ਇਹ ਗੱਲ ਕੋਈ ਛੇ ਕੁ ਮਹੀਨੇ ਪਹਿਲਾਂ ਦੀ ਹੈ। ਅਸੀਂ ਇੱਕ ਵਿਆਹ ਸਮਾਗਮ ਵਿੱਚ ਸਾਂ ਅਤੇ ਪੰਜਾਬ ਦੇ ਕੁਝ ਮੰਤਰੀ ਅਤੇ ਹੋਰ ਪ੍ਰਮੁੱਖ ਵਿਅਕਤੀ ਸਾਡੇ ਨਾਲ ਵਾਲੀਆਂ ਕੁਰਸੀਆਂ ਉੱਤੇ ਬੈਠੇ ਹੋਏ ਸਨ। ਅਚਾਨਕ ਇੱਕ ਮੰਤਰੀ ਹਰਿਆਣੇ ਦਾ ਆ ਗਿਆ। ਅਸੀਂ ਸਾਰੇ ਕੁੜੀ ਵਾਲੇ ਪਰਿਵਾਰ ਵੱਲੋਂ ਸਾਂ ਅਤੇ ਉਹ ਦੂਸਰੇ ਪਾਸੇ ਵਾਲਿਆਂ ਦਾ ਨੇੜੂ ਸੀ। ਸਿਆਸਤ ਦੇ ਧਨੰਤਰ ਬੈਠੇ ਹੋਣ ਤਾਂ ਸਿਆਸੀ ਗੱਲਾਂ ਵੀ ਚਲਦੀਆਂ ਹਨ ਅਤੇ ਸਮਾਜ ਦੀ ਹਾਲਤ ਬਾਰੇ ਵੀ। ਹਰ ਕੋਈ ਦੂਸਰਿਆਂ ਤੋਂ ਵੱਧ ਜਾਣਕਾਰੀ ਹੋਣ ਅਤੇ ਬਾਕੀ ਸਭ ਨੂੰ ਬੇਈਮਾਨ ਤੇ ਆਪਣੇ ਆਪ ਨੂੰ ਇਮਾਨਦਾਰੀ ਦਾ ਪੁਤਲਾ ਦੱਸਣ ਲੱਗ ਜਾਂਦਾ ਹੈ। ਉੱਥੇ ਵੀ ਇਹੋ ਕੁਝ ਚੱਲ ਪਿਆ ਅਤੇ ਫਿਰ ਕਿਉਂਕਿ ਹਰਿਆਣੇ ਵਾਲਾ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਅਤੇ ਪੰਜਾਬ ਵਾਲੇ ਮੰਤਰੀ ਆਮ ਆਦਮੀ ਪਾਰਟੀ ਦੇ ਸਨ, ਇਸ ਲਈ ਦੋਵਾਂ ਧਿਰਾਂ ਦੇ ਰਾਜ ਦੇ ਚੰਗੇ-ਮਾੜੇ ਪੱਖਾਂ ਬਾਰੇ ਉਹ ਚਰਚਾ ਚੱਲਣ ਲੱਗ ਪਈ, ਜਿਹੜੀ ‘ਵਿਆਹ ਵਿੱਚ ਬੀਅ ਦਾ ਲੇਖਾ’ ਛੇੜਨ ਵਾਂਗ ਜਾਪਦੀ ਸੀ। ਖਾਣਾ ਖਾਣ ਵੇਲੇ ਤਕ ਇਸ ਗੱਲ ਉੱਤੇ ਸਾਰਿਆਂ ਦੀ ਸਹਿਮਤੀ ਜਾਪਣ ਲੱਗ ਪਈ ਕਿ ਰਾਜ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਆਗੂ ਦਾ ਵੇਖ ਲਈਏ, ਅੱਜ ਸਮੁੱਚੇ ਭਾਰਤ ਵਿੱਚ ਭ੍ਰਿਸ਼ਟਾਚਾਰ ਤੋਂ ਕੋਈ ਨੁੱਕਰ ਬਚੀ ਨਹੀਂ ਰਹਿ ਸਕੀ। ਇੱਕ ਜਣੇ ਨੇ ਵੱਖਰੀ ਗੱਲ ਇਹ ਵੀ ਕਹਿ ਦਿੱਤੀ ਕਿ ਅੰਗਰੇਜ਼ਾਂ ਦਾ ਦਿੱਤਾ ਅਫਸਰੀ ਢਾਂਚਾ ਸੁਧਾਰ ਕਦੇ ਹੋਣ ਨਹੀਂ ਦਿੰਦਾ, ਹਰ ਨਵੀਂ ਸਰਕਾਰ ਦੇ ਮੰਤਰੀਆਂ ਨੂੰ ਆਪਣੀ ਚਾਟ ਉੱਤੇ ਲਾ ਲੈਂਦਾ ਹੈ ਅਤੇ ਸਾਰੇ ਨਫੇ-ਨੁਕਸਾਨ ਦੇ ਫਾਰਮੂਲੇ ਦੱਸਣ ਦੇ ਨਾਲ ਵਿਚੋਲਿਆਂ ਦੀ ਲਿਸਟ ਵੀ ਦੇ ਦਿੰਦਾ ਹੈ।
ਮਸਾਂ ਦੋ ਦਿਨ ਗੁਜ਼ਰੇ ਸਨ, ਇੱਕ ਸੱਜਣ ਦਾ ਫੋਨ ਆਇਆ ਕਿ ਮਿਲਣਾ ਚਾਹੁੰਦੇ ਹਨ। ਮੈਂ ਹਾਮੀ ਭਰੀ ਤਾਂ ਉਹ ਉਸੇ ਦਿਨ ਆਣ ਪਹੁੰਚੇ ਅਤੇ ਦੱਸਿਆ ਕਿ ਉਹ ਹਾਈ ਕੋਰਟ ਦੇ ਰਿਟਾਇਰਡ ਜੱਜ ਹਨ ਅਤੇ ਜਿਸ ਵਿਆਹ ਦੌਰਾਨ ਸਾਡੀ ਉੱਪਰ ਵਾਲੀ ਗੱਲਬਾਤ ਚੱਲ ਰਹੀ ਸੀ, ਉਸ ਸਮਾਗਮ ਵਿੱਚ ਉਹ ਸਾਡੇ ਪਿੱਛੇ ਵਾਲੀਆਂ ਕੁਰਸੀਆਂ ਉੱਤੇ ਬੈਠੇ ਸਭ ਕੁਝ ਸੁਣ ਰਹੇ ਸਨ। ਉਹ ਆਏ ਵੀ ਇਸੇ ਮਸਲੇ ਬਾਰੇ ਵਿਚਾਰ ਕਰਨ ਲਈ ਸਨ ਕਿ ਸਮਾਜ ਦੀ ਨਿੱਘਰਦੀ ਹਾਲਤ ਦੇ ਸੁਧਾਰ ਲਈ ਕੁਝ ਕਰਨਾ ਚਾਹੀਦਾ ਹੈ, ਪਰ ਕੀਤਾ ਕੀ ਜਾਵੇ, ਇੱਥੇ ਆ ਕੇ ਉਨ੍ਹਾਂ ਦਾ ਮਨ ਨਿਰਾਸ਼ ਹੋ ਜਾਂਦਾ ਸੀ ਕਿ ਸਾਰੇ ਤਰਫੀਂ ਭ੍ਰਿਸ਼ਟਾਚਾਰ ਫੈਲਿਆ ਪਿਆ ਹੈ, ਨਾਲ ਤੁਰਨ ਵਾਲਾ ਬੰਦਾ ਕੋਈ ਨਹੀਂ ਤੇ ਜਿਹੜੇ ਲੱਭਦੇ ਹਨ, ਜਦੋਂ ਉਹ ਨਾਲ ਤੋਰ ਲਏ ਤਾਂ ਫਿਰ ਲੜਨਾ ਕਿਸ ਦੇ ਖਿਲਾਫ ਹੈ! ਯਾਨੀ ਵੱਡੇ ਚੋਰ ਇਹੋ ਜਿਹੀ ਮੁਹਿੰਮ ਦੇ ਮੋਹਰੀ ਬਣਨ ਲਈ ਸਾਰਿਆਂ ਤੋਂ ਕਾਹਲੇ ਹੁੰਦੇ ਹਨ। ਉਸ ਜੱਜ ਸਾਹਿਬ ਨੇ ਅਜੋਕੀ ਸਿਆਸਤ ਦੇ ਨਿਘਾਰ ਦੀ ਚਰਚਾ ਵਿੱਚ ਕਿਸੇ ਦਾ ਲਿਹਾਜ਼ ਨਹੀਂ ਸੀ ਕੀਤਾ, ਨਾ ਧਾਰਮਿਕ ਪੱਖ ਵਾਲਿਆਂ ਬਾਰੇ, ਨਾ ਸਮਾਜ ਸੇਵੀ ਸੰਸਥਾਵਾਂ ਦੇ ਨਿਘਾਰ ਬਾਰੇ ਅਤੇ ਨਾ ਉਸ ਨਿਆਂ ਪ੍ਰਣਾਲੀ ਨਾਲ ਜੁੜੇ ਲੋਕਾਂ ਬਾਰੇ, ਜਿਸਦਾ ਉਹ ਖੁਦ ਲੰਮਾ ਸਮਾਂ ਅੰਗ ਰਹਿ ਚੁੱਕੇ ਸਨ। ਲੰਮੀ ਗੱਲਬਾਤ ਦੇ ਬਾਅਦ ਉਨ੍ਹਾਂ ਨੇ ਰਾਏ ਦਿੱਤੀ ਕਿ ਸਮਾਜ ਲਈ ਕੁਝ ਕੀਤਾ ਜਾਣਾ ਚਾਹੀਦਾ ਹੈ, ਬਹੁਤੇ ਬੇਸ਼ੱਕ ਨਾ ਸਹੀ, ਸਿਰਫ ਪੰਜ ਬੰਦੇ ਵੀ ਨਾਲ ਲੈ ਕੇ ਚੱਲ ਪਈਏ ਤਾਂ ਹੌਲੀ-ਹੌਲੀ ਕਾਫਲਾ ਬਣ ਜਾਂਦਾ ਹੈ। ਉਨ੍ਹਾਂ ਨੇ ਉਰਦੂ ਦਾ ਸ਼ੇਅਰ ਵੀ ਬੋਲਿਆ ਕਿ ‘ਅਕੇਲਾ ਹੀ ਚਲਾ ਥਾ ਜ਼ਾਨਬੇ ਮੰਜ਼ਿਲ, ਲੋਗ ਮਿਲਤੇ ਗਏ, ਕਾਰਵਾਂ ਬਨਤਾ ਗਇਆ।’ ਸਵਾਲ ਇੱਥੇ ਆ ਕੇ ਰੁਕ ਗਿਆ ਕਿ ਮੁਢਲੇ ਪੰਜ ਬੰਦੇ ਕਿਹੜੇ ਲੱਭੇ ਜਾਣ ਅਤੇ ਸਾਡੀ ਦੋਵਾਂ ਦੀ ਰਾਏ ਜਿਸ ਪਹਿਲੇ ਬੰਦੇ ਬਾਰੇ ਬਣ ਗਈ, ਉਸ ਨੂੰ ਮਿਲਣ ਅਤੇ ਇੱਦਾਂ ਦੀ ਕਿਸੇ ਕੋਸ਼ਿਸ਼ ਦਾ ਅੰਗ ਬਣਨ ਲਈ ਮਨਾਉਣ ਲਈ ਉਨ੍ਹਾਂ ਨੇ ਸਾਰੀ ਜ਼ਿੰਮੇਵਾਰੀ ਮੇਰੇ ਉੱਤੇ ਸੁੱਟ ਦਿੱਤੀ। ਉਹ ਚਿਤਵਿਆ ਗਿਆ ਬੰਦਾ ਪੰਜਾਬ ਦਾ ਚੀਫ ਸੈਕਟਰੀ ਰਹਿ ਚੁੱਕਾ ਸੀ ਅਤੇ ਆਮ ਰਾਏ ਇਹ ਸੀ ਕਿ ਸਾਰੀ ਉਮਰ ਉਹ ਦਾਗਾਂ ਤੋਂ ਬਚਿਆ ਰਿਹਾ ਹੈ।
ਤੀਹ-ਪੈਂਤੀ ਸਾਲਾਂ ਪਿੱਛੋਂ ਮੇਰਾ ਫੋਨ ਸੁਣ ਕੇ ਉਸ ਨੇ ਖੁਦ ਹੀ ਮਿਲਣ ਲਈ ਤਾਂਘ ਦਿਖਾਈ ਅਤੇ ਇੱਕ ਘੰਟੇ ਤਕ ਮੈਂ ਉਨ੍ਹਾਂ ਦੇ ਘਰ ਪਹੁੰਚ ਗਿਆ। ਉਸ ਨੇ ਸਾਰੀ ਕਹਾਣੀ ਸੁਣਨ ਦੇ ਬਾਅਦ ਪਹਿਲੀ ਗੱਲ ਇਹ ਕਹਿ ਦਿੱਤੀ ਕਿ ਜਦੋਂ ਸਭ ਪਾਸੇ ਅੰਨ੍ਹਾ ਖਾਤਾ ਚੱਲਦਾ ਪਿਆ ਹੈ, ਤੁਹਾਡੇ-ਸਾਡੇ ਨਾਲ ਚੱਲਣ ਵਾਲੇ ਬਹੁਤੇ ਲੋਕ ਲੱਭਣੇ ਨਹੀਂ, ਪਰ ਤੁਸੀਂ ਜਦੋਂ ਪੰਜ ਜਣੇ ਇੱਦਾਂ ਦੇ ਲੱਭ ਲਵੋਗੇ, ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ, ਪੈਰ ਕਦੀ ਪਿੱਛੇ ਨਹੀਂ ਖਿੱਚਾਂਗਾ। ਹਾਈ ਕੋਰਟ ਦੇ ਸਾਬਕਾ ਜੱਜ ਸਾਹਿਬ ਵੀ ਅਤੇ ਮੈਂ ਵੀ ਪੂਰਾ ਤਾਣ ਲਾ ਕੇ ਥੱਕ ਗਏ, ਸਾਨੂੰ ਇੱਦਾਂ ਦੇ ਪੰਜ ਬੰਦੇ ਨਹੀਂ ਲੱਭ ਸਕੇ, ਕਿਸੇ ਦੇ ਬਾਰੇ ਜ਼ਾਹਰਾ ਨਾ ਸਹੀ, ਲੁਕਵੇਂ ਕਿੱਸੇ ਬਹੁਤ ਸੁਣਨ ਨੂੰ ਮਿਲ ਗਏ ਤੇ ਇੱਕ ਜਣੇ ਨੇ ਸਾਫ ਹੀ ਕਹਿ ਦਿੱਤਾ ਕਿ ਉਮਰ ਦੇ ਇਸ ਪੜਾਅ ਉੱਤੇ ਉਹ ਕਿਸੇ ਨਵੇਂ ਖਲਜਗਣ ਵਿੱਚ ਪੈ ਕੇ ਟਕੇ-ਟਕੇ ਦੇ ਬੇਈਮਾਨ ਲੋਕਾਂ ਦੀਆਂ ਲਾਈਆਂ ਝੂਠੀਆਂ ਤੁਹਮਤਾਂ ਸੁਣਨ ਅਤੇ ਅੰਦਰੇ-ਅੰਦਰ ਖਿਝਦੇ ਰਹਿਣ ਦੇ ਨਾਲ ਆਪਣੇ ਪਰਿਵਾਰ ਤੋਂ ਇਹ ਸੁਣਨ ਲਈ ਤਿਆਰ ਨਹੀਂ ਕਿ ਮੇਰੇ ਇਸ ਕਦਮ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਹਲਚਲ ਮੱਚਦੀ ਹੈ। ਫਿਰ ਵੀ ਇਹ ਪੇਸ਼ਕਸ਼ ਉਸ ਨੇ ਕਰ ਦਿੱਤੀ ਕਿ ਜਦੋਂ ਅਗਲਾ ਕਦਮ ਚੁੱਕਣ ਲੱਗੋਗੇ ਤਾਂ ਖਰਚੇ ਦੀ ਪ੍ਰਵਾਹ ਨਹੀਂ ਕਰਨੀ, ਮੇਰੇ ਪੈਸੇ ਬੱਚਿਆਂ ਨੂੰ ਨਹੀਂ ਚਾਹੀਦੇ, ਉਨ੍ਹਾਂ ਕੋਲ ਬੜਾ ਕੁਝ ਹੈ, ਮੈਂ ਆਪਣੇ ਖਾਤੇ ਦੀ ਬੱਚਤ ਕਿਸੇ ਨੇਕ ਕੰਮ ਲਈ ਖਰਚ ਕਰ ਦਿਆਂ ਤਾਂ ਬੁਰਾ ਨਹੀਂ ਮੰਨਣਗੇ। ਪੇਸ਼ਕਸ਼ ਆਪਣੀ ਥਾਂ ਸੀ, ਜਿਸਦੇ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ, ਪਰ ਪੰਜ ਬੰਦੇ ਇੱਦਾਂ ਦੇ ਜੋੜਨ ਦਾ ਕੰਮ ਫਿਰ ਰਹਿ ਗਿਆ।
ਸਿਆਸੀ ਲੋਕਾਂ ਦੇ ਅੱਖਾਂ, ਕੰਨ ਅਤੇ ਨੱਕ ਬੜੇ ਤੇਜ਼ ਹੁੰਦੇ ਹਨ, ਇੱਦਾਂ ਦੀਆਂ ਗੱਲਾਂ ਉਨ੍ਹਾਂ ਕੋਲ ਬੜੀ ਛੇਤੀ ਪਹੁੰਚ ਜਾਂਦੀਆਂ ਹਨ ਅਤੇ ਸਾਡੀ ਇਹ ਵਿਚਾਰ-ਮੁਹਿੰਮ ਵੀ ਪਹੁੰਚ ਗਈ। ਪੰਜਾਬ ਦੀ ਰਾਜਨੀਤੀ ਦਾ ਸਰਗਰਮ ਅਤੇ ਹਰ ਮੁੱਦੇ ਲਈ ਅੱਗੇ ਲੱਗਣ ਨੂੰ ਕਾਹਲਾ ਰਹਿਣ ਵਾਲਾ ਇੱਕ ਨੇਤਾ ਸਾਡੇ ਕੋਲ ਆ ਪੁੱਜਾ, ਪਰ ਪਹਿਲਾ ਸਵਾਲ ਉਸ ਨੇ ਇਹ ਕੀਤਾ ਕਿ ਕੀ ਗੱਲ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਇੰਨੀ ਛੇਤੀ ਆਸ ਲਹਿ ਗਈ! ਨਾ ਉਸ ਨੇ ਕੁਝ ਕਰਨਾ ਸੀ ਅਤੇ ਨਾ ਨਾਲ ਨਿਭਣਾ ਸੀ, ਉਹ ਸਿਰਫ ਅਗਲੇ ਕਦਮ ਸੁੰਘਣ ਆਇਆ ਸੀ ਤੇ ਮੁੜ ਗਿਆ। ਅਗਲੇ ਦਿਨੀਂ ਉਸੇ ਵਾਂਗ ਕੁਝ ਹੋਰ ਆਗੂ ਆਏ ਅਤੇ ਇਹੋ ਗੱਲਾਂ ਕਰ ਕੇ ਤੁਰ ਗਏ। ਪੰਜ ਬੰਦੇ ਨਾਲ ਜੋੜ ਸਕਣ ਦਾ ਮੁੱਦਾ ਉੱਥੇ ਹੀ ਖੜ੍ਹਾ ਰਿਹਾ।
ਸਚਾਈ ਕਿਸੇ ਨੂੰ ਬੁਰੀ ਲੱਗੇ ਜਾਂ ਲਗਦੀ ਵੀ ਹੋਵੇ ਤੇ ਜ਼ਾਹਰ ਨਾ ਕਰੇ ਤਾਂ ਹੋਰ ਗੱਲ ਹੈ, ਪਰ ਅਸਲੀਅਤ ਇਹੀ ਹੈ ਕਿ ਸਰਕਾਰ ਕੋਈ ਵੀ ਹੋਵੇ, ਅਜੋਕੇ ਮਾਹੌਲ ਵਿੱਚ ਸਾਰੇ ਭਾਰਤ ਵਿੱਚ, ਇਸਦੇ ਕਿਸੇ ਵੀ ਸੂਬੇ ਵਿੱਚ ਇਮਾਨਦਾਰੀ ਦੇ ਦਾਅਵੇ ਕਰੀ ਜਾਵੇ, ਇਮਾਨਦਾਰੀ ਨਾਲ ਚਲਾਉਣੀ ਸੰਭਵ ਨਹੀਂ। ਉਰਦੂ ਦਾ ਸ਼ੇਅਰ ਹੈ ਕਿ ‘ਵੀਰਾਨ ਗੁਲਿਸਤਾਂ ਕਰਨੇ ਕੋ ਬੱਸ ਏਕ ਹੀ ਉੱਲੂ ਕਾਫੀ ਹੈ, ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮੇ ਗੁਲਿਸਤਾਂ ਕਿਆ ਹੋਗਾ!’ ਅਜੋਕੇ ਭਾਰਤ ਅਤੇ ਇਸਦੇ ਰਾਜਾਂ ਦੀਆਂ ਸਰਕਾਰਾਂ ਅਤੇ ਸਰਕਾਰੀ ਮਸ਼ੀਨਰੀ ਬਾਰੇ ਇਹ ਸ਼ੇਅਰ ਕਿੰਨਾ ਠੀਕ ਜਾਂ ਕਿੰਨਾ ਗਲਤ ਹੈ, ਇਹ ਫੈਸਲਾ ਪਾਠਕਾਂ ਉੱਤੇ ਛੱਡਿਆ ਠੀਕ ਰਹੇਗਾ, ਪਰ ਇੱਕ ਗੱਲ ਅੰਨਾ ਹਜ਼ਾਰੇ ਨੇ ਦਿੱਲੀ ਦੇ ਮੰਚ ਤੋਂ ਕਹੀ ਸੀ ਤੇ ਪੂਰਾ ਕੌੜਾ ਸੱਚ ਕਹੀ ਸੀ, ਉਸ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਉਸ ਨੂੰ ਪੁੱਛਿਆ ਗਿਆ ਸੀ ਕਿ ਭ੍ਰਿਸ਼ਟਾਚਾਰ ਵਿਰੋਧ ਦੀ ਇਸ ਮੁਹਿੰਮ ਦੇ ਬਾਅਦ ਕੀ ਤੁਸੀਂ ਭਾਰਤ ਵਿੱਚ ਸਰਕਾਰ ਜਾਂ ਸਰਕਾਰਾਂ ਬਦਲਣ ਦਾ ਨਾਅਰਾ ਵੀ ਦਿਉਗੇ ਤਾਂ ਉਸ ਨੇ ਕਿਹਾ ਸੀ ਕਿ ਬਿਲਕੁਲ ਨਹੀਂ, ਇਸਦਾ ਕੋਈ ਫਾਇਦਾ ਨਹੀਂ। ਅੰਨਾ ਨੇ ਕਿਹਾ ਸੀ ਕਿ ਅਜੋਕੇ ਹਾਕਮ ਭ੍ਰਿਸ਼ਟਾਚਾਰ ਦੀ ਬੀ ਏ ਪਾਸ ਹੋ ਸਕਦੇ ਹਨ, ਸਰਕਾਰ ਬਦਲ ਕੇ ਇਨ੍ਹਾਂ ਦੀ ਥਾਂ ਜਿਨ੍ਹਾਂ ਨੂੰ ਲਿਆਂਦਾ, ਉਹ ਹੋਰ ਅੱਗੇ ਵਧ ਕੇ ਭ੍ਰਿਸ਼ਟਾਚਾਰ ਵਿੱਚ ਐੱਮ ਏ ਪਾਸ ਕਰਨਾ ਕਿਧਰੇ ਰਿਹਾ, ਪੀ ਐੱਚ ਡੀ ਕਰ ਚੁੱਕੇ ਵੀ ਸਾਬਤ ਹੋ ਸਕਦੇ ਹਨ। ਇਸ ਲਈ ਮੁੱਖ ਕੰਮ ਸਰਕਾਰਾਂ ਬਦਲਣ ਦਾ ਨਹੀਂ, ਉਹ ਪ੍ਰਬੰਧ ਬਦਲਣ ਦਾ ਹੈ, ਜਿਹੜਾ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਕਰਦਾ ਹੈ। ਇੱਦਾਂ ਦੇ ਬਦਲਾਅ ਕੁਝ ਦੇਸ਼ ਕਰ ਚੁੱਕੇ ਹਨ। ਅੰਨਾ ਦੀ ਗੱਲ ਬਿਲਕੁਲ ਠੀਕ ਸੀ। ਹਾਂਗ ਕਾਂਗ ਕਿਸੇ ਸਮੇਂ ਸੰਸਾਰ ਦੇ ਭ੍ਰਿਸ਼ਟਾਚਾਰੀ ਦੇਸ਼ਾਂ ਵਿੱਚੋਂ ਪਹਿਲੇ ਅੱਠਾਂ ਵਿੱਚ ਗਿਣਿਆ ਜਾਂਦਾ ਸੀ, ਉੱਥੇ ਜਦੋਂ ਲੋਕ ਉੱਠ ਪਏ ਤਾਂ ਭ੍ਰਿਸ਼ਟਾਚਾਰ ਕਰਨ ਵਾਲੀ ਧਾੜ ਇਹੋ ਜਿਹੀ ਖੂੰਜੇ ਲਾਈ ਕਿ ਉਹੀ ਹਾਂਗ ਕਾਂਗ ਫਿਰ ਉਸ ਦੇ ਬਾਅਦ ਸੰਸਾਰ ਦੇ ਸਿਖਰਲੇ ਅੱਠ ਇਮਾਨਦਾਰ ਦੇਸ਼ਾਂ ਵਿੱਚ ਗਿਣੇ ਜਾਣ ਦੇ ਕਾਬਲ ਹੋ ਗਿਆ ਸੀ। ਭਾਰਤ ਦੇ ਲੋਕਾਂ ਨੂੰ ਅੰਨਾ ਹਜ਼ਾਰੇ ਅੱਜ ਵੀ ਯਾਦ ਹੈ, ਉਸ ਦਾ ਸੁਨੇਹਾ ਯਾਦ ਨਹੀਂ।
ਅਸੀਂ ਲੋਕਾਂ ਨੇ ਕਾਂਗਰਸੀਆਂ ਦਾ ਭ੍ਰਿਸ਼ਟਾਚਾਰ ਵੀ ਵੇਖਿਆ ਹੋਇਆ ਸੀ, ਅਕਾਲੀ ਆਗੂਆਂ ਵੱਲੋਂ ਕੀਤੇ-ਕਰਵਾਏ ਜਾਣ ਵਾਲੇ ਕਈ ਕਾਂਡ ਵੀ ਸਾਨੂੰ ਪਤਾ ਹੁੰਦੇ ਸਨ, ਇਸ ਲਈ ਇੱਕ ਝਾਕ ਜਿਹੀ ਲੱਗੀ ਸੀ ਕਿ ਕੋਈ ਤੀਸਰੀ ਧਿਰ ਆਈ ਤਾਂ ਭ੍ਰਿਸ਼ਟਾਚਾਰ ਨੂੰ ਨੱਥ ਪੈਣ ਦੀ ਆਸ ਹੋ ਸਕਦੀ ਹੈ। ਇਹ ਆਸ ਵੀ ਸਿਰੇ ਚੜ੍ਹਨ ਵਾਲੀ ਨਹੀਂ ਨਿਕਲੀ। ਸਰਕਾਰ ਬਣੀ ਨੂੰ ਅਜੇ ਮਸਾਂ ਮਹੀਨਾ ਹੋਇਆ ਸੀ ਕਿ ਇੱਕ ਮੰਤਰੀ ਦਾ ਅਸਤੀਫਾ ਲੈ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਦੋਸ਼ ਇਹੋ ਦੱਸਿਆ ਗਿਆ ਕਿ ਉਹ ਆਉਂਦੇ ਸਾਰ ਹੀ ਭ੍ਰਿਸ਼ਟਾਚਾਰ ਕਰਨ ਲੱਗ ਪਿਆ ਸੀ। ਬਾਅਦ ਵਿੱਚ ਉਸ ਨੇ ਜ਼ਮਾਨਤ ਕਰਵਾ ਲਈ, ਅੱਜ ਵੀ ਉਹ ਰਾਜ ਕਰਦੀ ਪਾਰਟੀ ਦਾ ਅੰਗ ਹੈ, ਕੇਸ ਕਿਸੇ ਪਾਸੇ ਨਹੀਂ ਲੱਗਾ। ਫਿਰ ਦੋ ਹੋਰ ਮੰਤਰੀਆਂ ਦੇ ਬਾਰੇ ਇਹੋ ਗੱਲ ਸੁਣੀ ਗਈ, ਕੁਝ ਸਮਾਂ ਲਮਕਾ ਕੇ ਸਹੀ, ਅਸਤੀਫੇ ਵੀ ਲਏ ਗਏ, ਪਰ ਹੋਰ ਕਾਰਵਾਈ ਕੋਈ ਨਹੀਂ ਸੀ ਕੀਤੀ ਗਈ ਅਤੇ ਲੋਕ ਗੱਲਾਂ ਕਰਨ ਲੱਗੇ ਸਨ ਕਿ ਕਾਰਵਾਈ ਰੋਕੀ ਗਈ ਹੈ। ਰਾਜ ਕਰਦੀ ਪਾਰਟੀ ਦਾ ਇੱਕ ਵਿਧਾਇਕ ਨਕਦ ਪੈਸੇ ਲੈਂਦਾ ਫੜੇ ਜਾਣ ਦੀ ਗੱਲ ਸਾਹਮਣੇ ਆਈ, ਉਸ ਦਾ ਕੇਸ ਵੀ ਬਾਕੀਆਂ ਵਾਂਗ ਘੱਟੇ ਵਿੱਚ ਰੁਲ ਗਿਆ, ਕਾਰਵਾਈ ਕੋਈ ਅੱਗੇ ਨਹੀਂ ਤੁਰ ਸਕੀ। ਪਿਛਲੀ ਕਾਂਗਰਸੀ ਸਰਕਾਰ ਦੇ ਮੰਤਰੀਆਂ ਭਾਰਤ ਭੂਸ਼ਣ ਆਸ਼ੂ ਤੇ ਸੁੰਦਰ ਸ਼ਾਮ ਦੇ ਵਿਰੁੱਧ ਬੜੇ ਧੜੱਲੇ ਨਾਲ ਕੇਸ ਬਣਦੇ ਵੇਖੇ ਗਏ, ਪਰ ਜਦੋਂ ਅਦਾਲਤਾਂ ਵਿੱਚ ਗਏ ਤਾਂ ਉਹ ਕੇਸ ਟਿਕ ਨਹੀਂ ਸਕੇ। ਆਖਰ ਕੋਈ ਇੱਦਾਂ ਦਾ ਅੰਸ਼ ਤਾਂ ਕਿਸੇ ਫੈਸਲੇ ਪ੍ਰਭਾਵਤ ਕਰਨ ਵਾਲੇ ਪੱਧਰ ਦੀ ਕੁਰਸੀ ਉੱਤੇ ਬੈਠਾ ਹੈ, ਜਿਹੜਾ ਇਨ੍ਹਾਂ ਸਾਰਿਆਂ ਲਈ ਢਾਲ ਬਣ ਜਾਂਦਾ ਹੈ ਅਤੇ ਇਹੋ ਜਿਹੇ ਉਸ ਅੰਸ਼ ਦੀ ਚਰਚਾ ਜਦੋਂ ਆਮ ਲੋਕ ਕਰਦੇ ਪਏ ਹਨ ਤਾਂ ਕੀ ਇਹ ਰਾਜ ਕਰਨ ਵਾਲਿਆਂ ਤਕ ਨਹੀਂ ਪਹੁੰਚਦੀ! ਇਨ੍ਹਾਂ ਚਰਚਿਆਂ ਦਾ ਅਸਰ ਹੇਠਾਂ ਤਕ ਹੋਣ ਲੱਗ ਪਿਆ ਹੈ ਤੇ ਸਰਕਾਰ ਚਲਾਉਣ ਵਾਲੀ ਟੀਮ ਬੇਸ਼ਕ ਇਹ ਸਮਝਦੀ ਹੈ ਕਿ ਉਨ੍ਹਾਂ ਕੋਲ ਦੋ ਸਾਲ ਤੋਂ ਵੱਧ ਸਮਾਂ ਹੈ, ਉਨ੍ਹਾਂ ਦਾ ਸਮਾਂ ਮੁੱਠ ਵਿੱਚੋਂ ਰੇਤ ਕਿਰਦੀ ਵਾਂਗ ਕਿਰਦਾ ਜਾਂਦਾ ਹੈ। ਅਖੀਰਲੇ ਸਾਲ ਤਾਂ ਅਫਸਰ ਮੌਕੇ ਦੀ ਸਰਕਾਰ ਦਾ ਹੁਕਮ ਮੰਨਣਾ ਬੰਦ ਕਰ ਦਿੰਦੇ ਹੁੰਦੇ ਹਨ।
ਕੋਈ ਵਕਤ ਸੀ ਕਿ ਇੱਦਾਂ ਦੇ ਮਾਹੌਲ ਵਿੱਚ ਕਿਸੇ ਇਨਕਲਾਬ ਦੇ ਹਾਲਾਤ ਪੈਦਾ ਹੋਣ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਸੀ, ਦੁਨੀਆ ਵਿੱਚ ਇਨਕਲਾਬੀ ਤਾਕਤਾਂ ਦੇ ਨਿਘਾਰ ਨੇ ਉਸ ਦੀ ਚਰਚਾ ਵੀ ਬੰਦ ਕਰਵਾਈ ਪਈ ਹੈ। ਇਹ ਨਹੀਂ ਕਹਿਣਾ ਚਾਹੀਦਾ ਕਿ ਇਨਕਲਾਬ ਦੀ ਸੰਭਾਵਨਾ ਨਹੀਂ ਰਹੀ, ਜਦੋਂ ਲੋਕਾਂ ਕੋਲ ਪੇਟ ਭਰਨ ਵਾਸਤੇ ਕੋਈ ਵਸੀਲਾ ਨਹੀਂ ਰਹਿੰਦਾ ਤਾਂ ਜਾਬਰ ਤੋਂ ਜਾਬਰ ਰਾਜਾਂ ਵਿੱਚ ਵੀ ਉੱਠ ਖੜੋਂਦੇ ਵੇਖੇ ਹਨ। ਇਹ ਕੁਝ ਕਿਸੇ ਵੇਲੇ ਭਾਰਤ ਵਿੱਚ ਵੀ ਅਚਾਨਕ ਇੱਕ ਵਹਿਣ ਦੇ ਰੂਪ ਵਿੱਚ ਵਟ ਜਾਵੇ ਤਾਂ ਹੈਰਾਨੀ ਨਹੀਂ ਹੋਵੇਗੀ, ਪਰ ਅੱਜ ਦੀ ਘੜੀ ਇੱਦਾਂ ਦੇ ਹਾਲਾਤ ਨਹੀਂ। ਪੰਜਾਬ ਅਤੇ ਭਾਰਤ ਦੇ ਲੋਕਾਂ ਸਾਹਮਣੇ ਅੱਜ ਦੀ ਘੜੀ ਸੌ ਸਵਾਲਾਂ ਦਾ ਸਵਾਲ ਇਹੀ ਹੈ ਕਿ ਭ੍ਰਿਸ਼ਟਾਚਾਰ ਨੇ ਉਨ੍ਹਾਂ ਨੂੰ ਗੁਜ਼ਾਰਾ ਕਰਨ ਜੋਗੇ ਵੀ ਨਹੀਂ ਛੱਡਿਆ, ਇਸਦਾ ਕੋਈ ਨਾ ਕੋਈ ਬਾਨ੍ਹਣੂੰ ਬੰਨ੍ਹਿਆ ਜਾਣਾ ਚਾਹੀਦਾ ਹੈ। ਬਿਨਾਂ ਸ਼ੱਕ ਵਿਨੋਬਾ ਭਾਵੇਂ ਤੋਂ ਲੈ ਕੇ ਅੰਨਾ ਹਜ਼ਾਰੇ ਤਕ ਦੇ ਅੰਦੋਲਨਾਂ ਦੇ ਅੰਤਲੇ ਨਤੀਜੇ ਆਸ ਮੁਤਾਬਕ ਨਾ ਨਿਕਲਣ ਨਾਲ ਲੋਕਾਂ ਦਾ ਭਰੋਸਾ ਟੁੱਟਿਆ ਹੈ, ਇਸਦੇ ਬਾਵਜੂਦ ਆਮ ਲੋਕ ਅਜੇ ਤਕ ਇੱਕ ਹੋਰ ਇੱਦਾਂ ਦਾ ਅੰਦੋਲਨ ਉਡੀਕਦੇ ਹਨ। ਕੋਈ ਮਸੀਹਾ ਮੁੜ ਕੇ ਉੱਠੇਗਾ, ਜੇ ਉੱਠੇਗਾ ਤਾਂ ਕਦੋਂ ਅਤੇ ਕਿਹੋ ਜਿਹਾ ਉੱਠੇਗਾ, ਇਹ ਸਵਾਲ ਅਸੀਂ ਨਹੀਂ, ਆਮ ਲੋਕ ਪੁੱਛਦੇ ਹਨ।