You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਸੀਨੀਅਰਾਂ ਨੂੰ ਕੰਪਿਊਟਰ ਦੇ ਲੜ ਲਾਉਣ ਵਾਲ਼ੇ ਸਰਦਾਰ ਪੰਨੂੰ

ਲੇਖ਼ਕ

Wednesday, 09 May 2018 10:03

ਸੀਨੀਅਰਾਂ ਨੂੰ ਕੰਪਿਊਟਰ ਦੇ ਲੜ ਲਾਉਣ ਵਾਲ਼ੇ ਸਰਦਾਰ ਪੰਨੂੰ

Written by
Rate this item
(0 votes)

ਕੰਪਿਊਟਰ ਸਾਡੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਅੰਗ ਬਣ ਗਿਆ ਹੈ। ਇਸ ਦੀ ਵਰਤੋਂ ਤੋਂ ਬਿਨਾਂ ਕਿਸੇ ਵੀ ਕੰਮ ਨੂੰ ਸੁਚੱਜੇ ਢੰਗ ਨਾਲ਼ ਨੇਪਰੇ ਚਾੜ੍ਹਨਾ ਬਹੁਤ ਹੀ ਮੁਸ਼ਕਿਲ ਹੈ। ਇਸ ਲਈ ਹਰ ਬੰਦੇ ਨੂੰ ਕੰਪਿਊਟਰ ਆਉਣਾ ਲਾਜ਼ਮੀ ਹੋ ਗਿਆ ਹੈ। ਅਜੋਕੀ ਪੀੜ੍ਹੀ ਤਾਂ ਇਸ ਚਮਤਕਾਰੀ ਮਸ਼ੀਨ ਦੀ ਵਰਤੋਂ ਤੋਂ ਭਲੀ ਭਾਂਤ ਜਾਣੂ ਹੈ ਪਰੰਤੂ ਸੀਨੀਅਰ (ਬਜ਼ੁਰਗ) ਇਸ ਮਸ਼ੀਨ ਦੇ ਕੰਮ ਅਤੇ ਵਰਤੋਂ ਤੋਂ ਅਣਜਾਣ ਹਨ ਕਿਉਂਕਿ ਉਨ੍ਹਾਂ ਵੇਲ਼ੇ ਕੰਪਿਊਟਰ ਆਮ ਨਹੀਂ ਸਨ ਹੁੰਦੇ। ਉਨ੍ਹਾਂ ਨੂੰ ਕੰਪਿਊਟਰ ਸਿੱਖਣ ਅਤੇ ਇਸ ਅਨੋਖੀ ਮਸ਼ੀਨ ਉੱਤੇ ਕੰਮ ਕਰਨ ਦਾ ਮੌਕਾ ਨਹੀਂ ਮਿਲ਼ਿਆ। ਉਹ ਤਾਂ ਅੱਜ ਵੀ ਇਸ ਨੂੰ ਹੱਥ ਲਾਉਣ ਤੋਂ ਡਰਦੇ ਹਨ ਕਿ ਕਿਤੇ ਇਹ ਖਰਾਬ ਹੀ ਨਾ ਹੋ ਜਾਵੇ।

ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਸੀਨੀਅਰ ਆਪਣੇ ਟੱਬਰਾਂ ਨਾਲ਼ ਕੈਨੇਡਾ ਵਿੱਚ ਆ ਵਸੇ ਹਨ। ਇੱਥੇ ਹਾਲਾਤ ਅਜਿਹੇ ਹਨ ਕਿ ਪੜ੍ਹੇ ਲਿਖੇ ਹੋਣ ’ਤੇ ਵੀ, ਕੰਪਿਊਟਰ ਦੀ ਵਰਤੋਂ ਨਾ ਆਉਣ ਕਾਰਨ, ਉਨ੍ਹਾਂ ਨੂੰ ਚੰਗਾ ਕੰਮ ਮਿਲਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਮੇਰੇ ਨਾਲ਼ ਵੀ ਕੁਝ ਅਜਿਹਾ ਹੀ ਵਾਪਰਿਆ ਸੀ। ਇੱਥੇ ਆ ਕੇ ਹੀ ਮੈਨੂੰ ਪਤਾ ਲੱਗਿਆ ਸੀ ਕਿ ਕੰਪਿਊਟਰ ਦੀ ਟਰੇਨਿੰਗ ਤੋਂ ਬਿਨਾਂ ਪੜ੍ਹਾਈ ਲਿਖਾਈ ਵਾਲ਼ਾ ਕੰਮ ਨਹੀਂ ਮਿਲ਼ ਸਕਦਾ, ਫੈਕਟਰੀਆਂ ਵਿੱਚ ਲੇਬਰ ਦਾ ਕੰਮ ਭਾਵੇਂ ਮਿਲ਼ ਜਾਵੇ ਜੋ ਆਮ ਤੌਰ ਤੇ ਸੀਨੀਅਰਾਂ ਦੇ ਵੱਸ ਦਾ ਨਹੀਂ ਹੁੰਦਾ। ਇਹ ਵੀ ਸੱਚ ਹੈ ਕਿ ਇੱਥੇ ਕੁਝ ਵੀ ਮੁਫ਼ਤ ਨਹੀਂ ਮਿਲ਼ਦਾ। ਇਸ ਲਈ ਕੰਪਿਊਟਰ ਦੀ ਸਿਖਲਾਈ ਲਈ ਵੀ ਪੈਸੇ ਚਾਹੀਦੇ ਹਨ ਜੋ ਆਮ ਸੀਨੀਅਰਾਂ ਕੋਲ਼ ਨਹੀਂ ਹੁੰਦੇ। ਇਸ ਲਈ ਚਾਹੁੰਦੇ ਹੋਏ ਵੀ ਉਹ ਕੰਪਿਊਟਰ ਸਿੱਖਣ ਤੋਂ ਰਹਿ ਜਾਂਦੇ ਹਨ। ਪੈਸੇ ਦੀ ਥੁੜ ਕਾਰਨ ਮੈਂ ਵੀ ਇੱਥੇ ਆ ਕੇ ਕੰਪਿਊਟਰ ਨਹੀਂ ਸੀ ਸਿੱਖ ਸਕਿਆ।

ਸਾਲ 2008 ਦੀਆਂ ਗਰਮੀਆਂ ਦੀ ਗੱਲ ਹੈ ਕਿ ਮੈਨੂੰ ਮੇਰੇ ਮਿੱਤਰ ਸ. ਅਮਰਜੀਤ ਸਿੰਘ ਕਲੇਰ ਨੇ ਦੱਸਿਆ ਕਿ ਆਈਨੈੱਟ ਕੰਪਿਊਟਰ ਵਾਲ਼ਿਆਂ ਨੇ ਆਪਣੇ ਸਟੋਰ ਵਿੱਚ ਕੰਪਿਊਟਰ ਸਿੱਖਿਆ ਕੇਂਦਰ ਵਿੱਚ ਸੀਨੀਅਰਾਂ ਲਈ ਕੰਪਿਊਟਰ ਦੀ ਦੋ ਮਹੀਨੇ ਦੀ ਮੁਢਲੀ ਸਿੱਖਿਆ ਦੇਣ ਦਾ ਪਰਬੰਧ ਕੀਤਾ ਹੈ ਜਿੱਥੇ ਸ. ਕਿਰਪਾਲ ਸਿੰਘ ਪੰਨੂੰ ਇਹ ਟਰੇਨਿੰਗ ਮੁਫਤ ਦੇਣਗੇ। ਅੰਨ੍ਹਾਂ ਕੀ ਭਾਲ਼ੇ ਦੋ ਅੱਖਾਂ! ਮੈਂ ਝੱਟ ਆਪਣੇ ਮਿੱਤਰਾਂ ਸ. ਬਾਠ ਅਤੇ ਸ. ਕੁਲਵੰਤ ਸਿੰਘ ਨਾਲ਼ ਮਿਲ਼ ਕੇ ਆਪਣੇ ਨਾਂ ਲਿਖਵਾ ਦਿੱਤੇ। ਹੋਰ ਵੀ 20-22 ਸੀਨੀਅਰਾਂ ਨੇ ਆਪਣੇ ਨਾਂ ਲਿਖਵਾ ਰੱਖੇ ਸਨ। ਇਹ ਦੋ ਮਹੀਨੇ ਦਾ ਕੋਰਸ ਇਸੇ ਸਾਲ ਤੋਂ ਸ਼਼ੁਰੂ ਕੀਤਾ ਜਾ ਰਿਹਾ ਸੀ। ਕੇਂਦਰ ਵਿੱਚ 12-13 ਕੰਪਿਊਟਰ ਸਨ ਇਸ ਲਈ ਸਾਰੇ ਸਿਖਿਆਰਥੀਆਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਹਰ ਇੱਕ ਨੂੰ ਇੱਕ-ਇੱਕ ਕੰਪਿਊਟਰ ਅਲਾਟ ਕਰ ਦਿੱਤਾ। ਹਫ਼ਤੇ ਵਿੱਚ ਦੋ ਦਿਨ ਸੋਮਵਾਰ ਅਤੇ ਬੁੱਧਵਾਰ ਨੂੰ ਦੋ-ਦੋ ਘੰਟੇ ਦੀਆਂ ਕਲਾਸਾਂ ਲਾਉਣ ਦਾ ਪਰੋਗਰਾਮ ਉਲੀਕਿਆ ਗਿਆ। ਇਸ ਕੋਰਸ ਦੀ ਵਿਸ਼ੇਸ਼ਤਾ ਇਹ ਸੀ ਕਿ ਸਾਰੀ ਸਿਖਲਾਈ ਪੰਜਾਬੀ ਵਿੱਚ ਕੀਤੀ ਜਾਂਦੀ ਸੀ। ਜਿਸ ਨਾਲ਼ ਥੋੜ੍ਹੇ ਬਹੁਤ ਪੜ੍ਹੇ ਹੋਏ ਸੀਨੀਅਰ ਵੀ ਕੰਪਿਊਟਰ ਆਸਾਨੀ ਨਾਲ਼ ਸਿੱਖ ਸਕਣ।

ਕਲਾਸ ਦੇ ਪਹਿਲੇ ਦਿਨ ਹੀ ਸ. ਕਿਰਪਾਲ ਸਿੰਘ ਪੰਨੂੰ ਦੀ ਬਹੁ-ਪੱਖੀ ਸ਼ਖਸੀਅਤ, ਸ਼ਾਂਤ ਪਰ ਨਿੱਘਾ ਸੁਭਾਅ ਅਤੇ ਮਿੱਠੀ ਬੋਲ ਬਾਣੀ ਦਾ ਸਾਡੇ ਉੱਤੇ ਬਹੁਤ ਵਧੀਆ ਪਰਭਾਵ ਪਿਆ। ਉਨ੍ਹਾਂ ਨੇ ਪਹਿਲਾਂ ਆਪਣੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਫਿਰ ਸਿਖਿਆਰਥੀਆਂ ਦੇ ਪਿਛੋਕੜ ਬਾਰੇ ਜਾਣਿਆ। ਉਨ੍ਹਾਂ ਨੇ ਇਸ ਕੋਰਸ ਦਾ ਮਨੋਰਥ ਦੱਸਿਆ ਕਿ ਇਹ ਟਰੇਨਿੰਗ ਇਸ ਤਰੀਕੇ ਨਾਲ਼ ਉਲੀਕੀ ਗਈ ਹੈ ਕਿ ਇਸ ਮੁਢਲੀ ਟਰੇਨਿੰਗ ਤੋਂ ਪਿੱਛੋਂ ਹਰ ਕੋਈ ਆਪਣੇ ਘਰ ਆਪ ਕੰਪਿਊਟਰ ਵਿੱਚ ਛੁਪੇ ਗਿਆਨ ਵਿਗਿਆਨ ਅਤੇ ਮਨੋਰੰਜਨ ਦੇ ਭੰਡਾਰ ਨੂੰ ਆਸਾਨੀ ਨਾਲ਼ ਖੋਜ ਸਕੇ ਅਤੇ ਆਪਣੇ ਸ਼ੌਕ ਮੁਤਾਬਿਕ ਉਸ ਨੂੰ ਪੜ੍ਹ ਕੇ ਵੱਧ ਤੋਂ ਵੱਧ ਲਾਹਾ ਲੈ ਸਕੇ।

ਉਨ੍ਹਾਂ ਨੇ ਬਹੁਤ ਦਿਲਚਸਪ ਤਰੀਕੇ ਨਾਲ਼ ਕੰਪਿਊਟਰ ਬਾਰੇ ਵਿਸਥਾਰ ਨਾਲ਼ ਦੱਸਿਆ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਵਰਤੋਂਕਾਰ ਇਸ ਤੋਂ ਕਿਵੇਂ ਕੰਮ ਲੈ ਸਕਦਾ ਹੈ। ਸਭ ਤੋਂ ਪਹਿਲਾਂ ਕੰਪਿਊਟਰ ਨੂੰ ਚਲਾਉਣਾ ਅਤੇ ਬੰਦ ਕਰਨਾ ਸਿਖਾਇਆ। ਇਸ ਕੋਰਸ ਦੇ ਮਨੋਰਥ ਨੂੰ ਪੂਰਾ ਕਰਨ ਲਈ ਅਗਲੀਆਂ ਕਲਾਸਾਂ ’ਚ ਜਿਨ੍ਹਾਂ ਵਿਸ਼ਿਆਂ ’ਤੇ ਪੜ੍ਹਾਇਆ ਅਤੇ ਪਰੈਕਟੀਕਲ ਕਰਵਾਏ, ਉਹ ਇਸ ਤਰ੍ਹਾਂ ਹਨ:

ਟਾਈਪ ਕਰਨ ਦੀ ਵਿਧੀ ਅਤੇ ਅਭਿਆਸ, ਫਾਈਲ ਅਤੇ ਫੋਲਡਰ ਬਣਾਉਣੇ ਅਤੇ ਸੇਵ ਕਰਨੇ, ਟਾਈਪ ਕੀਤੇ ਕੰਮ ਦੀ ਸੁਧਾਈ ਕਰਨੀ, ਟੇਬਲ ਬਣਾਉਣਾ, ਮੈਕਰੋਜ਼ ਅਤੇ ਟੈੰਪਲੇ ਬਣਾਉਣੀ, ਕੰਪਿਊਟਰ ਨੂੰ ਤਿੱਖਾ ਕਰਨਾ, ਫੌਂਟਾਂ ਦਾ ਆਦਾਨ ਪਰਦਾਨ ਕਰਨਾ, ਇੰਟਰਨੈੱਟ ਖੋਹਲਣਾ ਬੰਦ ਕਰਨਾ, ਅਖਬਾਰ ਪੜ੍ਹਨੇ ਅਤੇ ਕਿਸੇ ਲੇਖ ਨੂੰ ਕਾਪੀ ਕਰ ਕੇ ਆਪਣੀ ਫਾਈਲ ਵਿੱਚ ਪਾਉਣਾ, ਯੂ.ਐੱਸ.ਬੀ. (ਯੂਨੀਵਰਸਲ ਸੀਰੀਅਲ ਬਸ ਸਰਵਿਸ) ਬਾਰੇ ਜਾਣਕਾਰੀ ਅਤੇ ਇਸ ਦੀ ਸਹੀ ਵਰਤੋਂ; ਈਮੇਲ ਐਡਰੈਸ ਬਣਾਉਣਾ, ਈਮੇਲ ਭੇਜਣੀ, ਈਮੇਲ ਨਾਲ਼ ਇੱਕ ਜਾਂ ਵੱਧ ਫਾਈਲਾਂ ਭੇਜਣੀਆਂ ਆਦਿ।

ਇਸ ਟਰੇਨਿੰਗ ਦੌਰਾਨ ਹੀ ਸਾਨੂੰ ਪਤਾ ਲੱਗਿਆ ਕਿ ਪੰਨੂੰ ਸਾਹਿਬ ਬੀ.ਐੱਸ.ਐੱਫ ਦੀ ਨੌਕਰੀ ਤੋਂ ਡਿਪਟੀ ਕਮਾਂਡੈੰਟ ਵਜੋਂ ਰਿਟਾਇਰ ਹੋ ਕੇ 1991 ਵਿੱਚ ਟੋਰਾਂਟੋ ਆਏ ਸਨ। ਉਨ੍ਹਾਂ ਨੂੰ ਵੀ ਉਸ ਵੇਲ਼ੇ ਕੰਪਿਊਟਰ ਦੇ ਕੰਮ ਦੀ ਬਿਲਕੁਲ ਹੀ ਕੋਈ ਜਾਣਕਾਰੀ ਨਹੀਂ ਸੀ। ਇੱਥੇ ਆ ਕੇ ਹੀ ਉਨ੍ਹਾਂ ਨੇ ਕੰਪਿਊਟਰ ਸਿੱਖਣ ਅਤੇ ਇਸ ਤੇ ਕੰਮ ਕਰਨ ਦਾ ਮਨ ਬਣਾਇਆ ਸੀ। ਆਪਣੀ ਸਖਤ ਮਿਹਨਤ, ਲਗਨ ਅਤੇ ਸਿਰੜ ਨਾਲ਼, ਬਿਨਾਂ ਕਿਸੇ ਟਰੇਨਿੰਗ ਦੇ ਅਜਿਹਾ ਕੰਮ ਕਰ ਦਿਖਾਇਆ ਕਿ ਉੱਚ ਕੋਟੀ ਦੇ ਕੰਪਿਊਟਰ ਮਾਹਿਰ ਵੀ ਉਨ੍ਹਾਂ ਦੇ ਕਮੰ ਨੂੰ ਦੇਖ ਕੇ ਦੰਗ ਰਹਿ ਗਏ। ਅੱਜ ਉਹ ਕੰਪਿਊਟਰ ਦੇ ਮਾਹਿਰ ਹੀ ਨਹੀਂ ਸਗੋਂ ਨਵੀਆਂ ਖੋਜਾਂ ਕੱਢਣ ਵਾਲ਼ਿਆਂ ਵਿੱਚੋਂ ਸਿਰ-ਕੱਢ ਖੋਜੀ ਹਨ। ਉਨ੍ਹਾਂ ਦੀ ਗੁਰਮੁਖੀ ਲਿੱਪੀ ਦੀ ਕੀਤੀ ਖੋਜ ਨਾਲ਼ ਲਾਲਾ ਧਨੀ ਰਾਮ ‘ਚਾਤ੍ਰਿਕ’ ਦੇ ਸਤਿਕਾਰ ਵਿੱਚ ਬਣਾਈ ਡੀਆਰਸੀਵੈੱਬ ਲਿੱਪੀ ਵਿੱਚ ਇੱਥੋਂ ਦੇ ਬਹੁਤੇ ਪੰਜਾਬੀ ਅਖ਼ਬਾਰ ਛਪ ਰਹੇ ਹਨ। ਉਨ੍ਹਾਂ ਦੀ ਖੋਜ ਦਾ ਹੀ ਨਤੀਜਾ ਹੈ ਕਿ ਗੁਰਮੁਖੀ ਲਿੱਪੀ ਨੂੰ ਸ਼ਾਹਮੁਖੀ ਲਿੱਪੀ ਵਿੱਚ ਅਤੇ ਸ਼ਾਹਮੁਖੀ ਲਿੱਪੀ ਨੂੰ ਗੁਰਮੁਖੀ ਲਿੱਪੀ ਵਿੱਚ ਬਦਲਿਆ ਜਾ ਸਕਦਾ ਹੈ। ਅਸੀਂ ਸਾਰੇ ਹੈਰਾਨ ਸੀ ਕਿ ਇੱਕ ਰਿਟਾਇਰਡ ਪੁਲਿਸ ਅਫਸਰ ਨੂੰ ਕੰਪਿਊਟਰ ਦਾ ਮਾਹਿਰ ਅਤੇ ਖੋਜੀ ਬਣਨ ਵਿੱਚ ਕਿਤਨੀ ਸਖਤ ਮਿਹਨਤ ਕਰਨੀ ਪਈ ਹੋਵੇਗੀ।

ਆਮ ਲੋਕੀ ਪੰਨੂੰ ਸਾਹਿਬ ਨੂੰ ਅਰਧ ਫੌਜੀ ਅਫਸਰ, ਲੇਖਕ, ਕੰਪਿਊਟਰ ਮਾਹਿਰ ਅਤੇ ਖੋਜੀ ਵਜੋਂ ਹੀ ਜਾਣਦੇ ਹਨ। ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਉਹ ਬਹੁਤ ਵਧੀਆ ਅਧਿਆਪਕ ਵੀ ਹਨ। ਉਨ੍ਹਾਂ ਦੇ ਪੜ੍ਹਾਉਣ ਦਾ ਤਰੀਕਾ ਕਮਾਲ ਦਾ ਹੈ। ਉਨ੍ਹਾਂ ਕੋਲ਼ ਔਖੇ ਤੋਂ ਔਖੇ ਮਜ਼ਮੂਨ ਨੂੰ ਵੀ ਸਾਦੀ ਜਟਕੀ ਬੋਲੀ ਵਿੱਚ ਸਮਝਾਉਣ ਦੀ ਕਲਾ ਹੈ। ਪਹਿਲਾਂ ਉਹ ਵਿਸ਼ੇ ਬਾਰੇ ਵਿਸਥਾਰ ਨਾਲ਼ ਜਾਣਕਾਰੀ ਦਿੰਦੇ ਹਨ, ਫਿਰ ਆਪ ਕੰਪਿਊਟਰ ਉੱਤੇ ਪਰੈਕਟੀਕਲ ਕਰ ਕੇ ਦਿਖਾਉਂਦੇ ਹਨ। ਜੇ ਕਿਸੇ ਨੂੰ ਸਮਝ ਨਾ ਲੱਗੇ ਤਾਂ ਵਾਰ-ਵਾਰ ਦੱਸਣ ਤੋਂ ਵੀ ਨਹੀਂ ਅੱਕਦੇ। ਅਖੀਰ ਵਿੱਚ ਸਿਖਿਆਰਥੀਆਂ ਨੂੰ ਆਪਣੇ ਕੰਪਿਊਟਰਾਂ ਤੇ ਆਪ ਕੰਮ ਕਰਨ ਨੂੰ ਕਹਿੰਦੇ ਹਨ। ਨਵਾਂ ਮਜ਼ਮੂਨ ਔਖਾ ਹੋਣ ਕਾਰਨ ਅਤੇ ਵਡੇਰੀ ਉਮਰ ਵਿੱਚ ਯਾਦਦਾਸ਼ਤ ਘਟ ਜਾਣ ਕਾਰਨ ਕਈਆਂ ਨੂੰ ਇੱਕ ਦਮ ਸਾਰੀਆਂ ਗੱਲਾਂ ਦੀ ਸਮਝ ਨਹੀਂ ਪੈਂਦੀ। ਪੰਨੂੰ ਸਾਹਿਬ ਹਰ ਸਿਖਿਆਰਥੀ ਕੋਲ਼ ਜਾ ਕੇ ਪਾਸ ਬੈਠ ਕੇ ਬੜੇ ਪਰੇਮ ਨਾਲ਼ ਬੱਚਿਆਂ ਵਾਂਗ ਸਮਝਾਉਂਦੇ ਹਨ। ਇਸ ਤਰ੍ਹਾਂ ਲਗਦਾ ਹੈ ਜਿਵੇਂ ਕੋਈ ਉਸਤਾਦ ਛੋਟੇ-ਛੋਟੇ ਬੱਚਿਆਂ ਨੂੰ ਹੱਥ ਫੜ ਕੇ ਕੰਮ ਕਰਵਾ ਰਿਹਾ ਹੋਵੇ।

ਪੰਨੂੰ ਸਾਹਿਬ ਬਹੁਤ ਮਿੱਠਬੋਲੜੇ, ਹਸਮੁੱਖ ਅਤੇ ਖੁਸ਼ਮਿਜ਼ਾਜ ਹਨ। ਉਹ ਹਰ ਵੇਲ਼ੇ ਹਸੂੰ-ਹਸੂੰ ਕਰਦੇ ਰਹਿੰਦੇ ਹਨ ਪਰੰਤੂ ਪੜ੍ਹਾਉਣ ਵਿੱਚ ਬਹੁਤ ਸੰਜੀਦਾ ਹਨ ਅਤੇ ਕਲਾਸ ਦਾ ਇੱਕ ਮਿੰਟ ਵੀ ਟਾਈਮ ਖਰਾਬ ਨਹੀਂ ਹੋਣ ਦਿੰਦੇ। ਫੌਜ ਵਾਲ਼ ਜ਼ਾਬਤਾ ਕਾਇਮ ਰੱਖਚੇ ਹੋਏ ਦਿਲਚਸਪ ਟੋਟਕੇ ਜਾਂ ਚੁਟਕਲੇ ਸੁਣਾ ਕੇ ਕਲਾਸ ਦਾ ਮਾਹੌਲ ਖੁਸ਼ਗਵਾਰ ਬਣਾਈ ਰੱਖਦੇ ਹਨ। ਉਨ੍ਹਾਂ ਵਿੱਚ ਵੱਡੀ ਖਾਸੀਅਤ ਇਹ ਹੈ ਕਿ ਸੀਨੀਅਰਾਂ ਨੂੰ ਇੱਜ਼ਤ ਨਾਲ਼ ਬਲਾਉਂਦੇ ਹਨ ਅਤੇ ਹਰ ਇੱਕ ਦਾ ਬਹੁਤ ਸਤਿਕਾਰ ਕਰਦੇ ਹਨ। ਬੱਚਿਆਂ ਨਾਲ਼ੋਂ  ਸੀਨੀਅਰਾਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਬੱਚਿਆਂ ਨੂੰ ਤਾਂ ਝਾੜ-ਝੰਬ ਕਰ ਕੇ ਵੀ ਕੰਮ ਕਰਵਾਇਆ ਜਾ ਸਕਦਾ ਹੈ ਪਰੰਤੂ ਆਪਣੇ ਹਾਣ ਦੇ ਸਿਖਿਆਰਥੀਆਂ ਨੂੰ ਇਸ ਤਰ੍ਹਾਂ ਟਰੀਟ ਨਹੀਂ ਕੀਤਾ ਜਾ ਸਕਦਾ। ਏਸ ਲਈ ਉਹ ਹਮੇਸ਼ਾ ਕੋਸ਼ਿਸ ਕਰਦੇ ਹਨ ਕਿ ਕਿਸੇ ਨੂੰ ਕਲਾਸ ਵਿੱਚ ਉੱਚੀ ਨਾ ਬੋਲਿਆ ਜਾਵੇ ਤਾਂ ਕਿ ਕੋਈ ਬੇਇੱਜ਼ਤੀ ਮਹਿਸੂਸ ਨਾ ਕਰੇ। ਫਿਰ ਵੀ ਪੜ੍ਹਾਉਂਦਿਆਂ ਜੇ ਉਨ੍ਹਾਂ ਨੂੰ ਲੱਗੇ ਕਿ ਕਿਸੇ ਨੂੰ ਉਨ੍ਹਾਂ ਦੀ ਕੀਤੀ ਟਿੱਪਣੀ ਨਾਲ਼ ਠੇਸ ਪਹੁੰਚੀ ਹੈ ਤਾਂ ਝੱਟ ਖਿਮਾਂ ਮੰਗ ਲੈਂਦੇ ਹਨ। ਸ਼ਾਇਦ ਹੀ ਅਜਿਹੇ ਗੁਣ ਕਿਸੇ ਹੋਰ ਆਪ ਅਧਿਆਪਕ ਵਿੱਚ ਹੋਣ। ਸਾਡੇ ਦੋ ਗਰੁੱਪਾਂ ਦੀ ਟਰੇਨਿੰਗ ਤੋਂ ਪਿੱਛੋਂ ਸਾਲ 2008 ਵਿੱਚ ਹੀ ਦੋ ਹੋਰ ਗਰੁੱਪਾਂ ਨੂੰ ਟਰੇਨਿੰਗ ਦਿੱਤੀ ਗਈ ਸੀ। ਮੈਨੂੰ ਇਸ ਟਰੇਨਿੰਗ ਵਿੱਚ ਪਰੈਕਟੀਕਲਾਂ ਵਿੱਚ ਸਹਾਇਤਾ ਲਈ ਪੰਨੂੰ ਸਾਹਿਬ ਨੇ ਬੁਲਾਇਆ ਸੀ। ਪਰ ਕੁਝ ਜ਼ਰੂਰੀ ਘਰੇਲੂ ਕੰਮ ਹੋਣ ਕਾਰਨ ਮੈਂ ਹਿੱਸਾ ਨਹੀਂ ਸੀ ਲੈ ਸਕਿਆ। ਫਿਰ ਸਾਲ 2009 ਵਿੱਚ ਜਦੋਂ ਅਖ਼ਬਾਰਾਂ ਵਿੱਚ ਜਾਣਕਾਰੀ ਛਪੀ ਤਾਂ 60 -70 ਸੀਨੀਅਰਾਂ ਨੇ ਸਿਖਲਾਈ ਲਈ ਆਪਣੇ ਨਾਂ ਲਿਖਵਾਏ ਸਨ। ਦਿਲਚਸਪ ਗੱਲ ਇਹ ਸੀ ਕਿ ਇਨ੍ਹਾਂ ਵਿੱਚ ਕਈ ਬੀਬੀਆਂ ਵੀ ਸ਼ਾਮਲ ਸਨ ਜਿਨ੍ਹਾਂ ਵਿੱਚ ਕਮਾਲ ਦਾ ਉਤਸ਼ਾਹ ਸੀ। ਕਈ ਸੀਨੀਅਰ ਤਾਂ 70 -75 ਸਾਲ ਦੀ ਉਮਰ ਦੇ ਸਨ। ਸਹੂਲਤਾਂ ਦੀ ਥੁੜ੍ਹ ਕਾਰਨ ਕਈ ਸੀਨੀਅਰ ਇਸ ਕੋਰਸ ਵਿੱਚ ਹਿੱਸਾ ਨਹੀਂ ਸਨ ਲੈ ਸਕੇ।

ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਇਸ ਸਿਖਲਾਈ ਕੇਂਦਰ ਵਿੱਚ ਸਿਖਿਆਰਥੀਆਂ ਲਈ ਕੇਵਲ 12 ਹੀ ਕੰਪਿਊਟਰ ਸਨ। ਇਸ ਲਈ ਸਾਰੇ ਸਿਖਿਆਰਥੀਆਂ ਦੇ ਗਰੁੱਪ ਬਣਾਉਣੇ ਪਏ। ਗਰੁੱਪ ਬਹੁਤੇ ਹੋਣ ਕਾਰਨ ਗਰੁੱਪ ਦਾ ਸਮਾਂ ਵੀ ਦੋ ਘੰਟੇ ਤੋਂ ਘਟਾ ਕੇ ਡੇਢ ਘੰਟਾ ਕਰਨਾ ਪਿਆ। ਫਿਰ ਵੀ ਪੰਨੂੰ ਸਾਹਿਬ ਨੇ 10 ਵਜੇ ਸਵੇਰ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸਿਖਾਉਂਦੇ ਹੋਏ ਕਦੇ ਥਕਾਵਟ ਮਹਿਸੂਸ ਨਹੀਂ ਕੀਤੀ।

ਪਹਿਲਾਂ ਮੈਂ ਪਰੈਕਟੀਕਲਾਂ ਵਿੱਚ ਉਨ੍ਹਾਂ ਦੀ ਸਹਾਇਤਾ ਕਰਦਾ ਰਿਹਾ ਫਿਰ ਅਖ਼ੀਰ ਵਿੱਚ ਉਨ੍ਹਾਂ ਨੇ ਮੈਨੂੰ ਇਕੱਲੇ ਨੂੰ ਦੋ ਹਫ਼ਤੇ ਲਈ ਪੜ੍ਹਾਉਣ ਲਈ ਕਿਹਾ। ਇਸ ਨਾਲ਼ ਕੰਪਿਊਟਰ ਬਾਰੇ ਕਈ ਸ਼ੰਕੇ ਦੂਰ ਹੋ ਗਏ ਅਤੇ ਮੈਨੂੰ ਇਸ ਦਾ ਬਹੁਤ ਲਾਭ ਹੋਇਆ। ਇਸੇ ਤਰ੍ਹਾਂ 2010 ਵਿੱਚ 12 – 12 ਸਿਖਿਆਰਥੀਆਂ ਦੇ ਦੋ ਗਰੁੱਪਾਂ ਨੂੰ ਕੰਪਿਊਟਰ ਦੀ ਸਿਖਲਾਈ ਦਿੱਤੀ। ਜਿਸ ਵਿੱਚ ਮੈਂ, ਅਰਵਿੰਦਰ ਕੌਰ ਮਠਾਰੂ, ਜਗਵੰਤ ਪਾਲ ਪੰਨੂੰ ਅਤੇ ਅਮਨ ਪੰਨੂੰ ਨੇ ਸਹਾਇਤਾ ਕੀਤੀ। ਸੋ ਹੁਣ ਤੱਕ ਪਿਛਲੇ ਤਿੰਨਾਂ ਸਾਲਾਂ ਵਿੱਚ ਕੋਈ ਸੌ ਕੁ ਦੇ ਕਰੀਬ ਸੀਨੀਅਰਾਂ ਨੂੰ ਕੰਪਿਊਟਰ ਦੇ ਲੜ ਲਾ ਕੇ ਪੰਨੂੰ ਸਾਹਿਬ ਨੇ ਪੁੰਨ ਖੱਟਿਆ। ਪਰਮਾਤਮਾ ਕਰੇ ਕਿ ਕੰਪਿਊਟਰ ਦੀ ਸਿਖਲਾਈ ਦਾ ਇਹ ਲੰਗਰ ਅਗਲੇ ਆਉਣ ਵਾਲ਼ੇ ਸਾਲਾਂ ਵਿੱਚ ਵੀ ਇਸੇ ਤਰ੍ਹਾਂ ਅਤੁੱਟ ਚਲਦਾ ਰਹੇ।

ਕੰਪਿਊਟਰ ਟਰੇਨਿੰਗ ਲੈਣ ਤੋਂ ਪਿੱਛੋਂ ਲੇਖਕ ਵੀਰ ਥੋੜ੍ਹੀ ਪਰੈਕਟਿਸ ਨਾਲ਼ ਆਪਣੀਆਂ ਰਚਨਾਵਾਂ ਆਪ ਟਾਈਪ ਕਰਨ ਦੇ ਯੋਗ ਹੋ ਜਾਂਦੇ ਹਨ। ਮੇਰੇ ਜਿਹੇ ਵਿਹਲੇ ਸੀਨੀਅਰ ਇੰਟਰਨੈੱਟ ਖੋਲ੍ਹ ਕੇ ਆਪਣੀ ਮਰਜ਼ੀ ਦੇ ਅਖ਼ਬਾਰ ਜਾਂ ਕੋਈ ਵੀ ਸਾਹਿਤ ਆਸਾਨੀ ਨਾਲ਼ ਪੜ੍ਹ ਸਕਦੇ ਹਨ। ਇਸ ਤੋਂ ਬਿਨਾਂ ਵਿਹਲੇ ਟਾਈਮ ਵਿੱਚ ਗੇਮਾਂ ਖੇਡ ਸਕਦੇ ਹਨ, ਵੀਡੀਓ ਜਾਂ ਫਿਲਮਾਂ ਦੇਖ ਸਕਦੇ ਹਨ, ਮਨਭਾਉਂਦੇ ਗਾਣੇ ਜਾਂ ਗੁਰਬਾਣੀ ਸ਼ਬਦ ਸੁਣ ਸਕਦੇ ਹਨ ਅਤੇ ਈਮੇਲ ਰਾਹੀਂ ਕਿਸੇ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਿੱਠੀ ਪੱਤਰ ਘੱਲ ਸਕਦੇ ਹਨ। ਜੇ ਮਿੱਤਰ ਪਿਆਰੇ ਜਾਂ ਰਿਸ਼ਤੇਦਾਰ ਨੇ ਆਉਣਾ ਹੋਵੇ ਤਾਂ ਘਰ ਬੈਠੇ ਹੀ ਜਹਾਜ਼ਾਂ ਜਾਂ ਬੱਸਾਂ ਦੇ ਆਉਣ ਜਾਣ ਦੇ ਟਾਈਮ ਆਪਣੇ ਕੰਪਿਊਟਰ ਉੱਤੇ ਦੇਖ ਸਕਦੇ ਹਨ। ਕਿਉਂਕਿ ਬਹੁਤੇ ਸੀਨੀਅਰਾਂ ਨੇ ਲੋਕਲ ਬਸਾਂ ਰਾਹੀਂ ਹੀ ਆਉਣਾ ਜਾਣਾ ਹੁੰਦਾ ਹੈ ਇਸ ਲਈ ਲੋਕਲ ਬਸਾਂ ਦੇ ਟਾਈਮ ਕੰਪਿਊਟਰ ’ਤੇ ਦੇਖ ਕੇ ਆਪਣਾ ਪਰੋਗਰਾਮ ਬਣਾ ਸਕਦੇ ਹਨ।

ਜੇ ਕੰਪਿਊਟਰ ਤੇ ਕੰਮ ਕਰਦਿਆਂ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਪੰਨੂੰ ਸਾਹਿਬ ਇਸ ਦਾ ਹੱਲ ਲੈ ਕੇ ਹਰ ਵੇਲ਼ੇ ਤਿਆਰ ਮਿਲ਼ਦੇ ਹਨ। ਉਨ੍ਹਾਂ ਨੂੰ ਇਸ ਕੰਮ ਲਈ ਕਿਸੇ ਦਿਨ ਕਿਸੇ ਵੇਲ਼ੇ ਵੀ ਟੈਲੀਫੋਨ ਜਾਂ ਘਰ ਜਾ ਕੇ ਮਿਲਿਆ ਜਾ ਸਕਦਾ ਹੈ। ਬਹੁਤ ਮੁਸ਼ਕਿਲਾਂ ਦਾ ਹੱਲ  ਤਾਂ ਉਹ ਟੈਲੀਫੋਨ ਤੇ ਹੀ ਸਮਝਾ ਦਿੰਦੇ ਹਨ। ਜੇ ਲੋੜ ਪਵੇ ਤਾਂ ਉਹ ਆਪਣੇ ਘਰ ਬੁਲਾ ਕੇ ਸਮਝਾਉਣ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ।

ਘਰ ਆਇਆਂ ਨੂੰ ਉਹ ਸਿਖਿਆਰਥੀ ਨਹੀਂ ਸਗੋਂ ਇੱਕ ਦੋਸਤ ਅਤੇ ਮਹਿਮਾਨ ਸਮਝ ਕੇ ਬਣਦੀ ਸਰਦੀ ਜਲ-ਪਾਣੀ ਦੀ ਸੇਵਾ ਵੀ ਕਰਦੇ ਹਨ। ਫਿਰ ਕੰਮ ਬਾਰੇ ਗੱਲ ਕਰਦੇ ਹਨ। ਸਾਰੇ ਸਿਖਿਆਰਥੀਆਂ  ਨਾਲ਼ ਰਾਬਤਾ ਰੱਖਦੇ ਹਨ ਅਤੇ ਅੱਗੇ ਹੋਰ ਕੰਪਿਊਟਰ ਸਿੱਖਣ ਲਈ ਪਰੇਰਦੇ ਰਹਿੰਦੇ ਹਨ। ਪਰੰਤੂ ਮੈਂ ਆਲਸੀ ਸੁਭਾਅ ਦਾ ਹੋਣ ਕਾਰਨ ਉਨ੍ਹਾਂ ਦੀ ਗੱਲ ਨੂੰ ਗੌਲ਼ਿਆ ਨਹੀਂ। ਇਹ ਮੇਰੀ ਗ਼ਲਤੀ ਨਹੀਂ ਬਲਕਿ ਘੋਰ ਗ਼ਲਤੀ ਹੈ ਕਿ ਅਜੇ ਤੱਕ ਮੈਂ ਉਨ੍ਹਾਂ ਦੀ ਦਰਿਆਦਿਲੀ ਦਾ ਲਾਭ ਨਹੀਂ ਉਠਾਇਆ।

ਮੈਂ ਸਾਰੇ ਨਵੇਂ ਪੁਰਾਣੇ ਸਿਖਿਆਰਥੀਆਂ ਨੂੰ ਅਪੀਲ ਕਰਾਂਗਾ ਕਿ ਉਹ ਮੇਰੇ ਵਾਂਗ ਆਲਸੀ ਨਾ ਬਣਨ ਸਗੋਂ ਇਸ ਮਹਾਨ ਕੰਪਿਊਟਰ ਖੋਜੀ ਦੀਆਂ ਸੇਵਾਵਾਂ ਦਾ ਪੂਰਾ-ਪੂਰਾ ਲਾਹਾ ਲੈਣ। ਸਾਨੂੰ ਸਾਰਿਆਂ ਨੂੰ ਪੰਨੂੰ ਸਾਹਿਬ ਨੂੰ ਆਪਣਾ ਰੋਲ  ਮਾਡਲ ਮੰਨ ਕੇ ਉਨ੍ਹਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ।

ਸਾਡੀਆਂ ਕੁਝ ਸਮਾਜ ਸੇਵੀ ਸੰਸਥਾਵਾਂ, ਸੀਨੀਅਰਾਂ ਦੇ ਕਲੱਬ ਅਤੇ ਗੁਰਦੁਆਰਾ ਕਮੇਟੀ ਕੋਲ਼ ਬਹੁਤ ਸਾਧਨ ਹਨ ਜਿਨ੍ਹਾਂ ਨਾਲ਼ ਕੰਪਿਊਟਰ ਸਿਖਲਾਈ ਕੇਂਦਰ ਖੋਲ੍ਹੇ ਜਾ ਸਕਦੇ ਹਨ। ਸ. ਕਿਰਪਾਲ ਸਿੰਘ ਪੰਨੂੰ ਜਿਹੇ ਕੰਪਿਊਟਰ ਮਾਹਿਰ ਦੀ ਸਹਾਇਤਾ ਨਾਲ਼ ਸੀਨੀਅਰਾਂ ਅਤੇ ਨਵੇਂ ਆਏ ਪਰਵਾਸੀਆਂ ਲਈ ਕੰਪਿਊਟਰ ਦੀ ਮੁਫ਼ਤ ਟਰੇਨਿੰਗ ਦੇ ਪਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕਿਰਪਾਲ ਸਿੰਘ ਪੰਨੂੰ ਅਜਿਹੇ ਕੰਮਾਂ ਵਿੱਚ ਬਹੁਤ ਖੁਸ਼ੀ ਨਾਲ਼ ਆਪਣਾ ਯੋਗਦਾਨ ਪਾਉਣਗੇ। ਇਸ ਤਰ੍ਹਾਂ ਸਮਾਜ ਸੇਵਾ ਲਈ ਉਨ੍ਹਾਂ ਦੀਆਂ ਸੇਵਾਵਾਂ ਦਾ ਪੂਰਾ ਲਾਹਾ ਲਿਆ ਜਾ ਸਕਦਾ ਹੈ।

Read 5819 times Last modified on Thursday, 10 May 2018 01:05