ਸ. ਕਿਰਪਾਲ ਸਿੰਘ ਪੰਨੂੰ ਜੀ ਨੇ ਪੰਜਾਬੀ ਦੇ ਕੰਪਿਊਟਰੀਕਰਨ ਵਿੱਚ ਜੋ ਆਪਣਾ ਯੋਗਦਾਨ ਪਾਇਆ ਹੈ, ਉਹ ਕਿਸੇ ਤੋਂ ਗੁੱਝਾ ਨਹੀਂ। ਉਨ੍ਹਾਂ ਦੇ ਜੀਵਨ ਦਾ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਕੈਨੇਡਾ ਤੱਕ ਦਾ ਸਫ਼ਰ, ਬਾਰਡਰ ਸਕਿਉਰਿਟੀ ਫੋਰਸ ਦੀ ਸਰਕਾਰੀ ਨੌਕਰੀ ਤੋਂ ਕੰਪਿਊਟਰ ਦੇ ਧੰਨਾ ਜੱਟ ਬਣ ਜਾਣ ਤੱਕ ਦਾ ਪੈਂਡਾ; ਉਨ੍ਹਾਂ ਦੀ ਆਪਣੇ ਕੰਮ ਪ੍ਰਤੀ ਲਗਨ ਅਤੇ ਇਰਾਦੇ ਦੀ ਮਜ਼ਬੂਤੀ ਦੀ ਮੂੰਹ ਬੋਲਦੀ ਤਸਵੀਰ ਹੈ। ਜਦੋਂ ਤੋਂ ਉਹ ਕੰਪਿਊਟਰ ਦੀ ਦੁਨੀਆਂ ਨਾਲ ਜੁੜੇ ਹਨ, ਉਨ੍ਹਾਂ ਦਾ ਗੁਰਮੁਖੀ ਅਤੇ ਪੰਜਾਬੀ ਭਾਸ਼ਾ ਦੀ ਸੇਵਾ ਲਈ ਵਿਸ਼ੇਸ਼ ਅਤੇ ਭਰਪੂਰ ਯੋਗਦਾਨ ਰਿਹਾ ਹੈ। ਪੰਜਾਬੀ ਦੇ ਫਾਂਟ ਕਨਵਰਟਰ ਤਿਆਰ ਕਰਨੇ, ਗੁਰਮੁਖੀ-ਸ਼ਾਹਮੁਖੀ ਲਿਪੀਆਂਤਰ ਟੂਲ ਬਣਾਉਣ ਵਿੱਚ ਪਹਿਲ ਕਰਨੀ, ਵਿਦੇਸ਼ੀ ਅਖ਼ਬਾਰਾਂ ਵਿੱਚ ਯੂਨੀਕੋਡ ਪਰਚਲਤ ਕਰਨ ਵਾਸਤੇ ਮੁੱਖ ਸੂਤਰਧਾਰ ਬਣਨਾ, ਗੁਰਮੁਖੀ ਦਾ ਇੱਕ ਮਿਆਰੀ ਕੀ-ਬੋਰਡ ਬਣਾਉਣ ਦੀ ਜ਼ਰੂਰਤ ਦੀ ਦੇਸ਼-ਵਿਦੇਸ਼ ਵਿੱਚ ਹਰ ਮੰਚ ਉੱਤੇ ਵਕਾਲਤ ਕਰਨੀ, ਪੰਜਾਬੀ ਦੇ ਕੰਪਿਊਟਰੀਕਰਨ ਸੰਬੰਧੀ ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਾਸਤੇ ਖੋਜ ਭਰਪੂਰ ਸਮੱਗਰੀ ਮੁਹੱਈਆ ਕਰਵਾਉਣੀ, ਅਜੋਕੇ ਅਤੇ ਇਸ ਤੋਂ ਪਹਿਲਾਂ ਦੀ ਪੀੜ੍ਹੀ ਦੇ ਆਪਣੇ ਭਾਈਚਾਰੇ ਦੇ ਵਿਦਵਾਨਾਂ ਨੂੰ ਕੰਪਿਊਟਰ ਦਾ ਗਿਆਨ ਹਾਸਲ ਕਰਨ ਵਾਸਤੇ ਹੱਲਾਸ਼ੇਰੀ ਦੇਣ ਦੇ ਨਾਲ਼-ਨਾਲ਼ ਉਨ੍ਹਾਂ ਵਿੱਚ ਇਹ ਗਿਆਨ ਵੰਡਣਾ ਆਦਿ ਨੂੰ ਪੰਨੂੰ ਸਾਹਿਬ ਜੀ ਦੀਆਂ ਪ੍ਰਾਪਤੀਆਂ ਅਤੇ ਸੇਵਾਵਾਂ ਵਿੱਚ ਸ਼ੁਮਾਰ ਕੀਤਾ ਜਾ ਸਕਦਾ ਹੈ।
ਪੰਜਾਬੀ ਤੋਂ ਸ਼ਾਹਮੁਖੀ ਲਿਪੀਆਂਤਰ ਵਿੱਚ ਜਿਹੜੀ ਉਨ੍ਹਾਂ ਦੀ ਪ੍ਰਾਪਤੀ ਹੈ, ਉਸ ਦੀ ਬਾਬਤ ਸ਼ਾਇਦ ਮੇਰੇ ਤੋਂ ਵੱਧ ਹੋਰ ਸੱਜਣ ਵੀ ਜਾਣਦੇ ਹੋਣ ਪਰ ਮੇਰੀ ਆਪਣੀ ਹੱਡ-ਬੀਤੀ ਸ. ਕਿਰਪਾਲ ਸਿੰਘ ਪੰਨੂੰ ਜੀ ਵੱਲੋਂ ਉਨ੍ਹਾਂ ਦੁਆਰਾ ਇਸ ਖੇਤਰ ਵਿੱਚ ਸਭ ਤੋਂ ਪਹਿਲੀ ਅਤੇ ਸਫ਼ਲ ਕੋਸ਼ਿਸ਼ ਦੀ ਇੱਕ ਨਿੱਗਰ ਸ਼ਾਹਦੀ ਹੈ। ਗੱਲ ਪਿਛਲੀ ਸਦੀ ਦੇ ਅਖ਼ੀਰਲੇ ਦਹਾਕੇ ਦੇ ਅੰਤਿਮ ਸਾਲਾਂ ਦੀ ਹੈ ਜਦੋਂ ਅਜੇ ਨਾ ਯੂਨੀਕੋਡ ਫਾਂਟ ਪਰਚਲਤ ਹੋਏ ਸਨ ਅਤੇ ਨਾ ਹੀ ਗੁਰਮੁਖੀ-ਸ਼ਾਹਮੁਖੀ ਲਿਪੀਆਂਤਰ ਵਾਸਤੇ ਕੋਈ ਬਾਕਾਇਦਾ ਪ੍ਰੋਗਰਾਮ ਤਿਆਰ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਦਾਸ ਨੇ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨਕੋਸ਼ (ਗੁਰ ਸ਼ਬਦ ਰਤਨਾਕਰ) ਦੇ ਕੰਪਿਊਟਰੀਕਰਨ ਦਾ ਕਾਰਜ ਆਰੰਭ ਕੀਤਾ। ਇਸ ਵਿੱਚ ਰੋਜ਼ ਨਿੱਤ ਨਵੇਂ ਮਸਲੇ ਖੜ੍ਹੇ ਹੋਣ ਲੱਗੇ ਜੋ ਕਿ ਸੁਭਾਵਿਕ ਵੀ ਸਨ। ਕਿਉਂਕਿ ਇੱਕ ਤਾਂ ਅਜੇ ਉਦੋਂ ਮਹਾਨਕੋਸ਼ ਦੀ ਟਾਈਪਿੰਗ ਵਾਸਤੇ ਲੋੜੀਂਦੇ ਗੁਰਮੁਖੀ ਫਾਂਟ ਉਪਲਬਧ ਨਹੀਂ ਸਨ, ਦੂਸਰੇ ਇਸ ਖੇਤਰ ਵਿੱਚ ਮੇਰਾ ਆਪਣਾ ਤਜਰਬਾ ਨਾਂਹ ਦੇ ਬਰਾਬਰ ਸੀ। ਕਈ ਸਮੱਸਿਆਵਾਂ ਦਾ ਹੱਲ ਤਾਂ ਡਿਗ-ਡਿਗ ਕੇ ਸਵਾਰ ਹੁੰਦਿਆਂ ਲੱਭਦਾ ਰਿਹਾ। ਤਕਨੀਕੀ ਉਲਝਣਾਂ ਦੇ ਹੱਲ ਵਾਸਤੇ ਪੰਜਾਬੀ ਦੇ ਕੰਪਿਊਟਰੀਕਰਨ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਡਾ. ਕੁਲਬੀਰ ਸਿੰਘ ਥਿੰਦ ਜੀ ਵਰਗੇ ਮਾਹਿਰਾਂ ਦਾ ਸਹਿਯੋਗ ਮਿਲਦਾ ਰਿਹਾ। ਪਰ ਮਹਾਨਕੋਸ਼ ਵਿੱਚ ਸ਼ਾਹਮੁਖੀ (ਅਰਬੀ-ਫਾਰਸੀ) ਦੇ ਅੱਖਰ ਪਾਉਣ ਦਾ ਇੱਕ ਮਾਮਲਾ ਅਜਿਹਾ ਉਲਝ ਗਿਆ ਜਿਹੜਾ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸੁਧਰਨ ਦੇ ਨੇੜੇ ਪਹੁੰਚਦਾ ਨਾ ਦਿਸਿਆ। ਅਖੀਰ ਜਦੋਂ ਡਾ. ਥਿੰਦ ਜੀ ਕੋਲ ਗੁਹਾਰ ਲਾਈ, ਤਾਂ ਉਨ੍ਹਾਂ ਨੇ ਸ. ਕਿਰਪਾਲ ਸਿੰਘ ਪੰਨੂੰ ਜੀ ਦੀ ਦੱਸ ਪਾਈ। ਉਨ੍ਹਾਂ ਦੱਸਿਆ ਕਿ ਸ. ਪੰਨੂੰ ਜੀ ਨੇ ਇੱਕ ਅਜਿਹਾ ਟੂਲ ਬਣਾਇਆ ਹੈ, ਜਿਸ ਦੁਆਰਾ ਉਪਲਬਧ ਸ਼ਾਹਮੁਖੀ ਸਮੱਗਰੀ ਕਿਸੇ ਹੋਰ ਟੈੱਕਸਟ ਐਡੀਟਰ ਵਿੱਚ ਕਾਪੀ/ਪੇਸਟ ਕੀਤੀ ਜਾ ਸਕਦੀ ਹੈ। ਡਾ. ਥਿੰਦ ਜੀ ਨੇ ਸ. ਕਿਰਪਾਲ ਸਿੰਘ ਪੰਨੂੰ ਜੀ ਦਾ ਸੰਪਰਕ ਨੰਬਰ ਦੇ ਦਿੱਤਾ ਅਤੇ ਜਾਣਕਾਰੀ ਦਿੱਤੀ ਕਿ ਉਹ ਕੈਨੇਡਾ ਦੇ ਟੋਰੰਟੋ ਸ਼ਹਿਰ ਵਿੱਚ ਰਹਿੰਦੇ ਹਨ।
ਇਤਫਾਕ ਨਾਲ ਦਾਸ ਉਨ੍ਹਾਂ ਦਿਨਾਂ ਵਿੱਚ ਟੋਰੰਟੋ ਸ਼ਹਿਰ ਵਿੱਚ ਹੀ ਸੀ। ਅਗਲੇ ਦਿਨ ਹੀ ਸ. ਕਿਰਪਾਲ ਸਿੰਘ ਨੂੰ ਮਿਲ ਕੇ ਉਨ੍ਹਾਂ ਕੋਲ ਆਪਣੀ ਮੁਸ਼ਕਲ ਦਾ ਜ਼ਿਕਰ ਕੀਤਾ। ਦਾਸ ਨੇ ਉਨ੍ਹਾਂ ਨੂੰ ਆਪਣੇ ਪ੍ਰਾਜੈੱਕਟ ਦੇ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਵੀ ਆਪਣੇ ਟੂਲ ਬਾਬਤ ਜਾਣਕਾਰੀ ਦਿੱਤੀ ਜਿਸ ਤੋਂ ਤਸੱਲੀ ਹੋਈ ਕਿ ਡਾ. ਥਿੰਦ ਸਾਹਿਬ ਜੀ ਨੇ ਦੱਸ ਤਾਂ ਸਹੀ ਠਿਕਾਣੇ ਦੀ ਪਾਈ ਹੈ। ਆਪਣੇ-ਆਪਣੇ ਪ੍ਰਾਜੈੱਕਟ ਬਾਬਤ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਹੋ ਰਹੀਆਂ ਗੱਲਾਂ-ਬਾਤਾਂ ਦੌਰਾਨ ਇਹ ਵੀ ਪਤਾ ਲੱਗਿਆ ਕਿ ਪੰਨੂੰ ਸਾਹਿਬ ਰਾੜਾ ਸਾਹਿਬ ਦੇ ਬਿਲਕੁਲ ਨਾਲ ਕਰ ਕੇ ਪੈਂਦੇ ਕਟਾਹਰੀ ਪਿੰਡ ਦੇ ਜੰਮਪਲ ਹਨ। ਇਹ ਜਾਣ ਕੇ ਖ਼ੁਸ਼ੀ ਵੀ ਹੋਈ ਅਤੇ ਹੈਰਾਨੀ ਵੀ। ਜਦੋਂ ਪੰਨੂੰ ਸਾਹਿਬ ਨੂੰ ਪੁੱਛਿਆ, “ਤੁਹਾਡਾ ਇਹ ਟੂਲ ਕਿਸ ਤਰ੍ਹਾਂ ਕੰਮ ਕਰਦਾ ਹੈ? ਮੈਂ ਤਾਂ ਰਾੜਾ ਸਾਹਿਬ ਦੇ ਨੇੜੇ ਪੈਂਦੇ ਸ਼ਹਿਰ ਮਲੇਰਕੋਟਲਾ, ਜਿੱਥੇ ਉਰਦੂ ਦੀ ਕੰਪਿਊਟਰ ਕੰਪੋਜ਼ਿੰਗ ਦਾ ਕੰਮ ਹੁੰਦਾ ਹੈ; ਦੇ ਸਾਰੇ ਉਰਦੂ ਟਾਈਪਿੰਗ ਮਾਹਿਰਾਂ ਪਾਸ ਆਪਣੀ ਮੁਸ਼ਕਿਲ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਜੰਮੂ ਅਤੇ ਦਿੱਲੀ ਤੱਕ ਦੇ ਉਰਦੂ ਦੇ ਟਾਈਪਿਸਟ ਅਤੇ ਮਾਹਰਾਂ ਤੋਂ ਪੁੱਛਿਆ ਹੈ। ਉਨ੍ਹਾਂ ਨੇ ਤਾਂ ਕੇਵਲ ਇਤਨਾ ਹੀ ਭਰੋਸਾ ਦਿੱਤਾ ਹੈ ਕਿ ਅਸੀਂ ਇਨਪੇਜ (Inpage) ਵਿੱਚ ਸ਼ਾਹਮੁਖੀ ਸਮੱਗਰੀ ਤਾਂ ਤੁਹਾਨੂੰ ਟਾਈਪ ਕਰ ਕੇ ਦੇ ਸਕਦੇ ਹਾਂ, ਪਰ ਇਸਨੂੰ ਤੁਹਾਡੀ ਮਰਜ਼ੀ ਦੇ ਕਿਸੇ ਹੋਰ ਟੈੱਕਸਟ ਐਡੀਟਰ ਵਿੱਚ ਪੇਸਟ ਕਰਨਾ ਤੁਹਾਡੀ ਸਿਰਦਰਦੀ ਹੈ। ਸਾਡੇ ਕੋਲ਼ ਇਸ ਸਮੱਸਿਆ ਦਾ ਕੋਈ ਹੱਲ ਨਹੀਂ।” ਤਾਂ ਪੰਨੂੰ ਸਾਹਿਬ ਦਾ ਉੱਤਰ ਸੀ ਕਿ ਤੁਹਾਡਾ ਕੰਮ ਹੋ ਜਾਏਗਾ।
ਪੰਨੂੰ ਸਾਹਿਬ ਨਾਲ ਇਹ ਪਹਿਲੀ ਮੁਲਾਕਾਤ ਸੀ। ਪਤਾ ਨਹੀਂ ਕਿਉਂ ਉਨ੍ਹਾਂ ਦਾ ਪ੍ਰਤੀਕਰਮ ਕੋਈ ਬਹੁਤਾ ਸਾਕਾਰਤਮਕ ਨਾ ਲੱਗਿਆ। ਸ. ਗੁਰਮੀਤ ਸਿੰਘ ਨਿੱਝਰ, ਜਿਨ੍ਹਾਂ ਦੇ ਘਰ ਦਾਸ ਦੀ ਰਿਹਾਇਸ਼ ਸੀ, ਵਾਪਿਸ ਘਰ ਪਹੁੰਚ ਕੇ ਦਾਸ ਨੂੰ ਕਹਿਣ ਲੱਗਿਆ, “ਲੱਗਦੈ, ਪੰਨੂੰ ਸਾਹਿਬ ਕੋਲ਼ ਤੁਹਾਡੀ ਸਮੱਸਿਆ ਦਾ ਹੱਲ ਤਾਂ ਹੈ ਪਰ ਉਨ੍ਹਾਂ ਨੂੰ ਤੁਹਾਡਾ ਸੰਤਾਂ ਵਾਲਾ ਚੋਲਾ ਦੇਖ ਇਤਬਾਰ ਨਹੀਂ ਆਇਆ ਕਿ ਬਾਬੇ ਵੀ ਕੰਪਿਊਟਰ ਵਾਲਾ ਕੋਈ ਕੰਮ ਕਰ ਸਕਦੇ ਹਨ!” ਮੈਂ ਕਿਹਾ, “ਮੇਰੇ ਵਾਸਤੇ ਇਹ ਕੋਈ ਨਵਾਂ ਤਜਰਬਾ ਨਹੀਂ। ਜਿਸ ਕਿਸੇ ਨੂੰ ਵੀ ਮੈਂ ਕੰਪਿਊਟਰ ਦੇ ਕਿਸੇ ਕੰਮ ਦੇ ਸੰਬੰਧ ਵਿੱਚ ਪਹਿਲੀ ਵਾਰ ਮਿਲਦਾ ਹਾਂ, ਪਹਿਲੀ ਵਾਰਤਾਲਾਪ ਇਹੋ ਜਿਹੀ ਹੀ ਹੁੰਦੀ ਹੈ।”
ਅਗਲੇ ਦਿਨ ਸੁਵਖਤੇ ਹੀ ਸ. ਗੁਰਮੀਤ ਸਿੰਘ ਨੂੰ ਸ. ਕਿਰਪਾਲ ਸਿੰਘ ਜੀ ਦਾ ਫੋਨ ਆਇਆ ਕਿ ਮੈਂ ਬਾਬਾ ਬਲਜਿੰਦਰ ਸਿੰਘ ਜੀ ਨੂੰ ਮਿਲਣਾ ਚਾਹੁੰਦਾ ਹਾਂ। ਰਾਤੋ ਰਾਤ ਕੀ ਹੋਇਆ, ਇਹ ਤਾਂ ਪੰਨੂੰ ਸਾਹਿਬ ਹੀ ਜਾਣਦੇ ਹਨ। ਪਰ ਜੋ ਮੈਨੂੰ ਸ. ਗੁਰਮੀਤ ਸਿੰਘ ਨੇ ਦੱਸਿਆ ਉਹ ਇਹ ਸੀ ਕਿ ਪੰਨੂੰ ਸਾਹਿਬ ਦੀ ਸਪੁਤਰੀ ਜੋ ਕਿ ਬਰੈੰਪਟਨ ਵਿੱਚ ਹੀ ਰਹਿੰਦੀ ਹੈ, ਉਸ ਨੇ ਆਪਣੇ ਪਾਪਾ ਨੂੰ ਕਿਹਾ ਕਿ ਲੋਕ ਤਾਂ ਬਾਬਿਆਂ ਕੋਲ਼ ਜਾ ਕੇ ਬੇਨਤੀ ਕਰਦੇ ਹਨ ਸਾਡੇ ਘਰ ਆਪਣੇ ਚਰਨ ਪਾਓ, ਤੁਹਾਡੇ ਕੋਲ਼ ਉਹ ਆਪ ਚੱਲ ਕੇ ਆਏ ਸਨ। ਇਸ ਕਰ ਕੇ ਤੁਹਾਨੂੰ ਜ਼ਰੂਰ ਉਨ੍ਹਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਖੈਰ! ਪੰਨੂੰ ਸਾਹਿਬ ਵੀ ਇਹ ਗੱਲ ਤਾਂ ਭਲੀ ਪਰਕਾਰ ਜਾਣਦੇ ਹੀ ਸਨ ਕਿ ਰਾੜਾ ਸਾਹਿਬ ਵਾਲੇ ਬਾਬਿਆਂ ਦਾ ਤਾਲੀਮ ਦੇ ਨਾਲ਼ ਕਿੰਨਾ ਪਿਆਰ ਹੈ। ਰਾੜਾ ਸਾਹਿਬ ਵਾਲੇ ਵੱਡੇ ਮਹਾਂਪੁਰਸ਼ ਸੰਤ ਈਸ਼ਰ ਸਿੰਘ ਜੀ ਮਹਾਰਾਜ ਤੋਂ ਤਾਂ ਆਪ ਪਹਿਲਾਂ ਹੀ ਪ੍ਰਭਾਵਤ ਸਨ ਕਿਉਂਕਿ ਉਨ੍ਹਾਂ ਨੇ ਮੈਟ੍ਰਿਕ ਸੰਤ ਜੀ ਮਹਾਰਾਜ ਦੁਆਰਾ ਸਥਾਪਿਤ ਗੁਰੂ ਨਾਨਕ ਖਾਲਸਾ ਹਾਈ ਸਕੂਲ ਵਿੱਚ ਹੀ ਕੀਤੀ ਸੀ। ਡਾ. ਥਿੰਦ ਜੀ ਦੀ ਸਿਫ਼ਾਰਸ਼, ਉਨ੍ਹਾਂ ਦੀ ਸਪੁਤ੍ਰੀ ਦਾ ਪ੍ਰਭਾਵ ਅਤੇ ਰਾੜਾ ਸਾਹਿਬ ਸੰਸਥਾ ਦੇ ਵਿੱਦਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਦਾ ਪ੍ਰਭਾਵ ਉਨ੍ਹਾਂ ਨੂੰ ਉਸੇ ਦਿਨ ਸ. ਗੁਰਮੀਤ ਸਿੰਘ ਜੀ ਦੇ ਬਰੈੰਪਟਨ (ਟੋਰੰਟੋ) ਸਥਿਤ ਘਰ ਲੈ ਆਇਆ। ਉਸ ਦਿਨ ਬੜੇ ਸੁਹਿਰਦ ਵਾਤਾਵਰਣ ਵਿੱਚ ਗੱਲ-ਬਾਤ ਹੋਈ। ਪੰਨੂੰ ਸਾਹਿਬ ਜੀ ਨੇ ਅੱਜ ਆਪਣੇ ਟੂਲ ਅਤੇ ਉਸਦੀ ਕਾਰਗ਼ੁਜ਼ਾਰੀ ਬਾਬਤ ਬਹੁਤ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹ ਆਪਣਾ ਲੈਪਟਾਪ ਵੀ ਨਾਲ਼ ਲਿਆਏ ਸਨ। ਉਨ੍ਹਾਂ ਨੇ ਨਮੂਨੇ ਵਜੋਂ ਆਪਣੇ ਟੂਲ ਦੁਆਰਾ ਪ੍ਰੀਵਰਤਿਤ ਇੱਕ ਸ਼ਾਹਮੁਖੀ ਟੈੱਕਸਟ ਮਾਈਕ੍ਰੋਸਾਫਟ ਵਰਡ ਵਿੱਚ ਪੇਸਟ ਕਰਕੇ ਵੀ ਦਿਖਾਇਆ ਜੋ ਮੇਰੇ ਵਾਸਤੇ ਉਦੋਂ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।
ਉਸੇ ਦਿਨ ਦਾਸ ਨੇ ਮਹਾਨਕੋਸ਼ ਦੀ ਇੱਕ ਤਰਲ ਕਾਪੀ ਸ. ਕਿਰਪਾਲ ਸਿੰਘ ਪੰਨੂੰ ਜੀ ਦੇ ਹਵਾਲੇ ਕਰ ਦਿੱਤੀ, ਜਿਸ ਵਿੱਚ ਸ਼ਾਹਮੁਖੀ ਦੇ ਸਾਰੇ ਸ਼ਬਦ ਹਾਈਲਾਈਟ ਕੀਤੇ ਹੋਏ ਸਨ। ਪੰਨੂੰ ਸਾਹਿਬ ਜੀ ਨੇ ਉਹ ਕਾਰਜ ਮਿਥੇ ਸਮੇਂ ਤੋਂ ਵੀ ਪਹਿਲਾਂ ਪੂਰਾ ਕਰ ਕੇ ਮਹਾਨਕੋਸ਼ ਵਿੱਚ ਆਉਣ ਵਾਲੇ ਸ਼ਾਹਮੁਖੀ ਸ਼ਬਦਾਂ ਦੀ ਸੂਚੀ ਦਾਸ ਦੇ ਹਵਾਲੇ ਕਰ ਦਿੱਤੀ।
ਇਸ ਕਾਰਜ ਦੀ ਪੂਰਨਤਾ ਵਿੱਚ ਉਨ੍ਹਾਂ ਦੀ ਸੁਪਤਨੀ ਪਤਵੰਤ ਕੌਰ ਪੰਨੂੰ ਦਾ ਵੀ ਤਕੜਾ ਸਹਿਯੋਗ ਸੀ ਜਿਸ ਨੇ ਨਾ ਕੇਵਲ ਪੰਨੂੰ ਸਾਹਿਬ ਨੂੰ ਘਰ ਦੇ ਸਾਰੇ ਫਰਜਾਂ ਤੋਂ ਉਤਨੇ ਦਿਨ ਮੁਕਤ ਕਰੀ ਰੱਖਿਆ ਸਗੋਂ ਉਨ੍ਹਾਂ ਦੇ ਚਾਹ-ਪਾਣੀ, ਸੁੱਖ-ਆਰਾਮ ਅਤੇ ਕੰਪਿਊਟਰ ਸਬੰਧੀ ਪਰਬੰਧਕੀ ਕਾਰਜ ਪੂਰੇ ਕਰਨ ਵਿੱਚ ਵੀ ਸਹਿਯੋਗ ਦਿੱਤਾ ਅਤੇ ਸਮੇਂ ਸਿਰ ਕਾਰਜ ਨਬੇੜ ਲੈਣ ਲਈ ਸਮੇਂ-ਸਮੇਂ ਚਿਤਾਵਨੀ ਵੀ ਦਿੱਤੀ।
ਮਹਾਨਕੋਸ਼ ਦੀ ਕੰਪੋਜ਼ਿੰਗ ਦਾ ਬਾਕੀ ਦਾ ਕੰਮ ਤਾਂ ਪਹਿਲਾਂ ਹੀ ਪੂਰਾ ਹੋ ਚੁੱਕਾ ਸੀ। ਪੰਨੂੰ ਸਾਹਿਬ ਜੀ ਦੁਆਰਾ ਉਪਲਬਧ ਕਰਵਾਏ ਸ਼ਾਹਮੁਖੀ ਸ਼ਬਦ ਮਹਾਨਕੋਸ਼ ਵਿੱਚ ਢੁਕਵੀਂ ਥਾਂ ਪੇਸਟ ਕਰ ਕੇ ਮਹਾਨਕੋਸ਼ ਦਾ ਡਿਜਿਟਲ ਸੰਸਕਰਣ ਤੁਰੰਤ ਈਸ਼ਰ ਮਾਈਕ੍ਰੋ ਮੀਡੀਆ ਦੇ ਪਹਿਲੇ ਨਮੂਨੇ ਦੇ ਸੰਸਕਰਣ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਅਤੇ ਇੰਟਰਨੈੱਟ ਉੱਤੇ ਪਾ ਦਿੱਤਾ ਗਿਆ। ਮਹਾਨਕੋਸ਼ ਦਾ ਇਹ ਡਿਜਿਟਲ ਸੰਸਕਰਣ http: //www. ik13. com/PDFS/Mahan_Kosh. pdf ਤੋਂ ਪੀ. ਡੀ. ਐੱਫ. ਫਾਈਲ ਦੇ ਰੂਪ ਵਿੱਚ ਨਿਸ਼ੁਲਕ ਡਾਊਨਲੋਡ ਕੀਤਾ ਜਾ ਸਕਦਾ ਹੈ।
ਕੇਵਲ ਮਹਾਨਕੋਸ਼ ਹੀ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਅ਼ਰਬੀ-ਫ਼ਾਰਸੀ ਮੂਲਕ ਸ਼ਬਦਾਂ ਦਾ ਕੋਸ਼ ਜੋ ਕਿ ਡਾ. ਗੁਰਚਰਨ ਸਿੰਘ ਪੀ.ਐੱਚ.ਡੀ. (ਪ੍ਰੋ. ਰੀਟਾਇਰਡ ਪੰਜਾਬੀ ਯੂਨੀਵਰਸਿਟੀ ਪਟਿਆਲਾ) ਐੱਕਸ ਫੈਲੋ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਲੋਂ ਸੰਕਲਿਤ ਕੀਤਾ ਗਿਆ ਅਤੇ ‘ਸੇਵਾ ਸਿਮਰਨ ਸਮਰਪਿਤ ਸੁਸਾਇਟੀ, 1659, ਫੇਜ਼ 10 (ਸੈਕਟਰ 64) ਸਾਹਿਬਜਾ਼ਦਾ ਅਜੀਤ ਸਿੰਘ ਨਗਰ (ਮੁਹਾਲੀ) ਵੱਲੋਂ ਸਾਲ 2003 ਵਿੱਚ ਪ੍ਰਕਾਸ਼ਿਤ ਕੀਤਾ ਗਿਆ; ਵਿੱਚ ਵੀ ਸ਼ਾਹਮੁਖੀ ਟੈੱਕਸਟ ਸ. ਕਿਰਪਾਲ ਸਿੰਘ ਪੰਨੂੰ ਜੀ ਵੱਲੋਂ ਆਪਣੇ 2000 ਵਿੱਚ ਉਸਾਰੇ ਹੋਏ ਗੁਰਮੁਖੀ-ਸ਼ਾਹਮੁਖੀ ਪਰੀਵਰਤਨ ਟੂਲ ਦੁਆਰਾ ਹੀ ਮੁਹਈਆ ਕਰਵਾਇਆ ਗਿਆ।
ਉਸ ਤੋਂ ਬਾਅਦ ਹਰ ਸਾਲ ਆਪਣੀ ਟੋਰੰਟੋ ਫੇਰੀ ਸਮੇਂ ਸ. ਕਿਰਪਾਲ ਸਿੰਘ ਪੰਨੂੰ ਜੀ ਨਾਲ ਮੁਲਾਕਾਤ ਹੁੰਦੀ ਹੈ। ਉਹ ਜਦੋਂ ਕਦੀ ਦਾਸ ਨੂੰ ਮਿਲਣ ਵਾਸਤੇ ਆਉਂਦੇ ਹਨ, ਕੋਈ ਨਾ ਕੋਈ ਪੰਜਾਬੀ ਦਾ ਸਿਰਕੱਢ ਵਿਦਵਾਨ ਆਪਣੇ ਨਾਲ ਜ਼ਰੂਰ ਲਿਆਉਂਦੇ ਰਹੇ ਹਨ। ਉਨ੍ਹਾਂ ਦੇ ਜ਼ਰੀਏ ਟੋਰੰਟੋ ਵਿੱਚ ਜਿਨ੍ਹਾਂ ਵਿਦਵਾਨਾਂ ਨੂੰ ਮਿਲਣ ਦਾ ਅਵਸਰ ਪ੍ਰਾਪਤ ਹੋਇਆ, ਉਨ੍ਹਾਂ ਵਿੱਚ ਪ੍ਰੋ. ਸਰਵਣ ਸਿੰਘ (ਉੱਘੇ ਖੇਡ ਚਿੰਤਕ ਅਤੇ ਲਿਖਾਰੀ), ਪੂਰਨ ਸਿੰਘ ਪਾਂਧੀ, ਜੋਗਿੰਦਰ ਸਿੰਘ ਗਰੇਵਾਲ (ਐਡੀਟਰ ਪੰਜ-ਪਾਣੀ), ਹਰਮਿੰਦਰ ਢਿੱਲੋਂ, ਨਵਤੇਜ ਭਾਰਤੀ (ਚਿੰਤਕ ਅਤੇ ਵਿਦਵਾਨ), ਅਮਰਜੀਤ ਸਿੰਘ ਸਾਥੀ, ਇਕਬਾਲ ਮਾਹਲ (ਟੀ.ਵੀ ਹੋਸਟ) ਦੇ ਨਾਂ ਖ਼ਾਸ ਤੌਰ ਤੇ ਜ਼ਿਕਰਯੋਗ ਹਨ। ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਉਨ੍ਹਾਂ ਦੇ ਸਹਿਯੋਗੀ, ਕੈਨੇਡਾ ਦੇ ਪੰਜਾਬੀ ਲੇਖਕਾਂ ਵੱਲੋਂ ਦਾਸ ਨੂੰ ਮਈ 2004 ਵਿੱਚ ਭਾਈ ਕਾਨ੍ਹ ਸਿੰਘ ਨਾਭਾ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
ਸ. ਕਿਰਪਾਲ ਸਿੰਘ ਪੰਨੂੰ ਜੀ ਦੇ ਸਹਿਯੋਗ ਨਾਲ ਡਾ. ਗੁਰਮੀਤ ਸਿੰਘ (ਬਰੈਂਪਟਨ, ਕੈਨੇਡਾ) ਪਿਛਲੇ ਕਈ ਸਾਲਾਂ ਤੋਂ ਰਾੜਾ ਸਾਹਿਬ ਵਿਖੇ ਕੈਂਪ ਲਾਉਂਦੇ ਆ ਰਹੇ ਹਨ। ਉਦੋਂ ਵੀ ਸ. ਪੰਨੂੰ ਜੀ ਨੂੰ ਮਿਲਣ ਦਾ ਅਵਸਰ ਮਿਲਦਾ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਵੱਲੋਂ ਸਮੇਂ-ਸਮੇਂ ਕਰਵਾਏ ਜਾਂਦੇ ਸੈਮੀਨਾਰਾਂ ਅਤੇ ਵੀਚਾਰ ਗੋਸ਼ਟੀਆਂ ਉੱਤੇ ਵੀ ਗਾਹੇ-ਬਗਾਹੇ ਪੰਨੂੰ ਸਾਹਿਬ ਨਾਲ ਮੇਲ ਹੁੰਦਾ ਹੀ ਰਹਿੰਦਾ ਹੈ। ਇਨ੍ਹਾਂ ਮੰਚਾਂ ਉੱਤੇ ਜਿੱਥੇ ਪੰਨੂੰ ਸਾਹਿਬ ਵੱਲੋਂ ਪੰਜਾਬੀ ਦੇ ਕੰਪਿਊਟਰੀਕਰਣ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਭਰਪੂਰ ਪ੍ਰਸੰਸਾ ਹੁੰਦੀ ਹੈ, ਉੱਥੇ ਪੰਨੂੰ ਸਾਹਿਬ ਹਮੇਸ਼ਾ ਹੀ ਆਪਣੇ ਵੱਲੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਪੰਜਾਬ ਸਰਕਾਰ ਉੱਤੇ ਪੰਜਾਬੀ ਦੇ ਇੱਕ ਸਟੈਂਡਰਡ ਕੀਅ-ਬੋਰਡ ਤਿਆਰ ਕਰਨ ਉੱਤੇ ਜ਼ੋਰ ਦਿੰਦੇ ਆ ਰਹੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਅਜੇ ਤੱਕ ਇਸ ਦੀ ਜ਼ਰੂਰਤ ਹੁੰਦਿਆਂ ਹੋਇਆਂ ਵੀ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਪੰਜਾਬ ਸਰਕਾਰ ਇਸ ਸੰਬੰਧੀ ਕੋਈ ਅਨੁਕੂਲ ਕਾਰਵਾਈ ਨਹੀਂ ਕਰ ਸਕੀ।
ਪੰਨੂੰ ਸਾਹਿਬ ਜੀ ਇਸ ਵੀਚਾਰ ਦੇ ਹਾਮੀ ਹਨ ਕਿ ਕਿਸੇ ਖੇਤਰ ਵਿੱਚ ਗਿਆਨ ਪ੍ਰਾਪਤ ਕਰ ਲੈਣ ਨਾਲੋਂ ਵੀ ਵੱਡੀ ਪ੍ਰਾਪਤੀ ਹੈ, ਉਹ ਗਿਆਨ ਦੂਸਰਿਆਂ ਵਿੱਚ ਵੰਡਣਾ। ਉਹ ਹਮੇਸ਼ਾ ਹੀ ਪੰਜਾਬੀ ਦੇ ਵਿਦਵਾਨਾਂ ਨੂੰ ਕੰਪਿਊਟਰ ਦੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਪ੍ਰੇਰਨਾ ਦਿੰਦੇ ਰਹਿੰਦੇ ਹਨ। ਕੇਵਲ ਪ੍ਰੇਰਨਾ ਹੀ ਨਹੀਂ ਦਿੰਦੇ, ਬਲਕਿ ਆਪਣੇ ਜ਼ਰੂਰੀ ਰੁਝੇਵੇਂ ਛੱਡ ਕੇ ਵੀ ਹੋਰਨਾਂ ਨੂੰ ਕੰਪਿਊਟਰ ਬਾਬਤ ਜਾਣਕਾਰੀ ਦੇਣ ਵਾਸਤੇ ਉਤਾਵਲੇ ਰਹਿੰਦੇ ਹਨ। ਉਨ੍ਹਾਂ ਪਾਸੋਂ ਦਾਸ ਨੇ ਵੀ ਆਪਣੀ ਟੋਰੰਟੋ ਦੀ ਇੱਕ ਫੇਰੀ ਸਮੇਂ ਮਾਈਕ੍ਰੋਸਾਫਟ ਵਰਡ ਦੇ ਮੈਕਰੋ ਬਣਾਉਣ ਦੀ ਜਾਣਕਾਰੀ ਪ੍ਰਾਪਤ ਕੀਤੀ ਜੋ ਹੁਣ ਲੋੜ ਪੈਣ ਉੱਤੇ ਦਾਸ ਦੇ ਬਹੁਤ ਸਾਰੇ ਕਾਰਜ ਸੌਖਿਆਂ ਹੀ ਸੁਆਰ ਦਿੰਦੇ ਹਨ। ਉਹ ਬਰੈਂਪਟਨ (ਟੋਰੰਟੋ) ਵਿੱਚ ਪੁਰਾਣੀ ਪੀੜ੍ਹੀ ਦੇ ਵਿਦਵਾਨਾਂ ਨੂੰ ਕੰਪਿਊਟਰ ਸੰਬੰਧੀ ਜਾਣਕਾਰੀ ਦੇਣ ਵਾਸਤੇ ਹਰ ਸਾਲ ਦੋ ਮਹੀਨੇ ਕਲਾਸਾਂ ਲਾਉਂਦੇ ਹਨ। ਪੰਜਾਬੀ ਭਾਸ਼ਾ ਦੀ ਸੇਵਾ ਨੂੰ ਸਮਰਪਿਤ ਹੋ ਕੇ ਪੰਨੂੰ ਸਾਹਿਬ ਇਹ ਕਾਰਜ ਆਪਣਾ ਮਿਸ਼ਨ ਜਾਣ ਕੇ ਕਿਸੇ ਮਾਇਕ ਲਾਭ ਲੈਣ ਦੀ ਇੱਛਾ ਤੋਂ ਰਹਿਤ ਹੋ ਕੇ ਕਰ ਰਹੇ ਹਨ। ਉਨ੍ਹਾਂ ਤੋਂ ਸੇਧ ਲੈ ਕੇ ਕੰਪਿਊਟਰ ਬਾਬਤ ਗਿਆਨ ਪ੍ਰਾਪਤ ਕਰਨ ਵਾਲੇ ਪੰਜਾਬੀ ਦੇ ਲੇਖਕ ਅਤੇ ਚਿੰਤਕ ਜਿੱਥੇ ਪੰਨੂੰ ਸਾਹਿਬ ਦੇ ਇਸ ਅਹਿਸਾਨ ਪ੍ਰਤੀ ਕ੍ਰਿਤੱਗਤਾ ਪ੍ਰਗਟ ਕਰਦੇ ਹਨ, ਉੱਥੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਹੈ ਕਿ ਆਪਣੀਆਂ ਲਿਖਤਾਂ ਕੰਪਿਊਟਰ ਦੀ ਸਹਾਇਤਾ ਦੁਆਰਾ ਲਿਖਣ ਨਾਲ ਇੱਕ ਤਾਂ ਸਮੇਂ ਦੀ ਬੱਚਤ ਹੁੰਦੀ ਹੈ, ਦੂਸਰੇ ਕੰਮ ਕਰਨ ਦੀ ਸਮਰਥਾ ਅਤੇ ਨਿਪੁੰਨਤਾ ਵਿੱਚ ਵਾਧਾ ਹੁੰਦਾ ਹੈ।
ਕਈ ਸਾਲਾਂ ਤੋਂ ਦਾਸ ‘ਭਾਈ ਨੰਦ ਲਾਲ’ ਦੀਆਂ ਰਚਨਾਵਾਂ ਉੱਤੇ ਕੰਮ ਕਰ ਰਿਹਾ ਹੈ ਜੋ ਕਿ ਪਰਸ਼ੀਅਨ ਵਿੱਚ ਹੋਣ ਕਾਰਨ ਇੱਕ ਗੁੰਝਲ਼ਦਾਰ ਕਾਰਜ ਹੈ। ਉਸ ਦੇ ਕਨਵਰਸ਼ਨ ਵਿੱਚ ਵੀ ਕਿਰਪਾਲ ਸਿੰਘ ਪੰਨੂੰ ਦਾ ਪੂਰਾ ਸਹਿਯੋਗ ਮਿਲ਼ ਰਿਹਾ ਹੈ। ਆਸ ਹੈ ਕਿ ਇਹ ਵੀ ਛੇਤੀ ਹੀ ਸੰਪੂਰਨ ਹੋ ਜਾਏਗਾ।
ਪਿਛਲੇ ਸਾਲ ਦਾਸ ਨੂੰ ਪੰਨੂੰ ਸਾਹਿਬ ਨੇ ਈਸ਼ਰ ਮਾਈਕ੍ਰੋ ਮੀਡੀਆ ਦੇ ਨਵੇਂ ਸੰਸਕਰਣ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਸਨਮੁਖ ਪ੍ਰਦਰਸ਼ਿਤ ਕਰਨ ਵਾਸਤੇ ਬੁਲਾਇਆ। ਪੰਨੂੰ ਸਾਹਿਬ ਤੋਂ ਲੁਕਾ ਕੇ ਰੱਖੀ ਥੋੜ੍ਹੀ ਜਿਹੀ ਝਿਜਕ ਤੋਂ ਬਾਅਦ ਮਿਥੇ ਸਮੇਂ ਉੱਤੇ ਦਾਸ ਓਥੇ ਪਹੁੰਚ ਗਿਆ। ਦਾਸ ਤਾਂ ਇਹ ਸੋਚ ਕੇ ਉੱਥੇ ਪਹੁੰਚਿਆ ਸੀ ਕਿ ਓਥੇ ਕੁੱਝ ਪੇਂਡੂ ਬਜ਼ੁਰਗ਼ ਬੈਠੇ ਹੋਣਗੇ। ਉਨ੍ਹਾਂ ਨੂੰ ਮੇਰੇ ਇਸ ਸਰਚ ਟੂਲ ਦੀ ਕੀ ਸਮਝ ਪਵੇਗੀ? ਪਰ ਉਨ੍ਹਾਂ ਦੀ ਕਲਾਸ ਦੇ ਸਟੂਡੈਂਟਾਂ ਦੀ ਜਮਾਤ, ਜਿਹੜੀ ਦਰਅਸਲ ਵਿਦਵਾਨਾਂ ਦੀ ਇੱਕ ਕਰੀਮ ਸੀ ਵੱਲ ਦੇਖ ਕੇ ਮੇਰੇ ਹੰਕਾਰ ਦੀ ਦੀਵਾਰ ਜਿਵੇਂ ਢਹਿ-ਢੇਰੀ ਹੋ ਗਈ ਹੋਵੇ। ਈਸ਼ਰ ਮਾਈਕ੍ਰੋ ਮੀਡੀਆ ਦੇ ਪ੍ਰਦਰਸ਼ਿਤ ਕਰਨ ਦਾ ਜਿਹੜਾ ਅਨੰਦ ਉਨ੍ਹਾਂ ਦੇ ਸਨਮੁਖ ਆਇਆ, ਉਹ ਕਿਸੇ ਯੂਨੀਵਰਸਿਟੀ ਵਿੱਚ ਪੇਸ਼ਕਾਰੀ ਸਮੇਂ ਵੀ ਨਹੀਂ ਬਣ ਸਕਿਆ। ਆਪਣੇ ਪ੍ਰੋਗ੍ਰਾਮ ਦੀ ਪੇਸ਼ਕਾਰੀ ਤੋਂ ਬਾਅਦ ਦਾਸ ਨੇ ਪੰਨੂੰ ਸਾਹਿਬ ਕੋਲ਼ ਇਸ ਗੱਲ ਨੂੰ ਕਬੂਲ ਕਰਨ ਵਿੱਚ ਕੋਈ ਝਿਜਕ ਮਹਿਸੂਸ ਨਾ ਕੀਤੀ।
ਪਿਛਲੇ ਸਾਲ ਦਾਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਦੇ ਫੌਂਟ ਕਨਵਰਟਰ, ਪੰਜਾਬੀ ਥੀਸਾਰਸ ਦਾ ਇੱਕ ਨਮੂਨਾ ਅਤੇ ਪੰਜਾਬੀ/ਅੰਗ੍ਰੇਜ਼ੀ ਅਤੇ ਅੰਗ੍ਰੇਜ਼ੀ/ਪੰਜਾਬੀ ਦੀਆਂ ਡਿਕਸ਼ਨਰੀਆਂ ਦੀ ਪ੍ਰੋਗ੍ਰਾਮਿੰਗ ਦਾ ਅਰਧ-ਵਿਕਸਤ ਟੂਲ ਨਮੂਨੇ ਵਜੋਂ ਪ੍ਰਦਰਸ਼ਿਤ ਕੀਤਾ। ਉਸ ਦੇ ਵਿੱਚ ਵੀ ਡਿਕਸ਼ਨਰੀਆਂ ਦੀ ਕੰਪੋਜ਼ਿੰਗ ਕਰਵਾਉਣ ਵਾਸਤੇ ਪੰਨੂੰ ਸਾਹਿਬ ਜੀ ਦਾ ਵਡਮੁੱਲਾ ਯੋਗਦਾਨ ਰਿਹਾ। ਅੱਜ ਕੱਲ੍ਹ ਸ. ਕਿਰਪਾਲ ਸਿੰਘ ਜੀ ਕੈਨੇਡਾ ਦੇ ਪੰਜਾਬੀ ਵਿਦਵਾਨਾਂ ਦੀ ਟੀਮ ਨਾਲ਼ ਮਿਲ਼ ਕੇ ਪੰਜਾਬੀ/ਅੰਗ੍ਰੇਜ਼ੀ ਤੇ ਅੰਗ੍ਰੇਜ਼ੀ/ਪੰਜਾਬੀ ਡਿਕਸ਼ਨਰੀਆਂ ਅਤੇ ‘ਪੰਜਾਬੀ ਪਰੈੱਸ ਟੋਰਾਂਟੋ’ ਦੀ ਆਰਥਿਕ ਸਹਾਇਤਾ ਨਾਲ਼ ਟੈਕਨੀਕਲ ਡਿਕਸ਼ਨਰੀਆਂ ਨੂੰ ਇੰਟਰਨੈੱਟ ਉੱਤੇ ਪਾਉਣ ਵਾਸਤੇ ਅਤੇ ਉਨ੍ਹਾਂ ਦੀ ਪ੍ਰੋਗਰਾਮਿੰਗ ਦਾ ਪ੍ਰਬੰਧ ਕਰਨ ਵਿੱਚ ਯਤਨਸ਼ੀਲ ਹਨ। ਆਸ ਹੈ ਸ. ਕਿਰਪਾਲ ਸਿੰਘ ਪੰਨੂੰ ਜੀ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਦੀ ਸੇਵਾ ਨੂੰ ਸਮਰਪਿਤ ਹੋ ਕੇ ਪੰਜਾਬੀ ਦੇ ਕੰਪਿਊਟਰੀਕਰਣ ਵਿੱਚ ਆਪਣਾ ਯੋਗਦਾਨ ਪਾਉਣ ਦਾ ਸਫ਼ਰ ਜਾਰੀ ਰੱਖਣਗੇ। ਸਤਿਗੁਰੂ ਜੀ ਉਨ੍ਹਾਂ ਨੂੰ ਗੁਰਮੁਖੀ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੀ ਹੋਰ ਤਨਦੇਹੀ ਨਾਲ਼ ਸੇਵਾ ਕਰਨ ਦਾ ਉਤਸ਼ਾਹ ਅਤੇ ਸਮਰਥਾ ਬਖ਼ਸ਼ਣ। ਆਉਣ ਵਾਲੇ ਭਵਿੱਖ ਵਿੱਚ ਵੀ ਸਫ਼ਲਤਾ ਉਨ੍ਹਾਂ ਦੇ ਪੈਰ ਚੁੰਮਦੀ ਰਹੇ।