ਐ ਮਾਨਵ! ਤੂੰ ਕੋਰੋਨਾ ਵਾਇਰਸ ਦੇ ਚਲੰਤ ਘਟਨਾ ਚੱਕਰ ਵਿੱਚ ਕਿਉਂ ਤੇ ਕਿਵੇਂ ਫਸ ਗਿਆ ਹੈਂ? ਜ਼ਰਾ ਰੁਕ, ਸੋਚ ਤੇ ਸੂਝ ਨੂੰ ਅੰਤਰਝਾਤ ਕਰ ਪ੍ਰਤੱਖਣ ਕਰ। ਉਹ ਇੱਡਾ ਵੱਡਾ ਮਹਾਂ ਬਲੀ ਕੌਣ ਹੈ, ਜਿਸ ਨੇ ਵਿਸ਼ਵੀ ਮਾਨਵੀ ਸੰਗਠਨਾਂ, ਸੰਸਾਰ ਭਰ ਦੀਆਂ ਸਰਕਾਰਾਂ ਦੀਆਂ ਵਿਧਾਨਕ ਤੇ ਨਿਆਇਕ ਸੰਸਥਾਵਾਂ, ਫੌਜਾਂ, ਨੀਮ ਸੁਰੱਖਿਆ ਬਲਾਂ ਆਦਿ ਨੂੰ ਨੱਥ ਪਾਈ ਹੋਈ ਹੈ। ਜਿੱਦਾਂ ਦੇ ਫੈਸਲੇ ਕਰਾਉਣੇ ਚਾਹੁੰਦਾ ਹੈ, ਕਰਾਈ ਜਾ ਰਿਹਾ ਹੈ। ਜਿੱਥੇ ਖੜ੍ਹੇ ਹੋਣ ਤੇ ਹਾਮੀ ਭਰਨ ਲਈ ਕਹਿੰਦਾ ਹੈ, ਕਰਾਈ ਜਾ ਰਿਹਾ ਹੈ। ਜਿੱਥੇ ਜੰਗ ਛੇੜਨੀ ਚਾਹੁੰਦਾ ਹੈ, ਮਿਜ਼ਾਈਲਾਂ ਦੇ ਬਟਨ ਦਬਵਾ ਲੈਂਦਾ ਹੈ। ਜਿੱਥੇ ਸਮਝੌਤੇ ਕਰਨੇ ਚਾਹੁੰਦਾ ਹੈ, ਬਾਹਾਂ ਮਰੋੜ ਕੇ ਕਰਵਾ ਲੈਂਦਾ ਹੈ। ਜਿੱਧਰ ਚਾਹੁੰਦਾ ਹੈ, ਉੱਧਰ ਤੋਰ ਲੈਂਦਾ ਹੈ। ਅਜੋਕੇ ਨਿਜ਼ਾਮ ਵਿੱਚ ਤੇਰਾ ਚਾਲਕ ਹੀ ਪੂੰਜੀਪਤੀ, ਸਰਮਾਏਦਾਰ, ਸਭ ਦਾ ਸਵਾਮੀ। ਇਹ ਮੁਨਾਫੇ ਦੀ ਹਵਸ ਦਾ ਵੱਢਿਆ ਹਲਕਿਆ ਹੋ ਸਵਾਰਥੀ ਜੀਭ ਲਮਕਾਈ, ਰਾਲਾਂ ਸੁੱਟਦਾ ਅੰਨ੍ਹਾ ਹੋਇਆ ਫਿਰਦਾ ਹੈ। ਇਹਦੀਆਂ ਨਿੱਜੀਕਰਨ, ਸ਼ਹਿਰੀਕਰਨ, ਅੰਨ੍ਹਾ ਉਦਯੋਗੀਕਰਨ ਆਦਿ ਨੇ ਵਾਤਾਵਰਨ ਪ੍ਰਦੂਸ਼ਤ ਕਰ ਦਿੱਤਾ ਹੈ। ਇਹਨੇ ਜਨ, ਜਲ, ਜ਼ਮੀਨ, ਜੰਗਲ ਸਭੇ ਕੁਦਰਤੀ ਸੋਮੇ ਨਫੇ ਖਾਤਰ ਲੁੱਟੇ ਅਤੇ ਨਸ਼ਟ ਕਰ ਦਿੱਤੇ ਹਨ। ਕੁਦਰਤ ਦੇ ਸੰਤੁਲਣ ਵਿਗਾੜ ਦਿੱਤੇ ਹਨ। ਗਰਮੀ, ਤਪਸ਼, ਮੀਂਹ, ਸੁਨਾਮੀ ਤੇ ਪ੍ਰਦੂਸ਼ਨ ਵਰਗੇ ਕਹਿਰ ਵਾਪਰ ਰਹੇ ਹਨ। ਇਨ੍ਹਾਂ ਹਾਲਤਾਂ ਵਿੱਚ ਬਿਮਾਰੀ, ਭੁੱਖ, ਮੰਦਹਾਲੀ, ਬੇਚੈਨੀ, ਪ੍ਰੇਸ਼ਾਨੀ ਆਦਿ ਵਰਗੀ ਮਹਾਂਮਾਰੀ ਫੈਲ ਰਹੀ ਹੈ। ਇਹ ਦਸ਼ਾ ਕਿਸੇ ਵੇਲੇ ਵੀ ਬਦਅਮਨੀ, ਬਰਬਰਤਾ ਦਾ ਕਾਰਨ ਬਣ ਸਕਦੀ ਹੈ। 90 ਪ੍ਰਤੀਸ਼ਤ ਲੋਕਾਈ ਨਰਕ ਕੁੰਭ ਵਿੱਚ ਧੱਕੀ ਪਈ ਹੈ। ਸਰਕਾਰਾਂ ਨੂੰ ਆਬਾਦੀ ਕੰਟਰੋਲ ਦੀ ਕੋਈ ਦੂਰਦ੍ਰਿਸ਼ਟ ਨੀਤੀ ਨਹੀਂ ਬਣਾਉਣ ਦਿੰਦਾ, ਕੇਵਲ ਸਸਤੀ ਲੇਬਰ ਵਾਸਤੇ। ਚੰਗੀ ਸਿੱਖਿਆ, ਸਿਹਤ ਤੇ ਸੁਰੱਖਿਆ ਸਹੂਲਤਾਂ ਤੋਂ ਬਹੁਤੀ ਵਸੋਂ ਵਾਂਝੀ ਹੈ। ਕੋਠੀਆਂ ਅਤੇ ਝੌਂਪੜੀਆਂ, ਮਹਿਲ ਮਾੜੀਆਂ ਅਤੇ ਝੁੱਗੀਆਂ ਦੇ ਮੰਜ਼ਰ ਹਰ ਸ਼ਹਿਰ, ਕਸਬੇ ਤੇ ਪਿੰਡ ਵਿੱਚ ਨਜ਼ਰੀਂ ਪੈਂਦੇ ਹਨ। ਐਸ਼ ਪ੍ਰਸਤੀ ਦੀ ਰਹਿੰਦ ਖੂੰਹਦ ਦੇ ਢੇਰਾਂ ਵਿੱਚੋਂ ਗਰੀਬਾਂ, ਕਾਂ ਕੁੱਤਿਆਂ, ਸੂਰਾਂ ਨਾਲ ਰਲ਼ ਆਪਣੇ ਪੇਟ ਨੂੰ ਝੁਲਕਾ ਦੇਣ ਦੇ ਦ੍ਰਿਸ਼ ਆਮ ਵੇਖਣ ਨੂੰ ਮਿਲਦੇ ਹਨ। ਇਹ ਹੀ ਬੰਦਿਆ ਤੇਰੀ ਤਰੱਕੀ ਦਾ ਸਬੂਤ ਹੈ? ਕੁਦਰਤੀ ਤੋਂ ਦੂਰੀ ਵਧਦੀ ਜਾ ਰਹੀ ਹੈ। ਇਸ ਮੁਕਾਮ ’ਤੇ ਅਮੀਰ ਗਰੀਬਾਂ ਨੂੰ ਰੱਬ ਦੇ ਡਰ, ਵਹਿਮਾਂ ਭਰਮਾਂ ਤੇ ਮਿੱਥਾਂ ਵਿੱਚ ਡੋਬੀ ਰੱਖਣ ਦੇ ਪ੍ਰਪੰਚਾਂ ਦੀ ਸਰਪ੍ਰਸਤੀ ਕਰਦੇ ਹਨ। ਬੰਦੇ ਦਾ ਸਤਿਕਾਰ ਛੱਡ, ਮੂਰਤੀ ਅਤੇ ਪੈਸਾ ਪੂਜਣ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ। ਲਗਦਾ ਹੈ, ਮੇਰੀ ਮਾਰ ਤੋਂ ਬਚੇ ਭੁੱਖ ਦੀ ਮਾਰ ਤੋਂ ਨਹੀਂ ਬਚਣੇ।
ਉਏ ਧਨਾਢੋ! ਕੁਦਰਤ ਦਾ ਅੱਤ ਨਾਲ ਵੈਰ ਹੁੰਦਾ ਹੈ। ਰੂਸੋ ਨੇ ‘ਕੁਦਰਤੀ ਸਿੱਟਿਆਂ ਦੀ ਸਜ਼ਾ ਦਾ ਸਿਧਾਂਤ’ ਵੀ ਦਿੱਤਾ ਹੋਇਆ ਹੈ। ਮੈਂ (ਕੋਰੋਨਾ ਵਾਇਰਸ) ਕੁਦਰਤ ਅਤੇ ਲੋਕਾਈ ਨਾਲ ਹੱਦੋਂ ਵੱਧ ਹੋ ਰਹੀਆਂ ਵਧੀਕੀਆਂ ਦੇ ਫਲ਼ਸਰੂਪ ਹੋਂਦ ਵਿੱਚ ਆਇਆ ਹਾਂ। ਪਹਿਲਾਂ ਵੀ ਮੈਂ ਸਮੇਂ ਸਮੇਂ, ਵੱਖ ਵੱਖ ਰੂਪਾਂ, ਖੌਫ਼ਨਾਕ ਰਾਖ਼ਸ਼ਸਾਂ, ਡਰਾਉਣੇ ਸ਼ਕਤੀਸ਼ਾਲੀ ਡਾਇਨਾਸੋਰ ਦੇ ਰੂਪ ਵਿੱਚ ਪ੍ਰਗਟ ਹੁੰਦਾ ਆਇਆਂ। ਭੱਜ ਲੈ ਜਿੱਧਰ ਭੱਜਣਾ ਈ। ਜ਼ਰਾ ਵੇਖ, ਮੈਂ ਲੋਕਾਈ ਨੂੰ ਭਜਾਈ ਜਾਂਦੇ ਸਮੇਂ ਅਤੇ ਇਹਦੇ ਚਾਲਕਾਂ ਨੂੰ ਬਾਹੋਂ ਫੜ ਰੋਕ ਲਿਐ। ਇਹ ਹੈ ਮੇਰੀ ਸ਼ਕਤੀ! ਮੈਂ ਬੜੇ ਸਮੇਂ ਅਤੇ ਸਬਰ ਨਾਲ ਵੇਖਦਾ ਆ ਰਿਹਾਂ। ਤੇਰੀਆਂ ਧੱਕੇਸ਼ਾਹੀਆਂ, ਕੋਤਾਹੀਆਂ, ਕਹਿਰਾਂ, ਤਬਾਹੀਆਂ ਅਤੇ ਖਿਲਵਾੜਾਂ ਨੇ ਹੀ ਮੈਂਨੂੰ ਪਨਪਿਐ। ਸਮੇਂ ਸਮੇਂ ਸਾਰਸ, ਸਰਸ, ਈਬੋਲਾ, ਪਲੇਗ, ਮਲੇਰੀਆ ਆਦਿ ਵਰਗੀਆਂ ਮਹਾਂਮਾਰੀਆਂ ਉਤਪਨ ਹੁੰਦੀਆਂ ਰਹੀ ਹਨ, ਜੋ ਮੇਰੇ ਹੀ ਸੰਗੀ ਸਾਥੀ ਸਨ। ਇਤਿਹਾਸ ਗਵਾਹ ਹੈ। ਤੂੰ ਥੋੜ੍ਹਾ ਰੁਕਿਆ ਜ਼ਰੂਰ, ਪਰ ਛੇਤੀ ਹੀ ਮੁੜ ਪੂਛ ਚੁੱਕ ਭੱਜ ਤੁਰਿਐਂ, ਉਹਨਾਂ ਹੀ ਚਹਿਨ ਚੱਕਰਾਂ ’ਤੇ। ਪੂੰਜੀਦਾਰ ਨੂੰ ਤਾਂ ਆਪਣੇ ਆਪ ਦੀ ਹੀ ਸੋਝੀ ਨਹੀਂ, ਕੋਈ ਦ੍ਰਿਸ਼ਟੀ ਕਿੱਥੇ ਹੋਣੀ ਏਂ। ਉਹਨੇ ਤਾਂ ਆਪਣੇ ਹੀ ਆਲ੍ਹਣੇ, ਪਾਣੀ, ਖਾਦ-ਖੁਰਾਕਾਂ, ਜਲਵਾਯੂ, ਧਰਤ ਪ੍ਰਦੂਸ਼ਿਤ ਕਰ ਦਿੱਤੇ ਹਨ। ਕੇਵਲ ਠਾਠ-ਬਾਠ ਅਤੇ ਟੌਹਰੀ ਥੀਣ ਤੇ ਹੋਣ ਵਾਸਤੇ। ਇਹ ਨਿਰੋਲ ਭੁਲੇਖੇ ਨੇ। ਕਿਸੇ ਕੰਮ ਨਹੀਂ! ਮੇਰੇ ਤੋਂ ਤਾਂ ਸਭ ਨੂੰ ਇੱਕੋ ਜਿਹਾ ਖ਼ਤਰਾ ਈ। ਜੇ ਤੂੰ ਆਪ ਹੀ ਨਾ ਰਿਹਾ, ਤੇਰੇ ਸੰਗੀ ਸਾਥੀ ਤੇ ਸਮਾਜ ਹੀ ਨਾ ਰਿਹਾ, ਤਾਂ ਇਹ ਸਾਰੇ ਪ੍ਰਪੰਚ ਕਿਸ ਕੰਮ! ਜ਼ਰਾ ਸੋਚ। ਤੂੰ ਤਾਂ ਉਨ੍ਹਾਂ ਹੀ ਸਰੋਤਾਂ ਨੂੰ ਬਰਬਾਦ ਕਰੀ ਜਾ ਰਿਹਾਂ ਜਿਨ੍ਹਾਂ ਆਸਰੇ ਤੂੰ ਜੀਉਣਾ ਹੈ। ਸਿਰੇ ਦੀ ਮੂਰਖ਼ਤਾ! ਨਿਰੋਲ ਨਖ਼ਲਿਸਤਾਨੀ ਮ੍ਰਿਗ ਤ੍ਰਿਸ਼ਨਾ! ਭੁੱਲ ਨਾ ‘ਇਤਿਹਾਸ ਬਾਦਸ਼ਾਹਾਂ ਦਾ ਗੁਲਾਮ ਨਹੀਂ ਹੁੰਦਾ ਸਗੋਂ ਬਾਦਸ਼ਾਹ ਇਤਿਹਾਸ ਦੇ ਗੁਲਾਮ ਹੁੰਦੇ ਹਨ।’
ਮਾਨਵਤਾ, ਮੈਂ ਇੱਕ ਉਹ ਵੱਡਾ ਹਕੀਮ ਹਾਂ ਜਿਹੜਾ ਉੱਤੋਂ ਤਾਂ ਦੁਸ਼ਮਣ ਭਾਸਦਾਂ, ਪਰ ਵਿੱਚੋਂ ਤੇਰੇ ਰੋਗਾਂ ਦਾ ਦਾਰੂ ਹਾਂ, ਕੌੜੀ ਕੁਨੈਨ ਵਾਂਗ। ਕਹਿਰ ਤੂੰ ਬਹੁਤ ਕੀਤੇ ਨੇ ਹੁਣ ਵੇਖ ਮੇਰਾ ਕਹਿਰ ਮਿੱਤਰਾ! ਵੇਖ ਮੇਰਾ ਕ੍ਰਿਸ਼ਮਾ। ਉੱਚੇ ਆਸਮਾਨੀ ਉੱਡਦਿਆਂ ਨੂੰ ਥੱਲੇ ਲਾਹ ਲਿਆ, ਹਵਾ ਨੂੰ ਗੰਢਾਂ ਦਿੰਦੇ ਵਾਹਨ ਅੱਡਿਆਂ ਵਿੱਚ ਜਾ ਖੜ੍ਹਾਏ। ਸਾਹੋ ਸਾਹੀ ਹੋਈ ਲੋਕਾਈ ਨੂੰ ਰੋਕ ਲਿਆ। ਸਮਾਂ ਬੰਨ੍ਹ ਦਿੱਤਾ। ਸ਼ਿਫਟਾਂ ਵਿੱਚ ਜਕੜੇ ਬੰਦੇ ਨੂੰ ਬਾਂਹੋਂ ਫੜ ਰੋਕਣਾ ਕੋਈ ਆਸਾਨ ਨਹੀਂ ਹੁੰਦਾ। ਮੈਂ ਪੂਰੀ ਦੁਨੀਆਂ ਨੂੰ ਫੌਜੀ ਕਮਾਂਡਰ ਵਾਂਗ ਸਾਵਧਾਨ ਕਰ ਖੜ੍ਹਾ ਲਿਐ। ਖੜ੍ਹਾ ਹੀ ਨਹੀਂ, ਘਰੀਂ ਡੱਕ ਦਿੱਤਾ ਹੈ। ਉਪਲਬਧ ਇਲਾਜ ਤੋਂ ਮੇਰਾ ਇਲਾਜ ਆਕੀ ਹੈ। ਇਹਨਾਂ ਨਾਲ ਮੇਰੀ ਮਹਾਂਮਾਰੀ ਕਾਬੂ ਨਹੀਂ ਆ ਰਹੀ। ਤੇਰੇ ਸਿਰ ’ਤੇ ਕੋਈ ਭੂਤ ਈ ਸਵਾਰ ਹੋਇਆ ਲੱਗਦਾ ਸੀ। ਆਪਣੇ ਸਿਰਜੇ ਸਮਾਜ ਦੇ ਬਣਾਏ ਕਾਨੂੰਨਾਂ ਦੀ ਧੱਜੀਆਂ ਉਡਾਉਂਦਾ ਫਿਰਦਾ ਸੀ। ਸੜਕਾਂ ਤੇ ਆਪਣੇ ਹੀ ਸੰਗੀਆਂ-ਸਾਥੀਆਂ ਦੇ ਖੂਨ ਦੀ ਹੋਲੀ ਖੇਡੀ ਜਾਂਦਾ ਸੀ। ਵੇਖ ਲੈ, ਮੈਂ ਅੱਜ ਤੈਨੂੰ ਆਰਾਮ ਨਾਲ ਬੈਠਣ, ਸੋਚਣ, ਮੰਥਣ, ਚਿੰਤਨ ਤੇ ਵਿਸ਼ਲੇਸ਼ਣ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇਸ ਮੇਰੀ ਪਹਿਲੀ ਝਲਕ ਨੇ ਹੀ ਸ਼ੁੱਧ ਆਕਸੀਜਨ, ਸਾਫ ਨੀਲੇ ਗਗਨ, ਧੌਲਧਾਰ ਦੇ ਪਹਾੜਾਂ ’ਤੇ ਪਈ ਬਰਫ ਦਿਸਣ ਲਾ ਦਿੱਤੀ ਹੈ ਅਤੇ ਚਹਿਚਹਾਉਂਦੇ ਪੰਛੀਆਂ ਦੀਆਂ ਸੰਗੀਤਕ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ ਨੇ। ਬਨਸਪਤੀ ਸਾਫ਼ ਸੁਥਰੀ, ਹਰੀ ਭਰੀ ਦਿਸਣ ਲੱਗ ਪਈ ਏ। ਸਰਕਾਰਾਂ ਵੱਲੋਂ ਦਰਿਆਵਾਂ ਦਾ ਪਾਣੀ ਸਾਫ਼ ਨਹੀਂ ਸੀ ਹੋ ਰਿਹਾ। ਹੁਣ ਸਾਫ ਹੋਣੇ ਆਰੰਭ ਹੋ ਗਏ ਹਨ। ਇਨ੍ਹਾਂ ਨੂੰ ਗੰਦਾ ਵੀ ਫੈਕਟਰੀਆਂ ਦੇ ਦੂਸ਼ਤ ਪਾਣੀਆਂ ਨੇ ਕੀਤਾ ਸੀ, ਜੋ ਸਰਕਾਰਾਂ ਰੋਕ ਨਹੀਂ ਸਕੀਆਂ, ਵੋਟ ਸਿਆਸਤ ਦੀਆਂ ਮਾਰੀਆਂ। ਧੋਖੇਬਾਜ਼, ਖੇਖਣ ਪੱਟੀਆਂ।
ਐ ਲੋਕੋ! ਤੇ ਉਨ੍ਹਾਂ ਦੀਆਂ ਲੋਕਰਾਜੀ ਸਰਕਾਰੋ! ਦਾਨਸ਼ਵਰਾਂ ਦੇ ਮਹਾਨ ਕਥਨਾਂ ਨੂੰ ਆਪਣੇ ਜ਼ਿਹਨ ਵਿੱਚ ਓਤਾਰੋ। ਮਹਾਨ ਸਿੱਖਿਆ ਸ਼ਾਸਤਰੀ ਡਾ. ਰਾਧਾ ਕ੍ਰਿਸ਼ਨਨ ਨੇ ਕਿਹਾ ਸੀ: ‘ਅਸੀਂ ਦੂਰ ਆਸਮਾਨਾਂ ਵਿੱਚ ਉਡਣਾ ਸਿੱਖ ਲਿਆ, ਖੰਘਾਲ ਸੁੱਟਿਐ ਡੂੰਘੇ ਸਾਗਰਾਂ ਨੂੰ, ਪਰ ਧਰਤੀ ’ਤੇ ਜਿਊਣਾ ਸਾਥੋਂ ਸਿੱਖਿਆ ਨਹੀਂ ਗਿਆ।’ ਲੋੜ ਹੈ ਇਸ ਧਰਤੀ ’ਤੇ ਰਹਿਣਾ ਸਿੱਖਣ ਦੀ। ਮੇਰੇ ਕਲਮਕਾਰ ਨੂੰ ਯਾਦ ਨੇ ਇਹ ਸਤਰਾਂ,
ਫਰਸ਼ੀ ਹਾਂ ਅਰਸ਼ਾਂ ਦੀਆਂ ਗੱਲ ਨਹੀਂ ਕਰਦਾ, ਹੂਰਾਂ ਤੇ ਭਗਵਾਨ ਦੀਆਂ ਗੱਲਾਂ ਨਹੀਂ ਕਰਦਾ,
ਰੋਟੀ ਤੇ ਦੁੱਖਾਂ ਦੀਆਂ ਗੱਲਾਂ ਹੀ ਬਹੁਤ ਨੇ, ਮੌਲਾ ਤੇ ਸ਼ੈਤਾਨ ਦੀਆਂ ਗੱਲਾਂ ਨਹੀਂ ਕਰਦਾ।
ਅਤੇ ਨਾਲ ਹੀ ਸਰਕਾਰੋ ਤੇ ਵਿਗਿਆਨੀਓਂ! ਤਾਰਿਆਂ, ਸਿਤਾਰਿਆਂ ਦੀਆਂ ਖੋਜਾਂ ਕੁਝ ਚਿਰ ਰੋਕ ਲਵੋ। ਮਾਨਵ ਜੀਵਨ ਪਹਿਲਾਂ ਸੁਖਾਲਾ ਕਰੋ। ਚੇਤੇ ਕਰੋ ਤੇਰਾ ਸਿੰਘ ਚੰਨ ਦੇ ਨਿਹੋਰੇ ਭਰੇ ਬੋਲ:
ਤਾਰਿਆਂ ਦੇ ਦੇਸ਼ ਉੱਡਣ ਵਾਲਿਓ,
ਧਰਤੀ ’ਤੇ ਫੁੱਲ ਕੋਈ ਖਿੜ੍ਹਦਾ ਨਹੀਂ,
ਕੀ ਕਰੋਗੇ ਚੰਨ ’ਤੇ ਪਾ ਆਲ੍ਹਣੇ,
ਆਦਮੀ ਵਿੱਚੋਂ ਆਦਮੀ ਮਿਲਦਾ ਨਹੀਂ।
ਪ੍ਰਥਮ ਲੋੜ ਹੈ ਇਸ ਧਰਤੀ ’ਤੇ ਜਿਊਣਾ ਸਿੱਖਣ ਦੀ। ਇਸ ਵਾਸਤੇ ਕੋਈ ਵਧੀਆ ਮਾਡਲ ਹੋਂਦ ਵਿੱਚ ਲਿਆਓ। ਪਿੰਡਾਂ, ਕਸਬਿਆਂ ਅਤੇ ਛੋਟੇ ਸ਼ਹਿਰਾਂ ਵਾਸਤੇ ਸਿਹਤ, ਸਿੱਖਿਆ, ਸੁਰੱਖਿਆ, ਸੰਚਾਰ ਤੇ ਆਵਾਜਾਈ ਦੇ ਸਾਧਨਾਂ ਨੂੰ ਸਟੇਟ ਅਧੀਨ ਕਰਕੇ ਮਜ਼ਬੂਤ ਕਰੋ। ਵਿਸ਼ਵ ਦੀਆਂ ਕਈ ਸਰਕਾਰਾਂ ਇਸ ਮਾਰਗ ’ਤੇ ਤੁਰ ਪਈਆਂ ਹਨ। ਅਮਰੀਕਾ, ਯੂ.ਕੇ., ਸਪੇਨ ਤੇ ਹੋਰ ਯੂਰੋਪੀ ਸਰਕਾਰਾਂ ਨੇ ਪਹਿਲ ਕਰ ਵਿਖਾਈ ਹੈ। ਕਈਆਂ ਨੇ ਜਨਤਕ ਪਬਲਿਕ ਅਦਾਰੇ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਕਰ ਦਿੱਤੇ ਨੇ। ਐਗਰੋ ਅਧਾਰਤ ਛੋਟੇ ਛੋਟੇ ਓਦਯੋਗ ਸਥਾਪਤ ਕਰੋ। ਸੜਕਾਂ ’ਤੇ ਭੀੜਾਂ ਘਟਣਗੀਆਂ। ਹਰ ਪਿੰਡ ਨੂੰ ਛੋਟੇ ਛੋਟੇ ਰਿਪਬਲਿਕ ਬਣਾਉਣ ਵੱਲ ਮੁਹਾਰਾਂ ਮੋੜੋ। ਨਮਕ ਨੂੰ ਛੱਡ ਹਰ ਲੋੜੀਂਦੀ ਬੁਨਿਆਦੀ ਉਪਜ ਜੈਵਿਕਾ ਖੇਤੀ ਦੁਆਰਾ ਪ੍ਰਾਪਤ ਹੋਵੇ। ਹੁਣ ‘ਆਵਾਜ਼ੇ ਖ਼ਲਕਤ, ਆਵਾਜ਼ੇ ਖੁਦਾ’ ਦਾ ਤੋੜਾ ਇਸੇ ਦਿਸ਼ਾ ਵਿੱਚ ਹੀ ਟੁੱਟ ਰਿਹਾ ਹੈ। ਇਹੀ ਜੇ ‘ਧਰਤ ਮਹੱਤ’! ਪੂਰੀ ਕੁਦਰਤ ਤੇ ਮਾਨਵ ਦੀ ਜਨਣੀ! ਮਹਾਨ ਮਾਤਾ। ਮੀਆਂ ਮੁਹੰਮਦ ਬਖ਼ਸ਼ ਨੇ ਕਿਹਾ ਸੀ ‘ਮਾਵਾਂ ਬਾਝ ਮੁਹੰਮਦ ਬਖ਼ਸ਼ਾ ਕੌਣ ਕਰੇ ਰਖਵਾਲੀ’। ਐ ਮਾਨਵ, ਰੂਸੋ ਦੇ ਬੇਬਾਕ ਨਾਹਰਾ ਚੇਤੇ ਕਰ, ‘ਮੁੜ ਚੱਲੋ ਪਿਛਾਂਹ ਕੁਦਰਤ ਵੱਲ। ਉਹ ਕਦੀ ਧੋਖਾ ਨਹੀਂ ਦਿੰਦੀ, ਇਹ ਅਸੀਂ ਹੀ ਹਾਂ ਜਿਹੜੇ ਉਸ ਨੂੰ ਧੋਖਾ ਦਿੰਦੇ ਹਾਂ।’ ਮੈਂ ਵੀ ਮਾਨਵਤਾ ਨੂੰ ਸੱਦਾ ਦਿੰਦੀ ਹਾਂ ‘ਮੁੜ ਚੱਲ, ਮੁੜ ਚੱਲ … ਹੋਰ ਦੇਰ ਨਾ ਕਰ।’ ਅਨੰਦਾਂ ਭਰਪੂਰ ਆਪਣੀ ਮੂਲ ਅਵਸਥਾ, ਸੌਖੀ, ਸੁਖੀ, ਸਰਲ ਤੇ ਸੁਰੱਖਿਅਤ ਕੁਦਰਤ ਨਾਲ ਇੱਕ ਸੁਰ ਹੋ ਕੇ ਜੀਅ, ‘ਉਪਭੋਗ ਅਤੇ ਖਾਣ ਦੇ ਵਧੇਰੇ ਕੁਦਰਤੀ ਤਰੀਕਿਆਂ ਨੂੰ ਅਪਣਾ।’ ਧਰਤ ਮਾਂ ਦੀ ਗੋਦ ਵਿੱਚੋਂ ਹੀ, ਲੋਕੋ! ਤੁਹਾਨੂੰ ਢੋਈ ਮਿਲਣੀ ਏਂ। ਜੈਵਿਕਾ ਖੇਤੀ ਦੁਆਰਾ ਪਵਨ ਗੁਰੂ, ਪਾਣੀ ਪਿਤਾ ਤੇ ਮਾਤਾ ਧਰਤ ਤੁਹਾਨੂੰ ਓੜਕ ਖੁਸ਼ੀਆਂ ਪ੍ਰਦਾਨ ਕਰੇਗੀ। ਕੂੰਡੇ ਦੁਆਰਾ ਬਣੇ ਸੁਆਦੀ ਸਾਲਨ, ਚਟਨੀਆਂ ਅਤੇ ਬਾਬੇ ਦੇ ਖੂੰਡੇ ਵਾਲੇ ਸਮਾਜਕ ਇੱਕਮੁੱਠਤਾ ਤੇ ਨਿਯੰਤਰਣ ਕਾਰਗਰ ਸਿੱਧ ਹੋਣਗੇ। ਤੁਹਾਡੀਆਂ ਅੰਦਰਲੀਆਂ ਤੇ ਬਾਹਰਲੀਆਂ ਰੋਗ ਨਿਰੋਧਕ ਪ੍ਰਣਾਲੀਆਂ ਮਜ਼ਬੂਤ ਹੋਣਗੀਆਂ। ਇਸ ਨਾਲ ਹੀ ਮੈਂ ਆਪੇ ਉੱਡ ਜਾਵਾਂਗਾ। ਭੈਅ ਜ਼ਰੂਰ ਹੈ ਕਿ ਜਿਸ ਵਿਰਾਟ, ਵਿਸ਼ਾਲ, ਵਿਸਥਾਰਤ ਪੱਧਰ ’ਤੇ ਸਰਮਾਏ ਨੇ ਆਪਣੇ ਅਡੰਬਰਾਂ ਦੁਆਰਾ ਸ਼ਿਕੰਜੇ ਕੱਸੇ ਹੋਏ ਹਨ, ਉਸ ਤੋਂ ਵਾਪਸ ਮੁੜਨਾ ਵੀ ਸੌਖਾ ਨਹੀਂ। ਜਦੋਂ ਇਹਨਾਂ ਚਰਚਾਵਾਂ ਦਾ ਧਰਤੀ ’ਤੇ ਰੌਲਾ ਪਿਆ ਹੋਇਆ ਸੀ ‘ਸਾਡੀ ਹਕੂਮਤ ਸਾਡੀ ਮਰਜ਼ੀ’, ਉੱਧਰੋਂ ਅਸਮਾਨੋਂ ਗੂੰਜ ਪਈ ‘ਮੇਰੀ ਹਕੂਮਤ ਮੇਰੀ ਮਰਜ਼ੀ’। ਕਾਦਰ ਦੀ ਇਹ ਗੂੰਜ ਪਹਾੜਾਂ ਨਾਲ ਟਕਰਾ ਕੇ ਮੁੜ ਮੁੜ ਸੁਣਦੀ ਹੈ। ਪ੍ਰਤੀਕਰਮ ਹੈ: ਅਸੀਂ ਸੰਸਾਰੀਕਰਨ ਤੇ ਸੰਸਾਰਕਤਾ ਸਿਰਜਨੀ ਹੈ। ਸਰਬੱਤ ਦਾ ਭਲਾ ਚੌਹਾਂ ਕੂਟਾਂ ਵਿੱਚ ਫੈਲਾਉਣਾ ਹੈ। ਇਸ ਵਿੱਚ ਸਰਬ ਸੱਤਾਵਾਦੀ ਨਿਗਰਾਨੀ ਪ੍ਰਬੰਧ ਦਾ ਬੋਲਬੋਲਾ ਹੋਵੇਗਾ। ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਣਬੋ’ ਦਾ ਰਾਜ ਹੋਵੇਗਾ। ਹੱਥੀਂ ਕਿਰਤ, ਨਿਆਂ, ਵੰਡ ਛਕਣ, ਸ਼ੁੱਧ ਸਾਦਾ ਭੋਜਨ, ਸਬਰ ਸੰਤੋਖ ਨਾਲ ਸੰਤੁਸ਼ਟ ਹੋ ਇਕੱਠਿਆਂ ਜਿਊਣ ਦਾ ਬੋਲਬਾਲਾ ਹੋਵੇਗਾ। ਸਥਾਨਕ ਤੇ ਵਿਸ਼ਵੀ ਮੰਡੀਕਰਨ ਨੱਥੀ ਜਾਵੇਗੀ। ਕੁਦਰਤ ਦਾ ਰਾਜ, ਸਿਸਟਮ ਤੇ ਸਿਧਾਂਤ ਲਾਗੂ ਹੋਣਗੇ। ਇਹ ਗੱਲਾਂ ਹਾਲੀ ਕੈਚ-22 (ਅਸੰਭਵ ਸਥਿਤੀ) ਜਾਪਦੀ ਹੈ। ਸ਼ੇਖ ਚਿੱਲੀਅਨ ਗੱਲ ਭਾਸਦੀ ਹੈ। ਪਰ ਇਸ ਬਿਨਾਂ ਕੋਈ ਚਾਰਾ ਨਹੀਂ। ਕਿਉਂਕਿ ਸੁੱਚਮ ਸੁੱਚਾ ਤਰਕਸ਼ੀਲ ਟੀਚਾ ਤੇ ਮਾਰਗ ਹੈ। ਹਰ ਮਹਾਂਸੰਕਟ ਪਿੱਛੋਂ ਮਨੁੱਖ ਦੇ ਆਰਥਿਕ, ਸਮਾਜਿਕ ਢਾਂਚੇ ਪਹਿਲਾਂ ਵਰਗੇ ਨਹੀਂ ਰਹਿੰਦੇ। ਵਿਸ਼ਵ ਭਰ ਦੀਆਂ ਸਰਕਾਰਾਂ ਤੇ ਰਹਿਬਰਾਂ ਨੂੰ ਮਾਨਵੀ ਹਿਤਾਂ ਖਾਤਰ ਇਸ ਦਸ਼ਾ ’ਤੇ ਤੇ ਦਿਸ਼ਾ ਵੱਲ ਗੰਭੀਰ ਚਰਚੇ ਕਰ ਇਨ੍ਹਾਂ ਮਨਸੂਬਿਆਂ ਨੂੰ ਸੰਬੋਧਿਤ ਹੋਣਾ ਪੈਣਾ ਹੈ। ਮਹਾਂ ਸੰਕਟਾਂ ਦੇ ਹੱਲ ਵਾਸਤੇ ਸਿਧਾਂਤਾਂ ਨੂੰ ਛੱਡ ਸਮਾਦਾਨ ਲੱਭਣੇ ਪੈਂਦੇ ਹਨ। ਚੀਨ, ਰੂਸ, ਕਿਊਬਾ, ਵੀਤਨਾਮ, ਕੋਰੀਆ ਆਦਿ ਵਰਗੇ ਕਈ ਦੇਸ਼ ਕਾਮਯਾਬ ਹੋਈ ਜਾ ਰਹੇ ਹਨ। ਆਦਰਸ਼ ਭਾਵੇਂ ਕਠਨ ਲਗਦਾ ਹੈ, ਪਰ ਜੇਤੂ ਹੋਣ ਤਕ ਲੜਦੇ ਰਹਿਣਾ ਪੈਣਾ ਹੈ। ਮਾਨਵੀ ਪਹੁੰਚ ਨਾਲ ਕਾਰਪੋਰੇਟੀ ਸਮਰਾਟਾਂ ਵੱਲੋਂ ਮੁਨਾਫੇ ਲਈ ਲੱਗੀ ਦੌੜ ਨੂੰ ਬੇਨਕਾਬ ਕਰਨਾ ਹੀ ਪੈਣਾ। ਇਸ ਵਿੱਚ ਹੀ ਸਭ ਦਾ ਭਲਾ ਹੈ। ਕੁਦਰਤ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਜਾਓ, ਬੈਠੋ ਉਹਦੀ ਗੋਦ ਵਿੱਚ। ਕੁਦਰਤ ਉਡੀਕੇ ਮਾਨਵਤਾ ਤੈਨੂੰ! ਵੇਖੀਂ ਫਿਰ ਮੜਕ ਭਰੀ ਜ਼ਿੰਦਗੀ ਤੇਰੇ ਵਿਹੜਿਆਂ ਵਿੱਚ ਗਾਏਗੀ, ਨੱਚੇਗੀ।