ਨਿਊਯਾਰਕ ਤੋਂ ਪੀ.ਆਈ.ਏ. ਰਾਹੀਂ ਕਰਾਚੀ ਲਈ ਰਵਾਨਾ ਹੋਇਆ। ਮੈਨੂੰ ਪਤਾ ਸੀ ਕਿ ਇਹ ਇਕ ਲੰਬੀ ਤੇ ਨਾੱਨਸਟਾੱਪ ਫ਼ਲਾਈਟ ਹੈ, ਤੇਈ ਚੌਵੀ ਘੰਟੇ ਆਪਣੀਆਂ ਲੱਤਾਂ ਨੂੰ ਬੰਨ੍ਹ ਕੇ ਸਫ਼ਰ ਕਰਨਾ ਪਵੇਗਾ। ਜਹਾਜ਼ ਦੇ ਲੰਬੇ ਸਫ਼ਰ ਨਾਲ਼ ਮੈਨੂੰ ਘਬਰਾਹਟ ਹੁੰਦੀ ਹੈ ਇਸ ਲਈ ਮੈਂ ਅਜਿਹੀਆਂ ਉਡਾਣਾਂ ਦੀ ਚੋਣ ਕਰਦਾ ਹਾਂ ਜੋ ਮੁਲਕ ਮੁਲਕ ਘੁੰਮ ਕੇ ਮੰਜ਼ਿਲ-ਟਿਕਾਣੇ ’ਤੇ ਪਹੁੰਚਾਏ। ਕਿਸੇ ਵੀ ਨਵੇਂ ਮੁਲਕ ਦੇ ਏਅਰਪੋਰਟ ’ਤੇ ਕੁਝ ਘੰਟਿਆਂ ਦੀ ਚਹਿਲ ਕਦਮੀ ਵੀ ਜ਼ਿੰਦਗੀ ਨੂੰ ਨਵੇਂ ਤਜਰਬੇ ਤੇ ਪ੍ਰੇਰਨਾਵਾਂ ਬਖ਼ਸ਼ ਦਿੰਦੀ ਹੈ ਪਰ ਅੱਜ ਮੈਨੂੰ ਇਸੇ ਫ਼ਲਾਈਟ ਰਾਹੀਂ ਜ਼ਰੂਰੀ ਆਪਣੇ ਵਤਨ ਜਾਣਾ ਸੀ। ਕਰਾਚੀ ਤੋਂ ਅੱਗੇ ਮੇਰੀ ਬੁਕਿੰਗ ਲਾਹੌਰ ਲਈ ਹੋ ਚੁੱਕੀ ਸੀ।
ਲਾਹੌਰ ਵਿੱਚ ਮੇਰੀ ਮਾਂ ਬਹੁਤ ਬੀਮਾਰ ਸੀ ਤੇ ਉਹਨਾਂ ਨੇ ਇਹ ਤੀਸਰਾ ਤਾਰ ਭੇਜ ਕੇ ਮੈਨੂੰ ਬੁਲਾਇਆ ਸੀ। ਮੈਂ ਜੇਬ ’ਚ ਹੱਥ ਪਾ ਕੇ ਆਪਣੀ ਮਾਂ ਦੁਆਰਾ ਭੇਜੀ ਤਾਰ ਕੱਢੀ। ਉਹ ਬੇਮਾਅਨੇ ਸ਼ਬਦ ਮੇਰੇ ’ਤੇ ਬੇਅਸਰ ਸਨ। ਆਪਣੀ ਮਾਂ ਦੀਆਂ ਗੰਭੀਰ ਬਿਮਾਰੀਆਂ ਨਾਲ਼ ਮੇਰੇ ਅੰਦਰ ਕੋਈ ਹਲਚਲ ਨਹੀਂ ਹੋ ਰਹੀ ਸੀ। ਮਾਂ ਬੇਸੁਰਤ ਹੋਵੇ, ਬੀਮਾਰ ਹੋਵੇ… ਤੇ ਆਪਣੀ ਹੱਠ ਦੀ ਪੱਕੀ ਹੋਵੇ ਤਾਂ ਉਸ ਨੂੰ ਮਰ ਜਾਣਾ ਚਾਹੀਦੈ… ਉਹ ਹੋਰ ਜ਼ਿੰਦਾ ਰਹਿ ਕੇ ਕੀ ਕਰੇਗੀ, ਮੈਨੂੰ ਗ਼ੁੱਸਾ ਆਉਣ ਲੱਗਾ। “ਆਖ਼ਰ ਮੈਂ ਕਿਉਂ ਆ ਗਿਆ ਇਥੇ!” ਪਰ ਮੈਨੂੰ ਇਥੇ ਭੇਜਣ ਵਿੱਚ ਮੇਰੇ ਦੋਸਤ ਸ਼ਬੀਰ ਦਾ ਵੱਡਾ ਹੱਥ ਸੀ। ਉਹ ਮੈਨੂੰ ਵਾਰ ਵਾਰ ਅਹਿਸਾਸ ਦਵਾਉਂਦਾ ਸੀ ਕਿ ਔਲਾਦ ਨੂੰ ਆਖ਼ਰ ਵਕਤ ਤਕ ਆਪਣੇ ਫ਼ਰਜ਼ਾਂ ਦੀ ਅਦਾਇਗੀ ਕਰਨੀ ਚਾਹੀਦੀ ਹੈ। ਮੈਂ ਅਜਿਹੀ ਕੋਈ ਗੱਲ ਨਹੀਂ ਮੰਨਦਾ ਸੀ। ਜਦੋਂ ਸ਼ਬੀਰ ਨੇ ਟਿਕਟ ਲਿਆ ਕੇ ਮੇਰੀ ਜੇਬ ਵਿੱਚ ਪਾਈ ਤੇ ਮੇਰੀ ਫ਼ਲਾਈਟ ਬਾਰੇ ਦੱਸਿਆ ਤਾਂ ਆਏ ਬਗ਼ੈਰ ਕੋਈ ਚਾਰਾ ਨਾ ਰਿਹਾ।
ਮੈਂ ਹੱਥ ਵਿੱਚ ਫੜ੍ਹੀ ਤਾਰ ਨੂੰ ਦੁਬਾਰਾ ਪੜ੍ਹਿਆ। ਮਾਂ ਦੀ ਹਾਲਤ ਨਾਜ਼ੁਕ ਸੀ। ਉਸ ਨੇ ਲਿਖਿਆ ਸੀ, “ਜੇ ਤੂੰ ਨਹੀਂ ਆਵੇਂਗਾ ਤਾਂ ਮੈਂ ਤੈਨੂੰ ਦੁੱਧ ਨਹੀਂ ਬਖ਼ਸ਼ਾਂਗੀ-“
“ਓ ਖ਼ੁਦਾ!” ਮੇਰਾ ਖ਼ੂਨ ਖੌਲ ਉਠਿਆ। “ਉਹ ਜ਼ਰਾ ਜਿਹਾ ਦੁੱਧ ਜੋ ਮਾਂ ਬਚਪਨ ਵਿੱਚ ਪਿਆ ਦਿੰਦੀ ਹੈ, ਉਸ ਦਾ ਅਹਿਸਾਨ ਕਿੰਨਾ ਜਤਾਉਂਦੀ ਹੈ ਜਿਵੇਂ ਇਹ ਉਸਦੀ ਕੋਈ ਬਹੁਤ ਵੱਡੀ ਪ੍ਰਾਪਤੀ ਹੋਵੇ, ਪਰ ਇਹ ਤਾਂ ਕੁਦਰਤ ਦਾ ਕਾਨੂੰਨ ਹੈ- ਅਜਿਹੀਆਂ ਵੀ ਤਾਂ ਮਾਵਾਂ ਹਨ ਜੋ ਆਪਣੇ ਬੱਚਿਆਂ ਨੂੰ ਇਕ ਘੁੱਟ ਵੀ ਦੁੱਧ ਦੀ ਨਹੀਂ ਚੁੰਘਾਉਂਦੀਆਂ ਤੇ ਬੱਚੇ ਡੱਬੇ ਦਾ ਦੁੱਧ ਪੀ ਪੀ ਕੇ ਸ਼ੇਰ ਜਵਾਨ ਬਣ ਜਾਂਦੇ ਹਨ- ਭਲਾ ਉਨ੍ਹਾਂ ਬੱਚਿਆਂ ਦੀਆਂ ਮਾਵਾਂ ਮਰਨ ਸਮੇਂ ਬੱਚਿਆਂ ਨੂੰ ਕਿਸ ਚੀਜ਼ ਦਾ ਵਾਸਤਾ ਪਾਉਂਦੀਆਂ ਹੋਣਗੀਆਂ-“
ਮੈਂ ਤਾਰ ਆਪਣੀ ਜੇਬ ਵਿੱਚ ਰੱਖ ਲਈ। ਜਹਾਜ਼ ਆਪਣੀ ਉਡਾਣ ’ਤੇ ਆਮ ਵਾਂਗ ਉੱਡ ਰਿਹਾ ਸੀ। ਮੈਂ ਸਿਗਰੇਟ ਸੁਲਗਾ ਲਈ ਕਿ ਹੁਣ ਸਿਗਰੇਟ ਪੀਣ ਦੀ ਮਨਾਹੀ ਖ਼ਤਮ ਹੋ ਚੁੱਕੀ ਸੀ। ਮੈਂ ਇਧਰ ਉਧਰ ਨਜ਼ਰਾਂ ਘੁੰਮਾ ਕੇ ਜਹਾਜ਼ ਦੇ ਮੁਸਾਫ਼ਰਾਂ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ। ਜਹਾਜ਼ ਦੀਆਂ ਸੀਟਾਂ ’ਤੇ ਬੈਠ ਕੇ ਆਦਮੀ ਆਪਣੇ ਨਾਲ਼ ਬੈਠਿਆਂ ਵੱਲ ਨਹੀਂ ਝਾਕ ਸਕਦਾ ਪਰ ਮੈਂ ਫਿਰ ਵੀ ਕੋਸ਼ਿਸ਼ ਕਰ ਕੇ ਇਧਰ ਉਧਰ ਵੇਖਣ ਲੱਗਾ ਤੇ ਮੇਰੀ ਨਿਗਾਹ ਇਕ ਕੋਨੇ ਵਿੱਚ ਖੜੋ ਗਈ। ਉਂਞ ਤਾਂ ਲੰਬੇ ਸਮੇਂ ਤੋਂ ਔਰਤਾਂ ਵੱਲ ਝਾਕਣਾ ਤੇ ਤੱਕਣਾ ਮੇਰਾ ਸ਼ੁਗਲ ਬਣ ਗਿਆ ਹੈ ਤੇ ਜੇ ਔਰਤ ਇਸ ਕਿਸਮ ਦੀ ਹੋਵੇ ਤਾਂ ਮੈਂ ਨਜ਼ਰਾਂ ਕਿਵੇਂ ਹਟਾ ਸਕਦਾ ਹਾਂ।
ਉਸ ਦੇ ਲੰਬੇ ਵਾਲਾਂ ਦੀਆਂ ਢਿੱਲੀਆਂ ਗੁੱਤਾਂ ਉਸ ਦੇ ਮੌਢਿਆਂ ‘ਤੇ ਪੈ ਰਹੀਆਂ ਸਨ। ਉਸ ਦੀ ਪਿੱਠ ਮੇਰੇ ਵੱਲ ਸੀ। ਉਸ ਦੀ ਬੱਚੀ ਲਗਾਤਾਰ ਰੋ ਰਹੀ ਸੀ ਤੇ ਉਹ ਉਸ ਨੂੰ ਚੁੱਪ ਕਰਾਉਣ ਵਿੱਚ ਮਗਨ ਸੀ। ਉਸ ਦਾ ਵੱਡਾ ਬੱਚਾ ਉਸ ਦੇ ਪਤੀ ਦੀ ਗੋਦੀ ਵਿੱਚ ਬੈਠਾ ਸੀ। ਮੈਨੂੰ ਉਸ ਦੀ ਸੂਰਤ ਨਜ਼ਰ ਨਹੀਂ ਆਈ ਸੀ। ਮੈਂ ਸਿਰਫ਼ ਉਸ ਦੀ ਪਿੱਠ ਵੇਖ ਰਿਹਾ ਸੀ। “ਓਫ਼ ਖ਼ੁਦਾਇਆ` ਪਿੱਠ ਨੇ ਹੀ ਮੈਨੂੰ ਡੱਸ ਲਿਆ ਸੀ- ਉਹ ਪਿਛਿਓਂ ਬਿਲਕੁਲ ਉਜਲੀ ਵਾਂਗ ਲੱਗ ਰਹੀ ਸੀ- ਇਕ ਪਲ ਲਈ ਤਾਂ ਮੈਂ ਸੋਚ ਲਿਆ ਕਿ ਸ਼ਾਇਦ ਉਜਲੀ ਹੀ ਹੈ ਤੇ ਹੁਣ ਆਪਣੇ ਪਤੀ ਤੇ ਬੱਚਿਆਂ ਨਾਲ਼ ਪਾਕਿਸਤਾਨ ਵਾਪਸ ਆ ਰਹੀ ਹੈ… ਇਹ ਮੇਰੀ ਉਜਲੀ ਹੈ… ਹਾਂ! ਜੇ ਮੇਰਾ ਉਸ ਨਾਲ਼ ਵਿਆਹ ਹੋਇਆ ਹੁੰਦਾ ਤਾਂ ਅੱਜ ਉਹ ਵੀ ਅਜਿਹੀ ਹੀ ਭਰਪੂਰ ਔਰਤ ਹੁੰਦੀ… ਮੇਰੇ ਵੀ ਦੋ ਬੱਚੇ ਹੁੰਦੇ- ਅਸੀਂ ਵੀ ਅਜਿਹੀ ਹੀ ਖ਼ੁਸ਼ਹਾਲ ਜ਼ਿੰਦਗੀ ਬਿਤਾ ਰਹੇ ਹੁੰਦੇ… ਇਕ ਦੂਜੇ ਵਿੱਚ ਮਗਨ… ਇਕ ਦੂਜੇ ਵਿੱਚ ਮਗਨ ਤਾਂ ਅਸੀਂ ਬੜੀ ਜਲਦੀ ਹੋ ਗਏ ਸੀ-“
ਮੇਰੀ ਨਵੀਂ ਨਵੀਂ ਪੋਸਟਿੰਗ ਸਾਹੀਵਾਲ ਹੋ ਗਈ ਸੀ। ਮਾਂ ਦਾ ਇਕਲੌਤਾ ਤੇ ਲਾਡਲਾ ਬੱਚਾ ਘਰ ਤੋਂ ਬਾਹਰ ਜਾ ਰਿਹਾ ਹੋਵੇ ਤਾਂ ਮਾਂਵਾਂ ਹਜ਼ਾਰ ਕਿਸਮ ਦੀਆਂ ਨਸੀਹਤਾਂ ਤੇ ਚਿੰਤਾਵਾਂ ਪੱਲੇ ਵਿੱਚ ਬੰਨ੍ਹ ਦਿੰਦੀਆਂ ਹਨ। ਮੇਰੀ ਮਾਂ ਨੂੰ ਵੀ ਮੇਰੀ ਬਹੁਤ ਫ਼ਿਕਰ ਸੀ, ਕਿਉਂ ਕਿ ਮੈਂ ਇਕ ਖ਼ਾਸ ਅੰਦਾਜ਼ ਵਿੱਚ ਰਹਿਣ ਦਾ ਆਦੀ ਹਾਂ। ਸਪੈਸ਼ਲ ਕਿਸਮ ਦਾ ਨਾਸ਼ਤਾ ਮੈਨੂੰ ਪਸੰਦ ਹੈ। ਖਾਣੇ ਵਿੱਚ ਫਲਾਣੀ ਫਲਾਣੀ ਚੀਜ਼ ਹੋਵੇ। ਕਮਰੇ ਦਾ ਮਾਹੌਲ ਵੀ ਇਵੇਂ ਹੋਵੇ, ਇਨ੍ਹਾਂ ਸਭ ਗੱਲਾਂ ਵਿੱਚ ਅਸਲ ਵਿੱਚ ਮੇਰੀ ਮਾਂ ਦਾ ਹੀ ਦਖ਼ਲ ਸੀ ਤੇ ਮੈਂ ਮਾਂ ਦੀਆਂ ਆਦਤਾਂ ਦਾ ਆਦੀ ਹੋ ਗਿਆ ਸੀ, ਕਿਵੇਂ ਨਾ ਹੁੰਦਾ? ਅੱਬੂ ਜੀ ਨੇ ਜਾਂਦੇ ਸਮੇਂ ਮੈਨੂੰ ਕਿਹਾ ਸੀ: “ਬੇਟਾ! ਜ਼ਿੰਦਗੀ ਦੀਆਂ ਸਾਰੀਆਂ ਸਿਖਲਾਈਆਂ ਮਾਂ ਦੇ ਕਦਮਾਂ ਵਿੱਚ ਤਲਾਸ਼ ਕਰੀਂ-“
ਅੱਬਾ ਜੀ ਨੂੰ ਅਚਾਨਕ ਹਾਰਟ ਅਟੈਕ ਹੋ ਗਿਆ ਸੀ। ਮੈਂ ਉਹਨਾਂ ਦਿਨਾਂ ਵਿੱਚ ਮੈਟ੍ਰਿਕ ਵਿੱਚ ਪੜ੍ਹਦਾ ਸੀ ਤੇ ਬੜਾ ਜ਼ਿੱਦੀ ਤੇ ਸ਼ਰਾਰਤੀ ਬੱਚਾ ਸੀ। ਅੱਬਾ ਜੀ ਮੇਰੀਆਂ ਆਦਤਾਂ ਤੋਂ ਜਾਣੂ ਸਨ। ਇਸ ਲਈ ਉਹਨਾਂ ਨੇ ਘੰਟਾ ਭਰ ਮੈਨੂੰ ਹਸਪਤਾਲ ਵਿੱਚ ਆਪਣੇ ਕੋਲ ਬਿਠਾਈ ਰੱਖਿਆ। ਮੇਰੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਹੌਲੀ ਹੌਲੀ ਥਾਪੜਦੇ ਰਹੇ ਤੇ ਹੌਲੀ ਹੌਲੀ ਇਵੇਂ ਮੇਰੇ ਕੰਨਾਂ ਵਿੱਚ ਆਪਣੀਆਂ ਗੱਲਾਂ ਦਾ ਰਸ ਟਪਕਾਉਂਦੇ ਰਹੇ ਜਿਵੇਂ ਬਕਰੀ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਹੈ।
“ਬੇਟਾ! ਮਾਂ ਇਸ ਦੁਨੀਆਂ ਵਿੱਚ ਸਭ ਤੋਂ ਵੱਡੀ ਖ਼ੁਸ਼ੀ ਤੇ ਸਭ ਤੋਂ ਵੱਡੀ ਮਿਹਰ ਹੈ- ਤੂੰ ਇਸ ਦੁਨੀਆਂ ਵਿੱਚ ਜੋ ਕੁਝ ਵੀ ਹਾਸਲ ਕਰੇਂਗਾ, ਮਾਂ ਦੀਆਂ ਦੁਆਵਾਂ ਨਾਲ਼ ਹਾਸਲ ਕਰੇਂਗਾ- ਜ਼ਮੀਨ ‘ਤੇ ਜੇ ਮਾਂ ਨੂੰ ਖ਼ੁਸ਼ ਰੱਖੇਂਗਾ ਤਾਂ ਆਸਮਾਨ ‘ਤੇ ਖ਼ੁਦਾ ਖ਼ੁਸ਼ ਹੋਵੇਗਾ- ਮਾਂ ਇਕ ਦੁਆ ਦੇਵੇਗੀ, ਅੱਲਾ ਤਾਲਾ ਦੱਸ ਹੋਰ ਸੁਣ ਲਵੇਗਾ- ਮਾਂ ਤੇਰੇ ਕੰਮਾਂ ‘ਤੇ ਮੁਸਕੁਰਾਏਗੀ ਤਾਂ ਅੱਲਾ ਤਾਲਾ ਜ਼ਿੰਦਗੀ ਭਰ ਤੇਰੇ ‘ਤੇ ਕਾਮਯਾਬੀਆਂ ਅਤੇ ਮਿਹਰਾਂ ਦੇ ਫੁੱਲ ਨਿਛਾਵਰ ਕਰੇਗਾ-“
ਮੈਂ ਅੱਬਾ ਜੀ ਦੀਆਂ ਗੱਲਾਂ ਨੂੰ ਸਮਝ ਨਹੀਂ ਰਿਹਾ ਸੀ। ਇਸ ਲਈ ਹੈਰਤ ਨਾਲ਼ ਉਹਨਾਂ ਦੇ ਪੀਲੇ ਪੈਂਦੇ ਚਿਹਰੇ ਤੇ ਝੱਗੋ ਝੱਗ ਹੁੰਦੇ ਬੁਲ੍ਹਾਂ ਨੂੰ ਵੇਖਦਾ ਰਿਹਾ। ਬੜੀਆਂ ਡੂੰਘੀਆਂ ਗੱਲਾਂ ਲੱਗ ਰਹੀਆਂ ਸਨ ਮੈਨੂੰ ਉਹ…
ਫਿਰ ਅੱਬਾ ਜੀ ਬੋਲੇ: “ਜੁਆਨ ਪੁੱਤ ਮਾਂ ਦਾ ਸਭ ਤੋਂ ਵੱਡਾ ਆਸਰਾ ਹੁੰਦਾ ਹੈ… ਉਸ ਦੇ ਬੁਢਾਪੇ ਦੀ ਵੈਸਾਖੀ ਹੁੰਦਾ ਹੈ… ਜਵਾਨ ਬੇਟਾ ਚੰਗਾ ਤੇ ਆਗਿਆਕਾਰ ਹੋਵੇ ਤਾਂ ਔਰਤ ਆਪਣੇ ਵਿਧਵਾ ਹੋਣ ਦਾ ਗ਼ਮ ਭੁੱਲ ਜਾਂਦੀ ਹੈ-“
ਮੈਂ ਘਬਰਾ ਕੇ ਅੱਬਾ ਜੀ ਦੇ ਚਿਹਰੇ ਵੱਲ ਵੇਖਿਆ ਤਾਂ ਉਹਨਾਂ ਦਾ ਚਿਹਰਾ ਹੋਰ ਪੀਲਾ ਪੈ ਗਿਆ।
ਬੋਲੇ: “ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖ਼ੁਸ਼ੀ ਜਿਹੜੀ ਤੂੰ ਮਾਂ ਨੂੰ ਦੇ ਸਕਦਾ ਹੈਂ… ਉਹ ਇਹ ਹੈ ਕਿ ਆਪਣੀ ਜ਼ਿੰਦਗੀ ਆਪਣੀ ਮਾਂ ਦੇ ਹਵਾਲੇ ਕਰ ਦੇਣਾ-“
“ਜ਼ਿੰਦਗੀ?” ਮੇਰੇ ਬੁੱਲ੍ਹ ਹਿੱਲੇ… “ਹਾਂ! ਜ਼ਿੰਦਗੀ! ਕਹਿੰਦੇ ਹਨ ਜ਼ਿੰਦਗੀ ਦੇ ਸਭ ਤੋਂ ਵੱਡੇ ਫ਼ੈਸਲੇ ਨੂੰ… ਤੇ ਸਭ ਤੋਂ ਵੱਡਾ ਫ਼ੈਸਲਾ ਵਿਆਹ ਦਾ ਫ਼ੈਸਲਾ ਹੁੰਦਾ ਹੈ-” ਮੈਨੂੰ ਇਕਦਮ ਪਸੀਨਾ ਆ ਗਿਆ। ਸੋਲ੍ਹਾਂ ਸਾਲ ਦਾ ਮੁੰਡਾ ਭਲਾ ਵਿਆਹ ਬਾਰੇ ਕੀ ਸੋਚ ਸਕਦਾ ਹੈ।
“ਵਾਅਦਾ ਕਰ ਫ਼ੈਜ਼ਲ!” ਅੱਬਾ ਜੀ ਨੇ ਮੇਰਾ ਹੱਥ ਤੇ ਸਿਰ ਫੜ੍ਹ ਕੇ ਕਿਹਾ: “ਤੂੰ ਆਪਣਾ ਵਿਆਹ ਆਪਣੀ ਮਾਂ ਦੀ ਪਸੰਦ ਮੁਤਾਬਕ ਕਰੇਂਗਾ-“
ਮੈਂ ਬਿਨਾਂ ਸੋਚੇ ਸਮਝੇ ਸਿਰ ਹਿਲਾ ਦਿੱਤਾ।
ਉਹ ਬੋਲੇ: “ਜ਼ਬਾਨ ਨਾਲ਼ ਬੋਲ ਕੇ ਇਕਰਾਰ ਕਰ-” ਮੈਂ ਰੋਣ ਲੱਗਾ, ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਟਪਕ ਪਏ ਤੇ ਰੋਆਂਸੀ ਆਵਾਜ਼ ਵਿੱਚ ਮੈਂ ਕਿਹਾ: “ਵਾਅਦਾ ਕਰਦਾ ਹਾਂ ਕਿ ਵਿਆਹ ਆਪਣੀ ਮਾਂ ਦੀ ਪਸੰਦ ਨਾਲ਼ ਕਰਾਂਗਾ-“
“ਇਹ ਕਿੰਨਾ ਵਾਹਿਆਤ ਵਾਅਦਾ ਸੀ-” ਮੈਂ ਦਿਲ ਵਿੱਚ ਸੋਚਿਆ। ਇਕ ਛੋਟੇ ਬੱਚੇ ਨਾਲ਼ ਜਿਸ ਦੀਆਂ ਇੱਛਾਵਾਂ ਅਜੇ ਅੰਗੜਾਈਆਂ ਲੈ ਕੇ ਜਵਾਨ ਵੀ ਨਾ ਹੋਈਆਂ ਹੋਣ, ਪਤਾ ਨਹੀਂ ਅੱਬਾ ਜੀ ਨੂੰ ਅੱਜ ਕੀ ਹੋ ਗਿਆ ਸੀ। ਮੈਂ ਅੱਬਾ ਜੀ ਦੇ ਹੱਥ ਤੋਂ ਆਪਣਾ ਹੱਥ ਝਟਕਿਆ ਤਾਂ ਕਿ ਅੱਥਰੂ ਸਾਫ਼ ਕਰ ਸਕਾਂ ਪਰ ਅਚਾਨਕ ਅੱਬਾ ਜੀ ਦਾ ਹੱਥ ਮੇਰੀ ਝੋਲੀ ਵਿੱਚ ਇਵੇਂ ਡਿੱਗ ਗਿਆ ਜਿਵੇਂ ਉਹ ਹੱਥ ਹੈ ਹੀ ਨਹੀਂ ਸੀ ਸਗੋਂ ਇਕ ਬੇਜਾਨ ਪੱਥਰ ਸੀ। ਮੈਂ ਡਰਿਆ ਸਹਿਮਿਆ ਜਿਹਾ ਉੱਠ ਖੜਾ ਹੋਇਆ। ਅੱਬਾ ਜੀ ਨੂੰ ਹਿਲਾਇਆ… ਪਰ ਅੱਬਾ ਜੀ ਆਪਣਾ ਵਾਅਦਾ ਲੈ ਕੇ ਜਾ ਚੁੱਕੇ ਸਨ।
ਅੱਬਾ ਜੀ ਦੇ ਜਾਣ ਨਾਲ਼ ਮੈਂ ਇਕਦਮ ਬਾਲਗ਼ ਹੋ ਗਿਆ। ਮੈਟ੍ਰਿਕ ਵਿੱਚ ਫ਼ਸਟ ਡਵੀਜ਼ਨ ਆਈ। ਫਿਰ ਉਸੇ ਹੁਸ਼ਿਆਰੀ ਨਾਲ਼ MSc ਤਕ ਪੜ੍ਹਿਆ। ਇਕ ਗੱਲ ਮੈਨੂੰ ਹਮੇਸ਼ਾ ਯਾਦ ਰਹੀ: “ਮਾਂ ਦੀ ਖ਼ੁਸ਼ੀ!”
ਮਾਂ ਦੀ ਖ਼ੁਸ਼ੀ ਦਾ ਫ਼ਲ ਵੀ ਮੈਂ ਵੇਖਿਆ ਕਿ ਹਰ ਕਦਮ ‘ਤੇ ਮਿਲੀਆਂ ਦੁਆਵਾਂ ਨੇ ਮੈਨੂੰ ਸਾਰੀਆਂ ਕਾਮਯਾਬੀਆਂ ਦਿੱਤੀਆਂ।
ਮੈਂ ਹੋਰ ਵੀ ਮਾਂ ਦੇ ਕਦਮਾਂ ਵਿੱਚ ਝੁਕਦਾ ਗਿਆ। ਮਾਂ ਦੀ ਦੁਆ ਇੰਨੀ ਵੱਡੀ ਸਿਫ਼ਾਰਸ਼ ਸੀ ਕਿ ਜਦੋਂ ਮੈਂ ਪੜ੍ਹਾਈ ਖ਼ਤਮ ਕਰ ਕੇ ਨੌਕਰੀ ਦੀ ਤਲਾਸ਼ ਵਿੱਚ ਨਿਕਲਿਆ ਤਾਂ ਇੰਨਾ ਮਿਹਰਵਾਨ ਕਿਸਮ ਦਾ ਬਾੱਸ ਮਿਲ ਗਿਆ ਜਿਸ ਨੇ ਮੈਨੂੰ ਨੌਕਰੀ ਲਈ ਹੀ ਨਹੀਂ ਚੁਣਿਆ ਬਲਕਿ ਮੇਰੀ ਰਿਹਾਇਸ਼ ਦਾ ਮਸਲਾ ਵੀ ਹੱਲ ਕਰ ਦਿੱਤਾ।
ਜਦੋਂ ਮੈਂ ਸਾਹੀਵਾਲ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਮਾਂ ਬੌਖ਼ਲਾਈ ਬੌਖ਼ਲਾਈ ਘੁੰਮ ਰਹੀ ਸੀ। ਜ਼ਿੰਦਗੀ ਵਿੱਚ ਪਹਿਲੀ ਵਾਰ ਅਸੀਂ ਮਾਂ ਪੁੱਤ ਇਕ ਦੂਸਰੇ ਤੋਂ ਅੱਡ ਹੋ ਰਹੇ ਸਾਂ। ਮਾਂ ਮੈਨੂੰ ਇਵੇਂ ਨਸੀਹਤਾਂ ਦੇ ਰਹੀ ਸੀ ਜਿਵੇਂ ਮੈਂ ਛੋਟਾ ਜਿਹਾ ਬੱਚਾ ਹੋਵਾਂ ਤੇ ਪਹਿਲੀ ਵਾਰ ਕੋਈ ਮੇਲਾ ਵੇਖਣ ਜਾ ਰਿਹਾ ਹੋਵਾਂ। ਮਾਂ ਹਮੇਸ਼ਾ ਪੁੱਤ ਨੂੰ ਛੋਟਾ ਬੱਚਾ ਹੀ ਸਮਝਦੀ ਹੈ।
“ਮੇਰਾ ਤਾਂ ਜੀ ਕਰਦਾ ਹੈ ਹੁਣ ਤੇਰਾ ਵਿਆਹ ਕਰ ਦੇਵਾਂ- ਤੂੰ ਆਪਣੇ ਆਪ ਨੂੰ ਉਥੇ ਨਹੀਂ ਸੰਭਾਲ ਸਕੇਗਾ -” ਮਾਂ ਬੋਲੀ।
“ਤੁਹਾਡੀ ਮਰਜ਼ੀ ਮਾਂ-” ਮੈਂ ਸ਼ਰਾਰਤ ਨਾਲ਼ ਕਿਹਾ। “ਮੈਂ ਕਿਹੜਾ ਆਪਣੀ ਮਰਜ਼ੀ ਨਾਲ਼ ਵਿਆਹ ਕਰਨਾ ਹੈ-“
“ਇਹ ਤਾਂ ਇਕ ਗੱਲ ਫੜ੍ਹ ਕੇ ਬੈਠ ਗਿਆ ਹੈਂ ਮੈਂ ਕਿਥੋਂ ਲੱਭਾਂਗੀ? ਤੇਰੀ ਦੁਲਹਨ! ਖ਼ੁਦ ਹੀ ਲੱਭ ਕੇ ਮੈਨੂੰ ਦੱਸ ਦੇਈਂ-“
“ਵੇਖੋ ਮਾਂ, ਮੈਨੂੰ ਇਸ ਕਿਸਮ ਦੀ ਸ਼ਹਿ ਨਾ ਦੇਵੋ- ਮੈਨੂੰ ਪਤਾ ਹੈ ਕਿ ਜੇ ਮੈਂ ਕੁੜੀ ਪਸੰਦ ਕਰ ਲਈ ਤਾਂ ਤੁਸੀਂ ਰੋ ਰੋ ਕੇ ਬੁਰਾ ਹਾਲ ਕਰ ਲਵੋਗੇ-“
“ਪਾਗਲ!” ਮਾਂ ਨੇ ਮੇਰੇ ਮੌਢੇ ‘ਤੇ ਥਾਪੀ ਜਿਹੀ ਮਾਰੀ। “ਮੈਂ ਕਿਉਂ ਇਵੇਂ ਕਰਾਂਗੀ- ਮੈਂ ਖ਼ੁਦ-ਗ਼ਰਜ਼ ਮਾਂ ਨਹੀਂ ਹਾਂ- ਲੈ ਅੱਜ ਮੈਂ ਤੇਰੇ ਨਾਲ਼ ਵਾਅਦਾ ਕਰਦੀ ਹਾਂ ਜਿਸ ਨੂੰ ਤੂੰ ਪਸੰਦ ਕਰੇਂਗਾ, ਮੈਂ ਉਸ ਨਾਲ਼ ਜ਼ਰੂਰ ਤੇਰਾ ਵਿਆਹ ਕਰਾਵਾਂਗੀ-“
“ਪੱਕਾ ਵਾਅਦਾ ਮਾਂ…” ਮੈਂ ਹੱਥ ਵਧਾਇਆ।
ਮਾਂ ਨੇ ਮੇਰਾ ਹੱਥ ਫੜ੍ਹ ਲਿਆ ਤੇ ਬੋਲੀ: “ਇਹ ਇਕ ਮਾਂ ਦਾ ਵਾਅਦਾ ਹੈ ਫ਼ੈਜ਼ਲ! ਤੇਰਾ ਵਿਆਹ ਤੇਰੀ ਪਸੰਦ ਨਾਲ਼ ਹੋਵੇਗਾ ਤੇ ਮੈਂ ਆਪਣੇ ਹੱਥੀਂ ਕਰਾਂਗੀ-“
ਮੈਂ ਝੁੱਕ ਕੇ ਮਾਂ ਦੇ ਪੈਰ ਛੁਹ ਲਏ, ਮਾਂ ਤੇ ਬਾਪ ਵਿੱਚ ਕਿੰਨਾ ਫ਼ਰਕ ਹੁੰਦਾ ਹੈ। ਸ਼ਾਇਦ ਅੱਬਾ ਜੀ ਵੀ ਨਹੀਂ ਜਾਣਦੇ ਸਨ ਕਿ ਮਾਂ ਦਾ ਦਿਲ ਕਿੰਨਾ ਵੱਡਾ ਹੁੰਦਾ ਹੈ। ਮਾਂ ਇਕ ਸਮੁੰਦਰ ਹੁੰਦੀ ਹੈ, ਰੇਗਿਸਤਾਨ ਦੀ ਵਿਸ਼ਾਲਤਾ ਹੈ, ਉਸ ਦੇ ਕੰਮਜ਼ੋਰ ਤੇ ਬਿਮਾਰ ਦਿਲ ਵਿੱਚ।
“ਇਹ ਕਿਵੇਂ ਹੋ ਸਕਦਾ ਹੈ ਮੈਂ ਆਪਣੀ ਮਾਂ ਦੀ ਮਰਜ਼ੀ ਜਾਣੇ ਬਗ਼ੈਰ ਕੁੜੀ ਪਸੰਦ ਕਰ ਲਵਾਂ- ਕਦੀ ਅਜਿਹਾ ਮੌਕਾ ਆਇਆ ਤਾਂ ਪਹਿਲਾਂ ਤੁਹਾਨੂੰ ਕੁੜੀ ਵਿਖਾਵਾਂਗਾ-“
“ਤੇ ਮੈਂ ਉਸ ਕੁੜੀ ਨੂੰ ਸਿਰ ਅੱਖਾਂ ‘ਤੇ ਬਿਠਾਵਾਂਗੀ-“
ਮਾਂ ਦੀਆਂ ਅੱਖਾਂ ਵਿੱਚ ਇੱਜ਼ਤ ਅਤੇ ਸੱਚਾਈ ਦੇ ਚਿਰਾਗ਼ ਬਲ ਰਹੇ ਸਨ, ਮੈਨੂੰ ਉਹਨਾਂ ਦੀ ਜ਼ੁਬਾਨ ਦੀ ਸੱਚਾਈ ‘ਤੇ ਯਕੀਨ ਆ ਗਿਆ ਪਰ ਮੈਨੂੰ ਇਹ ਇਕ ਨਾਮੁਮਕਿਨ ਜਿਹੀ ਗੱਲ ਲੱਗ ਰਹੀ ਸੀ ਕਿ ਕੋਈ ਕੁੜੀ ਮੇਰੀਆਂ ਨਜ਼ਰਾਂ ਵਿੱਚ ਆਵੇਗੀ? ਮਾਵਾਂ ਦੇ ਲਾਡਲੇ ਸਪੂਤ ਵਿਗੜੇ ਹੋਏ ਬੱਚੇ ਹੁੰਦੇ ਹਨ, ਝੁਕਣਾ ਨਹੀਂ ਜਾਣਦੇ, ਹਮੇਸ਼ਾ ਦੂਸਰਿਆਂ ਦੀ ਪਹਿਲ ਦੀ ਆਸ ਵਿੱਚ ਹੁੰਦੇ ਹਨ।
ਪਰ ਕਦੀ ਕਦੀ ਨਾਮੁਮਕਿਨ ਮੁਮਕਿਨ ਹੋ ਜਾਂਦਾ ਹੈ ਤੇ ਮੁਹੱਬਤ ਇਕ ਤੂਫ਼ਾਨੀ ਜਜ਼ਬਾ ਹੈ ਜੋ ਅਹਿਸਾਸਾਂ ਤੇ ਜਜ਼ਬਾਤਾਂ ‘ਤੇ ਲੱਗੇ ਹੋਏ ਸਾਰੇ ਤਾਲੇ ਤੋੜ ਕੇ ਨਿਕਲ ਜਾਂਦਾ ਹੈ। ਉਸ ਦਾ ਅਹਿਸਾਸ ਮੈਨੂੰ ਤਿੰਨ ਮਹੀਨੇ ਬਾਅਦ ਹੀ ਹੋ ਗਿਆ।
ਅਰਫ਼ਾਨ ਸਾਹਿਬ ਨੇ ਕਿਹਾ ਸੀ: “ਜਦੋਂ ਤਕ ਮੈਨੂੰ ਰਹਿਣ ਨੂੰ ਘਰ ਨਹੀਂ ਮਿਲਦਾ ਉਹਨਾਂ ਦੇ ਅਜ਼ੀਜਾਂ ਦੇ ਘਰ ਠਹਿਰ ਸਕਦਾ ਹਾਂ-” ਤਿੰਨ ਮਹੀਨੇ ਬਾਅਦ ਮੈਨੂੰ ਦੋ ਕਮਰਿਆਂ ਦਾ ਇਕ ਖ਼ੂਬਸੂਰਤ ਘਰ ਮਿਲ ਗਿਆ ਸੀ। ਆਪਣਾ ਸਮਾਨ ਉਥੇ ਰੱਖਣ ਤੋਂ ਬਾਅਦ ਮੈਂ ਮਾਂ ਨੂੰ ਫ਼ੋਨ ਕੀਤਾ ਸੀ ਤੇ ਫਿਰ ਸ਼ਾਮ ਨੂੰ ਤਿਆਰ ਹੋ ਕੇ ਅਰਫ਼ਾਨ ਸਾਹਿਬ ਦੇ ਘਰ ਆ ਗਿਆ ਤਾਂ ਕਿ ਅੱਜ ਉਹਨਾਂ ਦੀ ਮਿਹਰਬਾਨੀ ਦਾ ਸ਼ੁਕਰੀਆ ਅਦਾ ਕਰਾਂ।
ਅਰਫ਼ਾਨ ਸਾਹਿਬ ਤਾਂ ਘਰ ਨਹੀਂ ਸਨ, ਅਲਬੱਤਾ ਇਕ ਖ਼ੂਬਸੂਰਤ ਬਲਾ ਨੇ ਮੇਰੇ ‘ਤੇ ਹਮਲਾ ਕਰ ਦਿੱਤਾ।
ਉਹ ਬਹੁਤ ਜ਼ਿਆਦਾ ਲੰਬੇ ਵਾਲਾਂ ਵਾਲੀ ਇਕ ਖ਼ੂਬਸੂਰਤ ਕੁੜੀ ਸੀ। ਥੋੜ੍ਹੀ ਦੇਰ ਪਹਿਲਾਂ ਅਚਾਨਕ ਡਰਾਇੰਗ ਰੂਮ ਦੀ ਬੱਤੀ ਬੰਦ ਹੋ ਗਈ ਸੀ। ਉਹ ਮੋਮਬੱਤੀ ਹੱਥ ਵਿੱਚ ਚੁੱਕੀ ਡਰਾਇੰਗ ਰੂਮ ਵਿੱਚ ਦਾਖ਼ਲ ਹੋਈ।
ਜੇ ਘੁੱਪ ਹਨੇਰੇ ਵਿੱਚ ਅਚਾਨਕ ਰੋਸ਼ਨੀ ਹੋ ਜਾਵੇ ਤੇ ਤੁਸੀਂ ਵੇਖੋ ਕਿ ਲੰਬੇ ਕਾਲੇ ਖੁਲ੍ਹੇ ਵਾਲਾਂ ਵਾਲੀ, ਮੋਟੀਆਂ ਮੋਟੀਆਂ ਅੱਖਾਂ ਵਾਲੀ, ਚਾਂਦਨੀ ਸਫ਼ੇਦ ਰੰਗਤ ਵਾਲੀ ਕੋਮਲ ਅਤੇ ਨਰਮ ਕੁੜੀ ਹੱਥ ਵਿੱਚ ਮੋਮਬੱਤੀ ਹੱਥ ਵਿੱਚ ਫੜੀ ਤੁਹਾਡੇ ਵੱਲ ਤੁਰੀ ਆ ਰਹੀ ਹੋਵੇ ਤਾਂ ਕੀ ਹੁੰਦਾ ਹੈ? ਹਾਂ ਜੀ ਉਹੀ ਹੁੰਦਾ ਹੈ ਜੋ ਮੇਰੇ ਨਾਲ਼ ਹੋ ਗਿਆ। ਜਿਵੇਂ ਮਨ ਦੇ ਸਾਰੇ ਕਵਾੜ ਖੁੱਲ੍ਹ ਗਏ ਤੇ ਅੰਦਰ ਬਾਹਰ ਰੋਸ਼ਨੀ ਦੀਆਂ ਕਿਰਨਾਂ ਲੋਟਪੋਟ ਹੋਣ ਲੱਗੀਆਂ। ਜਦੋਂ ਮੈਂ ਕਾਫ਼ੀ ਦੇਰ ਤਕ ਇਕ ਟਕ ਉਸ ਨੂੰ ਵੇਖਦਾ ਰਿਹਾ ਤਾਂ ਉਸ ਨੇ ਹੌਲੀ ਜਿਹੀ ਮੋਮਬੱਤੀ ਮੇਜ਼ ‘ਤੇ ਰੱਖ ਦਿੱਤੀ ਤੇ ਬੋਲ੍ਹੀ:
“ਡੈਡੀ ਹੁਣੇ ਆਉਂਦੇ ਹੋਣਗੇ, ਉਹਨਾਂ ਦਾ ਫ਼ੋਨ ਆਇਆ ਹੈ-“
ਮੈਂ ਕੁਝ ਨਹੀਂ ਬੋਲਿਆ- ਉਸੇ ਤਰ੍ਹਾਂ ਬੈਠਾ ਰਿਹਾ, ਉਹ ਫਿਰ ਬੋਲੀ:
“ਮੇਰਾ ਨਾਮ ਉਜਾਲਾ ਹੈ, ਮੈਂ ਅਰਫ਼ਾਨ ਸਾਹਿਬ ਦੀ ਬੇਟੀ ਹਾਂ-“
“ਉਜਾਲਾ….!”
ਫਿਰ ਮੈਂ ਚੌਂਕਿਆ, ਮੁਸਕੁਰਾਇਆ, ਆਪਣੇ ਆਪ ਵਿੱਚ ਆਇਆ ਤੇ ਹਿੰਮਤ ਕਰਕੇ ਬੋਲਿਆ:
“ਤੁਸੀਂ ਤਾਂ ਅਜਿਹਾ ਉਜਾਲਾ ਹੋ ਜੋ ਤਨ ਮਨ ਦੇ ਹਨੇਰੇ ਦੂਰ ਕਰ ਦਿੰਦਾ ਹੈ-“
“ਜੀ?” ਉਹ ਜਾਂਦਿਆਂ ਜਾਂਦਿਆਂ ਮੁੜੀ ਤੇ ਮੈਂ ਉਸ ਦੇ ਬੇਇੰਤਹਾ ਲੰਬੇ, ਖ਼ੂਬਸੂਰਤ ਤੇ ਚਮਕਦਾਰ ਵਾਲ ਵੇਖੇ। “ਉਫ਼ ਖ਼ੁਦਾਇਆ` ਘਟਨਾਵਾਂ ਕਿਵੇਂ ਦੀਆਂ ਹੋਣਗੀਆਂ? ਨਾਗ ਕਿਸਨੂੰ ਕਹਿੰਦੇ ਹਨ?”
ਕਾਲੀ ਰਾਤ ਦੇ ਜਾਦੂਈ ਹਨੇਰੇ ਵਿੱਚ ਉਨ੍ਹਾਂ ਕਾਲੇ ਨਾਗਾਂ ਨੇ ਮੈਨੂੰ ਡੱਸ ਲਿਆ। ਮੈਂ ਅਜਿਹਾ ਮੋਹਿਤ ਹੋਇਆ ਬੈਠਾ ਸੀ। ਜਦੋਂ ਮਰਦ ਬੁੱਤ ਬਣ ਜਾਣ ਤਾਂ ਔਰਤਾਂ ਸ਼ੋਖ਼ ਹੋ ਜਾਂਦੀਆਂ ਹਨ। ਉਸ ਨੂੰ ਪਤਾ ਲੱਗ ਗਿਆ ਸੀ, ਉਹ ਮੇਰੇ ‘ਤੇ ਬਿਜਲੀਆਂ ਸੁੱਟ ਚੁੱਕੀ ਹੈ। ਇਸ ਲਈ ਮੁੜ ਮੁੜ ਕੇ ਮੈਨੂੰ ਵੇਖਦੀ ਰਹੀ, ਹਾਸਿਆਂ ਦੇ ਘੁੰਗਰੂ ਵਜਾਉਂਦੀ ਰਹੀ, ਜਦੋਂ ਉਹ ਵੱਡੇ ਦਰਵਾਜ਼ੇ ਕੋਲ ਪਹੁੰਚੀ ਤਾਂ ਅਚਾਨਕ ਲਾਈਟ ਆ ਗਈ। ਸਾਰਾ ਹਾਲ ਕਮਰਾ ਰੋਸ਼ਨ ਹੋ ਗਿਆ।
ਮੈਂ ਇਕ ਦਮ ਖੜ੍ਹਾ ਹੋ ਗਿਆ।
ਹੁਣ ਮੋਹਿਤ ਦੀ ਉਸ ਦੀ ਵਾਰੀ ਸੀ।
“ਮੈਂ ਮਾਂ ਦਾ ਲਾਡਲਾ, ਮੱਖਣਾਂ ਤੇ ਦੁੱਧਾਂ ਨਾਲ਼ ਪਾਲਿਆ, ਛੇ ਫੁੱਟ ਤੋਂ ਉੱਚਾ, ਸਿਹਤਮੰਦ, ਸੁਹਣੀ ਦਿੱਖ ਵਾਲਾ ਨੌਜਵਾਨ ਸਾਂ ਮੇਰੀ ਸ਼ਖ਼ਸੀਅਤ ਅਜਿਹੀ ਨਹੀਂ ਸੀ ਕਿ ਉਹ ਪ੍ਰਭਾਵਿਤ ਹੋਏ ਬਗ਼ੈਰ ਲੰਘ ਜਾਂਦੀ-“
ਮੈਂ ਉਸ ਦੀਆਂ ਅੱਖਾਂ ਵਿੱਚ ਉਹ ਜਜ਼ਬਾ ਵੇਖਿਆ ਜਿਸ ਨੂੰ ਹਾਰ ਜਾਣ ਵਾਲਾ ਜਜ਼ਬਾ ਕਹਿੰਦੇ ਹਨ, ਫਿਰ ਉਹ ਭੱਜ ਗਈ।
ਰਾਤ ਸੌਣ ਤੋਂ ਪਹਿਲਾਂ ਮੈਂ ਮਾਂ ਨੂੰ ਕਿਹਾ: “ਮਾਂ! ਅੱਜ ਮੈਨੂੰ ਪਤਾ ਲੱਗਿਆ ਕਿ ਔਰਤ ਕੀ ਹੁੰਦੀ ਹੈ…! ਔਰਤ ਇਕ ਅੱਗ ਹੈ ਤੇ ਜਵਾਨੀ ਦਾ ਪਹਿਰਾ ਹੁਸਨ ਨੂੰ ਹੋਰ ਭੜਕਾ ਦਿੰਦਾ ਹੈ, ਹੁਸਨ ਨੂੰ ਜਲਦੀ ਮਚਾ ਵੀ ਦਿੰਦਾ ਹੈ ਤੇ ਮਾਂ ਤਾਂ ਰੱਬ ਦਾ ਰੂਪ ਹੁੰਦੀ ਹੈ- ਠੰਢੀ, ਮਿੱਠੀ, ਸਾਫ਼, ਛਾਂ-ਦਾਰ, ਖ਼ੁਸ਼ਬੂਦਾਰ-ਔਰਤ ਤੇ ਮਾਂ ਵਿੱਚ ਬਹੁਤ ਫ਼ਰਕ ਹੁੰਦਾ ਹੈ- ਉਸ ਰਾਤ ਮੈਨੂੰ ਪਤਾ ਲੱਗਾ ਤੇ ਮੁਹੱਬਤ ਕਿੰਨਾ ਵਧੀਆ ਆਨੰਦ ਹੈ- ਮੈਨੂੰ ਪਤਾ ਲੱਗਾ-ਤੇ ਮਾਵਾਂ ਕਿਉਂ ਜਵਾਨ ਔਲਾਦ ਦੇ ਵਿਆਹ ਕਰਨ ਲਈ
ਕਾਹਲੀਆਂ ਪੈਂਦੀਆਂ ਹਨ-” ਨਵੇਂ ਨਵੇਂ ਜਜ਼ਬੇ ਮੇਰੇ ਦਿਲ ਵਿੱਚ ਸਿਰ ਚੁੱਕਣ ਲੱਗੇ ਤੇ ਮੈਂ ਬਹਾਨੇ ਬਹਾਨੇ ਨਾਲ਼ ਅਰਫ਼ਾਨ ਸਾਹਿਬ ਦੇ ਘਰ ਜਾਣ ਲੱਗਾ।
ਅਜੀਬ ਗੱਲ ਹੈ, ਉਜਲੀ ਅਰਫ਼ਾਨ ਸਾਹਿਬ ਦੀ ਇਕਲੌਤੀ ਬੇਟੀ ਸੀ ਤੇ ਉਸ ਲਈ ਉਹ ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਸਨ। ਮੈਂ ਚੰਗਾ ਰਿਸ਼ਤਾ ਬਣ ਜਾਣ ਵਾਲੀਆਂ ਸਾਰੀਆਂ ਅਦਾਵਾਂ ਉਹਨਾਂ ਨੂੰ ਵਿਖਾਈਆਂ। ਵਿਖਾਉਂਦਾ ਕਿਉਂ ਨਹੀਂ? ਰੋਜ਼ ਸ਼ਾਮ ਨੂੰ ਜਦੋਂ ਮੈਂ ਉਥੇ ਜਾਂਦਾ, ਗੇਟ ਕੋਲ ਆਪਣੇ ਖੁਲ੍ਹੇ ਵਾਲਾਂ ਨਾਲ਼, ਹੱਥਾਂ ਵਿੱਚ ਮੋਤੀਏ ਦੇ ਫੁੱਲ ਫੜ੍ਹੀ ਉਜਲੀ ਮੇਰੀ ਉਡੀਕ ਕਰਦੀ ਮਿਲਦੀ। ਸਭ ਘਰਵਾਲੇ ਉਸ ਨੂੰ ਉਜਲੀ ਕਹਿੰਦੇ ਸਨ ਤੇ ਉਹ ਕਿੰਨੀ ਹੀ ਸਾਫ਼, ਪਾਕ, ਧੋਤੀ ਧਵਾਈ ਤੇ ਸਾਫ਼ ਸੁਥਰੀ ਲੜਕੀ ਸੀ।
ਪਹਿਲੀ ਵਾਰ ਜਦੋਂ ਮੈਂ ਛੁੱਟੀ ਲੈ ਕੇ ਘਰ ਗਿਆ ਤਾਂ ਮਾਂ ਮੇਰੇ ਚਿਹਰੇ ਦੀ ਰੌਣਕ ਵੇਖ ਕੇ ਹੈਰਾਨ ਹੋ ਗਈ, ਫਿਰ ਮੇਰੀ ਰਿਹਾਇਸ਼ ਬਾਰੇ ਹਜ਼ਾਰਾਂ ਸਵਾਲ ਪੁੱਛਦੀ ਰਹੀ।
ਬਾਅਦ ਵਿੱਚ ਮੈਂ ਕਿਹਾ: “ਮਾਂ! ਅਰਫ਼ਾਨ ਸਾਹਿਬ ਬਹੁਤ ਚੰਗੇ ਹਨ-“
ਮਾਂ ਨੇ ਪਲਟ ਕੇ ਮੈਨੂੰ ਵੇਖਿਆ ਤੇ ਬੜੇ ਆਰਾਮ ਨਾਲ਼ ਕਿਹਾ:
“ਅਰਫ਼ਾਨ ਸਾਹਿਬ ਚੰਗੇ ਹਨ ਜਾਂ ਉਹਨਾਂ ਦੀ ਬੇਟੀ ਚੰਗੀ ਹੈ-“
“ਮਾਂ…!” ਮੇਰਾ ਦਿਲ ਧੱਕ ਜਿਹਾ ਰਹਿ ਗਿਆ। ਮਾਂ ਨੂੰ ਆਪਣੇ ਹਜ਼ਾਰਾਂ ਸਵਾਲਾਂ ਦਾ ਜੁਆਬ ਕਿੰਨੀ ਜਲਦੀ ਮਿਲ ਗਿਆ ਸੀ। ਮੈਂ ਸੋਚਿਆ: “ਸ਼ਾਇਦ ਆਪਣੀਆਂ ਬਹੁਤ ਸਾਰੀਆਂ ਖ਼ੁਦਾਈ ਤਾਕਤਾਂ ਦੇ ਨਾਲ਼ ਨਾਲ਼ ਅੱਲਾ ਮੀਆਂ ਨੇ ਮਾਂ ਨੂੰ ਗ਼ੈਬੀ ਇਲਮ ਵੀ ਦੇ ਦਿੰਦਾ ਹੈ-“
“ਮਾਂ! ਤੈਨੂੰ ਕਿਵੇਂ ਪਤਾ ਲੱਗਾ?” ਮੈਂ ਨਜ਼ਰਾਂ ਝੁਕਾ ਕੇ ਕਿਹਾ:
“ਐਵੇਂ ਹੀ ਤਾਂ ਤੂੰ ਰੋਜ਼ ਅਰਫ਼ਾਨ ਸਾਹਿਬ ਦੇ ਘਰ ਨਹੀਂ ਜਾਂਦਾ- ਮੈਨੂੰ ਪਤਾ ਹੈ ਪਰ ਦੱਸ ਤਾਂ ਕੁੜੀ ਕਿਹੋ ਜਿਹੀ ਹੈ?”
“ਬਹੁਤ ਖ਼ੂਬਸੂਰਤ ਹੈ ਮਾਂ-“
“ਕੀ ਨਾਮ ਹੈ?”
“ਉਜਾਲਾ!”
“ਨਾਮ ਤਾਂ ਖ਼ੂਬਸੂਰਤ ਹੈ-“
“ਆਪ ਵੀ ਬਹੁਤ ਸੁਹਣੀ ਹੈ-“
“ਬੱਸ ਜਵਾਨੀ ਵਿੱਚ ਨਜ਼ਰ ਤਾਂ ਸਿਰਫ਼ ਖ਼ੂਬਸੂਰਤੀ ਤਕ ਹੀ ਜਾਂਦੀ ਹੈ-“
“ਕੀ ਮਤਲਬ ਹੈ ਮਾਂ?”
ਮਾਂ ਹੱਸਣ ਲੱਗੀ।
“ਮੈਂ ਤੁਹਾਨੂੰ ਕੁੜੀ ਵਿਖਾਵਾਂਗਾ-“
“ਵਿਖਾਉਣ ਦੀ ਕੀ ਜ਼ਰੂਰਤ ਹੈ? ਇਹ ਦੱਸ ਰਿਸ਼ਤਾ ਮੰਗਣ ਕਦੋਂ ਜਾਵਾਂ?”
“ਮਾਂ! ਰਿਸ਼ਤਾ ਤਾਂ ਫ਼ੌਰਨ ਮਿਲ ਜਾਏਗਾ-” ਮੈਂ ਮਾਂ ਦੇ ਗਲ ਵਿੱਚ ਬਾਹਾਂ ਪਾ ਦਿੱਤੀਆਂ।
“ਅਰਫ਼ਾਨ ਸਾਹਿਬ ਮੈਨੂੰ ਪਸੰਦ ਕਰ ਚੁੱਕੇ ਹਨ, ਬੱਸ ਹੁਣ ਤੁਸੀਂ ਜਾ ਕੇ ਉਜਲੀ ਨੂੰ ਮਿਲ ਲਓ-“
“ਮੈਂ ਜਾਣਦੀ ਹਾਂ, ਸਭ ਪੜਾਅ ਤਾਂ ਤੈਅ ਹੋ ਚੱਕੇ ਹਨ, ਉਜਲੀ ਵੀ ਤੈਨੂੰ ਪਸੰਦ ਕਰ ਚੁੱਕੀ ਹੈ, ਹੁਣ ਦੇਰ ਕਿਉਂ ਲਗਾਉਂਦੇ ਹੋ?”
“ਚੰਗਾ ਮਾਂ…!” ਤੁਸੀਂ ਮੇਰੇ ਨਾਲ਼ ਚੱਲੋ! ਉਥੇ ਕੁੜੀ ਨੂੰ ਵੀ ਮਿਲ ਲੈਣਾ ਤੇ ਉਸ ਤੋਂ ਬਾਅਦ ਰਿਸ਼ਤੇ ਦੀ ਗੱਲ ਪੱਕੀ ਕਰ ਲੈਣਾ-“
“ਤੂੰ ਕੱਲ ਜਾ! ਮੈਂ ਅਗਲੇ ਹਫ਼ਤੇ ਆ ਜਾਵਾਂਗੀ-” ਮਾਂ ਨੇ ਫ਼ੈਸਲਾਕੁਨ ਅੰਦਾਜ਼ ਵਿੱਚ ਕਿਹਾ।
ਅਗਲੇ ਹਫ਼ਤੇ ਮਾਂ ਆ ਗਈ, ਮੈਂ ਸ਼ਾਮ ਦੇ ਸਰਸਰਾਉਂਦੇ ਹਨੇਰੇ ਵਿੱਚ ਉਜਲੀ ਦਾ ਨਰਮ ਤੇ ਕੋਮਲ ਹੱਥ ਫੜ੍ਹ ਕੇ ਕਿਹਾ:
“ਉਜਲੀ! ਇੰਤਜ਼ਾਰ ਦੇ ਦਿਨ ਖ਼ਤਮ ਹੋ ਗਏ ਹਨ, ਤੂੰ ਦਰਖ਼ਤਾਂ ਦੀ ਓਟ ਵਿੱਚੋਂ ਝਾਕ ਝਾਕ ਕੇ ਮੈਨੂੰ ਬਹੁਤ ਤੜਪਾਇਆ ਹੈ, ਜਾਣਦੀ ਹੈਂ ਵਿਆਹ ਤੋਂ ਬਾਅਦ ਤੈਨੂੰ ਕਿੰਨਾ ਪਿਆਰ ਦੇਵਾਂਗਾ-“
“ਕਿੰਨਾ…?”
“ਇੰਨਾ ਪਿਆਰ ਦੇਵਾਂਗਾ ਕਿ ਤੂੰ ਮੇਰੇ ਪਿਆਰ ਦੇ ਬੋਝ ਨਾਲ਼ ਮਰ ਜਾਵਾਂਗੀ-“
ਉਜਲੀ ਜ਼ੋਰ ਜ਼ੋਰ ਨਾਲ਼ ਹੱਸਣ ਲੱਗੀ।
“ਵੇਖੋ! ਜੇ ਤੇਰੀ ਮਾਂ ਨੇ ਮੈਨੂੰ ਪਸੰਦ ਨਾ ਕੀਤਾ ਤਾਂ…”
“ਇਹ ਸਾਡੇ ਮਾਂ-ਪੁੱਤ ਵਿੱਚ ਪਹਿਲਾਂ ਹੀ ਤੈਅ ਹੈ- ਸਾਡੇ ਘਰ ਮੁਹੱਬਤ ‘ਤੇ ਪਹਿਰੇ ਨਹੀਂ ਬਿਠਾਏ ਜਾਂਦੇ, ਮੇਰੀ ਮਾਂ ਦੋ ਦਿਲਾਂ ਵਿਚਕਾਰ ਕਦੀ ਨਹੀਂ ਆਏਗੀ-“
“ਉਜਲੀ! ਜੇ ਮੈਂ ਤੈਨੂੰ ਨਾ ਚਾਹੁੰਦਾ ਤਾਂ ਜ਼ਿੰਦਗੀ ਅਧੂਰੀ ਹੁੰਦੀ- ਚਾਹੁਣ ਦਾ ਮਤਲਬ ਤਾਂ ਇਹ ਹੈ ਕਿ ਅਸੀਂ ਇਕ ਹੋਰ ਜਹਾਨ ਲੱਭ ਲਿਆ ਹੈ-“
ਉਹ ਫਿਰ ਹੱਸਣ ਲੱਗੀ।
“ਤੂੰ ਗੱਲ ਗੱਲ ‘ਤੇ ਹੱਸਿਆ ਨਾ ਕਰ ਉਜਲੀ! ਮੈਂ ਹਰ ਕੰਮ ਵਿੱਚ ਸਿਖਰ ਤਕ ਪਹੁੰਚਣ ਦਾ ਆਦੀ ਹਾਂ ਤੇ ਜਦੋਂ ਤੂੰ ਮੁਹੱਬਤ ਵਿੱਚ ਇਸ ਸਿਖਰ ‘ਤੇ ਪਹੁੰਚਣ ਦੀ ਆਦਤ ਨੂੰ ਮਹਿਸੂਸ ਕਰੇਂਗੀ ਤਾਂ ਤੈਨੂੰ ਪਤਾ ਲੱਗੇਗਾ ਅਤੇ ਜੇ ਮੇਰਾ ਮਜ਼ਾਕ ਉਡਾਏਂਗੀ ਤਾਂ ਮੈਂ ਤੇਰਾ ਗਲਾ ਘੁੱਟ ਦੇਵੇਂਗਾ-“
ਉਜਲੀ ਮੇਰੀਆਂ ਬਾਹਾਂ ਵਿੱਚੋਂ ਨਿਕਲ ਕੇ ਦੂਰ ਭੱਜ ਗਈ।
“ਕਲ ਸਵੇਰੇ ਮਾਂ ਨੂੰ ਲਿਆਵਾਂਗਾ-“
ਮੈਂ ਚੀਕ ਚੀਕ ਕੇ ਕਿਹਾ ਤੇ ਆ ਗਿਆ।
ਦੂਸਰੀ ਸਵੇਰ ਮੈਂ ਮਾਂ ਨੂੰ ਲੈ ਕੇ ਉਨ੍ਹਾਂ ਦੇ ਘਰ ਪਹੁੰਚਿਆ। ਉਹਨਾਂ ਨੇ ਸਾਡਾ ਬਹੁਤ ਗਰਮਜੋਸ਼ੀ ਨਾਲ਼ ਸਵਾਗਤ ਕੀਤਾ ਜਿਸ ਤਰ੍ਹਾਂ ਸ਼ਰੀਫ਼ ਲੋਕ ਆਪਣੇ ਹੋਣ ਵਾਲੇ ਕੁੜਮਾਂ ਦਾ ਕਰਦੇ ਹਨ।
ਖ਼ੂਬ ਆਉ-ਭਗਤ, ਮੁਹੱਬਤਾਂ… ਖ਼ੁਸ਼ੀਆਂ… ਪਰ ਮੇਰੀ ਮਾਂ ਲਗਾਤਾਰ ਵਾਰ ਵਾਰ ਦਰਵਾਜ਼ੇ ਵੱਲ ਵੇਖ ਰਹੀ ਸੀ। ਫਿਰ ਬੇਗਮ ਅਰਫ਼ਾਨ ਨੇ ਖ਼ੁਦ ਹੀ ਉਜਲੀ ਨੂੰ ਆਵਾਜ਼ ਦੇ ਦਿੱਤੀ। ਉਜਲੀ ਤਾਂ ਪਹਿਲਾਂ ਹੀ ਅੰਦਰ ਆਉਣ ਨੂੰ ਤਿਆਰ ਬੈਠੀ ਸੀ, ਬੱਸ ਜ਼ਰਾ ਮੈਨੂੰ ਤੜਪਾਉਣਾ ਚਾਹੁੰਦੀ ਸੀ ਫਿਰ ਜਦੋਂ ਗੁਲਾਬੀ ਸੂਟ ਵਿੱਚ ਲੰਬੇ ਵਾਲਾਂ ਵਿੱਚੋਂ ਝਾਕਦੇ ਗੁਲਾਬੀ ਚਿਹਰੇ ਨੂੰ ਝੁਕਾਏ ਅੰਦਰ ਦਾਖ਼ਲ ਹੋਈ ਤਾਂ ਮੈਂ ਸਾਫ਼ ਪੜ੍ਹ ਲਿਆ ਕਿ ਉਸ ਦੇ ਚਿਹਰੇ ‘ਤੇ ਜਵਾਨੀ ਦੇ ਗਰਮ ਅਰਮਾਨਾਂ ਦਾ ਚਾਨਣ ਫੈਲਿਆ ਹੋਇਆ ਸੀ ਤੇ ਵਾਲਾਂ ਨੇ ਬੱਦਲ ਬਣ ਕੇ ਉਸ ਦੇ ਚਿਹਰੇ ‘ਤੇ ਛਾਂ ਕੀਤੀ ਹੋਈ ਸੀ। ਮਾਂ ਨੇ ਉਜਲੀ ਨੂੰ ਗੱਲ ਨਾਲ਼ ਲਾ ਲਿਆ ਤੇ ਅੱਗੇ ਵੱਧ ਕੇ ਉਸ ਦਾ ਮੱਥਾ ਚੁੰਮ ਲਿਆ।
ਤੇ ਉਹ ਮਾਂ ਦੇ ਪਹਿਲੂ ਵਿੱਚ ਇੰਞ ਬੈਠ ਗਈ ਜਿਵੇਂ ਉਸ ਨੇ ਮੈਨੂੰ ਮੇਰੇ ਹੱਕ ਤੋਂ ਮਹਿਰੂਮ ਕਰ ਦਿੱਤਾ ਹੋਵੇ। ਫਿਰ ਮੈਂ ਸੋਚਿਆ ਇਹ ਕੁੜੀਆਂ ਕਿਸ ਹੱਦ ਤੱਕ ਚਲਾਕ ਹੁੰਦੀਆਂ ਹਨ। ਸੱਸ ਦੇ ਦਿਲ ਤਕ ਪਹੁੰਚਣ ਦਾ ਰਸਤਾ ਉਹਨਾਂ ਨੂੰ ਖ਼ੂਬ ਆਉਂਦਾ ਹੈ।
ਫਿਰ ਅਸੀਂ ਸਭ ਮਿਲ ਕੇ ਗੱਲਾਂ ਕਰਦੇ ਰਹੇ, ਮੁਸਕੁਰਾਉਂਦੇ ਰਹੇ… ਬਿਲਕੁਲ ਉਵੇਂ ਹੀ ਜਿਵੇਂ ਇਕ ਘਰ ਦੇ ਮੈਂਬਰ ਹੋਣ, ਇਵੇਂ ਲੱਗਦਾ ਸੀ ਕਿ ਅਸੀਂ ਸਭ ਨੇ ਇਕ ਦੂਸਰੇ ਨੂੰ ਰੱਬ ਦੀ ਮਰਜ਼ੀ ਅਨੁਸਾਰ ਕਬੂਲ ਕਰ ਲਿਆ ਸੀ। ਖਾਣੇ ਦੇ ਸਮੇਂ ਅਰਫ਼ਾਨ ਸਾਹਿਬ ਵੀ ਆ ਗਏ ਸਨ।
ਖਾਣਾ ਖਾਣ ਤੋਂ ਬਾਅਦ ਮੈਂ ਆ ਗਿਆ ਕਿਉਂਕਿ ਹੁਣ ਬਜ਼ੁਰਗਾਂ ਨੇ ਸਿਰ ਜੋੜ ਕੇ ਰਿਸ਼ਤੇ ਦੀ ਗੱਲ ਕਰਨੀ ਸੀ ਹਾਲਾਂਕਿ ਜੋ ਕੁਝ ਨਜ਼ਰ ਆ ਰਿਹਾ ਸੀ ਉਸ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਹਰ ਇਕ ਦਿਲ ਵਿੱਚ ਰਿਸ਼ਤਾ ਸੌ ਫ਼ੀਸਦੀ ਤੈਅ ਹੋ ਚੁੱਕਾ ਸੀ ਪਰ ਦੁਨੀਆਦਾਰੀ ਦੀਆਂ ਰਸਮਾਂ ਨਿਭਾਉਣੀਆਂ ਵੀ ਸਨ।
ਰਾਤ ਨੂੰ ਜਦੋਂ ਮੈਂ ਦੋਸਤਾਂ ਨਾਲ਼ ਘੁੰਮ ਫ਼ਿਰ ਕੇ ਸੀਟੀਆਂ ਵਜਾਉਂਦਾ ਘਰ ਅੰਦਰ ਦਾਖ਼ਲ ਹੋਇਆ ਤਾਂ ਮਾਂ ਮੁਸਲੇ ‘ਤੇ ਬੈਠੀ ਇੰਸ਼ਾਂ ਦੀ ਨਮਾਜ਼ ਪੜ੍ਹ ਰਹੀ ਸੀ। ਮੇਰੇ ਤਾਂ ਕਦਮ ਜ਼ਮੀਨ ‘ਤੇ ਨਹੀਂ ਸਨ, ਤੇ ਮੈਂ ਸਾਹਾਂ ਦੀ ਸਰਗਮ ਅਤੇ ਪਿਆਰ ਦੀ ਧੁਨ ਵਜਾਉਂਦਾ ਹੋਇਆ ਮਾਂ ਕੋਲੋਂ ਬਾਹਰ ਆ ਗਿਆ। ਮਾਂ ਨੇ ਸਲਾਮ ਫੇਰ ਕੇ ਮੈਨੂੰ ਆਵਾਜ਼ ਦਿੱਤੀ ਤੇ ਬੋਲੀ:
“ਬੇਟਾ! ਥੋੜ੍ਹੀ ਦੇਰ ਬਾਅਦ ਮੇਰੇ ਕਮਰੇ ਵਿੱਚ ਆਈਂ-“
“ਅੱਛਾ ਮਾਂ!” ਮੈਂ ਜਾ ਕੇ ਨਾਈਟ ਸੂਟ ਪਾਉਣ ਲੱਗਾ…, ਮੈਨੂੰ ਪਤਾ ਸੀ ਮਾਂ ਕੀ ਕਹਿਣ ਵਾਲੀ ਹੈ…
ਇਹੀ ਕਿ ਫਲਾਣੀ ਤਰੀਕ ਮੰਗਣੀ ਲਈ ਤੈਅ ਹੋਈ ਹੈ, ਫਲਾਣੇ ਮਹੀਨੇ ਵਿੱਚ ਵਿਆਹ ਹੋਵੇਗਾ। ਵਿਆਹ ਵਿੱਚ ਆਹ ਕੁਝ ਹੋਵੇਗਾ… ਵਗੈਰਾ ਵਗੈਰਾ… ਲੋਕ ਵਿਆਹ ਨੂੰ ਖ਼ਾਹਮਖ਼ਾਹ ਇਕ ਗੋਰਖਧੰਦਾ ਬਣਾ ਦਿੰਦੇ ਹਨ ਹਾਲਾਂਕਿ ਸਿੱਧੇ ਸਾਧੇ ਤਰੀਕੇ ਨਾਲ਼ ਨਿਕਾਹ ਕਰਕੇ ਕੁੜੀ ਮੁੰਡੇ ਨੂੰ ਇਕ ਦੂਸਰੇ ਦੇ ਰਹਿਮ ਕਰਮ ‘ਤੇ ਛੱਡ ਦੇਣਾ ਚਾਹੀਦਾ ਹੈ।
ਕਿੰਨੀਆਂ ਬੇਸ਼ੁਮਾਰ ਗੱਲਾਂ ਮੈਂ ਇਕਦਮ ਸੋਚ ਲਈਆਂ। ਦਿਲ ਵਿੱਚ ਆਇਆ ਜ਼ਰਾ ਹੁਣੇ ਜਾ ਕੇ ਉਜਲੀ ਨੂੰ ਫ਼ੋਨ ਕਰਕੇ ਥੋੜ੍ਹੀ ਜਿਹੀ ਛੇੜਛਾੜ ਕੀਤੀ ਜਾਏ… ਪਰ ਫਿਰ ਮੈਂ ਸੋਚਿਆ ਕਿ ਇਹ ਸਭ ਮੈਨੂੰ ਮਾਂ ਦੇ ਮੂੰਹੋਂ ਹੀ ਸੁਨਣਾ ਚੰਗਾ ਲੱਗੇਗਾ ਕਿਉਂਕਿ ਇਸ ਦੁਨੀਆਂ ਵਿੱਚ ਇਸ ਜ਼ਮੀਨ ‘ਤੇ ਮਾਂ ਨੂੰ ਆਪਣਾ ਖ਼ੁਦਾ ਸਮਝਦਾ ਸੀ।
ਮਾਂ ਜਦੋਂ ਨਮਾਜ਼ ਤੋਂ ਵਹਿਲੀ ਹੋਈ ਤਾਂ ਆਪਣੇ ਕਮਰੇ ਵਿੱਚ ਚਲੀ ਗਈ ਤਾਂ ਮੈਂ ਉਹਨਾਂ ਦੇ ਪਿੱਛੇ ਅੰਦਰ ਚਲਿਆ ਗਿਆ ਤੇ ਜਾ ਕੇ ਉਹਨਾਂ ਦੇ ਸਾਹਮਣੇ ਕੁਰਸੀ ‘ਤੇ ਬੈਠ ਗਿਆ।
ਮੇਰੇ ਕੰਨ ਮੁਹੱਬਤ ਸਿਰੇ ਚੜ੍ਹਨ ਦੀ ਕਹਾਣੀ ਸੁਨਣ ਨੂੰ ਬੇਤਾਬ ਸਨ। ਉਸ ਵਕਤ ਮੈਂ ਦੋ ਔਰਤਾਂ ਵਿਚਕਾਰ ਖੜ੍ਹਾ ਸੀ ਤੇ ਮੈਂ ਸਾਫ਼ ਮਹਿਸੂਸ ਕਰ ਲਿਆ ਕਿ ਮਾਂ ਵੀ ਜੋ ਮੁਹੱਬਤ ਦਾ ਇਕ ਠੰਢਾ ਮਿੱਠਾ ਚਸ਼ਮਾ ਹੁੰਦੀ ਹੈ ਪਰ ਉਸ ਚਸ਼ਮੇ ਤੋਂ ਸਿਰਫ਼ ਰੂਹ ਸਰਾਬੋਰ ਹੁੰਦੀ ਹੈ।
ਇਸੇ ਮੁਹੱਬਤ ਦਾ ਦੂਜਾ ਗਰਮ ਰੂਪ ਜੋ ਮਹਿਬੂਬ ਦੀ ਸੂਰਤ ਵਿੱਚ ਸਾਹਮਣੇ ਆਉਂਦਾ ਹੈ ਜ਼ਿੰਦਗੀ ਦਾ ਰੁਖ਼ ਮੋੜ ਕੇ ਰੱਖ ਦਿੰਦਾ ਹੈ। ਜਵਾਨ ਆਦਮੀ ਨੂੰ ਅੱਗ ਦੀ ਜ਼ਰੂਰਤ ਹੁੰਦੀ ਹੈ, ਠੰਢ ਦੀ ਨਹੀਂ।
ਮੈਂ ਬਹੁਤ ਦੇਰ ਇੰਤਜ਼ਾਰ ਕਰਕੇ ਮਾਂ ਦੇ ਚਿਹਰੇ ਵੱਲ ਵੇਖਿਆ… ਤਾਂ ਮਾਂ ਦੇ ਚਿਹਰੇ ‘ਤੇ ਦੂਰ ਦੂਰ ਤਕ ਵੀਰਾਨੀਆਂ ਛਾਈਆਂ ਹੋਈਆਂ ਸਨ, ਬੜੀ ਸੰਜੀਦਾ ਸ਼ਕਲ ਬਣਾ ਕੇ ਬੋਲੀ:
“ਬੇਟਾ! ਮਾਂ ਬਾਪ ਕਦੀ ਆਪਣਾ ਦਿਲ ਚੀਰ ਕੇ ਔਲਾਦ ਨੂੰ ਨਹੀਂ ਵਿਖਾ ਸਕਦੇ, ਇਸ ਲਈ ਔਲਾਦ ਨੂੰ ਕਦੀ ਇਹ ਪਤਾ ਨਹੀਂ ਹੋ ਸਕਦਾ ਕਿ ਉੁਹ ਉਸ ਬਾਰੇ ਕੀ ਸੋਚ ਰਹੇ ਹਨ…?”
“ਤੁਸੀਂ ਕੀ ਕਹਿਣਾ ਚਾਹ ਰਹੇ ਹੋ ਮਾਂ?” ਮੈਂ ਹੱਸ ਕੇ ਪੁਛਿਆ।
“ਤੈਨੂੰ ਯਾਦ ਹੈ, ਤੂੰ ਮੇਰੇ ਨਾਲ਼ ਵਾਅਦਾ ਕੀਤਾ ਸੀ ਕਿ ਵਿਆਹ ਮੇਰੀ ਮਰਜ਼ੀ ਨਾਲ਼ ਕਰੇਂਗਾ-“
“ਜੀ ਹਾਂ! ਤੇ ਮੈਂ ਆਪਣੇ ਵਾਅਦੇ ‘ਤੇ ਅੱਜ ਵੀ ਕਾਇਮ ਹਾਂ-” ਮੈਂ ਆਪਣੇ ਆਪ ‘ਤੇ ਕਾਬੂ ਰੱਖ ਕੇ ਕਿਹਾ।
“ਤਾਂ ਬੇਟਾ! ਤੂੰ ਉਜਾਲਾ ਨਾਲ਼ ਵਿਆਹ ਨਹੀਂ ਕਰੇਂਗਾ-“
“ਤੁਸੀਂ ਮਜ਼ਾਕ ਕਰ ਰਹੇ ਹੋ ਮਾਂ-“
“ਨਹੀਂ! ਮੈਂ ਬਿਲਕੁਲ ਸੰਜੀਦਾ ਹਾਂ ਮੇਰੇ ਬੱਚੇ-“
“ਇਹ ਕਿਸ ਤਰ੍ਹਾਂ ਹੋ ਸਕਦਾ ਹੈ ਮਾਂ?”
“ਇਵੇਂ ਹੀ ਹੋਵੇਗਾ ਮੇਰੇ ਲਾਲ-“
“ਮਾਂ! ਇਹ ਤਾਂ ਜ਼ੁਲਮ ਹੈ-“
“ਮਾਂ ਨੂੰ ਦਿੱਤਾ ਹੋਇਆ ਅਹਿਦ ਵੀ ਤੋੜਣਾ ਜ਼ੁਲਮ ਹੈ-“
“ਮਾਂ… ਮਾਂ…!”
“ਬੱਸ ਬੇਟਾ ਹੋਰ ਕੁਝ ਨਾ ਕਹਿ-“
“ਕੀ ਇਹ ਤੁਹਾਡਾ ਹੁਕਮ ਹੈ?”
“ਹਾਂ ਹੁਕਮ ਹੀ ਸਮਝ ਲੈ-“
“ਪਰ ਕਾਰਨ ਤਾਂ ਦੱਸੋ ਮਾਂ”
ਬੇਟਾ! ਜਿਸ ਤਰ੍ਹਾਂ ਤੂੰ ਉਹ ਵਾਅਦਾ ਕਰ ਲਿਆ ਸੀ, ਉਸ ਤਰ੍ਹਾਂ ਅੱਜ ਇਹ ਵੀ ਇਰਾਦਾ ਕਰ ਲੈ ਕਿ ਇਸ ਦਾ ਕਾਰਨ ਮੇਰੇ ਤੋਂ ਨਹੀਂ ਪੁਛੇਂਗਾ ਤੇ ਨਾ ਮੈਂ ਦੱਸ ਸਕਾਂਗੀ-“
ਮਾਂ ਦਾ ਬੁੱਤ ਮੇਰੀਆਂ ਨਜ਼ਰਾਂ ਵਿੱਚੋਂ ਡਿਗਿਆ ਤੇ ਚੂਰ ਚੂਰ ਹੋ ਗਿਆ। ਮਾਂ ਇੰਨੀ ਖ਼ੁਦਗ਼ਰਜ਼ ਤੇ ਜ਼ਾਲਮ ਵੀ ਹੋ ਸਕਦੀ ਹੈ। ਉਹ ਸਭ ਜਾਣਦੀ ਹੈ ਕਿ ਮੈਂ ਉਜਾਲਾ ਦੇ ਅੱਗੇ ਤਨ ਮਨ ਹਾਰ ਚੁੱਕਾ ਹਾਂ। ਉਸ ਨੂੰ ਪਤਾ ਹੈ ਕਿ ਮੇਰੀ ਖ਼ੁਸ਼ੀ ਦੇ ਚਸ਼ਮੇ ਦਾ ਗੜ ਕਿੱਥੇ ਹੈ। ਉਸ ਨੂੰ ਪਤਾ ਹੈ ਕਿ ਮੈਂ ਉਹਨਾਂ ਸ਼ਰੀਫ਼ ਲੋਕਾਂ ਨੂੰ ਇਕ ਖ਼ਾਮੋਸ਼ ਜ਼ਬਾਨ ਦੇ ਚੁੱਕਾ ਹਾਂ।
ਉਹਨਾਂ ਸਾਰੇ ਪ੍ਰਸ਼ਨਾਂ ਵਿੱਚੋਂ ਕਿਵੇਂ ਲੰਘਿਆ ਜਾਵੇਗਾ- ਅਰਫ਼ਾਨ ਸਾਹਿਬ ਨੂੰ ਕਿਵੇਂ ਮੂੰਹ ਵਿਖਾਵਾਂਗਾ- ਉਜਲੀ ਨੂੰ ਕੀ ਕਹਾਂਗਾ, ਜਿਵੇਂ ਮੈਂ ਮਸਤ ਕਲੰਦਰ ਆਸ਼ਕ ਬਣ ਕੇ ਵੇਖਿਆ ਹੈ… ਦੁਨੀਆਂ ਮੇਰੀਆਂ ਨਜ਼ਰਾਂ ਵਿੱਚ ਹਨੇਰੀ ਹੋ ਗਈ ਤੇ ਮੈਂ ਉਸ ਵਕਤ ਨੂੰ ਕੋਸਣ ਲੱਗਾ ਜਦੋਂ ਮੈਂ ਅੱਬਾ ਜੀ ਤੇ ਫਿਰ ਮਾਂ ਨੂੰ ਇਕ ਫ਼ਜ਼ੂਲ ਵਾਅਦਾ ਕਰ ਲਿਆ ਸੀ। ਆਖ਼ਰ ਵਾਅਦੇ ਲੈਣ ਦੇ ਮਾਮਲੇ ਵਿੱਚ ਮਾਂ-ਬਾਪ ਇਸ ਹੱਦ ਤਕ ਖ਼ੁਦਗ਼ਰਜ਼ ਕਿਉਂ ਹੁੰਦੇ ਹਨ?
“ਪਰ ਫ਼ੈਜ਼ਲ, ਹਾਂ ਤੂੰ ਆਪਣੀ ਮਾਂ ਨੂੰ ਹੀ ਖ਼ੁਦਾ ਸਮਝਦਾ ਸੀ- ਹਾਂ ਸਮਝਦਾ ਸੀ ਤਾਂ ਮੇਰੀ ਭੁੱਲ ਸੀ- ਖ਼ੁਦਾ ਇੰਨਾ ਜ਼ਾਲਮ ਅਤੇ ਖ਼ੁਦਪਸੰਦ ਨਹੀਂ ਹੁੰਦਾ-“
ਮੈਂ ਆਪਣੇ ਦੋਸਤਾਂ ਰਾਹੀਂ ਮਾਂ ‘ਤੇ ਦਬਾਅ ਪਾਇਆ। ਸਭ ਯਤਨ ਕਰਕੇ ਹਾਰ ਗਿਆ, ਉਥੇ ਇਕ ਹੀ ਨਾ… ਆਖ਼ਰ ਕਦੋਂ ਤਕ ਟਾਲ ਮਟੋਲ ਕਰਦਾ।
ਇਕ ਦਿਨ ਉਜਲੀ ਨੂੰ ਇਹ ਖ਼ਬਰ ਮਿਲ ਗਈ।
ਉਹ ਚੁੱਪ ਚਾਪ ਰਹਿਣ ਵਾਲੀ ਅਤੇ ਵਾਲਾਂ ਰੂਪੀ ਘਟਾਵਾਂ ਵਿੱਚ ਮੁਸਕੁਰਾਉਣ ਵਾਲੀ ਕੁੜੀ ਚੁਪਕੇ ਜਿਹੇ ਮੇਰੇ ਘਰ ਆ ਗਈ, ਤੇ ਫਿਰ ਇਸ ਤਰ੍ਹਾਂ ਜਿਵੇਂ ਸਾਵਣ ਦੀ ਘਟਾ ਖੁਲ੍ਹ ਕੇ ਵਰ੍ਹੀ ਹੋਵੇ।
ਪਹਿਲਾਂ ਤਾਂ ਉਹ ਰੋਈ… ਉਸ ਦੇ ਅੱਥਰੂ ਸਾਫ਼ ਕਹਿ ਰਹੇ ਸਨ… “ਤੂੰ ਮੇਰੇ ਦਿਲ ਵਿੱਚ ਮੁਹੱਬਤ ਜਗਾਈ, ਦਰਦ ਵਸਾਇਆ… ਮੈਂ ਤਾਂ ਮੂੰਹ ਬੰਦ ਕਲੀ ਵਾਂਗ ਸੌਂ ਰਹੀ ਸੀ, ਤੇਰੇ ਜਨੂੰਨ ਨੇ ਮੈਨੂੰ ਇਸ਼ਕ ਵਿੱਚ ਪਾਇਆ, ਤੂੰ ਮੇਰੇ ਦਿਲ ਨੂੰ ਤਮੰਨਾ ਦਾ ਲਹੂ ਚਟਾਇਆ, ਤੂੰ ਮੁਜਰਮ ਹੈਂ… ਪਾਪੀ ਹੈਂ… ਬੁਝਦਿਲ ਹੈਂ… ਇਹ ਹੁੰਦੀ ਹੈ ਮੁਹੱਬਤ ਦੀ ਇੰਤਹਾ??”
ਜਦੋਂ ਮੈਂ ਉਸ ਨੂੰ ਹੱਥ ਜੋੜ ਕੇ ਮੁਆਫ਼ੀ ਮੰਗ ਲਈ ਤਾਂ ਉਹ ਫਿਸ ਪਈ, ਉਹ ਇਵੇਂ ਬੋਲੀ ਜਿਵੇਂ ਕਾਲੀਆਂ ਘਟਾਵਾਂ ਵਿੱਚ ਕਿਤੇ ਬਿਜਲੀ ਲਿਸ਼ਕਦੀ ਹੋਵੇ…
ਵਾਅਦੇ ਸਭ ਦੇ ਇਕੋ ਜਿਹੇ ਹੁੰਦੇ ਹਨ ਫ਼ਜ਼ੂਲ… ਮਾਂ ਨੂੰ ਕੁਝ ਕਿਹਾ ਜਾਵੇ ਜਾਂ ਮਹਿਬੂਬਾ ਨੂੰ ਮਾਂ ਦੇ ਵਾਅਦਿਆਂ ਬਾਰੇ ਦੱਸਿਆ ਜਾਵੇ।
“ਉਜਲੀ… ਉਜਲੀ… ਤੈਨੂੰ ਕੀ ਪਤਾ ਮੇਰੇ ਦਿਲ ‘ਤੇ ਕੀ ਬੀਤ ਰਹੀ ਹੈ-“
“ਡਾਇਲਾੱਗ ਨਾ ਬੋਲੋ…” ਉਸ ਨੇ ਗ਼ੁੱਸੇ ਨਾਲ਼ ਕਿਹਾ।
“ਮੈਨੂੰ ਜਲਦੀ ਪਤਾ ਲੱਗ ਗਿਆ ਕਿ ਤੂੰ ਘਟੀਆ ਇਨਸਾਨ ਹੈਂ… ਬੁਝਦਿਲ ਹੈਂ… ਮਾਂ ਦੇ ਇਸ਼ਾਰਿਆਂ ‘ਤੇ ਚੱਲਣ ਵਾਲੇ ਆਦਮੀ ਕਦੀ ਚੰਗੇ ਪਤੀ ਨਹੀਂ ਹੁੰਦੇ… ਮੈਂ ਤੇਰੀ ਮੁਹੱਬਤ ‘ਤੇ ਥੁੱਕਦੀ ਹਾਂ-“
“ਉਜਲੀ!” ਮੈਂ ਉੱਠ ਕੇ ਉਸ ਦਾ ਰਸਤਾ ਰੋਕ ਲਿਆ।
“ਖ਼ੁਦਾ ਵਾਸਤੇ ਜ਼ਰਾ ਸੋਚ… ਇਹ ਹਾਲਤ ਤੇਰੇ ਨਾਲ਼ ਵੀ ਪੇਸ਼ ਆ ਸਕਦੇ ਹਨ… ਮੇਰੀ ਮੁਹੱਬਤ ‘ਤੇ, ਮੇਰੇ ਖ਼ਲੂਸ ‘ਤੇ ਸ਼ੱਕ ਨਾ ਕਰ। ਇੰਨਾ ਗ਼ੁੱਸਾ ਨਾ ਕਰ- ਮੈਨੂੰ ਥੋੜ੍ਹਾ ਜਿਹਾ ਮੌਕਾ ਦੇ- ਮੈਂ ਆਪਣੀ ਮਾਂ ਦੀ ਜ਼ਿੱਦ ਤੋੜ ਦੇਵਾਂਗਾ- ਉਹਨਾਂ ਨੂੰ ਮਨਾ ਲਵਾਂਗਾ- ਆਪਣਾ ਵਾਅਦਾ ਵਾਪਸ ਲੈ ਲਵਾਂਗਾ- ਉਹਨਾਂ ਨੂੰ ਇਵੇਂ ਕਰਨਾ ਪਵੇਗਾ-“
“ਛੱਡ ਦਿਓ ਮੈਨੂੰ…-” ਉਸ ਨੇ ਆਪਣੀ ਬਾਂਹ ਛੁਡਾ ਲਈ। “ਮੈਂ ਜ਼ਿੰਦਗੀ ਭਰ ਇਕ ਡਰਾਮਾ ਨਹੀਂ ਖੇਡਣਾ ਚਾਹੁੰਦੀ- ਮੈਨੂੰ ਪਤਾ ਹੈ ਕਿ ਜੇ ਮਾਂ ਆਪਣੇ ਬੇਟੇ ਦੀ ਜ਼ਿੱਦ ਅੱਗੇ ਮਜਬੂਰ ਹੋ ਜਾਵੇ ਤਾਂ ਨੂੰਹ ਨਾਲ਼ ਕੀ ਸਲੂਕ ਕਰਦੀ ਹੈ ਅਜਿਹੇ ਘਰ ਵਿੱਚ ਜਾਣ ਨਾਲ਼ੋਂ ਬਿਹਤਰ ਹੈ ਨਰਕ ਵਿੱਚ ਚਲੀ ਜਾਵਾਂ, ਮੈਨੂੰ ਕੀ ਜ਼ਰੂਰਤ ਹੈ ਕਿ ਮੈਂ ਤੁਹਾਨੂੰ ਦੋਵਾਂ ਦੇ ਦਰਮਿਆਨ ਗੇਂਦ ਬਣ ਕੇ ਰਿੜਦੀ ਰਹਾਂ-“
ਉਹ ਚਲੀ ਗਈ… ਉਹ ਠੀਕ ਕਹਿ ਰਹੀ ਸੀ, ਮੈਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ… ਤੇ ਆਪਣੀ ਮਾਂ ਮੈਨੂੰ ਉਸ ਮੱਕਾਰ ਚੁੜੈਲ ਵਾਂਗ ਨਜ਼ਰ ਆ ਰਹੀ ਸੀ ਜੋ ਹੁਸਨਪਰੀ ਦਾ ਰੂਪ ਧਾਰ ਕੇ ਆਉਂਦੀ ਹੈ ਤੇ ਸੋਂਦੇ ਹੋਏ ਲੋਕਾਂ ਦੇ ਕਲੇਜੇ ਕੱਢ ਕੇ ਲੈ ਜਾਂਦੀ ਹੈ।
ਅਜੇ ਮੈਂ… ਦਿਮਾਗ਼ੀ ਹਾਲਤ ਦੀ ਤੋੜ ਫੋੜ… ਨਾਲ਼ ਹੀ ਗੁਜ਼ਰ ਰਿਹਾ ਸੀ ਕਿ ਇਕ ਦਿਨ ਮੈਨੂੰ ਉਜਲੀ ਦੇ ਵਿਆਹ ਦਾ ਕਾਰਡ ਮਿਲਿਆ- ਇਹ ਹਰਕਤ ਉਜਲੀ ਨੇ ਗ਼ੁੱਸੇ ਵਿੱਚ ਕੀਤੀ ਸੀ। ਉਹ ਆਪਣੇ ਇਕ ਕਜ਼ਨ ਨਾਲ਼ ਵਿਆਹ ਕਰ ਰਹੀ ਸੀ ਜੋ ਫ਼ੌਜ ਵਿੱਚ ਸੀ ਤੇ ਜਿਵੇਂ ਉਜਲੀ ਸਖ਼ਤ ਨਾਪਸੰਦ ਕਰਦੀ ਸੀ। ਉਸ ਨੇ ਇਕ ਦਿਨ ਮੈਨੂੰ ਦੱਸਿਆ ਸੀ।
“ਹੋਰ ਤਾਂ ਕਿਸੇ ਪਾਸਿਓਂ ਖ਼ਤਰਾ ਨਹੀਂ-” ਉਸ ਨੇ ਕਿਹਾ ਸੀ। “ਸਿਰਫ਼ ਖ਼ਾਲਾ ਰਜ਼ੀਆ ਵੱਲੋਂ ਖ਼ਤਰਾ ਹੈ-“
“ਕਿਉਂ?”
“ਉਹ ਲੰਬੇ ਸਮੇਂ ਤੋਂ ਸਲਮਾਨ ਲਈ ਆਸ ਲਾਈ ਬੈਠੀ ਹੈ ਤੇ ਮਾਂ ਦੀ ਪਿਆਰੀ ਭੈਣ ਹੈ-“
“ਤੇ ਤੂੰ…?”
“ਤੇ ਮੈਂ…-” ਉਜਲੀ ਹੱਸ ਪਈ। “ਤੇ ਮੈਂ ਸਲਮਾਨ ਤੋਂ ਬਚਣ ਦਾ ਬਹਾਨਾ ਲੱਭ ਰਹੀ ਸੀ- ਮਾਂ ਯਕੀਨਨ ਇਹ ਪੁੱਛਦੇ ਕਿ ਕੌਣ ਹੈ ਓਹ ਜਿਸ ਲਈ ਉਸ ਨੂੰ ਠੁਕਰਾ ਰਹੀ ਹੈ-“
“ਅੱਛਾ ਕੌਣ ਹੈ ਉਹ…?” ਮੈਂ ਸ਼ਰਾਰਤੀ ਅੰਦਾਜ਼ ਵਿੱਚ ਪੁੱਛਿਆ ਸੀ।
“ਮਰਦ ਕਿਸ ਹੱਦ ਤਕ ਖ਼ੁਦਪਸੰਦ ਹੁੰਦਾ ਹੈ-” ਉਹ ਇਠਲਾਈ। “ਜਾਣਦੇ ਹੋਏ ਵੀ ਸਭ ਔਰਤ ਦੀ ਜ਼ੁਬਾਨੀ ਸੁਣਨਾ ਚਾਹੁੰਦਾ ਹੈ-“
“ਮਰਦ ਦੀ ਵੀ ਔਰਤ ਵਾਂਗ ਇਹ ਤਮੰਨਾ ਹੁੰਦੀ ਹੈ, ਕੋਈ ਉਸ ਨੂੰ ਚਾਹੇ, ਸਰਾਹੇ… ਮੁਹੱਬਤ ਦਾ ਦਮ ਭਰੇ… ਉਸ ਦੇ ਇਸ਼ਕ ਵਿੱਚ ਡੁੱਬਿਆ ਰਹੇ… ਤੇ ਮੈਂ ਤਾਂ ਇਕ ਵਿਗੜਿਆ ਹੋਇਆ ਬੱਚਾ ਹਾਂ… ਮੈਨੂੰ ਤਾਂ ਵਾਰ ਵਾਰ ਇਹ ਕਹਿਣ ਦੀ ਜ਼ਰੂਰਤ ਹੈ-“
“ਜੇ ਨਾ ਕਿਹਾ ਤਾਂ ਕੀ ਮੇਰੇ ਨਾਲ਼ ਲੜੋਗੇ?”
“ਨਹੀਂ- ਮੈਨੂੰ ਲੜਨ ਦੀ ਆਦਤ ਹੀ ਨਹੀਂ ਹੈ- ਮਾਂ ਨੇ ਇਹ ਸਭ ਮੈਨੂੰ ਨਹੀਂ ਸਿਖਾਇਆ- ਜੇ ਤੂੰ ਸਿਖਾ ਦੇਵੇਗੀ ਤਾਂ ਜ਼ਰੂਰ ਲੜਾਂਗਾ-“
“ਪਰ ਕਿਉਂ?”
“ਜਦੋਂ ਤੂੰ ਸਲਮਾਨ ਦਾ ਨਾ ਲਿਆ ਕਰੇਂਗੀ?”
ਅੱਲਾ ਕਸਮ ਫ਼ੈਜ਼ਲ! ਮੈਨੂੰ ਜ਼ਹਿਰ ਲੱਗਦਾ ਹੈ, ਬਚਪਨ ਹੀ ਤੋਂ ਬੁਰਾ ਲੱਗਦਾ ਹੈ- ਜੇ ਕਦੀ ਮੈਂ ਸਲਮਾਨ ਦਾ ਨਾਂ ਲਵਾਂ ਤਾਂ ਤੂੰ ਸਮਝਣਾ ਮੇਰਾ ਜ਼ਹਿਰ ਖਾਣ ਨੂੰ ਜੀਅ ਕਰਦਾ ਹੋਵੇਗਾ-“
ਜਜ਼ਬਾਤੀ ਵੀ ਸੀ… ਉਸ ਵਿੱਚ ਬਚਪਨਾ ਵੀ ਸੀ… ਉਹ ਮੇਰੇ ਮੂੰਹ ‘ਤੇ ਚਪੇੜ ਮਾਰਨਾ ਚਾਹੁੰਦੀ ਸੀ… ਸੋ ਮਾਰ ਦਿੱਤੀ।
ਤੇ ਹੁਣ ਮੇਰੇ ਲਈ ਇਸ ਦੁਨੀਆਂ ਵਿੱਚ ਕੀ ਰਹਿ ਗਿਆ ਸੀ-
ਸਿਰਫ਼ ਮਹਾਨਤਾ…, ਜੁਦਾਈ… ਤੇ ਆਗਿਆਕਾਰੀ ਪੁੱਤ…।
ਮੈਂ ਉਹਨਾਂ ਦਰਿਆਵਾਂ ਵਿੱਚ ਡੁੱਬ ਕੇ ਉਭਰ ਰਿਹਾ ਸੀ। ਦੁਨੀਆਂ ਤੋਂ ਜੀਅ ਉਚਾਟ ਹੋ ਗਿਆ ਸੀ। ਦਿਲ ਵਿੱਚ ਉਸ ਵਕਤ ਚਿੰਗਾਰੀਆਂ ਭੜਕਿਆ ਕਰਦੀਆਂ ਸਨ…
ਹਾਂ, ਉਸ ਮਾਂ ਤੋਂ ਜਿਸ ਨੇ ਅੱਬਾ ਜੀ ਤੋਂ ਬਾਅਦ ਮੈਨੂੰ ਪਾਲ ਪੋਸ ਕੇ ਜਵਾਨ ਕੀਤਾ ਸੀ। ਜਿਨ੍ਹਾਂ ਨੇ ਕਦਮ ਕਦਮ ‘ਤੇ ਸਮਝਾਉਂਦਾ ਸੀ ਤੇ ਜਿਨ੍ਹਾਂ ਨੇ ਮੂੰਹ ਤੋਂ ਨਿਕਲੀ ਹੋਈ ਗੱਲ ਨੂੰ ਮੈਂ ਆਪਣਾ ਈਮਾਨ ਸਮਝ ਲਿਆ ਕਰਦਾ ਸੀ।
ਤੇ ਇਸ ਤੋਂ ਵੱਧ ਕੋਈ ਇੰਤਕਾਮ ਨਹੀਂ ਸੀ ਕਿ ਇਸ ਉਮਰ ਵਿੱਚ ਆਪਣੀ ਮਾਂ ਨੂੰ ਇਕਦਮ ਇਕੱਲਾ ਛੱਡ ਜਾਵਾਂ। ਮੈਂ ਉਜਲੀ ਦੇ ਵਿਆਹ ਦੀ ਖ਼ਬਰ ਬਰਦਾਸ਼ਤ ਨਹੀਂ ਕਰ ਸਕਦਾ ਸੀ।
ਇਸ ਲਈ ਮੈਂ ਨੌਕਰੀ ਛੱਡ ਦਿੱਤੀ ਤੇ ਮਾਂ ਦੀ ਗੋਦੀ, ਸਾਥ ਤੇ ਮੁਹੱਬਤ ਨੂੰ ਠੁਕਰਾ ਕੇ ਅਮਰੀਕਾ ਚਲਿਆ ਆਇਆ। ਮੈਂ ਆਪਣੀ ਮਾਂ ਨੂੰ ਨਾ ਦੱਸਣ ਦੀ ਖੇਚਲ ਕੀਤੀ ਤੇ ਨਾ ਇਜ਼ਾਜਤ ਲੈਣ ਦੀ ਜ਼ਰੂਰਤ ਸਮਝੀ। ਮੇਰਾ ਇਕ ਦੋਸਤ ਸ਼ਬੀਰ ਅਮਰੀਕਾ ਵਿੱਚ ਰਹਿੰਦਾ ਸੀ, ਮਮਤਾ ਜ਼ਾਲਮ ਹੁੰਦੀ ਹੈ।
ਮੈਂ ਕਹਿੰਦਾ ਹਾਂ ਇਸ਼ਕ ਜ਼ਾਲਮ ਹੁੰਦਾ ਹੈ… ਜਵਾਨੀ ਵਿੱਚ ਇਸ਼ਕ ਦਿਲ ਤੇ ਜਿਗਰ ਨੂੰ ਇਵੇਂ ਫੂਕ ਦਿੰਦਾ ਹੈ ਜਿਵੇਂ ਅੱਗ ਸੁੱਕੀਆਂ ਲੜਕੀਆਂ ਨੂੰ…
ਮੇਰੇ ਵਰਗਾ ਜ਼ਿੱਦੀ ਆਦਮੀ ਜਦੋਂ ਫ਼ੈਸਲੇ ਦੀ ਆਣ ‘ਤੇ ਕੁਰਬਾਨ ਹੋ ਜਾਂਦਾ ਹੈ ਤਾਂ ਹਰ ਜਜ਼ਬਾ ਉਸ ਅੱਗੇ ਫ਼ਨਾ ਹੋ ਜਾਂਦਾ ਹੈ।
ਮੈਂ ਸ਼ਬੀਰ ਨੂੰ ਸਭ ਕੁਝ ਦੱਸ ਦਿੱਤਾ ਸੀ। ਸ਼ਬੀਰ ਨੇ ਮੇਰੇ ਇਸ ਫ਼ੈਸਲੇ ਨੂੰ ਸਰਾਹਿਆ ਨਹੀਂ ਸੀ। ਉਸ ਨੇ ਕਿਹਾ ਸੀ:
“ਮਾਂ ਨੂੰ ਇਸ ਹੱਦ ਤਕ ਚਾਹੁਣ ਵਾਲੇ ਬੱਚੇ ਤੋਂ ਇਸ ਸਤਿਕਾਰ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ-“
ਉਹ ਗਾਹੇ-ਬ-ਗਾਹੇ ਮੈਨੂੰ ਸਮਝਾਉਂਦਾ ਵੀ ਰਹਿੰਦਾ ਸੀ।
ਪਰ ਮੇਰੀ ਗੱਡੀ ਜਦੋਂ ਇੰਤਕਾਮ ਦੀ ਲਾਲ ਪਟੜੀ ‘ਤੇ ਚੱਲ ਨਿਕਲੀ ਤਾਂ ਕੋਈ ਇਸ ਨੂੰ ਰੋਕ ਨਾ ਸਕਿਆ- ਮੈਂ ਨਿਊਯਾਰਕ ਵਿੱਚ ਕੰਮ ਲੱਭ ਲਿਆ ਤੇ ਜ਼ਿੰਦਗੀ ਦਾ ਅੰਦਾਜ਼ ਹੀ ਬਦਲ ਦਿੱਤਾ।
ਹਰ ਉਹ ਲੜਕੀ ਜੋ ਮੇਰੇ ਨੇੜੇ ਆਈ, ਮੈਂ ਉਸ ਨੂੰ ਪਾਮਾਲ ਕੀਤਾ, ਮੈਂ ਆਪਣੀ ਜ਼ਿੰਦਗੀ ਨੂੰ ਸ਼ਰਾਬ, ਕਬਾਬ ਅਤੇ ਫ਼ਜ਼ੂਲੀਅਤਾਂ ਦੇ ਹਵਾਲੇ ਕਰ ਦਿੱਤਾ। ਮੈਂ ਆਪਣੀ ਬੇਦਾਗ਼ ਰੂਹ ਨੂੰ ਇਸ ਹੱਦ ਤਕ ਦਾਗ਼ਦਾਰ ਕਰ ਲੈਣਾ ਚਾਹੁੰਦਾ ਸੀ ਕਿ ਮੇਰੀ ਮਾਂ ਵੀ ਮੇਰਾ ਚਿਹਰਾ ਨਾ ਪਹਿਚਾਣ ਸਕੇ- ਜਿਸ ਲਾਡਲੇ ਬੇਟੇ ‘ਤੇ ਉਸ ਨੂੰ ਮਾਣ ਹੈ, ਉਹ ਉਸ ਦਾ ਫ਼ਖ਼ਰ ਮਿਟ ਜਾਏ, ਖ਼ਤਮ ਹੋ ਜਾਵੇ- ਉਸ ਨੂੰ ਅਹਿਸਾਸ ਹੋਵੇ ਕਿ ਉਸ ਦੀ ਤਰਬੀਅਤ ਵਿੱਚ ਕਿਤੇ ਖੋਟ ਸੀ, ਗ਼ਲਤੀ ਸੀ-
ਮੈਂ ਹੁਣ ਇਕ ਬਦਲਿਆ ਹੋਇਆ ਫ਼ੈਜ਼ਲ ਸੀ।
ਮੈਂ ਆਪਣੀ ਮਾਂ ਨੂੰ ਕਦੀ ਖ਼ਤ ਨਹੀਂ ਲਿਿਖਆ। ਮੈਨੂੰ ਪਤਾ ਸੀ, ਮੈਨੂੰ ਲੱਭਦੀ ਲੱਭਦੀ ਮੇਰੀ ਮਾਂ ਮਰ ਜਾਏਗੀ ਤੇ ਇਹੀ ਉਸ ਦੀ ਸਜ਼ਾ ਵੀ ਹੋਣੀ ਚਾਹੀਦੀ ਹੈ।
ਕਿ ਇਸ ਦਿਨ ਮੇਰੀ ਮਾਂ ਦੀ ਚਿੱਠੀ ਆ ਗਈ।
ਇਹਨਾਂ ਪੰਜ ਸਾਲਾਂ ਵਿੱਚ ਇਹੀ ਮੇਰੀ ਮਾਂ ਦੀ ਪਹਿਲੀ ਚਿੱਠੀ ਸੀ- ਪਤਾ ਨਹੀ ਉਸ ਨੇ ਮੇਰਾ ਐਡਰੈਸ ਕਿਥੋਂ ਤੇ ਕਿਵੇਂ ਲਿਆ ਸੀ- ਮੈਂ ਸ਼ਬੀਰ ਦੇ ਮਜਬੂਰ ਕਰਨ ਦੇ ਬਾਵਜੂਦ ਉਸ ਚਿੱਠੀ ਦਾ ਜਵਾਬ ਨਹੀਂ ਦਿੱਤਾ ਬਲਕਿ ਅਪਾਰਟਮੈਂਟ ਬਦਲਣ ਬਾਰੇ ਸੋਚਦਾ ਰਿਹਾ।
ਫਿਰ ਮਾਂ ਦੀ ਦੂਸਰੀ ਚਿੱਠੀ ਆਈ। ਮਾਂ ਮਿੰਨਤਾਂ ਕਰਕੇ ਮੈਨੂੰ ਬੁਲਾ ਰਹੀ ਸੀ, “ਹੇ ਰੱਬਾ! ਜਿਵੇਂ ਮੈਲਾ ਖਿਡੌਣਾ ਤੋੜ ਕੇ ਬੱਚੇ ਨੂੰ ਪਰਚਾਇਆ ਜਾਂਦਾ ਹੈ ਤੇ ਹੁਣ ਮੈਂ ਵਾਪਸ ਜਾਣ ਦੇ ਕਾਬਲ ਰਿਹਾ ਹੀ ਕਦੋਂ ਸੀ-“
ਮੈਂ ਆਪਣੀ ਜ਼ਿੱਦ ‘ਤੇ ਅੜਿਆ ਰਿਹਾ ਕਿ ਮਾਂ ਵੱਲੋਂ ਤਾਰ ਮਿਲੀ।
ਮਾਂ ਦੀ ਹਾਲਤ ਨਾਜ਼ੁਕ ਹੈ- ਤਾਂ ਕੀ ਹੈ? ਮੈਂ ਸੋਚਿਆ… ਮਰਨ ਤੋਂ ਪਹਿਲਾਂ ਹਰ ਮਾਂ ਦੀ ਹਾਲਤ ਨਾਜ਼ੁਕ ਨਹੀਂ ਹੋਵੇਗੀ ਤਾਂ ਜਾਏਗੀ ਕਿਵੇਂ…?
ਪਰ ਅਜਿਹੇ ਵਿੱਚ ਸ਼ਬੀਰ ਸਾਡੇ ਵਿੱਚ ਆ ਗਿਆ- ਉਸ ਨੇ ਆਪਣੇ ਪੈਸਿਆਂ ਨਾਲ਼ ਮੇਰਾ ਟਿਕਟ ਖ਼ਰੀਦਿਆ- ਤੇ ਇਵੇਂ ਮੈਨੂੰ ਭੇਜਿਆ ਜਿਵੇਂ ਪਾਕਿਸਤਾਨ ਵੱਲ ਮੂੰਹ ਕਰਕੇ ਮੈਨੂੰ ਧੱਕਾ ਦੇ ਦਿੱਤਾ ਹੋਵੇ- ਹੁਣ ਆਏ ਬਿਨਾਂ ਕੋਈ ਚਾਰਾ ਹੀ ਨਹੀਂ ਸੀ।
ਮੇਰੀਆਂ ਨਜ਼ਰਾਂ ਅਜੇ ਤਕ ਉਸ ਔਰਤ ‘ਤੇ ਟਿੱਕੀਆਂ ਹੋਈਆਂ ਸਨ ਤੇ ਉਸ ਦਾ ਪਤੀ ਵਾਰ ਵਾਰ ਖੂੰਖਾਰ ਨਜ਼ਰਾਂ ਨਾਲ਼ ਵੇਖ ਰਿਹਾ ਸੀ। ਦੋ ਇਕ ਵਾਰ ਬੜੇ ਗ਼ੁੱਸੇ ਨਾਲ਼ ਉਸ ਔਰਤ ਨੇ ਮੈਨੂੰ ਮੁੜ ਕੇ ਵੇਖਿਆ ਸੀ, ਮੈਂ ਮਾਮਲੇ ਦੀ ਨਜਾਕਤ ਤਕ ਨਾ ਪਹੁੰਚ ਸਕਿਆ। ਉਸ ਦੇ ਵਾਲਾਂ ਵੱਲ ਵੇਖਦੇ ਹੋਏ ਉਹ ਅਤੀਤ ਦੇ ਹਨੇਰਿਆਂ ਵਿੱਚ ਕਿਤੇ ਗਵਾਚ ਗਿਆ ਸੀ। ਉਸ ਨੇ ਮੁੜ ਕੇ ਵੇਖਿਆ ਸੀ। ਉਹ ਹਰਗਿਜ਼ ਉਜਲੀ ਨਹੀਂ- ਨਾ ਉਜਲੀ ਵਾਂਗ ਖ਼ੂਬਸੂਰਤ ਸੀ- ਬੱਸ ਇਕ ਔਰਤ ਸੀ- ਲੰਬੇ ਵਾਲਾਂ ਵਾਲੀ- ਪਰ ਸ਼ਾਇਦ ਮੇਰੀ ਅਵਾਰਾ ਨਿਗਾਹਾਂ ਵਿੱਚ ਇੰਨੀ ਗ਼ਲਾਜ਼ਤ ਭਰੀ ਸੀ ਕਿ ਕੋਈ ਵੀ ਔਰਤ ਮੇਰੀ ਨਿਗਾਹ ਬਰਦਾਸ਼ਤ ਨਹੀਂ ਕਰ ਸਕਦੀ ਸੀ। ਬਾਵਜੂਦ ਇਸ ਦੇ ਕਿ ਉਸ ਦਾ ਪਤੀ ਭਜ ਕੇ ਆਉਂਦਾ ਤੇ ਮੇਰਾ ਗਿਰੀਬਾਨ ਫੜ੍ਹ ਲੈਂਦਾ… ਮੈਂ ਆਪਣਾ ਰੁਖ਼ ਦੂਜੇ ਪਾਸੇ ਮੋੜ ਲਿਆ।
ਜਹਾਜ਼ ਵਿੱਚ ਰਾਤ ਉਤਰ ਆਈ ਸੀ। ਕੁਝ ਮੁਸਾਫ਼ਰ ਊਂਘ ਰਹੇ ਸਨ ਤੇ ਕੁਝ ਸਿਰਹਾਣੇ ਦੀਆਂ ਬੱਤੀਆਂ ਜਗਾ ਕੇ ਕਿਤਾਬਾਂ ਪੜ੍ਹ ਰਹੇ ਸਨ। ਮੈਂ ਵੀ ਆਪਣੇ ਬੈਗ ਵਿੱਚੋਂ ਇਕ ਅਸ਼ਲੀਲ ਜਿਹਾ ਨਾਵਲ ਕੱਢਿਆ ਤੇ ਪੜ੍ਹਨ ਲੱਗਾ।
ਪੜ੍ਹਦੇ ਪੜ੍ਹਦੇ ਮੇਰਾ ਖ਼ਿਆਲ… ਭੁੱਲੇ ਭਟਕੇ ਬੱਚੇ ਵਾਂਗ ਮਾਂ ਵੱਲ ਦੌੜ ਗਿਆ- ਇਹਨਾਂ ਪੰਜ ਸਾਲਾਂ ਵਿੱਚ, ਮੈਂ ਸੱਚੀਂ ਮਾਂ ਦੀ ਖ਼ਬਰ ਨਹੀਂ ਲਈ ਸੀ।
ਮੈਂ ਕਦੀ ਨਹੀਂ ਸੋਚਿਆ ਸੀ। ਇਸ ਸਮੇਂ ਵਿੱਚ ਮੇਰੀ ਮਾਂ ਨੇ ਵਕਤ ਕਿਸ ਤਰ੍ਹਾਂ ਗੁਜ਼ਾਰਿਆ ਹੋਵੇਗਾ? ਉਸ ਦਾ ਧਿਆਨ ਰੱਖਣ ਵਾਲਾ ਕੌਣ ਸੀ? ਇਹ ਤਾਂ ਠੀਕ ਹੈ ਕਿ ਅੱਬਾ ਜੀ ਨੇ ਉਹਨਾਂ ਨੂੰ ਇਕ ਮਕਾਨ ਅਤੇ ਕੁਝ ਦੁਕਾਨਾਂ ਬਣਵਾ ਦਿੱਤੀਆਂ ਸਨ। ਜਿਨ੍ਹਾਂ ਦੇ ਕਿਰਾਇਆਂ ‘ਤੇ ਉਹ ਗੁਜ਼ਰ ਬਸਰ ਕਰਦੀ ਸੀ… ਪਰ ਸਾਰੀ ਗੱਲ ਗੁਜ਼ਰ ਬਸਰ ਦੀ ਹੀ ਨਹੀਂ ਹੁੰਦੀ। ਇਕ ਕੰਮਜ਼ੋਰ ਬੁੱਢੀ ਔਰਤ ਨੂੰ ਸੌ ਕਿਸਮ ਦੇ ਸਹਾਰਿਆਂ ਦੀ ਜ਼ਰੂਰਤ ਹੁੰਦੀ ਹੈ… ਤੇ ਆਪਣੀ ਔਲਾਦ ਦੇ ਸਿਵਾ ਕੌਣ ਸਹਾਰਾ ਬਣਦਾ ਹੈ?
ਉਹਨਾਂ ਨੇ ਵਿਧਵਾ ਹੋ ਕੇ ਵੀ ਮੈਨੂੰ ਪਾਲਿਆ… ਕਿਹੜੀਆਂ ਕਿਹੜੀਆਂ ਤਕਲੀਫ਼ਾਂ ਸਹਿਣ ਕੀਤੀਆਂ ਮੇਰੀ ਖ਼ਾਤਰ… ਤੇ ਕਿਸ ਲਾਡ ਨਾਲ਼ ਮੈਨੂੰ ਪਾਲਿਆ… ਮੈਨੂੰ ਚਾਹਿਆ।
ਉਹਨਾਂ ਨੂੰ ਹੱਕ ਪਹੁੰਚਦਾ ਸੀ ਕਿ ਆਪਣੀ ਇਕ ਗੱਲ ਮੇਰੇ ਤੋਂ ਮੰਨਵਾ ਲੈਣ, ਕੀ ਮੈਂ ਅਜਿਹੀ ਮਾਂ ਦੇ ਮੂੰਹ ‘ਤੇ ਠੋਕਰ ਮਾਰ ਕੇ ਆਪਣੀ ਦੀਨ-ਓ-ਦੁਨੀਆਂ ਤਾਂ ਖ਼ਰਾਬ ਨਹੀਂ ਕੀਤੇ।
“ਨਹੀਂ-” ਮੇਰੇ ਅੰਦਰ ਦੀ ਖਿੱਚ ਨੇ ਜਵਾਬ ਦਿੱਤਾ- “ਇਕ ਬੁੱਢੀ ਮਾਂ ਨੂੰ ਕੀ ਹੱਕ ਪਹੁੰਚਦਾ ਹੈ, ਆਪਣੇ ਸੁਪਨਿਆਂ ਰਾਹੀਂ ਬੱਚਿਆਂ ਦੀ ਦੀਨ-ਓ-ਦੁਨੀਆਂ ਵਿਗਾੜਨ ਦਾ-“
ਅਜਿਹੀਆਂ ਮਾਵਾਂ ਨੂੰ ਇਹੀ ਸਜ਼ਾ ਮਿਲਣੀ ਚਾਹੀਦੀ ਹੈ।
ਜਦੋਂ ਮੈਂ ਆਪਣੀ ਵਿਗੜੀ ਹੋਈ ਸ਼ਕਲ ਲੈ ਕੇ ਆਪਣੀ ਮਾਂ ਕੋਲ ਜਾਵਾਂਗਾ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਵੇਗੀ ਫਿਰ ਮੈਂ ਕਹਾਂਗਾ, ਮਾਂ! ਇਸ ਸੂਰਤ ਨੂੰ ਵਿਗਾੜਨ ਵਿੱਚ ਸਰਾਸਰ ਤੇਰਾ ਹੱਥ ਹੈ।
ਖ਼ੁਦਾ ਖ਼ੁਦਾ ਕਰਕੇ ਇਹ ਲੰਮਾ ਸਫ਼ਰ ਖ਼ਤਮ ਹੋਇਆ। ਰਾਤ ਦੇ ਦੋ ਵਜੇ ਅਸੀਂ ਕਰਾਚੀ ਦੇ ਹਵਾਈ ਅੱਡੇ ‘ਤੇ ਪਹੁੰਚੇ ਤੇ ਸਵੇਰੇ ਸੱਤ ਵਜੇ ਦੂਸਰੇ ਪਲੇਨ ਰਾਹੀਂ ਮੈਂ ਲਾਹੌਰ ਜਾਣਾ ਸੀ- ਮੈਂ ਦੂਸਰੇ ਮੁਸਾਫ਼ਰਾਂ ਨਾਲ਼ ਮਿਡਵੇਅ ਹਾਊਸ ਵੱਲ ਚਲਿਆ ਤਾਂ ਮੈਂ ਵੇਖਿਆ ਉਹ ਲੰਬੇ ਵਾਲਾਂ ਵਾਲੀ ਔਰਤ ਆਪਣੇ ਪਤੀ ਨਾਲ਼ ਇਕ ਗੱਡੀ ਵਿੱਚ ਬੈਠਣ ਜਾ ਰਹੀ ਸੀ। ਉਸ ਨੇ ਮੈਨੂੰ ਕਹਿਰ ਭਰੀਆਂ ਨਜ਼ਰਾਂ ਨਾਲ਼ ਵੇਖਿਆ ਤੇ ਮੂੰਹ ਦੂਸਰੇ ਪਾਸੇ ਫੇਰ ਲਿਆ।
“ਮੈਂ ਸਭ ਔਰਤਾਂ ਨੂੰ ਨਫ਼ਰਤ ਕਰਦਾ ਹਾਂ- ਐ ਔਰਤ!” ਮੈਂ ਆਪਣੇ ਦਿਲ ਵਿੱਚ ਕਿਹਾ।
“ਮੇਰੀਆਂ ਨਿਗਾਹਾਂ ਉਹ ਨਹੀਂ ਕਿ ਜਿਸ ਵਿੱਚ ਤਲਬ ਹੁੰਦੀ ਹੈ- ਇਹ ਇੰਤਕਾਮ ਦੀਆਂ ਨਿਗਾਹਾਂ ਹਨ-“
ਲਾਹੌਰ ਏਅਰ ਪੋਰਟ ਤੋਂ ਮੈਂ ਟੈਕਸੀ ਲਈ ਤੇ ਘਰ ਨੂੰ ਰਵਾਨਾ ਹੋਇਆ। ਮੇਰਾ ਸ਼ਹਿਰ ਬਿਲਕੁਲ ਨਹੀਂ ਬਦਲਿਆ ਸੀ। ਆਪਣੇ ਸ਼ਹਿਰ ਨੂੰ ਵੇਖ ਕੇ ਦਿਲ ‘ਤੇ ਉਦਾਸੀਆਂ ਦੀ ਰਿਮਝਮ ਹੋਣ ਲੱਗੀ। ਜਦੋਂ ਮੈਂ ਮਾਂ ਦੇ ਕਮਰੇ ਵਿੱਚ ਦਾਖ਼ਲ ਹੋਇਆ ਤਾਂ ਮੇਰੀ ਮਾਂ ਹੱਡੀਆਂ ਦਾ ਢਾਂਚਾ ਬਣੀ ਸਾਹਮਣੇ ਬਿਸਤਰੇ ‘ਤੇ ਲੰਮੇ ਪਈ ਸੀ ਤੇ ਇਕ ਮੈਲੀ ਕੁਚੈਲੀ ਨੌਕਰਾਣੀ ਉਸ ਦੇ ਸਿਰਹਾਣੇ ਬੈਠੀ ਸੀ। ਮੈਂ ਨੇੜੇ ਜਾ ਕੇ ਮਾਂ ਨੂੰ ਬੁਲਾਇਆ ਤੇ ਕਿਹਾ:
“ਮਾਂ! ਮੈਂ ਆ ਗਿਆ ਹਾਂ-“
ਮੇਰੀ ਆਵਾਜ਼ ਸੁਣ ਕੇ ਮਾਂ ਦੇ ਚਿਹਰੇ ‘ਤੇ ਬਹਾਰ ਆ ਗਈ। ਮਾਂ ਮੈਨੂੰ ਵੇਖ ਕੇ ਬੇਤਾਬ ਹੋ ਗਈ ਤੇ ਫਿਰ ਉਸ ਨੇ ਉੱਠ ਕੇ ਬੈਠਣਾ ਚਾਹਿਆ। ਮੈਂ ਅੱਗੇ ਵੱਧ ਕੇ ਉਸ ਨੂੰ ਉਠਾਉਣਾ ਚਾਹਿਆ ਤਾਂ ਉਸ ਨੇ ਮੇਰਾ ਮੱਥਾ ਚੁੰਮ ਲਿਆ। ਜਦੋਂ ਮੈਂ ਸਿਰਹਾਣੇ ਦਾ ਸਹਾਰਾ ਦੇ ਕੇ ਮਾਂ ਨੂੰ ਬਿਠਾਇਆ ਤਾਂ ਮੈਨੂੰ ਮਾਂ ‘ਤੇ ਤਰਸ ਆ ਗਿਆ। ਇਹ ਤਨ-ਮਨ ਤੋਂ ਖ਼ੁਸ਼ਮਿਜਾਜ਼ ‘ਤੇ ਸੇਵਾ ਕਰਨ ਵਾਲੀ ਮਾਂ ਹਰਗਿਜ਼ ਨਹੀਂ ਸੀ ਪਰ ਮੇਰਾ ਅੰਦਰ ਜੋ ਰੁਸਿਆ ਹੋਇਆ ਸੀ, ਉਹ ਅਜੇ ਤਕ ਤਣਿਆ ਤਣਿਆ ਸੀ। ਮੈਨੂੰ ਫ਼ੌਰਨ ਮਾਂ ਦੀ ਜ਼ਿਆਦਤੀ ਯਾਦ ਆ ਗਈ ਤੇ ਇਹ ਕਿ ਮੈਂ ਮਾਂ ਨੂੰ ਮੁਆਫ਼ ਕਰਨ ਦੀ ਨੀਅਤ ਨਾਲ਼ ਨਹੀਂ ਆਇਆ ਸੀ।
ਚੁਪ ਚਾਪ ਬੈਠਾ ਰਿਹਾ, ਮਾਂ ਮੇਰਾ ਹਾਲ ਪੁੱਛਦੀ ਰਹੀ। ਫਿਰ ਬੋਲੀ-“ਜਾ…! ਨਹਾ ਧੋ ਕੇ ਕਪੜੇ ਬਦਲ ਲੈ- ਫਿਰ ਮੇਰੇ ਕੋਲ ਆ ਕੇ ਬੈਠ-“
ਮੈਂ ਆਪਣਾ ਸੂਟ ਕੇਸ ਚੁੱਕ ਕੇ ਆਪਣੇ ਕਮਰੇ ਵਿੱਚ ਆ ਗਿਆ। ਇਸ ਤਰ੍ਹਾਂ ਸਾਫ਼ ਸੁਥਰੇ ਕਪੜੇ ਵਾਰਡਰੋਬ ਵਿੱਚ ਲਟਕੇ ਹੋਏ ਸਨ, ਜੁੱਤੇ ਪਾਲਸ਼ ਕੀਤੇ ਹੋਏ ਸਨ, ਇਥੋਂ ਤਕ ਕਿ ਮੇਜ਼ ‘ਤੇ ਉਹ ਕਿਤਾਬਾਂ ਤੇ ਕਾਗ਼ਜ਼ ਵੀ ਉਸੇ ਤਰ੍ਹਾਂ ਪਏ ਹੋਏ ਸਨ ਜਿਵੇਂ ਮੈਂ ਛੱਡ ਕੇ ਗਿਆ ਸੀ। ਇਵੇਂ ਲੱਗਦਾ ਸੀ ਮੇਰੇ ਤੋਂ ਬਾਅਦ ਮੇਰੇ ਕਮਰੇ ਦਾ ਮੇਰੇ ਤੋਂ ਜ਼ਿਆਦਾ ਧਿਆਨ ਰੱਖਿਆ ਗਿਆ ਹੈ, ਜਿਵੇਂ ਮੈਂ ਇੱਥੇ ਹੀ ਸੀ। ਇੱਥੇ ਹੀ ਰਹਿੰਦਾ ਹਾਂ। ਮੈਂ ਆਪਣਾ ਸੂਟ ਕੇਸ ਖੋਲ੍ਹਿਆ ਤਾਂ ਮੈਨੂੰ ਖ਼ਿਆਲ ਆਇਆ ਕਿ ਮੈਂ ਮਾਂ ਲਈ ਕੁਝ ਵੀ ਨਹੀਂ ਲਿਆਇਆ ਸੀ। ਕੋਈ ਛੋਟਾ ਮੋਟਾ ਤੁਹਫ਼ਾ ਲਿਆਉਣਾ ਚਾਹੀਦਾ ਸੀ। ਦੁਨੀਆਂਦਾਰੀ ਤੇ ਜ਼ਮਾਨਾਸਾਜ਼ੀ ਲਈ ਹੀ ਸਹੀ।
“ਪਰ ਕਿਉਂ…?”
ਮਾਂ ਨੇ ਮੈਨੂੰ ਕਿਹੜਾ ਤੁਹਫ਼ਾ ਦਿੱਤਾ ਹੈ, ਪਾਲਿਆ ਪੋਸਿਆ ਤਾਂ ਇਹ ਉਸ ਦਾ ਫ਼ਰਜ਼ ਸੀ, ਕੁਝ ਜ਼ਿਆਦਾ ਲਾਡ ਲਡਾਏ ਤਾਂ ਉਸ ਦੀ ਜ਼ਾਤੀ ਮਜਬੂਰੀ ਸੀ… ਮੈਂ ਇਕੱਲਾ ਸੀ… ਤੇ ਭੈਣ ਭਰਾ ਹੋਵੇ ਤਾਂ ਉਹ ਉਹਨਾਂ ਫ਼ਜ਼ੂਲ ਲਾਡ ਮੇਰੇ ਇਕੱਲੇ ਦੇ ਨਾ ਹੁੰਦੇ…
ਮੈਂ ਆਪਣੇ ਆਪ ਨਾਲ਼ ਲੜਦਾ ਹੋਇਆ ਬਾਹਰ ਨਿਕਲ ਆਇਆ।
ਹੁਣ ਮੇਰੀ ਮਾਂ ਸਿਰਹਾਣੇ ਦਾ ਸਹਾਰਾ ਲੈ ਕੇ ਖ਼ੁਦ ਹੀ ਬੈਠੀ ਸੀ। ਉਹ ਮੈਲੀ ਕੁਚੈਲੀ ਨੌਕਰਾਣੀ ਜਾ ਚੁੱਕੀ ਸੀ।
“ਤੂੰ ਕੁਝ ਖਾਧਾ?”
“ਜੀ…!” ਮੈਂ ਮਨ੍ਹਾਂ ਕਰਨ ਵਾਲਾ ਜਵਾਬ ਦਿੱਤਾ।
ਮਾਂ ਨੇ ਮੇਰੇ ਵੱਲ ਮੁਹੱਬਤ ਭਰੀਆਂ ਨਿਗਾਹਾਂ ਨਾਲ਼ ਵੇਖਿਆ ਤੇ ਕਿਹਾ: “ਤੇਰੀ ਸਿਹਤ ਠੀਕ ਨਹੀਂ ਲੱਗਦੀ-“
ਹਾਲਾਂਕਿ ਲਗਾਤਾਰ ਸ਼ਰਾਬਨੋਸ਼ੀ ਨਾਲ਼ ਮੇਰਾ ਜਿਸਮ ਫੁੱਲ ਗਿਆ ਸੀ, ਅੱਖਾਂ ਦੇ ਆਲੇ ਦੁਆਲੇ ਕਾਲਖ਼ ਜ਼ਰੂਰ ਸੀ ਤੇ ਮੇਰਾ ਰੰਗ ਵੀ ਪਹਿਲਾਂ ਵਰਗਾ ਦੂਧੀਆ ਸਫ਼ੇਦ ਨਹੀਂ ਰਿਹਾ ਸੀ। ਬਹਰਹਾਲ ਮਾਵਾਂ ਹਮਦਰਦੀ ਜਿੱਤਣ ਲਈ ਅਜਿਹਾ ਸਵਾਲ ਜ਼ਰੂਰ ਕਰਦੀਆਂ ਹਨ।
ਮੈਂ… ਕੋਈ ਜਵਾਬ ਨਹੀਂ ਦਿੱਤਾ। ਇੰਤਜ਼ਾਰ ਕਰਨ ਲੱਗਾ ਕਿ ਹੁਣ ਮਾਂ ਗਿਲੇ ਸ਼ਿਕਵਿਆਂ ਦੀ ਪਿਟਾਰੀ ਖੋਲ੍ਹੇਗੀ। ਪੰਜ ਸਾਲ ਵਿੱਚ ਜੋ ਕੁਝ ਗੁਜ਼ਰਿਆ, ਉਸ ਦੀ ਦਰਦਨਾਕ ਦਾਸਤਾਨ ਸੁਣਾਏਗੀ- ਕੁਝ ਮਮਤਾ ਦਾ ਵਾਸਤਾ ਦੇਏਗੀ ਤੇ ਕੁਝ ਮੈਨੂੰ ਸ਼ਰਮਿੰਦਾ ਕਰੇਗੀ ਵਗੈਰਾ ਵਗੈਰਾ- ਤੇ ਮੈਂ ਇਸ ਸੂਰਤ-ਏ-ਹਾਲ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਸੀ ਕਿ ਮਾਂ ਨੇ ਆਪਣੇ ਸਿਰਹਾਣੇ ਥੱਲਿਓਂ ਇਕ ਪੁਰਾਣਾ ਅਖ਼ਬਾਰ ਤਹਿ ਕੀਤਾ ਹੋਇਆ ਕੱਢਿਆ ਤੇ ਮੇਰੇ ਹੱਥ ਵਿੱਚ ਫੜਾ ਦਿੱਤਾ।
“ਇਹ ਕੀ ਹੈ?” ਮੈਂ ਪੁੱਛਿਆ।
“ਇਸ ਵਿੱਚ ਇਕ ਖ਼ਬਰ ਹੈ, ਵੇਖ ਲੈ-“
ਅਜੀਬ ਅਹਿਮਕਾਨਾ ਖ਼ਾਹਿਸ਼ ਸੀ, ਮੈਂ ਤਹਿ ਕੀਤਾ ਹੋਇਆ ਅਖ਼ਬਾਰ ਖੋਲ੍ਹਿਆ। ਸਭ ਪੁਰਾਣੀਆਂ ਸੁਰਖੀਆਂ ਸਨ। ਵੇਖਦਾ ਰਿਹਾ… ਤਾਂ ਇਕ ਦਮ ਕੋਨੇ ਵਿੱਚ ਮੇਰੀ ਨਜ਼ਰ ਗਈ। ਇਕ ਹਾਦਸੇ ਦੀ ਖ਼ਬਰ ਸੀ, ਲਿਖਿਆ ਸੀ: “ਮੈਨੇਜਰ ਸਲਮਾਨ ਦੀ ਕਾਰ ਟਰੱਕ ਨਾਲ਼ ਟਕਰਾ ਗਈ-” ਥੱਲੇ ਹਾਦਸੇ ਦਾ ਵਿਸਥਾਰ ਤੇ ਤਸਵੀਰਾਂ ਵੀ ਸਨ।
ਮੈਨੇਜਰ ਸਲਮਾਨ ਆਪਣੀ ਪਤਨੀ ਉਜਲਾ ਸਲਮਾਨ ਤੇ ਦੋ ਬੇਟਿਆਂ ਕਰਨ ਤੇ ਪਵਨ ਨਾਲ਼ ਮਲਾਕੰਡ ਤੋਂ ਆ ਰਹੇ ਸਨ।
ਰਸਤੇ ਵਿੱਚ ਉਹਨਾਂ ਦੀ ਕਾਰ ਇਕ ਵੱਡੇ ਟਰੱਕ ਨਾਲ਼ ਟਕਰਾ ਗਈ। ਇਸ ਹਾਦਸੇ ਵਿੱਚ ਮੈਨੇਜਰ ਸਲਮਾਨ ਨੂੰ ਬੇਸ਼ੁਮਾਰ ਸੱਟਾਂ ਲੱਗੀਆਂ। ਉਹਨਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾ ਦਿੱਤਾ ਗਿਆ ਪਰ ਉਥੇ ਪਹੁੰਚਣ ਤਕ ਉਹਨਾਂ ਨੇ ਦਮ ਤੋੜ ਦਿੱਤਾ। ਉਹਨਾਂ ਦੀ ਪਤਨੀ ਤੇ ਬੇਟਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਤਾਂ ਇਹ ਉਜਲਾ ਸੀ… ਮੇਰਾ ਸਾਰਾ ਖ਼ੂਨ ਇਕ ਦਮ ਮੇਰੇ ਚਿਹਰੇ ਵੱਲ ਦੌੜਿਆ- ਮੇਰੀ ਉਜਲੀ ਵਿਧਵਾ ਹੋ ਗਈ- ਲੁੱਟੀ ਗਈ ਸੀ- ਮੇਰੇ ਕਾਰਨ ਬਰਬਾਦ ਹੋ ਗਈ ਸੀ। ਉਸ ਨੇ ਖ਼ੁਦ ਉਸ ਹਾਦਸਾਤੀ ਵਿਆਹ ਨੂੰ ਗਲੇ ਲਗਾਇਆ ਸੀ।
ਸਾਰੀ ਦੁਨੀਆਂ ਮੇਰੀਆਂ ਨਜ਼ਰਾਂ ਵਿੱਚ ਗੋਲ ਗੋਲ ਘੁੰਮਣ ਲੱਗੀ।
ਪਰ ਮਾਂ ਨੇ ਇਹ ਖ਼ਬਰ ਮੈਨੂੰ ਕਿਉਂ ਪੜ੍ਹਾਈ ਸੀ…? ਮੇਰੇ ਜ਼ਖ਼ਮ ਕੁਰੇਦਨੇ ਚਾਹੁੰਦੀ ਸੀ… ਮੇਰੇ ਛਾਲਿਆਂ ਵਿੱਚ ਸੂਈਆਂ ਚੁਭਾਉਣੀਆਂ ਚਾਹੁੰਦੀ ਸੀ- ਮੈਨੂੰ ਘਰ ਬੁਲਾ ਕੇ ਮੇਰੇ ਤੜਫਨ ਦਾ ਤਮਾਸ਼ਾ ਵੇਖਣਾ ਚਾਹੁੰਦੀ ਸੀ… ਹੁਣ ਇੰਤਕਾਮ ਲੈਣ ਦੀ ਉਹਨਾਂ ਦੀ ਵਾਰੀ ਸੀ।
‘ਕੀ ਖ਼ੂਬ ਬਦਲਾ ਲਿਆ ਸੀ ਤੇ ਕਿਸ ਤਰ੍ਹਾਂ ਮੈਨੂੰ ਘਰ ਬੁਲਾਇਆ ਸੀ। ਆਉਂਦਿਆਂ ਹੀ ਇੰਨੀ ਵੱਡੀ ਖ਼ੁਸ਼ਖ਼ਬਰੀ ਮੇਰੀ ਝੋਲੀ ਵਿੱਚ ਸੁੱਟ ਦਿੱਤੀ ਸੀ। ਮੈਂ ਆਪਣੇ ਗ਼ੁੱਸੇ ਭਰੀਆਂ ਨਿਗਾਹਾਂ ਮਾਂ ਦੇ ਚਿਹਰੇ *ਤੇ ਪਾਈਆਂ ਤਾਂ ਉਹ ਆਪਣੀ ਮੱਧਮ ਜਿਹੀ ਆਵਾਜ਼ ਵਿੱਚ ਬੋਲੀ:
“ਮਾਂ-ਬਾਪ ਕਦੀ ਆਪਣਾ ਦਿਲ ਚੀਰ ਕੇ ਔਲਾਦ ਨੂੰ ਨਹੀਂ ਵਿਖਾ ਸਕਦੇ- ਇਸ ਲਈ ਔਲਾਦ ਨੂੰ ਕਦੀ ਇਹ ਇਲਮ ਨਹੀਂ ਹੋ ਸਕਦਾ ਕਿ ਉਹ ਉਸ ਬਾਰੇ ਕੀ ਸੋਚ ਰਹੇ ਹਨ?”
ਮੈਂ ਅੱਗ ਬਬੂਲਾ ਹੋ ਗਿਆ। ਇਹ ਵਾਕ ਕਈ ਸਾਲ ਪਹਿਲਾਂ ਮਾਂ ਨੇ ਐਵੇਂ ਹੀ ਕਿਹਾ ਸੀ ਤੇ ਹੁਣ ਉਸ ਡਰਾਮੇ ਨੂੰ ਦੁਹਰਾਉਣ ਦੀ ਕੀ ਜ਼ਰੂਰਤ ਸੀ?
ਮੈਂ ਅਖ਼ਬਾਰ ਨੂੰ ਮਰੋੜ ਕੇ ਆਪਣੇ ਹੱਥ ਵਿੱਚ ਫੜ ਲਿਆ ਤੇ ਆਪਣਾ ਗ਼ੁੱਸਾ ਪੀਣ ਦੀ ਕੋਸ਼ਿਸ਼ ਕਰਨ ਲੱਗਾ। ਮਾਂ ਬੋਲਦੀ ਰਹੀ:
“ਮੈਂ ਉਜਲਾ ਨੂੰ ਵੇਖਿਆ ਤਾਂ ਉਹ ਮੈਨੂੰ ਪਸੰਦ ਆਈ- ਉਹੀ ਨਹੀਂ ਉਸ ਦਾ ਸਾਰਾ ਘਰਾਣਾ ਮੈਨੂੰ ਚੰਗਾ ਲੱਗਾ- ਉਹ ਸੱਚੀਂ ਬਹੁਤ ਸ਼ਰੀਫ਼ ਤੇ ਭਲੇ ਲੋਕ ਸਨ- ਉਜਾਲਾ ਵਿੱਚ ਕੋਈ ਐਬ ਨਹੀਂ ਸੀ ਪਰ ਮੇਰੇ ਬੇਟੇ… ਮੇਰੀ ਨਿਗਾਹ ਉਸ ਦੇ ਮੱਥੇ ‘ਤੇ ਗਈ ਤਾਂ ਫਿਰ ਉਥੇ ਹੀ ਅਟਕ ਗਈ। ਉਸ ਦੇ ਮੱਥੇ ‘ਤੇ ਇਕ ਨਿਸ਼ਾਨ ਮੌਜੂਦ ਸੀ ਜੋ ਅਜਿਹੀਆਂ ਔਰਤਾਂ ਦੇ ਮੱਥੇ ‘ਤੇ ਹੁੰਦਾ ਹੈ ਜੋ ਜਵਾਨੀ ਵਿੱਚ ਵਿਧਵਾ ਹੋ ਜਾਂਦੀਆਂ ਹਨ- ਮੇਰਾ ਅਨੁਮਾਨ ਹੈ ਕਿ ਗ਼ੈਬ ਦਾ ਇਲਮ ਤਾਂ ਅੱਲਾ ਤਾਲਾ ਹੀ ਜਾਣਦਾ ਹੈ ਪਰ ਬੁੱਢੀਆਂ ਅੱਖਾਂ ਤੇ ਤਜਰਬੇਕਾਰ ਦਿਲ ਜੋ ਕੁਝ ਦੁਨੀਆਂ ਤੋਂ ਸਮੇਟਦਾ ਹੈ… ਉਸ ਦਾ ਕੋਈ ਮੁੱਲ ਨਹੀਂ… ਕੋਈ ਵਹਿਮ ਜਾਂ ਸ਼ੱਕ ਦਿਲ ਦੇ ਇਸ ਤਰ੍ਹਾਂ ਨੇੜੇ ਆ ਕੇ ਖੜ੍ਹਾ ਹੋ ਜਾਂਦਾ ਹੈ- ਆਦਮੀ ਦਿਲ ਦੇ ਦਰਵਾਜ਼ੇ ਬੰਦ ਕਰ ਲੈਂਦਾ ਹੈ- ਕੋਈ ਮਾਂ ਜੋ ਜਵਾਨੀ ਵਿੱਚ ਵਿਧਵਾ ਹੋ ਗਈ ਹੋਵੇ, ਨਹੀਂ ਚਾਹੁੰਦੀ ਕਿ ਆਪਣੀ ਨੂੰਹ ਨੂੰ ਵਿਧਵਾ ਵੇਖੇ- ਜਦੋਂ ਕਿ ਉਸ ਦਾ ਇਕੋ ਇਕ ਸਹਾਰਾ ਉਸ ਦਾ ਬੇਟਾ ਹੋਵੇ, ਜਿਸ ਨੂੰ ਉਸ ਨੇ ਚੰਦ ਤਾਰਿਆਂ ਵਾਂਗ ਪਾਲਿਆ ਹੋਵੇ-“
“ਮੇਰੇ ਜੀਅ ਵਿੱਚ ਇਹ ਵਹਿਮ ਆ ਗਿਆ ਸੀ- ਜੇ ਉਸ ਵਕਤ ਮੈਂ ਤੈਨੂੰ ਇਹ ਗੱਲ ਖੋਲ੍ਹ ਕੇ ਦੱਸ ਦਿੰਦੀ ਤਾਂ ਤੂੰ ਗ਼ੁੱਸੇ ਵਿੱਚ ਰੌਲਾ ਪਾਉਂਦਾ- ਮੈਨੂੰ ਚੈਲੰਜ ਕਰਦਾ- ਜ਼ਾਹਿਲ ਤੇ ਅਹਿਮਕ ਕਹਿੰਦਾ ਤੇ ਪਤਾ ਨਹੀਂ ਕੀ ਕੀ ਕਹਿੰਦਾ ਤੇ ਫਿਰ ਜ਼ਿੱਦ ਵਿੱਚ ਆ ਕੇ ਉਜਾਲਾ ਨਾਲ਼ ਵਿਆਹ ਵੀ ਕਰ ਲੈਂਦਾ-“
“ਬੇਟਾ! ਕੋਈ ਮਾਂ ਖ਼ੁਦਗ਼ਰਜ਼ ਨਹੀਂ ਹੁੰਦੀ- ਹਰ ਮਾਂ ਦੀ ਜ਼ਾਤੀ ਗ਼ਰਜ਼ ਉਸ ਦਾ ਬੱਚਾ ਹੁੰਦਾ ਹੈ… ਬੱਚੇ ਅੱਗੇ ਪੂਰੀ ਕਾਇਨਾਤ ਛੋਟੀ ਹੈ-“
“ਤੂੰ ਮਾਂ ਦੇ ਜਜ਼ਬਾਤ ਕੀ ਜਾਣੈ…?”
“ਤੂੰ ਮੇਰੇ ਨਾਲ਼ ਨਾਰਾਜ਼ ਹੋ ਕੇ ਇੰਨੀ ਦੂਰ ਚਲਿਆ ਗਿਆ ਜਿਥੇ ਮੇਰੀ ਫ਼ਰਿਆਦ ਵੀ ਤੇਰੇ ਤਕ ਨਾ ਪਹੁੰਚ ਸਕਦੀ-“
“ਮੈਂ ਇਸ ਉਮੀਦ ‘ਤੇ ਤੇਰੀ ਜੁਦਾਈ ਦਾ ਸਦਮਾ ਝੱਲ ਲਿਆ ਕਿ ਇਕ ਨਾ ਇਕ ਦਿਨ ਤੈਨੂੰ ਮਾਂ ਦੀ ਸੱਚਾਈ ‘ਤੇ ਯਕੀਨ ਆ ਜਾਏਗਾ, ਤੇਰਾ ਗ਼ੁੱਸਾ ਦੂਰ ਹੋ ਜਾਏਗਾ ਤੇ ਤੂੰ ਖ਼ੁਦ ਹੀ ਆ ਜਾਵੇਂਗਾ- ਇਸੇ ਸਮੇਂ ਦੌਰਾਨ ਵਿਚਾਰੀ ਉਜਲਾ ਨਾਲ਼ ਇਹ ਹਾਦਸਾ ਪੇਸ਼ ਆ ਗਿਆ- ਉਦੋਂ ਤੋਂ ਹੁਣ ਤਕ ਮੈਂ ਤੈਨੂੰ ਲੱਭਦੀ ਰਹੀ- ਆਖ਼ਰ ਮੈਨੂੰ ਤੇਰਾ ਸੁਰਾਗ਼ ਮਿਲ ਗਿਆ- ਮੈਂ ਤਾਰ ਦੇ ਕੇ ਤੈਨੂੰ ਇਥੇ ਬੁਲਾ ਲਿਆ ਹੈ-“
ਮਾਂ ਰੁਕ ਗਈ… ਸ਼ਾਇਦ ਉਹ ਮੇਰੇ ਮੂੰਹ ਤੋਂ ਕੁਝ ਕੌੜੇ ਵਾਕ ਸੁਣਨਾ ਚਾਹੁੰਦੀ ਸੀ, ਪਰ ਮੈਂ ਕੁਝ ਨਹੀਂ ਬੋਲਿਆ।
ਸਾਹ ਲੈ ਕੇ ਉਹ ਫਿਰ ਬੋਲੀ: “ਚੰਨ ਪੁੱਤਰ…! ਮਾਂ ਅਜੀਬ ਕਿਸਮ ਦਾ ਪ੍ਰਾਣੀ ਹੁੰਦੀ ਹੈ- ਔਲਾਦ ਲਈ ਅੱਲਾ ਨਾਲ਼ ਵੀ ਉਲਝ ਪੈਂਦੀ ਹੈ- ਮੈਂ ਵੀ ਅੱਲਾ ਨਾਲ਼ ਲਗਾਤਾਰ ਲੜਦੀ ਰਹੀ ਹਾਂ- ਮੈਂ ਅੱਲਾ ਤੋਂ ਮੁਹਲਤ ਮੰਗੀ ਸੀ ਕਿ ਉਹ ਮੈਨੂੰ ਸਫ਼ਾਈ ਦਾ ਮੌਕਾ ਦੇਵੇ- ਮੈਨੂੰ ਤੇਰੀ ਇਸ ਬੇਮਾਅਨੀ ਨਾਰਾਜ਼ਗੀ ਦਾ ਵੀ ਗਿਲਾ ਨਹੀਂ ਤੇ ਨਾ ਤੇਰੀ ਸਰਦ ਮਹਿਰੀ ਦਾ ਸ਼ਿਕਵਾ ਹੈ- ਇਹ ਖ਼ੁਸ਼ੀ ਜ਼ਰੂਰ ਹੈ ਕਿ ਜਾਣ ਤੋਂ ਪਹਿਲਾਂ ਅੱਲਾ ਨੇ ਮੈਨੂੰ ਸਫ਼ਾਈ ਦਾ ਮੌਕਾ ਦੇ ਦਿੱਤਾ-“
“ਬੇਟਾ! ਹੁਣ ਤੂੰ ਆਪਣੀ ਦੁਖੀਆ ਮਾਂ ਦੇ ਖ਼ੁਸ਼ੀ ਲਈ ਇਕ ਹੋਰ ਕੰਮ ਕਰ ਦੇਈਂ- ਉਜਾਲਾ ਕੋਲ ਜਾਈਂ- ਉਹ ਆਪਣੇ ਮਾਂ ਬਾਪ ਨਾਲ਼ ਰਹਿੰਦੀ ਹੈ- ਉਸ ਦੀ ਇੱਦਤ ਖ਼ਤਮ ਹੋ ਚੁੱਕੀ ਹੈ- ਪਹਿਲਾਂ ਤਾਂ ਮੇਰੇ ਵੱਲੋਂ ਉਸ ਤੋਂ ਮੁਆਫ਼ੀ ਮੰਗ ਲਈਂ-“
“ਵਿਧਵਾ ਔਰਤ ਇਕ ਫੋੜਾ ਹੁੰਦੀ ਹੈ ਮੇਰੇ ਬੱਚੇ!”
“ਜ਼ਰਾ ਕੋਈ ਸਖ਼ਤੀ ਨਾਲ਼ ਪੇਸ਼ ਆਏ ਤਾਂ ਫਿੱਸ ਜਾਂਦੀ ਹੈ- ਉਸ ਦੇ ਸਿਰ ‘ਤੇ ਕੋਈ ਹੱਥ ਨਹੀਂ ਰੱਖਦਾ- ਤੂੰ ਜਾ ਉਸ ਦੇ ਸਿਰ ‘ਤੇ ਹੱਥ ਰੱਖ- ਉਸ ਦੇ ਬੱਚਿਆਂ ਦਾ ਪਿਉ ਬਣ ਜਾ- ਉਹਨਾਂ ਬੱਚਿਆਂ ਨੂੰ ਪੂਰੀ ਉਮਰ ਇਹ ਨਾ ਮਹਿਸੂਸ ਹੋਣ ਦੇਈਂ ਕਿ ਉਹਨਾਂ ਦਾ ਬਾਪ ਕੋਈ ਹੋਰ ਸੀ-“
“ਮੁਹੱਬਤ ਇਕ ਰੂਹਾਨੀ ਜਜ਼ਬਾ ਹੈ ਪਿਆਰੇ ਬੱਚੇ…!”
“ਮੁਹੱਬਤ… ਜਿਸਮ, ਸੂਰਤ ਤੇ ਵਕਤ ਤੋਂ ਆਜ਼ਾਦ ਹੁੰਦੀ ਹੈ-“
“ਮੁਹੱਬਤ ਅੰਨੀ ਹੁੰਦੀ ਹੈ- ਉਹ ਜਿਸਮ ‘ਤੇ ਲੱਗੇ ਨਿਸ਼ਾਨ ਨਹੀਂ ਵੇਖਦੀ, ਕਿਉਂਕਿ ਵਕਤ ਬੜਾ ਜ਼ਾਲਮ ਹੈ- ਜਦੋਂ ਉਸ ਦਾ ਪਹੀਆ ਚਲਦਾ ਹੈ ਤਾਂ ਹਰ ਜਿਸਮ-ਓ-ਜ਼ਿਹਨ ‘ਤੇ ਕੁਝ ਨਿਸ਼ਾਨ ਆਉਂਦੇ ਹਨ-“
“ਜੇ ਤੂੰ ਉਜਾਲਾ ਨਾਲ਼ ਮੁਹੱਬਤ ਕੀਤੀ ਸੀ ਤਾਂ ਜਾ ਉਸ ਨੂੰ ਅਪਣਾ ਲੈ- ਅਪਣਾਉਣ ਤੇ ਅਹਿਸਾਨ ਕਰਨ ਵਿੱਚ ਬਹੁਤ ਫ਼ਰਕ ਹੈ- ਵਿਧਵਾ ਔਰਤ ਨੂੰ ਅਹਿਸਾਨ ਨਹੀਂ, ਮੁਹੱਬਤ ਸਮੇਟਦੀ ਹੈ-“
“ਮਰਦ ਖ਼ੁਦਗਰਜ਼ ਹੈ- ਉਹ ਔਰਤ ਦੇ ਕਿਸੇ ਗੁਨਾਹ ਨੂੰ ਮੁਆਫ਼ ਨਹੀਂ ਕਰਦਾ- ਤੈਨੂੰ ਮੇਰੀ ਕਸਮ, ਤੂੰ ਉਜਾਲਾ ਨੂੰ ਇਸ ਤਰ੍ਹਾਂ ਬਾਹਾਂ ਵਿੱਚ ਸਮੇਟ ਲਈਂ ਜਿਸ ਤਰ੍ਹਾਂ ਉਸ ਨੇ ਹੁਣੇ ਮਾਂ ਦੀ ਕੁੱਖ ਵਿੱਚੋਂ ਜਨਮ ਲਿਆ ਹੋਵੇ ਤੇ ਇਹੀ ਇਸ਼ਕ ਦੀ ਇੰਤਹਾ ਵੀ ਹੈ-“
“ਜਾ! ਉਸ ਨੂੰ ਦੱਸ ਇਕ ਇੰਤਹਾ ਪਸੰਦ ਮਰਦ ਦਾ ਇਸ਼ਕ ਕੀ ਹੁੰਦਾ ਹੈ-“
ਇਹ ਕਹਿ ਕੇ ਮਾਂ ਥੱਕ ਗਈ। ਫਿਰ ਸਿਰਹਾਣੇ ਪਾਸੇ ਕਰ ਲੰਮੇ ਪੈ ਗਈ, ਸੁਸਤਾਉਣ ਲੱਗੀ। ਉਹਨਾਂ ਨੇ ਇਕ ਸਾਹ ਵਿੱਚ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਸਨ।
ਪਹਿਲਾਂ ਮੈਂ ਨਜ਼ਰਾਂ ਝੁਕਾ ਲਈਆਂ… ਫਿਰ ਸਿਰ ਝੁਕਾ ਲਿਆ… ਸਿਰ ਝੁਕਾਇਆ ਤਾਂ ਉਠਾ ਨਾ ਸਕਿਆ।
ਮੈਨੂੰ ਆਪਣੇ ਆਪ ਤੋਂ ਇੰਨੀ ਸ਼ਰਮ ਆਈ ਕਿ ਬੈਠੇ ਮੈਂ ਪਸ਼ਚਾਤਾਪ ਵਿੱਚ ਉਤਰ ਗਿਆ… ਹੋਰ ਥੱਲੇ… ਹੋਰ ਥੱਲੇ… ਮੈਨੂੰ ਆਪਣਾ ਆਪ ਇੰਨਾ ਗੰਦਾ ਤੇ ਬਦਬੂਦਾਰ ਲੱਗਾ ਕਿ ਜਿਵੇਂ ਮੈਂ ਗ਼ਲਾਜ਼ਤ ਦਾ ਇਕ ਢੇਰ ਹੋਵੇ ਤੇ ਮੇਰੇ ਅੰਦਰੋਂ ਤੂਫ਼ਾਨ ਉੱਠ ਰਿਹਾ ਹੈ।
ਭਲਾ ਮੇਰੇ ਵਰਗੇ ਘਟੀਆ ਤੇ ਗ਼ਲੀਜ਼ ਇਨਸਾਨ ਨੇ ਇੰਨੀ ਮਹਾਨ ਮਾਂ ਦੀ ਕੁੱਖ ਤੋਂ ਕਿਵੇਂ ਜਨਮ ਲਿਆ- ਇਹ ਕਿਵੇਂ ਹੋ ਗਿਆ ਮੇਰੇ ਰੱਬਾ!
ਮੈਂ ਆਪਣੇ ਆਪ ਨੂੰ ਖਿੱਚ ਖਿੱਚ ਕੇ ਜ਼ਮੀਨ ਤੋਂ ਉਪਰ ਚੁੱਕਿਆ ਤੇ ਡਰਦੇ ਡਰਦੇ ਮਾਂ ਦੇ ਕਦਮਾਂ ਵੱਲ ਵੇਖਿਆ… ਤੇ ਸਿਰ ਉਹਨਾਂ ਦੇ ਕਦਮਾਂ ਵਿੱਚ ਰੱਖਣ ਤੋਂ ਪਹਿਲਾਂ ਇਕ ਵਾਰ ਮੈਂ ਆਪਣੀ ਮਾਂ ਦੇ ਪਾਕ ਚਿਹਰੇ ਵੱਲ ਵੇਖਣਾ ਚਾਹਿਆ… ਤੇ ਮੇਰੇ ਖ਼ੁਦਾ…!
ਉਹਨਾਂ ਦੇ ਚਿਹਰੇ ‘ਤੇ ਨੂਰ ਦਾ ਇਕ ਹਾਲਾ ਸੀ… ਉਹ ਤਾਂ ਕਦੋਂ ਦੀ ਜਾ ਚੁੱਕੀ ਸੀ।