You are here:ਮੁਖ ਪੰਨਾ»ਨਾਵਲ»ਸੁਧਾਰ ਘਰ»ਸੁਧਾਰ ਘਰ - ਕਾਂਡ 51-60

ਲੇਖ਼ਕ

Friday, 04 May 2018 14:31

ਸੁਧਾਰ ਘਰ - ਕਾਂਡ 51-60

Written by
Rate this item
(0 votes)

51

ਹਲਕੀ ਨੀਲੀ ਵਰਦੀ ਪਾ ਕੇ ਫ਼ੈਕਟਰੀ ਵਿਚ ਮੁਸ਼ੱਕਤ ਕਰਨ ਆਏ ਹਾਕਮ ਦਾ ਧਰਮਪਾਲ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਡਿਪਟੀ ਦੀ ਕੁਰਸੀ ਅੱਗੇ ਮੇਜ਼ ਸੀ। ਮੇਜ਼ ਦੇ ਦੂਜੇ ਪਾਸੇ ਹਾਕਮ ਖੜਾ ਸੀ। ਉਸ ਦੇ ਬੈਠਣ ਲਈ ਨਾ ਕੁਰਸੀ ਸੀ, ਨਾ ਸਟੂਲ।

ਧਰਮਪਾਲ ਨੇ ਦਰਾਜ਼ ਖੋਲ੍ਹਿਆ। ਵਿਚੋਂ ਜੇਲ੍ਹ ਮੈਨੂਅਲ ਕੱਢ ਕੇ ਮੇਜ਼ ਤੇ ਰੱਖ ਲਿਆ। ਫੇਰ ਹਾਕਮ ਨੂੰ ਆਖਣ ਲੱਗਾ।

“ਤੂੰ ਜੇਲ੍ਹ ਮੈਨੂਅਲ ਦਾ ਹਵਾਲਾ ਦੇ ਕੇ ਆਖੇਂਗਾ ਕਿ ਕੈਦੀ ਤੋਂ ਉਸ ਦੀ ਯੋਗਤਾ ਅਤੇ ਸਰੀਰਕ ਸਮਰੱਥਾ ਅਨੁਸਾਰ ਕੰਮ ਲੈਣਾ ਚਾਹੀਦਾ ਹੈ। ਮੈਂ ਬੀ-ਕਲਾਸ ਕੈਦੀ ਹਾਂ। ਮੈਥੋਂ ਹਲਕਾ-ਫੁਲਕਾ ਕੰਮ ਲਓ। ਜੇਲ੍ਹ ਪ੍ਰਸ਼ਾਸਨ ਨੇ ਪੂਰੇ ਸੱਤ ਸਾਲ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਹੈ। ਤੈਨੂੰ ਬਾਬੂ ਬਣਾ ਕੇ ਦਫ਼ਤਰ ਬਿਠਾਇਆ। ਤੇਰੀ ਹਰ ਮਰਜ਼ੀ ’ਤੇ ਫੁੱਲ ਚੜ੍ਹਾਏ ਗਏ ਪਰ ਤੂੰ ਨਮਕ ਹਰਾਮ ਕੀਤਾ। ਸਾਡੀ ਹੀ ਦਾੜ੍ਹੀ ਨੂੰ ਹੱਥ ਪਾਉਣ ਲੱਗ ਪਿਆ।”

ਫੇਰ ਧਰਮਪਾਲ ਨੇ ਮੈਨੂਅਲ ਖੋਲ੍ਹਿਆ, ਇਕ ਪੰਨਾ ਹਾਕਮ ਅੱਗੇ ਕਰਦਿਆਂ ਆਖਿਆ।

“ਇਹ ਮੈਨੂਅਲ ਅੰਗਰੇਜ਼ਾਂ ਦਾ ਬਣਾਇਆ ਹੋਇਆ ਹੈ। , ਤੇਰੇ ਵਰਗੇ ਬਾਗ਼ੀਆਂ ਨਾਲ ਨਜਿੱਠਣ ਲਈ, ਇਸ ਵਿਚ ਕਈ ਪ੍ਰਬੰਧ ਨੇ। ਲੈ ਇਸ ਨਿਯਮ ਹੇਠ ਦਰਜ ਕਿੰਤੂ-ਪਰੰਤੂ ਪੜ੍ਹ ਲੈ। ਇਥੇ ਦਰਜ ਹੈ, ਜੇ ਤੇਰੇ ਵਾਂਗ ਕਿਸੇ ਕੈਦੀ ਦਾ ਦਿਮਾਗ਼ ਖ਼ਰਾਬ ਹੋ ਜਾਵੇ ਤਾਂ ਉਸ ਕੋਲੋਂ ਬੀ-ਕਲਾਸ ਖੋਹੀ ਜਾ ਸਕਦੀ ਹੈ। ਹਾਲੇ ਬੀ ਕਲਾਸ ਤੈਥੋਂ ਖੋਹੀ ਨਹੀਂ ਗਈ। ਮੁਸ਼ੱਕਤ ਦਾ ਸਵਾਦ ਚਖਾਉਣ ਲਈ ਤੈਨੂੰ ਫ਼ੈਕਟਰੀ ਭੇਜਿਆ ਗਿਆ ਹੈ। ਦੋ-ਚਾਰ ਦਿਨਾਂ ਵਿਚ ਤੇਰਾ ਦਿਮਾਗ਼ ਠੀਕ ਹੋ ਜਾਵੇਗਾ।”

“ਸਰੀਰਕ ਤੌਰ ’ਤੇ ਤੂੰ ਰਿਸ਼ਟ-ਪੁਸ਼ਟ ਹੈਂ। ਹਰ ਤਰ੍ਹਾਂ ਦੇ ਕੰਮ ਕਰਨ ਵਿਚ ਯੋਗ ਹੈਂ। ਨਿਯਮਾਂ ਨੂੰ ਧਿਆਨ ਵਿਚ ਰੱਖਦਿਆਂ ਤੈਨੂੰ ਮੁਸ਼ੱਕਤ ਲਈ ਆਰੇ ਵਿਚ ਭੇਜਿਆ ਜਾਂਦਾ ਹੈ। ਉਥੇ ਦਸ-ਬਾਰਾਂ ਕੈਦੀ ਹਨ। ਯੂਨੀਅਨ ਬਣਾਉਣ ਵਿਚ ਤੇਰੀ ਮਦਦ ਕਰਨਗੇ।”

“ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ” ਸੋਚਦਾ ਹਾਕਮ ਚੁੱਪ-ਚਾਪ ਧਰਮਪਾਲ ਦੇ ਨਿਹੋਰੇ ਸੁਣਦਾ ਰਿਹਾ।

ਧਰਮਪਾਲ ਨੇ ਘੰਟੀ ਖੜਕਾਈ। ਸੇਵਾਦਾਰ ਰਾਹੀਂ ਆਰੇ ਦੇ ਪੰਜਾ ਇੰਚਾਰਜ ਨੂੰ ਬੁਲਾਇਆ।

“ਇਹ ਵਕੀਲ ਸਾਹਿਬ ਹਨ। ਕਦੇ ਜੇਲ੍ਹ ਵਿਚ ਬੜੇ ਮਸ਼ਹੂਰ ਹੋਇਆ ਕਰਦੇ ਸਨ। ਹੁਣ ਸਿਤਾਰੇ ਗਰਦਿਸ਼ ਵਿਚ ਹਨ। ਇਹਨਾਂ ਤੋਂ ਪਿਆਰ ਨਾਲ ਕੰਮ ਲੈਣਾ ਹੈ।”

ਅਧਖੜ੍ਹ ਉਮਰ ਦੇ ਮਾੜਚੂ ਜਿਹੇ ਪੰਜਾ ਇੰਚਾਰਜ ਨੂੰ ਨਵੇਂ ਕੈਦੀ ਉਪਰ ਸਖ਼ਤੀ ਵਰਤਣ ਦਾ ਇਸ਼ਾਰਾ ਕਰ ਕੇ ਹਾਕਮ ਨੂੰ ਉਸ ਦੇ ਹਵਾਲੇ ਕਰ ਦਿੱਤਾ।

ਫ਼ੈਕਟਰੀ ਹਾਕਮ ਲਈ ਨਵੀਂ ਨਹੀਂ ਸੀ। ਉਹ ਕਈ ਵਾਰ ਇਥੇ ਆਇਆ ਸੀ। ਉਸ ਸਮੇਂ ਆਰੇ ਵਿਚ ਦੇਸੀ ਕੈਦੀ ਟਾਵਾਂ-ਟੱਲਾ ਹੀ ਹੁੰਦਾ ਸੀ। ਬਹੁਤੇ ਕੈਦੀ ਪਰਵਾਸੀ ਸਨ। ਉਹਨਾਂ ਕੋਲੋਂ ਮਿਹਨਤ-ਮਜ਼ਦੂਰੀ ਨਾਲ ਕਮਾਏ ਪੈਸੇ ਗ੍ਰਿਫ਼ਤਾਰੀ ਸਮੇਂ ਪੁਲਿਸ ਨੇ ਜਾਂ ਮੁਕੱਦਮਾ ਝਗੜਦੇ ਸਮੇਂ ਵਕੀਲ ਮੁਨਸ਼ੀ ਨੇ ਖੋਹ ਲਏ ਹੁੰਦੇ ਸਨ। ਕੱਛੇ ਬਨੈਣ ਨਾਲ ਜੇਲ੍ਹ ਆਏ ਕੈਦੀ ਕੋਲ ਜੇਲ੍ਹ ਕਰਮਚਾਰੀਆਂ ਨੂੰ ਦੇਣ ਲਈ ਕੁਝ ਨਹੀਂ ਹੁੰਦਾ। ਉਹ ਉਹਨਾਂ ਨੂੰ ਆਰੇ ’ਤੇ ਭੇਜ ਦਿੰਦੇ ਹਨ। ਜੇਲ੍ਹ ਕਰਮਚਾਰੀਆਂ ਦੀ ਆਪਣੀ ਮਜਬੂਰੀ ਹੈ। ਜੇਲ੍ਹ ਵਿਚ ਫ਼ਰਨੀਚਰ ਬਣਦਾ ਹੈ। ਫ਼ਰਨੀਚਰ ਲਈ ਲੋੜੀਂਦੀ ਲੱਕੜ ਆਰੇ ਵਿਚ ਚਿਰਦੀ ਹੈ। ਜੇ ਆਰਾ ਹੈ ਤਾਂ ਆਰਾ ਚਲਾਉਣ ਲਈ ਮਿਸਤਰੀ ਮਜ਼ਦੂਰ ਵੀ ਚਾਹੀਦੇ ਹਨ। ਇਹ ਲੋੜ ਪਰਵਾਸੀ ਕੈਦੀ ਪੂਰੀ ਕਰਦੇ ਹਨ। ਪਰਵਾਸੀਆਂ ਨੂੰ ਇਥੇ ਜਾਂ ਉਥੇ ਕੰਮ ਕਰਨ ਵਿਚ ਬਹੁਤਾ ਫ਼ਰਕ ਨਹੀਂ ਪੈਂਦਾ। ਉਹ ਸਖ਼ਤ ਕੰਮ ਕਰਨ ਦੇ ਆਦੀ ਹੁੰਦੇ ਹਨ। ਬਾਹਰ ਵੀ ਪੱਚੀ-ਪੱਚੀ ਇੱਟਾਂ ਸਿਰ ’ਤੇ ਚੁੱਕ ਕੇ ਚਾਰ-ਚਾਰ ਮੰਜ਼ਲਾਂ ਉਪਰ ਚੜ੍ਹਾਉਂਦੇ ਹਨ।

“ਮੈਂ ਕਦੇ ਸਖ਼ਤ ਕੰਮ ਨਹੀਂ ਕੀਤਾ। ਭਾਰੀਆਂ ਸ਼ਤੀਰੀਆਂ ਕਿਸ ਤਰ੍ਹਾਂ ਚੁੱਕਾਂਗਾ?” ਆਰੇ ਵੱਲ ਵੱਧਦੇ ਹਾਕਮ ਨੂੰ ਫ਼ਿਕਰ ਹੋਣ ਲੱਗਾ।

ਆਪਣੀ ਹੋ ਰਹੀ ਦੁਰਦਸ਼ਾ ਲਈ ਉਹ ਸੈਸ਼ਨ ਜੱਜ ਹਿਰਦੇਪਾਲ ਨੂੰ ਕੋਸਣ ਲੱਗਾ।

ਸੁਪਰੀਮ ਕੋਰਟ ਦੇ ਲੋਕ-ਪੱਖੀ ਜੱਜ ਜਸਟਿਸ *ਸ਼ਨਾ ਆਇਰ ਆਪਣੇ ਫ਼ੈਸਲਿਆਂ ਰਾਹੀਂ ਹੇਠਲੀਆਂ ਅਦਾਲਤਾਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਰਹਿੰਦੇ ਸਨ। ਉਹ ਕਹਿੰਦੇ ਸਨ ਕਿ ਸਰਕਾਰ ਨੂੰ ਤਾਂ ਕਾਨੂੰਨ ਸੋਧਣ ਵਿਚ ਦਿਲਚਸਪੀ ਨਹੀਂ ਸੀ। ਪਰ ਨਿਆਂ-ਪਾਲਿਕਾ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਵੇ। ਅਦਾਲਤਾਂ ਨੇ ਲੋਕਾਂ ਦੀਆਂ ਆਸਾਂ ’ਤੇ ਪੂਰਾ ਉਤਰਨਾ ਹੈ। ਜੱਜਾਂ ਨੇ ਜੇਲ੍ਹ ਦੇ ਬੰਦ ਦਰਵਾਜ਼ਿਆਂ ਨੂੰ ਖੋਲ੍ਹ ਕੇ ਉਥੇ ਇਨਸਾਫ਼ ਦੀ ਤਾਜ਼ੀ ਹਵਾ ਪਹੁੰਚਾਉਣੀ ਹੈ। ਕੈਦੀਆਂ ਨੂੰ ਮਾਨਸਿਕ ਤੌਰ ’ਤੇ ਟੁੱਟਣ ਤੋਂ ਬਚਾਉਣਾ ਹੈ। ਜਦੋਂ ਕੈਦੀਆਂ ਦੇ ਮੁੱਢਲੇ ਅਧਿਕਾਰ ਖ਼ਤਰੇ ਵਿਚ ਹੋਣ ਤਾਂ ਅਦਾਲਤ ਨੇ ਜੇਲ੍ਹ ਪ੍ਰਬੰਧ ਵਿਚ ਦਖ਼ਲ ਦੇਣਾ ਹੈ ਅਤੇ ਕਸੂਰਵਾਰ ਜੇਲ੍ਹ ਅਧਿਕਾਰੀਆਂ ਦੇ ਕੰਨ ਖਿੱਚਣੇ ਹਨ।

ਹਾਕਮ ਨੇ ਸੋਚਿਆ ਸੀ, ਮਾਇਆ ਨਗਰ ਦੇ ਸੈਸ਼ਨ ਜੱਜ ਨੇ ਇਹਨਾਂ ਫ਼ੈਸਲਿਆਂ ਨੂੰ ਪੜ੍ਹਿਆ ਹੋਵੇਗਾ। ਤਿਹਾੜ ਜੇਲ੍ਹ ਵਿਚ ਬੰਦ ਦੋ ਕੈਦੀਆਂ ਦੀਆਂ ਚਿੱਠੀਆਂ ਪੜ੍ਹ ਕੇ ਜਿਸ ਤਰ੍ਹਾਂ *ਸ਼ਨਾ ਆਇਰ ਦਾ ਮਨ ਤੜਫ ਉੱਠਿਆ ਸੀ, ਉਵੇਂ ਹਿਰਦੇਪਾਲ ਦਾ ਹਿਰਦਾ ਵਿਲਕ ਪਏਗਾ। ਝੱਟ ਉਹ ਜੇਲ੍ਹ ਪ੍ਰਸ਼ਾਸਨ ਦੀਆਂ ਵਾਗਾਂ ਕੱਸ ਦੇਵੇਗਾ।

ਪਰ ਹੋਇਆ ਬਿਲਕੁਲ ਇਸ ਦੇ ਉਲਟ।

ਸੈਸ਼ਨ ਜੱਜ ਨੂੰ ਚਾਹੀਦਾ ਸੀ ਕਿ ਉਹ ਖ਼ਤ ਲਿਖਣ ਵਾਲੇ ਦਾ ਨਾਂ ਗੁਪਤ ਰੱਖਦਾ। ਉਸ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਸੀ ਕਿ ਖ਼ਤ ਦਾ ਲਿਖਾਰੀ ਪੂਰੀ ਤਰ੍ਹਾਂ ਜੇਲ੍ਹ ਅਧਿਕਾਰੀਆਂ ਦੀ ਗ੍ਰਿਫ਼ਤ ਵਿਚ ਹੈ। ਨਾਂ ਜ਼ਾਹਰ ਹੋਣ ’ਤੇ ਉਹ ਉਸ ਨੂੰ ਹਰ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦੇ ਹਨ। ਉਸ ਨੂੰ ਚਾਹੀਦਾ ਸੀ ਕਿ ਉਹ ਚਿੱਠੀ ਵਿਚ ਦਰਜ ਤੱਥਾਂ ਨੂੰ ਘੋਖਦਾ। ਇਨਸਾਫ਼ ਲਈ ਤੜਫਦੇ ਕੈਦੀਆਂ ਨੂੰ ਮਿਲਦਾ। ਉਹਨਾਂ ਦੀਆਂ ਤਕਲੀਫ਼ਾਂ ਦੂਰ ਕਰਦਾ। ਕਸੂਰਵਾਰ ਜੇਲ੍ਹ ਕਰਮਚਾਰੀਆਂ ਨੂੰ ਕਟਹਿਰੇ ਵਿਚ ਖੜ੍ਹਾਉਂਦਾ।

ਕੈਦੀਆਂ ਦੀ ਥਾਂ ਉਸ ਨੇ ਜੇਲ੍ਹ ਅਧਿਕਾਰੀਆਂ ਦਾ ਸਾਥ ਦਿੱਤਾ। ਖ਼ਤ ਨੂੰ ਗੁਪਤ ਰੱਖਣ ਦੀ ਥਾਂ ਉਸ ਦੀਆਂ ਫ਼ੋਟੋ ਕਾਪੀਆਂ ਉਹਨਾਂ ਦੇ ਹਵਾਲੇ ਕਰ ਦਿੱਤੀਆਂ। ਖ਼ਤ ਲਿਖਣ ਵਾਲੇ ਕੈਦੀ ਦੀ ਸ਼ਨਾਖ਼ਤ ਕਰਨ ਵਿਚ ਉਹਨਾਂ ਦੀ ਮਦਦ ਕੀਤੀ। ਹੇਮਾ ਅਤੇ ਬਸੰਤ ਨੂੰ ਰਾਹਤ ਦਿੱਤੀ। ਪਰ ਕੈਦੀਆਂ ਨਾਲ ਹਮਦਰਦੀ ਕਾਰਨ ਨਹੀਂ, ਸਗੋਂ ਜੇਲ੍ਹ ਅਧਿਕਾਰੀਆਂ ਦੀ ਖੱਲ ਬਚਾਉਣ ਲਈ। ਜੇਲ੍ਹ ਵਿਚ ਬੰਦ ਮੋਦਨ ਉਹੋ ਬਿਆਨ ਦੇ ਸਕਦਾ ਹੈ ਜੋ ਅਧਿਕਾਰੀ ਚਾਹੁੰਦੇ ਸਨ। ਜੇਲ੍ਹ ਅਧਿਕਾਰੀਆਂ ਦੀ ਹਾਜ਼ਰੀ ਵਿਚ ਉਹ ਆਪਣੀ ਮਰਜ਼ੀ ਕਿਸ ਤਰ੍ਹਾਂ ਕਰ ਸਕਦਾ ਸੀ? ਸੈਸ਼ਨ ਜੱਜ ਦਾ ਫ਼ਰਜ਼ ਸੀ ਕਿ ਗੁਪਤ ਪੜਤਾਲ ਕਰਦਾ? ਉਹ ਇਕੱਲੇ-ਇਕੱਲੇ ਕੈਦੀ ਨੂੰ ਇਕਾਂਤ ਵਿਚ ਲਿਜਾਂਦਾ। ਫੇਰ ਉਹਨਾਂ ਕੋਲੋਂ ਅਸਲੀਅਤ ਪੁੱਛਦਾ। ਪਰ ਉਹ ਇੰਝ ਤਾਂ ਹੀ ਕਰਦਾ ਜੇ ਉਸ ਨੂੰ ਕੈਦੀਆਂ ਨਾਲ ਕੋਈ ਹਮਦਰਦੀ ਹੁੰਦੀ।

ਨਾ ਤਨਹਾਈ ਚੱਕੀਆਂ ਵਿਚ ਗਿਆ, ਨਾ ਹੱਥਕੜੀਆਂ ਅਤੇ ਬੇੜੀਆਂ ਵਾਲੇ ਕੈਦੀਆਂ ਨੂੰ ਮਿਲਿਆ। ਅੱਗੋਂ ਤੋਂ ਕੋਈ ਕੈਦੀ ਆਪਣੀ ਆਵਾਜ਼ ਬੁਲੰਦ ਨਾ ਕਰ ਸਕੇ, ਇਸ ਲਈ ਹਾਕਮ ਨੂੰ ਸਬਕ ਸਿਖਾਉਣ ਦੀ ਸਲਾਹ ਦੇ ਗਿਆ।

ਹਾਕਮ ਨੇ ਨਿਆਂ-ਪਾਲਿਕਾ ’ਤੇ ਇਨਸਾਫ਼ ਦੀ ਟੇਕ ਰੱਖ ਕੇ ਥੋੜ੍ਹੀ ਜਿਹੀ ਹਿੰਮਤ ਬਟੋਰੀ ਸੀ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਗਊਆਂ ਘੁੱਗੀਆਂ ਬਣੇ ਕੈਦੀਆਂ ਦਾ ਕੌਣ ਰਾਖਾ?

ਆਰੇ ਵੱਲ ਵਧਦੇ ਹਾਕਮ ਨੂੰ ਇਕ ਹੋਰ ਚਿੰਤਾ ਸਤਾ ਰਹੀ ਸੀ। ਹਿਰਦੇਪਾਲ ਦੇ ਰਣਜੋਧ ਸਿੰਘ ਨਾਲ ਮਿਲ ਜਾਣ ਵਿਚ ਬਹੁਤੇ ਅਫ਼ਸੋਸ ਵਾਲੀ ਗੱਲ ਨਹੀਂ ਸੀ। ਭੋਲੂ ਨਰਾਇਣ ਦਾ ਕਿਉਂ ਨਾ ਬਣੇ?

ਹਾਕਮ ਨਿੱਜੀ ਸਹੂਲਤਾਂ ਲਈ ਲੜਾਈ ਨਹੀਂ ਸੀ ਲੜ ਰਿਹਾ। ਉਸ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੀ ਹੋਈ ਸੀ। ਉਹ ਸਾਂਝੇ ਕੰਮ ਲਈ ਲੜ ਰਿਹਾ ਸੀ। ਪੜਤਾਲ ਦੌਰਾਨ ਤਿੰਨ-ਚਾਰ ਕੈਦੀ ਹਾਕਮ ਦੇ ਵਿਰੁੱਧ ਭੁਗਤ ਗਏ। ਝੂਠ ਬੋਲ ਗਏ। ਦਫ਼ਤਰ ਦੇ ਮੁਨਸ਼ੀ ਮੁਸੱਦੀ ਲਾਲ ਉਪਰ ਹਾਕਮ ਨੇ ਬਹੁਤ ਅਹਿਸਾਨ ਕੀਤੇ ਸਨ। ਪਹਿਲਾਂ ਉਸ ਨੂੰ ਕੱਪੜਾ ਰੰਗਣ ਵਾਲੀ ਭੱਠੀ ਵਿਚੋਂ ਕੱਢ ਕੇ ਦਫ਼ਤਰ ਲਿਆਂਦਾ। ਫੇਰ ਪ੍ਰੇਰ ਕੇ ਪੜ੍ਹਨ ਲਾਇਆ। ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਪਾਸ ਕਰਾਈ। ਹੁਣ ਬੀ.ਏ. ਦੀ ਤਿਆਰੀ ਕਰਵਾ ਰਿਹਾ ਸੀ। ਦਰੋਗ਼ੇ ਦੀ ਸ਼ਹਿ ’ਤੇ ਮੁਸੱਦੀ ਨੇ ਪਹਿਲਾਂ ਝੂਠ-ਮੂਠ ਮਿਸਲਾਂ ਹਾਕਮ ਦੇ ਨਾਂ ਚੜ੍ਹਾਈਆਂ। ਫੇਰ ਧੋਖੇ ਨਾਲ ਰਜਿਸਟਰ ’ਤੇ ਹਾਕਮ ਤੋਂ ਦਸਤਖ਼ਤ ਕਰਾਏ। ਫੇਰ ਆਪ ਹੀ ਮਿਸਲਾਂ ਗੁੰਮ ਕੀਤੀਆਂ। ਦੋਸ਼ ਹਾਕਮ ਸਿੰਘ ਸਿਰ ਮੜ੍ਹਿਆ। ਹਾਕਮ ਨੂੰ ਸਜ਼ਾ ਕਰਾਉਣ ਵਿਚ ਸਹਾਈ ਹੋਇਆ।

ਹੇਮਾ ਅਤੇ ਬਸੰਤ ਨੇ ਵੀ ਲੋਹੜਾ ਮਾਰਿਆ। ਘਰ ਜਾ ਕੇ ਬੈਠ ਗਏ। ਇਕ ਵਾਰੀ ਵੀ ਮੁਲਾਕਾਤ ਲਈ ਨਹੀਂ ਆਏ। ਖ਼ਤ ਤਕ ਨਹੀਂ ਲਿਖਿਆ।

ਫੇਰ ਉਸ ਨੂੰ ਖ਼ਿਆਲ ਆਇਆ ਕਿ ਹੋ ਸਕਦਾ ਹੈ ਉਹ ਮਿਲਣ ਆਏ ਹੋਣ। ਉਹਨਾਂ ਨੂੰ ਬਾਹਰੋਂ ਹੀ ਮੋੜ ਦਿੱਤਾ ਹੋਵੇ। ਉਹਨਾਂ ਖ਼ਤ ਪਾਏ ਹੋਣ। ਖ਼ਤ ਪਾੜ ਦਿੱਤੇ ਗਏ ਹੋਣ। ਹਾਕਮ ਨੂੰ ਸੂਚਨਾ ਮਿਲੀ ਸੀ। ਅੱਜ-ਕੱਲ੍ਹ ਉਸ ਨਾਲ ਇੰਜ ਹੋ ਰਿਹਾ ਸੀ।

ਥੋੜ੍ਹੀ ਦੇਰ ਬਾਅਦ ਮੁਸੱਦੀ ਹੋਰਾਂ ਪ੍ਰਤੀ ਹਾਕਮ ਦਾ ਰਵੱਈਆ ਨਰਮ ਪੈਣ ਲੱਗਾ। ਉਹ ਵਿਚਾਰੇ ਮਜਬੂਰ ਸਨ। ਜੇਲ੍ਹ ਅਧਿਕਾਰੀਆਂ ਦੇ ਹੱਥਾਂ ਵਿਚ ਕੱਠਪੁਤਲੀਆਂ ਸਨ। ਉਹਨਾਂ ਉਹੋ ਕੀਤਾ ਜੋ ਉਹਨਾਂ ਤੋਂ ਕਰਾਇਆ ਗਿਆ।

ਕੈਦੀਆਂ ਨੂੰ ਮੁਆਫ਼ ਕਰ ਕੇ ਹਾਕਮ ਅਫ਼ਸਰਾਂ ਨੂੰ ਕੋਸਣ ਲੱਗਾ।

“ਮੈਂ ਅਫ਼ਸਰਾਂ ਦਾ ਕੀ ਵਿਗਾੜਿਆ ਹੈ? ਕਾਨੂੰਨ ਅਨੁਸਾਰ ਸਹੂਲਤਾਂ ਮੰਗੀਆਂ ਸਨ। ਉਹ ਵੀ ਆਪਣੇ ਲਈ ਨਹੀਂ, ਉਹਨਾਂ ਲਈ ਜਿਹੜੇ ਆਪ ਮੂੰਹ ਨਹੀਂ ਖੋਲ੍ਹਦੇ। ਉਹਨਾਂ ਲਈ ਜਿਨ੍ਹਾਂ ਨੂੰ ਆਪਣੇ ਹੱਕਾਂ ਦੀ ਜਾਣਕਾਰੀ ਨਹੀਂ। ਅਫ਼ਸਰ ਮੇਰੇ ਇਸ ਕੰਮ ਨੂੰ ਗੁਨਾਹ ਸਮਝਦੇ ਹਨ। ਮੈਨੂੰ ਸਬਕ ਸਿਖਾਉਣ ’ਤੇ ਤੁਲ ਪਏ ਹਨ। ਕਾਨੂੰਨ ਕਹਿੰਦਾ ਹੈ ਜੇਲ੍ਹ ਅਧਿਕਾਰੀਆਂ ਨੂੰ ਨਰਮ-ਦਿਲ ਅਤੇ ਲੋਕ-ਹਿਤੂ ਹੋਣਾ ਚਾਹੀਦਾ ਹੈ। ਕੈਦੀਆਂ ਦੀਆਂ ਸਰੀਰਕ, ਮਾਨਸਿਕ ਅਤੇ ਸਮਾਜਿਕ ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਨੂੰ ਸੁਲਝਾਉਣ ਵਿਚ ਮਦਦਗਾਰ ਹੋਣਾ ਚਾਹੀਦਾ ਹੈ। ਅਫ਼ਸਰ ਉਲਟਾ ਕੈਦੀਆਂ ਦੀਆਂ ਸਮੱਸਿਆਵਾਂ ਨੂੰ ਉਲਝਾ ਰਹੇ ਹਨ।”

ਹਾਕਮ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ? ਇਸ਼ਾਰੇ ਨਾਲ ਧਰਮਪਾਲ ਨੇ ਮੀਤੇ ਨੂੰ ਸਮਝਾਇਆ ਸੀ, ਉਹ ਹਾਕਮ ਨੂੰ ਵੀ ਸਮਝ ਆ ਗਿਆ ਸੀ।

ਹਾਕਮ ਜਾਣੀ-ਜਾਣ ਸੀ। ਅਫ਼ਸਰ ਕਰੋਪ ਹੋ ਚੁੱਕੇ ਸਨ। ਹੁਣ ਉਸ ਨੂੰ ਸਰੀਰਕ ਅਤੇ ਮਾਨਸਿਕ ਦੋਹਾਂ ਤਰ੍ਹਾਂ ਦਾ ਕਸ਼ਟ ਪਹੁੰਚਾਇਆ ਜਾਏਗਾ। ਪਰ ਉਸ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਸੰਕਟ ਦੀ ਇਸ ਘੜੀ ਉਸ ਦੇ ਨਾਲ ਕੌਣ ਖਲੋਏਗਾ?

ਹਾਕਮ ਨੂੰ ਆਪਣੇ ਬੀ-ਕਲਾਸ ਦੇ ਸਾਥੀ ਕੈਦੀਆਂ ਉਪਰ ਵੀ ਗ਼ੁੱਸਾ ਆ ਰਿਹਾ ਸੀ। ਜਾਪਦਾ ਸੀ, ਉਹਨਾਂ ਨੇ ਤੁਫ਼ਾਨ ਦੇ ਆਉਣ ਤੋਂ ਪਹਿਲਾਂ ਛਾਉਣ ਵਾਲੀ ਚੁੱਪ ਤੋਂ ਹੀ ਭਵਿੱਖ ਦਾ ਅੰਦਾਜ਼ਾ ਲਾ ਲਿਆ ਸੀ। ਆਨੇ-ਬਹਾਨੇ ਉਹਨਾਂ ਨੇ ਹਾਕਮ ਕੋਲੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਸੀ।

ਪ੍ਰੋਫ਼ੈਸਰ ਤਿੰਨ ਸਾਲ ਉਸ ਦਾ ਰੋਟੀਵਾਲ ਰਿਹਾ ਸੀ। ਪਿਛਲੇ ਤਿੰਨ ਦਿਨਾਂ ਤੋਂ ਉਹ ਇਕੱਲਾ ਰੋਟੀ ਖਾਣ ਲੱਗ ਪਿਆ ਸੀ। ਡਾਕਟਰ ਮੂੰਗੀ ਦੇ ਹਲਵੇ ਦਾ ਸ਼ੌਕੀਨ ਸੀ। ਹਫ਼ਤੇ ’ਚ ਦੋ ਦਿਨ ਉਸ ਦੇ ਘਰੋਂ ਹਲਵਾ ਆਉਂਦਾ ਸੀ। ਪਹਿਲਾਂ ਉਹ ਹਾਕਮ ਨੂੰ ਖਵਾਉਂਦਾ ਸੀ, ਫੇਰ ਆਪ ਖਾਂਦਾ ਸੀ। ਪਿਛਲੀ ਵਾਰ ਉਸ ਨੇ ਹਲਵਾ ਸਭ ਕੋਲੋਂ ਲੁਕ ਕੇ ਖਾਧਾ ਸੀ। ਐਸ.ਡੀ.ਓ. ਅਤੇ ਬੈਂਕ ਮੈਨੇਜਰ ਨੂੰ ਉਸ ਬਿਨਾਂ ਸੈਰ ਦਾ ਮਜ਼ਾ ਨਹੀਂ ਸੀ ਆਉਂਦਾ। ਕੱਲ੍ਹ ਉਹ ਵੀ ਅੱਖ ਬਚਾ ਕੇ ਨਿਕਲ ਗਏ ਸਨ। ਰਾਤ ਨੂੰ ਮਹਿਤੇ ਹੋਰਾਂ ਵਿਚਕਾਰ ਤਾਸ਼ ਦੀ ਬਾਜ਼ੀ ਲੱਗਦੀ ਸੀ। ਰਾਤ ਮਹਿਤੇ ਨੇ ਉਸ ਦਾ ਜੋਟੀਦਾਰ ਬਣਨ ਦਾ ਸੱਦਾ ਨਹੀਂ ਸੀ ਦਿੱਤਾ। ਨਾ ਸਲਾਹ-ਮਸ਼ਵਰੇ ਲਈ ਕੋਲ ਬਿਠਾਇਆ ਸੀ। ਘੋੜੇ ਵਾਲਾ ਜਿਵੇਂ ਸਾਰੀ ਬੈਠਕ ਵਿਚ ਹੀ ਫਿਰ ਗਿਆ ਸੀ। ਜਿਵੇਂ ਉਸ ਦੇ ਸਾਥੀ ਕੈਦੀਆਂ ਨੂੰ ਹਾਕਮ ਦਾ ਬਾਈਕਾਟ ਕਰਨ ਲਈ ਕਹਿ ਗਿਆ ਸੀ।

ਇਕੱਲਾ ਬੈਠਾ ਹਾਕਮ ਉਪਰਾਮ ਹੋ ਗਿਆ ਸੀ। ਉਸ ਦਾ ਪੜ੍ਹਨ ਵਿਚ ਮਨ ਨਹੀਂ ਸੀ ਲੱਗਾ। ਇਕੱਲੇ ਪਏ ਦੇ ਮਨ ਵਿਚ ਭੈੜੇ-ਭੈੜੇ ਖ਼ਿਆਲ ਆਉਣ ਲੱਗੇ ਸਨ। ਰੁਝੇਵੇਂ ਵਿਚ ਰਹਿਣ ਲਈ ਉਹ ਬਿਨਾਂ ਬੁਲਾਇਆਂ ਹੀ ਤਾਸ਼ ਵਾਲਿਆਂ ਕੋਲ ਜਾ ਬੈਠਾ ਸੀ। ਉਹਨਾਂ ਨੱਕ-ਬੁੱਲ੍ਹ ਕੱਢੇ, ਖੇਡਣਾ ਬੰਦ ਕੀਤਾ ਅਤੇ ਆਪਣੇ-ਆਪਣੇ ਖੱਡਿਆਂ ’ਤੇ ਜਾ ਪਏ।

ਏਨਾ ਬੇਸ਼ਰਮ ਹਾਕਮ ਵੀ ਨਹੀਂ ਸੀ। ਉਸ ਨੇ ਵੀ ਉਹਨਾਂ ਕੋਲੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ।

ਅੱਜ ਕੰਮਾਂ ’ਤੇ ਜਾਣ ਤੋਂ ਪਹਿਲਾਂ ਕਿਸੇ ਨੇ ਉਸ ਨਾਲ ਅੱਗੇ ਵਾਂਗ ਦੁਆ-ਸਲਾਮ ਨਹੀਂ ਸੀ ਕੀਤੀ।

ਹਾਕਮ ਮੰਹ ਲਟਕਾ ਕੇ ਫ਼ੈਕਟਰੀ ਵੱਲ ਚੱਲ ਪਿਆ ਸੀ।

ਤੇ ਆਪਣੇ ਆਪ ਨਾਲ ਖੌਜਲਦਾ ਹੁਣ ਉਹ ਆਰੇ ਵੱਲ ਜਾ ਰਿਹਾ ਸੀ।

ਹਾਕਮ ਦੇ ਅ<ਗੇ ਜਾਂਦਾ ਪੰਜਾ ਇੰਚਾਰਜ ਖ਼ੁਸ਼ ਸੀ। ਉਸ ਨੂੰ ਹਾਕਮ ਦੀ ਸੇਵਾ ਦਾ ਮੌਕਾ ਮਿਲਿਆ ਸੀ।

ਜਾਪਦਾ ਸੀ ਹਾਕਮ ਨੇ ਮੀਤੇ ਨੂੰ ਪਹਿਚਾਣਿਆ ਨਹੀਂ ਸੀ, ਪਰ ਮੀਤੇ ਨੇ ਉਸ ਨੂੰ ਝੱਟ ਪਹਿਚਾਣ ਲਿਆ ਸੀ। ਉਹਨਾਂ ਦੋਹਾਂ ਨੂੰ ਇਕੋ ਦਿਨ ਸਜ਼ਾ ਹੋਈ ਸੀ ਅਤੇ ਉਹ ਇਕੱਠੇ ਇਸ ਜੇਲ੍ਹ ਵਿਚ ਆਏ ਸਨ।

ਮੀਤੇ ਨੂੰ ਹਾਕਮ ਤਕ ਕਦੇ ਸਿੱਧਾ ਕੰਮ ਨਹੀਂ ਸੀ ਪਿਆ। ਉਂਝ ਉਸ ਨੇ ਸੁਣ ਰੱਖਿਆ ਸੀ ਕਿ ਹਾਕਮ ਗੁਰਮੀਤ ਵਰਗਾ ਭਲਾਮਾਣਸ ਇਨਸਾਨ ਸੀ। ਉਸ ਨੇ ਮੀਤੇ ਵਰਗੇ ਸੈਂਕੜੇ ਗ਼ਰੀਬ-ਗ਼ੁਰਬਿਆਂ ਦਾ ਫ਼ਾਇਦਾ ਕੀਤਾ ਸੀ।

“ਸੰਕਟ ਦੀ ਇਸ ਘੜੀ ਵਿਚ ਮੈਂ ਗ਼ਰੀਬ-ਗ਼ੁਰਬਿਆਂ ਦੀ ਨੁਮਾਇੰਦਗੀ ਕਰਾਂਗਾ। ਹਰ ਤਰ੍ਹਾਂ ਦਾ ਜ਼ੋਖ਼ਮ ਉਠਾ ਕੇ ਉਸ ਦੀ ਮਦਦ ਕਰਾਂਗਾ।’

ਮਨ ਵਿਚ ਅਜਿਹੀਆਂ ਪੜ੍ਹਤਾਂ ਪੜ੍ਹਦਾ ਮੀਤਾ ਹਾਕਮ ਨੂੰ ਆਰੇ ’ਤੇ ਲੈ ਗਿਆ।

“ਯਹ ਵਕੀਲ ਸਾਹਿਬ ਹੈਂ”, ਨੱਕ-ਮੂੰਹ ਬੰਨ੍ਹੀ ਖੜੇ ਚਾਰ-ਪੰਜ ਪਰਵਾਸੀ ਕੈਦੀਆਂ ਨਾਲ ਮੀਤੇ ਨੇ ਹਾਕਮ ਦੀ ਜਾਣ-ਪਹਿਚਾਣ ਕਰਾਈ।

ਫੇਰ ਮੀਤੇ ਨੇ ਆਲੇ-ਦੁਆਲੇ ਦੇਖਿਆ। ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਕਿਧਰੇ ਕੋਈ ਨਹੀਂ ਹੈ ਤਾਂ ਉਸ ਨੇ ਹੌਲੀ ਜਿਹੀ ਆਖਿਆ।

“ਯਹ ਬਹੁਤ ਕਾਮ ਕੇ ਬੰਦੇ ਹੈਂ। ਹਮਨੇ ਇਨਕੀ ਮਦਦ ਕਰਨੀ ਹੈ। ਇਨਸੇ ਹਲਕਾ-ਫੁਲਕਾ ਕਾਮ ਲੇਨਾ ਹੈ।”

“ਜੀ ਸਾਹਿਬ)” ਕੈਦੀਆਂ ਨੇ ਸਿਰ ਝੁਕਾ ਕੇ ਹੁਕਮ ਦੀ ਤਾਮੀਲ ਦਾ ਯਕੀਨ ਦਵਾਇਆ।

“ਐਸੇ ਕਰਨਾ। ਸ਼ਤੀਰੀਆਂ ਤੁਮ ਹੀ ਢੋਤੇ ਰਹਿਨਾ। ਇਨਹੇਂ ਖਲਪਾੜੇਂ ਉਠਾਨੇ ਪੇ ਲਗਾ ਦੇਨਾ। ਖਲਪਾੜੇਂ ਭੀ ਥੋੜੇ੍ਹ-ਥੋੜ੍ਹੇ ਉਠਵਾਨਾ।

“ਧਿਆਨ ਰੱਖਣਾ। ਸਾਹਿਬ ਆਤਾ ਦਿਖਾਈ ਦੇ ਤੋ ਇਨ ਕੋ ਸ਼ਤੀਰੀਉਂ ਪੇ ਲਗਾ ਦੇਣਾ। ਵੈਸੇ  ਮੈਂ ਭੀ ਇਧਰ ਹੀ ਹੂੰ।”

“ਜੀ ਸਾਹਿਬ)” ਆਖ ਕੇ ਪਰਵਾਸੀਆਂ ਨੇ ਇਕ ਵਾਰ ਫੇਰ ਮੀਤੇ ਦੀ ਹਾਂ ਵਿਚ ਹਾਂ ਮਿਲਾਈ।

ਕੈਦੀਆਂ ਕੋਲੋਂ ਮਿਲੇ ਇਸ ਮਾਣ-ਸਨਮਾਨ ਨੇ ਹਾਕਮ ਦੇ ਮਨੋਂ ਸਾਰਾ ਭਾਰ ਲਾਹ ਦਿੱਤਾ। ਉਸ ਨੂੰ ਖ਼ੁਸ਼ੀ ਹੋਈ ਕਿ ਉਸ ਦੇ ਕੰਮ ਦੀ ਕਦਰ ਕਰਨ ਵਾਲਾ ਕੋਈ ਤਾਂ ਸੀ।

ਇੰਨੇ ਨਾਲ ਹੀ ਨਵੇਂ ਜੋਸ਼ ਨਾਲ ਭਰਿਆ ਉਹ ਪਹਾੜ ਨਾਲ ਟਕਰਾਉਣ ਲਈ ਤਿਆਰ ਹੋ ਗਿਆ।

ਬਿਜਲੀ ਦੀ ਮੋਟਰ ਦਾ ਬਟਨ ਦਬਾਂਦਿਆਂ ਹੀ ਚਿਰਾਈ ਦਾ ਕੰਮ ਸ਼ੁਰੂ ਹੋ ਗਿਆ। ਦੋ ਮਿਸਤਰੀ ਚਿਰਾਈ ਦਾ ਕੰਮ ਸੰਭਾਲਣ ਲਈ ਖੱਡੇ ਵਿਚ ਉਤਰ ਗਏ। ਆਰੇ ਤੋਂ ਤੀਹ ਕੁ ਫ਼ੁਟ ਦੀ ਦੂਰੀ ’ਤੇ ਉਹ ਸ਼ਤੀਰੀਆਂ ਪਈਆਂ ਸਨ, ਜਿਨ੍ਹਾਂ ਦੀ ਅੱਜ ਚਿਰਾਈ ਹੋਣੀ ਸੀ। ਚਾਰ ਕੈਦੀ ਸ਼ਤੀਰੀਆਂ ਦੁਆਲੇ ਹੋ ਗਏ। ਦੋ ਕੈਦੀਆਂ ਨੇ ਇਕ ਸ਼ਤੀਰੀ ਨੂੰ ਮੋਢਿਆਂ ’ਤੇ ਰੱਖ ਕੇ ਆਰੇ ਤਕ ਲਿਜਾਣਾ ਸੀ। ਦੋ ਕੈਦੀ ਆਰੇ ਦੇ ਦੂਜੇ ਪਾਸੇ ਚਲੇ ਗਏ। ਉਹਨਾਂ ਵਿਚੋਂ ਇਕ ਨੇ ਚਿਰਾਈ ਬਾਅਦ ਨਿਕਲੇ ਸਹੀ ਮਾਲ ਨੂੰ ਸਟੋਰ ਵਿਚ ਪਹੁੰਚਾਉਣਾ ਸੀ। ਦੂਜੇ ਨੇ ਵਾਧੂ-ਘਾਟੂ ਬਚੀ ਲੱਕੜ ਨੂੰ ਆਰੇ ਦੇ ਬਾਹਰ ਖੜੀ ਰੇਹੜੀ ਵਿਚ ਰੱਖਣਾ ਸੀ ਅਤੇ ਫੇਰ ਰੇਹੜੀ ਨੂੰ ਖਿੱਚ ਕੇ ਲੰਗਰ ਤਕ ਲਿਜਾਣਾ ਸੀ। ਬਾਲਣ ਲੰਗਰ ’ਚ ਲਾਹ ਕੇ ਮੁੜ ਆਰੇ ’ਤੇ ਆਉਣਾ ਸੀ।

ਧਰਮਪਾਲ ਵੱਲੋਂ ਹੁਕਮ ਸੀ ਕਿ ਹਾਕਮ ਨੂੰ ਸ਼ਤੀਰੀਆਂ ਢੋਣ ’ਤੇ ਲਾਉਣਾ ਹੈ।

ਮੀਤੇ ਨੇ ਹੁਕਮ-ਅਦੂਲੀ ਕਰ ਕੇ ਅਤੇ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਕੇ ਹਾਕਮ ਨੂੰ ਖਲਪਾੜਾਂ ਢੋਣ ਦੇ ਹਲਕੇ ਕੰਮ ’ਤੇ ਲਾ ਦਿੱਤਾ। ਉਸ ਦੀ ਮਦਦ ਲਈ ਇਕ ਹੋਰ ਕੈਦੀ ਲਾਦਿੱਤਾ।

ਚਾਰ ਕੁ ਚੱਕਰ ਲਾਉਣ ਬਾਅਦ ਹਾਕਮ ਨੂੰ ਥਕਾਵਟ ਮਹਿਸੂਸ ਹੋਣ ਲੱਗੀ।ਸ਼ਿੱਲਤਾਂ ਨੇ ਉਸ ਦੀਆਂ ਹਥੇਲੀਆਂ ਅਤੇ ਉਂਗਲਾਂ ਨੂੰ ਵਿੰਨ੍ਹ ਦਿੱਤਾ ਸੀ। ਕੁਝ ਸ਼ਿੱਲਤਾਂ ਉਸ ਨੇ ਨਹੁੰਆਂ ਨਾਲ ਕੱਢ ਦਿੱਤੀਆਂ। ਕੁਝ ਫੇਰ ਵੀ ਮਾਸ ਵਿਚ ਖੁੱਭੀਆਂ ਰਹਿ ਗਈਆਂ। ਇਹ ਸ਼ਿੱਲਤਾਂ ਉਸ ਨੂੰ ਤਕਲੀਫ਼ ਪਹੁੰਚਾਉਣ ਲੱਗੀਆਂ।

ਹਾਕਮ ਦੇ ਨਾਲ ਕੰਮ ਕਰਦੇ ਕੈਦੀ ਨੂੰ ਲੰਗਰ ਦੇ ਮੁਨਸ਼ੀ ਕੋਲੋਂ ਗਾਲ੍ਹਾਂ ਪੈਣ ਲੱਗੀਆਂ। ਬਾਲਣ ਲੇਟ ਪੁੱਜ ਰਿਹਾ ਸੀ। ਚੁੱਲ੍ਹਿਆਂ ਦੀ ਅੱਗ ਮੱਠੀ ਪੈਂਦੀ ਜਾ ਰਹੀ ਸੀ। ਕੈਦੀ ਨੂੰ ਰੇਹੜੀ ਜਲਦੀ-ਜਲਦੀ ਲੈ ਕੇ ਆਉਣ ਦੀ ਹਿਦਾਇਤ ਹੋਈ।

ਹਾਕਮ ਸਾਥੀ ਕੈਦੀ ਦੀ ਮਜਬੂਰੀ ਸਮਝ ਰਿਹਾ ਸੀ। ਉਸ ਦੀ ਕਮਜ਼ੋਰੀ ਕਾਰਨ ਸਾਥੀ ਕੈਦੀ ਨੂੰ ਝਾੜਾਂ ਪੈ ਰਹੀਆਂ ਸਨ। ਹਾਕਮ ਨੇ ਅੰਦਾਜ਼ਾ ਲਾਇਆ ਕਿ ਗਾਲ੍ਹਾਂ ਉਸ ਨੂੰ ਵੀ ਪੈਣ ਵਾਲੀਆਂ ਹਨ।

ਝਾੜ-ਝੰਬ ਤੋਂ ਬਚਣ ਲਈ ਹਾਕਮ ਤੇਜ਼ੀ ਫੜਨ ਲੱਗਾ। ਹੱਥਾਂ ਵਿਚ ਦੋ ਕੁ ਖਲਪਾੜਾਂ ਲਿਜਾਣ ਦੀ ਥਾਂ ਉਹ ਬਾਹਾਂ ਉਪਰ ਰੱਖ ਕੇ ਬਾਰਾਂ-ਬਾਰਾਂ ਖਲਪਾੜਾਂ ਲਿਜਾਣ ਲੱਗਾ।

ਸੱਤ-ਅੱਠ ਚੱਕਰਾਂ ਬਾਅਦ ਬਾਹਾਂ ਜਵਾਬ ਦੇਣ ਲੱਗੀਆਂ। ਉਸ ਦੀ ਕਮੀਜ਼ ਭਾਵੇਂ ਪੂਰੀਆਂ ਬਾਹਾਂ ਵਾਲੀ ਸੀ ਫੇਰ ਵੀ ਸ਼ਿੱਲਤਾਂ ਅਤੇ ਲੱਕੜ ਦੀਆਂ ਤਿੱਖੀਆਂ ਨੁੱਕਰਾਂ ਚਮੜੀ ਤਕ ਮਾਰ ਕਰਨ ਲੱਗੀਆਂ। ਜੋੜ ਸਾਥ ਛੱਡਣ ਲੱਗੇ। ਭਾਰ ਕਾਰਨ ਬਾਹਾਂ ਹੇਠਾਂ ਨੂੰ ਲੁੜਕਣ ਲੱਗੀਆਂ।

ਸ਼ਤੀਰੀਆਂ ਢੋਂਦੇ ਕੈਦੀ ਹਾਕਮ ਦੀ ਸਥਿਤੀ ਨੂੰ ਭਾਂਪ ਗਏ। ਉਹਨਾਂ ਸ਼ਤੀਰੀਆਂ ਢੋਣ ਦੀ ਰਫ਼ਤਾਰ ਤੇਜ਼ ਕਰ ਦਿੱਤੀ। ਅੱਧੇ ਘੰਟੇ ਵਿਚ ਉਹਨਾਂ ਨੇ ਆਰੇ ਅੱਗੇ ਸ਼ਤੀਰੀਆਂ ਦਾ ਢੇਰ ਲਾ ਦਿੱਤਾ। ਜਿੰਨੀ ਦੇਰ ਵਿਚ ਇਹ ਸ਼ਤੀਰੀਆਂ ਚਿਰਨਗੀਆਂ ਓਨੀ ਦੇਰ ਵਿਚ ਉਹ ਹਾਕਮ ਦਾ ਕੰਮ ਨਿਬੇੜ ਦੇਣਗੇ।

ਮਸ਼ੀਨ ਨੂੰ ਤੇਲ ਦੇਣ ਦੇ ਬਹਾਨੇ ਮਿਸਤਰੀ ਨੇ ਆਰਾ ਰੋਕ ਦਿੱਤਾ। ਕੈਦੀਆਂ ਨੂੰ ਹਾਕਮ ਦੀ ਮਦਦ ਕਰਨ ਦਾ ਹੋਰ ਸਮਾਂ ਮਿਲ ਗਿਆ।

“ਨਹੀਂ, ਮੈਂ ਆਪਣਾ ਕੰਮ ਆਪ ਕਰੂੰਗਾ”, ਹਾਕਮ ਨੇ ਪਰਵਾਸੀਆਂ ਨੂੰ ਖਲਪਾੜਾਂ ਚੁੱਕਣ ਤੋਂ ਰੋਕਿਆ।

ਇਹਨਾਂ ਵਿਚਾਰਿਆਂ ਨੂੰ ਕੀ ਪਤਾ ਸੀ ਕਿ ਕਿਸੇ ਦੂਜੇ ਕੈਦੀ ਕੋਲੋਂ ਆਪਣੇ ਹਿੱਸੇ ਦੀ ਮੁਸ਼ੱਕਤ ਕਰਾਉਣਾ ਅਤੇ ਦੂਜੇ ਲਈ ਮੁਸ਼ੱਕਤ ਕਰਨਾ ਦੋਵੇਂ ਜੁਰਮ ਹਨ। ਇਹਨੀਂ ਦਿਨੀਂ ਜੇਲ੍ਹ ਅਧਿਕਾਰੀ ਹਾਕਮ ਨੂੰ ਜੇਲ੍ਹ ਮੈਨੂਅਲ ਪੜ੍ਹਾਉਣ ’ਤੇ ਤੱਲੇ ਹੋਏ ਸਨ। ਝੱਟ ਉਹ ਮੈਨੂਅਲ ਕੱਢ ਕੇ ਬੈਠ ਜਾਣਗੇ ਅਤੇ ਹਾਕਮ ਦੇ ਨਾਲ-ਨਾਲ ਪਰਵਾਸੀਆਂ ਦਾ ਜਿਊਣਾ ਵੀ ਹਰਾਮ ਕਰ ਦੇਣਗੇ।

ਆਰਾਮ ਵਾਲੀ ਘੰਟੀ ਖੜਕਣ ਤਕ ਹਾਕਮ ਧੂਹ-ਘੜੀਸ ਕਰਦਾ ਰਿਹਾ।

ਪੰਦਰਾਂ ਮਿੰਟ ਸੁਸਤਾਉਣ ਬਾਅਦ ਸਰੀਰ ਹਲਕਾ ਹੋਣ ਦੀ ਥਾਂ ਹੋਰ ਭਾਰਾ ਹੋ ਗਿਆ। ਬਾਹਾਂ ਸੁੱਜ ਗਈਆਂ, ਉਂਗਲਾਂ ਆਕੜ ਗਈਆਂ। ਢੂਹੀ ਦੁਖਣ ਲੱਗੀ।

“ਹੁਣ ਹੋਰ ਕੰਮ ਨਹੀਂ ਹੋਣਾ।” ਹਾਕਮ ਨੂੰ ਮਹਿਸੂਸ ਹੋਣ ਲੱਗਾ।

ਪਰ ਮੁਸ਼ੱਕਤ ਕਰਨੀ ਵੀ ਜ਼ਰੂਰੀ ਸੀ। ਕੁਤਾਹੀ ਹੁੰਦਿਆਂ ਹੀ ਉਸ ਦੀ ਛੁੱਟੀ ਬੰਦ ਹੋ ਜਾਣੀ ਸੀ। ਰਹਿੰਦਾ ਕੰਮ ਪੂਰਾ ਕਰਨ ਲਈ ਉਸ ਨੂੰ ਛੁੱਟੀ ਵਾਲੇ ਦਿਨ ਬੁਲਾਇਆ ਜਾਣਾ ਸੀ। ਉਸ ਦਿਨ ਕਿਹੜਾ ਉਸ ਤੋਂ ਕੰਮ ਹੋਣਾ ਸੀ। ਸਜ਼ਾ ਦੇ ਤੌਰ ’ਤੇ ਉਸ ਦੀਆਂ ਮੁਆਫ਼ੀਆਂ ਬੰਦ ਹੋਣੀਆਂ ਸਨ। ਖਾਣੇ ਵਿਚ ਕਟੌਤੀ ਹੋਣੀ ਸੀ।

ਹਾਲ ਦੀ ਘੜੀ ਹਾਕਮ ਇਹ ਜ਼ੋਖ਼ਮ ਨਹੀਂ ਸੀ ਉਠਾ ਸਕਦਾ। ਹਰ ਹਾਲ ਵਿਚ ਉਸ ਨੂੰ ਮੁਸ਼ੱਕਤ ਕਰਨੀ ਪੈਣੀ ਸੀ।

ਨਾਲੇ ਹਾਕਮ ਲੱਕੜਾਂ ਢੋਂਦਾ ਰਿਹਾ, ਨਾਲੇ ਲਹੂ-ਪੀਣੇ ਸਮਾਂ ਵਿਹਾਅ ਚੱਕੇ ਕਾਨੂੰਨ ਨੂੰ ਕੋਸਦਾ ਰਿਹਾ। ਇਹ ਕਿਹੜਾ ਕਾਨੂੰਨ ਹੈ ਜਿਹੜਾ ਮਨੁੱਖਾਂ ਨੂੰ ਪਸ਼ੂ ਬਣਾਉਣ ਲਈ ਅਫ਼ਸਰਾਂ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਦਿੰਦਾ ਹੈ?

ਫੇਰ ਉਹ ਸੋਚਦਾ। ਕਾਨੂੰਨ ਤਾਂ ਕਾਨੂੰਨ ਹੈ। ਕਸੂਰ ਉਹਨਾਂ ਨੂੰ ਲਾਗੂ ਕਰਨ ਵਾਲਿਆਂ ਦਾ ਹੈ। ਕਸੂਰ ਹੈ ਉਹਨਾਂ ਨੂੰ ਸਮੇਂ-ਸਮੇਂ ਨਾ ਸੋਧਣ ਵਾਲਿਆਂ ਦਾ।

ਹਾਕਮ ਨੂੰ ਨੇਤਾਵਾਂ ਦੀ ਯਾਦ ਆਉਣ ਲੱਗੀ। ਜਵਾਹਰ ਲਾਲ ਨਹਿਰੂ ਤੋਂ ਲੈ ਕੇ ਸੁਰਜੀਤ ਸਿੰਘ ਬਰਨਾਲਾ ਤਕ ਨੇ ਜੇਲ੍ਹ ਦਾ ਸਵਾਦ ਚੱਖਿਆਸੀ। ਮੋਟੀਆਂ-ਮੋਟੀਆਂ ਕਿਤਾਬਾਂ ਲਿਖ ਕੇ ਜੇਲ੍ਹ-ਕਾਨੂੰਨ ਅਤੇ ਜੇਲ੍ਹ ਪ੍ਰਬੰਧ ਨੂੰ ਭੰਡਿਆ ਸੀ। ਪਰ ਕੁਰਸੀ ’ਤੇ ਬੈਠਦਿਆਂ ਹੀ ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਸੀ। ਲੋਕ-ਪੱਖੀ ਕਾਨੂੰਨ ਕੀ ਘੜਨੇ ਸਨ, ਇਹਨਾਂ ਨੂੰ ਹਾਲੇ ਤਕ ਅੰਗਰੇਜ਼ਾਂ ਵੱਲੋਂ ਕੈਦੀਆਂ ਉਪਰ ਗਾਂਧੀ ਟੋਪੀ ਪਾਉਣ ’ਤੇ ਲਾਈ ਪਾਬੰਦੀ ਹਟਾਉਣ ਦੀ ਵਿਹਲ ਨਹੀਂ ਮਿਲੀ। ਇਹ ਅੰਗਰੇਜ਼ਾਂ ਦੇ ਉੱਤਰ-ਅਧਿਕਾਰੀ ਹਨ। ਉਹਨਾਂ ਦੀਆਂ ਪਾਈਆਂ ਲੀਹਾਂ ’ਤੇ ਚੱਲ ਰਹੇ ਸਨ। ਕਾਨੂੰਨ ਲੋਕਾਂ ਨੂੰ ਗ਼ੁਲਾਮ ਬਣਾਈ ਰੱਖਣ ਲਈ ਘੜੇ ਗਏ ਸਨ। ਇਹੋ ਇਹ ਦੱਸਣਾ ਚਾਹੁੰਦੇ ਸਨ। ਇਹਨਾਂ ਦਾ ਸਿਰ ਨਹੀਂ ਭਵਿਆਂ। ਕਾਨੂੰਨ ਨੂੰ ਨਵੇਂ ਸਿਰਿਉਂ ਕਿਉਂ ਲਿਖਣ?

ਦੁਪਹਿਰ ਸਮੇਂ ਪਰਵਾਸੀਆਂ ਨੇ ਚੁੱਲ੍ਹੇ ਉਪਰ ਪਾਣੀ ਵਾਲਾ ਪਤੀਲਾ ਚਾੜ੍ਹ ਦਿੱਤਾ। ਵਿਚ ਭੁੱਕੀ ਦਾ ਬੁੱਕ ਸੁੱਟ ਦਿੱਤਾ। ਜਦੋਂ ਪਾਣੀ ਨੂੰ ਦਸ ਪੰਦਰਾਂ ਉਬਾਲੇ ਆ ਗਏ, ਵਿਚ ਗੁੜ ਅਤੇ ਚਾਹ ਪੱਤੀ ਸੁੱਟ ਦਿੱਤੀ। ਫੇਰ ਉਹ ਕਾਹੜੇ ਦੇ ਠੰਢਾ ਹੋਣ ਦਾ ਇੰਤਜ਼ਾਰ ਕਰਨ ਲੱਗੇ।

ਅੱਜ ਤਕ ਹਾਕਮ ਨੇ ਨਸ਼ਿਆਂ ਦੇ ਸੇਵਨ ਵਿਰੁੱਧ ਪ੍ਰਚਾਰ ਕੀਤਾ ਸੀ। ਕੈਦੀਆਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਆ ਸੀ। ਕੰਮ ਨੂੰ ਸਿਰੇ ਚਾੜ੍ਹਨ ਲਈ ਅੱਜ ਉਸ ਨੂੰ ਖ਼ੁਦ ਨਸ਼ੇ ਦੀ ਲੋੜ ਮਹਿਸੂਸ ਹੋ ਰਹੀ ਸੀ।

ਸ਼ਤੀਰੀਆਂ ਉਪਰ ਲੇਟ ਕੇ ਆਰਾਮ ਕਰਦਾ ਹਾਕਮ ਪਰਵਾਸੀਆਂ ਵੱਲੋਂ ਚਾਹ ਦੀ ਸੁਲਾਹ ਵੱਜਣ ਦੀ ਉਡੀਕ ਕਰਨ ਲੱਗਾ।

ਮੀਤਾ ਹਾਕਮ ਤੋਂ ਦੋ ਕਦਮ ਅੱਗੇ ਸੋਚੀ ਬੈਠਾ ਸੀ। ਉਸ ਨੇ ਚਾਹ ਦੇ ਨਾਲ-ਨਾਲ ਕਾਲੀ ਮਾਈ ਵੀ ਪਰੋਸ ਦਿੱਤੀ।

ਪਹਿਲੇ ਹੱਲੇ ਹਾਕਮ ਚਾਹ ਵਾਲਾ ਗਲਾਸ ਫੜਨ ਤੋਂ ਝਿਜਕਿਆ। ਦੋਵੇਂ ਨਸ਼ੇ ਮਹਿੰਗੇ ਸਨ। ਪਰਵਾਸੀਆਂ ਨੇ ਹੱਡ ਵੇਚ ਕੇ ਖ਼ਰੀਦੇ ਹੋਣਗੇ। ਉਹ ਉਹਨਾਂ ਦੀ ਮਿਹਨਤ ਦੀ ਕਮਾਈ ’ਤੇ ਛਾਪਾ ਨਹੀਂ ਸੀ ਮਾਰਨਾ ਚਾਹੁੰਦਾ।

ਨਸ਼ਾ ਅੰਦਰ ਸੁੱਟਣ ਤੋਂ ਗੁਰੇਜ਼ ਕਰਨ ਦਾ ਇਕ ਹੋਰ ਕਾਰਨ ਵੀ ਸੀ। ਅੱਗੋਂ ਤੋਂ ਮੁਸ਼ੱਕਤ ਉਸ ਨੂੰ ਹਰ ਰੋਜ਼ ਕਰਨੀ ਪੈਣੀ ਸੀ। ਕਿਧਰੇ ਉਹ ਨਸ਼ੇ ’ਤੇ ਨਾ ਲੱਗ ਜਾਵੇ। ਸਜ਼ਾ ਸਮਾਪਤ ਹੋਣ ਤਕ ਕਿਧਰੇ ਉਹ ਅਮਲੀ ਨਾ ਬਣ ਜਾਵੇ।

ਭਵਿੱਖ ਬਾਰੇ ਸੋਚ-ਸੋਚ ਵਰਤਮਾਨ ਨੂੰ ਬਰਬਾਦ ਨਹੀਂ ਸੀ ਕੀਤਾ ਜਾ ਸਕਦਾ। ਹਾਲ ਦੀ ਘੜੀ ਹਾਕਮ ਸਾਹਮਣੇ ਅੱਜ ਦਾ ਦਿਨ ਸਹੀ ਸਲਾਮਤ ਕੱਢਣ ਦੀ ਸਮੱਸਿਆ ਸੀ।

ਸਾਰੇ ਹਾਲਾਤ ਨੂੰ ਵਿਚਾਰ ਕੇ ਹਾਕਮ ਨੇ ਕੌੜਾ ਘੁੱਟ ਭਰ ਲਿਆ।

ਦੋਬਾਰਾ ਕੰਮ ਸ਼ੁਰੂ ਕਰਨ ਤਕ ਸਰੀਰ ਤਕੜਾ-ਤਕੜਾ ਮਹਿਸੂਸ ਕਰਨ ਲੱਗਾ। ਦਰਦ ਖੰਭ ਲਾ ਗਿਆ।

ਘੰਟਾ ਕੁ ਝੁੱਟੀ ਲਾਉਣ ਬਾਅਦ ਸਰੀਰ ਫੇਰ ਢਿੱਲਾ ਪੈਣ ਲੱਗਾ। ਕੰਮ ਦੀ ਰਫ਼ਤਾਰ ਸੁਸਤ ਹੋਣ ਲੱਗੀ।

“ਓਏ ਹਰਾਮ ਦਿਆ) ਤੂੰ ਇਸ ਨੂੰ ਸ਼ਤੀਰੀਆਂ ਚੁੱਕਣ ’ਤੇ ਨਹੀਂ ਲਾਇਆ?”

ਅਚਾਨਕ ਦੌਰੇ ’ਤੇ ਆਇਆ ਡਿਪਟੀ ਜਦੋਂ ਮੀਤੇ ’ਤੇ ਕੜਕਿਆ ਤਾਂ ਹਾਕਮ ਨੂੰ ਆਪਣੇ ਹੱਡ-ਹਰਾਮੀ ਹੋਣ ’ਤੇ ਸ਼ਰਮ ਆਈ। ਉਸ ਕਾਰਨ ਇਕ ਗ਼ਰੀਬ ਨੂੰ ਝਿੜਕਾਂ ਪੈਣ ਲੱਗੀਆਂ ਸਨ।

“ਚੱਲ ਬਈ ਉਧਰ ਚੱਲ।” ਚੋਰੀ ਫੜੀ ਜਾਣ ’ਤੇ ਛਿੱਥੇ ਪੈਂਦੇ ਮੀਤੇ ਨੇ ਹਾਕਮ ਨੂੰ ਸ਼ਤੀਰੀਆਂ ਵੱਲ ਜਾਣ ਦਾ ਹੁਕਮ ਸੁਣਾਇਆ।

ਸਾਊਆਂ ਵਾਂਗ ਹਾਕਮ ਸ਼ਤੀਰੀਆਂ ਦੇ ਢੇਰ ਵੱਲ ਹੋ ਗਿਆ।

ਸਾਰੀ ਹਿੰਮਤ ਬਟੋਰ ਕੇ ਹਾਕਮ ਨੇ ਸ਼ਤੀਰੀ ਨੂੰ ਹੱਥ ਪਾਇਆ। ਚੁੱਕ ਕੇ ਇਕ ਸਿਰਾ ਆਪਣੇ ਮੋਢੇ ’ਤੇ ਰੱਖ ਲਿਆ। ਦੂਜੇ ਸਿਰੇ ਨੂੰ ਇਕ ਪਰਵਾਸੀ ਕੈਦੀ ਨੇ ਸੰਭਾਲ ਲਿਆ।

ਸ਼ਤੀਰੀ ਮੋਢੇ ’ਤੇ ਚੁੱਕ ਕੇ ਲਿਜਾਂਦੇ ਹਾਕਮ ਨੂੰ ਆਰੇ ਅਤੇ ਸ਼ਤੀਰੀਆਂ ਵਿਚਕਾਰਲਾ ਤੀਹ ਕੁ ਫ਼ੁੱਟ ਦਾ ਫ਼ਾਸਲਾ ਤੀਹ ਮੀਲਾਂ ਜਿੰਨਾ ਲੱਗਾ।

ਸੌ ਸੱਖਾਂ ਸੱਖ ਕੇ ਮਸਾਂ ਆਰਾ ਆਇਆ। ਸ਼ਤੀਰੀ ਹੇਠਾਂ ਸੁੱਟਦੇ ਹਾਕਮ ਨੂੰ ਲੱਗਾ ਜਿਵੇਂ ਉਸ ਦਾ ਮੋਢਾ ਸੁੰਨ ਹੋ ਗਿਐ।

ਹਾਕਮ ਨੇ ਚੋਰ-ਅੱਖ ਨਾਲ ਇਧਰ-ਉਧਰ ਦੇਖਿਆ। ਥਮ੍ਹਲੇ ਪਿੱਛੇ ਖੜਾ ਧਰਮਪਾਲ ਮੋਢਾ ਮਲਦੇ ਹਾਕਮ ਨੂੰ ਦੇਖ ਰਿਹਾ ਸੀ। ਉਸ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਸੀ। ਮੁਸਕਰਾਹਟ ਦਾ ਅਰਥ ਹਾਕਮ ਚੰਗੀ ਤਰ੍ਹਾਂ ਸਮਝ ਰਿਹਾ ਸੀ।

ਤਿੰਨ ਸ਼ਤੀਰੀਆਂ ਢੋਣ ਬਾਅਦ ਮੋਢਿਆਂ ਦੇ ਨਾਲ-ਨਾਲ ਹਾਕਮ ਦਾ ਲੱਕ ਵੀ ਦੁਖਣ ਲੱਗਾ।  ਗੋਡੇ ਕੜਕਣ ਲੱਗੇ। ਪੈਰ ਹਜ਼ਾਰਾਂ ਮਣ ਭਾਰੇ ਹੋ ਗਏ। ਇਕ ਕਦਮ ਪੁੱਟਣ ਬਾਅਦ ਦੂਜਾ ਕਦਮ ਪੁੱਟਣਾ ਅਸੰਭਵ ਜਾਪਦਾ।

ਚੌਥੀ ਸ਼ਤੀਰੀ ਮੋਢੇ ’ਤੇ ਰੱਖਦਿਆਂ ਹੀ ਉਸ ਦੀਆਂ ਅੱਖਾਂ ਅੱਗੇ ਭੰਬੂ-ਤਾਰੇ ਨੱਚਣ ਲੱਗੇ। ਪੈਰ ਥਿੜਕਣ ਲੱਗੇ। ਥਿੜਕਦਾ-ਥਿੜਕਦਾ ਹਾਕਮ ਪੂਰੀ ਤਰ੍ਹਾਂ ਥਿੜਕ ਗਿਆ। ਗ਼ੁਬਾਰ ਪੇਟ ਵਿਚੋਂ ਉੱਠ ਕੇ ਸਿਰ ਨੂੰ ਚੜ੍ਹਨ ਲੱਗਾ। ਘੁਮੇਰ ਆਉਣ ਲੱਗੀ।

ਨੀਮ-ਬੇਹੋਸ਼ੀ ਵਿਚ ਉੇਸ ਨੂੰ ਮਹਿਸੂਸ ਹੋਇਆ ਜਿਵੇਂ ਉਹ ਜ਼ਮੀਨ ਉਪਰ ਡਿੱਗ ਰਿਹਾ ਹੈ। ਜਿਵੇਂ ਸ਼ਤੀਰੀ ਉਸ ਉਪਰ ਗਿਰ ਰਹੀ ਹੈ, ਜਿਵੇਂ ਉਸ ਦੀਆਂ ਹੱਡੀਆਂ ਕੜ-ਕੜ ਕਰ ਕੇ ਟੁੱਟ ਰਹੀਆਂ ਹਨ, ਜਿਵੇਂ ਦੂਰ ਖੜਾ ਧਰਮਪਾਲ ਉੱਚੀ-ਉੱਚੀ ਹੱਸ ਰਿਹਾ ਹੈ।

 

 

52

“ਸਰਦਾਰ ਜੀ, ਤੁਸੀਂ ਠੀਕ ਹੋ ਗਏ ਹੋ। ਅੱਜ-ਭਲਕ ਤੁਹਾਨੂੰ ਛੁੱਟੀ ਕਰ ਦਿੱਤੀ ਜਾਏਗੀ।”

ਜਦੋਂ ਤੋਂ ਕੰਪਾਊਡਰ ਦੇ ਸਹਾਇਕ ਸ਼ਾਮ ਲਾਲ ਕੈਦੀ ਨੇ ਹਾਕਮ ਨੂੰ ਇਹ ਖ਼ਬਰ ਸੁਣਾਈ ਸੀ, ਉਦੋਂ ਤੋਂ ਉਸ ਦੀ ਬੇਚੈਨੀ ਹੋਰ ਵਧ ਗਈ ਸੀ।

ਆਮ ਹਸਪਤਾਲਾਂ ਵਿਚ ਮਰੀਜ਼ ਨੂੰ ਛੁੱਟੀ ਮਿਲਣ ਦੀ ਖ਼ਬਰ ਸੌ ਸੱਖਾਂ ਸੁੱਖਣ ਬਾਅਦ ਮਿਲਦੀ ਸੀ। ਜੇਲ੍ਹ ਹਸਪਤਾਲ ਵਿਚ ਸਥਿਤੀ ਇਸ ਦੇ ਉਲਟ ਹੁੰਦੀ ਸੀ। ਛੁੱਟੀ ਹੋਣ ਦੀ ਖ਼ਬਰ ਸੁਣਦਿਆਂ ਹੀ ਕੈਦੀ ਦੇ ਚਿਹਰੇ ’ਤੇ ਹਵਾਈਆਂ ਉੱਡਣ ਲੱਗਦੀਆਂ ਹਨ। ਉਹ ਕੁਝ ਦਿਨ ਹੋਰ ਦਾਖ਼ਲ ਰਹਿਣ ਲਈ ਤਰਲੋ-ਮੱਛੀ ਹੋਣ ਲੱਗਦਾ ਸੀ।

ਹਾਕਮ ਮਚਲਾ ਬਣ ਕੇ ਹਸਪਤਾਲ ਦਾਖ਼ਲ ਰਹਿਣ ਦਾ ਇੱਛੁਕ ਨਹੀਂ ਸੀ। ਠੀਕ ਹੋਣਾ ਦੂਰ, ਦਿਨੋ-ਦਿਨ ਉਸ ਦੀ ਹਾਲਤ ਵਿਗੜ ਰਹੀ ਸੀ। ਉਸ ਦੇ ਜ਼ਖ਼ਮ ਅੱਲ੍ਹੇ ਸਨ। ਤੁਰਨਾ ਫਿਰਨਾ ਮੁਸ਼ਕਲ ਸੀ। ਅਜਿਹੀ ਹਾਲਤ ਵਿਚ ਉਸ ਨੂੰ ਕੰਮ ’ਤੇ ਭੇਜਣਾ ਘੋਰ ਬੇਇਨਸਾਫ਼ੀ ਸੀ।

“ਜੇਲ੍ਹ ਪ੍ਰਸ਼ਾਸਨ ਮੈਨੂੰ ਮਾਰਨ ’ਤੇ ਤੁਲਿਆ ਹੋਇਆ ਹੈ।” ਇਸ ਖ਼ਬਰ ਤੋਂ ਬਾਅਦ ਹਾਕਮ ਦਾ ਸ਼ੱਕ ਯਕੀਨ ਵਿਚ ਬਦਲਣ ਲੱਗਾ।

ਚਾਰ ਦਿਨਾਂ ਤੋਂ ਉਹ ਹਸਪਤਾਲ ਵਿਚ ਰੁਲ ਰਿਹਾ ਸੀ। ਕਿਸੇ ਨੇ ਇਕ ਵਾਰੀ ਵੀ ਉਸ ਦੇ ਜ਼ਖ਼ਮਾਂ ਦਾ ਮੁਆਇਨਾ ਨਹੀਂ ਸੀ ਕੀਤਾ। ਡਾਕਟਰ ਨੇ ਜਾਣ ਬੁੱਝ ਕੇ ਹਸਪਤਾਲ ਆਉਣਾ ਛੱਡ ਦਿੱਤਾ ਸੀ। ਹਾਕਮ ਪਹਿਲੇ ਦਿਨ ਤੋਂ ਦੁਹਾਈ ਪਾ ਰਿਹਾ “ਮੇਰੇ ਪੈਰ ਦਾ ਦਰਦ ਵਧਦਾ ਜਾ ਰਿਹਾ ਹੈ। ਕੋਈ ਹੱਡੀ ਟੁੱਟ ਗਈ ਜਾਪਦੀ ਹੈ। ਮੇਰੇ ਪੈਰ ਦਾ ਐਕਸ-ਰੇ ਕਰਾਓ। ਪੈਰ ’ਤੇ ਪਲੱਸਤਰ ਲਾਓ।” ਪਰ ਕੰਪਾਊਡਰ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦਿੰਦਾ। ਕਹਿੰਦਾ ਸੀ, “ਮੈਂ ਪੜਤਾਲ ਕਰ ਲਈ ਹੈ। ਹੱਡੀ ਠੀਕ ਹੈ, ਕੇਵਲ ਮਾਸ ਫਟਿਆ ਹੈ।” ਹਾਕਮ ਦਾ ਵਹਿਮ ਕੱਢਣ ਲਈ ਉਸ ਨੇ ਬਹਾਦਰਾਂ ਦੀ ਬੈਰਕ ਵਿਚੋਂ ਮੀਏਂ ਨੂੰ ਬੁਲਾਇਆ। ਕੈਦੀਆਂ ਦੀਆਂ ਲੱਤਾਂ-ਬਾਹਾਂ ਟੁੱਟਦੀਆਂ ਰਹਿੰਦੀਆਂ ਹਨ। ਹਰ ਇਕ ਨੂੰ ਸਿਵਲ ਹਸਪਤਾਲ ਕੌਣ ਲਿਜਾਂਦਾ ਫਿਰੇ? ਟੁੱਟੀਆਂ ਹੱਡੀਆਂ ਉਹੋ ਬੰਨ੍ਹਦਾ ਹੈ। ਮੀਏਂ ਨੇ ਵੀ ਕੰਪਾਊਡਰ ਦੀ ਹਾਂ ਵਿਚ ਹਾਂ ਮਿਲਾਈ। ਪੱਟੀ ਖੋਲ੍ਹੀ, ਕੱਸ ਕੇ ਬੰਨ੍ਹੀ ਤੇ ਚਲਾ ਗਿਆ।

ਹਾਕਮ ਦੇ ਬਾਕੀ ਜ਼ਖ਼ਮਾਂ ਦਾ ਹਾਲ ਵੀ ਪੈਰ ਵਰਗਾ ਹੀ ਸੀ। ਪਹਿਲੇ ਦਿਨ ਜੋ ਮਲ੍ਹਮ ਪੱਟੀ ਹੋਣੀ ਸੀ, ਹੋ ਗਈ। ਮੁੜ ਨਾ ਜ਼ਖ਼ਮਾਂ ਨੂੰ ਸਾਫ਼ ਕੀਤਾ ਗਿਆ, ਨਾ ਪੱਟੀ ਬਦਲੀ ਗਈ। ਹਾਕਮ ਦੀ ਪੱਟੀਆਂ ਬਦਲਣ ਦੀ ਬੇਨਤੀ ‘ਬੱਸ ਆਇਆ’ ਆਖ ਕੇ ਠੁਕਰਾ ਦਿੱਤੀ ਜਾਂਦੀ ਰਹੀ।

ਕੱਲ੍ਹ ਤੋਂ ਹਾਕਮ ਦੇ ਜ਼ਖ਼ਮਾਂ ਵਿਚ ਟੱਸ-ਟੱਸ ਹੋ ਰਹੀ ਸੀ। ਜਾਪਦਾ ਜੀ ਜ਼ਖ਼ਮਾਂ ਵਿਚ ਪੱਸ ਪੈ ਗਈ ਹੈ। ਜ਼ਖ਼ਮਾਂ ਨੂੰ ਅੰਦਰੋਂ ਦਵਾਈਆਂ ਅਤੇ ਬਾਹਰੋਂ ਮਲ੍ਹਮ ਪੱਟੀ ਨਾਲ ਸੁਕਾਉਣਾ ਜ਼ਰੂਰੀ ਸੀ। ਐਂਟੀਬਾਇਓਟਿਕ ਦੀ ਥਾਂ ਉਸ ਨੂੰ ਪੇਨ ਕਿਲਰ ਦਿੱਤੇ ਜਾ ਰਹੇ ਹਨ। ਜ਼ਖ਼ਮ ਤਾਬ ਆਉਣ ਤਾਂ ਕਿਸ ਤਰ੍ਹਾਂ?

ਹਾਕਮ ਦੀ ਸੱਜੀ ਅੱਖ, ਕੂਹਣੀ, ਖੱਬੀ ਲੱਤ ਅਤੇ ਪੈਰ ਬੁਰੀ ਤਰ੍ਹਾਂ ਜ਼ਖ਼ਮੀ ਸਨ। ਗੋਡਿਆਂ, ਮੋਢਿਆਂ ਤੋਂ ਲੈ ਕੇ ਗਰਦਨ ਤਕ ਸਾਰੇ ਸਰੀਰ ’ਤੇ ਰਗੜਾਂ ਸਨ।

ਜ਼ਖ਼ਮਾਂ ਦੇ ਨਾਲ-ਨਾਲ ਹਾਕਮ ਹੇਠਲੇ ਵਾਰਡ ਦੇ ਮਾਹੌਲ ਤੋਂ ਵੀ ਦੁਖੀ ਸੀ। ਅੱਠ ਬਿਸਤਰਿਆਂ ਵਾਲੇ ਕਮਰੇ ਵਿਚ ਪੰਦਰਾਂ ਮੰਜੇ ਅੜਾ ਦਿੱਤੇ ਗਏ ਸਨ। ਪੰਦਰਾਂ ਦੀ ਥਾਂ ਪੈਂਤੀ ਮਰੀਜ਼ ਭਰਤੀ ਕਰ ਦਿੱਤੇ ਗਏ ਸਨ। ਕਿਸੇ ਨੂੰ ਪੀਲੀਆ ਸੀ, ਕਿਸੇ ਨੂੰ ਦਮਾ ਅਤੇ ਕਿਸੇ ਨੂੰ ਟੀ.ਬੀ। ਕੋਈ ਬਾਹਰ ਕਰਾਹ ਰਿਹਾ ਸੀ, ਕੋਈ ਖੰਘ ਰਿਹਾ ਸੀ। ਕੋਈ ਉਲਟੀਆਂ ਕਰ ਰਿਹਾ ਸੀ। ਕੋਈ ਬੀੜੀ ਪੀ ਰਿਹਾ ਸੀ, ਕੋਈ ਜ਼ਰਦਾ ਚਬਾ ਰਿਹਾ ਸੀ। ਬੂ ਅਤੇ ਹਵਾੜ ਕਾਰਨ ਹਾਕਮ ਦੀ ਪੀੜ ਵਿਚ ਵਾਧਾ ਹੋ ਰਿਹਾ ਸੀ।

ਉਹ ਬੀ-ਕਲਾਸ ਦਾ ਕੈਦੀ ਸੀ। ਉਸ ਨੂੰ ਉਪਰਲੇ ਵਾਰਡ ਵਿਚ ਰੱਖਿਆ ਜਾਣਾ ਚਾਹੀਦਾ ਸੀ। ‘ਵਾਰਡ ਡਾਕਟਰ ਨੇ ਬਦਲਣਾ ਹੈ।’ ਹਰ ਵਾਰ ਕੰਪਾਊਡਰ ਇਹ ਆਖ ਕੇ ਟਾਲ ਜਾਂਦਾ ਸੀ। ਉਹ ਡਾਕਟਰ ਕੋਲ ਬੇਨਤੀ ਕਰੇ ਤਾਂ ਕਿਸ ਤਰ੍ਹਾਂ? ਪਿਛਲੇ ਚਾਰ ਦਿਨਾਂ ਤੋਂ ਇਕ ਵਾਰੀ ਵੀ ਉਸ ਨੇ ਸ਼ਕਲ ਨਹੀਂ ਸੀ ਦਿਖਾਈ।

ਪਹਿਲੇ ਦਿਨ ਡਾਕਟਰ ਦੀ ਅਦਾਲਤ ਵਿਚ ਗਵਾਹੀ ਸੀ। ਸਾਰੀ ਦਿਹਾੜੀ ਉਥੇ ਲੱਗ ਗਈ। ਅਗਲੇ ਦਿਨ ਉਸ ਦੀ ਆਪਣੇ ਮਹਿਕਮੇ ਦੇ ਮੁੱਖੀ ਨਾਲ ਮੀਟਿੰਗ ਸੀ। ਵਾਪਸ ਮੁੜਦੇ ਨੂੰ ਤ੍ਰਿਕਾਲਾਂ ਪੈ ਗਈਆਂ। ਫੇਰ ਇਕ ਦੋਸਤ ਦੀ ਭੈਣ ਦਾ ਵਿਆਹ ਆ ਗਿਆ। ਇਕ ਦਿਨ ਦੀ ਛੁੱਟੀ ਲਈ। ਇਕ ਦਿਨ ਦੀ ਫਰਲੋ ਮਾਰੀ।

ਹਾਕਮ ਡਾਕਟਰ ਅਤੇ ਕੰਪਾਊਡਰ ਦੋਹਾਂ ਦੀ ਸ਼ਰਾਰਤ ਸਮਝ ਰਿਹਾ ਸੀ। ਉਹ ਉਸ ਤੋਂ ਗਿਣ-ਗਿਣ ਕੇ ਬਦਲੇ ਲੈ ਰਹੇ ਸਨ। ਹਾਕਮ ਨੇ ਕਈ ਵਾਰ ਉਹਨਾਂ ਦੇ ਕੰਮ-ਕਾਰ ’ਤੇ ਉਂਗਲ ਉਠਾਈ ਸੀ। ਜ਼ਖ਼ਮੀ ਦੁਸ਼ਮਣ ਨੂੰ ਪਾਣੀ ਪਿਲਾਉਣ ਵਾਲੇ ਉਹ ਭਾਈ ਕਨ੍ਹਈਆ ਨਹੀਂ ਸਨ।  ਹਾਕਮ ਮਸਾਂ ਉਹਨਾਂ ਦੇ ਅੜਿੱਕੇ ਆਇਆ ਸੀ। ਉਹ ਦੁਸ਼ਮਣ ਨੂੰ ਬੁਰੇ ਦਾ ਘਰ ਵਿਖਾਉਣ ’ਤੇ ਤੁੱਲੇ ਹੋਏ ਸਨ।

ਤਿੰਨ ਰਾਤਾਂ ਤੋਂ ਉਂਘਾਇਆ ਹੋਣ ਕਾਰਨ ਉਸ ਦਾ ਸਿਰ ਪਹਿਲਾਂ ਹੀ ਭਾਰਾ ਸੀ। ਅੱਖਾਂ ਵਿਚ ਲਾਲੀ ਉਤਰੀ ਹੋਈ ਸੀ। ਨਾਲੇ ਰੜਕ ਪੈ ਰਹੀ ਸੀ। ਭੁੱਖ ਮਰ ਚੁੱਕੀ ਸੀ। ਬੇਚੈਨੀ ਹਰ ਪਾਲ ਵਧ ਰਹੀ ਸੀ। ਕਦੇ ਉਹ ਬਿਸਤਰੇ ਉਪਰ ਲੇਟ ਜਾਂਦਾ, ਕਦੇ ਉਠ ਕੇ ਬੈਠ ਜਾਂਦਾ। ਕਦੇ ਇਧਰ-ਉਧਰ ਟਹਿਲਣ ਲੱਗ ਜਾਂਦਾ, ਕਦੇ ਕਦੇ ਫੇਰ ਮੰਜੇ ਉਪਰ ਆ ਬੈਠਦਾ। ਕਦੇ ਗੱਲਾਂ ਕਰਦਾ-ਕਰਦਾ ਚੁੱਪ ਕਰ ਜਾਂਦਾ ਅਤੇ ਕਦੇ ਦੂਜੇ ਪਾਸੇ ਮੂੰਹ ਕਰ ਕੇ ਲੇਟ ਜਾਂਦਾ।

ਸ਼ਾਮ ਲਾਲ ਤੋਂ ਛੁੱਟੀ ਹੋਣ ਦੀ ਖ਼ਬਰ ਸੁਣਨ ਬਾਅਦ ਹਾਕਮ ਨੂੰ ਮੌਤ ਸਿਰਹਾਣੇ ਖੜੀ ਦਿਖਾਈ ਦੇਣ ਲੱਗੀ।

“ਜੇਲ੍ਹ ਪ੍ਰਸ਼ਾਸਨ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕਣ ਬਦਲੇ ਮੌਤ ਦੀ ਸਜ਼ਾ ਪਾਉਣ ਵਾਲਾ ਮੈਂ ਪਹਿਲਾ ਸ਼ਹੀਦ ਨਹੀਂ ਹੋਵਾਂਗਾ। ਜੇਲ੍ਹ ਵਿਚ ਇਹ ਵਰਤਾਰਾ ਆਮ ਸੀ।

ਸੋਚਦਾ ਹਾਕਮ ਆਪਣੇ ਤੋਂ ਪਹਿਲੇ ‘ਸ਼ਹੀਦਾਂ’ ਨੂੰ ਯਾਦ ਕਰਨ ਲੱਗਾ।

ਪਰਸੋਂ ਹਾਕਮ ਦੇ ਨਾਲ ਦੇ ਬੈੱਡ ’ਤੇ ਪਏ ਹਰੀਏ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਸਾਥੀ ਕੈਦੀਆਂ ਨਾਲ ਹੋਈ ਲੜਾਈ ਵਿਚ ਉਸ ਦੀ ਸੱਜੀ ਬਾਂਹ ਟੁੱਟ ਗਈ ਸੀ। ਜੇਲ੍ਹ ਦੇ ਡਾਕਟਰ ਕੋਲੋਂ ਹੱਡੀ ਠੀਕ ਢੰਗ ਨਾਲ ਜੁੜ ਨਹੀਂ ਸੀ ਸਕੀ। ਉਸ ਨੂੰ ਹੱਡੀ ਤੋੜ ਕੇ ਦੁਬਾਰਾ ਬੰਨ੍ਹਣੀ ਪਈ। ਮਿਹਨਤ ਫੇਰ ਵੀ ਰਾਸ ਨਾ ਆਈ। ਸਾਰੀ ਬਾਂਹ ਵਿਚ ਪਸ ਪੈ ਗਈ। ਹੱਡੀਆਂ ਦੇ ਮਾਹਿਰ ਡਾਕਟਰਾਂ ਨੇ ਸਲਾਹ ਦਿੱਤੀ, “ਮਰੀਜ਼ ਦੀ ਜਾਨ ਬਚਾਉਣ ਲਈ ਉਸ ਦੀ ਬਾਂਹ ਕੱਟਣੀ ਜ਼ਰੂਰੀ ਹੈ।” ਮਰਦਾ ਕੀ ਨਾ ਕਰਦਾ। ਰੋਂਦੇ-ਕੁਰਲਾਂਦੇ ਨੂੰ ਉਸ ਨੂੰ ਬਾਂਹ ਕਟਾਉਣ ਲਈ ਸਹਿਮਤੀ ਦੇਣੀ ਪਈ।

ਹਰੀਏ ਦੀ ਬਾਂਹ ਟੁੱਟੀ ਨਹੀਂ, ਤੋੜੀ ਗਈ ਸੀ। ਬਾਂਹ ਕਿਸ ਨੇ ਤੋੜੀ? ਅਤੇ ਕਿਉਂ ਤੋੜੀ। ਇਹ ਰਾਮ-ਕਹਾਣੀ ਖ਼ੁਦ ਹਰੀਏ ਨੇ ਉਸ ਨੂੰ ਸੁਣਾਈ ਸੀ।

ਹਰੀਆ ਪਿਛਲੇ ਦੋ ਹਫ਼ਤੇ ਤੋਂ ਬੀਮਾਰ ਸੀ।  ਹਰੀਆ ਸਿਵਲ ਹਸਪਤਾਲੋਂ ਦਵਾਈ ਲੈਣਾ ਚਾਹੁੰਦਾ ਸੀ। ਡਾਕਟਰ ਉਸ ਨੂੰ ਸਿਵਲ ਹਸਪਤਾਲ ਭੇਜਣ ਲਈ ਤਿਆਰ ਨਹੀਂ ਸੀ। ਹਰੀਏ ਨੂੰ ਕਹਿੰਦਾ ਸੀ, “ਤੇਰੀ ਬੀਮਾਰੀ ਨੂੰ ਮੋੜ ਪੈ ਗਿਆ ਹੈ। ਪੂਰੀ ਤਰ੍ਹਾਂ ਠੀਕ ਹੋਣ ਨੂੰ ਕੁਝ ਦਿਨ ਲੱਗਣਗੇ। ਇਥੇ ਰਹਿ ਜਾਂ ਉਥੇ।” ਹਰੀਏ ਨੂੰ ਡਾਕਟਰ ਦੀ ਗੱਲ ’ਤੇ ਯਕੀਨ ਨਹੀਂ ਸੀ ਹੋ ਰਿਹਾ। ਉਸ ਨੂੰ ਨੀਂਦ ਆਉਣੋਂ ਹਟ ਗਈ ਸੀ। ਉਸ ਦੀ ਹਾਲਤ ਪਾਗ਼ਲਾਂ ਵਰਗੀ ਹੁੰਦੀ ਜਾ ਰਹੀ ਸੀ। ਹਰੀਏ ਨੇ ਜੇਲ੍ਹ ਸੁਪਰਡੈਂਟ ਕੋਲ ਅਪੀਲ ਕੀਤੀ। ਅਪੀਲ ਉਥੋਂ ਵੀ ਨਾ-ਮਨਜ਼ੂਰ ਹੋ ਗਈ। ਉਸ ਦਾ ਹਿਸਟਰੀ ਟਿਕਟ ਦੱਸਦਾ ਸੀ ਕਿ ਇਸ ਬਹਾਨੇ ਇਕ ਵਾਰੀ ਪਹਿਲਾਂ ਉਹ ਸਿਵਲ ਹਸਪਤਾਲ ਗਿਆ ਸੀ ਅਤੇ ਉਥੋਂ ਫ਼ਰਾਰ ਹੋ ਗਿਆ ਸੀ। ਹੁਣ ਵੀ ਜੇਲ੍ਹੋਂ ਭੱਜਣ ਦੀ ਤਿਆਰੀ ਜਾਪਦੀ ਸੀ।

ਬੀਮਾਰੀ ਅਤੇ ਸੁਣਵਾਈ ਨਾ ਹੋਣ ਕਾਰਨ ਦੁਖੀ ਹੋਏ ਹਰੀਏ ਦੀ ਵਾਰਡਰ ਨਾਲ ਝਪਟ ਹੋ ਗਈ। ਗ਼ੁੱਸੇ ’ਚ ਪਾਗ਼ਲ ਹੋਏ ਹਰੀਏ ਨੇ ਵੇਲੇ-ਕੁਵੇਲੇ ਕੰਮ ਆਉਣ ਲਈ ਤਿੱਖਾ ਕਰ ਕੇ ਰੱਖੇ ਚਮਚੇ ਨਾਲ ਵਾਰਡਰ ਦੀ ਛਾਤੀ ਵਿੰਨ੍ਹਣ ਦਾ ਯਤਨ ਕੀਤਾ ਸੀ।

ਵਾਰਡਰ ਨੂੰ ਲੱਗੇ ਜ਼ਖ਼ਮ ਗਹਿਰੇ ਨਹੀਂ ਸਨ, ਪਰ ਪ੍ਰਸ਼ਾਸਨ ਨੇ ਇਸ ਹਮਲੇ ਨੂੰ ਗੰਭੀਰਤਾ ਨਾਲ ਲਿਆ। ‘ਅੱਜ ਇਕ ਜੇਬ-ਕਤਰੇ ਨੇ ਵਾਰਡਰ ’ਤੇ ਹਮਲਾ ਕੀਤਾ ਹੈ। ਕੱਲ੍ਹ ਨੂੰ ਕੋਈ ਹੋਰ ਕਿਸੇ ਡਿਪਟੀ ਦੀ ਪੱਗ ਨੂੰ ਹੱਥ ਪਾਏਗਾ। ਸਪੋਲੀਆਂ ਦੇ ਛੋਟੇ ਹੁੰਦਿਆਂ ਹੀ ਸਿਰ ਕੁਚਲ ਦੇਣੇ ਚਾਹੀਦੇ ਹਨ।’ ਪ੍ਰਸ਼ਾਸਨ ਨੇ ਹਰੀਏ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ ਸੀ।

ਅਗਲੇ ਦਿਨ ਸਵੇਰੇ ਦੀ ਗਿਣਤੀ ਸਮੇਂ ਹਰੀਏ ਨੂੰ ਉਸ ਦਾ ਜੁਰਮ ਪੜ੍ਹ ਕੇ ਸੁਣਾਇਆ ਗਿਆ। ਫੇਰ ਸਜ਼ਾ ਸੁਣਾਈ ਗਈ। ਫੇਰ ਸਜ਼ਾ ਅਮਲ ਵਿਚ ਲਿਆਂਦੀ ਗਈ। ਨੰਗੇ ਪਿੰਡੇ ਉਸ ਨੂੰ ਵੀਹ ਕੋੜੇ ਮਾਰੇ ਗਏ।

ਨਾਲੇ ਡਿਪਟੀ ਨੇ ਐਲਾਨ ਕੀਤਾ।

“ਜੇਲ੍ਹ ਕਰਮਚਾਰੀਆਂ ਉਪਰ ਉੱਠਣ ਵਾਲੇ ਹੱਥ ਨੂੰ ਵੱਢ ਦਿੱਤਾ ਜਾਏਗਾ।”

ਹਰੀਏ ਦੀ ਚਮੜੀ ਉਸੇ ਵਾਰਡਰ ਤੋਂ ਉਧੜਵਾਈ ਗਈ। ਬਾਂਹ ਰਾਤ ਨੂੰ ਵਫ਼ਾਦਾਰ ਕੈਦੀਆਂ ਕੋਲੋਂ ਤੁੜਵਾਈ ਗਈ। ਇਸ ਯੱਗ ਵਿਚ ਡਾਕਟਰ ਨੇ ਵੀ ਅਹੂਤੀ ਪਾਈ। ਨਤੀਜਾ ਸਾਹਮਣੇ ਸੀ। ਵਾਰਡਰ ’ਤੇ ਉੱਠਣ ਵਾਲਾ ਹੱਥ ਧੜ ਨਾਲੋਂ ਅਲੱਗ ਹੋ ਚੁੱਕਾ ਸੀ।

‘ਹਰੀਏ ਨੇ ਦੁਖੀ ਹੋ ਕੇ ਅਤੇ ਤੈਸ਼ ਵਿਚ ਆ ਕੇ ਇਕ ਵਾਰਡਰ ’ਤੇ ਹਮਲਾ ਕੀਤਾ ਸੀ। ਇਕ ਸਾਧਾਰਨ ਜੁਰਮ ਬਦਲੇ ਉਸ ਨੂੰ ਇੰਨੀ ਭਿਆਨਕ ਸਜ਼ਾ ਮਿਲੀ ਸੀ। ਮੈਂ ਵਾਰਡਰ ਤੋਂ ਲੈ ਕੇ ਜੇਲ੍ਹ ਸੁਪਰਡੈਂਟ ਤਕ ਅਤੇ ਕੰਪਾਊਡਰ ਤੋਂ ਲੈ ਕੇ ਡਾਕਟਰ ਤਕ ਸਭ ਨਾਲ ਆਹਡਾ ਲਾਈ ਬੈਠਾ ਹਾਂ। ਇਸ ਹਿਸਾਬ ਨਾਲ ਮੈਨੂੰ ਮੌਤ ਦੀ ਸਜ਼ਾ ਮਿਲੇਗੀ ਹੀ।”

ਹਰੀਏ ਦੀ ਆਪਣੇ ਕੰਮਾਂ ਨਾਲ ਤੁਲਨਾ ਕਰ ਕੇ ਕਦੇ-ਕਦੇ ਹਾਕਮ ਅਜਿਹੇ ਸਿੱਟੇ ਕੱਢਣ ਲੱਗਦਾ।

“ਮੈਂ ਹਰੀਆ ਨਹੀਂ ਹਾਂ। ਮੈਂ ਆਪਣੇ ਫ਼ਾਇਦੇ ਲਈ ਕਦੇ ਕੁਝ ਨਹੀਂ ਮੰਗਿਆ। ਦੂਜੇ ਕੈਦੀਆਂ ਲਈ ਚਿੱਠੀ-ਪੱਤਰ ਕਰਦਾ ਰਿਹਾ ਹਾਂ। ਕਦੇ ਹਿੰਸਕ ਨਹੀਂ ਹੁੰਦਾ। ਉਹ ਮੇਰੇ ਨਾਲ ਇੰਝ ਨਹੀਂ ਕਰ ਸਕਦੇ।”

ਵਕੀਲਾਂ ਵਾਂਗ ਆਪਣੇ ਹੱਕ ਵਿਚ ਤਰਕ ਦੇ ਕੇ ਕਦੇ ਉਹ ਮਨ ਨੂੰ ਟਿਕਾਉਂਦਾ।

ਫੇਰ ਕੋਈ ਹੋਰ ਘਟਨਾ ਯਾਦ ਆ ਜਾਂਦੀ ਅਤੇ ਮਨ ਫੇਰ ਡੋਲ  ਜਾਂਦਾ।

ਨਿੰਦਰ ਪਹਿਲਵਾਨ ਸਵੇਰੇ ਹੱਸਦਾ-ਖੇਡਦਾ ਕੰਮ ’ਤੇ ਗਿਆ ਸੀ। ਸ਼ਾਮ ਦੀ ਚਾਹ ਨਾਲ ਪਤਾ ਨਹੀਂ ਅੰਦਰ ਕੀ ਵੜ ਗਿਆ। ਪਹਿਲਾਂ ਚਾਹ ਬਾਹਰ ਨਿਕਲੀ, ਫੇਰ ਖ਼ੂਨ ਦੀਆਂ ਉਲਟੀਆਂ ਆਈਆਂ। ਹਸਪਤਾਲ ਆਉਂਦਾ ਉਹ ਬੇਹੋਸ਼ ਹੋ ਗਿਆ। ਸ਼ਾਮ ਨੂੰ ਦਮ ਤੋੜ ਗਿਆ।

ਨਿੰਦਰ ਨੂੰ ਕਿਸ ਬੀਮਾਰੀ ਨੇ ਨਿਗਲਿਆ ਹੈ, ਕਿਸੇ ਨੂੰ ਨਹੀਂ ਸੀ ਪਤਾ। ਕੋਈ ਆਖਦਾ ਸੀ ਉਸ ਨੂੰ ਹੈਜ਼ਾ ਹੋ ਗਿਆ। ਕੋਈ ਆਖਦਾ ਸੀ ਉਸ ਦੇ ਢਿੱਡ ਵਿਚ ਫੋੜਾ ਸੀ ਉਹ ਫਟ ਗਿਆ। ਕੋਈ ਆਖਦਾ ਚਾਹ ਵਿਚ ਕੋਈ ਕੀੜਾ-ਮਕੌੜਾ ਗਿਰ ਗਿਆ। ਉਸ ਦੀ ਜ਼ਹਿਰ ਚੜ੍ਹ ਗਈ। ਕੋਈ ਆਖਦਾ ਉਸ ਨੇ ਕੁਝ ਖਾ ਕੇ ਜਾਨ ਦਿੱਤੀ ਹੈ।

ਹਾਕਮ ਨੂੰ ਲੋਕਾਂ ਵੱਲੋਂ ਲਾਇਆ ਜਾ ਰਿਹਾ ਪਿਛਲਾ ਅੰਦਾਜ਼ਾ ਜ਼ਿਆਦਾ ਠੀਕ ਲੱਗਦਾ ਸੀ। ਕੁਝ ਸੋਧ ਦੀ ਜ਼ਰੂਰਤ ਸੀ। ਜ਼ਹਿਰ ਉਸ ਨੇ ਖਾਧਾ ਨਹੀਂ ਸੀ, ਉਸ ਨੂੰ ਖੁਆਇਆ ਗਿਆ ਸੀ।

ਆਰੇ ’ਤੇ ਜਾਣ ਤੋਂ ਕੁਝ ਦਿਨ ਪਹਿਲਾਂ ਹਾਕਮ ਨੇ ਉੱਡਦੀ-ਉੱਡਦੀ ਗੱਲ ਸੁਣੀ ਸੀ। ਹਫ਼ਤਾਵਾਰੀ ਦੌਰੇ ਸਮੇਂ ਕਿਸੇ ਗੱਲ ’ਤੇ ਗ਼ੁੱਸੇ ਹੋ ਕੇ ਸੁਪਰਡੈਂਟ ਨੇ ਨਿੰਦਰ ’ਤੇ ਹੱਥ ਚੁੱਕ ਲਿਆ। ਅੱਗੋਂ ਨਿੰਦਰ ਵੀ ਕਹਿੰਦਾ-ਕਹਾਉਂਦਾ ਬਦਮਾਸ਼ ਸੀ। ਚੇਲੇ-ਚਪਟਿਆਂ ਸਾਹਮਣੇ ਮੁੱਛ ਨੀਵੀਂ ਨਹੀਂ ਸੀ ਕਰਵਾ ਸਕਦਾ। ਹੁਣ ਤਕ ਉਹ ਤਿੰਨ ਕਤਲ ਕਰ ਚੁੱਕਾ ਸੀ। ਸਾਰੇ ਕਤਲ ਮੁੱਛ ਬਚਾਉਣ ਲਈ ਹੋਏ ਸਨ। ਉਸ ਨੇ ਸੁਪਰਡੈਂਟ ਦੇ ਰੂਲ ਨੂੰ ਹੱਥ ਵਿਚ ਫੜ ਕੇ ਰੋਕ ਲਿਆ ਸੀ।

ਇਸ ਹੁਕਮ-ਅਦੂਲੀ ’ਤੇ ਜੇਲ੍ਹ ਸੁਪਰਡੈਂਟ ਨੂੰ ਗ਼ੱਸਾ ਆਇਆ ਸੀ। ਦੌਰਾ ਵਿਚੇ ਛੱਡ ਕੇ ਉਹ ਦਫ਼ਤਰ ਮੁੜ ਆਇਆ ਸੀ। ਅਹਿਮ ਸਲਾਹਕਾਰਾਂ ਨਾਲ ਇਕ ਘੰਟਾ ਗੁਪਤ ਵਿਚਾਰ ਵਟਾਂਦਰਾ ਹੋਇਆ ਸੀ।

ਹਫ਼ਤੇ ਦੇ ਅੰਦਰ-ਅੰਦਰ ਇਹ ਭਾਣਾ ਵਰਤ ਗਿਆ ਸੀ। ਨਿੰਦਰ ਬਾਅਦ ਹੁਣ ਹਾਕਮ ਦੀ ਵਾਰੀ ਸੀ।

ਹਾਕਮ ਆਪਣੇ ਕੀਤੇ ’ਤੇ ਪਛਤਾਉਣ ਲੱਗਾ।

“ਮੈਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਸੀ। ਜੇਲ੍ਹ ਪ੍ਰਸ਼ਾਸਨ ਮੇਰਾ ਕਿੰਨਾ ਨੁਕਸਾਨ ਕਰ ਸਕਦਾ ਹੈ, ਮੈਨੂੰ ਇਸ ਦਾ ਪਤਾ ਹੋਣਾ ਚਾਹੀਦਾ ਸੀ। ਜੇਲ੍ਹ ਅਧਿਕਾਰੀ ਮੇਰੇ ਨਾਲ ਨਰਮੀ ਵਰਤਦੇ ਰਹੇ। ਮੈਂ ਲਾਚੜਦਾ ਰਿਹਾ। ਚਿੜੀਆਂ ਦੇ ਖੇਤ ਚੁਗਣ ਬਾਅਦ ਹੁਣ ਪਛਤਾਉਣ ਦਾ ਕੀ ਫ਼ਾਇਦਾ? ਗ਼ਲਤੀ ਕੀਤੀ ਹੈ। ਨਤੀਜੇ ਲਈ ਤਿਆਰ ਰਹਿ।”

ਸੋਚ-ਸੋਚ ਹਾਕਮ ਦਾ ਸਿਰ ਫਟਣ ਲੱਗਾ।

ਉਹ ਸਮਝ ਰਿਹਾ ਸੀ, ਚਿੰਤਾ ਅਤੇ ਉਨੀਂਦਰਾ ਹੋਣ ਕਾਰਨ ਉਸ ਦਾ ਕੋਈ ਵੀ ਨੁਕਸਾਨ ਹੋ ਸਕਦਾ ਸੀ। ਦਿਮਾਗ਼ ਦਾ ਤਵਾਜ਼ਨ ਤਕ ਹਿੱਲ ਸਕਦਾ ਸੀ। ਇਸ ਗੰਭੀਰ ਸਮੱਸਿਆ ਦਾ ਇਕੋ ਹੱਲ ਸੀ। ਕਿਵੇਂ ਨਾ ਕਿਵੇਂ ਕੁਝ ਘੰਟਿਆਂ ਲਈ ਸੁੱਤਾ ਜਾਵੇ।

ਸੌਣ ਦਾ ਇਕੋ ਹੱਲ ਸੀ_ਨੀਂਦ ਵਾਲੀਆਂ ਗੋਲੀਆਂ। ਗੋਲੀਆਂ ਕੰਪਾਊਡਰ ਕੋਲੋਂ ਮਿਲਣੀਆਂ ਸਨ। ਉਹ ਹੱਥ-ਪੱਲਾ ਨਹੀਂ ਸੀ ਫੜਾ ਰਿਹਾ।

ਕਦੇ ਕਹਿੰਦਾ ਸੀ, “ਨੀਂਦ ਵਾਲੀਆਂ ਗੋਲੀਆਂ ਖ਼ਤਮ ਹਨ।”

ਕਦੇ ਕਹਿੰਦਾ ਸੀ, “ਦਵਾਈ ਡਾਕਟਰ ਦੇ ਲਿਖਣ ’ਤੇ ਹੀ ਮਿਲ ਸਕਦੀ ਹੈ।”

ਬਾਹਰੋਂ ਮਹਿੰਗੇ ਮੁੱਲ ’ਤੇ ਗੋਲੀਆਂ ਮੰਗਵਾਉਣ ਲਈ ਨਾ ਹਾਕਮ ਕੰਪਾਊਡਰ ਨੂੰ ਆਖ ਸਕਦਾ ਸੀ, ਨਾ ਕੰਪਾਊਡਰ ਨੇ ਉਸ ਦਾ ਆਖਾ ਮੰਨਣਾ ਸੀ। ਇਕ ਹੋਰ ‘ਨਾਂਹ’ ਸੁਣ ਕੇ ਉਹ ਮਨ ਨੂੰ ਹੋਰ ਕਸ਼ਟ ਵਿਚ ਨਹੀਂ ਸੀ ਪਾਉਣਾ ਚਾਹੁੰਦਾ।

ਪੈਸੇ ਵਾਲੇ ਕੈਦੀ ਗੋਲੀਆਂ ਨਾਲ ਜੇਬਾਂ ਭਰੀ ਫਿਰਦੇ ਸਨ। ਉਹ ਇਹਨਾਂ ਨੂੰ ਦਾਣਿਆਂ ਵਾਂਗ ਖਾਂਦੇ ਸਨ। ਹਾਕਮ ਨੂੰ ਸਖ਼ਤ ਜ਼ਰੂਰਤ ਦੇ ਬਾਵਜੂਦ ਇਕ ਗੋਲੀ ਵੀ ਨਸੀਬ ਨਹੀਂ ਸੀ ਹੋਰਹੀ।

ਇਹ ਪੱਖਪਾਤ ਉਸ ਦੇ ਖ਼ੂਨ ਨੂੰ ਸਾੜਨ ਲੱਗਾ।

ਵਧੇ ਗ਼ੁੱਸੇ ਨੂੰ ਕਾਬੂ ਕਰਨ ਦੇ ਇਰਾਦੇ ਨਾਲ ਹਾਕਮ ਬਿਸਤਰੇ ਉਪਰ ਲੇਟ ਗਿਆ ਅਤੇ ਅੱਖਾਂ ਮੀਚ ਕੇ ਸੌਣ ਦਾ ਯਤਨ ਕਰਨ ਲੱਗਾ।

ਪੀਲੀਏ ਦੇ ਸ਼ਿਕਾਰ ਨੰਦੂ ਦੀ ਸਵੇਰ ਤੋਂ ਹਾਕਮ ’ਤੇ ਅੱਖ ਸੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਅੱਠ ਨੰਬਰ ਬਿਸਤਰੇ ’ਤੇ ਪਿਆ ਸਰਦਾਰ ਉਹੋ ਹਾਕਮ ਸਿੰਘ ਵਕੀਲ ਸੀ ਜਿਸ ਨੇ ਉਸਨੂੰ ਸਰਕਾਰੀ ਖ਼ਰਚੇ ’ਤੇ ਵਧੀਆ ਵਕੀਲ ਕਰਵਾ ਕੇ ਦਿੱਤਾ ਸੀ। ਹਾਈ ਕੋਰਟ ਦੀ ਦਖ਼ਲ-ਅੰਦਾਜ਼ੀ ਕਾਰਨ ਨੰਦੂ ਦੇ ਫ਼ੈਸਲੇ ’ਤੇ ਰੋਕ ਲੱਗੀ ਹੋਈ ਸੀ ਅਤੇ ਉਸ ਦੀ ਰਿਹਾਈ ਟਲੀ ਹੋਈ ਸੀ। ਫੇਰ ਵੀ ਉਸ ਨੂੰ ਪੂਰਾ ਯਕੀਨ ਸੀ, ਵਕੀਲ ਦੀ ਮਿਹਨਤ ਕਾਰਨ ਉਸ ਨੇ ਇਕ ਦਿਨ ਬਰੀ ਹੋਣਾ ਹੀ ਹੋਣਾ ਹੈ।

ਨੰਦੂ ਦੇ ਸ਼ੱਕੀ ਹੋਣ ਦੇ ਕਈ ਕਾਰਨ ਸਨ। ਪਹਿਲਾਂ ਇਹ ਕਿ ਹਾਕਮ ਸਿੰਘ ਮੁੰਡਾ-ਖੁੰਡਾ ਸੀ। ਇਸ ਸਰਦਾਰ ਦੀ ਦਾੜ੍ਹੀ ਦੇ ਵਾਲ ਅੱਧੇ ਤੋਂ ਵੱਧ ਚਿੱਟੇ ਹਨ। ਹਾਕਮ ਪਤਲੇ ਜੁੱਸੇ ਦਾ ਤਾਂ ਸੀ ਪਰ ਇਸ ਵਰਗਾ ਹੱਡੀਆਂ ਦਾ ਢਾਂਚਾ ਨਹੀਂ ਸੀ। ਹਾਕਮ ਖ਼ੁਦ ਕੈਦੀਆਂ ਨੂੰ ਲੱਭ-ਲੱਭ, ਕੋਲ ਬਿਠਾ-ਬਿਠਾ ਉਹਨਾਂ ਨਾਲ ਗੱਲਾਂ ਕਰਦਾ ਸੀ। ਉਹਨਾਂ ਦੀਆਂ ਸਮੱਸਿਆਵਾਂ ਸੁਲਝਾਉਂਦਾ ਸੀ। ਇਹ ਸਰਦਾਰ ਚੁੱਪ-ਗੜੁੱਪ ਸੀ ਅਤੇ ਖ਼ੁਦ ਸਮੱਸਿਆਵਾਂ ਵਿਚ ਘਿਰਿਆ ਜਾਪਦਾ ਸੀ।

ਨੰਦੂ ਹੋਰਾਂ ਨੂੰ ਦੱਸਿਆ ਗਿਆ ਸੀ ਕਿ ਹਾਕਮ ਸਾਲ ਬਾਅਦ ਬਰੀ ਹੋ ਕੇ ਘਰ ਨੂੰ ਚਲਿਆ ਗਿਆ ਸੀ। ਘਰ ਜਾ ਕੇ ਹਰ ਕੈਦੀ ਪਿਛਲਿਆਂ ਨੂੰ ਭੁੱਲ ਜਾਂਦਾ ਹੈ। ਉਹ ਰੱਬੋਂ ਨਿਆਰਾ ਬੰਦਾ ਨਹੀਂ ਸੀ। ਜਦੋਂ ਕਈ ਮਹੀਨੇ ਹਾਕਮ ਉਹਨਾਂ ਨੂੰ ਨਜ਼ਰ ਨਾ ਆਇਆ ਤਾਂ ਉਹਨਾਂ ਨੇ ਹਾਕਮ ਨੂੰ ਭੁਲਾ ਦਿੱਤਾ ਸੀ।

ਨੰਦੂ ਇਹ ਵੀ ਜਾਣਦਾ ਸੀ ਕਿ ਹਾਕਮ ਪੇਸ਼ੇਵਰ ਮੁਜਰਮ ਨਹੀਂ ਸੀ। ਦੋਬਾਰਾ ਜੁਰਮ ਕਰ ਕੇ ਉਸ ਦੀ ਜੇਲ੍ਹ ਆਉਣ ਦੀ ਕੋਈ ਸੰਭਾਵਨਾ ਨਹੀਂ ਸੀ।

ਸਵੇਰ ਤੋਂ ਨੰਦੂ ਇਸ ਕੈਦੀ ਦਾ ਨਾਂ-ਪਤਾ ਜਾਣਨ ਦਾ ਯਤਨ ਕਰ ਰਿਹਾ ਸੀ। ਬਾਕੀ ਦੇ ਮਰੀਜ਼ਾਂ ਨੂੰ ਉਸ ਦੇ ਕੈਦੀ ਨੰਬਰ ਦਾ ਹੀ ਪਤਾ ਸੀ। ਨਾ ਸਰਦਾਰ ਨੇ ਆਪਣੇ ਬਾਰੇ ਕੁਝ ਦੱਸਿਆ ਸੀ, ਨਾ ਕਿਸੇ ਨੇ ਉਸ ਤੋਂ ਕੁਝ ਪੁੱਛਿਆ ਸੀ।

ਨੰਦੂ ਸਾਥੀ ਕੈਦੀਆਂ ਦੀ ਬੇਵਕੂਫ਼ੀ ’ਤੇ ਹੈਰਾਨ ਹੋਣ ਲੱਗਾ। ਹਰ ਕੈਦੀ ਕਿਸੇ ਨਾ ਕਿਸੇ ਸਮੱਸਿਆ ਵਿਚ ਘਿਰਿਆ ਹੋਇਆ ਸੀ। ਨਦੀ ਉਹਨਾਂ ਦੇ ਬਾਰ ਅੱਗੋਂ ਦੀ ਵਹਿ ਰਹੀ ਸੀ ਤੇ ਉਹ ਪਿਆਸੇ ਖੜੇ ਸਨ।

ਨੰਦੂ ਨੂੰ ਓਨਾ ਚਿਰ ਚੈਨ ਨਾ ਆਇਆ ਜਿੰਨਾ ਚਿਰ ਉਸ ਨੇ ਕੰਪਾਊਡਰ ਦੀ ਚਾਪਲੂਸੀ ਕਰ ਕੇ ਕੈਦੀ ਨੰਬਰ ਅੱਠ ਸੌ ਅੱਠ ਦਾ ਨਾਂ-ਪਤਾ ਨਾ ਪੁੱਛ ਲਿਆ।

ਫੇਰ ਖ਼ੁਸ਼ੀ-ਖ਼ੁਸ਼ੀ ਪਹਾੜੀਏ, ਬੰਗਾਲੀ ਅਤੇ ਭਾਲੂ ਨੂੰ ਲੈ ਕੇ ਉਹ ਹਾਕਮ ਦੁਆਲੇ ਹੋ ਗਿਆ।

ਨੰਦੂ ਨੇ ਜਦੋਂ ਹਾਕਮ ਨੂੰ ਝੰਜੋੜਿਆ ਤਾਂ ਉਸ ਸਮੇਂ ਉਹ ਰੁਲਦੂ ਕੈਦੀ ਬਾਰੇ ਸੋਚ ਰਿਹਾਸੀ।

ਰੁਲਦੂ ਕੌਣ ਹੈ, ਕਿਥੋਂ ਦਾ ਰਹਿਣ ਵਾਲਾ ਹੈ, ਇਹ ਕਿਸੇ ਨੂੰ ਨਹੀਂ ਪਤਾ। ਬੱਸ ਇੰਨਾ ਪਤਾ ਹੈ ਕਿ ਉਹ ਇਕ ਕਤਲ ਕੇਸ ਵਿਚ ਸਜ਼ਾ ਭੁਗਤ ਰਿਹਾ ਹੈ। ਕਿੰਨੀ ਸਜ਼ਾ ਭਗਤ ਚੁੱਕਾ ਹੈ ਅਤੇ ਕਿੰਨੀ ਬਾਕੀ ਹੈ? ਕਿਸੇ ਨੂੰ ਵੀ ਨਹੀਂ ਪਤਾ। ਹਰ ਕੈਦੀ ਇਹੋ ਕਹਿੰਦਾ ਹੈ, “ਮੇਰੇ ਜੇਲ੍ਹ ਆਉਣ ਤੋਂ ਪਹਿਲਾਂ ਦਾ ਰੁਲਦੂ ਇਥੇ ਹੈ।”

ਸਾਊ ਸੁਭਾਅ ਦਾ ਹੋਣ ਕਰਕੇ ਲੋਕ ਉਸ ਨੂੰ ‘ਦਰਵੇਸ਼’ ਆਖਦੇ ਸਨ। ਰਹਿਮ ਕਰ ਕੇ ਜੇਲ੍ਹ ਪ੍ਰਸ਼ਾਸਨ ਨੇ ਉਸ ਦੀ ਮੁਸ਼ੱਕਤ ਮੁਆਫ਼ ਕੀਤੀ ਹੋਈ ਸੀ। ਉਸ ਦੇ ਇਧਰ-ਉਧਰ ਜਾਣ ’ਤੇ ਕੋਈ ਪਾਬੰਦੀ ਨਹੀਂ। ਉਹ ਜਿਥੇ ਮਰਜ਼ੀ ਆ-ਜਾ ਸਕਦਾ ਸੀ।

ਬਹੁਤਾ ਸਮਾਂ ਉਹ ਹਸਪਤਾਲ ਹੀ ਰਹਿੰਦਾ ਹੈ। ਕਦੇ ਚੁੱਪ-ਗੜੁੱਪ ਰਹਿੰਦਾ ਸੀ  ਅਤੇ ਕਦੇ ਕੈਦੀਆਂ ਨਾਲ ਗੱਲੀਂ ਲੱਗ ਜਾਂਦਾ ਸੀ।

ਲੋਕ ਉਸ ਨੂੰ ਦਰਵੇਸ਼ ਆਖਣ ਜਾਂ ਭਗਤ, ਹਾਕਮ ਉਸ ਨੂੰ ਤਣਾਅ ਕਾਰਨ ਦਿਮਾਗ਼ੀ ਸੰਤੁਲਨ ਗੁਆਈ ਬੈਠਾ ਨੀਮ-ਪਾਗ਼ਲ ਸਮਝਦਾ ਸੀ। ੲਸ ਲਈ ਸੌਣ ਲਈ ਉਸ ਨੂੰ ਨੀਂਦ ਵਾਲੀਆਂ ਗੋਲੀਆਂ ਦੀ ਲੋੜ ਪੈਂਦੀ ਸੀ। ਜਦੋਂ ਗੋਲੀ ਭੀਖ ਵਿਚ ਮਿਲ ਜਾਂਦੀ ਸੀ ਉਦੋਂ ਉਹ ਸੌਂ ਜਾਂਦਾ ਹੈ,  ਨਹੀਂ ਤਾਂ ਕਈ-ਕਈ ਰਾਤਾਂ ਜਾਗਦਾ ਰਹਿੰਦਾ ਸੀ। ਜਦੋਂ ਬੀਮਾਰੀ ਵਧ ਜਾਂਦੀ ਹੈ ਤਾਂ ਨੀਂਦ ਦਾ ਟੀਕਾ ਲਾ ਕੇ ਡਾਕਟਰ ਉਸ ਨੂੰ ਸੁਲਾ ਦਿੰਦਾਸੀ।

ਕੱਲ੍ਹ ਹਾਕਮ ਨੂੰ ਸ਼ਾਮ ਲਾਲ ਨੇ ਦੱਸਿਆ ਸੀ ਕਿ ਡਾਕਟਰ ਨੂੰ ਉਸ ਨੂੰ ਮੁਫ਼ਤ ਵਿਚ ਟੀਕਾ ਲਾਉਣ ਵਿਚ ਦਿੱਕਤ ਪੇਸ਼ ਆ ਰਹੀ ਸੀ। ਪਾਗ਼ਲ ਘੋਸ਼ਿਤ ਕਰ ਕੇ ਉਸ ਨੂੰ ਜਲਦੀ ਹੀ ਚੱਕੀ-ਬੰਦ ਕੀਤਾ ਜਾ ਰਿਹਾ ਸੀ।

ਰੁਲਦੂ ਦੇ ਚੱਕੀ-ਬੰਦ ਹੋਣ ਦਾ ਮਤਲਬ ਸੀ ਮੌਤ ਨੂੰ ਸੱਦਾ। ਉਥੇ ਪਏ ਦਾ ਨਾ ਕਿਸੇ ਨੇ ਇਲਾਜ ਕਰਾਉਣਾ ਸੀ, ਨਾ ਕਿਸੇ ਨੇ ਉਸ ਨੂੰ ਛੁਡਾਉਣਾ ਸੀ। ਦਿਨਾਂ ਵਿਚ ਉਸ ਦੇ ਸਰੀਰ ਨੇ ਖੁਰ ਜਾਣਾ ਸੀ ਅਤੇ ਅੰਦਰਲੇ ਪੰਖੇਰੂ ਨੇ ਉੱਡ ਜਾਣਾ ਸੀ।

ਹਾਕਮ ਨੂੰ ਲੱਗ ਰਿਹਾ ਸੀ ਉਸ ਨਾਲ ਵੀ ਇੰਝ ਹੀ ਹੋਣ ਵਾਲਾ ਸੀ। ਜ਼ਿਆਦਾ ਉਨੀਂਦਰਾ ਹੋਣ ਕਾਰਨ ਉਸ ਨੂੰ ਵੀ ਟੀਕਾ ਲਾ ਕੇ ਸੁਲਾਇਆ ਜਾ ਸਕਦਾ ਸੀ।

ਕੋਈ ਉਸ ਨੂੰ ਵਕੀਲ ਸਾਹਿਬ ਆਖ ਕੇ ਝੰਜੋੜ ਰਿਹਾ ਸੀ। ‘ਵਕੀਲ’ ਸ਼ਬਦ ਉਸ ਨੇ ਕਈ ਸਾਲਾਂ ਬਾਅਦ ਸੁਣਿਆ ਸੀ। ਪਹਿਲਾਂ ਉਸ ਨੂੰ ਲੱਗਾ ਉਸ ਨੂੰ ਭੁਲੇਖਾ ਪਿਆ ਸੀ।

ਫੇਰ ਉਹ ਤ੍ਰਬਕ ਕੇ ਉੱਠਿਆ। ਉਸ ਨੂੰ ਲੱਗਾ ਰੁਲਦੂ ਦੇ ਨਾਲ-ਨਾਲ ਉਸ ਨੂੰ ਵੀ ਚੱਕੀ-ਬੰਦ ਕਰਨ ਲਈ ਉਠਾਇਆ ਜਾ ਰਿਹਾ ਸੀ।

“ਹਾਂ।” ਅੱਬੜਵਾਹੇ ਉੱਠੇ ਹਾਕਮ ਦੇ ਮੂੰਹੋਂ ਏਨਾ ਹੀ ਨਿਕਲਿਆ।

“ਮੈਂ ਨੰਦੂ ਹਾਂ। ਕਈ ਸਾਲ ਪਹਿਲਾਂ ਤੁਸੀਂ ਮੇਰੀ ਬਹੁਤ ਮਦਦ ਕੀਤੀ ਸੀ। ਮੈਂ ਬਰੀ ਹੋਣ ਵਾਲਾ ਹਾਂ। ਇਹ ਮੇਰੇ ਦੋਸਤ ਹਨ। ਇਹਨਾਂ ਨੂੰ ਤੁਹਾਡੀ ਮਦਦ ਦੀ ਸਖ਼ਤ ਜ਼ਰੂਰਤ ਹੈ।”

ਨੰਦੂ ਨੇ ਝੱਟਪੱਟ ਤਿੰਨਾਂ ਦੀਆਂ ਸਮੱਸਿਆਵਾਂ ਹਾਕਮ ਅੱਗੇ ਰੱਖ ਦਿੱਤੀਆਂ। ਇਹ ਪਹਿਲੀ ਵਾਰ ਸੀ ਜਦੋਂ ਹਾਕਮ ਨੂੰ ਆਪਣੇ ਵਕੀਲ ਹੋਣ ’ਤੇ ਚਿੜ ਚੜ੍ਹੀ ਸੀ। ਇਸੇ ਵਕਾਲਤ ਦੇ ਨਸ਼ੇ ਨੇ ਉਸ ਨੂੰ ਇਸ ਨੌਬਤ ਤਕ ਪਹੁੰਚਾਇਆ ਸੀ।

“ਇਹਨਾਂ ਲੋਕਾਂ ਨੇ ਕੰਮ ਕਢਵਾ ਕੇ ਪਾਸਾ ਵੱਟ ਜਾਣਾ ਹੈ। ਪਿੱਛੋਂ ਕੰਡੇ ਮੈਨੂੰ ਚੁਗਣੇ ਪੈਣੇ ਹਨ।” ਸੋਚਦੇ ਹਾਕਮ ਨੇ ਅੱਗ ਵਿਚ ਹੱਥ ਪਾਉਣ ਤੋਂ ਗੁਰੇਜ਼ ਕਰਨਾ ਹੀ ਠੀਕ ਸਮਝਿਆ।

“ਮੈਂ ਕੀ ਕਰਾਂ? ਖ਼ੁਦ ਦਰੋਗ਼ੇ ਦੇ ਢਿੱਡ ਵਿਚ ਟੱਕਰ ਮਾਰੋ।”

ਨੰਦੂ ਹੋਰੀਂ ਮੂੰਹ ਲਟਕਾ ਕੇ ਚਲੇ ਗਏ।

ਅੱਖਾਂ ਮੀਚੀ ਪਿਆ ਹਾਕਮ ਆਪਣੇ ਰਵੱਈਏ ਦਾ ਮੁਲਾਂਕਣ ਕਰਨ ਲੱਗਾ। ਪਹਿਲੇ ਹੱਲੇ ਹਾਕਮ ਨੂੰ ਆਪਣਾ ਫ਼ੈਸਲਾ ਠੀਕ ਲੱਗਾ। ਜਦੋਂ ਲੋੜ ਸਮੇਂ ਕੈਦੀ ਉਸ ਨਾਲ ਨਹੀਂ ਤਾਂ ਉਹ ਉਹਨਾਂ ਲਈ ਕਿਉਂ ਮਰੇ?

ਥੋੜ੍ਹੀ ਦੇਰ ਬਾਅਦ ਉਸ ਦੀ ਸੋਚ ਪਲਟਾ ਖਾਣ ਲੱਗੀ। ਉਸ ਨੂੰ ਆਪਣੇ ਰਵੱਈਏ ’ਤੇ ਅਫ਼ਸੋਸ ਹੋਣ ਲੱਗਾ।

“ਮੈਂ ਇੰਨੇ ਕੌੜੇ ਬੋਲ ਕਿਸ ਤਰ੍ਹਾਂ ਬੋਲ ਗਿਆ?”

ਫੇਰ ਉਹ ਆਪਣੇ ਅੰਦਰ ਪੈਦਾ ਹੋਈ ਇਸ ਕੜਵਾਹਟ ਦੇ ਬੀਜ ਲੱਭਣ ਲੱਗਾ।

“ਤੁਹਾਡੀ ਛੁੱਟੀ ਦੇ ਕਾਗ਼ਜ਼ ਤਿਆਰ ਹੋ ਚੁੱਕੇ ਹਨ। ਡਾਕਟਰ ਉਪਰ ਗਿਆ ਹੈ, ਆਉਂਦਾ ਹੋਇਆ ਦਸਤਖ਼ਤ ਕਰੇਗਾ।”

ਹਾਕਮ ਦੇ ਖ਼ਿਆਲਾਂ ਦੀ ਲੜੀ ਨੂੰ ਸ਼ਾਮ ਲਾਲ ਨੇ ਤੋੜਿਆ।

“ਬਿਨਾਂ ਠੀਕ ਹੋਇਆਂ ਛੁੱਟੀ?” ਡਾਕਟਰ ਦੇ ਰਵੱਈਏ ’ਤੇ ਹਾਕਮ ਨੂੰ ਚਿੜ ਚੜ੍ਹਨ ਲੱਗੀ।

ਇਕ ਵਾਰ ਦਿਲ ਕੀਤਾ। ਉਪਰ ਜਾ ਕੇ ਡਾਕਟਰ ਨਾਲ ਗੱਲ ਕਰੇ। ਫੇਰ ਉਹ ਰੁਕ ਗਿਆ। ਹੇਠਾਂ ਹੀ ਠੀਕ ਰਹੇਗਾ।

ਉਹ ਟਿਕਟਿਕੀ ਲਾ ਕੇ ਪੌੜੀਆਂ ਵੱਲ ਤੱਕਣ ਲੱਗਾ। ਡਾਕਟਰ ਦੇ ਹੇਠਾਂ ਉਤਰਨ ਦਾ ਇੰਤਜ਼ਾਰ ਕਰਨ ਲੱਗਾ।

ਥੋੜ੍ਹੀ ਦੇਰ ਬਾਅਦ ਕੰਪਾਊਡਰ ਨਾਲ ਗੱਲਾਂ ਮਾਰਦਾ ਡਾਕਟਰ ਹੇਠਾਂ ਉਤਰਿਆ। ਵਾਰਡ ਵਿਚ ਗੇੜਾ ਮਾਰ ਕੇ ਮਰੀਜ਼ਾਂ ਦਾ ਹਾਲ-ਚਾਲ ਪੁੱਛਣ ਦੀ ਥਾਂ ਉਹ ਸਿੱਧਾ ਆਪਣੇ ਦਫ਼ਤਰ ਜਾ ਵੜਿਆ।

ਪਿੱਛੇ ਹਾਕਮ ਚਲਾ ਗਿਆ।

“ਠੀਕ ਏਂ ਨਾ ਹਾਕਮ ਸਿਆਂ?” ਮੇਜ਼ ’ਤੇ ਪਏ ਕਾਗ਼ਜ਼-ਪੱਤਰ ਆਪਣੇ ਵੱਲ ਖਿਚਦਿਆਂ ਡਾਕਟਰ ਨੇ ਪੁੱਛਿਆ।

“ਬਿਨਾਂ ਇਲਾਜ ਦੇ ਕੋਈ ਠੀਕ ਕਿਸ ਤਰ੍ਹਾਂ ਹੋ ਸਕਦਾ ਹੈ? ਕਿਸੇ ਨੇ ਮੇਰੀ ਪੱਟੀ ਤਕ ਤਾਂ ਬਦਲੀ ਨਹੀਂ। ਮੇਰੇ ਜ਼ਖ਼ਮਾਂ ਵਿਚ ਪਸ ਪੈ ਚੁੱਕੀ ਹੈ। ਆਹ ਦੇਖੋ।”

ਆਖਦੇ ਹਾਕਮ ਨੇ ਪੱਟੀਆਂ ਖੋਲ੍ਹ-ਖੋਲ੍ਹ ਹੇਠਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।

“ਰੱਸੀ ਜਲ ਗਈ ਪਰ ਵੱਟ ਨਹੀਂ ਗਿਆ,” ਕਮਰੇ ਵਿਚ ਪੈਂਦੇ ਗੰਦ ਤੋਂ ਚਿੜੇ ਡਾਕਟਰ ਨੇ ਮਨ ਵਿਚ ਬੁੜਬੁੜ ਕੀਤੀ।

“ਇਹ ਤੇਰਾ ਵਹਿਮ ਹੈ। ਕੰਪਾਊਡਰ ਦੀ ਰਿਪੋਰਟ ਅਨੁਸਾਰ ਤੂੰ ਬਿਲਕੁਲ ਠੀਕ ਹੈਂ। ਮੈਂ ਤੈਨੂੰ ਛੁੱਟੀ ਦੇ ਰਿਹਾ ਹਾਂ।”

“ਛੁੱਟੀ ਵਾਲੀ ਕੋਈ ਗੱਲ ਨਹੀਂ। ਫੇਰ ਵੀ ਕਿੰਨੇ ਦਿਨਾਂ ਦੇ ਆਰਾਮ ਦੀ ਸਿਫ਼ਾਰਸ਼ ਕੀਤੀਹੈ?”

“ਤੇਰੇ ਵਰਗੇ ਯੋਧੇ ਛੋਟੇ-ਮੋਟੇ ਜ਼ਖ਼ਮਾਂ ਤੋਂ ਨਹੀ ਡਰਦੇ। ਦਲੇਰੀ ਨਾਲ ਮੋਰਚੇ ’ਤੇ ਡਟੇ ਰਹਿੰਦੇ ਹਨ। ਮੁਸ਼ੱਕਤ ਤੋਂ ਨਾ ਭੱਜ।”

“ਮੈਂ ਆਪਣੇ ਫ਼ਰਜ਼ਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਤੁਸੀਂ ਲੋਕ ਹੀ ਆਪਣੇ ਫ਼ਰਜ਼ ਨਹੀਂ ਨਿਭਾ ਰਹੇ। ਮੈਨੂੰ ਜਾਣ-ਬੁਝ ਕੇ ਤੰਗ ਕੀਤਾ ਜਾ ਰਿਹਾ ਹੈ”

ਹਾਕਮ ਦੇ ਬੋਲ ਤਲਖ਼ ਹੋਣ ਲੱਗੇ।

“ਤੂੰ ਵੀ ਤਾਂ ਸਾਨੂੰ ਵੰਝ ’ਤੇ ਰੱਖਿਐ। ਭੱਜਦਿਆਂ ਨੂੰ ਵਾਹਣ ਇਕੋ ਜਿਹੇ ਹੁੰਦੇ ਹਨ।”

ਡਾਕਟਰ ਵੀ ਉਹੋ ਅੰਦਾਜ਼ ਅਖ਼ਤਿਆਰ ਕਰਨ ਲੱਗਾ।

“ਮੈਂ ਕੀ ਕੀਤੈ?” ਰੰਗੇ ਹੱਥੀਂ ਚੋਰੀ ਕਰਦੇ ਫੜੇ ਜਾਣ ਵਾਲਿਆਂ ਵਾਂਗ ਛਿੱਥਾ ਪੈਂਦਾ ਹਾਕਮ ਬੁੜਬੁੜਾਇਆ।

“ਤੂੰ ਕੀ ਕੀਤਾ ਹੈ ਅਤੇ ਕੀ ਨਹੀਂ ਕੀਤਾ, ਇਹ ਤੈਨੂੰ ਵੀ ਪਤਾ ਹੈ ਅਤੇ ਸਾਨੂੰ ਵੀ। ਆਪਾਂ ਇਸ ਬਹਿਸ ਵਿਚ ਨਾ ਪਈਏ। ਆਪਣਾ ਦਵਾਈਆਂ ਵਾਲਾ ਲਿਫ਼ਾਫ਼ਾ ਚੁੱਕ ਅਤੇ ਇਥੇ ਦਸਤਖ਼ਤ ਕਰ, ਬੱਸ।”

ਆਖਦੇ ਡਾਕਟਰ ਨੇ ਰਜਿਸਟਰ ਹਾਕਮ ਵੱਲ ਵਧਾਇਆ।

“ਮੈਂ ਜਦੋਂ ਠੀਕ ਨਹੀਂ ਹੋਇਆ, ਇਥੇ ਦਸਤਖ਼ਤ ਕਿਉਂ ਕਰਾਂ? ਧੱਕੇ ਨਾਲ ਤੁਸੀਂ ਜੋ ਮਰਜ਼ੀ ਕਰੋ।”

ਤੈਸ਼ ਵਿਚ ਆਏ ਹਾਕਮ ਨੇ ਰਜਿਸਟਰ ਡਾਕਟਰ ਵੱਲ ਧੱਕਿਆ।

ਖਿੱਚਾਤਾਣੀ ਵਿਚ ਰਜਿਸਟਰ ਕਲਮਦਾਨ ਵਿਚ ਲੱਗਾ। ਰਜਿਸਟਰ ਦੇ ਨਾਲ ਕਲਮਦਾਨ ਵੀ ਜ਼ਮੀਨ ਉਪਰ ਡਿੱਗ ਪਿਆ। ਟੁੱਟੇ ਕੱਚ ਦਾ ਖੜਕਾ ਦੂਰ ਤਕ ਸੁਣਾਈ ਦਿੱਤਾ।

“ਦਿਖਦਾ ਨਹੀਂ। ਸੌ ਰੁਪਏ ਦਾ ਨੁਕਸਾਨ ਕਰ ਦਿੱਤਾ।”

ਹਾਕਮ ਨੂੰ ਬਾਹੋਂ ਫੜ ਕੇ ਧੂੰਹਦਾ ਕੰਪਾਊਡਰ ਵੀ ਮਨ ਦੀ ਭੜਾਸ ਕੱਢਣ ਲੱਗਾ।

“ਮੈਨੂੰ ਸਭ ਦਿਖਦਾ ਹੈ। ਤੁਸੀਂ ਹੀ ਅੰਨੇ੍ਹ ਹੋਏ ਹੋਏ ਹੋ।”

ਹਾਕਮ ਦੀ ਸੁਰ ਉੱਚੀ ਹੋਣ ਲੱਗੀ। ਬਾਹੋਂ ਫੜੇ ਜਾਣ ’ਤੇ ਬੇਇੱਜ਼ਤੀ ਮਹਿਸੂਸ ਕਰਦੇ ਹਾਕਮ ਨੇ ਝਟਕਾ ਮਾਰ ਕੇ ਕੰਪਾਊਡਰ ਕੋਲੋਂ ਬਾਂਹ ਛੁਡਾ ਲਈ।

ਅਚਾਨਕ ਪਏ ਧੱਕੇ ਕਾਰਨ ਕੰਪਾਊਡਰ ਡਿੱਗਦਾ-ਡਿੱਗਦਾ ਮਸੀਂ ਬਚਿਆ।

ਡਾਕਟਰ ਦੇ ਕਮਰੇ ਵਿਚ ਹੁੰਦੇ ਝਗੜੇ ਦੀ ਆਵਾਜ਼ ਸੁਣ ਕੇ ਮਰੀਜ਼ ਕਮਰੇ ਅੱਗੇ ਜੁੜਨ ਲੱਗੇ।

“ਟੀਕਾ ਲਿਆ।”

ਹਾਕਮ ਦੇ ਚੜੇ੍ਹ ਤੇਵਰ ਦੇਖ ਕੇ ਡਾਕਟਰ ਨੇ ਕੰਪਾਊਡਰ ਨੂੰ ਇਸ਼ਾਰਾ ਕੀਤਾ।

“ਮੈਂ ਪਾਗ਼ਲ ਨਹੀਂ ਹਾਂ। ਬਿਲਕੁਲ ਠੀਕ ਹਾਂ। ਮੈਨੂੰ ਕਿਸੇ ਟੀਕੇ ਦੀ ਜ਼ਰੂਰਤ ਨਹੀਂ ਹੈ।”

“ਤੁਸੀਂ ਉਤੇਜਿਤ ਹੋ ਗਏ ਹੋ ਵਕੀਲ ਸਾਹਿਬ। ਤੁਹਾਨੂੰ ਆਰਾਮ ਦੀ ਜ਼ਰੂਰਤ ਹੈ।”

ਆਖਦਾ ਡਾਕਟਰ ਹਾਕਮ ਦੀ ਬਾਂਹ ਨੰਗੀ ਕਰਨ ਲੱਗਾ।

“ਮੈਂ ਟੀਕਾ ਨਹੀਂ ਲਗਵਾਉਣਾ।”

ਟੀਕੇ ਦਾ ਵਿਰੋਧ ਕਰਦੇ ਹਾਕਮ ਨੇ ਬਾਂਹ ਛੁਡਾ ਲਈ।

ਕੰਪਾਊਡਰ ਦੇ ਹੱਥੋਂ ਸਰਿੰਜ ਛੁੱਟ ਗਈ। ਸ਼ੀਸ਼ੀ ਜ਼ਮੀਨ ’ਤੇ ਡਿੱਗ ਕੇ ਟੁੱਟ ਗਈ।

“ਇਸ ਨੇ ਇੰਝ ਟੀਕਾ ਨਹੀਂ ਲਗਵਾਉਣਾ। ਇਸ ਪਾਗ਼ਲ ਨੂੰ ਕਾਬੂ ਕਰੋ।”

ਡਾਕਟਰ ਨੇ ਕਮਰੇ ਵਿਚ ਦਾਖ਼ਲ ਹੋ ਚੁੱਕੇ ਮਰੀਜ਼ਾਂ ਕੈਦੀਆਂ ਨੂੰ ਹੁਕਮ ਦਿੱਤਾ।

ਹਾਕਮ ਕੈਦੀਆਂ ਦੇ ਕਾਬੂ ਤੋਂ ਬਾਹਰ ਹੋਣ ਲੱਗਾ।

ਹਾਕਮ ਦੇ ਵਿਰੋਧ ਨੂੰ ਭਾਂਪ ਕੇ ਡਾਕਟਰ ਨੇ ਖ਼ਤਰੇ ਵਾਲਾ ਹੂਟਰ ਵਜਾ ਦਿੱਤਾ।

ਗਸ਼ਤ ਕਰਦੇ ਗਾਰਡ ਝੱਟ ਹਸਪਤਾਲ ਹਾਜ਼ਰ ਹੋ ਗਏ।

ਸੁਰੱਖਿਆ ਗਾਰਡਾਂ ਵੱਲੋਂ ਹਾਕਮ ਨੂੰ ਕਾਬੂ ਕੀਤਾ ਗਿਆ। ਫੇਰ ਜਬਰੀ ਉਸ ਦੇ ਟੀਕਾ ਜੜਿਆ ਗਿਆ।

ਮਿੰਟਾਂ ਵਿਚ ਹਾਕਮ ਦੇ ਤੇਵਰ ਢਿੱਲੇ ਪੈ ਗਏ।

ਹਾਕਮ ਨੂੰ ਉਸ ਦੇ ਬਿਸਤਰੇ ਵੱਲ ਤੋਰ ਕੇ ਡਾਕਟਰ ਆਪਣੀ ਕੁਰਸੀ ’ਤੇ ਆ ਬੈਠਾ।

ਕੈਦੀ ਵੱਲੋਂ ਜੇਲ੍ਹ ਅਧਿਕਾਰੀ ਨਾਲ ਹੱਥੋਪਾਈ ਕਰਨ ਅਤੇ ਇਸ ਜੁਰਮ ਬਦਲੇ ਕਰੜੀ ਸਜ਼ਾ ਦੇਣ ਲਈ ਕੇਸ ਤਿਆਰ ਕਰਨ ਲੱਗਾ।

 

 

53

ਨਸ਼ੇ ਦੇ ਟੀਕੇ ਕਾਰਨ ਹਾਕਮ ਨੂੰ ਕੁਝ ਘੰਟੇ ਗੂੜ੍ਹੀ ਨੀਂਦ ਆਈ। ਗੂੜੀ ਨੀਂਦ ਕਾਰਨ ਡਾਢੀ ਰਾਹਤ ਮਹਿਸੂਸ ਹੋਈ।

ਅੱਖ ਖੁੱਲ੍ਹਦਿਆਂ ਹੀ ਉਸ ਨੂੰ ਸਜ਼ਾ ਵਾਲਾ ਫਰਲਾ ਫੜਾ ਦਿੱਤਾ ਗਿਆ।

ਦੇਰ ਰਾਤ ਤਕ ਡਾਕਟਰ ਦੇ ਦਫ਼ਤਰ ਬੈਠਾ ਸੁਪਰਡੈਂਟ ਪੜਤਾਲ ਕਰਦਾ ਰਿਹਾ ਸੀ। ਵਾਰਡ ਵਿਚ ਦਾਖ਼ਲ ਹਰ ਮਰੀਜ਼ ਨੇ ਡਾਕਟਰ ਦੇ ਬਿਆਨ ਦੀ ਤਾਈਦ ਕੀਤੀ। ਕਈਆਂ ਨੇ ਕੋਲੋਂ ਲੂਣ-ਮਿਰਚ ਵੀ ਲਾਇਆ।

“ਹਾਕਮ ਕਹਿੰਦਾ ਸੀ, ਡਾਕਟਰ ਜਾਣ-ਬੁਝ ਕੇ ਮਰੀਜ਼ਾਂ ਦਾ ਸਹੀ ਇਲਾਜ ਨਹੀਂ ਕਰਦਾ। ਦਵਾਈਆਂ ਹੜੱਪ ਜਾਂਦਾ ਹੈ। ਇਸ ਦੀ ਸ਼ਿਕਾਇਤ ਕਰੋ। ਹੜਤਾਲ ਕਰੋ। ਧਰਨੇ ਮਾਰੋ। ਜੇ ਫੇਰ ਵੀ ਸੁਣਵਾਈ ਨਾ ਹੋਵੇ ਤਾਂ ਹੱਥੋਪਾਈ ਕਰੋ। ਅੱਜ ਉਦਾਹਰਣ ਬਣਦਿਆਂ ਪਹਿਲਾਂ ਉਸ ਨੇ ਡਾਕਟਰ ਦੇ ਗਲਮੇ ਨੂੰ ਹੱਥ ਪਾਇਆ, ਫੇਰ ਗਲਾ ਘੁੱਟਣ ਦਾ ਯਤਨ ਕੀਤਾ।”

ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਸੁਪਰਡੈਂਟ ਨੇ ਸਿੱਟਾ ਕੱਢਿਆ।

“ਹਾਕਮ ਬਾਗ਼ੀ ਤਬੀਅਤ ਦਾ ਬੰਦਾ ਹੈ। ਸਰਕਾਰ ਅਤੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਅੱਗ ਉਗਲਦਾ ਰਹਿੰਦਾ ਹੈ। ਕੈਦੀਆਂ ਨੂੰ ਦੰਗੇ ਕਰਨ ਲਈ ਭੜਕਾਉਂਦਾ ਹੈ। ਬੇਨਾਮੀ ਸ਼ਿਕਾਇਤਾਂ ਕਰਦਾ ਹੈ। ਪਹਿਲਾਂ ਕਈ ਵਾਰ ਤਾੜਨਾ ਹੋਈ ਹੈ। ਉਸ ’ਤੇ ਕੋਈ ਅਸਰ ਨਹੀਂ ਹੁੰਦਾ। ਅੱਜ ਦਾ ਮੰਦਭਾਗਾ ਕਾਰਨਾਮਾ ਇਸ ਦਾ ਸਬੂਤ ਹੈ। ਸਿੱਧੇ ਰਾਹ ਪਾਉਣ ਲਈ ਇਸ ਨੂੰ ਸਖ਼ਤ ਸਜ਼ਾ ਦੇਣੀ ਜ਼ਰੂਰੀ ਹੈ।”

ਸਾਰੇ ਪੱਖ ਵਿਚਾਰ ਕੇ ਡਾਕਟਰ ਨੇ ਹੁਕਮ ਸੁਣਾਇਆ, “ਕੈਦੀ ਨੰਬਰ ਅੱਠ ਸੌ ਅੱਠ ਨੂੰ ਦਸ ਦਿਨ ਲਈ ਤਨਹਾਈ ਚੱਕੀ ਵਿਚ ਬੰਦ ਕੀਤਾ ਜਾਵੇ।”

ਹੁਕਮ ਪੜ੍ਹ ਕੇ ਹਾਕਮ ਮੁੜ ਚਿੰਤਾਵਾਂ ਵਾਲੇ ਖੱਡੇ ਵਿਚ ਜਾ ਡਿੱਗਾ।

ਸਜ਼ਾ ਦਾ ਹਰ ਪੱਖ ਗ਼ੈਰ-ਕਾਨੂੰਨੀ ਸੀ। ਕੈਦੀ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਸੀ ਦਿੱਤਾ ਗਿਆ। ਸਜ਼ਾ ਲਾਗੂ ਕਰਨ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਸੈਸ਼ਨ ਜੱਜ ਦੀ ਮਨਜ਼ੂਰੀ ਲੈਣੀ ਜ਼ਰੂਰੀ ਸੀ। ਉਹ ਨਹੀਂ ਲਈ ਗਈ।

ਹੁਕਮ ਨੂੰ ਚੁਣੌਤੀ ਦੇਣੀ ਬਣਦੀ ਸੀ। ਪਰ ਇਸ ਦਾ ਫ਼ਾਇਦਾ ਹੋਣ ਵਾਲਾ ਨਹੀਂ ਸੀ। ਸੁਪਰਡੈਂਟ ਨੇ ਆਪਣੇ ਫ਼ੈਸਲੇ ਨੂੰ ਨਾ ਅੱਗੇ ਪਾਉਣਾ ਸੀ, ਨਾ ਰੱਦ ਕਰਨਾ ਸੀ। ਜ਼ਿਲ੍ਹਾ ਮੈਜਿਸਟ੍ਰੇਟ ਕੋਲ ਕੀਤੀ ਅਪੀਲ ਸੁਪਰਡੈਂਟ ਰਾਹੀਂ ਜਾਂਦੀ ਸੀ। ਕੁਝ ਦਿਨ ਜਾਣ-ਬੁਝ ਕੇ ਲੇਟ ਭੇਜਣੀ ਸੀ। ਅੱਗੋਂ ਜ਼ਿਲ੍ਹਾ ਮੈਜਿਸਟ੍ਰੇਟ ਕਿਹੜਾ ਵਿਹਲਾ ਬੈਠਾ ਹੋਏਗਾ। ਉਸ ਦੇ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਸਜ਼ਾ ਖ਼ਤਮ ਹੋ ਚੁੱਕੀ ਹੋਏਗੀ।

ਹਾਕਮ ਨੂੰ ਚੁੱਪ ਕਰਨ ਵਿਚ ਹੀ ਭਲਾ ਲੱਗਾ।

ਮਨੋਵਿਗਿਆਨੀ ਸਦੀਆਂ ਤੋਂ ਦੁਹਾਈ ਪਾ ਰਹੇ ਹਨ, “ਕੁਦਰਤ ਨੇ ਮਨੁੱਖ ਨੂੰ ਇਕ ਸਮਾਜਿਕ ਪ੍ਰਾਣੀ ਦੇ ਤੌਰ ’ਤੇ ਵਿਕਸਿਤ ਕੀਤਾ ਹੈ। ਤਨਹਾਈ ਮਨੁੱਖ ਦੇ ਸਰੀਰ, ਮਨ ਅਤੇ ਦਿਮਾਗ਼ ਨੂੰ ਤਹਿਸ-ਨਹਿਸ ਕਰ ਦਿੰਦੀ ਹੈ। ਕੈਦੀ ਨੂੰ ਤਨਹਾਈ ਵਿਚ ਰੱਖਣਾ ਗ਼ੈਰ-ਕੁਦਰਤੀ ਅਤੇ ਗ਼ੈਰ-ਮਨੁੱਖੀ  ਹੈ। ਇਹ ਅੱਤਿਆਚਾਰ ਖ਼ਤਮ ਹੋਣਾ ਚਾਹੀਦਾ ਹੈ।”

ਉੱਚ ਅਦਾਲਤਾਂ ਇਸ ਵਿਚਾਰ ਨਾਲ ਸਹਿਮਤ ਹਨ। ਇਸ ਸਜ਼ਾ ਦੀ ਇਜਾਜ਼ਤ ਦਿੰਦੀਆਂ ਹਨ ਪਰ ਬਹੁਤ ਹੀ ਅਸੁਖਾਵੀਆਂ ਪ੍ਰਸਥਿਤੀਆਂ ਵਿਚ। ਨਾਲ ਵੀਹ ਪਾਬੰਦੀਆਂ ਲਾਉਂਦੀਆਂ ਹਨ, ‘ਸਜ਼ਾ ਓਨੀ ਦਿਓ, ਜਿੰਨੀ ਜ਼ਰੂਰੀ ਹੈ। ਕੈਦੀ ਨੂੰ ਸਾਥੀਆਂ ਨਾਲ ਗੱਲਬਾਤ ਭਾਵੇਂ ਨਾ ਕਰਨ ਦਿਓ ਪਰ ਰੱਖੋ ਅੱਖਾਂ ਦੇ ਸਾਹਮਣੇ। ਸਮੇਂ-ਸਮੇਂ ਕੈਦੀ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਦੀ ਡਾਕਟਰ ਕੋਲੋਂ ਪੜਤਾਲ ਕਰਾਓ। ਹਾਲਤ ਵਿਗੜੀ ਦਿਖੇ ਤਾਂ ਸਜ਼ਾ ਮੁਆਫ਼ ਜਾਂ ਮੁਅੱਤਲ ਕਰੋ। ਸਜ਼ਾ ਦਾ ਉਦੇਸ਼ ਕੈਦੀ ਨੂੰ ਸੁਧਾਰਨਾ ਹੈ, ਨਾ ਕਿ ਪਾਗ਼ਲ ਕਰਨਾ।’

ਹਾਕਮ ਨੂੰ ਪਤਾ ਸੀ ਕਿ ਇਹ ਗੱਲਾਂ ਕਿਤਾਬੀ ਹਨ। ਇਕ ਵੀ ਹਦਾਇਤ ਦੀ ਪਾਲਣਾ ਨਹੀਂ ਹੋਣੀ। ਹਾਕਮ ਨੂੰ ਇਹ ਵੀ ਪਤਾ ਸੀ ਕਿ ਹੋਈ ਬੇਇਨਸਾਫ਼ੀ ਅਤੇ ਚਾਰੇ ਪਾਸੇ ਛਾਏ ਮੌਤ ਵਰਗੇ ਸੰਨਾਟੇ ਕਾਰਨ ਕੈਦੀ ਪਹਿਲੇ ਦਿਨ ਹੀ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਦਸ ਦਿਨ ਇਕੱਲੇ ਰਹਿ ਕੇ ਬਹੁਤੇ ਕੈਦੀ ਪਾਗ਼ਲ ਹੋ ਜਾਂਦੇ ਹਨ। ਜੋ ਬਚਦੇ ਹਨ, ਉਹ ਉਮਰ ਭਰ ਲਈ ਆਹਰੇ ਹੋ ਜਾਂਦੇ ਹਨ।

ਹਾਕਮ ਨੇ ਮਨ ਨਾਲ ਫ਼ੈਸਲਾ ਕੀਤਾ, “ਇਸ ਸੰਕਟ ਦਾ ਟਾਕਰਾ ਮੈਂ ਬਹਾਦਰੀ ਨਾਲ ਕਰਾਂਗਾ।”

ਹਾਕਮ ਨੂੰ ਕੁਝ ਨੁਕਤਿਆਂ ਦਾ ਪਤਾ ਸੀ। ਉਹਨਾਂ ਸਹਾਰੇ ਧਰੂ ਭਗਤ ਵਾਂਗ ਬਲਦੀ ਚਿਤਾ ਵਿਚ ਬੈਠ ਕੇ ਵੀ ਸਬੂਤਾ ਨਿਕਲਿਆ ਜਾ ਸਕਦਾ ਸੀ। ਉਹ ਉਹਨਾਂ ਨੁਕਤਿਆਂ ਨੂੰ ਦੁਹਰਾਉਣ ਲੱਗਾ “ਮੈਂ ਖ਼ੂਬ ਪੜ੍ਹਾਂਗਾ, ਖ਼ੂਬ ਲਿਖਾਂਗਾ। ਨਾਲੇ ਸਮਾਂ ਬੀਤਦਾ ਰਹੇਗਾ ਨਾਲੇ ਮਨ ਦੀ ਭੜਾਸ ਨਿਕਲਦੀ ਰਹੇਗੀ। ਯੋਧੇ ਸੂਰਬੀਰਾਂ ਦੇ ਕਾਰਨਾਮੇ ਯਾਦ ਕਰਾਂਗਾ। ਦੱਬ ਕੇ ਵਰਜਿਸ਼ ਕਰਾਂਗਾ। ਸਰੀਰ ਨੂੰ ਪੂਰੀ ਤਰ੍ਹਾਂ ਥਕਾਵਾਂਗਾ। ਫੇਰ ਰੱਜ ਕੇ ਸੌਵਾਂਗਾ। ਇੰਝ ਜੇਲ੍ਹ ਅਧਿਕਾਰੀਆਂ ਦੀ ਮਨੋ-ਕਾਮਨਾ ਪੂਰੀ ਨਹੀਂ ਹੋਣ ਦੇਵਾਂਗਾ।”

ਧੜਕਦੇ ਦਿਲ ਨਾਲ ਹਾਕਮ ਆਪਣੀ ‘ਕਬਰ’ ਵੱਲ ਵਧਣ ਲੱਗਾ।

ਇਸ ਬੈਰਕ ਵਿਚ ਅੱਠ ਕੋਠੜੀਆਂ ਸਨ। ਬੈਰਕ ਵਿਚ ਪੈਰ ਧਰਦਿਆਂ ਹੀ ਇਕ ਪਾਗ਼ਲ ਦੀ ਚੀਖ਼ ਨੇ ਉਸ ਦਾ ਸਵਾਗਤ ਕੀਤਾ।

ਪਾਗ਼ਲ ਕੈਦੀ ਨੂੰ ਪਹਿਲੀ ਚੱਕੀ ਵਿਚ ਕਿਉਂ ਬੰਦ ਕੀਤਾ ਗਿਆ ਹੈ? ਹਾਕਮ ਝੱਟ ਸਮਝਗਿਆ।

“ਮੈਂ ਇਹਨਾਂ ਬਾਂਦਰ-ਭਬਕੀਆਂ ਤੋਂ ਡਰਨ ਵਾਲਾ ਨਹੀਂ,” ਸੋਚਦਾ ਹਾਕਮ ਇਕ ਨੰਬਰ ਚੱਕੀ ਅੱਗੋਂ ਨਿਕਲਣ ਲੱਗਾ।

ਹਾਕਮ ਨੂੰ ਪਤਾ ਸੀ ਕਿ ਜੇਲ੍ਹ ਵਿਚ ਤਿੰਨ ਅਜਿਹੇ ਕੈਦੀ ਬੰਦ ਸਨ, ਜਿਨ੍ਹਾਂ ਨੂੰ ਝੂਠੇ ਦੋਸ਼ਾਂ ਵਿਚ ਲੰਬੀਆਂ ਸਜ਼ਾਵਾਂ ਹੋਈਆਂ ਹਨ। ਰਿਹਾਈ ਦੀਆਂ ਸਾਰੀਆਂ ਆਸਾਂ ਮੁਕਾ ਕੇ ਉਹ ਮੌਤ ਉਡੀਕ ਰਹੇ ਸਨ।

ਉਹਨਾਂ ਵਿਚੋਂ ਇਕ ਪਾਕਿਸਤਾਨੀ ਫ਼ੌਜ ਦਾ ਉੱਚ ਅਧਿਕਾਰੀ ਸੀ। ਆਪਣੇ ਸੂਤਰਾਂ ਨਾਲ ਸੰਪਰਕ ਕਾਇਮ ਕਰਨ ਇਧਰ ਆਇਆ ਫੜਿਆ ਗਿਆ। ਕਈ ਸਾਲ ਉਹ ਫ਼ੌਜ ਦੇ ਤਸੀਹਾ ਘਰਾਂ ਵਿਚ ਰਿਹਾ। ਜਦੋਂ ਉਸ ਵਿਚੋਂ ਸਭ ਕੁਝ ਨੁੱਚੜ ਗਿਆ ਤਾਂ ਉਸ ਨੂੰ ਇਸ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਇਧਰਲੀ ਸਰਕਾਰ ਉਸ ਨੂੰ ਸਰਹੱਦੋਂ ਪਾਰ ਛੱਡਣਾ ਚਾਹੁੰਦੀ ਸੀ। ਉਧਰਲੀ ਸਰਕਾਰ ਉਸ ਨੂੰ ਆਪਣਾ ਸ਼ਹਿਰੀ ਨਹੀਂ ਸੀ ਮੰਨਦੀ। ਇਸੇ ਖਿੱਚੋਤਾਣ ਵਿਚ ਵੀਹ ਸਾਲ ਲੰਘ ਗਏ। ਆਪਣੀ ਸਰਕਾਰ ਦੇ ਵਿਵਹਾਰ ’ਤੇ ਚਿੜਦਾ ਅਫ਼ਸਰ ਦਿਮਾਗ਼ੀ ਤਵਾਜ਼ਨ ਖੋ ਬੈਠਾ ਹੈ। ਜਦੋਂ ਉਸ ਨੂੰ ਪਾਗ਼ਲਪਨ ਦਾ ਦੌਰਾ ਪੈਂਦਾ ਹੈ ਤਾਂ ਉਹ ਆਪਣੀ ਸਰਕਾਰ ਨੂੰ ਗਾਲ੍ਹਾਂ ਕੱਢਣ ਲੱਗਦਾ ਹੈ।

ਕੈਦੀ ਕਿਸ ਨੂੰ ਗਾਲ੍ਹਾਂ ਕੱਢ ਰਿਹਾ ਸੀ? ਹਾਕਮ ਸਮਝਣ ਦਾ ਯਤਨ ਕਰਨ ਲੱਗਾ।

ਇਹ ਪਾਗ਼ਲ ਹੱਡੀਆਂ ਦਾ ਢਾਂਚਾ ਜਿਹਾ ਸੀ। ਸਿਰ ਵਿਚ ਜੂੰਆਂ ਪੈ ਜਾਂਦੀਆਂ ਹੋਣਗੀਆਂ। ਇਸ ਲਈ ਉਸ ਦੇ ਦਾੜ੍ਹੀ ਕੇਸ ਮੁੰਨੇ ਹੋਏ ਸਨ। ਤੈਸ਼ ਵਿਚ ਆ ਕੇ ਉਹ ਕੱਪੜੇ ਪਾੜ ਦਿੰਦਾ ਹੋਏਗਾ, ਇਸੇ ਲਈ ਉਹ ਨੰਗ-ਧੜੰਗਾ ਸੀ। ਜਾਬ੍ਹਾਂ ਬਾਹਰ ਨਿਕਲੀਆਂ ਹੋਈਆਂ ਸਨ। ਅੱਖਾਂ ਅੰਦਰ ਧਸੀਆਂ ਹੋਈਆਂ ਸਨ। ਗਲਾ ਬੈਠਿਆ ਹੋਇਆ ਸੀ। ਉਸ ਦੀ ਕੋਠੜੀ ਰੂੜੀ ਬਣੀ ਹੋਈ ਸੀ। ਰੋਟੀ ਦੇ ਟੁਕੜੇ ਇਧਰ-ਉਧਰ ਖਿੰਡੇ ਹੋਏ ਸਨ। ਜਾਪਦਾ ਸੀ ਕੈਦੀ ਨੂੰ ਟੱਟੀ ਪਿਸ਼ਾਬ ਕਰਨ ਦੀ ਜਾਚ ਨਹੀਂ ਸੀ। ਇਸੇ ਲਈ ਸਾਰਾ ਸਰੀਰ ਟੱਟੀ ਪਿਸ਼ਾਬ ਨਾਲ ਲਿੱਬੜਿਆ ਹੋਇਆ ਸੀ।

“ਇਹ ਫ਼ੌਜੀ ਨਹੀਂ ਹੋ ਸਕਦਾ। ਯੋਧੇ ਇਸ ਹੱਦ ਤਕ ਹੌਂਸਲਾ ਨਹੀਂ ਹਾਰਦੇ। ਉਹਨਾਂ ਨੂੰ ਮਰਨ ਤਕ ਜੂਝਣਾ ਆਉਂਦਾ ਹੈ।”

ਹਾਕਮ ਮਨ ਹੀ ਮਨ ਇਹ ਵਾਧੇ ਘਾਟੇ ਕਰਨ ਲੱਗਾ।

ਫੇਰ ਇਹ ਨੰਦ ਸਿੰਘ ਹੋਏਗਾ ਜਾਂ ਮਕੁੰਦ ਹੋਏਗਾ।

ਪਾਗ਼ਲ ਕੈਦੀ ਕੌਣ ਸੀ, ਕਿਸ ਨੂੰ ਗਾਲ੍ਹਾਂ ਕੱਢ ਰਿਹਾ ਸੀ, ਹਾਕਮ ਨੂੰ ਇਹ ਸਮਝਣ ਦੀ ਜ਼ਰੂਰਤ ਨਹੀਂ ਸੀ। ‘ਮੇਰੇ ਨਾਲ ਵੀ ਇੰਝ ਹੀ ਹੋਣ ਵਾਲਾ ਹੈ,’ ਉਸ ਨੂੰ ਇਹ ਸਮਝ ਆ ਗਈ ਸੀ।

ਹਾਕਮ ਨੂੰ ਚਾਰ ਨੰਬਰ ਕੋਠੜੀ ਮਿਲੀ ਸੀ।

ਉਸ ਦੇ ਪੁੱਜਣ ਤੋਂ ਪਹਿਲਾਂ ਉਸ ਦਾ ਸਾਮਾਨ ਉਥੇ ਪੁੱਜ ਚੁੱਕਾ ਸੀ। ਦਰੀ, ਕੰਬਲ ਅਤੇ ਭਾਂਡੇ ਪੁਰਾਣੇ ਸਨ। ਨਵੀਆਂ ਚੀਜ਼ਾਂ ਵਿਚ ਇਕ ਪਾਣੀ ਵਾਲਾ ਤਪਲਾ ਅਤੇ ਵੇਲੇ-ਕੁਵੇਲੇ ਹਾਜਤ ਮਿਟਾਉਣ ਲਈ ਚੀਨੀ ਮਿੱਟੀ ਦਾ ਮੇਜ਼ ਵਿਚ ਫਿਟ ਕੀਤਾ ਕਮੋਡ।

ਹਾਕਮ ਨੇ ਸਾਮਾਨ ਉਲਟ ਪਲਟ ਕੇ ਦੇਖਿਆ। ਨਾ ਕਿਤਾਬਾਂ ਲੱਭੀਆਂ, ਨਾ ਕਾਗ਼ਜ਼ਾਂ ਵਾਲਾ ਫੱਟਾ। ਇਹਨਾਂ ਗਹਿਰੇ ਮਿੱਤਰਾਂ ਦੀ ਅਣਹੋਂਦ ਕਾਰਨ ਹਾਕਮ ਅੰਦਰ ਨਿਰਾਸ਼ਾ ਦੀ ਲਹਿਰ ਦੌੜਨ ਲੱਗੀ।

“ਸਖ਼ਤ ਸਜ਼ਾ ਦੇਣ ਅਤੇ ਫੇਰ ਸਜ਼ਾ ਨੂੰ ਸੁਖਾਲਾ ਬਣਾਉਣ ਦੀਆਂ ਸਹੂਲਤਾਂ ਵੀ ਦੇਣ? ਜੇਲ੍ਹ ਵਾਲੇ ਇੰਨੇ ਕਮਲੇ ਨਹੀਂ ਹਨ।” ਸੋਚਦਾ ਹਾਕਮ ਘੁੰਮ ਫਿਰ ਕੇ ਆਪਣੇ ਨਵੇਂ ਘਰ ਦਾ ਜਾਇਜ਼ਾ ਲੈਣ ਲੱਗਾ।

ਅੱਧੋਰਾਣਾ ਜਿਹਾ ਕਮਰਾ ਅੱਠ ਕੁ ਫ਼ੁੱਟ ਲੰਬਾ ਅਤੇ ਛੇ ਕੁ ਫ਼ੁੱਟ ਚੌੜਾ ਸੀ। ਪਿਛਲੇ ਪਾਸੇ ਸਲਾਖ਼ਾਂ ਵਾਲੀ ਇਕ ਛੋਟੀ ਜਿਹੀ ਤਾਕੀ ਸੀ, ਜਿਸ ਉਪਰ ਲੋਹੇ ਦੀ ਮੋਟੀ ਜਾਲੀ ਜੜੀ ਹੋਈ ਸੀ। ਜਾਲੀ ਉਪਰ ਮਿੱਟੀ ਦੀ ਮੋਟੀ ਤਹਿ ਜੰਮੀ ਹੋਈ ਸੀ। ਜੇਲ੍ਹ ਦੀ ਉਸਾਰੀ ਅਤੇ ਅੰਤਰ-ਰਾਸ਼ਟਰੀ ਹਦਾਇਤਾਂ ਅਨੁਸਾਰ ਹਵਾ ਅਤੇ ਰੌਸ਼ਨੀ ਲਈ ਇਹ ਤਾਕੀਆਂ ਰੱਖੀਆਂ ਗਈਆਂ ਹੋਣਗੀਆਂ। ਚਲਾਕ ਜੇਲ੍ਹ ਅਧਿਕਾਰੀਆਂ ਨੇ ਨਾਲ ਹੀ ਕੈਦੀਆਂ ਨੂੰ ਇਹਨਾਂ ਸਹੂਲਤਾਂ ਤੋਂ ਵਾਂਝਾ ਕਰਨ ਦਾ ਇੰਤਜ਼ਾਮ ਕਰ ਦਿੱਤਾ। ਮਿੱਟੀ ਦੀ ਤਹਿ ਨਾ ਅੰਦਰ ਰੌਸ਼ਨੀ ਆਉਣ ਦਿੰਦੀ ਹੈ ਨਾ ਹਵਾ।

ਤਾਕੀ ਦੇ ਪਿੱਛੇ ਤਿੰਨ ਕੁ ਫ਼ੁੱਟ ਥਾਂ ਖ਼ਾਲੀ ਸੀ। ਉਸ ਤੋਂ ਅੱਗੇ ਅਸਮਾਨ ਛੂੰਹਦੀ ਕੰਧ ਸੀ। ਤਾਕੀ ਦੇ ਸਾਹਮਣੇ ਵਾਲੇ ਪਾਸੇ ਲੋਹੇ ਦੀਆਂ ਸਲਾਖ਼ਾਂ ਵਾਲਾ ਵੱਡਾ ਗੇਟ ਸੀ। ਗੇਟ ਅੱਗੇ ਚਾਰ ਫੁਟ ਦਾ ਵਰਾਂਡਾ ਸੀ। ਵਰਾਂਡੇ ਦੀ ਛੱਤ ਉਪਰ ਲੋਹੇ ਦੇ ਵੱਡੇ ਮਜ਼ਬੂਤ ਜਾਲ ਸਨ। ਇਹਨਾਂ ਸਲਾਖ਼ਾਂ ਰਾਹੀਂ ਅਸਮਾਨ ਵੱਲ ਝਾਕਣ ਦੀ ਖੁੱਲ੍ਹ ਸੀ।

ਕੋਠੜੀ ਦੀਆਂ ਕੰਧਾਂ ਉਪਰ ਕਿਸੇ ਸਮੇਂ ਪਲੱਸਤਰ ਹੋਇਆ ਹੋਣਾ ਹੈ। ਗ਼ੱਸੇ ’ਚ ਪਾਗ਼ਲ ਹੋਇਆਂ ਕੈਦੀਆਂ ਨੇ ਮੁੱਕੇ ਮਾਰ-ਮਾਰ ਉਹ ਪਲੱਸਤਰ ਤੋੜ ਦਿੱਤਾ ਸੀ।

ਕੰਧਾਂ ਉਪਰ ਦਾਲ, ਚਾਹ ਅਤੇ ਹੱਥਾਂ ਦੀ ਮੈਲ ਦੇ ਨਿਸ਼ਾਨ ਸਨ। ਕਈ ਥਾਈਂ ਲਕੀਰਾਂ, ਤਸਵੀਰਾਂ ਅਤੇ ਹੋਰ ਊਟ-ਪਟਾਂਗ ਚਿੰਨ੍ਹ ਸਨ। ਫ਼ਰਸ਼ ਟੁੱਟੀਆਂ ਭੱਜੀਆਂ ਅਤੇ ਪਿੱਲੀਆਂ ਇੱਟਾਂ ਦਾ ਸੀ। ਕੀੜੀਆਂ ਨੇ ਥਾਂ-ਥਾਂ ਖੁੱਡਾਂ ਕਰ ਰੱਖੀਆਂ ਸਨ। ਕੀੜਿਆਂ-ਮਕੌੜਿਆਂ ਅਤੇ ਮੱਖੀ-ਮੱਛਰਾਂ ਨੂੰ ਘੁੰਮਣ-ਫਿਰਨ ਦੀ ਪੂਰੀ ਆਜ਼ਾਦੀ ਸੀ। ਕੈਦੀ ਚਾਹੇ ਤਾਂ ਮਨ ਦੀ ਭੜਾਸ ਇਹਨਾਂ ਕੋਲ ਕੱਢ ਸਕਦਾ ਸੀ।

“ਲੱਤਾਂ ਮੋਕਲੀਆਂ ਕਰਨ ਅਤੇ ਤਾਜ਼ਾ-ਦਮ ਹੋਣ ਲਈ ਹਾਕਮ ਨੂੰ ਸਵੇਰੇ ਅੱਧੇ ਘੰਟੇ ਦਾ ਸਮਾਂ ਮਿਲਣਾ ਸੀ। ਅੱਗੋਂ-ਪਿੱਛੋਂ ਕਮੋਡ ਨਾਲ ਕੰਮ ਚਲਾਉਣਾ ਪੈਣਾ ਸੀ।

“ਕਿਸ ਤਰ੍ਹਾਂ ਲੰਘੇਗਾ ਬਾਕੀ ਦਾ ਦਿਨ?”

ਗੇਟ ਦੀਆਂ ਸਲਾਖ਼ਾਂ ਨੂੰ ਹੱਥ ਪਾ ਕੇ ਅਸਮਾਨ ਵੱਲ ਤੱਕਦਾ ਹਾਕਮ ਆਪਣੇ-ਆਪ ਨੂੰ ਪੁੱਛਣ ਲੱਗਾ।

ਹਾਕਮ ਨੂੰ ਬਚਪਨ ਤੋਂ ਅਕਾਸ਼ ਨਾਲ ਪਿਆਰ ਸੀ। ਕਲਪਨਾ ਦੇ ਘੋੜਿਆਂ ’ਤੇ ਚੜ੍ਹ ਕੇ ਉਹ ਅਕਾਸ਼-ਗੰਗਾਵਾਂ ਵਿਚ ਗੁਆਚ ਜਾਂਦਾ ਸੀ। ਇਹ ਤੋਹਫ਼ਾ ਉਸ ਨੂੰ ਉਸ ਦੇ ਬਾਪੂ ਨੇ ਦਿੱਤਾ ਸੀ। ਕੱਪੜੇ ਸਿਊਣ ਵਾਲੀ ਮਸ਼ੀਨ ’ਤੇ ਬੈਠਾ ਬਾਪੂ ਜਦੋਂ ਥੱਕ ਜਾਂਦਾ ਸੀ ਤਾਂ ਉਹ ਹਾਕਮ ਨੂੰ ਲੈ ਕੇ ਕੋਠੇ ’ਤੇ ਚੜ੍ਹ ਜਾਂਦਾ ਸੀ। ਕਦੇ ਉਹ ਉਸ ਨੂੰ ਧਰੂ ਤਾਰੇ ਦੇ ਦਰਸ਼ਨ ਕਰਾਉਂਦਾ, ਕਦੇ ਸਪਤ-ਰਿਸ਼ੀ ਦੇ। ਕਦੇ ਸਰਵਣ ਦੀ ਵਹਿੰਗੀ ਦਿਖਾਉਂਦਾ, ਕਦੇ ਸੰਘਣੀ ਖਿੱਤੀ। ਅੱਜ-ਕੱਲ੍ਹ ਜੇਲ੍ਹ ਅੰਦਰ ਜਦੋਂ ਉਸ ਦਾ ਮਨ ਉਖੜਦਾ ਸੀ ਤਾਂ ਉਹ ਅਸਮਾਨ ਵੱਲ ਤੱਕਦਾ ਸੀ। ਕਦੇ ਬੱਦਲੀ ਨੂੰ ਰੱਥ ਬਣਾ ਕੇ ਵਿਚ ਬੈਠ ਜਾਂਦਾ ਸੀ, ਕਦੇ ਤਾਰਿਆਂ ਨਾਲ ਲੁੱਕਣ-ਮੀਟੀ ਖੇਡਦਾ ਸੀ। ਸ਼ੁਕਰ, ਸ਼ਨੀ ਅਤੇ ਮੰਗਲ ਨਾਲ ਗੱਲਾਂ ਕਰਦਾ। ਚਿੰਤਾਵਾਂ ਪਿੱਛੇ ਰਹਿ ਜਾਂਦੀਆਂ ਅਤੇ ਉਹ ਨੀਂਦ ਦੀ ਗੋਦ ਵਿਚ ਸੌਂ ਜਾਂਦਾ।

ਅੱਜ ਅਸਮਾਨ ਵੀ ਸੋਗਮਈ ਸੀ। ਰੁੱਖੀ ਨੀਲੀ ਚਾਦਰ ਤੋਂ ਸਿਵਾ ਉੁਥੇ ਕੁਝ ਨਹੀਂ ਸੀ। ਨਾ ਬੱਦਲੀ, ਨਾ ਚੰਦ, ਨਾ ਤਾਰਾ।

ਉਸਨੂੰ  ਕੰਧਾਂ ਵੱਲ ਝਾਕ ਕੇ ਸਮਾਂ ਬਿਤਾਉਣਾ ਪੈਣਾ ਸੀ। ਹਾਕਮ ਇੰਝ ਹੀ ਕਰਨ ਲੱਗਾ।

ਹਾਕਮ ਕੰਧਾਂ ’ਤੇ ਬਣੇ ਅਧੂਰੇ ਚਿੱਤਰਾਂ ਦੇ ਪਿਛੋਕੜ ਜਾਨਣ ਦਾ ਯਤਨ ਕਰਨ ਲੱਗਾ। ਕੈਦੀਆਂ ਨੇ ਇਹ ਚਿੱਤਰ ਤਨਹਾਈ ਦੀ ਘਬਰਾਹਟ ਤੋਂ ਬਚਣ ਲਈ ਬਣਾਏ ਹੋਣਗੇ। ਇਸੇ ਲਈ ਵਿਚਾਰ ਬਿਖਰ ਗਏ ਹੋਣਗੇ ਅਤੇ ਇਹ ਅਧੂਰੇ ਰਹਿ ਗਏ ਹੋਣਗੇ।

“ਕੀ ਮੇਰੇ ਨਾਲ ਵੀ ਇੰਝ ਹੋਣ ਵਾਲਾ ਹੈ? ਮੇਰੇ ਦਿਮਾਗ਼ ਦਾ ਤਵਾਜ਼ਨ ਵੀ ਡੋਲਣ ਵਾਲਾ ਹੈ?”

ਕੰਧਾਂ ਨਾਲ ਗੱਲਾਂ ਕਰਦੇ ਹਾਕਮ ਨੂੰ ਘਬਰਾਹਟ ਹੋਣ ਲੱਗਦੀ।

“ਨਹੀਂ) ਮੈਂ ਆਪਣਾ ਮਨੋਬਲ ਖੰਡਿਤ ਨਹੀਂ ਹੋਣ ਦੇਣਾ।”

ਆਪਣੇ ਦਿਮਾਗ਼ੀ ਸੰਤੁਲਨ ਨੂੰ ਬਣਾਈ ਰੱਖਣ ਲਈ ਕਦੇ ਉਹ ਭਗਤ ਸਿੰਘ ਬਾਰੇ ਸੋਚਦਾ। ਉਸ ਨੇ ਫਾਂਸੀ ਦਾ ਰੱਸਾ ਹੱਸ ਕੇ ਸਵੀਕਾਰ ਕੀਤਾ ਸੀ। ਉਹ ਗੁਰੂ ਗੋਬਿੰਦ ਸਿੰਘ ਬਾਰੇ ਸੋਚਦਾ। ਜਬਰ ਵਿਰੁੱਧ ਲੜਦਿਆਂ ਉਹਨਾਂ ਸਾਰਾ ਬੰਸ ਕੁਰਬਾਨ ਕਰ ਦਿੱਤਾ ਸੀ। ਉਹ ਰਾਜਾ ਬਰੂਸ ਬਾਰੇ ਸੋਚਦਾ, ਵਾਰ-ਵਾਰ ਅਸਫ਼ਲਤਾ ਦਾ ਸਾਹਮਣਾ ਕਰਨ ਬਾਅਦ ਸਫ਼ਲਤਾ ਮਿਲਦੀ ਹੈ। ਇਸ ਸਬਕ ਦੀ ਦੁਹਰਾਈ ਕਰਦਾ।

ਬੈਠੇ ਹਾਕਮ ਦੀਆਂ ਲੱਤਾਂ ਆਕੜ ਗਈਆਂ। ਟਹਿਲਣ ਦੇ ਇਰਾਦੇ  ਨਾਲ ਉਹ ਉਠਿਆ।

ਕੋਠੜੀ ਦੀ ਲੰਬਾਈ ਅੱਠ ਫ਼ੁੱਟ ਸੀ। ਇਕ ਕਦਮ ਪੁੱਟ ਕੇ ਦੂਜਾ ਪੁੱਟਣਾ ਔਖਾ ਹੋ ਗਿਆ।

ਵਰਜ਼ਿਸ਼ ਲਈ ਲੱਤਾਂ-ਬਾਹਾਂ ਹਿਲਾਈਆਂ। ਝੱਟ ਜ਼ਖ਼ਮਾਂ ਵਿਚ ਤ੍ਰਾਟਾਂ ਪੈਣ ਲੱਗੀਆਂ। ਉਸ ਨੂੰ ਯਾਦ ਆਇਆ। ਸਾਰਾ ਸਰੀਰ ਤਾਂ ਜ਼ਖ਼ਮਾਂ ਨਾਲ ਵਿੰਨ੍ਹਿਆ ਪਿਆ ਹੈ। ਉਹ ਵਰਜ਼ਿਸ਼ ਦੇ ਕਾਬਲ ਨਹੀਂ ਹੈ।

ਮਤਲਬ ਥੱਕਣ-ਟੁੱਟਣ ਅਤੇ ਕੁਝ ਦੇਰ ਸੁਸਤਾਉਣ ਦੀ ਸੁਵਿਧਾ ਵੀ ਹਾਸਲ ਨਹੀਂ ਹੈ।

ਕਿਸ ਤਰ੍ਹਾਂ ਬੀਤਣਗੇ ਇੰਨੇ ਦਿਨ? ਸੋਚ ਕੇ ਉਹ ਫੇਰ ਝੂਰਨ ਲੱਗਾ।

ਸਰਕਾਰਾਂ ਆਪਣੇ ਬਹਾਦਰ ਜਵਾਨਾਂ ਦੀ ਸੁੱਧ ਕਿਉਂ ਨਹੀਂ ਲੈਂਦੀਆਂ? ਹਾਕਮ ਪਾਗ਼ਲ ਹੋਏ ਫ਼ੌਜੀ ਅਫ਼ਸਰ ਬਾਰੇ ਸੋਚਣ ਲੱਗਾ। ਕਾਨੂੰਨ ਇਨਸਾਫ਼ ਕਿਉਂ ਨਹੀਂ ਕਰਦੇ? ਹਾਕਮ ਬੇਇਨਸਾਫ਼ੀ ਕਾਰਨ ਪਾਗ਼ਲ ਹੋਏ ਨੰਦ ਸਿੰਘ ਬਾਰੇ ਸੋਚਣ ਲੱਗਾ।

ਫੇਰ ਉਹ ਆਪਣੇ ਨਾਲ ਹੋਏ ਧੱਕੇ ਬਾਰੇ ਸੋਚਣ ਲੱਗਾ।

ਹਾਕਮ ਦੀ ਪਤਨੀ ਨੇ ਆਤਮ-ਹੱਤਿਆ ਕੀਤੀ ਸੀ। ਇਸ ਵਿਚ ਹਾਕਮ ਦੀ ਭੂਮਿਕਾ ਰੱਤੀ ਭਰ ਵੀ ਨਹੀਂ ਸੀ। ਪਰ ਕਾਨੂੰਨ ਵੱਲੋਂ ਦੋਸ਼ੀ ਉਸੇ ਨੂੰ ਠਹਿਰਾਇਆ ਗਿਆ। ਦਾਜ-ਦਹੇਜ ਦਾ ਕੋਈ ਰੌਲਾ ਨਹੀਂ ਸੀ। ਫੇਰ ਹਾਕਮ ਨੂੰ ਘੱਟ ਦਹੇਜ ਲਿਆਉਣ ਕਾਰਨ ਆਪਣੀ ਪਤਨੀ ਨੂੰ ਪਰੇਸ਼ਾਨ ਕਰਨ ਦਾ ਦੋਸ਼ੀ ਗਰਦਾਨਿਆ ਗਿਆ। ਜਦੋਂ ਇਕ ਵਕੀਲ ਆਪਣੇ ਲਈ ਇਨਸਾਫ਼ ਪ੍ਰਾਪਤ ਨਹੀਂ ਕਰ ਸਕਦਾ ਤਾਂ ਸਾਧਾਰਨ ਲੋਕਾਂ ਦਾ ਕੀ ਹਾਲ ਹੁੰਦਾ ਹੋਏਗਾ?

ਅਜਿਹਾ ਕੁਝ ਸੋਚ ਉਸ ਦਾ ਦਿਮਾਗ਼ ਗਰਮ ਹੋਣ ਲੱਗਾ।

ਬੇਇਨਸਾਫ਼ੀਆਂ ਇਕੱਲੇ ਹਾਕਮ ਨਾਲ ਨਹੀਂ ਸੀ ਹੋਈਆਂ। ਉਸ ਨੇ ਵੀ ਲੋਕਾਂ ਨਾਲ ਬੇਇਨਸਾਫ਼ੀਆਂ ਕੀਤੀਆਂ ਸਨ। ਉਸ ਨੂੰ ਉਹਨਾਂ ਦਿਨਾਂ ਦੀ ਯਾਦ ਆਉਣ ਲੱਗੀ।

ਤਨਹਾਈ ਦੇ ਦੂਸਰੇ ਦਿਨ ਉਸ ਨੂੰ ਪਤਨੀ ਰਵਿੰਦਰ ਦੀ ਯਾਦ ਸਤਾਉਣ ਲੱਗੀ। ਸੁਪਨਿਆਂ ਨਾਲ ਭਰੀਆਂ ਅੱਖਾਂ, ਹੰਸੂ-ਹੰਸੂ ਕਰਦਾ ਚਿਹਰਾ ਸਾਹਮਣੇ ਸਾਕਾਰ ਹੋਣ ਲੱਗਾ। ਅੱਜ ਤਕ ਉਹ ਰਵਿੰਦਰ ਨੂੰ ਕਸੂਰਵਾਰ ਮੰਨਦਾ ਰਿਹਾ ਸੀ। ਉਹ ਵੱਡੇ-ਵੱਡੇ ਸੁਪਨੇ ਲੈਂਦੀ ਸੀ। ਉਸੇ ਗੁਨਾਹ ਦਾ ਉਸ ਨੇ ਨਤੀਜਾ ਭੁਗਤਿਆ ਸੀ।

ਅੱਜ ਹਾਕਮ ਨੂੰ ਰਵਿੰਦਰ ਠੀਕ ਜਾਪਣ ਲੱਗੀ। ਜੇ ਉਸ ਨੂੰ ਫ਼ਿਲਮਾਂ ਦੇਖਣ, ਮਹਾਂਨਗਰਾਂ ਵਿਚ ਘੁੰਮਣ, ਇਡਲੀ-ਡੋਸੇ ਖਾਣ ਅਤੇ ਨੌਕਰੀ ਕਰਨ ਦਾ ਸ਼ੌਕ ਸੀ ਤਾਂ ਇਸ ਵਿਚ ਕੀ ਬੁਰਾਈ ਸੀ? ਹਾਕਮ ਸਦਾ ਮਾਪਿਆਂ ਦਾ ਪੱਖ ਪੂਰਦਾ ਰਿਹਾ। ਨਾ ਕਦੇ ਪਤਨੀ ਦੇ ਕੋਲ ਬੈਠਾ, ਨਾ ਉਸ ਦੀ ਦੁੱਖ ਤਕਲੀਫ਼ ਪੁੱਛੀ। ਨਾ ਗ਼ੁੱਸਾ ਗਿਲਾ ਦੂਰ ਕਰਨ ਦਾ ਯਤਨ ਕੀਤਾ। ਉਹ ਮਰਦੀ ਨਾ ਤਾਂ ਕੀ ਕਰਦੀ?

ਹਾਕਮ ਚਾਹੁਣ ਲੱਗਾ। ਉਹ ਪਤਨੀ ਤੋਂ ਮੁਆਫ਼ੀ ਮੰਗੇ, ਉਸ ਅੱਗੇ ਗਿੜਗਿੜਾਏ, ਪਰ ਗੰਗਾ ਗਏ ਫੁੱਲ ਕਦੇ ਵਾਪਸ ਨਹੀਂ ਮੁੜਦੇ।

ਹੁਣ ਉਹ ਆਪਣੇ ਕੀਤੇ ਦੀ ਸਜ਼ਾ ਭੁਗਤੇ।

ਫੇਰ ਉਸ ਨੂੰ ਮਹਿਸੂਸ ਹੋਣ ਲੱਗਾ। ਉਹ ਅਸਫਲ ਪੁੱਤਰ ਵੀ ਹੈ। ਪਤਨੀ ਨੂੰ  ਨਜ਼ਰ-ਅੰਦਾਜ਼ ਕਰ ਕੇ ਅਤੇ ਮਾਪਿਆਂ ਦਾ ਪੱਖ ਪੂਰ ਕੇ ਉਸ ਨੇ ਸਮਝਿਆ ਸੀ ਕਿ ਉਹ ਸਰਵਣ ਪੁੱਤਰ ਬਣ ਗਿਆ ਹੈ। ਜਦੋਂ ਰਵਿੰਦਰ ਮਰ ਗਈ ਅਤੇ ਉਹ ਸੀਖਾਂ ਪਿੱਛੇ ਪੁੱਜ ਗਿਆ ਤਾਂ ਉਸ ਦੀ ਸੋਚ ਬਦਲਣ ਲੱਗੀ। ਇਸ ਸਾਰੇ ਝੰਜਟ ਲਈ ਉਹ ਆਪਣੇ ਮਾਪਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਲੱਗਾ। ਉਹਨਾਂ ਨੂੰ ਮਹਾਂਨਗਰੋਂ ਆਈ ਅਮੀਰ ਬਾਪ ਦੀ ਇਕ ਪੜ੍ਹੀ-ਲਿਖੀ ਕੁੜੀ ਨਾਲ ਨਿਭਣ ਦੀ ਜਾਚ ਸਿੱਖਣੀ ਚਾਹੀਦੀ ਸੀ।

ਸਜ਼ਾ ਹੋਣ ਤਕ ਹਾਕਮ ਨੇ ਮਾਂ-ਬਾਪ ਨਾਲ ਮੂੰਹ ਮੋਟਾ ਕਰੀ ਰੱਖਿਆ। ਨਾ ਮੁਲਾਕਾਤ ਲਈ ਜੇਲ੍ਹ ਆਇਆਂ ਨੂੰ ਚੱਜ ਨਾਲ ਮਿਲਿਆ, ਨਾ ਪੇਸ਼ੀ ’ਤੇ ਗਿਆਂ ਸਿੱਧੇ ਮੂੰਹ ਗੱਲ ਕੀਤੀ।

ਅੱਜ ਹਾਕਮ ਨੂੰ ਆਪਣੇ ਮਾਂ-ਬਾਪ ਵੀ ਬੇਕਸੂਰ ਜਾਪਣ ਲੱਗੇ।

ਉਸ ਦੇ ਬਾਪ ਨੇ ਉਸ ਨੂੰ ਵੱਡਾ ਆਦਮੀ ਬਣਾਉਣ ਦਾ ਸੁਪਨਾ ਲਿਆ ਸੀ। ਦਿਨ-ਰਾਤ ਮਸ਼ੀਨ ਨਾਲ ਮਸ਼ੀਨ ਬਣ ਕੇ ਉਸ ਦੀ ਪੜ੍ਹਾਈ ਦਾ ਖ਼ਰਚ ਚੁੱਕਿਆ ਸੀ। ਉਸ ਦੀ ਮਾਂ ਦੀ ਕੁਰਬਾਨੀ ਵੀ ਘੱਟ ਨਹੀਂ ਸੀ। ਉਹ ਸਾਰਾ ਦਿਨ ਉਸ ਦੇ ਬਾਪ ਕੋਲ ਬੈਠ ਕੇ ਕੱਪੜਿਆਂ ਨੂੰ ਕਾਜ ਕਰਦੀ ਬਟਨ ਲਾਉਂਦੀ ਅਤੇ ਤਰਪਾਈ ਕਰਦੀ ਸੀ। ਰਾਤ ਨੂੰ ਵਾਰ-ਵਾਰ ਉੱਠ ਕੇ ਕਦੇ ਹਾਕਮ ਨੂੰ ਚਾਹ ਬਣਾ ਕੇ ਦਿੰਦੀ ਅਤੇ ਕਦੇ ਦੁੱਧ। ਜੇ ਛੋਟੇ ਘਰਾਂ ਦੇ ਬੰਦਿਆਂ ਨੂੰ ਵੱਡੇ ਘਰਾਂ ਦੀਆਂ ਧੀਆਂ ਨਾਲ ਨਜਿੱਠਣਾ ਨਹੀਂ ਆਇਆ ਤਾਂ ਇਸ ਵਿਚ ਉਹਨਾਂ ਦਾ ਕੀ ਕਸੂਰ? ਹਾਕਮ ਨੂੰ ਦੋਹਾਂ ਧਿਰਾਂ ਵਿਚ ਪੁਲ ਬਣਨਾ ਚਾਹੀਦਾ ਸੀ। ਉਸ ਨੂੰ ਗੂੰਗਾ ਬਹਿਰਾ ਬਣ ਕੇ ਮੂਕ ਦਰਸ਼ਕ ਨਹੀਂ ਸੀ ਬਣਨਾ ਚਾਹੀਦਾ।

ਹੁਣ ਬੁਢਾਪੇ ਵਿਚ ਜੇ ਬਾਪ ਨੂੰ ਮਸ਼ੀਨ ਧੂਹਣੀ ਪੈਂਦੀ ਹੈ ਅਤੇ ਮਾਂ ਨੂੰ ਮੁੜ ਕਾਜ ਕਰਨੇ ਪੈਂਦੇ ਹਨ ਤਾਂ ਇਸ ਦਾ ਕਸੂਰਵਾਰ ਕੌਣ ਹੈ? ਪੱਤ ਨੂੰ ਵੱਡਾ ਆਦਮੀ ਬਣਾਉਣ ਦੇ ਸੁਪਨੇ ਲੈਣ ਵਾਲੇ ਮਾਪੇ ਜਾਂ ਹਾਲਾਤ ਨੂੰ ਨਾ ਸਮਝ ਸਕਣ ਵਾਲਾ ਨਾਲਾਇਕ ਪੱਤ?

ਹਾਕਮ ਨੂੰ ਲੱਗਾ ਜਿਵੇਂ ਅੱਖਾਂ ਭਰੀ ਮਾਂ-ਬਾਪ ਉਸ ਦੇ ਸਿਰਹਾਣੇ ਖੜੇ ਹਨ। ਜਿਵੇਂ ਉਸ ਤੋਂ ਆਪਣਾ ਕਸੂਰ ਪੁੱਛ ਰਹੇ ਹੋਣ।

ਹਾਕਮ ਦਾ ਮਨ ਕਰਨ ਲੱਗਾ। ਸਾਰੀਆਂ ਕੰਧਾਂ ਦਰਵਾਜ਼ੇ ਤੋੜ ਕੇ ਉਹ ਮਾਂ-ਬਾਪ ਦੇ ਚਰਨੀਂ ਜਾ ਲੱਗੇ। ਉਹਨਾਂ ਦੀ ਹਿੱਕ ਨਾਲ ਲੱਗ ਕੇ ਧਾਹਾਂ ਮਾਰ ਕੇ ਰੋਏ।

ਰੋਣ ਦਾ ਦਿਲ ਕਰ ਆਉਣ ’ਤੇ ਉਹ ਸੰਭਲਿਆ। ਰੁਕ ਕੇ ਸੋਚਿਆ। ਕਿਧਰੇ ਦਿਮਾਗ਼ੀ ਤਵਾਜ਼ਨ ਨੂੰ ਠੇਸ ਤਾਂ ਨਹੀਂ ਪੁੱਜਣ ਲੱਗ ਪਈ। ਆਪਣੇ ਆਪ ਨੂੰ ਬਚਾਉਣ ਲਈ ਉਸ ਨੇ ਸੋਚ ਦਾ ਰੁਖ਼ ਬਦਲਿਆ।

ਤਿੰਨ ਚੌਥਾਈ ਸਜ਼ਾ ਕੱਟ ਚੁੱਕੀ ਸੀ। ਥੋੜ੍ਹੀ ਰਹਿੰਦੀ ਸੀ। ਰਿਹਾਈ ਬਾਅਦ ਉਹ ਨਵੀਂ ਜ਼ਿੰਦਗੀ ਸ਼ੁਰੂ ਕਰੇਗਾ।

ਮਾਂ-ਬਾਪ ਦੇ ਸੁਪਨੇ ਸਾਕਾਰ ਕਰੇਗਾ। ਉਹਨਾਂ ਦੀ ਅੱਖ ਦਾ ਤਾਰਾ ਬਣ ਕੇ ਰਹੇਗਾ।

ਹਾਕਮ ਕਦੇ ਚੜ੍ਹਦੀ ਕਲਾ ਵਿਚ ਹੁੰਦਾ, ਅੱਖ ਲੱਗ ਜਾਂਦੀ। ਢਹਿੰਦੀ ਕਲਾ ਵਿਚ ਹੁੰਦਾ, ਅੱਖ ਖੁੱਲ੍ਹ ਜਾਂਦੀ।

ਕਦੇ ਅੱਖ ਖੁੱਲ੍ਹਦੀ ਤਾਂ ਦਿਨ ਹੁੰਦਾ। ਕਦੇ ਅੱਖ ਖੁੱਲ੍ਹਦੀ ਤਾਂ ਰਾਤ ਹੁੰਦੀ।

ਤੀਸਰੇ ਦਿਨ ਹਾਕਮ ਨੂੰ ਆਪਣਾ ਸਹੁਰਾ ਯਾਦ ਆਉਣ ਲੱਗਾ। ਉਸ ’ਤੇ ਚਿੜ ਚੜ੍ਹਨ ਲੱਗੀ। ਮੇਜਰ ਸਿੰਘ ਨੇ ਕਿੱਤੇ ਦਾ ਨਾਜਾਇਜ਼ ਫ਼ਾਇਦਾ ਉਠਾਇਆ। ਸਾਰੀ ਵਕਾਲਤ ਹਾਕਮ ਉਪਰ ਘੋਟ ਦਿੱਤੀ। ਝੂਠ ਬੋਲ-ਬੋਲ  ਉਸ ਨੂੰ ਸਜ਼ਾ ਕਰਵਾ ਦਿੱਤੀ। ਉਸ ਦਾ ਮੇਜਰ ਸਿੰਘ ਨਾਲ ਨਿਬੜਨ ਨੂੰ ਦਿਲ ਕਰਨ ਲੱਗਾ। ਉਹ ਜੇਲ੍ਹੋਂ ਛੁੱਟ ਕੇ ਗਏ ਕਿਸੇ ਬਦਮਾਸ਼ ਨਾਲ ਸੰਪਰਕ ਕਰੇ। ਉਸ ਨੂੰ ਸੁਪਾਰੀ ਦੇਵੇ। ਮੇਜਰ ਸਿੰਘ ਦਾ ਫਾਹਾ ਵੱਢਵਾਵੇ। ਉਸ ਨੂੰ ਝੂਠ ਬੋਲਣ ਦਾ ਮਜ਼ਾ ਚਖਾਵੇ।

ਇਸ ਸਮੇਂ ਉਹ ਚੱਕੀ ਵਿਚ ਬੰਦ ਹੈ। ਇਥੇ ਬੈਠ ਕੇ ਤਾਂ ਚਿੜੀ ਕਾਂ ਤੱਕ ਨਾਲ ਸੰਪਰਕ ਨਹੀਂ ਹੋ ਸਕਦਾ। ਹਾਲ ਦੀ ਘੜੀ ਸਮੱਸਿਆ ਕੋਠੜੀਉਂ ਸਹੀ ਸਲਾਮਤ ਬਾਹਰ ਨਿਕਲਣ ਦੀ ਹੈ। ਇਹ ਸੋਚ ਕੇ ਉਹ ਆਪਣੀ ਸਲਾਮਤੀ ਵੱਲ ਧਿਆਨ ਦੇਣ ਲੱਗਾ।

ਕੋਠੜੀ ਵਿਚ ਆਉਂਦਿਆਂ ਹੀ ਹਾਕਮ ਦਾ ਅੰਦਰ ਜਿਵੇਂ ਮਰ ਗਿਆ ਸੀ। ਇਕ ਦਾਣਾ ਵੀ ਅੰਦਰ ਸੁੱਟਣ ਦਾ ਦਿਲ ਨਹੀਂ ਸੀ ਕਰਦਾ। ਦਾਲ ਰੋਟੀ ਜਿਸ ਤਰ੍ਹਾਂ ਆਉਂਦੀ ਸੀ, ਉਸੇ ਤਰ੍ਹਾਂ ਪਈ ਰਹਿੰਦੀ ਸੀ।

ਅੱਜ ਸਵੇਰ ਤੋਂ ਉਹ ਨਿਢਾਲ ਸੀ। ਕਦੇ ਲੱਗਦਾ ਪੰਜ ਭੱਠ ਬੁਖ਼ਾਰ ਹੈ। ਕਦੇ ਲੱਗਦਾ ਇਹ ਉਸ ਦਾ ਵਹਿਮ ਹੈ। ਉਹ ਘੋੜੇ ਵਰਗਾ ਹੈ।

ਅੱਜ ਟੱਟੀ ਪਿਸ਼ਾਬ ਨਹੀਂ ਸੀ ਆਇਆ। ਉਸ ਦਾ ਪਏ ਰਹਿਣ ਨੂੰ ਦਿਲ ਕਰਦਾ ਸੀ।

ਹਾਕਮ ਨੂੰ ਡਾਕਟਰ ’ਤੇ ਖਿਝ ਆਉਣ ਲੱਗੀ। ਇਹਨਾਂ ਤਿੰਨਾਂ ਦਿਨਾਂ ਵਿਚ ਇਕ ਵਾਰ ਵੀ ਉਸ ਨੇ ਚੱਕੀਆਂ ਵੱਲ ਗੇੜਾ ਨਹੀਂ ਸੀ ਮਾਰਿਆ। ਇਹ ਜੇਲ੍ਹ ਨਿਯਮਾਂ ਦੀ ਉਲੰਘਣਾ ਸੀ। ਡਾਕਟਰ ਸਜ਼ਾ ਦਾ ਭਾਗੀਦਾਰ ਸੀ। ਪਰ ਨਿਯਮਾਂ ਦੀ ਪਾਲਣਾ ਕਰਨਾ ਕੈਦੀਆਂ ਲਈ ਜ਼ਰੂਰੀ ਹੈ। ਅਧਿਕਾਰੀਆਂ ਲਈ ਨਹੀਂ।

ਫੇਰ ਉਸ ਨੂੰ ਲੱਗਾ ਇਕੱਲਾ ਡਾਕਟਰ ਹੀ ਕਿਉਂ ਸਾਰੇ ਜੇਲ੍ਹ ਕਰਮਚਾਰੀ ਸਜ਼ਾ ਦੇ ਹੱਕਦਾਰ ਹਨ। ਇਨ੍ਹਾਂ ਨੇ ਇਕੋ ਰਾਹ ਫੜਿਆ ਹੋਇਆ ਹੈ। ਪਰੇਸ਼ਾਨ ਕੈਦੀਆਂ ਨੂੰ ਹੋਰ ਪਰੇਸ਼ਾਨ ਕਰਨਾ ਅਤੇ ਫਿਰ ਲੁੱਟਣਾ। ਇਹ ਸਭ ਭ੍ਰਿਸ਼ਟ ਅਤੇ ਜ਼ਾਲਮ ਹਨ। ਸਖ਼ਤ ਸਜ਼ਾਵਾਂ ਦੇ ਹੱਕਦਾਰ ਹਨ। ਪਰ ਸਜ਼ਾ ਦੇਵੇ ਕੌਣ?

ਫੇਰ ਉਹ ਆਪਣੇ ਸਵਾਲ ਦਾ ਜਵਾਬ ਆਪ ਦੇਣ ਲੱਗਾ, “ਇਹ ਸਜ਼ਾ ਕੋਈ ਹੋਰ ਨਹੀਂ ਮੈਂ ਦੇਵਾਂਗਾ।”

“ਹਫ਼ਤਾਵਾਰੀ ਦੌਰੇ ’ਤੇ ਆਏ ਸੁਪਰਡੈਂਟ ਦਾ ਗਲਾ ਘੁਟਿਆ ਜਾਵੇ। ਡਿਪਟੀ ਦੇ ਮੂੰਹ ’ਤੇ ਗਰਮ-ਗਰਮ ਚਾਹ ਪਾਈ ਜਾਵੇ। ਸਹਾਇਕ ਦਰੋਗ਼ੇ ਦੇ ਨਲ ਮਸਲੇ ਜਾਣ।”

ਅਜਿਹਾ ਊਟ-ਪਟਾਂਗ ਸੋਚਦਾ ਹਾਕਮ ਕਦੇ ਬੜਾਉਣ ਲੱਗਦਾ ਅਤੇ ਕਦੇ ਹਵਾ ਵਿਚ ਮੁੱਕੇ ਮਾਰਨ ਲੱਗਦਾ।

ਕਦੇ-ਕਦੇ ਉਸ ਨੂੰ ਆਪਣੇ ਬੁੜ-ਬੁੜਾਉਣ ਦਾ ਅਹਿਸਾਸ ਹੁੰਦਾ। ਉਹ ਨੀਂਦ ਜਿਹੀ ਵਿਚੋਂ ਜਾਗਦਾ ਤੇ ਸੋਚਦਾ, ਬੜਾਉਣਾ ਪਾਗ਼ਲਪਨ ਦੀ ਮੁੱਢਲੀ ਨਿਸ਼ਾਨੀ ਹੈ। ਮਤਲਬ? ਸੋਚ ਕੇ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਦਾ।

ਚਾਰ ਦਿਨ ਅਤੇ ਚਾਰ ਰਾਤਾਂ ਲੰਘ ਜਾਣ ਦਾ ਹਾਕਮ ਨੂੰ ਪੂਰਾ ਚੇਤਾ ਸੀ।

ਪੰਜਵੇਂ ਦਿਨ ਉਸ ਨੂੰ ਟਪਲਾ ਲੱਗਣ ਲੱਗਾ। ਕਦੇ ਸੱਤ ਦਿਨ ਲੰਘ ਗਏ, ਤਿੰਨ ਬਾਕੀ ਹਨ। ਫੇਰ ਲੱਗਦਾ ਤਿੰਨ ਦਿਨ ਲੰਘੇ ਹਨ, ਸੱਤ ਬਾਕੀ ਹਨ।

ਤਸੱਲੀ ਲਈ ਉਸ ਨੇ ਦਾਲ ਵਿਚ ਉਂਗਲ ਭਿਉਂ ਕੇ ਕੰਧ ਉਪਰ ਲੀਕਾਂ ਮਾਰੀਆਂ। ਫੇਰ ਲਕੀਰਾਂ ਉਪਰ ਵੀ ਯਕੀਨ ਹੋਣੋਂ ਹਟ ਗਿਆ। ਕਦੇ ਉਹ ਨਵੀਂ ਲੀਕ ਮਾਰ ਦਿੰਦਾ, ਕਦੇ ਢਾਹ ਦਿੰਦਾ।

ਕਦੇ ਉਸ ਨੂੰ ਲੱਗਦਾ ਉਸ ਨੂੰ ਬੋਤਲ ਜਿੰਨਾ ਨਸ਼ਾ ਚੜ੍ਹਿਆ ਹੋਇਆ ਹੈ। ਜ਼ਮੀਨ ਘੁੰਮ ਰਹੀ ਹੈ। ਉਹ ਡਿੱਕੋ-ਡੋਲੇ ਖਾ ਰਿਹਾ ਹੈ। ਹਵਾ ਵਿਚ ਲਟਕ ਰਿਹਾ ਹੈ। ਸ਼ਰਾਬੀਆਂ ਵਾਂਗ ਹੱਸਣ, ਰੋਣ ਅਤੇ ਗਾਉਣ ਨੂੰ ਉਸ ਦਾ ਦਿਲ ਕਰਦਾ।

ਕਦੇ ਹਾਕਮ ਨੂੰ ਲੱਗਦਾ ਉਸ ਦੀ ਕੋਠੜੀ ਵਿਚ ਧੂੰਆਂ ਹੋ ਗਿਆ ਹੈ। ਉਸ ਦਾ ਦਮ ਘੁਟਣ ਲੱਗਦਾ। ਘਬਰਾਹਟ ਹੋਣ ਲੱਗਦੀ। ਉਲਟੀ ਆਉਣ ਵਾਲੀ ਹੋ ਜਾਂਦੀ।

ਉਹ ਬੈਠਣ ਦਾ ਯਤਨ ਕਰਦਾ, ਪਰ ਸਰੀਰ ਸਾਥ ਨਾ ਦਿੰਦਾ।

ਇਕ ਵਾਰ ਮਨ ਵਿਚ ਵਿਚਾਰ ਆਇਆ, “ਮੈਂ ਕਿਉਂ ਨਰਕ ਭੋਗਾਂ? ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗਾਂ। ਰਹਿੰਦੀ ਸਜ਼ਾ ਮੁਆਫ਼ ਕਰਾਵਾਂ। ਚੁੱਪ ਕਰ ਕੇ ਘਰ ਨੂੰ ਜਾਵਾਂ। ਮਾਂ-ਬਾਪ ਨੂੰ ਸੰਭਾਲਾਂ। ਨਵੇਂ ਸਿਰਿਉਂ ਜ਼ਿੰਦਗੀ ਸ਼ੁਰੂ ਕਰਾਂ। ਜਦੋਂ ਸਰਕਾਰਾਂ ਲੋਕਾਂ ਲਈ ਨਹੀਂ ਸੋਚਦੀਆਂ, ਨੇਤਾ ਲੋਕਾਂ ਲਈ ਨਹੀਂ ਸੋਚਦੇ, ਮੈਂ ਕੱਲਾ-ਕਾਰਾ ਲੋਕਾਂ ਦਾ ਕੀ ਸੰਵਾਰ ਲਵਾਂਗਾ? ਮੈਂ ਭਗਤ ਸਿੰਘ ਨਹੀਂ ਬਣ ਸਕਦਾ। ਉਸ ਨਾਲ ਲੋਕ ਸਨ। ਰਾਜ ਗੁਰੂ ਅਤੇ ਸੁਖਦੇਵ ਵਰਗੇ ਸਾਥੀ ਸਨ। ਮੈਂ ਰਾਮਚੰਦਰ ਬਣ ਕੇ ਲੰਕਾ ਨਹੀਂ ਢਾਹ ਸਕਦਾ। ਉਸ ਨਾਲ ਵੀ ਵਫ਼ਾਦਾਰ ਬਾਂਦਰਾਂ ਦੀ ਸੈਨਾ ਸੀ। ਮੈਂ ਜਿਨ੍ਹਾਂ ਬਾਂਦਰਾਂ ਲਈ ਲੜ ਰਿਹਾ ਹਾਂ, ਉਹ ਟਪੂਸੀ ਮਾਰ ਕੇ ਲੰਕੇਸ਼ ਨਾਲ ਜਾ ਰਲੇ ਹਨ। ਮੇਰੀ ਹਾਲੇ ਬਹੁਤ ਸਜ਼ਾ ਬਾਕੀ ਹੈ। ਜੇ ਅਫ਼ਸਰ ਇਸੇ ਤਰ੍ਹਾਂ ਨਰਾਜ਼ ਰਹੇ ਤਾਂ ਮੇਰੀ ਲਾਸ਼ ਹੀ ਬਾਹਰ ਜਾਏਗੀ।”

ਜਦੋਂ ਮਨ ਸਥਿਰ ਹੁੰਦਾ ਤਾਂ ਉਸ ਦੀ ਸੋਚ ਫੇਰ ਬਦਲਦੀ।

“ਮੈਂ ਮੁਆਫ਼ੀ ਕਿਉਂ ਮੰਗਾਂ? ਮੈਂ ਕੋਈ ਗੁਨਾਹ ਨਹੀਂ ਕੀਤਾ। ਇਕ ਦਿਨ ਸਭ ਨੇ ਮਰਨਾ ਹੈ। ਹੱਕਾਂ ਲਈ ਸੰਘਰਸ਼ ਕਰਦੇ ਮਰਨਾ ਹੀ ਅਸਲ ਮਰਨਾ ਹੈ। ਮੈਂ ਬਹਾਦਰਾਂ ਵਾਲੀ ਮੌਤ ਮਰਾਂਗਾ।”

ਸਵੇਰੇ ਸ਼ਾਮ ਲਾਂਗਰੀ ਲੰਗਰ ਦੇਣ ਆਉਂਦਾ ਸੀ। ਚੁੱਪ-ਚਾਪ ਪੁਰਾਣੇ ਭਾਂਡੇ ਚੁੱਕ ਲਿਜਾਂਦਾ ਅਤੇ ਨਵੇਂ ਰੱਖ ਜਾਂਦਾ ਸੀ।

ਅੱਗੇ ਜਦੋਂ ਖੜਕਾ ਹੁੰਦਾ ਤਾਂ ਹਾਕਮ ਦਾਲ ਰੋਟੀ ਦੇਣ ਆਏ ਕੈਦੀ ਦਾ ਮੂੰਹ ਦੇਖਣ ਲਈ ਉੱਠ ਕੇ ਬੈਠ ਜਾਂਦਾ। ਗੱਲਬਾਤ ਕੋਈ ਨਾ ਹੁੰਦੀ। ਫੇਰ ਵੀ ਮਨ ਨੂੰ ਧਰਵਾਸ ਮਿਲਦਾ।

ਅੱਜ ਉਸ ਨੂੰ ਨਾ ਗੇਟ ਦੇ ਖੁੱਲ੍ਹਣ ਦਾ ਖੜਕਾ ਸੁਣਿਆ, ਨਾ ਲਾਂਗਰੀ ਦੀ ਪੈੜ ਚਾਲ।

“ਵਕੀਲ ਸਾਹਿਬ, ਸੰਕਟ ਦੇ ਤਿੰਨ ਦਿਨ ਬਾਕੀ ਰਹਿ ਗਏ। ਥੋੜ੍ਹਾ ਜਿਹਾ ਹੌਸਲਾ ਹੋਰ ਰੱਖੋ। ਅੱਜ ਮੈਂ ਰਿਹਾਅ ਹੋ ਰਿਹਾ ਹਾਂ। ਇਥੋਂ ਸਿੱਧਾ ਮੈਂ ਸੰਮਤੀ ਵਾਲਿਆਂ ਕੋਲ ਜਾਵਾਂਗਾ। ਤੁਹਾਡੀ ਰਿਹਾਈ ਦਾ ਪ੍ਰਬੰਧ ਕਰਾਵਾਂਗਾ।”

ਹਾਕਮ ਨੂੰ ਲੱਗਾ ਕੈਦੀ ਕੁਝ ਕਹਿ ਰਿਹਾ ਸੀ। ਪਰ ਉਹ ਕੀ ਕਹਿ ਰਿਹਾ ਹੈ? ਕੁਝ ਕਹਿ ਵੀ ਰਿਹਾ ਹੈ ਜਾਂ ਹਾਕਮ ਨੂੰ ਭੁਲੇਖਾ ਲੱਗਾ ਹੈ, ਇਹ ਸਮਝ ਨਹੀਂ ਸੀ ਆਈ।

ਫੇਰ ਵੀ ਧੰਨਵਾਦ ਕਰਨ ਲਈ ਉਸ ਨੇ ਹੱਥ ਚੁੱਕਣ ਦਾ ਯਤਨ ਕੀਤਾ। ਹੱਥ ਚੁੱਕਿਆ ਗਿਆ ਜਾਂ ਨਹੀਂ, ਹਾਕਮ ਨੂੰ ਪਤਾ ਨਾ ਲੱਗਾ।

 

 

54

ਜਦੋਂ ਹਾਕਮ ਨੂੰ ਤਨਹਾਈ ਕੋਠੜੀ ਵਿਚ ਬੰਦ ਕਰਨ ਦੀ ਸਜ਼ਾ ਸੁਣਾਈ ਗਈ, ਉਦੋਂ ਮੁਸੱਦੀ ਦੀ ਰਿਹਾਈ ਵਿਚ ਇਕ ਹਫ਼ਤਾ ਬਾਕੀ ਸੀ।

ਮੁਸੱਦੀ ਨੂੰ ਪਤਾ ਸੀ ਤਨਹਾਈ ਕੋਠੜੀ ਵਿਚ ਖਾਣਾ ਲਿਜਾਣ ਵਾਲੇ ਕੈਦੀ ਦੀ ਚੋਣ ਬੜੇ ਧਿਆਨ ਨਾਲ ਹੁੰਦੀ ਹੈ। ਉਹ ਇਰਾਦੇ ਦਾ ਪੱਕਾ ਅਤੇ ਆਪਣੇ ਆਪ ਉੱਪਰ ਜ਼ਾਬਤਾ ਰੱਖਣ ਵਾਲਾ ਹੋਵੇ। ਕੈਦੀ ਨਾਲ ਅੱਖ ਨਾ ਮਿਲਾਵੇ। ਪ੍ਰਸ਼ਾਸਨ ਨੂੰ ਡਰ ਰਹਿੰਦਾ ਹੈ ਕਿ ਕੁਝ ਮਿੰਟਾਂ ਦੀ ਗੱਲਬਾਤ ਹੀ ਇਕੱਲ ਕਾਰਨ ਤੜਫ ਰਹੇ ਕੈਦੀ ਨੂੰ ਰਾਹਤ ਪਹੁੰਚਾ ਸਕਦੀ ਹੈ। ਸਜ਼ਾ ਦਾ ਮਕਸਦ ਅਸਫ਼ਲ ਕਰ ਸਕਦੀ ਹੈ। ਇਹ ਵਿਸ਼ੇਸ਼ ਜ਼ਿੰਮੇਵਾਰੀ ਉਸ ਕੈਦੀ ਨੂੰ ਸੌਂਪੀ ਜਾਂਦੀ ਹੈ ਜਿਸ ਦੀ ਪ੍ਰਸ਼ਾਸਨ ਪ੍ਰਤੀ ਵਫ਼ਾਦਾਰੀ ਨਿਰਖੀ-ਪਰਖੀ ਹੁੰਦੀ ਹੈ।

ਮੁਜਰਮ ਆਖ਼ਰ ਮੁਜਰਮ ਹੈ। ਕਿਸੇ ਵੀ ਸਮੇਂ ਪ੍ਰਸ਼ਾਸਨ ਨਾਲ ਗ਼ਦਾਰੀ ਕਰ ਕੇ ਭਾਈਚਾਰੇ ਨਾਲ ਰਲ ਸਕਦਾ ਹੈ। ਕੈਦੀ ਨੂੰ ਚੁਕੰਨਾ ਰੱਖਣ ਲਈ ਉਸ ਦੇ ਸਿਰ ’ਤੇ ਤਲਵਾਰ ਲਟਕਾਈ ਜਾਂਦੀ ਹੈ। ਚੋਣ ਉਸ ਕੈਦੀ ਦੀ ਹੁੰਦੀ ਹੈ ਜਿਸ ਦੀ ਰਿਹਾਈ ਵਿਚ ਕੁਝ ਹੀ ਦਿਨ ਬਚਦੇ ਹੋਣ। ਨਾਲ ਸਾਫ਼ ਸ਼ਬਦਾਂ ਵਿਚ ਸਮਝਾ ਦਿੱਤਾ ਜਾਂਦਾ ਹੈ, “ਜੇ ਕੰਮ ਵਿਚ ਕੁਤਾਹੀ ਹੋਈ ਤਾਂ ਪਹਿਲੀਆਂ ਮੁਆਫ਼ੀਆਂ ਰੱਦ ਹੋ ਜਾਣਗੀਆਂ। ਰਿਹਾਈ ਟਲ ਜਾਏਗੀ।” ਕੈਦੀ ਹੋਰ ਚੰਗਾ-ਮਾੜਾ ਸਭ ਬਰਦਾਸ਼ਤ ਕਰ ਸਕਦਾ ਹੈ ਪਰ ਰਿਹਾਈ ਟਲਦੀ ਨਹੀਂ ਦੇਖ ਸਕਦਾ। ਡਰਦਾ ਉਹ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਦਾ ਹੈ।

ਮੁਸੱਦੀ ਦੋਵੇਂ ਸ਼ਰਤਾਂ ਪੂਰੀਆਂ ਕਰਦਾ ਸੀ। ਉਹ ਪਹਿਲੇ ਦਿਨੋਂ ਜੇਲ੍ਹ ਅਧਿਕਾਰੀਆਂ ਦਾ ਚਹੇਤਾ ਸੀ। ਪਰ ਜਦੋਂ ਤੋਂ ਉਸ ਨੇ ਆਪਣੇ ਹਾਕਮ ਦੇ ਵਿਰੁੱਧ ਗਵਾਹੀ ਦਿੱਤੀ ਸੀ, ਉਦੋਂ ਤੋਂ ਉਹ ਅਫ਼ਸਰਾਂ ਦੀਆਂ ਨਜ਼ਰਾਂ ਵਿਚ ਹੋਰ ਉੱਚਾ ਉੱਠ ਗਿਆ ਸੀ।

ਮੁਸੱਦੀ ਦਾ ਮਨ ਆਖਦਾ ਸੀ ਕਿ ਹਾਕਮ ਦੇ ਚੱਕੀ ਵਿਚ ਖਾਣਾ ਪਹੁੰਚਾਉਣ ਲਈ ਉਸ ਨੂੰ ਚੁਣਿਆ ਜਾਏਗਾ। ਵਫ਼ਾਦਾਰੀ ਕਾਰਨ ਨਹੀਂ, ਸਬਕ ਸਿਖਾਉਣ ਲਈ। ਸਭ ਨੂੰ ਪਤਾ ਸੀ ਕਿ ਉਹ ਹਾਕਮ ਦਾ ਚੇਲਾ ਹੈ। ਗੁਰੂ ਨੂੰ ਸਬਕ ਸਿਖਾਇਆ ਜਾ ਰਿਹਾ ਸੀ। ਹੁਣ ਚੇਲੇ ਦੀ ਵਾਰੀਸੀ।

ਇਹ ਸੱਚ ਸੀ। ਹਾਕਮ ਅਤੇ ਮੁਸੱਦੀ ਦੀ ਬੁੱਕਲ ਸਾਂਝੀ ਸੀ। ਹਾਕਮ ਪ੍ਰਸ਼ਾਸਨ ਵਿਰੁੱਧ ਜੋ ਚਿੱਠੀ ਲਿਖਦਾ ਸੀ ਉਹ ਮੁਸੱਦੀ ਟਾਈਪ ਕਰਦਾ ਸੀ। ਉਹ ਸ਼ਿਕਾਇਤ ਪੇਸ਼ੀ ਭੁਗਤਣ ਜਾ ਰਹੇ ਕੈਦੀ ਦੇ ਹਵਾਲੇ ਕਰਦਾ ਸੀ ਅਤੇ ਅਗਾਂਹ ਡਾਕ ਵਿਚ ਪਵਾਉਂਦਾ ਸੀ।

ਮਜਬੂਰੀ ਵੱਸ ਮੁਸੱਦੀ ਨੇ ਹਾਕਮ ਨਾਲ ਗ਼ਦਾਰੀ ਕੀਤੀ। ਉਸ ਵਿਰੁੱਧ ਝੂਠੀ ਗਵਾਹੀ ਦਿੱਤੀ ਸੀ। ਉਹ ਕਿਹੜੇ ਮੂੰਹ ਨਾਲ ਹਾਕਮ ਦੇ ਮੱਥੇ ਲੱਗੇ। ਉਸ ਨੂੰ ਇਹ ਚਿੰਤਾ ਲੱਗੀ ਹੋਈ ਸੀ।

ਹਾਕਮ ਨੂੰ ਯਾਦ ਕਰਦਿਆਂ ਹੀ ਜੇਲ੍ਹ ਯਾਤਰਾ ਦੇ ਪਹਿਲੇ ਦਿਨ ਦਾ ਭਿਆਨਕ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਉੱਭਰ ਪੈਂਦਾ ਸੀ।

ਸਜ਼ਾ ਉਸ ਨੂੰ ਆਪਣੇ ਉਸਤਾਦ ਦਾ ਸਿਰ ਤੋੜਨ ਦੇ ਜੁਰਮ ਵਿਚ ਹੋਈ ਸੀ। ਇਹ ਕੌੜਾ ਘੁੱਟ ਉਸ ਨੂੰ ਮਜਬੂਰੀ ਵੱਸ ਭਰਨਾ ਪਿਆ ਸੀ।

 

ਮੁਸੱਦੀ ਦੇ ਜੇਲ੍ਹ ਵਿਚ ਪੈਰ ਧਰਦਿਆਂ ਹੀ ਸਾਰੀ ਜੇਲ੍ਹ ਵਿਚ ਖ਼ਬਰ ਫੈਲ ਗਈ, “ਕੁੜੀਆਂ ਵਰਗਾ ਮੁੰਡਾ ਆਇਆ ਹੈ। ਜਿਸ ਨੇ ਮੌਜਾਂ ਕਰਨੀਆਂ ਹਨ ਉਸ ਨੂੰ ਆਪਣੀ ਬੈਰਕ ਵਿਚ ਲੈ ਆਵੇ।’ ਲੌਂਡਿਆਂ ਦੇ ਸ਼ੌਕੀਨ ਡਿਉੜੀ ਵੱਲ ਦੌੜੇ। ਮੁਸੱਦੀ ਦੇ ਸਰੀਰ ਦੀ ਪਰਖ ਗਾਵਾਂ-ਮੱਝਾਂ ਵਾਂਗ ਹੋਣ ਲੱਗੀ। ਕੋਈ ਗੱਲ੍ਹਾਂ ਪੁੱਟਦਾ, ਕੋਈ ਹਿੱਕ ਟੋਂਹਦਾ ਅਤੇ ਕੋਈ ਪੱਟਾਂ ’ਤੇ ਹੱਥ ਫੇਰਦਾ। ਅੱਖਾਂ ਭਰੀ ਮੁਸੱਦੀ ਜੇਲ੍ਹ ਕਰਮਚਾਰੀਆਂ ’ਤੇ ਹੈਰਾਨ ਹੁੰਦਾ ਰਿਹਾ। ਕੁਕਰਮ ਨੂੰ ਰੋਕਣ ਦੀ ਥਾਂ ਕੈਦੀਆਂ ਨਾਲ ਰਲ ਕੇ ਉਹ ਹਿੜ-ਹਿੜ ਕਰਦੇ ਰਹੇ।

ਉਸ ਦੀ ਬੋਲੀ ਹੋਣ ਲੱਗੀ। ਹਰ ਕੋਈ ਉਸ ਨੂੰ ਆਪਣੇ ਨਾਲ ਲਿਜਾਣ ਲਈ ਕਾਹਲਾ ਪੈਣ ਲੱਗਾ।

ਮੁਸੱਦੀ ਨੇ ਅੱਖਾਂ ਮੀਚ ਕੇ ਆਰਾਧਨਾ ਕੀਤੀ। ਝੱਟ ਉਸ ਦੀ ਸੁਣੀ ਗਈ। ਝੱਟ ਭਗਵਾਨ *ਸ਼ਨ ਹਾਕਮ ਦੇ ਰੂਪ ਵਿਚ ਪੁੱਜ ਗਿਆ। ਮੁਸੱਦੀ ਦੀ ਪੱਤ ਬਚ ਗਈ।

ਹਾਕਮ ਨੇ ਮੁਸੱਦੀ ਨੂੰ ਫ਼ੈਕਟਰੀਉਂ ਕਢਵਾਇਆ, ਦਫ਼ਤਰ ਵਿਚ ਲਗਵਾਇਆ। ਫੇਰ ਪੜ੍ਹਨੇ ਪਾਇਆ।

ਬੱਕਰੇ ਦੀ ਮਾਂ ਕਦੋਂ ਤਕ ਸੁਖ ਮਨਾਉਂਦੀ। ਰਿਹਾਈ ਤੋਂ ਦੋ ਦਿਨ ਪਹਿਲਾਂ ਸੁਨੇਹਾ ਆ ਗਿਆ, “ਕੱਲ੍ਹ ਤੋਂ ਤੂੰ ਤਨਹਾਈ ਚੱਕੀਆਂ ਵਿਚ ਜਾਣਾ ਹੈ।”

ਕੱਲ੍ਹ ਉਹ ਪਹਿਲੀ ਵਾਰ ਉਧਰ ਗਿਆ ਸੀ। ਸਾਰੇ ਰਾਹ ਆਪਣੇ ਹੱਕ ਵਿਚ ਤਰਕ ਘੜਦਾ ਰਿਹਾ ਸੀ।

“ਹਾਕਮ ਦੁੱਧ ਪੀਂਦਾ ਬੱਚਾ ਨਹੀਂ। ਉਸ ਨੂੰ ਪਤਾ ਹੈ ਕਿ ਜੇਲ੍ਹ ਵਿਚ ਕੈਦੀ ਦੀ ਆਪਣੀ ਮਰਜ਼ੀ ਨਹੀਂ ਚੱਲਦੀ। ਉਹ ਮੇਰੀ ਮਜਬੂਰੀ ਸਮਝਦਾ ਹੋਏਗਾ। ਹੁਣ ਤਕ ਮੈਨੂੰ ਮੁਆਫ਼ ਕਰ ਚੁੱਕਾ ਹੋਏਗਾ।”

ਬੈਰਕ ਦੇ ਗੇਟ ਕੋਲ ਜਾ ਕੇ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ। ਲੱਗਾ ਕੋਈ ਪਿੱਛਾ ਕਰ ਰਿਹਾ ਹੈ।

“ਜੇਲ੍ਹ ਅਧਿਕਾਰੀਆਂ ਨੂੰ ਪਤਾ ਹੈ। ਹਾਕਮ ਨੂੰ ਤਕਲੀਫ਼ ਵਿਚ ਦੇਖ ਕੇ ਮੈਥੋਂ ਜ਼ਾਬਤਾ ਨਹੀਂ ਰੱਖ ਹੋਣਾ। ਮੈਂ ਉਸ ਦਾ ਹਾਲ-ਚਾਲ ਪੁੱਛ ਲੈਣਾ ਹੈ। ਜਸੂਸ ਨੇ ਮੈਨੂੰ ਰੰਗੇ ਹੱਥੀਂ ਫੜ ਲੈਣਾ ਹੈ। ਹਾਕਮ ਦੇ ਨਾਲ ਦੀ ਚੱਕੀ ਵਿਚ ਡੱਕ ਦੇਣਾ ਹੈ। ਮੈਂ ਪ੍ਰਸ਼ਾਸਨ ਦੇ ਇਰਾਦੇ ਕਾਮਯਾਬ ਨਹੀਂ ਹੋਣ ਦੇਣੇ।”

ਅਜਿਹਾ ਊਟ-ਪਟਾਂਗ ਸੋਚਦੇ ਮੁਸੱਦੀ ਨੇ ਇੰਜ ਹੀ ਕੀਤਾ। ਰੋਟੀ-ਟੁੱਕ ਕੋਠੜੀ ਅੱਗੇ ਰੱਖਿਆ ਅਤੇ ਪਿੱਛੇ ਨੂੰ ਸ਼ੂਟ ਵੱਟ ਦਿੱਤੀ।

ਕਾਇਰਾਂ ਵਾਲੀ ਇਹ ਦੌੜ ਸਾਰੀ ਰਾਤ ਉਸ ਨੂੰ ਦੁੜਾਉਂਦੀ ਰਹੀ। ਉਹ ਸੋਚਦਾ ਰਿਹਾ, “ਮੈਂ ਇੰਨਾ ਕਿਉਂ ਡਰ ਗਿਆ ਸੀ? ਜੇ ਮੈਂ ਗੱਲਬਾਤ ਕਰਦਾ ਫੜਿਆ ਜਾਂਦਾ ਤਾਂ ਸਜ਼ਾ ਹੀ ਹੁੰਦੀ। ਦੋ-ਚਾਰ ਮਹੀਨੇ ਦੀ ਸਜ਼ਾ ਹੋਰ ਵਧ ਜਾਂਦੀ। ਮੇਰੇ ਪਾਪ ਕੱਟੇ ਜਾਂਦੇ। ਘਰ ਕਿਹੜਾ ਚੂੜੇ ਵਾਲੀ ਉਡੀਕਦੀ ਹੈ। ਬੁੱਢੀ ਮਾਂ ਹੈ। ਜਿਥੇ ਚਾਰ ਸਾਲ ਰੋ-ਧੋ ਕੇ ਕੱਟ ਲਏ, ਚਾਰ ਮਹੀਨੇ ਹੋਰ ਕੱਟ ਲੈਂਦੀ। ਮੈਨੂੰ ਆਪਣੇ ਉਸਤਾਦ ਨੂੰ ਪਿੱਠ ਨਹੀਂ ਸੀ ਦਿਖਾਉਣੀ ਚਾਹੀਦੀ।”

ਸਵੇਰ ਤਕ ਉਸ ਨੇ ਮਨ ਤਕੜਾ ਕਰ ਲਿਆ। ਹਾਕਮ ਦੀ ਮਦਦ ਕਰਨ ਦਾ ਫ਼ੈਸਲਾ ਕਰ ਲਿਆ।

 

ਸਵੇਰ ਦੀ ਗਿਣਤੀ ਸਮੇਂ ਮੁਸੱਦੀ ਨੇ ਪਾਲੇ ਮੀਤੇ ਨੂੰ ਲੱਭਿਆ। ਉਹਨਾਂ ਤੋਂ ਸੰਮਤੀ ਵਾਲਿਆਂ ਦੇ ਨਾਂ-ਪਤੇ ਨੋਟ ਕੀਤੇ ਅਤੇ ਜੇਬ ਵਿਚ ਪਾ ਲਏ।

ਤੇ ਮਨ ਤਕੜਾ ਕਰ ਕੇ ਹੁਣ ਉਹ ਫੇਰ ਤਨਹਾਈ ਕੋਠੜੀਆਂ ਵੱਲ ਜਾ ਰਿਹਾ ਸੀ।

ਅੱਜ ਨਾ ਉਸ ਨੂੰ ਕਿਸੇ ਜਸੂਸ ਦਾ ਭੁਲੇਖਾ ਪਿਆ, ਨਾ ਉਸ ਨੇ ਪਿਛਾਂਹ ਮੁੜ ਕੇ ਦੇਖਿਆ।

ਬੈਰਕ ਕੋਲ ਜਾ ਕੇ ਉਸ ਨੇ ਖੰਘਣਾ ਸ਼ੁਰੂ ਕੀਤਾ। ਕੋਠੜੀ ਕੋਲ ਜਾ ਕੇ ਪੈੜ-ਚਾਲ ਤੇਜ਼ ਕੀਤੀ। ਉਸ ਦਾ ਖ਼ਿਆਲ ਸੀ ਕਿ ਖੜਕਾ ਸੁਣ ਕੇ ਹਾਕਮ ਸੁਚੇਤ ਹੋ ਜਾਏਗਾ। ਉੱਠ ਕੇ ਬੈਠ ਜਾਏਗਾ। ਉਸ ਨੂੰ ਵਾਧੂ ਗੱਲਾਂ ਕਰਨ ਦਾ ਮੌਕਾ ਮਿਲ ਜਾਏਗਾ।

ਪਰ ਇਹ ਉਸ ਦੇ ਹਵਾਈ ਕਿਲ੍ਹੇ ਸਨ। ਹਾਕਮ ਅੱਧ-ਮੋਇਆ ਹੋਇਆ ਪਿਆ ਸੀ। ਉਸ ਦਾ ਮੂੰਹ ਅੱਧਾ ਖੁੱਲ੍ਹਾ ਸੀ। ਵਿਚ ਮੱਖੀਆਂ ਉੱਡ ਰਹੀਆਂ ਸਨ। ਜਾਪਦਾ ਸੀ ਉਸ ਵਿਚ ਮੱਖੀਆਂ ਉਡਾਉਣ ਦੀ ਹਿੰਮਤ ਨਹੀਂ ਸੀ।

ਉਸ ਦੇ ਸਰੀਰ ਵਿਚੋਂ ਬੋ ਆ ਰਹੀ ਸੀ। ਜਾਪਦਾ ਸੀ ਟੱਟੀ ਪਿਸ਼ਾਬ ਵਿਚੇ ਨਿਕਲ ਗਿਆਸੀ।

“ਵਕੀਲ ਦੀ ਅਕਲ ਨੂੰ ਪਤਾ ਨਹੀਂ ਕੀ ਹੋ ਗਿਆ? ਇਸ ਕਾਲ-ਕੋਠੜੀ ਵਿਚ ਭੱਖ ਹੜਤਾਲ ਦਾ ਕੀ ਫ਼ਾਇਦਾ?” ਸੋਚਦੇ ਮੁਸੱਦੀ ਨੇ ਸਥਿਤੀ ਦਾ ਜਾਇਜ਼ਾ ਲਿਆ।

ਮੁਸੱਦੀ ਨੇ ਹਾਕਮ ਦਾ ਸਰੀਰ ਟੋਹਿਆ। ਉਹ ਭੱਠ ਵਾਂਗ ਤਪ ਰਿਹਾ ਸੀ।

ਹਾਕਮ ਮੁਸੱਦੀ ਨੂੰ ਪਹਿਚਾਨਣ ਦਾ ਯਤਨ ਕਰਨ ਲੱਗਾ, ਪਰ ਕੁਝ ਸਮਝ ਨਾ ਆਇਆ।

ਮੁਸੱਦੀ ਦੀਆਂ ਅੱਖਾਂ ਭਰ ਆਈਆਂ। ਉਸ ਦਾ ਮਨ ਭੁੱਬਾਂ ਮਾਰ ਕੇ ਰੋਣ ਨੂੰ ਕੀਤਾ।

ਮੁਸੱਦੀ ਚਾਹੁੰਦਾ ਸੀ ਕਿ ਹਾਕਮ ਉਸ ਕੋਲ ਬੈਠੇ। ਉਸ ਦੀ ਸੇਵਾ ਕਰੇ। ਉਸ ਨਾਲ ਗੱਲਾਂ ਕਰੇ। ਪਰ ਸਿਰ ’ਤੇ ਆ ਖੜੇ ਸੰਤਰੀ ਨੇ ਪੇਸ਼ ਨਾ ਜਾਣ ਦਿੱਤੀ।

ਪਹਿਲਾਂ ਮੁਸੱਦੀ ਨੇ ਬੈਰਕ ਦੇ ਚੀਫ਼ ਵਾਰਡਰ ਨੂੰ ਸੂਚਿਤ ਕੀਤਾ, “ਹਾਕਮ ਦੀ ਹਾਲਤ ਤਰਸਯੋਗ ਹੈ।” ਉਸ ਦੇ ਕੰਨ ’ਤੇ ਜੂੰ ਨਾ ਸਰਕੀ। ਕੈਦੀ ਦਾ ਮਰਨਾ ਜਾਂ ਪਾਗ਼ਲ ਹੋਣਾ ਆਮ ਜਿਹਾ ਵਰਤਾਰਾ ਸੀ।

ਚੱਕਰ ਵਿਚ ਆ ਕੇ ਉਸ ਨੇ ਸਹਾਇਕ ਦਰੋਗ਼ੇ ਨੂੰ ਝੰਜੋੜਿਆ। ਦਰੋਗ਼ੇ ਨੇ ਖ਼ੁਸ਼ੀ ਮਨਾਈ। “ਇਹੋ ਤਾਂ ਅਸੀਂ ਚਾਹੁੰਦੇ ਹਾਂ।” ਆਖ ਕੇ ਉਸ ਨੇ ਮੂੰਹ ਦੂਜੇ ਪਾਸੇ ਕਰ ਲਿਆ।

ਡਿਉੜੀ ਵਿਚ ਆ ਕੇ ਉਸ ਨੇ ਡਿਪਟੀ ਕੋਲ ਦੁਹਾਈ ਪਾਈ।

ਡਿਪਟੀ ਨੇ ਮੁਸੱਦੀ ਨੂੰ ਡਾਂਟਿਆ, “ਆਪਣਾ ਮੂੰਹ ਖੋਲ੍ਹ ਕੇ ਤੂੰ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈਂ। ਜੇ ਤੂੰ ਸਾਡਾ ਵਫ਼ਾਦਾਰ ਨਾ ਹੁੰਦਾ ਅਤੇ ਅੱਜ ਤੇਰੀ ਰਿਹਾਈ ਦਾ ਦਿਨ ਨਾ ਹੰਦਾ ਤਾਂ ਮੈਂ ਤੈਨੂੰ ਕਰੜੀ ਸਜ਼ਾ ਦਿੰਦਾ।”

ਮੁਸੱਦੀ ਕਿਸੇ ਹੋਰ ਕੋਲ ਭਾਂਡਾ ਨਾ ਭੰਨ ਦੇਵੇ, ਇਸ ਲਈ ਜੇਲ੍ਹ ਸੁਪਰਡੈਂਟ ਨੇ ਚਾਰ ਘੰਟੇ ਪਹਿਲਾਂ ਹੀ ਉਸ ਦੀ ਰਿਹਾਈ ਦਾ ਵਾਰੰਟ ਬਣਾਇਆ ਅਤੇ ਉਸ ਨੂੰ ਜੇਲ੍ਹੋਂ ਬਾਹਰ ਕੱਢ ਦਿੱਤਾ।

ਵੱਡੇ ਦਰਵਾਜ਼ਿਉਂ ਬਾਹਰ ਨਿਕਲਦੇ ਹੀ ਮੁਸੱਦੀ ਦੇ ਨਵੇਂ ਖੰਭ ਨਿਕਲ ਆਏ। ਹੁਣ ਉਹ ਜੋ ਜੀਅ ਆਵੇ ਬੋਲ ਸਕਦਾ ਸੀ, ਜਿਧਰ ਦਿਲ ਕਰੇ ਉਡਾਰੀ ਮਾਰ ਸਕਦਾ ਸੀ।

ਝੱਟ-ਪੱਟ ਉਹ ਬੱਸ ਸਟੈਂਡ ਗਿਆ ਅਤੇ ਸੰਮਤੀ ਵਾਲੇ ਬਾਬੇ ਦੇ ਸ਼ਹਿਰ ਜਾਣ ਵਾਲੀ ਬੱਸ ਚੜ੍ਹ ਗਿਆ।

 

 

55

ਹਾਕਮ ਸਿੰਘ ਦੀ ਹਾਲਤ ਬਾਰੇ ਸੁਣ ਕੇ ਬਾਬਾ ਗੁਰਦਿੱਤ ਸਿੰਘ ਦੀਆਂ ਅੱਖਾਂ ਭਰ ਆਈਆਂ।

“ਲਾਲ ਗੁਦੜੀਆਂ ਵਿਚ ਰੁਲ ਰਿਹਾ ਹੈ। ਉਸ ਨੂੰ ਸੰਭਾਲਣਾ ਚਾਹੀਦਾ ਹੈ।”

ਕਾਨੂੰਨੀ ਚਾਰਾਜੋਈ ਕਰਨ ਲਈ ਬਾਬੇ ਨੇ ਲੀਗਲ ਸੈੱਲ ਦੀ ਮੀਟਿੰਗ ਬੁਲਾਈ।

ਲੀਗਲ ਸੈੱਲ ਵਾਲੇ ਹਾਕਮ ਵੱਲੋਂ ਕੀਤੇ ਕੰਮਾਂ ਬਾਰੇ ਸੁਣ ਕੇ ਮੂੰਹ ਵਿਚ ਉਂਗਲਾਂ ਪਾਉਣ ਲੱਗੇ। ਸੰਮਤੀ ਵਾਲੇ ਕਦੇ-ਕਦੇ ਪਾਲੇ ਮੀਤੇ ਨੂੰ ਮਿਲਣ ਕੇਂਦਰੀ ਜੇਲ੍ਹ ਜਾਂਦੇ ਹੁੰਦੇ ਸਨ। ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਗ਼ਰੀਬ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਵਿੱਢੀ ਮੁਹਿੰਮ ਬਾਰੇ ਵੀ ਸੁਣਿਆ ਸੀ। ਉਹਨਾਂ ਸੋਚਿਆ ਸੀ ਕਿ ਸੁਪਰੀਮ ਕੋਰਟ ਤੋਂ ਡਰਦੀ ਇਹ ਕੰਮ ਸੂਬਾ ਸਰਕਾਰ ਕਰ ਰਹੀ ਹੈ। ਪਤਾ ਹੁੰਦਾ ਕਿ ਇਹ ਕੰਮ ਹਾਕਮ ਦੇ ਪੈਰੋਂ ਸ਼ੁਰੂ ਹੋਇਆ ਹੈ ਤਾਂ ਸੰਮਤੀ ਝੱਟ ਉਸ ਨਾਲ ਸੰਪਰਕ ਕਰਦੀ, ਉਸ ਦੀ ਮੁਹਿੰਮ ਨੂੰ ਹੋਰ ਅੱਗੇ ਤੋਰਦੀ।

ਸੱਤ ਦਿਨ ਤਨਹਾਈ ਵਿਚ ਰਹਿਣ ਕਾਰਨ ਹਾਕਮ ਦੀ ਜੋ ਹਾਲਤ ਹੋਈ ਸੀ ਉਸ ਤੋਂ ਬਾਅਦ ਇਹ ਨਹੀਂ ਆਖਿਆ ਜਾ ਸਕਦਾ ਕਿ ਡੁੱਲੇ੍ਹ ਬੇਰਾਂ ਦਾ ਕੁਝ ਨਹੀਂ ਵਿਗੜਿਆ। ਬੇਰਾਂ ਦਾ ਬਹੁਤ ਕੁਝ ਵਿਗੜ ਚੁੱਕਾ ਸੀ। ਕੁਝ ਬਚਦਾ ਹੋਵੇ ਤਾਂ ਬਚਾ ਲੈਣਾ ਚਾਹੀਦਾ ਹੈ।

ਫੌਰੀ ਤੌਰ ’ਤੇ ਹਾਕਮ ਨੂੰ ਕੀੜਿਆਂ ਦੇ ਭੌਣ ਤੋਂ ਕਿਵੇਂ ਬਚਾਇਆ ਜਾਵੇ, ਇਸ ਬਾਰੇ ਗੁਰਮੀਤ ਸਿੰਘ ਸੁਝਾਉਣ ਲੱਗਾ।

“ਕਾਨੂੰਨੀ ਚਾਰਾਜੋਈ ਨਾਲ ਫੌਰੀ ਸਹਾਇਤਾ ਸੰਭਵ ਨਹੀਂ ਹੈ। ਸਥਾਨਕ ਅਦਾਲਤਾਂ ਨੂੰ ਜੇਲ੍ਹ ਪ੍ਰਸ਼ਾਸਨ ਦੇ ਕੰਮ ਵਿਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ। ਰਿਟ ਹਾਈ ਕੋਰਟ ਵਿਚ ਦਾਇਰ ਕਰਨੀ ਪਏਗੀ।  ਸਜ਼ਾ ਸੁਣਾਉਣ ਬਾਅਦ ਆਦਲਤ ਦਾ ਕੈਦੀ ਉਪਰ ਅਧਿਕਾਰ ਖ਼ਤਮ ਹੋ ਜਾਂਦਾ ਹੈ। ਸਰਕਾਰ ਕੈਦੀ ਨਾਲ ਜਿਸ ਤਰ੍ਹਾਂ ਮਰਜ਼ੀ ਨਜਿੱਠੇ। ਹਾਈ ਕੋਰਟ ਕੋਲੋਂ ਵੀ ਰਾਹਤ ਮਿਲਣੀ ਯਕੀਨੀ ਨਹੀਂ। ਇਸ ਲਈ ਅਦਾਲਤ ਦਾ ਦਰਵਾਜ਼ਾ ਸੋਚ-ਸਮਝ ਕੇ ਅਤੇ ਪੂਰੀ ਤਿਆਰੀ ਬਾਅਦ ਖੜਕਾਵਾਂਗੇ।

“ਲੋਹੇ ਨੂੰ ਕੱਟਣ ਲਈ ਅਸੀਂ ਲੋਹੇ ਦਾ ਪ੍ਰਯੋਗ ਕਰਾਂਗੇ। ਕਾਨੂੰਨੀ ਚਾਰਾਜੋਈ ਦੀ ਥਾਂ ਇਸ ਲਈ ਸੰਘਰਸ਼ ਵਿੱਢਾਂਗੇ। ਜੇਲ੍ਹ ਪ੍ਰਸ਼ਾਸਨ ਨੂੰ ਇਹ ਜਤਾਉਣ ਲਈ ਕਿ ਸੰਘਰਸ਼ ਸੰਮਤੀ ਨੇ ਹਾਕਮ ਦਾ ਕੇਸ ਆਪਣੇ ਹੱਥ ਵਿਚ ਲੈ ਲਿਆ ਹੈ, ਤਿੰਨ ਵਕੀਲਾਂ ਦੀ ਇਕ ਟੀਮ ਹਾਕਮ ਦੀ ਮੁਲਾਕਾਤ ਲਈ ਜੇਲ੍ਹ ਜਾਏਗੀ। ਇੰਨੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਸਰਕਣ ਲੱਗ ਪਏਗੀ।”

 

ਮੁਸੱਦੀ ਨੇ ਸੰਮਤੀ ਨੂੰ ਇਕ ਹੋਰ ਸੂਚਨਾ ਵੀ ਦਿੱਤੀ ਸੀ। ਉਹ ਕਹਿੰਦਾ ਸੀ।

“ਹਾਕਮ ਨੇ ਬੇਨਾਮੀ ਸ਼ਿਕਾਇਤਾਂ ਇਕ ਦੋ ਹੀ ਕੀਤੀਆਂ ਹਨ। ਉਹਨਾਂ ਦਸਤਾਵੇਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਹੜੇ ਉਸ ਨੇ ਜੇਲ੍ਹ ਸੁਧਾਰਾਂ ਸੰਬੰਧੀ ਲਿਖੇ ਹਨ। ਇਹ ਸੁਝਾਅ ਉਸ ਨੇ ਹਾਈ ਕੋਰਟ ਅਤੇ ਮਨੱਖੀ ਅਧਿਕਾਰ ਕਮਿਸ਼ਨ ਨੂੰ ਭੇਜੇ ਹਨ। ਕਦੇ-ਕਦੇ ਸਰਕਾਰ ਉਹਨਾਂ ਦਸਤਾਵੇਜ਼ਾਂ ਉਪਰ ਜੇਲ੍ਹ ਪ੍ਰਸ਼ਾਸਨ ਕੋਲੋਂ ਟਿੱਪਣੀ ਮੰਗਦੀ ਹੁੰਦੀ ਸੀ। ਬਾਅਦ ਵਿਚ ਇਹ ਦਸਤਾਵੇਜ਼ ਪਤਾ ਨਹੀਂ ਕਿਥੇ ਗੁਆਚ ਜਾਂਦੇ ਹਨ। ਕਦੇ ਕਿਸੇ ਸੁਝਾਅ ’ਤੇ ਅਮਲ ਨਹੀਂ ਹੋਇਆ।”

“ਹਾਈ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲੋਂ ਇਹ ਦਸਤਾਵੇਜ਼ ਹਾਸਲ ਕੀਤੇ ਜਾਣ।” ਬਾਬੇ ਨੇ ਹਾਈ ਕੋਰਟ ਇਕਾਈ ਨੂੰ ਸੰਦੇਸ਼ ਭੇਜਿਆ।

ਗੁਰਮੀਤ ਸਿੰਘ ਦੀ ਅਗਵਾਈ ਵਿਚ ਵਕੀਲਾਂ ਦਾ ਤਿੰਨ-ਮੈਂਬਰੀ ਵਫ਼ਦ ਬਣਾਇਆ ਗਿਆ।

“ਕੱਲ੍ਹ ਨੂੰ ਦਫ਼ਤਰ ਖੁੱਲ੍ਹਦਿਆਂ ਹੀ ਜੇਲ੍ਹ ਪ੍ਰਸ਼ਾਸਨ ’ਤੇ ਧਾਵਾ ਬੋਲਿਆ ਜਾਵੇ।”

ਬਾਬੇ ਵੱਲੋਂ ਵਫ਼ਦ ਨੂੰ ਇਹ ਹੁਕਮ ਸੁਣਾਇਆ ਗਿਆ।

 

 

56

ਸੰਮਤੀ ਦੇ ਵਕੀਲ ਹਾਕਮ ਨੂੰ ਮਿਲਣ ਆਏ ਹਨ, ਇਹ ਸੁਨੇਹਾ ਮਿਲਦਿਆਂ ਹੀ ਜੇਲ੍ਹ ਅਧਿਕਾਰੀਆਂ ਨੂੰ ਪਿੱਸੂ ਪੈ ਗਏ।

ਝੱਟ ਉਹ ਸਿਰ ਜੋੜ ਕੇ ਬੈਠ ਗਏ।

“ਵਫ਼ਦ ਨੂੰ ਕਿਸ ਤਰ੍ਹਾਂ ਬੇਰੰਗ ਮੋੜਿਆ ਜਾਵੇ?” ਇਸ ਮੁੱਦੇ ’ਤੇ ਵਿਚਾਰ ਹੋਣ ਲੱਗੀ।

“ਹਾਕਮ ਦੀ ਅਪੀਲ ਸੁਪਰੀਮ ਕੋਰਟ ਤਕ ਰੱਦ ਹੋ ਚੁੱਕੀ ਹੈ। ਹੇਠਲੀ ਜਾਂ ਉਤਲੀ ਕਿਸੇ ਵੀ ਅਦਾਲਤ ਵਿਚ ਮਾਮਲਾ ਵਿਚਾਰ ਅਧੀਨ ਨਹੀਂ ਹੈ। ਇਸ ਲਈ ਹਾਕਮ ਨੂੰ ਕਿਸੇ ਕਾਨੂੰਨੀ ਸਲਾਹ ਦੀ ਲੋੜ ਨਹੀਂ ਹੈ।”

ਇਸ ਤਰਕ ਦੇ ਆਧਾਰ ’ਤੇ ਪਹਿਲੀ ਦਰਖ਼ਾਸਤ ਰੱਦ ਕੀਤੀ ਗਈ।

ਵਕੀਲ ਆਖ਼ਿਰ ਵਕੀਲ ਸਨ। ਉਹ ਵੀ ਕੱਚੀਆਂ ਗੋਲੀਆਂ ਨਹੀਂ ਸਨ ਖੇਡ ਰਹੇ। ਉਹਨਾਂ ਨੇ ਦੂਜੀ ਦਰਖ਼ਾਸਤ ਪੇਸ਼ ਕੀਤੀ।

“ਅਸੀਂ ਹਾਕਮ ਦੇ ਦੋਸਤ ਹਾਂ। ਇਸ ਰੂਪ ਵਿਚ ਉਸ ਨੂੰ ਮਿਲਣਾ ਚਾਹੁੰਦੇ ਹਾਂ।”

ਜੇਲ੍ਹ ਅਧਿਕਾਰੀਆਂ ਦੇ ਸਿਰ ਫਿਰ ਚਕਰਾਉਣ ਲੱਗੇ। “ਹੁਣ ਇਸ ਮੁਸੀਬਤ ਤੋਂ ਖਹਿੜਾ ਕਿਸ ਤਰ੍ਹਾਂ ਛੁਡਾਇਆ ਜਾਵੇ।” ਉਹ ਫੇਰ ਸੋਚਣ ਲੱਗੇ।

ਵੱਡੀ ਸਮੱਸਿਆ ਇਕ ਛੋਟੇ ਮੁਲਾਜ਼ਮ ਨੇ ਸੁਲਝਾਈ।

“ਅੱਜ ਵੀਰਵਾਰ ਹੈ, ਮੁਲਾਕਾਤ ਬੰਦ ਹੈ।”

ਵਕੀਲ ਹਥਿਆਰ ਸੁੱਟਣ ਵਾਲੇ ਨਹੀਂ ਸਨ। ਉਹ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਜਾ ਟਕਰਾਏ।

ਸੰਮਤੀ ਵਾਲਿਆਂ ਦੀ ਗੱਲ ਸੁਣ ਕੇ ਜ਼ਿਲ੍ਹਾ ਮੈਜਿਸਟ੍ਰੇਟ ਦੰਗ ਰਹਿ ਗਿਆ, “ਇਕ ਪੜ੍ਹੇ-ਲਿਖੇ ਕੈਦੀ ਨੂੰ ਤਨਹਾਈ ਕੋਠੜੀ ਵਿਚ ਬੰਦ ਕਰ ਦਿੱਤਾ ਹੈ। ਮੈਥੋਂ ਅਗਾਊਂ ਮਨਜ਼ੂਰੀ ਤਾਂ ਕੀ ਲੈਣੀ ਸੀ, ਮੈਨੂੰ ਸੂਚਿਤ ਤਕ ਨਹੀਂ ਕੀਤਾ।”

ਗ਼ਲਤੀ ਸੁਧਾਰਨ ਲਈ ਉਸ ਨੇ ਵਿਸ਼ੇਸ਼ ਮੁਲਾਕਾਤ ਦੀ ਇਜਾਜ਼ਤ ਦੇ ਦਿੱਤੀ।

ਜੇਲ੍ਹ ਪ੍ਰਸ਼ਾਸਨ ਨੇ ਸੰਮਤੀ ਦੇ ਇਰਾਦੇ ਭਾਂਪ ਲਏ, “ਇਹ ਬੁਰੇ ਦੇ ਘਰ ਤਕ ਜਾਣ ਲਈ ਮਸ਼ਹੂਰ ਹਨ। ਆਸਾਨੀ ਨਾਲ ਖਹਿੜਾ ਨਹੀਂ ਛੁੱਟਣਾ।”

ਸੰਮਤੀ ਵਾਲਿਆਂ ਦੇ ਮੁੜਨ ਤਕ ਉਹਨਾਂ ਨੇ ਹਾਕਮ ਨੂੰ ਤਨਹਾਈ ਕੋਠੜੀ ਵਿਚੋਂ ਕੱਢਿਆ। ਨਹਾਇਆ-ਧੁਵਾਇਆ, ਸਾਫ਼-ਸੁਥਰੇ ਕੱਪੜੇ ਪਵਾਏ।

ਡਾਕਟਰ ਨੂੰ ਘਰੋਂ ਬੁਲਾ ਕੇ ਉਸ ਨੂੰ ਹਸਤਪਾਲ ਦਾਖ਼ਲ ਕਰਾਇਆ। ਅਜਿਹੀ ਆਪਾਤਕਾਲ ਸਥਿਤੀ ਨਾਲ ਨਜਿੱਠਣ ਲਈ ਰਜਿਸਟਰਾਂ ਵਿਚ ਖ਼ਾਲੀ ਖ਼ਾਨੇ ਛੱਡੇ ਜਾਂਦੇ ਹਨ। ਉਹ ਭਰੇ। ਹਾਕਮ ਨੂੰ ਚੱਕਰ ਆਉਣ ਕਾਰਨ ਡਿੱਗਣ, ਡਿੱਗਣ ਕਾਰਨ ਜ਼ਖ਼ਮੀ ਹੋਣ ਅਤੇ ਜ਼ਖ਼ਮੀ ਹੋਣ ਕਾਰਨ ਹਸਪਤਾਲ ਵਿਚ ਦਾਖ਼ਲ ਹੋਇਆ ਦਿਖਾਇਆ।

ਹਾਕਮ ਅੱਠ ਦਿਨ ਤੋਂ ਭੁੱਖਾ ਸੀ। ਮੂੰਹ ਥਾਣੀਂ ਕੁਝ ਅੰਦਰ ਸੁੱਟਣਾ ਖ਼ਤਰੇ ਭਰਿਆ ਸੀ। ਕੁਝ ਤਾਕਤ ਦੇਣ ਲਈ ਪੌਸ਼ਟਿਕ ਖ਼ੁਰਾਕ ਡਰਿੱਪ ਰਾਹੀਂ ਅੰਦਰ ਸੁੱਟੀ ਗਈ।

ਕੁਝ ਦੇਰ ਬਾਅਦ ਸੰਮਤੀ ਵਾਲਿਆਂ ਨੂੰ ਦਫ਼ਤਰ ਬਿਠਾਇਆ ਗਿਆ। ਤਦ ਤੀਕ ਸਥਿਤੀ ’ਤੇ ਥੋੜ੍ਹਾ-ਬਹੁਤ ਕਾਬੂ ਪਾਇਆ ਗਿਆ।

“ਅੱਜ ਹਾਕਮ ਬਹੁਤ ਉਤੇਜਿਤ ਹੋ ਗਿਆ ਸੀ। ਹੁਣੇ ਟੀਕੇ ਲਾ ਕੇ ਇਸ ਨੂੰ ਸੁਲਾਇਆ ਗਿਆ ਹੈ। ਉਠਾਉਣਾ ਠੀਕ ਨਹੀਂ। ਵੈਸੇ ਤੁਹਾਡੀ ਮਰਜ਼ੀ।”

ਹਸਪਤਾਲ ਲਿਜਾ ਕੇ ਡਾਕਟਰ ਵੱਲੋਂ ਉਹਨਾਂ ਨੂੰ ਸਮਝਾਇਆ ਗਿਆ।

ਵਕੀਲ ਪ੍ਰਸ਼ਾਸਨ ਦੀ ਚਲਾਕੀ ਸਮਝ ਰਹੇ ਸਨ। ਉਹ ਵੀ ਚਲਾਕੀ ਤੋਂ ਕੰਮ ਲੈਣ ਲੱਗੇ। ਉਹ ਜਾਣਦੇ ਸਨ ਕਿ ਹਾਕਮ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਾ ਹੈ। ਦੋ-ਚਾਰ ਘੰਟਿਆਂ ਵਿਚ ਉਸ ਦੀ ਹਾਲਤ ਸੁਧਰਨ ਵਾਲੀ ਨਹੀਂ। ਉਹ ਇਹ ਵੀ ਜਾਣਦੇ ਸਨ ਕਿ ਉਹ ਸੁੱਕ ਕੇ ਤੀਲਾ ਹੋ ਚੁੱਕਾ ਹੈ। ਦੋ ਦਿਨਾਂ ਦੀ ਚੰਗੀ ਖ਼ੁਰਾਕ ਨਾਲ ਉਸ ਦੀਆਂ ਸੁੱਕੀਆਂ ਨਾੜਾਂ ਵਿਚ ਖ਼ੂਨ ਦੌੜਨੋਂ ਰਿਹਾ। ਨਾਲੇ ਉਹ ਕੈਦ ਵਿਚ ਸੀ, ਰਿਹਾਅ ਹੋਣੋਂ ਰਿਹਾ। ਬਿਨਾਂ ਮਤਲਬ ਪ੍ਰਸ਼ਾਸਨ ਨਾਲ ਟੱਕਰ ਲੈਣ ਦਾ ਕੋਈ ਫ਼ਾਇਦਾ ਨਹੀਂ ਸੀ।

ਸੰਮਤੀ ਵਾਲਿਆਂ ਦਾ ਬੁੱਤਾ ਸਰ ਚੁੱਕਾ ਸੀ। ਜਿਸ ਤੇਜ਼ੀ ਨਾਲ ਉਸ ਨੂੰ ਮੌਤ ਦੇ ਮੰਹ ਪਾਇਆ ਜਾ ਰਿਹਾ ਸੀ, ਉਸੇ ਤੇਜ਼ੀ ਨਾਲ ਉਸ ਨੂੰ ਬਚਾਉਣ ਦਾ ਯਤਨ ਹੋ ਰਿਹਾ ਸੀ। ਹਾਲ ਦੀ ਘੜੀ ਇਹੋ ਬਹੁਤ ਸੀ।

ਸੰਮਤੀ ਵਾਲਿਆਂ ਨੂੰ ਸਬਰ ਦਾ ਘੁੱਟ ਭਰ ਕੇ ਵਾਪਸ ਮੁੜਨਾ ਹੀ ਠੀਕ ਲੱਗਾ।

 

 

57

ਹਾਕਮ ਨੇ ਆਪਣੇ ਦਸਤਾਵੇਜ਼ਾਂ ਵਿਚ ਜਿਨ੍ਹਾਂ ਹਾਈ ਕੋਰਟ ਦੇ ਫ਼ੈਸਲਿਆਂ ਦਾ ਹਵਾਲਾ ਦਿੱਤਾ ਸੀ, ਉਹ ਫ਼ੈਸਲੇ ਸੁਣਾਉਣ ਵਾਲਾ ਜਸਟਿਸ ਸਿਨਹਾ ਅੱਜ-ਕੱਲ੍ਹ ਹਾਈ ਕੋਰਟ ਦਾ ਚੀਫ਼ ਜਸਟਿਸ ਸੀ।

ਭੱਜ-ਨੱਠ ਕਰ ਕੇ ਸੰਮਤੀ ਵਾਲਿਆਂ ਨੇ ਰਿੱਟ ਉਸੇ ਦੀ ਅਦਾਲਤ ਵਿਚ ਲਗਵਾ ਲਈ।

ਮਨ-ਭਾਉਂਦੇ ਸਿੱਟੇ ਨਿਕਲਣ ਲੱਗੇ।

ਰਿੱਟ ਨਾਲ ਲੱਗੇ ਦਸਤਾਵੇਜ਼ ਪੜ੍ਹ ਕੇ ਜੱਜ ਦੇ ਰੌਂਗਟੇ ਖੜੇ ਹੋਣ ਲੱਗੇ।

ਹਾਕਮ ਸੱਚ ਆਖਦਾ ਸੀ। ਕਦੇ-ਕਦੇ ਭਾਵੁਕ ਹੋ ਕੇ ਅਦਾਲਤਾਂ ਕੈਦੀਆਂ ਦੇ ਹੱਕਾਂ ਦੀ ਰਾਖੀ ਕਰਨ ਦੀਆਂ ਵੱਡੀਆਂ-ਵੱਡੀਆਂ ਫੜ੍ਹਾਂ ਮਾਰਦੀਆਂ ਹਨ। ਇਹਨਾਂ ‘*ਤੀਕਾਰੀ’ ਫ਼ੈਸਲਿਆਂ ਦੀ ਕੁਝ ਦਿਨ ਅਖ਼ਬਾਰਾਂ ਵਿਚ ਖ਼ੂਬ ਚਰਚਾ ਹੁੰਦੀ ਹੈ। ਤਾਰੀਫ਼ ਪੜ੍ਹ ਕੇ ਜੱਜ ਫੁੱਲ ਕੇ ਕੁੱਪਾ ਹੋ ਜਾਂਦੇ ਹਨ। ਸਮਝਦੇ ਹਨ ਕਿ ਉਹਨਾਂ ਨੇ ਸਮਾਜਿਕ ਨਿਆਂ ਲਈ ਰਸਤਾ ਖੋਲ੍ਹ ਦਿੱਤਾ ਹੈ। ਹੁਣ ਰਾਮ ਰਾਜ ਆਪੇ ਆ ਜਾਏਗਾ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਚਾਰ ਦਿਨਾਂ ਦੀ ਚਾਂਦਨੀ ਬਾਅਦ ਫੇਰ ਹਨੇਰੀ ਰਾਤ ਆਉਂਦੀ ਹੁੰਦੀ ਹੈ।

ਹਾਕਮ ਨੇ ਆਪਣੇ ਦਸਤਾਵੇਜ਼ਾਂ ਵਿਚ ਕੈਦੀਆਂ ਦੀ ਜੋ ਦੁਰਦਸ਼ਾ ਬਿਆਨੀ ਸੀ, ਜੇ ਉਸ ਦੇ ਦਸਵੇਂ ਹਿੱਸੇ ਨੂੰ ਵੀ ਸਹੀ ਮੰਨ ਲਿਆ ਜਾਵੇ ਤਾਂ ਵੀ ਇਹ ਸਿੱਟਾ ਨਿਕਲਦਾ ਸੀ  ਕਿ ਸਰਕਾਰ ਨੇ ਉਹ ਫ਼ੈਸਲੇ ਅਤੇ ਉਹਨਾਂ ਵਿਚ ਜੇਲ੍ਹ ਸੁਧਾਰਾਂ ਸੰਬੰਧੀ ਦਿੱਤੀਆਂ ਹਦਾਇਤਾਂ ਪਾੜ ਕੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤੇ ਸਨ। ਜੇਲ੍ਹ ਅੰਦਰਲੇ ਹਾਲਾਤ ਸੁਧਾਰਨ ਦੀ ਥਾਂ ਵਿਗੜ ਰਹੇ ਸਨ।

ਚੀਫ਼ ਨੇ ਆਪਣੇ ਫ਼ੈਸਲਿਆਂ ਵਿਚ ਇਸ ਸਮੱਸਿਆ ਨੂੰ ਨਜਿੱਠਣ ਲਈ ਵਰਤੀ ਜਾ ਰਹੀ ਅਣਗਹਿਲੀ ਕਾਰਨ ਸਰਕਾਰ ਨੂੰ ਭੰਡਿਆ ਸੀ। ਹੁਣ ਉਸ ਨੂੰ ਨਿਆਂ-ਪਾਲਿਕਾ ਵੱਲੋਂ ਆਪਣੇ ਫ਼ੈਸਲਿਆਂ ਨੂੰ ਲਾਗੂ ਕਰਾਉਣ ਲਈ ਵਰਤੀ ਜਾ ਰਹੀ ਲਾਪ੍ਰਵਾਹੀ ’ਤੇ ਸ਼ਰਮ ਆਉਣ ਲੱਗੀ। ਲੱਗਾ ਸਭ ਇਕੋ ਥੈਲੀ ਦੇ ਚੱਟੇ-ਵੱਟੇ ਸਨ।

“ਕੀ ਸੈਸ਼ਨ ਜੱਜ ਵਰਗੇ ਅਹਿਮ ਅਹੁਦਿਆਂ ’ਤੇ ਬੈਠੇ ਵਿਅਕਤੀ ਵੀ ਆਪਣੇ ਫ਼ਰਜ਼ਾਂ ਪ੍ਰਤੀ ਏਨੇ ਲਾਪ੍ਰਵਾਹ ਹਨ? ਕੀ ਅਫ਼ਸਰ ਜੇਲ੍ਹ ਨੂੰ ਵੀ ਸੈਰ-ਸਪਾਟੇ ਵਾਲੀ ਥਾਂ ਸਮਝਦੇ ਹਨ?” ਚੀਫ਼ ਨੂੰ ਯਕੀਨ ਨਹੀਂ ਸੀ ਆ ਰਿਹਾ।

ਝੱਟ ਉਸ ਦੀ ਸੋਚ ਪਲਟਾ ਖਾਣ ਲੱਗੀ। ਉਹ ਖ਼ੁਦ ਵੀ ਤਾਂ ਸੈਸ਼ਨ ਜੱਜਾਂ ਵਰਗਾ ਸੀ। ਕਈ ਵਾਰ ਉਸ ਨੇ ਸਰਕਾਰ ਨੂੰ ਕੈਦੀਆਂ ਦੇ ਹੱਕ ਸੁਰੱਖਿਅਤ ਕਰਨ ਅਤੇ ਨਿਯਮ ਬਣਾਉਣ ਦੀ ਲੋੜ ’ਤੇ ਹਦਾਇਤਾਂ ਦਿੱਤੀਆਂ ਸਨ। ਕਦੇ ਪਿੱਛੇ ਮੁੜ ਕੇ ਇਹ ਦੇਖਣ ਦਾ ਯਤਨ ਨਹੀਂ ਕੀਤਾ ਕਿ ਸਰਕਾਰ ਉਹਨਾਂ ਹਦਾਇਤਾਂ ਨੂੰ ਮੰਨਦੀ ਸੀ  ਜਾਂ ਨਹੀਂ। ਉਸ ਨੇ ਇਕ ਵਾਰ ਵੀ ਜੇਲ੍ਹ ਦਾ ਦੌਰਾ ਨਹੀਂ ਕੀਤਾ।

ਹਾਕਮ ਸੱਚ ਕਹਿੰਦਾ ਸੀ। ਇਹ ਫ਼ੈਸਲੇ ਕਾਨੂੰਨ ਦੀਆਂ ਪੁਸਤਕਾਂ ਦਾ ਸ਼ਿੰਗਾਰ ਅਤੇ ਖੋਜ ਵਿਦਿਆਰਥੀਆਂ ਦੀ ਖੋਜ ਦਾ ਮਸਾਲਾ ਤਾਂ ਬਣੇ ਰਹਿੰਦੇ ਸਨ ਪਰ ਜਿਨ੍ਹਾਂ ਲਈ ਇਹ ਲਿਖੇ ਗਏ ਸਨ, ਉਹਨਾਂ ਨੂੰ ਇਸ ਦਾ ਕੋਈ ਲਾਭ ਨਹੀਂ। ਨਾ ਜੇਲ੍ਹ ਪ੍ਰਸ਼ਾਸਨ ਹਦਾਇਤਾਂ ਦੀ ਪਾਲਣਾ ਕਰਦਾ ਸੀ, ਨਾ ਹੇਠਲੀਆਂ ਅਦਾਲਤਾਂ ਉਹਨਾਂ ਨੂੰ ਲਾਗੂ ਕਰਾਉਣ ਦਾ ਯਤਨ ਕਰਦੀਆਂ ਸਨ। ਜਿਨ੍ਹਾਂ ਦੀ ਭਲਾਈ ਲਈ ਇਹ ਫ਼ੈਸਲੇ ਲਿਖੇ ਗਏ ਸਨ, ਉਹਨਾਂ ਨੂੰ ਇਹਨਾਂ ਦੀ ਭਿਣਕ ਤਕ ਨਹੀਂ। ਫੇਰ ਕੀ ਲਾਭ ਹੈ ਇਹਨਾਂ ਫ਼ੈਸਲਿਆਂ ਦਾ?”

“ਹਾਕਮ ਠੀਕ ਕਹਿ ਰਿਹਾ ਹੈ। ਸਣੇ ਨਿਆਂ-ਪਾਲਿਕਾ ਸਾਰਾ ਆਵਾ ਊਤਿਆ ਪਿਆ ਹੈ।” ਸੋਚਦੇ ਸਿਨਹਾ ਨੂੰ ਆਪਣੇ ਹੇਠਲੇ ਸਟਾਫ਼ ’ਤੇ ਗ਼ੁੱਸਾ ਚੜ੍ਹਨ ਲੱਗਾ।

ਹਾਕਮ ਕਈ ਸਾਲਾਂ ਤੋਂ ਹਾਈ ਕੋਰਟ ਨੂੰ ਖ਼ਤ ਲਿਖ ਰਿਹਾ ਸੀ। ਕਿੰਨੇ ਹੀ ਅਹਿਮ ਤੱਥ ਅਤੇ ਸੁਝਾਅ ਇਹਨਾਂ ਵਿਚ ਦਰਜ ਸਨ। ਜਾਪਦਾ ਹੈ ਰਜਿਸਟਰਾਰ ਨੇ ਇਹਨਾਂ ਨੂੰ ਕਦੇ ਧਿਆਨ ਨਾਲ ਪੜ੍ਹਿਆ ਹੀ ਨਹੀਂ। ਸਾਧਾਰਨ ਸ਼ਿਕਾਇਤ ਸਮਝ ਕੇ ਟਿੱਪਣੀ ਲਈ ਜੇਲ੍ਹ ਪ੍ਰਸ਼ਾਸਨ ਕੋਲ ਮੋੜਦਾ ਰਿਹਾ ਸੀ। ਜੇਲ੍ਹ ਪ੍ਰਸ਼ਾਸਨ ਨੇ ਉੱਤਰ ਦਿੱਤਾ ਸੀ ਜਾਂ ਨਹੀਂ? ਜੇ ਦਿੱਤਾ ਸੀ ਤਾਂ ਕੀ? ਕਦੇ ਇਹ ਜਾਨਣ ਦਾ ਯਤਨ ਨਹੀਂ ਕੀਤਾ। ਇਕ ਕੈਦੀ ਹਾਈ ਕੋਰਟ ਨੂੰ ਖ਼ਤ ਲਿਖ ਰਿਹਾ ਸੀ , ਇਹ ਗੱਲ ਕਦੇ ਚੀਫ਼ ਦੇ ਧਿਆਨ ਵਿਚ ਨਹੀਂ ਲਿਆਂਦੀ ਗਈ।

ਜਦੋਂ ਜਾਗੋ ਉਦੋਂ ਸਵੇਰਾ। ਪਿਛਲੀਆਂ ਗ਼ਲਤੀਆਂ ਨੂੰ ਸੁਧਾਰਨ ਦਾ ਮਨ ਬਣਾ ਕੇ ਚੀਫ਼ ਹੁਕਮ ਸੁਣਾਉਣ ਲੱਗਾ।

ਸਫ਼ਾਈ ਘਰ ਤੋਂ ਸ਼ੁਰੂ ਹੋਣੀ ਚਾਹੀਦੀ ਸੀ।

ਮਾਇਆ ਨਗਰ ਦੇ ਸੈਸ਼ਨ ਜੱਜ ਨੂੰ ਹਦਾਇਤ ਹੋਈ ਕਿ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਨਾਲ ਲੈ ਕੇ ਉਹ ਤੁਰੰਤ ਜੇਲ੍ਹ ਦਾ ਦੌਰਾ ਕਰੇ। ਜਾਂਦਿਆਂ ਹੀ ਜੇਲ੍ਹ ਦਾ ਸਾਰਾ ਰਿਕਾਰਡ ਸੀਲ ਕਰੇ। ਗੁਦਾਮਾਂ ਵਿਚ ਪਏ ਅਨਾਜ ਦੀ ਮਾਹਿਰਾਂ ਕੋਲੋਂ ਜਾਂਚ ਕਰਵਾਏ। ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦਾ ਮੁਆਇਨਾ ਹੋਵੇ। ਉਹ ਕਿਸ-ਕਿਸ ਬੀਮਾਰੀ ਦਾ ਸ਼ਿਕਾਰ ਹਨ, ਇਸ ਦੀ ਵਿਸਥਾਰ ਸਹਿਤ ਰਿਪੋਰਟ ਤਿਆਰ ਕੀਤੀ ਜਾਵੇ। ਹਾਕਮ ਦੇ ਦਸਤਾਵੇਜ਼ਾਂ ਵਿਚ ਦਰਜ ਹਰ ਨੁਕਤੇ ’ਤੇ ਟਿੱਪਣੀ ਹੋਵੇ। ਸੈਸ਼ਨ ਜੱਜ ਨੂੰ ਇਕ ਹੋਰ ਹਦਾਇਤ ਹੋਈ। ਉਹ ਓਨਾ ਚਿਰ ਜੇਲ੍ਹ ਵਿਚ ਹਾਜ਼ਰ ਰਹੇ ਜਿੰਨਾ ਚਿਰ ਸਾਰੀ ਪੜਤਾਲ ਮੁਕੰਮਲ ਨਹੀਂ ਹੁੰਦੀ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਅੱਗੋਂ ਤੋਂ ਹੋਈ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।

ਫੇਰ ਮਾਇਆ ਨਗਰ ਦੇ ਸਿਵਲ ਸਰਜਨ ਨੂੰ ਹਦਾਇਤ ਹੋਈ। ਉਹ ਤਿੰਨ ਮਾਹਿਰ ਡਾਕਟਰਾਂ ਨੂੰ ਨਾਲ ਲੈ ਕੇ ਹਾਕਮ ਸਿੰਘ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਦੀ ਘੋਖ ਕਰੇ। ਨਿਰਖ-ਪਰਖ ਆਧੁਨਿਕ ਤਕਨੀਕ ਦੇ ਆਧਾਰ ’ਤੇ ਹੋਵੇ। ਰਿਪੋਰਟ ਦੇ ਨਾਲ-ਨਾਲ ਹਾਈ ਕੋਰਟ ਨੂੰ ਟੈਸਟ ਰਿਪੋਰਟਾਂ ਵੀ ਭੇਜੀਆਂ ਜਾਣ।

ਸੂਬੇ ਦੇ ਮੁੱਖ ਸਕੱਤਰ ਨੂੰ ਹਦਾਇਤ ਹੋਈ। ਉਹ ਗ੍ਰਹਿ ਸਕੱਤਰ ਨੂੰ ਨਾਲ ਲੈ ਕੇ ਸਾਰੀਆਂ ਜੇਲ੍ਹਾਂ ਦਾ ਦੌਰਾ ਕਰੇ। ਹਾਕਮ ਨੇ ਜੇਲ੍ਹਾਂ ਵਿਚ ਹੁੰਦੇ ਜੋ-ਜੋ ਕੁਕਰਮ ਉਜਾਗਰ ਕੀਤੇ ਹਨ, ਉਹਨਾਂ ਦਾ ਅਧਿਐਨ ਕਰੇ। ਪੰਦਰਾਂ ਦਿਨਾਂ ਬਾਅਦ ਵਿਸਤਰਿਤ ਰਿਪੋਰਟ ਲੈ ਕੇ ਦੋਵੇਂ ਅਫ਼ਸਰ ਅਦਾਲਤ ਵਿਚ ਹਾਜ਼ਰ ਹੋਣ।

yg` uldBl dwl[ rg lq[G dwl[ rg u[v% sj s"ij wi lwsj ]m u[v% drFje dabji ih[m

 

 

58

ਚੀਫ਼ ਜਸਟਿਸ ਵੱਲੋਂ ਸਰਕਾਰ ਦੀ ਹੋਈ ਖਿਚਾਈ ਦੀਆਂ ਖ਼ਬਰਾਂ ਅਗਲੇ ਦਿਨ ਵੱਡੀਆਂ ਸੁਰਖ਼ੀਆਂ ਬਣ ਕੇ ਅਖ਼ਬਾਰਾਂ ਵਿਚ ਛਪੀਆਂ।

ਮੀਡੀਏ ਨੇ ਇਸ ਮਸਲੇ ਨੂੰ ਪੂਰੀ ਤਰ੍ਹਾਂ ਉਛਾਲਿਆ। ਸਾਬਕਾ ਕੈਦੀਆਂ ਅਤੇ ਮਾਹਿਰਾਂ ਨੂੰ ਬੁਲਾ ਕੇ ਜੇਲ੍ਹ ਪ੍ਰਬੰਧ ਅਤੇ ਜੇਲ੍ਹ ਸੁਧਾਰਾਂ ਬਾਰੇ ਬਹਿਸਾਂ ਆਰੰਭ ਦਿੱਤੀਆਂ।

ਉਸ ਤੋਂ ਅਗਲੇ ਦਿਨ ਤੋਂ ਜੇਲ੍ਹ ਵਿਚ ਹੁੰਦੇ ਅੱਤਿਆਚਾਰਾਂ ਅਤੇ ਘਪਲਿਆਂ ਦੇ ਸਨਸਨੀਖ਼ੇਜ਼ ਕਿੱਸੇ ਅਖ਼ਬਾਰਾਂ ਵਿਚ ਛਪਣ ਲੱਗੇ।

ਹੋਰ ਕੁਝ ਦਿਨ ਬਾਅਦ ਲੋਕ ਸੜਕਾਂ ਉਪਰ ਉਤਰਨ ਲੱਗੇ। ਰੋਸ ਮੁਜ਼ਾਹਰੇ ਅਤੇ ਰੈਲੀਆਂ ਹੋਣ ਲੱਗੀਆਂ। ਜੇਲ੍ਹ ਸੁਧਾਰ ਲਾਗੂ ਕਰਨ ਅਤੇ ਕਸੂਰਵਾਰ ਜੇਲ੍ਹ ਕਰਮਚਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਜ਼ੋਰ ਫੜਨ ਲੱਗੀ।

ਸਰਕਾਰ ਨੂੰ ਫ਼ਿਕਰ ਹੋਣ ਲੱਗਾ। ਸੰਮਤੀ ਪਹਿਲਾਂ ਹੀ ਮਾਣ ਨਹੀਂ ਸੀ। ਉਸ ਨੂੰ ਸਰਕਾਰ ਦੀ ਦਾੜ੍ਹੀ ਨੂੰ ਹੱਥ ਪਾਉਣ ਦਾ ਮੁਫ਼ਤ ’ਚ ਮੌਕਾ ਮਿਲਣ ਲੱਗਾ।

ਜੇਲ੍ਹ ਮੰਤਰੀ ਅਤੇ ਮੁੱਖ ਮੰਤਰੀ ਅਫ਼ਸਰਾਂ ਦੀ ਖਿਚਾਈ ਕਰਨ ਲੱਗੇ।

“ਮਾਮਲਾ ਤੁਰੰਤ ਕਾਬੂ ਵਿਚ ਕਰੋ। ਸਰਕਾਰ ਕੋਲੋਂ ਜੋ ਐਲਾਨ ਕਰਾਉਣੇ ਹਨ, ਕਰਾਓ। ਚੋਣਾਂ ਸਿਰ ’ਤੇ ਹਨ। ਸਰਕਾਰ ਕਿਸੇ ਕਿਸਮ ਦਾ ਜ਼ੋਖ਼ਮ ਨਹੀਂ ਉਠਾ ਸਕਦੀ।”

ਗ੍ਰਹਿ ਸਕੱਤਰ ਅਤੇ ਮੁੱਖ ਸਕੱਤਰ ਨੂੰ ਆਪਣਾ ਪਾਲਾ ਖਾਣ ਲੱਗਾ। ਪੜਤਾਲ ਦੌਰਾਨ ਪੜਤਾਲੀਆ ਕਮੇਟੀ ਨੂੰ ਖ਼ਾਮੀਆਂ ਤੋਂ ਸਿਵਾ ਕੁਝ ਨਹੀਂ ਸੀ ਲੱਭਾ। ਜੇਲ੍ਹਾਂ ਵਿਚ ਸਹੁੰ ਖਾਣ ਜੋਗਾ ਇਕ ਵੀ ਚੰਗਾ ਕੰਮ ਨਹੀਂ ਸੀ ਹੋ ਰਿਹਾ।

ਮੁੱਖ ਸਕੱਤਰ ਨੇ ਕਈ ਵਾਰ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਫ਼ੋਨ ਕੀਤਾ। ਸਰਕਾਰ ਦੀ ਮਦਦ ਕਰਨ ਦੀ ਗੁਹਾਰ ਲਾਈ। ਜ਼ਿਲ੍ਹਾ ਮੈਜਿਸਟ੍ਰੇਟ ਸਰਕਾਰ ਦੀ ਮਦਦ ਕਰਨੀ ਚਾਹੁੰਦਾ ਹੋਇਆ ਵੀ ਕੁਝ ਨਾ ਕਰ ਸਕਿਆ।

ਗ੍ਰਹਿ ਸਕੱਤਰ ਨੇ ਸੈਸ਼ਨ ਜੱਜ ਤਕ ਪਹੁੰਚ ਕੀਤੀ। ਉਹ ਉਸ ਦਾ ਦੂਰ ਦਾ ਰਿਸ਼ਤੇਦਾਰ ਸੀ। ਸੈਸ਼ਨ ਜੱਜ ਨੂੰ ਆਪਣਾ ਪਾਲਾ ਖਾ ਰਿਹਾ ਸੀ। ਉਹ ਪਹਿਲੀ ਮਦਦ ਉੱਪਰ ਹੀ ਪਛਤਾ ਰਿਹਾ ਸੀ। ਚੀਫ਼ ਜਸਟਿਸ ਈਮਾਨਦਾਰੀ ਲਈ ਪ੍ਰਸਿੱਧ ਸੀ। ਬੀਸੀਆਂ ਬੇਈਮਾਨ ਜੱਜਾਂ ਨੂੰ ਉਹ ਘਰ ਦਾ ਰਸਤਾ ਦਿਖਾ ਚੁੱਕਾ ਸੀ। ਸੈਸ਼ਨ ਜੱਜ ਦੀ ਆਪਣੀ ਧੌੜੀ ਬਚ ਜਾਏ, ਇਹੋ ਬਹੁਤ ਸੀ। ਉਹ ਵੀ ਹੱਥ ਖੜੇ ਕਰ ਗਿਆ।

ਇਹੋ ਮਜਬੂਰੀ ਸਿਵਲ ਸਰਜਨ ਨੇ ਪ੍ਰਗਟਾਈ। ਆਟੇ ਵਿਚ ਲੂਣ ਤਾਂ ਰਲ ਸਕਦਾ ਹੈ। ਲੂਣ ਵਿਚ ਆਟਾ ਰਲਣਾ ਮੁਸ਼ਕਲ ਹੈ।

ਹਿਸਾਬ-ਕਿਤਾਬ ਵਿਚ ਬਹੁਤ ਵੱਡੀ ਹੇਰਾ-ਫੇਰੀ ਸੀ। ਕਾਗ਼ਜ਼ਾਂ ਵਿਚ ਜੇਲ੍ਹ ਵਿਚ ਸਕੂਲ ਚੱਲਦਾ ਦਿਖਾਇਆ ਗਿਆ ਸੀ। ਪੰਜਾਹ ਹਜ਼ਾਰ ਰੁਪਏ ਪ੍ਰਤੀ ਸਾਲ ਖ਼ਰਚਾ ਪਾਇਆ ਗਿਆ ਸੀ। ਜੇਲ੍ਹ ਵਿਚ ਡਸਟਰ ਅਤੇ ਚਾਕ ਤਕ ਨਹੀਂ ਸੀ। ਇਹੋ ਹਾਲ ਖੇਡਾਂ ਦਾ ਸੀ।

ਚੀਫ਼ ਜਸਟਿਸ ਦੇ ਗ਼ੁੱਸੇ ਨੂੰ ਕਿਸ ਤਰ੍ਹਾਂ ਠੰਢਾ ਕੀਤਾ ਜਾਵੇ। ਗ੍ਰਹਿ ਸਕੱਤਰ ਤੋਂ ਲੈ ਕੇ ਮੁੱਖ ਮੰਤਰੀ ਤਕ ਦੇ ਸਾਹਮਣੇ ਇਹੋ ਸਮੱਸਿਆ ਸੀ।

ਕਈ ਦਿਨਾਂ ਦੇ ਵਿਚਾਰ-ਵਟਾਂਦਰੇ ਬਾਅਦ ਇਕ ਹੱਲ ਲੱਭਿਆ ਗਿਆ। ਚੱਪ ਕਰ ਕੇ ਹਥਿਆਰ ਸੁੱਟ ਦਿੱਤੇ ਜਾਣ।

ਕੁਝ ਜੇਲ੍ਹ ਸੁਧਾਰ ਅਗਲੀ ਪੇਸ਼ੀ ਤੋਂ ਪਹਿਲਾਂ ਲਾਗੂ ਕਰ ਦਿੱਤੇ ਜਾਣ। ਬਾਕੀਆਂ ਬਾਰੇ ਬਜਟ ਵਿਚ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਜਾਵੇ।

ਕਸੂਰਵਾਰ ਅਧਿਕਾਰੀਆਂ ਦਾ ਪੱਖ ਪੂਰਨ ਦੀ ਥਾਂ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਵੇ।

ਇਹਨਾਂ ਲੀਹਾਂ ’ਤੇ ਕਾਰਵਾਈ ਹੋਣ ਲੱਗੀ।

ਪਹਿਲੇ ਦਿਨ ਜੇਲ੍ਹ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਬੁਲਾਈ ਅਤੇ ਮੰਨਿਆ।

“ਮਾਇਆ ਨਗਰ ਦੇ ਜੇਲ੍ਹ ਸੁਪਰਡੈਂਟ ਨੇ ਆਪਣੇ ਫ਼ਰਜ਼ ਨਿਭਾਉਣ ਵਿਚ ਕੁਤਾਹੀ ਕੀਤੀ ਹੈ। ਉਸ ਨੇ ਕੈਦੀਆਂ ਉਪਰ ਅੱਤਿਆਚਾਰ ਕੀਤੇ ਹਨ। ਉਹਨਾਂ ਦੇ ਰਾਸ਼ਨ-ਪਾਣੀ ਵਿਚ ਹੇਰਾ-ਫੇਰੀ ਕਰ ਕੇ ਆਪਣੇ ਮਹਿਲ ਉਸਾਰੇ ਹਨ। ਡਿਪਟੀ ਸੁਪਰਡੈਂਟ ਉਸ ਦਾ ਭਾਈਵਾਲ ਹੈ। ਸਹਾਇਕ ਦਰੋਗ਼ਾ ਔਰਤ ਕੈਦਣਾਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਹੈ। ਇਸੇ ਤਰ੍ਹਾਂ ਚੀਫ਼ ਵਾਰਡਰ ਹਰੀ ਓਮ ਵੀ ਕੈਦੀਆਂ ਨਾਲ ਗ਼ੈਰ-ਮਨੁੱਖੀ ਵਿਵਹਾਰ ਕਰਦਾ ਹੈ। ਇਹਨਾਂ ਸਭ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਂਦਾ ਹੈ। ਸੁਪਰਡੈਂਟ ਵਿਰੁੱਧ ਸਰਕਾਰੀ ਮਾਲ ਗ਼ਬਨ ਕਰਨ ਅਤੇ ਸਹਾਇਕ ਦਰੋਗ਼ੇ ਵਿਰੁੱਧ ਬਲਾਤਕਾਰ ਦੇ ਮੁਕੱਦਮੇ ਦਰਜ ਕਰਨ ਲਈ ਲਿਖ ਦਿੱਤਾ ਗਿਆ ਹੈ। ਨਾਲੇ ਪੁਲਿਸ ਕਪਤਾਨ ਨੂੰ ਹਦਾਇਤ ਹੋਈ ਹੈ  ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸੀਖਾਂ ਪਿੱਛੇ ਸੁੱਟਿਆ ਜਾਏ। ਡਿਪਟੀ ਨੂੰ ਜਬਰੀ ਰਿਟਾਇਰ ਕਰ ਦਿੱਤਾ ਗਿਆ ਹੈ। ਕਾਨੂੰਨੀ ਕਾਰਵਾਈ ਮੁਕੰਮਲ ਕਰ ਕੇ ਬਾਕੀਆਂ ਨੂੰ ਵੀ ਨੌਕਰੀਉਂ ਕੱਢਿਆ ਜਾਏਗਾ।”

ਉਸ ਤੋਂ ਅਗਲੇ ਦਿਨ ਮੁੱਖ ਮੰਤਰੀ ਵੱਲੋਂ ਐਲਾਨ ਹੋਏ।

ਜੇਲ੍ਹ ਹਸਪਤਾਲ ਦੇ ਬਿਸਤਰਿਆਂ ਦੀ ਗਿਣਤੀ ਦੁਗਣੀ ਕੀਤੀ ਗਈ। ਡਾਕਟਰਾਂ ਦੀ ਗਿਣਤੀ ਇਕ ਤੋਂ ਤਿੰਨ ਕੀਤੀ ਗਈ। ਦਵਾਈਆਂ ਦਾ ਬਜਟ ਵਧਾਇਆ ਗਿਆ। ਬੰਦ ਪਿਆ ਸਕੂਲ ਖੋਲ੍ਹਿਆ ਗਿਆ। ਸਕੂਲ ਚਲਾਉਣ ਲਈ ਅਧਿਆਪਕ ਭੇਜੇ ਗਏ। ਪੁਰਾਣਾ ਅਨਾਜ ਨਸ਼ਟ ਕੀਤਾ ਗਿਆ। ਮਿਆਰੀ ਅਨਾਜ ਲੰਗਰ ਵਿਚ ਭੇਜਿਆ ਗਿਆ।

ਪੁਰਾਣੇ ਕੈਦੀ ਭਲਾਈ ਬੋਰਡ ਨੂੰ ਭੰਗ ਕੀਤਾ ਗਿਆ। ਨਵੇਂ ਬੋਰਡ ਦੇ ਜਲਦੀ ਗਠਨ ਕਰਨ ਦਾ ਭਰੋਸਾ ਦਿਵਾਇਆ ਗਿਆ। ਨਾਲ ਐਲਾਨ ਹੋਇਆ ਕਿ ਬੋਰਡ ਵਿਚ ਸੰਮਤੀ ਦੇ ਨੁਮਾਇੰਦੇ ਲਏ ਜਾਣਗੇ। ਜੇਲ੍ਹ ਪ੍ਰਬੰਧ ਵਿਚ ਅੱਗੋਂ ਤੋਂ ਕੈਦੀਆਂ ਨੂੰ ਵੀ ਹਿੱਸੇਦਾਰ ਬਣਾਇਆ ਜਾਏਗਾ।

ਹਾਕਮ ਵਰਗੇ ਕਾਬਲ ਕੈਦੀ ਨਾਲ ਹੋਏ ਧੱਕੇ ’ਤੇ ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟ ਕੀਤਾ। ਗ਼ਲਤੀ ਨੂੰ ਸੁਧਾਰਨ ਲਈ ਉਸ ਲਈ ਵਿਸ਼ੇਸ਼ ਰਿਆਇਤਾਂ ਦਾ ਐਲਾਨ ਕੀਤਾ। ਵਿਗੜੇ ਮਾਨਸਿਕ ਸੰਤੁਲਨ ਨੂੰ ਥਾਂ ਸਿਰ ਲਿਆਉਣ ਲਈ ਉਸ ਨੂੰ ਯਾਰਾਂ-ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਵਿਚ ਜਾਣ ਦੀ ਇਜਾਜ਼ਤ ਦਿੱਤੀ। ਮਨਮਰਜ਼ੀ ਦੇ ਹਸਪਤਾਲ ਵਿਚੋਂ ਇਲਾਜ ਕਰਾਉਣ ਦੀ ਖੁੱਲ੍ਹ ਦਿੱਤੀ। ਛੇ ਮਹੀਨੇ ਦੀ ਛੁੱਟੀ ਦੇ ਨਾਲ-ਨਾਲ ਇਲਾਜ ਦਾ ਸਾਰਾ ਖ਼ਰਚਾ ਦੇਣ ਦਾ ਭਰੋਸਾ ਦਿਵਾਇਆ।

ਏਨੇ ਨਾਲ ਲੋਕਾਂ ਦਾ ਰੋਹ ਮੱਠਾ ਪੈਣ ਲੱਗਾ।

ਹੁਣ ਵਾਰੀ ਆਈ ਚੀਫ਼ ਜਸਟਿਸ ਦੇ ਗ਼ੁੱਸੇ ਨੂੰ ਠੰਢਾ ਕਰਨ ਦੀ।

ਗਲਾਂ ਵਿਚ ਪੱਲੂ ਪਾ ਕੇ ਦੋਵੇਂ ਸਕੱਤਰ ਹਾਈ ਕੋਰਟ ਅੱਗੇ ਨਤ-ਮਸਤਕ ਹੋਏ। ਮੁਆਫ਼ੀ ਮੰਗਣ ਬਾਅਦ ਸਰਕਾਰ ਵੱਲੋਂ ਭਰੋਸਾ ਦਿਵਾਇਆ।

“ਜੇਲ੍ਹ ਸੁਧਾਰ ਤੁਰੰਤ ਲਾਗੂ ਕਰਨ ਲਈ ਇਕ ਕੈਬਨਿਟ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਹਾਕਮ ਵੱਲੋਂ ਤਿਆਰ ਕੀਤੇ ਦਸਤਾਵੇਜ਼ ਉਸ ਕਮੇਟੀ ਨੂੰ ਭੇਜ ਦਿੱਤੇ ਗਏ ਹਨ। ਸਰਕਾਰ ਉਹਨਾਂ ’ਤੇ ਗੰਭੀਰਤਾ ਨਾਲ ਵਿਚਾਰ ਕਰੇਗੀ। ਹਾਕਮ ਦੀ ਲਿਆਕਤ ਅਤੇ ਉਸ ਦੇ ਤਜਰਬੇ ਦਾ ਫ਼ਾਇਦਾ ਉਠਾਇਆ ਜਾਏਗਾ। ਸਮੇਂ-ਸਮੇਂ ਉਸ ਨੂੰ ਕਮੇਟੀ ਅੱਗੇ ਪੇਸ਼ ਹੋਣ ਲਈ ਬੁਲਾਇਆ ਜਾਏਗਾ।”

ਹਕਾਮ ਦੀ ਰਿਹਾਈ ਹੋ ਗਈ। ਕਸੂਰਵਾਰ ਅਫ਼ਸਰਾਂ ਵਿਰੁੱਧ ਕਾਰਵਾਈ ਹੋ ਗਈ। ਰਿਟ ਵਿਚ ਮੰਗੀਆਂ ਮੰਗਾਂ ਦੇ ਪੂਰਾ ਹੋ ਜਾਣ ਬਾਅਦ ਰਿਟ ਖ਼ਾਰਜ ਹੋਣੀ ਚਾਹੀਦੀ ਸੀ।

ਚੀਫ਼ ਜਸਟਿਸ ਨੂੰ ਪਤਾ ਸੀ ਕਿ ਕਮੇਟੀਆਂ ਦੇ ਗਠਨ ਜਾਂ ਬਜਟ ਵਿਚ ਪੈਸੇ ਦਾ ਪ੍ਰਬੰਧ ਕਰਨ ਦੇ ਵਾਅਦੇ ਹਜ਼ਾਰਾਂ ਵਾਰ ਹੋਏ ਸਨ। ਮਾਮਲੇ ਨੂੰ ਲਟਕਾਉਣ ਲਈ ਅਜਿਹੇ ਬਹਾਨੇ ਲਾ-ਲਾ ਨਿਆਂ-ਪਾਲਿਕਾ ਨੂੰ ਹੋਰ ਬੁੱਧੂ ਨਹੀਂ ਬਣਾਇਆ ਜਾ ਸਕਦਾ।

ਚੀਫ਼ ਨੇ ਰਿਟ ਖ਼ਾਰਜ ਕਰਨ ਦੀ ਥਾਂ ਛੇ ਮਹੀਨੇ ਦੀ ਤਾਰੀਖ਼ ਪਾਈ। ਨਾਲ ਸਰਕਾਰ ਨੂੰ ਹਦਾਇਤ ਕੀਤੀ।

“ਕੈਬਨਿਟ ਕਮੇਟੀ ਦੀਆਂ ਮੀਟਿੰਗਾਂ ਜਲਦੀ-ਜਲਦੀ ਕਰੋ। ਹਰ ਮੀਟਿੰਗ ਦੀ ਕਾਰਵਾਈ ਦੀ ਰਿਪੋਰਟ ਹਾਈ ਕੋਰਟ ਨੂੰ ਭੇਜੋ। ਅੰਤਿਮ ਰਿਪੋਰਟ ਅਗਲੀ ਤਾਰੀਖ਼ ’ਤੇ ਪੇਸ਼ ਕਰੋ।”

ਇਸ ਫ਼ੈਸਲੇ ਨੇ ਸਭ ਧਿਰਾਂ ਖ਼ੁਸ਼ ਕਰ ਦਿੱਤੀਆਂ।

ਸੰਮਤੀ ਖ਼ੁਸ਼ ਸੀ। ਜ਼ਾਲਮ ਅਫ਼ਸਰਾਂ ਨੂੰ ਕੰਨ ਹੋ ਗਏ। ਕੁਝ ਦੇਰ ਲਈ ਹੀ ਸਹੀ, ਕੈਦੀਆਂ ਨੂੰ ਜ਼ੁਲਮਾਂ ਤੋਂ ਰਾਹਤ ਮਿਲੇਗੀ।

ਸਰਕਾਰ ਖ਼ੁਸ਼ ਸੀ। ਸੌਖੇ ਵਿਚ ਖਹਿੜਾ ਛੁੱਟ ਗਿਆ। ਛੇ ਮਹੀਨੇ ਬਾਅਦ ਪਤਾ ਨਹੀਂ ਕਿਹੜਾ ਰਾਜਾ ਹੋਏਗਾ ਅਤੇ ਕਿਹੜੀ ਪਰਜਾ।

 

 

59

ਮੁਸੱਦੀ ਦੀ ਹਿੰਮਤ ਨਾਲ ਇਕੋ ਸਮੇਂ ਸੰਮਤੀ ਦੀ ਝੋਲੀ ਵਿਚ ਦੋ ਲਾਲ ਆ ਪਏ। ਪਹਿਲਾ ਸੀ ਹਾਕਮ ਅਤੇ ਦੂਜਾ ਸੀ ਹਰੀਸ਼।

ਰਹੀਸ਼ ਰਾਏ ਨੇ ਪੀੜਤ ਧਿਰ ਦਾ ਪੱਖ ਪੂਰਨ ਲਈ ਮਾਇਆ ਨਗਰ ਵਿਚ ‘ਵਿਕਟਮ ਵੈਲਫੇਅਰ ਸੋਸਾਇਟੀ’ ਬਣਾਈ ਹੋਈ ਸੀ। ਇਸ ਸੰਸਥਾ ਦਾ ਮੁੱਖ ਉਦੇਸ਼ ਮੁਲਜ਼ਮਾਂ, ਹਵਾਲਾਤੀਆਂ ਅਤੇ ਕੈਦੀਆਂ ਨੂੰ ਬਿਨਾਂ ਮਤਲਬ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵਿਰੋਧ ਕਰਨਾ ਸੀ। ਪੀੜਤ ਧਿਰ ਨਾਲ ਖਲੋ ਕੇ ਸੋਸਾਇਟੀ ਮੁਲਜ਼ਮ ਧਿਰ ਨੂੰ ਸਬਕ ਸਿਖਾਉਣ ਦਾ ਯਤਨ ਕਰਦੀ ਸੀ।

ਸੰਮਤੀ ਵੱਲੋਂ ਹਾਕਮ ਸਿੰਘ ਦੇ ਹੱਕ ਵਿਚ ਕੀਤੀ ਗਈ ਰਿਟ ਦੀਆਂ ਖ਼ਬਰਾਂ ਪੜ੍ਹ ਕੇ ਹਾਕਮ ਦੇ ਸਹੁਰੇ ਨੇ ਸੋਸਾਇਟੀ ਨਾਲ ਸੰਪਰਕ ਕੀਤਾ। ਜਵਾਈ ਨੂੰ ਦਸ ਸਾਲ ਸਜ਼ਾ ਕਰਵਾ ਕੇ ਉਸ ਦਾ ਕਾਲਜਾ ਠੰਢਾ ਨਹੀਂ ਸੀ ਹੋਇਆ। ਉਹ ਚਾਹੁੰਦਾ ਸੀ ਕਿ ਜਿਵੇਂ ਉਸ ਦੀ ਧੀ ਦੀ ਅਰਥੀ ਹਾਕਮ ਦੇ ਘਰੋਂ ਨਿਕਲੀ ਸੀ, ਉਸੇ ਤਰ੍ਹਾਂ ਜੇਲ੍ਹੋਂ ਹਾਕਮ ਦੀ ਲਾਸ਼ ਹੀ ਨਿਕਲੇ। ਇਹ ਮਾਮਲਾ ਇਕ ਕੈਦੀ ਅਤੇ ਜੇਲ੍ਹ ਪ੍ਰਸ਼ਾਸਨ ਵਿਚਕਾਰ ਸੀ। ਮੁਦੱਈ ਧਿਰ ਵਜੋਂ ਮੇਜਰ ਸਿੰਘ ਨੂੰ ਸੁਣਵਾਈ ਵਿਚ ਲੱਤ ਅੜਾਉਣ ਦਾ ਅਧਿਕਾਰ ਨਹੀਂ ਸੀ। ਸੋਚ-ਵਿਚਾਰ ਬਾਅਦ ਉਸ ਨੇ ਸੋਸਾਇਟੀ ਨਾਲ ਸੰਪਰਕ ਕੀਤਾ ਸੀ। “ਸੰਮਤੀ ਵਾਂਗ ਸੋਸਾਇਟੀ ਵੀ ਲੋਕ-ਹਿੱਤ ਲਈ ਕੰਮ ਕਰਨ ਵਾਲੀ ਇਕ ਸੰਸਥਾ ਹੈ। ਸੋਸਾਇਟੀ ਨੂੰ ਰਿਟ ਵਿਚ ਧਿਰ ਬਣ ਕੇ ਸਮੁੱਚੀ ਪੀੜਤ ਜਮਾਤ ਦਾ ਪੱਖ ਪੂਰਨਾ ਚਾਹੀਦਾਹੈ।”

ਹਾਈ ਕੋਰਟੋਂ ਗੁਰਮੀਤ ਨੂੰ ਪਤਾ ਲੱਗਾ। ਸੋਸਾਇਟੀ ਰਿਟ ਵਿਚ ਧਿਰ ਬਣਨ ਦੀ ਤਿਆਰੀ ਕਰ ਰਹੀ ਹੈ। ਉਸ ਦਾ ਮੱਥਾ ਠਣਕਿਆ। ਇੰਝ ਹੋਣ ਨਾਲ ਦੋ ਲੋਕ-ਪੱਖੀ ਸੰਸਥਾਵਾਂ ਦਾ ਟਕਰਾਅ ਹੋਏਗਾ ਅਤੇ ਹਾਕਮ ਨੂੰ ਮਿਲਣ ਵਾਲੀ ਰਾਹਤ ਵਿਚ ਰੋੜਾ ਅਟਕੇਗਾ। ਮਸਲਾ ਸੁਲਝਾਉਣ ਦੀ ਨੀਯਤ ਨਾਲ ਉਹ ਮਾਇਆ ਨਗਰ ਵਾਲੀ ਬੱਸ ਚੜ੍ਹ ਗਿਆ।

ਵਿਕਟਮ ਵੈਲਫ਼ੇਅਰ ਸੋਸਾਇਟੀ ਦੀਆਂ ਜ਼ਿਆਦਾ ਸਰਗਰਮੀਆਂ ਮਾਇਆ ਨਗਰ ਤਕ ਸੀਮਤ ਸਨ। ਪਹਿਲਾਂ ਸੋਸਾਇਟੀ ਵੱਲੋਂ ਕੀਤੇ ਜਾਂਦੇ ਕੰਮ ਦੀ ਖ਼ਬਰ ਕਦੇ-ਕਦਾਈਂ ਹੀ ਅਖ਼ਬਾਰਾਂ ਵਿਚ ਛਪਦੀ ਸੀ।

ਪਿਛਲੇ ਸਾਲ ਇਹ ਸੰਸਥਾ ਕਾਫ਼ੀ ਸੁਰਖ਼ੀਆਂ ਵਿਚ ਰਹੀ ਸੀ।

ਮਾਇਆ ਨਗਰ ਵਿਚ ਦੋ ਭਰਾਵਾਂ ਦੇ ਪਰਿਵਾਰਾਂ ਵਿਚ ਜਾਇਦਾਦ ਦੀ ਵੰਡ ’ਤੇ ਝਗੜਾ ਛਿੜ ਪਿਆ। ਇਕ ਧਿਰ ਨੇ ਕੁਝ ਭਾੜੇ ਦੇ ਟੱਟੂ ਖ਼ਰੀਦ ਕੇ ਦੂਜੀ ਧਿਰ ਦੇ ਘਰ ’ਤੇ ਹਮਲਾ ਕਰਵਾ ਦਿੱਤਾ। ਕੋਠੀ ਵਿਚ ਜਾ ਕੇ ਭਾੜੇ ਦੇ ਟੱਟੂ ਜ਼ਿਆਦਾ ਹੀ ਭੂਸਰ ਗਏ। ਉਹਨਾਂ ਵਿਚੋਂ ਇਕ ਨੇ ਨੌਜਵਾਨ ਲੜਕੀ ਨੇਹਾ ਨਾਲ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾ। ਕੁੜੀ ਦੀ ਇੱਜ਼ਤ ਬਚਾਉਂਦਾ ਉਸ ਦਾ ਭਰਾ ਕਮਲ ਆਪਣੀ ਜਾਨ ਗਵਾ ਬੈਠਾ। ਘਰ ਦੇ ਮੁਖੀ ਵੇਦ, ਉਸ ਦੀ ਪਤਨੀ ਨੀਲਮ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਹ ਵਾਕਿਆ ਵੇਦ ਦੇ ਭਤੀਜੇ ਪੰਜਕ ਅਤੇ ਨੀਰਜ ਨੇ ਕਰਵਾਇਆ ਸੀ। ਤਫ਼ਤੀਸ਼ ਦੌਰਾਨ ਸਾਜ਼ਿਸ਼ ਨੰਗੀ ਹੋ ਗਈ। ਇਕ ਵਾਰ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ, ਪਰ ਉਹ ਦੋਵੇਂ ਭਰਾ ਮਾਇਆ ਨਗਰ ਦੇ ਗਿਣੇ-ਚੁਣੇ ਸਨਅਤਕਾਰਾਂ ਵਿਚੋਂ ਸਨ। ਉਹਨਾਂ ਦੀਆਂ ਰਿਸ਼ਤੇਦਾਰੀਆਂ ਉਹਨਾਂ ਤੋਂ ਵੀ ਉੱਚੀਆਂ ਥਾਵਾਂ ’ਤੇ ਸਨ। ਰਿਸ਼ਤੇਦਾਰ ਕਾਵਾਂ ਵਾਂਗ ਇਕੱਠੇ ਹੋ ਗਏ। ਪੈਸਾ ਅਤੇ ਰਸੂਖ਼ ਵਰਤ ਕੇ ਪਹਿਲਾਂ ਉਹਨਾਂ ਦੀ ਜ਼ਮਾਨਤ ਕਰਾਈ ਫੇਰ ਉਹਨਾਂ ਦੇ ਨਾਂ ਮੁਲਜ਼ਮਾਂ ਦੀ ਲਿਸਟ ਵਿਚੋਂ ਕਟਵਾ ਦਿੱਤੇ। ਪੀੜਤ ਧਿਰ ਨਾਲ ਧੱਕਾ ਹੁੰਦਾ ਦੇਖ ਕੇ ਸੋਸਾਇਟੀ ਨੇ ਮੁਕੱਦਮਾ ਆਪਣੇ ਹੱਥ ਵਿਚ ਲੈ ਲਿਆ। ਦੋਹਾਂ ਦੋਸ਼ੀਆਂ ਨੂੰ ਮੁੜ ਕਟਹਿਰੇ ਵਿਚ ਖੜਨਾ ਪੈ ਗਿਆ। ਬਾਜ਼ੀ ਫੇਰ ਸਨਅਤਕਾਰ ਮਾਰ ਗਏ। ਸੋਸਾਇਟੀ ਨੂੰ ਅੰਗੂਠਾ ਦਿਖਾ ਕੇ ਉਹ ਬਾਇੱਜ਼ਤ ਬਰੀ ਹੋ ਗਏ। ਸੋਸਾਇਟੀ ਨੇ ਹਿੰਮਤ ਨਹੀਂ ਹਾਰੀ। ਪੰਕਜ ਨੀਰਜ ਨੂੰ ਸਜ਼ਾ ਕਰਾਉਣ ਲਈ ਉਹਨਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੋਇਆ ਸੀ।

ਇਸ ਮੁਕੱਦਮੇ ਦੀ ਕਾਰਵਾਈ ਅਖ਼ਬਾਰਾਂ ਵਿਚ ਛਪਦੀ ਰਹੀ ਸੀ। ਗੁਰਮੀਤ ਉਸ ਉਪਰ ਨਜ਼ਰ ਰੱਖਦਾ ਰਿਹਾ ਸੀ। ਇਸ ਕਰਕੇ ਉਹ ਹਰੀਸ਼ ਰਾਏ ਅਤੇ ਉਸ ਦੀ ਸੋਸਾਇਟੀ ਬਾਰੇ ਬਹੁਤ ਕੁਝ ਜਾਣਦਾ ਸੀ।

ਹਰੀਸ਼ ਨੂੰ ਮਿਲ ਕੇ ਕੁਝ ਮੁੱਦੇ ਸਪੱਸ਼ਟ ਕਰਨ ਦੀ ਉਸ ਦੀ ਪਹਿਲਾਂ ਹੀ ਇੱਛਾ ਸੀ, ਪਰ ਸਬੱਬ ਨਹੀਂ ਸੀ ਬਣਿਆ।

ਸਬੱਬ ਬਣਦਿਆਂ ਹੀ ਉਹ ਮਿਲ ਬੈਠੇ।

ਹਰੀਸ਼ ਵੀ ਸੰਮਤੀ ਦੀਆਂ ਸਰਗਰਮੀਆਂ ਤੋਂ ਜਾਣੂ ਸੀ। ਉਹ ਸੰਮਤੀ ਦੇ ਉਦੇਸ਼ਾਂ ਨਾਲ ਸਹਿਮਤ ਨਹੀਂ ਸੀ। ਬਿਨਾਂ ਲੁਕ-ਛਿਪ ਦੇ ਹਰੀਸ਼, ਸੰਮਤੀ ਦੇ ਉਦੇਸ਼ਾਂ ਪ੍ਰਤੀ ਆਪਣੇ ਵਿਚਾਰ ਪ੍ਰਗਟਾਉਣ ਲੱਗਾ।

“ਮੁਲਜ਼ਮਾਂ ਅਤੇ ਕੈਦੀਆਂ ਨੂੰ ਸਿਰ ਚੜ੍ਹਾਉਣ ਵਿਚ ਸਰਕਾਰ ਹੀ ਕਸਰ ਨਹੀਂ ਛੱਡਦੀ। ਸਹੂਲਤਾਂ ਤੇ ਸਹੂਲਤਾਂ ਦੇ ਰਹੀ ਹੈ। ਜੇ ਮੁਲਜ਼ਮ ਕਹੇ ਮੇਰੇ ਕੋਲ ਵਕੀਲ ਨੂੰ ਫ਼ੀਸ ਦੇਣ ਦੀ ਪਹੁੰਚ ਨਹੀਂ ਤਾਂ ਝੱਟ ਸਰਕਾਰ ਉਸ ਨੂੰ ਉੱਚ ਕੋਟੀ ਦਾ ਵਕੀਲ ਕਰ ਦਿੰਦੀ ਹੈ। ਖ਼ਰਚਾ ਆਪ ਕਰਦੀ ਹੈ। ਇਧਰ ਜੇ ਮੁਦੱਈ ਆਪਣੀ ਜੇਬ ਢਿੱਲੀ ਕਰ ਕੇ ਵਕੀਲ ਖੜਾ ਕਰੇ ਤਾਂ ਵੀ ਕਾਨੂੰਨ ਉਸ ਵਕੀਲ ਨੂੰ ਮੂੰਹ ਨਹੀਂ ਖੋਲ੍ਹਣ ਦਿੰਦਾ। ਪੀੜਤ ਧਿਰ ਨੂੰ ਗਵਾਹੀ ਦੇਣ ਲਈ ਖ਼ੁਦ ਕਟਹਿਰੇ ਵਿਚ ਖੜਨਾ ਪੈਂਦਾ ਹੈ। ਮੁਲਜ਼ਮ ਵੱਲੋਂ ਸਵਾਲ-ਜਵਾਬ ਵਕੀਲ ਵੱਲੋਂ ਕੀਤੇ ਜਾਂਦੇ ਹਨ। ਕਾਨੂੰਨ ਮੁਲਜ਼ਮ ਨੂੰ ਬੇਕਸੂਰ ਮੰਨ ਕੇ ਚੱਲਦਾ ਹੈ। ਉਸ ਨੂੰ ਬਰੀ ਕਰਨ ਦਾ ਬਹਾਨਾ ਭਾਲਦਾ ਹੈ। ਸੌ ਕੜੀਆਂ ਵਾਲੀ ਕਹਾਣੀ ਵਿਚ ਜੇ ਇਕ ਕੜੀ ਵੀ ਕਮਜ਼ੋਰ ਪੈ ਜਾਵੇ ਤਾਂ ਸਾਰੇ ਮਾਮਲੇ ਨੂੰ ਸ਼ੱਕੀ ਠਹਿਰਾ ਕੇ ਦੋਸ਼ੀ ਦੀਆਂ ਹੱਥਕੜੀਆਂ ਖੋਲ੍ਹ ਦਿੰਦਾ ਹੈ। ਭੁੱਲੇ-ਚੁੱਕੇ ਜੇ ਕਿਸੇ ਦੋਸ਼ੀ ਨੂੰ ਸਜ਼ਾ ਹੋ ਜਾਵੇ ਤਾਂ ਸਰਕਾਰ ਉਸ ਨੂੰ ਜਵਾਈਆਂ ਵਾਂਗ ਪਾਲਣਾ ਸ਼ੁਰੂ ਕਰ ਦਿੰਦੀ ਹੈ। ਸਹੂਲਤਾਂ ਦੇ-ਦੇ ਕੈਦ ਨੂੰ ਕੈਦ ਨਹੀਂ ਰਹਿਣ ਦਿੰਦੀ। ਹਰ ਛਿਮਾਹੀ, ਇਕ ਤਿਮਾਹੀ ਲਈ ਕੈਦੀ ਨੂੰ ਬੱਚੇ ਪੈਦਾ ਕਰਨ, ਵਿਆਹਾਂ ਵਿਚ ਭੰਗੜੇ ਪਾਉਣ, ਫ਼ਸਲਾਂ ਬੀਜਣ ਤੇ ਵੱਢਣ ਲਈ ਘਰ ਭੇਜ ਦਿੰਦੀ ਹੈ। ਮੁਆਫ਼ੀਆਂ ਦੇ-ਦੇ ਸਜ਼ਾ ਅੱਧੀ ਕਰ ਦਿੰਦੀ ਹੈ। ਇਥੇ ਹੀ ਬੱਸ ਨਹੀਂ। ਫੇਰ ਕਦੇ ਬੁਢਾਪੇ ਦੇ ਬਹਾਨੇ, ਕਦੇ ਬੀਮਾਰੀ ਦੇ ਬਹਾਨੇ ਅਗਾਊਂ ਰਿਹਾਈ ਦੇ ਦਿੰਦੀ ਹੈ। ਮੁਜਰਮ ਨੂੰ ਹੋਈ ਸਜ਼ਾ ਦਾ ਅਹਿਸਾਸ ਹੀ ਨਹੀਂ ਹੋਣ ਦਿੰਦੀ।

“ਸਰਕਾਰ ਅਤੇ ਕਾਨੂੰਨ ਨੂੰ ਪੀੜਤ ਧਿਰ ਭੁੱਲੀ ਰਹਿੰਦੀ ਹੈ। ਜਿਨ੍ਹਾਂ ਨੂੰ ਇਹਨਾਂ ਮੁਲਜ਼ਮਾਂ ਨੇ ਵਿਧਵਾ ਜਾਂ ਅਨਾਥ ਬਣਾਇਆ ਹੁੰਦਾ ਹੈ, ਜਿਨ੍ਹਾਂ ਦੀਆਂ ਇੱਜ਼ਤਾਂ ਜਾਂ ਘਰ ਲੁੱਟੇ ਹੁੰਦੇ ਹਨ, ਉਹਨਾਂ ਦਾ ਕਦੇ ਕਿਸੇ ਨੂੰ ਖ਼ਿਆਲ ਨਹੀਂ ਆਉਂਦਾ। ਸਰਕਾਰ ਪੀੜਤ ਧਿਰ ਦੇ ਜ਼ਖ਼ਮਾਂ ’ਤੇ ਘੱਟ ਲੂਣ ਨਹੀਂ ਛਿੜਕ ਰਹੀ। ਰਹਿੰਦੀ-ਖੂੰਹਦੀ ਕਸਰ ਤੁਸੀਂ ਲੋਕ ਕੱਢ ਰਹੇ ਹੋ। ਮੁਜਰਮਾਂ ਨੂੰ ਬਰੀ ਕਰਾਉਣ ਅਤੇ ਜੇਲ੍ਹ ਵਿਚ ਪੰਜ-ਸਿਤਾਰਾ ਸਹੂਲਤਾਂ ਦਿਵਾਉਣ ਲਈ ਝੰਡਾ ਚੱਕੀ ਫਿਰਦੇ ਹੋ। ਮੁਲਜ਼ਮ ਜਮਾਤ ਰਹਿਮ-ਦਿਲੀ ਦੀ ਪਾਤਰ ਨਹੀਂ ਹੈ। ਜੇ ਸਮਾਜ ਨੂੰ ਸੁਖੀ ਦੇਖਣਾ ਹੈ ਤਾਂ ਇਹਨਾਂ ਨਾਲ ਸਖ਼ਤੀ ਨਾਲ ਨਿੱਬੜੇ।”

ਹਰੀਸ਼ ਦੀਆਂ ਗੱਲਾਂ ਸੁਣ ਕੇ ਗੁਰਮੀਤ ਨੂੰ ਸੋਸਾਇਟੀ ਦਾ ਉਦੇਸ਼ ਸਮਝ ਆ ਗਿਆ। ਦੋਹਾਂ ਸੰਸਥਾਵਾਂ ਦਾ ਉਦੇਸ਼ ਸਾਂਝਾ ਸੀ। ਬੱਸ ਰਸਤਿਆਂ ਦਾ ਫ਼ਰਕ ਸੀ। ਗੁਰਮੀਤ ਪਾੜੇ ਦੂਰ ਕਰਨ ਦਾ ਯਤਨ ਕਰਨ ਲੱਗਾ।

“ਸੰਮਤੀ ਸੋਸਾਇਟੀ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ। ਪਰ ਸਖ਼ਤੀ ਉਹਨਾਂ ਮੁਜਰਮਾਂ ਉਪਰ ਹੋਣੀ ਚਾਹੀਦੀ ਹੈ, ਜਿਹੜੇ ਸੱਚਮੁੱਚ ਕਸੂਰਵਾਰ ਹਨ। ਜੇ ਪੁਲਿਸ ਆਪਣੀ ਖੱਲ ਬਚਾਉਣ ਲਈ ਕਿਸੇ ਗ਼ਰੀਬ ਨੂੰ ਮੁਜਰਮ ਬਣਾ ਦੇਵੇ ਤਾਂ ਕੀ ਉਸ ਮਜ਼ਲੂਮ ਲਈ ਆਵਾਜ਼ ਬੁਲੰਦ ਕਰਨਾ ਜੁਰਮ ਹੈ? ਉਹ ਵੀ ਪ੍ਰਬੰਧ ਵੱਲੋਂ ਸਤਾਈ ਹੋਈ ਪੀੜਤ ਧਿਰ ਹੀ ਹੈ। ਕੀ ਅਸੀਂ ਸਾਧਨਹੀਣ ਲੋਕਾਂ ਨੂੰ ਸਜ਼ਾ ਦੇਣ ਦੇਈਏ ਜਿਹੜੇ ਬੇਕਸੂਰ ਹੁੰਦੇ ਹੋਏ ਵੀ ਇਸ ਲਈ ਸਜ਼ਾ ਖਾਣਗੇ ਕਿਉਂਕਿ ਉਹਨਾਂ ਕੋਲ ਉੱਚ-ਕੋਟੀ ਦੇ ਵਕੀਲਾਂ ਨੂੰ ਦੇਣ ਲਈ ਫ਼ੀਸ ਨਹੀਂ ਜਾਂ ਗਵਾਹਾਂ ਨੂੰ ਖ਼ਰੀਦਣ ਦੀ ਪਰੋਖੋ ਨਹੀਂ। ਕੀ ਉਹ ਜੇਲ੍ਹ ਵਿਚ ਵੀ ਜੇਲ੍ਹ ਅਧਿਕਾਰੀਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੇ ਰਹਿਣ? ਜੇ ਕੋਈ ਕਿਸੇ ਮਜਬੂਰੀ ਕਾਰਨ ਜੁਰਮ ਕਰ ਬੈਠਾ ਹੈ, ਕੀ ਉਸ ਨੂੰ ਸੁਧਰਨ ਦਾ ਮੌਕਾ ਨਹੀਂ ਮਿਲਣਾ ਚਾਹੀਦਾ? ਆਪਣੇ ਪੈਰਾਂ ਸਿਰ ਖੜੇ ਹੋਣ ਲਈ ਕਿੱਤਾ ਸਿਖਲਾਈ ਦੀ ਮੰਗ ਕਰਨਾ ਜੁਰਮ ਹੈ? ਸੰਮਤੀ ਨਾ ਕਿਸੇ ਭੈੜੇ ਅਨਸਰ ਦਾ ਪੱਖ ਪੂਰਦੀ ਹੈ ਅਤੇ ਨਾ ਕਿਸੇ ਰਿਸ਼ਵਤਖ਼ੋਰ ਦਾ। ਅਸੀਂ ਪਾਲੇ ਮੀਤੇ ਲਈ ਇਸ ਲਈ ਜੂਝ ਰਹੇ ਹਾਂ ਕਿਉਂਕਿ ਉਹ ਨਿਰਦੋਸ਼ ਹਨ। ਜਿੰਨਾ ਜ਼ੋਰ ਅਸੀਂ ਉਹਨਾਂ ਨੂੰ ਬਰੀ ਕਰਾਉਣ ’ਤੇ ਲਾ ਰਹੇ ਹਾਂ, ਓਨਾ ਹੀ ਸ਼ਹਿਰ ਦੇ ਰਈਸ ਮੁੰਡੇ ਹਰਮਨਬੀਰ ਨੂੰ ਗ੍ਰਿਫ਼ਤਾਰ ਕਰਾਉਣ ਲਈ ਵੀ ਲਾ ਰਹੇ ਹਾਂ।”

ਗੁਰਮੀਤ ਬੋਲ ਰਿਹਾ ਸੀ। ਹਰੀਸ਼ ਸੁਣ ਰਿਹਾ ਸੀ। ਕਿਸੇ ਪਾਸਿਉਂ ਕੋਈ ਕਿੰਤੂ-ਪਰੰਤੂ ਨਹੀਂ ਸੀ ਹੋ ਰਿਹਾ।

“ਮੈਨੂੰ ਜਾਪਦਾ ਹੈ ਕਿ ਸੋਸਾਇਟੀ ਵਾਲਿਆਂ ਨੂੰ ਜੇਲ੍ਹ ਅੰਦਰਲੇ ਜੀਵਨ ਦਾ ਨਿੱਜੀ ਅਨੁਭਵ ਨਹੀਂ ਹੈ। ਕਦੇ ਤੱਥਾਂ ਦੀ ਘੋਖ ਕਰ ਕੇ ਦੇਖਣਾ। ਫੇਰ ਪਤਾ ਲੱਗੇਗਾ ਮੁਆਫ਼ੀਆਂ, ਛੁੱਟੀਆਂ, ਅਗਾਊਂ ਰਿਹਾਈਆਂ ਅਤੇ ਬੀ-ਕਲਾਸ ਦੀਆਂ ਸਹੂਲਤਾਂ ਦਾ ਆਨੰਦ ਕੌਣ ਮਾਣਦਾ ਹੈ? ਅਸੀਂ ਪੰਕਜ ਜਾਂ ਹਰਮਨਬੀਰ ਵਰਗਿਆਂ ਲਈ ਸਹੂਲਤਾਂ ਨਹੀਂ ਮੰਗਦੇ। ਅਸੀਂ ਉਹਨਾਂ ਕੈਦੀਆਂ ਲਈ ਜੂਝ ਰਹੇ ਹਾਂ, ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਉਹ ਕਿਸ ਜੁਰਮ ਵਿਚ ਫੜੇ ਗਏ ਹਨ। ਅਸੀਂ ਉਹਨਾਂ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਾਂ, ਜਿਨ੍ਹਾਂ ਦੀ ਇੱਜ਼ਤ ਜੇਲ੍ਹ ਵਿਚ ਵੀ ਸੁਰੱਖਿਅਤ ਨਹੀਂ ਹੈ। ਕੀ ਤੁਹਾਡੀ ਸੰਸਥਾ ਅਜਿਹੇ ਪੀੜਤਾਂ ਨੂੰ ਸਹੂਲਤਾਂ ਦਿਵਾਉਣ ਦੇ ਵਿਰੁੱਧ ਹੈ?”

ਗੁਰਮੀਤ ਦੀਆਂ ਇਹ ਸਭ ਗੱਲਾਂ ਸੱਚ ਸਨ। ਬਿਨਾਂ ਕਾਰਨ ਕਿਸੇ ਨੁਕਤੇ ਦਾ ਵਿਰੋਧ ਕਰਨਾ ਹਰੀਸ਼ ਦਾ ਸੁਭਾਅ ਨਹੀਂ ਸੀ। ਚੁੱਪ ਕਰ ਕੇ ਉਹ ਗੁਰਮੀਤ ਦੀਆਂ ਗੱਲਾਂ ਸੁਣਦਾ ਰਿਹਾ।

“ਕੀ ਤੁਹਾਨੂੰ ਪਤਾ ਹੈ, ਹਾਕਮ ਨੂੰ ਤਨਹਾਈ ਕੋਠੜੀ ਵਿਚ ਕਿਉਂ ਸੁੱਟਿਆ ਗਿਆ ਸੀ? ਉਹ ਸਾਡੇ ਵਾਂਗ ਵਕੀਲ ਹੈ। ਜ਼ਮੀਰ ਰੱਖਦਾ ਹੈ। ਕਾਨੂੰਨ ਦੀ ਅਸਲ ਮਨਸ਼ਾ ਨੂੰ ਸਮਝਦਾ ਹੈ। ਜਦੋਂ ਸਵਾਰਥੀ ਲੋਕ ਕਾਨੂੰਨ ਨੂੰ ਆਪਣੇ ਹਿਤਾਂ ਦੀ ਪੂਰਤੀ ਲਈ ਤੋੜਦੇ-ਮਰੋੜਦੇ ਹਨ ਤਾਂ ਸਾਡੇ ਵਾਂਗ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ। ਉਸ ਨੇ ਆਪਣੀਆਂ ਸੁਖ ਸਹੂਲਤਾਂ ਤਿਆਗ ਕੇ, ਪਸ਼ੂਆਂ ਵਾਂਗ ਵਿਚਰ ਰਹੇ ਕੈਦੀਆਂ ਲਈ ਆਵਾਜ਼ ਬੁਲੰਦ ਕੀਤੀ ਸੀ। ਜੇ ਉਹ ਚਾਹੁੰਦਾ ਤਾਂ ਬਾਕੀ ਬੀ-ਕਲਾਸ ਸਾਥੀਆਂ ਵਾਂਗ ਜੇਲ੍ਹ ਅਧਿਕਾਰੀਆਂ ਦੀ ਜੀ-ਹਜ਼ੂਰੀ ਕਰ ਕੇ ਸੁੱਖ ਸਹੂਲਤਾਂ ਮਾਣਦਾ ਰਹਿੰਦਾ। ਉਲਟਾ ਹੋਰਾਂ ਲਈ ਉਸ ਨੇ ਅਫ਼ਸਰਾਂ ਦੀ ਨਾਰਾਜ਼ਗੀ ਮੁੱਲ ਲਈ। ਉਹ ਦਸ ਸਾਲ ਦੀ ਕੈਦ ਕੱਟ ਚੁੱਕਾ ਹੈ। ਉਸ ਦੇ ਨਾਲ ਦੇ ਕਦੋਂ ਦੇ ਰਿਹਾਅ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਮੁਆਫ਼ੀਆਂ ਦੀ ਥਾਂ ਉਸ ਨੂੰ ਸਜ਼ਾਵਾਂ ਮਿਲ ਰਹੀਆਂ ਹਨ। ਉਸ ਨੂੰ ਵੀਹ ਸਾਲ ਸਜ਼ਾ ਕੱਟਣੀ ਪੈ ਸਕਦੀ ਹੈ। ਕੀ ਅਜਿਹੇ ਜੁਝਾਰੂ ਬੰਦੇ ਨੂੰ ਪਾਗ਼ਲ ਹੋਣੋਂ ਜਾਂ ਮੌਤ ਦੇ ਮੂੰਹ ਵਿਚ ਜਾਣੋਂ ਬਚਾਉਣਾ ਜੁਰਮ ਹੈ? ਹਾਕਮ ਨੂੰ ਨੋਚ-ਨੋਚ ਕੇ ਖਾਣ ਲਈ ਗਿਰਝਾਂ ਵਿਚ ਸੁਟਵਾ ਕੇ ਸੋਸਾਇਟੀ ਕਿਸ ਉਦੇਸ਼ ਦੀ ਪੂਰਤੀ ਕਰ ਰਹੀ ਹੋਏਗੀ? ਮੈਨੂੰ ਸਮਝਾਓ।

“ਜੇ ਗਹੁ ਨਾਲ ਸੋਚੀਏ ਤਾਂ ਸਾਡੇ ਉਦੇਸ਼ ਸਾਂਝੇ ਹਨ। ਅਸੀਂ ਵੀ ਪੀੜਤ ਧਿਰ ਲਈ ਹੀ ਲੜ ਰਹੇ ਹਾਂ। ਫ਼ਰਕ ਏਨਾ ਕੁ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਪੀੜਤ ਸਮਝਦੇ ਹੋ ਜਿਨ੍ਹਾਂ ਦੇ ਵਿਰੋਧੀਆਂ ਤਕ ਕਾਨੂੰਨ ਦੀਆਂ ਬਾਹਾਂ ਪੱਜ ਨਹੀਂ ਸਕਦੀਆਂ। ਅਸੀਂ ਕੁਚੱਜੇ ਪ੍ਰਬੰਧ ਦੇ ਸਤਾਏ ਲੋਕਾਂ ਨੂੰ ਵੀ ਪੀੜਤ ਸਮਝਦੇ ਹਾਂ। ਕੀ ਪੰਕਜ ਨੀਰਜ ਨੂੰ ਕਟਹਿਰੇ ਵਿਚ ਖੜਾ ਕਰਨ ਨਾਲ ਮਸਲਾ ਹੱਲ ਹੋ ਜਾਏਗਾ? ਕੀ ਪਾਲੇ ਮੀਤੇ ਦੇ ਬਰੀ ਹੋਣ ਨਾਲ ਮੁੜ ਕਿਸੇ ਨਾਲ ਧੱਕਾ ਨਹੀਂ ਹੋਏਗਾ? ਸਭ ਕੁਝ ਪਹਿਲਾਂ ਵਾਂਗ ਹੀ ਚੱਲੇਗਾ। ਅਸੀਂ ਜਾਣਦੇ ਹਾਂ, ਇਕੱਲੇ-ਇਕੱਲੇ ਵਿਅਕਤੀ ਲਈ ਲੜ ਕੇ ਬਹੁਤਾ ਕੁਝ ਨਹੀਂ ਸੰਵਰਨਾ। ਸਮੁੱਚੇ ਪ੍ਰਬੰਧ ਨੂੰ ਬਦਲ ਕੇ ਹੀ ਲੋਕਾਂ ਨੂੰ ਰਾਹਤ ਮਿਲੇਗੀ। ਇਹ ਛੋਟੀਆਂ ਛੋਟੀਆਂ ਲੜਾਈਆਂ ਉਸੇ ਮੰਜ਼ਲ ਲਈ ਪੌੜੀਆਂ ਹਨ। ਆਓ) ਤੁਸੀਂ ਸਾਡੇ ਨਾਲ ਚੱਲੋ। ਆਪਾਂ ਰਲ-ਮਿਲ ਕੇ ਸਾਂਝੇ ਉਦੇਸ਼ ਵੱਲ ਵਧੀਏ। ਸੰਮਤੀ ਨੀਰਜ ਪੰਕਜ ਨੂੰ ਸਜ਼ਾ ਕਰਾਉਣ ਵਿਚ ਤੁਹਾਡੀ ਮਦਦ ਕਰੇਗੀ। ਤੁਸੀਂ ਪਾਲੇ ਮੀਤੇ ਨੂੰ ਬਰੀ ਕਰਾਉਣ ਵਿਚ ਸਾਡੇ ਨਾਲ ਮੋਢਾ ਜੋੜੋ। ਆਪਾਂ ਹਾਕਮ ਨੂੰ ਵੀ ਛੁਡਾਈਏ। ਉਸ ਨੂੰ ਵੀ ਆਪਣੇ ਨਾਲ ਰਲਾਈਏ।”

ਆਪਣੀ ਗੱਲ ਮੁਕਾ ਕੇ ਗੁਰਮੀਤ ਨੇ ਹਰੀਸ਼ ਵੱਲ ਦੋਸਤੀ ਦਾ ਹੱਥ ਵਧਾਇਆ।

ਹਰੀਸ਼ ਇਕ ਬੁੱਧੀਜੀਵੀ ਸੀ। ਰਾਜਨੀਤੀ ਨੂੰ ਸਮਝਦਾ ਸੀ। ਗੁਰਮੀਤ ਦੀਆਂ ਗੱਲਾਂ ਨੇ  ਉਸ ਦੀ ਸਮਝ ਨੂੰ ਹੋਰ ਨਿਖਾਰ ਦਿੱਤਾ।

ਹਰੀਸ਼ ਨੇ ਦੋਹਾਂ ਹੱਥਾਂ ਨਾਲ ਗੁਰਮੀਤ ਦਾ ਹੱਥ ਫੜਿਆ ਅਤੇ ਘੁੱਟ ਕੇ ਹਿੱਕ ਨਾਲ ਲਾ ਲਿਆ।

 

 

60

ਸਰੀਰਕ ਪੱਖੋਂ ਤੰਦਰੁਸਤ ਹੋਣ ਲਈ ਹਾਕਮ ਨੂੰ ਇਕ ਮਹੀਨਾ ਲੱਗਾ। ਉਸ ਨੂੰ ਮਾਨਸਿਕ ਤੌਰ ’ਤੇ ਰਿਸ਼ਟ-ਪੁਸ਼ਟ ਕਰਨ ਲਈ ਸੰਮਤੀ ਨੂੰ ਕਈ ਮਹੀਨੇ ਸੰਘਰਸ਼ ਕਰਨਾ ਪਿਆ।

ਗੁਰਮੀਤ ਅਤੇ ਪਿਆਰੇ ਲਾਲ ਉਸ ਨਾਲ ਨਿਆਂ-ਪ੍ਰਬੰਧ ਦੀ ਸਾਰਥਿਕਤਾ ਬਾਰੇ ਗੱਲਾਂ ਕਰਦੇ। ਇਹ ਕਿਸ ਧਿਰ ਦੇ ਹੱਕ ਵਿਚ ਭੁਗਤ ਰਿਹਾ ਹੈ? ਸਿੱਟੇ ਕੱਢਦੇ।

ਰਾਤ ਨੂੰ ਬਾਬਾ ਗੁਰਦਿੱਤ ਸਿੰਘ ਉਸ ਨੂੰ ਆਪਣੇ ਕੋਲ ਸੰਵਾਉਂਦਾ। ਸੰਘਰਸ਼ਾਂ ਦੀਆਂ ਗਾਥਾਵਾਂ ਸੁਣਾਉਂਦਾ। ਜਮਾਤੀ ਸੰਘਰਸ਼ਾਂ ਬਿਨਾਂ ਢਾਂਚੇ ਬਦਲੇ ਨਹੀਂ ਜਾ ਸਕਦੇ। ਉਸ ਨੂੰ ਇਹ ਸਮਝਾਉਂਦਾ।

ਲੋਕ-ਪੱਖੀ ਸੰਘਰਸ਼ ਕਿਸ ਤਰ੍ਹਾਂ ਵਿੱਢਣੇ ਅਤੇ ਕਿਸ ਤਰ੍ਹਾਂ ਨਜਿੱਠਣੇ ਹਨ? ਇਸ ਬਾਰੇ ਉਸ ਨਾਲ ਸ਼ਾਮੂ ਅਤੇ ਅਸ਼ੋਕ ਗੱਲਾਂ ਕਰਦੇ।

ਤਨਹਾਈ ਕੋਠੜੀ ਵਿਚ ਬੰਦ ਹਾਕਮ ਨੂੰ ਲੱਗਦਾ ਸੀ ਕਿ ਅਭਿਮਨਯੂ ਵਾਂਗ ਉਹ ਇਕੱਲਾਹੀ ਚੱਕਰਵਿਊ ਵਿਚ ਫਸ ਗਿਆ ਸੀ। ਬਿਨਾਂ ਚੱਕਰਵਿਊ ਤੋੜਿਆਂ ਹੀ ਸ਼ਹੀਦ ਹੋਣਾ ਪੈਣਾ ਸੀ।

ਹੁਣ ਉਸ ਨੂੰ ਮਹਿਸੂਸ ਹੋਣ ਲੱਗਾ ਸੀ ਕਿ ਜੂਝਣ ਵਾਲਾ ਉਹ ਇਕੱਲਾ ਨਹੀਂ ਸੀ। ਉਸ ਦੀ ਰਹਿਨੁਮਾਈ ਲਈ ਬਾਹਰ ਬੁੱਧੀਮਾਨ *ਸ਼ਨ ਹੋਏਗਾ। ਮਹਾਂਰਥੀ ਅਰਜਨ ਅਤੇ ਭੀਮ ਹੋਣਗੇ। ਉਹਨਾਂ ਦੀ ਕਮਾਨ ਹੇਠ ਨਿਸ਼ਕਾਮ ਕਾਰਜ ਲਈ ਲੜ ਰਹੀ ਵਿਸ਼ਾਲ ਪਾਂਡਵ ਸੈਨਾ। ਇਸ ਵਾਰ ਅਭਿਮਨਯੂ ਨਾ ਹਾਰੇਗਾ, ਨਾ ਸ਼ਹੀਦ ਹੋਏਗਾ। ਜੇਤੂ ਹੋ ਕੇ ਬਾਹਰ ਨਿਕਲੇਗਾ।

ਹਾਕਮ ਦਾ ਮਨ ਜਲਦੀ ਜੇਲ੍ਹ ਮੁੜਨ ਲਈ ਕਾਹਲਾ ਪੈਣ ਲੱਗਦਾ। ਉਹ ਜਲਦੀ ਤੋਂ ਜਲਦੀ ਇਕ-ਦੋ ਕੈਦੀਆਂ ਦੀ ਥਾਂ ਸਮੁੱਚੀ ਸਾਧਨਹੀਣ ਜਮਾਤ ਲਈ ਸੰਘਰਸ਼ ਵਿੱਢਣਾ ਚਾਹੁੰਦਾ ਸੀ। ਕਿਸੇ ਵਾਰਡਰ ਜਾਂ ਡਿਪਟੀ ਦੀ ਥਾਂ ਸਮੁੱਚੀ ਵਿਵਸਥਾ ਨਾਲ ਟਕਰਾਉਣਾ ਚਾਹੁੰਦਾ ਸੀ।

ਵਾਰ-ਵਾਰ ਉਹ ਸੰਮਤੀ ਵਾਲਿਆਂ ’ਤੇ ਜ਼ੋਰ ਪਾ ਰਿਹਾ ਸੀ।

“ਮੇਰੀ ਛੁਟੀ ਘਟਵਾਓ। ਮੈਨੂੰ ਜੇਲ੍ਹ ਜਾਣ ਦੀ ਇਜਾਜ਼ਤ ਦਿਓ। ਫੇਰ ਮੇਰੇ ਜੌਹਰ ਦੇਖਣਾ।ਅੱਗੇ ਜੇਲ੍ਹ ਵਿਚੋਂ ਕੈਦੀ ਮੁਜਰਮ ਬਣ ਕੇ ਨਿਕਲਦੇ ਸਨ, ਹੁਣ ਘੁਲਾਟੀਏ ਬਣ ਕੇ ਨਿਕਲਣਗੇ।”

ਹਾਕਮ ਨੂੰ ਇਕ ਹੋਰ ਕਾਹਲ ਸੀ। ਉਸ ਦੀ ਸਜ਼ਾ ਜਲਦੀ ਤੋਂ ਜਲਦੀ ਖ਼ਤਮ ਹੋਵੇ। ਫੇਰ ਉਹ ਸੰਮਤੀ ਵੱਲੋਂ ਵਿੱਢੇ ਸੰਘਰਸ਼ ਵਚ ਖੁੱਲ੍ਹ ਕੇ ਹਿੱਸਾ ਪਾਵੇ।

ਸੰਮਤੀ ਉਸ ਦੇ ਉਤਸ਼ਾਹ ’ਤੇ ਖ਼ੁਸ਼ ਸੀ। ਪਰ ਉਸ ਨੂੰ ਜੇਲ੍ਹ ਜਾਣ ਦੀ ਇਜਾਜ਼ਤ ਨਹੀਂ ਸੀ ਦੇ ਰਹੀ। ਮਾਨਸਿਕ ਚਕਿਤਸਕ ਹਾਲੇ ਉਸ ਦੇ ਜੇਲ੍ਹ ਜਾਣ ਦੇ ਹੱਕ ਵਿਚ ਨਹੀਂ ਸਨ।

ਹਾਈ ਕੋਰਟ ਨੇ ਅੱਠ ਸਾਲ ਪੁਰਾਣੀਆਂ ਅਪੀਲਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪਾਲੇ ਮੀਤੇ ਦੀ ਅਪੀਲ ਦੀ ਵਾਰੀ ਕਿਸੇ ਵੀ ਦਿਨ ਆ ਸਕਦੀ ਸੀ।

“ਤੂੰ ਅਪੀਲ ਦੀ ਬਹਿਸ ਵਿਚ ਹਿੱਸਾ ਲੈਣਾ ਹੈ। ਹਾਈ ਕੋਰਟ ਨੂੰ ਆਪਣੀ ਕਾਬਲੀਅਤ ਦਿਖਾਉਣੀ ਹੈ।”

ਇਸ ਬਹਾਨੇ ਸੰਮਤੀ ਉਸ ਨੂੰ ਜੇਲ੍ਹ ਜਾਣੋਂ ਰੋਕ ਰਹੀ ਸੀ।

Read 5891 times Last modified on Friday, 04 May 2018 14:35