You are here:ਮੁਖ ਪੰਨਾ»ਵਿਚਾਰਨਾਮਾ»ਮੁੱਖ ਬੰਦ “ਮੈਂ ਕੰਮੀਆਂ ਦੀ ਕੁੜੀ” ਕਿਤਾਬ ਦਾ

ਲੇਖ਼ਕ

Thursday, 16 January 2025 07:02

ਮੁੱਖ ਬੰਦ “ਮੈਂ ਕੰਮੀਆਂ ਦੀ ਕੁੜੀ” ਕਿਤਾਬ ਦਾ

Written by
Rate this item
(0 votes)

ਮੇਰੀ ਨਜ਼ਰ ਵਿੱਚ ਦੂਰ ਦੂਰ ਤਕ ਕੋਈ ਅਜਿਹਾ ਲੇਖਕ ਨਜ਼ਰ ਨਹੀਂ ਆਉਂਦਾ ਜੋ ਬਿਨਾਂ ਕਿਸੇ ਸਾਹਿਤਕ ਮੈਗ਼ਜ਼ੀਨ ਵਿੱਚ ਛਪਣ ਦੇ, ਬਿਨਾਂ ਕਿਤਾਬ ਰਿਲੀਜ਼ ਕਰਵਾਏ, ਬਿਨਾਂ ਕਿਸੇ ਆਲੋਚਕ ਤੋਂ ਪਰਚਾ ਲਿਖਾਏ, ਆਪਣੀ ਕਵਿਤਾ ਦੇ ਹਿੱਕ ਦੇ ਤਾਣ ਨਾਲ ਥੋੜ੍ਹੇ ਜਿਹੇ ਸਮੇਂ ਵਿੱਚ, ਕੇਵਲ ਤੇ ਕੇਵਲ ਸੋਸ਼ਲ ਮੀਡੀਏ ਰਾਹੀਂ ਸੰਨੀ ਧਾਲੀਵਾਲ ਵਾਂਙ ਮਕਬੂਲੀਅਤ ਦੀ ਸਿਖ਼ਰ ’ਤੇ ਪਹੁੰਚ ਗਿਆ ਹੋਵੇ; ਜਿਸਦੀਆਂ ਲਿਖਤਾਂ ਫੇਸ-ਬੁੱਕ ਤੋਂ ‘ਚੁੱਕ’ ਕੇ ਨਾਮਵਰ ਸਾਹਿਤਕ ਪਰਚੇ ਆਪਣੇ ਆਪ ਛਾਪਣ ਵਿੱਚ ਖੁਸ਼ੀ ਮਹਿਸੂਸ ਕਰਨ ਲੱਗ ਜਾਣ, ਜਿਸਦੀਆਂ ਲਿਖਤਾਂ ਪੰਜਾਬੀ ਬੋਲਦੇ ਦੇਸ਼ਾਂ ਵਿੱਚ ਟੀ.ਵੀ. ਅਤੇ ਰੇਡੀਓ ਸਟੇਸ਼ਨਾਂ ’ਤੇ ਪੜ੍ਹੀਆਂ ਜਾਣ, ਜਿਸਦੀਆਂ ਕਵਿਤਾਵਾਂ ਚੋਰੀ ਕਰ ਕੇ ਹੋਰ ਲੋਕ ਆਪਣੇ ਨਾਂ ’ਤੇ ਛਪਵਾਉਣ ਲੱਗੇ ਹੋਣ, ਜਿਹੜਾ ਨਵੀਂ ਕਵਿਤਾ ਸੋਸ਼ਲ ਮੀਡੀਆ ’ਤੇ ਪੋਸਟ ਕਰੇ ਤੇ ਉਸਦੀ ਪ੍ਰਸ਼ੰਸਾ ਵਿੱਚ ਝਟਪਟ ਸੈਂਕੜੇ ਹੁਲਾਰਵੀਆਂ ਟਿੱਪਣੀਆਂ ਚਮਕਣ ਲੱਗ ਪੈਣ। ਅਜਿਹਾ ਕਮਾਲ ਕੇਵਲ ਚਮਤਕਾਰੀ ਰਚਨਾਵਾਂ ਹੀ ਕਰ ਸਕਦੀਆਂ ਨੇ ਤੇ ਸੰਨੀ ਧਾਲੀਵਾਲ ਨੇ ਇਹ ਚਮਤਕਾਰ ਕਰ ਵਿਖਾਇਆ ਹੈ।

ਉਸ ਅੰਦਰ ਸਾਲਾਂ ਤੋਂ ਸੁੱਤਾ ਲੇਖਕ ਪੂਰੇ ਜਲੌਅ ਵਿੱਚ ਜਾਗ ਚੁੱਕਾ ਹੈ। ਅੱਖਰਾਂ ਦੇ ਅੱਖਰ ਉਹਦੇ ਨਿੱਕੇ-ਨਿੱਕੇ ਹੱਥਾਂ ਵਿੱਚੋਂ ਕਵਿਤਾ ਬਣ ਕਿਰਨ ਲੱਗੇ ਹਨ। ਉਹਦੇ ਸ਼ਬਦ ਮਤਾਬੀ ਵਾਂਙ ਬਲ ਕੇ ਪਾਠਕ ਦੇ ਮਨ-ਮਸਤਕ ਵਿੱਚ ਸਤਰੰਗਾ ਚਾਨਣ ਬਖ਼ੇਰਨ ਲੱਗਦੇ ਨੇ। ਪਾਠਕ ਆਪਣੇ ਅੰਦਰਲੇ ਜਗਤ ਦੀਆਂ ਹਨੇਰੀਆਂ ਨੁੱਕਰਾਂ ਹੀ ਨਹੀਂ ਵੇਖਦਾ ਸਗੋਂ ਬਾਹਰਲੇ ਜਗਤ ਦੀਆਂ ਦੁਬਿਧਾਵਾਂ, ਪਾਖੰਡਾਂ, ਗੁੰਝਲਾਂ ਦੇ ਰਹੱਸ ਦੇ ਸਹਿਜ ਦੀਦਾਰ ਵੀ ਕਰ ਲੈਂਦਾ ਹੈ। ਉਹਦੀ ਕਵਿਤਾ ਹਨੇਰਿਆਂ ਵਿੱਚ ‘ਸੰਨੀ ਡੇਅ’ ਬਣ ਕੇ ਚਮਕਦੀ ਹੈ। ਪਰਵਾਸ ਕਰ ਗਏ ਪੰਜਾਬੀਆਂ ਲਈ ਬਨੇਰੇ ’ਤੇ ਬੱਤੀ ਬਣ ਕੇ ਬਲਣ ਲਗਦੀ ਹੈ ਤਾਂ ਕਿ ਉਹ ਪਰਵਾਸ-ਗਲੀ ਦੇ ਹਨੇਰੇ ਵਿੱਚ ਰਾਹ ਨਾ ਭੁੱਲ ਜਾਣ।

ਸੰਨੀ ਧਾਲੀਵਾਲ ਆਪਣੇ ਜਿਹਾ ਆਪ ਹੈ। ਉਹ ਕਿਸੇ ਕਵੀ ਦੀ ਨਕਲ ਨਹੀਂ, ਨਾ ਹੀ ਉਸਦੀ ਕਵਿਤਾ ਵਿੱਚੋਂ ਕਿਸੇ ਕਹਿੰਦੇ-ਕਹਾਉਂਦੇ ਪੰਜਾਬੀ ਕਵੀ ਦਾ ਪ੍ਰਛਾਵਾਂ ਮਾਤਰ ਝਲਕਦਾ ਹੈ। ਅਜਿਹੀ ਕਵਿਤਾ ਅਜੇ ਤਕ ਕਿਸੇ ਹੋਰ ਕਵੀ ਨੇ ਨਹੀਂ ਲਿਖੀ। ਇਹ ਕਵਿਤਾ ਨਿਰੋਲ ਸੰਨੀ ਧਾਲੀਵਾਲ ਵਰਗੀ ਹੈ। ਸਿੱਧੀ-ਪੱਧਰੀ, ਸਾਫ਼-ਸਫ਼ਾਫ਼ ਪਰ ਤੇਜ਼ ਤਿੱਖੀ। ਮਿਰਚਾਂ ਵਰਗੀ। ਬੰਦੇ ਅੰਦਰਲੇ ਭੈੜਾਂ ਨੂੰ ਬੁਰੀ ਤਰ੍ਹਾਂ ਲੜਨ ਵਾਲੀ। ਤਿੱਖੀ ਛੁਰੀ ਵਰਗੀ। ਸਮਾਜ, ਸੱਭਿਆਚਾਰ, ਧਰਮ ਤੇ ਰਾਜਨੀਤੀ ਦੇ ਕੋਝੇ ਉਛਾੜਾਂ ਨੂੰ ਪਾੜ ਕੇ ਉਹਨਾਂ ਨੂੰ ਨੰਗਿਆਂ ਕਰਨ ਵਾਲੀ। ਪਰ ਇਹਦੀ ਪੇਸ਼ਕਾਰੀ ਅਤੇ ਅੰਦਾਜ਼ ਨਿਰੋਲ ਇਹਦਾ ਆਪਣਾ ਹੈ। ਨਿਰੋਲ ਆਪਣੇ ਵਰਗਾ ਹੋ ਸਕਣਾ ਬੜੀ ਔਖੀ ਗੱਲ ਹੈ। ਕਈਆਂ ਨੂੰ ਸਾਰੀ ਉਮਰ ਲੱਗ ਜਾਂਦੀ ਹੈ ਪਰ ਉਹ ਆਪਣੀ ਵੱਖਰੀ ਤੇ ਨਿਰੋਲ ਨਿੱਜੀ ਪਛਾਣ ਨਹੀਂ ਬਣਾ ਸਕਦੇ। ਨਿੱਜੀ ਪਛਾਣ ਉਹ ਹੁੰਦੀ ਹੈ ਕਿ ਕਵਿਤਾ ’ਤੇ ਕਵੀ ਦਾ ਨਾਂ ਲਿਖਣ ਤੋਂ ਬਿਨਾਂ ਹੀ ਤੁਹਾਨੂੰ ਜਿਸਦੀਆਂ ਚਾਰ ਸਤਰਾਂ ਪੜ੍ਹ ਕੇ ਹੀ ਲੱਗਣ ਲੱਗ ਜਾਵੇ ਕਿ ਇਹ ਤਾਂ ਸੰਨੀ ਧਾਲੀਵਾਲ ਨੇ ਲਿਖੀ ਹੈ। ਸੰਨੀ ਧਾਲੀਵਾਲ ਨੇ ਦੋ-ਤਿੰਨ ਸਾਲਾਂ ਵਿੱਚ ਹੀ ਇਹ ਕ੍ਰਿਸ਼ਮਾ ਕਰ ਵਿਖਾਇਆ ਹੈ।

ਸੰਨੀ ਧਾਲੀਵਾਲ ਨੇ ਇੱਕ ਮੂਲੋਂ ਹੀ ਵੱਖਰੀ ਕਾਵਿ-ਸ਼ੈਲੀ ਸਿਰਜ ਦਿੱਤੀ ਹੈ। ਉਹਦੀ ਕਾਵਿ ਭਾਸ਼ਾ ਦਾ ਅਨੋਖਾ ਤੇ ਮੂਲੋਂ ਮੌਲਿਕ ਮੁਹਾਂਦਰਾ ਤੇ ਮੁਹਾਵਰਾ ਹੈ। ਉਹਨੇ ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ, ਚਿੰਨ੍ਹਾਂ, ਇਸ਼ਾਰਿਆਂ ਨੂੰ ਇੰਨੇ ਸਹਿਜ ਨਾਲ ਕਵਿਤਾ ਵਿੱਚ ਘੋਲ ਦਿੱਤਾ ਹੈ ਕਿ ਕਵਿਤਾ ਦਾ ਚਿਹਰਾ ਊਦਾ, ਗੁਲਾਬੀ, ਉਨਾਭੀ, ਕਿਰਮਚੀ ਕਈ ਰੰਗਾਂ ਵਿੱਚ ਲਿਸ਼ਕਣ ਲੱਗਾ ਹੈ।

ਉਹਦੀ ਰਚਨਾ ਵਿੱਚ ਨਜ਼ਰੀਏ ਦੀ ਤਾਜ਼ਗੀ ਹੈ। ਉਹਦੇ ਲਈ ਨਾਨਕੇ ਪਿੰਡ ‘ਟੱਲੇਵਾਲ’ ਦੀ ਨਹਿਰ, ਆਪਣਾ ਪਿਤਾ-ਪੁਰਖੀ ਪਿੰਡ ‘ਰਣਸੀਂਹ ਕਲਾਂ’ ਵੀ ਓਨੀ ਮੁਹੱਬਤ ਨਾਲ ਹਾਜ਼ਰ ਹੁੰਦੇ ਹਨ, ਜਿੰਨੀ ਮੁਹੱਬਤ ਨਾਲ ਕਨੇਡਾ ਦੇ ਸ਼ਹਿਰਾਂ ਦੀਆਂ ਰੌਸ਼ਨੀਆਂ। ਉਹ ਰਣਸੀਂਹ ਕਲਾਂ ਦਾ ਹੋ ਕੇ ਵੀ ਸਾਰੀ ਧਰਤੀ ਦਾ ਹੈ। ਸਮੁੱਚੀ ਲੋਕਾਈ ਦਾ ਹੈ। ਬੰਦੇ ਅੰਦਰਲੀ ਬੰਦਿਆਈ ਦਾ ਹੈ।

ਉਹ ਅੰਗਰੇਜ਼ੀ ਵਿੱਚ ਲਿਖਦਾ ਸੀ, ਪਰ ਮੇਰੀ ਪ੍ਰੇਰਨਾ ਨਾਲ ਪੰਜਾਬੀ ਵਿੱਚ ਲਿਖਣ ਲੱਗਾ। ਮੈਨੂੰ ਇਹ ਸਦਾ ਮਾਣ ਰਹੇਗਾ ਕਿ ਮੈਂ ਆਪਣੀ ਜ਼ਬਾਨ ਨੂੰ ਇੱਕ ਚੰਗੇ ਕਵੀ ਨਾਲ ਮਿਲਾਇਆ ਹੈ। ਹਾਲਾਂਕਿ ਉਹਦੀ ਕਵਿਤਾ ਵਿਚਲਾ ਕਾਵਿ-ਪਾਤਰ ਪੰਜਾਬੀ ਦੀ ਅੰਗਰੇਜ਼ੀ ਸਾਹਮਣੇ ਦਿਨੋ-ਦਿਨ ਘਟ ਰਹੀ ਅਹਿਮੀਅਤ ਬਾਰੇ ਕਾਂਟਵੇਂ ਲਹਿਜ਼ੇ ਵਿੱਚ ਆਖਦਾ ਹੈ, ‘ਤੇਰੀ ਅੰਗਰੇਜ਼ੀ ਤੈਨੂੰ ਕਨੇਡਾ ਲੈ ਗਈ, ਮੇਰੀ ਪੰਜਾਬੀ ਮੈਨੂੰ ਪੰਜਾਬ ਰੋਡਵੇਜ਼ ਦੀ ਬੱਸ ’ਤੇ ਪਿੰਡ ਲੈ ਆਈ।’ ਇਸਦੇ ਬਾਵਜੂਦ ਉਹ ਪੰਜਾਬੀ ਵਿੱਚ ਲਿਖਣ ਵਿੱਚ ਮਾਣ ਸਮਝਣ ਲੱਗਾ ਹੈ।

ਉਹਦੀ ਨਵੀਂ ਕਿਤਾਬ ‘ਮੈਂ ਕੰਮੀਆਂ ਦੀ ਕੁੜੀ’ ਦਾ ਖਰੜਾ ਪੜ੍ਹਦਿਆਂ ਪਹਿਲਾਂ ਮੈਂ ਸੋਚਿਆ ਸੀ ਕਿ ਉਹਦੀਆਂ ਕਵਿਤਾਵਾਂ ਦੇ ਹਵਾਲੇ ਦੇ ਕੇ ਆਪਣੀ ਗੱਲ ਪੁਸ਼ਟ ਕਰਾਂਗਾ। ਪਰ ਹੁਣ ਸੋਚਦਾ ਹਾਂ ਕਿ ਉਹਦੀਆਂ ਕਵਿਤਾਵਾਂ ਦਾ ਖਿਲਾਰ, ਮਿਆਰ ਤੇ ਆਕਾਰ ਇੰਨਾ ਵੱਡਾ ਹੈ ਕਿ ਮੇਰੇ ਸ਼ਬਦਾਂ ਦੀ ਜੱਫੀ ਵਿੱਚ ਨਹੀਂ ਆ ਸਕਦਾ। ਉਹਦੀ ਕਵਿਤਾ ਵਿੱਚ ਵਿਸ਼ਿਆਂ ਦੀ ਵਿਭਿੰਨਤਾ ਹੈ, ਜ਼ਿੰਦਗੀ ਦੇ ਅਨੇਕਾਂ ਰੰਗ ਹਨ। ਤੁਸੀਂ ਵੇਖੀ ਹੋਈ ਖ਼ੂਬਸੂਰਤ ਕੁੜੀ ਨੂੰ ਲੱਖ ਆਪਣੇ ਸ਼ਬਦਾਂ ਵਿੱਚ ਬਿਆਨ ਕਰਨਾ ਚਾਹੋ, ਪਰ ਅਸਲ ਖ਼ੂਬਸੂਰਤੀ ਦਾ ਪਤਾ ਉਦੋਂ ਹੀ ਲਗਦਾ ਹੈ, ਜਦੋਂ ਆਪਣੀਆਂ ਅੱਖਾਂ ਨਾਲ ਉਹਦਾ ਸਾਮਰਤੱਖ ਦੀਦਾਰ ਕਰ ਲਿਆ ਜਾਵੇ। ਤੁਸੀਂ ਵੀ ਉਹਦੀ ਕਵਿਤਾ ਨੂੰ ਖ਼ੁਦ ਪੜ੍ਹਨ ਤੋਂ ਬਗ਼ੈਰ ਉਹਦਾ ਹੁਸਨ ਨਹੀਂ ਮਾਣ ਸਕਦੇ।

ਅਖ਼ੀਰ ’ਤੇ ਮੈਂ ਸੰਨੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਅੰਦਰ ਜਾਗ ਚੁੱਕੇ ‘ਪੰਜਾਬੀ ਸ਼ਾਇਰ’ ਨੂੰ ਹੁਣ ਸੌਣ ਨਹੀਂ ਦੇਣਾ। ਲਗਾਤਾਰ ਤੁਰਦੇ ਰਹਿਣਾ। ਮੇਰਾ ਯਕੀਨ ਹੈ ਕਿ ਛੇਤੀ ਹੀ ਤੁਸੀਂ ਸਾਹਿਤ ਦੇ ਖੇਤਰ ਵਿੱਚ ਵੱਡਾ ਨਾਮ ਬਣ ਜਾਵੋਗੇ।

Read 204 times