚ ਧੱਕਾ ਦੇਣਾ ਚੰਗਾ।’ ਆਖ ਕੇ ਦੱਸ ਪਾਉਣ ਵਾਲੇ ਨੂੰ ਉਲਾਂਭਾ ਦੇ ਕੇ ਮੁੜ ਜਾਂਦਾ।
ਛੋਟਾ ਭਰਾ ਵੱਡਾ ਹੋਣ ਲੱਗਾ। “ਜੇ ਸਾਲ ਦੋ ਸਾਲ ਹੋਰ ਜ਼ਿੱਦ ਫੜੀ ਰੱਖੀ ਤਾਂ ਤੂੰ ਵੀ ਕੁਆਰਾ ਰਹਿ ਜਾਏਂਗਾ।” ਲੋਕ ਛੋਟੇ ਨੂੰ ਨਸੀਹਤਾਂ ਦੇਣ ਲੱਗੇ।
ਬਾਪ ਨੇ ਦਿਲ ’ਤੇ ਪੱਥਰ ਰੱਖਿਆ। ਵੱਡੇ ਨਾਲੋਂ ਪਹਿਲਾਂ ਛੋਟੇ ਨੂੰ ਵਿਆਹ ਲਿਆ।
ਮੋਦਨ ਨੂੰ ਛੜਾ ਰਹਿ ਜਾਣ ਦਾ ਦੁੱਖ ਹੋਇਆ ਪਰ ਕੁਝ ਢਾਰਸ ਵੀ ਬੱਝੀ। ਔਰਤ ਤਾਂ ਘਰ ਵਿਚ ਆਈ। ਬਜ਼ੁਰਗ ਕਹਿੰਦੇ ਹਨ, “ਇਕ ਦੇ ਵਿਆਹ ਹੋਣ ਨਾਲ ਸਭ ਦਾ ਕੰਮ ਸਰ ਜਾਂਦਾ ਹੈ।”
ਪਿੰਡ ਵਿਚ ਪ੍ਰਚਲਿਤ ਦੰਦ-ਕਥਾਵਾਂ ਅਤੇ ਸਾਥੀਆਂ ਦੇ ਧੱਕੇ-ਧਕਾਏ ਮੋਦਨ ਨੇ ਭਰਜਾਈ ਦੇ ਅੱਗੇ-ਪਿੱਛੇ ਕੱਟੇ-ਵੱਛੇ ਬੰਨ੍ਹੇ। ਨੇੜੇ ਲਾਉਣਾ ਤਾਂ ਦੂਰ, ਉਹ ਘੁੰਡ ਚੁੱਕਣ ਨੂੰ ਵੀ ਤਿਆਰ ਨਹੀਂ ਸੀ। ਹਿੰਮਤ ਕਰ ਕੇ ਇਕ ਦਿਨ ਉਸ ਨੇ ਵੱਖੀ ਵਿਚ ਚੂੰਡੀ ਵੱਢੀ। ਉਹ ਸੂਈ ਬਘਿਆੜੀ ਵਾਂਗ ਪਈ। ਪੈਰੀਂ ਪੈ ਕੇ ਤੇ ਕੰਨਾਂ ਨੂੰ ਹੱਥ ਲਾ ਕੇ ਮੋਦਨ ਨੇ ਮਸਾਂ ਜਾਨ ਛੁਡਾਈ।
ਔਰਤ ਕੋਲੋਂ ਛਿੱਤਰ ਖਾਣ ਦਾ ਇਹ ਉਸ ਦਾ ਪਹਿਲਾ ਮੌਕਾ ਨਹੀਂ ਸੀ।
ਪਹਿਲੀ ਵਾਰੀ ਉਸ ਨੇ ਸ਼ਮੀਜ਼ ਸਿਵਾਉਣ ਆਈ ਗੇਲੋ ਦੀਆਂ ਨਾਪ ਦੇ ਬਹਾਨੇ ਛਾਤੀਆਂ ਘੁੱਟਣ ਦੀ ਹਿੰਮਤ ਕੀਤੀ ਸੀ। ਮੋਦਨ ਨੇ ਸੁਣ ਰੱਖਿਆ ਸੀ ਕਿ ਇਹ ‘ਇਹੋ ਜਿਹੀ’ ਹੀ ਸੀ। ਇਕੋ ਸਮੇਂ ਕਈਆਂ ਨਾਲ ਇਸ਼ਕ ਲੜਾ ਰਹੀ ਸੀ। ਮੋਦਨ ਨਾਲ ਵੀ ਹੱਸ-ਹੱਸ ਕੇ ਬੋਲ ਰਹੀ ਸੀ। ਮੋਦਨ ਨੂੰ ਹਾਲੇ ਛਾਤੀਆਂ ਦੇ ਗੁਦਗੁਦੇਪਣ ਦਾ ਸੁਆਦ ਆਉਣ ਵੀ ਨਹੀਂ ਸੀ ਲੱਗਾ ਕਿ ਕਰਾਰੇ ਥੱਪੜ ਨੇ ਉਸ ਦੀ ਗੱਲ੍ਹ ਨੂੰ ਝਰਣ-ਝਰਣ ਕਰਨ ਲਾ ਦਿੱਤਾ ਸੀ।
“ਕੰਜਰਾ) ਆਪਣੀ ਨਾਰਦਮੁਨੀ ਜਿਹੀ ਬੂਥੀ ਕਦੇ ਸੀਸ਼ੇ ਵਿਚ ਦੇਖੀ ਹੈ। ਇਹ ਸ਼ਕਲ ਇਸ਼ਕ ਲੜਾਉਣ ਵਾਲੀ ਹੈ?”
ਆਖਦੀ ਗੇਲੋ ਉਸ ਦੇ ਮਨ ਨੂੰ ਵਲੂੰਧਰ ਕੇ ਰੱਖ ਗਈ ਸੀ।
ਮੁੜ ਪਰਾਈ ਔਰਤ ਵੱਲ ਝਾਕਣ ਦੀ ਮੋਦਨ ਦੀ ਹਿੰਮਤ ਨਹੀਂ ਸੀ ਪਈ।
ਜਦੋਂ ‘ਆਪਣੀ’ ਨੇ ਇਜ਼ਤ ਲਾਹ ਦਿੱਤੀ ਤਾਂ ਦੂਜੀ ਤੋਂ ਕੀ ਆਸ। ਉਸ ਨੂੰ ਯਕੀਨ ਹੋ ਗਿਆ, ਔਰਤ-ਛੋਹ ਮੇਰੀ ਕਿਸਮਤ ਵਿਚ ਨਹੀਂ ਹੈ।
ਸਬਰ ਦਾ ਘੁੱਟ ਭਰੀ ਉਹ ਦਿਨ-ਕਟੀ ਕਰਦਾ ਰਿਹਾ।
ਭਰਾ-ਭਰਜਾਈ ਨੌਕਰੀ ’ਤੇ ਚਲੇ ਜਾਂਦੇ। ਮੋਦਨ ਘਰੇ ਬੈਠਾ ਕੱਪੜੇ ਸਿਊਂਦਾ ਰਹਿੰਦਾ।
ਆਮ ਦਿਨਾਂ ਵਾਂਗ ਉਸ ਭੈੜੇ ਦਿਨ ਵੀ ਉਹ ਵਰਾਂਡੇ ਵਿਚ ਬੈਠਾ ਕੱਪੜੇ ਸਿਊਂ ਰਿਹਾਸੀ।
ਸਬਾਤ ਦੇ ਦਰਵਾਜ਼ੇ ਉਪਰ ਬੈਠਾ ਚਿੜੇ-ਚਿੜੀ ਦਾ ਜੋੜਾ ਉਸ ਦਾ ਧਿਆਨ ਖਿੱਚਣ ਲੱਗਾ। ਦੋਵੇਂ ਪਿਆਰ ਕਲੋਲਾਂ ਕਰ ਰਹੇ ਸਨ। ਚਿੜਾ ਕਈ ਵਾਰ ਚਿੜੀ ਉਪਰ ਚੜ੍ਹ ਜਾਂਦਾ ਸੀ। ਖੰਭ ਝਾੜ ਕੇ ਚਿੜੀ ਮੁੜ ‘ਚਿੜਾ-ਚਿੜਾ’ ਕਰਨ ਲੱਗ ਪੈਂਦੀ ਸੀ। ਕੁਝ ਦੇਰ ਦਮ ਮਾਰ ਕੇ ਚਿੜਾ ਮੁੜ ਚਿੜੀ ਉਪਰ ਆ ਚੜ੍ਹਦਾ ਸੀ।
ਮੋਦਨ ਦੇ ਹੱਥੋਂ ਹੱਥੀ ਛੁੱਟ ਗਈ। ਉਸ ਦਾ ਸਾਰਾ ਸਰੀਰ ਹਰਕਤ ਵਿਚ ਆ ਗਿਆ। ਨਸਾਂ ਵਿਚ ਖ਼ੂਨ ਤੇਜ਼ ਦੌੜਨ ਲੱਗਾ। ਮਨ ਮਸਤੀ ਨਾਲ ਭਰ ਗਿਆ। ਉਸ ਦਾ ਮਨ ਚਿੜਾ ਬਣ ਕੇ ਚਿੜੀ ’ਤੇ ਚੜ੍ਹਨ ਨੂੰ ਕਰਨ ਲੱਗਾ।
ਅਜਿਹੇ ਮੌਕੇ ਪਹਿਲਾਂ ਕਈ ਵਾਰ ਆਏ ਸਨ। ਗਲੀ ਵਿਚ ਫਸੇ ਕੁੱਤਾ-ਕੁੱਤੀ ਜਾਂ ਡੰਗਰਾਂ ਦੇ ਹਸਪਤਾਲ ਦੇ ਵਿਚ ਨਵੇਂ ਦੁੱਧ ਹੁੰਦੀ ਗਾਂ-ਮੱਝ ਦੇਖ ਕੇ ਉਸ ਨੂੰ ਘਰ ਭੱਜਣਾ ਪੈਂਦਾ ਸੀ। ਕਦੇ ਗੁਸਲਖ਼ਾਨੇ ਵੜ ਕੇ ਅਤੇ ਕਦੇ ਕੁੱਤੀ ਕੱਟੀ ਫੜ ਕੇ ਕਾਮ-ਤ੍ਰਿਪਤੀ ਕਰਨੀ ਪੈਂਦੀ ਸੀ। ਕਈ ਵਾਰ ਉਸ ਨੂੰ ਕੱਟੀ ਤੋਂ ਸੱਟ ਤੇ ਕੁੱਤੀ ਤੋਂ ਦੰਦੀ ਵਢਾਉਣੀ ਪਈ ਸੀ। ਪਰ ਮਿਲੀ ਸਰੀਕ ਅਤੇ ਮਾਨਸਿਕ ਤ੍ਰਿਪਤੀ ਅੱਗੇ ਸੱਟ ਨਿਗੂਣੀ ਹੁੰਦੀ ਸੀ।
ਮੋਦਨ ਨੇ ਬਾਹਰ ਨਿਕਲ ਕੇ ਗਲੀ ਵਿਚ ਨਜ਼ਰ ਮਾਰੀ। ਗੁਆਂਢੀਆਂ ਦੀ ਕੰਧ ਨਾਲ ਇਕ ਕੱਟੀ ਪਿੱਠ ਰਗੜ ਰਹੀ ਸੀ। ਮੋਦਨ ਕੱਟੀ ਨੂੰ ਪੁਚਕਾਰ ਕੇ ਅੰਦਰ ਲੈ ਆਇਆ।
ਮੋਦਨ ਨੂੰ ਝਉਲਾ ਜਿਹਾ ਪਿਆ। ਸ਼ਾਇਦ ਗਲੀ ਵਿਚ ਪੈੜ-ਚਾਲ ਹੋ ਰਹੀ ਹੈ। ਜਿਵੇਂ ਉਸ ਦੇ ਘਰ ਅੱਗੇ ਘੁਸਰ-ਮੁਸਰ ਹੋ ਰਹੀ ਹੈ।
ਕੱਟੀ ਕਾਬੂ ਨਹੀਂ ਸੀ ਆ ਰਹੀ। ਬਾਹਰ ਦੀ ਬਿੜਕ ਲੈਣ ਦੀ ਉਸ ਕੋਲ ਵਿਹਲ ਨਹੀਂ ਸੀ। ਉਹ ਮਸਤੀ ਨਾਲ ਆਪਣੇ ਕੰਮ ਵਿਚ ਲੱਗਾ ਰਿਹਾ।
ਮੋਦਨ ਨੂੰ ਸਥਿਤੀ ਦੀ ਗੰਭੀਰਤਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਗੁਆਂਢਣਾਂ ਨੇ ਉਸ ਦੇ ਵਿਹੜੇ ਧਾਵਾ ਬੋਲ ਦਿੱਤਾ। ਮੋਦਨ ਨੂੰ ਕੱਛ ਪਾਉਣ ਦਾ ਮੌਕਾ ਵੀ ਨਾ ਦਿੱਤਾ।
ਪਹਿਲਾਂ ਛੜੇ ਦੀ ਵਿਹੜੇ ਵਿਚ ਛਿਤਰੌਲ ਹੋਈ। ਫੇਰ ਪੰਚਾਇਤ ਨੇ ਲਾਹ-ਪਾ ਕੀਤੀ। ਫੇਰ ਪੁਲਿਸ ਨੇ ਧੌੜੀ ਲਾਹੀ।
ਦੋ ਦਿਨ ਬਾਅਦ ਪਿੰਡ ਵਾਲਿਆਂ ਦਾ ਗ਼ੁੱਸਾ ਠੰਢਾ ਹੋਣ ਲੱਗਾ। ਨੱਕ ਨਾਲ ਲਕੀਰਾਂ ਕਢਵਾ ਕੇ ਗੁਆਂਢੀਆਂ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਪੰਜ ਸੌ ਰੁਪਿਆ ਦੰਡ ਲਾ ਕੇ ਪੰਚਾਇਤ ਨੇ ਉਸ ਨੂੰ ਸੁਧਰ ਜਾਣ ਦਾ ਮੌਕਾ ਦੇ ਦਿੱਤਾ।
ਪੁਲਿਸ ਕੀ ਜੁਰਮਾਨਾ ਕਰੇ? ਇਹ ਸੋਚ ਵਿਚਾਰ ਹੋ ਰਹੀ ਸੀ ਕਿ ਉਧਰ ਖ਼ਬਰਾਂ ਅਖ਼ਬਾਰਾਂ ਵਿਚ ਛਪ ਗਈਆਂ?
ਖ਼ਬਰਾਂ ਪੜ੍ਹ ਕੇ ‘ਪਸ਼ੂਆਂ ਨਾਲ ਪਿਆਰ ਕਰਨ’ ਵਾਲੀ ਇਕ ਸੰਸਥਾ ਨੇ ਰੌਲਾ ਪਾ ਦਿੱਤਾ। ਪਿੰਡ ਆ ਕੇ ਉਹਨਾਂ ਨੇ ਮੋਦਨ ਦੇ ਘਰ ਅੱਗੇ ਧਰਨਾ ਦਿੱਤਾ। ਸ਼ਹਿਰ ਵਿਚ ਜਲੂਸ ਕੱਢਿਆ। ਪੁਲਿਸ ਕਪਤਾਨ ਨੂੰ ਮੰਗ-ਪੱਤਰ ਦਿੱਤਾ। ਪਰਚਾ ਦਰਜ ਹੋਇਆ, ਮੁਕੱਦਮਾ ਚੱਲਿਆ ਅਤੇ ਉਸ ਨੂੰ ਸਜ਼ਾ ਹੋ ਗਈ।
ਮੋਦਨ ਦੀ ਗੱਲ ਸੁਣ ਰਹੇ ਕੈਦੀ ਵੀ ਛੜੇ ਸਨ। ਉਸ ਤੋਂ ਵੱਧ ਤਜਰਬੇਕਾਰ ਸਨ। ਕਹਾਣੀ ਬਣੀ ਨਹੀਂ। ਮੋਦਨ ਜ਼ਰੂਰ ਕੁਝ ਛੁਪਾ ਰਿਹਾ ਹੈ।
ਉਹ ਠੀਕ ਸੋਚਦੇ ਸਨ।
ਮੋਦਨ ਨੇ ਕੁਕਰਮ ਕੱਟੀ ਨਾਲ ਨਹੀਂ, ਵੱਛੀ ਨਾਲ ਕੀਤਾ ਸੀ। ਉਸ ਵਿਰੁੱਧ ਜੱਹਾਦ ਸ਼ਿਵ ਸੈਨਾ ਨੇ ਛੇੜਿਆ ਸੀ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪੁੱਜੇ, ਇਸ ਡਰੋਂ ਜੱਜ ਨੇ ਉਸ ਨੂੰ ਸਜ਼ਾ ਸੁਣਾਈ ਸੀ।
ਇਹ ਝੂਠ ਮੋਦਨ ਨੇ ਆਪਣੀ ਮਰਜ਼ੀ ਨਾਲ ਨਹੀਂ ਸੀ ਬੋਲਿਆ। ਇੰਝ ਕਨ ਲਈ ਪਹਿਲਾਂ ਡਿਉੜੀ ਵਿਚ ਉਸ ਨੂੰ ਬੁੱਢੇ ਵਾਰਡਰ ਨੇ ਅਤੇ ਫੇਰ ਚੱਕਰ ਵਿਚ ਮੁਨਸ਼ੀ ਨੇ ਆਖਿਆ ਸੀ।
“ਤੈਨੂੰ ਛੜਿਆਂ ਦੀ ਬੈਰਕ ਵਿਚ ਭੇਜਿਆ ਜਾਵੇਗਾ। ਉਥੋਂ ਦਾ ਚੀਫ਼ ਵਾਰਡਰ ਹਰੀ ਓਮ ਭਲਾ ਬੰਦਾ ਹੈ, ਪਰ ਗਊ ਭਗਤ ਹੋਣ ਕਾਰਨ ਤੇਰੇ ’ਤੇ ਕੜਾਕਾ ਚਾੜ੍ਹ ਸਕਦਾ ਹੈ। ਜੇ ਬੁਰਾ-ਭਲਾ ਕਹੇ ਦੜ ਵੱਟ ਲਈਂ। ਮਾਰ ਪਏ ਸਹਿ ਲਈਂ। ਹੌਲੀ-ਹੌਲੀ ਆਪੇ ਉਸ ਦਾ ਗ਼ੱਸਾ ਠੰਢਾ ਹੋ ਜਾਏਗਾ।”
ਪਰ ਸ਼ਿਵ ਸੈਨਾ ਵਾਲੇ ਜਿਵੇਂ ਮੋਦਨ ਦੀ ਜਾਨ ਲੈਣ ’ਤੇ ਤੁਲੇ ਹੋਏ ਸਨ। ਗਊ ਭਗਤ ਹੋਣ ਕਾਰਨ ਉਹਨਾਂ ਦਾ ਹਰੀ ਓਮ ਨਾਲ ਸੰਪਰਕ ਸੀ। ਉਹਨਾਂ ਨੇ ਉਸ ਤਕ ਪਹੁੰਚ ਕੀਤੀ। “ਕਾਨੂੰਨ ਨੇ ਮੋਦਨ ਨਾਲ ਨਰਮੀ ਵਰਤੀ ਹੈ। ਤਿੰਨ ਸਾਲ ਦੀ ਕੈਦ ਕੋਈ ਸਜ਼ਾ ਹੁੰਦੀ ਹੈ? ਅਜਿਹੇ ਮਹਾਂਪਾਪੀ ਨੂੰ ਫ਼ਾਂਸੀ ਲੱਗਣੀ ਚਾਹੀਦੀ ਹੈ। ਤੂੰ ਇਸ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਹੋਰ ਪਾਪੀਆਂ ਲਈ ਉਦਾਹਰਣ ਬਣਾ ਦੇ।” ਇਹ ਹਦਾਇਤ ਕੀਤੀ।
ਹਰੀ ਓਮ ਨੇ ਉਹਨਾਂ ਦੇ ਹੁਕਮ ’ਤੇ ਫੁੱਲ ਚੜ੍ਹਾਉਣ ਦਾ ਮਨ ਬਣਾਇਆ।
ਉਂਜ ਮੋਦਨ ਨੂੰ ਛੜਿਆਂ ਵਾਲੀ ਬੈਰਕ ਵਿਚ ਹੀ ਭੇਜਿਆ ਜਾਣਾ ਸੀ। ਹਰੀ ਓਮ ਤੋਂ ਡਰਦਾ ਉਹ ਕਿਧਰੇ ਹੋਰ ਬੈਰਕ ਅਲਾਟ ਨਾ ਕਰਵਾ ਲਏ, ਇਸ ਲਈ ਹਰੀ ਓਮ ਖ਼ੁਦ ਚੱਕਰ ਗਿਆ।
ਮੋਦਨ ਦੇ ਮੱਥੇ ਲੱਗਣ ਤੋਂ ਪਹਿਲਾਂ ਹਰੀ ਓਮ ਦਾ ਪਾਰਾ ਬਹੁਤ ਚੜ੍ਹਿਆ ਹੋਇਆ ਸੀ। ਕਲਪਨਾ ਵਿਚ ਉਸ ਨੇ ਮੋਦਨ ਦੀ ਸ਼ਕਲ ਇਕ ਹੱਟੇ-ਕੱਟੇ, ਕਾਲੇ-ਕਲੋਟੇ ਦੈਂਤ ਵਰਗੀ ਚਿਤਵੀ ਸੀ। ਉਸ ਨੇ ਸਵੇਰੇ ਹੀ ਰੂਲ ਨੂੰ ਤੇਲ ਲਾ ਲਿਆ ਸੀ। ਉਸ ਦੀ ਸਲਾਹ ਸੀ ਕਿ ਉਹ ਪਾਪੀ ਨੂੰ ਚੱਕਰ ਵਿਚ ਨੰਗਾ ਕਰੇਗਾ। ਉਸ ਦੀਆਂ ਹੱਡੀਆਂ-ਪੱਸਲੀਆਂ ਤੋੜੇਗਾ। ਚੀਕਾਂ ਮਾਰਦੇ ਨੂੰ ਬੈਰਕ ਤਕ ਲਿਜਾਏਗਾ। ਪੁੱਛਣ ’ਤੇ ਲੋਕਾਂ ਨੂੰ ਉਸ ਦੇ ਜੁਰਮ ਬਾਰੇ ਦੱਸੇਗਾ।
ਪਰ ਕਿਸਮਤ ਦੇ ਮਾਰੇ, ਸੁੱਕੀਆਂ-ਵਿੰਗੀਆਂ ਹੱਡੀਆਂ ਦੇ ਢਾਂਚੇ ਨੂੰ ਦੇਖ ਕੇ ਉਸ ਦਾ ਅੱਧਾ ਗ਼ੁੱਸਾ ਲਹਿ ਗਿਆ। ਫੇਰ ਵੀ ਮੋਦਨ ਦਾ ਪਾਪ ਬਖ਼ਸ਼ਿਆ ਜਾਣ ਵਾਲਾ ਨਹੀਂ ਸੀ।
ਚੱਕਰੋਂ ਕੱਢ ਕੇ ਹਰੀ ਓਮ ਨੇ ਮੋਦਨ ਨੂੰ ਨੰਗਾ ਕੀਤਾ। ਘੋਖਵੀਂ ਨਜ਼ਰ ਨਾਲ ਸਾਰੇ ਸਰੀਰ ਦਾ ਮੁਆਇਨਾ ਕੀਤਾ। ਉਸ ਨੂੰ ਇਕ ਵੀ ਥਾਂ ਸਬੂਤੀ ਨਾ ਮਿਲੀ, ਜਿਥੇ ਰੂਲ ਚਲਾ ਸਕੇ।
ਖਿਝੇ ਹਰੀ ਓਮ ਨੇ ਉਸ ਦੇ ਮੂੰਹ ’ਤੇ ਕਰਾਰੇ-ਕਰਾਰੇ ਥੱਪੜ ਜੜੇ। ਹੇਠ ਡਿੱਗੀ ਪੱਗ ਨੂੰ ਪੈਰਾਂ ਹੇਠ ਲਿਤਾੜਿਆ। ਉਸ ਨੇ ਸੋਚਿਆ ਸੀ ਕਿ ਮੋਦਨ ਦੇ ਕੇਸ ਰੱਖੇ ਹੋਣਗੇ। ਉਹ ਕੇਸ ਪੁੱਟੇਗਾ ਪਰ ਪੱਗ ਹੇਠੋਂ ਬੋਦੀਆਂ ਨਿਕਲ ਆਈਆਂ। ਹਰੀ ਓਮ ਨੇ ਬੋਦੀਆਂ ਅਤੇ ਦਾੜ੍ਹੀ ਪੁੱਟੀ, ਠੁੱਡੇ ਮਾਰੇ। ਨੇੜੇ-ਤੇੜੇ ਕਾਲਖ਼ ਨਹੀਂ ਸੀ, ਨਹੀਂ ਮੂੰਹ ਵੀ ਕਾਲਾ ਕਰਦਾ।
ਮੋਦਨ ਚੁੱਪ-ਚਾਪ ਮਾਰ ਸਹਿੰਦਾ ਰਿਹਾ। ਉਹ ਖ਼ੁਦ ਗਊ ਨੂੰ ਮਾਂ ਸਮਝਦਾ ਸੀ। ਉਸ ਦਿਨ ਪਤਾ ਨਹੀਂ ਉਸ ਉਪਰ ਕਿਹੜਾ ਭੂਤ ਸਵਾਰ ਹੋ ਗਿਆ ਸੀ। ਉਸ ਤੋਂ ਪਾਪ ਹੋਇਆ ਸੀ। ਪਾਪ ਦੀ ਜਿੰਨੀ ਸਜ਼ਾ ਮਿਲੇ, ਥੋੜ੍ਹੀ ਸੀ।
ਮੋਦਨ ਨੂੰ ਮਾਰ ਪੈਂਦੀ ਦੇਖ ਕੇ ਚੱਕਰ ਦਾ ਮੁਨਸ਼ੀ ਅਤੇ ਵਾਰਡਰ ਭੱਜੇ ਆਏ। ਹਰੀ ਓਮ ਗ਼ੁੱਸਾ ਕਰਨ ਵਾਲਾ ਨਹੀਂ ਸੀ। ਮੋਦਨ ਤੋਂ ਕੀ ਗ਼ਲਤੀ ਹੋ ਗਈ, ਉਹਨਾਂ ਨੂੰ ਸਮਝ ਨਹੀਂ ਆਈ।
“ਇਸ ਹਰਾਮਜ਼ਾਦੇ ਨੇ ਗਊ ਮਾਤਾ ਦੀ ਇੱਜ਼ਤ ਲੁੱਟੀ ਹੈ, ਮੈਂ ਇਸਨੂੰ ਮਾਰ ਦੇਣਾ ਹੈ।”
ਹਫ਼ਿਆ ਹਰੀ ਓਮ ਆਪਣੇ ਗ਼ੁੱਸੇ ਦਾ ਕਾਰਨ ਸਮਝਾਉਣ ਲੱਗਾ। ਮੁਨਸ਼ੀ ਨੇ ਭੱਜ ਕੇ ਪਾਣੀ ਲਿਆਂਦਾ। ਹਰੀ ਓਮ ਨੂੰ ਪਿਲਾਇਆ ਤਾਂ ਉਸ ਦੇ ਸਾਹ ਵਿਚ ਸਾਹ ਆਇਆ।
“ਤੁਸੀਂ ਮੇਰੀ ਇੱਜ਼ਤ ਰੱਖਣੀ ਹੈ। ਇਸ ਪਾਪੀ ਦੇ ਪਾਪ ਦੀ ਗੱਲ ਕਿਸੇ ਹੋਰ ਕੋਲ ਨਹੀਂ ਕਰਨੀ। ਇਹੋ ਆਖਣਾ ਇਸ ਨੇ ਕੱਟੀ ਨਾਲ ਖੇਹ ਖਾਧੀ ਹੈ।”
ਚੱਕਰ ਦੇ ਕਰਮਚਾਰੀਆਂ ਨੇ ਮੋਦਨ ਦਾ ਵੀ ਮੂੰਹ ਬੰਨ੍ਹਿਆ।
ਮੋਦਨ ਪਹਿਲਾਂ ਹੀ ਡਰ ਰਿਹਾ ਸੀ। ਸ਼ਿਵ ਸੈਨਾ ਵਾਲਿਆਂ ਨੇ ਉਸ ਨੂੰ ਜੇਲ੍ਹ ਪਹੁੰਚਾ ਦਿੱਤਾ ਹੈ। ਉਹਨਾਂ ਵਰਗਾ ਕੋਈ ਹੋਰ ਜੇ ਜੇਲ੍ਹ ਵਿਚ ਹੋਇਆ ਤਾਂ ਉਸ ਨੂੰ ਨਰਕ ਪਹੁੰਚਾ ਦੇਵੇਗਾ।
ਉਸ ਨੇ ਮੋਨ ਰਹਿਣ ਦੀ ਸਹੁੰ ਖਾਧੀ।
ਮੋਦਨ ਨੇ ਕਹਾਣੀ ਵਿਚ ਰੱਦੋ ਬਦਲ ਕਰ ਕੇ ਆਪਣਾ ਉਹੋ ਬਚਨ ਨਿਭਾਇਆ ਸੀ।
ਮੋਦਨ ਵਰਗੇ ਮਹਾਂਪਾਪੀ ਦੇ ਹੁੰਦਿਆਂ ਬੈਰਕ ਵਿਚ ਗਊ-ਪੂਜਾ ਨਹੀਂ ਸੀ ਹੋ ਸਕਦੀ। ਇਹੋ ਸੋਚ ਕੇ ਹਰੀ ਓਮ ਨੇ ਇਸ ਵਾਰ ਤਿਉਹਾਰ ਨਾ ਮਨਾਉਣ ਦਾ ਫ਼ੈਸਲਾ ਕੀਤਾ ਸੀ।
ਕੈਦੀਆਂ ਨੂੰ ਕੋਈ ਭੁਲੇਖਾ ਨਾ ਰਹੇ, ਇਸ ਲਈ ਮੁਨਸੀ ਨੇ ਰਾਤ ਹੀ ਐਲਾਨ ਕਰ ਦਿੱਤਾ ਸੀ, “ਕੱਲ੍ਹ ਨੂੰ ਜੇਲ੍ਹ ਦੀ ਕਾਰਵਾਈ ਆਮ ਦਿਨਾਂ ਵਾਂਗ ਚੱਲੇਗੀ।”
ਇਹ ਐਲਾਨ ਹੁੰਦਿਆਂ ਹੀ ਕੈਦੀਆਂ ਦੇ ਚਿਹਰੇ ਉੱਤਰ ਗਏ। ਉਹਨਾਂ ਨੂੰ ਡਰ ਲੱਗਣ ਲੱਗਾ। ਜਸ਼ਨ ਬਿਨਾਂ ਕਾਰਨ ਮੁਲਤਵੀ ਨਹੀਂ ਹੋਇਆ। ਕੋਈ ਭਾਣਾ ਵਰਤਣ ਵਾਲਾ ਹੈ।
ਸਾਰੀ ਰਾਤ ਉਹ ਘੁਸਰ-ਮੁਸਰ ਕਰਦੇ ਰਹੇ। ਸਵੇਰੇ ਹੁੰਦਿਆਂ ਹੀ ਦਿਲ ਫੜ ਕੇ ਬੈਠ ਗਏ।
ਅੱਗੇ ਹਰੀ ਓਮ ਸਵੇਰੇ-ਸਵੇਰੇ ਬੈਰਕ ਵਿਚ ਆਉਂਦਾ ਸੀ। ਉਸ ਦੇ ਮੱਥੇ ’ਤੇ ਵੱਡਾ ਸਾਰਾ ਤਿਲਕ ਅਤੇ ਚਿਹਰੇ ’ਤੇ ਨੂਰ ਹੁੰਦਾ ਸੀ।
ਅੱਜ ਉਹ ਦੁਪਹਿਰ ਦੀ ਬੰਦੀ ਵੇਲੇ ਆਇਆ। ਉਸ ਦੇ ਚਿਹਰੇ ’ਤੇ ਗ਼ੁੱਸਾ ਅਤੇ ਅੱਖਾਂ ਵਿਚ ਲਾਲੀ ਸੀ।
ਉਹ ਸਿੱਧਾ ਬੈਰਕ ਵਿਚ ਵੜ ਗਿਆ। ਆਰਾਮ ਕਰ ਰਹੇ ਮੋਦਨ ’ਤੇ ਇੱਲ ਵਾਂਗ ਝਪਟਿਆ। ਉਸ ਨੂੰ ਬੋਦਿਉਂ ਫੜ ਕੇ ਉਠਾਇਆ। ਘੜੀਸਦਾ-ਘੜੀਸਦਾ ਵਿਹੜੇ ਵਿਚ ਲੈ ਆਇਆ। ਇਕੋ ਝਟਕੇ ਨਾਲ ਉਸ ਦਾ ਕੁੜਤਾ ਪਾੜ ਦਿੱਤਾ। ਕੱਛਨੀ ਲਾਹ ਦਿੱਤੀ।
ਅਲਫ਼ ਨੰਗਾ ਹੋਇਆ ਮੋਦਨ ਥਰ-ਥਰ ਕੰਬਣ ਲੱਗਾ। ਉਸ ਵਿਚ ਆਪਣਾ ਕਸੂਰ ਪੁੱਛਣ ਦੀ ਹਿੰਮਤ ਵੀ ਨਹੀਂ ਸੀ।
ਡਰੇ ਸਹਿਮੇ ਬਾਕੀ ਕੈਦੀ ਲੁਕ-ਛਿਪ ਕੇ ਬੈਠ ਗਏ।
ਹਰੀ ਓਮ ਕੜਕ ਕੇ ਬੋਲਿਆ,
“ਆਓ, ਸਾਰੇ ਬਾਹਰ ਆਓ। ਸੁਣੋ ਇਸ ਨੇ ਕੀ ਜੁਰਮ ਕੀਤਾ ਹੈ? ਫੇਰ ਦੇਖੋ ਇਸ ਦੇ ਪਾਪ ਦੀ ਸਜ਼ਾ।”
ਹੁਕਮ ਦੇ ਬੱਝੇ ਕੈਦੀ ਬਾਹਰ ਆ ਗਏ। ਹੱਥ ਜੋੜ ਕੇ ਖੜੋ ਗਏ।
“ਇਸ ਕੰਜਰ ਨੇ ਮੇਰੀ ਇਸ਼ਟ ਗਊ ਮਾਤਾ ਦੀ ਇੱਜ਼ਤ ਲੁੱਟੀ ਹੈ। ਇਹ ਨਰਕਾਂ ਦਾ ਭਾਗੀ ਹੈ। ਕੈਦ ਇਸ ਜੁਰਮ ਦੀ ਸਹੀ ਸਜ਼ਾ ਨਹੀਂ ਹੈ। ਇਸ ਦੇ ਪਾਪ ਦੀ ਸਜ਼ਾ ਇਹ ਹੈ।”
ਆਖਦੇ ਹਰੀ ਓਮ ਨੇ ਠਿੱਬੀ ਲਾ ਕੇ ਮੋਦਨ ਨੂੰ ਜ਼ਮੀਨ ’ਤੇ ਸੁੱਟਿਆ। ਠੁੱਡਾ ਮਾਰ ਕੇ ਪੁੱਠਾ ਕੀਤਾ। ਫੇਰ ਦੋਹਾਂ ਹੱਥਾਂ ਨਾਲ ਆਪਣੇ ਰੂਲ ਨੂੰ ਉਸ ਦੀ ਗੁਦਾ ਵਿਚ ਖੋਭ ਦਿੱਤਾ।
ਮੋਦਨ ਮੱਛੀ ਵਾਂਗ ਤੜਫਿਆ। ਚੀਕ-ਚਿਹਾੜਾ ਪਾਇਆ, ਪਰ ਕੋਈ ਉਸ ਦੀ ਮਦਦ ’ਤੇ ਨਾ ਆਇਆ।
ਹੌਲੀ-ਹੌਲੀ ਮੋਦਨ ਸ਼ਾਂਤ ਹੋ ਗਿਆ।
ਜ਼ਮੀਨ ਖ਼ੂਨ ਨਾਲ ਲੱਥਪੱਥ ਹੋ ਗਈ।
ਹਰੀ ਓਮ ਦੀਆਂ ਅੱਖਾਂ ਵਿਚਲੀ ਲਾਲੀ ਘਟਣ ਲੱਗੀ। ਦਿਲ ਦੀ ਧੜਕਣ ਥਾਂ ਸਿਰ ਹੋਣ ਲੱਗੀ। ਮਨ ਸ਼ਾਂਤ ਹੋਣ ਲੱਗਾ।
ਜੇਤੂਆਂ ਵਾਂਗ ਉਸ ਨੇ ਬਾਕੀ ਕੈਦੀਆਂ ਵੱਲ ਤੱਕਿਆ। ਸਭ ਸਿਰ ਝੁਕਾਈ ਖੜੇ ਸਨ।
ਹਰੀ ਓਮ ਨੂੰ ਹੋਰ ਰਾਹਤ ਮਿਲੀ।
ਹਰੀ ਓਮ ਪਹਿਲੇ ਦਿਨ ਤੋਂ ਮੋਦਨ ’ਤੇ ਚਿੜ ਰਿਹਾ ਸੀ। ਉਹ ਚਾਹੁੰਦਾ ਸੀ ਕਿ ਮੋਦਨ ਦਾ ਗਲਾ ਘੁੱਟ ਦੇਵੇ। ਉਸ ਦੇ ਸਰੀਰ ਨੂੰ ਵਿਚਕਾਰੋਂ ਚੀਰ ਦੇਵੇ, ਗਊ ਮਾਤਾ ਦੀ ਬੇਇਜ਼ਤੀ ਕਰਨ ਵਾਲਾ ਲਿੰਗ ਕੱਟ ਦੇਵੇ।
ਅੱਜ ਮਸਾਂ ਉਸ ਦੀ ਤਮੰਨਾ ਪੂਰੀ ਹੋਈ ਸੀ।
ਮਨ ਦੀ ਮੁਰਾਦ ਪੂਰੀ ਹੋਣ ਤੋਂ ਬਾਅਦ ਉਸ ਨੇ ਮੋਦਨ ਦੀ ਗੁਦਾ ਵਿਚੋਂ ਰੂਲ ਕੱਢਿਆ, ਰੁਮਾਲ ਨਾਲ ਸਾਫ਼ ਕੀਤਾ ਅਤੇ ਕੱਪੜੇ ਝਾੜਦਾ ਬੈਰਕ ਵਿਚੋਂ ਬਾਹਰ ਨਿਕਲ ਗਿਆ।
42
ਹਫ਼ਤੇ ਭਰ ਤੋਂ ਸਾਰੀ ਜੇਲ੍ਹ ਵਿਚ ਇਕੋ ਚਰਚਾ ਹੋ ਰਹੀ ਸੀ, “ਜ਼ਨਾਨਾ ਵਾਰਡ ਦੀ ਸਭ ਤੋਂ ਸੋਹਣੀ ਕੈਦਣ ਹੇਮਾ ਗਰਭਵਤੀ ਹੈ।” ਉਸ ਦੀ ਕੁੱਖ ਵਿਚ ਕਿਸ ਦਾ ਬੱਚਾ ਹੈ? ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਸੀ।
ਹਾਇਕ ਦਰੋਗੇ ਸੰਤੋਖ ਸਿੰਘ ਦਾ ਨਾਂ ਕੈਦੀਆਂ ਨੇ ਸਰਕਾਰੀ ਸਾਨ੍ਹ ਰੱਖਿਆ ਹੋਇਆ ਸੀ। ਜ਼ਨਾਨਾ ਵਾਰਡ ਵਿਚ ਆਦਮੀਆਂ ਦੇ ਜਾਣ ’ਤੇ ਸਖ਼ਤ ਮਨਾਹੀ ਸੀ। ਕਿਸੇ ਖ਼ਾਸ ਕੰਮ ਲਈ ਜੇ ਕਿਸੇ ਨੂੰ ਜਾਣਾ ਪਵੇ ਤਾਂ ਵੀਹ ਅਫ਼ਸਰਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ। ਸੌ ਥਾਈਂ ਦਸਤਖ਼ਤ ਹੁੰਦੇਸਨ।
ਸੰਤੋਖ ਸਿੰਘ ਨੂੰ ਜਿਵੇਂ ਪੱਕਾ ਪਾਸ ਮਿਲਿਆ ਹੋਇਆ ਸੀ। ਉਹ ਜਦ ਚਾਹੇ ਹਿਣਹਿਣਾਉਂਦਾ ਜ਼ਨਾਨਾ ਵਾਰਡ ਵਿਚ ਜਾ ਸਕਦਾ ਸੀ। ਸੰਤੋਖ ਸਿੰਘ ਹਰ ਪੰਦਰੀਂ ਦਿਨੀਂ ਐਲਾਨ ਕਰਦਾ ਸੀ, “ਮੈਂ ਆਹ ਕੈਦਣ ਫਸਾਈ ਹੈ। ਇਸ ਵਾਰ ਆਹ।”
ਦੋ ਤਿੰਨ ਮਹੀਨੇ ਬਾਅਦ ਉਹ ਫੇਰ ਐਲਾਨ ਕਰਦਾ, “ਮੈਂ ਉਸ ਜੱਟੀ, ਬਨਿਆਣੀ ਜਾਂ ਖੱਤਰਾਣੀ ਨੂੰ ਗਰਭਵਤੀ ਕਰ ਦਿੱਤਾ ਹੈ।”
ਉਸ ਦੀਆਂ ਫੜ੍ਹਾਂ ਨੂੰ ਜੇ ਦਸ ਫ਼ੀਸਦੀ ਸੱਚ ਮੰਨ ਲਿਆ ਜਾਵੇ ਤਾਂ ਉਸ ਨੂੰ ਸੈਂਕੜੇ ਬੱਚਿਆਂ ਦਾ ਬਾਪ ਹੋਣਾ ਚਾਹੀਦਾ ਸੀ।
ਉਹ ਸੱਚ ਕੋਲ ਰਿਹਾ ਸੀਜਾਂ ਝੂਠ, ਕੈਦੀਆਂ ਨੂੰ ਇਸ ਨਾਲ ਮਤਲਬ ਨਹੀਂ ਸੀ ਹੁੰਦਾ। ਉਹਨਾਂ ਨੂੰ ਉਸ ਦੀਆਂ ਸਵਾਦਲੀਆਂ ਅਤੇ ਕਰਾਰੀਆਂ ਗੱਲਾਂ ਵਿਚ ਦਿਲਚਸਪੀ ਹੁੰਦੀ ਸੀ, ਜਿਨ੍ਹਾਂ ਦੀ ਜੇਲ੍ਹ ਵਿਚ ਹਮੇਸ਼ਾ ਘਾਟ ਮਹਿਸੂਸ ਕੀਤੀ ਜਾਂਦੀ ਸੀ।
ਸੰਤੋਖ ਸਿੰਘ ਕੱਦ ਦਾ ਲੰਬਾ ਅਤੇ ਸਰੀਰ ਨਰੋਆ ਸੀ। ਆਪਣੇ ਇਸੇ ਗੁਣ ਦੇ ਆਧਾਰ ’ਤੇ ਉਹ ਦਸਵੀਂ ਪਾਸ ਕਰਦਿਆਂ ਹੀ ਜੇਲ੍ਹ ਵਿਚ ਵਾਰਡਰ ਭਰਤੀ ਹੋ ਗਿਆ ਸੀ।
ਪੜ੍ਹਾਈ ਦਾ ਸ਼ੌਕ ਉਸ ਨੂੰ ਬਚਪਨ ਤੋਂ ਸੀ। ਨਾਲੇ ਨੌਕਰੀ ਕਰਦਾ ਰਿਹਾ, ਨਾਲੇ ਪੜ੍ਹਦਾ ਰਿਹਾ। ਉਧਰ ਬੀ.ਏ. ਦੀ ਡਿਗਰੀ ਹੱਥ ਲੱਗੀ, ਇਸ ਤਰੱਕੀ ਕਰ ਕੇ ਚੀਫ਼ ਵਾਰਡਰ ਬਣ ਗਿਆ। ਸਹਾਇਕ ਦਰੋਗ਼ਾ ਬਣਨ ਲਈ ਬੀ.ਏ. ਪਾਸ ਹੋਣਾ ਜ਼ਰੂਰੀ ਸੀ। ਦਲਿਤਾਂ ਲਈ ਰਾਖਵੀਆਂ ਕਈ ਆਸਾਮੀਆਂ ਇਸੇ ਕਾਰਨ ਖ਼ਾਲੀ ਸਨ। ਸੰਤੋਖ ਸਿੰਘ ਇਹ ਦੋਵੇਂ ਸ਼ਰਤਾਂ ਪੂਰੀਆਂ ਕਰਨ ਵਾਲਾ ਪਹਿਲਾ ਦਲਿਤ ਵਾਰਡਰ ਸੀ। ਤਿੰਨ ਸਾਲਾਂ ਬਾਅਦ ਉਹ ਸਹਾਇਕ ਦਰੋਗ਼ਾ ਬਣ ਗਿਆ। ਜਲਦੀਹੀ ਉਸ ਨੇ ਡਿਪਟੀ ਬਣ ਜਾਣਾ ਸੀ। ਲੋਕਾਂ ਦਾ ਅੰਦਾਜ਼ਾ ਹੈ, ਉਹ ਸੁਪਰਡੈਂਟ ਬਣ ਕੇ ਰਿਟਾਇਰ ਹੋਵੇਗਾ।
ਸੰਤੋਖ ਸਿੰਘ ਨੇ ਹਰ ਖੇਤਰ ਵਿਚ ਬੇਮਿਸਾਲ ਤਰੱਕੀ ਕੀਤੀ ਸੀ। ਉਸ ਦੇ ਸਲੀਕੇ ਨਾਲ ਪਹਿਨੇ ਕੱਪੜਿਆਂ ਅਤੇ ਬੋਲਚਾਲ ਦੇ ਅੰਦਾਜ਼ ਨੂੰ ਦੇਖ ਕੇ ਕੋਈ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਕਦੇ ਉਹ ਆਪਣੀ ਮਾਂ ਨਾਲ ਖੇਤਾਂ ਵਿਚ ਘਾਹ ਖੋਤਣ ਜਾਂਦਾ ਰਿਹਾ ਸੀ।
ਸੰਤੋਖ ਸਿੰਘ ਨੇ ਆਪਣਾ ਸਾਰਾ ਪਿਛੋਕੜ ਭੁਲਾ ਦਿੱਤਾ ਹੈ, ਪਰ ਇਕ ਗੱਲ ਉਸ ਦਾ ਪਿੱਛਾ ਕਰਦੀ ਹੈ। ਜਵਾਨੀ ਸਮੇਂ ਉਸ ਦੀ ਮਾਂ ਦੀ ਹਵੇਲੀ ਵਿਚ ਅਤੇ ਭੈਣ ਦੀ ਖੇਤਾਂ ਵਿਚ ਇੱਜ਼ਤ ਲੁੱਟਦੀ ਰਹੀ ਹੈ। ਵੱਡਾ ਹੋ ਕੇ ਉਸ ਨੂੰ ਸਮਝ ਆਈ ਹੈ, “ਦਲਿਤ ਔਰਤਾਂ ਸੇਠਾਂ ਅਤੇ ਜ਼ਿਮੀਂਦਾਰਾਂ ਦੀਆਂ ਭੋਗ ਵਾਲੀਆਂ ਵਸਤੂਆਂ ਹੋਇਆ ਕਰਦੀਆਂ ਸਨ। ਉਹ ਉਹਨਾਂ ਦਾ ਸਵਾਦ ਜਦੋਂ ਚਾਹੇ ਚੱਖ ਸਕਦੇ ਹਨ।”
ਸੰਤੋਖ ਦੇ ਸੀਨੇ ਵਿਚ ਸਾਰਾ ਦਿਨ ਬਦਲੇ ਦੀ ਅੱਗ ਜਲਦੀ ਰਹਿੰਦੀ ਸੀ। ਕਾਮ ਤ੍ਰਿਪਤੀ ਲਈ ਨਹੀਂ, ਉਹ ਉਸ ਅੱਗ ਨੂੰ ਬੁਝਾਉਣ ਲਈ ਜ਼ਨਾਨਾ ਵਾਰਡ ਜਾਂਦਾ ਸੀ। ਉੱਚੀ ਜਾਤ ਦੀਆਂ ਔਰਤਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰ ਕੇ ਉਸ ਨੂੰ ਲੱਗਦਾ ਸੀ ਕਿ ਉਹ ਆਪਣੇ ਪੁਰਖਿਆਂ ਦੀਆਂ ਰੂਹਾਂ ਨੂੰ ਸ਼ਾਂਤੀ ਪਹੰਚਾ ਰਿਹਾ ਸੀ।
ਹਿਸਟਰੀ ਟਿਕਟ ਵਿਚ ਹੇਮਾ ਦਾ ਨਾਂ ਹੇਮਾ ਮਾਲਿਨੀ ਦਰਜ ਸੀ। ਉਂਝ ਉਹ ਹੇਮਾ ਸ਼ਰਮਾ ਅਖਵਾਉਂਦੀ ਸੀ।
ਹੁਣ ਤਕ ਸੰਤੋਖ ਹਰ ਜਾਤ ਦੀ ਆਕੜ ਭੰਨ ਚੁੱਕਾ ਸੀ। ਬੱਸ ਪੰਡਿਤਾਂ ਦੀ ਇੱਜ਼ਤ ਲਾਹੁਣੀ ਬਾਕੀ ਸੀ। ਮਸਾਂ ਪੰਡਤਾਣੀ ਹੱਥ ਆਈ ਸੀ। ਮੱਛੀ ਨੂੰ ਜਾਲ ਵਿਚ ਫਸਾਉਣ ਲਈ ਉਹ ਤਰਲੋ-ਮੱਛੀ ਹੋਣ ਲੱਗਾ।
ਹੇਮਾ ਸ਼ਰਮਾ ਨੂੰ ਮਾਇਆ ਨਗਰ ਵਿਚ ਚਕਲਾ ਚਲਾਉਣ ਦੇ ਜੁਰਮ ਵਿਚ ਪੰਜ ਸਾਲ ਕੈਦ ਹੋਈ ਸੀ। ਡੇਢ ਸਾਲ ਤੋਂ ਉਸ ਦੀ ਅਪੀਲ ਹਾਈ ਕੋਰਟ ਵਿਚ ਲਟਕ ਰਹੀ ਸੀ। ਸੁਣਵਾਈ ਹੁੰਦਿਆਂ ਹੀ ਉਸ ਨੇ ਬਰੀ ਹੋ ਜਾਣਾ ਸੀ। ਹੇਠਲੀ ਅਦਾਲਤ ਵਿਚ ਹੇਮਾ ਨੇ ਆਪਣੇ ਵਿਰੁੱਧ ਇਕ ਵੀ ਗਵਾਹ ਭੁਗਤਣ ਨਹੀਂ ਸੀ ਦਿੱਤਾ। ਸਭ ਨੂੰ ਮੁਕਰਾ ਦਿੱਤਾ ਸੀ ਪਰ ਕੁਰਸੀ ’ਤੇ ਬੈਠਾ ਜੱਜ ਆਪਣੇ ਆਪ ਨੂੰ ਧਰਮ ਪੱਤਰ ਸਮਝਦਾ ਸੀ। ਹਰ ਪੇਸ਼ੀ ਉਹ ਹੇਮਾ ਉਪਰ ਭਾਸ਼ਨ ਝਾੜਦਾ ਸੀ। ਹੇਮਾ ਉਸ ਦਾ ਉਪਦੇਸ਼ ਇਕ ਕੰਨ ਪਾਉਂਦੀ, ਦੂਜੇ ਕੱਢ ਦਿੰਦੀ। ਹੇਮਾ ਵੀ ਆਪਣੀ ਮਜਬੂਰੀ ਬਾਰੇ ਲੰਬਾ ਚੌੜਾ ਭਾਸ਼ਨ ਦੇ ਸਕਦੀ ਸੀ, ਪਰ ਉਹ ਚੁੱਪ ਰਹਿਣਾ ਚੰਗਾ ਸਮਝਦੀ ਸੀ। ਮੱਝ ਅੱਗੇ ਬੀਨ ਵਜਾਉੇਣ ਦਾ ਕੋਈ ਫ਼ਾਇਦਾ ਨਹੀਂ ਸੀ। ਜਦੋਂ ਜੱਜ ਨੂੰ ਆਪਣੇ ਉਪਦੇਸ਼ ਦਾ ਹੇਮਾ ਉੱਤੇ ਅਸਰ ਹੁੰਦਾ ਨਜ਼ਰ ਨਾ ਆਇਆ ਤਾਂ ਉਹ ਖਿਝਣ ਲੱਗ ਪਿਆ। ਕਾਨੂੰਨ ਦੇ ਮਾਪਦੰਡਾਂ ਅਨੁਸਾਰ ਉਹ ਦੋਸ਼ਣ ਸਿੱਧ ਨਹੀਂ ਹੁੰਦੀ, ਨਾ ਹੋਵੇ। ਜੱਜ ਦੀਆਂ ਅੱਖਾਂ ਅਤੇ ਕੰਨ ਖੁੱਲ੍ਹੇ ਸਨ। ਸਾਰੇ ਮਾਇਆ ਨਗਰ ਨੂੰ ਪਤਾ ਸੀ ਕਿ ਉਹ ਭੋਲੀਆਂ-ਭਾਲੀਆਂ ਕੁੜੀਆਂ ਨੂੰ ਵਰਗਲਾਉਂਦੀ ਹੈ ਅਤੇ ਅਨੈਤਿਕ ਕੰਮਾਂ ਲਈ ਪ੍ਰੇਰਦੀ ਹੈ। ਇਖ਼ਲਾਕੀ ਤੌਰ ’ਤੇ ਉਹ ਸਜ਼ਾ ਦੀ ਹੱਕਦਾਰ ਸੀ। ਇਧਰੋਂ-ਉਧਰੋਂ ਮਸਾਲਾ ਇਕੱਠਾ ਕਰ ਕੇ ਉਸ ਨੇ ਹੇਮਾ ਨੂੰ ਪੰਜ ਸਾਲ ਦੀ ਸਜ਼ਾ ਸੁਣਾ ਦਿੱਤੀ। ਬਰੀ ਹੁੰਦੇ-ਹੁੰਦੇ ਨਾਨੀ ਯਾਦ ਆ ਜਾਏਗੀ।
ਹੇਮਾ ਨੂੰ ਸੱਚਮੁੱਚ ਨਾਨੀ ਯਾਦ ਆਈ ਪਈ ਸੀ।
ਹੇਮਾ ਦਾ ਸਾਰਾ ਧੰਦਾ ਚੌਪਟ ਹੋ ਚੁੱਕਾ ਸੀ। ਹੋਰਾਂ ਨੇ ਉਸ ਦੀਆਂ ਕੁੜੀਆਂ ਨੂੰ ਵਗਰਲਾਕੇ ਆਪਣੀ ਚਾਟ ’ਤੇ ਲਾ ਲਿਆ ਸੀ। ਜੇ ਹੇਮਾ ਨੂੰ ਇਕ ਸਾਲ ਹੋਰ ਅੰਦਰ ਰਹਿਣਾ ਪੈ ਗਿਆ ਤਾਂ ਬਾਹਰ ਨਿਕਲ ਕੇ ਉਸ ਨੂੰ ਕਿਸੇ ਮੰਦਰ ਮਸੀਤ ਦੇ ਬਾਹਰ ਠੂਠਾ ਲੈ ਕੇ ਬੈਠਣਾ ਪੈਣਾ ਸੀ।
ਸਾਥਣ ਕੈਦਣਾਂ ਨੇ ਹੇਮਾ ਨੂੰ ਸਮਝਾਇਆ, “ਸੰਤੋਖ ਸਿੰਘ ਅਸਰ-ਰਸੂਖ਼ ਵਾਲਾ ਅਫ਼ਸਰ ਹੈ। ਉਸ ਦੀ ਭੂਆ ਦਾ ਪੁੱਤ ਹਾਈ ਕੋਰਟ ਵਿਚ ਵਕੀਲ ਹੈ। ਹਰ ਹਫ਼ਤੇ ਮੁਕੱਦਮੇ ਲੈਣ ਜੇਲ੍ਹ ’ਚ ਆਉਂਦਾ ਹੈ। ਸੰਤੋਖ ਆਪਣੇ ਭਰਾ ਦੀ ਮਦਦ ਕਰਦਾ ਹੈ। ਜਿਹੜੀ ਕੈਦਣ ਉਸ ਨੂੰ ਵਕੀਲ ਕਰ ਲੈਂਦੀ ਹੈ, ਉਸ ਦਾ ਬੇੜਾ ਪਾਰ ਹੋ ਜਾਂਦਾ ਹੈ।”
ਹੇਮਾ ਚਾਲੀਆਂ ਨੂੰ ਢੁਕੀ ਹੋਈ ਸੀ। ਉਸ ਦੀ ਚਮੜੀ ਲਟਕਣ ਲੱਗ ਪਈ ਸੀ। ਸਫ਼ੈਦ ਲਟਾਂ ਝਾਤੀਆਂ ਮਾਰਨ ਲੱਗ ਪਈਆਂ ਸਨ। ਪਰ ਹੇਮਾ ਨੂੰ ਬਣ-ਠਣ ਕੇ ਰਹਿਣ ਅਤੇ ਆਪਣੀ ਉਮਰ ਲੁਕਾਉਣ ਦੀ ਜਾਚ ਆਉਂਦੀ ਸੀ। ਇਸੇ ਹੁਸ਼ਿਆਰੀ ਦਾ ਉਹ ਖੱਟਿਆ ਖਾ ਰਹੀ ਸੀ। ਦਰੋਗ਼ੇ ਨੂੰ ਆਪਣੇ ਵੱਲ ਖਿੱਚਣਾ ਉਸ ਦੇ ਖੱਬੇ ਹੱਥ ਦੀ ਖੇਡ ਸੀ।
ਅੱਗ ਨੂੰ ਘਿਓ ਭੱਜ ਕੇ ਮਿਲਿਆ।
ਵਕੀਲ ਨਾਲ ਸਲਾਹ ਕਰਨ ਦੇ ਬਹਾਨੇ ਸਹਾਇਕ ਦਰੋਗ਼ਾ ਹਰ ਹਫ਼ਤੇ ਹੇਮਾ ਨੂੰ ਆਪਣੇ ਦਫ਼ਤਰ ਬੁਲਾਉਂਦਾ। ਉਥੋਂ ਆਪਣੇ ਕੁਆਰਟਰ ਲੈ ਜਾਂਦਾ।
ਹੇਮਾ ਆਪਣੇ ਧੰਦੇ ਦੀ ਮਾਹਿਰ ਸੀ। ਆਪਣੀ ਇਕ ਵੀ ਕੁੜੀ ਕਦੇ ਉਸ ਨੇ ਗਰਭਵਤੀ ਨਹੀਂ ਸੀ ਹੋਣ ਦਿੱਤੀ।
ਆਪ ਪਤਾ ਨਹੀਂ ਕਿਸ ਤਰ੍ਹਾਂ ਫਸ ਗਈ।
ਚਾਰ ਮਹੀਨੇ ਉਸ ਨੇ ਕਿਸੇ ਕੋਲ ਭਾਫ਼ ਨਾ ਕੱਢੀ। ਉਹ ਜੱਕੋ-ਤੱਕੀ ਵਿਚ ਸੀ। ਕਦੇ ਮਨ ਕਰਦਾ ਬੱਚਾ ਜੰਮ ਲਏ। ਪਹਿਲੇ ਦਸ ਸਾਲ ਉਸ ਨੇ ਆਪਣੇ ਗਰਭ ਠਹਿਰਣ ਨਹੀਂ ਸੀ ਦਿੱਤਾ। ਇੰਜ ਧੰਦੇ ’ਤੇ ਅਸਰ ਪੈਂਦਾ ਸੀ। ਫੇਰ ਕੁਦਰਤ ਰੁੱਸ ਗਈ। ਯਤਨ ਕਰਨ ’ਤੇ ਵੀ ਅਗਲੇ ਦਸ ਸਾਲ ਗਰਭ ਨਾ ਠਹਿਰਿਆ। ਹੁਣ ਜੇ ਰੱਬ ਨੇ ਦਾਤ ਦਿੱਤੀ ਸੀ, ਤਾਂ ਉਹ ਦਾਤ ਖਿੜੇ ਮੱਥੇ ਕਬੂਲ ਕਰੇ।
ਬੱਚਾ ਪੈਦਾ ਕਰਨ ਦਾ ਇਹ ਸਭ ਤੋਂ ਵਧੀਆ ਮੌਕਾ ਸੀ। ਕੈਦ ਦੌਰਾਨ ਬੱਚਾ ਪੈਦਾ ਹੋ ਜਾਣਾ ਹੈ। ਬਾਹਰ ਕਿਸੇ ਨੂੰ ਖ਼ਬਰ ਤਕ ਨਹੀਂ ਸੀ ਹੋਣੀ। ਰਿਹਾਅ ਹੋਣ ਤਕ ਹੇਮਾ ਨੇ ਫਿਰ ਕੁੜੀ-ਚਿੜੀ ਬਣ ਜਾਣਾ ਸੀ।
ਹੇਮਾ ਉਸ ਦਾ ਅਸਲ ਨਾਂ ਨਹੀਂ ਸੀ। ਧੰਦੇ ਦਾ ਨਾਂ ਸੀ। ਲੋਕਾਂ ਨੂੰ ਭਰਮਾਉਣ ਲਈ ਉਹ ਵੀਹ ਨਾਂ ਰੱਖਦੀਆਂ ਸਨ। ਕਦੇ ਸਾਧਨਾ, ਕਦੇ ਹੇਮਾ ਅਤੇ ਕਦੇ ਬੌਬੀ ਬਣਦੀਆਂ ਸਨ। ਉਸ ਦਾ ਅਸਲ ਨਾਂ ਰਾਮ ਦੁਲਾਰੀ ਸੀ। ਜੇਲ੍ਹ ਦੇ ਰਿਕਾਰਡ ਮੁਤਾਬਕ ਬੱਚਾ ਹੇਮਾ ਮਾਲਿਨੀ ਦੇ ਪੈਦਾ ਹੋਣਾ ਸੀ। ਕਿਸੇ ਨੂੰ ਪਤਾ ਨਹੀਂ ਲੱਗ ਸਕਦਾ ਕਿ ਬੱਚਾ ਕਿਸ ਹੇਮਾ ਮਾਲਿਨੀ ਨੇ ਜੰਮਿਆ ਸੀ।
ਬੱਸ ਇਕੋ ਤੌਖ਼ਲਾ ਸੀ। ਪੇਟ ਵਿਚ ਕਿਧਰੇ ਕੁੜੀ ਨਾ ਹੋਵੇ। ਕੁੜੀ ਨੂੰ ਆਪਣੇ ਧੰਦੇ ਵਿਚ ਪਾਉਣਾ ਨਹੀਂ ਸੀ ਚਾਹੰਦੀ। ਧੰਦਾ ਛੱਡ ਕੇ ਗੁਜ਼ਾਰਾ ਨਹੀਂ ਸੀ ਹੋਣਾ।
ਇਸ਼ਕ-ਮੁਸ਼ਕ ਵਾਂਗ ਹੇਮਾ ਦੇ ਗਰਭਵਤੀ ਹੋਣ ਦੀ ਖ਼ਬਰ ਸਾਰੀ ਜ਼ਨਾਨਾ ਜੇਲ੍ਹ ਵਿਚ ਫੈਲ ਗਈ। ਸਭ ਪਾਸਿਉਂ ਵਧਾਈਆਂ ਮਿਲਣ ਲੱਗੀਆਂ।
ਵਧਾਈਆਂ ਮਿਲਣ ’ਤੇ ਪਹਿਲਾਂ ਉਹ ਸ਼ਰਮਸਾਰ ਹੋਈ। ਇਹ ਉਹ ਕੀ ਕਰ ਬੈਠੀ। ਫੇਰ ਮਨ ਤ੍ਰਿਪਤੀ ਨਾਲ ਭਰ ਗਿਆ। ਮਾਂ ਬਣਨ ਦੀ ਖ਼ੁਮਾਰੀ ਚੜ੍ਹ ਗਈ। ਡੋਲਦਾ ਮਨ ਸਥਿਰ ਹੋ ਗਿਆ। ਉਸ ਨੇ ਮਨ ਬਣਾ ਲਿਆ ਕਿ ਲੋਕ ਕੁਝ ਵੀ ਆਖਣ, ਉਹ ਮਥੁਰਾ ਦੀ ਇਸ ਜੇਲ੍ਹ ਵਿਚੋਂ *ਸ਼ਨ ਦੀ ਦਾਤ ਲੈ ਕੇ ਜਾਏਗੀ।
ਜਦੋਂ ਸੰਤੋਖ ਨੂੰ ਖ਼ਬਰ ਮਿਲੀ, ਉਹ ਭੱਜਾ-ਭੱਜਾ ਜ਼ਨਾਨਾ ਵਾਰਡ ਵਿਚ ਆਇਆ। ਹੇਮਾ ਨੇ ਖ਼ਬਰ ਦੀ ਪੁਸ਼ਟੀ ਕਰ ਦਿੱਤੀ।
ਕਈ ਦਿਨ ਸੰਤੋਖ ਹਾਥੀ ਵਾਂਗ ਬਿਨਾਂ ਮਤਲਬ ਸਾਰੀ ਜੇਲ੍ਹ ਘੁੰਮਦਾ ਰਿਹਾ। ਕੈਦੀਆਂ ਨੂੰ ‘ਇਕ ਪੰਡਤਾਣੀ ਨੂੰ ਗੱਭਣ ਕਰਨ’ ਦੇ ਕਿੱਸੇ ਸੁਣਾਉਂਦਾ ਰਿਹਾ।
ਅਚਾਨਕ ਮਸਤੀ ਗ਼ਮੀ ਵਿਚ ਬਦਲਣ ਲੱਗੀ। ਅਫ਼ਵਾਹ ਫੈਲੀ ਕਿ “ਸੰਤੋਖ ਦੀ ਸ਼ਿਕਾਇਤ ਹੋਈ ਹੈ। ਮੁੱਖ ਦਫ਼ਤਰ ਨੇ ਪੜਤਾਲੀਆ ਅਫ਼ਸਰ ਨਿਯੁਕਤ ਕਰ ਦਿੱਤਾ ਹੈ। ਕਿਸੇ ਵੀ ਦਿਨ ਪੜਤਾਲ ਹੋ ਸਕਦੀ ਹੈ। ਹੇਮਾ ਦੇ ਬੱਚੇ ਦਾ ਡੀ.ਐਨ.ਏ. ਟੈਸਟ ਹੋ ਸਕਦਾ ਹੈ।”
ਸੰਤੋਖ ਫੇਰ ਹੇਮਾ ਵੱਲ ਭੱਜਾ, “ਪੜਤਾਲੀਆ ਅਫ਼ਸਰ ਦੇ ਆਉਣ ਤੋਂ ਪਹਿਲਾਂ-ਪਹਿਲਾਂ ਗਰਭਪਾਤ ਹੋਣਾ ਚਾਹੀਦਾ ਹੈ।” ਉਹ ਹੁਕਮ ਸੁਣਾਉਣ ਲੱਗਾ।
ਹੇਮਾ ਕਲੇਸ਼ ਪਾ ਕੇ ਬੈਠ ਗਈ। ਉਹ ਸਵੇਰੇ-ਸ਼ਾਮ ਬੱਚੇ ਨਾਲ ਗੱਲਾਂ ਕਰਦੀ ਸੀ। ਭਵਿੱਖ ਦੇ ਸੁਪਨੇ ਬੁਣਦੀ ਸੀ। ਉਹ ਬੱਚਾ ਨਹੀਂ ਗਿਰਾ ਸਕਦੀ।
ਉਹ ਕਹਿਣ ਲੱਗੀ, “ਮੈਂ ਪੜਤਾਲੀਆ ਅਫ਼ਸਰ ਕੋਲ ਬਿਆਨ ਦੇਵਾਂਗੀ। ਮੈਨੂੰ ਕਿਸੇ ਨੇ ਨਹੀਂ ਵਰਗਲਾਇਆ। ਨਾ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ। ਬੱਚਾ ਮੈਂ ਆਪਣੀ ਮਰਜ਼ੀ ਨਾਲ ਜੰਮ ਰਹੀ ਹਾਂ। ਇਹ ਬੱਚਾ ਤੇਰਾ ਹੈ, ਮੈਂ ਕਿਸੇ ਨੂੰ ਇਹ ਨਹੀਂ ਦੱਸਾਂਗੀ।”
ਸੰਤੋਖ ਨੂੰ ਹੇਮਾ ਕੋਲੋਂ ਇਹ ਉਮੀਦ ਨਹੀਂ ਸੀ। ਉਸ ਨੇ ਉਸ ਨੂੰ ਫੇਰ ਸਮਝਾਇਆ, “ਪੜਤਾਲੀਆ ਅਫ਼ਸਰ ਨੇ ਪੁੱਛਣਾ ਹੈ, ਜੇਲ੍ਹ ਵਿਚ ਬੈਠੀ ਨਾਲ ਕਿਸ ਨੇ ਸੰਭੋਗ ਕੀਤਾ? ਲੋਕਾਂ ਨੇ ਝੱਟ ਮੇਰਾ ਨਾਂ ਲੈ ਦੇਣਾ ਹੈ। ਮੈਂ ਫਸ ਜਾਵਾਂਗਾ।”
ਪਰ ਹੇਮਾਂ ਟਸ ਤੋਂ ਮਸ ਨਾ ਹੋਈ।
ਸੰਤੋਖ ਡਾਕਟਰ ਕੋਲ ਗਿਆ। ਡਾਕਟਰ ਨੂੰ ਜ਼ਨਾਨਾ ਵਾਰਡ ਬੁਲਾ ਕੇ ਹੇਮਾ ਦਾ ਡਾਕਟਰੀ ਮੁਆਇਨਾ ਕਰਾਇਆ। ਡਾਕਟਰ ਕਹਿੰਦਾ, “ਗਰਭ ਛੇ ਮਹੀਨੇ ਦਾ ਹੋ ਚੁੱਕਾ ਹੈ। ਬੱਚਾ ਅਤੇ ਜੱਚਾ ਦੋਹਾਂ ਨੂੰ ਖ਼ਤਰਾ ਹੈ।”
ਸੰਤੋਖ ਨੇ ਡਾਕਟਰ ਦੇ ਹਾੜ੍ਹੇ ਕੱਢੇ, ਜੇਬ ਵਿਚ ਨੋਟਾਂ ਦੀ ਗੁੱਟੀ ਪਾਈ। ਦੋਸਤੀ ਦਾ ਵਾਸਤਾ ਪਾਇਆ।
“ਪਹਿਲਾਂ ਵੀ ਆਪਾਂ ਕਈ ਗਰਭਪਾਤ ਕਰ ਚੁੱਕੇ ਹਾਂ। ਸਭ ਘੋੜੇ ਵਰਗੀਆਂ ਹਨ। ਜੇ ਹੇਮਾ ਮਰ ਗਈ ਫੇਰ ਵੀ ਫ਼ਾਇਦਾ ਹੈ। ਉਸ ਦੇ ਗਰਭਵਤੀ ਹੋਣ ਦਾ ਸਬੂਤ ਵੀ ਨਾਲ ਹੀ ਸੜ ਜਾਏਗਾ।”
ਸੰਤੋਖ ਦੀ ਨੌਕਰੀ ਬਚਾਉਣ ਲਈ ਡਾਕਟਰ ਆਪਣੀ ਨੌਕਰੀ ਖ਼ਤਰੇ ਵਿਚ ਨਹੀਂ ਸੀ ਪਾ ਸਕਦਾ।
“ਜਿਸ ਸੂਹੀਏ ਨੇ ਤੇਰੀ ਸ਼ਿਕਾਇਤ ਕੀਤੀ ਹੈ, ਉਹ ਮੇਰੀ ਵੀ ਕਰ ਸਕਦਾ ਹੈ।” ਆਖਦੇ ਡਾਕਟਰ ਨੇ ਉਸ ਨੂੰ ਸਲਾਹ ਦਿੱਤੀ।
“ਤੂੰ ਹੇਮਾ ਨੂੰ ਸਿਵਲ ਹਸਪਤਾਲ ਲੈ ਜਾ। ਉਥੇ ਹਰ ਤਰ੍ਹਾਂ ਦੇ ਮਾਹਿਰ ਡਾਕਟਰ ਮੌਜੂਦ ਹਨ। ਉਹ ਤੇਰੀ ਬੀਮਾਰੀ ਦਾ ਇਲਾਜ ਕਰ ਦੇਣਗੇ।”
ਡਾਕਟਰ ਨੇ ਸੰਤੋਖ ਦੀ ਹੋਰ ਮਦਦ ਕੀਤੀ। ਹੇਮਾ ਨੂੰ ਟਾਈਫ਼ਾਇਡ ਬੁਖ਼ਾਰ ਨਾਲ ਸਖ਼ਤ ਬੀਮਾਰ ਘੋਸ਼ਿਤ ਕੀਤਾ। ਉਚਿਤ ਇਲਾਜ ਲਈ ਸਿਵਲ ਹਸਪਤਾਲ ਲਿਜਾਣ ਦਾ ਮਸ਼ਵਰਾ ਦਿੱਤਾ।
ਹੇਮਾ ਨੇ ਵਿਰੋਧ ਕੀਤਾ, “ਮੈਂ ਠੀਕ ਹਾਂ। ਮੈਨੂੰ ਸਿਵਲ ਹਸਪਤਾਲ ਕਿਉਂ ਲਿਜਾਇਆ ਜਾ ਰਿਹਾ ਹੈ?”
ਅੱਗੋਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਸ਼ਕਤੀ ਕੁਮਾਰ ਵਾਲੀ ਰਾਇ ਦਿੱਤੀ, “ਮਰੀਜ਼ ਦੀ ਸਹਿਮਤੀ ਬਿਨਾਂ ਗਰਭਪਾਤ ਨਹੀਂ ਹੋ ਸਕਦਾ। ਹੇਮਾ ਇਸ ਦਾ ਵਿਰੋਧ ਕਰ ਰਹੀ ਹੈ। ਜੇ ਜ਼ਬਰਦਸਤੀ ਕੀਤੀ ਤਾਂ ਉਹ ਤੇਰੇ ਨਾਲ ਸਾਨੂੰ ਵੀ ਫਸਾ ਦੇਵੇਗੀ। ਗਰਭਪਾਤ ਦੇ ਨਿਸ਼ਾਨ ਜਲਦੀ ਨਹੀਂ ਮਿਟਦੇ।”
ਉਹਨਾਂ ਨੇ ਇਕ ਰਾਇ ਦਿੱਤੀ, “ਮਹੀਨਾ ਉਡੀਕ ਕੀਤੀ ਜਾਵੇ। ਸਤਮਾਹਾ ਬੱਚਾ ਪੈਦਾ ਕੀਤਾ ਜਾਵੇ। ਹੇਮਾ ਨੂੰ ਬਚਾਇਆ ਜਾਵੇ, ਬੱਚਾ ਟਿਕਾਣੇ ਲਾਇਆ ਜਾਵੇ।”
ਸੰਤੋਖ ਨੂੰ ਸੁਝਾਅ ਜੱਚ ਗਿਆ।
ਉਸ ਨੇ ਮੁੱਖ ਦਫ਼ਤਰ ਨਾਲ ਗੱਲ ਕੀਤੀ। ਪੜਤਾਲ ਦੋ ਮਹੀਨੇ ਲਈ ਟਾਲ ਦਿੱਤੀ।
ਹੁਣ ਸਾਰੀ ਜੇਲ੍ਹ ਵਿਚ ਚਰਚਾ ਹੈ, “ਅਗਲੇ ਮਹੀਨੇ ਧੱਕੇ ਨਾਲ ਹੇਮਾ ਨੂੰ ਹਸਪਤਾਲ ਲਿਜਾਇਆ ਜਾਣਾ ਹੈ। ਸਤਮਾਹਾ ਬੱਚਾ ਪੈਦਾ ਕਰ ਕੇ ਉਸ ਨੂੰ ਮਰਵਾਇਆ ਜਾਣਾ ਹੈ। ਫੇਰ ਸੰਤੋਖ ਨੂੰ ਬਚਾਇਆ ਜਾਣਾ ਹੈ।
43
ਹਾਕਮ ’ਤੇ ਦੂਜੀ ਬੈਰਕ ਦੇ ਕੈਦੀਆਂ ਨੂੰ ਬਿਨਾਂ ਮਤਲਬ ਮਿਲਣ ’ਤੇ ਪਾਬੰਦੀ ਸੀ। ਨਾ ਉਸ ਨੂੰ ਕਿਸੇ ਦਾ ਅਰਜ਼ੀ-ਪੱਤਰ ਲਿਖਣ ਦੀ ਇਜਾਜ਼ਤ ਸੀ, ਨਾ ਕਿਸੇ ਦਾ ਪੱਖ ਪੂਰਨ ਦੀ।
ਫੇਰ ਵੀ ਜੇਲ੍ਹ ਵਿਚ ਹੁੰਦੀ ਹਰ ਚੰਗੀ ਮਾੜੀ ਘਟਨਾ ਦੀ ਖ਼ਬਰ ਉਸ ਨੂੰ ਮਿਲਦੀ ਰਹਿੰਦੀਸੀ।
ਹਾਕਮ ਨੂੰ ਪਤਾ ਸੀ, ਮੋਦਨ ਨਾਲ ਵਾਪਰੀ ਘਟਨਾ ਦੀ ਖ਼ਬਰ ਇਕ ਦਮ ਸਾਰੀ ਜੇਲ੍ਹ ਵਿਚ ਫੈਲ ਗਈ ਸੀ। ਹਰੀ ਓਮ ਦੀ ਮਦਦ ਲਈ ਵਾਰਡਰ ਤੋਂ ਲੈ ਕੇ ਸੁਪਰਡੈਂਟ ਤਕ ਹਸਪਤਾਲ ਵੱਲ ਦੌੜ ਪਏ। ਹਰ ਕੋਈ ਇਕੋ ਰਟ ਲਾ ਰਿਹਾ ਸੀ।
“ਹਰੀ ਓਮ ’ਚ ਕੀੜੀ ਮਾਰਨ ਦੀ ਹਿੰਮਤ ਨਹੀਂ। ਜਿਸ ਤਰਾਂ ਕਾਮ-ਵੱਸ ਮੋਦਨ ਤੋਂ ਕੁਕਰਮ ਹੋ ਗਿਆ ਸੀ, ਉਸੇ ਤਰ੍ਹਾਂ ਧਾਰਮਿਕ ਭਾਵਨਾਵਾਂ ਵਿਚ ਵਹਿ ਕੇ ਹਰੀ ਓਮ ਤੋਂ ਵੱਡੀ ਗ਼ਲਤੀ ਹੋਈ ਸੀ। ਉਹ ਮੁਆਫ਼ੀ ਦਾ ਹੱਕਦਾਰ ਹੈ।”
ਡਾਕਟਰ ਸ਼ਕਤੀ ਕੁਮਾਰ ਦੀ ਸਾਲੀ ਦਾ ਵਿਆਹ ਸੀ। ਉਹ ਤਿੰਨ ਦਿਨ ਦੀ ਛੁੱਟੀ ’ਤੇ ਸੀ। ਉਸ ਦੀ ਥਾਂ ਡਿਊਟੀ ਦੇਣ ਆਇਆ ਡਾਕਟਰ ਬਹੁਤ ਡਰਿਆ ਹੋਇਆ ਸੀ। ਉਹ ਰਿਕਾਰਡ ਵਿਚ ਭੰਨ-ਤੋੜ ਕਰਨ ਨੂੰ ਤਿਆਰ ਨਹੀਂ ਸੀ। ਜੇਲ੍ਹ ਸੁਪਰਡੈਂਟ ਚਾਹੁੰਦਾ ਸੀ, ਡਾਕਟਰ ਮੋਦਨ ਨੂੰ ਲੱਕੜਾਂ ’ਤੇ ਡਿੱਗਾ ਦਿਖਾਵੇ। ਡਾਕਟਰ ਮੰਨ ਨਹੀਂ ਸੀ ਰਿਹਾ। ਮਰੀਜ਼ ਦੀ ਹਾਲਤ ਗੰਭੀਰ ਸੀ। ਕੁਝ ਵੀ ਹੋ ਸਕਦਾ ਸੀ। ਉਹ ਕੋਈ ਜ਼ੋਖ਼ਮ ਉਠਾਉਣ ਨੂੰ ਤਿਆਰ ਨਹੀਂ ਸੀ।
ਡਾਕਟਰ ਨੇ ਮੋਦਨ ਨੂੰ ਲੱਗੀਆਂ ਸੱਟਾਂ ਦੀ ਰਿਪੋਰਟ ਤਿਆਰ ਕੀਤੀ ਅਤੇ ਯੋਗ ਕਾਰਵਾਈ ਲਈ ਥਾਣੇ ਭੇਜ ਦਿੱਤੀ। ਦੋ ਦਿਨ ਮਰੀਜ਼ ਨੇ ਹੋਸ਼ ਵਿਚ ਨਹੀਂ ਸੀ ਆਉਣਾ। ਹੋਸ਼ ਆਉਣ ਤਕ ਡਾਕਟਰ ਸ਼ਕਤੀ ਨੇ ਆ ਜਾਣਾ ਸੀ। ਫੇਰ ਡਾਕਟਰ ਸ਼ਕਤੀ ਜਾਣੇ, ਮੋਦਨ ਜਾਣੇ।
ਡਾਕਟਰ ਨੇ ਸੱਪ ਗਲੋਂ ਲਾਹ ਕੇ ਪੁਲਿਸ ਦੇ ਗਲ ਪਾ ਦਿੱਤਾ।
ਥਾਣੇਦਾਰ ਨੂੰ ਜੇਲ੍ਹ ਕਰਮਚਾਰੀਆਂ ਨੇ ਵਿਰਾਇਆ। ਪੁਲਿਸ ਕਪਤਾਨ ਨਾਲ ਸੰਪਰਕ ਰਣਧੀਰ ਸਿੰਘ ਨੇ ਕੀਤਾ। ਇਕ ਕੈਦੀ ਖ਼ਾਤਰ ਇਕ ਜੇਲ੍ਹ ਕਰਮਚਾਰੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਨਾਲੇ ਜੇਲ੍ਹ ਸੁਪਰਡੈਂਟ ਨੇ ਕਪਤਾਨ ਨੂੰ ਯਕੀਨ ਦਿਵਾਇਆ “ਕੈਦੀ ਦੇ ਹੋਸ਼ ਵਿਚ ਆਉਂਦੇ ਹੀ ਮੈਂ ਮਾਮਲਾ ਰਫ਼ਾ-ਦਫ਼ਾ ਕਰਵਾ ਦੇਵਾਂਗਾ।”
ਪੁਲਿਸ ਅਤੇ ਜੇਲ੍ਹ ਵਾਲਿਆਂ ਦਾ ਘਿਓ-ਖਿਚੜੀ ਵਾਲਾ ਰਿਸ਼ਤਾ ਹੈ। ਹਰ ਰੋਜ਼ ਇਕ ਦੂਜੇ ਨਾਲ ਵਾਹ ਪੈਂਦਾ ਹੈ। ਪੁਲਿਸ ਨੇ ਮੋਦਨ ਦੇ ਬਿਆਨ ਦੇਣ ਦੇ ਯੋਗ ਹੋਣ ਤਕ ਮਾਮਲਾ ਲਟਕਾ ਦਿੱਤਾ।
ਮਹਿੰਗੀਆਂ ਅਤੇ ਤੇਜ਼ ਦਵਾਈਆਂ ਦੇ ਕੇ ਡਾਕਟਰ ਨੇ ਮੋਦਨ ਨੂੰ ਨੌ-ਬਰ-ਨੌ ਕਰ ਦਿੱਤਾ। ਮਹੀਨੇ ਦਾ ‘ਰੈਸਟ’ ਦੇ ਦਿੱਤਾ। ਕੰਮ ਤੋਂ ਛੋਟ ਦਿਵਾ ਦਿੱਤੀ।
ਹਰੀ ਓਮ ਨੇ ਢਿੱਲੇ ਜਿਹੇ ਮੰਹ ਨਾਲ ਮੁਆਫ਼ੀ ਮੰਗ ਲਈ। ਮੋਦਨ ਦਾ ਗ਼ੁੱਸਾ ਲਹਿ ਗਿਆ।
ਫੇਰ ਪੁਲਿਸ ਬਿਆਨ ਲੈਣ ਆਈ। ਉਸ ਨੇ ਝੱਟ ਲਿਖਵਾ ਦਿੱਤਾ, “ਲੰਗਰ ਲਈ ਲੱਕੜਾਂ ਲੈਣ ਗਏ ਦਾ ਮੇਰਾ ਪੈਰ ਫਿਸਲ ਗਿਆ। ਇਕ ਸਿੱਧੀ ਖੜੀ ਖਲਪਾੜ ਮੇਰੇ ਅੰਦਰ ਧੱਸ ਗਈ।”
ਡਾਕਟਰ ਨੇ ਮੋਦਨ ਦੇ ਬਿਆਨ ਦੀ ਪੁਸ਼ਟੀ ਕਰ ਦਿੱਤੀ। ‘ਸੱਟ ਲੱਕੜ ਧਸਣ ਕਾਰਨ ਵੱਜੀ ਹੈ। ਘਟਨਾ ਕੁਦਰਤੀ ਘਟੀ ਹੈ।”
ਮਾਮਲਾ ਰਫ਼ਾ-ਦਫ਼ਾ ਹੋ ਗਿਆ।
ਜੇਲ੍ਹ ਦਾ ਕੰਮ-ਕਾਜ ਆਮ ਦਿਨਾਂ ਵਾਂਗ ਚੱਲ ਰਿਹਾ ਹੈ।
ਆਪਣੀ ਬੈਠਕ ਵਿਚ ਬੰਦ ਹਾਕਮ ਮੋਦਨ ਨਾਲ ਹੋਈ ਬੇਇਨਸਾਫ਼ੀ ’ਤੇ ਤੜਫ ਰਿਹਾ ਸੀ। “ਕਾਨੂੰਨ ਦੀ ਨਜ਼ਰ ਵਿਚ ਸਭ ਪਸ਼ੂ ਬਰਾਬਰ ਹਨ। ਕੱਟੀ, ਵੱਛੀ ਵਿਚ ਕੋਈ ਫ਼ਰਕ ਨਹੀਂ। ਜੋ ਜੁਰਮ ਉਸ ਨੇ ਕੀਤਾ ਸੀ, ਉਸ ਦੀ ਸਜ਼ਾ ਉਹ ਭੁਗਤ ਰਿਹਾ ਸੀ। ਹਰੀ ਓਮ ਨੂੰ ਉਸ ਨੂੰ ਵਾਧੂ ਸਜ਼ਾ ਦੇਣ ਦਾ ਕੋਈ ਹੱਕ ਨਹੀਂ ਸੀ।
“ਹਰੀ ਓਮ ਨੇ ਜੁਰਮ ਕੀਤਾ ਹੈ। ਉਸ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ।”
ਹਾਕਮ ਮਾਮਲਾ ਉੱਚ ਅਧਿਕਾਰੀਆਂ ਨਾਲ ਉਠਾਉਣਾ ਚਾਹੁੰਦਾ ਸੀ। ਪਹਿਲੇ ਹਾਲਾਤ ਵਿਚ ਉਸ ਨੇ ਮਾਮਲਾ ਖ਼ੁਦ ਹੀ ਉਠਾ ਲੈਣਾ ਸੀ। ਮੌਜੂਦਾ ਹਾਲਾਤ ਵਿਚ ਮੁਦੱਈ ਦੇ ਸੁਸਤ ਹੁੰਦਿਆਂ ਗਵਾਹ ਚੁਸਤ ਨਹੀਂ ਸੀ ਬਣ ਸਕਦਾ।
ਹਾਕਮ ਕੇਵਲ ਦੰਦ ਕਰੀਚ ਸਕਦਾ ਸੀ। ਸਾਰਾ ਦਿਨ ਉਹ ਇਹੀ ਕਰਦਾ ਰਹਿੰਦਾ ਸੀ।
ਫੇਰ ਉਸ ਨੂੰ ਹੇਮਾ ਕਾਂਡ ਦੀ ਸੂਹ ਮਿਲ ਗਈ। ਇਕ ਪਾਸੇ ਉਹ ਖ਼ੁਸ਼ ਸੀ। ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦਾ ਯਤਨ ਕਰਦੇ ਅਤੇ ਔਰਤ ਨੂੰ ਖਿਡੌਣਾ ਸਮਝਦੇ ਸੰਤੋਖ ਨੂੰ ਆਖ਼ਰ ਆਟੇ-ਦਾਲ ਦਾ ਭਾਅ ਪਤਾ ਲੱਗ ਗਿਆ ਸੀ।
ਉਹ ਉਦਾਸ ਵੀ ਸੀ। ਜੇ ਹੇਮਾ ਉਸ ਨਾਲ ਸੰਪਰਕ ਕਰੇ ਤਾਂ ਉਹ ਬੱਚਾ ਅਤੇ ਜੱਚਾ ਦੋਹਾਂ ਨੂੰ ਬਚਾ ਦੇਵੇ।
ਹਾਕਮ ਵਾਂਗ ਹੇਮਾਂ ਚਾਰਦੀਵਾਰੀ ਵਿਚ ਬੰਦ ਅਤੇ ਲਾਚਾਰ ਸੀ।
ਹੇਮਾਂ ਵਾਂਗ ਹਾਕਮ ਵੀ ਹਉਕਾ ਭਰਨ ਤੋਂ ਸਿਵਾ ਕੁਝ ਨਹੀਂ ਸੀ ਕਰ ਸਕਦਾ।
44
ਮੁੱਖ ਮੰਤਰੀ ਡਾਢੇ ਫ਼ਿਕਰਾਂ ਵਿਚ ਸੀ। ਤਾਣੀ ਦਿਨੋ-ਦਿਨ ਉਲਝਦੀ ਜਾ ਰਹੀ ਸੀ। ਗੁਪਤਚਰ ਵਿਭਾਗ ਨੇ ਸਪੱਸ਼ਟ ਸ਼ਬਦਾਂ ਵਿਚ ਕਹਿਣਾ ਸ਼ੁਰੂ ਕਰ ਦਿੱਤਾ ਸੀ।
“ਕਿਸੇ ਨਾ ਕਿਸੇ ਢੰਗ ਨਾਲ ਸੰਮਤੀ ਨੂੰ ਨੱਥ ਪਾਓ। ਸੰਮਤੀ ਜੇ ਆਪਣੀਆਂ ਗਤੀਵਿਧੀਆਂ ਬਿਲਕੁਲ ਠੱਪ ਨਹੀਂ ਕਰਦੀ ਤਾਂ ਮੱਠੀਆਂ ਹੀ ਕਰੇ, ਨਹੀਂ ਤਾਂ ਮੁੱਖ ਮੰਤਰੀ ਸਮੇਤ ਸੱਤਾਧਾਰੀ ਪਾਰਟੀ ਦਾ ਚੋਣ ਜਿੱਤਣਾ ਅਸੰਭਵ ਹੈ।”
ਇਹਨਾਂ ਚੋਣਾਂ ਵਿਚ ਮੁੱਖ ਮੰਤਰੀ ਨੂੰ ਦੂਹਰਾ ਨੁਕਸਾਨ ਹੋ ਰਿਹਾ ਸੀ। ਬੰਟੀ ਨੂੰ ਕਤਲ ਹੋਇਆਂ ਅੱਠ-ਨੌਂ ਵਰ੍ਹੇ ਹੋ ਗਏ ਸਨ। ਲਾਲਾ ਜੀ ਪੱਖੀ ਲੋਕ ਬੰਟੀ ਨੂੰ ਭੁੱਲ-ਭੁਲਾ ਚੁੱਕੇ ਸਨ। ਲਾਲਾ ਜੀ ਖ਼ੁਦ ਮੰਜੇ ਨਾਲ ਲੱਗੇ ਪਏ ਹਨ। ਯੁਵਾ ਸੰਘ ਦੀਆਂ ਸਰਗਰਮੀਆਂ ਠੱਪ ਹੋ ਚੁੱਕੀਆਂ ਹਨ। ਜਦੋਂ ਦੀ ਸੰਮਤੀ ਨੇ ਅਸਲ ਕਾਤਲ ਨਾਮਜ਼ਦ ਕਰ ਕੇ ਪੁਲਿਸ ਤਫ਼ਤੀਸ਼ ਦਾ ਭਾਂਡਾ ਭੰਨਿਆ ਸੀ, ਉਦੋਂ ਤੋਂ ਯੁਵਾ ਸੰਘ ਦੇ ਬਚਦੇ-ਖੁਚਦੇ ਕਾਮੇ ਵੀ ਮੁੱਖ ਮੰਤਰੀ ਦਾ ਪੱਖ ਪੂਰਨੋਂ ਹਟ ਗਏ ਸਨ।
ਪਿਛਲੀਆਂ ਚੋਣਾਂ ਵਿਚ ਬੰਟੀ ਦੇ ਕਾਤਲਾਂ ਨੂੰ ਝੱਟਪਟ ਫੜਨ ਅਤੇ ਫੇਰ ਉਹਨਾਂ ਨੂੰ ਸਜ਼ਾ ਕਰਾਉਣ ਦਾ ਮੁੱਦਾ ਮੁੱਖ ਮੰਤਰੀ ਦੇ ਖ਼ੂਬ ਕੰਮ ਆਇਆ ਸੀ। ਉਸ ਸਮੇਂ ਨਾ ਸੰਮਤੀ ਬਹੁਤੀ ਤਾਕਤਵਰ ਸੀ, ਨਾ ਲੋਕ ਪਾਲੇ ਮੀਤੇ ਦੇ ਬੇਕਸੂਰ ਹੋਣ ਦੀ ਗੱਲ ਮੰਨ ਰਹੇ ਸਨ।
ਇਸ ਵਾਰ ਇਹੋ ਮੁੱਦਾ ਸੱਤਾਧਾਰੀ ਪਾਰਟੀ ਦੇ ਗਲ ਦੀ ਹੱਡੀ ਬਣਿਆ ਹੋਇਆ ਸੀ।
ਚੋਣ ਰੈਲੀਆਂ ਸੰਮਤੀ ਦੇ ਰਾਸ ਆ ਰਹੀਆਂ ਸਨ। ਭਾਂਤ-ਭਾਂਤ ਦੇ ਲੋਕਾਂ ਨੂੰ ਸਟੇਜ ’ਤੇ ਲਿਆ ਕੇ ਉਹ ਸਰਕਾਰ ਦਾ ਪੂਰਾ ਜਲੂਸ ਕੱਢ ਰਹੀ ਸੀ। ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੂੰ ਲੋਕਾਂ ਨੂੰ ਮੂੰਹ ਦਿਖਾਉਣਾ ਮੁਸ਼ਕਲ ਹੋਇਆ ਪਿਆ ਸੀ। ਜੇ ਵੋਟਾਂ ਵਾਲੇ ਦਿਨ ਤਕ ਇਹੋ ਸਥਿਤੀ ਬਣੀ ਰਹੀ ਤਾਂ ਸਿੱਟੇ ਉਹੋ ਨਿਕਲਣਗੇ ਜੋ ਗੁਪਤਚਰ ਵਿਭਾਗ ਕਹਿੰਦਾ ਸੀ।
ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰਾਂ ਨੇ ਸਲਾਹ ਦਿੱਤੀ।
“ਸਾਨੂੰ ਲੋਕਾਂ ਦੇ ਰੁਖ਼ ਨੂੰ ਪਹਿਚਾਨਣਾ ਚਾਹੀਦਾ ਹੈ। ਪਹਿਲਾਂ ਲੋਕ ਬੰਟੀ ਦੇ ਕਾਤਲਾਂ ਨੂੰ ਫੜਨ ਅਤੇ ਫਾਹੇ ਲਵਾਉਣ ਦੀ ਮੰਗ ਕਰਦੇ ਸਨ। ਅਸੀਂ ਮੰਗ ਪੂਰੀ ਕੀਤੀ। ਭਾਰੀ ਵੋਟਾਂ ਨਾਲ ਜਿੱਤੇ। ਹੁਣ ਜੇ ਲੋਕ ਉਹਨਾਂ ਨੂੰ ਰਿਹਾਅ ਕਰਾਉਣਾ ਚਾਹੁੰਦੇ ਹਨ ਤਾਂ ਰਿਹਾਅ ਕਰ ਦੇਵੋ। ਲੋਕਾਂ ਦੇ ਦਿਲ ਜਿੱਤ ਕੇ ਇਕ ਵਾਰ ਫੇਰ ਚੋਣ ਜਿੱਤ ਲਵੋ। ਬੰਟੀ ਦੇ ਸਮਰਥਕ ਆਟੇ ਵਿਚ ਲੂਣ ਜਿੰਨੇ ਵੀ ਨਹੀਂ ਰਹੇ। ਇਸ ਸੌਦੇ ਵਿਚ ਫ਼ਾਇਦਾ ਹੀ ਫ਼ਾਇਦਾ ਹੈ।”
ਸਲਾਹਕਾਰਾਂ ਦੀ ਸਲਾਹ ਮੰਨ ਕੇ ਮੁੱਖ ਮੰਤਰੀ ਨੇ ਸੰਮਤੀ ਨਾਲ ਸੰਪਰਕ ਸਥਾਪਿਤ ਕੀਤਾ। ਆਪਣੀਆਂ ਤਜਵੀਜ਼ਾਂ ਭੇਜੀਆਂ।
“ਸੋਡੀਆਂ ਸਾਰੀਆਂ ਮੰਗਾਂ ਜਾਇਜ਼ ਹਨ। ਦੋਬਾਰਾ ਸੱਤਾ ਵਿਚ ਆਉਂਦੇ ਹੀ ਪਹਿਲਾ ਬਿੱਲ ਕਾਨੂੰਨ ’ਚ ਸੋਧ ਲਈ ਅਸੈਂਬਲੀ ਵਿਚ ਪੇਸ਼ ਹੋਏਗਾ। ਪਾਲੇ ਅਤੇ ਮੀਤੇ ਨੂੰ ਬੇਕਸੂਰ ਘੋਸ਼ਿਤ ਕੀਤਾ ਜਾਵੇਗਾ। ਉਹਨਾਂ ਉਪਰ ਝੂਠਾ ਮੁਕੱਦਮਾ ਚਲਾਉਣ ਵਾਲੇ ਪੁਲਿਸ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਹੋਏਗੀ। ਹੋਈ ਮਾਨਹਾਨੀ ਬਦਲੇ ਉਹਨਾਂ ਨੂੰ ਭਾਰੀ ਮੁਆਵਜ਼ਾ ਦਿੱਤਾ ਜਾਵੇਗਾ। ਨਾਲੇ ਸਰਕਾਰੀ ਨੌਕਰੀ ਮਿਲੇਗੀ।
“ਫ਼ੌਰੀ ਰਾਹਤ ਦੇ ਤੌਰ ’ਤੇ ਸੰਮਤੀ ਦੋਸ਼ੀਆਂ ਦੀ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਵਿਚ ਲਾਏ। ਸਰਕਾਰ ਸਰਕਾਰੀ ਵਕੀਲ ਨੂੰ ਹਦਾਇਤ ਕਰੇਗੀ। ਉਹ ਦਰਖ਼ਾਸਤ ਦਾ ਵਿਰੋਧ ਨਾ ਕਰੇ। ਉਲਟਾ ਜ਼ਮਾਨਤ ਮਨਜ਼ੂਰ ਹੋਣ ਵਿਚ ਮਦਦ ਕਰੇ।”
ਸੰਮਤੀ ਇਹਨਾਂ ਲੂੰਬੜ-ਚਾਲਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਸੀ। ਮਤਲਬ ਨਿਕਲਦੇ ਹੀ ‘ਤੂੰ ਕੌਣ, ਮੈਂ ਕੌਣ’ ਹੋ ਜਾਣਾ ਸੀ।
ਨਾਲੇ ਸੰਮਤੀ ਦਾ ਸੰਘਰਸ਼ ਕਿਸੇ ਵਿਸ਼ੇਸ਼ ਵਿਅਕਤੀ ਵਿਰੁੱਧ ਨਹੀਂ ਸੀ। ਸੰਮਤੀ ਨੂੰ ਪਤਾ ਸੀ, ਕੁਰਸੀਆਂ ਉਪਰ ਬੈਠੇ ਬੰਦਿਆਂ ਦੇ ਬਦਲਣ ਨਾਲ ਸਮੁੱਚਾ ਢਾਂਚਾ ਬਦਲਣ ਵਾਲਾ ਨਹੀਂ ਸੀ। ਉਹਨਾਂ ਦਾ ਸੰਘਰਸ਼ ਆਪਣੇ ਆਖ਼ਰੀ ਟੀਚੇ ਦੀ ਪ੍ਰਾਪਤੀ ਤਕ ਜਾਰੀ ਰਹਿਣਾ ਸੀ।
ਸੰਮਤੀ ਨੇ ਮੋੜਵਾਂ ਵਾਰ ਕੀਤਾ।
“ਮੁੱਖ ਮੰਤਰੀ ਜੇ ਸੰਮਤੀ ਦੀਆਂ ਮੰਗਾਂ ਪ੍ਰਤੀ ਇੰਨਾ ਸੁਹਿਰਦ ਹੈ ਤਾਂ ਪਾਲੇ ਮੀਤੇ ਨੂੰ ਤੁਰੰਤ ਰਿਹਆ ਕਰੇ। ਵੋਟਾਂ ਵਾਲੇ ਦਿਨ ਤੋਂ ਪਹਿਲਾਂ ਅਸਲ ਕਾਤਲਾਂ ਨੂੰ ਫੜੇ।”
ਪਰ ਮੁੱਖ ਮੰਤਰੀ ਜੰਗ ਦੇ ਮੈਦਾਨ ਵਿਚ ਘੋੜੇ ਬਦਲਣ ਲਈ ਤਿਆਰ ਨਹੀਂ ਸੀ।
ਮੁੱਖ ਮੰਤਰੀ ਅਤੇ ਸੰਮਤੀ ਦੇ ਸਿੰਗ ਫਸੇ ਦੇਖ ਕੇ ਵਿਰੋਧੀ ਧਿਰ ਨੇ ਸੰਮਤੀ ਨਾਲ ਸੰਪਰਕ ਕੀਤਾ।
“ਉਂਜ ਤੁਹਾਡਾ ਸੰਘਰਸ ਪਹਿਲਾਂ ਹੀ ਸਾਡੇ ਹੱਕ ਵਿਚ ਭੁਗਤ ਰਿਹਾ ਹੈ ਪਰ ਜੇ ਤੁਸੀਂ ਨੰਗੇ-ਚਿੱਟੇ ਹੋ ਕੇ ਸਾਡੇ ਨਾਲ ਆ ਖੜੋ ਤਾਂ ਸਾਡੇ ਬੇੜੇ ਬੰਨੇ ਲੱਗ ਜਾਣ।”
ਬਦਲੇ ਵਿਚ ਪੇਸ਼ਕਸ਼ਾਂ ਵੀ ਹੋਈਆਂ। ਸੰਮਤੀ ਦੇ ਨੁਮਾਇੰਦਿਆਂ ਨੂੰ ਕਾਨੂੰਨ ਸੋਧ ਕਮੇਟੀਆਂ ਵਿਚ ਲਿਆ ਜਾਏਗਾ। ਜੇਲ੍ਹ ਭਲਾਈ ਬੋਰਡ ਵਿਚ ਉਹਨਾਂ ਦਾ ਬੋਲਬਾਲਾ ਹੋਏਗਾ। ਪਾਲੇ ਮੀਤੇ ਨੂੰ ਸਰਕਾਰ ਦੇ ਸਹੁੰ ਚੁੱਕਦਿਆਂ ਹੀ ਛੱਡ ਦਿੱਤਾ ਜਾਏਗਾ।
ਸੰਮਤੀ ਨੇ ਵਿਰੋਧੀ ਧਿਰ ਨੂੰ ਸਮਝਾਇਆ। ਸੰਮਤੀ ਚੋਣਾਂ ਵਿਚ ਹਿੱਸਾ ਨਹੀਂ ਲੈ ਰਹੀ। ਉਹ ਆਪਣੀ ਲੜਾਈ ਆਪ ਲੜੇ।
ਚੋਣਾਂ ਦੌਰਾਨ ਸੰਮਤੀ ਦੇ ਉਦੇਸ਼ ਦੀ ਪੂਰਤੀ ਹੋਣ ਲੱਗੀ। ਕਾਨੂੰਨ ਦੇ ਸਮਾਂ ਵਿਹਾਅ ਚੁੱਕਾ ਹੋਣ ਅਤੇ ਇਸ ਨੂੰ ਲੋਕ-ਪੱਖੀ ਬਣਾਉਣ ਦਾ ਮੁੱਦਾ ਪੂਰੀ ਤਰ੍ਹਾਂ ਭੱਖ ਗਿਆ। ਹਰ ਸਿਆਸੀ ਪਾਰਟੀ ਇਸ ਮੁੱਦੇ ਨੂੰ ਅਪਣਾਉਣ ਲੱਗੀ।
ਹਰ ਚੋਣ ਰੈਲੀ ਵਿਚ ਹਰ ਪਾਰਟੀ ਵੱਲੋਂ ਕਾਨੂੰਨ ਸੋਧਣ ਦੇ ਵਾਅਦੇ ਕੀਤੇ ਜਾਣ ਲੱਗੇ।ਚੋਣ ਮਨੋਰਥ ਪੱਤਰਾਂ ਵਿਚ ਇਹ ਵਾਅਦੇ ਮੁੱਖ ਥਾਂ ਲੈਣ ਲੱਗੇ।
ਚੋਣ ਪ੍ਰਚਾਰ ਦੀ ਸਮਾਪਤੀ ਵਾਲੇ ਦਿਨ ਵਿਰੋਧੀ ਪਾਰਟੀ ਨੇ ਐਲਾਨ ਕੀਤਾ।
“ਸੱਤਾ ’ਚ ਆਉਂਦੇ ਹੀ ਸਭ ਤੋਂ ਪਹਿਲਾਂ ਅਸੀਂ ਪਾਲੇ ਮੀਤੇ ਨੂੰ ਰਿਹਾਅ ਕਰਾਂਗੇ। ਅਸੈਂਬਲੀ ਦੇ ਪਹਿਲੇ ਸੈਸ਼ਨ ਵਿਚ ਕਾਨੂੰਨ ਸੋਧ ਬਿੱਲ ਪੇਸ਼ ਕਰਾਂਗੇ।”
ਅਜਿਹੇ ਮਨ ਲੁਭਾਉਣੇ ਅਤੇ ਭੁਲੇਖਾ ਪਾਊ ਵਾਅਦਿਆਂ ਤੋਂ ਪ੍ਰਭਾਵਿਤ ਹੋਏ ਬਿਨਾਂ ਸੰਮਤੀ ਆਪਣੇ ਕੰਮ ਵਿਚ ਜੁਟੀ ਰਹੀ।
45
ਮੁੱਖ ਮੰਤਰੀ ਵੀ ਬੁਰੀ ਤਰ੍ਹਾਂ ਹਾਰਿਆ ਅਤੇ ਉਸ ਦੀ ਪਾਰਟੀ ਵੀ।
ਸੰਮਤੀ ਨਾਲ ਜੁੜੀਆਂ ਕੁਝ ਸੰਸਥਾਵਾਂ ਦੀ ਨਵੇਂ ਮੁੱਖ ਮੰਤਰੀ ਦੀ ਪਾਰਟੀ ਨਾਲ ਨੇੜਤਾ ਸੀ। ਚੋਣਾਂ ਦੌਰਾਨ ਇਸਤਰੀ ਸਭਾ ਅਤੇ ਹੈਲਪਲਾਈਨ ਦੇ ਕੁਝ ਨੇਤਾਵਾਂ ਨੇ ਸੰਮਤੀ ਅੱਗੇ ਸੁਝਾਅ ਰੱਖਿਆ ਸੀ, “ਸੰਮਤੀ ਵਿਰੋਧੀ ਧਿਰ ਦਾ ਸਮਰਥਨ ਕਰੇ। ਬਦਲੇ ਵਿਚ ਪਾਰਟੀ ਸੱਤਾ ਵਿਚ ਆਉਣ ’ਤੇ ਸੰਮਤੀ ਦੀਆਂ ਮੰਗਾਂ ਮੰਨੇਗੀ।” ਪਰ ਸੰਮਤੀ ਨੇ ਸਮਝਾ-ਬੁਝਾ ਕੇ ਉਹਨਾਂ ਨੂੰ ਕਿਸੇ ਵੀ ਧਿਰ ਨਾਲ ਖੜੋਨ ਤੋਂ ਰੋਕ ਦਿੱਤਾ ਸੀ।
ਇਹਨਾਂ ਜਥੇਬੰਦੀਆਂ ਨੇ ਭਾਵੇਂ ਖੁੱਲ੍ਹ ਕੇ ਮੁੱਖ ਮੰਤਰੀ ਦੀ ਹਮਾਇਤ ਕੀਤੀ ਸੀ ਪਰ ਫੇਰ ਵੀ ਉਹਨਾਂ ਦੇ ਮਨ ਉਸ ਨਾਲ ਜੁੜੇ ਹੋਏ ਸਨ। ਉਹਨਾਂ ਨੂੰ ਆਸ ਸੀ, ਸੱਤਾ ਵਿਚ ਆ ਕੇ ਉਹ ਆਪਣੇ ਵਾਅਦੇ ਪੂਰੇ ਕਰੇਗਾ।
ਇਹਨਾਂ ਸਮਰਥਕਾਂ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੀ ਰਸਮ ਸਾਹ ਰੋਕ ਕੇ ਦੇਖੀ। ਉਹਨਾਂ ਨੂੰ ਵਿਸ਼ਵਾਸ ਸੀ ਕਿ ਉਹ ਸਹੁੰ ਚੁੱਕਦਿਆਂ ਹੀ ਪਾਲੇ ਮੀਤੇ ਨੂੰ ਰਿਹਾਅ ਕਰਨ ਦਾ ਐਲਾਨ ਕਰੇਗਾ।
ਜਦੋਂ ਇੰਜ ਨਾ ਹੋਇਆ ਤਾਂ ਉਹ ਨਿਰਾਸ਼ ਹੋਣ ਲੱਗੇ। ਬਾਬਾ ਗੁਰਦਿੱਤ ਸਿੰਘ ਨੇ ਉਹਨਾਂ ਨੂੰ ਸਮਝਾਇਆ।
“ਭਲਿਓ ਲੋਕੋ) ਚੌਣਾਂ ਦੌਰਾਨ ਮੁੱਖ ਮੰਤਰੀ ਨੇ ਸੌ ਤੋਂ ਵੱਧ ਚੋਣ ਹਲਕਿਆਂ ਵਿਚ ਪ੍ਰਚਾਰ ਕੀਤਾ ਸੀ। ਹਰ ਹਲਕੇ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ। ਹਰ ਥਾਂ ਉਸ ਨੇ ਇਕੋ ਮੁਹਾਰਨੀ ਪੜ੍ਹੀ ਸੀ। ਸਹੁੰ ਚੁੱਕਦਿਆਂ ਹੀ ਤੁਹਾਡੀ ਮੰਗ ਪੂਰੀ ਕਰਾਂਗਾ। ‘ਸਹੁੰ ਚੁੱਕਦਿਆਂ ਹੀ ਮੰਗ ਪੂਰੀ ਕਰਨਾ’ ਸਿਆਸੀ ਲੋਕਾਂ ਦਾ ਇਕ ਮੁਹਾਵਰਾ ਹੈ। ਤੁਸੀਂ ਸਬਰ ਰੱਖੋ। ਮੁੱਖ ਮੰਤਰੀ ਨੇ ਸੈਂਕੜੇ ਵਾਅਦੇ ਪੂਰੇ ਕਰਨੇ ਹਨ। ਵਾਅਦੇ ਜਿਉਂ-ਜਿਉਂ ਯਾਦ ਆਉਂਦੇ ਰਹਿਣਗੇ, ਤਿਉਂ-ਤਿਉਂ ਪੂਰੇ ਹੁੰਦੇ ਰਹਿਣਗੇ।”
ਫੇਰ ਅਖ਼ਬਾਰਾਂ ਵਿਚ ਖ਼ਬਰਾਂ ਛਪਣ ਲੱਗੀਆਂ।
“ਨਵੇਂ ਮੁੱਖ ਮੰਤਰੀ ਦੇ ਵਿਧਾਇਕ ਰੱਸੇ ਫਿਰਦੇ ਹਨ। ਮੰਤਰੀ ਪਦ ਥੋੜ੍ਹੇ ਹਨ, ਦਾਅਵੇਦਾਰ ਵੱਧ। ਇਕ ਅਨਾਰ ਨੂੰ ਮੁੱਖ ਮੰਤਰੀ ਕਿੰਨੇ ਕੁ ਬੀਮਾਰਾਂ ਵਿਚ ਵੰਡੇ?”
ਇਹ ਸਮੱਸਿਆ ਸੁਲਝਾਉਂਦਿਆਂ ਮੁੱਖ ਮੰਤਰੀ ਨੂੰ ਇਕ ਮਹੀਨਾ ਲੱਗ ਗਿਆ।
ਮੰਤਰੀ ਮੰਡਲ ਬਣਦੇ ਹੀ ਫੇਰ ਰੌਲਾ ਪੈ ਗਿਆ। ਹਰ ਮੰਤਰੀ ਪੈਸਾ ਕਮਾਉਣ ਵਾਲਾ ਵਿਭਾਗ ਮੰਗ ਰਿਹਾ ਸੀ। ਇਹ ਮਸਲਾ ਸੁਲਝਾਉਂਦਿਆਂ ਇਕ ਮਹੀਨਾ ਹੋਰ ਲੱਗ ਗਿਆ।
ਉਸ ਦੇ ਸਮਰਥਕਾਂ ਨੇ ਫੇਰ ਟੀ.ਵੀ. ਵੱਲ ਦੇਖਣਾ ਸ਼ੁਰੂ ਕਰ ਦਿੱਤਾ। ਅਖ਼ਬਾਰਾਂ ਦਾ ਅੱਖਰ-ਅੱਖਰ ਪੜ੍ਹਨਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਚੁੱਕੀਆਂ ਸਨ। ਹੁਣ ਉਹ ਕਿਸੇ ਵੀ ਸਮੇਂ ਪਾਲੇ ਮੀਤੇ ਨੂੰ ਰਿਹਾਅ ਕਰਨ ਅਤੇ ਕਾਨੂੰਨ ਵਿਚ ਅਹਿਮ ਸੋਧਾਂ ਕਰਨ ਦਾ ਐਲਾਨ ਕਰ ਸਕਦਾ ਸੀ।
ਭੋਲੇ ਪੰਛੀਆਂ ਨੂੰ ਇਹ ਨਹੀਂ ਸੀ ਪਤਾ ਕਿ ਪਹਿਲੀ ਸਰਕਾਰ ਨੇ ਖ਼ਜ਼ਾਨੇ ਦੀ ਥਾਂ ਆਪਣੀਆਂ ਜੇਬਾਂ ਭਰਨ ’ਤੇ ਜ਼ੋਰ ਦਿੱਤਾ ਸੀ। ਨਵੀਂ ਸਰਕਾਰ ਨੂੰ ਵਿਰਾਸਤ ਵਿਚ ਕਰੋੜਾਂ ਰੁਪਏ ਦਾ ਘਾਟਾ ਅਤੇ ਕਰਜ਼ਾ ਮਿਲਿਆ ਸੀ। ਸਰਕਾਰ ਸਾਹਮਣੇ ਪਹਿਲੀ ਚੁਣੌਤੀ ਖ਼ਜ਼ਾਨਾ ਭਰਨ ਦੀ ਸੀ ਜੇ ਚਾਰ ਪੈਸੇ ਪੱਲੇ ਹੋਣਗੇ ਤਾਂ ਹੀ ਕੋਈ ਗੱਲ ਸੁਝੇਗੀ। ਫੇਰ ਹੀ ਵਿਕਾਸ ਬਾਰੇ ਸੋਚਿਆ ਜਾ ਸਕੇਗਾ।
“ਲੋਕਾਂ ਉਪਰ ਕਿਹੜੇ ਨਵੇਂ ਟੈਕਸ ਲਾਏ ਜਾਣ?” ਮੁੱਖ ਮੰਤਰੀ ਇਹ ਸੁਝਾਅ ਇਕੱਠੇ ਕਰਨ ਵਿਚ ਰੁੱਝਾ ਹੋਇਆ ਸੀ। ਕਾਨੂੰਨ ਜਾਂ ਕੈਦੀਆਂ ਵਰਗੇ ਫ਼ਜ਼ੂਲ ਵਿਸ਼ੇ ਬਾਰੇ ਸੋਚਣ ਦਾ ਹਾਲੇ ਉਸ ਕੋਲ ਵਕਤ ਨਹੀਂ ਸੀ।
ਉਂਜ ਮੁੱਖ ਮੰਤਰੀ ਨੂੰ ਵਾਅਦੇ ਭੁੱਲੇ ਨਹੀਂ ਸਨ। ਉਹ ਵਾਅਦੇ ਪੂਰੇ ਵੀ ਕਰਨਾ ਚਾਹੁੰਦਾ ਸੀ, ਪਰ ਹਰ ਕੰਮ ਦਾ ਇਕ ਵਕਤ ਹੁੰਦਾ ਹੈ। ਲੋਕਾਂ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੁੰਦੀ ਹੈ। ਜੇ ਉਸ ਨੇ ਵਾਅਦੇ ਹੁਣੇ ਪੂਰੇ ਕਰ ਦਿੱਤੇ ਤਾਂ ਅਗਲੀਆਂ ਚੋਣਾਂ ਤਕ ਉਹ ਉਹਨਾਂ ਨੂੰ ਭੁੱਲ ਜਾਣਗੇ। ਸਰਕਾਰ ਕੋਲੋਂ ਜੇ ਕੋਈ ਗ਼ਲਤੀ ਹੋ ਗਈ ਤਾਂ ਉਹ ਯਾਦ ਰਹੇਗੀ। ਵਾਅਦੇ ਉਹ ਚੋਣਾਂ ਦੇ ਨੇੜੇ ਪੂਰੇ ਕਰੇਗਾ। ਲੋਕਾਂ ਦੀ ਵਾਹ-ਵਾਹ ਖੱਟੇਗਾ। ਵਾਹ-ਵਾਹ ਦਾ ਮੁੱਲ ਵੱਟੇਗਾ। ਵੈਸੇ ਹੀ ਅੱਡੀਆਂ ਰਗੜਾ-ਰਗੜਾ ਕੰਮ ਕਰਨ ਦੀ ਜ਼ਿਆਦਾ ਵੁੱਕਤ ਹੁੰਦੀ ਹੈ।
ਮੁੱਖ ਮੰਤਰੀ ਉਚਿਤ ਸਮੇਂ ਦੀ ਉਡੀਕ ਵਿਚ ਸੀ।
ਜਦੋਂ ਮੁੱਖ ਮੰਤਰੀ ਦੇ ਸਮਰਥਕਾਂ ਨੂੰ ਕੁਝ ਪੱਲੇ ਪੈਂਦਾ ਨਜ਼ਰ ਨਾ ਆਇਆ ਤਾਂ ਉਹਨਾਂ ਨੇ ਹਥਿਆਰ ਸੁੱਟ ਦਿੱਤੇ। ਸੰਮਤੀ ਨੇ ਆਪਣੀਆਂ ਸਰਗਰਮੀਆਂ ਫੇਰ ਤੇਜ਼ ਕਰ ਦਿੱਤੀਆਂ।
ਸੰਮਤੀ ਨੇ ਮੁੱਖ ਮੰਤਰੀ ਵੱਲੋਂ ਕੀਤੇ ਵਾਅਦਿਆਂ ਨੂੰ ਵੱਡੇ-ਵੱਡੇ ਪੋਸਟਰਾਂ ਉੱਤੇ ਛਪਵਾਇਆ ਅਤੇ ਲੋਕਾਂ ਦੀ ਯਾਦਦਾਸ਼ਤ ਤਾਜ਼ਾ ਕਰਨ ਲਈ ਉਹਨਾਂ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਚਿਪਕਾਇਆ।
ਸੰਮਤੀ ਨੂੰ ਮੁੱਖ ਮੰਤਰੀ ਦਾ ਜੇਲ੍ਹ ਯਾਤਰਾ ਦਾ ਭਰਪੂਰ ਤਜਰਬਾ ਸੀ। ਆਪਣੇ ਜੇਲ੍ਹ ਤਜਰਬਿਆਂ ਬਾਰੇ ਉਸ ਨੇ ਇਕ ਕਿਤਾਬ ਲਿਖੀ ਸੀ। ਉਸ ਕਿਤਾਬ ਵਿਚ ਉਸ ਨੇ ਕੈਦੀਆਂ ਦੀ ਤਰਸਯੋਗ ਹਾਲਤ ਦਾ ਵਿਸਤਾਰ ਨਾਲ ਵਰਣਨ ਕੀਤਾ ਸੀ। ਪਤਾ ਨਹੀਂ ਕਿਉਂ ਉਹ ਜੀਵਨ ਹੁਣ ਉਸ ਨੂੰ ਅਸੁਖਾਵਾਂ ਲੱਗਣੋਂ ਹਟ ਗਿਆ ਸੀ?
ਉਹ ਅਖ਼ਬਾਰਾਂ ਵਿਚ ਲੇਖ ਲਿਖਣ ਲੱਗੇ। ਪੁਸਤਕ ਵਿਚੋਂ ਹਵਾਲੇ ਦੇ ਕੇ ਮੁੱਖ ਮੰਤਰੀ ਕੋਲੋਂ ਪੁੱਛਣ ਲੱਗੇ। ਜੇਲ੍ਹ ਜੀਵਨ ਨੂੰ ਸੁਧਾਰਨ ਲਈ ਉਹ ਕਿਉਂ ਨਹੀਂ ਕੁਝ ਕਰਦਾ?
ਮੁੱਖ ਮੰਤਰੀ ਸੰਮਤੀ ਦੀਆਂ ਗਤੀਵਿਧੀਆਂ ਤੋਂ ਅਵੇਸਲਾ ਨਹੀਂ ਸੀ।
ਸੰਮਤੀ ਦੀਆਂ ਸਰਗਰਮੀਆਂ ਤੇਜ਼ ਹੁੰਦੀਆਂ ਦੇਖ ਕੇ ਮੁੱਖ ਮੰਤਰੀ ਨੇ ਉਸ ਦੇ ਜੋਸ਼ ਨੂੰ ਠੰਢਾ ਕਰਨ ਦੀ ਯੋਜਨਾ ਬਣਾਈ।
ਸੱਤਾਧਾਰੀ ਪਾਰਟੀ ਵੱਲੋਂ ਸੰਮਤੀ ਵਾਲਿਆਂ ਦੇ ਸ਼ਹਿਰ ਵਿਚ ਇਕ ਵੱਡੀ ਰੈਲੀ ਰੱਖੀ ਗਈ। “ਰੈਲੀ ਦੌਰਾਨ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਐਲਾਨ ਹੋਣਗੇ।” ਅਖ਼ਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਛਾਪ ਕੇ ਲੋਕਾਂ ਨੂੰ ਦੱਸਿਆ ਗਿਆ।
ਮੁੱਖ ਮੰਤਰੀ ਦੇ ਨੁਮਾਇੰਦਿਆਂ ਨੇ ਸੰਮਤੀ ਵਾਲਿਆਂ ਨਾਲ ਸੰਪਰਕ ਕੀਤਾ ਅਤੇ ਸਮਝਾਇਆ।
“ਮੁੱਖ ਮੰਤਰੀ ਸਾਹਿਬ ਕਾਨੂੰਨੀ ਸੋਧਾਂ ਬਾਰੇ ਨਵੀਂ ਨੀਤੀ ਘੜਨ ਜਾ ਰਹੇ ਹਨ। ਸੰਮਤੀ ਕੀ ਚਾਹੁੰਦੀ ਹੈ? ਇਹ ਲਿਖਤੀ ਰੂਪ ਵਿਚ ਦੇਵੇ। ਸੋਧਾਂ ਸੁਝਾਉਣ ਲਈ ਕਮੇਟੀਆਂ ਬਣਨਗੀਆਂ। ਉਹਨਾਂ ਕਮੇਟੀਆਂ ਲਈ ਸੰਮਤੀ ਆਪਣੇ ਨੁਮਾਇੰਦਿਆਂ ਦੀ ਸੂਚੀ ਦੇਵੇ।”
ਸੰਮਤੀ ਮੁੱਖ ਮੰਤਰੀ ਦੀ ਚਾਲ ਸਮਝ ਗਈ। ‘ਪੰਚਾਇਤ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ।’ ਸਰਕਾਰ ਕਮੇਟੀਆਂ ਦਾ ਗਠਨ ਕਰ ਕੇ ਮਸਲਾ ਲਟਕਾਉਣਾ ਅਤੇ ਵਕਤ ਟਪਾਉਣਾ ਚਾਹੁੰਦੀ ਹੈ।
ਸੰਮਤੀ ਨੇ ਸੁਝਾਅ ਦਿੱਤਾ।
“ਨਵੀਆਂ ਕਮੇਟੀਆਂ ਦੀ ਕੋਈ ਜ਼ਰੂਰਤ ਨਹੀਂ। ਪਹਿਲਾਂ ਕਈ ਵਾਰ ਕਮੇਟੀਆਂ ਬਣੀਆਂ ਹਨ। ਉਹਨਾਂ ਦੀਆਂ ਰਿਪੋਰਟਾਂ ਉਪਰ ਜੰਮੀ ਧੂੜ ਝਾੜ ਲਵੋ। ਸਮਾਂ ਖ਼ਰਾਬ ਨਾ ਕਰੋ। ਜੋ ਕਰਨਾ ਹੈ ਤੁਰੰਤ ਕਰੋ।”
ਮੁੱਖ ਮੰਤਰੀ ਨੂੰ ਇਹ ਸੁਝਾਅ ਪਰਵਾਨ ਨਹੀਂ ਸੀ। ਉਹ ਪਹਿਲੀਆਂ ਸਰਕਾਰਾਂ ਦੇ ਕੰਮ ਨੂੰ ਮਾਨਤਾ ਕਿਉਂ ਦੇਵੇ? ਉਹ ਆਪਣੇ ਕੰਮ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦਾ ਸੀ।
“ਸੰਮਤੀ ਜੇ ਸਹਿਯੋਗ ਨਹੀਂ ਦਿੰਦੀ ਤਾਂ ਨਾ ਦੇਵੇ। ਵਾਅਦੇ ਮੈਂ ਲੋਕਾਂ ਨਾਲ ਕੀਤੇ ਸਨ, ਸੰਮਤੀ ਦੇ ਕੁਝ ਨੇਤਾਵਾਂ ਨਾਲ ਨਹੀਂ।”
ਆਖਦੇ ਮੁੱਖ ਮੰਤਰੀ ਨੇ ਸੰਮਤੀ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ।
ਯੋਜਨਾ ਅਨੁਸਾਰ ਸ਼ਹਿਰ ਵਿਚ ਵੱਡਾ ਇਕੱਠ ਕੀਤਾ ਗਿਆ। ਕਾਨੂੰਨ ਮੰਤਰੀ ਵੱਲੋਂ ਕਾਨੂੰਨ ਵਿਚ ਸੋਧਾਂ ਦੀ ਲੋੜ ਬਾਰੇ ਲੰਬਾ-ਚੌੜਾ ਭਾਸ਼ਣ ਦਿੱਤਾ ਗਿਆ।
ਲੋਕਾਂ ਦੀਆਂ ਤਾੜੀਆਂ ਦੀ ਗੂੰਜ ਵਿਚ ਮੁੱਖ ਮੰਤਰੀ ਨੇ ਐਲਾਨ ਕੀਤੇ।
ਉਸ ਨੇ ਲੋਕਾਂ ਨੂੰ ਸਮਝਾਇਆ। ਕਾਨੂੰਨ ਵਿਚ ਸੋਧਾਂ ਕਰਨੀਆਂ ਏਨੀਆਂ ਆਸਾਨ ਨਹੀਂ ਹਨ। ਅੰਗਰੇਜ਼ਾਂ ਨੇ ਜਦੋਂ ਭਾਰਤੀਆਂ ਲਈ ਕਾਨੂੰਨ ਘੜੇ ਸਨ, ਵੀਹ ਸਾਲ ਸੋਚ-ਵਿਚਾਰ ’ਤੇ ਲਾਏ ਸਨ। ਬਹੁਤੇ ਕਾਨੂੰਨ ਕੇਂਦਰ ਸਰਕਾਰ ਦੇ ਬਣਾਏ ਹੋਏ ਹਨ। ਉਹਨਾਂ ਵਿਚ ਸੋਧ ਉਹੀ ਸਰਕਾਰ ਕਰੇਗੀ। ਕਾਨੂੰਨ ਸੋਧਣ ਤੋਂ ਪਹਿਲਾਂ ਕਾਨੂੰਨੀ ਮਾਹਿਰਾਂ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।
ਇਸ ਲੋੜ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਨਵੇਂ ਲਾਅ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਗਿਆ। ਹਾਈ ਕੋਰਟ ਦੇ ਇਕ ਰਿਟਾਇਰ ਜੱਜ ਨੂੰ ਇਸ ਦਾ ਚੇਅਰਮੈਨ ਬਣਾ ਕੇ ਉਸ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦੀਆਂ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ। ਕਮਿਸ਼ਨ ਦੇ ਹੋਰ ਕਿਹੜੇ-ਕਿਹੜੇ ਮੈਂਬਰ ਹੋਣਗੇ, ਇਹ ਵੀ ਦੱਸਿਆ ਗਿਆ। ਕਮਿਸ਼ਨ ਨੂੰ ਹਦਾਇਤ ਹੋਈ, ਹਰ ਹਾਲ ਵਿਚ ਉਹ ਆਪਣੀ ਰਿਪੋਰਟ ਇਕ ਸਾਲ ਦੇ ਅੰਦਰ-ਅੰਦਰ ਦੇਵੇ।
ਸਰਕਾਰ ਨੂੰ ਸਲਾਹ ਦੇਣ ਲਈ ਇਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਲਈ ਸਰਕਾਰੀ ਅਧਿਕਾਰੀਆਂ ਦੇ ਨਾਲ ਸਿਆਸੀ ਅਤੇ ਸਮਾਜ-ਸੇਵੀ ਸੰਸਥਾਵਾਂ ਦੇ ਨੁਮਾਇੰਦੇ ਨਾਮਜ਼ਦ ਕੀਤੇ ਗਏ। ਇਹਨਾਂ ਮੈਂਬਰਾਂ ਦੀ ਕਿੰਨੀ ਮਹੱਤਤਾ ਹੈ, ਇਹ ਦਰਸਾਉਣ ਲਈ ਉਹਨਾਂ ਨੂੰ ਸਰਕਾਰੀ ਅਫ਼ਸਰਾਂ ਦੇ ਬਰਾਬਰ ਦੀਆਂ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ। ਕਮਿਸ਼ਨ ਅਤੇ ਸਲਾਹਕਾਰ ਕਮੇਟੀ ਵੱਲੋਂ ਆਉਣ ਵਾਲੇ ਸੁਝਾਵਾਂ ਉਪਰ ਵਿਚਾਰ ਕਰਨ ਲਈ ਕੈਬਨਿਟ ਕਮੇਟੀ ਬਣਾਈ ਗਈ।
ਤਿੰਨ ਸਾਲ ਦੇ ਅੰਦਰ-ਅੰਦਰ ਸਾਰੇ ਕਾਨੂੰਨਾਂ ਨੂੰ ਸੋਧਣ ਦਾ ਐਲਾਨ ਹੋਇਆ।
ਪਾਲੇ ਮੀਤੇ ਨੂੰ ਫ਼ੌਰੀ ਰਿਹਾਅ ਨਾ ਕਰ ਸਕਣ ’ਤੇ ਮੁੱਖ ਮੰਤਰੀ ਨੇ ਮੁਆਫ਼ੀ ਮੰਗੀ। ਫੇਰ ਆਪਣੀ ਮਜਬੂਰੀ ਦੱਸੀ। ਸੈਸ਼ਨ ਕੋਰਟ ਉਹਨਾਂ ਨੂੰ ਦੋਸ਼ੀ ਠਹਿਰਾ ਚੁੱਕੀ ਹੈ। ਮਾਮਲਾ ਹਾਈ ਕੋਰਟ ਦੇ ਵਿਚਾਰ ਅਧੀਨ ਹੈ। ਅਦਾਲਤ ਦੇ ਕੰਮ ਵਿਚ ਦਖ਼ਲ ਦੇਣਾ ਸਰਕਾਰ ਦੇ ਆਧਾਰ-ਖੇਤਰ ਤੋਂ ਬਾਹਰ ਹੈ।
ਫੇਰ ਵੀ ਬੰਟੀ ਕਤਲ ਕੇਸ ਦੇ ਨਵੇਂ ਸਿਰਿਉਂ ਤਫ਼ਤੀਸ਼ ਕਰਨ ਲਈ ਆਈ.ਜੀ. (ਕਰਾਈਮ) ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਟੀਮ ਬਣਾਈ ਗਈ। ਟੀਮ ਨੂੰ ਹਦਾਇਤ ਹੋਈ ਕਿ ਉਹ ਤਿੰਨ ਮਹੀਨੇ ਦੇ ਅੰਦਰ-ਅੰਦਰ ਸਭ ਤੱਥਾਂ ਦੀ ਘੋਖ ਕਰੇ।
ਸੰਮਤੀ ਨੂੰ ਹਦਾਇਤ ਹੋਈ। ਉਹ ਪਾਲੇ ਮੀਤੇ ਦੇ ਨਿਰਦੋਸ਼ ਹੋਣ ਅਤੇ ਹਰਮਨਬੀਰ ਹੋਰਾਂ ਦੇ ਕਾਤਲ ਹੋਣ ਦੇ ਸਬੂਤ ਟੀਮ ਅੱਗੇ ਪੇਸ਼ ਕਰੇ।
ਮੁੱਖ ਮੰਤਰੀ ਨੇ ਇਕ ਵਾਰ ਫੇਰ ਆਪਣਾ ਵਚਨ ਦੁਹਰਾਇਆ।
“ਇਹ ਟੀਮ ਜੋ ਸਿਫ਼ਾਰਸ਼ ਕਰੇਗੀ, ਉਸ ਉਪਰ ਫ਼ੌਰੀ ਅਮਲ ਹੋਏਗਾ। ਪਹਿਲੇ ਮੁੱਖ ਮੰਤਰੀ ਵਾਂਗ ਮਸਲਾ ਲਟਕਾਇਆ ਨਹੀਂ ਜਾਏਗਾ।”
46
ਜੇਲ੍ਹ ਨਿਯਮ ਕਹਿੰਦੇ ਸਨ, ਹਰ ਮਹੀਨੇ ਹਰ ਬੈਰਕ ਦੀ ਤਲਾਸ਼ੀ ਲਈ ਜਾਵੇ। ਇੰਜ ਗ਼ਲਤ ਅਨਸਰ ਸੁਚੇਤ ਰਹਿੰਦੇ ਸਨ।
ਅਮਲੀਆਂ ਦੀ ਬੈਰਕ ਦੀ ਤਲਾਸ਼ੀ ਲੈਣੀ ਖ਼ਤਰੇ ਭਰੀ ਸੀ। ਇਥੋਂ ਕੁਇੰਟਲਾਂ ’ਚ ਭੁੱਕੀ, ਕਿੱਲੋਆਂ ’ਚ ਅਫ਼ੀਮ ਅਤੇ ਡੱਬਿਆਂ ਦੇ ਡੱਬੇ ਗੋਲੀਆਂ, ਟੀਕਿਆਂ ਦੇ ਮਿਲਣੇ ਸਨ। ਇਸ ਨਾਲ ਕੈਦੀਆਂ ਅਤੇ ਅਧਿਕਾਰੀਆਂ ਦੋਹਾਂ ਦੀ ਬਦਨਾਮੀ ਹੋਣੀ ਸੀ।
ਦੋਹਾਂ ਧਿਰਾਂ ਦੀ ਬਦਨਾਮੀ ਤੋਂ ਬਚਾਉਣ ਲਈ ਗੁਰਨਾਮ ਅਤੇ ਪ੍ਰਸ਼ਾਸਨ ਵਿਚਕਾਰ ਸਮਝੌਤਾ ਹੋਇਆ-ਹੋਇਆ ਸੀ। ਪ੍ਰਸ਼ਾਸਨ ਤਲਾਸ਼ੀ ਦੀ ਅਗਾਊਂ ਸੂਚਨਾ ਗੁਰਨਾਮ ਨੂੰ ਦੇਵੇਗਾ। ਗੁਰਨਾਮ ਆਪਣੇ ਬੰਦਿਆਂ ਨੂੰ ਸੁਚੇਤ ਕਰੇਗਾ। ਬੰਦੇ ਅਮਲੀਆਂ ਨੂੰ ਬਚਾਉਣਗੇ। ਫੇਰ ਵੀ ਜੇ ਕਿਸੇ ਕੋਲੋਂ ਕੁਝ ਫੜਿਆ ਜਾਵੇ ਤਾਂ ਇਸ ਦਾ ਜ਼ਿੰਮੇਵਾਰ ਉਹ ਖ਼ੁਦ ਹੋਵੇਗਾ।
ਅੱਜ ਚਾਹ ਵਾਲੇ ਦੇਗਚਿਆਂ ਦੇ ਨਾਲ ਪੋਟਲੀਆਂ ਨਹੀਂ ਸਨ ਆਈਆਂ। ਇਸ਼ਾਰਾ ਸਾਫ਼ ਸੀ। ਕਿਸੇ ਵੀ ਸਮੇਂ ਬੈਰਕ ਦੀ ਤਲਾਸ਼ੀ ਹੋ ਸਕਦੀ ਸੀ।
ਇਸ਼ਾਰਾ ਸਮਝ ਕੇ ਅਮਲੀ ਆਪਣੇ-ਆਪ ਨੂੰ ਸੁਰੱਖਿਅਤ ਕਰਨ ਵਿਚ ਜੁੱਟ ਗਏ।
ਸਾਧੂ ਸਿੰਘ ਆਪਣੇ ਕੋਲ ਵਾਧੂ ਮਾਲ ਰੱਖਦਾ ਸੀ। ਉਸ ਨੂੰ ਹਰ ਰੋਜ਼ ਦਾ ਹਿਸਾਬ-ਕਿਤਾਬ ਰੱਖਣਾ ਨਹੀਂ ਸੀ ਆਉਂਦਾ। ਹਰ ਹਫ਼ਤੇ ਉਸ ਦੀ ਘਰਵਾਲੀ ਮੁਲਾਕਾਤ ਕਰਨ ਆਉਂਦੀ ਸੀ। ਹੋਰ ਨਿੱਕ-ਸੁੱਕ ਦੇ ਨਾਲ ਪੰਜ ਸੌ ਦਾ ਨੋਟ ਵੀ ਫੜਾ ਜਾਂਦੀ ਸੀ। ਉਹ ਇਕੱਠੀ ਭੁੱਕੀ ਖ਼ਰੀਦ ਕੇ ਰੱਖ ਲੈਂਦਾ ਸੀ। ਹੌਲੀ-ਹੌਲੀ ਫੱਕਾ ਮਾਰਦਾ ਰਹਿੰਦਾ ਸੀ। ਹਾਲੇ ਕੱਲ੍ਹ ਉਸ ਨੇ ਭੁੱਕੀ ਖ਼ਰੀਦੀ ਸੀ। ਬਹੁਤ ਮਾਲ ਵਾਧੂ ਪਿਆ ਸੀ। ਸਾਧੂ ਨੂੰ ਮਾਲ ਟਿਕਾਣੇ ਲਾਉਣ ਦਾ ਫ਼ਿਕਰ ਹੋਇਆ। ਸਾਥੀਆਂ ਨੂੰ ਦਿੱਤਾ ਤਾਂ ਉਹਨਾਂ ਪੈਸੇ ਨਹੀਂ ਸਨ ਦੇਣੇ। ਵਾਰਡਰ ਨੂੰ ਫੜਾਇਆ ਤਾਂ ਉਸ ਨੇ ਮੁੜ ਕੇ ਰਾਹ ਨਹੀਂ ਸੀ ਦੇਣਾ। ਗਟਰ ਵਿਚ ਸੁੱਟਿਆ ਤਾਂ ਭੰਗ ਦੇ ਭਾੜੇ ਜਾਣਾ ਸੀ। ਉਸ ਨੇ ਨੰਦੂ ਵਰਗੇ ਚਾਰ ਅਮਲੀ ਲੱਭੇ ਅਤੇ ਜਿਸ ਭਾਅ ਮਾਲ ਵਿਕਿਆ, ਵੇਚ ਦਿੱਤਾ।
ਨੰਦੂ ਨਸ਼ਾ ਵਧ ਕਰਦਾ ਸੀ। ਜਿੰਨਾ ਮਿਲਦਾ ਓਨਾ ਹੜੱਪ ਜਾਂਦਾ ਸੀ। ਅੱਕੇ ਘਰਦਿਆਂ ਨੇ ਉਸ ਦਾ ਕੋਟਾ ਬੰਨ੍ਹ ਦਿੱਤਾ। ਬੱਸ ਕੋਟੇ ਅਨੁਸਾਰ ਉਸ ਨੂੰ ਸਵੇਰੇ ਪੋਟਲੀ ਮਿਲ ਜਾਂਦੀ। ਰਾਤ ਤਕ ਉਹ ਪੋਟਲੀ ਮੁਕਾ ਲੈਂਦਾ। ਉਸ ਨੂੰ ਸਵੇਰ ਮਸਾਂ ਆਉਂਦੀ। ਤਲਾਸ਼ੀ ਵਾਲਾ ਦਿਨ ਉਸ ਲਈ ਸਭ ਤੋਂ ਵੱਧ ਕਸ਼ਟ ਵਾਲਾ ਹੁੰਦਾ। ਚਾਹ ਨਾਲ ਨਸ਼ਾ ਨਾ ਖਾਣ ਕਾਰਨ ਉਸ ਨੂੰ ਡੋਬੂ ਪੈਣ ਲੱਗਦੇ, ਢਿੱਡ ਵਿਚ ਮਰੋੜ ਉੱਠਣ ਲੱਗਦੇ। ਉਬਾਸੀਆਂ ਆਉਣ ਲੱਗਦੀਆਂ। ਦਿਲ ਘਬਰਾਉਣ ਲੱਗਦਾ। ਸਾਰਾ ਦਿਨ ਕੰਮ ਨਾ ਹੁੰਦਾ। ਮੁਸ਼ੱਕਤ ਪੂਰੀ ਨਾ ਹੋਣ ਕਾਰਨ ਕੁੱਟ ਪੈਂਦੀ। ਕੋਠੀ ਬੰਦ ਹੋਣ ਦੀ ਸਜ਼ਾ ਮਿਲਣ ਦਾ ਖ਼ਤਰਾ ਖੜਾ ਹੋ ਜਾਂਦਾ। ਵੀਹ ਸਿਆਪੇ ਪੈਂਦੇ। ਤਲਾਸ਼ੀ ਹੋਣ ਦੀ ਮਨਹੂਸ ਖ਼ਬਰ ਸੁਣ ਕੇ ਉਸ ਨੇ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਸਾਥੀ ਕੈਦੀਆਂ ਦੇ ਹਾੜੇ ਕੱਢੇ, “ਦਿਹਾੜੀ ਜੋਗਾ ਨਸ਼ਾ ਦਿਓ। ਦੱਗਣਾ-ਤਿੱਗਣਾ ਜੋ ਮਰਜ਼ੀ ਭਾਅ ਲਓ।” ਸਾਧੂ ਨੇ ਉਸ ਦਾ ਮਸਲਾ ਹੱਲ ਕੀਤਾ। ਨੰਦੂ ਨੇ ਅੱਧਾ ਮਾਲ ਅੰਦਰ ਸੁੱਟ ਲਿਆ। ਅੱਧਾ ਖੀਸੇ ਵਿਚ ਪਾ ਲਿਆ। ਅਧਿਕਾਰੀਆਂ ਦੇ ਅਹਾਤੇ ਵਿਚ ਵੜਨ ਦਾ ਖੜਾਕ ਸੁਣਦੇ ਹੀ ਉਹ ਬਾਕੀ ਮਾਲ ਦਾ ਫੱਕਾ ਮਾਰ ਲਏਗਾ। ਇੰਜ ਨਾਲੇ ਤਲਾਸ਼ੀ ਤੋਂ ਬਚ ਜਾਏਗਾ, ਨਾਲੇ ਨਸ਼ੇ ਦੀ ਤੋਟ ਤੋਂ।
ਦਰਾਵੜ ਦੀ ਟੋਲੀ ਦੀ ਵਾਰਡਰ ਨਾਲ ਅੱਟੀ-ਸੱਟੀ ਸੀ। ਉਹਨਾਂ ਨੇ ਆਪਣੀਆਂ ਗੋਲੀਆਂ ਅਤੇ ਟੀਕੇ ਇਕ ਝੋਲੇ ਵਿਚ ਪਾਏ, ਝੋਲੇ ਉਪਰ ਆਪਣਾ ਨਾਂ ਲਿਖਿਆ ਅਤੇ ਝੋਲਾ ਵਾਰਡਰ ਦੇ ਹਵਾਲੇ ਕਰ ਦਿੱਤਾ। ਬਲਾ ਟਲਣ ਤੋਂ ਬਾਅਦ ਉਹ ਆਪਣਾ ਮਾਲ ਵਾਪਸ ਲੈ ਲੈਣਗੇ।
ਜਿਨ੍ਹਾਂ ਦਾ ਮਾਲ ਨਾ ਵਿਕਿਆ, ਨਾ ਛੁਪਿਆ, ਉਹਨਾਂ ਵੱਡੇ-ਵੱਡੇ ਫੱਕੇ ਮਾਰ ਲਏ। “ਭੋਰਾ-ਭੋਰਾ ਖਾਧੇ ਨਸ਼ੇ ਦਾ ਸੁਆਦ ਨਹੀਂ ਆਉਂਦਾ।” ਅੱਜ ਉਹ ਸਾਰਾ ਦਿਨ ਮਸਤੀ ਵਿਚ ਰਹਿਣਗੇ ਅਤੇ ਉਪਰਲੇ ਨਾਲ ਲਿਵ ਲਾਉਣਗੇ।
ਘੰਟੇ ਦੇ ਅੰਦਰ-ਅੰਦਰ ਸਾਰੀ ਬੈਰਕ ਸਾਫ਼ ਹੋ ਗਈ।
ਸਾਰੀ ਜੇਲ੍ਹ ਨੂੰ ਪਤਾ ਸੀ ਬਸੰਤ ਨਸ਼ਾ ਨਹੀਂ ਕਰਦਾ। ਫੇਰ ਵੀ ਉਸ ਦਾ ਦਿਲ ਸਭ ਤੋਂ ਵੱਧ ਧੜਕ ਰਿਹਾ ਸੀ। ਉਸ ਨੂੰ ਜਾਪ ਰਿਹਾ ਸੀ ਕਿ ਇਕੱਠ ਸਾਧ ਦੀ ਭੂਰੀ ਉੱਪਰ ਹੋ ਰਿਹਾਸੀ।
ਬਸੰਤ ਨੂੰ ਆਪਣੇ ਟਰੱਕ ਵਿਚ ਭੁੱਕੀ ਢੋਣ ਦੇ ਜੁਰਮ ਵਿਚ ਦਸ ਸਾਲ ਦੀ ਕੈਦ ਹੋਈ ਸੀ। ਸੱਤ ਸਾਲ ਉਹ ਕੱਟ ਚੁੱਕਾ ਸੀ। ਚੰਗੇ ਚਾਲ-ਚਲਣ ਅਤੇ ਸਾਊ ਸੁਭਾਅ ਕਾਰਨ ਤਿੰਨ ਸਾਲ ਕੈਦ ਮੁਆਫ਼ ਹੋ ਗਈ ਸੀ। ਉਸ ਦੀ ਰਿਹਾਈ ਕਿਸੇ ਦਿਨ ਵੀ ਹੋ ਸਕਦੀ ਸੀ। ਬੱਸ ਉਪਰੋਂ ਹੁਕਮ ਆਉਣ ਦੀ ਉਡੀਕ ਸੀ।
ਹੁਕਮ ਦੀ ਥਾਂ ਮੁੱਖ ਦਫ਼ਤਰ ਦੇ ਬਾਬੂਆਂ ਦੇ ਸੁਨੇਹੇ ਆਉਣ ਲੱਗੇ, “ਬਸੰਤ ਨੂੰ ਆਖੋ, ਜਲਦੀ ਚਾਹ-ਪਾਣੀ ਭੇਜੇ।”
ਬਾਬੂਆਂ ਦਾ ਵਿਚਾਰ ਸੀ, “ਕੈਦੀ ਨੂੰ ਇਹ ਦਿਨ ਸੌ ਸੁੱਖਾਂ ਸੁੱਖਣ ਬਾਅਦ ਮਸਾਂ ਨਸੀਬ ਹੁੰਦਾ ਹੈ। ਖ਼ੁਸ਼ੀ ਦੀ ਇਸ ਘੜੀ ਵਿਚ ਅਸੀਂ ਵੀ ਸ਼ਰੀਕ ਹੋਣਾ ਹੈ। ਮੂੰਹ ਕੌੜਾ ਮਿੱਠਾ ਕਰਨ ਲਈ ਪੰਜ ਹਜ਼ਾਰ ਰੁਪਿਆ ਭੇਜੋ।”
ਡਿਪਟੀ ਸੁਪਰਡੈਂਟ ਕਦੇ ਉਹ ਸੁਨੇਹਾ ਬਸੰਤ ਕੋਲ ਪੁੱਜਦਾ ਕਰ ਦਿੰਦਾ ਅਤੇ ਕਦੇ ਦੜ ਵੱਟ ਲੈਂਦਾ।
ਰਣਜੀਤ ਸਿੰਘ ਬਸੰਤ ਦੇ ਪੋਤੜਿਆਂ ਤੱਕ ਤੋਂ ਵਾਕਿਫ਼ ਸੀ। ਉਸ ਦੇ ਅੱਗੇ-ਪਿੱਛੇ ਕੋਈ ਨਹੀਂ ਸੀ। ਤਿੰਨ ਸਾਲ ਤੋਂ ਉਸ ਨੂੰ ਕੋਈ ਮਿਲਣ ਨਹੀਂ ਸੀ ਆਇਆ। ਉਹ ਇੰਨੀ ਰਕਮ ਜੁਟਾਉਣ ਦੀ ਸਮਰੱਥਾ ਵਿਚ ਨਹੀਂ ਸੀ।
ਬਸੰਤ ਜੇਲ੍ਹ ਦੀਆਂ ਰਵਾਇਤਾਂ ਤੋਂ ਅਣਭਿੱਜ ਨਹੀਂ ਸੀ। ਉਸ ਨੂੰ ਕੈਦ ਦੇ ਆਖ਼ਰੀ ਦਿਨਾਂ ਵਿਚ ਪੈਸਿਆਂ ਦੀ ਪੈਣ ਵਾਲੀ ਲੋੜ ਦਾ ਪਤਾ ਸੀ। ਇਸੇ ਲੋੜ ਨੂੰ ਪੂਰਾ ਕਰਨ ਲਈ ਉਹ ਕਈਆਂ ਸਾਲਾਂ ਤੋਂ ਪੈਸੇ ਜੋੜ ਰਿਹਾ ਸੀ। ਪਰ ਇਹ ਜੇਲ੍ਹ ਸੀ। ਇਥੇ ਪੈਸੇ ਬਣਦੇ ਨਹੀਂ, ਖ਼ਰਚ ਹੁੰਦੇ ਹਨ।
ਬਸੰਤ ਕੋਲ ਇਕ ਛੋਟਾ ਜਿਹਾ ਹੁਨਰ ਸੀ। ਜਵਾਨੀ ਦੇ ਦਿਨਾਂ ਵਿਚ ਉਸ ਨੇ ਮਾਲਿਸ਼ ਕਰਨੀ ਸਿੱਖ ਲਈ ਸੀ। ਇਸੇ ਹੁਨਰ ਨਾਲ ਉਸ ਨੇ ਆਪਣੇ ਉਸਤਾਦ ਨੂੰ ਖ਼ੁਸ਼ ਕੀਤਾ ਸੀ। ਦਸ ਸਾਲਾਂ ਵਿਚ ਸਿੱਖਿਆ ਜਾਣ ਵਾਲਾ ਕੰਮ ਉਸ ਨੇ ਤਿੰਨ ਸਾਲ ਵਿਚ ਸਿੱਖ ਲਿਆ ਸੀ। ਮਾਲਸ਼ਾਂ ਕਰ-ਕਰ ਕੇ ਉਸ ਨੇ ਜੇਲ੍ਹ ਕਰਮਚਾਰੀ ਖ਼ੁਸ਼ ਕੀਤੇ ਸਨ। ਉਹਨਾਂ ਦੀ ਕਿਰਪਾ ਨਾਲ ਕਦੇ-ਕਦੇ ਉਹ ਬੀ-ਕਲਾਸ ਬੈਰਕ ਵਿਚ ਚੱਕਰ ਮਾਰ ਆਉਂਦਾ। ਪੰਜ-ਦਸ ਰੁਪਏ ਕਮਾ ਲਿਆਉਂਦਾ ਸੀ। ਕੁਝ ਖ਼ਰਚ ਹੋ ਜਾਂਦੇ, ਕੁਝ ਬਚ ਰਹਿੰਦੇ।
ਪੂਰੀ ਕੰਜੂਸੀ ਕਰ ਕੇ ਉਸ ਤੋਂ ਮਸਾਂ ਅਠਾਰਾਂ ਸੌ ਜੁੜਿਆ ਸੀ। ਉਹ ਸਾਰੀ ਰਕਮ ਉਸ ਨੇ ਡਿਪਟੀ ਅੱਗੇ ਢੇਰੀ ਕਰ ਦਿੱਤੀ ਸੀ। ਇੰਨੀ ਕੁ ਰਕਮ ਬਾਬੂਆਂ ਦੇ ਨੱਕ ਹੇਠ ਨਾ ਆਈ।
ਜੇਲ੍ਹ ਨਿਯਮਾਂ ਅਨੁਸਾਰ ਮਿਸਲ ਦੇ ਮੁੱਖ ਦਫ਼ਤਰ ਪੁੱਜਣ ਦੇ ਇਕ ਮਹੀਨੇ ਦੇ ਅੰਦਰ-ਅੰਦਰ ਰਿਹਾਈ ਦਾ ਹੁਕਮ ਹੋਣਾ ਜ਼ਰੂਰੀ ਸੀ। ਬਾਬੂਆਂ ਨੇ ਮੋਟੇ ਸ਼ੀਸ਼ਿਆਂ ਵਾਲੀਆਂ ਐਨਕਾਂ ਲਾ ਕੇ ਮਿਸਲ ਘੋਖੀ। ਬਸੰਤ ਦਾ ਰਿਕਾਰਡ ਸ਼ੀਸ਼ੇ ਵਾਂਗ ਸਾਫ਼ ਸੀ। ਉਸ ਦੇ ਹਿਸਟਰੀ ਟਿਕਟ ਉਪਰ ਇਕ ਵਾਰ ਵੀ ਲਾਲ ਸਿਆਹੀ ਦਾ ਪ੍ਰਯੋਗ ਨਹੀਂ ਸੀ ਹੋਇਆ। ਬਾਬੂਆਂ ਦੇ ਸਿਰਤੋੜ ਯਤਨਾਂ ਦੇ ਬਾਵਜੂਦ ਮਿਸਲ ਸਾਰੀਆਂ ਔਕੜਾਂ ਪੂਰੀਆਂ ਕਰ ਕੇ ਆਈ.ਜੀ. ਸਾਹਿਬ ਦੀ ਮੇਜ਼ ਤਕ ਪਹੁੰਚ ਗਈ ਸੀ। ਸਾਹਿਬ ਨੇ ਕੋਈ ਨਖ਼ਰਾ ਨਹੀਂ ਸੀ ਕਰਨਾ। ਘੁੱਗੀ ਮਾਰ ਕੇ ਮਿਸਲ ਵਾਪਸ ਭੇਜ ਦੇਣੀ ਸੀ। ਇੰਜ ਕੈਦੀ ਨੇ ਬਿਨਾਂ ਬਾਬੂਆਂ ਦੀ ਸੇਵਾ ਕਰੇ ਰਿਹਾਅ ਹੋ ਜਾਣਾ ਸੀ। ਬਾਬੂਆਂ ਨੂੰ ਡਰ ਸਹੇ ਦਾ ਨਹੀਂ, ਪਹੇ ਦਾ ਸੀ। ਇੰਜ ਮੁਫ਼ਤ ਰਿਹਾਈਆਂ ਹੋਣ ਲੱਗੀਆਂ ਤਾਂ ਬਾਬੂਆਂ ਨੂੰ ਮੱਥਾ ਟੇਕਣ ਕਿਸੇ ਨਹੀਂ ਸੀ ਆਉਣਾ। ਮਹਿੰਗਾਈ ਦੇ ਇਹਨਾਂ ਦਿਨਾਂ ਵਿਚ ਉਹਨਾਂ ਭੁੱਖੇ ਮਰ ਜਾਣਾ ਸੀ।
ਬਾਬੂਆਂ ਨੇ ਮਤਾ ਪਕਾਇਆ, “ਆਪਣੀ ਰੋਜ਼ੀ-ਰੋਟੀ ਬਚਾਉਣ ਲਈ ਸਾਨੂੰ ਰਿਹਾਈ ਵਿਚ ਕੋਈ ਨਾ ਕੋਈ ਰੋੜਾ ਅਟਕਾਉਣਾ ਚਾਹੀਦਾ ਹੈ।”
ਆਖ਼ਰੀ ਮੌਕਾ ਦੇਣ ਲਈ ਬਾਬੂਆਂ ਨੇ ਇਕ ਵਾਰ ਫੇਰ ਡਿਪਟੀ ਸੁਪਰਡੈਂਟ ਨਾਲ ਸੰਪਰਕ ਕੀਤਾ। ਅੱਗੇ ਮਿਸਲ ਪਿੱਛੋਂ ਆਉਂਦੀ ਸੀ। ਕੈਦੀ ਦੇ ਵਾਰਿਸ ਪਹਿਲਾਂ ਪੁੱਜ ਜਾਂਦੇ ਸਨ। ਬਹੁਤੇ ਕੇਸਾਂ ਵਿਚ ਲੈਣ-ਦੇਣ ਡਿਪਟੀ ਰਾਹੀਂ ਹੁੰਦਾ ਸੀ। ਉਹ ਆਪੇ ਪੈਸੇ ਉਗਰਾਹ ਕੇ ਉਹਨਾਂ ਤੱਕ ਪੁੱਜਦੇ ਕਰ ਦਿੰਦਾ ਸੀ। ਇਸ ਵਾਰ ਉਹ ਚੁੱਪ ਸੀ।
ਡਿਪਟੀ ਨੇ ਕੈਦੀ ਦਾ ਪੱਖ ਪੂਰਿਆ। ਉਸ ਕੋਲ ਜੋ ਸੀ ਉਹ ਭੇਜ ਚੁੱਕਾ ਸੀ। “ਸੱਤ ਘਰ ਡੈਣ ਵੀ ਛੱਡ ਦਿੰਦੀ ਹੈ। ਗਊ ’ਤੇ ਰਹਿਮ ਕਰੋ। ਅਗਲੇ ਮਹੀਨੇ ਦੇ ਅਖ਼ੀਰ ਕੈਦੀਆਂ ਦੀ ਰਿਹਾਈ ਹੋਣ ਵਾਲੀ ਹੈ। ਮੈਂ ਭਾਂਗਾ ਉਥੋਂ ਕਢਵਾ ਦੇਵਾਂਗਾ।”
ਬਾਬੂ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਸਨ। ਟੱਸ ਤੋਂ ਮੱਸ ਨਾ ਹੋਏ।
“ਬਾਬੂ ਜਾਨਣ, ਕੈਦੀ ਜਾਣੇ।” ਸੋਚ ਕੇ ਡਿਪਟੀ ਚੁੱਪ ਕਰ ਕੇ ਬੈਠ ਗਿਆ।
ਰਣਜੀਤ ਸਿੰਘ ਮਨੋਂ ਚਾਹੁੰਦਾ ਸੀ ਕਿ ਬਸੰਤ ਦੀ ਰਿਹਾਈ ਹੋ ਜਾਵੇ। ਬਸੰਤ ਨੂੰ ਬਹੁਤੀਆਂ ਮੁਆਫ਼ੀਆਂ ਉਸੇ ਨੇ ਦਿੱਤੀਆਂ ਸਨ। ਉਸੇ ਨੇ ਉਸ ਦੀ ਅਗਾਊਂ ਰਿਹਾਈ ਦੀ ਸਿਫ਼ਾਰਸ਼ ਕੀਤੀ ਸੀ। ਉਹ ਚਾਹੁੰਦਾ ਸੀ ਕਿ ਘੱਟੋ-ਘੱਟ ਪੈਸੇ ਦੀ ਘਾਟ ਕਾਰਨ ਕੋਈ ਅੜਿੱਕਾ ਨਾ ਲੱਗੇ।
ਰਣਜੀਤ ਸਿੰਘ ਤੋਂ ਚੁੱਪ ਨਾ ਬੈਠਿਆ ਗਿਆ। ਆਥਣ-ਉੱਗਣ ਉਹ ਬਸੰਤ ਨੂੰ ਆਪਣੇ ਕੋਲ ਬੁਲਾਉਂਦਾ। ਉਸ ਨੂੰ ਸਮਝਾਉਂਦਾ, “ਇਹ ਬਾਬੂ ਬੜੀ ਮਾੜੀ ਕੌਮ ਹੈ। ਕਿਧਰੇ ਕੋਈ ਪੰਗਾ ਨਾ ਪਾ ਦੇਵੇ।”
ਬਸੰਤ ਉਸ ਨਾਲ ਸਹਿਮਤ ਹੁੰਦਾ। ਪੈਸੇ ਦੇਣਾ ਚਾਹੁੰਦਾ, ਪਰ ਪੈਸੇ ਆਉਣ ਕਿੱਥੋਂ?
ਇਕ ਵਾਰ ਬਸੰਤ ਨੇ ਅੱਖਾਂ ਭਰ ਕੇ ਪੁੱਛਿਆ ਸੀ, “ਕੀ ਮੈਂ ਆਪਣੀ ਕਿਡਨੀ ਜਾਂ ਅੱਖ ਵੇਚ ਸਕਦਾ ਹਾਂ।”
ਉਸ ਦੇ ਇਸ ਪ੍ਰਸ਼ਨ ਅੱਗੇ ਨਿਰਉੱਤਰ ਹੋਏ ਡਿਪਟੀ ਦੇ ਵੀ ਗਲੇਡੂ ਭਰ ਆਏ ਸਨ।
ਉਸ ਦਿਨ ਤੋਂ ਦੋਹਾਂ ਨੇ ਡੋਰੀ ਰੱਬ ਉੱਤੇ ਛੱਡ ਦਿੱਤੀ।
ਜਦੋਂ ਰਣਜੀਤ ਸਿੰਘ ਵੀ ਘੇਸਲ ਵੱਟ ਗਿਆ ਤਾਂ ਬਾਬੂਆਂ ਨੇ ਫੇਰ ਮੀਟਿੰਗ ਬੁਲਾਈ।
ਦਫ਼ਤਰ ਦਾ ਪ੍ਰਬੰਧਕੀ ਅਫ਼ਸਰ, ਬਜ਼ੁਰਗ ਅਤੇ ਸਭ ਤੋਂ ਵਧ ਤਜਰਬੇਦਾਰ ਸੀ। ਸੋਚ-ਵਿਚਾਰ ਬਾਅਦ ਉਸ ਨੇ ਸੁਝਾਅ ਦਿੱਤਾ।
“ਬਸੰਤ ਕੋਲੋਂ ਪੂਰੀ ਕੈਦ ਕਟਾਉਣ ਦਾ ਇਕੋ ਰਾਹ ਹੈ। ਉਸ ਨੂੰ ਕਿਸੇ ਨਵੇਂ ਮੁਕੱਦਮੇ ਵਿਚ ਉਲਝਾਇਆ ਜਾਵੇ। ਉਹ ਲੜਨ-ਝਗੜਨ ਵਾਲਾ ਨਹੀਂ ਹੈ। ਇਸ ਲਈ ਕਿਸੇ ਵਫ਼ਾਦਾਰ ਕੈਦੀ ਨੂੰ ਉਸ ਨਾਲ ਲੜਾ ਕੇ ਬੈਰਕ ਵਿਚ ਦੰਗਾ ਕਰਾਉਣਾ ਮੁਸ਼ਕਲ ਹੈ। ਜੇਲ੍ਹ ਵਿਚ ਨਸ਼ਾ-ਪੱਤਾ ਆਮ ਵਿਕਦਾ ਹੈ। ਉਸ ਦੀ ਜੇਬ ਵਿਚ ਅਫ਼ੀਮ ਪਵਾਈ ਜਾਵੇ। ਇੰਜ ਹੋਣ ਨਾਲ ਇਕੋ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾਣਗੇ। ਨਸ਼ਾ-ਪਤਾ ਅੰਦਰ ਲਿਆਉਣਾ ਜੇਲ੍ਹ ਅਪਰਾਧ ਬਣਦਾ ਹੈ। ਇਸ ਤਹਿਤ ਕੈਦੀ ਨੂੰ ਪਹਿਲਾਂ ਮਿਲੀਆਂ ਰਿਆਇਤਾਂ ਬੰਦ ਹੋ ਸਕਦੀਆਂ ਹਨ। ਨਸ਼ੀਲੇ ਪਦਾਰਥ ਕਬਜ਼ੇ ਵਿਚ ਰੱਖਣਾ ਇਕ ਵੱਖਰਾ ਜੁਰਮ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਵਾਲੇ ਕਾਨੂੰਨ ਤਹਿਤ ਇਸ ਨੂੰ ਮੁੜ ਸਜ਼ਾ ਕਰਾਈ ਜਾ ਸਕਦੀ ਹੈ।”
ਬਾਬੂਆਂ ਦੀ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਮੁੜ ਰਣਜੀਤ ਸਿੰਘ ਨੂੰ ਚੁਣਿਆ ਗਿਆ। ਉਹ ਧੱਕੜ ਕਿਸਮ ਦਾ ਅਫ਼ਸਰ ਸੀ। ਬਸੰਤ ਵਰਗਾ ਕੈਦੀ ਸਾਲਾਂ ਬਾਅਦ ਉਸ ਦੀ ਦਇਆ-ਦ੍ਰਿਸ਼ਟੀ ਦਾ ਪਾਤਰ ਬਣਦਾ ਸੀ। ਬਹੁਤਿਆਂ ਉਪਰ ਉਹ ਅੱਤਿਆਚਾਰ ਹੀ ਕਰਦਾ ਸੀ। ਉਸ ਦੀਆਂ ਸ਼ਿਕਾਇਤਾਂ ਮੁੱਖ ਦਫ਼ਤਰ ਪੁੱਜਦੀਆਂ ਹੀ ਰਹਿੰਦੀਆਂ ਸਨ। ਜੇ ਸਾਡੀ ਉਸ ’ਤੇ ਮਿਹਰ ਨਾ ਹੋਵੇ ਤਾਂ ਉਹ ਆਥਣ ਨੂੰ ਘਰ ਪੁੱਜ ਜਾਵੇ। ਉਸ ਨੂੰ ਅਹਿਸਾਨ ਚੁਕਾਉਣ ਲਈ ਆਖਿਆ ਜਾਵੇ।
ਪਹਿਲਾਂ ਰਣਜੀਤ ਸਿੰਘ ਨੇ ਆਨਾ-ਕਾਨੀ ਕੀਤੀ। ਜਦੋਂ ਬਾਬੂ ਆਪਣੀ ਜ਼ਿੱਦ ’ਤੇ ਅੜ ਗਏ ਤਾਂ ਰਣਜੀਤ ਨੂੰ ਅੜ ਛੱਡਣੀ ਪਈ। “ਬਾਬੂ ਠੀਕ ਕਹਿੰਦੇ ਹਨ। ਇਹਨਾਂ ਦੀ ਕਿਰਪਾ ਨਾਲ ਮੈਂ ਸੂਬੇ ਦੀ ਸਭ ਤੋਂ ਵੱਧ ਕਮਾਊ ਜੇਲ੍ਹ ਵਿਚ ਟਿਕਿਆ ਹੋਇਆ ਹਾਂ। ਨਾਲੇ ਬੱਕਰੇ ਦੀ ਮਾਂ ਕਦੋਂ ਤਕ ਸੁੱਖ ਮਨਾਏਗੀ। ਬਾਬੂ ਆਪਣੀ ਆਈ ’ਤੇ ਆਏ ਹੋਏ ਹਨ। ਬਸੰਤ ਨੇ ਵੱਢਿਆ ਹੀ ਜਾਣਾ ਹੈ। ਮੈਂ ਨਹੀਂ ਤਾਂ ਕੋਈ ਹੋਰ ਹੂਲਾ ਫੱਕਾਂਗਾ। ਇਹ ਕੌੜਾ ਘੁੱਟ ਮੈਨੂੰ ਹੀ ਭਰਨਾ ਪਏਗਾ। ਆਪਣਾ ਵੱਢੇਗਾ ਤਾਂ ਛਾਵੇਂ ਸੁੱਟੇਗਾ।”
ਬਾਬੂਆਂ ਦੀ ਯੋਜਨਾ ਨੂੰ ਸਿਰੇ ਚਾੜ੍ਹਨ ਲਈ ਅਮਲੀਆਂ ਦੀ ਬੈਰਕ ਦੀ ਤਲਾਸ਼ੀ ਦੀ ਯੋਜਨਾ ਬਣੀ ਸੀ।
ਬਸੰਤ ਕਬੂਤਰ ਵਾਂਗ ਅੱਖਾਂ ਮੀਚ ਕੇ ਬਿੱਲੀ ਦੇ ਝਪਟਣ ਦਾ ਇੰਤਜ਼ਾਰ ਕਰਨ ਲੱਗਾ।
ਦੁਪਹਿਰ ਦੀ ਬੰਦੀ ਸਮੇਂ ਉਹੋ ਹੋਇਆ, ਜਿਸ ਦੀ ਪਹਿਲਾਂ ਸੂਚਨਾ ਮਿਲੀ ਸੀ।
ਦਗੜ-ਦਗੜ ਕਰਦੇ ਚਾਰ-ਪੰਜ ਵਾਰਡਰ, ਦੋ ਸਹਾਇਕ ਦਰੋਗ਼ੇ ਅਤੇ ਡਿਪਟੀ ਬੈਰਕ ਵਿਚ ਆ ਧਮਕੇ। ਆਉਂਦੇ ਹੀ ਕੈਦੀਆਂ ਨੂੰ ਹੁਕਮ ਹੋਇਆ।
“ਜਿਥੇ ਹੋ ਉਥੇ ਹੀ ਹੱਥ ਖੜੇ ਕਰ ਕੇ ਖੜੇ ਹੋ ਜਾਵੋ।”
ਕੈਦੀ ਖੜੇ ਹੋ ਗਏ।
ਵਾਰਡਰ ਬੈਰਕ ਵਿਚ ਜਾ ਵੜੇ। ਟਰੰਕ, ਪੀਪੇ ਅਤੇ ਝੋਲੇ ਢੇਰ ਕਰ ਲਏ। ਕਿਧਰੋਂ ਕੁਝ ਨਹੀਂ ਸੀ ਮਿਲ ਰਿਹਾ।
ਇਕ ਕੈਦੀ ਦੇ ਝੋਲੇ ਵਿਚੋਂ ਨੂਤਨ ਦੀ ਫ਼ੋਟੋ ਵਾਲਾ ਗੋਲ ਸ਼ੀਸ਼ਾ ਮਿਲਿਆ। ਚੀਫ਼ ਵਾਰਡਰ ਨੇ ਉਹ ਜ਼ਬਤ ਕਰ ਲਿਆ। “ਸ਼ੀਸ਼ੇ ਨੂੰ ਤੋੜ ਕੇ ਦੂਜੇ ਕੈਦੀਆਂ ਨੂੰ ਸੱਟ ਮਾਰਨ ਲਈ ਇਸ ਦੀ ਵਰਤੋਂ ਹੋ ਸਕਦੀ ਹੈ।” ਇਸ ਦਾ ਕਾਰਨ ਉਸ ਨੇ ਇਹ ਦੱਸਿਆ।
ਇਕ ਕੈਦੀ ਕੋਲ ਪੱਗ ਹੇਠਲੇ ਵਾਲ ਠੀਕ ਕਰਨ ਵਾਲਾ ਬਾਜ ਸੀ। “ਬਾਜ ਢਿੱਡ ਪਾੜਨ ਲਈ ਵਰਤਿਆ ਜਾ ਸਕਦੈ।” ਇਹ ਆਖ ਕੇ ਦੂਜੇ ਵਾਰਡਰ ਨੇ ਬਾਜ ਜ਼ਬਤ ਕਰ ਲਿਆ।
ਘੰਟਾ ਤਲਾਸ਼ੀ ਹੁੰਦੀ ਰਹੀ। ਕੋਈ ਵੀ ਇਤਰਾਜ਼ ਯੋਗ ਵਸਤੂ ਨਾ ਮਿਲਣ ਕਾਰਨ ਮੁਹਿੰਮ ਅਸਫ਼ਲ ਹੁੰਦੀ ਨਜ਼ਰ ਆਉਣ ਲੱਗੀ।
ਡਿਪਟੀ ਨੂੰ ਹੇਠਲੇ ਸਟਾਫ਼ ’ਤੇ ਗ਼ੱਸਾ ਚੜ੍ਹਿਆ। ਉਹਨਾਂ ਨੂੰ ਗਾਲ੍ਹਾਂ ਕੱਢਦਾ ਉਹ ਖ਼ੁਦ ਤਲਾਸ਼ੀ ਕਰਨ ਲੱਗਾ।
ਪਹਿਲੇ ਹੱਲੇ ਹੀ ਸ਼ਿਕਾਰ ਹੱਥ ਲੱਗ ਗਿਆ।
ਬਸੰਤ ਨੇ ਆਪਣੇ ਪਜਾਮੇ ਦੇ ਨੇਫ਼ੇ ਵਿਚ ਮੋਮੀ ਕਾਗ਼ਜ਼ ਦੀ ਲੰਬੀ ਟਿਊਬ ਛੁਪਾ ਰੱਖੀ ਸੀ। ਟਿਊਬ ਦੀ ਘੋਖ ਹੋਈ। ਉਸ ਵਿਚਲਾ ਮਾਦਾ ਅਫ਼ੀਮ ਸੀ।
“ਲਓ, ਮੁਖ਼ਬਰ ਝੂਠ ਨਹੀਂ ਸੀ ਬੋਲ ਰਿਹਾ। ਫੜੀ ਗਈ ਨਾ ਅਫ਼ੀਮ।”
ਆਖਦਾ ਰਣਜੀਤ ਬਸੰਤ ਨੂੰ ਗਲੋਂ ਫੜ ਕੇ ਡਿਉੜੀ ਵੱਲ ਲੈ ਤੁਰਿਆ।
“ਮੈਂ ਨਿਰਦੋਸ਼ ਹਾਂ। ਤੁਹਾਨੂੰ ਪਤਾ ਹੈ ਮੈਂ ਨਸ਼ਾ ਨਹੀਂ ਕਰਦਾ। ਇਹ ਬਹੁਤ ਮਹਿੰਗਾ ਹੈ, ਮੇਰੀ ਪਹੁੰਚ ਤੋਂ ਬਾਹਰ ਹੈ।”
ਉਸ ਦੀ ਪੁਕਾਰ ਨਾ ਕਿਸੇ ਸੁਣਨੀ ਸੀ, ਨਾ ਸੁਣੀ।
“ਫੜੇ ਜਾਣ ’ਤੇ ਹਰ ਮੁਲਜ਼ਮ ਇਹ ਆਖਦਾ ਹੈ”, ਆਖਦਾ ਡਿਪਟੀ ਪੁਲਿਸ ਨੂੰ ਜੇਲ੍ਹ ਬੁਲਾਉਣ ਲਈ ਫ਼ੋਨ ਕਰਨ ਲੱਗਾ।
ਪੁਲਿਸ ਨਾਲ ਜਾਣ ਤੋਂ ਪਹਿਲਾਂ ਬਸੰਤ ਡਿਪਟੀ ਦੇ ਪੈਰਾਂ ਵੱਲ ਝੁਕ ਕੇ ਇਕ ਵਾਰ ਫੇਰ ਗਿੜਗਿੜਾਇਆ।
“ਤੁਹਾਨੂੰ ਪਤਾ ਹੈ ਮੈਨੂੰ ਕਿਉਂ ਫਸਾਇਆ ਜਾ ਰਿਹਾ ਹੈ? ਮੇਰੇ ’ਤੇ ਰਹਿਮ ਕਰੋ।”
“ਪਤਾ ਹੈ। ਪਰ ਮੈਂ ਕੀ ਕਰਾਂ ਹੁਕਮ ਦਾ ਬੱਝਾ ਹਾਂ।” ਗਲਾ ਭਰ ਆਉਣ ਕਾਰਨ ਇਸ ਤੋਂ ਵੱਧ ਡਿਪਟੀ ਤੋਂ ਕੁਝ ਨਾ ਬੋਲਿਆ ਗਿਆ।
ਦੂਸਰੇ ਮੁਲਾਜ਼ਮ ਰਣਜੋਧ ਸਿੰਘ ਦੀ ਕਮਜ਼ੋਰੀ ਨਾ ਭਾਂਪ ਲੈਣ, ਇਸ ਲਈ ਖੰਘਣ ਦੇ ਬਹਾਨੇ ਉਸ ਨੇ ਮੂੰਹ ਰੁਮਾਲ ਨਾਲ ਢੱਕ ਲਿਆ।
ਹਵਾਲਾਤ ਵਿਚ ਪਿਆ ਬਸੰਤ ਸਾਰੀ ਰਾਤ ਆਪਣੇ-ਆਪ ਨਾਲ ਘੁਲਦਾ ਰਿਹਾ। “ਤੂੰ ਸ਼ਰਾਫ਼ਤ ਵਿਚੋਂ ਕੀ ਖੱਟਿਆ।” ਆਪਣੇ ਆਪ ਤੋਂ ਪੁੱਛਦਾ ਰਿਹਾ।
ਬਸੰਤ ਨੂੰ ਹੁਣੇ-ਹੁਣੇ ਬਰੀ ਹੋ ਕੇ ਗਏ ਭੋਲੂ ਪਹਿਲਵਾਨ ਦੀ ਯਾਦ ਆਉਣ ਲੱਗੀ। ਉਹ ਸੋਚਣ ਲੱਗਾ, ਉਸ ਨੂੰ ਵੀ ਭੋਲੂ ਪਹਿਲਵਾਨ ਵਾਂਗ ਖੁੱਲ੍ਹ ਕੇ ਕੰਮ ਕਰਨਾ ਚਾਹੀਦਾ ਸੀ। ਦੋ-ਚਾਰ ਬੋਰੀਆਂ ਦੀ ਥਾਂ ਟਰੱਕ ਭਰ ਕੇ ਲਿਆਉਣਾ ਚਾਹੀਦਾ ਸੀ। ਪੁਲਿਸ ਕੋਲੋਂ ਲੁਕਣ ਦੀ ਥਾਂ ਉਸ ਨਾਲ ਵੰਡ ਕੇ ਖਾਣਾ ਚਾਹੀਦਾ ਸੀ। ਫੇਰ ਉਹ ਵੀ ਭੋਲੂ ਵਾਂਗ ਵੀਹ ਟਰੱਕਾਂ, ਕੋਠੀ, ਕਾਰ ਅਤੇ ਫ਼ਾਰਮਾਂ ਦਾ ਮਾਲਕ ਹੁੰਦਾ। ਉਸ ਦੇ ਬੱਚੇ ਵੀ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਦੇ। ਪਤਨੀ ਦਿਓਰ ਨਾਲ ਭੱਜਣ ਦੀ ਥਾਂ ਕਾਲੀਆਂ ਐਨਕਾਂ ਲਾ ਕੇ ਕਲੱਬਾਂ ਵਿਚ ਜਾਂਦੀ। ਆਪਣਾ ਹਿੱਸਾ-ਪੱਤੀ ਲੈਣ ਆਏ ਥਾਣੇਦਾਰ ਦਰਾਂ ’ਤੇ ਖੜੇ ਰਹਿੰਦੇ। ਨਾ ਕਿਸੇ ਪੁਲਿਸ ਵਾਲੇ ਦੀ ਮੁਕੱਦਮਾ ਕਰਨ ਦੀ ਹਿੰਮਤ ਪੈਂਦੀ, ਨਾ ਕਿਸੇ ਜੱਜ ਦੀ ਸਜ਼ਾ ਕਰਨ ਦੀ।
ਜੇਲ੍ਹ ਵਾਲਿਆਂ ਵੀ ਸ਼ਰਾਫ਼ਤ ਦਾ ਕੀ ਮੁੱਲ ਪਾਇਆ? ਮਿੱਲੀ ਮੁਆਫ਼ੀ ਕਿਸੇ ਕੰਮ ਨਾ ਆਈ। ਹੋਰਾਂ ਵਾਂਗ ਉਸ ਨੇ ਵੀ ਜੇਲ੍ਹ ਅੰਦਰ ਗੁੰਡਾਗਰਦੀ ਕੀਤੀ ਹੁੰਦੀ, ਨਸ਼ੇ-ਪਤੇ ਵੇਚੇ ਹੁੰਦੇ ਤਾਂ ਮੌਜ ਰਹਿੰਦੀ। ਘੁੱਗੂ ਬਣ ਕੇ ਰਹਿਣ ਦੀ ਥਾਂ ਉਹ ਕਿਸੇ ਬਦਮਾਸ਼ ਦਾ ਚੇਲਾ ਬਣਦਾ, ਕਿਸੇ ਸਿਖਾਂਦਰੂ ਦਾ ਗੁਰੂ। ਪਹਿਲਾਂ ਕਿਸੇ ਵੱਡੇ ਗਿਰੋਹ ਦਾ ਮੈਂਬਰ ਬਣਦਾ, ਫੇਰ ਸਰਗਨਾ। ਭੁੱਖ ਨੰਗ ਜਰਨ ਦੀ ਜ਼ਰੂਰਤ ਨਾ ਪੈਂਦੀ। ਚੇਲੇ ਆਪੇ ਜ਼ਮਾਨਤ ਕਰਵਾ ਦਿੰਦੇ। ਆਪੇ ਬਰੀ ਕਰਵਾ ਦਿੰਦੇ। ਜੇਲ੍ਹ ’ਚ ਰਹਿਣ ਕਾਰਨ ਕੁਝ ਦੇਰ ਲਈ ਰੁਕਿਆ ਕੰਮ ਫੇਰ ਚਲਵਾ ਦਿੰਦੇ।
ਬਸੰਤ ਨੂੰ ਲੱਗਾ, ਰਿਹਾਈ ਰੁਕਣ ਨਾਲ ਚੰਗਾ ਹੀ ਹੋਇਆ। ਪਿੰਡ ਗਏ ਦੇ ਉਸ ਦੇ ਟਿੱਚਰਾਂ ਅਤੇ ਮਿਹਣੇ ਹੀ ਪੱਲੇ ਪੈਣੇ ਸਨ। ਪਿੰਡ ਵਿਚ ਹੁਣ ਨਾ ਜ਼ਮੀਨ ਸੀ, ਨਾ ਘਰ ਤੇ ਨਾ ਘਰਵਾਲੀ।
“ਬੱਸ) ਬਹੁਤ ਹੋ ਗਈ ਸ਼ਰਾਫ਼ਤ।” ਸਾਰੀ ਰਾਤ ਵਾਧਿਆਂ-ਘਾਟਿਆਂ ਬਾਅਦ ਬਸੰਤ ਇਸ ਸਿੱਟੇ ’ਤੇ ਪੁੱਜਾ, “ਹੁਣ ਮੈਨੂੰ ਇਸ ਮੁਕੱਦਮੇ ਵਿਚ ਨਵੇਂ ਸਿਰਿਉਂ ਜੇਲ੍ਹ ਜਾਣਾ ਪਏਗਾ। ਇਸ ਵਾਰ ਨਵਾਂ ਬਸੰਤ ਜੇਲ੍ਹ ਜਾਏਗਾ। ਬਸੰਤ ਦਾ ਬਦਲਿਆ ਰੂਪ ਬਾਹਰ ਆਏਗਾ।”
ਸੱਪ ਵਾਂਗ ਪੁਰਾਣੀ ਕੁੰਜ ਲਾਹ ਕੇ ਨਵਾਂ ਨਰੋਆ ਬਸੰਤ ਮੈਜਿਸਟ੍ਰੇਟ ਅੱਗੇ ਕਿਸ ਤਰ੍ਹਾਂ ਪੇਸ਼ ਹੋਣਾ ਹੈ, ਇਸ ਦੀ ਤਿਆਰੀ ਕਰਨ ਲੱਗਾ।
ਇਸ ਵਾਰ ਮੈਜਿਸਟ੍ਰੇਟ ਕੋਲ ਅਰਜ਼ ਕਰਨ ਤੋਂ ਪਹਿਲਾਂ ਬਸੰਤ ਨੇ ਨਾ ਗਲ ਵਿਚ ਪੱਲੂ ਪਾਇਆ, ਨਾ ਹੱਥ ਜੋੜੇ। ਉਸ ਨੇ ਹਿੱਕ ਅਕੜਾ ਕੇ ਗਰਜਵੀਂ ਆਵਾਜ਼ ਵਿਚ ਆਖਿਆ, “ਜਨਾਬ, ਮੈਂ ਇਕ ਅਰਜ਼ ਕਰਨੀ ਚਾਹੁੰਦਾ ਹਾਂ।”
“ਕਰੋ।” ਮੈਜਿਸਟ੍ਰੇਟ ਜੋ ਜੇਲ੍ਹ ਵਿਚ ਕੈਦੀ ਕੋਲੋਂ ਅਫ਼ੀਮ ਫੜੇ ਜਾਣ ’ਤੇ ਖ਼ੁਦ ਹੈਰਾਨ ਹੋ ਰਿਹਾ ਸੀ, ਨੇ ਝੱਟ ਉਸ ਨੂੰ ਬੋਲਣ ਦੀ ਇਜਾਜ਼ਤ ਦੇ ਦਿੱਤੀ।
“ਜਨਾਬ, ਮੈਂ ਸੱਤ ਸਾਲ ਤੋਂ ਜੇਲ੍ਹ ਵਿਚ ਬੰਦ ਹਾਂ। ਚਾਰ ਸਾਲ ਹੋ ਗਏ ਮੇਰਾ ਫ਼ੈਸਲਾ ਹੋਏ ਨੂੰ। ਉਸ ਦਿਨ ਤੋਂ ਬਾਅਦ ਮੈਂ ਇਕ ਵਾਰ ਵੀ ਜੇਲ੍ਹੋਂ ਬਾਹਰ ਨਹੀਂ ਨਿਕਲਿਆ। ਤਿੰਨ ਸਾਲ ਤੋਂ ਕੋਈ ਮੇਰੀ ਮੁਲਾਕਾਤ ਲਈ ਨਹੀਂ ਆਇਆ। ਫੇਰ ਇਸ ਅਤੀ ਸੁਰੱਖਿਅਤ ਜੇਲ੍ਹ ਦੇ ਅੰਦਰ ਅਫ਼ੀਮ ਆਈ ਤਾਂ ਕਿਥੋਂ?”
“ਤੂੰ ਹੀ ਦੱਸ ਕਿਥੋਂ ਆਈ?” ਮੈਜਿਸਟ੍ਰੇਟ ਇਸੇ ਪ੍ਰਸ਼ਨ ਦੇ ਉੱਤਰ ਦੀ ਤਲਾਸ਼ ਵਿਚ ਸੀ।
ਨਿਧੜਕ ਹੋਏ ਬਸੰਤ ਨੇ ਜੇਲ੍ਹ ਅੰਦਰ ਹੁੰਦੇ ਸਾਰੇ ਕਾਲੇ ਕਾਰਨਾਮਿਆਂ ਦੀ ਕਥਾ ਸੁਣਾ ਦਿੱਤੀ।
“ਮੇਰੀ ਇਕ ਹੋਰ ਅਰਜ਼ ਹੈ।”
“ਉਹ ਵੀ ਦੱਸ।”
“ਮੈਂ ਚਾਹੁੰਦਾ ਹਾਂ, ਜੇਲ੍ਹ ਵਿਚ ਥੋਕ ਦੇ ਭਾਅ ਵਿਕਦੇ ਨਸ਼ਿਆਂ-ਪੱਤਿਆਂ ਦੀ ਉੱਚ-ਪੱਧਰੀ ਜਾਂਚ ਹੋਵੇ। ਉਸ ਜਾਂਚ ਵਿਚ ਮੈਨੂੰ ਸ਼ਾਮਿਲ ਕੀਤਾ ਜਾਵੇ।”
ਮੈਜਿਸਟ੍ਰੇਟ ਵੀ ਇਹੋ ਚਾਹੁੰਦਾ ਸੀ।
ਝੱਟ ਉਸ ਨੇ ਬਸੰਤ ਦਾ ਬਿਆਨ ਲਿਖਿਆ। ਉਸ ਉਪਰ ਉਸ ਦੇ ਦਸਤਖ਼ਤ ਕਰਾਏ। ਫੇਰ ਉਸ ਆਪਣੀ ਟਿੱਪਣੀ ਕੀਤੀ।
“ਮਾਮਲਾ ਬਹੁਤ ਗੰਭੀਰ ਹੈ। ਉੱਚ-ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਚਿਤ ਕਾਰਵਾਈ ਲਈ ਮਾਮਲਾ ਸੈਸ਼ਨ ਜੱਜ ਸਾਹਿਬ ਕੋਲ ਭੇਜਿਆ ਜਾਂਦਾ ਹੈ।”
ਮੋਦਨ ਅਤੇ ਹੇਮਾ ਦੇ ਮਾਮਲਿਆਂ ਦੇ ਨਾਲ-ਨਾਲ ਹੁਣ ਸਾਰੀ ਜੇਲ੍ਹ ਵਿਚ ਇਹ ਵੀ ਚਰਚਾਹੈ।
“ਇਸ ਮਾਮਲੇ ਦੀ ਸੈਸ਼ਨ ਜੱਜ ਵੱਲੋਂ ਵੱਡੇ ਪੱਧਰ ’ਤੇ ਪੜਤਾਲ ਹੋਣ ਵਾਲੀ ਹੈ।”
47
ਇਕ ਹਫ਼ਤੇ ਅੰਦਰ ਸੈਸ਼ਨ ਜੱਜ ਦੇ ਨਾਂ ਆਇਆ ਇਹ ਤੀਜਾ ਖ਼ਤ ਸੀ। ਪਹਿਲੇ ਦੋ ਖ਼ਤਾਂ ਵਿਚ ਕੈਦੀਆਂ ਨੇ ਆਪਣੇ ਦੁਖੜੇ ਰੋਏ ਸਨ। ਤੀਜੇ ਵਿਚ ਉਹਨਾਂ ਨੇ ਹਿਰਦੇਪਾਲ ਉਪਰ ਹੀ ਚਿੱਕੜ ਸੁੱਟ ਦਿੱਤਾ ਸੀ।
ਇਸ ਵਿਚ ਕਸੂਰ ਕੈਦੀਆਂ ਦਾ ਨਹੀਂ ਸੀ। ਮਿੱਤਰ-ਮੋਹ ਵੱਸ ਸੈਸ਼ਨ ਜੱਜ ਨੇ ਆਪਣੇ ਫ਼ਰਜ਼ਾਂ ਤੋਂ ਕੁਤਾਹੀ ਕੀਤੀ ਸੀ।
ਜੇਲ੍ਹ ਅੰਦਰੋਂ ਨਸ਼ਾ-ਪੱਤਾ ਜਾਂ ਚਾਕੂ ਬਰਾਮਦ ਹੋਣਾ ਆਮ ਜਿਹੀ ਘਟਨਾ ਸੀ। ਮੁਕੱਦਮੇ ਦਰਜ ਹੁੰਦੇ ਸਨ ਅਤੇ ਰਫ਼ਾ-ਦਫ਼ਾ ਹੋ ਜਾਂਦੇ ਸਨ।
ਇਹ ਪਹਿਲੀ ਵਾਰ ਸੀ ਜਦੋਂ ਇਕ ਕੈਦੀ ਸਾਰੇ ਕਾਂਡ ਦੀ ਜਾਂਚ ਦੀ ਪੜਤਾਲ ਲਈ ਅੜਿਆ ਹੋਇਆ ਸੀ। ਉਹ ਕਹਿੰਦਾ ਸੀ।
“ਜੇਲ’ ਦੇ ਚੱਪੇ-ਚੱਪੇ ਉੱਪਰ ਸੁਰੱਖਿਆ ਦਸਤੇ ਲੱਗੇ ਹੁੰਦੇ ਹਨ। ਜੇਲ੍ਹ ਅਧਿਕਾਰੀਆਂ ਦੀ ਮਰਜ਼ੀ ਤੋਂ ਬਿਨਾਂ ਜੇਲ੍ਹ ਅੰਦਰ ਚਿੜੀ ਵੀ ਪਰ ਨਹੀਂ ਮਾਰ ਸਕਦੀ। ਫੇਰ ਅੰਦਰ ਅਫ਼ੀਮ ਪੁੱਜੀ ਤਾਂ ਕਿਸ ਤਰ੍ਹਾਂ?”
ਮਾਇਆ ਨਗਰ ਦੇ ਸੈਸ਼ਨ ਜੱਜ ਹਿਰਦੇਪਾਲ ਨੇ ਜਦੋਂ ਇਹ ਪੜਤਾਲ ਆਪਣੇ ਹੱਥ ਲਈ ਸੀ ਤਾਂ ਉਸ ਸਮੇਂ ਉਸ ਦਾ ਮਕਸਦ ਆਪਣੇ ਮਿੱਤਰ ਜੇਲ੍ਹ ਸੁਪਰਡੈਂਟ ਨੂੰ ਕਿਸੇ ਸੰਕਟ ਵਿਚੋਂ ਬਚਾਉਣਾਸੀ।
ਉਹ ਅਤੇ ਰਣਜੋਧ ਸਿੰਘ ਲੰਗੋਟੀਏ ਯਾਰ ਸਨ। ਦੋਵੇਂ ਸ਼ਿਕਾਰ ਦੇ ਸ਼ੌਕੀਨ ਸਨ। ਹਫ਼ਤਾ-ਹਫ਼ਤਾ ਇਕੱਠੇ ਸ਼ਿਕਾਰ ਖੇਡਣ ਜਾਂਦੇ ਸਨ। ਪਰਿਵਾਰਿਕ ਸੰਬੰਧ ਸਥਾਪਿਤ ਹੋ ਚੁੱਕੇ ਸਨ। ਮਹੀਨੇ ਵਿਚ ਘੱਟੋ-ਘੱਟ ਇਕ ਵਾਰ ਇਕੱਠੇ ਖਾਣਾ ਖਾਂਦੇ ਸਨ। ਕਦੇ ਇਧਰ, ਕਦੇ ਉਧਰ।
ਹਿਰਦੇਪਾਲ ਜਾਣਦਾ ਸੀ ਕਿ ਇਸ ਕਾਂਡ ਵਿਚ ਜੇਲ੍ਹ ਸੁਪਰਡੈਂਟ ਦੀ ਕੋਈ ਭੂਮਿਕਾ ਨਹੀਂ ਸੀ। ਫੇਰ ਵੀ ਮਾਤਹਿਤ ਦੀ ਬੇਵਕੂਫ਼ੀ ਕਾਰਨ ਉਸ ਦੀ ਪ੍ਰਬੰਧਕੀ ਕਾਰਜ-ਕੁਸ਼ਲਤਾ ਉਪਰ ਧੱਬਾ ਨਹੀਂ ਸੀ ਲੱਗਣਾ ਚਾਹੀਦਾ।
ਕਿਸੇ ਦਾ ਚੁੱਕਿਆ ਬਸੰਤ ਪੜਤਾਲ ਦੀ ਮੰਗ ਕਰ ਰਿਹਾ ਸੀ। ਸੈਸ਼ਨ ਜੱਜ ਨੂੰ ਪੜਤਾਲ ਕਰਨੀ ਪੈਣੀ ਸੀ। ਜੇ ਪੜਤਾਲ ਸਹੀ ਢੰਗ ਨਾਲ ਹੋਈ ਤਾਂ ਅਧਿਕਾਰੀਆਂ ਦਾ ਬਚਣਾ ਮੁਸ਼ਕਲ ਸੀ। ਇਸੇ ਮੁਸ਼ਕਲ ਨੂੰ ਹੱਲ ਕਰਨ ਲਈ ਹਿਰਦੇਪਾਲ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਗਾਊਂ ਸੁਚੇਤ ਕਰਦਿਆਂ ਆਖਿਆ ਸੀ।
“ਮਾਮਲਾ ਗੰਭੀਰ ਹੈ। ਸਿਆਣਪ ਨਾਲ ਨਜਿੱਠੋ।”
ਮਸਲਾ ਸੁਲਝਾਉਣ ਲਈ ਜੇਲ੍ਹ ਸੁਪਰਡੈਂਟ ਨੇ ਇਕ ਹਫ਼ਤੇ ਦਾ ਸਮਾਂ ਮੰਗਿਆ। ਨਾਲੇ ਯਕੀਨ ਦਿਵਾਇਆ।
“ਹਫ਼ਤੇ ਦੇ ਅੰਦਰ-ਅੰਦਰ ਮੈਂ ਬਸੰਤ ਦੀ ਰਿਹਾਈ ਮਨਜ਼ੂਰ ਕਰਵਾ ਦੇਵਾਂਗਾ ਅਤੇ ਉਸ ਨੂੰ ਸਮਝਾ-ਬੁਝਾ ਕੇ ਸ਼ਿਕਾਇਤ ਵੀ ਵਾਪਸ ਕਰਵਾ ਦੇਵਾਂਗਾ।”
ਹਫ਼ਤਾ ਲੰਘਾਉਣ ਲਈ ਸੈਸ਼ਨ ਜੱਜ ਨੇ ਜੇਲ੍ਹ ਪ੍ਰਸ਼ਾਸਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਸਪੱਸ਼ਟੀਕਰਨ ਦੇਣ ਲਈ ਦਸਾਂ ਦਿਨਾਂ ਦਾ ਵਕਤ ਦਿੱਤਾ।
ਹਿਰਦੇਪਾਲ ਨੇ ਸੋਚਿਆ ਸੀ ਕਿ ਇੰਜ ਕਰ ਕੇ ਉਹ ਆਪਣੇ ਕਾਨੂੰਨੀ ਅਤੇ ਇਖ਼ਲਾਕੀ ਫ਼ਰਜ਼ਾਂ ਤੋਂ ਮੁਕਤ ਹੋ ਗਿਆ ਹੈ।
ਪਰ ਅਗਲੇ ਦਿਨ ਉਸ ਨੂੰ ਇਕ ਹੋਰ ਸਮੱਸਿਆ ਨੇ ਆ ਘੇਰਿਆ।
ਸੈਸ਼ਨ ਜੱਜ ਦੀ ਅਦਾਲਤ ਦੇ ਬਾਹਰ ਰੱਖੇ ਸ਼ਿਕਾਇਤਾਂ ਵਾਲੇ ਡੱਬੇ ਵਿਚ ਇਕ ਦਰਖ਼ਾਸਤ ਆ ਡਿੱਗੀ।
“ਛੜਿਆਂ ਦੀ ਬੈਰਕ ਦੇ ਇੰਚਾਰਜ ਵਾਰਡ ਨੇ ਇਕ ਵੱਡਾ ਜੁਰਮ ਕੀਤਾ ਹੈ। ਦੋਸ਼ੀ ਨੂੰ ਸਜ਼ਾ ਦੇਣ ਦੀ ਥਾਂ ਜੇਲ੍ਹ ਸੁਪਰਡੈਂਟ, ਡਾਕਟਰ ਅਤੇ ਪੁਲਿਸ ਨੇ ਮਿਲ ਕੇ ਕੈਦੀ ਤੋਂ ਜ਼ਬਰਦਸਤੀ ਹਰੀ ਓਮ ਦੇ ਹੱਕ ਵਿਚ ਬਿਆਨ ਦਿਵਾ ਦਿੱਤਾ ਹੈ। ਉਸ ਝੂਠੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਕੇਸ ਰਫ਼ਾ-ਦਫ਼ਾ ਕਰ ਦਿੱਤਾ ਹੈ। ਸੈਸ਼ਨ ਜੱਜ ਦਖ਼ਲ ਦੇਵੇ। ਹਰੀ ਓਮ ਉਪਰ ਮੁਕੱਦਮਾ ਦਰਜ ਹੋਵੇ। ਉਸ ਨੂੰ ਸਜ਼ਾ ਮਿਲੇ।”
ਭੋਲੇਪਣ ਵਿਚ ਹਿਰਦੇਪਾਲ ਨੇ ਇਸ ਸ਼ਿਕਾਇਤ ਬਾਰੇ ਵੀ ਆਪਣੇ ਮਿੱਤਰ ਨੂੰ ਦੱਸ ਦਿੱਤਾ। ਨਾਲ ਸਲਾਹ ਦਿੱਤੀ।
“ਕੋਈ ਘਰ ਦਾ ਭੇਤੀ ਲੰਕਾ ਢਾਹੁਣ ’ਤੇ ਤੁਲਿਆ ਹੋਇਆ ਹੈ। ਜਲਦੀ ਤੋਂ ਜਲਦੀ ਭਬੀਸ਼ਨ ਦੀ ਪਹਿਚਾਣ ਕਰੋ। ਨਹੀਂ ਤਾਂ ਲੰਕਾ ਅਤੇ ਲੰਕੇਸ਼ ਦੋਹਾਂ ਦਾ ਵਿਨਾਸ਼ ਤੈਅ ਹੈ।”
ਰਣਜੋਧ ਸਿੰਘ ਨੇ ਇਸ ਸ਼ਿਕਾਇਤ ਦੀ ਕੋਈ ਪ੍ਰਵਾਹ ਨਹੀਂ ਸੀ ਕੀਤੀ। ਮੋਦਨ ਕਦੋਂ ਦਾ ਭਾਣਾ ਮੰਨ ਚੁੱਕਾ ਸੀ। ਉਸ ਨੇ ਕਦੇ ਵੀ ਹਰੀ ਓਮ ਦੀ ਸ਼ਿਕਾਇਤ ਨਹੀਂ ਸੀ ਕੀਤੀ। ਇਹ ਸ਼ਿਕਾਇਤ ਕਿਸੇ ਸ਼ਰਾਰਤੀ ਕੈਦੀ ਨੇ ਕੀਤੀ ਸੀ ਜਾਂ ਹਰੀ ਓਮ ਨਾਲ ਸਾੜਾ ਕਰਨ ਵਾਲੇ ਕਿਸੇ ਜੇਲ੍ਹ ਕਰਮਚਾਰੀਨੇ।
“ਇਸ ਸ਼ਿਕਾਇਤ ਦੀ ਜਦੋਂ ਮਰਜ਼ੀ ਪੜਤਾਲ ਕਰੋ। ਪਹਾੜ ਹੇਠੋਂ ਚੂਹਾ ਵੀ ਨਹੀਂ ਨਿਕਲਣਾ।”
ਉਸ ਨੇ ਸੋਚਿਆ, “ਅਗਲੇ ਹਫ਼ਤੇ ਜੇਲ੍ਹ ਦੇ ਦੌਰੇ ’ਤੇ ਚੱਲਾਂਗੇ। ਪੜਤਾਲ ਦੀ ਉਪਚਾਰਿਕਤਾ ਨਿਭਾ ਕੇ ਦਰਖ਼ਾਸਤਾਂ ਖਾਰਜ ਕਰ ਆਵਾਂਗੇ। ਇਧਰ ਮੁਕੱਦਮਿਆਂ ਦੀ ਬਕ-ਬਕ ਤੋਂ ਬਚ ਜਾਵਾਂਗੇ, ਉਧਰ ਜੇਲ੍ਹ ਵਿਚ ਬੈਠ ਕੇ ਮੌਜ ਮੇਲਾ ਕਰਾਂਗੇ।”
ਜੇਲ੍ਹ ਦੌਰੇ ਦੀ ਤਾਰੀਖ਼ ਨਿਸ਼ਚਿਤ ਹੋਣ ਤੋਂ ਪਹਿਲਾਂ ਹੀ ਡਾਕੀਆ ਇਕ ਰਜਿਸਟਰੀ ਫੜਾ ਗਿਆ।
ਇਹ ਫ਼ਰਿਆਦ ਜ਼ਨਾਨਾ ਜੇਲ੍ਹ ਵਿਚ ਬੰਦ ਕੈਦਣ ਹੇਮਾ ਸ਼ਰਮਾ ਵੱਲੋਂ ਸੀ।
“ਬਰੀ ਕਰਾਉਣ ਦਾ ਝਾਂਸਾ ਦੇ ਕੇ ਸਹਾਇਕ ਦਰੋਗ਼ੇ ਸੰਤੋਖ ਸਿੰਘ ਨੇ ਮੈਨੂੰ ਫੁਸਲਾਇਆ। ਫੇਰ ਗਰਭਵਤੀ ਕੀਤਾ ਅਤੇ ਸਾਰੀ ਜੇਲ੍ਹ ਵਿਚ ਬਦਨਾਮ ਕੀਤਾ। ਮੈਂ ਬੱਚਾ ਜੰਮਣਾ ਚਾਹੁੰਦੀ ਸੀ, ਉਹ ਗਰਭ ਗਿਰਾਉਣਾ ਚਾਹੁੰਦਾ ਸੀ। ਮੈਂ ਦਰਖ਼ਾਸਤ ਰਾਹੀਂ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਦੁਹਾਈ ਪਾਈ। ਦਰਖ਼ਾਸਤ ਦੀ ਸੂਹ ਮਿਲਦਿਆਂ ਹੀ ਸੰਤੋਖ ਸਿੰਘ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਮਿਲੀ-ਭੁਗਤ ਕੀਤੀ। ਬੱਚਾ ਸਤਵੇਂ ਮਹੀਨੇ ਪੈਦਾ ਕਰਵਾ ਕੇ ਮਰਵਾ ਦਿੱਤਾ। ਤਿੰਨਾਂ ਦਿਨਾਂ ਬਾਅਦ ਛੁੱਟੀ ਕਰਵਾ ਕੇ ਮੈਨੂੰ ਹਨੇਰੀ ਕੋਠੜੀ ਵਿਚ ਸੁੱਟ ਦਿੱਤਾ। ਮੇਰੇ ਜ਼ਖ਼ਮ ਅੱਲ੍ਹੇ ਹਨ। ਅੰਦਰੋਂ ਖ਼ੂਨ ਵਹਿੰਦਾ ਹੈ। ਮੱਖੀਆਂ, ਮੱਛਰ ਅਤੇ ਖਟਮਲ ਮੈਨੂੰ ਚੈਨ ਨਹੀਂ ਲੈਣ ਦਿੰਦੇ। ਦਵਾਈ ਬੂਟੀ ਨਹੀਂ ਹੋ ਰਹੀ। ਪਹਿਲਾਂ ਮੇਰੇ ਗਰਭ ਦਾ ਸਬੂਤ ਮਿਟਾਇਆ ਗਿਆ। ਹੁਣ ਮੈਨੂੰ ਮਿਟਾਉਣ ਦਾ ਯਤਨ ਹੋ ਰਿਹਾ ਹੈ। ਦਰੋਗ਼ਾ ਕਹਿੰਦਾ ਹੈ, ‘ਨਾ ਰਹੇਗੀ ਹੇਮਾ, ਨਾ ਰਹੇਗਾ ਕੋਈ ਸਬੂਤ।’ *ਪਾ ਕਰਕੇ ਮੇਰੀ ਜਾਨ ਬਚਾਈ ਜਾਵੇ”
ਫ਼ਰਿਆਦ ਪੜ੍ਹ ਦੇ ਹਿਰਦੇਪਾਲ ਨੇ ਮਨ ਬਣਾਇਆ।
“ਇਸ ਸ਼ਿਕਾਇਤ ਬਾਰੇ ਨਾ ਜੇਲ੍ਹ ਅਧਿਕਾਰੀਆਂ ਨੂੰ ਸੂਚਿਤ ਕਰਨਾ ਉਚਿਤ ਹੈ ਨਾ ਪੜਤਾਲ ਨੂੰ ਲਟਕਾਉਣਾ।”
ਉਹ ਤੁਰੰਤ ਕਾਰਵਾਈ ਕਰਨ ਬਾਰੇ ਸੋਚ ਹੀ ਰਿਹਾ ਸੀ ਕਿ ਸ਼ਿਕਾਇਤਾਂ ਵਾਲੇ ਡੱਬੇ ਵਿਚੋਂ ਨਵਾਂ ਸੱਪ ਨਿਕਲ ਆਇਆ।
ਕੁਝ ਗੁੰਮਨਾਮ ਕੈਦੀਆਂ ਵੱਲੋਂ ਜੱਜ ਦੇ ਨਾਂ ਖ਼ਤ ਲਿਖਿਆ ਗਿਆ ਸੀ।
“ਮੁਜਰਮ ਨੂੰ ਕੀਤੇ ਗੁਨਾਹਾਂ ਦੀ ਸਜ਼ਾ ਭੁਗਤਣ ਅਤੇ ਸੁਧਰਨ ਦਾ ਮੌਕਾ ਦੇਣ ਲਈ ਜੇਲ੍ਹ ਭੇਜਿਆ ਜਾਂਦਾ ਹੈ। ਕੈਦ ਹੋ ਕੇ ਮੁਜਰਮ ਪੂਰੀ ਤਰ੍ਹਾਂ ਸਰਕਾਰ ਦਾ ਗ਼ੁਲਾਮ ਨਹੀਂ ਬਣ ਜਾਂਦਾ। ਕੈਦ ਦੌਰਾਨ ਉਸ ਦੇ ਕੁਝ ਮੁੱਢਲੇ ਅਧਿਕਾਰ ਹੀ ਖੁੱਸਦੇ ਹਨ। ਉਸ ਦੀ ਮਨਮਰਜ਼ੀ ਖੁੱਸਦੀ ਹੈ, ਸਮਾਜ ਅਤੇ ਪਰਿਵਾਰ ਨਾਲੋਂ ਸੰਬੰਧ ਟੁੱਟਦੇ ਹਨ, ਮਨਮਰਜ਼ੀ ਦਾ ਕੰਮ ਕਰਨ ਦਾ ਅਧਿਕਾਰ ਨਹੀਂ ਰਹਿੰਦਾ। ਇਸ ਸਭ ਕੁਝ ਦੇ ਬਾਵਜੂਦ ਉਸ ਦਾ ਪੜ੍ਹਨ-ਲਿਖਣ, ਆਪਾ ਪ੍ਰਗਟਾਉਣ, ਕਿੱਤਾ ਯੋਗਤਾ ਹਾਸਲ ਕਰਨ, ਪਾਠ ਪੂਜਾ ਕਰਨ ਅਤੇ ਧਾਰਮਿਕ ਰਸਮੋ-ਰਿਵਾਜ ਨਿਭਾਉਣ ਦੇ ਅਧਿਕਾਰ ਸੁਰੱਖਿਅਤ ਰਹਿੰਦੇ ਹਨ। ਕੈਦੀ ਦੇ ਇਹਨਾਂ ਅਧਿਕਾਰਾਂ ਦੀ ਰੱਖਿਆ ਕਰਨਾ ਸਰਕਾਰ ਦਾ ਫ਼ਰਜ਼ ਹੈ। ਬਦਕਿਸਮਤੀ ਨਾਲ ਜੇ ਸਰਕਾਰ ਦੇ ਨੁਮਾਇੰਦੇ ਜੇਲ੍ਹ ਅਧਿਕਾਰੀ ਹੀ ਇਹਨਾਂ ਹੱਕਾਂ ’ਤੇ ਛਾਪੇ ਮਾਰਨ ਤਾਂ ਅਦਾਲਤਾਂ ਨੂੰ ਮੂਕ ਦਰਸ਼ਕ ਬਣ ਕੇ ਤਮਾਸ਼ਾ ਨਹੀਂ ਦੇਖਦੇ ਰਹਿਣਾ ਚਾਹੀਦਾ। ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਵਿਚ ਦਖ਼ਲ ਦੇਣਾ ਚਾਹੀਦਾ ਹੈ। ਜੇਲ੍ਹ ਪ੍ਰਸ਼ਾਸਨ ਨੂੰ ਕੈਦੀ ਨਾਲ ਆਪਣੀ ਮਰਜ਼ੀ ਨਾਲ ਜਿਊਣ ਅਤੇ ਬਾਹਰੀ ਦਖ਼ਲ ਉਪਰ ਪਾਬੰਦੀ ਦਾ ਸਿਧਾਂਤ ਕਦੋਂ ਦਾ ਸਮਾਂ ਵਿਹਾ ਚੁੱਕਾ ਹੈ। ਅਦਾਲਤਾਂ ਨੂੰ ਕਸੂਰਵਾਰ ਜੇਲ੍ਹ ਅਧਿਕਾਰੀਆਂ ਦੇ ਕੰਨ ਖਿੱਚਣ ਦਾ ਅਧਿਕਾਰ ਹੈ। ਕੁੰਭਕਰਨੀ ਨੀਂਦ ਸੁੱਤੀਆਂ ਸਰਕਾਰਾਂ ਕੋਲ ਕੈਦੀਆਂ ਦੀ ਸਾਰ ਲੈਣ ਅਤੇ ਨਿਯਮਾਂ ਵਿਚ ਸੋਧ ਕਰਨ ਦਾ ਵਕਤ ਨਹੀਂ ਹੈ। ਪਰ ਅਦਾਲਤਾਂ ਨੂੰ ਆਪਣੇ ਫ਼ਰਜ਼ ਪਹਿਚਾਨਣੇ ਚਾਹੀਦੇ ਹਨ। ਸਮੇਂ ਦੀ ਲੋੜ ਅਨੁਸਾਰ ਪੁਰਾਣੇ ਨਿਯਮਾਂ ਦੀ ਵਿਆਖਿਆ ਕਰ ਕੇ ਨਵੇਂ ਸਮਾਜ ਦੇ ਨਿਰਮਾਣ ਵਿਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜੇਲ੍ਹਾਂ ਉੱਚੀਆਂ ਦੀਵਾਰਾਂ ਅਤੇ ਲੋਹੇ ਦੀਆਂ ਸਲਾਖ਼ਾਂ ਵਾਲੇ ਖ਼ਾਮੋਸ਼ ਖਿੱਤੇ ਹਨ। ਨਾ ਇਹਨਾਂ ਅੰਦਰ ਬਾਹਰੋਂ ਕੋਈ ਝਾਕ ਸਕਦਾ ਹੈ, ਨਾ ਅੰਦਰਲਾ ਆਪਣੀ ਚੀਖ਼-ਪੁਕਾਰ ਬਾਹਰਲਿਆਂ ਨੂੰ ਸੁਣਾ ਸਕਦਾ ਹੈ। ਬਹੁਤੇ ਕੈਦੀ ਅਨਪੜ੍ਹ, ਗ਼ਰੀਬ ਅਤੇ ਵਕਤ ਦੇ ਮਾਰੇ ਹੋਏ ਹਨ। ਇਹਨਾਂ ਗੂੰਗੇ-ਬਹਿਰੇ, ਅਨਾਥਾਂ ਦੀ ਪੁਕਾਰ ਅਦਾਲਤ ਨੂੰ ਸੁਣਨੀ ਚਾਹੀਦੀ ਹੈ। ਮੁਜਰਮ ਨੂੰ ਜੇ ਬੰਦਾ ਨਹੀਂ ਬਣਾਉਣਾ ਤਾਂ ਨਾ ਬਣਾਓ ਪਰ ਘੱਟੋ-ਘੱਟ ਹੈਵਾਨ ਤਾਂ ਨਾ ਬਣਾਓ।
“ਸਾਨੂੰ ਆਸ ਹੈ, ਤੁਹਾਨੂੰ ਅੰਤਰ-ਰਾਸ਼ਟਰੀ ਕਾਨੂੰਨ, ਕੈਦੀਆਂ ਦੇ ਹੱਕਾਂ ਸੰਬੰਧੀ ਹੋਈਆਂ ਕੌਮਾਂਤਰੀ ਕਨਵੈਸ਼ਨਾਂ ਵਿਚ ਪਾਸ ਕੀਤੇ ਮਤਿਆਂ, ਸਮਾਜ ਸੁਧਾਰਕਾਂ ਅਤੇ ਜਰਾਇਮ ਵਿਗਿਆਨੀਆਂ ਵੱਲੋਂ ਪੇਸ਼ ਕੀਤੇ ਸਿਧਾਂਤਾਂ ਦਾ ਗੂੜ੍ਹਾ ਗਿਆਨ ਹੋਏਗਾ। ਇਹ ਸੁਧਾਰ ਲਾਗੂ ਨਹੀਂ ਕਰ ਸਕਦੇ ਨਾ ਕਰੋ। ਘੱਟੋ-ਘੱਟ ਸਵਾ ਸੌ ਸਾਲ ਪਹਿਲਾਂ ਅੰਗਰੇਜ਼ ਹਕੂਮਤ ਵੱਲੋਂ ਆਪਣੇ ਗ਼ੁਲਾਮਾਂ ਨੂੰ ਕਾਬੂ ਰੱਖਣ ਅਤੇ ਆਪਣੇ ਹਿੱਤਾਂ ਦੀ ਹਿਫ਼ਾਜ਼ਤ ਲਈ ਬਣਾਏ ਕਾਨੂੰਨ ਅਤੇ ਜੇਲ੍ਹ ਮੈਨੂਅਲ ਹੀ ਪੜ੍ਹ ਲਓ। ਜੇਲ੍ਹ ਦਾ ਦੌਰਾ ਸੈਸ਼ਨ ਜੱਜ ਲਈ ਮਹਿਜ਼ ਉਪਚਾਰਿਕਤਾ ਜਾਂ ਸੈਰ-ਸਪਾਟੇ ਲਈ ਨਹੀਂ ਹੈ। ਸੈਸ਼ਨ ਜੱਜ ਨੇ ਕੈਦੀਆਂ ਦੀਆਂ ਬੈਰਕਾਂ, ਖਾਣੇ, ਕੱਪੜੇ ਅਤੇ ਕੰਮ-ਕਾਜ ਵਾਲੀਆਂ ਥਾਵਾਂ ਦਾ ਨਿਰੀਖਣ ਕਰਨਾ ਹੁੰਦਾ ਹੈ। ਕੈਦੀਆਂ ਦੀਆਂ ਮਾਨਸਿਕ ਅਤੇ ਸਰੀਰਕ ਲੋੜਾਂ ਦਾ ਧਿਆਨ ਰੱਖਣਾ ਹੁੰਦਾ ਹੈ। ਉਹਨਾਂ ਨਾਲ ਹੁੰਦੇ ਧੱਕੇ ਅਤੇ ਪੱਖਪਾਤ ਨੂੰ ਦੂਰ ਕਰਨਾ ਹੁੰਦਾ ਹੈ।
“ਹੁਣ ਤਕ ਕੀਤੇ ਦੌਰਿਆਂ ਦੌਰਾਨ ਤੁਸੀਂ ਇਹਨਾਂ ਵਿਚੋਂ ਇਕ ਵੀ ਫ਼ਰਜ਼ ਨਹੀਂ ਨਿਭਾਇਆ। ਤੁਹਾਡੀ ਦੌਰੇ ’ਤੇ ਆਉਣ ਦੀ ਤਾਰੀਖ਼ ਜੇਲ੍ਹ ਅਧਿਕਾਰੀਆਂ ਨੂੰ ਪਹਿਲਾਂ ਪਤਾ ਹੁੰਦਾ ਹੈ। ਹਫ਼ਤਾ ਪਹਿਲਾਂ ਜੇਲ੍ਹ ਨੂੰ ਵਿਆਹ ਮੰਡਪ ਵਾਂਗ ਸਜਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਛਿੜਕਾ ਕੀਤਾ ਜਾਂਦਾ ਹੈ। ਚੂਨਾ ਪਾਇਆ ਜਾਂਦਾ ਹੈ। ਪਖ਼ਾਨੇ ਸਾਫ਼ ਕੀਤੇ ਜਾਂਦੇ ਹਨ। ਕੀਟਨਾਸ਼ਕ ਦਵਾਈਆਂ ਛਿੜਕੀਆਂ ਜਾਂਦੀਆਂ ਹਨ। ਵਿਹੜੇ ਵਿਚ ਤੰਬੂ ਲਾਏ ਜਾਂਦੇ ਹਨ। ਮਹਾਰਾਜੇ ਵਾਂਗ ਤੁਹਾਨੂੰ ਵੱਡੀ ਕੁਰਸੀ ’ਤੇ ਬਿਠਾਇਆ ਜਾਂਦਾ ਹੈ। ਦਰਬਾਰੀਆਂ ਵਾਂਗ ਅਫ਼ਸਰ ਤੁਹਾਡੇ ਚਾਰੇ ਪਾਸੇ ਪਹਿਰਾ ਦੇਣ ਲੱਗਦੇ ਹਨ। ਕੋਈ ਕੈਦੀ ਆਪਣੀ ਫ਼ਰਿਆਦ ਕਰੇ ਤਾਂ ਕਿਸ ਤਰ੍ਹਾਂ? ਤੁਹਾਨੂੰ ਉਹੋ ਕੈਦੀ ਮਿਲਾਏ ਜਾਂਦੇ ਹਨ, ਜਿਨ੍ਹਾਂ ਨੂੰ ਅਧਿਕਾਰੀ ਮਿਲਾਉਣਾ ਚਾਹੁੰਦੇ ਹਨ। ਤੁਹਾਨੂੰ ਉਸੇ ਬੈਰਕ ਵਿਚ ਲਿਜਾਇਆ ਜਾਂਦਾ ਹੈ ਜਿਥੇ ਉਹ ਲਿਜਾਣਾ ਚਾਹੁੰਦੇ ਹਨ। ਉਹਨਾਂ ਫ਼ਰਿਆਦੀਆਂ ਨੂੰ ਤੁਹਾਡੇ ਅੱਗੇ ਪੇਸ਼ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਅਧਿਕਾਰੀ ਰਿਆਇਤਾਂ ਦਵਾਉਣੀਆਂ ਚਾਹੁੰਦੇ ਹਨ। ਅਧਿਕਾਰੀ ਜੋ ਸੁਝਾਅ ਦਿੰਦੇ ਹਨ ਤੁਸੀਂ ਝੱਟ ਮੰਨ ਲੈਂਦੇ ਹੋ।
“ਤੁਹਾਡੇ ਸਭ ਤੋਂ ਪਹਿਲੇ ਦੌਰੇ ਦੌਰਾਨ ਤੁਹਾਨੂੰ ਡਾਇਨਿੰਗ ਹਾਲ ਵਿਚ ਬਿਠਾ ਕੇ ਛੱਤੀ ਪ੍ਰਕਾਰ ਦਾ ਭੋਜਨ ਕਰਾਇਆ ਗਿਆ। ਸੁਆਦੀ ਭੋਜਨ ਖਾ ਕੇ ਤੁਸੀਂ ਰਸੋਈਆਂ ’ਤੇ ਖ਼ੁਸ਼ ਹੋ ਗਏ। ਰਸੋਈਆਂ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਦਿੱਤੀਆਂ। ਤੁਹਾਨੂੰ ਪਰੋਸਿਆ ਗਿਆ ਖਾਣਾ ਕੈਦੀਆਂ ਨੂੰ ਦਿੱਤੇ ਜਾਂਦੇ ਖਾਣੇ ਦਾ ਨਮੂਨਾ ਨਹੀਂ ਸੀ। ਅੱਧਾ ਖਾਣਾ ਹੋਟਲ ਵਿਚੋਂ ਆਇਆ ਸੀ, ਅੱਧਾ ਜੇਲ੍ਹ ਸੁਪਰਡੈਂਟ ਦੀ ਕੋਠੀਓਂ। ਤੁਹਾਡੇ ਸਾਹਮਣੇ ਪੇਸ਼ ਕੀਤੇ ਗਏ ਰਸੋਈਏ ਦਿਨ-ਰਾਤ ਲੰਗਰ ਵਿਚ ਢੂਹੀਆਂ ਦੂਹਰੀਆਂ ਕਰਨ ਵਾਲੇ ਲਾਂਗਰੀ ਨਹੀਂ ਸਨ। ਉਹਨਾਂ ਵਿਚੋਂ ਇਕ ਟਰੈਵਲ ਏਜੰਟ ਸੀ ਜਿਸ ਨੇ ਦਰਜਨਾਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕੰਗਾਲ ਕੀਤਾ ਸੀ। ਦੂਜਾ ਬੀਸੀਆਂ ਕੁੜੀਆਂ ਨੂੰ ਐਕਟਰੈਸਾਂ ਬਣਾਉਣ ਦੇ ਸੁਪਨੇ ਦਿਖਾ ਕੇ ਕੋਠਿਆਂ ’ਤੇ ਪਹੁੰਚਾਉਣ ਵਾਲਾ ਦੱਲਾ ਸੀ। ਇਹਨਾਂ ਮੁਲਜ਼ਮਾਂ ਦੇ ਪਿਛੋਕੜ ਅਤੇ ਕਾਰਨਾਮਿਆਂ ਨੂੰ ਧਿਆਨ ਵਿਚ ਰੱਖਦਿਆਂ ਸੁਪਰੀਮ ਕੋਰਟ ਨੇ ਇਹਨਾਂ ਦੀ ਜ਼ਮਾਨਤ ਮਨਜ਼ੂਰ ਨਹੀਂ ਸੀ ਕੀਤੀ। ਜੇਲ੍ਹ ਅਧਿਕਾਰੀਆਂ ਨੇ ਜ਼ਮਾਨਤ ਕਰਾਉਣ ਦੇ ਇਵਜ਼ ਵਿਚ ਉਹਨਾਂ ਕੋਲੋਂ ਮੋਟੀ ਰਕਮ ਵਸੂਲੀ ਸੀ। ਤੁਹਾਨੂੰ ਕਿੰਨਾ ਹਿੱਸਾ ਪੱਜਾ, ਇਹ ਤੁਸੀਂ ਜਾਣੋ।
“ਜੇ ਅਸਲੀਅਤ ਦੇਖਣੀ ਹੈ ਤਾਂ ਇਸ ਵਾਰ ਜੇਲ੍ਹ ਦੀ ਰਸੋਈ ਵਿਚ ਜਾਣਾ। ਸਾਲਾਂ ਤੋਂ ਭੱਠ ਝੋਕ ਰਹੇ ਲਾਂਗਰੀਆਂ ਨੂੰ ਮਿਲਣਾ। ਉਹਨਾਂ ਦੀ ਸੇਕ ਨਾਲ ਕਾਲੀ ਪੈ ਚੁੱਕੀ ਚਮੜੀ ਨੂੰ ਘੋਖਣਾ, ਧੂੰਏਂ ਨਾਲ ਮੱਧਮ ਪੈ ਚੁੱਕੀ ਅੱਖਾਂ ਦੀ ਜੋਤ ਨੂੰ ਪਰਖਣਾ। ਆਟੇ ਦਾ ਨਮੂਨਾ ਦੇਖਣਾ। ਬਾਰਾਂ ਮਹੀਨੇ ਤੀਹ ਦਿਨ ਵਰਤਾਈ ਜਾਂਦੀ ਦਾਲ ਦਾ ਸਵਾਦ ਚੱਖਣਾ। ਹੋਰ ਸੱਚ ਜਾਨਣਾ ਹੈ ਤਾਂ ਅਨਾਜ ਵਾਲੇ ਗੁਦਾਮ ਵਿਚ ਚਲੇ ਜਾਣਾ। ਗਲੀ-ਸੜੀ ਕਣਕ, ਕੌਡੀਆਂ ਦੇ ਭਾਅ ਸਰਕਾਰੀ ਗੁਦਾਮਾਂ ਵਿਚੋਂ ਚੁੱਕ ਲਿਆਂਦੀ ਗਈ ਹੈ। ਹਫ਼ਤੇ ਵਿਚ ਇਕ ਦਿਨ ਆਲੂ ਬਣਦੇ ਹਨ। ਉਹਨਾਂ ਦੀ ਸ਼ਕਲ ਦੇਖ ਲੈਣਾ। ਮਟਰਾਂ ਦੇ ਦਾਣਿਆਂ ਜਿੱਡੇ, ਕਾਲੇ ਅਤੇ ਗਲੇ ਹੋਏ। ਮਸਾਲਿਆਂ ਦੀ ਘੋਖ ਕਰ ਲੈਣਾ। ਬੂ-ਦਾਰ ਮਾਸ ਦੇਖਣਾ, ਪੁੱਛਣਾ, ਕੱਟੇ ਦਾ ਹੈ ਜਾਂ ਵੱਛੇ ਦਾ।
“ਫੇਰ ਕੈਦੀਆਂ ਨੂੰ ਦਿੱਤੀ ਜਾਂਦੀ ਖ਼ੁਰਾਕ ਦਾ ਮਿਲਾਨ ਜੇਲ੍ਹ ਮੈਨੂਅਲ ’ਚ ਦਰਜ ਦਿੱਤੇ ਜਾਣੇ ਚਾਹੀਦੇ ਰਾਸ਼ਨ ਨਾਲ ਕਰ ਲੈਣਾ। ਬਿੱਲੀ ਆਪੇ ਬੋਰੇ ਵਿਚੋਂ ਬਾਹਰ ਆ ਜਾਏਗੀ।
“ਉਸ ਤੋਂ ਅਗਲੇ ਦੌਰੇ ਵਿਚ ਤੁਹਾਨੂੰ ਫ਼ੈਕਟਰੀ ਦਾ ਸ਼ੋਅ-ਰੂਮ ਦਿਖਾਇਆ ਗਿਆ ਸੀ। ਦੋ ਕਾਰੀਗਰਾਂ ਨੂੰ ਮਿਲਾਇਆ ਗਿਆ ਸੀ। ਉਹਨਾਂ ਦੁਆਰਾ ਬਣਾਏ ਗਏ ਸ਼ਾਲਾਂ, ਗ਼ਲੀਚਿਆਂ ਅਤੇ ਮੇਜ਼ਾਂ ਦਾ ਗੁਣਗਾਣ ਕੀਤਾ ਗਿਆ ਸੀ। ਕਲਾ-ਕਿਰਤਾਂ ਨੇ ਤੁਹਾਨੂੰ ਖ਼ੁਸ਼ ਅਤੇ ਹੈਰਾਨ ਕੀਤਾ ਸੀ। ਤੁਹਾਡੀ ਪਸੰਦ ’ਤੇ ਫੁੱਲ ਚੜ੍ਹਾਉਂਦਿਆਂ ਉਹ ਸਭ ਚੀਜ਼ਾਂ ਝੱਟ ਤੁਹਾਡੇ ਲਈ ਪੈਕ ਕਰਵਾ ਦਿੱਤੀਆਂ ਗਈਆਂ ਸਨ। ਸ਼ਾਇਦ ਤੁਹਾਨੂੰ ਪਤਾ ਨਹੀਂ ਹੈ। ਉਹਨਾਂ ਕਾਰੀਗਰਾਂ ਨੇ ਕਦੇ ਤੇਸੀ ਆਰੀ ਦਾ ਮੂੰਹ ਨਹੀਂ ਦੇਖਿਆ। ਖ਼ੁਸ਼ ਹੋ ਕੇ ਤੁਸੀਂ ਕਾਰੀਗਰਾਂ ਦੀਆ ਅਪੀਲਾਂ ਮਨਜ਼ੂਰ ਕਰ ਕੇ ਬਾਕੀਆਂ ਦੀਆਂ ਸਜ਼ਾਵਾਂ ਮੁਆਫ਼ ਕਰ ਦਿੱਤੀਆਂ। ਉਹਨਾਂ ਵਿਚੋਂ ਇਕ ਨਾਜਾਇਜ਼ ਕਬਜ਼ੇ ਕਰਨ ਵਾਲੇ ਗਿਰੋਹ ਦਾ ਸਰਗਨਾ ਦੀਪਾ ਸੀ। ਦੂਜਾ ਸਰਕਾਰੀ ਲਾਟਰੀਆਂ ਦੇ ਜਾਅਲੀ ਟਿਕਟ ਤਿਆਰ ਕਰ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਉਣ ਵਾਲਾ ਨੰਦ ਲਾਲ। ਸ਼ਾਲ ਅਤੇ ਗ਼ਲੀਚੇ ਬਾਹਰੋਂ ਆਏ ਸਨ। ਬਿੱਲ ਦੀਪੇ ਅਤੇ ਨੰਦ ਲਾਲ ਨੇ ਚੁਕਾਏ ਸਨ। ਬਾਹਰ ਜਾਂਦਿਆ ਹੀ ਉਹਨਾਂ ਨੇ ਮੁੜ ਜਾਲ ਵਿਛਾ ਲਏ ਹਨ। ਨਵੀਆਂ ਘੁੱਗੀਆਂ ਫਸਾ ਰਹੇ ਹਨ।
“ਜੇ ਆਪਣਾ ਸਹੀ ਫ਼ਰਜ਼ ਨਿਭਾਉਣਾ ਹੈ ਤਾਂ ਜੇਲ੍ਹ ਦੇ ਆਰੇ ਵਿਚ ਜਾਓ। ਸਾਲਾਂ ਤੋਂ ਭਾਰੇ-ਭਾਰੇ ਸ਼ਤੀਰ ਢੋਂਦੇ-ਢੋਂਦੇ ਮੋਢੇ ਘਸਾ ਚੁੱਕੇ ਕੈਦੀਆਂ ਨੂੰ ਮਿਲੋ। ਉਹਨਾਂ ਦੀ ਵਿਥਿਆ ਸੁਣੋ। ਦਰੀਆਂ ਖੇਸ ਬੁਣਦੀਆਂ ਬੁੱਢੀਆਂ ਨੂੰ ਮਿਲੋ। ਕੋਈ ਰਾਹਤ ਦੇਣੀ ਹੈ ਤਾਂ ਉਹਨਾਂ ਨੂੰ ਦਿਓ। ਲੱਕੜ ਦਾ ਸਾਮਾਨ ਬਣਾਉਣ ਵਾਲੇ ਸ਼ੈੱਡ ਵਿਚ ਜਾਓ। ਆਰੀਆਂ, ਰੰਦਿਆਂ ਨਾਲ ਉਂਗਲਾਂ ਛਿਲਾਈ ਬੈਠੇ ਕੈਦੀਆਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਓ।
“ਆਪਣੇ ਆਖ਼ਰੀ ਦੌਰੇ ਵਿਚ ਤੁਸੀਂ ਜ਼ਨਾਨਾ ਵਾਰਡ ਦੇ ਦੌਰੇ ਦੀ ਇੱਛਾ ਪ੍ਰਗਟਾਈ ਸੀ। ਸ਼ਾਇਦ) ਤੁਸੀਂ ਸੋਚਿਆ ਹੋਵੇਗਾ, ਉਥੇ ਜੀਨਾਂ ਅਤੇ ਸਕਰਟਾਂ ਪਾਉਣ ਵਾਲੀਆਂ ਕਾਲ-ਗਰਲਜ਼ ਬੰਦ ਹੋਣਗੀਆਂ। ਉਹ ਮੁਸਕਰਾ-ਮੁਸਕਰਾ ਕੇ ਤੁਹਾਡਾ ਸਵਾਗਤ ਕਰਨਗੀਆਂ। ਤੁਸੀ ਗੋਪੀਆਂ ਵਿਚ *ਸ਼ਨ ਬਣ ਕੇ ਸਾਰਾ ਦਿਨ ਬੰਸਰੀ ਵਜਾਉਗੇ। ਤੁਹਾਡੀ ਨੀਅਤ ਭਾਂਪ ਕੇ ਜੇਲ੍ਹ ਸੁਪਰਡੈਂਟ ਨੂੰ ਚਿੰਤਾ ਲੱਗ ਗਈ ਸੀ। ਸੌ ਸਵਾ ਸੌ ਕੈਦਣਾਂ ਵਿਚੋਂ ਹੇਮਾ ਵਰਗੀਆਂ ਮਸਾਂ ਛੇ-ਸੱਤ ਉਸ ਦੇ ਹੱਥ ਲੱਗੀਆਂ ਸਨ। ਉਹਨਾਂ ਨੂੰ ਬਣ-ਸੰਵਰ ਕੇ ਰਹਿਣ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਹੋਈਆਂ ਸਨ। ਉਹਨਾਂ ਨੂੰ ਸਵੇਰੇ ਹੀ ਖੁੱਲ੍ਹੇ ਪਾਣੀ ਵਿਚ ਨੁਹਾਇਆ ਗਿਆ ਸੀ। ਕੇਸਾਂ ਵਿਚ ਕੰਘੀ ਕਰਾਈ ਗਈ ਸੀ। ਬਿੰਦੀ ਸੁਰਖ਼ੀ ਲਵਾਈ ਗਈ ਸੀ। ਤੁਹਾਨੂੰ ਜਾਣ ਬੁਝ ਕੇ ਬੈਰਕ ਵਿਚ ਨਹੀਂ ਸੀ ਲਿਜਾਇਆ ਗਿਆ। ਉਹਨਾਂ ਨੂੰ ਹੀ ਦਫ਼ਤਰ ਬੁਲਾ ਲਿਆ ਗਿਆ ਸੀ।
‘ਚਿਹਰਿਆਂ ਉਪਰ ਜੰਮੇ ਪਾਊਡਰ ਕਰੀਮਾਂ ਵੀ ਹੇਠਾਂ ਦੱਬੇ ਫ਼ਿਕਰਾਂ ਨੂੰ ਨਹੀਂ ਸੀ ਦਬਾ ਸਕੇ। ਤੁਸੀਂ ਝੱਟ ਉਪਰਾਮ ਹੋ ਗਏ ਸੀ ਅਤੇ ਪੰਜਾਂ ਮਿੰਟਾਂ ਬਾਅਦ ਉੱਠ ਕੇ ਤੁਰ ਪਏ ਸੀ।
“ਇਸ ਵਾਰ ਬਾਕੀ ਕੈਦਣਾਂ ਨੂੰ ਦੇਖਣਾ। ਕਿਸੇ ਦੀ ਪਿੱਠ ਬਾਹਰ ਨੂੰ ਨਿਕਲੀ ਹੋਏਗੀ, ਕਿਸੇ ਦਾ ਢਿੱਡ ਵਧਿਆ ਹੋਏਗਾ। ਕਿਸੇ ਦੇ ਚਿਹਰੇ ’ਤੇ ਛਾਈਆਂ ਹੋਣਗੀਆਂ। ਕਿਸੇ ਦੇ ਕੋਇਆਂ ਵਿਚ ਕਾਲਖ਼। ਕਿਸੇ ਦੇ ਮੂੰਹ ਵਿਚੋਂ ਹਵਾੜ ਮਾਰੇਗੀ ਅਤੇ ਕਿਸੇ ਦੇ ਦੰਦਾਂ ’ਤੇ ਜਿਲਬ ਜੰਮੀ ਹੋਏਗੀ। ਕਿਸੇ ਦੇ ਚੱਡਿਆਂ ’ਚ ਖ਼ੁਰਕ ਪਈ ਹੋਏਗੀ ਕਿਸੇ ਦੇ ਸਿਰ ਵਿਚ ਜੂੰਆਂ ਦਾ ਘਰ। ਕੋਈ ਟੀ.ਬੀ. ਦਾ ਸ਼ਿਕਾਰ ਹੋਏਗੀ, ਕੋਈ ਦਮੇ ਦੀ। ਕੋਈ ਪਾਗ਼ਲਾਂ ਵਾਂਗ ਰੋਂਦੀ ਹੋਵੇਗੀ, ਕੋਈ ਕਿਸੇ ਨੂੰ ਗਾਲ੍ਹਾਂ ਕੱਢ ਰਹੀ ਹੋਏਗੀ। ਕੋਈ ਆਪਣੀ ਘਰੋਂ ਭੱਜੀ ਧੀ ਦਾ ਦੁੱਖ ਛੇੜ ਦੇ ਬੈਠ ਜਾਵੇਗੀ, ਕੋਈ ਕਤਲ ਹੋਏ ਜਵਾਨ ਪੁੱਤ ਦਾ।
“ਜ਼ਰਾ ਬੈਰਕ ਦੇ ਅੰਦਰ ਜਾ ਆਉਣਾ। ਮੁਰਦਿਆਂ ਵਾਂਗ ਪਈਆਂ ਕੈਦਣਾਂ ਨੂੰ ਝੰਜੋੜਨਾ। ਕੋਠੜੀਆਂ ਵਿਚ ਝਾਤੀ ਮਾਰਨਾ, ਕੈਦਣਾਂ ਦੇ ਮਨ ਵਿਚ ਝਾਤੀ ਮਾਰਨਾ।
“ਇਕ ਅਰਜ਼ ਹੋਰ। ਜੇਲ੍ਹ ਦੀ ਨੁੱਕਰ ਵਿਚ ਬਣੀਆਂ ਤਨਹਾਈ ਕੋਠੜੀਆਂ ਵਿਚ ਜ਼ਰੂਰ ਜਾਣਾ। ਉਹਨਾਂ ਕੈਦੀਆਂ ਨੂੰ ਮਿਲ ਲੈਣਾ, ਜਿਨ੍ਹਾਂ ਦੇ ਹੱਥਕੜੀਆਂ ਲੱਗੀਆਂ ਅਤੇ ਬੇੜੀਆਂ ਪਈਆਂ ਹੋਈਆਂ ਹਨ।
“ਇਹਨਾਂ ਕੈਦੀਆਂ ਦੇ ਹਿਸਟਰੀ ਟਿਕਟਾਂ ਨੂੰ ਘੋਖਣਾ। ਦੇਖਣਾ ਉਹ ਜੇਲ੍ਹ ਕੱਟਣ ਕਿਨ੍ਹਾਂ ਜੁਰਮਾਂ ਕਾਰਨ ਆਏ ਹਨ? ਪੁੱਛਣਾ, ਹੱਥਕੜੀਆਂ ਅਤੇ ਬੇੜੀਆਂ ਦੀ ਸਜ਼ਾ ਕਿਨ੍ਹਾਂ ਜੁਰਮਾਂ ਕਾਰਨ ਮਿਲੀ ਹੈ?
“ਤੁਹਾਡੀ ਜਾਣਕਾਰੀ ਲਈ ਉਹਨਾਂ ਕੋਠੜੀਆਂ ਵਿਚ ਬੰਦ ਕੁਝ ਕੈਦੀਆਂ ਦੀ ਜਾਣ-ਪਹਿਚਾਣ ਕਰਾਉਂਦੇ ਹਾਂ।
“ਅਮਰਨਾਥ ਨੂੰ ਪੰਦਰਾਂ ਦਿਨ ਲਈ ਤਨਹਾਈ ਵਿਚ ਰੱਖਣ ਦੀ ਸਜ਼ਾ ਸੁਣਾ ਕੇ ਉਸ ਨੂੰ ਕੋਠੜੀ ਨੰਬਰ ਇਕ ਵਿਚ ਬੰਦ ਕੀਤਾ ਗਿਆ ਹੈ। ਉਸ ਉਪਰ ਬੈਂਕ ਤੋਂ ਜਾਅਲੀ ਕਾਗ਼ਜ਼ਾਂ ਉਪਰ ਕਰਜ਼ਾ ਮਨਜ਼ੂਰ ਕਰਾਉਣ ਅਤੇ ਕਰਜ਼ੇ ਦੀ ਰਕਮ ਨੂੰ ਹੜੱਪਣ ਦਾ ਦੋਸ਼ ਸੀ। ਉਸ ਦੀ ਪਤਨੀ ਵੀ ਮੁਲਜ਼ਮ ਹੈ। ਉਹ ਜ਼ਨਾਨਾ ਵਾਰਡ ਵਿਚ ਬੰਦ ਹੈ। ਰਿਟਾਇਰ ਹੋਣ ਤੋਂ ਪਹਿਲਾਂ ਅਮਰਨਾਥ ਪ੍ਰਾਇਮਰੀ ਅਧਿਆਪਕ ਸੀ। ਸਾਰੀ ਉਮਰ ਧੱਕੇ ਖਾ ਕੇ ਵੀ ਉਹ ਇਕ ਕੱਚਾ ਕੋਠਾ ਖੜਾ ਨਹੀਂ ਸੀ ਕਰ ਸਕਿਆ। ਮਸਾਂ ਦਾਲ-ਫੁਲਕਾ ਚੱਲਦਾ ਸੀ। ਨੌਕਰੀ ਦੀਆਂ ਤੰਗੀਆਂ-ਤੁਰਸ਼ੀਆਂ ਤੋਂ ਤੰਗ ਆਏ ਅਮਰਨਾਥ ਨੇ ਆਪਣੇ ਮੁੰਡੇ ਨੂੰ ਕਾਰੋਬਾਰ ਵਿਚ ਪਾਉਣ ਦਾ ਮਨ ਬਣਾਇਆ ਸੀ। ਪੱਲੇ ਬਹੁਤੀ ਪੂੰਜੀ ਨਹੀਂ ਸੀ। ਜਿਹੜੀ ਪੈਨਸ਼ਨ ਗਰੈਚੁਟੀ ਮਿਲੀ ਸੀ, ਉਹ ਧੀ ਦੇ ਵਿਆਹ ’ਤੇ ਲੱਗ ਗਈ ਸੀ। ਦੋਸਤਾਂ-ਮਿੱਤਰਾਂ ਦੇ ਆਖਣ ਅਤੇ ਅਖ਼ਬਾਰਾਂ ਵਿਚ ਸਸਤੇ ਵਿਆਜ਼ ਦਰਾਂ ’ਤੇ ਮਿਲਦੇ ਕਰਜ਼ੇ ਨੂੰ ਇਸ਼ਤਿਹਾਰ ਪੜ੍ਹ ਕੇ ਉਸ ਨੇ ਬੈਂਕ ਤੋਂ ਕਰਜ਼ਾ ਮਨਜ਼ੂਰ ਕਰਵਾ ਲਿਆ ਅਤੇ ਮੁੰਡੇ ਨੂੰ ਸਾਬਣ ਦਾ ਕਾਰਖ਼ਾਨਾ ਖੁਲ੍ਹਵਾ ਦਿੱਤਾ। ਤਜਰਬੇ ਅਤੇ ਪੂੰਜੀ ਦੀ ਘਾਟ ਕਾਰਨ ਉਤਪਾਦਨ ਸ਼ੁਰੂ ਕਰਨ ਤੋਂ ਪਹਿਲਾਂ ਕਾਰਖ਼ਾਨਾ ਬੰਦ ਹੋ ਗਿਆ। ਬੈਂਕ ਦੀਆਂ ਕਿਸ਼ਤਾਂ ਟੁੱਟ ਗਈਆਂ। ਲੈਣਦਾਰਾਂ ਦੀ ਨਿੱਤ ਦੀ ਅਕਾਬਾਜ਼ੀ ਤੋਂ ਤੰਗ ਆ ਕੇ ਮੁੰਡੇ ਨੇ ਗੱਡੀ ਹੇਠਾਂ ਸਿਰ ਦੇ ਦਿੱਤਾ। ਮੂਲ ਨਾ ਮੁੜਦਾ ਦੇਖ ਕੇ ਬੈਂਕ ਵਾਲਿਆਂ ਨੇ ਅਮਰਨਾਥ ਅਤੇ ਉਸ ਦੀ ਬੀਵੀ ਉਪਰ ਧੋਖਾਧੜੀ ਦਾ ਪਰਚਾ ਦਰਜ ਕਰਵਾ ਦਿੱਤਾ। ਹੁਣ ਮੀਆਂ ਬੀਵੀ ਦੋਵੇਂ ਜੇਲ੍ਹ ਵਿਚ ਹਨ। ਦੋਹਾਂ ਜੀਆਂ ਨੂੰ ਪਹਿਲਾਂ ਹੀ ਵੀਹ-ਵੀਹ ਬੀਮਾਰੀਆਂ ਨੇ ਘੇਰਿਆ ਹੋਇਆ ਹੈ। ਉਪਰੋਂ ਬਦਨਾਮੀ, ਜਵਾਨ ਮੁੰਡੇ ਦੀ ਮੌਤ ਅਤੇ ਜੇਲ੍ਹ ਦੇ ਸਖ਼ਤ ਜੀਵਨ। ਦੁੱਖ-ਸੁਖ ਕਰਨ ਦੀ ਸਾਂਝ ਵੀ ਜਾਂਦੀ ਰਹੀ। ਦੋਵੇਂ ਨੀਮ ਪਾਗ਼ਲ ਹੁੰਦੇ ਜਾ ਰਹੇ ਹਨ। ਅਮਰਨਾਥ ਨੇ ਜੇਲ੍ਹ ਅਧਿਕਾਰੀਆਂ ਨੂੰ ਦਰਖ਼ਾਸਤ ਦਿੱਤੀ। ਉਸ ਨੂੰ ਜ਼ਨਾਨਾ ਵਾਰਡ ਦੇ ਨਾਲ ਲੱਗਦੇ ਵਾਰਡ ਵਿਚ ਬਦਲ ਦਿੱਤਾ ਜਾਵੇ। ਮੀਆਂ-ਬੀਵੀ ਨੂੰ ਇਕ ਘੰਟੇ ਲਈ ਹਰ ਰੋਜ਼ ਮਿਲਣ ਦਿੱਤਾ ਜਾਵੇ। ਪਹਿਲਾਂ ਕਈ ਕੈਦੀ ਜੋੜਿਆਂ ਨੂੰ ਇਹ ਸਹੂਲਤ ਹਾਸਲ ਸੀ। ਸਹਾਇਕ ਦਰੋਗ਼ੇ ਨੇ ਲੰਬੀਆਂ-ਚੌੜੀਆਂ ਮੰਗਾਂ ਰੱਖ ਦਿੱਤੀਆਂ। ਜੇ ਪੈਸੇ ਹੁੰਦੇ ਤਾਂ ਇਹ ਦਿਨ ਕਿਉਂ ਦੇਖਣੇ ਪੈਂਦੇ। ਘਰ ਨੂੰ ਬੈਂਕ ਨੇ ਜਿੰਦਾ ਲਾ ਦਿੱਤਾ ਸੀ। ਧੀ-ਜਵਾਈ ਥੋੜ੍ਹੀ ਦੇਰ ਪੈਰਵੀ ਕਰਦੇ ਸਨ। ਉਹਨਾਂ ਦੀ ਮਾਲੀ ਹਾਲਤ ਅਮਰਨਾਥ ਵਰਗੀ ਸੀ। ਆਖ਼ਰ ਉਹ ਉਸੇ ਦੇ ਧੀ-ਜਵਾਈ ਹਨ। ਉਂਝ ਵੀ ਅਮਰਨਾਥ ਧੀ ਦੇ ਘਰ ਦਾ ਪੈਸਾ ਖ਼ਰਚਾਉਣ ਲਈ ਤਿਆਰ ਨਹੀਂ ਸੀ। ਅੱਕ ਕੇ ਅਮਰਨਾਥ ਨੇ ਪਿਛਲੀ ਪੇਸ਼ੀ ’ਤੇ ਜੱਜ ਨੂੰ ਦਰਖ਼ਾਸਤ ਦੇ ਦਿੱਤੀ। ਜੱਜ ਨੇ ਦਰਖ਼ਾਸਤ ਮਨਜ਼ੂਰ ਕਰ ਦਿੱਤੀ। ਦੋਹਾਂ ਜੀਆਂ ਨੂੰ ਦੋ ਘੰਟੇ ਹਰ ਰੋਜ਼ ਮਿਲਣ ਦੀ ਇਜਾਜ਼ਤ ਮਿਲ ਗਈ। ਸਹਾਇਕ ਦਰੋਗ਼ੇ ਦੇ ਸੀਨੇ ’ਤੇ ਸੱਪ ਲਿਟਣ ਲੱਗਾ। ਅਦਾਲਤਾਂ ਦੇ ਹੁਕਮ ਨਾਲ ਮੁਲਾਕਾਤਾਂ ਹੋਣ ਲੱਗੀਆਂ ਤਾਂ ਉਹਨਾਂ ਨੂੰ ਕੌਣ ਪੁੱਛੇਗਾ? ਝੱਟ ਉਸ ਨੇ ਯੋਜਨਾ ਘੜੀ। ਚੌਥੇ ਦਿਨ ਅਮਰਨਾਥ ਉਪਰ ਆਪਣੀ ਪਤਨੀ ਰਾਹੀਂ ਮਰਦ ਕੈਦੀਆਂ ਦੇ ਜ਼ਨਾਨਾ ਕੈਦੀਆਂ ਨੂੰ ਗੁਪਤ ਸੁਨੇਹੇ ਭੇਜਣ ਦਾ ਦੋਸ਼ ਲੱਗ ਗਿਆ। ਦੋਸ਼ ਸਾਬਤ ਹੋ ਗਿਆ। ਕਈ ਗਵਾਹ ਅਮਰਨਾਥ ਦੇ ਉਲਟ ਭੁਗਤੇ। ਪਹਿਲਾਂ ਉਸ ਦੀਆਂ ਮੁਲਾਕਾਤਾਂ ਬੰਦ ਕੀਤੀਆਂ ਗਈਆਂ। ਉਸ ਨੇ ਲੱਗੇ ਦੋਸ਼ਾਂ ਦਾ ਵਿਰੋਧ ਕੀਤਾ ਤਾਂ ਸਟਾਫ਼ ਨਾਲ ਵੱਧ-ਘੱਟ ਬੋਲਣ ਅਤੇ ਹੋਰ ਕੈਦੀਆਂ ਨੂੰ ਦੰਗੇ ਲਈ ਉਕਸਾਉਣ ਦਾ ਯਤਨ ਕਰਨ ਕਾਰਨ ਉਸ ਨੂੰ ਤਨਹਾਈ ਵਿਚ ਰਹਿਣ ਦੀ ਸਜ਼ਾ ਦਿੱਤੀ ਗਈ ਹੈ।
“ਦੋ ਦਿਨਾਂ ਬਾਅਦ ਅਮਰਨਾਥ ਦੀ ਕੋਠੜੀ ਵਿਚੋਂ ਅਜੀਬ-ਅਜੀਬ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਸਨ। ਪਹਿਲਾਂ ਉਹ ਆਪਣੇ ਮੋਏ ਪੁੱਤ ਨੂੰ ਯਾਦ ਕਰ-ਕਰ ਕੇ ਕੀਰਨੇ ਪਾਉਂਦਾ ਸੀ। ਹੁਣ ਆਪਣੇ ਆਪ ਨੂੰ ਗਾਲ੍ਹਾਂ ਕੱਢਦਾ ਹੈ ਕਿ ਮੈਂ ਮੁੰਡੇ ਨੂੰ ਅਮੀਰ ਬਣਾਉਣ ਦਾ ਸੁਫ਼ਨਾ ਦੇਖਣ ਦਾ ਅਪਰਾਧ ਕੀਤਾ। ਮੁੰਡੇ ਦੀ ਮੌਤ ਲਈ ਮੈਂ ਜ਼ਿੰਮੇਵਾਰ ਹਾਂ। ਕਦੇ ਉਹ ਸਹਾਇਕ ਦਰੋਗ਼ੇ ਨੂੰ ਗਾਲ੍ਹਾਂ ਕੱਢਦਾ ਹੈ। ਕਦੇ ਆਪਣੀ ਪਤਨੀ ਨੂੰ ਹਾਕਾਂ ਮਾਰਦਾ ਹੈ। ਤੂੰ ਮੇਰਾ ‘ਕਹਿਣਾ ਨਹੀਂ ਮੰਨਦੀ’ ਆਖ ਕੇ ਉਸ ਨੂੰ ਗਾਲ੍ਹਾਂ ਕੱਢਦਾ ਹੈ।
“ਤਿੰਨ ਦਿਨਾਂ ਵਿਚ ਉਸ ਦਾ ਇਹ ਹਾਲ ਹੈ। ਪੰਦਰਾਂ ਦਿਨਾਂ ਬਾਅਦ ਕੋਠੜੀ ਵਿਚੋਂ ਕੀ ਨਿਕਲੇਗਾ? ਸੈਸ਼ਨ ਜੱਜ ਨੂੰ ਕਿਆਸ ਲਾ ਲੈਣਾ ਚਾਹੀਦਾ ਹੈ।
“ਮੋਠੂ ਨੂੰ ਜੇਲ੍ਹ ਤੋੜ ਕੇ ਭੱਜਣ ਦੀ ਤਿਆਰੀ ਕਰਨ ਦੇ ਸੰਗੀਨ ਜੁਰਮ ਵਿਚ ਦਸ ਦਿਨਾਂ ਲਈ ਤਨਹਾਈ ਕੋਠੜੀ ਵਿਚ ਬੰਦ ਕੀਤਾ ਗਿਆ ਸੀ। ਇਕ ਹਫ਼ਤਾ ਪਹਿਲਾਂ ਚੀਫ਼ ਵਾਰਡਰ ਨੇ ਤਲਾਸ਼ੀ ਦੌਰਾਨ ਉਸ ਦੇ ਪੀਪੇ ਵਿਚੋਂ ਇਕ ਪੇਚਕੱਸ ਅਤੇ ਇਕ ਲੋਹਾ ਕੱਟਣ ਵਾਲਾ ਬਲੇਡ ਬਰਾਮਦ ਕੀਤਾ ਸੀ।
“ਬੰਤ ਸਿੰਘ ਉਪਰ ਕਤਲ ਦਾ ਦੋਸ਼ ਹੈ। ਪੰਦਰਾਂ ਦਿਨਾਂ ਬਾਅਦ ਉਸ ਦੇ ਕੇਸ ਵਿਚ ਗਵਾਹੀਆਂ ਹੋਣੀਆਂ ਹਨ। ਸਲਾਹ-ਮਸ਼ਵਰੇ ਲਈ ਵਕੀਲ ਨੂੰ ਜੇਲ੍ਹ ਆਉਣਾ ਪੈਂਦਾ ਸੀ। ਵਕੀਲ ਉਸ ਨੂੰ ਇਕਾਂਤ ਵਿਚ ਮਿਲਣਾ ਚਾਹੁੰਦਾ ਸੀ। ਇਹ ਉਸ ਦਾ ਕਾਨੂੰਨੀ ਅਧਿਕਾਰ ਸੀ। ਕਿਸੇ ਤੀਜੇ ਵਿਅਕਤੀ ਵੱਲੋਂ ਸੁਣੀਆਂ ਗੱਲਾਂ ਬੰਤ ਸਿੰਘ ਲਈ ਘਾਤਕ ਸਿੱਧ ਹੋ ਸਕਦੀਆਂ ਸਨ। ਮੁਲਾਕਾਤੀ ਡਿਉੜੀ ਵਾਲਾ ਵਾਰਡਰ ਵਕੀਲ ਦੀ ਗੱਲ ਨਹੀਂ ਸੀ ਮੰਨ ਰਿਹਾ। ਉਹ ਕੁਰਸੀ ਡਾਹ ਕੇ ਪਿੱਛੇ ਜਾ ਬੈਠਦਾ ਸੀ। ਕੰਨ ਲਾ ਕੇ ਗੱਲਾਂ ਸੁਣਨ ਦਾ ਯਤਨ ਕਰਦਾ ਸੀ। ਬੰਤ ਨੇ ਮੋਟੀ ਰਕਮ ਦੀ ਪੇਸ਼ਕਸ਼ ਵੀ ਕੀਤੀ ਪਰ ਉਸ ਦੇ ਕੰਨ ’ਤੇ ਜੂੰ ਨਾ ਸਰਕੀ। ਬੰਤ ਨੂੰ ਸ਼ੱਕ ਹੋ ਗਿਆ ਕਿ ਉਹ ਦੂਜੀ ਧਿਰ ਨਾਲ ਮਿਲਿਆ ਹੋਇਆ ਹੈ। ਉਂਜ ਵੀ ਉਹ ਉਸ ਉਪਰ ਸਖ਼ਤੀ ਵਰਤਦਾ ਸੀ। ਵਕੀਲ ਚਾਹੁੰਦਾ ਤਾਂ ਅਦਾਲਤ ਕੋਲੋਂ ਇਕਾਂਤ ਵਿਚ ਗੱਲਬਾਤ ਕਰਨ ਦਾ ਹੁਕਮ ਕਰਵਾ ਸਕਦਾ ਸੀ, ਪਰ ਉਹ ਆਪਣੇ ਸਾਇਲ ਨੂੰ ਵਾਧੂ ਪ੍ਰੇਸ਼ਾਨੀ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਨਰਾਜ਼ ਹੋਏ ਵਾਰਡਰ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸੀ। ਸਬਰ ਦਾ ਘੁੱਟ ਭਰ ਕੇ ਉਹ ਹਰ ਵਾਰ ਬੇਰੰਗ ਮੁੜਦਾ ਰਿਹਾ। ਸੋਚਦਾ ਸੀ ਦੋ-ਚਾਰ ਦਿਨਾਂ ਬਾਅਦ ਉਸ ਦੀ ਡਿਊਟੀ ਬਦਲ ਜਾਏਗੀ। ਉਹ ਕੇਸ ਦੀ ਤਿਆਰੀ ਫੇਰ ਕਰ ਲਏਗਾ, ਪਰ ਤਾਰੀਖ਼ ਦੇ ਸਿਰ ’ਤੇ ਆਉਣ ਤਕ ਵੀ ਜਦੋਂ ਵਾਰਡਰ ਨੇ ਪਿੱਛਾ ਨਾ ਛੱਡਿਆ ਤਾਂ ਹਿਰਖੇ ਵਕੀਲ ਨੂੰ ਕਾਨੂੰਨੀ ਚਾਰਾਜੋਈ ਕਰਨੀ ਪਈ। ਅਦਾਲਤ ਦੀ ਦਖ਼ਲ ਅੰਦਾਜ਼ੀ ਨਾਲ ਵਕੀਲ ਦਾ ਮਕਸਦ ਹੱਲ ਹੋ ਗਿਆ ਪਰ ਜੇਲ੍ਹ ਅਧਿਕਾਰੀਆਂ ਨੂੰ ਵੱਟ ਚੜ੍ਹ ਗਿਆ। ਵਾਰਡਰ ਨੇ ਸਹਾਇਕ ਦਰੋਗ਼ੇ ਦੇ ਕੰਨ ਭਰੇ, ਦਰੋਗ਼ੇ ਨੇ ਡਿਪਟੀ ਦੇ। ਡਿਪਟੀ ਨੇ ਸੁਪਰਡੈਂਟ ਕੋਲ ਮੁਖ਼ਬਰੀ ਕੀਤੀ। ‘ਇਸ ਵਾਰ ਪੇਸ਼ੀ ’ਤੇ ਗਏ ਬੰਤ ਨੇ ਵਾਪਸ ਨਹੀਂ ਮੁੜਨਾ। ਉਹ ਬਖ਼ਸ਼ੀ-ਖ਼ਾਨਿਉਂ ਭੱਜਣ ਦੀਆਂ ਤਿਆਰੀਆਂ ਕਰ ਰਿਹਾ ਹੈ। ਵਕੀਲ ਉਸ ਨਾਲ ਮਿਲਿਆ ਹੋਇਆ ਹੈ। ਯੋਜਨਾ ਸਿਰੇ ਚਾੜ੍ਹਨ ਵਿਚ ਮਦਦ ਕਰ ਰਿਹਾ ਹੈ।’ ਡਿਪਟੀ ਨੇ ਸਮੱਸਿਆ ਦਾ ਹੱਲ ਪੇਸ਼ ਕੀਤਾ, ‘ਬੰਤ ਨੂੰ ਹੱਥਕੜੀਆਂ ਦੇ ਨਾਲ ਬੇੜੀਆਂ ਪਾਉਣ ਦਾ ਹੁਕਮ ਫ਼ਰਮਾਇਆ ਜਾਵੇ।
“ਹੱਥਕੜੀਆਂ ਅਤੇ ਬੇੜੀਆਂ ਵਿਚ ਜਕੜੇ ਬੰਤ ਦੀ ਹਾਲਤ ਤਰਸਯੋਗ ਹੈ।
“ਕਿਸ-ਕਿਸ ਦੀ ਵਿਥਿਆ ਸੁਣਾਈ ਜਾਵੇ?
“ਤੁਹਾਡੇ ’ਤੇ ਸ਼ਾਇਦ ਇਸ ਵਿਥਿਆ ਦਾ ਕੋਈ ਅਸਰ ਨਾ ਹੋਵੇ। ਤੁਹਾਡਾ ਝੁਕਾਅ ਫ਼ਰਜ਼ਾਂ ਦੀ ਥਾਂ ਆਪਣੇ ਮਿੱਤਰਾਂ ਵੱਲ ਹੈ। ਤੁਸੀਂ ਆਈਆਂ ਫ਼ਰਿਆਦਾਂ ਦੀ ਸੂਚਨਾ ਉਹਨਾਂ ਨੂੰ ਪਹੁੰਚਾ ਦਿੱਤੀ ਹੈ। ਉਹਨਾਂ ਨੇ ਕੈਦੀਆਂ ਦੀਆਂ ਵਾਗਾਂ ਕੱਸ ਦਿੱਤੀਆਂ ਹਨ। ਜੇਲ੍ਹ ਅਧਿਕਾਰੀ ਚੁਕੰਨੇ ਹੋ ਗਏ ਹਨ। ਹਰੀ ਓਮ ਨੇ ਮੋਦਨ ਕੋਲੋਂ ਹਲਫ਼ੀਆ ਬਿਆਨ ਤਸਦੀਕ ਕਰਵਾ ਕੇ ਕੋਲ ਰੱਖ ਲਿਆ ਹੈ। ਹਸਪਤਾਲ ਦਾ ਰਿਕਾਰਡ ਬਦਲ ਚੁੱਕਾ ਹੈ। ਹੇਮਾ ਮਰਨ ਕਿਨਾਰੇ ਹੈ। ਉਸ ਦੇ ਮਰਨ ਬਾਅਦ ਜੇਲ੍ਹ ’ਚ ਕੀ ਕਰਨ ਆਉਗੇ? ਬਸੰਤ ਨੂੰ ਲਾਲਚ ਦਿੱਤੇ ਜਾ ਰਹੇ ਹਨ। ਕੀ ਉਸ ਦੇ ਮੁਕਰਨ ਦਾ ਇੰਤਜ਼ਾਰ ਕਰ ਰਹੇ ਹੋ?
“ਕਿਰਪਾ ਕਰ ਕੇ ਆਪਣੇ ਫ਼ਰਜ਼ਾਂ ਨੂੰ ਪਛਾਣੋ। ਮੂਕ ਦੁਖੜੇ ਸਹਿੰਦੇ ਕੈਦੀਆਂ ਦੇ ਦਸੌਂਦੇ ਕੱਟੋ।”
ਹਿਰਦੇਪਾਲ ਨੇ ਖ਼ਤ ਕਈ ਵਾਰ ਘੋਖਿਆ। ਲਿਖਣ ਵਾਲਿਆਂ ਦਾ ਨਾਂ-ਪਤਾ ਕਿਧਰੇ ਦਰਜ ਨਹੀਂ ਸੀ।
ਇਕ ਵਾਰ ਉਸ ਨੂੰ ਲੱਗਾ ਇਹ ਖ਼ਤ ਕਿਸੇ ਕੈਦੀ ਨੇ ਉਸ ਨੂੰ ਉਕਸਾਉਣ ਅਤੇ ਜੇਲ੍ਹ ਅਧਿਕਾਰੀਆਂ ਵਿਰੁੱਧ ਭੜਕਾਉਣ ਲਈ ਲਿਖਿਆ ਹੈ। ਕੈਦੀਆਂ ਨਾਲ ਏਨਾ ਧੱਕਾ ਨਹੀਂ ਹੋ ਸਕਦਾ।
ਫੇਰ ਉਸ ਦੀ ਸੋਚ ਬਦਲੀ। ਖ਼ਤ ਵਿਚ ਕੈਦੀਆਂ ਦੇ ਨਾਂ, ਕੀਤੇ ਜੁਰਮਾਂ ਅਤੇ ਮਿਲੀਆਂ ਸਜ਼ਾਵਾਂ ਦਾ ਪੂਰਾ ਵੇਰਵਾ ਦਰਜ ਹੈ। ਉਸ ਦੇ ਆਪਣੇ ਦੌਰਿਆਂ ਬਾਰੇ ਵੀ ਟਿੱਪਣੀਆਂ ਸਨ ਜੋ ਦਰੁਸਤ ਸਨ। ਹਿਰਦੇਪਾਲ ਕਾਰਵਾਈ ਕਰਨ ਤੋਂ ਪਹਿਲਾਂ ਤੱਥਾਂ ਦੀ ਘੋਖ ਕਰ ਸਕਦਾ ਸੀ। ਉਸ ਨੂੰ ਸੱਦਾ ਵੀ ਤੱਥ ਘੋਖਣ ਦਾ ਦਿੱਤਾ ਗਿਆ ਸੀ।
ਫੇਰ ਉਸ ਨੂੰ ਸਮਝ ਆਈ। ਲਿਖਣ ਵਾਲੇ ਨੇ ਆਪਣਾ ਨਾਂ ਜਾਣ-ਬੁਝ ਕੇ ਗੁਪਤ ਰੱਖਿਆ ਹੈ। ਮਤਲਬ ਉਹ ਕੋਈ ਕੈਦੀ ਹੈ। ਆਪਣੀ ਪਹਿਚਾਣ ਦੱਸ ਕੇ ਉਹ ਬਲਾ ਗਲ ਨਹੀਂ ਪਾ ਸਕਦਾ।
ਹਿਰਦੇਪਾਲ ਨੂੰ ਹੋਰ ਸਮਝ ਆਈ। ਲਿਖਣ ਵਾਲਾ ਕੋਈ ਵੀ ਹੋਵੇ, ਹੈ ਲੋਕ-ਹਿਤਾਇਸ਼ੀ। ਖ਼ਤ ਪੜ੍ਹ ਕੇ ਹਿਰਦੇਪਾਲ ਨੂੰ ਆਪਣੀ ਅਣਗਹਿਲੀ ’ਤੇ ਸ਼ਰਮ ਆਈ। ਉਹ ਸੈਸ਼ਨ ਜੱਜ ਬਣ ਚੁੱਕਾ ਹੈ। ਕਈ ਵਾਰ ਜੇਲ੍ਹ ਦਾ ਦੌਰਾ ਕਰ ਚੁੱਕਾ ਹੈ। ਉਸ ਨੂੰ ਪਤਾ ਹੀ ਨਹੀਂ ਕਿ ਇਹਨਾਂ ਜੇਲ੍ਹ ਦੌਰਿਆਂ ਦਾ ਮਕਸਦ ਕੀ ਹੈ? ਕੈਦੀਆਂ ਦੀਆਂ ਸਮੱਸਿਆਵਾਂ ਅਤੇ ਜੇਲ੍ਹ ਪ੍ਰਬੰਧ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਗਹਿਰ-ਗੰਭੀਰ ਅਧਿਐਨ ਕੀ ਕਰਨਾ ਸੀ, ਉਸ ਨੇ ਹਾਲੇ ਤਕ ਜੇਲ੍ਹ ਮੈਨੂਅਲ ਤਕ ਨਹੀਂ ਪੜ੍ਹਿਆ।
“ਮੈਨੂੰ ਆਮ ਲੋਕਾਂ ਦੀ ਜ਼ਿੰਦਗੀ ਬਾਰੇ ਬਹੁਤਾ ਗਿਆਨ ਨਹੀਂ।” ਉਸ ਨੂੰ ਆਪਣੀ ਘਾਟ ਮਹਿਸੂਸ ਹੋਈ।
ਉਹ ਅਮੀਰ ਘਰ ਜੰਮਿਆ ਹੈ। ਸੁਰਤ ਸੰਭਾਲਦੇ ਹੀ ਪੜ੍ਹਨ ਲਈ ਸਨਾਵਰ ਸਕੂਲ ਚਲਿਆ ਗਿਆ। ਬਾਕੀ ਪੜ੍ਹਾਈ ਦਿੱਲੀਉਂ ਕੀਤੀ। ਵਕਾਲਤ ਚੰਡੀਗੜ੍ਹੋਂ। ਮਾਮਾ ਹਾਈ ਕੋਰਟ ਦਾ ਜੱਜ ਸੀ। ਜੱਜੀ ਉਸ ਨੇ ਭਾਣਜੇ ਨੂੰ ਤਸ਼ਤਰੀ ਵਿਚ ਪਰੋਸ ਕੇ ਦਿੱਤੀ। ਅੱਜ ਤਕ ਉਹ ਗੋਲ-ਮਟੋਲ ਮੁੰਡਿਆਂ ਅਤੇ ਸੁਨੱਖੀਆਂ ਇਸਤਰੀਆਂ ਵਿਚ ਘਿਰਿਆ ਰਿਹਾ। ਸਾਉਣ ਦੇ ਅੰਨ੍ਹੇ ਵਾਂਗ ਉਸ ਨੂੰ ਹਰ ਥਾਂ ਹਰਾ ਨਜ਼ਰ ਆਉਂਦਾ ਹੈ। ਅੱਜ ਤਕ ਉਸ ਨੇ ਕਿਸੇ ਔਕੜ ਦਾ ਸਾਹਮਣਾ ਨਹੀਂ ਕੀਤਾ। ਇਸੇ ਲਈ ਉਸ ਨੂੰ ਦੂਜਿਆਂ ਦੀਆਂ ਔਕੜਾਂ ਦਾ ਅਹਿਸਾਸ ਨਹੀਂ। ਨਾ ਉਹ ਕਦੇ ਕਿਸੇ ਪਿੰਡ ਰਿਹਾ ਹੈ, ਨਾ ਉਸ ਨੇ ਕਿਸੇ ਮਜ਼ਦੂਰ ਕਿਸਾਨ ਨੂੰ ਮਿੱਟੀ ਨਾਲ ਮਿੱਟੀ ਹੁੰਦੇ ਦੇਖਿਆ ਹੈ।
ਸ਼ਾਇਦ ਉਸ ਦੀ ਕਿਸੇ ਅਗਿਆਨਤਾ ਦਾ ਜੇਲ੍ਹ ਅਧਿਕਾਰੀਆਂ ਨੇ ਫ਼ਾਇਦਾ ਉਠਾਇਆ ਹੈ। ਉਸ ਨੂੰ ਧੋਖੇ ਵਿਚ ਰੱਖ ਕੇ ਮਨਮਰਜ਼ੀ ਕੀਤੀ ਹੈ।
ਹਿਰਦੇਪਾਲ ਨੇ ਫ਼ੈਸਲਾ ਕੀਤਾ। ਉਹ ਕੱਲ੍ਹ ਹੀ ਜੇਲ੍ਹ ਜਾਏਗਾ। ਪਹਿਲਾਂ ਵਾਲੇ ਸੈਸ਼ਨ ਜੱਜ ਵਾਂਗ ਨਹੀਂ, ਇਕ ਨਵੇਂ ਅਵਤਾਰ ਵਿਚ।
ਫੇਰ ਹਿਰਦੇਪਾਲ ਨੇ ਦਫ਼ਤਰ ਦੇ ਸੁਪਰਡੈਂਟ ਨੂੰ ਬੁਲਾਇਆ। ਉਸ ਨੂੰ ਹੁਕਮ ਸੁਣਾਇਆ।
“ਤੂੰ ਤੁਰੰਤ ਲਾਇਬਰੇਰੀ ਜਾ। ਜੇਲ੍ਹ ਮੈਨੂਅਲ ਦੇ ਨਾਲ-ਨਾਲ ਜੇਲ੍ਹ ਸੁਧਾਰਾਂ ਸੰਬੰਧੀ ਸਾਰੀਆਂ ਕਿਤਾਬਾਂ ਕਢਵਾ ਲਿਆ। ਮੈਂ ਕੁਝ ਅਧਿਐਨ ਕਰਨਾ ਹੈ।”
ਫੇਰ ਉਸ ਨੇ ਆਪਣੇ ਮਿੱਤਰ ਜੇਲ੍ਹ ਸੁਪਰਡੈਂਟ ਨੂੰ ਫ਼ੋਨ ਕੀਤਾ।
“ਕੱਲ੍ਹ ਨੂੰ ਐਤਵਾਰ ਹੈ। ਸਾਰਾ ਦਿਨ ਮੇਰੇ ਲਈ ਖ਼ਾਲੀ ਰੱਖਣਾ। ਨਾਸ਼ਤਾ ਮੇਰੇ ਨਾਲ ਕਰਨਾ। ਫੇਰ ਆਪਾਂ ਇਕ ਮਿਸ਼ਨ ’ਤੇ ਨਿਕਲਾਂਗੇ।”
ਫੇਰ ਉਹ ਅਗਲੇ ਦਿਨ ਦੀ ਤਿਆਰੀ ਵਿਚ ਰੁਝ ਗਿਆ।
48
ਜੇਲ੍ਹ ਸੁਪਰਡੈਂਟ ਨੂੰ ਸੈਸ਼ਨ ਹਾਊਸ ਆਇਆਂ ਇਕ ਘੰਟਾ ਹੋ ਗਿਆ ਸੀ। ਨਾਸ਼ਤਾ ਖ਼ਤਮ ਹੋ ਚੱਕਾ ਸੀ। ਇਸ ਸਮੇਂ ਦੌਰਾਨ ਹਿਰਦੇਪਾਲ ਨੇ ਚੁੱਪ ਧਾਰ ਲਈ ਸੀ। ਪਹਿਲਾਂ ਵਾਂਗ ਇਕ ਵਾਰ ਵੀ ਉਹ ਖੁੱਲ੍ਹ ਕੇ ਨਹੀਂ ਸੀ ਹੱਸਿਆ। ਰਣਜੋਧ ਸਿੰਘ ਨੂੰ ਉੱਬਲਚਿੱਤੀ ਲੱਗ ਗਈ। ਆਖ਼ਰ ਮਾਜਰਾ ਕੀ ਹੈ?
ਆਨੇ-ਬਹਾਨੇ ਉਸ ਨੇ ਕਈ ਵਾਰ ਅਗਲੇ ਪ੍ਰੋਗਰਾਮ ਬਾਰੇ ਪੁੱਛਿਆ, ਪਰ ਕੁਝ ਪੱਲੇ ਨਾ ਪਿਆ। ਘਰ ਬੈਠਣ ਦੀ ਤਿਆਰੀ ਨਹੀਂ ਸੀ ਜਾਪਦੀ। ਨਾ ਲਾਲ ਬੱਤੀ ਵਾਲੀ ਕਾਰ ਗੈਰਜੋਂ ਬਾਹਰ ਨਿਕਲੀ ਸੀ, ਨਾ ਕਿਧਰੇ ਡਰਾਈਵਰ ਨਜ਼ਰ ਆਉਂਦਾ ਸੀ।
“ਅੱਜ ਕਿਧਰ ਚੜ੍ਹਾਈ ਕਰਨੀ ਹੈ?” ਜਦੋਂ ਰਣਜੋਧ ਸਿੰਘ ਦੇ ਸਬਰ ਦੇ ਕੜ ਪਾਟ ਗਏ ਤਾਂ ਉਸ ਨੇ ਸਿੱਧਾ ਹੀ ਪੁੱਛ ਲਿਆ।
“ਅੱਜ ਆਪਾਂ ਤੇਰੀ ਜੇਲ੍ਹ ਦਾ ਗ਼ੈਰ-ਰਸਮੀ ਦੌਰਾ ਕਰਾਂਗੇ। ਅੰਦਰ ਕੀ ਵਾਪਰਦਾ ਹੈ? ਮੈਂ ਇਹ ਜਾਨਣਾ ਚਾਹੁੰਦਾ ਹਾਂ। ਇਸ ਖੋਜ ਵਿਚ ਮੇਰੀ ਮਦਦ ਕਰ। ਮੇਰੇ ਨਾਲ ਵਾਅਦਾ ਕਰ, ਕਿਸੇ ਕਰਮਚਾਰੀ ਨੂੰ ਦੌਰੇ ਦੀ ਸੂਚਨਾ ਨਹੀਂ ਦੇਵੇਂਗਾ। ਕੋਈ ਤਿਆਰੀ ਨਹੀਂ ਕਰੇਂਗਾ। ਜੋ ਮੈਂ ਪੁੱਛਾਂਗਾ ਉਸ ਦਾ ਸਹੀ-ਸਹੀ ਉੱਤਰ ਦੇਵੇਂਗਾ।”
ਮਿੱਤਰ ਦੇ ਜ਼ੋਰ ਪਾਉਣ ’ਤੇ ਹਿਰਦੇਪਾਲ ਨੇ ਰਹੱਸ ਖੋਲ੍ਹਿਆ।
“ਕੋਈ ਨਵਾਂ ਪੁਆੜਾ ਪੈ ਗਿਆ?” ਮਨ ਦਾ ਤੌਖ਼ਲਾ ਦੂਰ ਕਰਨ ਲਈ ਰਣਜੋਧ ਸਿੰਘ ਨੇ ਸਪੱਸ਼ਟੀਕਰਨ ਮੰਗਿਆ।
“ਨਹੀਂ, ਅਜਿਹੀ ਕੋਈ ਗੱਲ ਨਹੀਂ। ਕੱਲ੍ਹ ਜੇਲ੍ਹ ਜੀਵਨ ਬਾਰੇ ਮੇਰੇ ਹੱਥ ਇਕ ਕਿਤਾਬ ਲੱਗਗਈ। ਉਸ ਕਿਤਾਬ ਵਿਚ ਜੇਲ੍ਹ ਅੰਦਰ ਵਾਪਰ ਰਹੇ ਘਿਨਾਉਣੇ ਸੱਚ ਨੂੰ ਵਿਸਥਾਰ ਨਾਲ ਚਿਤਰਿਆ ਗਿਆ ਹੈ। ਮੈਨੂੰ ਉਹਨਾਂ ਗੱਲਾਂ ’ਤੇ ਯਕੀਨ ਨਹੀਂ ਆ ਰਿਹਾ। ਬੱਸ ਕੁਝ ਤੱਥਾਂ ਦੀ ਪਰਖ ਕਰਨੀ ਹੈ। ਨਾਲੇ ਜਿਹੜੀਆਂ ਸ਼ਿਕਾਇਤਾਂ ਆਈਆਂ ਹੋਈਆਂ ਹਨ, ਉਹਨਾਂ ਦਾ ਨਿਪਟਾਰਾ ਕਰ ਦੇਵਾਂਗਾ।’
ਰਣਜੋਧ ਸਿੰਘ ਵਾਅਦਾ ਕਰਨ ਤੋਂ ਸਿਵਾ ਕੁਝ ਨਹੀਂ ਸੀ ਕਰ ਸਕਦਾ। ਮਜਬੂਰੀ-ਵੱਸ ਉਸ ਨੇ ਹੱਥ ਮਿਲਾਇਆ।
ਆਮ ਸ਼ਹਿਰੀਆਂ ਵਾਂਗ ਉਹਨਾਂ ਨੇ ਜੇਲ੍ਹ ਵਿਚ ਪ੍ਰਵੇਸ਼ ਕੀਤਾ।
ਉਸ ਸਮੇਂ ਕੈਦੀਆਂ ਲਈ ਸਵੇਰ ਦਾ ਖਾਣਾ ਲਿਜਾਇਆ ਜਾ ਰਿਹਾ ਸੀ। ਇਸ ਕੰਮ ਲਈ ਸਾਈਕਲ ਰੇਹੜੀਆਂ ਦੀ ਵਰਤੋਂ ਹੋ ਰਹੀ ਸੀ।
ਸੈਸ਼ਨ ਜੱਜ ਦੇ ਆਖਣ ’ਤੇ ਜੇਲ੍ਹ ਸੁਪਰਡੈਂਟ ਨੇ ਇਕ ਰੇਹੜੀ ਰੁਕਵਾ ਲਈ।
ਰੇਹੜੀ ਵਿਚ ਮਣ-ਮਣ ਦੀ ਸਮਰੱਥਾ ਵਾਲੇ ਦੋ ਦੁੱਧ ਵਾਲੇ ਢੋਲ ਸਨ। ਢੋਲਾਂ ਵਿਚ ਦਾਲ ਸੀ। ਨਾਲ ਦੋ-ਦੋ ਲੋਹੇ ਦੀਆਂ ਬਾਲਟੀਆਂ ਸਨ। ਬਾਲਟੀਆਂ ਵਿਚ ਕੜਛੇ ਸਨ। ਅਹਾਤੇ ਵਿਚ ਜਾ ਕੇ ਦਾਲ ਨੂੰ ਪਹਿਲਾਂ ਬਾਲਟੀਆਂ ਵਿਚ ਪਲਟਿਆ ਜਾਣਾ ਸੀ, ਫੇਰ ਕੜਛਿਆਂ ਰਾਹੀਂ ਕੈਦੀਆਂ ਨੂੰ ਵਰਤਾਇਆ ਜਾਣਾ ਸੀ। ਢੋਲਾਂ ਦੇ ਨਾਲ ਇਕ ਦੂਜੇ ਉਪਰ ਰੱਖੇ ਟੋਕਰੇ ਸਨ। ਨਾਲ ਛਿੱਕੂ ਸਨ।
ਪਹਿਲਾਂ ਜਦੋਂ ਉਹ ਦੌਰੇ ’ਤੇ ਆਉਂਦਾ ਸੀ ਤਾਂ ਕੈਦੀਆਂ ਨੂੰ ਵਰਤਾਏ ਜਾਂਦੇ ਖਾਣੇ ਦੀ ਪੜਤਾਲ ਵੱਖਰੇ ਢੰਗ ਨਾਲ ਕਰਾਈ ਜਾਂਦੀ ਸੀ। ਜੇਲ੍ਹ ਦੇ ਵੱਡੇ ਵਿਹੜੇ ਵਿਚ ਇਕ ਮੇਜ਼ ਸਜਾਇਆ ਜਾਂਦਾ ਸੀ। ਮੇਜ਼ ਉਪਰ ਦੋ ਵੱਡੇ ਸਟੀਲ ਦੇ ਡੱਬੇ ਰੱਖੇ ਜਾਂਦੇ ਸਨ। ਇਕ ਵਿਚ ਦਾਲ, ਦੂਜੇ ਵਿਚ ਸਬਜ਼ੀ ਹੁੰਦੀ ਸੀ। ਨਾਲ ਸਾਫ਼-ਸੁਥਰੇ ਪੋਣੇ ਵਿਚ ਲਪੇਟੀਆਂ ਰੋਟੀਆਂ ਪਈਆਂ ਹੁੰਦੀਆਂ ਸਨ। ਕੋਲ ਤੱਕੜੀ ਹੁੰਦੀ ਸੀ। ਤੱਕੜੀ ਦੇ ਇਕ ਪੱਲੜੇ ਵਿਚ ਵੱਟੇ ਹੁੰਦੇ ਸਨ। ਇਹ ਦੌਰੇ ’ਤੇ ਆਏ ਅਫ਼ਸਰ ਲਈ ਇਸ਼ਾਰਾ ਹੁੰਦਾ ਸੀ। ਜੇ ਸ਼ੱਕ ਹੋਵੇ ਤਾਂ ਉਹ ਰੋਟੀ ਦਾ ਵਜ਼ਨ ਕਰ ਸਕਦਾ ਸੀ। ਕੈਦੀ ਨੂੰ ਚਾਰ ਰੋਟੀਆਂ ਮਿਲਦੀਆਂ ਹਨ। ਹਰ ਰੋਟੀ ਦਾ ਭਾਰ ਸੌ ਗਰਾਮ ਹੁੰਦਾ ਹੈ।
ਪਿਛਲੇ ਦੌਰੇ ਸਮੇਂ ਸੁਪਰਡੈਂਟ ਨੇ ਆਪਣੇ ਹੱਥੀਂ ਕੌਲੀਆਂ ਵਿਚ ਦਾਲ ਸਬਜ਼ੀ ਪਾਈ ਸੀ। ਰੋਟੀ ਦੀ ਇਕ ਬੁਰਕੀ ਖ਼ੁਦ ਖਾਧੀ ਸੀ। ਦੂਜੀ ਸੈਸ਼ਨ ਜੱਜ ਨੂੰ ਪੇਸ਼ ਕੀਤੀ ਸੀ।
ਦਾਲ ਸਬਜ਼ੀ ਦਾ ਰੰਗ, ਉਪਰ ਤਰਦਾ ਘਿਓ ਅਤੇ ਮਸਾਲਿਆਂ ਦੀ ਮਹਿਕ ਸੁਆਦ ਦੀਸੂਹ ਦੇਣ ਲਈ ਕਾਫ਼ੀ ਸੀ। ਰੋਟੀ ਸਾਫ਼-ਸੁਥਰੀ ਅਤੇ ਪੂਰੀ ਤਰ੍ਹਾਂ ਸਿਕੀ ਹੋਈ ਸੀ। ਵਜ਼ਨ ਵੀ ਪੂਰਾਸੀ।
ਹਿਰਦੇਪਾਲ ਬਿਨਾਂ ਸਵਾਦ ਚੱਖਿਆਂ ਨਮੂਨਾ ਪਾਸ ਕਰਨਾ ਚਾਹੁੰਦਾ ਸੀ, ਪਰ ਲੋਕਾਂ ਵਿਚ ਇਕ ਮਿੱਥ ਪ੍ਰਚਲਿਤ ਹੈ ਕਿ ‘ਮੌਕਾ ਮਿਲਦੇ ਹੀ ਜੇਲ੍ਹ ਦੀ ਰੋਟੀ ਖਾ ਲੈਣੀ ਚਾਹੀਦੀ ਹੈ।’ ਕਹਿੰਦੇ ਹਨ, ਇਸ ਤਰ੍ਹਾਂ ਕਰਨ ਨਾਲ ਕਿਸਮਤ ਵਿਚ ਲਿਖੀਆਂ ਜੇਲ੍ਹ ਦੀਆਂ ਰੋਟੀਆਂ ਦੀ ਗਿਣਤੀ ਘਟ ਜਾਂਦੀ ਹੈ।
ਰਣਜੋਧ ਸਿੰਘ ਨੇ ਉਸ ਨੂੰ ਦੂਸਰੀ ਬੁਰਕੀ ਤੋੜਦੇ ਨੂੰ ਰੋਕ ਕੇ ਆਖਿਆ ਸੀ, “ਇਸ ਨੂੰ ਛੱਡੋ। ਤੁਹਾਡੇ ਖਾਣੇ ਦਾ ਪ੍ਰਬੰਧ ਵੱਖਰੇ ਤੌਰ ’ਤੇ ਕੀਤਾ ਗਿਆ ਹੈ।”
ਹੁਣ ਸਥਿਤੀ ਹੋਰ ਸੀ। ਉਸ ਦੇ ਮਨ ਵਿਚ ਖ਼ਤ ਵਿਚ ਦਰਜ ਦਾਲ ਰੋਟੀ ਦਾ ਦ੍ਰਿਸ਼ ਘੁੰਮ ਰਿਹਾ ਸੀ।
ਉਸ ਦੇ ਸਾਹਮਣੇ ਪਈਆਂ ਰੋਟੀਆਂ ਇਕ ਪੁਰਾਣੇ ਮੈਲੇ ਅਤੇ ਦਾਲ ਦੇ ਛਿੱਟਿਆਂ ਨਾਲ ਡੱਬ-ਖੜੱਬੇ ਹੋਏ ਕੱਪੜੇ ਨਾਲ ਢੱਕੀਆਂ ਹੋਈਆਂ ਸਨ। ਕੱਪੜੇ ਉਪਰ ਬੈਠੀਆਂ ਸੈਂਕੜੇ ਮੱਖੀਆਂ ਹਮਲੇ ਲਈ ਤਿਆਰ ਸਨ।
ਸੱਚ ਤੋਂ ਪਰਦਾ ਚੁੱਕਣ ਲਈ ਹਿਰਦੇਪਾਲ ਨੇ ਰੋਟੀਆਂ ਉਪਰ ਪਿਆ ਕੱਪੜਾ ਹਟਾ ਦਿੱਤਾ। ਰੋਟੀਆਂ ਨੂੰ ਹੱਥਾਂ ਵਿਚ ਚੁੱਕ ਕੇ ਉਲਟਿਆ ਪਲਟਿਆ। ਕੋਈ ਰੋਟੀ ਕੱਚੀ ਸੀ, ਕੋਈ ਜਲੀ ਹੋਈ। ਕਿਸੇ ਦਾ ਭਾਰ ਅੱਧਾ ਸੀ, ਕਿਸੇ ਦਾ ਪੌਣਾ। ਕਈ ਰੋਟੀਆਂ ਦੇ ਕੰਢੇ ਸਖ਼ਤ ਸਨ ਜਿਵੇਂ ਬਾਸੀਆਂ ਹੋਣ।
“ਜ਼ਰਾ ਦਾਲ ਦੇ ਦਰਸ਼ਨ ਕਰਾਓ।”
ਝਿਜਕਦੇ ਕੈਦੀ ਨੇ ਢੋਲ ਦਾ ਢੱਕਣ ਖੋਲ੍ਹ ਦਿੱਤਾ। ਵਿਚੋਂ ਪੀਲਾ ਪਾਣੀ ਨਿਕਲਿਆ।
“ਦਾਲ ਕੱਢੋ।”
ਕੈਦੀ ਨੇ ਢੋਲ ਦੇ ਥੱਲੇ ਤਕ ਦਾਲ ਦੀ ਭਾਲ ਕੀਤੀ। ਮਸਾਂ ਅੱਧਾ ਕੜਛਾ ਦਾਲ ਦਾ ਭਰਿਆ।
“ਦੂਜੇ ਢੋਲ ਵਿਚ ਕੀ ਹੈ?”
“ਉਹ ਵੀ ਦਾਲ ਹੈ।”
“ਸਬਜ਼ੀ ਨਹੀਂ ਬਣਾਈ?”
“ਨਹੀਂ ਜਨਾਬ, ਬੱਸ ਦਾਲ ਹੀ ਬਣਦੀ ਹੈ।”
“ਠੀਕ ਹੈ।” ਆਖ ਕੇ ਸੈਸ਼ਨ ਜੱਜ ਨੇ ਕੈਦੀ ਨੂੰ ਰੇਹੜੀ ਅੱਗੇ ਲਿਜਾਣ ਦਾ ਹੁਕਮ ਦਿੱਤਾ।
“ਇਸ ਦਾਲ ਵਿਚ ਦਾਲ ਦੇ ਦਾਣੇ ਤਾਂ ਲੱਭੇ ਹੀ ਨਹੀਂ। ਸਾਰਾ ਸਾਲ ਦਾਲ ਹੀ ਬਣਾਈ ਜਾਂਦੀ ਹੈ? ਹਰੀ ਸਬਜ਼ੀ ਕਦੇ ਨਹੀਂ ਬਣਦੀ? ਜੇਲ੍ਹ ਮੈਨੂਅਲ ਹਰ ਰੋਜ਼ ਹਰੀ ਸਬਜ਼ੀ ਪਕਾਉਣ ਦਾ ਹੁਕਮ ਦਿੰਦਾ ਹੈ।”
“ਮੁੱਢ ਤੋਂ ਇਹੋ ਰੁਟੀਨ ਚਲਿਆ ਆ ਰਿਹਾ ਹੈ।”
“ਜੇਲ੍ਹ ਫ਼ਾਰਮ ਵਿਚ ਪੈਦਾ ਹੁੰਦੀ ਸਬਜ਼ੀ ਕਿਥੇ ਜਾਂਦੀ ਹੈ?”
“ਮੈਂ ਸੱਚ ਬੋਲਣ ਦਾ ਬਚਨ ਦਿੱਤਾ ਹੈ। ਇਸ ਲਈ ਝੂਠ ਨਹੀਂ ਬੋਲਾਂਗਾ। ਅੱਧੀ ਸਬਜ਼ੀ ਮੁਲਾਜ਼ਮਾਂ ਦੇ ਘਰ ਜਾਂਦੀ ਹੈ, ਬਾਕੀ ਸਬਜ਼ੀ ਮੰਡੀ। ਆਮਦਨ ਵੰਡੀ ਜਾਂਦੀ ਹੈ।”
“ਬਹੁਤ ਖ਼ੂਬ।” ਖਿਝੇ ਹਿਰਦੇਪਾਲ ਨੇ ਸੁਚੱਜੇ ਪ੍ਰਬੰਧ ਲਈ ਸੁਪਰਡੈਂਟ ਨੂੰ ਦਾਦ ਦਿੱਤੀ।
ਪਿੰਡ ਦੀ ਪਹਿਚਾਣ ਗੋਹਾਰਿਆਂ ਤੋਂ ਹੋ ਜਾਂਦੀ ਹੈ। ਰਸੋਈ ਵਿਚ ਕੀ ਪੱਕ ਰਿਹਾ ਹੋਏਗਾ? ਇਸ ਦਾ ਅੰਦਾਜ਼ਾ ਹਿਰਦੇਪਾਲ ਨੂੰ ਲੱਗ ਚੁੱਕਾ ਸੀ। ਫੇਰ ਵੀ ਹਿਰਦੇਪਾਲ ਸਭ ਕੁਝ ਅੱਖੀਂ ਦੇਖਣਾ ਚਾਹੁੰਦਾ ਸੀ।
“ਪਹਿਲਾਂ ਲੰਗਰ ਵੱਲ ਚੱਲੀਏ?”
ਹੋਏ ਕੁਸ਼ਗਨ ’ਤੇ ਰਣਜੋਧ ਸਿੰਘ ਨਮੋਸ਼ੀ ਮਹਿਸੂਸ ਕਰ ਰਿਹਾ ਸੀ। ਅੱਗੋਂ ਕੀ ਹੋਣ ਵਾਲਾ ਹੈ, ਉਸ ਨੂੰ ਪਤਾ ਸੀ। ਉਹ ਕਿਸੇ ਨਾ ਕਿਸੇ ਬਹਾਨੇ ਜੇਲ੍ਹ ਵਿਚੋਂ ਭੱਜਣਾ ਚਾਹੁੰਦਾ ਸੀ। ਪਰ ਹਾਲ ਦੀ ਘੜੀ ਸੰਭਵ ਨਹੀਂ ਸੀ।
ਸੁਸਤ ਕਦਮੀਂ ਉਹ ਹਿਰਦੇਪਾਲ ਨੂੰ ਲੰਗਰ ਵੱਲ ਲਿਜਾਣ ਲੱਗਾ।
ਟੀਨ ਦੀਆਂ ਚਾਦਰਾਂ ਹੇਠ ਬਣੇ ਇਕ ਵੱਡੇ ਸਾਰੇ ਬਰਾਂਡੇ ਉਪਰ ‘ਰਸੋਈ ਘਰ’ ਬੋਰਡ ਲਟਕ ਰਿਹਾ ਸੀ। ਧੂਏਂ ਕਾਰਨ ਬੋਰਡ ਦਾ ਰੰਗ ਪੀਲਾ ਪੈ ਚੁੱਕਾ ਸੀ। ਸੈਸ਼ਨ ਜੱਜ ਨੇ ਮੁਸ਼ਕਲ ਨਾਲ ਕਾਲਖ਼ ਹੇਠ ਛੁਪੇ ਅੱਖਰ ਉਠਾਏ।
ਬਰਾਂਡੇ ਦੇ ਚਾਰੇ ਪਾਸੇ ਚਾਰ ਫੱਟ ਉੱਚੀਆਂ ਜਾਲੀਦਾਰ ਕੰਧਾਂ ਸਨ। ਵਿਚਕਾਰ ਕੰਧੋਲੀ ਕਰ ਕੇ ਬਰਾਂਡੇ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਖੱਬੇ ਪਾਸੇ ਵਿਚ ਸੀਮਿੰਟ ਦਾ ਟੁੱਟਾ-ਫੱਟਾ ਫ਼ਰਸ਼ ਲੱਗਾ ਸੀ। ਫ਼ਰਸ਼ ਉਪਰ ਚਾਰ ਟੱਬ ਪਏ ਸਨ। ਹਰ ਟੱਬ ਵਿਚ ਮਣ ਦੇ ਲਗਭਗ ਗੁੰਨ੍ਹਿਆ ਹੋਇਆ ਆਟਾ ਸੀ। ਪੰਜਵੇਂ ਵਿਚ ਆਟਾ ਗੁੰਨ੍ਹਿਆ ਜਾ ਰਿਹਾ ਸੀ। ਟੱਬ ਵਿਚ ਵੜੇ ਦੋ ਕੈਦੀ ਆਟੇ ਨੂੰ ਪੈਰਾਂ ਨਾਲ ਇਉਂ ਗੁੰਨ੍ਹ ਰਹੇ ਸਨ ਜਿਵੇਂ ਗਾਰੇ ਦੀ ਘਾਣੀ ਰਲਾ ਰਹੇ ਹੋਣ। ਕੈਦੀਆਂ ਦੀਆਂ ਤੇੜਾਂ ਵਿਚ ਮੈਲ ਨਾਲ ਭਰੇ ਕੱਛੇ ਸਨ। ਗਲਾਂ ਵਿਚ ਪਸੀਨੇ ਵਿਚ ਗਚ ਖੱਦਰ ਦੀਆ ਬਨੈਣਾਂ। ਚੁੱਲ੍ਹਿਆਂ ਦੀ ਤਪਸ਼ ਅਤੇ ਕੜੀ ਮਿਹਨਤ ਕਾਰਨ ਉਹਨਾਂ ਦੇ ਮੱਥੇ ਤੋਂ ਲੈ ਕੇ ਲੱਕ ਤਕ ਪਸੀਨਾ ਵਹਿ ਰਿਹਾ ਸੀ। ਕਈ ਵਾਰ ਪਸੀਨੇ ਦੇ ਤੁਪਕੇ ਆਟੇ ਵਿਚ ਵੀ ਜਾ ਰਲਦੇ ਸਨ। ਇਕ ਬਾਲਟੀ ਵਿਚ ਆਟੇ ਵਿਚ ਪਾਉਣ ਲਈ ਪਾਣੀ ਪਿਆ ਸੀ। ਪਾਣੀ ਲੰਗਰ ਦੀ ਨੁੱਕਰ ਵਿਚ ਬਣੀ ਡਿੱਗੀ ਤੋਂ ਲਿਆਂਦਾ ਗਿਆ ਸੀ। ਹਿਰਦੇਪਾਲ ਨੇ ਡਿੱਗੀ ਵੱਲ ਨਜ਼ਰ ਦੌੜਾਈ। ਡਿੱਗੀ ਦੀਆਂ ਕੰਧਾਂ ਮੈਲੇ ਹੱਥ ਲੱਗ-ਲੱਗ ਕਾਲੀਆਂ ਹੋਈਆਂ ਪਈਆਂ ਸਨ। ਜਾਪਦਾ ਸੀ ਡਿੱਗੀ ਦੀ ਕਦੇ ਸਫ਼ਾਈ ਨਹੀਂ ਹੋਈ। ਥਾਂ-ਥਾਂ ਹਰੀ ਕਾਈ ਇਸ ਵਿਚਾਰ ਦੀ ਪੁਸ਼ਟੀ ਕਰ ਰਹੀ ਸੀ। ਦੋ ਚਿੜੀਆਂ ਡਿੱਗੀ ਦੀ ਮਣ ’ਤੇ ਬੈਠੀਆਂ ਪਿਆਸ ਬੁਝਾ ਰਹੀਆਂ ਸਨ। ਗਲਹਿਰੀ ਹੁਣੇ-ਹੁਣੇ ਪੰਜ ਇਸ਼ਨਾਨਾਂ ਕਰ ਕੇ ਗਈ ਸੀ।
ਛੇਵੇਂ ਟੱਬ ਵਿਚ ਆਟਾ ਢੇਰੀ ਕੀਤਾ ਜਾ ਰਿਹਾ ਸੀ।
ਅਗਾਂਹ ਵਧ ਕੇ ਹਿਰਦੇਪਾਲ ਨੇ ਆਟੇ ਦੀ ਮੁੱਠੀ ਭਰੀ ਅਤੇ ਹਥੇਲੀ ਉਪਰ ਖਿੰਡਾ ਲਈ। ਆਟੇ ਵਿਚ ਫਿਰਦੀ ਸੁਸਰੀ ਉਸ ਦੇ ਗੁੱਟ ਥਾਣੀਂ ਹੋ ਕੇ ਕੂਹਣੀ ਵੱਲ ਵਧਣ ਲੱਗੀ। ਹਿਰਦੇਪਾਲ ਨੇ ਆਟਾ ਉਲਟਿਆ ਤਾਂ ਮੇਂਗਣਾਂ ਆਪਣੀ ਪਹਿਚਾਣ ਕਰਾਉਣ ਲੱਗੀਆਂ। ਆਟੇ ਵਿਚੋਂ ਹਵਾੜ ਆ ਰਹੀ ਸੀ। ਇਹ ਕਿਸ ਚੀਜ਼ ਦੀ ਹਵਾੜ ਹੈ? ਇਹ ਘੋਖਣ ਲਈ ਉਹ ਆਟਾ ਆਪਣੇ ਨੱਕ ਕੋਲ ਲੈ ਗਿਆ। ਉਸ ਨੂੰ ਹਵਾੜ ਦੇ ਦੋ ਕਾਰਨ ਸਮਝ ਆਏ। ਇਕ ਕਾਰਨ ਕਣਕ ਦਾ ਸੜੀ ਹੋਣਾ ਸੀ। ਦੂਜਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ। ਆਟਾ ਪੀਸਣ ਤੋਂ ਪਹਿਲਾਂ ਕਣਕ ਨੂੰ ਨਾ ਧੋਤਾ ਗਿਆ ਸੀ, ਨਾ ਸਾਫ਼ ਕੀਤਾ ਗਿਆ ਸੀ।
ਖੱਬੇ ਪਾਸੇ ਦਾ ਜਾਇਜ਼ਾ ਲੈਣ ਬਾਅਦ ਹਿਰਦੇਪਾਲ ਸੱਜੇ ਪਾਸੇ ਨੂੰ ਹੋਇਆ।
ਦੋ ਚੁੱਲ੍ਹਿਆਂ ਉਪਰ ਕੁਇੰਟਲ-ਕੁਇੰਟਲ ਦੇ ਦੇਗਚਿਆਂ ਵਿਚ ਦਾਲ ਰਿੱਝ ਰਹੀ ਸੀ। ਕਾਲਖ਼ ਅਤੇ ਕੰਢਿਆਂ ਉਪਰ ਦੀ ਡੁੱਲ੍ਹ ਰਹੀ ਦਾਲ ਕਾਰਨ ਇਹ ਅੰਦਾਜ਼ਾ ਨਹੀਂ ਸੀ ਲੱਗ ਰਿਹਾ ਕਿ ਉਹ ਪਿੱਤਲ ਦੇ ਹਨ ਜਾਂ ਲੋਹੇ ਦੇ। ਜਾਪਦਾ ਸੀ ਜਦੋਂ ਦੇ ਇਹ ਬਣੇ ਸਨ, ਚੁੱਲ੍ਹੇ ਉਪਰ ਹੀ ਪਏ ਸਨ। ਅਗਲੇ ਦੋ ਚੁੱਲ੍ਹਿਆਂ ਉਪਰ ਦੋ ਵੱਡੀਆਂ-ਵੱਡੀਆਂ ਤਵੀਆਂ ਸਨ। ਉਹਨਾਂ ਉਪਰ ਰੋਟੀਆਂ ਸੇਕੀਆਂ ਜਾ ਰਹੀਆਂ ਸਨ। ਤਵੀਆਂ ਉਪਰ ਰੋਟੀਆਂ ਸੁੱਟਣ ਵਾਲੇ ਚਾਰ ਸਨ। ਉਹਨਾਂ ਨੂੰ ਥੱਲਣ ਵਾਲਾ ਇਕ। ਥੱਲਣ ਵਾਲੇ ਦੇ ਰੋਟੀਆਂ ਕਾਬੂ ਨਹੀਂ ਸਨ ਆ ਰਹੀਆਂ। ਬਾਕੀਆਂ ਦੇ ਕਦਮ ਨਾਲ ਕਦਮ ਮਿਲਾਉਣ ਦੀ ਕਾਹਲ ਕਾਰਨ ਕਦੇ ਕੱਚੀ ਰੋਟੀ ਚੁੱਕ ਕੇ ਟੱਬ ਵਿਚ ਸੁੱਟ ਦਿੰਦਾ ਸੀ, ਕਦੇ ਧਿਆਨ ਦੂਜੇ ਪਾਸੇ ਹੋਣ ਕਾਰਨ ਰੋਟੀ ਮੱਚ ਜਾਂਦੀ ਸੀ। ਰੋਟੀ ਕੱਚੀ ਰਹਿੰਦੀ ਹੈ ਜਾਂ ਸੜਦੀ ਹੈ, ਜਾਪਦਾ ਸੀ ਇਸ ਦਾ ਕੈਦੀ ਨੂੰ ਫ਼ਿਕਰ ਨਹੀਂ ਸੀ। ਉਸ ਨੂੰ ਇਕੋ ਚਿੰਤਾ ਸੀ ਕਿ ਟੱਬ ਜਲਦੀ ਤੋਂ ਜਲਦੀ ਰੋਟੀਆਂ ਨਾਲ ਭਰ ਜਾਵੇ।
ਹਿਰਦੇਪਾਲ ਨੇ ਲਾਂਗਰੀਆਂ ਦੀਆਂ ਸ਼ਕਲਾਂ ਸੂਰਤਾਂ ਦਾ ਜਾਇਜ਼ਾ ਲਿਆ। ਸੱਚਮੁੱਚ ਉਹ ਉਹੋ ਜਿਹੀਆਂ ਸਨ ਜਿਹੋ ਜਿਹੀਆਂ ਖ਼ਤ ਵਿਚ ਦਰਜ ਸਨ।
ਲੰਗਰ ਦੇ ਨਾਲ ਹੀ ਅਨਾਜ ਭੰਡਾਰ ਸੀ। ਲੱਗਦੇ ਹੱਥ ਹਿਰਦੇਪਾਲ ਨੇ ਉਸ ਵਿਚ ਵੀ ਝਾਤ ਮਾਰਨੀ ਠੀਕ ਸਮਝੀ।
ਭੰਡਾਰ ਦਾ ਜਿੰਦਾ ਖੁੱਲ੍ਹਦੇ ਹੀ ਬੀਸੀਆਂ ਚੂਹਿਆਂ ਨੇ ਉਹਨਾਂ ਦਾ ਸਵਾਗਤ ਕੀਤਾ। ਕੋਈ ਚੂਹਾ ਬੋਰੀ ਕੁਤਰਨ ਵਿਚ ਮਸਤ ਸੀ, ਕੋਈ ਡੱਲ੍ਹੀ ਕਣਕ ਦਾ ਆਨੰਦ ਮਾਨਣ ਵਿਚ।
ਭੰਡਾਰ ਵਿਚ ਪਈ ਦਾਲ ਦੀ ਸਥਿਤੀ ਉਹੋ ਸੀ, ਜੋ ਖ਼ਤ ਵਿਚ ਦਰਜ ਸੀ।
“ਜ਼ਰਾ ਦਾਲਾਂ ਵਿਚ ਪਾਏ ਜਾਣ ਵਾਲੇ ਗਰਮ ਮਸਾਲੇ ਤਾਂ ਦਿਖਾਓ।”
ਹਿਰਦੇਪਾਲ ਨੂੰ ਖ਼ਤ ਪੜ੍ਹਨ ਬਾਅਦ ਪਤਾ ਲਗ ਚੁੱਕਾ ਸੀ। ਮਸਾਲਿਆਂ ਦੇ ਨਾਂ ’ਤੇ ਨਮਕ, ਹਲਦੀ ਅਤੇ ਮਿਰਚ ਦਾ ਪ੍ਰਯੋਗ ਹੁੰਦਾ ਸੀ। ਧਨੀਏ, ਜ਼ੀਰੇ, ਸੁੰਡ ਦਾ ਨਾਂ-ਨਿਸ਼ਾਨ ਨਹੀਂ ਸੀ ਲੱਭਣਾ।
“ਜਨਾਬ ਉਹ ਅੱਜ ਹੀ ਖ਼ਤਮ ਹੋਏ ਹਨ।” ਗੁਦਾਮ ਦੇ ਮੁਨਸ਼ੀ ਨੇ ਘੜਿਆ-ਘੜਾਇਆ ਉੱਤਰ ਸੁਣਾਇਆ।
“ਗੁੜ ਅਤੇ ਭੁੱਜੇ ਛੋਲੇ ਕਿਥੇ ਹਨ?”
“ਇਹ ਮੈਂ ਗੁਦਾਮ ਵਿਚ ਕਦੇ ਨਹੀਂ ਦੇਖੇ।” ਮੁਨਸ਼ੀ ਇਕ ਸਾਲ ਤੋਂ ਇਥੇ ਡਿਊਟੀ ਦੇ ਰਿਹਾ ਸੀ। ਤਿੰਨ ਸਾਲ ਤੋਂ ਸਜ਼ਾ ਕੱਟ ਰਿਹਾ ਸੀ। ਕੈਦੀਆਂ ਨੂੰ ਗੁੜ ਅਤੇ ਛੋਲੇ ਦਿੱਤੇ ਜਾਂਦੇ ਹਨ, ਇਹ ਉਹ ਪਹਿਲੀ ਵਾਰ ਸੁਣ ਰਿਹਾ ਸੀ।
“ਕੀ ਕਹਿੰਦਾ ਹੈ ਇਹ?” ਹੈਰਾਨ ਹੋਏ ਹਿਰਦੇਪਾਲ ਨੇ ਸੁਪਰਡੈਂਟ ਕੋਲੋਂ ਪੁੱਛਿਆ।
“ਠੀਕ ਕਹਿੰਦਾ ਹੈ। ਛੋਲੇ ਬਦਾਮਾਂ ਦੇ ਭਾਅ ਹੋ ਗਏ ਹਨ। ਇਹ ਕਦੋਂ ਜੇਲ੍ਹ ਆਉਣੇ ਬੰਦ ਹੋਏ ਹਨ, ਮੈਨੂੰ ਨਹੀਂ ਪਤਾ। ਮੈਨੂੰ ਏਨਾ ਪਤਾ ਹੈ ਕਿ ਮੇਰੀ ਨੌਕਰੀ ਦੌਰਾਨ ਇਹ ਇਕ ਵਾਰ ਵੀ ਗੁਦਾਮ ’ਚ ਨਹੀਂ ਆਏ।”
“ਗੁੜ ਅਤੇ ਛੋਲੇ ਕੈਦੀਆਂ ਨੂੰ ਤਾਕਤ ਦਿੰਦੇ ਹਨ ਅਤੇ ਵੇਲੇ-ਕੁਵੇਲੇ ਲੱਗੀ ਭੁੱਖ ਵੀ ਮਿਟਾਉਂਦੇ ਹਨ। ਕੋਈ ਬਦਲਵਾਂ ਪ੍ਰਬੰਧ ਕੀਤਾ ਗਿਆ ਹੋਣਾ ਹੈ?”
“ਮੇਰੇ ਧਿਆਨ ਵਿਚ ਨਹੀਂ।”
“ਠੀਕ ਹੈ।” ਆਖਦਾ ਹਿਰਦੇਪਾਲ ਮੁੜ ਲੰਗਰ ਵੱਲ ਆ ਗਿਆ।
“ਤੂੰ ਕਿੰਨੇ ਚਿਰ ਤੋਂ ਏਥੇ ਹੈਂ?” ਉਸ ਨੇ ਆਟਾ ਗੁੰਨ੍ਹ ਰਹੇ ਇਕ ਨੌਜਵਾਨ ਕੈਦੀ ਕੋਲੋਂ ਪੁੱਛਿਆ।
“ਜੀ, ਇਕ ਸਾਲ ਤੋਂ।”
“ਕਿੰਨੇ ਵਜੇ ਡਿਊਟੀ ’ਤੇ ਆਉਂਦਾ ਹੈਂ?”
‘ਜੀ, ਸਵੇਰੇ ਚਾਰ ਵਜੇ ਆਉਂਦਾ ਹਾਂ। ਰਾਤ ਨੂੰ ਗਿਆਰਾਂ ਵਜੇ ਜਾਂਦਾ ਹਾਂ। ਸਾਰਾ ਦਿਨ ਲੰਗਰ ਚੱਲਦਾ ਜੋ ਰਹਿੰਦਾ ਹੈ।”
“ਤੂੰ ਕਿੰਨਾ ਪੜ੍ਹਿਆ ਹੈਂ?”
“ਜੀ, ਬੀ.ਏ. ਪਾਸ ਹਾਂ।”
“ਇਸ ਤੋਂ ਕੋਈ ਹੋਰ ਕੰਮ ਕਿਉਂ ਨਹੀਂ ਲੈਂਦੇ? ਇਕ ਗ੍ਰੈਜੂਏਟ ਨੂੰ ਭੱਠ ਝੋਕਣ ’ਤੇ ਕਿਉਂ ਲਾਇਆ ਹੋਇਆ ਹੈ?”
ਹਿਰਦੇਪਾਲ ਨੂੰ ਪਹਿਲੀ ਵਾਰ ਖਿਝ ਚੜ੍ਹੀ ਸੀ। ਆਪਣੀ ਖਿੱਝ ਨੂੰ ਛੁਪਾਉਣ ਵਿਚ ਅਸਫ਼ਲ ਰਹਿਣ ਕਾਰਨ ਉਹ ਖਿੱਝ ਕੇ ਬੋਲਿਆ।
ਹਿਰਦੇ ਨੂੰ ਖ਼ਤ ਵਿਚ ਦਰਜ ਉਸ ਮੁੰਡੇ ਦੀ ਵਿਥਿਆ ਯਾਦ ਆਈ ਜਿਸ ਨੇ ਅੱਠ ਮਹੀਨੇ ਭੱਠ ਝੋਕਣ ਬਾਅਦ ਆਪਣੀ ਡਿਊਟੀ ਬਦਲਣ ਦੀ ਬੇਨਤੀ ਕੀਤੀ ਸੀ। ਬੇਨਤੀ ਨੂੰ ਗੁਸਤਾਖ਼ੀ ਸਮਝ ਕੇ ਉਸ ਨੂੰ ਹੱਥਕੜੀ ਪਹਿਨਾ ਦਿੱਤੀ ਗਈ। ਉਹ ਮੁੰਡਾ ਐਮ.ਏ. ਪਾਸ ਸੀ ਅਤੇ ਉਸ ਨੂੰ ਇੰਨੀ ਸਖ਼ਤ ਮਿਹਨਤ ਦੀ ਆਦਤ ਨਹੀਂ ਸੀ।
“ਹੁਣੇ ਬਦਲ ਦਿੰਦੇ ਹਾਂ।” ਰਣਜੋਧ ਸਿੰਘ ਕੋਲ ਕੋਈ ਢੁੱਕਵਾਂ ਉੱਤਰ ਨਹੀਂ ਸੀ। ਖਹਿੜਾ ਛੁਡਾਉਣ ਲਈ ਉਸ ਨੇ ਹਥਿਆਰ ਸੁੱਟਣੇ ਠੀਕ ਸਮਝੇ।
“ਸੜਿਆ-ਬਲਿਆ ਅਨਾਜ ਕਿਉਂ ਖ਼ਰੀਦਦੇ ਹੋ? ਫ਼ਾਰਮ ਵਿਚ ਪੈਦਾ ਹੁੰਦਾ ਅਨਾਜ ਕਿਥੇ ਜਾਂਦਾ ਹੈ?”
“ਮੰਤਰੀਆਂ ਅਤੇ ਵੱਡੇ ਅਫ਼ਸਰਾਂ ਦੇ ਘਰ।” ਖਿਝਿਆ ਰਣਜੋਧ ਸਿੰਘ ਸੱਚ ਉਗਲਣ ਲੱਗਾ।
“ਹੋਰ ਕੁਝ ਨਹੀਂ ਦੇ ਸਕਦੇ, ਘੱਟੋ-ਘੱਟ ਅਨਾਜ ਤਾਂ ਸਾਫ਼-ਸੁਥਰਾ ਦਿਓ।” ਲੰਗਰ ਦੇ ਪ੍ਰਬੰਧ ਤੋਂ ਨਿਰਾਸ਼ ਹੋਏ ਸੈਸ਼ਨ ਜੱਜ ਨੇ ਆਪਣੀ ਨਰਾਜ਼ਗੀ ਪ੍ਰਗਟਾਈ।
“ਮੇਰੇ ਹੱਥ ਬੱਝੇ ਹੋਏ ਹਨ। ਮੈਂ ਉਹੋ ਵਰਤ ਸਕਦਾ ਹਾਂ ਜੋ ਮੈਨੂੰ ਮਿਲਦਾ ਹੈ।”
ਲੰਗਰੋਂ ਬਾਹਰ ਨਿਕਲਦਾ ਰਣਜੋਧ ਸਿੰਘ ਆਪਣੀ ਸਫ਼ਾਈ ਦੇਣ ਲੱਗਾ।
49
“ਹੁਣ ਕੋਈ ਹੋਰ ਬੈਰਕ ਦਿਖਾਓ।”
“ਦੱਸੋ ਕਿਹੜੀ ਬੈਰਕ ਚੱਲਣਾ ਹੈ?‘
“ਛੜਿਆਂ ਦੀ ਬੈਰਕ ਚੱਲਦੇ ਹਾਂ। ਨਾਲੇ ਮੋਦਨ ਦਾ ਬਿਆਨ ਲਿਖ ਲਵਾਂਗੇ।”
“ਜਿਵੇਂ ਤੁਹਾਡੀ ਮਰਜ਼ੀ।”
ਲੰਗਰ ਤੋਂ ਛੜਿਆਂ ਦੀ ਬੈਰਕ ਅੱਧਾ ਕਿਲੋਮੀਟਰ ਦੂਰ ਸੀ। ਜੇਲ੍ਹ ਸੁਪਰਡੈਂਟ ਚਾਹੁੰਦਾ ਸੀ ਜੀਪ ਵਿਚ ਚੱਲਿਆ ਜਾਵੇ। ਹਿਰਦੇਪਾਲ ਪੈਦਲ ਜਾਣਾ ਚਾਹੁੰਦਾ ਸੀ। ਜੀਪ ’ਚ ਚੜ੍ਹਨ ਨਾਲ ਉਹਨਾਂ ਦੇ ਦੌਰੇ ’ਤੇ ਨਿਕਲਣ ਦਾ ਰੌਲਾ ਪੈ ਸਕਦਾ ਸੀ। ਪੈਦਲ ਜਾਂਦਿਆਂ ਰਸਤੇ ਵਿਚ ਬਹੁਤ ਕੁਝ ਸਿੱਖਣ ਅਤੇ ਸਮਝਣ ਨੂੰ ਮਿਲਣਾ ਸੀ।
ਰਣਜੋਧ ਸਿੰਘ ਨੂੰ ਘਬਰਾਹਟ ਹੋਣ ਲੱਗੀ। ਐਤਵਾਰ ਹੋਣ ਕਾਰਨ ਅੱਜ ਛੁੱਟੀ ਸੀ। ਦਿਨ ਦਾ ਸਮਾਂ ਸੀ। ਵਿਹੜਿਆਂ ਵਿਚ ਬੈਠੇ ਕੈਦੀ ਮਸਤੀ ਕਰ ਰਹੇ ਹੋਣਗੇ। ਉਸ ਦਾ ਮਨ ਕਰਨ ਲੱਗਾ, ਆਪਣਾ ਵਾਅਦਾ ਤੋੜ ਕੇ ਉਹ ਦੌਰੇ ’ਤੇ ਨਿਕਲਣ ਵਾਲਾ ਘੰਟਾ ਵਜਾ ਦੇਵੇ। ਵਾਰਡਰਾਂ ਤੇ ਮੁਨਸ਼ੀਆਂ ਨੂੰ ਚੌਕੰਨੇ ਕਰ ਦੇਵੇ। ਬੈਰਕਾਂ ਵਿਚ ‘ਸਫ਼ਾਈ’ ਕਰਵਾ ਦੇਵੇ। ਝੱਟ ਜੇਲ੍ਹ ਸੁਪਰਡੈਂਟ ਦੀ ਸੋਚ ਨੇ ਪਲਟਾ ਖਾਧਾ। “ਇਸ ਵਿਚ ਡਰਨ ਵਾਲੀ ਕਿਹੜੀ ਗੱਲ ਹੈ? ਸੂਬੇ ਦੀ ਹਰ ਜੇਲ੍ਹ ਵਿਚ ਇਹੋ ਜਿਹਾ ਮਾਹੌਲ ਹੈ। ਕਿਸੇ ਕੋਤਾਹੀ ਲਈ ਮੈਂ ਨਿੱਜੀ ਜ਼ਿੰਮੇਵਾਰ ਨਹੀਂ ਹਾਂ। ਜੇ ਇਕ ਸੈਸ਼ਨ ਜੱਜ ਸੱਚ ਜਾਣਨਾ ਚਾਹੁੰਦਾ ਹੈ ਤਾਂ ਉਹ ਖੁੱਲ੍ਹ ਕੇ ਉਸ ਦੇ ਸਾਹਮਣੇ ਆਉਣਾ ਚਾਹੀਦਾ ਹੈ। ਇਸ ਵਿਚ ਸਭ ਦਾ ਭਲਾ ਹੈ।”
ਰਣਜੋਧ ਸਿੰਘ ਦੀ ਬਾਰਾਂ ਸਾਲ ਦੀ ਨੌਕਰੀ ਹੋ ਗਈ ਸੀ। ਗਹਿਰਾਈ ਨਾਲ ਉਸ ਨੇ ਕਦੇ ਵੀ ਜੇਲ੍ਹ ਜੀਵਨ ਦਾ ਅਧਿਐਨ ਨਹੀਂ ਸੀ ਕੀਤਾ। ਉਹ ਜਦੋਂ ਦੌਰੇ ’ਤੇ ਨਿਕਲਦਾ ਸੀ, ਘੰਟੀਆਂ ਖੜਕਵਾ ਕੇ ਨਿਕਲਦਾ ਸੀ। ਉਹ ਜੋ ਦੇਖਦਾ ਸੀ ਉਹ ਹੇਠਲੇ ਮੁਲਾਜ਼ਮਾਂ ਵੱਲੋਂ ਪਹਿਲਾਂ ਲਿਪਿਆ-ਪੋਚਿਆ ਹੁੰਦਾ ਸੀ। ਉਸ ਨੇ ਹਾਲੇ ਲੰਬਾ ਸਮਾਂ ਨੌਕਰੀ ਕਰਨੀ ਸੀ। ਉਸ ਨੂੰ ਵੀ ਸੱਚ ਦਾ ਗਿਆਨ ਹੋਣਾ ਚਾਹੀਦਾ ਸੀ।
ਏਨਾ ਸੋਚਣ ਬਾਅਦ ਜੇਲ੍ਹ ਸੁਪਰਡੈਂਟ ਸੈਸ਼ਨ ਜੱਜ ਦਾ ਤਨਦੇਹੀ ਨਾਲ ਸਾਥ ਦੇਣ ਲੱਗਾ।
ਅਹਾਤੇ ਦੇ ਮੁੱਖ ਗੇਟ ਕੋਲ ਪੱਜ ਕੇ ਸੈਸ਼ਨ ਜੱਜ ਨੇ ਹਦਾਇਤ ਕੀਤੀ, “ਹਾਲੇ ਗੇਟ ਨਾ ਖੁਲ੍ਹਵਾਇਆ ਜਾਵੇ। ਕੁਝ ਦੇਰ ਗੇਟ ਪਿੱਛੇ ਛੁਪ ਕੇ ਅੰਦਰ ਹੋ ਰਹੀਆਂ ਗਤੀਵਿਧੀਆਂ ਨੂੰ ਇੰਨ-ਬਿੰਨ ਦੇਖਿਆ ਜਾਵੇ।”
ਜੇਲ੍ਹ ਸੁਪਰਡੈਂਟ ਝੱਟ ਇਸ ਤਜਵੀਜ਼ ਨਾਲ ਸਹਿਮਤ ਹੋ ਗਿਆ। ਲੰਗਰ ਖਾਧਾ ਜਾ ਚੁੱਕਾ ਸੀ। ਦੁਪਹਿਰ ਦੀ ਬੰਦੀ ਵਿਚ ਕੁਝ ਸਮਾਂ ਬਾਕੀ ਸੀ। ਇਹ ਸਮਾਂ ਕੈਦੀਆਂ ਦੇ ਖਰਮਸਤੀਆਂ ਕਰਨ ਦਾ ਸੀ। ਉਹ ਉਹੋ ਕਰ ਰਹੇ ਸਨ।
ਵਿਹੜੇ ਵਿਚ ਰੌਣਕਾਂ ਲੱਗੀਆਂ ਹੋਈਆਂ ਸਨ। ਟੋਲੀਆਂ ਵਿਚ ਵੱਟੇ ਕੈਦੀ ਆਪਣੇ-ਆਪਣੇ ਕੰਮ ਵਿਚ ਰੁੱਝੇ ਹੋਏ ਸਨ।
ਨਿੰਦੇ ਨੰਬਰਦਾਰ ਦੀ ਟੋਲੀ ਤਾਸ਼ ਕੁੱਟ ਰਹੀ ਸੀ। ਨਾਲੇ ਜੂਆ ਖੇਡ ਰਹੀ ਸੀ। ਪਿੜ ਵਿਚ ਪਿਆ ਨੋਟਾਂ ਦਾ ਢੇਰ ਦੂਰੋਂ ਦਿਖਾਈ ਦੇ ਰਿਹਾ ਸੀ। ਕੁਝ ਨੋਟ ਖਿਡਾਰੀਆਂ ਨੇ ਪੈਰਾਂ ਅਤੇ ਗੋਡਿਆਂ ਹੇਠ ਨੱਪੇ ਹੋਏ ਸਨ। ਉਹਨਾਂ ਉਪਰ ਝੁਕੇ ਉਹਨਾਂ ਦੇ ਹਮਾਇਤੀਆਂ ਵਿਚ ਚੱਪ ਛਾਈ ਹੋਈ ਸੀ। ਸਭ ਦਾ ਧਿਆਨ ਚੱਲੀ ਜਾਣ ਵਾਲੀ ਅਗਲੀ ਚਾਲ ਉਪਰ ਸੀ।
“ਜੇਲ੍ਹ ਮੈਨੂਅਲ ਅਨੁਸਾਰ ਜੇਲ੍ਹ ਅੰਦਰ ਨਕਦੀ ਨਹੀਂ ਆ ਸਕਦੀ। ਜਾਪਦਾ ਹੈ ਇਥੇ ਕੋਈ ਕਮੀ ਨਹੀਂ ਹੈ। ਨਕਦੀ ਅੰਦਰ ਕਿਸ ਤਰ੍ਹਾਂ ਆ ਗਈ?”
ਸੈਸ਼ਨ ਜੱਜ ਨੇ ਭਾਵਪੂਰਤ ਪਹਿਲਾ ਪ੍ਰਸ਼ਨ ਪੱਛਿਆ।
“ਸਰਕਾਰ ਦੇ ਕਈ ਨਿਯਮ ਬੜੇ ਬੇਤੁਕੇ ਹਨ। ਉਹਨਾਂ ਵਿਚੋਂ ਇਕ ਇਹ ਹੈ। ਅੰਦਰ ਨਕਦੀ ਆਵੇ ਜਾਂ ਕੂਪਨ, ਇਸ ਨਾਲ ਕੀ ਫ਼ਰਕ ਪੈਂਦਾ ਹੈ?”
ਸੈਸ਼ਨ ਜੱਜ ਨਿਰਉੱਤਰ ਹੋ ਗਿਆ।
ਦੂਜੀ ਟੋਲੀ ਦਾ ਮੁਖੀ ਸਾਧੂ ਪੰਜਾ ਇੰਚਾਰਜ ਸੀ। ਵੱਡੀ ਪਤੀਤੀ ਵਿਚ ਭੁੱਕੀ ਉਬਾਲ ਕੇ ਉਸ ਨੇ ਵਿਚਕਾਰ ਰੱਖੀ ਹੋਈ ਸੀ। ਬਾਰਾ ਸਿੰਘ ਖੱਬੇ ਕੰਨ ’ਤੇ ਹੱਥ ਰੱਖ ਕੇ ਉੱਚੀ ਹੇਕ ਵਿਚ ਮਿਰਜ਼ਾ ਗਾ ਰਿਹਾ ਸੀ। ਬਾਕੀ ਮੈਂਬਰ ਨਾਲੇ ਮਿਰਜ਼ੇ ਦਾ ਅਨੰਦ ਲੈ ਰਹੇ ਸਨ, ਨਾਲੇ ਭੁੱਕੀ ਦਾ।
ਅਗਲੇ ਦ੍ਰਿਸ਼ ਨੇ ਸੈਸ਼ਨ ਜੱਜ ਨੂੰ ਝੰਜੋੜਨਾ ਸ਼ੁਰੂ ਕਰ ਦਿੱਤਾ।
ਇਕ ਹੱਟਾ-ਕੱਟਾ ਕੈਦੀ ਇਕ ਮਾੜਚੂ ਜਿਹੇ ਮੁੰਡੇ ਨੂੰ ਜੱਫੀ ਪਾਈ ਖੜਾ ਸੀ। ਮੁੰਡਾ ਕੁੜਿੱਕੀ ਵਿਚ ਫਸੀ ਚੂਹੀ ਵਾਂਗ ਤੜਫ ਰਿਹਾ ਸੀ। ਮੁਸ਼ਟੰਡਾ ਹੋਰ ਚਾਂਬਲ ਰਿਹਾ ਸੀ। ਉਹ ਮੁੰਡੇ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ।
ਹਿਰਦੇਪਾਲ ਹੈਰਾਨ ਹੋਣ ਲੱਗਾ। ਇਸ ਹਰਕਤ ਨੂੰ ਕੋਈ ਵੀ ਕੈਦੀ ਗੰਭੀਰਤਾ ਨਾਲ ਨਹੀਂ ਸੀ ਲੈ ਰਿਹਾ। ਵਾਰਡਰ ਨੇ ਇਕ ਵਾਰ ਉਪਰ ਤੱਕਿਆ ਅਤੇ ਫੇਰ ਨੀਵੀਂ ਪਾ ਲਈ।
“ਇਹ ਕੀ ਹੋ ਰਿਹਾ ਹੈ? ਇਕ ਛੋਕਰੇ ਨੂੰ ਪੇਸ਼ੇਵਰ ਮੁਜਰਮਾਂ ਵਿਚ ਕਿਉਂ ਬੰਦ ਕੀਤਾ ਹੋਇਆ ਹੈ?” ਕੈਦੀਆਂ ਦਾ ਵਰਗੀਕਰਨ ਕਿਉਂ ਨਹੀਂ ਕਰਦੇ?”
ਹਿਰਦੇਪਾਲ ਨੂੰ ਜੇਲ੍ਹ ਪ੍ਰਸ਼ਾਸਨ ਦੀ ਇਸ ਲਾਪ੍ਰਵਾਹੀ ’ਤੇ ਗ਼ੁੱਸਾ ਆ ਰਿਹਾ ਸੀ।
“ਇਸ ਵਿਚ ਸਾਡਾ ਕੋਈ ਕਸੂਰ ਨਹੀਂ। ਸਮਰੱਥਾ ਨਾਲੋਂ ਦੁੱਗਣੇ ਕੈਦੀ ਇਥੇ ਤਾੜੇ ਹੋਏ ਹਨ। ਵਾਧੂ ਕੈਦੀ ਇਹਨਾਂ ਬੈਰਕਾਂ ਵਿਚ ਹੀ ਤੁੰਨੇ ਜਾਣੇ ਹਨ। ਮੁੰਡੇ ਕੈਦੀਆਂ ਦੀ ਗਿਣਤੀ ਥੋੜ੍ਹੀ ਹੈ। ਉਹਨਾਂ ਨੂੰ ਕਿਸੇ ਬੈਰਕ ਵਿਚ ਤਾਂ ਰੱਖਣਾ ਹੀ ਹੈ। ਚਿੜੀਆਂ ਨੂੰ ਬਾਜ਼ ਹਰ ਬੈਰਕ ਵਿਚ ਝਪਟਣਗੇ।”
“ਇਹ ਮਸਲਾ ਆਸਾਨੀ ਨਾਲ ਹੱਲ ਹੋ ਸਕਦਾ ਹੈ। ਮੁੰਡਿਆਂ ਅਤੇ ਬਜ਼ੁਰਗਾਂ ਨੂੰ ਇਕ ਬੈਰਕ ਵਿਚ ਬੰਦ ਕਰ ਦੇਵੋ। ਨਾਲੇ ਇਕ ਦੂਜੇ ਦੇ ਕੰਮ ਆਉਣਗੇ, ਨਾਲੇ ਯੋਨ ਸ਼ੋਸ਼ਨ ਤੋਂ ਬਚਣਗੇ।”
“ਤੁਸੀਂ ਠੀਕ ਕਹਿੰਦੇ ਹੋ। ਇਹ ਸੁਝਾਅ ਹੁਣੇ ਲਾਗੂ ਕਰ ਦਿੰਦਾ ਹਾਂ।”
ਹਿਰਦੇਪਾਲ ਦੇ ਇਸ ਸੁਝਾਅ ’ਤੇ ਰਣਜੋਧ ਸਿੰਘ ਹੈਰਾਨ ਹੋਣ ਲੱਗਾ। ਸੈਸ਼ਨ ਜੱਜ ਰਾਤੋ-ਰਾਤ ਸਿਆਣਾ ਹੋ ਗਿਆ ਜਾਪਦਾ ਸੀ।
ਸ਼ੇਰ ਬੱਕਰੀ ਨੂੰ ਜਬਾੜੇ ਵਿਚ ਫਸਾ ਕੇ ਗੁਫ਼ਾ ਵੱਲ ਲਿਜਾਣ ਦਾ ਯਤਨ ਕਰਨ ਲੱਗਾ। ਦੋ ਜ਼ਿੰਮੇਵਾਰ ਅਫ਼ਸਰ ਆਪਣੇ ਨਿੱਜੀ ਫ਼ਾਇਦੇ ਲਈ ਬੱਕਰੀ ਦੀ ਬੋਟੀ-ਬੋਟੀ ਹੁੰਦੀ ਨਹੀਂ ਸਨ ਦੇਖ ਸਕਦੇ।
ਮੁੰਡੇ ਦੇ ਬੈਰਕ ਵਿਚ ਧੂਹੇ ਜਾਣ ਤੋਂ ਪਹਿਲਾਂ ਸੁਪਰਡੈਂਟ ਨੇ ਆਪਣੇ ਦੌਰੇ ’ਤੇ ਆਉਣ ਦੀ ਸੂਚਨਾ ਦਿੱਤੀ। ਫੇਰ ਸੰਤਰੀ ਨੂੰ ਮੁੱਖ ਦਰਵਾਜ਼ਾ ਖੋਲ੍ਹਣ ਦਾ ਹੁਕਮ ਸੁਣਾਇਆ।
ਕੈਦੀਆਂ ਨੂੰ ਅਚਿੰਤੇ ਬਾਜ਼ ਆ ਗਏ ਸਨ। ਹਫੜਾ-ਦਫੜੀ ਵਿਚ ਹੱਥਲਾ ਸਮਾਨ ਥਾਏਂ ਛੱਡ ਕੇ ਉਹ ਬੈਰਕ ਵੱਲ ਦੌੜ ਪਏ।
ਪਿੱਛੇ ਰਹਿ ਗਿਆ ਭੁੱਕੀ ਵਾਲਾ ਪਤੀਲਾ, ਜਰਦਾ, ਅਫ਼ੀਮ ਦੀਆਂ ਛੋਟੀਆਂ ਪੋਟਲੀਆਂ, ਕਰਦ, ਤਾਸ਼ ਅਤੇ ਨਿੰਮ ਹੇਠ ਪਿਆ ਅਮਲੀ।
ਵਾਰਡਰ ਨੇ ਨਿੱਕ-ਸੁੱਕ ਇਕੱਠਾ ਕੀਤਾ ਅਤੇ ਮੇਜ਼ ਉਪਰ ਸਜਾ ਦਿੱਤਾ। ਸੈਸ਼ਨ ਜੱਜ ਦੇ ਹੁਕਮ ’ਤੇ ਬੈਰਕ ਦੀ ਤਲਾਸ਼ੀ ਹੋਈ। ਮਿੰਟਾਂ ਵਿਚ ਢੇਰ ਸਾਰਾ ਨਸ਼ਾ-ਪਤਾ ਬਾਹਰ ਆ ਗਿਆ।
“ਇੰਨੀ ਮਾਤਰਾ ਵਿਚ ਵਰਜਿਤ ਸਾਮਾਨ ਜੇਲ੍ਹ ਵਿਚ ਕਿਸ ਤਰ੍ਹਾਂ ਆ ਜਾਂਦਾ ਹੈ?”
ਹਿਰਦੇਪਾਲ ਨੇ ਦੂਜਾ ਭਾਵਪੂਰਤ ਪ੍ਰਸ਼ਨ ਪੁੱਛਿਆ।
“ਕੁਝ ਨਾ ਪੱਛੋ। ਸਮਗਲਰਾਂ ਦੇ ਹੱਥ ਬਹੁਤ ਲੰਮੇ ਹਨ। ਉਹ ਮੁੱਖ ਮੰਤਰੀ ਤਕ ਪਹੁੰਚ ਰੱਖਦੇ ਹਨ। ਜਿਹੜਾ ਅਫ਼ਸਰ ਇਸ ਬੁਰਾਈ ਨੂੰ ਰੋਕਣ ਦਾ ਯਤਨ ਕਰੇ ਉਸ ਦੇ ਗਲ ਨੂੰ ਹੱਥ ਪਾ ਲੈਂਦੇ ਹਨ। ਬਿੱਲੀ ਨੂੰ ਦੇਖ ਕੇ ਜਿਸ ਤਰ੍ਹਾਂ ਕਬੂਤਰ ਅੱਖਾਂ ਬੰਦ ਕਰ ਲੈਂਦਾ ਹੈ, ਉਸੇ ਤਰ੍ਹਾਂ ਸਾਨੂੰ ਕਰਨਾ ਪੈਂਦਾ ਹੈ।”
ਰੋਣ-ਹਾਕਾ ਹੋਇਆ ਰਣਜੋਧ ਸਿੰਘ ਸਪੱਸ਼ਟੀਕਰਨ ਦਿੰਦਾ ਸ਼ਰਮ ਮਹਿਸੂਸ ਕਰਨ ਲੱਗਾ।
“ਫੇਰ ਗ਼ਰੀਬ ਬਸੰਤ ਨੂੰ ਝੂਠੇ ਮੁਕੱਦਮੇ ਵਿਚ ਕਿਉਂ ਅੜੰਗਿਆ ਹੈ? ਮੈਂ ਆਪਣੀ ਪਹਿਲੀਪੜਤਾਲ ਮੁਕੰਮਲ ਕਰ ਲਈ ਹੈ। ਉਸ ਦਾ ਪਿੱਟਣਾ ਵੀ ਸੱਚਾ ਹੈ ਅਤੇ ਉਹ ਬੇਕਸੂਰ ਵੀ ਹੈ।”
“ਮੈਂ ਪਹਿਲਾਂ ਹੀ ਗ਼ਲਤੀ ਮੰਨ ਚੁੱਕਾ ਹਾਂ। ਮੇਰੇ ਸਟਾਫ਼ ਵਾਲਿਆਂ ਨੇ ਅਨਾੜੀਪੁਣਾ ਕੀਤਾ ਹੈ। ਮੈਂ ਉਸ ਦੀ ਰਿਹਾਈ ਦੀ ਸਿਫ਼ਾਰਸ਼ ਕਰ ਦਿੱਤੀ ਹੈ। ਕਸੂਰਵਾਰ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਜਾਵੇਗੀ।”
“ਬਸੰਤ ਨੂੰ ਬੁਲਾਓ। ਮੈਂ ਉਸ ਨੂੰ ਆਪਣੀ ਪੜਤਾਲ ਦਾ ਨਤੀਜਾ ਦੱਸ ਦੇਵਾਂ। ਇਹ ਵੀ ਦੱਸ ਦੇਵਾਂ ਕਿ ਮੈਂ ਉਸ ਉਪਰ ਦਰਜ ਹੋਏ ਮੁਕੱਦਮੇ ਨੂੰ ਖ਼ਾਰਜ ਕਰਨ ਦੀ ਸਿਫ਼ਾਰਸ਼ ਕਰ ਰਿਹਾਹਾਂ।”
“ਕਿਧਰੇ ਸਾਡੇ ਮੁੰਡੇ ਤਾਂ ਨਹੀਂ ਖਿੱਚੇ ਜਾਣਗੇ?”
“ਨਹੀਂ। ਉਸ ਦਾ ਹੱਲ ਮੈਂ ਸੋਚ ਰੱਖਿਆ ਹੈ। ਮੈਂ ਜਾਂਚ ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਬਣਾਵਾਂਗਾ। ਇਕ ਮੈਂਬਰ ਮੇਰਾ ਮੈਜਿਸਟ੍ਰੇਟ ਹੋਏਗਾ। ਇਕ ਮੈਂਬਰ ਡੀ.ਸੀ. ਸਾਹਿਬ ਕੋਲੋਂ ਨਾਮਜ਼ਦ ਕਰਵਾਵਾਂਗੇ। ਤੀਜੇ ਮੈਂਬਰ ਤੁਸੀਂ ਹੋਵੋਗੇ। ਤੁਸੀਂ ਹਫ਼ਤੇ ਦੇ ਅੰਦਰ-ਅੰਦਰ ਪੜਤਾਲ ਮੁਕੰਮਲ ਕਰਨਾ। ਸਿੱਟਾ ਇਹ ਕੱਢਣਾ ਕਿ ਪੇਸ਼ੀ ਭੁਗਤਣ ਗਿਆ ਇਕ ਹਵਾਲਾਤੀ ਬਾਹਰੋਂ ਅਫ਼ੀਮ ਲੈ ਆਇਆ। ਉਹ ਬਸੰਤ ਨਾਲ ਖਾਰ ਖਾਂਦਾ ਸੀ। ਬਸੰਤ ਦੀ ਅਗਾਊਂ ਰਿਹਾਈ ਰੋਕਣ ਲਈ ਉਹ ਅਫ਼ੀਮ ਉਸ ਨੇ ਬਸੰਤ ਦੇ ਸਾਮਾਨ ਵਿਚ ਲੁਕਾ ਦਿੱਤੀ। ਫੇਰ ਆਪ ਹੀ ਜੇਲ੍ਹ ਸਟਾਫ਼ ਕੋਲ ਮੁਖ਼ਬਰੀ ਕਰ ਦਿੱਤੀ। ਤੁਸੀਂ ਬਸੰਤ ਨੂੰ ਬੇਕਸੂਰ ਠਹਿਰਾ ਦੇਣਾ। ਕਿਸੇ ਪੇਸ਼ੇਵਰ ਮੁਜਰਮ ਨੂੰ ਬਲੀ ਦਾ ਬੱਕਰਾ ਬਣਾ ਦੇਣਾ। ਮੈਂ ਤੁਹਾਡੀ ਰਿਪੋਰਟ ਨਾਲ ਸਹਿਮਤ ਹੋ ਜਾਵਾਂਗਾ। ਪੁਲਿਸ ਕਪਤਾਨ ਨੂੰ ਮੁਕੱਦਮਾ ਖਾਰਜ ਕਰਨ ਦੀ ਸਿਫ਼ਾਰਸ਼ ਕਰ ਦੇਵਾਂਗਾ। ਸਭ ਦੇ ਹੱਡ ਛੁੱਟ ਜਾਣਗੇ।”
ਹੁਣ ਤਕ ਰਣਜੋਧ ਸਿੰਘ ਨੂੰ ਲੱਗ ਰਿਹਾ ਸੀ ਜਿਵੇਂ ਹਿਰਦੇਪਾਲ ਉਸ ਨਾਲ ਸਖ਼ਤੀ ਨਾਲ ਪੇਸ਼ ਆ ਰਿਹਾ ਸੀ। ਪਹਿਲੀ ਵਾਰ ਉਹ ਉਸ ਨੂੰ ਆਪਣਾ-ਆਪਣਾ ਲੱਗਾ।
“ਉਹ ਝੋਟੇ ਜਿਹੇ ਨੂੰ ਮੁੰਡੇ ਨਾਲ ਬਦਫੈਲੀ ਕਰਨ ਦਾ ਯਤਨ ਕਰਨ ਬਦਲੇ ਸਖ਼ਤ ਸਜ਼ਾ ਦੇ ਕੇ ਕੀਤੀ ਕਾਰਵਾਈ ਦੀ ਰਿਪੋਰਟ ਮੈਨੂੰ ਭੇਜ।”
“ਹੁਣ ਉਸ ਸੂਰ ਨੂੰ ਤਨਹਾਈ ਕੋਠੜੀ ਵਿਚ ਬੰਦ ਕਰਦਾ ਹਾਂ। ਆਪੇ ਹਫ਼ਤੇ ਵਿਚ ਸਿਰੋਂ ਕਾਮ ਉੱਤਰ ਜੂ। ਮੁੜ ਸਾਰੀ ਉਮਰ ਜ਼ਨਾਨੀ ਵੱਲ ਝਾਕਣ ਜੋਗਾ ਨਹੀਂ ਰਹਿਣਾ, ਮੁੰਡਿਆਂ ਦੀ ਗੱਲ ਛੱਡੋ।”
“ਹੁਣ ਮੋਦਨ ਨੂੰ ਬੁਲਾਓ। ਉਸ ਦਾ ਬਿਆਨ ਵੀ ਕਲਮ-ਬੰਦ ਕਰ ਲਈਏ।”
ਮੋਦਨ ਨੇ ਉਹੋ ਰਟੀ-ਰਟਾਈ ਮੁਹਾਰਨੀ ਪੜ੍ਹ ਦਿੱਤੀ।
ਛੜਿਆਂ ਦੀ ਬੈਰਕ ਤੋਂ ਬਾਹਰ ਨਿਕਲਦਾ ਰਣਜੋਧ ਸਿੰਘ ਹਲਕਾ ਫੁੱਲ ਮਹਿਸੂਸ ਕਰਨ ਲੱਗਾ।
ਦੁਪਹਿਰ ਢਲਣ ਵਾਲੀ ਸੀ। ਹਾਲੇ ਤਕ ਉਹਨਾਂ ਅੰਦਰ ਪਾਣੀ ਦੀ ਘੁੱਟ ਤਕ ਨਹੀਂ ਸੀ ਗਈ।
ਇਸ ਵਿਚ ਕਸੂਰ ਦੋਹਾਂ ਦਾ ਸੀ।
ਹਿਰਦੇਪਾਲ ਨੂੰ ਆਪਣਾ ਕੰਮ ਨਿਬੇੜਨ ਦੀ ਕਾਹਲ ਸੀ। ਆਪਣੇ ਮਿਸ਼ਨ ਵਿਚ ਉਹ ਕਾਫ਼ੀ ਹੱਦ ਤਕ ਕਾਮਯਾਬ ਹੋ ਚੁੱਕਾ ਸੀ। ਹੁਣ ਥੋੜ੍ਹਾ ਜਿਹਾ ਸੁਸਤਾਉਣ ਵਿਚ ਕੋਈ ਹਰਜ ਨਹੀਂ ਸੀ। ਠੰਡਾ-ਤੱਤਾ ਲਿਆ ਜਾ ਸਕਦਾ ਸੀ।
ਪਹਿਲਾਂ ਰਣਜੋਧ ਸਿੰਘ ਤਨਾਅ ਵਿਚ ਸੀ। ਉਸ ਦੇ ਮਨ ਵਿਚ ਧੁੜਕੂ ਸੀ। ਜੇਲ੍ਹ ਪ੍ਰਸ਼ਾਸਨ ਉਪਰ ਗੰਭੀਰ ਦੋਸ਼ ਲੱਗੇ ਹਨ। ਸੈਸ਼ਨ ਜੱਜ ਗੁਪਤ ਪੜਤਾਲ ਕਰ ਰਿਹਾ ਹੈ। ਖੁਰਚਣ ’ਤੇ ਵੀ ਕੁਝ ਦੱਸ ਨਹੀਂ ਸੀ ਰਿਹਾ। ਉਸ ਨੂੰ ਆਉਣ ਵਾਲੀ ਮੁਸੀਬਤ ਦੀ ਚਿੰਤਾ ਖਾ ਰਹੀ ਸੀ।
ਹੁਣ ਉਸ ਨੂੰ ਯਕੀਨ ਹੋ ਗਿਆ ਸੀ ਕਿ ਸੈਸ਼ਨ ਜੱਜ ਸੱਚਮੁੱਚ ਆਪਣੀ ਜਾਣਕਾਰੀ ਵਿਚ ਵਾਧਾ ਕਰ ਰਿਹਾ ਸੀ। ਮਨੋਂ ਉਹ ਜੇਲ੍ਹ ਪ੍ਰਸ਼ਾਸਨ ਪੱਖੀ ਹੀ ਸੀ।
ਫ਼ਿਕਰਾਂ ਤੋਂ ਸੁਰਖ਼ਰੂ ਹੋਣ ਬਾਅਦ ਰਣਜੋਧ ਸਿੰਘ ਨੂੰ ਮਹਿਮਾਨ-ਨਿਵਾਜ਼ੀ ਦੇ ਆਪਣੇ ਫ਼ਰਜ਼ ਦੀ ਯਾਦ ਆਈ।
“ਚੱਲੋ, ਕੋਠੀ ਚੱਲਦੇ ਹਾਂ। ਬੀਅਰ-ਸ਼ੀਅਰ ਪੀਂਦੇ ਹਾਂ। ਚੇਅਰਮੈਨ ਤੁਹਾਨੂੰ ਯਾਦ ਕਰਦਾ ਰਹਿੰਦਾ ਹੈ। ਉਸ ਨਾਲ ਗੱਪ-ਸ਼ੱਪ ਕਰਦੇ ਹਾਂ।”
ਅੱਜ-ਕੱਲ੍ਹ ਕੋਠੀ ਵਿਚ ਚੇਅਰਮੈਨ ਅਤੇ ਚੱਠਾ ਬੰਦ ਸਨ।
ਚੇਅਰਮੈਨ ਨੇ ਆਪਣੇ ਕਾਰਜ-ਕਾਲ ਦੌਰਾਨ ਠੇਕੇਦਾਰ ਨਾਲ ਮਿਲ ਕੇ ਹਜ਼ਾਰਾਂ ਕੀਮਤੀ ਦਰੱਖ਼ਤ ਕਟਵਾ ਦਿੱਤੇ ਸਨ ਤੇ ਕਰੋੜਾਂ ਰੁਪਿਆ ਡਕਾਰ ਲਿਆ ਸੀ। ਨਵੀਂ ਸਰਕਾਰ ਨੇ ਚੌਕਸੀ ਵਿਭਾਗ ਰਾਹੀਂ ਸਾਰੇ ਸਬੂਤ ਇਕੱਠੇ ਕਰ ਲਏ ਸਨ। ਇਹਨਾਂ ਦੋਸ਼ਾਂ ਤਹਿਤ ਉਸ ਉਪਰ ਮੁਕੱਦਮਾ ਚੱਲ ਰਿਹਾ ਸੀ।
ਕੋਠੀ ਵਿਚਲੇ ਮੁਲਜ਼ਮ ਤੇਜ਼ੀ ਨਾਲ ਬਦਲਦੇ ਰਹਿੰਦੇ ਸਨ। ਕੋਠੀ ਦਾ ਸਭਿਆਚਾਰ ਉਹੋ ਪੁਰਾਣਾ ਸੀ।
ਪਿਛਲੇ ਦੌਰੇ ਸਮੇਂ ਸੈਸ਼ਨ ਜਜ ਨੇ ਇਸ ਕੋਠੀ ਵਿਚ ਖਾਣਾ ਖਾਧਾ ਸੀ। ਸ਼ਾਮ ਤਕ ਮਹਿਫ਼ਲ ਜੰਮੀ ਸੀ। ਮਹਿਮਾਨ-ਨਿਵਾਜ਼ੀ ਦਾ ਉਸ ਨੇ ਖ਼ੂਬ ਅਨੰਦ ਮਾਣਿਆ ਸੀ।
ਜੇਲ੍ਹ ਸੁਪਰਡੈਂਟ ਇਕ ਵਾਰ ਫਿਰ ਉਸੇ ਕੋਠੀ ਨੂੰ ਰੰਗ-ਭਾਗ ਲਾਉਣਾ ਚਾਹੁੰਦਾ ਸੀ।
ਸੁਪਰਡੈਂਟ ਇਤਿਹਾਸ ਕੋਲੋਂ ਸਬਕ ਸਿੱਖੇ ਜਾਂ ਨਾ, ਸੈਸ਼ਨ ਜੱਜ ਸਬਕ ਸਿੱਖ ਚੁੱਕਾ ਸੀ।
ਉਸ ਨੂੰ ਆਪਣੀ ਪਹਿਲੀ ਗ਼ਲਤੀ ਦਾ ਅਹਿਸਾਸ ਹੋ ਚੁੱਕਾ ਸੀ। ਉਹ ਆਪਣੇ ਮਨ ਨਾਲ ਫ਼ੈਸਲਾ ਕਰ ਚੁੱਕਾ ਸੀ ਕਿ ਅੱਗੋਂ ਤੋਂ ਜੇਲ੍ਹ ਦੌਰੇ ਮਨੋਰੰਜਨ ਦੀ ਥਾਂ ਫ਼ਰਜ਼ਾਂ ਦੀ ਪੂਰਤੀ ਲਈ ਹੋਣਗੇ।
“ਨਹੀਂ, ਇਕ ਕੱਪ ਚਾਹ ਅਤੇ ਕੁਝ ਨਮਕੀਨ ਬਿਸਕੁਟ ਕਾਫ਼ੀ ਹਨ।”
“ਹੁਣ ਜ਼ਨਾਨਾ ਵਾਰਡ ਵੱਲ ਚੱਲ।”
ਤਾਜ਼ਾ ਦਮ ਹੋਇਆ ਹਿਰਦੇਪਾਲ ਨਵੇਂ ਪੜਾਅ ’ਤੇ ਪੁੱਜਣ ਲਈ ਕਾਹਲਾ ਪੈਣ ਲੱਗਾ।
“ਉਥੇ ਕੀ ਹੈ? ਹੇਮਾ ਬੀਮਾਰ ਹੈ।”
ਤੋਰੇ-ਫੇਰੇ ਅਤੇ ਤਨਾਅ ਕਾਰਨ ਰਣਜੋਧ ਸਿੰਘ ਥੱਕਿਆ ਪਿਆ ਸੀ। ਉਹ ਹੋਰ ਖਿੱਚੋਤਾਣ ਤੋਂ ਬਚਣਾ ਚਾਹੁੰਦਾ ਸੀ। ਟਾਲਣ ਲਈ ਉਸ ਨੇ ਬਹਾਨਾ ਘੜਿਆ।
“ਉਸੇ ਦੀ ਸਿਹਤ ਦਾ ਪਤਾ ਕਰਨਾ ਹੈ।”
ਬਿਨਾਂ ਕਿਸੇ ਉੱਤਰ ਦੀ ਉਡੀਕ ਕੀਤੇ, ਸੈਸ਼ਨ ਜੱਜ ਜ਼ਨਾਨਾ ਵਾਰਡ ਵੱਲ ਜਾਂਦੀ ਸੜਕ ’ਤੇ ਜਾ ਖਲੋਤਾ।
“ਹੇਮਾ ਦੀ ਬੀਮਾਰੀ ਦਾ ਪਤਾ ਕਰਨਾ ਹੈ? ਮਤਲਬ ਇਸ ਨੂੰ ਉਸ ਦੇ ਬੀਮਾਰ ਹੋਣ ਦਾ ਪਤਾ ਹੈ। ਫੇਰ ਇਹ ਵੀ ਪਤਾ ਹੋਏਗਾ ਕਿ ਉਹ ਕਿਉਂ ਬੀਮਾਰ ਹੈ?”
ਸੋਚਦਾ ਰਣਜੋਧ ਸਿੰਘ ਫੇਰ ਬੇਚੈਨ ਹੋਣ ਲੱਗਾ।
“ਥੱਕ ਗਏ ਹਾਂ। ਹੁਣ ਗੱਡੀ ਵਿਚ ਚੱਲਾਂਗੇ। ਜਿਪਸੀ ਮੰਗਵਾ।”
ਹਿਰਦੇਪਾਲ ਨੂੰ ਪਤਾ ਸੀ ਕਿ ਇਥੋਂ ਜ਼ਨਾਨਾ ਵਾਰਡ ਕਿੱਲੋਮੀਟਰ ਦੂਰ ਹੈ। ਤੁਰ ਕੇ ਜਾਣ ’ਤੇ ਘੰਟਾ ਲੱਗਣਾ ਸੀ। ਹੁਣ ਉਹ ਘੰਟਾ ਬਰਬਾਦ ਕਰਨ ਦੇ ਰੌਂਅ ਵਿਚ ਨਹੀਂ ਸੀ।
“ਸਾਲਾ। ਮੇਰੇ ਨਾਲ ਚਲਿੱਤਰ ਖੇਡ ਰਿਹਾ ਹੈ। ਸਿੱਧਾ ਆਖ ਜ਼ਨਾਨਾ ਵਾਰਡ ਛਾਪਾ ਮਾਰਨਾ ਹੈ।”
“ਅੱਜ ਕੋਈ ਸਿਆਪਾ ਪੈ ਕੇ ਰਹੇਗਾ।” ਕਲਪਦਾ ਰਣਜੋਧ ਸਿੰਘ ਡਰਾਈਵਰ ਵਾਲੀ ਸੀਟ ’ਤੇ ਜਾ ਬੈਠਾ।
“ਸੁਣਿਆ ਹੈ ਕਦੇ ਇਥੇ ਇਕ ਵਕੀਲ ਬੰਦਾ ਹੁੰਦਾ ਸੀ। ਕਹਿੰਦੇ ਹਨ ਉਸ ਨੇ ਬਹੁਤ ਕੈਦੀਆਂ ਨੂੰ ਰਿਹਾਅ ਕਰਵਾਇਆ ਸੀ। ਅੱਜ-ਕੱਲ੍ਹ ਉਹ ਕਿੱਥੇ ਹੈ?”
ਖ਼ਤ ਪੜ੍ਹਨ ਬਾਅਦ ਸੈਸ਼ਨ ਜੱਜ ਨੇ ਅੰਦਾਜ਼ਾ ਲਾਇਆ ਸੀ ਕਿ ਇਹ ਕਿਸੇ ਕਾਨੂੰਨ ਦੇ ਡੂੰਘੇ ਜਾਣਕਾਰ ਦਾ ਲਿਖਿਆ ਹੋਇਆ ਹੈ। ਨਾਲੇ ਉਹ ਜੇਲ੍ਹ ਅੰਦਰ ਵਾਪਰ ਰਹੀਆਂ ਘਟਨਾਵਾਂ ਦਾ ਵੀ ਜਾਣਕਾਰ ਹੈ। ਉਸ ਦਾ ਮਨ ਆਖਦਾ ਸੀ ਕਿ ਇਹ ਖ਼ਤ ਉਸੇ ਵਕੀਲ ਦਾ ਲਿਖਿਆ ਹੋਇਆ ਹੈ। ਵਹਿਮ ਦੂਰ ਕਰਨ ਲਈ ਉਸ ਨੇ ਪੁੱਛਿਆ।
“ਹੋਈ ਨਾ ਉਹੋ ਗੱਲ। ਹੁਣ ਇਹ ਆਖੇਗਾ ਉਸ ਨੂੰ ਬੁਲਾਓ। ਆ ਕੇ ਉਹ ਨਵਾਂ ਪੰਗਾ ਪਾਏਗਾ। ਜੇਲ੍ਹ ਅਧਿਕਾਰੀਆਂ ਦੇ ਕੱਚੇ ਚਿੱਠੇ ਖੋਲ੍ਹੇਗਾ।”
ਸੋਚਦੇ ਰਣਜੋਧ ਸਿੰਘ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ।
“ਉਹ ਪੈਰੋਲ ’ਤੇ ਗਿਆ ਹੋਇਆ ਹੈ।” ਮੁਸੀਬਤ ਖੜੀ ਕਰਨ ਨਾਲੋਂ ਰਣਜੋਧ ਸਿੰਘ ਨੇ ਝੂਠ ਬੋਲਣਾ ਠੀਕ ਸਮਝਿਆ। ਸੈਸ਼ਨ ਜੱਜ ਕਿਹੜਾ ਸੱਚ ਬੋਲ ਰਿਹਾ ਸੀ।
ਹਾਕਮ ਦੇ ਜੇਲ੍ਹੋਂ ਬਾਹਰ ਹੋਣ ਦੀ ਗੱਲ ਸੁਣ ਕੇ ਹਿਰਦੇਪਾਲ ਨੂੰ ਰਾਹਤ ਮਹਿਸੂਸ ਹੋਈ।
ਪੜਤਾਲ ਬਾਅਦ ਰਿਪੋਰਟ ਉਸ ਨੇ ਆਪਣੇ ਮਿੱਤਰ ਦੇ ਹੱਕ ਵਿਚ ਕਰਨੀ ਸੀ। ਇੰਝ ਕਰਨ ਲਈ ਉਸ ਨੂੰ ਝੂਠ ਦਾ ਸਹਾਰਾ ਲੈਣਾ ਪੈਣਾ ਸੀ। ਉਹ ਡਰ ਰਿਹਾ ਸੀ ਕਿ ਹਾਕਮ ਕਿਧਰੇ ਉਸ ਨੂੰ ਪੱਖਪਾਤੀ ਆਖ ਕੇ ਉਸ ਦੀ ਸ਼ਿਕਾਇਤ ਨਾ ਕਰ ਦੇਵੇ।
ਹਾਕਮ ਵੱਲੋਂ ਨਿਸ਼ਚਿੰਤ ਹੋ ਕੇ ਸੈਸ਼ਨ ਜੱਜ ਜ਼ਨਾਨਾ ਵਾਰਡ ਦਾ ਨਿਰੀਖਣ ਕਰਨ ਲੱਗਾ।
ਨਿਯਮਾਂ ਅਨੁਸਾਰ ਜਦੋਂ ਕਿਸੇ ਮਰਦ ਅਫ਼ਸਰ ਨੇ ਜ਼ਨਾਨਾ ਵਾਰਡ ਵਿਚ ਪ੍ਰਵੇਸ਼ ਕਰਨਾ ਹੁੰਦਾ ਹੈ ਤਾਂ ਦਸ ਮਿੰਟ ਪਹਿਲਾਂ ਘੰਟੀ ਖੜਕਾ ਕੇ ਇਸ ਦੀ ਸੂਚਨਾ ਕੈਦਣਾਂ ਦਿੱਤੀ ਜਾਂਦੀ ਹੈ। ਪਰ ਇਹ ਵੱਡੇ ਅਫ਼ਸਰ ਸਨ। ਕਾਨੂੰਨ ਦੀ ਉਲੰਘਣਾ ਕਰ ਕੇ, ਅਚਾਨਕ ਬੈਰਕ ਅੰਦਰ ਆ ਧਮਕੇ ਸਨ। ਰਾਣੀ ਨੂੰ ਅੱਗਾ ਢੱਕਣ ਲਈ ਕੌਣ ਕਹਿ ਸਕਦਾ ਹੈ?
ਹੁਣ ਤਕ ਔਰਤਾਂ ਆਜ਼ਾਦੀ ਨਾਲ ਘੁੰਮ ਰਹੀਆਂ ਸਨ। ਕਿਸੇ ਨੇ ਇਕੱਲਾ ਪੇਟੀਕੋਟ ਪਾਇਆ ਹੋਇਆ ਸੀ, ਕਿਸੇ ਨੇ ਸਲਵਾਰ। ਕਿਸੇ ਦੇ ਕੇਸ ਖੁੱਲ੍ਹੇ ਸਨ। ਕਿਸੇ ਦਾ ਬਲਾਊਜ਼। ਕੈਦਣਾਂ ਨੂੰ ਆਪਣਾ ਆਪ ਸੰਭਾਲਣ ਦਾ ਮੌਕਾ ਨਾ ਮਿਲਿਆ।
ਸੈਸ਼ਨ ਜੱਜ ਨੇ ਕੈਦਣਾਂ ਦੇ ਸਰੀਰਾਂ ਨੂੰ ਗਹੁ ਨਾਲ ਤੱਕਿਆ। ਕਾਮ-ਵਾਸ਼ਨਾ ਦੀ ਪੂਰਤੀ ਲਈ ਨਹੀਂ। ਖ਼ਤ ਵਿਚ ਦਰਜ ਤੱਥਾਂ ਨੂੰ ਪਰਖਣ ਲਈ। ਸਾਹਮਣੇ ਨਜ਼ਰ ਆਉਂਦੇ ਕੱਢਵੇਂ ਸਰੀਰ ਤਾਂ ਔਰਤ ਅਖਵਾਉਣ ਦੇ ਵੀ ਹੱਕਦਾਰ ਨਹੀਂ ਸਨ।
ਹਿਰਦੇਪਾਲ ਨੂੰ ਕਚਿਆਣ ਆਉਣ ਲੱਗੀ। ਪਰ ਅੱਜ ਉਹ ਆਪਣੇ ਫ਼ੈਸਲੇ ’ਤੇ ਦ੍ਰਿੜ੍ਹ ਸੀ। ਉਸ ਨੇ ਆਪਣੀ ਘੋਖ ਪੜਤਾਲ ਜਾਰੀ ਰੱਖੀ।
ਅਹਾਤੇ ਅੰਦਰ ਘੁੰਮਣ ਵਾਲੀਆਂ ਔਰਤਾਂ ਦੀ ਗਿਣਤੀ ਥੋੜ੍ਹੀ ਸੀ। ਬਹੁਤੀਆਂ ਬੈਰਕ ਅੰਦਰ ਪਈਆਂ ਸਨ।
ਸੈਸ਼ਨ ਜੱਜ ਨੇ ਬੈਰਕ ਅੰਦਰ ਜਾਣਾ ਚਾਹਿਆ।
ਰਣਜੋਧ ਸਿੰਘ ਨੇ ਝੱਟ ਵਰਜ ਦਿੱਤਾ।
“ਸਾਹਿਬ ਜੀ, ਬਹੁਤੇ ਆਦਰਸ਼ਵਾਦੀ ਨਾ ਬਣੋ। ਅੱਧੀਆਂ ਨਾਲੋਂ ਵੱਧ ਕੈਦਣਾਂ ਛੂਤ ਦੀਆਂ ਬੀਮਾਰੀਆਂ ਦੀਆਂ ਸ਼ਿਕਾਰ ਨੇ। ਵੀ.ਡੀ. ਕਈਆਂ ਨੂੰ ਹੈ। ਹੋ ਸਕਦਾ ਹੈ ਇਕ-ਦੋ ਨੂੰ ਏਡਜ਼ ਵੀ ਹੋਵੇ। ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਏ ਤਾਂ ਕਿਸ ਦੀ ਮਾਂ ਨੂੰ ਮਾਸੀ ਆਖਾਂਗੇ। ਕਈ ਨੀਮ ਪਾਗ਼ਲ ਹਨ। ਕੋਈ ਗਾਲ੍ਹ ਕੱਢ ਸਕਦੀ ਹੈ, ਕੋਈ ਗਲ ’ਚ ਹੱਥ ਪਾ ਸਕਦੀ ਹੈ। ਆਪਣੀ ਇੱਜ਼ਤ ਬਚਾਓ। ਕਈਆਂ ਨੂੰ ਨੀਂਦ ਦੇ ਟੀਕੇ ਲਾ ਕੇ ਮਸਾਂ ਸੁਲਾਇਆ ਹੈ। ਜਾਗ ਪਈਆਂ ਤਾਂ ਸਾਰੀ ਰਾਤ ਮੁਸੀਬਤ ਖੜੀ ਕਰੀ ਰੱਖਣਗੀਆਂ। ਕੁਝ ਦੇਖਣਾ ਹੈ ਤਾਂ ਖਿੜਕੀ ਰਾਹੀਂ ਦੇਖ ਲਓ। ਇਸੇ ਲਈ ਖਿੜਕੀਆਂ ਵੱਡੀਆਂ ਰੱਖੀਆਂ ਹਨ।”
ਜੇਲ੍ਹ ਸੁਪਰਡੈਂਟ ਦੀ ਚਿਤਾਵਨੀ ਸੁਣ ਕੇ ਸੈਸ਼ਨ ਜੱਜ ਠਠੰਬਰ ਗਿਆ।
ਜਾਲੀ ਰਾਹੀਂ ਉਹ ਅੰਦਰਲੇ ਦ੍ਰਿਸ਼ ਦਾ ਜਾਇਜ਼ਾ ਲੈਣ ਲੱਗਾ।
ਹਿਰਦੇਪਾਲ ਨੂੰ ਲੱਗਾ, ਜੇਲ੍ਹ ਦੀ ਥਾਂ ਉਹ ਨਰਕਾਂ ਵਿਚ ਖੜਾ ਸੀ। ਚਾਰੇ ਪਾਸੇ ਬੂ ਸੀ, ਰੋਣ-ਧੋਣ ਸੀ। ਸਿਸਕੀਆਂ ਸਨ, ਬੀਮਾਰੀ ਤੇ ਭੁੱਖਮਰੀ ਸੀ।
“ਅੱਧੀਆਂ ਔਰਤਾਂ ਦੇ ਕੱਪੜੇ ਖ਼ੂਨ ਨਾਲ ਲਿੱਬੜੇ ਪਏ ਹਨ। ਮਹਾਂਵਾਰੀ ਦੇ ਦਿਨਾਂ ਵਿਚ ਕਾਟਨ ਵਗ਼ੈਰਾ ਨਹੀਂ ਦਿੰਦੇ?”
“ਪ੍ਰਸ਼ਾਸਨ ਨੰਗ-ਮਲੰਗ ਹੈ। ਪੈਸਾ ਜ਼ਹਿਰ ਖਾਣ ਨੂੰ ਨਹੀਂ ਹੈ।”
“ਹੋਰ ਨਹੀਂ ਤਾਂ ਫਟੇ-ਪੁਰਾਣੇ ਕੱਪੜਿਆਂ ਦਾ ਪ੍ਰਬੰਧ ਕਰ ਦਿਆ ਕਰੋ। ਕਿਸੇ ਕਬਾੜੀਏ ਕੋਲੋਂ ਸੌ ਰੁਪਏ ’ਚ ਪੰਡ ਲੀਰਾਂ ਦੀ ਮਿਲ ਜਾਂਦੀ ਹੈ।”
“ਜੇਲ੍ਹ ਸੁਪਰਡੈਂਟ ਨੂੰ ਇਕ ਰੁਪਿਆ ਵੀ ਆਪਣੀ ਮਰਜ਼ੀ ਨਾਲ ਖ਼ਰਚਣ ਦਾ ਅਧਿਕਾਰ ਨਹੀਂ ਹੈ। ਸੌ-ਸੌ ਰੁਪਏ ਵਾਲੀਆਂ ਅਜਿਹੀਆਂ ਪੰਜਾਹ ਚੀਜ਼ਾਂ ਦੀ ਲੋੜ ਪੈਂਦੀ ਹੈ। ਲੀਰਾਂ ਦੀ ਪੰਡ ਕਿਥੋਂ ਆਵੇ?”
“ਕਿਸੇ ਸਮਾਜ-ਸੇਵੀ ਸੰਸਥਾ ਨੂੰ ਪ੍ਰੇਰ ਲਵੋ।”
“ਕੈਦੀਆਂ ਵੱਲ ਕੋਈ ਮੂੰਹ ਨਹੀਂ ਕਰਦਾ। ਉਹ ਇਹਨਾਂ ਨੂੰ ਸਮਾਜ ’ਤੇ ਕਲੰਕ ਸਮਝਦੇ ਹਨ। ਫੇਰ ਵੀ ਸੁਝਾਅ ਚੰਗਾ ਹੈ। ਕੋਸ਼ਿਸ਼ ਕਰਾਂਗੇ।”
“ਕੈਦੀ ’ਤੇ ਕੈਦੀ ਚੜ੍ਹਾ ਰੱਖਿਆ ਹੈ। ਘੱਟੋ-ਘੱਟ ਔਰਤਾਂ ਨੂੰ ਤਾਂ ਖੁੱਲ੍ਹੀ ਥਾਂ ਵਿਚ ਰੱਖੋ।”
“ਦਫ਼ਤਰ ਚੱਲੋ। ਮੈਂ ਆਪਣੀ ਫ਼ਾਈਲ ਦਿਖਾਉਂਦਾ ਹਾਂ। ਹਰ ਮਹੀਨੇ ਸਰਕਾਰ ਨੂੰ ਲਿਖੀਦਾ ਹੈ। ਮੀਟਿੰਗਾਂ ਵਿਚ ਸੁਝਾਅ ਦੇਈਦਾ ਹੈ। ਜੇ ਨਵੀਆਂ ਜੇਲ੍ਹਾਂ ਨਹੀਂ ਬਣਾ ਸਕਦੇ, ਇਹਨਾਂ ਵਿਚ ਹੀ ਨਵੀਆਂ ਬੈਰਕਾਂ ਬਣਾ ਦਿਉ। ਸਰਕਾਰ ਉਹੋ ਰੋਣਾ ਰੋਣ ਲੱਗਦੀ ਹੈ, ਬਜਟ ਦੀ ਘਾਟ।”
“ਉਂਝ ਕੈਦੀਆਂ ਦੀਆਂ ਇਹਨਾਂ ਸਮੱਸਿਆਵਾਂ ਲਈ ਸਰਕਾਰ ਦੇ ਨਾਲ-ਨਾਲ ਅਦਾਲਤਾਂ ਵੀ ਜ਼ਿੰਮੇਵਾਰ ਹਨ।”
ਰਣਜੋਧ ਸਿੰਘ ਜੱਜ ਦੀਆਂ ਟਿੱਪਣੀਆਂ ਸੁਣ-ਸੁਣ ਅੱਕ ਚੁੱਕਾ ਸੀ।
ਮੌਕਾ ਮਿਲਦੇ ਹੀ ਉਸ ਨੇ ਮੋੜਵਾਂ ਵਾਰ ਕੀਤਾ।
“ਵੀਹ-ਵੀਹ ਸਾਲ ਮੁਕੱਦਮੇ ਲਟਕਦੇ ਰਹਿੰਦੇ ਹਨ। ਮੁਲਜ਼ਮ ਜੇਲ੍ਹਾਂ ਵਿਚ ਰੁਲਦੇ ਰਹਿੰਦੇ ਹਨ। ਕੈਦਖ਼ਾਨੇ ਭਰਦੇ ਜਾਂਦੇ ਹਨ।
“ਕਸੂਰ ਸਾਡਾ ਨਹੀਂ, ਕਾਨੂੰਨੀ ਢਾਂਚੇ ਦਾ ਹੈ। ਨਿਯਮਾਂ ਦੀ ਪਾਲਣਾ ਕਰਦੇ ਦੇਰ ਹੋ ਜਾਂਦੀਹੈ।”
“ਬੱਸ ਇਸੇ ਤਰ੍ਹਾਂ ਸਾਡੀਆਂ ਮਜਬੂਰੀਆਂ ਹਨ। ਕਸੂਰ ਨਾ ਸਾਡਾ ਹੈ, ਨਾ ਸੋਡਾ। ਕਸੂਰਵਾਰ ਕੌਣ ਹੈ, ਅਸੀਂ ਸਭ ਜਾਣਦੇ ਹਾਂ।”
“ਇਹ ਗੱਲਾਂ ਫੇਰ ਕਰਾਂਗੇ। ਇਹ ਦੱਸ ਹੇਮਾਂ ਕਿਹੜੀ ਕੋਠੜੀ ਵਿਚ ਬੰਦ ਹੈ?”
ਸੂਰਜ ਢਲਣ ਲੱਗ ਪਿਆ ਸੀ। ਹਿਰਦੇਪਾਲ ਨੂੰ ਕੰਮ ਨਿਪਟਾਉਣ ਦੀ ਕਾਹਲ ਹੋਣ ਲੱਗੀ।
“ਉਹ ਕਿਥੇ ਹੈ? ਉਸ ਨੂੰ ਕੀ ਹੋਇਆ ਹੈ? ਇਹ ਸਭ ਤੁਹਾਨੂੰ ਪਤਾ ਹੈ। ਮੇਰੇ ਮਾਤਹਿਤ ਨੂੰ ਬਚਾਓ। ਮੈਨੂੰ ਕੀ ਹੁਕਮ ਹੈ, ਇਹ ਦੱਸੋ।”
“ਤੈਨੂੰ ਪਤਾ ਹੈ? ਤੇਰੇ ਮਾਤਹਿਤ ਦਰੋਗ਼ੇ ਨੇ ਕਿੱਡਾ ਵੱਡਾ ਅਪਰਾਧ ਕੀਤਾ ਹੈ। ਹਿਰਾਸਤ ਵਿਚ ਰਹਿ ਰਹੀ ਔਰਤ ਨੂੰ ਵਰਗਲਾ ਕੇ ਗਰਭਵਤੀ ਕਰਨਾ ਬਹੁਤ ਵੱਡਾ ਅਪਰਾਧ ਹੈ। ਸਤਮਾਹਾ ਬੱਚਾ ਪੈਦਾ ਕਰਨਾ ਅਤੇ ਫੇਰ ਉਸ ਨੂੰ ਮਾਰਨਾ ਕਤਲ ਦਾ ਹੁਕਮ ਹੈ। ਸਖ਼ਤ ਬੀਮਾਰ ਬੰਦੇ ਨੂੰ ਦਵਾਈ-ਬੂਟੀ ਨਾ ਦੇਣਾ ਅਤੇ ਮਰਨ ਲਈ ਛੱਡ ਦੇਣਾ ਫੇਰ ਕਤਲ ਦਾ ਅਪਰਾਧ ਹੈ। ਪਿਛਲੇ ਦੋ ਜੁਰਮ ਵਿਚ ਤੂੰ ਵੀ ਬਰਾਬਰ ਦਾ ਭਾਈਵਾਲ ਹੈਂ। ਇਹਨਾਂ ਜੁਰਮਾਂ ਦੀ ਕੀ ਸਜ਼ਾ ਹੈ? ਇਹ ਤੈਨੂੰ ਪਤਾ ਹੈ।”
“ਮੈਂ ਪਹਿਲਾਂ ਵੀ ਦੱਸਿਆ ਸੀ ਕੋਈ ਤੁਹਾਡੇ ਪਿੱਛੇ ਲੱਗਾ ਹੋਇਆ ਹੈ। ਤੁਹਾਡੀ ਹਰ ਬੁਰਾਈ ’ਤੇ ਨਜ਼ਰ ਰੱਖ ਰਿਹਾ ਹੈ। ਪਹਿਲਾਂ ਉਸ ਭੈੜੇ ਅਨਸਰ ਦੀ ਪਛਾਣ ਕਰੋ। ਉਸ ਤੋਂ ਖਹਿੜਾ ਛੁਡਾਓ। ਨਹੀਂ ਤਾਂ ਮੇਰੀ ਮਦਦ ਕੋਈ ਕੰਮ ਨਹੀਂ ਆਏਗੀ। ਉਲਟਾ ਮੈਨੂੰ ਵੀ ਉਲਝਾ ਲਏਗੀ।”
“ਮੈਨੂੰ ਤੁਹਾਡੀ ਨਸੀਹਤ ਪੂਰੀ ਤਰ੍ਹਾਂ ਯਾਦ ਹੈ। ਕਾਂਗਿਆਰੀ ਲੱਭ ਲਈ ਗਈ ਹੈ। ਉਸ ਨੂੰ ਮਲੀਆਮੇਟ ਕਰਨ ਦਾ ਇੰਤਜ਼ਾਮ ਹੋ ਰਿਹਾ ਹੈ।”
“ਮੈਨੂੰ ਲੱਗਦਾ ਹੈ ਤੂੰ ਲੋੜੋਂ ਵੱਧ ਆਪਣੇ ਮਾਤਹਿਤਾਂ ’ਤੇ ਭਰੋਸਾ ਕਰਦਾ ਹੈਂ। ਜੋ ਕਹਿੰਦੇ ਹਨ ਕਰੀ ਜਾਂਦਾ ਹੈਂ। ਤਾਂ ਹੀ ਆਪਣੇ ਲਈ ਮੁਸੀਬਤ ਸਹੇੜ ਲੈਂਦਾ ਹੈਂ। ਕੋਈ ਕਦਮ ਚੁੱਕਣ ਤੋਂ ਪਹਿਲਾ ਮਾਮਲਾ ਖ਼ੁਦ ਘੋਖਿਆ ਕਰ।”
ਘਬਰਾਏ ਮਿੱਤਰ ਦਾ ਹੌਸਲਾ ਵਧਾਉਣ ਲਈ ਉਸ ਦੀ ਪਿੱਠ ਥਾਪੜਦਾ ਸੈਸ਼ਨ ਜੱਜ ਨਸੀਹਤਾਂ ਦੇਣ ਲੱਗਾ।
“ਪੰਦਰਾਂ ਸੌ ਕੈਦੀ ਹਨ। ਹਰ ਕੈਦੀ ਇਕ ਸਮੱਸਿਆ ਹੈ। ਪੂਰੀ ਘੋਖ ਪੜਤਾਲ ਨਹੀਂ ਹੋ ਸਕਦੀ। ਮੁਲਾਜ਼ਮਾਂ ’ਤੇ ਵਿਸ਼ਵਾਸ ਕਰਨਾ ਪੈਂਦਾ ਹੈ। ਜੇਲ੍ਹ ਕਰਮਚਾਰੀ ਖ਼ਤਰਨਾਕ ਹਾਲਤਾਂ ਵਿਚ ਵਿਚਰਦੇ ਹਨ। ਹਰ ਸਮੇਂ ਜਾਨ ਤਲੀ ’ਤੇ ਰੱਖਣੀ ਪੈਂਦੀ ਹੈ। ਕੋਈ ਪਤਾ ਨਹੀਂ ਕਦੋਂ ਛੁਰਾ ਢਿੱਡ ਵਿਚ ਆ ਵੱਜੇ। ਕਦੋਂ ਕੋਈ ਕੈਦੀ ਫ਼ਰਾਰ ਹੋ ਜਾਵੇ ਤੇ ਪਰਚਾ ਦਰਜ ਹੋ ਜਾਵੇ। ਮੁਲਾਜ਼ਮਾਂ ਦਾ ਮਨੋਬਲ ਉੱਚਾ ਚੁੱਕਣ ਅਤੇ ਕੈਦੀਆਂ ਉਪਰ ਉਹਨਾਂ ਦਾ ਦਬਦਬਾ ਬਣਾਈ ਰੱਖਣ ਲਈ ਕਰਮਚਾਰੀਆਂ ਦੀ ਚੰਗੀ-ਮੰਦੀ ਰਾਇ ਮੰਨਣੀ ਪੈਂਦੀ ਹੈ। ਫੇਰ ਵੀ ਅੱਗੋਂ ਤੋਂ ਧਿਆਨ ਰੱਖਾਂਗਾ।”
“ਚੰਗਾ। ਹੁਣ ਐਂਬੂਲੈਂਸ ਮੰਗਵਾ। ਹੇਮਾ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ। ਡਾਕਟਰਾਂ ਨੂੰ ਆਖ ਕੇ ਉਸ ਦਾ ਚੰਗਾ ਇਲਾਜ ਕਰਵਾ। ਨਾਲੇ ਮੈਨੂੰ ਮਿਲਾ। ਕੁਝ ਉਸ ਨੂੰ ਮੈਂ ਹੁਣ ਸਮਝਾਵਾਂਗਾ, ਕੁਝ ਹਸਪਤਾਲ ਜਾ ਕੇ। ਫੇਰ ਉਸ ਤੋਂ ਤੁਹਾਡੇ ਹੱਕ ਵਿਚ ਬਿਆਨ ਦਿਵਾਵਾਂਗਾ। ਫੇਰ ਤੁਹਾਡਾ ਇਸ ਬਲਾ ਕੋਲੋਂ ਖਹਿੜਾ ਛੁਡਾਵਾਂਗਾ।”
ਸੈਸ਼ਨ ਜੱਜ ਦੀ ਤਜਵੀਜ਼ ’ਤੇ ਖ਼ੁਸ਼ ਹੋਇਆ ਜੇਲ੍ਹ ਸੁਪਰਡੈਂਟ ਹੇਮਾ ਨੂੰ ਹਸਪਤਾਲ ਭੇਜਣ ਦੇ ਇੰਤਜ਼ਾਮ ਵਿਚ ਰੁਝ ਗਿਆ।
ਸੈਸ਼ਨ ਜੱਜ ਹੇਮਾ ਤੋਂ ਉਸ ਦਾ ਦੁਖੜਾ ਸੁਣਨ ਵਿਚ।
ਦੋਵੇਂ ਯਾਰ ਖ਼ੁਸ਼ ਸਨ। ਉਹ ਇਕ-ਦੂਜੇ ਦੇ ਕਿੰਨਾ ਕੰਮ ਆ ਰਹੇ ਸਨ।
50
ਕੁਝ ਖ਼ਾਸ ਮੁੱਦੇ ਵਿਚਾਰਨ ਲਈ ਜੇਲ੍ਹ ਸੁਪਰਡੈਂਟ ਵੱਲੋਂ ਆਪਣੇ ਮਾਤਹਿਤਾਂ ਦੀ ਹੰਗਾਮੀ ਮੀਟਿੰਗ ਬੁਲਾਈ ਗਈ।
ਸਭ ਤੋਂ ਪਹਿਲਾਂ ਸੈਸ਼ਨ ਜੱਜ ਦੇ ਧੰਨਵਾਦ ਦਾ ਮਤਾ ਪਾਸ ਕੀਤਾ ਗਿਆ। ਸਭ ਨੂੰ ਪਤਾ ਸੀ ਜੇ ਹਿਰਦੇਪਾਲ ਸੁਪਰਡੈਂਟ ਦਾ ਯਾਰ ਨਾ ਹੁੰਦਾ ਅਤੇ ਜੇ ਉਹ ਆਪਣੇ ਵਕਾਰ ਨੂੰ ਦਾਅ ’ਤੇ ਲਾ ਕੇ ਉਹਨਾਂ ਦੀ ਖੱਲ੍ਹ ਕੇ ਮਦਦ ਨਾ ਕਰਦਾ ਤਾਂ ਹੁਣ ਤਕ ਸਾਰੇ ਜੇਲ੍ਹ ਕਰਮਚਾਰੀਆਂ ਉੱਤੇ ਮੁਸੀਬਤ ਦਾ ਪਹਾੜ ਟੁੱਟ ਚੁੱਕਾ ਹੁੰਦਾ।
ਪਹਿਲਾਂ ਉਸ ਨੇ ਬਸੰਤ ਦੀ ਸ਼ਿਕਾਇਤ ਦੀ ਪੜਤਾਲ ਕਮੇਟੀ ਬਣਾਈ। ਕਮੇਟੀ ਵਿਚ ਆਪਣੇ ਬੰਦੇ ਨਾਮਜ਼ਦ ਕੀਤੇ। ਮਾਮਲੇ ਨੂੰ ਕਿਸ ਤਰ੍ਹਾਂ ਨਜਿੱਠਣਾ ਹੈ, ਸਭ ਨੂੰ ਇਹ ਸਮਝਾਇਆ। ਫੇਰ ਰਿਪੋਰਟ ਨਾਲ ਸਹਿਮਤੀ ਪ੍ਰਗਟਾਈ। ਬਸੰਤ ਵਿਰੁੱਧ ਹੋਏ ਮੁਕੱਦਮੇ ਨੂੰ ਖ਼ਾਰਜ ਕਰਨ ਦੀ ਸਿਫ਼ਾਰਸ਼ ਕੀਤੀ। ਪੁਲਿਸ ਕਪਤਾਨ ਨੂੰ ਆਖ ਕੇ ਮੁਕੱਦਮਾ ਖ਼ਾਰਜ ਕਰਾਇਆ। ਜੇਲ੍ਹ ਵਿਭਾਗ ਪਹਿਲਾਂ ਵਾਂਗ ਟੰਗ ਨਾ ਅੜਾਏ ਇਸ ਲਈ ਇੰਸਪੈਕਟਰ ਜਨਰਲ ਨੂੰ ਖ਼ਤ ਲਿਖਿਆ। ਬਸੰਤ ਦੀ ਤੁਰੰਤ ਰਿਹਾਈ ਦੀ ਸਲਾਹ ਦਿੱਤੀ। ਡਰੇ ਬਾਬੂਆਂ ਨੇ ਬਿਨਾਂ ਚਾਂਦੀ ਦੇ ਪਹੀਆਂ ਦੇ ਮਿਸਲ ਇਕੋ ਦਿਨ ਵਿਚ ਸਾਰੇ ਮੇਜ਼ਾਂ ਉਪਰੋਂ ਘੁਮਾ ਦਿੱਤੀ। ਘਰ ਜਾਣ ਤੋਂ ਪਹਿਲਾਂ ਬਸੰਤ ਸੁਪਰਡੈਂਟ ਦੇ ਘਰ ਆਇਆ। ਪੈਰੀਂ ਪੈ ਕੇ ਉਸ ਨੇ ਮੁਆਫ਼ੀ ਮੰਗੀ। ਉਸ ਦੇ ਸਾਰੇ ਗਿਲੇ-ਸ਼ਿਕਵੇ ਦੂਰ ਹੋ ਗਏ।
ਹੇਮਾ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾ ਕੇ ਦਮ ਨਹੀਂ ਲਿਆ। ਸਿਵਲ ਸਰਜਨ ਦੇ ਕੰਨ ਖਿੱਚੇ। ਹਰ ਰੋਜ਼ ਮਰੀਜ਼ ਦੀ ਸਿਹਤ ਦੀ ਤਾਜ਼ਾ ਰਿਪੋਰਟ ਮੰਗਦਾ ਰਿਹਾ। ਦੋ ਵਾਰ ਮਰੀਜ਼ ਦਾ ਪਤਾ ਲੈਣ ਹਸਪਤਾਲ ਗਿਆ। ਘੰਟਾ-ਘੰਟਾ ਹੇਮਾ ਨਾਲ ਗੱਲਾਂ ਕੀਤੀਆਂ। ਗੱਲੀਂ-ਗੱਲੀਂ ਉਸ ਨੂੰ ਸਮਝਾਇਆ।
“ਰੱਬ ਜੋ ਕਰਦਾ ਹੈ, ਠੀਕ ਹੀ ਕਰਦਾ ਹੈ। ਜੇਲ੍ਹ ਆ ਕੇ ਤੇਰਾ ਬੱਚੇਦਾਨੀ ਵਾਲਾ ਨੁਕਸ ਨਿਕਲ ਗਿਆ। ਅੱਗੋਂ ਤੋਂ ਬੱਚਾ ਪੈਦਾ ਕਰਨ ਦੇ ਯੋਗ ਹੋ ਗਈ। ਕਿਸੇ ਦਾ ਪਾਪ ਕਿਉਂ ਜੰਮੇ? ਰਿਹਾਅ ਹੋ ਕੇ ਵਿਆਹ ਕਰਾ। ਰੱਬ ਕੋਲੋਂ ਦਾਤ ਪ੍ਰਾਪਤ ਕਰ।”
ਹੇਮਾ ਨੂੰ ਸੈਸ਼ਨ ਜੱਜ ਦੀ ਗੱਲ ਜਚ ਗਈ। ਖ਼ੁਸ਼ੀ ਦੇ ਲੋਰ ’ਚ ਉਸ ਨੇ ਸਭ ਦੇ ਗੁਨਾਹ ਮੁਆਫ਼ ਕਰ ਦਿੱਤੇ।
ਹੇਮਾ ਨੂੰ ਕੋਈ ਫੇਰ ਨਾ ਭੜਕਾ ਦੇਵੇ, ਇਸ ਲਈ ਬੀਮਾਰੀ ਨੂੰ ਜੜ੍ਹੋਂ ਪੁੱਟਣ ਦੇ ਇਰਾਦੇ ਨਾਲ ਹਿਰਦੇਪਾਲ ਨੇ ਹਾਈ ਕੋਰਟ ਨੂੰ ਚਿੱਠੀ ਲਿਖੀ।
“ਹੇਮਾ ਸਖ਼ਤ ਬੀਮਾਰ ਹੈ। ਉਹ ਆਪਣੀ ਮਰਜ਼ੀ ਦੇ ਹਸਪਤਾਲ ਵਿਚ ਇਲਾਜ ਕਰਾਉਣਾ ਚਾਹੁੰਦੀ ਹੈ। ਇਹ ਖੁੱਲ੍ਹ ਉਸ ਨੂੰ ਮਿਲਣੀ ਚਾਹੀਦੀ ਹੈ। ਅਪੀਲ ਦੀ ਸੁਣਵਾਈ ਤਕ ਉਸ ਨੂੰ ਜ਼ਮਾਨਤ ’ਤੇ ਛੱਡ ਦੇਣਾ ਚਾਹੀਦਾ ਹੈ।”
ਸੈਸ਼ਨ ਜੱਜ ਦੀ ਸਿਫ਼ਾਰਸ਼ ਮਨਜ਼ੂਰ ਹੋ ਗਈ। ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਸੁਪਨੇ ਲੈਂਦੀ ਹੇਮਾ ਜੇਲ੍ਹ ਵਿਚੋਂ ਉਡਾਰੀ ਮਾਰ ਚੁੱਕੀ ਹੈ।
ਮੋਦਨ ਦੀ ਸ਼ਿਕਾਇਤ ਦਾ ਪਹਿਲਾਂ ਹੀ ਕੋਈ ਮੂੰਹ-ਮੱਥਾ ਨਹੀਂ ਸੀ। ਡਾਕਟਰ ਰਿਕਾਰਡ ਵਿਚਲੀ ਕਮੀ-ਪੇਸ਼ੀ ਦੂਰ ਕਰ ਚੁੱਕਾ ਸੀ। ਭੁੱਲੇ-ਚੁੱਕੇ ਕੋਈ ਮੁਰਦਾ ਫੇਰ ਨਾ ਉਖਾੜ ਲਏ ਅਤੇ ਰਿਕਾਰਡ ਦਾ ਨੁਕਸ ਨਾ ਫੜਿਆ ਜਾ ਸਕੇ, ਇਸ ਲਈ ਨਵੇਂ ਬਣੇ ਰਜਿਸਟਰਾਂ ਉਪਰ ਉਸ ਨੇ ਸਹੀ ਪਾ ਦਿੱਤੀ।
ਸੈਸ਼ਨ ਜੱਜ ਦੀ ਸਲਾਹ ’ਤੇ ਹੱਥਕੜੀਆਂ ਅਤੇ ਬੇੜੀਆਂ ਵਿਚ ਜਕੜੇ ਕੈਦੀਆਂ ਨੇ ਮੁਆਫ਼ੀਨਾਮੇ ਲਿਖ ਦਿੱਤੇ। ਚਿਤਾਵਨੀ ਦੇ ਕੇ ਸੁਪਰਡੈਂਟ ਨੇ ਉਹਨਾਂ ਦੀਆਂ ਹੱਥਕੜੀਆਂ ਲਾਹ ਦਿੱਤੀਆਂ। ਤਨਹਾਈ ਚੱਕੀਆਂ ਵਿਚ ਬੰਦ ਕੈਦੀਆਂ ਦੀ ਬਾਕੀ ਰਹਿੰਦੀ ਸਜ਼ਾ ਮੁਆਫ਼ ਕਰਾ ਕੇ ਉਹ ਵੀ ਵਾਪਸ ਬੁਲਾ ਲਏ।
ਇਸ ਤਰ੍ਹਾਂ ਜੇਲ੍ਹ ਪ੍ਰਸ਼ਾਸਨ ਨੂੰ ਸਾਰੀਆਂ ਮੁਸੀਬਤਾਂ ਤੋਂ ਰਾਹਤ ਦਿਵਾ ਕੇ ਸੈਸ਼ਨ ਜੱਜ ਨੇ ਆਪਣੀ ਮਿੱਤਰਤਾ ਨਿਭਾਈ ਸੀ। ਉਹ ਜੇਲ੍ਹ ਪ੍ਰਸ਼ਾਸਨ ਦੇ ਵਿਸ਼ੇਸ਼ ਧੰਨਵਾਦ ਦਾ ਪਾਤਰ ਸੀ।
ਉਸ ਦੀ ਨਸੀਹਤ ਉਪਰ ਫੁੱਲ ਚੜ੍ਹਾਉਣ ਦੀ ਹੁਣ ਜੇਲ੍ਹ ਪ੍ਰਸ਼ਾਸਨ ਦੀ ਵਾਰੀ ਸੀ।
ਸ਼ਿਕਾਇਤਾਂ ਹਾਕਮ ਨੇ ਕੀਤੀਆਂ ਸਨ। ਇਹ ਭੇਤ ਕਿਸੇ ਕੋਲੋਂ ਗੁੱਝਾ ਨਹੀਂ ਸੀ। ਅੱਗੋਂ ਤੋਂ ਮੁਸੀਬਤ ਤੋਂ ਬਚਣ ਲਈ ਇਸ ਗੰਦੇ ਆਂਡੇ ਦੀ ਖੁੰਬ ਠੱਪਣੀ ਜ਼ਰੂਰੀ ਸੀ।
ਖੁੰਬ ਕਿਸ ਤਰ੍ਹਾਂ ਠੱਪੀ ਜਾਵੇ? ਵਿਚਾਰ ਵਾਲਾ ਦੂਜਾ ਮੁੱਦਾ ਇਹ ਸੀ।
ਇਸ ਵਾਰ ਸੁਪਰਡੈਂਟ ਅਤੇ ਮਾਤਹਿਤਾਂ ਵਿਚਕਾਰ ਕੋਈ ਮਤਭੇਦ ਨਹੀਂ ਸੀ।
ਅਫ਼ਸਰ ਸਿਰ ਜੋੜ ਕੇ ਆਪਣੇ-ਆਪਣੇ ਵਿਚਾਰ ਪੇਸ਼ ਕਰਨ ਲੱਗੇ।
ਇਸ ਘਟਨਾ ਚੱਕਰ ਵਿਚ ਸਭ ਤੋਂ ਵੱਧ ਬਦਨਾਮੀ ਸੰਤੋਖ ਦੀ ਹੋਈ ਸੀ। ਕਿਸੇ ਨੇ ਉਸ ਦੀ ਘਰਵਾਲੀ ਦੇ ਕੰਨ ਭਰ ਦਿੱਤੇ ਸਨ। ਉਸ ਦਿਨ ਤੋਂ ਉਹ ਮੂੰਹ ਮੋਟਾ ਕਰੀ ਫਿਰਦੀ ਸੀ। ਪਿੱਠ ਦੂਜੇ ਪਾਸੇ ਕਰ ਕੇ ਸੌਂਦੀ ਸੀ। ਝਗੜਾ ਖੜਾ ਕਰਨ ਦਾ ਬਹਾਨਾ ਭਾਲਦੀ ਰਹਿੰਦੀ ਸੀ। ਸੰਤੋਖ ਦੀ ਚੰਗੀ ਕਿਸਮਤ) ਉਸ ਦੇ ਸਹੁਰੇ ਕਮਜ਼ੋਰ ਸਨ, ਨਹੀਂ ਤਾਂ ਉਹ ਕਦੋਂ ਦੀ ਪੇਕੀਂ ਜਾ ਬੈਠੀ ਹੁੰਦੀ।
ਉਹ ਜ਼ਹਿਰ ਦੀ ਇਸ ਗੰਦਲ ਨੂੰ ਜੜ੍ਹੋਂ ਪੁੱਟਣ ਲਈ ਕਾਹਲਾ ਸੀ। ਉਸ ਨੇ ਸਲਾਹ ਦਿੱਤੀ, “ਨਿੰਮੇ ਵਾਂਗ ਕਿਉਂ ਨਾ ਇਸ ਨੂੰ ਵੀ ਠਿਕਾਣੇ ਲਾ ਦਿੱਤਾ ਜਾਵੇ?”
ਕੁਝ ਵਰ੍ਹੇ ਪਹਿਲਾਂ ਨਿੰਮੇ ਨੂੰ ਵੀ ਹਾਕਮ ਵਾਲੀ ਬੀਮਾਰੀ ਲੱਗ ਗਈ ਸੀ। ਉਸ ਨੂੰ ਕੈਦੀਆਂ ਦਾ ‘ਡਾਨ’ ਬਣਨ ਦਾ ਭੂਤ ਸਵਾਰ ਹੋਇਆ ਸੀ। ਬਿਨਾਂ ਕਾਰਨ ਮਾੜੇ ਕੈਦੀਆਂ ਨੂੰ ਕੁੱਟ ਦਿੰਦਾ ਸੀ। ਵਾਰਡਰਾਂ ਨਾਲ ਵੀ ਬਦਤਮੀਜ਼ੀ ਕਰਦਾ ਸੀ। ਆਪਣੀ ਸਰਦਾਰੀ ਕਾਇਮ ਕਰਨ ਲਈ ਇਕ ਡਿਪਟੀ ਦੇ ਗਲਮੇ ਨੂੰ ਹੱਥ ਪਾ ਲਿਆ। ਉਸ ਸਮੇਂ ਸੰਤੋਖ ਚੀਫ਼ ਵਾਰਡਰ ਸੀ। ਉਸ ਤੋਂ ਆਪਣੇ ਸਾਹਿਬ ਦੀ ਬੇਇੱਜ਼ਤੀ ਸਹਾਰ ਨਾ ਹੋਈ। ਬੇਇੱਜ਼ਤੀ ਦਾ ਬਦਲਾ ਲੈਣ ਦਾ ਪ੍ਰਬੰਧ ਉਸ ਨੇ ਰਾਤੋ-ਰਾਤ ਕਰ ਦਿੱਤਾ।
ਸਵੇਰੇ ਨਿੰਮੇ ਦੀ ਲਾਸ਼, ਲੰਗਰ ਬਾਹਰਲੀ ਨਿੰਮ ਨਾਲ ਲਟਕਦੀ ਮਿਲੀ ਸੀ।
ਸਭ ਨੂੰ ਪਤਾ ਸੀ ਨਿੰਮੇ ਨੇ ‘ਖ਼ੁਦਕੁਸ਼ੀ’ ਕਿਉਂ ਕੀਤੀ ਹੈ? ਪਰ ਕਿਸੇ ਦੀ ਜ਼ਬਾਨ ਖੋਲ੍ਹਣ ਦੀ ਹਿੰਮਤ ਨਹੀਂ ਸੀ ਪਈ।
ਮਹੀਨਾ ਕੁ ਨਿੰਮੇ ਦੇ ਵਾਰਸਾਂ ਨੇ ਰੌਲਾ ਪਾਇਆ। ਪੜਤਾਲੀਆ ਅਫ਼ਸਰ ਨਿਯੁਕਤ ਕਰਾਇਆ। ਕੁਝ ਦਿਨ ਪੜਤਾਲੀਆ ਅਫ਼ਸਰ ਨੇ ਜੇਲ੍ਹ ਦੇ ਚੱਕਰ ਕੱਟੇ। ਜਦੋਂ ਕੁਝ ਪੱਲੇ ਨਾ ਪਿਆ ਤਾਂ ਰਿਪੋਰਟ ਕਰ ਦਿੱਤੀ, “ਨਿੰਮੇ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਵਿਚ ਕਿਸੇ ਦਾ ਕੋਈ ਹੱਥ ਨਹੀਂ।”
ਮੁੜ ਕਈ ਸਾਲ ਜੇਲ੍ਹ ਵਿਚ ਅਮਨ ਰਿਹਾ।
ਮੁੜ ਅਮਨ ਬਹਾਲ ਕਰਾਉਣ ਲਈ ਇਸ ਵਾਰ ਵੀ ਉਹ ਬੀੜਾ ਚੁੱਕਣ ਲਈ ਤਿਆਰਸੀ।
“ਮੈਂ ਤਿਆਰੀ ਕਰੀ ਬੈਠਾ ਹਾਂ। ਬਦਮਾਸ਼ਾਂ ਦੀ ਬੈਰਕ ਵਾਲਾ ਨੀਟਾ ਗਰੁੱਪ ਇਹ ਕੰਮ ਸਿਰੇ ਚਾੜ੍ਹੇਗਾ। ਮੌਕਾ ਮਿਲਦੇ ਹੀ ਉਹ ਹਾਕਮ ਨੂੰ ਘੇਰ ਲੈਣਗੇ, ਬਿਨਾਂ ਮਤਲਬ ਝਗੜਾ ਕਰਨਗੇ ਅਤੇ ਫੇਰ ਉਸ ਦਾ ਸਿਰ ਖੱਖੜੀ-ਖੱਖੜੀ ਕਰ ਦੇਣਗੇ। ਬੱਸ ਮੈਨੂੰ ਅਫ਼ਸਰਾਂ ਦੇ ਇਸ਼ਾਰੇ ਦਾ ਇੰਤਜ਼ਾਰਹੈ।”
ਲਾਲ-ਪੀਲਾ ਹੁੰਦੇ ਸੰਤੋਖ ਨੇ ਆਪਣੀ ਯੋਜਨਾ ਪੇਸ਼ ਕੀਤੀ।
ਰਣਜੋਧ ਸਿੰਘ ਹਾਲੇ ਇੰਨਾ ਸਖ਼ਤ ਕਦਮ ਚੁੱਕਣ ਦੇ ਹੱਕ ਵਿਚ ਨਹੀਂ ਸੀ।
ਕਈਆਂ ਸਾਲਾਂ ਤੋਂ ਹਾਕਮ ਸਿੰਘ ਸਾਧਾਰਨ ਕੈਦੀਆਂ ਵਾਂਗ ਵਿਚਰ ਰਿਹਾ ਸੀ। ਨਵੇਂ ਕੈਦੀ ਉਸ ਦਾ ਨਾਂ ਤਕ ਨਹੀਂ ਜਾਣਦੇ। ਪੁਰਾਣੇ ਵਾਕਫ਼ ਵੀ ਉਸ ਨੂੰ ਭੁਲ-ਭੁਲਾ ਚੁੱਕੇ ਹਨ। ਇਸ ਲਈ ਜੇਲ੍ਹ ਦੇ ਅੰਦਰੋਂ ਹਾਕਮ ਦੇ ਹੱਕ ਵਿਚ ਆਵਾਜ਼ ਬੁਲੰਦ ਹੋਣ ਦਾ ਕੋਈ ਖ਼ਤਰਾ ਨਹੀਂ ਸੀ।
ਪਰ ਪਹਿਲਾਂ ਜਿਹੜੇ ਸੈਂਕੜੇ ਕੈਦੀਆਂ ਨੂੰ ਉਸ ਨੇ ਰਾਹਤ ਦਿਵਾਈ ਸੀ, ਉਹਨਾਂ ਵਿਚੋਂ ਕੁਝ ਕੈਦੀ ਗਾਹੇ-ਬਗਾਹੇ ਮਿਲਣ ਆਉਂਦੇ ਹਨ। ਉਹ ਅੰਦਰਲੇ ਹਾਲਾਤਾਂ ਦੇ ਭੇਤੀ ਹਨ। ਹਾਕਮ ਨੂੰ ਵੱਡਾ ਨੁਕਸਾਨ ਪੁੱਜਣ ’ਤੇ ਉਹ ਪੰਗਾ ਪਾ ਸਕਦੇ ਹਨ।
ਇਸ ਲਈ ਰਣਜੋਧ ਸਿੰਘ ਖੂਹ ਵਿਚੋਂ ਨਿਕਲ ਕੇ ਖਾਤੇ ਵਿਚ ਨਹੀਂ ਸੀ ਡਿੱਗਣਾ ਚਾਹੁੰਦਾ। ਉਸ ਨੇ ਸਲਾਹ ਦਿੱਤੀ।
“ਇਹ ਪੜ੍ਹਿਆ-ਲਿਖਿਆ ਕੈਦੀ ਹੈ। ਇਸ ਦਾ ਮਾਨਸਿਕ ਸੰਤੁਲਨ ਵਿਗਾੜੋ। ਅੰਗਰੇਜ਼ਾਂ ਦੇ ‘ਪਰਜ਼ਰਵ ਦਾ ਬਾਡੀ, ਕਰਸ਼ ਦਾ ਮਾਈਂਡ’ (Preserve the body, crush the mind) ਦੇ ਫ਼ਾਰਮੂਲੇ ਦੀ ਵਰਤੋਂ ਕਰੋ। ਹੌਲੀ-ਹੌਲੀ ਆਪੇ ਬਿੱਲੇ ਲੱਗ ਜਾਏਗਾ।”
ਇਸ ਉਦੇਸ਼ ਵਿਚ ਕਿਸ ਤਰ੍ਹਾਂ ਕਾਮਯਾਬ ਹੋਇਆ ਜਾਵੇ, ਫੇਰ ਉਹ ਇਹ ਸਮਝਾਉਣ ਲੱਗਾ।
“ਹਾਕਮ ਸਿੰਘ ਜੇਲ੍ਹ ਮੈਨੂਅਲ ਦੇ ਹਵਾਲੇ ਦੇਣ ਦਾ ਆਦੀ ਹੈ। ਉਸੇ ਮੈਨੂਅਲ ਦਾ ਹਵਾਲਾ ਦੇ ਕੇ ਪਹਿਲਾਂ ਉਸ ਨੂੰ ਮਿਲਣ ਆਉਂਦੇ ਬੰਦਿਆਂ ਦੀ ਗਿਣਤੀ ਸੀਮਤ ਕੀਤੀ ਜਾਵੇ। ਉਸ ਦੀ ਮੁਲਾਕਾਤ ਲਈ ਮਿੱਤਰ ਜਾਂ ਰਿਸ਼ਤੇਦਾਰ ਨਹੀਂ ਆਉਂਦੇ। ਚੋਰ-ਉਚੱਕੇ ਆਉਂਦੇ ਹਨ। ਸਾਬਕਾ ਕੈਦੀਆਂ ਨੂੰ ਮੁਲਾਕਾਤ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਹਨਾਂ ਦੇ ਇਰਾਦੇ ਖ਼ਤਰਨਾਕ ਹਨ।ਉਹਜੇਲ੍ਹ ਤੋੜ ਕੇ ਕੈਦੀਆਂ ਨੂੰ ਭਜਾਉਣ ਦੀ ਯੋਜਨਾ ਬਣਾਉਣ ਆਉਂਦੇ ਹਨ। ਇਸ ਬਹਾਨੇਮੁਲਾਕਾਤ ਦੀ ਮਨਜ਼ੂਰੀ ਰੱਦ ਕੀਤੀ ਜਾਵੇ। ਧੱਕੇ ਖਾ-ਖਾ ਮੁਲਾਕਾਤੀ ਆਉਣੋਂ ਬੰਦ ਹੋ ਜਾਣਗੇ। ਇਸ ਨੂੰ ਇਕੱਲੇਪਣ ਦਾ ਅਹਿਸਾਸ ਹੋਵੇਗਾ। ਆਪੇ ਲੋਕ-ਭਲਾਈ ਦਾ ਭੂਤ ਸਿਰੋਂ ਲਹਿ ਜਾਏਗਾ।
“ਛੁੱਟ ਕੇ ਗਏ ਕੈਦੀਆਂ ਦੇ ਇਸ ਨੂੰ ਬਹੁਤ ਚਿੱਠੀ-ਪੱਤਰ ਆਉਂਦੇ ਹਨ। ਉਹ ਇਸ ਨੂੰ ਰੱਬ ਵਾਂਗ ਪੂਜਦੇ ਹਨ। ਚਿੱਠੀਆਂ ਪੜ੍ਹ ਕੇ ਇਹ ਨਵੇਂ ਪੰਗੇ ਲੈਣ ਲਈ ਪ੍ਰੇਰਿਤ ਹੁੰਦਾ ਹੈ। ਅੱਗੋਂ ਤੋਂ ਚਿੱਠੀਆਂ ਉਪਰ ਸੈਂਸਰ ਲਾਓ। ਮਹੀਨੇ ਵਿਚ ਇਕ-ਦੋ ਪੱਤਰ ਹੀ ਪੁੱਜਦੇ ਕਰੋ। ਇੰਜ ਵੀ ਇਸ ਨੂੰ ਇਕੱਲੇਪਣ ਦਾ ਅਹਿਸਾਸ ਹੋਵੇਗਾ ਅਤੇ ਇਸ ਦੇ ਹੌਸਲੇ ਪਸਤ ਹੋਣਗੇ।
ਬੀ-ਕਲਾਸ ਦੇ ਕੈਦੀਆਂ ਨੂੰ ਸਮਝਾਓ। ਆਨੇ-ਬਹਾਨੇ ਇਸ ਨਾਲ ਮੂੰਹ ਮੋਟਾ ਕਰ ਲੈਣ। ਬੋਲ-ਚਾਲ, ਸਾਂਝਾ ਖਾਣ-ਪੀਣ ਅਤੇ ਸੈਰ-ਸਪਾਟਾ ਬੰਦ ਕਰ ਦੇਣ। ਕੰਧਾਂ ਨਾਲ ਗੱਲਾਂ ਕਰ-ਕਰ ਆਪੇ ਪਾਗ਼ਲ ਹੋ ਜਾਵੇਗਾ।”
“ਕੱਲ੍ਹ ਤੋਂ ਇੰਝ ਹੀ ਹੋਏਗਾ।” ਮਾਤਹਿਤਾਂ ਨੇ ਅਫ਼ਸਰ ਦੀ ਸੁਰ ਵਿਚ ਸੁਰ ਮਿਲਾਈ।
“ਕਿਸੇ ਨਾ ਕਿਸੇ ਢੰਗ ਨਾਲ ਇਸ ਤੋਂ ਬੀ-ਕਲਾਸ ਖੋਹਵੋ। ਇਹ ਮੌਜਾਂ ਵੀ ਮਾਰਦਾ ਹੈ ਅਤੇ ਰੋਹਬ ਵੀ।”
ਡਿਪਟੀ ਸੁਪਰਡੈਂਟ ਨੂੰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਸ ਦੇ ਬੀ-ਕਲਾਸ ਵਿਚ ਰਹਿਣ ’ਤੇ ਇਤਰਾਜ਼ ਸੀ।
“ਇਸ ਤੋਂ ਵੀ ਜ਼ਰੂਰੀ ਹੈ ਇਸ ਨੂੰ ਦਫ਼ਤਰੋਂ ਕੱਢਣਾ। ਸਾਰੇ ਦਿਨ ਵਿਚ ਇਹ ਚਾਰ ਅੱਖਰ ਨਹੀਂ ਲਿਖਦਾ। ਉਲਟਾ ਵਿਹਲਾ ਹੋਣ ਕਾਰਨ ਸਾਡੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਹੈ। ਮੌਕਾ ਮਿਲਦੇ ਹੀ ਛੁਰਲੀ ਛੱਡ ਦਿੰਦਾ ਹੈ।”
ਸਹਾਇਕ ਦਰੋਗ਼ੇ ਨੂੰ ਉਸ ਦੇ ਦਫ਼ਤਰ ਵਿਚ ਕੰਮ ਕਰਨ ’ਤੇ ਇਤਰਾਜ਼ ਸੀ।
“ਕੁਝ ਦਿਨਾਂ ਲਈ ਇਸ ਨੂੰ ਮੇਰੇ ਨਾਲ ਫ਼ੈਕਟਰੀ ਵਿਚ ਭੇਜੋ। ਜੇ ਤੁੱਕੇ ਵਾਂਗ ਸਿੱਧਾ ਨਾ ਕਰ ਦਿਆਂ। ਆਪੇ ਸ਼ਰਾਰਤਾਂ ਭੁੱਲ ਜਾਏਗਾ।”
ਫ਼ੈਕਟਰੀ ਇੰਚਾਰਜ ਧਰਮਪਾਲ ਉਸ ਨੂੰ ਸਬਕ ਸਿਖਾਉਣ ਲਈ ਕਾਹਲਾ ਪੈਣ ਲੱਗਾ।
“ਇਸ ਵਿਚ ਕਿਹੜੀ ਮੁਸ਼ਕਲ ਹੈ। ਪਹਿਲਾਂ ਉਸ ਉਪਰ ਕੋਈ ਗੰਭੀਰ ਦੋਸ਼ ਲਾਈਏ। ਪੜਤਾਲ ਕਰਾਈਏ, ਪੜਤਾਲ ਵਿਚ ਦੋਸ਼ੀ ਪਾਈਏ। ਇਕੋ ਤੀਰ ਨਾਲ ਦੋ ਸ਼ਿਕਾਰ ਫੁੰਡ ਲਵਾਂਗੇ। ਬੀ-ਕਲਾਸ ਵੀ ਖੋਹ ਲਵਾਂਗੇ ਅਤੇ ਦਫ਼ਤਰੋਂ ਵੀ ਕੱਢ ਦੇਵਾਂਗੇ।”
ਜੇਲ੍ਹ ਸੁਪਰਡੈਂਟ ਨੇ ਹੱਲਾਸ਼ੇਰੀ ਦਿੱਤੀ।
ਹਾਕਮ ਉਪਰ ਕੀ ਦੋਸ਼ ਲਾਏ ਜਾਣ? ਫੇਰ ਇਹ ਵਿਚਾਰਾਂ ਹੋਣ ਲੱਗੀਆਂ।
ਕਈ ਸੁਝਾਅ ਆਏ। ਪ੍ਰਵਾਨਗੀ ਦਫ਼ਤਰ ਦੇ ਸਹਾਇਕ ਦਰੋਗ਼ੇ ਕਿਸ਼ੋਰ ਕੁਮਾਰ ਦੀ ਤਜਵੀਜ਼ ਨੂੰ ਮਿਲੀ।
ਉਸ ਦੀ ਸਲਾਹ ਸੀ ਕਿ ਜਿਨ੍ਹਾਂ ਕੈਦੀਆਂ ਨੂੰ ਅਗਾਊਂ ਰਿਹਾਈ ਲਈ ਸਿਫ਼ਾਰਸ਼ ਕਰਉਣਲਈ ਪੂਰਾ ਨਜ਼ਰਾਨਾ ਨਾ ਚੜ੍ਹਾਇਆ ਹੋਵੇ ਅਤੇ ਇਸ ਕਾਰਨ ਜੇਲ੍ਹ ਪ੍ਰਸ਼ਾਸਨ ਉਹਨਾਂ ਦੀ ਰਿਹਾਈ ਨਾ ਚਾਹੁੰਦਾ ਹੋਵੇ, ਉਹਨਾਂ ਕੈਦੀਆਂ ਦੀਆਂ ਮਿਸਲਾਂ ਦਾ ਬੰਡਲ ਬਣਾ ਕੇ ਖੂੰਜੇ ਸੁੱਟਦਿੱਤਾ ਜਾਵੇ। ਹੋ ਰਹੀ ਦੇਰੀ ਕਾਰਨ ਜਦੋਂ ਕੈਦੀਆਂ ਵਿਚ ਹਾਹਾਕਾਰ ਮੱਚੇ ਤਾਂ ਮਿਸਲਾਂ ਦੇ ਚੋਰੀ ਹੋਣ ਬਾਰੇ ਥਾਣੇ ਰਿਪੋਰਟ ਦਰਜ ਕਰਾਈ ਜਾਵੇ। ਕੁਝ ਦਿਨਾਂ ਬਾਅਦ ਉਹ ਮਿਸਲਾਂ ਬੀ-ਕਲਾਸਦੇ ਕੂੜੇਦਾਨ ਵਿਚੋਂ ਬਰਾਮਦ ਕਰਾਈਆਂ ਜਾਣ। ਚੋਰੀ ਦਾ ਦੋਸ਼ ਹਾਕਮ ’ਤੇ ਲੱਗੇ। ਇਕ ਕੈਦੀ ਕੋਲੋਂ ਮਿਸਲ ਤਿਆਰ ਕਰਨ ਬਦਲੇ ਹਾਕਮ ਵੱਲੋਂ ਪੈਸੇ ਮੰਗਣ ਦਾ ਦੋਸ਼ ਲਗਾਇਆਜਾਵੇ। ਦੂਜੇ ਕੋਲੋਂ ਉਸ ਨੂੰ ‘ਮੈਂ ਮਿਸਲਾਂ ਨੂੰ ਕੂੜੇਦਾਨ ਵਿਚ ਸੁੱਟਦੇ ਦੇਖਿਆ ਹੈ’ ਇਹ ਅਖਵਾਇਆ ਜਾਵੇ।
ਤਜਵੀਜ਼ ਦੇ ਪਾਸ ਹੁੰਦਿਆਂ ਹੀ ਇਸ ਨੂੰ ਸਿਰੇ ਚਾੜ੍ਹਨ ਲਈ ਅਧਿਕਾਰੀ ਆਪਣੀਆਂ ਸੇਵਾਵਾਂ ਪੇਸ਼ ਕਰਨ ਲੱਗੇ।
ਕਿਸ਼ੋਰ ਕੁਮਾਰ ਪਹਿਲਾਂ ਮਿਸਲਾਂ ਹਾਕਮ ਦੇ ਨਾਂ ਚੜ੍ਹਾਏਗਾ, ਫੇਰ ਗੁੰਮ ਕਰਾਏਗਾ।
ਕੂੜੇਦਾਨ ਵਿਚ ਮਿਸਲਾਂ ਸੰਤੋਖ ਸੁਟਵਾਏਗਾ। ਫੇਰ ਰਣਜੀਤ ਸਿੰਘ ਨੂੰ ਨਾਲ ਲਿਜਾ ਕੇ ਬਰਾਮਦ ਕਰਾਏਗਾ।
ਜੇਲ੍ਹ ਸੁਪਰਡੈਂਟ ਘਟਨਾ ਦੀ ਪੜਤਾਲ ਲਈ ਕਮੇਟੀ ਬਣਾਏਗਾ। ਮੁਖੀ ਰਣਜੀਤ ਸਿੰਘ ਹੋਵੇਗਾ। ਗਵਾਹ ਕਿਸ਼ੋਰ ਕੁਮਾਰ ਭੁਗਤਾਏਗਾ।
ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਸੁਪਰਡੈਂਟ ਅੱਗੇ ਪੇਸ਼ ਹੋਏਗੀ।
ਸੁਪਰਡੈਂਟ ਰਿਪੋਰਟ ਨਾਲ ਸਹਿਮਤੀ ਪ੍ਰਗਟਾਏਗਾ। ਹਾਕਮ ਨੂੰ ਦਫ਼ਤਰੋਂ ਕੱਢ ਕੇ ਮੁਸ਼ੱਕਤ ਲਈ ਫ਼ੈਕਟਰੀ ਜਾਣ ਦਾ ਹੁਕਮ ਸੁਣਾਏਗਾ। ਤਾਂ ਕਿਤੇ ਜਾ ਕੇ ਹਾਕਮ ਨੂੰ ਸਬਕ ਸਿਖਾਉਣ ਦਾ ਸਿਲਸਿਲਾ ਸ਼ੁਰੂ ਹੋਏਗਾ।