You are here:ਮੁਖ ਪੰਨਾ»ਵਿਚਾਰਨਾਮਾ»ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ»ਮੇਰੀ ਸੋਚ ਵਿਚਲਾ ਕਿਰਪਾਲ ਸਿੰਘ ਪੰਨੂੰ

ਲੇਖ਼ਕ

Wednesday, 09 May 2018 10:07

ਮੇਰੀ ਸੋਚ ਵਿਚਲਾ ਕਿਰਪਾਲ ਸਿੰਘ ਪੰਨੂੰ

Written by
Rate this item
(0 votes)

ਸਰਦਾਰ ਕਿਰਪਾਲ ਸਿੰਘ ਪੰਨੂੰ ਨਾਲ ਮੇਰੀ ਪਹਿਲੀ ਮੁਲਾਕਾਤ ਮੇਰੇ ਹੀ ਪਿੰਡ ਦੇ ਵਕੀਲ ਮਨਜੀਤ ਸਿੰਘ ਮਾਂਗਟ ਦੇ ਦਫਤਰ ਵਿੱਚ ਹੋਈ। ਉਦੋਂ ਮੈਂ ਭਾਰਤ ਤੋਂ ਕਨੇਡਾ ਵਿੱਚ ਆਇਆ ਹੀ ਆਇਆ ਸਾਂ। ਜੀਵਨ ’ਚ ਮੈਂ ਢਹਿੰਦੀ ਕਲਾ ਵਾਲ਼ੀ ਗੱਲ ਘੱਟ ਵੱਧ ਹੀ ਕੀਤੀ ਹੈ ਪਰ ਚਲਦੀਆਂ ਗੱਲਾਂ ਵਿੱਚ ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, “ਸੇਵਾ-ਮੁਕਤ ਤਾਂ ਓਥੋਂ ਹੋ ਕੇ ਆਏ ਹਾਂ। ਇੱਥੇ ਆ ਕੇ ਹੁਣ ਕਿਹੜਾ ਕੰਮ ਸ਼ੁਰੂ ਕੀਤਾ ਜਾ ਸਕਦੈ?”

ਪੰਨੂੰ ਸਾਹਿਬ ਦੀ ਮੇਰੇ ਪਿੰਡ ਜੋ ਰਿਸ਼ਤੇਦਾਰੀ ਸੀ, ਇਸ ਦਾ ਮੈਨੂੰ ਕਾਫੀ ਦੇਰ ਬਾਅਦ ਪਤਾ ਲੱਗਿਆ। ਉਹ ਮੇਰੇ ਖੱਬੇ ਪਾਸੇ ਬੈਠੇ ਸਨ। ਉਨ੍ਹਾਂ ਨੇ ਮੇਰੇ ਵੱਲ ਨੂੰ ਇਓਂ ਕੌੜ ਕੇ ਦੇਖਿਆ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਬੜੀ ਸੰਕੋਚਵੀਂ ਬੋਲੀ ਵਿੱਚ ਕਿਹਾ, “ਕੀਤਾ ਕਿਓਂ ਨਹੀਂ ਜਾ ਸਕਦਾ? ਮੈਂ ਵੀ ਤਾਂ ਤੁਹਾਡੀ ਉਮਰ ਦਾ ਹੀ ਹਾਂ, ਮੈਂ ਕਰ ਰਿਹਾਂ।”

ਮੈਂ ਆਪਣੀ ਹਾਰ ਦੇ ਛਿੱਥੇਪਣ ਨੂੰ ਲਕੋਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ, ਮੇਰੇ ਸ਼ਬਦ ਮੇਰਾ ਸਾਥ ਨਹੀਂ ਦੇ ਰਹੇ ਸਨ। ਗੱਲਾਂ ਹੋਰ ਚਲਦੀਆਂ ਰਹੀਆਂ। ਮੈਂ ਪਛਤਾ ਰਿਹਾ ਸਾਂ, ਮੈਂ ਤਾਂ ਕਦੇ ਐਨੀ ਢਹਿੰਦੀ ਕਲਾ ਵਾਲ਼ੀ ਗੱਲ ਕੀਤੀ ਨਹੀਂ, ਚੁੱਪ ਹੀ ਰਹਿੰਦਾ। ਪਰ ਸਮਾਂ ਲੰਘ ਚੁੱਕਿਆ ਸੀ। ਉਂਜ ਜੀਵਨ ਵਿੱਚ ਮੇਰੇ ’ਤੇ ਔਕੜਾਂ ਵੀ ਆਈਆਂ ਨੇ, ਕਦੇ ਢੇਰੀ ਨਹੀਂ ਢਾਹੀ, ਮੁਕਾਬਲਾ ਕੀਤਾ ਤੇ ਇੱਕ ਅੱਧ ਨੂੰ ਛੱਡ ਕੇ ਸਫਲਤਾ ਪਰਾਪਤ ਕੀਤੀ।

ਪੰਨੂੰ ਸਾਹਿਬ ਉਨ੍ਹਾਂ ਦਿਨਾਂ ਵਿੱਚ ਕੰਪਿਊਟਰ ਦੀ ਪੰਜਾਬੀ ਫੌਂਟ ਅਤੇ ਸ਼ਾਹਮੁਖੀ ਫੌਂਟ ਦੇ ਸਾਂਝੀਕਰਣ ’ਤੇ ਕੰਮ ਕਰ ਰਹੇ ਸਨ। ਪੋਚਵੀਂ ਪੱਗ, ਫੌਜੀ ਸਟਾਈਲ ਨਾਲ਼ ਕਸੀ ਹੋਈ ਦਾਹੜੀ, ਪ੍ਰਭਾਵੀ ਪੁਸ਼ਾਕ ਨਾਲ਼ ਮੇਰੇ ’ਤੇ ਜੋ ਪ੍ਰਭਾਵ ਪਿਆ, ਉਹ ਪਹਿਲੀ ਤੱਕਣੀ ਵਾਲ਼ੇ ਪਿਆਰ ਤੋਂ ਰਤੀ ਭਰ ਵੀ ਘੱਟ ਨਹੀਂ ਸੀ।

ਪੰਨੂੰ ਹੋਰੀਂ ਬਾਰਡਰ ਸਕਿਉਰਿਟੀ ਫੋਰਸ ਦੀ ਸੇਵਾ ਮੁਕਤੀ ਤੋਂ ਪਿੱਛੋਂ 1991 ਵਿੱਚ ਕੈਨੇਡਾ ਆ ਗਏ ਸਨ। ਹੈਰਾਨੀ ਵਾਲ਼ੀ ਗੱਲ ਤਾਂ ਇਹ ਸੀ ਕਿ ਇੱਕ ਪੁਲਿਸ ਦੇ ਪਿਛੋਕੜ ਵਾਲ਼ ਬੰਦਾ ਕੰਪਿਊਟਰ ਤੇ ਪੰਜਾਬੀ ਭਾਸ਼ਾ ਦੀ ਉਹ ਸੇਵਾ ਕਰ ਹੈ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਪੁਲਿਸ ਦੇ ਪਿਛੋਕੜ ਵਾਲ਼ੇ ਬੰਦੇ ਤਾਂ ਕੁੱਝ ਹੋਰ ਹੀ ਕਰਿਆ ਕਰਦੇ ਹੁੰਦੇ ਹਨ। ਉਹ ਮੈਨੂੰ ਕਲਮਾਂ ਦੇ ਕਾਫਲੇ ਵਿੱਚ ਜਦੋਂ ਮਿਲ਼ੇ, ਇੱਕ ਵਾਰ ਮੈਂ ਫੇਰ ਹੈਰਾਨ ਹੋਇਆ। ਉਹ ਮੇਰੇ ਨਾ ਨਾਲ਼ ਲੱਗੇ ਰਾਮਪੁਰੀ ਕਰਕੇ ਮੈਨੂੰ ਥੋੜ੍ਹਾ ਬਹੁਤਾ ਜਾਣਦੇ ਸਨ। ਉਨ੍ਹਾਂ ਨੇ ਮੇਰੇ ਨੇੜੇ ਆਉਣ ਦੀ  ਤੇ ਅਪਣੱਤ ਜਿਤਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਨ੍ਹਾਂ ਤੋਂ ਅੰਦਰੋਂ ਕਤਰਾਉਂਦਾ ਸਾਂ।

ਜਿਹੜੇ ਲੋਕ ਕੈਨੇਡਾ ਪਹਿਲਾਂ ਆ ਗਏ, ਉਨ੍ਹਾਂ ਦੀਆਂ ਜੜ੍ਹਾਂ ਲੱਗੀਆਂ ਹੋਈਆਂ ਹਨ, ਉਹ ਦੂਜਿਆਂ ਨੂੰ ਏਵੇਂ ਮੱਤਾਂ ਦਿੰਦੇ ਨੇ ਜਿਵੇਂ ਕੋਈ ਕਿਸੇ ਬੱਚੇ ਨੂੰ ਮੱਤਾਂ ਦੇ ਰਿਹਾ ਹੋਵੇ। ਇੱਥੇ ਨਵੇਂ ਆਏ ਬੰਦੇ ਨੂੰ ਕਿਸੇ ਹੋਰ ਹੀ ਨਿਗਾਹ ਨਾਲ਼ ਦੇਖਿਆ ਜਾਂਦਾ ਹੈ। ਇਹ ਗੱਲ ਕੁਥਾਵੀਂ ਨਹੀਂ ਜੇ ਮੈਂ ਕਹਿ ਦਿਆਂ:

“ਕੱਲ੍ਹ ਜੋ ਅੱਖਾਂ ’ਤੇ ਬਠਾਉਂਦੇ ਸੀ ਮੈਨੂੰ।

ਉਹ ਅੱਜ ਭੁੱਲ ਕੇ ਬੁਲਾਉਂਦੇ ਨੀ ਮੈਨੂੰ।”

ਉਹ ਲੋਕ ਜਿਨ੍ਹਾਂ ਲਈ ਮੇਰੀ ਇਹ ਸੋਚ ਬਣੀ ਹੈ, ਜਦੋਂ ਮੈਂ ਭਾਰਤ ਵਿੱਚ ਸਾਂ, ਮੇਰੇ ਗੀਤ ਰੀਕਾਰਡ ਕਰ ਕੇ, ਏਥੇ ਲਿਆ ਕੇ, ਰੇਡੀਓ ’ਤੇ, ਟੈਲੀਵੀਜ਼ਨ ’ਤੇ ਸੁਣਾਉਂਦੇ ਰਹੇ ਨੇ। ਸੁਰਜੀਤ ਰਾਮਪੁਰੀ ਦਾ ਗੀਤ, ‘ਘੁੰਗਟ ਵਰਗੀਆਂ ਛਾਵਾਂ …’ ਫਿਲਮਾਇਆ ਗਿਆ। ਮੈਂ ਉਸ ਵਿੱਚ ਕੰਮ ਕੀਤਾ। ਉਹ ਗੀਤ ਇੱਥੇ ਦਿਖਾਇਆ ਗਿਆ, ਮੇਰੇ ਮਿੱਤਰਾਂ ਦੇ ਸੁਨੇਹੇ ਮੈਨੂੰ ਪਿੰਡ ਪਹੁੰਚੇ, ਪਰ ਮੈਨੂੰ ਉਨ੍ਹਾਂ ਲੋਕਾਂ ਨੇ ਏਥੇ ਆਏ ਨੂੰ ਬੁਲਾਇਆ ਤਕ ਨਹੀਂ। ਸ਼ਾਇਦ ਦਿਲ ਦੀ ਕੋਈ ਅਜੇਹੀ ਹੀ ਭਾਵਨਾ ਸੀ ਜਿਸ ਕਾਰਨ ਮੈਂ ਪੰਨੂੰ ਸਾਹਿਬ ਤੋਂ ਕਤਰਾਉਂਦਾ ਰਿਹਾ।

ਉਹ ਮੈਨੂੰ, ਮੇਰੇ ਵਿਚਲੇ ਕਵੀ ਨੂੰ ਦਿਲੋਂ ਪਿਆਰ ਕਰਦੇ ਹਨ, ਉਹ ਮੇਰੇ ਗੀਤਾਂ ਦੇ ਪ੍ਰੇਮੀ ਹਨ, ਜਦੋਂ ਮੈਂ ਉਨ੍ਹਾਂ ਦੇ ਘਰ ਗਿਆ ਤਾਂ ਉਨ੍ਹਾਂ ਦੀ ਪਤਨੀ ਪਤਵੰਤ ਕੌਰ ਦਾ ਅਤੇ ਪੰਨੂੰ ਸਾਹਿਬ ਦੇ ਵਰਤ ਵਿਹਾਰ, ਪਿਆਰ, ਸਤਿਕਾਰ ਦੇਖ, ਮੈਨੂੰ ਆਪਣੀ ਪਹਿਲੀ ਸੋਚ ’ਤੇ ਸ਼ਰਮ ਆਈ। ਮੈਂ ਐਨੇ ਪਿਆਰੇ ਬੰਦੇ ਤੋਂ ਐਵੇਂ ਹੀ ਕਤਰਾਈ ਗਿਆ।

ਪੰਨੂੰ ਸਾਹਿਬ ਨੇ ਗੀਤ ਰਿਕਾਰਡ ਕਰਨ ਲਈ ਆਪਣੇ ਘਰ ਇੱਕ ਕੈਮਰੇ ਦਾ ਪ੍ਰਬੰਧ ਕੀਤਾ। ਮੈਂ ਬਾਰਾਂ ਗੀਤ ਗਾਏ। ਰਿਕਾਰਡ ਵੀ ਹੋ ਗਏ। ਮੈਂ ਖੁਸ਼ ਸਾਂ ਕਿ ਮੇਰੇ ਗੀਤਾਂ ਦੀ ਸੀਡੀ ਬਣੇਗੀ ਤੇ ਮੈਂ ਆਪਣੇ ਦੋਸਤਾਂ ਵਿੱਚ ਵੰਡਾਂਗਾ। ਪਰ ਕਿਸੇ ਅਨਹੋਣੀ ਨੇ ਮੇਰਾ ਰਾਹ ਘੇਰ ਲਿਆ। ਉਹ ਬੰਦਾ ਜਿਸ ਦੇ ਕੈਮਰੇ ਨਾਲ਼ ਮੇਰੇ ਗੀਤ ਰਿਕਾਰਡ ਕੀਤੇ ਗਏ ਸਨ, ਆਪਣੀ ਮਾਤਾ ਜੀ ਦੇ ਸੁਰਗਵਾਸ ਹੋ ਜਾਣ ਕਰਕੇ ਭਾਰਤ ਚਲਾ ਗਿਆ। ਉਹ ਅਜੇ ਵਾਪਿਸ ਕੈਨੇਡਾ ਆਇਆ ਹੀ ਸੀ ਕਿ ਉਸ ਦੇ ਪਿਤਾ ਜੀ ਚਲਾਣਾ ਕਰ ਗਏ। ਮੁੜਦੇ ਸਾਰ ਉਹ ਕਿਸੇ ਹੋਰ ਸ਼ਹਿਰ ਮੂਵ ਕਰ ਗਿਆ। ਗੱਲ ਕੀ ਸਭ ਕੀਤੀ ਕਰਾਈ ਤਹਿਸ਼-ਨਹਿਸ਼ ਹੋ ਗਈ। ਉਂਜ ਪੰਨੂੰ ਸਾਹਿਬ ਨੇ ਆਪਣੇ ਵੱਖਰੇ ਯਤਨਾਂ ਨਾਲ਼ ਮੇਰੇ ਇਕੱਲੇ ਗੀਤ ਰਿਕਾਰਡ ਜ਼ਰੂਰ ਕਰ ਲਏ ਸਨ। ਉਨ੍ਹਾਂ ਦਿਨਾਂ ਵਿੱਚ ਹੀ ਮੈਨੂੰ ਪਤਾ ਲੱਗਿਆ ਕਿ ਮੇਰੇ ਨੇੜੇ ਦੇ ਪਰਿਵਾਰ ਵਿੱਚ ਰਾਮਪੁਰ ਇਨ੍ਹਾਂ ਦੀ ਬੇਟੀ ਵਿਆਹੀ ਹੋਈ ਹੈ।

ਕੰਪਿਊਟਰ ਸਿੱਖ ਤਾਂ ਹਰ ਕੋਈ ਲੈਂਦਾ ਹੈ ਪਰ ਉਸ ਨਾਲ਼ ਜੁੜੀਆਂ ਸਮੱਸਿਆਵਾਂ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦਾ। ਪੰਜਾਬੀ ਫੌਂਟ ਦੀ ਤਿਆਰੀ ਵਿੱਚ ਪੰਨੂੰ ਸਾਹਿਬ ਨੇ ਬਹੁਤ ਮਿਹਨਤ ਕੀਤੀ। ਇਸ ਤੋਂ ਵੀ ਵੱਡੀ ਗੱਲ ਸੀ ਸ਼ਾਹਮੁਖੀ ਫੌਂਟ ਨੂੰ ਵਿਕਸਤ ਕਰਨਾ। ਪੱਛਮੀ ਪੰਜਾਬ ਵਿੱਚ ਪੰਜਾਬੀ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ। ਪੰਨੂੰ ਇਸ ਕਾਰਜ ਵਿੱਚ ਸਫਲ ਹੋਏ।

ਲੱਗਪਗ ਉਹ ਹਰ ਵਰ੍ਹੇ ਭਾਰਤ ਜਾਂਦੇ ਹਨ। ਉਨ੍ਹਾਂ ਨੇ ਸਮਰਾਲ਼ੇ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ਼ ਘਰ ਬਣਾਇਆ ਹੋਇਆ ਹੈ। ਮੈਂ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਪੰਨੂੰ ਸਾਹਿਬ ਨੂੰ ਸਭਾ ਵਿੱਚ ਸੱਦ ਕੇ ਉਨ੍ਹਾਂ ਨੇ ਜੋ ਏਧਰ ਪੰਜਾਬੀ ਭਾਸ਼ਾ ਲਈ ਪੰਜਾਬੀ ਤੇ ਸ਼ਾਹਮੁਖੀ ਫੌਂਟ ਕਨਵਰਸ਼ਨ ਕੀਤੀ ਹੈ, ਦੀ ਜਾਣਕਾਰੀ ਆਪਣੇ ਮਾਨਯੋਗ ਮੈਂਬਰਾਂ ਨੂੰ ਦਿਓ। ਉਨ੍ਹਾਂ ਨੇ ਪੰਨੂੰ ਸਾਹਿਬ ਨਾਲ਼ ਰੂਬਰੂ ਕੀਤਾ। ਸਰੋਤਿਆਂ ਨੇ ਸਵਾਲ-ਜਵਾਬ ਕੀਤੇ ਅਤੇ ਸਭਾ ਨੇ ਇਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਲਈ ਸਨਮਾਨ ਚਿੰਨ੍ਹ ਦਿੱਤਾ। ਰੂਬਰੂ ਦੀ ਰੀਪਰੋਟ ਦਾ ਉਤਾਰਾ ਇਸ ਪਰਕਾਰ ਹੈ:

ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਕਿਰਪਾਲ ਸਿੰਘ ਪੰਨੂੰ ਨਾਲ਼ ਰੂਬਰੂ

ਪਟਿਆਲਾ/ 12 ਜਨਵਰੀ/ਪ.ਪ. ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਕੈਨੇਡਾ ਤੋਂ ਆਏ ਲੇਖਕ ਕਿਰਪਾਲ ਸਿੰਘ ਪੰਨੂੰ ਨਾਲ਼ ਰੂਬਰੂ ਕੀਤਾ ਗਿਆ। ਸਮਾਗਮ ਦੇ ਪਰਧਾਨਗੀ ਮੰਡਲ ਵਿੱਚ ਸੁਰਿੰਦਰ ਰਾਮਪੁਰੀ, ਹਰਚਰਨ ਮਾਂਗਟ ਅਤੇ ਕ੍ਰਿਸ਼ਨ ਭਨੋਟ (ਕੈਨੇਡਾ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਸਵੀਰ ਝੱਜ ਨੇ ਸਟੇਜ ਸੰਚਾਲਨਾ ਕਰਦਿਆਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਕਿਰਪਾਲ ਸਿੰਘ ਪੰਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੈਂਬਰ ਰਹੇ ਹਨ। ਕੰਪਿਊਟਰ ਰਾਹੀਂ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਅਨੁਵਾਦ (ਅਸਲ ਵਿੱਚ ਲਿੱਪੀਆਂਤਰ) ਪੰਨੂੰ ਦੀ ਮੁੱਖ ਦੇਣ ਹੈ।

ਸ੍ਰੀ ਪੰਨੂੰ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਰਾਗੀ ਢਾਡੀ ਪਰੰਪਰਾ ਤੋਂ ਪ੍ਰੇਰਿਤ ਹੋ ਕੇ ਸਾਹਿਤ ਰਚਨਾ ਕਵਿਤਾ ਅਤੇ ਕਹਾਣੀ ਤੋਂ ਆਰੰਭੀ। ਪੰਜ ਸਾਲ ਲਗਾਤਾਰ ਇੱਕ ਕਾਲਮ ‘ਕਲਮ ਦੀ ਅੱਖ ’ਚੋਂ’ (ਠਰਕੀ ਦੀ ਅੱਖ, ਕਲਮ ਦੀ ਅੱਖ ਆਦਿ ਸਿਰਲੇਖਾਂ ਹੇਠ ਚਲੰਤ ਟੀਵੀ ਪਰੋਗਰਾਮਾਂ ਉੱਤੇ ਆਪਣੇ ਵਿਚਾਰ ਪੇਸ਼ ਕੀਤੇ) ਲਿਖਿਆ। ਹੁਣ ਦੋ ਪੁਸਤਕਾਂ ਦਾ ਖਰੜਾ ਤਿਆਰ ਹੈ। (‘ਆਓ ਕੰਪਿਊਟਰ ਸਿੱਖੀਏ’ ਛਪ ਚੁੱਕੀ ਹੈ ਤੇ ‘ਕਮਾਂਡਰ ਤੋਂ ਕੰਪਿਊਟਰ ਤੱਕ’ ਤਿਆਰੀ ਅਧੀਨ ਹੈ)

ਪ੍ਰਿੰ: ਗੁਰਦਿਆਲ ਦਲਾਲ, ਕ੍ਰਿਸ਼ਨ ਭਨੋਟ, ਗੁਰਚਰਨ ਸਿੰਘ ਮਾਂਗਟ ਉੜੀਸਾ, ਜਨਮੇਜਾ ਜੌਹਲ, ਹਰਬੰਸ ਮਾਲਵਾ, ਹਰਨੇਕ ਰਾਮਪੁਰੀ, ਭਗਵੰਤ ਲਿੱਟ, ਜਸਵੀਰ ਝੱਜ ਆਦਿ ਦੇ ਉਨ੍ਹਾਂ ਨੂੰ ਪੁੱਛੇ ਸਵਾਲਾਂ ਦਾ ਉਨ੍ਹਾਂ (ਪੰਨੂੰ) ਨੇ ਪ੍ਰਭਾਵਸ਼ਾਲੀ ਢੰਗ ਨਾਲ਼ ਜਵਾਬ ਦਿੱਤਾ।

ਸਾਲ 2006 ਨੂੰ ਅਲਵਿਦਾ ਅਤੇ 2007 ਦੇ ਸਵਾਗਤ ਵਿੱਚ ਹੋਏ ਕਵੀ ਦਰਬਾਰ ਦੀ ਪਰਧਾਨਗੀ ਕ੍ਰਿਸ਼ਨ ਭਨੋਟ, ਕਿਰਪਾਲ ਸਿੰਘ ਪੰਨੂੰ, ਸੁਰਿੰਦਰ ਰਾਮਪੁਰੀ ਤੇ ਹਰਚਰਨ ਮਾਂਗਟ ਨੇ ਕੀਤੀ। ਅਮਰਜੀਤ ਸਿੰਘ ਮਾਂਗਟ, ਪਪੂ ਬਲਵੀਰ, ਹਰਬੰਸ ਮਾਲਵਾ, ਛਬੀਲ ਸਿੰਘ ਸੁਰਜੀਤ, ਗੁਰਦਾਸ, ਅਮਰ ਸਿੰਘ ਅਲੂਣਾ, ਲਾਭ ਸਿੰਘ ਬੋਗੋਵਾਲ, ਦੀਦਾਰ ਸਿੰਘ ਦੀਦਾਰ, ਟਹਿਲ ਸਿੰਘ ਜੱਸਲ, ਕਰਮਜੀਤ ਸਿੰਘ ਮਾਂਗਟ, ਬੰਤ ਘੁਡਾਣੀ, ਸਵਰਨ ਪੱਲਾ, ਗੁਰਮੇਲ ਸਿੰਘ ਮੇਲੀ, ਹੈੱਡ ਮਾਸਟਰ ਦਰਸ਼ਨ ਸਿੰਘ, ਗੁਰਦਿਆਲ ਦਲਾਲ, ਭਗਵੰਤ ਲਿੱਟ, ਜਨਮੇਜਾ ਜੌਹਲ, ਹਰਨੇਕ ਰਾਮਪੁਰੀ, ਜਸਵੀਰ ਝੱਜ, ਸੁਰਿੰਦਰ ਰਾਮਪੁਰੀ, ਹਰਚਰਨ ਮਾਂਗਟ, ਕਿਰਪਾਲ ਸਿੰਘ ਪੰਨੂੰ ਅਤੇ ਕ੍ਰਿਸ਼ਨ ਭਨੋਟ ਆਦਿ ਨੇ ਇਸ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸ਼ਾਇਰ ਜਸਵੀਰ ਝੱਜ ਨੇ ਦੋਹਾਂ ਸਮਾਗਮਾਂ ਦੀ ਸਟੇਜ ਸੰਚਾਲਨਾ ਬਹੁਤ ਖੂਬਸੂਰਤ ਤਰੀਕੇ ਨਾਲ਼ ਨਿਭਾਈ।

 

 

ਮੈਂ ਜਿਨ੍ਹਾਂ ਦਿਨਾਂ ਵਿੱਚ ਮਾਊਂਟ ਪਲੈਜੈੰਟ ਦੇ ਨੇੜੇ ਫਾਦਰ ਟੋਵਨ ਦੇ ਸਕੈੰਡਰੀ ਸਕੂਲ ਦੇ ਨਿਰਮਾਣ ਸਮੇਂ ਸਕਿਉਰਿਟੀ ਦੀ ਡਿਊਟੀ ਕਰਦਾ ਸਾਂ, ਇਨ੍ਹਾਂ ਦੇ ਘਰ ਦੇ ਨੇੜੇ ਹੋਣ ਕਾਰਨ, ਮੈਂ ਕਈ ਵਾਰ ਇਨ੍ਹਾਂ ਦੇ ਘਰ ਚਲਾ ਜਾਂਦਾ ਸਾਂ। ਇਨ੍ਹਾਂ ਨੇ ਮੈਨੂੰ ਕੰਪਿਊਟਰ ਸਿਖਾਉਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਘਰ ਅਭਿਆਸ ਕਰਨ ਲਈ ਆਪਣਾ ਲੈਪਟਾਪ ਹੀ ਦੇ ਦਿੱਤਾ। ਪਰ ਮੈਂ ਨਿੱਜੀ ਕਾਰਨਾਂ ਕਰਕੇ ਕੁੱਝ ਵੀ ਨਾ ਕਰ ਸਕਿਆ। ਆਪਣੀ ਪਤਨੀ ਦੇ ਸੁਰਗਵਾਸ ਹੋ ਜਾਣ ਪਿੱਛੋਂ ਮੈਂ ਲਾਪਟਾਪ ਮੋੜ ਆਇਆ।

ਅਗਲੀ ਗੱਲ ਇਹ ਹੈ ਕਿ ਪੰਨੂੰ ਸਾਹਿਬ ਆਈਨੈੱਟ ਕੰਪਿਊਟਰ ਵਾਲ਼ੇ ਸੱਜਣਾਂ ਨਾਲ਼ ਰਲ ਕੇ, ਮੁਫ਼ਤ ਕੰਪਿਊਟਰ ਗਿਆਨ ਦੇ ਰਹੇ ਹਨ। ਇਨ੍ਹਾਂ ਦੇ ਅੱਠ ਦਰਜਨਾਂ ਤੋਂ ਵੱਧ ਸਿਖਿਆਰਥੀ ਕੰਪਿਊਟਰ ਨੂੰ ਆਪਣਾ ਸਾਥੀ ਬਣਾ ਚੁੱਕੇ ਹਨ। ਪੰਨੂੰ ਸਾਹਿਬ ਨੂੰ ਮੇਰੇ ਉੱਤੇ ਗ਼ਿਲਾ ਹੈ ਕਿ ਮੈਂ ਪਹਿਲੇ ਹੀ ਬੈਚ ਵਿੱਚ ਕੰਪਿਊਟਰ ਸਿੱਖਣ ਕਿਓਂ ਨਹੀਂ ਆਇਆ। ਉਹ ਤਾਂ ਹੁਣ ਵੀ ਕਹਿੰਦੇ ਨੇ ਕਿ ਆ ਜਾ ਰਾਮਪੁਰੀ ਦੇਰ ਹੀ ਹੋਈ ਹੈ ਹਨ੍ਹੇਰ ਨਹੀਂ ਹੋਇਆ। ਪਰ ਮੇਰੀਆਂ ਆਪਣੀਆਂ ਮਜਬੂਰੀਆਂ ਸਦਾ ਮੇਰਾ ਰਾਹ ਰੋਕ ਲੈਂਦੀਆਂ ਹਨ।

ਹੁਣ ਮੈਂ ਆਪਣੀਆਂ ਮਜਬੂਰੀਆਂ ਦੀਆਂ ਸਾਰੀਆਂ ਕੰਧਾਂ ਖਾਈਆਂ ਟੱਪ ਲੈਣੀਆਂ ਹਨ। ਜਦੋਂ 2011 ਵਿੱਚ ਉਨ੍ਹਾਂ ਨੇ ਕੰਪਿਊਟਰ ਦੀ ਸਿਖਲਾਈ ਦੀਆਂ ਕਲਾਸਾਂ ਲਾਈਆਂ ਤਾਂ ਮੈਂ ਉਨ੍ਹਾਂ ਦੀ ਪਹਿਲੀ ਡੈਸਕ ਦਾ ਸਿਖਿਆਰਥੀ ਹੋਵਾਂਗਾ ਅਤੇ ਮੈਂ ਆਪਣੀ ਅਗਲੀ ਕਿਤਾਬ ਆਪ ਟਾਈਪ ਕਰ ਕੇ ਛਪਵਾਵਾਂਗਾ। ਮੇਰਾ ਅਗਲੇ ਸਾਲ ਦਾ ਪਰੋਗਰਾਮ ਵਿਹਲੇ ਰਹਿਣ ਦਾ ਹੈ, ਪੜ੍ਹਨਾ ਹੈ, ਲਿਖਣਾ ਹੈ ਅਤੇ ਪੰਨੂੰ ਸਾਹਿਬ ਦਾ ਸਿਖਿਆਰਥੀ ਬਣ ਕੇ ਕੰਪਿਊਟਰ ਨਾਲ਼ ਸੰਵਾਦ ਰਚਾਉਣਾ ਹੈ।

ਮੈਂ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਅਤੇ ਇੱਛਾਵਾਨ ਹਾਂ ਕਿ ਉਹ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਤੇ ਗਿਆਨ ਵੰਡਦੇ ਰਹਿਣ।

Read 5445 times Last modified on Thursday, 10 May 2018 01:07