ਕੋਰੋਨਾ ਦੇ ਕਹਿਰ ਕਰਕੇ ਭਾਰਤ ਵਿੱਚ ਅੱਧੀ ਰਾਤ ਨੂੰ 22 ਮਾਰਚ ਚੜ੍ਹਦੇ ਸਾਰ ਅਚਾਨਕ ਲਾਕ ਡਾਊਨ ਹੋ ਗਿਆ। ਜੋ ਵਿਅਕਤੀ ਜਿੱਥੇ ਸੀ, ਉੱਥੇ ਹੀ ਫਸ ਗਿਆ। ਜਿਹੜੇ ਪਰਵਾਸੀ ਆਪਣੇ ਘਰ-ਘਾਟ ਟਿਕਾਣੇ ਉੱਤੇ ਸਨ, ਉਨ੍ਹਾਂ ਦੀਆਂ ਔਕੜਾਂ ਨਵੇਕਲੇ ਪਰਕਾਰ ਦੀਆਂ ਸਨ ਪਰ ਜਿਹੜੇ ਤਿਰਸ਼ੰਕੂ ਵਾਂਗ ਅਧਵਾਟੇ ਫਸੇ ਹੋਏ ਸਨ, ਉਨ੍ਹਾਂ ਨੂੰ ਸਭ ਤੋਂ ਵੱਧ ਮੁਸੀਬਤਾਂ ਨਾਲ ਮੱਥਾ ਲਾਉਣਾ ਪਿਆ। ਉਹ ਰਾਹਾਂ ਵਿੱਚ ਹੋਟਲਾਂ, ਸਰਾਵਾਂ, ਧਾਰਮਕ ਅਸਥਾਨਾਂ ਆਦਿ ਵਿੱਚ ਘਿਰ ਗਏ ਅਤੇ ਘਿਰੇ ਰਹੇ। ਸਿਵਾਏ ਮੋਬਾਇਲ ਸੇਵਾ ਦੇ ਆਪਣੇ ਸਾਰੇ ਸਕੇ ਸਬੰਧੀਆਂ ਨਾਲ਼ੋਂ ਹਰ ਪਾਸਿਓਂ ਕੱਟੇ ਰਹੇ। ਜਿਨ੍ਹਾਂ ਦੇ ਬੱਚੇ ਨਾਲ ਹਨ, ਉਨ੍ਹਾਂ ਨੂੰ ਅਧਵਾਟੇ ਰੁਕਣਾ ਹੋਰ ਵੀ ਔਖਾ ਹੋ ਗਿਆ। ਟਿਕਾਣੇ ਪਹੁੰਚੇ ਪਰਵਾਸੀਆਂ ਦੀਆਂ ਰਹਿਣ ਸਹਿਣ ਦੀਆਂ ਜ਼ਰੂਰੀ ਲੋੜਾਂ ਉਹ ਸਥਾਨ ਪੂਰੀਆਂ ਕਰ ਦਿੰਦਾ ਹੈ। ਰਾਹੀਆਂ ਦੇ ਲੋੜ ਭੰਡਾਰ ਗਿਣਵੇਂ-ਮਿਣਵੇਂ ਹੀ ਹੁੰਦੇ ਹਨ। ਜੋ ਸੁਨਹਿਰੀ ਸਰੋਕਾਰਾਂ ਦੇ ਧਾਰਨੀ ਹੁੰਦੇ ਹਨ। ਅਖੇ ‘ਹਲਕਾ ਭਾਰ ਘੱਟ ਖੁਆਰ’। ਜਦੋਂ ਡਾਂਗ (ਬਟੂਏ) ਤੇ ਹੀ ਡੇਰਾ ਰਹਿ ਜਾਂਦਾ ਹੈ ਭਾਵ ਰਾਹ ਦਾ ਸਫਰ ਹੀ, ਬੇਵਸੀ ਬੱਸ, ਅਮਿਥਵੇਂ ਦਿਨਾਂ ਲਈ ਘਰ-ਘਾਟ ਬਣ ਜਾਂਦਾ ਹੈ, ਹਰ ਵਸਤ ਦੇ ਭਾਅ ਅਸਮਾਨੀਂ ਚੜ੍ਹ ਜਾਂਦੇ ਹਨ। ਅੱਗੇ ਉਡਾਰੀ ਮਾਰਨ ਦੇ ਪਰ ਕੱਟੇ ਜਾਂਦੇ ਹਨ।
ਜੋ ਪਰਵਾਸੀ ਆਪਣੇ ਅੱਡੇ ਖੱਡੇ ਉੱਤੇ ਹੀ ਰੁਕੇ ਹੋਏ ਹਨ, ਉਨ੍ਹਾਂ ਦੀ ਸਥਿਤੀ ਭਾਵੇਂ ਹੋਰ ਹੈ ਪਰ ਉਹ ਵੀ ਕੋਈ ਬਹੁਤੀ ਸਹਿਣ ਯੋਗ ਨਹੀਂ। ਮੈਂਨੂੰ ਯਾਦ ਆਉਂਦੀ ਹੈ ਕਿ ਕਈ ਸਾਲ ਪਹਿਲੋਂ ਦੀ ਗੱਲ ਹੈ। ਅਸੀਂ ਵਿਸ਼ੇਸ਼ ਬੱਸ ਵਿੱਚ ਦਿੱਲੀਓਂ ਪੰਜਾਬ ਲਈ ਸਫਰ ਕਰ ਰਹੇ ਸੀ। ਜਿੱਥੇ ਵੀ ਬੱਸ ਰੁਕਦੀ, ਇੱਕ ਬੀਬੀ ਸੜਕ ਤੋਂ ਹੀ ਖਰੀਦ ਕੇ ਆਪਣੇ ਬੱਚੇ ਨੂੰ ਖਾਣ ਪੀਣ ਲਈ ਦੇ ਦਿੰਦੀ। ਜਿੱਥੇ ਹਰ ਪਾਸੇ ਹੀ ਮੱਖੀਆਂ ਤੇ ਕਚਰੇ-ਪਚਰੇ ਦੇ ਅੰਬਾਰ ਸਨ। “ਇੱਥੋਂ ਲੈ ਕੇ ਬੱਚੇ ਨੂੰ ਖਾਣ ਪੀਣ ਨੂੰ ਨਾ ਦੇਵੋ, ਇਹ ਸਿਹਤਮੰਦ ਨਹੀਂ ਹੈ।” ਮੇਰੀ ਪਤਨੀ ਨੇ ਸਿਆਣਪ ਭਰੀ ਸਲਾਹ ਦਿੱਤੀ।
“ਆਂਟੀ, ਇੱਥੋਂ ਹੀ ਗਏ ਹਾਂ।” ਬੱਚੇ ਦੀ ਮਾਂ ਨੇ ਆਪਣੀ ਸਿਆਣਪ ਦਾ ਮੋੜਾ ਦਿੱਤਾ। ਬੱਸ ਅਜੇ ਰਾਜਪੁਰੇ ਨਹੀਂ ਪਹੁੰਚੀ ਸੀ ਕਿ ਬੱਚੇ ਨੂੰ ਜ਼ੋਰ ਦੀਆਂ ਉਲਟੀਆਂ ਲੱਗ ਗਈਆਂ ਅਤੇ ਉਸ ਨੂੰ ਸੰਭਾਲਣਾ ਔਖਾ ਹੋ ਗਿਆ। ਉਨ੍ਹਾਂ ਨੇ ਚੰਡੀਗੜ੍ਹ ਜਾਣਾ ਸੀ, ਗੱਡੀ ਬਦਲੀ ਤੇ ਮੁਰਝਾਏ ਬੱਚੇ ਨੂੰ ਲੈ ਕੇ ਉੱਧਰ ਨੂੰ ਚਲੇ ਗਏ।
ਹੋਰ ਪਰਵਾਸੀਆਂ ਦੇ ਘੱਟ ਵੱਧ ਸਮੇਂ ਦੇ ਵਾਂਗ ਸਾਨੂੰ ਵੀ ਕੈਨੇਡਾ ਗਿਆਂ ਲਗਭਗ 30 ਸਾਲ ਹੋ ਚੱਲੇ ਹਨ। ਸਾਡੀ ਜੰਮਣ ਭੋਂਇੰ, ਸੱਭਿਆਚਾਰ, ਭਾਸ਼ਾ, ਰਿਸ਼ਤੇ, ਮੋਹ ਦੀਆਂ ਤੰਦਾਂ ਆਦਿ ਗੱਲ ਕੀ ਸਭ ਕੁਝ ਪੰਜਾਬੀ ਹੈ। ਫਿਰ ਵੀ ਸਾਡੇ ਸਰੀਰ ਨੂੰ ਕਾਫੀ ਹੱਦ ਤੀਕਰ ਕੈਨੇਡੀਅਨ ਰੰਗ ਚੜ੍ਹ ਚੁੱਕਾ ਹੈ। ਅਜੇ ਅੱਧ ਅਪ੍ਰੈਲ ਆਇਆ ਹੈ, ਪੈ ਰਹੀ ਗਰਮੀ ਕਾਰਨ ਨਿਰੰਤਰ ਪੱਖੇ ਚੱਲ ਰਹੇ ਹਨ। ਫਿਰ ਵੀ ਮੁੜ੍ਹਕਾ ਸੁੱਕਣ ਦਾ ਨਾਂ ਨਹੀਂ ਲੈ ਰਿਹਾ। ਸਰੀਰ ਵਿੱਚੋਂ ਚੰਗਿਆੜੇ ਨਿੱਕਲਣ ਦੇ ਅਨੁਭਵ ਹੋ ਰਹੇ ਹਨ। ਜੇ ਮਈ ਜੂਨ ਤੀਕਰ ਇੱਥੇ ਇਵੇਂ ਹੀ ਰੁਕਣਾ ਪੈ ਗਿਆ ਤਾਂ ਸ਼ਾਇਦ ਸਾਰੇ ਸਰੀਰ ਉੱਤੇ ਪਿੱਤ ਵੀ ਹੰਢਾਉਣੀ ਪੈ ਜਾਵੇ।
ਆਮ ਤੌਰ ਉੱਤੇ ਸੀਨੀਅਰ ਪ੍ਰਵਾਸੀ ਸਰਦੀਆਂ ਦੇ ਆਰੰਭ ਵਿੱਚ ਇੰਡੀਆ ਆਉਂਦੇ ਹਨ। ਆਪਣੀ ਪੈਨਸ਼ਨ, ਜਮੀਨ ਜਾਇਦਾਦ, ਭਾਈਚਾਰਕ ਰਸਮਾਂ ਰਿਵਾਜ਼, ਅਕਾਰਨ ਗੱਲ ਪਏ ਕੋਟ-ਕਚਹਿਰੀ ਦੇ ਕੇਸ ਭੁਗਤਦੇ ਸਰਦੀ ਦੇ ਖਤਮ ਹੁੰਦਿਆਂ ਹੀ ਪਹਾੜਾਂ ਦੀਆਂ ਕੂੰਜਾਂ ਵਾਂਗ ਵਤਨਾਂ ਨੂੰ ਉਡਾਰੀ ਮਾਰ ਜਾਂਦੇ ਹਨ। ਅਸੀਂ ਆਪਣੇ ਆਲ੍ਹਣੇ ਵੀ ਉਸੇ ਹਿਸਾਬ ਕਿਤਾਬ ਨਾਲ ਬਣਾਏ ਹੋਏ ਹਨ। ਕੋਰੋਨਾ ਕਾਰਨ ਇਸ ਵੇਰ ਪੰਜਾਬ ਦੀ ਕਹਿਰ ਦੀ ਗਰਮੀ ਗਲ ਪੈ ਗਈ ਹੈ, ਕਿਵੇਂ ਕੱਟਾਂਗੇ, ਅੱਲਾ ਵਹਿਗੁਰੂ ਖੁਦਾ ਹੀ ਜਾਣੇ! ਸੋਚਦੇ ਹਾਂ ਵਾਤਾ-ਅਨਕੂਲ (ਏਅਰ ਕੰਡੀਸ਼ਨ) ਹੀ ਲਵਾ ਲਈਏ, ਡਾਲਰ ਕਿਹੜਾ ਹਿੱਕ ਤੇ ਰੱਖਕੇ ਲੈ ਜਾਣੇ ਹਨ। ਪਰ ਉਹ ਵੀ ਕੇਵਲ ਗਰਮੀਆਂ ਦੇ ਇਸ ਠਹਿਰਾਓ ਲਈ ਹੀ ਲੱਗਿਆ ਰਹੇਗਾ। ਫੌਜੀ ਤਰੀਕੇ ਨਾਲ ਵਲਗਣ ਉੱਤੇ ਕੰਡਿਆਲ਼ੀ ਤਾਰ ਲਵਾਈ ਹੋਈ ਹੈ। ਇੱਥੋਂ ਦੇ ਸਰਕਾਰੇ ਦਰਬਾਰੇ ਪਹੁੰਚ ਵਾਲ਼ੇ ਚੋਰ ਤਾਰ ਤੂਰ ਦੀ ਘੱਟ ਹੀ ਪਰਵਾਹ ਕਰਦੇ ਹਨ। ਪਿਛਲੇ ਧੁੰਦ ਦੇ ਦਿਨਾਂ ਵਿੱਚ ਘਰੋਂ ਬਾਹਰ ਗਿਆਂ ਨੂੰ ਅਜੇ ਦੋ ਦਿਨ ਹੀ ਹੋਏ ਸਨ ਕਿ ਗਵਾਂਢੀ ਗਰੇਵਾਲ ਦਾ ਫੋਨ ਖੜਕ ਗਿਆ। ਚੋਰ ਟੂਟੀਆਂ ਖੋਲ੍ਹ ਕੇ ਲੈ ਗਏ ਅਤੇ ਮਿਉਂਸਪੈਲਿਟੀ ਦੇ ਪਾਣੀ ਨੂੰ ਪੱਕਾ ਹੀ ਖੋਲ੍ਹ ਗਏ।
ਪਰਵਾਸੀਆਂ ਨੇ ਆਪਣੇ ਮੁੜ ਜਾਣ ਦੇ ਪਰਬੰਧਾਂ ਵਿੱਚ ਕੇਵਲ ਲੋੜ ਜੋਗਾ ਹੀ ਰਾਸ਼ਨ ਪਾਣੀ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ। ਅਚਾਨਕ ਅਨਿਸਚਿਤ ਸਮੇਂ ਲਈ ਰੁਕ ਜਾਣ ਕਰਕੇ ਲੋੜੀਂਦੇ ਸਾਰੇ ਸਾਮਾਨ ਦਾ ਮੁੜ ਜੁਗਤ-ਜੁਗਾੜ ਕਰਨਾ ਪੈ ਗਿਆ। ਦਿਮਾਗ ਦੇ ਕੰਪਿਊਟਰੀ ਪ੍ਰੋਗਰਾਮ ਵਿੱਚ ਅਸਲੋਂ ਹੀ ਚੱਕ ਥੱਲ ਹੋ ਗਈ ਹੈ। ਮੋਬਾਇਲ ਰਾਹੀਂ ਹਰ ਪਾਸੇ ਹੀ ਅੱਕੀਂ ਪਲਾਹੀਂ ਹੱਥ ਮਾਰ ਰਹੇ ਹਾਂ। ਕੈਨੇਡਾ ਰਹਿੰਦੇ ਬੱਚੇ ਸਾਡੇ ਲਈ ਤੜਪ ਰਹੇ ਹਨ, ਅਸੀਂ ਉਨ੍ਹਾਂ ਦੀ ਸੁੱਖ ਸਾਂਤੀ ਸੁਣਨ ਲਈ ਬੇਚੈਨ ਹਾਂ ਅਤੇ ਅਰਦਾਸਾਂ ਕਰ ਰਹੇ ਹਾਂ। ਕੋਰਾਨਾ ਤੋਂ ਸੁਰੱਖਿਆ ਸਬੰਧੀ ਆਥਣ ਸਵੇਰ ਦੋਹੀਂ ਪਾਸੀਂ ਸਿੱਖਿਆ ਸਲਾਹਾਂ ਪ੍ਰੋਸੀਆਂ ਜਾ ਰਹੀਆਂ ਹਨ। ਜਿਉਂਦਾ ਰਹੇ ਬਿਚਾਰਾ ਮੋਬਾਇਲ-ਸੇਵਾ ਪਰਬੰਧ, ਆਥਣ ਸਵੇਰ ਗੱਲਬਾਤ ਹੋ ਜਾਂਦੀ ਹੈ ਅਤੇ ਸੁੱਖ ਸੁਨੇਹਿਆਂ ਦਾ ਆਦਾਨ ਪਰਦਾਨ ਵੀ ਹੋ ਜਾਂਦਾ ਹੈ।
ਹਰ ਪਰਵਾਸੀ ਆਉਣ ਲੱਗਿਆਂ ਆਪਣੀ ਲੋੜ ਅਨੁਸਾਰ ਦੁਆਈ ਦਾਰੂ ਦਾ ਪਰਬੰਧ ਲੈ ਕੇ ਆਉਂਦਾ ਹੈ। ਹੁਣ ਉਨ੍ਹਾਂ ਦੇ ਖਾਤਮੇ ਦਾ ਫਿਕਰ ਵੱਢ-ਵੱਢ ਖਾ ਰਿਹਾ ਹੈ। ਪੂਰਤੀ ਲਈ ਸਥਾਨਕ ਫਾਰਮਿਸਟਾਂ ’ਤੇ ਭਰੋਸਾ ਹੀ ਨਹੀਂ ਬਣ ਰਿਹਾ। ਖਾਸ ਕਰਕੇ ਸੀਨੀਅਰਾਂ ਦੇ ਸਾਹਾਂ ਦੀ ਡੋਰ ਫੈਮਿਲੀ ਡਾਕਟਰ ਜਾਂ ਸਪੈਸ਼ਲਿਸਟ ਵੱਲੋਂ ਦਿੱਤੀਆਂ ਗਈਆਂ ਦੁਆਈਆਂ ਦੀ ਨਿਰੰਤਰਤਾ ਦੀ ਕੰਨੀਂ ਨਾਲ ਬੱਝੀ ਹੋਈ ਹੈ। ਸੁਣਦੇ ਸਾਂ, ‘ਅਮਲੀ ਦੀ ਡੱਬੀ ਵਿੱਚੋਂ’ ਫੀਮ ਮੁੱਕ ਜੇ। ਜਿਹੜੀ ਹੋਵੇ ਖਾਧੀ ਉਹਦਾ ਨਸ਼ਾ ਟੁੱਟ ਜੇ।’ ਸੋ ਪੰਜਾਬ ਵਿੱਚ ਫਸੇ ਸੀਨੀਅਰਾਂ ਦੀ ਆਪਣੀਆਂ ਦੁਆਈਆਂ ਦੇ ਮੁੱਕ ਜਾਣ ਦੀ ਚਿੰਤਾ ਹੈ ਤੇ ਚਿੰਤਾ ਚਿਖਾ ਤੋਂ ਘੱਟ ਨਹੀਂ ਹੁੰਦੀ।
ਪਰਵਾਸੀਆਂ ਦੀ ਚਿੰਤਾ ਹੋਰ ਵੀ ਹੈ ਕਿ ਅਚਾਨਕ ਨੱਕ, ਕੰਨ, ਅੱਖ, ਬਲੱਡ ਪ੍ਰੈੱਸ਼ਰ, ਸ਼ੂਗਰ ਆਦਿ ਕਿਸੇ ਪ੍ਰਕਾਰ ਦੀ ਵੀ ਬਿਮਾਰੀ ਆ ਪਵੇ, ਸਾਡੇ ਆਪਣੇ ਦੇਸ ਵਿੱਚ ਤਾਂ ਸੌ ਇਲਾਜ ਹਨ ਤੇ ਇੱਕ ਵਧੀਆ ਪ੍ਰਬੰਧ ਹੈ ਪਰ ਪੰਜਾਬ ਦੇ ਤੰਤਰ-ਮੰਤਰ ਦੀ ਤਾਂ ਸਾਨੂੰ ਸਮਝ ਹੀ ਨਹੀਂ ਪੈ ਰਹੀ। ਇੱਥੋਂ ਦੇ ਬਹੁਤੇ ਨਿੱਜੀ ਹਸਪਤਾਲ ਬੀਮਾਰ ਨਹੀਂ, ਬੀਮਾਰ ਦੀ ਜੇਬ ਦੇਖਦੇ ਹਨ। ਇਨਸਾਨੀ ਲੋੜਾਂ-ਥੋੜਾਂ ਅਤੇ ਮਜਬੂਰੀਆਂ ਵਿੱਚ ਬੱਧੇ ਸਾਨੂੰ ਇੱਧਰ ਗੇੜਾ ਮਾਰਨਾ ਪੈਂਦਾ ਹੈ। ਇੱਥੇ ਦੇ ਤਾਂ ਅਸੀਂ ਜੰਮੇ ਪਲ਼ੇ ਹਾਂ, ਘੁੰਮਣ ਫਿਰਨ ਲਈ ਸੰਸਾਰ ਵਿੱਚ ਹੋਰ ਦੇਸ ਬਥੇਰੇ। ਅਸੀਂ ਹਰ ਦੁੱਖ ਸੁਖ ਵੇਲੇ ਆਪਣੇ ਪਰਿਵਾਰਾਂ ਵਿੱਚ ਹੋਣਾ ਲੋੜਦੇ ਹਾਂ। ਚਿੰਤਾ ਸਾਨੂੰ ਇਹ ਵੀ ਹੈ ਕਿ ਜੇ ਇੱਥੇ ਸਾਨੂੰ ਕੁਝ ਹੋ ਗਿਆ ਤਾਂ …।
ਕਿਉਂਕਿ ਹਰ ਪਰਵਾਸੀ ਦੇ ਹਰ ਦਿਨ ਦੇ ਫਰਜ਼ਾਂ ਦੀਆਂ ਤੰਦਾਂ ਆਪਣੇ ਰਹਿਣ ਸਥਾਨ ਨਾਲ ਜੁੜੀਆਂ ਹੁੰਦੀਆਂ ਹਨ, ਉਹ ਆਪਣੇ ਪੰਜਾਬ ਦੇ ਪਰਿਵਾਰਕ ਮੁੱਦੇ ਨਿਪਟਾ ਕੇ ਛੇਤੀ ਤੋਂ ਛੇਤੀ ਆਪਣੇ ਦੇਸ ਪਰਤ ਜਾਣਾ ਲੋਚਦਾ ਹੈ। ਕੋਰੋਨਾ ਵੱਲੋਂ ਉਸਾਰੀਆਂ ਔਕੜਾਂ ਨੂੰ ਉਹ ਹਰ ਹੀਲੇ ਸਰ ਕਰਨ ਦੇ ਯਤਨਾਂ ਦੇ ਨਾਲ-ਨਾਲ ਪਰਵਰਦਿਗਾਰ ਅੱਗੇ ਅਰਜੋਈਆਂ ਵੀ ਕਰਦਾ ਹੈ। ਜਿਨ੍ਹਾਂ ਦਾ ਆਪਣੇ ਦੇਸ ਵਿੱਚ ਹੋਣਾ ਬਹੁਤ ਜ਼ਰੂਰੀ ਹੈ, ਉਹ ਹਰ ਜੁਕਤ ਜੁਗਾੜ ਵਰਤ ਕੇ ਛੇਤੀ ਤੋਂ ਛੇਤੀ ਉਡਾਰੀ ਮਾਰ ਜਾਣਾ ਚਾਹੁੰਦੇ ਹਨ ਭਾਵੇਂ ਉਹਨਾਂ ਨੂੰ ਪਹਿਲੋਂ ਬਣਦਾ ਕਿਰਾਇਆ ਦੇ ਚੁੱਕਣ ਦੇ ਉੱਤੋਂ ਦੀ ਹੋਰ ਦੁੱਗਣਾ ਤਿੱਗਣਾ ਕਿਰਾਇਆ ਕਿਉਂ ਨਾ ਦੇਣਾ ਪਵੇ। ਜਿਨ੍ਹਾਂ ਦੀ ਕੋਈ ਬਹੁਤੀ ਵੱਡੀ ਬੇਵਸੀ ਨਹੀਂ ਹੈ, ਉਹ ਜੇ ਲੋੜ ਪਵੇ ਤਾਂ ਹਫਤਾ ਦੋ ਹਫਤੇ ਹੋਰ ਉਡੀਕ ਕਰ ਸਕਦੇ ਹਨ। ਪਰ ਉਹ ਆਪਣੇ ਪਹਿਲੋਂ ਭਰੇ ਕਿਰਾਏ ਵਿੱਚ ਹੀ ਦੇਸ ਲੌਟ ਜਾਣਾ ਚਾਹੁੰਦੇ ਹਨ। ਤਾਲਾਬੰਦੀ ਵਿੱਚ ਫਸੇ, ਮਾਨਸਿਕ ਪਰੇਸ਼ਾਨੀ ਵਿੱਚ ਚਾਰੇ ਪਾਸਿਓਂ ਘਿਰੇ ਪਰਵਾਸੀ ਇਹ ਸੋਚਦੇ ਵੀ ਹਨ ਅਤੇ ਆਸ ਵੀ ਕਰਦੇ ਹਨ ਕਿ ਨਾਗਰਿਕਤਾ ਵਾਲ਼ੇ ਦੇਸ ਦਾ ਬਿਪਤਾ ਬਣੀ ਘੜੀ ਵਿੱਚ ਆਪਣੇ ਹਰ ਨਾਗਰਿਕ ਦੀ ਬਾਂਹ ਫੜਨਾ ਧਰਮ ਹੈ ਅਤੇ ਹਰ ਦੇਸ ਇਹ ਧਰਮ ਨਿਭਾਉਂਦਾ ਵੀ ਆਇਆ ਹੈ। ਕੋਰੋਨਾ ਵਾਇਰਸ ਦੀ ਮੁਸੀਬਤ ਭਾਵੇਂ ਕਿਸੇ ਇਕੱਲੇ ਕਾਰੇ ਦੇਸ ਵਿੱਚ ਹੋਣ ਦੀ ਥਾਂ ਸਰਬ ਵਿਆਪਕ ਹੈ, ਫਿਰ ਵੀ ਹਰ ਦੇਸ ਨੂੰ ਆਪਣੇ ਕਸੂਤੇ ਫਸੇ ਨਾਗਰਿਕਾਂ ਦੀ ਸੁਰੱਖਿਆ ਛਤਰੀ ਬਣਨਾ ਚਾਹੀਦਾ ਹੈ। ਜੇ ਗੱਲ ਕਰੀਏ ਕੈਨੇਡੀਅਨ ਸਰਕਾਰ ਦੀ, ਉਸ ਨੂੰ ਏਅਰ ਕੈਨੇਡਾ ਜਾਂ ਸਬੰਧਤ ਹੋਰ ਫਲਾਈਟਾਂ ਨੂੰ ਦੂਸਰੇ ਦੇਸਾਂ ਦੀ ਸਹਿਮਤੀ ਨਾਲ ਸਾਰੇ ਸੁਰੱਖਿਆ ਪਰਬੰਧ ਕਰਦੇ ਹੋਏ ਭੇਜਣੀਆਂ ਚਾਹੀਦੀਆਂ ਹਨ ਫਸੇ ਹੋਏ ਲੋਕਾਂ ਦੀਆਂ ਪਹਿਲੋਂ ਹੀ ਖਰੀਦੀਆਂ ਹੋਈਆਂ ਟਿਕਟਾਂ ’ਤੇ ਦੇਸ ਲਿਆਉਣਾ ਚਾਹੀਦਾ ਹੈ। ਜੇ ਇੱਕ ਪਾਸਿਓਂ ਖਾਲੀ ਜਾਣ ਨਾਲ ਏਅਰ ਲਾਈਨਾਂ ਨੂੰ ਘਾਟਾ ਪੈਂਦਾ ਹੈ ਤਾਂ ਉਹ ਕੁਝ ਕੁ ਸੈਂਕੜੇ ਮਿਲੀਅਨ ਡਾਲਰ ਦੇ ਕੇ ਕੈਨੇਡਾ ਦੀ ਸਰਕਾਰ ਪੂਰਾ ਕਰੇ। ਕੋਰੋਨਾ ਵਾਇਰਸ ਦੀ ਲੜਾਈ ਵਿੱਚ ਕੈਨੇਡਾ ਸਰਕਾਰ ਹੋਰ ਵੀ ਤਾਂ ਬਿਲੀਅਨ ਡਾਲਰ ਖਰਚ ਕਰ ਰਹੀ ਹੈ। ਅਸੀਂ ਕੋਰੋਨਾ ਵਾਇਰਸ ਦੇ ਬਚਾਓ ਪ੍ਰਬੰਧਾਂ ਦੇ ਮਕੜਜਾਲ ਵਿੱਚ ਵਿਦੇਸ਼ੀਂ ਫਸੇ ਪਰਵਾਸੀ, ਅੱਜ ਆਪਣੀ ਸਰਕਾਰ ਦੇ ਸਹਾਇਕ ਹੱਥਾਂ ਦੀ ਛੋਹ ਲਈ ਦੋਵੇਂ ਹੱਥ ਫੈਲਾ ਕੇ ਤੜਪ ਰਹੇ ਹਾਂ, ਦੇਖੋ ਸਰਕਾਰ ਕਦੋਂ ਬਹੁੜਦੀ ਹੈ …।