You are here:ਮੁਖ ਪੰਨਾ»ਨਾਵਲ»ਸੁਧਾਰ ਘਰ»ਸੁਧਾਰ ਘਰ - ਕਾਂਡ 61-64

ਲੇਖ਼ਕ

Friday, 04 May 2018 14:32

ਸੁਧਾਰ ਘਰ - ਕਾਂਡ 61-64

Written by
Rate this item
(0 votes)

61

ਹਰੀਸ਼ ਰਾਏ ਅਤੇ ਉਸ ਦੀ ਸੰਸਥਾ ਦੇ ਸੰਮਤੀ ਨਾਲ ਆ ਰਲਣ ਨਾਲ ਸੰਮਤੀ ਦਾ ਬਾਹੂਬਲ ਕਈ ਗੁਣਾ ਵਧ ਗਿਆ।

ਸੰਮਤੀ ਜਾਣਦੀ ਸੀ ਕਿ ਸਰਕਾਰਾਂ ਨੇ ਬਣਦੇ-ਟੁੱਟਦੇ ਰਹਿਣਾ ਹੈ। ਸਾਰੇ ਮੁੱਖ ਮੰਤਰੀ ਇਕੋ ਥੈਲੀ ਦੇ ਚੱਟੇ-ਵੱਟੇ ਹਨ। ਲੋਕ ਭਲਾਈ ਦੀ ਟੇਕ ਕਿਸੇ ਉਪਰ ਨਹੀਂ ਰੱਖੀ ਜਾ ਸਕਦੀ।

ਹਰੀਸ਼ ਰਾਏ ਦੇ ਸੁਝਾਅ ’ਤੇ ਸੰਮਤੀ ਨੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸੰਵਾਰਣਾ ਸ਼ੁਰੂ ਕੀਤਾ।

ਪਿੰਡਾਂ ਵਿਚ ਪਿੰਡ ਪੱਧਰ ’ਤੇ ਅਤੇ ਸ਼ਹਿਰਾਂ ਵਿਚ ਵਾਰਡ ਪੱਧਰ ਤੇ ਸਮਝੌਤਾ ਕਮੇਟੀਆਂ ਬਣਾਈਆਂ ਗਈਆਂ। ਮਸਲੇ ਦੇ ਉੱਠਣ ਦੀ ਘੁਸਰ-ਮੁਸਰ ਸੁਣਦਿਆਂ ਹੀ ਇਹ ਇਕਾਈਆਂ ਦੋਹਾਂ ਧਿਰਾਂ ਨਾਲ ਸੰਪਰਕ ਕਰਦੀਆਂ। ਉਹਨਾਂ ਨੂੰ ਥਾਣੇ ਕਚਹਿਰੀ ਦੇ ਨਤੀਜਿਆਂ ਤੋਂ ਜਾਣੂ ਕਰਵਾ ਕੇ ਘਰ ਬੈਠ ਕੇ ਸਮੱਸਿਆ ਨਜਿੱਠਣ ਲਈ ਪ੍ਰੇਰਦੀਆਂ। ਦਿਨੋ-ਦਿਨ ਇਹਨਾਂ ਇਕਾਈਆਂ ਦਾ ਪ੍ਰਭਾਵ ਵਧ ਰਿਹਾ ਸੀ। ਲੋਕ ਥਾਣੇ ਕਚਹਿਰੀ ਦਾ ਖਹਿੜਾ ਛੱਡ ਕੇ ਇਹਨਾਂ ’ਤੇ ਭਰੋਸਾ ਕਰਨਲੱਗੇ।

ਬਲਾਕ ਪੱਧਰ ’ਤੇ ਇਕ ਉਡਣ ਦਸਤਾ ਬਣਾਇਆ ਗਿਆ। ਇਹ ਦਸਤਾ ਵਾਰਦਾਤ ਵਾਲੀ ਥਾਂ ’ਤੇ ਪੁਲਿਸ ਨਾਲੋਂ ਪਹਿਲਾਂ ਪਹੁੰਚਦਾ। ਪੁਲਿਸ ਦੇ ਬਰਾਬਰ ਖਲੋ ਕੇ ਪੁਲਿਸ ਨੂੰ ਸੱਚ ਝੂਠ ਦਾ ਨਿਤਾਰਾ ਕਰਨ ਲਈ ਮਜਬੂਰ ਕਰਦਾ। ਪੁਲਿਸ ਜੇ ਮਨਮਾਨੀ ਕਰਨ ਦਾ ਯਤਨ ਕਰਦੀ ਤਾਂ ਦਸਤਾ ਆਪਣੇ ਤੌਰ ’ਤੇ ਤਫ਼ਤੀਸ਼ ਆਰੰਭ ਦਿੰਦਾ। ਇਕੱਠੇ ਕੀਤੇ ਸਬੂਤਾਂ ਨੂੰ ਪੱਤਰਕਾਰਾਂ ਸਾਹਮਣੇ ਰੱਖਦਾ। ਪੱਤਰਕਾਰ ਅਖ਼ਬਾਰਾਂ ਰਾਹੀਂ ਗੱਲ ਲੋਕਾਂ ਅੱਗੇ ਰੱਖਦੇ। ਉਡਣ ਦਸਤਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰਦਾ। ਨਾ ਮੁਦੱਈ ਧਿਰ ਨਾਲ ਧੱਕਾ ਹੋਣ ਦਿੰਦਾ, ਨਾ ਮੁਲਜ਼ਮ ਧਿਰ ਨਾਲ। ਪੁਲਿਸ ਮੁਲਜ਼ਮ ਧਿਰ ਦੀ ਮਦਦ ਨਾ ਕਰ ਸਕੇ, ਇਸ ਲਈ ਦਸਤਾ ਪਰਚਾ ਦਰਜ ਹੋਣ ਤਕ ਮੁਦੱਈ ਧਿਰ ਦੇ ਨਾਲ-ਨਾਲ ਰਹਿੰਦਾ। ਮੁਦੱਈ ਧਿਰ ਤੱਥਾਂ ਨੂੰ ਆਪਣੇ ਹਿੱਤਾਂ ਅਨੁਸਾਰ ਤੋੜ-ਮਰੋੜ ਨਾ ਲਏ, ਦਸਤਾ ਇਸ ਸੰਭਾਵਨਾ ਦਾ ਵੀ ਖ਼ਿਆਲ ਰੱਖਦਾ।

ਉਡਣ ਦਸਤਿਆਂ ਦੀ ਦਖ਼ਲ-ਅੰਦਾਜ਼ੀ ਕਾਰਨ ਪੁਲਿਸ ਦੀ ਮਨਮਾਨੀ ਘਟਦੀ ਜਾ ਰਹੀ ਸੀ। ਪੁਲਿਸ ਤੋਂ ਪਹਿਲਾਂ ਲੋਕ ਉਡਣ ਦਸਤਿਆਂ ਨਾਲ ਸੰਪਰਕ ਕਰਨ ਲੱਗ ਪਏ।

ਜ਼ਿਲ੍ਹਾ ਪੱਧਰ ਉਪਰ ਚੌਕਸੀ ਕਮੇਟੀਆਂ ਬਣਾਈਆਂ ਗਈਆਂ। ਇਹਨਾਂ ਕਮੇਟੀਆਂ ਦੇ ਕਾਰਕੁਨ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਦੇ ਨਾਲ-ਨਾਲ ਜ਼ਿਲ੍ਹਾ ਕਚਹਿਰੀ ਅਤੇ ਜੇਲ੍ਹਾਂ ਦੇ ਚੱਕਰ ਵੀ ਕੱਟਦੇ। ਪੇਸ਼ੀ ਭੁਗਤਣ ਆਏ ਲੋਕਾਂ ਨੂੰ ਇਕੱਠਿਆਂ ਕਰ ਕੇ ਸਮਝੌਤਿਆਂ ਲਈ ਪ੍ਰੇਰਦੇ। ਵਕੀਲਾਂ ਦੀ ਸਹਾਇਤਾ ਨਾਲ ਲੋਕ-ਅਦਾਲਤ ਦਾ ਗਠਨ ਕੀਤਾ ਗਿਆ। ਇਹ ਅਦਾਲਤ ਲੋਕਾਂ ਨੂੰ ਗਵਾਹਾਂ ਅਤੇ ਸਬੂਤਾਂ ਦੇ ਝੰਜਟ ਤੋਂ ਬਚਾ ਕੇ ਆਹਮਣੇ-ਸਾਹਮਣੇ ਬਿਠਾਉਂਦੀ। ਦੋਹਾਂ ਧਿਰਾਂ ਨੂੰ ਮੰਜ਼ਲ ’ਤੇ ਪਹੁੰਚਾ ਕੇ ਹੀ ਉੱਠਦੀ।

 

ਚੌਕਸੀ ਕਮੇਟੀ ਦੇ ਮੈਂਬਰ ਆਪਣੇ ਤੌਰ ’ਤੇ ਕੈਦੀਆਂ ਨਾਲ ਸੰਪਰਕ ਕਰਦੇ। ਉਹਨਾਂ ਦੇ ਦੁੱਖ ਸੁਣਦੇ ਅਤੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਦੇ।

ਸੂਬਾ ਪੱਧਰ ’ਤੇ ਤਾਲਮੇਲ ਕਮੇਟੀ ਬਣਾਈ ਗਈ। ਮੀਡੀਏ ਅਤੇ ਭਰਾਤਰੀ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਕਮੇਟੀ ਆਪਣੀ ਗੱਲ ਰਾਸ਼ਟਰੀ ਪੱਧਰ ਤਕ ਪਹੁੰਚਾਉਣ ਲੱਗੀ। ਕਾਨੂੰਨ ਮਾਹਿਰਾਂ ਦੀ ਸਹਾਇਤਾ ਨਾਲ ਕਮੇਟੀ ਪਹਿਲਾਂ ਲੋਕ-ਪੱਖੀ ਕਾਨੂੰਨ ਦੇ ਖਰੜੇ ਘੜਦੀ, ਫੇਰ ਉਹਨਾਂ ਨੂੰ ਕਿਤਾਬਚਿਆਂ ਅਤੇ ਅਖ਼ਬਾਰਾਂ ਰਾਹੀਂ ਲੋਕਾਂ ਤਕ ਪਹੁੰਚਾਉਂਦੀ। ਰੈਲੀਆਂ ਅਤੇ ਗੋਸ਼ਟੀਆਂ ਰਾਹੀਂ ਲੋਕਾਂ ਨੂੰ ਕਾਨੂੰਨ ਦੇ ਉਦੇਸ਼ ਸਮਝਾਉਂਦੀ।

ਸੰਮਤੀ ਦੀਆਂ ਸਰਗਰਮੀਆਂ ਨਾਲ ਅਫ਼ਸਰਾਂ ਦੇ ਨਾਲ-ਨਾਲ ਨੇਤਾਵਾਂ ਨੂੰ ਵੀ ਘਬਰਾਹਟ ਹੋਣ ਲੱਗੀ। ਉਹਨਾਂ ਦੀ ਹਾਲਤ ਉਸ ਸੱਪ ਵਰਗੀ ਹੋ ਗਈ ਜਿਸ ਦੇ ਮੂੰਹ ਵਿਚ ਕੋਹੜਕਿਰਲੀ ਆ ਗਈ ਸੀ। ਆਪਣੇ ਹਮਾਇਤੀਆਂ ਨੂੰ ਖ਼ੁਸ਼ ਕਰਨ ਲਈ ਜੇ ਕੋਈ ਅਧਿਕਾਰੀ ਕਿਸੇ ਕਾਨੂੰਨ ਦੀ ਅਣਦੇਖੀ ਕਰਦਾ ਤਾਂ ਲੋਕ ਗਲ ਪੈ ਜਾਂਦੇ। ਜੇ ਸਰਕਾਰ ਲੋਕਾਂ ਦੀ ਘੁਰਕੀ ਤੋਂ ਡਰਦੀ ਤਾਂ ਹਿਮਾਇਤੀ ਮੂੰਹ ਮੋਟਾ ਕਰ ਲੈਂਦੇ। ਲੋਕਾਂ ਵਿਚ ਆਧਾਰ ਬਣਾਈ ਰੱਖਣ ਅਤੇ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਲਈ ਹਿਮਾਇਤੀਆਂ ਅਤੇ ਪੈਸਾ ਦੋਹਾਂ ਦੀ ਜ਼ਰੂਰਤ ਸੀ।  ਸੰਮਤੀ ਨੇ ਦੋਹਾਂ ਦੀ ਕਮੀ ਕਰ ਰੱਖੀ ਸੀ।

ਬਾਗ਼ੀਆਂ ਨੂੰ ਕਿਸ ਤਰ੍ਹਾਂ ਨੱਥ ਪਾਈ ਜਾਵੇ? ਲੱਖ ਯਤਨ ਦੇ ਬਾਵਜੂਦ ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਨਹੀਂ ਸੀ ਲੱਭ ਰਿਹਾ।

ਹਾਲ ਦੀ ਘੜੀ ਸਰਕਾਰ ਦੜ੍ਹ ਵੱਟਣ ਵਿਚ ਹੀ ਭਲਾ ਸਮਝ ਰਹੀ ਸੀ।

 

 

62

ਸੰਮਤੀ ਵਾਲਿਆਂ ਤੋਂ ਬਿਨਾਂ ਪਾਲੇ ਮੀਤੇ ਦੇ ਕੇਸ ਵਿਚ ਕਿਸੇ ਨੂੰ ਕੋਈ ਦਿਲਚਸਪੀ ਨਹੀਂਸੀ।

ਉਹਨਾਂ ਨੂੰ ਇਸ ਮੁਕੱਦਮੇ ਵਿਚ ਫਸਾਉਣ ਵਾਲੇ ਮੁੱਖ ਮੰਤਰੀ ਨੂੰ ਸਿਆਸਤ ਤੋਂ ਸੰਨਿਆਸ ਲੈਣਾ ਪੈ ਗਿਆ ਸੀ। ਅੱਜ-ਕੱਲ੍ਹ ਉਹ ਕਿਥੇ ਬਾਹਰਲੇ ਮੁਲਕ ਵਿਚ ਰਾਜਦੂਤ ਬਣ ਕੇ ਦਿਨ-ਕੱਟੀ ਕਰ ਰਿਹਾ ਸੀ।

ਨਵਾਂ ਮੁੱਖ ਮੰਤਰੀ ਪੁਰਾਣਾ ਹੋਣ ਵਾਲਾ ਸੀ।

ਬੰਟੀ ਦੇ ਦਾਦਾ ਜੀ ਸਵਰਗ ਸਿਧਾਰ ਚੁੱਕੇ ਸਨ। ਉਹਨਾਂ ਵੱਲੋਂ ਖੜੀਆਂ ਕੀਤੀਆਂ ਸੰਸਥਾਵਾਂ ਵਿਚ ਫੱਟ ਪੈ ਚੱਕੀ ਸੀ। ਖੇਰੂੰ-ਖੇਰੂੰ ਹੋਣ ਬਾਅਦ ਉਹਨਾਂ ਦਾ ਭੋਗ ਪੈ ਚੁੱਕਾ ਸੀ।

ਬੰਟੀ ਦੀ ਮਾਂ ਨੂੰ ਇਹ ਵੀ ਪਤਾ ਨਹੀਂ ਹੋਣਾ ਕਿ ਦੋਸ਼ੀ ਜੇਲ੍ਹ ’ਚ ਹਨ ਜਾਂ ਬਾਹਰ।

ਜਾਪਦਾ ਸੀ ਹਾਈ ਕੋਰਟ ਨੂੰ ਵੀ ਇਸ ਕੇਸ ਵਿਚ ਕੋਈ ਦਿਲਚਸਪੀ ਨਹੀਂ ਸੀ।

ਪਿਛਲੇ ਦਸ ਸਾਲਾਂ ਵਿਚ ਸੰਮਤੀ ਨੇ ਕਈ ਵਾਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੈਂਕੜੇ ਸਬੂਤ ਪੇਸ਼ ਕਰ ਕੇ ਦੋਹਾਂ ਨੂੰ ਬੇਕਸੂਰ ਸਿੱਧ ਕੀਤਾ ਸੀ। ਨਾਲ ਮੰਗ ਕੀਤੀ ਸੀ।

“ਅਪੀਲ ਦੀ ਸੁਣਵਾਈ ਜਲਦੀ ਕੀਤੀ ਜਾਵੇ। ਪੂਰੀ ਸਜ਼ਾ ਭੁਗਤਣ ਬਾਅਦ ਬਰੀ ਹੋਣ ਦਾ ਕੀ ਅਰਥ ਰਹਿ ਜਾਏਗਾ?”

ਹਰ ਵਾਰ ਹਾਈ ਕੋਰਟ ਇਕੋ ਮਜਬੂਰੀ ਜ਼ਾਹਿਰ ਕਰਦੀ।

“ਸਾਡੇ ਕੋਲ ਲੱਖਾਂ ਕੇਸ ਸੁਣਵਾਈ ਲਈ ਪਏ ਹਨ। ਹਜ਼ਾਰਾਂ ਅਪੀਲਾਂ ਇਸ ਤੋਂ ਵੀ ਪੁਰਾਣੀਆਂ ਹਨ। ਅਦਾਲਤ ਲਈ ਸਭ ਮੁਲਜ਼ਮ ਬਰਾਬਰ ਹਨ। ਅਪੀਲ ਦੀ ਸੁਣਵਾਈ ਵਾਰੀ ਆਉਣ ’ਤੇ ਹੋਏਗੀ।”

ਸੰਮਤੀ ਦੂਜੀ ਬੇਨਤੀ ਕਰਦੀ।

“ਫ਼ੈਸਲੇ ਤਕ ਜ਼ਮਾਨਤ ਉਪਰ ਰਿਹਾਅ ਕਰ ਦਿਓ।”

ਹਾਈ ਕੋਰਟ ਫੇਰ ਹੱਥ ਖੜੇ ਕਰ ਦਿੰਦੀ।

“ਇਹ ਮੁਕੱਦਮਾ ਅਤਿਵਾਦੀ ਗਤੀਵਿਧੀਆਂ ਨਾਲ ਸੰਬੰਧਤ ਹੈ। ਅਤਿਵਾਦੀਆਂ ਨੂੰ ਜ਼ਮਾਨਤ ਨਹੀਂ ਮਿਲ ਸਕਦੀ।”

ਬਦਲੇ ਹਾਲਾਤ ਵਿਚ ਸੰਮਤੀ ਫੇਰ ਪਹਿਲੀ ਮੰਗ ਦੁਹਰਾਉਣ ਲੱਗੀ।

“ਅੱਤਵਾਦ ਨੂੰ ਠੱਲ੍ਹ ਪੈ ਚੁੱਕਾ ਹੈ। ਅਸਲ ਅਤਿਵਾਦੀ ਵੀਹ-ਵੀਹ ਮੁਕੱਦਮਿਆਂ ਵਿਚੋਂ ਬਰੀ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਇਹਨਾਂ ’ਤੇ ਰਹਿਮ ਕਰੋ।”

ਹਾਈ ਕੋਰਟ ਫੇਰ ਝੋਟੇ ਵਾਂਗ ਸਿਰ ਮਾਰ ਦਿੰਦੀ।

ਜਦੋਂ ਅਪੀਲ ਦੀ ਵਾਰੀ ਆਈ, ਫੇਰ ਉਹੋ ਬਾਹਾਂ ਉਹੋ ਕੁਹਾੜਾ ਰਹਿਣ ਲੱਗਾ।

ਪਹਿਲੇ ਦਿਨ ਸੁਪਰੀਮ ਕੋਰਟ ਦੇ ਇਕ ਜੱਜ ਦੀ ਮੌਤ ਹੋ ਗਈ। ਹਾਈ ਕੋਰਟ ਵਿਚ ਛੁੱਟੀ ਹੋ ਗਈ।

ਦੂਸਰੀ ਵਾਰ ਇਕ ਜੱਜ ਨੂੰ ਵਿਆਹ ’ਤੇ ਜਾਣਾ ਪੈ ਗਿਆ। ਸੁਣਵਾਈ ਫੇਰ ਟਲ ਗਈ।

ਵਕੀਲਾਂ ਨੇ ਨੱਠ-ਭੱਜ ਕਰ ਕੇ ਕੇਸ ਤੀਜੀ ਵਾਰ ਸੁਣਵਾਈ ’ਤੇ ਲਵਾਇਆ।

ਇਸ ਵਾਰ ਸੁਣਵਾਈ ਵਾਲੇ ਜੱਜ ਕਿਸੇ ਹੋਰ ਅਹਿਮ ਮਾਮਲੇ ਵਿਚ ਉਲਝ ਗਏ।

ਜੰਗਲੀ ਜੀਵਾਂ ਦੇ ਹੱਕਾਂ ਦੀ ਰੱਖਿਆ ਲਈ ਇਕ ਨਵੀਂ ਸੰਸਥਾ ਬਣੀ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਉਸ ਨੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ। ਇਸ ਸੰਸਥਾ ਨੂੰ ਸਰਕਸਾਂ ਦੇ ਛਾਂਟੇ ਖਾਂਦੇ ਸ਼ੇਰਾਂ, ਪਿੰਜਰਿਆਂ ਵਿਚ ਬੰਦ ਤੋਤਿਆਂ ਅਤੇ ਮਦਾਰੀਆਂ ਦੇ ਇਸ਼ਾਰਿਆਂ ’ਤੇ ਨੱਚਦੇ ਰਿੱਛਾਂ ਨਾਲ ਹਮਦਰਦੀ ਸੀ। ਸੰਸਥਾ ਦੀ ਮੰਗ ਸੀ ਕਿ ਇਹਨਾਂ ਜਾਨਵਰਾਂ ਨੂੰ ਜ਼ੁਲਮਾਂ ਤੋਂ ਮੁਕਤੀ ਦਿਵਾਈ ਜਾਵੇ।

ਮੀਡੀਆ ਇਸ ਮਾਮਲੇ ਵਿਚ ਖ਼ੂਬ ਦਿਲਚਸਪੀ ਲੈ ਰਿਹਾ ਸੀ। ਰਿਟ ਵਾਲੇ ਦਿਨ ਤੋਂ ਲੈ ਕੇ ਅੱਜ ਤੱਕ ਹਾਈ ਕੋਰਟ ਵਿਚ ਹੋਣ ਵਾਲੀ ਹਰ ਛੋਟੀ-ਵੱਡੀ ਕਾਰਵਾਈ ਅਖ਼ਬਾਰਾਂ ਵਿਚ ਪਹਿਲੇ ਪੰਨੇ ’ਤੇ ਛਾਪ ਰਿਹਾ ਸੀ।

ਜਾਨਵਰਾਂ ਲਈ ਮਸੀਹਾ ਬਣੇ ਜੱਜ ਅਤੇ ਸੰਸਥਾ ਦੇ ਕਾਰਕੁੰਨ ਜੰਗਲਾਤ ਮਹਿਕਮੇ ਦੇ ਅਫ਼ਸਰਾਂ ਦੇ ਨਾਲ ਜਾ-ਜਾ ਪਿੰਜਰਿਆਂ ਵਿਚੋਂ ਤੋਤੇ, ਮਦਾਰੀਆਂ ਕੋਲੋਂ ਬਾਂਦਰ ਅਤੇ ਸਪੇਰਿਆਂ ਕੋਲੋਂ ਸੱਪ ਆਜ਼ਾਦ ਕਰਵਾ ਰਹੇ ਸਨ। ਇਸ ਸ਼ੁਭ ਕਾਰਜ ਸਮੇਂ ਲਈਆਂ ਗਈਆਂ ਤਸਵੀਰਾਂ ਵੀ ਅਖ਼ਬਾਰਾਂ ਵਿਚ ਮੁੱਖ ਥਾਂ ਪ੍ਰਾਪਤ ਕਰ ਰਹੀਆਂ ਸਨ।

ਸੰਮਤੀ ਵਾਲਿਆਂ ਨੇ ਸਿੱਟਾ ਕੱਢਿਆ। ਜੱਜਾਂ ਨੂੰ ਕੇਵਲ ਉਹਨਾਂ ਕੇਸਾਂ ਵਿਚ ਦਿਲਚਸਪੀ ਹੈ ਜਿਨ੍ਹਾਂ ਦੀ ਚਰਚਾ ਮੀਡੀਏ ਵਿਚ ਹੁੰਦੀ ਹੈ ਅਤੇ ਜਿਨ੍ਹਾਂ ਦੇ ਆਧਾਰ ’ਤੇ ਉਹਨਾਂ ਨੂੰ ਲੋਕ-ਹਿਤੈਸ਼ੀ ਅਤੇ ਅਗਾਂਹ-ਵਧੂ ਆਖਿਆ ਜਾਂਦਾ ਹੈ।

ਸੰਮਤੀ ਦਾ ਜੰਗਲੀ ਜੀਵਾਂ ਨਾਲ ਕੋਈ ਵਿਰੋਧ ਨਹੀਂ ਸੀ ਪਰ ਉਸ ਨੂੰ ਬੰਦਿਆਂ ਨਾਲੋਂ ਜਾਨਵਰਾਂ ਨੂੰ ਤਰਜੀਹ ਦੇਣ ’ਤੇ ਇਤਰਾਜ਼ ਸੀ।

ਜੱਜਾਂ ਨੂੰ ਸਬਕ ਸਿਖਾਉਣ ਲਈ ਸੰਮਤੀ ਨੇ ਇਸ ਸਮੱਸਿਆ ਦੇ ਦੂਜੇ ਪੱਖ ਨੂੰ ਉਘਾੜਨਾ ਸ਼ੁਰੂ ਕੀਤਾ।

ਸੰਮਤੀ ਨੇ ਬੇਰੁਜ਼ਗਾਰ ਹੋਏ ਮਦਾਰੀਆਂ, ਸਪੇਰਿਆਂ ਅਤੇ ਤੋਤਿਆਂ ਵਾਲਿਆਂ ਨਾਲ ਮੁਲਾਕਾਤਾਂ ਕੀਤੀਆਂ। ਇਹ ਜਾਨਵਰ ਇਹਨਾਂ ਦੇ ਰੋਜ਼ਗਾਰ ਦੇ ਸਾਧਨ ਤਾਂ ਸਨ ਹੀ, ਨਾਲ ਘਰ ਦੇ ਮੈਂਬਰਾਂ ਵਾਂਗ ਵੀ ਸਨ। ਇਕ ਪਾਸੇ ਇਹਨਾਂ ਦੇ ਬੱਚੇ ਆਪਣੇ ਬਚਪਨ ਦੇ ਸਾਥੀਆਂ ਦੇ ਖੁੱਸ ਜਾਣ ’ਤੇ ਦੁਖੀ ਸਨ। ਦੂਜੇ ਪਾਸੇ ਇਹਨਾਂ ਹੀ ਕਾਰਨਾਂ ਕਾਰਨ ਜਾਨਵਰ ਚਿੜੀਆ ਘਰਾਂ ਵਿਚ ਭੁੱਖ ਹੜਤਾਲ ਕਰੀ ਬੈਠੇ ਸਨ। ਸੰਮਤੀ ਵਾਲਿਆਂ ਨੇ ਇਹਨਾਂ ਉਦਾਸ ਚਿਹਰਿਆਂ ਦੀਆਂ ਫ਼ੋਟੋਆਂ ਖਿੱਚੀਆਂ। ਹਰ ਰੋਜ਼ ਬੁੱਚੜਖ਼ਾਨਿਆਂ ਵਿਚ ਮਾਰੇ ਜਾਂਦੇ ਮੁਰਗ਼ਿਆਂ ਅਤੇ ਬੱਕਰਿਆਂ ਦੇ ਅੰਕੜੇ ਇਕੱਠੇ ਕੀਤੇ। ਫੇਰ ਹਾਈ ਕੋਰਟ ਅੱਗੇ ਕਈ ਪ੍ਰਸ਼ਨ ਰੱਖੇ। ਮੁਰਗ਼ਿਆਂ ਅਤੇ ਤੋਤਿਆਂ, ਬੱਕਰਿਆਂ ਅਤੇ ਰਿੱਛਾਂ ਵਿਚ ਕੀ ਫ਼ਰਕ ਹੈ? ਮੁਰਗ਼ਿਆਂ ਅਤੇ ਬੱਕਰਿਆਂ ਦੇ ਕਤਲੇਆਮ ’ਤੇ ਪਾਬੰਦੀ ਕਿਉਂ ਨਹੀਂ ਲੱਗਦੀ? ਜਾਨਵਰ ਅਤੇ ਰੋਜ਼ਗਾਰ ਦੇ ਸਾਧਨ ਦੇ ਖੋਹੇ ਜਾਣ ਬਾਅਦ ਬੇਰੁਜ਼ਗਾਰ ਹੋਏ ਪਰਿਵਾਰ ਦੇ ਬਦਲਵੇਂ ਰੁਜ਼ਗਾਰ ਦਾ ਪ੍ਰਬੰਧ ਕੌਣ ਕਰੇਗਾ?

ਸੰਮਤੀ ਦੀ ਇਸ ਨੁਕਤਾਚੀਨੀ ਨਾਲ ਜੱਜਾਂ ਦੇ ਕੰਨ ਖੜੇ ਹੋ ਗਏ।

ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਰਹਿਣ ਦਾ ਲਾਲਚ ਤਿਆਗ ਕੇ ਉਹ ਆਮ ਮੁਕੱਦਮਿਆਂ ਵੱਲ ਧਿਆਨ ਦੇਣ ਲੱਗੇ।

 

 

63

ਪਾਲੇ ਮੀਤੇ ਹੋਰਾਂ ਦੀ ਅਪੀਲ ਸੁਣਨ ਲਈ ਇਕ ਦਿਨ ਰਾਖਵਾਂ ਰੱਖਿਆ ਗਿਆ।

ਪਹਿਲੀਆਂ ਤਿੰਨ ਪੇਸ਼ੀਆਂ ’ਤੇ ਸੰਮਤੀ ਦੇ ਬਹੁਤ ਸਾਰੇ ਕਾਰਕੁੰਨ ਕਾਰਵਾਈ ਦੇਖਣ ਆਏ ਸਨ। ਸੁਣਵਾਈ ਦੇ ਵਾਰ-ਵਾਰ ਟਲਣ ਕਾਰਨ ਉਹਨਾਂ ਦਾ ਉਤਸ਼ਾਹ ਮੱਠਾ ਪੈ ਚੁੱਕਾ ਸੀ। ਇਸ ਵਾਰ ਉਹਨਾਂ ਨੂੰ ਘਰ ਬੈਠ ਕੇ ਉਡੀਕਣ ਲਈ ਆਖਿਆ ਗਿਆ ਸੀ।

ਵਕੀਲਾਂ ਨਾਲ ਇਸ ਵਾਰ ਇਕੱਲਾ ਬਾਬਾ ਆਇਆ ਸੀ।

ਗੁਰਮੀਤ, ਪਿਆਰੇ ਲਾਲ ਅਤੇ ਹਰੀਸ਼ ਦੇ ਨਾਲ-ਨਾਲ ਹਾਕਮ ਨੇ ਵੀ ਕਾਲਾ ਕੋਟ ਪਾਇਆ ਹੋਇਆ ਸੀ। ਸੰਮਤੀ ਦੀ ਵਕੀਲਾਂ ਨੂੰ ਕਾਰਵਾਈ ਦੇ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਸੀ।

ਅਪੀਲ ਦੀ ਸੁਣਵਾਈ ਦੋ ਜੱਜਾਂ ਦੀ ਪੀਠ ਕਰ ਰਹੀ ਸੀ।

ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਜੱਜ ਮਿਸਲ ਘੋਖਣ ਲੱਗੇ।

ਮਿਸਲ ਪੜ੍ਹ-ਪੜ੍ਹ ਜੱਜਾਂ ਦੇ ਦਿਲ ਧੜਕਣ ਲੱਗੇ। ਸੰਮਤੀ ਵਾਲੇ ਠੀਕ ਦੁਹਾਈ ਪਾ ਰਹੇ ਸਨ। ਮਿਸਲ ’ਤੇ ਦੋਸ਼ੀਆਂ ਨੂੰ ਕਾਤਲ ਸਿੱਧ ਕਰਨ ਵਾਲਾ ਇਕ ਵੀ ਸਬੂਤ ਨਹੀਂ ਸੀ।

ਜੇਲ੍ਹ ਅਧਿਕਾਰੀਆਂ ਦੀ ਸਿਫ਼ਾਰਸ਼ ਵੀ ਮਿਸਲ ਨਾਲ ਨੱਥੀ ਸੀ। ਕੈਦ ਦੇ ਦੌਰਾਨ ਉਹਨਾਂ ਦਾ ਚਾਲ-ਚਲਣ ‘ਅਤੀ ਉੱਤਮ’ ਰਿਹਾ ਸੀ। ਆਪਣੇ ਵਧੀਆ ਵਿਵਹਾਰ ਕਾਰਨ ਉਹਨਾਂ ਨੇ ਢੇਰ ਸਾਰੀਆਂ ਮੁਆਫ਼ੀਆਂ ਕਮਾਈਆਂ ਸਨ।

ਮਿਸਲ ਦੇ ਨਾਲ ਦੋਸ਼ੀਆਂ ਨੂੰ ਹੋਈ ਅਤੇ ਕੱਟੀ ਜਾ ਚੁੱਕੀ ਸਜ਼ਾ ਦਾ ਚਿੱਠਾ ਵੀ ਲੱਗਾ ਸੀ। ਉਹਨਾਂ ਨੂੰ ਉਮਰ ਕੈਦ ਹੋਈ ਸੀ। ਉਮਰ ਕੈਦ ਦਾ ਮਤਲਬ ਚੌਦਾਂ ਸਾਲ ਦੀ ਕੈਦ ਸੀ। ਮਿਲੀਆਂ ਮੁਆਫ਼ੀਆਂ ਨੂੰ ਚੌਦਾਂ ਸਾਲਾਂ ਵਿਚੋਂ ਘਟਾਇਆ ਜਾਣਾ ਸੀ। ਹਿਸਾਬ ਕਿਤਾਬ ਤੋਂ ਪਤਾ ਲੱਗਾ ਸੀ ਕਿ ਉਹਨਾਂ ਦੀ ਰਿਹਾਈ ਵਿਚ ਚਾਰ ਮਹੀਨੇ ਬਾਕੀ ਸਨ।

ਜੱਜ ਸਮਝ ਗਏ। ਸੰਮਤੀ ਦੀ ਲੜਾਈ ਚਿੰਨ੍ਹਾਤਮਕ ਹੈ। ਉਹ ਦੋਸ਼ੀਆਂ ਨੂੰ ਬਰੀ ਕਰਵਾ ਕੇ ਉਹਨਾਂ ਦੇ ਮੱਥੇ ’ਤੇ ਲੱਗੇ ਕਲੰਕ ਨੂੰ ਧੋਣਾ ਚਾਹੁੰਦੀ ਹੈ।

ਦੋ ਬੇਕਸੂਰ ਬੰਦਿਆਂ ਤੋਂ ਕਤਲ ਦੇ ਜੁਰਮ ਜਿੰਨੀ ਸਜ਼ਾ ਕਟਵਾ ਕੇ ਉਹਨਾਂ ਨੂੰ ਬੇਕਸੂਰ ਘੋਸ਼ਿਤ ਕਰਨ ਨਾਲ ਕਾਨੂੰਨ ਦੇ ਮੂੰਹ ’ਤੇ ਜੋ ਕਾਲਖ਼ ਮਲੀ ਜਾਏਗੀ, ਜੱਜ ਉਸ ਬਾਰੇ ਸੋਚਣ ਲੱਗੇ।

ਇਕ ਵਾਰ ਜੱਜਾਂ ਦਾ ਮਨ ਬਣਿਆ ਕਿ ਫ਼ੈਸਲਾ ਪ੍ਰਭਾਵਸ਼ਾਲੀ ਅਤੇ ਵਿਸਥਾਰ ਨਾਲ ਲਿਖਿਆ ਜਾਵੇ। ਫ਼ੈਸਲਿਆਂ ਦੇ ਸਾਲਾਂ-ਬੱਧੀ ਲਟਕਦੇ ਰਹਿਣ ਲਈ ਕਾਨੂੰਨ ਅਤੇ ਸਰਕਾਰ ਦੋਵੇਂ ਜ਼ਿੰਮੇਵਾਰ ਹਨ।        ਦੀ ਭਰਪੂਰ ਨਿੰਦਿਆ ਕੀਤੀ ਜਾਵੇ। ਸਰਕਾਰ ਨੂੰ ਹਦਾਇਤ ਦਿੱਤੀ ਜਾਵੇ। ਅਦਾਲਤਾਂ ਦੀ ਗਿਣਤੀ ਤੁਰੰਤ ਵਧਾਈ ਜਾਵੇ। ਹੇਠਲੀਆਂ ਅਦਾਲਤਾਂ ਨੂੰ ਹੁਕਮ ਦਿੱਤਾ ਜਾਵੇ  ਮੁਕੱਦਮੇ ਦੀ ਸੁਣਵਾਈ ਛੇ ਮਹੀਨੇ ਅੰਦਰ ਮੁਕੰਮਲ ਹੋਣੀ ਯਕੀਨੀ ਬਣਾਈ ਜਾਵੇ।  ਹਿੋਏ ਨੁਕਸਾਨ ਲਈ ਪਾਲੇ ਮੀਤੇ ਨੂੰ ਭਰਪੂਰ ਮੁਆਵਜ਼ਾ ਦਿਵਾਇਆ ਜਾਵੇ।

ਫੇਰ ਜੱਜਾਂ ਨੂੰ ਕਾਨੂੰਨ ਦੀ ਇਕ ਹੋਰ ਕਮਜ਼ੋਰੀ ਦਾ ਖ਼ਿਆਲ ਆਇਆ। ਹਾਈ ਕੋਰਟ ਦਾ ਹਰ ਫ਼ੈਸਲਾ ਹੇਠਲੀਆਂ ਅਦਾਲਤਾਂ ਲਈ ਰਾਹ ਦਸੇਰਾ ਹੁੰਦਾ ਹੈ। ਹੇਠਲੀਆਂ ਅਦਾਲਤਾਂ ਕਿਧਰੇ ਇਸ ਫ਼ੈਸ਼ਨੇ ਦੀ ਗ਼ਲਤ ਵਰਤੋਂ ਨਾ ਕਰਨ ਲੱਗ ਜਾਣ। ਦੋਸ਼ੀਆਂ ਨੂੰ ਧੜਾ-ਧੜ ਬਰੀ ਕਰਨਾ ਅਤੇ ਸਰਕਾਰ ਨੂੰ ਹਰ ਕੇਸ ਵਿਚ ਹਰਜਾਨਾ ਪਾਉਣਾ ਸ਼ੁਰੂ ਨਾ ਕਰ ਦੇਣ।

“ਆਪਣੇ ਦਾਇਰੇ ਵਿਚ ਰਹਿ ਕੇ ਫ਼ੈਸਲਾ ਕੀਤਾ ਜਾਵੇ।” ਇਹ ਸੋਚ ਕੇ ਉਹਨਾਂ ਨੇ ਆਮ ਵਾਂਗ ਫ਼ੈਸਲਾ ਸੁਣਾਉਣਾ ਸ਼ੁਰੂ ਕੀਤਾ।

ਪਹਿਲਾਂ ਜੱਜਾਂ ਨੇ ਕੰਮ ਦੀ ਬਹੁਤਾਤ ਕਾਰਨ ਸੁਣਵਾਈ ਦੇ ਸਾਲਾਂ-ਬੱਧੀ ਲਟਕਣ ਅਤੇ ਇਸ ਕਾਰਨ ਦੋਸ਼ੀਆਂ ਨੂੰ ਹੋਏ ਨੁਕਸਾਨ ’ਤੇ ਦੁੱਖ ਪ੍ਰਗਟਾਇਆ।

ਫੇਰ ਇਹ ਜਤਾਉਣ ਲਈ ਕਿ ਉਹ ਬਿਲਕੁਲ ਬੇਕਸੂਰ ਹਨ, ਬਿਨਾਂ ਬਹਿਸ ਸੁਣਿਆਂ ਉਹਨਾਂ ਨੂੰ ਬਰੀ ਕਰਨ ਦਾ ਹੁਕਮ ਫ਼ਰਮਾਇਆ।

ਫ਼ੈਸਲਾ ਹੱਕ ਵਿਚ ਹੋਣ ’ਤੇ ਵਕੀਲਾਂ ਵੱਲੋਂ ਧੰਨਵਾਦ ਵੱਜੋਂ ਜੱਜ ਅੱਗੇ ਸਿਰ ਝੁਕਾਉਣ ਦਾ ਸਦੀਆਂ ਪੁਰਾਣਾ ਰਿਵਾਜ ਹੈ।

ਬਿਨਾਂ ਇਸ ਰਸਮ ਦੀ ਪਾਲਣਾ ਕੀਤੇ ਸੰਮਤੀ ਦੇ ਵਕੀਲ ਅਦਾਲਤੋਂ ਬਾਹਰ ਆ ਗਏ।

 

 

64

ਪਾਲੇ ਮੀਤੇ ਦੇ ਰਿਹਾਅ ਹੋ ਕੇ ਸ਼ਾਮ ਤਕ ਸ਼ਹਿਰ ਪੁੱਜਣ ਦੀ ਖ਼ਬਰ ਸੰਮਤੀ ਸਮਰਥਕਾਂ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿੱਤ ਦਾ ਜਸ਼ਨ ਮਨਾਉਣ ਲਈ ਉਹ ਬਾਬਾ ਗੁਰਦਿੱਤ ਸਿੰਘ ਦੇ ਘਰ ਵੱਲ ਵਹੀਰਾਂ ਘੱਤਣ ਲੱਗੇ।

ਵੱਡੀ ਗਿਣਤੀ ਵਿਚ ਪੁੱਜ ਰਹੇ ਲੋਕਾਂ ਦਾ ਛੋਟੇ ਘਰ ਵਿਚ ਸਵਾਗਤ ਕਰਨਾ ਸੰਭਵ ਨਹੀਂ ਸੀ।

ਬਾਕੀ ਕਾਰਕੁੰਨਾਂ ਸਮੇਤ ਬਾਬਾ ਦੁਸਹਿਰਾ ਗਰਾਊਂਡ ਵਿਚ ਜਾ ਬੈਠਾ।

ਬੁਢਾਪੇ ਕਾਰਨ ਬਾਬੇ ਦੇ ਸਰੀਰ ਵਿਚ ਪਹਿਲਾਂ ਵਾਲੀ ਚੁਸਤੀ ਫੁਰਤੀ ਨਹੀਂ ਸੀ ਰਹੀ। ਆਪਣੀ ਆਰਾਮ ਕੁਰਸੀ ਉਸ ਨੇ ਗਰਾਊਂਡ ਦੇ ਇਕ ਪਾਸੇ ਡਹਾ ਲਈ ਸੀ। ਉਥੇ ਬੈਠਾ ਬਾਬਾ ਨਾਲੇ ਵਧਾਈਆਂ ਲੈਂਦਾ ਰਿਹਾ, ਨਾਲੇ ਦੁਪਹਿਰ ਨੂੰ ਸ਼ੁਰੂ ਹੋਣ ਵਾਲੀ ਰੈਲੀ ਦੇ ਪ੍ਰਬੰਧ ਵਿਚ ਜੁੱਟੇ ਕਾਰਕੁੰਨਾਂ ਨੂੰ ਹਦਾਇਤਾਂ ਦਿੰਦਾ ਰਿਹਾ।

ਗੁਰਮੀਤ ਉਹਨਾਂ ਨੂੰ ਲੈਣ ਮਾਇਆ ਨਗਰ ਗਿਆ ਹੋਇਆ ਸੀ। ਉਹਨਾਂ ਦੇ ਸ਼ਹਿਰ ਪੁੱਜਣ ਤਕ ਰੈਲੀ ਨੇ ਪੂਰੇ ਜੋਬਨ ’ਤੇ ਪੱਜ ਜਾਣਾ ਸੀ। ਰੈਲੀ ਬਾਅਦ ਉਹਨਾਂ ਨੂੰ ਨਾਲ ਲੈ ਕੇ ਸ਼ਹਿਰ ਵਿਚ ਜਲੂਸ ਕੱਢਿਆ ਜਾਣਾ ਸੀ। ਨੁਕੜ ਭਾਸ਼ਣਾਂ ਰਾਹੀਂ ਦਿੱਤੇ ਸਹਿਯੋਗ ਲਈ ਲੋਕਾਂ ਦਾ ਧੰਨਵਾਦ ਕੀਤਾ ਜਾਣਾ ਸੀ ਤੇ ਨਾਲੇ ਸੰਮਤੀ ਦੇ ਅਗਲੇ ਪ੍ਰੋਗਰਾਮਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਜਾਣਾ ਸੀ।

ਆਪਣੇ ਪੁਰਾਣੇ ਸਾਇਲਾਂ ਦੇ ਬਰੀ ਹੋਣ ’ਤੇ ਮੋਹਨ ਜੀ ਨੂੰ ਖ਼ੁਸ਼ੀ ਹੋਈ ਸੀ। ਖ਼ੁਸ਼ੀ ਸਾਂਝੀ ਕਰਨ ਅਤੇ ਲੀਗਲ ਸੈੱਲ ਦੇ ਸਾਥੀ ਮੈਂਬਰਾਂ ਨੂੰ ਵਧਾਈ ਦੇਣ ਉਹ ਦੁਸਹਿਰਾ ਗਰਾਊਂਡ ਆਇਆ ਸੀ।

ਸੰਮਤੀ ਦੇ ਸਾਰੇ ਨੇਤਾ ਡਾਢੇ ਖ਼ੁਸ਼ ਸਨ। ਰੈਲੀ ਦੀ ਸਫ਼ਲਤਾ ਲਈ ਉਹ ਸਿਰਤੋੜ ਯਤਨ ਕਰ ਰਹੇ ਸਨ।

ਮੋਹਨ ਜੀ ਭੰਬਲ-ਭੂਸੇ ਵਿਚ ਪੈ ਗਿਆ। ਬਿਨਾਂ ਮਤਲਬ ਦਸ ਸਾਲ ਕੈਦ ਕੱਟਣ ਬਾਅਦ ਬਰੀ ਹੋਣ ਵਿਚ ਏਨਾ ਖ਼ੁਸ਼ ਹੋਣ ਵਾਲੀ ਕਿਹੜੀ ਗੱਲ ਸੀ। ਜੇ ਹਾਈ ਕੋਰਟ ਫ਼ੈਸਲਾ ਉਹਨਾਂ ਦੇ ਹੱਕ ਵਿਚ ਨਾ ਕਰਦੀ ਤਾ ਵੀ ਉਹਨਾਂ ਨੇ ਦੋ-ਤਿੰਨ ਮਹੀਨਿਆਂ ਬਾਅਦ ਛੁੱਟ ਜਾਣਾ ਸੀ। ਲੰਬੀ ਕੈਦ ਕੱਟਣ ਦੇ ਜੋ ਨੁਕਸਾਨ ਹੁੰਦੇ ਹਨ ਉਹ ਹੋ ਚੁੱਕੇ ਸਨ। ਉਸ ਨੁਕਸਾਨ ਦੀ ਪੂਰਤੀ ਲਈ ਹਾਈ ਕੋਰਟ ਨੇ ਕੋਈ ਮੁਆਵਜ਼ਾ ਨਹੀਂ ਸੀ ਦਿੱਤਾ।

ਪਾਲੇ ਦਾ ਘਰ ਤਬਾਹ ਹੋ ਚੁੱਕਾ ਸੀ। ਸੰਮਤੀ ਦੋ ਕੁ ਸਾਲ ਹੀ ਬੰਤੋ ਨੂੰ ਉਸ ਦੇ ਘਰੋਂ ਭੱਜਣ ਤੋਂ ਰੋਕ ਸਕੀ। ਜਦੋਂ ਅਪੀਲ ਲਟਕ ਗਈ ਅਤੇ ਸਭ ਨੂੰ ਇਹ ਯਕੀਨ ਹੋ ਗਿਆ ਕਿ ਪਾਲੇ ਦੀ ਰਿਹਾਈ ਜਲਦੀ ਸੰਭਵ ਨਹੀਂ ਹੈ ਤਾਂ ਬੰਤੋ ਨੂੰ ਇਕੱਲੀ ਨੂੰ ਕਾਲੀਆਂ-ਬੋਲੀਆਂ ਰਾਤਾਂਕੱਟਣੀਆਂ ਔਖੀਆਂ ਹੋ ਗਈਆਂ। ਬਹੁਤੀ ਦੇਰ ਉਹ ਪੇਕੀਂ ਰਹਿਣ ਲੱਗੀ। ਬੰਤੋ ਦੇ ਕਹਿਣ ’ਤੇ ਬੰਤੋ ਦੇ ਪੇਕੇ ਪਾਲੇ ਦੇ ਘਰਦਿਆਂ ’ਤੇ ਜ਼ੋਰ ਪਾਉਣ ਲੱਗੇ। ‘ਕੁੜੀ ਜਵਾਨ ਹੈ। ਨਵਾਂ ਘਰਵਸਾਉਣ ਦੇ ਯੋਗ ਹੈ। ਪਾਲੇ ਨੂੰ ਉਡੀਕਦੇ-ਉਡੀਕਦੇ ਆਪਣੀ ਜਵਾਨੀ ਨਹੀਂ ਗਾਲ ਸਕਦੀ। ਮਾਮਲਾ ਨਿਬੇੜ ਲਓ।” ਪਾਲੇ ਦੇ ਘਰਦੇ ਢਿੱਲ-ਮਿਸ ਕਰਦੇ ਰਹੇ। ਫੇਰ ਬੰਤੋ ਦੇ ਮਾਪਿਆਂ ਨੇ ਸਾਫ਼ਕਹਿਣਾ ਸ਼ੁਰੂ ਕਰ ਦਿੱਤਾ, “ਕੁੜੀ ਦੇ ਚਾਲੇ ਠੀਕ ਨਹੀਂ। ਕਿਧਰੇ ਦੋਹਾਂ ਘਰਾਂ ਦਾ ਮੂੰਹ ਕਾਲਾਨਾ ਕਰ ਦੇਵੇ।” ਇਹ ਸੁਣ ਕੇ ਪਾਲੇ ਦੇ ਘਰਦਿਆਂ ਨੂੰ ਹਥਿਆਰ ਸੁੱਟਣੇ ਪਏ। ਕੁੜੀ ਪਾਲੇ ਦੀ ਮਾਂ ਦੀ ਝੋਲੀ ਪਾ ਕੇ ਉਹ ਕਿਸੇ ਹੋਰ ਦੇ ਜਾ ਬੈਠੀ। ਇਹ ਪਾਲੇ ਦੇ ਘਰ ਦੇ ਉਜਾੜੇ ਦੀ ਸ਼ੁਰੂਆਤ ਸੀ। ਸਾਰਾ ਦਿਨ ਰੋਂਦੇ ਰਹਿਣ ਕਾਰਨ ਪਾਲੇ ਦੀ ਮਾਂ ਦੀਆਂ ਅੱਖਾਂ ਦੀ ਜੋਤ ਜਾਂਦੀਰਹੀ। ਇਕੱਲੇ ਰਹਿ ਗਏ ਪਾਲੇ ਦੇ ਬਾਪ ਨੂੰ ਰੋਟੀ-ਟੁੱਕ ਚਲਾਉਣ ਲਈ ਦਿਨ-ਰਾਤ ਇਕਕਰਨੀ ਪਈ। ਚੌਵੀ ਘੰਟੇ ਮਿੱਟੀ-ਘੱਟੇ ਵਿਚ ਰਹਿਣ ਕਾਰਨ ਉਸ ਨੂੰ ਦਮਾ ਹੋ ਗਿਆ। ਪਾਲੇ ਦੀ ਕੁੜੀ ਨੂੰ ਵੀ ਬੁਖ਼ਾਰ ਚੜ੍ਹਿਆ। ਸਾਂਭ-ਸੰਭਾਲ ਦੀ ਕਮੀ ਕਾਰਨ ਉਸ ਨੂੰ ਲਕਵਾ ਹੋ ਗਿਆ। ਹੁਣ ਉਹ ਹੱਥਾਂ ਦੇ ਸਹਾਰੇ ਰਿੜ੍ਹਦੀ ਸੀ। ਜੇ ਜੀਵਨ ਆੜ੍ਹਤੀਆ ਆਪਣੀ ਜ਼ੁਬਾਨ ’ਤੇ ਪੂਰਾ ਨਾ ਉਤਰਦਾ ਤਾਂ ਇਹ ਪਰਿਵਾਰ ਕਦੋਂ ਦਾ ਮੰਦਰ ਗੁਰਦੁਆਰੇ ਅੱਗੇ ਜਾ ਬੈਠਾ ਹੁੰਦਾ।

ਸੰਮਤੀ ਦੀ ਪ੍ਰੇਰਣਾ ’ਤੇ ਪਾਲੇ ਨੇ ਜੇਲ੍ਹ ’ਚ ਸਿਲਾਈ ਦਾ ਕੰਮ ਸਿੱਖ ਲਿਆ ਸੀ। ਚਾਰ ਸਾਲ ਚੰਗੀ ਮਿਹਨਤ ਕਰ ਕੇ ਉਹ ਚੰਗਾ ਕਾਰੀਗਰ ਬਣ ਗਿਆ ਸੀ ਪਰ ਮਾਨਸਿਕ ਤਣਾਅ, ਸਖ਼ਤ ਸਰੀਰਕ ਮਿਹਨਤ ਅਤੇ ਪੌਸ਼ਟਿਕ ਖ਼ੁਰਾਕ ਦੀ ਘਾਟ ਕਾਰਨ ਉਸ ਦੀ ਨਜ਼ਰ ਕਮਜ਼ੋਰ ਹੋ ਗਈ। ਹੁਣ ਐਨਕ ਲਾ ਕੇ ਵੀ ਉਸ ਤੋਂ ਸੂਈ ਵਿਚ ਧਾਗਾ ਨਹੀਂ ਪੈਂਦਾ। ਹੱਥ ਕੰਬਣ ਲੱਗ ਪਏ ਸਨ। ਅੱਜ-ਕੱਲ੍ਹ ਨਾ ਉਸ ਤੋਂ ਵਧੀਆ ਸਿਲਾਈ ਹੁੰਦੀ ਸੀ ਤੇ ਨਾ ਕਢਾਈ।

ਸੰਮਤੀ ਨੂੰ ਉਸ ਨੂੰ ਸਿੰਘਾਂ ਵੱਲੋਂ ਉਚਾਟ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ ਸੀ। ਆਪਣੇ ਪੈਰਾਂ ਸਿਰ ਖੜੇ ਹੋਣ ਲਈ ਮੀਤੇ ਨੇ ਤਰਖਾਣਾ ਕੰਮ ਸਿੱਖਿਆ ਸੀ। ਤਖ਼ਤੇ ਜੋੜੀਆਂ ਬਣਾ ਕੇ ਬਹੁਤੀ ਕਮਾਈ ਨਹੀਂ ਸੀ ਹੋਣੀ। ਉਸ ਨੇ ਫ਼ਰਨੀਚਰ ਬਣਾਉਣਾ ਸਿੱਖਿਆ। ਕਈ ਸਾਲ ਉਸ ਦੇ ਕੰਮ ਦਾ ਚੰਗਾ ਮੁੱਲ ਪੈਂਦਾ ਰਿਹਾ ਸੀ।

ਦੋ ਸਾਲ ਤੋਂ ਟੀ.ਬੀ. ਦੀ ਬੀਮਾਰੀ ਨੇ ਉਸ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਲੱਕੜ ਦੇ ਬੂਰ ਤੋਂ ਉਸ ਨੂੰ ਅਲਰਜੀ ਹੋ ਗਈ ਸੀ। ਬਾਹਰ ਆ ਕੇ ਉਸ ਨੂੰ ਕੋਈ ਹੋਰ ਜੁਗਾੜ ਕਰਨਾ ਪਏਗਾ।

ਦੋਹਾਂ ਦੀਆਂ ਸ਼ਕਲਾਂ-ਸੂਰਤਾਂ ਵਿਚ ਵੀ ਜ਼ਮੀਨ-ਅਸਮਾਨ ਦਾ ਫ਼ਰਕ ਪੈ ਚੁੱਕਾ ਸੀ। ਹੁਣ ਉਹ ਤੀਹ-ਪੈਂਤੀ ਸਾਲ ਦੇ ਫ਼ੁਰਤੀਲੇ ਨੌਜਵਾਨ ਨਹੀਂ ਸਨ। ਸੱਠਾਂ-ਪੈਂਹਠਾਂ ਦੇ ਬੁੱਢ-ਬੁਢੇਲ ਲੱਗਦੇ ਹਨ। ਉਹਨਾਂ ਦੇ ਅੱਧਿਆਂ ਨਾਲੋਂ ਵੱਧ ਦੰਦ ਨਿਕਲ ਚੁੱਕੇ ਸਨ। ਦਾੜ੍ਹੀ ਮੁੱਛਾਂ ਚਿੱਟੀਆਂ ਹੋ ਗਈਆਂ ਸਨ। ਅੱਖਾਂ ਅੰਦਰ ਧਸ ਗਈਆਂ ਸਨ ਅਤੇ ਜਾਬ੍ਹਾਂ ਬਾਹਰ ਨਿਕਲ ਆਈਆਂ ਸਨ।

ਮੋਹਨ ਜੀ ਨੂੰ ਲੱਗਦਾ ਸੀ ਕਿ ਜਦੋਂ ਲੋਕ ਉਹਨਾਂ ਦੀਆਂ ਸ਼ਕਲਾਂ ਦੇਖਣਗੇ, ਉਹਨਾਂ ਦੀ ਖ਼ੁਸ਼ੀ ਗ਼ਮੀ ਵਿਚ ਬਦਲ ਜਾਏਗੀ।

ਮੋਹਨ ਜੀ ਦੇ ਜ਼ਿਹਨ ਵਿਚ ਪਾਲੇ ਮੀਤੇ ਦਾ ਭੂਤ ਅਤੇ ਭਵਿੱਖ ਘੁੰਮ ਰਿਹਾ ਸੀ। ਅੱਖਾਂ ਅੱਗੇ ਕੰਮਾਂ ਵਿਚ ਰੁੱਝਾ ਹਾਕਮ ਅਤੇ ਉਸ ਦਾ ਵਰਤਮਾਨ ਸੀ।

ਹਾਕਮ ਨੌਜਵਾਨ ਸੀ। ਵਕਾਲਤ ਪਾਸ ਸੀ। ਪਰ ਉਸ ਦੀ ਚਾਲ ਵਿਚ ਫ਼ੁਰਤੀ ਨਹੀਂ ਸੀ ਜੋ ਉਸ ਵਰਗੇ ਨੌਜਵਾਨ ਵਿਚ ਹੋਣੀ ਚਾਹੀਦੀ ਸੀ। ਉਲਟਾ ਉਸ ਦੇ ਚਿਹਰੇ ’ਤੇ ਉਦਾਸੀ ਦੀ ਇਕ ਗਹਿਰੀ ਪਰਤ ਸੀ।

ਇਸ ਉਦਾਸੀ ਦਾ ਕਾਰਨ ਮੋਹਨ ਜੀ ਤੋਂ ਗੁੱਝਾ ਨਹੀਂ ਸੀ।

ਹਾਕਮ ਦੀ ਛੁੱਟੀ ਖ਼ਤਮ ਹੋਣ ਵਾਲੀ ਸੀ। ਉਸ ਨੂੰ ਨਰਕੋਂ ਸੁਨੇਹਾ ਆਉਣ ਵਾਲਾ ਸੀ। ਮੁੜ ਸ਼ੁਰੂ ਹੋਣ ਵਾਲੀ ਗ਼ੁਲਾਮੀ ਤੋਂ ਡਰਦਾ ਉਹ ਝੂਰ ਰਿਹਾ ਹੋਵੇਗਾ।

ਉਸ ਦੀ ਉਦਾਸੀ ਦਾ ਇਕ ਕਾਰਨ ਹੋਰ ਵੀ ਹੋ ਸਕਦਾ ਹੈ। ਉਸ ਦੀ ਅਪੀਲ ਸੁਪਰੀਮ ਕੋਰਟ ਤਕ ਰੱਦ ਹੋ ਚੁੱਕੀ ਸੀ। ਸਜ਼ਾ ਭੁਗਤਣੀ ਪੈਣੀ ਸੀ। ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਗ਼ੁਸਤਾਖ਼ ਅਤੇ ਝਗੜਾਲੂ ਗਰਦਾਨ ਕੇ ਪਹਿਲਾਂ ਕਮਾਈਆਂ ਮੁਆਫ਼ੀਆਂ ਰੱਦ ਕਰ ਦਿੱਤੀਆਂ ਸਨ। ਨਾਲ ਇਹਨਾਂ ਜੁਰਮਾਂ ਬਦਲੇ ਵਾਧੂ ਸਜ਼ਾਵਾਂ ਵੀ ਦੇ ਦਿੱਤੀਆਂ ਸਨ। ਬੇਕਸੂਰ ਹੁੰਦਿਆਂ ਹੋਇਆਂ ਵੀ ਘੱਟੋ-ਘੱਟ ਚਾਰ ਸਾਲ ਹੋਰ ਉਸ ਨੂੰ ਜੇਲ੍ਹ ’ਚ ਰਹਿਣਾ ਪੈ ਸਕਦਾ ਸੀ।

ਮੋਹਨ ਜੀ ਤੋਂ ਮਨ ਦੀ ਗੱਲ ਮਨ ਵਿਚ ਨਾ ਰੱਖੀ ਗਈ। ਜਿਉਂ ਹੀ ਬਾਬੇ ਦੇ ਖੱਬੇ ਪਾਸੇ ਪਈ ਕੁਰਸੀ ਖ਼ਾਲੀ ਹੋਈ, ਉਹ ਝੱਟ ਉਸ ਉਪਰ ਜਾ ਬੈਠਾ। ਫੇਰ ਪੁੱਛਣ ਲੱਗਾ।

“ਬਾਬਾ ਜੀ, ਕੀ ਅਸੀਂ ਸੱਚਮੁੱਚ ਜਿੱਤ ਗਏ ਹਾਂ? ਕੀ ਸੱਚਮੁੱਚ ਪਾਲਾ ਅਤੇ ਮੀਤਾ ਬਾਇੱਜ਼ਤ ਬਰੀ ਹੋਏ ਹਨ? ਬਥੇਰੇ ਪਾਲੇ ਮੀਤੇ ਜੇਲ੍ਹਾਂ ਵਿਚ ਬੰਦ ਹਨ। ਦੂਰ ਜਾਣ ਦੀ ਜ਼ਰੂਰਤ ਨਹੀਂ। ਆਹ ਹਾਕਮ ਵੱਲ ਹੀ ਦੇਖ ਲਓ। ਅਜਿਹੇ ਹਾਲਾਤ ਵਿਚ ਕੀ ਜਸ਼ਨ ਮਨਾਉਣਾ ਜਾਇਜ਼ ਹੈ?”

ਬਾਬੇ ਨੂੰ ਪਤਾ ਸੀ। ਇਹੋ ਜਿਹੇ ਪ੍ਰਸ਼ਨ ਮੋਹਨ ਜੀ ਦੇ ਨਾਲ-ਨਾਲ ਹਜ਼ਾਰਾਂ ਲੋਕਾਂ ਦੇ ਮਨਾਂ ਵਿਚ ਉੱਠ ਰਹੇ ਹੋਣਗੇ। ਸ਼ੰਕੇ ਦੂਰ ਕਰਨ ਲਈ ਹੀ ਅੱਜ ਦੀ ਰੈਲੀ ਰੱਖੀ ਗਈ ਸੀ।

“ਇਹ ਸੰਘਰਸ਼ ਵਿੱਢ ਕੇ ਅਸੀਂ ਬਹੁਤ ਕੁਝ ਜਿੱਤਿਆ ਹੈ। ਪਾਲੇ ਮੀਤੇ ਦੇ ਮੱਥੋਂ ਤੋਂ ਇਕ ਬੱਚੇ ਦੇ ਕਾਤਲ ਹੋਣ ਦਾ ਕਲੰਕ ਲਾਹਿਆ ਹੈ। ਜੇਲ੍ਹੋਂ ਬਾਹਰ ਆ ਕੇ ਉਹਨਾਂ ਨੂੰ ਜ਼ਿੱਲਤ ਭਰੀ ਜ਼ਿੰਦਗੀ ਜਿਊਣ ਦੀ ਲੋੜ ਨਹੀਂ। ਕੀ ਇਹ ਪ੍ਰਾਪਤੀ ਘੱਟ ਹੈ? ਜੇ ਅਸੀਂ ਸੰਘਰਸ਼ ਨਾ ਕਰਦੇ ਤਾਂ ਬੰਟੀ ਦੇ ਅਸਲ ਕਾਤਲਾਂ ਦੇ ਚਿਹਰੇ ਤੋਂ ਨਕਾਬ ਨਾ ਲਹਿੰਦਾ। ਇਕ ਦਿਨ ਅਸੀਂ ਹਰਮਨਬੀਰ ਨੂੰ ਗ੍ਰਿਫ਼ਤਾਰ ਕਰਵਾ ਕੇ ਛੱਡਾਂਗੇ। ਜੇ ਅਸੀਂ ਸੰਘਰਸ਼ ਨਾ ਕਰ ਰਹੇ ਹੁੰਦੇ ਤਾਂ ਹਾਕਮ ਵਰਗਾ ਹੋਣਹਾਰ ਨੌਜਵਾਨ ਕਦੋਂ ਦਾ ਤਨਹਾਈ ਚੱਕੀ ਵਿਚ ਦਮ ਤੋੜ ਚੁੱਕਾ ਹੁੰਦਾ। ਇਹ ਵੀ ਸਾਡੀ ਇਕ ਪ੍ਰਾਪਤੀਹੈ।

“ਪੱਤਰ, ਇਕ ਗੱਲ ਹੋਰ ਸਮਝ ਲੈ। ਸੰਘਰਸ਼ ਨਿੱਜੀ ਫ਼ਾਇਦਿਆਂ ਲਈ ਨਹੀਂ, ਉਦੇਸ਼ਾਂ ਦੀ ਪ੍ਰਾਪਤੀ ਲਈ ਵਿੱਢੇ ਜਾਂਦੇ ਹਨ। ਇਸ ਸੰਘਰਸ਼ ਦਾ ਆਰੰਭ ਇਕ ਵਿਅਕਤੀ ਦੇ ਮਨ ਵਿਚ ਸੁਲਘੀ ਚਿੰਗਾੜੀ ਤੋਂ ਬੱਝਾ ਸੀ। ਦੇਖ ਹੁਣ ਇਸ ਨੇ ਕਿੱਡੇ ਭਾਂਬੜ ਦਾ ਰੂਪ ਧਾਰ ਲਿਐ। ਬੀਸੀਆਂ ਜਥੇਬੰਦੀਆਂ ਅਤੇ ਲੱਖਾਂ ਲੋਕ ਇਸ ਕਾਫ਼ਲੇ ਵਿਚ ਸ਼ਾਮਲ ਹੋ ਗਏ ਹਨ। ਹੁਣ ਤਕ ਅਸੀਂ ਸੈਂਕੜੇ ਲੋਕਾਂ ਨੂੰ ਪੁਲਿਸ ਵਧੀਕੀਆਂ ਅਤੇ ਬੀਸੀਆਂ ਨੂੰ ਜੇਲ੍ਹ ਜਾਣੋਂ ਬਚਾ ਚੁੱਕੇ ਹਾਂ। ਲੋਕ ਸਾਡੇ ’ਤੇ ਟੇਕ ਰੱਖਣ ਲੱਗੇ ਹਨ। ਦਿਨੋ-ਦਿਨ ਅਸੀਂ ਤਕੜੇ ਹੁੰਦੇ ਜਾ ਰਹੇ ਹਾਂ। ਅਸੀਂ ਆਪਣੀ ਮੰਜ਼ਲ ਦੇ ਬਹੁਤ ਨੇੜੇ ਹਾਂ। ਦੱਸ, ਕੀ ਇਹ ਖ਼ੁਸ਼ੀਆਂ ਭਰਿਆ ਦਿਨ ਨਹੀਂ ਹੈ? ਕੀ ਸਾਡਾ ਜਸ਼ਨ ਮਨਾਉਣਾ ਗ਼ਲਤ ਹੈ?”

ਮੋਹਨ ਜੀ ਦੇ ਸ਼ੰਕੇ ਦੂਰ ਹੋਣ ਲੱਗੇ। ਉਸ ਦਾ ਮਨ ਖਿੜਨ ਲੱਗਾ।

ਬਾਬੇ ਅਤੇ ਮੋਹਨ ਜੀ ਨੂੰ ਗੱਲੀਂ ਲੱਗੇ ਦੇਖ ਕੇ ਹਾਕਮ ਵੀ ਉਹਨਾਂ ਕੋਲ ਆ ਬੈਠਾ।

“ਬਾਬਾ ਜੀ) ਮੈਂ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕਾ ਹਾਂ। ਪਾਲੇ ਮੀਤੇ ਦੀ ਅਪੀਲ ਦਾ ਫ਼ੈਸਲਾ ਵੀ ਹੋ ਚੁੱਕਾ ਹੈ। ਹੁਣ ਮੇਰਾ ਮਨ ਜੇਲ੍ਹ ਜਾਣ ਅਤੇ ਆਪਣਾ ਅਧੂਰਾ ਕੰਮ ਪੂਰਾ ਕਰਨ ਨੂੰ ਕਰਦਾਹੈ।”

“ਜੇਲ੍ਹ ਤਾਂ ਜਾਣਾ ਹੀ ਹੈ, ਪਰ ਇੰਨੀ ਕਾਹਲ ਵੀ ਕੀ ਹੈ ਪੁੱਤਰਾ?”

“ਬਾਹਰਲੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਤੁਸੀਂ ਬਹੁਤ ਲੋਕ ਹੋ। ਅੰਦਰਲਿਆਂ ਦੀਆਂ ਆਹਾਂ ਸੁਣਨ ਵਾਲਾ ਕੋਈ ਨਹੀਂ। ਇਹਨਾਂ ਦਿਨਾਂ ਵਿਚ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਹੈ। ਹੁਣ ਮੈਂ ਆਪਣਾ ਕੰਮ ਨਵੇਂ ਸਿਰਿਉਂ ਅਤੇ ਵਿਗਿਆਨਕ ਢੰਗ ਨਾਲ ਵਿੱਢਾਂਗਾ। ਦੇਖਣਾ ਕਿੰਨੇ ਵਧੀਆ ਸਿੱਟੇ ਨਿਕਲਣਗੇ। ਮੈਨੂੰ ਇਸ ਸ਼ੁਭ ਮੌਕੇ ਭਰੇ ਮੇਲੇ ਵਿਚੋਂ ਵਿਦਾ ਕਰੋ।”

“ਇਉਂ ਨਾ ਆਖ ਪੁੱਤਰਾ, ਤੇਰੀ ਸਾਨੂੰ ਬਾਹਰ ਵੀ ਬਹੁਤ ਜ਼ਰੂਰਤ ਹੈ। ਉਂਜ ਤੇਰਾ ਫ਼ੈਸਲਾ ਬਿਲਕੁਲ ਠੀਕ ਹੈ। ਭੈੜੇ ਦਿਨਾਂ ਦੀ ਗਿਣਤੀ ਅੱਜ ਤੋਂ ਹੀ ਘਟਣੀ ਸ਼ੁਰੂ ਹੋਣੀ ਚਾਹੀਦੀ ਹੈ। ਜਲਦੀ ਜਾਏਂਗਾ ਤਾਂ ਹੀ ਜਲਦੀ ਵਾਪਸ ਆਏਂਗਾ। ਸਾਨੂੰ ਤੇਰਾ ਸਦਾ ਇੰਤਜ਼ਾਰ ਰਹੇਗਾ।”

ਖੜਾ ਹੋ ਕੇ ਬਾਬੇ ਨੇ ਪਹਿਲਾਂ ਹਾਕਮ ਦੀ ਪਿੱਠ ਥਾਪੜੀ, ਫੇਰ ਘੱਟ ਕੇ ਹਿੱਕ ਨਾਲ ਲਾਇਆ।

ਹਾਕਮ ਦਾ ਉਤਸ਼ਾਹ ਦੇਖ ਕੇ ਮੋਹਨ ਜੀ ਨੂੰ ਉਸ ਪ੍ਰਤੀ ਬਣੀ ਆਪਣੀ ਸੋਚ ’ਤੇ ਪਛਤਾਵਾ ਹੋਇਆ। ਆਪਣੀ ਗ਼ਲਤੀ ਸੋਚ ਕੇ ਮਨ ਹੀ ਮਨ ਉਸ ਨੇ ਹਾਕਮ ਅੱਗੇ ਸਿਰ ਝੁਕਾਇਆ।

ਹਾਕਮ ਦੇ ਫ਼ੈਸਲੇ ਨੂੰ ਧਿਆਨ ਵਿਚ ਰੱਖਦਿਆਂ ਪਹਿਲਾਂ ਉਲੀਕੇ ਪ੍ਰੋਗਰਾਮ ਵਿਚ ਸੋਧਾਂ ਕੀਤੀਆਂ ਗਈਆਂ।

ਹੁਣ ਜਦੋਂ ਜਲਸਾ ਪੂਰੇ ਜੋਬਨ ’ਤੇ ਹੋਵੇਗਾ, ਉਸ ਸਮੇਂ ਹਾਕਮ ਦੇ ਜੇਲ੍ਹ ਜਾਣ ਦੇ ਫ਼ੈਸਲੇ ਦਾ ਐਲਾਨ ਕੀਤਾ ਜਾਵੇਗਾ।

ਫੇਰ ਹਾਕਮ ਭਾਸ਼ਣ ਦੇਵੇਗਾ।

ਫੇਰ ਬਾਬੇ ਦੀ ਅਗਵਾਈ ਵਿਚ ਸੰਮਤੀ ਦੇ ਚੋਣਵੇਂ ਸੌ ਕਾਰਕੰਨਾਂ ਦਾ ਇਕ ਜਥਾ ਜਲੂਸ ਦੀ ਸ਼ਕਲ ਅਖ਼ਤਿਆਰ ਕਰੇਗਾ।

ਇਹ ਜਥਾ ਪੂਰੇ ਮਾਨ-ਸਨਮਾਨ ਨਾਲ ਹਾਕਮ ਨੂੰ ਜੇਲ੍ਹ ਛੱਡ ਕੇ ਆਏਗਾ।

ਉਹੋ ਜਥਾ ਜੇਲ੍ਹ ਦੇ ਮੁੱਖ ਦਰਵਾਜ਼ੇ ’ਤੇ ਪਾਲੇ ਮੀਤੇ ਦਾ ਸਵਾਗਤ ਕਰੇਗਾ। ਪੂਰੀ ਸ਼ਾਨੋ-ਸ਼ੌਕਤ ਨਾਲ ਉਹਨਾਂ ਨੂੰ ਸ਼ਹਿਰ ਲੈ ਕੇ ਆਏਗਾ।

ਫੇਰ ਦਰੋਣਾਚਾਰੀਆ ਵੱਲੋਂ ਰਚੇ ਖ਼ਤਰਨਾਕ ਚੱਕਰਵਿਊ ਨੂੰ ਤਹਿਸ-ਨਹਿਸ ਕਰਨ ਲਈ, ਵੀਰ ਅਭਿਮਨਯੂ ਨੂੰ ਯੁੱਧ-ਖੇਤਰ ਵਿਚ ਭੇਜੇ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ।

Read 5275 times Last modified on Friday, 04 May 2018 14:35