ਅੱਜ ਸਾਡਾ ਲਾਹੌਰ ਵਿਚ ਆਖ਼ਰੀ ਦਿਨ ਸੀ। ਇਹ ਦਿਨ ਵੀ ਅਸੀਂ ਲੇਖੇ ਲੱਗਿਆ ਵੇਖਣਾ ਚਾਹੁੰਦੇ ਸਾਂ। ਕਸੂਰ ਵਿਚ ਬਾਬੇ ਬੁੱਲ੍ਹੇ ਸ਼ਾਹ ਦਾ ਮਜ਼ਾਰ ਦੇਖਣ ਦੀ ਤਾਂਘ ਤੜਪੀ ਤਾਂ ਮੈਂ ਡਾ. ਜਗਤਾਰ ਨੂੰ ਕਿਹਾ ਕਿ ਉਹ ‘ਸ਼ਾਹ ਜੀ’ ਨੂੰ ਕਹਿ ਕੇ ਕਾਰ ਦਾ ਬੰਦੋਬਸਤ ਕਰੇ। ‘ਸ਼ਾਹ ਜੀ’ ਪ੍ਰਮੁੱਖ ਉਰਦੂ ਅਖ਼ਬਾਰ ‘ਨਵਾਏ ਵਕਤ’ ਦਾ ਮੁਖ ਕਾਲਮ-ਨਵੀਸ ਹੋਣ ਕਰਕੇ ਉਹਦੀ ਕਾਰ ਵਿਚ ਲਾਹੌਰੋਂ ਬਾਹਰ ਨਿਕਲਣਾ ਸਾਨੂੰ ਵਧੇਰੇ ਸੁਰੱਖਿਅਤ ਲੱਗਦਾ ਸੀ। ਉਂਜ ਸਾਡੇ ਨਾਲ ਦੇ ਸਾਰੇ ਲੋਕ ਹੀ ਲਾਹੌਰੋਂ ਬਾਹਰ ਘੁੰਮ ਫਿਰ ਰਹੇ ਸਨ ਤੇ ਇਕ ਗਰੁੱਪ ਤਾਂ ਰਾਵਲਪਿੰਡੀ ਤੇ ਪੰਜਾ ਸਾਹਿਬ ਦੀ ਯਾਤਰਾ ‘ਤੇ ਵੀ ਨਿਕਲ ਚੁੱਕਾ ਸੀ। ‘‘ਕੋਈ ਨਹੀਂ ਪੁੱਛਦਾ ਜੀ!’’ ਕਹਿ ਕੇ ਸਾਰੇ ਤੁਰੇ ਫਿਰਦੇ ਸਨ। ਅਸੀਂ ਵੀ ਇਸ ਗੱਲ ਤੋਂ ਹੌਸਲਾ ਫੜਿਆ ਪਰ ਫਿਰ ਵੀ ‘ਨੇ ਜਾਣੀਏਂ’ ਵਾਲੇ ਖ਼ਤਰੇ ਨੂੰ ਸਾਹਮਣੇ ਰੱਖ ਕੇ ਇਕ ਪੱਤਰਕਾਰ ਦੀ ਕਾਰ ਵਿਚ ਜਾਣਾ ਸਾਨੂੰ ਠੀਕ ਲੱਗਾ।
ਕੱਲ੍ਹ ਸਵੇਰੇ ਅੱਠ ਵਜੇ ‘ਸਮਝੌਤਾ ਐਕਸਪ੍ਰੈਸ’ ‘ਤੇ ਅਸੀਂ ਵਾਪਸ ਆ ਜਾਣਾ ਸੀ, ਇਸ ਲਈ ਪੁਲੀਸ ਵਲੋਂ ਵਾਪਸੀ ਦੀ ਰਵਾਨਗੀ ਵਾਲਾ ਸਰਟੀਫਿਕੇਟ ਵੀ ਅੱਜ ਹੀ ਪ੍ਰਾਪਤ ਕਰਨਾ ਜ਼ਰੂਰੀ ਸੀ।‘‘ਤੁਸੀਂ ਮੇਰੀ ਰਵਾਨਗੀ ਵੀ ਪੁਆ ਲਿਆਓ! ਮੈਂ ਉਨਾ ਚਿਰ ਸ਼ਾਹ ਜੀ ਨਾਲ ਤਾਲ-ਮੇਲ ਕਾਇਮ ਕਰਦਾਂ’’, ਜਗਾਤਰ ਨੇ ਮੈਨੂੰ ਤੇ ਰਘਬੀਰ ਸਿੰਘ ਨੂੰ ਕਿਹਾ।‘‘ਪਰ ਉਥੇ ਨਿਜੀ ਰੂਪ ਵਿਚ ਤੁਹਾਡੀ ਹਾਜ਼ਰੀ ਜ਼ਰੂਰੀ ਹੋਵੇਗੀ!’’‘‘ਲੈ… ਇਹ ਰਵਾਨਗੀ ਤਾਂ ਥਾਣਿਓਂ ਹੀ ਪੈਣੀ ਆਂ ਤੇ ਹੌਲਦਾਰ ਮਜੀਦ ਤੇ ਤੇਰਾ ਸੰਧੂ ਭਰਾ ਉਥੇ ਹੀ ਹੋਣੇ ਨੇ, ਫਿਕਰ ਕਾਹਦਾ!’’ ਜਗਤਾਰ ਨੇ ਭਰੋਸੇ ਨਾਲ ਕਿਹਾ।ਮੈਂ ਤੇ ਰਘਬੀਰ ਸਿੰਘ ਦੋਵੇਂ ਕਿਲ੍ਹਾ ਗੁੱਜਰ ਸਿੰਘ ਥਾਣੇ ਪੁੱਜੇ ਤਾਂ ਅੱਗੇ ਸੱਚਮੁੱਚ ਹਵਾਲਦਾਰ ਮਜੀਦ ਹੀ ਕੁਰਸੀ ‘ਤੇ ਡਟਿਆ ਬੈਠਾ ਸੀ। ਮੈਨੂੰ ਪਛਾਣ ਕੇ ਉਹਨੇ ਪੁਰਖ਼ਲੂਸ ਅੰਦਾਜ਼ ਵਿਚ ਹੱਥ ਮਿਲਾਉਂਦਿਆਂ ਕਿਹਾ, ‘‘ਆਓ ਸੰਧੂ ਸਾਹਿਬ! ਫੇਰ ਕੱਲ੍ਹ ਦੀਆਂ ਰਵਾਨਗੀਆਂ ਨੇ?’’ਮੁਸਕਰਾਉਂਦਿਆਂ ਉਸ ਨੇ ਸਾਡੇ ਹੱਥੋਂ ਫਾਰਮ ਫੜ ਲਏ। ਮੈਨੂੰ ਇਹ ਚੰਗਾ ਲੱਗਾ ਕਿ ਉਸ ਦਿਨ ਦੀ ਛੋਟੀ ਜਿਹੀ ਮੁਲਾਕਾਤ ਨੂੰ, ਸਾਡੇ ਏਨੇ ਲੋਕਾਂ ਦੀਆਂ ਮਿਲਣੀਆਂ ਵਿਚ ਵੀ, ਉਸ ਨੇ ਯਾਦ ਰੱਖਿਆ ਸੀ। ਇਸ ਅਪਣੱਤ ਭਾਵ ‘ਚੋਂ ਮੈਂ ਜਗਤਾਰ ਦੇ ਨਾ ਆ ਸਕਣ ਬਾਰੇ ਤੇ ਉਸ ਦਾ ਫਾਰਮ ਵੀ ਤਸਦੀਕ ਕਰਨ ਦੀ ਬੇਨਤੀ ਕੀਤੀ ਤਾਂ ਉਸ ਨੇ ਉਤਸ਼ਾਹ ਨਾਲ ਆਖਿਆ, ‘‘ਗੱਲ ਹੀ ਕੋਈ ਨਹੀਂ ਬਾਦਸ਼ਾਹੋ! ਤੁਸੀਂ ਹੋਰ ਸੇਵਾ ਦੱਸੋ।’’ਉਹ ਫੁੱਟਾ ਤੇ ਪੈਨਸਲ ਫੜ ਕੇ ਰਜਿਸਟਰ ਉਤੇ ਸਾਡੇ ਵੇਰਵਿਆਂ ਨੂੰ ਦਰਜ ਕਰਨ ਵਾਸਤੇ ਖ਼ਾਨੇ ਬਣਾਉਣ ਲੱਗਾ। ਲਿਖ ਲਿਖ ਕੇ ਸਾਰੀ ਕਾਰਵਾਈ ਮੁਕੰਮਲ ਕਰਕੇ ਜਦੋਂ ਉਸ ਨੇ ਮੇਰੇ ਫਾਰਮ ਦਾ ਪਿਛਲਾ ਪੰਨਾ ਮੋਹਰ ਲਾਉਣ ਲਈ ਪਰਤਿਆ ਤਾਂ ਹੈਰਾਨ ਹੋਇਆ, ‘‘ਤੁਸੀਂ ਐੱਸ.ਐੱਸ.ਪੀ. ਦੇ ਦਫਤਰੋਂ ਅੰਦਰਾਜ ਕਰਾ ਕੇ ਨਹੀਂ ਆਏ?’’‘‘ਨਹੀਂ’’, ਮੈਂ ਭੋਲੇ-ਭਾਅ ਉੱਤਰ ਦਿੱਤਾ।ਉਹ ਹੱਸਿਆ, ‘‘ਪਹਿਲਾਂ ਉਥੇ ਜਾਣਾ ਸੀ। ਉਨ੍ਹਾਂ ਦੀ ਮਨਜ਼ੂਰੀ ਤੇ ਮੋਹਰ ਤੋਂ ਪਿੱਛੋਂ ਹੀ ਅਸੀਂ ਰਵਾਨਗੀ ਪਰਚਾ ਬਨਾਉਣਾ ਹੁੰਦਾ ਹੈ। ਚੱਲੋ ਹੁਣ ਵੀ ਕੋਈ ਨਹੀਂ, ਤੁਸੀਂ ਉਥੋਂ ਹੋ ਆਓ। ਏਥੋਂ ਵਾਲਾ ਕੰਮ ਤੁਹਾਡਾ ਮੁਕੰਮਲ ਹੈ, ਜਦੋਂ ਉਥੋਂ ਲਿਖਵਾ ਲਿਆਵੋਗੇ ਤਾਂ ਉਹਦੇ ਹੇਠਾਂ ਮੈਂ ਲਿਖਣ ਲੱਗਿਆਂ ਹੁਣ ਅੱਧਾ ਮਿੰਟ ਵੀ ਨਹੀਂ ਲਾਉਣਾ। ਪਰ ਉਥੇ ਇਹ ਨਾ ਦੱਸਿਓ ਕਿ ਥਾਣੇ ਵਿਚੋਂ ਤਾਂ ਅਸੀਂ ਰਵਾਨਗੀ ਪੁਆ ਵੀ ਲਿਆਏ ਹਾਂ ਨਹੀਂ ਤਾਂ ਸਾਡੀ ਪੁੱਛਗਿਛ ਹੋ ਜਾਊ ਕਿ ਬਿਨਾਂ ਵੇਖਿਆਂ ਹੀ ਅਸੀਂ…’’ਸਾਡੇ ਕਾਗਜ਼ਾਂ ਦੀ ਪੜਤਾਲ ਕੀਤੇ ਬਿਨਾਂ ਹੀ ਹਵਾਲਦਾਰ ਮਜੀਦ ਵਲੋਂ ਤੁਰੰਤ ਹੀ ਸਾਡੇ ਕਾਗਜ਼ ਪੱਤਰ ਤਿਆਰ ਕਰਨ ਵਿਚ ਵਿਖਾਈ ਕਾਹਲੀ ਨੇ ਸਾਡੇ ਪ੍ਰਤੀ ਉਹਦੇ ਵਿਸ਼ਵਾਸ ਅਤੇ ਅਪਣੱਤ ਨੂੰ ਹੀ ਤਸਦੀਕ ਕੀਤਾ ਸੀ। ਨਹੀਂ ਤਾਂ ਪੁਲਸੀਆ ਕੀ ਆਖ ਤੇ ਬਿਨਾਂ ਕਾਗਜ਼ਾਂ ਦੀ ਮੀਨ-ਮੇਖ ਕੱਢਣ ਤੋਂ ਸੁਹਿਰਦ ਭਾਵ ਨਾਲ ਇੰਜ ਕੰਮ ਕਰਨਾ ਕੀ ਆਖ!ਅਸੀਂ ਐੱਸ.ਐੱਸ.ਪੀ. ਦੇ ਦਫਤਰੋਂ ਪਰਤ ਕੇ ਮਜੀਦ ਤੋਂ ਦਸਤਖ਼ਤ ਕਰਵਾਏ ਤੇ ਉਸ ਦੁਆਰਾ ਦਿਖਾਈ ਖੁੱਲ੍ਹ-ਦਿਲੀ ਤੇ ਪਿਆਰ ਲਈ ਉਸ ਦਾ ਧੰਨਵਾਦ ਕੀਤਾ।‘‘ਇਹ ਤਾਂ ਸਾਡਾ ਫਰਜ਼ ਏ ਬਾਦਸ਼ਾਹੋ। ਤੁਸੀਂ ਸਾਡੇ ਮਹਿਮਾਨ ਓ… ਸਾਡੇ ਭਰਾ ਓ…’’ ਉਸ ਨੇ ਉੱਠ ਕੇ ਸਾਡੇ ਨਾਲ ਗਰਮਜੋਸ਼ੀ ਵਿਚ ਅਲਵਿਦਾਈ ਹੱਥ ਮਿਲਾਇਆ।ਸ਼ਾਹਤਾਜ ਹੋਟਲ ਪਹੰੁਚੇ ਤਾਂ ਜਗਤਾਰ ਨੇ ਦੱਸਿਆ ਕਿ ‘ਸ਼ਾਹ ਜੀ’ ਨੇ ਡਰਾਈਵਰ ਸਮੇਤ ਕਾਰ ਭੇਜ ਦਿੱਤੀ ਹੈ। ਕੁਝ ਹੀ ਪਲਾਂ ਵਿਚ ਤਿਆਰ ਹੋ ਕੇ ਅਸੀਂ ਕਸੂਰ ਵੱਲ ਚਾਲੇ ਪਾ ਦਿੱਤੇ। ਖੁੱਲ੍ਹੀ ਵੱਡੀ ਕਾਰ ਵਿਚ ਡਰਾਈਵਰ ਦੇ ਨੇੜੇ ਜਗਤਾਰ ਬੈਠਾ ਸੀ ਤੇ ਪਿੱਛੇ ਰਘਬੀਰ ਸਿੰਘ, ਉਸ ਦੀ ਪਤਨੀ ਸੁਲੇਖਾ ਅਤੇ ਮੈਂ। ਮੇਰਾ ਭਾਵੁਕ ਲਗਾਓ ਤਾਂ ਸਮੁੱਚੇ ਪੱਛਮੀ ਪੰਜਾਬ ਨਾਲ ਹੀ ਹੈ ਪਰ ਵਿਸ਼ੇਸ਼ ਤੌਰ ‘ਤੇ ਲਾਹੌਰ ਅਤੇ ਕਸੂਰ ਦੇ ਇਲਾਕੇ ਪ੍ਰਤੀ ਮੇਰੀ ਖਿੱਚ ਵਧੇਰੇ ਰਹੀ ਹੈ। ਇਸ ਦਾ ਇਕ ਵਿਸ਼ੇਸ਼ ਕਾਰਨ ਇਹ ਵੀ ਹੈ ਕਿ ਮੇਰਾ ਮੌਜੂਦਾ ਪਿੰਡ ਸੁਰ ਸਿੰਘ ਅਤੇ ਮੇਰੇ ਵਡੇਰਿਆਂ ਦਾ ਪਿੰਡ ਭਡਾਣਾ ਜ਼ਿਲਾ ਲਾਹੌਰ ਦੀ ਤਹਿਸੀਲ ਕਸੂਰ ਦਾ ਹੀ ਹਿੱਸਾ ਰਹੇ ਸਨ। ਇੰਜ ਮੈਂ ਆਪਣੇ ਵਡੇਰਿਆਂ ਤੋਂ ਲਾਹੌਰ ਤੇ ਕਸੂਰ ਨਾਲ ਸਬੰਧਿਤ ਅਨੇਕਾਂ ਕਿੱਸੇ ਸੁਣੇ ਹੋਏ ਸਨ। ਮੁਕੱਦਮਿਆਂ ਦੀਆਂ ਤਰੀਕਾਂ ਭੁਗਤਣ ਜਾਂ ਹੋਰ ਕਾਰ-ਵਿਹਾਰ ਲਈ ਕਸੂਰ ਜਾਣ ਦੀਆਂ ਕਹਾਣੀਆਂ, ਰਸਤੇ ਵਿਚ ਆਉਂਦੇ ਪਿੰਡਾਂ ਦੇ ਵੇਰਵੇ, ਉਥੋਂ ਦੇ ਬੰਦਿਆਂ ਨਾਲ ਸਾਂਝਾਂ ਕਈ ਕੁਝ ਮੇਰੇ ਅਵਚੇਤਨ ਵਿਚ ਵੱਸਿਆ ਹੋਇਆ ਸੀ।ਕਾਰ ਲਾਹੌਰ ਦੀ ਹੱਦ ਪਾਰ ਕਰਕੇ ਕਸੂਰ ਵੱਲ ਜਾ ਰਹੀ ਸੀ। ਸੜਕ ਉਤੇ ਅਤੇ ਆਸੇ ਪਾਸੇ ਦੇ ਪਿੰਡਾਂ ਦੇ ਨਾਂ ਅਤੇ ਵੇਰਵੇ ਮੇਰੀ ਚੇਤਨਾ ਵਿਚ ਘੁੰਮ ਰਹੇ ਸਨ। ਕ੍ਹਾਨਾਂ-ਕਾਛਾ, ਲਲਿਆਣੀ, ਰਾਜਾ ਜੰਗ। ਮੈਨੂੰ ਜਾਪਦਾ ਸੀ ਮੈਂ ਆਪਣੀ ਵਿਛੜੀ ਧਰਤੀ ਤੋਂ ਸਦੀਆਂ ਬਾਦ ਕਿਸੇ ਦੂਸਰੇ ਜਨਮ ਵਿਚ ਗੁਜ਼ਰ ਰਿਹਾ ਹਾਂ।ਮੈਨੂੰ ਇਸ ਧਰਤੀ ਤੋਂ ਕਿਉਂ ਵਿਛੋੜ ਲਿਆ ਗਿਆ ਸੀ!ਡਰਾਈਵਰ ਨੇ ਟੇਪ ‘ਔਨ’ ਕਰ ਦਿੱਤੀ। ਨੁਸਰਤ ਫਤਹਿ ਅਲੀ ਖਾਂ ਗਾ ਰਿਹਾ ਸੀ:ਵਿਗੜ ਗਈ ਏ ਥੋੜ੍ਹੇ ਦਿਨਾਂ ਤੋਂ ਦੂਰੀ ਪਈ ਏ ਥੋੜ੍ਹੇ ਦਿਨਾਂ ਤੋਂਕੀ ਉਹ ਮੈਨੂੰ ਸੁਣਾ ਕੇ ਗਾ ਰਿਹਾ ਸੀ। ਇਹ ਕਿਉਂ ਵਿਗੜ ਗਈ ਸੀ। ਦੂਰੀ ਕਿਉਂ ਪੈ ਗਈ ਸੀ? ਥੋੜੇ੍ਹ ਦਿਨਾਂ ਤੋਂ ਕਿਥੇ! ਇਹ ਤਾਂ ਉਮਰਾਂ ਬੀਤ ਗਈਆਂ ਸਨ!ਮੈਂ ਉਦਾਸ ਹੋ ਗਿਆ ਸਾਂ।ਅਸੀਂ ਕ੍ਹਾਨਾਂ ਨਵਾਂ ਤੇ ਕ੍ਹਾਨਾਂ ਪੁਰਾਣਾ ਕੋਲੋਂ ਗੁਜ਼ਰ ਰਹੇ ਸਾਂ। ਉਦਾਸੀ ‘ਚੋਂ ਨਿਕਲਣ ਲਈ ਮੈਂ ਨਜ਼ਾਮਦੀਨ ਦਾ ਧਿਆਨ ਧਰ ਲਿਆ। ਪਾਕਿਸਤਾਨ ਰੇਡੀਓ ਦਾ ਉਹ ਕਲਾਕਾਰ ਪਾਕਿਸਤਾਨ ਬਣਨ ਪਿੱਛੋਂ ਅਟਾਰੀ ਨੇੜਲੇ ਪਿੰਡ ਮੋਦੇ ਤੋਂ ਉੱਠ ਕੇ ਲਾਹੌਰ ਜਾ ਵੱਸਿਆ ਸੀ ਪਰ ਖ਼ਾਨਦਾਨੀ ਜ਼ਮੀਨ-ਜਾਇਦਾਦ ਉਸ ਦੀ ਕ੍ਹਾਨੇ ਹੀ ਸੀ। ਰੇਡੀਓ ਉਤੋਂ ਚੌਧਰੀ ਤੇ ਨਜ਼ਾਮਦੀਨ ਗੱਲਾਂ ਕਰ ਰਹੇ ਸਨ।‘‘ਨਜ਼ਾਮਦੀਨ ਜੀ! ਅੱਲਾ ਦੇ ਫ਼ਜ਼ਲ-ਓ-ਕਰਮ ਨਾਲ ਪਾਕਿਸਤਾਨ ਦੀ ਸਰ-ਜ਼ਮੀਂ, ਇਹ ਖਿੱਤਾ ਇਸਲਾਮਕ ਸਟੇਟ ਤਾਂ ਅਸੀਂ ਬਣਾ ਲਿਆ ਪਰ ਹੁਣ ਸਾਨੂੰ ਸੱਚੇ-ਸੁੱਚੇ ਮੁਸਲਮਾਨ ਬਣਨ ਲਈ ਵੀ ਸਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ,’’ ਚੌਧਰੀ ਨੇ ਆਖਿਆ ਤਾਂ ਨਜ਼ਾਮਦੀਨ ਕਹਿਣ ਲੱਗਾ:‘‘ਇਕ ਕੋਸ਼ਿਸ਼ ਤਾਂ ਮੈਂ ਵੀ ਕੀਤੀ ਸੀ ਪਰ ਉਸ ਤੋਂ ਵੱਡੀ ਕੋਸ਼ਿਸ਼ ਮੇਰੇ ਕੁਝ ਹੋਰ ਭਰਾਵਾਂ ਨੇ ਕਰ ਦਿੱਤੀ। ਕ੍ਹਾਨੇ ਮੇਰੀ ਜ਼ਮੀਨ ਵਿਚੋਂ ਸੂਆ ਲੰਘਦਾ ਹੈ। ਸੂਏ ਦੇ ਕੰਢੇ ਮੇਰਾ ਛੋਟਾ ਜਿਹਾ ਬਾਗ਼ ਹੈ। ਮੈਂ ਸੋਚਿਆ ਵਗਦਾ ਰਾਹ ਹੈ, ਆਉਂਦੇ ਜਾਂਦੇ ਰਾਹਗੀਰਾਂ ਲਈ ਸਾਹ ਲੈਣ ਤੇ ਛਾਵੇਂ ਬਹਿਣ ਦਾ ਨਿੱਕਾ ਜਿਹਾ ਜੁਗਾੜ ਹੀ ਕਰ ਛੱਡਾਂ। ਮੈਂ ਜੀ ਰੁੱਖਾਂ ਦੀ ਛਾਵੇਂ ਇਕ ਤਖ਼ਤਪੋਸ਼ ਬਣਵਾ ਦਿੱਤਾ, ਦੋ ਬੈਂਚ ਰਖਵਾ ਦਿੱਤੇ, ਇਕ ਨਲਕਾ ਲਵਾ ਦਿੱਤਾ। ਨੇੜੇ ਗੜਵਾ ਤੇ ਲੋਟਾ ਰੱਖਵਾ ਦਿੱਤਾ। ਸਫ਼ਾਂ ਵੀ ਰੱਖ ਦਿੱਤੀਆਂ। ਸੋਚਿਆ, ਲੰਘਦੇ ਆਉਂਦੇ ਮੁਸਾਫਿਰ ਨਾਲੇ ਆਰਾਮ ਕਰਨਗੇ, ਪਾਣੀ-ਧਾਣੀ ਪੀ ਲੈਣਗੇ ਤੇ ਨਾਲੇ ਜੀ ਚਾਹੇ ਤਾਂ ਵੁਜ਼ੂ ਕਰਕੇ ਨਮਾਜ਼ ਪੜ੍ਹ ਲੈਣਗੇ। ਸਵਾਬ ਦਾ ਕੰਮ ਸੀ ਜੀ। ਪਰ ਦੋ ਹਫ਼ਤਿਆਂ ਬਾਦ ਜਾ ਕੇ ਵੇਖਿਆ ਤਾਂ ‘ਸੱਚੇ ਸੁੱਚੇ’ ਮੁਸਲਮਾਨ ਭਰਾਵਾਂ ਦੀ ਬਦੌਲਤ ਨਲਕੇ ਦੀ ਹੱਥੀ, ਉਤਲਾ ਕੱਪ ਜਿਹਾ, ਛੋਟੇ ਬੈਂਚ ਤੇ ਭਾਂਡਿਆਂ ਸਮੇਤ ਸਫ਼ਾਂ ਵਲ੍ਹੇਟੀਆਂ ਜਾ ਚੁੱਕੀਆਂ ਸਨ। ਮਸ਼ੀਨ ਪੁੱਟਣੀ ਤੇ ਤਖ਼ਤਪੋਸ਼ ਚੁੱਕਣਾ ਵਧੇਰੇ ਬੰਦਿਆਂ ਦਾ ਕੰਮ ਹੋਣ ਕਰਕੇ ਉਹ ਇਹ ਕੰਮ ਅਗਲੇ ਹਫਤੇ ਉਤੇ ਪਾ ਗਏ ਨੇ।’’‘‘ਬਹੁਤਾ ਮਾੜੀ ਗੱਲ ਏ ਜੀ!… ਏਸ ਕੰਮ ਨੂੰ ਤਾਂ ਪਾਕਿਸਤਾਨ ਨਹੀਂ ਸੀ ਬਣਾਇਆ ਆਪਾਂ’’, ਚੌਧਰੀ ਆਖ ਰਿਹਾ ਸੀ।ਮੈਂ ਮਨ ਹੀ ਮਨ ਹੱਸਿਆ, ‘‘ਸਾਡੇ ਵੱਲ ਵੀ ਅਜਿਹੇ ‘ਸੱਚੇ-ਸੱੁਚੇ’ ਹਿੰਦੂਆਂ ਸਿੱਖਾਂ ਦੀ ਘਾਟ ਨਹੀਂ ਹੈ। ਆਖ਼ਰ ਤਾਂ ਇਕ ਦੂਜੇ ਦੇ ਭਰਾ ਹੀ ਹਾਂ।’’ਕਾਰ ਸੂਏ ਦੇ ਪੁੱਲ ਤੋਂ ‘ਸ਼ਾਂ’ ਕਰਕੇ ਲੰਘ ਗਈ। ਮੈਂ ਸੱਜੇ ਖੱਬੇ ਦੂਰ ਤਕ ਨਜ਼ਾਮਦੀਨ ਦਾ ਬਾਗ਼ ਲੱਭ ਰਿਹਾ ਸਾਂ।ਕ੍ਹਾਨਾ ਲੰਘ ਕੇ ਲਲਿਆਣੀ ਆਇਆ। ਸੜਕ ‘ਤੇ ਦੋਵੇਂ ਪਾਸੀਂ ਦੂਰ ਤਕ ਸਾਡੇ ‘ਰਈਆ’ ਕਸਬੇ ਵਾਂਗ ਫੈਲਿਆ ਹੋਇਆ।‘‘ਕਸੂਰ ਤਾਂ ਬਿਲਕੁਲ ਬਾਡਰ ਦੇ ਨੇੜੇ ਜਾ ਪੈਂਦਾ ਹੈ’’, ਮੈਂ ਆਖਿਆ ਤਾਂ ਜਗਤਾਰ ਬੋਲਿਆ, ‘‘ਬਿਨਾਂ ਇਜਾਜ਼ਤ ਬਾਡਰ ਦੇ ਨੇੜਲੇ ਇਲਾਕੇ ਵਿਚ ਆਉਣਾ ਖ਼ਤਰਨਾਕ ਵੀ ਹੈ।’’‘‘ਆਹੋ! ਕਿਤੇ ਜਾਸੂਸੀ ਕਰਨ ‘ਚ ਨਾ ਧਰ ਲਏ ਜਾਈਏ… ਮੁੜ ਕੇ ਜੇ ਬਚ ਗਏ ਤਾਂ ਜਾ ਕੇ ਲਿਖਦੇ ਫਿਰਾਂਗੇ ‘ਪਾਕਿਸਤਾਨ ਵਿਚ ਮੇਰੀ ਕੈਦ ਦੇ ਦਿਨ।’ ਮੈਂ ਹੱਸ ਕੇ ਕਿਹਾ।ਕਿਸੇ ਸਮੇਂ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਅੱਜ ਕੱਲ੍ਹ ਇਕ ਪੂਰਾ ਜ਼ਿਲ੍ਹਾ ਹੈ। ਇਹ ਲਾਹੌਰ ਤੋਂ ਫ਼ਿਰੋਜ਼ਪੁਰ ਜਾਂਦੀ ਸੜਕ ‘ਤੇ ਲਾਹੌਰ ਤੋਂ ਲਗਪਗ ਚੌਤੀ ਮੀਲ ਦੂਰ ਦੱਖਣ-ਪੂਰਬ ਵਿਚ ਸਥਿਤ ਹੈ। ਜਿਵੇਂ ‘ਲਹਾਵਰ’ ਤੋਂ ਬਦਲ ਕੇ ‘ਲਾਹੌਰ’ ਬਣਿਆ, ਇੰਜ ਹੀ ‘ਕਸ਼ਾਵਰ’ ਤੋਂ ਬਦਲ ਕੇ ‘ਕਸੂਰ’ ਬਣੇ ਦੀ ਰਵਾਇਤ ਸਦੀਆਂ ਤੋਂ ਚੱਲੀ ਆਉਂਦੀ ਹੈ। ਭਗਵਾਨ ਰਾਮ ਦੇ ਪੁੱਤਰ ‘ਕਸ਼ੂ’ ਵੱਲੋਂ ਵਸਾਇਆ ਹੋਇਆ ‘ਕਸੂਰ’। ਪਰ ਇਤਿਹਾਸ ਵਿਚ ਇਸ ਦਾ ਜ਼ਿਕਰ ਪੰਦਰਵੀਂ ਸਦੀ ਤੋਂ ਪਿੱਛੋਂ ਹੀ ਲੱਭਦਾ ਹੈ ਜਦੋਂ ਬਾਬਰ ਦੇ ਸਮੇਂ ਸਗੋਂ ਬਹੁਤਾ ਕਰਕੇ ਅਕਬਰ ਦੇ ਸਮੇਂ 1560 ਈ: ਦੇ ਕਰੀਬ ਇਥੇ ਪਠਾਣਾਂ ਦਾ ਕਬਜ਼ਾ ਸੀ।ਜਦੋਂ ਸਿੱਖ ਪੰਜਾਬ ਵਿਚ ਇਕ ਤਾਕਤ ਬਣ ਕੇ ਉੱਭਰ ਰਹੇ ਸਨ, ਉਸ ਸਮੇਂ ਉਨ੍ਹਾਂ ਨੂੰ ਕਸੂਰ ਦੇ ਪਠਾਣਾਂ ਦੇ ਵਿਰੋਧ ਦਾ ਅਕਸਰ ਸਾਹਮਣਾ ਕਰਨਾ ਪਿਆ। 1763 ਤੇ ਫਿਰ 1770 ਵਿਚ ਭੰਗੀ ਮਿਸਲ ਦੇ ਸਰਦਾਰਾਂ ਨੇ ਪੂਰੇ ਕਸੂਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਬਹੁਤ ਵੱਡੀ ਗਿਣਤੀ ਵਿਚ ਪਠਾਣ ਕਤਲ ਕੀਤੇ ਗਏ। ਇਸ ਖ਼ਾਨਦਾਨ ਦੇ ਦੋ ਨੁਮਾਇੰਦੇ ਭਰਾ ਨਿਜ਼ਾਮ-ਉਦ-ਦੀਨ ਖ਼ਾਂ ਅਤੇ ਕੁਤਬ-ਉਦ-ਦੀਨ ਖ਼ਾਂ ਆਪਣੇ ਹਮਲਾਵਰ ਮਾਲਕਾਂ ਦੀ ਨੌਕਰੀ ਕਰਨ ਲੱਗੇ। ਪਰ ਉਹ ਏਨੇ ਉਤਸ਼ਾਹੀ ਅਤੇ ਬਹਾਦਰ ਨਿਕਲੇ ਕਿ ਕੁਝ ਸਾਲਾਂ ਬਾਦ 1794 ਵਿਚ ਉਨ੍ਹਾਂ ਨੇ ਸਿੱਖਾਂ ਨੂੰ ਉਖਾੜ ਕੇ ਮੁੜ ਕਸੂਰ ‘ਤੇ ਪਠਾਣਾਂ ਦਾ ਰਾਜ ਕਾਇਮ ਕਰ ਲਿਆ। ਉਹ ਇਸ ਰਾਜ ਦੇ 1807 ਤਕ ਮਾਲਕ ਰਹੇ। 1807 ਵਿਚ ਰਣਜੀਤ ਸਿੰਘ ਦੀ ਵਧਦੀ ਤਾਕਤ ਦੇ ਜਲੌਅ ਅੱਗੇ ਕੁਤਬ-ਉਦ-ਦੀਨ ਖ਼ਾਂ ਨੂੰ ਗੋਡੇ ਟੇਕਣੇ ਪਏ ਤੇ ਕਸੂਰ ਸਿੱਖ ਰਾਜ ਦਾ ਅੰਗ ਬਣ ਗਿਆ।ਕਸੂਰ ਦੇ ਨੇੜੇ ਪਹੁੰਚੇ ਤਾਂ ਮੈਂ ਰਘਬੀਰ ਸਿੰਘ ਨੂੰ ਜੋ ਪੰਜਾਬੀ ਗਲਪ ਦਾ ਪ੍ਰਮੁੱਖ ਆਲੋਚਕ ਵੀ ਹੈ ; ਕਿਹਾ ਕਿ ਸਾਡੇ ਮਹਾਨ ਢਾਡੀ ਤੇ ਨਾਵਲਕਾਰ ਸੋਹਣ ਸਿੰਘ ਸੀਤਲ ਦੇ ਨਾਵਲਾਂ ਵਿਚ ਕਸੂਰ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡਾਂ ਦਾ ਹੀ ਵਰਨਣ ਹੈ। ‘ਤੂਤਾਂ ਵਾਲਾ ਖੂਹ’, ‘ਜੁਗ ਬਦਲ ਗਿਆ’, ‘ਪਤਵੰਤੇ ਕਾਤਲ’ ਆਦਿ ਨਾਵਲਾਂ ਦੇ ਸਭ ਵੇਰਵੇ ਇਸੇ ਹੀ ਖਿੱਤੇ ਨਾਲ ਸਬੰਧਿਤ ਹਨ। ਉਸਦਾ ਪਿੰਡ ‘ਕਾਦੀਵਿੰਡ’ ਵੀ ਕਸੂਰ ਦੇ ਨੇੜੇ ਹੀ ਸੀ।‘‘ਹਾਂ, ਇਹ ਸਾਰਾ ਇਲਾਕਾ ਤਾਂ ਸੀਤਲ ਦੀਆਂ ਅੱਖਾਂ ਰਾਹੀਂ ਅਨੇਕਾਂ ਵਾਰ ਵੇਖ ਚੁੱਕੇ ਹਾਂ, ਇਹ ਤਾਂ ਆਪਣਾ ਹੀ ਇਲਾਕਾ ਲੱਗਦਾ ਹੈ।’’ ਉਸ ਦੀ ਗੱਲ ਠੀਕ ਸੀ। ਮੈਨੂੰ ਵੀ ਲੱਗਦਾ ਸੀ ਕਸੂਰ ਦੇ ਬਾਜ਼ਾਰਾਂ ਵਿਚ ਕਿਧਰੇ ਧੰਨੇ ਸ਼ਾਹ ਦੀ ਦੁਕਾਨ ਹੋਵੇਗੀ। ਹੁਣੇ ਉਹਦੀ ਦੁਕਾਨ ਤੋਂ ਉਹਦਾ ਲੰਗੋਟੀਆ ਲੱਖਾ ਸਿੰਘ ਬਾਹਰ ਨਿਕਲ ਰਿਹਾ ਹੋਵੇਗਾ।ਅਸੀਂ ਕਸੂਰ ਦੇ ਬਜ਼ਾਰਾਂ ਵਿਚ ਵੜੇ ਸਾਂ। ਗਹਿਮਾ-ਗਹਿਮੀਂ ਨਾਲ ਭਰੇ ਛੋਟੇ ਬਾਜ਼ਾਰਾਂ ‘ਚੋਂ ਗੁਜ਼ਰਦਿਆਂ ਅਸੀਂ ਗੌਰਮਿੰਟ ਹਾਈ ਸਕੂਲ ਦੀ ਇਮਾਰਤ ਕੋਲੋਂ ਗੁਜ਼ਰੇ। ਇਸੇ ਸਕੂਲ ਵਿਚ ਸੋਹਣ ਸਿੰਘ ਸੀਤਲ ਪੜ੍ਹਦਾ ਰਿਹਾ ਸੀ। ਅੱਗੇ ਇੰਟਰਨੈਸ਼ਨਲ ਰੇਂਜਰਜ਼ ਖੜੋਤੇ ਸਨ। ਬਾਰਡਰ ਦੀ ਸੁਰੱਖਿਆ ਲਈ ਜ਼ਿੰਮੇਵਾਰ। ਅਸੀਂ ਡਰੇ ‘‘ਜੇ ਇਨ੍ਹਾਂ ਨੇ ਪੁੱਛ ਲਿਆ।’’ਉਨ੍ਹਾਂ ਨੇ ਸਾਨੂੰ ਵੇਖ ਤਾਂ ਲਿਆ ਪਰ ਕਿਹਾ ਕੁਝ ਨਾ।ਇਕ ਭੀੜ ਨਾਲ ਭਰੇ ਲੰਮੇ ਬਾਜ਼ਾਰ ਵਿਚੋਂ ਲੰਘਦਿਆਂ ਡਰਾਈਵਰ ਨੇ ਗੱਡੀ ਸਾਈਂ ਬੁੱਲ੍ਹੇ ਸ਼ਾਹ ਦੀ ਯਾਦਗਾਰ ਅੱਗੇ ਜਾ ਖੜ੍ਹੀ ਕੀਤੀ।ਅਸੀਂ ਕਾਰ ਤੋਂ ਉਤਰ ਕੇ ਉਸ ਛੋਟੇ ਜਿਹੇ ਕੰਪਲੈਕਸ ਵਿਚ ਦਾਖ਼ਲ ਹੋਏ ਤਾਂ ਮੰਗਤਿਆਂ ਤੇ ਫ਼ਕੀਰਾਂ ਦੀ ਇਕ ਭੀੜ ਡੂੰਮਣੇ ਦੀਆਂ ਮੱਖੀਆਂ ਵਾਂਗ ਸਾਡੇ ਵੱਲ ਉਲਰੀ। ਇਨ੍ਹਾਂ ਮੰਗਤਿਆਂ ਵਿਚ ਠੀਕ ਦਿੱਖ ਵਾਲੇ ਤੇ ਜਚਦੇ ਕੱਪੜਿਆਂ ਵਾਲੇ ਮੁੰਡੇ ਵੀ ਸਨ। ਅਜਿਹੇ ਮੰਗਤੇ ਲਾਹੌਰ ਵਿਚ ਵੀ ਬਹੁਤ ਵੇਖਣ ਨੂੰ ਮਿਲਦੇ ਨੇ। ਅਸੀਂ ਉਨ੍ਹਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਖਹਿੜਾ ਛੁਡਾ ਕੇ, ਕਿਸੇ ਨਾ ਕਿਸੇ ਨੂੰ ਕੁਝ ਦੇ ਕੇ, ਅੱਗੇ ਮੁੱਖ ਦਰਵਾਜ਼ੇ ਉਤੇ ਪੁੱਜੇ ਤਾਂ ਦਰਵਾਜ਼ੇ ਕੋਲ ਇਕ ਵਿਅਕਤੀ ਢੋਲਕ ਦੀ ਥਾਪ ਨਾਲ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਗਾ ਰਿਹਾ ਸੀ:‘‘ਬੁੱਲ੍ਹਾ ਕੀ ਜਾਣਾ ਮੈਂ ਕੌਣ’’ਮੈਂ ਉਸ ਨੂੰ ਨਮਸਕਾਰ ਵਜੋਂ ਕੁਝ ਮਾਇਆ ਭੇਟ ਕੀਤੀ। ਇਕ ਭਾਵੁਕ ਤਰੰਗ ਮੇਰੇ ਅੰਦਰ ਉਮਡੀ। ਬਾਬੇ ਨੇ ਤਾਂ ਕਿਹਾ ਸੀ ਕਿ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ! ਮੈਂ ਤਾਂ ਆਪਣੀ ਪਛਾਣ ਵਿਚ ਰੁਝਿਆ ਹੋਇਆ ਹਾਂ ਪਰ ਦੂਜੇ ਪਾਸੇ ਅਸੀਂ ਹਾਂ ਕਿ ਅਸੀਂ ਪੂਰੇ ਜ਼ੋਰ ਨਾਲ ਕਹਿੰਦੇ ਹਾਂ ਕਿ ਅਸੀਂ ਜੋ ਕੁਝ ਹਾਂ, ਸਾਨੂੰ ਇਸ ਦੀ ਚੰਗੀ ਤਰ੍ਹਾਂ ਪਛਾਣ ਹੈ ਤੇ ਪਤਾ ਹੈ ਕਿ ਅਸੀਂ ਐਹੋ ਕੁਝ ਹਾਂ। ਹਿੰਦੂ, ਸਿੱਖ ਜਾਂ ਮੁਸਲਮਾਨ, ਅਸੀਂ ਆਪਣੀ ਪਛਾਣ ਬਣਾ ਲਈ ਹੈ। ਇਸੇ ਪਛਾਣ ਲਈ ਲੜਦੇ ਹਾਂ, ਮਰਦੇ ਹਾਂ।ਰਮਜ਼ਾਨ ਦੇ ਮਹੀਨੇ ਦੀ ਉਹ ਕਹਾਣੀ ਯਾਦ ਆਈ ਜਦੋਂ ਬੁੱਲ੍ਹੇ ਸ਼ਾਹ ਆਪਣੇ ਹੁਜਰੇ ਵਿਚ ਬੈਠੇ ਸਨ। ਉਨ੍ਹਾਂ ਨੇ ਕੁਝ ਗਾਜਰਾਂ ਆਪ ਖਾਧੀਆਂ ਤੇ ਕੁਝ ਆਪਣੇ ਮੁਰੀਦਾਂ ਨੂੰ ਖਾਣ ਲਈ ਦਿੱਤੀਆਂ। ਜਦੋਂ ਮੁਰੀਦ ਹੁਜਰੇ ਤੋਂ ਬਾਹਰ ਬੈਠੇ ਗਾਜਰਾਂ ਖਾ ਰਹੇ ਸਨ ਤਾਂ ਕੋਲੋਂ ਘੋੜਿਆਂ ਉਤੇ ਕੁਝ ਹੱਟੇ-ਕੱਟੇ ਪਠਾਣ ਲੰਘੇ। ਉਨ੍ਹਾਂ ਰੋਜ਼ਾਦਾਰਾਂ ਨੇ ਮੁਰੀਦਾਂ ਨੂੰ ਪੱੁਛਿਆ :‘‘ਰਮਜ਼ਾਨ ਦੇ ਦਿਨ ਹਨ ਤੇ ਬੇਸ਼ਰਮੋਂ ਤੁਸੀਂ ਲਪਰ ਲਪਰ ਗਾਜਰਾਂ ਡੱਫ ਰਹੇ ਓ।’’‘‘ਭੁੱਖ ਲੱਗੀ ਸੀ ਤਾਂ ਖਾਂਦੇ ਸਾਂ!’’‘‘ਪਰ ਤੁਸੀਂ ਹੁੰਦੇ ਕੌਣ ਓ?’’‘‘ਮੁਸਲਮਾਨ।’’ਖਿੱਝ ਤੇ ਗੁੱਸੇ ਨਾਲ ਉੱਬਲਦੇ ਘੋੜ-ਸਵਾਰਾਂ ਨੇ ਉਨ੍ਹਾਂ ਮੁਰੀਦਾਂ ਨੂੰ ਚੰਗਾ ਕੁਟਾਪਾ ਚਾੜ੍ਹਿਆ, ‘‘ਮੁਸਲਮਾਨ ਹੋ ਕੇ ਸ਼ਰੇ੍ਹਆਮ ਇਸਲਾਮੀ ਨੇਮਾਂ ਨੂੰ ਤੋੜ ਰਹੇ ਓ!’’ਜਾਣ ਲੱਗੇ ਤਾਂ ਖ਼ਿਆਲ ਆਇਆ, ਇਨ੍ਹਾਂ ਦੇ ਪੀਰ ਦੀ ਵੀ ਖ਼ਬਰ ਲਈਏ। ਜੇਹੇ ਚੇਲੇ ਤੇਹਾ ਹੀ ਗੁਰੂ ਹੋਵੇਗਾ!ਬੁੱਲ੍ਹੇ ਸ਼ਾਹ ਆਪਣੇ ਹੁਜਰੇ ਵਿਚ ਬੈਠਾ ਬੰਦਗੀ ਵਿਚ ਲੀਨ ਸੀ। ਘੋੜ-ਸਵਾਰਾਂ ਦੇ ਸਰਦਾਰ ਨੇ ਗੁੱਸੇ ਨਾਲ ਉਸ ਨੂੰ ਪੱੁਛਿਆ, ‘‘ਉਏ ਤੂੰ ਕੌਣ ਏਂ?’’ਅੱਖਾਂ ਮੀਟੀ ਬੈਠੇ ਬੁੱਲ੍ਹੇ ਸ਼ਾਹ ਨੇ ਬਾਹਵਾਂ ਅਸਮਾਨ ਵੱਲ ਉਠਾ ਕੇ ਹੱਥ ਹਿਲਾ ਦਿੱਤੇ। ਬੋਲਿਆ ਕੁਝ ਨਾ!‘‘ਦੱਸਦਾ ਨਹੀਂ! ਤੂੰ ਹੁੰਦਾ ਕੌਣ ਏਂ ਉਏ?’’ਬੁੱਲ੍ਹੇ ਸ਼ਾਹ ਨੇ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਦੇ ਅੰਦਾਜ਼ ਵਿਚ ਫਿਰ ਬਿਨਾਂ ਬੋਲਿਆਂ ਬਾਹਵਾਂ ਅਸਮਾਨ ਵੱਲ ਕਰ ਕੇ ਹੱਥ ਹਿਲਾ ਦਿੱਤੇ।‘‘ਚੱਲੋ ਛੱਡੋ! ਕੋਈ ਦੀਵਾਨਾ ਜਾਪਦਾ ਹੈ।’’ ਘੋੜ ਸਵਾਰ ਇਹ ਕਹਿੰਦਿਆਂ ਅੱਗੇ ਨਿਕਲ ਗਏ ਤਾਂ ਹੈਰਾਨ ਹੋਏ ਮੁਰੀਦ ਹੁਜਰੇ ਅੰਦਰ ਆ ਵੜੇ ਤੇ ਪੁੱਛਿਆ, ‘‘ਸਾਨੂੰ ਉਨ੍ਹਾਂ ਕੁਟਾਪਾ ਚਾੜ੍ਹਿਆ। ਤੁਹਾਨੂੰ ਕੁਝ ਵੀ ਨਹੀਂ ਆਖਿਆ। ਅਸੀਂ ਤਾਂ ਰੋਜ਼ਾ ਤੋੜ ਕੇ ਇਕ ਗੁਨਾਹ ਕੀਤਾ ਸੀ ਪਰ ਤੁਹਾਡਾ ਤਾਂ ਦੂਹਰਾ ਗੁਨਾਹ ਸੀ। ਤੁਸੀਂ ਰੋਜ਼ਾ ਤੋੜਿਆ ਵੀ ਤੇ ਤੁੜਵਾਇਆ ਵੀ। ਤੁਹਾਨੂੰ ਉਨ੍ਹਾਂ ਕੁਝ ਵੀ ਨਹੀਂ ਕਿਹਾ।’’‘‘ਉਨ੍ਹਾਂ ਤੁਹਾਨੂੰ ਕੀ ਪੁੱਛਿਆ ਸੀ?’’ ਸਾਈਂ ਨੇ ਸਵਾਲ ਕੀਤਾ।‘‘ਪੁੱਛਦੇ ਸਨ, ਤੁਸੀਂ ਕੌਣ ਹੁੰਦੇ ਓ?’’‘‘ਤੁਸੀਂ ਕੀ ਕਿਹਾ?’’‘‘ਅਸੀਂ ਕਿਹਾ, ਅਸੀਂ ਮੁਸਲਮਾਨ ਹੁੰਦੇ ਆਂ।’’ਬੁੱਲ੍ਹੇ ਸ਼ਾਹ ਨੇ ਹੱਸ ਕੇ ਕਿਹਾ, ‘‘ਕੁਝ ਬਣੇ ਓਂ ਤਦੇ ਤਾਂ ਮਾਰ ਖਾਧੀ ਜੇ! ਅਸੀਂ ਕੁਝ ਵੀ ਨਹੀਂ ਬਣੇ, ਸਾਨੂੰ ਕਿਸੇ ਕੁਝ ਵੀ ਨਹੀਂ ਕਿਹਾ।’’ਢੋਲਕੀ ਦੀ ਥਾਪ ‘ਤੇ ਬੁੱਲ੍ਹੇ ਸ਼ਾਹ ਦੀ ਆਵਾਜ਼ ਅਜੇ ਵੀ ਮੇਰੇ ਪਿੱਛੇ-ਪਿੱਛੇ ਆ ਰਹੀ ਸੀ, ‘‘ਬੁੱਲ੍ਹਾ ਕੀ ਜਾਣਾ ਮੈਂ ਕੌਣ!’’ਖੁੱਲ੍ਹੇ ਸਿਹਨ ਵਿਚ ਕਈ ਕਬਰਾਂ ਸਨ, ਅਸਮਾਨ ਦੀ ਨੰਗੀ ਛੱਤ ਹੇਠਾਂ ਪਰ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਦੇ ਸਿਰ ‘ਤੇ ਛੱਤ ਸੀ, ਜਿਸ ਦੇ ਅੰਦਰ ਦਾਖ਼ਲ ਹੋਣ ਵਾਲੇ ਦਰਵਾਜ਼ੇ ‘ਤੇ ਫ਼ਾਰਸੀ ਅੱਖਰਾਂ ਵਿਚ ਲਿਖਿਆ ਹੋਇਆ ਸੀ :‘‘ਸੱਜਦਾ ਸਿਰਫ ਅੱਲ੍ਹਾ ਕੇ ਲੀਏ ਹੈਦਰਗਾਹ ਸ਼ਰੀਫ਼ ਮੈਂ ਔਰਤ ਕਾ ਦਾਖ਼ਲਾ ਮਮਨੂਹ ਹੈ।’’ਇਸਲਾਮ ਵਿਚ ਬੁੱਤ ਪੂਜਾ ਤੇ ਵਿਅਕਤੀ ਪੂਜਾ ਮਨ੍ਹਾ ਹੋਣ ਕਰਕੇ ਹੀ ਏੇਥੇ ਚੇਤਾ ਕਰਵਾਇਆ ਗਿਆ ਸੀ ਕਿ ਬੁੱਲ੍ਹੇ ਸ਼ਾਹ ਨੂੰ ਕੀਤਾ ਜਾਣ ਵਾਲਾ ਸੱਜਦਾ ਅਸਲ ਵਿਚ ਬੁੱਲ੍ਹੇ ਸ਼ਾਹ ਪ੍ਰਤੀ ਨਹੀਂ, ਅੱਲ੍ਹਾ ਪ੍ਰਤੀ ਹੈ ਪਰ ਮੈਂ ਤਾਂ ਬੁੱਲ੍ਹੇ ਸ਼ਾਹ ਨੂੰ ਹੀ ਸੱਜਦਾ ਕਰ ਰਿਹਾ ਸਾਂ। ਉਹਦੀ ਸ਼ਾਇਰੀ ਨੂੰ! ਉਹਦੀ ਵਡਿਆਈ ਨੂੰ, ਜਿਸ ਵਿਚ ਖ਼ੁਦ ਰੱਬ ਬੋਲਦਾ ਸੀ।ਦਰਗਾਹ ਵਿਚ ਔਰਤ ਦਾ ਦਾਖ਼ਲਾ ਮਨ੍ਹਾ ਹੋਣ ਕਰਕੇ ਸਾਡੇ ਨਾਲ ਗਈ ਬੀਬੀ ਸੁਲੇਖਾ ਨੂੰ ਬਾਹਰ ਹੀ ਠਹਿਰਨਾ ਪਿਆ। ਦਰਗਾਹ ਦੀ ਇਕ ਦੀਵਾਰ ‘ਚੋਂ ਅੰਦਰ ਵੱਲ ਖੁੱਲ੍ਹਦੀ ਇਕ ਬਾਰੀ ‘ਚੋਂ ਅੰਦਰ ਵੱਲ ਮੰੂਹ ਕਰਕੇ ਇਕ ਅੱਧਖੜ ਔਰਤ ਦਰਗਾਹ ਵਿਚ ਬੈਠੇ ਬੰਦੇ ਨਾਲ ਗੱਲੀਂ ਰੁੱਝੀ ਹੋਈ ਸੀ ਤੇ ਸਾਨੂੰ ਅਕੀਦਤ ਪ੍ਰਗਟਾਉਂਦਿਆਂ ਵੀ ਦੇਖ ਰਹੀ ਸੀ। ਉਹ ਸਾਨੂੰ ਕਹਿਣ ਲੱਗੀ, ‘‘ਅਸੀਂ ‘ਸਰਕਾਰ’ ਦੇ ਗੱਦੀ ਨਸ਼ੀਨ ਹਾਂ।’’ਦੀਵਾਰਾਂ ਉਤੇ ਅੰਦਰ ਬਾਹਰ ਬੁੱਲ੍ਹੇ ਸ਼ਾਹ ਦਾ ਕਾਲਮ ਫ਼ਾਰਸੀ ਲਿਪੀ ਵਿਚ ਅੰਕਿਤ ਸੀ।ਢੋਲਾ ਆਦਮੀ ਬਣ ਆਇਆਅਬੀਲ ਕਬੀਲ ਆਦਮ ਦੇ ਜਾਏਆਦਮ ਕਿਸ ਦਾ ਜਾਇਆਬੁੱਲ੍ਹਾ ਉਨ੍ਹਾਂ ਤੋਂ ਵੀ ਅੱਗੇਦਾਦਾ ਗੋਦ ਖਿਡਾਇਆ।…‥ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ…‥ਇਸ਼ਕ ਦੀ ਨਵੀਓਂ ਨਵੀਂ ਬਹਾਰਬਾਹਰਲੀਆਂ ਦੀਵਾਰਾਂ ‘ਤੇ ਲਿਖੇ ਕਲਾਮ ਨੂੰ ਮੈਂ ਨੋਟ-ਬੁੱਕ ‘ਤੇ ਲਿਖ ਰਿਹਾ ਸਾਂ। ਕਿਤੇ ਕਿਤੇ ਪੜ੍ਹਨ ਵਿਚ ਆ ਰਹੀ ਮੁਸ਼ਕਲ ਜਗਤਾਰ ਤੇ ਰਘਬੀਰ ਸਿੰਘ ਹੱਲ ਕਰ ਰਹੇ ਸਨ। ਬੁੱਲ੍ਹੇ ਸ਼ਾਹ ‘ਸਰਕਾਰ’ ਦੀ ਗੱਦੀ ਨਸ਼ੀਨੀ ਵਾਲੇ ਪਰਿਵਾਰ ਦੀ ਔਰਤ ਸਾਡੇ ਕੋਲ ਆਈ ਤੇ ਆਉਂਦਿਆਂ ਹੀ ਸਵਾਲ ਕੀਤਾ, ‘‘ਤੁਹਾਡੇ ਓਧਰ ਸਰਕਾਰ ਨੇ ਤੁਹਾਥੋਂ ਗੁਰਦੁਆਰੇ ਖੋਹ ਲਏ ਨੇ?’’‘‘ਨਹੀਂ…ਗੁਰਦੁਆਰਿਆਂ ਦਾ ਪ੍ਰਬੰਧ ਤੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਇਸ ਮਕਸਦ ਲਈ ਬਣੀ ਕਮੇਟੀ ਕਰਦੀ ਹੈ।’’ਪ੍ਰੇਸ਼ਾਨ ਜਾਪਦੀ ਉਹ ਸਾਡਾ ਜਵਾਬ ਸੁਣ ਕੇ ਹੋਰ ਵੀ ਪ੍ਰੇਸ਼ਾਨ ਹੋ ਗਈ, ‘‘ਸਾਡੇ ਕੋਲੋਂ ਤਾਂ ਏਧਰ ਸਰਕਾਰ ਨੇ ਦਰਗਾਹਾਂ ਖੋਹ ਕੇ ਆਪਣੇ ਕਬਜ਼ੇ ਵਿਚ ਕਰ ਲਈਆਂ ਨੇ। ਅਸੀਂ ਗੱਦੀ ਨਸ਼ੀਨ ਆਂ ਤੇ ਸਾਡਾ ਏਥੇ ਕੋਈ ਕੰਟਰੋਲ ਨਹੀਂ। ਅਸੀਂ ਹੱਥਲ ਹੋਏ ਬੈਠੇ ਆਂ। ਸਰਕਾਰਾਂ ਨੇ ਨਵੇਂ ਈ ਕਾਨੂੰਨ ਬਣਾ ਧਰੇ ਨੇ।’’ਜ਼ਾਹਿਰ ਸੀ ਕਿ ਪਾਕਿਸਤਾਨ ਸਰਕਾਰ ਨੇ ਦਰਗਾਹਾਂ ਉਤੋਂ ਖ਼ਾਨਦਾਨੀ ਕੰਟਰੋਲ ਹਟਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਤੇ ਚੜ੍ਹਾਵੇ ਲੈਣ ਦੀ ਡਿਊਟੀ ਆਪ ਸੰਭਾਲ ਲਈ ਸੀ ਪਰ ਜਿਨ੍ਹਾਂ ਕੋਲੋਂ ਇਹ ਗੱਦੀ ਖੁੱਸੀ ਸੀ, ਉਨ੍ਹਾਂ ਨੂੰ ਆਪਣੀ ਸ਼ਾਨ ਅਤੇ ਮਾਣ ਖੁੱਸ ਗਿਆ ਜਾਪਦਾ ਸੀ।ਫਿਰ ਉਹ ਸਹਿਜ ਹੋ ਕੇ ਕਦੇ ਕਸੂਰ ਵਿਚ ਵੱਸਣ ਵਾਲੇ ਹਿੰਦੂਆਂ-ਸਿੱਖਾਂ ਨਾਲ ਆਪਣੀ ਸਾਂਝ ਦਾ ਜ਼ਿਕਰ ਛੇੜ ਬੈਠੀ, ‘‘ਭਾਬੜਾ ਦੇਵ ਰਾਜ ਸਾਡੇ ਗੁਆਂਢ ਹੁੰਦਾ ਸੀ। ਦੀਵਾਲੀ ਉਤੇ ਖੋਏ ਦੀ ਮਠਿਆਈ ਸਾਨੂੰ ਬੱਚਿਆਂ ਨੂੰ ਖੁਆਉਣੀ। ਮੋਤੀ ਲਾਲ ਖੱਤਰੀ ਹੁੰਦਾ ਸੀ, ਬੜੇ ਵੱਡੇ ਮਕਾਨਾਂ ਵਾਲਾ। ਸਭ ਨਾਲ ਸਾਡਾ ਬੜਾ ਮੋਹ ਪਿਆਰ ਸੀ। ਸਾਡੇ ਕਸੂਰ ਦੇ ਕੁਝ ਬੰਦੇ ਖਾਲੜੇ ਤੇ ਨਾਰਲੀ ਜਾ ਬੈਠੇ ਨੇ।’’ਉਹ ਪੁਰਾਣੀਆਂ ਸਮਿਆਂ ਵਿਚ ਗਵਾਚ ਗਈ।ਆਪਣੀ ਸ਼ਰਧਾ ਪ੍ਰਗਟਾ ਕੇ ਵਾਪਸ ਪਰਤੇ ਤਾਂ ਦਰਵਾਜ਼ੇ ‘ਤੇ ਬੈਠਾ ਗਾਇਕ ਆਪਣੀ ਮਸਤੀ ਵਿਚ ਗਾ ਰਿਹਾ ਸੀ :‘‘ਘੜਿਆਲੀ ਦਿਓ ਨਿਕਾਲ ਨੀ,ਅੱਜ ਪੀ ਘਰ ਆਇਆ ਲਾਲ ਨੀ।’’ਦਰਵਾਜ਼ੇ ਦੇ ਬਾਹਰ ਹੀ ਕਸੂਰੀ ਮੇਥੀ ਤੇ ਮਹਿੰਦੀ ਵਿਕ ਰਹੀ ਸੀ। ਸੁਲੇਖਾ ਨੇ ਕਸੂਰ ਦੀਆਂ ਇਹ ਦੋਵੇਂ ਵਿਸ਼ੇਸ਼ ਚੀਜ਼ਾਂ ਖ਼ਰੀਦੀਆਂ। ਬਚਪਨ ਤੋਂ ਸੁਰਿੰਦਰ ਕੌਰ ਨੂੰ ਗਾਉਂਦਿਆਂ ਸੁਣਦੇ ਆਏ ਸਾਂ :‘ਜੁੱਤੀ ਕਸੂਰੀ ਪੈਰੀਂ ਨਾ ਪੂਰੀਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।’’ਮੈਂ ਐਲਾਨ ਕੀਤਾ, ‘‘ਬਈ ਮੈਂ ਕਸੂਰੀ ਜੁੱਤੀ ਜ਼ਰੂਰ ਖ਼ਰੀਦਣੀ ਹੈ।’’‘‘ਠੀਕ ਏ!’’ ਸੁਲੇਖਾ ਨੇ ਹਾਮੀ ਭਰੀ, ‘‘ਮੈਂ ਵੀ ਆਪਣੇ ਤੇ ਸਾਹਬ ਲਈ ਵੇਖ ਲਵਾਂਗੀ।’’‘‘ਉਏ! ਆਪਾਂ ਬਿਨਾਂ ਮਨਜ਼ੂਰੀ ਤੋਂ ਫਿਰਦੇ ਆਂ। ਵੇਖਿਓ ਕਿਤੇ ਪੰਗਾ ਨਾ ਪੁਆ ਲਿਓ।’’ ਜਗਤਾਰ ਨੇ ਚਿਤਾਵਨੀ ਦਿੱਤੀ।ਕਾਰ ਵੱਲ ਵਧਣ ਲੱਗੇ ਤਾਂ ਮੰਗਤਿਆਂ ਦੀ ਭੀੜ ਫਿਰ ਹਮਲਾਵਰਾਂ ਵਾਂਗ ਉਲਰੀ। ਉਨ੍ਹਾਂ ਦੀ ਸਾਡੇ ਤੋਂ ਕੁਝ ਲੈਣ ਦੀ ਆਸ ਜਾਇਜ਼ ਸੀ ਪਰ ਪੰਝੀ ਤੀਹ ਮੰਗਤਿਆਂ ਦੀ ਭੀੜ ਨੂੰ ਖ਼ੁਸ਼ ਕਰਨਾ ਸਾਡੇ ਵੱਸ ਨਹੀਂ ਸੀ। ਮੇਰੇ ਕੋਲੋਂ ਤਾਂ ਪਾਕਿਸਤਾਨੀ ਕਰੰਸੀ ਦੇ ਪੰਜ-ਦਸ ਰੁਪਏ ਦੇ ਛੋਟੇ ਨੋਟ ਖ਼ਤਮ ਹੋ ਗਏ ਸਨ। ਏਨੇ ਨੂੰ ਇਕ ਫ਼ਕੀਰ ਨੇ ਉੱਚੀ ਨਾਅਰਾ ਮਾਰਿਆ :‘‘ਨਾਨਕ ਸ਼ਾਹ!ਗੋਬਿੰਦ ਪੀਰ!!’’ਉਸ ਨੇ ਸਾਡੀ ਅੰਦਰਲੀ ਨਾੜ ਨੱਪਣੀ ਚਾਹੀ ਸੀ। ਮੈਨੂੰ ਉਸ ਦੇ ਮੂੰਹੋਂ ਨਾਨਕ ਤੇ ਗੋਬਿੰਦ ਦਾ ਨਾਮ ਲੈਣਾ ਚੰਗਾ ਲੱਗਾ। ਮੈਂ ਰਘਬੀਰ ਸਿੰਘ ਨੂੰ ਕਿਹਾ, ‘‘ਇਸ ਨੂੰ ਜ਼ਰੂਰ ਕੁਝ ਨਾ ਕੁਝ ਦਿਓ, ਇਸ ਨੇ ਸਾਡੇ ਗੁਰੂਆਂ ਦੇ ਨਾਂ ‘ਤੇ ਮੰਗਿਆ ਹੈ।’’ਮੈਂ ਅੰਦਰੇ ਅੰਦਰ ਹੈਰਾਨ ਵੀ ਹੋਇਆ। ਧਾਰਮਿਕ ਸੰਸਕਾਰ ਕਿਵੇਂ ਸਾਡੀ ਧੁਰ ਆਤਮਾ ਦੇ ਹੇਠਾਂ ਲੁਕੇ ਬੈਠੇ ਹੁੰਦੇ ਨੇ। ਮੈਂ ਸੋਚਿਆ ਬੁੱਲ੍ਹੇ ਸ਼ਾਹ ਵੀ ਸਾਡਾ ਸੀ ਪਰ ਨਾਨਕ ਤੇ ਗੋਬਿੰਦ ਤੇ ਨਾਂ ‘ਤੇ ਮੈਂ ਕਿਉਂ ਹਲੂਣਿਆ ਗਿਆ ਸਾਂ। ਕੀ ਉਹ ਮੇਰੇ ਵਧੇਰੇ ਆਪਣੇ ਸਨ। ਇੰਜ ਹੀ ਜਦੋਂ ਨਜ਼ਾਮਦੀਨ ਰੇਡੀਓ ਉਤੇ ਗੱਲਬਾਤ ਕਰਦਿਆਂ ਕਦੀ ਕਦੀ, ‘‘ਮੰਦੇ ਕੰਮੀਂ ਨਾਨਕਾ, ਜਦ ਕਦ ਮੰਦਾ ਹੋ’’ ਜਾਂ ‘‘ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ’’ ਕਿਹਾ ਕਰਦਾ ਸੀ ਤਾਂ ਮੈਨੂੰ ਉਸ ਉਤੇ ਵੀ ਲਾਡ ਆਉਂਦਾ ਸੀ।ਲੰਮੇ ਹਰੇ ਚੋਲੇ ਤੇ ਗਲ ਵਿਚ ਮੋਟੇ ਰੰਗਦਾਰ ਮਣਕਿਆਂ ਵਾਲੀ ਮਾਲਾ ਵਾਲੇ ਉਸ ਫ਼ਕੀਰ ਦਿਸਦੇ ਬੰਦੇ ਨੇ ਰਘਬੀਰ ਸਿੰਘ ਨੂੰ ਪਰਸ ਖੋਲ੍ਹਦਿਆਂ ਵੇਖਿਆ ਤਾਂ ਹੱਥ ਫੈਲਾ ਕੇ ਖਲੋ ਗਿਆ। ਰਘਬੀਰ ਸਿੰਘ ਦੇ ਹੱਥ ਵਿਚ ਨੋਟ ਫੜਿਆ ਵੇਖ ਕੇ ਦਰਜਨ ਤੋਂ ਵਧੇਰੇ ਹੱਥ ਇਕੱਠੇ ਉਹਦੇ ਹੱਥੋਂ ਨੋਟ ਖੋਹਣ ਲਈ ਲਪਕੇ। ਰਘਬੀਰ ਸਿੰਘ ਨੇ ਫ਼ਕੀਰ ਨੂੰ ਦੇਣ ਲਈ ਨੋਟ ਦੂਜਿਆਂ ਤੋਂ ਬਚਾ ਕੇ ਹੱਥ ਉੱਚਾ ਕੀਤਾ। ਉੱਛਲ ਉੱਛਲ ਕੇ ਇਕ ਜਣੇ ਨੇ ਲਗਪਗ ਉਸ ਦੇ ਹੱਥੋਂ ਨੋਟ ਖੋਹ ਹੀ ਲੈਣਾ ਸੀ ਕਿ ਉਸ ਫ਼ਕੀਰ ਨੇ ਬਿਜਲੀ ਜਿਹੀ ਫੁਰਤੀ ਨਾਲ ਸਾਰਿਆਂ ਨੂੰ ਧੱਕੇ ਮਾਰ ਕੇ ਪਿੱਛੇ ਕੀਤਾ ਤੇ ਉਸ ਮੁੰਡੇ ਨੂੰ ਧੌਣੋਂ ਫੜ ਕੇ ਵਗਾਹ ਕੇ ਮਾਰਦਿਆਂ ਕਿਹਾ, ‘‘ਤੇਰੀ ਓਏ ਮੈਂ ਭੈਣ ਨੂੰ…’’ਉਸ ਨੇ ਰਘਬੀਰ ਸਿੰਘ ਹੱਥੋਂ ਨੋਟ ਝਪਟ ਲਿਆ ਤਾਂ ਭੀੜ ਨੇ ਫਿਰ ਸਾਨੂੰ ਘੇਰ ਲਿਆ। ਅਸੀਂ ਤੁਰੰਤ ਜਾਨ ਬਚਾ ਕੇ ਕਾਰ ਵਿਚ ਬੈਠ ਗਏ ਤੇ ਕਾਰ ਦੇ ਸ਼ੀਸ਼ੇ ਚੜ੍ਹਾਉਂਦਿਆਂ ਡਰਾਈਵਰ ਨੂੰ ਛੇਤੀ-ਛੇਤੀ ਕਾਰ ਤੋਰਨ ਲਈ ਕਿਹਾ।ਮੰਗਤਿਆਂ ਦੀ ਭੀੜ ਕੁਝ ਦੇਰ ਕਾਰ ਦੇ ਨਾਲ ਹੱਥ ਫੈਲਾ ਕੇ ਦੌੜਦੀ ਰਹੀ।‘‘ਪਾਕਿਸਤਾਨੀ ਰੇਂਜਰਾਂ ਨਾਲੋਂ ਤਾਂ ਇਹ ਮੰਗਤੇ ਵਧੇਰੇ ਖ਼ਤਰਨਾਕ ਨਿਕਲੇ।’’ ਮੰਗਤਿਆਂ ਤੋਂ ਸੁਰੱਖਿਅਤ ਦੂਰੀ ‘ਤੇ ਪੁੱਜ ਕੇ ਮੈਂ ਲੰਮਾ ਸਾਹ ਲੈਂਦਿਆਂ ਡਰਾਈਵਰ ਨੂੰ ਕਿਹਾ ‘‘ਲੈ ਬਈ ਭਰਾਵਾ! ਹੁਣ ਕਿਸੇ ਉਸ ਬਾਜ਼ਾਰ ਵਿਚ ਲੈ ਕੇ ਜਾਹ ਜਿਥੇ ਤਿੱਲੇ ਦੀ ਪੂਰੀ ਕਢਾਈ ਵਾਲੀਆਂ ਕਸੂਰੀ ਜੁੱਤੀਆਂ ਵਿਕਦੀਆਂ ਨੇ।’’ਅਸੀਂ ਇਕ ਦੁਕਾਨ ਵਿਚ ਵੜੇ। ਮੈਂ ਆਪਣੇ ਲਈ ਇਕ ਸੋਹਣੀ ਤਿੱਲੇਦਾਰ ਜੁੱਤੀ ਵੇਖੀ। ਸੁਲੇਖਾ ਨੂੰ ਕਿਹਾ ਕਿ ਉਹ ਮੇਰੀ ਪਤਨੀ ਤੇ ਧੀਆਂ ਵਾਸਤੇ ਜ਼ਨਾਨਾ ਜੁੱਤੀਆਂ ਖ਼ਰੀਦਣ ਵਿਚ ਮੇਰੀ ਮਦਦ ਕਰੇ।‘‘ਛੇਤੀ-ਛੇਤੀ ਕਰੋ ਯਾਰ… ਕਿਤੇ ਕਾਬੂ ਨਾ ਆ ਜਾਈਏ।’’ ਜਗਤਾਰ ਜ਼ੋਰ ਦੇ ਰਿਹਾ ਸੀ। ਉਸ ਦੀ ਕਾਹਲੀ ਵੇਖ ਕੇ ਅਸੀਂ ਦੁਕਾਨਦਾਰ ਨੂੰ ਹੋਰ ਵੀ ਜਲਦੀ ਕਰਨ ਲਈ ਕਿਹਾ। ਸੁਲੇਖਾ ਨੇ ਆਪਣੇ ਲਈ ਵੀ ਜੁੱਤੀਆਂ ਖਰੀਦਣੀਆਂ ਸਨ ਪਰ ਪਹਿਲਾਂ ਉਹ ਮੇਰੇ ਲਈ ਜੁੱਤੀਆਂ ਵੇਖ ਰਹੀ ਸੀ। ਜੁੱਤੀਆਂ ਪਸੰਦ ਕਰਕੇ ਤੇ ਮੁੱਲ ਕਰਕੇ ਹਟੇ ਤਾਂ ਸੁਲੇਖਾ ਨੇ ਦੁਕਾਨਦਾਰ ਨੂੰ ਆਪਣੇ ਵਾਸਤੇ ਕੁਝ ਜੋੜੇ ਵਿਖਾਉਣ ਲਈ ਕਿਹਾ। ਜਗਤਾਰ ਕਹਿਣ ਲੱਗਾ, ‘‘ਸੁਲੇਖਾ ਕੀ ਕਰਦੀ ਏਂ। ਛੱਡ ਜੁੱਤੀਆਂ। ਮੁੜ ਕੇ ਕੋਈ ਗੱਲ ਹੋ ਗਈ ਤਾਂ। ਏਥੇ ਕੋਈ ਜ਼ਮਾਨਤ ਦੇਣ ਵਾਲਾ ਵੀ ਨਹੀਂ।’’ਉਹ ਗੁੱਸੇ ਨਾਲ ਦੁਕਾਨ ‘ਚੋਂ ਬਾਹਰ ਨਿਕਲ ਤੁਰਿਆ ਤਾਂ ਰਘਬੀਰ ਸਿੰਘ ਵੀ ਸੁਲੇਖਾ ਨੂੰ ਕਹਿਣ ਲੱਗਾ, ‘‘ਚੱਲ ਛੱਡ ਰਾਣੀ ਰਹਿਣ ਦੇ।’’ਨਿਰਾਸ਼ ਸੁਲੇਖਾ ਸਾਡੇ ਪਿੱਛੇ-ਪਿੱਛੇ ਦੁਕਾਨ ਦੀਆਂ ਪੌੜੀਆਂ ‘ਚੋਂ ਉਤਰ ਆਈ।ਅਸੀਂ ਕਾਰ ਵਿਚ ਬੈਠ ਕੇ ਵਾਪਸੀ ਚਾਲੇ ਪਾ ਦਿੱਤੇ। ਬਾਜ਼ਾਰ ਵਿਚ ਸਾਡੇ ਵਫ਼ਦ ਦੇ ਕੁਝ ਸਰਦਾਰ ਸ਼ਰੇ੍ਹਆਮ ਘੁੰਮ ਕੇ ਸ਼ਾਪਿੰਗ ਕਰ ਰਹੇ ਸਨ। ਸੁਲੇਖਾ ਨੇ ਉਨ੍ਹਾਂ ਵੱਲ ਹਸਰਤ ਨਾਲ ਵੇਖਿਆ ਤੇ ਹੌਲੀ ਜਿਹੀ ਫੁਸਫੁਸਾਈ, ‘‘ਔਹਨਾਂ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ।’’ ਰਘਬੀਰ ਸਿੰਘ ਨੇ ਹੌਲੀ ਜਿਹੀ ਉਸ ਨੂੰ ਚੁੱਪ ਰਹਿਣ ਲਈ ਕਿਹਾ।ਭੀੜ ਭਰੇ ਬਾਜ਼ਾਰਾਂ ‘ਚੋਂ ਲੰਘਦੀ ਹੋਈ ਕਾਰ ਸੜਕ ‘ਤੇ ਆ ਚੜ੍ਹੀ। ਇਸੇ ਸੜਕ ਤੋਂ ਚੱਲ ਕੇ ਹੀ ਸਾਡਾ ਮਾਸਟਰ ਮੁਲਖ਼ ਰਾਜ ਲਾਹੌਰ ਗਿਆ ਸੀ, ਇਕ ਸਕਾਊਟ ਦੇ ਰੂਪ ਵਿੱਚ, ਜੋ ਉਨ੍ਹੀ ਦਿਨੀ ਕਸੂਰ ਦੇ ਨਾਰਮਲ ਸਕੂਲ ਵਿਚ ਪੜ੍ਹਿਆ ਕਰਦਾ ਸੀ ਤੇ ਜਿਨ੍ਹਾਂ ਦੀ ਸਕਾਊਟ ਟੋਲੀ ਨੇ ਹੋਰਨਾਂ ਸਕੂਲਾਂ ਦੇ ਸਕਾਊਟਾਂ ਸਮੇਤ ਲਾਹੌਰ ਆ ਰਹੇ ਵਾਇਸਰਾਇ ਦਾ ਸਵਾਗਤ ਕਰਨਾ ਸੀ। ਬੜਾ ਵੱਡਾ ਜਲੂਸ ਸੀ। ਵਿਦਿਆਰਥੀਆਂ ਨੇ ਹੱਥਾਂ ਵਿੱਚ ‘ਯੂਨੀਅਨ ਜੈਕ’ ਫੜੇ ਹੋਏ ਸਨ। ਉਹ ਬਾਦਸ਼ਾਹ ਸਲਾਮਤ ਦੀ ਬਾਦਸ਼ਾਹੀ ਵਧਣ-ਫੁੱਲਣ ਲਈ ਨਾਅਰੇ ਲਾ ਰਹੇ ਸਨ। ਉਹ ਅਤੇ ਉਹਦਾ ਪਿਆਰਾ ਯਾਰ ਮਰ੍ਹਾਜਦੀਨ ‘ਯੂਨੀਅਨ ਜੈਕ’ ਫੜੀ ਵਿਦਿਆਰਥੀਆਂ ਦੇ ਅੱਗੇ ਅੱਗੇ ਸਨ। ਅਚਾਨਕ ਇਕ ਗਲੀ ਵਿੱਚੋਂ ਕੁਝ ਨੌਜਵਾਨ ਨਿਕਲੇ ਤੇ ਉਨ੍ਹਾਂ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।‘‘ਅੱਪ! ਅੱਪ! ਦੀ ਨੈਸ਼ਨਲ ਫਲੈਗ’’ ‘‘ਡਾਊਨ! ਡਾਊਨ!! ਦੀ ਯੂਨੀਅਨ ਜੈਕ’’ਮੁਲਖ਼ ਰਾਜ ਆਖਦਾ ਹੁੰਦਾ ਸੀ ਕਿ ਨਾਅਰੇ ਲਾਉਣ ਵਾਲੇ ਜਲੂਸ ਦਾ ਆਗੂ ਸ. ਭਗਤ ਸਿੰਘ ਸੀ। ਉਸ ਨੇ ਬਾਂਹ ਉਲਾਰ ਕੇ ਨਾਅਰਾ ਲਾਇਆ :‘‘ਅੱਪ! ਅੱਪ!! ਦੀ ਨੈਸ਼ਨਲ ਫਲੈਗ’’‘‘ਡਾਊਨ! ਡਾਉੂਨ!! ਦੀ ਯੂਨੀਅਨ ਜੈਕ’’ਮੁਲਖ਼ ਰਾਜ ਨੇ ਮਰ੍ਹਾਜਦੀਨ ਵੱਲ ਵੇਖਿਆ। ਦੋਹਾਂ ਦੀਆਂ ਅੱਖਾਂ ਮਿਲੀਆਂ ਤੇ ਅੱਖਾਂ ਹੀ ਅੱਖਾਂ ਵਿਚ ਜਿਵੇਂ ਉਨ੍ਹਾਂ ਨੇ ਕੋਈ ਫ਼ੈਸਲਾ ਕਰ ਲਿਆ। ਉਨ੍ਹਾਂ ਨੇ ਹੱਥਾਂ ਵਿਚ ਫੜਿਆ ‘ਯੂਨੀਅਨ ਜੈਕ’ ਮੂਧਾ ਕਰ ਦਿੱਤਾ। ਇਸ ਦੀ ਸਜ਼ਾ ਵਜੋਂ ਵੱਜੇ ਬੈਂਤਾਂ ਨਾਲ ਕਈ ਦਿਨ ਉਨ੍ਹਾਂ ਦੋਹਾਂ ਦੇ ਹੱਥ ਸੁੱਜੇ ਰਹੇ ਸਨ ਪਰ ਉਹ ਖ਼ੁਸ਼ ਸਨ ਕਿ ਉਨ੍ਹਾਂ ਨੇ ‘ਯੂਨੀਅਨ ਜੈਕ’ ‘ਨੀਵਾਂ’ ਕਰ ਦਿੱਤਾ ਸੀ।ਪਰ ਮੁਲਖ਼ ਰਾਜ ਤੇ ਮਰ੍ਹਾਜਦੀਨ ਨੇ ‘ਯੂਨੀਅਨ ਜੈਕ’ ਇਸ ਲਈ ਤਾਂ ‘ਨੀਵਾਂ’ ਨਹੀਂ ਸੀ ਕੀਤਾ ਕਿ ਉਨ੍ਹਾਂ ਨੂੰ ਆਪਸ ਵਿਚ ਮਿਲਣ ਤੋਂ ਹੀ ਵਰਜ ਦਿੱਤਾ ਜਾਵੇ। ਇਸੇ ਹੀ ਸੜਕ ਤੇ ਰਾਤ-ਬਰਾਤੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਨੂੰ ਲਿਜਾ ਕੇ ਸਤਲੁਜ ਦੇ ਕੰਢੇ ਹੁਸੈਨੀਵਾਲਾ ਵਿਖੇ ਸਾੜਿਆ ਗਿਆ ਸੀ। ਇਸੇ ਹੀ ਸੜਕ ਤੋਂ ਸੰਤਾਲੀ ਵਿਚ ‘ਗੰਡਾ ਸਿੰਘਾ’ ਦੇ ਕਾਫ਼ਲੇ ਲੰਘੇ ਸਨ ਰੋਂਦੇ ਕੁਰਲਾਉਂਦੇ ਹੋਏ ਜਿਨ੍ਹਾਂ ਨੂੰ ਰਾਹ ਵਿਚ ਅਗੋਂ ‘ਹੁਸੈਨ’ ਹੁਰਾਂ ਦੇ ਵਿਲਕਦੇ ਕਾਫ਼ਲੇ ਟੱਕਰੇ ਸਨ ਪਰ ਕੱਢੇ ਜਾਣ ਦੇ ਬਾਵਜੂਦ ਪਾਕਿਸਤਾਨ ਵਾਲੇ ਪਾਸੇ ‘ਗੰਡਾ ਸਿੰਘ ਵਾਲਾ’ ਰਹਿ ਗਿਆ ਸੀ ਤੇ ਹਿੰਦੁਸਤਾਨ ਵਾਲੇ ਪਾਸੇ ‘ਹੁਸੈਨੀ’ ਵਾਲਾ ਹੈ। ਗੰਡਾ ਸਿੰਘ ਤੇ ਹੁਸੈਨ ਦੋਵੇਂ ਸਰਹੱਦ ਦੇ ਆਰ-ਪਾਰ ਇਕ ਦੂਜੇ ਨੂੰ ਮਿਲਣ ਲਈ ਬਾਹਵਾਂ ਅੱਡ ਕੇ ਵਿਲਕ ਰਹੇ ਸਨ।ਨੁਸਰਤ ਫ਼ਤਹਿ ਅਲੀ ਦੀ ਆਵਾਜ਼ ਕਾਰ ਵਿਚ ਗੂੰਜਣ ਲੱਗੀ :‘‘ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ! ਕਦੀ ਵੀ ਨਹੀਂ ਅੱਜ ਜਿੰਨਾ ਰੋਇਆ ਸੱਜਣਾ!’’ਕੀ ਨੁਸਰਤ ਵੀ ਮੇਰੇ ਚੁੱਪ ਅੱਥਰੂਆਂ ਦੀ ਗੱਲ ਕਰ ਰਿਹਾ ਸੀ। ਗੰਡਾ ਸਿੰਘ ਤੇ ਹੁਸੈਨ ਦੇ ਦਰਦ ਦੀ ਕਹਾਣੀ ਪਾ ਰਿਹਾ ਸੀ।‘‘ਮੈਂ ਇਹ ਗੀਤ ਸੁਣ ਕੇ ਉਦਾਸ ਹੋ ਗਿਆਂ।’’ ਰਘਬੀਰ ਸਿੰਘ ਨੇ ਅਚਾਨਕ ਕਿਹਾ। ਕੀ ਉਹ ਵੀ ਮੇਰੇ ਵਾਂਗ ਹੀ ਸੋਚ ਰਿਹਾ ਸੀ?