ਚਰਚਿਤ ਸ਼ਾਇਰ ਗੁਰਨਾਮ ਢਿੱਲੋਂ ਦੀ ਜੀਵਨੀ ਸਹਿਜ, ਸੰਜਮ ਤੇ ਸੰਤੁਲਨ ਵਿਚ ਰਹਿ ਕੇ ਸਿਰਜੀ ਅਜਿਹੀ ਸੁਹਿਰਦ ਤੇ ਸਜਿੰਦ ਲਿਖਤ ਹੈ, ਜਿਸ ਵਿਚ ਲੇਖਕ ਅਸਮਾਨੀ ਨਜ਼ਰ ਨਾਲ ਪੌਣੀ ਸਦੀ ਦੇ ਪੰਜਾਬੀ ਜਨ-ਜੀਵਨ ’ਤੇ ਅਜਿਹੀ ਸੰਗਠਤ ਤੇ ਸਿਰਜਣਾਤਮਕ ਝਾਤ ਪਾਉਂਦਾ ਹੈ ਕਿ ਪਰਿਵਰਤਨ ਦੀ ਪ੍ਰਕਿਆ ਵਿਚ ਪਿਆ ਦੇਸ਼-ਵਿਦੇਸ਼ ਵਿਚ ਵੱਸਦਾ ਪੰਜਾਬ, ਪੰਜਾਬੀ ਬੰਦਾ, ਪੰਜਾਬੀ ਸਭਿਆਚਾਰ ਤੇ ਪੰਜਾਬ ਦਾ ਪ੍ਰਕਿਰਤਕ ਦ੍ਰਿਸ਼ ਪਾਠਕ ਦੀਆਂ ਅੱਖਾਂ ਅੱਗੇ ਸਜੀਵ ਸ਼ਕਲ ਧਾਰੀ ਆਣ ਖਲੋਂਦਾ ਹੈ।
ਆਪਣੇ ਪਿੰਡ ਦੇ ਝਰੋਖੇ ਵਿੱਚੋਂ ਆਪਣੇ ਵਡੇਰਿਆਂ, ਆਪਣੇ ਸੰਗੀਆਂ-ਸਾਥੀਆਂ, ਆਪਣੀਆਂ ਸਾਝਾਂ ਦੀ ਖ਼ੂਬਸੂਰਤ ਰਿਸ਼ਤਗੀ ਨੂੰ, ਬਿਨਾ ਕਿਸੇ ਉਪਭਾਵੁਕ ਵਲੇਲ ਦੇ, ਢਿੱਲੋਂ ਜਚਵੇਂ-ਤੁਲਵੇਂ ਵੈਰਾਗ-ਭਾਵ ਨਾਲ ਬਿਆਨ ਕਰਦਿਆਂ ਅਜੋਕੇ ਸਵੈ-ਕੇਂਦ੍ਰਰਿਤ, ਸਵਾਰਥੀ, ਕਠੋਰ, ਈਰਖ਼ਾਲੂ, ਸ਼ਰਾਰਤੀ ਤੇ ਬੇਲਿਹਾਜ ਹੁੰਦੇ ਜਾ ਰਹੇ ਸਮਾਜਿਕ-ਮਨੁੱਖੀ ਜੀਵਨ ਨੂੰ ਆਪਣੀ ਬਾਲ-ਵਰੇਸ ਤੇ ਚੜ੍ਹਦੀ ਜਵਾਨੀ ਦੇ ਦਿਨਾਂ ਦੇ ਰੂਬਰੂ ਖੜ੍ਹਾ ਕਰ ਦਿੰਦਾ ਹੈ। ਉਹਨੂੰ ਲੱਗਦਾ ਹੈ ਕਿ ਉਸ ਦੇ ਸਮਿਆਂ ਵਾਲਾ ਸਰਬ-ਸਾਂਝੀਵਾਲਤਾ ਵਾਲਾ ਪੰਜਾਬ ਕਿਧਰੇ ਗਵਾਚ ਗਿਆ ਹੈ। ਰਿਸ਼ਤਿਆਂ ਪੱਖੋਂ ਵੀ ਤੇ ਪ੍ਰਕਿਰਤਕ ਹੁਸਨ ਪੱਖੋਂ ਵੀ ਗੁੰਮਦੇ-ਗਵਾਚਦੇ ਜਾਂਦੇ ਪਿੰਡ ਨੂੰ ਵੇਖਣ ਲਈ, ਮਿੱਟੀ ਦੇ ਮੋਹ ਦਾ ਮਾਰਿਆ, ਉਹ ਹਰ ਸਾਲ ਪਿੰਡ ਆਉਂਦਾ ਤਾਂ ਹੈ ਕਿਉਂਕਿ ਪਿੰਡ ਉਹਦੇ ਧੁਰ ਅਵਚੇਤਨ ਵਿਚ ਵੱਸਿਆ ਹੋਇਆ ਹੈ, ਪਰ ਹਕੀਕਤ ਇਹੋ ਹੈ ਕਿ ਉਹਨੇ ਤਾਂ ਪਿੰਡ ਨੂੰ ਯਾਦ ਰੱਖਿਆ ਹੈ, ਪਰ ਪਿੰਡ ਉਹਨੂੰ ਤੇ ‘ਉਹਦੀਆਂ ਕਦਰਾਂ-ਕੀਮਤਾਂ’ ਨੂੰ ਬਹੁਤ ਹੱਦ ਤੱਕ ਭੁੱਲ ਗਿਆ ਹੈ। ਲਿਖਤ ਵਿਚੋਂ ਉਭਰਦਾ ਇਹ ਰਚਨਾਤਮਕ-ਬਿੰਬ ਉਹਦੇ ਮਨ-ਆਏ ਵੇਗ ਦੀ ਉਪਜ ਨਹੀਂ ਸਗੋਂ ਹਕੀਕੀ ਸਥਿਤੀਆਂ ਅਤੇ ਜਿਊਂਦੇ ਜਾਗਦੇ ਪਾਤਰਾਂ ਦੇ ਹਵਾਲੇ ਨਾਲ ਉਸਾਰਿਆ ਗਿਆ ਹੈ।
ਗੁਰਨਾਮ ਢਿੱਲੋਂ ਨੇ ਪਰਵਾਸੀ ਜੀਵਨ ਦੌਰਾਨ ਪੇਸ਼ ਆਉਂਦੇ ਸਮੱਸਿਆਕਾਰਾਂ ਨੂੰ ਵੀ ਬੇਲਿਹਾਜ ਹੋ ਕੇ ਚਿਤਰਿਆ ਹੈ। ਨਸਲੀ ਵਿਤਕਰਿਆਂ ਦਾ ਰੋਣਾ ਰੋਂਦੇ ਸਾਡੇ ਪਰਵਾਸੀ ਲੋਕਾਂ ਨੂੰ ਉਹ ਕਾਟਵੇਂ ਵਿਅੰਗ ਦੀ ਮਾਰ ਹੇਠਾਂ ਲੈ ਕੇ ਆਉਂਦਾ ਹੈ, ਜੋ ਨਵੇਂ ਆਏ ਪਰਵਾਸੀਆਂ ਨਾਲ ਭਰਪੂਰ ਵਿਤਕਰਾ ਕਰਦੇ ਹਨ। ਇਸ ਲਿਖਤ ਵਿਚ ਗੁਰਨਾਮ ਢਿੱਲੋਂ ਨੇ ਜਿੱਥੇ ਆਪਣੇ ਕਾਵਿ-ਸਫ਼ਰ ਦਾ ਸੰਖੇਪ ਜ਼ਿਕਰ ਕੀਤਾ ਹੈ, ਓਥੇ ਉਸ ਨੇ ਬਰਤਾਨੀਆਂ ਵਿਚ ਉਸਰੀ ਸਾਹਿਤਕ ਲਹਿਰ ਦੇ ਇਤਿਹਾਸ ਨੂੰ ਪੇਸ਼ ਕਰਦਿਆਂ ਇਸ ਵਿਚ ਆਪਣੀ ਸਾਰਥਿਕ ਭਾਈਵਾਲੀ ਦਾ ਸੰਤੁਲਤ ਬਿਆਨ ਵੀ ਕੀਤਾ ਹੈ। ਸਮਕਾਲੀ ਬਰਤਾਨਵੀ ਲੇਖਕਾਂ ਬਾਰੇ ਉਹਦੀਆਂ ਆਲੋਚਨਾਤਮਕ ਟਿੱਪਣੀਆਂ ਵਿੱਚੋਂ ਉਹਦੀ ਆਲੋਨਾਤਮਕ ਪ੍ਰਤਿਭਾ ਦਾ ਜਲਵਾ ਵੇਖਣ ਨੂੰ ਮਿਲਦਾ ਹੈ। ਇਸ ਰਚਨਾ ਵਿਚ ਬਰਤਾਨੀਆਂ ਦੇ ਸਾਹਿਤਕ-ਇਤਿਹਾਸ ਦਾ ਦਸਤਾਵੇਜ਼ੀ ਚਿਤਰਣ ਹੈ। ਬਰਤਾਨਵੀ ਸਾਹਿਤ ਤੇ ਸਾਹਿਤਕਾਰਾਂ ਦੇ ਇਤਿਹਾਸ ਦੇ ਖੋਜੀਆਂ ਲਈ ਇਹ ਲਿਖਤ ਪ੍ਰਮਾਣਿਕ ਸ੍ਰੋਤ ਦਾ ਸਾਧਨ ਬਣ ਸਕਦੀ ਹੈ।
ਇਹ ਨਹੀਂ ਕਿ ਗੁਰਨਾਮ ਢਿੱਲੋਂ ਸਭ-ਕੁਝ ਨੂੰ ਨਾਂਹ-ਵਾਚਕ ਨਜ਼ਰੀਏ ਤੋਂ ਹੀ ਵੇਖਦਾ ਹੋਵੇ। ਉਹਦਾ ਇਹ ਕਾਟਵਾਂ ਨਜ਼ਰੀਆ ਅਸਲ ਵਿਚ ਚੰਗੀਆਂ ਕਦਰਾਂ-ਕੀਮਤਾਂ ਦੀ ਲੋੜ ਅਤੇ ਤਾਂਘ ਦਾ ਹੀ ਸਿਰਜਣਤਾਮਕ ਪ੍ਰਗਟਾਵਾ ਹੈ। ਉਹ ਤੋੜ ਤੱਕ ਨਿਭਣ ਵਾਲੇ ਦੇਸ਼-ਵਿਦੇਸ਼ ਵਿਚ ਵੱਸਦੇ ਆਪਣੇ ਯਾਰਾਂ-ਦੋਸਤਾਂ, ਸਮਕਾਲੀ ਸਾਹਿਤਕਾਰਾਂ ਨਾਲ ਆਪਣੀ ਰਿਸ਼ਤਗੀ ਦੇ ਹੁਸਨ ਨੂੰ ਵੀ ਓਨੇ ਹੀ ਚਾਅ ਨਾਲ ਬਿਆਨ ਕਰਦਾ ਹੈ, ਜਿੰਨੇ ਰੋਸ ਨਾਲ ਉਹ ਮਾਨਵੀ-ਮੁੱਲਾਂ ਦੇ ਗ਼ਰਕ ਜਾਣ ਦੀ ਪ੍ਰਕਿਰਿਆ ਨੂੰ ਪੇਸ਼ ਕਰਦਾ ਹੈ। ਅਸਲ ਵਿਚ ਜੀਵਨ ਅਤੇ ਵਰਤਾਰਿਆਂ ਨੂੰ ਵੇਖਣ, ਵਾਚਣ ਤੇ ਪੇਸ਼ ਕਰਨ ਦੀ ਉਹਦੀ ਵਿਧੀ ਆਲੋਚਨਾਤਮਕ ਹੈ। ਉਹ ਚੰਗੇ-ਮੰਦੇ ਦੇ ਵਿਰੋਧੀ ਜੁੱਟਾਂ ਨੂੰ ਟਕਰਾਵੇਂ ਰੂਪ ਵਿਚ ਉਭਾਰਦਾ ਹੈ ਤੇ ਇਸ ਟਕਰਾ ਵਿੱਚੋਂ ਪੈਦਾ ਹੁੰਦੀ ਲਿਸ਼ਕ ਵਿੱਚੋਂ ਹੀ ਸਮੁੱਚੇ ਜੀਵਨ ਦੇ ਦੀਦਾਰ ਕਰਾਉਂਦਾ ਹੈ। ਇਸ ਟਕਰਾ ਵਿਚ ਉਹ ਮਾਨਵੀ-ਮੁੱਲਾਂ ਦੀ ਪੈਰਵਾਈ ਕਰਨ ਵਾਲੀ ਧਿਰ ਨਾਲ ਡਟ ਕੇ ਖਲੋਂਦਾ ਹੀ ਨਹੀਂ, ਸਗੋਂ ਆਪਣੀ ਹੈਸੀਅਤ ਮੁਤਾਬਕ ਸਿਰਜਣਾਤਮਕ ਤੇ ਵਿਅਕਤੀਗਤ ਰੂਪ ਵਿਚ ਲਗਾਤਾਰ ਜੂਝਦਾ ਵੀ ਦਿਖਾਈ ਦਿੰਦਾ ਹੈ।
ਕਿਹਾ ਜਾ ਸਕਦਾ ਹੈ ਇਹ ਲਿਖਤ ਸਮੁੱਚੇ ਰੂਪ ਵਿਚ ਗੁਰਨਾਮ ਢਿੱਲੋਂ ਦਾ ਜੀਵਨ-ਬਿਰਤਾਂਤ ਹੀ ਨਹੀਂ ਹੈ, ਸਗੋਂ ਦੇਸ਼-ਵਿਦੇਸ਼ ਵਿਚ ਵੱਸਦੇ ਬਦਲ ਰਹੇ ਪੰਜਾਬ ਦਾ ਸਿਰਜਣਾਤਮਕ ਚਿੱਤਰ ਵੀ ਹੈ, ਜਿਸ ਨੂੰ ਲੇਖਕ ਨੇ ਸੰਜਮੀ ਸ਼ਬਦ-ਛੋਹਾਂ ਨਾਲ ਸਜਾ-ਸਵਾਰ ਕੇ ਪੇਸ਼ ਕੀਤਾ ਹੈ।