ਮਾਰਚ 1992। ਮਾਲਟਨ ਕਮਿਊਨਿਟੀ ਸੈਂਟਰ, ਮਿਸੀਸਾਗਾ-ਕੈਨੇਡਾ। ‘ਕਲਮਾਂ ਦੇ ਕਾਫ਼ਲੇ’ ਦੇ ਜਨਮ ਦਾ ਐਲਾਨ ਕਰਨੀ ਭਰਵੀਂ ਮੀਟਿੰਗ। ਟੋਰਾਂਟੋ ਅਤੇ ਆਸ ਪਾਸ ਦੇ ਸਮੂਹ ਲੇਖਕ ਕੁਸੀਆਂ ਦੇ ਗੋਲਦਾਇਰੇ ’ਚ ਇੱਕ ਸਾਂਝੇ ਸੁਪਨੇ ਨੂੰ ਹਕੀਕਤ ’ਚ ਬਦਲਣ ਲਈ ਜੁੜ ਬੈਠੇ ਸਨ। ਬੀਬੀ, ਅਨੁਸ਼ਾਸਿਤ ਅਤੇ ਚੁਸਤ ਦਿੱਖ ਵਾਲਾ ਇੱਕ ਬੰਦਾ ਨਿੱਕੇ ਜਿਹੇ ਹਾਲ ’ਚ ਦਾਖਲ ਹੋਇਆ ਅਤੇ ਬੜੇ ਅਦਬ ਨਾਲ ਹੱਥ ਮਿਲਾਉਂਦਿਆਂ ਬੋਲਿਆ, “ਕਿਰਪਾਲ ਸਿੰਘ ਪੰਨੂੰ, ਇਸ ਮੀਟਿੰਗ ਬਾਰੇ ਅਖ਼ਬਾਰ ’ਚ ਪੜ੍ਹਿਆ ਸੀ।”
ਇਸ ਮੀਟਿੰਗ ’ਚ ਕਾਫ਼ਲੇ ਦੇ ਵਿਧਾਨ ਨੂੰ ਪੜ੍ਹਿਆ ਗਿਆ। ਲੇਖਕਾਂ ਨੇ ਸੁਝਾਅ ਦਿੱਤੇ, ਪੰਨੂੰ ਹੁਰਾਂ ਨੇ ਵੀ। ਮੈਨੂੰ ਪੰਨੂੰ ਹੁਰਾਂ ਦੇ ਸੁਝਾਅ ਖਾਸ ਤੌਰ ’ਤੇ ਟੁੰਬ ਰਹੇ ਸਨ। ਮੈਂ ਉਹਨਾਂ ਨੂੰ ਬਾਕੀ ਲੇਖਕਾਂ ਵਾਂਗ ਇੱਕ ਲੇਖਕ ਵਜੋਂ ਨਹੀਂ ਸਾਂ ਜਾਣਦਾ ਇਸੇ ਲਈ ਉਨ੍ਹਾਂ ਦੇ ਸੁਝਾਅ ਮੇਰੇ ਲਈ ਖਾਸ ਖਿੱਚ ਦਾ ਕਾਰਨ ਸਨ। ਉਹਨਾਂ ’ਚੋਂ ਪੰਜਾਬੀ ਬੋਲੀ ਅਤੇ ਖਾਸ ਤੌਰ ’ਤੇ ਭਾਸ਼ਾ ਪ੍ਰਤੀ ਖਾਸ ਪ੍ਰਤੀਬੱਧਤਾ ਦੀ ਮਹਿਕ ਆ ਰਹੀ ਸੀ। ਜਦੋਂ ਉਹ ਬੋਲ ਰਹੇ ਸਨ ਤਾਂ ਮੈਂ ਨੋਟ ਲੈਂਦਿਆਂ ਗਹੁ ਨਾਲ ਉਹਨਾਂ ਵੱਲ ਵੇਖ ਰਿਹਾ ਸਾਂ। ਗੋਰਾ ਰੰਗ। ਡੋਰ ਪਾ ਕੇ ਬੰਨੀ ਬਸਮਾਂ ਲੱਗੀ ਦਾੜ੍ਹੀ। ਚੁਸਤ-ਫੁਰਤ ਸਰੀਰ ਜਿਵੇਂ ਸਾਧਨਾ ਅਤੇ ਸੰਜਮ ਦਾ ਮੁਜੱਸਮਾਂ। ਮੇਰੇ ਲਈ ਲੇਖਕਾਂ ਦੇ ਦਾਇਰੇ ਤੋਂ ਬਾਹਰਲਾ ਉਹ ਪਹਿਲਾ ਬੰਦਾ ਸੀ ਜਿਸ ਦੀ ਨੇੜਤਾ ਲਈ ਮੈਂ ਉਤਸੁਕ ਹੋ ਰਿਹਾ ਸਾਂ। ਮੈਨੂੰ ਅਪਣਾ ਦਾਇਰਾ ਫੈਲਦਾ ਮਹਿਸੂਸ ਹੋ ਰਿਹਾ ਸੀ ਅਤੇ ਕਿਰਪਾਲ ਸਿੰਘ ਪੰਨੂੰ ਇਸ ਨਵੇਂ ਅਹਿਸਾਸ ਦਾ ਹੱਥ ਅਪਣੇ ਹੱਥ ’ਚ ਲਈ ਮੁਸਕਰਾ ਰਿਹਾ ਸੀ।
ਕਾਫ਼ਲੇ ਦੀਆਂ ਮਿਲਣੀਆਂ ਦਾ ਅਤੁੱਟ ਪ੍ਰਵਾਹ ਸ਼ੁਰੂ ਹੋਇਆ। ਕਿਰਪਾਲ ਸਿੰਘ ਪੰਨੂੰ ਇਸ ਦਾ ਅਤੁੱਟ ਅੰਗ ਬਣ ਗਿਆ। ਹੁਣ ਉਹ ਅਕਸਰ ਨਜ਼ਮਾਂ ਵੀ ਲਿਖ ਕੇ ਲਿਆਉਂਦਾ ਅਤੇ ਸਾਂਝੀਆਂ ਕਰਦਾ। ਕਈ ਵੇਰ ਜਦ ਉਸ ਕੋਲ ਕੋਈ ਨਜ਼ਮ ਨਾ ਹੁੰਦੀ ਤਾਂ ਉਹ ਏਅਰਪੋਰਟ ਦੀ ਅਪਣੀ ਜੌਬ੍ਹ ਤੋਂ ਬਾਅਦ ਕਾਫ਼ਲੇ ਦੀ ਮੀਟਿੰਗ ’ਚ ਆਣ ਬੈਠਦਾ ਅਤੇ ਕਵਿਤਾਵਾਂ ਗੀਤਾਂ ਕਹਾਣੀਆਂ ਨਾਲ ਮਹਿਕਦੀ ਫ਼ਿਜ਼ਾ ’ਚ ਊਂਘਦਾ। ਉਸ ਦੀ ਥਕਾਨ ਭਰੀ ਊਂਘ ਕਿਸੇ ਦਮ ਲੈ ਰਹੇ ਕਾਮੇ ਦੀ ਊਂਘ ਵਾਂਗ ਕਾਵਿਕ ਹੁੰਦੀ ਅਤੇ ਮਿਲਣੀ ’ਚ ਅਪਣਾ ਸਕੂਨ ਘੋਲਦੀ ਰਹਿੰਦੀ। ਕਾਫ਼ਲੇ ਵਿਚਲੇ ਉਸਾਰੂ ਕਲਾਤਮਿਕ ਮਾਹੌਲ ਦਾ ਪਾਹ ਉਹਨੂੰ ਚੜ੍ਹਨ ਲੱਗਿਆ। ਕਹਾਣੀਕਾਰਾਂ ਨਾਲ ਉਹਦੀ ਦੋਸਤੀ ਕੁਝ ਵਧੇਰੇ ਪਰਪੱਕ ਹੋਣ ਲੱਗੀ। ਉਹ ਖੁਦ ਵੀ ਕਹਾਣੀਆਂ ਲਿਖਣ ਲੱਗਿਆ। “...ਤੇ ਉਹ ਰੋਂਦੀ ਰਹੀ” ਉਸ ਦੀ ਚੰਗੀ ਕਹਾਣੀ ਸੀ ਜੋ ਅਸੀਂ ਇੱਕ ਮੀਟਿੰਗ ਵਿੱਚ ਪੜ੍ਹੀ ਅਤੇ ਵਿਚਾਰੀ।
ਕਾਫ਼ਲੇ ਦੀਆਂ ਇਹਨਾਂ ਹੀ ਮਿਲਣੀਆਂ ਦੌਰਾਨ ਪੰਨੂੰ ਹੁਰਾਂ ਨੇ ਹੀ ਇਹ ਸੁਝਾਅ ਵੀ ਦਿੱਤਾ ਕਿ ਮਾਸਿਕ ਮੀਟਿੰਗਾਂ ਤੋਂ ਇਲਾਵਾ ਨਿਰੋਲ ਕਵਿਤਾ ਅਤੇ ਕਹਾਣੀ ਦੀਆਂ ਤ੍ਰੈ-ਮਾਸਿਕ ਮਿਲਣੀਆਂ ਵੀ ਕਰੀਏ ਜਿਹੜੀਆਂ ਕਿ ਹਰ ਵੇਰ ਕਿਸੇ ਲੇਖਕ ਜਾਂ ਪਾਠਕ ਦੇ ਘਰ ਹੋਣ ਅਤੇ ਘਰੇਲੂ ਮਾਹੌਲ ’ਚ ਅਪਣੇ ਪਰਿਵਾਰਾਂ ਅਤੇ ਦੋਸਤ ਮਿੱਤਰਾਂ ਨੂੰ ਵੀ ਸਾਹਿਤ ਨਾਲ ਜੋੜ ਕੇ ਕਾਫ਼ਲੇ ਦਾ ਆਧਾਰ ਵਸੀਹ ਕੀਤਾ ਜਾਵੇ। ਕਹਾਣੀ ਮੀਟਿੰਗਾਂ ਦੀ ਸ਼ੁਰੂਆਤ ਦਾ ਜਿੰਮਾਂ ਵੀ ਉਹਨਾਂ ਲਿਆ।
ਕਹਾਣੀ ਮੀਟਿੰਗਾਂ ਦੇ ਨਾਲ ਨਾਲ ਉਹਨਾਂ ਨੇ ਖਾਸ ਤੌਰ ’ਤੇ ਟਰਾਂਟੋ ਅਤੇ ਆਸ ਪਾਸ ਦੇ ਖੇਤਰਾਂ ’ਚੋਂ ਨਵੇਂ ਕਹਾਣੀ ਲੇਖਕ/ਲੇਖਕਾਵਾਂ ਲੱਭਣੇ ਸ਼ੁਰੂ ਕੀਤੇ। ਨਵੀਂਆਂ ਲੇਖਕਾਵਾਂ ਨੂੰ ਖਾਸ ਤੌਰ ’ਤੇ ਉਤਸ਼ਾਹਿਤ ਕੀਤਾ। ਕਾਫ਼ਲੇ ਨਾਲ ਜੋੜਿਆ। ਹੁਣ ਉਹ ਕਹਾਣੀਆਂ ਦੀ ਇਸਲਾਹ ਵੀ ਕਰਨ ਲੱਗੇ। ਨਵੀਆਂ ਨਵੀਆਂ ਕਹਾਣੀਆਂ ਲੱਭਣਾ.. ਉਹਨਾਂ ’ਤੇ ਹੱਥ ਫੇਰਨ ਦੇ ਨਾਲ ਨਾਲ ਉਹਨਾਂ ਨੂੰ ਟਾਈਪ ਕਰ ਕਰ ਕੇ ਅਖ਼ਬਾਰਾਂ ਰਸਾਲਿਆਂ ਤੀਕ ਪੁਜਾਣ ਦਾ ਜ਼ਿੰਮਾਂ ਅਣਕਿਹਾ ਅਤੇ ਅਣ-ਐਲਾਨਿਆ ਹੀ ਉਹਨਾਂ ਨਾਲ ਜੁੜ ਗਿਆ।
ਇਸ ਪੜਾਅ ਤੇ ਉਹਨਾਂ ਦੀ ਰੁਚੀ ਖਾਸ ਤੌਰ ’ਤੇ ਪੰਜਾਬੀ ਟਾਇਪਿੰਗ, ਕੀਅ-ਬੋਰਡ ਲੇਅ ਆਊਟ, ਅਤੇ ਪੰਜਾਬੀ ਫੌਂਟਾ ਦੇ ਮਸਲਿਆਂ ਵੱਲ ਵਧਣ ਲੱਗੀ, ਤਦ ਤੀਕ ਕਾਫ਼ਲੇ ਵੱਲੋਂ ਪਹਿਲੀ ਵੱਡੀ ਪੰਜਾਬੀ-ਕਾਨਫ਼ਰੰਸ 1998 ਦਾ ਮੌਕਾ ਬਣ ਚੁੱਕਿਆ ਸੀ। ਪੰਨੂੰ ਹੁਰਾਂ ਨੇ ਇਸ ਕਾਨਫਰੰਸ ’ਚ ਪੰਜਾਬੀ ਫੌਂਟਾਂ ਬਾਰੇ ਅਤੇ ਖਾਸ ਤੌਰ ’ਤੇ ਪੰਜਾਬੀ ਲਿੱਪੀ ਦੇ ਕੰਪਿਊਟਰੀਕਰਨ ਬਾਰੇ ਇੱਕ ਸੈਸ਼ਨ ਰਖਵਾਇਆ। ਅਮਰੀਕਾ ਵਿੱਚ ਪ੍ਰੋਫੈਸ਼ਨਲ ਪੱਧਰ ਤੇ ਪੰਜਾਬੀ ਫੌਂਟਾਂ ’ਤੇ ਨਿਸ਼ਕਾਮ ਕੰਮ ਕਰ ਰਹੇ ਕੁਲਬੀਰ ਸਿੰਘ ਥਿੰਦ ਨਾਲ ਪੰਨੂੰ ਹੁਰਾਂ ਦੀ ਨੇੜ੍ਹਤਾ ਨਾਲ ਅਸੀਂ ਥਿੰਦ ਹੁਰਾਂ ਨੂੰ ਇਸ ਕਾਨਫ਼ਰੰਸ ਲਈ ਪੇ੍ਰਰਿਆ, ਬੁਲਾਇਆ ਅਤੇ ਸਨਮਾਨਿਆ। ਪੰਜਾਬੀ ਲਿੱਪੀ ਦੇ ਕੰਪਿਊਟਰੀਕਰਨ ਬਾਰੇ ਪਰਚੇ ਪੜ੍ਹੇ ਗਏ। ਉਸਾਰੂ ਬਹਿਸ ਹੋਈ। ਪੰਨੂੰ ਹੁਰਾਂ ਵੱਲੋਂ ਤਿਆਰ ਕੀਤੀ ਫੌਂਟਾ ਦੀ ਸੀਡੀ ਮੁਫ਼ਤ ਵੰਡੀ ਗਈ।
ਫਿਰ ਪੰਨੂੰ ਹੁਰੀਂ ਕੁਝ ਦੇਰ ਕਿਚਨਰ ਵਾਟਰਲੂ ਅਪਣੇ ਬੇਟੇ ਪਾਸ ਜਾ ਕੇ ਰਹਿਣ ਲੱਗੇ। ਕਾਫ਼ਲੇ ਦੀਆਂ ਮਿਲਣੀਆਂ ’ਚ ਉਹਨਾਂ ਦੀ ਘਾਟ ਅਕਸਰ ਰੜਕਦੀ। ਇੱਕ ਵੇਰ ਉਹ ਵਾਟਰਲੂ ਤੋਂ ਮੀਟਿੰਗ ’ਚ ਸ਼ਮਿਲ ਹੋਣ ਆਏ ਤਾਂ ਉਹਨਾਂ ਦੀ ਦਾੜ੍ਹੀ ਚਿੱਟੀ ਹੋ ਚੁੱਕੀ ਸੀ। ਮੈਂ ਉਹਨਾਂ ਨੂੰ ਕਾਰਨ ਪੱਛਿਆ ਤਾਂ ਉਹਨਾਂ ਹੱਸਦਿਆਂ ਕਿਹਾ, “ਓਥੇ ਦੇ ਪਾਣੀ ਨਾਲ ਦਾੜ੍ਹੀ ਨੂੰ ਰੰਗ ਨਹੀਂ ਚੜ੍ਹਦਾ।” ਉਸ ਤੋਂ ਬਾਅਦ ਉਹ ਚਿੱਟੀ ਦਾੜ੍ਹੀ ਨਾਲ ਹੋਰ ਨਵੇਂ ਗੱਭਰੂ-ਜੁਆਨ ਦਿਸਣ ਲੱਗੇ, ਇਸ ਦਿੱਖ ’ਚ ਉਹਨਾਂ ਦਾ ਕੁਦਰਤੀ ਸੁਹਜ ਅਤੇ ਸਹਿਜ ਹੋਰ ਤੇਜੱਸਵੀ ਹੋ ਉਠਿਆ।
ਪੰਜਾਬੀ ਲਿੱਪੀ ਦੇ ਕੰਪਿਊਟਰੀਕਰਨ ਅਤੇ ਨਵ-ਤਕਨਾਲੋਜੀ ’ਚ ਪੰਜਾਬੀ ਭਾਸ਼ਾ ਦੀ ਸੇਵਾ-ਸੰਭਾਲ ਹੁਣ ਉਹਨਾਂ ਦਾ ਇਸ਼ਕ ਬਣ ਚੁੱਕਿਆ ਹੈ। ਉਹਨਾਂ ਨੇ ਖੁਦ ਨਵੇਂ ਫੌਂਟ ਈਜਾਦ ਕੀਤੇ ਹਨ। ਫੌਂਟਾਂ ਦੀ ਦਿੱਖ ਵਿੱਚ ਕਲਾਤਮਿਕਤਾ ਦੇ ਉਹ ਸ਼ੈਦਾਈ ਹਨ। ਗੁਰਮੁਖੀ ਲਿੱਪੀ ਤੋਂ ਸ਼ਾਹਮੁਖੀ ਲਿੱਪੀ ’ਚ ਬਦਲਣ ਵਾਲੇ ਫੌਂਟ ਕਨਵਰਟਰ ਉਹਨਾਂ ਦੀ ਅਣਥੱਕ ਮਿਹਨਤ, ਲਗਨ ਅਤੇ ਪ੍ਰਤੀਬੱਧਤਾ ਦਾ ਪਰਤੱਖ ਪ੍ਰਮਾਣ ਹਨ। ਫੌਂਟਾਂ ਦੇ ਨਾਲ ਨਾਲ ਉਹਨਾਂ ਨੇ ਆਨ-ਲਾਈਨ ਪੰਜਾਬੀ ਡਿਕਸ਼ਨਰੀ ਤਿਆਰ ਕਰਨ ਦਾ ਵੱਡਾ ਕੰਮ ਵੀ ਕੀਤਾ ਹੈ। ਇਹਨੀਂ ਦਿਨੀਂ ਹੀ ਮੈਂ ਕੁਝ ਕੈਨੇਡੀਅਨ ਪੰਜਾਬੀ ਬੋਲੀਆਂ ਲਿਖੀਆਂ ਜਿਹਨਾਂ ਚੋਂ ਇੱਕ ਪੰਨੂੰ ਹੁਰਾਂ ਨੂੰ ਸਮਰਪਿਤ ਸੀ:
ਓ! ਦੇਸ ਕਨੇਡੇ ਉਂਝ ਬਥੇਰੇ ਪੰਨੂੰ
ਬਈ ਪੰਨੂੰਆਂ ’ਚੋਂ ਇੱਕ ਪੰਨੂੰ...
ਕੰਪਿਊਟਰ ਨਾਲ ਮੁਹੱਬਤ ਜਿਸ ਦੀ
ਪੰਜਾਬੀ ਦਾ ਠੁੱਕ ਬੰਨੂੰ
ਬਈ ਤੈਨੂੰ ਕਿਰਪਾਲ ਸਿੰਹਾਂ
ਦੁਨੀਆ ਇੱਕ ਦਿਨ ਮੰਨੂੰ
ਤੈਨੂੰ ਕਿਰਪਾਲ ਸਿੰਹਾਂ.....!!
ਕੰਪਿਊਟਰੀ-ਇਸ਼ਕ ਦੇ ਨਾਲ ਨਾਲ ਉਹਨਾਂ ਦਾ ਕਾਫ਼ਲੇ ਨਾਲ ਪਿਆਰ ਤੇ ਸਾਹਿਤ ਅਤੇ ਸਾਹਿਤਕਾਰਾਂ ਨਾਲ ਡੂੰਘਾ ਸਤਿਕਾਰ ਭਰਿਆ ਰਿਸ਼ਤਾ ਕਾਇਮ ਹੈ। ਪਿਛਲੇ ਦਹਾਕੇ ਤੋਂ ਲੈ ਕੇ ਹੁਣ ਤੀਕ ਟੋਰਾਂਟੋ ਅਤੇ ਆਸ ਪਾਸ ਦੇ ਲੇਖਕਾਂ ਦੀ ਛਪੀ ਸ਼ਾਇਦ ਹੀ ਕੋਈ ਪੁਸਤਕ ਹੋਵੇ ਜਿਹੜੀ ਪੰਨੂੰ ਹੁਰਾਂ ਦੇ ਰਿਵਿਊ ਤੋਂ ਬਗੈਰ ਪ੍ਰੈਸ ’ਚ ਗਈ ਹੋਵੇ। ਹਰ ਛਪਣ ਜਾ ਰਹੀ ਪੁਸਤਕ ਫੌਂਟ, ਲੇ-ਆਊਟ ਅਤੇ ਪਰੂਫ਼ ਰੀਡਿੰਗ ਦੇ ਪੱਖ ਤੋਂ ਨਿਸਚਿੰਤ ਹੋਣ ਲਈ ਪੰਨੂੰ ਹੁਰਾਂ ਪਾਸ ਇਵੇਂ ਹੀ ਪੁੱਜਦੀ ਹੈ ਜਿਵੇਂ ਵਿਆਹ ਤੋਂ ਪਹਿਲਾਂ ਕੋਈ ਵਿਆਂਦੜ ਕਿਸੇ ਜਠੇਰੇ ਦੇ ਤਕੀਏ ਤੋਂ ਆਸ਼ੀਰਵਾਦ ਲੈਣ ਜਾਵੇ।
ਪੰਨੂੰ ਹੁਰਾਂ ਨੇ ਜਿੱਥੇ ਪੰਜਾਬੀ ਲਿੱਪੀ ਅਤੇ ਭਾਸ਼ਾ ਨੂੰ ਸਮੇਂ ਦੀ ਹਾਣੀ ਤਕਨੋਲੋਜੀ ਦੇ ਹਾਣ ਦਾ ਬਣਾਉਣ ਦਾ ਅਹਿਮ ਕਾਰਜ ਡੂੰਘੇ ਪਿਆਰ ਅਤੇ ਸਤਿਕਾਰ ਨਾਲ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹਨ ਓਥੇ ਉਹਨਾਂ ਟੋਰਾਂਟੋ ਅਤੇ ਆਸ ਪਾਸ ਦੀ ਕਮਿਊਨਿਟੀ ’ਚ ਕੰਪਿਊਟਰ ਦਾ ‘ਗਿਆਨ-ਲੰਗਰ’ ਵੀ ਚਲਾ ਰੱਖਿਆ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਬਕਾਇਦਾ ਕੰਪਿਊਟਰ ਦੀਆਂ ਕਲਾਸਾਂ ਚਲਾ ਰਹੇ ਹਨ ਜਿਹਨਾਂ ’ਚ ਕੰਪਿਊਟਰ ਰਾਹੀਂ ਪੰਜਾਬੀ ਟਾਈਪਿੰਗ ਦੇ ਨਾਲ ਨਾਲ ਬੇਸਿਕ ਕੰਪਿਊਟਰ ਸਕਿਲਜ਼ ਜਗਿਆਸੂਆਂ ਨੂੰ ਮੁਫ਼ਤ ਸਿਖਾਏ ਜਾਦੇ ਹਨ।
ਪੰਨੂੰ ਹੁਰਾਂ ਦੀਆਂ ਇਹਨਾਂ ਸਭ ਸੇਵਾਵਾਂ ਦੀ ਮਹਿਕ ਅੱਜ ਦੁਨੀਆਂ ਦੇ ਹਰ ਉਸ ਖਿੱਤੇ ’ਚ ਹੈ ਜਿੱਥੇ ਪੰਜਾਬੀ ਵਸਦੇ ਹਨ, ਲਿਖਦੇ ਹਨ ਅਤੇ ਛਪਦੇ ਹਨ। ਉਹਨਾਂ ਦੇ 75ਵੇਂ ਜਨਮ ਦਿਨ ’ਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਅਤੇ ਪ੍ਰਸ਼ੰਸਕਾਂ ਵਲੋਂ ਤਿਆਰ ਕੀਤੀ ਜਾ ਰਹੀ ਇਹ ਅਭਿਨੰਦਨ ਪੁਸਤਕ ਉਹਨਾਂ ਨੂੰ ਜਿਵੇਂ ਜ਼ਮਾਨੇ ਵੱਲੋਂ ਦਿੱਤੀ ਜਾ ਰਹੀ ‘ਸ਼ਾਬਾਸ਼’ ਹੈ। ਸ਼ਾਲਾ! ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਇਹ ਅਣਥੱਕ ਕਾਮਾ ਇਵੇਂ ਹੀ ਜਗਦਾ-ਮਘਦਾ ਰਹੇ।
ਜਿਵੇਂ ਦੇਵਿੰਦਰ ਸਤਿਆਰਥੀ ਬਾਰੇ ਮਸ਼ਹੂਰ ਹੈ ਕਿ ਉਸ ਨੂੰ ਜਦ ਦਰਗਾਹੋਂ ’ਵਾਜ ਪਈ ਹੋਵੇਗੀ ਤਾਂ ਧਰਮਰਾਜ ਦੀ ਕਚਿਹਰੀ ਦਾ ਦਰਬਾਨ ਕੂਕਿਆ ਹੋਵੇਗਾ, “ਦੇਵਿੰਦਰ ਸਤਿਆਰਥੀ...ਲੋਕ ਗੀਤਾਂ ਵਾਲਾ...ਹਾਜ਼ਰ ਹੋ...ਓ..ਓ।” ਇਵੇਂ ਹੀ ਜਾਪਦਾ ਹੈ ਕਿ ਜਦ ਕਿਰਪਾਲ ਸਿੰਘ ਪੰਨੂੰ ਨੂੰ ’ਵਾਜ ਪਵੇਗੀ ਤਾਂ ਦਰਬਾਨ ਪੁਕਾਰੇਗਾ, “ਕਿਰਪਾਲ ਪੰਨੂੰ ਫੌਂਟਾ ਵਾਲਾ...ਹਾਜ਼ਰ ਹੋ...ਓ ਓ ਓ।”