You are here:ਮੁਖ ਪੰਨਾ»ਕਹਾਣੀਆਂ»ਮਰੇ ਸੱਚ ਦੀ ਕਥਾ

ਲੇਖ਼ਕ

Sunday, 12 January 2025 14:30

ਮਰੇ ਸੱਚ ਦੀ ਕਥਾ

Written by
Rate this item
(0 votes)

ਰਾਜ ਦਰਬਾਰ ਦੇ ਬੂਹੇ ਦਾ, ਘੜਿਆਲ ਵੱਜਦਾ ਹੈ। ਦਰਬਾਨ ਦਰਵਾਜ਼ਾ ਖੋਲਦਾ ਹੈ। ਫਰਿਆਦੀ ਨੂੰ, ਸਿਰ ਤੋਂ ਪੈਰਾਂ ਤੱਕ ਫਰੋਲਦਾ ਹੈ। ਤਿਰਛੀ ਨਜ਼ਰੇ ਘੂਰਦਾ ਹੈ। ਫਰਿਆਦੀ, ਫਰਿਆਦ ਲੈ ਕੇ, ਰਾਜੇ ਤੱਕ ਅੱਪੜਦਾ ਹੈ। ਰਾਜਾ, ਧਿਆਨ ਨਾਲ ਸੁਣਦਾ ਹੈ। ਫਰਿਆਦ ਦੀ ਸਚਾਈ ਨਾਲ, ਸਹਿਮਤ ਹੁੰਦਾ ਹੈ। ਮੁਜਰਮ ਪੇਸ਼ ਕਰਨ ਦੇ ਹੁਕਮ ਦਿੰਦਾ ਹੈ। ਦਰਬਾਰੀ, ਮੁਜਰਮ ਨਾਲ ਰਾਬਤਾ ਕਾਇਮ ਕਰਦਾ ਹੈ ਤੇ ਰਾਜੇ ਦੇ ਹੁਕਮ ਬਾਰੇ ਦੱਸਦਾ ਹੈ। ਪਰ ਮੁਜਰਮ, ਰਾਜੇ ਤੇ ਰਾਜੇ ਦੇ ਹੁਕਮ ਦੀ, ਪ੍ਰਵਾਹ ਨਹੀਂ ਕਰਦਾ।

ਫਰਿਆਦੀ, ਅਗਲੇ ਦਿਨ ਫਿਰ ਪੇਸ਼ ਹੁੰਦਾ ਹੈ। ਰਾਜਾ, ਖ਼ੁਦ ਮੁਜਰਮ ਨਾਲ ਰਾਬਤਾ ਕਾਇਮ ਕਰਦਾ ਹੈ ਤੇ ਪੇਸ਼ ਹੋਣ ਲਈ ਆਖਦਾ ਹੈ। ਫਰਿਆਦੀ, ਉਮੀਦਾਂ ਦੀ ਪੰਡ ਬੰਨ, ਵਿਉਂਤਾਂ ਬੁਣਦਾ, ਦੁਆਵਾਂ ਦਿੰਦਾ, ਘਰ ਮੁੜਦਾ ਹੈ।

ਰਾਜੇ ਤੇ ਮੁਜਰਮ ਦੀ ਗਲਬਾਤ, ਰੰਗ ਵਿਖਾਉਂਦੀ ਹੈ। ਉਮੀਦਾਂ ਦੀ ਪੰਡ ਖੋਹਲਣ ਲਈ, ਫਰਿਆਦੀ, ਰਾਜੇ ਦੇ ਦਰਬਾਰ ਦਾ ਮੁੜ, ਘੜਿਆਲ ਵਜਾਉਂਦਾ ਹੈ। ਖੁੱਲਦਾ ਦਰਵਾਜ਼ਾ, 'ਚੀਂਅ' ਚੀਂਅ' ਕਰਦਾ ਹੈ। ਫਰਿਆਦੀ ਦਾ, ਮੱਥਾ ਠਣਕਦਾ ਹੈ। ਅੱਖ ਫਰਕਦੀ ਹੈ। ਅੱਖ 'ਤੇ ਤੀਲਾ ਲਾ, ਉਹ ਰਾਜੇ ਦੇ ਪੇਸ਼ ਹੁੰਦਾ ਹੈ। ਰਾਜਾ, ਆਪਣੀ ਮਜਬੂਰੀ ਦਾ ਵਾਸਤਾ ਪਾ ਕੇ, ਫਰਿਆਦੀ ਨੂੰ, ਘਰ ਤੋਰ ਦਿੰਦਾ ਹੈ। ਰਾਜੇ ਦੇ ਦਰਬਾਰ 'ਚ ਲੱਗੀ, ਭਗਤ ਸਿੰਘ ਦੀ ਫੋਟੋ ਕੋਲ ਆ ਕੇ, ਫਰਿਆਦੀ, ਭਗਤ ਸਿੰਘ ਨੂੰ ਪੁੱਛਦਾ ਹੈ, ਹੁਣ ਮੈਂ ਕਿੱਥੇ ਜਾਵਾਂ?

ਸੱਚ ਦੀ ਤੜਫਨ ਲੈ ਕੇ, ਫਰਿਆਦੀ, ਘਰ ਮੁੜਦਾ ਹੈ। ਸਾਰੀ ਰਾਤ, ਸੱਚ ਨੂੰ ਪਲੋਸਦਾ ਹੈ। ਦਵਾ ਦਾਰੂ ਕਰਦਾ ਹੈ। ਅਗਲੀ ਸਵੇਰੇ, ਸੱਚ ਦੀ ਮਲ੍ਹਮ ਪੱਟੀ ਵਾਸਤੇ, ਫਰਿਆਦੀ, ਕੋਤਵਾਲੀ ਦੀਆਂ ਪੌੜੀਆਂ ਚੜ੍ਹਦਾ ਹੈ। ਕੋਤਵਾਲ ਸਮਝਾਉਂਦਾ ਹੈ ਕਿ ਕੋਤਵਾਲ ਨਾਲੋਂ, ਰਾਜਾ ਵੱਡਾ ਹੁੰਦਾ ਹੈ। ਸਿਆਣਾ ਹੁੰਦਾ ਹੈ। ਰਾਜੇ ਦੀ ਪੁੜੀ ਨਾਲ ਹੀ, ਮਰਜ਼ ਠੀਕ ਹੋਣੀ ਆ। ਫਰਿਆਦੀ ਦੇ ਸੱਚ ਦੀ ਤੜਫਨ, ਹੋਰ ਵੱਧ ਜਾਂਦੀ ਹੈ। ਸਹਾਰਾ ਲੈ ਲੈ ਕੇ, ਉਹ ਪੌੜੀਆ ਉੱਤਰਦਾ ਹੈ। ਕੋਤਵਾਲੀ ਦੇ ਗੇਟ 'ਤੇ, ਹੱਥ 'ਚ ਸੰਵਿਧਾਨ ਫੜ੍ਹੀ, ਅੰਬੇਦਕਰ ਸਾਹਿਬ ਦੇ ਬੁੱਤ ਕੋਲ ਖਲੋੇ, ਫਰਿਆਦੀ, ਬੁੱਤ ਨੂੰ ਪੁੱਛਦਾ ਹੈ, ਮੈਂ ਹੁਣ ਕਿੱਥੇ ਜਾਵਾਂ? ਦਿਨ ਢੱਲਦਾ ਹੈ। ਫਰਿਆਦੀ ਦੇ ਸੱਚ ਦੀ ਤੜਫਨ, ਹੋਰ ਵੱਧ ਜਾਂਦੀ ਹੈ। ਉਹ ਫਿਕਰਮੰਦ ਹੁੰਦਾ। ਸੱਚ ਦੀ, ਹੋਣ ਜਾ ਰਹੀ ਮੌਤ ਬਾਰੇ, ਸੋਚ ਸੋਚ ਕੇ, ਘਬਰਾਉਂਦਾ ਹੈ ਪਰ ਬੇਵੱਸ ਹੈ। ਚੌਰਾਹੇ 'ਤੇ ਆ ਕੇ, ਉਹ ਘਰ ਦਾ ਰਾਹ ਭੁੱਲ ਜਾਂਦਾ ਹੈ ਤੇ ਨਿਆਂ ਦੇ ਮੰਦਰ ਦਾ ਟੱਲ, ਖੜਕਾਉਂਦਾ ਹੈ।

ਸੱਚ ਦੇ ਬੱਚ ਜਾਣ ਦੀ, ਉਮੀਦ ਲੈ ਕੇ, ਘਰ ਮੁੜਦਾ ਹੈ। ਸੱਚ ਨੂੰ ਹੌਸਲਾ ਦਿੰਦਾ ਹੈ ਤੇ ਹਿੰਮਤ ਰੱਖਣ ਲਈ, ਆਖਦਾ ਹੈ। ਰਾਤ ਇਹ ਸੋਚਦਿਆਂ ਲੰਘਦੀ ਹੈ ਕਿ ਹੱਥ 'ਚ ਤੱਕੜੀ ਫੜ੍ਹੀ ਤੇ ਅੱਖਾਂ 'ਤੇ ਕਾਲੀ ਪੱਟੀ ਵਾਲੀ, ਨਿਆਂ ਦੇ ਮੰਦਰ ਦੀ ਦੇਵੀ, ਰਾਜੇ ਤੋਂ ਵੱਡੀ ਤੇ ਸਿਆਣੀ ਹੁੰਦੀ ਹੈ। ਉਹ ਮੇਰੇ ਸੱਚ ਦਾ ਇਲਾਜ, ਜਰੂਰ ਕਰੂ। ਮੇਰਾ ਸੱਚ, ਕਿਦਾਂ ਮਰੂ।

ਅਗਲੀ ਸਵੇਰੇ, ਨਿਆਂ ਦੀ ਦੇਵੀ ਨੇ, ਫਰਿਆਦੀ ਦੀ, ਫਰਿਆਦ, ਸੁਣੀ। ਫਰਿਆਦ ਸੱਚੀ ਹੋਣ ਦੀ ਹਾਮੀ ਭਰੀ। ਮੁਜ਼ਰਮ ਬਾਰੇ, ਰਾਜੇ ਨੂੰ ਸਮਝਾਇਆ ਪਰ ਰਾਜੇ ਦੀ, ਸਮਝ ਨਹੀਂ ਆਇਆ। ਮੁਜ਼ਰਮ ਨੇ, ਫਿਰ ਆਪਣਾ ਦਾਅ ਚਲਾਇਆ। ਰਾਜੇ ਨੂੰ ਭਰਮਾਇਆ।। ਉਸ ਨੇ ਆਪਣਾ, ਹੁਕਮ ਚਲਾਇਆ। ਰਾਜੇ ਨੇ, ਅੱਖਾਂ ਨੀਵੀਆਂ ਕਰਕੇ, ਫਰਿਆਦੀ ਤੋਂ, ਆਪਣਾ ਖਹਿੜਾ ਛਡਾਇਆ।

ਫਰਿਆਦੀ ਦਾ ਸੱਚ, ਉੱਚੀ ਉੱਚੀ, ਕੁਰਲਾਇਆ। ਹਾਲ ਪਾਹਰਿਆ ਪਾਇਆ। ਪਰ ਕਿਸੇ ਨੇ, ਮਰਦੇ ਸੱਚ ਦੇ ਮੂੰਹ ਵਿੱਚ, ਪਾਣੀ ਨਹੀਂ ਪਾਇਆ, ਮਰਦਾ ਸੱਚ, ਨਹੀਂ ਬਚਾਇਆ। ਸਹਾਰਿਆਂ ਆਸਰੇ, ਫਰਿਆਦੀ, ਘਰ ਨੂੰ ਧਾਇਆ। ਇਨਸਾਫ਼ ਦੇ ਮੰਦਰ ਅੱਗੋਂ ਲੰਘਦਿਆ, ਫਰਿਆਦੀ ਨੇ, ਅੱਖਾਂ 'ਤੇ ਪੱਟੀ ਤੇ ਹੱਥ 'ਚ ਤੱਕੜੀ ਵਾਲੀ, ਨਿਆਂ ਦੀ ਦੇਵੀ ਨੂੰ, ਪ੍ਰਸ਼ਨ ਲਾਇਆ, ਮੈਂ ਹੁਣ ਕਿੱਥੇ ਜਾਂਵਾ?

ਜਦ ਰਾਜੇ, ਕੋਤਵਾਲ ਤੇ ਨਿਆਂ ਦੀ ਦੇਵੀ ਨੂੰ ਲਾਏ ਪ੍ਰਸ਼ਨਾਂ ਦਾ, ਕੋਈ ਉੱਤਰ ਨਹੀਂ ਆਇਆ ਤਾਂ ਫਰਿਆਦੀ ਨੇ, ਸੱਚ ਦੀ ਮੌਤ ਦਾ, ਮਾਤਮ ਮਨਾਇਆ। ਮਰੇ ਸੱਚ ਦੀ ਲਾਸ਼ ਨੂੰ ਵਾਰ ਵਾਰ ਸਹਿਲਾਇਆ। ਹੰਝੂਆਂ ਨਾਲ ਨਹਿਲਾਇਆ। ਟੁੱਟੀਆਂ ਉਮੀਦਾਂ ਦਾ, ਉਸ 'ਤੇ ਖ਼ੱਫਨ ਪਾਇਆ ਤੇ ਦਿਲ ਦੀ ਇੱਕ ਨੁੱਕਰੇ, ਮੋਇਆ ਸੱਚ, ਦਫ਼ਨਾਇਆ।

ਸੱਭ ਕੁਝ ਸਾਂਭ ਸੰਵਰ ਕੇ, ਫਰਿਆਦੀ, ਕਬਰ ਦੇ ਫੁੱਲ ਵਾਂਗ, ਮੁਸਕਾਇਆ। ਕੁਦਰਤ ਅੱਗੇ, ਸੀਸ ਝੁਕਾਇਆ। ਮੁਆਫ਼ੀਨਾਮਾ, ਆਖ ਸੁਨਾਇਆ। ਸ਼ੁਭ-ਚਿੰਤਕਾਂ, ਸ਼ੁਕਰ ਮਨਾਇਆ।

ਹਾਰ ਕੇ ਵੀ, ਜਿੱਤ ਦਾ, ਯਸ਼ਨ ਰਚਾਇਆ।

ਜਿੱਤ ਹਾਰ ਨੂੰ ਪਾਸੇ ਕਰਕੇ, ਫਰਿਆਦੀ ਨੇ, ਨਵੇਂ ਸੱਚ ਦਾ, ਬੂਹਾ ਖੜਕਾਇਆ। ਉਸ ਨੂੰ, ਪਾਸ ਬੁਲਾਇਆ। ਗਲ ਨਾਲ ਲਾਇਆ। ਅੱਖਾਂ ਪੂੰਝ ਕੇ, ਫਰਿਆਦੀ, ਮੁਸਕਾਇਆ। ਸੱਚ ਦੀ ਜਿੱਤ ਦਾ, ਗੀਤ ਪੁਰਾਣਾ ਗਾਇਆ। ਗੀਤ ਹਾਲੇ, ਮੁੱਕਿਆ ਨਹੀਂ ਸੀ, ਕਿ ਮਰੇ ਸੱਚ ਨੇ, ਫਿਰ ਆਣ ਸਤਾਇਆ।

ਮਰੇ ਸੱਚ ਦੀ ਸੜਿਆਂਦ, ਫਰਿਆਦੀ ਤੋਂ, ਸਹਿ ਨਹੀ ਹੁੰਦੀਂ। ਵਾਰ ਵਾਰ ਸਤਾਉਂਦੀ ਹੈ। ਇਹ ਸੜਿਆਂਦ, ਕਦੋਂ ਮੁਕੂ, ਕੋਈ ਨਹੀਂ ਜਾਣਦਾ।

ਉਂਝ! ਮੈਂ ਜਾਣਦਾ, ਤੁਹਾਨੂੰ ਪਤਾ ਹੈ ਕਿ ਇਹ ਸੜਿਆਂਦ, ਕਦੋਂ ਮੁੱਕਣੀ ਹੈ ਤੇ ਤੁਸਾਂ ਇਹ ਕਹਿਣਾ ਹੈ, ਕਿ ਫਰਿਆਦੀ ਨੂੰ ਕਹੋ "ਫਿਕਰ ਨਾ ਕਰੇ, ਸੱਚ ਕਦੇ ਹਰਦਾ ਨਹੀਂ, ਮਰਦਾ ਨਹੀਂ"।

ਕਾਸ਼! ਇਹ ਕਿਤਾਬੀ ਪ੍ਰਵਚਨ, ਹਕੀਕਤ ਬਣ ਜਾਣ।

ਉਂਝ! ਇਹ ਪ੍ਰਵਚਨ, ਸਤਯੁਗ ਦੇ ਤਾਂ ਹੋ ਸਕਦੇ ਹਨ ਪਰ ਕਲਯੁਗ ਦੇ ਨਹੀਂ ...

Read 293 times