You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਕੰਪਿਊਟਰ ਪਾਇਲਟ: ਕਿਰਪਾਲ ਸਿੰਘ ਪੰਨੂੰ

ਲੇਖ਼ਕ

Sunday, 06 May 2018 22:01

ਕੰਪਿਊਟਰ ਪਾਇਲਟ: ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਕੰਪਿਊਟਰ ਸ਼ਬਦ ਜ਼ਿਹਨ ਵਿੱਚ ਆਉਂਦਿਆਂ ਹੀ ਮਨੁੱਖ ਦੇ ਮਨ ਵਿੱਚ ਇਸ ਨੂੰ ਚਲਾਉਣ ਵਾਲੇ ਦੇ ਇੱਕ ਸਹਿਜ ਭਾ ਚਿਤਵੇ ਬਿੰਬ ਨਾਲ ਜੁੜ ਜਾਂਦਾ ਹੈ। ਸੂਚਨਾ ਤਕਨਾਲੋਜੀ ਦੇ ਇਸ ਵਿਕਸਿਤ ਅਤੇ ਤੇਜ਼ੀ ਨਾਲ ਬਦਲ ਰਹੇ ਯੁਗ ਵਿੱਚ ਕੰਪਿਊਟਰ ਨਾਲ ਕੰਮ ਕਰਨ ਵਾਲੇ ਇੱਕ ਅਤਿ ਆਧੁਨਿਕ ਨੌਜਵਾਨ ਦਾ ਨਕਸ਼ਾ ਅੱਖਾਂ ਸਾਹਮਣੇ ਆ ਜਾਂਦਾ ਹੈ। ਪਰੰਤੂ ਮੈਂ ਜਿਸ ਨੌਜਵਾਨ ਬਾਰੇ ਲਿਖ ਰਿਹਾ ਹਾਂ ਉਸ ਨੇ ਮਨੁੱਖੀ ਸਮਰੱਥਾ ਬਾਰੇ ਮੇਰੀ ਦ੍ਰਿਸ਼ਟੀ ਹੀ ਬਦਲ ਦਿੱਤੀ ਹੈ। ਕਿਰਪਾਲ ਸਿੰਘ ਪੰਨੂੰ ਆਪਣੀ ਉਮਰ ਨੂੰ ਧੋਖਾ ਦੇਣ ਵਾਲਾ ਇਨਸਾਨ ਹੈ। ਕੁਦਰਤ ਵੱਲੋਂ ਮਿਲਿਆ ਟਮਾਟਰ ਵਰਗਾ ਰੰਗ, ਚਿੱਟੀ ਅਤੇ ਫ਼ੌਜ ਵਿੱਚ ਰਹਿਣ ਕਾਰਣ ਅਨੁਸ਼ਾਸਨ ਵਿੱਚ ਬੰਨ੍ਹੀ ਦਾੜ੍ਹੀ ਅਤੇ ਆਪਣੀ ਸਦਾ ਬਹਾਰ ਨਾਭੀ ਪੱਗ ਨਾਲ, ਉਹ ਤੁਹਾਨੂੰ ਜਦ ਵੀ ਮਿਲਦਾ ਹੈ ਤਾਂ ਆਪ ਮੁਹਾਰੇ ਗ਼ਾਲਿਬ ਦਾ ਇਹ ਸ਼ਿਅਰ, ਜੋ ਗ਼ਾਲਿਬ ਨੇ ਭਾਵੇਂ ਕਿਸੇ ਸੁਹਣੀ ਔਰਤ ਦੇ ਮਾਣ ਵਿੱਚ ਲਿਖਿਆ ਹੋਵੇਗਾ, ਪਰ ਇਸ ਨਾਰੀਵਾਦੀ ਯੁਗ ਵਿੱਚ ਬੰਦਿਆਂ ਉਪਰ ਵੀ ਇਹ ਉਨਾ ਹੀ ਢੁਕਦਾ ਹੈ, ਯਾਦ ਆ ਜਾਂਦਾ ਹੈ, ‘ਇਸ ਸਾਦਗੀ ਪੇ ਕੌਨ ਨਾ ਮਰ ਜਾਏ ਐ ਖ਼ੁਦਾ, ਲੜਤੇ ਹੈਂ ਔਰ ਹਾਥ ਮੇਂ ਤਲਵਾਰ ਭੀ ਨਹੀਂ।’

ਮੇਰੀ ਪੰਨੂੰ ਸਾਹਿਬ ਨਾਲ ਪਹਿਲੀ ਮੁਲਾਕਾਤ ਅਮਰਦੀਪ ਕਾਲਜ ਮੁਕੰਦਪੁਰ ਵਿੱਚ ਕੰਪਿਊਟਰ ਵਿਦਿਆ ਦੇ ਸੰਬੰਧ ਵਿੱਚ ਕਰਵਾਏ ਗਏ ਇੱਕ ਸੈਮੀਨਾਰ ਵਿੱਚ ਹੋਈ। ਇਸ ਮੁਲਾਕਾਤ ਦਾ ਮਾਣ, ਮੁਕੰਦਪੁਰ ਕਾਲਜ ਦੇ ਵੱਡੇ ਪ੍ਰਿੰਸੀਪਲ, ਵੱਡੇ ਭਰਾ ਪ੍ਰਿੰਸੀਪਲ ਸਰਵਣ ਸਿੰਘ ਨੂੰ ਦੇਣਾ ਬਣਦਾ ਹੈ। ਉਹ ਅਤੇ ਕਿਰਪਾਲ ਸਿੰਘ ਪੰਨੂੰ ਟੋਰਾਂਟੋ (ਕੈਨੇਡਾ) ਵਿਖੇ ਨੇੜੇ-ਨੇੜੇ ਰਹਿੰਦੇ ਹਨ ਅਤੇ ਪ੍ਰਿੰਸੀਪਲ ਸਰਵਣ ਸਿੰਘ ਨੂੰ ਕੰਪਿਊਟਰ ਦੇ ਲੜ ਲਾਉਣ ਦਾ ਮਾਣ ਕਿਰਪਾਲ ਸਿੰਘ ਪੰਨੂੰ ਹੁਰਾਂ ਦੇ ਖਾਤੇ ਵਿੱਚ ਪੈਂਦਾ ਹੈ। ਅਮਰਦੀਪ ਕਾਲਜ ਵਿੱਚ ਮੇਰੇ ਤੋਂ ਪਹਿਲਾਂ ਇਸ ਕਾਲਜ ਨੂੰ ਡਾ. ਸ. ਸ. ਜੌਹਲ ਸਾਹਿਬ ਦੀ ਸਰਪ੍ਰਸਤੀ ਅਤੇ ਸ. ਗੁਰਚਰਨ ਸਿੰਘ ਸ਼ੇਰਗਿੱਲ ਦੀ ਦਰਿਆਦਿਲੀ ਅਤੇ ਹੱਲਾਸ਼ੇਰੀ ਨਾਲ, ਪ੍ਰਿੰਸੀਪਲ ਸਰਵਣ ਸਿੰਘ ਨੇ ਇੱਕ ਬੁਲੰਦੀ ਉਪਰ ਪਹੁੰਚਾਇਆ। ਰਿਟਾਇਰ ਹੋਣ ਬਾਅਦ ਉਹ ਜਦੋਂ ਵੀ ਕਾਲਜ ਆਉਂਦੇ ਤਾਂ ਕਦੇ-ਕਦੇ ਕਿਸੇ ਨੇ ਉਨ੍ਹਾਂ ਨੂੰ ਸਾਬਕਾ ਜਾਂ ਰਿਟਾਇਰਡ ਪ੍ਰਿੰਸੀਪਲ ਕਹਿ ਕੇ ਸੰਬੋਧਨ ਕਰਨਾ। ਮੈਨੂੰ ਇਹ ਦੋਵੇਂ ਲਫ਼ਜ਼ ਸੰਸਥਾ ਅਤੇ ਰਿਸ਼ਤਿਆਂ ਨਾਲ ਜ਼ਿਆਦਤੀ ਕਰਨ ਵਾਲੇ ਲਗਦੇ। ਮੈਂ ਜਦੋਂ ਵੀ ਸਮਾਗਮ ਵਿੱਚ ਜਾਂ ਦਫ਼ਤਰ ਬੈਠਿਆਂ ਉਨ੍ਹਾਂ ਨੂੰ ਸੰਬੋਧਨ ਕਰਨਾ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਹਮੇਸ਼ਾ ਵੱਡੇ ਪ੍ਰਿੰਸੀਪਲ ਸਾਹਿਬ ਕਹਿ ਕੇ ਸੰਬੋਧਨ ਕਰਦਾ ਅਤੇ ਇਹ ਨਿੱਘਾ ਰਿਸ਼ਤਾ ਅੱਜ ਤੀਕ ਵੀ ਉਸੇ ਤਰ੍ਹਾਂ ਬਣਿਆ ਹੋਇਆ ਹੈ। ਇਹ ਉਨ੍ਹਾਂ ਦੀ ਵਡਿੱਤਣ ਅਤੇ ਮੇਰਾ ਸਰਮਾਇਆ ਹੈ।

ਪੰਨੂੰ ਸਾਹਿਬ ਬਾਰੇ ਜਦੋਂ ਮੈਨੂੰ ਦੱਸਿਆ ਗਿਆ ਕਿ ਇਹ ਬਾਰਡਰ ਸਕਿਉਰਿਟੀ ਫੋਰਸ ਵਿਚੋਂ ਡਿਪਟੀ ਕਮਾਡੈਂਟ ਵਜੋਂ ਰਿਟਾਇਰ ਹੋਏ ਹਨ ਅਤੇ ਇਨ੍ਹਾਂ ਨੇ ਆਪਣੇ ਆਪ ਹੀ ਟੱਕਰਾਂ ਮਾਰ ਕੇ ਕੰਪਿਊਟਰ ਦੇ ਖੇਤਰ ਵਿੱਚ ਇੰਨੀਆਂ ਵੱਡੀਆਂ ਅਤੇ ਨਿਵੇਕਲੀਆਂ ਮੱਲਾਂ ਮਾਰੀਆਂ ਹਨ ਤਾਂ ਮੇਰੀ ਹੈਰਾਨੀ ਅਤੇ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਉਨ੍ਹਾਂ ਦੀ ਉਮਰ ਅਤੇ ਪ੍ਰਿੰਸੀਪਲ ਸਰਵਣ ਸਿੰਘ ਦੀ ਇਹ ਪ੍ਰਾਪਤੀ ਦੇਖ ਕੇ ਕਿ ਉਹ ਸਾਰੇ ਲੇਖ ਸਿੱਧੇ ਕੰਪਿਊਟਰ ’ਤੇ ਟਾਈਪ ਕਰ ਕੇ ਈ-ਮੇਲ ਕਰਦੇ ਹਨ ਮੈਨੂੰ ਬਹੁਤ ਔਖੇ ਹੋ ਕੇ ਯਕੀਨ ਕਰਨਾ ਪਿਆ। ਪ੍ਰਿੰਸੀਪਲ ਸਰਵਣ ਸਿੰਘ ਦੀ ਖੁਲ੍ਹੀ ਡੁੱਲ੍ਹੀ ਸ਼ਖ਼ਸੀਅਤ ਅਤੇ ਪੈਂਟ ਕੋਟ ਨਾਲ ਖੁੱਲ੍ਹਾ ਪ੍ਰਕਾਸ਼ ਦਾਹੜਾ ਵੇਖ ਕੇ ’ਨੋਭੜ ਆਦਮੀ ਉਨ੍ਹਾਂ ਨੂੰ ਕਵੀਸ਼ਰ ਹੋਣ ਦਾ ਮਾਣ ਤਾਂ ਦੇ ਸਕਦਾ ਹੈ-ਕੰਪਿਊਟਰ ਮਾਸਟਰ ਦਾ ਦਰਜਾ ਕੁੱਝ ਮੁਸ਼ਕਿਲ ਲਗਦਾ ਹੈ। ਪਰ ਇਹ ਸੱਚ ਹੈ, ਅੱਖੀਂ ਵੇਖਿਆ ਸੱਚ।

ਪੰਨੂੰ ਸਾਹਿਬ ਮੇਰੇ ਇਲਾਕੇ ਦੇ ਨੇੜਲੇ ਪਿੰਡ ਕਟਾਹਰੀ ਦੇ ਵਾਸੀ ਹਨ ਅਤੇ ਇਹ ਪਿੰਡ ਅਤੇ ਸਾਡਾ ਇਲਾਕਾ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਵਰੋਸਾਇਆ ਇਲਾਕਾ ਹੈ। ਇਸ ਲਈ ਮੇਰੀ ਦਿਲਚਸਪੀ ਅਤੇ ਮੇਰਾ ਸਤਿਕਾਰ ਉਨ੍ਹਾਂ ਲਈ ਹੋਰ ਵੀ ਵਧ ਗਿਆ। ਉਨ੍ਹਾਂ ਨੇ ‘ਆਓ ਕੰਪਿਊਟਰ ਸਿੱਖੀਏ’ ਪੁਸਤਕ ਵੀ ਆਮ ਬੰਦੇ ਨੂੰ ਕੰਪਿਊਟਰ ਦੀ ਸਿੱਖਿਆ ਦੇਣ ਦੇ ਲਈ ਲਿਖੀ ਹੈ। ਇਹ ਲੋਕਾਂ ਵਿੱਚ ਨਵੀਂ ਤਕਨਾਲੋਜੀ ਦੀ ਚੇਤਨਾ ਅਤੇ ਗਿਆਨ ਵਧਾਉਣ ਦਾ ਇੱਕ ਸ਼ਲਾਘਾਯੋਗ ਉੱਦਮ ਹੈ। ਇਸ ਤੋਂ ਵੀ ਵੱਧ ਇਹ ਕਿ ਮੈਂ ਜਿੰਨੀ ਵਾਰ ਉਨ੍ਹਾਂ ਨੂੰ ਮਿਲਿਆ ਹਾਂ-ਉਨ੍ਹਾਂ ਵਿੱਚ ਪੈਸੇ ਅਤੇ ਸ਼ੁਹਰਤ ਦੋਹਾਂ ਦੀ ਭੁੱਖ ਯਤਨ ਕਰਨ ਤੇ ਵੀ ਵੇਖਣ ਨੂੰ ਨਹੀਂ ਮਿਲੀ। ਇਹ ਉਨ੍ਹਾਂ ਦਾ ਮਨੁੱਖੀ ਵਡੱਪਣ ਅਤੇ ਉਨਾਂ ਦੇ ਜੀਵਨ ਦਾ ਇੱਕ ਬਹੁਤ ਹੀ ਖ਼ੁਸ਼ਗਵਾਰ ਪਹਿਲੂ ਹੈ।

ਕਿਰਪਾਲ ਸਿੰਘ ਪੰਨੂੰ ਹੁਰਾਂ ਦੀ ਵੱਡੀ ਪ੍ਰਾਪਤੀ ਸ਼ਾਹਮੁਖੀ ਤੋਂ ਗੁਰਮੁਖੀ ਅਤੇ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਕੰਪਿਊਟਰ ਦਾ ਇੱਕ ਬਟਨ ਦਬਾ ਕੇ ਲਿਪੀਆਂਤਰਣ ਕਰਨ ਵਿੱਚ ਵੇਖੀ ਜਾ ਸਕਦੀ ਹੈ। ਉਂਜ ਉਹ ਯੂਨੀਵਰਸਿਟੀ ਵਿੱਚ ਇੱਕ ਸੈਮੀਨਾਰ ਦੌਰਾਨ ਮੇਰੇ ਯੂਨੀਵਰਸਿਟੀ ਵਾਲੇ ਗ਼ਰੀਬਖ਼ਾਨੇ ਵਿੱਚ ਵੀ ਇੱਕ ਅੱਧ ਵਾਰ ਰਹੇ ਹਨ ਅਤੇ ਉਨ੍ਹਾਂ ਗ਼ਿਲਾ ਵੀ ਜ਼ਾਹਿਰ ਕੀਤਾ ਕਿ ਉਨ੍ਹਾਂ ਦੇ ਇਸ ਸਾਫ਼ਟਵੇਅਰ ਨੂੰ ਕਈ ਬੰਦੇ ਆਪਣੇ ਨਾਂ ਲਾ ਕੇ ਆਪਣੇ ਸਿਰ ਆਪ ਹੀ ਸਿਹਰੇ ਬੰਨ੍ਹਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਪਰੰਤੂ ਉਸ ਨੂੰ ਯੂਨੀਵਰਸਿਟੀਆਂ ਵਿੱਚ ਬੈਠੇ ਅਕਾਦਮਿਕ ਬੁੱਧੀਜੀਵੀਆਂ ਦੇ ਇਸ ਵਤੀਰੇ ਤੋਂ ਕੋਈ ਹੈਰਾਨੀ ਅਤੇ ਦੁੱਖ ਨਹੀਂ ਹੋਇਆ। ਗੁਰੂ ਅਰਜਨ ਸਾਹਿਬ ਦਾ ਬਚਨ ਹੈ:

ਉਲਾਹਨੋ ਮੈ ਕਾਹੂ ਨ ਦੀਓ॥

ਮਨ ਮੀਠ ਤੁਹਾਰੋ ਕੀਓ॥ (ਅੰਗ 978)

ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਬੰਦੂਕਾਂ ਫੜ ਕੇ ਦੁਸ਼ਮਣ ਨਾਲ ਲੋਹਾ ਲੈਣ ਵਾਲੇ ਸਿਪਾਹੀ ਕੰਪਿਊਟਰ ਵਰਗੀ ਇਸ ਯੁਗ ਦੀ ਸਭ ਤੋਂ ਵੱਧ ਸਮਰੱਥਾ ਵਾਲੀ ਮਸ਼ੀਨ ਨਾਲ ਵੀ ਕਿੰਨੇ ਵੱਡੇ ਕੰਮ ਕਰਨ ਦੇ ਯੋਗ ਹੋ ਸਕਦੇ ਹਨ। ਕਮਾਲ ਇਹ ਹੈ ਕਿ ਪੰਨੂੰ ਸਾਹਿਬ ਨੂੰ ਵੇਖ ਕੇ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਖ਼ੁਦ ਬ ਖ਼ੁਦ ਹੋ ਜਾਂਦਾ ਹੈ ਕਿ ਗਿਆਨ ਪ੍ਰਾਪਤੀ ਅਤੇ ਕਿਸੇ ਵੀ ਖੇਤਰ ਦੀ ਵਿਦਿਆ ਧਾਰਨ ਕਰਨ ਲਈ ਉਮਰ ਦੀ ਕੋਈ ਸੀਮਾ ਮਨੁੱਖ ਦੀ ਇੱਛਾ-ਸ਼ਕਤੀ ਦੇ ਸਾਹਮਣੇ ਰੁਕਾਵਟ ਨਹੀਂ ਬਣ ਸਕਦੀ। ਪੰਨੂੰ ਸਾਹਿਬ ਦੀ ਕੰਪਿਊਟਰ ਟ੍ਰੇਨਿੰਗ ਵੀ ਕਮਾਲ ਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਾਰ ਆਪਣੇ ਸਿੱਖਾਂ ਨੂੰ ਪੁੱਛਿਆ ਕਿ ਕੀ ਕੋਈ ਸਿੱਖ ਅਜਿਹਾ ਹੈ ਜੋ ਸਾਡੇ ਵੱਲੋਂ ਘੋੜੇ ਦੀ ਰਕਾਬ ਵਿੱਚ ਪੈਰ ਪਾਉਂਦਿਆਂ ਹੀ ਸਮੁੱਚੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਦੇਵੇ। ਸਭ ਸਿੱਖਾਂ ਨੇ ਹੈਰਾਨ ਹੋ ਕੇ ਗੁਰੂ ਸਾਹਿਬ ਦੇ ਇਸ ਸਵਾਲ ਬਾਰੇ ਸੁਣਿਆ ਅਤੇ ਇਸ ਅਸੰਭਵ ਚਮਤਕਾਰ ਬਾਰੇ ਕਿਸੇ ਵੀ ਤਰ੍ਹਾਂ ਸਹਿਮਤ ਨਾ ਹੋਏ। ਇੱਕ ਸਿੱਖ ਨੇ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਇਹ ਯਤਨ ਕਰ ਸਕਦਾ ਹਾਂ। ਗੁਰੂ ਸਾਹਿਬ ਨੇ ਆਗਿਆ ਬਖ਼ਸ਼ੀ। ਜਦੋਂ ਗੁਰੂ ਜੀ ਰਕਾਬ ਵਿੱਚ ਪੈਰ ਪਾਉਣ ਲੱਗੇ ਤਾਂ ਸਿੱਖ ਨੇ ਬੜੀ ਸ਼ਰਧਾ ਅਤੇ ਅਦਬ ਨਾਲ ਉਚਾਰਿਆ “ੴ ਸਤਿਗੁਰ ਪ੍ਰਸਾਦਿ।” ਗੁਰੂ ਸਾਹਿਬ ਘੋੜੇ ਤੋਂ ਹੇਠਾਂ ਉਤਰੇ ਅਤੇ ਸ਼ਰਧਾਲੂ ਸਿੱਖ ਦੇ ਇਸ ਅਨੁਭਵੀ ਵਾਕ ਲਈ ਉਸ ਦੀ ਸ਼ਲਾਘਾ ਕੀਤੀ। ਜਦੋਂ ਸਿੰਘਾਂ ਨੂੰ ਪੁੱਛਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਵੇਂ ਹੋਇਆ? ਗੁਰੂ ਸਾਹਿਬ ਨੇ ਕਿਹਾ ਕਿ ਭਾਈ ਗੁਰੂ ਗ੍ਰੰਥ ਸਾਹਿਬ ਦਾ ਸਮੁੱਚਾ ਸਾਰ ਤਾਂ ਇਸ ਮੂਲ-ਮੰਤਰ “ੴ ਸਤਿਗੁਰ ਪ੍ਰਸਾਦਿ” ਵਿੱਚ ਹੀ ਵਿਦਮਾਨ ਹੈ-ਬਾਕੀ ਸਾਰਾ ਗੁਰੂ ਗ੍ਰੰਥ ਸਾਹਿਬ ਤਾਂ ਇਸ ਦੀ ਵਿਆਖਿਆ ਹੈ।

ਜਦੋਂ ਮੈਂ ਪੰਨੂੰ ਸਾਹਿਬ ਨੂੰ ਬੇਨਤੀ ਕੀਤੀ ਕਿ ਅਸੀਂ ਬੁੱਢੇ ਤੋਤੇ ਹੁਣ ਫ਼ਾਰਸੀ ਕਿਵੇਂ ਪੜ੍ਹੀਏ? ਤਾਂ ਉਨ੍ਹਾਂ ਨੇ ਹੱਸ ਕੇ ਕਿਹਾ ਕਿ ਸੁਰਜੀਤ ਕੁਰਸੀ ਤੇ ਬੈਠ ਕੇ ਕੀਅ ਬੋਰਡ ਤੇ ਉਂਗਲਾਂ ਮਾਰਨੀਆਂ ਸ਼ੁਰੂ ਕਰ ਦੇ, ਸਭ ਆਪਣੇ ਆਪ ਆ ਜਾਵੇਗਾ। ਮੈਂ ਵੀ ਆਪ ਟੱਕਰਾਂ ਮਾਰ ਕੇ ਸਿੱਖਿਆ ਹੈ। ਕੰਪਿਊਟਰ ਦੇ ਸਾਰੇ ਵਿਦਵਾਨ ਇਸ ‘ਟੱਕਰਾਂ ਮਾਰਨ’ ਦੀ ਜੁਗਤ ਨਾਲ ਸਹਿਮਤ ਹਨ। ਪੰਨੂੰ ਸਾਹਿਬ ਨੇ ਫ਼ੌਜ ਵਿਚੋਂ ਰਿਟਾਇਰ ਹੋ ਕੇ ਇਸ ਤਕਨੀਕੀ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰ ਕੇ ਗੁਰਬਾਣੀ ਦੀ ਇਸ ਤੁਕ ਨੂੰ ਸੱਚੀ ਸਿੱਧ ਕਰ ਵਿਖਾਇਆ ਹੈ (ਭਾਵੇਂ ਅਧਿਆਤਮਿਕ ਅਰਥਾਂ ਵਿੱਚ ਨਹੀਂ) ਕਿ:

“ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾਂ ਅੰਤਰਿ ਸੁਰਤਿ ਗਿਆਨੁ॥”

(ਅੰਕ 1418)

ਇਸ ਮਾਣਯੋਗ ਪ੍ਰਾਪਤੀ ਲਈ, ਪੰਨੂ ਸਾਹਿਬ ਹੀ ਨਹੀਂ ਪੂਰਾ ਪੰਜਾਬ, ਪੂਰੀ ਪੰਜਾਬੀ ਅਤੇ ਪੂਰੀ ਪੰਜਾਬੀਅਤ ਵਧਾਈ ਦੀ ਪਾਤਰ ਹੈ। ਸੰਸਕ੍ਰਿਤ ਦਾ ਇੱਕ ਸ਼ਲੋਕ ਹੈ, ਜਿਸ ਦਾ ਅਰਥ ਹੈ ਕਿ ਜੇ ਇੱਕ ਜਗਦੇ ਦੀਵੇ ਨਾਲ ਦੂਜਾ ਦੀਵਾ ਜਗਾ ਦਿੱਤਾ ਜਾਵੇ ਤਾਂ ਪਹਿਲੇ ਦੀਵੇ ਦੀ ਰੌਸ਼ਨੀ ਘੱਟ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਵਿੱਚ “ਮੰਨੈ ਤਰੈ ਤਾਰੈ ਗੁਰਸਿਖ” ਅਤੇ “ਜਿੰਨੀ ਨਾਮਿ ਧਿਆਇਆ ਗਏ ਮਸਤਕਿ ਘਾਲਿ, ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾਲਿ॥” ਦੀ ਜੋ ਸਿੱਖਿਆ ਸੰਸਾਰ ਦੇ ਲੋਕਾਂ ਨੂੰ ਦਿੱਤੀ ਹੈ ਪੰਨੂ ਸਾਹਿਬ ਕੰਪਿਊਟਰ ਵਿਦਿਆ ਅਤੇ ਕੰਪਿਊਟਰ ਵਰਤੋਂ ਦੀ ਸਿੱਖਿਆ ਨਾਲ ਪੰਜਾਬ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ। ਉਨ੍ਹਾਂ ਦੀ ਸਿਦਕ ਦਿਲੀ, ਮਿਹਨਤ, ਲਗਨ ਅਤੇ ਭਵਿੱਖਮੁਖੀ ਦ੍ਰਿਸ਼ਟੀ ਨੂੰ ਸਲਾਮ! ਇੱਕ ਵਾਰ ਫਿਰ ਨਵਤੇਜ਼ ਭਾਰਤੀ ਦੀ ਇਹ ਕਵਿਤਾ—ਉਨ੍ਹਾਂ ਦੇ ਨਾਮ ਕਰਨ ਦਾ ਯਤਨ ਕਰ ਰਿਹਾ ਹਾਂ:

ਘਰੋਂ ਤੁਰਨ ਵੇਲੇ

ਮੇਰੀ ਮਾਂ ਨੇ ਮੈਨੂੰ ਕਿਹਾ ਸੀ

ਕਿ ਜੇ ਤੂੰ ਥਲਾਂ ਵਿਚੋਂ

ਲੰਘਣਾ ਹੋਇਆ

ਤਾਂ ਦਰਿਆ ਬਣ ਕੇ ਲੰਘੀਂ

ਨਹੀਂ ਤਾਂ ਥਲਾਂ ਦੇ ਵਾ ਵਰੋਲੇ

ਤੈਨੂੰ ਚੁੱਕ ਕੇ ਲੈ ਜਾਣਗੇ।

ਸੱਚਮੁਚ ਹੀ ਕਟਾਹਰੀ ਦਾ ਇਹ ਦਰਿਆ ਟੋਰਾਂਟੋ ਤਕ ਵਗਣ ਦਾ ਮਾਣ ਪ੍ਰਾਪਤ ਕਰ ਰਿਹਾ ਹੈ। ਪੰਜਾਬੀ ਲੋਕ ਗੀਤਾਂ ਅਤੇ ਗੀਤਾਂ ਵਿੱਚ ‘ਪਰਦੇਸ’ ਦਾ ਜੋ ਜ਼ਿਕਰ ਹੈ ਉਸ ਤੋਂ ਪਤਾ ਲਗਦਾ ਹੈ ਕਿ ਪੰਜਾਬੀ ਪੈਰ ਸਦਾ ਸਫ਼ਰ ਤੇ ਰਹਿਣ ਲਈ ਪੈਦਾ ਹੋਏ ਹਨ। ਪਾਤਰ ਨੇ ਠੀਕ ਹੀ ਲਿਖਿਆ ਹੈ:

ਮੈਂ ਉਨ੍ਹਾਂ ਲੋਕਾਂ ’ਚੋਂ ਹਾਂ ਜੋ ਸਦਾ ਸਫ਼ਰ ’ਤੇ ਰਹੇ

ਜਿਨ੍ਹਾਂ ਦੇ ਸਿਰਾਂ ’ਤੇ ਹੈ ਤਾਰਿਆਂ ਦਾ ਥਾਲ ਰਿਹਾ।

(ਸਫ਼ਰ ਅੱਗੇ ਵਧਣ ਦਾ ਨਾਂ ਹੈ ਜੋ ਪੈਰਾਂ ਨਾਲ਼ ਵੀ ਹੋ ਸਕਦਾ ਹੈ ਜੋ ਟੈਰਾਂ ਨਾਲ਼ ਵੀ ਹੋ ਸਕਦਾ ਹੈ। ਸਫ਼ਰ ਜੋ ਜੂਹ ਦਾ ਵੀ ਹੋ ਸਕਦਾ ਹੈ ਜੋ ਰੂਹ ਦਾ ਵੀ ਹੋ ਸਕਦਾ ਹੈ। ਸਫ਼ਰ ਕੋਈ ਵੀ ਹੋਵੇ ਸਤਿਕਾਰ ਯੋਗ ਹੋਇਆ ਕਰਦਾ ਹੈ-ਸੰਪਾਦਕ)

ਪੰਨੂ ਸਾਹਿਬ ਲਈ ਦੁਆ ਹੈ ਕਿ

ਸਲਾਮਤ ਰਹੋ ਤੁਮ ਹਜ਼ਾਰ ਬਰਸ,

ਹਰ ਬਰਸ ਕੇ ਦਿਨ ਹੋਂ ਪਚਾਸ ਹਜ਼ਾਰ।         (ਗ਼ਾਲਿਬ)

 

 

ਸੁਰਜੀਤ ਸਿੰਘ ਭੱਟੀ

ਪ੍ਰੋਫ਼ੈਸਰ,

ਪੰਜਾਬੀ ਭਾਸ਼ਾ ਵਿਕਾਸ ਵਿਭਾਗ,

ਪੰਜਾਬੀ ਯੂਨੀਵਰਸਿਟੀ, ਪਟਿਆਲਾ।

Read 5033 times Last modified on Monday, 07 May 2018 13:51