ਵੀਹਵੀਂ ਦਾ ਆਖਰੀ ਅਤੇ ਇੱਕੀਵੀਂ ਸਦੀ ਦਾ ਪਹਿਲਾ ਦਹਾਕਾ ਸੰਸਾਰ ਦੇ ਇਤਿਹਾਸ ਵਿੱਚ ਬਹੁਤ ਅਹਿਮ ਸਮਾਂ ਹੈ। ਪਿਛਲੇ ਹਜ਼ਾਰਾਂ ਵਰ੍ਹਿਆਂ ਵਿੱਚ ਐਨੀਆਂ ਹੈਰਾਨ ਕਰਨ ਵਾਲੀਆਂ ਤਬਦੀਲੀਆਂ ਨਹੀਂ ਆਈਆਂ ਜਿੰਨੀਆਂ ਸਿਰਫ ਵੀਹ ਸਾਲਾਂ ਵਿੱਚ ਆਈਆਂ ਨੇ। ਦੂਰ ਸੰਚਾਰ ਦੇ ਸਾਧਨਾਂ ਅਤੇ ਜਾਣਕਾਰੀ ਦੇ ਵਿਸਫੋਟ ਨੇ ਜ਼ਿੰਦਗੀ ਦਾ ਮੂੰਹ ਮੁਹਾਂਦਰਾਂ ਹੀ ਨਹੀਂ ਜੀਵਨਸ਼ੈਲੀ ਦੇ ਅਰਥ ਵੀ ਬਦਲ ਦਿੱਤੇ ਨੇ। ਸਮੇਂ ਦੇ ਹਾਣੀ ਬਣਨ ਲਈ ਸਾਨੂੰ ਪੰਜਾਬੀਆਂ ਨੂੰ ਵੀ ਹੋਰਾਂ ਨਾਲ ਕਦਮ ਮਿਲਾ ਕੇ ਤੁਰਨ ਦੀ ਜ਼ਰੂਰਤ ਸੀ। ਜਦੋਂ ਸਮੇਂ ਅਤੇ ਸਥਾਨ ਦਾ ਸੁਮੇਲ ਬਣ ਜਾਂਦਾ ਹੈ, ਫੇਰ ਨਵੇਂ ਵਿਕਾਸ ਦੀ ਸਿਰਜਣਾ ਕਰਨ ਵਾਲੀਆਂ ਰੂਹਾਂ ਸਮਾਜ ਦੀ ਨਿਰੰਤਰ ਵਗ ਰਹੀ ਨਦੀ ਵਿੱਚੋਂ ਹੀ ਪਰਗਟ ਹੋ ਜਾਂਦੀਆਂ ਹਨ। ਗਿਆਨ ਵਿਗਿਆਨ ਦੀਆਂ ਸਮੁੱਚੀਆਂ ਕਾਢਾਂ ਦੀ ਪਿਛੋਕੜ ਵਿੱਚ ਕਾਢ ਦੀ ਲੋੜ ਲੁਕੀ ਹੋਈ ਹੁੰਦੀ ਏ। ਏਸੇ ਕਰਕੇ ਲੋੜ ਨੂੰ ਕਾਢ ਦੀ ਮਾਂ ਆਖਿਆ ਗਿਆ ਹੈ।
ਸ. ਕਿਰਪਾਲ ਸਿੰਘ ਪੰਨੂੰ ਅਜਿਹੇ ਮਹਾਂ ਮਨੁੱਖ ਹਨ, ਜਿਨ੍ਹਾਂ ਨੇ ਅਜੋਕੇ ਸੰਸਾਰ ਦੀ ਅਤਿ ਆਧੁਨਿਕ ਕਾਢ ਕੰਪਿਊਟਰ ਨੂੰ ਪੰਜਾਬੀ ਸੱਭਿਆਚਾਰ ਤੇ ਬੋਲੀ ਦੀ ਤਰੱਕੀ ਲਈ ਵਰਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਨਗਰ ਕਟਾਹਰੀ ਵਿੱਚ ਅੱਖਾਂ ਖੋਲ੍ਹਣ ਵਾਲਾ ਸਾਡਾ ਮਲਵਈ ਬਾਈ ‘ਪੰਨੂੰ’ ਬਰਾਸਤਾ ਰਿਆਸਤੀ ਸ਼ਹਿਰ ਪਟਿਆਲਾ ਨਵੀਂ ਦੁਨੀਆ ਦੇ ਦੇਸ ਕੈਨੇਡਾ ਬੁੱਢੇ-ਵਾਰੇ ਪਹੁੰਚਿਆ। ਏਸ ਤੋਂ ਪਹਿਲੋਂ ਆਪਣੇ ਪੁਸ਼ਤੈਨੀ ਵਤਨ ਵਿੱਚ ਉਹ ਸਰਕਾਰੀ ਨੌਕਰੀਆਂ ਦੇ ਕਿੰਨੇ ਹੀ ਬੂਹੇ ਬਾਰੀਆਂ ਲੰਘ ਕੇ ਜੀਵਨ ਦੇ ਹਰ ਪੱਖ ਦਾ ਡੂੰਘਾ ਤਜ਼ਰਬਾ ਹਾਸਲ ਕਰ ਚੁੱਕਿਆ ਸੀ।
ਸਾਡੇ ਭਾਈਚਾਰੇ ਦੇ ਬਹੁਤੇ ਸੱਜਣ ਨੌਕਰੀਆਂ ਤੋਂ ਸੇਵਾ ਮੁਕਤ ਹੋਣ ਪਿੱਛੋਂ ਆਪਣੇ ਆਪ ਨੂੰ ਖ਼ੁਦ ਹੀ ਬੁੱਢੇ, ਵਾਧੂ, ਨਿਕੰਮੇ, ਪਰਵਾਰ ਤੇ ਭਾਰ ਸਮਝਦੇ ਹੋਏ ਨਿਰਾਸ਼ ਤੇ ਉਦਾਸ ਹੋ ਕੇ ਘਟੀਆਪੁਣੇ ਦੇ ਸ਼ਿਕਾਰ ਹੋ ਜਾਂਦੇ ਹਨ। ਪੰਨੂੰ ਹੋਰਾਂ ਨੇ ਗੁਰਬਾਣੀ ਦੇ ‘ਖੋਜੀ ਉਪਜੇ ….॥’ ਵਾਲੀ ਤੁਕ ਦੇ ਅਰਥ ਅਮਲੀ ਰੂਪ ਵਿੱਚ ਸਮਝ ਕੇ ਪਰਉਪਕਾਰੀ ਕਾਰਜ ਕੀਤਾ ਹੈ। ਕਮਾਲ ਦੀ ਗੱਲ ਇਹ ਹੈ ਕਿ ਕਿਰਪਾਲ ਸਿੰਘ ਨੇ ਪੜ੍ਹ-ਪੜ੍ਹ ਗੱਡੇ ਲੱਦਣ ਵਾਲਿਆਂ ਦੀ ਪੋਲ ਵੀ ਬਾਖੂਬੀ ਖੋਲ੍ਹ ਦਿੱਤੀ। ਉਹਨਾਂ ਬਾਬੇ ਬੁੱਲ੍ਹੇ ਸ਼ਾਹ ਦੇ ਪਾਏ ਪੂਰਨਿਆਂ ’ਤੇ ਚਲਦਿਆਂ ਗੱਲ ਇੱਕ ਹੀ ਨੁਕਤੇ ਵਿੱਚ ਮੁਕਾ ਦਿੱਤੀ। ਜਦੋਂ ਸਿਰੜ ਤੇ ਸਿਦਕ ਨਾਲ ਕਿਸੇ ਕਾਰਜ ਨੂੰ ਕੋਈ ਮਿਹਨਤੀ, ਹਿੰਮਤੀ ਤੇ ਲਗਨ ਵਾਲਾ ਸੰਵੇਦਨਸ਼ੀਲ ਇਨਸਾਨ ਹੱਥ ਪਾ ਲਵੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਹਦੇ ਰਾਹ ਨੂੰ ਡੱਕ ਨਹੀਂ ਸਕਦੀ।
ਕਮਾਲ ਇਹ ਵੀ ਹੈ ਕਿ ਪੰਨੂੰ ਹੋਰਾਂ ਕੋਲ ਮਾਂ ਬੋਲੀ ਪੰਜਾਬੀ ਦੇ ਵਿਕਾਸ ਦੇ ਏਸ ਮਹਾਨ ਕਾਰਜ ਲਈ ਨਾ ਤੇ ਕੋਈ ਬਾਕਾਇਦਾ ਵਿਦਿਅਕ ਜਾਂ ਅਕਾਦਮਿਕ ਯੋਗਤਾ ਸੀ ਤੇ ਨਾ ਹੀ ਕਿਸੇ ਯੂਨੀਵਰਸਿਟੀ, ਕਾਲਜ ਆਦਿ ਦੇ ਵਿਦਵਾਨਾਂ ਦੀ ਛਤਰ ਛਾਇਆ। ਉਹਨਾਂ ਦੀ ਨਾ ਹੀ ਕੋਈ ਕੰਪਿਊਟਰ ਲੈਬੋਰਟਰੀ, ਨਾ ਦਫ਼ਤਰ, ਨਾ ਪੈਸੇ ਧੇਲੇ ਪੱਲੇ ਸਨ ਅਤੇ ਨਾ ਹੀ ਕੋਈ ਗਾਈਡ ਜਾਂ ਰਾਹ ਦਿਸੇਰਾ। ਉਹਨਾਂ ਤਾਂ ਕੰਪਿਊਟਰ ਨਾਲ ਛੇੜ ਛਾੜ ਆਪਣੇ ਮੁੰਡੇ ਦੇ ਘਰ ਆਪੇ ਹੀ ਆਪਣੇ ਫੁਰਨੇ ਮੁਤਾਬਿਕ ਕੁੱਝ ਵੱਖਰਾ ਕਰਨ ਲਈ ਕਰਨੀ ਸ਼ੁਰੂ ਕੀਤੀ ਸੀ। ਏਥੇ ਵੀ ਕਿਰਪਾਲ ਸਿੰਘ ਦੇ ਮਨ ਵਿੱਚ ਕਿਸੇ ਵੰਗਾਰ ਨੂੰ ਕਬੂਲ ਕੇ ਓਸ ਨੂੰ ਸਰ ਕਰਨ ਦੀ ਤਮੰਨਾ ਸੀ। ਪੰਨੂ ਨੂੰ ਆਪਣੀ ਮਾਂ ਬੋਲੀ ਨਾਲ ਦਿਖਾਵੇ ਦਾ ਮੋਹ ਨਹੀਂ ਹਕੀਕੀ ਹੇਜ ਹੈ, ਜਿਸ ਕਾਰਨ ਉਹਨਾਂ ਇਹ ਪਹਾੜ ਦੀ ਟੀਸੀ ਸਰ ਕੀਤੀ।
ਨੱਬੇਵਿਆਂ ਦੇ ਦਹਾਕੇ ਵਿੱਚ ਪਹਿਲਾਂ ਉਹਨਾਂ ਕੰਪਿਊਟਰ ਵਰਗੀ ਅਜਬ ਗਜਬ ਮਸ਼ੀਨ ਨੂੰ ਮੁੱਢੋਂ ਸੁੱਢੋਂ ਸਮਝਿਆ। ਇਹਨੂੰ ਚਲਾਉਣ ਦੀ ਜਾਚ ਖ਼ੁਦ ਸਿੱਖੀ। ਪਹਿਲੋਂ ਅੰਗਰੇਜ਼ੀ ਅੱਖਰਾਂ ਦੀ ਸੂਝ ਬੂਝ ਤੇ ਜੜਤ ਬਣਤਰ ’ਚ ਤਾਕ ਹੋਏ। ਮਨ ਵਿੱਚ ਬਾਬੂ ਫਿਰੋਜ ਦੀਨ ਸ਼ਰਫ ਵਾਲੀ ਤਾਂਘ ਸੀ ਕਿ ‘ਅਸਾਂ ਬੋਲਣਾ ਖਾਸ ਪੰਜਾਬੀਆਂ ਨੂੰ।’ ਦੁਨੀਆ ਦੀਆਂ ਅਤਿ ਵਿਕਸਤ ਬੋਲੀਆਂ ਦੀ ਕਤਾਰ ਵਿੱਚ ਆਪਣੀ ਮਾਂ ਬੋਲੀ ਨੂੰ ਖੜ੍ਹੀ ਵੇਖਣ ਦੀ ਖਾਹਸ਼ ਅਤੇ ‘ਆਪਣ ਹੱਥੀਂ ਆਪਣੇ ਆਪ ਈ ਕਾਰਜ ਸੰਵਾਰਨ’ ਦੀ ਗੁੜ੍ਹਤੀ ਨੇ ਪੰਨੂੰ ਹੋਰਾਂ ਦੇ ਇਰਾਦੇ ਨੂੰ ਬਲ ਬਖਸ਼ਿਆ। ਕੰਪਿਊਟਰ ਜਗਤ ਦੀ ਡੂੰਘੀ ਸਮਝ ਰੱਖਣ ਵਾਲੇ ਸੂਝਵਾਨ ਸਿਆਣੇ ਵਿਦਵਾਨ ਪੰਜਾਬੀ ਭਾਈਬੰਦ ਡਾ. ਕੁਲਬੀਰ ਸਿੰਘ ਥਿੰਦ ਯੂ. ਐਸ. ਏ. ਨਾਲ ਰਾਬਤੇ ਨੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ। ਪੰਜਾਬੀ ਟਾਈਪ ਕਰਨੀ ਤਾਂ ਸਿੱਖ ਹੀ ਲਈ ਸੀ, ਪਰ ਪੰਜਾਬੀ ਫੌਂਟਾਂ ਦੇ ਝਮੇਲੇ ਨੇ ਬਹੁਤ ਸਤਾਇਆ। ਮਨ ਵਿੱਚ ਤਾਂਘ ਸੀ ਕਿ ਜੇ ਅਸੀਂ ਈ-ਮੇਲ ਭੇਜਣ ਸਮੇਂ ਏਸ ਔਕੜ ਨੂੰ ਹੱਲ ਨਾ ਕਰ ਸਕੇ ਤਾਂ ਇਹ ਬੋਲੀ ਦੇ ਵਿਕਾਸ ਦੇ ਰਾਹ ਵਿੱਚ ਅੜਿੱਕਾ ਸਾਬਤ ਹੋਵੇਗਾ। ਫੌਂਟਾਂ ਨੂੰ ਸਮਝ ਕੇ ਉਹਨਾਂ ਦੀ ਆਪਸੀ ਅਦਲਾ ਬਦਲੀ ਦਾ ਮਸਲਾ ਹੱਲ ਕਰ ਕੇ ਪੰਜਾਬੀ ਅਖਬਾਰਾਂ, ਰਿਸਾਲਿਆਂ, ਕਿਤਾਬਾਂ ਦੀ ਕੌਮਾਂਤਰੀ ਪੱਧਰ ’ਤੇ ਛਪਾਈ ਦਾ ਮਾਮਲਾ ਸੁਲਝਾਉਣ ਦਾ ਸਿਹਰਾ ਪੰਨੂੰ ਹੋਰਾਂ ਦੇ ਸਿਰ ਬੱਝਦਾ ਹੈ। ਅੱਜ ਅਸੀਂ ਦੁਨੀਆਂ ਭਰ ਵਿੱਚ ਪੰਜਾਬੀ ਵਿਕਸਤ ਕਰ ਰਹੇ ਹਾਂ, ਦੂਜੇ ਪਾਸੇ ਇਹਨਾਂ ਲਈ ਪੁਸ਼ਤੈਨੀ ਪੰਜਾਬ ਵਿੱਚੋਂ ਅੱਖਰ ਜੜਤ ਜਾਂ ਕੰਪੋਜ਼ਿੰਗ ਕਰਨ ਵਾਲੇ ਅਣਗਿਣਤ ਗੱਭਰੂਆਂ, ਮੁਟਿਆਰਾਂ ਨੂੰ ਰੋਜ਼ਗਾਰ ਪ੍ਰਦਾਨ ਕਰ ਰਹੇ ਹਾਂ। ਗੁਰਮੁਖੀ ਵਿੱਚ ਛਪੇ ਅਖਬਾਰ ਅੱਜ ਸਮੂਹ ਜਗਤ ਦੇ ਬਹੁਤ ਵੱਡੇ ਹਿੱਸੇ ਵਿੱਚ ਸਾਨੂੰ ਆਪਸ ਵਿੱਚ ਜੋੜਨ ਦਾ ਕਿਰਦਾਰ ਨਿਭਾਅ ਰਹੇ ਹਨ। ਸਾਡੇ ਯੁਗ ਵਿੱਚ ਇਸ ਜੱਗ ਵਿੱਚ ਪੰਨੂੰ ਦਾ ਪਾਇਆ ਜੋਗਦਾਨ ਬੜਾ ਉੱਚਾ ਨਾਂ ਅਤੇ ਥਾਂ ਰੱਖਦਾ ਹੈ। ਇਹ ਸਾਰਾ ਕੁੱਝ ਪੰਨੂੰ ਹੋਰਾਂ ਦੀ ਪਹਿਲ ਕਦਮੀ ਕਾਰਨ ਵਾਪਰਿਆ ਹੈ।
ਪੰਨੂੰ ਨੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਵੱਸਦੇ ਹਮਵਤਨੀਆਂ ਨੂੰ ਤਾਂ ਪੰਜਾਬ ਨਾਲ ਜੋੜਨ ਵਿੱਚ ਕਾਮਯਾਬੀ ਹਾਸਲ ਕਰ ਲਈ, ਪਰ ਲਾਹੌਰ, ਮੁਲਤਾਨ, ਰਾਵਲਪਿੰਡੀ ਸਾਥੋਂ ਅਜੇ ਵੀ ਹਜ਼ਾਰਾਂ ਕੋਹਾਂ ਦੂਰ ਜਾਪਦੇ ਸਨ। ਉਥੇ ਪੰਜਾਬੀ ਲਿਖਣ ਲਈ ‘ਸ਼ਾਹਮੁਖੀ’ ਲਿਪੀ ਵਰਤੀ ਜਾਂਦੀ ਹੈ। ਏਸ ਲਿਪੀ ਦੇ ਅੱਖਰ ਫਾਰਸੀ ਉਰਦੂ ਵਾਲੇ ਹਨ। ਪੰਜਾਬੀਆਂ ਦਾ ਵੱਡਾ ਹਿੱਸਾ ਲਹਿੰਦੇ ’ਚ ਵੱਸਦਾ ਵੀ ਸਾਡੇ ਨਾਲ ਏਸੇ ਰੋਕ ਕਾਰਨ ਸਾਂਝ ਵਧਾਉਣ ਵਿੱਚ ਔਕੜਾਂ ਝੱਲ ਰਿਹਾ ਸੀ। ਸਾਨੂੰ ਅੰਮ੍ਰਿਤਸਰ ਰਹਿੰਦਿਆਂ ਨੂੰ ਲਾਹੌਰ ਵਿੱਚ ਵਾਪਰੀ ਘਟਨਾ ਦਾ ਮਾੜਾ ਮੋਟਾ ਪਤਾ ਸਿਰਫ ਅੰਗਰੇਜ਼ੀ ਰਾਹੀਂ ਹੀ ਲੱਗਦਾ ਸੀ। ਏਸ ਮੁੱਦੇ ਨੂੰ ਗੰਭੀਰਤਾ ਨਾਲ ਹੱਲ ਕਰਨ ਦੇ ਜਿਹੜੇ ਯਤਨ ਪੰਨੂੰ ਹੋਰਾਂ ਕੀਤੇ ਉਹ ਪੰਜਾਬੀਆਂ ਲਈ ਹੀ ਨਹੀਂ ਭਾਰਤ-ਪਾਕਿ ਦੇ ਆਮ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਏ। ਇਹਨਾਂ ਲਿਪੀ ਬਦਲਾਓ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਜਿਹੇ ‘ਸਾਫਟੇਅਰ’ ਦਾ ਮੁੱਢ ਬੰਨ੍ਹ ਦਿੱਤਾ ਜਿਸ ਦੀ ਮਦਦ ਨਾਲ ਗੁਰਮੁਖੀ ਤੋਂ ਸ਼ਾਹਮੁਖੀ ਜਾਂ ਏਸ ਤੋਂ ਉਲਟ ਅੱਖ ਦੇ ਫੋਰੇ ਵਿੱਚ ਹੀ ਹੋ ਸਕੇ। ਮੁੜ ਕੇ ਇਹਨਾਂ ਦੀ ਰੱਖੀ ਏਸੇ ਨੀਂਹ ’ਤੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਭਾਵੇਂ ਇਮਾਰਤ ਉਸਾਰ ਲਈ ਪਰ ਪਹਿਲਕਦਮੀ ਬਾਈ ਕਿਰਪਾਲ ਸਿੰਘ ਪੰਨੂੰ ਦੀ ਹੀ ਸੀ।
ਪੰਨੂੰ ਹੋਰਾਂ ਦੀ ਤਕਨੀਕ ਕਾਰਨ ਅਨੇਕਾਂ ਕਿਤਾਬਾਂ ਛਾਪਣ ਵਾਲੇ ਪ੍ਰਕਾਸ਼ਕਾਂ ਤੇ ਅਖਬਾਰਾਂ ਵਾਲਿਆਂ ਨੂੰ ਬਹੁਤ ਲਾਭ ਹੋਇਆ। ਪਰ ਏਸ ਸੱਚੇ ਸੁੱਚੇ ਇਨਸਾਨ ਨੇ ਫੇਰ ਆਪਣਾ ਨਿੱਜੀ ਭਲਾ ਪਾਸੇ ਰੱਖ ਕੇ ‘ਸਰਬੱਤ ਦੇ ਭਲੇ’ ਵਾਲਾ ਰਾਹ ਹੀ ਅਪਣਾਇਆ। ਇਹਨਾਂ ਸਾਰੀਆਂ ਖੋਜਾਂ ’ਚੋਂ ਪੰਨੂੰ ਨੇ ਕਦੀ ਵੀ ਕੋਈ ਵਪਾਰਕ ਫਾਇਦਾ ਨਹੀਂ ਲਿਆ। ਪਿਛਲੇ ਸਾਲ ਹੀ ਕਿਰਪਾਲ ਸਿੰਘ ਪੰਨੂੰ ਨੇ ਯੂਰਪੀ ਪੰਜਾਬੀ ਸੱਥ ਵੱਲੋਂ ਸ਼ਾਹਮੁਖੀ ਲਿਪੀ ਵਿੱਚ ਛਾਪੀ ਜ਼ਾਹਿਦ ਇਕਬਾਲ ਗੁਜਰਾਂਵਾਲਾ ਦੀ ਕੋਈ ਨੌਂ ਸੌ ਪੰਨਿਆਂ ਦੀ ਵੱਡ ਆਕਾਰੀ ਕਿਤਾਬ ‘ਹੀਰ ਵਾਰਿਸ ਵਿੱਚ ਮਿਲਾਵਟੀ ਸ਼ੇਅਰਾਂ ਦਾ ਵੇਰਵਾ’ ਨੂੰ ਗੁਰਮੁਖੀ ਲਿਪੀ ਵਿੱਚ ਕਰਨ ਦਾ ਜਿਹੜਾ ਪਹਾੜ ਜਿੱਡਾ ਕਾਰਜ ਕੀਤਾ ਹੈ, ਉਹ ਪੰਨੂੰ ਹੋਰਾਂ ਦੀ ਖੋਜ ਦਾ ਸਿਖਰ ਹੈ।
ਕਿਰਪਾਲ ਸਿੰਘ ਪੰਨੂੰ ਦੇ ਪੰਜਾਬੀਆਂ ਨੂੰ ਇੱਕ ਲੜੀ ਵਿੱਚ ਜੋੜਨ ਵਿੱਚ ਕੀਤੇ ਇਹਨਾਂ ਮਹਾਨ ਕਾਰਜਾਂ ਕਰਕੇ ਜਿਹੜਾ ਸਾਡਾ ਸਮੂਹ ਪੰਜਾਬੀਆਂ ਦਾ ਮਾਣ ਵਧਾਇਆ ਹੈ, ਉਹਦੇ ਲਈ ਸਿਰਫ ਧੰਨਵਾਦ ਕਰਨਾ ਜਾਂ ਲਿਖ ਕੇ ਛਾਪ ਦੇਣਾ ਹੀ ਕਾਫੀ ਨਹੀਂ। ਸਾਨੂੰ ਇਹਨਾਂ ਦੇ ਸਿਦਕ, ਸਿਰੜ, ਲਗਨ, ਮਿਹਨਤ ਅਤੇ ਸਭ ਤੋਂ ਵੱਧ ਨਿਸ਼ਕਾਮ, ਨਿਰਸਵਾਰਥ, ਨਿਰਮਾਣ ਤੇ ਨਿਰਵੈਰ ਸੁਭਾਅ ਤੋਂ ਸਿੱਖਣ ਤੇ ਸੇਧ ਲੈਣ ਦੀ ਲੋੜ ਹੈ। ਅਸੀਂ ਪੰਜਾਬੀ ਸੱਥ ਵਾਲੇ ਪੰਨੂੰ ਜੀ ਦੀਆਂ ਕੀਤੀਆਂ ਘਾਲਣਾਵਾਂ ਅੱਗੇ ਸਤਿਕਾਰ ਸਹਿਤ ਸੀਸ ਝੁਕਾਉਂਦੇ ਹਾਂ। ਇਹਨਾਂ ਦੇ ਸਦਾ ਸਿਹਤਮੰਦ ਤੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਦੀ ਕਾਮਨਾ ਕਰਦੇ ਹਾਂ। ਅਜਿਹੀਆਂ ਰੂਹਾਂ ਸਾਡੇ ਇਕਜੁੱਟ ਭਾਈਚਾਰੇ ਲਈ ਚਾਨਣ ਮੁਨਾਰੇ ਹਨ।