You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਪਿਆਰਾ ਦੋਸਤ ਸ. ਕਿਰਪਾਲ ਸਿੰਘ ਪੰਨੂੰ

ਲੇਖ਼ਕ

Sunday, 06 May 2018 21:06

ਪਿਆਰਾ ਦੋਸਤ ਸ. ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਕਿਰਪਾਲ ਸਿੰਘ ਪੰਨੂੰ ਜੋ ਕਿ ਟੋਰਾਂਟੋ, ਕੈਨੇਡਾ ਨਿਵਾਸੀ ਹੈ, ਬਾਰੇ ਲਿਖਦਿਆਂ ਮੈਂ ਖੁਸ਼ੀ ਪਰਾਪਤ ਕਰ ਰਿਹਾਂ। ਇਨ੍ਹਾਂ ਸਤਰਾਂ ਵਿੱਚ ਮੈਂ ਉਸ ਦੀਆਂ ਸੇਵਾਵਾਂ ਵਿੱਚੋਂ ਕੁੱਝ ਕੁ ਦਾ ਮੁੱਖ ਤੌਰ ’ਤੇ ਵਰਣਨ ਕਰ ਰਿਹਾਂ ਜਿਨ੍ਹਾਂ ਤੋਂ ਮੈਂ ਭਲੀ ਭਾਂਤ ਜਾਣੂੰ ਹਾਂ।

ਮੇਰਾ ਤੇ ਕਿਰਪਾਲ ਸਿੰਘ ਪੰਨੂੰ ਦਾ ਸੰਪਰਕ ਉਸ ਵੇਲ਼ੇ ਬਣਿਆਂ ਜਦੋਂ 90ਵਿਆਂ ਵਿੱਚ ਉਸ ਨੂੰ ਇਹ ਪਤਾ ਚੱਲਿਆ ਕਿ ਮੈਂ ਕੰਪਿਊਟਰ ਉੱਤੇ ਵਰਤੋਂ ’ਚ ਲਿਆਉਣ ਲਈ ਗੁਰਮੁਖੀ ਦੀਆਂ ਫੌਂਟਾਂ ਤਿਆਰ ਕਰ ਰਿਹਾ ਸਾਂ। ਉਸ ਦੀ ਦਿਲਚਸਪੀ ਇਸ ਵਿੱਚ ਪੈਦਾ ਹੋ ਗਈ ਕਿ ਜੋ ਉਸ ਵੇਲ਼ੇ ਤੀਕਰ ਮੈਂ ਗੁਰਮੁਖੀ ਕੀਅ ਬੋਰਡ ਲੇਅ ਆਊਟ ਉੱਤੇ ਪਹਿਲੋਂ ਹੀ ਕੰਮ ਕਰ ਚੁੱਕਾ ਸਾਂ ਉਸ ਉੱਤੇ ਅੱਗੇ ਹੋਰ ਕੰਮ ਕੀਤਾ ਜਾਵੇ। ਕੰਪਿਊਟਰ ਦੇ ਕੀਅ ਬੋਰਡ ਲੇਅ ਆਊਟ ਅਨੁਸਾਰ ਵਰਤੇ ਜਾਣ ਵਾਲ਼ੇ ਗੁਰਮੁਖੀ ਕਰੈਕਟਰਾਂ ਵਿੱਚ ਹੋਰ ਸੁਧਾਰ ਕੀਤਾ ਜਾਏ।

ਇਸ ਕਾਰਜ ਲਈ ਉਸ ਨੇ ਰਚਨਾਵਾਂ ਵਿੱਚ ਵਰਤੇ ਜਾਣ ਵਾਲ਼ੇ ਗੁਰਮੁਖੀ ਦੇ ਅੱਖਰ ਅਤੇ ਮਾਤਰਾਵਾਂ ਦਾ ਵਿਸਥਾਰ ਪੂਰਬਕ ਸਰਵੇਖਣ ਕੀਤਾ ਕਿ ਪ੍ਰਤੀ ਸੈਂਕੜਾ ਉਨ੍ਹਾਂ ਦੀ ਵਰਤੋਂ ਕਿਤਨੀ ਵੇਰ ਹੁੰਦੀ ਹੈ। ਇਸ ਕਾਰਜ ਲਈ ਉਸ ਨੇ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ਗਏ ਡਾ: ਹਰਕੀਰਤ ਸਿੰਘ ਵਾਲ਼ੇ ਸ਼ਬਦ ਜੋੜ ਕੋਸ਼ ਦਾ ਸਾਰਾ ਮਸਾਲਾ ਅਤੇ ਅਜੀਤ ਵੀਕਲੀ ਤੇ ਪੰਜ ਪਾਣੀ ਵੀਕਲੀ ਦੇ ਪੰਜ-ਪੰਜ ਵੱਖੋ ਵੱਖ ਲੇਖਕਾਂ ਦੀਆਂ ਰਚਨਾਵਾਂ ਨੂੰ ਚੁਣਿਆਂ ਤਾਂ ਕਿ ਨਵਾਂ ਕੀਅ ਬੋਰਡ ਲੇਅ ਆਊਟ ਡਿਜ਼ਾਈਨ ਕਰਨ ਲੱਗਿਆਂ ਪੰਜਾਬੀ ਟਾਈਪਿੰਗ ਦੀ ਸਪੀਡ ਵੱਧ ਤੋਂ ਵੱਧ ਬਣੀ ਰਹੇ।

ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਨਵੇਂ ਕੀਅ ਬੋਰਡ ਲੇਅ ਆਊਟ ਦੀ ਉਸਾਰੀ ਦੇ ਮੁੱਦੇ ਨੂੰ ਮੈਂ ਕੋਈ ਬਹੁਤੀ ਮਹੱਤਤਾ ਨਹੀਂ ਸੀ ਦੇ ਰਿਹਾ। ਉਸ ਦੇ ਦੋ ਕਾਰਨ ਸਨ: (ੳ) ਭਾਵੇਂ ਕਿ ਅੱਜ ਦਾ ਚਾਲੂ ਅੰਗਰੇਜ਼ੀ ਕੀਅ ਬੋਰਡ ਮਕੈਨੀਕਲ ਟਾਈਪ ਰਾਈਟਰ ਦੇ ਸਮੇਂ ਵਿੱਚ ਟਾਈਪਿੰਗ ਨੂੰ ਧੀਮਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਸੀ ਤਾਂ ਕਿ ਜੇ ਕੋਈ ਤੇਜ਼ ਟਾਈਪ ਕਰਤਾ ਟਾਈਪ ਕਰੇ ਤਾਂ ਉਸ ਦੀਆਂ ਕੀਆਂ ਆਪਸ ਵਿੱਚ ਨਾ ਫਸਣ ਤੇ ਉਹ ਅੱਜ ਵੀ ਇੱਕ ਮਿਆਰੀ ਕੀਅ ਬੋਰਡ ਲੇਅ ਆਊਟ ਸਿੱਧ ਹੋ ਰਿਹਾ ਹੈ। ਅਤੇ (ਅ) ਉਸ ਵੇਲ਼ੇ ਗੁਰਮੁਖੀ ਫੌਂਟਾਂ ਨੂੰ ਇੱਕ ਵਕਤੀ ਵਰਤਾਰਾ ਹੀ ਸਮਝਿਆ ਜਾਂਦਾ ਸੀ ਕਿਉਂਕਿ ਉਸ ਵੇਲ਼ੇ ਤੀਕਰ ਇੰਟਰਨੈਸ਼ਨਲ ਸਟੈਂਡਰਡ ਸਕਰਿਪਟ ‘ਯੂਨੀਕੋਡ’ ਉਸਾਰੀ ਅਧੀਨ ਸੀ ਜਿਸ ਨੇ ਫਿਰ ਸਾਰੇ ਸੰਸਾਰ ਦੀਆਂ ਲਿਖਤਾਂ ਉੱਤੇ ਛਾਅ ਜਾਣਾ ਸੀ।

ਰਫ਼ਤਾਰ ਦੇ ਸਬੰਧ ਵਿੱਚ ਕਿਰਪਾਲ ਸਿੰਘ ਪੰਨੂੰ ਇਹ ਵੀ ਚੰਗਾ ਨਹੀਂ ਸੀ ਸਮਝਦਾ ਕਿ ਕੁੱਝ ਅੱਖਰਾਂ ਨੂੰ ਆਲਟ ਕੀਅ + ਨੰਬਰ ਕੀਅ ਜੋੜ ਕੇ ਲਿਖਿਆ ਜਾਵੇ। ਇਸ ਨਾਲ਼ ਟਾਈਪਿੰਗ ਰਫ਼ਤਾਰ ਵਿੱਚ ਕਮੀ ਆ ਜਾਂਦੀ ਹੈ।

ਫਿਰ ਉਸ ਨੇ ਮੇਰੇ ਪਹਿਲੋਂ ਹੀ ਡਿਜ਼ਾਈਨ ਕੀਤੇ ਹੋਏ ਗੁਰਮੁਖੀ ਕੀਅ ਬੋਰਡ ਲੇਅ ਆਊਟ ਵਿੱਚ ਕੁੱਝ ਸੁਧਾਰਾਂ ਦਾ ਸੁਝਾਅ ਪੇਸ਼ ਕੀਤਾ। ਮੈਂ ਉਸ ਦੇ ਬੇਨਤੀ ਕਰਨ ਉੱਤੇ ਗੁਰਮੁਖੀ ਫੌਂਟਾਂ ਦੇ ਸਮਤੋਲ ਪਰਿਵਾਰ ਦੀਆਂ ਫੌਂਟਾਂ ਤਿਆਰ ਕੀਤੀਆਂ।

ਕਿਉਂਕਿ ਉਸ ਵੇਲ਼ੇ ਪੰਜਾਬ ਵਿੱਚ ਗੁਰਮੁਖੀ ਫੌਂਟਾਂ ਮੁੱਲ ਵੇਚੀਆਂ ਜਾ ਰਹੀਆਂ ਸਨ, ਕਿਰਪਾਲ ਸਿੰਘ ਪੰਨੂੰ ਨੇ ਪੰਜਾਬ ਦੇ ਟਾਈਪਿਸਟਾਂ ਲਈ ਜਿਨ੍ਹਾਂ ਦੀ ਟਾਈਪਿੰਗ ਦੀ ਸਿੱਖਿਆ ਗੁਰਮੁਖੀ ਦੇ ਰਮਿੰਗਟਨ ਟਾਈਪ ਰਾਈਟਰ ਅਨੁਸਾਰ ਹੋਈ ਸੀ, ਇੱਕ ਕੀਅ ਬੋਰਡ ਤਿਆਰ ਕਰਨ ਦਾ ਸੁਝਾਅ ਦਿੱਤਾ। ਇਸ ਲਈ ਮੈਂ ‘ਅਸੀਸ’ ਪਰਿਵਾਰ ਦੀਆਂ ਗੁਰਮੁਖੀ ਫੌਂਟਾਂ ਤਿਆਰ ਕੀਤੀਆਂ ਜੋ ਪੂਰੀ ਤਰ੍ਹਾਂ ਨਾਲ਼ ਰਮਿੰਗਟਨ ਟਾਈਪ ਰਾਈਟਰ ਦੇ ਕੀਅ ਬੋਰਡ ਅਨੁਸਾਰ ਸਨ ਅਤੇ ਮੁਫ਼ਤ ਮਿਲ਼ਦੀਆਂ ਸਨ। ਇਸ ਸਬੰਧੀ ਕਿਰਪਾਲ ਸਿੰਘ ਪੰਨੂੰ ਨੇ ਹਰ ਲੋੜੀਂਦੀ ਜਾਣਕਾਰੀ ਪਰਾਪਤ ਕੀਤੀ ਅਤੇ ਅੱਗੇ ਮੈਨੂੰ ਦਿੱਤੀ। ਸਮਤੋਲ ਅਤੇ ਅਸੀਸ ਪਰਿਵਾਰ ਦੀਆਂ ਫੌਂਟਾਂ ਮੈਂ 1998 ਵਿੱਚ ਉਸਾਰੀਆਂ।

ਉਸ ਵੇਲ਼ੇ ਮੇਰੇ ਵੱਲੋਂ ਬਹੁਤ ਸਾਰੀਆਂ ਗੁਰਮੁਖੀ ਫੌਂਟਾਂ ਉਸਾਰੀਆਂ ਜਾ ਚੁੱਕੀਆਂ ਸਨ ਅਤੇ ਸੰਸਾਰ ਦੇ ਵੱਖੋ-ਵੱਖ ਭਾਗਾਂ ਵਿੱਚ ਹੋਰ ਪੰਜਾਬੀ ਵੀ ਗੁਰਮੁਖੀ ਫੌਂਟਾਂ ਉਸਾਰ ਰਹੇ ਸਨ। ਹਰ ਇੱਕ ਦਾ ਆਪਣਾ ਹੀ ਕੀਅ ਬੋਰਡ ਲੇਅ ਆਊਟ ਸੀ। ਇਸ ਤਰ੍ਹਾਂ ਨਾਲ਼ ਬਹੁਤ ਸਾਰੇ ਗੁਰਮੁਖੀ ਕੀਅ ਬੋਰਡ ਲੇਅ ਆਊਟ ਵਰਤੋਂ ਵਿੱਚ ਆ ਗਏ। ਇਸ ਹਾਲਤ ਵਿੱਚ ਮਿਆਰੀ ਕੀਅ ਬੋਰਡ ਲੇਅ ਆਊਟ ਬਨਾਉਣ ਦੀ ਬਹੁਤ ਲੋੜ ਸੀ। ਕਿਰਪਾਲ ਸਿੰਘ ਪੰਨੂੰ ਨੇ ਇਸ ਸਬੰਧੀ ਕਈ ਅਖ਼ਬਾਰਾਂ, ਵੈੱਬਸਾਈਟਾਂ ਅਤੇ ਸਿਰਜਣਾ ਮੈਗਜ਼ੀਨ ਵਿੱਚ ਲੇਖ ਲਿਖੇ ਜਿਨ੍ਹਾਂ ਤੋਂ ਪ੍ਰੇਰਤ ਹੋ ਕੇ ਪੰਜਾਬ ਸਰਕਾਰ ਨੇ ਗੁਰਮੁਖੀ ਕੀਅ ਬੋਰਡ ਲੇਅ ਆਊਟ ਦੇ ਮਿਆਰੀਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ। ਉਸ ਵਿੱਚ ਵਿੱਦਿਆ ਦੇ ਚੀਫ ਸੈਕਟਰੀ ਸ਼੍ਰੀ ਐੱਨ. ਐੱਸ. ਰਤਨ ਪਰਧਾਨ ਸਨ, ਚੀਫ ਸੈਕਟਰੀ ਤਕਨਾਲੋਜੀ ਸ਼੍ਰੀ ਕਲਸੀ, ਕਿਰਪਾਲ ਸਿੰਘ ਪੰਨੂੰ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਗੁਰਪ੍ਰੀਤ ਸਿੰਘ ਲਹਿਲ, ਡਾ. ਕੁਲਦੀਪ ਸਿੰਘ ਧੀਰ, ਭਾਸ਼ਾ ਵਿਭਾਗ ਤੋਂ ਡਾਇਰੈਕਟਰ ਮਦਨ ਲਾਲ ਹਸੀਜਾ, ਦਿੱਲੀ ਅਤੇ ਪੰਜਾਬ ਦੀ ਹਰ ਯੂਨੀਵਰਸਿਟੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇੱਕ-ਇੱਕ ਕੰਪਿਊਟਰ ਮਾਹਰ ਅਤੇ ਪੰਜਾਬੀ ਮਾਹਰ ਸ਼ਾਮਲ ਹੋਏ।

ਉਸ ਕਮੇਟੀ ਦੇ ਫੈਸਲੇ ਅਨੁਸਾਰ ਇੱਕ ਹੋਰ ਛੋਟੀ ਕਮੇਟੀ ਬਣਾ ਦਿੱਤੀ ਗਈ। ਜਿਸ ਦੇ ਪਰਧਾਨ ਮਦਨ ਲਾਲ ਹਸੀਜਾ ਸਨ ਅਤੇ ਮੈਂਬਰ ਡਾ. ਗੁਰਪ੍ਰੀਤ ਸਿੰਘ ਲਹਿਲ, ਕਿਰਪਾਲ ਸਿੰਘ ਪੰਨੂੰ, ਡਾ. ਕੁਲਦੀਪ ਸਿੰਘ ਧੀਰ ਅਤੇ ਜਨਮੇਜਾ ਸਿੰਘ ਜੌਹਲ ਸਨ। ਕਿਰਪਾਲ ਸਿੰਘ ਪੰਨੂੰ ਅਤੇ ਗੁਰਪ੍ਰੀਤ ਸਿੰਘ ਲਹਿਲ ਵੱਲੋਂ ਆਪਣੀਆਂ ਲਿਖਤੀ ਸਿਫਾਰਸ਼ਾਂ ਦੇਣ ਪਿੱਛੋਂ ਵੀ ਊਂਟ ਕਿਸੇ ਕਰਵਟ ਨਾ ਬੈਠਿਆ।

ਇਸ ਸਮੇਂ ਤੀਕਰ ਮੈਂ ਆਪਣੇ ਬਹੁਤ ਸਾਰੇ ਮੈਕਰੋਜ ਤਿਆਰ ਕੀਤੇ ਜੋ ਗੁਰਮੁਖੀ ਦੀ ਇੱਕ ਫੌਂਟ ਦੇ ਟੈੱਕਸਟ ਨੂੰ ਦੂਸਰੀ ਗੁਰਮੁਖੀ ਦੀ ਫੌਂਟ ਵਿੱਚ ਬਦਲੀ ਕਰਦੇ ਸਨ। ਪਰ ਇਹ ਮੁੱਖ ਤੌਰ ’ਤੇ ਮੇਰੀ ਆਪਣੀ ਵਰਤੋਂ ਲਈ ਸਨ। ਫਿਰ ਵੀ ਜਿਸ ਕਿਸੇ ਨੇ ਬੇਨਤੀ ਕੀਤੀ ਮੈਂ ਉਸ ਨੂੰ ਵੀ ਇਹ ਮੈਕਰੋਜ ਭੇਜ ਦਿੱਤੇ। ਪਰ ਮੇਰੇ ਕੋਲ਼ ਸਮਾਂ ਨਹੀਂ ਸੀ ਕਿ ਮੈਂ ਇਸ ਸਬੰਧੀ ਕਿਸੇ ਹੋਰ ਦੀ ਕੋਈ ਸਹਾਇਤਾ ਕਰ ਸਕਦਾ। ਫਿਰ ਕਿਰਪਾਲ ਸਿੰਘ ਪੰਨੂੰ ਮੈਕਰੋਜ ਵਿੱਚ ਨਿਪੁੰਨ ਹੋ ਗਿਆ ਜੋ ਪੰਜਾਬੀ ਪਬਲਿਸ਼ਿੰਗ ਕਮਿਊਨਿਟੀ ਦੀ ਸਹਾਇਤਾ ਕਰ ਸਕਦਾ ਸੀ। ਉਸ ਨੇ ਨਾ ਕੇਵਲ ਲੋੜੀਂਦੇ ਅਜੇਹੇ ਮੈਕਰੋ ਹੀ ਤਿਆਰ ਕੀਤੇ ਸਗੋਂ ਇਸ ਦੇ ਨਾਲ਼-ਨਾਲ਼ ਆਪਣੇ ਮਸੌਦੇ ਨੂੰ ਲੋੜੀਂਦੀ ਫੌਂਟ ਵਿੱਚ ਪਰਵਰਤਨ ਕਰਨ ਵਿੱਚ ਹਰ ਇੱਛਾਵਾਨ ਲਿਖਾਰੀ ਅਤੇ ਪਬਲਿਸ਼ਰ ਦੀ ਸਹਾਇਤਾ ਕੀਤੀ।

ਆਪਣੇ ਕੀਅ ਬੋਰਡ ਲੇਅ ਆਊਟ ਨੂੰ ਅੱਗੇ ਵਰਤੋਂਕਾਰ ਤੀਕਰ ਪਹੁੰਚਾਉਣ ਲਈ ਪੰਨੂੰ ਵੱਲੋਂ ਕੀਤੇ ਗਏ ਅਥੱਕ ਯਤਨਾਂ ਸਦਕਾ ਬਹੁਤ ਸਾਰਿਆਂ ਨੇ ਸਮਤੋਲ ਫੌਂਟ ਦੇ ਪਰਿਵਾਰ ਨੂੰ ਅਪਨਾ ਲਿਆ ਅਤੇ ਅੱਜ ਤੀਕਰ ਉਸੇ ਨੂੰ ਵਰਤ ਰਹੇ ਹਨ। ਉਸ ਨੇ ਹੋਰ ਬਹੁਤ ਸਾਰੀਆਂ ਫੌਂਟਾਂ ਨੂੰ ਸਮਤੋਲ ਵਿੱਚ ਬਦਲੀ ਕਰਨ ਦੇ ਮੈਕਰੋ ਤਿਆਰ ਕੀਤੇ ਜੋ ਪਬਲਿਸ਼ਿੰਗ ਪਰਿਵਾਰ ਨੂੰ ਬਹੁਤ ਲਾਹੇਵੰਦ ਸਿੱਧ ਹੋਏ।

ਜਿਵੇਂ ਕਿ ਪੂਰਵੀ ਅਤੇ ਪੱਛਮੀ ਪੰਜਾਬ ਦੇ ਪੰਜਾਬੀਆਂ ਨੂੰ ਸਾਹਿਤਕ ਖੇਤਰ ਵਿੱਚ ਇੱਕਸੁਰ ਹੋਣ ਲਈ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਪਰਿਵਰਤਨ ਦੀ ਬੜੀ ਭਾਰੀ ਲੋੜ ਅਨੁਭਵ ਕੀਤੀ ਜਾ ਰਹੀ ਸੀ, ਮਾਈਕਰੋਸੌਫਟ ਵਰਡ ਮੈਕਰੋਜ ਦੇ ਨਿਪੁੰਨ ਪੰਨੂੰ ਨੇ ਇਸ ਪਾਸੇ ਵੱਲ ਆਪਣਾ ਧਿਆਨ ਕੇਂਦਰਤ ਕੀਤਾ। ਇਸੇ ਮੰਤਵ ਲਈ ਉਸ ਨੇ ਗੁਰਮੁਖੀ ਦੇ ਸਮਾਨਅੰਤਰ ਇੱਕ ਸ਼ਾਹਮੁਖੀ ਦੀ ਫੌਂਟ ‘ਬਾਬਾ ਫਰੀਦ’ ਉਸਾਰੀ ਜੋ ਗੁਰਮੁਖੀ ਵਾਂਗ ਖੱਬੇ ਤੋਂ ਸੱਜੇ ਨੂੰ ਹੀ ਲਿਖੀ ਜਾ ਸਕਦੀ ਸੀ ਅਤੇ ਉਹ ਵੀ ਕੇਵਲ ਕੰਪਿਊਟਰ ਹੀ ਲਿਖ ਸਕਦਾ ਸੀ। ਸਾਲ 1999 ਵਿੱਚ ਉਹ ਪਹਿਲਾ ਵਿਅਕਤੀ ਸੀ ਜਿਸ ਨੇ ਸਫਲਤਾ ਨਾਲ਼ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਦਾ ਪਰਿਵਰਤਨ ਤਿਆਰ ਕੀਤਾ। ਮੇਰੇ ਕਹਿਣ ਉੱਤੇ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਕਨਵਰਟ ਕੀਤਾ ਜਿਸ ਨੂੰ ਸ਼੍ਰੀਗਰੰਥ ਡਾਟ ਆਰਗ ਉੱਤੇ ਦੇਖਿਆ ਜਾ ਸਕਦਾ ਹੈ।

ਸਰਦਾਰ ਕਿਰਪਾਲ ਸਿੰਘ ਪੰਨੂੰ ਨੇ ਫੌਂਟਾਂ ਸਬੰਧੀ ਅਤੇ ਉਨ੍ਹਾਂ ਦੀ ਕੰਪਿਊਟਰ ਉੱਤੇ ਵਰਤੋਂ ਸਬੰਧੀ ਪੰਜਾਬੀ ਲਿਖਣ ਵਾਲ਼ੇ ਭਾਈਚਾਰੇ ਨੂੰ ਮੁਖ਼ਾਤਿਬ ਹੋ ਕੇ ਬਹੁਤ ਸਾਰੇ ਜਾਣਕਾਰੀ ਭਰਪੂਰ ਆਰਟੀਕਲ ਲਿਖੇ ਜੋ ਕਿ ਸਮੇਂ-ਸਮੇਂ ਬਹੁਤ ਸਾਰੇ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਛਪਦੇ ਰਹੇ ਹਨ।

ਫਿਰ ਸਰਦਾਰ ਕਿਰਪਾਲ ਸਿੰਘ ਪੰਨੂੰ ਇੱਕ ਹੋਰ ਵੀ ਔਖੇ ਕਾਰਜ ਉੱਤੇ ਜੁਟ ਗਿਆ। ਉਸ ਨੇ ਭਰਪੂਰ ਯਤਨ ਕੀਤੇ ਕਿ ਇਸ ਕੀਅ ਆਧਾਰ ਵਾਲ਼ੀਆਂ ਗੁਰਮੁਖੀ ਫੌਂਟਾਂ ਦਾ ਇੱਕ ਮਿਆਰ ਕਾਇਮ ਕੀਤਾ ਜਾਵੇ ਅਤੇ ਯੂਨੀਕੋਡ ਸਟੈਂਡਰਡ ਵਿੱਚ ਸੁਧਾਰ ਕੀਤਾ ਜਾਵੇ। ਉਸ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਇੱਕ ਤਕੜੀ ਕਮੇਟੀ ਬਣਾਈ। ਫਿਰ ਉਸ ਵਿੱਚ ਭਰਵੀਂ ਸੋਚ ਵਿਚਾਰ ਕਰਨ ਪਿੱਛੋਂ ਇੱਕ ਪੰਜ ਮੈੰਬਰੀ ਕਮੇਟੀ ਬਣਾਈ ਜਿਸ ਵਿੱਚ ਇੱਕ ਮੈਂਬਰ ਕਿਰਪਾਲ ਸਿੰਘ ਪੰਨੂੰ ਵੀ ਸੀ। ਇਸ ਕਾਰਜ ਲਈ ਪੰਨੂੰ ਨੇ ਪੰਜਾਬ ਵਿੱਚ ਕਈ ਹਫ਼ਤੇ ਇਸ ਕਾਰਜ ਦੇ ਲੇਖੇ ਲਾਏ। ਪੰਜਾਂ ਵਿੱਚੋਂ ਤਿੰਨ ਮੈਂਬਰਾਂ ਦੇ ਪੰਜਾਬੀ ਨਾਲ਼ੋਂ ਆਪਣੇ ਨਿੱਜ-ਲਾਲਚੀ ਸਵਾਰਥੀ ਹਿਤ ਪਿਆਰੇ ਹੋਣ ਕਰਕੇ ਇਹ ਕਮੇਟੀ ਵੀ ਕਿਸੇ ਇੱਕ ਨਿਰਨੇ ਉੱਤੇ ਨਾ ਪਹੁੰਚ ਸਕੀ।

ਸਰਦਾਰ ਕਿਰਪਾਲ ਸਿੰਘ ਪੰਨੂੰ ਮੇਰਾ ਇੱਕ ਪਿਆਰਾ ਦੋਸਤ ਬਣ ਗਿਆ ਸੀ ਅਤੇ ਉਹ ਅੱਜ ਵੀ ਹੈ। ਮੈਂ ਇੱਛਾ ਕਰਦਾ ਹਾਂ ਕਿ ਉਹ ਖੁਸ਼ੀਆਂ ਭਰਪੂਰ ਅਤੇ ਚੰਗੀ ਸਿਹਤ ਵਾਲ਼ਾ ਹੋਰ ਬਹੁਤ ਸਾਰਾ ਜੀਵਨ ਮਾਣੇ। ਮੈਨੂੰ ਇਹ ਪੂਰਨ ਵਿਸ਼ਵਾਸ਼ ਹੈ ਕਿ ਉਹ ਇਸੇ ਤਰ੍ਹਾਂ ਹੀ ਭਾਈਚਾਰੇ ਦੀ ਬਿਹਤਰੀ ਲਈ ਸਾਰਥਕ ਯੋਗਦਾਨ ਪਾਉਂਦਾ ਰਹੇਗਾ।

Read 5034 times Last modified on Monday, 07 May 2018 13:48