You are here:ਮੁਖ ਪੰਨਾ»ਵਿਚਾਰਨਾਮਾ»ਪੰਜਾਬੀ ਬੋਲਣਾ ਮਨ੍ਹਾਂ ਹੈ

ਲੇਖ਼ਕ

Friday, 07 February 2025 14:13

ਪੰਜਾਬੀ ਬੋਲਣਾ ਮਨ੍ਹਾਂ ਹੈ

Written by
Rate this item
(0 votes)

ਸੂਬੇ ਦੀਆਂ ਕਈ ਨਿੱਜੀ ਸਿੱਖਿਆ ਸੰਸਥਾਵਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਨੂੰ ਦੂਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਹੀ ਕਾਰਨ ਹੈ ਕਿ ਹਾਲ ਹੀ ਵਿੱਚ ਸੂਬੇ ਦੇ ਮੁੱਖ ਮੰਤਰੀ ਵੱਲੋਂ ਪੰਜਾਬੀ ਬੋਲਣ ’ਤੇ ਪਾਬੰਦੀ ਲਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਨੂੰ ਸਖ਼ਤ ਤਾੜਨਾ ਕਰਦਿਆਂ ਉਨ੍ਹਾਂ ਦੀ ਮਾਨਤਾ ਖਤਮ ਕਰਨ ਵਰਗੀ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ। ਸਰਕਾਰ ਦੀ ਇਸ ਸਖ਼ਤੀ ਨੇ ਮੈਨੂੰ ਇੱਕ ਪੁਰਾਣੀ ਗੱਲ ਚੇਤੇ ਕਰਵਾ ਦਿੱਤੀ ਹੈ।

ਮੇਰੇ ਬੇਟੇ ਨੇ ਇੱਕ ਨਿੱਜੀ ਸੰਸਥਾ ਵਿੱਚੋਂ +2 ਕੀਤੀ ਸੀ। ਇੱਕ ਵਾਰ ਮੈਨੂੰ ਬੇਟੇ ਰਾਹੀਂ ਉਸ ਦੀ ਅਧਿਆਪਕਾ ਨੇ ਸੁਨੇਹਾ ਭੇਜਿਆ ਕਿ ਸਕੂਲ ਆ ਕੇ ਮਿਲੋ। ਮੈਂ ਅਗਲੇ ਦਿਨ ਹੀ ਸਕੂਲ ਜਾ ਕੇ ਅਧਿਆਪਕਾ ਨੂੰ ਮਿਲਿਆ। ਉਨ੍ਹਾਂ ਮੈਨੂੰ ਸ਼ਿਕਾਇਤ ਕੀਤੀ ਕਿ “ਸਕੂਲ ਦੇ ਫ਼ੈਸਲੇ ਅਨੁਸਾਰ ਸਕੂਲ ਵਿੱਚ ਹਰੇਕ ਬੱਚੇ ਲਈ ਕੇਵਲ ਹਿੰਦੀ ਹੀ ਬੋਲਣੀ ਜ਼ਰੂਰੀ ਹੈ।” ਪਰ ਤੁਹਾਡਾ ਬੇਟਾ ਪੰਜਾਬੀ ਹੀ ਬੋਲਦਾ ਹੈ ਅਤੇ ਉਸ ਦੇ ਕਲਾਸ ਦੇ ਦੋਸਤ ਵੀ ਉਹਦੇ ਕਰ ਕੇ ਪੰਜਾਬੀ ਹੀ ਬੋਲਦੇ ਹਨ। ਇਸ ਕਾਰਨ ਸਕੂਲ ਦਾ ਮਾਹੌਲ ਖਰਾਬ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੇ ਬੇਟੇ ਨੂੰ ਸਮਝਾਉ ਕਿ ਉਹ ਸਕੂਲ ਵਿੱਚ ਹਿੰਦੀ ਹੀ ਬੋਲੇ। ਮੈਂ ਅਧਿਆਪਕਾ ਨੂੰ ਕਿਹਾ ਪਹਿਲਾਂ ਮੈਨੂੰ ਇਹ ਦੱਸੋ ਕਿ ਮੇਰਾ ਬੇਟਾ ਹਿੰਦੀ ਦੇ ਪੀਰੀਅਡ ਵਿੱਚ ਹਿੰਦੀ, ਅੰਗਰੇਜ਼ੀ ਦੇ ਪੀਰੀਅਡ ਵਿੱਚ ਅੰਗਰੇਜ਼ੀ ਬੋਲਦਾ ਹੈ? ਉਨ੍ਹਾਂ ਨੇ ਕਿਹਾ ਕਿ “ਹਾਂ ਬੋਲਦਾ ਹੈ” ਮੈਂ ਆਖਿਆ ਕਿ ਜੇ ਬੋਲਦਾ ਹੈ ਤਾਂ ਫਿਰ ਉਸ ’ਤੇ ਪੰਜਾਬੀ ਬੋਲਣ ਦੀ ਪਾਬੰਦੀ ਕਿਉਂ ਲਾਈ ਗਈ ਹੈ? ਮੈਂ ਉਨ੍ਹਾਂ ਨੂੰ ਫਿਰ ਪੁੱਛਿਆ ਕਿ ਤੁਸੀਂ ਮੈਨੂੰ ਸਕੂਲ ਦੇ ਉਸ ਫ਼ੈਸਲੇ ਦੀ ਕਾਪੀ ਦੇਵੋ, ਜਿਸ ਵਿੱਚ ਸਕੂਲ ਵਿੱਚ ਪੰਜਾਬੀ ਬੋਲਣ ਦੀ ਮਨਾਹੀ ਹੈ। ਉਨ੍ਹਾਂ ਨੇ ਆਖਿਆ ਕਿ ਫ਼ੈਸਲੇ ਦੀ ਕਾਪੀ ਸਾਡੇ ਕੋਲ ਨਹੀਂ ਹੈ, ਪਰ ਸਕੂਲ ਪ੍ਰਬੰਧਕਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਬੱਚਿਆਂ ਨੂੰ ਸਕੂਲ ਵਿੱਚ ਪੰਜਾਬੀ ਬੋਲਣ ਤੋਂ ਮਨ੍ਹਾਂ ਕੀਤਾ ਜਾਵੇ।

ਅਧਿਆਪਕਾ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਆਖਿਆ ਕਿ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 90ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਨ ਤੇ ਅੱਜ ਤੁਸੀਂ ਸਾਨੂੰ ਮਜਬੂਰ ਕਰ ਰਹੇ ਹੋ ਕਿ ਅਸੀਂ ਆਪਣੀ ਮਾਂ ਬੋਲੀ ਦੀ ਕੁਰਬਾਨੀ ਦੇ ਦੇਈਏ ਤੇ ਹਿੰਦੀ ਬੋਲਣ ਲੱਗ ਜਾਈਏ? ਉਹ ਕਹਿਣ ਲੱਗੇ ਕਿ ਮੈਂ ਤਾਂ ਸਕੂਲ ਮਾਲਕਾਂ ਵੱਲੋਂ ਦਿੱਤੇ ਆਦੇਸ਼ ਤੁਹਾਨੂੰ ਦੱਸੇ ਹਨ। ਮੈਂ ਉਨ੍ਹਾਂ ਨੂੰ ਸਵਾਲ ਕੀਤਾ ਕਿ “ਪੰਜਾਬ ਵਿੱਚ ਵਸਦੇ ਹੋਏ, ਪੰਜਾਬ ਦਾ ਖਾ ਰਹੇ ਹੋ, ਪਾਣੀ ਪੰਜਾਬ ਦਾ ਹੀ ਪੀ ਰਹੇ ਹੋ, ਫਿਰ ਵੀ ਪੰਜਾਬੀ ਮਾਂ ਬੋਲੀ ਨੂੰ ਨਫ਼ਰਤ ਕਰਦਿਆਂ, ਉਸ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੇ ਹੋ? ”

ਅਧਿਆਪਕਾ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਉਹ ਚੁੱਪ ਕਰ ਗਈ। ਮੈਂ ਉਨ੍ਹਾਂ ਨੂੰ ਆਖਿਆ ਕਿ ਮੇਰਾ ਫੋਨ ਨੰਬਰ ਪ੍ਰਬੰਧਕਾਂ ਨੂੰ ਦੇ ਦਿਓ। ਨਾਲ ਹੀ ਮੈਂ ਇਹ ਵੀ ਆਖ ਦਿੱਤਾ ਕਿ ਮੇਰਾ ਬੇਟਾ ਤਾਂ ਪੰਜਾਬੀ ਹੀ ਬੋਲੇਗਾ ਤੁਸੀਂ ਉਸ ਨੂੰ ਹਿੰਦੀ ਬੋਲਣ ਲਈ ਮਜਬੂਰ ਨਹੀਂ ਕਰ ਸਕਦੇ। ਮੈਂ ਉਨ੍ਹਾਂ ਖਿਲਾਫ਼ ਸ਼ਿਕਾਇਤ ਕਰਨ ਲਈ ਵੀ ਕਿਹਾ। ਮੈਂ ਜਦੋਂ ਵਾਪਸ ਪਰਤਣ ਲੱਗਾ ਤਾਂ ਉਹ ਕਹਿਣ ਲੱਗੀ ਕਿ ਤੁਸੀਂ ਪਹਿਲੇ ਵਿਅਕਤੀ ਹੋ, ਜਿਨ੍ਹਾਂ ਵਿਰੋਧ ਕੀਤਾ ਹੈ। ਹੋਰ ਕਿਸੇ ਨੇ ਸਕੂਲ ਦੇ ਇਸ ਫ਼ੈਸਲੇ ਦਾ ਵਿਰੋਧ ਨਹੀਂ ਕੀਤਾ।

ਨਿੱਜੀ ਸੰਸਥਾਵਾਂ ਵਿੱਚ ਇਹ ਵਰਤਾਰਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਪਰ ਸਰਕਾਰਾਂ ਦੀ ਖ਼ਾਮੋਸ਼ੀ ਕਾਰਨ ਅਤੇ ਪੰਜਾਬੀਆਂ ਵੱਲੋਂ ਠੋਸ ਕਦਮ ਨਾ ਚੁੱਕੇ ਜਾਣ ਕਾਰਨ, ਪੰਜਾਬੀ ਨੂੰ ਢਾਹ ਲਗਦੀ ਆ ਰਹੀ ਹੈ। ਲੋਕਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਨਿੱਜੀ ਸਕੂਲਾਂ ਵੱਲੋਂ ਉਨ੍ਹਾਂ ਦੀ ਮਾਂ ਬੋਲੀ ’ਤੇ ਵਾਰ ਨਾ ਕੀਤਾ ਜਾਵੇ, ਬਲਕਿ ਹੋਰ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਨੂੰ ਵੀ ਮਹੱਤਵ ਦਿੱਤਾ ਜਾਵੇ। ਇਹ ਸਿੱਧ ਹੋ ਚੁੱਕਿਆ ਹੈ ਕਿ ਬੱਚਿਆਂ ਨੂੰ ਮਾਤ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ, ਜਿਸਦੇ ਦਮ ’ਤੇ ਹੀ ਬੱਚਾ ਜ਼ਿੰਦਗੀ ਦੀ ਚੜ੍ਹਾਈ ਚੜ੍ਹ ਸਕੇਗਾ। ਉਨ੍ਹਾਂ ’ਤੇ ਜ਼ਬਰਦਸਤੀ ਕੋਈ ਭਾਸ਼ਾ ਨਾ ਥੋਪੀ ਜਾਵੇ ਬਲਕਿ ਬੱਚਿਆਂ ਨੂੰ ਉਨ੍ਹਾਂ ਦੇ ਸੱਭਿਆਚਾਰਕ ਤੇ ਸਮਾਜਿਕ ਮਾਹੌਲ ਵਿੱਚ ਹੀ ਪੜ੍ਹਨ ਦਿੱਤਾ ਜਾਵੇ।

Read 263 times