19 ਅਪ੍ਰੈਲ 2001 ਦੀ ਸਵੇਰ।
ਲਾਹੌਰ ਨਾਲੋਂ ਵਿਛੜਣ ਦਾ ਵਕਤ ਆਣ ਪੁੱਜਾ। ਹੋਟਲ ਨੂੰ ਛੱਡਣ ਦੀ ਪੂਰੀ ਤਿਆਰੀ ਕਰ ਲੈਣ ਤੋਂ ਪਿੱਛੋਂ ਮੈਂ ਜਗਤਾਰ ਨੂੰ ਕਿਹਾ, ‘‘ਇਕ ਮਿੰਟ ਠਹਿਰੋ। ਮੈਂ ਲਾਹੌਰ ਨੂੰ ਅਲਵਿਦਾ ਕਹਿ ਲਵਾਂ।’’
ਹੋਟਲ ਦੀ ਪੰਜਵੀਂ ਮੰਜ਼ਿਲ ‘ਤੇ ਸਥਿਤ ਆਪਣੇ ਕਮਰੇ ‘ਚੋਂ ਬਾਹਰ ਨਿਕਲ ਕੇ ਮੈਂ ਟੈਰਸ ‘ਤੇ ਆਣ ਖੜੋਤਾ। ਸੂਰਜ ਅਜੇ ਚੜ੍ਹਿਆ ਨਹੀਂ ਸੀ ਤੇ ਸ਼ਾਂਤ ਘਸਮੈਲੀ ਰੌਸ਼ਨੀ ‘ਚੋਂ ਲਾਹੌਰ ਸ਼ਹਿਰ ਹੌਲੀ ਹੌਲੀ ਉਦੈ ਹੋ ਰਿਹਾ ਸੀ। ਉਹੋ ਉੱਚੇ ਨੀਵੇਂ ਮਕਾਨ ਤੇ ਇਮਾਰਤਾਂ। ਮਸਜਿਦਾਂ ਦੇ ਗੁੰਬਦ। ਆਸਮਾਨ ‘ਚ ਤੈਰਦੀਆਂ ਬੱਦਲਾਂ ਦੀਆਂ ਨਿੱਕੀਆਂ ਟੁਕੜੀਆਂ। ਮੈਂ ਲਾਹੌਰ ਦੇ ਆਖ਼ਰੀ ਦਰਸ਼ਨ ਆਪਣੀਆਂ ਅੱਖਾਂ ਦੀਆਂ ਪੁਤਲੀਆਂ ‘ਚ ਸਾਂਭ ਲੈਣਾ ਚਾਹੁੰਦਾ ਸਾਂ। ਜਿਵੇਂ ਕੋਈ ਆਪਣੇ ਮਹਿਬੂਬ ਤੋਂ ਆਖ਼ਰੀ ਵਾਰ ਵਿਛੜਣ ਸਮੇਂ ਉਹਨੂੰ ਨਜ਼ਰਾਂ ਹੀ ਨਜ਼ਰਾਂ ‘ਚ ਡੀਕ ਲਾ ਕੇ ਪੀ ਜਾਣਾ ਚਾਹੁੰਦਾ ਹੋਵੇ ਤੇ ਉਸ ਦੇ ਨਕਸ਼ਾਂ ਨੂੰ ਆਪਣੇ ਚੇਤਿਆਂ ਵਿਚ ਸਥਿਰ ਕਰ ਲੈਣਾ ਚਾਹੁੰਦਾ ਹੋਵੇ।
‘‘ਅੱਛਾ! ਪਿਆਰੇ ਲਾਹੌਰ! ਅਲਵਿਦਾ! ਅਸੀਂ ਤਾਂ ਤੇਰੇ ਹਾਂ ਪਰ ਤੂੰ ਹੁਣ ਸਾਡਾ ਨਹੀਂ।’’ ਮੈਂ ਭਾਵੁਕ ਹੋਏ ਉਲਾਰ ਆਸ਼ਕ ਵਾਂਗ ਬੁੜਬੁੜਾਇਆ।
‘ਸਮਝੌਤਾ ਐਕਸਪੈ੍ਰਸ’ ਚੱਲਣੀ ਤਾਂ ਭਾਵੇਂ ਅੱਠ ਵਜੇ ਸੀ, ਪਰ ਸਟੇਸ਼ਨ ਉਤੇ ਸਵੇਰੇ ਛੇ ਵਜੇ ਪਹੰੁਚਣ ਦਾ ਹੀ ਪ੍ਰੋਗਰਾਮ ਸੀ। ਕੁਝ ਮਿੰਟਾਂ ਵਿਚ ਹੀ ਅਸੀਂ ਲਾਹੌਰ ਦੇ ਰੇਲਵੇ ਸਟੇਸ਼ਨ ਦੀ ਵਿਸ਼ਾਲ ਇਮਾਰਤ ਦੇ ਸਾਹਮਣੇ ਖੜ੍ਹੇ ਸਾਂ। ਇਸ ਵੇਲੇ ਬਹੁਤੀ ਭੀੜ ਨਹੀਂ ਸੀ। ਸ਼ਾਇਦ ਤੁਰਤ ਕਿਸੇ ਗੱਡੀ ਦੇ ਆਉਣ ਜਾਣ ਦਾ ਸਮਾਂ ਨਹੀਂ ਸੀ। ਇਸ ਲਈ ਰੇਲਵੇ ਸਟੇਸ਼ਨ ਦੀ ਵਿਸ਼ਾਲ ਇਮਾਰਤ ਵੀ ਆਰਾਮ ਵਿਚ ਸੁਸਤਾ ਰਹੀ ਲੱਗੀ।
ਲਾਲ ਵਰਦੀ ਵਾਲੇ ਕੁਲੀਆਂ ਦੀ ਚਹਿਲ-ਪਹਿਲ ਵਧੇਰੇ ਸੀ। ਇਕ ਕੁਲੀ ਨੇ ਜਦੋਂ ਸਾਡਾ ਚਾਰ ਜਣਿਆਂ ਦਾ ਸਾਮਾਨ ਪਲੇਟਫਾਰਮ ਤਕ ਲੈ ਕੇ ਜਾਣ ਦੇ ਚਾਰ ਸੌ ਰੁਪੈ ਮੰਗੇ ਤਾਂ ਉਸ ਦੀ ਨਾਜਾਇਜ਼ ਮੰਗ ਪਹਿਲਾਂ ਤਾਂ ਮਿਰਚ ਵਾਂਗ ਹੀ ਲੜੀ ਪਰ ਅਸੀਂ ਤੁਰਤ ਹੀ ਤਿੰਨ ਸੌ ਰੁਪਏ ਦੇਣਾ ਮੰਨ ਗਏ।
ਦੋ ਜਣਿਆਂ ਨੇ ਸਾਡੇ ਚਾਰ ਅਟੈਚੀ ਤੇ ਚਾਰ ਬੈਗ ਰੇੜ੍ਹੀ ਉਤੇ ਰੱਖੇ ਤੇ ਉਹਨੂੰ ਰੇੜ੍ਹ ਕੇ ਸਾਡੇ ਅੱਗੇ ਅੱਗੇ ਤੁਰ ਪਏ। ਸਾਡੇ ਸਾਰਿਆਂ ਕੋਲ ਕੁਝ ਨਾ ਕੁਝ ਪਾਕਿਸਤਾਨੀ ਕਰੰਸੀ ਬਚੀ ਹੋਈ ਸੀ। ਭਾਰਤ ਪੁੱਜ ਕੇ ਅਸੀਂ ਉਹਦਾ ਕੀ ਕਰਨਾ ਸੀ। ਚੱਲੋ ਕੁਲੀ ਖ਼ੁਸ਼ ਹੋ ਲੈਣ। ਇਹੋ ਹੀ ਅਸੀਂ ਸੋਚਿਆ ਸੀ।
‘‘ਰੁਕ ਉਏ! ਕਿੰਨੇ ਪੈਸੇ ਲਏ ਨੇ ਸਰਦਾਰ ਹੋਰਾਂ ਤੋਂ।’’ ਇਕ ਪੁਲਸੀਏ ਨੇ ਹੱਥ ਵਿਚ ਫੜਿਆ ਡੰਡਾ ਅੱਗੇ ਕੀਤਾ।
‘‘ਜੀ…ਜੀ…’’ ਕੁਲੀ ਅਜੇ ਜਵਾਬ ਦੇ ਹੀ ਨਹੀਂ ਸੀ ਸਕਿਆ ਕਿ ਪੁਲਸੀਆ ਸਾਨੂੰ ਮੁਖ਼ਾਤਬ ਹੋਇਆ, ‘‘ਕਿੰਨੇ ਪੈਸੇ ਦੇਣੇ ਕੀਤੇ ਜੇ ਸਰਦਾਰ ਜੀ!’’
‘‘ਤਿੰਨ ਸੌ।’’
‘‘ਹਯਾ ਕਰੋ ਉਏ ਕੁਛ! ਹਯਾ ਕਰੋ! ਕਿਉਂ ਲੁੱਟਣ ‘ਤੇ ਲੱਕ ਬੱਧਾ ਜੇ! ਮਹਿਮਾਨਾਂ ਨਾਲ ਏਹ ਸਲੂਕ ਕਰਦੇ ਜੇ! ਇਹ ਕੀ ਆਖਣਗੇ ਉਧਰ ਜਾ ਕੇ ਤੁਹਾਡੇ ਬਾਰੇ…’’ ਉਸ ਨੇ ਰੇੜ੍ਹੀ ਨੂੰ ਬੈਂਤ ਨਾਲ ਠਕੋਰਿਆ।
ਦੋਹਾਂ ਕੁਲੀਆਂ ਕੋਲ ਕੋਈ ਜਵਾਬ ਨਹੀਂ ਸੀ।
‘‘ਤੂੰ ਐਥੇ ਖਲੋ ਜਾ। ਇਕ ਜਣਾ ਸਾਮਾਨ ਛੱਡ ਆਓ।’’ ਉਸ ਨੇ ਦੋਹਾਂ ਕੁਲੀਆਂ ‘ਚੋਂ ਇਕ ਨੂੰ ਆਪਣੇ ਕੋਲ ਰੋਕ ਲਿਆ। ਦੂਜੇ ਪੁਲਸੀਏ ਨੂੰ ਕਹਿ ਕੇ ਉਸ ਨੇ ਦੋਹਾਂ ਕੁਲੀਆਂ ਦੇ ਮੋਢਿਆਂ ‘ਤੇ ਲੱਗੀ ਨੰਬਰ-ਪੱਟੀ ਉਤਰਵਾ ਲਈ।
‘‘ਜਾਓ ਸਰਦਾਰ ਜੀ! ਇਹਨੂੰ ਪੰਜਾਹ ਰੁਪੈ ਤੋਂ ਵੱਧ ਨਹੀਂ ਦੇਣੇ।…ਇਹਨਾਂ ਨੂੰ ਛੱਡ ਕੇ ਐਥੇ ਆ ਜਾਹ ਉਏ ਸਿੱਧਾ ਬੰਦੇ ਦਾ ਪੁੱਤ ਬਣ ਕੇ…’’
ਰੇੜੀ ਖਿੱਚ ਰਹੇ ਕੁਲੀ ਨੇ ਪਲੇਟਫਾਰਮ ‘ਤੇ ਪੁੱਜ ਕੇ ਸਿਰ ਝਟਕਿਆ, ‘‘ਜਾਓ ਸਰਦਾਰ ਜੀ, ਦੱਸਣਾ ਕਾਹਨੂੰ ਸੀ!’’
‘‘ਸਾਨੂੰ ਪਹਿਲਾਂ ਸਮਝਾ ਲੈਣਾ ਸੀ।’’
‘‘ਹੁਣ ਪਤਾ ਨਹੀਂ ਕਿੰਨੇ ਪੈਸੇ ਲੈ ਕੇ ਕੰਜਰ ਨੇ ਜਾਨ ਛੱਡਣੀ ਏ।’ ਉਸ ਨੂੰ ਸਾਡੀ ਸਵੇਰੇ ਸਵੇਰੇ ਦੀ ਬੋਹਣੀ ਰਾਸ ਨਹੀਂ ਸੀ ਆਈ।
ਵਾਅਦੇ ਮੁਤਾਬਕ ਅਸੀਂ ਉਸ ਨੂੰ ਤਿੰਨ ਸੌ ਰੁਪੈ ਹੀ ਦਿੱਤੇ। ਉਹ ਸਾਡਾ ਸਾਮਾਨ ਉਤਾਰ ਕੇ ਨਾਖ਼ੁਸ਼ ਮਨ ਨਾਲ ਵਾਪਸ ਮੁੜ ਗਿਆ। ਪਲੇਟਫ਼ਾਰਮ ‘ਤੇ ਸਾਡੇ ਸਾਥੀ ਹੌਲੀ ਹੌਲੀ ਪਹੁੰਚ ਰਹੇ ਸਨ। ਉਨ੍ਹਾਂ ਨੂੰ ਵਿਦਾ ਕਰਨ ਆਏ ਲਾਹੌਰੀਏ ਇਕ ਦੂਜੇ ਨਾਲ ਬਗ਼ਲਗੀਰ ਹੋ ਰਹੇ ਸਨ। ਰਾਇ ਅਜ਼ੀਜ਼ ਉਲਾ ਤੇ ਇਲਿਆਸ ਘੁੰਮਣ ਸਾਨੂੰ ਮਿਲ ਕੇ ਹੋਰ ਦੋਸਤਾਂ ਨੂੰ ਅਲਵਿਦਾ ਕਹਿ ਰਹੇ ਸਨ। ਆਪਣੀ ਪਸੰਦ ਦਾ ਇਕ ਖ਼ਾਲੀ ਡੱਬਾ ਵੇਖ ਕੇ ਅਸੀਂ ਉਸ ਵਿਚ ਆਪਣਾ ਸਾਮਾਨ ਟਿਕਾ ਦਿੱਤਾ। ਸਾਨੂੰ ਵੇਖ ਕੇ ਗੁਰਭਜਨ ਗਿੱਲ ਤੇ ਸਿਰਸਾ ਵਾਲਾ ਸੁਖਦੇਵ ਸਾਡੇ ਡੱਬੇ ‘ਚ ਆ ਗਏ। ਗੁਰਭਜਨ ਗਿੱਲ ਨੇ ਬੋਕਨਾ ਪਾ ਕੇ ਇਕ ਪੌਦੇ ਨੂੰ ਗਮਲੇ ਸਮੇਤ ਚੁੱਕਿਆ ਹੋਇਆ ਸੀ। ਉਹ ਇਸ ਨੂੰ ਆਪਣੇ ਨਾਲ ਭਾਰਤ ਲਿਜਾ ਰਿਹਾ ਸੀ।
‘‘ਅਸੀਂ ਕੱਲ੍ਹ ਗੌਰਮਿੰਟ ਕਾਲਜ ਲਾਹੌਰ ਗਏ। ਜਾਂਦਿਆਂ ਜਾਂਦਿਆਂ ਮੈਂ ਇਕ ਬੂਟਾ ਵੇਖ ਕੇ ਮਾਲੀ ਨੂੰ ਕਿਹਾ ਕਿ ਏਹ ਬੜਾ ਵੱਖਰੀ ਤਰ੍ਹਾਂ ਦਾ ਬੂਟਾ ਹੈ। ਬਹੁਤ ਵਧੀਆ।‥’’ ਏਨਾ ਕਹਿ ਕੇ ਅਸੀਂ ਕਾਲਜ ਵਿਚ ਹੋਣ ਵਾਲੇ ਸਮਾਗਮ ‘ਚ ਪੁੱਜ ਗਏ। ਵਾਪਸ ਆ ਕੇ ਕਾਰ ਵਿਚ ਬੈਠਣ ਲੱਗੇ ਤਾਂ ਮਾਲੀ ਗਮਲੇ ਵਿਚ ਉਹੀ ਬੂਟਾ ਲਾਈ ਮੈਨੂੰ ਦੇਣ ਵਾਸਤੇ ਖਲੋਤਾ ਸੀ।
‘‘ਸਰਦਾਰ ਜੀ! ਤੁਹਾਨੂੰ ਇਹ ਚੰਗਾ ਲੱਗਿਆ। ਇਸ ਨੂੰ ਸਾਡੀ ਯਾਦ ਵਜੋਂ ਨਾਲ ਲੈ ਜਾਓ।’’… ਉਸ ਨੇ ਆਜਜ਼ੀ ਵਿਚ ਹੱਥ ਜੋੜੇ ਹੋਏ ਸਨ।’’
ਗੁਰਭਜਨ ਨੇ ਬੂਟੇ ਨੂੰ ਆਰਾਮ ਨਾਲ ਸੁਰੱਖਿਅਤ ਜਗ੍ਹਾ ‘ਤੇ ਟਿਕਾ ਦਿੱਤਾ।
ਕਿਸੇ ਆਖਿਆ, ‘‘ਇਕ ਤੋਂ ਦੂਜੇ ਮੁਲਕ ਵਿਚ ਪੌਦਾ ਲੈ ਕੇ ਜਾਣਾ ਵੀ ਸਮਗਲਿੰਗ ‘ਚ ਸ਼ਾਮਲ ਹੁੰਦਾ ਹੈ।’’
‘‘ਭਾਈ ਸਿੱਖੋ! ਇਹ ਤਾਂ ਮੁਹੱਬਤ ਦਾ ਬੂਟਾ ਹੈ। ਇਸ ਨੂੰ ਸਰਹੱਦ ਪਾਰ ਜਾਣੋਂ ਕੌਣ ਰੋਕੇਗਾ।’’
ਉਸ ਦੀ ਗੱਲ ਠੀਕ ਸੀ। ਮੁਹੱਬਤ ਦੀ ਖ਼ੁਸ਼ਬੂ ਹੱਦਾਂ ਦੀ ਗੁਲਾਮ ਨਹੀਂ ਹੁੰਦੀ।
‘‘ਵੋਹ ਤੋ ਖ਼ੁਸ਼ਬੂ ਹੈ ਹਵਾਓਂ ਮੇਂ ਬਿਖ਼ਰ ਜਾਏਗਾ।
ਮਸਲਾ ਫੂਲ ਕਾ ਹੈ ਫੂਲ ਕਿਧਰ ਜਾਏਗਾ!
ਪਾਕਿਸਤਾਨੀ ਸ਼ਾਇਰਾ ਪਰਵੀਨ ਸ਼ਾਕਿਰ ਦਾ ਸ਼ਿਅਰ ਮੇਰੇ ਚੇਤੇ ‘ਚ ਬੋਲਿਆ।
ਡੱਬੇ ਵਿਚ ਇਸ ਖ਼ੁਸ਼ਬੂ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਹਰੇਕ ਕੋਲ ਦੱਸਣ ਵਾਸਤੇ ਕੁਝ ਨਾ ਕੁਝ ਹੈ ਸੀ।
‘‘ਮੈਂ ਮੁਸ਼ਾਇਰੇ ਵਿਚ ਨਜ਼ਮ ਪੜ੍ਹੀ ਸੀ ਜਿਸ ਦੀਆਂ ਪਹਿਲੀਆਂ ਸਤਰਾਂ ਸਨ,
‘‘ਸੱਚ ਮੁੱਚ ਯਾਰਾ! ਜੀ ਨਹੀਂ ਲੱਗਦਾ,’’
ਸੁਖਦੇਵ ਨੇ ਗੱਲ ਸ਼ੁਰੂ ਕੀਤੀ। ਮੁਸ਼ਾਇਰੇ ਤੋਂ ਬਾਅਦ ਇਕ ਮੁਸਲਮਾਨ ਔਰਤ ਸੁਖਦੇਵ ਕੋਲ ਆਈ ਤੇ ਕਹਿਣ ਲੱਗੀ ‘ਤੁਸੀਂ ਸੱਚ ਆਖਦੇ ਓ ਸਰਦਾਰ ਜੀ! ਹੁਣ ਜੀ ਕੀ ਲੱਗਣਾ ਹੋਇਆ!’’
ਔਰਤ ਦੇ ਹਉਕੇ ਵਰਗੇ ਬੋਲ ਸੁਣ ਕੇ ਤੇ ਲੰਮਾ ਹਉਕਾ ਲੈ ਕੇ ਸੁਖਦੇਵ ਚੁੱਪ ਹੋ ਗਿਆ।
ਮੈਂ ਬਾਹਰ ਪਲੇਟਫਾਰਮ ‘ਤੇ ਵੇਖਿਆ। ਦਲੀਪ ਕੌਰ ਟਿਵਾਣਾ, ਰਮਾ ਰਤਨ ਤੇ ਸੁਖਵਿੰਦਰ ਅੰਮ੍ਰਿਤ ਸਾਡੇ ਡੱਬੇ ਕੋਲੋਂ ਲੰਘ ਰਹੀਆਂ ਸਨ। ਮੈਂ ਸੁਖਦੇਵ ਦੀ ਗੱਲ ਸੁਣ ਕੇ ਮੁਸ਼ਾਇਰੇ ‘ਚੋਂ ਬਾਹਰ ਨਿਕਲ ਆਇਆ ਸਾਂ ਪਰ ਸੁਖਵਿੰਦਰ ਅੰਮ੍ਰਿਤ ਨੂੰ ਵੇਖ ਕੇ ਮੈਂ ਫਿਰ ਫ਼ਲੈਟੀਜ਼ ਦੇ ਹਾਲ ਵਿਚ ਪੁੱਜ ਗਿਆ। ਸੁਖਵਿੰਦਰ ਅੰਮ੍ਰਿਤ ਆਪਣੀ ਗ਼ਜ਼ਲ ਦਾ ਪਹਿਲਾ ਮਿਸਰਾ ਬੋਲ ਰਹੀ ਸੀ।
‘‘ਤੁਸੀਂ ਸਭ ਫੁੱਲ ਚੁੱਕ ਲੈਣੇ, ਅਸੀਂ ਅੰਗਿਆਰ ਚੁੱਕਾਂਗੇ।’’
‘‘ਵਾਹ! ਵਾਹ!!’’ ਹੋਈ ਤੇ ਤਾੜੀਆਂ ਦੀ ਆਵਾਜ਼ ਆਈ। ਹੌਸਲਾ ਫੜ੍ਹ ਕੇ ਚਾਅ ਵਿਚ ਭਿੱਜ ਕੇ ਅੰਮ੍ਰਿਤ ਨੇ ਪੂਰਾ ਸ਼ੇਅਰ ਬੋਲਿਆ।
‘‘ਤੁਸੀਂ ਸਭ ਫੁੱਲ ਚੁੱਕ ਲੈਣੇ, ਅਸੀਂ ਅੰਗਿਆਰ ਚੁੱਕਾਂਗੇ’’
ਆਪਾਂ ਮਿਲ ਮਿਲਾ ਕੇ ਜ਼ਿੰਦਗੀ ਦਾ ਭਾਰ ਚੁੱਕਾਂਗੇ।
ਹਾਲ ਕਿੰਨਾ ਚਿਰ ਤਾੜੀਆਂ ਦੀ ਗੜਗੜਾਹਟ ਵਿਚ ਗੂੰਜਦਾ ਰਿਹਾ ਤੇ ਫਿਰ ਹਰੇਕ ਸ਼ੇਅਰ ਉਤੇ ਦਾਦ ਤੇ ਤਾੜੀਆਂ…। ਉਸ ਨੇ ਮੁਸ਼ਾਇਰਾ ਲੁੱਟ ਲਿਆ ਸੀ। ਹੁਣ ਉਸ ਦੇ ਪ੍ਰਸੰਸਕਾਂ ਦੀ ਭੀੜ ਉਸ ਨੂੰ ਵਿਦਾ ਕਰਨ ਆਈ ਹੋਈ ਸੀ।
ਕੀ ਅਸੀਂ ਦੋਵੇਂ ਮੁਲਕ ਇਕ ਦੂਜੇ ਦੇ ਰਾਹਾਂ ‘ਚ ਅੰਗਿਆਰ ਵਿਛਾਉਣ ਦੀ ਥਾਂ ਫੁੱਲ ਨਹੀਂ ਵਿਛਾ ਸਕਦੇ?
‘‘ਲੈ ਜਾਓ ਸਰਦਾਰ ਜੀ! ਬਹੁਤ ਕੰਮ ਦੀ ਚੀਜ਼ ਏ…ਸਸਤੇ ਤੇ ਲੱਗੇ ਮੁੱਲ।’’ ਸਾਮਾਨ ਵੇਚਣ ਵਾਲੇ ਮੁੰਡੇ ਨੇ ਸਾਮਾਨ ਨਾਲ ਭਰਿਆ ਥੈਲਾ ਗਲ ਵਿਚ ਪਾਇਆ ਹੋਇਆ ਸੀ ਤੇ ਹੱਥ ਵਿਚ ਇਕ ਛੋਟੀ ਜਿਹੀ ਜੇਬੀ ਟੇਪ-ਰਿਕਾਰਡ ਫੜੀ ਹੋਈ ਸੀ।
‘‘ਕਿੰਨੇ ਦੀ ਦਏਂਗਾ?’’ ਮੈਂ ਸ਼ੁਗਲ ਸ਼ੁਗਲ ਵਿਚ ਪੁੱਛਿਆ।
‘‘ਬਾਰਾਂ ਸੌ ਦੀ ਏ, ਪਰ ਤੁਹਾਨੂੰ ਅੱਠ ਸੌ ਰੁਪਏ ਵਿਚ ਦੇ ਦਿਆਂਗਾ।’’
‘‘ਦੋ ਸੌ ਦੀ ਦੇਣੀ ਊ?’’ ਆਖ ਕੇ ਮੈਂ ਹੱਸਿਆ। ਅਸੀਂ ਮੁੱਲ ਕਰਨਾ ਸਿਖ ਲਿਆ ਸੀ।
ਮੁੰਡਾ ਵੀ ਹੱਸਿਆ, ‘‘ਸਰਦਾਰ ਜੀ ਲੈਣ ਵਾਲੀ ਗੱਲ ਕਰੋ।’’
ਮੈਂ ਉਸ ਦੇ ਹੱਥੋਂ ਟੇਪ-ਰਿਕਾਰਡਰ ਫੜੀ ਤੇ ਬਟਨ ਨੱਪ ਦਿੱਤਾ। ਨਸੀਬੋ ਲਾਲ ਗਾ ਰਹੀ ਸੀ।
ਮੁੰਡਾ ਕਬੂਤਰ ਵਰਗਾ ਫੜਿਆ
ਪਿਆਰ ਦਾ ਜਾਣਾ ਪਾ ਕੇ
‘‘ਚੀਜ਼ ਤਾਂ ਚੰਗੀ ਐਂ’’ ਕਿਸੇ ਨੇ ਕਿਹਾ। ਮੈਂ ਟੇਪ ਰਿਕਾਰਡਰ ਮੁੰਡੇ ਦੇ ਹੱਥ ਵਿਚ ਫੜਾ ਦਿੱਤੀ। ਮੈਂ ਕਿਹੜਾ ਖ਼ਰੀਦਣੀ ਸੀ।
‘‘ਤੀਹਾਂ ਦੀ ਟੇਪ, ਵੀਹਾਂ ਦੇ ਸੈੱਲ ਤੇ ਮਿਊਜ਼ਿਕ ਸੁਣਨ ਲਈ ਕੰਨਾਂ ਨੂੰ ਲਾਉਣ ਵਾਲਾ ਇਹ’’, ਉਸ ਨੇ ਨਿੱਕਾ ਜਿਹਾ ਵਾਕਮੈਨ ਵਿਖਾ ਕੇ ਕਿਹਾ, ‘‘ਸੌ ਤੋਂ ਉਤੋਂ ਤਾਂ ਇਹੋ ਈ ਨੇ।’’
‘‘ਕਿਸੇ ਨਹੀਂ ਲੈਣੀ ਭਰਾ। ਜਾਹ ਤੂੰ’’ ਕਿਸੇ ਨੇ ਆਖਿਆ ਪਰ ਮੁੰਡਾ ਮੇਰੇ ਵੱਲ ਵੇਖੀ ਜਾ ਰਿਹਾ ਸੀ।
‘‘ਦੋ ਸੌ ਦੀ ਦੇਣੀ ਤਾਂ ਗੱਲ ਕਰ ਨਹੀਂ ਤਾਂ ਪੈਂਡਾ ਖੋਟਾ ਨਾ ਕਰ।’’
ਸਾਡੀ ਨੀਅਤ ਤਾੜ ਕੇ ਮੁੰਡਾ ਤੁਰ ਗਿਆ। ਉਸ ਨੂੰ ਇਨ੍ਹਾਂ ਤਿਲਾਂ ਵਿਚ ਤੇਲ ਨਹੀਂ ਸੀ ਜਾਪਦਾ। ਅਸੀਂ ਵੀ ਆਪਣੀਆਂ ਗੱਲਾਂ ਕਰਨੀਆਂ ਸਨ।
ਗੁਰਭਜਨ ਗਿੱਲ ਤੇ ਸੁਖਦੇਵ ਹੁਰੀਂ ਗੁਰਭਜਨ ਦੇ ਜਾਣੂ ਅਸਲਮ ਨੂੰ ਮਿਲਣ ਉਸ ਦੇ ਘਰ ਗਏ। ਗੁਰਭਜਨ ਦੇ ਅਸਲਮ ਹੁਰਾਂ ਨਾਲ ਨਜ਼ਦੀਕੀ ਸਬੰਧ ਹਨ। ਤੁਰਨ ਲੱਗੇ ਤਾਂ ਘਰ ਦੀ ਨੌਕਰਾਣੀ ਇਕ ਬਜ਼ੁਰਗ ਔਰਤ ਇਨ੍ਹਾਂ ਕੋਲ ਆਈ ਤੇ ਮਾਵਾਂ ਵਾਂਗ ਸਿਰ ਪਲੋਸ ਕੇ ਬੋਲੀ, ‘‘ਬੜਾ ਚੰਗਾ ਹੁੰਦਾ ਸੀ ਅਮਰੀਕ ਸਿੰਘ ; ਸਰਦਾਰ ਸਾਰੇ ਹੀ ਬੜੇ ਚੰਗੇ ਹੁੰਦੇ ਨੇ।’’ ਉਹ ਧੁਰ ਅੰਦਰੋਂ ਬੋਲੀ ਤੇ ਫਿਰ ਇਨ੍ਹਾਂ ਦੇ ਚਿਹਰੇ ‘ਚੋਂ ਅਮਰੀਕ ਸਿੰਘ ਦਾ ਚਿਹਰਾ ਲੱਭਦੀ ਕਿੰਨਾ ਚਿਰ ਚੁੱਪ-ਚਾਪ ਕੋਲ ਖਲੋਤੀ ਰਹੀ।
ਪ੍ਰਚਾਰ ਮਾਧਿਅਮਾਂ ਰਾਹੀਂ ਪਾਕਿਸਤਾਨੀਆਂ ਦੇ ਮਨਾਂ ਵਿਚ ਹਿੰਦੂਆਂ ਪ੍ਰਤੀ ਇਕ ਉਲਾਰ ਨਫ਼ਰਤ ਕੁੱਟ-ਕੁੱਟ ਕੇ ਭਰਨ ਦੀ ਕੋਸ਼ਿਸ਼ ਕੀਤੀ ਗਈ ਜਾਪਦੀ ਸੀ। ਸਿੱਖਾਂ ਪ੍ਰਤੀ ਉਲਾਰ ਹੇਜ ਪ੍ਰਗਟਾਉਣਾ ਉਥੋਂ ਦੀ ਸਰਕਾਰੀ ਨੀਤੀ ਦਾ ਵੀ ਇਕ ਹਿੱਸਾ ਹੈ। ਪੈਂਹਠ ਦੀ ਜੰਗ ਸਮੇਂ ਨਜ਼ਾਮਦੀਨ ਲਾਹੌਰ ਰੇਡੀਓ ਤੋਂ ਆਖਦਾ ਹੁੰਦਾ ਸੀ, ‘‘ਚੌਧਰੀ ਜੀ, ਆਪਾਂ ਨੂੰ ਆਹ ਅੰਬਾਲੇ ਤਕ ਹੀ ਮਾੜੀ ਮੋਟੀ ਔਖ ਏ। ਏਥੇ ਆਪਣੇ ਸਿੱਖ ਭਰਾ ਨੇ…, ਅੱਗੇ ਦਿੱਲੀ ਤੱਕ ਤਾਂ ਆਪਾਂ ਡੀ.ਡੀ.ਟੀ. ਹੀ ਛਿੜਕੀ ਜਾਣੀ ਏ…।’’
ਪਰ ਸਾਡਾ ਦੋਸਤ ਮੋਹਨ ਗੰਡੀਵਿੰਡੀਆ ਜਦੋਂ ਪੈਂਹਠ ਦੀ ਜੰਗ ਤੋਂ ਪਿਛੋਂ ਜਥੇ ਨਾਲ ਲਾਹੌਰ ਗਿਆ ਸੀ ਤਾਂ ਲਾਹੌਰ ਦੇ ਬਾਜ਼ਾਰ ਵਿਚ ਇਕ ਛੋਟੇ ਜਿਹੇ ਮੁੰਡੇ ਨੇ ਉਨ੍ਹਾਂ ਕੋਲ ਆ ਕੇ ਉੱਚੀ ਆਵਾਜ਼ ਵਿਚ ਆਖਿਆ ਸੀ, ‘‘ਸਿੱਖ! ਟਕੇ ਦਾ ਇਕ।’’ ਪਰ ਇਹ ਮੁਸਲਮਾਨ ਬੀਬੀ ਦੇ ਬੋਲਾਂ ‘ਚ ਸਰਕਾਰ ਨਹੀਂ, ਉਹਦਾ ਆਪਣੀ ਹੀ ਦਿਲ ਬੋਲਦਾ ਸੀ।
ਮੈਂ ਵੀ ਕੌੜੀ ਹਕੀਕਤ ਤੋਂ ਪਾਸਾ ਵੱਟ ਕੇ ਲੰਘਣਾ ਚਾਹੁੰਦਾ ਸਾਂ। ਇਸ ਕੁੜੱਤਣ ਨੂੰ ਥੁਕਣਾ ਚਾਹੁੰਦਾ ਸਾਂ ਕਿ ਅਚਨਚੇਤ ਮੇਰੇ ਮੂੰਹ ਵਿਚ ਗਨੇਰੀਆਂ ਦਾ ਸੁਆਦ ਘੁਲਣ ਲੱਗਾ। ਰਮਾ, ਜ਼ੋਇਆ, ਅਫ਼ਜ਼ਲ ਸਾਹਿਰ, ਗੁਰਭਜਨ ਤੇ ਸੁਖਦੇਵ ਹੁਰੀਂ ਸ਼ਾਹ ਹੁਸੈਨ ਦਾ ਮਜ਼ਾਰ ਵੇਖਣ ਗਏ ਤਾਂ ਠੰਡੀਆਂ ਮਿੱਠੀਆਂ ਗਨੇਰੀਆਂ ਵੇਖ ਕੇ ਰਮਾ ਦਾ ਜੀਅ ਲਲਚਾ ਗਿਆ। ਕਾਰ ਰੋਕ ਕੇ ਸਾਰੇ ਜਣੇ ਗਨੇਰੀਆਂ ਚੂਪਣ ਲੱਗੇ। ਕਾਰ ਦੇ ਨਾਲ ਹੀ ਇਕ ਖ਼ਰਬੂਜ਼ਿਆਂ ਦੀ ਰੇਹੜੀ ਵੀ ਲੱਗੀ ਹੋਈ ਸੀ। ਇਕ ਜਣਾ ਆਇਆ ਤੇ ਪੁੱਛਣ ਲੱਗਾ, ‘‘ਸਰਦਾਰ ਜੀ, ਮੈਨੂੰ ਵੀ ਦੱਸੋ। ਮੈਂ ਤੁਹਾਡੀ ਕੀ ਖ਼ਿਦਮਤ ਕਰਾਂ। ਕਰਨੀ ਮੈਂ ਜ਼ਰੂਰ ਐ।’’ ਉਸ ਨੇ ਸ਼ਾਇਦ ਤੁਰੰਤ ਹੀ ਮਨ ਵਿਚ ਫ਼ੈਸਲਾ ਕਰ ਲਿਆ। ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਖ਼ਰਬੂਜ਼ਿਆਂ ਦੇ ਰੇਹੜੀ ਦਰਵਾਜ਼ੇ ਕੋਲ ਕਰਕੇ ਖ਼ਰਬੂਜ਼ੇ ਕਾਰ ਵਿਚ ਸੁੱਟਣ ਲੱਗਾ। ਸਭ ਹੈਰਾਨ ਕਿ ਇਹ ਕੀ ਕਰੀ ਜਾਂਦਾ ਏ। ਰੇਹੜੀ ਵਾਲਾ ਪੁੱਛੇ, ‘‘ਕੀ ਹੋ ਗਿਐ? ਕਮਲਾ ਹੋ ਗਿਐਂ…।’’
‘‘ਆਹੋ’’ ਖ਼ਰਬੂਜ਼ੇ ਸੁੱਟਣ ਵਾਲਾ ਕਹਿ ਰਿਹਾ ਸੀ, ‘‘ਮਰਦਾ ਨਾ ਜਾ ਉਏ! ਤੇਰੀ ਸਾਰੀ ਰੇਹੜੀ ਦੇ ਪੈਸੇ ਮੈਂ ਦੇਊਂਗਾ, ਸਾਡੇ ਭਰਾ ਆਏ ਨੇ।’’
ਟੇਪ ਰਿਕਾਰਡ ਵੇਚਣ ਵਾਲਾ ਮੁੰਡਾ ਫੇਰ ਸਿਰ ‘ਤੇ ਆਣ ਖੜੋਤਾ।
‘‘ਸਰਦਾਰ ਜੀ, ਲੈ ਲਓ! ਪੰਜਾਹ ਘੱਟ ਦੇ ਦਿਓ…।’’
‘‘ਚੱਲ ਤੂੰ ਪੰਜਾਹ ਵੱਧ ਲੈ ਲੈ’’ ਮੈਂ ਵੀ ਉਸ ਵਾਂਗ ਹੀ ਕਿਹਾ।
ਮੁੰਡੇ ਨੇ ਨਾਂਹ ਵਿਚ ਸਿਰ ਹਿਲਾਇਆ ਤਾਂ ਲਾਗੇ ਬੈਠਾ ਦਿੱਲੀ ਤੋਂ ਆਇਆ ਇਕ ਡੈਲੀਗੇਟ ਕਹਿੰਦਾ, ‘‘ਬਹੁਤੀ ਗੱਲ ਏ ਤਾਂ ਤੂੰ ਆਹ ਕੰਨਾਂ ਨੂੰ ਲਾਉਣ ਵਾਲਾ ਨਾ ਦੇਈਂ। ਇਹਦੀ ਬਚਤ ਹੋ ਜਾਊ ਤੈਨੂੰ।’’
ਉਹਦੀ ਖੁੱਲ੍ਹੀ ਦਾੜ੍ਹੀ ਵੱਲ ਵੇਖ ਕੇ ਮੁੰਡਾ ਆਖਣ ਲੱਗਾ, ‘‘ਬਾਬਾ! ਤੈਨੂੰ ਇਹ ਛੱਡਣ ਵਾਲੇ ਲਗਦੇ ਨੇ, ਇਨ੍ਹਾਂ ਪਹਿਲਾਂ ਇਹੋ ਆਖਣੈ ਕਿ ਆਹ ਐਥੇ ਰੱਖ।’’
ਮੁੰਡੇ ਦੇ ਬੇਬਾਕ ਬੋਲ ਸੁਣਕੇ ਸਾਰੇ ਖਿੜ ਖਿੜਾ ਕੇ ਹੱਸ ਪਏ। ਠੱਠੇ ਮਜ਼ਾਕ ਵਿਚ ਅੰਦਰ ਦੀ ਗੱਲ ਆਖ ਜਾਣੀ ਪੰਜਾਬੀਆਂ ਦਾ ਸੁਭਾਅ ਹੈ। ਮੁੰਡੇ ਦੇ ਬੋਲਾਂ ‘ਚ ਪੰਜਾਬੀ ਸੁਭਾਅ ਦੀ ਇਹ ਵਿਸ਼ੇਸ਼ ਪਰਤ ਪੇਸ਼ ਹੋਈ ਸੀ। ਅਪਣੱਤ ਭਾਵ ਨਾਲ ਪੰਜਾਬੀਆਂ ਵਲੋਂ ਕੀਤਾ ਮਖੌਲ ਅਗਲੇ ਦੇ ਮਨ ਵਿਚ ਤਲਖ਼ੀ ਤੇ ਗੁੱਸਾ ਪੈਦਾ ਨਹੀਂ ਹੋਣ ਦਿੰਦਾ। ਮੁੱਛਾਂ ਨੂੰ ਵੱਟ ਦੇ ਕੇ ਤਿੰਨ ਚਾਰ ਛੱਲੇ ਬਣਾਉਣ ਵਾਲੇ ਇਕ ਸਰਦਾਰ ਨੂੰ ਲਾਹੌਰ ਦੇ ਬਾਜ਼ਾਰ ਵਿਚ ਰੋਕ ਕੇ ਇਕ ਵਾਰ ਨਜ਼ਾਮਦੀਨ ਨੇ ਪੁੱਛਿਆ ਸੀ, ‘‘ਸਰਦਾਰ ਜੀ! ਮੁੱਛਾਂ ਨੂੰ ਵੱਟ ਹੱਥ ਨਾਲ ਦਿੱਤਾ ਜੇ ਕਿ ਸੰਨ੍ਹੀ ਨਾਲ।’’
ਦੂਜੇ ਪਲ ਦੋਵੇਂ ਖਿੜ-ਖਿੜਾ ਕੇ ਹੱਸਦੇ ਹੋਏ ਇਕ ਦੂਜੇ ਦੀ ਗਲਵੱਕੜੀ ਵਿਚ ਘੁੱਟੇ ਗਏ ਸਨ। ਖੁੱਲ੍ਹ ਦਿਲੇ, ਜੀਅਦਾਰ ਪੰਜਾਬੀ।
ਪਰ ਖੁੱਲ੍ਹਿਆਂ ਸੰਗੀਤਕ ਹਾਸਿਆਂ ਵਿਚ ਇਹ ਰੁਦਨ ਤੇ ਸ਼ੋਰ ਕਿਉਂ ਆ ਵੜਿਆ ਸੀ। ਮੈਂ ਧਿਆਨ ਧਰਿਆ ਤਾਂ ਡਾ. ਜਗਤਾਰ ਪਤਾ ਨਹੀਂ ਕਿਸ ਪ੍ਰਸੰਗ ਵਿਚ ਆਪਣੀ ਗੱਲ ਸੁਣਾ ਰਿਹਾ ਸੀ, ‘‘ਇਕ ਵਾਰ ਗਾਇਕਾ ਸਵਰਨ ਲਤਾ ਇਕ ਪ੍ਰੋਗਰਾਮ ‘ਤੇ ਆਈ। ਅਚਨਚੇਤ ਉਸੇ ਵੇਲੇ ਉਹਦੇ ਨਾਲ ਆਇਆ ਵਾਜੇ ਵਾਲਾ ਬਿਮਾਰ ਹੋ ਗਿਆ। ਉਹ ਨੂੰ ਹਸਪਤਾਲ ਪੁਚਾਇਆ ਗਿਆ। ਪ੍ਰੋਗਰਾਮ ਵੀ ਕਰਨਾ ਸੀ। ਇਕ ਲੋਕਲ ਬੰਦਾ ਹਾਰਮੋਨੀਅਮ ਵਜਾਉਣ ਵਾਲਾ ਲੱਭਾ। ਸਟੇਜ ਉਤੇ ਆਈ ਸਵਰਨ ਲਤਾ ਨੇ ਉਸ ਨੂੰ ਸੁਰ ਸਮਝਾਈ ਤੇ ਆਪ ਨਾਚ ਦੀ ਮੁਦਰਾ ‘ਚ ਸਟੇਜ ਦਾ ਚੱਕਰ ਲਾਇਆ। ਪਰ ਵਾਜੇ ਵਾਲੇ ਤੋਂ ਗੱਲ ਨਹੀਂ ਸੀ ਬਣ ਰਹੀ। ਸਵਰਨ ਲਤਾ ਚੱਕਰ ਕੱਟ ਕੇ ਆਵੇ ਤੇ ਆਖੇ, ‘‘ਉਸਤਾਦ ਜੀ! ਕੋਈ ਸੁਰ ਤਾਂ ਫੜਾਓ।’’ ਜਦੋਂ ਦੋ ਤਿੰਨ ਵਾਰ ਉਸ ਨੇ ਇੰਜ ਆਖਿਆ ਤਾਂ ਉਸਤਾਦ ਨੇ ਖਿਝ ਅਤੇ ਗੁੱਸੇ ਨਾਲ ਪੂਰਾ ਹੱਥ ਪਟਾਕ ਕਰ ਕੇ ਸੱਤਾਂ ਸੁਰਾਂ ‘ਤੇ ਮਾਰਿਆ ਤੇ ਵਾਜੇ ਦੀਆਂ ਚੀਕਾਂ ਕਢਾ ਦਿੱਤੀਆਂ।’’
ਮੈਂ ਇਸ ਦੇ ਆਪਣੇ ਹੀ ਅਰਥ ਕੱਢ ਰਿਹਾ ਸਾਂ। ਸਾਨੂੰ, ਮੁਹੱਬਤ ਦੇ ਗੀਤ ਗਾਉਣ ਵਾਲਿਆਂ ਨੂੰ, ਦੋਹਾਂ ਮੁਲਕਾਂ ਦੇ ਆਗੂ ਕੋਈ ਸੁਰ ਨਹੀਂ ਸਨ ਫੜਾ ਰਹੇ ਸਗੋਂ ਜਦੋਂ ਜੀਅ ਕਰਦਾ ਸੀ ‘ਸੁਰਾਂ’ ‘ਤੇ ਹੱਥ ਮਾਰ ਕੇ’, ਜੰਗਾਂ ਲਾ ਕੇ, ਪ੍ਰਮਾਣੂ ਧਮਾਕੇ ਕਰਕੇ ‘ਵਾਜੇ’ ਦੀਆਂ ਚੀਕਾਂ ਕਢਾ ਦਿੰਦੇ ਸਨ।
‘‘ਚਲੋ ਕੱਢੋ ਢਾਈ ਸੌ ਰੁਪਿਆ’’, ਮੁੰਡੇ ਨੇ ਸੌਦਾ ਮਨਜ਼ੂਰ ਕਰ ਲਿਆ। ਮੈਂ ਢਾਈ ਸੌ ਰੁਪਏ ਕੱਢ ਕੇ ਉਸ ਨੂੰ ਫੜਾ ਕੇ ਟੇਪ ਲੈ ਲਈ। ਮੇਰੇ ਹੱਥੋਂ ਟੇਪ ਫੜ ਕੇ ਉਹ ਦਿੱਲੀ ਵਾਲਾ ਸਰਦਾਰ ਸੁਣਨ ਲੱਗਾ, ‘ਆਵਾਜ਼ ਇਹਦੀ ਬਹੁਤੀ ਉੱਚੀ ਨਹੀਂ। ਕੁਝ ਮੱਧਮ ਏ, ਵਾਘੇ ਤਕ ਜਾਂਦਿਆਂ ਖ਼ਰਾਬ ਹੋਈ ਲੈ।’
‘‘ਹੋਰ ਢਾਈ ਸੌ ਰੁਪਏ ‘ਚ ਇਹ ਤੁਹਾਨੂੰ ਭਾਖੜਾ ਡੈਮ ਬੰਨ ਦਵੇ’, ਸੁਖਦੇਵ ਨੇ ਆਖਿਆ ਤੇ ਮੁੰਡੇ ਨੂੰ ਬਾਹੋਂ ਫੜ ਕੇ ਇਕ ਪਾਸੇ ਕਰਦਿਆਂ ਮੇਰਾ ਧਿਆਨ ਪਲੇਟਫ਼ਾਰਮ ਵੱਲ ਕੀਤਾ।
ਹਿੰਦੁਸਤਾਨ ਵਾਪਸ ਪਰਤਣ ਵਾਲੇ ਆਪਣੇ ਮੁਸਲਮਾਨ ਰਿਸ਼ਤੇਦਾਰ ਨੂੰ ਗੱਡੀ ਚੜ੍ਹਾਉਣ ਆਇਆ ਲਾਹੌਰ ਦਾ ਹੀ ਇਕ ਮੁਸਲਮਾਨ ਪਰਿਵਾਰ ਪਲੇਟਫਾਰਮ ‘ਤੇ ਖਲੋਤਾ ਸੀ। ਕਦੀ ਇਕ ਜਣਾ ਜਾਣ ਵਾਲੇ ਦੇ ਗਲ ਲੱਗ ਕੇ ਰੋਣ ਲੱਗ ਜਾਂਦਾ ਤੇ ਕਦੀ ਦੂਜਾ ਜਣਾ। ਇਸ ਵੇੇੇਲੇ ਇਕ ਮੁਟਿਆਰ ਜਾਣ ਵਾਲੇ ਦੇ ਗਲ ਲੱਗੀ ਅੱਥਰੂ ਕੇਰ ਰਹੀ ਸੀ। ਦੂਜੇ ਜਣੇ ਕੋਲ ਖਲੋਤੇ ਆਪੋ ਆਪਣੇ ਅੱਥਰੂ ਪੰੂਝ ਰਹੇ ਸਨ। ਕੋਈ ਕੁਝ ਨਹੀਂ ਸੀ ਬੋਲ ਰਿਹਾ। ਇਕ ਹੋਰ ਨੇ ਉਸ ਦਾ ਇਕ ਹੱਥ ਫੜਿਆ ਹੋਇਆ ਸੀ ਤੇ ਕਿਸੇ ਹੋਰ ਨੇ ਉਹਦੇ ਮੋਢੇ ‘ਤੇ ਹੱਥ ਰੱਖਿਆ ਹੋਇਆ ਸੀ। ਰੋਂਦੀ ਹੋਈ ਖ਼ਾਮੋਸ਼ ਮੁਟਿਆਰ ਉਸ ਦੇ ਗਲ ਲੱਗੀ ਇਧਰ ਉਧਰ ਬੱਚਿਆਂ ਵਾਂਗ ਝੂਲ ਰਹੀ ਸੀ। ਅੰਦਰਲੀ ਬੇਚੈਨੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ। ਜ਼ੁਬਾਨਾਂ ਗੁੰਗੀਆਂ ਸਨ ਅਤੇ ਅੱਥਰੂ ਗੱਲਾਂ ਕਰ ਰਹੇ ਸਨ। ਇਸ ਦਰਦਨਾਕ ਦ੍ਰਿਸ਼ ਨੂੰ ਵੇਖ ਕੇ ਮੇਰੀਆਂ ਅੱਖਾਂ ‘ਚ ਵੀ ਪਾਣੀ ਭਰ ਆਇਆ। ਲਾਹੌਰ ਨੂੰ ਛੱਡ ਕੇ ਜਾਣ ਦਾ ਦਰਦ ਤਾਂ ਸਾਨੂੰ ਵੀ ਸੀ ਪਰ ਉਨ੍ਹਾਂ ਦੀ ਦਰਦ ਦੀ ਥਾਹ ਕੌਣ ਪਾ ਸਕਦਾ ਸੀ! ਮੈਂ ਆਪਣੇ ਆਪ ਨੂੰ ਸੁਣਾਇਆ।
ਮੇਰੀ ਕਹਾਨੀ ਤੇਰੀ ਕਹਾਨੀ ਸੇ ਮੁਖ਼ਤਲਿਫ਼ ਹੈ।
ਜੈਸੇ ਆਂਖ ਕਾ ਪਾਨੀ ਪਾਨੀ ਸੇ ਮੁਖ਼ਤਲਿਫ਼ ਹੈ।
ਗੱਡੀ ਨੇ ਚੀਕ ਮਾਰੀ। ਹੌਲੀ ਹੌਲੀ ਗਲਵੱਕੜੀ ‘ਚੋਂ ਨਿਕਲ ਕੇ, ਹੱਥ ਛੁਡਾ ਕੇ ਸਭ ਨੂੰ ਗਲੇ ਮਿਲ ਕੇ ‘ਜਾਣ ਵਾਲਾ’ ਡੱਬੇ ਵਿਚ ਜਾ ਸਵਾਰ ਹੋਇਆ। ਤੁਰਦੀ ਗੱਡੀ ਵੱਲ ਨੂੰ ਅੱਥਰੂਆਂ ਨਾਲ ਡੁਬ-ਡੁਬ ਭਰੀਆਂ ਅੱਖਾਂ ਨਾਲ ਨਿਹਾਰਦੇ ਦੇ ਪਿਛੇ ਰਹਿ ਗਏ ਲੋਕਾਂ ਦੇ ਹੱਥ ਹਵਾ ਵਿਚ ਲਹਿਰਾਏ। ਲਹਿਰਾਉਂਦੇ ਰਹੇ ਤੇ ਫਿਰ ਜਿਵੇਂ ਬਾਹਵਾਂ ਟੁੱਟ ਗਈਆਂ ਹੋਣ। ਡਿਗ ਕੇ ਦੁਹੱਥੜ ਵਾਂਗ ਪੱਟਾਂ ‘ਤੇ ਆ ਵੱਜੀਆਂ।
ਗੱਡੀ ਪਲੇਟਫਾਰਮ ਛੱਡ ਚੁੱਕੀ ਸੀ ਤੇ ਜਗਤਾਰ ਆਪਣੀ ਪਿਛਲੀ ਕਿਸੇ ਫੇਰੀ ਦਾ ਪ੍ਰਸੰਗ ਸੁਣਾ ਰਿਹਾ ਸੀ।
ਜਗਤਾਰ ਨੂੰ ‘ਸਰਧਾ’ ਫ਼ਲ ਖਾਣ ਵਿਚ ਬਹੁਤ ਸੁਆਦ ਲੱਗਦਾ ਹੈ। ਉਨ੍ਹਾਂ ਨੇ ਕਾਰ ਰੋਕੀ ਤੇ ਰੇਹੜੀ ਵਾਲੇ ਨੂੰ ‘ਸਰਧਾ’ ਖੁਆਉਣ ਲਈ ਕਿਹਾ।
ਰੇੜ੍ਹੀ ਵਾਲਾ ਸਰਧਾ ਪਲੇਟਾਂ ‘ਚ ਪਾ ਕੇ ਦੇਈ ਜਾ ਰਿਹਾ ਸੀ ਤੇ ਪੁੱਛ ਵੀ ਰਿਹਾ ਸੀ, ‘ਤੁਸੀਂ ਉਧਰ ਕਿੱਥੋਂ ਓ ਸਰਦਾਰ ਜੀ! ਮੇਰਾ ਪਿਛਲਾ ਜ਼ਿਲਾ ਹੁਸ਼ਿਆਰਪੁਰ ਹੈ। ਸ਼ਹਿਰ ਵੀ ਹੁਸ਼ਿਆਰਪੁਰ।’
‘‘ਮੈਂ ਹੁਸ਼ਿਆਰਪੁਰ ਦੇ ਗੌਰਮਿੰਟ ਕਾਲਜ ਵਿਚ ਹੀ ਪੜ੍ਹਾਉਂਦਾ।’’ ਜਗਤਾਰ ਨੇ ਦੱਸਿਆ ਤਾਂ ਉਸ ਦੀਆਂ ਅੱਖਾਂ ਜਗ ਪਈਆਂ। ਉਹ ਬੜੇ ਚਾਅ ਤੇ ਉਤਸ਼ਾਹ ਨਾਲ ਹੁਸ਼ਿਆਰਪੁਰ ਬਾਰੇ ਜਾਣਕਾਰੀ ਲੈਣ ਲੱਗਾ। ਤੁਰਨ ਲੱਗਾ ਤਾਂ ਜਗਤਾਰ ਹੁਰਾਂ ਨੇ ਪੁੱਛਿਆ, ‘‘ਕਿੰਨੇ ਪੈਸੇ ਬਣੇ।’’
ਜਗਤਾਰ ਦੇ ਬੋਲ ਸੁਣ ਕੇ ਉਹ ਬੰਦਾ ਡੌਰ-ਭੌਰਾ ਹੋ ਕੇ ਜਗਤਾਰ ਵੱਲ ਵੇਖਣ ਲੱਗਾ ਤੇ ਫਿਰ ਬੜੇ ਦੁਖ ਨਾਲ ਕਹਿਣ ਲੱਗਾ, ‘‘ਪੈਸੇ ਪੁੱਛਣ ਨਾਲੋਂ ਸਰਦਾਰ ਜੀ ਤੁਸੀਂ ਮੇਰੇ ਸਿਰ ਵਿਚ ਜੁੱਤੀਆਂ ਮਾਰ ਲੈਂਦੇ ਤਾਂ ਚੰਗਾ ਸੀ। ਤੁਸੀਂ ਮੇਰੇ ਵਤਨੀਂ। ਤੇ ਮੈਨੂੰ ਪੈਸੇ ਪੁੱਛਦੇ ਹੋ! ਮੈਨੂੰ ਏਨਾ ਹੀ ਗਰਕ ਗਿਆ ਸਮਝ ਲਿਆ ਜੇ, ਆਪਣੇ ਵਤਨੀਂ ਨੂੰ ਕਿ ਤੁਹਾਥੋਂ ਪੈਸੇ ਲੈ ਲਵਾਂਗਾ।’’
ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਨ ਦੇ ਬਾਵਜੂਦ ਵੀ ਉਹ ਫੁਟ-ਫੁਟ ਕੇ ਬਾਲਾਂ ਵਾਂਗ ਰੋਣ ਲੱਗਾ।
‘‘ਪੈਸੇ ਪੁੱਛ ਕੇ ਤੁਸੀਂ ਮੇਰੀ ਹੇਠੀ ਕੀਤੀ ਏ’’, ਉਹ ਹਉਕੇ ਲੈ ਰਿਹਾ ਸੀ ਤੇ ਜਗਤਾਰ ਨੇ ਉਸ ਨੂੰ ਗਲ ਨਾਲ ਲਾਇਆ ਹੋਇਆ ਸੀ।
ਭਰੇ ਮਨ ਨਾਲ ਜਗਤਾਰ ਹੁਰੀਂ ਕਾਰ ਵਿਚ ਬੈਠ ਕੇ ਤੁਰਨ ਲੱਗੇ ਤਾਂ ਰੇੜ੍ਹੀ ਵਾਲਾ ਹੁਸ਼ਿਆਰਪੁਰੀਆ ਪਿੱਛੋਂ ਆਵਾਜ਼ਾਂ ਦਿੰਦਾ ਦੌੜਿਆ ਆ ਰਿਹਾ ਸੀ। ਉਹਨੇ ਆਪਣੀਆਂ ਦੋਵਾਂ ਬਾਹਵਾਂ ਵਿਚ ‘ਸਰਧੇ’ ਚੁੱਕੇ ਹੋਏ ਸਨ। ਲਿਆ ਕੇ ਕਾਰ ਵਿਚ ਢੇਰੀ ਕਰ ਦਿੱਤੇ।
‘‘ਲੈ ਜਾਓ! ਆਪਣੇ ਗ਼ਰੀਬ ਗਰਾਈਂ ਵਲੋਂ, ਨਿੱਕਾ ਜਿਹਾ ਤੋਹਫ਼ਾ!’’
ਗੱਡੀ ਮੁਗ਼ਲਪੁਰਾ ਪਿਛੇ ਛੱਡ ਆਈ ਸੀ। ਸਾਡੇ ਹੋਠਾਂ ‘ਤੇ ਖ਼ਾਮੋਸ਼ੀ ਸੀ। ਜਿਉਂ-ਜਿਉਂ ਗੱਡੀ ਲਾਹੌਰ ਨੂੰ ਛੱਡ ਕੇ ਅੱਗੇ ਵਧ ਰਹੀ ਸੀ, ਮੈਨੂੰ ਲੱਗਦਾ ਸੀ ਤਿਉਂ-ਤਿਉਂ ਉਹ ਰੇੜ੍ਹੀ ਵਾਲਾ ਹੁਸ਼ਿਆਰਪੁਰੀਆ ਗੱਡੀ ਦੇ ਪਿੱਛੇ-ਪਿੱਛੇ ਦੌੜਦਾ ਆ ਰਿਹਾ ਸੀ। ਤੇਜ਼-ਤੇਜ਼, ਸਾਹੋ ਸਾਹ ਹੋਇਆ, ਹਫਿਆ ਹੋਇਆ। ਫਿਰ ਜਿਵੇਂ ਉਹ ਨਿਰਾਸ਼ ਹੋ ਕੇ ਥੱਕ ਕੇ ਖਲੋ ਗਿਆ, ਉਸ ਪਰਿਵਾਰ ਕੋਲ, ਜਿਹੜਾ ਅਜੇ ਵੀ ਆਪਣੇ ਪਿਆਰੇ ਨੂੰ ਗੱਡੀ ਚਾੜ੍ਹ ਕੇ ਅੱਥਰੂ ਪੂੰਝਦਾ, ਹਉਕੇ ਭਰਦਾ ਪਲੇਟਫਾਰਮ ‘ਤੇ ਖੜੋਤਾ ਸੀ। ਇਹ ਦ੍ਰਿਸ਼ ਇਕ ‘ਸਟਿਲ’ ਤਸਵੀਰ ਵਾਂਗ ਮੇਰੇ ਮਨ-ਮਸਤਕ ‘ਤੇ ਉਕਰਿਆ ਗਿਆ ਸੀ।
ਪਤਾ ਹੀ ਨਾ ਲੱਗਾ, ਕਦੋਂ ਵਾਹਗਾ ਆ ਗਿਆ ਸੀ। ਕਾਨਫ਼ਰੰਸ ਦੇ ਡੈਲੀਗੇਟਾਂ ਲਈ ਵੱਖਰੇ ਕਾਊਂਟਰ ਲਾ ਕੇ ਕਾਰਵਾਈ ਭੁਗਤਾਈ ਜਾ ਰਹੀ ਸੀ ਜਦ ਕਿ ਬਾਕੀ ਮੁਸਲਮਾਨ ਯਾਤਰੀ ਲੰਮੀਆਂ ਕਤਾਰਾਂ ਵਿਚ ਲੱਗੇ ਹੋਏ ਸਨ। ਇਹ ਉਹ ਲੋਕ ਸਨ ਜਿਨ੍ਹਾਂ ਦੀਆਂ ਦੋਹਾਂ ਮੁਲਕਾਂ ਵਿਚ ਨੇੜਲੀਆਂ ਰਿਸ਼ਤੇਦਾਰੀਆਂ ਸਨ। ਜਿਨ੍ਹਾਂ ਦੀ ਰੂਹ ਤੇ ਜਿਸਮ ਅੱਧ ਵਿਚਕਾਰੋਂ ਕੱਟੀ ਹੋਈ ਸੀ।
ਵਾਹਗੇ ਤੋਂ ਗੱਡੀ ਤੁਰੀ।
ਹੁਣੇ ਹੀ ਦੋਹਾਂ ਮੁਲਕਾਂ ਨੂੰ ਵੰਡਣ ਵਾਲੀ ਸਰਹੱਦ ਆ ਜਾਣੀ ਸੀ।
ਨੋ ਮੈਨਜ਼ ਲੈਂਡ!
ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਦਾ ਪਾਤਰ ਬਿਸ਼ਨ ਸਿੰਘ ‘ਨੋ ਮੈਨਜ਼ ਲੈਂਡ’ ਉਤੇ ਖੜੋਤਾ ਅਜੇ ਵੀ ਪੁੱਛ ਰਿਹਾ ਸੀ, ‘ਟੋਭਾ ਟੇਕ ਸਿੰਘ ਕਿੱਥੇ ਹੈ? ਹਿੰਦੁਸਤਾਨ ਵਿਚ ਯਾ ਪਾਕਿਸਤਾਨ ‘ਚ?’ ਉਸ ਲਈ ਹਿੰਦੁਸਤਾਨ ਤੇ ਪਾਕਿਸਤਾਨ ਨਾਲੋਂ ਵੱਧ ਮਹੱਤਵ ਆਪਣੇ ਪਿੰਡ ‘ਟੋਭਾ ਟੇਕ ਸਿੰਘ’ ਦਾ ਸੀ। ਉਹ ਹਿੰਦੁਸਤਾਨ ਜਾਂ ਪਾਕਿਸਤਾਨ ਨਹੀਂ ਸੀ ਜਾਣਾ ਚਾਹੁੰਦਾ। ਉਹ ਤਾਂ ‘ਟੋਭਾ ਟੇਕ ਸਿੰਘ’ ਜਾਣਾ ਚਾਹੁੰਦਾ ਸੀ। ਅਫ਼ਸਰ ਵਰਚਾਉਂਦਾ ਹੈ, ਟੋਭਾ ਟੇਕ ਸਿੰਘ ਪਾਕਿਸਤਾਨ ‘ਚ ਚਲਾ ਗਿਆ ਹੈ ਪਰ ਜੇ ਤੂੰ ਹਿੰਦੁਸਤਾਨ ਚਲਾ ਜਾਏਂਗਾ ਤਾਂ ਟੋਭਾ ਟੇਕ ਸਿੰਘ ਵੀ ਹਿੰਦੁਸਤਾਨ ਵਿਚ ਭੇਜ ਦਿਆਂਗੇ।’ ਪਰ ਬਿਸ਼ਨ ਸਿੰਘ ਨੂੰ ਇਹ ਮਨਜ਼ੂਰ ਨਹੀਂ। ਉਹ ਸੁੱਜੀਆਂ ਲੱਤਾਂ ਨਾਲ ਨੋ ਮੈਨਜ਼ ਲੈਂਡ ‘ਤੇ ਡਟ ਕੇ ਖਲੋ ਜਾਂਦਾ ਹੈ। ਸ਼ਾਮ ਤਕ ਖੜੋਤਾ ਰਹਿੰਦਾ ਹੈ ਤੇ ਫਿਰ ਇਕ ਲੰਮੀ ਅਸਮਾਨ ਚੀਰਵੀਂ ਚੀਕ ਮਾਰ ਕੇ ਧਰਤੀ ‘ਤੇ ਡਿਗ ਕੇ ਪ੍ਰਾਣ ਦੇ ਦਿੰਦਾ ਹੈ। ਉਹ ‘ਟੋਭਾ ਟੇਕ ਸਿੰਘ’ ਪੁੱਜ ਜਾਂਦਾ ਹੈ।
ਅੱਜ ਵੀ ਬਿਸ਼ਨ ਸਿੰਘ ‘ਨੋ ਮੈਨਜ਼ ਲੈਂਡ’ ‘ਤੇ ਡਿੱਗਾ ਪਿਆ ਹੈ। ਲੱਖਾਂ ਕਰੋੜਾਂ ਲੋਕਾਂ ਦੀਆਂ ਜਿਊਦੀਆਂ ਮਰੀਆਂ ਲਾਸ਼ਾਂ ਦਾ ਪ੍ਰਤੀਨਿਧ ਬਣ ਕੇ। ਉਸ ਨਾਲ ਮੇਰੇ ਆਪੇ ਦਾ ਵੀ ਕੁਝ ਹਿੱਸਾ ਡਿੱਗਾ ਪਿਆ ਸੀ।
ਫਿਕਰ ਤੌਂਸਵੀ ਮੁਲਕ ਦੀ ਤਕਸੀਮ ਤੋਂ ਪਿੱਛੋਂ ਆਪਣੇ ਪਾਕਿਸਤਾਨੀ ਲੇਖਕ ਮਿੱਤਰਾਂ ਨੂੰ ਮਿਲਣ ਵਾਘੇ ਗਿਆ। ਜੀ.ਟੀ. ਰੋਡ ਦੇ ਦੋਹੀਂ ਪਾਸੀਂ ਕਤਾਰਾਂ ਵਿਚ ਉੱਗੇ ਹੋਏ ਦਰਖ਼ਤ ਸਿਰ ਚੁੱਕੀ ਖਲੋਤੇ ਸਨ। ਕੁਝ ਹਿੰਦੁਸਤਾਨ ਵਿਚ, ਕੁਝ ਪਾਕਿਸਤਾਨ ਵਿਚ। ਪਰ ਇਕ ਨਿੰਮ ਦਾ ਦਰਖ਼ਤ, ਦੋਹਾਂ ਮੁਲਕਾਂ ਦੀਆਂ ਸਰਕਾਰਾਂ ਤੋਂ ਬਾਗ਼ੀ ਜਾਪਦਾ ਸੀ ਉਹ ਕਿਸੇ ਸਰਕਾਰ ਨਾਲ ਵੀ ਨਾਤਾ ਨਹੀਂ ਸੀ ਜੋੜਨਾ ਚਾਹੁੰਦਾ।
ਉਹ ‘ਨੋ ਮੈਨਜ਼ ਲੈਂਡ’ ‘ਤੇ ਖੜੋਤਾ ਸੀ ; ਬਿਸ਼ਨ ਸਿੰਘ ਵਾਂਗੂ। ਫ਼ਿਕਰ ਤੌਸਵੀ ਆਖਦਾ ਹੈ, ‘‘ਕੀ ਦੋਹਾਂ ਦੇਸ਼ਾਂ ਦੇ ਆਗੂਆਂ ਨੂੰ ਇਸ ਰੁੱਖ ਬਾਰੇ ਸੂਚਨਾ ਨਹੀਂ ਸੀ ਦਿੱਤੀ ਗਈ ਜੋ ਇਹ ਅਜੇ ਤਕ ਇਥੇ ਖਲੋਤਾ ਹੈ। ਇਸ ਨੂੰ ਪੁੱਟ ਦੇਣਾ ਚਾਹੀਦਾ ਸੀ ਹੁਣ ਤਕ। ਸਗੋਂ ਇੰਜ ਕਿਉਂ ਨਹੀਂ ਹੋ ਸਕਦਾ ਕਿ ਇਸ ਦੇ ਪੱਤੇ ਅਤੇ ਟਾਹਣੀਆਂ ਹਿੰਦੁਸਤਾਨ ਤੇ ਪਾਕਿਸਤਾਨ ਆਪਸ ਵਿਚ ਵੰਡ ਲੈਣ। ਇਸ ਰੁੱਖ ਨੂੰ ਦੱਸ ਕਿਉਂ ਨਹੀਂ ਦਿੰਦੇ ਕਿ ਉਹਦੇ ਕਿਹੜੇ ਪੱਤੇ ਤੇ ਟਾਹਣੀਆਂ ਹਿੰਦੂ ਹਨ ਤੇ ਕਿਹੜੇ ਮੁਸਲਮਾਨ?’’
ਅਗਲੀ ਵਾਰ ਜਦੋਂ ਉਹ ਬਾਰਡਰ ‘ਤੇ ਗਿਆ ਤਾਂ ਸੱਚਮੁਚ ਉਹ ਨਿੰਮ ਦਾ ਦਰਖਤ ਉਥੇ ਨਹੀਂ ਸੀ। ਉਸ ਨੇ ਇਕ ਫੌਜੀ ਸਿਪਾਹੀ ਨੂੰ ਪੁੱਛਿਆ, ‘‘ਕੀ ਮੈਨੂੰ ਦੱਸਣ ਦੀ ਕ੍ਰਿਪਾ ਕਰੋਗੇ ਕਿ ਐਥੇ ਜੋ ਨਿੰਮ ਦਾ ਦਰਖਤ ਹੁੰਦਾ ਸੀ, ਕੀ ਉਸ ਨੂੰ ਪੁੱਟ ਦਿੱਤਾ ਹੈ ਜਾਂ ਉਹ ਉਂਜ ਹੀ ਡਿੱਗ ਪਿਆ?’’
ਸਿਪਾਹੀ ਨੇ ਉਸ ਵੱਲ ਸੰਗੀਨ ਸੇਧ ਕੇ ਘੂਰਦਿਆਂ ਹੋਇਆ ਕਿਹਾ, ‘‘ਤੇਰਾ ਕੋਈ ਕੰਮ ਨਹੀਂ ਸਰਕਾਰਾਂ ਦੇ ਮਾਮਲੇ ‘ਚ ਲੱਤ ਅੜਾਉਣ ਦਾ?’’
‘‘ਪਿਆਰੇ! ਮੈਂ ਕਿਉਂ ਨਾ ਪੁੱਛਾਂ ਉਸ ਰੁੱਖ ਬਾਰੇ। ਆਖ਼ਰਕਾਰ ਮੈਂ ਵੀ ਤਾਂ ਉਸ ਰੁੱਖ ਦੀ ਹੀ ਇਕ ਟਾਹਣੀ ਹਾਂ।’’
ਗੱਡੀ ਸਰਹੱਦ ਪਾਰ ਗਈ। ਉਸ ਕੱਟੇ ਹੋਏ ਰੁੱਖ ਦੀਆਂ ਕੁਝ ਟਾਹਣੀਆਂ ਮੇਰੇ ਨਾਲ ਹਿੰਦੁਸਤਾਨ ਆ ਗਈਆਂ ਸਨ ਤੇ ਕੁਝ ਵਿਲਕਦੀਆਂ ਹੋਈਆਂ ਪਿੱਛੇ ਰਹਿ ਗਈਆਂ ਸਨ।
ਮੈਂ ਟੇਪ ਰਿਕਾਰਡਰ ਵਿਚ ਆਪਣੀ ਇਕ ਕੈਸਿਟ ਪਾਈ। ਬਟਨ ਨੱਪਿਆ। ਮਹਿਦੀ ਹਸਨ ਗਾ ਰਿਹਾ ਸੀ।
ਮੁਹੱਬਤ ਕਰਨੇ ਵਾਲੇ ਕਮ ਨਾ ਹੋਂਗੇ।
ਤੇਰੀ ਮਹਿਫਿਲ ਮੇਂ ਲੇਕਿਨ ਹਮ ਨਾ ਹੋਂਗੇ।
ਦਿਲੋਂ ਕੀ ਉਲਝਨੇ ਬੜ੍ਹਤੀ ਰਹੇਂਗੀ.
ਅਗਰ ਕੁਛ ਮਸ਼ਵਰੇ ਬਾ-ਹਮ ਨਾ ਹੋਂਗੇ।
ਅਟਾਰੀ ਸਟੇਸ਼ਨ ‘ਤੇ ਪੁੱਜ ਚੁੱਕੀ ਗੱਡੀ ‘ਚੋਂ ਸਾਮਾਨ ਉਤਾਰਿਆ ਜਾ ਰਿਹਾ ਸੀ। ਲੋੜੀਂਦੀ ਪ੍ਰਕਿਰਿਆ ‘ਚੋਂ ਗ਼ੁਜ਼ਰ ਕੇ ਅਸੀਂ ਸਟੇਸ਼ਨ ਤੇ ਤੁਰ ਪਏ। ਮਹਿਦੀ ਹਸਨ ਅਜੇ ਵੀ ਮੇਰੇ ਕੰਨਾਂ ‘ਚ ਸਰਗ਼ੋਸ਼ੀ ਕਰ ਰਿਹਾ ਹੈ। ਮੈਨੂੰ ਕਹਿ ਰਿਹਾ ਹੈ ; ਆਪਣੇ ਆਗੂਆਂ ਨੂੰ ਇਹ ਸੁਨੇਹਾ ਦੇਹ-
ਦਿਲੋਂ ਕੀ ਉਲਝਨੇ ਬੜ੍ਹਤੀ ਰਹੇਂਗੀ,
ਅਗਰ ਕੁਛ ਮਸ਼ਵਰੇ ਬਾ-ਹਮ ਨਾ ਹੋਂਗੇ।
ਮੈਂ ਉਸ ਨੂੰ ਆਖਦਾ ਹਾਂ ਕਿ ਤੂੰ ਵੀ ਆਪਣੀ ਸਰਕਾਰ ਨੂੰ ਇਹੋ ਸੁਨੇਹਾ ਦੇ। ਆਪਸ ਵਿਚ ਗੱਲਬਾਤ ਕੀਤਿਆਂ ਹੀ ਮਸਲੇ ਹੱਲ ਹੋਣੇ ਨੇ। ਨਹੀਂ ਤਾਂ ਦਿਲਾਂ ਦੀਆਂ ਉਲਝਣਾਂ ਵਧਣਗੀਆਂ ਹੀ।
ਪਰ ਦੋਹਾਂ ਮੁਲਕਾਂ ਦੇ ਸਿਪਾਹੀ ਸਾਡੇ ਵੱਲ ਸੰਗੀਨਾਂ ਤਾਣ ਕੇ ਘੂਰ ਰਹੇ ਹਨ ਤੇ ਹਦਾਇਤ ਦੇ ਰਹੇ ਹਨ, ‘‘ਤੁਹਾਡਾ ਕੋਈ ਕੰਮ ਨਹੀਂ ਸਰਕਾਰਾਂ ਦੇ ਮਾਮਲੇ ਵਿਚ ਲੱਤ ਅੜਾਉਣ ਦਾ।’’
ਅਸੀਂ ਸਹਿਮ ਕੇ ਠਿਠਕ ਜਾਂਦੇ ਹਾਂ।
ਅੰਮ੍ਰਿਤਸਰ ਆ ਵੀ ਗਿਆ ਹੈ! ਕਿੰਨੇ ਦੂਰ ਨੇ ਲਾਹੌਰ ਤੇ ਅੰਮ੍ਰਿਤਸਰ! ਕਿੰਨੇ ਨੇੜੇ ਨੇ ਲਾਹੌਰ ਤੇ ਅੰਮ੍ਰਿਤਸਰ! ਕਿੰਨੀ ਵਿੱਥ ਹੈ ਇਕ ਤੋਂ ਦੂਜੇ ਮੁਲਕ ਤਕ! ਕਿੰਨਾ ਨੇੜ ਹੈ ‘ਘਰ’ ਤੋਂ ‘ਘਰ’ ਤਕ!।
ਸ਼ਹਿਰ ਲਾਹੌਰੋਂ ਅੰਬਰਸਰ ਦਾ!
ਕਿੰਨਾ ਪੈਂਡਾ ਘਰ ਤੋਂ ਘਰ ਦਾ!
ਅਸੀਂ ‘ਘਰ’ ਤੋਂ ‘ਘਰ’ ਤੱਕ ਪੁੱਜ ਗਏ ਸਾਂ।