ਇਹ ਵਿਲੱਖਣ ਵਿਧਾ ਵਿੱਚ ਲਿਖੀ ਪੁਸਤਕ ਹੈ। ਇਸਦਾ ਨਾਂ ‘ਅਸਾਂ ਮਰਨਾ ਨਾਹੀਂ’ ਬੁੱਲੇ ਸ਼ਾਹ ਦੀਆਂ ਕਾਫੀਆਂ ਵਿੱਚੋਂ ਲਿਆ ਗਿਆ ਹੈ। ‘ਬੁੱਲੇ ਸ਼ਾਹ ਅਸਾਂ ਮਰਨਾ ਨਾਹੀਂ, ਗੌਰ ਪਿਆ ਕੋਈ ਹੋਰ’। ਮਤਲਬ ਲੇਖਕ ਨਹੀਂ ਮਰਦਾ, ਉਹਦੀ ਕਬਰ ਵਿੱਚ ਕੋਈ ਹੋਰ ਜੰਮ ਪੈਂਦਾ ਹੈ। ਲੇਖਕ ਅਮਰ ਰਹਿੰਦਾ ਹੈ। ਪੁਸਤਕ ਲਿਖਣ ਵਾਲਾ ਹੈ, ਸਿਰ ਮੈਦਾਨ ਦੌੜ ਰਿਹਾ ਸਮੱਧਰ ਕੱਦ ਦਾ ਸਾਡਾ ਕੱਦਾਵਰ ਲੇਖਕ ਗੁਰਬਚਨ ਸਿੰਘ ਭੁੱਲਰ। ਉਹਦੀ ਕਿਤਾਬਾਂ ਲਿਖਣ ਤੇ ਛਪਾਉਣ ਦੀ ਰਫ਼ਤਾਰ ਵਿਸ਼ਵ ਰਿਕਾਰਡ ਰੱਖਣ ਵਾਲੇ ਦੌੜਾਕ ਉਸੈਨ ਬੋਲਟ ਨੂੰ ਮਾਤ ਪਾ ਰਹੀ ਹੈ। ਸਿਰਫ ਸਵਾ ਸਾਲ ਵਿੱਚ 8 ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਤ ਕੀਤੀਆਂ ਉਹਦੀਆਂ ਕਿਤਾਬਾਂ ਦੀ ਗਿਣਤੀ 15 ਹੋ ਗਈ ਹੈ ਜਿਨ੍ਹਾਂ ਵਿੱਚ ਹਥਲੀ ਪੁਸਤਕ ਦਾ ਨੰਬਰ 8ਵਾਂ ਹੈ ਜੋ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪੀ ਹੈ।
'ਅਸਾਂ ਮਰਨਾ ਨਾਹੀਂ’ ਨਾਂ ਦੇ ਗੁਲਦਸਤੇ ਵਿੱਚ ਪ੍ਰੋਏ ਲੇਖਕ ਹਨ: ਬਹੁਰੰਗੇ ਫੁੱਲਾਂ ਨਾਲ ਲੱਦਿਆ ਗੁਲਮੋਹਰ ਦੇਵਿੰਦਰ ਸਤਿਆਰਥੀ, ਖੱਲ ਉਤਰਵਾ ਕੇ ਲੂਣ ਵਿੱਚੋਂ ਲੰਘਿਆ ਕਹਾਣੀਕਾਰ ਰਾਜਿੰਦਰ ਸਿੰਘ ਬੇਦੀ, ਡਾਕਟਰ ਪਲਟਾ ਦਾ ਉਮਰ-ਭਰ ਦਾ ਸ਼ਾਗਿਰਦ ਬਲਵੰਤ ਗਾਰਗੀ ਅਤੇ ਮਨਚਾਹਿਆ ਜੀਵਨ ਜਿਊਣ ਤੇ ਅਣਚਾਹੀਆਂ ਮੁਸ਼ਕਲਾਂ ਸਹੇੜਣ ਵਾਲੀ ਅੰਮ੍ਰਿਤਾ ਪ੍ਰੀਤਮ। ਸਰੀਰਕ ਤੌਰ ’ਤੇ ਭਾਵੇਂ ਇਹ ਚਾਰੇ ਮਰ ਚੁੱਕੇ ਹਨ ਪਰ ਪਾਠਕ ਦੇ ਮਨਾਂ ਵਿੱਚ ਅਮਰ ਹਨ। ਉਨ੍ਹਾਂ ਨੂੰ ਹੋਰ ਚਿਰਜੀਵੀ ਬਣਾਈ ਰੱਖਣ ਦੀ ਰਹਿੰਦੀ ਕਸਰ ਭੁੱਲਰ ਨੇ ਇਹ ਕਿਤਾਬ ਲਿਖ ਕੇ ਕੱਢ ਦਿੱਤੀ ਹੈ।
ਭੁੱਲਰ ਵੇਖਣ ਨੂੰ ਭਲਾਮਾਣਸ ਲਗਦਾ ਹੈ, ਹੈ ਵੀ ਭਲਾਮਾਣਸ, ਪਰ ਜਿਵੇਂ ਇਸ ਭਲੇਮਾਣਸ ਨੇ ਚਾਰ ਚੰਗੇ ਭਲੇ ਲੇਖਕਾਂ ਦੀਆਂ ਧੁਰ ਅੰਦਰਲੀਆਂ ਅਤੇ ਗੁੱਝੀਆਂ ਗੱਲਾਂ ਨਸ਼ਰ ਕੀਤੀਆਂ ਹਨ, ਉਹਨੇ ਕਹਿੰਦੇ ਕਹਾਉਂਦੇ ਭਾਨੀਮਾਰ ਅਤੇ ਮੁਖ਼ਬਰ ਵੀ ਮਾਤ ਪਾ ਦਿੱਤੇ ਹਨ। ਉਹਦੀ ਕਥਾ ਵਾਰਤਾ ਚੁਗਲੀਆਂ ਕਰਦੀ ਲਗਦੀ ਹੈ। ਚੁਗਲੀਆਂ ਕਿਸ ਨੂੰ ਚੰਗੀਆਂ ਨਹੀਂ ਲੱਗਦੀਆਂ? ਜਿਵੇਂ ਜਿਵੇਂ ਪੁਸਤਕ ਪੜ੍ਹਦੇ ਜਾਈਦਾ, ਖੁਸ਼ ਹੁੰਦੇ ਜਾਈਦਾ ਬਈ ‘ਮਹਾਨ’ ਲੇਖਕ ਹੈਨ ਤਾਂ ਆਪਣੇ ਵਰਗੇ ਈ। ਆਮ ਲੋਕਾਂ ਵਰਗਾ ਈ ਐ ਉਹਨਾਂ ਦਾ ਸੱਚ-ਝੂਠ ਤੇ ਇਸ਼ਕ-ਮੁਸ਼ਕ!
ਟਾਕੀਆਂ ਵਾਲੇ ਚੋਲੇ’ ਵਾਲਾ ਡਾ. ਹਰਿਭਜਨ ਸਿੰਘ ਸੀਗਾ ਤਾਂ ਭੁੱਲਰ ਵਰਗਾ ਹੀ ਭਲਾਮਾਣਸ - ਭਜਨਬਾਣੀ ਲਿਖਣ ਤੇ ਸੁਣਾਉਣ ਵਾਲਾ, ਉਹਦੀ ਭਜਨਬੰਦਗੀ ਦੀ ‘ਚੋਲੇ ਵਾਲੇ ਫੱਕਰ’ ਦੇਵਿੰਦਰ ਸਤਿਆਰਥੀ ਬਾਰੇ ਕੀਤੀ ਭਜਨਬਾਣੀ ਵੀ ਸੁਣ ਲਓ: ਬੜਾ ਚਤੁਰ ਚਲਾਕ ਹੈ ਇਹ ਬੰਦਾ! ਆਪਣੇ ਮਨ ਉੱਤੇ ਦਾੜ੍ਹੀ ਦੀ ਚਾਦਰ ਤਾਣੀ ਰੱਖਦਾ ਹੈ। ਇਹ ਸਭ ਦੇ ਮਨ ਵਿੱਚ ਝਾਕ ਜਾਂਦਾ ਏ ਪਰ ਆਪ ਕਿਸੇ ਨੂੰ ਆਪਣੇ ਮਨ ਵਿੱਚ ਝਾਕਣ ਹੀ ਨਹੀਂ ਦਿੰਦਾ!
ਇਕੇਰਾਂ ਭੁੱਲਰ ਨੂੰ ਸਤਿਆਰਥੀ ਜੀ ਪੁਰਾਣਾ ਕਿੱਸਾ ਨਵੇਂ ਵਾਂਗ ਸੁਣਾਉਣ ਲੱਗੇ, “ਕੁਦਰਤ ਦੀ ਖੇਡ ਦੇਖੋ, ਚਿੱਤ ਵਿੱਚ ਕੀ ਆਈ, ਸਬਜ਼ੀ ਖਰੀਦਣ ਗਿਆ ਮੈਂ ਮਿੱਤਰਾਂ ਨੂੰ ਮਿਲਣ ਪਾਕਿਸਤਾਨ ਪਹੁੰਚ ਗਿਆ। ਲੋਕਮਾਤਾ ਨੇ ਨਹਿਰੂ ਨੂੰ ਚਿੱਠੀ ਲਿਖ ਦਿੱਤੀ, ਤੁਸੀਂ ‘ਡਿਸਕਵਰੀ ਆਫ ਇੰਡੀਆ’ ਲਿਖ ਕੇ ਇੰਡੀਆ ਤਾਂ ਲੱਭ ਲਿਆ, ਹੁਣ ਮੇਰਾ ਪਤੀ ਲੱਭੋ ਤਾਂ ਜਾਣਾ। ਉਹਨਾਂ ਨੇ ਪਾਕਿਸਤਾਨ ਵਿੱਚ ਭਾਰਤੀ ਦੂਤਾਵਾਸ ਨੂੰ ਹੁਕਮ ਚਾੜ੍ਹਿਆ। ਭਾਰਤੀ ਹਾਈ ਕਮਿਸ਼ਨਰ ਦੀ ਪਤਨੀ ਨੇ ਮੈਂਨੂੰ ਲੱਭ-ਲਭਾ ਕੇ ਸਮੁੱਚੀ ਇਸਤਰੀ ਜਾਤੀ ਦਾ ਵਾਸਤਾ ਪਾਉਂਦਿਆਂ ਹੱਥ ਜੋੜੇ ਕਿ ਮੈਂ ਘਰ ਪਰਤ ਜਾਵਾਂ ...।”
ਸਤਿਆਰਥੀ ਦੇ ਕਿੱਸੇ ਉਹਦੀ ਦਾੜ੍ਹੀ ਵਾਂਗ ਹੀ ਲੰਮੇ ਹਨ। ਉਹ ਮਾਲਵੇ ਦੇ ਮਸ਼ਹੂਰ ਪਿੰਡ ਭਦੌੜ ਵਿੱਚ ਜੰਮਿਆ। ਜਗਰਾਵੀਂ ਵਿਆਹਿਆ ਗਿਆ, ਜਿੱਥੇ ਰੌਸ਼ਨੀ ਦਾ ਬੜਾ ਭਾਰੀ ਮੇਲਾ ਲੱਗਦਾ, ਜਿਸ ਵਿੱਚ ਵੈਲੀਆਂ ਦਾ ਇਕੱਠ ਹੁੰਦਾ। ਆਰੀ ਆਰੀ ਆਰੀ, ਵਿੱਚ ਜਗਰਾਵਾਂ ਦੇ ...। ਲੋਕ ਗੀਤ ਇਕੱਠੇ ਕਰਨ ਦੇ ਗੇੜ ਵਿੱਚ ਉਸ ਨੇ ਚਾਲੀ ਸਾਲ ਦੀ ਉਮਰ ਤਕ ਚਾਲੀ ਬੂਟ ਘਸਾ ਮਾਰੇ। ਗੋਤ ਉਹਦਾ ਸਤਿਆਰਥੀ ਨਹੀਂ ਬੱਤਾ ਸੀ। ਘਰਦਿਆਂ ਨੇ ਉਹਦਾ ਪਲੇਠਾ ਨਾ ਯੁਧਿਸ਼ਠਰ ਰੱਖਿਆ ਸੀ, ਫਿਰ ਦੇਵਿੰਦਰ ਕਰ ਦਿੱਤਾ। 1929 ਵਿੱਚ ਅਜਮੇਰ ਦੇ ਛਾਪੇਖਾਨੇ ਵਿੱਚ ‘ਸਤਿਆਰਥ ਪ੍ਰਕਾਸ਼’ ਦੀ ਛਪਾਈ ਕਰਨ ਵੇਲੇ ਦੇਵਿੰਦਰ ਨੇ ਆਪਣੇ ਨਾਂ ਨਾਲ ਸਤਿਆਰਥੀ ਜੋੜ ਲਿਆ।
ਭਾਰਤ ਦੀ ਬੁਲਬੁਲ ਸਰੋਜਨੀ ਨਾਇਡੋ ਨੇ ਭੇਤ ਖੋਲ੍ਹਿਆ, “ਸਤਿਆਰਥੀ ਉੰਨਾ ਬੁੱਢਾ ਨਹੀਂ, ਜਿੰਨਾ ਦਾੜ੍ਹੀ ਕਰਕੇ ਲਗਦਾ ਹੈ।” ਭੁੱਲਰ ਲਿਖਦਾ ਹੈ, “ਉਹ ਗਾਂਧੀ ਜੀ ਤੋਂ ਲੈ ਕੇ ਹੀਰਾ ਸਿੰਘ ਦਰਦ ਤਕ ਕੀਤੀ ਹੋਈ ਪ੍ਰਸ਼ੰਸਾ ਨੂੰ ਖ਼ੁਸ਼ਬੂਦਾਰ ਫੁੱਲਾਂ ਵਾਂਗ ਝੋਲੀ ਵਿੱਚ ਸਾਂਭਦੇ ਸਨ ਪਰ ਆਨੰਦ-ਪ੍ਰਸੰਨ ਸਰੋਜਨੀ ਦੀ ਟਿੱਪਣੀ ਨਾਲ ਹੁੰਦੇ ਸਨ, ‘ਦੇਖੋ ਨਾ ਜੀ, ਆਖ਼ਰ ਕਵਿੱਤਰੀ ਹੋਈ, ਉਹ ਵੀ ਵੱਡੀ ਕਵਿੱਤਰੀ! ਉਹਦੇ ਹਰ ਲਫ਼ਜ਼ ਵਿੱਚੋਂ ਤਾਂ ਕਵਿਤਾ ਦੀ ਕਿਣਮਿਣ ਹੋਣੀ ਹੀ ਹੋਈ।’ ਫੇਰ ਉਹ ਆਵਾਜ਼ ਕੁਛ ਨੀਵੀਂ ਤੇ ਭੇਤ ਭਰੀ ਬਣਾ ਕੇ ਆਖਦੇ ਸਨ: ਗੱਲ ਇਹ ਹੈ, ਭੁੱਲਰ ਜੀ, ਮੈਂ ਇਸ ਉਮਰ ਨੂੰ ਪਹੁੰਚ ਕੇ ਵੀ ਜੇ ਬੁੱਢਾ ਨਹੀਂ ਹੋਇਆ, ਕੀ ਜਾਣੀਏਂ, ਇਹ ਸਰੋਜਨੀ ਦੇ ਪਵਿੱਤਰ ਬੋਲ ਹੀ ਮੇਰੇ ਵਾਸਤੇ ਅਮਰ-ਫਲ ਸਿੱਧ ਹੋਏ ਹੋਣ!”
ਬੜਾ ਕੁਛ ਹੈ ‘ਅਸਾਂ ਨਹੀਂ ਮਰਨਾ’ ਵਿੱਚ ਸਤਿਆਰਥੀ ਤੇ ਹੋਰਨਾਂ ਲੇਖਕਾਂ ਬਾਰੇ ਪੜ੍ਹਨ ਵਾਲਾ।
ਮਹਾਂਕਵੀ ਟੈਗੋਰ ਨੇ ਕਿਹਾ ਸੀ, ਦੁਨੀਆ ਵਿੱਚ ਹਰ ਰੋਜ਼ ਇੰਨੇ ਮਨੁੱਖਾਂ ਦੇ ਜੰਮਣ ਤੋਂ ਪਤਾ ਲੱਗਦਾ ਹੈ ਕਿ ਪਰਮਾਤਮਾ ਮਨੁੱਖ ਬਣਾਉਂਦਾ ਥੱਕਿਆ ਨਹੀਂ। ਰਾਜਿੰਦਰ ਸਿੰਘ ਬੇਦੀ ਦਾ ਕਹਿਣਾ ਸੀ ਕਿ ਮੈਂ ਸਿਰਫ਼ ਟੈਗੋਰ ਦੇ ਇਸ ਕਥਨ ਦਾ ਸਬੂਤ ਬਣਨ ਵਾਸਤੇ 1 ਸਤੰਬਰ 1915 ਨੂੰ ਲਾਹੌਰ ਵਿੱਚ ਅੰਮ੍ਰਿਤ ਵੇਲੇ ਤਿੰਨ ਵੱਜ ਕੇ ਸੰਤਾਲੀ ਮਿੰਟ ’ਤੇ ਪਧਾਰਿਆ।
ਹਾਸ-ਵਿਅੰਗ ਦੇ ਛੱਟੇ ਦੇਣ ਵਿੱਚ ਬੇਦੀ ਭੁੱਲਰ ਤੋਂ ਵੀ ਅਗਾਂਹ ਸੀ। ਬੰਬਈ ਵਿਖੇ ਸੰਤ ਸਿੰਘ ਸੇਖੋਂ ਦੇ ਮਾਣ ਵਿੱਚ ਦਿੱਤੀ ਪਾਰਟੀ ਮਗਰੋਂ ਕੁਛ ਲੇਖਕ ਬੇਦੀ ਦੀ ਕਾਰ ਵਿੱਚ ਜਾ ਰਹੇ ਸਨ। ਨਵੀਂ ਕਾਰ ਦੇਖ ਕੇ ਸੁਖਬੀਰ ਨੇ ਕਿਹਾ, “ਬੇਦੀ ਸਾਹਿਬ, ਇਹ ਗੱਡੀ ਤੁਹਾਡੇ ਪ੍ਰੋਡਿਊਸਰ ਬਣਨ ਦੀ ਗਵਾਹੀ ਭਰਦੀ ਹੈ।” ਹਰਨਾਮ ਸਿੰਘ ਨਾਜ਼ ਬੋਲਿਆ, “ਗੱਡੀ ਕਾਹਦੀ, ਪੂਰਾ ਗੱਡਾ ਹੈ ਇਹ ਤਾਂ!” ਗੱਡੇ ਵਾਹੁਣ ਵਾਲਿਆਂ ਵਿੱਚੋਂ ਆਏ ਸੇਖੋਂ ਨੇ ਸੰਤਬਾਣੀ ਉਚਾਰੀ, “ਇਸ ਵਿੱਚ ਤਾਂ ਭਾਵੇਂ ਆਲੂਆਂ ਦੀਆਂ ਬੋਰੀਆਂ ਲੱਦ ਲਵੋ।” ਬੇਦੀ ਨੇ ਸੁਖਨ ਅਲਾਇਆ, “ਆਲੂ ਹੀ ਤਾਂ ਲੱਦੀ ਜਾ ਰਿਹਾਂ!”
ਜਿੱਥੋਂ ਤਕ ਇਸ਼ਕ ਦਾ ਸੰਬੰਧ ਹੈ, ਬੇਦੀ ਸਾਹਿਬ ਕਹਿੰਦੇ ਸਨ, “ਮੇਰੇ ਸਾਹਮਣੇ ਕੋਈ ਮਸ਼ੂਕ ਨਹੀਂ ਸੀ। ਜੇ ਸੀ ਤਾਂ ਮੈਂਨੂੰ ਬੱਚਾ ਸਮਝ ਕੇ ਟਾਲ ਜਾਂਦੀ ਸੀ। ਜੇ ਕਦੀ ਭੁੱਲ-ਭੁਲੇਖੇ ਮੇਰੇ ਕੋਲ ਅਟਕ ਜਾਂਦੀ ਤਾਂ ਮੇਰੀ ਘਰਵਾਲੀ ਜੁੱਤੀ ਫੜ ਲੈਂਦੀ ਸੀ।” ਉਹ ਇਹ ਵੀ ਕਹਿੰਦੇ ਸਨ, “ਮੈਂ ਸਿਆਣਾ ਹੋਣ ਕਰਕੇ ਕਿਸੇ ਔਰਤ ਨੂੰ ਪਿਆਰ ਨਹੀਂ ਸੀ ਕਰਦਾ ਅਤੇ ਔਰਤ ਬੇਵਕੂਫ਼ ਹੋਣ ਕਰਕੇ ਮੈਂਨੂੰ ਪਿਆਰ ਨਹੀਂ ਸੀ ਕਰਦੀ।”
ਬੇਦੀ ਸਾਹਿਬ ਆਪਣੇ ਆਪ ਨੂੰ ਸਾਹਿਤਕਾਰ ਮੰਨਦੇ ਸਨ, ਫਿਲਮੀ ਬੰਦਾ ਨਹੀਂ। ਸਾਹਿਤ ਉਨ੍ਹਾਂ ਦਾ ਇਸ਼ਕ ਸੀ ਤੇ ਫਿਲਮਾਂ ਦੀ ਥਾਂ ਰਖੇਲ ਵਾਲੀ ਸੀ। ਰੱਬ ਬਾਰੇ ਉਨ੍ਹਾਂ ਦਾ ਨਜ਼ਰੀਆ ਸੀ: ਜੇ ਭਗਵਾਨ ਮਨੁੱਖ ਬਣਾਉਣ ਦੀ ਉਜੱਡਤਾ ਕਰਦਾ ਹੈ ਤਾਂ ਮੈਂ ਮਨੁੱਖ ਹੋ ਕੇ ਭਗਵਾਨ ਬਣਾਉਂਦੇ ਰਹਿਣ ਦੀ ਬੇਵਕੂਫ਼ੀ ਕਿਉਂ ਕਰਾਂ?
ਸੰਤੋਖ ਸਿੰਘ ਧੀਰ ਨੂੰ ‘ਸੁਰਮੇ ਵਾਲੀ ਅੱਖ', ਹਰਨਾਮ ਸਿੰਘ ਸ਼ਾਨ ਨੂੰ ‘ਦੁੱਧ ਵਿੱਚ ਬਰਾਂਡੀ', ਪ੍ਰੋ. ਪ੍ਰੀਤਮ ਸਿੰਘ ਨੂੰ ‘ਨਾਨਕਸ਼ਾਹੀ ਇੱਟ', ਨੋਰਾ ਰਿਚਰਡ ਨੂੰ ‘ਨਾਟਕ ਦੀ ਨਕੜਦਾਦੀ', ਸ਼ਿਵ ਕੁਮਾਰ ਨੂੰ ‘ਕੌਡੀਆਂ ਵਾਲਾ ਸੱਪ’ ਤੇ ਅਜੀਤ ਕੌਰ ਨੂੰ ‘ਕਾੜ੍ਹਨੀ’ ਲਿਖਣ ਵਾਲਾ ਬਲਵੰਤ ਗਾਰਗੀ ਤਾਂ ਸੀ ਹੀ ਉਹਦੇ ਨਾਟਕ ਦੇ ਪਾਤਰ ਡਾਕਟਰ ਪਲਟੇ ਵਰਗਾ ਪਲਟਾ। ਨਾਟਕਕਾਰੀ ਦਾ ਨਿਰਾ ਡਰਾਮਾ। ਉਸ ਨੇ ਆਪਣੇ ਗੋਤ ਗਰਗ ਨੂੰ ਗਾਰਗੀ ਬਣਾ ਕੇ ਆਪਣੇ ਨਾਂ ਨਾਲ ਜੋੜ ਲਿਆ ਬਈ ਮੁੰਡਾ ਨਹੀਂ ਕੁੜੀ ਲੱਗੇ। ਫਿਰ ਕੀ ਸੀ, ਕੁੜੀਆਂ ਗਾਰਗੀ ’ਤੇ ਮਰਨ ਲੱਗੀਆਂ। ਸਿਆਟਲ ਦੀ ਜੀਨੀ ਗਾਰਗੀ ਦਾ ਪੱਲਾ ਫੜਕੇ ਚੰਡੀਗੜ੍ਹ ਆ ਵਸੀ। ਇਹ ਵੱਖਰੀ ਗੱਲ ਹੈ ਕਿ ਦੋ ਨਿਆਣੇ ਜੰਮ ਕੇ ਮੁੜ ਅਮਰੀਕਾ ਉਡਾਰੀ ਮਾਰ ਗਈ। ਗਾਰਗੀ ਦੇ ਪੱਲੇ ਰਹਿ ਗਿਆ ਉਹੀ ‘ਕਾਸ਼ਨੀ ਵਿਹੜਾ’ ਤੇ ਉਹੀ ‘ਨੰਗੀ ਧੁੱਪ’!
ਭੁੱਲਰ ਲਿਖਦਾ ਹੈ, “ਗਾਰਗੀ ਨੂੰ ਗੁਰਮੁਖੀ ਚੱਜ ਨਾਲ ਨਹੀਂ ਸੀ ਲਿਖਣੀ ਆਉਂਦੀ ਤੇ ਨਾ ਉਹਨੇ ਅੰਤ ਤਕ ਗੁਰਮੁਖੀ ਸਿੱਖਣ ਦਾ ਕੋਈ ਯਤਨ ਹੀ ਕੀਤਾ। ਪਹਿਲੇ ਦੋ ਕੁ ਨਾਟਕ ਉਹਨੇ ਸ਼ਾਹਮੁਖੀ ਲਿਪੀ ਵਿੱਚ ਲਿਖੇ ਤੇ ਕਿਸੇ ਹੋਰ ਤੋਂ ਗੁਰਮੁਖੀ ਵਿੱਚ ਲਿਖਵਾਏ। ਫੇਰ ਉਹਨੇ ਬੋਲ ਕੇ ਲਿਖਵਾਉਣ ਦਾ ਅਭਿਆਸ ਕਰ ਲਿਆ। ਇਹ ਉਹਦਾ ਕਮਾਲ ਹੀ ਕਿਹਾ ਜਾ ਸਕਦਾ ਹੈ ਕਿ ਉਹ ਇਸ ਕਲਾ ਵਿੱਚ ਪੂਰਾ ਤਾਕ ਹੋ ਗਿਆ ਸੀ। ਪਹਿਲਾਂ ਕ੍ਰਿਸ਼ਨਜੀਤ ਤੇ ਫਿਰ ਅਮਰੀਕ ਗਿੱਲ ਉਹਦਾ ਬੋਲਿਆ ਲਿਖਦੇ ਰਹੇ।” ਅਮਰੀਕ ਗਿੱਲ ਲਿਖਦਾ ਹੈ, “ਅਸੀਂ ਤੜਕੇ ਉੱਠ ਕੇ ਕੰਮ ਕਰਦੇ। ਪਹਿਲੀ ਚਾਹ ਦੀ ਟ੍ਰੇਅ ਮੈਂ ਤਿਆਰ ਕਰਦਾ ਤੇ ਦੂਜੀ ਗਾਰਗੀ ਸਾਹਿਬ। ਗਾਰਗੀ ਸਾਹਿਬ ਤਖ਼ਤਪੋਸ਼ ’ਤੇ ਚੌਕੜੀ ਮਾਰ ਕੇ ਮੇਜ਼ ਸਾਹਮਣੇ ਬੈਠ ਜਾਂਦੇ ਤੇ ਦੂਜੇ ਪਾਸੇ ਮੈਂ। ਉਹ ਲਿਖਣ ਲਈ ਮਹਿੰਗੇ ਸਫੇਦ ਕਾਗਜ਼ ਤੇ ਅਮਰੀਕਨ ਬਾਲ-ਪੈੱਨ ਹੀ ਵਰਤਦੇ। ਉਹ ਮੰਨਦੇ ਸਨ ਕਿ ਸਸਤੀ ਸਟੇਸ਼ਨਰੀ ਨਾਲ ਸਸਤਾ ਸਾਹਿਤ ਹੀ ਲਿਖਿਆ ਜਾ ਸਕਦਾ ਹੈ। ਉਹ ਸਾਹਿਤ ਦੀ ਧੂਣੀ ਧੁਖਾਉਂਦੇ ਤਾਂ ਵਿਚਾਰਾਂ ਦਾ ਹੜ੍ਹ ਵਗ ਤੁਰਦਾ, ਸਿਰਜਣਾ ਦੀ ਨਦੀ ਸ਼ੂਕਦੀ।”
ਮਨਚਾਹਿਆ ਜੀਵਨ ਜਿਊਣ ਤੇ ਅਣਚਾਹੀਆਂ ਮੁਸ਼ਕਲਾਂ ਸਹਿਣ ਵਾਲੀ ਅੰਮ੍ਰਿਤਾ ਪ੍ਰੀਤਮ ਦਾ ਸ਼ਬਦ ਚਿੱਤਰ ਵੀ ਭੁੱਲਰ ਨੇ ਕਮਾਲ ਦਾ ਚਿਤਰਿਆ ਹੈ। ਉਹਦੇ ਪ੍ਰਸੰਗ ਵਿੱਚੋਂ ਹੀ ਉਹਦਾ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਿਕਲਿਆ। ਉਸ ਬਾਰੇ ਗੁਰਦਿਆਲ ਬੱਲ ਦੀ ਟਿੱਪਣੀ ਸੀ ਪਈ ਭੁੱਲਰ ਨੇ ਘੁੱਗੀ ਰਗੜ ਘੱਤੀ! ਮੈਂ ਲਿਖਿਆ ਸੀ, “ਭੁੱਲਰ ਨੇ ਸੂਲੀ ਦੀ ਛਾਲ ਲਾਈ ਐ! "
ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਕੇਵਲ ਪੰਜਾਬ ਵਿੱਚ ਹੀ ਨਹੀਂ, ਬਹੁਤ ਥਾਵਾਂ ’ਤੇ, ਬੰਬਈ, ਕਲਕੱਤੇ ਤੇ ਦਿੱਲੀ ਵਿੱਚ ਗਾਈ ਗਈ। ਜਿੱਥੇ ਜਿੱਥੇ ਵੀ ਇਹ ਕਵਿਤਾ ਗਾਈ, ਭਰਪੂਰ ਹੁੰਗਾਰਾ ਮਿਲਿਆ। ਸਰੋਤਿਆਂ ਦੀਆਂ ਅੱਖਾਂ ਸੇਜਲ ਹੁੰਦੀਆਂ ਰਹਿੰਦੀਆਂ। ਇਹ ਕਵਿਤਾ ਅਮਰ ਹੈ! ਹੋ ਕਣਕਾਂ ਜੰਮੀਆਂ, ਸਾਨੂੰ ਮਿਲੀ ਜਾਣਾ ਹੋ, ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਪੋਹ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋਹ, ਸਦਾ ਬਹਾਰ ਕਵਿਤਾਵਾਂ ਹਨ।
ਅਖੀਰ ਵਿੱਚ ਘੱਲ ਕਲਾਂ ਵਾਲੇ ਬੀਰਬਲ ਦੇ ਕਿੱਸੇ ‘ਭਾਨੀਮਾਰਾਂ ਦੀ ਕਰਤੂਤ’ ਵਰਗੀ ਗੱਲ ਵੀ ਸੁਣ ਲਓ। ਬਕੌਲ ਭੁੱਲਰ ਇੱਕ ਘਟਨਾ ਵਾਪਰੀ ਜਿਸਦੇ ਪਾਤਰ ਪਰਦੇਸੋਂ ਛੁੱਟੀ ਆਇਆ ਸਤੀ, ਅੰਮ੍ਰਿਤਾ ਤੇ ਡਾ. ਹਰਿਭਜਨ ਸਿੰਘ ਸਨ। ਉਹ ਬਣੀ-ਬਣਾਈ ਕਹਾਣੀ ਸੀ। ਕਹਾਣੀ ਦਾ ਨਾਂ ‘ਕਸਵੱਟੀ’ ਰੱਖ ਕੇ ਭੁੱਲਰ ਨੇ ‘ਪ੍ਰੀਤਲੜੀ’ ਨੂੰ ਭੇਜ ਦਿੱਤੀ। ਛਪੀ ਤਾਂ ਅੰਮ੍ਰਿਤਾ ਨੇ ਵੀ ਪੜ੍ਹੀ। ਕਹਾਣੀ ਦੇ ਪਾਤਰਾਂ ਦਾ ਹੋਰ ਤਾਂ ਕਿਸੇ ਨੂੰ ਪਤਾ ਨਾ ਲੱਗਾ ਪਰ ਅੰਮ੍ਰਿਤਾ ਨੂੰ ਲੱਗ ਗਿਆ। ਚੰਗੀ ਭਲੀ ਮਿਲਦੀ ਗਿਲਦੀ ਅੰਮ੍ਰਿਤਾ ਭੁੱਲਰ ਨਾਲ ਨਾਰਾਜ਼ ਹੋ ਗਈ। ਭੁੱਲਰ ਨੇ ‘ਨਾਗਮਣੀ ਸ਼ਾਮ’ ਵਿੱਚ ਜਾਣਾ ਤੇ ਉਸ ਘਰ ਦੀਆਂ ਪੌੜੀਆਂ ਚੜ੍ਹਨਾ ਛੱਡ ਦਿੱਤਾ। ਇੰਜ ਹੀ ਕੁਝ ਸਮਾਂ ਪਹਿਲਾਂ ਦੇਵਿੰਦਰ ਸਤਿਆਰਥੀ ਤੋਂ ਕਿਸੇ ਲਿਖਤ ਵਿੱਚ ਅੰਮ੍ਰਿਤਾ ਦਾ ਪਾਤਰ ਪੇਸ਼ ਹੋ ਗਿਆ ਸੀ। ਨਤੀਜੇ ਵਜੋਂ ਟੈਗੋਰ ਰੂਪੀ ਸਤਿਆਰਥੀ ਨੂੰ ਅੰਮ੍ਰਿਤਾ ਦੇ ਘਰ ਦੀਆਂ ਪੌੜੀਆਂ ਚੜ੍ਹਨੋਂ ਰੋਕ ਦਿੱਤਾ ਗਿਆ ਸੀ। ਸਤਿਆਰਥੀ ਦਾ ਪਿੰਡ ਭਦੌੜ ਤੇ ਭੁੱਲਰ ਦਾ ਪਿੰਡ ਪਿੱਥੋ ਇੱਕੋ ਇਲਾਕੇ ਵਿੱਚ ਹੋਣ ਕਰਕੇ ਸਤਿਆਰਥੀ ਤੇ ਭੁੱਲਰ ਦਾ ਰਿਸ਼ਤਾ ਬਣਦਾ ਤਾਂ ਚਾਚੇ ਭਤੀਜੇ ਦਾ ਸੀ ਪਰ ਸਤਿਆਰਥੀ ਦੇ ਕਹਿਣ ਮੂਜਬ ਬਣ ਗਿਆ ‘ਪੌੜੀ-ਸਾਢੂ’। ਸਤਿਆਰਥੀ ਭੁੱਲਰ ਨੂੰ ਜਦੋਂ ਵੀ ਮਿਲਦਾ, ਆ ਬਈ ‘ਪੌੜੀ-ਸਾਢੂਆ’ ਕਹਿ ਕੇ ਬੁਲਾਉਂਦਾ!
ਇਹ ਕੁਝ ਕੁ ਗੱਲਾਂ ਤਾਂ ਦਾਲ ਦੀ ਤੌੜੀ ਵਿੱਚੋਂ ਕੁਝ ਦਾਣਿਆਂ ਵਾਂਗ ਹਨ। ਜਿਨ੍ਹਾਂ ਨੇ ਦਾਲ ਦੀ ਪੂਰੀ ਬਾਟੀ ਛਕਣੀ ਹੈ ਉਹ ਪੂਰੀ ਕਿਤਾਬ ਪੜ੍ਹਨ ਦੀ ਖੇਚਲ ਕਰਨ। ਇਹ ਹਰਮਨ ਪਿਆਰੇ ਚਾਰ ਚੋਟੀ ਦੇ ਲੇਖਕਾਂ ਦੀਆਂ ਕੈਮਰੇ ਨਾਲ ਲਾਹੀਆਂ ਹੋਈਆਂ ਤਸਵੀਰਾਂ ਨਹੀਂ, ਉਹਨਾਂ ਦੇ ਅੰਦਰਲੇ ਨੂੰ ਦਿਖਾਉਣ ਵਾਲੇ ਸਜੀਵ ਸ਼ਬਦ-ਚਿੱਤਰ ਹਨ। ਆਮ ਪ੍ਰਚਲਿਤ ‘ਰੇਖਾ-ਚਿੱਤਰਾਂ’ ਤੋਂ ਵੱਖਰੇ ਤੇ ਆਮ ‘ਜੀਵਨੀਆਂ’ ਤੋਂ ਵੀ ਵੱਖਰੇ। ਤਿੰਨ ਕੁ ਸੌ ਸਫ਼ਿਆਂ ਦੀ ਇਹ ਪੁਸਤਕ ਥੋੜ੍ਹੀ-ਬਹੁਤੀ ਪੁਆੜੇ ਹੱਥੀ ਵੀ ਹੈ।