ਜ਼ਿੰਦਗੀ ਦਾ ਇੱਕ ਵੱਡਾ ਹਿੱਸਾ, ਪੂਰੇ ਬੱਤੀ ਵਰ੍ਹੇ ਉਹ ਬਾਰਡਰ ਸਕਿਓਰਟੀ ਫੋਰਸ ਵਿੱਚ ਰਿਹਾ। ਇੰਨੇ ਚਿਰ ਵਿੱਚ ਫੌਜੀ ਬੰਦੇ ਆਮ ਕਰਕੇ ਕੁਲੱਕੜ ਹੋ ਜਾਂਦੇ ਹਨ। ਸਿਵਲ ਜ਼ਿੰਦਗੀ ਵਿੱਚ ਅਣਫਿੱਟ ਜਿਹੇ ਮਹਿਸੂਸ ਕਰਦੇ ਹਨ। ਜੰਗਾਂ-ਯੁੱਧਾਂ ਦੇ ਅਭਿਆਸੀ ਉਹ ਸ਼ਾਂਤੀ ਦੇ ਦਿਨੀਂ ਜਿਵੇਂ ਔਟਲ ਜਾਂਦੇ ਹਨ। ਤਾਂ ਹੀ ਤਾਂ ਫੌਜੀਆਂ ਦੀ ਛੇੜ ਪਾ ਰੱਖੀ ਹੈ ਕਿ ਭਰਤੀ ਕਰਨ ਵੇਲੇ ਉਨ੍ਹਾਂ ਦਾ ਦਿਮਾਗ ਕੱਢ ਕੇ ਸਾਂਭ ਕੇ ਰੱਖ ਦਿੰਦੇ ਹਨ ਅਤੇ ਰਿਟਾਇਰਮੈਂਟ ਵੇਲੇ ਪਾਉਣਾ ਭੁੱਲ ਜਾਂਦੇ ਹਨ। ਪਰ ਕਿਰਪਾਲ ਸਿੰਘ ਪੰਨੂੰ ਕੁੱਝ ਵੱਖਰੀ ਤਰਜ਼ ਦਾ ਸੈਨਿਕ ਹੈ। ਲਚਕੀਲਾ ਬੰਦਾ, ਹਰ ਤਰ੍ਹਾਂ ਦੇ ਮੌਸਮਾਂ ਅਤੇ ਧਰਤੀਆਂ ਵਿੱਚ ਢੰਗੂਰ ਮਾਰ ਸਕਣ ਦੇ ਕਾਬੁਲ ਅਨੋਖਾ ਬੂਟਾ। ਉਸ ਦੇ ਦਿਮਾਗੀ ਕ੍ਰਿਸ਼ਮੇ ਵੇਖ ਕੇ ਤਾਂ ਲਗਦਾ ਹੈ ਕਿ ਸੇਵਾ-ਮੁਕਤੀ ਵੇਲੇ ਪੰਨੂੰ ਉਹ ਪੂਰੇ ਦਾ ਪੂਰਾ ਬਕਸਾ ਹੀ ਚੁੱਕ ਲਿਆਇਆ ਜਿਸ ਵਿੱਚ ਸਾਰੀ ਪਲਟਣ ਦੇ ਦਿਮਾਗ ਸਾਂਭ ਰੱਖੇ ਸਨ। ਜਿਵੇਂ ਆਖਦੇ ਨੇ ਕਿ ਕਿਸੇ ਜੱਟ ਨੂੰ ਜਦੋਂ ਵਰ ’ਚ ਮਿਲਿਆ ਜਿੰਨ ਆਪਣੇ ਕਾਬੂ ਆਉਂਦਾ ਨਾ ਦਿਸਿਆ ਤਾਂ ਉਸਨੇ ਆਪਣੀ ਜੱਟ-ਵਿਦਿਆ ਅਨੁਸਾਰ ਉਸਨੂੰ ਹੁਕਮ ਲਾ ਦਿੱਤਾ ਕਿ ਜਾਹ ਵੇਹੜੇ ’ਚ ਵੰਝ ਗੱਡ ਲੈ ਅਤੇ ਉਸ ਉਤੇ ਚੜ੍ਹੀ-ਉਤਰੀ ਜਾਹ। ਪਰ ਕਿਰਪਾਲ ਸਿੰਘ ਪੰਨੂੰ ਕੋਈ ਮੱਧਕਾਲ ਦੀਆਂ ਲੋਕ-ਕਹਾਣੀਆਂ ਦੇ ਪਾਤਰ ਵਰਗਾ ਭੋਲਾ ਪਾਤਸ਼ਾਹ ਜੱਟ ਨਹੀਂ, ਉਹ ਤਾਂ ਲੁਧਿਆਣੇ ਜ਼ਿਲ੍ਹੇ ਦਾ ਜੰਮਪਲ ਆਧੁਨਿਕ ਜੱਟ ਹੈ, ਹਰੀ ਕ੍ਰਾਂਤੀ ਦੇ ਝੰਡਾ ਬਰਦਾਰਾਂ ਦਾ ਵਾਰਸ, ਬੰਜਰ ਧਰਤੀ ਵਿਚੋਂ ਵੀ ਜੰਮ ਕੱਢਣ ਦਾ ਮਾਂਦਰੀ। ਉਸਨੇ ਇਹ ਜੰਮ ਕੰਪਿਊਟਰ ਦੇ ਖੇਤਰ ਵਿੱਚ ਕੱਢ ਕੇ ਤਲੀ ਉਤੇ ਸਰ੍ਹੋਂ ਜਮਾ ਕੇ ਵੀ ਵਿਖਾਈ ਹੈ। ਕਿਰਪਾਲ ਸਿੰਘ ਪੰਨੂੰ ਦਾ ਖਿਆਲ ਆਉਂਦਿਆਂ ਮੇਰੇ ਮਨ-ਮਸਤਕ ਵਿੱਚ ਅਜਿਹੇ ਵਿਚਾਰਾਂ ਦੀ ਉਧੜ-ਧੁੰਮੀ ਮੱਚ ਜਾਂਦੀ ਹੈ।
ਕਿਰਪਾਲ ਸਿੰਘ ਪੰਨੂੰ ਨਾਲ ਮੇਰਾ ਮੁੱਢਲਾ ਮੇਲ 1998 ਦੀ ਟੋਰਾਂਟੋ ਵਾਲੀ ਪੰਜਾਬੀ ਕਾਨਫਰੰਸ ਦੌਰਾਨ ਹੋਇਆ। ਭਾਰਤੀ ਪੰਜਾਬੋਂ ਮੈਂ ਇਕੱਲਾ ਹੀ ਗਿਆ ਸਾਂ, ਸੋ ਹਰ ਘਰ ਦਾ ਪ੍ਰਾਹੁਣਾ ਸਾਂ। ਭਾਵੇਂ ਸਾਰੇ ਹੀ ਤੇਹ ਨਾਲ ਮਿਲੇ ਪਰ ਸਾਂਝੇ ਦੋਸਤ ਕਹਾਣੀਕਾਰ ਜਰਨੈਲ ਸਿੰਘ ਕਾਰਨ ਪੰਨੂੰ ਹੋਰਾਂ ਨਾਲ ਵਾਹਵਾ ਨੇੜਤਾ ਹੋ ਗਈ। ਪੰਨੂੰ ਹੋਰੀਂ ਕੰਪਿਊਟਰ ਦੇ ਖੇਤਰ ਵਿੱਚ ਸਾਬਤ ਕਦਮੀ ਆ ਚੁੱਕੇ ਸਨ ਪਰ ਉਂਜ ਅਜੇ ਦੂਰ ਦੂਰ ਤੱਕ
* ਪ੍ਰੋਫੈਸਰ, ਡਿਸਟੈਂਸ ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾਡੰਕਾ ਨਹੀਂ ਸੀ ਵੱਜਿਆ। ਇਸ ਮਾਮਲੇ ਵਿੱਚ ਮੇਰੀ ਆਪਣੀ ਸਮਝ ਸੋਲਾਂ ਦੂਣੀ ਅੱਠ ਵਾਲੀ ਹੀ ਸੀ। ਇਸ ਕਰਕੇ ਪੰਨੂੰ ਦੀ ਕੰਪਿਊਟਰ-ਕਸਤੂਰੀ ਦੀ ਮਹਿਕ ਨੂੰ ਮੈਂ ਵੀ ਭਾਂਪ ਨਾ ਸਕਿਆ। ਦੋਸਤਾਂ ਵਾਲੀ ਨੇੜਤਾ ਜ਼ਰੂਰ ਵਧ ਗਈ। ਉਹ ਆਪ ਤਾਂ ਭਾਵੇਂ ਪਰਹੇਜ਼ਗਾਰ ਹੀ ਸੀ ਪਰ ਸ਼ਾਮ ਦੀਆਂ ਰੰਗੀਨ ਮਹਿਫ਼ਲਾਂ ਵਿੱਚ ਅਕਸਰ ਹਾਜ਼ਰ ਹੁੰਦਾ। ਗੱਲ-ਬਾਤ ਵੀ ਘੱਟ ਹੀ ਕਰਦਾ ਪਰ ਦੂਜਿਆਂ ਦੀਆਂ ਗੱਲਾਂ ਨੂੰ ਪੂਰੀ ਜਗਿਆਸਾ ਨਾਲ ਸੁਣਦੇ ਪੰਨੂੰ ਦੀਆਂ ਅੱਖਾਂ ਵਿੱਚ ਆਉਣ ਵਾਲੀ ਚਮਕ ਏਨਾ ਕੁ ਜ਼ਰੂਰ ਦੱਸ ਦਿੰਦੀ ਕਿ ਬੰਦਾ ਪਾਰਖੂ ਨਜ਼ਰ ਵਾਲਾ ਹੈ। ਉਸਦੀ ਅਜਿਹੀ ਤਿੱਖੀ ਨੀਝ ਦੀ ਝਲਕ ਨਿੱਜੀ ਤੌਰ ਤੇ ਮੈਂ ਉਦੋਂ ਮਹਿਸੂਸ ਕੀਤੀ ਜਦੋਂ ਬਲਬੀਰ ਸੰਘੇੜਾ ਦੇ ਰਸਾਲੇ ‘ਆਰ-ਪਾਰ’ ਵਿੱਚ ਛਪੀ ਮੇਰੀ ਕਹਾਣੀ ‘ਹਨੀਮੂਨ’ ਬਾਰੇ ਉਸ ਦੀ ਟਿੱਪਣੀ ਛਪੀ। ਕਹਾਣੀ ਵਿੱਚ ਕਾਮ-ਗੁੰਝਲ ਦਾ ਲੁਕਵਾਂ ਜਿਹਾ ਖਾਸਾ ਜ਼ਿਕਰ ਸੀ। ਬੁੱਢੇ-ਠੇਰੇ ਆਮ ਕਰਕੇ ਨੈਤਿਕਤਾ ਦਾ ਟੋਪ ਪਹਿਨ ਕੇ ਅਜਿਹੀ ਰਚਨਾ ਬਾਰੇ ਅਵਾ-ਤਵਾ ਹੀ ਬੋਲਦੇ ਹੁੰਦੇ ਹਨ ਪਰ ਪੰਨੂੰ ਨੇ ਤਾਂ ਕਹਾਣੀ ਦੀ ਨਬਜ਼ ਪਛਾਣ ਕੇ ਹੱਕ ’ਚ ਹਾਮੀ ਭਰੀ ਸੀ। ਮੈਨੂੰ ਉਸ ਬਜੁਰਗ ਜਾਪਦੇ ਬੰਦੇ ਅੰਦਰ ਧੜਕਦੇ ਜਵਾਨ ਦਿਲ ਦੀ ਕਨਸੋਅ ਮਿਲੀ। ਉਹ ਮੈਨੂੰ ਹੋਰ ਆਪਣਾ ਆਪਣਾ ਲੱਗਣ ਲੱਗ ਪਿਆ।
ਫਿਰ ਸਿਆਲ ਵਿੱਚ ਪਰਵਾਸੀ ਪੰਛੀਆਂ ਵਾਂਗ ਉਹ ਪੰਜਾਬ-ਫੇਰੀ ਉਤੇ ਆਇਆ ਤਾਂ ਨੇੜਤਾ ਹੋਰ ਵਧ ਗਈ। ਉਸ ਦੀ ਰਿਹਾਇਸ਼ ਵੀ ਪਟਿਆਲੇ ਆਪਣੇ ਨੂੰਹ-ਪੁੱਤ ਕੋਲ ਹੀ ਸੀ। ਉਹ ਤਾਜ਼ੇ ਤਾਜ਼ੇ ਅਮੀਰ ਹੋਏ ਪਰਵਾਸੀਆਂ ਤੋਂ ਵੱਖਰਾ ਸੀ। ਉਸ ਦੀਆਂ ਉਂਗਲਾਂ ਨਾ ਸੋਨ-ਰੰਗੀਆਂ ਛਾਪਾਂ ਨਾਲ ਭਰੀਆਂ ਸਨ ਅਤੇ ਨਾ ਗਲ਼ ਵਿੱਚ ਸੰਗਲਨੁਮਾ ਚੇਨੀਆਂ ਸਨ। ਪੱਕੀ ਕਿਰਾਏ ਉਤੇ ਕੀਤੀ ਹੋਈ ਸਫਾਰੀ ਗੱਡੀ ਦੀ ਪਿਛਲੀ ਸੀਟ ਉਤੇ ਚੌੜਾ ਹੋ ਕੇ ਬੈਠਾ ਵੀ ਉਹ ਕਦੇ ਨਾ ਦਿਸਿਆ। ਅਸਲ ਵਿੱਚ ਫੁਕਰੇ ਪਰਵਾਸੀ ਪੰਜਾਬੀਆਂ ਵਾਲੀ ਲੂਹਰੀ ਤਾਂ ਉਸ ਅੰਦਰ ਉਠਦੀ ਹੀ ਨਹੀਂ ਸੀ ਜਾਪਦੀ। ਉਹ ਤਾਂ ਸਾਦ-ਮੁਰਾਦਾ ਅਤੇ ਮਾਲੂਕੜਾ ਜਿਹਾ ਬੰਦਾ ਸੀ ਜਿਹੜਾ ਆਟੋ-ਰਿਕਸ਼ਾ ਵਿੱਚ ਬੈਠ ਕੇ ਯੂਨੀਵਰਸਿਟੀ ਦੇ ਕੈਂਪਸ ਆ ਉਤਰਦਾ ਅਤੇ ਆਪਣੀ ਸਹਿਜ ਤੋਰ ਤੁਰਦਾ ਜਾਣੂੰਆਂ ਦੇ ਵਿਭਾਗੀ ਕਮਰਿਆਂ ਜਾਂ ਘਰਾਂ ਵਿੱਚ ਆ ਮਿਲਦਾ। ਸਾਬਤ ਕਦਮੀਂ ਤੁਰਦੇ ਦਾ ਉਸਦਾ ਸਰੀਰ ਰਤਾ ਕੁ ਅਗਾਂਹ ਨੂੰ ਝੁਕਿਆ ਹੁੰਦਾ, ਹੱਥ ਵਿੱਚ ਲੈਪਟੌਪ ਵਾਲਾ ਬੈਗ ਲਮਕਦਾ ਅਤੇ ਚਿਹਰੇ ਉਤੇ ਕੋਈ ਭਾਲ ਉੱਕਰੀ ਹੁੰਦੀ। ਕੁਲ ਮਿਲਾ ਕੇ ਉਸਦੀਆਂ ਅੱਖਾਂ ਵਿੱਚ ਜ਼ਿੰਦਗੀ ਦੇ ਚਾਅ ਦੀ ਖ਼ੁਮਾਰੀ ਠਾਠਾਂ ਮਾਰਦੀ ਦਿਸਦੀ।
ਕਮਰੇ ਵਿੱਚ ਬੈਠਦਿਆਂ ਹੀ ਉਸਦੀ ਅੱਖ ਏਧਰ-ਓਧਰ ਖੂੰਜਾਂ-ਖੱਲੇ ਫਰੋਲਦੀ ਬਿਜਲੀ ਦੇ ਪਲੱਗ ਤਕਾਉਣ ਲਗਦੀ। ਪਲੱਗ ਦਿਸਦਿਆਂ ਹੀ ਉਸਦੇ ਚਿਹਰੇ ਉਤੇ ਮੁਸਕਾਣ ਤੈਰਦੀ ਅਤੇ ਉਹ ਖੁਸ਼ੀ ਦੀ ਹੂੰਗਰ ਮਾਰਦਾ “… ਹੂੰ … ਅ …।” ਨਾਲ਼ੋ ਨਾਲ਼ ਉਸਦੀ ਫੌਜੀ ਦ੍ਰਿਸ਼ਟੀ ਰੇਂਜ ਦਾ ਅਨੁਮਾਨ ਲਾਉਂਦੀ ਕਿ ਕਿੱਥੇ ਕੁ ਬੈਠ ਕੇ ਲੈਪਟੌਪ ਦੀ ਤਾਰ ਪਲੱਗ ਤੱਕ ਸੌਖਿਆਂ ਜਾ ਅੱਪੜੇਗੀ। ਜੇ ਘਰ ਵਿੱਚ ਹੁੰਦੇ ਤਾਂ ਚਾਹ-ਪਾਣੀ ਪੀਂਦਿਆਂ ਅਤੇ ਬਾਕੀ ਜੀਆਂ ਨਾਲ ਸਾਂਝ-ਭਿਆਲੀ ਪਾਉਂਦਿਆਂ ਨਾਲ਼ ਨਾਲ਼ ਲੈਪਟੌਪ ਦੀ ਪਟਾਰੀ ਖੁੱਲ੍ਹਣ ਦਾ ਕੰਮ ਵੀ ਹੁੰਦਾ ਰਹਿੰਦਾ। ਹੱਥ ਕਾਰ ਵੱਲ ਅਤੇ ਮਨ ਯਾਰ ਵੱਲ ਵਾਂਗੂੰ ਉਸ ਦੇ ਸੱਜੇ ਹੱਥ ਦੀ ਉਂਗਲ ਮਾਊਸ-ਪੈਡ ਦੇ ਖਾਨੇ ਉਤੇ ਫਿਰਦੀ ਦਿਸਦੀ। “ਆਹ ਲੈ, ਵੇਖ ਬਈ ਧਾਲੀਵਾਲ, ਆਹ ਤਸਵੀਰ ਟੋਰਾਂਟੋ ਦੇ ਕਾਫ਼ਲਾ ਦੀ ਮੀਟਿੰਗ ਵਾਲੀ ਐ, ਫੱਬੇ ਹੋਏ ਨੇ ਲਿਖਾਰੀ ਯੋਧੇ … ਵਾਹ … ਵੇਖ …।” ਸਕਰੀਨ ਉਤੇ ਕਰਸਰ ਦੀ ਕਲਿੱਕ ਨਾਲ ਕੋਈ ਪੁਰਾਣੀ ਯਾਦ ਨੁਮਾਇਆ ਹੋ ਜਾਂਦੀ। ਉਸਦੇ ਇੰਨੇ ਕੁ ਰਹੱਸ ਨਾਲ ਹੀ ਸਾਰਾ ਟੱਬਰ ਕੰਪਿਊਟਰ ਵੱਲ ਅਹੁਲਦਾ। ਫਿਰ ਕਿਰਪਾਲ ਸਿੰਘ ਪੰਨੂੰ ਮੂਲੋਂ ਹੀ ਘਰ ਦਾ ਜੀਅ ਲੱਗਣ ਲਗਦਾ। ਚਾਰੇ ਪਾਸੇ ਅਪਣੱਤ ਦਾ ਦਰਿਆ ਸ਼ਾਂਤ-ਚਿੱਤ ਵਹਿੰਦਾ ਮਾਲੂਮ ਹੁੰਦਾ। ਮਾਹੌਲ ਬਣਿਆਂ ਵੇਖ ਕੇ ਉਹ ਰਤਾ ਕੁ ਗੰਭੀਰ ਹੁੰਦਾ, ਪਟਾਰੀ ਤੋਂ ਫੇਰ ਢੱਕਣ ਚੁਕਦਾ, ਆਪਣੀ ਕਿਸੇ ਨਵੀਂ ਲੱਭਤ ਦੀ ਮੂੰਹ-ਵਿਖਾਲੀ ਲਈ ਸਾਨੂੰ ਉਂਗਲ ਫੜ੍ਹ ਕੇ ਨਾਲ ਤੋਰ ਲੈਂਦਾ। “ਧਾਲੀਵਾਲ ਸਾਹਿਬ, ਏਹ ਇੱਕ ਨਵਾਂ ਝੁਰਲੂ ਦਾ ਡੰਡਾ ਐ, ਫੌਂਟ ਕਨਵਰਸ਼ਨ ਦਾ ਹੁਣ ਝੰਜਟ ਨੲ੍ਹੀਂ ਰਹਿਣਾ, ਬਸ ਖੁੱਲ੍ਹ ਜਾ ਸਿੰਮ ਸਿੰਮ, … ਏ … ਆਹ … ਲੈ … ਹੋਈ … ਕਲਿੱਕ, ਤੇਰਾ ਪਰਾਈਮ ਜਾਅ ਫੌਂਟ ਬਦਲ ਗਿਆ ਸਤਲੁਜ ਵਿੱਚ … ਫੇਰ ਕਲਿੱਕ … ਤੇ ਵਾਈਸ ਵਰਸਾ … ਕਿਉਂ ਬਣੀ ਗੱਲ? ਬਸ … ਹੁਣ …।” ਉਸ ਦੀ ਉਂਗਲ ਦਾ ਪੋਟਾ ਮਾਊਸ-ਪੈਡ ਉਤੇ ਠੋਲ੍ਹੇ ਮਾਰਦਾ ਨਿੱਕੇ ਨਿੱਕੇ ਕ੍ਰਿਸ਼ਮੇ ਵਿਖਾਉਂਦਾ ਰਹਿੰਦਾ। ਮੈਨੂੰ ਭਾਵੇਂ ਅਜੇ ਵੀ ਇਨ੍ਹਾਂ ਰਾਹਾਂ ਦੀ ਬਹੁਤੀ ਸਾਰ ਨਹੀਂ ਸੀ ਪਰ ਮੇਰਾ ਦਿਲ ਆਖਦਾ ਕਿ ਇਹ ਸਾਧਾਰਨ ਜਿਹਾ ਬੰਦਾ ਕੋਈ ਅਸਾਧਾਰਣ ਕੰਮ ਕਰ ਰਿਹਾ ਹੈ। ਕਿੱਥੇ ਫੌਜੀ ਬੰਦਾ ਅਤੇ ਕਿੱਥੇ ਇਹ ਦਿਮਾਗੀ ਘੁੰਣਤਰਾਂ ਵਾਲੇ ਕੰਮ, ਮੈਂ ਹੈਰਾਨ ਹੋ ਕੇ ਉਸਦੇ ਮੂੰਹ ਵੱਲ ਬਿਟ ਬਿਟ ਤਕਦਾ ਰਹਿੰਦਾ।
“ਧਾਲੀਵਾਲ ਸਾਹਿਬ, ਐਧਰ ਵੇਖੋ ਜ਼ਰਾ… ਉਹ ਤਪੇ ਤੰਦੂਰ ਹੋਰ ਗੁੱਲੀ ਲਾਹੁਣ ਵਾਂਗ ਮੇਰਾ ਧਿਆਨ ਸਕਰੀਨ ਵੱਲ ਕਰਾਉਂਦਾ ਆਖਦਾ… ਗੁਰਮੁਖੀ ਤੋਂ ਸ਼ਾਹਮੁਖੀ ਅਤੇ ਇਉਂ ਹੀ ਸ਼ਾਹਮੁਖੀ ਤੋਂ ਗੁਰਮੁਖੀ ਦੀ ਕਨਵਰਸ਼ਨ ਦਾ ਕੰਮ ਵੀ ਹੁਣ ਖਾਲਾ ਜੀ ਦਾ ਵਾੜਾ ਹੀ ਸਮਝੋ। ਏਹ ਹੈ ਗੁਰਮੁਖੀ ਵਿੱਚ ਬਾਬਾ ਫਰੀਦ ਦਾ ਸ਼ਲੋਕ ‘ਜੇ ਜਾਣਾ ਤਿਲ … ਤੇ ਰੱਬ ਤੇਰਾ ਭਲਾ ਕਰੇ … ਚਲ ਬਈ ਹੁਣ ਟਾਂਗੇ ਵਾਲਿਆ, ਛੱਡ ਦੇ ਅੜੀ ਟੱਟੂ ਵਾਲੀ, … ਤੇ ਆਹ ਹੋ ਗਿਆ ਸ਼ਾਹਮੁਖੀ ਵਿੱਚ… ਸੰਭਲ ਬੁੱਕ ਭਰੀਂ। … ਥੋਨੂੰ ਪਰਸ਼ੀਅਨ ਨੲ੍ਹੀਂ ਆਉਂਦੀ, ਨੲ੍ਹੀਂ ਤਾਂ ਆਪਣੇ ਅੱਖੀਂ ਸ਼ਹੁ ਨੂੰ ਜੁਆਨ ਹੁੰਦਾ ਵੇਖਦੇ, ਮਨਮਰਜ਼ੀ ਨਾਲ ਹੁਸਨ ਦਾ ਬੁੱਕ ਭਰਦੇ, ਤੇ …।” ਉਹ ਸਕਰੀਨ ਤੋਂ ਮੇਰੇ ਵੱਲ ਨੂੰ ਗੜਾ ਚੁੱਕ ਕੇ ਵੇਖਦਾ। ਉਸਦੀ ਸਜਾ-ਸੰਵਾਰ ਕੇ ਬੰਨ੍ਹੀ ਸਫ਼ੈਦ ਬਜੁਰਗਾਨਾ ਦਾਹੜੀ ਅਤੇ ਸਲੀਕੇ ਨਾਲ ਫੈਲਾਈਆਂ ਮੁੱਛਾਂ ਵਿੱਚ ਛੁਪੇ ਬੁੱਲ੍ਹਾਂ ਉਤੇ ਹੁਨਰ ਦੀ ਮੁਸਕਰਾਹਟ ਖੇਡਣ ਲਗਦੀ। ਪਰ ਆਪਣੀਆਂ ਅਮੁੱਲ ਲੱਭਤਾਂ ਉਤੇ ਗਰੂਰ ਜਾਂ ਫੂਕ ਛਕਣ ਵਰਗੀ ਭਾਵਨਾ ਕਿਧਰੇ ਰੀਣ-ਮਾਤਰ ਵੀ ਭਾਲਿਆਂ ਨਾ ਲੱਭਦੀ।
ਉਹ ਮੇਰੇ ਵਰਗੇ ਕੰਪਿਊਟਰ ਦੇ ਅਧਪੜ੍ਹਾਂ ਅਤੇ ਕੁੱਝ ਹੋਰ ਵੱਡੇ ਜਾਣਕਾਰਾਂ ਅੱਗੇ ਇਉਂ ਹੀ ਸਾਰਾ ਦਿਨ ਨਿੱਕੀਆਂ ਨਿੱਕੀਆਂ ਨੁਮਾਇਸ਼ਾਂ ਲਾਉਂਦਾ ਫਿਰਦਾ ਰਹਿੰਦਾ। ਆ ਗਿਆ ਨੀ ਬਾਬਾ ਵੈਦ ਰੋਗੀਆਂ ਦਾ, ਦੀ ਧਾਰਨਾ ਵਾਂਗੂੰ ਉਹ ਪੰਜਾਬੀ ਬੋਲੀ ਲਈ ਕੰਪਿਊਟਰ ਦੀ ਵਰਤੋਂ ਦੇ ਮਸਲਿਆਂ ਦੇ ਹੱਲ ਖੋਜਦਾ ਰਹਿੰਦਾ। ਮਸਲੇ ਉਸਦੀ ਰੂਹ ਦੀ ਖੁਰਾਕ ਹੁੰਦੇ ਅਤੇ ਹੱਲ ਆਪਣੀ ਮੰਜ਼ਿਲ ਵੱਲ ਇੱਕ ਹੋਰ ਕਦਮ। ਸ਼ਾਮ ਨੂੰ ਜਦੋਂ ਥੱਕੇ-ਟੁੱਟੇ ਖੋਜੀਆਂ ਦੇ ਪੀਣ-ਖਾਣ ਦਾ ਸਮਾਂ ਹੁੰਦਾ ਹੈ, ਉਹ ਬਿਨਾ ਰੰਮ ਤੋਂ ਚੱਲਣ ਵਾਲਾ ਉਤਰ-ਆਧੁਨਿਕ ਫੌਜੀ ਆਪਣੇ ਲੈਪਟੌਪ ਵਾਲੀ ਬਗਲੀ ਨੂੰ ਸਮੇਟ ਕੇ ਘਰ ਵਾਪਸੀ ਲਈ ਆਟੋ-ਰਿਕਸ਼ਾ ਜਾ ਫੜ੍ਹਦਾ। ਉਸਨੂੰ ਤਾਂ ਚੌਵੀ ਘੰਟੇ ਕੰਪਿਊਟਰ-ਖ਼ੁਮਾਰੀ ਹੀ ਚੜ੍ਹੀ ਰਹਿੰਦੀ ਹੈ ਫਿਰ ਜਹਾਨ ਦੇ ਹੋਰ ਨਸ਼ਿਆਂ ਦੀ ਭਲਾ ਕੀ ਲੋੜ?
ਸ਼ਾਇਦ ਐਸੀ ਖ਼ੁਮਾਰੀ ਦੇ ਆਲਮ ਵਿੱਚ ਹੀ ਉਹ ਕਿਸੇ ਦਿਨ ਲੁੱਟਿਆ ਗਿਆ ਸੀ। ਉਸਦੀਆਂ ਲੱਭਤਾਂ ਨੂੰ ਯੂਨੀਵਰਸਿਟੀ ਦੇ ਇੱਕ ਚੰਟ ਖਿਡਾਰੀ ਨੇ ਸੰਨ੍ਹ ਲਾ ਕੇ ਆਪਣੇ ਨਾਂ ਕਰ ਲਿਆ ਸੀ। ਪਰ ਆਪਣਾ ਭੰਬੋਰ ਲੁੱਟੇ ਜਾਣ ਦੀ ਮਾਸੂਮ ਸੱਸੀ ਨੂੰ ਅਜੇ ਕੋਈ ਖ਼ਬਰ ਨਹੀਂ ਸੀ। ਜਦੋਂ ਜਾਗ ਆਈ ਤਾਂ ਊਠਾਂ ਵਾਲੇ ਬਲੋਚ ਬਹੁਤ ਦੂਰ ਨਿਕਲ ਗਏ ਸਨ। ਪਰ ਆਪਣਾ ਸਭ ਕੁੱਝ ਲੁਟਾ ਕੇ ਵੀ ਉਹ ਦੁਹੱਥੜਾਂ ਮਾਰਦਾ, ਵਾਲ ਖੋਂਹਦਾ, ਹਾਲੋਂ-ਬੇਹਾਲ ਈਰਖਾ ਦੇ ਥਲਾਂ ਵੱਲ ਨੂੰ ਨਹੀਂ ਭੱਜਿਆ ਸਗੋਂ ਇਕੱਲੇ ਬਹਿਕੇ ਸੋਚਣ ਲਈ ਆਪਣੇ ਅੰਦਰ ਉਤਰਿਆ, ਕੁੱਝ ਪਲ ਠੱਗੋ-ਠੱਗ ਦੁਨੀਆ ਬਾਰੇ ਸੋਚ-ਵਿਚਾਰ ਜ਼ਰੂਰ ਕਰਦਾ ਰਿਹਾ, ਅਖੇ ਤੇਰੇ ਸਾਹਮਣੇ ਬੈਠ ਕੇ ਰੋਣਾ ਦੁੱਖ ਤੈਨੂੰ ਨਹੀਂ ਦੱਸਣਾ। ਪਰ ਦੁੱਖ ਅਤੇ ਦਰਿਆ ਇਉਂ ਡੱਕੇ ਕਿੱਥੇ ਰਹਿੰਦੇ ਹਨ। ਦਿਨ ਦੀਵੀਂ ਦੇ ਡਾਕੇ ਦਾ ਫੱਟਿਆ ਉਹ ਹੁਣ ਤੱਕ ਆਪਣੇ ‘ਬਾਇਓ ਡੈਟਾ’ ਵਿੱਚ ਜ਼ਿਕਰ ਕਰਦਾ ਰਹਿੰਦਾ ਹੈ, “1998 ਤੋਂ ਲੈ ਕੇ 1999 ਤੱਕ ਯਤਨ ਕਰਕੇ, ਜਦੋਂ ਅਜੇ ਯੂਨੀਕੋਡ ਫੌਂਟਾਂ ਲਾਗੂ ਨਹੀਂ ਸੀ ਹੋਈਆਂ, ਗੁਰਮੁਖੀ ਤੋਂ ਸ਼ਾਹਮੁਖੀ ਕਨਵਰਸ਼ਨ ਤਿਆਰ ਕੀਤਾ ਜੋ ਸੰਸਾਰ ਭਰ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਸੀ। ਇਸ ਲਈ ਸ਼ਾਹਮੁਖੀ ਦੀ ਬਾਬਾ ਫਰੀਦ ਫੌਂਟ ਉਸਾਰੀ ਗਈ …।” ਉਸ ਖੇਤਰ ਦਾ ਪਹਿਲਾ ਖੋਜੀ ਹੋਣ ਦਾ ਮਾਣ ਗੁਆਚਣ ਦੀ ਗੱਲ ਉਸਨੂੰ ਨਿਰੰਤਰ ਆਰਾਂ ਮਾਰਦੀ ਹੈ।
ਉਨ੍ਹਾਂ ਚੋਰ ਪ੍ਰੋਗਰਾਮਰਾਂ ਦੀਆਂ ਮਾਰਾਂ ਨੂੰ ਛੁਟਿਆਉਣ ਲਈ ਉਹ ਨੇਕ ਪ੍ਰੋਗਰਾਮਰਾਂ ਦਾ ਉਚੇਚ ਨਾਲ ਨਾਂ ਉਭਾਰਦਾ ਹੈ। ਡਾ. ਪਰਮਜੀਤ ਲਈ ਉਹ “ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੱਚਮੁੱਚ ਦੇ ਕੰਪਿਊਟਰ ਮਾਹਰ।” ਦਾ ਲਕਬ ਵਰਤ ਕੇ ਆਪਣੇ ਛਲਣੀ ਕਲੇਜੇ ਨੂੰ ਧਰਵਾਸ ਦੇ ਧਾਗੇ ਨਾਲ ਸੀਣਾਂ ਮਾਰਨ ਦਾ ਹੀਲਾ ਕਰਦਾ ਹੈ। ਮੈਂ ਵੇਖਿਆ ਹੈ ਕਿ ਛਲੇ ਜਾਣ ਤੋਂ ਬਾਅਦ ਵੀ ਕਿਰਪਾਲ ਸਿੰਘ ਪੰਨੂੰ ਕਦੇ ਤਲਖ਼ੀ ਵਿੱਚ ਨਹੀਂ ਆਉਂਦਾ। ਅਖ਼ਬਾਰਾਂ ਵਿੱਚ ਡਾ. ਗੁਰਪ੍ਰੀਤ ਲਹਿਲ ਦੇ ਪ੍ਰਸੰਗ ਵਿੱਚ ਲਿਖੇ ਲੇਖਾਂ, ਯੂਨੀਵਰਸਿਟੀ ਦੇ ਸੈਨੇਟ ਹਾਲ ਦੇ ਮੰਚ ਉਤੇ ਦਿੱਤੇ ਭਾਸ਼ਣਾਂ ਅਤੇ ਟੀ. ਵੀ. ਇੰਟਰਵਿਊਆਂ ਵੇਲੇ ਵੀ ਉਹ ਕਦੇ ਆਪਣੀ ਧੀਮੀ ਸੁਰ ਦਾ ਪੱਲਾ ਨਹੀਂ ਛੱਡਦਾ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬਲਦ’ ਦੇ ਬਜੁਰਗ ਪਾਤਰ ਵਾਂਗ ਵਦਾਨ ਦੀ ਸੱਟ ਵਰਗਾ ਸਾਰਾ ਕੁੱਝ ਆਪਣੇ ਦਿਲ ਉਤੇ ਝੱਲ ਕੇ ਵੀ ਉਹ ਹੋਰ ਸਹਿ ਸਕਣ ਦਾ ਚਾਰਾ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਦਾ ਤਹੱਮਲ ਵਿਰਲਿਆਂ ਕੋਲ ਹੀ ਹੁੰਦਾ ਹੈ। ਤੱਤ-ਭੜੱਤੇ ਪੰਜਾਬੀਆਂ ਕੋਲ ਤਾਂ ਸ਼ਾਇਦ ਸਹੁੰ ਖਾਣ ਜੋਗਾ ਵੀ ਨਹੀਂ ਬਚਿਆ ਪਰ ਕਿਰਪਾਲ ਸਿੰਘ ਪੰਨੂੰ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ ਹੈ। ਆਪਣੀ ਫੌਜੀ ਅੱਖ ਨੂੰ ਟਾਰਗੈੱਟ ਉਤੇ ਸੇਧੀ ਉਹ ਹੋਰ ਗੱਲਾਂ ਤੋਂ ਅਟੰਕ ਰਹਿਣ ਦਾ ਅਭਿਆਸ ਕਰਦਾ ਰਹਿੰਦਾ ਹੈ। ਗੁੱਸੇ ਨੂੰ ਹਾਂ-ਮੁਖੀ ਸ਼ਕਤੀ ਵਿੱਚ ਕਨਵਰਟ ਕਰਨ ਦਾ ਸੌਫਟਵੇਅਰ ਉਸ ਨੇ ਆਪਣੇ ਅੰਦਰ ਚਰੋਕਾ ਵਿਕਸਤ ਕਰ ਲਿਆ ਹੈ।
ਬਹੁਤ ਵਾਰੀ ਆਪਣੇ ਤੱਤ-ਭੜੱਤੇ ਵੇਗ ਵਿੱਚ ਮੈਂ ਕਿਧਰੇ ਭੱਤਾ ਭਣਾਅ ਬੈਠਾਂ ਤਾਂ ਪਛਤਾਵੇ ਤੋਂ ਨਿਜ਼ਾਤ ਪਾਉਣ ਲਈ ਪੰਨੂੰ ਹੋਰਾਂ ਦੀਆਂ ਸਹਿਜ-ਮੱਤਾਂ ਨੂੰ ਚਿਤਵਦਾ ਹਾਂ। ਉਹ ਆਖਦਾ ਪ੍ਰਤੀਤ ਹੁੰਦਾ ਹੈ, “ਚਲੋ ਕੋਈ ਕੰਮ ਭਾਵੇਂ ਕਿਸੇ ਦੇ ਖਾਤੇ ਵੀ ਪੈ ਗਿਆ, ਫਾਇਦਾ ਤਾਂ ਪੰਜਾਬੀ ਜਗਤ ਦਾ ਹੀ ਹੋਇਆ ਨਾ? ਨਾਂ ਭੋਰਾ ਵੱਧ-ਘੱਟ ਚਮਕਜੂ, ਹੋਰ ਕੀ ਪਰਲੋਂ ਆਜੂ? ਜੇ ਕਿਸੇ ਚੋਰ-ਉਚੱਕੇ ਜਾਂ ਖਾਂਟ ਤੀਵੀਂ ਨਾਲ ਉਲਝਕੇ ਆਪਣੇ ਅਗਲੇ ਕੰਮ ਤੋਂ ਅਵੇਸਲੇ ਹੋ-ਗੇ ਤਾਂ ਕਾਸੇ ਜੋਗੇ ਵੀ ਨੀ ਰਹਿਣਾ। ਸਹੇ ਦੇ ਔਟਲੇ ਛੜੱਪਿਆਂ ਨਾਲੋਂ ਕੱਛੂ ਵਾਲੀ ਨਿਰੰਤਰ ਧੀਮੀ ਚਾਲ ਬੇਹਤਰ। ਦੁਨੀਆਂ ਤਾਂ ਏਵੇਂ ਧੱਕ-ਮੁਧੱਕੇ ਹੁੰਦੀ ਆਈ ਐ ਧੁਰੋਂ ਹੀ, ਆਪਣੇ ਆਪ ਨੂੰ ਹੀ ਤੋਲਾ-ਮਾਸਾ ਠੀਕ ਰੱਖੀਏ ਵੀਰ। ਭਾਈ ਟਾਂਗੇ ਨੇ ਤਾਂ ਸਫਾਰੀ ਦੀ ਚਾਲ ਚੱਲਣਾ ਨੲ੍ਹੀਂ, ਵਿਤੋਂ ਵੱਧ ਦੁੜੱਕੀਆਂ ਮਾਰਾਂਗੇ, ਠੇਡੇ ਖਾਵਾਂਗੇ, ਟਾਪੋ-ਟਾਪ ਬੁੜ੍ਹਕਦਾ ਦਿਲ ਅੰਤ ਪਟਾਕਾ ਮਾਰਜੂ, ਫੇਰ ਚੱਲ ਮੇਰੇ ਭਾਈ …।” ਉਸਦੇ ਗਾਹੇ-ਬਗਾਹੇ ਬੋਲੇ ਇਹ ਮਾਂਦਰੀ-ਬੋਲ ਮੇਰੇ ਤਪਦੇ ਕਲੇਜੇ ਉਤੇ ਸਬਰ ਦੀ ਫੁਹਾਰ ਬਣ ਕੇ ਠੰਢ ਪਾਉਂਦੇ ਰਹਿੰਦੇ ਹਨ। ਮੈਂ ਸਹਿਜ ਹੋ ਕੇ ਮੁੜ ਆਪਣੇ ਕੰਮ ਨਾਲ ਇਕਸੁਰ ਹੋਣ ਦਾ ਯਤਨ ਕਰਦਾ ਹਾਂ। ਉਸਦਾ ਮੰਦ ਮੰਦ ਮੁਸਕਰਾਉਂਦਾ ਨਿਰਛਲ ਜਿਹਾ ਉਤਸ਼ਾਹੀ ਮੁਖੜਾ ਮੈਨੂੰ ਨਿਰੰਤਰ ਧਰਵਾਸ ਦਿੰਦਾ ਹੈ। ਆਪਣੇ ਆਲੇ-ਦੁਆਲੇ ਅਜਿਹੇ ਦੋਸਤ ਕੌਣ ਨਹੀਂ ਚਾਹੇਗਾ ਭਲਾਂ?
ਕਿਰਪਾਲ ਸਿੰਘ ਪੰਨੂੰ ਨੂੰ ਦੋਸਤ ਕਹਿੰਦਿਆਂ ਕਈ ਵਾਰੀ ਉਮਰਾਂ ਦੇ ਫਰਕ ਆੜੇ ਆ ਜਾਂਦੇ ਹਨ, ਮਨ ਸੰਕੋਚੀ ਹੋ ਜਾਂਦਾ ਹੈ। ਫਿਰ ਲਗਦਾ ਹੈ, ਨਹੀਂ ਸਾਡਾ ਤਾਂ ਇਹੋ ਰਿਸ਼ਤਾ ਹੈ। ਇਸੇ ਰਿਸ਼ਤੇ ਦੇ ਮਾਣ ਨਾਲ ਮੈਂ ਇੱਕ ਦੋ ਵਾਰੀ ਨਿੱਜੀ ਔਕੜਾਂ ਨੂੰ ਝੱਲਦਿਆਂ ਉਸ ਨੂੰ ਨਿਝੱਕ ਹੋ ਕੇ ਆਵਾਜ਼ ਮਾਰੀ ਹੈ ਅਤੇ ਉਹ ਆਪਦੇ ਵਿਤ ਮੂਜ਼ਬ ਅੱਗਲਵਾਂਢੀ ਹੋ ਕੇ ਹਮਦਰਦ ਬਣਦਾ ਰਿਹਾ ਹੈ। ਮੈਂ ਜ਼ਿੰਦਗੀ ਵਿੱਚ ਬਹੁਤੀ ਅਗੇਤੀ ਯੋਜਨਾ ਬਣਾ ਕੇ ਚੱਲਣ ਦਾ ਅਭਿਆਸੀ ਨਹੀਂ। ਫਿਰ ਬੂਹੇ ਆਈ ਜੰਨ, ਵਿਨ੍ਹੋ ਕੁੜੀ ਦੇ ਕੰਨ ਵਾਲੀ ਹਾਲਤ ਹੋ ਜਾਂਦੀ ਹੈ। ਵੱਡੇ ਬੇਟੇ ਆਸਵੰਤ ਦੇ ਬੀ. ਟੈੱਕ ਵਿੱਚ ਦਾਖ਼ਲੇ ਸਮੇਂ ਕੁੱਝ ਇਸ ਤਰ੍ਹਾਂ ਦਾ ਹੀ ਵਾਪਰ ਗਿਆ। ਅਰਸ਼ ਤੋਂ ਫਰਸ਼ ਉਤੇ ਆ ਡਿੱਗਣ ਵਰਗੀ ਮਾਨਸਿਕਤਾ ਵਿਚੋਂ ਲੰਘ ਰਿਹਾ ਸਾਂ। ਜਰਨੈਲ ਸਿੰਘ ਅਤੇ ਕਿਰਪਾਲ ਸਿੰਘ ਪੰਨੂੰ ਨਾਲ ਮਨ ਦਾ ਤੌਖ਼ਲਾ ਸਾਂਝਾ ਕੀਤਾ। ਕੁੱਝ ਦਿਨਾਂ ਵਿੱਚ ਹੀ ਮਸਲਾ ਹੱਲ ਹੋਣ ਵੱਲ ਤੁਰ ਪਿਆ।
ਉਨ੍ਹਾਂ ਦਿਨਾਂ ਵਿੱਚ ਕਿਰਪਾਲ ਸਿੰਘ ਪੰਨੂੰ ਦੇ ਪਟਿਆਲੇ ਵਾਲੇ ਘਰ ਬੈਠੇ ਸਾਂ। ਉਹ ਜਾਣੀ-ਜਾਣ ਸੀ ਕਿ ਥੁੱਕੀਂ ਵੜੇ ਨਹੀਂ ਪਕਦੇ ਹੁੰਦੇ। ਹੌਸਲੇ ਵਾਲੀਆਂ ਗੱਲਾਂ ਦੇ ਨਾਲ ਹੀ ਉਸਨੇ ਦਸ ਹਜ਼ਾਰ ਦੀ ਗੁੱਟੀ ਵਾਲਾ ਲਿਫਾਫ਼ਾ ਮੇਰੇ ਹੱਥ ’ਤੇ ਰੱਖ ਦਿੱਤਾ। ਯਤਨ ਜਾਰੀ ਰਹੇ। ਫਿਰ ਹੌਲੀ ਹੌਲੀ ਸੱਚਮੁੱਚ ਹੀ ਜ਼ਿੰਦਗੀ ਰਵਾਂ-ਰਵੀਂ ਚੱਲ ਪਈ। ਆਸਵੰਤ ਦੀ ਚੀਲ੍ਹੇ ’ਚ ਫਸੀ ਗੱਡ ਵੀ ਸੁੱਕੇ ਆਣ ਚੜ੍ਹੀ। ਪੰਨੂੰ ਹੋਰਾਂ ਦੀ ਅਗਲੀ ਪੰਜਾਬ ਫੇਰੀ ਤੇ ਮੈਂ ਭਾਰ ਸਿਰੋਂ ਲਾਹੁਣ ਦੀ ਕਾਹਲ ਨਾਲ ਪਹਿਲੀ ਮਿਲਨੀ ’ਤੇ ਹੀ ਪੈਸਿਆਂ ਵਾਲਾ ਲਿਫਾਫ਼ਾ ਵਾਪਸ ਫੜਾਇਆ ਤਾਂ ਉਸਨੇ ਸਿਆਣਪ ਭਰੀ ਮੁਸਕਰਾਹਟ ਨਾਲ ਕਿਹਾ, “ਵੈਸੇ ਧਾਲੀਵਾਲ ਮੈਂ ਤਾਂ ਆਪਣੇ ਬੇਟੇ ਦੀ ਹੀ ਮੱਦਦ ਕੀਤੀ ਸੀ, ਵਾਪਸ ਲੈਣ ਦਾ ਖਿਆਲ ਤਾਂ ਹੈ ਨੲ੍ਹੀਂ ਸੀ।” ਫਿਰ ਮੇਰੇ ਜਿੱਦ ਕਰਨ ’ਤੇ ਕੁੱਝ ਪਲ ਦੀ ਚੁੱਪ ਤੋਂ ਪਿੱਛੋਂ ਨਿਝੱਕ ਆਖਿਆ, “ਖੈਰ … ਜੇ ਤੇਰਾ ਹੱਥ ਬਹੁਤਾ ਹੀ ਸੌਖਾਲਾ ਹੈ ਤਾਂ ਮੈਨੂੰ ਕੋਈ ਇਤਰਾਜ਼ ਨੲ੍ਹੀਂ … ਓ … ਕੇ … ਚਲੋ ਹੁਣ ਕੋਈ ਹੋਰ ਗੱਲ ਕਰੀਏ।” ਸੱਚਮੁੱਚ ਮਾਇਆ ਨੂੰ ਹੱਥਾਂ ਦੀ ਮੈਲ ਸਮਝਣ ਵਾਂਗ ਲਿਫਾਫ਼ਾ ਫੜ ਕੇ ਉਸਨੇ ਆਪਣੇ ਪੱਟ ਨਾਲ ਸੋਫ਼ੇ ਉਤੇ ਰੱਖ ਲਿਆ। ਉਸਤੋਂ ਬਾਅਦ ਉਹ ਬੇਟੇ ਦੀ ਪ੍ਰੋਗਰੈੱਸ ਦਾ ਹਾਲ ਤਾਂ ਅਕਸਰ ਪੁੱਛਦਾ ਹੈ ਪਰ ਲਿਫਾਫ਼ੇ ਦੀ ਗੱਲ ਸਦਾ ਸਦਾ ਲਈ ਜਿਵੇਂ ਖੂਹ ਦੇ ਚੱਕ ਥੱਲੇ ਦੱਬ ਦਿੱਤੀ ਹੈ। ਆਸਵੰਤ ਦੇ ਇੰਜਨੀਅਰ ਬਣਨ ਵਿੱਚ ਕੋਈ ਰੋਲ ਕਿਰਪਾਲ ਸਿੰਘ ਪੰਨੂੰ ਦਾ ਵੀ ਹੈ, ਚੰਗੇ ਦੋਸਤ ਦੀ ਦੋਸਤੀ ਦਾ ਇਹ ਅਹਿਸਾਸ ਮੈਂ ਸਦਾ ਰਿਣ ਦੇ ਕਾਗਜਾਂ ਵਾਂਗ ਦਿਲ ਦੇ ਸੰਦੂਕ ਵਿੱਚ ਸਾਂਭ ਕੇ ਰੱਖਦਾ ਹਾਂ।
ਉਂਜ ਕਿਰਪਾਲ ਸਿੰਘ ਪੰਨੂੰ ਮੇਰਾ ਇਕੋ ਇੱਕ ਰੋਲ ਮਾਡਲ ਨਹੀਂ ਹੈ। ਮੈਂ ਸਾਰੇ ਦਾ ਸਾਰਾ ਉਸ ਵਰਗਾ ਬਣਨ ਦਾ ਚਾਹਵਾਨ ਨਹੀਂ। ਵੈਸੇ ਵੀ ਸ਼ਖ਼ਸੀ-ਪੂਜਾ ਵਾਲੀ ਗੱਲ ਮੇਰੇ ਵਿੱਚ ਨਾ ਹੋਣ ਦੇ ਬਰਾਬਰ ਹੀ ਹੈ। ਮੇਰਾ ਵਧੇਰੇ ਵਿਸ਼ਵਾਸ ਦੋਸਤਾਂ ਵਾਲੇ ਬਰਾਬਰ ਦੇ ਰਿਸ਼ਤੇ ਵਿੱਚ ਹੀ ਹੈ। ਜਰਨੈਲ ਸਿੰਘ ਅਤੇ ਵਰਿਆਮ ਸਿੰਘ ਸੰਧੂ ਵਰਗੇ ਆਪਣੇ ਤੋਂ ਵੱਡੀ ਉਮਰ ਦੇ ਦੋਸਤਾਂ ਨਾਲ ਕੋਈ ਨੰਗੀ-ਚਿੱਟੀ ਗੱਲ ਕਰਦਿਆਂ ਮੇਰੇ ਅੰਦਰ ਫਿਰ ਵੀ ਸੰਕੋਚ ਦਾ ਅਹਿਸਾਸ ਭਾਰੂ ਹੋ ਜਾਂਦਾ ਹੈ ਪਰ ਕਿਰਪਾਲ ਸਿੰਘ ਪੰਨੂੰ ਨਾਲ ਹਰੇਕ ਖੁੱਲ੍ਹ-ਖੁਲਾਸੀ ਵਾਲੀ ਗੱਲ ਕਰਨ ਦਾ ਹੌਸਲਾ ਪੈ ਜਾਂਦਾ ਹੈ। ਮਨ ਵਿੱਚ ਇਹੀ ਹੁੰਦਾ ਹੈ ਕਿ ਜੇ ਮਾੜੀ-ਮੋਟੀ ਚੰਗੀ-ਮੰਦੀ ਮੂੰਹੋਂ ਨਿਕਲ ਵੀ ਗਈ ਤਾਂ ਉਸ ਨੇ ਮੁਸਕਰਾ ਕੇ ਪਾਸੇ ਨਾਲ ਮਲ ਕੇ ਸਿੱਟ ਦੇਣੀ ਹੈ। ਦੋ-ਤਿੰਨ ਵਾਰੀ ਤਾਂ ਮੈਂ ਪਰਤਿਆ ਕੇ ਵੀ ਵੇਖਿਆ ਹੈ।
ਕੁਝ ਵਰ੍ਹੇ ਪਹਿਲਾਂ ਜਰਨੈਲ ਸਿੰਘ ਦੇ ਕਹਾਣੀ-ਸੰਗ੍ਰਹਿ ਬਾਰੇ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿੱਚ ਸੈਮੀਨਾਰ ਸੀ। ਸ਼ਾਮ ਨੂੰ ਵਿਹਲੇ ਹੋਏ ਤਾਂ ਮੈਨੂੰ, ਜਰਨੈਲ ਸਿੰਘ, ਕਿਰਪਾਲ ਸਿੰਘ ਪੰਨੂੰ ਤੇ ਸੁਖਪਾਲ ਸਿੰਘ ਥਿੰਦ ਨੂੰ ਡਾ. ਕਰਮਜੀਤ ਸਿੰਘ ਨੇ ਮੱਲੋਜ਼ੋਰੀ ਰੋਕ ਲਿਆ। ਉਥੇ ਗੈਸਟ ਹਾਊਸ ਵਿੱਚ ਦੋ ਕਮਰੇ ਬੁੱਕ ਕਰਵਾਏ ਹੋਏ ਸਨ। ਜਰਨੈਲ ਸਿੰਘ ਅਤੇ ਕਿਰਪਾਲ ਪੰਨੂੰ ਆਪਣੇ ਕਮਰੇ ਵਿੱਚ ਸੌਣ ਲਈ ਜਾਣ ਲੱਗੇ ਤਾਂ ਅਸੀਂ ਦੋਵਾਂ ਬਜੁਰਗਾਂ ਦੇ ਇਕੋ ਬੈੱਡ ਉਤੇ ਸੌਣ ਦੀ ਆਮ ਘਟਨਾ ਨੂੰ ਤੂਲ ਦੇ ਕੇ ਹਾਸੇ-ਠੱਠੇ ਦਾ ਵਿਸ਼ਾ ਬਣਾ ਲਿਆ। ਪਰ ਨਾਲ਼ੋ ਨਾਲ਼ ਮਨ ਵਿੱਚ ਆਈ ਜਾਵੇ ਕਿ ਕਿਤੇ ਐਵੇਂ ਗੁੱਸਾ ਹੀ ਨਾ ਕਰ ਲੈਣ ਅਤੇ ਹਾਸੇ ਦਾ ਮੜਾਸਾ ਬਣ ਜਾਵੇ। ਪਰ ਪੰਨੂੰ ਹੋਰਾਂ ਉਸੇ ਵਕਤ ਹੀ ਇਹ ਕਹਿਕੇ ਸਾਡਾ ਤੌਖ਼ਲਾ ਦੂਰ ਕਰ ਦਿੱਤਾ। “ਮੈਨੂੰ ਪਤੈ ਸੋਡੀਆਂ ਕੱਛਾਂ ’ਚੋਂ ਹਾਸਾ ਕਿਉਂ ਡੁੱਲ੍ਹੀ ਜਾਂਦੈ, ਏਹੀ ਨਾ ਅਖੇ ਦੋ ਪਠਾਣ ਨਹਾਈ ਜਾਂਦੇ ਸੀ, ਹੱਥੋਂ ਤਿਲ੍ਹਕ ਕੇ ਡਿੱਗ ਪਈ ਸਾਬਣ, ਕੋਈ ਡਰਦਾ ਝੁਕ ਕੇ ਚੱਕੇ ਨਾ … ਹਾ … ਹਾ … ਹਾ।” ਖਿਲਬਿਲੀਏਂ ਹਸਦਾ ਪੰਨੂੰ ਸਾਨੂੰ ਭਾਰ ਮੁਕਤ ਕਰਦਾ ਸੌਣ ਚਲਾ ਗਿਆ।
ਸਾਲ 2009 ਵਾਲੀ ਟੋਰਾਂਟੋ ਦੀ ਵਿਸ਼ਵ ਪੰਜਾਬੀ ਕਾਨਫਰੰਸ ਤੋਂ ਵਿਹਲਾ ਹੋ ਕੇ ਜਦੋਂ ਮੈਂ ਜਰਨੈਲ ਸਿੰਘ ਹੋਰਾਂ ਦੇ ਘਰ ਰਹਿ ਰਿਹਾ ਸਾਂ ਤਾਂ ਇੱਕ ਦਿਨ ਸਾਰੇ ਬਜੁਰਗਾਂ ਦਾ ਬੀਚ ਉਤੇ ਜਾਣ ਦਾ ਪ੍ਰੋਗਰਾਮ ਬਣ ਗਿਆ। ਜਰਨੈਲ ਸਿੰਘ, ਸੌਦਾਗਰ ਬਰਾੜ, ਕਿਰਪਾਲ ਪੰਨੂੰ, ਵਕੀਲ ਕਲੇਰ, ਵਰਿਆਮ ਸਿੰਘ ਸੰਧੂ ਅਤੇ ਮੈਂ ਤੁਰਨ ਲੱਗੇ ਤਾਂ ਸਾਡੇ ਸਾਰਥੀ ਵਕੀਲ ਕਲੇਰ ਨੇ ਰਸਮੀ ਪੁੱਛਿਆ, “ਚੱਲੀਏ ਬਈ ਲੈ ਲਿਆ ਸਾਰਾ ਕੁਸ਼?”
“ਹੋਰ ਤਾਂ ਸਭ ਕੁੱਝ ਰੱਖ ਲਿਐ, ਰਾਹ ’ਚ ਸਟੋਰ ਤੋਂ ਪੰਜ-ਚਾਰ ਕੱਛੀਆਂ ਭਾਵੇਂ ਫੜ੍ਹਨੀਆਂ ਪੈਣ ਸਵਿਮੰਗ ਵਾਸਤੇ।” ਪਿਛਲੀ ਸੀਟ ਉਤੇ ਬੈਠੇ ਪੰਨੂੰ ਨੇ ਮੁਸ਼ਕੜੀਏਂ ਹਸਦਿਆਂ ਕਿਹਾ। ਗੱਡੀ ਵਿੱਚ ਹਾਸੇ ਦਾ ਅਨਾਰ ਚੱਲਿਆ ਅਤੇ ਬੀਚ ਦੀ ਸੈਰ ਦੀ ਭੂਮਿਕਾ ਬੱਝ ਗਈ। ਪੰਨੂੰ ਹੋਰਾਂ ਨੇ ਜਿਵੇਂ ਮੇਰੇ ਵਰਗੇ ਨਿੱਕ-ਉਮਰੇ ਨੂੰ ਲਾਇਸੰਸ ਜਾਰੀ ਕਰ ਦਿੱਤਾ ਕਿ ਇਹੋ ਜਿਹੇ ਕੰਮਾਂ ਵਿੱਚ ਛੋਟੇ ਵੱਡੇ ਵਾਲੀਆਂ ਪਰਦੇਦਾਰੀਆਂ ਤੋਂ ਪੂਰੀ ਛੋਟ ਹੈ। ਫਿਰ ਕੀ ਸੀ, ਤੁਰਦਿਆਂ ਹੀ ਅਜਿਹਾ ਮੂਡ ਸੈੱਟ ਹੋਇਆ ਕਿ ਸਾਰਾ ਦਿਨ ਹਾਸੇ-ਖੇਡੇ ਨਾਲ ਵੱਖੀਆਂ ਟੁਟਦੀਆਂ ਰਹੀਆਂ।
ਪਹਿਲਾਂ ਤਾਂ ਅਸੀਂ ਕਿਨਾਰੇ ਦੀ ਰੇਤ ਤੋਂ ਰਤਾ ਕੁ ਹਟਵੇਂ ਇੱਕ ਬੈਂਚ ਤੇ ਬੈਠ ਕੇ ਸ਼ੁਗਲ-ਪਾਣੀ ਕਰਦੇ ਰਹੇ। ਫਿਰ ਮਾੜੇ ਜਿਹੇ ਸਰੂਰ ’ਚ ਹੋਏ ਤਾਂ ਤਸਵੀਰਾਂ ਖਿੱਚਣ ਲਈ ਅਗਾਂਹ ਉਥੇ ਚਲੇ ਗਏ ਜਿਥੇ ਨੰਗਿਆਂ-ਅਧਨੰਗਿਆਂ ਦੀ ਭਰਮਾਰ ਸੀ। ਸਾਰਿਆਂ ਨੂੰ ਹੀ ਉਨ੍ਹਾਂ ਵਿੱਚ ਇਉਂ ਸੱਜ-ਫੱਬ ਕੇ ਘੁੰਮਦਿਆਂ ਫਿਰਦਿਆਂ ਨੂੰ ਬਹੁਤ ਓਪਰਾ ਲੱਗ ਰਿਹਾ ਸੀ।
“ਆਪਾਂ ਨੂੰ ਵੇਖ ਕੇ ਆਹ ਗੋਰੇ ਕੀ ਸੋਚਦੇ ਹੋਣਗੇ ਬਈ?” ਮੈਂ ਸੁਭਾਵਕ ਹੀ ਪੁੱਛਿਆ
“ਸੋਚਦੇ ਹੋਣਗੇ ਪਈ ਬੀਚ ਆਲੇ ਚਾਲੇ ਤੇ ਨੲ੍ਹੀਂ ਜੇ ਲਗਦੇ ਏਨ੍ਹਾਂ ਦੇ, ਏਹ ਤੇ ਕੋਈ ਇੰਸਪੈਕਸ਼ਨ ਟੀਮ ਵਾਲੇ ਔਂਤਰੇ ਜਾਪਦੇ ਨੇ।” ਵਰਿਆਮ ਸਿੰਘ ਸੰਧੂ ਨੇ ਹਸਦਿਆਂ ਕਿਹਾ।
“ਭਾਈ ਫਿਰ ਸਿੱਟਾ ਤਾਂ ਏਹੀ ਨਿਕਲਿਆ ਨਾ ਅਖੇ ਬੀਚ, ਫ਼ੁਹਾਰਾ, ਪੇਸਟਰੀ … ਸਿੱਖਾਂ ਨੂੰ ਨਾ ਰਾਸ … ਹਾ … ਹਾ … ਹਾ, ਮੁੜ ਚੱਲੀਏ ਸੰਗਤੇ ਹੁਣ ਬਹੁਤ ਹੋ-ਗੀ ਦੁਪਹਿਰ ਫੇਰੀ।” ਪੰਨੂੰ ਨੇ ਵੀ ਆਪਣਾ ਟੋਣਾ ਲਾਇਆ। ਸਾਰਿਆਂ ਦਾ ਹਾਸਾ ਛਣਕ ਉੱਠਿਆ ਅਤੇ ਅਸੀਂ ਮਸਤੀ ਮਾਣਦਿਆਂ ਮੁੜ ਪੁਰਾਣੇ ਟਿਕਾਣੇ ਆ ਮੱਲੇ।
ਕਿਰਪਾਲ ਸਿੰਘ ਪੰਨੂੰ ਦਾ ਇਹ ਲਚਕੀਲਾਪਣ ਹੀ ਹੈ ਕਿ ਉਹ ਵਿਦਵਾਨਾਂ ਵਿੱਚ ਵਿਦਵਾਨ, ਯਾਰਾਂ ਵਿੱਚ ਯਾਰ ਅਤੇ ਪਰਿਵਾਰ ਵਿੱਚ ਕਬੀਲਦਾਰ ਬਣ ਕੇ ਸਭ ਥਾਈਂ ਰਚ-ਮਿਚ ਜਾਂਦਾ ਹੈ। ਉਸਨੂੰ ਬਾਬੇ ਨਾਨਕ ਦੀ ਸਿੱਖ-ਮੱਤ ਅਨੁਸਾਰ ਦੁੱਧ ਦੇ ਭਰੇ ਗਿਲਾਸ ਉਤੇ ਗੁਲਾਬ ਦੀ ਪੱਤੀ ਬਣ ਕੇ ਤੈਰਨਾ ਆਉਂਦਾ ਹੈ। ਹਰ ਥਾਂ ਨੂੰ ਹੀ ਛੱਜੂ ਦਾ ਚੁਬਾਰਾ ਬਣਾ ਕੇ ਮਾਨਣਾ ਆਉਂਦਾ ਹੈ ਇਸੇ ਲਈ ਉਸਨੂੰ ਨਾ ਪੀੜ੍ਹੀ-ਪਾੜਾ ਸਤਾਉਂਦਾ ਹੈ ਅਤੇ ਨਾ ਕਨੇਡਾ ਜਾਂ ਪੰਜਾਬ ਦਾ ਹੇਰਵਾ ਬੌਂਦਲਾਉਂਦਾ ਹੈ। ਕੰਡੇ ’ਚ ਹੋਏ ਅਮਲੀ ਵਾਂਗੂੰ ਉਹ ਹਰੇਕ ਥਾਂ ਹੀ ਢੋਲੇ ਦੀਆਂ ਲਾਉਂਦਾ ਹੈ। ਪੋਤਰਿਆਂ-ਦੋਹਤਿਆਂ ਦੀ ਥਾਂ ਉਹ ਸਾਰਾ ਦਿਨ ਲੈਪਟੌਪ ਨੂੰ ਬੁੱਕਲ ਵਿੱਚ ਲੈ ਕੇ ਖਿਡਾਉਂਦਾ ਹੈ। ਪਤਨੀ ਦੀ ਘੂਰੀ ਨੂੰ ਵੀ ਲਤੀਫਿਆਂ ਦੇ ਝੁਰਲੂ ਨਾਲ ਪਲਾਂ ਵਿੱਚ ਉਡਾਉਂਦਾ ਹੈ। ਸੌ ਹੱਥ ਰੱਸਾ ਸਿਰੇ ਤੇ ਗੰਢ ਕਿ ਜਣੇ-ਖਣੇ ਨੂੰ ਕਿਰਪਾਲ ਸਿੰਘ ਪੰਨੂੰ ਬਣਨਾ ਕਿੱਥੇ ਆਉਂਦਾ ਹੈ?