ਪੰਜਾਬੀ ਸਾਹਿਤ, ਭਾਸ਼ਾ ਤੇ ਸੱਭਿਆਚਾਰ ਦੇ ਵਿਕਾਸ ਲਈ ਨਿਯੁਕਤ ਸਰਕਾਰੀ ਅਧਿਕਾਰੀ ਤੇ ਨੁਮਾਇੰਦੇ ਕਿਸ ਤਰ੍ਹਾਂ ਸਰਕਾਰੀ ਫੰਡਾਂ ਨੂੰ ਸੈਰ ਸਪਾਟੇ ਤੇ ਐਸ਼ੋ-ਇਸ਼ਰਤ ਲਈ ਵਰਤਦੇ ਹਨ, ਇਸਦਾ ਅੰਦਾਜ਼ਾ ਕੇਂਦਰ ਸਰਕਾਰ ਦੇ ਅਦਾਰੇ ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੀਆਂ ਸਰਗਰਮੀਆਂ ’ਤੇ ਖ਼ਰਚਿਆਂ ਤੋਂ ਲਗਾਇਆ ਜਾ ਸਕਦਾ ਹੈ। ਅਜਿਹੇ ਸਵਾਰਥੀ ਪ੍ਰਬੰਧਕਾਂ ਕਾਰਨ ਹੀ ਪੰਜਾਬੀ ਸਾਹਿਤ ਤੇ ਭਾਸ਼ਾ ਦਾ ਵਿਕਾਸ ਨਹੀਂ ਹੋ ਰਿਹਾ।
ਸਾਹਿਤ ਅਕਾਦਮੀ ਦਿੱਲੀ ਦੀ ਸਥਾਪਨਾ ਵੱਖ-ਵੱਖ ਭਾਰਤੀ ਭਾਸ਼ਾਵਾਂ ਤੇ ਸਾਹਿਤ ਦੇ ਵਿਕਾਸ ਲਈ ਕੀਤਾ ਗਿਆ। ਇਸ ਲਈ ਹਰ ਭਾਸ਼ਾ ਦੇ ਸਲਾਹਕਾਰ ਬੋਰਡ ਦਾ ਗਠਨ ਕੀਤਾ ਜਾਂਦਾ ਹੈ। ਬੋਰਡ ਦੇ ਮੈਂਬਰ ਸਬੰਧਤ ਭਾਸ਼ਾ ਦੇ ਉੱਚ ਕੋਟੀ ਦੇ ਸਾਹਿਤਕਾਰ, ਚਿੰਤਕ, ਵਿਦਵਾਨ ਜਾਂ ਆਲੋਚਕ ਹੋਣ, ਉਨ੍ਹਾਂ ਦੀ ਆਪਣੀ ਭਾਸ਼ਾ ਦੇ ਵਿਕਾਸ ਲਈ ਪ੍ਰਤੀਬੱਧਤਾ ਜੱਗ ਜ਼ਾਹਿਰ ਹੋਵੇ। ਮੈਂਬਰਾਂ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਕਾਦਮੀ ਵੱਲੋਂ ਉਨ੍ਹਾਂ ਦੀ ਰਿਹਾਇਸ਼ ਤੇ ਸਫ਼ਰ ਆਦਿ ਲਈ ਮਿਆਰੀ ਪ੍ਰਬੰਧ ਕੀਤੇ ਜਾਂਦੇ ਹਨ।
ਅਕਾਦਮੀ ਵੱਲੋਂ ਮੁਹਈਆ ਕਰਵਾਈ ਗਈ ਸੂਚਨਾ ਅਨੁਸਾਰ 2008 ਤੋਂ 2012 ਦੇ ਅਰਸੇ ਦੌਰਾਨ ਬੋਰਡ ਵਿੱਚ ਕਨਵੀਨਰ ਤੋਂ ਇਲਾਵਾ 9 ਮੈਂਬਰ ਸਨ। ਇਨ੍ਹਾਂ ਵਿੱਚੋਂ ਇੱਕ ਵੀ ਮੈਂਬਰ ਸਾਹਿਤ ਅਕਾਦਮੀ, ਗਿਆਨਪੀਠ, ਸਰਸਵਤੀ ਆਦਿ ਪੁਰਸਕਾਰ ਨਾਲ ਸਨਮਾਨਿਤ ਨਹੀਂ ਸੀ। ਕੁਝ ਮੈਂਬਰਾਂ ਦੇ ਨਾਂ ਤਾਂ ਪੰਜਾਬ ਵਿੱਚ ਵਸਦੇ ਲੇਖਕਾਂ ਨੇ ਵੀ ਨਹੀਂ ਸਨ ਸੁਣੇ। ਬਹੁਤੇ ਮੈਂਬਰ ਦਿੱਲੀ, ਪੰਜਾਬ, ਹਰਿਆਣਾ ਤੇ ਜੰਮੂ-ਕਸ਼ਮੀਰ ਨਾਲ ਸਬੰਧਤ ਸਨ।
ਬੀਤੇ ਵਰ੍ਹਿਆਂ ਤੋਂ ਦੇਖਿਆ ਜਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣੇ ਸਲਾਹਕਾਰ ਬੋਰਡ ਦੇ ਮੈਂਬਰ, ਭਾਸ਼ਾ ਦੇ ਵਿਕਾਸ ਦੀ ਥਾਂ ਸਰਕਾਰ ਵੱਲੋਂ ਮਿਲਦੇ ਲੱਖਾਂ ਰੁਪਏ ਸੈਰ ਸਪਾਟੇ ਤੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਖ਼ਰਚ ਕਰਦੇ ਆ ਰਹੇ ਹਨ। ਇਸ ਸਬੰਧੀ ਸਾਹਿਤ ਅਕਾਦਮੀ ਕੋਲੋਂ ‘ਸੂਚਨਾ ਅਧਿਕਾਰ ਕਾਨੂੰਨ’ ਤਹਿਤ ਬੋਰਡਾਂ ਦੇ ਕੰਮਕਾਜ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਅਰਜ਼ੀ ਵਿੱਚ ਸਲਾਹਕਾਰ ਬੋਰਡ ਦੀਆਂ 2007 ਤੋਂ 2012 ਦੌਰਾਨ ਹੋਈਆਂ ਮੀਟਿੰਗਾਂ ਤੇ ਕੰਮਾਂ ਬਾਰੇ ਸੂਚਨਾ ਮੰਗੀ ਗਈ ਸੀ, ਜਿਸ ਵਿੱਚ ਬੋਰਡ ਦੀਆਂ ਮੀਟਿੰਗਾਂ, ਸਥਾਨਾਂ, ਮੀਟਿੰਗਾਂ ਵਿੱਚ ਲਏ ਗਏ ਫੈਸਲੇ, ਬੋਰਡ ਦੇ ਕਨਵੀਨਰ, ਮੈਂਬਰਾਂ ਤੇ ਨਿਮੰਤ੍ਰਿਤ ਵਿਅਕਤੀਆਂ ਨੂੰ ਦਿੱਤੇ ਗਏ ਟੀਏ-ਡੀਏ ਦਾ ਵੇਰਵਾ, ਵਿਸ਼ੇਸ਼ ਤੌਰ ’ਤੇ ਨਿਮੰਤ੍ਰਿਤ ਵਿਅਕਤੀਆਂ ਨੂੰ ਦਿੱਤੇ ਗਏ ਡੀਏ ਜਾਂ ਆਨਰੇਰੀਅਮ ਦਾ ਵੇਰਵਾ ਮੰਗਿਆ ਗਿਆ ਸੀ। ਅਕਾਦਮੀ ਵੱਲੋਂ ਵਿਸ਼ੇਸ਼ ਵਿਅਕਤੀਆਂ ਬਾਰੇ ਸੂਚਨਾ ਉਪਲਬਧ ਨਹੀਂ ਕਰਵਾਈ ਗਈ। ਹੋਟਲਾਂ ਵਿੱਚ ਉਨ੍ਹਾਂ ਦੇ ਠਹਿਰਨ ਬਾਰੇ ਵੀ ਅੰਸ਼ਿਕ ਸੂਚਨਾ ਮੁਹਈਆ ਕਰਵਾਈ ਗਈ। ਇਸ ਤੋਂ ਇਲਾਵਾ ਹੋਟਲਾਂ ਨੂੰ ਅਦਾ ਕੀਤੀ ਗਈ ਰਕਮ, ਮੀਟਿੰਗਾਂ ’ਤੇ ਹੋਏ ਕੁਲ ਖ਼ਰਚੇ ਦੇ ਵੇਰਵੇ ਤੋਂ ਇਲਾਵਾ ਅਕਾਦਮੀ ਦੇ ਉਨ੍ਹਾਂ ਅਧਿਕਾਰੀਆਂ ਦੇ ਨਾਵਾਂ ਦਾ ਵੇਰਵਾ ਵੀ ਮੰਗਿਆ ਗਿਆ ਸੀ ਜਿਨ੍ਹਾਂ ਨੇ ਬੋਰਡ ਦੀ ਮੀਟਿੰਗ ਦਿੱਲੀ ਤੋਂ ਬਾਹਰ ਕਰਨ ਦੀ ਸਿਫ਼ਾਰਸ਼ ਕੀਤੀ ਤੇ ਮਨਜ਼ੂਰੀ ਦਿੱਤੀ ਸੀ।
ਅਕਾਦਮੀ ਵੱਲੋਂ ਪਹਿਲਾਂ ਤਾਂ ਸੂਚਨਾ ਉਪਲਬਧ ਕਰਵਾਏ ਜਾਣ ਤੋਂ ਟਾਲ-ਮਟੋਲ ਕੀਤੀ ਗਈ। ਦੁਬਾਰਾ ਨਿਸ਼ਚਿਤ ਸਮੇਂ ਵਿੱਚ ਸੂਚਨਾ ਉਪਲਬਧ ਨਾ ਕਰਵਾਏ ਜਾਣ ’ਤੇ ਚੀਫ ਕਮਿਸ਼ਨਰ, ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਕੋਲ ਅਪੀਲ ਕੀਤੀ ਗਈ ਤਾਂ ਮਜਬੂਰਨ ਅਕਾਦਮੀ ਵੱਲੋਂ ਕੁਝ ਸੂਚਨਾ ਉਪਲਬਧ ਕਰਵਾਈ ਗਈ ਤੇ ਕੁਝ ਛੁਪਾ ਲਈ ਗਈ।
ਮੁਹਈਆ ਕਰਵਾਈ ਗਈ ਜਾਣਕਾਰੀ ਤੋਂ ਸਾਹਮਣੇ ਆਉਂਦਾ ਹੈ ਕਿ ਬੋਰਡ ਵੱਲੋਂ ਮੀਟਿੰਗਾਂ ਛੁੱਟੀਆਂ ਵਾਲੇ ਮਹੀਨਿਆਂ (ਮਈ ਤੋਂ ਅਕਤੂਬਰ) ਵਿੱਚ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਲਈ ਦੇਸ਼ ਦੀਆਂ ਮਸ਼ਹੂਰ ਸੈਰਗਾਹਾਂ ਵਾਲੇ ਸਥਾਨਾਂ ਦੀ ਚੋਣ ਕੀਤੀ ਗਈ। ਇਹ ਮੀਟਿੰਗਾਂ ਕੁਝ ਘੰਟਿਆਂ ਤੋਂ ਵੱਧ ਨਹੀਂ ਚੱਲੀਆਂ। ਹੈਰਾਨੀ ਵਾਲੀ ਗੱਲ ਹੈ ਕਿ ਕੁਝ ਘੰਟਿਆਂ ਦੀ ਮੀਟਿੰਗ ਲਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕੀਤਾ ਗਿਆ।
ਸਲਾਹਕਾਰ ਬੋਰਡ ਦੇ ਤਤਕਾਲੀ ਕਨਵੀਨਰ ਡਾ. ਦੀਪਕ ਮਨਮੋਹਨ ਸਿੰਘ ਦੀ ਕਨਵੀਨਰਸ਼ਿੱਪ ਵਿੱਚ 2008 ਤੋਂ 2011 ਦੌਰਾਨ ਸ਼੍ਰੀਨਗਰ, ਪਾਂਡੀਚੇਰੀ, ਨਵੀਂ ਦਿੱਲੀ, ਮੈਸੂਰ ਤੇ ਸ਼ਿਮਲਾ ਦੇ ਨਾਮੀ ਹੋਟਲਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਵਿੱਚ ਬੋਰਡ ਦੇ 7 ਤੋਂ 10 ਮੈਂਬਰ ਤੇ ਦੋ ਮੈਂਬਰ ਅਕਾਦਮੀ ਦੇ ਸ਼ਾਮਲ ਰਹੇ। ਪੰਜ ਸ਼ਹਿਰਾਂ ਵਿੱਚ ਪੰਜ ਦਿਨ ਚੱਲੀਆਂ ਇਨ੍ਹਾਂ ਮੀਟਿੰਗਾਂ ਉੱਪਰ ਟੀਏ-ਡੀਏ ਸਮੇਤ ਕੁਲ 5, 36, 569 ਰੁਪਏ ਦਾ ਖ਼ਰਚਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਕਾਦਮੀ ਵੱਲੋਂ ਸੂਚਨਾ ਵਿੱਚ ਕਿਤੇ ਵੱਧ ਤੇ ਕਿਤੇ ਘੱਟ ਖ਼ਰਚਾ ਵਿਖਾਇਆ ਗਿਆ, ਜੋ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।
ਅਕਾਦਮੀ ਵੱਲੋਂ ਮੁਹਈਆ ਕਰਵਾਈ ਸੂਚਨਾ ਅਨੁਸਾਰ ਮੀਟਿੰਗ ਦੇ ਆਮ ਏਜੰਡੇ ਵਿੱਚ ਸਵਾਗਤ, ਪਿਛਲੀ ਮੀਟਿੰਗ ਦੀ ਕਾਰਵਾਈ ਦੀ ਤਸਦੀਕ, ਹੋਏ ਕੰਮ ਦੀ ਜਾਂਚ, ਜਾਰੀ ਰਹਿਣ ਵਾਲੀਆਂ ਅਸਾਈਨਮੈਂਟਸ, ਵਿਚਾਰ ਅਧੀਨ ਅਸਾਈਨਮੈਂਟਸ, ਪੰਜਾਬੀ ਅਨੁਵਾਦ ਲਈ ਇਨਾਮ ਦੇਣ ਵਾਸਤੇ ਮਾਹਿਰਾਂ ਦੀ ਨਿਯੁਕਤੀ, ਕੀਤੇ ਜਾਣ ਵਾਲੇ ਸੈਮੀਨਾਰ, ਅਨੁਵਾਦ ਵਰਕਸ਼ਾਪ, ਨਵੀਆਂ ਅਸਾਈਨਮੈਂਟਸ ਆਦਿ ਕੰਮ ਸ਼ਾਮਲ ਹੁੰਦੇ ਹਨ।
2008 ਤੋਂ 2012 ਤਕ ਸਲਾਹਕਾਰ ਬੋਰਡ ਦੀਆਂ ਮੀਟਿੰਗਾਂ ਵਿੱਚ ਜੋ ਫੈਸਲੇ ਲਏ ਗਏ, ਉਨ੍ਹਾਂ ਵਿੱਚ ਪਿਛਲੇ ਅਤੇ ਚੱਲ ਰਹੇ ਕੰਮ ਦੀ ਪੜਤਾਲ ਕੀਤੀ ਗਈ। 2008 ਦੀ ਮੀਟਿੰਗ ਵਿੱਚ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਲਈ ਮਾਹਿਰਾਂ ਤੇ ਜਿਊਰੀ ਮੈਂਬਰਾਂ ਦੀ ਸੂਚੀ ਬਣਾਉਣ ਦੀ ਸਿਫ਼ਾਰਸ਼ ਤੋਂ ਇਲਾਵਾ ਵਾਰਿਸ ਸ਼ਾਹ, ਸੰਤ ਸਿੰਘ ਸੇਖੋਂ ਤੇ ਦਵਿੰਦਰ ਸਤਿਆਰਥੀ ਬਾਰੇ ਸੈਮੀਨਾਰ, ਪੰਜਾਬੀ ਤੋਂ ਅੰਗਰੇਜ਼ੀ ਵਿੱਚ ਆਧੁਨਿਕ ਪੰਜਾਬੀ ਕਹਾਣੀ ਦੇ ਅਨੁਵਾਦ ਲਈ ਸ਼ਿਮਲਾ ਵਿੱਚ ਕੀਤੀ ਜਾਣ ਵਾਲੀ ਅਨੁਵਾਦ ਵਰਕਸ਼ਾਪ, ਪ੍ਰੋ. ਤਰਲੋਚਨ ਸਿੰਘ ਬੇਦੀ ਵੱਲੋਂ ਇੱਕ ਤਮਿਲ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਕੀਤੇ ਜਾਣ ਦੀ ਬੇਨਤੀ ਰੱਦ ਕੀਤੀ ਗਈ ਤੇ ਸੱਤ ਨਵੇਂ ਅਸਾਈਨਮੈਂਟਸ, ਜਿਨਾਂ ਵਿੱਚ ਕੁਝ ਪੁਸਤਕਾਂ ਤੇ ਪੰਜਾਬੀ ਲੇਖਕਾਂ ਬਾਰੇ ਕਿਤਾਬਚੇ ਤਿਆਰ ਕਰਨਾ ਸ਼ਾਮਿਲ ਸੀ। ਇਸੇ ਤਰ੍ਹਾਂ 2009 ਦੀ ਮੀਟਿੰਗ ਵਿੱਚ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਲਈ ਮਾਹਿਰਾਂ ਤੇ ਜਿਊਰੀ ਮੈਂਬਰਾਂ ਦੀ ਸੂਚੀ ਬਣਾਉਣ ਦੀ ਸਿਫ਼ਾਰਸ਼, ਵਰਲਡ ਪੰਜਾਬੀ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਦੋ ਰੋਜ਼ਾ ‘ਪਰੋਬਲਮੈਟਿਕਸ ਆਫ ਟਰਾਂਸਨੈਸ਼ਨਲ ਪੰਜਾਬੀ ਕਲਚਰ ਐਂਡ ਲਿਟਰੇਚਰ’ ਬਾਰੇ ਸੈਮੀਨਾਰ, ਤਮਿਲ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਸਬੰਧੀ ਅੰਮ੍ਰਿਤਸਰ ਵਿੱਚ ਵਰਕਸ਼ਾਪ ਕਰਨ ਦਾ ਸੁਝਾਅ, ਕੌਂਕਣੀ ਕਵਿਤਾ ਦੇ ਪੰਜਾਬੀ ਵਿੱਚ ਅਨੁਵਾਦ ਸਬੰਧੀ ਗੋਆ ਵਿਖੇ ਵਰਕਸ਼ਾਪ ਕਰਨ ਦਾ ਸੁਝਾਅ, ਚਾਰ ਪੰਜਾਬੀ ਪੁਸਤਕਾਂ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ, ਕਰਤਾਰ ਸਿੰਘ ਦੁੱਗਲ ਤੇ ਗੁਰਦਿਆਲ ਸਿੰਘ ਬਾਰੇ ਅੰਗਰੇਜ਼ੀ ਵਿੱਚ ਕਿਤਾਬਚੇ ਤਿਆਰ ਕਰਨ ਤੋਂ ਇਲਾਵਾ ਪੰਦਰਾਂ ਨਵੇਂ ਅਸਾਈਨਮੈਂਟ ਸ਼ਾਮਲ ਸਨ, ਜਿਨ੍ਹਾਂ ਵਿੱਚ ਅੱਠ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਨਾ ਸ਼ਾਮਲ ਸੀ।
2010 ਦੀ ਮੀਟਿੰਗ ਵਿੱਚ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਲਈ ਮਾਹਿਰਾਂ ਤੇ ਜਿਊਰੀ ਮੈਂਬਰਾਂ ਦੀ ਸੂਚੀ ਬਣਾਉਣ ਦੀ ਸਿਫ਼ਾਰਸ਼ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ ਮੌਕੇ ‘ਵਾਚਨਾ ਸਹਿਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਲਨਾਤਮਿਕ ਅਧਿਐਨ’ ਸਬੰਧੀ ਮੈਸੂਰ ਅਤੇ ਵਿਦੇਸ਼ ਵਿੱਚ, ਵਰਲਡ ਪੰਜਾਬੀ ਸੈਂਟਰ ਤੇ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਸਬੰਧੀ, ‘ਭਾਰਤੀਯ ਕਵਿਤਾ ਕਾ ਛੰਦ ਸ਼ਸਤਰ’ ਵਿਸ਼ੇ ’ਤੇ ਸੈਮੀਨਾਰ ਕਰਨ, ਤਮਿਲ ਕਵਿਤਾ ਦੇ ਪੰਜਾਬੀ ਵਿੱਚ ਅਨੁਵਾਦ ਸਬੰਧੀ ਅੰਮ੍ਰਿਤਸਰ ਵਿੱਚ ਵਰਕਸ਼ਾਪ ਦੀ ਮਨਜ਼ੂਰੀ, ਕੌਂਕਣੀ ਕਵਿਤਾ ਦੇ ਪੰਜਾਬੀ ਵਿੱਚ ਅਨੁਵਾਦ ਸਬੰਧੀ ਗੋਆ ਵਿਖੇ ਵਰਕਸ਼ਾਪ ਦੀ ਮਨਜ਼ੂਰੀ, ਚਾਰ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਤੇ ਤਿੰਨ ਪੰਜਾਬੀ ਪੁਸਤਕਾਂ ਦਾ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦਾ ਫੈਸਲਾ ਲਿਆ ਗਿਆ। ਅਜਿਹੇ ਹੀ ਫੈਸਲੇ ਅਗਲੇ ਦੋ ਵਰ੍ਹਿਆਂ ਦੀਆਂ ਮੀਟਿੰਗਾਂ ਵਿੱਚ ਲਏ ਗਏ।
ਇਨ੍ਹਾਂ ਮੀਟਿੰਗਾਂ ’ਤੇ ਵੱਡੇ ਖ਼ਰਚਿਆਂ ਤੋਂ ਜ਼ਾਹਿਰ ਹੈ ਕਿ ਪੰਜਾਬੀ ਸਲਾਹਕਾਰ ਬੋਰਡ ਦੇ ਮੈਂਬਰਾਂ ਦਾ ਉਦੇਸ਼ ਦੇਸ਼ ਦੀਆਂ ਉੱਚ-ਕੋਟੀ ਦੀਆਂ ਸੈਰਗਾਹਾਂ ਦੀ ਸੈਰ ਕਰਨਾ ਤੇ ਮਹਿੰਗੇ ਹੋਟਲਾਂ ਵਿੱਚ ਰਹਿਣਾ, ਆਪਣੇ ਸਮਰਥਕਾਂ ਨੂੰ ਗੋਆ, ਮਦੁਰਾਈ, ਸ਼੍ਰੀਨਗਰ, ਸ਼ਿਮਲਾ, ਮੁੰਬਈ, ਕੋਲਕਾਤਾ ਆਦਿ ਸ਼ਹਿਰਾਂ ਦੀ ਸੈਰ ਕਰਵਾਉਣਾ ਹੈ। ਪੰਜਾਬੀ ਸਾਹਿਤਕਾਰਾਂ ਤੇ ਪਾਠਕਾਂ ਦੀ ਬਹੁਗਿਣਤੀ ਪੰਜਾਬ ਵਿੱਚ ਵਸਦੀ ਹੈ। ਅਕਾਦਮੀ ਵੱਲੋਂ ਪੰਜਾਬ ਵਿੱਚ ਇੱਕਾ-ਦੁੱਕਾ ਸਮਾਗਮ ਹੀ ਕੀਤੇ ਜਾਂਦੇ ਹਨ। ਬਹੁਤੇ ਸਮਾਗਮ ਵਿਦੇਸ਼ ਜਾਂ ਪੰਜਾਬ ਤੋਂ ਬਾਹਰ ਕੀਤੇ ਜਾਂਦੇ ਹਨ। ਪੰਜਾਬ ਵਿੱਚ ਕਰਵਾਏ ਜਾਂਦੇ ਸਮਾਗਮਾਂ ਵਿੱਚ ਵੀ ਸਿਰਜਕ ਲੇਖਕਾਂ ਤੇ ਗੰਭੀਰ ਪਾਠਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਸਗੋਂ ਬੋਰਡ ਮੈਂਬਰਾਂ ਵੱਲੋਂ ਆਪਣੇ ਸਮਰਥਕਾਂ ਨੂੰ ਹੀ ਸੈਰ ਸਪਾਟੇ ਦਾ ਮੌਕਾ ਦਿੱਤਾ ਜਾਂਦਾ ਹੈ।
ਪੁਸਤਕਾਂ ਲਿਖਣ, ਅਨੁਵਾਦ ਕਰਵਾਉਣ ਦਾ ਕੰਮ ਵੀ ਬੋਰਡ ਦੇ ਮੈਂਬਰਾਂ ਵੱਲੋਂ ਖ਼ੁਦ ਕੀਤਾ ਜਾਂਦਾ ਹੈ ਜਾਂ ਆਪਣੇ ਸਮਰਥਕਾਂ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਅਕਾਦਮੀ ਵੱਲੋਂ ਇਸ ਕੰਮ ਲਈ ਦਿੱਤੀ ਜਾਂਦੀ ਵੱਡੀ ਰਕਮ ਆਪਣੀ ਜੇਬ ਵਿੱਚ ਪਾ ਸਕਣ। ਪੰਜਾਬੀ ਤੋਂ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਉਣ ਲਈ ਕੇਵਲ ਉਨ੍ਹਾਂ ਲੇਖਕਾਂ ਦੀਆਂ ਪੁਸਤਕਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜਿਹੜੇ ਸਲਾਹਕਾਰਾਂ ਦੇ ਕਰੀਬੀ ਹੁੰਦੇ ਹਨ। ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਪੁਸਤਕਾਂ ਨੂੰ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਉਣ ਲਈ ਕੋਈ ਯਤਨ ਨਹੀਂ ਕੀਤੇ ਜਾਂਦੇ।