ਲੇਖ਼ਕ

Wednesday, 09 May 2018 10:02

ਮੇਰਾ ਪੰਨੂੰ ਅੰਕਲ

Written by
Rate this item
(0 votes)

ਗੱਲ 1999 ਦੀ ਹੈ ਜਦੋਂ ਮੈਂ ਨਵਾਂ-ਨਵਾਂ ਇੰਟਰਨੈੱਟ ਨਾਲ ਜੁੜਿਆ। ਮੇਰੇ ਮਨ ਵਿੱਚ ਫੁਰਨਾ ਫੁਰਿਆ ਕਿ ਕਿਉਂ ਨਾ ਤਰਕਸ਼ੀਲ ਸੁਸਾਇਟੀ ਦੀ ਇੱਕ ਵੈੱਬ ਸਾਈਟ ਬਣਾਈ ਜਾਵੇ। ਹੌਲੀ-ਹੌਲੀ ਅਸੀਂ ਸੁਸਾਇਟੀ ਦੀ ਵੈੱਬ ਸਾਈਟ ਹੋਂਦ ਵਿੱਚ ਲੈ ਆਏ। ਫਿਰ ਸੋਚਿਆ ਕਿ ਇਸ ਵਿੱਚ ਪੰਜਾਬੀ ਲਿੱਪੀ ਵਿੱਚ ਕੁੱਝ ਲੇਖ ਪਾਏ ਜਾਣ ਤਾਂ ਜੋ ਸਾਡੇ ਬਾਹਰ ਰਹਿੰਦੇ ਪੰਜਾਬੀ ਇਨ੍ਹਾਂ ਲੇਖਾਂ ਨੂੰ ਪੜ੍ਹ ਸਕਣ ਅਤੇ ਨਾਲ ਹੀ ਆਪਣੇ ਵਿਚਾਰ ਵੀ ਸਾਂਝੇ ਕਰ ਸਕਣ। ਉਸ ਸਮੇਂ ਅਸੀਂ ਪੰਜਾਬੀ ਦੀ ਸਤਲੁਜ ਫੌਂਟ ਵਿੱਚ ਕੰਮ ਕਰਦੇ ਸੀ। ਉਦੋਂ ਉਸ ਫੌਂਟ ਦੀ ਸਮੱਸਿਆ ਇਹ ਸੀ ਕਿ ਉਸ ਨੂੰ ਇੰਟਰੈਨੱਟ ਉੱਤੇ ਡਾਊਨਲੋਡਿੰਗ ਲਈ ਨਹੀਂ ਸੀ ਪਾਇਆ ਜਾ ਸਕਦਾ। ਇਸ ਸਮੱਸਿਆ ਦੇ ਹੱਲ ਦੇ ਯਤਨਾਂ ਵਜੋਂ ਅਸੀਂ ਸਤਲੁੱਜ ਫੌਂਟ ਨਾਲ ਮਿਲਦੇ ਜੁਲਦੇ ਕੁੱਝ ਫੌਂਟ ਤਿਆਰ ਕਰ ਲਏ ਅਤੇ ਇਨ੍ਹਾਂ ਵਿੱਚ ਆਪਣੇ ਪੰਜਾਬੀ ਦੇ ਟੈਕਸਟ ਨੂੰ ਕਨਵਰਟ ਕਰ ਕੇ ਲੋਕਾਂ ਦੇ ਪੜ੍ਹਨ ਲਈ ਆਪਣੀ ਵੈੱਬ ਸਾਈਟ ਉੱਪਰ ਪਾ ਦਿੱਤਾ। ਸਮੇਂ-ਸਮੇਂ ਅਸੀਂ ਇਸ ਵੈੱਬ ਸਾਈਟ ਨੂੰ ਅੱਪਡੇਟ ਕਰਦੇ ਰਹਿੰਦੇ। ਬਹੁਤ ਲੋਕਾਂ ਦਾ ਹੁੰਘਾਰਾ ਮਿਲਣ ਲੱਗਿਆ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਵਿਦੇਸ਼ੀਂ ਰਹਿੰਦੇ ਬਹੁਤ ਸਾਰੇ ਲੋਕਾਂ ਨੇ ਤਰਕਸ਼ੀਲ ਸੁਸਾਇਟੀ ਬਾਬਤ ਜਾਣਿਆ।

ਇੱਕ ਦਿਨ ਕਿਰਪਾਲ ਸਿੰਘ ਪੰਨੂੰ ਜੀ ਨਾਂ ਦੇ ਇੱਕ ਵਿਅਕਤੀ ਦੀ ਉਲਾਂਭੇ ਭਰੀ ਈਮੇਲ ਆਈ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੈਂ ਤਾਂ ਤੁਹਾਨੂੰ ਸਿਆਣੇ ਲੋਕ ਸਮਝਦਾਂ ਹਾਂ, ਤੁਸੀਂ ਆਹ ਕੀ ਕਰੀ ਜਾਂਦੇ ਹੋ? ਉਨ੍ਹਾਂ ਦਾ ਇਸ਼ਾਰਾ ਮੇਰੇ ਦੁਆਰਾ ਬਣਾ ਕੇ ਵੈੱਬ ਸਾਈਟ ਤੇ ਪਾਏ ਗਏ ਨਵੇਂ ਫੌਂਟਾ ਬਾਰੇ ਸੀ। ਪੰਨੂੰ ਜੀ ਦਾ ਕਹਿਣਾ ਸੀ ਕਿ ਜਦੋਂ ਪੰਜਾਬੀ ਦੇ ਪਹਿਲਾਂ ਹੀ ਸੈਂਕੜੇ ਫੌਂਟ ਉਪਲੱਭਧ ਹਨ ਤਾਂ ਨਵੇਂ ਫੌਂਟਾਂ ਦਾ ਆਉਣਾ ਪੰਜਾਬੀ ਭਾਸ਼ਾ ਦੇ ਕੰਪਿਊਟਰ ’ਤੇ ਵਿਸਥਾਰ ਵਿੱਚ ਅੜਿੱਕਾ ਹੀ ਪੈਦਾ ਕਰੇਗਾ। ਮੈਨੂੰ ਉਹਨਾਂ ਦੀ ਗੱਲ ਵਾਜਬ ਲੱਗੀ। ਤੇ ਇਸ ਢੰਗ ਨਾਲ ਸਾਡਾ ਆਪਸ ਵਿੱਚ ਈਮੇਲਾਂ ਦਾ ਅਦਾਨ ਪ੍ਰਦਾਨ ਸ਼ੁਰੂ ਹੋ ਗਿਆ।

ਮੈਂ ਉਹਨਾਂ ਦਿਨਾਂ ਵਿੱਚ ਨਵਾਂ-ਨਵਾਂ ਬਾਹਰਲੇ ਅਖ਼ਬਾਰਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ। ਹਰ ਅਖ਼ਬਾਰ ਇੱਕ ਵੱਖਰੇ ਤਰ੍ਹਾਂ ਦੇ ਫੌਂਟ ਵਿੱਚ ਛਪਦਾ ਹੁੰਦਾ ਸੀ ਜੋ ਵਿਅਕਤੀ ਕੰਪਿਊਟਰ ਦੇ ਜਾਣਕਾਰ ਹਨ ਅਤੇ ਪੰਜਾਬੀ ਭਾਸ਼ਾ ਦੀ ਟਾਈਪਿੰਗ ਕੰਪਿਊਟਰ ਰਾਹੀਂ ਕਰਦੇ ਹਨ ਉਹ ਸਮਝ ਸਕਦੇ ਹਨ ਕਿ ਵੱਖ-ਵੱਖ ਪੰਜਾਬੀ ਫੌਂਟਾਂ ਨਾਲ ਕੰਪਿਊਟਰ ਦੇ ਕੀਬੋਰਡ ਰਾਹੀਂ ਵੱਖ-ਵੱਖ ਅੱਖਰ ਪੈਂਦੇ ਹਨ। ਸਾਨੂੰ ਵੀ ਆਪਣੇ ਗਾਹਕਾਂ ਦੀ ਲੋੜ ਮੁਤਾਬਿਕ ਵੱਖ-ਵੱਖ ਫੌਂਟਾਂ ਵਿੱਚ ਟਾਈਪ ਕਰਵਾਉਣਾ ਪੈਂਦਾ ਜਿਸ ਨਾਲ ਕਾਫ਼ੀ ਦਿੱਕਤ ਆਉਂਦੀ ਸੀ। ਮੇਰੇ ਟਾਈਪਿਸਟਾਂ ਨੂੰ ਵੱਖ-ਵੱਖ ਫੌਂਟਾਂ ਦੀਆਂ ਲੇਅਊਟਸ ਯਾਦ ਰੱਖਣ ਵਿੱਚ ਕਾਫ਼ੀ ਔਖ ਆ ਰਹੀ ਸੀ। ਕਿਰਪਾਲ ਸਿੰਘ ਪੰਨੂੰ ਜੀ ਨਾਲ ਜਦੋਂ ਮੈਂ ਇਸ ਦਿੱਕਤ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੇਰੀ ਇਸ ਸਮੱਸਿਆ ਦਾ ਹੱਲ ਕਰ ਦੇਣਗੇ। ਮੈਂ ਉਸ ਸਮੇਂ ਇਹ ਸੁਣ ਕੇ ਬਹੁਤ ਹੈਰਾਨ ਸੀ ਕਿ ਪੰਨੂੰ ਜੀ ਮੇਰੀ ਇਸ ਸਮੱਸਿਆ ਨੂੰ ਕਿਵੇਂ ਸਲਝਾਉਣਗੇ?

ਕੁਝ ਮਹੀਨਿਆਂ ਬਾਅਦ ਪੰਨੂੰ ਅੰਕਲ ਆਪਣੀ ਪੰਜਾਬ ਫੇਰੀ ਮੌਕੇ ਮੈਨੂੰ ਮਿਲਣ ਬਰਨਾਲੇ ਆਏ ਤੇ ਉਨ੍ਹਾਂ ਮੈਨੂੰ ਪੰਜਾਬੀ ਦਾ ਪਹਿਲਾ ਫੌਂਟ ਕਨਵਰਟਰ ਦਿੱਤਾ। ਜਿਸ ਨੇ ਸਾਡਾ ਸਾਰਾ ਕੰਮ ਹੀ ਅਸਾਨ ਕਰ ਦਿੱਤਾ। ਹੁਣ ਸਾਨੂੰ ਵੱਖ-ਵੱਖ ਫੌਂਟਾਂ ਵਿੱਚ ਟਾਈਪ ਕਰਵਾਉਣ ਦੀ ਲੋੜ ਨਾ ਰਹੀ। ਇੱਕ ਹੀ ਫੌਂਟ ਵਿੱਚ ਟਾਈਪ ਕਰਦੇ ਅਤੇ ਜਿਹੜੇ ਫੌਂਟ ਵਿੱਚ ਅਖ਼ਬਾਰ ਚਾਹੁੰਦੇ ਉਹਦੇ ਵਿੱਚ ਕਨਵਰਟ ਕਰ ਕੇ ਭੇਜ ਦਿੰਦੇ। ਪੰਨੂੰ ਅੰਕਲ ਨੂੰ ਮੈਂ ਕਿਹਾ ਕਿ ਤੁਸੀਂ ਮੇਰਾ ਕੰਮ ਬਹੁਤ ਅਸਾਨ ਕਰ ਦਿੱਤਾ ਹੈ। ਤੁਸੀਂ ਦੱਸੋ ਮੈਂ ਤੁਹਾਨੂੰ ਕੀ ਮੇਹਨਤਾਨਾ ਦੇਵਾਂ ਤਾਂ ਉਨ੍ਹਾਂ ਕਿਹਾ ਕਿ ਉਹ ਇਹ ਸਾਰਾ ਕੰਮ ਸੇਵਾ ਦੇ ਤੌਰ ਤੇ ਕਰਦੇ ਹਨ। ਮੈਨੂੰ ਬੜੀ ਖੁਸ਼ੀ ਹੋਈ ਕਿ ਅੰਕਲ ਇਸ ਉਮਰ ਵਿੱਚ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਿੰਨਾ ਕੁਝ ਕਰੀ ਜਾਂਦੇ ਹਨ ਤੇ ਉਹ ਵੀ ਬਿਨਾਂ ਕਿਸੇ ਲਾਲਚ ਤੋਂ। ਦੂਜੇ ਪਾਸੇ ਮੈਨੂੰ ਹੁਣ ਇਹ ਵੀ ਪਤਾ ਚੱਲਿਆ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਕੁਝ ਪ੍ਰੋਫੈਸਰ ਵੀ ਪੰਜਾਬੀ ਭਾਸ਼ਾ ਦੇ ਅਜਿਹੇ ਪ੍ਰੋਗਰਾਮ ਬਣਾਉਣ ਵਿੱਚ ਲੱਗੇ ਹੋਏ ਹਨ। ਮੈਂ ਆਪਣੇ ਕੁੱਝ ਮਿੱਤਰਾਂ ਰਾਹੀਂ ਉਸ ਪ੍ਰੋਗਰਾਮ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਹ ਪੈਂਤੀ ਹਜ਼ਾਰ ਤੋਂ ਘੱਟ ਨਹੀਂ ਮਿਲ ਸਕਦਾ। ਮੈਂ ਸੋਚਦਾ ਹਾਂ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਨਾਂ ਤੇ ਬਣੀਆਂ ਯੂਨੀਵਰਸਟੀਆਂ ਵੱਲੋਂ ਪੰਨੂੰ ਜਿਹੇ ਲੋਕਾਂ ਨੂੰ ਬਣਦਾ ਮਾਣ ਸਨਮਾਨ ਕਿਓਂ ਨਹੀਂ ਦਿੱਤਾ ਜਾ ਰਿਹਾ।

ਖ਼ੈਰ, ਅਜਿਹੇ ਢਾਂਚੇ ਤੋਂ ਅਜਿਹੇ ਦੀ ਹੀ ਆਸ ਕੀਤੀ ਜਾ ਸਕਦੀ ਹੈ। ਮੁੜ ਪਹਿਲੀ ਗੱਲ ਤੇ ਆਉਂਦਾ ਹਾਂ। ਪੰਨੂੰ ਹੁਰਾਂ ਨਾਲ ਹੁਣ ਮੈਂ ਵਿਚਾਰ ਵਟਾਂਦਰਾ ਕਰਦਾ ਰਹਿੰਦਾ। ਉਹਨਾਂ ਦਾ ਹਮੇਸ਼ਾ ਮੰਨਣਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਕੰਪਿਊਟਰ ’ਤੇ ਤਦ ਹੀ ਸੰਭਵ ਹੈ ਜਦ ਅੰਗਰੇਜੀ ਵਾਂਗੂ ਇੱਕ ਹੀ ਕੀਅ ਦਬਾਉਣਾ ਨਾਲ ਸਾਰੇ ਫੌਂਟਾਂ ਵਿੱਚ ਇੱਕ ਪ੍ਰਕਾਰ ਦੇ ਅੱਖਰ ਪੈਣ, ਮੈਂ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਹਾਂ। ਪਰ ਉਹ ਕਹਿੰਦੇ ਹਨ ਕਿ ਫੋਨੈਟਿਕ ਟਾਈਪ ਫੌਂਟ ਸਟਾਈਲ ਹੀ ਵਧੀਆ ਤੇ ਸਹੀ ਹਨ, ਮੈਂ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਪੰਜਾਬ ਦੇ ਸਾਰੇ ਦਫ਼ਤਰਾਂ ਵਿੱਚ ਲੋਕ ਟਾਈਪ ਮਸ਼ੀਨਾਂ ਤੋਂ ਕੰਮ ਕਰਦੇ-ਕਰਦੇ ਹੀ ਕੰਪਿਊਟਰਾਂ ਤੇ ਟਾਈਪ ਕਰਨ ਲੱਗੇ ਹਨ, ਜਿਸ ਕਰਕੇ ਬਹੁਤਿਆਂ ਨੂੰ ਏਧਰ ਰਮਿੰਗਟਨ ਟਾਈਪਿੰਗ ਹੀ ਆਉਂਦੀ ਹੈ ਤੇ ਇਸ ਕਰਕੇ ਪੰਜਾਬ ਵਿੱਚ ਉਹਦੇ ਨਾਲ ਮਿਲਦੇ ਜੁਲਦੇ ਫੌਂਟ ਹੀ ਵਧੇਰੇ ਪ੍ਰਚੱਲਤ ਹਨ। ਵਿਦੇਸ਼ੀਂ ਰਹਿੰਦੇ ਬਹੁਤੇ ਲੇਖਕ ਸਿੱਧੇ ਕੰਪਿਊਟਰ ’ਤੇ ਹੀ ਟਾਈਪ ਕਰਨੀ ਸਿੱਖੇ ਹਨ। ਫਿਰ ਵੀ ਪੰਨੂੰ ਅੰਕਲ ਜਿਹੇ ਕੁਝ ਉਦਮੀ ਲੋਕਾਂ ਨੇ ਇਸ ਪਾੜੇ ਨੂੰ ਘੱਟ ਕਰਨ ਦੇ ਯਤਨ ਜ਼ਰੂਰ ਕੀਤੇ ਹਨ।

ਅੰਕਲ ਨਾਲ ਮਿਲਣ ਦਾ ਸਿਲਸਲਾ ਹੁਣ ਲਗਾਤਾਰ ਚਲਦਾ ਰਹਿੰਦਾ। ਉਹ ਜਦੋਂ ਵੀ ਭਾਰਤ ਆਉਂਦੇ ਤਾਂ ਮੇਰੇ ਕੋਲ ਬਰਨਾਲੇ ਜਰੂਰ ਆ ਕੇ ਜਾਂਦੇ, ਮੈਂ ਉਨ੍ਹਾਂ ਨੂੰ ਖੁਸ਼ੀ-ਖੁਸ਼ੀ ਜੀ ਆਇਆਂ ਕਹਿੰਦਾ। ਉਹ ਆਉਂਦੇ ਹੀ ਮੈਨੂੰ ਪਹਿਲਾਂ ਪੁੱਛਦੇ ਨੇ ਕਿ ਆਏਂ ਦੱਸ ਕਿ ਤੈਨੂੰ ਕੋਈ ਕੰਪਿਊਟਰ ਤੇ ਕੰਮ ਕਰਿਦਆਂ ਕਿਸੇ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ? ਮੈਂ ਉਹਨਾਂ ਨੂੰ ਸਮੱਸਿਆਵਾਂ ਦੱਸਦਾ ਗਿਆ ਤੇ ਉਹ ਉਹਨਾਂ ਦਾ ਹੱਲ ਕਰਦੇ ਗਏ।

ਇੱਕ ਦਿਨ ਮੈਂ ਉਹਨਾਂ ਦੇ ਅੱਗੇ ਸੁਝਾਅ ਰੱਖਿਆ ਕਿ ਅੰਕਲ ਅਸੀਂ ਤਰਕਭਾਰਤੀ ਪ੍ਰਕਾਸ਼ਨ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਕਿਤਾਬਾਂ ਕੱਢੀਆਂ ਨੇ ਜੋ ਕਿ ਪਾਕਿਸਤਾਨ ਵਸਦੇ ਪੰਜਾਬੀ ਲੋਕ ਜੇ ਪੜ੍ਹ ਲੈਣ ਤਾਂ ਉੱਥੇ ਫਾਸ਼ੀਵਾਦ ਨੂੰ ਕੁੱਝ ਠੱਲ ਪੈ ਸਕਦੀ ਹੈ। ਉਹਨਾਂ ਤੁਰੰਤ ਮੇਰੀ ਗੱਲ ਦਾ ਹੁੰਘਾਰਾ ਭਰਿਆ ਤੇ ਕਿਹਾ ਕਿ ਤੂੰ ਕੁੱਝ ਕਿਤਾਬਾਂ ਮੈਨੂੰ ਭੇਜ ਦੇ ਮੈਂ ਉਹ ‘ਸ਼ਾਹਮੁਖੀ’ ਵਿੱਚ ਤਬਦੀਲ ਕਰ ਕੇ ਤੈਨੂੰ ਭੇਜ ਦੇਵਾਂਗਾ। ਤੂੰ ਯੂਨੀਕੋਡ ਜਾਂ ਪੀਡੀਐਫ਼ ਬਣਾ ਕੇ ਆਪਣੀ ਵੈੱਬ ਸਾਈਟ ’ਤੇ ਪਾ ਦੇਵੀਂ। ਉਹਨਾਂ ਦੀ ਸਹਾਇਤਾ ਨਾਲ ਮੈਂ ਤਰਕਸ਼ੀਲ ਲਹਿਰ ਦੀ ਪੱਚੀਂਵੀਂ ਵਰ੍ਹੇ ਗੰਢ ਮੌਕੇ 25 ਕਿਤਾਬਾਂ ਸ਼ਾਹਮੁਖੀ ਵਿੱਚ ਤਬਦੀਲ ਕਰ ਕੇ ਆਨਲਾਈਲ ਕਰ ਦਿੱਤੀਆਂ। ਜੋ ਹੁਣ ਵੀ ਸ਼ਾਹਮੁਖੀ ਵਿੱਚ ‘ਤਰਕਸ਼ੀਲ ਡਾਟ ਕੌਮ’ ਤੇ ਮੁਫਤ ਵਿੱਚ ਪੜ੍ਹੀਆਂ ਜਾ ਸਕਦੀਆ ਹਨ। ਮੈਨੂੰ ਕੁਝ ਮਹੀਨਿਆਂ ਬਾਅਦ ਹੀ ਪਤਾ ਚੱਲਿਆ ਕਿ ਪਾਕਿਸਤਾਨ ਸਰਾਕਰ ਨੇ ‘ਤਰਕਸ਼ੀਲ ਡਾਟ ਕੌਮ’ ਬੈਨ ਵੈਬ ਸਾਇਟਾਂ ਦੀ ਸੂਚੀ ਵਿੱਚ ਪਾ ਦਿੱਤੀ ਹੈ! ਹੁਣ ਉਹ ਸ਼ਾਇਦ ਪਾਕਿਸਤਾਨ ਵਿੱਚ ਨਹੀਂ ਖੁੱਲ੍ਹਦੀ।

ਮੇਰੀ ਅੰਕਲ ਨਾਲ ਦੋਸਤੀ ਦਾ ਇਹ ਸਿਲਸਲਾ ਲਗਾਤਾਰ ਚੱਲ ਰਿਹਾ ਹੈ। ਮੇਰੀ ਬੇਨਤੀ ’ਤੇ ਹੀ ਉਨ੍ਹਾਂ ਪੰਜਾਬੀ ਵਿੱਚ ਕੰਪਿਊਟਰ ਨਾਲ ਸੰਬੰਧਿਤ 2009 ਵਿੱਚ ਆਪਣੀ ਪਹਿਲੀ ਕਿਤਾਬ ‘ਆਓ ਕੰਪਿਊਟਰ ਸਿੱਖੀਏ’ ਲਿਖੀ ਜਿਸ ਨੂੰ ਅਸੀਂ ਤਰਕਭਾਰਤੀ ਪ੍ਰਕਾਸ਼ਨ ਵੱਲੋਂ ਛਾਪਿਆ। ਇਹ ਕਿਤਾਬ ਪਾਠਕਾਂ ਨੇ ਬਹੁਤ ਪਸੰਦ ਕੀਤੀ, ਇਸ ਦਾ ਦੋ ਸਾਲਾਂ ਵਿੱਚ ਹੀ ਤੀਸਰਾ ਐਡੀਸ਼ਨ ਜਲਦੀ ਹੀ ਛਪ ਕੇ ਆ ਰਿਹਾ ਹੈ।

ਮੈਂ ਪੰਨੂੰ ਅੰਕਲ ਦੇ ਸਾਰੇ ਵਿਲੱਖਣ ਕਾਰਜਾਂ ਨੂੰ ਪਰਨਾਮ ਕਰਦਾ ਹੋਇਆ, ਉਨ੍ਹਾਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦਾ ਹਾਂ।

Read 5292 times Last modified on Thursday, 10 May 2018 01:04