ਸੁਰਜੀਤ ਪਾਤਰ (ਜਨਮ ਸੁਰਜੀਤ ਹੁੰਜਣ) (14 ਜਨਵਰੀ 1945 – 11 ਮਈ 2024) ਇੱਕ ਪੰਜਾਬੀ ਭਾਸ਼ਾ ਦਾ ਲੇਖਕ ਅਤੇ ਪੰਜਾਬ, ਭਾਰਤ ਦਾ ਕਵੀ ਸੀ। ਉਸ ਦੀਆਂ ਕਵਿਤਾਵਾਂ ਨੇ ਆਮ ਲੋਕਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਆਲੋਚਕਾਂ ਦੁਆਰਾ ਉੱਚ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।
ਜੀਵਨ ਉਨ੍ਹਾਂ ਦਾ ਜਨਮ ਸੰਨ 1945 ਨੂੰ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ਪੱਤੜ ਕਲਾਂ ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਮ ਗੁਰਬਖਸ਼ ਕੌਰ ਅਤੇ ਪਿਤਾ ਦਾ ਨਾਮ ਸ.ਹਰਭਜਨ ਸਿੰਘ ਹੈ। ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਅਤੇ ਖਾਲਸਾ ਹਾਈ ਸਕੂਲ ਖਹਿਰਾ ਮਝਾ ਤੋਂ ਦਸਵੀ ਪਾਸ ਕੀਤੀ। ਰਣਧੀਰ ਗੈਰਮਿੰਟ ਕਾਲਜ ਕਪੂਰਥਲਾ ਤੋਂ ਬੀ,ਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ ਏ ਅਤੇ ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਤੋਂ ਪੀ ਐਚ ਡੀ ਕੀਤੀ ਜਿਸਦਾ ਵਿਸ਼ਾ "Transformation of Folklore in Guru Nanak Vani" ਸੀ। ਆਪਣੇ ਅਧਿਆਪਕ ਅਤੇ ਉੱਘੇ ਨਾਟਕਕਾਰ ਸੁਰਜੀਤ ਸਿੰਘ ਸੇਠੀ ਦੇ ਕਹਿਣ 'ਤੇ ਹੀ ਉਹਨਾਂ ਆਪਣੇ ਪਿੰਡ ਦੇ ਨਾਮ ਤੋਂ ਹੀ ਆਪਣਾ ਤਖੱਲਸ 'ਪਾਤਰ' ਰੱਖ ਲਿਆ, ਜਦੋਂ ਕਿ ਉਹ ਪਹਿਲਾਂ ਆਪਣੇ ਨਾਂ ਸੁਰਜੀਤ ਦੇ ਨਾਲ ਪੱਤੜ ਸ਼ਬਦ ਦੀ ਹੀ ਵਰਤੋਂ ਕਰਦੇ ਸਨ।
ਉਹ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਰਧਾਨ ਹਨ। ਪਿਛਲੇ ਸਮੇਂ ਵਿੱਚ ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਚੁੱਕੇ ਹਨ। ਉਨ੍ਹਾਂ ਨੂੰ 2012 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਪੰਜਾਬ ਦਾ ਇਹ ਉੱਘਾ ਕਵੀ 11 ਮਈ 2024 ਨੂੰ ਦਿਲ ਦਾ ਦੌਰਾ ਪੈਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਕਿੱਤਾ 1969 ਵਿੱਚ ਪਾਤਰ ਬਾਬਾ ਬੁੱਢਾ ਕਾਲਜ ਬੀੜ ਸਾਹਿਬ, ਅਮ੍ਰਿਤਸਰ ਵਿੱਚ ਲੈਕਚਰਾਰ ਲੱਗੇ। ਇਸ ਤੋਂ ਬਾਅਦ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਏ ਅਤੇ ਇਥੋਂ ਹੀ ਪੰਜਾਬੀ ਦੇ ਪ੍ਰੋਫ਼ੈਸਰ ਦੇ ਤੌਰ ਤੇ ਸੇਵਾਮੁਕਤ ਹੋਏ। 2002 ਵਿਚ ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਚੁਣੇ ਗਏ ਅਤੇ 2008 ਤੱਕ ਇਸ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਨੇ ਪੰਜਾਬੀ ਸਾਹਿਤ ਅਕਾਡਮੀ ਨੂੰ ਸਾਹਿਤਕ ਸਰਗਰਮੀਆਂ ਦਾ ਗੜ੍ਹ ਬਣਾ ਦਿੱਤਾ। 2013 ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਸਾਹਿਤ ਅਕਾਡਮੀ, ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ੱਦ ਕੀਤਾ ਹੈ। 2013 ਵਿਚ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਵਿਚ ਵਿਜ਼ਿਟਿੰਗ ਪ੍ਰੋਫ਼ੈਸਰ ਦੇ ਅਹੁਦੇ 'ਤੇ ਨਾਮਜ਼ਦ ਕੀਤਾ ਗਿਆ ਹੈ। ਪਾਤਰ ਪਿੰਡਾਂ ਵਿੱਚ ਪਲਿਆ ਤੇ ਪੇਂਡੂ ਵਿਦਿਆਲਿਆਂ ਤੋਂ ਵਿੱਦਿਆ ਪ੍ਰਾਪਤ ਕੀਤੀ। ਆਪਣੀਆਂ ਜੜ੍ਹਾਂ ਨੂੰ ਚੇਤੇ ਰੱਖਣ ਲਈ ਉਸ ਨੇ ਆਪਣੇ ਪਿੰਡ ਪਾਤਰ ਨੂੰ ਆਪਣੇ ਨਾਂ ਨਾਲ ਜੋੜ ਲਿਆ ਜਿਹੜਾ ਘਸ-ਘਸਾ ਕੇ ਪਾਤਰ ਬਣ ਗਿਆ। ਸੁਰਜੀਤ ਪਾਤਰ ਲਾਤੀਨੀ ਅਮਰੀਕਾ ਦੇ ਕੋਲੰਬੀਆ ਵਿੱਚ ਪੈਂਦੇ ਮੈਦਿਯਨ ਸ਼ਹਿਰ ਵਿੱਚ ਇੱਕ ਕਵਿਤਾ ਉਤਸਵ ਵਿੱਚ ਸ਼ਿਰਕਤ ਕਰਨ ਗਿਆ ਸੀ। ਓਥੇ ਉਸ ਦੀ ਦਾੜ੍ਹੀ, ਪਗੜੀ ਦੇਖ ਕੇ ਇੱਕ ਸਪੇਨੀ ਬੱਚੇ ਨੇ ਉਸ ਨੂੰ ਜਾਦੂਗਰ ਸਮਝ ਲਿਆ ਸੀ।
ਪੰਜਾਬੀ ਗਜ਼ਲ ਨੂੰ ਯੋਗਦਾਨ ਸੁਰਜੀਤ ਪਾਤਰ ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ ਵਜੋਂ ਹੋਈ। ਹਵਾ ਵਿੱਚ ਲਿਖੇ ਹਰਫ਼ ਪੁਸਤਕ ਤੋਂ ਪਹਿਲਾਂ ਇਨ੍ਹਾਂ ਦੀਆਂ ਗਜ਼ਲਾਂ 'ਕੋਲਾਜ਼' ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਰਾਗਆਤਮਿਕਤਾ ਦੇ ਕੇ ਉਸ ਦਾ ਮਿਆਰ ਵਧਾਇਆ ਹੈ। ਗ਼ਜ਼ਲ ਦੇ ਹਰ ਸ਼ੇਅਰ ਦੀ ਤਪਸ਼, ਸ਼ਬਦਾਂ ਵਿਚਲੀ ਗਹਿਰਾਈ ਮੁਨੱਖੀ ਮਨ ਨੂੰ ਭਾਵਨਾਤਮਿਕ ਤੌਰ ਤੇ ਝੰਜੋੜਦੀ ਹੈ। ਉਨਾਂ ਦੀ ਗ਼ਜਲ ਦੇ ਸੂਖਮ ਭਾਵਾਂ ਵਾਲੇ ਸ਼ੇਅਰ, ਅੰਦਰੂਨੀ ਧਰਾਤਲ ਨੂੰ ਟੁੰਬਦੇ ਅਤੇ ਹਿਰਨੀ ਦੀ ਚਾਲ ਵਾਂਗੂ ਚੁੰਗੀਆਂ ਭਰਦੇ ਹਨ। ਸੁਰਜੀਤ ਪਾਤਰ ਨੇ ਸਮੇਂ ਦੀ ਚੇਤਨਾ ਨੂੰ ਮਾਨਵਵਾਦੀ, ਬੇਇਨਸਾਫੀ ਤੇ ਸਮਾਜਿਕ ਜਟਿਲ ਸਮੱਸਆਵਾਂ ਨੂੰ ਪਾਰਦਰਸ਼ੀ ਰੂਪ ਵਿਚ ਕਲਮਬੰਦ ਕੀਤਾ ਹੈ। ਸੁਰਜੀਤ ਪਾਤਰ ਯਥਾਰਥ ਦੇ ਪਸਾਰੇ ਨੂੰ ਵਿਰੋਧ ਵਿਚ ਸਮੇਟਦਾ ਹੈ ਅਤੇ ਪ੍ਰਮਾਣਿਕ ਅਨੁਭਵ ਦੇ ਕੇ ਗ਼ਜ਼ਲ ਦੀ ਪੂਰਤੀ ਕਰਦਾ ਹੈ। ਪੰਜਾਬੀ ਗ਼ਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦੁਆਉਣ ਦਾ ਸਿਹਰਾ ਉਸਨੂੰ ਜਾਂਦਾ ਹੈ। ਜਿਵੇਂ ਕਿ, “ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ” ਜਾਂ ਫਿਰ “ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ। ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ”। “ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ”, “ਖੜਕ ਹੋਵੇ ਜੇ ਡਿੱਗੇ ਪੱਤਾ ਵੀ, ਐਸੀ ਚੁੱਪ ਹੈ ਤਾਂ ਬਿਰਖ ਅਰਜ਼ ਕਰੇ”।