You are here:ਮੁਖ ਪੰਨਾ»ਪੱਤਰਕਾਰੀ»ਭਾਰਤ ਅਤੇ ਸੰਸਾਰ ਦੇ ਹਾਲਾਤ ਦੀ ਨਜ਼ਾਕਤ ਕੀ ਮੰਗ ਕਰਦੀ ਹੈ ਅੱਜ ਦੇ ਦੌਰ ਵਿੱਚ

ਲੇਖ਼ਕ

Sunday, 02 February 2025 15:05

ਭਾਰਤ ਅਤੇ ਸੰਸਾਰ ਦੇ ਹਾਲਾਤ ਦੀ ਨਜ਼ਾਕਤ ਕੀ ਮੰਗ ਕਰਦੀ ਹੈ ਅੱਜ ਦੇ ਦੌਰ ਵਿੱਚ

Written by
Rate this item
(0 votes)

ਇੱਕ ਭਾਜਪਾ ਆਗੂ ਹੁੰਦਾ ਸੀ ਜਸਵੰਤ ਸਿੰਘ। ਉਹ ਅਟਲ ਬਿਹਾਰੀ ਵਾਜਪਾਈ ਦੇ ਨਾਲ ਭਾਰਤ ਦਾ ਵਿੱਤ ਮੰਤਰੀ ਹੁੰਦਾ ਸੀ ਤੇ ਖਜ਼ਾਨਾ ਸੰਭਾਲਣ ਬਹਾਨੇ ਜਿੱਦਾਂ ਦਾ ਕੰਮ ਉਸ ਨੇ ਕੀਤਾ ਸੀ, ਉਸ ਨਾਲ ਸਹਿਮਤੀ ਬਾਰੇ ਮੈਂ ਕਦੀ ਸੋਚ ਵੀ ਨਹੀਂ ਸਕਦਾ। ਫਿਰ ਉਹ ਭਾਰਤ ਦਾ ਵਿਦੇਸ਼ ਮੰਤਰੀ ਬਣਾਇਆ ਗਿਆ ਸੀ ਅਤੇ ਇਹ ਜ਼ਿੰਮੇਵਾਰੀ ਉਸ ਕੋਲ ਹੁੰਦਿਆਂ ਹੀ ਭਾਰਤ ਦੀ ਸਰਕਾਰੀ ਹਵਾਈ ਸੇਵਾ ਏਅਰ ਇੰਡੀਆ ਦਾ ਇੱਕ ਹਵਾਈ ਜਹਾਜ਼ ਅਗਵਾ ਹੋਇਆ ਤੇ ਅਫਗਾਨਿਸਤਾਨ ਦੇ ਸ਼ਹਿਰ ਕੰਧਾਰ ਵਿੱਚ ਲਿਜਾ ਕੇ ਭਾਰਤ ਨੂੰ ਸ਼ਰਤਾਂ ਮੰਨਣ ਲਈ ਮਜਬੂਰ ਕੀਤਾ ਗਿਆ ਸੀ। ਸਮਝੌਤਾ ਸਿਰੇ ਚੜ੍ਹਨ ਪਿੱਛੋਂ ਜਹਾਜ਼ ਅਤੇ ਜਹਾਜ਼ ਦੇ ਮੁਸਾਫਰਾਂ ਨੂੰ ਛਡਾਉਣ ਬਦਲੇ ਪੰਜ ਅੱਤਵਾਦੀ ਨਾਲ ਲੈ ਕੇ ਜਹਾਜ਼ ਦੇ ਅਗਵਾਕਾਰਾਂ ਨੂੰ ਸੌਂਪਣ ਲਈ ਕੰਧਾਰ ਵਿੱਚ ਵੀ ਉਹੋ ਗਿਆ ਸੀ। ਉਸ ਨੇ ਭਾਵੇਂ ਇਹ ਸਭ ਖੁਦ ਨਹੀਂ ਸੀ ਕੀਤਾ, ਉਸ ਵਕਤ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਕੈਬਨਿਟ ਵੱਲੋਂ ਸਰਬ ਸੰਮਤੀ ਨਾਲ ਲਾਈ ਡਿਊਟੀ ਵਜੋਂ ਉਸ ਨੂੰ ਕਰਨਾ ਪਿਆ ਸੀ, ਪਰ ਦੇਸ਼ ਦੇ ਬਹੁਤ ਸਾਰੇ ਬੁੱਧੀਜੀਵੀਆਂ, ਕੂਟਨੀਤੀ ਮਾਹਰਾਂ ਅਤੇ ਵਿਰੋਧੀ ਧਿਰ ਦੇ ਸਿਆਸੀ ਆਗੂਆਂ ਨੇ ਇਸ ਨੂੰ ਕਦੇ ਵੀ ਭਾਰਤ ਦੇ ਲਈ ਜਾਇਜ਼ ਕਦਮ ਨਹੀਂ ਸੀ ਮੰਨਿਆ। ਮੈਂ ਖੁਦ ਵੀ ਇਸ ਪੈਂਤੜੇ ਨੂੰ ਗਲਤ ਮੰਨਦਾ ਸਾਂ ਅਤੇ ਜਸਵੰਤ ਸਿੰਘ ਨੇ ਉਦੋਂ ਜੋ ਕੁਝ ਕੀਤਾ ਸੀ, ਉਸ ਨਾਲ ਭਾਰਤ ਦੇਸ਼ ਦੀ ਸਾਖ ਬੁਰੀ ਤਰ੍ਹਾਂ ਮਿੱਟੀ ਵਿੱਚ ਮਿਲ ਜਾਣ ਵਾਲੀ ਗੱਲ ਹੋ ਗਈ ਸੀ।

ਉਸ ਆਗੂ ਦੀਆਂ ਇੱਦਾਂ ਦੀਆਂ ਕਈ ਗੱਲਾਂ ਮੈਂ ਗਿਣਾ ਸਕਦਾ ਹਾਂ, ਜਿਸ ਕਰ ਕੇ ਉਸ ਦੀ ਇੱਜ਼ਤ ਕਰਨ ਦਾ ਕੋਈ ਸਵਾਲ ਪੈਦਾ ਨਹੀਂ ਹੋ ਸਕਦਾ, ਪਰ ਉਸ ਦੀ ਲਿਖੀ ਜਿਹੜੀ ਕਿਤਾਬ ਨੂੰ ਪੜ੍ਹਨ ਤੋਂ ਬਗੈਰ ਦੇਸ਼ ਵਿਰੋਧੀ ਕਹਿ ਕੇ ਉਸ ਦੀ ਪਾਰਟੀ ਨੇ ਉਸ ਨੂੰ ਕੱਢ ਦਿੱਤਾ ਸੀ, ਉਸ ਵਿਚਲੀ ਇੱਕ ਲਿਖਤ ਨੂੰ ਮੈਂ ਅੱਖੋਂ ਪਰੋਖੇ ਨਹੀਂ ਕਰ ਸਕਦਾ। ਉਸ ਨੇ ਕਿਤਾਬ ਲਿਖੀ ਸੀ ‘ਜਿਨਾਹ: ਇੰਡੀਆ – ਪਾਰਟੀਸ਼ਨ - ਇੰਡੀਪੈਂਡੈਂਸ’ (ਜਿਨਾਹ: ਭਾਰਤ – ਬਟਵਾਰਾ - ਆਜ਼ਾਦੀ) ਅਤੇ ਉਸ ਕਿਤਾਬ ਵਿੱਚ ਉਸ ਨੇ ਆਜ਼ਾਦੀ ਤੋਂ ਪਹਿਲਾਂ ਦੇ ਉਸ ਘਟਨਾਕਰਮ ਦਾ ਜ਼ਿਕਰ ਕੀਤਾ ਸੀ, ਜਿਸ ਨੇ ਦੇਸ਼ ਦੀ ਵੰਡ ਸਮੇਂ ਦੰਗਿਆਂ ਦੀ ਭੇਟ ਚੜ੍ਹ ਕੇ ਭਾਰਤ ਦੇ ਲੱਖਾਂ ਲੋਕਾਂ ਦੇ ਮਰਨ ਦੇ ਹਾਲਾਤ ਬਣਾਏ ਸਨ। ਇਹ ਲਿਖਣ ਤੋਂ ਵੀ ਉਸ ਨੇ ਗੁਰੇਜ਼ ਨਹੀਂ ਸੀ ਕੀਤਾ ਕਿ ਦੇਸ਼ ਦੀ ਵੰਡ ਦੇ ਹਾਲਾਤ ਪੈਦਾ ਕਰਦੇ ਹਿੰਦੂ-ਮੁਸਲਿਮ ਵੰਡ ਦੇ ਬੀਜ ਬੀਜਣ ਦਾ ਕੰਮ ਕਿਸੇ ਵੀ ਮੁਸਲਿਮ ਤੋਂ ਵੱਧ ਹਿੰਦੂ ਮਹਾ ਸਭਾ ਦੇ ਇੱਕ ਆਗੂ ਨੇ ਕੀਤਾ ਸੀ, ਜਿਸਦੀ ਅਜੋਕੇ ਪਾਕਿਸਤਾਨ ਦੇ ਇਲਾਕਿਆਂ ਦੀ ਫੇਰੀ ਦੇ ਕਾਰਨ ਇੱਕਦਮ ਦੰਗੇ ਫੈਲ ਗਏ ਸਨ। ਇਹੋ ਨਹੀਂ, ਭਾਰਤ ਦੀ ਆਜ਼ਾਦੀ ਅਤੇ ਪਾਕਿਸਤਾਨ ਬਣ ਜਾਣ ਵੇਲੇ ਉਸ ਪਾਸੇ ਜਾਣ ਤੋਂ ਇਨਕਾਰ ਕਰ ਗਏ ਮੁਸਲਮਾਨਾਂ ਅੰਦਰ ਫੈਲੀ ਹੋਈ ਦਹਿਸ਼ਤ ਦੇ ਮਾਹੌਲ ਵਿੱਚ ਦਿੱਲੀ ਦੀ ਜਾਮਾ ਮਸਜਿਦ ਵਿੱਚ ਉਦੋਂ ਦੇ ਕੇਂਦਰ ਦੇ ਪ੍ਰਮੁੱਖ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਵੱਲੋਂ ਕੀਤੇ ਭਾਸ਼ਣ ਦਾ ਸਾਰ ਵੀ ਛਾਪਿਆ ਸੀ। ਜਿਹੜਾ ਕੁਝ ਹਿੰਦੂ ਮਹਾ ਸਭਾ ਦੇ ਆਗੂ ਨੇ ਉੱਧਰ ਜਾ ਕੇ ਕੀਤਾ ਸੀ, ਲਗਭਗ ਉਹੋ ਕੁਝ ਜਦੋਂ ਦਿੱਲੀ ਅਤੇ ਹੋਰ ਥਾਂਈਂ ਉਨ੍ਹਾਂ ਮੁਸਲਿਮ ਆਗੂਆਂ ਨੇ ਕੀਤਾ ਸੀ, ਜਿਹੜੇ ਮੌਕਾ ਤਾੜ ਕੇ ਉੱਧਰ ਖਿਸਕ ਗਏ ਅਤੇ ਉਸ ਨਵੇਂ ਦੇਸ਼ ਦੇ ਆਗੂ ਜਾ ਬਣੇ ਸਨ, ਉਹ ਵੀ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਆਪਣੇ ਭਾਸ਼ਣ ਵਿੱਚ ਚੇਤੇ ਕਰਾਇਆ ਸੀ। ਨਾਲ ਉਸ ਨੇ ਭਾਰਤ ਦੇ ਮੁਸਲਮਾਨਾਂ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਤੁਹਾਡੇ ਵੱਡੇ-ਵਡੇਰੇ ਭਾਵੇਂ ਬਾਹਰੋਂ ਆਏ ਤੇ ਭਾਵੇਂ ਇੱਥੋਂ ਧਰਮ ਬਦਲ ਕੇ ਉਨ੍ਹਾਂ ਨਾਲ ਰਲੇ ਸਨ, ਉਨ੍ਹਾਂ ਨੇ ਵੁਜ਼ੂ ਜਮਨਾ ਦੇ ਪਾਣੀਆਂ ਕੰਢੇ ਕੀਤਾ ਸੀ ਤੇ ਤੁਹਾਡੇ ਆਗੂਆਂ ਨੇ ਉਸ ਗੰਗਾ-ਜਮਨੀ ਤਹਿਜ਼ੀਬ ਨੂੰ ਭੁਲਾ ਕੇ ਭਾਰਤ ਨਾਲ ਵੀ ਧ੍ਰੋਹ ਕਮਾਇਆ ਸੀ ਤੇ ਤੁਹਾਨੂੰ ਬਲੀ ਦੇ ਬੱਕਰੇ ਬਣਾ ਕੇ ਖਿਸਕ ਗਏ ਹਨ। ਆਪਣੀ ਕਿਤਾਬ ਵਿੱਚ ਉਸ ਭਾਜਪਾ ਆਗੂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਜੇ ਭਾਰਤ ਨੇ ਅੱਗੇ ਵਧਣਾ ਹੈ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਧੁੰਦਲਾ ਨਹੀਂ ਕਰਨਾ ਤਾਂ ਸਾਨੂੰ ਸਭ ਨੂੰ ਗੰਗਾ-ਜਮਨੀ ਤਹਿਜ਼ੀਬ ਦੀ ਪਾਲਣਾ ਕਰਨੀ ਸਿੱਖਣੀ ਚਾਹੀਦੀ ਹੈ।

ਮੈਨੂੰ ਇਹ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਉਸ ਵਕਤ ਉਸ ਕਿਤਾਬ ਦੇ ਲੇਖਕ ਨੂੰ ਭਾਜਪਾ ਲੀਡਰਸ਼ਿੱਪ ਨੇ ਕਿਤਾਬ ਪੜ੍ਹੇ ਬਿਨਾਂ ਹੀ ਕੱਢ ਦਿੱਤਾ ਅਤੇ ਫਿਰ ਵਾਪਸ ਲੈ ਲਿਆ ਤੇ ਉਸ ਦੀ ਕਿਤਾਬ ਉੱਤੇ ਲਾਈ ਪਾਬੰਦੀ ਹਟਾ ਦੇਣ ਦਾ ਕੰਮ ਵੀ ਕੀਤਾ ਸੀ। ਅੱਜ ਉਸੇ ਭਾਜਪਾ ਦੀ ਲੀਡਰਸ਼ਿੱਪ ਗੰਗਾ-ਜਮਨੀ ਤਹਿਜ਼ੀਬ ਦੇ ਉਲਟ ਚੱਲ ਤੁਰੀ ਹੈ। ਸ਼ੁਰੂਆਤ ਤਾਂ ਰਾਮ ਜਨਮ ਭੂਮੀ ਮੰਦਰ ਬਣਾਉਣ ਲਈ ਅਯੁੱਧਿਆ ਵਾਲੀ ਬਾਬਰੀ ਮਸਜਿਦ ਨੂੰ ਢਾਹੁਣ ਦੇ ਨਾਅਰੇ ਤੋਂ ਕੀਤੀ ਅਤੇ ਫਿਰ ਉਸ ਮੁਹਿੰਮ ਵਿੱਚ ਕਦੇ ਬਰੇਕ ਨਹੀਂ ਲੱਗਣ ਦਿੱਤੀ। ਵਿਰੋਧੀ ਪਾਰਟੀਆਂ ਦੇ ਆਗੂ ਪਹਿਲਾਂ ਦੱਬਵੀਂ ਸੁਰ ਰੱਖ ਕੇ ਭਾਜਪਾ ਅਤੇ ਇਸਦੇ ਪਿੱਛੇ ਖੜ੍ਹੀਆਂ ਹਿੰਦੂਤਵੀ ਸੰਸਥਾਵਾਂ ਦੇ ਪੈਂਤੜੇ ਦੀ ਨੁਕਤਾਚੀਨੀ ਕਰਦੇ ਰਹੇ ਤੇ ਫਿਰ ਉਨ੍ਹਾਂ ਪਾਰਟੀਆਂ ਦੇ ਆਪਣੇ ਬਹੁਤ ਸਾਰੇ ਆਗੂ ਵੀ ਭਵਿੱਖ ਵਿੱਚ ਸੱਤਾ ਦੀ ਝਾਕ ਕਾਰਨ ਉਨ੍ਹਾਂ ਨਾਲ ਜਾ ਜੁੜੇ ਸਨ। ਜਿਹੜੇ ਕੁਝ ਪਿੱਛੇ ਰਹਿ ਗਏ, ਉਹ ਵੀ ਅੱਜ ਸਥਿਤੀ ਦੀ ਗੰਭੀਰਤਾ ਨੂੰ ਜਾਂ ਤਾਂ ਸਮਝ ਨਹੀਂ ਰਹੇ ਜਾਂ ਫਿਰ ਸਮਝਦੇ ਵੀ ਹਨ ਤਾਂ ਜਿੱਦਾਂ ਦੇ ਹਾਲਾਤ ਦਾ ਵਹਿਣ ਚੱਲ ਤੁਰਿਆ ਹੈ, ਉਸ ਦੀ ਹਕੀਕਤ ਦਾ ਜ਼ਿਕਰ ਕਰਨ ਲੱਗੇ ਡਰੀ ਜਾਂਦੇ ਹਨ। ਰਾਜਸੀ ਖੇਤਰ ਦੇ ਬਹੁਤ ਸਾਰੇ ਧਨੰਤਰਾਂ ਬਾਰੇ ਸਾਨੂੰ ਇਹ ਪਤਾ ਹੈ ਕਿ ਉਹ ਨਾ ਸਿਰਫ ਆਪ ਹਕੀਕਤ ਦਾ ਜ਼ਿਕਰ ਕਰਨੋਂ ਝਿਜਕਦੇ ਹਨ, ਸਗੋਂ ਹੋਰਨਾਂ ਨੂੰ ਵੀ ਇੱਦਾਂ ਦਾ ਖਤਰਾ ਨਾ ਸਹੇੜਨ ਲਈ ਸਮਝਾਉਣੀਆਂ ਦਿੰਦੇ ਰਹਿੰਦੇ ਹਨ। ਨਿੱਜੀ ਮਿਲਣੀਆਂ ਵਿੱਚ ਉਹ ਮੰਨਦੇ ਹਨ ਕਿ ਭਾਰਤ ਉਸ ਗਲਤ ਲੀਹ ਉੱਤੇ ਚੜ੍ਹ ਚੁੱਕਾ ਹੈ, ਜਿਸ ਵਿੱਚ ਇਸ ਦੇਸ਼ ਵਿੱਚ ਧਰਮ ਨਿਰਪੱਖਤਾ ਲਈ ਸਿਰਫ ਖਤਰੇ ਨਹੀਂ, ਉਸ ਦੀ ਹੋਂਦ ਵੀ ਭਵਿੱਖ ਵਿੱਚ ਕਾਇਮ ਰਹਿਣ ਦੀ ਹਰ ਸੰਭਾਵਨਾ ਖਤਮ ਹੁੰਦੀ ਜਾਪਦੀ ਹੈ, ਪਰ ਇਹ ਗੱਲ ਮੂੰਹ ਤੋਂ ਕੱਢਣ ਲੱਗਿਆਂ ਉਨ੍ਹਾਂ ਨੂੰ ਸ਼ਾਇਦ ‘ਕੰਧਾਂ ਦੇ ਵੀ ਕੰਨ ਹੁੰਦੇ’ ਵਾਲਾ ਡਰ ਸਤਾਉਣ ਲਗਦਾ ਹੈ।

ਅੱਜ ਦੇ ਭਾਰਤ ਦਾ ਸਿਆਸੀ ਤੇ ਸਮਾਜੀ ਮਾਹੌਲ ਇਹ ਬਣਿਆ ਪਿਆ ਹੈ ਕਿ ਇੱਕ ਖਾਸ ਧਰਮ ਦੇ ਖਿਲਾਫ ਕੋਈ ਕੁਝ ਵੀ ਕਹਿ ਸਕਦਾ ਹੈ ਤੇ ਜੇ ਉਨ੍ਹਾਂ ਵੱਲੋਂ ਜਵਾਬ ਵਿੱਚ ਕੋਈ ਕੁਝ ਕਹਿ ਦਿੰਦਾ ਹੈ ਜਾਂ ਉਨ੍ਹਾਂ ਦੇ ਪੱਖ ਵਿੱਚ ਕੋਈ ਚਾਰ ਅੱਖਰ ਕਹਿਣ ਦਾ ਹੌਸਲਾ ਕਰ ਲਵੇ ਤਾਂ ਉਸ ਦੀ ਸ਼ਾਮਤ ਆ ਸਕਦੀ ਹੈ। ਅੱਜ ਤੋਂ ਪੈਂਤੀ ਕੁ ਸਾਲ ਪਹਿਲਾਂ ਜਦੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੂੰ ਇਹੋ ਕੁਝ ਕਹਿਣ ਦੀ ਹਿੰਮਤ ਕਰਨ ਪਿੱਛੋਂ ‘ਮੁੱਲਾਂ ਮੁਲਾਇਮ ਸਿੰਘ’ ਤਕ ਕਿਹਾ ਗਿਆ ਸੀ, ਉਦੋਂ ਧਰਮ ਨਿਰਪੱਖ ਧਿਰਾਂ ਇੱਕ ਸੁਰ ਵਿੱਚ ਕੁਝ ਬੋਲਦੀਆਂ ਤਾਂ ਇਹ ਵਹਿਣ ਰੁਕ ਸਕਦਾ ਸੀ, ਪਰ ਵਕਤ ਦੇ ਨਾਲ ਇੰਨਾ ਪਾਣੀ ਪੁਲਾਂ ਹੇਠੋਂ ਨਿਕਲ ਗਿਆ ਕਿ ਮੋੜੇ ਦੀ ਕੋਈ ਵੀ ਗੁੰਜਾਇਸ਼ ਸ਼ੱਕੀ ਜਾਪਦੀ ਹੈ। ਉਲਟਾ ਦੇਸ਼ ਦੀ ਸਰਕਾਰ ਅਤੇ ਰਾਜਾਂ ਵਿਚਲੀਆਂ ਉਸੇ ਸੁਰ ਵਾਲੀਆਂ ਸਰਕਾਰਾਂ ਆਏ ਦਿਨ ਲਗਾਤਰ ਇੱਦਾਂ ਦੇ ਫੈਸਲੇ ਕਰਦੀਆਂ ਅਤੇ ਨਾਲੋ-ਨਾਲ ਲਾਗੂ ਕਰੀ ਜਾਂਦੀਆਂ ਹਨ ਤੇ ਅਦਾਲਤਾਂ ਤੋਂ ਵੀ ਉਨ੍ਹਾਂ ਦੀ ਇਸ ਮੁਹਿੰਮ ਅੱਗੇ ਕੋਈ ਅੜਿੱਕਾ ਲਾ ਸਕਣ ਦੀ ਖਬਰ ਘੱਟ ਆਉਂਦੀ ਹੈ। ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ਼ਿੱਪ ਦਾ ਸੋਧਿਆ ਐਡੀਸ਼ਨ ਵੀ ਇਸੇ ਦਿਸ਼ਾ ਵੱਲ ਜਾਣ ਵਾਲੀ ਗੱਲ ਹੈ, ਪਰ ਜਿਹੜੀ ਗੰਗਾ-ਜਮਨੀ ਤਹਿਜ਼ੀਬ ਨੂੰ ਅਟਲ ਬਿਹਾਰੀ ਵਾਜਪਾਈ ਦੇ ਦੌਰ ਤਕ ਕਾਫੀ ਵੱਡੀ ਹੱਦ ਤਕ ਮਾਨਤਾ ਹਾਸਲ ਸੀ, ਉਹ ਅੱਜ ਵਕਤ ਵਿਹਾਅ ਚੁੱਕੀ ਧਾਰਨਾ ਸਮਝੀ ਜਾਣ ਲੱਗੀ ਹੈ। ਹਿੰਦੂਤਵ ਦੇ ਕੱਟੜ ਸਮਰਥਕ ਤੇ ਉਨ੍ਹਾਂ ਦੇ ਆਗੂ ਬਿਨਾਂ ਝਿਜਕ ਨਾ ਸਿਰਫ ਇਹ ਕਹਿ ਰਹੇ ਹਨ ਕਿ ਦੇਸ਼ ਨੂੰ ਆਜ਼ਾਦੀ ਬ੍ਰਿਟੇਨ ਦੀ ਸਰਕਾਰ ਦੇ ਕਰਿੰਦਿਆਂ ਦੀ ਸਫ ਸਮੇਟੇ ਜਾਣ ਵੇਲੇ ਨਹੀਂ ਮਿਲੀ, ਅਸਲ ਆਜ਼ਾਦੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਵਾਗ ਸਾਂਭਣ ਦੇ ਨਾਲ ਮਿਲੀ ਸੀ, ਸਗੋਂ ਇਹ ਵੀ ਕਹਿੰਦੇ ਹਨ ਕਿ ਅੱਠ ਸੌ ਸਾਲ ਬਾਅਦ ਸਾਡਾ ਰਾਜ ਵਾਪਸ ਮਿਲਿਆ ਹੈ।

ਆਪਣੀ ਇਸ ਧਾਰਨਾ ਹੇਠ ਹਿੰਦੂਤਵ ਦੇ ਟਕਸਾਲੀ ਪ੍ਰਚਾਰਕਾਂ ਅਤੇ ਪੈਰੋਕਾਰਾਂ ਨੇ ਤਾਂ ਚੱਲਣਾ ਹੀ ਹੋਇਆ, ਜਿਨ੍ਹਾਂ ਆਗੂਆਂ ਨੇ ਕਈ-ਕਈ ਸਾਲ ਇਸ ਤੋਂ ਪਹਿਲਾਂ ਰਾਜਨੀਤੀ ਦੀ ਮੁੱਖ ਧਾਰਾ ਮੰਨੀ ਜਾਂਦੀ ਰਹੀ ਕਾਂਗਰਸ ਵਿੱਚ ਕੁਰਸੀਆਂ ਦਾ ਨਿੱਘ ਮਾਣਿਆ ਹੋਇਆ ਸੀ, ਉਹ ਦੂਜਿਆਂ ਤੋਂ ਵੱਧ ਇਸ ਨਵੀਂ ਧਾਰਾ ਦੇ ਅਗਵਾਨੂੰ ਬਣੇ ਦਿਸਦੇ ਹਨ। ਰੁਖ ਬਦਲੀ ਦੇ ਇਸ ਰੂਪ ਨੂੰ ਸਿਰਫ ਸੱਤਾ ਲਈ ਜ਼ਮੀਰ ਦੀ ਸੌਦੇਬਾਜ਼ੀ ਕਹਿ ਕੇ ਨਹੀਂ ਟਾਲਿਆ ਜਾ ਸਕਦਾ, ਇਹ ਮੰਨਣ ਦੇ ਵਾਸਤੇ ਹਿੰਮਤ ਕਰਨੀ ਚਾਹੀਦੀ ਹੈ ਕਿ ਇਹ ਲੋਕ ਕਾਂਗਰਸ ਜਾਂ ਧਰਮ ਨਿਰਪੱਖ ਅਖਵਾਉਂਦੀਆਂ ਹੋਰ ਧਿਰਾਂ ਵਿੱਚ ਹੁੰਦੇ ਹੋਏ ਵੀ ਅੰਦਰੇ-ਅੰਦਰ ਫਿਰਕੂਪੁਣੇ ਦੀ ਵਿਸ-ਗੰਦਲ ਸਨ, ਸਿਰਫ ਬਾਹਰੋਂ ਸਾਊ ਬਣੇ ਦਿਸਦੇ ਸਨ। ਇੱਦਾਂ ਅਚਾਨਕ ਫਿਰਕੂਪੁਣੇ ਦੇ ਪ੍ਰਗਟਾਵੇ ਵਿੱਚ ਪਹਿਲੇ ਹਿੰਦੂਤਵੀਆਂ ਨੂੰ ਪਛਾੜਨ ਵਾਲਿਆਂ ਵਿੱਚ ਸਿਰਫ ਕਾਂਗਰਸੀ ਨਹੀਂ, ਸਮਾਜਵਾਦੀ ਵੀ ਤੇ ਪੱਛਮ ਬੰਗਾਲ ਦੇ ਉਨ੍ਹਾਂ ਖੱਬੇ ਪੱਖੀਆਂ ਵਿੱਚੋਂ ਵੀ ਕੁਝ ਲਲਕਾਰੇ ਮਾਰਦੇ ਫਿਰਦੇ ਹਨ, ਜਿਹੜੇ ਜੋਤੀ ਬਾਸੂ ਦੇ ਰਾਜ ਤਕ ਭਾਰਤ ਦੀ ਧਰਮ ਨਿਰਪੱਖਤਾ ਸਿਰਫ ਆਪਣੇ ਸਿੰਗਾਂ ਉੱਤੇ ਟਿਕੀ ਹੋਈ ਹੋਣ ਦਾ ਪ੍ਰਭਾਵ ਦਿੱਤਾ ਕਰਦੇ ਸਨ। ਕੋਈ ਮਾਰਕਸਵਾਦ ਦਾ ਗਿਆਨ ਉਨ੍ਹਾਂ ਨੂੰ ਨਾ ਹੋਵੇ, ਇਹ ਕਹਿਣਾ ਗਲਤ ਹੈ, ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਉਹ ਧਰਮ ਨਿਰਪੱਖਤਾ ਦੀ ਬੁੱਕਲ ਵਿੱਚ ਓਦਾਂ ਦੇ ਫਿਰਕੂਪੁਣੇ ਪਾਲਦੇ ਰਹੇ ਸਨ, ਜਿੱਦਾਂ ਰੂਸ ਦੇ ਕਮਿਊਨਿਸਟ ਰਾਜ ਵਿੱਚ ਬੋਰਿਸ ਯੇਲਤਸਨ ਵਰਗੇ ਕਮਿਊਨਿਜ਼ਮ ਤੇ ਸਮਾਜਵਾਦ ਦੇ ਵਿਰੋਧੀ ਬੰਦੇ ਆਪਣੀ ਕੁੰਜ ਹੇਠ ਵਿਸ਼ਵਾਸਘਾਤ ਨੂੰ ਦੱਬੀ ਬੈਠੇ ਰਹੇ ਸਨ। ਸਾਰਾ ਕੁਝ ਗਵਾ ਲੈਣ ਮਗਰੋਂ ਉਨ੍ਹਾਂ ਦਾ ਕਸੂਰ ਕੱਢਣਾ ਬੇਲੋੜਾ ਜਾਪਦਾ ਸੀ, ਜਦੋਂ ਕਿ ਅਸਲ ਕਸੂਰ ਉਸ ਵਕਤ ਦੀ ਲੀਡਰਸ਼ਿੱਪ ਦਾ ਸੀ, ਜਿਹੜੀ ਅਗਾਊਂ ਸੰਕੇਤ ਮਿਲਦੇ ਰਹਿਣ ਦੇ ਬਾਵਜੂਦ ਅੱਖੋਂ ਪਰੋਖੇ ਕਰਦੀ ਰਹੀ ਸੀ ਤੇ ਇਹੋ ਗੱਲ ਭਾਰਤ ਦੇ ਸੰਬੰਧ ਵਿੱਚ ਕਹੀ ਜਾ ਸਕਦੀ ਹੈ। ਜਿਹੜੀਆਂ ਧਿਰਾਂ ਨੂੰ ਧਰਮ ਨਿਰਪੱਖਤਾ ਦੀ ਰਾਖੀ ਅੱਖ ਦੀ ਪੁਤਲੀ ਵਾਂਗ ਕਰਨੀ ਚਾਹੀਦੀ ਸੀ, ਉਹ ਗਾਹੇ-ਬਗਾਹੇ ਜਦੋਂ ਫਿਰਕੂ ਸੋਚ ਤੇ ਪਹੁੰਚ ਦੀਆਂ ਪਾਰਟੀਆਂ ਨਾਲ ਚੋਣ ਸਮਝੌਤੇ ਕਰਦੀਆਂ ਸਨ ਤਾਂ ਇਹ ਸੋਚਣ ਦੀ ਲੋੜ ਨਹੀਂ ਸੀ ਮੰਨਦੀਆਂ ਕਿ ਕੁਝ ਵਕਤ ਪਾ ਕੇ ਇਹ ਦੇਸ਼ ਦੇ ਜੜ੍ਹੀਂ ਤੇਲ ਦੇਣ ਵਾਲੀ ਗੱਲ ਹੋ ਸਕਦੀ ਹੈ। ਨਾ ਰੂਸ ਦੀ ਗਲਤੀਆਂ ਕਰਨ ਵਾਲੀ ਲੀਡਰਸ਼ਿੱਪ ਸਿੱਟੇ ਭੁਗਤਣ ਵੇਲੇ ਤਕ ਕਿਤੇ ਲੱਭੀ ਸੀ ਤੇ ਨਾ ਭਾਰਤ ਵਿੱਚ ਧਰਮ ਨਿਰੱਪਖਤਾ ਦੀ ਸੋਚ ਦਾ ਨਾਅਰਾ ਲਾ ਕੇ ਇਸ ਤੋਂ ਉਲਟ ਵਹਿਣ ਦੀ ਰਾਜਨੀਤੀ ਦਾ ਅੰਗ ਬਣਨ ਲਈ ਫਲਸਫੇ ਪੇਸ਼ ਕਰਨ ਵਾਲਿਆਂ ਦੀ ਉਹ ਪੀੜ੍ਹੀ ਇਸ ਵੇਲੇ ਸਿੱਟੇ ਭੁਗਤਣ ਦੇ ਸੰਕੇਤ ਵੇਖਣ ਵਾਸਤੇ ਭਾਰਤ ਦੇ ਲੋਕਾਂ ਸਾਹਮਣੇ ਮੌਜੂਦ ਹੈ।

ਇਕੱਲਾ ਭਾਰਤ ਦੇਸ਼ ਨਹੀਂ, ਇਸ ਵੇਲੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇੱਦਾਂ ਹੀ ਬਹੁ-ਗਿਣਤੀਆਂ ਵਿਚਲੀ ਇੱਕ ਖਾਸ ਮਾਨਸਿਕਤਾ ਨੂੰ ਵਰਤ ਕੇ ਰਾਜ ਸੱਤਾ ਮਾਣਨ ਵਾਲੀ ਲੀਡਰਸ਼ਿੱਪ ਅੱਗੇ ਆਈ ਜਾ ਰਹੀ ਹੈ। ਕਹਿਣ ਨੂੰ ਬਹੁਤ ਵਾਰੀ ਅਸੀਂ ਡੌਨਾਲਡ ਟਰੰਪ ਵਰਗਿਆਂ ਦੇ ਮੂੰਹੋਂ ਸੁਣ ਸਕਦੇ ਹਾਂ ਕਿ ਉਹ ਸੰਸਾਰ ਜੰਗ ਲੱਗਣ ਤੋਂ ਰੋਕ ਸਕਦੇ ਹਨ ਅਤੇ ਬੇਸ਼ਕ ਉਹ ਰੋਕ ਸਕਦੇ ਹੋਣ, ਪਰ ਰੋਕਣ ਦਾ ਯਤਨ ਵੀ ਕਰਨਗੇ, ਇਸਦੀ ਗਰੰਟੀ ਨਹੀਂ। ਸੰਸਾਰ ਅਜੋਕੇ ਸਮੇਂ ਵਿੱਚ ਇੱਕ ਖਾਸ ਦਿਸ਼ਾ ਵਿੱਚ ਵਧ ਰਿਹਾ ਹੈ, ਜਿੱਥੇ ਗੁੱਟ-ਨਿਰਪੱਖਤਾ ਦੀ ਸਰਦਾਰੀ ਕਰਨ ਵਾਲਾ ਧਰਮ ਨਿਰਪੱਖ ਭਾਰਤ ਇੱਕ ਭੂਮਿਕਾ ਅਦਾ ਕਰ ਸਕਦਾ ਸੀ। ਅੱਜ ਜਦੋਂ ਭਾਰਤ ਦੇ ਆਪਣੇ ਅੰਦਰ ਹੀ ਇਸਦੀ ਬੁਨਿਆਦ ਬਣਨ ਵਾਲੀ ਗੰਗਾ-ਜਮਨੀ ਤਹਿਜ਼ੀਬ ਸਮੇਤ ਸਾਂਝ ਦੀ ਹਰ ਇੱਕ ਤੰਦ ਟੁੱਕੀ ਜਾਣ ਵਾਲਾ ਖਤਰਾ ਪੈਦਾ ਹੋ ਰਿਹਾ ਹੈ, ਸੰਸਾਰ ਦੀ ਮਨੁੱਖਤਾ ਦੀ ਚਿੰਤਾ ਕਰਨ ਵਾਲਾ ਅਲੰਬਰਦਾਰ ਲੱਭਣਾ ਔਖਾ ਹੈ। ਸਥਿਤੀ ਦੀ ਨਜ਼ਾਕਤ ਕਿਸੇ ਰਹਿਬਰ ਦਾ ਉੱਠਣਾ ਲੋੜਦੀ ਹੈ।

Read 145 times
ਜਤਿੰਦਰ ਪਨੂੰ

  • Jalandhar, Punjab, India.
  • Phone: (91 - 98140 - 68455)
  • Email: (pannu_jatinder@yahoo.co.in)