ਸੈਰ ਕਰਦੇ ਸਮੇਂ ਇੱਕ ਛੋਟਾ ਜਿਹਾ ਖ਼ਰਗੋਸ਼ ਤੁਰਤ ਸਾਡੇ ਧਿਆਨ ’ਚ ਆ ਜਾਂਦਾ ਹੈ ਜਦ ਕਿ ਨੇੜਲਾ ਕੋਈ ਵੱਡਾ ਦਰਖ਼ਤ ਜਾਂ ਖੰਭਾ ਨਹੀਂ ਆਉਂਦਾ। ਇਸ ਦਾ ਕਾਰਨ ਇਹ ਹੈ ਕਿ ਸਾਡੀਆਂ ਅੱਖਾਂ ਕਿਸੇ ਹਿੱਲ ਰਹੀ ਚੀਜ ਅਰਥਾਤ ਬਦਲਾਓ ਨੂੰ ਬਹੁਤ ਛੇਤੀ ਦੇਖ ਸਕਣ ਦੇ ਸਮਰੱਥ ਹਨ। ਇਹ ਉਸ ਚੀਜ ਨੂੰ ਵੀ ਦੇਖ ਸਕਦੀਆਂ ਹਨ ਜਿਸ ਦੀ ਝਲਕ ਇੱਕ ਸਕਿੰਟ ਦੇ 14ਵੇਂ ਹਿੱਸੇ ਦੇ ਸਮੇਂ ਤੱਕ ਵੀ ਇਨ੍ਹਾਂ ਤੇ ਪਈ ਹੋਵੇ ਅਤੇ ਅੱਖਾਂ ਦਾ ਇਹ ਖਾਸਾ ਹੀ ਸਿਨਮੇ ਦਾ ਅਧਾਰ ਹੈ। ਇਹ ਇੱਕ ਲਾਭਦਾਇਕ ਕੁਦਰਤੀ ਗੁਣ ਹੈ ਜਿਸ ਕਰ ਕੇ ਮਨੁੱਖ ਫ਼ੌਰੀ ਖ਼ਤਰਿਆਂ ਤੋਂ ਬਚਾਓ ਕਰ ਸਕਦਾ ਹੈ ਅਤੇ ਹਜ਼ਾਰਾਂ ਸਾਲ ਪਹਿਲਾਂ ਸਾਡੇ ਪੁਰਖਿਆਂ ਨੂੰ ਇਸ ਦੀ ਬਹੁਤ ਲੋੜ ਪੈਂਦੀ ਸੀ। ਅੱਜ ਭਾਵੇਂ ਓਸ ਤਰ੍ਹਾਂ ਦੇ ਖ਼ਤਰੇ ਨਾਂ-ਮਾਤਰ ਰਹਿ ਗਏ ਹਨ ਪਰ ਇਹ ਗੁਣ ਸਾਡੇ ਸੰਸਕਾਰਾਂ ’ਚ ਅੱਜ ਵੀ ਬਰਕਰਾਰ ਹੈ। ਹਾਲਾਂ ਕਿ ਅੱਜ ਅਸੀਂ ਇਸ ਦੀ ਵਰਤੋਂ ਬਾਹਰਲੇ ਖ਼ਤਰਿਆਂ ਬਾਰੇ ਚੌਕੰਨਾ ਰਹਿਣ ਲਈ ਘੱਟ ਅਤੇ ਬਦਲ ਰਹੀਆਂ ਚੀਜ਼ਾਂ ’ਚੋਂ ਲੱਜ਼ਤ ਲੈਣ ਲਈ ਵੱਧ ਕਰ ਰਹੇ ਹਾਂ। ਇਨ੍ਹਾਂ ਲੱਜ਼ਤਾਂ ’ਚ ਗ਼ਲਤਾਨ ਹੋਏ, ਅਸੀਂ ਆਲ਼ੇ-ਦੁਆਲ਼ੇ ਦੀਆਂ ਸਥਾਈ ਅਤੇ ਵਿਆਪਕ ਪਰ ਲਾਭਦਾਇਕ ਚੀਜ਼ਾਂ ਨੂੰ ਦੇਖਣਾ ਅਤੇ ਮਹਿਸੂਸ ਕਰਨਾ ਭੁੱਲ ਰਹੇ ਹਾਂ ਅਤੇ ਉਨ੍ਹਾਂ ਤੋਂ ਲਾਭ ਉਠਾਉਣ ਦੀ ਸਾਡੀ ਯੋਗਤਾ ਬਹੁਤ ਘਟ ਰਹੀ ਹੈ। ਆਪਣੇ ਆਲ਼ੇ-ਦੁਆਲ਼ੇ ਹਰ ਵਕਤ ਮੌਜੂਦ ਐਸੀਆਂ ਸਚਾਈਆਂ ਅਤੇ ਸਦੀਵੀ ਸਿਆਣਪਾਂ ਦੀ ਬਜਾਇ ਅਸੀਂ ਤਾਜ਼ੇ ਨਜ਼ਾਰਿਆਂ ਅਤੇ ਸੂਚਨਾਵਾਂ ਨੂੰ ਵੱਧ ਤਰਜੀਹ ਦੇ ਰਹੇ ਹਾਂ। ਆਪਣੀਆਂ ਇਨ੍ਹਾਂ ਆਦਤਾਂ ਤੋਂ ਆਪਾਂ ਸਾਰੇ ਜਾਣੂ ਹਾਂ ਅਤੇ ਵੱਧ-ਘੱਟ ਦੇ ਫਰਕ ਨਾਲ਼ ਸਾਰੇ ਹੀ ਇਨ੍ਹਾਂ ਦੇ ਗੁਲਾਮ ਹਾਂ। ਇਸ ਵਿਗਾੜ ਕਰ ਕੇ ਵਿਆਪਕ, ਪ੍ਰਤੱਖ ਅਤੇ ਮਹੱਤਵ-ਪੂਰਨ ਸਚਾਈਆਂ ਨੂੰ ਪਰਖਣਾ, ਇਨ੍ਹਾਂ ਤੇ ਵਿਚਾਰ ਕਰਨਾ ਅਤੇ ਇਨ੍ਹਾਂ ਤੋਂ ਫਾਇਦਾ ਉਠਾਉਣਾ ਸਾਡੇ ਲਈ ਔਖਾ ਹੋ ਗਿਆ ਹੈ।
ਸਾਡੀ ਇਸ ਪਰਵਿਰਤੀ ਨੂੰ ਦਰਸਾਉਂਦਾ, ਅਮਰੀਕਨ ਚਿੰਤਕ ਡੇਵਿਡ ਵੈਲੇਸ ਫੌਸਟਰ ਦਾ ਇੱਕ ਸੁੰਦਰ ਦ੍ਰਿਸ਼ਟਾਂਤ ਹੈ: ਮੱਛੀਆਂ ਦੇ ਦੋ ਛੋਟੇ ਬੱਚੇ ਪਾਣੀ ’ਚ ਕਲੋਲਾਂ ਕਰ ਰਹੇ ਸਨ, ਤਾਂ ਕੋਲੋਂ ਲੰਘ ਰਹੀ ਇੱਕ ਵੱਡੀ ਮੱਛੀ ਨੇ ਪਿਆਰ ਨਾਲ਼ ਪੁੱਛਿਆ, “ਹੈਲੋ ਬੱਚਿਓ! ਪਾਣੀ ਦਾ ਅਨੰਦ ਮਾਣ ਰਹੇ ਹੋਂ, ਕਿਵੇਂ ਲੱਗ ਰਿਹਾ ਹੈ?” ਜਦ ਵੱਡੀ ਮੱਛੀ ਥੋੜੀ ਦੂਰ ਚਲੀ ਗਈ ਤਾਂ ਇੱਕ ਬੱਚੇ ਨੇ ਦੂਸਰੇ ਨੂੰ ਪੁੱਛਿਆ, “ਇਹ ਪਾਣੀ ਕੀ ਬਲਾਅ ਹੁੰਦੀ ਹੈ”? ਤਾਂ ਦੂਸਰੇ ਨੇ ਮੋਢੇ ਹਿਲਾ ਕੇ ਕਿਹਾ, “ਕੀ ਪਤਾ ਐ।” ਇਹ ਹੀ ਸਾਡਾ ਹਾਲ ਹੈ ਕਿ ਸਿਆਣਪਾਂ ਦੇ ਸਮੁੰਦਰ ਵਿੱਚ ਰਹਿ ਕੇ ਵੀ ਅਸੀਂ ਸਿਆਣਪਾਂ ਤੋਂ ਤਿਹਾਏ ਹਾਂ। ਇਹ ਆਦਤ ਸਾਡੇ ਇਸ ਵੱਡੇ ਨੁਕਸ ਦੀ ਸੂਚਕ ਹੈ ਕਿ ਚਲੰਤ ਵਰਤਾਰਿਆਂ ਵਿੱਚ ਮਸਤ ਹੋਏ ਅਸੀਂ ਜੀਵਨ ਦੀਆਂ ਵੱਡੀਆਂ ਸਚਾਈਆਂ ਅਤੇ ਸਿਆਣਪਾਂ ਨੂੰ ਅਣ-ਗੌਲ਼ਿਆ ਕਰ ਰਹੇ ਹਾਂ। ਅਸੀਂ ਭੁੱਲ ਹੀ ਗਏ ਹਾਂ ਕਿ ਸਿਆਣਿਆਂ ਵਲੋਂ ਹਜ਼ਾਰਾਂ ਸਾਲਾਂ ਤੋਂ ਆਪਣੇ ਤਜਰਬਿਆਂ ਨੂੰ ਕਸੀਦ ਕਰ ਕੇ ਕੱਢੀਆਂ ਅਤੇ ਸਾਨੂੰ ਪਰੋਸੀਆਂ ਇਹ ਸਿਆਣਪਾਂ, ਸਾਡੇ ਲਈ ਅਤਿਅੰਤ ਲਾਹੇਵੰਦ ਹਨ। ਅਸੀਂ ਇਨ੍ਹਾਂ ਸਿਆਣਪਾਂ ਨੂੰ ਬੇ-ਲੋੜੀਆਂ ਅਤੇ ਗੈਰ-ਪ੍ਰਸੰਗਕ ਸਮਝਣ ਲੱਗ ਗਏ ਹਾਂ ਅਤੇ ਹੋ ਰਹੇ ਬਦਲਾਓਆਂ (Changes) ਦੀਆਂ ਲੱਜ਼ਤਾਂ ’ਚ ਗ਼ਲਤਾਨ ਹੋਏ ਫਿਰਦੇ ਹਾਂ। ਇੰਨੇ, ਕਿ ਉਨ੍ਹਾਂ ਸਦੀਵੀ ਸਿਧਾਂਤਾਂ ਦੀ ਕਦਰ ਕਰਨਾ ਹੀ ਭੁੱਲ ਗਏ ਹਾਂ, ਜਿਨ੍ਹਾਂ ਦੇ ਆਧਾਰ ਤੇ ਇਹ ਬਦਲਾਓ ਹੋ ਰਹੇ ਹਨ। ਆਪਣੀ ਇਸ ਪਰਵਿਰਤੀ ਦੇ ਪਰਿਣਾਮ ਆਪਣੇ ਸਾਹਮਣੇ ਹਨ। ਆਪਣੇ ਪੁਰਖਿਆਂ ਤੋਂ ਹਰ ਪੱਖੋਂ ਵੱਧ ਖੁਸ਼ਹਾਲ, ਵੱਧ ਪੜ੍ਹੇ-ਲਿਖੇ, ਚਤੁਰ, ਸਾਧਨ-ਸੰਪੰਨ ਅਤੇ ਬੇ-ਥਾਹ ਸ਼ਕਤੀ ਅਤੇ ਸੂਚਨਾਵਾਂ ਦੇ ਮਾਲਿਕ (ਸਿਆਣਪਾਂ ਦੇ ਨਹੀਂ) ਹੋਣ ਦੇ ਬਾਵਜੂਦ, ਸਾਨੂੰ ਮਨੁੱਖਤਾ ਦੀ ਹੋਂਦ ਨੂੰ ਬਚਾਉਣਾ ਲੱਗ-ਭੱਗ ਅਸੰਭਵ ਲੱਗ ਰਿਹਾ ਹੈ।
ਇਸ ਦਾ ਇਹ ਮਤਲਬ ਵੀ ਨਹੀਂ ਕਿ ਬਦਲਾਓ ਦੀ ਕੋਈ ਘੱਟ ਮਹੱਤਤਾ ਹੈ; ਇਹ ਵੀ ਕੁਦਰਤ ਦਾ ਇੱਕ ਸਿਧਾਂਤ ਹੈ ਅਤੇ ਸੰਸਾਰ ਤਾਂ ਕੀ ਬ੍ਰਹਿਮੰਡ ਵੀ ਹਰ ਵਕਤ ਬਦਲ ਰਿਹਾ ਹੈ। ਪਰ ਪੱਛਮੀ ਜੀਵਨ-ਸ਼ੈਲੀ ਨੇ ‘ਬਦਲਾਓ’ ਉੱਤੇ ਲੋੜ ਤੋਂ ਵੱਧ ਜੋਰ ਦਿੱਤਾ ਹੈ। ਆਮ ਪੜ੍ਹਦੇ ਹਾਂ ਕਿ ‘Change is the only permanent thing in this world’. ਇਸ ਨਾਲ਼ ਸਬੰਧਿਤ ਕੋਰਸ ਸੰਸਾਰ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਚੁਣਿੰਦਾ ਕੋਰਸ ਹਨ ਅਤੇ ਅੱਜ ਦੇ ਪ੍ਰਬੰਧ-ਸਿਸਟਮਾਂ ਦਾ ਮਹੱਤਵ-ਪੂਰਨ ਹਿੱਸਾ ਹਨ। ਸਾਡੇ ਚੁਗਿਰਦੇ ’ਚ ਬਦਲਾਓ ਸਾਡੇ ਜੀਵਨ ਦੇ ਹਰ ਪਲ ਦਾ ਵਰਤਾਰਾ ਹੈ ਅਤੇ ਇਸ ਨਾਲ਼ ਬਦਲਦੇ ਰਹਿਣ ਤੋਂ ਬਗ਼ੈਰ ਅਸੀਂ ਇੱਕ ਪਲ ਵੀ ਇਸ ਸੰਸਾਰ ’ਚ ਨਹੀਂ ਰਹਿ ਸਕਦੇ। ਦੋਹਾਂ ਵਰਤਾਰਿਆਂ ਦੀ ਆਪੋ-ਆਪਣੀ ਮਹੱਤਤਾ ਹੈ ਅਤੇ ਸਾਡੇ ਲਈ ਦੋਹਾਂ ’ਚ ਵਿਚਰਨਾ ਜ਼ਰੂਰੀ ਹੈ। ਅਸੀਂ ਜੋ ਸੁਭਾਵਿਕ ਗਲਤੀ ਕਰ ਰਹੇ ਹਾਂ, ਓਹ ਇਨ੍ਹਾਂ ਦੋਹਾਂ ’ਚ ਸਹੀ ਸੰਤੁਲਨ ਨਾਂ ਰੱਖ ਪਾਉਣ ਦੀ ਕਰ ਰਹੇ ਹਾਂ। ਵੈਸੇ ਤਾਂ ਇਸ ਜੀਵਨ ’ਚ ਸੰਤੁਲਨ ਦੀ ਹਰ ਖੇਤਰ, ਹਰ ਜਗ੍ਹਾ, ਹਰ ਘੜੀ, ਹਰ ਪਲ ਲੋੜ ਹੈ ਪਰ ਬਦਲਾਓ ਅਤੇ ਸਦੀਵਤਾ ’ਚ ਸੰਤੁਲਨ ਰੱਖਣਾ ਅੱਜ ਦੇ ਸਮੇਂ ਦੀ ਵੱਡੀ ਜ਼ਰੂਰਤ ਹੈ। ਇਸ ਲੇਖ ਦੇ ਪਰਿਪੇਖ ’ਚ ਕਿਹਾ ਜਾ ਸਕਦਾ ਹੈ ਕਿ ਸਾਡੇ ਚੁਗਿਰਦੇ ਦੇ ਬਹੁਤੇ ਵਰਤਾਰੇ ਚਲੰਤ ਹਨ ਜਦ ਕਿ ਪੁਰਾਤਨ ਸਿਆਣਪਾਂ ਸਦੀਵੀ ਹਨ। ਸਾਨੂੰ ਇਨ੍ਹਾਂ ਦੋਹਾਂ ਦੇ ਸੁਮੇਲ ਅਤੇ ਸੰਤੁਲਨ ਦੀ ਹਰ ਸਮੇਂ ਜ਼ਰੂਰਤ ਹੈ, ਜੋ ਅਸੀਂ ਨਹੀਂ ਕਰ ਪਾ ਰਹੇ।
ਇਹ ਮਨੁੱਖ ਦਾ ਸੁਭਾਵਿਕ ਔਗੁਣ ਹੈ, ਸੋ ਇਸ ਤੋਂ ਪਸ਼ੇਮਾਨ ਹੋਣ ਦੀ ਵੀ ਲੋੜ ਨਹੀਂ ਕਿਉਂਕਿ ਜਮਾਂਦਰੂ ਜਾਂ ਸੁਭਾਵਿਕ ਨੁਕਸ ਸਾਡਾ ਕਸੂਰ ਨਹੀਂ ਹੁੰਦੇ। ਇਨਸਾਨ ਵੈਸੇ ਵੀ ਗਲਤੀਆਂ ਦਾ ਪੁਤਲਾ ਹੈ ਅਤੇ ਵੱਧ-ਘੱਟ ਦੇ ਫਰਕ ਨਾਲ਼ ਅਨੇਕਾਂ ਹੋਰ ਸੁਭਾਵਿਕ ਨੁਕਸ ਸੰਸਾਰ ਦੇ ਹਰ ਇਨਸਾਨ ’ਚ ਹਨ। ਪਰ ਇਨ੍ਹਾਂ ਪ੍ਰਤੀ ਸੁਚੇਤ ਹੋਣਾ ਅਤੇ ਇਨ੍ਹਾਂ ਨੂੰ ਤਿਆਗਣ ਦੀਆਂ ਕੋਸ਼ਿਸ਼ਾਂ ਕਰਨਾ ਸਾਡਾ ਮੁਢਲਾ ਫਰਜ਼ ਹੈ। ਇਸ ਤਰ੍ਹਾਂ ਨਾਂ ਕਰਨਾ ਸਾਡਾ ਕਸੂਰ ਹੈ, ਖਾਸ ਕਰ ਕੇ ਜਦ ਮਹਾਂ-ਪੁਰਖ ਸਾਨੂੰ ਇਨ੍ਹਾਂ ਬਾਰੇ ਜਾਗਰੂਕ ਅਤੇ ਖ਼ਬਰਦਾਰ ਕਰਦੇ ਰਹਿੰਦੇ ਹਨ। ਭਾਗ-ਬਸ, ਸਾਨੂੰ ਉਨ੍ਹਾਂ ਦੀਆਂ ਸਿਆਣਪਾਂ ਸਣੇ ਓਹ ਸਭ ਵਸੀਲੇ ਹਾਸਿਲ ਹਨ ਜਿਨ੍ਹਾਂ ਰਾਹੀਂ ਅਸੀਂ ਇਨ੍ਹਾਂ ਦਾ ਤਿਆਗ ਕਰ ਸਕਦੇ ਹਾਂ। ਇਹ ਕੋਈ ਅਤਿ-ਕਥਨੀ ਨਹੀਂ ਕਿ ਸਾਡੇ ਮਨੁੱਖਾ ਜੀਵਨ ਦਾ ਮੁੱਖ ਫਰਜ਼ ਹੀ ਉਮਰ ਭਰ ਆਪਣੇ ਨੁਕਸਾਂ ਨੂੰ ਲੱਭਣਾ ਅਤੇ ਇਨ੍ਹਾਂ ਨੂੰ ਤਿਆਗਣ ਦੇ ਭਰਪੂਰ ਅਤੇ ਸੁਹਿਰਦ ਉਪਰਾਲੇ ਕਰਦੇ ਰਹਿਣਾ ਹੈ।
ਵਿਚਾਰ-ਅਧੀਨ ਔਗੁਣ ਤਿਆਗਣ ਲਈ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਦਾ ਇੱਕ ਵੱਡਾ ਕਾਰਨ ਸਾਡੀ ਅੱਜ ਦੀ ਸਾਇੰਸ ਅਤੇ (ਇਸ ਦੀ ਉਪਜ) ਤਕਨੌਲੋਜੀ ਦੀ ਦੁਰਵਰਤੋਂ ਹੈ। ਪੱਛਮ ’ਚ ਜੰਮੀ-ਪਲ਼ੀ, ਅਜੋਕੀ ਸਾਇੰਸ ਦੀ ਧਰਮ ਨਾਲ਼ ਸ਼ੁਰੂ ਤੋਂ ਹੀ ਵਿਰੋਧਤਾ ਰਹੀ ਹੈ ਅਤੇ ਪੁਰਾਤਨ ਸਿਆਣਪਾਂ ਨੂੰ ਇਹ ਇਨ੍ਹਾਂ (ਧਰਮਾਂ) ਦਾ ਹਿੱਸਾ ਸਮਝਦੀ ਰਹੀ ਹੈ। ਇਸ ਕਰ ਕੇ ਇਸ ਨੇ ਪੁਰਾਤਨ ਸਿਆਣਪਾਂ ਨੂੰ ਵੀ ਨਹੀਂ ਅਪਣਾਇਆ। ਸਿਆਣਪਾਂ ਤੋਂ ਵਿਹੂਣੀ, ਇਹ ਇਜਾਰੇ-ਦਾਰਾਂ ਵਲੋਂ ਜਨ-ਸਧਾਰਨ ਦੇ ਸ਼ੋਸ਼ਣ ਦਾ ਮੁੱਖ ਸਾਧਨ ਬਣ ਗਈ ਹੈ। ਇਸ ਨੇ ਮਨੁੱਖੀ ਭਲਾਈ ਅਤੇ ਸਮਾਜਿਕ ਨਿਆਂ ਨਾਲ਼ ਜੁੜੇ ਕਿਸੇ ਹੋਰ ਖੇਤਰ – ਮਨੋਵਿਗਿਆਨਕ, ਖੇਤੀ-ਬਾੜੀ, ਜੀਵਨ ਦੀਆਂ ਮੂਲ ਲੋੜਾਂ, ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ – ’ਚ ਬਣਦਾ ਯੋਗ-ਦਾਨ ਨਹੀਂ ਪਾਇਆ। ਅੱਜ ਵੀ ਇਸ ਦੀ ਪ੍ਰਭੂ-ਸੱਤਾ ਕਾਇਮ ਹੈ, ਜਿਸ ਕਰ ਕੇ ਇਹ ਸੰਤੁਲਿਤ ਤਰੱਕੀ ਦੀ ਬਜਾਇ ਆਪਣੇ ਚੋਣਵੇਂ ਖੇਤਰਾਂ – ਖਾਸ ਕਰ ਕੇ ਕੰਪਿਊਟਰ ਸਾਇੰਸ ਨਾਲ਼ ਜੁੜੀਆਂ ਖੋਜਾਂ – ਪ੍ਰਤੀ ਨਜਾਇਜ਼ ਹੱਦਾਂ ਤੱਕ ਉਲਾਰ ਹੈ। ਇਸ ਦੀਆਂ ਨਿੱਤ-ਨਵੀਆਂ, ਬੇ-ਲੋੜੀਆਂ ਅਤੇ ਵਪਾਰਕ ਕਾਢਾਂ ਨੇ ਸਾਡੇ ’ਚ ਚਲੰਤ ਚੀਜ਼ਾਂ ਦੀ ਖਿੱਚ ਅਤੇ ਵਿਆਪਕ ਸਚਾਈਆਂ ਪ੍ਰਤੀ ਉਦਾਸੀਨਤਾ ਪੈਦਾ ਕੀਤੀ ਹੈ ਅਤੇ ਇਨ੍ਹਾਂ ਵਿਚਲੀ ਖਾਈ ਨੂੰ ਡੂੰਘਾ ਕੀਤਾ ਹੈ।
ਨਿਰ-ਸੰਦੇਹ ਇਹ (ਸਾਇੰਸ ਅਤੇ ਤਕਨੌਲੋਜੀ) ਅੱਜ ਦੀ ਬਹੁ-ਪੱਖੀ ਅਤੇ ਅਭੂਤ-ਪੂਰਨ ਭੌਤਿਕ ਖੁਸ਼ਹਾਲੀ ਦਾ ਅਧਾਰ ਵੀ ਹੈ। ਪਰ ਨਾਲ਼ ਹੀ ਇਸ ਨੇ ਸੰਸਾਰ ਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਉੱਚੇ ਮਨੁੱਖੀ ਗੁਣਾਂ ਤੋਂ ਸੱਖਣੇ ਰੱਖਣ, ਸਮਾਜ ’ਚ ਨਾ-ਬਰਾਬਰੀ ਵਧਾਉਣ ਅਤੇ ਇਸ ਦੇ ਸ਼ੋਸ਼ਣ ਦੇ ਰਾਹ ਖੋਲ੍ਹੇ ਹਨ। ਇਸ ਦੇ ਇਨ੍ਹਾਂ ਕਾਰਨਾਮਿਆਂ ਬਾਰੇ, ‘ਪਾਵਰ ਐਂਡ ਪ੍ਰੋਗਰੈੱਸ’ ਨਾਉਂ ਦੀ ਇੱਕ ਮਹੱਤਵ-ਪੂਰਨ ਕਿਤਾਬ 2023 ’ਚ ਹੀ ਛਪੀ ਹੈ। ਇਸ ਕਿਤਾਬ ਦੀ ਪਾਇਦਾਰੀ ਦਾ ਸਬੂਤ ਇਹ ਹੈ ਕਿ ਇਸ ਦੇ ਦੋ ਲੇਖਕ 2024 ਦੇ ਇਕਨੌਮਿਕਸ ਦੇ ਨੋਬਲ ਪੁਰਸਕਾਰ ਨਾਲ਼ ਸਨਮਾਨੇ ਗਏ ਹਨ। ਉਨ੍ਹਾਂ ਨੇ ਬਹੁਤ ਦਲੇਰੀ ਅਤੇ ਵਿਸਤਾਰ ਨਾਲ਼ ਸਾਇੰਸ ਅਤੇ ਤਕਨੌਲੋਜੀ ਦੀ ਦੁਰ-ਵਰਤੋਂ ਦੇ ਹਰ ਪੱਖ ਦਾ ਜਿਕਰ ਕੀਤਾ ਹੈ ਅਤੇ ਇਸ ਦੇ ਇਜਾਰੇ-ਦਾਰਾਂ ਨੂੰ ਡੇਢ-ਦੋ ਸੌ ਸਾਲ ਪਹਿਲਾਂ ਦੇ ‘ਰੌਬਰ-ਬੈਰਨਜ’ ਵਰਗੇ ਕਿਹਾ ਹੈ। ਇਸ ਲੇਖ ਵਿਚਲੇ ਵਿਚਾਰ ਉਸ ਕਿਤਾਬ ਵਿੱਚੋਂ ਹੀ ਉਪਜੇ ਹਨ।
ਸਾਇੰਸ ਅਤੇ ਤਕਨੌਲੋਜੀ ਦੀ ਦੁਰ-ਵਰਤੋਂ ਦੇ ਨਤੀਜੇ ਵਜੋਂ ਅੱਜ ਸੰਸਾਰ ਨੂੰ ਵੱਧ ਰਹੀ ਆਰਥਿਕ ਅਤੇ ਸਮਾਜਿਕ ਨਾ-ਬਰਾਬਰੀ, ਸਮਾਜਿਕ ਅਨਿਆਂ ਅਤੇ ਕੁਦਰਤੀ ਸਾਧਨਾਂ ਦੀ ਬਰਬਾਦੀ ਸਣੇ, ਅਨੇਕਾਂ ਹੋਰ ਮਾਰੂ ਸਮੱਸਿਆਵਾਂ ਦਰ-ਪੇਸ਼ ਹਨ। ਇਸ ਨੇ ਸੰਸਾਰ ਨੂੰ ਸਮੱਸਿਆਵਾਂ ਦੇ ਇੱਕ ‘ਸੈੱਟ’ ’ਚੋਂ ਕੱਢ ਕੇ ਦੂਸਰੇ ’ਚ ਪਾ ਦਿੱਤਾ ਹੈ। ਬਲਕਿ ਇਸ ਨੇ ਸੰਸਾਰ ਨੂੰ ਨਵੀਆਂ ਅਤੇ ਦੀਰਘ ਮਾਨਸਿਕ ਉਲਝਣਾਂ, ਪ੍ਰੇਸ਼ਾਨੀਆਂ ਅਤੇ ਬੀਮਾਰੀਆਂ ਦਿੱਤੀਆਂ ਹਨ, ਜਿਨ੍ਹਾਂ ਦੀ ਸੁਪਰ-ਵਿਕਸਤ ਪੱਛਮੀ ਸਮਾਜ ’ਚ ਹੋਰ ਵੀ ਭਰਮਾਰ ਹੈ। ਇਸ ਕਰ ਕੇ ਹੀ, ਬੇ-ਥਾਹ ਭੌਤਿਕ ਖੁਸ਼ਹਾਲੀ ਦੇ ਬਾਵਜੂਦ ਮਨੁੱਖ ਆਪਣੀ ਸਭ ਤੋਂ ਵੱਡੀ ਇੱਛਾ ਖੁਸ਼ੀ/ ਪ੍ਰਸੰਨਤਾ (ਹੈਪੀਨੈੱਸ) ਤੋਂ ਬਾਂਝਾ ਹੈ। ਮਨੁੱਖ ਅੱਜ ਵੀ ਇਸ ਤੋਂ ਓਨਾ ਹੀ ਮਹਿਰੂਮ ਹੈ ਜਿੰਨੇ ਸਾਡੇ ਪੁਰਖੇ ਸਨ, ਹਾਲਾਂਕਿ ਸਾਡੀਆਂ ਸਭ ਤਰੱਕੀਆਂ ਦਾ ਇਕਲੌਤਾ ਮੰਤਵ ਹੀ ਇਹ ਹੈ। ਇਸ ਤਰ੍ਹਾਂ ਦਾ ਜੀਵਨ ਜਿੱਥੇ ਸਾਡੀ ਨਿਜੀ ਪਰਬਲ ਇੱਛਾ ਹੈ ਓਥੇ ਇਹ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਮਾਜ ਅਤੇ ਧਰਮਾਂ ਪ੍ਰਤੀ ਇੱਕ ਵੱਡਾ ਫਰਜ਼ ਵੀ ਹੈ। ਸਮੂਹਕ ਤੌਰ ਤੇ ਇਸ ਤਰ੍ਹਾਂ ਦੇ ਜੀਵਨ ਜਿਉਂ ਕੇ ਆਪਾਂ ਇਸ ਸੰਸਾਰ ਨੂੰ ਵੱਧ ਰਹਿਣ-ਯੋਗ ਬਣਾ ਸਕਦੇ ਹਾਂ। ਪਰ ਇਹ ਸਭ ਤਾਂ ਕੀ ਹੋਣਾ ਸੀ, ਉਲਟਾ ਸਾਡੇ ਜੀਵਨ ’ਚ ਅਣ-ਕਿਆਸੀਆਂ ਅਤੇ ਲਾ-ਇਲਾਜ ਸਮੱਸਿਆਵਾਂ ਦੀ ਬਹੁਤਾਤ ਹੋ ਗਈ ਹੈ।
ਪੱਛਮੀ ਦੇਸ਼ਾਂ ਨੂੰ ਇਸ ਨਿਰਾਸ਼ਾ-ਜਨਕ ਦਸ਼ਾ ਦਾ ਆਭਾਸ ਬਹੁਤ ਪਹਿਲਾਂ ਹੋ ਗਿਆ ਸੀ। 1950 ਤੱਕ ਦੀ ਪੱਛਮੀ ਮਨੋਵਿਗਿਆਨ (ਸਾਈਕੌਲੋਜੀ) ਸਿਰਫ ਹਜ਼ਾਰਾਂ ਕਿਸਮ ਦੇ ਮਨੋ-ਰੋਗਾਂ ਦੇ ਉਪਚਾਰ ਦਾ ਕੰਮ ਕਰਦੀ ਸੀ। ਉਨ੍ਹਾਂ ਦਿਨਾਂ ’ਚ ਤਿਆਰ ਕੀਤਾ ‘DSM’ (Diagnostic and Statistical Manual of Mental Disorders) ਇਸ ਦਾ ਸਬੂਤ ਹੈ। ਇਹ ਅੱਜ ਵੀ ਵਰਤੋਂ ’ਚ ਆ ਰਿਹਾ ਹੈ; ਇਸ ਦਾ 5ਵਾਂ ਐਡੀਸ਼ਨ ਚੱਲ ਰਿਹਾ ਹੈ ਅਤੇ ਧਾਰਨਾ ਬਣੀ ਹੋਈ ਹੈ ਕਿ ਇਸ ਨੂੰ ਪੜ੍ਹਨ ਵਾਲ਼ਾ ਵੀ ਪਾਗਲ ਹੋ ਜਾਂਦਾ ਹੈ। ਐਸੀਆਂ ਸਥਿਤੀਆਂ ਤੋਂ ਪ੍ਰੇਸ਼ਾਨ ਹੋ ਕੇ ਕੁਛ ਰੋਸ਼ਨ-ਦਿਮਾਗ ਮਨੋਵਿਗਿਆਨੀਆਂ ਨੇ ਖੋਜਾਂ ਸ਼ੁਰੂ ਕੀਤੀਆਂ ਕਿ ਭੌਤਿਕ ਖੁਸ਼ਹਾਲੀ ਅਤੇ ਬੇ-ਥਾਹ ਤਰੱਕੀ ਉਨ੍ਹਾਂ ਨੂੰ ਖੁਸ਼ੀਆਂ (ਹੈਪੀਨੈੱਸ) ਕਿਉਂ ਨਹੀਂ ਦੇ ਪਾ ਰਹੀ? ਇਸ ਖੋਜ ਨੇ ਉਨ੍ਹਾਂ ਦਾ ਮੂੰਹ ਪੁਰਾਤਨ ਪੂਰਬੀ ਸਿਆਣਪਾਂ ਵਲ ਕੀਤਾ, ਜਿਨ੍ਹਾਂ ’ਚ ਉਨ੍ਹਾਂ ਨੂੰ ਵਾਰ-ਵਾਰ ਸੁਖ, ਖੁਸ਼ੀਆਂ, ਸਹਿਜ, ਅਨੰਦ, ਪਰਮ-ਅਨੰਦ, ਅੰਮ੍ਰਿਤ, ਦੁੱਖਾਂ ਦਾ ਨਾਸ ਆਦਿ ਸੰਕਲਪਾਂ ਦਾ ਜਿਕਰ ਮਿਲਿਆ। ਮਨੁੱਖੀ ਮਨ ਦੇ ਗੁਣਾਂ, ਉੱਚੇ ਵਿਚਾਰਾਂ ਅਤੇ ਮਨ ਨੂੰ ਪਰਫੁੱਲਤ ਅਤੇ ਵਿਕਾਸ ਕਰਨ ਦੇ ਅਨੇਕਾਂ ਢੰਗਾਂ ਦਾ ਜਿਕਰ ਮਿਲਿਆ। ਜਿਹੜਾ ਪੱਛਮ ਕਦੇ ਕਹਿੰਦਾ ਸੀ ਕਿ “ਪੂਰਬ ਪੂਰਬ ਹੈ ਅਤੇ ਪੱਛਮ ਪੱਛਮ ਹੈ, ਦੋਨਾਂ ਦਾ ਕਦੇ ਮੇਲ ਨਹੀਂ ਹੋ ਸਕਦਾ”, ਓਹੀ ਪੱਛਮ ਅੱਜ ਇਹ ਕਹਿ ਰਿਹਾ ਹੈ ਕਿ ਪ੍ਰਸੰਨਤਾ ਦੀ ਖੋਜ ਲਈ ਸਾਨੂੰ ਮਾਡਰਨ ਸਾਇੰਸ ਅਤੇ ਪੁਰਾਤਨ ਸਿਆਣਪਾਂ ਅਤੇ ਪੂਰਬ ਅਤੇ ਪੱਛਮ ’ਚ ਸੰਤੁਲਨ ਅਤੇ ਸੁਮੇਲ ਦੀ ਲੋੜ ਹੈ।
ਇਨ੍ਹਾਂ ਖੋਜਾਂ ਸਦਕਾ, ਸੰਨ 2000 ’ਚ ਮਹਾਨ ਮਨੋਵਿਗਿਆਨੀ ਮਾਰਟਿਨ ਸੈਲਿਗਮੈਨ ਨੇ ਸਕਾਰਾਤਮਿਕ ਮਨੋਵਿਗਿਆਨ (ਪੌਜਿਟਿਵ ਸਾਈਕੌਲੋਜੀ) ਦਾ ਮੁੱਢ ਬੰਨ੍ਹਿਆ ਸੀ, ਜਿਸ ਦਾ ਅੱਜ-ਕੱਲ੍ਹ ਪੱਛਮੀ ਮਨੋਵਿਗਿਆਨ ’ਚ ਬਹੁਤ ਬੋਲ-ਬਾਲਾ ਹੈ। ਇਸ ਦਾ ਮੰਤਵ ਮਨੁੱਖ ਨੂੰ ਪ੍ਰਸੰਨਤਾ ਪ੍ਰਾਪਤੀ ਅਤੇ ਮਨੁੱਖਾ ਜੀਵਨ ਦਾ ਉਦੇਸ਼ ਸਮਝਣ ਦੇ ਰਸਤੇ ਤੇ ਤੋਰਨਾ ਹੈ ਅਤੇ ਨਾਲ਼ ਹੀ ਉਸ ਨੂੰ ਆਪਣੇ ਉੱਚ-ਗੁਣਾਂ ਦੀ ਪਛਾਣ ਅਤੇ ਇਨ੍ਹਾਂ ਦੇ ਵਿਕਾਸ ਲਈ ਪ੍ਰੇਰਣਾ ਹੈ। ਇਸ ’ਚ ਡਾ. ਸੈਲਿਗਮੈਨ ਨੇ 24 ਉੱਚ ਮਨੁੱਖੀ-ਗੁਣਾਂ ਅਤੇ ਸਦਾਚਾਰਾਂ ਨੂੰ ਚੁਣਿਆ ਹੈ ਅਤੇ ਇਹ ਉਤਸ਼ਾਹ-ਜਨਕ ਗੱਲ ਹੈ ਕਿ ਇਹ ਲੱਗ-ਭੱਗ ਸਾਰੇ ਹੀ ਸਿੱਖ-ਮੱਤ ਦੇ ਅਸੂਲਾਂ ਦੀ ਤਰਜਮਾਨੀ ਕਰਦੇ ਹਨ। ਇਸ ਤੋਂ ਬਾਅਦ 2004 ’ਚ ‘DSM’ ਦੇ ਉਲਟ ਮਨੁੱਖ ਦੇ ਸਦਾਚਾਰਕ ਗੁਣਾਂ ਦੀ ਇੱਕ ਹੈਂਡ-ਬੁੱਕ ਤਿਆਰ ਕੀਤੀ ਜਿਸ ਦਾ ਨਾਉਂ ‘ਸਿਆਣਪਾਂ ਦਾ ਮੈਨੂਅਲ’ (Manual of Sanities) ਰੱਖਿਆ ਗਿਆ। ਨਵੀਆਂ ਪਿਰਤਾਂ ਪਾਉਣ ਵਾਲ਼ਾ ਇਹ ਮੈਨੂਅਲ ਮਨੁੱਖੀ ਪ੍ਰਤਿਭਾਵਾਂ, ਮਨੁੱਖੀ ਚਰਿੱਤਰ ਦੇ ਉੱਚੇ ਗੁਣਾਂ, ਨੇਕੀਆਂ ਅਤੇ ਸਦਾਚਾਰ ਦੀ ਵਿਸਤ੍ਰਿਤ ਹੈਂਡ-ਬੁੱਕ ਹੈ। ਇਹ, ਡਾ. ਸੈਲਿਗਮੈਨ ਅਤੇ ਡਾ. ਪੀਟਰਸਨ ਦੀ ਅਗਵਾਈ ’ਚ 55 ਹੋਰ ਪ੍ਰਸਿੱਧ ਮਨੋਵਿਗਿਆਨੀਆਂ ਦੀ ਤਿੰਨ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ। ਇਹ ਅਰਸਤੂ ਅਤੇ ਪਲੂਟੋ ਸਣੇ ਪਿਛਲੇ 2500 ਸਾਲਾਂ ਦੇ ਸੰਸਾਰ ਭਰ ਦੇ ਮੁੱਖ ਧਰਮਾਂ, ਮਹਾਨ ਚਿੰਤਕਾਂ ਅਤੇ ਫਿਲਾਸਫਰਾਂ ਦੀਆਂ ਸਿੱਖਿਆਵਾਂ ਤੇ ਆਧਾਰਿਤ ਹੈ। ਇਹ ਮਨੁੱਖੀ ਗੁਣਾਂ ਅਤੇ ਉੱਚ-ਪਰਵਿਰਤੀਆਂ ਨੂੰ ਵਿਚਾਰਨ, ਖੋਜਣ, ਵਿਸ਼ਾ-ਬੱਧ ਕਰਨ ਅਤੇ ਸੰਪਾਦਿਤ ਕਰਨ ਦਾ ਇੱਕ ਇਤਿਹਾਸਕ ਉਪਰਾਲਾ ਹੈ। ਇਸ ਦੀ ਪ੍ਰੇਰਣਾ ਭਾਵੇਂ ਪੂਰਬੀ ਗ੍ਰੰਥਾਂ ਤੋਂ ਲਈ ਗਈ ਪਰ ਇਸ ਦੀ ਤਿਆਰੀ ਵੇਲ਼ੇ ਸਾਰੇ ਸੰਸਾਰ ਦੇ ਮੁੱਖ ਧਰਮਾਂ ਦਾ ਅਧਿਐਨ ਕੀਤਾ ਗਿਆ। ਪੁਰਾਤਨ ਸਿਆਣਪਾਂ ਅਤੇ ਮਾਡਰਨ ਖੋਜਾਂ (ਮਨੋਵਿਗਿਆਨਿਕ) ਦੇ ਸੁਮੇਲ ਲਈ ਕੀਤੀ ਖੋਜ ਦੀ, ਇਹ ਵਿਲੱਖਣ ਅਤੇ ਭਰੋਸੇ-ਯੋਗ ਹੈਂਡ-ਬੁੱਕ ਹੈ।
ਨੈਤਿਕ ਕਦਰਾਂ-ਕੀਮਤਾਂ ਦੇ ਮਾਹਿਰ ਇੱਕ ਹੋਰ ਸਮਾਜਿਕ ਮਨੋਵਿਗਿਆਨੀ, ਜੌਨਾਥਨ ਹਾਈਟ ਨੇ ਇਸ ਖੋਜ ਨੂੰ ਹੋਰ ਅੱਗੇ ਵਧਾਇਆ। ਉਸ ਨੇ ਇੱਕ ਨਵੀਂ ਵਿਚਾਰ-ਧਾਰਾ ਦੀ ਸਿਰਜਣਾ ਕੀਤੀ ਜਿਸ ਨੂੰ ਉਸ ਨੇ “Finding Modern Truth in Ancient Widom” ਕਿਹਾ। ਇਸ ਲਈ ਉਸ ਨੇ ਹਿੰਦੂ, ਬੁੱਧ, ਜੈਨ, ਇਸਲਾਮ, ਈਸਾਈ, ਕਨਫਿਊਜਿਇਜਮ,ਤਾਓਇਜਮ, ਯਹੂਦੀ, ਪਾਰਸੀ, ਯੂਨਾਨੀ ਅਤੇ ਰੋਮਨ ਧਰਮਾਂ ਅਤੇ ਸਭਿਆਤਾਵਾਂ ਦੇ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਇਨ੍ਹਾਂ ਦੀਆਂ ਸਦੀਵੀ ਸਿਆਣਪਾਂ ਨੂੰ ਅਜੋਕੀਆਂ ਮਨੋਵਿਗਿਆਨਕ ਖੋਜਾਂ ਅਨੁਸਾਰ ਪੜਚੋਲ਼ਿਆ। ਇਸ ਤਰ੍ਹਾਂ ‘ਕੌਮਨ ਮਿਨੀਮਮ ਪ੍ਰੋਗਰਾਮ’ ਦੀ ਤਰਜ਼ ਤੇ, ਵਾਰ-ਵਾਰ ਦੁਹਰਾਈਆਂ ਜਾਣ ਵਾਲ਼ੀਆਂ ਅਤੇ ਸਰਵ-ਪ੍ਰਵਾਨਿਤ ਟੀਸੀ ਦੀਆਂ ਦਸ ਸਾਂਝੀਆਂ ਸਿਆਣਪਾਂ ਦੀ ਇੱਕ ‘ਲਿਸਟ’ ਬਣਾਈ। ਉਸ ਦੀਆਂ ਖੋਜਾਂ ’ਚ ਭਾਵੇ ਸਿੱਖ ਧਰਮ ਦਾ ਸਿੱਧੇ ਤੌਰ ਤੇ ਕੋਈ ਉਲੇਖ ਨਹੀਂ ਪਰ ਉਸ ਦੀ ਲਿਸਟ ਵੀ ਸਿੱਖ ਧਰਮ ਦੇ ਸਿਧਾਂਤਾਂ ਨਾਲ਼ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਇਸ ਦੇ ਦੋ ਕਾਰਨ ਹਨ: ਪਹਿਲਾ ਇਹ ਕਿ ਇਹ ਸਭ ਤੋਂ ਮਾਡਰਨ ਧਰਮ ਹੈ, ਜਿਸ ਕਰ ਕੇ ਇਹ ਮਾਡਰਨ ਮਨੋਵਿਗਿਆਨਕ ਖੋਜਾਂ ਦੇ ਵੱਧ ਨੇੜੇ ਹੈ। ਦੂਜਾ ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਇਸ ‘ਪੈਟਰਨ’ ਅਨੁਸਾਰ ਕੀਤੀ ਗਈ ਹੈ। ਮਿ. ਹਾਈਟ ਦੀਆਂ ਚੁਣੀਆਂ ਦਸ ਸਿਆਣਪਾਂ ਦਾ ਖੁੱਲ੍ਹਾ ਖੁਲਾਸਾ ਹੇਠ ਦਿੱਤਾ ਗਿਆ ਹੈ:
i. ਮਨੁੱਖੀ ਮਨ ਗੁਣਾਂ ਅਤੇ ਔਗੁਣਾਂ ਦਾ ਮਿਸ਼ਰਣ ਹੈ।
ii. ਮਨ ਨੂੰ ਚੰਗੇ ਕਰਮ ਕਰਨ ਲਈ ਪ੍ਰੇਰਿਆ ਅਤੇ ਸਿਧਾਇਆ ਜਾ ਸਕਦਾ ਹੈ।
iii. ਹੋਰਾਂ ਪ੍ਰਤੀ ਸ਼ੁਭ ਵਿਚਾਰ ਰੱਖਣੇ ਅਤੇ ਖਿਮਾ ਅਤੇ ਦਯਾ ਵੱਡਾ ਫਰਜ਼ ਹੈ।
iv. ਹੋਰਾਂ ਦੇ ਔਗੁਣਾਂ ਦੀ ਬਜਾਇ ਆਪਣੇ ਔਗੁਣਾਂ ਦੀ ਪਰਖ-ਪੜਚੋਲ ਕਰਨੀ ਜ਼ਰੂਰੀ ਹੈ।
v. ਭਾਣਾ ਮੰਨਣ ਦਾ ਸੰਕਲਪ ਜੀਵਨ ’ਚ ਖੁਸ਼ੀਆਂ ਪ੍ਰਾਪਤ ਕਰਨ ਦਾ ਵੱਡਾ ਸਾਧਨ ਹੈ।
vi. ਮੋਹ-ਮਮਤਾ ਦਾ ਸਦ-ਉਪਯੋਗ ਅਰਥਾਤ ਸਰਬੱਤ ਨਾਲ਼ ਭਾਈ-ਚਾਰਾ ਜ਼ਰੂਰੀ ਹੈ।
vii. ਸ਼ੁਕਰ-ਗੁਜ਼ਾਰੀ ਦੀ ਭਾਵਨਾ ਵੀ ਖੁਸ਼ੀਆਂ ਦਾ ਇੱਕ ਹੋਰ ਵੱਡਾ ਸ੍ਰੋਤ ਹੈ।
viii. ਪਾਕ-ਪਵਿੱਤਰ ਵਿਚਾਰ ਅਤੇ ਕਰਮ ਮਨੁੱਖ ਦਾ ਪਰਮ ਧਰਮ ਹੈ।
ix. ਪਰਮਾਤਮਾ ਦੀ ਧਰਮਾਂ ਤੋਂ ਨਿਰਲੇਪਤਾ ਦੇ ਸਿਧਾਂਤ ਨੂੰ ਦ੍ਰਿੜ ਕਰਨਾ ਚਾਹੀਂਦਾ ਹੈ।
x. ਅਨੰਦ ਅਤੇ ਖੁਸ਼ੀ ਭਾਵੇਂ ਮਨੁੱਖ ਦੇ ਅੰਦਰ ਹੈ ਪਰ ਨਾਲ਼ ਹੀ ਮਿਲ-ਵਰਤਨ ਵੀ ਜ਼ਰੂਰੀ ਹੈ।
xi. ਸਿਆਣਪਾਂ ਗ੍ਰਹਿਣ ਕਰਨ ਤੋਂ ਵੱਧ ਜ਼ਰੂਰੀ ਇਨ੍ਹਾਂ ’ਤੇ ਅਮਲ ਕਰਨਾ ਹੈ।
ਸਾਰ-ਤੱਤ ਇਹ ਕਿ ਡਾ. ਹਾਈਟ ਦੀ ਵਿਚਾਰਧਾਰਾ ਸਰਲ ਪਰ ਨਵੀਆਂ ਪਿਰਤਾਂ ਪਾਉਣ ਵਾਲ਼ੀ ਹੈ ਅਤੇ ਅੱਜ ਸੰਸਾਰ ਨੂੰ ਨਵੀਂ ਸੇਧ ਦੇ ਰਹੀ ਹੈ। ਇਹ ਸਾਇੰਸ ਅਤੇ ਤਕਨੌਲੋਜੀ – ਖਾਸ ਕਰ ਕੇ ਕੰਪਿਊਟਰ ਸਾਇੰਸ – ਨੂੰ ਨਿਯੰਤਰਣ ਕਰਨ ਦੀ ਮੰਗ ਅਤੇ ਕੋਸ਼ਿਸ਼ਾਂ ਨੂੰ ਬਲ ਦੇਣ ਵਾਲ਼ਾ ਇੱਕ ਵੱਡਾ ਉਪਰਾਲਾ ਹੈ। ਪਰ ਇਹ ਵੀ ਵਿਚਾਰ ਦੀ ਗੱਲ ਹੈ ਕਿ ਪੱਛਮੀ ਖੋਜੀ ਮਾਡਰਨ ਖੋਜਾਂ ਦਾ ਪੁਰਾਤਨ ਸਿਆਣਪਾਂ ਨਾਲ਼ ਸੁਮੇਲ ਕਰ ਰਹੇ ਹਨ ਜਦ ਕਿ ਸਾਨੂੰ ਪੁਰਾਤਨ ਸਿਆਣਪਾਂ ਦਾ ਮਾਡਰਨ ਖੋਜਾਂ ਨਾਲ਼ ਸੁਮੇਲ ਕਰਨ ਦੀ ਲੋੜ ਹੈ।