ਲਾਇਲਪੁਰ ਪ੍ਰੇਮ ਸਿੰਘ ਦੇ ਵਡੇਰਿਆਂ ਦਾ ਸ਼ਹਿਰ ਸੀ। ਇਸ ਸ਼ਹਿਰ ਵਿਚ ਉਸ ਦਾ ਬਚਪਨ ਤੇ ਜੁਆਨੀ ਦੇ ਮੁਢਲੇ ਸਾਲ ਬੀਤੇ ਸਨ। ਸ਼ੇਖ਼ੂਪੁਰੇ ਦੀ ਨਿਰਾਸ਼ਾ ਧੋ ਕੇ ਉਹ ਅਗਲੀ ਮੁਹਿੰਮ ਲਈ ਤਿਆਰ ਖੜ੍ਹਾ ਸੀ। ਲਾਇਲਪੁਰ ਜਾਣ ਲਈ। ਆਪਣੀ ਜਨਮ ਭੋਂ ਵੇਖਣ ਲਈ। ਗੁਆਚੀ ਹੋਈ ਉਤੇਜਨਾ ਉਸ ਵਿਚ ਫਿਰ ਪਰਤ ਆਈ ਸੀ।
‘‘ਚਨਾਬ ਬੱਸ ਸਰਵਿਸ ਚੱਲਦੀ ਹੁੰਦੀ ਸੀ ਉਦੋਂ’’, ਉਹ ਪੁਰਾਣੇ ਚੇਤਿਆਂ ‘ਚੋਂ ਬੋਲਿਆ, ‘‘ਤਿੰਨ ਘੰਟੇ ਲੱਗਦੇ ਸਨ ਉਸ ਬੱਸ ਵਿਚ ਲਾਇਲਪੁਰ ਤੋਂ ਲਾਹੌਰ ਜਾਣ ਦੇ।’’ਉਹ ਆਪਣੇ ਰਓਂ ਵਿਚ ਬੋਲੀ ਜਾ ਰਿਹਾ ਸੀ। ਸਾਹਮਣੇ ਸੜਕ ਕਿਨਾਰੇ ਇਕ ਕਾਰ ਖੜੋਤੀ ਸੀ ਤੇ ਇਕ ਸਰਦਾਰ ਉਸ ਦੀ ਬਾਰੀ ਨੂੰ ਹੱਥ ਪਾ ਕੇ ਖਲੋਤਾ ਸੀ। ਸਤਿਨਾਮ ਮਾਣਕ ਨੇ ਕਿਹਾ, ‘‘ਔਹ ਜਗਤਾਰ ਨਹੀਂ ਖਲੋਤਾ?’’ਜਗਤਾਰ ਹੀ ਸੀ। ਪਰੇ ਖੇਤਾਂ ਵਲੋਂ ਗੁਰਭਜਨ ਗਿੱਲ ਖਲੋਤੀ ਕਾਰ ਵੱਲ ਤੁਰਿਆ ਜਾ ਰਿਹਾ ਸੀ। ‘ਤਾਂ ਜਗਤਾਰ ਨੇ ਨਨਕਾਣੇ ਜਾਣ ਦਾ ਪ੍ਰੋਗਰਾਮ ਬਣਾ ਹੀ ਲਿਆ ਸੀ!’ ਅਸੀਂ ਇਕ ਦੂਜੇ ਨੂੰ ਹੱਥ ਹਿਲਾਏ ਤੇ ਸਾਡੀ ਕਾਰ ਅੱਗੇ ਨਿਕਲ ਗਈ।‘ਫੀਰੋਜ਼ ਬੱਟੂਆਂ’ ਤੋਂ ਮੋੜ ਮੁੜੇ ਤਾਂ ਮੀਲ ਪੱਥਰ ‘ਤੇ ਨਨਕਾਣਾ ਸਾਹਿਬ ਦਾ ਵੀਹ ਕਿਲੋਮੀਟਰ ਫ਼ਾਸਲਾ ਲਿਖਿਆ ਨਜ਼ਰ ਆਇਆ। ਅਸੀਂ ਨਨਕਾਣੇ ਦੇ ਰਾਹ ਤੁਰੇ ਜਾ ਰਹੇ ਸਾਂ। ਪਾਕਿਸਤਾਨ ਬਣਨ ਪਿਛੋਂ ਕਿਸੇ ਗਾਇਕ ਦਾ ਵੈਰਾਗ਼ ਵਿਚ ਗਾਇਆ ਗੀਤ ਮੇਰੇ ਜ਼ਿਹਨ ਵਿਚ ਗੂੰਜਿਆ :‘‘ਨਨਕਾਣੇ ਵੱਲ ਨੂੰ ਜਾਂਦਿਆ ਰਾਹੀਆ ਵੇ,ਮੇਰੇ ਪ੍ਰੀਤਮ ਨੂੰ ਸੰਦੇਸ਼ਾ ਦੇਵੀਂ ਜਾ,ਸੰਦੇਸ਼ਾ ਦੇਵੀਂ ਜਾ ਮੇਰੀਆਂ ਹਾਵਾਂ ਦੇਵੀਂ ਜਾ,ਤੂੰ ਸੰਦੇਸ਼ਾ ਦੇਵੀਂ ਜਾ….’’ਸਿੱਖਾਂ ਦੀ ਅਰਦਾਸ ਵਿਚ ਦਰਜ ‘ਵਿਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰ’ ਇਸ ਕਾਨਫ਼ਰੰਸ ਨੇ ਬਖ਼ਸ਼ ਦਿੱਤੇ ਸਨ।ਤਰਨ ਤਾਰਨ ਦੀ ਮੱਸਿਆ ਵਿਚ ‘ਸੈਂਟਰ ਮਾਝਾ ਦੀਵਾਨ’ ਸਥਾਨ ‘ਤੇ ਸਾਡੇ ਪਿੰਡ ਦਾ ਅਕਾਲੀ ਮਹਿਲ ਸਿੰਘ ਰੋਣ-ਹਾਕੀ ਆਵਾਜ਼ ਵਿਚ ਸਟੇਜ ਤੋਂ ਬੋਲ ਰਿਹਾ ਸੀ ਤੇ ਮੈਂ ਪੰਜ ਛੇ ਸਾਲਾਂ ਦਾ ਬਾਲ ਆਪਣੇ ਦਾਦੇ ਕੋਲ ਦੀਵਾਨ ਵਿਚ ਬੈਠਾ ਉਸ ਨੂੰ ਸੁਣ ਰਿਹਾ ਸਾਂ।‘‘ਪਾਕਿਸਤਾਨ ਬਣਨ ਨਾਲ ਹਿੰਦੂਆਂ ਦਾ ਕੁਝ ਨਾ ਗਿਆ, ਉਨ੍ਹਾਂ ਦੀ ਕਾਸ਼ੀ ਉਨ੍ਹਾਂ ਕੋਲ ਰਹਿ ਗਈ। ਮੁਸਲਮਾਨਾਂ ਦਾ ਕੁਝ ਨਾ ਗਿਆ, ਉਨ੍ਹਾਂ ਦਾ ਮੱਕਾ ਉਨ੍ਹਾਂ ਕੋਲ ਹੀ ਰਿਹਾ। ਪਰ ਖ਼ਾਲਸਾ ਜੀ! ਸਾਡਾ ਪ੍ਰਾਣਾਂ ਨਾਲੋਂ ਪਿਆਰਾ ਸਾਡਾ ਨਨਕਾਣਾ ਸਾਥੋਂ ਖੁੱਸ ਗਿਆ।’’ਉਹਦੇ ਬੋਲਾਂ ਦਾ ਡੂੰਘਾ ਦਰਦ ਤੇ ਵਿਗੋਚਾ ਮੈਨੂੰ ਅਜੇ ਤਕ ਨਹੀਂ ਭੁੱਲਿਆ।ਅਸੀਂ ਨਨਕਾਣੇ ਦੀ ਜੂਹ ਵਿਚ ਪੁੱਜ ਗਏ। ਇਨ੍ਹਾਂ ਖੇਤਾਂ ਵਿਚ, ਇਨ੍ਹਾਂ ਜੂਹਾਂ ਵਿਚ ਬਾਬਾ ਨਾਨਕ ਘੰੁਮਦਾ ਰਿਹਾ ਹੋਵੇਗਾ। ਇਹੋ ਹੀ ਮਿੱਟੀ ਸੀ ਜਿਸ ‘ਤੇ ਉਸ ਦੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਸਨ। ਇਨ੍ਹਾਂ ਖੇਤਾਂ ਦੀ ਗਿਣਤੀ ਮਿਣਤੀ ਦਾ ਹਿਸਾਬ ਕਿਤਾਬ ਜਦੋਂ ਮਹਿਤਾ ਕਾਲੂ ਦੀਵੇ ਦੀ ਲੋਅ ਵਿਚ ਲਾ ਰਿਹਾ ਹੋਵੇਗਾ ਤੇ ਪਿੱਤਲ ਦੀ ਕਾਲੀ ਸਿਆਹੀ ਵਾਲੀ ਦਵਾਤ ‘ਚੋਂ ਰਜਿਸਟਰ ‘ਤੇ ਲਿਖਣ ਲਈ ਡੋਬਾ ਲੈਣ ਵਾਸਤੇ ਜਦੋਂ ਉਹ ਕਲਮ ਦੀ ਨੋਕ ਭਿਉਂ ਰਿਹਾ ਹੋਵੇਗਾ ਤਾਂ ਬਾਲ ਨਾਨਕ ਉਸ ਦੇ ਨੇੜੇ ਹੀ ਬੈਠਾ ਪਿਤਾ ਵਲੋਂ ਚਿੱਟੇ ਕਾਗਜ਼ ‘ਤੇ ਲਿਖੇ ਜਾਂਦੇ ਕਾਲੇ ਅੱਖਰਾਂ ਵੱਲ ਉਤਸੁਕਤਾ ਨਾਲ ਨੀਝ ਲਾ ਕੇ ਵੇਖਦਾ ਹੋਵੇਗਾ ਤੇ ਉਸ ਦਾ ਵੀ ਦਿਲ ਪਹਿਲੀ ਵਾਰ ਕੀਤਾ ਹੋਵੇਗਾ ਕੁਝ ਲਿਖਣ ਲਈ। ਇਹ ਉਹੋ ਹੀ ਪਲ ਸੀ ਸ਼ਾਇਦ, ਜਿਸ ਨੇ ਆਉਣ ਵਾਲੇ ਸਮੇਂ ਦੇ ਮਹਾਨ ਯੁਗ ਕਵੀ ਕੋਲੋਂ ਮਹਾਨ ਕਵਿਤਾ ਲਿਖਣ ਲਈ ਉਹਦੀ ਚੇਤਨਾ ਵਿਚ ਲੇਖਕ ਹੋਣ ਦਾ ਪਹਿਲਾ ਬੀਜ ਸੁੱਟ ਦਿੱਤਾ ਹੋਵੇਗਾ।ਇਨ੍ਹਾਂ ਗਲੀਆਂ ‘ਚੋਂ ਠੁਮਕ ਠੁਮਕ ਤੁਰਦਾ ਬਾਲ ਨਾਨਕ ਆਪਣੇ ਯਾਰ ਮਰਦਾਨੇ ਦੇ ਘਰ ਜਾਂਦਾ ਹੋਵੇਗਾ। ਦੋਵੇਂ ਮਿੱਤਰ ਰਲ ਕੇ ਬਾਲੇ ਦੇ ਖੂਹ ‘ਤੇ ਜਾਂਦੇ ਹੋਣਗੇ। ਨਿੱਕੀਆਂ ਨਿੱਕੀਆਂ ਖੇਡਾਂ ਖੇਡਦੇ ਹੋਣਗੇ। ਉਨ੍ਹਾਂ ਦੀਆਂ ਨਜ਼ਰਾਂ ਨੇ ਇਸ ਆਲੇ ਦੁਆਲੇ ਨੂੰ ਆਪਣੀਆਂ ਨਜ਼ਰਾਂ ਨਾਲ ਨਿਹਾਰਿਆ ਹੋਵੇਗਾ। ਮੈਂ ਉਨ੍ਹਾਂ ਨਜ਼ਰਾਂ ਨਾਲ ਨਜ਼ਰਾਂ ਮਿਲਾਉਣਾ ਚਾਹ ਰਿਹਾ ਸਾਂ।ਹੁਣ ਮੇਰੀਆਂ ਨਜ਼ਰਾਂ ਸਾਹਮਣੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਇਮਾਰਤ ਸੀ। ਰਘਬੀਰ ਸਿੰਘ ਤੇ ਸਰਵਣ ਸਿੰਘ ਹੁਰਾਂ ਦਾ ਟੋਲਾ ਸਾਡੇ ਤੋਂ ਪਹਿਲਾਂ ਗੁਰਦੁਆਰੇ ਪਹੰੁਚ ਚੁੱਕਾ ਸੀ। ਸਾਡੇ ਨਾਲ ਹੀ ਜਗਤਾਰ ਤੇ ਗੁਰਭਜਨ ਗਿੱਲ ਹੁਰੀਂ ਆਣ ਅੱਪੜੇ।‘‘ਮੈਨੂੰ ਗੁਰਭਜਨ ਕਹਿੰਦਾ ਕਿ ਅਸਾਂ ਜ਼ਰੂਰ ਜਾਣੈ‥ਮੈਂ ਕਿਹਾ ਚੱਲੋ! ਚੱਲ ਫਿਰਨੇ ਆਂ। ਆਪਣੇ ਯਾਰ ਦੀ ਕਾਰ ਮੰਗਵਾ ਲਈ।’’ ਜਗਤਾਰ ਨੇ ਗੁਰਦੁਆਰੇ ਅੰਦਰ ਤੁਰਦਿਆਂ ਦੱਸਿਆ।ਸਾਹਮਣੇ ਘਾਹ ਦੇ ਹਰੇ ਲਾਅਨ, ਉਸ ਤੋਂ ਅੱਗੇ ਮੁੱਖ ਗੁਰਦੁਆਰਾ, ਸੱਜੇ ਹੱਥ ਸਰੋਵਰ ਤੇ ਲੰਗਰ ਅਸਥਾਨ, ਖੱਬੇ ਹੱਥ ਪ੍ਰਵਾਸੀ ਸਿੱਖਾਂ ਦੀ ਸਹਾਇਤਾ ਨਾਲ ਬਣਿਆ ਖ਼ੂਬਸੂਰਤ ਰਿਹਾਇਸ਼ੀ ਕੰਪਲੈਕਸ। ਮੱਥਾ ਟੇਕ ਕੇ ਪੇ੍ਰਮ ਸਿੰਘ ਗੁਰੂ ਗਰੰਥ ਸਾਹਿਬ ਦਾ ਵਾਕ ਲੈਣ ਲਈ ਬੈਠ ਗਿਆ। ਉਸ ਦੀ ਹਦਾਇਤ ‘ਤੇ ਵਾਕ ਲੈਂਦੇ ਦੀ ਤਸਵੀਰ ਰਾਇ ਅਜ਼ੀਜ਼ ਉੱਲ੍ਹਾ ਨੇ ਖਿੱਚ ਲਈ। ਫਿਰ ਰਾਇ ਸਾਹਿਬ ਨੇ ਮੈਨੂੰ ਵੀ ਗੁਰੂ ਗਰੰਥ ਸਾਹਿਬ ਸਾਹਮਣੇ ਬਿਠਾ ਕੇ ਪ੍ਰੇਮ ਸਿੰਘ ਵਾਂਗ ਤਸਵੀਰ ਖਿੱਚੀ।ਬਾਹਰ ਨਿਕਲ ਕੇ ਉਸ ਜੰਡ ਨੂੰ ਦੇਖਿਆ ਜਿਥੇ ਨਰੈਣੂ ਮਹੰਤ ਦੇ ਗੁੰਡਿਆਂ ਨੇ ਲਛਮਣ ਸਿੰਘ ਧਾਰੋਵਾਲੀ ਨੂੰ ਬੰਨ੍ਹ ਕੇ ਸਾੜ ਦਿੱਤਾ ਸੀ। ਪੂਰਾ ਇਤਿਹਾਸ ਅੱਖਾਂ ਅੱਗੋਂ ਗੁਜ਼ਰ ਗਿਆ। ਸੰਗਮਰਮਰੀ ਪਰਿਕਰਮਾ ਦੀ ਸਫ਼ਾਈ ਹੋ ਰਹੀ ਸੀ। ਅਸੀਂ ਲੰਗਰ ਹਾਲ ਵਿਚ ਗਏ। ਉਥੇ ਕੁਝ ਸਿੰਧੀ ਸਿੱਖ ਤੇ ਬੀਬੀਆਂ ਲੰਗਰ ਦੀ ਸੇਵਾ ਕਰ ਰਹੇ ਸਨ। ਅਸੀਂ ਰਲਾ ਮਿਲਾ ਕੇ ਵੀਹ ਪੰਝੀ ਜਣੇ ਹੋ ਗਏ ਸਾਂ। ਅਸੀਂ ਆਪ ਹੀ ਆਪਣੀ ਸੇਵਾ ਸਾਂਭ ਲਈ। ਭਿੰਡੀਆਂ ਤੇ ਆਲੂਆਂ ਦੀ ਤਰੀ ਵਾਲੀ ਸਬਜ਼ੀ ਸੀ। ਹੁਣ ਤਕ ਭੁੱਖ ਚਮਕ ਚੁੱਕੀ ਸੀ।ਇਧਰੋਂ ਵਿਹਲੇ ਹੋਏ ਤਾਂ ਪ੍ਰੇਮ ਸਿੰਘ ਕਹਿਣ ਲੱਗਾ, ‘‘ਛੇਤੀ ਕਰੋ! ਚਲੋ ਚਲੀਏ। ਅਜੇ ਲਾਇਲਪੁਰ ਵੀ ਪਹੁੰਚਣਾ ਏਂ।’’ਜਦੋਂ ਕਿਤੇ ਬਹੁਤ ਪਹਿਲਾਂ ਉਹ ਪਾਕਿਸਤਾਨ ਆਇਆ ਸੀ ਤਾਂ ਉਦੋਂ ਨਨਕਾਣਾ ਵੇਖ ਚੁੱਕਾ ਸੀ। ਉਹਦੀ ਦਿਲਚਸਪੀ ਛੇਤੀ ਤੋਂ ਛੇਤੀ ਲਾਇਲਪੁਰ ਪੁੱਜਣ ਵਿਚ ਸੀ ਜਦ ਕਿ ਮੇਰੀ ਇੱਛਾ ਨਨਕਾਣੇ ਨੂੰ ਰੱਜ ਕੇ, ਜੀਅ ਭਰ ਕੇ ਵੇਖਣ ਦੀ ਸੀ।ਪ੍ਰੇਮ ਸਿੰਘ ਕਾਹਲੀ ਕਾਹਲੀ ਸਾਥੋਂ ਅੱਗੇ ਤੁਰ ਰਿਹਾ ਸੀ। ਮੈਂ ਸਤਿਨਾਮ ਮਾਣਕ ਨੂੰ ਹੌਲੀ ਜਿਹੀ ਕਿਹਾ, ‘‘ਮੈਂ ਦੂਜੇ ਗੁਰਦੁਆਰੇ ਵੀ ਜ਼ਰੂਰ ਵੇਖਣੇ ਨੇ।’’‘‘ਜ਼ਰੂਰ ਵੇਖੋ ਜੀ! ਹੁਣ ਤਾਂ ਆਏ ਹੋਏ ਆਂ। ਫਿਰ ਕੀ ਪਤਾ ਕਦੋਂ ਮੌਕਾ ਬਣੇ…‥।’’ ਰਾਇ ਸਾਹਿਬ ਨੇ ਗੱਲ ਅੱਧ ਵਿਚਾਲੇ ਛੱਡ ਦਿੱਤੀ। ਅਸੀਂ ਪ੍ਰੇਮ ਸਿੰਘ ਦੀਆਂ ਕਾਹਲੀਆਂ ‘ਤੇ ਮੁਸਕਰਾ ਪਏ। ਪ੍ਰੇਮ ਸਿੰਘ ਆਪਣੀ ਥਾਂ ਠੀਕ ਸੀ। ਅਗਲੇ ਦਿਨ ਲਾਹੌਰ ਦੇ ਇੱਛਰਾਂ ਬਾਜ਼ਾਰ ਵਿਚ ਇਕ ਬਜ਼ੁਰਗ ਮੁਸਲਮਾਨ ਮੇਰੇ ਕੋਲ ਆਇਆ ਤੇ ਮੈਨੂੰ ਪੁੱਛਣ ਲੱਗਾ, ‘‘ਸਰਦਾਰ ਜੀ, ਕੋਈ ਤਰਕੀਬ ਦੱਸੋ ਜਿਸ ਨਾਲ ਮੇਰਾ ਪੰਜਾਬ ਦਾ ਵੀਜ਼ਾ ਲੱਗ ਜਾਵੇ। ਮੈਂ ਅੰਬਰਸਰ ਜ਼ਿਲ੍ਹੇ ‘ਚ ਆਪਣਾ ਪਿੰਡ ਵੇਖਣਾ ਚਾਹੰੁਦਾ।’’ਮੈਂ ਉਸ ਨੂੰ ਕੀ ਤਰਕੀਬ ਦੱਸ ਸਕਦਾ ਸਾਂ! ਐਵੇਂ ਕਹਿਣ ਦੀ ਖ਼ਾਤਰ ਕਿਹਾ ਕਿ ਜਾਂ ਸਾਡੇ ਵਾਂਗ ਕਿਸੇ ਕਾਨਫ਼ਰੰਸ ‘ਤੇ ਅਤੇ ਜਾਂ ਕਿਸੇ ਇਬਾਦਤਗਾਹ ਦੀ ਜ਼ਿਆਰਤ ਲਈ ਜਾਣ ਵਾਲੇ ਕਿਸੇ ਗਰੁੱਪ ਵਿਚ ਉਹ ਕੋਸ਼ਿਸ਼ ਕਰ ਵੇਖੇ।‘‘ਓ ਜੀ! ਇਹ ਕੋਸ਼ਿਸ਼ ਤਾਂ ਕਰ ਵੇਖੀ ਏ। ਉਹ ਕਹਿੰਦੇ ਨੇ ਅਜਮੇਰ ਸ਼ਰੀਫ਼ ਦੀ ਜ਼ਿਆਰਤ ਲਈ ਮੇਰਾ ਵੀਜ਼ਾ ਲੱਗ ਸਕਦਾ ਹੈ ਪਰ ਸਰਦਾਰ ਜੀ ਮੇਰਾ ‘ਅਜਮੇਰ ਸ਼ਰੀਫ਼’ ਤਾਂ ਮੇਰਾ ਪਿੰਡ ਹੈ। ਤੇ ਓਥੇ ਉਹ ਜਾਣ ਨਹੀਂ ਦਿੰਦੇ।’’ਪ੍ਰੇਮ ਸਿੰਘ ਦੀ ਲਾਇਲਪੁਰ ਵਾਸਤੇ ਇਹ ਤਾਂਘ ਮੈਨੂੰ ਵਾਜਬ ਲੱਗਦੀ ਸੀ ਪਰ ਇਸ ਤਾਂਘ ਤੋਂ ਮੈਂ ਨਨਕਾਣੇ ਨੂੰ ਵੇਖਣ ਦੀ ਤਾਂਘ ਕੁਰਬਾਨ ਨਹੀਂ ਸਾਂ ਕਰ ਸਕਦਾ। ਉਸ ਦੇ ਭੱਜੋ ਨੱਸੀ ਕਰਦਿਆਂ ਮੈਂ ਮਾਣਕ ਨੂੰ ਨਾਲ ਲੈ ਕੇ ਨਵੇਂ ਬਣੇ ਰਿਹਾਇਸ਼ੀ ਕੰਪਲੈਕਸ ਵੱਲ ਝਾਤੀ ਮਾਰਨ ਤੁਰ ਪਿਆ। ਵਾਪਸ ਪਰਤੇ ਤਾਂ ‘ਔਕਾਫ਼’ ਦੇ ਕੁਝ ਕਰਮਚਾਰੀ ਖਲੋਤੇ ਸਨ। ਇਕ ਦਰਮਿਆਨੇ ਕੱਦ ਤੇ ਸੋਹਣੀ ਦਿਖ ਵਾਲਾ ਨੌਜੁਆਨ ਪੁੱਛਣ ਲੱਗਾ, ‘‘ਸਰਦਾਰ ਜੀ! ਸਾਂਭ-ਸੰਭਾਲ ਦੇ ਨੁਕਤਾ ਨਜ਼ਰ ਤੋਂ ਕੋਈ ਗੱਲ ਤੁਸੀਂ ਕਹਿਣੀ ਚਾਹੁੰਦੇ ਹੋਵੋ ਤਾਂ ਸਾਨੂੰ ਜ਼ਰੂਰ ਦੱਸੋ।’’ਹਰੇ ਲਾਅਨ, ਸਾਫ਼ ਮਰਮਰੀ ਫ਼ਰਸ਼, ਗੁਰਦੁਆਰੇ ਦੀ ਕਲੀ ਕੀਤੀ ਇਮਾਰਤ। ਸਾਦਗੀ, ਸਫ਼ਾਈ ਤੇ ਸ਼ਾਂਤੀ ਦਾ ਪ੍ਰਭਾਵ। ਸਾਨੂੰ ਲੱਗਾ ਗੁਰਦੁਆਰੇ ਦੀ ਸਾਂਭ-ਸੰਭਾਲ ਠੀਕ ਹੀ ਤਾਂ ਹੋ ਰਹੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਕੋਲ ਹੋਰ ਬਿਹਤਰੀ ਲਈ ਕੋਈ ਤੁਰੰਤ ਸੁਝਾਓ ਵੀ ਨਹੀਂ ਸੀ। ਅਸੀਂ ਉਸ ਆਦਮੀ ਨੂੰ ਕਿਹਾ, ‘‘ਬਹੁਤ ਅੱਛੀ ਸੰਭਾਲ ਹੋ ਰਹੀ ਹੈ। ਹੋਰ ਕੋਸ਼ਿਸ਼ ਕਰੋ।’’‘‘ਹੋਰ ਦੱਸੋ, ਜੋ ਕਹਿੰਦੇ ਹੋ’’ ਉਸ ਨੇ ਕਿਹਾ। ਅਸੀਂ ਉਸ ਦਾ ਨਾਂ ਅਤੇ ਜ਼ਿੰਮੇਵਾਰੀ ਵਾਲਾ ਅਹੁਦਾ ਪੁੱਛਿਆ, ‘ਮੈਂ ਤਾਂ ਜੀ ਸੇਵਾਦਾਰ ਤਾਂ ਇਥੋਂ ਦਾ। ਮੇਰਾ ਨਾਂ ਫ਼ਰਹਤ ਅਜ਼ੀਜ਼ ਏ, ਡਿਪਟੀ ਐਡਮਨਿਸਟਰੇਟਰ ਹਾਂ ਪਰ ਤੁਹਾਡਾ ਸੇਵਾਦਾਰ ਹਾਂ।’’ਉਸ ਦੀ ਇਹ ਨਿਮਰਤਾ ਤੇ ਸੇਵਾ ਭਾਵ ਚੰਗਾ ਲੱਗਾ। ਮਨ ਵਿਚ ਇਹ ਵੀ ਆਈ ਕਿ ਸਾਡੇ ਲੀਡਰ ਗੁਰਦੁਆਰਿਆਂ ਦੀ ਸਾਂਭ-ਸੰਭਾਲ ਨੂੰ ਲੈ ਕੇ ਅਕਸਰ ਪਾਕਿਸਤਾਨ ਸਰਕਾਰ ਵਿਰੁੱਧ ਦੂਸ਼ਣਬਾਜ਼ੀ ਕਰਦੇ ਰਹਿੰਦੇ ਹਨ। ਅਸੀਂ ਤਾਂ ਗੁਰਦੁਆਰੇ ਡੇਰਾ ਸਾਹਿਬ ਤੇ ਨਨਕਾਣਾ ਸਾਹਿਬ ਦੋ ਹੀ ਗੁਰਦੁਆਰੇ ਵੇਖੇ ਸਨ ਤੇ ਦੋਹਾਂ ਦੇ ਪ੍ਰਬੰਧ ਵਿਚ ਇਹ ਨਹੀਂ ਸੀ ਕਿਹਾ ਜਾ ਸਕਦਾ ਕਿ ਇਹ ਅਸਲੋਂ ਹੀ ਅਣਗੌਲੇ ਪਏ ਹਨ। ਇਹ ਦਰੁਸਤ ਵੀ ਹੋ ਸਕਦਾ ਹੈ ਕਿ ਕੁਝ ਉਹ ਗੁਰਦੁਆਰੇ, ਜਿਥੇ ਯਾਤਰੂਆਂ ਦਾ ਆਮ ਜਾਣ ਆਉਣ ਨਹੀਂ, ਉਚਿਤ ਸਾਂਭ-ਸੰਭਾਲ ਤੋਂ ਵਾਂਝੇ ਵੀ ਹੋਣਗੇ ਪਰ ਅਸੀਂ ਇਧਰ ਕਿਹੜਾ ਸਾਰੀਆਂ ਮਸਜਿਦਾਂ ਬੜਾ ਸਾਂਭ-ਸੰਭਾਲ ਕੇ ਰੱਖੀਆਂ ਨੇ। ਇਸ ਦਾ ਭਾਵ ਇਹ ਵੀ ਨਹੀਂ ਕਿ ਇਨ੍ਹਾਂ ਦੂਜੇ ਗੁਰਦੁਆਰਿਆਂ ਦਾ ਧਿਆਨ ਨਹੀਂ ਕੀਤਾ ਜਾਣਾ ਚਾਹੀਦਾ। ਚਾਹੀਦਾ ਹੈ ; ਪਰ ਜਿਵੇਂ ਸੁਣਨ ਵਿਚ ਆਇਆ ਹੈ ਕਿ ਸਾਡੀ ਸ਼੍ਰੋਮਣੀ ਕਮੇਟੀ ਗੁਰਪੁਰਬਾਂ ‘ਤੇ ਜਥੇ ਨਾਲ ਜਾਣ ਸਮੇਂ ਇੱਕਠਾ ਹੋਇਆ ਸਾਰਾ ਚੜ੍ਹਾਵਾ ਤਾਂ ਪੰਡ ਬੰਨ੍ਹ ਕੇ ਨਾਲ ਲੈ ਆਉਂਦੀ ਰਹੀ ਹੈ। ਅਜਿਹੀ ਸੂਰਤ ਵਿਚ ਤਾਅਨੇ-ਮਿਹਣੇ ਬਹੁਤਾ ਅਰਥ ਨਹੀਂ ਰੱਖਦੇ। ਗੁਰਦੁਆਰਿਆਂ ਨਾਲ ਉਧਰ ਜੁੜੀਆਂ ਜਾਇਦਾਦਾਂ ਦੀ ਕਮਾਈ ਠੀਕ ਢੰਗ ਨਾਲ ਗੁਰਦੁਆਰਿਆਂ ‘ਤੇ ਨਾ ਲੱਗਣ ਦਾ ਇਤਰਾਜ਼ ਵੀ ਹੋ ਸਕਦਾ ਹੈ ਪਰ ਅਜਿਹੇ ਇਤਰਾਜ਼ ਕਿਥੇ ਨਹੀਂ ਹੁੰਦੇ!ਇਹ ਗੱਲਾਂ ਕਰਦੇ ਹੋਏ ਮੈਂ ਸ਼੍ਰੋਮਣੀ ਕਮੇਟੀ ਦੀ ਉਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਲੈਣ ਦੀ ਮੰਗ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਪਰ ਕਿਸੇ ਬਿਗਾਨੇ ਮੁਲਕ ਦੀ ਧਰਤੀ ‘ਤੇ ਆਪਣਾ ਮਨ ਚਾਹਿਆ ਕਾਨੂੰਨ ਲਾਗੂ ਕਰਵਾ ਸਕਣਾ ਸਾਡੇ ਕਿੰਨੇ ਕੁ ਵੱਸ ਹੈ! ਸਾਡਾ ਇਸ ਉਤੇ ਕਿੰਨਾ ਕੁ ਹੱਕ ਹੈ ਤੇ ਕੀ ਅਸੀਂ ਆਪਣੇ ਮੁਲਕ ਵਿਚ ਅਜਿਹਾ ਹੱਕ ਅਗਲਿਆਂ ਨੂੰ ਵੀ ਕਿੰਨਾ ਕੁ ਦੇਣ ਲਈ ਤਿਆਰ ਹਾਂ, ਇਹ ਸਾਰੇ ਮਸਲੇ ਵਿਚਾਰ ਗੋਚਰੇ ਨੇ।ਕੁਝ ਵੀ ਸੀ, ਅਸੀਂ ਫ਼ਰਹਤ ਅਜ਼ੀਜ਼ ਦਾ ਗੁਰਦੁਆਰੇ ਦੀ ਇਸ ਚੰਗੀ ਦਿੱਖ ਬਣਾਈ ਰੱਖਣ ਲਈ ਧੰਨਵਾਦ ਕੀਤਾ।ਗੁਰੂ ਜੀ ਦੀ ਯਾਦ ਨਾਲ ਸਬੰਧਿਤ ਕੁਝ ਗੁਰਦੁਆਰੇ ਜਨਮ ਅਸਥਾਨ ਦੇ ਨਜ਼ਦੀਕ ਹੀ ਸਨ। ਸਾਡਾ ਪੰਦਰਾਂ-ਵੀਹ ਜਣਿਆਂ ਦਾ ਜਥਾ ਗੱਲਾਂ-ਬਾਤਾਂ ਮਾਰਦਾ ਹੋਇਆ ਗੁਰਦੁਆਰੇ ਦੇ ਬਾਹਰਲੇ ਗੇਟ ਦੇ ਸੱਜੇ ਹੱਥ ਪੈਂਦੇ ਰਸਤੇ ‘ਤੇ ਤੁਰ ਪਿਆ। ਥੋੜ੍ਹਾ ਕੁ ਅੱਗੇ ਜਾ ਕੇ ਖੱਬੇ ਹੱਥ ਮੋੜ ਮੁੜ ਕੇ ਥੋੜ੍ਹਾ ਕੁ ਅਗੇ ਗੁਰਦੁਆਰਾ ਬਾਲ-ਲੀਲ੍ਹਾ, ਗੁਰਦੁਆਰਾ ਪੱਟੀ ਸਾਹਿਬ ਸਨ। ਬਾਲ-ਲੀਲ੍ਹਾ ਗੁਰਦੁਆਰੇ ਵਾਲਾ ਥਾਂ ਕਦੀ ਉਹ ਖੁੱਲ੍ਹਾ ਮੈਦਾਨ ਹੋਵਗਾ ਜਿਥੇ ਬਾਲ ਨਾਨਕ ਆਪਣੇ ਸਾਥੀਆਂ ਨਾਲ ਖੇਡਦਾ ਰਿਹਾ ਹੋਵੇਗਾ। ਗੁਰਦੁਆਰਾ ਪੱਟੀ ਸਾਹਿਬ ਵਿਚ ਹੀ ਪਾਂਧੇ ਕੋਲੋਂ ਪਹਿਲਾ ਪਾਠ ਪੜ੍ਹਿਆ ਤੇ ਉਸ ਨੂੰ ਹਕੀਕਤ ਦਾ ਪਾਠ ਪੜ੍ਹਾਇਆ। ਪਿਛਲੇ ਹਿੱਸੇ ਵਿਚ ਪਾਂਧੇ ਦੀ ਰਿਹਾਇਸ਼ੀ ਜਗ੍ਹਾ ਵੀ ਸੀ। ਗੁਰਦੁਆਰਾ ਮਾਲ ਸਾਹਿਬ ਉਹ ਜਗ੍ਹਾ ਸੀ ਜਿਥੇ ਗੁਰੂ ਜੀ ਡੰਗਰ ਚਾਰਦੇ ਸੌਂ ਗਏ ਸਨ ਤੇ ਉਨ੍ਹਾਂ ਦੇ ਚਿਹਰੇ ‘ਤੇ ਆਈ ਧੁੱਪ ਨੂੰ ਫਨੀਅਰ ਨਾਗ ਨੇ ਫਣ ਫੈਲਾ ਕੇ ਛਾਂ ਕਰ ਦਿੱਤੀ ਸੀ। ਲਾਗੇ ਹੀ ਵਣ ਦਾ ਉਹ ਦਰਖਤ ਅਜੇ ਕਾਇਮ ਸੀ। ਭਾਵੇਂ ਉਸ ਬਜ਼ੁਰਗ ਦਰਖ਼ਤ ਦੇ ਟਾਹਣ ਝੁਕ ਕੇ ਜ਼ਮੀਨ ਨੂੰ ਆ ਲੱਗੇ ਸਨ ਪਰ ਅਜੇ ਵੀ ਉਹਦੇ ਪੱਤਿਆਂ ‘ਤੇ ਹਰਿਆਵਲ ਸੀ। ਉਸ ਦੇ ਨੇੜੇ ਇਕ ਛੋਟਾ ਜਿਹਾ ਮੰਦਰ ਵੀ ਬਣਿਆ ਹੋਇਆ ਸੀ ਜਿਹੜਾ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਸੀ ਜਿਥੇ ਕਦੀ ਗੁਰੂ ਜੀ ਆਰਾਮ ਕਰਨ ਲਈ ਲੇਟੇ ਸਨ। ਦਰਖ਼ਤ ਦੀਆਂ ਟਾਹਣੀਆਂ ਨਾਲ ਰੰਗ ਬਰੰਗੇ ਛੋਟੇ ਛੋਟੇ ਕੱਪੜਿਆਂ ਦੀਆਂ ਲੀਰਾਂ ਬੰਨ੍ਹੀਆਂ ਹੋਈਆਂ ਸਨ। ‘ਰੱਖ’ ਜਾਂ ‘ਸੁਖਣਾ’ ਦੀਆਂ ਨਿਸ਼ਾਨੀਆਂ। ਸ਼ਰਧਾਲੂਆਂ ਦੀ ਸ਼ਰਧਾ ਦਾ ਪ੍ਰਤੀਕ। ਲੋਕਾਂ ਦਾ ਵਿਸ਼ਵਾਸ ਹੈ ਕਿ ਅਜਿਹੀ ‘ਰੱਖ’ ਉਨ੍ਹਾਂ ਦੇ ਪਰਿਵਾਰ ਨੂੰ ਸੁਖ ਦੇ ਸਕਦੀ ਹੈ, ਬਾਂਝਾਂ ਨੂੰ ਬੱਚੇ ਤੇ ਦੁਖੀਆਂ ਨੂੰ ਸੁਖ ਬਖ਼ਸ਼ ਸਕਦੀ ਹੈ। ਧਰਤੀ ਨਾਲ ਲੱਗੇ ਇਕ ਟਾਹਣ ਹੇਠਾਂ ਦੀ ਡੂੰਘਾ ਰਸਤਾ ਬਣਾਇਆ ਹੋਇਆ ਹੈ ਜਿਸ ਵਿਚੋਂ ਪਾਕਿਸਤਾਨ ਵਿਚ ਵਸਦੇ ਸ਼ਰਧਾਲੂ ਨੀਵਾਂ ਹੋ ਕੇ ਲੰਘਦੇ ਹਨ। ਉਸ ਦੇ ਹੇਠੋਂ ਗੁਜ਼ਰਨਾ ਵੀ ਉਨ੍ਹਾਂ ਸਿਰੋਂ ਦੁਖਾਂ-ਪਾਪਾਂ ਦਾ ਨਾਸ ਕਰਨ ਦੇ ਤੁੱਲ ਲੱਗਦਾ ਹੈ।ਗੁਰੂ ਜੀ ਦੀ ਵਿਗਿਆਨਕ ਸੋਚਣੀ ਦੇ ਵਿਰੁੱਧ ਸੀ ਇਹ ਵਹਿਮ-ਭਰਮ। ਉਨ੍ਹਾਂ ਤਾਂ ਉਸ ਸਮੇਂ ਬਾਹਰੀ ਭੇਖ ਵਾਲੀ ਜੀਵਨ ਜਾਚ ਦੀ ਥਾਂ ਅੰਦਰੂਨੀ ਸੁੱਚਤਾ ਵਾਲਾ ਜੀਵਨ ਜੀਊਣ ‘ਤੇ ਬਲ ਦਿੰਦਿਆਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਹਦੇ ਆਪਣੇ ਹੀ ਸਿੱਖ ਅੰਦਰੂਨੀ ਸੁੱਚਤਾ ਦੀ ਥਾਂ ਜੇ ਬਾਹਰੀ ਦਿੱਖ ਨੂੰ ਹੀ ਸੱਚੀ ਸਿੱਖੀ ਵਜੋਂ ਆਦਰਸ਼ਿਆਉਣ ‘ਤੇ ਤੁਲੇ ਹਏ ਸਨ ਤਾਂ ਵਣ ‘ਤੇ ਲੀਰਾਂ ਬੰਨ੍ਹਣ ਵਾਲੇ ਸ਼ਰਧਾਲੂਆਂ ਨੂੰ ਕੀ ਆਖੀਏ!ਕੁਝ ਵੀ ਸੀ! ਇਹ ਕਲਪਨਾ ਕਰਨਾ ਹੀ ਆਪਣੇ ਅੰਦਰ ਥਰਥਰਾਹਟ ਤੇ ਝਰਨਾਹਟ ਛੇੜ ਦਿੰਦਾ ਸੀ ਕਿ ਅਸੀਂ ਉਸ ਜਗ੍ਹਾ ‘ਤੇ ਖੜੋਤੇ ਹਾਂ ਜਿਥੇ ਗੁਰੂ ਨਾਨਕ ਮੱਝਾਂ ਨੂੰ ਚਰਨਾਂ ਛੱਡ ਕੇ ਸੌਂ ਗਿਆ ਸੀ ਵਣ ਦੀ ਛਾਵੇਂ। ਔਹ ਸੀ ਉਹ ਜਗ੍ਹਾ। ਮੇਰਾ ਜੀਅ ਕੀਤਾ ਉਸ ਮਿੱਟੀ ਨੂੰ ਹੱਥਾਂ ਨਾਲ ਛੂਹ ਕੇ ਵੇਖਾਂ!ਇਥੋਂ ਪਰਤ ਕੇ ਅਸੀਂ ਫਿਰ ਮੁੱਖ ਗੁਰਦੁਆਰੇ ਵੱਲ ਆਏ। ਕੱਚੇ ਪੱਕੇ ਨਨਕਾਣੇ ਦੇ ਮਕਾਨ। ਬਾਹਰ ਗਲੀਆਂ ਵਿਚ ਮਕਾਨਾਂ ਦੇ ਦਰਵਾਜ਼ਿਆਂ ਕੋਲ ਬਿਜਲੀ ਦੇ ਲੱਗੇ ਮੀਟਰਾਂ ਦਾ ਰਹੱਸ ਜਾਨਣਾ ਚਾਹਿਆ ਤਾਂ ਅਨਵਰ ਨੇ ਕਿਹਾ ਕਿ ਇਹ ਸਭ ਬਿਜਲੀ ਦੀ ਚੋਰੀ ਰੋਕਣ ਲਈ ਕੀਤਾ ਗਿਆ ਹੈ। ਘਰ ਦੇ ਅੰਦਰ ਬਿਜਲੀ ਦੇ ਮੀਟਰ ‘ਚੋਂ ਕਈ ਤਰੀਕਿਆਂ ਨਾਲ ਚੋਰੀ ਕਰਨੀ ਸੰਭਵ ਹੈ ਜਦ ਕਿ ਗਲੀ ਵਿਚ ਲੱਗੇ ਮੀਟਰਾਂ ‘ਚੋਂ ਅਜਿਹੀ ਚੋਰੀ ਕਰਨੀ ਏਨੀ ਸਹਿਲ ਨਹੀਂ।‘‘ਹਕੂਮਤ ਨੇ ਬਿਜਲੀ ਚੋਰੀ ਰੋਕਣ ਲਈ ਇਹਤਿਆਤ ਵਜੋਂ ਇਹ ਕਦਮ ਚੁੱਕਿਐ। ਪਹਿਲਾਂ ਤਾਂ ਅੱਸੀ ਫੀਸਦੀ ਬਿਜਲੀ ਚੋਰੀ ਹੋ ਜਾਂਦੀ ਸੀ। ਕਿਸੇ ਅਮੀਰ ਬੰਦੇ ਨੂੰ ਕਣਕ ਦਾ ਕੋਟਾ ਮਿਲਦਾ ਸੀ। ਉਸ ਲੱਖਾਂ ਬੋਰੀਆਂ ਆਟਾ ਪਿਸਾ ਕੇ ਵੇਚਿਆ। ਜਦੋਂ ਉਸ ਨੂੰ ਪੁੱਛਿਆ ਪਿਹਾਈ ਦਾ ਬਿੱਲ ਵਿਖਾ ਤਾਂ ਕੋਈ ਵੀ ਬਿੱਲ ਨਾ ਨਿਕਲਿਆ। ਇੰਜ ਹੁੰਦੀ ਸੀ ਚੋਰੀ‥।ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਦਾ ਇਕ ਚੱਕਰ ਪੂਰਾ ਕਰਕੇ ਅਸੀਂ ਫਿਰ ਮੁੱਖ ਗੁਰਦੁਆਰੇ ਦੇ ਗੇਟ ‘ਤੇ ਆਣ ਪੁੱਜੇ ਸਾਂ।ਜਗਤਾਰ, ਗੁਰਭਜਨ, ਸਰਵਣ ਸਿੰਘ ਤੇ ਹੋਰ ਸਭ ਜਣੇ ਨਨਕਾਣੇ ਤੋਂ ਬਾਅਦ ਵਾਰਿਸ ਸ਼ਾਹ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਜਾਣ ਦੀ ਤਿਆਰੀ ਵਿਚ ਸਨ। ਰਘਬੀਰ ਸਿੰਘ ਨਾਲ ਆਈ ਬਾਜਵਾ ਦੰਪਤੀ ਤਾਂ ਇਥੋਂ ਹੀ ਵਾਪਸੀ ਦੀ ਤਿਆਰੀ ਵਿਚ ਸੀ। ਉਹਦੀ ਇੱਛਾ ਵੀ ਜੰਡਿਆਲੇ ਜਾਣ ਦੀ ਸੀ। ਮੇਰਾ ਵੀ ਮਨ ਕੀਤਾ ਕਿ ਅਸੀਂ ਵੀ ਜੰਡਿਆਲਿਓਂ ਹੋ ਆਈਏ ਪਰ ਪ੍ਰੇਮ ਸਿੰਘ ਅਜੇ ਵੀ ਲਾਇਲਪੁਰ ਜਾਣ ਦੀ ਕਾਹਲੀ ਪਾ ਰਿਹਾ ਸੀ।ਸਾਨੂੰ ਜੱਕੋ ਤੱਕਿਆਂ ਵਿਚ ਪਿਆ ਵੇਖ ਕੇ ਜਦੋਂ ਪ੍ਰੇਮ ਸਿੰਘ ਨੇ ਤੁਰਨ ਲਈ ਕਿਹਾ ਤਾਂ ਰਾਇ ਸਾਹਿਬ ਨੇ ਮੈਨੂੰ ਹੌਲੀ ਜਿਹੀ ਦੱਸਿਆ ਕਿ ਉਸ ਨੇ ਸ਼ਾਮ ਨੂੰ ਕੁਝ ਪ੍ਰਾਹੁਣਿਆਂ ਨੂੰ ਘਰ ਖਾਣੇ ਉਤੇ ਬੁਲਾਇਆ ਹੋਇਆ ਹੈ। ਉਸ ਨੂੰ ਖ਼ਦਸ਼ਾ ਸੀ ਕਿ ਜੇ ਲਾਇਲਪੁਰ ਵਿਚ ਘਰ ਲੱਭਦਿਆਂ ਸ਼ੇਖ਼ੂਪੁਰੇ ਜਿੰਨਾ ਚਿਰ ਵੀ ਲੱਗਾ ਤਾਂ ਉਹ ਕਦੀ ਵੀ ਸਮੇਂ ਸਿਰ ਲਾਹੌਰ ਨਹੀਂ ਪਰਤ ਸਕਣ ਲੱਗਾ। ਇੰਜ ਸੱਦਾ ਦੇ ਕੇ ਆਪ ਹੀ ਮੇਜ਼ਬਾਨ ਗ਼ੈਰਹਾਜ਼ਰ ਹੋ ਜਾਵੇ ਇਹ ਉਸ ਸਾਊ ਬੰਦੇ ਨੂੰ ਤਾਂ ਕਦੀ ਵੀ ਪ੍ਰਵਾਨ ਨਹੀਂ ਸੀ ਹੋ ਸਕਦਾ। ਰਾਇ ਅਜ਼ੀਜ਼ ਉੱਲ੍ਹਾ ਏਨਾ ਮਹਿਮਾਨ ਨਿਵਾਜ਼ ਸੀ ਕਿ ਹਰ ਰਾਤ ਉਸ ਦੇ ਘਰ ਅੱਠ ਦਸ ਬੰਦਿਆਂ ਦਾ ਖਾਣਾ ਹੁੰਦਾ ਸੀ। ਇੰਜ ਲੱਗਦਾ ਹੈ, ਬਦਲ ਬਦਲ ਕੇ ਅੱਧੇ ਡੈਲੀਗੇਟ ਰਾਇ ਸਾਹਿਬ ਦੇ ਘਰੋਂ ਖਾਣਾ ਖਾ ਚੁੱਕੇ ਹੋਣਗੇ।ਅਸੀਂ ਪ੍ਰੇਮ ਸਿੰਘ ਨਾਲ ਰਾਇ ਸਾਹਿਬ ਦੀ ਮਜਬੂਰੀ ਸਾਂਝੀ ਕੀਤੀ ਤਾਂ ਉਸ ਨੇ ਨਰਾਜ਼ਗੀ ਨਾਲ ਕਿਹਾ, ‘‘ਕੋਈ ਗੱਲ ਨਹੀਂ, ਮੈਂ ਬੱਸ ‘ਤੇ ਚਲਾ ਜਾਵਾਂਗਾ।’’ਨਾਜ਼ੁਕ ਮਿਜ਼ਾਜ ਰਾਇ ਸਾਹਿਬ ਲਈ ਇਹ ਰੋਸਾ ਸਹਿ ਸਕਣਾ ਔਖਾ ਸੀ। ਉਹ ਜਾਣ ਲਈ ਮੰਨ ਗਿਆ। ਉਸ ਨਿਰਾਸ਼ਾ ਨਾਲ ਕਿਹਾ, ‘‘ਕੋਈ ਨਹੀਂ, ਜੇ ਜਾਪਦਾ ਹੋਇਆ ਕਿ ਪਹੁੰਚ ਨਹੀਂ ਸਕਣਾ ਤਾਂ ਲਾਹੌਰ ਫੋਨ ਕਰਕੇ ਮਾਅਜ਼ਰਤ ਮੰਗ ਲਵਾਂਗੇ।’’ਮੈਨੂੰ ਵੀ ਇਕ ਤਾਂ ਸਵੇਰ ਦਾ ਬਣਿਆ ਬਣਾਇਆ ਅਪਣੱਤ ਭਰਿਆ ਸਾਥ ਛੱਡਣਾ ਠੀਕ ਨਹੀਂ ਸੀ ਲੱਗਦਾ। ਦੂਜਾ ਮੈਂ ਜੰਡਿਆਲੇ ਦੀ ਥਾਂ ਲਾਇਲਪੁਰ ਨੂੰ ਜਾਣ ਵਾਸਤੇ ਆਪਣੇ ਮਨ ਨੂੰ ਦਲੀਲ ਦੇ ਲਈ। ਮੇਰੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਮੁੱਢ ਵੀ ਤਾਂ ਲਾਇਲਪੁਰ ਵਿਚ ਹੀ ਬੱਝਾ ਸੀ। ਪ੍ਰਿੰਸੀਪਲ ਸੁਖਬੀਰ ਸਿੰਘ ਚੱਠਾ ਨੇ ਆਉਣ ਸਮੇਂ ਮੈਨੂੰ ਆਖਿਆ ਸੀ ਕਿ ਜੇ ਮੌਕਾ ਲੱਗੇ ਤਾਂ ਮੈਂ ‘ਆਪਣੇ ਕਾਲਜ’ ਦਾ ਗੇੜਾ ਵੀ ਜ਼ਰੂਰ ਮਾਰਾਂ। ਹੁਣ ਮੈਨੂੰ ਵੀ ਲੱਗਣ ਲੱਗ ਪਿਆ ਕਿ ਲਾਇਲਪੁਰ ਨਾਲ ਮੇਰੀ ਵੀ ਨੇੜਲੀ ਸਾਂਝ ਹੈ। ਮੇਰੇ ਮਨ ਵਿਚ ਇਹ ਵੀ ਉਤਸੁਕਤਾ ਜਾਗ ਪਈ ਕਿ ਵੇਖੀਏ ਲਾਇਲਪੁਰ ਵਿਚ ਪ੍ਰੇਮ ਸਿੰਘ ਦਾ ਘਰ ਲੱਭਦਾ ਹੈ ਕਿ ਨਹੀਂ। ਜੇ ਲੱਭਦਾ ਹੈ ਤਾਂ ਪ੍ਰੇਮ ਸਿੰਘ ਕਿਵੇਂ ਮਹਿਸੂਸ ਕਰਦਾ ਹੈ। ਇੰਜ ਸੋਚਦਿਆਂ ਸੋਚਦਿਆਂ ਮੇਰੇ ਮਨ ਵਿਚ ਬਲਰਾਜ ਸਾਹਨੀ ਦੇ ਆਪਣੇ ਘਰ ਵਿਚ ਪਾਈ ਫੇਰੀ ਤੋ ਲੈ ਕੇ ਬਹੁਤ ਸਾਰੀਆਂ ਸੁਣੀਆਂ ਅਜਿਹੀਆਂ ਕਹਾਣੀਆਂ ਮਨ ਦੇ ਚਿਤਰਪਟ ਉਤੇ ਤੇਜ਼ੀ ਨਾਲ ਗੁਜ਼ਰੀਆਂ ਜਿਨ੍ਹਾਂ ਵਿਚ ਆਪਣੀ ਜਨਮ ਭੋਂ ਲਈ ਤੇ ਆਪਣੇ ਵਿਛੜੇ ਦੋਸਤਾਂ ਮਿੱਤਰਾਂ ਲਈ ਸਹਿਕਦੇ-ਸਿੱਕਦੇ ਮਨਾਂ ਦਾ ਦਰਦ ਸਿੰਮ ਰਿਹਾ ਸੀ। ਨਨਕਾਣੇ ਨਾਲ ਜੁੜੀਆਂ ਕੁਝ ਯਾਦਾਂ ਮੇਰੇ ਮਨ ਵਿਚੋਂ ਗੁਜ਼ਰੀਆਂ। ਗੁਰਮੀਤ ਸਿੰਘ ਢੱਡਾ ਕਰਮਚਾਰੀ ਆਗੂ ਵਲੋਂ ਨਨਕਾਣੇ ਵੱਸਦੇ ਆਪਣੇ ਗਰਾਈਂ ਗੁਲਾਮ ਨਬੀ ਦਾ ਸਾਰਾ ਵੇਰਵਾ ਮੈਨੂੰ ਝਕਝੋਰ ਗਿਆ। ਮੇਰਾ ਜੀ ਕੀਤਾ ਸਟੇਸ਼ਨ ਤੋਂ ਗੁਰਦੁਆਰੇ ਵੱਲ ਆਉਂਦੇ ਬਾਜ਼ਾਰ ਵਿਚ ਪਿੱਪਲ ਦੇ ਹੇਠਾਂ ਗੁਲਾਮ ਨਬੀ ਘੁਮਿਆਰ ਦੀ ਕੱਚੇ-ਪੱਕੇ ਭਾਂਡਿਆਂ ਦੀ ਦੁਕਾਨ ਲੱਭਾਂ ਤੇ ਉਸ ਨੂੰ ਗੁਰਮੀਤ ਸਿੰਘ ਦੀ ਯਾਦ ਦਿਵਾਵਾਂ। ਪਰ ਲਾਇਲਪੁਰ ਵੀ ਤਾਂ ਜਾਣਾ ਸੀ।ਅਸੀਂ ਪ੍ਰੇਮ ਸਿੰਘ ਦੀ ਭਾਵਨਾ ਦੀ ਕਦਰ ਕਰਦਿਆਂ ਦੂਜੇ ਦੋ ਗੁਰਦੁਆਰੇ ਕਾਰ ਉਤੇ ਜਾ ਕੇ ਚੱਲਦੇ-ਚੱਲਦੇ ਵੇਖਣ ਲਈ ਆਪਣੇ ਮਨ ਨੂੰ ਮਨਾ ਲਿਆ। ਗੁਰਦੁਆਰਾ ਤੰਬੂ ਸਾਹਿਬ ਤੇ ਗੁਰਦੁਆਰਾ ਕਿਆਰਾ ਸਾਹਿਬ ਦੇ ਅਸੀਂ ਬਾਹਰੋਂ ਬਾਹਰੋਂ ਦਰਸ਼ਨ ਕਰਕੇ ਮੁੜ ਪਏ। ਮੈਂ ਬਾਜ਼ਾਰ ਵਿਚੋਂ ਲੰਘਦਿਆਂ ਕਾਰ ਦੇ ਸ਼ੀਸ਼ਿਆਂ ਵਿਚੋਂ ਦੋਹੀਂ ਪਾਸੀਂ ਕਾਹਲੀ ਕਾਹਲੀ ਬਾਹਰ ਵੇਖ ਰਿਹਾ ਸਾਂ ਤੇ ਮੇਰੀਆਂ ਨਜ਼ਰਾਂ ਗੁਲਾਮ ਨਬੀ ਦੀ ਦੁਕਾਨ ਨੂੰ ਟੋਲ੍ਹ ਰਹੀਆਂ ਸਨ। ਮੇਰਿਆਂ ਚੇਤਿਆਂ ਵਿਚ ਗੁਰਮੀਤ ਢੱਡਾ ਬੋਲ ਰਿਹਾ ਸੀ।