ਕੁਦਰਤ ਵੱਲੋਂ ਕਈ ਵਿਅਕਤੀਆਂ ਦੀ ਦਿੱਖ ਹੀ ਇਹੋ ਜਿਹੀ ਹੁੰਦੀ ਹੈ ਕਿ ਉਹ ਹਰ ਇੱਕ ਨੂੰ ਆਪਣੇ-ਆਪਣੇ ਅਤੇ ਪਿਆਰੇ-ਪਿਆਰੇ ਲਗਦੇ ਹਨ। ਕੁੱਝ ਇਹੋ ਜੇਹੀ ਹੀ ਦਿੱਖ ਵਾਲ਼ੀ ਮਿਕਨਾਤੀਸੀ ਸਖਸ਼ੀਅਤ ਕੈਨੇਡਾ ਦੇ ਬਰੈੰਪਟਨ ਨਿਵਾਸੀ ਕਿਰਪਾਲ ਸਿੰਘ ਪੰਨੂੰ ਦੀ ਹੈ। ਬਰੈੰਪਟਨ ਦੇ ਹੀ ਇੱਕ ਹਾਲ ਵਿੱਚ ਇੱਕ ਨਾਟਕ ਦਿਖਾਇਆ ਜਾ ਰਿਹਾ ਸੀ। ਮੇਰਾ ਬੇਟਾ ਬਲਜਿੰਦਰ ਜਗਦੇਓ ਵੀ ਉਸ ਨਾਟਕ ਵਿੱਚ ਇੱਕ ਰੋਲ ਕਰ ਰਿਹਾ ਸੀ। ਬੇਟਾ ਸਾਹਿਤਕ ਰੁਚੀਆਂ ਦਾ ਮਾਲਕ ਹੈ ਜਿਸ ਦੀ ਜਾਗ ਉਸ ਨੂੰ ਸੁਧਾਰ ਕਾਲਜ ਵਿੱਚੋਂ ਲੱਗੀ ਸੀ। ਭੰਗੜੇ ਦਾ ਇੱਕ ਵਧੀਆ ਕਲਾਕਾਰ ਹੋਣ ਕਰਕੇ ਸਟੇਜ ਦਾ ਸੰਗ-ਸੰਗਾ ਅਤੇ ਡਰ-ਭੌਅ ਉਸ ਤੋਂ ਕੋਹਾਂ ਦੂਰ ਹੁੰਦਾ ਹੈ। ਮੰਚ ਉੱਤੇ ਜਾ ਕੇ ਤਾਂ ਉਸ ਨੂੰ ਇਸ ਤਰ੍ਹਾਂ ਚਾਅ ਚੜ੍ਹ ਜਾਂਦਾ ਹੈ ਜਿਵੇਂ ਰੁਮਾਲੀ ਪਹਿਲਵਾਨ ਨੂੰ ਖਾੜੇ ਵਿੱਚ ਗੇੜਾ ਦੇ ਕੇ ਚੜ੍ਹ ਜਾਂਦਾ ਹੈ। ਬੇਟੇ ਨੇ ਆਪਣਾ ਰੋਲ ਸਾਕਾਰ ਕਰ ਦਿਖਾਇਆ।
ਨਾਟਕ ਦੀ ਸਮਾਪਤੀ ਤੋਂ ਪਿੱਛੋਂ ਮੈਂ ਪੰਨੂੰ ਸਾਹਿਬ ਨੂੰ ਮਿਲ਼ਿਆ। ਫਤਿਹ ਸਾਂਝੀ ਕਰ ਕੇ ਹੁਣੇ-ਹੁਣੇ ਹੋਏ ਨਾਟਕ ਸਬੰਧੀ ਉਨ੍ਹਾਂ ਦੇ ਵਿਚਾਰ ਪੁੱਛੇ। ਨਾਟਕ ਦੀ ਸਮੁੱਚੀ ਪੇਸ਼ਕਾਰੀ ਦੀ ਪੁਣਛਾਣ ਕਰਦਿਆਂ ਉਨ੍ਹਾਂ ਨੇ ਬਲਜਿੰਦਰ ਦੇ ਰੋਲ ਦੀ ਭਰਪੂਰ ਪਰਸੰਸਾ ਕੀਤੀ। ਸਾਡੀ ਜਾਣ ਪਛਾਣ ਗੂੜ੍ਹੀ ਹੋ ਗਈ। ਫਿਰ ਕਦੇ ਵੀ ਕੋਈ ਨਾਟਕ ਦੀ ਪੇਸ਼ਕਾਰੀ ਜਾਂ ਹੋਰ ਕੋਈ ਵੀ ਸਾਹਿਤਕ ਇਕੱਠ, ਜਿਵੇਂ ‘ਕਲਮਾਂ ਦਾ ਕਾਫ਼ਲਾ’ ਦੀ ਮਾਸਕ ਇਕੱਤਰਤਾ ਆਦਿ ਹੋਣਾ ਤਾਂ ਪੰਨੂੰ ਸਾਹਿਬ ਦੇ ਆਮ ਦਰਸ਼ਨ ਹੋ ਜਾਣੇ ਅਤੇ ਮੈਂ ਉਨ੍ਹਾਂ ਦੀ ਪਿਆਰ ਭਰੀ ਮਿਲਣੀ ਦਾ ਪੂਰਾ ਨਿੱਘ ਮਾਣਨਾ। ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਜੀ ਵੀ ਅਕਸਰ ਉਨ੍ਹਾਂ ਦੇ ਨਾਲ਼ ਹੁੰਦੇ। ਮੈਂ ਆਪਣੇ ਮਿੱਤਰ ਕਵੀ ਸੁਖਮਿੰਦਰ ਰਾਮਪੁਰੀ ਨੂੰ ਕਹਿਣਾ ਕਿ ਇਹ ਤਾਂ ਰਾਮ ਲਛਮਣ ਦੀ ਜੋੜੀ ਹੈ। ਆਪਾਂ ਵੀ ਇਨ੍ਹਾਂ ਦੇ ਨਿੱਘੇ ਪਿਆਰ ਤੋਂ ਕੁੱਝ ਸਿੱਖੀਏ।
ਕਿਰਪਾਲ ਸਿੰਘ ਪੰਨੂੰ ਨੇ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਪਰਵਰਤਨ ਉੱਤੇ ਕਾਫੀ ਸਮਾਂ ਖਰਚ ਕੀਤਾ ਹੈ ਅਤੇ ਪੂਰੀ ਮਿਹਨਤ ਤੇ ਲਗਨ ਨਾਲ਼ ਇਸ ਅਸੰਭਵ ਕੰਮ ਨੂੰ ਸੰਭਵ ਕਰ ਵਿਖਾਇਆ ਹੈ ਜਦੋਂ ਕਿ ਸੰਸਾਰ ਭਰ ਵਿੱਚ ਹੋਰ ਕਿਸੇ ਵੀ ਪਰੋਗਰਾਮਰ ਨੇ ਇਸ ਪਾਸੇ ਦਾ ਅਜੇ ਰਾਹ ਵੀ ਨਹੀਂ ਸੀ ਫੜਿਆ। ਇਹ 2000 ਦੇ ਕਰੀਬ ਦੀ ਗੱਲ ਹੈ ਜਦੋਂ ਸ਼ਾਹਮੁਖੀ ਦੀ ਕੋਈ ਵੀ ਐਸੀ ਲਿੱਪੀ ਨਹੀਂ ਸੀ ਜੋ ਪੀਸੀ ਕੰਪਿਊਟਰ ਉੱਤੇ ਵਰਤੀ ਜਾ ਸਕਦੀ ਹੋਵੇ। ਯੂਨੀਕੋਡ ਫੌਂਟਾਂ ਦੇ ਆ ਜਾਣ ਨਾਲ਼ ਹੁਣ ਤੇ ਇਹ ਕੰਮ ਪਹਿਲੋਂ ਦੇ ਮੁਕਾਬਲੇ ਬਹੁਤ ਆਸਾਨ ਹੋ ਗਿਆ ਹੈ।
ਹੁਣ ਪਿਛਲੇ ਤਿੰਨ ਸਾਲਾਂ ਤੋਂ ਆਈ ਨੈੱਟ ਕੰਪਿਊਟਰ ਮਿਸੀਸਾਗਾ, ਜੋ ਡਿਕਸੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ, ਤੋਂ ਸੀਨੀਅਰਾਂ ਨੂੰ ਕੰਪਿਊਟਰ ਸਿਖਾਉਣ ਦੀਆਂ ਮੁਫ਼ਤ ਕਲਾਸਾਂ ਲਾ ਰਹੇ ਹਨ। ਇਸ ਨਾਲ਼ ਸਿਖਿਆਰਥੀਆਂ ਨੂੰ ਆਪਣੇ ਭਵਿੱਖ ਨੂੰ ਸਕਾਰਥਾ ਬਨਾਉਣ ਦੇ ਬਹੁਤ ਚਾਨਸ ਵਧ ਜਾਂਦੇ ਹਨ। ਇਸ ਇਨਸਾਨ ਦੇ ਦਿਲ ਵਿੱਚ ਦੂਸਰਿਆਂ ਪ੍ਰਤੀ ਪਿਆਰ, ਦਰਦ ਅਤੇ ਸਨੇਹ ਦਾ ਸਮੁੰਦਰ ਠਾਠਾਂ ਮਾਰਦਾ ਹੈ। ਸੇਵਾ ਭਾਵਨਾ ਦਾ ਸਿਖ਼ਰ ਹੈ ਕਿਰਪਾਲ ਸਿੰਘ ਪੰਨੂੰ।
ਉਨ੍ਹਾਂ ਨੇ ਪਹਿਲਾਂ ਪੁਲੀਸ / ਬਾਰਡਰ ਸਕਿਉਰਿਟੀ ਫੋਰਸ ਵਿੱਚ ਵੱਖੋ ਵੱਖ ਬਟਾਲੀਅਨਾਂ, ਸਿੱਖਿਆ ਕੇਂਦਰਾਂ ਆਦਿ ਵਿੱਚ ਆਪਣੀ ਸੇਵਾ ਦਾ ਭਰਪੂਰ ਯੋਗਦਾਨ ਪਾ ਕੇ ਨਾਮਣਾ ਖੱਟਿਆ। ਫਿਰ ਸੇਵਾ ਮੁਕਤ ਹੋ ਕੇ ਵੀ ਆਰਾਮ ਕਰਨ ਦੀ ਰੁਚੀ ਭਾਰੂ ਨਹੀਂ ਹੋਣ ਦਿੱਤੀ। ਹੁਣ ਉਹ ਕੈਨੇਡਾ ਵਿੱਚ ਹੋਰ ਵੀ ਉਤਸ਼ਾਹ ਅਤੇ ਲਗਨ ਨਾਲ਼ ਕੰਪਿਊਟਰ ਰਾਹੀਂ ਅਭਿਲਾਸ਼ੀਆਂ ਦੀ ਸੇਵਾ ਕਰਦੇ ਹਨ। ਉਨ੍ਹਾਂ ਦਾ ਪਿਛਲਾ ਪਿੰਡ ਕਟਾਹਰੀ ਜ਼ਿਲ੍ਹਾ ਲੁਧਿਆਣਾ, ਮੇਰੇ ਪਿੰਡ ‘ਛਪਾਰ’ ਦੇ ਨੇੜੇ ਹੈ। ਮੈਂ ਅਤੇ ਸੁਖਮਿੰਦਰ ਰਾਮਪੁਰੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ, “ਪੰਨੂੰ ਸਾਹਿਬ ਸਾਨੂੰ ਵੀ ਆਪਣੇ ਵਿਦਿਆਰਥੀ ਬਣਾ ਲਵੋ।” ਤਾਂ ਪੰਨੂੰ ਸਾਹਿਬ ਖੁਸ਼ ਹੋ ਕੇ ਕਹਿਣ ਲੱਗੇ, “ਕੱਲ੍ਹ ਹੀ ਆ ਜਾਓ। ਤੁਹਾਡੇ ਲਈ ਦਰਵਾਜ਼ਾ ਸਦਾ ਖੁੱਲ੍ਹਾ ਹੈ ਤੇ ਖੁੱਲ੍ਹਾ ਹੀ ਰਹੇਗਾ।” ਐਪਰ ਅਸੀਂ ਦੋਵੇਂ ਹੀ ਪਰਿਵਾਰਕ ਰੁਝੇਵਿਆਂ ਕਾਰਨ ਅੱਜ ਤੀਕਰ ਸਮਾਂ ਨਹੀਂ ਕੱਢ ਸਕੇ। ਇੱਕ ਦਿਨ ਪੰਨੂੰ ਸਾਹਿਬ ਇੱਕ ਮਹਿਫਲ ਵਿੱਚ ਸਾਡੇ ਦੋਹਾਂ ਵੱਲ ਇਸ਼ਾਰਾ ਕਰ ਕੇ ਕਹਿਣ ਲੱਗੇ ਕਿ ਮੇਰੇ ਇਹ ਦੋ ਸਿਖਿਆਰਥੀ ਐਹੋ ਜਿਹੇ ਨੇ ਜਿਨ੍ਹਾਂ ਨੇ ਕਲਾਸ ਦੇ ਅੰਦਰ ਤਾਂ ਕੀ ਆਉਣਾ ਸੀ ਸਗੋਂ ਸਕੂਲ ਦੇ ਪਿੱਛੋਂ ਦੀ ਵੀ ਨਹੀਂ ਲੰਘਦੇ। ਇਹ ਸੁਣ ਕੇ ਭਰੀ ਮਹਿਫਲ ਵਿੱਚ ਹਾਸਾ ਪੈ ਗਿਆ।
ਕਿਰਪਾਲ ਸਿੰਘ ਪੰਨੂੰ ਉਮਰ ਦੇ ਇਸ ਪੜਾਅ ’ਤੇ ਆ ਕੇ ਵੀ ਇਸ ਤਰ੍ਹਾਂ ਵਿਚਰ ਰਹੇ ਹਨ ਅਤੇ ਇਤਨੇ ਸਨੇਹ ਅਤੇ ਲਗਨ ਵਾਲ਼ੇ ਹਨ ਕਿ ਹਰ ਮਿਲਣ ਵਾਲ਼ੇ ਲਈ ਉਹ ਇੱਕ ਪ੍ਰੇਰਨਾ ਸਰੋਤ ਹਨ। ਮੈਂ ਪੰਨੂੰ ਸਾਹਿਬ ਦੀ ਲੰਮੀ ਅਤੇ ਅਰੋਗ ਉਮਰ ਦੀ ਕਾਮਨਾ ਕਰਦਾ ਹੋਇਆ ਇਹ ਸਤਰਾਂ ਪੇਸ਼ ਕਰਨ ’ਚ ਖੁਸ਼ੀ ਮਹਿਸੂਸ ਕਰ ਰਿਹਾ ਹਾਂ:
ਮੰਜ਼ਿਲ ਪੈਰਾਂ ਵਿੱਚ ਚੱਲ ਕੇ ਆਪ ਆਉਂਦੀ, ਪੱਕੇ ਪੈਰ ਜੋ ਮੰਜ਼ਿਲ ਵੱਲ ਧਰਨ ਵਾਲ਼ੇ। ਹਰ ਇੱਕ ਨੂੰ ਸੁੱਖ ਆਰਾਮ ਦੇਵਣ, ਦੁੱਖ ਦਰਦ ਮੁਸੀਬਤਾਂ ਜਰਨ ਵਾਲ਼ੇ। ਮਰਜੀਵੜੇ ਉਨ੍ਹਾਂ ਨੂੰ ਆਖਦੇ ਨੇ, ਜੋ ਨੇ ਪੀੜ ਪਰਾਈ ਤੇ ਮਰਨ ਵਾਲ਼ੇ। ਜੱਗ ਉਨ੍ਹਾਂ ਦੀ ਦੀਦ ਲਈ ਸਹਿਕਦਾ ਏ, ‘ਰਵੀ’ ਜੱਗ ਨੂੰ ਪਿਆਰ ਜੋ ਕਰਨ ਵਾਲ਼ੇ।