ਪੰਜ ਛੇ ਸਾਲਾਂ ਦੀ ਗੱਲ ਹੈ। ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਪੰਜਾਬੀ ਲੇਖਕਾਂ ਦਾ ਸਮਾਗਮ ਸੀ। ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਵੀ ਪੰਜਾਬੀ ਲੇਖਕ ਹਾਜ਼ਰ ਸਨ। ਗੋਸ਼ਟੀ ਦਾ ਵਿਸ਼ਾ ਸੀ ‘ਪੰਜਾਬੀ ਭਾਸ਼ਾ ਸਾਹਮਣੇ ਨਵੀਆਂ ਚਣੌਤੀਆਂ। ਵਿਦਵਾਨਾਂ ਵੱਲੋਂ ਪੇਪਰ ਪੜ੍ਹੇ ਗਏ। ਇੱਕ ਪੇਪਰ ਸੀ ‘ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ’। ਇਸ ਵਿੱਚ ਵਿਸ਼ੇਸ ਸੱਦੇ ਉੱਤੇ ਆਏ ਕਿਰਪਾਲ ਸਿੰਘ ਪੰਨੂੰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬਾਅਦ ਦੁਪਹਿਰ ਭੋਜ ਸਮੇਂ ਕਿਰਪਾਲ ਸਿੰਘ ਪੰਨੂੰ ਨਾਲ਼ ਮੇਰੀ ਗੱਲਬਾਤ ਹੋਈ। ਮੈਂ ਉਸ ਨੂੰ ਦੱਸਿਆ ਮੈਂ ਵੀ ਪੰਨੂੰ ਹਾਂ, ਸਮਰਾਲੇ ਤੋਂ। ਕਿਰਪਾਲ ਸਿੰਘ ਨੇ ਕਿਹਾ, “ਮੈਂ ਵੀ ਹੁਣ ਤੁਹਾਡਾ ਗਰਾਈਂ ਬਣ ਗਿਆ ਹਾਂ। ਸਮਰਾਲ਼ੇ ਮੈਂ ਮਕਾਨ ਖਰੀਦ ਲਿਆ ਹੈ।”
“ਬਹੁਤ ਵਧੀਆ, ਤੁਸੀਂ ਮੇਰੇ ਸ਼ਹਿਰ ਦੇ ਵਾਸੀ ਬਣ ਗਏ ਹੋ ਤੇ ਕੋਠੀ ਖਰੀਦ ਲਈ ਹੈ।”
“ਕੋਠੀ ਨਹੀਂ, ਮਕਾਨ ਖਰੀਦਿਆ ਹੈ। ਹੁਣ ਇਹ ਸਾਡਾ ਘਰ ਹੈ।”
ਕਿਰਪਾਲ ਸਿੰਘ ਪੰਨੂੰ ਗਰਮੀਆਂ ਦਾ ਸਾਰਾ ਸਮਾਂ ਟੋਰਾਂਟੋ ਰਹਿੰਦਾ ਹੈ ਤੇ ਹੁਣ ਕਈ ਸਾਲਾਂ ਤੋਂ ਸਰਦੀਆਂ ਦੇ ਚਾਰ ਕੁ ਮਹੀਨੇ ਪੰਜਾਬ ਵਿੱਚ ਸਮਰਾਲ਼ੇ ਆ ਜਾਂਦਾ ਹੈ। ਇੱਥੇ ਪੰਨੂੰ ਨਾਲ਼ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ। ਜਿਹਨਾਂ ਮਹੀਨਿਆਂ ਵਿੱਚ ਪੰਨੂੰ ਸਮਰਾਲ਼ੇ ਵਾਸ ਕਰਦਾ ਹੈ, ਸਮਰਾਲ਼ੇ ਦੀਆਂ ਸਾਰੀਆਂ ਸਾਹਿਤਕ, ਸਮਾਜਕ ਜਥੇਬੰਦੀਆਂ ਦੀਆਂ ਇਕੱਤਰਤਾਵਾਂ ਵਿੱਚ ਸਰਗਰਮ ਭਾਗ ਲੈਂਦਾ ਹੈ।
ਅਸਲ ਵਿੱਚ ਪੰਨੂੰ ਰਾੜਾ ਸਾਹਿਬ ਦੇ ਕੋਲ਼ ਪਿੰਡ ਕਟਾਹਰੀ ਦਾ ਜੰਮਪਲ਼ ਹੈ। ਗੁਰੂ ਨਾਨਕ ਖਾਲਸਾ ਹਾਈ ਸਕੂਲ ਕਰਮਸਰ (ਰਾੜਾ ਸਾਹਿਬ) ਤੋਂ ਦਸਵੀਂ ਪਾਸ ਕਰ ਕੇ ਉਹ 1953 ਵਿੱਚ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣੇ ਵਿੱਚ ਦਾਖਲ ਹੋ ਗਿਆ ਅਤੇ ਉੱਥੇ ਉਸ ਨੇ ਸਾਇੰਸ ਦੀ ਵਿੱਦਿਆ ਪ੍ਰਾਪਤ ਕੀਤੀ। ਕਾਲਜ ਦੀ ਹਾਕੀ ਦੀ ਟੀਮ ਦਾ ਉਹ ਮੋਹਰੀ ਖਿਡਾਰੀ ਸੀ। ਸਾਲ 1955 ਵਿੱਚ ਕਿਰਪਾਲ ਸਿੰਘ ਪੰਨੂੰ ਨੂੰ ਕਾਲਜ ਕਲਰ ਨਾਲ਼ ਸਨਮਾਨਤ ਕੀਤਾ ਗਿਆ। ਉਹ ਆਪਣੇ ਪਿੰਡ ਦੀ ਕਬੱਡੀ ਟੀਮ ਦਾ ਆਗੂ ਸੀ ਤੇ ਉਨ੍ਹਾਂ ਦੀ ਟੀਮ ਨੇ ਕਈ ਪੇਂਡੂ ਟੂਰਨਾਮੈੰਟ ਜਿੱਤੇ।
ਕਿਰਪਾਲ ਸਿੰਘ ਪੰਨੂੰ ਨੇ ਲੰਮਾ ਸਮਾਂ, ਕਰੀਬ 32 ਸਾਲ, ਪੈਪਸੂ ਪੁਲੀਸ, ਪੰਜਾਬ ਪੁਲੀਸ ਅਤੇ ਬੀ. ਐੱਸ. ਐੱਫ ਦੀ ਨੌਕਰੀ ਨਹੀਂ ਸਗੋਂ ਸੇਵਾ ਕੀਤੀ। ਬਾਰਡਰ ਸਕਿਉਰਿਟੀ ਫੋਰਸ ਵਿੱਚ ਉਪ-ਕਮਾਂਡੈੰਟ ਦੀ ਉੱਚ ਪਦਵੀ ਤੀਕਰ ਉਸ ਨੇ ਤਰੱਕੀ ਕੀਤੀ ਅਤੇ ਸਨਮਾਨ ਨਾਲ਼ ਸੇਵਾ ਮੁਕਤ ਹੋਇਆ।
ਸਮਰਾਲ਼ਾ ਵਿਖੇ ਇਸ ਸਾਬਕਾ ਉਪ-ਕਮਾਂਡੈੰਟ ਦੀ ਇੱਕ ਸਾਬਕਾ ਕਮਾਂਡੈੰਟ ਨਾਲ਼ ਇੱਕ ਇਕੱਤਰਤਾ ਵਿੱਚ ਮੁਲਾਕਾਤ ਹੋਈ। ਪੰਨੂੰ ਨੂੰ ਮਹਿਸੂਸ ਹੋਇਆ ਕਿ ਰੀਟਾਇਰਡ ਕਮਾਂਡੈੰਟ ਤਾਂ ਹਾਲੀ ਵੀ ਉਸੇ ਤਰ੍ਹਾਂ ਆਪਣੇ ਕੰਧਿਆਂ ’ਤੇ ਕਰਾਊਨਾਂ ਦੇ ਭਾਰ ਦੀ ਹਉਮੇ ਵਿੱਚ ਉਲਝਿਆ ਬਾਕੀਆਂ ਉੱਤੇ ਨਵੇਂ ਸਿਪਾਹੀਆਂ ਵਾਂਗ ਕਮਾਂਡਰੀ ਹੁਕਮ ਚਲਾ ਰਿਹਾ ਹੈ। ਤੇ ਫੇਰ ਸਾਬਕਾ ਉਪ-ਕਮਾਂਡੈੰਟ ਕਿਰਪਾਲ ਸਿੰਘ ਪੰਨੂੰ ਸਾਬਕਾ ਕਮਾਂਡੈੰਟ ਵਾਲ਼ੀ ਪਰਧਾਨਗੀ ਵਾਲ਼ੀ ਸਭਾ ਵਿੱਚ ਨਹੀਂ ਦੇਖਿਆ ਗਿਆ।
ਸਾਡੀ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਹੈ। ਮੈਨੂੰ ਇਹ ਕਦੀ ਵੀ ਮਹਿਸੂਸ ਨਹੀਂ ਹੋਇਆ ਕਿ ਉਹ ਸੇਵਾ ਮੁਕਤ ਪੁਲਸ ਅਫਸਰ ਹੈ। ਉਸ ਵਿੱਚ ਆਮ ਪੁਲਸ ਅਫਸਰਾਂ ਵਾਲ਼ੀ ਫੂੰ-ਫਾਂ ਤੇ ਆਕੜ ਨਹੀਂ ਹੈ। ਉਸ ਦਾ ਵਰਤਾਓ ਬੜਾ ਸਹਿਜ ਹੈ, ਸਾਊ ਹੈ, ਨਿਰਮਾਣ ਹੈ, ਪਿਆਰ-ਭਿੰਨਾ ਤੇ ਅਪਣੱਤ ਵਾਲ਼ਾ ਹੈ। ਉਸ ਵਿੱਚ ਕਿਸੇ ਪਰਕਾਰ ਦਾ ਵੀ ਓਪਰਾਪਨ ਨਹੀਂ ਹੈ।
ਨਵੇਂ ਦਿਸਹੱਦਿਆਂ ਦਾ ਭਰਮਣ ਕਰਨ ਤੇ ਨਵੇਂ ਅਨੁਭਵ ਪਰਾਪਤ ਕਰਨ ਕਿਰਪਾਲ ਸਿੰਘ ਪੰਨੂੰ 1991 ਵਿੱਚ ਸਤਿਕਾਰ ਪੂਰਨ ਢੰਗ ਨਾਲ਼ ਕੈਨੇਡਾ ਚਲਾ ਗਿਆ। ਕੈਨੇਡਾ ਉਸ ਨੂੰ ਬੜਾ ਰਾਸ ਆਇਆ ਪਰ ਉਹ ਕੈਨੇਡੀਅਨ ਹੋ ਕੇ ਵੀ ਕੈਨੇਡੀਅਨ ਨਹੀਂ ਬਣਿਆ। ਉਸ ਉੱਤੇ ਓਪਰੇ ਸਭਿਆਚਾਰ ਦੀ ਪਿਓਂਦ ਨਹੀਂ ਚੜ੍ਹੀ। ਉਸ ਦਾ ਮਨ, ਚਿਹਰਾ, ਲਿਬਾਸ ਪੰਜਾਬੀ ਹੀ ਰਿਹਾ। ਉਹ ਪੁਲਸ ਵਿੱਚ ਸਾਬਤ ਸੂਰਤ ਸਿੱਖ ਸੀ, ਕੈਨੇਡਾ ਵਿੱਚ ਜਾ ਕੇ ਵੀ ਸਾਬਤ ਸੂਰਤ ਸਿੱਖ ਹੀ ਰਿਹਾ। ਉਸ ਦੇ ਚਿਹਰੇ ਨੇ ਕਦੀ ਝੂਠਾ ਬਿੰਬ ਪੇਸ਼ ਨਹੀਂ ਕੀਤਾ। ਉਹ ਸੂਰਤ ਦਾ ਪੱਕਾ ਹੈ ਤੇ ਸੀਰਤ ਦਾ ਸੱਚਾ।
ਕਿਰਪਾਲ ਸਿੰਘ ਪੰਨੂੰ ਇੱਕ ਸਾਧਾਰਨ ਜੱਟ ਕਿਸਾਨੀ ਪਰਿਵਾਰ ਵਿੱਚ ਪੈਦਾ ਹੋਇਆ ਤੇ ਅੱਜ ਉਸ ਪਾਸ ਜ਼ਿੰਦਗੀ ਦਾ ਇੱਕ ਲੰਮਾ ਤਜਰਬਾ ਹੈ। 1956 ਵਿੱਚ ਸਾਧਾਰਨ ਪੁਲਸ ਸਿਪਾਹੀ ਭਰਤੀ ਹੋਇਆ ਤੇ 1988 ਵਿੱਚ ਇੱਕ ਅਫਸਰ ਵਜੋਂ ਸੇਵਾ ਮੁਕਤ ਹੋਇਆ। ਉਸ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪੜ੍ਹਾਈ ਕੀਤੀ। ਬੀ. ਏ. ਪੰਜਾਬੀ ਆਨਰਜ਼ ਦੇ ਨਾਲ਼ ਅੰਗਰੇਜ਼ੀ ਲਿਟਰੇਚਰ ਵਿੱਚ ਕੀਤੀ। ਉਰਦੂ ਦੀਆਂ ਬਰੀਕੀਆਂ ਨੂੰ ਉਹ ਬਾਖੂਬੀ ਸਮਝਦਾ ਹੈ। ਉਹ ਪੰਜਾਬੀ ਸਾਹਿਤ ਦਾ ਇੱਕ ਗੰਭੀਰ ਪਾਠਕ ਹੈ ਅਤੇ ਪੰਜਾਬੀ ਲੇਖਕ ਵੀ ਹੈ। ਉਸ ਦੀ ਪੁਸਤਕ ‘ਆਓ ਕੰਪਿਊਟਰ ਸਿੱਖੀਏ’ ਦੀਆਂ 2009 ਤੇ 2010 ਵਿੱਚ ਦੋ ਐਡੀਸ਼ਨਾਂ ਛਪ ਚੁੱਕੀਆਂ ਹਨ ਅਤੇ ਤੀਸਰੀ ਦੀ ਹੁਣ ਤਿਆਰੀ ਹੈ।
ਕੰਪਿਊਟਰ ਦੀ ਦੁਨੀਆ ਵਿੱਚ ਕਿਰਪਾਲ ਸਿੰਘ ਪੰਨੂੰ ਦਾ ਇੱਕ ਵੱਡਾ ਨਾਮ ਹੈ। ਪਰ ਇਹ ਵੱਡਾ ਨਾਂ ਇੱਕ ਦਮ ਨਹੀਂ ਸੀ ਬਣ ਗਿਆ। ਕੰਪਿਊਟਰ ਨਾਲ਼ ਲਗਾਤਾਰ ਘੁਲਣ-ਖੇਡਣ ਨਾਲ਼ ਕਈ ਪਰਯੋਗ ਕਰਨ ਤੋਂ ਬਾਅਦ, ‘ਕਰੋ ਤੇ ਸੋਧੋ (ਟਰਾਇਲ ਐਂਡ ਐਰਰ)’ ਵਿਧੀ ਰਾਹੀਂ ਕਿਰਪਾਲ ਸਿੰਘ ਪੰਨੂੰ ਕੰਪਿਊਟਰ ਦੇ ਖੇਤਰ ਵਿੱਚ ਕਈ ਨਵੀਆਂ ਅਤੇ ਅਛੋਹ ਯੁਗਤਾਂ ਲੱਭ ਸਕਿਆ। ਪੰਜਾਬੀ ਅਖਬਾਰਾਂ ਰਸਾਲਿਆਂ ਲਈ ਲੋੜੀਂਦੇ ਫੌਂਟ ਕਨਵਰਸ਼ਨ (ਅਦਲ ਬਦਲ) ਤਿਆਰ ਕੀਤੇ। 2001 ਤੀਕਰ ਵੈੱਬ ਸਾਈਟਾਂ ਉੱਤੇ ਸਾਰੀਆਂ ਹੀ ਪੰਜਾਬੀ ਫੌਂਟਾਂ ਦੇ ਅੱਖਰ ਖਿੱਲਰ (ਖਿ ਲ ਰ, ਨੂੰ ਵਾਂਗ) ਜਾਂਦੇ ਸਨ। ਟੋਰਾਂਟੋ ਨਿਵਾਸੀ ਪ੍ਰਿੰਸੀਪਲ ਪ੍ਰਿਤਪਾਲ ਸਿੰਘ ਬਿੰਦਰਾ ਦੇ ਵਿਸ਼ਵਾਸ ਦਾ ਸਤਿਕਾਰ ਕਰਦਿਆਂ (ਉਨ੍ਹਾਂ ਦਾ ਕਹਿਣਾ ਸੀ, “ਮੇਰਾ ਵਿਸ਼ਵਾਸ਼ ਹੈ ਕਿ ਤੈਂ ਇਸ ਦਾ ਹੱਲ ਖੋਜ ਲੈਣਾ ਹੈ) ਪੰਨੂੰ ਨੇ ਇਸ ਖਿਲਰਨ ਦੇ ਕਾਰਨ ਦੀ ਖੋਜ ਕੀਤੀ ਅਤੇ ਇਸ ਦਾ ਤੋੜ ਤਿਆਰ ਕੀਤਾ। ਜੋ ਫਿਰ ਬਹੁਤ ਸਾਰਿਆਂ ਫੌਂਟ-ਨਿਰਤਾਵਾਂ ਨੇ ਅਪਣਾ ਕੇ ਆਪਣੀਆਂ ਫੌਂਟਾਂ ਨੂੰ ਸੋਧ ਕੇ ਵੈੱਬ ਸਾਈਟਾਂ ਦੇ ਹਾਣ ਦਾ ਕੀਤਾ। ਉਸ ਨੇ ਆਪਣੇ ਸਪੁੱਤਰਾਂ ਰਜਵੰਤਪਾਲ ਸਿੰਘ ਅਤੇ ਹਰਵੰਤਪਾਲ ਸਿੰਘ ਨਾਲ਼ ਮਿਲ਼ ਕੇ ਯੂਨੀਕੋਡ ਫੌਂਟਾਂ ਦੇ ਕੀਅ ਬੋਰਡ ਨੂੰ ਕੌਮੀ ਨਾਇਕ ਦੇ ਸਨਮਾਨ ਵਜੋਂ ‘ਭਗਤ ਸਿੰਘ ਕੀਅ ਬੋਰਡ’ ਦੇ ਨਾਂ ਥੱਲੇ ਰੀਲੀਜ਼ ਕੀਤਾ। ਜਿਸ ਨਾਲ਼ ਯੂਨੀਕੋਡ ਪੰਜਾਬੀ, ਹਿੰਦੀ ਅਤੇ ਉਰਦੂ ਲਿੱਪੀਆਂ ਉਚਾਰੂ (ਫੋਨੈਟਿਕ) ਵਿਧੀ ਅਨੁਸਾਰ ਟਾਈਪ ਕਰਨੀਆਂ ਬੇਹੱਦ ਆਸਾਨ ਹੋ ਗਈਆਂ। ਅਸਕਾਈ ਫੌਂਟਾਂ ਨੂੰ ਯੂਨੀਕੋਡ ਫੌਂਟਾਂ ਵਿੱਚ ਅਤੇ ਯੂਨੀਕੋਡ ਫੌਂਟਾਂ ਨੂੰ ਅਸਕਾਈ ਫੌਂਟਾਂ ਵਿੱਚ ਤਬਦੀਲ ਕਰਨ ਦਾ ਸਫਲ ਪਰੋਗਰਾਮ ਤਿਆਰ ਕੀਤਾ।
ਕੰਪਿਊਟਰ ਦੇ ਖੇਤਰ ਵਿੱਚ ਕਿਰਪਾਲ ਸਿੰਘ ਦੀ ਸਭ ਤੋਂ ਵੱਡੀ ਦੇਣ ਅਤੇ ਪਹਿਲ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਕਨਵਰਸ਼ਨ ਤਿਆਰ ਕਰਨਾ ਹੈ। ਆਪਣੀ ਕਿਸਮ ਦਾ ਸੰਸਾਰ ਵਿੱਚ ਇਹ ਸਭ ਤੋਂ ਪਹਿਲਾ ਪਰੋਗਰਾਮ ਹੈ। ਇਸ ਪਿੱਛੋਂ ਇਸ ਤੋਂ ਸੇਧ ਲੈ ਕੇ ਜਾਂ ਨਕਲ ਕਰਕੇ ਹੋਰ ਪਰੋਗਰਾਮਰਾਂ ਨੇ ਇਸ ਪਰੋਗਰਾਮ ਨੂੰ ਅੱਗੇ ਤੋਰਿਆ ਤੇ ਸੌਫਟਵੇਅਰ ਬਣਾਏ।
ਆਇਰਿਸ਼ ਵਿਦਵਾਨ ਮੈਕਸ ਆਰਥਰ ਮੈਕਾਲਿਫ ਨੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰ ਕੇ ਇਤਿਹਾਸਕ ਯਾਦਗਾਰੀ ਕੰਮ ਕੀਤਾ ਸੀ। ਕਿਰਪਾਲ ਸਿੰਘ ਪੰਨੂੰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਾਹਮੁਖੀ ਵਿੱਚ ਲਿਪੀਅੰਤਰ ਕੀਤਾ ਜੋ ਸਰੀਗਰੰਥ ਡਾਟ ਆਰਗ ਉੱਤੇ ਵੇਖਿਆ ਜਾ ਸਕਦਾ ਹੈ। ਇਸ ਯਾਦਗਾਰੀ ਵਿਲੱਖਣ ਕੰਮ ਨੂੰ ਸਦੀਆਂ ਤੀਕਰ ਯਾਦ ਰੱਖਿਆ ਜਾਵੇਗਾ।
ਕਿਰਪਾਲ ਸਿੰਘ ਪੰਨੂੰ ਨੇ ਕੰਪਿਊਟਰ ਸਬੰਧੀ ਕਈ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੇਪਰ ਪੜ੍ਹੇ ਅਤੇ ਭਾਸ਼ਨ ਦਿੱਤੇ। ਜਿਨ੍ਹਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਕੁਰੂਕੁਸ਼ੇਤਰ ਯੂਨੀਵਰਸਿਟੀ ਕੁਰੂਕੁਸ਼ੇਤਰ, ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਦਾ ਸਟੈੱਪ ਇਨਸਟੀਚਿਊਟ ਅਤੇ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਦੇ ਨਾਂ ਵਰਨਣਯੋਗ ਹਨ।
ਕਿਰਪਾਲ ਸਿੰਘ ਪੰਨੂੰ ਨੇ ਬਹੁਤ ਸਾਰੇ ਸੀਨੀਅਰਾਂ ਨੂੰ ਅਤੇ ਲੇਖਕਾਂ ਨੂੰ ਕੰਪਿਊਟਰ ਦਾ ਗਿਆਨ ਵੰਡਿਆ। ਕਈ ਲੇਖਕ ਤਾਂ ਹੁਣ ਗੁਰਮੁਖੀ ਦੀਆਂ ਆਪਣੀਆਂ ਕਿਤਾਬਾਂ ਆਪ ਹੀ ਕੰਪੋਜ਼ ਕਰਦੇ ਹਨ। ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਹਰ ਸਾਲ ਦੋ ਮਹੀਨੇ ਲਈ ਪੰਨੂੰ ਕੰਪਿਊਟਰ ਦੀਆਂ ਮੁਫਤ ਕਲਾਸਾਂ ਲਾ ਰਿਹਾ ਹੈ। ਜਿਸ ਕਾਰਨ 100 ਤੋਂ ਵੱਧ ਸੀਨੀਅਰ ਆਪਣੇ ‘ਬੁਢਾਪੇ ਦੀ ਡੰਗੋਰੀ’ ਕੰਪਿਊਟਰ ਨਾਲ਼ ਜੁੜ ਚੁੱਕੇ ਹਨ। ਜਿਵੇਂ ਖ਼ਰਬੂਜ਼ੇ ਨੂੰ ਦੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ ਉਸੇ ਤਰ੍ਹਾਂ ਹੁਣ ਹੋਰ ਬਹੁਤ ਸਾਰੇ ਸੀਨੀਅਰ ਵੀ ਕੰਪਿਊਟਰ ਦੀਆਂ ਇਹ ਮੁਫ਼ਤ ਕਲਾਸਾਂ ਲਾਉਣ ਲਈ ਆਪਣੀ ਇੱਛਾ ਦਰਸਾ ਚੁੱਕੇ ਹਨ।
ਇੱਥੇ ਹੀ ਬੱਸ ਨਹੀਂ ਕਿਰਪਾਲ ਸਿੰਘ ਪੰਨੂੰ ਟੈਲੀਫੋਨ ਅਤੇ ਈਮੇਲ ਰਾਹੀਂ ਸੰਸਾਰ ਭਰ ਵਿੱਚੋਂ ਪੰਜਾਬੀ ਕੰਪਿਊਟਰ ਸਬੰਧੀ ਆਈਆਂ ਸਮੱਸਿਆਵਾਂ ਦਾ ਹੱਲ ਕਰਦਾ ਹੈ ਅਤੇ ਕਈ ਉਸਾਰੂ ਸੁਝਾਅ ਵੀ ਦਿੰਦਾ ਹੈ।
ਬਰਮਿੰਘਮ ਬਰਤਾਨੀਆ ਵਿਖੇ ਮੇਰਾ ਮਿੱਤਰ ਡਾ: ਗੁਰਦਿਆਲ ਸਿੰਘ ਰਾਏ ਵੈੱਬ ਸਾਈਟ ਰਸਾਲਾ ‘ਲਿਖਾਰੀ ਡਾਟ ਆਰਗ’ ਕੱਢ ਰਿਹਾ ਹੈ। ਕਿਰਪਾਲ ਸਿੰਘ ਪੰਨੂੰ ਦੀਆਂ ਰਚਨਾਵਾਂ ‘ਲਿਖਾਰੀ ਡਾਟ ਆਰਗ’, ‘5ਆਬੀ ਡਾਟ ਕਾਮ’ ਅਤੇ ‘ਸੀਰਤ ਡਾਟ ਸੀਏ’ ਉੱਤੇ ਪੜ੍ਹੀਆਂ ਜਾ ਸਕਦੀਆਂ ਹਨ।
ਕਿਰਪਾਲ ਸਿੰਘ ਪੰਨੂੰ ਦੀਆਂ ਮੁੱਖ ਈਜਾਦਾਂ ਹਨ: ਬਾਬਾਫਰੀਦ ਸ਼ਾਹਮੁਖੀ ਫੌਂਟ, ਸਮਤੋਲ ਕੀਅ ਬੋਰਡ ਲੇਅ ਆਊਟ ਦੀ ਵਿਓਂਤ, ਡੀਆਰਸੀਵੈੱਬ ਦੀ ਉਸਾਰੀ, ਭਗਤ ਸਿੰਘ ਕੀਅ ਬੋਰਡ ਲੇਅ ਆਊਟ ਗੁਰਮੁਖੀ, ਹਿੰਦੀ ਅਤੇ ਉਰਦੂ, ਸੰਸਾਰ ਦੀ ਲਗਭਗ ਹਰ ਗੁਰਮੁਖੀ ਫੌਂਟ ਦਾ ਕਨਵਰਸ਼ਨ ਤੇ ਗੁਰਮੁਖੀ ਦੀ ਕਸਟਮ ਡਿਕਸ਼ਨਰੀ ਤਿਆਰ ਕਰਨਾ ਆਦਿ।
ਪੰਜਾਬੀ ਕੰਪਿਊਟਰ ਦੇ ਅੰਬਰ ਵਿੱਚ ਇੱਕ ਚਮਕਦਾ ਸਿਤਾਰਾ ਹੈ ਕਿਰਪਾਲ ਸਿੰਘ ਪੰਨੂੰ। ਕੰਪਿਊਟਰ ਦੇ ਇਤਹਾਸ ਵਿੱਚ ਉਸ ਦਾ ਨਾਮ ਸਦਾ ਜਿਉਂਦਾ ਰਹੇਗਾ। ਯੂਨੈਸਕੋ ਦਾ ਐਲਾਨ ਠੀਕ ਨਹੀਂ ਜਾਪਦਾ ਕਿ ਪੰਜਾਬੀ ਬੋਲੀ 50 ਸਾਲਾਂ ਵਿੱਚ ਖ਼ਤਮ ਹੋ ਜਾਵੇਗੀ। ਅੱਜ ਪੰਜਾਬੀ ਭਾਸ਼ਾ ਹਰ ਖੇਤਰ ਵਿੱਚ ਉੱਨਤੀ ਕਰ ਰਹੀ ਹੈ। ਹੌਲ਼ੀ-ਹੌਲ਼ੀ ਇਸ ਦੇ ਪਾਠਕਾਂ ਦਾ ਘੇਰਾ ਵਧ ਰਿਹਾ ਹੈ। ਅੱਜ ਪੰਜਾਬੀ ਭਾਸ਼ਾ ਇਸ ਵਿਗਿਆਨਕ ਯੁਗ ਦੇ ਨਾਲ਼ ਕਦਮ ਮਿਲਾ ਰਹੀ ਹੈ। ਕੰਪਿਊਟਰ ਦੇ ਖੇਤਰ ਵਿੱਚ ਨਵੀਆਂ ਲੱਭਤਾਂ ਤਲਾਸ਼ ਰਹੀ ਹੈ। ਪੰਜਾਬੀ ਭਾਸ਼ਾ ਕਦੀ ਨਹੀਂ ਖਤਮ ਹੋਵੇਗੀ। ਕਿਰਪਾਲ ਸਿੰਘ ਪੰਨੂੰ ਵਾਲ਼ੀ ਰੂਹ ਪੰਜਾਬੀ ਦੇ ਸਦਾ ਅੰਗ-ਸੰਗ ਰਹੇਗੀ।