You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਕੰਪਿਊਟਰ ਕਿੰਗ ਕਿਰਪਾਲ ਸਿੰਘ ਪੰਨੂੰ

ਲੇਖ਼ਕ

Wednesday, 09 May 2018 09:47

ਕੰਪਿਊਟਰ ਕਿੰਗ ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਜਿਵੇਂ ਨਿਤਨੇਮ ਦਾ ਪਾਠ ਕਰਨ ਲੱਗਿਆਂ ਆਪ ਮੁਹਾਰੇ ਜਪੁਜੀ ਸਾਹਿਬ ਦਾ ਪਾਠ ਸਾਹਮਣੇ ਆ ਜਾਂਦਾ ਹੈ, ਓਸੇ ਤਰ੍ਹਾਂ ਕੈਨੇਡਾ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਜਦੋਂ ਪੰਜਾਬੀ ਪਰਿਵਾਰਾਂ ਵਿਚ ਕੰਪਿਊਟਰ ਤੇ ਪੰਜਾਬੀ ਫੌਂਟਸ ਦੀ ਗੱਲ ਚਲਦੀ ਹੈ ਤਾਂ ਜਿਨ੍ਹਾਂ ਕੁਝ ਨਾਵਾਂ ਦਾ ਹਵਾਲਾ ਸਾਹਮਣੇ ਆਉਂਦਾ ਹੈ, ਉਹਨਾਂ ਵਿਚ ਡਾ: ਕੁਲਬੀਰ ਸਿੰਘ ਥਿੰਦ ਤੋਂ ਬਾਅਦ ਕੰਪਿਊਟਰ ਕਿੰਗ ਕਿਰਪਾਲ ਸਿੰਘ ਪੰਨੂੰ ਦਾ ਨਾਂ ਅਗੇ ਆ ਜਾਂਦਾ ਹੈ। ਨੀਮ ਫੌਜੀ ਦਲ ਵਿਚ ਅਫਸਰੀ ਕਰਨ ਤੋਂ ਬਾਅਦ ਜਦ ਉਹ ਰੀਟਾਇਰ ਹੋ ਕੇ ਆਪਣੇ ਬੇਟਿਆਂ ਪਾਸ ਟਰਾਂਟੋ ਆ ਗਿਆ ਤਾਂ ਜਿਥੇ ਓਸ ਨੇ ਜੀਵਨ ਨਿਰਬਾਹ ਲਈ ਬਤੌਰ ਸਿਕਿਉਰਟੀ ਅਫਸਰ ਨੌਕਰੀ ਅਰੰਭ ਕਰ ਦਿਤੀ। ਓਸ ਦੇ ਨਾਲ ਨਾਲ ਆਪਣੀ ਸਾਹਿਤਕ ਚੇਸ਼ਟਾ ਪੂਰੀ ਕਰਨ ਲਈ ਪੰਜਾਬੀ ਸਾਹਿਤ ਸਭਾਵਾਂ ਵਿਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿਤੀ ਤੇ ਕੰਪਿਊਟਰ ਸਿੱਖਣਾ ਵੀ ਸ਼ੁਰੂ ਕਰ ਦਿਤਾ। 1991 ਵਿਚ ਜਦ ਮੈਂ ਕੈਲੇਫੋਰਨੀਆ ਰਹਿੰਦੇ ਡਾ: ਕੁਲਬੀਰ ਸਿੰਘ ਥਿੰਦ ਕੋਲੋਂ ਕਿਰਪਾਲ ਸਿੰਘ ਨੂੰ ਗੁਰਮੁਖੀ ਦੇ ਫੌਂਟ ਤੇ ਸਬੰਧਤ ਇਨਸਟਰਕਸ਼ਨਜ਼ ਲਿਆ ਕੇ ਦਿਤੀਆਂ ਤਾਂ ਇਹ ਓਸ ਦੀ ਲਗਨ ਤੇ ਸਿਰੜ ਦਾ ਕਮਾਲ ਹੀ ਸਮਝੋ ਕਿ ਓਸ ਨੇ ਗੁਰਮਖੀ ਫੌਂਟਸ ਬਨਾਉਣ ਅਤੇ ਕੰਪਿਊਟਰ ਵਿਦਿਆ ਵਿਚ ਆਪਣੇ ਅਕਲ ਦੇ ਬਲ ਬੋਤੇ ਏਨੀ ਮੁਹਾਰਤ ਹਾਸਲ ਕਰ ਲਈ ਕਿ ਅਜ ਪੰਜਾਬੀ ਅਖਬਾਰਾਂ ਦੇ ਸੰਪਾਦਕਾਂ ਤੋਂ ਲੈ ਕੇ ਹਰ ਕਿਸੇ ਥਾਂ ਜਿਥੇ ਕੰਪਿਊਟਰ ਵਿਚ ਪੰਜਾਬੀ ਦਾ ਕੋਈ ਫੌਂਟ ਪਾਉਣਾ, ਬਦਲਣਾ, ਸੋਧਣਾ ਜਾਂ ਕੋਈ ਕੰਪਿਊਟਰ ਸਮੱਸਿਆ ਹੈ, ਓਸ ਨੂੰ ਹੱਲ ਕਰਨ ਦੀ ਮੁਹਾਰਤ ਵਿਚ ਪੰਨੂੰ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਸ ਦਾ ਕਿਰਪਾਲ ਸਿੰਘ ਪੰਨੂੰ ਦੀ ਸਹਾਇਤਾ ਲਏ ਬਿਨਾ ਸਰ ਹੀ ਨਹੀਂ ਸਕਦਾ। ਇਸ ਤੋਂ ਵੱਧ ਕਮਾਲ ਦਾ ਜੋ ਸਿਹਰਾ ਕਿਰਪਾਲ ਸਿੰਘ ਦੇ ਸਿਰ ’ਤੇ ਬੱਝਿਆ ਹੈ, ਉਹ ਹੈ ਉਹਦੀ ਉਹ ਮਿਹਨਤ ਜੋ ਗੁਰਮੁਖੀ ਅੱਖਰਾਂ ਨੂੰ ਸ਼ਾਹਮੁਖੀ ਅਤੇ ਸ਼ਾਹਮੁਖੀ ਨੂੰ ਗੁਰਮੁਖੀ ਅੱਖਰਾਂ ਵਿਚ ਬਦਲ ਸਕਦੀ ਹੈ। ਮੈਂ, ਡਾ: ਕਰਨੈਲ ਸਿੰਘ ਥਿੰਦ, ਫਖਰ ਜ਼ਮਾਨ ਅਤੇ ਅਨੇਕਾਂ ਹੋਰ ਦੋਸਤ ਜੋ ਹਿੰਦ ਪਾਕ ਦੇ ਚੰਗੇ ਸਬੰਧਾਂ ਲਈ ਤਿੰਨ ਦਹਾਕਿਆਂ ਤੋਂ ਯਤਨਸ਼ੀਲ ਸਾਂ, ਉਹ ਪਾੜਾ ਪੂਰਨ ਵਿਚ ਕਿਰਪਾਲ ਸਿੰਘ ਪੰਨੂੰ ਨੇ ਲਿੱਪੀਆਂ ਦੀ ਅਦਲਾ ਬਦਲੀ ਕਰਨ ਵਾਲਾ ਸੌਫਟਵੇਅਰ ਤਿਆਰ ਕਰ ਕੇ ਇਕ ਅਹਿਮ ਰੋਲ ਅਦਾ ਕੀਤਾ ਹੈ। ਨਤੀਜਾ ਇਸ ਵੇਲੇ ਸਭ ਦੇ ਸਾਹਮਣੇ ਹੈ। ਕੰਪਿਊਟਰ ਦੇ ਧੰਨਾ ਜੱਟ ਕਿਰਪਾਲ ਸਿੰਘ ਪੰਨੂੰ ਬਾਰੇ ਹੋਰ ਜਾਣਕਾਰੀ ਇਸ ਪਰਕਾਰ ਹੈ।

ਜਨਮ ਸਥਾਨ: 25 ਮਾਰਚ, 1936, ਪਿੰਡ ਕਟਾਹਰੀ, ਜ਼ਿਲਾ ਲੁਧਿਆਣਾ, ਪੰਜਾਬ, ਇੰਡੀਆ

ਮਾਤਾ ਪਿਤਾ: ਬੀਬੀ ਰਤਨ ਕੌਰ –ਸ. ਪਰੇਮ ਸਿੰਘ

ਪਤਨੀ: ਬੀਬੀ ਪਤਵੰਤ ਕੌਰ

ਔਲਾਦ: ਨਰਵੰਤਪਾਲ ਸਿੰਘ, ਰਜਵੰਤਪਾਲ ਸਿੰਘ, ਹਰਵੰਤਪਾਲ ਸਿੰਘ ਅਤੇ ਪਵਨਜੀਤ ਕੌਰ

ਕਿੱਤਾ ਤੇ ਅਹੁਦਾ: 32 ਸਾਲ ਦੀ ਪੁਲਿਸ ਤੇ ਬੀ. ਐੱਸ. ਐੱਫ ਵਿਚ ਸੇਵਾ ਪਿੱਛੋਂ ਡਿਪਟੀ ਕਮਾਂਡੈਂਟ ਰੀਟਾਇਰ ਹੋਇਆ।

ਵਿੱਦਿਆ: ਬੀ. ਏ. (ਅੰਗਰੇਜ਼ੀ ਸਾਹਿਤ ਅਤੇ ਆਨਰਜ਼ ਇਨ ਪੰਜਾਬੀ)

ਸ਼ੌਕ: ਹਾਕੀ ਖੇਲਣਾ, ਸਾਹਿਤ ਪੜ੍ਹਨਾ, ਲਿਖਣਾ, ਉਸਾਰੂ ਰੁਚੀ ਅਤੇ ਪੰਜਾਬੀ ਫੌਂਟਾਂ ਉੱਤੇ ਲਗਾਤਾਰ ਕੰਮ ਕਰਦੇ ਰਹਿਣਾ ।

ਪਰਮਜੀਤ ਸੰਧੂ ਲਿਖਦੇ ਹਨ ਕਿ ਕੈਨੇਡਾ ਵਰਗੇ ਉਪਭੋਗਤਾਵਾਦੀ ਦੇਸ਼ ਵਿੱਚ, ਜਿੱਥੇ ਦਰਖਖ਼ਤ ’ਤੇ ਆਲ੍ਹਣਾ ਪਾਉਣ ਲਈ ਵੀ ਕਿਰਾਇਆ ਦੇਣਾ ਪੈਂਦਾ ਹੈ, ਬਿਨਾ ਕਿਸੇ ਲੋਭ-ਲਾਲਚ, ਪੰਜਾਬੀ ਬੋਲੀ ਨੂੰ ਕੰਪਿਊਟਰੀ ਲਿਬਾਸ ’ਚ ਸਜਾਉਣ ਦਾ ਸ਼ੌਕ, ਸੰਤ-ਗੀਰੀ ਜਾਂ ਜਨੂੰਨ ਤੋਂ ਬਗ਼ੈਰ ਸੰਭਵ ਨਹੀਂ। ਇਸ ਸੰਤ-ਗੀਰੀ ਦਾ ਨਾਂ ਹੀ ਕਿਰਪਾਲ ਸਿੰਘ ਪੰਨੂੰ ਹੈ। ਨਵੇਂ ਪੁਰਾਣੇ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਨੂੰ ਗਹੁ ਨਾਲ ਪੜ੍ਹਨਾ ਅਤੇ ਲੇਖਕ ਨੂੰ ਉਤਸ਼ਾਹੀ ਸਲਾਹ ਦੇਣੀ ਪੰਨੂੰ ਦੇ ਸੁਭਾਅ ਦਾ ਇੱਕ ਅਨਿੱਖੜਵਾਂ ਅੰਗ ਹੈ। ਰੀਟਾਇਰਮੈਂਟ ਦੀ ਉਮਰ ਤੀਕਰ ਕੰਪਿਊਟਰ ਤੋਂ ਉੱਕਾ ਹੀ ਅਣਭਿੱਜ ਹੁੰਦਿਆਂ ਹੋਇਆਂ, ਕੰਪਿਊਟਰ ਦੀ ਨਾੜ-ਨਾੜ ਤੀਕ ਪੁੱਜ ਜਾਣ ਦਾ ਕ੍ਰਿਸ਼ਮਾ ਵੀ ਉਸ ਦੇ ਹਿੱਸੇ ਹੀ ਆਇਆ ਹੈ। ਅਨੁਭਵੀ ਸ਼ਾਇਰ ਅਤੇ ਵਧੀਆ ਕਹਾਣੀਕਾਰ ਇਕਬਾਲ ਰਾਮੂਵਾਲੀਆ ਤਾਂ ਪੰਨੂੰ ਨੂੰ ‘ਕੰਪਿਊਟਰ ਦਾ ਧੰਨਾ ਜੱਟ’ ਆਖਦਾ ਹੈ ਜਿਸ ਨੇ ਕਿਸੇ ਉਸਤਾਦ ਤੋਂ ਬਗ਼ੈਰ ਹੀ, ਸਿਰਫ਼ ਆਪਣੀ ਜੁਸਤਜੂ ਦੇ ਸਹਾਰੇ, ਕੰਪਿਊਟਰ ਨੂੰ ਪੰਜਾਬੀ ਬੋਲੀ ਦੇ ਬੇਲੇ ਵਿੱਚ ਮੱਝੀਆਂ ਨੂੰ ਮੋੜੇ ਲਾਉਣ ਲਾਇਆ ਹੋਇਆ ਹੈ।

ਪੰਨੂੰ ਆਪਣੇ ਆਪ ਵਿੱਚ ਇੱਕ ਸੰਸਥਾ ਹੈ ਜਿਸ ਨੇ ਪੰਜਾਬੀ ਨੂੰ ਕੰਪਿਊਟਰੀ ਰਾਹਾਂ ’ਤੇ ਤੋਰਨ ਲਈ ਜੋ ਕੰਮ ਕੀਤਾ ਹੈ, ਉਹ ਸੰਸਥਾਵਾਂ ਤਾਂ ਕੀ ਸਰਕਾਰਾਂ ਵੀ ਨਹੀਂ ਕਰ ਸਕਦੀਆਂ। ਆਧੁਨਿਕ ਤਕਨਾਲੋਜੀ ਯੁੱਗ ਵਿੱਚ, ਪੈਦਲ ਤੁਰ ਰਹੀ ਪੰਜਾਬੀ ਨੂੰ ਹਵਾਈ ਜਹਾਜ਼ ਦੇ ਟਿਕਟ ਦੇਣ ਵਰਗੇ ਮਾਅਰਕੇ ਲਈ ਪੰਨੂੰ ਨੇ ਜੋ ਘਾਲਣਾ ਘਾਲੀ ਹੈ, ਸੁਹਿਰਦ ਪੰਜਾਬੀ ਉਸ ਲਈ ਸਦਾ ਰਿਣੀ ਰਹਿਣਗੇ। ਪੰਜਾਬੀ ਫੌਂਟਾਂ ਦੇ ਵਲ਼-ਵਿੰਗਾਂ ਉੱਤੇ ਰੰਦਾ ਫ਼ੇਰਨ ਤੋਂ ਬਾਅਦ, ਉਸ ਨੇ ਸ਼ਾਹਮੁਖੀ ਅਤੇ ਗੁਰਮੁਖੀ ਲਿੱਪੀਆਂ ਨੂੰ ਇਕ ਦੂਸਰੀ ਵਿੱਚ ਬਦਲਣ ਦਾ ਜਿਹੜਾ ਮਾਅਰਕਾ ਮਾਰਿਆ ਹੈ, ਇਸ ਨਾਲ ਉਸ ਦਾ ਕੱਦ ਦੋਹਾਂ ਪੰਜਾਬਾਂ ਵਿਚ ਹੋਰ ਵੀ ਉੱਚਾ ਹੋ ਗਿਆ ਹੈ। ਜਿੰਨਾ ਯੋਗਦਾਨ ਪੰਨੂੰ ਨੇ ਦੋਹਾਂ ਪੰਜਾਬੀਆਂ ਦੀ ਲਿੱਪੀ ਔਕੜ ਨੂੰ ਸੁਖਾਲਾ ਕਰਨ ਵਿੱਚ ਪਾਇਆ ਹੈ, ਉਹ ਅੱਜ ਤੀਕਰ ਕਿਸੇ ਹੋਰ ਨੇ ਨਹੀਂ ਕੀਤਾ। ਉਸ ਦੇ ਸਾਲਾਂ ਦੇ ਯਤਨਾਂ ਨੇ 1947 ਤੋਂ ਵਿਛੜੇ ਹਰਫ਼ਾਂ ਨੂੰ ਇੱਕ ਦੂਜੇ ਦੀ ਗਲਵਕੜੀ ’ਚ ਲੈ ਆਂਦਾ ਹੈ। ਆਸ ਹੈ ਕਿ ਇਸ ਨਾਲ ਦੋਹਾਂ ਪੰਜਾਬਾਂ ਦਾ ਪਿਆਰ ਹੋਰ ਵੀ ਪਕੇਰਾ ਹੋਵੇਗਾ।

ਪੰਨੂੰ ਦਾ ਪਿਛੋਕੜ ਨਿਰੋਲ ਪੇਂਡੂ ਹੈ ਅਤੇ ਉਸ ਉੱਤੇ ਕੁੱਝ ਕੁ ਪੁੱਠ ਪਟਿਆਲ਼ੇਸ਼ਾਹੀ ਦੀ ਸਰਦਾਰੀ ਸੱਭਿਆਚਾਰ ਦੀ ਚੜ੍ਹੀ ਹੋਈ ਹੈ। ਭਦੌੜੀਆਂ ਦੀ ਸਤਿਕਾਰਯੋਗ ਸਰਦਾਰਨੀ ਸੁਰਿੰਦਰ ਕੌਰ, ਪੰਨੂੰ ਦੀ ਧਰਮ ਦੀ ਮਾਂ, ਨੇ ਬਚਪਨ ਵਿੱਚ ਉਸਨੂੰ ਅੰਗਰੇਜ਼ੀ ਤੇ ਪੰਜਾਬੀ ਪੜ੍ਹਾਈ। ਪੰਨੂੰ ਪ੍ਰਾਇਮਰੀ ਵਿੱਚ ਸਭ ਤੋਂ ਅੱਗੇ, ਹਾਈ ਸਕੂਲ ਵਿੱਚ ਉੱਪਰਲਿਆਂ ਵਿੱਚ ਤੇ ਕਾਲਜ ਜਾ ਕੇ ਐੱਫ. ਐੱਸ ਸੀ. ਵਿੱਚੋਂ ਅਧਵਾਟੇ ਹੀ ਰਹਿ ਗਿਆ। ਉਸ ਦੇ ਮਨ ਭਾਉਂਦੇ ਵਿਸ਼ੇ ਹਿਸਾਬ, ਸਾਹਿਤ ਅਤੇ ਸਾਇੰਸ ਰਹੇ। ਡਰਾਇੰਗ ਕਰਨ ਦੀ ਇੱਛਾ ਅੱਜ ਤੱਕ ਹੈ ਪਰ ਪੂਰੀ ਨਹੀਂ ਕਰ ਸਕਿਆ।

ਪੰਨੂੰ ਦੀਆਂ ਰੁਚੀਆਂ ਬਹੁਪਰਤੀ ਰਹੀਆਂ ਹਨ। ਧਾਰਮਿਕ ਸੋਚ ਵਿਚਾਰ ਤੋਂ ਅਰੰਭ ਹੋ ਕੇ ਮਾਨਵਵਾਦੀ ਹੋਣ ਤਕ। ਪਿੰਡ ਦੀ ਕੌਡੀ ਦੀ ਟੀਮ ਦਾ ਕਪਤਾਨ ਅਤੇ ਬਹੁਤੀ ਵੇਰ ਜੇਤੂ ਰਿਹਾ। ਪੈਪਸੂ ਪੁਲੀਸ ਵਿੱਚ ਭਰਤੀ ਇੱਕ ਸਿਲੈਕਸ਼ਨ ਗਰੇਡ ਸਿਪਾਹੀ ਹੋਇਆ ਸੀ ਜੋ ਸਿਪਾਹੀ ਤੋਂ ਅਗਲਾ ਰੈਂਕ ਹੁੰਦਾ ਸੀ। ਫਿਰ ਹਵਾਲਦਾਰ ਬਣ ਸਕੀਦਾ ਸੀ। ਗੱਲ ਕੀ ਉਹ ਸਿਪਾਹੀਆਂ ਦੀਆਂ ਲੰਮੀਆਂ ਕਤਾਰਾਂ ਵਿੱਚੋਂ ਥੋੜ੍ਹਾ ਜਿਹਾ ਅੱਗੇ ਭਰਤੀ ਹੋਣ ਗਿਆ ਤਾਂ ਕਿਲਾ ਬਹਾਦਰਗੜ੍ਹ ਦੇ ਕਲਰਕ ਪਾਤਸ਼ਾਹ ਉਸ ਨੂੰ ਨੇੜੇ ਨਾ ਲੱਗਣ ਦੇਣ। ਇੱਕ ਦਿਨ ਉਸ ਨੇ ਬਟਾਲੀਅਨ ਦੀ ਹਾਕੀ ਦੀ ਟੀਮ ਵਿੱਚ ਅਭਿਆਸ ਕੀਤਾ ਤਾਂ ਸੰਸਾਰਪੁਰੀਏ ਬਲਵੰਤ ਸਿੰਘ (ਸਕੂਟੀ) ਨੇ ਕਲਰਕਾਂ ਦੇ ਕੰਨ ਮਰੋੜੇ ਤੇ ਪੰਨੂੰ ਨੂੰ ਭਰਤੀ ਕਰ ਲਿਆ ਗਿਆ।

ਪੁਲਿਸ ਵਿੱਚ ਉਸ ਨੇ ਰਿਸ਼ਵਤ ਅਤੇ ਬੇਈਮਾਨੀ ਦੇ ਸਿਵਾਏ ਹੋਰ ਸਾਰੇ ਕੰਮ ਕੀਤੇ। ਤਿੰਨ ਕੁ ਵੇਰ ਅਸਤੀਫ਼ਾ ਵੀ ਦਿੱਤਾ ਜੋ ਕਦੀ ਵੀ ਮਨਜ਼ੂਰ ਨਾ ਹੋਇਆ। ਇਹੋ ਹੀ ਅੱਗੇ ਜਾ ਕੇ ਬੀ. ਐੱਸ. ਐੱਫ. ਬਣ ਗਈ। ਬਟਾਲੀਅਨ ਦਾ ਸੈਕਿੰਡ-ਇਨ-ਕਮਾਂਡ ਵੀ ਰਿਹਾ ਅਤੇ ਡਿਪਟੀ ਕਮਾਂਡੈਂਟ ਦੇ ਰੈਂਕ ਤੋਂ 1988 ਵਿੱਚ ਕੈਨੇਡਾ ਆਉਣ ਲਈ ਸਮੇਂ ਤੋਂ ਪਹਿਲੋਂ ਸੇਵਾ ਮੁਕਤ ਹੋਇਆ। ਨੌਕਰੀ ਕਰਦਿਆਂ ਸਿਧਾਂਤਕ ਤੌਰ ਤੇ ਪੰਨੂੰ ਨੇ ਆਪਣੇ ਆਪ ਨੂੰ ਕਿਸੇ ਵੀ ਰੈਂਕ ਦੇ ਫਿੱਟ ਨਹੀਂ ਸਮਝਿਆ ਪਰ ਆਪਣੇ ਹਰ ਰੈਂਕ ਦੇ ਅਧਿਕਾਰੀਆਂ ਨਾਲ਼ੋਂ ਉੱਤਮ ਕਾਰਗੁਜ਼ਾਰੀ ਵਿਖਾਈ।

ਸਾਹਿਤਕ ਜਾਗ ਬਚਪਨ ਵਿੱਚ ਹੀ ਲੱਗ ਚੁੱਕੀ ਸੀ। ਕਿੱਸੇ ਆਦਿ ਪੜ੍ਹਨ ਤੋਂ। ਕੁਝ ਕੁ ਹਾਈ ਸਕੂਲ ਦੇ ਟੀਚਰਾਂ ਦਾ ਵੀ ਪ੍ਰਭਾਵ ਰਿਹਾ। ਜਿਵੇਂ ਕਿ ਗਿਆਨੀ ਰਣ ਸਿੰਘ ਟਿਵਾਣਾ ਪੰਜਾਬੀ, ਨਿਹਾਲ ਸਿੰਘ ਧਾਰਮਿਕ, ਸ. ਨੱਥਾ ਸਿੰਘ ਤੇ ਜਾਂਗਪੁਰੀਆ ਹਿਸਾਬ-ਟੀਚਰ, ਪਰੋਫੈਸਰ ਸ਼ਮਸ਼ੇਰ ਸਿੰਘ ਹਾਕੀ ਕੋਚ ਆਦਿ। ਸਕੂਲ ਵਿੱਚ ਲਾਇਬਰੇਰੀ ਦੀ ਘਾਟ ਸੀ। ਅੱਠਵੀਂ ਪਾਸ ਕਰਨ ਵੇਲ਼ੇ ਅੰਗਰੇਜ਼ੀ, ਹਿਸਾਬ, ਪੰਜਾਬੀ, ਧਾਰਮਿਕ ਆਦਿ ਵਿੱਚ ਪਹਿਲੇ ਨੰਬਰ ਤੇ ਆਉਣ ਕਰ ਕੇ ਕੁਝ ਕਿਤਾਬਾਂ ਇਨਾਮ ਵਿੱਚ ਮਿਲ਼ੀਆਂ। ਉਹ ਸਾਰੀਆਂ ਪੜ੍ਹੀਆਂ। ਪ੍ਰੀਤ ਲੜੀ ਪੜ੍ਹਨੀ ਅਰੰਭ ਕੀਤੀ। ਪੰਨੂੰ ਦਹਾਕਿਆਂ ਤੀਕਰ ਉਸ ਦੀ ਰੌਸ਼ਨੀ ਵਿੱਚ ਵਿਚਰਦਾ ਰਿਹਾ। ਅਖ਼ੀਰ ਵਿੱਚ ਉਸ ਵਿੱਚੋਂ ਅਨੰਦ ਆਉਣ ਤੋਂ ਹਟ ਗਿਆ। ਬੜੀ ਦੇਰ ਨਾਗਮਣੀ ਪੜ੍ਹੀ ਪਰ ਜਦੋਂ ਅੰਮ੍ਰਿਤਾ ਵਹਿਮਾਂ-ਭਰਮਾਂ ਅਤੇ ਸਿਤਾਰਿਆਂ ਦੀਆਂ ਚਾਲਾਂ ਵਿੱਚ ਉਲਝ ਗਈ ਤਾਂ ਉਸ ਤੋਂ ਵੀ ਦਿਲ ਉਚਾਟ ਹੋ ਗਿਆ। ਗਿਆਨੀ, ਪ੍ਰਾਇਮਰੀ ਸਕੂਲ ਮਾਸਟਰ ਨਿਰੰਜਨ ਸਿੰਘ ਗਰੇਵਾਲ ਦੇ ਵਿਚਾਰ ਨੂੰ ਗਲਤ ਸਿੱਧ ਕਰਨ ਲਈ ਕੀਤੀ। ਉਸ ਦਾ ਵਿਚਾਰ ਸੀ ਕਿ ਪੰਨੂੰ ਗਿਆਨੀ ਨਹੀਂ ਕਰ ਸਕਦਾ। ਬੀ. ਏ. ਪੰਨੂੰ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਬਰਾਬਰ ਰਹਿਣ ਅਤੇ ਤਰੱਕੀ ਲਈ ਕੀਤੀ।

ਪੰਨੂੰ ਨੇ ਸਾਹਿਤਕ ਭੁੱਖ, ਸੇਵਾ-ਮੁਕਤ ਹੋ ਕੇ, ਅਸਲ ਵਿੱਚ ਮੋਹਾਲ਼ੀ ਆ ਕੇ ਤ੍ਰਿਪਤ ਕੀਤੀ। ਉੱਥੇ ਬਹੁਤ ਸਾਰੇ ਸਹਿਤਕਾਰਾਂ ਦਾ ਸਾਥ ਮਾਣਿਆ। ਕਾਨਾ ਸਿੰਘ, ਆਤਮਜੀਤ, ਪਰੇਮ ਗੋਰਖੀ, ਗੁਲਜ਼ਾਰ ਸੰਧੂ, ਮੋਹਣ ਭੰਡਾਰੀ, ਜਸਬੀਰ ਭੁੱਲਰ, ਹਰਭਜਨ ਹਲਵਾਰਵੀ, ਸ਼ਾਮ ਸਿੰਘ, ਸੁਵਰਗਵਾਸੀ ਭਾਰਦਵਾਜ, ਜੋਗਿੰਦਰ ਕੈਰੋਂ, ਮਨਜੀਤ ਇੰਦਰਾ, ਤੇਜਵੀਰ, ਸੰਤੋਖ ਸਿੰਘ ਧੀਰ, ਸੁਰਜੀਤ ਮਰਜਾਰਾ, ਸੋਹਣ ਸਿੰਘ ਹੰਸ, ਸਵਰਾਜ ਸੰਧੂ, ਲਾਭ ਸਿੰਘ ਖੀਵਾ, ਮਧੂ ਚਤਰਵੇਦੀ ਅਤੇ ਬਹੁਤ ਸਾਰੇ ਹੋਰ ਹਨ ਤੇ ਸਨ।

ਪੰਨੂੰ ਕਹਿੰਦਾ ਹੈ ਪੰਜਾਬ ਵਿੱਚ ਆਪਣੀ ਪਛਾਣ ਬਨਾਉਣ ਲਈ ਖਾਸਾ ਸੰਘਰਸ਼ ਕਰਨਾ ਪੈਂਦਾ ਹੈ। ਮਿਆਰ ਪੱਖੋਂ ਵੀ ਅਤੇ ਟਕਰਾਉ ਪੱਖੋਂ ਵੀ। ਜਿਤਨੇ ਲੇਖਕ ਹਨ ਉਤਨੇ ਛਪਣ ਦੇ ਮੌਕੇ ਨਹੀਂ ਮਿਲ਼ਦੇ। ਪਰ ਕੈਨੇਡਾ ਵਿੱਚ ਇਸ ਦੇ ਉਲਟ ਹੈ। ਇੱਥੇ ਲੇਖਕ ਘੱਟ ਪਰ ਛਪਣ ਦੀਆਂ ਸੰਭਾਵਨਾਵਾਂ ਬਹੁਤੀਆਂ ਹਨ। ਸੋ ਇੱਥੇ ਕਿਸੇ ਵੀ ਸਿਰੜੀ ਨੂੰ ਅੱਗੇ ਵਧਣ ਦੇ ਮੌਕੇ ਕਾਫੀ ਹਨ। ਹਾਂ ਆਪਸ ਵਿੱਚ ਜਲ਼ਤ-ਫਲ਼ਤ ਦਾ ਕੰਮ ਤਾਂ ਇੱਥੇ ਵੀ ਕਈ ਵਾਰ ਗਲਤ-ਮਲਤ ਹੋ ਜਾਂਦਾ ਹੈ। ਬਰੀਕ-ਬੁੱਧੀ ਦੇ ਸ਼ਰੀਕ ਬਹੁਤੇ ਹੁੰਦੇ ਹਨ।

ਕੰਪਿਊਟਰ ਪੰਨੂੰ ਦੇ ਬੇਟੇ ਨਰਵੰਤਪਾਲ ਕੋਲ਼ ਸੀ। ਪੰਨੂੰ ਉਸ ਨੂੰ ਡਰਦਾ ਹੱਥ ਨਹੀਂ ਸੀ ਲਾਉਂਦਾ ਕਿ ਕਿਧਰੇ ਖਰਾਬ ਨਾ ਹੋ ਜਾਏ। ਉਸ ਨੇ ਪੰਨੂੰ ਨੂੰ ਕਿਹਾ ਕਿ ਇਹ ਬੜੀ ਕੁੱਤੀ ਚੀਜ਼ ਹੈ, ਇਹ ਖਰਾਬ ਨਹੀਂ ਹੁੰਦਾ, ਜੇ ਇੱਕ ਵਾਰ ਸਟੱਕ ਕਰ ਜਾਏ ਤਾਂ ਬੰਦ ਕਰ ਕੇ ਚਲਾ ਦਿਓ, ਉੱਲੂ ਦੇ ਪੱਠੇ ਵਾਂਗ ਫਿਰ ਇਹ ਪੈਰਾਂ ਭਾਰ ਹੀ ਡਿਗੇਗਾ। ਇਸ ਨਾਲ਼ ਪੰਨੂੰ ਦਾ ਹੌਸਲਾ ਵਧ ਗਿਆ ਤੇ ਪੰਨੂੰ ਵੀ ਲੱਗਾ ਕੰਪਿਊਟਰ ਨਾਲ਼ ਛੇੜ-ਛਾੜ ਕਰਨ। ਅੱਜ ਹੋਰ, ਕੱਲ੍ਹ ਹੋਰ। ਪਹਿਲੋਂ-ਪਹਿਲੋਂ ਟਾਈਪਿੰਗ ਤੋਂ ਛੇਤੀ ਹੀ ਉਕਤਾ ਜਾਂਦਾ। ਹੁਣ ਪੰਨੂੰ ਨੂੰ ਇਸ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ।

ਪੱਤਰਕਾਰੀ ਵਿੱਚ ਪੰਨੂੰ ਦੀ ਕਾਮਯਾਬ ਥਾਂ ਬਣਾਉਣ ਦਾ ਇੱਕ ਵੱਡਾ ਕਾਰਨ ਇਹ ਕੰਪਿਊਟਰ ਹੀ ਹੈ। ਸਹੀ ਗੱਲ ’ਤੇ ਇਹ ਹੈ ਕਿ ਅੱਜ ਹਰ ਪੱਤਰਕਾਰ ਅਤੇ ਲੇਖਕ ਨੂੰ ਕੰਪਿਊਟਰ ਸਿੱਖਣਾ, ਰੱਖਣਾ ਆਪਣੇ ਸਵੱਛ ਸਾਹ ਲੈਣ ਵਾਂਗ ਜ਼ਰੂਰੀ ਹੈ।

ਟਾਈਪਿੰਗ ਸਪੀਡ ਬਣਾਉਂਦਿਆਂ ਉਸ ਨੂੰ ਇੱਕ ਹੋਰ ਔਕੜ ਆਈ ਕਿ ਅਨਮੋਲ ਫੌਂਟ ਵਿੱਚ ਅਧਕ ਬਹੁਤ ਦੂਰ ਸੀ ਅਤੇ ਖੱਬੀ ਚੀਚੀ ਬਹੁਤ ਥੱਕ ਜਾਂਦੀ ਸੀ। ਇਸ ਕਾਰਨ ਫੌਂਟ ਨੂੰ ਸੁਧਾਰਨ ਲਈ ਕੰਮ ਕੀਤਾ। 1997 ਵਿੱਚ ਸਾਥੀਆਂ ਦੇ ਕਹਿਣ ਉੱਤੇ ਅਨਮੋਲ ਫੌਂਟ ਵਿੱਚ ਸੁਧਾਰ ਕਰਨ ਲਈ ਡਾ਼ ਕੁਲਬੀਰ ਸਿੰਘ ਥਿੰਦ ਸਾਹਿਬ ਨੂੰ ਪਹੁੰਚ ਕੀਤੀ ਗਈ ਅਤੇ ਸਿੱਟੇ ਵਜੋਂ ਸਮਤੋਲ ਫੌਂਟ ਹੋਂਦ ਵਿੱਚ ਆਈ।

ਇਹ ਬ੍ਰਹਿਮੰਡੀ ਕਾਨੂੰਨ ਹੈ ਕਿ ਜਿਸ ਖੇਤਰ ਵਿੱਚ ਵੀ ਕੰਮ ਕਰੋ ਉਸ ਦਾ ਆਧਾਰ ਬਣਦਾ ਜਾਂਦਾ ਹੈ ਅਤੇ ਅੱਗੇ ਉਸ ਵਿੱਚ ਹੋਰ ਰੁਚੀ ਬਣਦੀ ਜਾਂਦੀ ਹੈ। ਜੋ ਅੰਤ ਨੂੰ ਉਸਤਾਦੀ ਤੀਕਰ ਪਹੁੰਚ ਜਾਂਦੀ ਹੈ। ਪੰਨੂੰ ਵੀ ਇਸੇ ਵਿਧਾਨ ਅਧੀਨ ਚੱਲਦਾ ਰਿਹਾ, ਨਵੇਂ ਕੰਮ ਨੂੰ ਹੱਥ ਪਾਉਣਾ ਅਤੇ ਚੀੜ੍ਹੇ ਹੋ ਕੇ ਉਸ ਨੂੰ ਨਿਭਾਉਣਾ। ਪੰਨੂੰ ਜਦੋਂ ਕੋਈ ਵੀ ਕੋਈ ਪ੍ਰੋਜੈਕਟ ਲੈਂਦਾ ਹੈ ਤਾਂ ਖਾਣਾ-ਪੀਣਾ, ਸੌਣਾ ਅਤੇ ਹੋਰ ਕੰਮ ਸਾਰੇ ਪਿੱਛੇ ਪਾ ਕੇ ਦਿਨ ਰਾਤ ਪ੍ਰੋਜੈਕਟ ਸੰਪੂਰਨ ਕਰਨ ਵਿਚ ਜੁੱਟ ਜਾਂਦਾ ਹੈ।

ਮਈ 2000 ਨੂੰ ਪੰਨੂੰ ਇੰਡੀਆ ਤੋਂ ਵਾਪਿਸ ਆਇਆ ਤਾਂ ਫੋਨ ਉੱਤੇ ਰਾੜੇ ਵਾਲ਼ੇ ਬਾਬੇ ਬਰਜਿੰਦਰ ਸਿੰਘ ਦਾ ਮਿਲਣ ਲਈ ਸੁਨੇਹਾ ਸੀ। ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਸੀਡੀ ’ਤੇ ਪਾ ਰਹੇ ਹਨ। ਉਹ ਗੁਰਮੁਖੀ, ਦੇਵਨਾਗਰੀ, ਅੰਗਰੇਜ਼ੀ ਅਤੇ ਪਰਸ਼ੀਅਨ ਲਿੱਪੀ ਵਿੱਚ ਹੈ। ਬਾਕੀ ਸਭ ਠੀਕ ਹੋ ਗਿਆ ਸੀ ਪਰ ਪਰਸ਼ੀਅਨ ਲਿੱਪੀ ਫਿੱਟ ਨਹੀਂ ਸੀ ਬੈਠਦੀ। ਉਨ੍ਹਾਂ ਅੱਗੇ ਦੀ ਅੱਗੇ ਡਾ. ਥਿੰਦ ਨੂੰ ਪਹੁੰਚ ਕੀਤੀ ਤੇ ਉਨ੍ਹਾਂ ਨੇ ਵੀ ਪੰਨੂੰ ਦਾ ਹੀ ਹਵਾਲਾ ਦਿੱਤਾ। ਪੰਨੂੰ ਨੇ ਉਨ੍ਹਾਂ ਨੂੰ ਉਹ ਸ਼ਬਦ ਗੁਰਮੁਖੀ ਫੌਂਟ ਸਮਤੋਲ ਵਿੱਚ ਟਾਈਪ ਕਰ ਕੇ ਅਤੇ ਲਿੱਪੀਆਂਤਰ ਕਰ ਕੇ ਉਰਦੂ ਅੱਖਰਾਂ ਵਿੱਚ ਦਿੱਤਾ। ਜਿਸ ਉੱਤੇ ਸੱਤ ਦਿਨ ਲੱਗੇ ਤੇ ਸੱਤ ਰਾਤਾਂ ਲੱਗੀਆਂ। ਫਿਰ ਉਨ੍ਹਾਂ ਨੂੰ ਮਹਾਨ ਕੋਸ਼ ਵਿੱਚ ਪੋਸਟ ਕਰਨ ਦਾ ਆਟੋਮੈਟਿਕ ਪਰੋਗਰਾਮ ਤਿਆਰ ਕਰ ਕੇ ਦਿੱਤਾ।

ਕੈਨੇਡਾ ਵਿੱਚ ਬਹੁਤ ਸਾਰੇ ਅਖ਼ਬਾਰ ਨਿਕਲ਼ਦੇ ਹਨ। ਉਨ੍ਹਾਂ ਦੇ ਨਿਕਲਣ ਦਾ ਕਾਰਨ ਐਡਾਂ ਰਾਹੀਂ ਆਮਦਨ ਅਤੇ ਆਪਣੀ ਪਛਾਣ ਬਣਾਉਣ ਦੀ ਇੱਛਾ ਹੈ। ਮੁੱਖ ਤੌਰ ਤੇ ਇਨ੍ਹਾਂ ਵਿੱਚ ਕਲਮਕਾਰ ਨੂੰ ਕੋਈ ਕਮਾਈ ਨਹੀਂ। ਜੋ ਖ਼ਬਰਾਂ ਜਾਂ ਆਰਟੀਕਲ ਪੰਜਾਬ ਤੋਂ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਭਾਵੇਂ ਕੁਝ ਦਿੱਤਾ ਜਾਂਦਾ ਹੋਵੇ। ਅਖ਼ਬਾਰ ਦੀ ਦਿੱਖ ਬਾਰੇ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਜ਼ਿਆਦਾ ਰੁਚੀ ਐਡ ਉਗਰਾਹੁਣ ਦੀ ਹੀ ਹੈ। ਕਈ ਅਖਖ਼ਬਾਰਾਂ ਉੱਤੇ ਬਲੈਕਮੇਲਿੰਗ ਕਰਨ ਦੇ ਦੂਸ਼ਣ ਵੀ ਲੱਗਦੇ ਹਨ। ਮੁਫ਼ਤ ਦੇ ਹੋਣ ਕਰ ਕੇ ਤਕਰੀਬਨ ਸਾਰੇ ਹੀ ਅਖਬਾਰ ਚੰਗੇ ਪੜ੍ਹੇ ਜਾਂਦੇ ਹਨ। ਇਵੇਂ-ਜਿਵੇਂ ਇੱਕਾ-ਦੁੱਕਾ ਪੰਜਾਬੀ ਮੈਗਜ਼ੀਨ ਵੀ ਨਿੱਕਲ਼ਦੇ ਹਨ। ਆਮ ਪੰਜਾਬੀਆਂ ਵਿੱਚ ਆਪਣੇ ਸੱਭਿਆਚਾਰ ਦੀ ਭੁੱਖ ਹੈ। ਜੋ ਉਹ ਮੇਲਿਆਂ, ਅਖ਼ਬਾਰਾਂ, ਰੇਡੀਓ ਅਤੇ ਟੀਵੀ ਪਰੋਗਰਾਮਾਂ ਰਾਹੀਂ ਪੂਰੀ ਕਰਦੇ ਹਨ। ਇਨ੍ਹਾਂ ਅਖਬਾਰਾਂ ਵਿਚ ਪਰਤਵੇਂ (ਫੀਡ ਬੈਕ) ਵਿਚਾਰਾਂ ਦੀ ਬੜੀ ਘਾਟ ਹੁੰਦੀ ਹੈ। ਜਿਸ ਲਈ ਕਈ ਵੇਰ ਉਹ ਝੂਠ-ਪਰਚਾਰ ਤੋਂ ਵੀ ਕੰਮ ਲੈਂਦੇ ਹਨ। ਜਿਵੇਂ ਟੀਵੀ ਵਾਲ਼ੇ ਝੂਠ ਹੀ ਕਹੀ ਜਾਣਗੇ ਕਿ ਉਨ੍ਹਾਂ ਨੂੰ ਬੜੇ ਹੀ ਫੋਨ ਕਾਲ ਆ ਰਹੇ ਹਨ ਅਤੇ ਸਾਰੀਆਂ ਹੀ ਲਾਈਨਾਂ ਬਿਜ਼ੀ ਹਨ। ਚੋਣਾਂ ਦੇ ਦਿਨਾਂ ਵਿੱਚ ਮੀਡੀਏ ਦੀ ਚੰਗੀ ਚਾਂਦੀ ਹੁੰਦੀ ਹੈ। ਅੰਗਰੇਜ਼ੀ ਮੀਡੀਆ ਇੱਥੇ ਬਹੁਤ ਸ਼ਕਤੀਸ਼ਾਲੀ ਹੈ। ਸਰਕਾਰਾਂ ਦੇ ਪੀਲ-ਪਾਵੇ ਹਿਲਾ ਦੇਣ ਦੇ ਸਮਰੱਥ। ਉਨ੍ਹਾਂ ਕੋਲ਼ ਸਾਧਨ ਵੀ ਹਨ। ਸਭ ਕਹਿੰਦੇ ਹਨ ਕਿ ਮੀਡੀਆ ਮਾਂ-ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਾ ਹੈ ਜਦੋਂ ਕਿ ਕਰ ਉਹ ਇਸ ਦੇ ਉਲਟ ਰਿਹਾ ਹੁੰਦਾ ਹੈ। ਵਹਿਮਾਂ-ਭਰਮਾਂ ਜੋਤਸ਼ੀ ਬਾਬਿਆਂ ਦੇ ਐਡ ਕਈ ਅਖ਼ਬਾਰਾਂ, ਰੇਡੀਓ ਅਤੇ ਟੀਵੀ ਉੱਤੇ ਮਿਲ਼ ਜਾਂਦੇ ਹਨ। ਅਖ਼ਬਾਰਾਂ ਦੀਆਂ ਕੰਪਿਊਟਰੀ ਲੋੜਾਂ ਲਈ ਕਿਰਪਾਲ ਸਿੰਘ ਪੰਨੂੰ ਦੀ ਮਦਦ ਦੀ ਸਭ ਨੂੰ ਲੋੜ ਪੈਂਦੀ ਹੈ।

ਪੰਨੂੰ ਨੇ ਭਵਿੱਖ ਦੇ ਪ੍ਰਾਜੈੱਕਟ ਲਈ ਸਮਤੋਲ (ਗੁਰਮੁਖੀ) ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਸਮਤੋਲ (ਗੁਰਮੁਖੀ) ਨੂੰ ਹੋਰ ਛੋਹਾਂ ਦੇਣੀਆਂ ਹਨ। ਉਸ ਅਨੁਸਾਰ ਉਸ ਤੋਂ ਅੱਗੇ ਸਮੇਂ ਅਤੇ ਸਾਥੀਆਂ ਦੇ ਹੱਥ ਵੱਸ ਹੈ। ਲੋੜ ਅਨੁਸਾਰ ਕੁਝ ਨਾ ਕੁਝ ਕਰਦੇ ਰਹਿਣਾ ਪੰਨੂੰ ਦੀ ਲੋੜ ਵੀ ਹੈ ਅਤੇ ਸੁਭਾਅ ਵੀ। ਉਹ ਨਿਰੰਤਰ ਆਪਣੇ ਪ੍ਰੋਜੈਕਟ ਪੂਰੇ ਕਰਨ ਲਈ ਜੂਝ ਰਿਹਾ ਹੈ।

Read 4954 times Last modified on Thursday, 10 May 2018 00:54